ਦੀਦਾਰ ਸੰਧੂ ਆਪਣੇ ਵਕਤਾਂ ਦਾ ਪ੍ਰਮੁੱਖ ਗੀਤਕਾਰ ਸੀ। ਉਸ ਦੇ ਗਾਏ ਗੀਤ ਪ੍ਰਸਿੱਧ ਗਾਇਕਾਂ ਸੁਰਿੰਦਰ ਕੌਰ, ਨਰਿੰਦਰ ਬੀਬਾ, ਰਮੇਸ਼ ਰੰਗੀਲਾ ਤੇ ਮੁਹੰਮਦ ਸਦੀਕ ਨੇ ਵੀ ਗਾਏ।
ਦੀਦਾਰ ਸੰਧੂ ਦਾ ਜਨਮ 1942 ਵਿੱਚ ਸਰਗੋਧਾ(ਪਾਕਿਸਤਾਨ) ਦੇ ਚੱਕ ਨੰਬਰ 133ਜਨੂਬੀ ਵਿੱਚ ਸ. ਸਮੁੰਦ ਸਿੰਘ ਸੰਧੂ ਦੇ ਘਰ ਮਾਤਾ ਦਾਨ ਕੌਰ ਜੀ ਦੀ ਕੁਖੋਂ ਹੋਇਆ। ਪੰਜ ਭਰਾਵਾਂ
ਨਾਜਰ ਸਿੰਘ, ਸਰਵਣ ਸਿੰਘ ਭੱਲੀ, ਕਾਮਰੇਡ ਦਰਸ਼ਨ ਸਿੰਘ ਤੇ ਗੁਰਨਾਮ ਸਿੰਘ ਤੋਂ ਨਿੱਕਾ ਸੀ ਦੀਦਾਰ।
ਦੇਸ਼ ਵੰਡ ਮਗਰੋਂ ਇਹ ਪਰਿਵਾਰ ਪਿੰਡ ਬੋਦਲਵਾਲਾ(ਨੇੜੇ ਸਿੱਧਵਾਂ ਬੇਟ) ਤੇ ਮਗਰੋਂ ਭਰੋਵਾਲ ਖ਼ੁਰਦ (ਲੁਧਿਆਣਾ) ਵਿੱਚ ਵੱਸ ਗਿਆ। ਸਰਕਾਰੀ ਹਾਈ ਸਕੂਲ ਜਗਰਾਉਂ ਤੋਂ ਸੱਤਵੀਂ
ਤੀਕ ਪੜ੍ਹ ਕੇ ਅਗਲੀਆਂ ਤਿੰਨ ਜਮਾਤਾਂ ਸਰਕਾਰੀ ਹਾਈ ਸਕੂਲ ਬਰਸਾਲ ਤੋਂ ਪਾਸ ਕੀਤੀਆਂ। ਸਾਲ 1962 ਵਿੱਚ ਆਪ ਪੰਜਾਬ ਲੋਕ ਸੰਪਰਕ ਵਿਭਾਗ ਵਿੱਚ ਸੰਗਰੂਰ ਵਿਖੇ ਭਰਤੀ ਹੋ
ਗਏ ਜਿੱਥੇ ਗੁਰਦੇਵ ਸਿੰਘ ਮਾਨ, ਮੁਹੰਮਦ ਸਦੀਕ ਹਰਚਰਨ ਗਰੇਵਾਲ ਤੇ ਕਰਨੈਲ ਗਿੱਲ ਦੀ ਸੰਗਤ ਮਿਲੀ। ਗੀਤ ਸਿਰਜਣਾ ਦੇ ਮਾਰਗ ਤੇ ਉਸ ਨਿਵੇਕਲੇ ਕਦਮ ਪੁੱਟੇ। “ਛਣਕਾਟਾ
ਪੈਂਦਾ ਗਲੀ ਗਲੀ” ਉਨ੍ਹਾਂ ਸਮਿਆਂ ਦੀ ਰਚਨਾ ਹੈ।
ਦੀਦਾਰ ਸੰਧੂ ਦੀ ਜੀਵਨ ਸਾਥਣ ਬੀਬੀ ਅਮਰਜੀਤ ਕੌਰ ਬਣੀ ਜਿਸ ਦੇ ਪੇਕੇ ਗਾਲਿਬ ਕਲਾਂ ਵਿੱਚ ਸਨ। ਬੇਟੀ ਦੀਪਾਂ ਤੇ ਸਪੁੱਤਰ ਜਗਮੋਹਨ ਸੰਧੂ ਨੇ ਦੀਦਾਰ ਦੇ ਘਰ ਨੂੰ ਰੌਣਕ ਭਰਪੂਰ ਕੀਤਾ।
ਦੀਦਾਰ ਸੰਧੂ ਆਪਣੇ ਗੀਤਾਂ ਨੂੰ ਆਪ ਵੀ ਗਾਉਂਦਾ ਸੀ। ਕੁਝ ਕੁ ਗੀਤ ਆਮ ਪ੍ਰਚੱਲਤ ਵਿਚਾਰਾਂ ਵਾਲੇ ਸਨ ਪਰ ਕੁਝ ਕੁ ਦਾ ਅਦਬੀ ਮਹੱਤਵ ਵੀ ਹੈ।
16 ਫਰਵਰੀ 1991 ਨੂੰ ਉਸ ਦੇ ਵਿਛੋੜੇ ਉਪਰੰਤ ਕੁਲਵੰਤ ਸਿੰਘ ਲਹਿਰੀ ਨੇ ਪੰਜਾਬੀ ਸਾਹਿੱਤਕ ਮੰਚ ਫੀਰੋਜ਼ਪੁਰ ਵੱਲੋਂ ਸਿਮਰਤੀ ਪੁਸਤਕ “ਦੀਦਾਰਨਾਮਾ” ਪ੍ਰਕਾਸ਼ਿਤ ਕੀਤੀ ਜਿਸ ਵਿੱਚ ਪ੍ਰਿੰਸੀਪਲ
ਸੰਤ ਸਿੰਘ ਸੇਖੋਂ, ਜਗਦੇਵ ਸਿੰਘ ਜੱਸੋਵਾਲ, ਡਾ. ਆਤਮ ਹਮਰਾਹੀ, ਇੰਦਰਜੀਤ ਹਸਨਪੁਰੀ, ਸ਼ਮਸ਼ੇਰ ਸਿੰਘ ਸੰਧੂ, ਪ੍ਰੋ. ਮ ਸ ਚੀਮਾ, ਐੱਸ ਅਸ਼ੋਕ ਭੌਰਾ, ਜਸਬੀਰ ਸਿੰਘ ਕਲਸੀ, ਪਰਗਟ ਸਿੰਘ ਗਰੇਵਾਲ,
ਕੁਲਵੰਤ ਸਿੰਘ ਲਹਿਰੀ, ਅਜਾਇਬ ਔਜਲਾ, ਦਰਸ਼ਨ ਸਿੰਘ ਮੱਕੜ, ਸਵਰਨਜੀਤ ਸਵੀ, ਧਰਮ ਕੰਮੇਆਣਾ, ਸਤਿਨਾਮ ਚੰਗਿਆੜਾ, ਜੀਤ ਗੋਲੇਵਾਲੀਆ, ਸੁਰਜੀਤ ਸਾਜਨ, ਜੱਗਾ ਗਿੱਲ, ਜਗਮੋਹਨ ਸੰਧੂ,
ਜਸਵੰਤ ਸਿੰਘ ਕੈਲਵੀ, ਸਵਰਨ ਸਿਵੀਆ, ਅਮਰੀਕ ਸਿੰਘ ਤਲਵੰਡੀ, ਧਰਮਪਾਲ ਸਾਹਿਲ ਤੇ ਮੈਂ ਵੀ ਸ਼ਰਧਾ ਸੁਮਨ ਭੇਂਟ ਕੀਤੇ।
ਦੀਦਾਰ ਦੇ ਗੀਤਾਂ ਦੀਆਂ ਸੱਤ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਤੇ ਲਗ ਪਗ 138 ਗੀਤ ਰੀਕਾਰਡ ਹੋਏ।
ਦੀਦਾਰ ਸੰਧੂ 1973 ਤੋਂ 1988 ਤੀਕ ਭਰੋਵਾਲ ਖੁਰਦ (ਲੁਧਿਆਣਾ) ਦਾ ਸਰਪੰਚ ਰਿਹਾ। ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੀ ਉਹ ਜਥੇਬੰਦਕ ਸਕੱਤਰ ਰਿਹਾ।
ਡੁਬਈ, ਇੰਗਲੈਂਡ, ਕੈਨੇਡਾ ਤੇ ਅਮਰੀਕਾ ਵਿੱਚ ਵੀ ਕਈ ਵਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਗਿਆ। ਸੁਰਿੰਦਰ ਕੌਰ, ਨਰਿੰਦਰ ਬੀਬਾ, ਸਨੇਹ ਲਤਾ, ਅਮਰ ਨੂਰੀ, ਪ੍ਰਮਿੰਦਰ ਸੰਧੂ, ਕੁਲਦੀਪ ਕੌਰ,
ਸੁਖਵੰਤ ਕੌਰ ਸੁੱਖੀ, ਬਲਜੀਤ ਬੱਲੀ, ਸੁਸ਼ਮਾ ਬੱਬੀ ਸਮੇਤ ਕਈ ਨਾਮਵਰ ਗਾਇਕਾਵਾਂ ਨਾਲ ਉਸ ਦੀ ਰੀਕਾਰਡਿੰਗ ਹੋਈ। ਮੁਹੰਮਦ ਸਦੀਕ, ਕੁਲਦੀਪ ਮਾਣਕ, ਸਵਰਨ ਲਤਾ ਜੀ ਦੇ ਜੀਵਨ ਸਾਥੀ
ਕ ਰ ਗੁਪਤਾ ਜੀ ਨਾਲ ਮਿਲ ਕੇ ਉਨ੍ਹਾਂ ਕੇ ਆਰ ਸੀ ਰੀਕਾਰਡਿੰਗ ਕੰਪਨੀ ਵੀ ਬਣਾਈ ਜਿਸ ਵੱਲੋਂ 1985 ਵਿੱਚ ਪ੍ਰੋ. ਮੋਹਨ ਸਿੰਘ ਦੀਆਂ ਰਚਨਾਵਾਂ ਦੀ ਕੈਸਿਟ “ਨਗ ਪੰਜਾਬ ਦਾ” ਜਾਰੀ ਕੀਤੀ ਗਈ।
ਇਸ ਵਿੱਚ ਦੀਦਾਰ ਸੰਧੂ ਨੇ ਵੀ ਪ੍ਰੋ. ਮੋਹਨ ਸਿੰਘ ਜੀ ਦਾ ਇੱਕ ਗੀਤ “ਘੋੜੀ ਤੇਰੀ ਦੇ ਗਲ਼ ਚਾਂਦੀ ਦੇ ਘੁੰਗਰੂ” ਲੋਕ ਰੰਗ ਵਿੱਚ ਗਾਇਆ। ਇਸ ਕੈਸਿਟ ਦੀ ਕੁਮੈਂਟਰੀ ਡਾ. ਸੁਰਜੀਤ ਪਾਤਰ ਨੇ ਕੀਤੀ ਸੀ।
-ਗੁਰਭਜਨ ਗਿੱਲ