Punjabi Geet : Deepak Jaitoi

ਪੰਜਾਬੀ ਗੀਤ : ਦੀਪਕ ਜੈਤੋਈ


ਧੀਆਂ ਕਰ ਚੱਲੀਆਂ ਸਰਦਾਰੀ

ਚਾਰ ਦਿਨ ਮੌਜਾਂ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ । ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ । ਡਾਰ ਵਿੱਚੋਂ ਕੂੰਜ ਨਿਖੜੀ ਉੱਡੀ ਜਾਂਦੀ ਵੀ ਵਿਚਾਰੀ ਕੁਰਲਾਵੇ । ਧੀਆਂ, ਗਊਆਂ, ਕਾਮਿਆਂ ਦੀ ਕੋਈ ਪੇਸ਼ ਨਾ ਅੰਬੜੀਏ ਜਾਵੇ । ਕੱਲ੍ਹ ਤੱਕ ਰਾਜ ਕਰਿਆ ਅੱਜ ਖੁਸ ਗਈ ਹਕੂਮਤ ਸਾਰੀ । ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।… ਅੱਛਾ ਸੁਖੀ ਵੱਸੇ ਅੰਮੀਏਂ ਮੇਰੇ ਰਾਜੇ ਬਾਬਲ ਦਾ ਖੇੜਾ । ਅਸੀਂ ਕਿਹੜਾ ਨਿੱਤ ਆਵਣਾ ਸਾਡਾ ਵੱਜਣਾ ਸਬੱਬ ਨਾਲ ਗੇੜਾ । ਧੀਆਂ ਪਰਦੇਸਣਾਂ ਦੀ ਹੁੰਦੀ ਚਿੜੀਆਂ ਦੇ ਵਾਂਗ ਉਡਾਰੀ । ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।… ਬਾਪੂ ਤੇਰੇ ਪਿਆਰ ਸਦਕਾ ਅਸਾਂ ਰੱਜ ਰੱਜ ਪਹਿਨਿਆ ਹੰਢਾਇਆ । ਪੱਗ ਤੇਰੀ ਰੱਖੀ ਸਾਂਭ ਕੇ ਇਹਨੂੰ ਦਾਗ਼ ਨਾ ਹਵਾ ਜਿੰਨਾਂ ਲਾਇਆ । ਇੱਕ ਰਾਤ ਹੋਰ ਰੱਖ ਲੈ ਜਾਵਾਂ ਬਾਬਲਾ ਤੇਰੇ ਬਲਿਹਾਰੀ । ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।… ਵੀਰਾ ਵੇ ਮੁਰੱਬੇ ਵਾਲਿਆ ਤੈਨੂੰ ਭਾਗ ਪਰਮੇਸ਼ਵਰ ਲਾਵੇ । ਭਾਬੀ ਸਾਨੂੰ ਮੁਆਫ਼ ਕਰ ਦਈਂ ਸਾਡੇ ਐਵੇਂ ਸੀ ਕੂੜ ਦੇ ਦਾਅਵੇ । ਅੱਗੇ ਤਾਂ ਤੂੰ ਰਹੀ ਹਾਰਦੀ ਅੱਜ ਤੂੰ ਜਿੱਤ ਗਈ ਮੈਂ ਹਾਰੀ । ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।… ਆਉ ਸਈਉ ਆਉ ਮਿਲ ਲਉ ਮੁੜ ਕੱਠੀਆਂ ਸਬੱਬ ਨਾਲ ਬਹਿਣਾ । ਤੁਸੀਂ ਵੀ ਤਾਂ ਮੇਰੇ ਵਾਂਗਰਾਂ ਸਦਾ ਬੈਠ ਨਾ ਜੈਤੋ ਵਿੱਚ ਰਹਿਣਾ । ਵੱਡੀਆਂ ਮਜਾਜਾਂ ਵਾਲੀਉ ਤੁਹਾਡੀ ਚਾਰ ਦਿਨ ਦੀ ਮੁਖਤਿਆਰੀ । ਚਾਰ ਦਿਨ ਮੌਜਾਂ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ । ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।…

ਰਾਂਝਣਾ

ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ, ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..। ਤੈਨੂੰ ਦੇਖਿਆਂ ਬਗੈਰ ਚੈਨ ਚਿੱਤ ਨੂੰ ਨਾਂ ਆਵੇ, ਚੰਨਾਂ ਫੁੱਲਾਂ ਵਾਲੀ ਰੁੱਤ ਸਾਨੂੰ ਵੱਢ-ਵੱਢ ਖਾਵੇ। ਤੇਰੇ ਨਾਲ ਅੱਖਾਂ ਭੁੱਲਕੇ ਮੈਂ ਲਾਈਆਂ ਰਾਂਝਣਾਂ ਵੇ.. ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ, ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..। ਅਸੀਂ ਹੋ ਗਏ ਹਾਂ ਸ਼ੁਦਾਈ ਤੇਰੇ ਇਸ਼ਕੇ ਦੇ ਮਾਰੇ, ਤੈਨੂੰ ਸਾਡੇ ਨਾਲੋਂ ਚੰਨਾਂ ਗ਼ੈਰ ਲੱਗਦੇ ਪਿਆਰੇ.. ਸਾਨੂੰ ਲਾਉਣੀਆਂ-ਬੁਝਾਉਣੀਆਂ ਨਾ ਆਈਆਂ ਰਾਂਝਣਾਂ ਵੇ.. ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ, ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..। ਕਦੇ ਆਕੇ ਦੇਖੀਂ ਅੱਖੀਂ ਸਾਡੀ ਜਿੰਦ ਕੁਰਲਾਉਂਦੀ, ਦਿਨੇਂ ਚੈਨ ਨਹੀਉਂ ਆਉਂਦਾ ਰਾਤੀਂ ਨੀਂਦ ਨਹੀਂਉਂ ਆਉਂਦੀ.. ਅਸੀਂ ਰੁੱਖਾਂ ਵਾਂਗੂੰ ਘੜੀਆਂ ਬਿਤਾਈਆਂ ਰਾਂਝਣਾਂ ਵੇ.. ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ, ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..। ਸਾਡੇ ਚਾਅਵਾਂ ਕੋਲੋਂ ਪੁੱਛ ਕਿੱਦਾਂ ਹੋਏ ਬੇਕਰਾਰ, ਤੇਰੇ ਰੋਸਿਆਂ ਤੋਂ ਵਾਰੀ ਕੇਰਾਂ ਇੱਕ ਝਾਤੀ ਮਾਰ.. ਤੈਨੂੰ ਚੇਤੇ ਆਉਂਣ ਤੇਰੀਆਂ ਉਕਾਈਆਂ ਰਾਂਝਣਾਂ ਵੇ.. ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ, ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..।

ਜ਼ੈਲਦਾਰਾ

ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ! ਵੇ ਅਸੀਂ ਨਈਂ ਕਨੌੜ ਝੱਲਣੀ! ਜ਼ਰਾ ਹੋਸ਼ ਨਾਲ ਬੋਲੀ ਨੂੰ ਦੁਬਾਰਾ! ਵੇ ਅਸੀਂ ਨਈਂ ਕਨੌੜ ਝੱਲਣੀ! ਹੋਇਆ ਕੀ, ਜੇ ਪਿੰਡ ਵਿੱਚ ਤੇਰੀ ਸਰਦਾਰੀ ਵੇ ਸਾਨੂੰ ਵੀ ਹੈ ਜਾਨੋਂ ਵਧ ਇੱਜ਼ਤ ਪਿਆਰੀ ਵੇ ਅਸੀਂ ਫੂਕਣੈਂ ਕਿਸੇ ਦਾ ਸ਼ਾਹੂਕਾਰਾ: ⁠ਵੇ ਅਸੀਂ ਨਈਂ ਕਨੌੜ ਝੱਲਣੀ! ਗੱਲਾਂ ਗੱਲਾਂ ਵਿੱਚ ਤੂੰ ਜੋ ਪਾਉਨਾ ਏ ਬੁਝਾਰਤਾਂ ਜਾਣ ਦੀ ਹਾਂ ਤੇਰੀਆਂ ਮੈਂ ਸਾਰੀਆਂ ਸ਼ਰਾਰਤਾਂ ਕਾਫ਼ੀ ਹੁੰਦਾ ਹੈ ਸਿਆਣੇ ਨੂੰ ਇਸ਼ਾਰਾ ⁠ਵੇ ਅਸੀਂ ਨਈਂ ਕਨੌੜ ਝੱਲਣੀ! ਚੱਕਣਾ ਚਕਾਉਣਾ ਨਾ ਹੀ ਡੋਲ੍ਹਣਾ ਵਗਾੜਣਾ ਅਸੀਂ ਨਹੀਂ ਮੱਥਾ ਕਿਸੇ ਔਂਤਰੇ ਦਾ ਸਾੜਣਾ ਤੇਰਾ ਕਿਸੇ ਵੇਲੇ ਲੱਥਦਾ ਨਈ ਪਾਰਾ- ⁠ਵੇ ਅਸੀਂ ਨਈਂ ਕਨੌੜ ਝੱਲਣੀ! ਤੱਕੇ ਸਾਡੀ ਹਵਾ ਵੱਲੇ ਕੀਹਦੀ ਏ ਮਜ਼ਾਲ ਵੇ ਅਸੀਂ ਕੱਲੇ ਨਹੀਂ ਸਾਰੀ ਜੈਤੋ ਸਾਡੇ ਨਾਲ ਵੇ ਐਵੇਂ ਹੋਰ ਨਾ ਕਰਾ ਲਈ ਕੋਈ ਕਾਰਾ ⁠ਵੇ ਅਸੀਂ ਨਈਂ ਕਨੌੜ ਝੱਲਣੀ! ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ ⁠ਵੇ ਅਸੀਂ ਨਈਂ ਕਨੌੜ ਝੱਲਣੀ! ਜ਼ਰਾ ਹੋਸ਼ ਨਾਲ ਬੋਲੀਂ ਤੂੰ ਦੁਬਾਰਾ! ⁠ਵੇ ਅਸੀਂ ਨਈਂ ਕਨੌੜ ਝੱਲਣੀ!

ਮਾਹੀ ਨਾਲ ਲੜਾਈ

ਮੇਰੀ ਮਾਹੀ ਨਾਲ ਹੋ ਗਈ ਲੜਾਈ ਅੜੀਉ! ਨੀ ਸਾਰੇ ਪਿੰਡ ਵਿੱਚ ਮੱਚ ਗਈ ਦੁਹਾਈ ਅੜੀਉ! ਭੈੜਾ ਨਿੱਕੀ ਨਿੱਕੀ ਗੱਲੇ ਪਾਈ ਰੱਖਦੈ ਕਲੇਸ਼ ਨਾ ਮੈਂ ਡੋਲ੍ਹਾਂ ਨਾ ਵਗਾੜਾਂ ਗਾਲ਼ਾ ਕੱਢਦੈ ਹਮੇਸ਼ ਕਿੱਥੋਂ ਤੀਕ ਰੱਖੇ ਅਗਲਾ ਸਮਾਈ ਅੜੀਉ! ⁠ਨੀ ਸਾਰੇ ਪਿੰਡ ਵਿੱਚ.......... ਕਲ੍ਹ ਦੁਖੀ ਹੋ ਕੇ ਬੋਲੀ, ਉਹਦੇ ਸਾਮਣੇ ਅਖੀਰ ਦਿੱਤੇ ਮੋੜਵੇਂ ਜਵਾਬ ਖਿੱਚ ਦਿੱਤੀ ਸੂ ਲਖੀਰ ਕੱਢ ਦਿੱਤੀ ਉਹਦੀ ਸਾਰੀ ਅੜਬਾਈ ਅੜੀਉ ⁠ਨੀ ਸਾਰੇ ਪਿੰਡ ਵਿੱਚ......... ਉਹਨੇਂ ਮੈਨੂੰ ਨਾ ਬੁਲਾਇਆ, ਮੈਂ ਭੀ ਕੀਤੀ ਨਹੀਂ ਗੱਲ ਉਹਦਾ ਲੱਛ ਵੀ ਨਾ ਲੱਥਾ, ਲੱਥਾ ਮੇਰਾ ਵੀ ਨਾ ਝੱਲ ਰੋਟੀ ਮੈਂ ਵੀ ਸ਼ਾਮ ਤੀਕ ਨਾ ਪਕਾਈ ਅੜੀਉ ⁠ਨੀ ਸਾਰੇ ਪਿੰਡ ਵਿੱਚ ......... ਉਹ ਤਾਂ ਸੁੱਤਾ ਜਾ ਚੁਬਾਰੇ, ਮੈਂ ਵੀ ਸੁੱਤੀ ਵਿਹੜੇ ਵਿੱਚ ਉਹ ਵੀ ਅਵਾਜ਼ਾਰ ਹੋਇਆ, ਹੋਈ ਮੈਂ ਵੀ ਬੜੀ ਜ਼ਿਚ ਨੀਂਦ ਸਾਰੀ ਰਾਤ ਦੋਹਾਂ ਨੂੰ ਨਾ ਆਈ ਅੜੀਉ ⁠ਨੀ ਸਾਰੇ ਪਿੰਡ ਵਿੱਚ......... ਰਾਤੀਂ ਗੁੱਸੇ ਨਾਲ ਮੈਨੂੰ, ਰਤਾ ਹੋ ਗਿਆ ਬੁਖ਼ਾਰ ਬੱਸ ਓਸੇ ਵੇਲ਼ੇ ਉਹਨੇ, ਸੁੱਟ ਦਿੱਤੇ ਹੱਥਿਆਰ! ਆਪੇ ਲੈ ਕੇ ਆਇਆ, ਜੈਤੋ ਤੋਂ ਦਵਾਈ ਅੜੀਉ! ⁠ਨੀ ਸਾਰੇ ਪਿੰਡ ਵਿੱਚ ........ ਮੇਰੀ ਮਾਹੀ ਨਾਲ ਹੋ ਗਈ ਲੜਾਈ ਅੜੀਉ ਨੀ ਸਾਰੇ ਪਿੰਡ ਵਿੱਚ ਮੱਚ ਗਈ ਦੁਹਾਈ ਅੜੀਉ

ਆਇਆ ਨਾ ਜਵਾਬ

ਆਇਆ ਨਾ ਜਵਾਬ ਢੋਲ ਦਾ, ਹਾਏ! ਹੁਣ ਕੀ ਯਤਨ ਬਣਾਵਾਂ ਨੀ ਇੱਕ ਚਿੱਤ ਇੰਜ ਕਰਦੈ, ਚਿੱਠੀ ਦੂਸਰੀ ਲਿਖਾ ਕੇ ਪਾਵਾਂ ⁠ਆਇਆ ਨਾ ਜਵਾਬ ਢੋਲ ਦਾ ਚਿੱਠੀ ਮੇਰੇ ਮਾਹੀ ਦੀ ਮੈਂ ਜਾਂਦੀ ਹਾਂ ਉਡੀਕੀ ਨੀ। ਉਹਦੇ ਉੱਤੇ ਹੋਊ ਮੇਰੀ, ਜ਼ਿੰਦਗੀ ਉਲੀਕੀ ਨੀ। ਹਿੱਕ ਨਾਲ ਲਾਕੇ ਚਿੱਠੀ ਲੇਟ ਜਾਂ ਪਲੰਘ ਉੱਤੇ,- ⁠-ਮਾਹੀ ਦਾ ਵਿਛੋੜਾ ਭੁੱਲ ਜਾਵਾਂ, ਨੀ ਇੱਕ ਚਿੱਤ ਇੰਜ ਕਰਦੈ ..... -ਓਦੋਂ ਦਾ ਨਾ ਆਇਆ, ਲੱਗੀ ਜਦੋਂ ਦੀ ਲੜਾਈ ਨੀ ਮੱਚ ਕੇ ਮਰੇ ਓਹ, ਜੀਹਨੇਂ ਲਾਮ ਇਹ ਲੁਆਈ ਨੀ ਲੱਭ ਜਾਵੇ ਟੁੱਕੜਾ ਤਾਂ ਪੁੱਛਾਂ ਮੈਂ ਬਿਠਾ ਕੇ ਉਹਨੂੰ ⁠-ਚੀਰ ਕੇ ਜਾਂ ਕਾਲਜਾ ਵਖਾਵਾਂ-ਨੀ ਆਇਆ ਨਾ ਜਵਾਬ..... ਰੋਈ ਰੋਈ ਜਾਵਾਂ ਜੀ ਸੁਕਾ ਲਿਆ ਹੈ ਪਿੱਤਾ ਮੈਂ ਅੱਗ ਲਾਕੇ ਫੂਕਾਂ ਭੈੜਾ ਨੌਕਰੀ ਦਾ ਕਿੱਤਾ ਮੈਂ ਨਾਵਾਂ ਕਟਵਾਕੇ ਆ ਜਏ, ਭੁੱਖੀ ਰਹਿ ਕੇ ਕੱਟ ਲਾ ਮੈਂ- ⁠-ਲੱਖ ਲੱਖ ਸ਼ੁਕਰ ਮਨਾਵਾਂ-ਨੀ ਆਇਆ ਨਾ ਜਵਾਬ ਢੋਲ ਦਾ..... ਭੇਜਿਆ ਨਾ ਉਹਨੇ ਮੇਰੀ ਚਿੱਠੀ ਦਾ ਜਵਾਬ ਨੀ। ਸੁੱਖ ਰੱਖੇ ਰੱਬ, ਰਾਤੀਂ ਭੈੜਾ ਆਇਐ ਖ਼ਾਬ ਨੀ। ਕਾਹਲੀ ਵਿੱਚ ਮੁਨਸ਼ੀ ਨੇ, ਲਿਖ ਹੀ ਨਾ ਦਿੱਤਾ ਹੋਵੇ- ⁠-ਕਿਧਰੇ ਗ਼ਲਤ ਸਿਰਨਾਵਾਂ-ਨੀ ਆਇਆ ਨਾ ਜਵਾਬ ਢੋਲ..... ਚਿੱਠੀ ਰਾਹੀਂ ਹੋ ਜਏ ਕਿਤੇ ਚੰਨ ਦਾ ਦੀਦਾਰ ਨੀ ਅੱਖਾਂ ਨਾਲ ਚਿੱਠੀ ਲਾਕੇ ਚੁੰਮਾਂ ਵਾਰ-ਵਾਰ ਨੀ ਲਿਖਿਆ ਜੇ ਹੋਵੇ ਕਿਤੇ, ਆਊਂਗਾ "ਫਲਾਨੇ ਦਿਨ" ⁠-ਫੇਰ ਤਾਂ ਮੈਂ ਫੁੱਲੀ ਨਾ ਸਮਾਵਾਂ-ਨੀ ਆਇਆ ਨਾ ਜਵਾਬ ..... ਹਾਏ! ਹੁਣ ਕੀ ਮੈਂ ਯਤਨ ਬਣਾਵਾਂ ਨੀ ਇੱਕ ਚਿੱਤ ਐਂ ਕਰਦੈ, ਚਿੱਠੀ ਹੋਰ ਮੈਂ ਲਿਖਾ ਕੇ ਪਾਵਾਂ ਆਇਆ ਨਾ ਜਵਾਬ ਢੋਲ ਦਾ

ਵੰਗ ਅੜੀਓ

ਸੁਤੀ ਉੱਠੀ ਜਾਂ ਸਵੇਰੇ, ਹੋ ਗਈ ਦੰਗ ਅੜੀਉ! ਟੁੱਟੀ ਪਈ ਸੀ ਵਛਾਉਣੇਂ ਉੱਤੇ ਵੰਗ ਅੜੀਉ! ਇੱਲਤੀ ਨਿਗਾਹਾਂ ਦੇ ਇਸ਼ਾਰੇ ਸਹਿਮੇ ਹੋਏ ਸੀ ਹੱਥੀਂ ਪਾਲ਼ੇ ਨਾਗਾਂ ਦੇ ਫੁੰਕਾਰੇ ਸਹਿਮੇ ਹੋਏ ਸੀ ਮੇਰਾ ਥੱਕਿਆ ਪਿਆ ਸੀ ਅੰਗ ਅੰਗ ਅੜੀਉ! ਟੁੱਟੀ ਪਈ ਸੀ ਵਛਾਉਣੇਂ.............. ਲੱਖ ਭਾਵੇਂ ਮਾਘ ਦਾ ਮਹੀਨਾ ਆਇਆ ਹੋਇਆ ਸੀ ਮੱਥੇ ਉੱਤੇ ਫੇਰ ਵੀ ਪਸੀਨਾ ਆਇਆ ਹੋਇਆ ਸੀ ਲੱਗਾ ਫਿਕਾ ਫਿੱਕਾ ਬੁਲ੍ਹੀਆਂ ਦਾ ਰੰਗ ਅੜੀਉ! ਟੁੱਟੀ ਪਈ ਸੀ ਵਛਾਉਣੇਂ............... ਉਡੀਆਂ ਉਮੰਗਾਂ, ਲਾਈਆਂ ਲੰਮੀਆਂ ਉਡਾਰੀਆਂ ਸਹੁਰੀਂ ਹੋਕੇ ਆਈਆਂ ਜਾਣੋ ਸੱਧਰਾਂ ਕੁਆਰੀਆਂ ਮੈਨੂੰ ਆਪਣੇ ਹੀ ਕੋਲੋਂ ਆਈ ਸੰਗ ਅੜੀਉਂ ਨੀ ਟੁੱਟੀ ਪਈ ਸੀ ਵਛਾਉਣੇਂ ........... ਸ਼ਹਿਤ ਡਿੱਗ ਪਿਆ ਜਾਣੋਂ ਗੁੰਗੇ ਦੀ ਜ਼ੁਬਾਨ ਤੇ ਡੋਰ ਤੋਂ ਬਿਨਾ ਹੀ ਗੁੱਡੀ ਪਹੁੰਚੀ ਅਸਮਾਨ ਤੇ ਬਿਨਾ "ਲਾਟ" ਤੋਂ ਹੀ ਭੁੱਜਿਆ ਪਤੰਗ ਅੜੀਉ ਨੀ ਟੁੱਟੀ ਪਈ ਸੀ ਵਛਾਉਣੇਂ ਉਤੇ ਵੰਗ ਅੜੀਉ

ਬੰਦ ਕਰੋ ਇਹ

ਬੰਦ ਕਰੋ ਇਹ ਪੁੱਠੀਆਂ ਰਸਮਾਂ-ਕਿਉਂ ਜਾਨਾਂ ਤੜਪਾਈਆਂ ਨੇ ⁠ਕਿਉਂ ਤੰਦੀਆਂ ਗਲ ਵਿੱਚ ਪਾਈਆਂ ਨੇ ਇਸ ਦਹੇਜ਼ ਦੀ ਭੇਟਾ ਚੜ੍ਹ ਗਏ, ਜੋਬਨ ਕਈ ਹਜ਼ਾਰਾਂ ਖਾ ਖਾ ਜ਼ਹਿਰ ਤੜਪ ਕੇ ਮਰੀਆਂ, ਬਿਨਾ ਦੋਸ਼ ਮੁਟਿਆਰਾਂ ਕਈਆਂ ਨੇ ਪਿੰਡੇ ਨੂੰ ਅਪਣੇ, ਆਪੇ ਅੱਗਾਂ ਲਾਈਆਂ ਨੇ ⁠ਕਿਉਂ ਤੰਦੀਆਂ ਗਲ ਵਿੱਚ ਪਾਈਆਂ ਨੇ ⁠ਕਿਉਂ ਜ਼ਿੰਦਗੀਆਂ ਤੜਪਾਈਆਂ ਨੇ ਗਲ਼ ਵਿੱਚ ਪੱਲੂ ਪਾਕੇ ਜਿਹੜਾ ਲੜਕੀ ਦੇਵਣ ਆਇਐ ਉਸ ਦਾ ਖੀਸਾ ਫੋਲ ਰਹੇ ਹੋ, ਕੀ ਕੁਝ ਨਕਦ ਲਿਆਇਐ ਇਹ ਕਰਤੂਤਾਂ ਵੇਖ ਵੇਖ ਕੇ, ਅੱਖੀਆਂ ਨਾ ਸ਼ਰਮਾਈਆਂ ਨੇ ⁠ਕਿਉਂ ਤੰਦੀਆਂ ਗਲ ਵਿੱਚ ਪਾਈਆਂ ਨੇ ⁠ਕਿਉਂ ਜ਼ਿੰਦਗੀਆਂ ਤੜਪਾਈਆਂ ਨੇ ਪੈਰਾਂ ਤੇ ਸਿਰ ਜਿਹੜਾ ਰਖਦੈ, ਉਸ ਦਾ ਗਲ਼ ਨਾ ਕੱਟੋ। ਕੁੜੀਆਂ ਦੀ ਕੁਰਬਾਨੀ ਦੇ ਕੇ, ਪੁੱਤ ਦਾ ਮੁੱਲ ਨਾ ਵੱਟੋ। ਜ਼ਿੰਦਗੀਆਂ ਦੀ ਬੋਲੀ ਦਿੰਦੀਐਂ-ਅੱਜ ਨਜ਼ਰਾਂ ਤ੍ਰਿਹਾਈਆਂ ਨੇ ⁠ਕਿਉਂ ਤੰਦੀਆਂ ਗਲ ਵਿੱਚ ਪਾਈਆਂ ਨੇ ⁠ਕਿਉਂ ਜ਼ਿੰਦਗੀਆਂ ਤੜਪਾਈਆਂ ਨੇ ਤੱਕ ਉਸ ਮਾਂ ਬਾਪ ਦੇ ਵੱਲੇ ਜੇ ਮੁਨੱਖਤਾ ਪਿਆਰੀ ਜਿਨ੍ਹਾਂ ਦੇ ਘਰ ਦਾਜ ਬਿਨਾਂ ਧੀ ਬੈਠੀ ਰਹੇ ਕੁਆਰੀ ਸ਼ਰਮ-ਹਯਾ ਦੀਆਂ ਇੱਜ਼ਤਦਾਰੋ! ਆਮ-ਬੋਲੀਆਂ ਲਾਈਆਂ ਨੇ ⁠ਕਿਉਂ ਤੰਦੀਆਂ ਗਲ ਵਿੱਚ ਪਾਈਆਂ ਨੇ ⁠ਕਿਉਂ ਜ਼ਿੰਦਗੀਆਂ ਤੜਪਾਈਆਂ ਨੇ ਆਪਣੇਂ ਹੱਥੀ ਸਾੜ ਜਵਾਨੀ ਨਹੀਂਉਂ ਕੱਖ ਥਿਆਉਣਾਂ ਮਰਦੇ ਮਰਦੇ ਮਰ ਜਾਉਗੇ ਹੱਥ ਨਹੀਂ ਕੁਝ ਆਉਣਾਂ ਦੀਪਕ-ਭਾਵੇਂ ਬੁਰੀਆਂ ਲੱਗਣ: ਸੱਚੀਆਂ ਅਸੀਂ ਸੁਣਾਈਆਂ ਨੇ ⁠ਕਿਉਂ ਤੰਦੀਆਂ ਗਲ ਵਿੱਚ ਪਾਈਆਂ ਨੇ ⁠ਕਿਉਂ ਜ਼ਿੰਦਗੀਆਂ ਤੜਪਾਈਆਂ ਨੇ ⁠ਬੰਦ ਕਰੋ! ਬੰਦ ਕਰੋ-ਬੰਦ ਕਰੋ! ⁠ਬੰਦ ਕਰੋ ਇਹ ਪੁੱਠੀਆਂ ਰਸਮਾਂ ⁠ਕਿਉਂ ਜਾਨਾਂ ਤੜਪਾਈਆਂ ਨੇ! ⁠ਕਿਉਂ ਤੰਦੀਆਂ ਗਲ ਵਿੱਚ ਪਾਈਆਂ ਨੇ

ਪੰਜਾਬਣ ਮੁਟਿਆਰੇ

ਤੇਰੇ ਲੰਮੇ ਲੰਮੇ ਵਾਲ ਪੰਜਾਬਣ ਮੁਟਿਆਰੇ ਤੂੰ ਤੁਰੇਂ ਮਜ਼ਾਜਾਂ ਨਾਲ, ਪੰਜਾਬਣ ਮੁਟਿਆਰੇ ਤੇਰੇ ਨੈਣਾਂ ਦੇ ਵਿੱਚ ਸੁਪਨੇ ਮਾਨ ਬਹਾਰਾਂ ਦੇ ਤੇਰੇ ਬੁੱਲ੍ਹਾਂ ਉੱਤੇ ਖੇਡਣ ਹਾਸੇ ਪਿਆਰਾਂ ਦੇ ਤੇਰੀ ਹਰ ਇੱਕ ਅਦਾ ਕਮਾਲ! ਪੰਜਾਬਣ ਮੁਟਿਆਰੇ! ⁠ਤੂੰ ਤੁਰੇਂ ਮਜ਼ਾਜਾਂ ਨਾਲ............. ਤੇਰੇ ਹਾਸੇ ਚੋਂ ਖ਼ੁਸ਼ਬੋਆਂ ਕਿਰ ਕਿਰ ਪੈਣ ਕੁੜੇ ਸਾਨੂੰ ਮਸਤ ਬਣਾ ਗਏ, ਮਸਤ ਸ਼ਰਾਬੀ ਨੈਣ ਕੁੜੇ ਤੇਰੀ ਜ਼ੁਲਫ਼, ਹੁਸਨ ਦਾ ਜਾਲ ਪੰਜਾਬਣ ਮੁਟਿਆਰੇ ⁠ਤੂੰ ਤੁਰੇਂ ਮਜ਼ਾਜਾਂ ਨਾਲ.......... ਤੇਰੇ ਨੈਣਾਂ ਵਿੱਚ ਹੈ ਜਾਦੂ ਭਰਿਐ ਕੁਦਰਤ ਨੇ ਤੈਨੂੰ ਇਸ਼ਕ ਲਈ ਹੈ ਪੈਦਾ ਕਰਿਐ ਕੁਦਰਤ ਨੇ ਤੂੰ ਨਖ਼ਰੇ, ਰਤਾ ਸੰਭਾਲ ਪੰਜਾਬਣ ਮੁਟਿਆਰੇ! ⁠ਤੂੰ ਤੁਰੇਂ ਮਜ਼ਾਜਾਂ ਨਾਲ........... ਤੇਰੇ ਸਾਹਵੇਂ ਚੰਨ ਦਾ ਚਾਨਣ ਭੀ ਸ਼ਰਮਾਂਦਾ ਹੈ ਅਸੀਂ ਦਿਲ ਆਪਣਾ ਨਜ਼ਰਾਨੇ ਵਜੋਂ ਲਿਆਂਦਾ ਹੈ ਨਾ ਮੂੰਹ ਤੇ ਰੱਖ ਰੁਮਾਲ ਪੰਜਾਬਣ ਮੁਟਿਆਰੇ ⁠ਤੂੰ ਤੁਰੇਂ ਮਜ਼ਾਜਾਂ ਨਾਲ................

ਵਣਜਾਰਾ

ਆਇਆ ਪਿੰਡ 'ਚ ਸੁਣੀਂਦੈ ਵਣਜਾਰਾ; ⁠-ਨੀ ਸਦ ਲਿਆ ਨਨਾਣੇਂ ਰਾਣੀਏਂ ਆਪੇ ਸਾਂਭ ਲਊ ਮੈਂ ਕੰਮ-ਧੰਦਾ ਸਾਰਾ ⁠-ਨੀ ਸਦ ਲਿਆ ਨਨਾਣੇਂ ਰਾਣੀਏਂ ⁠ਇਹ ਤਾਂ ਵਣਜਾਰਾ ਮੈਨੂੰ ਜਾਪੇ ਸਾਡੇ ਸ਼ਹਿਰ ਦਾ ⁠ਪਿੰਡ ਵਿੱਚ ਆਇਆ ਹੋਇਆ ਸੁਣੀਂਦੈ ਦੁਪਹਿਰ ਦਾ ⁠ਲਾਗਲੀ ਗਲ਼ੀ ਚੋਂ ਹੋਕਾ ਓਸ ਦਾ ਪਛਾਣਿਆ ਮੈਂ, ⁠-ਕੋਠੇ ਉੱਤੇ ਚੜ੍ਹੀ ਜਾਂ ਦੁਬਾਰਾ, ⁠-ਨੀ ਸੱਦ ਲਿਆ ਨਨਾਣੇਂ....... ⁠ਇੱਕ ਵਾਰੀ ਜਿਹੜੀ ਵੀ ਚੜ੍ਹਾਵੇ ਇਹ ਤੋਂ ਚੂੜੀਆਂ ⁠ਦੂਜੀ ਵਾਰੀ ਕਿੱਦਾਂ ਨਾ ਮੰਗਾਵੇ ਇਹ ਤੋਂ ਚੂੜੀਆਂ ⁠ਇਹ ਦੀਆਂ ਤਾਂ ਚੂੜੀਆਂ ਦੀ, ਮੰਗ ਹੈ ਵਲੈਤ ਵਿੱਚ, ⁠-ਏਥੇ ਕੀ ਆ ਗਿਆ ਵਿਚਾਰਾ, ⁠-ਨੀ ਸੱਦ ਲਿਆ ਨਨਾਣੇਂ....... ⁠ਪਤਾ ਨਹੀਂ ਟੁਕੜਾ ਮੰਗਾਉਂਦੈ ਕਿੱਥੋਂ ਮਾਲ ਨੀ! ⁠ਇਕ ਨਾਲੋਂ ਦੂਜੀ ਵੰਗ ਪੁੱਜ ਕੇ ਕਮਾਲ ਨੀ! ⁠ਏਸੇ ਦੀਆਂ ਵੰਗਾਂ ਚੋਂ ਨਮੂਨੇ ਨਿੱਤ ਕੱਟਦਾ ਹੈ, ⁠ਸਾਡਾ ਜੈਤੋ ਵਾਲਾ ਸੁਨਿਆਰਾ। ⁠ਨੀ ਸੱਦ ਲਿਆ ਨਨਾਣੇਂ ..... ਤੱਕ ਲੈ ਨਨਾਣੇਂ ਬਾਹਵਾਂ ਮੇਰੀਆਂ ਨੇ ਨੰਗੀਆਂ ਵੰਗਾਂ ਤੋਂ ਬਗ਼ੈਰ ਨਹੀਉਂ ਜਾਪਦੀਆਂ ਚੰਗੀਆਂ ਚਿੱਤ ਦੀ ਉਮੰਗ ਵੀ ਛਣਾਟੇ ਨਾਲ ਨੱਚਦੀ ਹੈ, ⁠-ਅੱਖੀਆਂ 'ਚ ਬੱਝਦੈ ਤਰਾਰਾ! ⁠ਨੀ ਸੱਦ ਲਿਆ ਨਨਾਣੇਂ..... ਬੀਬੀਆਂ ਨਨਾਣਾਂ ਐਨੀ ਦੇਰ ਨਹੀਂ ਲਾਉਂਦੀਆਂ ਬੇਬੇ ਹੋਰੀਂ ਖੇਤੋਂ ਕਿਤੇ ਹੋਂਣ ਭੀ ਨਾ ਆਉਂਦੀਆਂ ਦੱਸਕੇ ਭਰਾ ਨੂੰ ਕਿਤੇ ਗੁੱਤ ਨਾ ਪਟਾਦੀਂ ਮੇਰੀ, ⁠-ਉਹਦਾ ਤਾਂ ਸੁਭਾਅ ਹੈ ਸ਼ੱਕੀ ਭਾਰਾ ⁠ਨੀ ਸੱਦ ਲਿਆ ਨਨਾਣੇਂ ਰਾਣੀਏਂ! ⁠ਆਇਆ ਪਿੰਡ 'ਚ ਸੁਣੀਂਦੈ ਵਣਜਾਰਾ!

ਨੀ ਅੜੀਏ

ਹੁਸਨ ਤਿਰੇ ਨੇ ਜਾਦੂ ਕੀਤਾ, ਮੇਰਾ ਨਹੀਂ ਕਸੂਰ ਨੀ ਅੜੀਏ! ⁠ਦਿਲ ਹੋਇਐ ਮਜਬੂਰ ਨੀ ਅੜੀਏ! ⁠ਬਿਜਲੀ ਹਨ ਇਹ ਸ਼ੋਖ਼ ਅਦਾਵਾਂ ⁠ਮੈਂ ਕੀ ਦਸ ਇਲਾਜ ਬਣਾਵਾਂ ⁠ਅੱਖਾਂ ਦੇ ਵਿੱਚ ਆ ਜਾਂਦਾ ਹੈ- ⁠-ਤੱਕਣ ਸਾਰ ਸਰੂਰ ਨੀ ਅੜੀਏ! ⁠ਦਿਲ ਹੋਇਐ......... ⁠ਰੂਪ ਜਦੋਂ ਭਰਦੈ ਅੰਗੜਾਈ ⁠ਹੋ ਜਾਂਦਾ ਹੈ ਇਸ਼ਕ ਸ਼ੁਦਾਈ ⁠ਜੋ ਮਰਜ਼ੀ, ਸੋ ਤੁਹਮਤ ਲਾ ਦੇ- ⁠ਮੈਨੂੰ ਸਭ ਮੰਨਜ਼ੂਰ ਨੀ ਅੜੀਏ ⁠ਦਿਲ ਹੋਇਐ ਮਜ਼ਬੂਰ ⁠ਨੀ........... ⁠ਨਜ਼ਰਾਂ ਦਾ ਇਕ ਜਾਮ ਪਿਲਾਦੇ ⁠ਮੇਰਾ ਲੂੰ ਲੂੰ ਮਸਤ ਬਣਾ ਦੇ ⁠ਰਬ ਦੇ ਬੂਹੇ ਨੂੰ ਠੁਕਰਾ ਕੇ- ⁠ਆਇਆ ਤਿਰੇ ਹਜ਼ੂਰ ਨੀ ਅੜੀਏ ⁠ਦਿਲ ਹੋਇਐ ਮਜ਼ਬੂਰ....... ⁠ਇਕ ਤੇਰੀ ਮਦਹੋਸ਼ ਜਵਾਨੀ ⁠ਤੂੰ ਮੇਰੇ ਗੀਤਾਂ ਦੀ ਰਾਣੀ ⁠ਇਸ ਦੀਪਕ ਨੂੰ ਪਿਆਰ ਤਿਰੇ ਨੇ- ⁠-ਕਰ ਦਿੱਤੈ ਮਜ਼ਬੂਰ ਨੀ ਅੜੀਏ। ⁠ਦਿਲ ਹੋਇਐ ਮਜ਼ਬੂਰ ...... ਨੋਟ-ਇਸ ਗੀਤ ਦੀ ਰਦੀਫ਼- ਨੀ ਅੜੀਏ ਦੀ ਬਜਾਏ ਸੁਹਣੀਏਂ ਵੀ ਰੱਖ ਸਕਦੇ ਹੋ। -ਜੈਤੋਈ

ਛੱਲਾ ਪਿੱਤਲ ਦਾ

ਦੇ ਗਿਆ ਨਿਸ਼ਾਨੀ ਮਾਹੀ ਛੱਲਾ ਪਿੱਤਲ ਦਾ, ਮੈਂ ਸੀ ਭੋਲੀ ਭਾਲ਼ੀ ਅੜੀਉ! ਨੀ ਮੇਰੀ ਉਂਗਲੀ ਹੋ ਗਈ ਕਾਲੀ ਅੜੀਉ ਉਹ ਝੂਠਾ! ਉਹਦਾ ਪਿਆਰ ਵੀ ਝੂਠਾ ਕਰਕੇ ਗਿਆ ਇਕਰਾਰ ਵੀ ਝੂਠਾ ਮੈਂ ਕਮਲੀ ਇਹਨੂੰ ਝੱਲ ਪੁਣੇਂ ਵਿੱਚ ਹੁਣ ਤਕ ਫ਼ਿਰਾਂ ਸੰਭਾਲੀ ਅੜੀਉ! ਮੇਰੀ ਉਂਗਲੀ ਹੋ ਗਈ ਕਾਲੀ....... ਇਹ ਛੱਲਾ! ਮੇਰੇ ਭੀੜਾ ਆਵੇ ਨਿੱਤ ਮਾਹੀ ਦੀ ਯਾਦ ਦੁਆਵੇ ਜੇ ਭੁੱਲ ਕੇ ਮੈਂ ਪਿਆਰ ਨਾ ਕਰਦੀ- ਰਹਿੰਦੀ ਜਾਨ ਸੁਖਾਲ਼ੀ ਅੜੀਉ! ਨੀ ਮੇਰੀ ਉਂਗਲੀ ਹੋ ਗਈ........ ਇਸ ਛੱਲੇ ਵਿੱਚ ਛਿਲਤਰ ਰੜਕੇ ਮੈਂ ਰੋਵਾਂ ਨਿੱਤ ਅੰਦਰ ਵੜ ਕੇ ਇਸ ਦੁਨੀਆਂ ਦੀ ਹਰ ਸ਼ੈਅ ਮੈਨੂੰ -ਦੇਵੇ ਜ਼ਹਿਰ ਖਾਲੀ ਅੜੀਉ! ਨੀ ਮੇਰੀ ਉਂਗਲੀ ਹੋ ਗਈ...... ਦੇ ਗਿਆ ਨਿਸ਼ਾਨੀ ਮਾਹੀ ਛੱਲਾ ਪਿੱਤਲ ਦਾ ਮੈਂ ਸਾਂ ਭੋਲ਼ੀ-ਭਾਲ਼ੀ ਅੜੀਉ! ਨੀ ਮੇਰੀ ਉੱਗਲੀ ਹੋ ਗਈ ਕਾਲੀ ਅੜੀਉ

ਮਿਜ਼ਾਜਾਂ ਵਾਲੀਏ

ਕਾਹਤੋਂ ਛੱਡ ਗਈ ਤ੍ਰਿੰਞਣ ਵਿੱਚ ਆਉਣਾ, ਨੀ ਵੱਡਿਆਂ ਮਿਜ਼ਾਜਾਂ ਵਾਲੀਏ ਤੈਨੂੰ ਵਾਰੀ ਵਾਰੀ ਕਿਸੇ ਨਈਂ ਬੁਲਾਉਣਾ ਨੀ ਵੱਡਿਆਂ ਮਿਜ਼ਾਜਾਂ ਵਾਲੀਏ ਜਾਪਦਾ ਹੈ ਰੂਪ ਦਾ ਗੁਮਾਨ ਤੈਨੂੰ ਗੋਰੀਏ ਆਵੇ ਨਾ ਪਸੰਦ ਇਹ ਜਹਾਨ ਤੈਨੂੰ ਗੋਰੀਏ ਐਨਾ ਚਾਹੀਦਾ ਨਈਂ ਨਖ਼ਰਾ ਵਧਾਉਣਾ- ⁠-ਨੀ ਵੱਡਿਆਂ ਮਿਜ਼ਾਜਾਂ ਵਾਲੀਏ ਰੁੱਝੀ ਏਂ ਤੂੰ ਕਿਹੜਿਆਂ ਰੁਝੇਵਿਆਂ ’ਚ ਬੱਲੀਏ ਕੀਹਦੇ ਨਾਲ ਹੋ ਗਿਆ ਲੈ ਪਿਆਰ ਤੈਨੂੰ ਝੱਲੀਏ ਸਾਥੋਂ ਕਿਹੜੀ ਗੱਲੋਂ ਭੇਦ ਹੈ ਛੁਪਾਉਣਾ- ⁠-ਨੀ ਵੱਡਿਆ ਮਿਜ਼ਾਜਾਂ ਵਾਲੀਏ ਨੀਵੀਂ ਕਾਹਤੋਂ ਪਾਈ ਹੈ ਤੂੰ ਅੱਜ ਲੋਹੜੇ ਪਾਉਣੀਏਂ ਹੱਸ ਕੇ ਵਖਾਦੇ ਕੇਰਾਂ, ਫੁੱਲਾਂ ਨੂੰ ਹਸਾਉਣੀਏਂ ਨੀ ਸਹੇਲੀਆਂ ਤੋਂ ਕਾਹਦਾ ਸ਼ਰਮਾਉਣਾ- ⁠-ਨੀ ਵੱਡਿਆਂ ਮਿਜ਼ਾਜਾਂ ਵਾਲੀਏ ਕਾਹਤੋਂ ਛੱਡ ਗਈ ਤ੍ਰਿੰਞਣ ਵਿੱਚ ਆਉਣਾ- ਨੀ ਵੱਡਿਆਂ ਮਿਜ਼ਾਜਾਂ ਵਾਲੀਏ!

ਨੀ ਜਠਾਣੀਏਂ

ਕੋਕਰੂ1 ਦਾ ਡਿੱਗ ਪਿਆ ਪੱਤਾ ਨੀ ਜਠਾਣੀਏਂ! ਜੇਠ ਮੇਰਾ ਪੁੱਜ ਕੇ ਕੁਪੱਤਾ ਨੀ ਜਠਾਣੀਏਂ! ਵਖਰੀ ਕਰਾਂਗੇ ਭੈਣਾਂ ਐਤਕਾਂ ਭੋਂ ਵਾਹੀ ਨੀ ਸਹਿਮਿਆਂ ਹੀ ਰਹਿੰਦੈ, ਮੇਰਾ ਚੰਨ ਜਿਹਾ ਮਾਹੀ ਨੀ ਮੈਂ ਨਈਂ ਲੈ ਕੇ ਜਾਣਾ ਉਹਦਾ ਭੱਤਾ ਨੀ ਜਠਾਣੀਏਂ ⁠ਜੇਠ ਮੇਰਾ ਪੁੱਜ ਕੇ............ ਕੁੰਜੀ-ਗੋਸ਼ੇ ਕੀਤਾ, ਦਾਣਾ-ਫੱਕਾ ਵੇਚ ਵੱਟ ਕੇ ਬੋਤਲਾਂ ਦੇ ਰਾਹੀਂ, ਸੁੱਟ ਦਿੱਤਾ ਘਰ ਪੱਟ ਕੇ ਦੱਸਦਾ ਹੈ ਸ਼ਾਹਾਂ ਦਾ ਚੁਪੱਤਾ ਨੀ ਜਠਾਣੀਏਂ ⁠ਜੇਠ ਮੇਰਾ ਪੁੱਜ ਕੇ ............ ਗੱਲੇ-ਗੱਲੇ ਡਾਂਗ ਉੱਤੇ ਰੱਖਦਾ ਹੈ ਹੱਥ ਨੀ ਬੁੱਢੇ-ਵਾਰੇ, ਉਹਦਾ ਕੇਹਾ ਫਿੱਟਿਆ ਹੈ ਰੱਥ ਨੀ ਝਾਗਤੂ-ਜ਼ਮਾਨੇ ਦੈ ਨਖੱਤਾ ਨੀ ਜਠਾਣੀਏ ⁠ਜੇਠ ਮੇਰਾ ਪੁੱਜ ਕੇ ਕੁਪੱਤਾ.......... ਛੱਲਾ-ਛੱਲਾ ਆਉਂਦੀ ਦਾ ਲੁਹਾ ਲਿਆ ਨੀ ਸੱਸ ਨੇ ਅਜੇ ਤੀਕ ਸਾਡੇ ਤੇ ਸ਼ਰੀਕ ਰਹੇ ਹੱਸ ਨੇ ਪੇਕਿਆਂ ਦਾ ਪਾਵਾਂ ਲੀੜਾ ਲੱਤਾ ਨੀ ਜਠਾਣੀਏਂ ⁠ਜੇਠ ਮੇਰਾ ਪੁੱਜ ਕੇ ਕੁਪੱਤਾ.......... ਮਹਿੰਦੀ ਵਾਲੇ ਹੱਥਾਂ ਨਾਲ ਗੋਹਾ ਪੈਂਦਾ ਪੱਥਣੈਂ ਖੌਰੇ ਇਹ ਕਲੇਸ਼ ਕਿੱਦੇਂ ਸਾਡੇ ਗਲੋਂ ਲੱਥਣੈਂ ਪੀਲਾ ਪੀਲਾ ਹੋਇਆ, ਚੂੜਾ-ਰੱਤਾ ਨੀ ਜਠਾਣੀਏਂ ⁠ਜੇਠ ਮੇਰਾ ਪੁੱਜ ਕੇ ਕੁਪੱਤਾ............ ਤੂੰ ਵੀ ਕਿਤੇ ਭੈਣਾਂ ਵਾਂਗ ਰੱਖਦੀ ਜੇ ਪਿਆਰ ਨੀ ਔਖੀ-ਸੌਖੀ ਤਾਂ ਭੀ ਲੈਂਦੀ ਜ਼ਿੰਦਗੀ ਗੁਜ਼ਾਰ ਨੀ ਤੇਰਾ ਵੀ ਸੁਭਾਅ ਹੈ ਬਹੁਤਾ ਤੱਤਾ ਨੀ ਜਠਾਣੀਏਂ ⁠ਜੇਠ ਮੇਰਾ ਪੁੱਜ ਕੇ ਕੁਪੱਤਾ............. ਮੈਂ ਨਹੀਂ ਲੈ ਕੇ ਜਾਣਾ ਉਹਦਾ ਭੱਤਾ ਨੀ ਜਠਾਣੀਏ 1. ਸੋਨੇ ਦਾ ਇੱਕ ਜ਼ੇਵਰ, ਜਿਸ ਦੇ ਇੱਕ ਪੱਤਾ ਮੁਰਕੀ ਵਿੱਚ ਪਰੋਇਆ ਹੁੰਦਾ ਸੀ, ਅਤੇ ਸੁਆਣੀਆਂ ਕੰਨ ਦੇ ਵਿਚਾਲੇ ਜਿਹੜੀ ਛੋਟੀ ਜਿਹੀ ਪੇਪੜੀ ਹੁੰਦੀ ਹੈ, ਉਸ `ਚ ਪੈਂਦਾ ਸੀ ਪੰਜਾਬਣਾਂ ਦੀ ਇਹ ਧਾਰਨਾ ਸੀ, ਕਿ ਜਿਸ ਦੀ ਕੋਕਰੂ ਪਾਉਣ ਵਾਲੀ ਛੋਟੀ ਪੇਪੜੀ ਬਿੰਨ੍ਹ ਕੇ ਕੋਕਰੂ ਪਾਏ ਹੋਣ, ਮਰਨ ਪਿੱਛੋਂ ਓਥੋਂ ਉਸਨੂੰ ਸਵਰਗਾਂ ਦੀ ਹਵਾ ਆਉਂਦੀ ਹੈ। ਮੈਂ ਕੋਕਰੂ ਘੜੇ ਹਨ।

ਖ਼ੁਸ਼ਕ ਮਕੱਈ

ਮਰਦ - ਮੇਰੇ ਸੰਘ ਚੋਂ ਮੂਲ ਨਾ ਲੰਘਦੀ ਚੰਦਰੀ ਖ਼ੁਸ਼ਕ ਮਕੱਈ ⁠ਸਾਗ ਤਾਂ ਧਰ ਲੈਂਦੀ ਕੀ ਕਰਦੀ ਸੈਂ ਪਈ? ਜ਼ਨਾਨੀ- ਪਾਣੀ ਦੀ ਘੁੱਟ ਨਾਲ ਲੰਘਾ ਲੈ ਮਿੱਠੀ ਬੜੀ ਮਕੱਈ ⁠ਵੇ ਜੱਟ ਕੁਛ ਆਖੇ ਨਾ ਮੈਂ ਨਾ ਸਾਗ ਨੂੰ ਗਈ ਮਰਦ - ਕਿਹੜਾ ਤੈਨੂੰ ਮੁੰਹ ਵਿੱਚ ਪਾ ਲਊ? ਕੀ ਲਾਹ ਲਊ ਕੋਈ ਤੇਰਾ? ⁠ਸਾਰੀ ਦੁਨੀਆਂ ਖੇਤੀਂ ਫਿਰਦੀ ਕੁਝ ਰੱਖਿਆ ਕਰ ਜੇਰਾ ⁠ਝੱਲਿਆਂ ਵਰਗੀ ਆਦਤ ਤੇਰੀ ਅਜੇ ਤੀਕ ਨਾ ਗਈ ⁠ਸਾਗ ਤਾਂ ਧਰ ਲੈਂਦੀ.................. ਜ਼ਨਾਨੀ - ਹਥ ਲਾਇਆ ਮੈਂ ਮੈਲੀ ਹੋਣਾਂ ਦੁਨੀਆਂ ਦੀ ਅੱਖ ਮੈਲੀ ⁠ਹੱਟੀ ਵਿੱਚ ਨਾ ਮਾਣ ਬਾਣੀਆ ਜੱਟ ਬੁਰਾ ਵਿੱਚ ਪੈਲੀ ⁠ਸਾਗ ਦੇ ਵੱਟੇ ਪੱਤ ਲੁਟਵਾ ਕੇ ਘਰੇ ਮੁੜ੍ਹਦੀਆਂ ਕਈ ⁠ਵੇ ਜੱਟ ਕੁਛ ਆਖੇ ਨਾ.................. ਮਰਦ - ਸਾਰੀ ਦੁਨੀਆਂ ਬਦ ਨਹੀਂ ਹੁੰਦੀ ਹਰ ਬੰਦਾ ਨਈਂ ਮਾੜਾ ⁠ਕਿਸੇ ਦੀ ਬੱਧੀ ਖੜੀ ਹੈ ਆਖ਼ਿਰ ਮਤ ਪਾ ਚੀਕ ਚਿਹਾੜਾ ⁠ਮੀਹਾਂ ਸਿੰਘ ਜੱਟ ਪਾਗੀ ਮੇਰਾ ਉਸ ਦੇ ਖੇਤ ਨਾ ਗਈ? ⁠ਸਾਗ ਤਾਂ ਧਰ ਲੈਂਦੀ................... ਜ਼ਨਾਨੀ - ਪਾਗੀ ਜੱਟ ਧੋਖਾ ਨਈਂ ਕਰਦਾ ਇਹ ਹੈ ਸੱਚ ਕਹਾਣੀ ⁠ਰੂਪ ਵੇਖ ਕੇ ਸਭ ਦੇ ਮੁੰਹ ਵਿੱਚ ਭਰ ਆਉਂਦਾ ਹੈ ਪਾਣੀ ⁠ਇੱਕ ਮਿਰਾ ਰੰਗ ਚਾਨਣ ਵਰਗਾ ਇੱਕ ਚੁੰਨੀ ਸੁਰਮਈ ⁠ਵੇ ਜੱਟ ਕੁਛ ਆਖੇ...................... ਮਰਦ - ਤੇਰੀ ਗੱਲ ਮੇਰੇ ਦਿਲ ਅੰਦਰ ਸਿੱਧੀ ਖੁਭ ਗਈ ਆ ਕੇ ਜ਼ਨਾਨੀ - ਕੀ ਖਾਧੀ ਦਾ ਖਾਣ ਵੇ ਅੜਿਆ ਅਪਣੀ ਅਣਖ ਗੁਆਕੇ ਦੋਵੇਂ - ਬਹੁਤ ਕੀਮਤੀ ਗੱਲਾਂ ਕਰਦੈ ਇਹ "ਦੀਪਕ", ਮਲਵਈ ⁠-ਸਾਗ ਤਾਂ ਧਰ ਲੈਂਦੀ ⁠-ਵੇ ਜੱਟ ਕੁਛ ਆਖੇ ਨਾ

ਸੱਸ ਨੇ ਸੰਧਾਰਾ ਭੇਜਿਆ

(ਸਹੁਰਿਆਂ ਵੱਲੋਂ ਤੀਆਂ ਦੇ ਤਿਉਹਾਰ ਤੇ, ਪੇਕੇ ਗਈ ਵਹੁਟੀ ਨੂੰ ਸੰਧਾਰਾ ਭੇਜਣ ਦਾ ਰਿਵਾਜ਼ ਅੱਜ ਵੀ ਪਿੰਡਾਂ ਵਿੱਚ ਹੈ) ਸੱਸ ਨੇ ਸੰਧਾਰਾ ਭੇਜਿਆ, ਮੇਰੀ ਹਿੱਕ ਤੇ ਰੌਸ਼ਨੀ ਹੋਈ! ਨੀ ਤੀਆਂ ਵਿੱਚ ਨੱਚਦੀ ਨੂੰ, ਮੈਨੂੰ ਅੱਜ ਨਾ ਵਰਜਿਉ ਕੋਈ ⁠ਨੀ ਸੱਸ ਨੇ ਸੰਧਾਰਾ ਭੇਜਿਆ............. ਅੱਥਰੀ ਜਵਾਨੀ, ਨੈਣਾਂ ਵਿੱਚ ਨੇ ਖ਼ੁਮਾਰੀਆਂ ਜਾਣੋਂ ਕਿਤੇ ਪੀਂਘ ਸਣੇਂ, ਮਾਰ-ਜਾਂ ਉਡਾਰੀਆਂ ਪਰੀਆਂ ਨੂੰ ਆਖਾਂ! ਆਉ ਉਡੀਏ ਮਜ਼ਾਜਣੋ ਨੀ ⁠-ਵੇਖੋ! ਮੈਂ ਵੀ ਹਵਾ ’ਚ ਖਲੋਈ ⁠ਨੀ ਸੱਸ ਨੇ ਸੰਧਾਰਾ ਭੇਜਿਆ............. ਗਿੱਧੇ ਦੇ ਵਿਚਾਲੇ ਨੀ ਮੈਂ ਰੌਣਕਾਂ ਖਿੰਡਾਈਆਂ ਨੇ ਬੁੱਤਾਂ ਵਾਂਗੂੰ ਸਾਰੀਆਂ ਸਹੇਲੀਆਂ ਬਣਾਈਆਂ ਨੇ ਪਿੱਪਲਾਂ ਦੇ ਪੱਤਿਆਂ ਤੋਂ ਸੁਣੇ ਕੋਈ ਗੀਤ ਮੇਰੇ- ⁠-ਪ੍ਰੀਤ ਮੈਥੋਂ ਜਾਵੇ ਨ ਲਕੋਈ ⁠ਨੀ ਸੱਸ ਨੇ ਸੰਧਾਰਾ ਭੇਜਿਆ............ ਧਰਤੀ ਤੇ ਅੱਜ ਮੇਰਾ ਲੱਗਦਾ ਨਾ ਪੱਬ ਨੀ ਚਿੱਤ ਮੇਰਾ ਚਾਹੇ, ਮਾਹੀ ਮਿਲੇ ਮੈਨੂੰ ਝੱਬ ਨੀ ਨਵੀਆਂ ਪਜੇਬਾਂ ਪਾਕੇ, ਰੂਪ ਨਸ਼ਿਆਇਆ ਮੇਰਾ- ⁠-ਤੋਰ ਵੀ ਸ਼ਰਾਬਣ ਹੋਈ ⁠ਨੀ ਸੱਸ ਨੇ ਸੰਧਾਰਾ ਭੇਜਿਆ............. ਪੁੱਛਦੀ ਸੀ ਭਾਬੀ, ਮੈਨੂੰ ਸੈਂਣਤਾਂ ਦੇ ਨਾਲ ਨੀ ਹੱਸ ਕੇ ਮੈਂ ਰੱਖ ਲਿਆ ਬੁੱਲ੍ਹਾਂ ਤੇ ਰੁਮਾਲ ਨੀ ਸ਼ੀਸ਼ੇ ਵੱਲ ਵੇਖ ਕੇ ਮੈਂ ਝੱਲੀ ਹੋਈ ਹੱਸ ਹੱਸ- ⁠-ਹਾਸੇ ਵਿੱਚੋਂ ਆਵੇ ਖੁਸ਼ਬੋਈ ⁠ਨੀ ਸੱਸ ਨੇ ਸੰਧਾਰਾ ਭੇਜਿਆ............

ਰੁੱਤ ਬਸੰਤੀ

ਰੁੱਤ ਬਸੰਤੀ, ਘਰ ਘਰ ਅੰਦਰ ਪਾਉਂਦੀ ਫਿਰੇ ਧਮਾਲ ਹਾਣੀਆਂ ⁠-ਸਾਡਾ ਮੰਦੜਾ ਹਾਲ ਹਾਣੀਆਂ ਲੋਕਾਂ ਦੇ ਘਰ ਖੁਸ਼ੀਆਂ ਨੱਚਣ, ਭੰਗੜੇ ਪਾਉਣ ਬਹਾਰਾਂ ਸਾਡੇ ਵਿਹੜੇ ਸੱਥਰ ਪਾਈ, ਆਸਾਂ ਰੋਣ ਹਜ਼ਾਰਾਂ ਸ਼ੌਕ ਵਿਚਾਰੇ ਪਿੱਟ ਪਿੱਟ ਮਰ ਗਏ, ਅਰਮਾਨਾ ਦੇ ਨਾਲ ਹਾਣੀਆਂ! ⁠ਸਾਡਾ ਮੰਦੜਾ ਹਾਲ ਹਾਣੀਆਂ ਗ਼ਮ ਜਾਗੇ-ਦਰਦਾਂ ਅੱਖ ਪੁੱਟੀ-ਪੀੜਾਂ ਸੁਰਤ ਸੰਭਾਲੀ ਤਿੰਨੇਂ ਰਲ ਕੇ, ਪਿਆਰ ਤਿਰੇ ਦੀ ਕਰ ਦੇ ਹਨ ਰਖਵਾਲੀ ਪਲ ਪਲ ਪਿੱਛੋਂ, ਮੇਰੇ ਦਿਲ ਦੀ, ਕਰਦੇ ਹਨ ਪੜਤਾਲ, ਹਾਣੀਆਂ! ⁠ਸਾਡਾ ਮੰਦੜਾ ਹਾਲ ਹਾਣੀਆਂ ਚਿਰ ਹੋਇਆ, ਕਰ ਲਏ ਉਡੀਕਾਂ, ਸੋਚਾਂ ਵਿਚ ਟਕਾਣੇਂ ਖ਼ੁਸ਼ੀਆਂ, ਰੋ ਰੋ ਕੇ ਸੌਂ ਗਈਆਂ, ਤੇਰੀ ਯਾਦ ਸਰ੍ਹਾਣੇਂ ਤੜਫ਼ਦਿਆਂ ਹੀ ਲੰਘ ਗਿਆ ਹੈ, ਫੇਰ ਐਤਕੀਂ ਸਾਲ ਹਾਣੀਆਂ- ⁠ਸਾਡਾ ਮੰਦੜਾ ਹਾਲ ਹਾਣੀਆਂ ਇਸ ਜ਼ੋਬਨ ਦੇ ਸਿਖਰ ਦੁਪਹਿਰੇ ਪਰਛਾਵਾਂ ਢਲ ਆਇਐ ਤੱਤੀ ਲੋਅ ਬਿਰਹੋਂ ਦੀ ਚੱਲੇ, ਰੂਪ ਮਿਰਾ ਕੁਮਲਾਇਐ ਅੱਖੀਆਂ ਭਰ, ਦਿਲ-ਪੰਛੀ, ਬੈਠੇ! ਮਜ਼ਬੂਰੀ ਦੀ ਡਾਲ ਹਾਣੀਆਂ! ⁠ਸਾਡਾ ਮੰਦੜਾ ਹਾਲ ਹਾਣੀਆਂ ⁠ਡਾਢਾ ਭੈੜਾ ਹਾਲ ਹਾਣੀਆਂ

ਅਲੱਥ ਮੁੰਡਿਆ

ਮੈਨੂੰ ਜਾਪਦਾ ਤੂੰ ਹੋ ਗਿਐ ਅਲੱਥ ਮੁੰਡਿਆ! ਵੇ ਤੇਰੇ ਨੱਕ 'ਚ ਪੁਆ ਦਿਆਂਗੀ ਨੱਥ ਮੁੰਡਿਆ ਤੇਰੇ ਨੈਣਾਂ ਵਿੱਚ ਜਾਪਦੈ ਸ਼ਰਾਰਤੀ ਸਰੂਰ ਤੇਰੀ ਖੋਪੜੀ 'ਚ ਮੈਨੂੰ ਆਇਆ ਦਿਸਦੈ ਫ਼ਤੂਰ ਤੇਰਾ ਫਿੱਟ ਗਿਆ ਜਾਪਦਾ ਏ ਰੱਥ ਮੁੰਡਿਆ ⁠ਵੇ ਤੇਰੇ ਨੱਕ 'ਚ...... ਹੋਈ ਜਾਪਦੀ ਉਚੱਕਿਆਂ ਦੇ ਵਾਂਗ ਤੇਰੀ ਤੋਰ ਸਾਡੇ ਮੂੰਹ ਤੇ ਗੱਲਾਂ ਹੋਰ, ਬੋਲੇਂ ਅੱਗੇ-ਪਿੱਛੇ ਹੋਰ ਤੇਰੀ ਕਾਸਤੋਂ ਗਈ ਹੈ ਸੰਗ ਲੱਥ ਮੁੰਡਿਆ? ⁠ਵੇ ਤੇਰੇ ਨੱਕ ਚ ਪੁਆ..... ਮੈਂ ਤਾਂ ਸੋਚਦੀ ਸਾਂ, ਹੋਊ! ਕੇਰਾਂ ਹੋ ਗਈ ਜੇ ਭੁੱਲ ਤੂੰ ਕੀ ਪਾਇਆ ਬੇ ਲਿਹਾਜਾ! ਮੇਰੀ ਸਾਦਗੀ ਦਾ ਮੁੱਲ ਕਿੱਥੇ ਝੂਠੀਆਂ ਤਸੱਲੀਆਂ 'ਚ ਤੱਥ ਮੁੰਡਿਆ! ⁠ਵੇ ਤੇਰੇ ਨੱਕ 'ਚ ਪੁਆ........ ਮੈਨੂੰ ਤੇਰੀਆਂ ਸ਼ਰਾਰਤਾਂ ਨੇ ਕੀਤੈ ਡਾਢਾ ਤੰਗ ਜੇ ਮੈਂ ਆਪਣੀ ਤੇ ਆਈ ਤੇਰਾ ਉੱਡ ਜਾਣੈਂ ਰੰਗ ਫੇਰ ਮੇਰੇ ਅੱਗੇ ਜੋੜੇਗਾ ਤੂੰ ਹੱਥ ਮੁੰਡਿਆ- ⁠ਵੇ ਤੇਰੇ ਨੱਕ 'ਚ ਪੁਆ....... ਭੌਰਾ ਲਾਲਚੀ ਪਛਾਣੇਂ ਕਿੱਦਾਂ ਫੁੱਲਾਂ ਦਾ ਪਿਆਰ ਤੂੰ ਕੀ ਜਾਣਦਾ ਏਂ ਦੀਪਕਾ! ਪਤੰਗਿਆਂ ਦੀ ਸਾਰ ਕਾਹਤੋਂ ਬੂਹੇ ਉੱਤੇ ਬੈਠੇਂ ਪਾਕੇ ਸੱਥ ਮੁੰਡਿਆ- ⁠ਵੇ ਤੇਰੇ ਨੱਕ ਚ ਪੁਆ ਦਿਆਂਗੀ ਨੱਥ ਮੁੰਡਿਆ ⁠ਵੇ ਮੈਨੂੰ ਜਾਪਦੈ ਤੂੰ ਹੋ ਗਿਐਂ ਅਲੱਥ ਮੁੰਡਿਆ

ਅਵੱਲੀਆਂ ਤਰੰਗਾਂ

ਨੀ! ਮੈਂ ਭੀ ਭਾਬੋ ਰਾਣੀਏਂ ਚੜ੍ਹਾਈਆਂ ਅੱਜ-ਵੰਗਾਂ ਨੀ! ਸੀਨੇ ਵਿੱਚ ਉਠੀਆਂ ਅਵੱਲੀਆਂ ਤਰੰਗਾਂ ਗੋਰੀ-ਗੋਰੀ ਵੀਣੀਂ, ਆਈਆਂ ਰੂਪ ਨੂੰ ਖ਼ੁਮਾਰੀਆਂ ਵੰਗਾਂ ਅਸਮਾਨੀ ਮੈਨੂੰ ਲੱਗੀਆਂ ਪਿਆਰੀਆਂ ਨੱਚੀਆਂ-ਜਵਾਨ ਹੋਕੇ ਸੀਨੇ ’ਚ ਉਮੰਗਾਂ! ⁠ਨੀ ਮੈਂ ਭੀ ਭਾਬੋ ਰਾਣੀਏਂ........ ਮਿੱਠੇ ਮਿੱਠੇ ਗੀਤ, ਮੈਨੂੰ ਕੱਲੀ ਨੂੰ ਸੁਣਾਉਂਦੀਆਂ ਮੇਰੇ ਨਾਲੋ ਨਾਲ ਗਿੱਧਾ ਜਾਂਦੀਆਂ ਨੇ ਪਾਉਂਦੀਆਂ ਲਾਚੜੀ, ਜਵਾਨੀ, ਉੱਡੀ ਫਿਰੇ ਬਿਨਾ ਫੰਗਾਂ ⁠ਨੀ ਮੈਂ ਭੀ ਭਾਬੋ ਰਾਣੀਏਂ......... ਹੱਥੀਂ ਮੇਰੇ ਮਹਿੰਦੀ, ਨੈਣੀਂ ਕਜਲਾ "ਈਰਾਨ" ਦਾ ਸੀਨੇ ਦਾ ਉਭਾਰ ਪਤਾ ਦੱਸ ਦੈ ਤੂਫ਼ਾਨ ਦਾ ਸ਼ੀਸ਼ੇ ਮੂਹਰੇ ਜਾਕੇ, ਕਦੀ ਹੱਸਾਂ ਕਦੀ ਸੰਗਾਂ! ⁠ਨੀ ਮੈਂ ਭੀ ਭਾਬੋ ਰਾਣੀਏਂ......... ਡੁੱਲ੍ਹ ਡੁੱਲ੍ਹ ਪੈਂਦੈ, ਮੇਰੇ ਹਾਸੇ ਵਿੱਚੋਂ ਪਿਆਰ ਨੀ ਗੁੱਤ ਕਾਲੀ-ਸਪਣੀਂ, ਹੈ ਕਹਿੰਦੀ ਵਾਰ-ਵਾਰ ਨੀ ਨੀ! ਕਿਸੇ ਨੂੰ ਮੈਂ ਆਪਣਾ ਬਣਾ ਕੇ ਫੇਰ ਡੰਗਾਂ ⁠ਨੀ ਮੈਂ ਭੀ ਭਾਬੋ ਰਾਣੀਏਂ....... ਹਾਣੀਆਂ ਨੂੰ ਵੇਖ, ਆਵੇ ਨੈਣਾਂ 'ਚ ਸਰੂਰ ਨੀ! ਚਿੱਤ-ਚਾਹੇ, ਚੀਰਨੀ ’ਚ, ਲਾਵਾਂ ਮੈਂ ਸੰਧੂਰ ਨੀ ਸੂਹੀਆਂ-ਸੂਹੀਆਂ ਬੁੱਲ੍ਹੀਆਂ ਦੰਦਾਸੇ ਨਾਲ ਰੰਗਾਂ! ⁠ਨੀ ਮੈਂ ਭੀ ਭਾਬੋ ਰਾਣੀਏਂ! ⁠ਚੜ੍ਹਾਈਆਂ ਅੱਜ ਵੰਗਾਂ

ਕਣਕਾਂ ਪੱਕੀਆਂ

ਕਣਕਾਂ ਪੱਕੀਆਂ ਚੰਨਾਂ-ਵੇ ਆਸਾਂ ਥੱਕੀਆਂ ਚੰਨਾਂ ⁠ਵੇ ਅੜਿਆ! ਫੇਰਾ ਤਾਂ ਪਾ ਦਾਣਿਆਂ ਦੇ ਨਾਲ ਭਾਵੇਂ ਭਰੀਐਂ ਬੁਖਾਰੀਆਂ ਭੁੱਖੀਆਂ ਨੇ ਚੰਨਾ ਸਭ ਸਧਰਾਂ ਵਿਚਾਰੀਆਂ ਅੱਖਾਂ ਪੱਕੀਆਂ ਚੰਨਾਂ! ਵੇ ਆਸਾਂ ਥੱਕੀਆਂ ਚੰਨਾਂ ⁠ਵੇ ਅੜਿਆ ਫੇਰਾ ਤਾਂ ਪਾ! ਦਾਣਿਆਂ ਦਾ ਚੰਨਾਂ ਛੰਨਾਂ ਵੰਡਾਂ ਮੈਂ ਗ਼ਰੀਬਾਂ ਨੂੰ ਕਦੀ ਜਾਗ ਆਵੇ, ਮੇਰੇ ਸੁੱਤਿਆਂ ਨਸੀਬਾਂ ਨੂੰ ਪੀਹਾਂ ਚੱਕੀਆਂ ਚੰਨਾਂ! ਵੇ ਆਸਾਂ ਥੱਕੀਆਂ ਚੰਨਾਂ ⁠ਵੇ ਅੜਿਆ ਫੇਰਾ ਤਾਂ ਪਾ! ਰੋਈ ਰੋਈ ਜਾਂਵਾਂ, ਜਦੋਂ ਰੋਟੀਆਂ ਪਕਾਵਾਂ ਵੇ ਲੈਂਦੀਐਂ ਉਛਾਲੇ ਨੈਣਾਂ ਸੈਂਕੜੇ ਝਣਾਵਾਂ ਵੇ ਮਰ-ਕੇ ਡੱਕੀਆਂ ਚੰਨਾਂ! ਵੇ ਆਸਾਂ ਥੱਕੀਆਂ ਚੰਨਾਂ ⁠ਵੇ ਅੜਿਆ ਫੇਰਾ ਤਾਂ ਪਾ! ਭਾਬੀ ਮੇਰੀ, ਵੀਰੇ ਨਾਲ, ਹੱਸਦੀ ਚੁਬਾਰੇ ਵੇ ਮੇਰਾ ਚਿੱਤ ਸੁਹਣਿਆਂ, ਆਵਾਜ਼ਾਂ ਤੈਨੂੰ ਮਾਰੇ ਵੇ ਰਾਹਾਂ ਤੱਕੀਆਂ ਚੰਨਾਂ! ਵੇ ਆਸਾਂ ਥੱਕੀਆਂ ਚੰਨਾਂ ⁠ਤੂੰ ਅੜਿਆ ਫੇਰਾ ਤਾਂ ਪਾ! ਕਣਕਾਂ ਪੱਕੀਆਂ ਚੰਨਾਂ! ਵੇ ਆਸਾਂ ਥੱਕੀਆਂ ਚੰਨਾਂ ⁠ਤੂੰ ਅੜਿਆ ਫੇਰਾ ਤਾਂ ਪਾ!

ਤ੍ਰਿੰਝਣਾ ਦੇ ਵਿਚ

ਤ੍ਰਿੰਝਣਾ ਦੇ ਵਿਚ ਚਰਖੇ ਘੂਕਣ, ਗੋਰੀ ਗਾਵੇ ਗੀਤ ਕੁੜੇ! ⁠ਕੋਈ ਤੋੜ ਗਿਆ ਹੈ ਪ੍ਰੀਤ ਕੁੜੇ! ਤੱਕਲੇ ਤੇ ਜਦ ਤੰਦ ਵਲ੍ਹੇਟੇ ਚੂੜੇ ਵਾਲੀ ਵੀਣੀਂ ਸੀਨੇ ਦੇ ਵਿੱਚ ਤਾਂਘ ਮਿਲਣ ਦੀ, ਹੋ ਜਾਏ ਦੂਣੀਂ ਤੀਣੀਂ ਕਹੇ ਨਿਰਾਸ਼ਾ! ਪਰਦੇਸੀ ਦੀ ਕੀ ਹੁੰਦੀ ਹੈ ਪ੍ਰੀਤ ਕੁੜੇ ⁠ਕੋਈ ਤੋੜ ਗਿਆ ਹੈ.......... ਸੋਚਾਂ ਰਲ ਕੇ, ਹਰ ਨਖ਼ਰੇ ਤੋਂ, ਖਹੁ ਘੱਤੀ ਮਗਰੂਰੀ ਹਰ ਸਾਹ ਹੌਂਕਾ ਬਣ ਕੇ ਦੱਸਦੈ, ਇਸ ਦਿਲ ਦੀ ਮਜ਼ਬੂਰੀ ਕਲੀਆਂ ਉੱਤੇ ਭੌਰੇ ਗੂੰਜਣ, ਨਿੱਕਲ ਜਾਵੇ ਸੀਤ ਕੁੜੇ ⁠ਕੋਈ ਤੋੜ ਗਿਆ ਹੈ......... ਵਿਆਕੁਲ ਮਨ ਨੂੰ ਕਿੱਥੋਂ ਤੀਕਰ, ਯਾਦਾਂ ਦੇਣ ਸਹਾਰਾ ਦਿਲ ਦੀਆਂ ਛੱਲਾਂ ਤੋੜ ਨਾ ਸਿੱਟਣ ਕਿਧਰੇ ਸਬਰ ਕਿਨਾਰਾ ਏਸੇ ਚਿੰਤਾ ਦੇ ਵਿੱਚ ਜਿਉੜਾ, ਰਹਿੰਦਾ ਹੈ ਭੈਅ ਭੀਤ ਕੁੜੇ ⁠ਕੋਈ ਤੋੜ ਗਿਆ ਹੈ........... ਤਾਂਘ ਮਿਲਣ ਦੀ ਪਿਆਰ ਨਗਰ ਵਿਚ, ਪਾਵੇ ਰਾਮ-ਦੁਹਾਈ ਖ਼ਬਰੈ ਇਹ ਬੇਦਰਦ ਜ਼ਮਾਨਾ, ਕਿਉਂ ਨਾ ਕਰੇ ਸੁਣਾਈ। ਇਸ ਦੁਨੀਆਂ ਵਿੱਚ ਮਤਲਬ ਤੋਂ ਬਿਨ, ਕੌਣ ਕਿਸੇ ਦਾ ਮੀਤ ਕੁੜੇ ⁠ਕੋਈ ਤੋੜ ਗਿਆ ਹੈ............ ਦਿਲ ਵਿੱਚੋਂ ਇਕ ਧੂੰਆਂ ਉੱਠੇ ਸੀਨੇ ਸੰਗ ਟਕਰਾਵੇ ਨੈਣਾਂ ਦਾ ਮੀਂਹ ਅੱਗ ਹਿਜਰ ਦੀ ਮੁੜ ਮੁੜ ਕੇ ਭੜਕਾਵੇ ਦੀਪਕ ਵਾਂਗੂੰ ਤਿਲ ਤਿਲ ਬਲ ਕੇ, ਹੋ ਗਈ ਉਮਰ ਬਤੀਤ ਕੁੜੇ ⁠ਕੋਈ ਤੋੜ ਗਿਆ ਹੈ ਪ੍ਰੀਤ ਕੁੜੇ ⁠ਇਕ ਗੋਰੀ ਗਾਵੇ ਗੀਤ ਕੁੜੇ

ਪੌਣ ਨੱਚਦੀ

ਮੇਰੀ ਪੱਖੀ ਦੇ ਛਣਕਦੇ ਘੁੰਗਰੂ! ਲੋਕਾਂ ਭਾਣੇਂ ਪੌਣ ਨੱਚਦੀ ਪੱਬ ਚੁਕ ਕੇ ਗੁਆਂਢੀ ਵਿਹੰਦੇ ਰਹਿੰਦੇ, ਜਠਾਣੀ ਮੇਰੀ ਫਿਰੇ ਮੱਚਦੀ ਵੱਟ ਤੇ ਮਰੋੜ, ਆਈਆਂ ਚੰਦ ਨੂੰ ਤ੍ਰੇਲੀਆਂ ਮੁਸ਼ਕਾਂ ਹਵਾ ਨੂੰ, ਪੱਖੀ ਝੱਲ ਝੱਲ ਦੇ ਲੀਆਂ ਲਈਆਂ ਸੱਧਰਾਂ ਨੇ ਅੱਜ ਅੰਗੜਾਈਆਂ- ⁠-ਜਵਾਨੀ ਆਖੇ, ਮੈਂ ਨਾ ਬੱਚਦੀ ⁠ਮੇਰੀ ਪੱਖੀ ਦੇ ਛਣਕਦੇ ......... ਹਾਸਿਆਂ ’ਚ ਭਿੱਜੇ ਗੀਤ ਬੁੱਲ੍ਹੀਆਂ ਤੇ ਆ ਗਏ ਰੂਪ ਦੇ ਸਰੂਰ ਨਾਲ ਨੈਣ ਨਸ਼ਿਆ ਗਏ ਹੱਸੇ ਪਲਕਾਂ ਦੇ ਉਹਲੇ ਚਿੱਤ ਮੇਰਾ- ⁠ਲੁਕੀ ਨਾ ਰਹਿੰਦੀ ਗੱਲ ਸੱਚ ਦੀ ⁠ਮੇਰੀ ਪੱਖੀ ਦੇ ਛਣਕਦੇ ......... ਮੇਰੇ ਨਾਲ ਮਾਹੀ ਰੱਖੇ, ਕਿੰਨਾ ਕੁ ਪਿਆਰ ਨੀ ਸੀਨੇ ਦੀ ਉਮੰਗ, ਪੁੱਛੀ ਜਾਵੇ ਵਾਰ ਵਾਰ ਨੀ ਨੀ ਮੈਂ ਬਿੰਦੇ-ਝੱਟੇ ਤੋੜ ਤੋੜ ਵੇਖਾਂ- ⁠-ਮੱਥੇ ਤੇ ਲਾ ਕੇ ਵੰਗ ਕੱਚ ਦੀ ⁠ਮੇਰੀ ਪੱਖੀ ਦੇ ਛਣਕਦੇ .......... ਚੰਨ ਦੀਆਂ ਰਿਸ਼ਮਾਂ ਦੀ ਪੀਘ ਮੈਂ ਬਣਾਉਂਦੀ ਹਾਂ ਮਾਰ ਕੇ ਹੁਲਾਰਾ, ਤਾਰੇ ਤੋੜ ਕੇ ਲਿਆਉਂਦੀ ਹਾਂ ਨੀ! ਮੈਨੂੰ ਤੱਕ ਪਰੀਆਂ ਸ਼ਰਮਾਈਆਂ- ⁠ਮੈਂ ਕੁੜੀਆਂ 'ਚ ਏਨਾਂ ਜਚਦੀ ⁠ਮੇਰੀ ਪੱਖੀ ਦੇ ਛਣਕਦੇ ਘੁੰਗਰੂ ⁠ਲੋਕਾਂ ਭਾਣੇਂ ਪੌਣ ਨੱਚਦੀ ⁠ਜਵਾਨੀ ਆਖੇ ਮੈਂ ਨਾ ਬੱਚਦੀ

ਭਰੀ ਕਚਹਿਰੀ ਵਿੱਚ

ਤਿਰੇ ਨਾਲ ਝਗੜੂੰਗੀ ਭਰੀ ਕਚਹਿਰੀ ਵਿੱਚ ਤਿਰੇ ਨਾਲ ਝਗੜੂੰਗੀ ਭਰੀ ਕਚਹਿਰੀ ਵਿੱਚ ਤੂੰ ਰਹਿਨਾਂ ਏਂ ਰੋਜ਼ ਸ਼ਰਾਬੀ ਮੇਰੀ ਟੁੱਟਈ ਪਈ ਰਕਾਬੀ ਚਹੁੰ ਬੰਦਿਆਂ ਦੇ ਵਿੱਚ ਖੜ੍ਹਾ ਕੇ- ਨਬਜ਼ਾਂ ਦੇਊਂ ਖਿੱਚ! ⁠ਤਿਰੇ ਨਾਲ ਝਗੜੂੰਗੀ....... ਤੂੰ ਛੱਡਦਾ ਏਂ ਟੌਰ੍ਹਾ ਜੱਟਾ- ਮੇਰੇ ਸਿਰ ਤੇ ਨਹੀਂ ਦੁਪੱਟਾ ਮੈਂ ਰੱਖੀ ਹੁਣ ਤੀਕ ਸਮਾਈ- -ਪਰ ਤੂੰ ਜਾਣੇਂ ਟਿੱਚ! ⁠ਤਿਰੇ ਨਾਲ ਝਗੜੂੰਗੀ........ ਤੂੰ ਨਿੱਤ ਬਹਿਕੇ ਲਾਵੇਂ ਤੜਕੇ ਮੈਂ ਮਰ ਗਈ ਧੁੱਪਾਂ ਵਿਚ ਸੜਕੇ ਆਪ ਰਹੇਂ ਤੂੰ ਬੰਮਲਾ ਬਣਿਆ- -ਮੈਨੂੰ ਕਰਦੈ ਜ਼ਿੱਚ! ⁠ਤਿਰੇ ਨਾਲ ਝਗੜੂੰਗੀ...... ਮੇਰੇ ਵੱਲ ਹੈ ਕੁੱਲ ਜ਼ਮਾਨਾ ਤੂੰ ਕਿੱਥੇ ਭੁੱਲਿਐਂ ਭਲਵਾਨਾ ਮੈਂ ਮੀਰੀ, ਤੂੰ ਫਾਡੀ ਰਹਿਣੈਂ- ਜੀਅ ਸਦਕੇ ਮੁੜ "ਇੱਚ" ⁠ਤਿਰੇ ਨਾਲ ਝਗੜੂੰਗੀ............ ਜਿੱਤ ਜਾਣਾ ਹੈ ਮਿਰੇ ਵਕੀਲਾਂ ਤੂੰ ਫਿਰ ਕਰਦਾ ਫਿਰੀਂ ਅਪੀਲਾਂ ਦੀਪਕ! ਤੈਨੂੰ ਗੱਲ ਨਈਂ ਆਉਣੀ ਕਰੀਂ ਪਿਆ ਬਿੱਚ-ਖਿੱਚ! ⁠ਤੇਰੇ ਨਾਲ ਝਗੜੂੰਗੀ ਭਰੀ ਕਚਹਿਰੀ ਵਿੱਚ ⁠ਤੇਰੇ ਨਾਲ ਝਗੜੂੰਗੀ............

ਚੰਨ ਮਾਹੀ

ਨੀ ਮੇਰੇ ਚੰਨ ਮਾਹੀ ਨੂੰ ਨਾ ਨਿੰਦ ਭਾਬੋ ਮੇਰੀਏ ਨੀ ਮੈਨੂੰ ਤਾਂ ਇਹ ਪੁੱਜ ਕੇ ਪਸਿੰਦ ਭਾਬੋ ਮੇਰੀਏ ਕਿੰਨਾਂ ਕੁ ਜਹਾਨ ਉੱਤੇ ਖਾਣਾ ਹੈ ਜਾਂ ਖੱਟਣਾ ਬਹੁਤੇ ਸੁਹਣਿਆਂ ਦਾ ਕਿਸੇ ਰੂਪ ਨਹੀਂ ਚੱਟਣਾ ਫੁੱਲਾਂ ਵਾਂਗੂੰ ਰੱਖੇ, ਮੇਰੀ ਜ਼ਿੰਦ ਭਾਬੋ ਮੇਰੀਏ ਨੀ ਮੈਨੂੰ ਤਾਂ ਇਹ ਪੁੱਜ ਕੇ ........... ਮੰਨਿਆਂ ਇਹ ਮੈਨੂੰ ਟੂਮਾਂ ਨਾਲ ਨਈਂ ਸ਼ਿੰਗਾਰ ਦਾ ਉਂਜ ਤਾਂ ਸੁਗੰਧ ਤੇਰੀ, ਰੱਜ ਕੇ ਹੈ ਪਿਆਰ ਦਾ ਉਹਦੇ ਬਿਨਾ ਔਖਾ-ਰਹਿੰਣਾ ਬੰਦ ਭਾਬੋ ਮੇਰੀਏ ਨੀ ਮੈਨੂੰ ਤਾਂ ਇਹ ਪੁੱਜ ਕੇ........... ਇੱਕ ਇੱਕ ਬੋਲ ਉਹਦਾ, ਮਿੱਠਾ ਮਿੱਠਾ ਗੀਤ ਨੀ ਉਹਦੇ ਨਾਲ ਮੇਰੀ, ਸੱਚੇ ਦਿਲੋਂ ਹੈ ਪ੍ਰੀਤ ਨੀ ਤੇਰੇ ਮੇਰੇ ਸੰਗ ਹੈ- ਗੋਬਿੰਦ ਭਾਬੋ ਮੇਰੀਏ ਨੀ ਮੈਨੂੰ ਤਾਂ ਇਹ ਪੁੱਜ ਕੇ............ ਚੰਨ ਤੋਂ ਭੀ ਉੱਚੀਆਂ ਨੇ ਉਹਦੀਆਂ ਉਡਾਰੀਆਂ ਹਵਾ ਉਤੇ ਕੀਤੀਆਂ ਨੇ ਮੈਂ ਵੀ ਅਸਵਾਰੀਆਂ ਉਹਦੇ ਉੱਤੇ ਲੱਟੂ, ਸਾਰੀ ਹਿੰਦ ਭਾਬੋ ਮੇਰੀਏ ⁠ਨੀ ਮੈਨੂੰ ਤਾਂ ਹੈ ਰੱਜ ਕੇ ਪਸਿੰਦ ਭਾਬੋ ਮੇਰੀਏ ⁠ਮੇਰੇ ਚੰਨ ਮਾਹੀ ਨੂੰ ਨਾ ਨਿੰਦ ਭਾਬੋ ਮੇਰੀਏ

ਛੱਲਾ ਮੇਰੇ ਮਾਹੀਏ ਦਾ

ਮੇਰੀ ਉਂਗਲੀ ਦੇ ਆ ਗਿਆ ਮੇਚ, ⁠ਨੀ ਛੱਲਾ ਮੇਰੇ ਮਾਹੀਏ ਦਾ ਕਿਸੇ, ਘੜਿਐ ਨਾਲ ਉਚੇਚ, ⁠ਨੀ ਛੱਲਾ ਮੇਰੇ ਮਾਹੀਏ ਦਾ ਆਸੇ-ਪਾਸੇ ਛੱਲੇ ਦੇ ਰਵਾਲ ਕੀਤੀ ਹੋਈ ਏ ਇਹ ਤਾਂ ਸੁਨਿਆਰੇ ਨੇ ਕਮਾਲ ਕੀਤੀ ਹੋਈ ਏ ਟੀਸੀ ਉੱਤੇ ਘੁੰਗਰੂ ਤੇ ਘੁੰਗਰੂ ਵੀ ਤਾਜ ਵਾਲੇ- ਪਾਜ਼ ਵਾਲੀ ਥਾਂ ਤੇ ਲਾਇਆ ਪੇਚ! ⁠ਨੀ ਛੱਲਾ ਮੇਰੇ ਮਾਹੀਏ ਦਾ.......... ਮਾਹੀ ਵੀ ਮਲੂਕ, ਉਹਦਾ ਛੱਲਾ ਹੌਲਾ ਫੁੱਲ ਨੀ ਛੱਲਾ ਪਾਕੇ ਹੱਥ ਉਤੇ, ਰੂਪ ਜਾਂਦਾ ਡੁੱਲ੍ਹ ਨੀ ਚੀਚੀ ਵਾਲੇ ਛੱਲੇ ਸਾਹਵੇਂ, ਗੂਠੇ ਵਾਲੀ ਆਰਸੀ ਵੀ ਜਾਪਦੀ ਸਹੇਲੀਉ ਨੀ ਹੇਚ! ⁠ਨੀ ਛੱਲਾ ਮੇਰੇ ਮਾਹੀਏ ਦਾ.......... ਜੇਠ ਹੈ ਸ਼ਰਾਬੀ ਤੇ ਦਿਉਰ ਝੂਠੇ ਬਾਜ ਨੀ ਵੈਲੀਆਂ ਨੂੰ ਕਾਹਦਾ ਕਿਸੇ ਚੀਜ਼ ਦਾ ਲਿਹਾਜ਼ ਨੀ ਜਾਨ ਤੋਂ ਵੀ ਪਿਆਰਾ, ਇਹਨੂੰ ਸਾਂਭ ਸਾਂਭ ਰੱਖਦੀ ਹਾਂ ਦੇਵੇ ਨਾ ਚੁਰਾ ਕੇ ਕੋਈ ਵੇਚ! ⁠ਨੀ ਛੱਲਾ ਮੇਰੇ ਮਾਹੀਏ ਦਾ.......... ਹਾਸੇ ਭਾਣੇਂ ਕੱਲ੍ਹ ਕਿਤੇ ਲਾਹ ਲਿਆ ਨਨਾਣ ਨੇ ਰੱਖ ਦਿੱਤਾ ਬੋਚ ਕੇ ਸੰਦੂਕ 'ਚ ਰਕਾਣ ਨੇ ਸੱਚੀਂ-ਮੁੱਚੀ ਕੱਚੀ ਹੋਕੇ ਓਦੋਂ ਮੈਨੂੰ ਦੱਸਿਆ ਸੂ ⁠ਗੱਲ ਜਾਪੀ ਹੁੰਦੀ ਜਾਂ ਕਪੇਚ! ⁠ਨੀ ਛੱਲਾ ਮੇਰੇ ਮਾਹੀਏ ਦਾ....... ⁠ਮੇਰੀ ਉਂਗਲੀ ਦੇ ਆ ਗਿਆ ਮੇਚ- ⁠ਨੀ ਛੱਲਾ..........

ਪੁਲਾਂਘਾ ਲੰਮੀਆਂ

ਜੁੱਤੀ ਲੱਗਦੀ ਵੈਰੀਆ ਮੇਰੇ-ਵੇ ਪੁੱਟ ਨਾ ਪਲਾਂਘਾ ਲੰਮੀਆਂ ਮੈਥੋਂ ਨਾਲ ਨਹੀਂ ਤੁਰੀਦਾ ਤੇਰੇ! ਵੇ ਪੁੱਟ ਨਾ ਪਲਾਂਘਾ ਲੰਮੀਆਂ ਘੁੱਟਦੀ ਹੈ ਪੱਬ, ਛਾਲੇ ਅੱਡੀਆਂ ਤੇ ਹੋ ਗਏ ਪੀੜਾਂ ਦੇ ਨਿਸ਼ਾਨ ਮੇਰੇ ਹੱਡੀਆਂ ਤੇ ਪੈ ਗਏ ਕੂਲ਼ੇ ਕੂਲ਼ੇ ਪੈਰ ਮੇਰੇ, ਖਾ ਗਈ ਖਰੀਦ ਤੇਰੀ, ⁠-ਚੱਸ ਚੱਸ ਹੁੰਦੀ ਹੈ ਚੁਫੇਰੇ- ⁠ਵੇ ਪੁੱਟ ਨਾ ਪਲਾਂਘਾ.......... ਉੱਤੋਂ ਉੱਤੋਂ ਰਖਦੈ, ਮਹੱਬਤਾਂ ਤੂੰ ਗੂੜੀਆਂ ਸੈਂਡਲਾਂ ਨੂੰ ਆਖਿਆ ਤਾਂ ਪਾ ਲੀਆਂ ਤਿਊੜੀਆਂ ਇਹਦੇ ਨਾਲੋਂ ਚੱਪਲਾਂ ਲਿਆਉਂਦਾ ਨਾਈਲੂਨ ਦੀਆਂ ⁠ਟੱਪ ਗਏ ਕੰਜੂਸੀ ਵਾਲੇ ਛੇਰੇ- ⁠ਵੇ ਪੁੱਟ ਨਾ ਪਲਾਂਘਾ .......... ਜਿਹੜੀਆਂ ਦੇ ਹੱਥ-ਮੱਥੇ ਹੁੰਦੀਆਂ ਨੇ ਚਾਬੀਆਂ ਓਹੀ ਉੱਚੀ ਅੱਡੀ ਦੀਆਂ ਪਾਉਣ ਗੁਰਗਾਬੀਆਂ ਸ਼ੌਕ ਵਾਲੇ ਬੰਦੇ ਸ਼ੌਕ ਪੂਰ ਦੇ ਜਨਾਨੀਆਂ ਦਾ ⁠ਭੁੱਖਿਆਂ ਦੇ ਕਿੱਥੋਂ ਹੋਣੇ ਜੇਰੇ- ⁠ਵੇ ਪੁੱਟ ਨਾ ਪਲਾਂਘਾ.......... ਜੁੱਤੀ ਕਾਹਦੀ? ਜੂੜ ਮੈਂ ਨਜ਼ਾਕਤਾਂ ਨੂੰ ਪਾ ਲਿਆ ਮੱਚੜੀ ਨੂੰ ਮਾਸਾ ਕਿਤੋਂ ਮੋਕਲੀ ਕਰਾ ਲਿਆ ਭੁੱਲ ਗਈ ਤੋਰ ਮੈਨੂੰ, ਤੋਰ ਨੂੰ ਮੜਕ ਭੁੱਲੀ- ⁠-ਚਿੱਤ ਨਾ ਅਦਾਵਾਂ ਨੂੰ ਪਰੇਰੇ- ⁠ਵੇ ਪੁੱਟ ਨਾ ਪੁਲਾਂਘਾ......... ਨੰਗੇ ਪੈਰੀਂ ਚੰਗੀ, ਚੁੱਕ ਆਪਣੀ ਸੁਗਾਤ ਵੇ! ਏਸੇ ਪਿੰਡ ਰਹਿ ਪੈ, ਉੱਤੋਂ ਪੈਂਦੀ ਆਉਂਦੀ ਰਾਤ ਵੇ ਉਠ ਕੇ ਸਵੇਰੇ, ਆਪਾਂ ਚੱਲਾਂਗੇ ਆਰਾਮ ਨਾਲ- ⁠-ਯੱਕੇ ਜਾਂਦੇ ਜੈਤੋ ਨੂੰ ਬਥੇਰੇ ⁠ਵੇ ਪੁੱਟ ਨਾ ਪੁਲਾਂਘਾ ਲੰਮੀਆਂ ⁠-ਮੈਥੋਂ ਨਾਲ ਨਹੀਂ ਕਰੀਦਾ ਤੇਰੇ, ⁠ਵੇ ਪੁੱਟ ਨਾ ਪੁਲਾਂਘਾ ਲੰਮੀਆਂ

ਤੀਆਂ ਵੇਖ ਆਈਏ

ਆ ਨੀ! ਭਾਬੀ ਮੇਰੇ ਸੰਗ-ਆਪਾਂ ਤੀਆਂ ਵੇਖ ਆਈਏ! ਬਿੰਦ ਹੱਸ-ਖੇਡ ਆਈਏ, ਝੱਟ ਚਿੱਤ ਪਰਚਾਈਏ! ਕਾਹਤੋਂ ਬੈਠੀ ਏਂ ਸ਼ੁਕੀਨਣੇਂ ਨੀ ਹੋਕੇ ਤੂੰ ਉਦਾਸ ਚੱਲ! ਗਿੱਧੇ ਵਿੱਚ ਕੱਢਾਂਗੀਆਂ, ਦਿਲਾਂ ਦੀ ਭੜਾਸ ਪਾਕੇ ਬੋਲੀਆਂ, ਨਮਾਣੇਂ ਸ਼ੌਕ-ਨੱਚਣੇ ਸਿਖਾਈਏ! ⁠ਆਪਾਂ ਤੀਆਂ ਵੇਖ ਆਈਏ! ਦੋਵੇਂ ਨੱਚਾਂਗੀਆਂ ਕੱਠੀਆ ਤਾਂ ਹੋਊਗੀ ਕਮਾਲ ਅੱਜ ਗਿੱਧੇ ਦੇ ਵਿਚਾਲੇ, ਪਾਉਣੀ ਰੱਜ ਕੇ ਧਮਾਲ ਨੀ ਨਜ਼ਾਕਤਾਂ ਦੇ ਨਾਲ, ਗਿੱਧਾ ਪਾਉਣ ਆ-ਨਚਾਈਏ ⁠ਆਪਾਂ ਤੀਆਂ ਵੇਖ ਆਈਏ! ਪਾ ਕੇ ਪਿੱਪਲੀ ਤੇ ਪੀਂਘ, ਲਈਏ ਮੌਜ ਦੇ ਹੁਲਾਰੇ ਮੇਰੀ ਚੁੰਨੀ ਦੇ ਸਿਤਾਰੇ, ਓਦੋਂ ਪਾਉਣ ਲਿਸ਼ਕਾਰੇ ਸੂਹੇ ਪੱਬਾਂ ਦੇ ਨਿਸ਼ਾਨ, ਕਾਲੇ ਬੱਦਲਾਂ ਤੇ ਪਾਈਏ! ⁠ਆਪਾਂ ਤੀਆਂ ਵੇਖ ਆਈਏ। ਤੂੰ ਤਾਂ ਘੁੰਡ ਲਈਂ ਕੱਢ, ਭਾਬੀ ਬੰਨ੍ਹ ਲੂੰ ਮੈਂ ਪੱਗ ਓਦੋਂ ਸਾਡੀਆਂ ਉਮੰਗਾਂ ਨੂੰ ਵੀ ਖੰਭ ਜਾਣੇਂ ਲੱਗ ਫੇਰ ਜਿੱਥੇ ਚਿੱਤ ਚਾਹੇ, ਓਥੇ ਉਡ ਪੁਡ ਜਾਈਏ ⁠ਆਪਾਂ ਤੀਆਂ ਵੇਖ ਆਈਏ! ਆਪੋ-ਵਿੱਚੀ ਆਪਾਂ, ਇੱਲਤਾਂ ਦਾ ਮਾਣੀਏਂ ਸੁਆਦ ਆਪੇ ਪੂਰੀ ਕਰੂ ਰੱਬ ਮੇਰੇ ਚਿੱਤ ਦੀ ਮੁਰਾਦ ਆਪਾਂ 'ਸੁਹਣੀ' ਤੇ 'ਸਲੇਟੀ' ਵਾਂਗੂੰ ਸਾਂਗ ਤਾਂ ਰਚਾਈਏ ਆ-ਨੀ ਭਾਬੀ ਮੇਰੇ ਸੰਗ, ਆਪਾਂ ਤੀਆਂ ਵੇਖ ਆਈਏ ਬਿੰਦ ਹੱਸ-ਖੇਡ ਆਈਏ, ਝੱਟ ਚਿੱਤ ਪਰਚਾਈਏ

ਘੜਾ ਦੇ ਹੌਲਦਲੀ

ਮੇਰੇ ਪੈਣ ਕਲੇਜੇ ਹੌਲ, ਘੜਾ ਦੇ "ਹੌਲਦਲੀ"1 ਨਿੱਤ ਨਾ ਕਰਿਆ ਕਰ ਘੌਲ, ਘੜਾ ਦੇ ਹੌਲਦਲੀ ਮੋਰਨੀ ਉਲੀਕੇ ਉੱਤੇ, ਆਖੀਂ ਸੁਨਿਆਰੇ ਨੂੰ ਬਾਜਰੇ ਦੇ ਸਿੱਟੇ ਵਾਂਗ ਚਿੱਤਰੇ ਕਿਨਾਰੇ ਨੂੰ ⁠ਨਾਲੇ ਘੜੇ ਸਪੱਧਰ ਡੋਲ੍ਹੋ ⁠ਘੜਾ ਦੇ ਹੌਲਦਲੀ! ਆਪ ਤਾਂ ਤੂੰ ਰੇਸ਼ਮੀਂ ਪੁਸ਼ਾਕਾਂ ਪਾਈ ਰੱਖਦੈਂ ਮੈਨੂੰ ਜੱਟਾ ਐਵੇਂ, ਲਾਰਾ ਲੱਪਾ ਲਾਈ ਰੱਖਦੈਂ ⁠ਮੈਨੂੰ ਲੋਕੀ ਕਰਨ ਮਖ਼ੌਲ-ਘੜਾ ਦੇ ਹੌਲਦਲੀ ⁠ਮੇਰੇ ਪੈਣ ਕਲੇਜੇ ਹੌਲ......... ਏਹੋ ਵੇਲਾ ਹੁੰਦੈ ਚੰਨਾ ਖਾਣ ਤੇ ਹੰਢਾਉਣ ਦਾ ਅੱਖੀਆਂ ਦੇ ਨਾਲ, ਅੱਗ ਸੀਨੇ ਵਿਚ ਲਾਉਣ ਦਾ ⁠ਮੁੜ ਰਹਿੰਦੈ ਕਦੋਂ ਮਾਹੌਲ-ਘੜਾ ਦੇ ਹੌਲਦਲੀ ⁠-ਮੇਰੇ ਪੈਣ ਕਲੇਜੇ ਹੌਲ........ ਜਿਹੜੀਆਂ ਦੇ ਸੋਨੇ ਦੀਆਂ ਟੂਮਾਂ ਪਾਈਆਂ ਹੋਈਆਂ ਨੇ ਉਹਨਾਂ ਦੀਆਂ ਹਿੱਕਾਂ ਤੇ ਬਹਾਰਾਂ ਆਈਆਂ ਹੋਈਆਂ ਨੇ ਮੇਰੇ ਦਿਲ ਦਾ ਸੁੱਕਿਆ ਕੌਲ! ਘੜਾ ਦੇ ਹੌਲਦਲੀ ⁠ਮੇਰੇ ਪੈਣ ਕਲੇਜੇ ਹੌਲ......... ਰਾਮ ਲੀਲਾ ਪਿੱਛੋਂ ਮੈਂ ਦਸਹਿਰਾ ਵੀ ਮਨਾਵਾਂਗੀ ਓਦੇਂ ਸ਼ੌਕ ਨਾਲ ਵੇ ਮੈਂ ਰਿੰਨ੍ਹ ਕੇ ਖੁਆਵਾਂਗੀ ਤੈਨੂੰ ਵਾਸਮਤੀ ਦੇ ਚੌਲ, ਘੜਾ ਦੇ ਹੌਲਦਲੀ ਮੇਰੇ ਪੈਣ ਕਲੇਜੇ ਹੌਲ! ਘੜਾ ਦੇ ਹੌਲਦਲੀ! ਨਿੱਤ ਨਾ ਕਰਿਆ ਕਰ ਘੌਲ! ਘੜਾ ਦੇ ਹੌਲਦਲੀ 1. ਇੱਕ ਤਿਕੌਣੇ ਆਕਾਰ ਦੀ ਚੀਨੀ ਜਾਂ ਕੱਚ ਦੀ ਟੁਕੜੀ, ਜੋ ਸੋਨੇ 'ਚ ਮੜ੍ਹਾ ਕੇ ਸੁਆਣੀਆਂ ਗਲ 'ਚ ਪਾਉਂਦੀਆਂ ਸਨ, ਚਾਰ ਤਵੀਤ, ਚਾਰਾ ਦਾਖਾਂ ਉਸ ਦੇ ਦੋਹੀਂ ਪਾਸੇ ਪਰੋਈਆਂ ਹੁੰਦੀਆਂ ਵਿਚਕਾਰ ਹੌਲਦਲੀ ਹੁੰਦੀ ਪੇਂਡੂ ਜਨਾਨੀਆਂ ਦੇ ਗਲਾਂ 'ਚ ਉਹ ਜੇਵਰ "ਰਾਣੀ ਹਾਰ" ਵਾਂਗ ਸੋਭਾ ਪਾਉਂਦਾ! -ਦੀਪਕ

ਡੁੰਗਾਂ ਬਾਜਰੇ ਦੇ ਸਿੱਟੇ

ਡੁੰਗਾਂ ਬਾਜਰੇ ਦੇ ਸਿੱਟੇ, ਚੋਵੇ ਅੱਖਾਂ ਵਿਚੋਂ ਰੱਤ! ਦੋਵੇਂ ਸੱਸ ਤੇ ਨਨਾਣ ਮੇਰੇ ਪੈ ਗੀਆਂ ਨੇ ਖੱਤ ਲਾਈ ਲੱਗ ਨੀ ਦਿਉਰ! ਉਹਨੂੰ ਉਂਜ ਨਾ ਸ਼ਊਰ ਨੀ ਕੁਪੱਤਾ ਮੇਰਾ ਜੇਠ, ਪਾਈ ਰੱਖਦੈ ਫ਼ਤੂਰ ਸੱਗੋਂ ਚੰਦਰੀ ਜਠਾਣੀ ਚੁੱਕੀ ਰੱਖਦੀ ਏ ਅੱਤ! ⁠ਡੁੰਗਾਂ ਬਾਜਰੇ ਦੇ ਸਿੱਟੇ ⁠ਚੋਵੇ ਅੱਖੀਆਂ ਚੋਂ ਰੱਤ ਜਿੰਨੇ ਛਾਲਣੀ 'ਚ ਛੇਕ, ਨੀ ਕਲੇਜੇ ਓਨੇ ਸੱਲ! ਕੀਹਦੇ ਕੋਲ ਬਹਿ ਕੇ ਦੱਸਾਂ? ਪੁੱਛੇ ਕੌਣ ਮੇਰੀ ਗੱਲ ਲੋਕੀ ਉੱਤੋਂ ਉਤੋਂ ਮਿੱਠੇ ਵਿੱਚੋਂ ਰਖਦੇ ਕੁੜੱਤ ⁠ਡੁੰਗਾਂ ਬਾਜਰੇ ਦੇ ਸਿੱਟੇ! ⁠ਚੋਵੇ ਅੱਖੀਆਂ ਚੋਂ ਰੱਤ ਮਿਹਣੇਂ ਮਾਰਦੇ ਸ਼ਰੀਕ! ਵੈਰੀ ਹੋ ਗਿਆ ਏ ਜੱਗ ਡੁੱਲ੍ਹੇ ਅੱਖੀਆਂ ਚੋਂ ਨੀਰ-ਮੁੱਚੇ ਕਾਲਜੇ 'ਚ ਅੱਗ ਡਾਢਾ ਚੰਦਰਾ ਗੁਆਂਢ, ਰਾਜ਼ੀ ਵੇਖ ਕੇ ਕੁਪੱਤ ⁠ਡੁੰਗਾਂ ਬਾਜਰੇ ਦੇ ਸਿੱਟੇ ⁠ਚੋਵੇ ਅੱਖੀਆਂ ਚੋਂ ਰੱਤ ਏਦਾਂ ਲੰਘਦੀ ਦਿਹਾੜੀ, ਜਿੱਦਾਂ ਬੀਤਦਾ ਏ ਯੁੱਗ ਜਾਂਦੀ ਜ਼ਿੰਦਗੀ ਦੀ ਗੋਟ, ਇਹ ਚਰੋਕਣੀ ਹੀ ਪੁੱਗ ਮਾਰੇ ਪੇਕਿਆਂ ਦੀ ਲੱਜ, ਰੋਕੇ ਸਹੁਰਿਆਂ ਦੀ ਪੱਤ ਡੁੰਗਾਂ ਬਾਜਰੇ ਦੇ ਸਿੱਟੇ ਚੋਵੇ ਅੱਖੀਆਂ ਚੋਂ ਰੱਤ ਨੀ ਮੈਂ ਮੱਖਣਾਂ ਦੀ ਪਾਲੀ ਪੈ ਗੀ ਰਾਖਸ਼ਾਂ ਦੇ ਪੇਸ਼ ਮੈਂ ਇਹ ਜਾਣਦੀ ਹਾਂ, ਮੁੱਕੂ ਓਦੋਂ ਚੰਦਰਾ ਕਲੇਸ਼ ਜਿੱਦੋਂ ਮੌਤ ਨੇ ਬੁਲਾਈ ਸਾਡੀ ਰਾਮ-ਨਾਮ-ਸੱਤ ਡੁੰਗਾਂ ਬਾਜਰੇ ਦੇ ਸਿੱਟੇ। ਚੋਵੇ ਅੱਖੀਆਂ ਚੋਂ ਰੱਤ ਦੋਵੇਂ ਸੱਸ ਤੇ ਨਨਾਣ। ਮੇਰੇ ਪੈ ਗਈਆਂ ਨੇ ਖੱਤ

ਵੇ ਜੱਟਾ

ਅੱਖੀਆਂ ਵਿਚ ਸਮਾਇਆ ਰਹਿਨੈਂ, ਮੇਰਾ ਨਹੀਂ ਕਸੂਰ ਵੇ ਜੱਟਾ। ਮੈਂ ਭੀ ਹਾਂ ਮਜ਼ਬੂਰ ਵੇ ਜੱਟਾ। ਬਿਨ ਪੀਤੇ ਮਖ਼ਮੂਰ ਜਵਾਨੀ! ਤੇਰੀ ਹੈ ਮੇਰੇ ਦਿਲ ਜਾਨੀ! ਮੇਰੇ ਦਿਲ ਵਿਚ ਪਿਆਰ ਜਗਾਇਆ, -ਮੈਂ ਤੇਰੀ ਮਸ਼ਕੂਰ ਵੇ ਜੱਟਾ! ⁠ਮੈਂ ਵੀ ਹਾਂ ਮਜ਼ਬੂਰ ਵੇ ਜੱਟਾ! ਬੇਕਾਬੂ ਹਨ, ਸੋਖ਼ ਅਦਾਵਾਂ ਕੀ-ਕਹਿ ਕੇ, ਇਹ ਦਿਲ ਸਮਝਾਵਾਂ ਤੇਰੇ ਪਿਆਰ ਦਾ ਮੇਰੀ ਹਿੱਕ ਵਿੱਚ, -ਤਪਦਾ ਪਿਐ ਤੰਦੂਰ ਵੇ ਜੱਟਾ ⁠ਮੈਂ ਵੀ ਹਾਂ ਮਜ਼ਬੂਰ ਵੇ ਜੱਟਾ! ਸੁੱਤਿਆਂ ਆਉਂਦੇ ਸੁਪਨੇ ਤੇਰੇ ਤੂੰਹੀਉਂ ਦਿੱਸਦੈਂ ਚਾਰ ਚੁਫੇਰੇ ਵੇਖੀਂ! ਮੇਰੇ ਪਿਆਰ ਦਾ ਸ਼ੀਸ਼ਾ ਕਰੀਂ ਨਾ "ਚਕਨਾ-ਚੂਰ" ਵੇ ਜੱਟਾ! ⁠ਮੈਂ ਵੀ ਹਾਂ ਮਜ਼ਬੂਰ ਵੇ ਜੱਟਾ! ਅਪਣੇ ਦਿਲ ਦਾ ਫੁੱਲ ਬਣਾਵਾਂ ਤੇਰੇ ਦਿਲ ਦੀ ਭੇਟ ਚੜ੍ਹਾਵਾਂ ਮੇਰੇ ਪਿਆਰ ਦੀ ਸੱਚੀ ਪੂਜਾ ਤੂੰ ਕਰ ਲੈ ਮਨਜ਼ੂਰ ਵੇ ਜੱਟਾ! ਮੈਂ ਵੀ ਹਾਂ ਮਜ਼ਬੂਰ ਵੇ ਜੱਟਾ! ਅੱਖੀਆਂ ਵਿਚ ਸਮਾਇਆ ਰਹਿਨੈਂ, -ਮੇਰਾ ਨਹੀਂ ਕਸੂਰ ਵੇ ਜੱਟਾ! ਮੈਂ ਵੀ ਹਾਂ ਮਜ਼ਬੂਰ ਵੇ ਜੱਟਾ

ਕਕਾਰਾ ਪੈ ਗਿਆ

ਕਿਹੜੀ ਮੋਰਨੀ ਝੂਲਦੀ ਆਵੇ, -ਨੀ ਪਿੰਡ 'ਚ ਕਕਾਰਾ ਪੈ ਗਿਆ ਇਹਦੇ ਰੂਪ ਤੋਂ ਪਰੀ ਸ਼ਰਮਾਵੇ, -ਨੀ ਪਿੰਡ 'ਚ ਕਕਾਰਾ ਪੈ ਗਿਆ ਕਾਤਿਲ ਇਸ ਦੇ ਮਸਤ ਇਸ਼ਾਰੇ ਜ਼ਖਮੀ ਕੀਤੇ ਆਸ਼ਿਕ ਸਾਰੇ ਐਸੇ ਸਿੰਨ੍ਹ ਕੇ ਨਿਸ਼ਾਨੇ ਲਾਵੇ! ਪਿੰਡ 'ਚ ਕਕਾਰਾ ਪੈ ਗਿਆ ਸਭ ਦੀਆਂ ਨਜ਼ਰਾਂ ਪਾਗਲ ਹੋਈਆਂ ਕਿਰਦੀਆਂ ਹਾਸੇ ਚੋਂ ਖ਼ੁਸਬੋਈਆਂ ਘੁੰਡ ਚੁੱਕ ਕੇ ਜਦੋਂ ਵੀ ਮੁਸਕਾਵੇ ⁠ਪਿੰਡ 'ਚ ਕਕਾਰਾ ਪੈ.......... ਨਸ਼ਿਆਂ ਦੇ ਵਿੱਚ ਗੁੱਟ ਅਦਾਵਾਂ ਉਸਦੇ, ਮੈਂ ਬਲਿਹਾਰੇ ਜਾਵਾਂ ਜਿਹੜਾ ਏਦਾਂ ਦੀ ਮੂਰਤ ਬਣਾਵੇ ⁠ਪਿੰਡ ਚ ਕਕਾਰਾ ਪੈ.......... ਰੱਬ ਦੀ ਕੁਦਰਤ, ਨੱਚਦੀ ਫਿਰਦੀ ਦੀਪਕ! ਦੁਨੀਆਂ ਮੱਚਦੀ ਫਿਰਦੀ ਕੋਈ ਪੇਸ਼ ਨਾ ਕਿਸੇ ਦੀ ਜਾਵੇ ਪਿੰਡ 'ਚ ਕਕਾਰਾ ਪੈ ਗਿਆ ਕਿਹੜੀ ਮੋਰਨੀ ਝੂਲਦੀ ਆਵੇ! ⁠ਪਿੰਡ 'ਚ ਕਕਾਰਾ.........

ਛੱਡ ਮੇਰਾ ਪੱਲਾ

ਰਾਹ ਦੇ ਵਿੱਚੋਂ ਹੋ ਜਾ ਪਾਸੇ, ਛੇਤੀ ਛੱਡ ਮੇਰਾ ਪੱਲਾ ਮੈਂ ਚੱਲੀ ਹਾਂ ਸਨੀਮੇਂ, ਤੂੰ ਹੀ ਬਹਿਜਾ ਘਰੇ ਕੱਲਾ ਮੈਨੂੰ ਜਾਂਦਿਆਂ ਨਾ ਰੋਕ! ਏਸੇ ਵਿੱਚ ਹੈ ਭਲਾਈ ਨਈਂ ਤਾਂ ਤੇਰੀ ਮੇਰੀ ਹੋਊ, ਅੱਜ ਰੱਜਵੀਂ ਲੜਾਈ ਮੇਰੀ ਵੀਣੀਂ ਨਾ ਮਰੋੜ! ਊਈ-ਊਈ! ਅੱਲ੍ਹਾ-ਅੱਲ੍ਹਾ! ⁠ਮੈਂ ਤਾਂ ਚੱਲੀ ਹਾਂ ਸਨੀਮੇਂ ਮੇਰੇ ਮਿੱਧ ਸੁੱਟੇ ਸ਼ੌਕ ਰੱਖੇਂ ਭੋਰਾ ਨ ਖ਼ਿਆਲ ਪਾਵੇਂ ਮੇਰੀਆਂ ਉਡਾਰੀਆਂ ਤੇ ਬੰਦੇ-ਝੱਟੇ ਜਾਲ ਤੂੰ ਵੀ ਖੇਡ ਕੇ ਵਖਾਈਂ, ਖਿੱਦੋ-ਖੂੰਡੀ ਗੇਂਦ ਬੱਲਾ ⁠ਮੈਂ ਤਾਂ ਚੱਲੀ ਹਾਂ ਸਨੀਮੇਂ ਤੈਨੂੰ ਰੱਬ ਦੇਵੇ ਮੱਤ! ਏਨੀਂ ਗੱਲ ਤਾਂ ਵਿਚਾਰ ਕਿੱਦਾਂ ਬੰਦਸ਼ਾਂ 'ਚ ਆਊ ਵੇ ਜਵਾਨੀ ਤੇ ਨਿਖਾਰ ਮੈਨੂੰ ਦੱਸਦਾ ਏਂ ਝੱਲੀ, ਤੂੰ ਜ਼ਮਾਨੇ ਦਾ ਹੈ ਝੱਲਾ! ⁠ਮੈਂ ਤਾਂ ਚੱਲੀ ਹਾਂ ਸਨੀਮੇਂ ਮੈਨੂੰ ਹੱਥ ਲਾਵੇ ਕੋਈ ਕਿਹੜੇ ਸ਼ੁਹਦੇ ਹੀ ਮਜ਼ਾਲ ਮੁੱਕੀ ਵਟ ਕੇ ਜੋ ਮਾਰਾਂ ਤਾਂ ਪੁਚਾ ਦਿਆਂ ਪਤਾਲ ਜਿਹੜਾ ਵੱਧ ਘੱਟ ਬੋਲੇ ਉਹਦੀ ਟਿੰਡ ਮੇਰਾ ਖੱਲਾ ⁠ਮੈਂ ਤਾਂ ਚੱਲੀ ਹਾਂ ਸੁਨੀਮੇਂ ਭਾਵੇਂ ਟੁੱਟ-ਫੁੱਟ ਹੋ ਜੇ, ਨਹੀਂ ਮੰਨਣੀ ਮੈਂ ਈਨ ਏਨਾਂ ਰੱਖੀ ਦਾ ਨਈਂ ਸ਼ੱਕ, ਚੰਨਾਂ ਚਾਹੀਦੈ ਯਕੀਨ ਤੇਰਾ ਰੰਗ-ਢੰਗ ਦੀਪਕਾ! ਹੈ ਜੱਗ ਤੋਂ ਅਵੱਲਾ ਮੈਂ ਤਾਂ ਚੱਲੀ ਹਾਂ ਸਨੀਮੇਂ ਤੂੰ ਹੀ ਬਹਿ ਜਾ ਘਰੇ ਕੱਲਾ ਛੇਤੀਂ ਛੱਡ ਮੇਰੀ ਵੀਣੀਂ ਛੇਤੀਂ ਛੱਡ ਮੇਰਾ ਪੱਲਾ

ਪੈਰ ਬੋਚ ਕੇ

ਪੈਰ ਬੋਚ ਕੇ ਧਰੀਂ ਤੂੰ ਮੁਟਿਆਰੇ! ⁠ਨੀ ਵੇਖੀਂ ਕੋਈ ਚੰਦ ਚੜ੍ਹ ਜੇ ਹਾੜਾ ਰੋਕ ਲੈ ਸ਼ਰਾਰਤੀ ਇਸ਼ਾਰੇ, ⁠-ਨੀ ਵੇਖੀਂ ਕੋਈ ਚੰਦ ਚੜ੍ਹ ਜੇ ਮੁਖੜੇ ਤੋਂ ਪਾਸੇ ਲਿਟਾਂ ਕਾਲੀਆਂ ਨਾ ਜਾਂਦੀਆਂ ਤੇਰੇ ਕਾਬੂ ਵਿੱਚ ਇਹ ਨਜ਼ਾਕਤਾਂ ਨਾ ਆਂਦੀਆਂ ਤੇਰੇ ਅੰਗ ਅੰਗ ਵਿੱਚ ਦਿੱਸੇ- ⁠-ਸ਼ੋਖੀਆਂ ਦਾ ਨਾਚ ਹੁੰਦਾ- ⁠ਡਿੱਗਦੇ ਅਦਾਵਾਂ ਚੋਂ ਸ਼ਰਾਰੇ ⁠ਨੀ ਵੇਖੀਂ ਕੋਈ ਚੰਦ ਚੜ੍ਹ ਜੇ ਮੰਨਿਆਂ ਜਵਾਨੀ ਨਾ ਸਹਾਰਦੀ ਪਾਬੰਦੀਆਂ ਫੁੱਲਾਂ ਵਿੱਚੋਂ ਆਉਂਦੀਆਂ ਈ ਹੁੰਦੀਐਂ ਸੁਗੰਧੀਆਂ ਜ਼ੋਰਦਾਰ ਛੱਲਾਂ, ਜਦੋਂ ਆਉਂਦੀਐਂ ਕਿਨਾਰਿਆਂ ਨੂੰ- ⁠-ਆਪੇ ਟੁੱਟ ਜਾਂਦੇ ਨੇ ਕਿਨਾਰੇ! ⁠ਨੀ ਵੇਖੀਂ ਕੋਈ ਚੰਦ ਚੜ੍ਹ ਜੇ ਡੁੱਲ੍ਹ ਡੁੱਲ੍ਹ ਪੈਂਦੀਐਂ ਬਹਾਰਾਂ ਤੇਰੇ ਹਾਸਿਉਂ ਫੁੱਲਾਂ ਨੇ ਚੁਰਾਏ ਰੰਗ-ਰੰਗਲੇ ਦੰਦਾਸਿਉਂ ਇੱਲਤੀ ਨਿਗਾਹਾਂ ਚੋਂ ਸ਼ਰਾਰਤੀ ਜਵਾਨੀ ਤੇਰੀ- ⁠-ਹੋਣੀਂ ਨੂੰ ਅਵਾਜ਼ਾਂ ਨਿੱਤ ਮਾਰੇ! ⁠ਨੀ ਵੇਖੀ ਕੋਈ ਚੰਦ ਚੜ੍ਹ ਜੇ! ਵਾਸਤਾ ਏ ਰੱਬ ਦਾ, ਸੰਭਾਲ ਇਹਨਾਂ ਲੋਰਾਂ ਨੂੰ ਪੈ-ਜੇ ਨਾ ਭੁਲੇਖਾ ਕਿੱਤੇ, ਮੱਛਰੇ ਚਕੋਰਾਂ ਨੂੰ ਚੰਨ ਜਿਹਾ ਮੁੱਖ, ਦੂਜੇ ਚੁੰਨੀ ਅਸਮਾਨੀ ਤੇਰੀ- ⁠-ਤੀਜੇ ਲੱਗੇ ਚੁੰਨੀ ਨੂੰ ਸਿਤਾਰੇ ⁠ਨੀ ਵੇਖੀਂ ਕੋਈ ਚੰਦ ਚੜ੍ਹ ਜੇ! ⁠ਪੈਰ ਬੋਚ ਕੇ ਧਰੀਂ ਤੂੰ ਮੁਟਿਆਰੇ! ⁠ਨੀ ਵੇਖੀਂ ਕੋਈ ਚੰਦ ਚੜ੍ਹ ਜੇ

ਵੱਜਣ ਕਾਲਜੇ ਛੁਰੀਆਂ

ਬਰਖਾ ਬਾਝੋਂ ਸੁੱਕੀਆਂ ਕਣਕਾਂ ਸਿਖਰੋਂ ਬੱਲੀਆਂ ਭੁਰੀਆਂ ਵੇ ⁠ਮੇਰੇ ਵੱਜਣ ਕਾਲਜੇ ਛੁਰੀਆਂ ਵੇ ਜੋਬਨ ਮੱਚੜਾ ਡੁੱਲ੍ਹ ਡੁੱਲ੍ਹ ਪੈਂਦੈ, ਹੁਸਨ ਫਿਰੇ ਨਸ਼ਿਆਇਆ ਵੇ! ਬੇ ਦਰਦਾ, ਤੂੰ ਕੀ ਜਾਣੇਂ ਕਿੱਦਾਂ ਵਖਤ ਲੰਘਾਇਆ ਬਿਨਾ ਕਸੂਰੋਂ ਊਜਾਂ ਮਾਰਨ, ਨਣਦ ਜਠਾਣੀਂ ਬੁਰੀਆਂ ਵੇ ⁠ਮੇਰੇ ਵੱਜਣ ਕਾਲਜੇ ਛੁਰੀਆਂ ਵੇ! ਨਾ ਦਿਲ ਹੱਸੇ, ਨਾ ਦਿਲ ਰੋਵੇ, ਨਾ ਦਿਲ ਕੁਸਕੇ ਖੰਘੇ ਦਿਲ ਦੇ ਸੁੰਞੇ ਵਿਹੜੇ ਵਿੱਚੋਂ, ਖ਼ੁਸ਼ੀ ਨਾ ਡਰਦੀ ਲੰਘੇ ਨਾ ਸਹੁਰਾ-ਘਰ ਚੰਗਾ ਲਗਦੈ, ਨਾ ਬਾਬਲ ਦੀਆਂ ਪੁਰੀਆਂ ਵੇ ⁠ਮੇਰੇ ਵੱਜਣ ਕਾਲਜੇ ਛੁਰੀਆਂ ਵੇ। ਰੁੱਖੀਆਂ ਜ਼ੁਲਫ਼ਾਂ, ਭਿੱਜੀਆਂ ਜ਼ੁਲਫ਼ਾਂ, ਹੰਝੂਆਂ ਦੇ ਪਰਨਾਲੇ ਚੰਨਿਆਂ ਸਾਡਾ ਦਰਦ ਮਸੂਸ਼ਣ, ਸਾਰੇ ਦਰਦਾਂ ਵਾਲੇ ਖੂਹੀਂ-ਟੋਭੀਂ-ਹੱਟੀਂ-ਭੱਠੀਂ ਹਰ ਥਾਂ ਗੱਲਾਂ ਛਿੜੀਆਂ ਵੇ ⁠ਮੇਰੇ ਵੱਜਣ ਕਾਲਜੇ ਛੁਰੀਆਂ ਵੇ। ਤੇਰੇ ਤਾਂ ਸੌ ਮਿੱਤਰ-ਬੇਲੀ, ਸਾਡੀ ਜਿੰਦ ਇਕੱਲੀ ਸੜ ਜਾਂਦੀ ਹੈ ਪਈ ਤਵੇ ਤੇ, ਰੋਟੀ ਬਿਨਾ ਉਥੱਲੀ ਇਹ ਗੱਲਾਂ ਸਭ ਦੁਨੀਆਂ ਜਾਣੇਂ, ਤੈਨੂੰ ਕਿਉਂ ਨਾ ਫੁਰੀਆਂ ਵੇ ⁠ਮੇਰੇ ਵੱਜਣ ਕਾਲਜੇ ਛੁਰੀਆਂ ਵੇ! ਸੱਧਰਾਂ ਨੇ ਅੰਗੜਾਈਆਂ ਲਈਆਂ, ਚਾਵਾਂ ਗਿੱਧਾ ਪਾਇਆ ਆਸ ਦਾ ਦੀਪਕ ਲਟ ਲਟ ਬਲਦੈ, ਨਹੀਂ ਪਤੰਗਾ ਆਇਆ ਰੋਜ਼ ਮਸਖ਼ਰੀ ਕਰ ਕਰ ਲੰਘਣ, ਮੈਨੂੰ ਬੰਤੋ ਹੁਰੀਆਂ ਵੇ! ⁠ਮੇਰੇ ਵੱਜਣ ਕਾਲਜੇ ਛੁਰੀਆਂ ਵੇ! ਬਰਖਾ ਬਾਝੋਂ ਸੁੱਕੀਆਂ ਕਣਕਾਂ-ਸਿਖਰੋਂ ਬੱਲੀਆਂ ਭੁਰੀਆਂ ਵੇ ⁠ਮੇਰੇ ਵੱਜਣ ਕਾਲਜੇ ਛੁਰੀਆਂ ਵੇ!

ਨਣਦੇ

ਬੂਹੇ ਵਿਚ ਬਹਿਕੇ ਕੱਤਿਆ ਨਾ ਕਰ ਨਣਦੇ! ਹਾੜਾ ਆਪਣਾ ਵੀਹੀ ਦੇ ਉੱਤੇ ਘਰ ਨਣਦੇ! ਅੱਖੀਆਂ ਖ਼ੁਮਾਰ ਨਾਲ ਭਾਰੀ ਹੋਈਆਂ ਤੇਰੀਆਂ ਜਾਪੀਆਂ ਨਿਗਾਹਾਂ ਨੇ ਸ਼ਿਕਾਰੀ ਹੋਈਆਂ ਤੇਰੀਆਂ ਐਨੀਂ ਅੱਗ ਨਾ ਇਸ਼ਾਰਿਆਂ 'ਚ ਭਰ ਨਣਦੇ ਨੀ! ਹਾੜਾ ਆਪਣਾ..................... ਸੀਨੇ ਵਿੱਚ ਤੇਰੇ ਨੀ ਤੂਫ਼ਾਨ ਆਇਆ ਹੋਇਆ ਏ ਇਹਨਾਂ ਅੰਗੜਾਈਆਂ ਨੇ ਹਨ੍ਹੇਰ ਪਾਇਆ ਹੋਇਆ ਏ ਤੂੰ ਨਜ਼ਾਕਤਾਂ ਸੰਭਾਲਿਆ ਤਾਂ ਕਰ ਨਣਦੇ! ਨੀ ਹਾੜਾ ਆਪਣਾ.................. ਹਾਸਿਆਂ ਨੇ ਤੇਰੇ ਗੁਲਜ਼ਾਰਾਂ ਲਾਈਆਂ ਹੋਈਆਂ ਨੇ ਵਿਹੜੇ ਵਿੱਚ ਆਪਣੇ ਬਹਾਰਾਂ ਆਈਆਂ ਹੋਈਆਂ ਨੇ ਭੌਰੇ ਲੱਭ ਲੈਣ ਆਪਣਾ ਨਾ ਘਰ ਨਣਦੇ! ਨੀ ਹਾੜਾ ਆਪਣਾ.................. ਮੱਥੇ ਉੱਤੇ ਦੌਣੀ ਨਾਗਮਨੀਂ ਵਾਂਗੂੰ ਦਗ ਦੀ ਚਿਹਰੇ ਦੇ ਦੁਆਲੇ ਜਾਣੋਂ ਲਾਟ ਫਿਰੇ ਅੱਗ ਦੀ ਆਵੇ ਕਾਲ਼ੀ ਕਾਲ਼ੀ ਗੁੱਤ ਕੋਲੋਂ ਡਰ ਨਣਦੇ ਨੀ ਹਾੜਾ ਆਪਣਾ.................. ਤੂੰ ਨਾ ਮੈਨੂੰ ਮਿੱਠੀ ਮਿੱਠੀ ਤੱਕਣੀ ਥੀਂ ਘੂਰ ਨੀ ਚੀਂਰਨੀ 'ਚ ਤੇਰੇ ਛੇਤੀ ਲਾਵਾਂਗੀ ਸੰਧੂਰ ਨੀ ਤੇਰੇ ਨਾਲੋਂ ਸੁਹਣਾਂ ਲੱਭੂੰ ਤੇਰਾ "ਵਰ" ਨਣਦੇ! ਨੀ ਹਾੜਾ! ਆਪਣਾ ਵੀਹੀ ਦੇ ਉੱਤੇ ਘਰ ਨਣਦੇ

ਸੋਨੇ ਦਾ ਤਵੀਤ

ਵੇ ਘੜਾ ਦੇ ਮਿੱਤਰਾ, ਮੈਨੂੰ ਸੋਨੇ ਦੇ ਤਵੀਤ! ਮੇਰੀ ਚੜ੍ਹਦੀ ਜਵਾਨੀ ਦੀ ਹੈ ਸਜਰੀ ਪ੍ਰੀਤ! ਮੇਰੇ ਰੂਪ ਵਿੱਚ ਜਾਪੇ, ਆਇਆ ਵਖਰਾ ਨਖਾਰ ਜਾਵੇ ਰੌਸ਼ਨੀ ਖਿੰਡਾਉਂਦਾ, ਮੇਰੀ ਹਿੱਕ ਦਾ ਸੰਗਾਰ ਭੁੱਜੇ ਚੰਦਰੀ ਜਠਾਣੀਂ, ਮੇਰਾ ਚਿੱਤ ਠੰਡਾ ਸੀਤ ਵੇ ਘੜਾ ਦੇ ਮਿੱਤਰਾ............. ਆਉਣ ਠੰਡੀਆਂ ਹਵਾਵਾਂ, ਹੱਸਾਂ ਚੰਨ ਨੂੰ ਹਸਾਵਾਂ ਵੇ ਮੈਂ ਕੇਰਦੀ ਹੀ ਜਾਵਾਂ, ਇਹ ਰਸੀਲੀਆਂ ਅਦਾਵਾਂ ਲਾਲ ਬੁੱਲੀਆਂ ਤੇ ਹੋਣ ਵੇ ਮੁਹੱਬਤਾਂ ਦੇ ਗੀਤ। ਵੇ ਘੜਾ ਦੇ ਮਿੱਤਰਾ............. ਫੁੱਟੇ ਟਾਹਲੀਆਂ ਦੇ ਪੱਤ, ਨਾਲੇ ਬੇਰੀਆਂ ਦੀ ਹਿੱਕ, ਮੈਨੂੰ ਸ਼ਹਿਤ ਨਾਲੋਂ ਮਿੱਠੀ ਮੇਰੇ ਕਾਲਜੇ ਦੀ ਸਿੱਕ ਇਹ ਰੰਗੀਲੀਆਂ ਬਹਾਰਾਂ, ਜਾਣ ਸੁੰਞੀਆਂ ਨਾ ਬੀਤ! ਵੇ ਘੜਾ ਦੇ ਮਿੱਤਰਾ............. ਉੱਠੀ ਪਿਆਰ ਦੀ ਉਮੰਗ, ਹੋਈ ਤੋਰ ਵੀ ਸ਼ਰਾਬੀ ਦੇਣ ਹੋਕਰਾ ਪੰਜੇਬਾਂ, ਮਾਰੇ ਸੀਟੀਆਂ ਰਕਾਬੀ ਤੂੰ ਉਡੀਕੇਂ ਪੈੜ ਚਾਲ ਬਹਿਕੇ ਬਾਹਰਲੀ ਮਸੀਤ ਵੇ ਘੜਾ ਦੇ ਮਿੱਤਰਾ............. ਭਾਵੇਂ ਲੱਖ ਲੱਖ ਮਿਹਣੇਂ-ਮਾਰੇ ਚੰਦਰਾ ਜਹਾਨ ਮੈਨੂੰ ਤੇਰੇ ਨਾਲ ਜੱਗ, ਤੇਰੇ ਸਾਹਾਂ ਦੇ ਪ੍ਰਾਨ। ਏਹੀ ਆਸ਼ਕਾਂ ਦਾ ਕੌਲ-ਏਹੀ ਆਸ਼ਕਾਂ ਦੀ ਰੀਤ ਵੇ ਘੜਾ ਦੇ ਮਿੱਤਰਾ—ਮੈਨੂੰ ਸੋਨੇ ਦੇ ਤਵੀਤ

ਵੇਖਣੀ ਵਿਸਾਖੀ

ਵੇਖਣੀਂ ਵਿਸਾਖੀ ਮੈਂ ਤਾਂ ਵੇਖਣੀਂ ਵਿਸਾਖੀ ਵੇ! ਚਿਰਾਂ ਪਿੱਛੋਂ ਚੰਨਾਂ! ਤੈਨੂੰ ਇੱਕੋ ਗੱਲ ਆਖੀ ਵੇ! ਜਿੰਦ ਮੈਂ ਹਰਾਈ ਤੇਰੇ ਧੰਦਿਆਂ 'ਚੋਂ ਅੱਕ ਕੇ ਭੱਤਾ ਲੈ ਕੇ ਜਾਵਾਂ, ਤਾਂ ਲਿਆਵਾਂ ਭਰੀ ਚੱਕ ਕੇ ਨਰਮਾ ਚੁਗਾਇਆ, ਕੀਤੀ ਬਾਜਰੇ ਦੀ ਰਾਖੀ ਵੇ ⁠ਵੇਖਣੀ ਵਿਸਾਖੀ ਵੇ! ਰੌਣਕਾਂ 'ਚ ਅੱਖੀਆਂ ਦੀ ਭੁੱਖ ਲਾਹ ਕੇ ਆਵਾਂਗੀ ਨਾਲੇ ਤੇਰੇ ਮਿੱਠੂ ਦੀ ਮੈਂ ਸੁੱਖ ਲਾਹ ਕੇ ਆਵਾਂਗੀ ਮੱਚ ਕੇ ਜਠਾਣੀ ਭਾਵੇਂ ਹੋ ਜੇ ਲੋਹੇ ਲਾਖੀ ਵੇ ⁠ਵੇਖਣੀ ਵਿਸਾਖੀ ਵੇ! ਚੁੰਨੀ ਮੈਂ ਸਿਤਾਰੇ ਲਾ ਕੇ ਰੱਖੀ ਹੈ ਸੰਭਾਲ ਵੇ! ਇੱਕ ਤੂੰ ਲਿਆਦੇ ਮੈਨੂੰ ਰੇਸ਼ਮੀ ਰੁਮਾਲ ਵੇ! ਪੈਰਾਂ ਨੂੰ ਪੰਜੇਬਾਂ ਤੇ ਰਕਾਬੀ ਲੈ ਦੇ ਖਾਖੀ ਵੇ! ⁠ਵੇਖਣੀ ਵਿਸਾਖੀ ਵੇ। ਤੂੰ ਜੇ ਚੱਲੇਂ ਸੰਗ ਵੇ ਸੰਧੂਰੀ ਪੱਗ ਬੰਨ੍ਹ ਕੇ ਪਾਣੀਂ ਦੇਵਾਂ ਕੀਲ, ਮੈਂ ਵਖਾਵਾਂ ਅੱਗ ਬੰਨ੍ਹ ਕੇ ਤੇਰੇ ਮੇਰੇ ਸੰਗ ਚੰਨਾਂ ਸੱਚਾ ਰੱਬ ਸਾਖੀ ਵੇ ⁠ਵੇਖਣੀ ਵਿਸਾਖੀ ਵੇ! ਨੱਚਦੀ ਦੀ ਜਦੋਂ ਮੇਰੀ ਗੁੱਤ ਖੁਲ੍ਹ ਜਾਊਗੀ ਭੰਗੜੇ ਦੀ ਟੋਲੀ ਨੂੰ ਧਮਾਲ ਭੁੱਲ ਜਾਊਗੀ ਆਖਦੀ ਸੀ ਏਦਾਂ, ਭੂਰੋ ਅੱਖਾਂ ਤੋਂ ਮਨਾਖੀ ਵੇ! ⁠ਵੇਖਣੀ ਵਿਸਾਖੀ ਵੇ!

ਉਂਗਲਾਂ ਦੇ ਛਾਲੇ

ਉਂਗਲਾਂ ਦੇ ਛਾਲੇ-ਬੈਠੀ ਛੱਲੀਆਂ ਉਘੇਰਾਂ ਵੇ! ਮੋਤੀਆਂ ਤੋਂ ਮਹਿੰਗੇ ਹੰਝੂ ਅੱਖੀਆਂ ਚੋਂ ਕੇਰਾਂ ਵੇ! ਤੇਰੀਆਂ ਉਡੀਕਾਂ ਵਿੱਚ, ਅੱਖਾਂ ਗਈਆਂ ਪੱਕ ਵੇ ਢਹਿ ਗੀਆਂ ਉਮੀਦਾਂ ਚੰਨਾਂ ਆਸਾਂ ਗਈਆਂ ਥੱਕ ਵੇ ਟੁੱਟ ਗਈਆਂ ਅੱਜ ਸਾਡੇ ਪਿਆਰ ਦੀਆਂ ਡੋਰਾਂ ਵੇ ⁠ਮੋਤੀਆਂ ਤੋਂ ਮਹਿੰਗੇ........... ਘੇਰ ਕੇ ਨਸੀਬਾਂ ਮੈਨੂੰ ਖੋਹ ਲਿਆ ਹੈ ਪਿਆਰੇ ਤੋਂ ਭਾਗਾਂ ਦੀਆਂ ਛੱਲਾਂ, ਦੂਰ ਲੈ ਗੀਆਂ ਕਿਨਾਰੇ ਤੋਂ ਹੌਂਕਿਆਂ ਦੇ ਨਾਲ, ਪੈਣ ਕਾਲਜੇ ਨੂੰ ਘੇਰਾਂ ਵੇ! ⁠ਮੋਤੀਆਂ ਤੋਂ ਮਹਿੰਗੇ........... ਪੈਰਾਂ ਵਿੱਚ ਰੋਲੇ ਮੇਰੇ ਤਰਲੇ ਜਹਾਨ ਨੇ ਚੁਪ ਰਹਿਕੇ ਖਾਧੇ, ਸੀਨੇ-ਤੁਹਮਤਾਂ ਦੇ ਬਾਨ ਨੇ ਰੁੱਸ ਗਿਆ ਰੱਬ, ਕਿੱਦਾਂ ਜੱਗ ਨੂੰ ਪਰੇਰਾਂ ਵੇ ⁠ਮੋਤੀਆਂ ਤੋਂ ਮਹਿੰਗੇ........... ਸਾਹਾਂ ਵਿੱਚ ਪੀੜਾਂ, ਤਾਂ ਭੀ ਖੋਲ੍ਹਦੀ ਨਾ ਬੁੱਲ੍ਹੀਆਂ ਬੁੱਝ ਲੈਣ ਲੋਕੀ, ਵੇਖ ਲਿਟਾਂ ਖੁੱਲ੍ਹੀਆਂ ਬੀਤੀਆਂ ਨੇ ਰਾਤਾਂ-ਸੈਆਂ ਲੰਘੀਆਂ ਸਵੇਰਾਂ ਵੇ! ⁠ਮੋਤੀਆਂ ਤੋਂ ਮਹਿੰਗੇ........... ਮਾਹੀ-ਮਾਹੀ ਜਦੋਂ, ਮੇਰਾ ਚਿੱਤ ਹੈ ਪੁਕਾਰ ਦਾ ਰੋਂਦੇ ਚੰਨ ਤਾਰੇ, ਅਸਮਾਨ ਭੁੱਬਾਂ ਮਾਰਦਾ ਵੇਖ ਮੇਰਾ ਹਾਲ-ਕੰਧਾਂ ਦੇਂਦੀਆਂ ਨੇ ਲੇਰਾਂ ਵੇ ਮੋਤੀਆਂ ਤੋਂ ਮਹਿੰਗੇ ਹੰਝੂ ਅੱਖੀਆਂ ਚੋਂ ਕੇਰਾਂ ਵੇ!

ਮੇਰਾ ਮਾਹੀ

ਸਈਉ! ਬਾਜਰੇ ਦੇ ਸਿੱਟਿਆਂ ਤੇ ਬੂਰ ਆ ਗਿਆ ਮੇਰਾ ਮਾਹੀ ਘਰ ਆਇਆ ਨੀ! ਸਰੂਰ ਆ ਗਿਆ ਉਹਦਾ ਰੰਗ ਨੀ ਗੁਲਾਬੀ, ਝੱਲੀ ਜਾਂਦੀ ਨਹੀਂ ਆਬੀ ਅੱਖਾਂ ਗੂੜ੍ਹੀਆਂ ਸ਼ਰਾਬੀ, ਉਹਦੇ ਹੋਂਠ ਨੀ ਉਨਾਬੀ ਉਹਨੂੰ ਵੇਖ ਕੇ ਨਿਗਾਹਾਂ ਵਿੱਚ ਨੂਰ ਆ ਗਿਆ ⁠ਮੇਰਾ ਮਾਹੀ ਘਰ ਆਇਆ........ ਉਹਦੀ ਸੁਹਣੀ ਸੁਹਣੀ ਤੋਰ, ਜਿੱਦਾਂ ਪੈਲ੍ਹਾਂ ਪਾਵੇ ਮੋਰ ਆਈ ਜ਼ਿੰਦੜੀ ਨੂੰ ਲੋਰ, ਹੋਈ ਹੋਰ ਦੀ ਮੈਂ ਹੋਰ ਪਿਆਰ ਅੱਖੀਆਂ 'ਚ ਹੋ ਕੇ ਮਜ਼ਬੂਰ ਆ ਗਿਆ- ⁠ਮੇਰਾ ਮਾਹੀ ਘਰ ਆਇਆ........ ਆਈਆਂ ਸੀਨੇ ਵਿਚੋਂ ਛੱਲਾਂ, ਕਰਾਂ ਰੱਜ ਰੱਜ ਗੱਲਾਂ ਉਹ ਨਾ ਮਾਂ ਦੇ ਕੋਲੋਂ ਹੱਲੇ-ਮੈਂ ਨਾ ਬੂਹੇ ਵਿੱਚੋਂ ਹੱਲਾਂ ਐਨਾਂ ਕਿੱਥੋਂ ਉਹਦੇ ਵਿੱਚ ਨੀ ਗ਼ਰੂਰ ਆ ਗਿਆ- ⁠ਮੇਰਾ ਮਾਹੀ ਘਰ ਆਇਆ........ ਉਹਦੇ ਮੁਖੜੇ ਦੀ ਭਾਅ! ਨੀ ਮੈਂ ਗਈ ਨਸ਼ਿਆ ਨਾ ਮਿਉਂਦੇ ਮੇਰੇ ਚਾਅ-ਸੰਗੇ ਟੁੱਟੜਾ ਸੁਭਾਅ ਮੈਨੂੰ ਬਿੰਦੇ ਝੱਟੇ ਹੱਸਣਾ ਜ਼ਰੂਰ ਆ ਗਿਆ ⁠ਮੇਰਾ ਮਾਹੀ ਘਰ ਆਇਆ......... ਛੇੜੀ ਮਿੱਠੀ ਮਿੱਠੀ ਬਾਤ-ਆਖੀ ਤਾਰਿਆਂ ਨੇ ਝਾਤ ਵੰਡੀ ਪਿਆਰ ਦੀ ਸੁਗਾਤ-ਮੈਂ ਨਾ ਸੁੱਤੀ ਸਾਰੀ ਰਾਤ ਜਾਣੋਂ ਕਾਲਜੇ ਦੇ ਫੱਟਾਂ ਤੇ ਅੰਗੂਰ ਆ ਗਿਆ ⁠ਮੇਰਾ ਮਾਹੀ ਘਰ ਆਇਆ......... ਸਈਉ ਬਾਜਰੇ ਦੇ ਸਿੱਟਿਆਂ ਤੇ ਬੂਰ ਆ ਗਿਆ ਮੇਰਾ ਮਾਹੀ ਘਰ ਆਇਆ-ਨੀ ਸਰੂਰ ਆ ਗਿਆ

ਤੋਰੀਂ ਬਾਬਲਾ!

ਜਿਨ੍ਹਾਂ ਘਰ ਧੀਆਂ ਰੱਖੀਆਂ, ਹੁੰਦੇ ਉਹਨਾਂ ਦੇ ਪਹਾੜ ਜਿੱਡੇ ਜੇਰੇ ਵੇ! ਕੰਢੀ1 ਪਾਕੇ ਤੋਰੀਂ ਬਾਬਲਾ! ਪੁੱਤਾਂ ਵਾਂਗ ਮੈਂ ਕਮਾਇਆ ਘਰ ਤੇਰੇ! ਧੀਆਂ-ਗਊਆਂ ਵਾਂਗ ਹੁੰਦੀਆਂ, ਇਹਨਾਂ ਮੂੰਹੋਂ ਨਹੀਂ ਆਖ ਕੇ ਸੁਨਾਣਾਂ ਵੀਰਾਂ ਨੇ ਜ਼ਮੀਨ ਸਾਂਭਣੀ, ਅਸੀਂ ਹੱਥਾਂ ਦਾ ਦਿੱਤਾ ਲੈ ਜਾਣਾ ਵੇ ਦਾਨ ਦਿੱਤੇ ਧਨ ਨਾ ਘਟੇ, ਸਗੋਂ ਬੱਲੇ ਬੱਲੇ ਹੋ ਜਏ ਚੁਫੇਰੇ ⁠ਵੇ ਕੰਢੀ ਪਾਕੇ ਤੋਰੀਂ ਬਾਬਲਾ ............ ਵੇ! ਨੱਕ-ਬੁੱਲ੍ਹ ਸੱਸ ਨਾ ਕੱਢੇ-ਅਤੇ ਮਾਰੇ ਨਾ ਸ਼ਰੀਕਨੀ ਉਲ੍ਹਾਮਾਂ ਤੈਨੂੰ ਪਿੰਡ ਸ਼ਾਬਸ਼ੇ ਕਹੂ-ਮੈਨੂੰ ਸਹੁਰੀਂ ਹੋਂਣ ਵੇ ਸਲਾਮਾਂ ਵੇ ਗਿੱਧਿਆਂ 'ਚ ਹੋਣ ਚਰਚੇ, ਵਧ ਚੜ੍ਹ ਕੇ ਦਾਜ ਏ ਤੇਰੇ ⁠ਵੇ ਕੰਢੀ ਪਾਕੇ ਤੋਰੀਂ ਬਾਬਲਾ............. ਵੇ ਸੱਤੇ ਕੁੱਲਾਂ ਸੁਖੀ ਉਹਦੀਆਂ, ਜੀਹਦੀ ਸੁਖਾ 'ਚ ਵਸੇ ਧੀ ਰਾਣੀਂ ਹੋਰ ਨਈਂ ਮੈਂ ਕੁਝ ਮੰਗਦੀ, ਇਕ ਵਰ ਟੋਲੀਂ ਮੇਰਾ ਹਾਣੀਂ ਇੱਕ ਪੱਕਾ ਘਰ ਭਾਲਦੀਂ-ਮੈਨੂੰ ਲਿੱਪਣੇਂ ਨਾ ਪੈਂਣ ਬਨੇਰੇ ⁠ਵੇ ਕੰਢੀ ਪਾਕੇ ਤੋਰੀਂ ਬਾਬਲਾ............. ਮੋਤੀਆਂ ਦੀ ਹੋਵੇ ਬਰਖਾ! ਨਿੱਤ ਬਾਬਲਾ ਵੀਰ ਦੇ ਵਿਹੜੇ ਅਸੀਂ ਪ੍ਰਦੇਸ ਵੱਸਣਾ-ਸਾਡਾ ਰਿਜ਼ਕ ਬੇਗ਼ਾਨੇ ਖੇੜੇ! ਕੱਖ ਵੀ ਨਾ ਦੇਵੀਂ ਬਾਬਲਾ! ਸਾਨੂੰ ਮਿੱਠਤਾਂ ਦੇ ਬੋਲ ਬਥੇਰੇ ⁠ਵੇ ਕੰਢੀ ਪਾ ਕੇ ਤੋਰੀਂ ਬਾਬਲਾ! ⁠ਪੁੱਤਾਂ ਵਾਂਗ ਮੈਂ ਕਮਾਇਆ, ਘਰ ਤੇਰੇ ⁠ਜਿਨ੍ਹਾਂ ਘਰ ਧੀਆਂ ਰੱਖੀਆਂ............ 1. ਸੋਨੇ ਦਾ ਇਕ ਮਸ਼ਹੂਰ ਜੇਵਰ : ਸਰਦੇ-ਪੁਜਦੇ ਮਾਪੇ ਧੀਆਂ ਨੂੰ ਕੰਢੀ ਅਤੇ ਪਰ੍ਹਾਉਣੇ ਨੂੰ ਕੈਂਠਾ ਜਾਂ ਦੁੱਲੜੀ (ਦੂਹਰਾ ਕੈਂਠਾ) ਜ਼ਰੂਰ ਪਾਉਂਦੇ ਹੁੰਦੇ ਸਨ।

ਮਸਤ ਪੌਣ

ਚੰਨਾਂ ਵੇ ਸਾਨੂੰ ਮਸਤ ਪੌਣ ਨਿੱਤ ਛੇੜੇ! ਡਰ ਡਰ ਜਾਵੇ ਜਿੰਦ ਇਕੱਲੀ ਕੋਈ ਨਾ ਨੇੜੇ-ਤੇੜੇ! ⁠ਚੰਨਾਂ ਵੇ ਸਾਨੂੰ............. ਬਿਰਹਾ-ਪੀੜ, ਸੁਦੈਣਾਂ ਵਾਂਗੂੰ, ਦਿਲ ਦੇ ਜ਼ਖ਼ਮ ਉਚੇੜੇ! ਯਾਦ ਤੇਰੀ ਦਾ ਇੱਕ ਪਰਛਾਵਾਂ, ਨੈਣਾਂ ਦੇ ਖੂਹ ਗੇੜੇ ⁠ਚੰਨਾਂ ਵੇ ਸਾਨੂੰ............. ਚਾਵਾਂ ਦੇ ਫੁੱਲ-ਪੱਤਰ ਝੜ ਗਏ, ਗ਼ਮ ਦੇ ਵੇਗ ਝਖੇੜੇ ਆਸਾਂ ਦਾ ਇਕ-ਘਾਇਲ ਪੰਛੀ, ਤੜਪੇ ਦਿਲ ਦੇ ਵਿਹੜੇ ⁠ਚੰਨਾਂ ਵੇ ਸਾਨੂੰ ............. ਘੋਰ ਨਿਰਾਸ਼ਾ ਪਲ ਪਲ ਪਿੱਛੋਂ, ਹਰ ਵਿਸ਼ਵਾਸ ਉਖੇੜੇ ਕੱਲਿਆਂ, ਸਫ਼ਰ-ਉਮਰ ਦਾ ਲੰਮਾਂ, ਕਿੱਦਾਂ ਕੋਈ ਨਬੇੜੇ! ⁠ਚੰਨਾਂ ਵੇ ਸਾਨੂੰ ............. ਤੁਧ ਬਿਨ ਜਜ਼ਬੇ ਗਏ ਜੰਗਾਲੇ, ਨਾ ਖ਼ੁਸ਼ੀਆਂ ਨਾ ਖੇੜੇ ਅਧ-ਮੋਇਆ ਸ਼ੌਕਾਂ ਦੇ ਦੰਦੀਂ, ਲੱਪ-ਲੱਪ ਚੜ੍ਹੇ ਕਰੇੜੇ ⁠ਚੰਨਾਂ ਵੇ ਸਾਨੂੰ ............. ਲੋਕਾਂ, ਊਜਾਂ ਲੱਦੇ ਮਿਹਣੇ, ਸਾਡੇ ਗਲ਼ੀ ਚੁਮੇੜੇ ਨਾ ਕੋਈ ਭੁੱਲ ਕੇ ਇਸ਼ਕ ਵਿਹਾਜੇ, ਨਾ ਕੋਈ ਦਰਦ ਸਹੇੜੇ ⁠ਚੰਨਾਂ ਵੇ ਸਾਨੂੰ.............. ਮੈਂ ਤਤੜੀ ਨਿੱਤ ਕਾਵਾਂ ਦੇ ਹੱਥ ਸੌ-ਸੌ ਦਿਆਂ ਸੁਨੇਹੜੇ, ਬੇ ਦਰਦਾ! ਤੈਂ ਵਤਨਾ ਦੇ ਵੱਲ, ਵੱਤ ਨਾ ਮਾਰੇ ਗੇੜੇ ⁠ਚੰਨਾਂ ਵੇ ਸਾਨੂੰ ............. ਤੂੰ ਉਹ ਚੰਨ! ਪਤਾ ਨਹੀਂ ਜਿਸ ਨੂੰ, ਹੋਣ ਚਕੋਰੇ ਕਿਹੜੇ ਮੈਂ ਉਹ ਦੀਪਕ, ਭੰਬਟ ਜਿਸ ਦੇ, ਮੂਲ ਨਾ ਆਵੇ ਨੇੜੇ ⁠ਚੰਨਾਂ ਵੇ ਸਾਨੂੰ..............

ਮਿੱਠੀ ਲੋਰ

ਖ਼ੁਸ਼ਬੋਆਂ ਆਉਣ ਹਵਾਵਾਂ ਚੋਂ ਪਿਆਰਾਂ ਦੀ ਮਿੱਠੀ ਲੋਰ ਦੀਆਂ ਦਮਕਾਂ ਨਾ ਝੱਲੀਆਂ ਜਾਣ ਕਿਤੇ, ਇਸ ਜ਼ੋਬਨ ਨਵੇਂ ਨਕੋਰ ਦੀਆਂ ਜਾਦੂ ਹਨ ਗੁਸਤਾਖ਼ ਇਸ਼ਾਰੇ-ਕਾਇਲ ਮਸਤ ਅਦਾਵਾਂ ਨਜ਼ਰ ਤਿਰੀ ਹੈ ਜਾਮ ਛਲਕਦਾ-ਜੀਅ ਕਰਦੈ ਪੀ ਜਾਵਾਂ ਇਹ ਅੰਗੜਾਈਆਂ ਕਨਸੋਆਂ ਨੇ, ਦਿਲ ਦੇ ਤੂਫਾਨੀ ਸ਼ੋਰ ਦੀਆਂ ⁠ਇਸ ਜੋਬਨ ਨਵੇਂ ਨਕੋਰ ਦੀਆਂ............. ਧਰਤੀ ਉੱਤੇ ਰੂਪ ਨਿਰੇ ਦੀਆਂ ਲੱਸਾਂ ਪੈਣ ਸੁਨਹਿਰੀ ਗੁੱਤ ਨਹੀਂ ਇਹ ਚੰਨਣ ਰੁਖ ਤੇ ਨਾਗ ਪਲਮ ਦਾ ਜ਼ਹਿਰੀ ਚੰਨ ਤੋਂ ਗੋਰੇ ਮੁਖ ਵੱਲ ਹਨ, ਨਜ਼ਰਾਂ ਇਸ਼ਕ-ਚਕੋਰ ਦੀਆਂ ⁠ਇਸ ਜੋਬਨ ਨਵੇਂ ਨਕੋਰ ਦੀਆਂ............. ਬੁੱਲ੍ਹੀਆਂ ਤੇ ਮੁਸਕਾਨ ਖੇਲਦੀ ਕੇਰੇ ਫੁੱਲ ਗੁਲਾਬੀ ਚੁੰਨੀ ਹੇਠਾਂ ਰਹਿਣ ਨਾ ਕਾਬੂ-ਜਜ਼ਬੇ ਗੁੱਟ-ਸ਼ਰਾਬੀ ਤੇਰੇ ਪਿੰਡ ਦੇ ਕੁੱਲ ਨਹੀਂ ਹਨ-ਸ਼ਾਨਾਂ ਸ਼ਹਿਰ ਭੰਬੋਰ ਦੀਆਂ ⁠ਇਸ ਜੋਬਨ ਨਵੇਂ ਨਕੋਰ ਦੀਆਂ............. ਪੈਰਾਂ ਹੇਠਾਂ ਨਾਚ ਕਰਦੀਆਂ ਜਾਪਣ ਸ਼ੋਖ ਬਹਾਰਾਂ ਆਹਟ ਸੁਣ ਕੇ ਹਰ ਦਿਲ ਅੰਦਰ ਖਿੜ ਜਾਵਣ ਗੁਲਜ਼ਾਰਾਂ ਹੰਸਾਂ ਵਿੱਚ ਗੱਲਾਂ ਛਿੜੀਆਂ ਹਨ ਤੇਰੀ ਬਾਂਕੀ ਟੋਰ ਦੀਆਂ ⁠ਇਸ ਜੋਬਨ ਨਵੇਂ ਨਕੋਰ ਦੀਆਂ.............

ਯਾਦਾਂ ਦੀ ਮਾਲਾ

ਯਾਦਾਂ ਦੀ ਮਾਲਾ ਵਿੱਚ ਹੌਕੇ ਜਾਵਾਂ ਰੋਜ਼ ਪਰੋਈ ਵੇ! ਚੂਪ ਗਿਆ ਬੇ ਦਰਦ ਵਿਛੋੜਾ, ਜੋਬਨ ਦੀ ਖ਼ੁਸ਼ਬੋਈ ਵੇ! ਦਿਲ ਦੀ ਅੱਗ ਰਲ੍ਹੀ ਸਾਹਾਂ ਵਿੱਚ, ਖਿੱਲਰੀ ਚਾਰ-ਚੁਫੇਰੇ ਜਾਪੇ ਜਿੱਦਾਂ ਕਿਸੇ ਕਲੀ ਨੂੰ ਲਾਟਾਂ ਪਾ ਲਏ ਘੇਰੇ ਸੇਕੋ-ਸੇਕ ਚਾਨਣੀ ਹੋਈ-ਚੰਨ ਨੂੰ ਲਾਂਬੂ ਲੱਗਾ-ਹੋ- ਜਦੋਂ ਮੈਂ ਚਾਨਣਾਂ ਰਾਤਾਂ ਦੇ-ਗਲ ਲੱਗ ਕੇ ਰੋਈ ਵੇ! ਏਦਾਂ ਰੂਪ ਉਦਾਸ ਹੋ ਗਿਆ, ਗਈਆਂ ਵਿਗੜ ਨੁਹਾਰਾਂ! ਉੱਜੜ ਜਾਵੇ ਬਾਗ਼ ਜਿਸ ਤਰ੍ਹਾਂ, ਆਉਂਦੇ ਸਾਰ, ਬਹਾਰਾਂ ਮਿਰਗਾਂ ਵਰਗੇ ਨੈਣ ਸ਼ਰਾਰਤੀ ਸਾਗਰ ਬਣ ਕੇ ਛਲ਼ਕੇ ਹੋ ਹੰਝੂਆਂ ਦੇ ਵਿੱਚ ਮੇਰੀ ਨੀਂਦਰ, ਗੋਤੇ ਖਾ ਖਾ ਮੋਈ ਵੇ! ਸੀਨੇ ਅੰਦਰ ਸੌਂ ਗਏ ਏਦਾਂ, ਜਜ਼ਬੇ ਭੁੱਖਣ-ਭਾਣੇਂ ਜਿਉਂ-ਰੋਹੀ ਵਿੱਚ ਖਿੜੇ ਫੁੱਲ ਦੀ, ਮਹਿਕ ਨ ਕੋਈ ਮਾਣੇਂ ਇਕ 'ਪੁੜ' ਪੀੜਾਂ-ਇਕ ਪੁੜ ਬਿਰਹਾ, ਗ਼ਮ ਦੀ ਚੱਲੇ ਚੱਕੀ ਹੋ- ਆਸ ਜਮਾਈ, ਦੁਹਾਂ ਪੁੜਾਂ ਦੇ- ਸੰਨ ਵਿੱਚ ਆਕੇ ਮੋਈ ਵੇ ਸੋਨੇ ਵੰਨਾਂ ਰੂਪ ਨਮਾਣਾ, ਕਿਸੇ ਅਰਥ ਨਾ ਆਇਆ ਵੇ ਜਿੱਦਾਂ ਕੰਮ ਕਿਸੇ ਨਾ ਆਵੇ ਕੰਜੂਸਾਂ ਦੀ ਮਾਇਆ ਵੇ ਦੀਪਕ ਵਾਂਗੂੰ ਤਿਲ ਤਿਲ ਸੜਣਾ ਲਿਖਿਆ ਸਾਡੇ-ਭਾਗੀਂ ਹੋ ਅੱਛਾ! ਜਿੱਦਾਂ ਤੇਰੀ ਮਰਜ਼ੀ ਉਜ਼ਰ ਨਾ ਸਾਡਾ ਕੋਈ ਵੇ ਚੂਪ ਗਿਆ ਬੇ ਦਰਦ ਵਿਛੋੜਾ ਜੋਬਨ ਦੀ ਖ਼ੁਸ਼ਬੋਈ ਵੇ

ਗੁਰੂਦੇਵ ਟੈਗੋਰ

ਗੁਰੂ ਦੇਵ ਟੈਗੋਰ ਦੇ ਚਰਨੀਂ ਮੇਰਾ ਲੱਖ ਪ੍ਰਣਾਮ ਦੁਨੀਆਂ ਦੇ ਇਤਿਹਾਸ 'ਚ ਚਮਕੇ, ਮਹਾਂਕਵੀ ਦਾ ਨਾਮ ਮਹਾਂ ਕਵੀ ਉਹ-ਪਰਮ ਸੰਤ ਉਹ-ਇਕ ਹਸਤੀ-ਰੂਹਾਨੀ ਜਿਸ ਦੀ ਪ੍ਰੇਮ ਭਰੀ ਕਵਿਤਾ ਵਿੱਚ ਮਸਤੀ-ਭਰੀ ਰਵਾਨੀ ਜਿਸ ਦੀ ਰੂਹ ਨੂੰ ਅਜ ਫਰਿਸ਼ਤੇ ਝੁਕ-ਝੁਕ ਕਰਨ ਸਲਾਮ ⁠ਮੇਰਾ ਲੱਖ ਸਲਾਮ............. ਗੀਤਾਂ ਦੇ ਵਿਚ ਦਰਦ ਅਨੋਖਾ-ਵੰਡੇ ਦਿਲ ਦੀਆਂ ਪੀੜਾਂ ਦੁਖੀ ਦਿਲਾਂ ਦੀਆਂ ਉਸ ਦੇ ਦਰ ਤੇ ਹਰ ਦਮ ਰਹੀਆਂ ਭੀੜਾਂ ਵਿਆਕੁਲ ਦਿਲ, ਉਸਦੇ ਸ਼ਬਦਾਂ ਥੀਂ, ਮਹਿਸੂਸੇ ਆਰਾਮ ⁠ਮੇਰਾ ਲੱਖ ਸਲਾਮ.............. ਜਿਸ ਦੀ ਵਾਣੀਂ ਵਿੱਚ ਸੁਰਸਤੀ-ਦਿਲ ਵਿੱਚ ਲੋਕ-ਭਲਾਈ ਜਿਸ ਨੇ ਆਪਣੀ ਕਲਮ ਸਾਹਮਣੇਂ-ਸੱਚੀ ਕਲਾ ਨਚਾਈ ਨਿਰਤ-ਕਾਵਿ-ਸੰਗੀਤ ਜਿਨ੍ਹਾਂ ਦੇ, ਹੋਕੇ ਰਹੇ ਗ਼ੁਲਾਮ ⁠ਮੇਰਾ ਲੱਖ ਸਲਾਮ ............. ਮੌਤ ਜਿਨ੍ਹਾਂ ਨੂੰ ਮਾਰ ਸਕੀ ਨਾ, ਜਿੱਤ ਸਕੀ ਨਾ ਮਾਇਆ ਮਾਨਵਤਾ ਦਾ ਇਸ਼ਕ ਜਿਨ੍ਹਾਂ ਨੇ ਜੀਵਨ ਤੀਕ ਨਿਭਾਇਆ ਦੀਪਕ ਭੀ-ਜੋਤੀ ਲੈ ਉਸਤੋਂ ਜਗਦਾ ਹੈ ਹਰ ਸ਼ਾਮ ⁠ਮੇਰਾ ਲੱਖ ਸਲਾਮ..............

ਪੀਣੀਂ ਛੱਡ ਦੇ

ਮੇਰਾ ਘਰ ਸੁਟਿਆ ਸੂ ਪੱਟ ਵੇ-ਤੂੰ ਪੀਣੀਂ ਛੱਡ ਦੇ ਕੀ ਬੋਤਲ ਚੋਂ ਲਿਆ ਤੂੰ ਖੱਟ ਵੇ-ਤੂੰ ਪੀਣੀਂ ਛੱਡ ਦੇ ਕਿਸੇ ਨੇ ਤਾਂ ਹੋਸ਼ ਨ ਸੰਭਾਲ ਪੀਤੀ ਹੋਵੇਗੀ ਕਿਸੇ ਨੇ ਗਲਾਸੀਆਂ ਦੇ ਨਾਲ ਪੀਤੀ ਹੋਵੇਗੀ ਤੂੰ ਤਾਂ ਖਾਲੀ ਕੀਤੇ ਮੱਟ ਵੇ! ਤੂੰ ਪੀਣੀਂ ਛੱਡਦੇ! ਸੈਂਕੜੇ ਹਜ਼ਾਰਾਂ ਤੂੰ ਸਵੇਰੇ ਸੌਹਾਂ ਚੁੱਕਦੈਂ ਸ਼ਾਮੀ ਡੱਬ ਵਿੱਚ ਸ਼ੀਸ਼ੀ ਰੱਖਣੋਂ ਨਾ ਉੱਕਦੈਂ ਗੇੜਾ-ਦੇ ਕੇ ਤੋੜਦੈਂ ਡੱਟ ਵੇ! ਤੂੰ ਪੀਣੀਂ ਛੱਡਦੇ! ਇਹ ਕੀ ਰੱਬ ਹੋਇਆ ਕਿਤੇ ਅਖ ਵੀ ਨਾ ਖੋਲ੍ਹਣੀਂ ਸੋਨੇ ਜਹੀ ਜਿੰਦ ਸਾਡੀ ਇਂਜ ਤਾਂ ਨਈਂ ਰੋਲ੍ਹਣੀਂ ਮੇਰੇ ਪੈਣ ਕਲੇਜੇ ਵੱਟ ਵੇ! ਤੂੰ ਪੀਣੀਂ ਛੱਡ ਦੇ ਵੈਲੀਆ! ਤਗਾਦਾ-ਤੂੰ ਤਾਂ ਵੇਚ ਵੇਚ ਖਾ ਲਿਆ ਤੇਰਿਆਂ ਸ਼ਰੀਕਾਂ ਨੇ ਚੁਬਾਰਾ ਨਵਾਂ ਪਾ ਲਿਆ ਮੇਰੇ ਦਿਲ ਤੇ ਵਜਦੀ ਸੱਟ ਵੇ-ਤੂੰ ਪੀਣੀਂ ਛੱਡਦੇ। ਲੀੜੇ-ਲੱਭੇ ਚੱਜ ਦੇ ਨਾ ਹਾੜਾਂ ਨਾ ਸਿਆਲਾਂ ਨੂੰ ਕਿੱਦਾਂ ਮੈਂ ਸੰਭਾਲਾਂ ਇਹਨਾਂ ਨਿੱਕੇ ਨਿੱਕੇ ਬਾਲਾਂ ਨੂੰ ਤੂੰ ਹੈ ਦੀਪਕਾ! ਖਾਣ ਦਾ ਲੱਟ ਵੇ-ਤੂੰ ਪੀਣੀਂ ਛੱਡ ਦੇ।

ਕਬੂਤਰਾ

ਬਾਤਾਂ ਚੰਨ ਮਾਹੀ ਦੀਆਂ ਪਾਵਾਂ ਵੇ ਕਬੂਤਰਾ! ਕਾਲਜੇ ਦੇ ਨਾਲ ਤੈਨੂੰ ਲਾਵਾਂ ਵੇ ਕਬੂਤਰਾ! ਮਾਹੀ ਵਾਂਗ ਤੇਰੀਆਂ ਭੀ ਲੰਮੀਆਂ ਉਲਾਰੀਆਂ ਤੂੰ ਕੀ ਜਾਣੇਂ ਕਿੱਦਾਂ ਅਸਾਂ ਉਮਰਾਂ ਗੁਜ਼ਾਰੀਆਂ ਕਿੱਦਾਂ ਅੱਗ ਮੱਚਦੀ ਬੁਝਾਵਾਂ ਵੇ ਕਬੂਤਰਾ! ⁠ਕਾਲਜੇ ਦੇ ਨਾਲ ਤੈਨੂੰ ਲਾਵਾਂ......... ਲੋਟਨਾ ਕਬੂਤਰਾ! ਤੂੰ ਹਾਣੀ ਮੇਰੇ ਪਿਆਰ ਦਾ ਸੁਹਣਿਆਂ! ਸੁਨੇਹਾ ਕਿਤੋਂ ਲੈ ਆ ਸੁਹਣੇਂ ਯਾਰ ਦਾ ਤੇਰੇ ਉੱਤੋਂ ਵਾਰੀ ਵਾਰੀ ਜਾਵਾਂ ਵੇ ਕਬੂਤਰਾ! ⁠ਕਾਲਜੇ ਦੇ ਨਾਲ ਤੈਨੂੰ ਲਾਵਾਂ......... ਮਾਹੀ ਦੇ ਵਿਛੋੜੇ ਨੇ ਹੈ ਕੀਤਾ ਮੈਨੂੰ ਝੱਲੀ ਵੇ ਤੂੰ ਜੇ ਨਹੀਂ ਜਾਣਾ! ਫੇਰ ਮੇਰੀ ਜਿੰਦ ਚੱਲੀ ਵੇ ਤੇਰੇ ਅੱਗੇ ਤਰਲੇ ਮੈਂ ਪਾਵਾਂ ਵੇ ਕਬੂਤਰਾ! ⁠ਕਾਲਜੇ ਦੇ ਨਾਲ ਤੈਨੂੰ ........... ਮਾਹੀ ਨੂੰ ਮਿਲਾ ਦੇ! ਫੇਰ ਸ਼ੌਕ ਤੂੰ ਹੰਢਾ ਲਵੀਂ ਆਹਲਣਾ ਬਸ਼ੱਕ ਮੇਰੀ ਹਿੱਕ ਉੱਤੇ ਪਾ ਲਵੀਂ ਤੈਨੂੰ ਕਿਸੇ ਗੱਲੋਂ ਨਾ ਹਟਾਵਾਂ ਵੇ ਕਬੂਤਰਾ! ⁠ਕਾਲਜੇ ਦੇ ਨਾਲ ਤੈਨੂੰ............ ਬਾਤਾਂ ਚੰਨ ਮਾਹੀ ਦੀਆਂ ਪਾਵਾਂ ਵੇ ਕਬੂਤਰਾ! ਕਾਲਜੇ ਦੇ ਨਾਲ ਤੈਨੂੰ ਲਾਵਾਂ ਵੇ ਕਬੂਤਰਾ!

ਛੱਲੀਆਂ, ਛੱਲੀਆਂ

ਛੱਲੀਆਂ ਛੱਲੀਆਂ ਛੱਲੀਆਂ ਵੇ। ਮਾਹੀਆ! ਤੂੰ ਕਰੀਆਂ ਮੈਂ ਝੱਲੀਆਂ ਵੇ ਕਿਹੜੀ ਗੱਲੋਂ ਪ੍ਰਦੇਸਾਂ ਮੱਲੀਆਂ ਵੇ ਪੀੜਾਂ ਕਾਲਜੇ ਚੋਂ ਉੱਠਣ ਅਵੱਲੀਆਂ ਵੇ ਸੈਆਂ ਚਿੱਠੀਆਂ ਲਖਾ ਕੇ ਘੱਲੀਆਂ ਵੇ, ⁠ਨਿਰਮੋਹੀ ਢੋਲਾ ਤਾਰੇ ਤਾਰੇ ਤਾਰੇ ਵੇ, ਅਸੀਂ ਹਿਜਰ ਤਿਰੇ ਦੇ ਮਾਰੇ ਵੇ! ਸਾਥੋਂ ਦੁਖੜੇ ਨਾ ਜਾਣ ਸਹਾਰੇ ਵੇ ਤੇਰਾ ਰਸਤਾ ਤੱਕ ਤੱਕ ਹਾਰੇ ਵੇ ਨਿੱਤ ਜ਼ਿੰਦਗੀ ਨੂੰ ਲਾਈਏ ਲਾਰੇ ਵੇ, ⁠ਨਿਰਮੋਹੀ ਢੋਲਾ ਪਾਣੀ ਪਾਣੀ ਪਾਣੀ ਵੇ, ਬੀਬਾ ਸਾਡੀ ਉਮਰ ਨਿਆਣੀ ਵੇ ਅਸੀਂ ਕਿਸ ਨੂੰ ਕਹੀਏ ਹਾਣੀ ਵੇ। ਇਹ ਦੁਨੀਆਂ ਰੁੜ ਪੁੜ ਜਾਣੀਂ ਵੇ ਸਾਡੀ ਤੂੰ ਨਾ ਕਦਰ ਪਛਾਣੀ ਵੇ ⁠ਨਿਰਮੋਹੀ ਢੋਲਾ ਛੱਲੇ ਛੱਲੇ ਛੱਲੇ ਵੇ, ਤੇਰੇ ਗ਼ਮ ਨਾ ਜਾਂਦੇ ਝੱਲੇ ਵੇ ਤੇਰਾ ਬਿਰਹਾ ਸੀਨਾ ਸੱਲੇ ਵੇ ਕਿੱਦਾਂ ਕਟੀਏ ਉਮਰ ਇਕੱਲੇ ਵੇ ਅਸੀਂ ਸੱਖਣੇ, ਜੱਗ ਤੋਂ ਚੱਲੇ ਵੇ ⁠ਨਿਰਮੋਹੀ ਢੋਲਾ

ਦੋਸਤੋ!

ਆਦਮੀਅਤ ਦਾ ਨਾ ਐਂ ਹੁਲੀਆ ਵਿਗਾੜੋ ਦੋਸਤੋ ਅੱਗ ਲਾਕੇ ਇਹ ਚਮਨ ਹੱਥੀਂ ਨਾ ਸਾੜੋ ਦੋਸਤੋ ਇਸ਼ਕ ਦੇ ਨਗ਼ਮੇ ਸੁਣਾਉ ਗੀਤ ਗਾਉ ਪਿਆਰ ਦੇ ਇਸ਼ਕ ਵਾਲੇ ਇਸ ਤਰ੍ਹਾਂ ਨ ਬਦ ਇਰਾਦੇ ਧਾਰਦੇ ਬਾਗ਼ ਚੋਂ ਨਫ਼ਰਤ ਦਾ ਹਰ ਬੂਟਾ ਉਖਾੜੋ ਦੋਸਤੋ! ⁠ਅੱਗ ਲਾਕੇ ਇਹ ਚਮਨ........... ਪੰਛੀਆਂ ਦੇ ਗੀਤ ਕੁਰਲਾਟਾਂ 'ਚ ਨਾ ਬਦਲਣ ਦਿਉ ਫੁੱਲਾਂ ਦੀ ਖ਼ੁਸ਼ਬੋ ਤੁਸੀਂ ਲਾਟਾਂ 'ਚ ਨਾ ਬਦਲਣ ਦਿਉ ਆਪਣੇ ਪੈਰਾਂ ਹੇਠ ਨਾ ਕਲੀਆਂ ਲਿਤਾੜੋ ਦੋਸਤੋ! ⁠ਅੱਗ ਲਾਕੇ ਇਹ ਚਮਨ........... ਜੇ ਕਿਤੇ ਬਰਬਾਦ ਕਰ ਬੈਠੇ ਤੁਸੀਂ ਖ਼ੁਸ਼ਹਾਲੀਆਂ ਫਿਰ ਕਿਸੇ ਭੀ ਫੁੱਲ ਉੱਤੇ ਰਹਿਣੀਆਂ ਨਈਂ ਲਾਲੀਆਂ ਰੌਣਕਾਂ ਗੁਲਸ਼ਨ ਦੀਆਂ ਐਂ ਨਾ ਉਜਾੜੋ ਦੋਸਤੋ! ⁠ਅੱਗ ਲਾਕੇ ਇਹ ਚਮਨ.......... ਕਦਰ ਦਾਨੋਂ! ਇਸ਼ਕ ਦਾ ਮਜ਼ਮੂਨ ਸਸਤਾ ਨਾ ਕਰੋ! ਬੇ-ਕਸੂਰੇ ਪੰਛੀਆਂ ਦਾ ਖੂਨ ਸਸਤਾ ਨਾ ਕਰੋ! ਕਾਲਜਾ ਕੁਦਰਤ ਦਾ ਨਾ ਛੂਹਿਆਂ ਥੀਂ ਪਾੜੋ ਦੋਸਤੋ! ⁠ਅੱਗ ਲਾਕੇ ਇਹ ਚਮਨ........ ਫਿਰ ਚਮਨ ਖ਼ਤਰੇ 'ਚ ਸਮਝੋ, ਜੇ ਰਹੀ ਨਾ ਸ਼ਾਂਤੀ ਬੁਝ ਗਿਆ ਦੀਪਕ ਤਾਂ ਫਿਰ ਲੱਭੋਗੇ ਕਿਥੋਂ ਰੌਸ਼ਨੀ ਬੇ ਵਜ੍ਹਾ ਨਾ ਜ਼ਿੰਦਗੀ ਸੂਲੀ ਤੇ ਚਾਹੜੋ ਦੋਸਤੋ ⁠ਅੱਗ ਲਾਕੇ ਇਹ ਚਮਨ ........ ਆਦਮੀਅਤ ਦਾ ਨਾ ਐਂ ਹੁਲੀਆ ਵਿਗਾੜੋ ਦੋਸਤੋ ਅੱਗ ਲਾ ਕੇ ਇਹ ਚਮਨ ਅਪਣਾ ਨਾ ਸਾੜੋ ਦੋਸਤੋ

ਦੁਨੀਆ ਬਹੁਰੰਗੀ

ਲੱਖ ਚਲਿੱਤਰ ਖੇਡਦੀ ਦੁਨੀਆ ਬਹੁਰੰਗੀ ਪਰ, ਜੋ ਤੁਧ ਭਾਵੇ ਮਾਲਕਾ! ਸਾਈ ਗਲ ਚੰਗੀ ਚਿੱਟੇ ਦਿਨ ਮੈਂ ਵੇਖਦਾਂ ਨਿੱਤ ਕਾਲੇ ਕਾਰੇ ਇੱਜ਼ਤ ਵਿਕੇ ਗ਼ਰੀਬ ਦੀ ਅਜ ਉੜਦ-ਬਜ਼ਾਰੇ ਥਾਂ ਥਾਂ ਫਿਰੇ ਮਨੁੱਖਤਾ ਅਜ ਨੰਗ-ਧੜੰਗੀ ⁠ਪਰ ਜੋ ਤੁਧ ਭਾਵੇ ਮਾਲਕਾ.......... ਤੇਰਾ ਬੰਦਾ, ਵੇਖ ਲੈ ਬੰਦਿਆਂ ਨੂੰ ਖਾਂਦਾ ਰੱਤ ਚੂਸਦਾ ਚੰਦਰਾ ਨਹੀਉਂ ਸ਼ਰਮਾਂਦਾ ਬੇਦਰਦਾਂ ਨੇ ਜ਼ਿੰਦਗੀ ਸੂਲੀ ਤੇ ਟੰਗੀ ⁠ਪਰ, ਜੋ ਤੁਧ ਭਾਵੇ ਮਲਕਾ.......... ਚੋਰ ਉਚੱਕੇ ਚੌਧਰੀ ਫਿਰਦੇ ਹੰਕਾਰੇ ਦਾਰੂ ਪੀ ਪੀ ਚੰਦਰੇ ਮਾਰਨ ਲਲਕਾਰੇ ਡਰ ਡਰ ਕੇ ਦਿਨ ਕੱਟਦੇ ਬੰਦੇ ਸਤ-ਰੰਗੀ ⁠ਪਰ, ਜੋ ਤੁਧ ਭਾਵੇ ਮਾਲਕਾ.......... ਥਾਂ ਥਾਂ ਠੱਗਾਂ ਖੋਲ੍ਹੀਆਂ ਠੱਗੀ ਦੀਆਂ ਹੱਟਾਂ ਪਾਪੀ ਮਾਰਨ, ਪਿਆਰ ਦੇ ਸੀਨੇ ਤੇ ਸੱਟਾਂ ਜਾਲ ਵਿਛਾਉਂਦੇ ਭਰਮ ਦਾ ਕੁਝ ਭੇਖੀ-ਢੰਗੀ ⁠ਪਰ, ਜੋ ਤੁਧ ਭਾਵੇ ਮਾਲਕਾ.......... ਮਾਇਆ ਧਾਰੀ ਰਾਖਸ਼ਾਂ ਅੱਤ ਐਸੀ ਚੱਕੀ ਆਸ਼ਿਕ ਲੋਕ ਮਸੂਸਦੇ ਹਰ ਤਰਫ਼ ਕੁੜੱਕੀ ਦੀਪਕ! ਹਰ ਦਰਵੇਸ਼ ਨੂੰ ਅੰਤਾਂ ਦੀ ਤੰਗੀ ⁠ਪਰ, ਜੋ ਤੁਧ ਭਾਵੇ ਮਾਲਕਾ ........... ਲੱਖ ਚਲਿੱਤਰ ਖੇਡਦੀ ਦੁਨੀਆਂ ਬਹੁਰੰਗੀ ਪਰ, ਜੋ ਤੁਧ ਭਾਵੇ ਮਾਲਕਾ ਸਾਈ ਗੱਲ ਚੰਗੀ

ਇੱਕ ਬੂੰਦ ਪਾਣੀ

ਇੱਕ ਬੂੰਦ ਪਾਣੀ ਬਿਨਾਂ ਜਿੰਦੜੀ ਤਿਹਾਈ ਚੰਨਾ ⁠ਇੱਕ ਬੂੰਦ ਪਾਣੀ ਦੀ ਪਿਲਾ ਭਲਾ ਜੀ ਸਾਨੂੰ ਤੇਰੀ ਸਹੁੰ! ⁠ਇੱਕ ਬੂੰਦ ਪਾਣੀ ਦੀ ਪਿਲਾ ਸਮੇਂ ਤੇ ਸਵਾਰ ਹੋਕੇ ਸੱਧਰਾਂ ਜਵਾਨ ਹੋਈਆਂ ⁠ਚਿਰਾਂ ਤੋਂ ਕੁਆਰੇ ਸਾਡੇ ਚਾਅ ਭਲਾ ਜੀ ਸਾਨੂੰ ਤੇਰੀ ਸਹੁੰ! ⁠ਚਿਰਾਂ ਤੋਂ ਕੁਆਰੇ ਸਾਡੇ ਚਾਅ ਸੁੱਖਾਂ, ਸੁੱਖ-ਸੁੱਖ ਕੇ ਨਸੀਬ ਹੋਇਆ ਮੇਲ ਤੇਰਾ ⁠ਛੇੜਦੀ ਹੈ ਖ਼ਾਹਿਸ਼ਾਂ ਦੀ ਢਾਣੀ ਲਾਗੇ ਆ ਕੇ ਸਾਨੂੰ ਤੱਤਾ ਰੇਤਾ ਹੀ ਦਿਖਾਈ ਦਿੱਤਾ ⁠ਜਿਹੜਾ ਦੂਰੋਂ ਦਿਸਦਾ ਸੀ ਪਾਣੀ ਕਾਲਜੇ ਦੀ ਅੱਗ ਸਾੜ ਦੇਵੇ ਨਾ ਈਮਾਨ ਕਿਤੇ ⁠ਮੱਚੜੀ ਇਹ ਅੱਗ ਤਾਂ ਬੁਝਾ ਭਲਾ ਜੀ ਸਾਨੂੰ ਤੇਰੀ ਸਹੁੰ! ⁠ਕੇਰਾਂ ਸਾਡੀ ਅੱਗ ਤਾਂ ਬੁਝਾ ਏਦਾਂ ਅਰਮਾਨਾਂ ਦਾ ਤੂਫ਼ਾਨ ਉੱਠੇ ਹਿੱਕੜੀ ਚੋਂ ⁠ਜਿੱਦਾਂ ਬੀਕਾਨੇਰ ਚੋਂ ਹਨ੍ਹੇਰੀ ਕੋਸ਼ਿਸ਼ਾਂ ਦੇ ਨਾਲ ਸਦਾ ਸਾਂਭ-ਸਾਂਭ ਰੱਖਦੀ ਹਾਂ ⁠ਟੁੱਟ ਪੈਣੇ ਚਾਅਵਾਂ ਦੀ ਦਲੇਰੀ ਸ਼ੂਕਦੀਆਂ ਆਉਣ ਜਜ਼ਬਾਤਾਂ ਦੀਆਂ ਛੱਲਾਂ ⁠ਇਹਨਾਂ ਲੱਜ ਦੇ ਕਿਨਾਰੇ ਦੇਣੇਂ ਢਾ ਭਲਾ ਜੀ ਸਾਨੂੰ ਤੇਰੀ ਸਹੁੰ! ⁠ਲੱਜ ਦੇ ਕਿਨਾਰੇ ਦੇਣੇਂ ਢਾ ਇੱਕ ਡਰ ਮਾਰੇ ਰਾਜੇ ਬਾਬਲੇ ਦੀ ਪੱਗ ਦਾ ਵੇ ⁠ਦੂਜੇ ਤੇਰੇ ਸਿਹਰਿਆਂ ਦੀ ਸੰਗ ਜਾਣਦੀ ਹਾਂ ਓਦਾਂ ਜਿਹੜੇ ਪਾਲੇ ਦੇ ਨੇ ਮਾਰੇ ਫੁੱਲ ⁠ਉਹਨਾਂ ਉੱਤੇ ਆਉਂਦਾ ਨਹੀਂ ਰੰਗ ਕਦੀ-ਕਦੀ ਏਦਾਂ ਭੀ ਖ਼ਿਆਲ ਆਉਂਦੈ 'ਦੀਪਕਾ, ਵੇ! ⁠ਲਾਂਬੂ ਲਵਾਂ ਜ਼ਿੰਦਗੀ ਨੂੰ ਲਾ ਭਲਾ ਜੀ ਮੈਨੂੰ ਤੇਰੀ ਸਹੁੰ! ⁠ਲਾਂਬੂ ਲਵਾਂ ਜ਼ਿੰਦਗੀ ਨੂੰ ਲਾ

ਇਸ਼ਕ ਨਿਮਾਣਾ

ਕੀ ਬਚਣੈਂ ਉਹਨਾਂ ਨੇ ਪਿਆਰ ਰੋਗ ਜਿਨ੍ਹਾਂ ਹੈ ਲਾਇਆ ਇਹ ਇਸ਼ਕ ਨਮਾਣਾ ਨੀ ਰਾਸ ਨਾ ਕਦੇ ਕਿਸੇ ਨੂੰ ਆਇਆ ਚੂਚਕ ਦੀਆਂ ਰਾਂਝੇ ਨੇ ਸੀ ਮੱਝਾਂ ਬਾਰਾਂ ਸਾਲ ਚਰਾਈਆਂ ਖੁੱਸ ਹੀਰ ਗਈ ਹੱਥੋਂ-ਪੜਾ-ਕੇ ਕੰਨ ਉਸ ਮੁੰਦਰਾਂ ਪਾਈਆਂ ਪਿੰਡ-ਖੇੜੇ ਜਾਕੇ ਸੀ-ਜੱਟ ਨੇ ਘਰ ਘਰ ਨਾਦ ਵਜਾਇਆ ⁠ਇਹ ਇਸ਼ਕ ਨਮਾਣਾ ਨੀ!ਰਾਸ........... ਝੱਟ ਬਹਿ ਗਈ ਬੱਕੀ ਤੇ, ਇਸ਼ਕ ਨੇ ਸਾਹਿਬਾਂ ਦੀ ਮੱਤ ਮਾਰੀ ਪਰ ਵੇਖ ਭਰਾਵਾਂ ਨੂੰ, ਯਾਰ ਦੇ ਨਾਲ ਕਰੀ ਗ਼ੱਦਾਰੀ ਭੰਨ ਤਰਕਸ਼ ਮਿਰਜ਼ੇ ਦਾ, ਜੱਟ ਨੂੰ ਜੰਡ ਦੇ ਹੇਠ ਵਢਾਇਆ। ⁠ਇਹ ਇਸ਼ਕ ਨਮਾਣਾ ਨੀ.............. ਇਕ ਸੁਹਣੀਂ ਦੇ ਪਿੱਛੇ- ਹੋ ਗਿਆ ਇੱਜ਼ਤਬੇਗ ਸ਼ੁਦਾਈ ਅੱਗ ਲਾਕੇ ਇੱਜ਼ਤ ਨੂੰ, ਓਸ ਨੇ ਭਾਂਡਿਆਂ ਦੀ ਹੱਟ ਪਾਈ ਮੱਛੀ ਦੀ ਥਾਂ ਉਸ ਨੇ, ਸੀ ਚੀਰ ਕੇ, ਪੱਟ ਦਾ ਮਾਸ ਖੁਆਇਆ ⁠ਇਹ ਇਸ਼ਕ ਨਮਾਣਾ ਨੀ............. ਪੱਟ ਦਿੱਤੀ ਦਾਰੂ ਨੇ, ਸੌਂ ਗਈ ਸੱਸੀ ਜਾਮ ਚੜ੍ਹਾ ਕੇ ਹਥ ਮਲਦੀ ਹੀ ਰਹਿ ਗਈ, ਪੁਨੂੰ ਨੂੰ ਲੈ ਗਏ 'ਹੋਤ' ਉਠਾ ਕੇ ਉਹ ਥਲ ਵਿੱਚ ਸੜ ਮੋਈ-ਰੂਪ ਨੂੰ ਹੱਥੀਂ ਲਾਂਬੂ ਲਾਇਆ ⁠ਇਹ ਇਸ਼ਕ ਨਮਾਣਾ ਨੀ............ ਮਲਕੀ-ਤੇ-ਕੀਮੇ ਦੀ, ਦੀਪਕਾ ਭੁੱਲਿਐ ਕੌਣ ਕਹਾਣੀ ਖ਼ੁਦ ਮੌਤ ਸਹੇੜ ਲਈ ਨ ਮੁੜਿਆ ਪਰ ਹੋਣੀ ਦਾ ਹਾਣੀ ਉਸ ਨੇ ਆਪਣਾ ਪਿੰਡਾ, ਅੰਤ ਕੀਮਾ-ਕੀਮਾ ਕਰਵਾਇਆ ⁠ਇਹ ਇਸ਼ਕ ਨਮਾਣਾ ਨੀ............. ਕੀ ਬਚਣੈ ਉਹਨਾਂ ਨੇ, ਪਿਆਰ ਦਾ ਰੋਗ ਜਿਨ੍ਹਾਂ ਹੈ ਲਾਇਆ ਇਹ ਇਸ਼ਕ ਨਮਾਣਾ ਨੀ ਰਾਸ ਨਾ ਕਦੇ ਕਿਸੇ ਨੂੰ ਆਇਆ

ਝੂਠਾ ਮੋਹ

ਤੇਰਾ, ਤੇਰੇ ਘਰ ਚੋਂ ਉਠ ਸਤਿਕਾਰ ਗਿਆ ਝੂਠਾ ਮੋਹ ਪਰਿਵਾਰ ਦਾ ਤੈਨੂੰ ਮਾਰ ਗਿਆ ਮੈਂ-ਮੈਂ ਮੇਰੀ-ਮੇਰੀ ਵਿੱਚ ਤੂੰ ਗ਼ਰਕ ਗਿਐਂ ਬਦ ਬਦਖ਼ਤਾ! ਕਿਉਂ ਉਮਰ ਬਿਤਾ ਕੇ ਠਰਕ ਗਿਐਂ ਮਰੀ ਨਾ ਖ਼ਾਹਿਸ਼, ਦਿਲ ਚੋਂ ਨਾ ਹੰਕਾਰ ਗਿਆ ⁠ਝੂਠਾ ਮੋਹ ਪਰਿਵਾਰ ਦਾ........... ਪੁਤਰਾਂ-ਧੀਆਂ ਖ਼ਾਤਿਰ ਠੱਗੇ ਯਾਰ ਬੜੇ! ਉਹਨਾਂ ਨੇ ਰੱਖਿਆ ਹੈ ਤੈਨੂੰ ਐਨ ਰੜੇ! ਜਣਾ-ਖਣਾ ਸਭ ਤੇਰੀ ਭੁਗਤ ਸੁਆਰ ਗਿਆ ⁠ਝੂਠਾ ਮੋਹ ਪਰਿਵਾਰ ਦਾ........... ਮੇਰੇ-ਮੇਰੇ ਕਹਿਕੇ ਸੀਨੇ ਲਾਏ ਤੂੰ ਹੱਥੀਂ ਪਾਲੇ- ਇਹ ਕੂਕਰ ਹਲਕਾਏ ਤੂੰ ਜਿਸ ਦਾ ਦਾਅ ਲੱਗਿਆ- ਓਹੀ ਚੱਕ ਮਾਰ ਗਿਆ ⁠ਝੂਠਾ ਮੋਹ ਪਰਿਵਾਰ ਦਾ .......... ਤੂੰ ਅਪਣੇਂ ਨਾ ਜਾਣ ਇਹ ਤੇਰੇ ਵੈਰੀ ਨੇ ਜੋ ਰੱਤ ਪੀਕੇ ਅੱਖ ਰੱਖਦੇ ਕੈਰੀ ਨੇ ਉਲਝ ਗਿਆ ਤੂੰ ਐਸਾ, ਵਿੱਸਰ ਯਾਰ ਗਿਆ ⁠ਝੂਠਾ ਮੋਹ ਪਰਿਵਾਰ ਦਾ........... ਉਹ ਸਾਥੀ, ਜਿਸ ਨਾਲ ਤੂੰ ਉਮਰ ਗੁਜ਼ਾਰੀ ਹੈ ਤੇਰੀ ਹਾਮੀ ਭਰਨੋਂ, ਉਹ ਇਨਕਾਰੀ ਹੈ ਜਿਸ ਦੀ ਖ਼ਾਤਿਰ, ਤੂੰ ਖਪ ਖਪ ਕੇ ਹਾਰ ਗਿਆ ⁠ਝੂਠਾ ਮੋਹ ਪਰਿਵਾਰਦਾ........... ਹੁਣ ਕਾਹਤੋਂ ਤੂੰ ਬੁਕ ਬੁਕ ਅਥਰੂ ਸਿੱਟਦਾ ਏਂ ਝੁੱਗਾ ਚੌੜ ਕਰਾ ਕੇ, ਕਾਹਤੋਂ ਪਿੱਟਦਾ ਏਂ ਦਿਲ ਸਮਝਾ, ਕਹਿੰਦੇ ਸਿਰ ਤੋਂ ਲਹਿ ਭਾਰ ਗਿਆ ⁠ਝੂਠਾ ਮੋਹ ਪਰਿਵਾਰ ਦਾ........... ਜਿਸ ਨੇ ਚਾਨਣ ਵੰਡਿਆ, ਨ੍ਹੇਰ ਹੰਢਾਇਆ ਏ ਉਹ ਅੱਜ ਚਾਨਣ ਦੀ ਛਿੱਟ ਦਾ ਤ੍ਰਿਹਾਇਆ ਏ ਜੋ ਦੀਪਕ ਬਣ ਕੇ ਪੀ ਨ੍ਹੇਰ-ਗੁਬਾਰ ਗਿਆ ਝੂਠਾ ਮੌਹ ਪਰਿਵਾਰ ਦਾ ਤੈਨੂੰ ਮਾਰ ਗਿਆ

ਠੰਡੀਆਂ ਛਾਵਾਂ

ਦੁਖ-ਸੁਖ ਫੋਲਣ ਬੈਠ ਕੇ, ਧੀਆਂ ਤੇ ਮਾਵਾਂ ਮਾਵਾਂ ਜਿਹੀਆਂ ਲਭ ਦੀਐਂ ਕਦ ਠੰਡੀਆਂ ਛਾਵਾਂ ਭਾਵੇਂ, ਮੁੜ੍ਹਕਾ ਭੈਣ ਦਾ ਨਾ ਭੁੱਲਣ ਵੀਰੇ! ਪਰ ਵੀਰਾਂ ਦੇ ਭਾਬੀਆਂ ਬਦਲਾਉਣ ਵਤੀਰੇ ਖੂਨ ਬੇਗਾਨਾ ਚੰਦਰਾ, ਵੱਢੇ ਪਰਛਾਵਾਂ ⁠ਮਾਵਾਂ ਜਿਹੀਆਂ ਲਭਦੀਆਂ ਕਦ........ ਮਾਂ ਸਦਕਾ ਘਰ ਬਾਪ ਦੇ ਧੀ ਦੀ ਸਰਦਾਰੀ ਉੱਡ ਜਾਂਦੀ ਹੈ ਕੂੰਜ ਪਰ ਇੱਕ ਰੋਜ਼ ਵਿਚਾਰੀ ਹੱਥੀਂ ਡੋਲੇ ਤੋਰ ਤੇ ਸਰਦਾਰ ਭਰਾਵਾਂ ⁠ਮਾਵਾਂ ਜਿਹੀਆਂ ਲਭਦੀਆਂ ਕਦ........ ਰਿਜ਼ਕ ਧੀਆਂ ਦਾ, ਕੁਦਰਤੋਂ ਬੇਗਾਨੇ ਖੇੜੇ ਭਾਂ-ਭਾਂ ਕਰਦੇ ਜਾਪਦੇ-ਧੀਆਂ ਬਿਨ ਵਿਹੜੇ ਕੰਧਾਂ ਵੱਢ ਵੱਢ ਖਾਂਦੀਆਂ ਜਿਸ ਤਰ੍ਹਾਂ ਬਲਾਵਾਂ ⁠ਮਾਵਾਂ ਜਿਹੀਆਂ ਲਭਦੀਆਂ ਕਦ......... ਘਰ ਵਿੱਚ ਧੀ ਦੇ ਆਸਰੇ, ਮਾਂ ਹੋਵੇ ਰਾਣੀ ਨੂੰਹਾਂ ਬੋਲਣ ਸਾਹਮਣੇਂ ਨਾ ਕੁਸਕੇ ਹਾਣੀ ਧੀਆਂ ਸਦਕਾ ਰਖਦੀਐਂ ਸਰਦਾਰੀ ਮਾਵਾਂ ⁠ਮਾਵਾਂ ਜਿਹੀਆਂ ਲਭਦੀਆਂ ਕਦ........ ਬਾਪੂ ਖੱਬੀ-ਖ਼ਾਨ ਨੂੰ, ਇਕ ਬਾਤ ਨਾ ਸੁੱਝੇ ਮਾਂ ਹੋਵੇ ਭੱਠ ਝੋਕਣੀ, ਪਰ ਧੀ ਨੂੰ ਲੁੱਝੇ ਸੋਚੇ, ਕੱਢ ਕੇ ਕਾਲਜਾ, ਧੀ ਨੂੰ ਦੇ ਆਵਾਂ ⁠ਮਾਵਾਂ ਜਿਹੀਆਂ ਲਭਦੀਆਂ ਕਦ........ ਮਾਂ ਦੇ ਸਦਕਾ ਹੁੰਦੇ ਹਨ ਧੀਆਂ ਦੇ ਮਾਪੇ ਮਾਂ ਭੇਜੇ ਪੰਜੀਰੀਆਂ ਧੀ ਦੇ ਹਰ ਜਾਪੇ ਮਾਂ ਬਾਝੋ ਟੁਕ-ਖੁਹ ਲਿਆ-ਧੀ ਹੱਥੋਂ ਕਾਵਾਂ ⁠ਮਾਵਾਂ ਜਿਹੀਆਂ ਲਭਦੀਆਂ ਕਦ......... ਪੇਕੇ ਘਰ ਸੀ ਲਾਡਲੀ, ਲਖ ਬਣਤ ਬਣਾਵੇ ਆਖ਼ਿਰ ਸਿੱਟ ਕੇ ਕੁੰਜੀਆਂ, ਡੋਲੀ ਚੜ੍ਹ ਜਾਵੇ, ਦੀਪਕ! ਜਗ ਦੀ ਰੀਤ ਮੈਂ ਕਿੱਦਾਂ ਬਦਲਾਵਾਂ ਮਾਵਾਂ ਜਿਹੀਆਂ ਲਭਦੀਆਂ ਕਦ ਠੰਡੀਆਂ ਛਾਵਾਂ

ਦਿਲ ਦੇ ਬੋਲ

ਮੇਰੇ ਦਿਲ ਦੇ ਬੋਲ ਪੁਗਾਵੇਂ ਮੈਂ ਜਦ ਯਾਦ ਕਰਾਂ ਝੱਟ ਆਵੇਂ ਜਦ ਵੀ ਮੁਸ਼ਕਿਲ ਸਿਰ ਤੇ ਆਈ- ਤੂੰ ਪਹੁੰਚਾ ਦੇਰੀ ਨਾ ਲਾਈ ਹਰ ਮੁਸ਼ਕਿਲ ਤੋਂ ਜਾਨ ਛੁੜਾਵੇਂ- ਮੈਂ ਜਦ ਯਾਦ ਕਰਾਂ......... ਮੇਰੇ ਦਿਲ ਦੀ ਪੀੜ ਪਛਾਣੇਂ-ਹਰ ਗਲ ਸਮਝੇਂ ਹਰ ਗਲ ਜਾਣੇਂ ਮੇਰੇ ਦਿਲ ਦਾ ਦਰਦ ਮਿਟਾਵੇਂ ਮੈਂ ਜਦ ਯਾਦ ਕਰਾਂ ........ ਇਹ ਦੁਨੀਆਂ ਪਲ ਪਲ ਤੜਪਾਵੇ-ਜਦ ਭੀ ਦਿਲ ਟੁੱਟਣ ਤੇ ਆਵੇ ਰਾਤ ਬਖਸ਼ੇਂ-ਚਿਰ ਨਾ ਲਾਵੇਂ ਮੈਂ ਜਦ ਯਾਦ ਕਰਾਂ......... ਜਦ ਅਸਮਾਨ ਤੇ ਖਿੱਲਰੇ ਧੂੰਆਂ-ਚੋਗਿਰਦਾ ਘੇਰਨ ਬਦਬੂਆਂ ਜ਼ੁਲਫਾਂ ਦੀ ਖ਼ੁਸ਼ਬੂ ਬਿਖਰਾਵੇਂ ਮੈਂ ਜਦ ਯਾਦ ਕਰਾਂ......... ਜਦ ਉਲਝੇ ਜੀਵਨ ਦੀ ਤਾਣੀ-ਆਸਾਂ ਤੇ ਫਿਰ ਜਾਵੇ ਪਾਣੀ ਆਪਣਾ ਜਲਵਾ ਤੁਰਤ ਦਿਖਾਵੇਂ ਮੈਂ ਜਦ ਯਾਦ ਕਰਾਂ........ ਘੇਰ ਲਵੇ ਜਦ ਘੁੱਪ ਹਨ੍ਹੇਰਾ-ਜਾਂ ਮੁੱਕ ਜਾਵੇ ਸਾਹਸ ਮੇਰਾ ਮੇਰੇ ਦਿਲ ਵਿਚ ਜੋਤ-ਜਗਾਵੇਂ ਮੈਂ ਜਦ ਯਾਦ ਕਰਾਂ........ ਗ਼ਮ ਦੀ ਕਾਲੀ-ਬੋਲੀ ਨ੍ਹੇਰੀ-ਝੁਲਦੀ ਹੈ ਸਿਰ ਤੇ ਹਰ ਵੇਰੀ ਤੂੰ ਰਹਿਮਤ ਦਾ ਮੀਂਹ ਬਰਸਾਵੇਂ ਮੈਂ ਜਦ ਯਾਦ ਕਰਾਂ........ ਕਿਉਂ ਮੈਂ ਕੂਕਾਂ-ਕਿਉਂ ਮੈਂ ਰੋਵਾਂ-ਕਿਉਂ ਤੇਰੀ ਮਸ਼ਕੂਰ ਨਾ ਹੋਵਾਂ ਤੂੰ ਕਰਦੈਂ ਹਾਲਾਤ ਸੁਖਾਵੇਂ ਜਦ ਮੈਂ ਯਾਦ ਕਰਾਂ........ ਤੈਨੂੰ ਛੱਡ ਕੇ ਹੋਰ ਸਹਾਰਾ-ਮੈਂ ਕਿਉਂ ਲੱਖਾਂ ਮੇਰੇ ਯਾਰਾ ਐ ਦੀਪਕ! ਤੂੰ ਰਾਹ ਰੁਸ਼ਨਾਵੇਂ-ਜਦ ਮੈਂ ਯਾਦ ਕਰਾਂ ਝਟ ਆਵੇਂ ਮੇਰੇ ਦਿਲ ਦੇ ਬੋਲ ਪੁਗਾਵੇਂ ਜਦ ਮੈਂ ਯਾਦ ਕਰਾਂ ਝੱਟ ਆਵੇ

ਕੌਮੀ ਝੰਡਾ

ਲੱਖਾਂ ਹੀ ਉਪਕਾਰ ਕਮਾਏ ਇਸ ਨੇ ਹਿੰਦੋਸਤਾਨ ਤੇ ਇਹ ਪਿਆਰਾ ਤਿੰਨ ਰੰਗਾ ਝੰਡਾ ਲਹਿਰਾਵੇ ਅਸਮਾਨ ਤੇ ਇਹ ਝੰਡਾ ਹੀ ਮਿਲਵਰਤਣ ਦੀ ਰੀਤ ਸਿਖਾਉਂਦੈ ਲੋਕਾਂ ਨੂੰ ਲਹਿਰ ਲਹਿਰ ਕੇ ਪਿਆਰਾਂ ਦਾ ਸੰਗੀਤ ਸਿਖਾਉਂਦੈ ਲੋਕਾਂ ਨੂੰ ਅਜ ਇਹ ਦੁਨੀਆਂ ਫੁੱਲ ਚੜ੍ਹਾਵੇ ਇਸ ਦੇ ਹਰ ਫ਼ੁਰਮਾਨ ਤੇ ⁠ਇਹ ਪਿਆਰਾ ਤਿੰਨ ਰੰਗਾ ਝੰਡਾ.......... ਦੁਨੀਆਂ ਨੂੰ ਪੈਗ਼ਾਮ ਏਸ ਨੇ ਅੜੀਉ ਨਵਾਂ ਸੁਣਾਇਆ ਏ ਮੈਂ ਬਲਿਹਾਰੀ, ਜਿਸ ਨੇ ਇਸ ਦਾ ਸੁੰਦਰ ਰੂਪ ਬਣਾਇਆ ਏ ਜਾਦੂ ਕਰ ਦਿੱਤਾ ਹੈ ਇਸ ਨੇ ਮੇਰੇ ਭੀ ਈਮਾਨ ਤੇ ⁠ਇਹ ਪਿਆਰਾ ਤਿੰਨ ਰੰਗਾ ਝੰਡਾ........... ਇਹ ਲਹਿਰਾਵੇ, ਤਾਂ ਇਸ ਵਿੱਚੋਂ ਫੁੱਲ ਅਮਨ ਦੇ ਕਿਰਦੇ ਨੇ ਇਸ ਦੀਆਂ ਰਮਜ਼ਾਂ, ਓਹੀ ਸਮਝਣ ਸਾਫ਼ ਜਿਨ੍ਹਾਂ ਦੇ ਹਿਰਦੇ ਨੇ ਸ਼ਾਲਾ! ਇਸ ਦੀ ਸ਼ੁਹਰਤ ਚਮਕੇ, ਜੁੱਗਾਂ ਤੀਕ ਜਹਾਨ ਤੇ ⁠ਇਹ ਪਿਆਰਾ ਤਿੰਨ ਰੰਗਾ ਝੰਡਾ........... ਹਰ ਮੁਸ਼ਕਿਲ ਆਸਾਨ ਬਣੇਂਗੀ- ਏਸ ਸਹਾਰੇ ਭਾਰਤ ਦੀ ਚਮਕੇਗੀ ਤਕਦੀਰ ਯਕੀਨੀਂ, ਇਸ ਦੁਖਿਆਰੇ ਭਾਰਤ ਦੀ ਐ ਦੀਪਕ! ਬਲਿਹਾਰੇ ਜਾਈਏ, ਇਸ ਦੀ ਸੁਹਣੀ ਸ਼ਾਨ ਤੇ ⁠ਇਹ ਪਿਆਰਾ ਤਿੰਨ ਰੰਗਾ ਝੰਡਾ, ⁠ਲਹਿਰਾਵੇ ਅਸਮਾਨ ਤੇ

ਵੀਰਾਂ ਦੀ ਕੁਰਬਾਨੀ

ਅਮਰ ਸ਼ਹੀਦਾਂ ਨੇ ਸਿਰ ਦੇ ਕੇ- ⁠-ਬੰਨ੍ਹਿਆ ਮੁਢ ਕਹਾਣੀ ਦਾ ਇਹ ਆਜ਼ਾਦੀ ਅਮਰ-ਚਿੰਨ੍ਹ ਹੈ, ⁠-ਵੀਰਾਂ ਦੀ ਕੁਰਬਾਨੀ ਦਾ ਲੱਖਾਂ ਹਨ ਪ੍ਰਣਾਮ ਉਨ੍ਹਾਂ ਨੂੰ ਜਿਨ੍ਹਾਂ ਇਸ਼ਕ ਨਿਭਾਇਆ ਏ ਆਜ਼ਾਦੀ ਦੀ ਭੇਟ ਜਿਨ੍ਹਾਂ ਨੇ ਜੀਵਨ-ਫੁਲ ਚੜ੍ਹਾਇਆ ਏ ਨਾਲ ਸਿਰਾਂ ਦੇ ਮੁੱਲ ਚੁਕਾਇਆ ਇਸ ਦੀ ਭਰੀ ਜਵਾਨੀ ਦਾ ਇਹ ਆਜ਼ਾਦੀ ਅਮਰ ਚਿੰਨ੍ਹ ਹੈ........... ਮਹਾਰਾਣਾ ਪ੍ਰਤਾਪ-ਸ਼ਿਵਾਜੀ, ਬੰਦਾ ਬੀਰ ਮਹਾਨ ਨੇ ਲਹੂ ਡੋਲ੍ਹਿਆ ਕਲਗੀਧਰ ਨੇ, ਉਹਨਾਂ ਦੀ ਸੰਤਾਨ ਨੇ ਨਾਲ ਉਨ੍ਹਾਂ ਦੇ ਨਾਂ ਰੌਸ਼ਨ ਹੈ, ਝਾਂਸੀ ਵਾਲੀ ਰਾਣੀ ਦਾ ਇਹ ਆਜ਼ਾਦੀ ਅਮਰ ਚਿੰਨ੍ਹ ਹੈ .......... ਚੰਦਰ ਸ਼ੇਖਰ ਖੂਨ ਪਿਲਾਇਆ ਇਸ ਦੀ ਜੀਭ ਪਿਆਸੀ ਨੂੰ ਭਗਤ ਸਿੰਘ ਜਿਹੇ ਬੀਰ ਝੂਲ ਗਏ ਪੀਂਘ ਸਮਝ ਕੇ ਫਾਂਸੀ ਨੂੰ ਲੰਦਨ ਜਾਕੇ ਊਧਮ ਸਿੰਘ ਨੇ ਬਦਲਾ ਲਿਆ ਸ਼ੈਤਾਨੀ ਦਾ ਇਹ ਆਜ਼ਾਦੀ ਅਮਰ ਚਿੰਨ੍ਹ ਹੈ .......... ਨੇਤਾ ਦੇ ਪ੍ਰਦੇਸ ਜਾਣ ਦੀਆਂ ਭੁੱਲਿਆ ਕੌਣ ਤਰੀਕਾਂ ਨੇ ਜਿਸ ਦੇ ਮੁੜ ਆਵਣ ਦੀਆਂ ਹੁਣ ਤਕ ਕਰਦਾ ਦੇਸ਼ ਉਡੀਕਾਂ ਨੇ ਜਿਸ ਦੇ ਸਜਦੇ ਵਿੱਚ ਸਿਰ ਝੁਕਦੈ-ਹਰ ਇਕ ਹਿੰਦੋਸਤਾਨੀ ਦਾ ਇਹ ਆਜ਼ਾਦੀ ਅਮਰ ਚਿੰਨ੍ਹ ਹੈ........... ਹੁਣ ਜਾਵਣ ਹੱਦਾਂ ਤੋਂ ਪਾਸੇ ਜੋ ਜੋਗੀ ਦੀਵਾਨੇ ਹਨ ਇਸ ਦੀ ਰੱਖਿਆ ਲਈ ਕਰੋੜਾਂ ਸਿਰ ਲੱਥੇ ਪਰਵਾਨੇ ਹਨ ਐ ਦੀਪਕ-ਮੂੰਹ ਮੋੜ ਦਿਆਂਗੇ-ਹਰ ਦੁਸ਼ਮਨ ਅਭਿਮਾਨੀ ਦਾ ਇਹ ਆਜ਼ਾਦੀ ਅਮਰ ਚਿੰਨ੍ਹ ਹੈ........... ਅਮਰ ਸ਼ਹੀਦਾਂ ਨੇ ਸਿਰ ਦੇ ਕੇ ਬੰਨ੍ਹਿਆਂ ਮੁੱਢ ਕਹਾਣੀ ਦਾ ਇਹ ਆਜ਼ਾਦੀ ਅਮਰ ਚਿੰਨ੍ਹ ਹੈ, ਵੀਰਾਂ ਦੀ ਕੁਰਬਾਨੀ ਦਾ

ਸਤਿਗੁਰ ਨਾਨਕ

ਚਾਨਣ ਵਰਤਾਉਣ ਲਈ, ਵਾਹਿਗੁਰੂ ਨਨਕਾਣੇਂ ਵਿਚ ਆਇਆ ਦਾਤਾਰ ਪਾਤਸ਼ਾਹ ਨੇ ਜਗਤ ਦਾ ਭੈਅ ਤੇ ਭਰਮ ਮਿਟਾਇਆ ਇਹ ਦੁਨੀਆਂ ਤਾਰਨ ਨੂੰ ਸਤਿਗੁਰਾਂ ਪਹਿਲੀ ਲਈ ਉਦਾਸੀ ਗ਼ਮ ਦੂਰ ਕਰਨ ਸਭਦੇ, ਤੁਰ ਪਿਆ-ਬੇਗ਼ਮਪੁਰ ਦਾ ਵਾਸੀ ਮਰਦਾਨਾ ਸਤਿਸੰਗੀ ਗੁਰਾਂ ਨੇ ਆਪਣੇ ਨਾਲ ਮਿਲਾਇਆ ⁠ਦਾਤਾਰ ਪਾਤਸ਼ਾਹ ਨੇ ............ ਸੁਲਤਾਨ ਪੁਰੋਂ ਤੁਰ ਕੇ, ਐਮਨਾਬਾਦ ਗੁਰੂ ਜੀ ਆਏ ਤਦ ਭਾਈ ਲਾਲੋ ਦੇ ਸਤਿਗੁਰਾਂ ਸੁੱਤੇ ਭਾਗ ਜਗਾਏ ਉਹ ਧੰਨ ਹੋ ਗਿਆ ਜਾਂ ਗੁਰਾਂ ਦਾ ਦਰਸ਼ਨ ਉਸਨੇ ਪਾਇਆ ⁠ਦਾਤਾਰ ਪਾਤਸ਼ਾਹ ਨੇ............ ਬਾਪੂ ਦੇ ਸ਼ਰਾਧ ਵਜੋਂ 'ਮਲਿਕ' ਨੇ ਕੀਤਾ ਜਦੋਂ ਭੰਡਾਰਾ ਪਰ ਨਿਉਂਦਾ ਸਤਿਗੁਰ ਨੇ, ਓਸ ਦਾ ਕੀਤਾ ਨਹੀਂ ਗਵਾਰਾ ਹੰਕਾਰੇ ਭਾਗੋ ਨੇ ਸਿਪਾਹੀ ਭੇਜ ਗੁਰੂ ਸਦਵਾਇਆ ⁠ਦਾਤਾਰ ਪਾਤਸ਼ਾਹ ਨੇ........... ਫ਼ਰਮਾਇਆ ਸਤਿਗੁਰੂ ਨੇ-ਮਲਿਕ! ਤੂੰ ਕਰਦੈਂ ਪਾਪ ਕਮਾਈ ਇਹ ਖੂਨ ਗ਼ਰੀਬਾਂ ਦੈ! ਸੇਠ ਜੀ! ਸਾਡੀ ਰਾਮ-ਦੁਹਾਈ ਇਹਨਾਂ ਪਕਵਾਨਾਂ ਤੋਂ ਖਰਾ ਹਾਂ ਮੈਂ ਭੁੱਖਾ ਤ੍ਰਿਹਾਇਆ ⁠ਦਾਤਾਰ ਪਾਤਸ਼ਾਹ ਨੇ............ ਇਕ ਹੱਥ ਕੋਧਰਾ ਲੈ- ਦੂਸਰੇ ਹੱਥ ਪਕਵਾਨ ਉਠਾਏ ਸਭ ਲੋਕਾਂ ਦੇ ਸਾਹਵੇਂ ਗੁਰਾਂ ਨੇ ਦੋਵੇਂ ਹੱਥ ਦਬਾਏ ਦੁਧ ਚੋਇਆ ਕੋਧਰੇ ਚੋਂ, ਲਹੂ ਪਕਵਾਨਾਂ ਵਿੱਚੋਂ ਆਇਆ ⁠ਦਾਤਾਰ ਪਾਤਸ਼ਾਹ ਨੇ.......... ਐ ਦੁਨੀਆਂ ਦੇ ਲੋਕੋ : ਗੁਨਾਹਾਂ ਦੀ ਰੋਟੀ ਨਾ ਖਾਉ ਸਭ ਕਿਰਤ ਕਰੋ ਸੱਚੀ, ਰਾਮ-ਨਾਂ-ਜਪੋ- ਵੰਡ ਕੇ ਖਾਉ ਇਹ ਬੁਰੀ-ਵਸਤੂ ਸਮਝੋ! ਦੀਪਕਾ! ਖਾਣਾ ਮਾਲ ਪਰਾਇਆ ⁠ਦਾਤਾਰ ਪਾਤਸ਼ਾਹ ਨੇ ......... ਚਾਨਣ ਵਰਤਾਉਣ ਲਈ, ਵਾਹਿਗੁਰੂ ਨਨਕਾਣੇਂ ਵਿਚ ਆਇਆ ਦਾਤਾਰ ਪਾਤਸ਼ਾਹ ਨੇ ਜਗਤ ਦਾ ਭੈਅ ਤੇ ਭਰਮ ਮਿਟਾਇਆ

ਸਿੱਖੀ ਦਾ ਸਿਰਜਣਹਾਰ

ਅੰਮ੍ਰਿਤ 'ਚ ਘੁਲਿਆ ਪਿਆਰ ਹੈ ਸਿੱਖੀ ਦੇ ਸਿਰਜਣ ਹਾਰ ਦਾ ਇਨਸਾਨ ਤੇ ਉਪਕਾਰ ਹੈ- ਸਿੱਖੀ ਦੇ ਸਿਰਜਣ ਹਾਰ ਦਾ ਸਿਰ ਵਾਰ ਕੇ ਭੀ ਹੱਸਣਾ, ਅੰਮ੍ਰਿਤ ਦੀ ਇਹ ਤਾਸੀਰ ਹੈ ਅੰਮ੍ਰਿਤ ਦੀ ਘੁੱਟਾਂ ਦੇ ਅੰਦਰ, ਕੌਮ ਦੀ ਤਕਦੀਰ ਹੈ ਕੀਤਾ ਹੋਇਆ ਇਕਰਾਰ ਹੈ, ਸਿੱਖੀ ਦੇ ਸਿਰਜਣ ਹਾਰ ਦਾ ⁠ਇਨਸਾਨ ਤੇ ਉਪਕਾਰ ਹੈ .......... ਲਲਕਾਰ ਹੈ ਇਸਦੀ, ਸਿਰਾਂ ਦੇ ਦਾਨੀਆਂ ਦੀ ਲੋੜ ਹੈ ਖੰਡਾ ਤੇ ਬਾਟਾ ਕਹਿ ਰਿਹੈ-ਬਲੀਦਾਨੀਆਂ ਦੀ ਲੋੜ ਹੈ ਸਜਿਆ ਹੋਇਆ ਦਰਬਾਰ ਹੈ, ਸਿੱਖੀ ਦੇ ਸਿਰਜਣ ਹਾਰ ਦਾ ⁠ਇਨਸਾਨ ਤੇ ਉਪਕਾਰ ਹੈ.......... ਇਸ ਦੀ ਸੁਗੰਧੀ ਅਣਖ ਹੈ, ਕੁਰਬਾਨੀ ਇਸ ਦੀ ਆਨ ਹੈ ਇਹ ਮੁਰਦਿਆਂ ਲਈ ਜ਼ਿੰਦਗੀ ਹੈ, ਜ਼ਿੰਦਗੀ ਲਈ ਸ਼ਾਨ ਹੈ ਮਿਹਰਾਂ ਦਾ ਇੱਕ ਭੰਡਾਰ ਹੈ, ਸਿੱਖੀ ਦੇ ਸਿਰਜਣ ਹਾਰ ਦਾ ⁠ਇਨਸਾਨ ਤੇ ਉਪਕਾਰ ਹੈ.......... ਇਹ ਇਸ਼ਕ ਦਾ ਹਰ ਰੰਗ ਹੈ, ਦੀਵਾਨਿਉਂ ਆਉ ਛਕੋ! ਇਹ ਮਸਤੀਆਂ ਵਰਤਾ ਰਿਹੈ, ਮਸਤਾਨਿਉਂ ਆਉ ਛਕੋ! ਹੁੰਦਾ ਪਿਆ- ਦੀਦਾਰ ਹੈ, ਸਿੱਖੀ ਦੇ ਸਿਰਜਣ ਹਾਰ ਦਾ ⁠ਇਨਸਾਨ ਤੇ ਉਪਕਾਰ ਹੈ.......... ਇਸ ਦੀ ਖ਼ਮਾਰੀ ਸਾਹਮਣੇਂ, ਕੀ ਬਾਦਸ਼ਾਹੀਆਂ ਦਾ ਨਸ਼ਾ ਇਸ ਦੀ ਖ਼ੁਮਾਰੀ ਤੋੜ ਦੇਵੇ, ਸ਼ਹਿਨਸ਼ਾਹੀਆਂ ਦਾ ਨਸ਼ਾ। ਦੀਪਕ ਤਾਂ ਤਾਅਬੇਦਾਰ ਹੈ, ਸਿੱਖੀ ਦੇ ਸਿਰਜਣਹਾਰ ਦਾ ⁠ਇਨਸਾਨ ਤੇ ਉਪਕਾਰ ਹੈ........... ਅੰਮ੍ਰਿਤ 'ਚ ਘੁਲਿਆ ਪਿਆਰ ਹੈ, ਸਿੱਖੀ ਦੇ ਸਿਰਜਣਹਾਰ ਦਾ ਇਨਸਾਨ ਤੇ ਉਪਕਾਰ ਹੈ ਸਿੱਖੀ ਦੇ ਸਿਰਜਣ ਹਾਰ ਦਾ

ਨਾਨਕੀ ਦਾ ਵੀਰਾ

ਉਹਦੀ ਧੂੜੀ ਮੱਥੇ ਲਾ ਕੇ, ਦੁੱਖ ਦੂਰ ਹੋਣ ਸਾਰੇ ਬੇਬੇ ਨਾਨਕੀ ਦਾ ਵੀਰਾ, ਡੁੱਬੇ ਜਾਂਦੇ ਬੇੜੇ ਤਾਰੇ ਉਹਦੇ ਨਾਮ ਦੀ ਦੁਹਾਈ, ਰੋਜ਼ ਦਿੰਦੀਆਂ ਹਵਾਵਾਂ ਉਹਦੇ ਮਿੱਠੇ ਮਿੱਠੇ ਬੋਲ, ਸਾਂਭੀ ਬੈਠੀਆਂ ਫਜ਼ਾਵਾਂ ਉਹਦੇ ਨੂਰ ਦੀ ਕਹਾਣੀ, ਪਾਉਂਦੇ ਚੰਨ ਤੇ ਸਿਤਾਰੇ ⁠ਬੇਬੇ ਨਾਨਕੀ ਦਾ ਵੀਰਾ......... ਉਹ ਸੀ ਸ਼ਾਂਤੀ ਦਾ ਸੋਮਾ, ਉਹ ਸੀ ਸੱਚ ਦਾ ਪੁਜਾਰੀ ਉਹਦੇ ਨੈਣਾਂ ਵਿੱਚੋਂ ਡੁੱਲ੍ਹਦੀ ਸੀ ਨਾਮ ਦੀ ਖ਼ੁਮਾਰੀ ਉਹਦਾ ਹੋਵੇ ਜੇ ਇਸ਼ਾਰਾ, ਬੰਦਾ ਲੱਗ ਜਏ ਕਿਨਾਰੇ ⁠ਬੇਬੇ ਨਾਨਕੀ ਦਾ ਵੀਰਾ.......... ਨੀ! ਉਹ ਮੱਝੀਆਂ ਦਾ ਛੇੜੂ, ਜਾਣੇਂ ਕੌਣ ਉਹਦੀ ਮਾਇਆ ਉਹਨੂੰ ਧੁੱਪੇ ਸੁੱਤਾ ਵੇਖ, ਸ਼ੇਸ਼ਨਾਗ ਕੀਤੀ ਛਾਇਆ ਤਿੰਨੇ ਲੋਕ ਝੂਮ ਉਠੇ, ਅੱਖੀਂ ਵੇਖ ਕੇ ਨਜ਼ਾਰੇ ⁠ਬੇਬੇ ਨਾਨਕੀ ਦਾ ਵੀਰਾ.......... ਮਾਨ ਤੋੜਿਆ ਵਲੀ ਦਾ-ਪੰਜਾ ਪੱਥਰਾਂ ਤੇ ਲਾਇਆ ਕੌਡੇ ਜਿਹੇ ਰਾਖਸ਼ਾਂ ਨੂੰ ਉਹਨੇ ਆਦਮੀ ਬਣਾਇਆ ਸਿੱਧੇ ਤੀਰ ਕੀਤੇ ਠੱਗ- ਪੈਰੀਂ ਡਿੱਗ ਪਏ ਵਿਚਾਰੇ ⁠ਬੇਬੇ ਨਾਨਕੀ ਦਾ ਵੀਰਾ.......... ਸਚ ਖੰਡ ਤੋਂ ਭੀ ਉੱਚਾ, ਓਸ- ਮਾਹੀ ਦਾ ਦੁਆਰਾ ਸੀਸ ਦੀਪਕਾ ਝੁਕਾ ਦੇ- ਤੇਰਾ ਚਮਕੇ ਸਿਤਾਰਾ ਰੱਖ ਗੁਰਾਂ ਤੇ ਭਰੋਸਾ- ਜਿਹੜਾ ਵਿਗੜੀ ਸੰਵਾਰੇ ⁠ਬੇਬੇ ਨਾਨਕੀ ਦਾ ਵੀਰਾ.......... ਉਹਦੀ ਧੂੜੀ ਮੱਥੇ ਲਾਕੇ- ਦੁਖ ਦੂਰ ਹੋਣ ਸਾਰੇ ਬੇਬੇ ਨਾਨਕੀ ਦਾ ਵੀਰਾ ਡੁੱਬੇ ਜਾਂਦੇ ਬੇੜੇ ਤਾਰੇ

ਜਵਾਨੀ ਜ਼ੋਰਾਂ ਦੀ

ਮੇਰੇ ਲੁਗ ਲੁਗ ਕਰਦੇ ਅੰਗ, -ਨੀ ਮੇਰੀ ਕੁੜਤੀ ਹੋ ਗਈ ਤੰਗ ⁠ਜਾਵਨੀ ਜ਼ੋਰਾਂ ਦੀ ⁠ਹਾਂ! ਜਵਾਨੀ ਜ਼ੋਰਾਂ ਦੀ ਮੇਰੇ ਮਸਤ ਸ਼ਰਾਬੀ ਨੈਣ ਰਹਿਣ ਨਸ਼ਿਆਏ ਨੀ। ਮੇਰੇ ਸੀਨੇ ਵਿੱਚ ਤੂਫ਼ਾਨ! ਮੈਂ ਮਰ ਗਈ ਹਾਏ ਨੀ। ਮੇਰਾ ਜੋਬਨ ਦੇਂਦੈ ਦੱਖ! ਨੀ ਮੇਰੇ ਮਗਰੇ ਰਹਿੰਦੀ ਅੱਖ- ⁠-ਰੂਪ ਦਿਆਂ ਚੋਰਾਂ ਦੀ! ⁠ਜਵਾਨੀ ਜ਼ੋਰਾਂ ਦੀ ਮੇਰੇ ਕਲੀਆਂ ਵਰਗੇ ਦੰਦ, ਰੂਪ ਦੀ ਸ਼ਾਨ ਕੁੜੇ ਮੇਰੇ ਹਾਸੇ ਚੋਂ ਖ਼ੁਸ਼ਬੋਆਂ ਕਿਰ ਕਿਰ ਜਾਣ ਕੁੜੇ ਮੇਰੇ ਸੂਹੇ ਸੂਹੇ ਬੁੱਲ੍ਹ- ਵੇਖ ਕੇ ਭੌਰੇ ਜਾਂਦੇ ਭੁੱਲ- ⁠ਨੀ ਮਸਤੀ ਲੋਰਾਂ ਦੀ ⁠ਜਵਾਨੀ ਜ਼ੋਰਾਂ ਦੀ ਮੇਰਾ ਹਵਾ-ਗੁਲਾਬੀ-ਰੰਗ, ਰੇਸ਼ਮੀ ਵਾਲ ਕੁੜੇ ਮੇਰੇ ਰੂਪ ਨਾਲ ਰਲ ਗਿਆ, ਦੁਪੱਟਾ ਲਾਲ ਕੁੜੇ ਮੇਰੇ ਚੰਨ ਜਿਹੇ ਮੂੰਹ ਕੋਲ ਹੈ, ਘੁੰਮਦੀ ਰਹਿੰਦੀ ਡਾਵਾਂ ਡੋਲ ⁠ਨੀ ਡਾਰ ਚਕੋਰਾਂ ਦੀ ⁠ਜਵਾਨੀ ਜ਼ੋਰਾਂ ਦੀ ਮੇਰਾ ਕੱਦ ਸਰੂ ਦੇ ਵਾਂਗ ਚਾਲ ਮਸਤਾਨੀ ਏਂ ਮੇਰਾ ਸੌ ਵਲ ਖਾਵੇ ਲੱਕ, ਝੂਲ ਦੀ ਜਾਨੀ ਏਂ ਮੈਨੂੰ ਵੇਖ ਵੇਖ ਸ਼ਰਮਾਉਣ, ਨੀ ਨੀਵੀਂ ਹੋ ਜਾਂਦੀ ਏ ਧੌਂਣ- ⁠-ਕਲਹਿਰੀ ਮੋਰਾਂ ਦੀ ⁠ਜਵਾਨੀ ਜ਼ੋਰਾਂ ਦੀ ਮੈਂ ਸਿਰ ਤੇ ਚੁੰਨੀਂ ਲਈ ਨਵੀਂ ਰੰਗਵਾ ਕੇ ਨੀ ਮੈਂ ਛਣ ਛਣ ਕਰਦੀ ਫਿਰਾਂ ਪੰਜੇਬਾਂ ਪਾਕੇ ਨੀ ਮੈਨੂੰ ਨਜ਼ਰਾਂ ਲਗ ਲਗ ਜਾਣ, ਦਿਲਾਂ ਨੂੰ ਮੋਂਹਦੀ ਜਾਵੇ ਤਾਣ ⁠ਛਣਕਦੇ ਬੋਰਾਂ ਦੀ ⁠ਜਵਾਨੀ ਜ਼ੋਰਾਂ ਦੀ ਮੇਰੇ ਲੁਗ ਲੁਗ ਕਰਦੇ ਅੰਗ, ਨੀ ਮੇਰੀ ਕੁੜਤੀ ਹੋ ਗਈ ਤੰਗ ⁠ਜਵਾਨੀ ਜ਼ੋਰਾਂ ਦੀ ⁠ਹਾਏ! ਜਵਾਨੀ ਜ਼ੋਰਾਂ ਦੀ

ਖਾਲਸੇ ਨੇ ਖੇਲੀਆਂ

ਵੈਰੀਆਂ ਨੇ ਸਾਡੀਆਂ ਜਾਂ, ਇੱਜ਼ਤਾਂ ਮਧੋਲੀਆਂ ਖਾਲਸੇ ਨੇ ਖੇਲੀਆਂ, ਲਹੂ ਦੇ ਨਾਲ ਹੋਲੀਆਂ ਮਾਲੀਆਂ ਦਾ ਕਾਬੂ ਜਦੋਂ ਰਿਹਾ ਨਾ ਬਹਾਰਾਂ ਤੇ ਟੁੱਟ ਪੈਣੇਂ ਬਾਜ਼, ਪੈ ਗਏ ਟੁੱਟ ਕੇ ਗੁਟਾਰਾਂ ਤੇ ਮੱਲੋ-ਮੱਲੀ ਖੁਹ ਕੇ ਲੈ ਗਏ, ਵੈਰੀ ਜਦੋਂ ਡੋਲੀਆਂ ⁠ਖਾਲਸੇ ਨੇ ਖੇਲੀਆਂ............ ਪੈਰਾਂ ਹੇਠਾਂ ਰੋਲੀਆਂ ਜਾਂ ਪੱਗਾਂ ਤਾਜ਼ਦਾਰਾਂ ਨੇ ਝੱਟ ਸੂਤ-ਲਈਆਂ ਤਲਵਾਰਾਂ ਸਰਦਾਰਾਂ ਨੇ ਬੁੱਕੀਆਂ ਮੈਦਾਨ ਵਿੱਚ- ਸ਼ੇਰਾਂ ਦੀਆਂ ਟੋਲੀਆਂ ⁠ਖਾਲਸੇ ਨੇ ਖੇਲੀਆਂ............ ਸਿੰਘਾਂ! ਅਬਦਾਲੀ ਭੀ ਭਜਾ ਕੇ ਏਥੋਂ ਛੱਡਿਆ! ਨਲਵੇ ਨੇ ਝੰਡਾ, ਜਮਰੌਦ ਜਾਕੇ ਗੱਡਿਆ ਯੋਧੇ ਨਾ ਸਹਾਰਦੇ, ਸ਼ਰੀਕਾਂ ਦੀਆਂ ਬੋਲੀਆਂ ⁠ਖਾਲਸੇ ਨੇ ਖੇਲੀਆਂ............ ਸਿੱਖਾਂ, ਨੱਥਾਂ ਪਾਈਆਂ ਜਦੋਂ ਭੂਤਰੇ ਤੂਫ਼ਾਨਾਂ ਦੇ ਉੱਤਰੇ ਖ਼ਮਾਰ, ਉੱਡੇ ਰੰਗ ਸੁਲਤਾਨਾਂ ਦੇ ਸਹਿਮਿਆਂ ਮਮੋਲਿਆਂ ਨੇ, ਝੱਟ ਅੱਖਾਂ ਖੋਲ੍ਹੀਆਂ ⁠ਖਾਲਸੇ ਨੇ ਖੇਲੀਆਂ............. ਹੁੰਦਾ ਅਵਤਾਰ ਜੇ ਨਾ ਪੰਥ ਮਹਾਰਾਜ ਦਾ ਕੌਣ ਬੇੜਾ ਬੰਨੇ ਲਾਉਂਦਾ ਦੀਪਕ! ਸਮਾਜ ਦਾ ਕੌਮ ਪਿੱਛੇ ਕੌਣ ਖਾਂਦਾ, ਸੀਨੇ ਉਤੇ ਗੋਲੀਆਂ ⁠ਖਾਲਸੇ ਨੇ ਖੇਲੀਆਂ............. ਵੈਰੀਆਂ ਨੇ ਸਾਡੀਆਂ ਜਾਂ ਇੱਜ਼ਤਾਂ ਮਧੋਲੀਆਂ ਖਾਲਸੇ ਨੇ ਖੇਲੀਆਂ, ਲਹੂ ਦੇ ਨਾਲ ਹੋਲੀਆਂ

  • ਮੁੱਖ ਪੰਨਾ : ਕਾਵਿ ਰਚਨਾਵਾਂ, ਦੀਪਕ ਜੈਤੋਈ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ