Punjabi Bhasha Vigiaan Jaan Bhasha Agiaan ? : Dr. Mangat Rai Bhardwaj

ਪੰਜਾਬੀ ਭਾਸ਼ਾ ਵਿਗਿਆਨ ਜਾਂ ਭਾਸ਼ਾ ਅਗਿਆਨ ? : ਡਾ. ਮੰਗਤ ਰਾਏ ਭਾਰਦ੍ਵਾਜ

ਕੋਈ ਵੀ ਭਾਸ਼ਾ ਕਿਸੇ ਖ਼ਿਲਾਅ ਵਿਚ ਵਿਗਸਿਤ ਹੋਣ ਅਤੇ ਵਿਚਰਣ ਵਾਲਾ ਸੂਖਮ ਜਾਂ ਅਮੂਰਤ ਢਾਂਚਾ ਨਹੀਂ ਹੁੰਦੀ। ਇਹਦੀ ‘ਪ੍ਰਵਾਹ ਨਿਰੰਤਰਤਾ' (“ਭਾਸ਼ਾ ਬਹਤਾ ਨੀਰ ਹੈ” - ਕਬੀਰ ਜੀ) ਨੂੰ ਇਹਦੇ ਬੋਲਣ ਵਾਲੇ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਕਾਰ-ਵਿਹਾਰ ਅਤੇ ਸਾਹਿਤ ਵਰਗੀਆਂ ਕਲਾਤਮਕ ਗਤੀਵਿਧੀਆਂ ਰਾਹੀਂ ਜੀਉਂਦੀ ਰੱਖਦੇ ਅਤੇ ਵਿਰਸੇ ਵਿਚ ਅਗਲੀਆਂ ਪੀੜ੍ਹੀਆਂ ਨੂੰ ਸੰਭਾਲਦੇ ਹਨ। ਕਿਸੇ ਵੀ ਭਾਸ਼ਾ ਦੇ ਅੰਗ-ਅੰਗ ਵਿਚ ਉਹ ਸੰਸਕ੍ਰਿਤੀ ਧੜਕਦੀ ਹੁੰਦੀ ਹੈ, ਜਿਸ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਉਹ ਭਾਸ਼ਾ ਹੁੰਦੀ ਹੈ ਅਤੇ ਜਿਹਦੇ ਵਿਕਾਸ ਵਿਚ ਅਤੇ ਜਿਹਨੂੰ ਅਗਲੀਆਂ ਪੀੜ੍ਹੀਆਂ ਤਕ ਪਹੁੰਚਾਉਣ ਦਾ ਕੰਮ ਭਾਸ਼ਾ ਕਰਦੀ ਹੈ।

ਕਿਸੇ ਮਾਨਵ ਵਿਗਿਆਨੀ ਨੇ ਸੱਚ ਕਿਹਾ ਹੈ ਕਿ ਕਿਸੇ ਸੰਸਕ੍ਰਿਤੀ ਦੀ ਜੀਵਨ-ਦ੍ਰਿਸ਼ਟੀ ਉਹਦੀ ਸ਼ਬਦਾਵਲੀ ਨਾਲੋਂ ਵੀ ਵੱਧ ਉਹਦੇ ਵਿਆਕਰਣਕ ਢਾਂਚੇ ਵਿਚ ਝਲਕਦੀ ਹੈ। ਹਰ ਭਾਸ਼ਾ ਅਤੇ ਉਹਦੇ ਵਿਆਕਰਣਕ ਵਸੀਲਿਆਂ ਦਾ ਆਪਣਾ ਵਿਲੱਖਣ ਸੁਭਾਓ ਹੁੰਦਾ ਹੈ ਅਤੇ ਉਹਨੂੰ ਕਿਸੇ ਹੋਰ ਭਾਸ਼ਾ ਲਈ ਤਿਆਰ ਕੀਤੇ ਸਿਧਾਂਤਕ ਢਾਂਚੇ ਵਿਚ ਫ਼ਿਟ ਕਰਨਾ ਉਸ ਭਾਸ਼ਾ ਦੀ ਵਿਲੱਖਣਾ ਨਾਲ ਸਭ ਤੋਂ ਵੱਡਾ ਅਨਿਆਂ ਹੁੰਦਾ ਹੈ। ਅਜਿਹਾ ਕਰਨ ਨੂੰ ‘ਪ੍ਰੋਕ੍ਰਸਟੀਅਨ ਬੈੱਡ ਟੈਕਨੀਕ' (Procrustean bed technique) ਆਖਿਆ ਜਾਂਦਾ ਹੈ। ਪੰਜਾਬੀ ਭਾਸ਼ਾ ਦੀਆਂ ਲੱਤਾਂ ਖਿੱਚ ਕੇ ਜਾਂ ਵੱਢ ਕੇ ਇਹਨੂੰ ਨੂੰ ਅੰਨ੍ਹੇਵਾਹ ਪੱਛਮੀ ਭਾਸ਼ਾਵਾਂ ਦੇ ਪ੍ਰੋਕ੍ਰਸਟੀਅਨ ਢਾਂਚੇ ਵਿਚ ਫ਼ਿਟ ਕਰਨ ਦਾ ਕੰਮ ਲੱਗਭਗ ਦੋ ਸੌ ਸਾਲਾਂ ਤੋਂ ਚੱਲ ਰਿਹਾ ਹੈ। ‘ਪ੍ਰੋਕ੍ਰਸਟੀਅਨ ਬੈੱਡ’ ਮੁਹਾਵਰੇ ਦੀ ਕਹਾਣੀ ਇਹ ਹੈ ਕਿ ਪ੍ਰਾਚੀਨ ਯੂਨਾਨ ਵਿਚ ਪ੍ਰੋਕ੍ਰਸਟੀਜ਼ (Procrustes) ਨਾਂ ਦਾ ਡਾਕੂ ਹੁੰਦਾ ਸੀ। ਉਹ ਆਪਣੇ ਸ਼ਿਕਾਰ ਨੂੰ ਫੜ ਕੇ ਘਰ ਲੈ ਜਾਂਦਾ ਸੀ ਅਤੇ ਉਹਨੂੰ ਖ਼ਾਸ ਮੰਜੇ ’ਤੇ ਲਿਟਾਂਦਾ ਸੀ। ਜੇ ਉਸ ਬੰਦੇ ਦੀ ਲੰਬਾਈ ਮੰਜੇ ਨਾਲੋਂ ਵੱਧ ਹੁੰਦੀ ਸੀ, ਤਾਂ ਪ੍ਰੋਫ਼ੈਸਟੀਜ਼ ਉਹਦੀਆਂ ਲੱਤਾਂ ਵੱਢ ਕੇ ਉਹਨੂੰ ਮੰਜੇ 'ਤੇ ਫ਼ਿਟ ਕਰਦਾ ਸੀ। ਜੇ ਉਹ ਬਦਕਿਸਮਤ ਬੰਦਾ ਮੰਜੇ ਨਾਲੋਂ ਘੱਟ ਲੰਮਾ ਹੁੰਦਾ ਸੀ, ਤਾਂ ਪ੍ਰੋਫ਼ੈਸਟੀਜ਼ ਉਹਦੀਆਂ ਲੱਤਾਂ ਨੂੰ ਰੱਸਾ ਪਾ ਕੇ ਅਤੇ ਖਿੱਚ ਕੇ ਮੰਜੇ ਜਿੰਨਾ ਲੰਮਾਂ ਕਰਦਾ ਸੀ। ਦੋਹਾਂ ਹਾਲਤਾਂ ਵਿਚ ਪ੍ਰੋਕ੍ਰਸਟੀਜ਼ ਦੇ ਸ਼ਿਕਾਰ ਦੀ ਮੌਤ ਹੋ ਜਾਂਦੀ ਸੀ। ਸਾਹਿਤ ਆਲੋਚਨਾ ਮੇਰਾ ਖੇਤਰ ਨਹੀਂ ਹੈ। ਪਰ ਜਦ ਮੈਂ ਪੰਜਾਬੀ ਸਾਹਿਤ ਨੂੰ ਫ਼੍ਰੈਂਚ ਫ਼ਲਸਫ਼ੇ ਜਾਂ ਕਿਸੇ ਹੋਰ ਪੱਛਮੀ ‘ਵਾਦ’ ਦੇ ਪ੍ਰੋਕ੍ਰਸਟੀਅਨ ਮੰਜੇ ਵਿਚ ਫ਼ਿਟ ਹੋਇਆ ਦੇਖਦਾ ਹਾਂ, ਤਾਂ ਹਿਰਖ ਹੁੰਦਾ ਹੈ।

1978 ਵਿਚ ਮੈਂ ਭਾਸ਼ਾ ਵਿਗਿਆਨ ਦੀ ਐੱਮ ਏ ਕਰਨ ਲਈ ਮਾਨਚੈਸਟਰ ਯੂਨੀਵਰਸਿਟੀ ਆਇਆ। ਆਪਣੀ ਪਹਿਲੀ ਅਸਾਈਨਮੈਂਟ ਵਿਚ ਮੈਂ ਆਪਣੇ ਅੰਦਰ ਭਰੀ ਪਈ ਉਸ ਦਾਸ-ਬਿਰਤੀ ਦਾ ਰੱਜ ਕੇ ਪ੍ਰਗਟਾਵਾ ਕੀਤਾ ਜੋ ਮੇਰੇ ਅਧਿਆਪਕਾਂ ਨੇ ਮੇਰੇ ਅੰਦਰ ਭਰੀ ਸੀ। ਕੋਈ ਪੰਝੀ-ਤੀਹ ਭਾਸ਼ਾ ਵਿਗਿਆਨੀਆਂ ਦੇ ਵਿਚਾਰ ਪੇਸ਼ ਕੀਤੇ ਅਤੇ ਆਪਣੀ ਕੋਈ ਗੱਲ ਨਾ ਕਹੀ। ਸਾਡੇ ਲਿੰਗੁਇਸਟਿਕਸ ਡਿਪਾਰਟਮੈਂਟ ਦੇ ਮੁਖੀ ਪ੍ਰੋਫ਼ੈਸਰ ਵਿਲੀਅਮ ਹਾਸ ਨੇ ਮੈਨੂੰ ਆਪਣੇ ਕਮਰੇ ਵਿਚ ਬੁਲਾ ਕੇ ਮੇਰੀ ਅਸਾਈਨਮੈਂਟ ਦੇ ਵਰਕੇ ਪਲਟਦਿਆਂ ਕਿਹਾ, “ਐਹ ਤੂੰ ਕੀ ਲਿਖਿਆ ਏ? ਇਹ ਸਭ ਕੁਝ ਤਾਂ ਮੈਂ ਪਹਿਲਾਂ ਹੀ ਜਾਣਦਾ ਹਾਂ। ਤੇਰੇ ਆਪਣੇ ਕੋਲ ਕਿਹੜੀ ਨਵੀਂ ਗੱਲ ਏ ਕਹਿਣ ਲਈ? ਅਸੀਂ ਇੱਥੇ ਭਾਸ਼ਾ ਵਿਗਿਆਨੀ ਪੈਦਾ ਕਰਦੇ ਹਾਂ, ਨਕਲਚੀ ਬਾਂਦਰ ਨਹੀਂ। ਮੈਨੂੰ ਕਿਵੇਂ ਪਤਾ ਲੱਗੇ ਕਿ ਤੂੰ ਸਾਡੀ ਐਮ. ਏ. ਦੀ ਡਿਗਰੀ ਦੇ ਕਾਬਲ ਏਂ? ਅਸੀਂ ਨਕਲਚੀ ਬਾਂਦਰਾਂ ਨੂੰ ਡਿਗਰੀ ਨਹੀਂ ਦਿੰਦੇ।” ਅਖ਼ੀਰ ਵਿਚ ਉਹਨਾਂ ਨੇ ਮੈਨੂੰ ਵੰਗਾਰਿਆ,“ਤੇਰੇ ਦੇਸ਼ ਨੇ ਸਦੀਆਂ ਪਹਿਲਾਂ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਕਮਾਲ ਕੀਤਾ। ਇਸ ਵਿਗਿਆਨ ਨੂੰ ਉਸ ਪੱਧਰ ਤਕ ਪਹੁੰਚਾਇਆ ਜਿੱਥੇ ਇਹ ਪੱਛਮ ਵਿਚ ਵੀਹਵੀਂ ਸਦੀ ਵਿਚ ਮਸਾਂ ਅੱਪੜਿਆ ਏ। ਆਪਣੇ ਵਡੇਰਿਆਂ ਤੋਂ ਵੀ ਕੁਝ ਸਿੱਖ ਲੈ। ਇਹ ਅਸਾਈਨਮੈਂਟ ਦੁਬਾਰਾ ਕਰਕੇ ਲਿਆ, ਜਿਹਦੇ ਵਿਚ ਸਿਰਫ਼ ਤੇਰੇ ਆਪਣੇ ਵਿਚਾਰ ਹੋਣ, ਕਿਸੇ ਹੋਰ ਦਾ ਹਵਾਲਾ ਨਾ ਦੇਈਂ।”

ਮੇਰੀ ਪੜ੍ਹਾਈ ਛੇ-ਸੱਤ ਸਕੂਲਾਂ ਵਿਚ ਹੋਈ ਸੀ ਅਤੇ ਉਹਨਾਂ ਵਿੱਚੋਂ ਸਿਰਫ਼ ਇਕ-ਦੋ ਹੀ ਵਿਚ ਸੰਸਕ੍ਰਿਤ ਪੜ੍ਹਾਈ ਜਾਂਦੀ ਸੀ। ਇਸ ਕਰਕੇ ਮੇਰਾ ਸੰਸਕ੍ਰਿਤ ਦਾ ਗਿਆਨ ਕਾਫ਼ੀ ਕੱਚਾ ਸੀ। ਪਰ ਮੈਂ ਲਾਇਬ੍ਰੇਰੀ ਵਿਚੋਂ ਕਿਤਾਬਾਂ ਲੈ ਕੇ ਉਹਨਾਂ ਦੀ ਮਦਦ ਨਾਲ ਹੋਰ ਸੰਸਕ੍ਰਿਤ ਸਿੱਖਣੀ ਸ਼ੁਰੂ ਕੀਤੀ। ਅਖ਼ੀਰ ਵਿਚ, ਪੰਜਾਬੀ ਭਾਸ਼ਾ ਦੀ ਵਿਲੱਖਣਤਾ ਦਾ ਸਤਿਕਾਰ ਕਰਨ ਵਾਲੇ ਆਪਣੇ ਭਾਸ਼ਾਵਿਗਿਆਨਕ ਅਧਿਐਨ ਦੀ ਸ਼ੈਲੀ ਮੈਂ ਪਾਣਿਨੀ ਅਤੇ ਭਰਤ੍ਰਹਰੀ ਤੋਂ ਹੀ ਲਈ। ਜਿਵੇਂ ਮੈਂ ਅੱਗੇ ਚਲ ਦੇ ਦੱਸਾਂਗਾ, ਪੰਜਾਬੀ ਭਾਸ਼ਾ ਦੀ ਵਿਲੱਖਣ ਸ਼ਖ਼ਸੀਅਤ ਦਾ ਸਤਿਕਾਰ ਕਰਨ ਅਤੇ ਉਹਨੂੰ ਕਿਸੇ ਹੋਰ ਭਾਸ਼ਾ ਦੇ ਪ੍ਰੋਕ੍ਰਸਟੀਅਨ ਮੰਜੇ ਤੋਂ ਦੂਰ ਰੱਖਣ ਦਾ ਇੱਕੋ-ਇਕ ਇਹੋ ਢੰਗ ਹੈ।

‘ਵਿਆਕਰਣ’ ਸ਼ਬਦ ਦੋ ਅਰਥਾਂ ਵਿਚ ਵਰਤਿਆ ਜਾਂਦਾ ਹੈ। ਹਰ ਭਾਸ਼ਾ ਦੀ ਆਪਣੀ ਵੱਖਰੀ ਅਤੇ ਨਿਵੇਕਲੀ ਬਣਤਰ ਹੁੰਦੀ ਹੈ। ਉਹਦੇ ਸ਼ਬਦਾਂ ਦੇ ਰੂਪ-ਪ੍ਰਬੰਧ ਅਤੇ ਵਾਕਾਂ ਦੀ ਬਣਤਰ ਦੇ ਨਿਯਮਾਂ ਨੂੰ ਉਸ ਭਾਸ਼ਾ ਦਾ ਵਿਆਕਰਣ ਆਖਿਆ ਜਾਂਦਾ ਹੈ, ਭਾਵੇਂ ਇਹ ਨਿਯਮ ਪੁਸਤਕ ਦੇ ਰੂਪ ਵਿਚ ਲਿਖੇ ਗਏ ਹੋਣ ਜਾਂ ਨਾ। ਜੰਗਲੀ ਕਬੀਲਿਆਂ ਦੀਆਂ ਜਿਹੜੀਆਂ ਭਾਸ਼ਾਵਾਂ ਹਾਲੇ ਤਕ ਲਿਖੀਆਂ ਵੀ ਨਹੀਂ ਗਈਆਂ, ਉਹਨਾਂ ਦੇ ਵੀ ਵਿਆਕਰਣ ਹਨ। ਵਿਆਕਰਣ ਤੋਂ ਬਿਨਾਂ ਕੋਈ ਭਾਸ਼ਾ ਹੋ ਹੀ ਨਹੀਂ ਸਕਦੀ। ਵਿਆਕਰਣ ਕਦੇ ਗ਼ਲਤ ਜਾਂ ਸਹੀ ਨਹੀਂ ਹੁੰਦਾ। ਇਹਦੇ ਬਾਰੇ ਲੋਕਾਂ ਦੀ ਸਮਝ ਗ਼ਲਤ ਜਾਂ ਸਹੀ ਹੋ ਸਕਦੀ ਹੈ, ਜਾਂ ਇਹਦੀ ਵਰਤੋਂ ਗ਼ਲਤ ਜਾਂ ਸਹੀ ਢੰਗ ਨਾਲ ਕੀਤੀ ਜਾ ਸਕਦੀ ਹੈ।

ਵਿਆਕਰਣ ਦਾ ਦੂਸਰਾ ਅਰਥ ਹੈ - ਪੁਸਤਕ ਦੇ ਰੂਪ ਵਿਚ ਲਿਖੇ ਹੋਏ ਕਿਸੇ ਭਾਸ਼ਾ ਦੇ ਕੁਦਰਤੀ ਵਿਆਕਰਣ ਦੇ ਨਿਯਮ। ਵਿਆਕਰਣ ਦੀ ਪੁਸਤਕ ਰਚਣ ਵਾਲੇ ਨੂੰ ਵੱਈਆਕਰਣ ਆਖਿਆ ਜਾਂਦਾ ਹੈ।

ਪੰਜਾਬੀ ਦੇ ਆਧੁਨਿਕ ਭਾਸ਼ਾ ਵਿਗਿਆਨੀ

ਪੰਜਾਬੀ ਵੱਈਆਕਰਣਾਂ ਨੂੰ ਅਸੀਂ ਦੋ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ - ਰਵਾਇਤੀ ਵੱਈਆਕਰਣ ਅਤੇ ਆਧੁਨਿਕ ਭਾਸ਼ਾ ਵਿਗਿਆਨੀ, ਜਿਹਨਾਂ ਨੇ ਕਿਸੇ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ ਵਿਚ ਸਿਧਾਂਤਕ ਭਾਸ਼ਾਵਿਗਿਆਨ (ਥਿਉਰੈਟੀਕਲ ਲਿੰਗੁਇਸਟਿਸਕ) ਦਾ ਬਾਕਾਇਦਾ ਅਧਿਐਨ ਕੀਤਾ ਹੈ। ਇਸ ਵੰਡ ਦਾ ਮਕਸਦ ਕਿਸੇ ਵੱਈਆਕਰਣ ਦੀ ਯੋਗਤਾ ਦਾ ਮੁਲਾਂਕਣ ਕਰਨਾ ਨਹੀਂ ਹੈ। ਮੈਂ ਸਮਝਦਾ ਹਾਂ ਕਿ ਸੰਨ 1924 ਵਿਚ ਵੱਡਾ ਪੰਜਾਬੀ ਵਿਆਕਰਣ ਪ੍ਰਕਾਸ਼ਿਤ ਕਰਨ ਵਾਲੇ ਰਾਮ ਸਿੰਘ ਦੀ ਪੰਜਾਬੀ ਭਾਸ਼ਾ ਬਾਰੇ ਸੂਝ ਕਿਸੇ ਵੀ ਆਧੁਨਿਕ ਭਾਸ਼ਾ ਵਿਗਿਆਨੀ ਦੀ ਸੂਝ ਨਾਲੋਂ ਵੱਧ ਸੀ। ਰਵਾਇਤੀ ਭਾਸ਼ਾ ਵਿਗਿਆਨੀਆਂ ’ਤੇ ਇਹ ਦੋਸ਼ ਲਾਉਣਾ ਨਾਜਾਇਜ਼ ਹੈ ਕਿ ਉਹਨਾਂ ਨੂੰ ਆਧੁਨਿਕ ਸਿਧਾਂਤਕ ਭਾਸ਼ਾ ਵਿਗਿਆਨ ਵਿਚ ਹੋਣ ਵਾਲੀਆਂ ਪ੍ਰਗਤੀਆਂ ਬਾਰੇ ਪਤਾ ਨਹੀਂ ਸੀ। ਪਰ ਅੱਜ ਦੇ ਭਾਸ਼ਾ ਵਿਗਿਆਨੀਆਂ ਵਿਚ ਇਹ ਅਗਿਆਨਤਾ ਮੁਆਫ਼ ਕਰਨ ਦੇ ਯੋਗ ਨਹੀਂ ਹੈ।

ਪੰਜਾਬੀ ਦੇ ਆਧੁਨਿਕ ਭਾਸ਼ਾ ਵਿਗਿਆਨੀਆਂ ਵਿਚ ਸਭ ਤੋਂ ਪਹਿਲਾਂ ਪੰਜਾਬੀ ਵਿਆਕਰਣ ਦਾ ਕੰਮ ਹਰਜੀਤ ਸਿੰਘ ਗਿੱਲ ਨੇ 1960-70 ਵਿਚ ਉਸ ਵੇਲੇ ਦੇ ਰਵਾਇਤੀ ਅਮਰੀਕੀ ਸੰਰਚਨਾਵਾਦੀ ਢਾਂਚੇ ਵਿਚ ਰਹਿ ਕੇ ਕੀਤਾ। ਇਹਨਾਂ ਦੀ ਕਿਤਾਬ A Reference Grammar of Punjabi (ਆਪਣੇ ਗੁਰੂ ਹੈਨਰੀ ਗਲੀਸਨ ਦੇ ਸਹਿਯੋਗ ਨਾਲ ਲਿਖੀ) ਅਮਰੀਕਾ ਵਿਚ 1961 ਵਿਚ ਅਤੇ ਪੰਜਾਬ ਵਿਚ 1969 ਵਿਚ ਪ੍ਰਕਾਸ਼ਿਤ ਹੋਈ। ਇਹਤੋਂ ਬਾਅਦ ਗਿੱਲ ਨੇ ਪੰਜਾਬੀ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਕੋਈ ਨਵਾਂ ਕੰਮ ਨਹੀਂ ਕੀਤਾ। ਫ੍ਰੈਂਚ ਭਾਸ਼ਾ ਵਿਗਿਆਨੀ ਆਂਦ੍ਰੇ ਮਾਰਤੀਨੇ ਦੇ ਸੰਪਰਕ ਵਿਚ ਆਉਣ ਮਗਰੋਂ ਇਹਨਾਂ ਨੇ ਮਾਰਤੀਨੇ ਦੇ ਸੰਰਚਨਾਵਾਦ ਦੀ ਮਾਮੂਲੀ-ਜਿਹੀ ਪਾਣ ਆਪਣੇ ਪਹਿਲਾਂ ਕੀਤੇ ਕੰਮ ’ਤੇ ਚੜ੍ਹਾਈ। ਬਾਅਦ ਵਿਚ ਗਿੱਲ ਭਾਸ਼ਾ ਵਿਗਿਆਨ ਦੇ ਖੇਤਰ ਨੂੰ ਛੱਡ ਗਏ। ਚਿੰਨ੍ਹ ਵਿਗਿਆਨ ਦੇ ਖੇਤਰ ਵਿਚ ਕੀਤੇ ਗਿੱਲ ਦੇ ਕੰਮ ਬਾਰੇ ਮੈਨੂੰ ਕੁਝ ਪਤਾ ਨਹੀਂ। ਪੰਜਾਬੀ ਭਾਸ਼ਾ ਵਿਗਿਆਨ ਦੇ ਮੋਢੀ ਦੇ ਤੌਰ 'ਤੇ ਗਿੱਲ ਦਾ ਕੰਮ ਆਪਣੇ ਸਮੇਂ ਅਨੁਸਾਰ ਠੀਕ ਸੀ। ਮੇਰੀ ਜਾਣਕਾਰੀ ਅਨੁਸਾਰ, ਗਿੱਲ ਨੇ ਖ਼ੁਦ ਕਦੇ ਇਹ ਦਾਅਵਾ ਨਹੀਂ ਕੀਤਾ ਕਿ ਪੰਜਾਬੀ ਵਿਆਕਰਣ (ਸਿੰਟੈਕਸ) ਦੇ ਖੇਤਰ ਵਿਚ ਜੋ ਕੁਝ ਕਰਨ ਦੀ ਲੋੜ ਸੀ, ਉਹ ਇਹਨਾਂ ਨੇ ਕਰ ਦਿੱਤਾ ਹੈ ਅਤੇ ਅੱਗੋਂ ਹੋਰ ਕੁਝ ਕਰਨ ਦੀ ਲੋੜ ਨਹੀਂ। (ਪਰ 1982 ਵਿਚ ਕਿਸੇ ਹੋਰ ਭਾਸ਼ਾ ਵਿਗਿਆਨੀ ਨੇ ਮੈਨੂੰ ਕਿਹਾ – “ਪੰਜਾਬੀ ਸਿੰਟੈਕਸ ਵਿਚ ਗਿੱਲ ਨੇ ਸਭ ਕੁਸ਼ ਕਰ ’ਤਾ ਆ ਤੇ ਫ਼ੋਨੋਲੋਜੀ ਵਿਚ ਮੈਂ। ਹੁਣ ਹੋਰ ਕੁਸ਼ ਕਰਨ ਦੀ ਲੋੜ ਕੀ ਆ?” ਵਿਗਿਆਨ ਦੇ ਖੇਤਰ ਵਿਚ ਕਦੇ ਵੀ ਖੜੋਤ ਨਹੀਂ ਆਉਣੀ ਚਾਹੀਦੀ। ਇਸ ਭਾਸ਼ਾ ਵਿਗਿਆਨੀ ਦੇ ਪੰਜਾਬੀ ਫ਼ੋਨੋਲੋਜੀ ਲਈ ਕੀਤੇ ਕੰਮ ਬਾਰੇ ਸਿਰਫ਼ ਇੰਨਾ ਹੀ ਕਹਿਣਾ ਕਾਫ਼ੀ ਹੈ ਕਿ ਪੰਜਾਬੀ ਨਾਲ ਇਹਤੋਂ ਵੱਧ ਪ੍ਰੋਕ੍ਰਸਟੀਅਨ ਜ਼ੁਲਮ ਕਿਸੇ ਹੋਰ ਨੇ ਨਹੀਂ ਕੀਤਾ। ਸਾਡੇ ਕੰਨ ਪੰਜਾਬੀ ਟੋਨ ਬਾਰੇ ਕੁਝ ਕਹਿੰਦੇ ਹਨ, ਇਸ ਵਿਦਵਾਨ ਦਾ ਸਿਧਾਂਤਕ ਢਾਂਚਾ ਕੁਝ ਹੋਰ ਕਹਿੰਦਾ ਹੈ, ਪਰ ਇਸ ਸੱਜਣ ਦੀ ਮਾਨਤਾ ਇਹ ਹੈ ਕਿ ਸਾਡੇ ਕੰਨ ਗ਼ਲਤ ਹਨ ਅਤੇ ਢਾਂਚਾ ਸਹੀ।)

ਅਮਰੀਕਾ ਵਿਚ ਕੰਮ ਕਰਨ ਵਾਲੇ ਪੰਜਾਬੀ ਭਾਸ਼ਾ ਵਿਗਿਆਨੀ ਕਾਲੀ ਚਰਨ ਬਹਿਲ ਨੇ ਜ਼ਿਆਦਾਤਰ ਕੰਮ ਹਿੰਦੀ ਵਿਆਕਰਣ ਦਾ ਕੀਤਾ। ਪੰਜਾਬੀ ਭਾਸ਼ਾ ਦੀ ਬਣਤਰ ਬਾਰੇ ਬਹਿਲ ਦੀ ਸੂਝ ਕਮਾਲ ਦੀ ਸੀ, ਪਰ ਇਹਦੇ ਅਨੁਸਾਰ ਪੰਜਾਬੀ ਦਾ ਵਿਸ਼ਲੇਸ਼ਣ ਕਰਨ ਦੀ ਬਜਾਇ ਇਹਨਾਂ ਨੇ ਰੂਸੀ ਭਾਸ਼ਾਵਿਗਿਆਨੀ ਯਾਕਬਸਨ ਦੇ ਰੂਸੀ ਭਾਸ਼ਾ ਲਈ ਬਣਾਏ ਵਿਆਕਰਣਕ ਢਾਂਚੇ ਵਿਚ ਪੰਜਾਬੀ ਨੂੰ ਫ਼ਿਟ ਕਰ ਛੱਡਿਆ। 1964 ਵਿਚ ਛਪੀ ਪਤਲੀ ਜਿਹੀ ਕਿਤਾਬ A Grammatical Sketch of Panjabi ਤੇ ਇਕ ਦੋ ਲੇਖ ਲਿਖਣ ਤੋਂ ਅਲਾਵਾ ਬਹਿਲ ਨੇ ਪੰਜਾਬੀ ਲਈ ਕੋਈ ਖ਼ਾਸ ਕੰਮ ਨਹੀਂ ਕੀਤਾ।

ਜੋਗਿੰਦਰ ਸਿੰਘ ਪੁਆਰ ਨੇ ਆਪਣੇ ਪੀਐੱਚ ਡੀ ਥੀਸਿਸ A Grammatical Study of Time and Tense in Punjabi (1977) ਵਿਚ ਪੰਜਾਬੀ ਲਿਖਤਾਂ ਵਿੱਚੋਂ ਸੌ ਤੋਂ ਵੱਧ ਕ੍ਰਿਆ-ਲੜੀਆਂ ਲੱਭ ਕੇ ਪੇਸ਼ ਕੀਤੀਆਂ। ਜੇ ਇਹਨਾਂ ਕ੍ਰਿਆ ਪਦਾਂ ਦੀ ਪਛਾਣ ਕਰਕੇ ਇਹਨਾਂ ਦੀਆਂ ਅਰਥ-ਸੰਭਾਵਨਾਵਾਂ ਦੀ ਪਛਾਣ ਕਰਕੇ ਅਤੇ ਲੜੀਆਂ ਵਿਚ ਇਹਨਾਂ ਅਰਥ ਸੰਭਾਵਨਾਵਾਂ ਦੇ ਯੋਗਦਾਨ ਦਾ ਅਧਿਐਨ ਕੀਤਾ ਜਾਂਦਾ, ਤਾਂ ਪੰਜਾਬੀ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਇਹ ਅਦੁੱਤੀ ਕੰਮ ਹੋਣਾ ਸੀ। ਬੜਾ ਹੀ ਸ਼ਲਾਘਾਯੋਗ ਆਰੰਭ ਸੀ, ਪਰ ਬਾਅਦ ਵਿਚ ਇਹਨਾਂ ਨੂੰ ਵਰਤਮਾਨ, ਭੂਤ ਅਤੇ ਭਵਿੱਖਤ ‘ਟੈਂਸਾਂ’ ਵਿਚ ਵੰਡ ਕੇ ‘ਪਰਣਾਲਾ ਓਥੇ ਦਾ ਓਥੇ' ਰੱਖਿਆ (ਸਗੋਂ ਪਹਿਲਾਂ ਨਾਲੋਂ ਵੀ ਮਾੜੀ ਥਾਂ ਕਰ ਦਿੱਤਾ)। ਮੇਰਾ ਖ਼ਿਆਲ ਹੈ ਕਿ ਪੁਆਰ ਨੇ ਜਿਹੜੀਆਂ ਕ੍ਰਿਆ-ਲੜੀਆਂ ਲੱਭੀਆਂ ਸਨ, ਉਹਨਾਂ ਨਾਲੋਂ ਦੁੱਗਣੀਆਂ ਤੋਂ ਵੀ ਵੱਧ ਉਹ ਛੱਡ ਗਏ ਸਨ। ਇਹਨਾਂ ਲੜੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ, ਪਰ ਇਹਨਾਂ ਵਿਚ ਵਰਤੇ ਜਾਣ ਵਾਲੇ ਕ੍ਰਿਆ ਪਦਾਂ ਦੀ ਗਿਤਣੀ ਜ਼ਿਆਦਾ ਨਹੀਂ। ਇਹਨਾਂ ਵਿਚ ਕਈ ਕ੍ਰਿਆ-ਲੜੀਆਂ ਅਜਿਹੀਆਂ ਹਨ, ਜਿਹਨਾਂ ਨੂੰ ਕਰਮਣੀ ਵਾਚੀ (passive voice) ਵੀ ਮੰਨਿਆ ਜਾਂਦਾ ਹੈ। ਜੇ ਇਹਨਾਂ ਕ੍ਰਿਆ-ਲੜੀਆਂ ਵਿਚ ਆਉਣ ਵਾਲੇ ਹਰ ਕ੍ਰਿਆ ਪਦ ਦੀਆਂ ਅਰਥ-ਸੰਭਾਵਨਾਵਾਂ ਦਾ ਅਧਿਐਨ ਕਰਕੇ ਇਹ ਦੇਖਿਆ ਜਾਂਦਾ ਕਿ ਲੜੀ ਦੇ ਸੰਦਰਭ ਵਿਚ ਇਹਨਾਂ ਵਿੱਚੋਂ ਕਿਹੜੀਆਂ ਭਾਵਨਾਵਾਂ ਸਾਕਾਰ ਹੁੰਦੀਆਂ ਹਨ ਅਤੇ ਲੜੀ ਦੀ ਸਮੁੱਚੀ ਅਰਥ-ਸੰਭਾਵਨਾ ਕੀ ਬਣਦੀ ਹੈ, ਕੁਝ ਲੜੀਆਂ ਜਾਂ ਕ੍ਰਿਆ ਪਦਾਂ ਦੇ ਅਰਥ ‘ਕਰਮਣੀ ਵਾਚ' ਵਾਲੇ ਕਿਉਂ ਹਨ, ਤਾਂ ਪੰਜਾਬੀ ਭਾਸ਼ਾ ਵਿਗਿਆਨ ਨੂੰ ਇਹ ਬੜੀ ਵੱਡੀ ਦੇਣ ਸਾਬਤ ਹੁੰਦੀ। ਪੁਆਰ ਦੇ ਪ੍ਰੀਖਿਅਕ ਆਪਣੇ ਸਮੇਂ ਦੇ ਸਤਿਕਾਰੇ-ਜਾਂਦੇ ਦੱਖਣ ਭਾਰਤੀ ਭਾਸ਼ਾ ਵਿਗਿਆਨੀ ਅਤੇ ਸੰਸਕ੍ਰਿਤ ਦੇ ਵਿਦਵਾਨ ਪ੍ਰੋਫ਼ੈਸਰ ਸੁਬ੍ਰਹਮੰਨਿਯਮ ਸਨ। ਸੁਬ੍ਰਹਮੰਨਿਯਮ ਨੇ ਪੁਆਰ ਨੂੰ ਪੀਐੱਚ ਡੀ ਇਮਤਿਹਾਨ ਵਿਚ ਪਾਸ ਕਰ ਦਿੱਤਾ, ਪਰ ਨਾਲ ਹੀ ਇਸ ਵਿਦਵਾਨ ਨੇ ਆਪਣੀ ਪੂਰੀ ਜ਼ਿੰਦਗੀ ਵਿਚ ਕੀਤੇ ਅਧਿਐਨ ਅਤੇ ਮਨਨ ਦੇ ਆਧਾਰ 'ਤੇ ਵਡਮੁੱਲੀ ਸਲਾਹ ਵੀ ਦਿੱਤੀ ਕਿ ਪੰਜਾਬੀ ਭਾਸ਼ਾ ਦੇ ਸਮੇਂ ਨੂੰ ਅਭਿਵਿਅਕਤ ਕਰਨ ਦੇ ਢੰਗ ਨੂੰ ਸਮਝਣ ਲਈ ਪੁਆਰ ਭਾਰਤੀ ਫ਼ਲਸਫ਼ੇ ਅਤੇ ਖ਼ਾਸ ਤੌਰ 'ਤੇ ਜੈਨ ਧਰਮ ਦੇ ਫ਼ਲਸਫ਼ੇ, ਦਾ ਅਧਿਐਨ ਕਰਨ। (ਇਹ ਗੱਲ ਮੈਨੂੰ ਖ਼ੁਦ ਪੁਆਰ ਨੇ 1982 ਵਿਚ ਪਟਿਆਲੇ ਵਿਚ ਦੱਸੀ ਸੀ)। ਇਹਦੇ ਨਾਲੋਂ ਵਧੀਆ ਹੋਰ ਕੋਈ ਸਲਾਹ ਅੱਜ ਦੇ ਭਾਰਤੀ ਭਾਸ਼ਾ ਵਿਗਿਆਨੀਆਂ ਨੂੰ ਨਹੀਂ ਦਿੱਤੀ ਜਾ ਸਕਦੀ। ਅਜਿਹਾ ਕੀਤੇ ਬਿਨਾਂ ਪੁਆਰ ਦੇ ਕੰਮ ਨੂੰ ਅੱਗੇ ਵਧਾਇਆ ਨਹੀਂ ਜਾ ਸਕਦਾ ਸੀ। ਪਰ ਪੁਆਰ ਨੇ ਇਸ ਸਲਾਹ ਦੇ ਅਨੁਸਾਰ ਕੋਈ ਕੰਮ ਨਹੀਂ ਕੀਤਾ। ਉਹਨਾਂ ਨੂੰ ਸਮਾਂ ਨਹੀਂ ਮਿਲਿਆ ਹੋਏਗਾ ਜਾਂ ਉਹਨਾਂ ਦੀਆਂ ਕੋਈ ਬੌਧਿਕ ਸੀਮਾਵਾਂ ਰਹੀਆਂ ਹੋਣਗੀਆਂ।

ਬਾਅਦ ਵਿਚ ਪੁਆਰ ਦੀ ਕਿਤਾਬ The Panjabi Verb: Form and Function (1990) ਵਿਚ ਬੜੀ ਵਧੀਆ ਜਾਣਕਾਰੀ ਦੇਣ ਦੇ ਨਾਲ-ਨਾਲ ‘ਭੂਤ’, ‘ਵਰਤਮਾਨ‘ ਅਤੇ ‘ਭਵਿੱਖਤ’ ਕਾਲ ਵੀ ਪਹਿਲਾਂ ਵਾਂਗ ਬਿਰਾਜਮਾਨ ਹਨ। ‘ਭੂਤ ਕਾਲ’ ਦੀ ਇਹ ਮਿਸਾਲ ਹੈ - ‘ਰਾਮ ਚੰਦਰ ਨੇ ਭੀਲਣੀ ਦੇ ਜੂਠੇ ਬੇਰ ਖਾਧੇ'। (ਸਫ਼ਾ 57)। ਜੇ ਮੈਂ ਕਿਸੇ ਨੂੰ ਕਹਾਂ, ‘ਜੇ ਤੂੰ ਕਿਸੇ ਦੇ ਜੂਠੇ ਬੇਰ ਖਾਧੇ, ਤਾਂ ਉਹਦੀ ਬੀਮਾਰੀ ਤੈਨੂੰ ਲਗ ਜਾਏਗੀ' ਤਾਂ ਇਹ ਵਾਕ ਅਜਿਹੇ ਕੰਮ ਬਾਰੇ ਹੈ ਜੋ ਹਾਲੇ ਹੋਇਆ ਹੀ ਨਹੀਂ, ਸਗੋਂ ਭਵਿੱਖ ਵਿਚ ਉਹਦੇ ਹੋਣ ਦੀ ਸੰਭਾਵਨਾ ਮੈਨੂੰ ਦਿਸ ਰਹੀ ਹੈ। ਫਿਰ ‘ਜੂਠੇ ਬੇਰ ਖਾਧੇ’ ‘ਭੂਤ ਕਾਲ’ ਕਿਵੇਂ ਹੋ ਗਿਆ? ਕੀ ‘ਹੁਣ ਉਹ ਵਾਪਸ ਨਾ ਆਇਆ' ਭੂਤ ਕਾਲ ਵਿਚ ਹੈ? ਉੱਪਰ ਵਾਲੇ ਪੈਰੇ ਦੇ ਆਖ਼ਰੀ ਵਾਕ ਦਾ ਕਾਲ ਜਾਂ ਟੈਂਸ ਹੁਣ ਤਕ ਛਪੇ ਸਾਰੇ ਪੰਜਾਬੀ ਵਿਆਕਰਣਾਂ ਅਨੁਸਾਰ ‘ਭਵਿੱਖਤ ਕਾਲ’ ਹੋਣਾ ਚਾਹੀਦਾ ਹੈ, ਪਰ ਮੈਂ ਤਾਂ ਬੀਤੇ ਸਮੇਂ ਦੀ ਗੱਲ ਕਰ ਰਿਹਾ ਹਾਂ। ਅਸਲ ਗੱਲ ਕਾਲ ਜਾਂ ਟੈਂਸ ਦੀ ਨਹੀਂ, ਸਗੋਂ ਕੋਈ ਹੋਰ ਹੈ।

ਇਸ ਵੇਲੇ ਅਮਰੀਕਾ ਵਿਚ ਪੰਜਾਬੀ ਭਾਸ਼ਾ ਵਿਗਿਆਨੀ ਤੇਜ ਭਾਟੀਆ ਵੀ ਕੰਮ ਕਰ ਰਹੇ ਹਨ, ਜਿਹਨਾਂ ਦੀ ਪੁਸਤਕ Punjabi: A cognitive-descriptive garmmar 1993 ਵਿਚ ਪ੍ਰਕਾਸ਼ਿਤ ਹੋਈ, ਜਿਹਦਾ ਜ਼ਿਕਰ ਅੱਗੇ ਕੀਤਾ ਜਾਏਗਾ।

ਭਾਸ਼ਾ ਤੇ ਸੰਸਕ੍ਰਿਤੀ

ਜੇ ਭਾਸ਼ਾ ਨੂੰ ਕਿਸੇ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਮੰਨਣਾ ਹੈ, ਤਾਂ ਇਹ ਮੰਨ ਕੇ ਚੱਲਣਾ ਪਏਗਾ ਕਿ ਉਸ ਸੰਸਕ੍ਰਿਤੀ ਦੀ ਜੀਵਨ ਦ੍ਰਿਸ਼ਟੀ ਦਾ ਪ੍ਰਤੀਕੀਕਰਣ ਉਹਦੇ ਧਰਮਾਂ, ਫ਼ਲਸਫ਼ੇ, ਕਲਾ, ਸਾਹਿਤ ਅਤੇ ਭਾਸ਼ਾ (ਖ਼ਾਸ ਤੌਰ 'ਤੇ ਭਾਸ਼ਾ ਦੇ ਵਿਆਕਰਣ) ਵਿਚ ਹੁੰਦਾ ਹੈ। ਪੰਜਾਬੀ ਭਾਸ਼ਾ ਦੀ ਵਾਕ-ਬਣਤਰ ਅਜਿਹੀ ਹੈ ਕਿ ਹਰ ਵਾਕ ਜਾਂ ਵਾਕਾਂਸ਼ ਦਾ ਕੇਂਦਰ ਕ੍ਰਿਆ ਹੈ। ਕ੍ਰਿਆ ਦੇ ਅਰਥ ਦਾ ਸੰਬੰਧ ਸਮੇਂ ਨਾਲ ਹੈ ਅਤੇ ਸਮੇਂ ਦਾ ਸੰਬੋਧ ਸਮੁੱਚੀ ਸੰਸਕ੍ਰਿਤੀ ਵਿਚ ਇੱਕੋ ਹੁੰਦਾ ਹੈ। ਸੁਬ੍ਰਹਮੰਨਿਯਮ ਨੇ ਜੈਨ ਫ਼ਲਸਫ਼ੇ ਦੀ ਗੱਲ ਜਾਣ ਕੇ ਕੀਤੀ ਸੀ। ਜੈਨ ਧਰਮ ਦਾ ਆਰੰਭ ਆਰੀਆਂ ਦੇ ਭਾਰਤ ਵਿਚ ਆਉਣ ਤੋਂ ਵੀ ਪਹਿਲਾਂ ਦਾ ਹੈ। ਭਾਰਤ ਦੀ ਮੌਜੂਦਾ ਸੰਸਕ੍ਰਿਤੀ ਆਰੀਆ ਸੰਸਕ੍ਰਿਤੀ ਅਤੇ ਮੂਲ ਭਾਰਤੀ ਸੰਸਕ੍ਰਿਤੀ ਦੇ ਸੰਗਮ ਦਾ ਨਤੀਜਾ ਹੈ। ਇਸ ਸੰਗਮ ਵਿਚ ਮੂਲ ਭਾਰਤੀ ਸੰਸਕ੍ਰਿਤੀ ਹੌਲੀ-ਹੌਲੀ ਆਰੀਆ ਸੰਸਕ੍ਰਿਤੀ ’ਤੇ ਭਾਰੂ ਹੁੰਦੀ ਗਈ। ਬੁੱਧ ਧਰਮ ਨੂੰ ਕੁਝ ਹਦ ਤਕ ਆਰੀਆ ਧਰਮ ਦੇ ਵਿਰੁੱਧ ਮੂਲ ਭਾਰਤੀ ਜੀਵਨ ਦ੍ਰਿਸ਼ਟੀ ਦਾ ਵਿਦ੍ਰੋਹ ਸਮਝਿਆ ਜਾ ਸਕਦਾ ਹੈ। ਸਮੇਂ ਬਾਰੇ ਜੈਨ ਅਤੇ ਬੁੱਧ ਧਰਮ ਦਾ ਸੰਬੋਧ ਅਖ਼ੀਰ ਵਿਚ ਪਤੰਜਲੀ ਦੇ ਯੋਗ ਸ਼ਾਸਤ੍ਰ, ਵੈਸ਼ਣਵ ਧਰਮ, ਸ਼ੈਵ ਧਰਮ, ਭਾਰਤੀ ਕਲਾ, ਸਾਇੰਸ, ਗਣਿਤ ਅਤੇ ਜੋਤਸ਼ ਵਿਚ ਵੀ ਪ੍ਰਵੇਸ਼ ਕਰ ਗਿਆ। ਇਹ ਪ੍ਰਗਤੀ ਹੋਣ ਨੂੰ ਸਦੀਆਂ ਲੱਗੀਆਂ ਅਤੇ ਇਹਨਾਂ ਸਦੀਆਂ ਦੌਰਾਨ ਹੀ ਸਭ ਭਾਰਤੀ ਭਾਸ਼ਾਵਾਂ (ਉੱਤਰ ਭਾਰਤੀ ਆਰੀਆਈ ਭਾਸ਼ਵਾਂ, ਦੱਖਣ ਭਾਰਤੀ ਦ੍ਰਵਿੜੀ ਭਾਸ਼ਾਵਾਂ ਅਤੇ ਘੱਟ-ਗਿਣਤੀ ਦੀਆਂ ਮੁੰਡਾ ਭਾਸ਼ਾਵਾਂ ਵਗ਼ੈਰਾ) ਦੇ ਵਿਆਕਰਣਕ ਢਾਂਚਿਆਂ ਵਿਚ ਸਮੇਂ ਦੇ ਇਸ ਸੰਬੋਧ ਦਾ ਪ੍ਰਤੀਕੀਕਰਣ ਹੋਣ ਲਗ ਗਿਆ। ਭਾਰਤੀ ਸੰਸਕ੍ਰਿਤੀ ਦੇ ਇਤਿਹਾਸ ਦੇ ਇਸ ਪਹਿਲੂ ਦਾ ਸਿੱਧਾ ਸੰਬੰਧ ਸਭ ਭਾਰਤੀ ਭਾਸ਼ਾਵਾਂ ਦੇ ਵਿਆਕਰਣ ਦੇ ਅਧਿਐਨ ਨਾਲ ਹੈ। ਇਹਨੂੰ ਸਮਝੇ ਬਿਨਾਂ ਭਾਸ਼ਾ ਦਾ ਅਧਿਐਨ ਸੰਸਕ੍ਰਿਤੀ ਦੇ ਅਭਿੰਨ ਅੰਗ ਦੇ ਵਜੋਂ ਕੀਤਾ ਹੀ ਨਹੀਂ ਜਾ ਸਕਦਾ। ਸਮੇਂ ਦੇ ਇਸ ਸੰਬੋਧ ਦੀ ਗੱਲ ਅਸੀਂ ਅੱਗੇ ਚਲ ਕੇ ਕਰਾਂਗੇ। ਪਹਿਲਾਂ ਇਹ ਦੇਖਣਾ ਹੈ ਕਿ ਇਹਨੂੰ ਸਮਝੇ ਬਿਨਾਂ ਰਵਾਇਤੀ ਵੱਈਆਕਰਣਾਂ ਅਤੇ ਗਿੱਲ, ਪੁਆਰ ਅਤੇ ਭਾਟੀਏ ਵਰਗੇ ਭਾਸ਼ਾ ਵਿਗਿਆਨੀਆਂ ਦੇ ਪੰਜਾਬੀ ਵਿਆਕਰਣ ਵਿਚ ਸਮੇਂ ਦੇ ਸੰਬੋਧ ਨੂੰ ਕਿਵੇਂ ਗ਼ਲਤ ਸਮਝਿਆ?

ਬੀਤੇ ਸਮੇਂ ਦੀਆਂ ਗ਼ਲਤੀਆਂ ਬਾਰੇ ਜਾਨਣ ਦਾ ਇੱਕੋ ਮਕਸਦ ਹੁੰਦਾ ਹੈ - ਇਹ ਪਤਾ ਲਾਉਣਾ ਕਿ ਇਹਨਾਂ ਦਾ ਕਾਰਣ ਕੀ ਸੀ ਅਤੇ ਅੱਗੋਂ ਇਹ ਗ਼ਲਤੀਆਂ ਨਾ ਕਰਨਾ। ਪੰਜਾਬੀ ਵੱਈਆਕਰਣਾਂ ਨੂੰ ਬਹੁਤ ਹਦ ਤਕ ਗੁਮਰਾਹ ‘ਕਾਲ’ ਸ਼ਬਦ ਨੇ ਕੀਤਾ। ਇਹਦੇ ਦੋ ਅਰਥ ਹਨ - ਸਮੇਂ ਦਾ ਸਰਵ-ਸਾਂਝਾ ਸੰਬੋਧ, ਜੋ ਸਾਰੀ ਮਾਨਵਤਾ ਲਈ ਇੱਕੋ ਹੈ- ਅਰਥਾਤ ਸਮੇਂ ਦੀ ਧਾਰਾ ਬੀਤੇ ਸਮੇਂ (ਅਤੀਤ) ਤੋਂ ਵਰਤਮਾਨ ਰਾਹੀਂ ਭਵਿੱਖ ਵਲ ਨੂੰ ਚਲਦੀ ਹੈ, ਇਹਦੀ ਇੱਕੋ ਦਿਸ਼ਾ ਹੈ - ਅਤੀਤ → ਵਰਤਮਾਨ → ਭਵਿੱਖ। ਦੂਸਰਾ ਅਰਥ ਇਹ ਹੈ ਕਿ ਕਿਸੇ ਭਾਸ਼ਾ ਦੇ ਵਿਆਕਰਣਕ ਵਸੀਲੇ ਸਮੇਂ ਦਾ ਪ੍ਰਤੀਕੀਕਰਣ ਕਿਵੇਂ ਕਰਦੇ ਹਨ (ਅਰਥਾਤ ਕਿਸੇ ਸੰਸਕ੍ਰਿਤੀ ਦਾ ਸਮੇਂ ਬਾਰੇ ਸੰਬੋਧ ਕੀ ਹੈ)। ਮਾਨਵ ਵਿਗਿਆਨ ਅਤੇ ਆਧੁਨਿਕ ਭਾਸ਼ਾ ਵਿਗਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਜ਼ਰੂਰੀ ਨਹੀਂ ਸੰਸਾਰ ਦੀਆਂ ਸਭ ਸੰਸਕ੍ਰਿਤੀਆਂ ਅਤੇ ਭਾਸ਼ਾਵਾਂ ਆਪਣੇ ਭਾਸ਼ਾਈ ਅਤੇ ਅਤੇ ਹੋਰ ਵਸੀਲਿਆਂ ਰਾਹੀਂ ਸਮੇਂ ਦੇ ਸੰਬੋਧ ਦਾ ਪ੍ਰਤੀਕੀਕਰਣ ਉੱਪਰ ਦੱਸੇ ਢੰਗ ਨਾਲ ਹੀ ਕਰਨ। ਹਕੀਕਤ ਇਹ ਹੈ ਕਿ ਇਸ ਢੰਗ ਨਾਲ ਸਮੇਂ ਦਾ ਪ੍ਰਤੀਕੀਕਰਣ ਘੱਟ-ਗਿਣਤੀ ਸੰਸਕ੍ਰਿਤੀਆਂ ਅਤੇ ਭਾਸ਼ਾਵਾਂ ਕਰਦੀਆਂ ਹਨ। ਸੰਸਾਰ ਦੀਆਂ ਬਹੁ-ਗਿਣਤੀ ਭਾਸ਼ਾਵਾਂ ਦੇ ਸਮੇਂ ਨੂੰ ਪ੍ਰਤੀਕੀਕਰਣ ਦੇ ਢੰਗ ਵੱਖਰੇ ਹਨ।

ਸਾਮਰਾਜੀ ਮਾਨਸਿਕਤਾ

ਜਦ ਅਠਾਹਰਵੀਂ ਸਦੀ ਵਿਚ ਯੂਰਪੀ ਸਾਮਰਾਜ ਫੈਲ ਰਿਹਾ ਸੀ, ਤਾਂ ਯੂਰਪੀ ਵਿਦਵਾਨਾਂ ਨੇ ਹੋਰ ਭਾਸ਼ਾਵਾਂ ਦਾ ਅਧਿਐਨ ਆਰੰਭ ਕੀਤਾ। ਹੈਰਾਨੀ ਨਹੀਂ ਕਿ ਯੂਰਪੀ ਵੱਈਆਕਰਣਾਂ ਨੇ ਇਹ ਮੰਨ ਲਿਆ ਕਿ ਸਭ ਭਾਸ਼ਾਵਾਂ ਸਮੇਂ ਦਾ ਪ੍ਰਤੀਕੀਕਰਣ ਉੱਪਰ ਦੱਸੇ ਯੂਰਪੀ ਢੰਗ ਨਾਲ ਕਰਦੀਆਂ ਹਨ। (ਜੇ ਨਹੀਂ ਕਰਦੀਆਂ ਤਾਂ ਉਹਨਾਂ ਨੂੰ ਅਜਿਹਾ ਕਰਨਾ ਚਾਹੀਦਾ ਹੈ!) ਉਸ ਵੇਲੇ ਸਾਰੀਆਂ ਭਾਸ਼ਾਵਾਂ ਨੂੰ ਲੈਟਿਨ ਦੇ ਢਾਂਚੇ ਵਿਚ ਫ਼ਿਟ ਕੀਤਾ ਜਾਂਦਾ ਸੀ। ਕਿਸੇ ਵੀ ਭਾਸ਼ਾ ਦਾ ਵਿਆਕਰਣ ਰਚਣ ਵੇਲੇ ਉਹਦੀਆਂ ਭਾਸ਼ਾਈ ਖ਼ਾਸੀਅਤਾਂ ਵਲ ਕੁਝ ਧਿਆਨ ਜ਼ਰੂਰ ਦਿੱਤਾ ਜਾਂਦਾ ਸੀ, ਪਰ ਉਹਦੇ ਵਸੀਲਿਆਂ ਵਿਚੋਂ ਕੁਝ ਲੱਭ ਕੇ ਲੈਟਿਨ ਦੇ ਢਾਂਚੇ ਵਿਚ ਫ਼ਿਟ ਕਰ ਦਿੱਤੇ ਜਾਂਦੇ ਸਨ ਅਤੇ ਲੋੜ ਅਨੁਸਾਰ ਇਸ ਢਾਂਚੇ ਵਿਚ ਹਲਕੀ ਜਿਹੀ ਅਦਲਾ-ਬਦਲੀ ਕਰ ਲਈ ਜਾਂਦੀ ਸੀ ਅਤੇ ਭੂਤ, ਵਰਤਮਾਨ ਅਤੇ ਭਵਿੱਖਤ ਕਾਲ ਦੀਆਂ ਕੁਝ ਕਿਸਮਾਂ ਮੰਨ ਲਈਆਂ ਜਾਂਦੀਆਂ ਸਨ; ਪਰ ‘ਅਤੀਤ → ਵਰਤਮਾਨ → ਭਵਿੱਖ ਦੇ ਪਵਿੱਤਰ ਅਤੇ ‘ਸਰਵ-ਸਾਂਝੇ’ ਅਸੂਲ ਨੂੰ ਬਦਲਿਆ ਨਹੀਂ ਜਾਂਦਾ ਸੀ। ਭਾਰਤ ਵਿਚ ਸੌ ਸਾਲ ਤੋਂ ਵੀ ਵੱਧ ਸਮਾਂ ਅੰਗਰੇਜ਼ੀ ਸਿਖਾਉਣ ਲਈ ਵਰਤੀ ਜਾਂਦੀ ਰਹੀ ਜੇ ਸੀ ਨੈਸਫ਼ੀਲਡ ਦੀ ਅੰਗਰੇਜ਼ੀ ਦੀ ਗਰਾਮਰ ਇਸ ਢੰਗ ਨਾਲ ਲਿਖੀ ਗਈ ਸੀ। ਪੰਜਾਬੀ ਵੱਈਆਕਰਣਾਂ ਨੂੰ ਗੁਮਰਾਹ ਕਰਨ ਦਾ ਕੰਮ ਸਭ ਤੋਂ ਜ਼ਿਆਦਾ ਇਸ ਗਰਾਮਰ (ਜਾਂ ਇਹਦੇ ਆਧਾਰ 'ਤੇ ਲਿਖੀਆਂ ਗਈਆਂ ਹੋਰ ਅੰਗਰੇਜ਼ੀ ਗਰਾਮਰਾਂ) ਨੇ ਕੀਤਾ।

ਇਸ ਸਮਾਰਾਜੀ ਮਾਨਸਿਕਤਾ ਦੀ ਅਜੋਕੀ ਮਿਸਾਲ ਇਹ ਹੈ ਕਿ ਅਮਰੀਕਾ ਵਿਚ ਧੜਾਧੜ ਅਜਿਹੇ ਭਾਸ਼ਾਵਿਗਿਆਨਕ ਸਿਧਾਂਤਕ ਢਾਂਚੇ ਤਿਆਰ ਹੋ ਰਹੇ ਹਨ, ਜਿਹਨਾਂ ਦੇ ਸਰਵ-ਭਾਸ਼ੀ ਹੋਣ ਬਾਰੇ ਦਾਅਵੇ ਕੀਤੇ ਜਾਂਦੇ ਹਨ ਕਿ ਉਹਨਾਂ ਵਿਚ ਸਭ ਭਾਸ਼ਾਵਾਂ ਫ਼ਿਟ ਕੀਤੀਆਂ ਜਾ ਸਕਦੀਆਂ ਹਨ। ਇਹ ਸਭ ਢਾਂਚੇ ਅੰਗਰੇਜ਼ੀ ਦੇ ਆਧਾਰ ’ਤੇ ਹੀ ਬਣਾਏ ਜਾਂਦੇ ਹਨ। ਇਹ ਕੰਮ ਨੋਅਮ ਚੌਮਸਕੀ ਨੇ 1957 ਵਿਚ ਸ਼ੁਰੂ ਕੀਤਾ (ਜਿਹਨਾਂ ਦੇ “ਕ੍ਰਾਂਤੀਕਾਰੀ” ਭਾਸ਼ਾ ਵਿਗਿਆਨੀ ਹੋਣ ਦਾ ਪ੍ਰਾਪੇਗੰਡਾ ਜ਼ੋਰ ਸ਼ੋਰ ਨਾਲ ਕੀਤਾ ਗਿਆ)। ਪੰਜਾਹ ਸਾਲਾਂ ਤੋਂ ਅਮਰੀਕੀ ਸੰਰਚਨਾਵਾਦੀ ਭਾਸ਼ਾ ਵਿਗਿਆਨੀ ਹਰ ਭਾਸ਼ਾ ਦੀ ਵਿਲੱਖਣਤਾ ਦੀ ਕਦਰ ਕਰਨ ਵਾਲੇ ਜਿਹੜੇ ਭਾਸ਼ਾ ਵਿਗਿਆਨ ਦਾ ਵਿਕਾਸ ਕਰ ਰਹੇ ਸਨ (ਇਹਨਾਂ ਵਿਚ ਹਰਜੀਤ ਸਿੰਘ ਗਿੱਲ ਦੇ ਗੁਰੂ ਹੈਨਰੀ ਗਲੀਸਨ ਵੀ ਸ਼ਾਮਿਲ ਸਨ) ਉਹਦਾ ਭੋਗ ਚੌਮਕਸੀ ਨੇ ਪਾ ਦਿੱਤਾ। ਭਾਰਤੀ ਭਾਸ਼ਾਵਾਂ ਦੇ ਜ਼ਿਆਦਾਤਰ ਵਿਆਕਰਣ ਈਸਾਈ ਮਿਸ਼ਨਰੀਆਂ ਨੇ ਹੋਰ ਮਿਸ਼ਨਰੀਆਂ ਨੂੰ ਭਾਰਤੀ ਭਾਸ਼ਾਵਾਂ ਸਿਖਾਉਣ ਲਈ ਲਿਖੇ, ਤਾਕਿ ਘੱਟੋ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ ਮਿਸ਼ਨਰੀ ਪੈਦਾ ਕਰਕੇ ਘੱਟ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ ਭਾਰਤੀਆਂ ਨੂੰ ਈਸਾਈ ਬਣਾਇਆ ਜਾ ਸਕੇ। ਪੰਜਾਬੀ ਲਈ ਅਜਿਹਾ ਪਹਿਲਾ ਵਿਆਕਰਣ ਪਾਦਰੀ ਵਿਲੀਅਮ ਕੇਅਰੀ ਨੇ 1812 ਵਿਚ ਪ੍ਰਕਾਸ਼ਿਤ ਕੀਤਾ। ਭਾਰਤੀ ਸਿਪਾਹੀਆਂ ਦੀ ਮਦਦ ਨਾਲ ਕੁਝ ਵਿਆਕਰਣ ਅੰਗਰੇਜ਼ ਫ਼ੌਜੀ ਅਫ਼ਸਰਾਂ ਨੇ ਹੋਰ ਅੰਗਰੇਜ਼ ਫ਼ੌਜੀ ਅਫ਼ਸਰਾਂ ਨੂੰ ਭਾਰਤੀ ਭਾਸ਼ਾਵਾਂ ਸਿਖਾਉਣ ਲਈ ਵੀ ਲਿਖੇ। ਇਹਨਾਂ ਵਿਆਕਰਣਾਂ ਦਾ ਮਕਸਦ ਭਾਰਤੀ ਭਾਸ਼ਾਵਾਂ ਦੀ ਵਿਲੱਖਣਤਾ ਨਾਲ ਨਿਆਂ ਕਰਨਾ ਨਹੀਂ ਸੀ।



ਹਰ ਭਾਸ਼ਾ ਵਿਚ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਕੁਝ ਕ੍ਰਿਆ ਲੜੀਆਂ ਨੂੰ ਚੁਣ ਕੇ ਤਿੰਨ ‘ਟੈਂਸਾਂ’ (ਕਾਲਾਂ) ਵਿਚੋਂ ਕਿਸੇ ਦੀ ਕਿਸਮ ਮੰਨ ਲਿਆ ਜਾਂਦਾ ਸੀ। ਪਰ ਮੁਸੀਬਤ ਇਹ ਸੀ ਕਿ ਇਹਨਾਂ ਕ੍ਰਿਆ ਲੜੀਆਂ ਦੀ ਚੋਣ ਇਕ ਵੱਈਆਕਰਣ ਆਪਣੇ ਢੰਗ ਨਾਲ ਕਰਦਾ ਸੀ ਅਤੇ ਦੂਸਰਾ ਆਪਣੇ ਢੰਗ ਨਾਲ। ਇਹਨਾਂ ਵਿਚੋਂ ਸਭ ਤੋਂ ਵੱਧ ‘ਸਾਫ਼ ਸੁਥਰਾ’ ਢਾਂਚਾ ਹਿੰਦੀ ਲਈ ਕੈਲੋਗ ਨੇ ਬਣਾਇਆ, ਜਿਹਦੀ ਨਕਲ ਬਾਅਦ ਵਿਚ ਹੋਰ ਭਾਸ਼ਾਵਾਂ ਦੇ ਵੱਈਆਕਰਣ ਥੋੜੀ ਬਹੁਤ ਅਦਲਾ-ਬਦਲੀ ਨਾਲ (ਅਤੇ ਕੈਲੋਗ ਦਾ ਨਾਂ ਦੱਸੇ ਬਿਨਾਂ) ਕਰਨ ਲੱਗ ਪਏ। ਪੰਜਾਬੀ ਵਿਚ ਇਹ ਕੰਮ ਈ ਪੀ ਨਿਊਟਨ ਦੇ 1898 ਦੇ ਵਿਆਕਰਣ ਤੋਂ ਲੈ ਕੇ ਦੁਨੀ ਚੰਦ੍ਰ ਦੇ ਵਿਆਕਰਣ (1964) ਤਕ ਚੱਲਿਆ। ਪਰ ਇਕ ਵੱਈਆਕਰਣ ਅਜਿਹੇ ਵੀ ਸਨ, ਜਿਹਨਾਂ ਦਾ ਕੰਮ ਨਾ ਧਰਮ ਪ੍ਰਚਾਰ ਕਰਨਾ ਸੀ ਅਤੇ ਨਾ ਹੀ ਫ਼ੌਜੀਆਂ ਨੂੰ ਭਾਸ਼ਾ ਸਿਖਾਉਣਾ। ਉਹ ਸਨ - ਭਾਰਤ ਵਿਚ ਅੰਗਰੇਜ਼ ਮੈਜਿਸਟ੍ਰੇਟ ਜਾਹਨ ਬੀਮਜ਼। ਉੱਤਰ ਭਾਰਤੀ ਭਾਸ਼ਾਵਾਂ ਅਤੇ ਲਿਪੀਆਂ ਦੇ ਅਧਿਐਨ ਦਾ ਉਹਨਾਂ ਨੂੰ ਸ਼ੌਕ ਸੀ। ਸਭਨਾਂ ਨਾਲ ਨਿਆਂ ਕਰਨ ਦੇ ਆਪਣੇ ਕੰਮ ਬਾਰੇ ਬੀਮਜ਼ ਇੰਨੇ ਗੰਭੀਰ ਸਨ ਕਿ ਉਹਨਾਂ ਨੇ ਇਹਨਾਂ ਭਾਸ਼ਾਵਾਂ ਨਾਲ ਵੀ ਪੂਰਾ ਨਿਆਂ ਕਰਨ ਦਾ ਫ਼ੈਸਲਾ ਕੀਤਾ। ਉਹਨਾਂ ਨੇ ਆਪਣੀ ਪੁਸਤਕ A Comparative Grammar of the Modern Aryan Languages of India (1872-1879) ਤਿੰਨ ਜਿਲਦਾਂ ਵਿਚ ਪ੍ਰਕਾਸ਼ਿਤ ਕੀਤੀ, ਜਿਸ ਵਿਚ ਉਹਨਾਂ ਨੇ ਦੋ ਗੱਲਾਂ 'ਤੇ ਖ਼ਾਸ ਜ਼ੋਰ ਦਿੱਤਾ (1) ਕੁਝ ਕ੍ਰਿਆ ਪਦਾਂ ਦੇ ਅਰਥ ਦਾ ਸੰਬੰਧ ਸਮੇਂ ਨਾਲ ਨਹੀਂ ਹੁੰਦਾ, ਸਗੋਂ ਸੰਦਰਭ ਅਨੁਸਾਰ ਇਹਨਾਂ ਦਾ ਅਰਥ ਭੂਤ ਕਾਲ, ਵਰਤਮਾਨ ਕਾਲ ਜਾਂ ਭਵਿੱਖਤ ਕਾਲ ਵਾਲਾ ਹੋ ਸਕਦਾ ਹੈ, (2) ਜੇ ਕੁਝ ਕ੍ਰਿਆ ਲੜੀਆਂ ‘ਟੈਂਸ’ ਜਾਂ ਕਾਲ ਹਨ ਤਾਂ ਬਾਕੀ ਦੀਆਂ ਕਿਉਂ ਨਹੀਂ? ਜੇ ਹਰ ਕ੍ਰਿਆ ਲੜੀ ਨੂੰ ‘ਟੈਂਸ” ਮੰਨ ਲਿਆ ਜਾਏ, ਤਾਂ ਇਹਨਾਂ ਭਾਸ਼ਾਵਾਂ ਵਿਚ ‘ਟੈਂਸਾਂ’ ਦੀ ਗਿਣਤੀ ਅਨੰਤ (infinite) ਹੋ ਜਾਏਗੀ। ਪਰ ਬੀਮਜ਼ ਦੀ ਸਿਆਣਪ ਵਾਲੀ ਗੱਲ ਦਾ ਕਿਸੇ ਨੇ ਗੰਭੀਰ ਨੋਟਿਸ ਨਾ ਲਿਆ ਅਤੇ ਉੱਤਰ ਭਾਰਤੀ ਭਾਸ਼ਾਵਾਂ ਵਿਚ ‘ਟੈਂਸਾਂ’ ਦੀ ਖੋਜ ਚਲਦੀ ਰਹੀ ਅਤੇ ਹਾਲੇ ਤਕ ਚਲ ਰਹੀ ਹੈ।

ਵਿਆਕਰਣ ਸੁਧਾਰ

ਪੰਜਾਬੀ ਵਿਚ ‘ ਟੈਂਸ” ਜਾਂ ‘ਕਾਲ’ ਮਿੱਥਣ ਦਾ ਸਭ ਤੋਂ ਵੱਧ ਹਾਸੋਹੀਣਾ ਯਤਨ ਪਿਛਲੀ ਸਦੀ ਦੇ ਦੂਸਰੇ ਦਹਾਕੇ ਵਿਚ ‘ਵਿਆਕਰਣ ਸੁਧਾਰ ਕਮੇਟੀ' ਨੇ (ਬੜੇ ਹੀ ਗੰਭੀਰ ਇਰਾਦਿਆਂ ਨਾਲ) ਕੀਤਾ। ਖ਼ਾਲਸਾ ਕਾਲਿਜ ਅਮ੍ਰਿਤਸਰ ਦੇ ਪ੍ਰੋਫ਼ੈਸਰ ਤੇਜਾ ਸਿੰਘ ਦੀ ਅਗਵਾਈ ਹੇਠ ਰਾਮ ਸਿੰਘ, ਮਾਸਟਰ ਕਰਮ ਸਿੰਘ ਗੰਗਾਵਾਲੇ ਅਤੇ ਕੁਝ ਹੋਰ ਵਿਦਵਾਨਾਂ ਨੇ ਇਕੱਠੇ ਹੋ ਕੇ ਪੰਜਾਬੀ ਵਿਆਕਰਣ ਦਾ ‘ਸੁਧਾਰ’ ਕਰਨ ਦਾ ਬੀੜਾ ਚੁੱਕਿਆ। (ਕਿਤਾਬ ਦੇ ਰੂਪ ਵਿਚ ਪੇਸ਼ ਕੀਤੇ ਜਾਣ ਵਾਲੇ ਵਿਆਕਰਣ ਦਾ, ਕੁਦਰਤੀ ਵਿਆਕਰਣਕ ਢਾਂਚੇ ਦਾ ਨਹੀਂ)। ਇਸ ਕਮੇਟੀ ਦੀਆਂ ਕਈ ਮੀਟਿੰਗਾਂ ਮਾਸਟਰ ਕਰਮ ਸਿੰਘ ਦੀ ਕੋਠੀ ਵਿਚ ਹੋਈਆਂ। (ਇਹ ਗੱਲ ਮੈਨੂੰ ਪ੍ਰੋਫ਼ੈਸਰ ਸ ਸ ਅਮੋਲ ਜੀ ਨੇ ਸਾਊਥਾਲ ਵਿਚ ਦੱਸੀ - ਸ਼ਾਇਦ 1983 ਵਿਚ)। ਆਖ਼ਰੀ ਮੀਟਿੰਗ ਤਿੰਨ ਦਿਨ ਚੱਲੀ, ਜਿਹਤੋਂ ਬਾਅਦ ਕਮੇਟੀ ਨੇ ਹੁਕਮਨਾਮਾ ਜਾਰੀ ਕੀਤਾ ਕਿ ਪੰਜਾਬੀ ਵਿਚ ਸਿਰਫ਼ ਤਿੰਨ ਕਾਲ ਹਨ, ਜਿਹਨਾਂ ਨੂੰ ਅੱਗੇ ਨੌਂ ਕਾਲਾਂ ਵਿਚ ਵੰਡਿਆ ਜਾ ਸਕਦਾ ਹੈ, ਇਹਤੋਂ ਵੱਧ ਨਹੀਂ। (ਕਰਮ ਸਿੰਘ: ਨਵੀਨ ਪੰਜਾਬੀ ਵਿਆਕਰਣ ਭਾਗ 3,1929, ਸਫ਼ਾ 196) ਅੰਗਰੇਜ਼ੀ ਦੇ ਕਿਸੇ ਵਿਆਕਰਣ ਨੂੰ ਚੁੱਕ ਕੇ ਉਹਦੇ ਵਿਚ ਦੱਸੇ ਅੰਗਰੇਜ਼ੀ ਦੇ ਟੈਂਸਾਂ ਦੇ ਬਰਾਬਰ ਦੀਆਂ ਕ੍ਰਿਆ-ਲੜੀਆਂ ਨੂੰ ਪੰਜਾਬੀ ਦੇ ਟੈਂਸ ਮੰਨ ਲੈਣ ਦਾ ਕੰਮ ਕਰਨ ਲਈ ਤਿੰਨ ਦਿਨ ਲੰਮੀ ਮੀਟਿੰਗ ਕਰਨ ਦੀ ਕੀ ਲੋੜ ਸੀ? ਪਰ ਜਾਹਨ ਬੀਮਜ਼ ਦਾ ਇਹ ਸਵਾਲ ਕਿ ਕੁਝ ਕ੍ਰਿਆ ਲੜੀਆਂ ਟੈਂਸ ਕਿਉਂ ਹਨ ਅਤੇ ਬਾਕੀਆਂ ਦੀਆਂ ਟੈਂਸ ਕਿਉਂ ਨਹੀਂ ਹਨ, ਭਾਸ਼ਾ ਵਿਗਿਆਨੀਆਂ ਦਾ ਖਹਿੜਾ ਨਹੀਂ ਛੱਡਣ ਵਾਲਾ।

ਇਸ ਮਸਲੇ ਦਾ ਇੱਕੋ-ਇਕ ਹੱਲ ਇਹ ਹੈ ਕਿ ਪੰਜਾਬੀ ਬੋਲੀ ਨੂੰ ਉਹਦੀ ਸੰਸਕ੍ਰਿਤੀ ਅਤੇ ਲੋਕਾਂ ਦੇ ਰੋਜ਼ਾਨਾ ਕਾਰ- ਵਿਹਾਰ ਦੇ ਸੰਦਰਭ ਵਿਚ ਰੱਖ ਕੇ ਦਾਸ ਬਿਰਤੀ ਤੋਂ ਛੁਟਕਾਰਾ ਪਾ ਕੇ ਉਹਦੀ ਵਿਲੱਖਣਾ ਦਾ ਸਤਿਕਾਰ ਕਰਦਿਆਂ ਹੋਇਆਂ ਅਧਿਐਨ ਕੀਤਾ ਜਾਏ । ਆਪਣੇ ਵਡੇਰਿਆਂ ਤੋਂ ਵੀ ਕੁਝ ਸਿੱਖਿਆ ਜਾਏ। ਪਾਣਿਨੀ ਅੱਜ ਤਕ ਦੁਨੀਆ ਦੇ ਸਭ ਤੋਂ ਮਹਾਨ ਭਾਸ਼ਾ ਵਿਗਿਆਨੀ ਮੰਨੇ ਜਾਂਦੇ ਹਨ। ਉਹਨਾਂ ਦੀ ਭਾਸ਼ਾ ਵਿਸ਼ਲੇਸ਼ਣ ਵਿਧੀ ਕੀ ਸੀ? ਹੋਰ ਪ੍ਰਾਚੀਨ ਭਾਰਤੀ ਭਾਸ਼ਾ ਵਿਗਿਆਨੀਆਂ ਨੇ ਭਾਸ਼ਾ ਬਾਰੇ ਕੀ ਕਿਹਾ ਹੈ? ਭਾਸ਼ਾ ਦੇ ਹਰ ਵਾਕ ਦਾ ਧੁਰਾ ਉਹਦੀ ਕ੍ਰਿਆ ਜਾਂ ਕ੍ਰਿਆ ਲੜੀ ਹੁੰਦੀ ਹੈ ਅਤੇ ਕ੍ਰਿਆ ਦੀਆਂ ਅਰਥ-ਸੰਭਾਵਨਾਵਾਂ ਦਾ ਸੰਬੰਧ ਸਮੇਂ ਨਾਲ ਹੁੰਦਾ ਹੈ। ਕੀ ਅੱਜ ਦੀ ਭਾਰਤੀ ਸੰਸਕ੍ਰਿਤੀ ਦਾ ਸਮੇਂ ਦੇ ਸੰਬੋਧ ਦਾ ਪ੍ਰਤੀਕੀਕਰਣ ਦਾ ਢੰਗ ਪੱਛਮੀ ਸੰਸਕ੍ਰਿਤੀ ਵਾਲਾ ਹੀ ਹੈ? ਭੁਲੇਖੇ ਤੋਂ ਬਚਣ ਲਈ ਪ੍ਰਤੀਕੀਕਰਣ ’ਤੇ ਜ਼ੋਰ ਦੇਣ ਦੀ ਲੋੜ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਮੇਂ ਦੀ ਦਿਸ਼ਾ ਅਤੀਤ → ਵਰਤਮਾਨ → ਭਵਿੱਖ ਨੂੰ ਭਾਰਤੀ ਲੋਕ ਨਹੀਂ ਮੰਨਦੇ। ਪਰ ਸਵਾਲ ਇਹ ਹੈ ਕਿ ਕੀ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਚਿੰਨ੍ਹਾਂ ਜਾਂ ਪ੍ਰਤੀਕਾਂ ਦੇ ਸਿਸਟਮ ਵਿਚ ਸਮੇਂ ਨੂੰ ਇਸੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ?

ਪਾਣਿਨੀ ਦਾ ਸੰਸਕ੍ਰਿਤ ਦਾ ਮਹਾਨ ਵਿਆਕਰਣ ‘ਸਮਰਥ ਪਦਾਂ’ ਦੇ ਅਧਿਐਨ ਨਾਲ ਸ਼ੁਰੂ ਹੁੰਦਾ ਹੈ। ਪਾਣਿਨੀ ਦੇ ਵਿਆਕਰਣ ਦੇ ਦੂਸਰੇ ਅਧਿਆਇ ਦਾ ਪਹਿਲਾ ਸੂਤ੍ਰ ਹੈ - समर्थ: पदविधि:, ‘(ਇਸ ਵਿਆਕਰਣ ਦੇ) ਪੂਰੇ ਸ਼ਬਦਾਂ (ਪਦਾਂ) 'ਤੇ ਲਾਗੂ ਹੋਣ ਵਾਲੇ ਨਿਯਮ ਸਮਰਥ ਸ਼ਬਦਾਂ ਲਈ ਹਨ।’ (ਪਹਿਲਾ ਅਧਿਆਇ, ਸੰਸਕ੍ਰਿਤ ਦੀ ਫ਼ੋਨੋਲੋਜੀ ਬਾਰੇ ਹੈ, ਅਸਲ ਵਿਆਕਰਣ ਦੂਸਰੇ ਅਧਿਆਇ ਤੋਂ ਸ਼ੁਰੂ ਹੁੰਦਾ ਹੈ)। ‘ਸਮਰਥ’ ਸ਼ਬਦ ਦੋ ਸ਼ਬਦਾਂ ‘ਸਮ’ ਅਤੇ ‘ਅਰਥ’ ਮਿਲਕੇ ਬਣਿਆ ਹੈ। ‘ਸਮ ਦਾ ਅਰਥ ਹੈ ‘ਇਕੱਠੇ’, ਅਤੇ ‘ਅਰਥ' ਬਹੁ-ਅਰਥਕ ਸ਼ਬਦ ਹੈ, ਜਿਹਦੇ ਅਰਥ ਹਨ - ਉਦੇਸ਼, ਮਨੋਰਥ, ਮੰਤਵ, ਮਤਲਬ, ਧਨ, ਜਮ੍ਹਾਂ ਸਰਮਾਇਆ, ਅਤੇ ਹੋਰ ਵੀ ਕਈ। ਸੰਸਕ੍ਰਿਤ ਵਿਚ ਸ਼ਬਦ ‘ਸਮਰਥ’ ਦਾ ਅਰਥ ਉਹ ਵੀ ਹੈ ਜੋ ਹੁਣ ਪੰਜਾਬੀ ਵਿਚ ਹੈ। ਸਮਰਥ ਸ਼ਬਦ ਉਹ ਹਨ ਜਿਹਨਾਂ ਦੀ ਬੀਤੇ ਸਮੇਂ ਵਿਚ ਹੋਰ ਸ਼ਬਦਾਂ ਦੇ ਸੰਗ ਵਰਤੋਂ ਹੋਣ ਕਾਰਨ ਉਹਨਾਂ ਵਿਚ ਵਾਕਾਂ ਦੇ ਸਿਰਜਣ ਦੀ ਯੋਗਤਾ (ਅਰਥ ਸੰਭਾਵਨਾਵਾਂ ਅਤੇ ਵਿਆਕਰਣਕ ਸੰਭਾਵਨਾਵਾਂ) ਆ ਗਈਆਂ ਹਨ, ਜਿਹਨਾਂ ਵਿਚੋਂ ਕੁਝ ਹੋਰ ਪਦਾਂ ਨਾਲ ਮਿਲੇ ਵਾਕ ਸਿਰਜਣ ਵੇਲੇ ਉਜਾਗਰ ਹੁੰਦੀਆਂ ਹਨ। ਸੰਸਕ੍ਰਿਤ ਭਾਸ਼ਾ ਦੀ ਬਣਤਰ ਅਜਿਹੀ ਹੈ ਕਿ ਪਾਣਿਨੀ ਦਾ ਵਿਆਕਰਣ ਇਹਨਾਂ ਸਮਰਥ ਪਦਾਂ (ਪੂਰੇ ਸ਼ਬਦਾਂ) ਦੀਆਂ ਵਾਕ ਸਿਰਜਣ ਦੀਆਂ ਯੋਗਤਾਵਾਂ ਬਾਰੇ ਹੈ। ਸੰਸਕ੍ਰਿਤ ਦੇ ਵਿਦਵਾਨਾਂ ਨੇ ਵਾਕ ਦੀ ਇਹ ਪਰਿਭਾਸ਼ਾ ਦਿੱਤੀ ਹੈ - समर्थ पदसमूहो वाक्यम् (ਸਮਰਥ ਪਦਾਂ ਦਾ ਸਮੂਹ ਹੀ ਵਾਕ ਹੈ)। ਪੰਜਾਬੀ ਦਾ ਵਿਆਕਰਣਕ ਢਾਂਚਾ ਸੰਸਕ੍ਰਿਤ ਦੇ ਵਿਆਕਰਣਕ ਢਾਂਚੇ ਨਾਲੋਂ ਕਾਫ਼ੀ ਵੱਖਰੀ ਕਿਸਮ ਦਾ ਹੈ। ਪਾਣਿਨੀ ਦੇ ਵਿਆਕਰਣ ਨੂੰ ਪ੍ਰੋਕ੍ਰਸਟੀਅਨ ਮੰਜਾ ਬਣਾ ਕੇ ਉਹਦੇ ਵਿਚ ਪੰਜਾਬੀ ਨੂੰ ਫ਼ਿਟ ਕਰਨਾ ਸਰਾਸਰ ਮੂਰਖਤਾ ਹੋਏਗੀ, ਪਰ ਪਾਣਿਨੀ ਦਾ समर्थ: पदविधि: ਅਸੂਲ ਪੰਜਾਬੀ ਦੇ ਵਿਆਕਰਣਕ ਅਧਿਐਨ ਲਈ ਵੀ ਉਂਨਾ ਹੀ ਜ਼ਰੂਰੀ ਹੈ ਜਿੰਨਾ ਸੰਸਕ੍ਰਿਤ ਲਈ। ਵਾਕ ਦੀ ਪਰਿਭਾਸ਼ਾ समर्थ पदसमूहो वाक्यम् ਪੰਜਾਬੀ ’ਤੇ ਉਂਨੀ ਹੀ ਢੁੱਕਦੀ ਹੈ, ਜਿੰਨੀ ਸੰਸਕ੍ਰਿਤ ’ਤੇ। ਹੋ ਸਕਦਾ ਹੈ ਕਿ ਚੀਨੀ ਅਤੇ ਵੀਅਤਨਾਮੀ ਵਰਗੀਆਂ ਕੁਝ ਭਾਸ਼ਾਵਾਂ ਦੇ ਅਧਿਐਨ ਲਈ ਇਹ ਸਹੀ ਨਾ ਹੋਵੇ। ਪਾਣਿਨੀ ਦੇ ਅਸੂਲ ਨੂੰ ਸਭ ਭਾਸ਼ਾਵਾਂ ਲਈ ਪ੍ਰੋਕ੍ਰਸਟੀਅਨ ਮੰਜਾ ਨਹੀਂ ਬਣਾਉਣਾ ਚਾਹੀਦਾ।

ਭਰਤ੍ਰਹਰੀ (ਜੋ ਸ਼ਾਇਦ ਉਹੀ ਵਿਅਕਤੀ ਸਨ ਜਿਹਨਾਂ ਨੂੰ ਹੁਣ ਜੋਗੀ ਭਰਥਰੀ ਕਿਹਾ ਜਾਂਦਾ ਹੈ) ਦਾ ਕਹਿਣਾ ਹੈ ਕਿ ਆਪਣੇ ਆਪ ਵਿਚ ਸ਼ਬਦਾਂ ਦਾ ਅਰਥ ਨਹੀਂ ਹੁੰਦਾ, ਇਹਨਾਂ ਦੀਆਂ ਸਿਰਫ਼ ਅਰਥ ਸੰਭਾਵਨਾਵਾਂ ਹੁੰਦੀਆਂ ਹਨ ਅਤੇ ਸ਼ਬਦਾਂ ਦੇ ਵਾਕਾਂ ਵਿਚ ਵਰਤੇ ਜਾਣ ਵੇਲੇ ਇਹਨਾਂ ਵਿਚੋਂ ਕੁਝ ਸੰਭਾਵਨਾਵਾਂ ਉਜਾਗਰ ਜਾਂ ਕ੍ਰਿਆਸ਼ੀਲ ਹੋ ਜਾਂਦੀਆਂ ਹਨ। ਭਰਤ੍ਰਹਰੀ ਦੇ ਸਮੇਂ (ਪੰਜਵੀਂ- ਛੇਵੀਂ ਸਦੀ) ਆਮ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਅਪਭ੍ਰੰਸ਼ ਸੀ, ਜਿਸ ਵਿਚ ਆਧੁਨਿਕ ਉੱਤਰ ਭਾਰਤੀ ਭਾਸ਼ਾਵਾਂ ਵਾਲੀਆਂ ਕਈ ਵਿਸ਼ੇਸ਼ਤਾਵਾਂ (ਜਿਵੇਂ ਕ੍ਰਿਆ ਲੜੀਆਂ, ਕਾਰਦੰਤਕਾਂ ਵੀ ਵਰਤੋਂ ਵਗ਼ੈਰਾ) ਆ ਗਈਆਂ ਹਨ। ਇਸ ਕਰਕੇ ਕ੍ਰਿਆ ਪਦਾਂ ਦਾ ਜੋ ਅਰਥ ਭਰਤ੍ਰਹਰੀ ਨੇ ਦੱਸਿਆ ਹੈ, ਉਹਦੇ ਵਲ ਵੀ ਧਿਆਨ ਦੇਣ ਦੀ ਲੋੜ ਹੈ। ਹੋ ਸਕਦਾ ਹੈ ਕਿ ਇਹਤੋਂ ਪੰਜਾਬੀ ਕ੍ਰਿਆ ਲੜੀਆਂ ਦੇ ਅਰਥ ਸਮਝਣ ਵਿਚ ਵੀ ਮਦਦ ਮਿਲੇ।

ਜੇ ਭਰਤ੍ਰਹਰੀ ਨੇ ਇਹ ਨਾ ਵੀ ਕਿਹਾ ਹੁੰਦਾ ਜਾਂ ਪਾਣਿਨੀ ਨੇ ਇਸ ਢੰਗ ਦੀ ਵਰਤੋਂ ਨਾ ਵੀ ਕੀਤੀ ਹੁੰਦੀ, ਤਦ ਵੀ ਸਿਆਣਾ ਵੱਈਆਕਰਣ ਇਹ ਸਮਝ ਸਕਦਾ ਹੈ ਕਿ ਪੰਜਾਬੀ ਦੀ ਬਣਤਰ ਅਜਿਹੀ ਹੈ ਕਿ ਹਰ ਵਾਕ ਦਾ ਕੇਂਦਰ ਕੋਈ ਕ੍ਰਿਆ ਲੜੀ ਹੁੰਦੀ ਹੈ। ਮੁਮਕਿਨ ਕ੍ਰਿਆ ਲੜੀਆਂ ਦੀ ਗਿਣਤੀ ਜਾਂ ਸੈਂਕੜਿਆਂ ਵਿਚ ਪਹੁੰਚ ਸਕਦੀ ਹੈ (ਭਾਵੇਂ ਇਹ ਬੀਮਜ਼ ਦੇ ਕਹਿਣ ਅਨੁਸਾਰ ‘ਅਨੰਤ' ਨਾ ਵੀ ਹੋਵੇ), ਪਰ ਖ਼ੁਦ ਕ੍ਰਿਆ ਪਦਾਂ ਦੀਆਂ ਕਿਸਮਾਂ ਦੀ ਗਿਤਣੀ ਕਾਫ਼ੀ ਘੱਟ ਹੈ। ਇਹਨਾਂ ਦੀ ਬਣਤਰ, ਅਰਥ ਸੰਭਾਵਨਾਵਾਂ ਅਤੇ ਵਿਆਕਰਣਕ ਸੰਭਾਵਨਾਵਾਂ ਤੋਂ ਪੰਜਾਬੀ ਦਾ ਭਾਸ਼ਵਿਗਿਆਨਕ ਅਧਿਐਨ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।

Time ਜਾਂ ਸਮੇਂ ਦਾ ਸੰਬੋਧ ਸਾਰੀ ਮਨੁੱਖਤਾ ਲਈ ਸਾਂਝਾ ਹੈ। ਸਮਾਂ ਬੀਤਿਆ ਹੋਇਆ (ਅਤੀਤ), ਵਰਤਮਾਨ ਜਾਂ ਆਉਣ ਵਾਲਾ (ਭਵਿੱਖ) ਹੁੰਦਾ ਹੈ। ਸਮਾਂ ਅਤੀਤ ਤੋਂ ਭਵਿੱਖ ਵਲ ਨੂੰ ਇਕ ਲਾਈਨ ਵਿਚ ਚਲਦਾ ਮੰਨਿਆ ਜਾ ਸਕਦਾ ਹੈ। ‘ਹੁਣ’ ਤੋਂ ਪਹਿਲਾਂ ਦਾ ਸਮਾਂ ਅਤੀਤ ਹੈ ਅਤੇ ਹੁਣ ਤੋਂ ਮਗਰੋਂ ਆਉਣ ਵਾਲ ਭਵਿੱਖ ਹੈ।


ਇਹਨੂੰ ਅਸੀਂ ਸਥਿਤੀ-ਬਾਹਰੀ ਸੰਦਰਸ਼ (situation-external perspective) ਆਖ ਸਕਦੇ ਹਾਂ। ਗੱਲ ਕਰਨ ਵਾਲਾ ਖ਼ੁਦ ਨੂੰ ਸਥਿਤੀ ਤੋਂ ਬਾਹਰ ਰੱਖ ਕੇ ‘ਹੁਣ’ ਦੇ ਦ੍ਰਿਸ਼ਟੀਕੋਣ ਤੋਂ ਸਮੇਂ ਨੂੰ ‘ਅਤੀਤ’, ‘ਵਰਤਮਾਨ’ ਜਾਂ ‘ਭਵਿੱਖ’ ਸਮਝਦਾ ਹੈ।

ਜੇ ਕਿਸੇ ਵਿਆਕਰਣਕ ਵਸੀਲੇ ਦਾ ਮੁੱਖ ਜਾਂ ਕੇਂਦਰੀ ਅਰਥ (prototypical meaning) ਜਾਂ ਕੰਮ ਸਮੇਂ ਨੂੰ ਇਸ ਢੰਗ ਨਾਲ ਪ੍ਰਗਟਾਉਣਾ ਹੋਵੇ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਦਾ ਮੁੱਖ ਜਾਂ ਕੇਂਦਰੀ ਕੰਮ ਜਾਂ ਅਰਥ ‘ਟੈਂਸ’ ਵਾਲਾ ਹੈ। ਮੁੱਖ ਜਾਂ ਕੇਂਦਰੀ ਅਰਥ ’ਤੇ ਖ਼ਾਸ ਜ਼ੋਰ ਦੇਣ ਦੀ ਲੋੜ ਹੈ, ਕਿਉਂਕਿ ਹਰ ਸ਼ਬਦ ਜਾਂ ਵਿਆਕਰਣਕ ਵਸੀਲੇ ਦੇ ਨਾਲ ਕੁਝ ਅਜਿਹੇ ਅਰਥ ਵੀ ਜੁੜੇ ਹੁੰਦੇ ਹਨ, ਜਿਹੜੇ ਮੁੱਖ ਜਾਂ ਕੇਂਦਰੀ ਨਹੀਂ ਹੁੰਦੇ, ਜਿਹਨਾਂ ਦਾ ਸੰਬੰਧ ਉਹਨਾਂ ਦੇ ਅਰਥ ਖੇਤਰ ਦੇ ਕੇਂਦਰ ਦੀ ਬਜਾਇ ਬਾਹਰੀ ਪਰਿਧੀ (periphery) ਦੇ ਵੱਧ ਨੇੜੇ ਹੁੰਦਾ ਹੈ। ਮਿਸਾਲ ਵਜੋਂ, ‘ਸ਼ੇਰ' ਸ਼ਬਦ ਦਾ ਮੁੱਖ ਜਾਂ ਕੇਂਦਰੀ ਅਰਥ ਸ਼ੇਰ ਜਾਨਵਰ ਹੈ, ਪਰ ਇਸ ਸ਼ਬਦ ਦੀ ਪਰਿਧੀ ਨਾਲ ਇਕ ਹੋਰ ਅਰਥ ‘ਬਹਾਦਰ' ਵੀ ਜੁੜਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਪਦਵੀ ‘ਸ਼ੇਰੇ-ਪੰਜਾਬ' ਦਾ ਅਰਥ ‘ਬਹਾਦਰ' ਹੈ। ਅਸੀਂ ਇਹ ਨਹੀਂ ਸਮਝਦੇ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਕਿਸੇ ਜੰਗਲ ਵਿਚ ਦਹਾੜਨ ਵਾਲੇ ਸ਼ੇਰ ਸਨ, ਜੋ ਜਾਨਵਰਾਂ ਨੂੰ ਮਾਰ ਕੇ ਉਹਨਾਂ ਦਾ ਕੱਚਾ ਮਾਸ ਖਾਂਦੇ ਸਨ। ਰਣਜੀਤ ਸਿੰਘ ਦੇ ਸੰਦਰਭ ਵਿਚ ‘ਸ਼ੇਰ’ ਦਾ ਅਰਥ ਸਦਾ ‘ਬਹਾਦਰ’ ਸਮਝਿਆ ਜਾਂਦਾ ਹੈ। ਇਹੋ ਗੱਲ ‘ਖੋਤਾ' ਸ਼ਬਦ ਦੀ ਹੈ। ਕਿਸੇ ਬੰਦੇ ਨੂੰ ‘ਖੋਤਾ’ ਆਖਣ ਦਾ ਭਾਵ ਉਸਦੀ ਮੂਰਖਤਾ ਨੂੰ ਦਰਸਾਉਣਾ ਹੁੰਦਾ ਹੈ।

ਅੰਗਰੇਜ਼ੀ ਕ੍ਰਿਆ meet ਦਾ ਭੂਤਕਾਲ met ਹੈ, ਜਿਹਦਾ ਮੁੱਖ ਜਾਂ ਕੇਂਦਰੀ ਅਰਥ ‘ਟੈਂਸ’ ਵਾਲਾ ਹੈ - ਹੁਣ ਦੇ ਸੰਦਰਸ਼ ਤੋਂ ਬੀਤੇ ਸਮੇਂ ਦੀ ਘਟਨਾ, ਯਾਨਿ ਕਿ ਬੀਤ ਗਏ ਜਾਂ ‘ਹੁਣ ਦੇ ਸਮੇਂ ਤੋਂ ਦੂਰ’ ਦੇ ਸਮੇਂ ਦੀ ਘਟਨਾ। ਪਰ ਇਸ ਕ੍ਰਿਆ ਪਦ ਦੀ ਵਰਤੋਂ ‘ਹੁਣ ਦੀ ਅਸਲੀਅਤ ਤੋਂ ਦੂਰ’ ਜਾਂ ‘ਹੁਣ ਦੀ ਸੰਭਾਵਨਾ ਤੋਂ ਦੂਰ' ਲਈ ਵੀ ਕੀਤੀ ਜਾ ਸਕਦੀ ਹੈ, ਜੋ ਇਸ ਕ੍ਰਿਆ ਪਦ ਦੀ ਪਰਿਧੀ ਦੇ ਨੇੜੇ ਦਾ ਅਰਥ ਹੈ। ਮੈਨੂੰ ਪਤਾ ਹੈ ਕਿ ਸ਼ੇਕਸਪੀਅਰ ਦੀ ਮੌਤ ਸੰਨ 1616 ਵਿਚ ਹੋ ਗਈ ਸੀ, ਪਰ ਮੈਂ ਕਹਿ ਸਕਦਾ ਹਾਂ - If I met Shakespeare in a London pub, I would ask him who wrote his plays - ‘ਹੁਣ ਦੇ ਸਮੇਂ ਤੋਂ ਦੂਰ’ ਵਾਲੇ ਮੁੱਖ ਜਾਂ ਕੇਂਦਰੀ ਅਰਥ ਵਾਲੇ ਕ੍ਰਿਆ ਪਦ ਦੀ ਵਰਤੋਂ ‘ਹੁਣ ਦੀ ਅਸਲੀਅਤ ਤੋਂ ਦੂਰ’ ਜਾਂ ‘ਵਰਤਮਾਨ ਸੰਭਾਵਨਾ ਤੋਂ ਦੂਰ' ਦਾ ਅਰਥ ਪ੍ਰਗਟ ਕਰਨ ਲਈ ਕੀਤੀ ਗਈ ਹੈ, ਬੀਤੇ ਸਮੇਂ ਦੀ ਘਟਨਾ ਬਾਰੇ ਦੱਸਣ ਲਈ ਨਹੀਂ। ਅੰਗਰੇਜ਼ੀ ਚੰਗੀ ਤਰ੍ਹਾਂ ਜਾਨਣ ਵਾਲਾ ਕੋਈ ਵੀ ਵਿਅਕਤੀ ਇਸ ਵਾਕ ਨੂੰ ਪੜ੍ਹਨ ਮਗਰੋਂ ਇਹ ਨਹੀਂ ਸਮਝੇਗਾ ਕਿ ਮੈਂ ਬੀਤੇ ਸਮੇਂ ਵਿਚ ਸ਼ੇਕਸਪੀਅਰ ਨੂੰ ਮਿਲਣ ਦੀ ਗੱਲ ਕਰ ਰਿਹਾ ਹਾਂ। ਕਿਸੇ ਭਾਸ਼ਾਈ (ਸ਼ਾਬਦਿਕ ਜਾਂ ਵਿਆਕਰਣਕ) ਵਸੀਲੇ ਦੇ ਮੁੱਖ ਜਾਂ ਕੇਂਦਰੀ ਅਰਥ ਅਤੇ ਪਰਿਧੀ ਵਾਲੇ ਅਰਥ ਵਿਚ ਫ਼ਰਕ ਸਮਝਣਾ ਅਤੀ ਜ਼ਰੂਰੀ ਹੈ। ਇਸ ਸੂਝ ਦੀ ਘਾਟ ਕਾਰਨ ਹੁਣ ਤਕ ਵੱਈਆਕਰਣ ਪੰਜਾਬੀ ਦੇ ਕ੍ਰਿਆ ਪਦਾਂ ਦਾ ਗ਼ਲਤ ਅਰਥ ਸਮਝਦੇ ਰਹੇ।

ਪਰ ਕਿਸੇ ਸਥਿਤੀ ਨੂੰ ‘ਹੁਣ’ ਦੇ ਸੰਦਰਸ਼ ਤੋਂ ‘ਅਤੀਤ’, ‘ਵਰਤਮਾਨ’ ਜਾਂ ‘ਭਵਿੱਖ’ ਸਮਝਣਾ ਸਮੇਂ ਦਾ ਪ੍ਰਤੀਕੀਕਰਣ ਕਰਨ ਦੇ ਬਹੁਤ ਸਾਰੇ ਢੰਗਾਂ ਵਿੱਚੋਂ ਇਕ ਢੰਗ ਹੈ। ਭਾਰਤੀ ਸੰਸਕ੍ਰਿਤੀ ਵਿਚ ਸਮੇਂ ਦੇ ਸੰਬੋਧ ਨੂੰ ਪ੍ਰਗਟਾਉਣ ਦਾ ਢੰਗ ਇਹ ਨਹੀਂ ਹੈ। ਭਾਰਤੀ ਢੰਗ ਨੂੰ ਅਸੀਂ ‘ਸਮੇਂ ਦਾ ਸਥਾਨੀਕਰਨ' (spacialisation of time) ਆਖ ਸਕਦੇ ਹਾਂ, ਯਾਨਿ ਸਥਾਨ ਦੇ ਦ੍ਰਿਸ਼ਟਾਂਤ ਨਾਲ ਸਮੇਂ ਦੀ ਪ੍ਰਤੀਕੀਕਰਣ ਕਰਨਾ। ਭੂਤ, ਵਰਤਮਾਨ ਅਤੇ ਭਵਿੱਖ ਦੀ ਬਜਾਇ ਸਮੇਂ ਨੂੰ ਨੇੜੇ ਜਾਂ ਦੂਰ ਦਾ ਸਮਝਿਆ ਜਾਂਦਾ ਹੈ। ਸਥਿਤੀ- ਆਂਤਰਿਕ ਸੰਦਰਸ਼ (situation-internal perspective) ਅਪਣਾਇਆ ਜਾਂਦਾ ਹੈ। ਘਟਨਾ ਸਥਿਤੀ ਦਾ ਖੰਡੀਕਰਣ (fragmentation) ਜਾਂ ਪਰਮਾਣੂਕਰਣ (atomisation) ਕੀਤਾ ਜਾਂਦਾ ਹੈ, ਯਾਨਿ ਕਿ ਕਿਸੇ ਘਟਨਾ ਨੂੰ ਇਕ ਵੀ ਸਮਝਿਆ ਜਾਂਦਾ ਹੈ, ਪਰ ਦ੍ਰਿਸ਼ਟੀ ਉਹਦੇ ਲੜੀਵਾਰ ਹਿੱਸਿਆਂ ਤੋਂ ਗੁਜ਼ਰਦੀ ਹੈ। ਸਮੇਂ ਦੇ ਪ੍ਰਤੀਕੀਕਰਣ ਦਾ ਇਹ ਢੰਗ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਵਿਚ ਵੀ ਅਪਣਾਇਆ ਜਾਂਦਾ ਹੈ, ਜਿਹਨਾਂ ਵਿਚ ਕੁਝ ਅਫ੍ਰੀਕਨ ਭਾਸ਼ਾਵਾਂ ਅਤੇ ਅਮਰੀਕਾ ਦੀਆਂ ਆਦਿ ਭਾਸ਼ਾਵਾਂ ਵੀ ਸ਼ਾਮਿਲ ਹਨ। ਇਹਦੇ ਬਾਰੇ ਭਰਪੂਰ ਜਾਣਕਾਰੀ ਇਸ ਪੁਸਤਕ ਵਿਚ ਮਿਲ ਸਕਦੀ ਹੈ : Ernst Cassirer: The Philosophy of Symbolic Forms 1955. ਬੜੀ ਦਿਲਚਸਪ ਗੱਲ ਇਹ ਹੈ ਇਸ ਵਿਦਵਾਨ ਫ਼ਿਲਾਸਫ਼ਰ ਨੇ ਕਿਸੇ ਭਾਰਤੀ ਭਾਸ਼ਾ ਦਾ ਜ਼ਿਕਰ ਨਹੀਂ ਕੀਤਾ। ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀ ਕਿ ਭਾਰਤੀ ਭਾਸ਼ਾਵਾਂ ਵਿਚ ਵੀ ਇਹ ਕੁਝ ਹੁੰਦਾ ਹੈ। (ਕੁਝ ਮਨੋਵਿਗਿਆਨੀ ਇਹ ਵੀ ਕਹਿੰਦੇ ਹਨ ਕਿ ਹਰ ਬੱਚੇ ਦਾ ਸਮੇਂ ਬਾਰੇ ਸੰਬੋਧ ਇਸੇ ਢੰਗ ਨਾਲ ਸ਼ੁਰੂ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਸੰਸਕ੍ਰਿਤੀ ਵਿਚ ਪਲੇ)। ਐਕੁਆਡੋਰ ਵਿਚ ਬੋਲੀ ਜਾਣ ਵਾਲੀ ਮੂਲ ਅਮਰੀਕਨ ਭਾਸ਼ਾ ਕੈਚਵਾ ਵਿਚ ਵੀ ਇਹ ਢੰਗ ਵਰਤਿਆ ਜਾਂਦਾ ਹੈ, ਅਤੇ ਦਿਲਚਸਪ ਗੱਲ ਇਹ ਹੈ ਉੱਥੇ ਜਿਹੜੀ ਸਪੈਨਿਸ਼ ਹੁਣ ਬੋਲੀ ਜਾਂਦੀ ਹੈ, ਉਹਦੇ ਵਿਚ ਵੀ ਇਹਦੀ ਵਰਤੋਂ ਹੋਣੀ ਸ਼ੁਰੂ ਹੋ ਗਈ ਹੈ। ਸਮੇਂ ਨੂੰ ਭੂਤ, ਵਰਤਮਾਨ ਜਾਂ ਭਵਿੱਖ ਵਿਚ ਵੰਡਣ ਦੀ ਬਜਾਇ ਦੂਰ ਜਾਂ ਨੇੜੇ ਸਮਝਣ ਦੀ ਮਿਸਾਲ ਪੰਜਾਬੀ ਸ਼ਬਦ ‘ਕੱਲ੍ਹ’, ‘ਪਰਸੋਂ’, ‘ਚੌਥ’ ਅਤੇ ‘ਪੰਜੌਥ’ ਹਨ, ਜੋ ਸਮੇਂ ਦੀ ਦੂਰੀ ਨੂੰ ਦਰਸਾਉਂਦੇ ਹਨ, ਦਿਸ਼ਾ ਨੂੰ ਨਹੀਂ। ਹੋਰ ਕਈ ਭਾਰਤੀ ਭਾਸ਼ਾਵਾਂ ਵਿਚ ਵੀ ਇਹੋ ਕੁਝ ਹੁੰਦਾ ਹੈ। ਭਾਵੇਂ ਪੰਜਾਬੀ ਵਿਚ ਸਿਰਫ਼ ਆਉਣ ਵਾਲੇ ਕੱਲ੍ਹ ਲਈ ‘ਭਲਕੇ’ ਸ਼ਬਦ ਵੀ ਹੈ, ਪਰ ਇਹਦੇ ਨਾਲ ਇਸ ਆਮ ਨਿਯਮ ’ਤੇ ਕੋਈ ਅਸਰ ਨਹੀਂ ਪੈਂਦਾ। ਸਥਿਤੀਆਂ ਜਾਂ ਘਟਨਾਵਾਂ ਦੇ ਖੰਡੀਕਰਣ ਦੀਆਂ ਮਿਸਾਲਾਂ ਅੱਗੇ ਦਿੱਤੀਆਂ ਗਈਆਂ ਹਨ।

ਪੰਜਾਬੀ ਵਿਚ ਸਮੇਂ ਦੇ ਸੰਬੋਧ ਦੇ ਭਾਸ਼ਾਈ ਪ੍ਰਗਟਾਵੇ ਨੂੰ ਸਮਝਣ ਲਈ ਅੱਗੇ ਦਿੱਤੇ ਨਕਸ਼ੇ ਨੂੰ ਧਿਆਨ ਨਾਲ ਦੇਖੋ।


ਸਥਿਤੀ-ਆਂਤਰਿਕ ਸੰਦਰਸ਼ (situation-internal perspective) ਹੈ - ਕਿਸੇ ਸਥਿਤੀ ਨੂੰ ਉਹਤੋਂ ਬਾਹਰ ਦੇ ‘ਹੁਣ’ ਦੇ ਸੰਦਰਸ਼ ਤੋਂ ਨਹੀਂ ਸਗੋਂ ਸਥਿਤੀ ਦੇ ਅੰਦਰ ਵਾਲੇ ਕਿਸੇ ਸੰਦਰਸ਼ ਤੋਂ ਪੂਰਣ ਜਾਂ ਅਪੂਰਣ ਸਮਝਣਾ। ਜੇ ਸਥਿਤੀ ਨੂੰ ਅਪੂਰਣ ਮੰਨਿਆ ਜਾਏ, ਤਾਂ ਸੰਦਰਸ਼ ਬਿੰਦੂ ਉਹਦੇ ਅੰਦਰ ਹੋਏਗਾ, ਜੇ ਸਥਿਤੀ ਨੂੰ ਪੂਰਨ ਮੰਨਿਆ ਜਾਏ, ਤਾਂ ਸੰਦਰਸ਼ ਬਿੰਦੂ ਉਹਦੇ ਸ਼ੁਰੂ ਵਿਚ ਜਾਂ ਅਖ਼ੀਰ ਵਿਚ ਹੋ ਸਕਦਾ ਹੈ ਜਾਂ ਪੂਰੀ ਸਥਿਤੀ ਨੂੰ ਹੀ ਸੰਦਰਸ਼ ਬਿੰਦੂ ਬਣਾਇਆ ਜਾ ਸਕਦਾ ਹੈ।

ਅਪੂਰਣ ਮੰਨੀ ਜਾਣ ਵਾਲੀ ਸਥਿਤੀ ਮਿਸਾਲ ਪੰਜਾਬੀ ਕ੍ਰਿਆ ਪਦ ‘ਕਰਦਾ’ ਹੈ ਜਿਹਨੂੰ ਅਸੀਂ ਅਪੂਰਣ ਕਾਰਦੰਤਕ ਆਖ ਸਕਦੇ ਹਾਂ, ਜਿਹਦਾ ਮੁੱਖ ਜਾਂ ਕੇਂਦਰੀ ਅਰਥ ਹੈ ‘ਅਪੂਰਣ ਸਥਿਤੀ’, ਜਿਹਦੇ ਨਾਲ ਸੰਬੰਧਤ ਕੁਝ ਅਰਥ ‘ਚਲ ਰਿਹਾ ਕੰਮ’, ‘ਜਿਹੜਾ ਕੰਮ ਨਹੀਂ ਹੋਇਆ’, ‘ਵਾਰ ਵਾਰ ਹੋਣ ਵਾਲਾ ਕੰਮ' ਵੱਖ ਵੱਖ ਸੰਦਰਭਾਂ ਵਿਚ ਪ੍ਰਗਟ ਹੋ ਸਕਦੇ ਹਨ। ਪਰ ਇਸ ਅਪੂਰਣ ਸਥਿਤੀ ਦਾ ਸੰਬੰਧ ਸਥਿਤੀ ਤੋਂ ਬਾਹਰ ਦੇ ਕਿਸੇ ‘ਹੁਣ’ ਨਾਲ ਨਹੀਂ। ਸਗੋਂ ਸਥਿਤੀ ਆਪਣੇ ਆਪ ਵਿਚ ਅਪੂਰਣ ਹੈ। ‘ਉਹ ਕੱਲ੍ਹ ਜਾਂਦਾ ਸੀ’, ‘ਉਹ ਅੱਜ ਜਾਂਦਾ ਹੈ’, ‘ਉਹ ਕੱਲ੍ਹ ਨੂੰ ਜਾਂਦਾ ਹੋਏਗਾ’। ‘ਜੇ ਉਹ ਜਾਂਦਾ' ਨੂੰ ਕਈ ਵੱਈਆਕਰਣ (ਜਿਵੇਂ ਦੁਨੀ ਚੰਦ੍ਰ) ਨੇ ਬਦੋਬਦੀ ‘ਸ਼ਰਤੀ ਭੂਤ ਕਾਲ’ ਬਣਾ ਦਿੱਤਾ ਹੈ। ਪਰ ਬਿਨਾਂ ਮਤਲਬ ‘ਕਾਲ ਸਥਾਪਤ ਕਰੀ ਜਾਣ ਦੀ ਕੀ ਲੋੜ ਹੈ। ਇਸ ਵਾਕ ਨੂੰ ‘ਸ਼ਰਤੀ’ ‘ਜੇ’ ਨੇ ਬਣਾਇਆ ਹੈ, ‘ਜਾਂਦਾ’ ਨੇ ਨਹੀਂ। ਇਸ ਕ੍ਰਿਆ ਪਦ ਦੀ ਵਰਤੋਂ ਤਾਂ ਬਹੁਤ ਸਾਰੇ ਹੋਰ ਸੰਦਰਭਾਂ ਵਿਚ ਅਤੇ ਅਨੇਕਾਂ ਕ੍ਰਿਆ ਲੜੀਆਂ ਵਿਚ ਹੁੰਦੀ ਹੈ। ਇਹਨਾਂ ਨੂੰ ਸਮਝਣ ਲਈ ਕੀ ਇੰਨਾ ਜਾਣ ਲੈਣਾ ਕਾਫ਼ੀ ਨਹੀਂ ਕਿ ਇਸ ਕ੍ਰਿਆ ਪਦ ਦਾ ਮੁੱਖ ਜਾਂ ਕੇਂਦਰੀ ਅਰਥ ਹੈ ‘ਅਪੂਰਣ ਸਥਿਤੀ' ਹੈ, ਜਿਹਦਾ ਕਈ ਸੰਦਰਭਾਂ ਵਿਚ ਅਰਥ ‘ਜਿਹੜਾ ਕੰਮ ਨਹੀਂ ਹੋਇਆ' ਸਮਝਿਆ ਜਾਂਦਾ ਹੈ; ਜਿਵੇਂ ਸ਼ੇਕਸਪੀਅਰ ਬਾਰੇ ਉੱਪਰ ਦਿੱਤੀ ਮਿਸਾਲ ਵਿਚ ‘ਭੂਤਕਾਲ’ ਕ੍ਰਿਆ ਦਾ ਅਰਥ ‘ਵਰਤਮਾਨ ਸੰਭਾਵਨਾ ਤੋਂ ਦੂਰ' ਜਾਂ ‘ਅਸਲੀਅਤ ਦੇ ਉਲਟ' ਹੈ।

ਪੂਰਬ-ਵਿਆਪੀ ਪੂਰਣ ਪੱਖ ਜਾਂ ਆਸਪੈਕਟ ਦੀ ਪੰਜਾਬੀ ਮਿਸਾਲ ‘ਕੀਤਾ’ ਹੈ, ਜਿਹਨੂੰ ਅਸੀਂ ਪੂਰਣ ਕਾਰਦੰਤਕ ਆਖ ਸਕਦੇ ਹਾਂ। ਪੂਰਣ ਹੋ ਗਈ ਸਥਿਤੀ ਦੀ ਕਲਪਨਾ ਕੀਤੀ ਜਾਂਦੀ ਹੈ (ਜ਼ਰੂਰੀ ਨਹੀਂ ਕਿ ਇਹ ਸੱਚਮੁਚ ਪੂਰਣ ਹੋਵੇ ਵੀ) – ਖ਼ੁਦ ਸਥਿਤੀ ਦੇ ਅੰਤ ਦੇ ਸੰਦਰਸ਼ ਤੋਂ, ਸਥਿਤੀ ਤੋਂ ਬਾਹਰ ਦੇ ਕਿਸੇ ‘ਹੁਣ’ ਦੇ ਸੰਦਰਸ਼ ਤੋਂ ਨਹੀਂ। ਆਮ ਤੌਰ 'ਤੇ ਪੂਰਣ ਸਥਿਤੀ ਦਾ ਅਰਥ ‘ਹੁਣ’ ਤੋਂ ਪਹਿਲਾਂ ਬੀਤੇ ਸਮੇਂ ਵਿਚ ਵਾਪਰੀ ਗੱਲ ਮੰਨ ਲਿਆ ਜਾਂਦਾ ਹੈ, ਜਿਵੇਂ ‘ਰਾਮ ਨੇ ਭੀਲਣੀ ਦੇ ਜੂਠੇ ਬੇਰ ਖਾਧੇ', ਪਰ ਬੀਤੇ ਸਮੇਂ ਵਾਲਾ ਅਰਥ ਸੰਦਰਭ ਤੋਂ ਮਿਲਦਾ ਹੈ, ਖ਼ੁਦ ਕ੍ਰਿਆ ਪਦ ਤੋਂ ਨਹੀਂ। ਪਰ ਜੇ ਮੈਂ ਕਹਾਂ ‘ਜੇ ਤੂੰ ਕਿਸੇ ਦੇ ਜੂਠੇ ਬੇਰ ਖਾਧੇ, ਤਾਂ ਉਹਦੀ ਬੀਮਾਰੀ ਤੈਨੂੰ ਲਗ ਜਾਏਗੀ', ਤਾਂ ਮੈਂ ਜੂਠੇ ਬੇਰ ਖਾਣ ਦੀ ਸਥਿਤੀ ਦੇ ਪੂਰਣ ਹੋਣ ਦੀ ਕਲਪਨਾ ਸਥਿਤੀ ਦੇ ਪੂਰਣ ਹੋਣ ਵਾਲੇ ਬਿੰਦੂ ਦੇ ਸੰਦਰਸ਼ ਤੋਂ ਕਰਦਾ ਹਾਂ, ਜਿੱਥੇ ਮੈਨੂੰ ਖ਼ਤਰਾ ਭਾਸਦਾ ਹੈ। ‘ਹੁਣ’ (ਗੱਲ ਕਰਨ ਦੇ ਸਮੇਂ) ਦੇ ਸੰਬੰਧ ਵਿਚ ‘ਖਾਧੇ’ ਨਾ ਭੂਤਕਾਲ ਹੈ ਨਾ ਕੋਈ ਹੋਰ ਕਾਲ। ਬਹੁਤ ਸਾਰੇ ਸ਼ਬਦਾਂ ਅਤੇ ਵਿਆਕਰਣਕ ਵਸੀਲਿਆਂ ਦਾ ਕੋਈ ਅਜਿਹਾ ਅਰਥ ਹੁੰਦਾ ਹੈ ਜਿਹਨੂੰ ਅੰਗਰੇਜ਼ੀ ਵਿਚ default interpretation (ਗ਼ੈਰ-ਹਾਜ਼ਰੀ ਵਾਲਾ ਅਰਥ) ਆਖਦੇ ਹਨ। ਜੇ ਸੰਦਰਭ ਤੋਂ ਕੋਈ ਹੋਰ ਅਰਥ ਪ੍ਰਗਟ ਨਾ ਹੁੰਦਾ ਹੋਵੇ ਤਾਂ ਇਹ ਅਰਥ ਮੰਨ ਲਿਆ ਜਾਂਦਾ ਹੈ। ‘ਗਾਂਧੀ’ ਹਜ਼ਾਰਾਂ ਲੋਕਾਂ ਦਾ ਪਰਿਵਾਰਕ ਨਾਂ ਹੈ, ਜਿਹਨਾਂ ਵਿਚ ਇੰਦਰਾ ਗਾਂਧੀ ਦੇ ਟਬਰ ਦੇ ਹੋਰ ਜੀਅ ਵੀ ਸ਼ਾਮਿਲ ਹਨ। ਪਰ ਜੇ ‘ਗਾਂਧੀ’ ਸ਼ਬਦ ਕਿਸੇ ਨਾਂ ਨਾਲ ਨਾ ਜੋੜਿਆ ਜਾਏ, ਤਾਂ ਆਪਣੇ ਆਪ ਵਿਚ ਇਹਦਾ ਅਰਥ ਮੋਹਨਦਾਸ ਕਰਮਚੰਦ ਗਾਂਧੀ (ਮਹਾਤਮਾ ਗਾਂਧੀ) ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ, ਜੇ ਸੰਦਰਭ ਤੋਂ ‘ਗਿਆ’ ਦਾ ਕੋਈ ਹੋਰ ਅਰਥ ਪ੍ਰਗਟ ਨਾ ਹੁੰਦਾ ਹੋਵੇ, ਤਾਂ ਇਹਦਾ ਅਰਥ ‘ਪੂਰਣ ਸਥਿਤੀ’ ਵਾਲਾ ਅਰਥ ‘ਹੁਣ ਤੋਂ ਪਹਿਲਾਂ ਹੋਇਆ ਕੰਮ' ਸਮਝ ਲਿਆ ਜਾਂਦਾ ਹੈ, ਅਤੇ ਇਹਦੇ ‘ਭੂਤ ਕਾਲ’ ਹੋਣ ਦਾ ਦਾ ਭੁਲੇਖਾ ਪੈ ਜਾਣਾ ਕੁਦਰਤੀ ਹੈ। ਪਰ ਅਨੇਕ ਸਾਰੇ ਸੰਦਰਭਾਂ ਅਤੇ ਕ੍ਰਿਆ ਲੜੀਆਂ ਵਿਚ ਇਸ ਕ੍ਰਿਆ ਰੂਪ ਦੀ ਵਰਤੋਂ ਦਾ ਅਧਿਐਨ ਕਰਨ ਤੋਂ ਪਤਾ ਲਗਦਾ ਹੈ ਕਿ ਇਹਦੇ ਮੁੱਖ ਜਾਂ ਕੇਂਦਰੀ ਅਰਥ ਦਾ ਹੁਣ ਨਾਲ ਸੰਬੰਧ ਨਹੀਂ।

ਤੇਜ ਭਾਟੀਏ ਨੇ ਆਪਣੇ ਪੰਜਾਬੀ ਵਿਆਕਰਣ (ਸਫ਼ਾ 245) ਵਿਚ ਕਿਹਾ ਹੈ ਕਿ ‘ਮੈਂ ਘਰ ਗਿਆ’ ਵਿਚ “ਨਿਸ਼ਚੇਵਾਦੀ ਭੂਤ ਕਾਲ ਕ੍ਰਿਆ (indicative past form) ਦੀ ਸ਼ਕਲ ਪੂਰਣ ਕਾਰਦੰਤਕ ਵਾਲੀ ਹੈ।” ਪਰ ਜੇ ਇਸ ਲੇਖ ਵਿਚ ਪ੍ਰਗਟਾਏ ਮੇਰੇ ਵਿਚਾਰ ਸਹੀ ਹਨ, ਤਾਂ ਪੂਰਣ ਕਾਰਦੰਤਕ ਦੇ ਹਮਸ਼ਕਲ ਕਿਸੇ ਵੀ “ਭੂਤ ਕਾਲ” ਨੂੰ ਪੰਜਾਬੀ ਵਿਆਕਰਣ ਵਿਚ ਲਿਆਉਣਾ ਬੇਲੋੜਾ ਹੈ। ਪੂਰਣ ਕਾਰਦੰਤਕ ਦਾ ਹੀ ਅਰਥ ਕੁਝ ਸੰਦਰਭਾਂ ਵਿਚ “ਨਿਸ਼ਚੇਵਾਦੀ ਭੂਤ ਕਾਲ” ਵਾਲਾ ਹੁੰਦਾ ਹੈ।

‘ਕਰਨਾ’ (ਜਿਵੇਂ ‘ਮੈਂ ਕੰਮ ਕਰਨਾ ਹੈ’, ‘ਮੈਂ ਕੰਮ ਕਰਨਾ ਸੀ') ਵਿਚ ਸਥਿਤੀ ਦਾ ਪੂਰਣ ਵਿਚ ਪ੍ਰਤੀਕੀਕਰਣ ਕੀਤਾ ਜਾਂਦਾ ਹੈ, ਪਰ ਸਥਿਤੀ ਦੇ ਸ਼ੁਰੂ ਦੇ ਸੰਦਰਸ਼ ਬਿੰਦੂ ਤੋਂ। ਹੋਰ ਅਰਥਾਂ ਦੀ ਗ਼ੈਰਹਾਜ਼ਿਰੀ ਵਿਚ ਇਹਦਾ ਅਰਥ ‘ਭਵਿੱਖ’ ਵਿਚ ਹੋਣ ਵਾਲਾ ਕੰਮ ਸਮਝ ਲਿਆ ਜਾਂਦਾ ਹੈ।

ਕ੍ਰਿਆ ਪਦ ‘ਕਰ’

ਸਭ ਤੋਂ ਵੱਧ ਦਿਲਚਸਪ ਕ੍ਰਿਆ ਪਦ ‘ਕਰ’ (‘ਕਰ ਕੇ) ਵਾਲਾ ਹੈ। ਭਾਸ਼ਾ ਦੇ ਇਤਿਹਾਸ ਨੂੰ ਨਾ ਜਾਨਣ ਵਾਲਿਆਂ ਨੇ ਸਦਾ ਇਸ ਕ੍ਰਿਆ ਪਦ ਨੂੰ ਗ਼ਲਤ ਸਮਝਿਆ ਹੈ। ਇਹਦੀ ਸ਼ਕਲ ਆਗਿਆਬੋਧਕ ‘ਕਰ’ ਨਾਲ ਮਿਲਦੀ ਹੈ (‘ਕੰਮ ਕਰ ਦੇ') ਅਤੇ ਪੰਜਾਬੀ ਵੱਈਆਕਰਣ ਦੋਹਾਂ ਨੂੰ ‘ਕਰ’ ਧਾਤੂ (root) ਆਖੀ ਜਾਂਦੇ ਹਨ। ਪਰ ਸਮਕਾਲੀਨ ਪੱਖ ਵਾਲਾ ‘ਕਰ’ ਪੁਰਾਤਨ ਪੰਜਾਬੀ ਵਿਚ ‘ਕਰਿ’ ਹੁੰਦਾ ਸੀ (‘ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ' - ਸਿਰੀਰਾਗੁ ਮਹਲਾ ੩ ), ਜਿਹਦਾ ਮੂਲ ਸੰਸਕ੍ਰਿਤ ਦਾ कृत्वा ਹੈ। ‘ਕੇ’ ਦਾ ਮੂਲ ਵੀ ਇਹੋ ਹੈ। ਆਗਿਆਰਥ ‘ਕਰ’ ਪੁਰਾਤਨ ਪੰਜਾਬੀ ਵਿਚ ‘ਕਰੁ’ ਹੁੰਦਾ ਸੀ (‘ਮਾਨਕ ਦੇਹ ਬਹੁਰਿ ਨਹ ਪਾਵੈ ਕਛੂ ਉਪਾਇ ਮੁਕਤਿ ਕਾ ਕਰੁ ਰੇ' - ਗਉੜੀ ਮਹਲਾ ੯), ਜਿਹਦਾ ਮੂਲ ਸੰਸਕ੍ਰਿਤ ਦਾ कुरु ਹੈ। ਇਹ ਫ਼ਰਕ ਨਾ ਸਮਝਣ ਕਾਰਨ ਭਾਸ਼ਾ ਦੇ ਵਿਸ਼ਲੇਸ਼ਣ ਵਿਚ ਗੰਭੀਰ ਭੁੱਲਾਂ ਹੋ ਸਕਦੀਆਂ ਹਨ। (ਹਰ ਪੰਜਾਬੀ ਭਾਸ਼ਾ ਵਿਗਿਆਨੀ ਨੂੰ ਪ੍ਰੋਫ਼ੈਸਰ ਸਾਹਿਬ ਸਿੰਘ ਦੇ ਗੁਰਬਾਣੀ ਵਿਆਕਰਣ ਦਾ ਅਧਿਐਨ ਕਰਨਾ ਚਾਹੀਦਾ ਹੈ।) ਸਮਕਾਲੀਨ ਪੱਖ ਵਾਲੇ ਕ੍ਰਿਆਪਦ ਦਾ ਅਰਥ ਹੈ - ਕਿਸੇ ਹੋਰ ਕੰਮ ਤੋਂ ਪਹਿਲਾਂ ਕੀਤਾ ਕੰਮ। ਭਰਤ੍ਰਹਰੀ ਨੇ ਵਿਆਕਰਣਕ ਕ੍ਰਿਆ ਪਦ ਦਾ ਅਰਥ ਦੱਸਿਆ ਸੀ - ‘ਲੜੀਵਾਰ ਹੋਣ ਵਾਲੇ ਕਈ ਕੰਮ ਜਿਹਨਾਂ ਨੂੰ ਸਾਡਾ ਮਨ ਸਮੁੱਚੇ ਤੌਰ ’ਤੇ ਇਕ ਕੰਮ ਮੰਨ ਲਏ'। ਭਾਰਤੀ ਸੰਸਕ੍ਰਿਤੀ ਵਿਚ ਸਮੇਂ ਦੇ ਸੰਬੋਧ ਦੀ ਇਹ ਸਭ ਤੋਂ ਵੱਡੀ ਖ਼ਾਸੀਅਤ ਹੈ, ਆਰੀਆ ਅਤੇ ਮੂਲ ਭਾਰਤੀ ਸੰਸਕ੍ਰਿਤੀਆਂ ਦੇ ਸੁਮੇਲ ਨਾਲ ਸਮੇਂ ਦਾ ਜੋ ਸੰਬੋਧ ਉਪਜਿਆ ਅਤੇ ਜਿਹਦਾ ਅਸਰ ਭਾਰਤੀ ਸੰਸਕ੍ਰਿਤੀ ਦੇ ਹਰ ਪਹਿਲੂ ’ਤੇ ਪਿਆ ਅਤੇ ਜਿਹਦੇ ਕਾਰਨ ਭਾਰਤੀ ਭਾਸ਼ਾਵਾਂ ਦੇ ਵਿਆਕਰਣਕ ਢਾਂਚਿਆਂ ਵਿਚ ਵੱਡੇ ਪਰਿਵਰਤਨ ਆਏ (ਵਿਆਕਰਣ ਹੋਰ ਕੁਝ ਨਹੀਂ, ਸਿਰਫ਼ ਜੀਵਨ ਦ੍ਰਿਸ਼ਟੀ ਦਾ ਭਾਸ਼ਾਈ ਪ੍ਰਤੀਕੀਕਰਣ ਹੁੰਦਾ ਹੈ), ਉਹਦੇ ਬਾਰੇ ਲਿਖਣ ਲਈ ਕਈ ਸੌ ਸਫ਼ਿਆਂ ਦੀ ਲੋੜ ਹੈ, ਪਰ ਇੰਨਾ ਕਹਿਣਾ ਕਾਫ਼ੀ ਹੈ, ਕਿ ਭਾਰਤੀ ਭਾਸ਼ਾਵਾਂ (ਬਿਲਕੁਲ ਵੱਖਰੇ ਪਰਿਵਾਰ ਦੀਆਂ ਦੱਖਣ ਭਾਰਤੀ ਦ੍ਰਵਿੜ ਭਾਸ਼ਾਵਾਂ ਦੀ ਵੀ) ਇਹ ਖ਼ਾਸੀਅਤ ਸਦੀਆਂ ਪੁਰਾਣੀ ਹੈ। ‘ਲੜੀਵਾਰ ਹੋਣ ਵਾਲੇ ਕਈ ਕੰਮ ਜਿਹਨਾਂ ਨੂੰ ਸਾਡਾ ਮਨ ਸਮੁੱਚੇ ਤੌਰ 'ਤੇ ਇਕ ਕੰਮ ਮੰਨ ਲਏ' ਦੀ ਬੜੀ ਸੁਹਣੀ ਮਿਸਾਲ ਇਹ ਹੈ।

ਬਾਬਾ ਨਾਨਕੁ ਜੀ ਪਗ ਬਾਂਧਿ ਕਰਿ, ਧੋਤੀ ਕਰਿ ਕਰਿ, ਚਾਦਰ ਓਢਿ ਕਰਿ, ਤਰਪਨ ਨੇਮ ਗਾਇਤ੍ਰੀ ਪੜ੍ਹਿ ਕਰਿ, ਸਿਮਰਨੁ ਧਿਆਨੁ ਪਰਮੇਸੁਰ ਕਾ ਕਰਿ ਕਰਿ, ਬਾਹਰਿ ਦਰੀਆਵ ਊਪਰਿ ਤੇ ਫੇਰਿ ਘਰਿ ਆਇਕੈ ਪਰਮੇਸਰ ਕਾ ਕੀਰਤਨੁ ਕਰਤਾ (ਮਿਹਰਬਾਨ ਵਾਲੀ ਜਨਮਸਾਖੀ - ਕਿਰਪਾਲ ਸਿੰਘ : ਜਨਮ ਸਾਖੀ ਪਰੰਪਰਾ, 1969, ਸਫ਼ਾ 84)।

ਇਸ ਵੰਨਗੀ ਵਿਚ ਇਹਤੋਂ ਵੀ ਸਦੀਆਂ ਪੁਰਾਣੀ ਮਿਸਾਲ ਪਾਲੀ ਭਾਸ਼ਾ ਦੀ ਹੈ:

ਉੱਯਾਨਮੱਕਟੇਸੁ ਏਕੋ ਮੱਕਟੋ ਰੁੱਖਾ ਓਤਰਿਤ੍ਵਾ, ਤਤੋ ਕਲਾਏ ਗਹੇਤ੍ਵਾ, ਮੁਖਮ ਪੂਰੇਤ੍ਵਾ, ਹੱਥੇਈ ਪਿ ਗਹੇਤ੍ਵਾ, ਉੱਤਿਤ੍ਵਾ, ਰੁੱਖੇ ਨਿਸੀਦਿਤ੍ਵਾ ਖਾਦਿਤੁਮ ਆਰਭਿ

ਸੰਦਰਭ ਦੇ ਅਨੁਸਾਰ ਅਨੁਵਾਦ - ‘ਬਗੀਚੀ ਵਿਚ ਰਹਿਣ ਵਾਲੇ ਬਾਂਦਰਾਂ ਵਿਚੋਂ ਇਕ ਬਾਂਦਰ ਰੁੱਖ ਤੋਂ ਉਤਰ ਕੇ, ਇਹਦੇ ਵਿਚੋਂ ਕੁਝ ਛੋਲੇ ਲੈ ਕੇ, ਇਹਨਾਂ ਨਾਲ ਆਪਣਾ ਮੂੰਹ ਭਰ ਕੇ, ਕੁਝ ਛੋਲੇ ਹੱਥਾਂ ਵਿਚ ਵੀ ਲੈ ਕੇ, ਛਾਲ ਮਾਰਕੇ ਰੁੱਖ ’ਤੇ ਚੜ੍ਹ ਕੇ, ਰੁੱਖ 'ਤੇ ਬੈਠ ਕੇ, ਉਹਨਾਂ ਨੂੰ ਖਾਣ ਲਗ ਪਿਆ।') (Hendrikesen: Syntax of the Infinite Verb-forms of Pali, 1944)

ਪਾਲੀ ਭਾਸ਼ਾ ਦੀ ਇਹ ਮਿਸਾਲ ਭਰਤ੍ਰਹਰੀ ਤੋਂ ਪਹਿਲਾਂ ਦੇ ਸਮੇਂ ਦੀ ਹੈ। ਭਰਤ੍ਰਹਰੀ ਨੇ ਕ੍ਰਿਆ ਪਦ ਦਾ ਜੋ ਵਿਆਕਰਣਕ ਅਰਥ ਦੱਸਿਆ ਹੈ, ਉਹ ਭਾਸ਼ਾ ਵਿਗਿਆਨੀਆਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਸੈਂਕੜੇ (ਸ਼ਾਇਦ ‘ਅਨੰਤ') ਲੰਮੀਆਂ ਅਤੇ ਗੁੰਝਲਦਾਰ ਕ੍ਰਿਆ ਲੜੀਆਂ ਦੇ ‘ਕਾਲ’ ਜਾਂ ‘ਟੈਂਸ ਦੀ ਮਿਰਗ ਤ੍ਰਿਸ਼ਣਾ ਪਿਛੇ ਭੱਜਣ ਦੀ ਬਜਾਇ ਥੋੜੇ ਜਿਹੇ ਕ੍ਰਿਆ ਪਦਾਂ ਦੀਆਂ ਅਰਥ ਸੰਭਾਵਨਾਵਾਂ ਨੂੰ ਸਮਝ ਕੇ ਕ੍ਰਿਆ ਲੜੀਆਂ ਦੇ ਸਮੁੱਚੇ ਅਰਥ ਨੂੰ ਉਹਨਾਂ ਦੀ ਦੇਣ ਬਾਰੇ ਸਮਝ ਲੈਣਾ ਵੱਧ ਚੰਗਾ ਹੈ। ‘ਰੋਟੀ ਖਾ ਲਓ’ ਵਿਚ ਦੋ ਕ੍ਰਿਆਵਾਂ ਦੀ ਲੜੀ ਅਜਿਹੇ ਦੋ ਕੰਮਾਂ ਨੂੰ ਦਰਸਾਉਂਦੀ ਹੈ - ਪਹਿਲਾਂ ਰੋਟੀ ਖਾਣਾ ਅਤੇ ਉਹਤੋਂ ਬਾਅਦ ਉਹਦਾ ਫ਼ਾਇਦਾ ਲੈਣਾ, ਜਿਹਨਾਂ ਨੂੰ ਸਾਡਾ ਮਨ ਸਮੁੱਚੇ ਤੌਰ 'ਤੇ ਇਕ ਕੰਮ ਮੰਨਦਾ ਹੈ। *‘ਰੋਟੀ ਖਾ ਦਿਓ’ ਕੋਈ ਨਹੀਂ ਕਹਿੰਦਾ, ਕਿਉਂਕਿ ਇਸ ਕੰਮ ਦਾ ਫ਼ਾਇਦਾ ‘ਲਿਆ’ ਤਾਂ ਜਾ ਸਕਦਾ ਹੈ, ਕਿਸੇ ਨੂੰ ‘ਦਿੱਤਾ’ ਨਹੀਂ ਜਾ ਸਕਦਾ। ‘ਚਿੱਠੀ ਪੜ੍ਹ ਲਓ’ (ਆਪਣੀ ਜਾਣਕਾਰੀ ਲਈ), ‘ਚਿੱਠੀ ਪੜ੍ਹ ਦਿਓ' (ਉੱਚੀ ਪੜ੍ਹ ਕੇ ਕਿਸੇ ਹੋਰ ਨੂੰ ਸੁਣਾਓ)। (ਵਿਆਕਰਣ ਦੀ ਦ੍ਰਿਸ਼ਟੀ ਤੋਂ ‘ਅਸਵੀਕਾਰ ਕਰਨ ਯੋਗ ਵਾਕ’ ਦੇ ਮੂਹਰੇ * ਲਾਉਣ ਦਾ ਰਿਵਾਜ ਹੈ)।

ਅਣਅੰਕਿਤ (Unmarked) ਕ੍ਰਿਆ ਪਦ ਦਾ ਅਰਥ ਸਮਝਣਾ ਸਭ ਤੋਂ ਵੱਧ ਜ਼ਰੂਰੀ ਹੈ। ਇਹ ਅਕਾਲਿਕ ਕ੍ਰਿਆ ਪਦ ਹੈ, ਸਮੇਂ ਤੋਂ ਨਿਰਲੇਪ, ਜਿਹਦਾ ਸੰਬੰਧ ਨਾ ‘ਹੁਣ’ ਨਾਲ ਹੈ ਅਤੇ ਨਾ ਹੀ ਸਥਿਤੀ ਦੀ ਪੂਰਣਤਾ ਜਾਂ ਅਪੂਰਣਤਾ ਨਾਲ, ਸਿਰਫ਼ ਸਦੀਵੀ ਸੰਭਾਵਨਾ ਦੇ ਰੂਪ ਵਿਚ ਸਥਿਤੀ ਦੇ ਸੰਬੋਧ ਨਾਲ ਹੈ। ਜੇ ਇਸ ਕ੍ਰਿਆ ਪਦ ਦੇ ਨਾਲ ‘ਗਾ’ ਲਾਇਆ ਜਾਏ, ਤਾਂ ਇਹਦਾ ਅਰਥ ਨਿਸ਼ਚਿਤ ਸੰਭਾਵਨਾ ਵਾਲਾ ਹੋ ਜਾਂਦਾ ਹੈ। ਵੈਸੇ ‘ਗਾ’ ਭਵਿੱਖਤ ਕਾਲ ਦਾ ਸੂਚਕ ਨਹੀਂ, ਸਿਰਫ਼ ਨਿਸ਼ਚਿਤਤਾ ਦਾ ਸੂਚਕ ਹੈ (‘ਹੈਗਾ’ ਦਾ ਅਰਥ ਹੈ ‘ਜ਼ਰੂਰ ਜਾਂ ਨਿਸ਼ਚਿਤ ਹੋਂਦ' ਹੈ, ਜ਼ਰੂਰੀ ਨਹੀਂ ਕਿ ਵਰਤਮਾਨ ਸਮੇਂ ਵਿਚ, ‘ਸੀਗਾ’ ਦਾ ਅਰਥ ਹੈ ਬੀਤੇ ਸਮੇਂ ਵਿਚ ‘ਨਿਸ਼ਚਿਤ ਹੋਂਦ)। ਵਿਆਕਰਣ ਵਿਚ ਨਿਸ਼ਚਿਤਤਾ, ਅਨਿਸ਼ਚਿਤਤਾ, ਯਕੀਨ, ਸ਼ੰਕਾ, ਇੱਛਾ ਆਦਿ ਨੂੰ ‘ਵਿਧੀ' ਜਾਂ ਮੋਡੈਲਿਟੀ (Modality) ਆਖਿਆ ਜਾਂਦਾ ਹੈ। ‘ਗਾ’ ਕ੍ਰਿਆ ਵਿਧੀ ਜਾਂ ਮੋਡੈਲਿਟੀ ਦਾ ਅਰਥ ਪ੍ਰਗਟਾਉਂਦੀ ਹੈ। ‘ਜਾਏ’ ਜਾਂ ‘ਜਾਵੇ' ਵਰਗੇ ਅਕਾਲਕ ਜਾਂ ਸੰਭਾਵਨਾ ਦਾ ਸੰਕੇਤ ਦੇਣ ਵਾਲੇ ਕ੍ਰਿਆ ਰੂਪ ਦੇ ਨਾਲ ‘ਗਾ’ ਜੋੜ ਕੇ ਬਣੀ ਸੰਯੁਕਤ ਕ੍ਰਿਆ ‘ਜਾਏਗਾ’ ਜਾਂ ‘ਜਾਵੇਗਾ’ ਜੇ ਭਵਿੱਖ ਸਮੇਂ ਦੀ ਸਥਿਤੀ ਦੀ ਸੂਚਕ ਹੈ, ਤਾਂ ਅਜਿਹਾ ਇਸ ਕਰਕੇ ਹੈ ਕਿ ਆਉਣ ਵਾਲੇ ਸਮੇਂ ਦੀ ਸਥਿਤੀ ਕੁਝ ਨਿਸ਼ਚਿਤ ਸੰਭਾਵਨਾ ਤੋਂ ਵੱਧ ਹੋਰ ਕੁਝ ਨਹੀਂ ਹੁੰਦੀ। ‘ਨਹੀਂ’ ਸ਼ਬਦ ‘ਨਾ+ਹੀ’ ਮਿਲ ਕੇ ਬਣਿਆ ਹੈ, ਜਿਹਦਾ ਅਰਥ ਹੈ ਜ਼ੋਰਦਾਰ ‘ਨਾਂਹ’। ਜਾਣ ਜਾਂ ਨਾ ਜਾਣ ਬਾਰੇ *“ਮੈਂ ਨਹੀਂ ਜਾਵਾਂ? ਸਵਾਲ ਅਨਿਸ਼ਚਿਤ ਸੰਭਾਵਨਾ ਬਾਰੇ ਹੈ, ਇਸ ਸਵਾਲ ਵਿਚ ਜ਼ੋਰਦਾਰ ‘ਨਹੀਂ’ ਬੇਹੂਦਾ ਲਗਦਾ ਹੈ। *“ਮੈਂ ਨਾ ਜਾਵਾਂਗਾ” ਕੋਈ ਨਹੀਂ ਕਹਿੰਦਾ, ਕਿਉਂਕਿ ‘ਗਾ’ ਲੱਗਣ ਨਾਲ ਸੰਭਾਵਨਾ ਵਿਚ ਨਿਸ਼ਚਿਤਤਾ ਆ ਗਈ ਹੈ। ਪੰਜਾਬੀ ਦੇ ਅਖਾਉਤੀ ‘ਭਵਿੱਖਤ ਕਾਲ’ ਦੀ ਬਣਤਰ ਨੂੰ ਸਮਝਣਾ ਜ਼ਰੂਰੀ ਹੈ, ਪਰ ਜਾਪਦਾ ਹੈ ਕਿ ਸੰਯੁਕਤ ‘ਜਾਵੇਗਾ' ਨੂੰ ਹੁਣ ਪੰਜਾਬੀ ਬੋਲਣ ਵਾਲਿਆਂ ਨੇ ਇਕ ਹੀ ਕ੍ਰਿਆਪਦ ਸਮਝਣਾ ਸ਼ੁਰੂ ਕਰ ਦਿੱਤਾ ਹੈ। ਇਸ ਕਰਕੇ ‘ਮੈਂ ਜਾਵਾਂਗਾ’ ਅਤੇ ‘ਅਸੀਂ ਜਾਵਾਂਗੇ' ਆਖਿਆ ਜਾਂਦਾ ਹੈ, *‘ਅਸੀਂ ਜਾਈਏਗੇ’ (ਜਾਈਏ+ਗੇ) ਕੋਈ ਨਹੀਂ ਕਹਿੰਦਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਲੋਕ ਭੁੱਲ ਗਏ ਹਨ ਕਿ ‘ਲਿਆ’ ਦਾ ਮੂਲ ‘ਲੈ+ਆ’ ਹੈ।

ਕਿਸੇ ਪੰਜਾਬੀ ਬੋਲਣ ਵਾਲੇ ਨੂੰ ਬੀਤੇ ਸਮੇਂ ਦੀ ਕਿਸੇ ਘਟਨਾ ਦਾ ਬਾਰੇ ਬੋਲਦਿਆਂ ਸੁਣੋ। ਤੁਹਾਨੂੰ ਇਹ ਕੁਝ ਸੁਣਨ ਨੂੰ ਮਿਲ ਜਾਏਗਾ – “ਮੈਂ ਕਿਹਾ, ‘ਤੈਨੂੰ ਪੜ੍ਹਾਈ ਕਰਨੀ ਚਾਹੀਦੀ ਹੈ।' ਉਹ ਕਹਿੰਦਾ ‘ਪਰ ਮੇਰੇ ਟੱਬਰ ਦਾ ਖ਼ਰਚ ਕੌਣ ਚੁੱਕੂਗਾ?”, ਮੈਂ ਕਿਹਾ, ‘ਤੂੰ ਫ਼ਿਕਰ ਨਾ ਕਰ।’ ਉਹ ਕਹਿੰਦਾ, ‘ਪਰ ਮੈਂ...’ ਗੱਲ ਬੀਤੇ ਸਮੇਂ ਦੀ ਹੈ, ਫਿਰ ‘ਮੈਂ' ਨਾਲ ‘ਕਿਹਾ’ ਅਤੇ ‘ਉਹ’ ਦੇ ਨਾਲ ‘ਕਹਿੰਦਾ’ ਕਿਉਂ? ਗੱਲ ਮੋਡੈਲਿਟੀ ਦੀ ਹੈ। ਆਪਣੇ ਕਹੇ ਸ਼ਬਦਾਂ ਬਾਰੇ ਮੈਂ ਨਿਸ਼ਚਿਤ ਹੋ ਸਕਦਾ ਹਾਂ ਕਿ ਮੇਰੇ ਸ਼ਬਦ ਇਹੋ ਸਨ। ਪਰ ਕਿਸੇ ਹੋਰ ਦੇ ਕਹੇ ਸ਼ਬਦਾਂ ਵਿਚ ਮੇਰੇ ਲਈ ਉਂਨੀ ਨਿਸ਼ਚਿਤਤਾ ਨਹੀਂ ਹੋ ਸਕਦੀ। ਇਸ ਸੰਦਰਭ ਵਿਚ ਪੂਰਣ ਸਥਿਤੀ ਦਾ ਅਰਥ ਨਿਸ਼ਚਿਤਤਾ ਵਾਲਾ ਅਤੇ ਅਪੂਰਣ ਸਥਿਤੀ ਦਾ ਅਰਥ ਅਨਿਸ਼ਚਿਤਤਾ ਵਾਲਾ ਹੈ।

ਹੁਣ ਪਤਾ ਲਗਦਾ ਹੈ ਕਿ ਇਹ ਕ੍ਰਿਆ ਪਦ ਕਵੀਆਂ ਦਾ ਮਨ ਭਾਉਂਦਾ ਵਿਆਕਰਣਕ ਵਸੀਲਾ ਕਿਉਂ ਹੈ? ਬਾਵਾ ਬਲਵੰਤ ਦੀ ਕਵਿਤਾ ਰੋਜ਼ ਉਸਦਾ ਹਾਰ ਟੁੱਟ ਜਾਇਆ ਕਰੇ ਸਥਿਤੀ ਨੂੰ ਸਮੇਂ ਦੀਆਂ ਸੀਮਾਵਾਂ ਤੋਂ ਦੂਰ ਲਿਜਾ ਕੇ ਸਦੀਵੀ ਸੰਭਾਵਨਾ ਬਣਾ ਦਿੰਦੀ ਹੈ। ਪੂਰੀ ਕਵਿਤਾ ਦਾ ਵਾਤਾਵਰਣ (ਮਨੁੱਖੀ ਸੰਬੰਧ, ਇਰਾਦੇ, ਭਾਵਨਾਵਾਂ) ਮੋਨਾ ਲੀਸਾ ਦੀ ਮੁਸਕਾਨ ਵਾਂਙ ਭੇਤ-ਭਰਿਆ ਹੈ, ਇਹੋ ਇਸ ਕਵਿਤਾ ਦੀ ਸੁੰਦਰਤਾ ਹੈ ਅਤੇ ਇਹ ਭੇਤ-ਭਰਿਆ ਜਾਦੂਈ ਵਾਤਾਵਰਣ ਸਮੇਂ ਦੀਆਂ ਸੀਮਾਵਾਂ ਵਿਚ ਵੀ ਕੈਦ ਕਿਉਂ ਹੋਵੇ?

ਰੋਜ਼ ਉਸਦਾ ਹਾਰ ਟੁੱਟ ਜਾਇਆ ਕਰੇ।
ਮੁਸਕ੍ਰਾਂਦੀ ਆ ਕੇ ਬਣਵਾਇਆ ਕਰੇ।
ਮੇਰੇ ਪੁੱਛਣ ’ਤੇ ਕਿ ‘ਟੁੱਟਾ ਕਿਸ ਤਰ੍ਹਾਂ?'
ਪਾ ਕੇ ਵਲ ਗਰਦਨ ਨੂੰ ਸ਼ਰਮਾਇਆ ਕਰੇ।

ਇਹੋ ਹਾਲ ਮੋਹਨ ਸਿੰਘ ਦੀ ਕਵਿਤਾ ਖੂਹ ਦੀ ਗਾਧੀ ’ਤੇ ਦਾ ਹੈ।

ਉਹ ਟੋਕਾਂ ਕਰਦੀਆਂ ਆਵਣ
ਕਦੀ ਗੁਟਕਣ ਤੇ ਕਦੀ ਗਾਵਣ
ਪਏ ਨੱਕ ਵਿਚ ਲੌਂਗ ਸੁਹਾਵਣ
ਤੇ ਝਿਲਮਿਲ ਕਰਦੇ ਨਗ਼ ਨੀ
ਸਾਡੇ ਖੂਹ `ਤੇ ਵਸਦਾ ਰੱਬ ਨੀ।

ਪੰਜਾਬੀ ਵਿਚ ਹੋਰ ਵੀ ਬਹੁਤ ਸਾਰੇ ਕ੍ਰਿਆ ਪਦ ਹਨ, ਪਰ ਸਭਨਾਂ ਬਾਰੇ ਜਾਣਕਾਰੀ ਦੇਣ ਲਈ ਵੱਡੇ ਗ੍ਰੰਥ ਦੀ ਲੋੜ ਹੈ। ਪੰਜਾਬੀ ਕ੍ਰਿਆ ਪਦਾਂ ਦੀਆਂ ਕੁਝ ਹੋਰ ਖ਼ਾਸੀਅਤਾਂ ਇਹ ਵੀ ਹਨ -

(1) ਸੰਸਕ੍ਰਿਤ ਦੀਆਂ ਕ੍ਰਿਆਵਾਂ ਵਾਂਙ ਪੰਜਾਬੀ ਕ੍ਰਿਆਵਾਂ ਨੂੰ ਪਰਸਮੈਪਦ ਅਤੇ ਆਤਮਨੇਪਦ ਕ੍ਰਿਆਵਾਂ ਵਿਚ ਵੰਡਿਆ ਜਾ ਸਕਦਾ ਹੈ। ਆਤਮਨੇਪਦ ਕ੍ਰਿਆਵਾਂ ਦੇ ਕੰਮ ਦਾ ਲਾਭ ਕਰਨ ਵਾਲੇ ਨੂੰ ਹੁੰਦਾ ਹੈ, ਜਿਵੇਂ ‘ਖਾਣਾ’, ‘ਪੀਣਾ' ਆਦਿ ਕ੍ਰਿਆਵਾਂ। ਇਹਨਾਂ ਦੋ ਕਿਸਮ ਦੀਆਂ ਕ੍ਰਿਆਵਾਂ ਦੇ ਵਿਆਕਰਣ ਵਤੀਰੇ ਵਿਚ ਕਾਫ਼ੀ ਫ਼ਰਕ ਹਨ।

(2) ਕਿਸੇ ਕ੍ਰਿਆ ਪਦ ਦੀਆਂ ਸ਼ਾਬਦਿਕ ਅਤੇ ਵਿਆਕਰਣਕ ਅਰਥ-ਸੰਭਾਵਨਾਂ ਨੂੰ ਉਜਾਗਰ ਕਰਨ ਲਈ ਜਿਹੜੇ ਕਾਰਕ ਲਾਜ਼ਮੀ ਹੁੰਦੇ ਹਨ ਉਹਨਾਂ ਨੂੰ ਉਸ ਕ੍ਰਿਆ ਪਦ ਦਾ ਵੇਲੈਂਸੀ ਸੈੱਟ (Valency Set) ਆਖਿਆ ਜਾਂਦਾ ਹੈ। ਮੈਨੂੰ ਪਤਾ ਨਹੀਂ ਕਿ ਇਹਨੂੰ ਪੰਜਾਬੀ ਵਿਚ ਕੀ ਕਹਿੰਦੇ ਹਨ। ਇਹ ਬੜਾ ਗੁੰਝਲਦਾਰ ਵਿਸ਼ਾ ਹੈ, ਕਿਉਂਕਿ ਕਈ ਕ੍ਰਿਆਵਾਂ ਦੇ ਅਕਰਮਕ, ਸਕਰਮਕ ਅਤੇ ਕਈ ਪ੍ਰਕਾਰ ਦੇ ਪ੍ਰੇਰਣਾਰਥਕ ਅਤੇ ਵਿਪਰੀਤ-ਪ੍ਰੇਰਣਾਰਥਕ ਰੂਪ ਬਣਦੇ ਹਨ। ਸੌਖੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਕਿਸੇ ਅਕਰਮਕ ਕ੍ਰਿਆ ਦੇ ਵੇਲੈਂਸੀ ਸੈੱਟ ਵਿਚ ਇਕ ਕਾਰਕ ‘ਕਰਤਾ’ ਹੁੰਦਾ ਹੈ, ਸਕਰਮਕ ਕ੍ਰਿਆ ਦੇ ਵੇਲੈਂਸੀ ਸੈੱਟ ਵਿਚ ‘ਕਰਤਾ’ ਅਤੇ ‘ਕਰਮ’ ਕਾਰਕ ਹੁੰਦੇ ਹਨ। ਪਰ ਪ੍ਰੇਰਣਾਰਥਕ ਅਤੇ ਵਿਪਰੀਤ-ਪ੍ਰੇਰਣਾਰਥਕ ਕ੍ਰਿਆ ਪਦਾਂ ਕਾਰਨ ਅਸਲ ਸਥਿਤੀ ਬਹੁਤ ਹੀ ਗੁੰਝਲਦਾਰ ਹੈ।

(3) ਕਿਸੇ ਕ੍ਰਿਆਪਦ ਦੇ ਅਰਥ ’ਤੇ ਇਸ ਗੱਲ ਦਾ ਬਹੁਤ ਅਸਰ ਪੈਂਦਾ ਹੈ ਕਿ ਉਹਦਾ ਲਿੰਗ ਅਤੇ ਵਚਨ ਕਰਤਾ ਕਾਰਕ ਅਨੁਸਾਰ ਹੈ ਜਾਂ ਕਰਮ ਕਾਰਕ ਅਨੁਸਾਰ। ਜਾਪਦਾ ਹੈ ਕਿ ‘ਕੁੜੀ ਮੇਰੇ ਲਈ ਦੁੱਧ ਦਾ ਗਲਾਸ ਲਿਆਈ' ਵਾਕ ਕੁੜੀ ਬਾਰੇ ਹੈ ਅਤੇ ਇਸ ਵਿਚ ਜੋ ਅਪਣੱਤ ਦੀ ਭਾਵਨਾ ਹੈ ਉਹ ‘ਕੁੜੀ ਨੇ ਮੇਰੇ ਲਈ ਦੁੱਧ ਦਾ ਗਲਾਸ ਲਿਆਂਦਾ' ਵਿਚ ਨਹੀਂ। ਵਾਕ ਸਪਸ਼ਟ ਰੂਪ ਵਿਚ ਦੁੱਧ ਬਾਰੇ ਹੈ ਅਤੇ ਜਾਪਦਾ ਹੈ ਕਿ ਕੁੜੀ ਕਿਸੇ ਰੈਸਟੋਰੈਂਟ ਦੀ ਵੇਟਰੈੱਸ ਹੈ। ਜਦ ਕਿਸੇ ਵਾਕ ਵਿਚ ਕ੍ਰਿਆ ਪਦ ਦਾ ਲਿੰਗ ਅਤੇ ਵਚਨ ਕਰਮ ਕਾਰਕ ਅਨੁਸਾਰ ਹੋਵੇ, ਪਰ ਉਹ ਵਾਕ ਕਰਮਣੀ ਵਾਚ (Passive Voice) ਵਾਲਾ ਨਾ ਹੋਵੇ ਤਾਂ ਉਹਨੂੰ ‘ਕਰਮਣੀ ਪ੍ਰਯੋਗ’ ਜਾਂ Ergative Construction ਆਖਿਆ ਜਾਂਦਾ ਹੈ, ਜਿਵੇਂ ‘ਕੁੜੀ ਨੇ ਮੇਰੇ ਲਈ ਦੁੱਧ ਦਾ ਗਲਾਸ ਲਿਆਂਦਾ'।

(4)‘ਹੈ’ ਅਤੇ ‘ਸੀ’ ਕ੍ਰਿਆ ਰੂਪ ਸੰਸਕ੍ਰਿਤ ਦੇ अस् ਧਾਤੂ ਤੋਂ ਆਏ ਹਨ। ਇਸ ਧਾਤੂ ਦੇ ਕਾਲ ਸੰਸਕ੍ਰਿਤ ਵਿਚ ਵੀ ਪੂਰੇ ਨਹੀਂ ਸਨ। (ਪਾਣਿਨੀ 2.4.52) ਬਾਅਦ ਵਿਚ ਇਹਦਾ ਵਿਕਾਸ ਬਿਲਕੁਲ ਵੱਖਰੇ ਢੰਗ ਨਾਲ ਹੋਇਆ। ਇਸ ਕ੍ਰਿਆ ਦਾ ਇਤਿਹਾਸ ਵੀ ਬੜਾ ਦਿਲਚਸਪ ਹੈ ਅਤੇ ਇਹਦਾ ਸਿੱਧਾ ਸੰਬੰਧ ਭਾਰਤੀ ਸੰਸਕ੍ਰਿਤੀ ਵਿਚ ਸਮੇਂ ਦੇ ਸੰਬੰਧ ਦੇ ਵਿਕਾਸ ਨਾਲ ਆ ਜੁੜਦਾ ਹੈ। ਪਰ ਇੱਥੇ ਇਹਦੇ ਬਾਰੇ ਸਿਰਫ਼ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ‘ਹੈ’ ਸਿਰਫ਼ ਸਮੇਂ ਦੀਆਂ ਹੱਦਾਂ ਤੋਂ ਮੁਕਤ ਹੋਂਦ ਦਾ ਸੂਚਕ ਹੈ, ਪੰਜਾਬੀ ਦਾ ਸਿਰਫ਼ ਇਕ ਕ੍ਰਿਆਪਦ ‘ਸੀ’ ਭੂਤਕਾਲ ਵਿਚ ਹੈ, ਹੁਣ ਤੁਸੀਂ ਸਮਝ ਜਾਓਗੇ ਕਿ ‘ਉਹ ਘਰ ਹੈਗਾ ਸੀ’ ਦਾ ਕੀ ਅਰਥ ਹੈ।

(5) ਕਿਸੇ ਕ੍ਰਿਆ ਲੜੀ ਵਿਚ ਕੁਝ ਅਜਿਹੀਆਂ ਕ੍ਰਿਆਵਾਂ ਵੀ ਵਰਤੀਆਂ ਜਾ ਸਕਦੀਆਂ ਹਨ ਜਿਹਨਾਂ ਨੂੰ ਅਸੀਂ ‘ਸਹਾਇਕ ਕ੍ਰਿਆਵਾਂ' ਆਖ ਸਕਦੇ ਹਾਂ - ਜਿਵੇਂ ਕੰਮ ਕਰ ਦੇ, ਕੰਮ ਕਰ ਛੱਡ, ਮੈਂ ਚੋਰ ਨੂੰ ਕੁੱਟ ਸੁੱਟਿਆ। ਇਹਨਾਂ ਕ੍ਰਿਆਵਾਂ ਦੇ ਅਰਥ ਖ਼ਾਸ ਹੁੰਦੇ ਹਨ, ਜਿਹਨਾਂ ਦਾ ਵਿਸਥਾਰ ਨਾਲ ਵੇਰਵਾ ਇੱਥੇ ਨਹੀਂ ਦਿੱਤਾ ਜਾ ਸਕਦਾ।

ਕ੍ਰਿਆ ਪਦ ਦੀ ਭਰਤ੍ਰਹਰੀ ਵਾਲੀ ਪਰਿਭਾਸ਼ਾ ਦੀ ਵਰਤੋਂ ਅਸੀਂ ਲੰਮੀਆਂ ਕ੍ਰਿਆ ਲੜੀਆਂ ਦਾ ਅਰਥ ਸਮਝਣ ਲਈ ਵੀ ਕਰ ਸਕਦੇ ਹਾਂ। ਵੱਖ ਵੱਖ ਕ੍ਰਿਆ ਪਦ ਸਥਿਤੀ ਦੇ ਵੱਖ-ਵੱਖ ਪਹਿਲੂਆਂ ਦੇ ਪਰਿਚਾਯਕ ਹਨ। ‘ਦਾਦੀ ਸਾਨੂੰ ਕਹਾਣੀਆਂ ਸੁਣਾਉਂਦੀ ਹੁੰਦੀ ਸੀ।' ਕਹਾਣੀਆਂ ਸੁਣਾਉਣ ਦੀ ਲਗਾਤਾਰ ਚਲਦੀ ਰਹਿਣ ਵਾਲੀ ਸਥਿਤੀ ਦਾ ਫ਼ੋਕਸ ਜਾਂ ਕੇਂਦਰ ਬਿੰਦੂ ਦਾਦੀ ਹੈ, ਇਸ ਸਥਿਤੀ ਦਾ ਵਾਰ-ਵਾਰ ਵਾਪਰਨਾ ਦੱਸਿਆ ਗਿਆ ਹੈ ਅਤੇ ਕਹਾਣੀਆਂ ਸੁਣਾਉਂਦੇ ਰਹਿਣ ਦੀ ਵਾਰ-ਵਾਰ ਹੋਣ ਜਾਂ ਵਾਲੀ ਸਥਿਤੀ ਦਾ ਫ਼ੋਕਸ ਵੀ ਦਾਦੀ ਹੈ। ਪਰ ਇਹ ਸਭ ਕੁਝ ਹੁਣ ਬੀਤੇ ਸਮੇਂ ਦੀ ਯਾਦ ਬਣਕੇ ਰਹਿ ਗਿਆ ਹੈ। ਜਾਪਦਾ ਹੈ ਕਿ ਬੋਲਣ ਵਾਲਾ ਆਪਣੀ ਮਰ ਚੁੱਕੀ ਦਾਦੀ ਨੂੰ ਬੜੇ ਪਿਆਰ ਨਾਲ ਯਾਦ ਕਰ ਰਿਹਾ ਹੈ!

ਰਾਮ ਸਿੰਘ ਨੇ ਆਪਣੇ ਵੱਡਾ ਪੰਜਾਬੀ ਵਿਆਕਰਣ ਵਿਚ ਇਕ ਦਰਜਨ ਤੋਂ ਵੱਧ ਕਿਸਮ ਦੇ ‘ਕਰਮਣੀਵਾਚੀ’ ਢਾਂਚਿਆਂ ਦਾ ਜ਼ਿਕਰ ਕੀਤਾ ਹੈ। ਇਹਨਾਂ ਸਭਨਾਂ ਦੀ ਵਿਆਖਿਆ ਕਰਨਾ ਤਾਂ ਇੱਥੇ ਮੁਮਕਿਨ ਨਹੀਂ, ਪਰ ‘ਖ਼ਤ ਲਿਖਿਆ ਗਿਆ’ ਅਤੇ ‘ਖ਼ਤ ਲਿਖਿਆ ਪਿਆ ਸੀ' ਕ੍ਰਿਆ ਲੜੀਆਂ ਬਾਰੇ ਅਸੀਂ ਕੁਝ ਕਹਿ ਸਕਦੇ ਹਾਂ। ਹਰ ਲੜੀ ਵਿਚ ਪਹਿਲੀ ਕ੍ਰਿਆ ਸਕਰਮਕ ਹੈ, ਅਰਥਾਤ ਉਹਦੇ ਵੇਲੈਂਸੀ ਸੈੱਟ ਵਿਚ ਕਰਤਾ ਅਤੇ ਕਰਮ ਕਾਰਕ ਹਨ, ਪਰ ਦੂਸਰੀ ਕ੍ਰਿਆ ਅਕਰਮਕ ਹੈ ਜਿਹਦੇ ਵੇਲੈਂਸੀ ਸੈੱਟ ਵਿਚ ਇੱਕੋ ਕਰਤਾ ਕਾਰਕ ਹੈ। ਕਿਉਂਕਿ ਸਮੁੱਚੀ ਕ੍ਰਿਆ ਲੜੀ ਰਾਹੀਂ ਪ੍ਰਗਟਾਈ ਸਥਿਤੀ ਨੂੰ ਮਨ ਇਕ ਕੰਮ ਮੰਨਦਾ ਹੈ, ਇਸ ਕਰਕੇ ਆਖ਼ਰੀ ਕ੍ਰਿਆ ਦਾ ਵੇਲੈਂਸੀ ਸੈੱਟ ਸਮੁੱਚੀ ਲੜੀ ਦਾ ਵੇਲੈਂਸੀ ਸੈੱਟ ਹੋਏਗਾ, ਯਾਨਿ ਕਿ ‘ਗਿਆ’ ਦਾ ਸਬਜੈਕਟ ਜਾਂ ਕਰਤਾ ਖ਼ਤ ਹੀ ਪੂਰੀ ਲੜੀ ਦਾ ਕਰਤਾ ਹੈ। ਦੋਹਾਂ ਕ੍ਰਿਆ ਪਦਾਂ ਦਾ ਲਿੰਗ ਅਤੇ ਵਚਨ ‘ਖ਼ਤ’ ਵਾਲਾ ਹੈ। ਪਹਿਲੀ ਕ੍ਰਿਆ ‘ਲਿਖ’ ਦਾ ਕਰਤਾ ਗੌਣ ਹੋ ਗਿਆ ਜਾਂ ਪਿੱਠਭੂਮੀ ਵਿਚ ਚਲਿਆ ਗਿਆ ਹੈ, ਇਹਦੀ ਹੋਂਦ ਵਾਕ ਦੇ ਅਰਥ ਦਾ ਹਿੱਸਾ ਹੈ ਪਰ ਵਾਕ ਬਣਤਰ ਵਿਚ ਵਿਆਕਰਣਕ ਤੌਰ 'ਤੇ ਨਹੀਂ ਹੈ। ਕਰਮਣੀਵਾਚ ਦੇ ਹਰ ਕਿਸਮ ਦੇ ਵਾਕਾਂ ਵਿਚ ਮੁੱਖ ਕ੍ਰਿਆ ਦੇ ਕਰਤਾ ਨੂੰ ਗੌਣ ਕੀਤਾ ਜਾਂਦਾ ਹੈ। ਕ੍ਰਿਆ ਲੜੀ ਦੀ ਵਿਆਕਰਣ ਬਣਤਰ ਨੇ ਇਹ ਕੰਮ ਕਰ ਦਿੱਤਾ ਹੈ। ਇਹੋ ਹਾਲ ‘ਖ਼ਤ ਲਿਖਿਆ ਪਿਆ ਸੀ' ਦਾ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ‘ਸੀ’ ਸਿਰਫ਼ ਬੀਤੇ ਸਮੇਂ ਦੀ ਹੋਂਦ ਦੀ ਸੂਚਕ ਹੈ,ਆਪਣੇ ਆਪ ਵਿਚ ਕ੍ਰਿਆ ਨਹੀਂ। ਪੰਜਾਬੀ ਦੇ ਵਿਆਕਰਣ ਵਿਚ ਇਹਦਾ ਰੂਪ ਅਤੇ ਵਤੀਰਾ ਬਾਕੀ ਕ੍ਰਿਆਵਾਂ ਨਾਲੋਂ ਇੰਨੀ ਵੱਖਰੀ ਕਿਸਮ ਦਾ ਹੈ ਕਿ ਇਹਨੂੰ ਬਾਕਾਇਦਾ ਕ੍ਰਿਆ ਨਹੀਂ ਮੰਨਿਆ ਜਾ ਸਕਦਾ।

ਪਾਣਿਨੀ ਵੇਲੇ ਵੀ ਸੰਸਕ੍ਰਿਤ ਵਿਚ ਕ੍ਰਿਆ ਦੇ ਕਾਲ ਰੂਪਾਂ ਅਤੇ ਉਹਨਾਂ ਦੇ ਅਰਥਾਂ ਵਿਚਕਾਰ ਸਿੱਧਾ ਸੰਬੰਧ ਖ਼ਤਮ ਹੋਣਾ ਸ਼ੁਰੂ ਹੋ ਗਿਆ ਸੀ। ਪਾਣਿਨੀ ਨੇ ਬਹੁਤ ਹੀ ਸਮਝਦਾਰੀ ਨਾਲ ਸੰਸਕ੍ਰਿਤ ਕੇ ਟੈਂਸ ਜਾਂ ਕਾਲ ਨੂੰ ਪ੍ਰਗਟਾਉਣ ਵਾਲੇ ਕ੍ਰਿਆ ਰੂਪਾਂ ਨੂੰ ਕਿਸੇ ਵੀ ਕਿਸਮ ਦੇ ‘ਵਰਤਮਾਨ ਕਾਲ', ‘ਭੂਤ ਕਾਲ’ ਜਾਂ ‘ਭਵਿੱਖਤ ਕਾਲ’ ਦਾ ਨਾਂ ਨਹੀਂ ਦਿੱਤਾ। ਉਹਨਾਂ ਨੇ ਸਿਰਫ਼ ਕ੍ਰਿਆ ਰੂਪਾਂ ਦੀ ਪਛਾਣ ਕਰਨ ਲਈ ‘ਲਟ’, ‘ਲੋਟ’, ‘ਲਿਟ’, ‘ਲੁਟ’, ‘ਲਙ’, ‘ਲੁਙ’ ਆਦਿ ਨਿਰਰਥਕ ਅਲਜਬਰਾਈ ਨਾਂਵਾਂ ਦੀ ਵਰਤੋਂ ਕੀਤੀ, ਤਾਕਿ ਵਿਆਕਰਣ ਦੀ ਵਰਤੋਂ ਕਰਨ ਵਾਲੇ ਗੁਮਰਾਹ ਨਾ ਹੋ ਜਾਣ। ਪਰ ਕਿਉਂਕਿ ਕਈ ਕਿਸਮ ਦੇ ‘ਵਤਰਮਾਨ’, ‘ਭੂਤ’ ਅਤੇ ‘ਭਵਿੱਖਤ’ ਕਾਲਾਂ ਦੇ ਲੈਟਿਨ ਭਾਸ਼ਾ ਵਾਲੇ ਪ੍ਰੋਕ੍ਰਸਟੀਅਨ ਢਾਂਚੇ ਵਿਚ ਭਾਰਤੀ ਭਾਸ਼ਾਵਾਂ ਨੂੰ ਫ਼ਿਟ ਕਰਨ ਦਾ ਯਤਨ ਪੱਛਮੀ ਵਿਦਵਾਨਾਂ ਨੇ ਕੀਤਾ ਸੀ (ਇਹਨਾਂ ਭਾਸ਼ਾਵਾਂ ਅਤੇ ਭਾਰਤੀ ਸੰਸਕ੍ਰਿਤੀ ਵਿਚ ਸਮੇਂ ਦੇ ਸੰਬੋਧ ਨੂੰ ਪੂਰੀ ਤਰ੍ਹਾਂ ਸਮਝੇ ਬਿਨਾਂ), ਇਸ ਕਰਕੇ ਸਾਡੇ ਦਾਸ ਬਿਰਤੀ ਵਾਲੇ, ਉਧਾਰ ਲਈਆਂ ਬੈਸਾਖੀਆਂ ਤੋਂ ਬਿਨਾਂ ਆਪਣੇ ਪੈਰਾਂ 'ਤੇ ਖੜ੍ਹੇ ਨਾ ਹੋ ਸਕਣ ਵਾਲੇ ਅਤੇ ਮੰਗੀਆਂ ਹੋਈਆਂ ਐਨਕਾਂ ਤੋਂ ਬਿਨਾਂ ਕੁਝ ਵੀ ਨਾ ਦੇਖ ਸਕਣ ਵਾਲੇ, ਵਿਦਵਾਨਾਂ ਨੇ ਇਹਨਾਂ ਪੱਛਮੀ ਵਿਦਵਾਨਾਂ ਦੇ ਕੰਮ ’ਤੇ ਪ੍ਰਸ਼ਨ ਚਿੰਨ੍ਹ ਲਾਉਣ ਦੀ ਬਜਾਇ ਇਹਨਾਂ ਦੀ ਨਕਲ ਕਰਨਾ ਹਾਲੇ ਤਕ ਨਹੀਂ ਛੱਡਿਆ। ਭਾਰਤ ਵਿਚ ਅੰਗਰੇਜ਼ੀ ਸਿਖਾਉਣ ਲਈ ਸੌ ਤੋਂ ਵੀ ਵੱਧ ਸਾਲ ਵਰਤੀ ਜਾਣ ਵਾਲੀ (ਅਤੇ ਹੁਣ ਪੱਛਮ ਵਿਚ ਪੂਰੀ ਤਰ੍ਹਾਂ ਤਿਆਗੀ ਜਾ ਚੁੱਕੀ) ਜੇ ਸੀ ਨੈਸਫ਼ੀਲਡ ਦੀ ਅੰਗਰੇਜ਼ੀ ਗਰਾਮਰ ਨੇ ਸਾਡੇ ਵੱਈਆਕਰਣਾਂ ਦੀ ਸੋਚਣੀ ਦਾ ਸੱਤਿਆਨਾਸ ਕਰਨ ਵਿਚ ਭਰਪੂਰ ਯੋਗਦਾਨ ਦਿੱਤਾ ਹੈ।

ਪੰਜਾਬੀ ਦੇ ਜਿਹੜੇ ਭਾਸ਼ਾ ਵਿਗਿਆਨੀਆਂ ਦੀ ਮੈਂ ਆਲੋਚਨਾ ਕੀਤੀ ਹੈ, ਉਹਨਾਂ ਨਾਲ ਮੇਰਾ ਸਿਧਾਂਤਕ ਵਿਰੋਧ ਹੈ, ਨਿਜੀ ਨਹੀਂ। ਉਹਨਾਂ ਵਿਚ ਜਿਹੜੇ ਨੇਕ ਇਰਾਦਿਆਂ ਨਾਲ ਗਿਆਨ ਪ੍ਰਾਪਤੀ ਅਤੇ ਗਿਆਨ ਦੀ ਸਿਰਜਣਾ ਦਾ ਕੰਮ ਕਰ ਰਹੇ ਹਨ, ਨਿਜੀ ਤੌਰ `ਤੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ। ਪਰ ਕੁਝ ਅਖਾਉਤੀ “ਭਾਸ਼ਾ ਵਿਗਿਆਨੀ” ਫ਼ਜ਼ੂਲ ਦਾ ਬਕੜਵਾਹ ਵੀ ਕਰੀ ਜਾ ਰਹੇ ਹਨ।

ਲਿਪੀ ਸ਼ਾਵਨਵਾਦ

ਲਿਪੀ ਸ਼ਾਵਨਵਾਦੀ ਕਚਘਰੜ “ਭਾਸ਼ਾ ਵਿਗਿਆਨੀ” ਜਿਹਨਾਂ ਨੂੰ ਭਾਸ਼ਾ ਵਿਗਿਆਨ ਬਾਰੇ ਕੱਖ ਪਤਾ ਨਹੀਂ, ਕਈ ਦਹਾਕਿਆਂ ਤੋਂ ਤੋਤੇ ਵਾਂਙ ਇਹ ਕੁਝ ਰਟੀ ਜਾ ਰਹੇ ਹਨ - “ਪੰਜਾਬੀ ਫ਼ੌਨੈਟਿਕ ਲੈਂਗੁਏਜ ਹੈ, ਇਹਦੇ ਵਿਚ ‘ਜਿਵੇਂ ਲਿਖੋ ਤਿਵੇਂ ਬੋਲੋ' ਅਤੇ ‘ਜਿਵੇਂ ਬੋਲੋ ਤਿਵੇਂ ਲਿਖੋ' 'ਇਸ ਵਿਚ ਜਿੰਨੇ ਅੱਖਰ ਹਨ, ਉਂਨੀਆਂ ਆਵਾਜ਼ਾਂ ਹਨ' ... ਇਹ ਕਹਿ ਕੇ ਉਹ ਕੁਝ ਲਿਪੀ ਸ਼ਾਵਨਵਾਦੀਆਂ ਨੂੰ ਸ਼ਹਿ ਜ਼ਰੂਰ ਦਿੰਦੇ ਹਨ। ਪੰਜਾਬੀ ਲਿਖਣ ਲਈ ਕਿਹੜੀ ਲਿਪੀ ਢੁੱਕਵੀਂ ਹੈ? ਇਹਦਾ ਜਵਾਬ ਹੈ ਗੁਰਮੁਖੀ। ਕਾਰਣ? ਪੰਜਾਬੀ ਬੋਲਣ ਅਤੇ ਲਿਖਣ ਵਾਲੇ ਬਹੁ-ਗਿਣਤੀ ਲੋਕ ਇਹ ਚਾਹੁੰਦੇ ਹਨ। ਭਾਰਤ ਲੋਕਤੰਤ੍ਰ ਹੈ, ਅਤੇ ਲੋਕਤੰਤ੍ਰ ਵਿਚ ਬਹੁ- ਗਿਤਣੀ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ। ਹੋਰ ਸਭ ਅਖਾਉਤੀ “ਭਾਸ਼ਾ ਵਿਗਿਆਨਕ” ਦਲੀਲਾਂ ਫ਼ਜ਼ੂਲ ਹਨ। ਭਾਸ਼ਾ ਵਿਗਿਆਨ ਇਸ ਹਦ ਤਕ ਪ੍ਰਗਤੀ ਕਰ ਗਿਆ ਹੈ ਕਿ ਕੋਈ ਵੀ ਗੰਭੀਰ ਭਾਸ਼ਾ ਵਿਗਿਆਨੀ ਉੱਪਰ ਦੱਸੀ ਸ਼ਾਵਨਵਾਦੀ ਬਕਵਾਸ ਵਿਚ ਯਕੀਨ ਨਹੀਂ ਕਰ ਸਕਦਾ। ਜਿੱਥੋਂ ਤਕ “ਜਿਵੇਂ ਬੋਲੋ ਤਿਵੇਂ ਲਿਖੋ ਦਾ ਸਵਾਲ ਹੈ,” ਮੈਂ ਜਾਣ ਬੁੱਝ ਕੇ ‘ਇਹਨਾਂ’ ਅਤੇ ‘ਉਹਨਾਂ’ ਸ਼ਬਦਜੋੜ ਵਤਰਦਾ ਹਾਂ, ਜੋ ਮੈਨੂੰ ‘ਇਨ੍ਹਾਂ’ ਅਤੇ ‘ਉਨ੍ਹਾਂ' ਨਾਲੋਂ ਵੱਧ ਤਰਕਸੰਗਤ ਜਾਪਦੇ ਹਨ। ਇਹਨਾਂ ਦੋ ਕਿਸਮ ਦੇ ਸ਼ਬਦਜੋੜਾਂ ਨੂੰ ਬੋਲ ਕੇ ਦੇਖੋ, ਉਚਾਰਣ ਵਿਚ ਕੋਈ ਫ਼ਰਕ ਨਹੀਂ ਆਏਗਾ। ‘ਦਰੀਆਂ ਝੜਵਾ ਦੇ’ ਅਤੇ ‘ਦਰੀਆਂ ਚੜ੍ਹਵਾ ਦੇ' ਵਾਕਾਂ ਦਾ ਉਚਾਰਣ ਬਿਲਕੁਲ ਇੱਕੋ ਹੈ। ‘ਵਰ੍ਹਾ’ ਨੂੰ ਕਿਵੇਂ ਬੋਲੀਏ ‘ਇਕ ਵਰ੍ਹਾ ਬੀਤ ਗਿਆ’ ਵਾਂਗ ਜਾਂ ‘ਰੱਬਾ ਰੱਬਾ ਮੀਂਹ ਵਰ੍ਹਾ’ ਵਾਂਗ? ‘ਚਾਹ’, ‘ਮੀਂਹ’, ‘ਖੂਹ’ ਅਦਿ ਸ਼ਬਦਾਂ ਵਿਚ ‘ਹ’ ਦੀ ਕੋਈ ਆਵਾਜ਼ ਹੀ ਨਹੀਂ। ‘ਸਹੁਰਾ’ ਵਿਚ ਨਾ ਤਾਂ ‘ਹ’ ਦੀ ਆਵਾਜ਼ ਹੈ ਅਤੇ ਨਾ ਹੀ ਔਂਕੜ ਲਗ ਦੀ। ਕਨੌੜੇ ਵਾਲੀ ਆਵਾਜ਼ ਉੱਚੀ ਸੁਰ ਵਿਚ ਬੋਲੀ ਜਾਂਦੀ ਹੈ। ਪੰਜਾਬੀ ਵਿਚ ਟੋਨਾਂ ਆਉਣ ਨਾਲ ਉਚਾਰਣ ਅਤੇ ਸ਼ਬਦਜੋੜਾਂ ਵਿਚਕਾਰ ਪਾੜਾ ਕਾਫ਼ੀ ਵਧ ਗਿਆ ਹੈ। ਅੱਜ ਦੀ ਕੇਂਦਰੀ ਪੰਜਾਬੀ ਵਿਚ ਗੁਰਮੁਖੀ ਲਿਪੀ ਦੇ ‘ਘ’, ‘ਝ’, ‘ਢ’, ‘ਧ, ਅਤੇ ‘ਭ ਅੱਖਰਾਂ ਦੀਆਂ ਆਪਣੀਆਂ ਕੋਈ ਆਵਾਜ਼ਾਂ ਨਹੀਂ ਹਨ। ਦੋ ਟੋਨਾਂ ਪੰਜਾਬੀ ਵਿਚ ਆ ਗਈਆਂ ਹਨ, ਜਿਹਨਾਂ ਲਈ ਗੁਰਮੁਖੀ ਲਿਪੀ ਵਿਚ ਕੋਈ ਅੱਖਰ ਜਾਂ ਚਿੰਨ੍ਹ ਨਹੀਂ ਹੈ। (ਸੂਬਾ ਸਿੰਘ ਨੇ ਇਕ ਵਾਰ ਕਿਹਾ ਸੀ ਕਿ ਜੇ ਪੰਜਾਬੀ ਵਿਚ “ਜਿਵੇਂ ਬੋਲੋ ਤਿਵੇਂ ਲਿਖੋ” ਵਾਲਾ ਨਿਯਮ ਲਾਗੂ ਹੋ ਜਾਏ, ਤਾਂ “ਗੁਣਗੁਣਾ ਵਿਚਾਰਾ ਬਿੰਦੀਆਂ ਲਾਉਂਦਾ ਈ ਮਰ ਜਾਊ!”)

ਜੇ ਮੇਰੀਆਂ ਗੱਲਾਂ 'ਤੇ ਯਕੀਨ ਨਹੀਂ ਆਉਂਦਾ, ਤਾਂ ਪੰਜਾਬੀ ਦੇ ਇਹਨਾਂ ਸ਼ਬਦਾਂ ਦਾ ਵਿਸ਼ਲੇਸ਼ਣ ਕਿਸੇ ਫ਼ੋਨੈਟਿਕਸ ਲੇਬਾਰੇਟਰੀ ਵਿਚ ਕਰਵਾ ਲਓ। ਜਦ ਮੈਂ ਪੰਜਾਬੀ ਆਵਾਜ਼ਾਂ ਦਾ ਇਸ ਢੰਗ ਨਾਲ ਅਧਿਐਨ ਕੀਤਾ, ਉਸ ਵੇਲੇ ਸਪੈਕਟ੍ਰੋਗਰਾਫ਼ (Spectrograph) ਨਾਂ ਦੀ ਮਸ਼ੀਨ ਦੀ ਕੀਮਤ ਕਈ ਸੌ ਪੌਂਡ/ਡਾਲਰ (ਲੱਖਾਂ ਰੁਪਏ) ਹੁੰਦੀ ਸੀ। ਪਰ ਹੁਣ ਇਹਦੇ ਵਾਲਾ ਕੰਮ ਮੁਫ਼ਤ ਕੀਤਾ ਜਾ ਸਕਦਾ ਹੈ। ਵੈੱਬਸਾਈਟ www.fon.hum.uva.nl/praat ਤੋਂ PRAAT ਨਾਂ ਦਾ ਕੰਮਪਿਊਟਰ ਪ੍ਰੋਗਰਾਮ ਲਾਹ ਕੇ ਕਿਸੇ ਸਾਊਂਡਕਾਰਡ ਵਾਲੇ ਕੰਮਪਿਊਟਰ (ਪੀ ਸੀ ਜਾਂ ਮੈਕ) 'ਤੇ ਚੜ੍ਹਾ ਲਓ। ਕੰਮਪਿਊਟਰ ਨਾਲ ਮਾਈਕ ਲਾ ਕੇ ਤੁਸੀਂ ਆਪਣੀ ਆਵਾਜ਼ ਰਿਕਾਰਡ ਕਰ ਸਕਦੇ ਹੋ ਅਤੇ ਭਾਸ਼ਾ ਦੀਆਂ ਆਵਾਜ਼ਾਂ ਦੇ ਸਪੈਕਟ੍ਰੋਗਰਾਮ ਬਣਾ ਕੇ ਉਹਨਾਂ ਦਾ ਅਧਿਐਨ ਅਤੇ ਟੋਨਾਂ ਦਾ ਅਧਿਐਨ ਕਰ ਸਕਦੇ ਹੋ। ਇਹਦੇ ਲਈ ਪਲੱਸ 2 ਦੇ ਬਰਾਬਰ ਦੀ ਫ਼ਿਜ਼ਿਕਸ ਦੇ ਗਿਆਨ ਦੀ ਥੋੜੀ ਜਿਹੀ ਲੋੜ ਹੈ। ਪਰ ਉਹਤੋਂ ਵੀ ਵੱਧ ਲੋੜ ਹੈ ਲਗਨ ਨਾਲ ਵਿਗਿਆਨਕ ਕੰਮ ਕਰਨ ਦੀ ਇੱਛਾ ਦੀ। “ਪੰਜਾਬੀ ਵਿਚ ਜਿਵੇਂ ਲਿਖੋ ਤਿਵੇਂ ਪੜ੍ਹੋ”, “ਪੰਜਾਬੀ ਫ਼ੋਨੈਟਿਕ ਭਾਸ਼ਾ ਹੈ”, “ਪੰਜਾਬੀ ਵਿਚ ਜਿੰਨੀਆਂ ਆਵਾਜ਼ਾਂ ਹਨ ਉਂਨੇ ਹੀ ਅੱਖਰ ਹਨ” ਵਰਗੇ ਗ਼ੈਰ-ਵਿਗਿਅਨਕ ਅਟਕਲ-ਪੱਚੂ ਲਾਉਣ ਵਾਲਿਆਂ ਦਾ ਇਹਦੇ ਨਾਲੋਂ ਵਧੀਆ ਇਲਾਜ ਹੋਰ ਕੋਈ ਨਹੀਂ - ਜੇ ਉਹ ਈਮਾਨਦਾਰੀ ਨਾਲ ਸੱਚ ਦਾ ਸਾਹਮਣਾ ਕਰਨਾ ਚਾਹੁੰਦੇ ਹਨ।

ਜਦ ਕਿਸੇ ਹੋਰ ਖੇਤਰ ਦਾ ਸਥਾਪਿਤ ਵਿਦਵਾਨ ਜਿਹਨੂੰ ਭਾਸ਼ਾ ਵਿਗਿਆਨ ਦਾ ਊੜਾ ਐੜਾ ਵੀ ਨਹੀਂ ਆਉਂਦਾ, ਇਸ ਖੇਤਰ ਵਿਚ ਦਖਲ ਦਿੰਦਾ ਹੈ, ਤਾਂ ਹਾਲਤ ਹੋਰ ਵੀ ਵਿਗੜ ਜਾਂਦੀ ਹੈ। ਸੁਤਿੰਦਰ ਸਿੰਘ ਨੂਰ ਦਾ ਲੇਖ ‘ਮਸਲਾ ਗੁਰਮੁਖੀ ਲਿਪੀ ਦਾ’ ਕੈਨੇਡਿਓਂ ਪ੍ਰਕਾਸ਼ਿਤ ਹੋਣ ਵਾਲੇ ਇੰਟਰਨੈੱਟ ਪਰਚੇ ਨਿਸੋਤ (ਅਪ੍ਰੈਲ 2003) ਵਿਚ ਛਪਿਆ ਸੀ। ਨੂਰ ਦੀ ਸਮੁੱਚੀ ਦਲੀਲ ਇਹ ਸੀ ਕਿ ਗੁਰਬਾਣੀ ਸਿਰਫ਼ ਗੁਰਮੁਖੀ ਅੱਖਰਾਂ ਵਿਚ ਹੀ ਛਾਪੀ ਜਾਣੀ ਚਾਹੀਦੀ ਹੈ। (ਯਾਨਿ ਕਿ ਗੁਰਮੁਖੀ ਨਾ ਜਾਨਣ ਵਾਲਿਆਂ ਤਕ ਗੁਰਬਾਣੀ ਨੂੰ ਪਹੁੰਚਾਉਣ ਲਈ ਇਹਨੂੰ ਹਿੰਦੀ ਅੱਖਰਾਂ ਵਿਚ ਛਪਵਾਉਣ ਦਾ ਜਿਹੜਾ ਕੰਮ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਉਹ ਬਹੁਤ ਗ਼ਲਤ ਕੰਮ ਹੈ)। ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਨੂੰ ਸਿਰਫ਼ ਸਿੱਖ ਧਰਮ ਨਾਲ ਜੋੜਣ ਦੀਆਂ ਫ਼ਿਰਕੂ ਹਰਕਤਾਂ ਕਰਨ ਵਾਲੇ ਸਿੱਖ ਵਿਦਵਾਨਾਂ ਨੇ ਵੀ ਗ਼ੈਰ-ਸਿੱਖਾਂ ਨੂੰ ਪੰਜਾਬੀ ਤੋਂ ਦੂਰ ਭਜਾਉਣ ਵਿਚ ਭਰਪੂਰ ਯੋਗਦਾਨ ਦਿੱਤਾ ਹੈ। ਆਪਣੀ ਇਸ ਦਲੀਲ ਦੇ ਹੱਕ ਵਿਚ ਪੰਜਾਬੀ ਟੋਨਾਂ ਬਾਰੇ ਅਤੇ ਗੁਰਬਾਣੀ ਵਿਚ ‘ਸ਼ਬਦਾਂਤਿਕ ਲਗਾਂ ਮਾਤ੍ਰਾਂ ਬਾਰੇ ਗ਼ਲਤ ਸਮਝ 'ਤੇ ਆਧਾਰਿਤ ਨੂਰ ਦੀਆਂ ਦਲੀਲਾਂ ਇੰਨੀਆਂ ਅਗਿਆਨਤਾ-ਭਰਪੂਰ ਹਨ ਕਿ ਇਸ ਲੇਖ ਦੀ ਬੇਲੋੜੀ ‘ਡੀਕੰਸਟ੍ਰਕਸ਼ਨ' ਕਰਕੇ (ਜਿਹਦਾ ਪੰਜਾਬੀ ਤਰਜਮਾ ‘ਬਖੀਏ ਉਧੇੜਨਾ’ ਹੈ), ਮੈਂ ਆਪਣਾ ਅਤੇ ਹੁਣ ਦੇ ਪਾਠਕਾਂ ਦਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ।

*****

ਇਹ ਲੇਖ ਗੰਭੀਰ ਵਿਚਾਰਕਾਂ ਲਈ ਲਿਖਿਆ ਗਿਆ ਹੈ। ਮੈਂ ਇਹ ਦਾਅਵਾ ਕਦੇ ਨਹੀਂ ਕਰਦਾ ਕਿ ਸਿਰਫ਼ ਮੇਰਾ ਦ੍ਰਿਸ਼ਟੀਕੋਣ ਹੀ ਸਹੀ ਹੈ । ਮੈਂ ਵੀ ਗ਼ਲਤ ਹੋ ਸਕਦਾ ਹਾਂ, ਅਤੇ ਸੁਹਿਰਦਤਾ ਨਾਲ ਗੰਭੀਰ ਵਿਚਾਰ-ਵਟਾਂਦਰਾ ਕਰਨ ਵਿਚ ਮੇਰਾ ਪੂਰਾ ਯਕੀਨ ਹੈ।

ਧਿਆਨਜੋਗ : ਅੰਗਰੇਜ਼ੀ ਵਿਚ ਸੋਚੇ ਹੋਏ ਬਹੁਤ ਸਾਰੇ ਗੁੰਝਲਦਾਰ ਵਿਚਾਰਾਂ ਨੂੰ ਪੰਜਾਬੀ ਵਿਚ ਪ੍ਰਗਟਾਉਣ ਵਿਚ ਅਮਰਜੀਤ ਚੰਦਨ ਨੇ ਮੇਰੀ ਮਦਦ ਕੀਤੀ। ਪਰ ਇਸ ਲੇਖ ਦੀ ਲੇਖਨ ਸ਼ੈਲੀ ਅਤੇ ਇਸ ਵਿਚ ਪ੍ਰਗਟਾਏ ਵਿਚਾਰ ਮੇਰੇ ਆਪਣੇ ਹਨ ਅਤੇ ਇਹਨਾਂ ਲਈ ਮੈਂ ਖ਼ੁਦ ਜ਼ਿੰਮੇਦਾਰ ਹਾਂ। - ਲੇਖਕ

ਬੰਗੇ ਦੇ ਸਿੱਖ ਨੈਸ਼ਨਲ ਕਾਲਿਜ ਵਿਚ ਦਸ ਸਾਲ ਅੰਗਰੇਜ਼ੀ ਪੜ੍ਹਾਉਣ ਮਗਰੋਂ 1978 ਤੋਂ ਇੰਗਲੈਂਡ ਵਿਚ। ਮਾਨਚੈਸਟਰ ਯੂਨੀਵਰਸਿਟੀ ਤੋਂ ਭਾਸ਼ਾ ਵਿਗਿਆਨ ਵਿਚ ਐੱਮ ਏ ਅਤੇ ਪੀਐੱਚ ਡੀ। ਇੰਗਲੈਂਡ ਅਤੇ ਯੂਰਪ ਦੇ ਕਈ ਹੋਰ ਦੇਸ਼ਾਂ ਵਿਚ ਖੋਜ ਪੜਤਾਲ ਅਤੇ ਪੜ੍ਹਾਉਣ ਦਾ ਕੰਮ ਕੀਤਾ। ਭਾਸ਼ਾਵਾਂ ਸਿਖਾਉਣ ਲਈ Hindi Urdu Bol Chaal, Colloquial Panjabi ਪੁਸਤਕਾਂ ਅਤੇ ਪੰਜਾਬੀ ਵਿਚ ਕੁਝ ਲੇਖ ਪ੍ਰਕਾਸ਼ਿਤ ਕੀਤੇ।

ਟੂਕਾਂ

ਕੋਈ ਵੀ ਭਾਸ਼ਾ ਕਿਸੇ ਖ਼ਿਲਾਅ ਵਿਚ ਵਿਗਸਿਤ ਹੋਣ ਅਤੇ ਵਿਚਰਣ ਵਾਲਾ ਸੂਖਮ ਜਾਂ ਅਮੂਰਤ ਢਾਂਚਾ ਨਹੀਂ ਹੁੰਦੀ ... ਕਿਸੇ ਵੀ ਭਾਸ਼ਾ ਦੇ ਅੰਗ-ਅੰਗ ਵਿਚ ਉਹ ਸੰਸਕ੍ਰਿਤੀ ਧੜਕਦੀ ਹੁੰਦੀ ਹੈ, ਜਿਸ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਉਹ ਭਾਸ਼ਾ ਹੁੰਦੀ ਹੈ ਅਤੇ ਜਿਹਦੇ ਵਿਕਾਸ ਵਿਚ ਅਤੇ ਜਿਹਨੂੰ ਅਗਲੀਆਂ ਪੀੜ੍ਹੀਆਂ ਤਕ ਪਹੁੰਚਾਉਣ ਦਾ ਕੰਮ ਭਾਸ਼ਾ ਕਰਦੀ ਹੈ।

ਕਿਸੇ ਸੰਸਕ੍ਰਿਤੀ ਦੀ ਜੀਵਨ-ਦ੍ਰਿਸ਼ਟੀ ਉਹਦੀ ਸ਼ਬਦਾਵਲੀ ਨਾਲੋਂ ਵੀ ਵੱਧ ਉਹਦੇ ਵਿਆਕਰਣਕ ਢਾਂਚੇ ਵਿਚ ਝਲਕਦੀ ਹੈ। ਹਰ ਭਾਸ਼ਾ ਅਤੇ ਉਹਦੇ ਵਿਆਕਰਣਕ ਵਸੀਲਿਆਂ ਦਾ ਆਪਣਾ ਵਿਲੱਖਣ ਸੁਭਾਓ ਹੁੰਦਾ ਹੈ ਅਤੇ ਉਹਨੂੰ ਕਿਸੇ ਹੋਰ ਭਾਸ਼ਾ ਲਈ ਤਿਆਰ ਕੀਤੇ ਸਿਧਾਂਤਕ ਢਾਂਚੇ ਵਿਚ ਫ਼ਿਟ ਕਰਨਾ ਉਸ ਭਾਸ਼ਾ ਦੀ ਵਿਲੱਖਣਾ ਨਾਲ ਸਭ ਤੋਂ ਵੱਡਾ ਅਨਿਆਂ ਹੁੰਦਾ ਹੈ।

ਜੇ ਭਾਸ਼ਾ ਨੂੰ ਕਿਸੇ ਸੰਸਕ੍ਰਿਤੀ ਦਾ ਅਨਿਖੜਵਾਂ ਅੰਗ ਮੰਨਣਾ ਹੈ, ਤਾਂ ਇਹ ਮੰਨ ਕੇ ਚੱਲਣਾ ਪਏਗਾ ਕਿ ਉਸ ਸੰਸਕ੍ਰਿਤੀ ਦੀ ਜੀਵਨ ਦ੍ਰਿਸ਼ਟੀ ਦਾ ਪ੍ਰਤੀਕੀਕਰਣ ਉਹਦੀ ਧਰਮ, ਫ਼ਲਸਫ਼ੇ, ਕਲਾ, ਸਾਹਿਤ ਅਤੇ ਭਾਸ਼ਾ (ਖ਼ਾਸ ਤੌਰ 'ਤੇ ਭਾਸ਼ਾ ਦੇ ਵਿਆਕਰਣ) ਵਿਚ ਹੁੰਦਾ ਹੈ।

ਭਾਰਤੀ ਸੰਸਕ੍ਰਿਤੀ ਦੇ ਇਤਿਹਾਸ ਦਾ ਸਿੱਧਾ ਸੰਬੰਧ ਸਭ ਭਾਰਤੀ ਭਾਸ਼ਾਵਾਂ ਦੇ ਵਿਆਕਰਣ ਦੇ ਅਧਿਐਨ ਨਾਲ ਹੈ। ਇਹਨੂੰ ਸਮਝੇ ਬਿਨਾਂ ਭਾਸ਼ਾ ਦਾ ਅਧਿਐਨ ਸੰਸਕ੍ਰਿਤੀ ਦੇ ਅਭਿੰਨ ਅੰਗ ਦੇ ਵਜੋਂ ਕੀਤਾ ਹੀ ਨਹੀਂ ਜਾ ਸਕਦਾ।

ਇੱਕੋ-ਇਕ ਹੱਲ ਇਹ ਹੈ ਕਿ ਪੰਜਾਬੀ ਬੋਲੀ ਨੂੰ ਉਹਦੀ ਸੰਸਕ੍ਰਿਤੀ ਅਤੇ ਲੋਕਾਂ ਦੇ ਰੋਜ਼ਾਨਾ ਕਾਰ-ਵਿਹਾਰ ਦੇ ਸੰਦਰਭ ਵਿਚ ਰੱਖ ਕੇ ਦਾਸ ਬਿਰਤੀ ਤੋਂ ਛੁਟਕਾਰਾ ਪਾ ਕੇ ਉਹਦੀ ਵਿਲੱਖਣਾ ਦਾ ਸਤਿਕਾਰ ਕਰਦਿਆਂ ਹੋਇਆਂ ਅਧਿਐਨ ਕੀਤਾ ਜਾਏ । ਆਪਣੇ ਵਡੇਰਿਆਂ ਤੋਂ ਵੀ ਕੁਝ ਸਿੱਖਿਆ ਜਾਏ।

  • ਮੁੱਖ ਪੰਨਾ : ਪੰਜਾਬੀ ਬੋਲੀ ਅਤੇ ਲਿਪੀ ਸਬੰਧੀ ਰਚਨਾਵਾਂ : ਡਾ. ਮੰਗਤ ਰਾਏ ਭਾਰਦ੍ਵਾਜ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ