Punjab Sirlekh (Vaartak) : Satgur Singh

ਪੰਜਾਬ ਸਿਰਲੇਖ (ਵਾਰਤਕ) : ਸਤਗੁਰ ਸਿੰਘਪੰਛੀ ਤੇ ਪੰਜਾਬੀਅਤ

ਪਹਾੜੀ ਅਟੇਰਨ ਵਰਗੀ ਧੱਕੜ ਧਰਵਾਸੀ ਪੰਜਾਬੀ ਕੌਮ, ਜਿਸ ਦੀਆਂ ਅਟੇਰਨ ਵਾਂਗ ਨਿੱਕੀਆਂ ਲੱਤਾਂ ਭਾਵ ਇਹ ਹਮਲਾ ਨਹੀਂ ਕਰਦੀ ਸੀ, ਹਮਲੇ ਰੋਕਦੀ ਸੀ, ਇਸਦੇ ਵਾਂਗ ਹਵਾ 'ਚ(ਘੋੜਿਆਂ ਦੀਆਂ ਪਿੱਠਾਂ ‘ਤੇ) ਹੀ ਸੌਂ ਲੈਂਦੀ ਸੀ ਕਿਉਂ ਪਿੰਜਰੇ ਦੇ ਰਾਅ ਤੋਤੇ (ਗੰਗਾ ਰਾਮ) ਵਾਂਗ ਆਪਣੀ ਬਖਸ਼-ਬੋਲੀ ਤੋਂ ਮੁਨਕਰ ਹੋ ਰਹੀ ਹੈ? ਢੀਂਗ-ਬਢੀਂਗ ਵਾਂਗ ਲੱਤਾਂ- ਚੁੰਜਾਂ ਲੰਮੀਆਂ ਤੇ ਵਿੱਠਾਂ ਨਿੱਕੀਆਂ ਹੋ ਗਈਆਂ ਨੇ। ਅਸਮਾਨੀ ਪਿੱਦੀ ਵਾਂਗ ਬੋਲਾਂ 'ਚ ਕਾਹਲਾਪਣ ਆ ਗਿਆ। ਕਿਰਚਮੀ ਕਲਗੀ ਵਾਲੇ ਕਾਲੇ ਬੁਜ਼ੇ ਵਰਗੀ ਸ਼ਾਤੀ ਕਿਧਰ ਗਈ? ਬਹੁਤਿਆਂ ਦਾ ਤਾਂ ਸਲਾਰੇ ਕਬੂਤਰ ਵਾਂਗ ਪੰਜਾਬ ਆਉਣ ਨੂੰ ਦਿਲ ਹੀ ਨਹੀਂ ਕਰਦਾ। ਸਕਾਪ ਮੁਰਗਾਬੀਆਂ ਵਾਂਗ ਅਲੱਗਤਾ ਦਾ ਢਬ ਪਾਲ ਲਿਆ। ਕਲਗੀ ਵਾਲੇ ਕੁਲਸਾ ਵਾਂਗੂ ਜ਼ੋਰ-ਜਜ਼ਬਿਆਂ ਦੀ ਗੁੱਝੀ-ਗਰਦਨ ਨੂੰ ਉਸਦੇ ਹੜ-ਹੁਨਰ ਵਾਂਗ ਚਹੁ-ਦਿਸਾਈਂ ਘੁਮਾਉਣੋ ਗਏ। ਬਸ ਭੂਰੇ ਸਿਰ-ਡਮਰੇ ਵਾਂਗ ਚਿਹਰਿਆਂ ‘ਤੇ ਨਕਾਬ ਚੜਾ ਲਏ ਨੇ। ਕਾਲੇ ਥਿਰ- ਥਿਰੇ ਵਾਂਗ ਰਟ-ਰੂਹਾਂ ਥਰ-ਥਰ ਕੰਬਦੀਆਂ ਨੇ। ਹੁਸਨੈਨੀ ਪਿੱਦੇ ਵਾਂਗ ਹਮਲਾਵਰ ਨੂੰ ਖਦੇੜਨ ਦੀ ਜ਼ੋਰ-ਜੁਅਰਤ ਵੀ ਗਈ। ਡੱਬੀਆਂ ਮੈਨਾਵਾ(ਗਟਾਰਾਂ) ਵਰਗੀ ਗੁਰੀਲਾ-ਯੁੱਧ ਕਲਾ ਵੀ ਅਬਦਾਲੀਆਂ ਦੀਆਂ ਪੂੰਛਾਂ ਟੁਕਦੀ ਰਹੀ। ਇਹ ਪੰਜਾਬੀ ਹਮਲਾਵਰਾਂ ਤੋਂ ਬਚਣ ਲਈ ਰਾਤ ਨੂੰ ਚਕੋਰ ਵਾਂਗ ਪਿੱਠਾਂ ਜੋੜ ਕੇ ਇੱਕ ਦੂਜੇ ਨਾਲ ਜੁੜ ਕੇ ਗਰਦਨ ਅਕੜਾ ਕੇ ਚੌਕੰਨੇ ਬੈਠਦੇ ਹਨ ਅਤੇ ਸਾਰੀ ਰਾਤ ਰਾਖੀ ਕਰਦੇ ਹਨ। ਇਹਨਾਂ ਨੇ ਬਿਰਛੀ-ਟੀਲ (ਇੱਕ ਬੱਤਖ਼) ਵਾਂਗ ਪਾਣੀਆਂ ਅਤੇ ਦਰਖ਼ਤਾਂ ‘ਤੇ ਆਪਣੀ ਸਲਤਨਤ ਕਾਇਮ ਰੱਖੀ ਸੀ। ਸਾਵੇ-ਮਘ ਵਾਂਗ ਹਿਮਾਲਿਆ ਜਿਨੀ ਉਚਾਈ ਨੂੰ ਨਲੂਏ ਵਰਗੇ ਹੀ ਸਰ ਕਰ ਗਏ। ਉਹ ਨਿੱਕੇ ਲਟੋਰੇ ਵਰਗੀ ਰਫ਼ਤਾਰ ਕਿਧਰੇ ਪੁਰਾਣੀਆਂ ਪੈੜਾਂ ਬਣ ਗਈ। ਚੂੰਡਲ ਚਿੜੀ ਵਾਂਗ ਸਾਡੇ ਪੁਰਖੇ ਮਿੱਟੀ ਚ ਨਹਾਉਂਦੇ ਰਹੇ। ਖੱਟੇ ਮਮੋਲੇ ਵਾਂਗ ਪੂਰੀ ਦੁਨੀਆ ਦਾ ਪਰਵਾਸ ਕਰਦੇ ਰਹੇ। ਤੁਰਮਤੀ ਦੇ ਸਿਰ ਜੇਹੀ ਸ਼ਾਹ-ਸੁਰਖੀ ਖੌਰੇ ਇਹਨਾਂ ਦੇ ਖ਼ੂਨ 'ਚੋਂ ਕਿਧਰ ਗੁਆਚ ਗਈ? ਜਜ਼ਬੇ ਚਿੱਟੇ ਗਲ-ਨਾਚੇ ਵਰਗੇ ਨਿੱਕੇ ਹੋ ਗਏ ਨੇ। ਲਗੋਜੇ ਵਰਗੀ ਮਿੱਠੀ ਬੰਸਰੀ ਦੀ ਕੂਕ ਕਾਵਾਂ-ਰੌਲ਼ੀ 'ਚ ਗੁਆਚ ਗਈ। ਮਹਾਨ ਗਵੱਈਏ ਦਾਈਏ ਵਾਂਗ ਸਾਰਾ ਦਿਨ ਗਾਉਣਾ ਕਿਧਰ ਗਿਆ? ਫ਼ਰਾਂਸ ਦੀ ਬੁਲਬੁਲ ਵਾਂਗ ਦਵਿੰਦਰ ਸਤਿਆਰਥੀ ਵਰਗਿਆਂ ਦੇ ਹਜ਼ਾਰਾਂ ਗੀਤ ਯਾਦ ਸਨ। ਲਾਲ ਮੁਨੀਏ ਵਾਂਗ ਬਹਾਰ ਆਉਣ ਤੋਂ ਪਹਿਲਾਂ ਵਲਵਲਿਆਂ ਦੇ ਖੂਬਸੂਰਤ ਖੰਭ ਕਿਉਂ ਨਹੀਂ ਉਗਦੇ। ਰਾਮ ਗੰਗਰਾ ਵਰਗੇ ਨਗਮੇ, ਸਦੀਵ ਖੁਸ਼ੀ ਤੇ ਵਫ਼ਾਦਾਰੀ ਟਾਵੇਂ-ਟਾਵੇਂ 'ਚ ਬਚੀ ਹੈ। ਮਹੀਵਾਲ ਕੋਈ ਆਪਣੀ ਸੋਹਣੀ ਨੂੰ ਉਸ ਰੰਗ 'ਚ ਮੱਛੀ ਪੇਸ਼ ਨਹੀਂ ਕਰਦਾ ਜਿਸ ਰੰਗ 'ਚ ਦਰਿਆਈ ਤਿਹਾੜੀ ਨਰ ਆਪਣੀ ਮਦੀਨ ਨੂੰ ਕਰਦਾ ਹੈ। ਦਿਮਾਗ ਦੇ ਰੋਗੀ ਪਪੀਹੇ ਵਾਂਗ ਕੌਣ ਸੁੱਚੇ ਇਸ਼ਕ ‘ਚ ਝੱਲਾ ਹੈ। ਹਰੀਅਲਾਂ ਵਾਂਗ ਮਿੱਠੀਆਂ, ਪੋਲੀਆਂ ਅਤੇ ਉਦਾਸ ਜਿਹੀਆਂ ਸੀਟੀਆਂ ਨਹੀਂ ਮਾਰਦੇ। ਅੰਦਰ ਨੌਰੰਗੇ ਵਰਗੀ ਸ਼ਰਮਾਕਲੀਅਤ ਨਹੀਂ ਰਹੀ। ਗੁਲਾਬੀ ਰੰਗੇ ਬੋਗ ਹੰਸ ਵਰਗਾ ਨਾਚ ਵੀ ਪਿਆਰ- ਪੈਰ ਭੁੱਲ ਗਏ ਨੇ। ਚਿੱਟੇ ਤੇ ਸਲੇਟੀ ਮਮੋਲਿਆਂ ਵਰਗਾ ਮਟਕੀਲਾਪਣ ਕਿੱਥੇ ਗਿਆ? ਦਾਲਚੀਨੇ ਰੰਗੇ ਚੀਨੇ ਬਟੇਰੇ ਵਰਗੀਆਂ ਵਿੱਟ-ਵਿੱਟ ਸੀਟੀਆਂ ਹੁਣ ਕਿੱਥੇ ਸਰਘੀ-ਵੇਲੇ ਦਾ ਸੁਹਾਵਾ ਸੰਗੀਤ ਨੇ? ਨਿੱਕੇ ਬਬੂਨੇ ਵਰਗੀ ਵੱਡੀ ਬਹਾਦਰੀ ਕਿਧਰ ਛੁਪਣ-ਛੋਤ ਹੋ ਗਈ? ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਬੇਲਚੀ ਦੇ ਬੱਚੇ ਆਂਡਿਆਂ ‘ਚ ਹੀ ਬੋਲਦੇ ਹਨ, ਸਾਡੀ ਕੌਮ ਦੇ ਬਾਲ ਕੁਛੜਾਂ ‘ਚ ਹੀ ਬਗ਼ਾਵਤ ਬੋਲੀ ਬੋਲੇ। ਕਾਲਾ ਸਿਰ ਬੋਲੀ ਵਾਂਗ ਦਸ ਦਿਨਾਂ ਦੀ ਉਮਰੇ ਸ਼ਹਾਦਤਾਂ ਦੀ ਉਡਾਰੀ ਲਾ ਗਏ। ਅਜ ਰਿਜ਼ਕ ਦੀ ਅਪੂਰਤੀ ਕਰਕੇ ਬਹੁਤੀਆਂ ਮਾਂਵਾਂ ਆਪਣੇ ਬੱਚਿਆਂ ਨੂੰ ਕਾਲੀ ਕਲੂਟੀ ਕੂਟ/ਆਰੀ ਬੱਤਖ ਵਾਂਗ ਮਾਰ ਦਿੰਦੀਆਂ ਹਨ। ਬਹੁਤੇ ਤਾਂ ਧੁਆਂਖੇ ਲੰਮ-ਲੱਤੇ ਵਾਂਗ ਹੀ ਬਹਾਰ ਦੇ ਮੌਸਮ 'ਚ ਹੀ ਵਫ਼ਾਦਾਰ ਰਹਿੰਦੇ ਹਨ, ਬਹਾਰ ਲੰਘਦਿਆਂ ਹੀ ਹੋਰਾਂ ਦੇ ਹੋ ਨਿੱਬੜਦੇ ਹਨ। ਕਈ ਕਾਲੇ ਥਿਰਥਿਰੇ ਵਾਂਗ ਦੂਜੀਆਂ ਨਾਲ ਗਾਟੀ ਪਾਉਣ ਨੂੰ ਮਿੰਟ ਲਾਉਂਦੇ ਨੇ। ਕਈ ਕਾਲਾ ਸਿਰ ਚੰਡੋਲ ਤੇ ਸੀਮਰਗ ਤੇ ਕਾਲ ਕਲੀਚੀ ਪੰਛੀਆਂ ਵਾਂਗ ਸਾਥਣਾ ਨੂੰ ਰਿਝਾਉਣ ਲਈ ਕਲਾਬਾਜੀਆਂ ਵੀ ਕਰਦੇ ਨੇ। ਕਈ ਤਾਂ ਕਠਫੋੜਾ ਵਾਂਗੂੰ 180 ਡਿਗਰੀ ਤੇ ਗਰਦਨ ਘੁਮਾਉਂਦੇ ਰਹਿੰਦੇ ਨੇ,ਆਸ਼ਕੀ ਦੇ ਕੋਣ ਬਣਾਉਂਦਿਆਂ। ਜਿਸ ਤਰ੍ਹਾਂ ਇਕ ਬਿਜੜਾ 3-4 ਆਲ੍ਹਣੇ ਅੱਧੇ-ਅੱਧੇ ਬਣਾ ਕੇ ਉੱਤੇ ਬਹਿਕੇ ਮਾਦਾਵਾਂ ਨੂੰ ਰਿਝਾਉਣ ਲਈ ਚੀਂ-ਚੀਂ ਕਰਦਾ ਤੇ ਪਰ ਫੜ-ਫੜਾਉਂਦਾ ਹੈ। ਜੇ ਕਿਸੇ ਮਾਦਾ ਨੂੰ ਆਲ੍ਹਣਾ ਪਸੰਦ ਆ ਜਾਂਦਾ ਹੈ ਤਾਂ ਇਹ ਉਸਨੂੰ ਪੂਰਿਆਂ ਕਰਦਾ। ਕਈ ਏਦਾਂ ਵੱਖ-ਵੱਖ ਤਰੀਕੇ ਵਰਤਦੇ ਨੇ। ਕਈ ਨੀਲੀ ਜਲ ਕੁੱਕੜੀ ਵਾਂਗ ਮਾਸ਼ੂਕਾ ਨੂੰ ਡਾਂਗ ਸੋਟੀ ਨਾਲ ਵੀ ਮਨਾਉਣ ਵਾਲੇ ਨੇ। ਕਈਆਂ ਦੇ ਪਰ ਬਾਹਰੋਂ ਹੋਰ ਤੇ ਅੰਦਰੋਂ ਹੋਰ ਰੰਗ ਦੇ ਹੁੰਦੇ ਨੇ ਕਾਲੇ ਸ਼ਕਰ ਖੋਰੇ ਵਾਂਗ। ਜੋ ਸਿਰਫ਼ ਉਦੋਂ ਦਿਸਦੇ ਨੇ ਜਦੋਂ ਉਹ ਉਡ ਜਾਂਦੇ ਨੇ। ਕੋਈ-ਕੋਈ ਪ੍ਰੀਤ ਹੈ ਜੋ ਬਨਸਰੇ ਵਾਂਗ ਵਫ਼ਾਦਾਰੀ ਵਾਲੀ ਹੈ।

ਮੂੰਗਿਆਂ ਦੇ ਟਾਪੂ ਜਿਹੇ ਪਿੰਡ

ਪਹਿਲਾਂ ਵਾਂਗ ਹੁਣ ਕੌਣ ਚੰਨ ਨੂੰ ਘੜੇ ‘ਚੋਂ ਵੇਖਦਾ? ਸੋਹਲ-ਸਲਕ ਰਵਾਂ ਫ਼ਲੀਆਂ ਵਤ ਉਂਗਲਾਂ ਤੋਂ ਚਾਂਦੀ-ਰੰਗੇ ਜੋਬਨ-ਮੱਤੇ ਡਲ੍ਹਕ-ਮੋਤੀਏ ਨਹੀਂ ਕਣਕਿਆਂ ਵਾਂਗ ਕਿਰ ਵਗਦੇ। ਘੜਾ- ਘੜੱਲੀ ਦੀ ਖੇਡ ਵਿਸਰੇ ਪਿਆਰ-ਲਮਹਿਆਂ ਵਾਂਗ ਮਨਾਂ ‘ਚੋਂ ਰੰਗਾਂ ਜੀਕੂੰ ਉੱਡ ਗਈ। ਭਵਿੱਖ ਦੇ ਵਡ-ਗਰਭ ਵਿੱਚੋਂ ਅਵਤਾਰ ਨਹੀਂ ਧਾਰ ਛੱਡਣਾ। ਹੁਣ ਨਹੀਂ ਬਟੇਰਿਆਂ, ਗੋਹਾਂ, ਸੇਹਾਂ, ਸਾਨੇ, ਝੰਡਾਂ, ਲਟੋਰਾਂ, ਰੋਝਾਂ, ਮੋਰਨਿਆ ਦੀ ਭਾਸ਼ਾ ਕੋਈ ਮਾਂਦਰੀ ਜਿਹਾ ਪਛਾਣ, ਸੁਣ, ਸਮਝ ਸਕਦਾ। ਹੁਣ ਕੌਣ ਖੁੰਢਾਂ ‘ਤੇ ਕੱਲ੍ਹ ਵਾਲ਼ੀ ਵੱਡ-ਬਾਤ ਦਾ ਸੁਪਨ-ਪਾਰਟ ਛੱਡ ਜਾਂਦਾ? ਹੁਣ ਨਹੀਂ ਭੂਸਲ-ਕੰਬਲਾਂ ‘ਤੇ ਚਿੱਟੀ ਬਰਫ਼ ਝੁੰਬ ਮਾਰ ਛੱਡਦੀ। ਮਘਦੇ ਅੱਗ-ਕਿਣਕੇ ਕਦੋਂ ਜੁੰਡਲੀ ਦੇ ਨਿੱਘੇ ਓਟ ਆਸਰੇ ਸੁਲਗ-ਸੁਲਗ ਕਥੌੜਾਂ ਸੁਣਦੇ, ਚੜ੍ਹਦੀ-ਕਲਾ ਵਿੱਚ ਆ ਕੇ, ਸਦਾ ਗਰਜ਼ਦੇ? ਕਿਸੇ ਦੇ ਕੋਮਲ ਪੈਰਾਂ ਦੀ ਕੇਸਰੀ-ਮਹਿੰਦੀ ਥਲ ਬੋਸੇ ਨਹੀਂ ਲੈਂਦੀ। ਝਨਾਂ ਦੀ ਹਿੱਕ ‘ਤੇ ਘੜਾ ਸੋਹਣੀ ਦੀ ਹਿੱਕ ਨੂੰ ਹਿੱਕ ਨਾਲ਼ ਜੋੜ ਕੇ, ਵਸਲ-ਪਿਆਰ ਲਈ ਲਹਿਰਾਂ ਨੂੰ ਹੱਕੀਂ ਨਹੀਂ ਵਗਿਆ ਜਾਂਦਾ। ਇਹ ਘੜਾ ਪਾਣੀ ਪਿੰਡੇ ਉੱਤੇ ਮੁਹੱਬਤ-ਲੀਕਾਂ ਵਾਹੁੰਦਾ ਜਲ-ਗੰਗੇਰੀ ਪੰਛੀ ਵਾਂਗ ਕਦੋਂ ਹੁਣ ਲਿਸ਼ਕਦਾ? ਬਾਵਲਾ, ਜਾਂਗਲੀ, ਝੱਲਾ, ਅੱਲ-ਵਲੱਲਾ, ਮਸਹੂਰ, ਬੇਪਰਾਂ, ਮਖ਼ਮੂਰ, ਮਹੀਂਚਾਰ, ਮਹੇਰੂ, 'ਰਾਂਝੇਕ' ਹੁਣ ਕਦ ਮਹੀਆਂ ਸੰਗ ਗਹਿਕੀ-ਵਾਵੇਲੀਆਂ ਕਰ ਛੱਡਦਾ ਤੇ ਗੱਚਲਖੋਰਾਂ, ਘੋਗਲ-ਕੰਨਾ, ਲੂੰਮੜ-ਘੁੱਤਾ ਕਹਾ ਛੱਡਦਾ? ਹੁਣ ਕੌਣ ਪਰਵਾਸ ਦੀ ਪਿਆਜੀ ਇਸ਼ਕੇ ਦੀ ਦੱਦ ‘ਤੇ ਲਗਾਉਂਦਾ? ਹੁਣ ਤਾਂ ਸ਼ਾਹਬਾਜ਼ ਨੂੰ ਭੁਣਹਣਾ ਬਣਦੇ ਦੇਰ ਨਹੀਂ ਲਗਦੀ। ਤੇਗ-ਬਲੌਰ ‘ਚੋਂ ਕਿਸ ਯੁੱਧ-ਯੋਧੇ ਨੂੰ ਗੈਰਤ, ਅਣਖ, ਆਬਰੂ ਤੇ ਮਰਦਾਨਗੀ ਦਾ ਮੁੱਖੜਾ ਦਿਸ ਲਗਦਾ? ਹੁਣ ਜਦ ਕੋਈ ਸਤੀ ਦੇ ਸਤ-ਲੋਟੇ ਡੁਲ਼ਾਂਵਦਾ ਤਾਂ ਗ਼ੈਰਤ ਦਾ ਮਹਿਤਾਬ ਰੋਹ- ਜਭਾਰ ਕਿਉਂ ਨਹੀਂ ਉਛਾਲਦਾ। ਅੰਬਰ ਤਾਂ ਅੱਜ ਵੀ ਨਿਲੱਤੀ ਨੇ। ਸੂਰਜ, ਚੰਦ, ਤਾਰੇ, ਸਿਆਰੇ ਅੱਜ ਵੀ ਕੋਰੇ-ਸਫ਼ ਨੇ ਪਰ ਚੋਅ-ਝੀਲਾਂ, ਤਲ-ਢਾਬਾਂ, ਨਲ਼-ਨਦੀਆਂ, ਖਾਲ਼-ਖੂਹਾਂ ਅਤੇ ਬਾਉਲ਼ੀ-ਕਹਾਰਾਂ ਪਾਣੀ ਦੁਪੱਟਿਆਂ ‘ਤੇ ਕੋਈ ਗਰਕਣ-ਵੇਲਾਂ ਅਤੇ ਬਿਖ-ਬੂਟੇ ਉੱਗ ਖਲੋਂਦੇ ਨੇ। ਚਿੜੀ-ਚਾਵਾਂ ਨੂੰ ਸਹੁਰੇ ਜਾਂਦਿਆਂ ਵੇਖ ਹੁਣ ਕੌਣ ਕੱਚੀ ਕਧੋਲੀ ਕੋਲ਼ ਚੁੱਪਚਾਂ ਖਲ਼ੋਤਾ, ਸੱਚੀ- ਸੁੱਚੀ ਅਪਣੱਤ ਭਰੀ ਵਿਦਾਇਗੀ ਦਿੰਦਾ ਹੋਇਆ, ਛਿੰਨ-ਭੰਗਰ ‘ਚ ਨੈਣਾਂ ‘ਚੋਂ ਘਮਾਘਮ ਕੋਸੀਆਂ ਕਣੀਆਂ ਵਰਸਾ ਛੱਡਦਾ? ਹੁਣ ਕਿਓਂ ਲੁਗਾਠਾਂ ਦੇ ਫੁੱਲਾਂ ‘ਚੋਂ ਮਹਿਕ ਜਲਦੀ ਲੱਥ ਜਾਂਦੀ ਹੈ? ਸੰਗ-ਸੂਰਜਾਂ ਦਾ ਸੇਕ ਹਾਵਾਂ ਵਾਂਗ ਦੁਪਹਿਰ ਨੂੰ ਵੇਖਦਿਆਂ ਠੰਡਾ-ਯਖ ਕਿਓਂ ਹੋ ਜਾਂਦਾ ਹੈ? ਹੁਣ ਮੁਟਿਆਰਾਂ ਦੇ ਪੋਟੇ ਕਿੱਕਰ-ਫੁੱਲਾਂ ਨੂੰ ਨਹੀਂ ਛੂੰਹਦੇ ਕਿੰਞ ਜਵਾਨੀ ਦੀ ਕੋਮਲਤਾ ਦਾ ਅਹਿਸਾਸ ਹੋਵੇ? ਤੁੱਕਿਆਂ ‘ਚੋਂ ਕਰੋਦਿਆਂ ਦੇ ਅਚਾਰ ਦੀ ਵਾਸ਼ਨਾ ਸੁਪਨਿਆਂ ਦੀ ਰੁੱਤ ਦਾ ਸਵਾਦ ਕਦੋਂ ਦੱਸੇ? ਕੋਇਲਾਂ, ਕਾਂਵਾਂ, ਤਿੱਤਰਾਂ-ਭਟਿੱਤਰਾਂ ਦੇ ਬੋਲਾਂ ‘ਚੋਂ ਮਾਹੀਏ ਦੇ ਬੋਲਾਂ ਦਾ ਝਣੁ-ਝਉਲਾ ਨਹੀਂ ਪੈਂਦਾ। ਖੜ੍ਹੇ ਮੰਜੇ ਉੱਤੇ ਕਾਨਿਆਂ ਨੂੰ ਕਲਾਵੇ ਕਰ, ਛਾਂਗੇ-ਰੰਗੇ ਨੇਫਿਆਂ ਵਿੱਚੋਂ ਜਵਾਨੀ ਨੂੰ ਵਲ਼ੀਂ ਬੈਠੇ ਨਾਗ-ਨਾਲ਼ੇ ਵਾਸ਼ਨਾ ਦੇ ਫ਼ਨ ਖਿਲਾਰਦੇ ਦਿਖਾਈ ਨਹੀਂ ਦਿੰਦੇ। ਹੁਣ ਦਹੇਜੜੇ ‘ਚ ਆਇਆ ਮੱਖੀ-ਮਖੇਰਨਾ ਮਖਿਆਏ ਬਲ਼ਦਾਂ ਦਿਆਂ ਮਸਤਕਾਂ ‘ਤੇ ਚਾਂਭੜਾਂ ਪਾਉਂਦਾ, ਧੂੜਾਂ ਨਿਹਾਰਦਾ, ਬਲ਼ਦਾਂ ਨੂੰ ਨਵਾਂ-ਨਵਾਂ ਨਹੀਂ ਕਰਦਾ। ਓਹ ਚਾਅ-ਚਵਰ ਕਿੱਥੇ ਜੋ ਗੱਭਰੂ ਨੂੰ ਮੁਟਿਆਰ ਦੇ ਸੰਦੂਕ ‘ਚੋਂ ਨਿੱਕਲੀ ਚਾਦਰ 'ਤੇ ਹੱਥ-ਪੱਖੀ ਦੇ ਮਣਕ-ਤ੍ਰੋਪੇ ਪਰੋ ਕੇ ਤਿਆਰ ਕੀਤੇ ਮਾਹੀ-ਪਿਆਰ ਦੇ ਮੋਰ-ਘੁੱਗੀਆਂ ਜਿਹੇ ਹੁੰਦੇ ਸਨ? ਨੰਗੇ ਪਿੰਡੇ ਨਾਲ਼ ਛੂਹੇ ਫੁੱਲ-ਚਿੱਤਰਾਂ 'ਚੋਂ ਉੱਠਦੀ ਮਹਿਕ ਓਸਨੂੰ ਵਹੁਟੀ ਦੇ ਪੇਕਿਆਂ ਦੇ ਤ੍ਰਿੰਞਣਾਂ ‘ਚ ਘੁੰਮਦਾ ਕਲਪਾਉਂਦੀ। ਗ਼ਰੀਬ ਤ੍ਰੀਮਤ ਦੇ ਸਾਬਤ-ਪਿਆਰ ਦੀ ਅੱਧੋਰਾਣੀ ਚੁੰਨੀ ਚੀਕਦੇ ਗੱਡੇ ਦੇ ਬੰਬ-ਵਿੱਢਾਂ ‘ਤੇ ਕੌਣ ਬੰਨ, ਹਵਾ-ਹੁਲਾਰੇ ਖਾਂਦੀ ਨੂੰ ਮੁੜ-ਮੁੜ ਵੇਖ ਮਾਣਦਾ, ਗਾਉਂਦਾ — ਮੈਂ ਵੀ ਥੋੜ੍ਹਾ ਸੰਗਦੀ ਰਹੀ, ਓਹ ਵੀ ਥੋੜ੍ਹਾ ਸੰਗ ਗਿਆ। ਮਾਹੀ ਢਾਕੇ ਦੀ ਮਲਮਲ ਵਰਗਾ, ਮੁੰਦੀ ਵਿੱਚੋਂ ਲੰਘ ਗਿਆ। ਹੁਣ ਕਦੋਂ ਸੂਹੇ ਬੁੱਲ੍ਹਾਂ ‘ਚੋਂ ਗੀਤ ਕਿਰਦੇ ਨੇ? ਤਰੋਪਿਆਂ ਨਾਲ਼ ਕਿਰਮਚੀ ਚਾਦਰਾਂ ‘ਤੇ ਬਾਗ਼ ਬਣਦੇ ਨੇ? ਪੰਜਾਬੀ ਮੁਟਿਆਰ ਲੋਕ -ਗੀਤਾਂ ‘ਚ ਕੀ ਕਹਿੰਦੀ ਹੈ? ਫੁਲਕਾਰੀ ਮੇਰੀ ਰੇਸ਼ਮੀ, ਰੰਗ ਢੁਕਾਏ ਠੀਕ। ਛੇਤੀ ਦਰਸ਼ਨ ਦੇਵਣੇ ਮੈਂ ਰਸਤੇ ਰਹੀ ਉਡੀਕ। ਹੁਣ ਹੱਥ ਜੁੜਦੇ ਨੇ, ਦਿਲ-ਦੁੱਖੜੇ-ਸੁੱਖੜੇ ਜੁਦਾ ਨੇ। ਸਿਰ ਕਿੱਦਾਂ ਨਿਮਣ ਜਦ ਜਜ਼ਬਾਤ ਹੀ ਨਹੀਂ ਆਫ਼ਰਦੇ, ਮਿਲਣਾ ਵੀ ਮੁੱਲ ਦਾ ਖਸਤਾ-ਰਸਮ ਜਿਹਾ। ਪੋਤੜਿਆਂ ਤੋਂ ਲੈ ਕੇ ਪਰਨਿਆਂ, ਚਾਦਰਾਂ, ਦਰੀਆਂ, ਗਲੀਚਿਆਂ, ਫੁਲਕਾਰੀਆਂ ਆਦਿ ਸਭ ਕੁਝ ਟਕਾ-ਟਕ ਮੁੱਲ ਵਿਕਦਾ ਹੈ। ਮਨੁੱਖ ਨੂੰ ਖਰੀਦਣ ਦਾ ਭੁੱਸ ਜਿਹਾ ਪੈ ਗਿਆ ਹੈ। ਮੁੱਲ ਪਾਣੀ, ਮੁੱਲ ਵਾਸ਼-ਬੋਸਾ, ਮੁੱਲ ਦਿਲ-ਦੋਸਤੀ, ਮੁੱਲ ਵਾਜਾ-ਵਿਆਹ, ਮੁੱਲ ਸਾਵੇ-ਸੁਪਨੇ, ਮੁੱਲ ਸੋਨ-ਸ਼ਗਨ, ਮੁੱਲ ਚਾਅ-ਚਵਰ, ਮੁੱਲ ਗੰਢ-ਚਿਤਰਾਵੇ ਤੇ ਮੁੱਲ ਹੌਂਕੇ-ਹਾਵੇ। “ਰਹਿੰਦੇ ਜੋ ਤੇਰੀ ਆਸ, ਜਾਂਦੇ ਭੁੱਖ ਮਰ।” ਬਾਬਾ ਵਜ਼ੀਦ ਜੀ ਜੋ ਮਨੁੱਖੀ ਪਦਾਰਥਾਂ ਦੀ ਚਾਹਤ ‘ਚ ਰਹਿੰਦੇ ਨੇ, ਓਹ ਕਿਹੜਾ ਰੱਜ ਖ਼ਲੋਂਦੇ ਨੇ? ਜੋ ਰੂਹ-ਰੱਬ ਨੇ ਰਜਾ ਦਿੱਤੇ ਉਹਨਾਂ ਨੂੰ ਤ੍ਰਿਸ਼ਨਾ ਨਹੀਂ ਵਿਆਪਦੀ। ਅੱਜ ਅੰਦਰ ਦੀ ਰੂਹ-ਵੇਲ ਸੁੱਕ ਗਈ। ਬਾਹਰੋਂ ਰੰਗੇ ਪੱਤੇ ਦਿਸਦੇ ਨੇ। ਕੋਈ ਕਿਸੇ ਦੇ ਅੱਗੇ ਪਿਆਰ-ਅੱਥਰੂ ਲੈ ਕੇ ਨਹੀਂ ਨਿਮਦਾ। ਦੋ ਰੂਹਾਂ ਸਿਮਟ ਕੇ ਨਹੀਂ ਫੈਲਦੀਆਂ। ਅਤੀਤ ਦੇ ਅਕਸ ‘ਚ ਚਿਹਰੇ ਮੈਲ਼ੇ ਦਿਸਦੇ ਨੇ। ਮੈਂ ਜਦ ਯੁਧਿਸ਼ਟਰ ਤੋਂ ਪੁੱਛਿਆ, “ਜੇ ਸਭ ਭਲੇ ਹੀ ਦਿਸਦੇ ਸੀ ਤਾਂ ਤੀਰਾਂ ‘ਚ ਕਿਓਂ ਪਰੋਏ?” ਓਸਨੇ ਉੱਤਰ ਦਿੱਤਾ, “ਮੈਂਨੂੰ ਤਾਂ ਦਿਸਦੇ ਸੀ, ਓਹਨਾਂ ਨੂੰ ਨਹੀਂ ਦਿਸਦੇ ਸੀ, ਆਪਣੇ ਅੰਦਰ ਦੇ ਉਪਕਾਰ, ਨੇਕੀ, ਭਲਾਈ, ਖ਼ਿਮਾ ਆਦਿ।” ਢਾਬਾਂ ਦੀ ਹਿੱਕ ‘ਤੇ ਤਰਦੇ ਸਣ-ਗਰਨਿਆ ਦੇ ਪਿੰਡੇ ਦੀ ਵਿਲਕ ਨੇ ਹੁਣ ਕਦੋਂ ਕਮਾਦਾਂ ਦੇ ਗੱਠੇ ਬੰਨ੍ਹਣ ਦੇ ਖ਼ਾਬ ਵੇਖਣੇ ਨੇ? ਸਕੂਲੋਂ ਆ ਕੇ ਭੈਣ ਸੋਟੇ ਤੋਂ ਚਟਣੀ ਲਾਹ ਕੇ ਖਾਂਦੀ, ਵੀਰ ਨੂੰ ਕੂੰਡੇ ‘ਚ ਰੋਟੀ ਘਸਾ ਕੇ ਮਲਾਈ ਪਾ ਕੇ ਦਿੰਦੀ। ਕਿੱਲੇ ‘ਤੇ ਟੰਗੀ ਚਿੱਬੜਮਾਲ਼ਾ ਬਾਰੇ ਢੇਰ ਚਿਰ ਬਾਅਦ ਪਤਾ ਲੱਗਾ, ਸਵਾਦ ਬਾਰੇ ਕਿੰਨਾ ਪਹਿਲਾਂ.......! ਕਦੇ ਹਸਪਤਾਲ, ਵੈਦ, ਹਜਾਮ ਆਦਿਕ ਘੱਟ ਹੋਣ ਕਰਕੇ ਬਹੁਤੀਆਂ ਰਸਮਾਂ ਹੀ ਚਿਕਿਤਸਕ ਸਨ। ਪੱਤ-ਲੀੜੇ, ਬਾਘੰਬਰ, ਮਿਰਗਛਾਲਾ, ਬਲਕਣ-ਵਸਤਰ ਪਿੰਡੇ ਨੂੰ ਤਾਸੀਰ ਬਖ਼ਸ਼ਦੇ ਸਨ। ਰੋਗੀ ਦੇ ਮੰਜੇ ਵਾਲ਼ੀ ਕੰਧ ‘ਤੇ ਵਾਹੇ ਚਿੱਤਰ ਓਹਦੇ ਲਈ ਔਸ਼ਦੀ ਹੁੰਦੇ। ਮਾਂ! ਹੁਣ ਕਦੋਂ ਕੱਤੇ ਦੇ ਸੂਰਜ ਨੇ ਤੇਰੇ ਚੁੱਲ੍ਹੇ ‘ਚ ਮਘਣੈ? ਰਸ-ਮਿੱਸਿਆਂ ਤਾਮਿਆਂ ਨੇ ਤਵੇ ‘ਤੇ ਆਕੜਾਂ ਭੰਨਣੀਆ ਨੇ? ਸੁਆਹ-ਰਾਤ ਨੇ ਤੇਰੇ ਪੋਟਿਆਂ ‘ਤੇ ਉੱਤਰ ਕੇ ਭਾਂਡਿਆਂ ਨੂੰ ਚੰਨ ਵਰਗਾ ਨਿਖਾਰਨਾ ਹੈ? ਹੁਣ ਕਦੋਂ ਛਕਣਦੀ ਚੂੜੇ ਵਾਲ਼ੀ ਕਲਾਈ ਨੇ ਮੱਘੇ ‘ਚ ਘਚਾਘਚ ਨੱਚਦੀ ਛਾਹ ‘ਚ ਮਹਿੰਦੀ ਘੋਲ਼ਣੀ ਹੈ? ਹੁਣ ਕਦੋਂ ਖੱਟੀਆਂ-ਸੁਗੰਧੀਆ ਨੇ ਮਧਾਣੀ ਨੂੰ ਵਲ਼ ਪਾ-ਪਾ ਮਿਲਣਾ ਹੈ? ਹੁਣ ਕਦੋਂ ਛੰਨੇ ‘ਚ ਅੱਠ ਕਲੀਏ ਫੁੱਲਾਂ ਵਾਲ਼ੀ ਪੱਖੀ ਦੇ ਘੁੰਗਰੂ-ਘਮਕਾਂ ਦਾ ਸਵਾਦ ਉਤਰਨਾ ਹੈ? ਕਿਸੇ ਨੇ ਗਾ ਉੱਠਣਾ ਹੈ:— ਪੱਖੀ ਜ਼ਰੀ ਦੀ ਸਿਰਹਾਣੇ ਧਰੀ ਦੀ ਮਹੀਨਿਆ ਵੇ ਹਾੜ ਦਿਆ। ਹੁਣ ਕਦੋਂ ਕਿਰਨਾਂ ਨੇ ਬਾਪੂ ਦੇ ਹਲ਼-ਫਾਲ਼ੇ ਬਣ ਕੇ ਦੁੱਖਾਂ ਦੀ ਭੋਂਇ ‘ਚ ਸੀਆਂ ਲਾਣੀਆਂ ਨੇ? ਸਰਦਲ ਤੋਂ ਪਿੱਪਲ-ਪਰੂੰਗੀ ਦੀ ਛਾਂ ਤੱਕ ਸਫ਼ਰ ਕਰਨ ਵਾਲ਼ੇ ਮੇਰੇ ਦਾਦੇ ਨੇ ਪਰਨੇ ‘ਚੋਂ ਸਿਆਣਪ ਝਾੜਣੀ ਹੈ? ਹੁਣ ਕਦੋਂ ਡਲ੍ਹਕ-ਡਲ੍ਹਕ ਕਰਦੇ ਫੁੱਲ-ਮਹੂਏ, ਸ਼ਰਾਬ-ਰਸੇ ਕਮਾਦਾਂ ਨਾਲ਼ ਨੰਗ- ਮੁਨੰਗੇ ਬਾਲਾਂ ਨੇ ਮੂੰਹ-ਘਪਾੜੀਆਂ ਤੋਂ ਲੈ ਕੇ ਗੋਡਿਆਂ ਤੱਕ ਤਰੋ-ਤਾਰ ਹੋ ਕੇ ਰੂਹ ਤੇ ਰੱਬ ਦਾ ਸੁਆਦ ਮਾਨਣਾ ਹੈ? ਅੱਜ ਵੀ ਦੱਭ ਦੇ ਸਮਾਧਿਆ ਦੀ ਲੋਅ ‘ਚ ਲਿਖੇ ਗੀਤ-ਫ਼ਲਸਫ਼ੇ, ਚਾਨਣ ਮੁਨਾਰਿਆਂ, ਸੂਰਜੀ ਲਾਇਟਾਂ ਦੇ ਕਿਤਾਬੜਿਆਂ ਨੂੰ ਫ਼ਨਕਾਰੀ ਮਾਤ ਪਾਉਂਦੇ ਨੇ। ਗਿੱਦੜ-ਪੀੜੀ ਦੀ ਲਾਟ ‘ਚ ਕੀਤੇ ਮਿਲਣ-ਵਾਅਦੇ ਅੱਜ ਦੇ ਇਕਰਾਰਨਾਮਿਆਂ ਤੋਂ ਕਿਤੇ ਵਧੇਰੇ ਬਾ-ਭਰੋਸੇ ਵਾਲ਼ੇ ਨੇ। ਮਾਘ ਦੇ ਮਾਹ-ਮਹੇਲਿਆਂ ਦੀ ਗੁੜ-ਸਾਂਝ ਦਾ ਸੁੱਚਾ ਸਵਾਦ ਹਾਲੇ ਵੀ ਕਿਤੇ-ਕਿਤੇ ਚੱਟੀਆਂ ਪਿਆਰ-ਉਂਗਲਾਂ ‘ਚੋਂ ਵਗ ਪੈਂਦਾ ਦਿਸਦਾ ਹੈ। ਸਾਵਣ-ਭਾਦੋਂ ‘ਚ ਵੱਟੀਆਂ ਘੜਾ-ਸੇਵੀਆਂ ਮੁਸਲਮਾਨ ਸੁਆਣੀਆਂ ਨੇ ਸਾਨੂੰ ਦਿੱਤੀਆਂ। ਅਸਾਂ ਉਹਨਾਂ ਦੇ ਬੱਚਿਆਂ ਨੂੰ ਛੋਟੇ-ਛੋਟੇ ਚੰਦ-ਪਹੀਏ (ਚੰਦੂਏ) ਗੁੜ੍ਹ, ਖੰਡ, ਸ਼ੱਕਰ, ਸ਼ਹਿਦ ਤੇ ਪਿੰਡ-ਖਜ਼ੂਰਾਂ ਨਾਲ਼ ਗਲੇਫ਼ ਕੇ ਦਿੱਤੇ। ਉਹਨਾਂ ਦੇ ਪਚਾਕਿਆਂ ‘ਚੋਂ ਸਾਨੂੰ ਸੁਆਦ ਦਾ ਹੁਲਾਰਾ ਮਿਲਦਾ ਹੈ। ਅੱਜ ਵੀ ਮੰਗੂ ਮਗ਼ਰੂਰੀ ‘ਚ ਆ ਕੇ ਮੰਗਰੂਰ ਨੂੰ ਚਰ੍ਹਦੇ ਨੇ ਪਰ ਮਨੁੱਖ ਦੇ ਸਵਾਦ ਬਨਾਵਟੀ ਹੋ ਗਏ ਨੇ। ਫ਼ਰਸ਼-ਫੂਹੜੀ ‘ਤੇ ਬੈਠ ਕੇ ਖਾਧੀ ਨਮਦਾ-ਰੋਟੀ ਦਾ ਸਵਾਦ, ਫੁਲਕਿਆਂ ਤੋਂ ਵੱਧ ਰਸ-ਰੱਤਾ ਸੀ। ਕਾੜ੍ਹਨੀ ਵੇਲ਼ੇ ਨਿਆਈਂ-ਖੱਤੀਆਂ ਵਿੱਚੋਂ ਹਲ਼ ਦੀ ਮੁੰਨੀ ਛੋਹਰ-ਸੀਰੀ ਨੂੰ ਫੜਾ ਕੇ, ਤੌੜੀ-ਦੁੱਧ ਬਹਾਨੇ ਨਵੇਂ-ਚੂੜੇ ਦੀ ਛਣਕ ਸੁਣਨ ਆਉਣਾ ਬੜਾ ਮਿੱਠਾ, ਬਾਂਕਾ, ਬੀਬਾ ਤੇ ਢੇਰ ਪਿਆਰਾ ਲਗਦਾ ਸੀ। ਸੰਦੂਕ ਦੇ ਕੋਕਿਆਂ ਨੂੰ ਸਹੁਰੇ ਜਾਂਦੀ ਮੁਟਿਆਰ ਨਾਲ਼ ਜਾਣ ਦੀ ਗੱਲ ਫੁੱਲਨਸ਼ੀ ਚਾਂਭੜ ਵਰਗੀ ਲੱਗਦੀ। ਨਿੱਕੇ-ਨਿੱਕੇ ਬਾਲ-ਸ਼ੀਸ਼ਿਆਂ ਦੀਆਂ ਮਲੂਕ ਸੱਧਰਾਂ ਆਪ ਮੁਹਾਰੇ ਉਛਲ-ਉਛਲ ਪਿਆਰੱਖੀਆਂ ਨੂੰ ਕਾਮਲ਼ ਕਰਦੀਆਂ। ਸੂਰਜ ਦੇ ਪੋਤੜਿਆਂ ‘ਚੋਂ ਬਾਹਰ ਆਉਂਦਿਆਂ, ਪਾਣੀ-ਭੱਤੇ ਵੇਲ਼ੇ ਖੇਤ ਜਾਂਦੀ ਸੁੱਖ-ਸਰਸ਼ਾਰ ਮੁਟਿਆਰ ਸ਼ੌਂਕ ਦੇ ਟੂਣੇ-ਟੋਟਕੇ ਗਾ ਕੇ ਹੁਣ ਕਦ ਝੌਂਸੀ-ਝਾੜੀ ਨੂੰ ਸਦਾ-ਸਦਾਬ ਕਰ ਜਾਂਦੀ। ਵਿਆਹ-ਵਿਧੀ-ਗ੍ਰੰਥਾਂ ‘ਚੋਂ ਕੋਈ ਕੁੜੀ ਆਪਣਾ ਸਾਵਾ-ਸ਼ਗਨ ਪੁੱਛ ਕੇ ਬਾਸੇ-ਬੁਰਾਸ਼ ਵਰਗੇ ਬੁੱਲ੍ਹਾਂ ‘ਤੇ ਗੁਲਾਬੀ-ਸੁਰਖ਼ੀ ਲਿਆ ਛੱਡਦੀ। ਪਿਆਰ-ਭੰਬਰੇ ਨੂੰ ਲੋਚਦੀ।ਰੂਹ-ਤੰਦਾ ‘ਚੋਂ ਮੋਹ ਇਸ ਤਰ੍ਹਾਂ ਉੱਡ ਗਿਆ ਜਿਵੇਂ ਵਾਣ-ਵਿਲੰਗੀ ‘ਤੇ ਜੇਠ-ਦੁਪਹਿਰੇ ਟੰਗੇ ਧੋਤੇ ਬਸਤਰਾਂ ‘ਚੋ ਵਾਸ਼ਪ ਬਣ ਉੱਡ ਖਲੋਂਦਾ ਹੈ। ਗੁੰਦੇ ਤ੍ਰੀਮਤ ਦੇ ਕੇਸ-ਜੂੜੇ ‘ਚ ਫੁੱਲ-ਵੇਣੀ ਟੰਗਣ ਦਾ ਪਿਆਰ-ਚਾਅ ਕਿਸੇ ਵਿਰਲੇ ਕੋਲ਼ ਹੀ ਹੈ।

ਗੰਦੂਈ ਸੂਈ-ਇਸ਼ਕ

ਸਾਡੇ ਖ਼ੂਨ ‘ਚ ਜਜ਼ਬੇ ਜ਼ਿਆਦਾ ਨੇ, ਅਸੀਂ ਤਾਹੀਂ ਸੁਭਾਅ ਦੇ ਅੱਥਰੇ ਹਾਂ, ਅਸੀਂ ਡੁੱਬਦੀ ਸੋਹਣੀ ਕੱਢ ਲਈਏ ਮਹੀਵਾਲ ਝਨਾ ਦਾ ਵੱਖਰੇ ਹਾਂ। ਅੱਜ ਹਰ ਕੁੜੀ ਨੂੰ ਪ੍ਰੀਤਮ ਪਿਆਰ ਦੀ ਚੱਤੋ-ਚਿੰਤਾ ਹੈ। ਮੈਂ ਸੋਚਦਾ ਹਾਂ, ਇਹ ਲਹੂ-ਲਾਚੜ, ਹੜ੍ਹ- ਹੇੜੀਆਂ, ਐਵੀਂ ਲਹੌਰੀ-ਕਮਾਣ ਚੁੱਕੀਂ ਲਲੋਰਦੀਆਂ ਫਿਰਦੀਆਂ ਨੇ। ਲੱਚਰਤਾ ਦੀਆਂ ਮੁਰੀਦ। ਇਹ ਗਰਦ-ਗ਼ਰੀਬੀ ਨੂੰ ਵੇਖ ਕੇ ਰਸ-ਰਿਕਤਾ ਕਰਦੇ ਨੇ। ਡਾਹਢਾ ਹੱਸਦੇ ਨੇ। ਹੁਣ ਵੰਝਲੀ ਦੀ ਸੁਰੀਲੀ ਅੱਲ-ਇਲਹਾਨ, ਕੰਨਾ ਨੂੰ ਨਹੀਂ ਮੋਹ-ਮੁਗਧ ਕਰਦੀ। ਹਾਥੀ ਨੂੰ ਅਤਰਤਾ ਕੀ? ਵੇਸ਼ਵਾ ਨੂੰ ਇਸ਼ਕਤਾ ਕੀ? ਕੰਡਿਆਲ਼ੇ-ਛਾਪਿਆਂ ਨੇ ਪੁਸ਼ਪ-ਵਾਸ਼ ਕੀ ਕਰਨੀ? ਅਵਾਰਾ ਗਧੇ ਕਦੋਂ ਖ਼ਰ-ਖੋਰੀ ‘ਚ ਪੱਠੇ ਖਾਂਦੇ ਨੇ? ਪੈਰਾਂ ‘ਚ ਪਾਈ ਢੰਗ-ਰੱਸੀ ਤੁੜਾ ਛਡਦੇ ਨੇ। ਮਨ ਅੱਤ-ਆਲੂਦ ਹੋਏ ਪਏ ਨੇ, ਝਾੜੂ-ਪੂਛ ਦੀ ਪਰਵਾਹ ਨਹੀਂ। ਵੀਰ ਵਹੁਟੀ ਵਾਂਗ ਉਪਰੋਂ ਸ਼ਕਲਾਂ ਸੁੰਦਰ ਤੇ ਅੰਦਰੋਂ ਮਲੀਨ ਨੇ।ਅੱਜ ਮੁਸ਼ਕੀ-ਮੁਹੱਬਤ ਨਹੀਂ, ਬਸ ਬਾਂਦਰ-ਸ਼ਰੂਰੀਆਂ ਨੇ। ਹੁਣ ਕਦੋਂ ਵਾਨ-ਸੇਟੀ ਦੀ ਧੀ ਕਿਸੇ ਮੁਹਾਣੀ ਦੇ ਪਾਲ਼ੀ-ਪੁੱਤ ਨੂੰ ਬੰਸਰੀ ਬਣਾ ਕੇ ਦਿੰਦੀ ਹੈ? ਹੁਣ ਕੋਈ ਰਾਂਝਾ ਪਹਿਲਾਂ ਹੀਰ ਦੇ ਪਿਓ ਦਾ ਖਾਦਮ ਨਹੀਂ ਹੁੰਦਾ, ਫਿਰ ਕਨੌਟਿਆ ‘ਚ ਮੁੰਦਰਾਂ ਪਾ ਕੇ ਬਾਲ ਨਾਥ ਦਾ। ਗੱਲਾਂ ਨਾਲ਼ ਸੱਤ ਵਲੈਤਾਂ ਘੁੰਮਣ ਵਾਲ਼ੇ ਸੱਤ ਕਦਮ ਨਹੀਂ ਤੁਰਦੇ। ਇਸ਼ਕ ਕੀ ਹੈ? ਕੌੜ-ਤੁੰਮਿਆਂ ਦੀ ਵੇਲ ‘ਤੇ ਖ਼ਰਬੂਜ਼ੇ ਲਾਓਣਾ ਤੇ ਅੰਗੂਰੀਆਂ ਦਾ ਸਵਾਦ ਲੈਣਾ। ਕੱਖਾਂ ‘ਚ ਢਾਂਡਰੀ-ਅੰਗਿਆਰ ਵੀ ਕਦੇ ਛੁਪੇ ਨੇ, ਇਸ਼ਕ ਮੁਸ਼ਕੀ-ਮਨ ‘ਚੋਂ ਨਾਜ਼ਲ ਹੁੰਦਾ ਹੈ:— ਬੇਦਾਵੇ, ਫ਼ਾਰਖ਼ਤੀ ਨਾਲ਼ ਰਹਿਮਤਾਂ ਦੇ ਪਾੜੀ ਦੇ ਮੱਚਦੇ ਸਮੁੰਦਰਾ ‘ਤੇ ਸਾਵੇ-ਖ਼ਤ ਤਾਰੀ ਦੇ ਝੂਲਦੇ ਨੇ ਥਲਾਂ ਵਿੱਚ ਘੁੰਡ ਫੁਲਕਾਰੀ ਦੇ ਔਖੇ ਮਿਲਦੇ ਮੁਕਾਮ ਇਸ਼ਕਾ ਵੇ ਫ਼ਨਕਾਰੀ ਦੇ! ਸਭ ਮਖੇਮੇ-ਮੌਸਮ ਵਰਗੇ ਨੇ, ਦਿਨੇਂ ਵਾਅਦੇ-ਬੱਦਲ ਕਰਦੇ ਤੇ ਰਾਤੀ ਬੇ-ਵਫ਼ਾਈ ਦੇ ਤਾਰੇ ਚੜ੍ਹਾ ਛਡਦੇ ਨੇ। ਇਸ਼ਕ ਮੋਕਲੀ ਰੁੱਤ ਵਾਂਗ ਹੋਵੇ ਨਾ ਗ਼ਮ ਦੀ ਗਰਮੀ ਦਾ ਚਾਵਾਂ ਦਾ ਪਾਲ਼ਾ, ਝੀਣੀ- ਝੀਣੀ ਪੀੜ ਜਿਹੀ। ਬੁੱਲ੍ਹੇ ਵਾਂਗੂੰ ਪੈਰਾਂ ‘ਚ ਰਣਕਣ ਓਹੀ ਬੰਨ ਨੱਚਦੈ ਜੋ ਪੰਜ਼ੇਬਾਂ ਦੇ ਸਿਜਦਿਆਂ ਦਾ ਕਦਰਦਾਨ ਹੋਵੇ। ਪੰਜ-ਜ਼ੇਬ(ਸ਼ਿੰਗਾਰ) ਤੇ ਪੰਜ-ਆਬ(ਪਾਣੀ) ਦੇ ਦੁਮੇਲ ਨੂੰ ਸਮਝਿਆ ਹੋਵੇ, ਜਿੰਨੀ ਦਰਦ ਵੇਦਨਾ ਚੁੱਬੇ-ਚੁੱਲ੍ਹੇ ਦੀ ਹੋਵੇਗੀ, ਓਹਨਾ ਹੀ ਪਿਆਰ-ਗੁੜ ਵਧੀਆ ਪੱਕੇਗਾ। ਪਿਆਰ ਨੂੰ ਮੈਂ ਸ਼ੀਮੁਰਗ-ਪਿਆਰ ਦਾ ਨਾਂ ਦਿੰਦਾ ਹਾਂ ਜਿਸ ਤਰ੍ਹਾਂ ਸਾਰੇ ਸ਼ਾਹ-ਪੰਛੀਆਂ ਦੇ ਖੰਭ-ਰੰਗ ਏਸ ਦੇ ਖੰਭਾਂ 'ਚ ਸਮਾ ਜਾਂਦੇ ਨੇ, ਉਸੇ ਤਰ੍ਹਾਂ ਦੁਨੀਆਂ ਦੇ ਸਾਰੇ ਸ਼ੋਖ਼-ਅਸ਼ੋਖ਼ ਰੰਗ ਸ਼ੀਮੁਰਗ ਪਿਆਰ- ਪੰਛੀ ਦੇ ਪਰਾਂ 'ਚ ਘੁਲਮਿਲ ਜਾਂਦੇ ਨੇ। ਸ਼ਾਹ-ਸੁਰਖ਼ਾਬਾਂ ਦੇ ਆਲਣੇ ਘਾਹ -ਫੂਸ ਦੇ ਨਹੀਂ ਸਗੋਂ ਪੰਛੀਆਂ ਦੇ ਪਰਾਂ ਦੇ ਹੁੰਦੇ ਨੇ। ਚਕਵਾ-ਚਕਵੀ ਦੇ ਵਿਯੋਗ ਦੀ ....ਆ....ਓਂਕ.....ਆ ...ਓਂਕ ਵੇਦਨਾਵੱਟੀ ਅਵਾਜ਼ ਨੇ ਹੋਂਠ-ਹਵਾ 'ਚੋਂ ਮਦ-ਮਧੁਰਤਾ ਨੂੰ ਫੜਿਆ ।ਸਾਵੀ ਰੁੱਤ ਵਿਚ ਅੱਵਲ- ਮਿਲਣੀ ਸਮੇਂ ਮਾਹੀ ਦੇ ਇੰਤਜ਼ਾਰ 'ਚ ਚੱਬੀਆਂ ਕੂਸੈਲੀਆਂ ਨਿੰਮਨੋਲੀਆਂ ਦਾ ਸਵਾਦ ਸ਼ੀਰਾਜ਼ ਦੇਸ਼ ਦੇ ਰੀਸ-ਬਾਬਾ ਅੰਗੂਰਾਂ ਵਰਗਾ ਹੁੰਦਾ ਹੈ। ਸਾਉਣ ਦੇ ਮਹੀਨੇ ਨੀ ਕੁਸੈਲੀਆਂ ਨਮੋਲੀਆਂ, ਭੌਰਿਆਂ ਲਈ ਹੁੰਦੀਆਂ ਅਤੁੱਲ। ਮਾਏ ਨੀ ਮਾਏ ਪੰਨਿਆਂ ਤੋਂ ਪਰੇ ਸਾਡਾ ਮੁੱਲ । ਗੁਪਤ -ਸਿਆਹੀਆਂ ਨਾਲ਼ ਲਿਖੇ ਮਾਸ਼ੂਕਾ ਦੇ ਖ਼ਤ-ਰਾਣੇ ਅੱਗ ਦੇ ਸੇਕ ਅੱਗੇ ਚਾਈਂ-ਚਾਈਂ ਦਿਲ- ਦਰਦ ਬਿਆਨਦੇ। ਵੱਢੇ ਇਸ਼ਕ ਤੇਰੇ ਦੇ ਅਸੀਂ ਹਲ਼ਕ ਗਏ ਲਿਆਈਂ ਕਿਤੋਂ ਬੋਦਲੇ ਫ਼ਕੀਰ ਨੂੰ ਜੌਨਕ-ਜਨਾਨੀਆਂ ਨੇ ਹਿੰਦ ਵੱਲ ਕੂਚ ਕੀਤਾ ਲਿਆ ਏ ਤਰਾਸ਼ ਅਸੀਂ ਅੱਖੀਆਂ ਦੇ ਤੀਰ ਨੂੰ। ਇਸ਼ਕ ਗੰਦੂਈ-ਸੂਈ ਹੈ, ਜੋ ਦੋ ਖੇਸ-ਰੂਹਾਂ ਨੂੰ ਇੱਕ ਕਰਦੀ ਹੈ। ਦਰਜੀ ਪਿੱਦੀ ਦੇ ਸ਼ੌਂਕ ਨਾਲ ਗੁਲਾਬੀ ਵੇਲ ਦੇ ਦੋ ਪੱਤਿਆਂ ਨੂੰ ਸੀਣ ਵਾਂਗ ਦੋ ਰੂਹਾਂ ਇੱਕ ਹੁੰਦੀਆਂ ਹਨ।

ਜਹੰਨਮ-ਜੇਹਲਮ

ਤੂਫ਼ਾਨੀ ਰਵਾਨੀ ਦੀ ਘੁੰਮਣ ਘੇਰੀ ‘ਚ ਵਗਦੀਆਂ, ਲਹਿਰ-ਤਰੀਆਂ ‘ਤੇ ਅਰਸ਼ਾਂ 'ਤੋਂ ਆਏ ਤਾਰੇ- ਪਰਛਾਵੇਂ ਉਧੜਧੁੱਪੀ ਮਚਾਉਂਦੇ, ਪੰਜਾਬੀ-ਮਾਂ-ਧਰਤੀ ਦੇ ਸਿਰ ਪਾਣੀ-ਫੁਲਕਾਰੀ ਦੇ ਸਿਤਾਰੇ ਵਗੇ- ਵਗੇ ਵਤਨਾਂ ਤੋਂ ਪਾਰ ਜਾਂਦੇ।ਸਵੇਰ-ਸਿਰੌੜੀ ਵੇਲ਼ੇ ਚਮਰੌੜਾ, ਝਾੜੀਆਂ, ਜੂਹ-ਜਹੀਰਾਂ ‘ਚ ਕੰਡਿਆਲੇ, ਲਾਲਸਰਾਂ, ਝੰਡਾਂ, ਮੋਰਨੇ, ਕਮਲੋੜੀਆਂ ਤੇ ਉੱਲਵਾਂ ਦਾ ਸ਼ੋਰ ਹੁੰਦਾ। ਇਹ ਹੈਵਾਨੀ ਗਰਜਾਹਟ ਤੇ ਖ਼ਰੂਦੀ ਡੁੱਬਾਹਟ ‘ਚ ਰਲ਼ਗੱਡ ਹੁੰਦਾ ਹੋਇਆ ਆਪਣੀ ਹੋਂਦ ਗਵਾ ਕੇ ਨਵਾਂ ਰਾਗ ਛੇੜਦਾ। ਇੱਥੇ ਡੱਡੂਆਂ ਦੀ ਗੜੈਂ-ਗੜੈਂ, ਨਾਗਾਂ ਦੀ ਫੁੰਕਾਰ ‘ਚ ਰਲ਼ ਜਾਂਦੀ ਅਤੇ ਨਾਗਾਂ ਦੀ ਫੁੰਕਾਰ ਕਿਆਂਕੋ-ਕਿਆਂਕੋ ਤੋਂ ਤ੍ਰਭਕ ਜਾਂਦੀ। ਸਾਵੇ, ਮਟਿਆਲੇ, ਲਾਲੜ, ਭੂਸਲੇ, ਜ਼ਰਦ ਪਿੱਲਤੀ, ਕਿਨਾਰਿਆਂ ਨੂੰ ਆਦਮ ਖੋਰਾਂ ਵਾਂਗੂੰ ਬੁਰ੍ਹਕੇ ਭਰਦਾ, ਵੈਰੀਨਾਗ ਚਸ਼ਮਿਆਂ ਤੋਂ ਚਲਦਾ ਮੀਲਾਂ-ਮੀਲ ਸਫ਼ਰ ਤੈਅ ਕਰਦਾ ਚੰਦਰਭਾਗ (ਚਨਾਬ) ‘ਚ ਜਾ ਕੇ ਮਿਲ-ਮਿਉਂਦਾ। ਵਿਦੇਸ਼ੀਆਂ ਲਈ ਜਹੰਨਮ ਦਾਨਵ ਹੋਰ ਕੋਈ ਨਹੀਂ ਸਾਡਾ ਬੇਥਕਾਨ ਦਰਿਆ ਜੇਹਲਮ ਹੀ ਹੈ। ਜਿਸ ਦੀ ਪ੍ਰਚੰਡ ਸ਼ਕਤੀ ਖੰਡਿਆਂ ‘ਚੋਂ ਚਮਕਦੀ ਹੈ। ਜਿਸ ਦੀ ਸ਼ੂੰਕਾਟ ਗਰਜ ਨਗਾਰੇ ਦੀ ਹਿੱਕ ਤੋਂ ਅੰਬਰਾਂ ਤੱਕ ਜਾਂਦੀ ਹੈ। ਜਿਸ ਦੀਆਂ ਲਹਿਰਾਂ ਦਸ਼ਮੇਸ਼-ਅਣੀਆਂ ਨੇ। ਜਿਸ ਦੇ ਪਾਣੀਆਂ ਨੇ ਬਹਾਦਰੀ ਨੂੰ ਪਾਣ ਦਿੱਤੀ ਹੈ। ਜਿਸ ਦੀਆਂ ਛਮਕ-ਛੱਲਾਂ ਨੇ ਤਾਜ਼ਾਂ ਨੂੰ ਸ਼ਾਨ ਦਿੱਤੀ ਹੈ। ਜਿਸ ਨੇ ਮਲਤਾਰੂਆਂ ਨੂੰ ਤਾਰਿਆ ਹੈ ਅਤੇ ਤਾਰੂਆਂ ਨੂੰ ਡੋਬਿਆ ਹੈ। ਜਿਸ ‘ਚ ਬਾਬੇ ਦੀ ਬਗ਼ਾਵਤ ਹੈ। ਹਿੰਮਤ ਦਾ ਹੜ੍ਹ ਹੈ। ਹੰਕਾਰ, ਧੌਂਸ ਨਹੀਂ, ਮਾਣ ਤੇ ਮਰਹਬਾ ਹੈ। ਧਰਤੀ ਦੀਆਂ ਗੋਰੀਆਂ ਛਾਤੀਆਂ ‘ਤੇ ਡਿੱਗੇ ਪਿਆਰ ਅੱਥਰੂਆਂ ਦਾ ਅਟਿਕ, ਬੇਅਰਾਮ, ਹੀਂਗਦੜੱਪਾ, ਮੱਚਕਦਾ, ਝਕਝੋਲਦਾ ਹੰਝੂ- ਤੁਪਕਾ ਹੈ। ਕਿਨਾਰਿਆਂ ‘ਤੇ ਖੜ੍ਹੇ ਬਾਂਸ, ਸਰਵਾੜ-ਸਰਕੜੇ, ਸਰੇਟ ਜਦੋਂ ਪਾਣੀ ਨੂੰ ਵੱਖ ਕਰਦੇ ਤਾਂ ਪਾਣੀ ਇੱਕ ਹੋ ਕੇ ਨੱਚ-ਨੱਚ ਗੁਟਕ ਛੱਡਦੇ।ਇੱਥੇ ਹੀ ਸਰਦਾਰ ਪੋਰਸ ਤੇ ਸਿਕੰਦਰ ਦਾ ਭੇੜ ਹੋਇਆ। ਅਣਖ ਜਿੱਤੀ, ਜਾਬਰ ਹਾਰਿਆ। 'ਪੰਜਾਬੀ ਮਰਦ' ਦਾ ਸਿਰਲੇਖ ਪੋਰਸ ਦੀ ਕਿਰਪਾਨ ‘ਤੇ ਲਿਖਿਆ ਗਿਆ। ਓਹਦੀ ਸਰਦਾਰੀ ਕਾਇਮ ਰਹੀ। ਸਿਕੰਦਰ ਦੀ ਮੌਤ ਇੱਥੇ ਹੀ ਲਿਖੀ ਗਈ। ਇਸ ਦੀ ਮੰਡ ‘ਤੇ ਆ ਕੇ ਕਾਫ਼ਲਿਆਂ ਦੀ ਦਗੜ੍ਹ-ਦਗੜ੍ਹ ਨੇ ਜ਼ੁਲਮੀ ਖੰਡਿਆਂ ਦੇ ਮੂੰਹ ਧੋਤੇ। ਡਲ੍ਹਕਦੇ ਕਿਨਾਰਿਆਂ ‘ਤੇ ਦਰਵੇਸ਼ਾਂ, ਫ਼ਕੀਰਾਂ, ਮੁਲਾਣਿਆਂ ਦੀਆ ਨਿਮਾਜ਼ਾਂ ਦੇ ਅਲਫਾਜ਼ ਲਿਸ਼ਕੇ। ਕਤੇਬਾਂ ਨੇ ਮੋਠੀ ਦੀਆਂ ਦਾਤਣਾਂ ਕੀਤੀਆਂ। ਕਲਮਿਆਂ ਨੇ ਥਕੇਵੇ ਲਾਹੇ। ਹੱਕ ਨੇ ਵੁਜੂ ਕੀਤੇ। ਅਨਲ-ਹੁਮਾ ਦੇ ਖੰਭਾਂ ‘ਤੇ ਲਿਖੀਆਂ ਆਇਤਾਂ ਨਹਾ-ਨਿੱਖਰੀਆਂ। ਬਾਈਬਲ ਦੇ ਗੁਟਕਿਆਂ ਨੇ ਬੁਰਕੇ ਬਦਲੇ। ਤੌਰੇਤਾਂ ਨੇ ਪਾਣੀ ਕੰਢੇ ਸਰਘੀਆਂ ਦੇ ਮੋਘ-ਬੱਦਲ ਵੇਖੇ। ਤੋਰਕੀ ਫ਼ਲਸਫ਼ਿਆਂ ਨੇ ਕੁੱਦ-ਕਦਾੜ੍ਹੀਆਂ ਲਾਈਆਂ। ਮਸਕੀਨਾਂ ਦੇ ਫੀਲਮ ਰੋਗ ਵਾਂਗ ਸੁੱਜੜੇ ਕਦਮਾਂ ਨੂੰ ਸੰਭਾਲੂਆਂ ਅਤੇ ਸੁਖਦਰਸ਼ਨ-ਪੱਤਾਂ ਨੇ ਟਕੋਰਾਂ ਕੀਤੀਆਂ। ਉਨ੍ਹਾਂ ਦੀਆਂ ਪੁਰਾਫ-ਊਠਣੀਆਂ ਏਥੇ ਹੀ ਜਵਾਨ ਹੋਈਆਂ। ਇੱਥੇ ਹੀ ਮੁਗ਼ਲੇਟੀਆਂ ਨੇ ਆ ਕੇ ਨਿੱਸਲੇ ਅੰਗਾ ਦੀ ਆਕੜ ਭੰਨੀ। ਸ਼ਾਹਜਾਦੀਆਂ ਨੇ ਮਹਿੰਦੀ-ਬੁੱਕਾਂ ਨਾਲ਼ ਦਰਿਆ 'ਚੋਂ ਪਾਣੀ ਬਾਹਰ ਉਲੀਚਿਆ। ਨਸ਼ਈ-ਬੁੱਲ੍ਹ ਸ਼ਰਬਤੀ ਪਾਣੀ ਨੂੰ ਛੂਹੇ। ਜੰਗਲੀ ਕਬੂਤਰ ਗੁਟਕੇ। ਇਰਾਨੀ ਮੋਰਨੀਆਂ ਨੂੰ ਵੇਖ ਕੇ ਦੇਸੀ ਮੋਰਾਂ ਨੇ ਲੰਜ ਫੈਲਾਈ। ਸਜਪੋਸ਼ਾਂ ਦੀ ਵਾਸ਼ ਮਾਣੀ। ਮੁਸ਼ਕੀ ਤਿੱਤਰ ਮਸ਼ਰੇ। ਹਾਥੀਆਂ ਨੇ ਕੱਛੂ-ਕਛੋਪੜਾਂ ਦੇ ਪਿੰਡੇ ਪਰਖੇ। ਭੌ ਤਾਜਨ-ਤੁਰੀਆਂ ਤੇ ਅਰਬੀ-ਅਰਦਕ ਘੋੜਿਆਂ ਦੀਆਂ ਨੀਲੀਆਂ ਅੱਖਾਂ ‘ਚ ਹਾਰੇ ਵੇਲ਼ੇ ਦਾ ਸੂਰਜ ਚਮਕਿਆ। ਇਰਾਨੀਆਂ ਨੇ ‘ਹੁਸ਼-ਹੁਸ਼' ਕਰਕੇ ਗਰਨਿਆਂ ਦੇ ਰੁੱਖਾਂ ਥੱਲੇ ਡਾਚੀਆਂ ਬਿਠਾਈਆਂ। ਇੱਥੇ ਹੀ ਅਰਬੀ, ਫ਼ਾਰਸੀ ਦੇ ਅੱਖਰ ਬੀਜੇ, ਭੋਜ ਪੱਤਰਾਂ ਨੂੰ ਅਲਵਿਦਾ ਕਹੀ। ਕਾਗਜ਼ਾਂ ਦੇ ਹੁਨਰ ਮਿਲੇ। ਫ਼ਕੀਰਾਂ ਦੇ ਟੋਲੇ ਲਿਖਣ ਬੈਠੇ। ਕਾਮਲ ਗੀਤ-ਗੇਲਮ ਗਾਉਣ ਲੱਗੇ। ਝੱਲੇ ਸੁਣਨ ਲੱਗੇ। ਮੁਹੰਮਦ ਬਖ਼ਸ਼ ਨੇ ਵੱਡ-ਅਕਾਰੀ ਕਿੱਸਾ ਲਿਖ ਕੇ ਫ਼ਨਕਾਰੀ ਦੇ ਫ਼ਨ ਖ਼ਿਲਾਰੇ। ਓਹ ਅੱਖਰ ਜੋ ਅੱਗੇ ਜਾ ਕੇ ਰਣਜੀਤ ਸਿੰਘ ਦੀ ਰਹਿਮਤ ਹੇਠ ਸਾਂਝੇ ਰਾਜ ਦਾ ਗ੍ਰੰਥ ਬਣੇ ਪਰ ਬਦਕਿਸਮਤੀ ਇਸ ਦੇ ਪੰਨੇ ਆਪਣਿਆਂ ਹੀ ਪਾੜ ਦਿੱਤੇ — ਇਸ ਪੰਜਾਬ ਦੀਆਂ ਪੰਜ ਅੱਖਾਂ, ਪੰਜੇ ਰਹਿਣ ਵਹਿੰਦੀਆਂ। ਵਿੱਚ ਪਾਇਆ ਧੂੜਗਰਦੀ ਦਾ ਸੁਰਮਾ, ਸਾਨੂੰ ਇਹੋ ਮਜਲਸਾਂ ਕਹਿੰਦੀਆਂ।

ਸ਼ਾਂਤ ਬਾਬਾ-ਝਨਾ

ਵਾਰਿਸ ਦੀ ਕਲਮ ਵਾਂਗੂੰ ਮਟੁਕ-ਮਟੁਕ ਤੁਰਦਾ, ਬੂੰਦਾਂ ਦੀ ਧੁਨ ਛੇੜਦਾ, ਸੁਨਹਿਰੀ ਪਿੰਡਿਆਂ ਵਾਲ਼ਾ, ਬਿਰਛਾਂ ਦੇ ਸੰਘੱਟਾਂ, ਵਾਦੀਆਂ, ਕੱਲਰਾਂ, ਮੱਕਲਾਂ, ਮੈਦਾਨਾ, ਉਘੜੇ-ਦੁੱਘੜੇ ਰਾਹਾਂ ‘ਚ ਲਟਲਟਾਉਂਦਾ, ਸਾਗਰ ਵਾਂਗ ਫੈਲਦਾ, ਸ਼ਬਨਮਾਂ ਦੀ ਬਰਾਤ ਲਈਂ ਜਾਂਦਾ, ਸ਼ਾਂਤ ਚਿੱਤ ਲਾੜਾ ਝਨਾਂ ਹਮੇਸ਼ਾ ਇਸ਼ਕ ਦੇ ਬੀਜ ਬੀਜਦਾ ਰਿਹਾ ਹੈ। ਇਸ ਦੀਆਂ ਲਹਿਰਾਂ ਨੇ ਰਾਂਝੇ-ਬਲੇਦੀ ਦੀ ਬੰਸਰੀ ਖੜੋ ਕੇ ਸੁਣੀ ਹੈ। ਸੋਹਣੀ-ਮਹੀਵਾਲ ਦੇ ਪਿਆਰ ਦੇ ਬਲੌਰ-ਮਹਿਲ ਨੂੰ ਅਮਰਤਾ ਦਿੱਤੀ ਹੈ। ਜੰਡ-ਜੌਲਟਾਂ ਨੂੰ ਚਿੰਬੜੀਆਂ ਘੱਗਰਵੇਲਾਂ, ਲਤਾ-ਕੂੰਜਾ, ਰਵਾਂ-ਫਲੀਆਂ, ਏਹਦੇ ਕਿਨਾਰਿਆਂ ਦੀ ਪ੍ਰੀਤ ਕਹਾਣੀ ਦਾ ਸਾਰ-ਤੱਤ ਹਨ। ਭੁੰਨੇ ਪੀੜਾਂ ਦੇ ਪਰਾਗੇ, ਵੱਡੇ ਹੋਵਦੇ ਫਕੀਰ ਦੇਖੇ,   ਤੇਰਾ ਕੱਚਾ ਘੜਾਂ ਸੋਹਣੀਏ,ਖੁਦਾ ਹੋ ਗਿਆ।   ਲੈਂਦਾ ਸੀ ਕਲਾਵੇ ਕਦੇ ਖੂਹਾਂ ਦਿਆਂ ਪਾਣੀਆਂ ਨੂੰ,   ਆਇਆ ਝਨਾਂ ਦੇ ਕਲਾਵੇ ਤੇ ਸਦਾ ਹੋ ਗਿਆ। ਇਸ ਦੇ ਕੰਢਿਆਂ ਤੇ ਖੜ੍ਹੀਆਂ ਜੋਬਨ-ਮੱਤੀਆਂ, ਅੱਕ ਦੀਆਂ ਕੱਕੜੀਆਂ ਆਪਣੇ ਆਪ ਨੂੰ ਅੰਬੀਆਂ ਲੋਚਦੀਆਂ ਪਰ ਜਦੋਂ ਰੁੱਤ ‘ਤੇ ਬੁਢੇਪਾ ਆਉਂਦਾ ਤਾਂ ਇਹ ਨਿਰਾਸ਼ਾ ‘ਚ ਫਟ ਜਾਂਦੀਆਂ। ਇਹਨਾਂ ਦੀਆਂ ਸੱਧਰਾਂ ਬੁੱਢੀਆਂ ਮਾਈਆਂ ਬਣ-ਬਣ ਉੱਡਦੀਆਂ। ਇਹਨਾਂ ਦਾ ਹਾਰਿਆ ਇਸ਼ਕ ਵੀ ਚੜ੍ਹਦੀ ਕਲਾ ‘ਚ ਉੱਡਦਾ। ਇਹਦੇ ਕੰਢੇ ‘ਤੇ ਭਖ਼ਦੇ ਧੂਣਿਆਂ ‘ਤੇ ਆ ਕੇ ਜੋਗੀਆਂ ਨੇ ਜੋਗ-ਬਲ਼ਣੀ ਰੱਖੀ। ਇਸ਼ਕ ਦੇ ਕੰਨ ਚੀਰੇ। ਰੂਹ-ਕਲੂਤ ਦੇ ਕਾਇਦੇ ਪੜ੍ਹਾਏ। ਬਿਭੂਤ ਚੋਂ ਪਵਿੱਤਰਤਾ ਜਨਮੀ। ਸੰਖਾਂ ‘ਚੋਂ ਸੁਨੇਹੇ ਭੇਜੇ। ਬੱਦਲ-ਛਜਲੀ ਹੇਠਾਂ ਛਾਂਵਾਂ-ਛਨੇਟੀਆਂ ਇਸ ਦੀ ਹਿੱਕ ‘ਤੇ ਦਾਈ-ਦੂਕੜੇ ਖੇਡਣ ਆਉਂਦੀਆਂ, ਇਸ ਨੂੰ ਸ਼ਾਂਤ ਬਾਬਾ ਆਖਦੀਆਂ। ਇਹ ਅੱਥਰੇ ਘੋੜੇ ਵਾਂਗ ਲਗਾਮਾਂ ਚੱਬਦਾ। ਤਾਮੜ-ਧੁੱਪਾਂ ਨੂੰ ਕਲਾਵੇ ਲੈਂਦਾ, ਜਵਾਨ ਹੁੰਦਾ ਵਿਖਾ ਛੱਡਦਾ। ਸਾਵੇ-ਹਾਸੇ ਬਿਖੇਰਦਾ ਪੂਰੇ ਹੋਸ਼-ਜੋਸ਼ ‘ਚ ਵਗਦਾ। ਲੁਸਲੁਸੇ ਨਾਗ ਵਾਂਗ ਭੜਮੱਚੇ ਕੱਢਦਾ ਹੋਇਆ ਮੀਲਾਂ ‘ਤੇ ਜਾ ਕੇ ਸ਼ਾਂਤ ਹੋ ਜਾਂਦਾ। ਇਸ ਦੇ ਲਾਗੇ ਸ਼ੋਰ-ਕੋਟ ਦੀਆਂ ਥੇਹਾਂ ਦੇ ਗਰਭ ‘ਚੋਂ ਇੱਟ-ਲਿੱਪੀਆਂ ਦੇ ਨਕਸ਼ ਲੱਭੇ। ਦੇਸ਼ ਦੀ ਗੌਰਵਤਾ ਦਾ ਪ੍ਰਤੀਕ ਹੋਏ। ਮਹਾਨ ਸੱਭਿਅਤਾ ਦੇ ਅਮੀਰ ਖਜ਼ਾਨੇ ‘ਚ ਜਾ ਟਣਕੇ। ਦਰਿਆ ਦੀ ਧੀ ਤਹਿਜ਼ੀਬ ਅਤੇ ਦਰਿਆ ਦਾ ਪੁੱਤ ਸਲੀਕਾ ਹੈ। ਜੇਹਲਮ ਲਿਤਾੜਿਆ ਸਿਕੰਦਰ ਨੇ ਸਤਲੁਜ ਨੂੰ ਅੰਗਰੇਜ ਕਲੰਦਰ ਨੇ ਰਾਵੀ ਨੂੰ ਨਾਦਰਸ਼ਾਹੀ ਨੇ। ਝਨਾਂ ਨੂੰ ਇਸ਼ਕ ਦੇ ਖੰਜ਼ਰ ਨੇ ਅੱਜ ਬੁਰੀ ਬਿਆਸਾ ਦੀ ਚਾਲ ਦਿਸੇ ਰੱਬਾ ਵੇ ਪੰਜ ਦਰਿਆਵਾਂ ਦੇ ਕਿਹੋ ਜਿਹੇ ਤੂੰ ਹਾਲ ਲਿਖੇ?

ਸ਼ਾਹ ਵਰਕਾਂ 'ਤੇ ਮਘਦੀ ਤਾਰਾ ਲਿੱਪੀ

ਸਾਲ 1928 ਵਿਚ, ਸੀਰੀਆ ਵਿਚ ਇਕ ਕਿਸਾਨ ਹਲ਼ ਵਾਹ ਰਿਹਾ ਸੀ ਕਿ ਅਚਾਨਕ ਉਸ ਦਾ ਹਲ਼ ਇਕ ਪੱਥਰ ਵਿੱਚ ਜਾ ਫਸਿਆ। ਜਦੋਂ ਉਸ ਨੇ ਪੱਥਰ ਤੋਂ ਮਿੱਟੀ ਹਟਾਈ, ਤਾਂ ਉਸ ਨੇ ਦੇਖਿਆ ਕਿ ਪੱਥਰ ਦੇ ਹੇਠਾਂ ਇਕ ਕਬਰ ਸੀ ਜਿਸ ਵਿਚ ਮਿੱਟੀ ਦੇ ਬਹੁਤ ਹੀ ਪੁਰਾਣੇ ਭਾਂਡੇ ਸਨ। ਉਸ ਨੂੰ ਇਸ ਗੱਲ ਦਾ ਉੱਕਾ ਹੀ ਅਹਿਸਾਸ ਨਹੀਂ ਸੀ ਕਿ ਇਹ ਕਿੰਨੀ ਅਨਮੋਲ ਲੱਭਤ ਸੀ। ਪ੍ਰਾਚੀਨ ਜੁਝਾਰੂਆਂ ਨੇ ਖ਼ਿਆਲਿਆ ਹੋਵੇਗਾ ਕਿ ਚੰਨ ਹਨ੍ਹੇਰਿਆ ਖਿਲਾਫ਼ ਜਿਹਾਦ ‘ਚ ਤਾਰਿਆਂ ਦੀ ਮੋਹਰਮਾਈ ਕਰਦਾ ਹੈ। ਤਾਰੇ ਵੀ ਅਜ਼ਲਾਂ ਤੋਂ ਅਰਸ਼-ਮੈਦਾਨਾਂ ‘ਚ ਪੈਰ ਗੱਡੀਂ ਖਲੋਤੇ ਨੇ। ਕੁਝ ਸ਼ਬਦ ਰੋੜਾਂ ਦੀਆਂ ਲੜੀਆਂ ਵਰਗੇ ਹੁੰਦੇ ਨੇ, ਸਖ਼ਤ ਕਠੋਰ ਤੇ ਕੌੜੇ ਪਰ ਹਾਜ਼ਮੇ ਔਲ਼ਿਆਂ ਵਰਗੇ, ਮਿਠਾਸ ਕਿੱਕਰਾਂ ਦੀਆਂ ਸਵਾਦੀ ਡੋਡੀਆਂ ਵਰਗੀ। ਸ਼ਾਹ ਵਰਕਾਂ ‘ਤੇ ਮਘਦੀ ਤਾਰਾ ਲਿੱਪੀ ਨੂੰ ਕਦੇ ਤਾਂ ਕਿਸੇ ਨੇ ਪੜ੍ਹਨ ਦੀ ਕੋਸ਼ਸ਼ ਕੀਤੀ ਹੋਵੇਗੀ ਜਾਂ ਕਰਦਾ ਪਿਆ ਹੋਵੇਗਾ? ਰਿਸ਼ਮਾਂ ਹਰ ਰਾਤ ਸਮੁੰਦਰਾਂ, ਨਦੀਆਂ, ਪਰਬਤਾਂ, ਢਾਬਾਂ, ਰੋਹੀਆਂ, ਬਨੇਰਿਆਂ, ਸਰਦਲਾਂ, ਤ੍ਰੇਲਾਂ, ਕੰਡਿਆਂ, ਹੇੜਾਂ, ਝਾੜਾਂ ਆਦਿ ‘ਤੇ ਕਿਹੜੇ ਇਲਾਹੀ ਅੱਖਰ ਵਾਹ ਕੇ ਜਾਂਦੀਆ ਨੇ, ਸਾਡੇ ਵਿੱਚੋਂ ਕੌਣ ਕਿਆਸਦੈ? ਪਾਣੀ ਦੀ ਹਿੱਕ ‘ਤੇ ਲਹੂ ਰੱਤੇ, ਸੂਲਾਂ-ਪਰੋਏ, ਤੈਰਦੇ ਜਾਂਦੇ ਸਾਵੇ-ਪੱਤੇ ਖ਼ੌਰੇ ਯੁੱਧਾਂ ਦਾ ਸੰਕੇਤ ਹੋਣ, ਅਗਲਿਆਂ ਲਈ? ਇਹ ਪੱਤਾ-ਚਿੱਠੀਆਂ ਹੋਰ ਵੀ ਮਰਮ ਉਜਾਗਰ ਕਰਦੀਆਂ ਹੋਣ? ਖ਼ੌਰੇ ਛੱਲਾਂ ਦੇ ਅਲਫ਼ਾਜ਼ਾਂ ਨੂੰ ਮੱਛੀਆਂ, ਘੋਗੇ ਆਦਿਕ ਸਮਝਦੇ ਹੋਣ? ਰਾਹਾਂ ਦੀਆਂ ਮੋੜ-ਘੋੜ ਲਿੱਪੀਆਂ ਘੋੜਿਆਂ ਲਈ ਕੰਠ ਕੀਤੇ ਕਾਇਦੇ ਹੋਣ? ਦੂਰ-ਦੁਰਾਡੇ ਮੁਲ਼ਕਾਂ ‘ਚ ਜਾਂਦੇ ਕੂੰਜਾਂ, ਸਾਰਸਾਂ ਦੇ ਪਰਵਾਸ-ਕਾਫ਼ਲੇ ਘਰ ਪਰਤਣ ਲਈ ਨੱਗਰ-ਖੇੜਿਆਂ, ਜੂਹਾਂ, ਚਟਾਨਾਂ, ਸਰੂਆਂ, ਦਿਓਦਾਰਾਂ, ਸਾਗਰਾਂ, ਜੰਗਲਾਂ, ਦਰ੍ਹੇ-ਮਿਆਲਾਂ ਨੂੰ ਸ਼ਬਦਾਂ ਵਾਂਗੂੰ ਧਿਆਨ ‘ਚ ਰੱਖ ਕੇ ਸਫ਼ਰ-ਗ੍ਰੰਥਾਂ ਨੂੰ ਪੜ੍ਹਦੇ ਆਲ੍ਹਣਿਆਂ ‘ਚ ਪਹੁੰਚਦੇ ਹੋਣ? ਨਿੱਕੇ-ਨਿੱਕੇ ਚਿੜੀ-ਪੁੰਗਾਂ ਨੂੰ ਮਤੇ ਬ੍ਰਿਹਮੰਡ ਦੀ ਤਖ਼ਤੀ ‘ਤੇ ਉਕਰੇ ਹਵਾਵਾਂ ਦੇ ਅਰਥਾਂ ਦਾ ਗਿਆਤ ਹੋਵੇ? ਬਲ਼ਦਾਂ ਦੀਆਂ ਪਿੱਠਾਂ ਉੱਤੇ ਉਲਰਦਾ ਹੱਥ-ਰੱਸਾ ਖ਼ੌਰੇ ਸੇਧ-ਸੂਝ ਦੀ ਪੱਟੀ ਪੜ੍ਹਾਓਂਦਾ ਹੋਵੇ? ਪਿੱਪਲ ਦੇ ਛਣੇ-ਪੱਤਾਂ ‘ਚੋਂ ਲੰਘੇ ਰੰਗ, ਚਾਦਰਾਂ ਦੇ ਠੱਪੇ ਬਣ ਕੇ ਗੋਭੀ ਦੇ ਪੱਤਿਆਂ ਵਾਂਗੂੰ ਗੂੜ੍ਹੇ ਫੁੱਲਾਂ ‘ਚ ਫੈਲੇ ਹੋਣਗੇ? ਖ਼ਾਬਾਂ ਦੀ ਮਿਨਾਰ ਉੱਤੇ ਮਹਿਕ-ਮੁਹੱਬਤ ਦੀਆਂ ਲਿਪੀਆਂ ਕੌਣ ਨਹੀਂ ਚਮਕਾਉਂਦਾ? ਮਖ਼ਿਆਲ ਦੀ ਘੂੰਘਾਹਟ ‘ਚੋਂ ਸ਼ਹਿਦੀ-ਸੁਰਵਾਂ ਅਤੇ ਪਾੜੀ-ਪੰਛੀ ਦੀ ਘੁੱਗੂ-ਘੂ ‘ਚੋਂ ਅਮਨ ਦਾ ਸੰਦੇਸ਼ ਅੱਜ ਵੀ ਝਲਕਦਾ ਹੋਵੇਗਾ। ਕੋਸੇ ਵੇਲ਼ੇ ਆਲ੍ਹਣੇ ਦੇ ਟੋਟੇ ਚੁਗਦੀ ਬੁਲਬੁਲ ਦੇ ਪੰਜਿਆਂ ‘ਚ ਸਣ ਦੇ ਘੁੰਗਰੂਆਂ ਨੇ ਵਲ਼ੇਵੇਂ ਖਾਦੇ, ਕਰੀਰ ਦੀ ਟਾਹਣੀ ‘ਤੇ ਬੈਠੀ ਨੇ ਵਿਯੋਗੀ ਗੀਤਾਂ ਨਾਲ਼ ਪੌਣਾਂ ‘ਚ ਨਵੀਂ ਛਣਕ ਘੋਲ਼ੀ। ਕਹਿੰਦੇ ਨੇ, ਇਸ ਵਿਯੋਗ ‘ਚ ਬੜੀ ਬਰਕਤ ਹੁੰਦੀ ਹੈ। ਮਹਿਬੂਬ ਦੇ ਘੱਲੇ ਹੰਝੂ-ਖ਼ਤ ਸੱਤ ਸਮੁੰਦਰਾਂ ‘ਚ ਵੀ ਨਹੀਂ ਘੁਚਲਦੇ, ਕਿਸ਼ਤੀਆਂ ਵਾਂਗੂੰ ਲੰਘ ਜਾਂਦੇ ਨੇ, ਲਹਿਰਾਂ ਮਧੋਲਦੇ। ਚਾਨਣੀ ਦੀਆਂ ਰਜ਼ਾਈਆਂ ਤਾਣ ਸੁੱਤੀਆਂ ਤ੍ਰੇਲ-ਰਾਣੀਆਂ ਦੇ ਪੱਤਿਆਂ ‘ਤੇ ਲਿਖੇ ਰਾਤ ਦੇ ਸੁਪਨ- ਗੀਤਾਂ ਨੂੰ ਡਾਲ਼ਾਂ ਨਾਲ਼ ਲਟਕਦੇ ਅੰਬਾਬੀਲ ਜ਼ਰੂਰ ਗਾਉਂਦੇ ਹੋਣਗੇ। ਟਾਹਲੀ ਦੇ ਹਵਾ-ਰਿੜ੍ਹਦੇ ਪੱਤਿਆਂ ਨੂੰ ਵੇਖਣਾ ਅਜ਼ਾਈ ਨਹੀਂ ਸੀ। ਇਹਨਾਂ ਨੇ ਪਹੀਏ ਦੀ ਖੋਜ ਲਈ ਮਨੁੱਖੀ ਮਨ ‘ਚ ਚੇਤਨਾ ਦਾ ਬੀਜ ਬੀਜਿਆ ਸੀ। ਪਿੱਠ ਪਿੱਛੇ ਲਿਖੇ ਅੱਖਰ ਨੂੰ ਪੜ੍ਹਨਾ ਵੀ ਕਦੇ ਰਾਣੀ ਖੇਡ ਸੀ। ਗਰੇ ਆਖਦਾ ਹੈ............ਝੂਟਦੀਆਂ ਹਵਾਵਾਂ ਆਪਣੀ ਬੰਸਰੀ ਵਜਾਉਂਦੀਆ ਹਨ, ਫਿਰ ਥੋੜ੍ਹਾ ਜਿਹਾ ਚਿਰ ਇਉਂ ਠਹਿਰ ਜਾਂਦੀਆ ਹਨ, ਜਿਵੇਂ ਕੁਝ ਯਾਦ ਕਰਦੀਆਂ ਹੋਣ। ਕੋਲਿਆਂ ਦੇ ਕਾਲ਼ੇ ਮੂੰਹ-ਬੋਸਿਆਂ ਨੇ ਪੱਥਰਾਂ ਦੇ ਮੱਥੇ ਮੁਸ਼ਕੀ ਕੀਤੇ ਹੋਣਗੇ। ਗਲ਼ਾਂ, ਡੌਲ਼ਿਆਂ, ਗੁੱਟਾਂ ‘ਤੇ ਬੰਨੇ ਤਾਵੀਜ਼ਾਂ, ਕਰਮ-ਪੱਥਰ ਛਾਪਿਆ 'ਤੇ ਬਾਲ-ਲਿੱਪੀ ਨੇ ਪੋਤੜੇ ਗਿੱਲੇ ਕੀਤੇ ਹੋਣਗੇ। ਯਹੂਦੀਆਂ ਦਾ ਵਿਸ਼ਵਾਸ ਹੈ ਕਿ ਲਿੱਪੀ ਪਹਿਲਾਂ ਖੁਦਾ ਨੇ ਮੂਸਾ ਨੂੰ ਲਿਖਣੀ ਦੱਸੀ ਸੀ। ਪਹਿਲੀ ਵਾਰ ਪੈਪਾਇਰਸ ਪੌਦੇ ਦੀ ਛਿੱਲ ਅੱਖਰਾਂ ਦੀ ਪੋਸ਼ਾਕ ਪਾ ਕੇ ਦੁਨੀਆਂ ਭਰ ਦੇ ਸੱਕਾਂ ਦੀ ਛਿੱਲ-ਰਾਣੀ ਬਣ ਗਈ ਹੋਵੇਗੀ। ਤਾੜ-ਪੱਤੇ ਦੀ ਸਲਾਈ ‘ਚ ਭਰੇ ਯੁੱਧ-ਅਮਨ ਦੇ ਰੰਗੇ ਅੱਖਰ ਸਿਕੰਦਰ ਨੇ ਹਿੰਦ-ਫ਼ਾਰਸ ‘ਚ ਭੇਜੇ ਹੋਣਗੇ। ਭੋਜ ਪੱਤਰਾਂ ਵਾਂਗ ਇਕੱਠੀ ਕੀਤੀ ਤੂਜ਼ ਦੀ ਸ਼ਬਦ-ਸ਼ਿੰਗਾਰੀ ਛਿੱਲ ਨੂੰ ਪਹਿਲੀ ਵਾਰ ‘ਪੋਥੀ' ਅਖਵਾਓਣ ਦਾ ਮਾਣ ਹਾਸਿਲ ਹੈ। ਨਾਰੀਅਲ ਵਰਗੇ ਰੁੱਖਾਂ ‘ਤੇ ਕਲਮੇ ਦੀ ਸ਼ਾਨ ਲਾਸਾਨੀ ਹੈ। ਪਹਾੜਾਂ ਦੀਆਂ ਬੱਖੀਆਂ ‘ਤੇ ਚਿੱਬੀ- ਚੀਚਕਚੋਲੀ ਲਿੱਪੀ ਨੇ ਖੰਭ ਫੈਲਾਏ ਸੀ। ਕਹਿੰਦੇ ਨੇ ਯੂਨਾਨੀ ਬਲ਼ਦਾਂ ਦੀ ਵਾਹੀ ਵਾਂਗੂੰ ਲਿਖਦੇ ਸਨ। ਸੱਜਿਓਂ ਖੱਬੇ, ਫਿਰ ਖੱਬਿਓਂ ਸੱਜੇ। ਇਸ ਤਰ੍ਹਾਂ ਅੱਖਰ ਅਕਾਰ ਪਲਟਦੇ। ਕਾਗਜ਼ਾਂ ਦੇ ਸਰਫ਼ੇ ਲਈ ਅੱਖਰਾਂ ਦੀਆਂ ਜੋਟੀਆਂ ਪਵਾਈਆਂ। ਖਰੋਸ਼ਟੀ ਤੇ ਕੁੱਕੜਘਾਂਗੜੀ ਲਿੱਪੀ ਨੂੰ ਬ੍ਰਹਮੀ ਦੇ ਅਸਤਰ ਨੇ ਕੱਟ ਮਾਰਿਆ। ਜਿੱਥੇ ਚੀਨ ਵਾਸੀਆਂ ਨੇ ਬਾਂਸਾਂ ਦੀਆਂ ਫ਼ਿੱਚੜਾਂ ਨਾਲ਼, ਚਾਵਲਾਂ ਦੀ ਪਿੱਛ ਨਾਲ਼ ਲੇਪ ਕੀਤੇ ਮੱਛੀ- ਜਾਲ਼ਾਂ ‘ਤੇ ਸ਼ਬਦ-ਤਸਵੀਰਾਂ ਨੂੰ ਉਲੀਕਿਆ। ਉੱਥੇ ਸਾਡੇ ਪੁਰਖੇ ਰੀਠੇ ‘ਚ ਮੋਰੀ ਕਰਕੇ ‘ਰੀਠਾ ਕਲਮਾਂ' ਨਾਲ਼ ਡੇਰਿਆਂ-ਡੱਪਿਆਂ ਦੀ ਧਰਤ-ਪੋਥੀ ‘ਤੇ ਰਾਮ, ਗੋਪਾਲ, ਸ਼ਿਵ ਲਿਖ ਕੇ ਮਨਾਂ ਨੂੰ ਗਦਗਦ ਕਰਦੇ। ਘੋਗੇ ਦੀਆਂ ਹੱਡੀਆਂ 'ਵਾਜ਼ ਸੰਖ-ਨਾਦ ਦੀ। ਜਟਾਂ ਲਟਬੌਰੀਆਂ ਤੋਂ ਭਾਸ਼ਾ ਪੜ੍ਹੋ ਸਾਧ ਦੀ। ਮੜੀਆਂ-ਮਸਾਣੀਆਂ ‘ਤੇ ਲਿੱਪੀ ਹੈ ਚਿਰਾਗ਼ ਦੀ। ਬਲ਼ਦਾਂ ਦੇ ਖੁਰਾਂ ‘ਚੋਂ ਬਰਕਤ-ਬੋਲੀ ਜਾਗਦੀ। ਆਰੰਭ ਵਿੱਚ ਧਾਰਮਿਕ ਆਗੂਆਂ ਤੇ ਪੂਜਾਰੀਆਂ ਨੇ ਲਿਖਣਾ ਸਿੱਖਿਆ। ਉਹਨਾਂ ਨੂੰ ਸ਼ਬਦਾਂ ਦਾ ਭੇਦ ਰੱਬ ਦੇ ਭੇਦ ਵਾਂਗ ਲੱਗਿਆ। ਓਹ ਸਭ ਤੋਂ ਲੁਕਾ ਕੇ ਰੱਖਦੇ। ਰੰਗੋ-ਰੰਗੇ ਧਾਗਿਆਂ ਨੂੰ ਜੋੜ ਕੇ ਭੇਜੀਆਂ ਗੰਢ ਲਿੱਪੀਆਂ ਹੀ ਅੱਜ ਦੇ ਪਿਆਰੇ ਬੀਬੇ ਗ੍ਰੰਥ ਬਣੀਆਂ ਨੇ। ਗ੍ਰੰਥ ਅਸਲ ‘ਚ ਓਸਨੂੰ ਆਖਦੇ ਹਾਂ, ਜਿਸ ‘ਚ ਵੱਖੋ-ਵੱਖਰੇ ਕਵੀਆਂ, ਸਾਹਿਤਕਾਰਾਂ ਦੀਆਂ ਰਚਨਾਵਾਂ ਹੋਣ, ਨਾ ਕਿ ਉਸਨੂੰ ਜੋ ਇਕੱਲੇ ਕਵੀ ਦਾ ਵੱਡ-ਅਕਾਰਾ ਹੋਵੇ। ਭਾਰਤੀ ਮੂਲ ਸੱਭਿਅਤਾ ਦੇ ਛਣਕਦੇ ਪੰਘੂੜੇ ਦੀਆਂ ਕੰਧਾਂ ‘ਤੇ ਲਕੀਰਾਂ, ਚਕੋਰਾਂ, ਵਰਗਾਂ, ਆਇਤਾਂ, ਗੋਲ਼ਿਆਂ, ਤਿਕੋਣਾਂ, ਛੇ ਕੋਣਾਂ ਮੋਹਨਜੋਦੜੋ ਲਿੱਪੀਆਂ ਹੀ ਹਨ। ਮੁੱਢਲਾ ਹੌਰਨ ਜੰਗਲੀ ਬਲ਼ਦ ਦੀ ਸਿੰਗ ਟੋਪੀ ਤੋਂ ਬਣਿਆ ਸੀ, ਬਾਅਦ ਵਿੱਚ ਇਸੇ ਦੀਆਂ ਪਾਰਦਰਸ਼ੀ ਸੀਟਾਂ ਬਣਾ ਕੇ ਲਾਲ ਟੈਣਾਂ ਵਿੱਚ ਵਰਤੀਆਂ। ਸੈਕਸਪੀਅਰ ਆਖਦਾ ਹੈ:— ਪੱਥਰਾਂ, ਘਾਹ ਦੇ ਥਲਾਂ ‘ਚ ਬੈਠਾ ਰੱਬ ਉਪਦੇਸ਼ ਦੇ ਰਿਹਾ ਹੈ। ਜਲਾਂ ‘ਚ ਪੋਥੀਆਂ ਤੇ ਪੁਸਤਕਾਂ ਲਿਖੀਆਂ ਜਾ ਰਹੀਆਂ ਹਨ। ਆਮ ਲੋਕੀ ਕਹਿੰਦੇ ਨੇ ਪੜ੍ਹ-ਲਿਖ ਕੇ ਕ੍ਰਾਂਤੀ ਆਉਂਦੀ ਹੈ ਪਰ ਤਾਰੀਕਾਂ ਦਸਦੀਆਂ ਨੇ ਕ੍ਰਾਂਤੀ ਸਿੱਖ ਕੇ ਆਉਂਦੀ ਹੈ, ਕੁਦਰਤ ਕਾਦਰ ਦੀਆਂ ਲਿੱਪੀਆਂ ਨੂੰ। ਪੜ੍ਹਦੇ ਸਾਰੇ ਨੇ ਪਰ ਸਿੱਖਦਾ ਕੋਈ-ਕੋਈ ਹੈ। ਪੱਛੋਂ ਨੂੰ ‘ਵਾ-ਵਲ਼ਵੇਟੇ ਪਾਉਂਦੀਆਂ, ਦੱਖੋਂ ਦੀਆਂ ਹਵਾਣੀਆਂ ਮੇਘ-ਗਰਜਟਾਂ ‘ਠਾਉਂਦੀਆਂ ਤਪਲ਼ਿਆਂ ‘ਚ ਮਧਾਣੀਆਂ ਗੀਤ ਗਾਰੇ ਦੇ ਗਾਉਂਦੀਆਂ, ਖਿੱਤ-ਖਿੱਤੀਆਂ ਅਰਸ਼ਾਂ-ਰਾਣੀਆਂ ਰੂਹ, ਹੱਡ, ਮਾਸ ਪਥਾਉਂਦੀਆਂ ਨਾਲ਼ ਕਾਦਰ ਦੇ ਕੁਦਰਾਣੀਆਂ

ਉੱਡ ਭੰਬੀਰੀ ਸਾਵਣ ਆਇਆ

ਚੰਦ ਦੇ ਦੁਆਲ਼ੇ ਘੋਰ-ਘੌਂਹ, ਜਿਹੀ ਝੁੱਲੇ ਕਿਰਨਾਂ ਦੇ ਕਾਫ਼ਲੇ ਜਿਉਂ ਸੀਸ ਲੈ ਕੇ ਚੱਲੇ। ਬੱਕੀ ਦਿਆਂ ਸੁੰਮਾ ‘ਚ ਬਗ਼ਾਵਤਾਂ ਦੇ ਨਕਸ਼ੇ ਚਾਂਦਨੀ ਦੀ ਗੋਦ ਵਿੱਚ ਨੂਰ ਨਵਾਂ ਲਿਸ਼ਕੇ। ਫ਼ਜ਼ਰ ਦੀ ਵੱਡੀ ਫ਼ਜ਼ਰ ਹੋਈ, ਨਬੀ ਨੂਰ ਦਾ ਹੜ੍ਹ ਆਇਆ, ਮਾਨ ਸਨਮਾਨ ਚਿੱਕੜ ‘ਚੋਂ ਕੰਵਲ ਫੁੱਲ-ਵਾਂਗ ਸ਼ੋਖੀ-ਪੱਤੀਆਂ ਲੈ ਕੇ ਪੁਨਰਪ ਹੋਏ। ਦਇਆ ਦੇ ਬਾਂਸਾਂ ਨੇ ਧਰਮ ਦੀ ਫਨੀਰੀ ਨੂੰ ਘੜਿਆ, ਸੱਚ ਨੇ ਇਸ ਅੰਦਰ ਕ੍ਰਾਂਤੀ ਦੀ ਫੂਕ ਭਰੀ, ਅਕਾਲ ਦਾ ਜਾਪ ਉਚਾਰਿਆ। ਸਮਾਜ ਦੇ ਬੁੱਢੇ-ਬਾਜ਼ਾਂ ਨੇ ਬੋਦੇ ਤੇ ਥੱਕੇ ਖੰਭਾਂ ‘ਚੋਂ ਜ਼ਾਤਾਂ-ਪਾਤਾਂ ਦੀ ਗਰਦ ਝਾੜੀ। ਸਰਬਲੋਹ ਦਾ ਬਾਟਾ ਊਚ- ਨੀਚਤਾ ਦੀਆਂ ਗੁਰਜਾਂ ਅੱਗੇ ਢਾਲ਼ ਬਣਿਆ। ਝੂਲਦੇ ਫਰਲ-ਫੁਰੇਰਿਆਂ ਨੇ ਦਿਲਾਂ ‘ਚ ਆਜ਼ਾਦੀ ਦੀ ਰੀਝ ਜਗਾਈ। ਔਰੰਗੀ-ਸਲਤਨਤ ਦਾ ਖੌਫ਼ ਲੈ ਕੇ ਕਿਧਰੇ ਛੁਪੀਆਂ ਬੇਪਰਵਾਹੀਆਂ, ਚੁਲਬੁਲੀਆਂ, ਗੁਸਤਾਖ਼ੜੀਆਂ, ਮੌਜ-ਮਸਤੀਆਂ, ਬਗ਼ਾਵਤਾਂ, ਸਿਆਣਪਾਂ, ਅੜੀ-ਅੜਿੱਕਾਂ, ਅਠਖੇਲੀਆਂ, ਸੀਰਤਾਂ, ਭੜਮੱਤੀਆਂ- ਸੱਧਰਾਂ, ਚੜ੍ਹਦੇ ਪੱਰਾ-ਫਾਟ ਵੇਲ਼ੇ ਹੀ ਪਾਣੀ-ਪੱਤਣਾਂ ‘ਤੇ ਆ ਧਮਕੀਆਂ। ਫੁੱਲਾਂ ਜਿਹੇ ਕੋਮਲ ਜਜ਼ਬੇ। ਜੰਗਲਾਂ ਜਿਹੇ ਸਾਵੇ ਖ਼ਿਆਲ। ਡੂੰਘੇ-ਸਾਗਰੀ-ਫ਼ਲਸਫ਼ੇ। ਪਹਾੜ- ਗਿਰੀਆਂ ਵਰਗੇ ਹੌਂਸਲੇ। ਥਲ ਸੇਕਾਂ ਦੀ ਵੀਰਤਾ। ਸਰਦ-ਸਮੁੰਦਰੀ ਰਹਿਮਤ। ਸ਼ਰਬਤ ਦੇ ਭਲੇ ਨੂੰ ਦਿਲ-ਧਰਤੀਆਂ ‘ਤੇ ਬਖੇਰਨ ਵਾਲ਼ੇ ਜਲੌਅ ਤੂਫ਼ਾਨ, ਪਤਾ ਨਹੀਂ ਕਿਸ ਸਹੁ-ਸਾਗਰ-ਭਾਟੜੇ ‘ਚੋਂ ਉੱਠੇ? ਖ਼ੌਰੇ ਕਦ ਓਹਦੇ ਮਨ-ਮਸਤਕ ‘ਚ ਆ ਬਿਰਾਜੇ? ਪੌਣਾਂ, ਬਿਰਖ-ਪੱਤ-ਬੋਸਿਆਂ, ਬਾਂਸ-ਬੈਂਤਾਂ, ਝਿੰਗਾਂ-ਝਾੜਾਂ ਅਤੇ ਸਣ- ਸਿੱਕਰੀਆਂ ਦਾ ਸ਼ੋਰ ਸੰਗੀਤ ਓਹਦੇ ਦਰਬ-ਦਿਲ ‘ਚ ਆ ਉਤਰਿਆ? ਵਡ-ਵੀਰਤਾ ਦੀਆਂ ਨਿੱਕੀਆਂ-ਨਿੱਕੀਆਂ ਅੱਡੀਆਂ ਉੱਚੀਆਂ ਕਰਕੇ ਜਦੋਂ ਸ਼ਾਹ ਦਾਦੇ ਦੀਆਂ ਮੀਰੀ- ਪੀਰੀ ਤੇਗਾਂ ਛੂਹੀਆਂ ਤਾਂ ਗੁਰਦੁਆਰਿਆਂ, ਬੁੰਗੇ, ਮੱਠਾਂ, ਮੰਦਰਾਂ, ਡੇਰਿਆਂ ਦੇ ਗੁੰਬਦਾਂ ਨੇ ਹਿੱਕਾਂ ਉਭਾਰੀਆਂ। ਓਹਦੀਆਂ ਮਲੂਕ ਪੈਰ-ਤਲ਼ੀਆਂ ਨੇ ਜੋ ਰੰਦ-ਰਾਹ ਉਲੀਕੇ, ਉਹਨਾਂ ‘ਤੇ ਹੀ ਖ਼ਾਲਸਾ ਤੇਗਾਂ ਦੀ ਛਾਂ ਥੱਲੇ ਧੂੜਾਂ ਉਡਾਉਂਦਾ ਨਿੱਤ ਨਵੀਂ ਤੋਰ ਤੁਰਦਾ, ਕੂੜ-ਤਖ਼ਤਾਂ ਦੀ ਹਿੱਕ ਜਾ ਮਧੋਲਦਾ। ਅਣਖ ਬਰਾਬਰੀ ਅਤੇ ਮਾਨਵਤਾ ਲਈ ਭੋਰਾ-ਭੋਰਾ ਹੋ ਕੇ ਲੜ੍ਹਨ ਵਾਲ਼ੇ ਪੰਜ ਤੀਰ ਆਨੰਦਪੁਰ ਦੇ ਭਲੱਥੇ ‘ਚ ਆ ਬਿਰਾਜੇ। ਸੈਨਾਪਤ-ਸਵਈਏ ਉਹਦੇ ਯੁੱਧ-ਜੌਹਰਾਂ ਨੂੰ ਸੰਭਾਲ਼ਦੇ। ਚਿੜੀਆਂ, ਗਟਾਰਾਂ, ਬਗਲਿਆਂ, ਮੋਰ-ਮਿਰਲਾਂ, ਸਾਰਸਾਂ, ਕਾਂਵਾਂ ਦੇ ਝੁੰਡ ਜਮਨਾ-ਅੰਮ੍ਰਿਤ ਨੂੰ ਖੰਭਾਂ ‘ਤੇ ਉਛਾਲਦੇ, ਅੱਖਾਂ ਤੀਕ ਚੁੰਝਾਂ ਡੋਬ ਕੇ ਆਨੰਦ ‘ਚ ਤਰੁੱਠਦੇ। ਨਵੀਂ ਖੁਮਾਰੀ ਜਗਾ ਕੇ ਪੰਜੋਂ-ਪੰਜੀ, ਸੀਨੋ-ਸੀਨੀ ਲੜ੍ਹਦੇ, ਓਹਨੂੰ ਜਰਨੈਲ ਯੋਧੇ ਜਾਪਦੇ। ਬ੍ਰਹਮ-ਅੰਮ੍ਰਿਤ ਦਾ ਬਾਟਾ ਛਲ਼ਕਿਆ। ਅਪਣੱਤ, ਮਿਲਾਪ, ‘ਤਫ਼ਾਕ ਦੇ ਬਾਜ਼ਾਂ ਨੇ ਪਰ ਸਮੇਟੇ। ਵਹਿਸ਼ੀ-ਵਹਿਮਾਂ ਦੇ ਛੱਤੇ ‘ਚੋਂ ਛੂਤ-ਛਾਤ ਦਾ ਡੂਮਣਾ ਉੱਡਣ ਲੱਗਾ। ਸੂਦਰਾਣੀਆਂ ਪਰਬੋਧੀ ਹੋਈਆਂ। ਵੈਸ਼ਾਣੀਆ, ਸੇਠਾਣੀਆਂ, ਬ੍ਰਹਮਣੀਆਂ ਨੇ ਜੋੜੇ-ਧੂੜਾਂ ਦੀ ਕਿਰਤ-ਕਾਰ ਮੰਗੀ। ਬਲਾਈ ਲੋਕਾਂ ਨੂੰ ਤਖ਼ਤ ਮਿਲੇ। ਓਹਨੇ ਹੀ ਭਾਈ ਘਨੱਈਏ ਦੇ ਮੁਖਾਰ-ਬਿੰਦਾਂ ਰਾਹੀਂ ਪਹਾੜਾਂ ‘ਚੋਂ ਡਿੱਗਦੇ ਪਹਾੜੀ-ਬੂੰਬੇ ਦੇ ਅਰਥ ਮਸ਼ਕ-ਪਾਣੀ ਨਾਲ਼ ਸਮਝਾਣੇ ਸਨ। ਇਹ ਤਾਂ ਓਹਦਾ ਪੜਦਾਦਾ ਕਰ ਵਿਖਾ ਗਿਆ ਸੀ ਕਿ ਰੰਗ-ਰਸੇ ਸ਼ਬਨਮ ਦੇ ਕਿਣਕੇ ਤੱਤੀਆਂ ਤਵੀਆਂ ‘ਤੇ ਭੜਮੱਚਦੇ ਨਹੀਂ ਸਗੋਂ ਸ਼ਾਂਤ ਸਾਗਰ ਵਾਂਗ ਵਿਸਥਾਰੇ ਜਾਂਦੇ ਨੇ। ਨਿਮਾਜ਼ਾਂ ਦਾ ਇਲਾਹੀ-ਤੱਤ ਇਹਦੇ ਗ੍ਰੰਥਾਂ ‘ਚ ਆ ਸਮਾਧਿਆ। ਬੇਦ-ਗਿਆਤ ਫ਼ਲਸਫ਼ੇ ਦੀਆਂ ਕਣੀਆਂ ਇਹਦੇ ਸਾਰ-ਸਾਗਰ ‘ਚ ਆ ਨੁੱਚੜੀਆਂ। ਕਾਇਨਾਤ ਸਾਰੀ ਗਾ ਉੱਠੀ:— ਓਹ ਅੱਥਰਾ ਸਿਪਾਹੀ, ਅਲਬੇਲੜਾ 'ਜਾ ਸਾਧ। ਮਾਣੇ ਧਨੀਏ ਤੇ ਭੱਖੜੇ ਦਾ ਇੱਕ ‘ਜਾ ਸਵਾਦ। ਤੱਤੇ ਪੱਥਰਾਂ ਦੇ ਤਕੀਏ ‘ਤੇ ਚਾਂਦੀ ਰੰਗੇ ਖ਼ਾਬ। ਸੂਤੇ ਕਾਹੀਆਂ ਦੇ ਪਿੰਡੇ, ਕੰਬੇ ਤੁਰਕਾਂ ਦੇ ਤਾਜ਼। ਸਾਡੀ ਧਰਤੀ ਦੇ ਅਸਲ ਵਾਰਿਸਾਂ ਜਿਨ੍ਹਾਂ ਦਾ ਪਿਛੋਕੜ ਸਿੰਧ ਸੱਭਿਅਤਾ ਨਾਲ਼ ਸੀ। ਤਘੂਰ, ਵਹਸ਼ੀ, ਸੂਦਰ, ਅਵਰਤਨ, ਅਛੂਤ, ਦਾਸ, ਦੈਂਤ, ਰਾਖਸ਼, ਸਰੋਸ, ਦਾਨਵ, ਹਰੀਜਨ ਆਦਿ ਸਭ ਨੂੰ ਬਣਦੀ-ਤਣਦੀ ਜਗ੍ਹਾ ਦਿਵਾਈ। ਦੁਖੀ ਲੋਕਾਂ ਦੀ ਆਵਾਜਾਰ-ਆਵਾਜ਼ ਰੋਹ ‘ਚ ਬਦਲੀ। ਜਾਪ ਦੇ ਖੰਭਾਂ ਸਹਾਰੇ ਗਿਆਨ ਦੀਆਂ ਤੁੱਛ-ਤੁਰਸ਼ੀਆਂ ਦੂਰ ਹੋਈਆਂ। ਪਾਖੰਡੀਆਂ ਦੀਆਂ ਟਰਪੱਲੀਆਂ ਤੇ ਗਰਬ-ਗਲੇਫ਼ੀਆਂ ਗੱਲਾਂ ਨੂੰ ਠੱਲ ਪਈ। ਅੱਤ-ਅਕਲ ਵਾਲ਼ੇ ਮੋਰ ਬਣੇ। ਮੁੱਠੀ ਭਰ ਸਰੀਰਾਂ ਵਾਲ਼ਿਆ ਨੇ ਮਸਤ ਹਾਥੀਆਂ ਦੇ ਕੁੰਭਾਂ ‘ਚ ਨਾਗਣੀਆ ਧਸਾਈਆਂ। ਸੰਖਾਂ, ਟੱਲਾਂ, ਘੰਟੀ-ਘੜਿਆਲਾਂ, ਨਗਾਰਿਆਂ, ਨੌਬਤ-ਨਗਾਰਿਆਂ ਨੇ ਓਹਦੀਆਂ ਤੇਗਾਂ ਦੀ ਛਾਂਵੇਂ ਵਿਗਸਣਾ ਹੈ। ਓਹਨੇ ਸਭਨਾਂ ਲਈ ਸ਼ਹੀਦ ਹੋਣੈ। ਸਭਨਾਂ ਨੇ ਹੋਰ ਸਭਨਾਂ ਨੂੰ ਦੱਸਣੈ ਕਿ ਇਹਨਾਂ ਸਦਕਾ ਇਹ ਦੇਸ, ਦੇਸ ਹੀ ਰਿਹਾ ਪਰਦੇਸ ਨਹੀਂ ਹੋਇਆ। ਸਾਡੇ ਚੀਰੇ ਕਲਗੀ-ਕੰਗੂਰਿਆਂ ਦੀ ਛਬਮਈ ਲਿਸ਼ਕੋਰ, ਕਿਲਿਆਂ ਦੇ ਤਿਰਛੇ ਕੋਨਿਆਂ ਅੱਗੇ ਮੁਸਕਰਾਉਂਦੀ ਰਹੀ ਹੈ। ਜੇ ਓਹ ਉੱਡਦੇ ਬਾਜ਼ ਦਾ ਡੋਰਾ ਨਾ ਫੜਦਾ ਤਾਂ ਸਾਡੇ ਹੱਥਾਂ ‘ਚੋਂ ਊਠਾਂ– ਘੋੜਿਆਂ ਦੀਆਂ ਰਾਸਾਂ ਛੁਟ ਜਾਣੀਆਂ ਸਨ। ਕਣਕਾਂ ਦੀ ਛੱਬ ਜਿਹੇ ਮਾਖਿਓਂ-ਮੁੱਖੜੇ। ਜੋ ਮਿੱਟੀ ‘ਚੋਂ ਮੁਲ਼ਕਾਂ ਦੀ ਕਿਸਮਤ ਪੱਥਦੇ। ਰੱਕੜਾਂ ਨੂੰ ਚੁੰਮਦੇ। ਝਾੜਾਂ ਨੂੰ ਟੁੱਕਦੇ। ਮਾਧੋ-ਧੁੱਪਾਂ ਨੂੰ ਫੜ੍ਹਦੇ। ਇੱਕ ਰੰਗ ‘ਚੋਂ ਕਿੰਨੇ ਰੰਗ ਘੜ੍ਹਦੇ! ਕਿੰਨਿਆਂ ਦਾ ਫਿਰ ਇੱਕ ਕਰਦੇ। ਇਹ ਉਹਨਾਂ ਦੇ ਅੱਟੇ ਕਾਮਲ ਦਸਤਾਂ ‘ਚੋਂ ਪਾਣੀ ਪੀਂਦਾ। ਬੋਸੇ ਲੈਂਦਾ। ਚੀਰੇ ਸਜਾਉਂਦਾ। ਲਿਟਾਂ ਸੰਵਾਰਦਾ। ਜੋ ਦਿਲਾਂ ਦੇ ਵਟ ਉਤਾਰਦੇ, ਇਹ ਉਹਨਾਂ ਨੂੰ ਕੂਕਾਂ ਮਾਰਦਾ। ਪਾਣੀ ਪਾਰੀ ‘ਚ ਜਭਾਰ ਉਠਾਲਦਾ:— ਪਾਟੇ-ਪੈਰ, ਸੁਰਖ਼ੇ-ਸੀਨੇ, ਦਸਤੀਂ-ਖੰਡੇ, ਮਗਜ਼ੋਂ-ਠੰਡੇ, ਲਹੂ-ਗਿਰ-ਲਾਵੇ, ਜਾਣ-ਪੰਘਰਦੇ ਥਕਾਵੇ-ਨਿਹਾਰਨ, ਮੌਤ ਵੰਗਾਰਨ, ਵਾਹਿਗੁਰੂ ਚਿਤਾਰਨ, ਹਵਾਈ ਬਾਵੇ, ਸੂਹੇ ਸਾਵੇ ਪਿਆਲ਼ੇ ਸਬਰ ਦੇ ਮਨੂੰ-ਲਿਤਾੜੇ, ਵਰਨਾਂ ਦੇ ਪਾੜੇ, ਮਜ਼ਹਬਾਂ-ਮਾਰੇ, ਤੇਗ-ਤਖ਼ਤੀਂ-ਉਤਾਰੇ, ਰਾਹੀ ਸਫ਼ਰ ਦੇ ਸੋਕੇ ‘ਚ ਖਿੜ੍ਹਦੇ, ਕਸੇ ਤੋਂ ਦਿੜ੍ਹਦੇ, ਲਹਿਰਾਂ ਨਾ' ਭਿੜ੍ਹਦੇ, ਸ਼ਬਦ ਦੇ ਚੇਲੇ, ਮਾਲਕ ਚਵਰ ਦੇ। ਪਥਕਣ-ਭੂਮੀ ਤੋਂ ਉਹਨੇ, ਨੀਲ-ਲਾਜ਼ਵਰਦ ਘੜੇ, ਲਾਜ਼ਵਰਦਾਂ ਤੋਂ ਨਗੀਨੇ, ਇਹਨਾਂ ਨਗੀਨਿਆਂ ਦੇ ਰੰਗ ਦੀ ਖਾਲਸਾਈ ਦਸਤਾਰਾਂ ਨੂੰ ਪਾਣ ਦਿੱਤੀ। ਜੇ ਜ਼ਾਲਮ ਹਾਕਮਾਂ ਦੀ ਤਾਜ਼-ਕਲਗੀ ਮਜ਼ਲੂਮਾਂ ਦੇ ਦਿਲ-ਦਰਬਿਆਂ ਨੂੰ ਨਾ ਟੁਕਦੀ ਤਾਂ ਪਟਨੇ ਦੇ ਦਰਵੇਸ਼ ਨੂੰ ਕਿਓਂ ਆਪਣੀ ਫ਼ੱਕਰ-ਦਸਤਾਰ ‘ਤੇ ਇਹ ਸਜਾਉਣੀ ਪੈਦੀਂ? ਦਸ਼ਮੇਸ਼-ਕਲਗੀ ਨੇ ਨਿਮਾਣਿਆਂ ਦੀਆਂ ਝੁਕੀਆਂ ਅੱਖਾਂ ਨੂੰ ਲੱਖਾਂ ਕੋਹਿਨੂਰਾਂ ਦਾ ਤਪ-ਤੇਜ਼ ਦਿੱਤਾ। ਇਹਨਾਂ ਦੇ ਸੋਹਲਿਆਂ ਨੇ ਤਖ਼ਤਾਂ ਨੂੰ ਨੱਪੀਂ ਬੈਠੀ ਧੂੜ-ਪੰਬੀ ਸਾੜੀ। ਦਰਵੇਸ਼ੀ ਤਾਨ-ਤੂਤਨੀਆਂ ਨੇ ਜਲਾਲੇ ਫ਼ਨ-ਫਨੀਰੀਆਂ ਦੇ ਫ਼ਨਾਂ ‘ਤੇ ਮਧੁਰ-ਮੋਰ-ਪੰਜੇ ਰੱਖੇ। ਅੰਧਕਾਰੀ-ਰਾਤ ਲੰਘਦਿਆਂ ਗਿਆਨ ਦਾ ਭਿਆਗ ਵੇਲ਼ਾ ਹੁੰਦਿਆਂ ਗੋਬਿੰਦ-ਸੂਰਜ ਦੀਆਂ ਨੂਰਾਨੀ- ਕਿਰਨਾਂ ਦੀ ਚਮਕ ਮੱਕੀ ਦੀ ਭੁੱਟੀ ਦੇ ਵਾਲਾਂ ਵਾਂਗ ਮਾਨਵਤਾ ਦੇ ਮਨ-ਮੁੱਖੜੇ ‘ਤੇ ਚਮਕੀ। ਉਹਨਾਂ ਦੀ ਨਮਦਾ-ਅਕਲ ਨੂੰ ਗੁਰਾਂ ਨੇ ਆਪ ਬਾਰੀਕੀ ਬਖ਼ਸ਼ੀ। ਮੁੱਖ ‘ਤੇ ਆਮਿਓ-ਆਭਾ ਚਮਕੀ। ਸੀਰ- ਸ਼ਿਰਕਤ ਵਧੀ। ਢੱਠੀ ਸੋਚ ਨੂੰ ਸ਼ਾਵਾ-ਸ਼ਿਸ਼ਕੇਰੀ ਦਿੱਤੀ। ਰੂਹਾਂ ‘ਚ ਰਸ-ਰਸੂਖ਼ ਵਧਿਆ। ਕੋਈ ਕਹਿ ਉੱਠਿਆ: — ਤੂੰ ਮੁਤਬਰਕ-ਮੌਲਾ ਤੇ ਮੈਂ ਮਨੁੱਖ ਹਾਂ ਮੈਲ਼ਾ।

ਕੇਸਾਂ ਦੀ ਅਮਰਤਾ

ਪੰਜਾਬ ਮਾਂ ਭਾਰਤ-ਭੂਮੀ ਦਾ ਮਸਤਕ ਹੈ। ਜਿਸ ਦੀ ਮਾਂਗ ਚਾਰੇ ਯੁੱਗ ਵੀਰਾਂ, ਯੋਧਿਆਂ, ਸੂਰਮਿਆਂ ਦੇ ਰੱਤ-ਸੰਧੂਰਾਂ ਨਾਲ਼ ਭਰਦੇ ਰਹੇ ਨੇ। ਜਿਸ ਤਰ੍ਹਾਂ ਰੁੱਖ-ਬੂਟੇ ਮਿੱਟੀ-ਮਜਹਬ ਦਾ ਅੰਗ ਹਨ। ਓਸੇ ਤਰਾਂ ਕੇਸ ਵੀ ਮਨੁੱਖੀ-ਕੇਸ਼ ਦਾ ਅੰਗ ਹਨ। ਪਿੱਛੇ ਵੱਲ ਨੂੰ ਸੁੱਟੇ ਲੰਬੇ-ਲੰਬੇ ਕੇਸ ਉੱਛਲਦੇ, ਕੁੱਦਦੇ, ਦੌੜਦੇ ਸਮੇਂ ਵੈਰੀਆਂ ਨੂੰ ਕੰਡ ਨਾ ਦੇਣ ਦਾ ਅਮਰ ਪ੍ਰਤੀਕ ਹਨ। ਚੰਨ ਤੇ ਚਿਹਰੇ ਦਾ, ਰਾਤ ਤੇ ਕੇਸਾਂ ਦਾ ਅਜ਼ੀਬ ਉਪਮਾਕਰਨ ਹੈ। ਜਵਾਨੀ ਵੇਲ਼ੇ ਸੁੰਦਰ ਗੋਰੇ ਚੰਨ- ਚਿਹਰੇ ਦੁਆਲੇ ਮੱਸਿਆ ਦੀ ਰਾਤ ਵਰਗੇ ਕਾਲ਼ੇ ਕੇਸ ਝੁੰਬ ਮਾਰੀਂ ਬੈਠੇ ਹੁੰਦੇ ਨੇ। ਬੁਢਾਪੇ ਵੇਲ਼ੇ ਇਹੋ ਕੇਸ ਪੂਰਨਮਾਸੀ ਬਣ ਖਲੋਂਦੇ ਨੇ। ਸਮੁੱਚੀ ਬਨਸਪਤੀ ਧਰਤੀ ਦੇ ਕੇਸ ਹਨ। ਸਮੁੱਚੇ ਕੇਸ ਸਗਲ ਜੀਵਾਂ ਦੀ ਬਨਸਪਤੀ ਹਨ। ਮਨੁੱਖ ਦਾ ਦਿਲ ਜਦੋਂ ਸੁੰਨਾ ਹੋਇਆ ਤਾਂ ਇਸਨੂੰ ਸੁੰਨੀ ਧਰਤੀ ਅਤੇ ਸੁੰਨੇ-ਚਿਹਰੇ-ਮੁਹਰੇ ਚੰਗੇ ਲੱਗਣ ਲੱਗੇ। ਢਕੇ ਕੇਸ ਸਤਿਕਾਰ ਦੇ ਨਾਲ਼-ਨਾਲ਼ ਦਿਮਾਗੀ ਸਿਰਜਣਾ ਸ਼ਕਤੀ ਦਾ ਵਿਕਾਸ ਵੀ ਕਰਦੇ ਨੇ। ਕੇਸਾਂ ਕਰਕੇ ਆਇਆ ਪਸੀਨਾ ਸਨ ਸਟਰੋਕ ਤੋਂ ਬਚਾ ਕਰਕੇ ਦਿਮਾਗ ਨੂੰ ਠੰਡੀ ਤਾਸੀਰ ਬਖ਼ਸਦਾ ਹੈ। ਸਾਨੂੰ ਨਹੀਂ ਪਤਾ ਸਾਡੀ ਅੱਖ ‘ਤੇ ਵੱਜਦਾ ਵੱਟਾ ਸਾਡੇ ਭਰਵੱਟਿਆਂ ਤੋਂ ਤਿਲਕ ਸਕਦਾ ਹੈ। ਕੇਸਾਂ ਦੀ ਆਪਣੀ ਅਨੋਖੀ ਬਣਤਰ ਹੈ। ਕੁਝ ਦੇ ਕੇਸ ਮਲ਼ਿਆਂ ਵਰਗੇ ਖੁਸ਼ਕ, ਕੁਝ ਦੇ ਪਿਸ਼ੋਰ-ਝਿੰਗਾ ਵਰਗੇ ਫਣਫਣੇ, ਕੁਝ ਦੇ ਬਰਗ ਚਨਾਰ ਦੇ ਪੱਤਿਆਂ ਵਰਗੇ ਕੂਲ਼ੜੇ, ਕਿਸੇ ਦੇ ਬੋਤਲਪਾਮ ਦੇ ਪੱਤਿਆਂ ਵਰਗੇ ਲੰਮੇ। ਬਹੁਤਿਆਂ ਦੇ ਤਾਂ ਨਾਗਫਣੀਆਂ ਵਾਂਗ ਜੁੜੇ ਹੁੰਦੇ ਨੇ। ਸਾਧੂਆਂ ਦੇ ਬੋਹੜਾਂ ਦੀਆਂ ਸਹਾਰਾ-ਜੜ੍ਹਾਂ ਤੇ ਜੰਡ ਝਿੰਗਾਂ ਵਰਗੇ ਕੇਸ ਸਦੀਆਂ ਦੇ ਬਿਖਮ ਗੂੜ-ਗਿਆਨ ਦਾ ਗੜ੍ਹ ਹੁੰਦੇ ਹਨ, ਸੰਸਾਰ ਨੂੰ ਇੱਕ ਉਲਝਣ ਦੱਸਦੇ ਨਜ਼ਰ ਆਉਂਦੇ ਨੇ। ਜੰਡ ਦੇ ਪੱਤਿਆਂ ਨਾਲ਼ ਮੁਟਿਆਰਾਂ ਦੇ ਧੋਤੇ ਕੇਸ ਸੁੱਕ ਕੇ ਜੰਡ-ਪੱਤੇ ਹੋ ਨਿਬੜਦੇ। ਬਚਪਨ ਦੇ ਕੇਸਾਂ ‘ਚ ਚਮੇਲੀ ਦੀ ਇਤਰ ਘੁਲ਼ਦੀ ਹੈ। ਜਵਾਨੀ ਸਮੇਂ ਮਹਿਬੂਬ ਦੇ ਕੇਸਾਂ ‘ਚੋਂ ਚੰਦਨ ਦੀ ਮਹਿਕ ਵਿਗਸਣਾ ਕਰਕੇ ਕਾਵਿ, ਸੁਰ-ਸੰਗੀਤ ਹੁਲਾਰਾ ਹੋ ਨਿੱਬੜਦੀ। ਵੇਦਾਂ ‘ਚ ਕੇਸਾਂ ਦੀ ਸਿਹਤ ਸਬੰਧੀ ਮਹਾਨਤਾ ਦੇ ਨਾਲ਼-ਨਾਲ਼ ਜੇਤੂਆਂ-ਅਜੇਤੂਆਂ ਦਾ ਸੰਬੰਧ ਵੀ ਕੇਸਾਂ ਨਾਲ਼ ਦਰਸਾਇਆ ਗਿਆ ਹੈ। ਐਲਬਰੂਨੀ ਦਾ ਕੇਸਾਂ ਬਾਰੇ ਭਾਰਤੀ ਇਤਿਹਾਸ, ਰੋਮੀ ਤੇ ਮਿਸਰੀਆਂ ਦਾ ਕੇਸਾਂ ਨੂੰ ਸਭ ਤੋਂ ਉੱਤਮ ਚੜਾਵਾ ਸਮਝਣਾ, ਰਾਜੇ ਪੀਟਰ ਦਾ ਕੇਸਾਂ ‘ਤੇ ਟੈਕਸ ਲਗਾਉਣਾ, ਔਰੰਗਜ਼ੇਬ ਦੀ ਕੇਸਾਂ ਦੀ ਸ਼ਾਨੋ-ਸ਼ੌਂਕਤ ‘ਤੇ ਪਾਬੰਦੀ, ਯੋਧੇ ਸੈਮਸਨ ਦੀ ਕੇਸਾਂ ਨਾਲ਼ ਬਣੀ ਤਾਕਤ ਨੂੰ ਉਸਦੀ ਮਾਸ਼ੂਕ ‘ਡਲੇਲਾ' ਦੁਆਰਾ ਕੇਸ ਕੱਟ ਕੇ ਕਤਲ ਕਰਾਓਣਾ, ਆਇਰਲੈਂਡ ਦੀ ਵਿਆਹ ਰਸਮ ‘ਚ ਕੇਸਾਂ ਦੇ ਤਾਵੀਜ਼ ਬਣਾਉਣੇ। ਗੰਜੇ ਜੁਲੀਅਸ ਸ਼ੀਜਰ ਦਾ ਗੰਜੇਪਣ ਨੂੰ ਦੂਰ ਕਰਨ ਲਈ ਗਲ਼ ‘ਚ ਪੱਤਿਆਂ ਦੀ ਮਾਲ਼ਾ ਸਜਾਉਣੀ। ਪਿਆਨੋ ਮਾਸਟਰ ਕੀਟਸ ਦੇ ਕੇਸ ਕੱਟਣ ‘ਤੇ ਲੋਕਾਂ ਵੱਲੋਂ ਪਿਆਨੋ ਸੁਣਨ ਤੋਂ ਇਨਕਾਰ ਕਰਨਾ। ਨਪੋਲੀਅਨ ਦੀ ਜ਼ਹਿਰ ਖਾ ਕੇ ਹੋਈ ਮੌਤ ਦਾ ਭੇਦ ਉਸਦੇ ਕੇਸਾਂ ਨੇ ਦੋ ਸੌ ਸਾਲ ਬਾਅਦ ਦਿੱਤਾ। ਪੀਰ ਬੁੱਧੂ ਸ਼ਾਹ ਜੀ ਨੇ ਵੀ ਕੇਸਾਂ ਦੀ ਗੁਰੂ ਜੀ ਪਾਸੋਂ ਮੰਗ ਕੀਤੀ ਸੀ। ਅੱਜ ਕੇਸ ਕੱਟਣ ਦਾ ਰਿਵਾਜ ਹੈ ਕਿਉਂਕਿ ਇਹਨਾਂ ‘ਚ ਸੰਵੇਦਨਾ ਨਹੀਂ ਹੁੰਦੀ। ਕੱਟਣ ਸਮੇ ਦਰਦ ਨਹੀਂ ਹੁੰਦਾ ਇਹ ਬਾਰੀਕ ਹੁੰਦੇ ਨੇ ਪਰ ਤਾਕਤ ਬਹੁਤ ਹੁੰਦੀ ਹੈ। ਅੱਜ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਕਈ ਜ਼ਹਿਰੀਲੀਆਂ ਧਾਤਾਂ ਕੇਸਾਂ ਰਾਹੀਂ ਬਾਹਰ ਨਿਕਲਦੀਆਂ ਹਨ। ਆਰਸੈਨਿਕ ਧਾਤ ਕੇਸਾਂ ਰਾਹੀਂ ਬਾਹਰ ਨਿੱਕਲਦੀ ਹੈ। ਸਾਬਤ ਸੂਰਤ ਮਨੁੱਖ ਦਾ ਦਾੜ੍ਹਾ, ਸ਼ੇਰ-ਬੁੰਘ ਦੇ ਭਾਵ ਪ੍ਰਗਟ ਕਰਦਾ ਹੈ। ਕੇਸਾਂ ਦਾ ਆਪਣਾ ਚਮਕਦਾ ਇਤਿਹਾਸ ਹੈ, ਐਵੇਂ ਨਹੀਂ ਦਸ਼ਮੇਸ਼ ਨੇ ਇਹਨਾਂ ‘ਚ ਅੰਮ੍ਰਿਤ ਦੇ ਛਿੱਟੇ ਪਾ ਕੇ ਇਹਨਾਂ ਨੂੰ ਅਮਰਤਾ ਬਖਸ਼ੀ।

ਖੁਸਰਿਆਂ ਦੀ ਸਲਤਨਤ

ਇੱਕ ਫਰਤੂਤ ਘੋੜਸਵਾਰ ਦਰ੍ਹੇ ਨੂੰ ਪਾਰ ਕਰਦਾ ਤੇ ਗਾਉਂਦਾ ਆਉਂਦਾ ਹੈ:— ਕੁੱਚੀਆਂ ਦਾੜ੍ਹੀਆਂ, ਲੁੱਚੀਆਂ ਤਾੜੀਆਂ, ਫ਼ੌਜਾਂ ਫ਼ਾਰਸ-ਕਜ਼ਾਕਾਂ ਨੇ, ਹਿੰਦ ‘ਤੇ ਚਾੜੀਆਂ। ਦੋ ਅਯਾਲੀ ਪਛਾਹੀਂ-ਵੇਲ਼ੇ ਮਗ਼ਰਿਬ ਪਾਸਿਓਂ ਕੂਕ ਉੱਠੇ: — ਮੁਗਲ ਮੰਗ਼ੋਲ ਜਦੋਂ ਵੀ ਆਵਣ, ਬਣ-ਬਣ ਲੰਮੀਆਂ ਭੀੜਾਂ। ਮਾਂ ਧਰਤੀ ਦੇ ਢਿੱਡੋਂ ਉੱਠਣ ,ਉਮਰਥਲ ਦੀਆਂ ਪੀੜਾਂ। ਦਾਲ਼-ਵੇਲ਼ਾ ਹੁੰਦਿਆਂ ਹੀ ਕਾਰਵਾਂ-ਕਾਫ਼ਲੇ ਫਰਸੰਗ-ਫ਼ਾਸਲੇ ਤੈਅ ਕਰਦੇ ਹਿੰਦ ਦੀਆਂ ਸਰਦਲਾਂ ‘ਤੇ ਆ ਚੜ੍ਹਦੇ। ਕਿਸੇ ਮਾਂ-ਧਰਤੀ ਦੀ ਪੱਤ ਰੋਲ਼ਣ। ਮਜ਼ਹਬਾਂ ਦੀ ਚੜ੍ਹਤ ਲਈ। ਆਪਣੇ ਖੁਦਾ ਦੇ ਮਾਣ-ਮੁੰਨਜਾਤ ਲਈ। ਇਹ ਫ਼ਰੇਬਾਂ ਦੇ ਪੱਕੇ, ਬੇਇਤਵਾਰੀ ਦੇ ਫੱਕੇ, ਰੂਹੇ-ਸਕੰਦ, ਫਫੜਤਾਲ਼ੇ, ਪਸਤਵੰਨੇ, ਮਕਰਵਾਜ਼, ਕਜ਼ਾਕ, ਵਣਜ ਦੇ ਭੈੜੇ, ਮਾਰਖੁੰਡੇ ਵੈੜੇ, ਕਸਤੂਰ-ਕੁੱਤੇ, ਜੰਬੋ-ਰਾਕਸ਼, ਫ਼ਿਨੀਸ਼ਨਾਂ ਵਾਂਗੂੰ ਛਾਪੇਮਾਰ। ਫਨੂਸਾਂ ‘ਚੋਂ ਫਤੀਲ ਬੁਝਾ ਕੇ, ਯੁਵਤੀਆਂ ਦੇ ਅੱਜੜ੍ਹ ਲੈ ਜਾਣ ਵਾਲ਼ੇ, ਪਰ-ਪਸ਼ਾਬਗਾਰਾਂ ਦੇ ਲੋਭੀ। ਟੋਲੇ-ਟੁੰਮਣਾ ਦੇ ਹਿੰਦ ‘ਚ ਪੈਰ ਧਰਦਿਆਂ ਹੀ ਕਹਿਰਭਰੀ ‘ਲਹੁਰੀ ਰਾਤ ਤੇ ਖ਼ੂਨੀਂ ਪੀਰ-ਵੇਲ਼ਿਆਂ ਨੂੰ ਜਨਮ ਦੇਣਗੇ। ਫਿਰ ਕੋਈ ਪੋਰਸ ਲੱਕ-ਤੜਾਗੀ ਹੋ ਕੇ ਲੜ੍ਹੇਗਾ। ਕਿਸੇ ਦੀ ਤੇਗ-ਨੋਕ ਚੀਨ ਦੀ ਕਹਿਕਹਾ-ਕੰਧ ਬਣੇਗੀ। ਫਿਰ ਕਿਸੇ ਮੁਲ਼ਕ ਵੇਚੂ ਦਾ ਨਾਂ ਸਾਹਮਣੇ ਆਵੇਗਾ। ਮਨਸੂਰ ਅਲੀ ਦਾ, ਮੀਰ ਜਾਫ਼ਰ ਦਾ, ਲੋਧੀ ਦਾ................! ਇਹ ਮਖਣੀ ਖਾਵਣਗੇ। ਛਾਹ ਸੜ੍ਹਾਂਕਣਗੇ। ਬੇਅਬਰੋਈਆਂ ਕਰਨਗੇ। ਫ਼ਸਲਾਂ ਲਿਤਾੜਣਗੇ। ਮਾਲਾਮਾਲ ਹੋਣਗੇ। ਚੀਕ-ਚੁਟਾਹਲਾ ਗੂੰਜੇਗਾ।ਕੇਸਾਂ ਨੂੰ ਦੁਸ਼ਾਸ਼ਨੀ-ਹੱਥਾਂ ਨਾਲ਼ ਨਝੂਝਿਆ ਜਾਵੇਗਾ। ਮਾਅਮੂਰ ਵਸਦੇ ਪਿੰਡਾਂ ਨੂੰ ਬਰਬਾਦ ਕਰਕੇ ਉੱਚੀਆਂ ਦੁੰਦਾਂ ਮਾਰੀਆਂ ਜਾਣਗੀਆਂ। ਝੁੱਗੀਆਂ ਨੂੰ ਤਰੁੱਟ ਦਿੱਤਾ ਜਾਵੇਗਾ। ਜਦੋਂ ਕਾਮ ਦੀ ਲਾਚੜ ਚੜ੍ਹੀ ਹੁੰਦੀ ਹੈ ਤਾਂ ਐਸੀ ਕਿਹੜੀ ਟੋਗ-ਟਹਿਟੀਰੀ ਜੋ ਇਨ੍ਹਾਂ ਦੇ ਹੱਥ ਨਾ ਆਉਂਦੀ। ਇਹ ਸੋਨ ਚਿੜੀ ਜ਼ਾਲਮਾਂ ਨੇ ਕਸਾਈ ਚਿੜੇ ਵਾਂਗ ਸੀਖਾਂ ਉੱਤੇ ਟੰਗ-ਟੰਗ ਖਾਧੀ ਹੈ। ਲਾਲੀ ਪੰਛੀਆਂ ਦੀ ਗਿਣਤੀ ਵਾਂਗ ਇਹ ਘੁਸਪੈਠੀਏ ਆਉਂਦੇ ਰਹੇ। ਜਿਸ ਮੁਲ਼ਕ ‘ਚ ਇੱਜ਼ਤ-ਆਬਰੂ, ਔਰਤ, ਈਮਾਨ ਤੇ ਫ਼ਸਲ ਮਹਿਫ਼ੂਜ ਨਹੀਂ, ਉਸ ਦੇਸ ਦੇ ਤਖ਼ਤ ‘ਤੇ ਖੁਸਰਾ ਬੈਠਾ ਹੁੰਦਾ ਹੈ, ਮਰਦ ਨਹੀਂ। ਜਿੱਥੇ ਪਹੁ-ਫੁਟਦਿਆਂ ਰੋਜ਼ਨਾਮਚੇ-ਪੱਤਰ ‘ਚ ਲਾਲ ਖ਼ਬਰ ਫੁੱਟੇ। ਸੂਰਜ ਦੇ ਉੱਚਾ ਹੁੰਦਿਆਂ ਕਰਮ ਨੀਵੇਂ ਹੋਣ। ਨਿੱਸਰੀਆਂ ਛਾਤੀਆਂ ਤੇ ਕਣਕਾਂ ਦੀ ਧੜਕਣ ਡੋਲੇ। ਸੱਚ ਦੇ ਪੈਰ ਥਿੜਕਣ। ਈਮਾਨ ਦੀ ਜੀਭ ਸੁੱਜੇ। ਦੀਨ ਕਬਰਾਂ ‘ਚ ਹੋਵੇ। ਸ਼ੇਰਾਂ ਨੇ ਪੂਛਾਂ ਲੱਤਾ ‘ਚ ਲਈਆਂ ਹੋਣ। ਰੱਬ ਦੇ ਨਾਂ ‘ਤੇ ਲੁੱਟ ਹੋਵੇ ਤੇ ਰੱਬ ਚੁੱਪ ਹੋਵੇ। ਬੁੱਤਾਂ ਤੋਂ ਮੰਗਿਆ ਜਾਏ। ਹਰਕਤਾਂ ਨੂੰ ਮੁਸ਼ਕਾਂ ਪੈਣ। ਰੋਜ਼ੇ ਹੀ ਰੋਜ਼ੇ ਰਹਿਣ, ਈਦ ਆਵੇ ਹੀ ਨਾ। ਬੀਨਾਂ ਅੱਗੇ ਜੋਗੀ ਨੱਚਣ। ਟਾਂਗਰਾਂ ਦੀ ਰਾਖੀ ਊਠ ਹੋਣ। ਬਿਜ਼ੜ੍ਹਿਆ ਦੇ ਆਲ੍ਹਣੇ ਬਾਂਦਰ ਟੋਪੀਆਂ ਬਣਨ। ਦੁੱਖ ਸ਼ਿਵਪੁਰੀ ਦੇ ਸ਼ਿਵੇ ਵਾਂਗੂੰ ਜਗਦੇ ਹੀ ਰਹਿਣ। ਓਥੇ ਤਾੜੀਮਾਰਾਂ ਦੀ ਸਲਤਨਤ ਹੁੰਦੀਂ ਹੈ। ਰੋੜ, ਰੱਕੜ, ਧਤੂਰੇ, ਰਿੰਡ ਲੱਗਣ ਸਵਾਦ, ਹੱਥੀਂ ਵੱਟੇ ਰੱਸੇ ਜਿੱਥੇ ਬਣ ਜਾਂਦੇ ਨਾਗ ਬੰਦਾ ਜਿਉਂਦਾ ਉਹ ਜਿਸ ਦੇ ਜ਼ਹਿਰ ਪਚਦਾ, ਭਲਾਂ ਖੁਸਰੇ ਰਾਜੇ ਨੂੰ ਕਦੋਂ ਸੂਰਾ ਜਚਦਾ? ਤਲਵਾਰ ਤੇ ਬੱਕਰੀ ਕਦੇ ਨਹੀਂ ਰੱਜਦੀ। ਤ੍ਰਿਸ਼ਨਾ ਕਦੇ ਨਹੀਂ ਮਿਟਦੀ। ਇੱਥੋਂ ਹੀ ਫ਼ਰੇਬਾਂ, ਠੱਗਾਂ, ਮਕਾਰਾਂ, ਨਾਗਚਾਲਾਂ ਦਾ ਆਗਾਜ਼ ਹੁੰਦਾ ਹੈ। ਲੱਕੜੀ ਦੇ ਘੋੜੇ ਨਾਲ਼ ਯੂਨਾਨ ਨੇ ਟਰਾਇ ਨੂੰ ਸ਼ਿਕਸਤ ਦਿੱਤੀ। ਸਿਕੰਦਰ ਨੇ ਤੰਬੂ ਲਗਾ ਕੇ, ਅੰਗਰੇਜਾਂ ਨੇ ਨਜ਼ਰਾਨਿਆਂ ਨਾਲ਼ ਸਾਨੂੰ ਲੁੱਟਿਆ। ਜਦੋਂ ਆਪਣੇ ਹੀ ਵੈਰੀ ਹੋ ਜਾਣ ਤਾਂ ਇਫ਼ਸਾਨੀ ਦੀ ਧਾਰ ਤੇ ਅਰਜਨ ਦੇ ਤੀਰਾਂ ਵਾਂਗ ਖੰਡੇ ਵੀ ਬੇਵਸ ਹੋ ਜਾਂਦੇ ਹਨ। ਇਹ ਬੇਗਾਨੇ ਸਾਡੀ ਤੇ ਸਾਡੇ ਮੁਲ਼ਕ ਦੀ ਤਕਦੀਰ ਸਾਡੇ ਧਰਤ-ਮੱਥਿਆਂ ‘ਤੇ ਤੇਗਾਂ ਨਾਲ਼ ਲਿਖ ਕੇ ਜਾਂਦੇ ਹਨ। ਸਦੀਆਂ ਤੱਕ ਛਿੱਥੇ ਪਾਈਂ ਰੱਖਣ ਲਈ। ਵੈਰੀ ਪੰਜ ਦਰਿਆਵਾਂ ‘ਤੇ ਏਦਾਂ ਫ਼ਨ-ਫ਼ਰੇਫ਼ਤੇ ਹੁੰਦੇ ਜਿੱਦਾਂ ਰਾਂਝਾ ਹੀਰ ‘ਤੇ। ਫਿਰ ਗੁਲ਼ੇਲ ਦੀ ਬੰਦੂਕ ਬਣਦੀ। ਬਰਸੀਮ-ਪੀਪਨੀ,ਸੰਖ। ਲੂਣਮਿਆਣੀ-ਹਿੰਦ ਦਾ ਨਕਸ਼ਾ। ਤਾਸ਼ ‘ਚੋਂ ਗੋਲੇ ਉੱਠ ਨੱਸਦੇ। ਕੁੱਕੜਾਂ, ਤਿੱਤਰਾਂ ਨੂੰ ਤਰਕ ਕਰਕੇ ਹਾਥੀ–ਘੋੜਿਆਂ ਦੀ ਮੁਹਾਰ ਫੜਨੀ ਪੈਂਦੀ। ਪੰਜ਼ੇਬ ਤੋਂ ਰਕਾਬ। ਚੂੜੀ ਤੋਂ ਕੜੇ। ਚੁੰਨੀਆ ਦੀ ਦਸਤਾਰ ਬਣਦੀ। ਗੁੱਡੀਆਂ ਪਟੋਲਿਆਂ ਵਾਲ਼ੇ ਹੱਥ ਨਗਾਰਿਆਂ ‘ਤੇ ਦਮਕਦੇ। ਦੁਸ਼ਮਣ ਦੇ ਖ਼ੂਨ ਦੀ ਮਹਿੰਦੀ ਲੱਗਦੀ। ਮਾਹੀਏ ਦੀ ਥਾਂ ਰਮਜ਼ੀਆਂ (ਵਾਰਾਂ)। ਦੁੱਧ ਦੀ ਥਾਂ ਖ਼ੂਨ ਕੜ੍ਹਦਾ। ਉਹਨਾਂ ਦੇ ਗਲ਼-ਤਵੀਜ਼ਾਂ ‘ਤੇ 786 ਦੇ ਛਾਪੇ ਚਮਕਦੇ(ਬਿਸਮਿਲਾਹ ਅਲ ਰਹਿਮਾਨ ਅਲ ਰਹੀਮ) ਭਾਵ “ਤਰਸ ਤੇ ਦਇਆ ਕਰਨ ਵਾਲ਼ਾ ਪ੍ਰਭੂ”, ਓਹ ਵੀ ਨਸਲਾਂ ਦਾ ਘਾਤ ਕਰਦੇ। ਹਿੰਦੀ ਨਿਰਭਓ ਨਿਰਵੈਰ ਆਖ ਕੇ ਅੰਦਰ ਥੋੜ੍ਹਾ ਵੜ੍ਹ ਜਾਂਦੇ। ਜਿੱਥੇ ਵੈਰੀ ਬਘਿਆੜ ਬਣ ਕੇ ਆਏ, ਓਥੇ ਮੇਮਣਾ ਮੁਹੱਬਤ-ਮੇਜ਼ਬਾਨੀ ਰਾਸ ਨਹੀਂ ਆਉਂਦੀ। ਜਜ਼ਬੇ ਦੀ ਪਹੁੰਚ ਸਿਰ ਕਟਵਾਉਣ ਤੱਕ ਹੈ ਪਰ ਬਖਸ਼ਿਸ਼ ਦੀ ਕਟੇ ਸਿਰ ਨੂੰ ਚੁੱਕ ਕੇ ਤੁਰਨ ਤੱਕ। ਮੁਲ਼ਕ ਦੀ ਕਿਸਮਤ ‘ਚ ਉਸ ਸਮੇ ਬਰਕਤ ਆਉਂਦੀ ਹੈ, ਜਦੋਂ ਯਵਨ ਦੇ ਬਾਦਸ਼ਾਹ (ਦਾਨ ਦੇ ਬੱਦਲ), ਜਨਕ, ਅਦਲੀ, ਨੌਸ਼ਰੇਵਾ, ਸਾਂਗਾ, ਸ਼ੇਰ ਸ਼ਾਹ ਸੂਰੀ ਜਾਂ ਸ਼ੇਰੇ ਪੰਜਾਬ ਰਣਜੀਤ ਸਿੰਘ ਵਰਗੇ ਤਖ਼ਤ ‘ਤੇ ਸੁਸ਼ੋਭਿਤ ਹੋਣ। ਗ਼ਰੀਬ ਦੇ ਬੁੱਲ੍ਹ ਗਾ ਉੱਠਣ:— ਸਰਦਾਰ ਰਣਜੀਤ ਸਿੰਘ ਮਹਾਰਾਣਾ ਪੰਜ ਰੁਪਏ ਖੱਡੀ ਲੈਦਾਂ, ਛੇ ਰੁਪਏ ਤਾਣਾ। ਸੋਮ-ਸਲਾਤ ਦੀ ਨਿਮਾਜ਼ ਕਬੂਲ ਹੋਵੇ। ਜਮਸ਼ੇਦ ਦੇ ਪਿਆਲੇ ‘ਚੋਂ ਹਾਲਾਤ ਦਿਸਣ। ਸਿਆਣਪ ਨਾਲ਼ ਬਜ਼ੁਰਗੀ ਹੋਵੇ। ਇਨਸਾਫ਼ ਨਾਲ਼ ਤਾਜ਼। ਵਿਰਦ ਨਾਲ਼ ਪਰਮਪਦ। ਮਰਤਵੇ ਨਾਲ਼ ਪਾਤਸ਼ਾਹੀਆਂ।ਗੁਰੂ ਨਾਲ਼ ਚੇਲਾ, ਪਿਆਰ ਮੁਹੱਬਤ ਮੇਲਾ।

ਨਵੇਂ ਪਰੋਚਾਂ ਦੇ ਹਿੰਗੜਦੱਪੇ

ਮਾਰ ਦਿੱਤਾ ਮਾਂ ਨੂੰ ਉਸ ਮੌਤ ਨੇ ਦਰਵਾਜੇ ਪਿੱਛੇ ਫੇਹ ਕੇ, ਸ਼ੱਕਰ-ਸ਼ਹਿਦ ਵੰਡਿਆ ਸੀ, ਜਿਸ ਮਾਂ ਨੇ ਜਨਮ ਮੌਤ ਨੂੰ ਦੇ ਕੇ। ਬੇਸ਼ੱਕ ਹਰ ਵਿਸ਼ਾ ਆਪਣੀ ਜਗਾ ‘ਤੇ ਅਹਿਮ ਹੈ, ਪਰ ਨੌਜਵਾਨੀ ਜੋ ਦੇਸ਼ ਦਾ ਵਰਤਮਾਨ ਤੇ ਭਵਿੱਖ ਹੈ, ਉਸ ਬਾਰੇ ਚਰਚਾ ਕੀਤੇ ਬਿਨਾਂ ਰਹਿ ਨਾ ਹੋਇਆ, ਜੇ ਪੂਰੀ ਤਰ੍ਹਾਂ ਲਿਖਣ ਬੈਠੀਏ ਤਾ ਪਹਾੜ ਜਿੱਡਾ ਜਿਗਰਾ ਚਾਹੀਦਾ ਹੈ, ਨੌਜਵਾਨਾਂ ਦਾ ਵਹਿਸ਼ੀਪੁਣਾ ਲਿਖਣ ਖ਼ਾਤਰ। ਕਥਾ ਓਥੋਂ ਸ਼ੁਰੂ ਹੁੰਦੀ ਹੈ, ਜਦੋਂ ਮਾਂ-ਬਾਪ ਨੂੰ ਅਬਾ ਤਵਾ ਬੋਲਦਾ, ਅਜੋਕਾ ਗੱਭਰੂ ਕਿਸੇ ਸਿਆਣੇ ਪੁਰਸ਼ ਨਾਲ਼ ਜਾ ਖਹਿਬੜਦਾ ਹੈ, ਅੱਗੋਂ ਬਾਬੇ ਦਾ ਇੱਕੋ ਉੱਤਰ ਸੁਣ ਕੇ ਪਾਣੀ-ਪਾਣੀ ਹੋ ਜਾਂਦਾ ਹੈ, ਬਾਬਾ ਬੋਲਿਆ “ਕਾਕਾ ਮੈਂਨੂੰ ਤੇਰੀ ਜ਼ਿੰਦਗੀ ਦੇ ਓਸ ਪਲ ਦੇ ਦਰਸ਼ਨ ਕਰਵਾ ਜਿਸ ‘ਚ ਤੂੰ ਜਨਮ ਤੋਂ ਲੈ ਕੇ ਹੁਣ ਤੱਕ, ਮਾਂ ਬਾਪ ਲਈ ਸੁੱਖ ਸਹਾਰਾ ਬਣਿਆ ਹੋਵੇਂ? ਪਹਿਲਾਂ ਤੇਰੇ ਹੋਣ ਦਾ ਫ਼ਿਕਰ, ਫੇਰ ਸੱਟ-ਫੇਟ ਦਾ ਅਤੇ ਫੇਰ ਜੁਆਨੀ ਦੀਆਂ ਗਲ਼ਤੀਆਂ ਦਾ। ਤੂੰ ਪੁੱਤ ਥੋੜ੍ਹਾ ਏਂ ਤੂੰ ਤਾਂ ਫ਼ਿਕਰ ਐ, ਫ਼ਿਕਰ। ਗੁਰੂ ਦਾ ਉਪਦੇਸ਼। ਮਾਤਾ-ਪਿਤਾ ਦਾ ਸਤਿਕਾਰ, ਕੁਝ ਚੰਗਾ ਕਰਨ ਦੇ ਸੰਕਲਪ-ਪੱਤਰ, ਗ੍ਰੰਥਾਂ ਦੇ ਪ੍ਰਵਚਨ, ਟਕਲੇ-ਮਨਾਂ ਤੋਂ ਤਿਲ਼ਕ-ਤਿਲ਼ਕ ਜਾਂਦੇ ਚੰਗੇ ਖ਼ਿਆਲ। ਨੰਗੀ ਮਨ-ਖੋਪੜੀ ਦੇ ‘ਤੇ ਤਾਮੜ- ਧੁੱਪਾਂ ਜਿਹੇ ਵਿਚਾਰ ਪਲੱਥੇ ਮਾਰ ਬੈਠ ਰਹੇ ਨੇ। ਵਰਤਮਾਨ ਦੇ ਖ਼ੁਦਗਰਜ਼ੀ ਰੋਟੀਆਂ ਸੇਕੂ ਸਿਆਸੀ ਤੇ ਪਾਖੰਡੀ, ਧਾਰਮਕਿ ਤੇ ਕਲਾਕਾਰ, ਆਪਣੇ ਮਤਲਬ ਲਈ, ਬਚਪਨ ਤੇ ਜੁਆਨੀ ਦੀਆਂ ਦਿਲ-ਜ਼ਮੀਨਾਂ, ‘ਚ ਫੁੱਲਾਂ,ਫ਼ਸਲਾਂ, ਰੰਗ-ਰੇਕਾਂ ਜਿਹੇ ਖ਼ਿਆਲਾਂ ਦੀ ਜਗਾ ‘ਤੇ ਖਿੱਪ, ਸਰਾਲੇ, ਕੰਡੇਰ ਤੇ ਨਾਗਫਣੀ ਵਰਗੇ ਵਿਚਾਰ-ਬੀਜ ਖਲੇਰ ਰਹੇ ਹਨ। ਜਿਨ੍ਹਾਂ ‘ਚੋਂ ਪਸ਼ਤਵੰਨਾ ਤੇ ਸਿਕੰਦ ਵਰਗੀ ਗੰਦੀ ਵਾਸ਼ਨਾ ਵਾਤਾਵਰਨ ਵਿੱਚ ਘੁਲ਼ ਰਹੀ ਹੈ। ਤਿੜ ਦੀਆਂ ਤਿੜ੍ਹਾਂ ਫੁੱਟ ਰਹੀਆਂ ਨੇ। ਫ਼ੈਰਾਖੀ-ਫਿਤਰਤ ਕਿੱਥੇ ਗਈ? ਖ਼ਾਕਸਾਰੀ ਜਨਮ ਨਹੀਂ ਲੈਂਦੀ.......? ਭੂਕਰਾਂ ਦੀ ਜੜ੍ਹ ‘ਚੋਂ ਪਿਆਜ਼ ਨਹੀਂ ਲੱਭਦੇ, ਕਾਂਗਰਾਂ ਦੇ ਕਾਫ਼ਲੇ ਨਾ ਮੋਤੀ ਕਦੇ ਚੱਬਦੇ। ਕਿੰਨੇ ਬਜ਼ੁਰਗ ਜੋੜੇ ਨੇ ਜੋ ਆਸ਼ਰਮਾਂ ‘ਚ ਛੱਡੇ ਜਾ ਰਹੇ ਨੇ? ਕਿੰਨੇ ਨੇ ਜੋ ਘਰ ਦੀ ਨੁੱਕਰੇ ਬੈਠੇ ਕਰਮਾਂ ਨੂੰ ਕੋਸ ਰਹੇ ਨੇ? ਓਸਨੂੰ ਤਾਂ ਵੇਖ ਕੇ ਦਿਲ ਕੁਰਲਾ ਉਠਦਾ ਹੈ, ਜਿਸ ਦਾ ਜੀਵਨ ਸਾਥੀ ਬੁਢੇਪੇ ‘ਚ ਛੱਡ ਕੇ ਚਲਾ ਗਿਆ, ਓਹ ਇਕੱਲਾ ਬੈਠਾ ਲੰਘੇ 'ਤੇ ਹੰਝੂ ਵਹਾਉਂਦਾ ਹੈ ਤੇ ਆਉਣ ਵਾਲ਼ੇ ਤੋਂ ਸਹਿਮ ਖਾਂਦਾ ਹੈ। ਕੌਣ ਓਸ ਦੇ ਹਿਰਦੇ ਦੇ ਸੜੇ ਮਾਸ ‘ਤੇ ਪਿਆਰ ਦੀਆਂ ਪਸ਼ੇਰ-ਝਾੜੀਆਂ ਘਸਾਵੇ? ਮੈਂ ਇੱਕ ਘਰ ਅਜਿਹਾ ਵੇਖਿਆ, ਓਸ ਘਰ ‘ਚ ਸਪੈਸ਼ਲ ਰੂਮ ਸੀ। ਮੈਂ ਸੋਚਿਆ ਗੁਰੂ-ਪੀਰ ਦਾ ਕਮਰਾ ਹੋਵੇਗਾ ਪਰ ਪੁੱਛਣ 'ਤੇ ਦੱਸਿਆ ਕਿ ਇਹ ਸਾਡੇ ਦਾਦਾ ਜੀ ਦਾ ਕਮਰਾ ਹੈ, ਉਹਨਾਂ ਨੂੰ ਵਿਦਾ ਹੋਏ ਪੰਜ ਵਰ੍ਹੇ ਹੋ ਚੱਲੇ ਨੇ। ਇਸ ਕਮਰੇ ‘ਚ ਉਹਨਾਂ ਦੀਆਂ ਯਾਦਾਂ ਨੇ, ਅਸੀਂ ਸੰਭਾਲ਼ ਕੇ ਰੱਖਦੇ ਹਾਂ। ਮੈਂ ਓਸ ਘਰ ਨੂੰ ਮੰਦਰ ਵਾਂਗ ਸਲਾਮਲ ਕਰਕੇ ਬਾਹਰ ਨਿੱਕਲਿਆ। ਇਹ ਯੁੱਗ ਵਿਚਾਰ ਪ੍ਰਧਾਨ ਨਹੀਂ, ਵਿਭਚਾਰ ਪ੍ਰਧਾਨ ਹੈ। ਦਿਨੋਂ ਦਿਨ ਕੁੜੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ, ਕਾਹਦੀ ਤਰੱਕੀ ਹੋਈ? ਅਸਲ ਤਰੱਕੀ ਓਦੋਂ ਹੋਵੇਗੀ, ਜਿਸ ਦਿਨ ਦਸੰਬਰ ਦੇ ਆਖ਼ਰੀ ਹਫ਼ਤੇ ਖ਼ਬਰ ਆਵੇਗੀ ਕਿ ਇਸ ਸਾਲ ਕੋਈ ਭਰੂਣ-ਹੱਤਿਆ ਨਹੀਂ ਹੋਈ। ਕੁੜੀ ਬੋਝ ਨਹੀਂ ਸਿਰਜਣਾ ਹੁੰਦੀ ਹੈ। ਸਿਰਜਣਾ ਹੌਲੀ ਫੁੱਲ ਹੁੰਦੀ ਹੈ। ਰੂਹ-ਰੰਗੇਕ ਹੁੰਦੀ ਹੈ। ਇੱਕ ਘਟਨਾ ਪੁਰਖਿਆਂ ਦੀ ਯਾਦ ਆਉਂਦੀ ਹੈ ਕਿ ਇੱਕ ਵਾਰ ਕੋਈ ਗ਼ਰੀਬ ਬੇਟੀ ਦਾ ਵਿਆਹ ਕਰਦਾ ਪਿਆ ਸੀ। ਮੁੰਡੇ ਵਾਲ਼ਿਆ ਦੀ ਮੰਗ ਵਧਣ ‘ਤੇ ਮਜ਼ਬੂਰ ਹੋ ਕੇ ਪੈਸੇ ਦਾ ਪ੍ਰਬੰਧ ਕਰਨ ਲਈ ਪਿੰਡ ਦੇ ਰੱਜੇ-ਪੁੱਜੇ ਕਿਸਾਨ ਕੋਲ਼ ਗਿਆ। ਉਸਨੇ ਆਪਣੀ ਪੱਗ ਓਸਦੇ ਪੈਰਾਂ ‘ਚ ਰੱਖ ਕੇ, ਪੈਸੇ ਲਈ ਤਰਲੇ ਕੀਤੇ। ਓਸ ਕਿਸਾਨ ਨੇ ਪੱਗ ਚੁੱਕੀ, ਉਸਦੇ ਸਿਰ ‘ਤੇ ਰੱਖ ਦਿੱਤੀ ਬਿਨਾਂ ਪੈਸੇ ਦਿੱਤੇ ਓਥੋਂ ਤੋਰ ਦਿੱਤਾ। ਜਦੋਂ ਉਹ ਨਿਰਾਸ਼ ਹੋਇਆ ਆ ਰਿਹਾ ਸੀ ਤਾਂ ਕਿਸੇ ਨੇ ਪਰੇਸ਼ਾਨੀ ਪੁੱਛੀ ਤਾਂ ਉਸਨੇ ਸਾਰੀ ਗੱਲ ਦੱਸੀ। ਅਗਲਾ ਝੱਟ ਸਮਝ ਗਿਆ। ਉਸਨੂੰ ਚੰਗੀ ਦਸਤਾਰ ਬੰਨ੍ਹ ਕੇ ਦੁਆਰਾ ਜਾਣ ਲਈ ਕਿਹਾ। ਓਹੀ ਗੱਲ ਹੋਈ, ਓਹ 'ਤਫ਼ਾਕ ਨਾਲ਼ ਮਿਲਿਆ, ਕਿਉਂਕਿ ਓਸ ਜਿਮੀਂਦਾਰ ਦੀ ਸੋਚ ਸੀ, ਧੀਆਂ ਘਰਾਂ ਦਾ ਮਾਣ ਹੁੰਦੀਆਂ ਨੇ। ਮਾਣ ਦੀ ਖ਼ੁਸ਼ੀ ਲਈ ਪੱਗ ਨਹੀਂ ਲਾਹੀਂਦੀ। ਪਰ, ਹੁਣ ਯੁੱਗ ਬਦਲ ਰਿਹਾ ਹੈ, ਵੇਲ ਰੂਪ ਤ੍ਰਿਸ਼ਨਾ ਬਿਰਖ ਰੂਪੀ ਵਸਤਾਂ ਦੁਆਲ਼ੇ ਲਿਪਟਦੀ ਹੈ। ਹਰ ਬਿਰਖ-ਵਸਤੂ ਸੋਚਦੀ ਹੈ, ਕਿ ਮੇਰੇ ਲਈ ਹੈ ਪਰ ਉਸਦੇ ਅਗਾਂਹ ਚਲੀ ਜਾਣ ਤੇ ਨਿਰਾਸ਼ਦੀ ਰਹਿੰਦੀ ਹੈ। ਔਰਤ ਦੀ ਅੰਦਰਲ਼ੀ ਸੁੰਦਰਤਾ ਨੂੰ ਪਿਆਰ ਕਰਨ ਵਾਲ਼ੇ ਵਾਸ਼ਵਾਦੀ ਅਤੇ ਬਾਹਰ ਦੀ ਖ਼ੂਬਸੂਰਤੀ ਨੂੰ ਲੋਚਣ ਵਾਲ਼ੇ ਵਾਸ਼ਨਾਵਾਦੀ (ਵਾਸ਼ ਨਹੀਂ) ਅਤੇ ਓਹਨੂੰ ਵਰਤ ਲੈਣ ਦੀ ਤਾਂਘ ਰੱਖਣ ਵਾਲ਼ੇ ਘੋਰ ਤ੍ਰਿਸ਼ਨਾਵਾਦੀ ਹੁੰਦੇ ਨੇ। ਨਵਾਂ-ਨਵਾਂ ਇਸ਼ਕ ਬੇ-ਸਿਆੜੀ ਤੇ ਬੇ-ਸੁਹਾਗੀ ਭੋਂ ਹੁੰਦਾ ਹੈ। ਦਰਦ-ਸੁਹਾਗਾ ਹੀ ਏਸ ਨੂੰ ਲਿਸ਼ਕ- ਪੁਸ਼ਕ ਤੇ ਤਰੋ-ਤਾਜ਼ਗੀ ਬਖ਼ਸ਼ਦਾ ਹੈ। ਵੰਡ ਤੋਂ ਪਹਿਲਾਂ ਇੱਕ ਗ਼ਰੀਬ ਲੁਹਾਰ ਦਾ ਘਰ ਕਿਸੇ ਪ੍ਰੋਫੈਸਰ ਪੰਡਿਤ ਨਾਲ਼ ਲਗਦਾ ਸੀ। ਪੰਡਿਤ ਉਸ ਮੁਸਲਮਾਨ ਲੁਹਾਰ ਨੂੰ ਢੇਰ ਨਫ਼ਰਤ ਕਰਦਾ ਸੀ। ਲੁਹਾਰ ਦੀ ਅੰਗੂਰਾਂ ਦੀ ਵੇਲ ਜਦੋਂ ਓਸਦੀ ਕੰਧ ਟੱਪਦੀ ਤਾਂ ਓਹ ਉਸ ਦੀਆਂ ਲਗਰਾਂ ਵੱਢ ਸੁੱਟਦਾ। ਪਰ ਲੁਹਾਰ ਦੀ ਮੁਟਿਆਰ ਧੀ ਨਾਲ਼ ਆਪਣੇ ਪੁੱਤ ਦੇ ਇਸ਼ਕ ਕਰਕੇ ਓਹ ਦੂਰ ਵਸਣ ਲੱਗਾ। ਸ਼ਾਦੀ ਤੋਂ ਪਹਿਲਾਂ ਦੋਵੇਂ ਭੱਜ ਨਿੱਕਲੇ। ਲੁਹਾਰ ਖ਼ੁਸ਼ ਸੀ ਪਰ ਪੰਡਿਤ ਗ਼ਮਗੀਨ। ਵੇਲ ਓਸਦੇ ਸੁੰਨੇ ਪਏ ਘਰ ‘ਚ ਫੈਲ ਗਈ ਸੀ, ਇੱਕ ਫ਼ਰਾਂਡਾ-ਫਕੀਰ ਗਾਓਂਦਾ ਜਾਂਦਾ ਸੀ: — ਬਿਰਖ ਦਾ ਕੋਈ ਵਰਨ ਨਈਂ ਹੁੰਦਾ ਫੁੱਲ ਦੀ ਵੱਖਰੀ ਜਾਤ ਨਈਂ ਹੁੰਦੀ ਮਹਿਕ ਦਾ ਕੋਈ ਮਜ਼ਹਬ ਨਈਂ ਹੁੰਦਾ ਰੂਹਾਂ ਦੀ ਵੱਖਰੀ ਬਾਤ ਨਈਂ ਹੁੰਦੀ।

ਮਾਂ ਦੀ ਸਰਬੱਤਤਾ

ਜੇ ਕੋਈ ਮੈਂਨੂੰ ਪੁੱਛੇ, “ਤੂੰ ਤ੍ਰਿਪਤ ਹੈਂ?” ਮੈਂ ਕਹਾਂਗਾ “ਨਹੀਂ।” ਅੱਗੋਂ ਜਵਾਬ ਆਵੇ “ਕਦੋਂ ਹੋਵੇਂਗਾ?” “ਕਦੇ ਨਹੀ।” “ਅੱਛਾ ਫੇਰ ਕਦੇ ਤ੍ਰਿਪਤ ਸੈਂ?” “ਹਾਂ! ਜਦੋਂ ਮਾਂ ਦਾ ਦੁੱਧ ਲੈਦਾਂ ਸਾਂ।” “ਮਾਂ” ਦੁਨੀਆਂ ਦਾ ਸਭ ਤੋਂ ਕੋਮਲ, ਬੀਬਾ, ਉੱਚਾ ਤੇ ਨਿਆਰਾ ਸ਼ਬਦ ਹੈ। ਇੱਕ ਕਵੀ ਜਾਂ ਸਾਹਿਤਕਾਰ ਮਾਂ ਬਾਰੇ ਜ਼ਰੂਰ ਲਿਖੇ। ਇੱਕ ਚਿੱਤਰਕਾਰ ਜਿਸ ਨੇ ਮਾਂ ਦੀ ਤਸਵੀਰ ਨਹੀਂ ਬਣਾਈ, ਓਸਦੀ ਕਲਾ ਅਧੂਰੀ ਹੈ। ਕਹਿੰਦੇ ਨੇ, ਇੱਕ ਕਿਸਾਨ ਜਦੋਂ ਨੂਰ-ਵੇਲ਼ੇ ਖੇਤ ‘ਚ ਜਾ ਕੇ ਹਲ਼ ਵਾਹੁਣਾ ਸ਼ੁਰੂ ਕਰਦਾ ਤਾਂ ਓਹ ਹਲ਼-ਸੀਆਂ ਨਾਲ਼ ਮਾਂ ਅੱਖਰ ਵਾਹੁੰਦਾ, ਸਲਾਮਲ ਕਰਦਾ ਮਾਂ ਤੇ ਮਿੱਟੀ ਨੂੰ। ਬੱਚਾ ਆਪਣੀ ਮਾਂ ਦਾ ਮਾਸ,ਮਿੱਖ, ਮਿੱਜ ਹੀ ਨਹੀਂ ਸਗੋਂ ਉਸਦੇ ਸੋਚ ਸਾਇਆਂ ਦਾ ਮਨ-ਪਸੰਦੀ ਫਲ਼ ਵੀ ਹੁੰਦਾ ਹੈ। ਮੂਤੇਰ-ਵੇਲ਼ੇ ਜਦੋਂ ਸੂਰਜ ਅੱਖਾਂ ਮਲ਼ਦਾ ਹੁੰਦਾ ਹੈ ਤਾਂ ਮਾਂ ਦੇ ਪਿੰਡੇ ਦੀ ਸੁਗੰਧ-ਸਮੀਰ ਵਰਗੀ ਵਾਸ਼ ਬੱਚੇ ਦੇ ਪਰੂਥੇ-ਮੁਖੜੇ ਨੂੰ ਤਰੋ ਤਾਜ਼ਾ ਕਰ ਦਿੰਦੀ ਹੈ। ਪੇਸ਼ੀਂ-ਵੇਲ਼ੇ ਜਦੋਂ ਸੂਰਜ ਜਲੌਅ ‘ਚ ਹੁੰਦਾ ਹੈ ਤਾਂ ਕਾਮਾ ਮਾਂ ਦੀ ਮੁੜ੍ਹਕੇ ਭਰੀ ਚੁੰਨੀ, ਠੰਡੀ ਤਾਸੀਰ ਖ਼ਿਲਾਰਦੀ ਹੈ। ਸਵੀਂ-ਵੇਲ਼ੇ ਜਦੋਂ ਸੂਰਜ ਨੂੰ ਊਂਘ ਚੜ੍ਹਦੀ ਹੈ ਤਾਂ ਮਾਂ ਦੇ ਬੁੱਲ੍ਹਾਂ ‘ਚੋਂ ਮਹਿਕ-ਲੋਰੀਆਂ ਜਾਗਦੀਆਂ ਨੇ। ਮਨੁੱਖ ਦੇ ਖ਼ਾਬ-ਖ਼ਿਆਲਾਂ ਦੀ ਪਹਿਲੀ ਪਗਡੰਡੀ ਮਾਂ ਹੈ। ਸਾਡੇ ਪੁੰਡਰ-ਪਾਪਾਂ ਦਾ ਕਰਮ- ਸਿਲੇਟ-ਪੂੰਝਾ ਮਾਂ ਹੈ। ਮੇਰੀ ਮਾਂ ਕੁਦਰਤ ਦੇਵੀ ਨੂੰ ਅਰਦਾਸ ਕਰਦੀ, ਮੈਂ ਵੀ ਓਹੀ ਸ਼ਬਦ ਉਚਾਰਦਾ, ਓਹ ਆਖਦੀ “ਹੇ ਦੇਵੀ! ਜੋ ਸਾਨੂੰ ਦਿੱਤਾ ਹੈ, ਓਹ ਸਾਡੀ ਰੂਹ ਤੇ ਕਲੂਤ ਲਈ ਵਰਦਾਨ ਹੈ, ਜੋ ਨਹੀਂ ਦਿੱਤਾ ਓਹਦੇ ਲਈ ਸਾਡੇ ਕੋਲ਼ ਭਾਂਡਾ ਛੋਟਾ ਹੈ।” ਸੱਚਮੁੱਚ ਅਰੋਗਤਾ ਤੋਂ ਵੱਡਾ ਸ਼ਾਹ-ਤੋਹਫ਼ਾ ਕੋਈ ਨਹੀਂ। ਕੁਝ ਮਾਂਵਾਂ ਦੇ ਖ਼ਿਆਲ ਸਾਵੇ, ਕੁਝ ਦੇ ਪਿਲੱਤੀ, ਕੁਝ ਦੇ ਜ਼ਰਦ ਪਰ ਮੇਰੀ ਮਾਂ ਦੇ ਖ਼ਿਆਲ ਸ਼ੋਖ਼-ਸਦਾਬੀ ਰਾਸਨਾ ਦੇ ਰੁੱਖ ਵਰਗੇ। ਉਂਞ ਸਾਰੇ ਸੋਹਣੇ ਹੁੰਦੇ ਨੇ........। “ਅਨੇਕ ਰੰਗ ਤੇਰੇ ਨਰਾਇਣਾ” ਥੋੜ੍ਹੀ ਜਿਹੀ ਵਸਤੂ ਹੁੰਦੀ, ਦਸ ਘਰਾਂ ‘ਚ ਵੰਡ ਦਿੰਦੀ। ਮੇਰੇ ਖ਼ਿਆਲਾਂ ਦੀ ਤਵਾਨਾਈ, ਮੇਰੀ ਮਾਂ ਦੀ ਖੁੱਲ੍ਹੀ ਫਿਤਰਤ ਸੀ। ਮੈਂ ਆਪਣੀ ਮਾਂ ਨੂੰ ਭਗਤ ਪੂਰਨ ਸਿੰਘ ਦੇ ਵਾਰਸਾਂ ‘ਚੋਂ ਇੱਕ ਮੰਨਦਾ ਹਾਂ। ਜੇ ਮਦਰ ਟਰੈਸਾ ਮੇਰੇ ਘਰ ਆਓਂਦੀ ਤਾਂ ਮੇਰੀ ਮਾਂ ਨੂੰ ਓਹ “ਪਿਆਰੀ-ਸਖੀ” ਆਖਦੀ। ਚਾਹੇ ਸਾਗ ‘ਚ ਆਲਣ ਘੋਟਦੀ ਹੋਵੇ, ਚਾਹੇ ਫਰਾਸ਼ ਬੀਨ ਦੀ ਭਾਜ਼ੀ ਬਣਾਓਂਦੀ ਹੋਵੇ, ਚਾਹੇ ਗੰਢਾ-ਚਟਣੀ। ਇਹਨਾਂ ਦੀ ਮਹਿਕ ਪਿਆਰਸੀ ਭੁੱਖ ਪੈਦਾ ਕਰਦੀ। ਮਾਂ ਚਾਟੀ-ਚਟੂਰੇ ਦੇ ਪਿੰਡੇ ਤੋਂ ਤੈਰਦੀ ਲੱਸੀ ਨਾਲ਼ ਨੇਹੀ ਨੂੰ ਕੇਸੀਂ ਇਸ਼ਨਾਨ ਕਰਾਉਂਦੀ। ਮਾਂ ਦਾ ਪਿਆਰ-ਪਰਭਾਕਰ ਹਮੇਸ਼ਾ ਅੰਬਰ-ਅਬਰ ‘ਤੇ ਚਮਕਦਾ ਹੈ। ਇਸ ਦੀ ਦੁਨੀਆਂ ‘ਚ ਲਹਿੰਦ-ਚੜ (ਪੱਛਮ) ਨਹੀਂ। ਤਰੀ-ਪੱਤਰਾ ਸਾਗ ‘ਚ ਪਾ ਕੇ ਵਿੱਚ ਆਲ਼ਣ ਦਾ ਘੋਟਾ ਲਾ ਕੇ ਖਜ਼ੂਰ-ਦਰੀ ਜਾਂ ਪੀੜੀ- ਪਲੰਘੀਰੀ ‘ਤੇ ਬੈਠ ਜੋ ਖਾਣ ਦਾ ਸਵਾਦ ਆਉਂਦਾ ਉਹ ਹਲਵਾਈ ਦੀ ਪੂਰੀ-ਪੂਰਾਕ ਜਾਂ ਬਰਗਰਾਂ ‘ਚ ਕਿੱਥੇ? ਮਾਂ ਤੇ ਧੀ ਦੀ ਤਾਂ ਬੁੱਕਲ ਦੀ ਸਾਂਝ ਹੁੰਦੀ ਹੈ, ਜਿੱਥੇ ਮਾਂ ਖੌਫ਼-ਪਰੱਸਤ ਹੋਵੇ, ਓਥੇ ਧੀ ਵੀ ਸ਼ਰਮ-ਸ਼ਨਾਸ ਹੋਵੇ ਜੇ ਪੁੱਤ ਮਰੂਏ ਦਾ ਬੂਟਾ ਹੈ ਤਾਂ ਧੀ ਵੀ ਮਹਿੰਦੀ- ਮਹਾਂਵਰ ਤੋਂ ਘੱਟ ਨਹੀਂ।

ਪੰਜਾਬ—ਇੱਕ ਸੂਰਬੀਰ ਜਜ਼ਬਾ

ਭਾਰ ਹਿੰਦ ਦਾ ਇੰਞ ਉਠਾਇਆ ਰਲ਼ ਪੰਜਾਬੀ ਹਿੱਕਾਂ ਨੇ। ਜਿਓਂ ਗੱਡੀਆਂ ਦੇ ਵਜ਼ਨ ਉਠਾਏ ਦੋ ਲਾਇਨਾਂ ਦੀਆਂ ਵਿੱਥਾਂ ਨੇ। ਜੇ ਜੱਟ ਇਕ ਦਰਵੇਸ਼ ਜਜ਼ਬੇ ਦਾ ਨਾਂ ਹੈ ਤਾਂ ਪੰਜਾਬ ਇਕ ਸੂਰਵੀਰ ਜਜ਼ਬੇ ਦਾ ਨਾਂ ਹੈ। ਈਥੋਪੀਆਈ ਲਿਖਤਾਂ ਦੇ ਅਨੁਸਾਰ ਸਿਕੰਦਰ ਨੇ ਕਦੇ ਪੋਰਸ ਨੂੰ ਕਿਹਾ ਸੀ ਕਿ ਪੋਰਸ ਮੈਂ ਤੇਰਾ ਦੋਸਤ ਹਾਂ, ਆ ਆਪਾਂ ਰਲ਼ ਕੇ ਇੱਕ ਨਵਾਂ ਇਤਿਹਾਸ ਸਿਰਜੀਏ। ਪ੍ਰੋ. ਬੁੱਧ ਪਰਕਾਸ਼ ਨੇ ਆਪਣੀ ਕਿਤਾਬ 'ਚ ਦਸਵੇਂ ਕਾਂਡ ਦਾ ਸਿਰਲੇਖ ‘ਪੰਜਾਬ ਦੀ ਜਿੱਤ’ ਹੇਠ ਦਿੱਤਾ ਹੈ। ਪੈਗੰਬਰ ਯਾਕੂਬ ਨੂੰ ਪੁੱਤਰ ਯੂਸਫ਼ ਦਾ, ਪਿਤਾ ਜ਼ਾਲ ਨੂੰ ਪਹਿਲਵਾਨ ਰੁਸਤਮ ਦਾ ਅਤੇ ਦਸ਼ਰਥ ਨੂੰ ਪੁੱਤਰਾਂ ਦਾ ਫ਼ਿਕਰ-ਫਾਕਰਾਂ 'ਚ ਡੋਬ ਗਿਆ ਪਰ ਪਾਤਸ਼ਾਹ ਦਸ਼ਮੇਸ਼ ਨੂੰ ਅਸੀਂ ਪਿਤਾ-ਪਿਲੋਰਾ ਆਖਦੇ ਹਾਂ ਜੋ ਓਹਨਾਂ ਨੇ ਪੁੱਤਰਾਂ ਦੇ ਵਡ-ਵਿਯੋਗ 'ਚ ਡੁੱਬਣ ਦੀ ਬਜਾਏ ਸਾਨੂੰ ਢਹਿੰਦੀ-ਕਲਾ-ਨਦੀ 'ਚੋਂ ਕੱਢ ਲਿਆ। ਵਸ਼ਿਸ਼ਟ ਜੀ ਦੀ 'ਯੋਗ-ਵਸ਼ਿਸ਼ਟ', ਕ੍ਰਿਸ਼ਨ ਜੀ ਦੀ 'ਭਗਵਤ -ਗੀਤਾ' ਅਤੇ ਗੁਰੂ ਗੋਬਿੰਦ ਸਿੰਘ ਜੀ ਦੀ 'ਚੰਡੀ ਦੀ ਵਾਰ' ਓਹ ਰਚਨਾਵਾਂ ਨੇ ਜਿਨ੍ਹਾਂ ਨੂੰ ਪੜ੍ਹ ਕੇ ਮਟੀਲ-ਦੀਵਿਆਂ ਨੇ ਸੜ-ਸੂਰਜ ਚੱਬ ਲਏ। ਲਹੂ-ਹਨੇਰੀ ਚੜੀ ਵੇਖ ਫਾਲਨਾਮੇ-ਪੱਤਰੀ 'ਤੇ ਰਮਲ-ਸੰਗਲੀ ਸੁੱਟ ਕੇ ਸ਼ੁੱਭ -ਅਸ਼ੁੱਭ ਸ਼ਗਨ ਵਾਚਣ ਵਾਲ਼ੇ ਅਤੇ ਕੋਹੀ-ਬੂਟੀ ਚੱਬ ਕੇ ਨੈਣ-ਨਸ਼ੇ-ਮਦ ਹੋਏ ਲੋਕ ਤੁਰਕੀ-ਮਕਰਾਂ ਤੇ ਯੁੱਧ- ਚਾਲਾਂ ਨੂੰ ਕਦੋਂ ਕਿਆਸ ਸਕਦੇ ਸਨ?ਜਮਸ਼ੇਦ ਦੇ ਪਿਆਲੇ 'ਚੋਂ ਦੁਨੀਆਂ ਦੇ ਹਾਲਾਤ ਵੇਖਣ ਦੀ ਤਾਂਘ ਰੱਖਣ ਵਾਲ਼ਿਆ ਨੂੰ ਕੌਣ ਦੱਸੇ ਕਿ ਸੂਰਜ ਨੇ ਤਾਂ ਮਗਰਿਬ ਪਾਸੇ ਹੀ ਛਿਪਣਾ ਹੈ?ਓਹਨਾਂ ਨੂੰ ਕੌਣ ਦੱਸੇ ਜੇ ਕਣਕ-ਕਰਚਿਆਂ ਨੂੰ ਅੰਨ੍ਹੇਵਾਹ ਅੱਗ ਲਗਾਓਂਗੇ ਤਾਂ ਖੇਤ 'ਚ ਬੰਨੇ ਖੜੇ ਤੂੜੀ- ਮੂਸਲਾਂ ਨੇ ਤਾਂ ਮੱਚਣਾ ਹੀ ਹੈ? ਪੋਥੀ-ਰੁੱਖ ਦੀ ਛਾਂਵੇਂ ਬੈਠ ਭੇਡ ਨੂੰ ਉੱਨ-ਪੋਥੀ ਕਰਨ ਵਾਲ਼ੇ ਗੁਆਚੀਆਂ ਡਾਚੀਆਂ ਦਾ ਪੈੜ- ਭਾਅ ਕਦੋਂ ਜਾਣਦੇ ਸਨ? ਬੀਂਡਿਆਂ ਦੀ ਟੀਂ-ਟੀਂ 'ਚ ਲਾਖ-ਚੂੜੀਆਂ ਤੋੜਨ ਵਾਲ਼ਿਆਂ ਨੇ ਬਖਤਰ ਕਦੋਂ ਚੀਰਨੇ ਸਨ ? ਸਰਦਲ ਅੱਗੇ ਚੋਰ ਬਿਠਾ ਕੇ, ਅੰਦਰ ਨਾਰਾਂ ਭੋਗੇ । ਕਹਿਣ ਸ਼ਾਇਰੜੇ , 'ਤੇਗਾਂ ਵਾਲ਼ੇ ਰਹਿ'ਗੇ ਖੰਭਾਂ ਜੋਗੇ।' ਇਕ ਫਿਰੇ ਚਾਦਰ ਦੀ ਗਿਲਤੀ ਮਾਰੀਂ ਤੇ ਇਕ ਨੰਗਾ ਨੱਚੇ ਵਿਚ ਬਜ਼ਾਰੀਂ। ਇਹ ਤਾਂ ਆਪੋ ਆਪਣੀ ਸੋਚ ਸਮਝ ਸੀ। ਉਨਕਾ ਪੰਛੀ ਕਹਿੰਦੇ ਨੇ ਜ਼ਮੀਨ 'ਤੇ ਨਹੀਂ ਬੈਠਦਾ।ਟਹਿਟੀਰੀ ਤਾਰ 'ਤੇ ਨਹੀਂ ਬੈਠਦੀ।ਨਾਗ ਵੀ ਉੱਥੇ ਨਹੀਂ ਬੈਠਦਾ ਜਿੱਥੇ ਉਕਾਬ ਦੇ ਖੰਭ ਸਾੜੇ ਹੋਣ ਬਿਲਕੁਲ ਇਸੇ ਤਰ੍ਹਾਂ ਵੀਰ ਯੋਧਾ ਪਰਾਈ ਸੇਜ 'ਤੇ ਪੈਰ ਨਹੀਂ ਧਰਦਾ।ਇਕ ਸਿਆਣੀ ਨਾਰੀ ਤਾਂ ਆਪਣੇ ਮਰਦ ਤੋਂ ਬਿਨਾਂ ਹੋਰ ਨੂੰ ਮਰਦ ਹੀ ਨਹੀਂ ਮੰਨਦੀ। ਕੋਈ ਨਵਾਂ ਵਿਆਹਿਆ ਯੋਧਾ ਜਦੋਂ ਵੱਡੇ ਤੜਕੇ ਜੰਗ ਦੀ ਤਿਆਰੀ ਕਰਦਾ ਹੈ ਤਾਂ ਉਹਦੀ ਨਵੇਲੀ ਨਾਰ ਕੀ ਆਖਦੀ ਹੈ:— ਕੱਲ ਆਈ ਸੀ ਮੈਂ ਲੈ ਫੁਲਕਾਰੀ,ਅੱਜ ਮਹਿਮਲ਼ ਊਠ 'ਤੇ ਪਾਂਵਦਾ ਜੀ ਤੁਰ ਚੱਲਿਐਂ ਜਾਨੀਆ ਇਉਂ ਛੱਡ ਕੇ,ਚੋਰ ਲੁੱਟਿਆ ਮਾਲ ਜਿਉਂ ਛੱਡ ਜਾਂਵਦਾ ਜੀ। ਜੋਗ ਤੋਂ ਜੰਗ ਤੱਕ ਜਾਣਾ ਕੋਈ ਸ਼ੁਗਲ-ਸਰੂਰ ਨਹੀਂ ਸਗੋਂ ਮਜਬੂਰੀ ਰਹੀ ਹੈ।ਜਦੋਂ ਸਾਡੇ ਜੋਗ- ਪੈਰਾਂ ਦੇ ਕਠਪਹੀਏ ਇਤਿਹਾਸ ਨੂੰ ਧੁੰਦਲਾਉਣ ਲੱਗੇ ਤਾਂ ਅਸੀਂ ਨੇ ਤਪ-ਤੇਗ ਲਿਸ਼ਕਾਈ। ਦੀਨ ਈਮਾਨ ਨਾਲ਼ ਪੋਰੇ-ਪੋਰੇ ਹੋ ਕੇ ਮੁਸ਼ੱਕਤ ਕਰਨ ਵਾਲ਼ਿਆਂ ਨੇ ਮੁਲ਼ਕ ਦੀ ਤਕਦੀਰ ਘੜੀ।ਇਹ ਉਹ ਦਰਵੇਸ਼-ਦਸਤਾਰ ਹੈ ਜੋ ਕਦੇ ਕਿਸੇ ਸਹਿਜ਼ਾਦੀ ਦਾ ਪਿਆਰ ਬਣਦੀ ਰਹੀ ਹੈ ਤੇ ਕਦੇ ਕਿਸੇ ਨਿਮਾਣੀ ਦੀ ਪਤ ਢਕਦੀ ਰਹੀ ਹੈ।ਲਾਹੌਰ ਸ਼ਹਿਰ ਦੇ ਦਰਵਾਜੇ ਕਦੇ ਲਹੜੇਸ਼ੀ ਵੇਲ਼ੇ ਹੀ ਬੰਦ ਹੋ ਜਾਂਦੇ ਸੀ । ਚਿਕਾਰੇ ਨੂੰ ਆਪਣੇ ਬਾਰਾਂਸਿੰਗਾਂ ਦੀ ਥਾਂ 'ਤੇ ਜੇ ਲੱਤਾਂ ਤੇ ਯਕੀਨ ਹੁੰਦਾ ਤਾਂ ਗੱਲ ਹੋਰ ਹੋਣੀ ਸੀ। ਪੱਛਮ ਪਾਸਿਓਂ ਸਾਡੀ ਹਾਲਤ ਤੀਰ ਉਡੀਕਦੇ ਪਰਿੰਦੇ ਵਰਗੀ ਰਹੀ: ਚੱਲ ਤੂੰ ਵੀ ਦਰੌਣ ਨੂੰ ਟੇਕ ਮੱਥਾ,ਅਸਾਂ ਪੂਜਿਆ ਵੇ ਇਸ਼ਕ ਦੇ ਬਾਨੀਆ ਨੂੰ ਗਿਣ-ਠੁੰਗ ਲਏ ਅਸਾਂ ਵੀ ਸਾਹ ਆਪਣੇ, ਤੂੰ ਵੀ ਗਿਣ ਲੈ ਦਿਲਵਰਾ ਕਾਨੀਆਂ ਨੂੰ । ਛਿੰਝ-ਸ਼ੌਂਕਾਂ ਦੇ ਵੱਡ-ਬਾਦਸ਼ਾਹ ਧਰਮੇ ਆਕਰਪੁਰੀਏ ਨੂੰ ਮੈਂ ਧਰਮਾ ਆਕਲਪੁਰੀਆ ਆਖਦਾ ਹਾਂ ਕਿਉਂਕਿ ਅਖਾੜੇ-ਢੋਲੀ ਦੇ ਸਾਂਘਰ 'ਤੇ ਡਗਾ ਮਾਰਨ ਸਾਰ, ਉਹ ਅਕਲ ਨਾਲ਼ ਫ਼ਰਮਾਇਸ਼ 'ਤੇ ਮੱਲ ਨੂੰ ਢਾਹ ਲੈਂਦਾ ਸੀ। ਹੁਸੈਨਾ ਤੇਲੀ ਵੀ ਮੈਂਨੂੰ ਚੜ-ਚੇਤੇ ਹੈ ਜੋ ਪੰਜ ਘਾਣੀਆਂ ਤੇਲ ਹੱਥੀਂ ਕੱਢ ਦਿੰਦਾ ਸੀ। ਓਸਨੂੰ ਤਾਂ ਮੈਂ ਪੰਜ ਖੂਹ-ਜੋਤ ਹਾਥੀ ਦੇ ਨਾਂ-ਨਸ਼ੇ ਨਾਲ਼ ਚਿਤਾਰਦਾ ਸਾਂ। ਹਿੰਦ ਜੋ ਕਦੇ ਦੁਨੀਆਂ ਦੇ ਦੇਸਾਂ ਦਾ ਬਾਦਸ਼ਾਹ ਬਣ ਕੇ ਬੇਸ਼ੁਮਾਰ ਦੌਲਤ ਵੰਡਦਾ ਸੀ ਉਹੀ ਹੁਣ ਉਹਨਾਂ ਦਾ ਮੁਥਾਜ ਬਣਦਾ ਜਾ ਰਿਹਾ ਹੈ। ਹਰ ਕੋਈ ਇਹੋ ਸੋਚਦਾ ਹੈ, ਕਦੇ ਹਾਥੀ ਦੀ ਅੰਬਾਰੀ 'ਤੇ ਕਦੇ ਗਧੇ ਦੀ ਬੁਹਾਰੀ 'ਤੇ।

ਸਾਵਣ ਸਿਰਲੇਖ

ਸਾਵਣ ਸੱਜਣੀ, ਸ਼ੀਰ ਸੁਰਾਹੀ, ਸ਼ੰਮੀ, ਸਰਕੰਡਾ, ਸਿਆਹੀ, ਸੁਰਮਾ ,ਸੱਧਰਾਂ, ਸਾਵੀ ਮਹਿੰਦੀ, ਸ਼ਗਨ-ਸ਼ਾਸਤਰ ਤੇ ਸੁਪਨ ਸੁਰਾਹੀ। ਸਾਂਵਲ ਘਟਾਵਾਂ 'ਚ ਸ੍ਰਿਸ਼ਟੀ ਦਾ ਸਾਵਾਂਪਣ ਸਮਾਇਆ ਹੈ, ਸਾਰੀ ਮਹਿੰਦੀ ਦੇ ਸੂਹੇ ਪਣ ਵਾਂਗ। ਸਾਂਵਲ ਬੱਦਲ ਮਾਨੋ (ਸ੍ਰੀ ਕਾਨ) ਵੱਲੋਂ ਸੜੀ-ਧਰਤ-ਗੋਪੀ ਲਈ ਸਾਵੀ ਚਿੱਠੀ ਹੋਵੇ।ਜੋ ਸ਼ਗਲ ਸ੍ਰਿਸ਼ਟੀ ਨੂੰ ਸ਼ੁਕਰ-ਸ਼ੁਕਰ ਸਰਸਾ ਦੇਵੇ। ਸੋਹਣੀ ਸ਼ਾਮ ਹੈ, ਸ਼ਾਮ ਦੇ ਸ਼ਹਿਰ ਵਰਗੀ, ਸ਼ਮਾਂ ਕੋਲ ਬੈਠਾ ਹੈ, ਸਮੇਂ ਦਾ ਸ਼ਾਮ ਕੋਈ। ਸਿੰਧ ਤੱਟ ਤੇ ਸ਼ੀਰ ਸਾਗਰ ਘੁੱਟਾਂ ਵਰਗਾ ਸਵਾਦ ਸੜਾਂਦ-ਛੱਪੜਾਂ ਦਾ ਹੋ ਜਾਂਦਾ ਹੈ। ਸਾਰੰਗਾਂ ਦੀ ਸਟੀਂ-ਸਿਟੀਂ ਸਾਰੋਦੀ ਸੱਦ ਸਾਉਣ ਸੋਹਣੇ 'ਚ ਸਰਬਣਾਂ ਨੂੰ ਸੋਹਣੀ ਲੱਗਦੀ ਹੈ।ਸਾਰਸਾਂ ਜੋੜੇ ਸਜੀਲੇ ਨਾਚ ਕਰਦੇ ਨੇ। ਸਾਂਵਲੇ ਸੁਜਾਮਣਾ ਗੁੱਛੇ ਸੇਜ ਧਰਤੀ ਨੂੰ ਸੁੱਚੀ ਲੋਚਣੀ ਨਾਲ ਸ਼ਾਨ ਸਿਜਦਾ ਕਰਦੇ ਨੇ। ਸੁਰਮਈ ਘੁੱਗੀਆਂ ਸੁਪਾਰੀ ਰੁੱਖਾਂ 'ਤੇ ਸਰੂਰੀਆਂ ਹਨ। ਸਾਉਲਾ, ਛੈਲ, ਸੁੰਦਰ, ਸਟਕੀਲਾ ਸਾਵੀਆਂ ਜੂਹਾਂ 'ਚ ਸ਼ੋਰ ਵੰਝਲੀ ਦਾ ਸ਼ੌਦਾਈ ਸੰਗੀਤ ਸੁਣਾਉਂਦਾ ਸੱਤ ਸੁਰਾਂ ਨੂੰ ਸ਼ਹਿਦ ਸੁਰਮਾਂ ਬਣਾ ਦੇਂਦਾ ਹੈ। ਸੱਟਾਂ ਸਹਿਣ ਸ਼ਕਲਾਂ ਵਾਲੇ ਸੋਹਲ ਛੈਲ ਸਰਕਾਰੋਂ। ਸ਼ਮਸ਼ੀਰ ਸੋਈ ਸਿਰੇ ਦੀ ਸੂਰਤ ਸੋਹਣੀ ਸਭ ਸ਼ਿੰਗਾਰੋ। ਸਵੀੰ ਵੇਲੇ ਸੂਰਜ ਸੌੰਣ ਪਿੱਛੋਂ ਸੁੱਚੇ ਸ਼ੀਸ਼ੇ ਵਰਗੀ ਸ਼ਿਪਰਾ-ਨਦੀ ਦੀ ਸਾਂ-ਸਾਂ, ਸੂ-ਸੂ ਸੰਮ-ਸੰਮ ਦੇ ਸਿਖਰ ਕੰਢੇ ਸਰੇਟਾਂ ਤੇ ਸਨੋਬਰ ਰੁੱਖਾਂ ਦੇ ਸੇਧ-ਉਹਲੇ  ਸ਼ਾਮ ਸ਼ਹਿਰ ਦੀ ਸੁੰਦਰੀ ਵਰਗੀ ਸਰਬੋਤਮ ਪਦਮ ਸੁਕੰਨਿਆ 'ਸ਼ਨਾਨ ਕਰਦੀ ਦੇ ਸਰੂ ਗੋਡੇ 'ਤੇ ਸ਼ਿਸ਼ੀਅਰ ਦਾ ਸੁੰਦਰ ਪ੍ਰਕਾਸ਼ ਪਵੇ । ਸਰੂ ਗੋਡੇ ਦਾ ਸ਼ਾਹ ਪਰਛਾਵਾਂ ਸੰਡੋਲ ਛਾਤੀਆਂ 'ਤੇ ਸਿਕਲ ਸਿਕਲ ਪੈ, ਇੱਕ ਨੂੰ ਸਿਆਹ ਘਟਾ ਤੇ ਦੂਜੀ ਨੂੰ ਸਫ਼ੈਦ ਬੱਦਲ ਵਾਂਗ  ਲਿਸ਼ਕਾਵੇ। ਸੋਹਣੀ ਦੇ ਸਿਆਹ ਕੇਸਾਂ ਚੋਂ 'ਸ਼ਨਾਨ ਬੂੰਦਾਂ ਸਿਓ ਸਾਮਾਨ ਗੱਲ਼ਾਂ ਤੇ ਸੋਹਨ-ਵਰਖਾ ਸਰ ਸਰ ਕਰਦੇ । ਸਾਂਵਲ ਕੇਸ ਸਵਾਏ ਸਰੀਰੋਂ ਸਾਬਤ ਸੁੱਚੇ ਸੰਭਾਲਾਂ। ਸੱਪਾਂ ਦੇ ਸੱਪ ਲੇਟਨ ਸੀਨੇ ਸੰਗਣ ਸਭ ਸਰਾਲਾ। ਸਾਗਵਾਨ ਦੇ ਸਣੇ ਪੱਤਾਂ 'ਚੋਂ ਸਰਕਦਾ ਸ਼ਿਸ਼ੀਅਰ ਚਾਨਣ ਸੋਹਲ ਕਲਾਈਆਂ ‘ਤੇ ਪੈ ਸਣ-ਖੰਡ ਤੇ ਸੱਪ ਕੰਗਣ ਬਾਹਾਂ ਤੇ ਸੁਕੰਵਲੇ ਕੜਿਆਂ ਤੇ ਸਰਦਈ ਨਕਸ਼ੇ ਉਤਾਰੇ। ਸੂਹੇ ਪੱਤਾਂ ਦਾ ਸਾਬਣ- ਵਟਣਾ ਸੁੰਦਰ ਤਲੀਆਂ 'ਤੇ ਸੂਹੀ ਮਹਿੰਦੀ ਭਾਸੇ। ਸ਼ਰੀਂਹ ਦੇ ਸੋਹ-ਫੁੱਲ ਸਰਬਣੀਂ ਸ਼ਿੰਗਾਰੇ। ਸਨੋਤਰਾ ਫੁੱਲਾਂ ਦੀ ਸਣ ਧੂੜੀ ਮਲ਼ੇ। ਸੁਅਲਕਾ ਦੇ ਸੋਹ-ਫੁੱਲਾਂ ਵਾਂਗ ਸਦਾ ਸਰਸੀ ਰਹੇ। ਸੋਹਣੀ ਦੇ ਸੀਨੇ ਦਾ ਸੋਹਣਾ ਸੰਧੂਰੀ ਰੱਤਾ ਸ਼ਾਹ ਉਭਾਰ ਸੇਜ ਤੇ ਸੁੱਟਣਾ ਚਾਹੇ। ਸੰਗੀਤਕ ਪੌਣਾਂ 'ਚ ਸੰਗ ਨਿਸੰਗ ਝੂਮਦੇ ਸਜਪੋਸ ਰੁੱਖਾਂ ਦੇ ਪ੍ਰਛਾਵੇਂ ਕਦੇ ਸ਼ਿਸੀਅਰ ਪ੍ਰਕਾਸ਼ ਚ, ਕਦੇ ਸ਼ਾਹ ਹਨੇਰੇ 'ਚ ਸੰਗ ਸਾਥ ਇੱਕ ਮਿੱਕ ਹੁੰਦੇ ਤੇ ਕਦੇ ਛੱਡ ਛਡਾ ਕਰਦੇ। ਸੱਧਰਾਂ ਦੀ ਸੁਰ ਸੰਕੇਤਾਂ 'ਚ ਸ਼ਾਮ ਸਲੋਨੇ ਸੋਹ-ਨੈਣਾਂ ਚੋਂ ਸਰਕਦੀ । ਸੱਧਰਾਂ ਸਹੇ ਦੀ ਸਫ਼ ਵਰਗੀਆਂ ਸੋਹਲ ਹੋ ਜਾਂਦੀਆਂ। ਸੰਗੀਨ ਸੋਹਣੀ ਸੰਗੀਨ ਬਣਦੀ, ਸਾਈ ਰੰਗੀ ਕੋਈ ਸਾਰੰਗੀ ਹੋ ਜਾਂਦੀ । ਸੰਗੀਤ ਸਰੋਤਿਆਂ ਨੂੰ ਸੁਣਦਾ, ਸੁਣਦਾ ਜੋ ਸਰਵਣਾ ਨਾਲ । ਸਹਿਜ ਸੁਭਾ ਸੁਵਾਦ-ਸੁਗੰਧ ਸੰਧੂਰੰਬੀਆਂ ਦਾ ਸੰਦਲੀ ਰਸ ਸੁੰਦਰ ਸ਼ੁਕੀਨੀ ਸੁਕੰਨਿਆ ਦੇ ਸਡੌਲ ਸਤਨਾਂ 'ਤੇ ਰਸਦਾ। ਸੁਪਾਰੀ ਫੁੱਲ ਸਮਝ ਸ਼ਾਮ ਭੌਰੇ 'ਸ਼ਰੀ ਸੁਗੰਧ ਰਸ ਨੂੰ ਸੁਲਾ ਸ਼ਰਾਬ ਸਰਾਲਾ-ਘਾਹ ਤੇ ਸਰਕੰਡਿਆਂ 'ਚ 'ਸੂਤੀ ਫਸੀ ਸੂਸੀ-ਚੁੰਨੀ ਸਰਰ-ਸਰਰ ਪਾਟਦੀ। ਸਰੀਰ ਤੋਂ ਸਰਪੋਸ ਲਹੇ ਤਾਂ ਸਵਾਇਆ ਸਰੀਰ ਹੀ ਸੁੱਚਾ ਰਹਿ ਗਿਆ। ਸੀਤ ਸਰੋਵਰ 'ਚ ਸੂਰਜ ਸੇਕ ਵਾਂਗ ਸੀ। ਸੋਹਣਾ ਵੇਖ ਸਵਾਬ ਸੱਜਣਾਂ ਦਾ, ਸੂਲੀ ਚੜ੍ਹਦੀਆਂ ਸਾਹਾਂ। ਸੀਨਾ ਸ਼ੂਕ ਸਾਂਭੇ ਨਾ ਸਾਹਿਬ, ਸਿਦਕ ਤੇ ਸਮਝ ਸੁਆਹਾਂ। ਸੋਖ ਸੁਪਨੀ ਸੱਜਣ ਕੋਈ ਸੰਖ ਤੇ ਸਿੱਪੀਆਂ ਲੱਦਿਆ ਸਾਂਗਵਾਨ ਦਾ ਸੰਨ ਲਾ, ਸੋਹਣੇ ਸੀਨੇ ਤੇ ਸੰਧੂਰੰਬੀਆਂ ਦੇ ਸੰਯੋਗ ਨੂੰ ਵੇਖ ਕੇ ਆਪਣਾ ਸਰੀਰ  ਸਰਸਾਉਂਦਾ। ਸੂਹੇ ਗੁਲਾਬਾਂ ਦੀਆਂ ਸਾਵੀਆਂ ਡੋਡੀਆਂ ਨੂੰ ਸੋਹਲ ਪੋਟਿਆਂ ਨਾਲ ਸਹਿਲਾਉਂਦਾ। ਸ਼ਤੀਰ ਸਰੀਰਾਂ ਨੂੰ ਸਿਉਂਕ ਆਸ਼ਕੀ ਸਾਵਣ ਸਰਸਣ ਵਾਂਗ ਲੱਗਦੀ ਹੈ। ਸੁੰਦਰ-ਸੋਭਾ ਸਖ਼ਤ ਸਾਰ ਨੂੰ ਵੀ ਸਾੜ ਦਿੰਦੀ ਹੈ। ਸਰੀਰ ਸਣ-ਸੱਥਰ ਤੋਂ ਸੂਹੀ ਸੇਜ ਤੱਕ ਜਾਂਦਾ ਹੈ, ਸਦਾ ਸੱਥਰ ਹੋਣ ਲਈ। ਸੰਧੂਰੀ ਸੱਧਰਾਂ ਸਮੁੰਦਰੀ ਛੱਲਾਂ ਵਾਂਗ ਸੋਹਣੀ ਦੇ ਸਭ ਤੋਂ ਸਿਦਕ ਲਈ ਸਟਾਕ ਦੀਆਂ ਹਨ। ਸਾਦਿਕ ਸ਼ੇਖ਼ ਸੀਨੇ ਸੋਹਣ, ਸ਼ੇਰ ਸੁਨਹਿਰੀ ਮਾਲਾਂ। ਸੀਰੀ ਸੂਰਤ ਵੇਖ ਸੱਜਣ ਦੀ ਸੁੱਟਣ ਸਵਾਈਆਂ ਲਾਲਾਂ। ਸਾਂਵਲ-ਮੋਰ ਵਾਂਗ ਸ਼ੌਂਕ ਤੇ ਸ਼ੋਕ ਉਹਦੇ 'ਚ ਸਮਸੇਟੇ ਹੋ ਰਹੇ ਸਨ। ਸੁੰਦਰ ਖੰਭਾਂ ਵਰਗੀ ਸੁਕੰਨਿਆ ਅਤੇ ਸੜੇ ਪੈਰਾਂ ਵਰਗਾ ਵਿਛੋੜੇ ਦਾ ਸੱਲ ਸੇਕ। ਸੁੰਦਰ ਪੱਤੇ ਸੋਹਲ ਰਿਸ਼ਮਾਂ ਨੂੰ ਮਾਣ ਹੀ ਨਹੀਂ, ਸੰਚ ਵੀ ਰਹੇ ਹੁੰਦੇ। ਉਸਨੂੰ ਸੰਚਣ ਦਾ ਸ਼ੌੰਕ ਤੇ ਸੋਚਾਂ ਦਾ ਸੋਕ ਸਤਾ ਰਿਹਾ ਸੀ। ਸ਼ੀਤ ਬੁਰਾਸ਼ ਦੇ ਚੱਬੇ ਫੁੱਲ ਵੀ ਉਹਨੂੰ ਸੀਤਲ ਨਹੀਂ ਕਰ ਰਹੇ ਸੀ। ਸਾਂਵਲ-ਭੌਰੇ ਸੁੰਦਰ ਫੁੱਲਾਂ ਨੂੰ,ਸਿਸੀਅਰ ਸਰਵਰ ਦੇ ਪਾਣੀ ਨੂੰ , ਸਾਰੰਗ ਸਵਾਂਦ ਬੂੰਦਾਂ ਨੂੰ ,ਸ਼ੇਰ ਸ਼ੇਰਨੀ ਦੇ ਛੜੱਪਾਂ ਨੂੰ, ਸ਼ੀਮਰਗ ਸਾਥਣ ਦੇ ਸ਼ੌੰਕ ਨੂੰ , ਸੁਰਖਾਬ ਸਖੀਆਂ ਦੇ ਸੁਰਖਾਬਣਾਂ-ਸੱਥ ਨੂੰ ਸਮਭੋਗ ਰਹੇ ਸੀ। ਪੂਰੀ ਸ੍ਰਿਸ਼ਟੀ ਸੰਭੋਗ ਦਾ ਸੰਦੇਸ਼ ਦੇ ਰਹੀ ਸੀ। ਸਤਨਾ ਦਾ ਅਕੜਾ ਤੇ ਅੰਬਰ ਦਾ ਨਿਬਲਾ ਉਹਦੇ ਸਤ ਨੂੰ ਡੁਲ਼ਾ ਰਿਹਾ ਸੀ। ਉਹ ਸਬਰ ਹਿਜ਼ਰ ਦੀ ਸੁਰਾਹੀ ਪੀ ਰਿਹਾ ਸੀ। ਉਹ ਸਰਮ-ਹਯਾ ਦੇ ਸ਼ੀਸ਼ੇ ਨੂੰ ਤੋੜ ਕੇ ਸਰਬਤ ਸੁਰਾਹੀ ਨੂੰ ਸੰਚਣਾ ਚਾਹੁੰਦਾ ਸੀ। ਸਾਗਵਾਨਾਂ ਚ ਸਰ ਸਰ ਹੋਈ। ਉਹਨੇ ਸਾਹਸ ਕੀਤਾ। ਸਤੂਤ ਦੇ ਪੱਤ ਤੋੜੇ। ਇਕ ਪਾਣੀ ਦੀ ਕੰਡ ਤੇ ਰੱਖ ਕੇ ਉਸ ਦੀ ਗੋਦੇ ਇੱਕ ਫੁੱਲ ਰੱਖ ਕੇ ਤੈਰਾਇਆ। ਸੋਹਣੇ ਨੈਣਾਂ ਦੇ ਸੁਰਮੇ ਨੇ ਸੂਰਮੇ ਵਾਂਗ ਵਾਰ ਕੀਤਾ। ਛੈਲ-ਬਾਂਕੇ ਨੇ ਸ਼ਰਮਾਂ ਛੁਡਾ ਲਈਆਂ। ਫਿਰ ਦੋ ਫੁੱਲ ਤੈਰਾਏ ਤਾਂ ਉਸ ਸੋਹਣੀ ਨੇ ਉਸ ਪੱਤੇ ਦਾ ਡੁੰਨਾ ਬਣਾ ਕੇ ਪਾਣੀ-ਸਤ ਪੀ ਲਿਆ ਜੋ ਸੱਜਣਾਂ ਦੇ ਵੱਲੋਂ ਸੱਦੇ ਦਾ ਸੁਨੇਹਾ ਸੀ।ਸਹਸ ਸਰਦੀਆਂ ਦੀ ਸੀਤਲਤਾ ਉਹਦੇ ਅੰਦਰ ਆ ਬਿਰਾਜੀ। ਉਸ ਨੇ ਜੁਆਲਾ ਦੇ ਸੀਨੇ ਨੂੰ ਜੱਫ਼ੀ ਪਾ ਲਈ। ਸਰ- ਸਰ ਕਰਦੀ ਸੁਰਸਤੀ ਸਿੰਧ 'ਚ ਸਮਾਉਣ ਸਾਰ ਸ਼ਾਂਤ ਹੋ ਗਈ। ਸਤਬੋਲ ਸ਼ਹਿਰ ਸ਼ਹਿਜ਼ਾਦੀ ਸ਼ੀਰੀ ਸੁਖਨ ਸਦਾਵੇ। ਸਾਹਿਬਾ, ਸੱਸੀ, ਸ਼ੰਮੀ, ਸੋਹਣੀ, ਸੋਹਣੀ ਸੱਦ ਸੁਣਾਵੇ।  ਸਾਉਲ਼ੇ ਬੱਦਲਾਂ ਨੇ ਸਿਤਾਰੇ ਜਦੋਂ ਕੱਜ ਲਏ ਜਾਪਿਆ ਸ਼ਾਹ ਕੁੱਕੜਾਂ ਨੇ ਸਤਾਰਿਆਂ ਵਰਗੇ ਚੌਲ ਚੁਗ ਲਏ ਹੋਣ। ਸਮੇਤ ਪਰਬਤ ਦੇ ਸਿਰ ਤੇ ਸਾਹ ਬੱਦਲ ਇਸ ਤਰ੍ਹਾਂ ਨਾਚ ਕਰਦੇ ਜਿਸ ਤਰ੍ਹਾਂ ਸ੍ਰੀ ਕਾਨ ਸ਼ੇਸ ਨਾਗ ਦੇ ਸਿਰ ਤੇ ਨੱਚਦਾ ਹੋਵੇ।ਇੱਕ ਬੱਦਲ ਅਕਾਸ਼ ਤੇ ਉੱਠਦਾ ਹੈ ਤੇ ਦੂਸਰਾ ਆਤਮਾ 'ਚ। ਸਾਉਣ ਸੱਧਰਾਂ ਦਾ ਸੰਘਣਾ ਪੁੰਜ ਹੈ। ਬੱਦਲ ਵੀ ਸਾਥਣ ਬਿਜਲੀ ਨਾਲ ਅਨੰਦ ਭੋਗਦਾ ਹੈ ।    

ਸਾਹਿਤ ਦਾ ਸੁਹਜ

ਸੁਹਜਮਈ ਜਿਹੀ ਦੰਡਕ ਵਣ ਵਰਗੀ ਥਾਂ ਹੋਵੇ।ਸੁਪਨ-ਕਲਹੰਸਾਂ ਦੀ ਡਾਰ ਨਾਲ਼ ਸਾਰਾ ਮਨ- ਅੰਬਰ ਚਿੱਟਾ ਹੋਇਆ ਹੋਵੇ, ਘਸੇ ਤਾਂਬੇ ਦੀ ਟੁਣਕਾਰ ਵਰਗੀ ਸ਼ਬਦ-ਅਵਾਜ਼ ਹੋਵੇ,ਸੁਪਾਰੀ ਦੇ ਰੁੱਖਾਂ 'ਤੇ ਚੜੀਆਂ ਪਾਨ ਦੀਆਂ  ਵੇਲਾਂ ਦੀ ਛਾਂ ਹੋਵੇ। ਕਮਲ-ਕੁਮਦ-ਕੁਵਲੇ ਫੁੱਲਾਂ ਦਾ ਛਤਰ ਹੋਵੇ। ਮੈਂ ਲੌੰਗਾਂ ਦੇ ਪੱਤਿਆਂ ਦੇ ਆਸਣ 'ਤੇ ਬੈਠਾ ਹੋਵਾਂ,ਸੁਨਹਿਰੀ ਪਾਇਦਾਨ 'ਤੇ ਦਵਾਤ ਤੇਕਲਮ ਪਈ ਹੋਵੇ। ਸਿਆਹੀ ਵਿਚੋਂ ਘਿਉ 'ਚ ਉਬਾਲੇ ਜੌਂਆਂ ਦੀ ਮਹਿਕ ਵਰਗੀ ਖਸ਼ੁਬੂ ਆਵੇ।ਮਿਰਗ-ਚਰਮ ਤੇ ਨਗਰੇਲਦੀਆਂ ਠੂਠੀਆਂ 'ਚ ਸ਼ੀਰ-ਸਾਗਰ ਦੀਆਂ ਘੁੱਟਾਂ ਹੋਣ,ਐਰਾਵਤ ਹਾਥੀ ਦੀ ਸੁੰਡ ਵਾਗੂੰ ਨਾਗ-ਜਜ਼ਬੇ ਮੇਰੇ ਦਿਲ- ਦਰੱਖਤ ਨੂੰ ਵਲ਼ਦੇ ਹੋਏ ਆਪਣੀਆਂ ਕਾਂਚਲੀਆਂ ਲਾਹ ਸੁੱਟਣ । ਅਸ਼ਟਮੀ ਦੇ ਅੱਧੇ ਚੰਨ ਵਰਗੇ ਸੁੰਦਰ ਤਾੜ-ਪੱਤਿਆਂ ਦਾ ਕਾਗਜ਼ਹੋਏ।ਮਰਕਤ ਮਣੀਆਂ ਜੜਤ ਤੜਾਗੀਆਂ ਵਰਗੀਆਂ ਸਤਰਾਂ ਹੋਣ, ਮਾਲਤੀ-ਮੁੱਕਟ ਵਰਗਾ ਸਿਰਲੇਖ ਸੋਂਹਦਾ ਹੋਵੇ। ਤਤਕਰਾਮੱਥੇ ਤੇ ਮਸ਼ਕੂਰ ਵਾਂਗ ਲਟਕੇ। ਭੀਲ-ਰਾਜ ਦੀਆਂ ਸੁੰਦਰੀਆਂ ਦੀਆਂ ਛਾਤੀਆਂ ਤੇ ਲੱਗੇ ਧੂੜ-ਰੱਤੇ ਚੰਦਨ ਵਰਗੇ ਖਿਆਲਹੋਣ।ਸੁਸਤੀਆਂ ਆਪਣੇ ਰੁਖ-ਛਾਲ ਦੇ ਬਸਤਰਾ ਨੂੰ ਧੋਣ ਆਉਣ, ਮਲੈ-ਪਰਬਤ ਦੀਆਂ ਨਦੀਆਂ ਦੇ ਚੰਦਨ-ਰਸ- ਮਿਸ਼ਰਤਪਾਣੀ 'ਚ ਹੱਥਾਂ ਨਾਲ਼ ਵੁਜ਼ੂ ਕਰਾਂ। ਸੁਪਾਰੀ ਦੇ ਵੇਲ ਰੂਪੀ ਝੂਲੇ 'ਚ ਸੱਤ ਸੁਰਾਂ ਝੂਟੇ ਲੈਣ। ਸ਼ਬਦ ਉੱਚੀਆਂ ਕਲਗੀਆਂ ਵਾਲੇ ਮੋਰਾਂ ਵਾਂਗ ਫਨਕਾਰੀ ਹੋਣ। ਸ਼ਬਦ ਇਉਂ ਦਹਾੜਨ ਜਿਉਂ ਸ਼ੇਰਾਂ ਦੀਆਂ ਨਹੁੰਦਰਾਂ ਨਾਲ ਸਿਰ-ਪਾੜੇ ਹਾਥੀ ਦਹਾੜਦੇ ਹੋਣ। ਸੱਤ ਰਿਸ਼ੀ(ਤਾਰੇ) ਉਤਰ ਦਿਸ਼ਾ ਦੇ ਮਾਨ-ਸਰੋਵਰ ਕੰਢੇ ਸੰਧਿਆ ਗਾਵਣ। ਸ਼ਬਦ ਸਿਪੀਆਂ ਦੇ ਕੋਇਆਂ 'ਚੋ ਮੋਤੀਆਂ ਵਾਂਗਡਿੱਗਣ। ਮਦ ਨਾਲ ਰੱਤੇ ਹਾਥੀਆਂ ਦੇ ਕੰਨਾਂ 'ਤੇ ਜਿਉਂ ਭੌਰੇ ਬੈਠਣ ਇਸ ਕਿਤਾਬ ਦੇ ਵਰਿਕਆਂ 'ਤੇ ਸ਼ਬਦ ਇਉਂ ਬੈਠਣ। ਇਹਨਾਂ ਦੀ ਚਾਤਕਾਂ ਵਰਗੀ ਅਵਾਜ਼, ਕਰੌਚਿਆਂ ਵਰਗਾ ਸੰਗੀਤ, ਗਿੱਲੇ ਹੋਏ ਮਿਰਦੰਗ ਵਰਗੀ ਧੁਨੀਨਿਕਲੇ, ਮਦਮਸਤ ਟਹਿਟੀਰੀ ਵਰਗਾ ਮੇਰਾ ਕੰਠ-ਸੁਰ ਹੋਵੇ।ਹਿਰਨਾਂ ਦੀ ਜੁਗਾਲੀ ਦੀ ਝੱਗ ਵਾਂਗ ਸ਼ਬਦਾਂ ਦਾ ਘੋਟਾ ਲੱਗੇ। ਸਾਂਵਲ-ਸਾਰੰਗ ਵਰਗਾ ਸਮੀਰ-ਸੰਗੀਤ, ਕਸ਼ਮੀਰ ਦੇ ਵੈਰੀਨਾਗ-ਚਸ਼ਮੇ ਤੇ ਬਾਬਲ ਬਾਗ਼ ਦੀ ਮਿੱਠੀ ਪਿਆਰੀ ਕਲਪਨਾ, ਚਾਨਣੀ ਰਾਤ 'ਚ ਲਿਲੀ ਦੇ ਫੁੱਟਦੇ ਪੱਤਿਆਂ ਵਰਗੀ ਕੋਮਲਤਾ, ਚਮੇਲੀ ਦੀ ਖੁਸ਼ਬੂ ਵਰਗੇ ਅਹਿਸਾਸ, ਸਰੋਂ 'ਤੇ ਪਈ ਤ੍ਰੇਲ ਵਰਗੀ ਅਨੰਦਿਤਾ, ਭਾਦੋਂ ਦੇ ਜੰਗਾਲ਼ੇ ਗੰਨਿਆਂ ਵਰਗਾ ਰਸ, ਪਿਆਰ-ਪਰੁੰਨੇ ਪਾਧੀਂ ਦੀ ਦੁਆ ਵਰਗਾ ਸੁਨੇਹਾ। ਮੇਰੇ ਅਨੁਸਾਰ ਕਵਿਤਾ ਕਿਲਕਾਰੀ ਹੈ ਮਨ ਕਿਸੇ ਰੰਗ 'ਚ ਆ ਕੇ ਕੁਝ ਅੰਦਰੋਂ ਪ੍ਰਗਟ ਕਰੇ,ਉਹ ਹੀ ਕਵਿਤਾ ਹੈ, ਕਵਿਤਾ ਮੇਰੇ ਮੁਤਾਬਿਕ ---ਕ-ਕੌਤਕ,ਵ-ਵਾਲੀ, ਤ-ਤੁਕ। ਕਿਲਕਾਰੀਆਂ ਦੇ ਕਾਹਦੇ ਕਾਫੀਏ,ਰਦੀਫ। ਹਾਂ ਇੱਕ ਗੱਲ ਜਰੂਰ ਆਖਾਂਗਾ ਕਿ ਕਵਿਤਾ ਜਿੰਨੇ ਪ੍ਰਭਾਵਸ਼ਾਲੀ ਰੂਪ 'ਚ ਤੱਤਾਂ ਨੂੰ ਆਪਣੇ ਵਿੱਚ ਸ਼ਾਮਿਲ ਕਰ ਲਵੇਗੀ ,ਹੋਰ ਕੋਈ ਸਾਹਿਤ ਰੂਪ ਨਹੀਂ ਕਰ ਸਕਦਾ ਭਾਵ ਕਵਿਤਾ ਕਲਪਨਾ ਤੋਂ ਬਿਨਾਂ ਵੀ ਹੋ ਸਕਦੀ ਹੈ,ਮੇਰਾ ਮਤਲਬ ਨਿਰੋਲ ਯਥਾਰਥਵਾਦੀ ਤੇ ਇਹ ਕਲਪਨਾ ਦਾ ਸਮੁੰਦਰ ਵੀ ਹੋ ਸਕਦੀ ਹੈ। ਇਹ ਕਵੀ ਤੇ ਨਿਰਭਰ ਕਰਦਾ ਹੈ।ਇਹੀ ਤਰੀਕਾ ਹੋਰਨਾਂ ਤੱਤਾਂ ਲਈ ਹੈ।ਦੋਵੇ ਤਰ੍ਹਾਂ ਦੀ ਕਵਿਤਾ ਠੀਕ ਹੈ। ਛੰਦ ਬੱਧ ਤੇ ਖੁੱਲੀ। ਜੀਵਨੀ ਜੋ ਸ਼ਬਦ ਸਭ ਤੋਂ ਪਹਿਲਾਂ ਡਰਾਈਡਨ ਨੇ ਵਰਤਿਆ। ਉਸ ਦਾ ਜੋ ਵੀ ਦ੍ਰਿਸ਼ਟੀਕੋਣ  ਹੋਵੇ ਪਰ ਪੰਜਾਬੀਅਤ ਵਿੱਚ ਕਿਸੇ ਨੇ ਕਿਸੇ ਦੇ ਜੀਵਨ ਨੂੰ ਵੇਖ ਕੇ ਆਖਿਆ ਹੋਵੇਗਾ,' ਵਾਹ! ਉਸਦਾ ਜੀਵਨ, ਜੀਵਨ ਈ(ਹੀ) ਸੀ।' ਇਸੇ 'ਜੀਵਨ ਈ'  ਤੋਂ ਬਣ ਗਿਆ --ਜੀਵਨੀ। ਜੀਵਨੀ  ਕਲਬੂਤ ਦੇ ਕੈਨਵਸ ਤੇ ਕਾਰਨਾਮਿਆਂ ਦੇ ਰੰਗਾਂ ਨਾਲ ਬਣਾਈ ਰੂਹ ਦੀ ਤਸਵੀਰ ਹੁੰਦੀ ਹੈ। ਜੇ ਬਾਲ ਸਾਹਿਤ ਦੇ ਲਿਖਾਰੀ ਦੀ ਗੱਲ ਕਰੀਏ ਤਾਂ ੳਹ ਬਾਲਾਂ ਦੇ ਕੋਮਲ ਹੱਥਾਂ ਦਾ ਨਿਰਾਲਾ ਘੁੰਗਰੂ ਹੈ,ਸ਼ਬਦਾਂ ਦੀਆਂ ਧੁਨਾਂ ਨਿੱਕੇ ਹੱਥਾਂ ਦੇ ਕੰਗਨ ਨੇ।  ਤੋਤਲੀ ਬੋਲ਼ੀ ਦਾ ਲਾਜ਼ਵਰਦੀ ਅਲਫਾਜ਼ ਹੈ,ਇਸ ਦੇ ਕਾਵਿ ਦੀਆਂ ਸਤਰਾਂ ਬਾਲਾਂ ਦੀਆਂ ਤੜਾਗੀਆਂ ਵਰਗੀਆਂ ਹਨ। ਇਹਨਾਂ ਦੀ ਚਾਲ ਬਾਲਾਂ ਦੇ ਮੌਜ਼ੀ ਛੜੱਪਿਆਂ ਵਰਗੀ। ਇਹਨਾਂ ਦੇ ਸਿਰਲੇਖ ਸਿਰਾਂ 'ਚ ਗੁੰਦੀਆਂ ਸੁਨਹਿਰੀ ਮੋਹਰਾਂ। ਉਹ ਬੱਚਾ ਹੋ ਕੇ ਹੀ ਸਾਹਿਤ ਨਹੀਂ ਲਿਖਦਾ ਸਗੋਂ ਇਸ ਤੋਂ ਵੀ ਅਗਾਂਹ ਬਾਲ-ਕਾਵਿ ਖਿਡੌਣਾ ਬਣ ਜਾਂਦਾ ਹੈ ਉਸਨੂੰ ਪਤਾ ਹੈ ਕਿ ਬਾਲਾਂ ਨੂੰ ਸਭ ਤੋਂ ਪਿਆਰੀ ਚੀਜ਼ ਖਿਡੌਣਾ ਹੁੰਦਾ ਹੈ। ਸਾਹਿਤ 'ਚ ਦਿਤੇ ਬਹੁਤੇ ਉਪਦੇਸ਼ ਬੱਚਾ ਪਸੰਦ ਨਹੀਂ ਕਰਦਾ ਬੱਚੇ ਨੂੰ ਤਾਂ ਆਪਣਾ ਹਾਣ ਪਿਆਰਾ ਲੱਗਦਾ ਹੈ, ਲੇਖਕ ਨੂੰ ਬਾਲ ਸਾਹਿਤ ਲਿਖਣ ਲਈ ਬੱਚਾ ਬਣਨਾ ਪੈਂਦਾ ਹੈ ਬੱਚੇ ਨੂੰ ਤਾਂ ਪਤਾ ਵੀ ਨਾ ਲੱਗੇ ਕਿ ਕਦੋਂ ਲੇਖਕ ਦੇ ਵਿਚਾਰ ਉਸਦੇ ਦਿਲ-ਦਿਮਾਗ ਦਾ ਹਿੱਸਾ ਬਣ ਗਏ। ਜਿਸ ਤਰ੍ਹਾਂ ਸ਼ਾਮ ਨੂੰ ਬਾਗ਼ 'ਚ ਖੜੀ ਡੋਡੀ ਸਵੇਰ ਨੂੰ ਢੇਰ ਪਿਆਰਾ ਫੁੱਲ ਬਣ ਜਾਂਦੀ ਹੈ।ਜੋ ਬੱਚੇ ਦੇ ਮਨੋਭਾਵਾਂ ਨੂੰ ਪਿਆਰ ਕਰਦਾ ਹੈ, ਉਹ ਹੀ ਬੱਚੇ ਲਈ ਚੰਗਾ ਲਿਖ ਸਕਦਾ ਹੈ।

ਧਰਤੀ ਮਾਂ ਦਾ ਦਾਰੂਤਾ

ਮਨ-ਮਸਤ ਨੇ ਮਸਤਿਆਰਾ ਘੋਟ ਲਿਆ ਰਿੰਡ, ਅੱਕ, ਧਤੂਰਾ ਚੱਬ ਲਿਆ। ਮੌਜ ਤਖ਼ਤ 'ਤੇ ਬੈਠ ਗਈ। ਤਰਕ ਨੂੰ ਥੱਲੇ ਦੱਬ ਲਿਆ। ਓਹ ਸੁਲਤਾਨਪੁਰ ਦੀਆਂ ਉਘੜੀਆਂ-ਦੁੱਘੜੀਆਂ, ਵਲ਼-ਬੀਹੀਆਂ ਦੀ ਨੰਗੀ ਛਾਤੀ ‘ਤੇ ਸਰਘੀ ਦੇ ਊਂਘਲੱਖੇ ਤੁਰਦੇ ਜਾਂਦੇ। ਦੁਪਹਿਰਾਂ ਦੇ ਤਿੜਕਦਿਆਂ, ਪਰੂਥੇ-ਵੇਲ਼ੇ ਦੀ ਅਧਨੀਂਦੇ, ਰਾਤ ਦੇ ਸੁਪਨਿਆਂ ‘ਚ, ਖੂੰਡੇ ਲਿਸ਼ਕਾਓਦੇ। ਓਹਨਾਂ ਦੀ ਗੋਦੜੀ ‘ਚ ਨਾਥਬਾਣੀ ਦੇ ਕਾਇਦੇ ਦੇ ਸਲੋਕ, ਰੁਦਰ-ਭ੍ਰਿੰਗ-ਸੰਘਤਾ ਦੇ ਗ੍ਰੰਥ ਹੁੰਦੇ। ਓਹਨਾਂ ਸਾਧੂ-ਸਰੇਵੜਿਆਂ ਦੇ ਮੱਥਿਆਂ ‘ਤੇ ਬਿਲਾਠੀ ਤਿਲ਼ਕ ਦਮਕਦੇ। ਕਾਲ਼ੇ, ਪੀਲ਼ੇ, ਗੇਰੂਏ, ਧੂੜ-ਰੱਤੇ, ਮੌਸਮਾਂ ਦੇ ਰੰਗਾਂ ਨੂੰ ਚਿੜਾਉਂਦੇ ਲੀੜੇ, ਤਾੜੀ-ਦਰੱਖ਼ਤ ਵਾਂਗੂੰ ਸਦਾ ਨਸ਼ਈ ਮਗ਼ਰੂਰੀ ਦੇ ਝੰਡਿਆਂ ਵੱਤ ਉੱਡਦੇ। ਟਪਕਦੇ ਮਿੱਟੀ-ਮੁੜ੍ਹਕੇ, ਡਲ੍ਹਕਦੇ ਕੁੰਡਲ ਕੰਨਾਂ ਦੇ ਸੂਰਜ, ਹਨ੍ਹੇਰੇ ‘ਚ ਗ਼ਾਇਬ-ਗ਼ਾਇਬ, ਲਿਸ਼ਕ-ਲਿਸ਼ਕ ਦੌੜਦੇ ਪਹਾੜੀ-ਕੰਦਰਾਂ ਵੱਲ ਵਗੇ- ਵਗੇ ਜਾਂਦੇ। ਨਾਨਕ ਢੇਰ ਚਿਰ ਬੂਹੇ ਦੀ ਸਰਦਲ ‘ਤੇ ਖੜ੍ਹਾ ਨਿਹਾਰਦਾ ਕਦਮ-ਚਿੰਨ੍ਹਾਂ ਨੂੰ, ਚਿੰਨ੍ਹਾਂ ਦੇ ਸੁਮੇਰ-ਗਿਰ ਅਤੇ ਸੁਰਮਾ-ਗਿਰ ਤੱਕ ਦੇ ਨਾਗ ਵਤ ਪਰਛਾਵਿਆਂ ਨੂੰ। ਜਿੰਨ੍ਹਾਂ ਸੁੱਤੀ ਮਨੁੱਖਤਾ ਨੂੰ ਛਾਂ ਨਹੀਂ ਕਰਨੀ, ਸਗੋਂ ਜਾਗਦਾ ਕਰਨਾ ਹੈ, ਫੁਕਾਰੇ ਨਾਲ਼, ਘਿਸਰ-ਲੀਕਾਂ ਨਾਲ਼, ਜ਼ਹਿਰ ਤੋਂ ਸੰਖੀਆ, ਸੰਖੀਏ ਤੋਂ ਕੁਸ਼ਤਾ ਤੇ ਫਿਰ ਮਰਜ਼-ਦਾਰੂ ਤੱਕ। ਮਾਤ-ਵਸਲ ਤ੍ਰਿਪਤਾ ਨਿੱਕੇ ਨਾਨਕ ਨੂੰ ਨਿਹਾਰਦੀ। ਓਹਦੀਆਂ ਸ਼ੋਖੀਆਂ, ਕਦਮ-ਕੰਵਲਾਂ ਦੇ ਵੱਡੇ ਮੇਚਾਂ ਨੂੰ, ਰੱਬ ਵੱਤ ਬਾਤਾਂ ਨੂੰ ਫੇਰ ਤੋਂ ਚਿਤਾਰਦੀ। ਓਹ ਡਰਦੀ, ਠਰਦੀ, ਸਾਧੂ-ਟੋਲਿਆਂ ਦੇ ਡੂੰਘੇ ਪਤਾਲ ਤੀਕ ਪਏ ਪਦਮ-ਚਿੰਨ੍ਹਾਂ ਤੋਂ। ਬਾਲ ਸਾਧੂਆਂ ‘ਚ ਨਾਨਕ ਦੇ ਝਉਲੇ ਨੂੰ ਐਵੇਂ ਭਰਮ ਚਿਤਾਰਦੀ। ਬੱਦਲਾਂ ਵਾਂਗ ਆਪਣੇ ਕਲਾਵੇ ਲੈ, ਸੂਰਜਾਂ ਦੇ ਸੂਰਜ ਨੂੰ ਹਨ੍ਹੇਰੀ ਕੋਠੜੀ ‘ਚ ਛੁਪਾਉਣ ਦੀ ਕੋਸ਼ਸ਼ ਕਰਦੀ। ਕੋਈ ਧੂਣ-ਵਾਸੀ ਏਹਦੇ ਕਦਮਾਂ ‘ਚ ਬਣਵਾਸਾਂ ਵਾਲ਼ੇ ਮੌਜੇ ਨਾ ਪਾ ਛੱਡੇ। ਜੋਗ-ਜੰਗਮ ਦੀਆਂ ਮੌਜ-ਮਸਨਦਾਂ ਸਾਥੋਂ ਦੂਰ ਨਾ ਡੇਰਾ ਲਵਾ ਛੱਡਣ। ਓਹਦੇ ਕੰਨਾ ‘ਚ ਮਮਤਾ ਅਤੇ ਡਰ ਦਾ ਸਿੱਕਾ ਢਾਲ਼ ਦਿੰਦੀ। ਹੋਰ ਵਰ੍ਹੇ ਲੰਘਦਿਆਂ ਬਾਲ ਨਾਨਕ ਦੀ ਚੇਤਨਾ ਲੱਖਾਂ ਬ੍ਰਿਹਮੰਡਾ ‘ਚ ਜਾ ਫੈਲੀ। ਹੁਣ ਇਹ ਰੁੱਤਾਂ ਵਾਂਗ ਨਹੀਂ; ਦਿਨਾਂ, ਪਹਿਰਾਂ, ਪਲਾਂ, ਅੱਖਾਂ ਦੇ ਫੋਰਾਂ ਵਾਂਗ ਆਉਂਦੇ। ਲੰਬੇ ਜੁੱਗਾਂ ਦਾ ਤਜ਼ਰਬਾ, ਫ਼ਲਸਫ਼ਾ, ਘੋਟਾ ਤੇ ਜੋਗ-ਸਾਧਨਾ ਦੀਆਂ ਕਣੀਆਂ ਨੂੰ ਭਾਦੋਂ ਦੇ ਬੱਦਲਾਂ ਵਾਂਗ ਝਾੜ ਛੱਡਦੇ। ਮਨਾਂ ਦੀ ਤਾਮੜ-ਤਾਸੀਰ ਨੂੰ ਰੇਤਲੀਆਂ ਰੋਹੀ-ਖੰਡਾਂ ਵਾਂਗ ਠੰਡਾ ਕਰਕੇ, ਹੋਰ ਗਰਮਾ ਕੇ ਛਿਨ ਭੰਗਰ ਹੋ ਜਾਂਦੇ। ਅਰਸ਼ਾਂ ‘ਤੇ ਓਹੀ ਚੰਨ, ਤਾਰੇ, ਸਿਆਰੇ ਗਾਉਂਦੇ ਪਰ ਧਰਤੀ ਦੀ ਖਲ਼ੜੀ ‘ਤੇ ਨਾਸੂਰ, ਛਾਲੇ, ਫੋੜੇ, ਫੱਟ ਕਦੋਂ ਅੱਖ ਦੀ ਰੜਕ ਨੂੰ ਘਟਾਓਂਦੇ? ਤਾਰਿਆਂ ਜਿਹੇ ਖ਼ਾਬ ਸਜਾ ਕੇ ਚਾਨਣੀਆਂ ਰਾਤਾਂ ‘ਚ ਮੁਹੱਬਤ ਦੀਆਂ ਬਾਤਾਂ ਸੁਣ ਸਕਦੇ? ਨਿਤਾਪਤ ਫਤੂਰੇ ਹੈਵਾਨੀਅਤ ਦੇ ਘੋੜੇ, ਇਨਸਾਨੀਅਤ ਦੀਆਂ ਰਸ-ਪੰਬਰੀਆਂ ਲਿਤਾੜਦੇ, ਨਫ਼ਰਤ ਦੀਆਂ ਧੂੜਾਂ ਉਡਾਉਂਦੇ, ਵੈਰਾਂ ਦੇ ਬੀਜ, ਬੀਜ ਕੇ ਪੀੜਾਂ ਦੇ ਪਾਣੀ ਨਾਲ਼ ਤਰ ਕਰ ਜਾਂਦੇ। ਜੇ ਕਿਤੇ ਕੋਈ ਸਾਵੀ ਤਿੜ੍ਹ ਬਚ ਜਾਂਦੀ, ਉਹ ਵਾੜ-ਦੇਵੀ ਦੀ ਭੇਟਾ ਹੋ ਨਿਬੜਦੀ। ਹਵਸੀ ਨਾਗ ਚਾਨਣੀਆਂ ਸੜ੍ਹਾਕਦੇ, ਕ੍ਰੋਧੀ-ਫ਼ਨ ਖਿਲ਼ਾਰਦੇ, ਦੋਜ਼ਕ-ਲੀਕਾਂ ਵਾਹੁੰਦੇ, ਪਾਪ ਦੇ ਛਾਲੇ ਨੂੰ ਭਰਦੇ, ਗੈਰਤ ਦੀਆਂ ਗਿਲਹਿਰੀਆਂ ਨੂੰ ਕੁੰਡਲਾਂ ‘ਚ ਨਪੀੜ ਛੱਡਦੇ। ਇਹ ਤਿਤਲੀਆਂ ਦਾ ਸਹਿਮ ਤੇ ਸਹੇਆਂ ਦੀ ਮਸਤੀ ਸੀ। ਆਖ਼ਰ ਕਿੰਨਾ ਚਿਰ ਹਲੀਮੀ-ਕੂੰਜਾਂ ਕੁਰਲਾਂਵਦੀਆਂ, ਅਣਖੀ-ਬਟੇਰੇ ਚਿਣਗਦੇ, ਮੋਹ-ਬੱਤਖਾਂ ਪਟਾਕਦੀਆਂ, ਬਹਿਰ-ਬੀਂਡੇ ਗੂੰਜਦੇ, ਤਰਸ ਦੇ ਤਿੱਤਰ ਤਤਿਆਉਂਦੇ ਅਤੇ ਮੋਰ-ਚਾਵ ਕਿਆਕਦੇ? ਟੁਣਕਾਂ ਦੀ ਟਹਿਟੀਰੀ ਕਿੰਚਿਰ ਟਟਿਆਂਦੀ? ਇਸ ਟਿੱਡੀ-ਦਲ਼ ਲਈ, ਇਹ ਘਰਘੀਨਾਂ-ਗੂੰਜੇ, ਰੋਹੀ-ਭਾਉਂਦੇ, ਖ਼ੌਫ-ਰੱਤੇ, ਜਟ-ਸਵਾਹੀ ਤੇ ਮੋਈਆਂ ਖੱਲਾਂ ਵਾਲ਼ੇ ਤਿਲੀਅਰ ਕਾਫ਼ੀ ਨਹੀਂ ਸਨ। ਡੁੱਬਦੇ ਨੂੰ ਤਿਨਕੇ ਦਾ ਤਕਵਾ ਪਰ ਖ਼ਲਕਤ ਲਈ ਇਹ ਜ਼ਖਮਾਂ ਦੀ ਮੱਲ੍ਹਮ ਸਨ। ਰੱਬ ਦੀਆਂ ਬਾਤਾਂ, ਅਨਹਦ-ਅਨੰਦ, ਮਹਾਂ-ਕੁੰਡਲਨੀ, ਸੁਰੀਲੇ-ਸੰਖ, ਦੁੰਮ-ਧੂੰਏ, ਤਪ-ਧੂਣੇ, ਘੜਿਆਲ਼, ਖਿਪਰੀ ਆਦਿ, ਲੋਕ-ਮਨਾਂ ਦੀ ਖੁਰਦੀ ਮਿੱਟੀ ਲਈ ਸਬਰਾਂ ਦੇ ਜੜ੍ਹ-ਜੂੰਡੇ ਸਨ। ਹੱਸਦੀ ਜ਼ਿੰਦਗੀ ਦੀ ਖੋਜ਼ ਲਈ ਧਰਮ-ਜਿਹਾਦ ਦੇ ਬੀਜ-ਮੰਤਰ ਸਨ। ਬਿਮਾਰ ਮਾਂ ਧਰਤੀ ਦਾ ਦਵਾ–ਦਾਰੂ ਭਾਲ਼ਣ ਨਿਕਲੇ ਸਨ। ਓਹਨਾਂ ਦੇ ਕੁੰਡਲ ਮੁਟਿਆਰਾਂ ਨੂੰ ਝਬੂਲੀਆਂ ਲਗਦੇ। ਸਹਿਜੀ, ਸਬਰੀ, ਨਿਰਮਾਣ-ਮੱਤੇ, ਅਦਬੀ ਜਿਹੇ ਓਹ ਬੰਦਿਆਂ ਤੋਂ ਥੋੜ੍ਹੇ ਅਗੇੜ ਸਨ। ਜੁਲਫ਼ਾਂ ਦੇ ਛੱਲਿਆਂ ‘ਚ ਬੁੱਢੀਆਂ ਹੋ ਰਹੀਆਂ ਜਵਾਨ ਸੱਧਰਾਂ, ਲਗੋਟਾਂ ‘ਚ ਨੂੜਿਆ ਕਾਮ, ਸਵਾਹ ਨਾਲ਼ ਮਾਰੀ ਤਨ ਦੀ ਨੂਰਾਨੀ ਸਵੱਛਤਾ, ਓਹਨਾਂ ਨੂੰ ਸਾਬਤੀ-ਸਾਬਤੀ, ਹਾਣ-ਹਾਣ ਦੀ ਲੱਗਦੀ। ਓਹਨਾਂ ‘ਚੋਂ ਛੰਦ, ਟੱਪੇ, ਗੀਤ ਟਪਕਦੇ, ਓਹਨਾਂ ਦੀਆਂ ਝੋਲ਼ੀਆਂ ‘ਚ ਪੈਂਦੇ। ਫੇਰ ਵੀ, ਪੌਣਾਂ ਨੇ ਤੂਫ਼ਾਨਾਂ ਵਿੱਚ ਰਲ਼ ਕੇ ਮਹਿਕ ਥੋੜ੍ਹਾ ਮਾਰਨੀ ਸੀ।ਕੋਈ ਕੋਈ ਤ੍ਰਿੰਞਣੀਂ ਬੈਠੀ ਗਾ ਉੱਠਦੀ........... ਇੱਕ ਬੰਬਲਾ-ਫ਼ਕੀਰ ਮੈਂਨੂੰ ਝੱਲਾ ਲੱਗਦਾ, ਕਦੇ ਸਾਰਿਆਂ ਦਾ ਸਾਡਾ, ਕਦੇ 'ਕੱਲਾ ਲੱਗਦਾ। ਚਾਦਰਾਂ ਤਰੁੱਪਦੀ ਨੇ, ਪੋਟਿਆਂ ਨੂੰ ਟੁੱਕਦੀ ਨੇ, ਓਹਦੀ ਬਗ਼ਲੀ ‘ਤੇ ਲਿਖ ਦਿੱਤਾ “ਅੱਲਾ” ਲੱਗਦਾ। ਹੁਣ ਯੁੱਗ ਨੂੰ ਲੋੜ ਸੀ ਨਵੇਂ ਰਥਵਾਹ ਦੀ, ਅਣਗਿਣਤ ਇੰਦਰਿਆਈ ਯੁੱਧ-ਕਲਾ ਦੀ, ਕਰੋੜਾਂ ਦੇਵਤਿਆਂ ਦੇ ਪ੍ਰਤਾਪ ਦੀ, ਮੱਥੇ ‘ਚ ਅਰਬਾਂ ਸ਼ਾਸਤਰਾਂ ਦੇ ਗਿਆਨ ਦੀ, ਇੱਕ ਦਿਲ ‘ਚ ਲੱਖਾਂ ਦਿਲ-ਦਰਬਿਆਂ ਦੀ, ਅਸੰਖ ਚੰਨ-ਸੂਰਜਾਂ ਨੂੰ ਇੱਕੋ ਮੁੱਖ ‘ਤੇ ਉਭਾਰਨ ਦੀ। ਨਮੋ ਚੰਦ੍ਰੇ ਚੰਦ੍ਰੇ।। ਨਮੋ ਭਾਨ ਭਾਨੇ।। ਪਰਬਤਾਂ, ਦਰਿਆਂ, ਅਥਾਹ-ਥੇਹਾਂ, ਰੇਤਿਆਂ, ਰੋਹੀ-ਰੱਕੜਾਂ, ਕਣਾਂ, ਪਿੰਡ-ਪਿੰਡੋਰਾਂ, ਖੱਡਾਂ-ਖੋਹਾਂ ਤੇ ਮੌਸਮਾਂ ਨੂੰ ਪਦਮ-ਪੈਰਾਂ ਦੀ ਨਵੀਂ ਤਾਸੀਰ ਬਖ਼ਸ਼ਦੇ, ਗਰਦ-ਗਲੇਫ਼ੇ, ਸਬੂਤੇ, ਕਿਰਤੀ ਕਦਮਾਂ ਦੀ ਢੇਰ ਭੁੱਖ ਸੀ। ਬਾਵਰੀ ਹੋਈ ਕਾਇਨਾਤ ਨੂੰ ਪਿਆਸ ਸੀ, ਟਕਸਾਲੀ-ਸ਼ਬਦਾਂ ਦੀ ਰਬਾਬ ਦੀਆਂ ਰਹਿਮਤ ਵਰਸਾਉਂਦੀਆਂ ਤਾਰਾਂ ਦੀ। ਕੋਮਲ ਪੋਟਿਆਂ ‘ਚੋਂ ਨਿਕਲਦੇ, ਕੰਨਾਂ ਨੂੰ ਸ਼ੀਤ ਕਰਦੇ ਇਲਾਹੀ-ਸਾਜ਼ਾਂ ਦੀ। ਰੂਹਾਂ ਨੂੰ ਮੇਲਦੇ, ਤ੍ਰੇੜਾਂ ਨੂੰ ਪੂਰਦੇ, ਓਅੰਕਾਰ ਦੇ ਠਣ ਗੀਤਾਂ ਦੀ। ਕ੍ਰਾਂਤੀ ਜੰਮਣ ਵਾਲ਼ੇ ਹਿੰਮਤ ਦੇ ਸੱਕਾਂ ਦੀ। ਬਣੀ-ਵਿਧੀ ਨੂੰ ਕਬੂਲਣ ਵਾਲ਼ੇ ਮਨ-ਮੌਜੀ ਦੀ। ਏਕਤਾ ਦੀ ਪਣ-ਧਰਾ ਦੇ ਜਨੇਊ ਦੀ। ਕੇਸਰ ਦੇ ਸੋਹਲਿਆਂ ਦੀ ਤਾਂ ਮਰਦੀ ਮਿੱਟੀ ਨੂੰ ਬੇਸ਼ੁਮਾਰ ਲੋੜ ਸੀ। ਜਿੱਥੇ ਜ਼ਿੰਦਗੀ ਮਟਕ-ਹੁਲਾਰਾ ਹੋਵੇ। ਕੁਦਰਤ ਦਾ ਆਨੰਦ ਹੀ ਰੱਬ ਦੀ ਵਡਿਆਈ ਹੋਵੇ। ਹਿੰਦੋਸਤਾਨ ਦੀਆਂ ਔਂਤਰ-ਥੇਹਾਂ ‘ਤੇ ਰਤਮੰਜ਼ਰੀਆਂ ਜੰਮਣ, ਧੁੱਪਾਂ ਰਜਨੀਗੰਧਿਆਂ ਦੇ ਪੋਤੜੇ ਧੋਣ, ਦਾਖਾਂ ਨੂੰ ਭੰਬੋਲਿਆਂ ਦੀ ਗੁੜ੍ਹਤੀ ਮਿਲੇ, ਕਰੀਮੀ-ਬੈਗਣਾਂ ਦੇ ਗੀਤ ਡੇਲ਼ਿਆਂ ਦੇ ਕੰਨਾਂ ‘ਚ ਮਿਸ਼ਰੀ ਘੋਲ਼ਣ। ਦੇਗਾਂ, ਤੇਗਾਂ, ਖੰਡਿਆਂ, ਨਗਾਰਿਆਂ ਨਾਲ਼ ਮਨ ‘ਚੋਂ ਕ੍ਰਾਂਤੀ ਜੰਮੇ। ਰੋਹ-ਹਨ੍ਹੇਰੀ ‘ਚ ਖੌਫ਼ ਦੇ ਤੰਬੂ ਉੱਡਣ, ਤੇਗਾਂ ਨਾਲ਼ ਤਾਮੀਰ ਬਿਫ਼ਰੇ ਅਤੇ ਜ਼ਮੀਨ ਤਿੜ੍ਹਕੇ। ਹਿਊਮੈਂ ਦੀ ਜਿਲਬ ਨੂੰ ਨਿਰਮਾਣਤਾ ਦੀ ਕਰੰਡੀ ਉਖੇੜ ਕੇ ਓਹ ਜੀਵਨ ਉਸਰਈਆ, ਨਵਾਂ-ਨਰੋਆ ਅਮਰਤਾ ਦਾ ਤਾਜ਼ ਲਿਸ਼ਕਾਵੇ। ਬ੍ਰਹਮ-ਵਾਕਾਂ ਨਾਲ਼ ਜੋਗ ਦਾ ਆਪਣੇ ਹੀ ਕੰਢੇ ਸਾੜ੍ਹਦਾ ਫ਼ਲਸਫ਼ਾ ਨੀਚੇ ਉੱਤਰੇ, ਸੰਭਲ਼ੇ, ਸੁਰਤ ‘ਚ ਆਵੇ, ਠੰਡਾ ਹੋਵੇ, ਮਲਾਈ ਜੰਮੇ। ਇਸ 'ਚੋਂ ਇੜਾ ਦੇ ਤੌਲ਼ੇ, ਪਿੰਗਲਾ ਦੀ ਗਰਮੀ, ਸੁਖਮਨਾ ਦੀ ਜਾਗ ਅਤੇ ਬੰਦਗੀ ਦੀ ਧੀਮੀ ਮਧਾਣੀ ਨਾਲ਼ ਕਿਰਤ, ਨਾਮ ਤੇ ਸਾਂਝ-ਛਕਣ ਦਾ ਮੱਖਣ ਨਿਕਲੇ। ਸਾਰ-ਤੱਤ ਇਸ ਦਾ ਇੰਞ ਬਿਆਨੀਏ ਜੀ, ਗੰਨਾ ਸਮਝੀਏ ਜੇ ਇਸ ਸੰਸਾਰ ਤਾਈਂ। ਪੋਰੀ ਮੁੱਢ ਦੀ ਗਿਆਨੀ ਚੂਪਦੇ ਨੇ, ਪੋਗਾ ਮਸਾਂ ਮਿਲਦੈ ਭਟਕਣਹਾਰ ਤਾਈਂ ***** ਸੋਹਣਿਆ ਮਾਣ ਤੈਨੂੰ ਹੈ ਤੋਰ ਉੱਤੇ, ਭਾਂਵੇਂ ਪਾਂਧੀ ਤੂੰ ਬੜੀ ਦੂਰ ਦਾ ਏਂ ਤੂੰ ਬਿਰਤਾਂਤ ਫਿਰਦੌਸ ਵਾਲਾ, ਸੰਕੋਚ ਫਰੀਦ ਵਾਲਾ, ਬੈਂਤ ਮਨਸੂਰ ਦਾ ਏਂ । ਗਿਆਨ ਪੁੰਨਾਂ 'ਚੋਂ ਹੈ ਪੁੰਨ ਵੱਡਾ, ਤਾਂਹੀ ਸਿਆਹੀ 'ਚ  ਜਜ਼ਬੇ ਚੂਰਦਾ ਦਾ ਏਂ । ਰਹੇ ਕੱਚੀ ਕਲਮ ਦਾ ਖ਼ੌਫ਼ ਤੈਨੂੰ, ਪਿੰਗਲ ਤਾਂਈਂ ਪਿਆ ਤਾਂਹੀ ਘੂਰਦਾ ਏਂ । ਸ਼ਾਲਾ!ਮਾਲੀ ਨੂੰ ਫੁੱਲ ਨਸੀਬ ਹੋਵੇ, ਪਿਆਰ ਜੀਕਣ ਤੂੰ ਕਿਸੇ ਹੂਰ ਦਾ ਏਂ । ਤੇਰਾ ਚਮਕੇ ਮੁਖੜਾ ਤੇ ਮਲੀਨ ਵਿੱਚੋਂ, ਢੋਲ ਸੁਹਾਵਣਾ ਕੋਈ ਦੂਰ ਦਾ ਏਂ । ਗੁਰੂ ਨਾਨਕ ਦੀਨ ਈਮਾਨ ਬਖ਼ਸ਼ੇ, ਪੂਜਨੀਕ ਤੂੰ ਓਸ ਹਜ਼ੂਰ  ਦਾ ਏਂ । ਰੌਸ਼ਨ ਹੋਵੇ ਨਾਮ ਜਹਾਨ ਅੰਦਰ , ਕਰਮ ਰਬ ਦੇ ਸ਼ਕੂਰ ਦਾ ਏਂ । ਸੋਨਾ ਮਲਕ ਵਾਲਾ,ਬਲੌਰ ਬਲਖ ਵਾਲਾ,ਟੁਕੜਾ ਤਾਜ਼ਸਾਹੀ ਕੋਹਿਨੂਰ ਦਾ ਏਂ। ਤਾਜੇ ਅੰਬਾਂ ਦੀ ਗੁਰਾਂ ਨੇ ਆ ਛਾਂ ਮਾਣੀ, ਕਾਫਲਾ ਓਸਦੇ ਬੂਰ ਦਾ ਏਂ। ਗਨੀ ਮਲਾਹ ਜਿਸਦਾ ਆਪ ਬਣਿਆ, ਮੁਸਾਫਿਰ ਓਸ ਬੇੜੇ ਦੇ ਪੂਰ ਦਾ ਏਂ। ਰਾਹੀ ਰਾਹਾਂ ‘ਚੋਂ ਨਿਕਲੇ ਰਾਹ ਵਰਗਾ,ਵੰਡੇ ਹਿੰਦ ‘ਚੋਂ ਸ਼ਹਿਰ ਕਸੂਰ ਦਾ ਏਂ। ਸਤਗੁਰਾ ਸਿੰਘਾ ਤੂੰ ਨਹਿਰ ਨੰਗਲੇ ਦਾ,ਸਾਗਿਰਦ ਸ਼ਬਦ ਦੇ ਸੁੱਚੇ ਨੂਰ ਦਾ ਏਂ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਵਾਰਤਕ, ਸਤਗੁਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ