Punjabi Kavita
  

Pritam Chhoh Bawa Budh Singh

ਪ੍ਰੀਤਮ ਛੋਹ ਬਾਵਾ ਬੁਧ ਸਿੰਘ

ਭੇਟਾ

ਪ੍ਰੀਤਮ ਜੀ ! ਇਹ ਛੋਹ ਤੁਸਾਡੀ,
ਪਾਰਸ ਅਰਸ਼ੀ ਆਹੀ ।
ਖੋਲ ਕਪਾਟ ਕਾਵਯ ਦੇ ਦਿਤੇ,
ਰਬੀ ਰਮਜ਼ ਬੁਝਾਈ ।
ਬਿਰਹਾਂ, ਦਰਦ, ਏ ਸੋਚ ਉਡਾਰੀ,
ਬੇਹੱਦ ਦੇਸ ਇਸ਼ਕ ਤੋਂ ।
ਭੇਟ ਅਮੋਲਕ ਮੋਤੀ ਹੰਝੂ,
ਥਾਲ ਨੈਨਾਂ 'ਚਿ ਲਿਆਈ ।

1. ਪ੍ਰੀਤਮ ਛੋਹੁ

ਰਾਤੀਂ ਸੁਪਨੇ ਅੰਦਰ ਸਈਓ !
ਮਾਹੀ ਦਰਸ ਵਿਖਾਇਆ ।
ਅੰਗ ਛੁਹਾਇਆ, ਰੌ ਬਿਜਲੀ ਵਤ,
ਸਾਰੇ ਲਰਜ਼ਾ ਪਾਇਆ ।
ਕਰਾਮਾਤ ਕੀ ਛੋਹ ਵਿਚ ਅੜੀਓ,
ਨਾ ਜਾਣਾਂ, ਰੱਸ ਰੱਬੀ ।
ਜ਼ੱਰਾ ਜ਼ੱਰਾ ਜਿਸਮ ਮਿਰੇ ਦਾ,
ਖਿੱਚ ਮਾਹੀ ਤੜਪਾਇਆ ।

2. ਪ੍ਰੀਤਮ ਵਲ

ਪ੍ਰੀਤਮ ਜੀ ਤੁਸੀ ਹੋ ਦੁਰੇਡੇ,
ਕਿਉਂ ਸਾਥੋਂ ਓ ਰਹਿੰਦੇ?
ਪਹਿਲੀ ਨਜ਼ਰ, ਨਜ਼ੀਰ ਦਿਲ ਕੀਤਾ,
ਹੋਰ ਦਸੋ ਕੀ ਲੈਂਦੇ?
ਭੰਬਟ ਜਿੰਦ ਸ਼ਮਾਂ ਤੋਂ ਘੋਲੀ,
ਅਗਨ ਇਸ਼ਕ ਵਿਚ ਸੜਦਾ।
ਹਸ ਹਸ ਸ਼ਮਾ ਪੁਕਾਰੇ, ਕਿਉਂ ਨਾ,
ਕੋਲ ਆਏ ਹੁਣ ਬਹਿੰਦੇ?

ਸ਼ਮਾ ਨਿਕਾਰੀ ਰੋਵੇ ਸਈਓ,
ਆਸ਼ਕ ਕੁਹ ਪਛਤਾਵੇ।
ਏਹ ਨਾ ਜਾਣੇ ਰੀਤ ਇਸ਼ਕ ਦੀ,
ਦੋ ਪਾਸੀਂ ਅੱਗ ਲਾਵੇ।
ਜੇ ਇਕ ਸੜਕੇ ਕੋਲਾ ਹੋਇਆ,
ਉਹ ਘੁਲ ਘੁਲ ਮੌਤ ਉਡੀਕੇ।
ਹਰੀ ਬੁਧ ਸੌਖੀ ਖੇਡ ਨਹੀਂ ਏ,
ਕੋਈ ਸੰਭਲ ਏਸ ਖਿਡਾਵੇ॥

3. ਮਹਿੰਦੀ

ਖੜੀ ਪੈਲੀਆਂ ਵਿਚ ਉਡੀਕਾਂ,
ਕਦ ਉਹ ਵੇਲਾ ਆਵੇ।
ਜਾ ਮਿਲਾਂ ਸੱਜਨਾਂ ਦੇ ਤਾਈਂ,
ਉਡ ਉਡ ਕੇ ਜਿੰਦ ਜਾਵੇ।
ਪਰ ਕਟ ਵਢ ਕੇ ਆਨ ਸੁਕਾਈ,
ਨਿਖਰੀ ਨਾਂਹੇ ਸੁਖਾਵਾਂ।
ਪੀਹ ਚਕੀ ਵਿਚ ਪੈਦਾ ਕੀਤੀ,
ਸੁਰਮਾ ਤਕ ਸ਼ਰਮਾਵੇ॥

ਹਟ ਬਾਜ਼ਾਰ ਵਿਕੈਂਦੀ ਫਿਰਦੀ,
ਵਿਚ ਪੁੜੀਆਂ ਦੇ ਬੱਧੀ।
ਐਵੇਂ ਜਮ ਗਵਾਇਆ ਖੇੜਾ,
ਨਾਂ ਮੈ ਪ੍ਰੀਤਮ ਲੱਧੀ।
ਅੰਤ ਫਿਰੇ ਦਿਨ, ਆਨ ਕਿਸੇ ਨੇਂ,
ਘੋਲ ਪਿਆਲੇ ਘੱਤੀ।
ਲਗ ਤਲੀ ਮੈਂ ਯਾਰ ਸਿੰਝਾਤਾ,
ਅਰਸ਼ਾਂ ਦੀ ਸਿਕ ਲਥੀ॥

ਘੁਟ ਘੁਟ ਯਾਰ ਮੁੱਠੀ ਵਿਚ ਰਖੇ,
(ਮੈਂ) ਮੌਜ ਵਸਲ ਦੀ ਲੁਟੀ।
ਮੈਂ ਜਾਤਾ, ਮੈਂ ਮੁਲ ਵਡੇਰਾ,
ਤਾਂ ਮੁੱਠ ਪੀਤਮ ਘੁਟੀ!
ਰੰਙਨ ਚੜ੍ਹੀ ਸੱਜਨ ਦੀ ਹਥੀਂ,
ਮੈਂ ਫੋਕ ਪਰੇ ਕਰ ਸਟੀ।
ਆਪ ਗਵਾ ਸਜਨ ਨੂੰ ਮਿਲੀਆਂ,
ਮੈਂ ਨਿੰਹੁ ਸਸਤੀ ਲੁਟੀ॥

4. ਕਲੀ ਦੀ ਬੇਕਲੀ

ਨੀ ਗੋਰੀਏ ! ਤੂੰ ਪਿਆਰ ਪਾਕੇ, ਸੀ ਅਸਾਂ ਗਲ ਲਾਇਆ !
ਨੀ, ਰੈਨ ਸਾਰੀ ਸੇਜ ਉਤੇ, ਮਲ ਮਲਾ ਹੰਢਾਇਆ !
ਆਬ ਜੋਬਨ ਲੁਟ ਸਾਡਾ, ਕਿਉਂ ਪਰੇ ਸਟਵਾਇਆ ?
ਇਕ ਜਿੰਦੜੀ ਸੀ, ਵਾਰੀ ਤੈਥੋਂ, ਏਹ ਨਫਾ ਦਿਲਵਾਇਆ ?

ਭੋਲੀਏ ਨੀ, ਗੋਰੀਏ ਨੀ, ਦੇ ਵਿਛੋੜਾ ਮਾਰ ਨਾ !
ਇਸ਼ਕ ਰਤੀਏ, ਮੁਸ਼ਕ ਰਤੀ, ਮੁਸ਼ਕ ਦੀ ਤੈਂ ਸਾਰ ਨਾ !
ਬਾਗ਼ ਦੇ ਵਿਚ ਜੰਮੀਆਂ ਮੈਂ, ਵਾਉ ਦੇ ਨਾਲ ਖੇਡੀਆਂ !
ਮੁਸ਼ਕ ਤੋਂ ਹੀ ਕਦਰ ਹੋਈ, ਮੁਸ਼ਕ ਨੇ ਹੀ ਮਾਰੀਆਂ !

ਪਿਆਰ ਸਾਡਾ ਮੁਸ਼ਕ ਬਣਕੇ, ਵਿਚ ਜ਼ਮਾਨੇ ਖਿੰਡਿਆ !
ਬੁਲਬੁਲਾਂ ਵੀ ਤੇ ਮਨੁਖਾਂ, ਲੁਟ ਵਾਂਗੂ ਵੰਡਿਆ !
ਵੇਖ ਦੋ ਪਲ ਪਿਆਰ ਪਾਵਨ, ਹਿਕ ਲਾਵਣ ਪਿਆਰੀਆਂ !
ਜ਼ਾਲਮਾਂ, ਜਦ ਮੁਸ਼ਕ ਵਿਛੜੀ, ਤੋੜੀਆਂ ਸਭ ਯਾਰੀਆਂ !

ਜੇ ਪ੍ਰਾਹੁਨੀ ਦੋ ਘੜੀ ਦੀ, ਮੈਂ ਕਲੀ, ਨੀ ਗੋਰੀਏ ।
ਰੂਪ ਤੇਰਾ ਦੋ ਦਿਨਾਂ ਦਾ, ਪਿਆਰ ਦੀ ਰਸ ਬੌਰੀਏ !
ਗੋਰੀਆਂ ਦਿਲ ਭਾਂਵਦੀ ਮੈਂ, ਗੋਰੀਆਂ, ਜੀ ਆਸ਼ਕਾਂ !
ਇਸ਼ਕ ਦੀ ਹੈ ਮੁਸ਼ਕ ਮੈਂ ਵਿਚ, ਇਸ਼ਕ ਦੀ ਤੂੰ ਲੋਰੀਏ !

5. ਕਲੀਆਂ

ਵੇਖ ਕਲੀਆਂ ਮੋਤੀਏ ਦੀ,
ਸਜਣਾ! ਏਹ, ਸੋਹਣੀਆਂ!
ਨੇਹੁੰ ਕੁਠੇ ਆਸ਼ਕਾਂ ਦੇ,
ਅਥਰੂ, ਏ ਜਾਣੀਆਂ।
ਪਿਆਰ ਦੀ ਏਹ ਮੁਸ਼ਕ ਦੇ ਵਿਚ,
ਜੰਮੀਆ ਰਸ ਭਿੰਨੀਆਂ!
ਗੋਰੀਆਂ ਦੇ ਤਾਹੀਂ ਏਹ ਮਨ,
ਪਿਆਰੀਆਂ ਮਨ ਭਾਣੀਆਂ!

6. ਕਲੀ ਵਲ

ਕਲੀਏ ਨੀ ਮੂੰਹ ਮੀਟੀਏ,
ਤੂੰ ਬਾਗੋ, ਰਾਣੀ।
ਜੇ ਮੂੰਹ ਖੋਲ੍ਹੇਂ ਹਸ ਕੇ,
ਸਭ ਜਗ ਮਹਿਕਾਨੀ!
ਅੰਦਰ ਮੁਸ਼ਕੇ ਭਿੰਨੀਏ,
ਸਭ ਜਗ ਭਰਮਾਇਆ!
ਕਿਉਂ ਮਾਹਬੂਬਾਂ ਭਾਂਵਦੀ,
ਆਸ਼ਕ ਦੁਖਿਆਨੀ?

ਉਤਰ:

ਨੇਹੀਆਂ ਅਥਰੂੰ ਕੇਰੀਆਂ,
ਲੁਕ ਵਿਚ ਗੁਫਾ ਨੀ!
ਲਗੀ ਵਾਉ ਪ੍ਰੇਮ ਦੀ,
ਬਨ ਓਸ ਟਿਕਾਨੀ।
ਪੀ ਜਲ ਪ੍ਰੇਮੀ ਅੰਬਰੋਂ,
ਵਿਚ ਬਾਗ਼ੇ ਪਲੀਆਂ!
ਤਾਹਿ ਮਾਹਬੂਬਾਂ ਅੰਦਰੀਂ,
ਭਾ ਨਿੰਹੁ ਲਗਾਨੀ!

7. ਹਮਾਂਚਲ ਦੀਆਂ ਨਿਘੀਆਂ ਬਰਫਾਂ

ਪਰੀ ਬਰਫ ਦੀ ਖੜੀ ਸ਼ਿਖਾ ਤੇ, ਰਾਹ ਪੀਤਮ ਦਾ ਤਕੇ।
ਸਿਰ ਲਾ ਪੈਰ ਸੁਪੈਦ ਨੂਰਾਨੀ, ਇਕ ਰੰਗ ਰਤੀ ਯਕੇ।
ਜੀ ਵਿਚ ਖੋਹ ਤਪਸ਼ ਦੀ ਭਾਸ਼ੇ, ਛੋਹ ਮਾਹੀ ਦੀ ਜਾਦੂ॥
ਭਾਂਬੜ ਨੂਰ ਤਪਸ਼ ਦੇ ਬਾਲੇ, ਕਿਰਨ ਸੂਰਜ ਗਲ ਲਗੇ॥

ਨੂਰੀ ਬਰਫ ਚੌਪਾਸੀ ਦਿਸੇ, ਬਰਫ ਨੂਰਾਨੀ ਵਗੇ॥
ਨਾ ਕੋ ਕਲੀਆਂ ਹਸਨ ਖੇਡਨ,(ਨ) ਬੁਲਬੁਲ ਰਾਗ ਅਲਾਪੇ।
ਨਾ ਕੋ ਲਾਟ ਬਿਰਹਾਂ 'ਚਿ ਸੜਦੀ, ਨਾ ਭੰਬੱਟ ਜਿੰਦ ਵਾਰੇ।
ਚੁਪ-ਸੰਗੀਤ ਅਜਬ ਸੁਰ ਛੇੜੀ, ਮਨ ਤੱਕੇ ਹੱਕੇ ਬੱਕੇ॥

ਠੰਡ ਠੰਡ ਏ ਠੰਡ ਇਲਾਹੀ, ਤਪਸ਼ ਪੀਤ ਵਿਚ ਇਸਦੇ।
ਹੋਵੇ ਨਾਚ ਸ਼ਿਵਾਂ ਦਾ ਭਾਂਵੇ, ਧੀ ਹਿਮਾਂਚਲ ਨਾਲੇ।
ਸੁੰਨ ਸਮਾਧੀ ਹੌਲੀ ਧਾਰੋ ! ਮਸਤ ਰਾਗ ਦੀ ਮੋਹੀਆਂ।
ਮੈਂ ਵੀ ਨਾਲ ਤੁਸਾਡੇ ਰਲਸਾਂ, ਜੇ ਸੁਰ ਮਾਹੀ ਖਿਚੇ॥

ਜੇ ਇਕ ਕਿਰਨ ਸੂਰਜ ਦੀ ਅੜੀਓ, ਸ਼ਿਖਾ ਤਾਂਈ ਛੋਹ ਜਾਵੇ।
ਭਖ ਭਖ ਪਿੰਡਾ ਸੋਨਾ ਚਮਕੇ, ਠੰਡ ਵਿਛੋੜਾ ਜਾਵੇ।
ਜੀ ਵਿਚ ਨਿੱਘ ਪ੍ਰੇਮ ਦਾ ਆਵੇ, ਨੈਨੀਂ ਨੀਰ ਵਗਾਵੇ।
ਜੇ ਪ੍ਰੀਤਮ ਛੋਹ ਜਾਵੇ, ਕਿਉਂ ਨਾ, ਨਿਹੁੰ ਏ ਅਰਸ਼ ਪੁਚਾਵੇ॥

(ਹਮਾਂਚਲ ਦੀ ਧੀ=ਸਤੀ, ਸ਼ਿਵਜੀ ਦੀ ਸੁਪਤਨੀ ਸੀ)

8. ਜ਼ਮੀਨ ਦਾ ਪਿੰਡਾ ਖਰਵਾ ਕਿਉਂ?

ਜਦੋਂ ਵਿਛੜੀ ਸੈਂ ਸੂਰਜ ਤੋਂ,
ਤੂੰ ਕੋਮਲ ਸੈਂ ਤੂੰ ਨੂਰਾਨੀ।
ਬਦਨ ਚਿਟਾ ਤੇ ਨਾਜ਼ਕ ਸੀ,
ਕਲੀ ਵੀ ਵੇਖ ਸ਼ਰਮਾਨੀ।
ਡਲਕਦੀ ਵਾਂਗ ਹੰਝੂ ਦੇ,
ਤਪਸ਼ ਅੰਦਰ ਸੀ ਬਿਰਹਾਂ ਦੀ।
ਖਾਧਾ ਜੋਸ਼, ਫੁਟ ਨਿਕਲੀ,
ਲਭੇ ਮਹਿਰਮ ਨੂੰ, ਭੜਕਾਨੀ॥

9. ਮੀਂਹ ਤੇ ਭੁਆਰ ਬਾਗ ਦੀ ਬਹਾਰ

ਮੀਂਹ ਵਸੇ ਤਾਂ ਜਗ ਵਸੇ, ਸੋਹਣੇ ਫੁੱਲ ਸੁਹਾਣ,
ਫੂਹੀਆਂ ਇਹ ਠੰਡਿਆਲੀਆਂ, ਤਪਦੇ ਠੰਢ ਪੁਵਾਣ ।
ਵਿਚ ਵਿਛੋੜੇ ਕਾਮਣਾ, ਨੈਣੀ ਝੜੀ ਲਵਾਣ,
ਪੀ ਪ੍ਰਦੇਸੀ, ਵੇਖ ਝੜ, ਬਿਰਹਾਂ ਅਗਨ ਤਪਾਣ ।੧।

ਹਸ ਭੁਆਰੇ ਠੰਢੀਏ, ਮੋਤੀ ਨਾਹੀਂ ਖਲੇਰ,
ਮੈਂ ਨੈਣੀ ਛਹਿਬਰ ਲਾਇਆ, ਝੋਲੀ ਮੋਤੀ ਢੇਰ ।
ਕਲੀਏ ਨੀ ਰਸ ਭਿੰਨੀਏਂ, ਹਰੇ ਨਾ ਜ਼ਖ਼ਮ ਉਚੇੜ,
ਪੀ ਪ੍ਰਦੇਸ, ਨਾ ਭਾਂਵਦੇ, ਕੋਇਲੇ ! ਬੋਲ-ਸਵੇਰ ।੨।

ਤੂੰ ਵਸੀਂ ਵਸੀਂ ਮੇਘਲੇ, ਜੀ ਵਸ ਵਸ ਜੀ ਵਸਾ,
ਪੀ ਘਰ ਆਇਆ, ਖੋਲ੍ਹ ਅੱਖ, ਹਸ ਤਕ ਕਲੀ ਜ਼ਰਾ ।
ਤੁਠਾ ਪੀ, ਗਲ ਲਾ ਲਈ, ਦਿਤੀ ਸੂ ਤਪਸ਼ ਗਵਾ,
ਪੀ ਰਸ ਬੂੰਦ ਸੁਹਾਵਨੀ, ਸਾਵਨ ਪੀਆ ਰਿਝਾ ।੩।

ਓ ਬਦਲਯਾਰਾ ! ਵਸ ਤੂੰ, ਤੇ ਜਗ ਵਿਚ ਠੰਢ ਪਵਾ,
ਹੋਸੀ ਸਾਡੀ ਪਿਆਰੜੀ, ਉਸ ਵਲ ਜਾਈਂ ਜ਼ਰਾ ।
ਆਖੀਂ ਅਥਰ ਕੇਰਕੇ, ਸੋਹਣੀ ਨੂੰ ਭਰਮਾ,
ਤੈਂ ਵਿਛੋੜੇ ਤਪ ਰਹੇ, ਹਸ ਵਸ ਕੇ ਠੰਢ ਪਾ ।੪।
('ਫੁਲਵਾੜੀ' ਮਾਰਚ, ੧੯੨੫, ਭੁਆਰ=ਫੁਹਾਰ,
ਕਾਮਣਾ=ਇਸਤਰੀ)

10. ਦਰਿਆ ਤੇ ਮੀਂਹ

ਇਕ ਏਹ ਸ਼ੌਹੁ ਦਰਿਆ ਚੜੰਦਾ,
ਦੂਜਾ ਮੀਂਹ ਵਸੰਦਾ।
ਜਿੰਦ ਅਕਲੀ ਘੁੰਮਨ ਘੇਰੀ,
ਨਾਂਹੀ ਸ਼ਹੁ ਦਸਿੰਦਾ।
ਦੂਰ ਕਿਨਾਰਾ, ਪੈਰ ਨਾ ਲਗਦੇ,
ਨਾਂਹੀ ਤੂਫਾਨ ਠਹਿਰੰਦਾ।
ਵੇਖਾਂ, ਨਿਹੁੰ ਕੀ ਪਾਰ ਲੰਘਾਵੇ,
ਜਾਂ ਵਿਚਕਾਰ ਡੁਬੰਦਾ॥

11. ਦਰਿਆ ਤੇ ਪਹਾੜ

ਪਾਣੀ ਵਗਦਾ ਮੌਜ ਦੀ ਲਹਿਰ ਜ਼ੋਰੀ,
ਟਕਰ ਮਾਰਦਾ ਨਾਲ ਪਹਾੜ ਆਕੇ।
ਕਰੇ ਸ਼ੋਰ ਡਾਢਾ, ਜ਼ੋਰੋ ਜ਼ੋਰ ਡਾਢਾ,
ਮੁੜੇ ਅੰਤ ਪਿਛੇ ਏਹੀ ਭਾਂਝ ਖਾਕੇ।

ਚਿਤ ਵਿਚ ਪਹਾੜ ਗੁਮਾਨ ਕੀਤਾ,
ਮੇਰਾ ਮਾਨ ਵਡਾ ਕਦ ਹਿਲਦਾ ਹੈ।
ਪਾਨੀ ਚੜ੍ਹ ਟੀਸੀ ਉਤੋਂ ਡਿਗਦਾ ਹੈ,
ਕਦੋਂ ਨਾਲ ਮੇਰੇ ਓਹ ਮਿਲਦਾ ਹੈ।
ਮਾਰੇ ਟਕਰਾਂ ਆਨ ਕੇ ਨਾਲ ਮੇਰੇ,
ਭੰਨੇ ਪਾਸੜੇ ਐਵੇਂ ਹੀ ਕਿਲ੍ਹਦਾ ਹੈ!
ਜ਼ੋਰ ਸ਼ੋਰ ਕਰਦਾ ਅੰਤ ਝਗ ਬਨ ਕੇ,
ਵਾਂਗ ਰੂੰ ਤੂੰਬੇ ਵਾ ਠਿਲ੍ਹਦਾ ਹੈ॥੧॥

ਸਿਰ ਚਾੜ੍ਹ ਭਰਾ ਖਰਾਬ ਕੀਤਾ,
ਤਦੇ ਨਾਲ ਮੇਰੇ ਮਥਾ ਲਾਂਵਦਾ ਹੈ।
ਬਣਕੇ ਬਰਫ ਲੈ ਸਿਖਰ ਤੇ ਜਮ ਬੈਠਾ,
ਸੂਰਜ ਗਾਲ ਕੇ ਤੁਰਤ ਗਿਰਾਂਵਦਾ ਹੈ।
ਪਾਸੇ ਭੰਨ ਮੈਂ ਤੂੰਬੇ ਉਡਾ ਦਿਤੇ,
ਸਿਰੋਂ ਆਨ ਲਥਾ ਨਿਉਂ ਜਾਂਵਦਾ ਹੈ।
"ਹਰੀ ਬੁਧ" ਜੇ ਅਸਲ ਨੂੰ ਸਮਝ ਚਲੇ,
ਕਾਨੂੰ ਏਨੀਆਂ ਠੋਕਰਾਂ ਖਾਂਵਦਾ ਹੈ॥੨॥

ਦਰਿਆ:-

ਪਾਣੀ ਆਖਿਆ ਸੁਣੀ ਤੂੰ ਬਾਤ ਸਜਨ,
ਕਰੀਂ ਮੂਲ ਨ ਏਡੜਾ ਮਾਨ ਮੀਤਾ।
ਤੂੰ ਵੀ ਸਦਾ ਨ ਗਡਿਆ ਰਹਿਵਨਾ ਹੈ,
ਅੰਤ ਟੁਟਸੈਂ ਹੋ ਪਸ਼ੇਮਾਨ ਮੀਤਾ।
ਏਸ ਜਗ ਦੇ ਵਿਚ ਨ ਰਹੇ ਕਾਇਮ,
ਸੂਰਜ ਚੰਦ ਤਾਰੇ ਆਸਮਾਨ ਮੀਤਾ।
ਰਤੀ ਸੋਚ ਤੇ ਕਰੀਂ ਵਿਚਾਰ ਕਿਥੋਂ,
ਆਇਆ ਰਗੜਦਾ ਏਸ ਅਸਥਾਨ ਮੀਤਾ॥੩॥

ਕੇਹੜੇ ਤੂੰ ਪਹਾੜ ਦਾ ਸੁਤ ਹੈ ਸੀ,
ਓਥੋਂ ਕੇਹੜੇ ਬਲਵਾਨ ਨੇ ਪਟਿਆ ਸੀ?
ਕੀਕਰ ਸਿਖਰ ਤੋਂ ਡਿਗ ਹਿਠਾਂ ਆਇਆ,
ਵਿਚ ਸ਼ੌਹੁ ਦੇ ਫਿਰ ਕਿਨ ਸਟਿਆ ਸੀ?
ਝਖਾਂ ਮਾਰਦਾ ਫੇਰ ਭਨਾ ਪਾਸੇ,
ਬੰਦ ਬੰਦ ਤੇਰਾ ਕਿਨ ਕਟਿਆ ਸੀ?
ਤੇਰਾ ਜ਼ੋਰ ਸਾਰਾ ਅਸੀਂ ਦੇਖ ਲੀਤਾ,
ਛਜੀਂ ਪਾਕੇ ਤੁਸਾਂ ਨੂੰ ਛਟਿਆ ਸੀ॥੪॥

ਅਸੀਂ ਨਿਉਂ ਚਲਦੇ ਏਹੀ ਹੈ ਚੰਗਾ,
ਏਸ ਵਿਚ ਹੀ ਜ਼ੋਰ ਤੇ ਮਾਨ ਭਾਈ।
ਛੋਟੇ ਹੋਏ ਨਿਤਾਨੜੇ ਅਸੀਂ ਫੋਹੇ,
ਪਰਬਤ ਤੋੜਦੇ ਲਖ ਤੂੰ ਜਾਨ ਭਾਈ।
ਕੂਲ੍ਹਾਂ ਵਗ ਕੇ ਪਟਦੇ ਜੜ੍ਹਾਂ ਤਾਈਂ,
ਵਡੇ ਕਈ ਕੈਲਾਸ਼ ਮਹਾਨ ਭਾਈ॥
ਰਗੜ ੨ ਪਹਾੜ ਨੂੰ ਰੇਤ ਕਰਦੇ,
ਸ਼ਕ ਹਈ ਜਾ ਵੇਖ ਮੈਦਾਨ ਭਾਈ॥੫॥

ਜੇਹੜੇ ਜਗ ਦੇ ਵਿਚ ਹਨ ਮਾਨ ਕਰਦੇ,
ਖੜੇ ਵਾਂਗ ਪਥਰ ਵਿਚ ਪਾਨੀਆਂ ਦੇ।
ਅੰਤ ਓਸ ਨੇ ਖੈ, ਲੈ, ਹੋਵਨਾਏ,
ਧੌਣ ਭਜਸੀ ਵਿਚ ਜਹਾਨੀਆਂ ਦੇ।
ਜਗ ਸ਼ਹੁ ਦਰਿਆ ਦੀ ਲਹਿਰ ਡਾਢੀ,
ਮਾਨ ਭੰਨਦੀ ਤੁਰਤ ਏ ਮਾਨੀਆਂ ਦੇ।
"ਹਰੀ ਬੁਧ" ਜਿਉਂ ਨੀਰ ਜੇ ਨਿਓਂ ਚਲੋ,
ਡਰ ਭੌ ਨ ਫੇਰ ਤੁਫਾਨੀਆਂ ਦੇ॥੬॥

12. ਸਤਲੁਜ ਵਗ

ਤੂੰ ਵਗ ਸ਼ਹੁ ਦਰਿਆਓ ਵੇ, ਵਗ ਸੁਹੰਦੇ ਵੱਗੁ!
ਇਸ਼ਕ ਲਹਿਰ ਵਿਚ ਲਹਿਰਹੋ,ਮਿਲਾਂ ਮੈਂ ਤੈਂਡੀ ਝਗੁ॥
ਪ੍ਰੀਤਮ ਪਿਆ ਉਡੀਕਦਾ, ਵਹਿ ਟੁਰਾਂ ਉਸ ਲਗੁ॥
ਤਾਂ ਪੀ ਮਿਲਨਾ ਹੋਵਸੀ, ਆਪ ਗਵਾਵਾਂ ਜਗੁ॥੧॥

ਸ਼ਹੁ ਦਰਿਆਵਾ! ਵੇਗ ਤੇ ਮਾਨ ਨ ਕਰਨਾ ਝਬੁ॥
ਪਥਰ ਰਗੜ ਦੁਖਾਂਵਦਾ, ਟੇਡੀ ਚਾਲ ਅਜੱਬੁ।
ਬਿਰਹਾਂ ਛਹਿਬਰ ਲਾਇਆ, ਨੈਣਾ ਦੇ ਕਰਤਬੁ॥
ਰੋੜ੍ਹ ਦਿਖਾਵਨ ਦਿਲਾਂ ਨੂੰ, ਯਾਰ ਮਿਲਨ ਦਾ ਲਬੁ॥੨॥

ਮੋ' ਬੋਲੀ ਇਸ਼ਕ ਮੈਂ ਪਾਇਆ, ਜੀ ਪਰਚਾਵਨ ਪਜੁ॥
ਚਿਣਗ ਚੋਲੀ ਮੈਂ ਫਿਰ ਗਈ, ਖੋਲ੍ਹ ਨਾ ਸਕਾਂ ਲਜੁ॥
ਬਾਲ ਅਲਾਂਬੇ ਲਾ ਗਿਆ, ਬਾਲ ਇਆਨਾ ਭਜੁ॥
ਬਿਰਹਾਂ ਲਗੀ ਨਾ ਬੁਝੇ, ਸ਼ਹੁ ਬਿਨ ਤੇਰੇ ਅਜੁ॥੩॥

ਦੋਸ਼ ਨਾ ਦੇਵਾਂ ਇਸ਼ਕ ਨੂੰ, ਅਜਬ ਏਸ ਦੀ ਦੱਖੁ॥
ਦੱਮੀ ਮੁਲ ਨਾ ਆਂਵਦਾ, ਪਈ ਲੁਟਾਵਾਂ ਲੱਖੁ॥
ਜਿੰਦੋਂ ਸਸਤਾ, ਜੇ ਮਿਲੇ, ਹਿਕ ਸੁਵਾਵਾਂ ਰੱਖੁ॥
ਨਾ ਕਰ ਸ਼ੋਰ ਦਰਿਆਉ ਵੇ, ਮਤ ਖੁਲ ਜਾਸੂ ਅੱਖੁ॥੪॥

13. ਕੁਹਾਲੇ ਕੋਲ ਜੇਹਲਮ

ਮਿਟੀ ਤੁਰੀ ਪਹਾੜ ਤੋਂ,
ਪਈ ਸਮੁੰਦਰ ਜਾ।
ਪ੍ਰੀਤ ਕਰ, ਸ਼ਹੁ ਮਿਲ ਗਈ,
ਅਪਨੀ ਦੂਈ ਗਵਾ॥

ਸ਼ਹੁ ਮਰੇਂਦਾ ਛਲ ਸੌ,
ਚੜੇ ਅਕਾਸੀਂ ਆਇ।
ਖਰੀ ਨਿਮਾਨੀ ਗੇਲੜੀ,
ਸ਼ਹ ਹਿਕ ਲਗਦੀ ਜਾਇ॥

ਸੌ ਘੁਮਨ, ਲਖ ਜੋਰ ਛਲ,
ਲਜੀਂ ਹਾਥ ਨ ਡੂੰਘ
ਜੀ ਹਿਲੇ ਜੇ ਤਕੀਏ,
ਗੇਲੀ ਖੌਫ਼ ਨ ਊਂਘ॥

14. ਪ੍ਰੀਤਮ ਜੀ ਘਰ ਆਵਣਗੇ!

ਅਜ ਪੀਆ ਘਰ ਆਵਨਗੇ।
ਆਵਨਗੇ, ਗਲ ਲਾਵਨਗੇ।
ਅਜ ਸਈਏ ਘਰ ਆਵਨਗੇ।
ਪ੍ਰੀਤਮ ਲੈ, ਪਾਂ ਪਾਵਨਗੇ:
ਅਜ ਸਾਂਈਂ ਘਰ ਆਵਨਗੇ॥੧॥

ਠੰਡੀ ਠੰਡੀ ਪੌਣ ਵਗੇਂਦੀ।
ਸ਼ਹੁ ਮਿਰੇ ਦੇ ਚਰਨ ਛੁਹੇਂਦੀ।
ਬਾਸ, ਅਮੁਲੀ ਜਗੁ ਸੁਹੇਂਦੀ।
ਚਾਂਈ ਚਾਂਈ ਏ ਫੁਲੇਂਦੀ।
ਆਵਨਗੇ ਏ ਆ ਦਸੇਂਦੀ॥੨॥

ਵੇਖ ਸਖੀ, ਪੀ ਬਦਲੀਂ ਦਿਸਦਾ।
ਮੈਂ ਰੋਵਾਂ, ਉਹ ਵੇਖੋ ਹਸਦਾ।
ਅੱਖ ਝਮੱਕੇ ਮਾਰ ਕਿ ਛਪਦਾ
ਬਿਜਲੀ ਸਾਂਗਾਂ ਲਾ ਲਾ ਪਛਦਾ।
ਆਵਾਂਗੇ, ਏ ਮੁੜ ਮੁੜ ਦਸਦਾ॥੩॥

ਅਜ ਸਈਏ ਦਿਹੁੰ ਅਜਬ ਸੁਹੇਂਦਾ।
ਨੂਰ ਸ਼ਹੁ ਦਾ ਦਰਸ ਦਵੇਂਦਾ।
ਨੈਣ ਮੇਰੇ ਵਿਚ ਆਪ ਸਮੇਂਦਾ।
ਵੇਖਾਂ ਜਿਤ ਵਲ, ਪਰਤ ਵਿਖੇਂਦਾ।
ਆਵਨਗੇ, ਏ ਨੂਰ ਦਿਸੇਂਦਾ॥੪॥

...................