Preet Lehar : Shiv Kumar Batalvi
ਪ੍ਰੀਤ ਲਹਿਰ : ਸ਼ਿਵ ਕੁਮਾਰ ਬਟਾਲਵੀ
ਬਾਲ ਯਾਰ ਦੀਪ ਬਾਲ
ਸਾਗਰਾਂ ਦੇ ਦਿਲ ਹੰਗਾਲ
ਜ਼ਿੰਦਗੀ ਦੇ ਪੈਂਡਿਆਂ ਦਾ
ਮੇਟ ਕਹਿਰ ਤੇ ਹਨੇਰ
ਹਰ ਜਿਗਰ 'ਚ ਸਾਂਭ
ਹਸਰਤਾਂ ਦੇ ਖ਼ੂਨ ਦੀ ਉਸ਼ੇਰ
ਹਰ ਉਮੰਗ ਜ਼ਿੰਦਗੀ ਦੀ
ਕਰਬਲਾ ਦੇ ਵਾਂਗ ਲਾਲ
ਬਾਲ ਯਾਰ ਦੀਪ ਬਾਲ !
ਰੋਮ ਰੋਮ ਜ਼ਿੰਦਗੀ ਦਾ
ਦੋਜ਼ਖ਼ਾਂ ਦੀ ਹੈ ਅਗਨ
ਜਗਤ-ਨੇਤਰਾਂ 'ਚੋਂ
ਚੋ ਰਹੀ ਹੈ ਪੀੜ ਤੇ ਥਕਨ
ਸੋਹਲ ਬੁੱਲ੍ਹੀਆਂ ਤੇ
ਮੌਨ ਹੌਕਿਆਂ ਦੇ ਲੱਖ ਕਫ਼ਨ
ਨਫ਼ਰਤਾਂ 'ਚ ਚੂਰ
ਹੁਸਨਾਂ ਦੇ ਨੱਚ ਰਹੇ ਬਦਨ
ਰੋ ਰਹੀ ਹੈ ਰੂਹ ਮੇਰੀ ਦੀ
ਝੂਮ ਝੂਮ ਕੇ ਹਵਾ
ਵੀਰਾਨ ਆਤਮਾ ਦੇ
ਖੰਡਰਾਂ 'ਚੋਂ ਚੀਕਦੀ ਹਵਾ
ਬੇ-ਨੂਰ ਜ਼ਿੰਦਗੀ 'ਚੋਂ
ਸਿੰਮਦਾ ਹੈ ਸੋਗ ਦਾ ਗੁਲਾਲ
ਬਾਲ ਯਾਰ ਦੀਪ ਬਾਲ !
ਪੋਟਿਆਂ 'ਚੋਂ ਨਫ਼ਰਤਾਂ ਦੀ
ਸੂਲ ਜਿਹੀ ਹੈ ਪੁੜ ਗਈ
ਮਨੁੱਖਤਾ ਦੀ ਵਾਟ
ਰੇਤ ਰੇਤ ਹੋ ਕੇ ਖੁਰ ਗਈ
ਗੁਨਾਹ ਤੇ ਹਿਰਸ ਹਵਸ ਨੇ
ਜੋ ਮਾਰੀਆਂ ਉਡਾਰੀਆਂ
ਬੇਅੰਤ ਪਾਪ ਦੀ ਝਨਾਂ 'ਚ
ਸੋਹਣੀਆਂ ਸੰਘਾਰੀਆਂ
ਅਨੇਕ ਸੱਸੀਆਂ
ਸਮਾਜ ਰੇਤਿਆਂ ਨੇ ਸਾੜੀਆਂ
ਆ ਜ਼ਰਾ ਕੁ ਛੇੜ
ਜ਼ਿੰਦਗੀ ਦੇ ਬੇ-ਸੁਰੇ ਜਿਹੇ ਤਾਲ
ਅਲਾਪ ਮੌਤ ਦਾ ਖ਼ਿਆਲ !
ਕੁਟਲ ਧੋਖਿਆਂ ਦੀ ਨੈਂ
ਨਜ਼ਰ ਨਜ਼ਰ 'ਚ ਸ਼ੂਕਦੀ
ਹਜ਼ਾਰ ਮੰਦਰਾਂ 'ਚ ਜੋਤ
ਖ਼ੂਨ ਪਈ ਹੈ ਚੂਸਦੀ
ਆ ਨਸੀਬ ਨੂੰ ਉਠਾਲ
ਆਤਮਾ ਨੂੰ ਲੋਅ ਵਿਖਾਲ
ਇਸ਼ਕ ਨੂੰ ਵੀ ਕਰ ਹਲਾਲ
ਬਾਲ ਯਾਰ ਦੀਪ ਬਾਲ !