Piar : Prof. Puran Singh
ਪਿਆਰ : ਪ੍ਰੋਫੈਸਰ ਪੂਰਨ ਸਿੰਘ
ਪਿਆਰ ਮੱਲੋ-ਮੱਲੀ ਰਾਹ ਜਾਂਦਿਆਂ ਪੈਂਦੇ ਹਨ, "ਨਿਹੁੰ ਨਾ ਲੱਗਦੇ ਜੋਰੀ"। 
ਇਹ ਇੱਕ ਅੰਦਰੋ ਅੰਦਰ ਦੀ ਲਗਾਤਾਰ ਖਿੱਚ ਹੈ, ਜਿਹੜੀ ਪਹਿਲਾਂ ਤਾਂ 
ਕਦੀ ਕਦੀ ਇਉਂ ਪੈਂਦੀ ਹੈ ਜਿਵੇਂ ਉਡਾਣ ਵਾਲੇ ਦਾ ਹੱਥ ਚੜ੍ਹੀ ਗੁੱਡੀ ਦੀ ਡੋਰ ਨੂੰ 
ਖਿੱਚਦਾ ਹੈ, ਤੇ ਇਓਂ ਇਲਾਹੀ ਤਣੁਕੇ ਖਾ ਖਾ ਪਿਆਰ ਇਕ ਲਗਾਤਾਰ ਦਰਦ 
ਦੀ ਸ਼ਕਲ ਵਿੱਚ ਅੰਦਰ ਵੱਸਣ ਲਗ ਜਾਂਦਾ ਹੈ ਤੇ ਇਹ ਉਸੀ ਤਰਾਂ ਸਹਿਜ ਸੁਭਾ 
ਬਿਨਾ ਕਿਸੇ ਸਾਧਨ ਜਾਂ ਜਤਨ ਦੇ ਅੰਦਰ ਵਸਦਾ ਹੈ, ਜਿਵੇਂ ਦਯਾ, ਸੰਤੋਖ 
ਆਦਿ ਚਿੱਟੇ ਦੈਵੀ ਪਾਸੇ ਦੇ ਸੁਭਾਵਕ ਗੁਣ, ਯਾ ਕਾਲੇ ਹੈਵਾਨੀ ਪਾਸੇ ਦੇ ਸੁਭਾਵਕ 
ਔਗੁਣ, ਬੇਰਹਿਮੀ, ਖੁਦਗਰਜ਼ੀ ਆਦਿ। ਸੁਭਾਵਿਕ ਗੁਣ ਔਗੁਣ ਇਕ ਹੀ ਵਸਤੂ 
ਦੇ ਸਿੱਧੇ ਪੁੱਠੇ ਪਾਸੇ ਹਨ:- ਅਹੰਕਾਰ ਕਰੂਪ ਹੋ ਸੱਕਦਾ ਹੈ ਤੇ ਉਹੋ ਹੀ ਅਹੰਕਾਰ 
ਰੂਪਵਾਨ । ਇਕ ਜ਼ਾਲਮ ਆਦਮੀ ਦਾ ਅਹੰਕਾਰ ਕਿਹਾ ਕਰੂਪ ਕੋਝਾ ਹੁੰਦਾ ਹੈ, 
ਤੇ ਇਕ ਦਿੱਬਯਜੋਤਿ ਕੰਨਯਾ ਦਾ ਜੋਬਨ ਮਦ ਨਾਲ ਸੁਗੰਧਿਤ ਅਹੰਕਾਰ ਕਿਹਾ 
ਰੂਪਵਾਨ ਹੁੰਦਾ ਹੈ । ਸਹਿਜ ਸੁਭਾ ਜਦ ਪਿਆਰ ਅੰਦਰ ਟਿਕ ਕੇ ਜੀਵਨ ਦਾ 
ਅਧਾਰ ਹੋ ਜਾਂਦਾ ਹੈ, ਸਭ ਚਿੱਟੇ ਕਾਲੇ ਗੁਣ ਔਗੁਣ ਦਿਵਯ ਗੁਣ ਹੋ ਜਾਂਦੇ ਹਨ ॥
ਇਖਲਾਕ, ਧਰਮ, ਕਰਮ, ਫਰਜ਼ ਆਦਿ ਦੀ ਵਿਦਯਾ ਸਿਲਸਲੇ ਵਾਰ 
ਪੜ੍ਹਾਣ ਦੀ ਲੋੜ ਨਹੀਂ ਪੈਂਦੀ, ਸੁਤੇ ਸਿੱਧ ਹੀ ਪਿਆਰ ਸਭ ਕੁਝ ਸਿੱਧਾ ਕਰ 
ਦਿੰਦਾ ਹੈ । ਉਹ ਧਰਮ, ਕਰਮ, ਫਰਜ਼, ਕੁਰਬਾਨੀ ਆਦਿ ਗੁਣ ਹੀ ਕੀ 
ਹੋਏ ਜੋ ਪੜ੍ਹਾ ਪੜ੍ਹਾ ਕੇ ਸਾਡੇ ਅੰਦਰ ਬਾਹਰੋਂ ਆਈ ਕਿਸੇ ਵਿਦਯਾ ਦਾ 
ਫਲ ਹੋਣ । ਜਿਹੜੀ ਚੀਜ ਫੁੱਟ ਕੇ ਅੰਦਰੋਂ ਸਹਿਜ ਸੁਭਾ ਨਹੀਂ ਨਿਕਲਦੀ, 
ਉਹ ਅੰਦਰ ਸੁੱਟੀ ਇਕ ਪਲਾਤੀ ਜਿਹੀ ਧਰੀ ਬਿਨਾ ਮੁਲ ਦੇ ਓਪਰੀ ਜਿਹੀ 
ਕੋਈ ਚੀਜ ਹੈ, ਜਿਸ ਨਾਲ ਸਾਡਾ ਅੰਦਰ ਦਾ ਸੁਭਾ ਭਿੱਜ ਨਹੀਂ ਸਕਦਾ । 
ਜਿਹੜਾ ਪੁਰਖ ਕਿਸੇ ਡਰ ਕਰਕੇ ਚੋਰੀ, ਯਾਰੀ ਆਦਿ ਔਗੁਣਾਂ ਥੀਂ ਬਚਦਾ ਹੈ, 
ਉਹ ਹਾਲੇ ਅੰਦਰ ਦੇ ਸਹਿਜ ਸੁਭਾ ਉਪਜੇ ਇਖਲਾਕ ਦਾ ਜਾਣੂ ਨਹੀਂ। ਉਹ 
ਭਾਵੇਂ ਕੋਈ ਪਾਪ ਨਹੀਂ ਕਰਦਾ ਤਦ ਵੀ ਹੈਵਾਨ ਹੈ ਤੇ ਬੇਸਮਝ ਪਾਪੀ ਹੈ, 
ਜਿਹਨੂੰ ਸੱਚੇ ਦਿਵਯ ਗੁਣਾਂ ਦੇ ਆਪਣੇ ਤੀਖਣ ਸੁਹਜ ਦੇ ਢੁਕਾ ਦਾ ਪਤਾ ਨਹੀਂ। 
ਜੋ ਆਪ ਮੁਹਾਰਾ ਦਿਵਯ ਲਿਸ਼ਕਾ ਨਹੀਂ ਦਿੰਦਾ ਉਹਦੇ ਕਿਸੀ ਦਬਾ ਹੇਠ ਬਣੇ 
ਗੁਣ ਵੀ ਆਰਜ਼ੀ ਹਨ, ਉਹਦੇ ਧਰਮ, ਕਰਮ, ਸ਼ੁਭ, ਅਸ਼ੁਭ ਸਭ ਹਾਲੇ ਹਨੇਰੇ 
ਦੀਆਂ ਚੀਜਾਂ ਹਨ । ਉਨ੍ਹਾਂ ਦਾ ਨਾ ਉਸ ਦੇ ਆਪਣੇ ਅੰਦਰਲੇ ਜੀਵਨ ਤੇ ਨਾ 
ਉਹਦੇ ਲਗਾ ਵਿੱਚ ਆਏ ਮਨੁੱਖਾਂ ਤੇ ਕੋਈ ਸੁੱਚਾ ਜਾਂ ਸੱਚਾ ਪ੍ਰਭਾਵ ਪੈ ਸਕਦਾ ਹੈ। 
ਬਿਨਾ ਪਿਆਰ ਦੇ ਗਿਆਨ ਵੀ ਇਕ ਹਨੇਰਾ ਹੀ ਹੈ ॥
ਪਿਆਰ ਉੱਚੀ ਦਿਵਯ ਮਨੁੱਖਤਾ ਦੀ ਸਹਿਜ ਸੁਭਾ ਪ੍ਰਾਪਤੀ ਹੈ। ਕੁੱਲ ਸੰਸਾਰ 
ਮੇਰੇ ਜੀਵਣ ਨੂੰ ਉਹ ਲਿਸ਼ਕਾਂ ਦੇਣ ਲਈ ਹੈ, ਜਿਨ੍ਹਾਂ ਲਿਸ਼ਕਾਂ ਨੂੰ ਮੈਂ ਖਾ ਖਾ 
ਕੇ ਆਦਮੀ ਬਣ ਸੱਕਾਂ । ਜਦ ਪਿਆਰ ਅੰਦਰ ਸਥਾਈ ਭਾਵ ਹੋ ਜਾਏ, ਤਦ 
ਇਕ ਲੱਛਣ ਇਹ ਹੈ, ਕਿ ਉਸ ਬੰਦੇ ਨੂੰ, ਉਸ ਪਿਆਰ ਕਰਨ ਵਾਲੇ ਨੂੰ, 
ਕੋਈ ਚੀਜ ਇਸ ਜਗਤ ਵਿਚ ਭੈੜੀ ਤੇ ਕਰੂਪ ਨਹੀਂ ਦਿਸਦੀ, ਉਹਦੇ 
ਨੈਣਾਂ ਵਿੱਚ ਸੁਹਣੱਪ ਦਾ ਇਕ ਨਿੱਕਾ ਨਿੱਕਾ ਮੀਂਹ ਪੈਂਦਾ ਦਿੱਸਦਾ ਹੈ। 
ਗੁਲਾਬ ਦੇ ਫੁੱਲ ਦਾ ਲਾਲ ਚਲੂਲਾ ਖੇੜਾ ਉਹਦੇ ਆਪਣੇ ਅੰਦਰ ਦੇ ਖੇੜੇ ਦਾ 
ਵੰਨ ਹੈ । ਤਾਰੇ ਉਹਨੂੰ ਕਿਸੇ ਦੇ ਸਹੰਸ੍ਰ ਨੈਣ ਦਿੱਸਦੇ ਹਨ । ਚਲਦੀ 
ਨਦੀ ਉਹਦੇ ਮਨ ਦਾ ਇਕ ਸੁਫਨਾ ਗਾਉਂਦਾ ਭਾਸਦਾ ਹੈ। ਪੱਥਰਾਂ ਵਿੱਚ 
ਰੂਪ ਬਣਦੇ ਤੇ ਬਿਨਸਦੇ ਹਨ । ਅਚਰਜ ਮਾਯਾ ਦੇ ਰੰਗਾਂ ਦੇ ਭੇਤ 
ਉਹਦੇ ਦਿਲ ਦੇ ਚਾ ਵਿੱਚ ਖੁੱਲ੍ਹਦੇ ਹਨ ॥
ਪਿਆਰ ਨਿਰੋਲ ਰੂਪ ਵਿੱਚ ਜੀਂਦਾ, ਪਲਦਾ, ਰਹਿੰਦਾ ਤੇ ਸਵਾਸ ਲੈਂਦਾ ਹੈ। 
ਪਿਆਰ ਸ਼ੂਨਯ ਫਿਲਸਫੇ ਦੇ "ਸ਼ੂਨਯ" ਵਿਚ ਮਰ ਜਾਂਦਾ ਹੈ। ਜਿੱਥੇ ਰੂਪ 
ਦਾ ਅਭਾਵ ਹੋਵੇ ਉਹਦਾ ਉੱਥੇ ਪਹਿਲਾਂ ਤਾਂ ਸਾਹ ਘੁਟਦਾ ਹੈ ਤੇ ਜੇ ਫਿਰ 
ਹੋਰ ਵੀ ਦਬਾ ਪਵੇ ਉਹ ਮਰ ਜਾਂਦਾ ਹੈ, ਜੀ ਨਹੀਂ ਸੱਕਦਾ । ਰੂਪ ਸੁਹਣੱਪ 
ਦਾ ਆਪਣਾ ਨਾਮ ਹੈ, ਬਿਨਾ ਸੁਹਣੱਪ ਦੇ ਧਾਰੇ ਅਨੇਕ ਰੂਪਾਂ ਰੰਗਾਂ ਦੀ 
ਸੁਗੰਧੀ ਦੇ ਪਿਆਰ ਜੀ ਨਹੀਂ ਸਕਦੇ, ਪਰ ਸੱਚੇ ਦਿਵਯ ਪਿਆਰ ਦਾ 
ਖ਼ਾਸਾ ਹੈ, ਕਿ ਉਹ ਉਨਾਂ ਧਾਰੇ ਰੂਪਾਂ ਨੂੰ ਵੇਖ ਵੇਖ ਆਪੇ ਵਿਚ ਹੀ 
ਵਿਗਸਦਾ ਹੈ। ਵਿਗਸਣ ਉਹਦਾ ਆਪਣੇ ਅੰਦਰ ਦਾ ਖੇੜਾ ਹੈ ਜਿਹੜਾ 
ਬਾਹਰ ਨੂੰ ਵੇਖ ਵੇਖ ਰੀਝਦਾ ਹੈ, ਸੋਖਦਾ ਹੈ, ਮੁਸ਼ਕਦਾ ਹੈ । ਪਰ 
ਬਾਹਰ ਨੂੰ ਫੜਣ ਲਈ ਪਿਆਰ ਦੀਆਂ ਕੋਈ ਇੰਦ੍ਰੀਆਂ ਨਹੀਂ ਜਿਨ੍ਹਾਂ 
ਨਾਲ ਉਹ ਆਪਣੇ ਕੇਂਦਰ ਥੀਂ ਉੱਥਾਨ ਹੋ ਕੇ ਉਨ੍ਹਾਂ ਨੂੰ ਫੜਣ ਲਈ ਕਦੀ 
ਬਾਹਰ ਆ ਸਕੇ। ਪਿਆਰ ਸਦਾ ਗਿਆਨੀ ਹੁੰਦਾ ਹੈ, ਉਹ ਅੱਲਾ 
ਬਚਪਨ ਨਹੀਂ ਹੁੰਦਾ ਜਿਸ ਕਰਕੇ ਇਕ ਨੰਗਾ ਬੱਚਾ ਘੁੰਘਰੂ ਪਾਏ, 
ਤੜਾਗੀ ਨਿੱਕੇ ਜਿਹੇ ਲੱਕ ਨਾਲ ਬੱਧੀ ਸੋਹਣੀਆਂ ਤਿੱਤਲੀਆਂ ਨੂੰ 
ਫੜਣ ਲਈ ਬਾਂਹ ਅੱਡ ਕੇ ਨੱਸੀ ਫਿਰਦਾ ਹੈ । ਕੁਛ ਹੋਰ ਭਾਨ 
ਪਿਆਰ ਦੇ ਇਕ ਦੋ ਦ੍ਰਿਸ਼ਟਾਂਤਾਂ ਨਾਲ ਹੀ ਦਰਸਾਏ ਜਾ ਸਕਦੇ ਹਨ । 
ਇਹ ਨਿਸ਼ਾਨ ਇਕ ਉੱਚੀ ਥਾਂ ਬੈਠੇ ਨਜ਼ਾਰੇ ਨੂੰ ਵੇਖਣ ਵਾਲੇ ਸਾਖੀ ਦੇ 
ਮਨ ਦੀ ਅਵਸਥਾ ਵਾਂਗ ਕਈ ਚਮਕਦੀ ਟੀਸੀ ਦੇ ਜੀਵਨ ਦੀਆਂ 
ਉਚਾਈਆਂ ਵਿੱਚ ਲਿਸ਼ਕਦੀ ਕੋਈ ਸ਼ੈ ਹਨ । ਲਾਹੌਰ ਦੀਆਂ ਗੰਦੀਆਂ 
ਗਲੀਆਂ ਤੇ ਸ਼ਹਿਰ ਦੀਆਂ ਬਦਬੋਆਂ ਥੀਂ ਨਿਕਲ ਕੇ ਜੇ ਕਿਸੇ ਬੰਦੇ 
ਨੂੰ ਯਕਾ-ਯਕ ਕਸ਼ਮੀਰ ਦੀਆਂ ਕੇਸਰ ਕਿਆਰੀਆਂ ਵਿੱਚ ਜਾ ਬਹਾਲੀਏ, 
ਓਧਰ ਕੇਸਰ ਖਿੜਿਆ ਹੋਵੇ, ਉੱਪਰ ਚੰਨ, ਤੇ ਤੱਲੇ ਚਕੋਰ 
ਦੀ ਪੈਲ ਤੇ ਕੁਹਕ, ਖੁਸ਼ਬੂ, ਠੰਢੀ ਸਮੀਰ ਤੇ ਉਚਾਈ ਤੇ ਬੈਠੇ ਦਾ 
ਸਹਿਜ ਸੁਭਾ ਉਹੋ ਜਿਹੀ ਫੁੱਲਾਂ ਦੇ
ਅਹੰਕਾਰ ਵਰਗੀ ਕੋਈ ਨਸ਼ੀਲੀ ਮਟਕ, ਜਿਵੇਂ ਉਸ ਬੰਦੇ ਦਾ ਚਾ, 
ਸ਼ੌਕ, ਫੁੱਟੇ, ਜਿਵੇਂ ਉਹਨੂੰ ਨਸ਼ਾ ਚੜ੍ਹੇ, ਤਿਵੇਂ ਹੀ ਪਿਆਰ ਜਿੱਥੇ ਆਉਂਦਾ ਹੈ, 
ਉੱਥੇ ਉਹ ਨਿੱਕਾ ਨਿੱਕਾ ਸਦਾ ਰਹਿਣ ਵਾਲਾ ਨਸ਼ਾ ਜਿਹਾ ਚੜ੍ਹਿਆ 
ਰਹਿੰਦਾ ਹੈ । ਇਸ ਦਾ ਨਤੀਜਾ ਇਹ ਹੁੰਦਾ ਹੈ, ਕਿ ਪਿਆਰ ਵਾਲਾ 
ਅਮੀਰ ਹੁੰਦਾ ਹੈ, ਉਹਨੂੰ ਕੋਈ ਲੋੜ ਨਹੀਂ ਹੁੰਦੀ, ਆਸ਼ਾ, ਤ੍ਰਿਸ਼ਨਾ ਥੀਂ ਰਹਿਤ ਹੁੰਦਾ ਹੈ ॥
ਜਿਵੇਂ ਦਰਿਯਾ ਕਿਨਾਰੇ ਕੋਈ ਆਦਮੀ ਗਰਮੀਆਂ ਦੀ ਰੁੱਤ ਵਿਚ 
ਚਾਨਣੀ ਰਾਤ ਵੇਲੇ ਕੱਪੜੇ ਲਾਹ ਕੇ ਨਰਮ ਨਰਮ ਠੰਢੀ ਚਿੱਟੀ 
ਰੇਤ ਤੇ ਲੇਟਦਾ ਹੈ, ਫਿਰ ਛਾਲ ਮਾਰਦਾ ਹੈ ਤੇ ਸਾਰੀ ਗਰਮੀ ਤੇ 
ਮੈਲ ਲਾਹ ਕੇ ਠੰਢਾ, ਹਲਕਾ ਹੁੰਦਾ ਹੈ, ਤੇ ਇਕ ਤਰਾਂ ਦਾ ਖਿਣਕ 
ਮੋਖ ਪ੍ਰਤੀਤ ਕਰਦਾ ਹੈ, ਆਤਮ ਆਜ਼ਾਦੀ ਨੂੰ ਅਨੁਭਵ ਕਰਦਾ ਹੈ, 
ਤਿਵੇਂ ਜਿੱਥੇ ਪਿਆਰ ਆਉਂਦਾ ਹੈ, ਉਹ ਪੁਰਖ ਸਦਾ ਨ੍ਹਾਤਾ ਜਿਹਾ 
ਠੰਢਾ, ਸੁਬਕ, ਹਲਕਾ ਫੁੱਲ ਵਰਗਾ ਆਪਣੇ ਆਪ ਵਿੱਚ ਹੁੰਦਾ ਹੈ । 
ਕਦੀ ਜੇ ਕਿਸੇ ਮਹਾਂ ਪੁਰਖ ਦਾ ਆਪ ਅੰਦਰ ਪਿਆਰ ਹੈ ਤੇ 
ਦਰਸ਼ਨ ਕਰਨ ਦਾ ਭਾਗ ਹੋਇਆ ਹੋਵੇ, ਤਦ ਇਹ ਮੇਰੀ ਹੱਡ 
ਬੀਤੀ ਗੱਲ, ਇਹ ਕਈ ਵੇਰ ਤਜਰਬੇ ਕੀਤੀ ਗੱਲ ਹੈ, ਕਿ ਮਹਾਂ 
ਪੁਰਖਾਂ ਨੂੰ ਮਿਲ ਕੇ ਕਈ ਦਿਨ ਇਉਂ ਜਾਪਦਾ ਹੈ, ਜਿਵੇਂ ਹਰ ਵੇਲੇ 
ਕਿਸੀ ਨਦੀ ਵਿੱਚ ਅਸ਼ਨਾਨ ਹੋ ਰਹੇ ਹਨ। ਦਿਲ, ਦਿਮਾਗ਼, 
ਜਿਸਮ ਸਭ ਹਲਕੇ ਹਲਕੇ ਫੁੱਲ, ਧੋਤੇ ਧਾਤੇ ਮੋਤੀ ਦਿੱਸਦੇ ਹਨ । ਇਉਂ 
ਕੁਝ ਹੁੰਦਾ ਹੈ, ਜਿਵੇਂ ਗਰਮੀ ਦੀ ਰੁੱਤ ਦੇ ਧੂੜ ਪਏ ਬ੍ਰਿਛਾਂ ਨੂੰ ਹੁਣੇ ਹੀ 
ਸਾਵਣ ਦੀ ਬਰਖਾ ਨਹਾ ਕੇ ਲੰਘੀ ਹੈ। ਪਿਆਰ ਦੀ ਛੋਹ ਜੀਆ ਦਾਨ 
ਦੇਣ ਵਾਲੀ ਹੁੰਦੀ ਹੈ, ਪਿਆਰ ਨੂੰ ਪਾ ਕੇ ਜੀਵਣੀ ਕਣੀ ਅੰਦਰ ਆਣ 
ਵੱਸਦੀ ਹੈ ਤੇ ਮੌਤ ਇਕ ਭਰਮ ਜਿਹਾ ਦਿੱਸਦਾ ਹੈ ॥
ਪਿਆਰ ਦਾ ਇਕ ਅਚਰਜ ਕੌਤਕ ਹੈ, ਕਿ ਜਿੱਥੇ ਹੋਵੇ ਉੱਥੇ ਆਪਣੀ 
ਜਿੰਦ, ਜਾਨ, ਰੂਹ, ਸਭ ਕੁਛ ਪਿਆਰ ਦੇ ਹਵਾਲੇ ਕਰਨ ਤੇ ਦਿਲ 
ਕਰਦਾ ਹੈ ਤੇ ਬਿਹਬਲ ਹੋ ਪਿਆਰ ਦੇ ਹਵਾਲੇ ਸਾਰਾ ਆਪਾ ਤੇ ਸਬ 
ਕੁਛ ਕਰ ਦਿੱਤਾ ਜਾਂਦਾ ਹੈ ॥
ਜਿਵੇਂ ਅਰਸ਼ਾਂ ਦੀ ਕੋਈ ਸੱਚੀ ਚੀਜ ਹੋਵੇ ਤੇ ਉਹਦਾ ਪ੍ਰਤੀਬਿੰਬ ਹੇਠਾਂ 
ਪਵੇ, ਚੰਨ ਤਾਂ ਗਗਨ ਵਿੱਚ ਚਮਕੇ ਪਰ, ਸਾਡੇ ਪਿੰਡ ਦੇ ਛੱਪੜ ਵਿੱਚ 
ਵੀ ਚੰਨ ਦਿੱਸੇ, ਅਸੀਂ ਨੱਸੀਏ ਤੇ ਛੱਪੜ ਵਿੱਚ ਚਮਕਦਾ ਚੰਨ ਵੀ ਨਾਲ 
ਨਾਲ ਨਸੇ ਤੇ ਅਸੀਂ ਪ੍ਰਤੀਬਿੰਬ ਤੇ ਇੰਨੇ ਭੁਲ ਜਾਈਏ ਕਿ ਹੱਥ ਵੀ ਲੰਮੇ 
ਕਰੀਏ, ਪਰ ਛੱਪੜ ਦਾ ਚੰਨ ਸਾਡੀ ਜੱਫੀ ਵਿੱਚ ਨਹੀਂ ਆਉਂਦਾ । ਤਿਵੇਂ 
ਹੀ ਪਿਆਰ ਰੂਹ ਦਾ ਇਕ ਪ੍ਰਭਾਵ ਹੈ ਰੂਹ ਦਾ ਇਕ ਆਪਣਾ ਧੁਰਾਂ ਦਾ 
ਸੁਭਾਵ ਹੈ, ਜਿਵੇਂ ਚੰਨ ਦਾ ਸੁਭਾਵ ਚਾਨਣ ਤਿਵੇਂ ਰੂਹ ਦਾ ਪ੍ਰਕਾਸ਼ ਪਿਆਰ 
ਹੈ । ਜਦ ਰੂਪਾਂ ਵਿੱਚ ਉਸ ਦਾ ਪ੍ਰਤਿਬਿੰਬ ਪੈਂਦਾ ਹੈ, ਰੂਪ ਦੀਆਂ ਮੂਰਤੀਆਂ 
ਵਿੱਚ ਉਹਦੀ ਖਿੱਚ ਵਜਦੀ ਹੈ । ਅਸੀਂ ਬਾਲਕਾਂ ਵਾਂਗ ਪਿਆਰ ਦੇ ਸਦਾ
ਉਡਾਰੂ ਤੇ ਸਦਾ ਨਾ ਪਕੜੇ ਜਾਣ ਵਾਲੇ ਪ੍ਰਭਾਵ ਨੂੰ ਆਪਣੇ ਦੋਹਾਂ ਹੱਥਾਂ 
ਵਿੱਚ ਫੜਣ ਨੂੰ ਦੌੜਦੇ ਹਾਂ, ਤੇ ਜਦ ਫੜਿਆ ਨਹੀਂ ਜਾਂਦਾ, ਅਸੀ ਕਹਿੰਦੇ 
ਹਾਂ ਪਿਆਰ ਹੈ ਹੀ ਕਿਤੇ ਨਹੀਂ। ਜਿੱਥੇ ਪਿਆਰ ਨਾਜ਼ਲ ਹੁੰਦਾ ਹੈ, ਉਸ 
ਆਪਣੇ ਦਿਲ ਦੇ ਮੰਦਰ ਦੇ ਬੂਹੇ ਖੁੱਲ੍ਹੇ ਸੁੱਟ ਕੇ ਅਸੀਂ ਬਾਹਰ ਦੌੜ ਪੈਂਦੇ ਹਾਂ । 
ਬਾਹਰ ਮਿਲਦਾ ਨਹੀਂ ਤੇ ਬੁੱਢੇ ਵਾਰ ਸਾਰੀ ਜ਼ਿੰਦਗੀ ਦੀ ਪਿਆਰ ਦੇ ਟੋਲ 
ਦੀ ਥਕਾਨ, ਨਿਰਾਸਤਾ, ਸਫਰ ਤੇ ਤਲਾਸ਼ ਦਾ ਘੱਟਾ ਤੇ ਮੈਲ, ਸਾਡੇ ਉੱਪਰ 
ਆਣ ਜੰਮਦੀ ਹੈ ਤੇ ਜਿੱਥੇ ਜੀਵਨ ਨੇ ਪੱਕੇ ਫਲ ਵਾਂਗ ਰੰਗ, ਰੂਪ, ਰਸ, ਅੰਮ੍ਰਿਤ, 
ਤੇ ਮਿੱਠੇ ਰਸ ਨਾਲ ਭਰੇ ਡਾਲੀ ਨਾਲੋਂ ਵਿਛੜਨਾ ਸੀ, ਉੱਥੇ ਅਸੀ ਹੌਕੇ ਖਾਂਦੇ, 
ਜਗਤ ਨੂੰ ਕਾਲਾ ਤੇ ਭੈੜਾ ਤੇ ਕਰੂਪ ਵੇਖਦੇ, ਰੱਬ ਨੂੰ ਉਲਾਹਮੇ ਦੇਂਦੇ ਮੌਤ ਵਲ 
ਇਕੁਰ ਜਾਂਦੇ ਹਾਂ ਜਿਵੇਂ ਹਥਕੜੀ ਲਗਾ ਕੈਦੀ ਜੇਹਲਖਾਨੇ ਦੀ ਕਾਲੀ ਕੋਠੜੀ 
ਵਲ ਜਾਂਦਾ ਹੈ । ਇਹ ਸਾਡਾ ਤਜਰਬਾ ਕਾਲਖ ਦਾ ਢੇਰ ਹੈ ਕਿ ਅਸੀ ਜਵਾਰੀਆਂ 
ਵਾਂਗ ਰੂਹ ਨੂੰ ਹਾਰ ਚੁਕੇ ਹਾਂ ॥
ਇਸ ਵਿੱਚ ਕੁਛ ਸ਼ੱਕ ਨਹੀਂ, ਕਿ ਐਸੇ ਮੌਕੇ ਆਉਂਦੇ ਹਨ ਜਦ ਪਿਆਰ ਤੇ ਓਹਦੇ 
ਪ੍ਰਤਿਬਿੰਬ ਵਿੱਚ ਫਰਕ ਕਰਨਾ ਕੁਫਰ ਹੋ ਜਾਂਦਾ ਹੈ, ਪਰ ਉਹ ਦੇਵਤਿਆਂ ਦੇ ਰਚੇ 
ਕੌਤਕਾਂ ਦੇ ਅਕਹਿ ਰੰਗ ਹਨ । ਮਜਨੂੰ ਲੈਲੀ ਤੇ ਆਸ਼ਕ ਹੁੰਦਾ ਹੈ । ਸੱਚ ਕਿ ਕੂੜ, 
ਕਹਿੰਦੇ ਹਨ ਕਿ ਲੈਲੀ ਕੋਈ ਮੰਨੀ ਪ੍ਰਮੰਨੀ
ਸੋਹਣੀ ਯੁਵਤਾ ਨਹੀਂ ਸੀ, ਤੇ ਕੁਛ ਇਹ ਗੱਲ ਇਸ ਥੀਂ ਵੀ ਸਿੱਧ ਹੁੰਦੀ ਹੈ ਕਿ 
ਅਖਾਣ ਹੈ, ਕਿ ਭਾਈ ਲੈਲੀ ਨੂੰ ਤਾਂ ਮਜਨੂੰ ਦੀ ਅੱਖ ਨਾਲ ਵੇਖਣਾ ਲੋੜੀਏ । 
ਇਥੇ ਲੈਲੀ ਤੇ ਮਜਨੂੰ ਦੇ ਰੂਹ ਵਿੱਚ ਭੇਤ ਹੀ ਨਹੀਂ ਰਿਹਾ ਸੀ । ਉਹ ਖਿੱਚ, 
ਉਹ ਤੀਖਣਤਾ, ਉਹ ਦਰਦ, ਉਹ ਆਸ਼ਕੀ ਆ ਵੱਸੀ ਕਿ ਮਜਨੂੰ ਨੂੰ ਆਪਣਾ 
ਆਪ ਭੁਲ ਗਿਆ, ਆਪਣਾ ਆਪ ਕੀ ਭੁਲਣਾ ਸੀ, ਸ਼ਰੀਰ ਭੁੱਲ ਗਿਆ । ਰੂਹ 
ਹੀ ਰੂਹ, ਲੈਲੀ ਦੀ ਯਾਦ ਹੀ ਯਾਦ, ਖਿੱਚ ਹੀ ਖਿੱਚ ਜੀਣ ਹੋ ਗਿਆ । ਲੈਲੀ 
ਦੀ ਯਾਦ ਬਿਨਾ ਮਜਨੂੰ ਜੀ ਨਹੀਂ ਸੀ ਸੱਕਦਾ । ਪ੍ਰਾਪਤੀ ਤੇ ਆਪ੍ਰਾਪਤੀ ਦੀ 
ਕਾਂਖਿਆ ਥੀਂ ਉੱਪਰ ਜੀਂਦਾ ਸੀ । ਕਹਿੰਦੇ ਹਨ ਨੌਰੋਜ਼ ਵਾਲੇ ਦਿਨ ਯਾ ਕਿਸੀ 
ਹੋਰ ਦਿਨ ਲੈਲੀ ਗਰੀਬ ਗੁਰਬੇ ਨੂੰ ਇਕੱਠਾ ਕਰ ਕੇ ਇਕ ਮੇਲਾ ਜਿਹਾ ਕਰਦੀ 
ਸੀ ਤੇ ਸਭ ਨੂੰ ਤੁਹਫੇ ਦਿੰਦੀ ਸੀ, ਭਾਵੇਂ ਮਜਨੂੰ ਨੂੰ ਵੇਖਣ ਲਈ ਹੀ ਘਰ 
ਲੁਟਾਂਦੀ ਸੀ । ਪਰ ਮਜਨੂੰ ਇਕ ਪਾਗਲ ਜਿਹਾ ਫਕੀਰ ਹੋ ਚੁੱਕਾ ਸੀ, ਉਹ 
ਆਪਣੇ ਠੂਠੇ ਵਿੱਚ ਕਈ ਦਰਵਾਜੇ ਮੰਗ ਕੇ ਰੋਜ ਦਾ ਨਿਰਬਾਹ ਕਰਦਾ ਸੀ, 
ਉਹ ਵੀ ਲੈਲੀ ਦੇ ਸੱਦੇ ਮੇਲੇ ਉੱਪਰ ਅੱਪੜਦਾ ਸੀ, ਵਿਚਾਰੇ ਦੀ ਵਾਰੀ ਸਭ ਥੀਂ 
ਅਖੀਰ ਆਉਂਦੀ ਸੀ ਤੇ ਜਦ ਆਉਂਦੀ ਸੀ ਮਿਲਦਾ ਕੁਛ ਨਹੀਂ ਸੀ, ਬੱਸ ਤਦੋਂ 
ਹੱਥ ਤੇ ਹੱਥ ਮਾਰ ਕੇ ਲੈਲੀ ਮਜਨੂੰ ਦੀ ਮੰਗੀ ਭਿੱਛਾ ਡੋਹਲ ਦਿੰਦੀ ਸੀ, ਕਾਸਾ 
ਮਿੱਟੀ ਦਾ ਟੁੱਟ
ਜਾਂਦਾ ਸੀ । ਕਹਿੰਦੇ ਹਨ, ਮਜਨੂੰ ਇਸ ਹੱਬ ਨਾਲ ਹੱਥ ਲੱਗਣ ਦੀ ਖੁਸ਼ੀ 
ਵਿੱਚ ਉਨਮੱਤ ਹੋ ਨਾਚ ਕਰਣ ਲੱਗ ਜਾਂਦਾ ਸੀ, ਕਦੀ ਓੜਕ ਦੀ ਖੁਸ਼ੀ 
ਵਿੱਚ ਬੇਹੋਸ਼ ਹੋ ਜਾਂਦਾ ਸੀ । ਜਿੱਥੇ ਬਾਹਰ ਦੇ ਪਦਾਰਥ ਬੱਸ ਇਨੀ ਇਕ 
ਹੱਥ ਲੱਗਣ ਦੀ ਛੋਹ ਨਾਲ ਰੂਹ ਨੂੰ ਇਨਾਂ ਅਨੰਤ ਜਿਹਾ ਖੇੜਾ ਦੇ ਦੇਣ, 
ਉੱਥੇ ਪਿਆਰ ਤੇ ਪਿਆਰ-ਪ੍ਰਤਿਬਿੰਬ ਇਕ ਹੋਏ ਹੁੰਦੇ ਹਨ ॥
ਇਸ ਅਰਥ ਵਿੱਚ ਪਿਆਰ ਜਿਸਮ ਦੀ ਮੌਤ ਹੈ, ਪਰ ਇਹ ਖਿਆਲ 
ਪੁਰਾਣਾ ਤੇ ਮੋਟਾ ਹੈ।ਜਿਸਮ ਦੀ ਮੌਤ ਨਹੀਂ ਜਿਸਮ ਵਿੱਚ ਵੱਸਦੇ ਹੈਵਾਨ 
ਦੀ ਮੌਤ ਹੈ, ਫੇਰ ਜਿਸਮ ਇਕ ਹਰੀ ਮੰਦਰ ਹੋ ਜਾਂਦਾ ਹੈ ਜਿਸ ਵਿੱਚ 
ਨਿਰੋਲ ਪਿਆਰ ਵੱਸਦਾ ਹੈ । ਪਿਆਰ ਉਹ ਅੰਦਰ ਦਾ ਰਸ ਹੈ, ਜਿਸ 
ਦੇ ਅੰਦਰ ਹੀ ਅੰਦਰ ਰਸੀਣ ਨਾਲ ਜੀਵਨ ਫੁੱਲ ਆਪੇ ਵਿੱਚ ਖਿੜਦਾ 
ਹੈ ਤੇ ਹੋਰ ਸਭ ਮਾਇਕ ਪਦਾਰਥ ਭੋਂ ਤੇ ਖਾਦ ਦਾ ਕੰਮ ਕਰਦੇ ਹਨ । 
ਜੀਂਦੇ ਬ੍ਰਿਛ ਨੂੰ ਜਲ, ਹਵਾ, ਚੰਨ, ਸੂਰਜ ਦਾ ਪ੍ਰਕਾਸ਼ ਸਭ ਮਿਲਦਾ ਹੈ । 
ਕਿਸ ਅਰਥ ? ਕਿ ਉਹ ਆਪਣੇ ਫੁੱਲ ਤੇ ਫਲ ਨੂੰ ਆਪ ਉੱਪਰ ਵਲ 
ਚਲ ਕੇ ਉੱਪਰ ਉੱਡ ਕੇ ਅੱਪੜੇ ਤੇ ਇਉਂ ਬ੍ਰਿਛ ਕਿਸੀ ਤਰ੍ਹਾਂ ਅਨੰਦ 
ਉਛਾਲਾ ਖਾ ਆਪਣੇ ਫੁੱਲ ਤੇ ਫਲ ਨੂੰ ਬੋਚੇ, ਤੇ ਬੋਚ ਕੇ ਬਨਸਪਤੀ 
ਜੀਵਨ ਵਿਗਸਦੇ ਹਨ। ਚੰਬਾ ਤਾਂ ਖਿੜਿਆ ਪਰ ਸਾਰੇ ਜਗਤ ਦਾ 
ਜ਼ੋਰ ਲੱਗਾ । ਚੰਬੇ ਦੇ ਫੁੱਲ ਦੇ ਖਿੜਨ ਦੇ ਸਾਧਨਾਂ ਦਾ 
ਜਿਕਰ ਕਰਨਾ ਸੂਰਜ ਨੂੰ ਦੀਵੇ ਦੇ ਪ੍ਰਕਾਸ਼ ਦਾ ਪਤਾ ਦੇਣ ਦੇ ਤੁੱਲ 
ਤੁੱਛਤਾ ਹੈ। ਬੱਦਲ ਆਏ ਤੇ ਨਿੱਕੇ ਨਿੱਕੇ ਚੰਬੇ ਦੀ ਵੇਲ ਦੀਆਂ 
ਚੀਰਵੀਆਂ ਪਤੀਆਂ ਨੂੰ ਕਿਸੀ ਦੇ ਕੇਸ ਸਮਝ ਧੋ ਗਏ, ਹਵਾਵਾਂ ਆਈਆਂ, 
ਕਈਆਂ ਨਖਰਿਆਂ ਨਾਲ ਉਹ ਚੰਬੇ ਨੂੰ ਜੱਫੀਆਂ ਪਾ ਮਿਲੀਆਂ। ਕਿਰਣਾਂ 
ਨੇ ਚੁੰਮਿਆਂ, ਧਰਤ ਨੇ ਮਾਂ ਦੀ ਗੋਦ ਬਖਸ਼ੀ ਤੇ ਇਨ੍ਹਾਂ ਕਾਰਣਾਂ ਦੇ ਸਮੂਹ 
ਸਾਧਨਾਂ ਦੇ ਜੁਗਾ ਜੁਗੀ ਹੜ੍ਹ ਆਏ। ਇਕ ਜੀਂਦੀ ਕਣੀ ਵਾਲੇ ਬੀ ਨੂੰ 
ਆਪੇ ਵਿੱਚ ਇਕ ਰੂਹੀ ਝੂਟਾ ਮਿਲਿਆ। ਚੰਬੇ ਦੀ ਖਿੜੀ ਵੇਲ ਕਦੀ 
ਤੱਕੀ ਜੇ ? ਵੇਖੋ ਕਿਸ ਰੂਹਾਨੀ ਨਸ਼ੇ ਵਿੱਚ ਝੂਮ ਰਹੀ ਹੈ ਤੇ ਖੁਸ਼ਬੂ ਉਸ 
ਨਖਰੀਲੀ ਝੂਮ ਦਾ ਆਵੇਸ਼ ਹੈ । ਅੰਦਰ ਕੁਛ ਨਹੀਂ ਰਿਹਾ ਸਭ ਰੂਹ 
ਬਾਹਰ ਹੋ ਗਿਆ ਹੈ ਤੇ ਬਾਹਰ ਕਿਥੇ ਹੈ ਚੰਬੇ ਦੇ ਨੈਣ ਫੁੱਲਾਂ ਵਿੱਚ 
ਯੋਗੀ ਦੇ ਨੈਣਾਂ ਥੀਂ ਵਧ ਬੰਦ ਪਏ ਹੋਏ ਹਨ। ਇਹ ਖੇੜਾ ਬਾਹਰ ਨਹੀਂ, 
ਅੰਦਰ ਰੂਹ ਵਿੱਚ ਹੈ, ਅੰਮਰਿਤ ਬਿੰਦੂ ਦਸਵੇਂ ਦਵਾਰ ਦੀ ਟਪਕ ਰਹੀ 
ਹੈ ਕੋਈ ਤ੍ਰੇਲ ਦਾ ਕਤਰਾ ਤਾਂ ਨਹੀਂ, ਇਹ ਫੁੱਲਾਂ ਦਾ ਸਮੂਹ ਇਕ ਅੰਦਰ 
ਥੀਂ ਵੀ ਅੰਦਰ ਰੂਹ ਦੇ ਅੰਤ੍ਰੀਵ ਅਵਸਥਾ ਦਾ ਝਾਕਾ ਹੈ। ਬਾਹਰ ਅੰਦਰ ਕੀ? 
ਅੰਦਰ ਕੁਛ ਵੀ ਨਹੀਂ, ਸਭ ਬਾਹਰ ਆ ਗਿਆ ਹੈ ਤੇ ਬਾਹਰ ਹੈ ਕਿੱਥੇ? 
ਇਹ ਸਭ ਕੁਛ ਅੰਦਰ ਹੀ, ਅੰਦਰ ਹੈ।
ਜੀਵਨ ਪੰਜ ਇੰਦ੍ਰੀਆਂ ਦੇ ਕੇਂਦਰਾਂ ਉੱਪਰ ਹੀ ਆਪਣੀ ਅਸਲੀਅਤ 
ਨੂੰ ਭਾਨ ਕਰਦਾ ਹੈ, ਤੇ ਪੰਜ ਯਾ ਛੇ ਇੰਦ੍ਰੀਆਂ ਦੇ ਮਰਕਜ਼ ਉਹ ਹਨ, 
ਜਿਨਾਂ ਬਾਰੀਆਂ ਥੀਂ ਪਿਆਰ ਰੱਬ ਦੇ ਦੀਦਾਰ ਹੁੰਦੇ ਹਨ। ਰਸ ਦਾ ਗਿਆਨ 
ਇਨ੍ਹਾਂ ਦਵਾਰਾ ਹੁੰਦਾ ਹੈ, ਇਨ੍ਹਾਂ ਬਿਨਾ ਸੂਨਯ ਹੋਵੇ ਤਾਂ ਹੋਵੇ, ਪਰ ਪਿਆਰ 
ਦਾ ਭਾਨ ਹੋ ਨਹੀਂ ਸੱਕਦਾ। ਸੂਨਯ ਦਾ ਭਾਨ ਵੀ ਕਥਨ ਤਕ ਹੀ ਹੈ? ਜਿਹੜਾ 
ਡੋਰਾ ਹੈ ਉਸ ਲਈ ਰਾਗ ਦੀ ਦੁਨੀਆਂ ਕੀ ਹੋਣੀ ਹੈ। ਜਿਹੜਾ ਗੁੰਗਾ ਹੈ ਉਸ 
ਲਈ ਮਿੱਠੇ ਵਚਨਾਂ ਦਾ ਅੰਮ੍ਰਿਤ ਕੀ ਅਰਥ ਰਖਦਾ ਹੈ? ਹੀਜੜੇ ਨੂੰ ਕਾਮ ਰਸ 
ਦੇ ਗੁੱਝੇ ਰਸਮੰਡਲਾਂ ਦਾ ਕੀ ਪਤਾ? ਜਿਨਾਂ ਸ਼ਾਹ-ਦੌਲੇ ਤੇ ਚੂਹਿਆਂ ਦਾ 
ਦਿਮਾਗ਼ ਹੀ ਨਹੀਂ ਉਨ੍ਹਾਂ ਲਈ ਸਾਹਿਤਯ ਕਟਾਖਯ, ਯਾ ਹੋਰ ਵਿਗਯਾਨਿਕ 
ਵਿਕਾਸ਼ਾਂ ਦੇ ਸੁਹਣੱਪਾਂ ਦਾ ਕੀ ਪਤਾ ਹੋ ਸੱਕਦਾ ਹੈ? ਲੋਕੀ ਕਹਿੰਦੇ ਹਨ, ਕਿ 
ਪੰਜ ਇੰਦ੍ਰੀਆਂ ਬਾਹਰ-ਮੁਖੀ ਹਨ, ਠੀਕ ਅੰਦਰ ਤਾਂ ਹੋਯਾ ਹੀ ਕੁਛ ਨਾਂ ਤੇ 
ਹੋਣਾ ਹੀ ਉਨ੍ਹਾਂ ਬਾਹਰ-ਮੁਖੀ ਸੀ, ਤੇ ਪੰਜਾਂ ਯਾ ਛਿਆਂ ਦਰਵਾਜਿਆਂ ਵਿੱਚੋਂ 
ਰੂਹ ਇਕ ਜੀਂਦਾ ਬੀਜ ਫੁੱਲ ਕੇ ਬ੍ਰਿਛ ਵਾਂਗ ਨਿਕਲਦਾ ਹੈ, ਤੇ ਆਪਣੇ ਅਸਲੇ 
ਵਲ ਬ੍ਰਿਛ ਵਾਂਗ ਉੱਚਾ ਹੁੰਦਾ ਹੈ, ਵਧਦਾ ਹੈ, ਤੇ ਕੁਲ ਜਗਤ ਤੇ ਉਹਦੇ ਪਦਾਰਥ 
ਇਸ ਰੂਹ ਦੇ ਵਿਗਸਣ ਲਈ ਹਨ, ਤੇ ਰੂਹ ਚੰਬੇ ਦੀ ਵੇਲ ਵਾਂਗ ਸਭ ਖਿੱਚਾਂ ਖਾ 
ਖਾ, ਤਣੁਕੇ-ਖਾ ਖਾ, ਰਸ ਦੀਆਂ ਲਹਿਰਾਂ ਵਿੱਚ ਤਰ ਤਰ, ਆਪਣੇ ਫੁੱਲ ਤੇ 
ਫਲ ਨੂੰ ਪ੍ਰਾਪਤ ਹੁੰਦਾ ਹੈ।
ਬਿਨਾਂ ਇੰਦ੍ਰੀਆਂ ਪੰਜਾਂ ਯਾ ਛਿਆਂ ਦੇ ਇਹ ਆਪਾ ਸਹੀ ਹੀ ਨਹੀਂ ਕਰ ਸੱਕਦਾ ਤੇ 
ਰੂਹ ਦਾ ਆਪਾ ਅੰਦਰੋਂ ਤਾਂ ਬਾਹਰ ਨਿਕਲਦਾ ਹੈ ਤੇ ਬਾਹਰ ਸਾਰੇ ਨੂੰ ਅੰਦਰ ਬਣਾਕੇ 
ਆਪਾ ਪਾਂਦਾ ਹੈ।ਜਿਵੇਂ ਲਾਜਵੰਤੀ ਛੋਹ ਦਾ ਵਾਰ ਖਾ ਕੇ ਮੁੰਦ ਜਾਂਦੀ ਹੈ, ਤਿਵੇਂ 
ਸੁਹਣੱਪ ਦੇ ਰੂਪਾਂ ਤੇ ਰੰਗਾਂ ਦੀ ਛੋਹ ਪਾ ਕੇ ਰੂਹ ਮੁੜ ਜਾਂਦਾ ਹੈ, ਇਹਦੇ ਨੈਣ 
ਬੰਦ ਹੋ ਜਾਂਦੇ ਹਨ ਤੇ ਇਹ ਪਿਆਰ ਦੀ ਜੋਤ ਨੂੰ ਜਗਾ ਅੰਦਰ ਵਿਗਸਣ ਲਗ ਜਾਂਦਾ ਹੈ:-
"ਨਾਮੇ ਪੀਤਿ ਨਾਰਾਇਣ ਲਾਗੀ ॥
ਸਹਜ ਸੁਭਾਇ ਭਇਓ ਬੈਰਾਗੀ ॥
ਜਿਨ੍ਹਾਂ ਨੂੰ ਅਸੀਂ ਪਿਆਰ ਸਮਝਦੇ ਹਾਂ ਉਹ ਪਿਆਰ ਦੇ ਝਲਕੇ, ਝਾਂਵਲੇ ਹਨ । 
ਇਕ ਵੇਰੀ ਇਕ ਪੇਂਡੂ ਅੰਗ੍ਰੇਜ਼ ਗਰੀਬੀ ਦੇ ਕਾਰਣ ਗਰੀਬ-ਘਰ ਵਿੱਚ ਲਿਆਂਦਾ ਗਿਆ। 
ਉਹਦੀ ਤੀਮੀ "ਮੇਰੀ" ਵੀ ਨਾਲ ਆਈ। ਉਹ ਜਨਾਨੀਆਂ ਵਾਲੇ ਪਾਸੇ ਭੇਜੀ ਗਈ ਤੇ 
ਉਹ ਮਰਦਾਂ ਵਿੱਚ ਕੰਮ ਕਰਦਾ ਰਿਹਾ। ਯਾ ਕਿਸੀ ਹੋਰ ਤਰ੍ਹਾਂ ਐਸੀ ਘਟਨਾ ਹੋਈ 
ਕਿ ਉਹ ਇਸ ਗਰੀਬ-ਘਰ ਵਿੱਚ ਉਸ ਰਾਤੀ ਆਪਣੀ "ਮੇਰੀ" ਨੂੰ ਨਾ ਮਿਲ ਸੱਕਿਆ 
ਤੇ ਉਸ "ਗਰੀਬ-ਘਰ" ਦੇ ਕਰਤਿਆਂ ਧਰਤਿਆਂ ਨੂੰ ਬੜੀ ਪੀੜ ਨਾਲ ਕਹਿੰਦਾ ਹੈ, 
ਕਿ ਅਜ ਮੈਂ "ਮੇਰੀ" ਨੂੰ ਨਹੀਂ ਮਿਲ ਸੱਕਾਂਗਾ ? ਅਜ ਪੰਜਾਹ ਸਾਲ ਥੀਂ ਹਰ ਰਾਤ 
ਮੈਂ ਮੇਰੀ ਨੂੰ ਮਿਲ ਕੇ 'ਗੁਡ-ਨਾਈਟ ਕਿੱਸ' (ਰਾਤ ਵਿਛੋੜੇ ਦੀ
ਚੁੰਮੀ) ਦਿੰਦਾ ਰਿਹਾ ਹਾਂ, ਕੀ ਅਜ ਮੈਂ "ਗੁਡ-ਨਾਈਟ ਕਿੱਸ" ਨਹੀਂ ਕਰ ਸੱਕਾਂਗਾ । 
ਇਸ ਹਾੜੇ ਵਿੱਚ ਅਜੀਬ ਦਰਦ ਤੇ ਬੇਬਸੀ ਸੀ ਇਹੋ ਜਿਹੇ ਨੇਮੀ ਪ੍ਰੇਮੀ ਮਨੁੱਖੀ 
ਪਿਆਰ ਵਿੱਚ ਜਦ ਉਹ ੫੦ ਸਾਲ ਪਕਦਾ ਹੈ ਉਸ ਵਿੱਚ ਪਿਆਰ ਮੂਰਤੀ ਮਾਨ 
ਹੁੰਦਾ ਹੈ । ਅਰਸ਼ਾਂ ਦੇ ਪਿਆਰ ਦੇ ਇਕ ਕਿਸੀ ਪ੍ਰਭਾਵ ਦੀ ਤਸਵੀਰ ਆਣ 
ਉਤਰਦੀ ਹੈ। ਲਗਾਤਾਰ ਐਸਾ ਪਿਆਰ ਭਰਿਯਾ ਨੇਮ ਸਿਮਰਨ ਹੋ ਜਾਂਦਾ ਹੈ ॥
ਪਿਆਰ ਇਕ ਦ੍ਰਵਿਤਾ ਹੈ, ਜਿਹੜੀ ਨਦੀ ਦੇ ਵਹਿਣ ਵਾਂਗ "ਖਿਮਾ, ਦਯਾ", ਤੇ 
ਸਦਾ 'ਮਾਫੀ' ਵਿੱਚ ਵਿਚਰਦਾ ਹੈ। ਇਹਦਾ ਇਨਸਾਫ ਬਸ ਬਖਸ਼ਣਾ ਤੇ ਪਿਆਰ 
ਕਰਨਾ ਹੈ । ਇਹ ਤਾਂ ਗੰਗਧਾਰ ਹੋਈ ਜਿਸ ਵਿੱਚ ਸਭ ਕੁੜ ਦੀ ਮੈਲ ਉਤਰ 
ਜਾਂਦੀ ਹੈ । ਚਾਨਣੇ ਵਿੱਚ ਹਨੇਰੇ ਦਿਆਂ ਕੂੜੇ ਭੁਲੇਖਿਆਂ ਤੇ ਪ੍ਰਛਾਵਿਆਂ ਦਾ 
ਮੁੜ ਕੌਣ ਜ਼ਿਕਰ ਕਰਦਾ ਹੈ ?
ਨੈਣ ਵਿਚ ਦੁਖੀਆਂ ਲਈ ਅੱਥਰੂ ਹਨ। ਸੰਦਲ ਦੇ ਬ੍ਰਿੱਛ ਵਾਂਗ ਕੁਹਾੜਾ 
ਮਾਰਣ ਵਾਲਿਆਂ ਲਈ ਸੁਗੰਧੀ ਤੇ ਕੁਰਬਾਨੀ ਹੈ, ਸੁਭਾ ਹੀ ਜਦ ਸੁਗੰਧੀ ਹੋਯਾ । 
ਰੇਸ਼ਮ ਦਾ ਕੀੜਾ ਸ਼ਾਇਦ ਰੇਸ਼ਮ ਦੀ ਤੰਦ ਆਪਣੇ ਵਿੱਚੋਂ ਕਦੀ ਕੱਢ ਨਾ ਸਕੇ 
ਤਾਂ ਸੰਭਵ ਹੈ, ਪਰ ਪਿਆਰ ਨਾਲ ਜੀਂਦਾ ਬੰਦਾ ਕਦੇ ਵੈਰ, ਵਿਰੋਧ ਕਰ ਹੀ ਨਹੀਂ ਸਕਦਾ ॥
ਵੈਰ ਦਾ ਕੰਮ ਹੈ, ਕਿਸੀ ਸੋਹਣੀ ਚੀਜ ਨੂੰ ਅੰਨ੍ਹੇ ਵਾਹ 
ਜੱਫਾ ਮਾਰ ਆਖਣਾ ਮੇਰੀ ਹੈ ਤੇ ਆਪਣੀ ਬਨਾਣ ਵਿੱਚ ਹੀ  
ਸਭ ਵੈਰ ਵਿਰੋਧਾਂ ਦਾ ਮੂਲ ਹੈ । ਜਿਹਨੂੰ ਅਸੀ ਹੱਥਾਂ ਨਾਲ ਫੜ 
ਸੱਕਦੇ ਹਾਂ, ਉਹ ਤਾਂ ਸੁਹਣੱਪ ਹੋ ਹੀ ਨਹੀਂ ਸਕਦੀ । ਸੁਹਣੱਪ ਸਦਾ ਰੂਹ ਵਿੱਚ 
ਵਸਦੀ ਹੈ, ਉਹਨੂੰ ਹੱਥ ਫੜ ਹੀ ਨਹੀਂ ਸੱਕਦੇ, ਜਿਹੜੀ ਅਸਾਂ ਫੜੀ ਹੈ ਉਹ 
ਕੁਛ ਹੋਰ ਹੈ । ਜੱਫੀ ਜਿਸਮਾਨੀ ਜਿਹਨੂੰ ਅਸੀ ਮਾਰ ਕੇ ਕਹਿੰਦੇ ਹਾਂ, ਕੇਹੀ ਠੰਢ ਪਈ ਹੈ, 
ਇਹ ਠੰਢ ਤਾਂ ਇਕ ਅਕਹ ਜਿਹੀ ਰੂਹ ਦੇ ਦੇਸ ਦੀ ਆਈ ਮਧਮ ਵੇਗ ਦੀ ਕੋਈ ਸਮੀਰ ਹੈ। 
ਜਿਸਮ ਤਾਂ ਪੰਜ ਤਤ ਦੇ ਮਾਸਾਂ ਦੇ ਅਕਾਰ ਹਨ, ਉਨਾਂ ਵਿੱਚ ਇਹੋ ਜਿਹੀ ਅਪਕ੍ਰਿਤਕ ਚੀਜ਼ 
(ਜੋ ਪ੍ਰਕ੍ਰਿਤੀ ਅਰਥਾਤ ਮਾਦੇ ਦੀ ਨਾ ਹੋਵੇ ।) ਰੂਹ ਨੂੰ ਠੰਢ ਪਾਣ ਵਾਲੀ ਬਰਕਤ ਕਿੱਥੇ ? 
ਤੇ ਜੇ ਹੈ ਤਾਂ ਕਈ ਪਏ ਜੱਫੀਆਂ ਮਾਰਦੇ ਹਨ। ਇਕ ਭੁੱਸ ਜਿਹਾ ਹੀ ਹੁੰਦਾ ਹੈ, ਉਹ ਅਕਥਨੀਯ 
ਜਿਹੀ ਆਵੇਸ਼ਕ ਠੰਢਕ ਸਦਾ ਕਿਉਂ ਨਹੀਂ ਆਉਂਦੀ? ਸਾਰੀ ਉਮਰ ਜੱਫੀਆਂ 
ਮਾਰ ਮਾਰ ਆਖਰ ਕਾਲਖ ਨਾਲ ਹਥ ਭਰੇ ਦਿਸਦੇ ਹਨ॥
ਪਿਆਰ ਇਸ ਅੰਸ਼ ਵਿੱਚ ਇਕ ਸਦਾ ਵੈਰਾਗਯਵਾਨ ਕੋਮਲਤਾ ਹੈ, ਜਿਸ ਵਿੱਚ ਹਰ 
ਘੜੀ ਅਖੰਡ ਤੇ ਸੀਮਾ ਰਹਿਤ ਤਿਆਗ ਹੈ। ਜਿਸ ਤਿਆਗ ਵਿੱਚ ਰੂਹ ਦੇ ਸੂਖਮ 
ਤਰਲ ਰੂਪਾਂ ਦਾ ਤਾਂ ਪੱਕਾ ਗ੍ਰਹਿਣ ਹੈ ਤੇ ਮਾਯਕ ਠੋਸ-ਕੂੜਾਂ 
ਦਾ ਤਿਆਗ ਹੈ ਤੇ ਇਹ ਕੋਈ ਪ੍ਰਤਿਗਯਾ ਯਾ ਨੇਮ ਰੂਪ ਵਿੱਚ ਨਹੀਂ, ਇਹ ਉਸੀ ਤਰਾਂ 
ਪਿਆਰ ਦਾ ਸਹਿਜ ਲੱਛਣ ਹੈ, ਜਿਸ ਤਰ੍ਹਾਂ ਅੱਗ ਦੀ ਲਾਲੀ ਅੱਗ ਦਾ ਹੋਣ ਦਰਸਾਂਦੀ ਹੈ ॥
ਪਿਆਰ ਦੀ ਪਾਤਸ਼ਾਹੀ ਰੂਹ ਦੀ ਪਾਤਸ਼ਾਹੀ ਹੈ, ਤੇ ਜਦ ਕਦੀ ਲੋੜ ਹੋਵੇ, ਇਸ ਵਿੱਚ 
ਉਹ ਬਲ ਆ ਜਾਂਦਾ ਹੈ ਜਿਹੜਾ ਦੁਨੀਆਂ ਦੀਆਂ ਬਾਦਸ਼ਾਹੀਆਂ ਦੇ ਕੂੜ ਦੇ ਦਲਾਂ ਨੂੰ, 
ਹਾਰ ਦਿੰਦਾ ਹੈ । ਪ੍ਰਹਿਲਾਦ ਨੇ ਆਪਣੇ ਚੱਕ੍ਰਵਰਤੀ ਰਾਜੇ, ਤੇ ਆਪਣੇ ਪਿਤਾ ਦੇ ਦਿੱਤੇ 
ਤੱਸੀਹੇ ਇਕ ਕਣੀ ਪਿਆਰ ਨਾਲ ਸਹੇ ਤੇ ਸਾਰੀ ਸਲਤਨਤ ਇਕ "ਹਰੀ ਹਰੀ" ਦੀ ਧੁਨੀ 
ਨਾਲ ਜਿੱਤੀ । ਪਿਆਰ ਉਸ ਮਹਾਂ ਬਲ ਦਾ ਦਾਇਕ ਹੈ, ਜਿਸ ਨਾਲ ਕਮਜ਼ੋਰ ਨਵਾਂ 
ਜੰਮਿਆ ਵੱਛਾ ਉਠ ਖੜਾ ਹੁੰਦਾ ਹੈ । ਨਿੱਕਾ ਜਿਹਾ ਫੁੱਲ ਲੱਖਾਂ ਤੁਫਾਨ ਤੇ ਝੱਖੜ ਸਹਾਰਦਾ 
ਹੈ । ਨਿੱਕਾ ਜਿਹਾ ਬਾਲਕ ਆਪਣੀਆਂ ਨਿੱਕੀਆਂ, ਨਿੱਕੀਆਂ ਟੰਗਾਂ ਤੇ ਖੜਾ ਹੋ ਵੱਡੀਆਂ 
ਵੱਡੀਆਂ ਬਾਦਸ਼ਾਹੀਆਂ ਸਣੇ ਉਨ੍ਹਾਂ ਦੇ ਖੂਹਣੀਆਂ ਲਸ਼ਕਰਾਂ ਨੂੰ ਇਕ ਨੈਣ ਮੱਟਕੇ 
ਨਾਲ ਨੀਵਾਂ ਕਰ ਸੁੱਟਦਾ ਹੈ ॥
ਜਦ ਇਕ ਬੰਦਾ ਦੂਜੇ ਨੂੰ ਅਜ਼ਲ ਦੇ ਰਾਹਾਂ ਤੇ ਮਿਲਦਾ ਹੈ, ਉਹ ਉਹਦੇ ਵੱਲ ਵੇਖਦਾ ਹੈ 
ਤੇ ਉਹ ਉਹਦੇ ਵੱਲ । ਨੈਣਾਂ ਨੈਣਾਂ ਦਾ ਸੰਬਾਦ ਹੁੰਦਾ ਹੈ, ਉਹਦੇ ਹੱਡ ਕੰਬਦੇ ਹਨ, ਉਹਦੇ 
ਹੋਠ ਕੰਬਦੇ ਹਨ, ਹੋਠ ਮਿਲਦੇ ਹਨ, ਬਾਹਾਂ
ਕੰਬਦੀਆਂ ਹਨ, ਬਾਹਾਂ ਪਸਾਰ ਆਪੇ ਵਿੱਚ ਮਿਲਦੀਆਂ ਹਨ ਤੇ ਉਸ ਨਾ ਕਦੀ ਮਿਲੇ 
ਬੰਦਿਆਂ ਦੀਆਂ ਜੱਫੀਆਂ ਵਿੱਚ ਅਜ਼ਲ ਦੀਆਂ ਸਿਞਾਣਾਂ ਸਾਂਝਾਂ ਪੈਂਦੀਆਂ ਹਨ, ਇਸ ਮੇਲ 
ਵਿੱਚ ਪਿਆਰ ਦੀਆਂ ਅਨੇਕ ਮੂਰਤੀਆਂ ਹਨ ॥
ਇਕ ਪੰਛੀ ਜ਼ਖਮੀ ਹੋ ਡਿੱਗਦਾ ਹੈ, ਇਕ ਬਾਲਕ ਉਹਨੂੰ ਉਠਾ ਕੇ ਘਰ ਲਿਆਉਂਦਾ ਹੈ, 
ਬਾਲਕ ਨੂੰ ਖਬਰ ਨਹੀਂ ਦਰਦ ਕੀ ਚੀਜ਼ ਹੈ? ਉਹ ਉਸੀ ਤਰਾਂ ਦਾ ਜਖਮ ਆਪਣੀ ਬਾਂਹ 
ਤੇ ਕਰਕੇ, ਉਹਦੀ ਪੀੜ ਦਾ ਅਨੁਭਵ ਕਰਦਾ ਹੈ ਤੇ ਮੁੜ ਉਹਦੇ ਜ਼ਖਮਾਂ ਨੂੰ ਰਾਜ਼ੀ ਕਰਦਾ ਹੈ ॥
ਈਸਾ ਦਾ ਸਿੱਖ ਬਿਹਬਲ ਹੋਇਆ ਈਸਾ ਨੂੰ ਟੋਲਦਾ ਹੈ। ਇਕ ਰਾਹ ਜਾਂਦੇ ਕੁਸ਼ਟੀ ਨੂੰ ਮਿਲਦਾ, 
ਉਹਦੇ ਜ਼ਖਮਾਂ ਨੂੰ ਆਪਣੇ ਹੋਠਾਂ ਨਾਲ ਚੰਮਦਾ ਹੈ, ਹਰ ਹੱਥ ਵਿੱਚ, ਕੀ ਰੋਗੀ, ਕੀ 
ਕੁਸ਼ਟੀ, ਕੀ ਸੋਹਣੀ ਤੀਮੀਂ ਦੇ ਹੱਥ ਵਿੱਚ ਈਸਾ ਦੇ ਹੱਥ ਨੂੰ ਚੁੰਮਦਾ ਹੈ। ਪਿਆਰੇ ਬਿਨਾ ਪਿਆਰ ਕਿੱਥੇ? 
ਪਿਆਰ ਬਿਨਾ ਸੇਵਾ ਸਿਰਦਰਦੀ ਤੇ ਥਕਾਵਟ ਹੈ ॥
ਇਹ ਤੀਬ੍ਰਤਾ ਤੇ ਇੰਨੀ ਤੇਜ਼ ਧਾਰਾ ਰੂਹ ਦਾ ਵੇਗ ਹੈ । 
ਕਿਸੀ ਅਕਲ ਦਾ ਕੰਮ ਤਾਂ ਨਹੀਂ, ਇਹ ਪਿਆਰ ਦੇ ਕ੍ਰਿਸ਼ਮੇ ਹਨ । ਸੇਂਟ ਥਰੈਸੀ ਵਿਆਹ ਨਹੀਂ ਕੀਤਾ । 
"ਮੈਂ ਤਾਂ , ਈਸਾ ਨਾਲ ਵਿਆਹੀ ਹਾਂ" ਤੇ ਜਦ ਹੋਰ ਨਾਲ ਦੀਆਂ ਸਾਧਨੀਆਂ ਉਪਕਾਰ ਦੇ ਕੰਮਾਂ ਥੀਂ ਅੱਕ ਕੇ ਥੱਕ ਕੇ, ਤੰਗ ਹੋ ਕੇ ਸੇਂਟ ਥਰੈਸੀ ਪਾਸ ਆਪਣਾ ਰੋਣਾ ਲੈ ਕੇ ਆਈਆਂ ਤੇ ਆਖਣ ਲੱਗੀਆਂ ਅਸੀ ਤਾਂ ਪੁਰ ਪੁਰ ਦੁਖੀ ਹਾਂ। 
ਫਲਾਣੇ ਇਹ ਗੱਲ ਆਖੀ, ਢਿਮਕੇ ਇਹ ਗੱਲ ਆਖੀ, ਤਾਂ ਸਹਿਜ ਸੁਭਾ ਸੇਂਟ ਥਰੈਸੀ ਉੱਤਰ ਦਿੱਤਾ, "ਭੈਣੇ! 
ਅਸੀਂ ਤਾਂ ਈਸਾ ਨਾਲ ਵਿਆਹੀਆਂ ਹਾਂ, ਜਦ ਉਹ ਦੁਨੀਆਂ ਦੇ ਦੁਖੜੇ ਦੂਰ ਕਰ ਕਰਕੇ ਤੇ ਦੁਖੀ ਤ੍ਰੀਮਤਾਂ 
ਦੀਆਂ ਅਰਦਾਸਾਂ ਸੁਣ ਕੇ ਉਨ੍ਹਾ ਦੇ ਅੱਥਰੂ ਪੂੰਝ ਪੂੰਝ ਕੇ ਥੱਕ ਕੇ ਆਪਣੇ ਘਰ ਆਵੇਗਾ ਕੀ ਅਸੀਂ ਵੀ ਹੋਰਨਾਂ ਵਾਂਗ ਉਹਨੂੰ ਰੋਦੀਆਂ ਹੀ ਮਿਲਾਂਗੀਆਂ, ਤੇ ਉਹਨੂੰ ਆਪਣੇ ਘਰ ਵੀ ਕੋਈ ਘੜੀ ਆਰਾਮ ਦੀ ਨਹੀਂ ਮਿਲੇਗੀ? ਸਾਡਾ ਪਿਆਰ ਕੀ, ਜੇ ਸ਼ਕਾਇਤਾਂ ਦਿਲ ਵਿੱਚ ਫੁਰਦੀਆਂ ਹਨ, ਸਾਡਾ ਤਾਂ ਚਾ ਹੀ ਅਮਿਟ ਹੋਣਾ ਲੋੜੀਏ"।
ਭੀਲਣੀ ਆਪਣੇ ਰੱਬ ਲਈ ਮਿੱਠੇ ਬੇਰ ਚੱਖ ਚੱਖ ਕੇ ਰੱਖਦੀ ਰਹੀ, ਤੇ ਜਦ ਉਹ ਆਇਆ ਸੁੱਕੇ ਬੇਰ ਅੱਗੇ ਰੱਖੇ ॥ 
ਇਕ ਤੀਮੀ ਆਪਣੇ ਚੁਣੇ ਸੋਹਣੇ ਨੂੰ ਚੁੰਮ ਚੁੰਮ ਰੱਬ ਬਣਾ ਦਿੰਦੀ ਹੈ, ਤੇ ਫਿਰ ਸਾਰੀ ਉਮਰ ਸੇਵਾ ਵਿੱਚ ਆਪਾ ਗਾਲ ਦਿੰਦੀ ਹੈ। ਸਹਿਜ ਸੁਭਾ ਅਥਾਹ, ਨਿਰਸੰਕਲਪ, ਸੇਵਾ ਕਰਦੀ ਹੈ, ਜਿਤਨਾ ਵਿਤ ਉਤਨਾਂ ਵਰਤਦੀ ਹੈ, 
ਹੈ ਤਾਂ ਉਹ ਪਿਆਰ, ਰੱਬੀ ਜੋਤ ਜਿਹੜੀ ਨਿਸਬਾਸਰ ਜਗਦੀ ਹੈ। ਤੀਮੀ ਮਰਦ ਦੇ ਇਹੋ ਜਿਹੇ ਲਗਾਤਾਰ ਤੇ ਸਹਿਜ ਸੁਭਾ ਪਿਆਰ ਨੂੰ
ਗੁਰੂ ਨਾਨਕ ਸਾਹਿਬ ਨੇ ਪਿਆਰ ਦਾ ਚਿੰਨ੍ਹ ਮੰਨ ਕੇ ਆਪਣੇ ਪਿਆਰ ਦੇ ਗੀਤ ਗਾਏ ਹਨ ॥
ਗੁਰੂ ਸਾਹਿਬ ਉਸ ਸਾਧਨ ਨੂੰ ਭਗਤੀ ਨਹੀਂ ਮੰਨਦੇ, ਜੋ ਆਦਮੀ ਆਪਣੇ ਆਪ ਨੂੰ ਕੁਛ ਸਮਝ ਕੇ 
ਆਪਣੀ ਤਰਫੋਂ ਰੱਬ ਨੂੰ ਪਿਆਰ ਭੇਜਣ ਦੀ ਕਰਦਾ ਹੈ। ਪਿਆਰ ਉਸੀ ਤਰਾਂ ਰੱਬ ਦਾ ਗੁਣ ਹੈ, ਜਿਸ ਤਰਾਂ 
ਸੂਰਜ ਦਾ ਗੁਣ ਪ੍ਰਕਾਸ਼ । ਸੋ ਪਿਆਰ-ਵਸਤੂ ਰੱਬ ਥੀਂ ਹੀ ਸਰਵਤ੍ਰ ਵਿਸਤੀਰਤ 
(ਸਾਰੇ ਵਿਸਤਾਰ ਕਰਦੀ ਫੈਲਦੀ ਹੈ।) ਹੁੰਦੀ ਹੈ, ਜਿੱਥੇ ਜਿੱਥੇ ਪਿਆਰ ਕਣੀ ਹੈ, ਉਹ ਉਸੀ ਤਰ੍ਹਾਂ 
ਰੱਬ ਵੱਲੋਂ ਆਈ ਹੋਈ ਹੈ, ਜਿਸ ਤਰਾਂ ਸੂਰਜ ਦਾ ਪ੍ਰਕਾਸ਼ ਗੁਲਾਬ ਦੇ ਫੁੱਲ ਵਿੱਚ ਵਸਦਾ ਹੈ, ਮੇਰਾ ਕੁਛ ਨਹੀਂ, ਸਭ ਤੇਰਾ, ਸਭ ਤੂੰ ਹੀ ਤੂੰ। ਇਹ ਪਿਆਰ ਦੀ ਸਹਿਜ ਸੁਭਾ ਕੋਮਲਤਾ ਹੈ । ਸਮੁੰਦ੍ਰ ਵਿੱਚ ਖੇਡਦਾ ਜਲ ਦਾ ਕਿਣਕਾ ਕਿਹਾ ਸੋਹਣਾ ਲਗਦਾ ਹੈ, ਵਖਰੀ ਜਿੰਦ ਵਾਲਾ ਵੀ ਦਿੱਸਦਾ ਹੈ, ਪ੍ਰਕਾਸ਼ ਵਿੱਚ ਉਹ ਕੁਝ ਝਿਲਮਿਲਾਂਦਾ ਹੈ, ਪਰ ਕਿਣਕੇ ਦੀ ਹਸਤੀ ਕੋਈ ਨਹੀਂ, ਸਮੁੰਦ੍ਰ ਨੇ ਹੀ ਉਹਨੂੰ ਸਭ ਸਤਾ ਬਖਸ਼ੀ ਹੋਈ ਹੈ। ਇਉਂ ਪਿਆਰ ਰੂਪ ਵਿੱਚ ਭੇਦ ਕੋਈ 
ਨਹੀਂ, ਪਰ ਪਿਆਰ ਸਦਾ ਨਿਰੰਕਾਰ ਕਰਤਾਰੀ ਹੈ ਤੇ ਕਰਤਾਰਤਾ ਸਹਿਜ ਸੁਭਾ ਹੈ, ਸੁੰਦਰਤਾ ਦੇ ਰੂਪ ਆਪ 
ਮੁਹਾਰੇ ਬਣਦੇ ਤੇ ਬਿਨਸਦੇ ਹਨ ॥
ਪਿਆਰ ਹੀ ਰੱਬ ਹੈ, ਇਹ ਵਾਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੈ:-
'ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ'।
