Hafiz Muhammad Shirazi Persian Poetry in Punjabi

ਹਾਫ਼ਿਜ਼ ਮੁਹੰਮਦ ਸ਼ੀਰਾਜ਼ੀ ਫਾਰਸੀ ਕਵਿਤਾ ਪੰਜਾਬੀ ਵਿੱਚ

1. ਭਰਕੇ ਜਾਮ ਮੁਹੱਬਤ ਵਾਲਾ ਬਖ਼ਸ਼ੀਂ ਮੁਰਸ਼ਦ ਸਾਈਆਂ

ਭਰਕੇ ਜਾਮ ਮੁਹੱਬਤ ਵਾਲਾ ਬਖ਼ਸ਼ੀਂ ਮੁਰਸ਼ਦ ਸਾਈਆਂ ।
ਪਹਿਲੋਂ ਇਸ਼ਕ ਦਿਖਾਵੇ ਲਟਕਾਂ ਪਿਛੋਂ ਦਰਦ ਬਲਾਈਆਂ ।੧।
ਸੋਣ੍ਹੇ ਨਾਫ਼ੇ ਦੀ ਜਿਸਦੇ ਤਾਈਂ ਵਾਉ ਸਬਾ ਦੀ ਖੋਲ੍ਹੇ ।
ਇਸ ਖ਼ਮਦਾਰ ਜ਼ੁਲਫ਼ ਦੇ ਉਤੋਂ ਕਈਆਂ ਦੇ ਦਿਲ ਘੋਲੇ ।੨।
ਨਾਲ ਸ਼ਰਾਬੇ ਰੰਗ ਮੁਸਲਾ ਜੇ ਮੁਰਸ਼ਦ ਫੁਰਮਾਵੇ ।
ਕਿਉਂ ਜੋ ਵਾਕਿਫ਼ ਕਾਰ ਕਦੀਮੀ ਗ਼ਲਤੀ ਕਦੀ ਨਾ ਖਾਵੇ ।੩।
ਇਸ ਮੁਕਮ ਫ਼ਨਾ ਦੇ ਅੰਦਰ ਕੇਹੜੀਆਂ ਮੌਜ ਬਹਾਰਾਂ ।
ਹਰਦਮ ਬਿਗਲ ਤਿਆਰੀ ਵਾਲਾ ਕਰਦਾ ਖੜਾ ਪੁਕਾਰਾਂ ।੪।
ਕਾਲੀ ਰਾਤ ਨਾ ਠਿਲ੍ਹਣ ਵਾਲੀ ਠਾਠਾਂ ਥੀਂ ਦਿਲ ਡਰਦਾ ।
ਕੰਢਿਆਂ ਦੇ ਵਸਨੀਕ ਕੀ ਜਾਨਣ ਸਾਡਾ ਹਾਲ ਨਿਦਰਦਾ ।੫।
ਮੰਦਿਆਂ ਕੰਮਾਂ ਅੰਦਰ ਪਾਈ ਓੜਕ ਮੈਂ ਰੁਸਵਾਈ ।
ਖਿੰਡ ਗਈ ਜੋ ਪਰ੍ਹਿਆਂ ਅੰਦਰ ਓਹ ਗੱਲ ਕਿਸ ਛੁਪਾਈ ।੬।
ਹਾਫ਼ਿਜ਼ ਗ਼ਫ਼ਲਤ ਕਰੀਂ ਨਾ ਹਰਗਿਜ਼ ਹੋਸੀ ਤੁਧ ਹਜ਼ੂਰੀ ।
ਦੁਨੀਆਂ ਦੇ ਜੰਜਾਲਾਂ ਕੋਲੋਂ ਦੂਰੀ ਦੂਰੀ ਦੂਰੀ ।੭।

2. ਕਾਬੂ ਰਿਹਾ ਨਾ ਵਿਚਲਾ ਮੇਰਾ ਅਪੜੋ ਕੋਈ ਜੁਆਨੋ

ਕਾਬੂ ਰਿਹਾ ਨਾ ਵਿਚਲਾ ਮੇਰਾ ਅਪੜੋ ਕੋਈ ਜੁਆਨੋ ।
ਮਤ ਬੇਵਸਾ ਭੇਤ ਅੰਦਰ ਦਾ ਜਾਵੇ ਨਿਕਲ ਜ਼ੁਬਾਨੋਂ ।੧।
ਦਸ ਰੋਜ਼ਾਂ ਏਹ ਖੇਡ ਉਮਰ ਦੀ ਝੂਠੀ ਦੁਨੀਆਂ ਸਾਰੀ ।
ਨਾਲ ਕਿਸੇ ਦੇ ਭਲਾ ਕਰਨਾ ਜਾਣ ਗ਼ਨੀਮਤ ਭਾਰੀ ।੨।
ਝੁੱਲ ਐ ਵਾਅ ਮੁਆਫ਼ਿਕ ਸਾਡਾ ਬੇੜਾ ਲਾ ਕਿਨਾਰੇ ।
ਮਤ ਕਿ ਵਖ਼ਤ ਸਵੱਲੇ ਹੋਵਣ ਮਿਲਣ ਯਾਰ ਪਿਆਰੇ ।੩।
ਬੁਲਬੁਲ ਕੱਲ੍ਹ ਫੁੱਲਾਂ ਵਿੱਚ ਬਹਿਕੇ ਏਹ ਗੱਲ ਪਈ ਸੁਣਾਵੇ ।
ਆਓ ਮਸਤੋ ਪੀਓ ਪਿਆਲੇ ਵੇਲਾ ਮਤ ਵਿਹਾਵੇ ।੪।
ਐਸ਼ ਅਸਾਂ ਇਸ ਦੋਹਾਂ ਜੁਗਾਂ ਦੀ ਇਸ ਕੰਮ ਉਪਰ ਮਰਨਾਂ ।
ਸਜਣ ਭਾਵੇਂ ਦੁਸ਼ਮਣ ਹੋਵੇ ਹਰ ਦਾ ਭਲਾ ਕਰਨਾ ।੫।
ਕਦੀ ਤੇ ਸਿਰ ਆਪਣੇ ਦਾ ਸਦਕਾ ਬਖ਼ਸ਼ ਸਖੀ ਸਰਦਾਰਾ ।
ਖ਼ੈਰ ਤੁਸਾਡੇ ਨੂੰ ਲੂਹ ਮੋਇਆ ਏਹ ਦਰਵੇਸ਼ ਵਿਚਾਰਾ ।੬।
ਮੱਥੇ ਮੇਰੇ ਮੁੱਢੋਂ ਲਿਖੇ ਲੇਖ ਬੁਰਿਆਈਆਂ ਵਾਲੇ ।
ਜਿਸਨੂੰ ਇਹ ਕੰਮ ਭਾਵਨ ਨਾਹੀਂ ਲਿਖਿਆ ਧੁਰ ਦਾ ਟਾਲੇ ।੭।
ਸ਼ੀਸ਼ਾ ਸ਼ਾਹ ਸਿਕੰਦਰ ਦਾ ਹੈ ਜਾਮ ਜਹਾਨ ਨਮਾਈ ।
ਇਕ ਵਾਰੀ ਦੇ ਦੇਖਣ ਸੇਤੀ ਸਾਰੀ ਹਿਕਮਤ ਪਾਈ ।੮।
ਸੀਸ ਨਵਾਈਏ ਉਸਨੂੰ ਜਿਸਨੂੰ ਦੋ ਜਗ ਸੀਸ ਨਵਾਂਦੇ ।
ਉਸਦੇ ਦਰ ਤੇ ਆਇਆਂ ਹੋਇਆਂ ਪਥਰ ਮੋਮ ਹੋ ਜਾਂਦੇ ।੯।
ਜੇਕਰ ਕਦੀ ਗਵੱਯਾ ਸਾਡਾ ਇਕੋ ਸੁਖ਼ਨ ਪੁਕਾਰੇ ।
ਪੀਰ ਫ਼ਕੀਰ ਤੇ ਮੁਫ਼ਤੀ ਕਾਜ਼ੀ ਉਠ ਉਠ ਨੱਚਣ ਸਾਰੇ ।੧੦।
ਜਿਸ ਕੋਹੜੇ ਨੂੰ ਸੂਫ਼ੀ ਕਹਿੰਦੇ ਮਾਨ ਤਮਾਮ ਗੁਨਾਹਾਂ ।
ਚੁਮਣ ਚਟਣ ਗੁਲਾਂ ਦੇ ਥੀਂ ਭਾਵੇਂ ਵਧ ਅਸਾਹਾਂ ।੧੧।
ਐਸ਼ ਨਾ ਛੋੜੀਂ ਮਰਦਿਆਂ ਤੋੜੀਂ ਭਾਵੇਂ ਤੰਗ ਔਕਾਤੀ ।
ਕੱਖੋਂ ਲੱਖ ਕਰੇਗਾ ਮੌਲਾ ਜੇਕਰ ਰਹੀ ਹਯਾਤੀ ।੧੨।
ਹਾਫ਼ਿਜ਼ ਆਪ ਨਾ ਪਹਿਨਿਆਂ ਦੇਸੀ ਜਾਮਾ ਰਿੰਦਾਂ ਵਾਲਾ ।
ਡਰ ਸ਼ੇਖ਼ਾ ਤਕਦੀਰਾਂ ਕੋਲੋਂ ਪੇਸ਼ ਨਾ ਆਵਣ ਸ਼ਾਲਾ ।੧੩।

3. ਨਿਕਲ ਮਸੀਤੋਂ ਮੈਖ਼ਾਨੇ ਵਲ ਆਇਆ ਪੀਰ ਹਮਾਰਾ

ਨਿਕਲ ਮਸੀਤੋਂ ਮੈਖ਼ਾਨੇ ਵਲ ਆਇਆ ਪੀਰ ਹਮਾਰਾ ।
ਇਸ ਥੀਂ ਪੁਛੋ ਦਸੋ ਲੋਕੋ ਹੁਣ ਸਾਡਾ ਕੀ ਚਾਰਾ ।੧।
ਮੁਰਸ਼ਦ ਨਾਲ ਅਸਾਂ ਵੀ ਸਿਰਪਰ ਮੈਖ਼ਾਨੇ ਵਲ ਜਾਣਾ ।
ਵਿੱਚ ਤਕਦੀਰ ਅਜਲ ਦੀ ਏਵੇਂ ਲਿਖਿਆ ਹੁਕਮ ਰੱਬਾਣਾ ।੨।
ਕਾਬੇ ਦੇ ਵਲ ਮੁਖ ਅਸਾਡਾ ਕਦ ਮੁਤਵੱਜਾ ਹੁੰਦਾ ।
ਪੀਰ ਅਸਾਡਾ ਮੈਖ਼ਾਨੇ ਨੂੰ ਕਰ ਕਰ ਮੁਖ ਖਲੋਂਦਾ ।੩।
ਅਕਲਮੰਦਾਂ ਨੂੰ ਜੇ ਕੁਝ ਹਿੱਸਾ ਇਸ਼ਕ ਵਿਚੋਂ ਹੱਥ ਲੱਗੇ ।
ਇਕ ਪਲ ਅੰਦਰ ਝੱਲੇ ਕਮਲੇ ਹੋਣ ਅਸਾਥੋਂ ਅੱਗੇ ।੪।
ਸੋਹਣੇ ਮੁਖ ਤੇਰੇ ਨੇ ਸਾਨੂੰ ਇਸ਼ਕੋਂ ਸਬਕ ਪੜ੍ਹਾਇਆ ।
ਤਾਹੀਂ ਵਿੱਚ ਕਿਤਾਬ ਮੇਰੀ ਦੇ ਹਰ ਜਾ ਇਸ਼ਕ ਸਮਾਇਆ ।੫।
ਸੱਜਣਾ ਤੇਰੇ ਪੱਥਰ ਦਿਲ ਨੂੰ ਨਰਮ ਕਰਨ ਯਾ ਨਾਹੀਂ ।
ਲੰਮੀਆਂ ਰਾਤੀਂ ਵਾਲਾ ਰੋਣਾ ਦਰਦਾਂ ਵਾਲੀਆਂ ਆਹੀਂ ।੬।
ਜ਼ੁਲਫ਼ ਮੇਰੀ ਵਿੱਚ ਤਰਾਂ ਤਰਾਂ ਦੀਆਂ ਹੈਣ ਰਖਤਾਂ ਪਈਆਂ ।
ਜ਼ੁਲਫ਼ ਤੇਰੀ ਜਦ ਕਾਬੂ ਕੀਤਾ ਸਭ ਗੱਲਾਂ ਭੁੱਲ ਗਈਆਂ ।੭।
ਮੈਖ਼ਾਨੇ ਦੇ ਦਰ ਤੇ ਵੀ ਮੈਂ ਹਾਫ਼ਿਜ਼ ਵਾਂਗੂੰ ਬਹਿਸਾਂ ।
ਪੀਰ ਅਸਾਡਾ ਓਥੇ ਰਹਿੰਦਾ ਮੈਂ ਭੀ ਉਥੇ ਰਹਿਸਾਂ ।੮।

4. ਆ ਸੂਫੀ ਦਿਖਲਾਈਏ ਤੈਨੂੰ ਜਾਮ ਮੁਸਫਾ ਨੂਰੀ

ਆ ਸੂਫੀ ਦਿਖਲਾਈਏ ਤੈਨੂੰ ਜਾਮ ਮੁਸਫਾ ਨੂਰੀ ।
ਬਾਤਨ ਦੀ ਜੋ ਮੈਲ ਗੁਵਾਵੇ ਮਿਲੇ ਸਫ਼ਾਈ ਪੂਰੀ ।੧।
ਅਸਲੀ ਭੇਦ ਹਕੀਕਤ ਵਾਲਾ ਮਸਤਾਂ ਥੀਂ ਪੁਛ ਭਾਈ ।
ਇਸ ਮਸਲੇ ਦੀ ਸੂਫੀਆਂ ਤਾਈਂ ਹਰਗਿਜ਼ ਖ਼ਬਰ ਨਾ ਕਾਈ ।੨।
ਮੁਢ ਕਦੀਮੋਂ ਦਰ ਤੇਰੇ ਦੀ ਅਸਾਂ ਗ਼ੁਲਾਮੀ ਚਾਈ ।
ਤਰਸ ਕਰੀਂ ਸਰਦਾਰਾ ਏਥੇ ਮੈਂ ਹਕਦਾਰ ਗਦਾਈ ।੩।
ਏਹੋ ਵੇਲਾ ਐਸ਼ ਕਰਨ ਦਾ ਕਰ ਲੈ ਮਨ ਦਾ ਭਾਣਾ ।
ਖ਼ਬਰ ਨਹੀਂ ਜੋ ਆਦਮ ਵਾਂਗੂੰ ਭਲਕੇ ਕੀ ਹੋ ਜਾਣਾ ।੪।
ਇਕ ਦੋ ਜਾਮ ਗ਼ਨੀਮਤ ਸਮਝੀਂ ਵਿੱਚ ਮਜਲਸ ਦਿਲਬਰ ਦੇ ।
ਕੁਲ ਮਸਤਾਂ ਦਾ ਏਹੁ ਤਰੀਕਾ ਤਮਾ ਨਹੀਂ ਵੱਧ ਕਰਦੇ ।੫।
ਗਈ ਜਵਾਨੀ ਵਿੱਚ ਨਾਦਾਨੀ ਕੁਝ ਨਾ ਤੈਥੀਂ ਬਣਿਆਂ ।
ਹੁਣ ਤੇ ਆਪਣੇ ਚਿਟੇ ਸਿਰ ਨੂੰ ਲੀਕ ਨਾ ਲਾਵੀਂ ਜਣਿਆਂ ।੬।
ਹਜ਼ਰਤ ਪੀਰ ਪਿਆਲੇ ਸੰਦਾ ਹਾਂ ਮੈਂ ਚੇਲਾ ਬਰਦਾ ।
ਸਾਕੀ ਨੂੰ ਵੰਜ ਆਖ ਸੁਬਾਏ ਹਾਫ਼ਿਜ਼ ਬੰਦਗੀ ਕਰਦਾ ।੭।
(ਸੂਫੀ=ਸੋਫੀ, ਸ਼ਰਾਬ ਨਾ ਪੀਣ ਵਾਲਾ)

5. ਕੌਣ ਹੋਵੇ ਜੋ ਉਸ ਸੋਹਣੇ ਤਕ ਅਰਜ਼ ਮੇਰੀ ਪਹੁੰਚਾਵੇ

ਕੌਣ ਹੋਵੇ ਜੋ ਉਸ ਸੋਹਣੇ ਤਕ ਅਰਜ਼ ਮੇਰੀ ਪਹੁੰਚਾਵੇ ।
ਸਦਕਾ ਬਾਦਸ਼ਾਹੀ ਦਾ ਮੈਂ ਵਲ ਨਜ਼ਰ ਕਰਮ ਦੀ ਪਾਵੇ ।੧।
ਕੇਹੀ ਕਿਆਮਤ ਤੁਧ ਵਿਖਾਈ ਆਸ਼ਕ ਲੋਕਾਂ ਤਾਈਂ ।
ਚੰਨ ਜਿਹਾ ਮੁਖ ਸੋਹਣਾ ਐਪਰ ਦਿਲ ਵਿਚ ਰਹਿਮਤ ਨਾਹੀਂ ।੨।
ਦੁਸ਼ਮਣ ਦਿਆਂ ਫ਼ਰੇਬਾਂ ਕੋਲੋਂ ਮੰਗਾਂ ਨਿਤ ਪਨਾਹੀਂ ।
ਮਤ ਓਹੁ ਬੇਲੀ ਨਾਮ ਖ਼ੁਦਾ ਦੇ ਮੱਦਤ ਕਰੇ ਕਦਾਹੀਂ ।੩।
ਇਕੋ ਵਾਰ ਦਿਖਾ ਕੇ ਮੁਖੜਾ ਸਭ ਜਗ ਤੁਧ ਜਲਾਇਆ ।
ਐਸੀ ਬੇਪ੍ਰਵਾਹੀ ਵਿਚੋਂ ਕੀ ਤੇਰੇ ਹੱਥ ਆਇਆ ।੪।
ਕਾਲੀ ਪਲਕ ਤੇਰੀ ਮੈਂ ਉਤੇ ਤੇਗ਼ਾਂ ਪਈ ਉਲਾਰੇ ।
ਰੱਖ ਸੰਭਾਲ ਪਲਥ ਓਸਦਾ ਮਤ ਕੇ ਨਾਹੱਕ ਮਾਰੇ ।੫।
ਵਿੱਚ ਉਮੀਦਾਂ ਬਾਦ ਸਬਾ ਦੀਆਂ ਸਾਰੀ ਰੈਣ ਲੰਘਾਈ ।
ਫਜ਼ਰੇ ਵੇਲੇ ਦਿਲਬਰ ਦੀ ਆ ਖ਼ਬਰ ਦਸੇਸੀ ਕਾਈ ।੬।
ਨਾਮ ਖ਼ੁਦਾ ਦੇ ਹਾਫ਼ਿਜ਼ ਤਾਈਂ ਦੇ ਘੁਟ ਨਸ਼ਾ ਸਵੇਰੇ ।
ਵਕਤ ਕਬੂਲੀਯਤ ਦਾ ਅੱਲਾ ਕੰਮ ਸੁਵਾਰੇ ਤੇਰੇ ।੭।

6. ਜਿਸ ਦਿਨ ਦਾ ਦੀਦਾਰ ਤੁਸਾਂ ਦਾ ਆਸ਼ਕ ਲੋਕਾਂ ਪਾਇਆ

ਜਿਸ ਦਿਨ ਦਾ ਦੀਦਾਰ ਤੁਸਾਂ ਦਾ ਆਸ਼ਕ ਲੋਕਾਂ ਪਾਇਆ ।
ਉਸੇ ਦਿਨ ਦਾ ਜ਼ੁਲਫ਼ ਤੇਰੀ ਵਿਚ ਆਪਣਾ ਆਪ ਫਸਾਇਆ ।੧।
ਹਿਜਰ ਤੇਰੇ ਦੇ ਹੱਥੋਂ ਜੋ ਕੁਝ ਅਸਾਂ ਮੁਸੀਬਤ ਪਾਈ ।
ਬਾਝ ਸ਼ਹੀਦਾਂ ਕਰਬਲ ਵਾਲਿਆਂ ਕਿਸੇ ਨਾ ਡਿਠੀ ਕਾਈ ।੨।
ਜੇਕਰ ਉਹ ਮਹਿਬੂਬ ਅਸਾਡਾ ਕਰਨ ਲਗਾ ਮਸਤਾਈਆਂ ।
ਸਾਨੂੰ ਵੀ ਫਿਰ ਛੱਡਣੇ ਪਉਸਣ ਤੱਕਵੇ ਜ਼ੁਹਦ ਕਮਾਈਆਂ ।੩।
ਐਸ਼ਾਂ ਅਤੇ ਬਹਾਰਾਂ ਅੰਦਰ ਪੰਜ ਦਿਨਾਂ ਦਾ ਵਾਸਾ ।
ਏਸੇ ਨੂੰ ਤੂੰ ਸਮਝ ਗ਼ਨੀਮਤ ਦਮ ਦਾ ਕੀ ਭਰਵਾਸਾ ।੪।
ਹਾਫ਼ਿਜ਼ ਜੇਕਰ ਸ਼ਾਹ ਅਲੀ ਦੀ ਤੁਧ ਕੀਤੀ ਪਾ ਬੋਸੀ ।
ਤਾਂ ਫਿਰ ਦੋਹਾਂ ਜਹਾਨਾਂ ਅੰਦਰ ਇੱਜ਼ਤ ਤੇਰੀ ਹੋਸੀ ।੫।

7. ਵਾਇਜ਼ ਸੰਘ ਨਾ ਪਾੜ ਨਕੰਮਾਂ ਨਾ ਪਾ ਸ਼ੋਰ ਉਚੇਰਾ

ਵਾਇਜ਼ ਸੰਘ ਨਾ ਪਾੜ ਨਕੰਮਾਂ ਨਾ ਪਾ ਸ਼ੋਰ ਉਚੇਰਾ ।
ਸਾਡਾ ਤੇ ਭੀ ਦਿਲ ਖੜਾਤਾ ਕੀ ਖੜਾਤਾ ਤੇਰਾ ।੧।
ਜਦ ਤਕ ਮਿਠੀਆਂ ਲਬਾਂ ਸਜਣ ਦੀਆਂ ਮਜ਼ਾ ਨਾ ਕੁਝ ਚਖਾਵਣ ।
ਤਦ ਤਕ ਸਾਨੂੰ ਕੁਲ ਆਲਮ ਦੀਆਂ ਮਤੀਂ ਕੰਮ ਨਾ ਆਵਣ ।੨।
ਰਾਹ ਹਕੀਕੀ ਲੱਭਣ ਮੁਸ਼ਕਲ ਢੂੰਡ ਥੱਕਾ ਜਗ ਸਾਰਾ ।
ਅਜ ਦਿਨ ਤੋੜੀ ਕਿਸੇ ਨਾ ਪਾਇਆ ਭੇਤ ਸਜਣ ਦਾ ਯਾਰਾ ।੩।
ਜੰਨਤ ਦੀ ਪ੍ਰਵਾਹ ਨਾ ਰਖੇ ਮੰਗਤਾ ਤੇਰੇ ਦਰ ਦਾ ।
ਬੰਦੀਵਾਨ ਜੋ ਇਸ਼ਕ ਤੇਰੇ ਦਾ ਦੋਹੀਂ ਜਹਾਨੀ ਤਰਦਾ ।੪।
ਭਾਵੇਂ ਇਸ਼ਕ ਸਜਣ ਦੇ ਮੈਨੂੰ ਜਗ ਵਿੱਚ ਗੰਦਾ ਕੀਤਾ ।
ਫਿਰ ਵੀ ਲੱਖ ਗ਼ਨੀਮਤ ਜੋ ਮੈਂ ਇਸ਼ਕ ਪਿਆਲਾ ਪੀਤਾ ।੫।
ਸਹੀਂ ਦਿਲਾ ਜੋ ਸਿਰ ਤੇ ਆਵੇ ਨਾ ਕਰ ਗਿਰੀਆਜਾਰੀ ।
ਵਿੱਚ ਨਸੀਬਾਂ ਤੇਰਿਆਂ ਏਵੇਂ ਲਿਖਿਆ ਅੱਲਾਵਾਰੀ ।੬।
ਕਿੱਸੇ ਅਤੇ ਕਹਾਨੀਆਂ ਅੰਦਰ ਹਾਫ਼ਿਜ਼ ਉਮਰ ਨਾ ਗਾਲੀਂ ।
ਜਿਸ ਗੱਲੋਂ ਛੁਟਕਾਰਾ ਹੋਵੇ ਓਹ ਗੱਲ ਕੋਈ ਨਾ ਭਾਲੀਂ ।੭।

8. ਆਈ ਈਦ ਤੇ ਰੋਜ਼ੇ ਲੰਘੇ ਖਾਵਣ ਤੇ ਦਿਲ ਵੱਜੇ

ਆਈ ਈਦ ਤੇ ਰੋਜ਼ੇ ਲੰਘੇ ਖਾਵਣ ਤੇ ਦਿਲ ਵੱਜੇ ।
ਠੇਕੇ ਵਿੱਚ ਸ਼ਰਾਬ ਮਟਾਂ ਥੀਂ ਨਿਕਲ ਨਿਕਲ ਕੇ ਭੱਜੇ ।੧।
ਜ਼ਾਹਦ ਤੇਰੇ ਜ਼ੁਹਦ ਕਰਨ ਦੇ ਗੁਜ਼ਰੇ ਓਹ ਜ਼ਮਾਨੇ ।
ਉਠੋ ਰਿੰਦੋ ਮਿਲੇ ਤੁਸਾਨੂੰ ਖ਼ੁਸ਼ੀਆਂ ਦੇ ਪ੍ਰਵਾਨੇ ।੨।
ਕਹੀਂ ਮਲਾਮਤ ਉਸਦੇ ਤਾਈਂ ਜੇਹੜਾ ਨਸ਼ਾ ਉਡਾਵੇ ।
ਆਸ਼ਕ ਲੋਕਾਂ ਰਿੰਦਾਂ ਦਾ ਏਹ ਐਬ ਨਾ ਗਿਣਿਆ ਜਾਵੇ ।੩।
ਬਾਝ ਰਿਆ ਸ਼ਰਾਬੀ ਜੇਹੜਾ ਹੋਵੇ ਨੰਗ ਮਨੰਗਾ ।
ਠੱਗ ਫ਼ਰੇਬੀ ਜ਼ਾਹਦ ਨਾਲੋਂ ਫਿਰ ਵੀ ਹੋਸੀ ਚੰਗਾ ।੪।
ਕੀ ਹੋਇਆ ਜੇ ਦੋ ਤਿੰਨ ਵਾਰੀ ਨਸ਼ਾ ਅਸਾਂ ਚਾ ਪੀਤਾ ।
ਫਿਰ ਵੀ ਐਬ ਨਾ ਉਸਦੇ ਜੇਡਾ ਜਿਸਨੇ ਗਿਲਾ ਕੀਤਾ ।੫।
ਪੀਵਣ ਨਸ਼ਾ ਗੁਨਾਹ ਨਾ ਕੋਈ ਰਖੀਏ ਹੋਸ਼ ਸੰਭਾਲੀ ।
ਦੱਸ ਖਾਂ ਵਿੱਚ ਤਮਾਮ ਮੁਲਕ ਦੇ ਕੇਹੜਾ ਐਬੋਂ ਖ਼ਾਲੀ ।੬।
ਹਾਫ਼ਿਜ਼ ਇਸ਼ਕ ਤੇਰੇ ਵਿੱਚ ਕੀਤਾ ਜਿੰਦ ਆਪਣੀ ਨੂੰ ਘੋਲੇ ।
ਜਿਸ ਪ੍ਰਕਾਰ ਫਿਰੇ ਸਿਰਗਰਦਾਂ ਦਿਲ ਮੋਹਕਮ ਸਿਰ ਡੋਲੇ ।੭।

9. ਖਿਲਵਤ ਫ਼ਕਰਾਂ ਵਿਚੋਂ ਲੱਭਣ ਬਾਗ਼ ਬਹਿਸ਼ਤਾਂ ਵਾਲੇ

ਖਿਲਵਤ ਫ਼ਕਰਾਂ ਵਿਚੋਂ ਲੱਭਣ ਬਾਗ਼ ਬਹਿਸ਼ਤਾਂ ਵਾਲੇ ।
ਖਿਜ਼ਮਤ ਟਹਿਲ ਫ਼ਕੀਰਾਂ ਦੀ ਥੀਂ ਮਿਟਦੇ ਕੁਲ ਕਸ਼ਾਲੇ ।੧।
ਕਿਸ ਕੰਮ ਹੈ ਓਹ ਜ਼ਰ ਜੋ ਕਰ ਦੇ ਕਾਲੇ ਦਿਲ ਅਮੀਰਾਂ ।
ਅਸਲੀ ਕੀਮੀਆਂ ਚਾਹੇ ਜੇਹੜਾ ਮਜਲਸ ਕਰੇ ਫ਼ਕੀਰਾਂ ।੨।
ਸੂਰਜ ਜੇਹੀ ਤਵਾਜਿਆ ਜਿਸਦੀ ਨਿਉਂ ਨਿਉਂ ਕਰਨ ਦੁਆਈ ।
ਓਹ ਵਡਿਆਈ ਬੇਸ਼ਕ ਭਾਈ ਵਲੀਆਂ ਲੋਕਾਂ ਪਾਈ ।੩।
ਜਿਸ ਦੌਲਤ ਨੂੰ ਚੋਰ ਚਕਾਰੋਂ ਹਰਗਿਜ਼ ਖ਼ੌਫ਼ ਨਾ ਕੋਈ ।
ਐਸੀ ਬੇਤਕੱਲਫ਼ ਦੌਲਤ ਫ਼ਕਰਾਂ ਹਾਸਲ ਹੋਈ ।੪।
ਜਿਸ ਗੱਲ ਤਾਈਂ ਰਹੇ ਢੂੰਡਦੇ ਸ਼ਾਹ ਜ਼ਿਮੀਂ ਦੇ ਸਾਰੇ ।
ਓਹ ਗੱਲ ਜ਼ਾਹਰ ਪਈ ਦਸੀਵੇ ਸੰਤਾਂ ਵਾਲੇ ਦੁਵਾਰੇ ।੫।
ਸ਼ੇਖੀ ਸਾੜ ਨਾ ਇਸ ਦੌਲਤ ਦੀ ਸੰਭਲ ਦੁਨੀਆਂਦਾਰਾ ।
ਹਿੰਮਤ ਬਰਕਤ ਨੇਕਾਂ ਦੀ ਥੀਂ ਵਸਦਾ ਆਲਮ ਸਾਰਾ ।੬।
ਧਸਦਾ ਜਾਵੇਂ ਗੰਜ ਕਰੂਨੀ ਹੇਠ ਕਿਆਮਤ ਤੋੜੀ ।
ਪੜ੍ਹਿਆ ਹੋਵੇਗਾ ਤੁਧ ਏਹ ਭੀ ਫ਼ਕਰਾਂ ਦੀ ਅਨਜੋੜੀ ।੭।
ਹਾਫ਼ਿਜ਼ ਏਨ੍ਹਾਂ ਫ਼ਕੀਰਾਂ ਸੰਦਾ ਅਦਬ ਕਰੀਂ ਹਰ ਹਾਲੇ ।
ਚੰਗੇ ਚੰਗੇ ਸ਼ਾਹ ਇਨ੍ਹਾਂ ਨੂੰ ਸੀਸ ਨਵਾਵਣ ਵਾਲੇ ।੮।

10. ਰੱਖ ਖ਼ਿਆਲ ਨਾ ਮੇਰੇ ਉਤੇ ਸੋਮ ਸਲਵਾਤਾਂ ਵਾਲਾ

ਰੱਖ ਖ਼ਿਆਲ ਨਾ ਮੇਰੇ ਉਤੇ ਸੋਮ ਸਲਵਾਤਾਂ ਵਾਲਾ ।
ਰੋਜ਼ ਅਜਲ ਦੇ ਮਿਲਿਆ ਮੈਨੂੰ ਮਸਤ ਸ਼ਰਾਬ ਪਿਆਲਾ ।੧।
ਜਾਂ ਮੈਂ ਨਹਰ ਇਸ਼ਕ ਥੀਂ ਕੀਤਾ ਵੁਜੂ ਆਪਣਾ ਤਾਜਾ ।
ਸਭਨਾਂ ਲੋਕਾਂ ਦਾ ਪੜ੍ਹ ਛਡਿਆ ਇਕਸੇ ਦਾ ਜਨਾਜ਼ਾ ।੨।
ਦੇ ਸ਼ਰਾਬ ਜੋ ਦਸਾਂ ਤੈਨੂੰ ਸਾਜਨ ਦੀ ਗੱਲ ਕਾਈ ।
ਕਿਸ ਸੋਹਣੇ ਦਾ ਆਸ਼ਕ ਬਣਕੇ ਮੈਂ ਚਾ ਅਕਲ ਗੁਆਈ ।੩।
ਐਬਾਂ ਦਿਆਂ ਪਹਾੜਾਂ ਸਾਡਾ ਵਾਲ ਨਹੀਂ ਇਕ ਖੋਹਣਾ ।
ਮਸਤੋ ਰਹਮਤ ਰੱਬ ਦੀ ਕੋਲੋਂ ਬੇਉਮੈਦ ਨਾ ਹੋਣਾ ।੪।
ਸਜਣਾ ਤੇਰੇ ਸੋਹਣੇ ਮੁਖ ਤੋਂ ਜਾਨ ਕਰਾਂ ਕੁਰਬਾਨੀ ।
ਢੂੰਡ ਥਕਾ ਮੈਂ ਸਾਰੇ ਜਗ ਵਿਚ ਹੋਰ ਨਾ ਤੇਰਾ ਸਾਨੀ ।੫।
ਉਸ ਦਿਲਬਰ ਦੀ ਬੇਫ਼ਿਕਰੀ ਵਿੱਚ ਨੈਣ ਜਿਵੇਂ ਮਸਤਾਨੇ ।
ਐਸਾ ਬੇ-ਗ਼ਮ ਹੋਰ ਨਾ ਕੋਈ ਹੋਸੀ ਵਿੱਚ ਜਹਾਨੇ ।੬।
ਹਾਫ਼ਿਜ਼ ਵਾਂਗ ਸੁਲੇਮਾਂ ਪਾਈ ਇਸ਼ਕ ਤੇਰੇ ਥੀਂ ਸ਼ਾਹੀ ।
ਜਾਨੀ ਵਸਲ ਤੇਰੇ ਦੇ ਬਦਲੇ ਵਾ ਹੱਥਾਂ ਵਿੱਚ ਆਈ ।੭।

11. ਜ਼ਾਹਦ ਹੈ ਨਾ ਵਾਕਫ ਆਜਜ਼ ਹਾਲ ਨਾ ਸਾਡਾ ਜਾਨੇ

ਜ਼ਾਹਦ ਹੈ ਨਾ ਵਾਕਫ ਆਜਜ਼ ਹਾਲ ਨਾ ਸਾਡਾ ਜਾਨੇ
ਜੋ ਕੁਝ ਸਾਨੂੰ ਪਿਆ ਅਲਾਵੇ ਜਾਇਜ਼ ਉਸਦੇ ਭਾਨੇ

ਵਿੱਚ ਤਰੀਕਤ ਚੰਗਾ ਜੋ ਕੁਝ ਸਾਲਕ ਅਗੇ ਆਵੇ
ਏਹ ਦਿਲ ਕਦੀ ਨਾ ਭੁਲਾ ਜੋ ਕੋਈ ਸਿਧੇ ਰਸਤੇ ਜਾਵੇ

ਗੋਟਾਂ ਅਸੀਂ ਚਲਾਈਆਂ ਤਾਂ ਫਿਰ ਕੇਹੜੀ ਬਾਜ਼ੀ ਕਰਦਾ
ਏਹ ਸ਼ਤਰੰਜ ਜੋ ਮਸਤਾਂ ਵਾਲਾ ਇਸ ਵਿੱਚ ਕੋਈ ਨਾ ਹਰਦਾ

ਏਕੈ ਸ਼ਤ ਸਫਾ ਮੁਨਕੱਸ਼ ਵਿੱਚ ਹੋ ਆ ਖਲੋਇਆ
ਇਸ ਮੁਇੰਮੇ ਕੋਲੋਂ ਹਰਗਿਜ਼ ਕੋਈ ਨਾ ਵਾਕਫ ਹੋਇਆ

ਨਾਦ੍ਰ ਹਿਕਮਤ ਤੇਰੀ ਯਾ ਰਬ ਅੰਤ ਨਾ ਪਾਇਆ ਜਾਵੇ
ਅੰਦਰ ਜ਼ਖਮ ਕਰੋੜਾਂ ਐਪਰ ਆਹ ਨਾ ਬਾਹਿਰ ਆਵੇ

ਜੋ ਆਵੇ ਸੋ ਚਲਿਆ ਆਵੇ ਜੋ ਜਾਵੇ ਸੋ ਜਾਵੇ
ਇਸ ਦਰਬਾਰ ਨਾ ਰਾਖਾ ਕੋਈ ਨਾ ਦਰਬਾਨ ਹਟਾਵੇ

ਜੋ ਤਕਸੀਰ ਸੋ ਆਪਨੀ ਮੇਰੀ ਖੋਟਿਆਂ ਕਰਮਾਂ ਵਾਲੀ
ਨਹੀਂ ਤਾਂ ਕਦੀ ਤੇਰੇ ਅਨਾਮੋ ਕੋਈ ਨਾ ਰਹਿਆ ਖਾਲੀ

ਮੈਖਾਨੇ ਦੇ ਦਰ ਤੇ ਜਾਵਨ ਜਿਨਾਂ ਨਫਸ ਵੰਜਾਇਆ
ਐਹਲ ਨਫਸ ਨੂੰ ਇਸ ਕੂਚੇ ਦਾ ਕਿਸ ਰਸਤਾ ਬਤਲਾਇਆ

ਗੋਲਾ ਹਾਂ ਮੈਂ ਪੀਰ ਮਗਾਂ ਦਾ ਜਿਸਦੀ ਮੇਹਰ ਸਦਾਹੀਂ
ਮੁਲਾਂ ਕਦੀ ਕਰੇਂਦੇ ਉਲਫਤ ਕਦੀ ਕਰੇਂਦੇ ਨਾਹੀਂ

ਆਲੀ ਹਿੰਮਤ ਹਾਫਜ਼ ਵਾਲੀ ਜੋ ਨਾ ਤਖਤ ਕਬੂਲੇ
ਆਸ਼ਕ ਮਸਤ ਅਲਸਤ ਹਮੇਸ਼ਾਂ ਦੁਨੀਆਂ ਚਾਹਨ ਨਾ ਮੂਲੇ

12. ਮੈਖਾਨੇ ਥੀਂ ਬਾਹਰ ਨਾ ਨਿਕਲਾਂ ਏਹ ਦਿਲ ਕਰਦਾ ਮੇਰਾ

ਮੈਖਾਨੇ ਥੀਂ ਬਾਹਰ ਨਾ ਨਿਕਲਾਂ ਏਹ ਦਿਲ ਕਰਦਾ ਮੇਰਾ
ਦਿਆਂ ਦੁਆਈਂ ਪੀਰ ਮਗਾਂ ਨੂੰ ਵਿਰਦ ਫਜ਼ਰ ਦਾ ਮੇਰਾ

ਸ਼ੁਕਰ ਖੁਦਾ ਦਾ ਫਾਰਗ ਹਾਂ ਮੈਂ ਸ਼ਾਹੋਂ ਅਤੇ ਗਦਾਓਂ
ਗਲੀ ਸੱਜਨ ਦਾ ਚੂੜ੍ਹਾ ਲਭੇ ਓ ਸਿਰ ਕਰਦਾ ਮੇਰਾ

ਠੇਕੇ ਅਤੇ ਮਸੀਤਾਂ ਥੀਂ ਮੈਂ ਲੱਭਾ ਵਸਲ ਤੁਸਾਡਾ
ਹੋਰ ਖਿਆਲ ਨਾ ਕੋਈ ਰੱਬ ਗੁਵਾਹੀ ਭਰਦਾ ਮੇਰਾ

ਕਰਨ ਗਦਾ ਤੁਸਾਡਾ ਮੈਨੂੰ ਬਾਦਸ਼ਾਹੀ ਥੀਂ ਚੰਗਾ
ਜੋਰ ਜਫਾ ਤੁਸਾਡਾ ਮੂਜਬ ਸ਼ਾਨ ਕਦਰ ਦਾ ਮੇਰਾ

ਡੇਰਾ ਨਹੀਂ ਪਟੇਂਦਾ ਮੇਰਾ ਬਾਝੋਂ ਤੇਗ਼ ਅਜਲ ਦੇ
ਹੋ ਚੁਕਾ ਇਹ ਸੀਸ ਵਿਚਾਰਾ ਏਸੇ ਦਰ ਦਾ ਮੇਰਾ

ਜਿਸ ਦਿਨ ਦਾ ਮੈਂ ਦਰ ਤੇਰੇ ਤੇ ਮਥਾ ਆਨ ਟਕਾਇਆ
ਉਸ ਦਿਨ ਦਾ ਹੋ ਗਿਆ ਵਛੌਨਾ ਸ਼ਮਸ਼ ਕੱਮਰ ਦਾ ਮੇਰਾ

ਤੋੜੇ ਪਾਪ ਕਮਾਵਨ ਹਾਫ਼ਜ਼ ਅੰਦਰ ਵੱਸ ਨਾ ਸਾਡੇ
ਤਾਂਵੀ ਅਦਬ ਕਰੇ ਤੇ ਆਖੀਂ ਹੈ ਇਹ ਗਰਦਾ ਮੇਰਾ

13. ਦਸਤ ਸ਼ਰਾਬ ਤੇ ਬਾਗ ਬਹਾਰਾਂ ਦਿਲਬਰ ਵਿੱਚ ਕਲਾਵੇ

ਦਸਤ ਸ਼ਰਾਬ ਤੇ ਬਾਗ ਬਹਾਰਾਂ ਦਿਲਬਰ ਵਿੱਚ ਕਲਾਵੇ
ਇਸ ਹਾਲਤ ਵਿੱਚ ਕਿਓਂ ਨਾ ਸਾਡਾ ਸ਼ਾਹ ਗੁਲਾਮ ਸਦਾਵੇ

ਭਾਵੇਂ ਨਸ਼ਾ ਅਸਾਡੇ ਮਜ਼੍ਹਬ ਪੀਨਾ ਜਾਇਜ਼ ਆਇਆ
ਐਪਰ ਤੇਰੇ ਬਾਝੋਂ ਦਿਲਬਰ ਅਸਾਂ ਹਰਾਮ ਠਹਿਰਾਇਆ

ਚਿੰਗ ਰਬਾਬ ਸੁਨਨ ਕੰਨ ਮੇਰੇ ਨਗਮਾਂ ਬੰਸੀ ਨਾਲੇ
ਦੌਰ ਸ਼ਰਾਬ ਅਖੀਂ ਵਿੱਚ ਦਿਸਨ ਹੋਠ ਮਸ਼ੂਕਾਂ ਵਾਲੇ

ਅਤਰਾਂ ਦੀ ਕੁਝ ਹਾਜ਼ਤ ਨਾਹੀਂ ਮਜਲਸ ਸਾਡੀ ਤਾਈਂ
ਅਗੇ ਖੁਸ਼ਬੂ ਜ਼ੁਲਫ ਤੇਰੇ ਦੇ ਬੈਠਨ ਦਿੰਦੇ ਨਾਹੀਂ

ਕੁਝ ਸੁਆਦ ਨਾ ਮਿਸਰੀ ਅੰਦਰ ਖੰਡਾਂ ਵੀ ਚਖ ਡਿਠੀਆਂ
ਹਰ ਇਕ ਨਾਲੋਂ ਜਾਪਨ ਮੈਨੂੰ ਲਬਾਂ ਤੁਹਾਡੀਆਂ ਮਿਠੀਆਂ

ਦਿਲ ਮੇਰੇ ਵਿੱਚ ਤਾਂਘ ਤੇਰੀ ਨੇ ਕੀਤਾ ਜਦੋਂ ਟਿਕਾਣਾਂ
ਛਡ ਮਸੀਤ ਤਦੋਕਾ ਮੈਂ ਵੀ ਆ ਮਲਿਆ ਮੈਖਾਨਾ

ਨੰਗ ਨਮੂਸ ਅਸਾਡੇ ਤਾਈਂ ਤੂੰ ਕੀ ਆਖੇਂ ਅੜਿਆ
ਨਾਮੋ ਨੰਗ ਨਾ ਰਹਿਆ ਕੋਈ ਜਦ ਇਸ਼ਕ ਵਿੱਚ ਵੜਿਆ

ਆਸ਼ਕ ਅਤੇ ਨਸ਼ੇ ਸ਼ਰਾਬੀ ਮੈਂ ਕਮਲਾ ਸੌਦਾਈ
ਇਸ ਨਗਰੀ ਸਭ ਮੇਰੇ ਵਰਗੇ ਸੂਫੀ ਮੂਲ ਨਾ ਕਾਈ

ਕਾਜੀ ਨੂੰ ਨਾ ਦਸੋ ਹਰਗਿਜ਼ ਜੋ ਮੈਂ ਐਬ ਕਰੇਂਦਾ
ਆਪ ਵਿਚਾਰਾ ਦਿਹਾਂ ਰਾਤੀਂ ਐਸ਼ਾਂ ਵਿਚ ਢੁੰਡੇਂਦਾ

ਹਾਫ਼ਜ਼ ਇਕ ਦਮ ਬੈਠ ਨਾ ਖਾਲੀ ਬਾਝ ਨਸ਼ੇ ਦਿਲਬਰ ਦੇ
ਅਜ ਕਲ ਰੁਤ ਬਹਾਰ ਫੁਲਾਂ ਦੀ ਆਸ਼ਕ ਈਦਾਂ ਕਰਦੇ

14. ਜ਼ਾਹਦ ਵਡਯਾਈਆ ਜ਼ਹਿਦਾ ਵਾਲੇ ਛੋੜ ਨਾ ਮਸਤਾਈ

ਜ਼ਾਹਦ ਵਡਯਾਈਆ ਜ਼ਹਿਦਾ ਵਾਲੇ ਛੋੜ ਨਾ ਮਸਤਾਈ
ਬਦਲੇ ਹੋਰ ਕਿਸੇ ਦੇ ਤੈਨੂੰ ਮੁਜਰਮ ਕਰਸਨ ਨਾਹੀਂ

ਮਸਤ ਅਲਸਤ ਸੂਫੀ ਸਾਫੀ ਤਾਲਬ ਇਕਸੇ ਦਰ ਦੇ
ਵਿੱਚ ਮਸੀਤਾਂ ਠਾਕਰ ਦਵਾਰਿਆਂ ਇਸ਼ਕ ਵਸੇ ਵਿੱਚ ਹਰ ਦੇ

ਸਿਰ ਮੇਰਾ ਤਸਲੀਮਾ ਕਰਦਾ ਮੈਖਾਨੇ ਦੇ ਦਰ ਨੂੰ
ਦੇਰੀ ਜੇ ਕਰ ਰਾਜ਼ ਨਾ ਪਾਵੇ ਟਕਰਾਂ ਮਾਰੇ ਘਰ ਨੂੰ

ਸਾਡੀ ਆਸ ਨਾ ਤੋੜੀਂ ਮੁਲਾਂ ਬਣੀ ਖੁਦਾ ਦਾ ਬੰਦਾ
ਤੂੰ ਕੀ ਜਾਨੇ ਲੇਖ ਆਸਾਡਾ ਚੰਗਾ ਹੈ ਕਿ ਮੰਦਾ

ਨਿਵਾਨਾ ਮੈਂ ਪ੍ਰਹੇਜ਼ਗਾਰੀ ਥੀਂ ਬਾਹਰ ਨਿਕਲ ਖਲੋਇਆ
ਪਹਿਲੋਂ ਮੈਥੀਂ ਬਾਪ ਮੇਰੇ ਭੀ ਜੱਨਤ ਛਡਿਆ ਹੋਇਆ

ਇਸ ਗਲ ਤੇ ਨਾ ਕਰੀਂ ਭਰੋਸਾ ਕੀਤੇ ਅਮਲ ਚੰਗੇਰੇ
ਖਬਰ ਨਹੀਂ ਜੋ ਰੋਜ਼ ਅਜ਼ਲ ਦੇ ਕਿਆ ਲਿਖਯਾ ਹਕ ਤੇਰੇ

ਹਾਫ਼ਜ਼ ਜੇਕਰ ਜਾਮ ਨਸ਼ੇ ਦਾ ਮਰ ਦਿਆਂ ਤੈਨੂੰ ਡੀਵੇ
ਤਾਂ ਫਿਰ ਵਿੱਚ ਬਹਿਸ਼ਤਾਂ ਤੇਰਾ ਜਾਮਨ ਸੌਖਾ ਥੀਵੇ

15. ਗਿਆ ਮਹੀਨਾ ਰੋਜ਼ਿਆਂ ਵਾਲਾ ਸਾਕੀ ਨਸ਼ਾ ਲਿਆਵੀਂ

ਗਿਆ ਮਹੀਨਾ ਰੋਜ਼ਿਆਂ ਵਾਲਾ ਸਾਕੀ ਨਸ਼ਾ ਲਿਆਵੀਂ
ਹੋੜ ਤੇ ਹਟਕ ਨ ਰਹੇ ਕਿਸੇ ਦੀ ਹੁਨ ਤੇ ਜਾਮ ਪਿਲਾਵੀਂ

ਗੁਜ਼ਰਿਆ ਵਕਤ ਪਿਆਰਾ ਸਾਰਾ ਆ ਹੁਣ ਦਿਆਂ ਕਜਾਈਂ
ਬਾਜ ਸ਼ਰਾਬੋਂ ਜਿਤਨੀ ਉਮਰਾ ਕੀਤੀ ਮੁਫ਼ਤ ਅਜਾਈਂ

ਕਿਤਨੇ ਤਾਈਂ ਤਾਇਬ ਹੋ ਕੇ ਲਕੜੀ ਵਾਂਗ ਸੜਾਂ ਹਾਂ
ਬੀਤੀ ਉਮਰ ਨਦਾਨੀ ਅੰਦਰ ਦੇ ਜੋ ਨਸ਼ਾ ਪੀਵਾਂ ਹਾਂ

ਐਸਾ ਮਸਤ ਕਰੀਂ ਤੂੰ ਮੈਨੂੰ ਬਾਤ ਨਾ ਕੋਈ ਜਾਨਾ
ਜੋ ਆਇਆ ਕੌਨ ਖਿਆਲ ਮੇਰੇ ਵਿਚ ਕੇੜ੍ਹਾ ਲੰਘ ਸਧਾਨਾ

ਮਸਜਦ ਵਿਚ ਦੋ ਵੇਲੇ ਤੈਨੂੰ ਨਿਤ ਦੁਆ ਕਚੀਵੇ
ਉਸ ਓਮੈਦ ਓਪਰ ਜੋ ਮਤ ਕਿ ਘੁਟ ਸ਼ਰਾਬੋਂ ਢੀਵੇ

ਜ਼ਾਹਦ ਸ਼ੁਹਦਾ ਰਾਹਿ ਰਹਿਯਾ ਕਰ ਕਰਕੇ ਮਗਰੂਰੀ
ਰਿੰਦ ਕਲੰਦ੍ਰ ਅਜਜ਼ ਨਿਆਜ਼ੋਂ ਅਪੜੇ ਜੰਨਤ ਤੋੜੀ

ਜ਼ਾਹਿਦ ਨੂੰ ਨਿਤ ਰੋਵਨ ਪਿਟਨ ਗੋਸ਼ੇ ਤੇ ਤਨਹਾਈਆਂ
ਆਸ਼ਕ ਲੋਕਾਂ ਸਾਰੀ ਉਮਰਾ ਐਸ਼ਾਂ ਪਈਆਂ ਉਡਾਈਆਂ

ਖਰੀ ਜੋ ਰੋਕੜ ਦਿਲ ਮੇਰੇ ਦੀ ਨਸ਼ਿਆਂ ਵਿਚ ਉਡਾਈ
ਖੋਟੇ ਦਾਮ ਹਰਾਮਾ ਤਾਈਂ ਸੌੰਪ ਦਿਤੇ ਮੈਂ ਭਾਈ

ਹਾਫ਼ਜ਼ ਮਤ ਨਾ ਦੇਵੀਂ ਓਨਾਂ ਜਿੰਨਾ ਰਾਹ ਭੁਲਾਇਆ
ਕਿਉਂ ਜੋ ਇਸ਼ਕ ਓਨਾ ਦੇ ਤਾਈਂ ਮਤਲਬ ਤੇ ਪਹੁੰਚਾਇਆ

16. ਬੜਾ ਵਸੀਹ ਦਰਿਆ ਇਸ਼ਕ ਦਾ ਕੰਧੀ ਜਿਸਨਾ ਆਈ

ਬੜਾ ਵਸੀਹ ਦਰਿਆ ਇਸ਼ਕ ਦਾ ਕੰਧੀ ਜਿਸਨਾ ਆਈ
ਡੁਬ ਮਰਨ ਦੇ ਬਾਝੋਂ ਓਥੇ ਵਾਹ ਨਾ ਲਗਦੀ ਕਾਈ

ਧੰਨ ਓ ਵਕਤ ਜਦੋਂ ਦਿਲ ਤੇਰਾ ਸੱਚਾ ਇਸ਼ਕ ਕਬੂਲੇ
ਜਿਸ ਕੰਮ ਵਿਚ ਭਲਾਈ ਹੋਵੇ ਉਸਨੂੰ ਪੁਛ ਨਾ ਮੂਲੇ

ਲਿਆ ਨਸ਼ਾ ਜੋ ਪੀਵਾਂ ਉਸਨੂੰ ਨਾ ਦੇਹ ਪਿਆ ਡਰਾਵੇ
ਏਹ ਤਲਵਾਰ ਅਕਲ ਦੀ ਤੇਰੀ ਏਥੇ ਕੰਮ ਨਾ ਆਵੇ

ਅੱਖੀਂ ਅਪਨੀਆਂ ਕੋਲੋਂ ਪੁਛੀਂ ਕੁੱਠਾ ਕਿਸ ਅਸਾਹੀਂ
ਆਪਨੇ ਤਾਲੇ ਮੰਦੀ ਹੋਇ ਦੋਸ ਕਿਸੇ ਨੂੰ ਨਾਹੀਂ

ਪਾਕ ਜਮਾਲ ਸਜਨ ਦਾ ਵੇਖਨ ਪਾਕ ਨਗਾਹਾਂ ਵਾਲੇ
ਹਰ ਇਕ ਵੇਖਨ ਲਾਇਕ ਨਾਹੀਂ ਉਸਦੇ ਪਾਕ ਜਮਾਲੇ

ਨਿਆਮਤ ਸਮਝ ਤ੍ਰੀਕਾ ਰਿੰਦੀ ਕਰ ਰੱਬ ਦੇ ਸ਼ੁਕਰਾਨੇ
ਹਰ ਕਿਸੇ ਨੂੰ ਲੱਭਦੇ ਨਾਹੀਂ ਦੌਲਤ ਮਾਲ ਖਜ਼ਾਨੇ

ਹਾਫ਼ਜ਼ ਵਾਲੇ ਰੋਣੇ ਤੈਨੂੰ ਅਸਰ ਨਾ ਕੁਝ ਦਿਖਾਇਆ
ਪੱਥਰ ਚਿਤ ਤੇਰੇ ਥੀਂ ਮੈਨੂੰ ਬੜਾ ਤਅਜਬ ਆਇਆ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ