Patthar Geete : Amrita Pritam

ਪੱਥਰ ਗੀਟੇ : ਅੰਮ੍ਰਿਤਾ ਪ੍ਰੀਤਮ

ਪੱਥਰ ਗੀਟੇ

ਨੈਣ ਨਿਰੇ ਪੱਥਰ ਦੇ ਗੀਟੇ
ਪੱਥਰ ਗੀਟੇ--ਕੋਈ ਵੀ ਖੇਡੇ!

ਇਹ ਲਹੂ ਮਾਸ ਦੀ ਚਾਹ
ਨਿੱਤ ਨਵੇਂ ਮਾਸ ਦੀ ਭੁੱਖ
ਨਿੱਤ ਨਵੇਂ ਲਹੂ ਦੀ ਪਿਆਸ
ਹੱਡ ਘਚੋਲੇ
ਚੰਮ ਫਰੋਲੇ!
ਲਹੂ ਮਾਸ ਤੋਂ ਅਗੇ ਸਭ ਕੁਛ
ਸ਼ਾਹ ਹਨੇਰੇ, ਅੰਨ੍ਹੇ ਬੋਲੇ
ਥਾਂ ਥਾਂ ਲਹੂ-ਲਹੂ ਵਿਚ ਵੀਟੇ
ਨੈਣ ਨਿਰੇ ਪੱਥਰ ਦੇ ਗੀਟੇ ।

ਦੋ ਮਿੱਟੀ ਦੇ ਢੇਰ
ਅੰਡਜ
ਜੇਰਜ
ਸੇਤਜ
ਉਤਭੁਜ
ਉੱਸਰੇ ਲੱਖਾਂ ਵੇਰ
ਢੱਠੇ ਲੱਖਾਂ ਵੇਰ
ਪੰਜ-ਤੱਤ ਦੇ ਏਸ ਜਬਾੜੇ
ਦੋ ਮਿੱਟੀ ਦੇ ਢੇਰ
ਸੌੜ ਸੌੜ ਕੇ
ਉਗਲੇ ਲੱਖਾਂ ਵੇਰ
ਹਾਬੜ ਹਾਬੜ
ਨਿਗਲੇ ਲੱਖਾਂ ਵੇਰ
ਜਨਮ ਜਨਮ ਦੇ ਫੇਰ
ਕਿਸੇ ਕੁੱਖ ਨਾ ਜੰਮਿਆ ਨੂਰ
ਮਿੱਟੀ-ਮਿੱਟੀ ਪਈ ਘਸੀਟੇ
ਨੈਣ ਨਿਰੇ ਪੱਥਰ ਦੇ ਗੀਟੇ ।

ਰਾਹ ਵਿਚ ਆ ਗਈ : ਖੱਲ ਹੀ ਖੱਲ
ਇਸ ਤੋਂ' ਅੱਗੇ ਪੈਰ ਧਰਨ ਦਾ
ਆਇਆ ਨਾ ਕਦਮਾਂ ਨੂੰ ਵੱਲ
ਚੰਮ ਵਿਚ ਚੰਮ ਪਿਆ ਪਲ
ਖ਼ਾਕ ਗਈ ਖ਼ਾਕ ਵਿਚ ਰਲ
'ਹੁਸਨ' ਗਿਆ ਪੱਥਰਾਂ ਵਿਚ ਢਲ
ਕੋਈ 'ਇਸ਼ਕ' ਵੀ ਵਰ ਨਾ ਬਣਿਆ
'ਜੋਤ' ਬਣੀ ਨਾ ਜੈ ਮਾਲਾ
ਤੇ 'ਪ੍ਰੀਤ' ਰਹੀ ਕੰਵਾਰੀ ਗੱਲ ।
ਚਾਨਣ ਨੇ ਚਾਰੇ ਦਰ ਮੀਟੇ
ਨੈਣ ਨਿਰੇ ਪੱਥਰ ਦੇ ਗੀਟੇ ।

ਲਹੂ-ਮਿੱਟੀ

ਮੇਰੇ ਦੇਵ !
ਮੈਂ ਲਹੂ-ਮਿੱਟੀ

ਰੂਹਾਂ ਦਾ ਰਿਸ਼ਤਾ
ਅਸਮਾਨਾਂ ਦੀ ਪੀਂਘ
ਸੋਹਣੇ ਨੇ ਰੰਗ
ਪਰ ਜਾਵੇ ਨਾ ਝੂਟੀ।
ਮੈਂ ਲਹੂ-ਮਿੱਟੀ ।

ਰੂਹਾਂ ਦਾ ਰਿਸ਼ਤਾ
ਪਿਆਰੀ ਏ ਵਾ
ਤੇ ਪਿਆਰੀ ਸੁਗੰਧਿ
ਪਰ ਰਜਦਾ ਨਹੀਂ ਪੇਟ,
ਇਹ ਮਾਸਾਂ ਤੋਂ ਨਿੰਮੀ
ਮਾਸਾਂ ਤੋਂ ਜੰਮੀ
ਜਿੰਦ ਮੰਗਦੀ ਏ : ਰੋਟੀ
ਹਾਏ ਲਹੂ-ਮਿੱਟੀ ।

ਦੇਵ-ਨੈਣਾਂ ਦੇ ਵਾਂਗ
ਦਰਿਆ ਨੇ ਸੀ ਤੱਕਿਆ
ਪਰ ਕੰਢੇ ਦੀ ਮਿੱਟੀ
ਨੇ ਜਿੰਦ ਖੋਰ ਸੁੱਟੀ
ਹਾਏ ! ਲਹੂ-ਮਿੱਟੀ ।

ਮੇਰੇ ਦੇਵ ! ਮੰਨਦੀ ਹਾਂ
ਤੇਰੇ ਪੈਰ ਨਹੀਂ ਡੋਲੇ
ਪਰ ਪੈਰਾਂ ਦੇ ਚਿੰਨ੍ਹ
ਤਾਂ ਪੈ ਚੁਕੇ ਸੀ ਤਾਂ ਵੀ,
ਮੇਰੇ ਰਾਹ-ਗੁਜ਼ਰ ।
ਜਦ ਆਪਣੀ ਹੀ ਛਾਤੀ
ਧਰਤੀ ਨੇ ਡਿੱਠੀ ।
ਹਾਏ ! ਲਹੂ-ਮਿੱਟੀ ।

ਰੂਹਾਂ ਦੇ ਰਿਸ਼ਤੇ
ਤੇ ਆਤਮ ਪਹਿਚਾਣ
ਅਜੇ ਨਾ ਇਹ ਲੰਘੇ
ਜਿਸਮਾਂ ਦੀ ਲੀਕ,
ਆ ਤਾਂ ਉਲੰਘੇ
ਇਸ ਮਾਸਾਂ ਦੀ ਹੱਦ,
ਅਜੇ ਹੱਡ ਮਿੱਠੇ
ਅਜੇ ਚੰਮ ਮਿੱਠੇ
ਅਜੇ ਲਹੂ ਮਿੱਟੀ
ਮੰਗਦੀ ਏ:
ਲਹੂ-ਮਿੱਟੀ।

ਇਹ ਮਮਤਾ ਨਹੀਂ ਛੁੱਟੀ
ਇਹ ਚਾਹ ਨਹੀਂ ਨਿਖੁੱਟੀ
ਮੇਰੇ ਦੇਵ!
ਮੈਂ ਲਹੂ ਮਿੱਟੀ।

ਚੱਪਾ ਚੰਨ

ਚੱਪਾ ਚੰਨ – ਤੇ ਮੁੱਠ ਕੁ ਤਾਰੇ
ਸਾਡਾ ਮੱਲ ਬੈਠੇ ਅਸਮਾਨ।

ਸਾਡੀਆਂ ਭੁੱਖਾਂ ਇੰਨੀਆਂ ਵੱਡੀਆਂ
ਪਰ ਓ ਦਾਤਾ ! ਤੇਰੇ ਦਾਨ,
ਮੁੱਠ ਕੁ ਤਾਰੇ ਤ੍ਰੌਂਕ ਕੇ
ਤੇ ਚੱਪਾ ਕੁ ਚੰਨ ਸੁੱਟ ਕੇ
ਸਬਰ ਸਾਡਾ ਅਜ਼ਮਾਣ।

ਸੁੱਟ ਦੇਣ ਕੁਛ ਰਿਸ਼ਮਾਂ
ਡੇਗ ਦੇਣ ਕੁਝ ਲੋਆਂ
ਪਰ ਵਿਲਕਣ ਪਏ ਧਰਤੀ ਦੇ ਅੰਗ
ਇਹ ਅੰਗ ਨਾ ਉਨ੍ਹਾਂ ਦੇ ਲਾਣ।
ਉਹ ਵੀ ਵੇਲੇ ਆਣ

ਇਕ ਦੋ ਰਾਤਾਂ, ਹੱਥ ਤੇਰੇ
ਰਤਾ ਵੱਧ ਸਖ਼ੀ ਹੋ ਜਾਣ,
ਕੁਝ ਖੁਲ੍ਹੇ ਹੱਥੀਂ ਦੇਣ
ਏਸ ਨੂਰ ਦਾ ਦਾਨ
ਫਿਰ ਸੰਗ ਜਾਣ

ਚੱਪਾ ਚੰਨ ਵੀ ਖੋਹਣ
ਦਾਨ ਦੇ ਕੇ ਘਬਰਾਣ
ਕਦੇ ਪਰਬਤ ਉਹਲੇ ਕਰਨ
ਕਦੇ ਬੱਦਲਾਂ ਹੇਠ ਛੁਪਾਣ,
ਫਿਰ ਸੁੰਞੀਆਂ ਰਾਤਾਂ, ਸੱਖਣੇ ਪੱਲੇ
ਖਾਲੀ ਸਭ ਅਸਮਾਨ।

ਪਰ ਭੁੱਖ ਵਿਲਕਦੇ ਬੁੱਲ੍ਹ
ਸਾਡੇ ਫਿਰ ਵੀ ਆਖੀ ਜਾਣ:
ਤੇਰੇ ਸੰਗਦੇ ਸੰਗਦੇ ਦਾਨ
ਸਾਡਾ ਸਭੋ ਕੁਝ ਸਰਚਾਣ
ਸਾਡੀ ਤ੍ਰਿਸ਼ਨਾ ਨੂੰ ਤ੍ਰਿਪਤਾਣ
ਭਾਲ ਸਾਡੀ ਸਸਤਾਣ
ਤੇਰੇ ਹੱਥ ਦੇ ਇਕ ਦੋ ਭੋਰੇ
ਵੀ – ਭੁੱਖ ਸਾਡੀ ਵਰਚਾਣ ।

ਚੱਪਾ ਚੰਨ – ਤੇ ਮੁੱਠ ਕੁ ਤਾਰੇ
ਸਾਡਾ ਮੱਲ ਬੈਠੇ ਅਸਮਾਨ।

ਅੰਨ ਦਾਤਾ !

ਅੰਨ ਦਾਤਾ!
ਮੇਰੀ ਜੀਭ 'ਤੇ – ਤੇਰਾ ਲੂਣ ਏਂ
ਤੇਰਾ ਨਾਂ – ਮੇਰੇ ਬਾਪ ਦਿਆਂ ਹੋਠਾਂ 'ਤੇ,
ਤੇ ਮੇਰੇ ਇਸ ਬੁੱਤ ਵਿਚ
ਮੇਰੇ ਬਾਪ ਦਾ ਖ਼ੂਨ ਏਂ!
ਮੈਂ ਕਿਵੇਂ ਬੋਲਾਂ !
ਮੇਰੇ ਬੋਲਣ ਤੋਂ ਪਹਿਲਾਂ
ਬੋਲ ਪੈਂਦਾ ਏ ਤੇਰਾ ਅੰਨ।
ਕੁਛ ਕੁ ਬੋਲ ਸਨ
ਪਰ ਅਸੀਂ ਅੰਨ ਦੇ ਕੀੜੇ
ਤੇ ਅੰਨ ਭਾਰ ਹੇਠਾਂ – ਉਹ ਦੱਬੇ ਗਏ ਹਨ ।

ਅੰਨ ਦਾਤਾ!
ਕਾਮੇ ਮਾਂ ਬਾਪ
ਦਿੱਤੇ ਕਾਮੇ ਨੇ ਜੰਮ
ਕਾਮੇ ਦਾ ਕੰਮ ਹੈ
ਸਿਰਫ਼ ਕੰਮ ।
ਬਾਕੀ ਵੀ ਤਾਂ ਕੰਮ
ਕਰਦੈ ਇਹੋ ਹੀ ਚੰਮ
ਉਹ ਵੀ ਇੱਕ ਕੰਮ
ਇਹ ਵੀ ਇੱਕ ਕੰਮ।

ਅੰਨ ਦਾਤਾ!
ਮੈਂ ਚੰਮ ਦੀ ਗੁੱਡੀ
ਖੇਡ ਲੈ, ਖਿਡਾ ਲੈ
ਲਹੂ ਦਾ ਪਿਆਲਾ
ਪੀ ਲੈ ਪਿਲਾ ਲੈ ।

ਤੇਰੇ ਸਾਹਵੇਂ ਖੜੀ ਹਾਂ ਅਹਿ
ਵਰਤਣ ਦੀ ਸ਼ੈ
ਜਿਵੇਂ ਚਾਹੇ ਵਰਤ ਲੈ
ਉੱਗੀ ਹਾਂ
ਪਿਸੀ ਹਾਂ
ਗੁਝੀ ਹਾਂ
ਵਿਲੀ ਹਾਂ
ਤੇ ਅੱਜ ਤੱਤੇ ਤਵੇ ਤੇ
ਜਿਵੇਂ ਚਾਹੇ ਪਰੱਤ ਲੈ ।
ਮੈਂ ਬੁਰਕੀ ਤੋਂ ਵੱਧ ਕੁਛ ਨਹੀਂ
ਜਿਵੇਂ ਚਾਹੇ ਨਿਗਲ ਲੈ,
ਤੇ ਤੂੰ ਲਾਵੇ ਤੋਂ ਵੱਧ ਕੁਛ ਨਹੀ
ਜਿੰਨਾ ਚਾਹੇ ਪਿਘਲ ਲੈ ।

ਲਾਵੇ 'ਚ ਲਪੇਟ ਲੈ
ਕਦਮਾਂ ਤੇ ਖੜੀ ਹਾਂ
ਬਾਹਵਾਂ 'ਚ ਸਮੇਟ ਲੈ।
ਚੁੰਮ ਲੈ
ਚੱਟ ਲੈ,
ਤੇ ਫੇਰ ਰਹਿੰਦ ਖੂੰਹਦ
ਉਸਦਾ ਵੀ ਕੁਝ ਵੱਟ ਲੈ।

ਅੰਨ ਦਾਤਾ!
ਮੇਰੀ ਜ਼ਬਾਨ
ਤੇ ਇਨਕਾਰ?
ਇਹ ਕਿਵੇਂ ਹੋ ਸਕਦੈ ।
ਹਾਂ -ਪਿਆਰ.......?
ਇਹ ਤੇਰੇ ਮਤਲਬ ਦੀ ਸ਼ੈ ਨਹੀਂ ।

ਬੇਆਵਾਜ਼

ਤੁਸੀਂ ਜੁਗ ਜੁਗ ਜੀਵੋ ਤਾਰਿਓ!
ਪਰ ਅਸੀਂ ਹਨੇਰੇ ਘੋਰ,
ਤੁਸੀਂ ਜਮ ਜਮ ਵੱਸੋ ਬੱਦਲੋ!
ਪਰ ਸਾਨੂੰ ਪਿਆਸਾਂ ਹੋਰ ।

ਤੁਸੀਂ ਹੱਸੋ ਫੁੱਲ ਗੁਲਾਬ ਦੇ!
ਸਾਡੇ ਬੋਲ ਵਿਲਕਦੇ ਜਾਣ,
ਤੁਸੀਂ ਪੌਣਾਂ ਵੱਗੋ ਸੰਦਲੀ!
ਸਾਡੇ ਸਾਹ ਸੁਲਗਦੇ ਜਾਣ!

ਤੁਸੀਂ ਲੱਖ ਚੰਦਾ! ਲੱਖ ਸੂਰਜਾ!
ਸਾਡੇ ਸੱਖਣੇ ਸਭ ਅਸਮਾਨ,
ਤੁਸੀਂ ਜਲ ਥਲ ਭਰਿਓ ਨੀਰ ਨੀਰ!
ਸਾਡੀ ਤਰਿਹਾਈ ਜਾਨ।

ਹੋਰ, ਜਨਮ ਜਨਮ ਦੇ ਲਾਰਿਆਂ
ਸਾਨੂੰ ਏਸ ਜਨਮ ਨਾ ਛੋੜ,
ਤੁਸੀਂ ਲੱਖ ਬ੍ਰਹਿਮੰਡਾਂ ਵਾਲੜੇ !
ਸਾਨੂੰ ਇਕ ਜਿੰਦੜੀ ਦੀ ਲੋੜ ।

ਤੁਸੀਂ ਲਖ ਸੈ ਦਾਤਾਂ ਵਾਲਿਓ!
ਸਾਨੂੰ ਇਕ ਨਸ਼ੇ ਦੀ ਤੋਟ,
ਅਸੀਂ ਪੁਜਾਰੀ ਆਂ ਇੱਕ ਦੇਵ
ਤੁਸੀਂ ਦੇਵਾਂ ਕੋਟਿ ਕੋਟ।

ਸਾਡਾ ਮਨ ਪਰਦੇਸੀ ਮੁੱਢ ਤੋਂ
ਤੁਸੀਂ ਦੇਸਾਂ ਵਾਲੇ ਹੋ!
ਬੇ-ਆਵਾਜ਼ ਇਸ਼ਕ ਕੀ ਆਖੇ
ਉਹਦਾ ਨਿਰਮੋਹੀ ਨਾਲ ਮੋਹ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ