Parda Fash Ho Gia : Yashu Jaan

ਪਰਦਾ ਫ਼ਾਸ਼ ਹੋ ਗਿਆ : ਯਸ਼ੂ ਜਾਨ

1. ਉਹ ਸਮਾਂ ਹੁਣ ਕਿੱਥੋਂ ਆਉਣਾ

ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ,
ਇੱਕ ਚੁੱਲ੍ਹੇ ਤੇ ਚਾਹ ਸੀ ਬਣਦੀ,
ਉਸੇ ਚੁੱਲ੍ਹੇ ਫੁਲਕਾ ਲਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ ।

ਕੁੜੀਆਂ - ਮੁੰਡੇ ਸ਼ਰਮ ਸੀ ਕਰਦੇ,
ਅਸੂਲ ਹੁੰਦੇ ਸੀ ਹਰ ਇੱਕ ਘਰ ਦੇ,
ਜਿੰਨਾ ਮਰਜ਼ੀ ਜੋਸ਼ ਹੁੰਦਾ ਸੀ,
ਲੋਕੀ ਲੜਨੇ ਤੋਂ ਸੀ ਡਰਦੇ,
ਅੱਜ ਦੇ ਦੌਰ 'ਚ ਗੋਲੀਆਂ ਚੱਲਣ,
ਬਿਨ੍ਹਾਂ ਗੱਲ ਤੋਂ ਬੰਦਾ ਖਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ ।

ਯਾਰ ਸੀ ਬੂਹਾ ਨਾ ਖੜਕਾਉਂਦੇ,
ਡਰਦੇ ਨਾ ਸੀ ਅੰਦਰ ਆਉਂਦੇ,
ਇੱਕ - ਦੂਜੇ ਦੀ ਭੈਣ ਦੇਖ ਕੇ,
ਅੱਖਾਂ ਤੋਂ ਸੀ ਨੀਵੀਂ ਪਾਉਂਦੇ,
ਨਾਮ ਨਹੀਂ ਸੀ ਲੈਂਦਾ ਕੋਈ,
ਭੈਣਾਂ ਨੂੰ ਸੀ ਭੈਣ ਹੀ ਕਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ ।

ਮੋਬਾਈਲਾਂ ਵਾਲੀ ਬੀਮਾਰੀ ਨਹੀਂ ਸੀ,
ਅੱਖਾਂ ਵਿੱਚ ਹੁਸ਼ਿਆਰੀ ਨਹੀਂ ਸੀ,
ਮਾਪੇ ਰਿਸ਼ਤਾ ਕਰ ਦਿੰਦੇ ਸੀ,
ਔਲਾਦਾਂ ਵਿੱਚ ਗੱਦਾਰੀ ਨਹੀਂ ਸੀ,
ਮੈਂ ਨਹੀਂ ਉੱਥੇ ਵਿਆਹ ਕਰਾਉਣਾ,
ਏਦਾਂ ਨਹੀਂ ਸੀ ਕੋਈ ਕਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ ।

ਨਾ ਓਪੋ, ਵੀਵੋ ਦਾ ਸੀ ਸਿਆਪਾ,
ਨਾ ਫ਼ੋਨਾਂ ਕੋਲੋਂ ਤੰਗ ਸੀ ਮਾਪਾ,
ਪਾਰਕ ਬਣ ਗਏ ਪਿਆਰ ਦੇ ਅੱਡੇ,
ਪੁਲਸ ਮਾਰਦੀ ਰੋਜ਼ ਹੀ ਛਾਪਾ,
ਮਾਂ - ਪਿਓ ਦੀ ਆਖੀ ਗੱਲ ਨੂੰ,
ਹਰ ਧੀ - ਪੁੱਤ ਸੀ ਹੱਸਕੇ ਸਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ,
ਇੱਕ ਚੁੱਲ੍ਹੇ ਤੇ ਚਾਹ ਸੀ ਬਣਦੀ,
ਉਸੇ ਚੁੱਲ੍ਹੇ ਫੁਲਕਾ ਲਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ ।

ਬੜੇ ਪਿਆਰ ਨਾਲ ਗੱਲ ਹੁੰਦੀ ਸੀ,
ਉਦੋਂ ਪਚਦੀ ਭੱਲ ਹੁੰਦੀ ਸੀ,
ਮਿੱਠਾ ਬੋਲਕੇ ਦਿਲ ਸੀ ਜਿੱਤਦੇ,
ਹਰ ਇੱਕ ਮੁਸ਼ਕਿਲ ਹੱਲ ਹੁੰਦੀ ਸੀ,
ਯਸ਼ੂ ਜਾਨ ਸਭ ਨਿਮਰ ਹੁੰਦੇ ਸੀ,
ਕੋਈ ਨਾ ਸੀ ਟੁੱਟਕੇ ਪੈਂਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ,
ਇੱਕ ਚੁੱਲ੍ਹੇ ਤੇ ਚਾਹ ਸੀ ਬਣਦੀ,
ਉਸੇ ਚੁੱਲ੍ਹੇ ਫੁਲਕਾ ਲਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ ।

2. ਅਕਲ ਦੇ ਸ਼ੀਸ਼ੇ ਨੂੰ ਕਾਲੇ ਪਰਦੇ

ਤੇਰੀ ਅਕਲ ਦੇ ਸ਼ੀਸ਼ੇ ਨੂੰ ਕਾਲੇ ਪਰਦੇ ਲੱਗੇ,
ਤੂੰ ਹੱਥ ਜੋੜਕੇ ਖੜ੍ਹ ਜਾਂਦੈਂ ਇੱਕ ਮੂਰਤੀ ਅੱਗੇ,
ਜੇ ਦੇਖਣੀ ਨਹੀਂ ਤਾਂ ਕਿਉਂ ਲਗਾਈ ਜਾਂਦੀ ਹੈ,
ਬਣ ਚੁੱਕੇ ਨੇ ਮੰਦਿਰ, ਮਸਜ਼ਿਦ ਧਰਮ ਦੇ ਅੱਡੇ,
ਇਹੋ ਜਿਹੀ ਸੋਚ ਦਾ ਗਲਾ ਵੱਢ ਦੇਵੋ,
ਸਵਰਗ ਤੁਹਾਡੇ ਕਦਮਾਂ 'ਚ ਹੋਵੇਗਾ,
ਦੋ ਚੀਜ਼ਾਂ ਤੇ ਯਕੀਨ ਕਰਨਾ ਛੱਡ ਦੇਵੋ,
ਸਵਰਗ ਤੁਹਾਡੇ ਕਦਮਾਂ 'ਚ ਹੋਵੇਗਾ,
ਇੱਕ ਮੰਤਰੀਆਂ ਤੇ,
ਦੂਜਾ ਜੰਤਰੀਆਂ ਤੇ ।

ਚਾਰਾਂ ਵੇਦਾਂ ਮੁਤਾਬਿਕ ਵੀ ਮੂਰਤੀ ਪੂਜਾ ਅਵੈਧ ਹੈਂ,
ਜਾਂ ਸਾਬਿਤ ਕਰ ਇਹ ਮੇਰਾ ਭਲੇਖਾ ਸ਼ਾਇਦ ਹੈ,
ਉਹ ਕਾਲ ਰਹਿਤ, ਜੂਨ ਰਹਿਤ, ਰਹਿਤ ਧਨੀ,
ਇਸ ਲਈ ਹੁੰਦਿਆਂ ਹੋਇਆਂ ਵੀ ਉਹ ਗ਼ਾਇਬ ਹੈ,
ਅਗਰ ਝੂਠ ਹੈ ਤਾਂ ਮੈਂਨੂੰ ਜ਼ਿੰਦਾ ਦੱਬ ਦੇਵੋ,
ਸਵਰਗ ਤੁਹਾਡੇ ਕਦਮਾਂ 'ਚ ਹੋਵੇਗਾ,
ਦੋ ਚੀਜ਼ਾਂ ਤੇ ਯਕੀਨ ਕਰਨਾ ਛੱਡ ਦੇਵੋ,
ਸਵਰਗ ਤੁਹਾਡੇ ਕਦਮਾਂ 'ਚ ਹੋਵੇਗਾ,
ਇੱਕ ਮੰਤਰੀਆਂ ਤੇ,
ਦੂਜਾ ਜੰਤਰੀਆਂ ਤੇ ।

ਤੇ ਇੱਥੇ ਗ੍ਰੰਥ ਵੀ ਤਾਂ ਦੋ ਤਰ੍ਹਾਂ ਦੇ ਹੀ ਲਿਖੇ ਗਏ ਨੇ,
ਜੋ ਸ਼ਰੂਤੀ ਅਤੇ ਸਮ੍ਰਿਤੀ ਵਿੱਚ ਵੰਡ ਦਿੱਤੇ ਗਏ ਨੇ,
ਇਹਨਾਂ ਨੂੰ ਨਾ ਪੜ੍ਹਨਾ ਤੁਹਾਡੀ ਜ਼ਿੰਦਗੀ ਦਾ ਨਰਕ ਹੈ,
ਲੋਕੀ ਤਾਹੀਓਂ ਤਾਂ ਕਾਮ, ਲੋਭ ਵਿੱਚ ਡਿੱਗੇ ਪਏ ਨੇ,
ਚਲੋ ਪਾਣੀ ਦੇ ਕਰੋ ਟੋਟੇ ਵਿੱਚ ਪਾ ਅੱਗ ਦੇਵੋ,
ਸਵਰਗ ਤੁਹਾਡੇ ਕਦਮਾਂ 'ਚ ਹੋਵੇਗਾ,
ਦੋ ਚੀਜ਼ਾਂ ਤੇ ਯਕੀਨ ਕਰਨਾ ਛੱਡ ਦੇਵੋ,
ਸਵਰਗ ਤੁਹਾਡੇ ਕਦਮਾਂ 'ਚ ਹੋਵੇਗਾ,
ਇੱਕ ਮੰਤਰੀਆਂ ਤੇ,
ਦੂਜਾ ਜੰਤਰੀਆਂ ਤੇ ।

ਮੇਰੀਆਂ ਕੌੜੀਆਂ ਗੱਲਾਂ ਨੇ ਤੁਹਾਨੂੰ ਦੇ ਦਿੱਤਾ ਵਲ ਹੈ,
ਪਰ ਇਹ ਕਿਹੜਾ ਤੁਹਾਡੀ ਕਿਸੀ ਮੁਸ਼ਕਿਲ ਦਾ ਹੱਲ ਹੈ,
ਵਿਗਿਆਨ ਅੱਜ ਆਇਆ ਹੈ ਗ੍ਰੰਥਾਂ 'ਚ ਸਭ ਸਬੂਤ ਨੇ,
ਜਿਹਨਾਂ ਵਿੱਚ ਅੱਜ ਵੀ ਹੈ ਤੇ ਦਿੱਤਾ ਆਉਣ ਵਾਲਾ ਕੱਲ੍ਹ ਹੈ,
ਸਦਾ ਰਹਿਣਾ ਨਹੀਂ ਯਸ਼ੂ ਜਾਨ ਨੇ ਦਿਲੋਂ ਕੱਢ ਦੇਵੋ,
ਸਵਰਗ ਤੁਹਾਡੇ ਕਦਮਾਂ 'ਚ ਹੋਵੇਗਾ,
ਦੋ ਚੀਜ਼ਾਂ ਤੇ ਯਕੀਨ ਕਰਨਾ ਛੱਡ ਦੇਵੋ,
ਸਵਰਗ ਤੁਹਾਡੇ ਕਦਮਾਂ 'ਚ ਹੋਵੇਗਾ,
ਇੱਕ ਮੰਤਰੀਆਂ ਤੇ,
ਦੂਜਾ ਜੰਤਰੀਆਂ ਤੇ ।

3. ਅੱਖਾਂ ਤੇ ਪੱਟੀ ਉਸਨੂੰ ਖੋਲ੍ਹੋ ਤੇ ਸਹੀ

ਅੱਖਾਂ ਤੇ ਜੋ ਪੱਟੀ ਹੈ,
ਉਸਨੂੰ ਖੋਲ੍ਹੋ ਤੇ ਸਹੀ,
ਸੱਚ ਦੇ ਆਧਾਰ ਤੇ,
ਕੁਝ ਬੋਲੋ ਤੇ ਸਹੀ,
ਛਿੱਕ ਵਿਚਾਰ ਤਾਂ ਕਰਦੇ ਹੋ,
ਕਦੇ ਮੁੱਦਿਆਂ ਤੇ ਵੀ ਕਰੋ,
ਇਸ ਤਰ੍ਹਾਂ ਦੇ ਢੋਂਗਾਂ ਦੀ,
ਕੀ ਅਸਲੀਅਤ ਹੈ ਪੜ੍ਹੋ,
ਗੱਲਾਂ ਵਿੱਚੋਂ ਗੱਲ ਨੂੰ,
ਫ਼ਰੋਲੋ ਤੇ ਸਹੀ,
ਸੱਚ ਦੇ ਆਧਾਰ ਤੇ,
ਕੁਝ ਬੋਲੋ ਤੇ ਸਹੀ ।

4. ਮੈਂ ਇੱਕ ਸੱਚਾ ਗੁਰ ਸਿੱਖ ਹਾਂ

ਮੈਂ ਇੱਕ ਸੱਚਾ ਗੁਰ ਸਿੱਖ ਹਾਂ,
ਸਿੱਖੀ ਵਿੱਚ ਰਚਿਆ ਹੋਇਆ ਹਾਂ ।

ਗੁਰਬਾਣੀ ਦੇ ਪ੍ਰਤਾਪ ਸਦਕਾ,
ਬੁਰੇ ਕੰਮਾਂ ਤੋਂ ਬਚਿਆ ਹੋਇਆ ਹਾਂ ।

ਸੋਚ ਸਹੀ ਰੱਖੀ ਮੈਂ ਹਰਦਮ,
ਤਾਹੀਓਂ ਤਾਂ ਢਕਿਆ ਹੋਇਆ ਹਾਂ ।

ਤਰਕ ਗੁਰੂ ਨਾਨਕ ਨੇ ਬਖ਼ਸ਼ੀ,
ਇਹੀਓ ਕੰਮ ਲੱਗਿਆ ਹੋਇਆ ਹਾਂ।

ਯਸ਼ੂ ਜਾਨ ਕਿਰਪਾ ਹੈ ਉਸਦੀ,
ਜਿਸ ਲਈ ਡਟਿਆ ਹੋਇਆ ਹਾਂ ।

5. ਸਿੱਖ ਕੌਮ ਦੀ ਤਲਵਾਰ ਹੀ ਪਹਿਲਾਂ ਗੱਜਦੀ

ਜਦੋਂ ਜ਼ੁਲਮਾਂ ਦੀ ਹਨੇਰੀ ਜ਼ੋਰ ਲਾਉਣ ਲੱਗਦੀ ਹੈ,
ਸਿੱਖ ਕੌਮ ਦੀ ਤਲਵਾਰ ਹੀ ਪਹਿਲਾਂ ਗੱਜਦੀ ਹੈ,
ਅਸੀਂ ਕਿਸੇ ਤਰ੍ਹਾਂ ਦੀਆਂ ਤੋਪਾਂ ਤੋਂ
ਸਿੱਖਿਆ ਨਾ ਕਦੇ ਵੀ ਡਰਨਾ,
ਗੁਰੂ ਗੋਬਿੰਦ ਸਿੰਘ ਦੀ ਸਿੱਖਿਆ,
ਆਦਰ ਹਰ ਇੱਕ ਕੌਮ ਦਾ ਕਰਨਾ
ਦਸ਼ਮੇਸ਼ ਪਿਤਾ ਦੀ ਸਿੱਖਿਆ,
ਆਦਰ ਹਰ ਇੱਕ ਧਰਮ ਦਾ ਕਰਨਾ ।

ਅੱਜ ਆਪਣੀਆਂ ਮਿਹਨਤਾਂ ਨਾਲ ਅਸੀਂ,
ਕੀਤੇ ਨੇ ਫ਼ਤਿਹ ਮੈਦਾਨ,
ਸਾਡੇ ਗੁਰੂ ਨਾਨਕ ਜੀ ਦੀ ਸ਼ਕਤੀ,
ਅੱਜ ਜਾਣੇ ਕੁੱਲ ਜਹਾਨ,
ਲੜ ਲੱਗ ਜਾਓ ਯੋਧੇ ਵੀਰੋ ਜੀ,
ਬਾਣੀ ਤੋਂ ਬਿਨ੍ਹਾਂ ਨਾ ਸਰਨਾ,
ਗੁਰੂ ਗੋਬਿੰਦ ਸਿੰਘ ਦੀ ਸਿੱਖਿਆ,
ਆਦਰ ਹਰ ਇੱਕ ਕੌਮ ਦਾ ਕਰਨਾ
ਦਸ਼ਮੇਸ਼ ਪਿਤਾ ਦੀ ਸਿੱਖਿਆ,
ਆਦਰ ਹਰ ਇੱਕ ਧਰਮ ਦਾ ਕਰਨਾ ।

ਇਸ ਘੱਟ ਗਿਣਤੀ ਨੇ ਹੀ ਦਿੱਤੀ ਸੀ,
ਔਖੇ ਸਮੇਂ ਸ਼ਹਾਦਤ,
ਸਿਰ ਦੀ ਕੁਰਬਾਨੀ ਨਾਲੋਂ ਵੱਡੀ,
ਕੋਈ ਨਹੀਂਓਂ ਇਬਾਦਤ,
ਅੱਜ ਵੀ ਖੜ੍ਹੇ ਹਾਂ ਜੇ ਪੈ ਜਾਏ,
ਕੌਮ ਦੀ ਖਾਤਿਰ ਮਰਨਾ,
ਗੁਰੂ ਗੋਬਿੰਦ ਸਿੰਘ ਦੀ ਸਿੱਖਿਆ,
ਆਦਰ ਹਰ ਇੱਕ ਕੌਮ ਦਾ ਕਰਨਾ
ਦਸ਼ਮੇਸ਼ ਪਿਤਾ ਦੀ ਸਿੱਖਿਆ,
ਆਦਰ ਹਰ ਇੱਕ ਧਰਮ ਦਾ ਕਰਨਾ ।

ਵਿਗਿਆਨ ਦੀ ਸੋਚ ਤੋਂ ਉੱਚੀ ਹੈ,
ਸਾਡੇ ਗੁਰੂਆਂ ਦੀ ਬਾਣੀ,
ਸਭ ਸਾਫ਼ - ਸਾਫ਼ ਹੀ ਲਿਖਿਆ,
ਮਾਂ ਧਰਤੀ ਪਿਤਾ ਹੈ ਪਾਣੀ,
ਤੁਸੀਂ ਯਸ਼ੂ ਜਾਨ ਤੋਂ ਪੁੱਛ ਲਓ,
ਐਵੇਂ ਨਾ ਲਾਇਓ ਧਰਨਾ,
ਗੁਰੂ ਗੋਬਿੰਦ ਸਿੰਘ ਦੀ ਸਿੱਖਿਆ,
ਆਦਰ ਹਰ ਇੱਕ ਕੌਮ ਦਾ ਕਰਨਾ
ਦਸ਼ਮੇਸ਼ ਪਿਤਾ ਦੀ ਸਿੱਖਿਆ,
ਆਦਰ ਹਰ ਇੱਕ ਧਰਮ ਦਾ ਕਰਨਾ ।

6. ਹੁਣ ਹੈ ਦੌਰ ਮੋਬਾਈਲਾਂ ਵਾਲਾ

ਹੁਣ ਹੈ ਦੌਰ ਮੋਬਾਈਲਾਂ ਵਾਲਾ,
ਗੁੰਮ ਹੋ ਗਿਆ ਪਹਿਲਾਂ ਵਾਲਾ,
ਅੱਜ ਹੈ ਦੌਰ ਮੋਬਾਈਲਾਂ ਵਾਲਾ,
ਮਾਪੇ ਵੀ ਤਾਂ ਅਕਲ ਨਾ ਕਰਦੇ,
ਬੱਚੇ ਵੀ ਨਾ ਤਾਹੀਓਂ ਡਰਦੇ,
ਘਰਦਿਆਂ ਕੋਲੋਂ ਰੱਖਣ ਪਰਦੇ,
ਬਾਅਦ 'ਚ ਹੁੰਦੀ ਲਾਲਾ - ਲਾਲਾ,
ਅੱਜ ਹੈ ਦੌਰ ਮੋਬਾਈਲਾਂ ਵਾਲਾ ।

ਨੈੱਟ ਪੈਕ ਜੇ ਹੋਵੇ ਮੁੱਕਾ,
ਮੁੰਡਾ ਹੋ ਜਾਏ ਸੜ ਕੇ ਸੁੱਕਾ,
ਸਹੇਲੀ ਦੇ ਨਾਲ ਗੱਲ ਸੀ ਕਰਨੀ,
ਰੋਟੀ ਤੇ ਫਿਰ ਕੱਢੇ ਗੁੱਸਾ,
ਪਹਿਲਾਂ ਮੇਰਾ ਨੈੱਟ ਪਵਾਓ,
ਮਨ ਦੇ ਅੰਦਰ ਕੱਢੇ ਗਾਲਾਂ,
ਹੁਣ ਹੈ ਦੌਰ ਮੋਬਾਈਲਾਂ ਵਾਲਾ,
ਗੁੰਮ ਹੋ ਗਿਆ ਪਹਿਲਾਂ ਵਾਲਾ ।

ਰਾਤ ਨੂੰ ਜਾਨੂੰ ਸਵੀਟੂ ਕਰਦੇ,
ਚਾਦਰ ਦੇ ਵਿੱਚ ਹੌਲੀ-ਹੌਲੀ,
ਉਂਗਲਾ ਇੰਝ ਸਕ੍ਰੀਨ ਤੇ ਚੱਲਣ,
ਚੱਲੇ ਜਿਵੇਂ ਬੰਦੂਕ ਚੋਂ ਗੋਲੀ,
ਮਾਪੇ ਫਿਕਰਾਂ ਦੇ ਵਿੱਚ ਮਰਦੇ,
ਰੰਗ ਹੋ ਗਿਆ ਤਵਿਓਂ ਕਾਲਾ,
ਹੁਣ ਹੈ ਦੌਰ ਮੋਬਾਈਲਾਂ ਵਾਲਾ,
ਗੁੰਮ ਹੋ ਗਿਆ ਪਹਿਲਾਂ ਵਾਲਾ ।

ਕੁੜੀ ਹੋਵੇ ਜਾਂ ਹੋਵੇ ਮੁੰਡਾ,
ਇੱਕ ਦੂਜੇ ਤੋਂ ਘੱਟ ਨਹੀਂ ਹੁੰਦਾ,
ਦੋਵੇਂ ਇੱਜ਼ਤ ਘਰਦੀ ਹੋਵਣ,
ਹੱਥ ਨਾ ਆਵੇ ਵਕਤ ਜੋ ਖੁੰਝਾ,
ਆਪੇ ਸੋਚੋ ਯਸ਼ੂ ਜਾਨ ਜੀ,
ਵੱਖੋ - ਵੱਖ ਹੈ ਗਰਮੀ ਪਾਲਾ,
ਹੁਣ ਹੈ ਦੌਰ ਮੋਬਾਈਲਾਂ ਵਾਲਾ,
ਗੁੰਮ ਹੋ ਗਿਆ ਪਹਿਲਾਂ ਵਾਲਾ ।

7. ਕਿੰਨਿਆਂ ਨੇ ਬਣ 'ਪਾਸ਼' ਜਾਣਾ

ਕਿਉਂ ਤੁਸੀਂ ਸੋਚਦੇ ਹੋ ਤੁਹਾਨੂੰ ਕਰ ਮਾਫ਼ ਜਾਣਾ,
ਇੱਕ ਦਿਨ ਤੇਰਿਆਂ ਤੇਰੇ ਹੋ ਖਿਲਾਫ਼ ਜਾਣਾ ।

ਮਚਾਈ ਅੱਤ ਦੀ ਤੂੰ ਜਿਹੜੀ ਦਹਿਸ਼ਤਗਰਦੀ,
ਦੇਖੀਂ ਇਸ ਨੇ ਹੀ ਤੇਰੇ ਲਈ ਬਣ ਸ਼ਰਾਪ ਜਾਣਾ ।

ਇਹਨਾਂ ਅਦਾਲਤਾਂ ਵਿੱਚ ਭਾਵੇਂ ਸਾਨੂੰ ਕੁਝ ਨਾ ਲੱਭੇ,
ਤੇਰੀ ਮੌਤ ਨਾਲ ਹੀ ਸਾਨੂੰ ਮਿਲ ਇਨਸਾਫ਼ ਜਾਣਾ ।

ਤੂੰ ਜਿਊਂਦਾ ਦਫ਼ਨ ਕੀਤਾ ਸੀ ਸਾਨੂੰ ਮਿੱਟੀ ਥੱਲੇ,
ਤੂੰ ਘਰ ਸਮੇਤ ਤੁਰਦੀ - ਫਿਰਦੀ ਬਣ ਲਾਸ਼ ਜਾਣਾ ।

ਤੁਸੀਂ ਇੱਕ ਮਾਰਕੇ ਗ਼ਲਤੀ ਭਾਰੀ ਸੀ ਕੀਤੀ,
ਹੁਣ ਦੇਖ ਲਿਓ ਕਿੰਨੀਆਂ ਨੇ ਹੀ ਬਣ ਪਾਸ਼ ਜਾਣਾ ।

8. ਤੁਸੀਂ ਮੂਰਤੀਆਂ ਨੂੰ ਪੂਜਦੇ - ਪੂਜਦੇ

ਰਾਮ ਨੇ ਆਪਣੇ ਰਾਮ ਲਈ ਸੀ ਲੋਕੋ ਪਾਈ ਦੁਹਾਈ,
ਤੁਸੀਂ ਸਮਝ ਕੁਝ ਹੋਰ ਹੀ ਬੈਠੇ ਮੂਰਤੀ ਇੱਕ ਬਣਾਈ,
ਪੱਥਰ - ਵੱਟਿਆਂ ਨੂੰ ਸਜਦਾ ਕਰ - ਕਰ,
ਆਪ ਹੀ ਵੱਟੇ ਬਣ ਗਏ ਹੋ
ਤੁਸੀਂ ਮੂਰਤੀਆਂ ਨੂੰ ਪੂਜਦੇ - ਪੂਜਦੇ,
ਡੰਗਰ - ਵੱਛੇ ਬਣ ਗਏ ਹੋ ।

ਮੇਰੇ ਦੇਸ਼ ਦਾ ਬੱਚਾ ਪੈਸੇ ਦੁੱਖੋਂ ਸੁਣਿਆ ਮੈਂ ਉਹ ਨਾ ਪੜ੍ਹਦਾ ਏ,
ਜਿੱਥੇ ਲੱਖ - ਕਰੋੜਾਂ ਦਾ ਚੜ੍ਹਾਵਾ ਮੰਦਿਰਾਂ ਦੇ ਵਿੱਚ ਚੜ੍ਹਦਾ ਏ,
ਇਹ ਬੜੀ ਹੈਰਾਨੀ ਦੀ ਗੱਲ ਹੈ,
ਤੁਸੀਂ ਇੰਨੇ ਪੱਕੇ ਹੋ ਗਏ ਹੋ,
ਤੁਸੀਂ ਮੂਰਤੀਆਂ ਨੂੰ ਪੂਜਦੇ - ਪੂਜਦੇ,
ਡੰਗਰ ਵੱਛੇ ਹੋ ਗਏ ਹੋ ।

ਗੁਰੂ ਗ੍ਰੰਥ ਸਾਹਿਬ, ਸਭ ਵੇਦ, ਕੁਰਾਨ, ਤੇ ਬਾਈਬਲ ਦੱਸ ਰਹੀ,
ਉਸ ਅੱਲ੍ਹਾ, ਵਾਹਿਗੁਰੂ, ਗੌਡ ਤੇ ਰਾਮ ਦੀ ਸ਼ਕਲ ਨਾ ਪੱਥਰ ਜਿਹੀ,
ਉਹਨੇ ਈਵੜੀ ਦੀ ਥੋਨੂੰ ਅਕਲ ਦਿੱਤੀ,
ਤੁਸੀਂ ਆਪ ਹੀ ਪੱਪੇ ਹੋ ਗਏ ਹੋ,
ਤੁਸੀਂ ਮੂਰਤੀਆਂ ਨੂੰ ਪੂਜਦੇ - ਪੂਜਦੇ,
ਡੰਗਰ ਵੱਛੇ ਹੋ ਗਏ ਹੋ ।

ਜੋ ਕੰਮ ਕਰੋਗੇ ਤੁਸੀਂ ਬੱਚੇ ਵੀ ਸਿੱਖਣਗੇ ਫਿਰ ਉਹੀਓ ਗੱਲਾਂ
ਉਹਨੇ ਛੱਤ ਦਿੱਤੀ ਹੈ ਆਸਮਾਨ ਦੀ ਕਿ ਧਰਤੀ ਤੇ ਮਾਰੋ ਮੱਲਾਂ,
ਤੁਸੀਂ ਝੂਠ ਬੋਲਕੇ ਯਸ਼ੂ ਜਾਨ ਨੂੰ,
ਖ਼ੁਦ ਲਾਰੇ ਲੱਪੇ ਹੋ ਗਏ ਹੋ,
ਤੁਸੀਂ ਮੂਰਤੀਆਂ ਨੂੰ ਪੂਜਦੇ - ਪੂਜਦੇ,
ਡੰਗਰ ਵੱਛੇ ਹੋ ਗਏ ਹੋ ।

9. ਭੱਜਣਾ ਪਊਗਾ ਨੰਗੇ ਪੈਰੀਂ ਜੱਗ ਉੱਤੋਂ

ਬੈਠਿਆਂ ਸੁੱਤਿਆਂ ਰਹਿ ਜਾਣਾ,
ਹਾਲ ਦਿਲਾਂ ਦਾ ਕਹਿ ਜਾਣਾ,
ਬਿਨ ਪੁੱਛਿਆਂ ਹੀ ਮੌਲਾ ਨੇ,
ਹੱਥ ਫੜ੍ਹ ਸਾਡਾ ਲੈ ਜਾਣਾ,
ਲੱਕੜਾਂ ਤੇ ਲੰਮਾ ਪਾ ਦੇਣਾ,
ਚੁੱਕਣਾ ਨਹੀਂ ਕਿਸੇ ਅੱਗ ਉੱਤੋਂ,
ਭੱਜਣਾ ਪਊਗਾ ਨੰਗੇ ਪੈਰੀਂ,
ਮੇਰੇ ਯਾਰਾ ਜੱਗ ਉੱਤੋਂ ।

ਰੋ - ਰੋ ਵਿਹੜਾ ਗਿੱਲਾ ਕਰਨਾ,
ਸੱਜਣਾਂ, ਭੈਣ, ਭਰਾਵਾਂ,
ਮਾਂ ਨੇ ਤੈਨੂੰ ਰੋਂਦੇ - ਰੋਂਦੇ,
ਲੈ ਲੈਣਾ ਵਿੱਚ ਬਾਹਾਂ,
ਜਿਸਦੇ ਨਾਲ ਤੂੰ ਲਾਵਾਂ ਲਈਆਂ,
ਰੋਂਦੀ ਰਹੂ ਤੇਰੇ ਪਿੱਛੋਂ,
ਭੱਜਣਾ ਪਊਗਾ ਨੰਗੇ ਪੈਰੀਂ,
ਮੇਰੇ ਯਾਰਾ ਜੱਗ ਉੱਤੋਂ ।

ਤੇਰਾ ਪੱਕੜਾ ਬੇਲੀ ਵੀ ਕੋਈ,
ਅੱਧ - ਮਰਿਆ ਹੋ ਜਾਊ,
ਜਦ ਕੋਈ ਤੇਰੇ ਰੰਗ - ਰੂਪ ਨੂੰ,
ਤੱਤੀ ਅੱਗ ਲਗਾਊ,
ਤੂੰ ਤੇ ਫਿਰ ਸ਼ਮਸ਼ਾਨ ਦੀ ਮਿੱਟੀ,
ਲੱਗੇਗੀ ਇੱਕੋ - ਇੱਕੋ,
ਭੱਜਣਾ ਪਊਗਾ ਨੰਗੇ ਪੈਰੀਂ,
ਮੇਰੇ ਯਾਰਾ ਜੱਗ ਉੱਤੋਂ ।

ਦੂਜਾ ਜਨਮ ਜੇ ਸੱਚਾ ਹੋਊ,
ਆਊਂ ਫ਼ੇਰ ਦੁਬਾਰਾ,
ਆਖੀਂ ਨਾ ਤੂੰ ਤੁਰ ਚੱਲਿਆ ਹਾਂ,
ਝੂਠਾ ਲਾਕੇ ਲਾਰਾ,
ਜ਼ਿੰਦਗੀ ਤੋਂ ਤਾਂ ਬਹੁਤ ਸਿੱਖੇ ਹੋ,
ਮੌਤ ਤੋਂ ਯਸ਼ੂ ਕੁਝ ਸਿੱਖੋ,
ਭੱਜਣਾ ਪਊਗਾ ਨੰਗੇ ਪੈਰੀਂ,
ਮੇਰੇ ਯਾਰਾ ਜੱਗ ਉੱਤੋਂ ।

10. ਸਿਆਸਤ ਦੇ ਐਲਾਨ ਜਾਰੀ ਨੇ

ਸਿਆਸਤ ਦੇ ਐਲਾਨ ਜਾਰੀ ਨੇ,
ਬਲ਼ਦੇ ਹੋਏ ਸ਼ਮਸ਼ਾਨ ਜਾਰੀ ਨੇ ।

ਸੱਚਿਆਂ ਮਾਸੂਮਾਂ ਦੇ ਖਿਲਾਫ਼,
ਲੋਕਾਂ ਦੇ ਬਿਆਨ ਜਾਰੀ ਨੇ ।

ਨਸ਼ਿਆਂ ਦੀ ਵੱਧਦੀ ਤਾਦਾਤ,
ਮਰਦੇ ਨੌਜਵਾਨ ਜਾਰੀ ਨੇ ।

ਕੁੱਲੀਆਂ ਗਰੀਬਾਂ ਦੀਆਂ ਢਹਿਣ,
ਸ਼ਾਹਾਂ ਦੇ ਮਕਾਨ ਜਾਰੀ ਨੇ ।

ਇੱਕ ਪਾਸੇ ਲੁੱਟੀ ਜਾਂਦੇ ਨੇ,
ਦੂਜੇ ਪਾਸੇ ਦਾਨ ਜਾਰੀ ਨੇ ।

ਬਚੇ ਹੋਏ ਉਹਦੀ ਕਿਰਪਾ ਨਾਲ਼,
ਕੰਮ ਯਸ਼ੂ ਜਾਨ ਜਾਰੀ ਨੇ ।

11. ਜੇ ਤੂੰ ਰੱਬ ਦੀ ਹਿਆ ਨਾਂ ਕੀਤੀ

ਜੇ ਤੂੰ ਰੱਬ ਦੀ ਹਿਆ ਨਾਂ ਕੀਤੀ,
ਉਹਨੇ ਤੇਰੀ ਕਿੱਥੋਂ ਕਰਨੀ,
ਤੂੰ ਜੁੱਤੀ ਤੋਂ ਨਾ ਡਰਿਆ,
ਹੁਣ ਜੁੱਤੀ ਤੇਰੇ ਵਰ੍ਹਨੀ,
ਜੇ ਤੂੰ ਰੱਬ ਦੀ ਹਿਆ ਨਾਂ ਕੀਤੀ ।

ਤੂੰ ਮਸਜ਼ਿਦ ਪੜ੍ਹੀ ਨਮਾਜ਼,
ਭਰ ਅੰਦਰ ਗੰਦ ਮਿਜਾਜ਼,
ਅੱਜ ਖੁੱਲ੍ਹਣੇ ਤੇਰੇ ਰਾਜ਼,
ਤੇਰੀ ਬੰਦ ਕਰੂੰ ਮੁੱਠਕਰਨੀ,
ਜੇ ਤੂੰ ਰੱਬ ਦੀ ਹਿਆ ਨਾਂ ਕੀਤੀ,
ਉਹਨੇ ਤੇਰੀ ਕਿੱਥੋਂ ਕਰਨੀ ।

ਕੈਸਾ ਏਂ ਤੂੰ ਬੇ - ਸ਼ਰਮ,
ਕੀਤਾ ਨਾਂ ਚੰਗਾ ਕਰਮ,
ਮਾਮਲਾ ਹੋਇਆ ਗਰਮ,
ਤੇਰੇ ਸਿਰ ਆ ਆਫ਼ਤ ਚੜ੍ਹਨੀ,
ਜੇ ਤੂੰ ਰੱਬ ਦੀ ਹਿਆ ਨਾਂ ਕੀਤੀ,
ਉਹਨੇ ਤੇਰੀ ਕਿੱਥੋਂ ਕਰਨੀ ।

ਹਾਲੇ ਵੀ ਸਮਾਂ ਬਚਾ,
ਐਵੇਂ ਨਾ ਗੱਲ ਵਧਾ,
ਫੜ੍ਹ ਜਾਨ ਤੋਂ ਇੱਕ ਸਲਾਹ,
ਤੇਰੀ ਲੱਥੇ ਸਾਰੀ ਗਰਮੀ,
ਜੇ ਤੂੰ ਰੱਬ ਦੀ ਹਿਆ ਨਾਂ ਕੀਤੀ,
ਉਹਨੇ ਤੇਰੀ ਕਿੱਥੋਂ ਕਰਨੀ,
ਤੂੰ ਜੁੱਤੀ ਤੋਂ ਨਾ ਡਰਿਆ,
ਹੁਣ ਜੁੱਤੀ ਤੇਰੇ ਵਰ੍ਹਨੀ ।

12. ਦੂਜਿਆਂ ਦੇ ਦੇਖ ਕਹੇਂ ਠੱਗੀ ਮਾਰੀ ਆ

ਆਪਣੇ ਮਕਾਨ ਪਾਕੇ ਮਹਿਲ ਵਾਂਗਰਾਂ,
ਦੂਜਿਆਂ ਦੇ ਦੇਖ ਕਹੇਂ ਠੱਗੀ ਮਾਰੀ ਆ ।

ਭਾਵੇਂ ਹੋਵੇ ਅਗਲੇ ਨੇ ਗਹਿਣਾ ਵੇਚਿਆ,
ਦੋ ਨੰਬਰ ਦੀ ਇਹ ਕਮਾਈ ਸਾਰੀ ਆ ।

ਮਿਹਨਤ ਦੇ ਨਾਲ ਹੋਵੇ ਬਣਿਆ ਅਮੀਰ,
ਆਖਦਾ ਏਂ ਤਗੜਿਆਂ ਨਾਲ ਯਾਰੀ ਆ ।

ਜੇ ਕਿੱਧਰੇ ਉਹ ਲੈ ਲਏ ਕਾਰ ਮਿੱਤਰਾ,
ਫ਼ਿਰ ਉਹਦੀ ਚੰਗੀ ਰਿਸ਼ਤੇਦਾਰੀ ਆ ।

ਉਹ ਗੁਰੂ ਘਰੇ ਦਾਨ ਕਰੇ ਤੇਰੇ ਸਾਹਮਣੇ,
ਕਰਦਾ ਦਿਖਾਵੇ ਪੈਸੇ ਦੀ ਉਡਾਰੀ ਆ ।

13. ਸਿਖ਼ਰ ਦੁਪਹਿਰੇ ਤੇਰੀ ਗ਼ਲੀ 'ਚ

ਸਿਖ਼ਰ ਦੁਪਹਿਰੇ ਤੇਰੀ ਗ਼ਲੀ 'ਚ,
ਤੈਨੂੰ ਤੱਕਣ ਆਉਂਦੇ ।

ਗ਼ਲੀ ਤੇਰੀ ਵਿੱਚ ਇੰਨੀ ਗਰਮੀਂ,
ਮੈਂਨੂੰ ਚੱਕਰ ਆਉਂਦੇ ।

ਕਿਉਂ ਗ਼ਲੀ ਤੇਰੀ ਦੇ ਵਾਸੀ ਮੈਂਨੂੰ,
ਮਾਰਨ ਪੱਥਰ ਆਉਂਦੇ ।

ਤਾਹੀਓਂ ਤੇਰੀ ਗ਼ਲੀ ਦੇ ਵਿੱਚ ਨਾਂ,
ਆਸ਼ਕ, ਫ਼ੱਕਰ ਆਉਂਦੇ ।

ਯਸ਼ੂ ਜਾਨ ਬੇਕ਼ਦਰ ਨੂੰ ਕਿੱਥੋਂ,
ਪਿਆਰ ਦੇ ਅੱਖਰ ਆਉਂਦੇ ।

14. ਅੱਜ ਦਿਮਾਗ਼ਾਂ ਵਿੱਚ ਫ਼ਰਕ ਨੇ

ਫ਼ਰਕ ਤੇਲਾਂ ਵਿੱਚ ਨਹੀਂ ਇਹ ਚਿਰਾਗ਼ਾਂ ਵਿੱਚ ਨੇ,
ਪਹਿਲਾਂ ਦਿਲਾਂ ਵਿੱਚ ਸੀ ਅੱਜ ਦਿਮਾਗ਼ਾਂ ਵਿੱਚ ਨੇ ।

ਮਿਲ ਲੈਂਦੇ ਸੀ ਰੋਜ਼ ਸਾਨੂੰ ਲੰਘਦਿਆਂ - ਵੜਦਿਆਂ,
ਉਹ ਯਾਰ ਬੇਲ਼ੀ ਹੁਣ ਸਾਡੇ ਖੁਆਬਾਂ ਵਿੱਚ ਨੇ ।

ਕਦੇ ਮਾਵਾਂ ਨਾਲ਼ ਕਰਦੇ ਸੀ ਕਦੇ ਆਪਣਿਆਂ ਨਾਲ਼,
ਐਸੇ ਪਿਆਰ ਮੁਹੱਬਤ ਕਾਪੀਆਂ ਕਿਤਾਬਾਂ ਵਿੱਚ ਨੇ ।

ਵਿਹਲ ਮਿਲਦਾ ਨਹੀਂ ਸੀ ਕੰਮ ਖੇਤਾਂ ਵਿੱਚ ਕਰਦਿਆਂ,
ਕੀ -ਕੀ ਦੱਸਣ ਹੁਣ ਹੱਥ ਉਹ ਹਿਸਾਬਾਂ ਵਿੱਚ ਨੇ ।

ਜਦੋਂ ਜਵਾਬ ਮਿਲਦਾ ਸੀ ਸਵਾਲਾਂ ਦੇ ਕਰਨ ਤੋਂ ਪਹਿਲਾਂ,
ਉਹ ਸਵਾਲ ਹੁਣ ਲੋਕਾਂ ਦਿਆਂ ਜਵਾਬਾਂ ਵਿੱਚ ਨੇ ।

ਇੱਜਤਾਂ ਸੀ ਕਰਦੇ ਯਸ਼ੂ ਜਾਨਾਂ ਤੱਕ ਵਾਰਦੇ ਸੀ,
ਐਸੇ ਗੁਣ ਅੱਜ - ਕੱਲ੍ਹ ਨਾ ਔਲਾਦਾਂ ਵਿੱਚ ਨੇ ।

ਫ਼ਰਕ ਤੇਲਾਂ ਵਿੱਚ ਨਹੀਂ ਇਹ ਚਿਰਾਗ਼ਾਂ ਵਿੱਚ ਨੇ,
ਪਹਿਲਾਂ ਦਿਲਾਂ ਵਿੱਚ ਸੀ ਅੱਜ ਦਿਮਾਗ਼ਾਂ ਵਿੱਚ ਨੇ ।

15. ਕਿਉਂ ਇੱਕ ਮਾਸੂਮ ਦੀ ਜ਼ਿੰਦਗੀ ਦਾ

ਕਿਉਂ ਇੱਕ ਮਾਸੂਮ ਦੀ ਜ਼ਿੰਦਗੀ ਦਾ,
ਮਜ਼ਾਕ ਉਡਾਇਆ ਏ,
ਪ੍ਰਸ਼ਾਸਨ ਨੇ ਪਰਿਵਾਰ ਤੇ ਲੋਕਾਂ ਨੂੰ,
ਬੇਵਕੂਫ਼ ਬਣਾਇਆ ਏ ।

ਹਰ ਕਿਸੇ ਨੇ ਆਪਣੀ ਵਾਹ - ਵਾਹੀ ਲਈ,
ਹਰ ਤਰ੍ਹਾਂ ਦਰਿੰਦਗੀ ਦਾ ਤਾਰੀਕਾ,
ਹੀ ਅਪਣਾਇਆ ਏ ।

ਜਿਸਨੂੰ ਆਖਦੇ ਸੀ ਜ਼ਿੰਦਾ ਬਾਹਰ ਕੱਢਾਂਗੇ,
ਉਸਦੀ ਲਾਸ਼ ਤੇ ਵੀ ਇਹਨਾਂ ਡਾਹਢਾ,
ਕਹਿਰ ਮਚਾਇਆ ਏ ।

ਸਰਕਾਰ ਨੇ ਦੇਖੋ ਆਪਣੀ ਨੀਤੀ ਦਾ ਕੈਸਾ,
ਕਿਸ ਕਦਰ ਬਾਕੀ ਦੇਸ਼ਾਂ ਵਿੱਚ,
ਰੰਗ ਦਿਖਾਇਆ ਏ ।

ਪੰਜ ਦਿਨਾਂ ਤੋਂ ਕਰ ਖੁਦਾਈ ਹੋਰਾਂ ਪਾਸੇ ਹੀ,
ਫ਼ਤਿਹ ਦੀ ਲਾਸ਼ ਤੋਂ ਅੱਜ ਖੂਨੀ ਖੂਹ,
ਦੇਖੋ ਉਸਰਾਇਆ ਏ ।

ਕਿੱਥੋਂ ਮਾਫ਼ ਕਰੂ ਖ਼ੁਦਾ ਸ਼ੈਤਾਨਾਂ ਦੀ ਗ਼ਲਤੀ,
ਕਿਸੇ ਮਾਂ ਦੇ ਤਰਸਦੇ ਕਲੇਜੇ ਨੂੰ,
ਜਿਹਨਾਂ ਤੜਪਾਇਆ ਏ ।

ਅੱਜ ਪੰਜਾਬ ਜਿਹੇ ਸੂਬੇ ਨੇ ਯਸ਼ੂ ਜਾਨ,
ਕਿੰਨਿਆਂ ਦੇਸ਼ਾਂ ਵਿੱਚ ਭਾਰਤ ਦਾ,
ਨਾਮ ਚਮਕਾਇਆ ਏ ।

16. ਸ਼ਾਇਰ ਅੱਜ ਹੋਇਆ ਬੇ - ਕਾਬੂ ਹੈ

ਸ਼ਾਇਰ ਅੱਜ ਹੋਇਆ ਬੇ - ਕਾਬੂ ਹੈ,
ਇਹਦੀ ਇਸ ਗ਼ਜ਼ਲ ਵਿੱਚ ਜਾਦੂ ਹੈ ।
ਪਰਦਾ ਫਾਸ਼ ਕਰ ਰਹੀ ਸੱਚ ਝੂਠ ਦਾ,
ਕੋਈ ਕਾਨੂੰਨ ਨਾ ਇਸ ਉੱਤੇ ਲਾਗੂ ਹੈ ।
ਖੁੱਲ੍ਹ ਜਾਊ ਰਾਜ਼ ਉਸਦੀਆਂ ਕਰਤੂਤਾਂ ਦਾ,
ਡਰ ਰਿਹਾ ਇਸ ਗੱਲੋਂ ਸਿਆਸੀ ਆਗੂ ਹੈ ।
ਇਸਨੇ ਮੂੰਹ ਕਾਲੇ ਕਰ ਦੇਣੇ ਨੇ ਸਭ ਦੇ,
ਰੌਲਾ ਰੱਪਾ ਨਾ ਹੋਰ ਇਸ ਵਿੱਚ ਵਾਧੂ ਹੈ ।
ਠੱਗਾਂ ਨੇ ਖਾ ਲਿਆ ਖਜ਼ਾਨਾ ਸਾਰਾ ਲੁੱਟ ਕੇ,
ਭਗਵਾਂ ਪਾ ਕਰਦਾ ਪ੍ਰਪੰਚ ਸੰਤ ਸਾਧੂ ਹੈ ।

17. ਮੈਂ ਇੱਕ ਭੜਕਦੀ ਕਵਿਤਾ ਸੁਣਾਉਣ ਜਾ ਰਿਹਾ ਹਾਂ

ਮੈਂ ਇੱਕ ਭੜਕਦੀ ਕਵਿਤਾ ਸੁਣਾਉਣ ਜਾ ਰਿਹਾ ਹਾਂ,
ਤੁਹਾਡੇ ਸੀਨਿਆਂ 'ਚ ਅੱਗ ਲਾਉਣ ਜਾ ਰਿਹਾ ਹਾਂ,
ਬਲਾਤਕਾਰ ਹੋਣ ਰੌਲਾ ਵੀ ਨਹੀਂ ਪੈ ਰਿਹਾ,
ਹੁੰਦਾ ਕਿਸ ਤਰ੍ਹਾਂ ਗੱਲ ਖਾਨੇ ਪਾਉਣ ਜਾ ਰਿਹਾ ਹਾਂ,
ਮੈਂ ਇੱਕ ਭੜਕਦੀ ਕਵਿਤਾ ਸੁਣਾਉਣ ਜਾ ਰਿਹਾ ਹਾਂ ।

ਪੰਡਿਤ ਜੀ ਜ਼ਰਾ ਹੱਥ ਵੇਖਿਓ,
ਉਹ ਹੱਥ ਪੱਲ੍ਹਾ ਫੇਰਨ ਲੱਗੇ,
ਭਾਗਾਂ ਦੇ ਵਿੱਚ ਕੀ ਹੈ ਲਿਖਿਆ,
ਉਹ ਆਪਣੇ ਦਿਲ ਦੀਆਂ ਦੱਸੇ,
ਸਭ ਹੋ ਰਿਹਾ ਹੈ ਪਰ ਰੌਲਾ ਨਹੀਂ ਪੈ ਰਿਹਾ,
ਇਸ ਲਈ ਸੱਚ ਨਾਲ ਸਾਹਮਣਾ ਕਰਾਉਣ ਜਾ ਰਿਹਾ ਹਾਂ,
ਮੈਂ ਇੱਕ ਭੜਕਦੀ ਕਵਿਤਾ ਸੁਣਾਉਣ ਜਾ ਰਿਹਾ ਹਾਂ,
ਤੁਹਾਡੇ ਸੀਨਿਆਂ 'ਚ ਅੱਗ ਲਾਉਣ ਜਾ ਰਿਹਾ ਹਾਂ ।

ਬਾਬਾ ਜੀ ਪੁੱਤਰ ਨਹੀਂ ਹੁੰਦਾ,
ਬਾਬੇ ਦੀ ਕਾਮਨਾ ਲੱਗੀ ਜਾਗਣ,
ਧਾਗੇ, ਤਵੀਤ ਵਿੱਚ ਕੀ ਉਹ ਲਿਖਦਾ,
ਪੜ੍ਹ ਖ਼ੁਸ਼ ਹੋ ਜਾਵੇ ਸੁਹਾਗਣ,
ਸਭ ਹੋ ਰਿਹਾ ਹੈ ਪਰ ਰੌਲਾ ਨਹੀਂ ਪੈ ਰਿਹਾ,
ਮੈਂ ਔਰਤਾਂ ਦੀ ਲੁੱਟਦੀ ਇੱਜ਼ਤ ਬਚਾਉਣ ਜਾ ਰਿਹਾ ਹਾਂ,
ਮੈਂ ਇੱਕ ਭੜਕਦੀ ਕਵਿਤਾ ਸੁਣਾਉਣ ਜਾ ਰਿਹਾ ਹਾਂ,
ਤੁਹਾਡੇ ਸੀਨਿਆਂ 'ਚ ਅੱਗ ਲਾਉਣ ਜਾ ਰਿਹਾ ਹਾਂ ।

ਸਤਸੰਗਾਂ ਵਿੱਚ ਕੀ ਕੁਝ ਹੁੰਦਾ,
ਪ੍ਰੇਮੀ ਜੋੜੇ ਹੀ ਹੋਣ ਜ਼ਿਆਦਾ,
ਫ਼ੋਨਾਂ ਉੱਤੇ ਅੱਟੀਆਂ - ਸੱਟੀਆਂ,
ਕਰ ਲੈਂਦੇ ਨੇ ਮਿਲਣ ਦਾ ਵਾਅਦਾ,
ਸਭ ਹੋ ਰਿਹਾ ਹੈ ਪਰ ਰੌਲਾ ਨਹੀਂ ਪੈ ਰਿਹਾ,
ਏਦਾਂ ਵੀ ਨਹੀਂ ਕਿ ਦੁਨੀਆਂ ਨੂੰ ਭੜਕਾਉਣ ਜਾ ਰਿਹਾ ਹਾਂ,
ਮੈਂ ਇੱਕ ਭੜਕਦੀ ਕਵਿਤਾ ਸੁਣਾਉਣ ਜਾ ਰਿਹਾ ਹਾਂ,
ਤੁਹਾਡੇ ਸੀਨਿਆਂ 'ਚ ਅੱਗ ਲਾਉਣ ਜਾ ਰਿਹਾ ਹਾਂ ।

ਹਸਪਤਾਲਾਂ ਦੀ ਗੱਲ ਹੀ ਛੱਡੋ,
ਕਰਮਚਾਰੀਆਂ ਰਾਤੀਂ ਗਿੜ੍ਹਦਾ,
ਹਾਲੇ ਤੱਕ ਦੀ ਇੰਨੀ ਸੁਣ ਲਵੋ,
ਜਿਸਮਾਂ ਦੇ ਨਾਲ ਜਿਸਮ ਹੈ ਭਿੜਦਾ,
ਸਭ ਹੋ ਰਿਹਾ ਹੈ ਪਰ ਰੌਲਾ ਨਹੀਂ ਪੈ ਰਿਹਾ,
ਤੁਹਾਡੀ ਸੋਚ ਅਤੇ ਪਰਖ਼ ਨੂੰ ਅਜਮਾਉਣ ਜਾ ਰਿਹਾ ਹਾਂ,
ਮੈਂ ਇੱਕ ਭੜਕਦੀ ਕਵਿਤਾ ਸੁਣਾਉਣ ਜਾ ਰਿਹਾ ਹਾਂ,
ਤੁਹਾਡੇ ਸੀਨਿਆਂ 'ਚ ਅੱਗ ਲਾਉਣ ਜਾ ਰਿਹਾ ਹਾਂ ।

ਇਹਨਾਂ ਗੱਲਾਂ ਨੂੰ ਪੜ੍ਹ ਸੁਣ ਕੇ,
ਚੁੱਕ ਤਲਵਾਰ ਭੜਕਣਾਂ ਨਹੀਂ,
ਮੇਰੀਆਂ ਅੱਖੀਂ ਦੇਖੀਆਂ ਗੱਲਾਂ ਨੇ,
ਕੋਈ ਦਿਮਾਗ਼ੀ ਕਲਪਨਾ ਨਹੀਂ,
ਸਭ ਹੋ ਰਿਹਾ ਹੈ ਮੈਂ ਅੱਜ ਰੌਲਾ ਵੀ ਪਾ ਦਿੱਤਾ,
ਸਬੂਤ ਨੇ ਪੂਰੇ ਯਸ਼ੂ ਜਾਨ ਦਿਖਾਉਣ ਜਾ ਰਿਹਾ ਹਾਂ,
ਮੈਂ ਇੱਕ ਭੜਕਦੀ ਕਵਿਤਾ ਸੁਣਾਉਣ ਜਾ ਰਿਹਾ ਹਾਂ,
ਤੁਹਾਡੇ ਸੀਨਿਆਂ 'ਚ ਅੱਗ ਲਾਉਣ ਜਾ ਰਿਹਾ ਹਾਂ ।

18. ਮੰਮੀ ਮੇਰਾ ਮੋਬਾਈਲ ਚਾਰਜ ਹੋਇਆ ਏ ਕਿ ਨਹੀਂ

ਮੰਮੀ ਮੇਰਾ ਮੋਬਾਈਲ ਚਾਰਜ ਹੋਇਆ ਏ ਕਿ ਨਹੀਂ,
ਮੁੰਡਾ ਫਿਰਦਾ ਹੈ ਕਮਲਾਇਆ,
ਕਿੱਧਰੇ ਮੈਸੇਜ ਤਾਂ ਨਹੀਂ ਆਇਆ,
ਚਾਰਜ ਹੋਇਆ ਹੋਇਆ ਕਿ ਨਹੀਂ,
ਮੰਮੀ ਮੇਰਾ ਮੋਬਾਈਲ ਚਾਰਜ ਹੋਇਆ ਏ ਕਿ ਨਹੀਂ ।

ਖੌਰੇ ਕਿਸ ਨਾਲ ਲਾਏ ਪੇਚੇ,
ਮੁੰਡਾ ਧੌਣਾ ਚੁੱਕ - ਚੁੱਕ ਦੇਖੇ,
ਉਹਦਾ ਮਨ ਪੈ ਗਿਆ ਕਾਹਲਾ,
ਸਹੇਲੀ ਮੈਸੇਜ ਕਰੇ ਦੁਬਾਰਾ,
ਚਾਰਜ ਹੋਇਆ ਏ ਕਿ ਨਹੀਂ,
ਮੰਮੀ ਮੇਰਾ ਮੋਬਾਈਲ ਚਾਰਜ ਹੋਇਆ ਏ ਕਿ ਨਹੀਂ ।

ਜਦ ਟੂੰ - ਟੂੰ ਕਰੇ ਮੋਬਾਈਲ,
ਇੰਝ ਲੱਗੇ ਚੱਲੀ ਮਿਜ਼ਾਈਲ,
ਉੱਤੋਂ ਲਾਈਟ ਚਲੀ ਜੇ ਜਾਵੇ,
ਮੁੰਡਾ ਰੋ - ਰੋ ਭੜਥੂ ਪਾਵੇ,
ਚਾਰਜ ਹੋਇਆ ਏ ਕਿ ਨਹੀਂ,
ਮੰਮੀ ਮੇਰਾ ਮੋਬਾਈਲ ਚਾਰਜ ਹੋਇਆ ਏ ਕਿ ਨਹੀਂ ।

ਜਦ ਉਹਦੀ ਸਹੇਲੀ ਫੋਨ ਮਿਲਾਉਂਦੀ,
ਕਹਿੰਦਾ ਆਵਾਜ਼ ਹੈ ਹੌਲੀ ਆਉਂਦੀ,
ਫ਼ਿਰ ਗਰਮ ਹੋ ਜਾਵੇ ਮੱਥਾ,
ਜਾਂਦਾ ਬਾਹਰ ਨੂੰ ਫ਼ਿਰ ਨੱਠਾ,
ਚਾਰਜ ਹੋਇਆ ਏ ਕਿ ਨਹੀਂ,
ਮੰਮੀ ਮੇਰਾ ਮੋਬਾਈਲ ਚਾਰਜ ਹੋਇਆ ਏ ਕਿ ਨਹੀਂ ।

19. ਮੇਰੇ ਨਾਲ ਵਾਅਦਾ ਕਰੋ

ਮੇਰੇ ਨਾਲ ਵਾਅਦਾ ਕਰੋ ਮੇਰੇ ਮਰਨ ਤੋਂ ਬਾਅਦ,
ਮੇਰੀ ਲਾਸ਼ ਨੂੰ ਧੋਵੋਗੇ ਨਹੀਂ,
ਮੈਂ ਮਨ ਦੀਆਂ ਮੈਲਾਂ ਧੋਕੇ ਮਰਾਂਗਾ,
ਮੇਰੇ ਨਾਲ ਵਾਅਦਾ ਕਰੋ ਮੇਰੇ ਮਰਨ ਤੋਂ ਬਾਅਦ,
ਧਾਹਾਂ ਮਾਰਕੇ ਰੋਵੋਗੇ ਨਹੀਂ,
ਕਿਹੜਾ ਰੋਣ ਨਾਲ ਮੈਂ ਉੱਠ ਪਵਾਂਗਾ,
ਮੇਰੇ ਨਾਲ ਵਾਅਦਾ ਕਰੋ ਮੇਰੇ ਮਰਨ ਤੋਂ ਬਾਅਦ ।

ਮੇਰੇ ਮਰਨ ਤੇ ਢੋਲ, ਨਗਾੜੇ ਵੱਜਣ,
ਮੇਰੇ ਜਨਾਜ਼ੇ ਅੱਗੇ ਯਾਰ - ਵੇਲ਼ੀ ਨੱਚਣ,
ਮੇਰੇ ਜਨਾਜ਼ੇ ਨੂੰ ਸਜਾਇਓ ਕੁਝ ਇਸ ਤਰ੍ਹਾਂ,
ਉਹਨੂੰ ਵੇਖ - ਵੇਖ ਮੇਰੇ ਦੁਸ਼ਮਣ ਮੱਚਣ,
ਉਹ ਇਹ ਨਾ ਸੋਚਣ ਗੱਲ ਠੰਡੀ ਪਾ ਗਿਆ ਹਾਂ,
ਮੈਂ ਆਪਣੀ ਅੱਗ ਕਿਸੇ ਹੋਰ ਨੂੰ ਲਾ ਗਿਆ ਹਾਂ,
ਮੇਰੇ ਨਾਲ ਵਾਅਦਾ ਕਰੋ ਮੇਰੇ ਮਰਨ ਤੋਂ ਬਾਅਦ,
ਭੁੱਲਕੇ ਵੀ ਦੁਖੀ ਹੋਵੋਗੇ ਨਹੀਂ,
ਮੈਂ ਮਰਕੇ ਵੀ ਜ਼ਿੰਦਾ ਹੀ ਰਹਾਂਗਾ,
ਮੇਰੇ ਨਾਲ ਵਾਅਦਾ ਕਰੋ ਮੇਰੇ ਮਰਨ ਤੋਂ ਬਾਅਦ ।

ਤੇ ਮੈਨੂੰ ਦਫ਼ਨਾ ਦਿਓ ਅੱਗ ਲਾਇਓ ਨਾ,
ਐਵੇਂ ਅੱਗ ਨੂੰ ਅੱਗ ਦੇ ਵਿੱਚ ਪਾਇਓ ਨਾਂ,
ਨਹੀਂ ਤੇ ਕੁਦਰਤ ਤ੍ਰਾਹਿਮਾਮ - ਤ੍ਰਾਹਿਮਾਮ ਕਰੂ,
ਮੇਰੀ ਲਾਸ਼ ਨੂੰ ਬਹੁਤਾ ਸਤਾਇਓ ਨਾਂ,
ਮੈਨੂੰ ਭੁੱਲ ਜਾਇਓ ਸ਼ਮਸ਼ਾਨੋਂ ਬਾਹਰ ਜਾਣ ਲੱਗਿਆਂ,
ਮਰਿਆ ਮਿੱਤ ਨਹੀਂ ਹੁੰਦਾ ਕਦੇ ਮਿੱਟੀ ਥੱਲੇ ਦੱਬਿਆਂ,
ਮੇਰੇ ਨਾਲ ਵਾਅਦਾ ਕਰੋ ਮੇਰੇ ਮਰਨ ਤੋਂ ਬਾਅਦ,
ਮੇਰੀ ਤਸਵੀਰ ਨੂੰ ਵੀ ਛੋਹੋਗੇ ਨਹੀਂ,
ਤੁਹਾਡੀਆਂ ਅੱਖਾਂ ਦੀ ਲੋਅ ਮੈਂ ਬਣਾਂਗਾ,
ਮੇਰੇ ਨਾਲ ਵਾਅਦਾ ਕਰੋ ਮੇਰੇ ਮਰਨ ਤੋਂ ਬਾਅਦ ।

ਮੈਂ ਇਹ ਦੇਖਾਂਗਾ ਕੌਣ ਹੈ ਅਮਲ ਕਰਦਾ,
ਕੌਣ - ਕੌਣ ਰੱਖਦਾ ਹੈ ਮੇਰੇ ਕੋਲੋਂ ਪਰਦਾ,
ਮੈਂ ਪਰਤ ਆਵਾਂਗਾ ਜਦੋਂ ਵੀ ਮੇਰਾ ਦਿਲ ਕੀਤਾ,
ਮੁਜਰਿਮ ਨਹੀਂ ਮੈਂ ਦੇਖਣਾ ਹੈ ਇੱਥੇ ਜੁਰਮ ਮਰਦਾ,
ਮੇਰੇ ਵਤਨ ਦਾ ਸੌਦਾ ਹੋਣ ਨਾਂ ਦਿਓ ਮੇਰੇ ਅਭਾਵ ਵਿੱਚ,
ਮੈਂ ਜੋ ਵੀ ਲਿਖਣਾ ਸੀ ਹੁਣ ਤੱਕ ਦਿੱਤਾ ਹੈ ਲਿਖ,
ਮੇਰੇ ਨਾਲ ਵਾਅਦਾ ਕਰੋ ਮੇਰੇ ਮਰਨ ਤੋਂ ਬਾਅਦ,
ਮਸਤ ਹੋ ਰੁੱਝੇ ਸੌਂਵੋਂਗੇ ਨਹੀਂ,
ਯਸ਼ੂ ਜਾਨ ਮੈਂ ਇਹ ਕਦੇ ਨਾਂ ਸਹਾਂਗਾ,
ਮੇਰੇ ਨਾਲ ਵਾਅਦਾ ਕਰੋ ਮੇਰੇ ਮਰਨ ਤੋਂ ਬਾਅਦ ।

20. ਮੈਂ ਇਹੋ ਜਿਹਾ ਕੰਮ ਨਹੀਂ ਕੀਤਾ

ਇਹੋ ਜਿਹਾ ਮੈਂ ਕੁਝ ਨਹੀਂ ਕੀਤਾ,
ਡਰਨਾ ਪੈ ਜਾਏ ਮੈਂਨੂੰ,
ਅੱਗ ਕਿਸੇ ਦੇ ਜਿਸਮ ਨੂੰ ਲਾਕੇ,
ਸੜਨਾ ਪੈ ਜਾਏ ਮੈਂਨੂੰ,
ਇਹੋ ਜਿਹਾ ਮੈਂ ਕੁਝ ਨਹੀਂ ਕੀਤਾ ।

ਮੈਂ ਕਿਸੇ ਤੋਂ ਲੈ ਨਹੀਂ ਖਾਧਾ,
ਪੈਸਾ ਹੋਵੇ ਜਾਂ ਪ੍ਰਸ਼ਾਦਾ,
ਧੀ - ਭੈਣ ਦੀ ਇੱਜ਼ਤ ਕੀਤੀ,
ਇੱਜ਼ਤ ਮੇਰੀ ਦੇ ਵਿੱਚ ਵਾਧਾ,
ਇਲਜ਼ਾਮ ਆਪਣਾ ਕਿਸੇ ਦੇ ਸਿਰ ਤੇ,
ਮੜ੍ਹਨਾ ਪੈ ਜਾਏ ਮੈਂਨੂੰ,
ਮੈਂ ਇਹੋ ਜਿਹਾ ਕੁਝ ਨਹੀਂ ਕੀਤਾ,
ਡਰਨਾ ਪੈ ਜਾਏ ਮੈਂਨੂੰ ।

ਨਾ ਮੈਂ ਮਰਨਾ ਲੈਕੇ ਫਾਹੇ,
ਨਾ ਸੜਕ ਨਾ ਵਿੱਚ ਚੌਰਾਹੇ,
ਟੂਣਾ ਵੀ ਮੈਂ ਕਦੇ ਨਾ ਕੀਤਾ,
ਦੁਨੀਆਂ ਜਿਸਦੇ ਲੈਂਦੀ ਲਾਹੇ,
ਕਿਉਂ ਅੱਗੇ ਮੌਤ ਦੇ ਹੱਥ ਜੋੜਕੇ,
ਖੜ੍ਹਨਾ ਪੈ ਜਾਏ ਮੈਂਨੂੰ,
ਮੈਂ ਇਹੋ ਜਿਹਾ ਕੰਮ ਨਹੀਂ ਕੀਤਾ,
ਡਰਨਾ ਪੈ ਜਾਏ ਮੈਂਨੂੰ ।

ਮੈਂ ਆਪਣਾ ਸੰਵਿਧਾਨ ਬਚਾਵਾਂ,
ਕੌਡੀ ਨਾ ਸਰਕਾਰ ਦੀ ਖਾਵਾਂ,
ਗੱਦਾਰੀ ਤੋਂ ਚੰਗਾ ਹੋਊ,
ਲੈ ਲਾਂ ਮੌਤ ਦੇ ਸੰਗ ਮੈਂ ਲਾਵਾਂ,
ਫੁੱਟ ਦੇ ਕਰਕੇ ਆਪਣਿਆਂ ਨਾਲ,
ਯਸ਼ੂ ਲੜਨਾ ਪੈ ਜਾਏ ਮੈਂਨੂੰ,
ਮੈਂ ਇਹੋ ਜਿਹਾ ਕੰਮ ਨਹੀਂ ਕੀਤਾ,
ਡਰਨਾ ਪੈ ਜਾਏ ਮੈਂਨੂੰ,
ਅੱਗ ਕਿਸੇ ਦੇ ਜਿਸਮ ਨੂੰ ਲਾਕੇ,
ਸੜਨਾ ਪੈ ਜਾਏ ਮੈਂਨੂੰ,
ਮੈਂ ਇਹੋ ਜਿਹਾ ਕੰਮ ਨਹੀਂ ਕੀਤਾ ।

21. ਮੈਂ ਕਿੰਝ ਸੁਣਾਵਾਂ ਦਿਲ ਦਾ ਹਾਲ

ਮੇਰੇ ਹੱਥਾਂ ਦੇ ਵਿੱਚ ਲੀਕ ਨਾ ਕੋਈ,
ਮੈਂ ਕੀ ਦੱਸਾਂ ਕੀ ਦਿਲ ਨਾਲ ਹੋਈ,
ਦੁਨੀਆਂ ਵਾਲਿਆਂ ਸਾਡੇ ਰਿਸ਼ਤੇ,
ਉੱਤੇ ਕੀਤੇ ਖੜ੍ਹੇ ਸਵਾਲ,
ਮੈਂ ਕਿੰਝ ਸੁਣਾਵਾਂ ਦਿਲ ਦਾ ਹਾਲ ।

ਲੋਕਾਂ ਲਈ ਮੈਂ ਜਿਊਂਦਾ ਫਿਰਦਾ,
ਬਣਕੇ ਹਾਂ ਇੱਕ ਲਾਸ਼ ਵਿਚਰਦਾ,
ਕਦੇ ਵੀ ਜਿਸਨੂੰ ਲਾ ਸਕਦਾ ਹੈ,
ਲਾਂਬੂ ਕੋਈ ਵਿਰੋਧੀ ਧਿਰ ਦਾ,
ਜਿਹਨਾਂ ਅੱਗੇ ਮੇਰੀ ਵੀ ਕੋਈ,
ਪੂਰੀ ਪੈਣੀ ਨਹੀਂਓਂ ਚਾਲ,
ਮੈਂ ਕਿੰਝ ਸੁਣਾਵਾਂ ਦਿਲ ਦਾ ਹਾਲ ।

ਹਾਲਤ ਦੇਖ ਮੇਰੀ ਦੰਦ ਕੱਢਣ,
ਮੇਰੀਆਂ ਜੜ੍ਹਾਂ ਪਤਾਲੋਂ ਵੱਢਣ,
ਸਾਥ ਕੋਈ ਨਾ ਆਪਣਾ ਖੜ੍ਹਿਆ,
ਮਾਰਨ ਲਈ ਮੈਂਨੂੰ ਬੰਦੇ ਸੱਦਣ,
ਤੇਰੇ ਘਰਦਿਆਂ ਮਾੜੀ ਕੀਤੀ,
ਸੱਚੇ ਆਸ਼ਿਕ ਸੱਜਣ ਨਾਲ,
ਮੈਂ ਕਿੰਝ ਸੁਣਾਵਾਂ ਦਿਲ ਦਾ ਹਾਲ ।

ਫ਼ਿਰ ਮੈਂ ਸੋਚਿਆ ਹੋਣਾ ਹੀ ਸੀ,
ਇਸ਼ਕ ਦੇ ਲੜ ਲੱਗ ਰੋਣਾ ਹੀ ਸੀ,
ਪਹਿਲਾਂ ਵੀ ਇਸ ਰੰਗ ਵਿਖਾਏ,
ਪਰ ਉਸਦਾ ਮੈਂ ਵਿਗਾੜਿਆ ਕੀ ਸੀ,
ਜਿਸਨੂੰ ਲੱਗਾ ਯਸ਼ੂ ਜਾਨ ਇਹ,
ਛਾਤੀ ਤੇ ਚੜ੍ਹ ਪਾਏ ਧਮਾਲ,
ਮੈਂ ਕਿੰਝ ਸੁਣਾਵਾਂ ਦਿਲ ਦਾ ਹਾਲ ।

22. ਮੈਂਨੂੰ ਰੱਬਾ ਇਸ਼ਕ ਲਗਾਦੇ ਮੈਂ ਮਰ ਜਾਵਾਂ

ਮੈਂਨੂੰ ਰੱਬਾ ਇਸ਼ਕ ਲਗਾਦੇ ਮੈਂ ਮਰ ਜਾਵਾਂ,
ਮੇਰੀ ਕੀਮਤ ਕੋਈ ਪੁਆਦੇ ਮੈਂ ਮਰ ਜਾਵਾਂ ।

ਕੋਈ ਹੋਰ ਨਾ ਹਸਰਤ ਮਨ ਮੇਰੇ ਵਿੱਚ ਬਾਕੀ,
ਉਹਦੀ ਇੱਕੋ ਝਲਕ ਦਿਖਾਦੇ ਮੈਂ ਮਰ ਜਾਵਾਂ ।

ਇੱਕ ਤੜਫ਼ ਉਹਦੇ ਦੀਦਾਰ ਦੀ ਅੱਗ ਲਗਾਵੇ,
ਮੇਰਾ ਕੁਝ ਨਾ ਕੁਝ ਕਰਾਦੇ ਮੈਂ ਮਰ ਜਾਵਾਂ ।

ਇਹ ਜਿਸਮ ਵੀਰਾਨਾ ਖੰਡਰ ਬਣਕੇ ਰਹਿ ਗਿਆ,
ਤੂੰ ਮੇਰੀ ਹਸਤੀ ਖਾਕ ਬਣਾਦੇ ਮੈਂ ਮਰ ਜਾਵਾਂ ।

ਮੈਂ ਸਾਰੇ ਅੱਖਰ ਭੁੱਲ ਚੁੱਕੀ ਹੁਣ ਕੀ ਕਰਾਂ,
ਮੁਰਸ਼ਦ ਦਾ ਇਲਮ ਪੜ੍ਹਾਦੇ ਮੈਂ ਮਰ ਜਾਵਾਂ ।

ਮੈਂ ਪਾਗਲ ਹੋ ਗਈ ਸੀ ਜੋ ਉਸਨੂੰ ਭੁੱਲ ਬੈਠੀ,
ਯਸ਼ੂ ਜਾਨ ਨੂੰ ਕੋਲ ਬਿਠਾਦੇ ਮੈਂ ਮਰ ਜਾਵਾਂ ।

23. ਰਾਵਣ ਦਾ ਅਸਲ ਸੱਚ

ਰਾਵਣ ਦੇ ਗੁਣ ਗਏ ਲੁਕਾਏ ਕਈਆਂ ਸਦੀਆਂ ਤੋਂ,
ਉਸਨੂੰ ਦੱਸਿਆ ਇਹਨਾਂ ਪੈਦਾ ਹੋਇਆ ਬਦੀਆਂ ਤੋਂ,
ਐਵੇਂ ਗੱਲ ਬਣਾਈ ਕਿਤਾਬਾਂ ਨਵੀਂਆਂ - ਨਵੀਂਆਂ ਤੋਂ,
ਰਾਵਣ ਦੇ ਗੁਣ ਗਏ ਲੁਕਾਏ ਕਈਆਂ ਸਦੀਆਂ ਤੋਂ ।

ਨਾਲੇ ਜੇਕਰ ਕੋਈ ਕਿਸੇ ਦੀ ਭੈਣ ਦੇ ਉੱਤੇ ਰੱਖੇ ਅੱਖ,
ਵੱਢ ਦੇਵੇ ਇੱਕ ਰੂਪਵਤੀ ਦਾ ਤਲਵਾਰ ਮਾਰਕੇ ਨੱਕ,
ਸਿੱਖੋਗੇ ਕੀ ਆਪ ਹੀ ਦੱਸੋ ਐਸੀਆਂ ਛਵੀਆਂ ਤੋਂ,
ਰਾਵਣ ਦੇ ਗੁਣ ਗਏ ਲੁਕਾਏ ਕਈਆਂ ਸਦੀਆਂ ਤੋਂ ।

ਚਾਰ ਵੇਦ ਸੀ ਮੂੰਹ ਜ਼ੁਬਾਨੀ ਯਾਦ ਉਸ ਰਾਵਣ ਨੂੰ,
ਉਸਦੀ ਬੜੀ ਇਕਾਗਰਤਾ ਸੀ ਰੱਬ ਨੂੰ ਪਾਵਣ ਨੂੰ,
ਸਿੱਖਦਾ ਸੀ ਜੋ ਕੁਝ ਨਾ ਕੁਝ ਪਹਾੜਾਂ ਨਦੀਆਂ ਤੋਂ,
ਰਾਵਣ ਦੇ ਗੁਣ ਗਏ ਲੁਕਾਏ ਕਈਆਂ ਸਦੀਆਂ ਤੋਂ ।

ਗੁਰਬਾਣੀ ਦੇ ਵਿੱਚ ਕੀਤੀ ਗਈ ਉਸਦੀ ਜੋ ਉਸਤਤ,
ਆਪੇ ਪੜ੍ਹਕੇ ਕੱਢ ਲਵੋਗੇ ਉਸਦੇ ਗੁਣਾਂ ਦਾ ਤੱਤ,
ਇਤਿਹਾਸਕਾਰਾਂ ਲਿਖਿਆ ਹੈ ਸਭ ਪਰੀਆਂ ਗਧੀਆਂ ਤੋਂ,
ਰਾਵਣ ਦੇ ਗੁਣ ਗਏ ਲੁਕਾਏ ਕਈਆਂ ਸਦੀਆਂ ਤੋਂ ।

ਸੂਰਜ ਦੀ ਤਪਸ਼ ਤੋਂ ਜਿਸਦੀ ਨਗਰੀ ਨੇ ਸੀ ਚੁੱਲ੍ਹੇ ਬਾਲੇ,
ਉਹ ਸਭ ਤੋਂ ਵੱਡਾ ਸੀ ਵਿਗਿਆਨੀ ਸੋਨੇ ਮਹਿਲ ਉਸਾਰੇ,
ਅੱਗ ਬਿਨ੍ਹਾਂ ਹੀ ਰੋਟੀ ਲਹਿੰਦੀ ਸੀ ਉਦ ਤਵੀਆਂ ਤੋਂ,
ਰਾਵਣ ਦੇ ਗੁਣ ਗਏ ਲੁਕਾਏ ਕਈਆਂ ਸਦੀਆਂ ਤੋਂ ।

ਉਸਨੂੰ ਮਾਰਨਾ ਨਾਮੁਮਕਿਨ ਸੀ ਧੋਖਾ ਕਰ ਗਿਆ ਭਾਈ,
ਲਕਸ਼ਮਣ ਨੇ ਨੱਕ ਵੱਢ ਸਰੂਪਨਖਾ ਆਪੇ ਕਰੀ ਲੜਾਈ,
ਫ਼ਿਰ ਜੋ ਹੋਇਆ ਸਭ ਦੇਖਿਆ ਬੁਝੀਆਂ - ਲੱਗੀਆਂ ਤੋਂ,
ਰਾਵਣ ਦੇ ਗੁਣ ਗਏ ਲੁਕਾਏ ਕਈਆਂ ਸਦੀਆਂ ਤੋਂ ।

24. ਲੋਕਾਂ ਨੇ ਤਾਂ ਅੱਤ ਚੁੱਕ ਲਈ

ਲੋਕਾਂ ਨੇ ਤਾਂ ਅੱਤ ਚੁੱਕ ਲਈ,
ਪੈਸਾ ਇੱਧਰੋਂ ਜਾਂ ਉੱਧਰੋਂ ਹੈ ਠੱਗਣਾ,
ਕੰਮ ਇਹੀ ਸੌਖਾ ਲੱਗਦਾ,
ਇਹਦੇ ਵਿੱਚ ਕਿਹੜਾ ਜ਼ੋਰ ਜ਼ਿਆਦਾ ਲੱਗਣਾ,
ਲੋਕਾਂ ਨੇ ਤਾਂ ਅੱਤ ਚੁੱਕ ਲਈ,
ਪੈਸਾ ਇੱਧਰੋਂ ਜਾਂ ਉੱਧਰੋਂ ਹੈ ਠੱਗਣਾ ।

ਟਾਕਰੇ ਏਜੰਟਾਂ ਨਾਲ ਹੋਏ,
ਅਠਾਰਾਂ ਲੱਖ ਕਰ ਦਿੱਤੇ ਬਰਬਾਦ ਓਏ,
ਆਖਦੇ ਸੀ ਤੈਨੂੰ ਲੈਣ ਲਈ,
ਘਰ ਆਊਗਾ ਕਨੈਡਾ ਤੋਂ ਜਹਾਜ਼ ਓਏ,
ਡਾਲਰਾਂ ਦੇ ਵਿੱਚ ਖੇਡੇਂਗਾ,
ਨੋਟ ਗਿਣ - ਗਿਣ ਘਰਦਿਆਂ ਥੱਕਣਾ,
ਲੋਕਾਂ ਨੇ ਤਾਂ ਅੱਤ ਚੁੱਕ ਲਈ,
ਪੈਸਾ ਇੱਧਰੋਂ ਜਾਂ ਉੱਧਰੋਂ ਹੈ ਠੱਗਣਾ ।

ਚਿੱਟੀ ਜੋ ਕਮਾਈ ਕਰਦੇ,
ਉਹ ਚਿੱਟਾ ਲਾਉਣ ਬਾਰੇ ਕਿੱਥੋਂ ਸੋਚਦੇ,
ਇਹ ਕੰਮ ਉਹ ਕਰਦੇ,
ਚਿੱਟਾ ਵੇਚਦੇ ਵਪਾਰੀ ਜੋ ਨੇ ਵੋਟ ਦੇ,
ਨਿਤਨੇਮ ਇਹੀ ਉਹਨਾਂ ਦਾ,
ਸੁਭਾਹ ਉੱਠਣਾ ਕਾਲਾ ਮਾਲ ਛੱਕਣਾ,
ਲੋਕਾਂ ਨੇ ਤਾਂ ਅੱਤ ਚੁੱਕ ਲਈ,
ਪੈਸਾ ਇੱਧਰੋਂ ਜਾਂ ਉੱਧਰੋਂ ਹੈ ਠੱਗਣਾ ।

ਤੇ ਪੁਲਸ ਨੂੰ ਕੀ ਹੋ ਗਿਆ,
ਚਿੱਟਾ ਫੜ੍ਹੇ ਚਿੱਟੇ ਵਾਲੇ ਨੂੰ ਫੜ੍ਹਦੀ,
ਫਿਰ ਝੂਠੇ ਕੇਸ ਪਾਉਣ ਲਈ,
ਇਹ ਲੱਭਦੀ ਫ਼ਿਰੂਗੀ ਖੇਤੀ ਘਰ ਦੀ,
ਯਸ਼ੂ ਜਾਨ ਬਚ ਕੇ ਰਹੀਂ,
ਹੁਣ ਦੇਖੀਂ ਇਹਨਾਂ ਮੱਖੂ ਤੇਰਾ ਠੱਪਣਾ,
ਲੋਕਾਂ ਨੇ ਤਾਂ ਅੱਤ ਚੁੱਕ ਲਈ,
ਪੈਸਾ ਇੱਧਰੋਂ ਜਾਂ ਉੱਧਰੋਂ ਹੈ ਠੱਗਣਾ,
ਕੰਮ ਇਹੀ ਸੌਖਾ ਲੱਗਦਾ,
ਇਹਦੇ ਵਿੱਚ ਕਿਹੜਾ ਜ਼ੋਰ ਜ਼ਿਆਦਾ ਲੱਗਣਾ ।

25. ਵੱਸਦਾ ਏਂ ਤੂੰ ਹਰ ਜਗ੍ਹਾ

ਵੱਸਦਾ ਏਂ ਤੂੰ ਹਰ ਜਗ੍ਹਾ,
ਕਹਿਣ ਨੂੰ ਮਸਜਿਦ, ਮੰਦਿਰ ਵਿੱਚ,
ਠੋਸ, ਤਰਲ ਤੇ ਭਾਫ ਨੇ ਰੂਪ,
ਪਾਣੀ ਤਾਂ ਲੋਕੋ ਹੈ ਇੱਕ,
ਵੱਸਦਾ ਹੈਂ ਤੂੰ ਹਰ ਜਗ੍ਹਾ ।

ਕਾਵਾਂ, ਚਿੜੀਆਂ ਦੇ ਵਿੱਚ ਬੋਲੇਂ,
ਬੰਦੇ ਦਾ ਕੋਈ ਭੇਦ ਨਾ ਖੋਲ੍ਹੇ,
ਕਿਸੇ ਨੂੰ ਤਾਂ ਤੂੰ ਕੱਚੀਆਂ ਡੋਰਾਂ,
ਪਾਕੇ ਲੈਂਦਾ ਯਾਰਾ ਖਿੱਚ,
ਵੱਸਦਾ ਹੈਂ ਤੂੰ ਹਰ ਜਗ੍ਹਾ,
ਕਹਿਣ ਨੂੰ ਮਸਜਿਦ, ਮੰਦਿਰ ਵਿੱਚ ।

ਔਖੇ ਹੋ ਜੇ ਲੱਭਣ ਲੱਗੇ,
ਲੋਕਾਂ ਨੇ ਸਾਨੂੰ ਮਾਰੇ ਧੱਕੇ,
ਮੁਸ਼ਕਿਲ ਨਾਲ ਸੀ ਨੇੜੇ ਆਏ,
ਸਾਡੀ ਮੌਤ ਤੂੰ ਦਿੱਤੀ ਲਿੱਖ,
ਵੱਸਦਾ ਹੈਂ ਤੂੰ ਹਰ ਜਗ੍ਹਾ,
ਕਹਿਣ ਨੂੰ ਮਸਜਿਦ, ਮੰਦਿਰ ਵਿੱਚ ।

ਹੋਰ ਤਾਂ ਕੋਈ ਰਾਹ ਨਾ ਮਿਲਿਆ,
ਸਾਹਾਂ ਦੇ ਨਾਲ ਸਾਹ ਨਾ ਮਿਲਿਆ,
ਤੇਰਾ ਪਾਰ ਹੈ ਪਾਉਣਾ ਮੁਸ਼ਕਿਲ,
ਇੱਕ ਗੱਲ ਤਾਂ ਗਏ ਹਾਂ ਸਿੱਖ,
ਵੱਸਦਾ ਹੈਂ ਤੂੰ ਹਰ ਜਗ੍ਹਾ,
ਕਹਿਣ ਨੂੰ ਮਸਜਿਦ, ਮੰਦਿਰ ਵਿੱਚ,
ਠੋਸ, ਤਰਲ ਤੇ ਭਾਫ ਨੇ ਰੂਪ,
ਪਾਣੀ ਤਾਂ ਲੋਕੋ ਹੈ ਇੱਕ ।

26. ਅੱਠ ਸੌ ਤੋਂ ਵੱਧ ਵੋਟਾਂ ਨੂੰ ਦੱਸਕੇ ਪੰਜ ਵੋਟਾਂ

ਦੇਖੋ ਮਨਾਂ ਦੇ ਵਿੱਚ ਆ ਗਈਆਂ ਕਿੰਨੀਆਂ ਖੋਟਾਂ,
ਹੁਣ ਸਾਧੂ ਸੰਤਾਂ ਦੇ ਮਨ ਜਗ੍ਹਾ ਬਣਾਈ ਨੋਟਾਂ ।

ਸਰਕਾਰ ਵਾਲਿਆਂ ਵੀ ਨੇ ਦੇਖੋ ਗੱਲ ਬਣਾਈ,
ਅੱਠ ਸੌ ਤੋਂ ਵੱਧ ਵੋਟਾਂ ਨੂੰ ਦੱਸਕੇ ਪੰਜ ਵੋਟਾਂ ।

ਯਾਰ - ਯਾਰ ਦੀ ਇੱਜ਼ਤ ਗਲੀਆਂ ਵਿੱਚ ਉਛਾਲੇ,
ਬਿਨ ਬੁਲਾਇਆਂ ਜਾਕੇ ਘਰ ਜੋ ਮਾਰੇ ਚੋਟਾਂ ।

ਸਿਆਸਤ ਦੇ ਮੂੰਹ ਖੁੱਲ੍ਹੇ ਮਾੜੇ ਬੰਦ ਵੀ ਮਾੜੇ,
ਬੰਦ ਰਹਿਣ ਤਾਂ ਸਾਜਿਸ਼ ਖੁੱਲ੍ਹੇ ਜਾਪਣ ਤੋਪਾਂ ।

ਯਸ਼ੂ ਜਾਨ ਇਹ ਕਿਹੜੀ ਗੱਲ ਤੂੰ ਦੱਸ ਦਿੱਤੀ,
ਦੇਖੀਂ ਤੈਨੂੰ ਛੱਡਣਾ ਨਹੀਂ ਹੁਣ ਭਲਿਆਂ ਲੋਕਾਂ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਯਸ਼ੂ ਜਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ