ਪੰਜ ਦਰਿਆਵਾਂ ਦੇ ਪੱਤਣਾਂ ਦਾ ਸੰਗਮ ਪ੍ਰੋ. ਗੁਰਭਜਨ ਗਿੱਲ ਅਤੇ ਉਸਦੀ ਸ਼ਾਇਰੀ-ਹਰਵਿੰਦਰ ਸਿੰਘ ਚੰਡੀਗੜ੍ਹ
ਗੁਰਭਜਨ ਗਿੱਲ ਦੀ ਸ਼ਖ਼ਸੀਅਤ ਅਤੇ ਸ਼ਾਇਰੀ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਪਾਣੀਆਂ ਦੇ ਸੰਗਮ ਵਰਗੀ ਹੈ। ਉਸਦੀ ਸ਼ਖ਼ਸੀਅਤ ਅਤੇ ਸ਼ਾਇਰੀ ਆਪੋ ਵਿੱਚ ਘੁਲ਼ੇ ਮਿਲੇ ਹੋਏ ਹਨ । ਉਹ ਸ਼ਾਇਰੀ ਵਾਂਗ ਜੀਂਦਾ ਹੈ ਅਤੇ ਜੀਣ ਵਾਂਗ ਲਿਖਦਾ ਹੈ। ਉਸਦੀ ਸ਼ਾਇਰੀ ਅਤੇ ਸ਼ਖਸ਼ੀਅਤ ਪੰਜਾਬੀਆਂ ਦੀ ਉਸ ਤਰਜ਼ ਦੀ ਤਰਜਮਾਨੀ ਕਰਦੀ ਹੈ ਜਿਸਨੂੰ ਪੂਰਨ ਸਿੰਘ ਆਪਣੀ ਲਾਫਾਨੀ ਕਵਿਤਾ ‘ ਬੇਪਰਵਾਹ ਜਵਾਨ ਪੰਜਾਬ ਦੇ ‘ ਵਿੱਚ ਪੇਸ਼ ਕਰਦਾ ਹੈ –‘ਇਹ ਬੇਪਰਵਾਹ ਪੰਜਾਬ ਦੇ , ...ਪਿਆਰ ਨਾਲ ਇਹ ਕਰਨ ਗੁਲਾਮੀ , ਪਰ ਟੈਂ ਨਾ ਮੰਨਣ ਕਿਸੇ ਦੀ ।‘ ਗੁਰਭਜਨ ਗਿੱਲ ਦੀ ਕਾਫੀ ਸ਼ਾਇਰੀ ਵੀ ਪੰਜਾਬੀਆਂ ਦੇ ਇਸੇ ਪਿਆਰ ਵਿੱਚ ਲਚਕੀਲੇ ਅਤੇ ਜੋਸ਼ ਵਿੱਚ ਅਣਖੀਲੇ ਸੁਭਾਅ ਅਤੇ ਅਜਿਹੇ ਹੋਰ ਸਰੋਕਾਰਾਂ ਤੇ ਵਿਚਾਰਾਂ ਨੂੰ ਪੇਸ਼ ਕਰਦੀ ਹੈ । ਇਸ ਸੰਧਰਭ ਵਿੱਚ ਉਹਨਾਂ ਦਾ ਇੱਕ ਬੇਹੱਦ ਮਕਬੂਲ ਸ਼ਿਅਰ ਹੈ :
‘ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ
ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ ।‘
ਇਸ ਇੱਕੋ ਸ਼ਿਅਰ ਵਿੱਚ ਪੰਜਾਬੀਆਂ ਦੀ ਸਦੀਆਂ ਦੀ ਇਤਿਹਾਸਕ ਜੀਵਨ ਜਾਚ ਸਮਾਈ ਹੋਈ ਹੈ ਅਤੇ ਸ਼ਾਇਦ ਪੰਜਾਬ ਸਦੀਆਂ ਤੋਂ ਆਪਣੇ ਸਵੈਮਾਣ ਅਤੇ ਗੈਰਤ ਵਾਲੀ ਇਸੇ ਗਰਦਨ ਉੱਚੀ ਰੱਖਣ ਦਾ ਮੁੱਲ ਆਪਣੇ ਅਣਖੀ ਪੁੱਤਰਾਂ ਪੋਰਸ , ਦੁੱਲ੍ਹੇ ਭੱਟੀ , ਅਹਿਮਦ ਖਾਂ ਖਰਲ , ਭਗਤ ਸਿੰਘ , ਊਧਮ ਸਿੰਘ ਅਤੇ ਹੋਰ ਅਨੇਕਾਂ ਸੂਰਬੀਰਾਂ ਦੇ ਰੂਪ ਵਿੱਚ ਚੁਕਾਉਂਦਾ ਆ ਰਿਹਾ ਹੈ।ਪਰ ਵਿਰਸੇ ਦੀ ਊਣੀ ਸਮਝ ਵਾਲੇ ਕਈ ਪੰਜਾਬੀ ਨੌਜੁਆਨ ਹੈਂਕੜ ਨੂੰ ਹੀ ਗੈਰਤ ਸਮਝਣ ਦਾ ਟਪਲਾ ਖਾ ਜਾਂਦੇ ਹਨ।ਗੈਰਤ ਮਹਿਜ ਹਿੰਸਾ ਦਾ ਵਿਖਾਵਾ ਨਹੀਂ ਬਲਕਿ ਉੱਚੀਆਂ ਸੁੱਚੀਆਂ ਮਾਨਵੀ ਕਦਰਾਂ ਕੀਮਤਾਂ ਦੀ ਰਾਖੀ ਹੈ ਜਿਸਨੂੰ ਸਚਿਆਰੇ ਕਿਰਦਾਰ ਵਾਲੇ ਲੋਕ ਨਾਇਕ ਹੀ ਪੂਰਾ ਕਰ ਸਕਦੇ ਹਨ। ਇਸੇ ਤਰਾਂ ਦਾ ਉਹਨਾਂ ਦਾ ਇੱਕ ਹੋਰ ਸ਼ਿਅਰ ਹੈ :
’ ਇਹ ਉੱਚੀ ਪੱਗ ਲੰਮੀ ਧੌਣ ਦੇ ਹੀ ਕਾਰਨੇ ਹੋਇਐ
ਅਸਾਨੂੰ ਚੀਰਿਆ ਸ਼ੈਤਾਨ ਨੇ ਹੀ ਦੋ ਪੰਜਾਬਾਂ ਵਿੱਚ । ‘
ਗੁਰਭਜਨ ਗਿੱਲ ਦੀ ਸ਼ਾਇਰੀ ਪੰਜਾਬ ਦੀ ਇਸ ਗੈਰਤਭਰਪੂਰ ਵਿਰਾਸਤ ਦੇ ਨਾਲ ਨਾਲ ਇਸ ਵਿੱਚ ਵਿਰੋਧੀ ਇਸ ਵਿੱਚ ਅਜੋਕੇ ਸਮੇਂ ਵਿੱਚ ਆ ਰਾਹੀਂ ਗਿਰਾਵਟ ਦੀ ਵੀ ਨਿਸ਼ਾਨਦੇਹੀ ਕਰਦੀ ਹੈ :
‘’ ਜਿਸਦੀ ਸ਼ੂਕਰ ਦਿੱਲੀ ਤਖ਼ਤ ਡਰਾਉਂਦੀ ਸੀ
ਅੱਥਰਾ ਦਰਿਆ ਕਿਹੜੇ ਟਿੱਬਿਆਂ ਡੀਕ ਲਿਆ। ‘
ਆਪਣੀ ਕਵੀ ਪੁਸਤਕ ਮ੍ਰਿਗਾਵਲੀ ਵਿੱਚ ਪੰਜਾਬੀਆਂ ਦੀ ਇਸ ਗਵਾਚਦੀ ਜਾ ਰਾਹੀ ਗੈਰਤ ਭਰਪੂਰ ਵਿਰਾਸਤ ਨੂੰ ਬਚਾਈ ਰੱਖਣ ਲਈ ਵੰਗਾਰ ਤਾਹਨੇ ਭਰੇ ਲਹਿਜੇ ਨਾਲ ਲਿਖਦਾ ਹੈ :
‘ ਵੇਖ ਲਉ ਤਾਰੀਖ਼ ਕੀਹ ਕੀਹ ਕਾਰਨਾਮੇ ਕਰ ਗਈ ।
ਮਾਣਮੱਤੀ ਧਰਤ ‘ਚੋਂ ਗੈਰਤ ਜਿਊਂਦੀ ਮਰ ਗਈ ।
ਧਰਤੀਆਂ ਤੇ ਮਰਦ ਬੱਚੇ ਸਿਰਜਦੇ ਇਤਿਹਾਸ ਨੂੰ
ਜਿਸਮ ਤਾਂ ਮਿੱਟੀ ਨਿਰੀ ਜੇ ਅਣਖ ਵਿਚੋਂ ਠਰ ਗਈ ।‘
ਬੇਸ਼ੱਕ ਗੁਰਭਜਨ ਗਿੱਲ ਦੀ ਸ਼ਾਇਰੀ ਉਸਦੀ ਸ਼ਖਸ਼ੀਅਤ ਵਾਂਗ ਬਹੁਪਰਤੀ ਹੈ ਪਰ ਇਸਦੀ ਮੁੱਖ਼ ਸੁਰ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੇ ਗੌਰਵ ਵਾਲੀ ਹੈ ।ਇਸ ਪੱਖੋਂ ਗੁਰਭਜਨ ਗਿੱਲ ਨੂੰ ਪੰਜਾਬ ਦਾ ਕੌਮੀ ਕਵੀ ਕਿਹਾ ਜਾ ਸਕਦਾ ਹੈ ਜੋ ਆਪਣੇ ਤੋਂ ਪੂਰਬਲੇ ਕੌਮੀ ਕਵੀਆਂ ਸ਼ਾਹ ਮੁਹੰਮਦ ਅਤੇ ਪੂਰਨ ਸਿੰਘ ਦੀ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਨੂੰ ਪਰਨਾਏ ਜਜ਼ਬੇ ਵਾਲੀ ਪਿਰਤ ਨੂੰ ਅੱਗੇ ਤੋਰਦਾ ਹੈ ।ਮਾਤ ਭਾਸ਼ਾ ਅਤੇ ਪੰਜਾਬੀਅਤ ਵਾਲੇ ਇਸੇ ਜਜ਼ਬੇ ਦੀ ਸ਼ਿੱਦਤ ਅਧੀਨ ਉਹ ਆਪਣੀ ਕਾਵਿ ਪੁਸਤਕ ‘ਫੁੱਲਾਂ ਦੀ ਝਾਂਜਰ ‘ ਆਪਣੀ ਮਾਂ ਦੇ ਨਾਲ ਨਾਲ ਆਪਣੀ ਮਾਂ ਬੋਲੀ ਅਤੇ ਪੰਜਾਬ ਦੀ ਧਰਤੀ ਮਾਂ ਨੂੰ ਸਮਰਪਤ ਕਰਦਾ ਹੈ । ਪੰਜਾਬ ਦੀ ਵੰਡ, ਦੋਵਾਂ ਪੰਜਾਬਾਂ ਦੇ ਲੋਕਾਂ ਦੇ ਵਿਛੋੜੇ ਦਾ ਦਰਦ , ਪੰਜਾਬੀਆਂ ਦੀ ਬਰਬਾਦੀ ਦੀ ਕੀਮਤ ਨਾਲ ਮਿਲੀ ਆਜ਼ਾਦੀ, ਪੰਜਾਬ ਦਾ ਚੁਰਾਸੀ ਦੇ ਦੌਰ ਦਾ ਸੰਤਾਪ , ਪੰਜਾਬੀ ਰਹਿਤਲ ਦੀਆਂ ਮਾਨਵੀ ਕਦਰਾਂ ਕੀਮਤਾਂ ਦਾ ਨਿਘਾਰ , ਕਿਸਾਨੀ ਤੇ ਜਵਾਨੀ ਦੀ ਮੰਦਹਾਲੀ ਅਤੇ ਨਿਓਟੇ, ਨਿਆਸਰੇ ਨਿਮਨ ਵਰਗਾਂ ਅਤੇ ਔਰਤ ਦੀ ਬਦਹਾਲੀ ,ਪਰਵਾਸ ਆਦਿ ਸਰੋਕਾਰ ਉਸਦੀ ਦੀ ਸ਼ਾਇਰੀ ਵਿੱਚ ਬਖੂਬੀ ਪੇਸ਼ ਹੁੰਦੇ ਹਨ । ਉਸਦਾ ਪੰਜਾਬ ਦਾ ਤੁਅਸਬ ਸਿਰਫ ਢਾਈ ਨਦੀਆਂ ਵਾਲੇ ਪੰਜਾਬ ਦਾ ਨਹੀਂ ਬਲਕਿ ਪੰਜ ਦਰਿਆਵਾਂ ਦੇ ਸਾਂਝੇ ਦੋਵਾਂ ਪੰਜਾਬਾਂ ਤੋਂ ਵੀ ਅੱਗੇ ਸੱਤ ਸਮੁੰਦਰਾਂ ਪਾਰ ਤੱਕ 150 ਮੁਲਕਾਂ ਵਿੱਚ ਵੱਸਦੇ ਪੰਜਾਬ ਵਾਲਾ ਹੈ । ਉਸਦੀ ਸ਼ਾਇਰੀ ਵਿੱਚ ਪੰਜਾਬ ਦੀ ਮਨਹੂਸ ਵੰਡ ਅਜੇ ਵੀ ਟਸ ਟਸ ਕਰਦੀ ਮਹਿਸੂਸ ਹੁੰਦੀ ਹੈ । ਉਹ ਇਸ ਵੰਡ ਅਤੇ ਭਰਾ ਮਾਰੂ ਜੰਗ ਵਿੱਚ ਮਾਰੇ ਗਏ ਦਸ ਲੱਖ ਪੰਜਾਬੀਆਂ ਬੇਆਬਰੂ ਹੋਈਆਂ ਧੀਆਂ ਭੈਣਾਂ ਅਤੇ ਆਪਣੀ ਜੰਮਣ ਭੌਇੰ ਨੂੰ ਦੁਬਾਰਾ ਤੱਕਣ ਦੇ ਰੀਝ ਦਿਲ ਵਿੱਚ ਹੀ ਲੈ ਕੇ ਤੁਰ ਗਏ ਲੱਖਾਂ ਬਜ਼ੁਰਗਾਂ ਦੇ ਦਰਦ ਨੂੰ ਜ਼ਬਾਨ ਦਿੰਦਾ ਹੈ ।ਉਹ ਵੰਡ ਉਪਰੰਤ ਵੀ ਦੋਵੇਂ ਪੰਜਾਬਾਂ ਦੇ ਸਾਂਝੇ ਦਰਦ ਨੂੰ ਬਖੂਬੀ ਪੇਸ਼ ਕਰਦਾ ਹੈ :
‘ਓਧਰ ਵੀ ਪੀੜਾਂ ਘੱਟ ਨਹੀਂ , ਏਧਰ ਵੀ ਸੁਪਨ ਕਰੰਡੇ ਗਏ ।
ਸੂਰਜ ਦੇ ਹੁੰਦੇ ਸੁੰਦਿਆਂ ਵੀ ਅਸੀਂ ਸਿਖਰ ਦੁਪਹਿਰੇ ਵੰਡੇ ਗਏ ।‘
ਪੰਜਾਬ ਦੀ ਵੰਡ ਦੀ ਪੀੜ ਨੂੰ ਦਰਸਾਉਂਦੇ ਕੁਝ ਹੋਰ ਸ਼ਿਅਰ ਵੇਖੋ :
’ਸਰਹੱਦ ਪਾਰ ਖਲੋਤੇ ਸੱਜਣਾ ਕਾਹਤੋਂ ਦਿਲ ਭਰਿਆ ।
ਆਪਾਂ ਭਾਂਵੇਂ ਵੱਖ ਹਾਂ ਦੋਵੇਂ ਸਾਡਾ ਸਾਂਝਾ ਦੁੱਖ ਦਰਿਆ ।‘
--
‘ ਬਾਬਾ ਨਾਨਕ ਤੇ ਮਰਦਾਨਾ ਜੋਟੀਦਾਰ ਪੁਰਾਣੇ
ਚੁਸਤ ਮਜੌਰਾਂ ਵਖਰੇ ਕੀਤੇ ,ਬਾਣੀ ਅਤੇ ਰਬਾਬ । ‘
--
ਸਤਲੁਜ ਤੇ ਰਾਵੀ ਵਿੱਚ ਡੁੱਬੀਆਂ ਹੇਕਾਂ , ਕੂਕਾਂ , ਚੀਕਾਂ
ਹੰਝੂਆਂ ਨਾਲ ਬਿਆਸਾ ਭਰਿਆ ,ਨੱਕੋਂ ਨੱਕ ਚਨਾਬ ।
--
ਗੁੜ ਦੇ ਚੌਲ ,ਨਿਆਜ਼ਖਾਣ ਨੂੰ ਤਰਸੇ ਹਾਂ
ਸਾਡੇ ਪਿੰਡ ‘ਚੋਂ ਢਹਿ ਗਏ ਤਾਕੀਏ ਪੀਰਾਂ ਦੇ ।
--
ਸਾਡੇ ਹੁੰਦੇ ਸੁੰਦਿਆਂ ਪੰਜਾਬ ਗਿਆ ਠੱਗਿਆ
ਠੱਗਿਆ ਵੀ ਏਦਾਂ ਸਾਨੂੰ ਪਤਾ ਵੀ ਨਾ ਲੱਗਿਆ ।
ਉਸਦੀ ਕਾਵਿ ਪੁਸਤਕ ਖੈਰ ਪੰਜਾਂ ਪਾਣੀਆਂ ਦੀ ‘ ਪੂਰਨ ਰੂਪ ਵਿੱਚ ਦੇਵੇਂ ਪੰਜਾਬਾਂ ਦੀ ਸਾਂਝ ਅਤੇ ਸਲਾਮਤੀ ਨੂੰ ਸਮਰਪਤ ਹੈ ।ਉਹ ਅੰਗਰੇਜ਼ੀ ਦੇ ਭਾਸ਼ਾਈ ਸਾਮਰਾਜ ਦੇ ਗਲਬੇ ਅਧੀਨ ਪੰਜਾਬੀ ਮਾਂ ਬੋਲੀ ਦਸ਼ਾ ਬਾਰੇ ਸੁਚੇਤ ਕਰਦਾ ਹੈ :
‘ਮਾਂ ਬੋਲੀ , ਮਾਂ ਜਣਨੀ ,ਧਰਤੀ ਮਾਤਾ ਕੋਲੋਂ
ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ । ‘
----
ਤੂੰ ਦਸਤਾਰ ਪੰਜਾਬ ਦੀ ਵੀਰਾ ,ਪੈਰ ਨਹੀਂ ਗੁਰਗਾਬੀ ਦਾ ।
ਅੰਗਰੇਜ਼ੀ ਦੇ ਪਿੱਛੇ ਲਾਗ ਕੇ, ਕਰ ਨਾ ਘਾਣ ਪੰਜਾਬੀ ਦਾ ।‘
ਗੁਰਭਜਨ ਗਿੱਲ ਦੀ ਕਵਿਤਾ ਵਿਚਲੇ ਵਿਰਾਸਤੀ ਗੁਣ ਵੀ ਉਸਨੂੰ ਬਾਕੀ ਕਵੀਆਂ ਨਾਲੋਂ ਨਿਵੇਕਲਾ ਬਣਾਉਂਦੇ ਹਨ –
‘ਧੇਤੇ ਨਾਲ ਪੁਤੇਤੇ ਰਲ ਗਏ ਪੀ ਗਏ ਦਾਰੂ ਦਾ ਦਰਿਆ ,
ਦੀਵੇ ਬੁਝੇ ਦਵਾਖੜੀਆਂ ‘ਚੋਂ ਘਰਕੀਣਾਂ ਨੂੰ ਥਾਂ ਮਿਲਿਆ ।
ਟਾਂਡ ਦੇ ਉੱਤੇ ਕੁਝ ਨਹੀਂ ਦਿਸਦਾ ਘੜਵੰਜੀ ਤੇ ਘੜੇ ਧਰੇ ,
ਸਬਰਕੱਤੇ ਵਿਹੜੇ ਅੰਦਰ , ਚੀਚ ਵਹੁਟੀਆਂ ਚੋਪ ਲਿਆ । ‘
ਇਤਿਹਾਸਕ ਤੌਰ ਤੇ ਪਰਵਾਸ , ਉਜਾੜਾ ਅਤੇ ਪੁਨਰਵਾਸ ਪੰਜਾਬੀਆਂ ਦੀ ਜ਼ਿੰਦਗੀ ਦਾ ਅਟੁੱਟ ਅੰਗ ਰਿਹਾ ਹੈ ਅਤੇ ਗੁਰਭਜਨ ਗਿੱਲ ਦੀ ਸ਼ਾਇਰੀ ਇਸ ਵਰਤਾਰੇ ਦੇ ਕਈ ਆਯਾਮਾਂ ਨੂੰ ਬਖੂਬੀ ਪੇਸ਼ ਕਰਦੀ ਹੈ :
ਸੱਤ ਸਮੁੰਦਰ ਪਾਰ ਗਵਾਚੇ ਫਿਰਦੇ ਹਾਂ
ਖੁਦ ਨੂੰ ਲੱਭਦੇ ਫਿਰਦੇ ਕਿੰਨੇ ਚਿਰ ਦੇ ਹਾਂ ।
--
ਹੰਝੂਆਂ ਨਾਲ਼ ਸਮੁੰਦਰ ਸੱਤੇ ਭਰ ਆਇਆ ਹਾਂ
ਦਰਦ ਸੁਣਾ ਕੇ ਪਾਣੀ ਖਰੇ ਕਰ ਆਇਆ ਹਾਂ ।
--
ਕਿਓਂ ਚੱਲਿਐ ਪਰਦੇਸ ਵੇ ਸੱਜਣਾ ਕਿਓਂ ਚਲਿਆਂ ਪਰਦੇਸ ਵੇ ।
ਪਹਿਲਾਂ ਤੇਰੀ ਬੋਲੀ ਬਦਲੂ ਨਾਲ ਬਦਲ ਜੂ ਭੇਸ ਵੇ .... ।
ਬੇਸ਼ੱਕ ਸ਼ਾਇਰੀ ਦੇ ਵਿਸ਼ੇ ਅਤੇ ਸਰੋਕਾਰ ਲੋਕਲ ਅਤੇ ਗਲੋਬਲ ਹੁੰਦੇ ਹਨ ਪਰ ਇਸ ਵਿੱਚੋਂ ਜਿਸ ਖਿੱਤੇ ਦੇ ਸ਼ਾਇਰ ਵੱਲੋਂ ਇਹ ਲਿਖੀ ਹੁੰਦੀ ਹੈ ਉਸ ਖਿੱਤੇ ਦੀ ਮਿੱਟੀ ਦੀ ਮਹਿਕ ਆਉਣੀ ਚਾਹੀਦੀ ਹੈ । ਇਸ ਪੱਖੋਂ ਗੁਰਭਜਨ ਗਿੱਲ ਦੀ ਸ਼ਾਇਰੀ ਉੱਤਮ ਨਮੂਨਾ ਪੇਸ਼ ਕਰਦੀ ਹੈ । ਉਸਦੀ ਸ਼ਾਇਰੀ ਪੜ੍ਹਦਿਆਂ ਪੰਜਾਬ ਦੇ ਦਰਿਆ , ਦੁਆਬੇ ,ਤੂਤ , ਟਾਹਲੀਆਂ ਘੁੱਗੀਆਂ , ਗੁਟਾਰਾਂ , ਖੂਹ , ਖੇਤ ,ਮੱਝਾਂ , ਗਾਈਆਂ , ਬਲਦ ,ਹਾਲੀ , ਪਾਲ਼ੀ ਸਭ ਚਲ-ਚਿੱਤਰਾਂ ਵਾਂਗ ਪੇਸ਼ ਹੁੰਦੇ ਹਨ ।
ਗੁਰਭਜਨ ਗਿੱਲ ਦੇ ਸ਼ਾਇਰੀ ਵਿੱਚ ਪ੍ਰਕਿਰਤੀ ਦਾ ਚਿਤਰਨ ਅਤੇ ਇਸਦੇ ਰਹੱਸਮਈ ਵਰਤਾਰਿਆਂ ਨੂੰ ਵੀ ਬਾਖੂਬੀ ਪੇਸ਼ ਕੀਤਾ ਗਿਆ ਹੈ :
ਚਲੋ ਜੀ , ਧਰਤੀ ਪੈਰੀਂ ਝਾਂਜਰ ਪਾਈਏ , ਨੱਚੀਏ ਗਾਈਏ
ਸੂਰਜ ਟਿੱਕਾ , ਚੰਨ ਦੀ ਦਾਉਣੀ , ਤਾਰਿਆਂ ਰਾਣੀ ਹਾਰ ਬਣਾਈਏ ।
--
ਬਿਰਖ ਨਵੀਂਆਂ ਕਰੂਬਲਾਂ ਖਾਤਰ
ਜ਼ਰਦ ਪੱਤੇ ਉਤਾਰ ਦਿੰਦਾ ਹੈ ।
...
ਵੇਖ ਸ਼ਰੀਂਹ ਕਿੰਝ ਪਤਝੜ ਰੁੱਤੇ ,ਵਜ਼ਦ ‘ਚ ਆ ਫਲੀਆਂ ਛਲਕਾਵੇ
ਐਸੇ ਗੀਤ ਇਲਾਹੀ ਦੀ ਰੱਬ ,ਬਿਰਖੀਂ ਬਹਿ ਕੇ ਤਰਜ਼ ਬਣਾਉਂਦਾ ।
ਉਸਦੀ ਜਿਆਦਾਤਰ ਕਵਿਤਾ ਗਜ਼ਲ ਜਾਂ ਲੈਅਬੱਧ ਰੂਪ ਵਾਲੀ ਹੈ ਜਿਸ ਵਿੱਚ ਲੋਕ ਗੀਤਾਂ ਵਰਗੀ ਰਵਾਨੀ ਹੈ । ਉਸਦੀ ਸ਼ਖਸ਼ੀਅਤ ਵਿੱਚ ਵੀ ਦਰਿਆਵਾਂ ਵਰਗਾ ਅਲਬੇਲਾਪਣ ਅਤੇ ਆਪਣੀਆਂ ਪੈੜਾਂ ਆਪ ਬਣਾਉਣ ਵਾਲਾ ਮਟਕੀਲਾਪਣ ਹੈ । ਉਸਦੀ ਦਰਿਆਦਿਲੀ , ਖਿੜੇ ਮੱਥੇ ਮਿਲਣ ਵਾਲਾ ਸੁਭਾਅ ਅਤੇ ਸਕਾਰਾਤਮਕ ਸੋਚ ਮਿਲਕੇ ਦੋਵੇਂ ਪੰਜਾਬਾਂ ਵਿੱਚ ਉਸਦੀ ਹਰਮਨ ਪਿਆਰਤਾ ਦਾ ਸਬੱਬ ਬਣਦੇ ਹਨ। ਗੁਰਭਜਨ ਗਿੱਲ ਦੀ ਕਵਿਤਾ ਪਰਿਵਾਰ , ਪਿੰਡ ਤੋਂ ਲੈ ਕੇ ਗਲੋਬਲ ਪੱਧਰ ਦੇ ਸਰੋਕਾਰਾਂ ਨੂੰ ਕਾਵਿ ਕਲਾਵੇ ਵਿੱਚ ਲੈਣ ਵਾਲੀ ਹੈ । ਉਹ ਇੱਕ ਪਾਸੇ ਲਿਖਦਾ ਹੈ :
’ ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ ,
ਸਾਨੂੰ ਅੜੇ ਥੁੜੇ ਵੇਲੇ ਸੱਚੀਂ ਬੜਾ ਕੰਮ ਆਇਆ ।
ਆਡਾਂ ਬੰਨਿਆਂ ਤੇ ਦੌੜਕੇ ਨਾ ਅਸੀਂ ਕਦੇ ਡਿੱਗੇ ,
ਸੰਗਮਰਮਰ ਉੱਤੇ ਸਾਨੂੰ ਤਰਨਾ ਨਾ ਆਇਆ’
ਅਤੇ ਦੂਜੇ ਪਾਸੇ ਨੈਲਸਨ ਮੰਡੇਲਾ ਦੀ ਰਿਹਾਈ ਤੇ ਮੁਖਾਤਬ ਹੋ ਕੇ ਕਹਿੰਦਾ ਹੈ :
’ਦੋ ਬਣਵਾਸਾਂ ਬਾਅਦ ਸੋਹਣਿਆਂ ਘਰ ਆਇਆ ਹੈਂ ਜੀ ਆਇਆਂ ਨੂੰ
ਚਿੱਟੇ ਖੂਨ ਦੇ ਕਾਲੇ ਸਾਗਰ ਤਰ ਆਇਆ ਹੈਂ ਜੀ ਆਇਆਂ ਨੂੰ ।‘
ਨਿਮਾਣਿਆਂ ਨਿਤਾਣਿਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਾ ਹੋਇਆ ਉਹ ਕਟਾਕਸ਼ ਕਰਦਾ ਹੈ :
' ਭੀਲ ਬੱਚਾ ਫੇਰ ਹਾਜ਼ਰ ਹੇ ! ਦ੍ਰੋਣਾਚਾਰਿਆ,
ਮੈਂ ਦਰਾਵੜ ਏਕਲਾਵਿਆ ਤੂੰ ਬ੍ਰਾਹਮਣ ਆਰੀਆ। '
--
ਮੀਂਹ ਦਾ ਪਾਣੀ ਹਾੜ ਦਾ ਪਾਣੀ ਇਥੇ ਆਣ ਖਲੋਵੇ ,
ਨੀਵੇਂ ਥਾਂ ਤੇ ਉੱਗੇ ਰੁੱਖ਼ ਨੂੰ ਡਾਢੀ ਸਖਤ ਸਜ਼ਾ ।
ਉਸਦੀ ਗਜ਼ਲ ਦਾ ਦਰਸ਼ਨਿਕਤਾ ਨਾਲ ਲਬਰੇਜ਼ ਇੱਕ ਹੋਰ ਲਾਫ਼ਾਨੀ ਸ਼ਿਅਰ ਹੈ :
‘ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ ,
ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ ।'
ਜਿਵੇਂ ਧੰਨਾ ਭਗਤ ਆਪਣੇ ਬਾਣੀ ਕਾਵਿ ਵਿੱਚ ਖੁੱਲੀ ਡੁੱਲ੍ਹੀ ਜਟਕੀ ਭਾਸ਼ਾ ਅਤੇ ਮੱਝਾਂ ਗਾਵਾਂ ਦੇ ਕਿਸਾਨੀ ਬਿੰਬ ਵਰਤਕੇ ਵੱਡਾ ਸੰਦੇਸ਼ ਦਿੰਦਾ ਹੈ ਉਵੇਂ ਪ੍ਰੋ. ਗਿੱਲ ਦੇ ਜਿਆਦਾਤਰ ਕਾਵਿਕ ਬਿੰਬ ਵੀ ਕਿਸਾਨੀ ਜੀਵਨ ਨਾਲ ਵਾਸਤਾ ਰੱਖਣ ਵਾਲੇ ਹੁੰਦੇ ਹਨ। ਗੁਰਭਜਨ ਗਿੱਲ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਹੈ , ਉਹ ਫਸਲਾਂ ਵਾਂਗ ਮੋਹ ,ਮੁਹੱਬਤ ਦੇ ਫੁੱਲ , ਫਸਲਾਂ ਵੀ ਬੀਜਣਾ ਜਾਣਦਾ ਹੈ।ਉਹ ਸਕਾਰਾਤਮਕ ਊਰਜਾ ਦੇ ਫੁੱਟਦੇ ਝਰਨੇ ਵਾਂਗ ਹੈ ਜੋ ਆਲੇ ਦੁਆਲੇ ਨੂੰ ਸਿੰਜਦਾ ਤੁਰਿਆ ਜਾਂਦਾ ਹੈ । ਉਸ ਨਾਲ ਲੰਮਾ ਸਮਾਂ ਨਾਰਾਜ਼ ਰਹਿਣਾ ਸੰਭਵ ਨਹੀਂ ਹੈ ।ਵੱਡੇ ਤੋਂ ਵੱਡੇ ਗ਼ੁੱਸੇ ਗਿਲੇ ਦਾ ਪਹਾੜ ਚੁੱਕੀ ਫਿਰਦੇ ਉਸਦੇ ਸਵੈ-ਸਥਾਪਤ ਵਿਰੋਧੀ ਵੀ ਉਸਦੀ ਇੱਕ ਟਿੱਚਰ ਦੀ ਮਾਰ ਹੁੰਦੇ ਹਨ।ਗੁਰਭਜਨ ਗਿੱਲ ਵਾਹਦ ਐਸਾ ਹਰਫਨ ਮੌਲਾ ਪੰਜਾਬੀ ਸ਼ਖਸ ਹੈ ਜੋ ਸਿਰਫ ਲੇਖਕ ਨਹੀ ਬਲਕਿ ਸਫਲ ਪ੍ਰਬੰਧਕ , ਸੰਪਾਦਕ ,ਖੇਡ ਅਤੇ ਸੰਗੀਤ ਜਗਤ ਆਦਿ ਨਾਲ ਜੁੜੇ ਖੇਤਰਾਂ ਵਿੱਚ ਵੀ ਅਹਿਮ ਜ਼ੁੰਮੇਵਾਰੀਆਂ ਨਿਭਾਉਣ ਵਾਲਾ ਸਰਗਰਮ ਵਿਰਾਸਤੀ ਕਾਰਕੁੰਨ ਹੈ ।ਉਹ ਪੰਜਾਬ ਅਤੇ ਪੰਜਾਬੀਅਤ ਦਾ ਪਰਚਮ ਬੁਲੰਦ ਕਰਨ ਵਾਲਾ ਆਲਮੀ ਅਲੰਬਰਦਾਰ ਹੈ ਅਤੇ ਇਹਨਾਂ ਸਰੋਕਾਰਾਂ ਨੂੰ ਪਰਨਾਈ ਇੱਕ ਤੁਰਦੀ ਫਿਰਦੀ ਸੰਸਥਾ ਹੈ ।ਉਹ ਸੱਤ ਮਾਹਲਾਂ ਵਾਲੇ ਖੂਹ ਵਾਂਗ ਨਾਲੋ ਨਾਲ ਕਈ ਸਕਾਰਾਤਮਕ ਕਾਰਜ ਕਰਨ ਵਾਲਾ ਇੱਕ ਪ੍ਰਤੀਬੱਧ ਸਭਿਆਚਾਰਕ ਕਰਮੀ ਹੈ । ਕਦੇ ਸਿਰਜਣਾ ਦੇ ਭਰ ਵਗਦੇ ਦਰਿਆ ਵਾਂਗ ਕਮਾਲ ਦੀ ਕਵਿਤਾ ਲਿਖ ਰਿਹਾ ਹੁੰਦਾ ਹੈ ,ਕਦੇ ਕਿਤੇ ਖੇਡ ਦੇ ਮੈਦਾਨ ਵਿੱਚ ਖਿਡਾਰੀਆਂ ਨੂੰ ਥਾਪੜਾ ਦੇ ਰਿਹਾ ਹੁੰਦਾ ਹੈ ,ਕਿਤੇ ਸੱਭਿਆਚਾਰਿਕ ਮੇਲਿਆਂ ਮੁਸਾਹਬਿਆਂ ਤੇ ਗਵੱਈਆਂ ਗੀਤਕਾਰਾਂ ਨੂੰ ਹੱਲਾਸ਼ੇਰੀ ਦੇਣ ਪੁੱਜ ਜਾਂਦਾ ਹੈ ,ਕਦੇ ਉਹ ਮਹੱਤਵਪੂਰਨ ਪਰ ਅਣਗੌਲੀਆਂ ਵਿਰਾਸਤੀ ਥਾਂਵਾਂ ਨੂੰ ਉਜਾਗਰ ਕਰਨ ਵਾਲਾ ਪੁਰਾਤਤਵ ਕਰਮੀ ਬਣ ਜਾਂਦਾ ਹੈ ਤੇ ਕਦੇ ਸੰਤ ਸੰਧੂ ਵਰਗੇ ਫ਼ਕੀਰਾਨਾ ਕਲਮਕਾਰਾਂ ਨੂੰ ਸਨਮਾਨ ਕਰਨ ਲਈ ਉਹਨਾਂ ਦੀਆਂ ਖ਼ਾਨਗਾਹਾਂ ਤੱਕ ਪਹੁੰਚ ਕਰਦਾ ਹੈ । ਉਹ ਪੰਜਾਬੀ ਅਕਾਦਮੀ ਲੁਧਿਆਣਾ ਵਰਗੀਆਂ ਨਾਮਵਰ ਸੰਸਥਾਵਾਂ ਦੀ ਸਦਾਰਤ ਕਰ ਚੁੱਕਾ ਹੈ ਅਤੇ ਕਈ ਹੋਰ ਖੇਤਰੀ , ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਜੁੜਕੇ ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਵਡਮੁੱਲਾ ਯੋਗਦਾਨ ਪਾ ਰਿਹਾ ਹੈ ।ਉਸਦਾ ਸੋਸ਼ਲ ਮੀਡੀਆ, ਖਾਸਕਰ ਵਟਸਐਪ ,ਦੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਕਈ ਗਰੁੱਪਾਂ ਨੂੰ ਚਲਾਉਣਾ ਵੀ ਉਸਦਾ ਤਕਨੀਕ ਨੂੰ ਸਮਾਜ ਲਈ ਸਕਾਰਾਤਮਕ ਤਰੀਕੇ ਨਾਲ ਵਰਤਣ ਤੇ ਜੋੜਨ ਦੀ ਮਿਸਾਲ ਹੈ । ਉਹ 19 ਕਾਵਿ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲ਼ੀ ਪਾ ਚੁੱਕਾ ਹੈ । ਉਹ ਛੋਟੇ ਤੋਂ ਛੋਟੇ ਕਲਮਕਾਰ ਦੇ ਚੰਗੇ ਕਲਾਮ ਤੋਂ ਕਾਇਲ ਹੋ ਉਸਤਤ ਕਰ ਹੌਸ਼ਲਾ ਅਫਜਾਈ ਕਰਨ ਵਾਲਾ ਦਿਲ ਅਤੇ ਵੱਡੇ ਤੋਂ ਵੱਡੇ ਅਹਿਲਕਾਰ ,ਸਿਆਸਤਦਾਨ ਨੂੰ ‘ਬੰਦਾ ਬਣ’ ਕਹਿਣ ਦਾ ਜਿਗਰਾ ਰੱਖਦਾ ਹੈ ।ਪਰ ਇਹ ਉਸਦੀ ਵਡਿਆਈ ਹੈ ਕਿ ਅਜਿਹਾ ਕਰਦਿਆਂ ਉਹ ਕਦੇ ਵੀ ਨਿਮਰਤਾ ਦਾ ਪੱਲਾ ਨਹੀਂ ਛੱਡਦਾ ਅਤੇ ਆਪਣੀ ਇੱਕ ਕਾਵਿ ਪੁਸਤਕ ਮਿਰਗਾਵਲੀ ਵਿੱਚ ਬਾਬਾ ਨਾਨਕ ਦੀ ਪ੍ਰੇਰਣਾ ਵਿੱਚ ਤਸਲੀਮ ਕਰਦਾ ਹੈ ਕਿ ‘ ਮੈਂ ਕੋਈ ਵੱਡਾ ਇਨਕਲਾਬੀ ਕਵੀ ਨਹੀਂ ਹਾਂ , ਸਧਾਰਨ ਸ਼ਬਦ ਸਾਧਕ ਹਾਂ , ਪਰ ਆਪਣੇ ਕਲਾਮ ਵਿੱਚ ਚੋਰ ਨੂੰ ਚੋਰ ਤਾਂ ਕਹਿ ਹੀ ਸਕਦਾ ਹਾਂ ।‘ਪਿੰਡਾਂ ਕਸਬਿਆਂ ਦੇ ਆਮ ਲਿਖਾਰੀਆਂ ਤੋਂ ਲੈ ਕੇ ਚੰਡੀਗੜ ਸਕੱਤਰੇਤ ਤੱਕ ਦੇ ਰਸੂਖਵਾਨ ਅਧਿਕਾਰੀ ਅਤੇ ਸਿਆਸਤਦਾਨ ਪਿਆਸੇ ਪੰਛੀਆਂ ਵਾਂਗ ਉਸਦੇ ਮੋਹਵੰਤੇ ਖੂਹ ਦੀ ਮੌਣ ਤੇ ਆਮ ਹੀ ਆਉਂਦੇ ਵੇਖੇ ਜਾ ਸਕਦੇ ਨੇ ।
ਲੇਖਕ ਤਾਂ ਹੋਰ ਵੀ ਵੱਡੇ ਹੋਣਗੇ ਪਰ ਪ੍ਰੋ.ਗੁਰਭਜਨ ਗਿੱਲ ਬੰਦਾ ਵੀ ਵੱਡਾ ਹੈ । ਗੁਰਭਜਨ ਗਿੱਲ ਦੀ ਗਜ਼ਲਾਂ ਦੀ ਪੁਸਤਕ ‘ਮਨ ਦੇ ਬੂਹੇ ਬਾਰੀਆਂ’ ਵਿੱਚ ਪੰਜਾਬੀ ਦੇ ਸਿਰਮੌਰ ਸ਼ਾਇਰ ਡਾ. ਜਗਤਾਰ ਦੀ ਟਿੱਪਣੀ ਉਸਦੀ ਸ਼ਾਇਰੀ ਦੀ ਪੁਖਤਾ ਤਰਜਮਾਨੀ ਕਰਦੀ ਹੈ ਜਿਸ ਵਿੱਚ ਉਹ ਲਿਖਦਾ ਹੈ ਕਿ ‘ਗੁਰਭਜਨ ਦੀਆਂ ਗਜ਼ਲਾਂ /ਨਜ਼ਮਾਂ ਦੇ ਏਨੇ ਪਹਿਲੂ ਹਨ ਕਿ ਸਾਰਿਆਂ ਦਾ ਜ਼ਿਕਰ ਕਰਨਾ ਸੰਭਾਵ ਨਹੀਂ ਹੈ । ਕੁਝ ਸ਼ਬਦਾਂ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਗੁਰਭਜਨ ਗਿੱਲ ਪੰਜਾਬੀ ਕਾਵਿ ਖੇਤਰ ਵਿੱਚ ਅਜਿਹਾ ਸੀਸੀਫਸ (Sysyphus) ਹੈ ਜੋ ਸਮਕਾਲ਼ੀ ਸ਼ਾਇਰੀ ਦੇ ਡਿਗਦੇ ਗ੍ਰਾਫ ਨੂੰ ਉੱਪਰ ਵੱਲ ਲਿਜਾਣ ਦੀ ਕੋਸ਼ਿਸ਼ ਕਰਦਾ ਹੈ ।ਅਨੇਕਾਂ ਇਨਾਮ ਉਸਦੇ ਮੋਢਿਆਂ ਤੇ ਸਜ ਕੇ ਸਨਮਾਮਨਤ ਹੋ ਚੁੱਕੇ ਹਨ । ਅੱਜ ਨੰਦ ਲਾਲ ਨੂਰਪੁਰੀ ਪਰਸਕਾਰ ਮਿਲਣ ਤੇ ਗੁਰਭਜਨ ਗਿੱਲ ਹੁਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਲੰਮੇਰੀ ਅਤੇ ਚੰਗੇਰੀ ਜ਼ਿੰਦਗੀ ਲਈ ਸ਼ੁਭ ਕਾਮਨਾਵਾਂ ।
ਹਰਵਿੰਦਰ ਸਿੰਘ ਚੰਡੀਗੜ੍ਹ ।
9779089450