Pani Maila Mitti Gori : Ikwinder Singh Dhatt
ਪਾਣੀ ਮੈਲ਼ਾ ਮਿੱਟੀ ਗੋਰੀ : ਇਕਵਿੰਦਰ ਸਿੰਘ ਢੱਟ
ਸ੍ਰੀ ਹਰਿਮੰਦਰ ਸਾਹਿਬ !
ਮਾਨਵਤਾ ਦਾ ਦਰਪਣ ਹੈ ਹਰਿਮੰਦਰ ਸਾਹਿਬ ! ਮਾਨਵਤਾ ਨੂੰ ਅਰਪਣ ਹੈ ਹਰਿਮੰਦਰ ਸਾਹਿਬ ! ਭਵ-ਸਾਗਰ ਦਾ ਤਾਰਣ ਹੈ ਹਰਿਮੰਦਰ ਸਾਹਿਬ ! ਇਕ ਅਨਮੋਲ ਉਦਾਹਰਣ ਹੈ ਹਰਿਮੰਦਰ ਸਾਹਿਬ ! ਦਸ-ਗੁਰੂਆਂ ਦਾ ਦਰਸ਼ਣ ਹੈ ਹਰਿਮੰਦਰ ਸਾਹਿਬ ! ਮਸਤੀ ਭਰਿਆ ਸਿਮਰਣ ਹੈ ਹਰਿਮੰਦਰ ਸਾਹਿਬ ! ਨੂਰੋ-ਨੂਰ ਸਮਰਪਣ ਹੈ ਹਰਿਮੰਦਰ ਸਾਹਿਬ ! ਕਿਰਤ-ਕਲਾ ਦਾ ਮਿਸ਼ਰਣ ਹੈ ਹਰਿਮੰਦਰ ਸਾਹਿਬ ! ਜੋ ਵੀ ਨਾਤਾ ਜੋੜੇ ਧੰਨ-ਉਪਮਾ ਨਾ ਲੋੜੇ , ਇਕ ਅਦਭੁੱਤ ਵਿਸ਼ੇਸ਼ਣ ਹੈ ਹਰਿਮੰਦਰ ਸਾਹਿਬ ! ਜਾਤਾਂ-ਪਾਤਾਂ ਦੇਖੇ ਨਾ ਇਹ ਰੂਪ ਕਿਸੇ ਦਾ, ਸਭ ਨੂੰ ਵੰਡਦਾ ਚਾਨਣ ਹੈ ਹਰਿਮੰਦਰ ਸਾਹਿਬ ! ਨਾਮ ਸਿਮਰਨਾ, ਕਿਰਤ ਕਮਾਉਣੀ, ਵੰਡ ਕੇ ਛਕਣਾ, ਬਿਖਰਾਉਂਦਾ ਇਹ ਚਾਨਣ ਹੈ ਹਰਿਮੰਦਰ ਸਾਹਿਬ ! ਜੋ ਵੀ ਦਰਸ਼ਣ ਪਾਵੇ ਬੇ-ਖ਼ੁਦ ਸੀਸ ਝੁਕਾਵੇ, ਪਾਕ-ਪਵਿੱਤਰ ਪੂਜਣ ਹੈ ਹਰਿਮੰਦਰ ਸਾਹਿਬ ! ਇਸ ਦੇ ਸਾਹਵੇਂ ਚੰਨ-ਸਿਤਾਰੇ ਬੌਣੇ-ਬੌਣੇ, ਐਸਾ ਇਕ ਸੁਹੱਪਣ ਹੈ ਹਰਿਮੰਦਰ ਸਾਹਿਬ ! ਸੱਤ-ਕਲਾਵਾਂ ਹਰ-ਦਮ ਸੀਸ ਝੁਕਾਈ ਰੱਖਣ, ਹੁਨਰ ਕਲਾ ਦਾ ਮਿਸ਼ਰਣ ਹੈ ਹਰਿਮੰਦਰ ਸਾਹਿਬ ! ਸੱਤ ਅਜੂਬੇ ਏਦਾਂ ਆਖ ਰਹੇ 'ਇਕਵਿੰਦਰ', ਇਕ ਬੇਜੋੜ ਆਕਰਸ਼ਣ ਹੈ ਹਰਿਮੰਦਰ ਸਾਹਿਬ !
ਮੁੱਕੇ ਦੂਰ-ਦੁਰੇਡੇ ਪੈਂਡੇ
ਮੁੱਕੇ ਦੂਰ-ਦੁਰੇਡੇ ਪੈਂਡੇ ਹੁਣ ਨਾ ਗੱਲਾਂ ਠਹਿਰਦੀਆਂ । ਪੁਰਹੀਰਾਂ 'ਚੋਂ ਹੋ ਕੇ ਲੰਘਣ ਬੱਸਾਂ ਦਿੱਲੀ ਸ਼ਹਿਰ ਦੀਆਂ । ਮਹਿਫ਼ਲ ਅੰਦਰ ਮੈਂ ਹੀ ਅਪਣਾ ਚਿਹਰਾ ਲੈ ਕੇ ਆਇਆ ਸੀ , ਫੇਰ ਕਿਵੇਂ ਲੋਕਾਂ ਦੀਆਂ ਨਜ਼ਰਾਂ ਮੇਰੇ ਉੱਪਰ ਠਹਿਰਦੀਆਂ ? ਕਹਿੰਦੇ ਨੇ ਸਰਕਾਰੀ ਸੂਤਰ ਦੋ ਮੌਤਾਂ 'ਤੇ ਛੇ ਫ਼ੱਟੜ, ਬਾਕੀ ਸਭ ਅਫ਼ਵਾਹਾਂ ਸਮਝੋ ਵਾਪਰ ਚੁੱਕੇ ਕਹਿਰ ਦੀਆਂ ! ਅਹਿਸਾਸਾਂ ਦੀ ਬਸਤੀ ਅੰਦਰ ਫਿਰ ਵੀ ਘੋਰ ਹਨੇਰਾ ਹੈ , ਭਾਵੇਂ ਸਿਰ 'ਤੇ ਆ ਗਈਆਂ ਹਨ ਧੁੱਪਾਂ ਸਿਖਰ ਦੁਪਹਿਰ ਦੀਆਂ । ਉਹਨਾਂ ਭਾਣੇ ਪਿੰਡ ਜਿਵੇਂ ਕਿ ਹੁੰਦੇ ਹੀ ਨਾ ਧਰਤੀ 'ਤੇ , ਅਖ਼ਬਾਰਾਂ ਵਿਚ ਖ਼ਬਰਾਂ ਅੱਜਕੱਲ੍ਹ ਸ਼ਹਿਰ ਦੀਆਂ ਹੀ ਸ਼ਹਿਰ ਦੀਆਂ । ਹਰ ਬਸਤੀ, ਹਰ ਨਗਰੀ ਅੰਦਰ ਟਹਿਲਦੀਆਂ ਜੋ ਸ਼ਾਮ ਢਲੇ , ਪੁੱਛਦੇ ਨੇ ਉਸਤਾਦ ਅਸਾਂ ਤੋਂ ਗ਼ਜ਼ਲਾਂ ਕਿਹੜੀ ਬਹਿਰ ਦੀਆਂ ? ਗੁਲਸ਼ਨ ਵਿਚ 'ਇਕਵਿੰਦਰ' ਸਦਕੇ ਰੌਣਕ ਸੀ ਤੇ ਖੇੜਾ ਸੀ, ਉਸਦੇ ਬਾਝੋਂ ਫੁਲ-ਪੱਤੀਆਂ ਵਿਚ ਖੁਸ਼ਬੂਆਂ ਨਾ ਠਹਿਰਦੀਆਂ । ਇਹਨਾਂ ਨੂੰ ਜੇ ਹੱਕ ਨਹੀਂ ਚੂਲੀ ਭਰ ਦਾ 'ਇਕਵਿੰਦਰ', ਖੇਤਾਂ ਨੂੰ ਫਿਰ ਕੀ ਨਿੱਘਾਂ ਹਨ ਭਰ-ਭਰ ਵਗਦੀ ਨਹਿਰ ਦੀਆਂ ?
ਨਾਦ-ਹਵਾਵਾਂ ਆਈਆਂ ਮੇਰੇ ਕਮਰੇ ਵਿਚ
ਨਾਦ-ਹਵਾਵਾਂ ਆਈਆਂ ਮੇਰੇ ਕਮਰੇ ਵਿਚ । ਮਹਿਕਾਂ ਤੇ ਅੰਗੜਾਈਆਂ ਮੇਰੇ ਕਮਰੇ ਵਿਚ । ਸ਼ੋਅ-ਕੇਸਾਂ ਵਿਚ ਡੱਕੇ ਹੋਏ ਬਰਾਤੀ ਨੇ , ਗੂੰਜਦੀਆਂ ਸ਼ਹਿਨਾਈਆਂ ਮੇਰੇ ਕਮਰੇ ਵਿਚ । ਕਮਰੇ ਦੀ ਰੂਹ ਨਿਕਲ ਗਈ ਹੈ ਜਿਸ ਪਲ ਤੋਂ , ਆ ਵੜੀਆਂ ਤਨਹਾਈਆਂ ਮੇਰੇ ਕਮਰੇ ਵਿਚ । ਮੈਨੂੰ ਪੈਂਦੀ ਸ਼ੱਕ ਇਨਾਂ ਦੀ ਨੀਅਤ ਤੇ , ਹੋਈਆਂ ਬੱਦਲਵਾਈਆਂ ਮੇਰੇ ਕਮਰੇ ਵਿਚ । ਅਲਮਾਰੀ ਵਿਚ ਕੈਦ ਕਿਤਾਬਾਂ ਅਣ-ਪੜ੍ਹੀਆਂ , ਝਾਕਦੀਆਂ ਲਲਚਾਈਆਂ ਮੇਰੇ ਕਮਰੇ ਵਿਚ । ਮੌਸਮ ਦੇ ਆਸਾਰ ਮਚਲਦੇ ਜਾਂਦੇ ਨੇ , ਖੁੰਭਾਂ ਨੇ ਉੱਗ ਆਈਆਂ ਮੇਰੇ ਕਮਰੇ ਵਿਚ । ਰੌਸ਼ਨਦਾਨ 'ਚ ਰਹਿੰਦਾ ਜੋੜਾ ਘੁੱਗੀਆਂ ਦਾ , ਅਮਨ ਦੀਆਂ ਸ਼ਹਿਨਾਈਆਂ ਮੇਰੇ ਕਮਰੇ ਵਿਚ । ਗ਼ਮਲੇ ਅੰਦਰ ਗੁੰਮ-ਸੁੰਮ-ਗੁੰਮ-ਸੁੰਮ ਕੁਛ ਥੋਹਰਾਂ , ਮੁੱਦਤਾਂ ਤੋਂ ਤਿਰਹਾਈਆਂ ਮੇਰੇ ਕਮਰੇ ਵਿਚ । ਰਾਤੀਂ ਕਿਹੜੀ ਧੁੱਪ ਲਿਸ਼ਕੀ ਸੀ 'ਇਕਵਿੰਦਰ' ? ਛਾਵਾਂ ਪੁੱਛਣ ਆਈਆਂ ਮੇਰੇ ਕਮਰੇ ਵਿਚ ।
ਦਿਲ ਹੈ ਇਕ ਦਰਿਆ ਕੋਈ ਕਤਰਾ ਨਹੀਂ
ਦਿਲ ਹੈ ਇਕ ਦਰਿਆ ਕੋਈ ਕਤਰਾ ਨਹੀਂ । ਦਿਲ ਹੈ ਇਕ ਪੁਸਤਕ ਕੋਈ ਵਰਕਾ ਨਹੀਂ । ਸ਼ਹਿਰ ਦੀ ਹੱਦ ਤੀਕ ਹਨ ਇਹ ਹਮ-ਸਫ਼ਰ, ਸ਼ਹਿਰ ਤੋਂ ਅੱਗੇ ਇਨ੍ਹਾਂ ਤੁਰਨਾ ਨਹੀਂ । ਖ਼ੂਬਸੂਰਤ ਹਨ ਮੁਖੌਟੇ ਹਰ ਜਗ੍ਹਾ , ਖ਼ੂਬਸੂਰਤ ਹੁਣ ਕਿਤੇ ਚਿਹਰਾ ਨਹੀਂ । ਹੁਣ ਗ਼ਜ਼ਲ ਅਪਣੀ ਦਾ ਹੈ ਚਰਚਾ ਹਜ਼ੂਰ ! ਗ਼ਮ ਨਹੀਂ ਜੇ ਆਪਣਾ ਚਰਚਾ ਨਹੀਂ। ਜਿਸ ਦਾ ਪੁੱਛੋ ਹਾਲ ਇਹ ਹੀ ਆਖਦਾ , 'ਠੀਕ ਤਾਂ ਲੇਕਿਨ ਹੈ ਸਭ ਅੱਛਾ ਨਹੀਂ' । ਰੋਜ਼ ਤਾਜ਼ੀ ਕਬਰ 'ਇਕਵਿੰਦਰ' ਬਣੇ, ਫੇਰ ਵੀ ਸੂਰਜ ਕਦੇ ਮਰਦਾ ਨਹੀਂ । ਉਸ ਗਜ਼ਲ ਦੇ ਵਾਂਗ ਹੈ ਇਹ ਜ਼ਿੰਦਗੀ, ਜਿਸ ਦਾ 'ਇਕਵਿੰਦਰ' ਕੋਈ ਮਕਤਾ ਨਹੀਂ ।
ਅਸਾਂ ਦਾ ਹਾਲ ਨਾ ਹੁੰਦਾ
ਅਸਾਂ ਦਾ ਹਾਲ ਨਾ ਹੁੰਦਾ ਇਵੇਂ ਜੇ ਬੇਵਸੀ ਵਰਗਾ । ਅਸੀਂ ਫਿਰ ਪੈਰ ਨਾ ਚੁੱਕਦੇ ਕਦੇ ਆਵਾਰਗੀ ਵਰਗਾ । ਉਹ ਔਖੇ 'ਤੇ 'ਅਸੰਭਵ' ਸ਼ਬਦ ਦੇ ਹਾੜ੍ਹੇ ਕਢਾ ਦਿੰਦੇ , ਜਿਨ੍ਹਾਂ ਨੂੰ ਪਿਆਰ ਮਿਲ ਜਾਂਦਾ ਹੈ ਸੱਚੀ ਰਹਿਬਰੀ ਵਰਗਾ । ਕਦੇ ਮੈਂ ਜਿੱਤ ਜਾਂਦਾ ਹਾਂ ਕਦੇ ਹੈ ਭਾਵਨਾ ਜਿੱਤਦੀ , ਬੜੇ ਚਿਰ ਤੋਂ ਹੈ ਦਿਲ ਵਿਚ ਹੋ ਰਿਹਾ ਰੱਸਾਕਸ਼ੀ ਵਰਗਾ । ਦੁਸਹਿਰੀ ਅੰਬ ਵਰਗੀ ਇਸ 'ਚ ਮਿੱਠਤ ਘੋਲਣੀ ਪੈਣੀ , ਇਹ ਮੌਸਮ ਹੋ ਗਿਆ ਹੈ ਟੀਟ ਨਿੰਬੂ ਕਾਗ਼ਜ਼ੀ ਵਰਗਾ । ਜੋ ਮੇਰਾ ਗੁੰਮਿਆ ਮੌਸਮ, ਸ਼ਨਾਖ਼ਤ ਇਸ ਤਰ੍ਹਾਂ ਉਸ ਦੀ , ਉਹ ਕਲੀਆਂ ਦੀ ਹਯਾ ਵਰਗਾ, ਸੁਰਾਂ ਦੀ ਦਿਲਕਸ਼ੀ ਵਰਗਾ । ਮੁਹੱਬਤ ਵਿੱਚ ਤਾਂ 'ਇਕਵਿੰਦਰ' ਸਮਰਪਣ ਹੀ ਸਮਰਪਣ ਹੈ , ਮੁਹੱਬਤ ਵਿਚ ਨਹੀਂ ਹੁੰਦਾ ਹੈ ਕੁਛ ਸੌਦਾਗਰੀ ਵਰਗਾ ।
ਸਿਖਰ-ਦੁਪਹਿਰੇ ਸੜਕਾਂ ਉੱਤੇ
ਸਿਖਰ-ਦੁਪਹਿਰੇ ਸੜਕਾਂ ਉੱਤੇ ਧੁੱਪਾਂ ਲਿਸ਼ਕਦੀਆਂ । ਅੱਧੇ ਦਿਨ ਦੀ ਫਰਲੋ ਮਾਰ ਕੇ ਮੁੜੀਆਂ ਭੈਣਜੀਆਂ । 'ਕੱਠੀਆਂ ਹੋ-ਹੋ ਕਰਨ ਕਲੋਲਾਂ ਹਾਸੇ ਛੰਡਦੀਆਂ । ਦਿਲ ਦੀ ਝੀਲ ’ਚ ਵੰਨ-ਸੁਵੰਨੀਆਂ ਬਤਖ਼ਾਂ ਤੈਰਦੀਆਂ । ਕਮਰੇ ਵਿਚ ਇਕਲਾਪੇ ਦੀ ਰੁੱਤ ਧਰਨੇ ਬੈਠ ਗਈ , ਧੁੱਪਾਂ-ਛਾਵਾਂ ਛੂਹਣ-ਛੁਹਾਈ ਖੇਡਦੀਆਂ । ਭਾਵੇਂ ਆਪਾਂ ਨਾ ਹੋਵਾਂਗੇ ਇਹਨਾਂ ਦੇ ਵਿਚਕਾਰ , ਸਾਡੇ ਮਗਰੋਂ ਵੀ ਇਹ ਰੁੱਤਾਂ ਅਕਸਰ ਆਉਣਗੀਆਂ । ਉਸ ਨਗਰੀ ਦੇ ਵਾਸੀ ਕਿੱਦਾਂ ਪਹੁੰਚਣ ਮੰਜ਼ਿਲ 'ਤੇ ? ਜਿੱਥੇ ਚੌਰਸਤੇ ਦੀਆਂ ਬੱਤੀਆਂ ਰਸਤਾ ਪੁੱਛਦੀਆਂ । ਖ਼ਵਰੇ ! ਇਹਨਾਂ ਨੂੰ ਕੀ ਦਿਸਦਾ ਸਾਡੇ ਘਰ ਅੰਦਰ , ਸਾਡੇ ਘਰ 'ਤੇ ਨੀਵਾਂ-ਨੀਵਾਂ ਗਿਰਝਾਂ ਉੱਡਦੀਆਂ । ਦਫ਼ਤਰ ਵਿਚ ਕੰਪਿਊਟਰ ਬਣ ਚੁੱਕੇ ਹਾਂ 'ਇਕਵਿੰਦਰ' , ਕਾਲਜ ਵਾਂਗਰ ਕਿੱਥੋਂ ਲੱਭਣ ਘੜੀਆਂ ਮੌਜ ਦੀਆਂ ।
ਜਦ ਤੀਕਣ ਉਹ ਬੈਠੇ ਮੇਰੇ ਕੋਲ ਰਹੇ
ਜਦ ਤੀਕਣ ਉਹ ਬੈਠੇ ਮੇਰੇ ਕੋਲ ਰਹੇ । ਸਭ ਨੂੰ ਮਿੱਠੇ ਲਗਦੇ ਮੇਰੇ ਬੋਲ ਰਹੇ । ਅਪਣੀ-ਅਪਣੀ ਪਿੱਠ ਤੇ ਲਿਖਕੇ ਅਪਣਾ ਨਾਂ , ਭੀੜਾਂ ਅੰਦਰ ਲੋਕੀ ਆਪਾ ਟੋਲ ਰਹੇ । ਦੀਵਾਰਾਂ ਤੋਂ ਲਿਖਿਆ ਹੋਇਆ ਪੜ੍ਹਦੇ ਨਾ , ਲੋਕੀ ਬੱਸ ! ਐਵੇਂ ਅਖ਼ਬਾਰਾਂ ਫੋਲ ਰਹੇ । ਮੈਂ ਅੰਬਰ 'ਚੋਂ ਲੱਭਾਂ 'ਤੇ ਉਹ ਧਰਤੀ `ਚੋਂ , ਮੈਂ ਤੇ ਮੇਰਾ ਸਾਇਆ ਹਾਂ ਕੁਛ ਟੋਲ ਰਹੇ । ਨਵ-ਸੂਰਜ ਨੂੰ ਆਖਣ ਖ਼ਾਤਰ 'ਜੀ ਆਇਆਂ', ਪਿੰਜਰਿਆਂ ਦੇ ਪੰਛੀ ਵੀ ਪਰ ਤੋਲ ਰਹੇ । ਔੜਾਂ-ਮਾਰੀ ਧਰਤੀ 'ਤੇ ਨਾ ਬੂੰਦ ਪਈ , ਰਾਤੀਂ ਬੱਦਲ ਕਰਦੇ ਟਾਲ-ਮਟੋਲ ਰਹੇ । ਉਹ ਕੀ ਜਾਨਣਗੇ ਅੰਦਰ ਦੇ ਗੁਣ-ਔਗੁਣ ? ਜੋ ਪੁਸਤਕ ਨੂੰ ਰੈਪਰ ਤੋਂ ਪੜਚੋਲ ਰਹੇ । ਰਾਤੋ-ਰਾਤ ਤਰੱਕੀ ਕਰਦੇ ਲੋਕ ਕਿਵੇਂ ? ਸ਼ਾਇਰ-ਲੋਕੀਂ ਇਸ ਬਾਰੇ ਅਨਭੋਲ ਰਹੇ । ਆਪਣੀ ਬੇੜੀ ਦੀ ਕੀ ਦੱਸੇ 'ਇਕਵਿੰਦਰ' , ਕੰਢੇ ਲਗਣ ਤੀਕਣ ਡਾਵਾਂ-ਡੋਲ ਰਹੇ ।
ਚੰਡੀਗੜ੍ਹ ਤੋਂ ਡਿਗਰੀ ਸਾਨੂੰ ਆਈ ਹੈ
ਚੰਡੀਗੜ੍ਹ ਤੋਂ ਡਿਗਰੀ ਸਾਨੂੰ ਆਈ ਹੈ । ਨੌਕਰੀਆਂ ਦੇ ਦਫ਼ਤਰ ਨੂੰ ਪਰਤਾਈ ਹੈ । ਕਾਊਂਟਰ ਉੱਤੇ ਬੈਠੀ ਹੋਈ ਸੋਨ-ਚਿੜੀ , ਬੀਅਰ-ਬਾਰ 'ਚ ਰਹਿ ਕੇ ਵੀ ਤਿਰਹਾਈ ਹੈ । ਜਿਹੜੀ ਥਾਂ ਤੋਂ ਮੁੱਦਤ ਪਹਿਲੋਂ ਤੁਰਿਆ ਸਾਂ, ਉਸ ਥਾਂ 'ਤੇ ਹੀ ਕਿਸਮਤ ਫੇਰ ਲਿਆਈ ਹੈ । ਸੂਰਜ ਨੇ ਸਰਕਾ ਕੇ ਪੱਲਾ ਸਰਘੀ ਦਾ , ਧਰਤੀ ਤੋਂ ਨੇੜੇ ਦੀ ਹੱਦ ਮੁਕਾਈ ਹੈ । ਲਾਲ ਹਨੇਰੀ ਆ ਕੇ ਪਾੜ ਮੁਕਾਏਗੀ, ਟੋਏ ਤੋਂ ਟਿੱਬੇ ਦੀ ਬਹੁਤ ਉਚਾਈ ਹੈ । ਪੈਲੀ-ਪੈਲੀ ਤਿੱਤਰ ਲੱਭਦੇ ਫਿਰਦੇ ਹਾਂ , ਇਹ ਕੇਹੀ ਜਗਤਾਰ* ਨੇ ਆਦਤ ਪਾਈ ਹੈ ! ਮੇਰੇ ਵਰਗਾ ਹੈ ਚੌਰਸਤੇ ਦਾ ਕੈਕਟਸ, ਜਿਸ ਤੋਂ ਹਰ ਰਾਹੀ ਨੇ ਅੱਖ ਚੁਰਾਈ ਹੈ। *ਸੁਪ੍ਰਸਿੱਧ ਸ਼ਾਇਰ ਡਾ. ਜਗਤਾਰ।
ਪੰਛੀ ਜਦ ਆਜ਼ਾਦ ਹੋਣਗੇ
ਪੰਛੀ ਜਦ ਆਜ਼ਾਦ ਹੋਣਗੇ । ਸੁੰਨੇ ਘਰ ਆਬਾਦ ਹੋਣਗੇ । ਆਪੇ ਪਰਤਣਗੇ ਪਰਦੇਸੀ, ਜੇਕਰ ਵਾਅਦੇ ਯਾਦ ਹੋਣਗੇ । ਪਿਛਲੇ ਪਾਠ ਭੁਲਾਈ ਜਾਨਾਂ, ਅਗਲੇ ਕਿੱਦਾਂ ਯਾਦ ਹੋਣਗੇ ? ਸਾਡੀ ਬਰਬਾਦੀ ਦੇ ਆਸ਼ਕ, ਆਪੇ ਹੀ ਬਰਬਾਦ ਹੋਣਗੇ । 'ਇਕਵਿੰਦਰ' ਇਹ ਤੱਕਿਆ ਨਾ ਸੀ ? ਰਹਿਬਰ ਵੀ ਜੱਲਾਦ ਹੋਣਗੇ । 'ਇਕਵਿੰਦਰ' ਗੁਜ਼ਰੇਗਾ ਜਿੱਥੋਂ , ਉੱਥੇ ਵਾਦ-ਵਿਵਾਦ ਹੋਣਗੇ। 'ਇਕਵਿੰਦਰ' ਨਾ ਪਰਖੀਂ ਗ਼ਜ਼ਲਾਂ , ਪਰਖਣ ਜੋ ਉਸਤਾਦ ਹੋਣਗੇ ।
ਮਾਰੂਥਲ ਵਿਚ ਵੀ ਬਰਸਾਤਾਂ ਹੋਣਗੀਆਂ
ਮਾਰੂਥਲ ਵਿਚ ਵੀ ਬਰਸਾਤਾਂ ਹੋਣਗੀਆਂ । ਜੇ ਤੂੰ ਚਾਹਿਆ ਇਹ ਵੀ ਬਾਤਾਂ ਹੋਣਗੀਆਂ । ਪੇਂਡੂ ਸੜਕਾਂ 'ਤੇ ਜਦ ਰਾਤਾਂ ਹੋਣਗੀਆਂ । ਸ਼ਹਿਰੀ ਸੜਕਾਂ 'ਤੇ ਪਰਭਾਤਾਂ ਹੋਣਗੀਆਂ । ਯਾਦ ਕਰਾਂਗੇ ਓਦੋਂ ਨਿੱਘੇ ਮੌਸਮ ਨੂੰ , ਠਰੀਆਂ-ਠਰੀਆਂ ਜਦ ਵੀ ਰਾਤਾਂ ਹੋਣਗੀਆਂ । ਜੀਵਨ-ਰਾਹ ਵਿੱਚ ਆਪਣਾ ਗ਼ਮ, ਲੋਕਾਂ ਦਾ ਗ਼ਮ, ਕੁਛ ਤਾਂ ਮੇਰੇ ਨਾਲ ਸੁਗਾਤਾਂ ਹੋਣਗੀਆਂ । ਸੂਰਜ ਤਾਂ ਸੌਂਵੇਗਾ ਪਰ ਲੋਅ ਜਾਗੇਗੀ, ਇਸ ਪ੍ਰਕਾਰ ਦੀਆਂ ਵੀ ਰਾਤਾਂ ਹੋਣਗੀਆਂ । ਇਹ ਜੋ ਕੋਲੋ-ਕੋਲ ਖੜ੍ਹੇ ਨੇ ਦੋ ਸਾਏ, ਭੇਤ ਦੀਆਂ ਹੀ ਗੱਲਾਂ-ਬਾਤਾਂ ਹੋਣਗੀਆਂ ! ਸ਼ਾਇਰ ਨਾ ਜੇ ਰਹਿੰਦੇ ਹੋਣ ਸਵਰਗਾਂ ਵਿਚ, ਉੱਥੇ ਵੀ ਫਿਰ ਜਾਤਾਂ-ਪਾਤਾਂ ਹੋਣਗੀਆਂ । ਮੈਂ ਉਸ ਘੋਰ ਗੁਫ਼ਾ ਵਾਂਗਰ ਹਾਂ ਜਿਸ ਅੰਦਰ , ਭੁੱਲ-ਭੁਲੇਖੇ ਹੀ ਪਰਭਾਤਾਂ ਹੋਣਗੀਆਂ । ਏਦਾਂ ਦੇ ਵੀ ਦੂਰ ਨਹੀਂ ਦਿਨ 'ਇਕਵਿੰਦਰ' , ਕਮਰੇ ਅੰਦਰ ਜਦ ਬਰਸਾਤਾਂ ਹੋਣਗੀਆਂ ।
ਸੱਤ ਸਮੁੰਦਰ ਪਾਰ ਗਈ ਹੈ
ਸੱਤ ਸਮੁੰਦਰ ਪਾਰ ਗਈ ਹੈ ਜਦ ਤੋਂ ਗੋਰੀ ਛਾਂ । ਖੰਡਰ-ਖੰਡਰ ਜਾਪ ਰਹੇ ਨੇ ਸਾਰੇ ਸ਼ਹਿਰ-ਗਰਾਂ। ਜਿਸ ਵੇਲੇ ਤੋਂ ਉੱਗ ਪਏ ਹਨ ਇਹ ਲੋਹੇ ਦੇ ਰੁੱਖ , ਉਸ ਵੇਲੇ ਤੋਂ ਉੱਡ ਗਈ ਹੈ ਹਰ ਥਾਂ ਤੋਂ ਚੁੱਪ-ਚਾਂ । ਨੰਗੇ ਪਿੰਡੇ ਤੁਰਦੇ ਫਿਰਦੇ ਇਹ ਕਿੱਦਾਂ ਦੇ ਲੋਕ ? ਮੈਂ ਕਸ਼ਮੀਰੀ ਕੰਬਲ ਵਿਚ ਵੀ ਸਰਦੀ ਨਾਲ ਠਰਾਂ । ਮੈਂ ਕੀ ਜਾਣਾਂ ਇਸਦੀ ਕਿੰਨੀ ਉੱਚੀ ਹੈ ਪਰਵਾਜ਼ ? ਆਪਣੇ ਜਿੰਦ ਗ਼ੁਬਾਰੇ ਨੂੰ ਮੈਂ ਸਾਹਾਂ ਨਾਲ ਭਰਾਂ । ਜਿਸ ਬੰਦੇ ਨੇ ਸਾਹ ਛੱਡਿਆ ਸੀ ਗੱਡੇ-ਰਾਹ ਵਿਚਕਾਰ , ਅੱਜ ਕੱਲ੍ਹ ਉਸਦੇ ਨਾਂ 'ਤੇ ਹੈ ਇਕ ਲਿੰਕ-ਰੋਡ ਦਾ ਨਾਂ । ਅਪਣੇ ਪਿੱਛੇ ਛੱਡਦੇ ਜਾਂਦੇ ਕਾਲਖ਼ ਵਰਗੀ ਲੀਕ , ਜਿੱਥੋਂ-ਜਿੱਥੋਂ ਉੱਡਦੇ ਜਾਂਦੇ ਕਾਂ-ਕਾਂ ਕਰਦੇ ਕਾਂ । ਉਘੜੇ ਦੁਘੜੇ ਖ਼ਾਕੇ ਉੱਭਰਨ ਮਨ ਦੇ ਕੈਨਵਸ ਉੱਪਰ , ਧੁੰਦਲੇ ਭੂਤ-ਅਤੀਤ ਸਮੇਂ ਨੂੰ ਜਦ ਵੀ ਯਾਦ ਕਰਾਂ। ਗਿਰਗਿਟ ਵਰਗੇ ਮੌਸਮ ਨੂੰ ਤੂੰ 'ਇਕਵਿੰਦਰ' ਖੁਦ ਦੇਖ , ਸਾਡੇ ਘਰ ਵਿਚ ਸੜ੍ਹਦੀ ਧੁੱਪ ਹੈ ਉਹਨਾਂ ਦੇ ਘਰ ਛਾਂ ।
ਪਲ-ਛਿਣ ਅੰਦਰ ਗੁੰਮ-ਸੁੰਮ ਹੋਇਆ
ਪਲ-ਛਿਣ ਅੰਦਰ ਗੁੰਮ-ਸੁੰਮ ਹੋਇਆ ਸਾਂ-ਸਾਂ ਕਰਦਾ ਸਾਰਾ ਜੰਗਲ । ਸਰਘੀ ਜਦ ਛਣਕਾ ਕੇ ਲੰਘੀ ਸੋਨੇ ਰੰਗੀ ਅਪਣੀ ਪਾਯਲ । ਸੁੱਤੀ ਹੋਈ ਦੁਨੀਆਂ ਜਾਗੇ ਹਰ ਥਾਂ ਹੋਵੇ ਹਲਚਲ-ਹਲਚਲ । ਸੂਰਜ ਜਦ ਸਰਕਾ ਦਿੰਦਾ ਹੈ ਜੋ ਸਰਘੀ ਦੇ ਮੁਖੜੇ ਤੋਂ ਆਂਚਲ । ਬਸਤੀ ਤੋਂ ਉਕਤਾਏ ਪੰਛੀ ਸ਼ਾਇਦ ਏਧਰ ਆ ਹੀ ਨਿਕਲਣ, ਰਸਤੇ ਵੱਲ ਨੂੰ ਖੁੱਲ੍ਹਦੀ ਖਿੜਕੀ 'ਤੇ ਮੈਂ ਲਿਖ ਦਿੱਤਾ ਹੈ ਜੰਗਲ । ਫਿਰ ਵੀ ਦੋਹਾਂ ਦੇ ਦਿਲ ਅੰਦਰ ਕੱਚੀਆਂ ਵੰਗਾਂ ਵਰਗਾ ਤੇਹ ਸੀ, ਨਾ ਸੀ ਥਲ ਨੇ ਤੱਕਿਆ ਦਰਿਆ ਨਾ ਦਰਿਆ ਨੇ ਤੱਕਿਆ ਸੀ ਥਲ । ਦਫ਼ਤਰ ਅੰਦਰ ਸਾਰਾ ਹੀ ਦਿਨ ਉਲਝੇ ਰਹੀਏ ਫ਼ਾਈਲਾਂ ਅੰਦਰ, ਸ਼ਾਮ ਢਲੀ 'ਤੇ ਘੋਰ ਉਦਾਸੀ ਆ ਮੱਲਦੀ ਹੈ ਘਰ ਦੀ ਸਰਦਲ । ਜੰਗਲ ਤੋਂ ਛੁਟਕਾਰਾ ਕਿੱਦਾਂ ਪਾ ਸਕਦੀ ਹੈ ਭੋਲੀ ਨਗਰੀ ? ਨਗਰੀ ਦੇ ਇਕ ਬਾਹਰ ਜੰਗਲ ਨਗਰੀ ਦੇ ਇਕ ਅੰਦਰ ਜੰਗਲ । ਗੁੰਮ ਗਈ ਝਾਂਜਰ ਨੂੰ ਦੇ ਚਰਚੇ, ਘੜਿਆਂ ਤੇ ਗਾਗਰ ਦੇ ਚਰਚੇ, ਦਿਲ ਵਿਚ ਭੇਤ ਛੁਪਾਈ ਰੱਖੇ ਖੂਹ ਦੀ ਮਣ 'ਤੇ ਉੱਗਿਆ ਪਿੱਪਲ । 'ਇਕਵਿੰਦਰ' ਸਭਨੇ ਪਾ ਲੈਣਾ ਪੂਰਾ-ਪੂਰਾ ਅਪਣਾ ਹਿੱਸਾ, ਇਕਨਾ ਹਿੱਸੇ ਆਵੇ ਸਾਹਿਲ ਇਕਨਾ ਹਿੱਸੇ ਆਵੇ ਦਲ-ਦਲ ।
ਤੂੰ ਮੇਰੀ ਤਸਵੀਰ ਸਜਾ ਲੈ
ਤੂੰ ਮੇਰੀ ਤਸਵੀਰ ਸਜਾ ਲੈ ਅਪਣੇ ਦਿਲ ਦੀ ਬੈਠਕ ਅੰਦਰ । ਮੇਰੇ ਨਾਂ ਦਾ ਦੀਪ ਜਗਾ ਲੈ ਅਪਣੇ ਦਿਲ ਦੀ ਬੈਠਕ ਅੰਦਰ। ਜੇ ਤੂੰ ਚਾਹਵੇਂ ਮੈਂ ਇਸ ਅੰਦਰ ਸਾਰੀ ਉਮਰ ਬਿਤਾ ਸਕਦਾ ਹਾਂ, ਪੱਕੇ ਕਾਗ਼ਜ਼ ’ਤੇ ਲਿਖਵਾ ਲੈ ਅਪਣੇ ਦਿਲ ਦੀ ਬੈਠਕ ਅੰਦਰ । ਛੱਤ ਜਿਦ੍ਹੀ ਅੰਬਰ ਨੂੰ ਛੋਵੇ ਦੀਵਾਰਾਂ ਵਿਚ ਜੱਗ ਸਮੋਵੇ, ਏਦਾਂ ਦੀ ਇਕ ਬੈਠਕ ਪਾ ਲੈ ਅਪਣੇ ਦਿਲ ਦੀ ਬੈਠਕ ਅੰਦਰ । ਮੇਰੇ ਦਿਲ ਦੇ ਸਾਗਰ ਵਿੱਚੋਂ ਇਹ ਜੋ ਕਾਲ-ਕਲੂਟੇ ਉੱਠੇ, ਇਹਨਾਂ ਬੱਦਲਾਂ ਨੂੰ ਬਰਸਾ ਲੈ ਅਪਣੇ ਦਿਲ ਦੀ ਬੈਠਕ ਅੰਦਰ। ਇਹ ਤੇਰੇ ਤੇ ਨਿਰਭਰ ਕਰਦਾ, ਇਹ ਤੇਰੇ `ਤੇ ਨਿਰਭਰ ਕਰਦਾ, ਮੰਦਰ ਜਾਂ ਮੈਖ਼ਾਨਾ ਪਾ ਲੈ ਅਪਣੇ ਦਿਲ ਦੀ ਬੈਠਕ ਅੰਦਰ । ਹਲਕੀ-ਹਲਕੀ ਸ਼ਾਮ ਢਲੀ ਹੈ ਮਹਿਕੀ-ਮਹਿਕੀ ਪੌਣ ਵਗੀ ਹੈ, ਉਸਦੇ ਨਾਂ ਦਾ ਜਾਮ ਉਠਾ ਲੈ ਅਪਣੇ ਦਿਲ ਦੀ ਬੈਠਕ ਅੰਦਰ । ਇਹਨਾਂ ਦੀ ਭਟਕਣ ਨੂੰ ਸ਼ਾਇਦ ਏਥੇ ਹੀ ਮੰਜ਼ਿਲ ਮਿਲ ਜਾਵੇ, ਖੁਸ਼ਬੂਆਂ ਨੂੰ ਸੀਨੇ ਲਾ ਲੈ ਅਪਣੇ ਦਿਲ ਦੀ ਬੈਠਕ ਅੰਦਰ । ਹਾਲੇ ਤਾਂ ਮੈਂ ਆਇਆ ਹੀ ਹਾਂ ਤੂੰ ਜਾਣੇ ਨੂੰ ਕਹਿ ਦਿਤਾ ਹੈ, ਥੋੜ੍ਹਾ ਜਿੰਨਾ ਤਾਂ ਅਟਕਾ ਲੈ ਅਪਣੇ ਦਿਲ ਦੀ ਬੈਠਕ ਅੰਦਰ। ਹਾਦਸਿਆਂ ਦੇ ਕੈੱਕਟਸ ਕੋਲੋਂ ਜੇ ਤੂੰ ਰਾਹਤ ਪਾਉਣੀ ਚਾਹੁੰਦੈਂ, ਗ਼ਮਲੇ ਵਿਚ ਗੁਲਦਾਉਦੀ ਲਾ ਲੈ ਅਪਣੇ ਦਿਲ ਦੀ ਬੈਠਕ ਅੰਦਰ, ਮੈਨੂੰ ਇਸ ਦੇ ਰੋਜ਼ ਉਲਾਂਭੇ ਮਿਲਦੇ ਨੇ 'ਇਕਵਿੰਦਰ' ਅੱਜ ਕੱਲ੍ਹ, ਅਪਣੇ ਸਾਏ ਨੂੰ ਸਮਝਾ ਲੈ ਅਪਣੇ ਦਿਲ ਦੀ ਬੈਠਕ ਅੰਦਰ।
ਝੋਂਪੜੀਆਂ ਨੇ ਚੋਣਾ ਏਂ ਬਰਸਾਤਾਂ ਵਿਚ
ਝੋਂਪੜੀਆਂ ਨੇ ਚੋਣਾ ਏਂ ਬਰਸਾਤਾਂ ਵਿਚ। ਮਹਿਲਾਂ ਨੇ ਖੁਸ਼ ਹੋਣਾ ਏਂ ਬਰਸਾਤਾਂ ਵਿਚ । ਕੱਚੇ ਘਰ ਨੇ ਚੋਣਾ ਏਂ ਬਰਸਾਤਾਂ ਵਿਚ। ਜਲ-ਥਲ-ਜਲ-ਥਲ ਹੋਣਾ ਏਂ ਬਰਸਾਤਾਂ ਵਿਚ । ਕਾਲੇ ਬੱਦਲਾਂ 'ਚੋਂ ਜਦ ਬਿਜਲੀ ਚਮਕੇਗੀ, ਦਿਲ ਵਿਚ ਕੁਛ-ਕੁਛ ਹੋਣਾ ਏਂ ਬਰਸਾਤਾਂ ਵਿਚ। ਖੂੰਜੇ ਬਹਿ ਕੇ ਸਾਰੀ ਰਾਤ ਗੁਜ਼ਾਰਾਂਗੇ, ਸਾਡਾ ਘਰ ਵੀ ਚੋਣਾ ਏਂ ਬਰਸਾਤਾਂ ਵਿਚ । ਕੱਚੇ ਰਾਹ ਦੇ ਉੱਤੇ ਘਰ ਹੈ ਸੱਜਣਾਂ ਦਾ, ਏਸੇ ਗੱਲ ਦਾ ਰੋਣਾ ਏਂ ਬਰਸਾਤਾਂ ਵਿੱਚ। ਉਹਨਾਂ ਨੇ ਕੀ ਲੈਣਾ ਘੋਰ-ਘਟਾਵਾਂ ਤੋਂ, ਜਿਹਨਾਂ ਬੇਘਰ ਹੋਣਾ ਏਂ ਬਰਸਾਤਾਂ ਵਿਚ । ਜਿਸ ਦੀ ਪਿਆਸ ਬੁਝੀ ਨਾ ਸਾਉਣ ਮਹੀਨੇ ਵੀ, ਉਸ ਬਿਰਹਨ ਨੇ ਰੋਣਾ ਏਂ ਬਰਸਾਤਾਂ ਵਿਚ । ਧੂੜ, ’ਚ ਲਥ-ਪਥ ਅਪਣਾ ਰੂਪ ਸੰਵਾਰਨ ਨੂੰ, ਸੜਕਾਂ ਨੇ ਮੂੰਹ ਧੋਣਾ ਏਂ ਬਰਸਾਤਾਂ ਵਿਚ । ਅੰਬ, ਦੁਸਹਿਰੀ ਚੂਪਣ ਆਵੀਂ ਪੁਰਹੀਰਾਂ, 'ਇਕਵਿੰਦਰ' ਘਰ ਹੋਣਾ ਏਂ ਬਰਸਾਤਾਂ ਵਿਚ।
ਕੁਛ ਪਲ ਦਰਿਆ ਕੋਲ ਖਲੋ ਕੇ ਦੇਖਾਂਗੇ
ਕੁਛ ਪਲ ਦਰਿਆ ਕੋਲ ਖਲੋ ਕੇ ਦੇਖਾਂਗੇ । ਇਸ ਵਿਚ ਅਪਣਾ ਸਾਇਆ ਧੋ ਕੇ ਦੇਖਾਂਗੇ। ਫੁੱਲ ਸਦਾ ਹੀ ਵੰਡਦੇ ਆਏ ਖੁਸ਼ਬੂਆਂ, ਫੁੱਲਾਂ ਵਰਗੇ ਆਪਾਂ ਹੋ ਕੇ ਦੇਖਾਂਗੇ । ਇਕਲਾਪੇ ਦੀ ਨਿੰਮੀ-ਨਿੰਮੀ ਧੁੱਪ ਅੰਦਰ, ਯਾਦਾਂ, ਦੇ ਕੁਛ ਹਾਰ ਪਰੋ ਕੇ ਦੇਖਾਂਗੇ । ਸ਼ਾਮ-ਸਵੇਰੇ ਇੱਛਾ ਨੂੰ ਫ਼ਲ ਲੱਗੇਗਾ, ਰੁੱਖਾਂ ਜਿੱਡੇ ਆਪਾਂ ਹੋ ਕੇ ਦੇਖਾਂਗੇ । ਤੇਰੇ ਸਾਏ ਕੋਲ ਲਿਜਾ ਕੇ ਸਾਏ ਨੂੰ, ਏਦਾਂ ਤੇਰੇ ਕੋਲ ਖਲੋ ਕੇ ਦੇਖਾਂਗੇ, ਅਪਣੇ ਤਨ ਦੀ ਵੀ ਪਰਖਾਂਗੇ ਖੁਸ਼ਬੂਈ, ਖੁਸ਼ਬੂਆਂ ਤੋਂ ਦੂਰ ਖਲੋ ਕੇ ਦੇਖਾਂਗੇ । ਕਦ ਹੋਵੇਗੀ ਇਸ 'ਤੇ ਦਸਤਕ 'ਇਕਵਿੰਦਰ' ? ਕਦ ਤੱਕ ਦਿਲ ਦਾ ਬੂਹਾ ਢੋ ਕੇ ਦੇਖਾਂਗੇ ?
ਤੇਰੇ ਨਾਲ ਬਹਾਰਾਂ ਤੁਰੀਆਂ
ਤੇਰੇ ਨਾਲ ਬਹਾਰਾਂ ਤੁਰੀਆਂ ਮੇਰੇ ਨਾਲ ਖ਼ਿਜ਼ਾਵਾਂ । ਤੇਰੇ ਹੀ ਪਰਛਾਵੇਂ ਵਰਗਾ ਮੇਰਾ ਵੀ ਪਰਛਾਵਾਂ । ਪਲ-ਛਿਣ ਅੰਦਰ ਤਪਦੇ ਥਲ ਦੀ ਠਾਰ ਦਿਆਂਗਾ ਅਗਨੀ, ਜੇਕਰ ਘੋਰ-ਘਟਾਵਾਂ ਦਾ ਮੈਂ ਇਕ ਹਿੱਸਾ ਬਣ ਜਾਵਾਂ । ਰਾਹ ਦੇ ਪੱਥਰ ਵਾਂਗਰ ਮੈਨੂੰ ਠੋਕਰ ਲਾ ਕੇ ਤੁਰਦੇ, ਲਹਿੰਦੀ ਧੁੱਪੇ ਕੁਚਲੀ ਜਾਂਦੇ ਲੋਕ ਮੇਰਾ ਪਰਛਾਵਾਂ। ਮੈਂ ਕੀ ਜਾਣਾ ਕੀ ਹੈ ਜੋਬਨ ਸ਼ੋਖ਼-ਬਹਾਰਾਂ ਕੀ ਹਨ, ਮੈਂ ਉਹ ਰੁੱਖ ਹਾਂ ਜਿਸ ਦੇ ਉੱਤੇ ਛਾਈਆਂ ਰਹਿਣ ਖ਼ਿਜ਼ਾਵਾਂ । ਜੀਵਨ-ਪੱਤਰ ਸਹਿਜੇ-ਸਹਿਜੇ, ਮੰਜ਼ਿਲ 'ਤੇ ਪੁੱਜ ਜਾਵੇ, ਹੋਵੇ ਜਾਂ ਨਾ ਹੋਵੇ ਇਸ 'ਤੇ ਮੰਜ਼ਿਲ ਦਾ ਸਿਰਨਾਵਾਂ । ਤਪਦੇ ਥਲ ਵਿਚ ਤਿੱਖੀ ਧੁੱਪ ਤੇ ਲੂਅ ਨੇ ਸਾੜੀ ਰੱਖਿਆ, ਤਪਦੇ ਥਲ ਤੋਂ ਪਾਰ ਗਏ ਤਾਂ ਛਾਈਆਂ ਘੋਰ-ਘਟਾਵਾਂ । ਚੰਡੀਗੜ੍ਹ ਵਿਚ ਦੱਸ ਮੈਂ ਤੇਰਾ ਕਿੱਦਾਂ ਕਰਾਂ ਸਵਾਗਤ ? ਪੁਰਹੀਰਾਂ ਵਿਚ ਜੇਕਰ ਮਿਲਦਾ ਕਰਦਾ ਹੱਥੀਂ ਛਾਵਾਂ ।
ਹਾਦਸਿਆਂ ਦੀ ਹਾਮੀ ਭਰਦੇ ਚੌਰਸਤੇ
ਹਾਦਸਿਆਂ ਦੀ ਹਾਮੀ ਭਰਦੇ ਚੌਰਸਤੇ। ਹਾਦਸਿਆਂ ਤੋਂ ਹੁਣ ਨਾ ਡਰਦੇ ਚੌਰਸਤੇ। ਜਦ ਵੀ ਪਿੱਠ ਦਿਖਾਉਂਦਾ ਹਾਂ ਫੁਟ-ਪਾਥਾਂ ਨੂੰ, ਅਕਸਰ ਮੇਰਾ ਪਿੱਛਾ ਕਰਦੇ ਚੌਰਸਤੇ । ਉਸਦੇ ਘਰ ਵੱਲ ਆਉਂਦੇ ਹਰ ਇਕ ਰਸਤੇ ਵਿਚ, ਸਿਮਟ ਗਏ ਨੇ ਦੁਨੀਆ-ਭਰ ਦੇ ਚੌਰਸਤੇ । ਸ਼ਹਿਰਾਂ ਅੰਦਰ ਇਹ ਕੀ ਭਾਣਾ ਵਰਤ ਗਿਆ ? ਸ਼ਾਮ-ਢਲੇ ਵੀ ਸਾਂ-ਸਾਂ ਕਰਦੇ ਚੌਰਸਤੇ । ਚੁਲਬੁਲੀਆਂ ਧੁੱਪਾਂ ਨੂੰ ਤੱਕ ਕੇ 'ਇਕਵਿੰਦਰ', ਠੰਡੇ-ਠੰਡੇ ਹਉਕੇ ਭਰਦੇ ਚੌਰਸਤੇ । ਸਾਡਾ ਸਾਇਆ ਕਰਦਾ ਸਾਡੀ ਜਾਸੂਸੀ, 'ਇਕਵਿੰਦਰ' ਨਿਗਰਾਨੀ ਕਰਦੇ ਚੌਰਸਤੇ।
ਅਪਣੇ ਮਨ ਤੋਂ ਜੇ ਨਾ ਬੋਝ ਉਤਾਰੋਗੇ
ਅਪਣੇ ਮਨ ਤੋਂ ਜੇ ਨਾ ਬੋਝ ਉਤਾਰੋਗੇ । ਉੱਸਲਵੱਟੇ ਲੈ-ਲੈ ਰਾਤ ਗੁਜ਼ਾਰੋਗੇ। ਵਗਦੇ ਪਾਣੀ ਵਿਚ ਜੇ ਅਕਸ ਉਤਾਰੋਗੇ। ਅਪਣੇ ਹੀ ਸਾਏ ਨੂੰ ਪੱਥਰ ਮਾਰੋਗੇ । ਦੀਵਾਰਾਂ ਤੋਂ ਡਰ-ਡਰ ਛੱਤਾਂ ਤੋਂ ਛੁਪ-ਛੁਪ, ਏਦਾਂ ਘਰ ਵਿਚ ਕਦ ਤੱਕ ਵਕਤ ਗੁਜ਼ਾਰੋਗੇ ? ਅਲਖ ਜਗਾਉਣਾ ਰਸਤੇ ਵਿਚ ਕਿਰ ਜਾਏਗਾ, ਜੇ ਨਾ ਅਪਣੇ ਮਨ ਦਾ ਭੇਖ ਉਤਾਰੋਗੇ। ਪਿੱਠ 'ਤੇ ਉੱਗੀਆਂ ਅੱਖਾਂ ਖੋਲ੍ਹ ਲਵੋ ਵਰਨਾ, ਜਿੱਤਣ ਵਾਲੀ ਬਾਜ਼ੀ ਨੂੰ ਵੀ ਹਾਰੋਗੇ । ਘੁੰਮਣ-ਘੇਰ 'ਚ ਉਲਝੇ ਝੰਡਾ-ਬਰਦਾਰੋ ! ਡੁੱਬਦੇ ਹੋਏ ਲੋਕਾਂ ਨੂੰ ਕੀ ਤਾਰੋਗੇ ? ਬੁਰਜਾਂ ਤੋਂ ਲਮਕਾ ਕੇ ਚੰਨ ਦੇ ਟੋਟੇ ਨੂੰ, ਆਖ਼ਰ ਸਾਨੂੰ ਕਿੰਨਾ ਚਿਰ ਪੁਚਕਾਰੋਗੇ ? ਰਸਤੇ ਵਿਚ ਹੀ ਕਿਣ-ਮਿਣ ਕਰਦੇ ਐ ਬੱਦਲੋ ! ਨੀਲੀ ਝੀਲ 'ਚ ਕਿਸ ਦੀ ਭੇਟ ਉਤਾਰੋਗੇ ? ਦਿਸ-ਹੱਦੇ 'ਤੇ ਪਹੁੰਚੇਗਾ ਜਦ 'ਇਕਵਿੰਦਰ', ਰਸਤੇ ਵਿਚ ਖੜ੍ਹ ਕੇ 'ਵਾਜਾਂ ਮਾਰੋਗੇ ।
'ਇਕਵਿੰਦਰ' ਦਰਵੇਸ਼ਾਂ ਤੋਂ ਨਾ ਪੁੱਛ
'ਇਕਵਿੰਦਰ' ਦਰਵੇਸ਼ਾਂ ਤੋਂ ਨਾ ਪੁੱਛ ਥਹੁ-ਸਿਰਨਾਵਾਂ । ਉੱਡਣਹਾਰ ਪਤੰਗਾਂ ਦਾ ਕਦ ਟਿਕਦਾ ਹੈ ਪਰਛਾਂਵਾਂ ? ਦਿਨ ਚੜ੍ਹਦੇ ਹੀ ਸ਼ੋਰ ਸ਼ਰਾਬਾ ਗੁੰਮ ਗਈ ਖ਼ਾਮੋਸ਼ੀ, ਰਾਤ ਪਵੇ ਤਾਂ ਬੂਹੇ ਭੰਨਣ ਅੜੀਅਲ ਤੇਜ਼-ਹਵਾਵਾਂ । ਉਸ ਚਿੱਠੀ ਨੇ ਘੁੰਮ-ਘੁਮਾ ਕੇ ਮੁੜ ਆਉਣਾ ਸੀ ਆਖ਼ਰ, ਜਿਸ ਦੇ ਦੋਨੋਂ ਪਾਸੇ ਹੀ ਸੀ ਭੇਜਕ ਦਾ ਸਿਰਨਾਵਾਂ। ਹੁੰਮਸ ਅੰਦਰ ਅਪਣਾ ਆਪਾ ਪਲ-ਪਲ ਟੁੱਟਦਾ ਜਾਵੇ, ਯਾ ਰੱਬ ! ਹੁਣ ਤਾਂ ਖੁੱਲ੍ਹੀਆਂ ਛੱਡਦੇ ਠੰਡੀਆਂ-ਠਾਰ ਹਵਾਵਾਂ । ਉਸ ਬੰਦੇ ਦੀ ਲਾਸ਼ ਕਿਵੇਂ ਹੋ ਸਕਦੀ ਹੈ ਲਾਵਾਰਿਸ ? ਜਿਸ ਦੇ ਖੀਸੇ ਵਿੱਚੋਂ ਮਿਲਿਆ ਜੰਗਲ ਦਾ ਸਿਰਨਾਵਾਂ । ਅੱਜ ਕੱਲ੍ਹ ਲਵਿਆਂ ਰੁੱਖਾਂ ਨੂੰ ਬੱਸ ! ਸ਼ੂਕ ਸੁਣਾਈ ਦੇਵੇ, ਬੁੱਢਿਆਂ-ਬੁੱਢਿਆਂ ਰੁੱਖਾਂ 'ਤੇ ਵਰ੍ਹ ਰਹੀਆਂ ਘੋਰ-ਘਟਾਵਾਂ । 'ਇਕਵਿੰਦਰ' ਤੇ ਭਾਰੂ ਹੋਇਆ ਨੌਕਰੀਆਂ ਦਾ ਚੱਕਰ, ਮੌਸਮ ਅਪਣਾ ਰੰਗ ਬਦਲਦਾ ਇਹ ਬਦਲੇ ਸਿਰਨਾਵਾਂ ।
ਪੈਲਾਂ ਪਾਉਂਦੇ ਮੋਰ ਸੁਆਮੀ
ਪੈਲਾਂ ਪਾਉਂਦੇ ਮੋਰ ਸੁਆਮੀ ! ਇਹ ਮੌਸਮ ਚਿੱਤ-ਚੋਰ ਸੁਆਮੀ ! ਚੰਦਰਮਾ ਹੈ, ਧਰਤੀ ਵਰਗਾ, ਸੂਰਜ ਦੀ ਗੱਲ ਹੋਰ ਸੁਆਮੀ ! ਸਭ ਦੇ ਮੂੰਹ 'ਤੇ ਖ਼ਾਮੋਸ਼ੀ ਹੈ, ਤਨ ਅੰਦਰ ਹੈ ਸ਼ੋਰ ਸੁਆਮੀ ! ਕੋਮਲ ਰੂਹ ਦੇ ਰਿਸ਼ਤੇ ਦੀ ਤੂੰ, ਤੋੜ ਲਵੀਂ ਨਾ ਡੋਰ ਸੁਆਮੀ ! ਅਪਣਾ ਸਾਇਆ ਡੱਸ ਜਾਵੇਗਾ, ਜੇ ਬਣਿਆਂ ਕਮਜ਼ੋਰ ਸੁਆਮੀ ! ਤੇਰੀ ਦੁਨੀਆ ਪਾਕ-ਪਵਿੱਤਰ, ਇਹ ਦੁਨੀਆ ਏ ਹੋਰ ਸੁਆਮੀ ! ਸੂਰਜ ਨੂੰ, ਚੁੰਧਿਆ ਸਕਦੀ ਏ, ਦਰਪਣ ਦੀ ਲਿਸ਼ਕੋਰ ਸੁਆਮੀ ! 'ਇਕਵਿੰਦਰ' ਜੇ ਬਦਲੀ ਕਿਸਮਤ, ਫਿਰ ਨਾ ਬਦਲੀ ਤੋਰ ਸੁਆਮੀ !
ਸਾਡੀ ਵੀ ਮਹਿਕ ਹੁੰਦੀ
ਸਾਡੀ ਵੀ ਮਹਿਕ ਹੁੰਦੀ ਜੇਕਰ ਗੁਲਾਬ ਵਾਂਗਰ । ਸਾਡੀ ਵੀ ਹੁੰਦੀ ਚਰਚਾ ਚਰਚਿਤ ਕਿਤਾਬ ਵਾਂਗਰ । ਮੁਰਗਾਬੀਆਂ ਦਾ ਤਰਨਾ ਲਗਦਾ ਖੁਆਬ ਵਾਂਗਰ । ਅੱਜ ਕੱਲ੍ਹ ਹੈ ਅਪਣੀ ਹਾਲਤ ਸੁੱਕੇ ਤਲਾਬ ਵਾਂਗਰ । ਯਾਦਾਂ ਦੇ ਗ਼ਮਲਿਆਂ ਵਿਚ ਇੱਕ ਗੁਲਾਬ ਖਿੜਿਆ, ਆਪਾਂ ਤਾਂ ਸਾਂਭਣਾ ਹੈ ਇਸ ਨੂੰ ਖ਼ਿਤਾਬ ਵਾਂਗਰ । ਕਾਲੇ ਦਿਨਾਂ ਦੇ ਬੱਦਲ ਬਹੁਤਾ ਸਮਾਂ ਨਾ ਰਹਿਣੇ, ਆਪੇ ਹੀ ਲੱਥ ਜਾਣੇ ਇਕ ਦਿਨ ਖ਼ਿਜ਼ਾਬ ਵਾਂਗਰ । ਸੁੰਦਰ ਕਿਤਾਬ ਵਰਗੀ ਇਹ ਜ਼ਿੰਦਗੀ ਅਸਾਂ ਦੀ, ਕੁਛ ਲੋਕ ਪੜ੍ਹ ਰਹੇ ਨੇ ਵਰਜਿਤ ਕਿਤਾਬ ਵਾਂਗਰ । ਸਾਡੀ ਹਰੇਕ ਸ਼ੈਅ ਨੂੰ ਲਲਚਾ ਰਹੇ ਗੁਆਂਢੀ, ਸਾਨੂੰ ਸਮਝ ਰਹੇ ਨੇ ਭੋਲੇ ਪੰਜਾਬ ਵਾਂਗਰ । ਹੁਸ਼ਿਆਰਪੁਰ ਦੇ ਪਰਬਤ ਕੋਹਤੂਰ ਦੀ ਤਰ੍ਹਾਂ ਹਨ, ਹੁਸ਼ਿਆਰਪੁਰ ਦੇ ਚੋਅ ਹਨ ਬਿਲਕੁਲ ਝਨਾਬ ਵਾਂਗਰ । ਅੱਧ-ਰਾਤ ਤੱਕ ਸਿਰ੍ਹਾਣੇ ਬੱਤੀ ਜਗਾ ਕੇ ਅੱਜ ਕੱਲ੍ਹ, ਅਖ਼ਬਾਰ ਨੂੰ ਵੀ ਲੋਕੀ ਪੜ੍ਹਦੇ ਕਿਤਾਬ ਵਾਂਗਰ । ਅਫ਼ਸੋਸ ! ਐਤਕੀਂ ਦੀ ਰਹਿਣਾ ਬਹਾਰ ਦਾ ਹੈ, ਇਕ ਵਾਰ ਵੀ ਨਾ ਮਹਿਕੇ ਆਪਾਂ ਗੁਲਾਬ ਵਾਂਗਰ ।
ਕਦੇ ਸੁਪਨੇ ਵੀ ਸੱਚ ਹੋਏ
ਕਦੇ ਸੁਪਨੇ ਵੀ ਸੱਚ ਹੋਏ ਤੁਸੀਂ ਪਰ ਭੁੱਲ ਜਾਂਦੇ ਹੋ । ਕਦੇ ਇਹ ਹਾਦਸੇ ਮੋਏ ਤੁਸੀਂ ਪਰ ਭੁੱਲ ਜਾਂਦੇ ਹੋ । ਮਨ੍ਹਾਂ ਕੀਤਾ ਇਵੇਂ ਨਾ ਸਾਂਭ ਕੇ ਰੱਖਿਆ ਕਰੋ ਜੁਗਨੂੰ, ਇਵੇਂ ਨਾ ਰੌਸ਼ਨੀ ਹੋਏ ਤੁਸੀਂ ਪਰ ਭੁੱਲ ਜਾਂਦੇ ਹੋ। ਤੁਹਾਡੀ ਯਾਦਦਾਸ਼ਤ 'ਤੇ ਗਿਲਾ ਕਰੀਏ ਤਾਂ ਕੀ ਕਰੀਏ, ਤੁਰੇ ਸਾਂ ਕੁਛ ਕਦਮ ਦੋਏ ਤੁਸੀਂ ਪਰ ਭੁੱਲ ਜਾਂਦੇ ਹੋ । ਇਨ੍ਹਾਂ ਦੇ ਸਾਹਮਣੇ ਰੱਖੋ ਨਾ ਅਪਣੀ ਦੁੱਖ-ਭਰੀ ਗਾਥਾ, ਭਲਾ ਪੱਥਰ ਕਦੇ ਰੋਏ ਤੁਸੀਂ ਪਰ ਭੁੱਲ ਜਾਂਦੇ ਹੋ । ਸਦਾ ਅਣ-ਗੌਲਿਆ, ਅਣ-ਦਿਖਿਆ ਹੁੰਦਾ ਹੈ 'ਇਕਵਿੰਦਰ', ਨਵਾਂ ਹਰ ਹਾਦਸਾ ਹੋਏ ਤੁਸੀਂ ਪਰ ਭੁੱਲ ਜਾਂਦੇ ਹੋ । ਇਹ ਜੀਵਨ ਹੈ ਈ ਥਲ ਵਰਗਾ ਜਿਦ੍ਹੇ ਅੰਦਰ ਹੈ 'ਇਕਵਿੰਦਰ', ਕਿਤੇ ਟਿੱਬੇ ਕਿਤੇ ਟੋਏ ਤੁਸੀਂ ਪਰ ਭੁੱਲ ਜਾਂਦੇ ਹੋ।
ਪਿਆਰ ਜਦ ਵੀ ਕਰੋਗੇ ਤੁਸੀਂ
ਪਿਆਰ ਜਦ ਵੀ ਕਰੋਗੇ ਤੁਸੀਂ । ਝੀਲ ਅੱਗ ਦੀ ਤਰੋਗੇ ਤੁਸੀਂ । ਮੇਰੇ ਸਾਹਾਂ ਦੀ ਗਰਮੀ ਲਵੋ, ਇੰਜ ਕਦ ਤੱਕ ਠਰੋਗੇ ਤੁਸੀਂ ? ਹਾਦਸੇ-ਹਾਦਸੇ ਹਰ ਜਗਾਹ, ਪੈਰ ਕਿਸ ਥਾਂ ਧਰੋਗੇ ਤੁਸੀਂ ? ਪਹਿਲਾਂ-ਪਹਿਲਾਂ ਕਿਨਾਰੇ ਸਹੀ, ਫਿਰ ਸਮੁੰਦਰ ਤਰੋਗੇ ਤੁਸੀਂ । ਆਪਦੇ ਨੇ ਉਪਾਸ਼ਕ ਬੜੇ, ਪਿਆਰ ਕਿਸ ਨੂੰ ਕਰੋਗੇ ਤੁਸੀਂ ? ਹਰ ਬਨੇਰਾ ਹੈ ਜ਼ਖ਼ਮੀ ਜਿਹਾ, ਦੀਵੇ ਕਿਸ ਥਾਂ ਧਰੋਗੇ ਤੁਸੀਂ ? ਧੁੱਪ 'ਤੇ ਰੱਖੀ ਜੇ ਮੈਲੀ ਨਜ਼ਰ, ਖ਼ੁਦ ਹੀ ਖ਼ੁਦ ਤੋਂ ਡਰੋਗੇ ਤੁਸੀਂ। ਇਹ ਹੈ ਕੁਦਰਤ ਦਾ ਪਹਿਲਾ ਸਬਕ, ਜੋ ਕਰੋਗੇ ਭਰੋਗੇ ਤੁਸੀਂ।
ਮੁਸਕਣੀ ਨੂੰ ਪਿਆਰ ਦਾ ਲੱਛਣ
ਮੁਸਕਣੀ ਨੂੰ ਪਿਆਰ ਦਾ ਲੱਛਣ ਸਮਝ ਬੈਠੇ ਅਸੀਂ। ਲਿਸ਼ਕਦੀ ਜਲ-ਧਾਰ ਨੂੰ ਦਰਪਣ ਸਮਝ ਬੈਠੇ ਅਸੀਂ । ਬੇ-ਖੁਦੀ ਵਿਚ ਧਰਤ ਨੂੰ ਪੱਤਣ ਸਮਝ ਬੈਠੇ ਅਸੀਂ । ਉਮਰ ਤਾਈਂ ਅੱਖ ਦੀ ਝਮਕਣ ਸਮਝ ਬੈਠੇ ਅਸੀਂ । ਪਿਆਰ ਵਿਚ ਏਨੀ ਬੁਲੰਦੀ 'ਤੇ ਕਿਸੇ ਕੀ ਪਹੁੰਚਣਾ, ਦੁਸ਼ਮਣਾਂ ਨੂੰ ਪਿਆਰ ਵਿਚ ਸੱਜਣ ਸਮਝ ਬੈਠੇ ਅਸੀਂ । ਉਸ ਸਮੇਂ ਸੂਰਜ ਨੂੰ ਅਪਣਾ ਮੂੰਹ ਛੁਪਾਉਣਾ ਪੈ ਗਿਆ, ਤਪ ਰਹੀ ਜਦ ਰੇਤ ਨੂੰ ਆਸਣ ਸਮਝ ਬੈਠੇ ਅਸੀਂ। ਰੁੱਖ ਕੋਲੋਂ ਛਾਂ ਪਰੇ ਹੋ ਕੇ ਸੀ ਜਦ ਸੁਸਤਾ ਰਹੀ, ਹੋ ਗਈ ਦੋਹਾਂ ਦੇ ਵਿਚ ਅਣ-ਬਣ ਸਮਝ ਬੈਠੇ ਅਸੀਂ । ਦਹਿਕਦੇ ਸੂਰਜ ਦਾ ਤਦ ਸਾਰਾ ਹੀ ਡਰ ਜਾਂਦਾ ਰਿਹਾ। ਉਸ ਦੀ ਤਾਕਤ ਦਾ ਜਦੋਂ ਕਣ-ਕਣ ਸਮਝ ਬੈਠੇ ਅਸੀਂ। ਭੰਡਿਆ ਸਾਨੂੰ ਜ਼ਮਾਨੇ ਨੇ ਉਦੋਂ ਦਿਲ ਖੋਲ੍ਹ ਕੇ, ਦਸ ਸਿਰਾਂ ਵਾਲੇ ਨੂੰ ਜਦ ਰਾਵਣ ਸਮਝ ਬੈਠੇ ਅਸੀਂ । ਉਸ ਨੇ 'ਇਕਵਿੰਦਰ' ਕੀ ਅਪਣੀ ਜ਼ੁਲਫ਼ ਬਿਖਈ ਜ਼ਰਾ, ਦਿਨ-ਦਿਹਾੜੇ ਹੋ ਗਈ ਆਥਣ ਸਮਝ ਬੈਠੇ ਅਸੀਂ।
ਸੌ ਮੁਸੀਬਤ ਸੌ ਤਸੀਹੇ
ਸੌ ਮੁਸੀਬਤ ਸੌ ਤਸੀਹੇ ਜਰ ਰਿਹਾ ਹੈ ਆਦਮੀ । ਆਪਣੀ ਛਾਂ ਵਿਚ ਗੁਜ਼ਾਰਾ ਕਰ ਰਿਹਾ ਹੈ ਆਦਮੀ । ਆਪਣੇ ਕਿਰਦਾਰ ਕੋਲੋਂ ਡਰ ਰਿਹਾ ਹੈ ਆਦਮੀ । ਹੁਣ ਨਹੀਂ ਵਿਸ਼ਵਾਸ ਦਾ ਪਾਤਰ ਰਿਹਾ ਹੈ ਆਦਮੀ । ਖ਼ਾਹਿਸ਼ਾਂ ਦੇ ਖ਼ਾਕਿਆਂ ਨੂੰ ਭਰ ਰਿਹਾ ਹੈ ਆਦਮੀ । ਕਹਿਕਸ਼ਾਵਾਂ ਦੀ ਨੁਮਾਇਸ਼ ਕਰ ਰਿਹਾ ਹੈ ਆਦਮੀ । ਜੁਗਨੂੰਆਂ ਨੂੰ ਪਕੜਦਾ ਹੈ ਅੱਗ ਨੂੰ ਛੂੰਹਦਾ ਹੈ ਇਹ, ਆਦਮੀ ਦੇ ਵਾਂਗ ਹੀ ਤਾਂ ਕਰ ਰਿਹਾ ਹੈ ਆਦਮੀ । ਜੋ ਕਦੇ ਸਾਗਰ ਦੇ ਸੁੱਕਣ 'ਤੇ ਨਹੀਂ ਸੀ ਡੋਲਿਆ, ਬੂੰਦ ਦੇ ਸਿਮਟਣ 'ਤੇ ਅੱਖੀਆਂ ਭਰ ਰਿਹਾ ਹੈ ਆਦਮੀ । ਜ਼ਿਹਨ ਦੇ ਸਾਗਰ 'ਚ ਇਸ ਨੂੰ ਲਾਉਣ ਦੇਵੋ ਤਾਰੀਆਂ, ਜ਼ਿੰਦਗਾਨੀ ਦੇ ਤਜਰਬੇ ਕਰ ਰਿਹਾ ਹੈ ਆਦਮੀ । ਰੋਜ਼ ਹੀ ਉਸ ਦੀ ਸਮਾਧੀ ਭੰਗ ਕਰ ਦਿੰਦਾ ਹੈ ਇਹ, ਸੋਚਦਾ ਅਸਮਾਨ ਹੈ ਕੀ ਕਰ ਰਿਹਾ ਹੈ ਆਦਮੀ ? ਇਸ ਨੂੰ 'ਇਕਵਿੰਦਰ' ਸਮੇਂ ਨੇ ਇਹ ਕੀ ਦਿੱਤਾ ਹੈ ਸਰਾਪ ? ਜੀਉਣ ਜੋਗਾ ਜੀਅ ਰਿਹਾ ਨਾ ਮਰ ਰਿਹਾ ਹੈ ਆਦਮੀ ।
ਸਹਿਮੇ-ਸਹਿਮੇ ਪੰਛੀ ਬਹਿੰਦੇ
ਸਹਿਮੇ-ਸਹਿਮੇ ਪੰਛੀ ਬਹਿੰਦੇ ਰੁੱਖਾਂ 'ਤੇ । ਇਸ ਮੌਸਮ ਵਿਚ ਪਹਿਰੇ ਲੱਗੇ ਰੁੱਖਾਂ 'ਤੇ । ਪੀਲ-ਪਲੱਤਣ ਛਾਈ ਬੁੱਢੇ ਰੁੱਖਾਂ 'ਤੇ। ਲੱਕੜਹਾਰੇ ਕੱਢਣ ਗੁੱਸੇ ਰੁੱਖਾਂ 'ਤੇ । ਆਹਲਣਿਆਂ ਦੇ ਦਰ-ਦਰਵਾਜ਼ੇ ਭੇੜ ਲਵੋ । ਬੱਦਲਾਂ ਨੇ ਹੁਣ ਤੰਬੂ ਤਾਣੇ ਰੁੱਖਾਂ 'ਤੇ । ਹਰ ਪੰਛੀ ਦੀ ਹੁੰਦੀ ਏ ਹੁਣ ਜਾਸੂਸੀ, ਲੋਕਾਂ ਰੱਖੇ ਚੋਰ-ਝਰੋਖੇ ਰੁੱਖਾਂ 'ਤੇ । ਹਰ ਇਕ ਝੱਖੜ-ਝੇੜੇ ਅੰਦਰ 'ਇਕਵਿੰਦਰ', ਆਫ਼ਤ ਆਵੇ ਲੰਮ-ਸਲੰਮੇ ਰੁੱਖਾਂ 'ਤੇ । ਨਰ-ਪੰਛੀ ਪਰਦੇਸ ਗਏ ਨੇ 'ਇਕਵਿੰਦਰ', ਹੁਣ ਨਾ ਬੈਠਣ ਜੋੜੇ-ਜੋੜੇ ਰੁੱਖਾਂ 'ਤੇ।
ਲਹਿਕਦੀ ਰਹਿਣੀ ਨਹੀਂ ਨਹਿਰੀ ਜ਼ਮੀਨ
ਲਹਿਕਦੀ ਰਹਿਣੀ ਨਹੀਂ ਨਹਿਰੀ ਜ਼ਮੀਨ । ਫੈਲਦੀ ਹੀ ਜਾ ਰਹੀ ਸ਼ਹਿਰੀ ਜ਼ਮੀਨ । ਰੋਜ਼ ਹੀ ਇਹ ਮੰਗਦੀ ਤਾਜ਼ਾ ਲਹੂ, ਇਸ ਤਰ੍ਹਾਂ ਪਹਿਲਾਂ ਨਾ ਸੀ ਕਹਿਰੀ ਜ਼ਮੀਨ । ਪਾ ਨਹੀਂ ਸਕਦੇ ਤੁਸੀਂ ਇਸ ਦੀ ਅਥਾਹ, ਇਹ ਬੜੀ ਹੈ ਦੋਸਤੋ ! ਗਹਿਰੀ ਜ਼ਮੀਨ । ਫੜ-ਫੜਾਉਂਦਾ ਸ਼ਿਅਰ ਕਹਿ ਸਕਦੇ ਨਹੀਂ, ਜ਼ਿੰਦਗੀ ਹੁੰਦੀ ਹੈ ਬ-ਬਹਿਰੀ ਜ਼ਮੀਨ । ਆਦਿ ਤੋਂ ਹੈ ਮਸਤ ਅਪਣੀ ਚਾਲ ਵਿਚ, ਦੇਖਣ ਨੂੰ ਜਾਪਦੀ ਠਹਿਰੀ ਜ਼ਮੀਨ । ਜਿਸ 'ਤੇ ਅੰਮ੍ਰਿਤ ਦੇ ਸਰੋਵਰ ਬੇ-ਸ਼ੁਮਾਰ, ਦਿਨ-ਬ-ਦਿਨ ਉਹ ਰਹੀ ਹੋ ਜ਼ਹਿਰੀ ਜ਼ਮੀਨ ।
ਮੇਰੇ ਖੱਬੇ ਸੱਜੇ ਪੱਥਰ
ਮੇਰੇ ਖੱਬੇ ਸੱਜੇ ਪੱਥਰ । ਵਸਦੇ ਭੁੱਖੇ-ਰੱਜੇ ਪੱਥਰ । ਬੀਰ-ਬਹਾਦਰ ਗੱਜੇ ਪੱਥਰ। ਬੁਜ਼ਦਿਲ ਪਿੱਛੇ ਭੱਜੇ ਪੱਥਰ । ਗੈਰਾਂ ਦੀ ਵੱਜਦੀ ਹੈ ਬੋਲੀ, ਜਿੱਦਾਂ ਕੋਈ ਵੱਜੇ ਪੱਥਰ । ਕਲਯੁੱਗ ਦੇ ਇਸ ਯੁੱਗ ਅੰਦਰ ਵੀ, ਪੱਥਰ ਤੋਂ ਮੂੰਹ ਕੱਜੇ ਪੱਥਰ । ਜਿਸਮਾਂ ਦਾ ਪਰਦਰਸ਼ਨ ਕਰਦੇ, ਨਿਰਲੱਜੇ-ਨਿਰਲੱਜੇ ਪੱਥਰ । ਪੀ-ਪੀ ਕੇ ਮਜ਼ਲੂਮਾਂ ਦੀ ਰੱਤ, ਜੋਕਾਂ ਵਾਂਗੂ ਰੱਜੇ ਪੱਥਰ । ਪੱਥਰ-ਚੌਧੇ ਤੋਂ ਮਗਰੋਂ ਵੀ, ਸਾਡੇ ਦਰ ਵਿਚ ਵੱਜੇ ਪੱਥਰ ।
ਬਣਦੀ-ਟੁੱਟਦੀ, ਟੁੱਟਦੀ-ਬਣਦੀ
ਬਣਦੀ-ਟੁੱਟਦੀ, ਟੁੱਟਦੀ-ਬਣਦੀ ਇੱਕ ਸਰਕਾਰ ਚੁਬਾਰੇ ਵਿਚ । ਜੋੜੇ-ਮੋੜੇ-ਤੋੜੇ ਜਾਂਦੇ ਸੌ ਇਕਰਾਰ ਚੁਬਾਰੇ ਵਿਚ । ਸਾਥੋਂ ਆਪਣੇ ਵਿਹੜੇ ਅੰਦਰ ਇਕ ਨਾ ਫੁੱਲ ਉਗਾ ਹੋਵੇ, ਸੱਦਣ ਵਾਲੇ ਸੱਦ ਲੈਂਦੇ ਨੇ ਮਸਤ-ਬਹਾਰ ਚੁਬਾਰੇ ਵਿਚ । 'ਉਰਦੂ ਸਰਵਿਸ' ਸੁਣਦਾ ਹੈ ਉਹ ਚਿੱਠੀਆਂ ਲਿਖਦੈ ਪਿਆਰ ਦੀਆਂ, ਘਰ ਵਾਲੇ ਉਹ ਸਮਝਣ ਪੜ੍ਹਦੈ ਬਰਖੁਰਦਾਰ, ਚੁਬਾਰੇ ਵਿਚ । ਹੇਠਾਂ ਵਾਲੇ ਅਕਸਰ ਇਸਦਾ ਸ਼ਿਕਵਾ ਕਰਦੇ ਰਹਿੰਦੇ ਨੇ, ਉੱਪਰ ਵਾਲੇ ਨੇ ਪਹੁੰਚਾਏ ਸਭ ਅਧਿਕਾਰ ਚੁਬਾਰੇ ਵਿਚ । ਮੇਰੀ ਪਿਆਰ-ਨਿਸ਼ਾਨੀ ਉਸ ਨੇ ਮੇਰੇ ਪੈਰੀਂ ਇਉਂ ਸੁੱਟੀ, ਸੁੱਟਣ ਵਾਲਾ ਸੁੱਟ ਦਿੰਦਾ ਹੈ ਜਿਉਂ ਅਖ਼ਬਾਰ ਚੁਬਾਰੇ ਵਿਚ । ਵਿਹੜੇ ਅੰਦਰ ਸੁੱਤੇ ਹੋਏ ਲੋਕੀਂ ਇਹ ਨਾ ਜਾਣ ਸਕੇ, ਬਿਜਲੀ ਚਮਕੀ ਤੇ ਮੀਂਹ ਵਰ੍ਹਿਆ ਮੋਹਲੇਧਾਰ ਚੁਬਾਰੇ ਵਿਚ । ਨਟਖਟ-ਪੌਣਾਂ ਬੂਹੇ ਉੱਤੇ ਦਸਤਕ ਦੇ ਕੇ ਮੁੜ ਗਈਆਂ, 'ਇਕਵਿੰਦਰ' ਜੀ ਤੱਕਦੇ ਰਹਿ ਗਏ ‘ਚਿੱਤਰਹਾਰ' ਚੁਬਾਰੇ ਵਿਚ ।
ਜ਼ਿੰਦਗੀ ਇਕਸਾਰ ਸੀ ਪਿਛਲੇ ਦਿਨੀਂ
ਜ਼ਿੰਦਗੀ ਇਕਸਾਰ ਸੀ ਪਿਛਲੇ ਦਿਨੀਂ । ਮਹਿਕਦੀ ਗੁਲਜ਼ਾਰ ਸੀ ਪਿਛਲੇ ਦਿਨੀ। ਹਰ ਕਿਸੇ ਨੂੰ ਆਪਣੇ ਜਾਂ ਗ਼ੈਰ 'ਤੇ, ਬਹੁਤ ਹੀ ਇਤਬਾਰ ਸੀ ਪਿਛਲੇ ਦਿਨੀਂ । ਆਪਦਾ ਕਰਦਾ ਮਸੀਹਾ ਕੀ ਇਲਾਜ ? ਉਹ ਤਾਂ ਖ਼ੁਦ ਬੀਮਾਰ ਸੀ ਪਿਛਲੇ ਦਿਨੀਂ । ਰਾਹਬਰ ਹੁਣ ਬਣ ਗਿਆ ਹੈ ਉਹ ਬਸ਼ਰ, ਜੋ ਬਸ਼ਰ ਰਾਹਮਾਰ ਸੀ ਪਿਛਲੇ ਦਿਨੀਂ। ਰੰਗਲੇ ਸੁਪਨੇ, ਗੁਲਾਬੀ ਰਾਤ-ਦਿਨ, ਸਭ ਅਸਾਂ ਦੇ ਯਾਰ ਸੀ ਪਿਛਲੇ ਦਿਨੀਂ । ਆਪਦੇ ਆਉਣ 'ਤੇ ਸਾਰਾ ਲਹਿ ਗਿਆ, ਦਿਲ 'ਤੇ ਜਿੰਨਾ ਭਾਰ ਸੀ ਪਿਛਲੇ ਦਿਨੀਂ । ਦੂਜਿਆਂ ਦੀ ਮੁਸਕਰਾਹਟ ਖੋਹ ਲਵੇ, ਕਿਸ ਨੂੰ ਇਹ ਅਧਿਕਾਰ ਸੀ ਪਿਛਲੇ ਦਿਨੀਂ ? ਹੋਰ ਕਹਿੰਦੇ ਹਾਂ ਤੇ ਇਹ ਕਰਦਾ ਏ ਹੋਰ, ਵਕਤ ਕਹਿਣੇਕਾਰ ਸੀ ਪਿਛਲੇ ਦਿਨੀਂ । ਸਿਸਕਦੇ ਨੇ ਫੁੱਲ-ਪੱਤੀਆਂ ਬਾਗ਼ ਵਿਚ, ਕੌਣ ਪਹਿਰੇਦਾਰ ਸੀ ਪਿਛਲੇ ਦਿਨੀਂ ? ਬੇ-ਖ਼ਬਰ ਰਹਿੰਦੇ ਸੀ ਦੁਨੀਆਂ ਤੋਂ ਅਸੀਂ, ਪਿਆਰ ਹੀ ਬੱਸ ! ਪਿਆਰ ਸੀ ਪਿਛਲੇ ਦਿਨੀਂ । ਬਹੁਤ ਹੀ ਮੁਸ਼ਕਿਲ ਉਹ ਮੈਂ ਤੋੜੀ ਹੈ ਜੋ, ਸ਼ੱਕ ਦੀ ਦੀਵਾਰ ਸੀ ਪਿਛਲੇ ਦਿਨੀਂ । ਤਿੜਕ ਚੁੱਕਾ ਹੈ ਉਹ ਅਪਣੇ ਆਪ ਵਿਚ, ਜੋ ਬਸ਼ਰ ਤਲਵਾਰ ਸੀ ਪਿਛਲੇ ਦਿਨੀਂ । ਹੁਣ ਉਹ ਮੈਨੂੰ ਦੇ ਰਿਹਾ ਹੈ ਗ਼ਮ ਹੀ ਗ਼ਮ, ਜੋ ਮੇਰਾ ਗ਼ਮਖਾਰ ਸੀ ਪਿਛਲੇ ਦਿਨੀਂ । ਖੂਬ ਸੌਂਦੀ ਸੀ ਇਹ ਲੰਮੀਆਂ ਤਾਣ ਕੇ, ਖੁਸ਼ ਬੜੀ ਸਰਕਾਰ ਸੀ ਪਿਛਲੇ ਦਿਨੀਂ। ਫ਼ਸਲ ਦੇਖੀ ਉਸ ਜਗ੍ਹਾ ਗੀਤਾਂ ਦੀ ਮੈਂ, ਜਿਸ ਜਗ੍ਹਾ ਅੰਗਿਆਰ ਸੀ ਪਿਛਲੇ ਦਿਨੀਂ। ਸੌ ਛੁਪਾ ਲੋਕਾਂ ਨੂੰ 'ਇਕਵਿੰਦਰ’ ਪਤਾ, ਜੋ ਤੇਰਾ ਕਿਰਦਾਰ ਸੀ ਪਿਛਲੇ ਦਿਨੀਂ।