Pani Da Jism : Harvinder Singh Chandigarh

ਪਾਣੀ ਦਾ ਜਿਸਮ (ਕਾਵਿ ਸੰਗ੍ਰਹਿ) : ਹਰਵਿੰਦਰ ਸਿੰਘ ਚੰਡੀਗੜ੍ਹ


ਅਰਦਾਸ

ਭੁੱਖੇ ਨੂੰ ਰਿਜ਼ਕ ਰੱਜੇ ਨੂੰ ਸਿਦਕ ਨਸੀਬ ਹੋਵੇ ਬੇਘਰਾਂ ਨੂੰ ਘਰ ਨਿਤਾਣਿਆਂ ਨੂੰ ਤਾਣ ਨਿਮਾਣਿਆਂ ਨੂੰ ਮਾਣ ਮਿਲ਼ੇ ਜੰਗਬਾਜ਼ ਜੰਗ ਤੋਂ ਬਾਜ਼ ਆਉਣ ਓਪਰੀਆਂ ਧਰਤੀਆਂ ਤੇ ਖੱਟੀ ਖੱਟਣ ਗਏ ਆਪਣੇ ਓਦਰੇ ਪਰਿਵਾਰਾਂ ਕੋਲ਼ ਪਰਤ ਆਉਣ ਹਥਿਆਰ ਕਿਰਤ ਦੀ ਭੱਠੀ ਵਿੱਚ ਪਿਘਲ ਕੇ ਔਜ਼ਾਰ ਬਣ ਜਾਣ ਨੋ ਮੈਨ ਲੈਡਜ਼ ਤੇ ਫ਼ੁੱਲ ਉੱਗ ਆਉਣ ਜ਼ਮੀਨ ਜਿਣਸਾਂ ਮਾਂਵਾਂ ਅਣਸਾਂ ਜ਼ੁਬਾਨਾ ਸ਼ਾਇਰ ਪੈਦਾ ਕਰਦੀਆਂ ਰਹਿਣ …. ਸਗਲ ਧਰਤ ਸੁਹਾਵੀ ਹੋਵੇ ਜੀਆਜੰਤ ਨਗਰ ਖੇੜੇ ਸੁੱਖ ਵਰਤੇ ਬ੍ਰਹਿਮੰਡੀ ਜੋਤ ਅਕਾਲ ਪੁਰਖ਼ ਸਹਾਈ ਹੋਵੇ।

ਪਾਣੀ ਦਾ ਜਿਸਮ

ਔਰਤ ਦਾ ਜਿਸਮ ਪਾਣੀ ਦਾ ਬਣਿਆ ਹੁੰਦਾ ਹੈ ਉਸਨੂੰ ਛੂਹਿਆ ਤਾਂ ਜਾ ਸਕਦਾ ਹੈ ਫੜ੍ਹਿਆ ਨਹੀਂ ਜਾ ਸਕਦਾ ਉਸ ਨਾਲ਼ ਤਰਲ ਹੋ ਕੇ ਰਲਿਆ ਜਾ ਸਕਦਾ ਹੈ ਉਸਨੂੰ ਕਲਾਵੇ ਵਿੱਚ ਨਹੀਂ ਲਿਆ ਜਾ ਸਕਦਾ ਕਲਾਵੇ ਵਿੱਚ ਮਹਿਸੂਸ ਹੁੰਦਾ ਉਸਦਾ ਵਜੂਦ ਮਹਿਜ ਛਲਾਵਾ ਹੁੰਦਾ ਹੈ ਔਰਤ ਦੇ ਤਨ ਤੱਕ ਪਹੁੰਚਣ ਦਾ ਪੈਂਡਾ ਉਸਦੇ ਮਨ ਦੀਆਂ ਪਗਡੰਡੀਆਂ ਵਿੱਚੋਂ ਦੀ ਹੋ ਕੇ ਗੁਜ਼ਰਦਾ ਹੈ ਸ਼ਾਹਰਾਹਾਂ ਰਾਹੀਂ ਸਿੱਧੇ ਔਰਤ ਦੇ ਤਨ ਤੱਕ ਪਹੁੰਚਣ ਵਾਲ਼ੇ ਸ਼ਾਹਸਵਾਰ ਅਕਸਰ ਉਸਦੇ ਮਨ ‘ਚੋਂ ਡਿੱਗ ਜਾਂਦੇ ਹਨ। ਔਰਤ ਦਾ ਜਿਸਮ ਪਾਣੀ ਦਾ ਬਣਿਆ ਹੁੰਦਾ ਹੈ ਉਸ ਤੱਕ ਪਹੁੰਚਣ ਲਈ ਪਾਣੀ ਬਣਨਾ ਪੈਂਦਾ ਹੈ ਜੇ ਤੁਹਾਨੂੰ ਉਸਦੀਆਂ ਅੱਖਾਂ ਦੇ ਖਾਰੇ ਸਮੁੰਦਰਾਂ ‘ਚ ਤੈਰਨ ਦੀ ਜਾਚ ਹੈ ਤਾਂ ਉਹ ਤੁਹਾਨੂੰ ਸੱਤ ਸਮੁੰਦਰਾਂ ਤੋਂ ਵੀ ਅਗਾਂਹ ਦੀ ਸੈਰ ਕਰਵਾ ਸਕਦੀ ਹੈ ਅਧਭੁਤ ਟਾਪੂਆਂ ਦੇ ਅਲੌਕਿਕ ਦ੍ਰਿਸ਼ ਵਿਖਾ ਸਕਦੀ ਹੈ - ਜਿੱਥੇ ਸਿਰਫ਼ ਹਵਾ ਤੇ ਪਰਿੰਦੇ ਬੋਲਦੇ ਨੇ ਸੈਆਂ ਸਦੀਆਂ ਤੋਂ ਰਿਸ਼ੀਆਂ ਵਾਂਗ ਖੜ੍ਹੇ ਪਹਾੜਾਂ ਦੀ ਚੁੱਪ ਦੀ ਅਵਾਜ਼ ਸੁਣਾਈ ਦਿੰਦੀ ਹੈ ਚੋਟੀਆਂ ਤੋਂ ਵਹਿੰਦੇ ਝਰਨਿਆਂ ਦੀ ਕਲ ਕਲ ਰੂਹ ਵਿੱਚ ਝਰਨਾਹਟ ਛੇੜਦੀ ਹੈ ਜਿੱਥੇ ਚਾਰ ਚਫ਼ੇਰੇ ਉਕਰੀ ਹਰੀ ਕਚੂਰ ਇਬਾਰਤ ਤੁਹਾਨੂੰ ਮਹਾਂ ਸੁੰਨ ‘ਚ ਲੈ ਜਾਂਦੀ ਹੈ ਤੇ ਤੁਸੀਂ ਆਪਣੇ ਆਪ ਵਿੱਚ ਤੈਰਨ ਲਗਦੇ ਹੋ। ਔਰਤ ਦੇ ਹਾਸਿਆਂ ਦੇ ਸ਼ਰਾਟਿਆਂ ਦੀ ਗੀਤ ਮਾਣਣ ਲਈ ਉਸਦੇ ਹਉਕੇ ਹਟਕੋਰਿਆਂ ਦਾ ਵੈਰਾਗਮਈ ਸੰਗੀਤ ਵੀ ਸੁਣਨਾ ਪੈਂਦਾ ਹੈ ਜੇ ਤੁਸੀਂ ਉਸਦੀ ਜ਼ਿੰਦਗੀ ‘ਚ ਮੀਲਾਂ ਤੀਕ ਫ਼ੈਲੇ ਖ਼ੁਸ਼ਕ ਮਾਰੂਥਲਾਂ ‘ਚ ਉਸਦੇ ਅੰਗ ਸੰਗ ਨਾਲ਼ ਨਾਲ਼ ਤੁਰਦੇ ਹੋ ਫਿਰ ਉਹ ਤੁਹਾਨੂੰ ਕਦੇ ਕੋਹਕਾਫ਼ ਦੇ ਪਰੀ ਦੇਸ ‘ਚ ਕਦੇ ਅਕਾਸ਼ ਗੰਗਾ ‘ਚ ਉਡਾ ਕੇ ਲਿਜਾ ਸਕਦੀ ਹੈ ਔਰਤ ਅਸੰਖ ਤੈਹਾਂ ‘ਚ ਬੇਅੰਤ ਜ਼ਿੰਦਗੀਆਂ ਜਿਊਂਦੀ ਹੈ ਤੇ ਇਹਨਾਂ ਸਾਰੀਆਂ ਤਹਿਆਂ ਦੀਆਂ ਪੌੜੀਆਂ ਉਤਰਨਾ ਹਾਰੀ-ਸਾਰੀ ਦੇ ਵੱਸ ਨਹੀਂ ਹੁੰਦਾ ਔਰਤ ਨੂੰ ਜਿਸਮ ਸਮਝ ਕੇ ਮਿਲ਼ਣ ਵਾਲ਼ੇ ਮਰਦ ਅੰਮ੍ਰਿਤਪਾਨ ਦੀ ਬਜਾਏ ਉਸਦੇ ਪਹਿਲੇ ਪੱਤਣਾਂ ਦੇ ਗੰਧਲੇ ਪਾਣੀਆਂ ‘ਚ ਹੀ ਡੁੱਬ ਮਰਦੇ ਨੇ ਖ਼ੂੰਖਾਰੀ ਹੰਕਾਰੀ ਤੇ ਹੁਕਮਰਾਨ ਲਹਿਜੇ ਵਾਲ਼ੇ ਔਰਤ ਦੇ ਵਜੂਦ ਦੀਆਂ ਬਰੂਹਾਂ ਦੇ ਬਾਹਰ ਖੜ੍ਹੇ ਹੀ ਜੇਤੂ ਹੋਣ ਦਾ ਭਰਮ ਪਾਲ਼ੀ ਰੱਖਦੇ ਹਨ ਔਰਤ ਨੂੰ ਮਿਲ਼ਨ ਲਈ ਜੇਤੂ ਜਰਨੈਲ ਵਾਂਗ ਨਹੀਂ ਬਲਕਿ ਕਿਸੇ ਮੁਕੱਦਸ ਅਸਥਾਨ ਦੀ ਜ਼ਿਆਰਤ ਕਰਨ ਆਏ ਫ਼ਕੀਰ ਵਾਂਗ ਜੁੱਤੀ ਬਾਹਰ ਲਾਹ ਕੇ ਆਉਣਾ ਪੈਂਦਾ ਹੈ ਉਸਦੇ ਮਨ ਦੇ ਮਾਨਸਰੋਵਰਾਂ ‘ਚ ਇਸ਼ਨਾਨ ਕਰਨਾ ਪੈਂਦਾ ਹੈ ਸਤਿਕਾਰ ਨਾਲ਼ ਪਰਿਕਰਮਾਂ ਕਰਨੀ ਪੈਂਦੀ ਹੈ ਔਰਤ ਤਨ-ਜੀਵ ਨਹੀਂ ਮਨ-ਜੀਵ ਹੈ ਔਰਤ ਜ਼ਿੰਦਗੀ ਨਹੀਂ ਜਜ਼ਬੇ ਜੀਂਦੀ ਹੈ ਔਰਤ ਨੂੰ ਮਿਲ਼ਨ ਲਈ ਮਰਦ ਨਹੀਂ ਔਰਤ ਬਣਨਾ ਪੈਂਦਾ ਹੈ ਔਰਤ ਨੂੰ ਮਿਲ਼ਨ ਲਈ ਬੰਦੇ ਜਿੱਡਾ ਨਹੀਂ ਕਾਇਨਾਤ ਜਿੱਡਾ ਬਣਨਾ ਪੈਂਦਾ ਹੈ |

ਬ੍ਰਹਿਮੰਡੀ ਮਹਾਂਮਾਨਵ ਨਾਲ਼ ਉਦਾਸੀਆਂ

ਜਦ ਮੈਂ ਹੋਸ਼ ਸੰਭਾਲ਼ੀ ਬਾਬਾ ਨਾਨਕ ਘਰ ਦੀ ਕੰਧ 'ਤੇ ਲਟਕਦੇ ਕੈਲੰਡਰ 'ਤੇ ਭ੍ਰਮਣ ਕਰਦਾ ਦਿਸਿਆ ਹੱਥ ਕਮੰਡਲ ਗਲ਼ ਸੁੱਚੇ ਮੋਤੀਆਂ ਦੀ ਮਾਲ਼ਾ ਸ਼ਾਹੀ ਚੋਲ਼ਾ ਮੋਢੇ ਰੇਸ਼ਮੀ ਬੁਗਤੀ ਝੋਲ਼ਾ । ਮੇਰੇ ਬਾਲ ਮਨ ਸਿਮ੍ਰਤੀ 'ਚ ਨਾਨਕ ਸ਼ਖ਼ਸ ਦਾ ਅਕਸ ਰਾਜਕੁਮਾਰ ਵਾਲ਼ਾ ਅੰਕਤ ਹੋ ਗਿਆ। ਮੈਂ ਗਭਰੇਟ ਹੋਇਆ ਮਾਂ ਤੋਂ ਬਾਬੇ ਦੀਆਂ ਸਾਖੀਆਂ ਸੁਣੀਆਂ ਗੀਤ ਸੁਣੇ ‘ਵਗਦੀ ਏ ਰਾਵੀ ਵਿੱਚ ਡਿੱਗਿਆ ਏ ਕਾਨਾ ਜੀ ਅੱਗੇ ਗੁਰ ਨਾਨਕ ਪਿੱਛੇ ਬਾਲਾ ਮਰਦਾਨਾ ਜੀ ਬਾਬੇ ਦੀ ਬਾਣੀ ਪੜ੍ਹੀ ਸੁਣੀ "ਪਾਪ ਕੀ ਜੰਝ ਲੈ ਕਾਬਲਹੁ ਧਾਇਆ…’ " ਰਾਜੇ ਸੀਹ ਮੁਕਦਮ ਕੁਤੇ.." ਮੈਨੂੰ ਬਾਬਾ ਕੋਈ ਕ੍ਰਾਂਤੀਕਾਰੀ ਲੱਗਣ ਲੱਗਾ ਬਾਬੇ ਦਾ ਰਾਜਕੁਮਾਰ ਵਾਲ਼ਾ ਸੋਭਾ ਸਿੰਘੀ ਬਿੰਬ ਤਿੜਕ ਗਿਆ ਮੈ ਕੁਝ ਹੋਰ ਪ੍ਰੋੜ ਅਵਸਥਾ ਨੂੰ ਪੁੱਜਾ ਗਿਆਨ ਹੋਇਆ ਬਾਬਾ ਸਿਰਫ਼ ਸਿੱਖਾਂ ਦਾ ਹੀ ਨਹੀ ਸਰਬੱਤ ਲੋਕਾਈ ਦਾ ਸਾਂਝਾ ਸੀ ਉਹ ਗੁਰੂ ਹੀ ਨਹੀਂ ਵਲੀ ਪੀਰ ਫ਼ਕੀਰ ਪੈਗੰਬਰ ਔਲੀਆ ਸਭ ਕੁਝ ਸੀ ਉਸਦੇ ਚੋਲ਼ਾ ਬਦਲਣ ਸਮੇਂ ਦੀ ਲੋਕ-ਗਾਥਾ ਸੁਣੀ "ਨਾਨਕ ਸ਼ਾਹ ਫ਼ਕੀਰ ਹਿੰਦੂਆਂ ਦਾ ਗੁਰੂ ਮੁਸਲਿਮ ਦਾ ਪੀਰ" ਬਾਬਾ ਮੈਨੂੰ ਸਰਬ ਸਾਂਝਾ ਗਲੋਬਲ ਮਨੁੱਖ ਲੱਗਾ ਹੁਣ ਮੈ ਬਜ਼ੁਰਗੀ ਉਮਰਾ ਵਿੱਚ ਹਾਂ ਬਾਬੇ ਦੀ ਬਾਣੀ ਤੇ ਉਸਦੇ ਉਚਾਰੇ ਸ਼ਬਦਾਂ ਦੇ ਅਰਥ ਆਤਮਾ ਵਿੱਚ ਚਿਰਾਗ਼ਾ ਵਾਂਗ ਜਗਣ ਲੱਗੇ ਹਨ ਮਨ 'ਚੋਂ ਸਭ ਧੁੰਦ ਮਿਟ ਰਹੀ ਹੈ ਰੂਹ ਰੌਸ਼ਨ ਰੌਸ਼ਨ ਹੋ ਰਹੀ ਹੈ ਉਸਦੇ ਉਚਾਰੇ ਮਹਾਂਵਾਕ "ਅਰਬਦ ਨਰਬਦ ਧੰਧੂਕਾਰਾ". ਤੇ "ਪਾਤਾਲਾ ਪਾਤਾਲ ਲਖ ਆਗਾਸਾ ਆਗਾਸ" ਪੜ੍ਹ ਸੁਣ ਬਾਬਾ ਮਹਾਂ ਦਾਰਸ਼ਨਿਕ ਗਿਆਨੀ ਵਿਗਿਆਨੀ ਲੱਗਣ ਲੱਗਾ ਹੈ ਸਾਰੇ ਗਗਨ ਦੇ ਥਾਲ ਵਿੱਚ ਸੂਰਜ ਚੰਦ ਸਿਤਾਰਿਆਂ ਨੂੰ ਦੀਵਿਆਂ ਵਾਂਗ ਸਜਾ ਸਗਲ ਕਾਇਨਾਤ ਦੀ ਅਲੌਕਿਕ ਆਰਤੀ ਉਤਾਰਦਾ ਬਾਬਾ ਮੈਨੂੰ ਬ੍ਰਹਿਮੰਡੀ ਮਹਾਂਮਾਨਵ ਲੱਗਣ ਲੱਗਾ ਹੈ ਮੈਨੂੰ ਇੰਜ ਲਗਦਾ ਹੈ ਮੈਂ ਉਮਰ ਸੁਰਤ ਚੇਤਨਾ ਅਵਚੇਤਨਾ ਅਨੁਸਾਰ ਬਾਬੇ ਦੇ ਨਾਲ਼ ਨਾਲ਼ ਉਦਾਸੀਆਂ ਕਰ ਰਿਹਾਂ।

ਮਲੇਰਕੋਟਲੇ ਦਾ ਨਵਾਬ ਹੈ ਪੰਜਾਬ

ਮੈਂ ਉਸ ਪੰਜਾਬ ਦਾ ਵਾਸੀ ਹਾਂ ਜੋ ਫ਼ਰੀਦ ਨਾਨਕ ਦਾ ਵਰੋਸਾਇਆ ਹੈ ਜਿਸਨੂੰ ਮੀਆਂ ਮੀਰ ਵਸਾਇਆ ਹੈ ਜਿਸ ਕੋਲ ਵੇਦ, ਕਤੇਬ, ਗ੍ਰੰਥ ਦਾ ਸਾਂਝਾ ਸਰਮਾਇਆ ਹੈ ਜੋ ਹਾਸ਼ਮ,ਵਾਰਿਸ,ਪੀਲੂ,ਸ਼ਾਹ ਮੁਹੰਮਦ ਨੂੰ ਮੁਸਲਿਮ ਨਹੀਂ ਪੰਜਾਬ ਦੀ ਰੂਹ ਨੂੰ ਬੋਲ ਦੇਣ ਵਾਲੇ ਸੁਖ਼ਨਵਰ ਦਾਨਿਸ਼ਵਰ ਮੰਨਦਾ ਹੈ ਜੋ ਦਮੋਦਰ,ਮੋਹਣ ਸਿੰਘ,ਅਮਿਤ੍ਰਾ ਚਾਤ੍ਰਿਕ,ਨੂਰਪੁਰੀ ਫ਼ਲੌਰੀ,ਸ਼ਿਵਕੁਮਾਰ ਵਿੱਚੋਂ ਹਿੰਦੂ ਸਿੱਖ ਨਹੀਂ ਵੇਖਣਾ ਜਾਣਦਾ ਮੇਰਾ ਪੰਜਾਬ ਨਫ਼ਰਤਾਂ ਨੂੰ ਨਫ਼ਰਤ ਤੇ ਪ੍ਰੀਤਾਂ ਨੂੰ ਪ੍ਰੀਤ ਕਰਦਾ ਹੈ ਪ੍ਰੀਤ ਗਾਥਾਵਾਂ ਪੈਦਾ ਕਰਦਾ ਹੈ ਕੱਚੇ ਘੜਿਆਂ ਤੇ ਵੀ ਪੱਕੇ ਈਮਾਨ ਨਾਲ ਤਰਦਾ ਹੈ ਧਰਮ ਦੇ ਚੋਲ਼ੇ ਵਿੱਚ ਲੁਕੇ ਅਧਰਮੀਆਂ ਨੂੰ ਬੁੱਲ੍ਹੇ ਵਾਂਗ ਤੇ ਧੱਕੇਸ਼ਾਹ ਧਾੜਵੀਆਂ ਨੂੰ ਦੁੱਲ੍ਹੇ ਵਾਂਗ ਟੱਕਰਦਾ ਹੈ ਮੇਰਾ ਪੰਜਾਬ ਮੇਰਾ ਪੰਜਾਬ ਬਾਦਸ਼ਾਹਾਂ ਦੇ ਦਰਬਾਰਾਂ ਵਿੱਚ ਨਹੀਂ ਪਾਤਸ਼ਾਹਾਂ ਦੀ ਸਰਬੱਤ ਦੇ ਭਲੇ ਵਾਲ਼ੀ ਅਰਦਾਸ ਵਿੱਚ ਵਾਸ ਕਰਦਾ ਹੈ ਮੇਰਾ ਪੰਜਾਬ ਜੋਗੀਆਂ ਦੇ ਟਿੱਲਿਆਂ ਦਰਵੇਸ਼ਾਂ ਦੇ ਤਕੀਏ ਮਜ਼ਾਰਾਂ ਸੂਫੀਆਂ ਪੀਰਾਂ ਦੀਆਂ ਦਰਗਾਹਾਂ ਖ਼ਾਨਗਾਹਾਂ ਗੁਰੂਆਂ ਦੀਆਂ ਧਰਮਸਾਲਾਵਾਂ ਗੁਰਦੁਆਰਿਆਂ ਠਾਕਰਦੁਆਰਿਆਂ ਵਿੱਚ ਬਲਦੇ ਚਿਰਾਗ਼ਾਂ ਦਾ ਸਿਰਨਾਵਾਂ ਹੈ ਜੋ ਸਰਹੱਦਾਂ ਵਾਲੇ ਨਕਸ਼ਿਆਂ ਤੋਂ ਉੱਪਰ ਕਾਇਨਾਤੀ ਦ੍ਰਿਸ਼ਟੀ ਤੱਕ ਫੈਲਿਆ ਹੋਇਆ ਹੈ ਇਨਸਾਨੀ ਧਰਮ ਰਾਖੀ ਲਈ ਸੀਸ ਕਟਵਾਉਣ ਵਾਲਾ ਤੇਗ ਬਹਾਦਰ ਵਰਗਾ ਬਹਾਦਰ ਹੈ ਮੇਰਾ ਪੰਜਾਬ ਇਨਸਾਨੀਅਤ ਦੇ ਹੱਕ ਵਿੱਚ ਹਾਅ ਦਾ ਨਾਹਰਾ ਲਾਉਣ ਵਾਲਾ ਮਲੇਰਕੋਟਲੇ ਦਾ ਨਵਾਬ ਹੈ ਮੇਰਾ ਪੰਜਾਬ।

ਸਤਨ ਟੈਕਸ

ਮਾਲਾਬਾਰ ਸਾਗਰ ਦੇ ਕੰਢਿਆਂ ਦੇ ਉੱਤੇ ਕਦੇ ‘ਤਰਾਵਣਕੋਰ'' ਨਾਂ ਦਾ ਪ੍ਰਦੇਸ ਸੀ ਉੱਥੇ ਜੱਗੋਂ-ਤੇਰ੍ਹਵੀਂ ਤੇ ਰੂਹ ਨੂੰ ਕੰਬਾਉਣ ਵਾਲ਼ੀ ਰੀਤ ਅਲੋਕਾਰ ਤੇ ਵਿਸ਼ੇਸ਼ ਸੀ ਕਾਮੀਆਂ ਕੌਮਾਂ ਦੇ ਪਰਿਵਾਰਾਂ ਦੀਆਂ ਮੁਟਿਆਰਾਂ ਦੇ ਉਭਾਰਾਂ ਉੱਤੇ ਵੀ ਲਗਾਨ ਸੀ ਕੰਮੀਆਂ ਦੇ ਵਿਹੜਿਆਂ ‘ਚ ਜੰਮੀਆਂ ਤੇ ਜਾਈਆਂ ਜਦੋਂ ਸਿਰ ਕੱਢ ਹੁੰਦੀਆਂ ਜਵਾਨ ਸੀ ਛਾਤੀਆਂ ਨਾ ਕੱਜਣ ਦਾ ਕੂੜ ਤੇ ਕਰੂਰ ਡਾਹਢਾ ਰਾਜੇ ਵੱਲੋਂ ਖ਼ਾਸ ਫ਼ਰਮਾਨ ਸੀ ਜੇ ਕੋਈ ਨਾਰੀ ਚਾਹੇ ਸੀਨਾ ਕਦੇ ਖੁਦ ਕੱਜਣਾ ਦੇਣਾ ਪੈਂਦਾ ਉਸ ਨੂੰ ਤਵਾਨ ਸੀ ਲਿੱਸੀਆਂ ਗ਼ਰੀਬੜੀਆਂ ਘਾਹੀਆਂ ਦੀਆਂ ਜਾਈਆਂ ਭਲਾ ਕਿੱਥੋਂ ਦੱਸ ਭਰਨਾ ਲਗਾਨ ਸੀ ਉੱਚੀਆਂ ਕੁਲਾਂ ਦੀ ਨੀਂਵੀ ਬੌਣੀ ਲੁੱਚੀ ਸੋਚ ਦਾ ਇਹ ਧੱਕੇਸ਼ਾਹੀ ਦਾ ਹੀ ਪ੍ਰਮਾਣ ਸੀ ਛਾਤੀ ਦੇ ਉਭਾਰ ਅਨੁਸਾਰ ਆ ਕੇ ਅਹਿਲਕਾਰ ਲਾਉਂਦੇ ਕਰ-ਦਰ* ਅਨੁਮਾਨ ਸੀ ਮਾੜਿਆਂ ਘਰਾਂ ਦੀ ਇੱਥੇ ਧੀ ਹੋਣਾ ਪਾਪ ਸੀ ਤੇ ਪੈਰ ਪੈਰ ਉੱਤੇ ਅਪਮਾਨ ਸੀ -- ਜ਼ਬਰ ਦੀ ਇੰਤਹਾ ਤੇ ਸਬਰ ਦੀ ਹੱਦ ਜਦੋਂ ਹੱਦਾਂ ਬੰਨੇ ਕਰ ਜਾਏ ਪਾਰ ਫਿਰ ਕੋਈ ਤਬਦੀਲੀ ਆਉਂਦੀ ਏ ਯਕੀਨੀ ,ਏਦਾਂ ਪੱਤਝੜ ਬਾਅਦ ਜਿਓਂ ਬਾਹਾਰ ‘ਨੰਗੇਲੀ’ ਨਵੇਲੀ ਆਈ ਨਾਰੀ ਕੁਝ ਇਸੇ ਤਰ੍ਹਾਂ ਜਿਹਨੇ ਆ ਕੇ ਬਦਲੀ ਤਾਰੀਖ਼ ਸੀ ਚਿਰਾਂ ਤੋਂ ਜੋ ਚੱਲੀ ਆਉਂਦੀ ਨਾਰੀ ਤ੍ਰਿਸਕਾਰ ਵਾਲ਼ੀ ਕਾਲ਼ੀ ਤੇ ਕਲਹਿਣੀ ਜਿਹੜੀ ਰੀਤ ਸੀ ਧੀਆਂ ਨੂੰ ਜਨਮ ਦੇਣੋਂ ਡਰਦੀ ਸੀ ਹਰ ਮਾਂ ਵਿਹੜਾ ਸਾਰਾ ਰਹਿੰਦਾ ਭੈਅਭੀਤ ਸੀ ਬਦਨ ਦੇ ਪੰਨਿਆਂ ‘ਤੇ ਲਹੂ ਦੀ ਸਿਆਹੀ ਨਾਲ਼ ‘ ਨੰਗੇਲੀ ਨੇ ਲਿਖੀ ਤਵਾਰੀਖ਼ ਸੀ ਆਪਣਾ ਬਦਨ ਤੇ ਸਤਨ ਨੰਗੇ ਰੱਖਣ ਤੋਂ ਕਰ ਦਿੱਤਾ ਉਸ ਇਨਕਾਰ ਸੀ ‘ਬਦਨ ਹੈ ਮੇਰਾ ਰੱਬ ਸੱਚੇ ਦਿੱਤਾ’ ਉਸ ਕਿਹਾ ਜਿਸ ਉੱਤੇ ਉਹਦਾ ਅਧਿਕਾਰ ਸੀ ਸੁਣ ਕੇ ਬਗ਼ਾਵਤੀ ਸੁਰਾਂ ਸੀ ਰਾਜਾ ਹਿੱਲਿਆ ਰਾਜ ਵਿੱਚ ਹੋ ਗਈ ਹਾਹਾਕਾਰ ਸੀ ਛਾਤੀ ਦਾ ਨੰਗੇਜ਼-ਕਰ ਲੈਣ ਲਈ ਘਰ ਪੁੱਜਾ ਅੜੀਅਲ ਇੱਕ ਅਹਿਲਕਾਰ ਸੀ ਅੱਕ ਕੇ ‘ ਨੰਗੇਲੀ ‘ ਨੇ ਜ਼ਲੀਲ ਤੇ ਖ਼ੁਆਰ ਹੋ ਕੇ ਫੜ ਲਿਆ ਤਿੱਖਾ ਹਥਿਆਰ ਸੀ ਝੋਂਪੜੀ 'ਚ ਜਾ ਕੇ ਉਹਨੇ ਆਪਣੀਆਂ ਛਾਤੀਆਂ ' ਤੇ ਕੀਤਾ ਫਿਰ ਵਾਰ ਵਾਰੋ ਵਾਰ ਸੀ ਕੱਟੇ ਹੋਏ ਸਤਨ ਲਪੇਟ ਅਤੇ ਭੇਂਟ ਕਰ ਉੱਕਾ-ਪੁੱਕਾ ਟੈਕਸ ਦਿੱਤਾ ਤਾਰ ਸੀ ਲਥ-ਪਥ ਲੋਥ ਉਹਦੀ ਹੋ ਗਈ ਸੀ ਵਿੰਹੰਦੇ ਵਿੰਹੰਦੇ ਖੂਨ ਦੀ ਜਿਉਂ ਚੱਲੀ ਫਿਰ ਫ਼ੁਹਾਰ ਸੀ ਨਾਰੀ ਦੇ ਬਦਨ ਦੀ ਬੇਅਦਬੀ ਜੋ ਕਰਦੇ ਸੀ ਅੰਤ ਨੂੰ ਉਹਨਾਂ ਦੀ ਹੋਈ ਹਾਰ ਸੀ

ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ

ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ ਅਣਖ਼ ਲਈ ਹੈ ਜਿਹਦਾ ਖ਼ੂਨ ਖੌਲਦਾ ਉਹਦੇ ਵਿੱਚ ਪੋਰਸ ਦੀ ਰੂਹ ਬੋਲਦੀ ਜਿਸ ਤੋਂ ਸਿਕੰਦਰਾਂ ਦੀ ਜੂਹ ਡੋਲਦੀ ਧੱਕਾ ਕਰ ਜੋ ਵੀ ਲੰਘ ਜਾਵੇ ਕੋਲ ਦੀ ਉਸਨੂੰ ਹੀ ਮਿੱਟੀ ਦੇ ਵਿੱਚ ਰਿਹਾ ਰੋਲਦਾ ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ ਅਣਖ ਲਈ ਹੈ ਜਿਹਦਾ ਖ਼ੂਨ ਖੌਲਦਾ। ਦੁੱਲੇ ਨੇ ਜਿਓਂ ਮੁਗ਼ਲਾਂ ਦਾ ਮੂੰਹ ਮੋੜਿਆ ਉਸੇ ਲੀਹ ਨੂੰ ਅਹਿਮਦ ਖਾਂ ਅੱਗੇ ਤੋਰਿਆ ਫ਼ਰੰਗੀਆਂ ਨੂੰ ਬਾਰ ਵਿੱਚ ਪਾ ਕੇ ਭਾਜੜਾਂ ਝੰਡਾ ਪਹਿਲਾ ਚੁੱਕਿਆ ਅਜ਼ਾਦੀ-ਘੋਲ਼ ਦਾ ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ ਅਣਖ਼ ਲਈ ਹੈ ਜਿਹਦਾ ਖ਼ੂਨ ਖੌਲਦਾ। ਗਦਰੀ ਭਗਤ ਸਿੰਘ ਸਾਰੇ ਦੁਲ੍ਹੇ ਨੇ ਖ਼ੁਦਦਾਰ ਜਿਹੜੇ ਫਾਂਸੀਆਂ ਤੇ ਝੂਲੇ ਨੇ ਊਧਮ ਸਿੰਘ ਗ਼ੈਰਤੀ ਬੁਲੰਦ ਸੂਰਮਾ ਲੰਡਨ ਜਾ ਜ਼ਾਲਮ ਦਾ ਖੂਨ ਡੋਲ੍ਹਦਾ ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ ਅਣਖ਼ ਲਈ ਹੈ ਜਿਹਦਾ ਖ਼ੂਨ ਖੌਲਦਾ। ਅਣਖੀ ਪੰਜਾਬੀ ਪੁੱਤ ਸ਼ੇਰਾਂ ਵਰਗੇ ਕਿਸੇ ਨਾਡੂ ਖਾਂ ਦੀ ਨਹੀਂ ਗੁਲਾਮੀ ਕਰਦੇ ਮਾਰਦੇ ਨੇ ਜ਼ਾਲਮ ਜਾਂ ਆਪ ਮਰਦੇ ਇਹਨਾਂ ਦੇ ਸਿਰਾਂ ਤੇ ਹੱਕ ਸੱਚ ਮੌਲ਼ਦਾ ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ ਅਣਖ਼ ਲਈ ਹੈ ਜਿਹਦਾ ਖ਼ੂਨ ਖੌਲਦਾ। ਕੱਚੇ ਪਿੱਲੇ ਫਿਰਦੇ ਬੰਦੂਕਚੀ ਬੜੇ ਹਾਕਮਾਂ ਚੁਗੱਤਿਆਂ ਦੇ ਢਹੇ ਜੋ ਚੜ੍ਹੇ ਕਿਰਦਾਰ ਖੁਣੋਂ ਕੱਚੇ ਰਹਿਣਗੇ ਨਿਸ਼ਾਨਚੀ ਲੋਕਾਂ ਦੇ ਦਿਲਾਂ ‘ਚ ਜ਼ਿੰਦਾ ਦੁੱਲਾ ਬੋਲਦਾ ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ ਅਣਖ਼ ਲਈ ਹੈ ਜਿਹਦਾ ਖ਼ੂਨ ਖੌਲਦਾ।

ਧਨੁ ਲੇਖਾਰੀ ਨਾਨਕਾ

ਜੇ ਮੇਰੀ ਲਿਖਤ ਵਿੱਚੋਂ ਜਾਤ ਮੇਰੀ ਦੀ ਝਲਕ ਪੈਂਦੀ ਹੈ ਤਾਂ ਇਸਦਾ ਭਾਵ ਮੈਂ ਹਾਲੇ ਲਿਖਾਰੀ ਹੀ ਨਹੀਂ ਬਣਿਆ ਜੇ ਮੇਰੇ ਜੀਣ ਦੇ ਵਿੱਚੋਂ ਮੇਰੀ ਔਕਾਤ ਦਿਸਦੀ ਹੈ ਤਾਂ ਮਤਲਬ ਹੈ ਕੇ ਕਾਫੀ ਦੂਰ ਹਾਲੀ ਮੈਂ ਲੇਖਕ ਕਹਾਵਣ ਤੋਂ ਜੇ ਮੇਰੀ ਇਬਾਰਤ 'ਚੋਂ ਪਤਾ ਲਗਦੈ ਕਿ ਮੈ ਨਰ ਹਾਂ ਤੇ ਜਾਂ ਨਾਰੀ ਤਾਂ ਜ਼ਾਹਰ ਹੈ ਕਿ ਮੈਂ ਹਾਲੇ ਵੀ ਲਿੰਗ ਪੁਲਿੰਗ ਤੋਂ ਅੱਗੇ ਨਹੀਂ ਤੁਰਿਆ ਜੇ ਮੇਰੀ ਲੇਖਣੀ 'ਚੋਂ ਰੰਗ ਨਸਲ ਦੀ ਬੋਅ ਆਓਂਦੀ ਹੈ ਤਾਂ ਫਿਰ ਮੈਂ ਤਾਂ ਅਜੇ ਇਨਸਾਨ ਵੀ ਬਣਨੈ ਲਿਖਾਰੀ ਇਹ ਸਭ ਕੁਝ ਹੋ ਕੇ ਵੀ ਵਲ਼ਗਣਾਂ ਇਹ ਸਾਰੀਆਂ ਤੋਂ ਪਾਰ ਹੁੰਦਾ ਹੈ ਲਿਖਾਰੀ ਸਿਰਫ਼ ਕਾਇਨਾਤ ਵਾਸੀ ਹੁੰਦਾ ਹੈ ਅਜੇ ਜੋ ਮੈਂ ਨਹੀਂ ਬਣਿਆ ‘ਧਨੁ ਲੇਖਾਰੀ ਨਾਨਕਾ’ ਦੇ ਜਾਮੇ ਤੋਂ ਕੋਹਾਂ ਦੂਰ ਹਾਂ ਅਜੇ ।

ਸ਼ਾਲਾ ਵੱਸਦੇ ਰਹਿਣ ਪੰਜਾਬੀ

(ਦੋਵੇਂ ਪੰਜਾਬਾਂ ਅਤੇ ਕੁੱਲ ਆਲਮ ਦੇ ਪੰਜਾਬੀਆਂ ਦੀ ਸਲਾਮਤੀ ਅਤੇ ਖ਼ੈਰ ਲਈ ਇੱਕ ਗੀਤ) ਸ਼ਾਲਾ ਵੱਸਦੇ ਰਹਿਣ ਪੰਜਾਬੀ ਮੇਰੇ ਦੋਵੇਂ ਪੰਜਾਬਾਂ ਦੇ ਛੈਲ ਛਬੀਲੇ ਤੇ ਅਣਖੀਲੇ ਪੁੱਤਰ ਇਹ ਪੰਜ ਆਬਾਂ ਦੇ.... । ਇੱਕੋ ਮਾਂ ਦੇ ਜਾਏ ਇਹ ਹਮਸਾਏ ਨੇ ਭਾਵੇਂ ਵੱਖ਼ ਵੱਖ਼ ਥਾਂਈਂ ਡੇਰੇ ਲਾਏ ਨੇ ਇਹ ਖੁਸ਼ਬੋਈਆਂ ਵੰਡਣ ਲਈ ਹੀ ਆਏ ਨੇ ਮਹਿਕਾਂ ਦੇ ਵਣਜਾਰੇ ਜਿੱਦਾਂ ਹੁੰਦੇ ਫੁੱਲ ਗੁਲਾਬਾਂ ਦੇ ਸ਼ਾਲਾ ਵੱਸਦੇ ਰਹਿਣ ਪੰਜਾਬੀ ਮੇਰੇ ਦੋਵੇਂ ਪੰਜਾਬਾਂ ਦੇ ... ਜਦੋਂ ਸਿਕੰਦਰ ਕੋਈ ਬਣਦਾ ਇਹ ਪੋਰਸ ਬਣ ਜਾਂਦੇ ਨੇ ਦੁੱਲੇ ਸ਼ੇਰ ਪੰਜਾਬੀ ਬਣਕੇ ਆਪਣੀ ਅਣਖ ਬਚਾਉਂਦੇ ਨੇ ਊਧਮ ' ਸਿੰਘ ਮੁਹੰਮਦ ' ਬਣ ਵੈਰੀ ਨੂੰ ਮਾਰ ਮੁਕਾਉਂਦੇ ਨੇ ਨਿੱਤ ਮੁਹਿੰਮਾਂ ਇਹਨਾਂ ਨੂੰ ਤੇ ਸਦਾ ਹੀ ਪੈਰ ਰਕਾਬਾਂ ਤੇ ਸ਼ਾਲਾ ਵੱਸਦੇ ਰਹਿਣ ਪੰਜਾਬੀ ਮੇਰੇ ਦੋਵੇਂ ਪੰਜਾਬਾਂ ਦੇ ... ਇਹ ਪ੍ਰੀਤਾਂ ਦੀਆਂ ਰੀਤਾਂ ਵਾਲ਼ੇ ਬੇਪਰਵਾਹ ਅਲਬੇਲੇ ਭੰਗੜੇ ਲੁੱਡੀਆਂ ਝੂਮਰ ਪਾਉਂਦੇ ਰੱਬ ਇਹਨਾਂ ਨਾਲ਼ ਖੇਲੇ ਗੁਰੂਆਂ ਪੀਰ ਫ਼ਕੀਰਾਂ ਦੇ ਇਹ ਰਲ਼ਮਿਲ਼ ਲਾਉਂਦੇ ਮੇਲੇ ਕਿਰਤ ਕਰੇਂਦੇ ਸ਼ੁਕਰ ਮਨਾਉਂਦੇ ਰੱਖਦੇ ਸ਼ੌਕ ਨਵਾਬਾਂ ਦੇ ਸ਼ਾਲਾ ਵੱਸਦੇ ਰਹਿਣ ਪੰਜਾਬੀ ਮੇਰੇ ਦੋਵੇਂ ਪੰਜਾਬਾਂ ਦੇ ... ਸਾਂਝੀ ਮਾਂ-ਬੋਲੀ ਦੇ ਪੁੱਤਰ ਇਹ ਪੰਜਾਬੀ ਸਾਰੇ ਨੇ ਚਿਸ਼ਤੀ ਨਾਨਕ ਬਾਹੂ ਬੁੱਲ੍ਹਾ ਰੌਸ਼ਨ ਉੱਚ ਮੁਨਾਰੇ ਨੇ ਸੱਤ ਸਮੁੰਦਰ ਪਾਰ ਤੀਕ ਵੀ ਇਹਨਾਂ ਦੇ ਪਾਸਾਰੇ ਨੇ ਲੰਮੀਆਂ ਖ਼ੂਬ ਉਡਾਨਾਂ ਭਰਦੇ ਝੁੰਡ ਜਿਵੇਂ ਸੁਰਖ਼ਾਬਾਂ ਦੇ ਸ਼ਾਲਾ ਵੱਸਦੇ ਰਹਿਣ ਪੰਜਾਬੀ ਮੇਰੇ ਦੋਵੇਂ ਪੰਜਾਬਾਂ ਦੇ ... ਸ਼ਾਲਾ ਵੱਸਦੇ ਰਹਿਣ ਪੰਜਾਬੀ ਜਿੱਥੇ ਵੀ ਉਹ ਵੱਸਦੇ ਨੇ ਹੱਸਦੇ ਰਹਿਣ ਸਦਾ ਹੀ ਜੀਕਣ ਖਿੜਦੇ ਹੋਏ ਫੁੱਲ ਹੱਸਦੇ ਨੇ ਐਪਰ ਰਹਿਣ ਸਦਾ ਮਿਲ਼ਜੁਲ਼ ਕੇ ਮਾਂ ਜਾਏ ਜਿਉਂ ਵੱਸਦੇ ਨੇ ਤਕਸੀਮਾਂ ਦੇ ਨਾਲ਼ ਸਦਾ ਹੀ ਪਏ ਨੇ ਪੇਸ਼ ਅਜ਼ਾਬਾਂ ਦੇ ਸ਼ਾਲਾ ਵੱਸਦੇ ਰਹਿਣ ਪੰਜਾਬੀ ਮੇਰੇ ਦੋਵੇਂ ਪੰਜਾਬਾਂ ਦੇ ...।

ਨਾਨਕ ਵਰਗਾ ਗੁਰੂ ਪੈਗ਼ੰਬਰ

ਨਰਗਿਸ ਨੂੰ ਫੁੱਲ ਸਦੀਆਂ ਮਗਰੋਂ ਜਾ ਕੇ ਜਿਸਰਾਂ ਆਉਂਦਾ ਹੈ ਨਾਨਕ ਵਰਗਾ ਗੁਰੂ ਪੈਗ਼ੰਬਰ ਧਰਤ ਤੇ ਏਦਾਂ ਆਉਂਦਾ ਹੈ। ਜਿਸਨੂੰ ਸਾਰੇ ਤਬਕੇ ਆਖਣ ਸਾਡਾ ਹੈ ਇਹ ਸਾਡਾ ਹੈ ਐਸਾ ਰੁਤਬਾ ਵਿਰਲੇ ਕਾਮਲ ਸਖਸ਼ ਦੇ ਹਿੱਸੇ ਆਉਂਦਾ ਹੈ। ਸੂਰਜ ਚੰਨ ਸਿਤਾਰੇ ਸਾਰੇ ਬੇਸ਼ੱਕ ਚੜ੍ਹਦੇ ਸਦੀਆਂ ਤੋਂ ਐਪਰ ਪਹਿਲੀ ਵਾਰੀ ਬਾਬਾ ਗਗਨ ਦੇ ਥਾਲ ਸਜਾਉਂਦਾ ਹੈ। ਖੇਤੀ ਅਤੇ ਇਬਾਦਤ ਕਰਨਾ ਕੁਦਰਤ ਦੇ ਨਾਲ ਜੁੜਨਾ ਹੈ ਸਮਝੇ ਨਾ ਅਸੀਂ ਹਾਲੇ ਤੀਕਰ ,ਗੁਰੂ ਜੋ ਕਰ ਸਮਝਾਉਂਦਾ ਹੈ। ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤ ਸੁਹਾਵੀ ਦੇ ਵਲੀ ਹਿੰਦ ਦਾ ਪਹਿਲੀ ਵਾਰੀ ਹੱਕ ਵਿੱਚ ਨਾਹਰਾ ਲਾਉਂਦਾ ਹੈ। ਖੰਡ ਮੰਡਲ ਬ੍ਰਹਿਮੰਡ ਸਗਲ ਹੀ ਜਿਸਦਾ ਦਰ ਤੇ ਘਰ ਹੋਵੇ ਕਦੇ ਕਦੇ ਕਾਇਨਾਤੀ ਬੰਦਾ ਵਿੱਚ ਹਯਾਤੀ ਆਂਉਦਾ ਹੈ। ਨਰਗਿਸ ਨੂੰ ਫੁੱਲ ਸਦੀਆਂ ਮਗਰੋਂ ਜਾ ਕੇ ਜਿਸਰਾਂ ਆਉਂਦਾ ਏ ਨਾਨਕ ਵਰਗਾ ਗੁਰੂ ਪੈਗ਼ੰਬਰ ਧਰਤ ਤੇ ਏਦਾਂ ਆਉਂਦਾ ਏ।

ਸਵੈ ਸਜੇ ਰੱਬ

ਉਹ ਤੈਨੂੰ ਜਾਂ ਦੇਵੀ ਬਣਾਉਂਦੇ ਨੇ ਜਾਂ ਸਿਰਫ਼ ਕਾਮ ਪੂਰਤੀ ਦੀ ਮੂਰਤੀ ਐਪਰ ਇਨਸਾਨ ਕਦੇ ਵੀ ਨਹੀਂ ਵੈਸੇ ਉਹ ਹੁੰਦੇ ਕੌਣ ਨੇ ਤੈਨੂੰ ਕੁਝ ਵੀ ਬਣਾਉਣ ਵਾਲ਼ੇ ਜੋ ਖ਼ੁਦ ਉਸੇ ਮਿੱਟੀ ਤੋਂ ਬਣੇ ਨੇ ਜਿਸ ਤੋਂ ਤੂੰ।

ਇੱਕ ਚਾਂਦਨੀ ਚੌਕ ਹੋਰ

(ਇਹ ਨਜ਼ਮ 1984 ਅਤੇ ਉਸਤੋਂ ਬਾਅਦ ਵਿੱਚ ਵਾਪਰੀਆਂ ਸਿੱਖ ਨਸਲਕੁਸ਼ੀ ਅਤੇ ਦੰਗਿਆਂ ਦੀਆਂ ਘਟਨਾਵਾਂ ਦੌਰਾਨ ਲੇਖਕ ਨਾਲ ਖ਼ੁਦ ਨਾਲ ਵਾਪਰੀ ਇੱਕ ਸੱਚੀ ਘਟਨਾ ਉੱਤੇ ਅਧਾਰਿਤ ਹੈ ।) ਜਦ ਸਿੰਘਾਂ ਦੇ ਖ਼ੂਨ ਨਾਲ਼ ਸੀ ਖੇਡੀ ਹੋਲੀ ਜਦ ਇਸ ਦੇਸ ਨੇ ਅਪਣੀ ਪੱਗ ਆਪ ਸੀ ਰੋਲ਼ੀ ਰੁੱਖ ਡਿੱਗਣ ਤੋਂ ਬਾਅਦ ਸੀ ਝੁੱਲੀ ਨ੍ਹੇਰੀ ਕਾਲ਼ੀ ਬੋਲ਼ੀ ਉਹਨਾਂ ਦਿਨਾਂ ਦੀ ਵਾਰਤਾ ਇਹ ਅਜਬ ਕਹਾਣੀ ਝੱਜਰ ਨਗਰ ਦਾ ਵਾਕਿਆ ਰੋਹਤਕ ਦੇ ਬੰਨੇ ਭਜਨ ਲਾਲ ਬਿਸ਼ਨੋਈ ਦਾ ਸੀ ਸਿੱਕਾ ਚੱਲਦਾ ਵਾਂਗ ਜ਼ਕਰੀਆ ਖ਼ਾਨ ਦੇ ਸਿੱਖਾਂ ਨੂੰ ਛਲ਼ਦਾ ਖੱਟੀ ਖੱਟਕੇ ਆ ਰਹੇ ਸੀ ਦੋ ਪੰਜਾਬੀ ਕੇਸਾਂ ਵਾਲ਼ਾ ਵੇਸ ਸੀ , ਉਹ ਗੁਰੂ ਪਿਆਰੇ ਸੜਕਾਂ ਉੱਤੇ ਵੱਜਦੇ ਉੱਚੇ ਲਲਕਾਰੇ ' ਸੁੱਕਾ ਕੋਈ ਵੀ ਸਿੱਖੜਾ ਨਾ ਏਥੋਂ ਜਾਵੇ ' ਵੇਂਹਦੇ ਵੇਂਹਦੇ ਭੀੜ ਸੀ ਨੇੜੇ ਆ ਢੁੱਕੀ ਤੱਕ ਕੇ ਗੱਡੀ ਵਿੱਚ ਦੋ ਦਸਤਾਰਾਂ ਤਾਂਈਂ ਵਾਛਾਂ ਖਿੜੀਆਂ ਸਭ ਦੀਆਂ ਗਵਾਰਾ ਹਾਸਾ ਧੂਹ ਕੇ ਦੋਵੇਂ ਸਿੰਘਾਂ ਨੂੰ ਨਾਈ ਕੋਲ਼ ਲੈ ਗਏ ਕਤਲ ਇਹਨਾਂ ਦੇ ਨਾਲ਼ ਹੀ ਅਸੀਂ ਵਾਲ਼ ਵੀ ਕਰਨੇ ਕਰੋ ਹਜ਼ਾਮਤ ਫਿਰ ਇਹ ਦੋ ਵਾਰੀ ਮਰਨੇ ਨਾਈ ਦੇ ਪੰਜ ਪੁੱਤ ਸੀ ਭਰ ਛੈਲ ਛਬੀਲੇ ਤੱਕ ਕੇ ਧੱਕੇਸ਼ਾਹੀ ਉਹ ਹੋ ਗਏ ਜੋਸ਼ੀਲੇ ਵਾਲ਼ ਕੱਟਣਾ ਕਾਰ ਹੈ ਬੇਸ਼ੱਕ ਅਸਾਡੀ ਧੱਕੇਸ਼ਾਹੀ ਮੰਨਣੀ ਨਾ ਅਸੀਂ ਤੁਹਾਡੀ ਵਾਲ਼ ਨਹੀਂ ਇਹ ਕੇਸ ਨੇ ਉਹਨਾਂ ਫ਼ਰਮਾਇਆ ਪੱਗ ਨਹੀਂ ਇਹ ਸੀਸ ਹੈ ਜਿਸ ਹਿੰਦ ਬਚਾਇਆ ਉਸਦੀ ਅਣਸ ਦੇ ਕੇਸ ਅਸੀਂ ਕਿੰਜ ਕਤਲ ਕਰਾਈਏ ਜਿਸਨੇ ਰਾਖੀ ਦੀਨ ਦੀ ਕਰਨਾ ਸਿਖਾਇਆ ਮਾਈ ਦੇ ਪੰਜ ਪੁੱਤਰਾਂ ਰੱਖ਼ ਵਚਨ ਵਿਖਾਇਆ ਕੰਧ ਬਣਾ ਕੇ ਖੜ੍ਹ ਗਏ ਕਿਸੇ ਹੱਥ ਨਾ ਲਾਇਆ ਇੰਜ ਕਰ ਘਰ ਹੀ ਆਪਣਾ ਉਹਨਾਂ ਚਾਂਦਨੀ-ਚੌਕ ਬਣਾਇਆ

ਕੁਦੇਸਣਾਂ

ਸਾਡਿਆਂ ਦੇਸਾਂ ਦੇ ਵੱਲੋਂ ਆਉਂਦੀਏ ਪੁਰੇ ਦੀ ‘ਵਾਏ ਕੋਈ ਤਾਂ ਸੁਨੇਹਾ ਲੈ ਕੇ ਆ ਸਾਨੂੰ ਪਰਦੇਸਣਾਂ ‘ਕੁਦੇਸਣਾਂ’ ਨੂੰ ਆਣ ਕੇ ਨੀ ਵਤਨਾਂ ਦਾ ਹਾਲ ਦੱਸ ਜਾਹ । ਕੇਹੀ ਸਾਡੀ ਹੋਣੀ ਐਸੀ ਕਿਸੇ ਦੀ ਨਹੀਂ ਹੋਣੀ ਬਿਨਾ ਲਾਵਾਂ ਫੇਰਿਆਂ ਵਿਆਹ ਮਹਿੰਦੀ ਨਾ ਕਲੀਰੇ ਨਾ ਸੁਹਾਗ ਵਾਲ਼ੇ ਗੀਤ ਜੰਝ ਢੁੱਕੀ ਸਿੱਕਿਆਂ ਦੀ ਆ ਸੁਪਨੇ ਸੰਧੂਰੀ ਸਾਰੇ ਅੱਲ੍ਹੜ ਵਰੇਸ ਵਿੱਚ ਹੋ ਗਏ ਸੀ ਸੜ ਕੇ ਸਵਾਹ ਸਾਡਿਆਂ ਦੇਸਾਂ ਦੇ ਵੱਲੋਂ ਆਉਂਦੀਏ ਪੁਰੇ ਦੀ 'ਵਾਏ ਕੋਈ ਤਾਂ ਸੁਨੇਹਾ ਲੈ ਕੇ ਆ । ਅਵਧ ਤੇ ਮਗਧ 'ਚ ਜੰਮੀਆਂ ਦੇ ਮਾਪੇ , ਖੌਰੇ ਕਿੰਨੇ ਕੁ ਥੁੜੇ ਜਾਂ ਮਜਬੂਰ ਸੀ ਗਾਈਆਂ ਵਾਂਗ ਵੇਚੀਆਂ ਨੇ ਖ਼ੁਦ ਜਿਨ੍ਹਾਂ ਢਿੱਡੋਂ ਜਾਈਆਂ ਤੋਰੀਆਂ ਬਿਗਾਨੇ ਦੇਸ ਦੂਰ ਸੀ ਕੇਹਾ ਇਹ ਸੰਜੋਗ ਬਣ ਜਾਂਦਾ ਜੋ ਵਿਯੋਗ ਬੰਦ ਕਰ ਦੇਵੇ ਪੇਕਿਆਂ ਦੇ ਰਾਹ ਸਾਡਿਆਂ ਦੇਸਾਂ ਦੇ ਵੱਲੋਂ ਆਉਂਦੀਏ ਪੁਰੇ ਦੀ 'ਵਾਏ ਕੋਈ ਤਾਂ ਸੁਨੇਹਾ ਲੈ ਕੇ ਆ। ਸਾਡੀ ਕੋਈ ਜਾਤ ਨਾ ਔਕਾਤ ਬਸ ਅਸੀਂ ਇੱਕ ਵੇਚੀ ਤੇ ਖ਼ਰੀਦੀ ਹੋਈ ਕੁੱਖ ਹਾਂ ਨਸਲ ਦੀ ਫ਼ਸਲ ਉਗਾਉਣ ਲਈ ਬੇਰਾਂ ਵੱਟੇ ਬੈਅ ਹੋਈ ਜ਼ਮੀਨ ਵਾਲ਼ਾ ਦੁੱਖ ਹਾਂ ਔਰਤ ਸਦਾ ਹੀ ਬਸ ਜਿਸਮ ਜਾਂ ਕੁੱਖ ਰਹੀ ਬਣੀ ਇਹ ਕਦੀ ਵੀ ਮਨੁੱਖ ਨਾ ਰੱਬਾ ! ਮੇਰਿਆ ਡਾਹਢਿਆ ਰੱਬਾ ਸਾਡਿਆਂ ਦੇਸਾਂ ਦੇ ਵੱਲੋਂ ਆਉਂਦੀਏ ਪੁਰੇ ਦੀ 'ਵਾਏ ਕੋਈ ਤਾਂ ਸੁਨੇਹਾ ਲੈ ਕੇ ਆ । ਕਿਸੇ ਕਿਸੇ ਰੁੱਖ ਉੱਤੇ ਕਦੇ ਨਾ ਬਹਾਰ ਆਉਂਦੀ ਕਈ ਫੁੱਲ ਬਿਨਾ ਖ਼ੁਸ਼ਬੋਅ ਸਾਡੀ ਜ਼ਿੰਦਦਗਾਨੀ ਵੀ ਵੀਰਾਨੀਆਂ ਦੀ ਤਸਦੀਕ ਮਿਲ਼ਦੀ ਨਾ ਕਿਤੇ ਕੋਈ ਢੋਅ ਸਖੀ ਨਾ ਸਹੇਲੀ ਨਾ ਹੀ ਅੰਗ ਸਾਕ ਐਸਾ ਕੋਈ ਧੀਰਜ ਬੰਨ੍ਹਾਵੇ ਜਿਹੜਾ ਆ ਸਾਡਿਆਂ ਦੇਸਾਂ ਦੇ ਵੱਲੋਂ ਆਉਂਦੀਏ ਪੁਰੇ ਦੀ 'ਵਾਏ ਕੋਈ ਤਾਂ ਸੁਨੇਹਾ ਲੈ ਕੇ ਆ ।

ਉੱਤਰ-ਆਧੁਨਿਕ ਦ੍ਰੋਣ ਗੁਰੂ ਦੱਖਣਾ

ਅੱਜ ਕੱਲ ਦਰੋਣਾਚਾਰੀਆ ਹੋਰ ਵੀ ਵੱਧ ਪ੍ਰਬੱਧ ਕੁਸ਼ਲ ਤੇ ਚਤੁਰ ਆਚਾਰੀਆ ਹੋ ਗਿਆ ਹੈ ਉਹ ਹੁਣ ਭੀਲਾਂ ਦੇ ਅੰਗੂਠੇ ਨਹੀਂ ਇੱਕ ਅੱਧ ਸਾਲਮ ਭੀਲ ਹੀ ਗੁਰੂ ਦੱਖਣਾ ਵਿੱਚ ਲੈ ਲੈਂਦਾ ਹੈ ਤੇ ਇੰਜ ਭਰਮਜਾਲ ਫ਼ੈਲਾਅ ਉਹ ਪੂਰੇ ਭੀਲ ਭਾਈਚਾਰੇ ਨੂੰ ਭੀਲ ਹਿਤੈਸ਼ੀ ਹੋਣ ਦਾ ਭੁਚੱਕਾ ਪਾਈ ਰੱਖਦਾ ਹੈ ਇਹ ਵੀ ਉੱਚ-ਕੁਲ ਕਸ਼ੱਤਰੀ ਪੁੱਤਰਾਂ ਦੇ ਰਾਜ ਸਿੰਘਾਸਣ ਨੂੰ ਬਰਕਰਾਰ ਰੱਖਣ ਦੀ ਉੱਤਰ ਆਧੁਨਿਕ ਦ੍ਰੋਣ ਨੀਤੀ ਹੈ ਕਿ ਭੀਲਾਂ ਤੋਂ ਸੰਵਿਧਾਨ ਲਿਖਵਾਓ ਪਰ ਮਨੂ-ਸਿਮ੍ਰਿਤੀ ਦੇ ਵਿਧਾਨ ਅਨੁਸਾਰ ਰਾਜ ਚਲਾਓ ਇੱਕ ਅੱਧ ਭੀਲ ਨੂੰ ਨਾਲ਼ ਰਲ਼ਾਓ ਤੇ ਉਸਨੂੰ ਵੀ ਮਨੂਸਮ੍ਰਿਤੀ ਨੀਤੀਆਂ ਦਾ ਢੰਡੋਰਚੀ ਬਣਾਓ ਅਰਜਨ ਨੂੰ ਸਰਵਸ੍ਰੇਸ਼ਟ ਬਣਾਈ ਰੱਖਣ ਤੇ ਏਕਲੱਵਿਆ ਦੀ ਕਬਾਇਲੀ ਕਾਬਲੀਅਤ ਨੂੰ ਦਬਾਈ ਦਾ ਇਹ ਵੀ ਨਵਾਂ ਢੰਗ-ਤਰੀਕਾ ਹੈ ਕਿ ਉਸਦੇ ਵਿੱਦਿਆ ਆਸ਼ਰਮ ਵਿੱਚ ਦਾਖ਼ਲ ਹੋਣ ਦੇ ਹਾਲਾਤ ਹੀ ਨਾ ਪੈਦਾ ਹੋਣ ਦੇਵੋ ਬਸ ਇੱਕ ਅੱਧ ਸਾਲਮ ਭੀਲ ਨੂੰ ਦ੍ਰੋਣ ਦੱਖਣਾ ਵਿੱਚ ਵਸੂਲ ਕਰ ਭੀਲ ਹਿਤੈਸ਼ੀ ਹੋਣ ਦਾ ਭਰਮਜਾਲ ਫ਼ੈਲਾਈ ਰੱਖੋ।

ਫ਼ੁੱਲ ਬਣਨ ਦਾ ਵਰ

ਉਹ ਆਂਹਦੀ ਏ ਤੈਨੂੰ ਮਧੂ ਮੱਖੀਆਂ ਵਾਂਗ ਚੰਬੜ ਜਾਂਦੇ ਨੇ ਸਭ ਮੈ ਆਂਹਨਾ ਕੁਦਰਤ ਹਰ ਕਿਸੇ ਨੂੰ ਫ਼ੁੱਲ ਬਣਨ ਦਾ ਵਰ ਨਹੀਂ ਦੇਂਦੀ।

ਦਰਵੇਸ਼ ਬੁੱਤ ਤਰਾਸ਼

(ਆਪਣੇ ਪੁੱਤਰਾਂ ਵਾਂਗ ਪਾਲ਼ੇ ਲੈਬਰਾਡੋਰ ਟਵਿੱਟਰ ਦੇ ਨਾਮ ਜੋ ਸੱਤ ਸਾਲ ਦਾ ਸਾਥ ਨਿਭਾ ਕੇ ਤੁਰ ਗਿਆ। ਉਸ ਲਈ ਕੁੱਤਾ ਸ਼ਬਦ ਲਿਖਣ ਨੂੰ ਦਿਲ ਮੰਨਦਾ ) ਕੁੱਤਾ ਜਦੋਂ ਘਰ ਆਉਂਦਾ ਹੈ ਉਦੋਂ ਕੁੱਤਾ ਹੁੰਦਾ ਹੈ ਫਿਰ ਉਹ ਘਰ ਦਾ ਬੱਚਾ ਬਣ ਜਾਂਦਾ ਹੈ ਆਪਣੀ ਸਾਰੀ ਵਰੇਸ ਬੱਚਾ ਹੀ ਬਣਕੇ ਜੀਂਦਾ ਹੈ ਤੇ ਬੱਚਾ ਹੀ ਬਣਕੇ ਮਰਦਾ ਹੈ .... ਕੁੱਤਾ ਜਦੋਂ ਘਰ ਆਉਂਦਾ ਹੈ ਉਦੋਂ ਕੁੱਤਾ ਹੁੰਦਾ ਹੈ ਪਰ ਜਾਣ ਵੇਲ਼ੇ ਉਹ ਐਸਾ ਦਰਵੇਸ਼ ਬੁੱਤ ਤਰਾਸ਼ ਬੁੱਤ ਤਰਾਸ਼ ਬਣਕੇ ਜਾਂਦਾ ਹੈ ਜੋ ਘਰ ਦੇ ਸਾਰੇ ਜੀਆਂ ਨੂੰ ਕਰੁਣਾ , ਮੋਹ ,ਮੁਹੱਬਤ ਦੀਆਂ ਮੂਰਤੀਆਂ ਬਣਾ ਦਿੰਦਾ ਹੈ ਕੁੱਤਾ ਜਦੋਂ ਘਰ ਆਉਂਦਾ ਹੈ ਉਦੋਂ ਕੁੱਤਾ ਹੁੰਦਾ ਹੈ ਜਦੋਂ ਉਹ ਜਾਂਦਾ ਹੈ ਉਦੋਂ ਮਹਿਜ ਕੁੱਤਾ ਨਹੀਂ ਰਹਿੰਦਾ

ਆਦਿ ਅਧੂਰੀ ਦਰੋਪਦੀ

(22 ਫਰਵਰੀ 2016 ਨੂੰ ਮੂਰਥਲ ਵਿਖੇ ਹੋਏ ਹੋਈਆਂ ਸਮੂਹਕ ਬਲਾਤਕਾਰ ਦੀਆਂ ਹੌਲਣਕ ਘਟਨਾਵਾਂ ਤੋਂ ਪ੍ਰਭਾਵਤ ਔਰਤਾਂ ਨੂੰ ਸਮਰਪਿਤ ) ਮੈਂ ਜੋ ਦਰੋਪਦੀ ਹਾਂ ਸਿਰਫ਼ ਦਰੋਪਦੀ ਨਹੀਂ ਹਾਂ ਆਦਿ ਅਧੂਰੀ ਪੂਰੀ ਔਰਤ ਜਾਤ ਦੀ ਅਧੋਗਤੀ ਹਾਂ ਮੇਰਾ ਮਹਾਂਭਾਰਤ ਤਾਂ ਜੁਗਾਂ-ਜੁਗਾਂਤਰ ਪਹਿਲਾਂ ਸ਼ੁਰੂ ਹੋਇਆ ਸੀ ਤੇ ਅਜੇ ਤੀਕ ਜਾਰੀ ਹੈ ਮੇਰੇ ਇਸ ਮਹਾਂਭਾਰਤ ਦਾ ਖੇਤਰ ਸਿਰਫ਼ ਕੁਰਖੇਤਰ ਨਹੀਂ ਇਸ ਵਿੱਚ ਪੂਰੇ ਦਾ ਪੂਰਾ ਹਿੰਦ ਸਿੰਧ ਸਭ ਸ਼ਾਮਲ ਨੇ ਇਸ ਵਿੱਚ ਸਿਰਫ਼ ਜੂਏਬਾਜ ਕੌਰਵ ਜਾਂ ਪਾਂਡਵ ਹੀ ਨਹੀਂ ਹਰ ਕੋਈ ਲੁੱਚਾ ਲਫ਼ੰਗਾ , ਹੁੱਲੜਬਾਜ, ਮੁਸ਼ਟੰਡਾ ਜਾਂ ਅੱਥਰਾ ਹਜੂਮ ਵੀ ਸ਼ਾਮਲ ਹੋ ਸਕਦਾ ਹੈ ਤੇ ਮੇਰੇ ਲਈ ਲਾਹੌਰ , ਪਿਸ਼ੌਰ , ਫਿਲੌਰ ,ਦਿੱਲੀ ਮੋਗਾ ,ਮੂਰਥਲ਼ ਦੇ ਕਿਸੇ ਵੀ ਸ਼ਹਿਰ ਗਰਾਂ ਗਲ਼ੀ ਮੁਹੱਲੇ ਕਿਤੇ ਵੀ ਕੁਰੂਖੇਤਰ ਰਚ ਸਕਦਾ ਹੈ ਤੇ ਮੈਨੂੰ ਨਿਰਵਸਤਰ ਕਰਕੇ ਕਦੇ ਵੀ ਦਾਅ ਤੇ ਲਾ ਸਕਦਾ ਹੈ ਜਾਂ ਖੁਦ ਦਾਅ ਲਾ ਸਕਦਾ ਹੈ... ਕਿਤੇ ਮੈਂ ਨਿਰਭੈਆ ਹੁੰਦੀ ਹਾਂ ਕਿਤੇ ਜੈਨਬ ਜਾਂ ਅਸਿਫ਼ਾ ਜਾਂ ਅਜਿਹਾ ਕੋਈ ਹੋਰ ਨਾਉਂ ਹੁੰਦੀ ਹਾਂ ਇਸ ਸਾਰੇ ਦੇ ਸਾਰੇ ਮਹਾਨ ਭਾਰਤ ਵਿੱਚ ਕਿਤੇ ਵੀ ਮੇਰੇ ਲਈ ਮਹਾਂਭਾਰਤ ਰਚਿਆ ਜਾ ਸਕਦਾ ਹੈ ਇਸ ਸਾਰੇ ਦੇ ਸਾਰੇ ਖੇਤਰ ਵਿੱਚ ਕੋਈ ਵੀ ਖੇਤਰ ਮੇਰਾ ਕੁਰਖੇਤਰ ਹੋ ਸਕਦਾ ਹੈ ਸਾਰੇ ਦੇ ਸਾਰੇ ਯੁੱਗਾਂ ਵਿੱਚੋਂ ਕਿਸੇ ਵੀ ਯੁੱਗ ਵਿੱਚ ਮੇਰੀ ਆਦਿ ਅਧੂਰੀ ਹੋਣੀ ਦੀ ਗਾਥਾ ਲਿਖੀ ਜਾ ਸਕਦੀ ਹੈ ਹਰ ਯੁੱਗ ਹੀ ਮੇਰਾ ਕੁਰਖੇਤਰ ਹੈ ਇਹ ਸਤਿਯੁਗ ,ਦੁਆਪਰ ਤ੍ਰੇਤਾ ਸਭ ਤੁਹਾਡੇ ਯੁੱਗ ਨੇ ਮੇਰਾ ਹਮੇਸ਼ਾ ਕਲਯੁਗ ਹੀ ਰਿਹਾ ਹੈ ਹਰ ਯੁੱਗ ਦਾ ਹਰ ਯੁੱਧ ਮੇਰਾ ਕੁਰਖੇਤਰ ਹੈ ਯੁੱਗ ਕੋਈ ਵੀ ਹੋਵੇ ਯੁੱਧ ਕੋਈ ਵੀ ਹੋਵੇ ਜਿੱਤ ਕਿਸੇ ਦੀ ਵੀ ਹੋਵੇ ਮੇਰੀ ਹਾਰ ਪਹਿਲਾਂ ਹੀ ਤੈਅ ਹੁੰਦੀ ਹੈ ਹਰ ਯੁੱਗ 'ਚ ਹਰ ਯੁੱਧ 'ਚ ਮੈਂ ਇਨਸਾਨ ਨਹੀਂ ਲੁੱਟਣਯੋਗ ਸਮਾਨ ਹੁੰਦੀ ਹਾਂ ਹਰ ਜਿੱਤ ਦੇ ਜਸ਼ਨ ਤੇ ਹਾਰ ਦੀ ਮਾਰ ਮੇਰੇ ਜਿਸਮ ਤੇ ਪੈਣੀ ਤੇ ਮੇਰੀ ਰੂਹ ਨੇ ਸਹਿਣੀ ਹੀ ਹੁੰਦੀ ਹੈ ਮੈਂ ਕੱਲ੍ਹ ਵੀ ਦਰੋਪਦੀ ਸਾਂ ਅੱਜ ਵੀ ਦਰੋਪਦੀ ਹਾਂ... ਤੇ ਮੈਂ ਜੋ ਦਰੋਪਦੀ ਹਾਂ ਸਿਰਫ਼ ਦਰੋਪਦੀ ਨਹੀਂ ਹਾਂ ਆਦਿ ਅਧੂਰੀ, ਪੂਰੀ ਔਰਤ ਜਾਤ ਦੀ ਅਧੋਗਤੀ ਹਾਂ

ਜਦ ਉਸਨੇ ਮੈਨੂੰ ਕਿਹਾ

ਜਦ ਉਸਨੇ ਮੈਨੂੰ ਕਿਹਾ ਤੂੰ ਤੂੰ ਹੀ ਹੈਂ ਤੇਰੇ ਵਰਗਾ ਹੋਰ ਕੋਈ ਨਹੀਂ ਮੈਂ ਮਰ ਗਿਆ ਤੇ ਜੀਣ ਜੋਗਾ ਵੀ ਹੋ ਗਿਆ ।

ਗੋਬਰਾਹਾ

(ਇਹ ਨਜ਼ਮ ਭਾਰਤ ਦੇ ਮਹਾਰਾਸ਼ਟਰ ਅਤੇ ਕੁਝ ਹੋਰ ਖਿੱਤਿਆਂ ਵਿੱਚ ਨਿਮਨ ਵਰਗਾਂ ਨਾਲ ਇੱਕ ਘੋਰ ਨਸਲੀ ਵਿਤਕਰੇ ਵਾਲੀ ਪ੍ਰਚਲਤ ਰਹੀ ਪੁਰਾਤਨ ਪਰੰਪਰਾ ' ਗੋਬਰਾਹਾ ' ਨੂੰ ਆਧਾਰ ਬਣਾ ਕੇ ਲਿਖੀ ਗਈ ਹੈ ।ਇਸ ਖਿੱਤੇ ਵਿੱਚ ਅਖਾਉਤੀ ਸਵਰਨ ਜਾਤਾਂ ਵੱਲੋਂ ਨਿਮਨ ਜਾਤੀ ਦੇ ਕਿਰਤੀਆਂ ਨੂੰ ਕੰਮ ਦੀ ਮਜ਼ਦੂਰੀ ਦੇ ਇਵਜ਼ ਵਜੋਂ ਪਸ਼ੂਆਂ ਦੇ ਗੋਹੇ ਵਿੱਚੋਂ ਨਿਕਲਣ ਵਾਲੇ ਅਨਾਜ ਦੇ ਦਾਣੇ ਦਿੱਤੇ ਜਾਂਦੇ ਸਨ ਅਤੇ ਇਸ ਤਰਾਂ ਦਿੱਤੀ ਮਜ਼ਦੂਰੀ ਨੂੰ ‘ਗੋਬਰਾਹਾ’ ਕਿਹਾ ਜਾਂਦਾ ਸੀ ) ਗੋਬਰਾਹਾ ਇਹ ਕਹਾਣੀ ਇੱਕ ਐਸੇ ਦੇਸ ਦੀ ਹੈ ਜਿਸਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਉਸ ਦੇਸ ਵਿੱਚ ਇੱਕ ਕਬੀਲਾ ਐਸਾ ਸੀ ਜਿਹਨਾਂ ਦੇ ਦਿਲ ਪੱਥਰ ਦੇ ਸਨ ਉਹ ਪੱਥਰ ਚਿੱਤ ਕਬੀਲਾ ਖੁਸ਼ਹਾਲ ਸੀ ,ਹਰ ਸੰਪਤੀ ਦਾ ਮਾਲਕ ਸੀ ,ਮਾਲਾਮਾਲ ਸੀ ਉਸ ਦੇਸ ਵਿੱਚ ਇੱਕ ਹੋਰ ਕਬੀਲਾ ਵੱਸਦਾ ਸੀ ਜਿਸ ਕੋਲ਼ ਆਪਣੇ ਦਸਾਂ ਨਹੁੰਆਂ ਦੀ ਕਿਰਤ ਤੋਂ ਬਿਨਾ ਕੁਝ ਵੀ ਨਹੀਂ ਸੀ ਉਸਦੀ ਆਪਣੀ ਕਿਰਤ 'ਤੇ ਵੀ ਉਸਦਾ ਨਹੀਂ ਪੱਥਰ-ਚਿੱਤ ਕਬੀਲੇ ਦਾ ਅਧਿਕਾਰ ਸੀ ਉਸਦੀ ਕਿਰਤ ਦਾ ਸਤਿਕਾਰ ਨਹੀਂ ਤ੍ਰਿਸਕਾਰ ਸੀ ਕਿਰਤ ਦਾ ਹੀ ਨਹੀਂ ਇਸ ਕਬੀਲੇ ਦਾ ਵੀ ਤ੍ਰਿਸਕਾਰ ਸੀ ਪੱਥਰ -ਚਿੱਤ ਕਬੀਲਾ ਕਿਰਤੀ ਕਬੀਲੇ ਤੋਂ ਕੰਮ ਕਰਾਉਂਦਾ ਬੰਧੂਆ ਮਜ਼ਦੂਰਾਂ ਵਾਂਗ ਤੇ ਮਜ਼ਦੂਰੀ ਵਿੱਚ ਦਿੰਦਾ ਪਸ਼ੂਆਂ ਦੇਂ ਗੋਹੇ ਵਿੱਚੋਂ ਨਿੱਕਲੇ ਦਾਣੇ -'ਗੋਬਰਾਹਾ' ਕਿਰਤੀ ਕਬੀਲੇ ਦੀਆਂ ਮਾਂਵਾਂ ਇਹਨਾਂ ਦਾਣਿਆਂ ਨੂੰ ਪੀਸ ਕੇ ਆਟਾ ਬਣਾਉਂਦੀਆਂ ਰੋਟੀਆਂ ਪਕਾਉਂਦੀਆਂ ਪਰਿਵਾਰਾਂ ਨੂੰ ਖਵਾਉਂਦੀਆਂ ਤੇ ਫਿਰ ਧੀਆਂ ਵੀ ਮਾਂਵਾਂ ਬਣਕੇ ਇਹੀ ਕਹਾਣੀ ਅੱਗੇ ਦੁਹਰਾਉਂਦੀਆਂ ..... ਮੈਥੋਂ ਤਾਂ ਇਹ ਕਹਾਣੀ ਵੀ ਹੋਰ ਅੱਗੇ ਸੁਣਾਈ ਨਹੀਂ ਜਾ ਰਹੀ ਕਿਰਤੀ ਕਬੀਲੇ ਦੇ ਲੋਕਾਂ ਨੇ ਜੀਵੀ ਕਿੰਝ ਹੋਵੇਗੀ ? ਵਿਤਕਰਿਆਂ ਦੀ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ ਮਹੀਨੇ , ਸਾਲ , ਦਹਾਕੇ ਨਹੀਂ ਸਦੀਆਂ ਚੱਲੀ ਹੈ... ਇੱਕ ਨਹੀਂ ਹਜ਼ਾਰਾਂ ਸਾਲ ਹਜ਼ਾਰਾਂ ਕਹਾਣੀਆਂ ਚੱਲੀਆਂ ਨੇ .... ਮੈਂ ਲਾਹਨਤ ਭੇਜਦਾ ਹਾਂ ਐਸੇ ਸੋਨੇ ਦੀ ਚਿੜੀ ਕਹੇ ਜਾਂਦੇ ਦੇਸ ਤੇ ਇਹ ਸੋਨੇ ਦੀ ਚਿੜੀ ਨਹੀਂ ਘੋਰ ਨਸਲੀ ਵਿਤਕਰੇ ਕਰਨ ਵਾਲ਼ੇ ਮਨੂੰਵਾਦੀ ਕਾਂਵਾਂ ਦਾ ਦੇਸ ਹੈ

ਸੁਹਜ ਮੁਨਾਖੇ ਮਨੁੱਖ

ਉਹ ਜਿਨ੍ਹਾ ਨੂੰ ਫੁੱਲਾਂ ਲੱਦੀਆਂ ਵੇਲਾਂ ਖਿੜੀਆਂ ਗੁਲਜ਼ਾਰਾਂ ਵਾਦੀਆਂ ਪਹਾੜਾਂ ਸਮੁੰਦਰਾਂ ਝੀਲਾਂ ਝਰਨਿਆਂ ਚੜ੍ਹਦੇ ਡੁੱਬਦੇ ਸੂਰਜ ਦੀ ਲਾਲੀ ਏਕਮ ਤੋਂ ਪੁੰਨਿਆਂ ਤੱਕ ਘਟਦਾ ਵਧਦਾ ਲੁਕਣ-ਮੀਟੀ ਖੇਡਦਾ ਚੰਨ ਤੇ ਚੰਨ ਵਰਗੇ ਮੁਖੜਿਆਂ ਦਾ ਸੁਹੱਪਣ ਸੁਨੱਖਾਪਣ ਵੇਖ ਸੀਨੇ ਖਿੱਚ ਨਹੀਂ ਪੈਂਦੀ ਉਹਨਾਂ ਨੂੰ ਸੁਹਜ-ਮੁਨਾਖੇ ਮਨੁੱਖ ਹੋਣ ਦਾ ਸਰਾਪ ਦਿੱਤਾ ਹੁੰਦਾ ਹੈ ਕੁਦਰਤ ਮਾਤਾ ਨੇ ਸੁਜਾਖੇ ਪਰ ਸੁਹਜ ਮਨਾਖੇ ਮਨੁੱਖ ..।

ਅਸਲੀ ਕੋਹਿਨੂਰ-ਸੋਫ਼ੀਆ ਦਲੀਪ ਸਿੰਘ

ਉਹ ਸ਼ੇਰੇ ਪੰਜਾਬ ਦੀ ਪੋਤੀ ਸ਼ੇਰਾਂ ਵਰਗਾ ਹੀ ਦਸਤੂਰ ਨਾਰੀ ਗ਼ੈਰਤ ਦੀ ਰਖਵਾਲੀ ਹੋਈ ਆਲਮ ਵਿੱਚ ਮਸ਼ਹੂਰ ਦਲੀਪ ਸਿੰਘ ਸ਼ਹਿਜ਼ਾਦੇ ਦੀ ਤੇ ਮਾਂ ਬਾਂਬਾ ਦੀ ਲਾਡ-ਦੁਲਾਰੀ ਲੰਡਨ ਦੇ ਵਿੱਚ ਪੈਦਾ ਹੋਈ ਨਾਰੀਆਂ ਦੀ ਅਵਾਜ਼ ਇਹ ਨਾਰੀ ਡੁੱਬਿਆ ਸੂਰਜ ਸੀ ਜਦ ਓੜਕ ਦੇਸ ਪੰਜਾਬ ਦੇ ਰਾਜ ਦਾ ਜਲਾਵਤਨ ਸ਼ਹਿਜ਼ਾਦਾ ਕੀਤਾ ਖੁੱਲ੍ਹਿਆ ਦਰ ਅਜ਼ਾਬ ਦਾ ਮਾਂ ਪੁੱਤਰ ਦਾ ਪਿਆ ਵਿਛੋੜਾ ਜਿੰਦਾਂ ਦੀ ਜਿੰਦ ਸੂਲ਼ੀ ਟੰਗੀ ਪੁੱਤਰ ਖੋਹ ਕੇ ਲੰਡਨ ਲੈ ਗਏ ਕੈਸੀ ਚੱਲੀ ਚਾਲ ਫ਼ਰੰਗੀ ਕਿੰਨਾ ਕੁਝ ਸੀ ਖੋਹ ਲਿਆ ਜਿਗਰ ਦੇ ਟੁਕੜੇ ਨਾਲ਼ ਤਲਵਾਰ ਢਾਲ਼ ਦਸਤਾਰ ਖੋਹ ਲਈ ਧਰਮ ਖੋਹ ਲਿਆ ਚੱਲ ਕੇ ਚਾਲ ਚਾਨਣ ਦਾ ਪਹਾੜ ਖੋਹ ਲਿਆ ਹੀਰਾ ਕੋਹਿਨੂਰ ਜੇਤੂ ਰਾਜੇ ਸਦਾ ਹੀ ਚਾਲਾਂ ਚੱਲਦੇ ਆਏ ਕੂੜ ਕਰੂਰ ਕੋਹਿਨੂਰ ਤਾਂ ਇੱਕ ਪੱਥਰ ਸੀ ਜੋ ਪੰਜਾਬ ਤੋਂ ਹੋ ਗਿਆ ਦੂਰ ਪਰ ਇੱਕ ਮਿਲ਼ੀ ਸੀ ਦਾਤ ਅਦੁੱਤੀ ਸੋਫ਼ੀਆ ਅਸਲੀ ਕੋਹਿਨੂਰ ਉਸ 'ਹੱਵਾ' ਦੀ ਬੇਟੀ ਬਣਕੇ ਆਦਮ ਪੁੱਤਰਾਂ ਨੂੰ ਸਮਝਾਇਆ ਜਿਸ ਨਾਰੀ ਨੇ ਕੁੱਖੋਂ ਜੰਮਿਆ ਉਸਦਾ ਹੀ ਹੱਕ ਕਿਉਂ ਮਰਵਾਇਆ ਮਰਦ ਹੀ ਕਿਓਂ ਸਿੰਘਾਸਣ ਉੱਤੇ ਸਦਾ ਹੀ ਬੈਠਣ ਦੇ ਹੱਕਦਾਰ ਕਿਓਂ ਕੋਈ ਔਰਤ ਹੋ ਨਹੀਂ ਸਕਦੀ ਮਰਦਾਂ ਦੀ ਆਹਲਾ ਸਰਦਾਰ ਸਾਰੇ ਹਾਹਾਕਾਰ ਮੱਚ ਗਈ ਆਲਮ ਵਿੱਚ ਦੁਹਾਈ ਇਹ ਅਣਹੋਣੀ ਗੱਲ ਭਲਾ ਕਿਓਂ ਨਾਰੀ ਦੇ ਮਨ ਆਈ ਨਾਰੀ ਤਾਂ ਇੱਕ ਤਨ ਹੁੰਦੀ ਹੈ ਮਨ ਕਿੱਥੋਂ ਲੈ ਆਈ ਜੇ ਨਾਰੀ ਵੀ ਮਨ ਲੈ ਆਈ ਕਿਧਰੇ ਆ ਨਾ ਜਾਏ ਤਬਾਹੀ ਰਾਤ ਨੂੰ ਔਰਤ ਪੂਰੀ ਹੁੰਦੀ ਦਿਨ ਵਿੱਚ ਹੋਵੇ ਅਧੂਰੀ ਜਿਸਨੇ ਜੰਮਿਆ ਉਸਨੂੰ ਭੰਡਦੇ ਮਰਦਾਂ ਦੀ ਮਗਰੂਰੀ ਉਹ ਝਾਂਸੀ ਦੀ ਰਾਣੀ ਦੂਜੀ ਨਾਰੀ ਸੀ ਅਜ਼ਾਦੀ ਦੀ ਪੰਜ ਆਬਾਂ ਦੀ ਜਾਈ ਸੀ ਉਹ ਕੋਹਿਨੂਰ - ਸ਼ਹਿਜ਼ਾਦੀ ਸੀ

ਔਰਤ, ਔਰਤ ਦੀ ਦੁਸ਼ਮਣ ਨਹੀਂ ਹੁੰਦੀ

ਬ੍ਹੀਰੋ ਮੁੰਡਾ ਚਾਹੁੰਦੀ ਹੈ ਅਣਜੰਮੀ ਧੀ ਦੀ ਕੁੱਖ਼ ਵਿੱਚ ਹੀ ਕਬਰ ਬਣਾ ਦਿੰਦੀ ਹੈ ‘ਜਗੀਰੋ’ ਇੱਜ਼ਤ ਲਈ ਆਪਣੀ ਧੀ ਕਤਲ ਕਰਵਾ ਦਿੰਦੀ ਹੈ। ਸੰਤੋ ਦਾਜ ਲਈ ਨੂੰਹ ਨੂੰ ਜਲਾ ਦਿੰਦੀ ਹੈ ਬੰਤੋ ਆਪਣੀ ਭਰ ਮੁਟਿਆਰ ਧੀ ਨੂੰ ਬੁੱਢੇ ਨਾਲ ਵਿਆਹ ਦਿੰਦੀ ਹੈ ਸੱਚਮੁਚ ਜਾਪਣ ਲੱਗਦਾ ਹੈ ਔਰਤ ਹੀ ਔਰਤ ਦੀ ਦੁਸ਼ਮਣ ਹੈ। ਪਰ ਜੋ ਜਾਹਰਾ ਦਿਸਦਾ ਹੈ ਉਹੀ ਸੱਚ ਨਹੀਂ ਹੁੰਦਾ ਔਰਤ, ਔਰਤ ਦੀ ਦੁਸ਼ਮਣ ਨਹੀਂ ਔਰਤਾਨਾ ਦੇਹਾਂ ਵਿੱਚ ਛਲੇਡਾ ਬਣਕੇ ਦਾਖ਼ਲ ਹੋ ਚੁੱਕਾ ਪਿਤਾ-ਪੁਰਖ਼ੀ ਸੋਚ ਦਾ ਨਾਗ ਔਰਤ ਦਾ ਦੁਸ਼ਮਣ ਹੈ। ਨਾ ਔਰਤ ਨਾ ਮਰਦ ਔਰਤ ਦਾ ਦੁਸ਼ਮਣ ਹੈ … ਜਿਵੇਂ ਚਲਾਕ ਕੋਇਲ ਆਪਣੇ ਆਂਡੇ ਕਾਂ ਦੇ ਆਲ੍ਹਣੇ ਵਿੱਚ ਰੱਖ ਬੱਚੇ ਪੈਦਾ ਕਰਵਾ ਲੈਂਦਦੀ ਹੈ ਪਿਤਰਕੀ ਵੀ ਉਸ ਕੋਇਲ ਵਰਗੀ ਹੀ ਹੈ ਸੱਤਾ ਬਹੁਤ ਚਾਤਰ ਸ਼ਾਤਰ ਹੁੰਦੀ ਹੈ ਤੁਹਾਨੂੰ ਤੁਹਾਡੇ ਹੀ ਖਿਲਾਫ ਵਰਤਣ ਦੀ ਜੁਗਤ ਜਾਣਦੀ ਹੈ ਗੁੱਝੀ ਮਾਰ ਨਾਲ਼ ਵਾਰ ਕਰਦੀ ਹੈ।

ਤ੍ਰੀਮਤਾਂ

ਤ੍ਰੀਮਤਾਂ ਜਾਪਦਾ ਖ਼ੁਦ ਨਹੀਂ ਸੌਂਦੀਆਂ ਸਿਰਫ਼ ਰਾਤ ਨੂੰ ਸਵਾਉਂਦੀਆਂ ਨੇ ਉਹ ਅੱਧਸੁੱਤੀਆਂ ਸੁਤਉਨੀਂਦੀਆਂ ਹੀ ਰਹਿੰਦੀਆਂ ਨੇ ਸਵੇਰੇ ਕੀਤੇ ਜਾਣ ਵਾਲ਼ੇ ਕੰਮਾਂ ਦੀ ਲੰਮੇਰੀ ਲਿਸਟ ਦੇ ਸੁਪਨਿਆਂ ਨਾਲ਼ ਜਾਗੋ-ਮੀਟੀ ਵਿੱਚ ਹੀ ਰਾਤ ਕੱਟ ਲੈਂਦੀਆਂ ਨੇ ਤੇ ਮੂੰਹ ਝਾਖਰੇ ਫਿਰ ਉੱਠ ਬਹਿੰਦੀਆਂ ਨੇ ਲਗਦਾ ਤ੍ਰੀਮਤਾਂ ਹਰ ਪਲ ਘੜੀ ਪਹਿਰ ਅੱਠੋ ਪਹਿਰ ਚੱਤੋ ਪਹਿਰ ਚਲੋਚਾਲ ਕਰਮ ਵਿੱਚ ਰਹਿੰਦੀਆਂ ਅੰਮ੍ਰਿਤ ਵੇਲ਼ੇ ਸੂਰਜ ਨੂੰ ਸਰਘੀ ਦੇ ਪੰਘੂੜੇ 'ਚੋਂ ਉਠਾਉਂਦੀਆਂ ਰਹਿਰਾਸ ਵੇਲ਼ੇ ਉਸਨੂੰ ਪੱਛਮ ਦਾ ਲੇਫ਼ ਦੇ ਸਵਾਉਂਦੀਆਂ ਰਾਤੀਂ ਦੇਰ ਤੱਕ ਰਾਤ ਨੂੰ ਜਗਾਈ ਰੱਖਦੀਆਂ ਸੌਂ ਕੇ ਵੀ ਖ਼ੁਦ ਨੂੰ ਕਰਮ ‘ਚ ਪਾਈ ਰੱਖਦੀਆਂ ਇਹ ਤ੍ਰੀਮਤਾਂ

ਬੇਆਬ ਪੰਜਾਬ

ਪੰਜ ਆਬਾਂ ਦਾ ਪੰਜਾਬ ਹੀ,ਬੇਆਬ ਹੋਈ ਜਾਂਦਾ ਏ ਹਰ ਰੁੱਖ ਹੈ ਉਦਾਸ ਤੇ ਮਨੁੱਖ ਰੋਈ ਜਾਂਦਾ ਏ ਜੰਡ ਕਿੱਕਰਾਂ ਕਰੀਰਾਂ ਨੂੰ ਸਵਾਲ ਪੁੱਛਦੇ ਸਾਡੇ ਸਾਵੇ ਸਾਵੇ ਪੱਤੇ ਨੇ ਕਿਉਂ ਜਾਂਦੇ ਸੁੱਕਦੇ ਟਾਹਲੀ ਬੇਰੀਆਂ ਬਰੋਟੇ ਕਿਉਂ ਨੇ ਜਾਂਦੇ ਮੁੱਕਦੇ ਪਾਣੀ ਜੜ੍ਹਾਂ ਤੋਂ ਕਿਉਂ ਦੂਰ ਦੂਰ ਹੋਈ ਜਾਂਦਾ ਏ ਪੰਜ ਆਬਾਂ ਦਾ ਪੰਜਾਬ ਹੀ ...। ਜਿਹਨਾਂ ਪਾਣੀਆਂ ਹਯਾਤੀ ਵਾਲ਼ਾ ਗੀਤ ਗਾਇਆ ਸੀ ਖ਼ਾਲੀ ਅੰਨ-ਕਾਸਾ ਵਤਨ ਦਾ ਭਰਵਾਇਆ ਸੀ ਖ਼ਾਲੀ ਗਿਆ ਨਾ ਸਵਾਲੀ ਜੋ ਵੀ ਦਰ ਆਇਆ ਸੀ ਅੱਜ ਖੇਤ ਖੇਤ ,ਰੇਤ ਰੇਤ ਹੋਈ ਜਾਂਦਾ ਏ ਪੰਜ ਆਬਾਂ ਦਾ ਪੰਜਾਬ ਹੀ ...। ਆਬ ਮੁੱਕ ਗਏ ਤਾਂ ਪੰਜਾਬ ਮੁੱਕ ਜਾਣਾ ਏ ਸਾਵਾ ਸਾਵਾ ਹੁਸਨ ਸ਼ਬਾਬ ਮੁੱਕ ਜਾਣਾ ਏ ਰਾਵੀ ਸੁੱਕ ਜਾਣੀ ਤੇ ਚਨਾਬ ਸੁੱਕ ਜਾਣਾ ਏ ਵੱਤਰ ਨਾ ਸਾਂਭਿਆ ਜੇ ਪੈਣਾ ਪਛਤਾਣਾ ਏ ਉੱਠੋ ਜਾਗੋ ਜੀ ਜਨਾਬ ਕੀ ਇਹ ਹੋਈ ਜਾਂਦਾ ਏ ? ਪੰਜ ਆਬਾਂ ਦਾ ਪੰਜਾਬ ਹੀ ...। ਜਿਵੇਂ ਆਖਰੀ ਸਮੇਂ ਤੇ ਕੋਈ ਵਾਜਾਂ ਮਾਰਦਾ ਜਿਵੇਂ ਜ਼ਿੰਦਗੀ ਦੀ ਬਾਜ਼ੀ ਕੋਈ ਜਾਂਦਾ ਹਾਰਦਾ ਮੈਨੂੰ ਮਰਨੋ ਬਚਾ ਲੋ ਜਿਵੇਂ ਹੈ ਪੁਕਾਰਦਾ ਪੰਜ ਆਬਾਂ ਦਾ ਵੀ ਹਾਲ ਓਹੀ ਹੋਈ ਜਾਂਦਾ ਏ ਪੰਜ ਆਬਾਂ ਦਾ ਪੰਜਾਬ ਹੀ ...।

ਇਹ ਕੈਸਾ ਸ਼ਬਦ-ਕੋਸ਼ ਹੈ

ਇਹ ਕੈਸੀਆਂ ਰੀਤਾਂ ਨੇ ਇਹ ਕੈਸੇ ਸ਼ਬਦ ਨੇ ਇਹ ਕੈਸਾ ਸ਼ਬਦ-ਕੋਸ਼ ਰਚਿਆ ਹੋਇਆ ਹੈ ਜਿਸ ਵਿੱਚ ਔਰਤ ਦੀ ਮਰਜ਼ੀ ਦੇ ਕੋਈ ਮਾਅਨੇ ਨਹੀਂ ਉਸਦੀ ‘ਨਾਂਹ’ ਦੇ ਵੀ ਕੋਈ ਅਰਥ ਨਹੀਂ ਉਸਦੇ ਹਾਸੇ ਨੂੰ ਸਹਿਮਤੀ ਦੀ ਸੈਨਤ ਸਮਝਿਆ ਜਾਂਦਾ ਹੈ ਤੇ ਰੋਣ ਨੂੰ ਚਲਿੱਤਰ ਇਹ ਕੈਸਾ ਰੱਬ ਹੈ ਸਿਰਫ ਮਰਦਾਨਾ ਰੱਬ ਔਰਤਨਾ ਰੱਬਤਾ ਤੋਂ ਖ਼ਾਲੀ ਇਹ ਕੈਸਾ ਗੁਰੂ ਘਰ ਹੈ ਜਿੱਥੇ ਨਾਰੀਆਂ ਦੇ ਕੀਰਤਨ ਨਾਲ਼ ਮਰਿਯਾਦਾ ਵਿੱਚ ਵਿਘਨ ਪੈਂਦਾ ਹੈ ਇਹ ਕੈਸੇ ਧਾਮ ਨੇ ਜਿੱਥੇ ਮਸੂਮ ਬਾਲੜੀਆਂ ਨੂੰ ਦੇਵਦਾਸੀਆਂ ਬਣਾ ਧਰਮੀ ਤਵਾਇਫ਼ਾਂ ਬਣਾ ਦਿੱਤਾ ਜਾਂਦਾ ਹੈ ਇਹ ਕੈਸਾ ਹੱਜ ਹੈ ਜਿਸਤੇ ਜਾਣ ਲਈ ਔਰਤ ਨੂੰ ਮਰਦ ਮਹਿਰਮ ਦਾ ਮੁਹਤਾਜ ਹੋਣਾ ਪਵੇ ਇਹ ਕੈਸੀ ਸ਼ਰੀਅਤ ਹੈ ਜਿੱਥੇ ਔਰਤ ਦਾ ਬਦਨ ਤਾਂ ਪੂਰਾ ਪਰ ਉਸਦੀ ਗਵਾਹੀ ਅੱਧੀ**ਹੀ ਕਬੂਲੀ ਜਾਂਦੀ ਹੈ ਇਹ ਜੰਨਤ ਵੀ ਕੈਸੀ ਹੈ ਜਿੱਥੇ ਮਰਦ ਲਈ ਹੂਰਾਂ*** ਪਰ ਔਰਤ ਲਈ ਹੂਰ-ਸੌਂਕਣਾਂ ਪੇਸ਼ ਕੀਤੀਆਂ ਜਾਂਦੀਆਂ ਹਨ ਇਹ ਕੈਸੇ ਲੋਕ ਨੇ ਜੋ ਪ੍ਰਲਕ ਤੱਕ ਵੀ ਔਰਤ ਨਾਲ ਵਿਤਕਰਾ ਕਰਦੇ ਨੇ ਇਹ ਕੈਸੀਆਂ ਰੀਤਾਂ ਨੇ ਇਹ ਕੈਸੇ ਸ਼ਬਦ ਨੇ ਇਹ ਕੈਸਾ ਸ਼ਬਦ-ਕੋਸ਼ ਰਚਿਆ ਹੋਇਆ ਹੈ ਇਹ ਸਭ ਵਿਤਕਰੇ ਵਾਲ਼ਾ ਵਿਧੀ ਵਿਧਾਨ ਮੇਰੇ ਪਿਉ ਦਾਦੇ ਨੇ ਰਚਿਆ ਹੈ ਮੇਰੀ ਮਾਂ ਭੈਣ ਨੇ ਕਬੂਲ ਕੀਤਾ ਪਰ ਮੇਰੀਆਂ ਧੀਆਂ ਦੋਹਤੀਆਂ ਪੋਤੀਆਂ ਇਸਨੂੰ ਨਕਾਰਨਗੀਆਂ ਇਸਨੂੰ ਪਿਤਰਾਂ ਦੇ ਨਾਲ਼ ਹੀ ਅੱਗ ਵਿੱਚ ਸਾੜਨਗੀਆਂ -------------------------------------------- *ਇਸਲਾਮੀ ਪਰੰਪਰਾ ਅਨੁਸਾਰ ਔਰਤ ਆਪਣੇ ਪਤੀ ਜਿਸਨੂੰ ਮਹਿਰਮ ਕਿਹਾ ਗਿਆ ਹੈ ਬਿਨਾ ਹੱਜ 'ਤੇ ਨਹੀਂ ਜਾ ਸਕਦੀ । **ਇਸਲਾਮ ਅਨੁਸਾਰ ਔਰਤ ਦੀ ਅੱਧੀ ਗਵਾਹੀ ਕਬੂਲ ਕੀਤੀ ਜਾਂਦੀ ਹੈ ਭਾਵ ਦੋ ਔਰਤਾਂ ਦੀ ਇੱਕ ਗਵਾਹੀ ਮੰਨੀ ਜਾਂਦੀ ਹੈ । *** ਇਸਲਾਮ ਅਨੁਸਾਰ ਜੰਨਤ ਵਿੱਚ ਚੰਗੇ ਕਰਮ ਕਰਨ ਵਾਲਿਆਂ ਨੂੰ ਹੂਰਾਂ ਅਤੇ ਆਹਲਾ ਸ਼ਰਾਬ ਪੇਸ਼ ਹੋਵੇਗੀ ।

ਸੁਹਾਗਣ ਸਤੀ

ਜਦ ਜਦ ਵੀ ਕਿਸਾਨ ਕਾਮੀਆਂ ਨਸਲਾਂ ਮਿੱਟੀ ਕੋਲ਼ੋਂ ਫਸਲਾਂ ਦੀਆਂ ਦਾਤਾਂ ਸੁਗਾਤਾਂ ਲੈ ਪਰਤਦੀਆਂ ਹਨ ਤਾਂ ਮਿੱਟੀ ਸਦਕੇ ਵਾਰੀ ਜਾਂਦੀ ਹੈ ਜਿਵੇਂ ਕੋਈ ਮਾਂ ਆਪਣੇ ਬਾਲ ਨੂੰ ਦੁੱਧ ਚੁੰਘਾ ਖੀਵੀ ਹੋ ਹੋ ਜਾਂਦੀ ਹੈ ਜਦ ਕਦੇ ਮਾੜੇ ਮੌਸਮਾਂ ਔੜ ,ਮੀਂਹ , ਝੱਖੜ ਜਾਂ ਗੜ੍ਹਮਾਰ ਕਾਰਨ ਮਿੱਟੀ ਆਪਣੇ ਜਾਇਆਂ ਨੂੰ ਅੰਨ ਰਿਜ਼ਕ ਦੀ ਦਾਤ ਦੇਣੋ ਬੇਵੱਸ ਹੋ ਜਾਂਦੀ ਹੈ ਤਾਂ ਉਹ ਬਿਹਬਲ ਹੋ ਉੱਠਦੀ ਹੈ ਕਿ ਉਸਦੀ ਕੁੱਖ ਦੇ ਮਿਹਨਤੀ ਜਾਏ ਤੇ ਉਹਨਾਂ ਦੇ ਟੱਬਰ-ਟੀਰ ਫ਼ਾਕੇ ਕੱਟਣਗੇ ਸਲਫ਼ਾਸਾਂ ਚੱਖਣਗੇ ਲਿਖੀਆਂ ਲਿਖਾਈਆਂ ਸਾਹਿ-ਚਿੱਠੀਆਂ ਪਾੜ ਘੱਤਣਗੇ ਅਜਿਹੇ ਸਮਿਆਂ ਵਿੱਚ ਮਿੱਟੀ ਨੂੰ ਇੰਜ ਲਗਦਾ ਹੈ ਜਿਵੇਂ ਉਹ ਅਜਿਹੇ ਦੁੱਧ ਚੁੰਘਦੇ ਬਾਲ ਦੀ ਕੋਈ ਲਾਚਾਰ ਮਾਂ ਹੋਵੇ ਜੋ ਉਸ ਤੋਂ ਬਹੁਤ ਦੂਰ ਭੁੱਖ ਨਾਲ਼ ਕੁਰਲਾ ਰਿਹਾ ਹੈ ਤੇ ਮਾਂ ਦੀਆਂ ਆਂਦਰਾਂ ਨੂੰ ਖੋਹ ਪੈਂਦੀ ਹੈ ਉਸਦੀਆਂ ਛਾਤੀਆਂ 'ਚੋਂ ਦੁੱਧ ਸਿੰਮ ਸਿੰਮ ਅਜਾਈਂ ਚੋ ਜਾਂਦਾ ਹੈ ਬੱਚਾ ਰੋ ਰੋ ਭੁੱਖਣ ਭਾਣਾ ਸੌਂ ਜਾਂਦਾ ਹੈ ਮਿੱਟੀ ਨੂੰ ਲਗਦਾ ਹੈ ਉਸਦੀ ਫ਼ਸਲ ਰਿਜ਼ਕ ਬਣੇ ਬਿਨਾ ਹੀ ਜਾਇਆ ਹੋ ਗਈ ਉਹ ਬਹੁਤ ਉਦਾਸ ਹੋ ਜਾਂਦੀ ਹੈ ਪਰ ਕੀ ਕਾਮੇ ਕਿਸਾਨ ਵੀ ਆਪਣੀ ਮਿੱਟੀ ਮਾਂ ਬਾਰੇ ਇੰਜ ਸੋਚਦੇ ਨੇ ? ਸ਼ਾਇਦ ਨਹੀਂ ਉਹ ਤਾਂ ਇਸਨੂੰ ਰਿਜ਼ਕ ਦਾਤੀ ਨਹੀਂ ਜਿਣਸ ਮਸ਼ੀਨ ਸਮਝਦੇ ਹਨ ਤਾਹੀਓਂ ਤਾਂ ਉਹ ਫ਼ਸਲ ਕੱਟਣ ਸਾਰ ਇਸਦੇ ਨਾੜ ਨਾਲ਼ ਹੀ ਮਿੱਟੀ ਦਾ ਨਾੜੂਆ ਸਾੜ ਦਿੰਦੇ ਨੇ ਫ਼ਾਲਤੂ ਲਾਣ ਪਰਾਲ਼ੀ ਨਾਲ਼ ਇਸਦੀ ਚਿਤਾ ਬਣਾ ਕੇ ਲਾਂਬੂ ਲਾ ਦਿੰਦੇ ਨੇ ਤੇ ਜਦ ਮਿੱਟੀ ਤੇ ਉਸਤੇ ਪਲ਼ਦੇ ਜੀਆਜੰਤ ਮੈਹਣ ਸੜਦਾ ਹੈ ਤਾਂ ਉਹ ਡਾਡਾਂ ਮਾਰਦੀ ਹੈ ਰੋਂਦੀ ਕੁਰਲਾਉਂਦੀ ਹੈ ਤੇ ਡਡਿਆ ਕੇ ਆਪਣੇ ਕਿਸਾਨ ਪੁੱਤਰਾਂ ਵੱਲ ਬਾਹਾਂ ਉਲਾਰ ਕੇ ਬਚਾਓ ! ਬਚਾਓ ! ਪੁਕਾਰਾਂ ਪਾਉਂਦੀ ਹੈ ਪਰ ਇਹ ਚੀਖੋ ਪੁਕਾਰ ਕਿਸੇ ਨੂੰ ਨਹੀਂ ਸੁਣਦੀ ਕਿਓਂਕਿ ਹਰ ਚੀਕ ਤਨ ਦੇ ਕੰਨ ਨਾਲ਼ ਨਹੀਂ ਸੁਣੀ ਜਾਂਦੀ ਮਿੱਟੀ ਦੇ ਕਿਸਾਨ ਪੁੱਤਰ ਜਿੰਦਾ ਬਲ਼ਦੀ ਮਾਂ ਵੱਲ ਪਿੱਠ ਕਰ ਲੈਂਦੇ ਹਨ ਤੇ ਸਾਰਾ ਆਲਮ ਮਿੱਟੀ ਦੇ ਪਿੰਡੋ ਪਿੰਡ ਲਟ ਲਟ ਬਲ਼ਦੇ ਸਿਵਿਆਂ ਦੇ ਧੂੰਏਂ ਵਿੱਚ ਗ਼ਰਕ ਹੋ ਜਾਂਦਾ ਹੈ ਮਿੱਟੀ ਦੀ ਸੱਤਿਆ ਦੀ ਹੱਤਿਆ ਹੋ ਜਾਂਦੀ ਹੈ ਤੇ ਮਿੱਟੀ ਦੇ ਗਰਭ ‘ਚ ਪਈਆਂ ਉਤਭੁਜੀ ਅਣਸਾਂ,ਤੇ ਜੀਆ ਜੰਤ ਦਾ ਜੀਆਘਾਤ ਹੋ ਅੰਤ ਹੋ ਜਾਂਦਾ ਹੈ ਕਾਮੇ ਕਿਸਾਨ ਆਪਣੀ ਆਦਿ ਸੁਹਾਗਣ ਮਿੱਟੀ ਮਾਂ ਨੂੰ ਸਤੀ ਕਰਕੇ ਚਲੇ ਜਾਂਦੇ ਹਨ ਕਿਓਂਕਿ ਹਰ ਚੀਕ ਤਨ ਦੇ ਕੰਨ ਨਾਲ਼ ਨਹੀਂ ਸੁਣੀ ਜਾ ਸਕਦੀ | ਪਤਾ ਨਹੀਂ ਕਿੰਨੇ ਕੁ ਮਜਬੂਰ ਹੋਣਗੇ ਖੇਤਾਂ ਦੇ ਜਾਏ ਵਰਨਾ ਕੌਣ ਸਤੀ ਕਰਦਾ ਹੈ ਆਪਣੀ ਸੁਹਾਗਣ ਮਾਂ ਨੂੰ ।

ਅਵਾਮ ਦੇ ਸੀਸੀਟੀਵੀ ਕੈਮਰੇ

ਇਹ ਤੁਹਾਡਾ ਭਰਮ ਹੈ ਕਿ ਤੁਸੀਂ ਕਾਲ਼ੀਆਂ ਕਰਤੂਤਾਂ ਨੂੰ ਅੰਜ਼ਾਮ ਦੇ ਕੇ ਇਹਨਾਂ ਦਾ ਖ਼ੁਰਾ-ਖੋਜ ਮਿਟਾ ਬਰੀ ਹੋ ਜਾਵੋਗੇ ਤੇ ਗਿੱਦੜਾਂ ਵਾਂਗ ਹਵਾਂਕਦੇ ਪਾਲਤੂ ਮੀਡੀਏ ਰਾਹੀਂ ਝੂਠ ਨੂੰ ਸੱਚ ਸਾਬਤ ਕਰ ਦੇਵੋਗੇ ਅਸੀਂ ਕਲਮਕਾਰ ਲੋਕਾਂ ਦੇ ਸੀ ਸੀ ਟੀ ਵੀ ਕੈਮਰੇ ਹਾਂ ਸਭ ਕੁਝ ਰਿਕਾਰਡ ਕਰ ਲੈਂਦੇ ਹਾਂ ਸਾਡੀਆਂ ਲਿਖਤਾਂ, ਨਜ਼ਮਾਂ ਸਿਰਫ਼ ਕਾਗਜ਼ੀ ਨਹੀਂ ਹੁੰਦੀਆਂ ਇਹ ਹਕੀਕੀ ਦਸਤਾਵੇਜ਼ ਵੀ ਹੁੰਦੀਆਂ ਹਨ ਸਮਿਆਂ ਵੱਲੋਂ ਕੀਤੀਆਂ ਸਾਜ਼ਿਸ਼ਾਂ ਖਿਲਾਫ਼ ਅਸੀਂ ਕੂੜ ਬਾਦਸ਼ਾਹਾਂ ਬਾਬਰਾਂ ਜਾਬਰਾਂ ਦੇ ਲਸ਼ਕਰਾਂ ਨਾਲ਼ ਮਾਰਚ ਕਰਕੇ ਰੋਜ਼ਨਾਮਚੇ ਲਿਖਣ ਵਾਲ਼ੇ ਤਲਬੀ ਕਾਤਿਬ ਨਹੀਂ ਬਲਕਿ ਅਵਾਮ ਨਾਲ਼ ਹੋਈਆਂ ਧੱਕੇਸ਼ਾਹੀਆਂ ਤਬਾਹੀਆਂ ਦੇ ਲੇਖੇ ਲਿਖਣ ਵਾਲ਼ੇ ਸੱਚੇ ਪਾਤਸ਼ਾਹਾਂ ਤੋਂ 'ਧਨੁ ਲੇਖਾਰੀ ਨਾਨਕਾ' ਦਾ ਰੁਤਬਾ ਹਾਸਲ ਕਾਨੀਕਾਰ ਹਾਂ ਸਗਲ ਖੰਡ ਬ੍ਰਹਿਮੰਡ ਦੇ ਮਹਾਂ ਲਿਖਾਰੀ ਕੁਲ ਆਲਮ ਦੇ ਸਾਂਝੇ ਗੁਰੂ ਪੀਰ ਨਾਨਕ ਦੇ ਪੈਰੋਕਾਰ ਅਸੀਂ ਸੁਲਤਾਨਾਂ ਹੁਕਮਰਾਨਾਂ ਦੇ ਕੁਰਸੀਨਾਮੇ ਜੰਮਣ ਮਰਨ ਮਿਤੀਆਂ ਜਾਂ ਹਾਰਾਂ ਜਿੱਤਾਂ ਦੇ ਬਿਆਨ ਬਖ਼ਿਆਨ ਨੂੰ ਇਤਿਹਾਸ ਕਹਿਣ ਵਾਲ਼ੇ ਵਿਸ਼ਵ-ਵਿਦਿਆਲੀਏ ਇਤਿਹਾਸਕਾਰ ਵੀ ਨਹੀਂ ਅਸੀਂ ਤਾਂ ਲੋਕਾਂ ਦੇ ਪਿੰਡਿਆਂ 'ਤੇ ਉੱਕਰੀ ਤੇ ਤਾਰੀਖ਼ ਦੀਆਂ ਪੁਸਤਕਾਂ ਵਿੱਚ ਅਣਗੌਲ਼ੇ ,ਅਣਲਿਖੇ ਜਾਂ ਖਾਰਜ ਕਰ ਦਿੱਤੀ ਜਾਂਦੀ ਤਵਾਰੀਖ਼ ਦੇ ਲੇਖਾਰੀ ਹਾਂ ਸਗਲ ਖੰਡ ਬ੍ਰਹਿਮੰਡ ਦੇ ਮਹਾਂ - ਲਿਖਾਰੀ ਨਾਨਕ ਤੋਂ ‘ਧੰਨ ਲੇਖਾਰੀ ਨਾਨਕਾ ‘ ਦਾ ਰੁਤਬਾ ਹਾਸਿਲ ਪੈਰੋਕਾਰ

ਰੱਬ ਦੀਆਂ ਰਖੇਲਾਂ

(ਸਦੀਆਂ ਤੋੱ ਦੇਵਦਾਸੀ ਪ੍ਰਥਾ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਨਾਮ) ਦਰਾਵੜ ਦੇਸ਼ ਦੇ ਮੰਦਰਾਂ ਅੰਦਰ ਐਸਾ ਇੱਕ ਵਿਧਾਨ ਧੀਆਂ ਚੜ੍ਹਨ ਚੜ੍ਹਾਵਾ ਜਿੱਥੇ ਖੁਸ਼ ਹੋਵੇ ਭਗਵਾਨ ਕੈਸਾ ਇਹ ਵਿਧਾਨ ਵੇ ਲੋਕੋ ਕੈਸਾ ਇਹ ਵਿਧਾਨ ਧੀਆਂ ਦਾ ਜੋ ਲਵੇ ਚੜ੍ਹਾਵਾ ਕੈਸਾ ਇਹ ਭਗਵਾਨ ? ਕੈਸਾ ਇਹ ਵਿਧਾਨ ਓ ਰੱਬਾ ! ਕੈਸਾ ਇਹ ਵਿਧਾਨ ਮਰਦਾਂ ਦੀ ਅੱਯਾਸ਼ੀ ਦੇ ਲਈ ਨਾਰੀਆਂ ਦਾ ਬਲੀਦਾਨ ਰੱਬ ਦੇ ਨਾਂ ਦੇ ਉੱਤੇ ਕਿੰਨੀਆਂ ਬਣੀਆਂ ਕੂੜ ਰਵਾਇਤਾਂ ਦੇਵਦਾਸੀਆਂ ਕਹਿਣ ਜਿਨਾਂ ਨੂੰ ਅਸਲ ‘ਚ ਉਹ ਤਵਾਇਫਾਂ ਜੋਰਾਵਰ ਜ਼ਰਦਾਰ ਪੁਜਾਰੀ ਰਲ ਮਿਲ ਸਭ ਸ਼ੈਤਾਨ ਰੱਬ ਦੀ ਪਤਨੀ ਕਹਿ ਨਾਰੀ ਨਾਲ ਆਪਣੀ ਸੇਜ ਸਜਾਣ ਨਾ ਰਾਜੇ ਦੀ ਬੇਟੀ ਨਾ ਹੀ ਸਵਰਨਾ ਅਹਿਲਕਾਰਾਂ ਦੀ ਦਾਸੀ ਸਦਾ ਹੀ ਕਿਉਂ ਬਣਦੀ ਹੈ ਕੰਮੀਆਂ ਦੇ ਪਰਿਵਾਰਾਂ ਦੀ ? ਉੱਚੇ ਉੱਚੇ ਗੁੰਬਦ ,ਉਤੇ ਕਲਸ਼ਾਂ ਦੇ ਲਿਸ਼ਕਾਰੇ ਨੀਂਹਾਂ ਵਿੱਚ ਕੰਕਾਲ ਧੀਆਂ ਦੇ ਧਰਮਾਂ ਦੇ ਬਲਿਹਾਰੇ ਮੰਦਰਾਂ ਵਿੱਚ ਅਣਦਿਸਦੇ ਖੰਡਰ , ਰੀਤਾਂ ਵਾਂਗ ਚੁੜੇਲਾਂ ਪੂਜਾ ਘਰਾਂ ਦੇ ਚਕਲਿਆਂ ਅੰਦਰ ਰੱਬ ਦੀਆਂ ਰਹਿਣ ਰਖੇਲਾਂ ਧੁਖ ਧੁਖ ਕੇ ਜਿਸਰਾਂ ਮੁੱਕ ਜਾਵੇ ਧੂਫ ਧਾਮ ਦੇ ਅੰਦਰ ਦੇਵਦਾਸੀਆਂ ਦੀ ਹਯਾਤੀ ਵੀ ਐਸਾ ਹੀ ਮੰਜਰ ਧਰਮਾਂ ਦੇ ਕੁਕਰਮਾਂ ਵਾਲੀ ਗਾਥਾ ਬੜੀ ਲੰਮੇਰੀ ਔਰਤ ਦਲਿਤ 'ਤੇ ਸਦੀਆਂ ਤੋਂ ਹੈ ਝੁੱਲੀ ਦਮਨ ਹਨੇਰੀ ਅਣਵਿਆਹੀਆਂ ਮਾਂਵਾਂ ਦੀ ਜਿੱਥੇ ਰੁਲ਼ਦੀ ਏ ਸੰਤਾਨ ਮੇਰਾ ਹਿੰਦੁਸਤਾਨ ਨਿਆਰਾ ਪਿਆਰਾ ਹਿੰਦੁਸਤਾਨ।

ਨਕਾਰ ਸਾਕਾਰ ਬਣਾਇਆ ਹੈ

ਪੰਛੀ ਘਰ ਬਣਾਇਆ ਹੈ ਘਰ ਬਣਾਇਆ ਹੈ ਬਣਾਇਆ ਹੀ ਹੈ ਕੁਝ ਵੀ ਨਾ ਢਾਹਿਆ ਹੈ ਪੰਛੀ ਘਰ ਬਣਾਇਆ ਹੈ ਕੁਝ ਸੁੱਕੇ ਹੋਏ ਪੱਤੇ ਨਕਾਰਾ ਨਿਕ-ਸੁਕ ਤੇ ਕੁਝ ਤੀਲ੍ਹੇ ਹੀ ਕਾਫੀ ਨੇ ਘਰ ਵਾਸਤੇ ਵਸੀਲੇ ਨਕਾਰ ਸਾਕਾਰ ਬਣਾਇਆ ਹੈ ਪੰਛੀ ਘਰ ਬਣਾਇਆ ਹੈ ਪੰਛੀ ਘਰ ਬਣਾਇਆ ਹੈ ਘਰ ਵਿੱਚ ਵਾਸ ਕਰਾਇਆ ਹੈ ਪਹਿਲਾਂ ਆਂਡੇ ਫਿਰ ਬੋਟ ਆਏ ਫਿਰ ਚੂਕਣ ਗੁਟਕਣ ਆਈ ਸੁੱਕੇ ਨਿਰਜੀਵ ਪੱਤੇ, ਤੀਲ੍ਹੇ ਫਿਰ ਸਜੀਵ ਹੋ ਉੱਠੇ ਰੁੱਖ ਨੂੰ ਭਾਗ ਲਗਾਇਆ ਹੈ ਪੰਛੀ ਘਰ ਬਣਾਇਆ ਹੈ। ਬੰਦੇ ਘਰ ਬਣਾਇਆ ਹੈ ਕਿੰਨੇ ਈ ਪੰਛੀ-ਘਰਾਂ ਨੂੰ ਢਾਇਆ ਹੈ ਬਿਰਖਾਂ ਨੂੰ ਬਲੀ ਚੜ੍ਹਾਇਆ ਹੈ ਕੀਟ-ਘਰਾਂ ਭੌਣਾਂ ਨੂੰ ਨੀਹਾਂ ਵਿੱਚ ਚਿਣਾਇਆ ਹੈ ਬੰਦੇ ਜੋ ਘਰ ਬਣਾਇਆ ਹੈ ਘਰ ਬਣਾਇਆ ਹੈ ਜਾਂ ਘਰਾਂ ਨੂੰ ਢਾਹਿਆ ?

ਅੱਬੂ ਅਜੇ ਮੈਂ ਮੋਈ ਨਹੀਂ

ਧੀ ਇੱਕ ਜੰਮੀ ਜਦੋਂ ਚਿਰਾਂ ਬਾਅਦ ਮਾਪਿਆਂ ਦੇ ਹੋਈਆਂ ਸੀ ਮੁਰਾਦਾਂ ਸਭ ਪੂਰੀਆਂ ਚਾਵਾਂ ਨਾਲ ਪਾਲ਼ਿਆ ਸੀ ਲਾਡਾਂ ਦੇ ਪੰਘੂੜੇ ਪਾ ਕੇ ਭੁੱਲ ਸਭ ਥੁੜਾਂ ਮਜਬੂਰੀਆਂ ਕੱਲੀ ਕੱਲੀ ਧੀ ਸੀ ਜੋ ਜੰਮੀ ਕੁਲ ਕੋੜਮੇ 'ਚ ਪੁੱਤਾਂ ਨਾਲੋਂ ਵਧਕੇ ਪਿਆਰੀ ਸੀ ਮਾਂ ਦੀ ਤਾਂ ਜਿੰਦ ਸੀ ਤੇ ਪਿਤਾ ਦੀ ਵੀ ਜਾਨ ਸੀ ਉਹ ਵੀਰਾਂ ਦੀ ਵੀ ਛਿੰਦੀ ਤੇ ਦੁਲਾਰੀ ਸੀ ਤਾਏ ਚਾਚੇ ਦਾਦੇ ਜਦੋਂ ਕੁੜੇ ਕੁੜੇ ਸੱਦਦੇ ਤਾਂ ਜਾਪੇ 'ਵਾਜ ਧਰਤੀ ਨੂੰ ਮਾਰੀ ਸੀ ਗੁੱਡੀਆਂ ਪਟੋਲਿਆਂ ਦੇ ਵਾਲ਼ੀ ਖੇਡ, ਖੇਡ ਜਦੋਂ ਹੋ ਗਈ ਉਹ ਭਰ ਮੁਟਿਆਰ ਸੀ ਉੱਚਿਆਂ ਅਕਾਸ਼ਾਂ ਵਿੱਚ ਫਿਰੇ ਦੂਰ ਉੱਡਦੀ ਤੇ ਸੁਪਨੇ ‘ਚ ਕੋਈ ਰਾਜਕੁਮਾਰ ਸੀ ਅੰਮੀ ਨਾਲ਼ ਰਲ਼ ਕੇ ਸਹੇਲੀਆਂ ਦੇ ਨਾਲ ਬਹਿ ਕੇ ਕੀਤਾ ਸਾਰਾ ਦਾਜ ਵੀ ਤਿਆਰ ਸੀ ਦਰੀਆਂ ਤੇ ਵਰੀਆਂ ਤੇ ਬਾਗ਼ ਫੁਲਕਾਰੀ ਖੇਸ ਪਲੰਘਾਂ ਦੀ ਰੰਗਲੀ ਨਵਾਰ ਸੀ ਟਾਹਲੀ ਦਾ ਸੰਦੂਕ ਆਇਆ ਬਣ ਕੇ ਲਾਹੌਰੋਂ ਟੂਮਾਂ ਜੁੱਤੀ ਵੀ ਕਸੂਰੀ ਤਿੱਲੇਦਾਰ ਸੀ ਸੁਪਨੇ ਇਹ ਧੀ ਦੇ ਸੀ ਰਹਿ ਗਏ ਕੁਆਰੇ ਸਾਰੇ ਅੱਲਾ ਨੂੰ ਤੇ ਹੋਰ ਮਨਜ਼ੂਰ ਸੀ ਪੈ ਗਏ ਉਜਾੜੇ ਘੁੱਗ ਵੱਸਦੇ ਪੰਜਾਬ ਵਿੱਚ ਸਿਰਾਂ ਨੂੰ ਕੋਈ ਚੜਿਆ ਫਤੂਰ ਸੀ ਨਰਾਂ ਸਿਰ ਕਫ਼ਨ ਸੀ ਬੱਝ ਗਏ ਰਾਤੋ ਰਾਤ ਮਾਂਗਾਂ ਵਿੱਚ ਖ਼ੂਨ ਦੇ ਸੰਧੂਰ ਸੀ ਸੱਧਰਾਂ ਦੇ ਨਾਲ਼ ਧੀਆਂ ਪਾਲ਼ੀਆਂ ਸੀ ਮਾਪਿਆਂ ਜੋ ਮਾਰਨ ਨੂੰ ਹੋਏ ਮਜਬੂਰ ਸੀ ਧੀਆਂ ਮੁਟਿਆਰ ਸਨ , ਨਰ ਨਹੀਂ ਨਾਰੀਆਂ ਸੀ ਇਹੀ ਬਸ ਉਹਨਾਂ ਦਾ ਕਸੂਰ ਸੀ ਕਈਆਂ ਨੇ ਸੀ ਖੂਹਾਂ ਵਿੱਚ ਖੂਦ ਛਾਲਾਂ ਮਾਰੀਆਂ ਵੱਢੇ ਕਈ ਸਕਿਆਂ ਨੇ ਪੂਰ ਸੀ ਲਾਡਾਂ ਨਾਲ ਪਾਲ਼ੀ ਇਸ ਧੀ ਡਾਡਾਂ ਮਾਰੀਆਂ ਕੰਨੀ ਜਦੋਂ ਪਈ ਕਨਸੋਅ ਸੀ ਕਿ ਬਾਪੂ ਚਾਚੇ ਤਾਏ ਦਾਦੇ ਮਾਰਨ ਤੋਂ ਪਹਿਲਾਂ ਉਹਨੂੰ ਗਲ ਲੱਗ ਲੱਗ ਰਹੇ ਰੋ ਸੀ ਭਰੇ ਮਨ ਨਾਲ਼ ਸਭ ਆਖਿਆ ਸੀ ਬਾਪ ਨੂੰ ਹੀ ਆਪਣੀ ਜਾਈ ਦੀ ਲਵੇ ਜਾਨ ਨੂੰ ਬੇਪੱਤ ਹੋਣ ਤੇ ਬੇਗਾਨੇ ਅੰਗੀਂ ਛੋਹਣ ਨਾਲ਼ੋਂ ਮਾਰ ਦੇਵੋ ਆਪ ਸੰਤਾਨ ਨੂੰ ਕਰਕੇ ਪਹਾੜ ਜੇਰਾ ਪਿਤਾ ਨੇ ਜਾਂ ਕੱਢਿਆ ਚੁੱਕ ਕੇ ਮਿਆਨੋ ਕਿਰਪਾਨ ਨੂੰ ਵਾਰ ਕੀਤਾ ਜ਼ੋਰ ਨਾਲ ਪਰ ਹੱਥ ਕੰਬ ਗਏ ਮਾਰੇ ਕਿੰਜ ਆਪਣੀ ਹੀ ਜਾਨ ਨੂੰ ਕਰ ਕੇ ਜਾਂ ਵਾਰ ਬਾਪ ਆਇਆ ਬਾਹਰ ਭੁੱਬਾਂ ਮਾਰ ਧੀ ਦੀ ਅਵਾਜ਼ ਪਿੱਛੋਂ ਆਈ ਸੀ ਅੱਬੂ ਮੈਂ ਨਈ ਮੋਈ ਹਾਲੇ ਵਾਰ ਤੈਥੋਂ ਕੰਬ ਗਿਆ ਕਿਉਂਕਿ ਤੇਰੀ ਆਪਣੀ ਮੈਂ ਜਾਈ ਸੀ ਕਰ ਹੋਰ ਵਾਰ ਮੈਨੂੰ ਪੂਰੀ ਤਰ੍ਹਾਂ ਮਾਰ ,ਅੱਬਾ ਮੈਨੂੰ ਵੀ ‘ਅਜ਼ਾਦੀ’ ਪੂਰੀ ਚਾਹੀਦੀ... ।

ਜੇ ਖ਼ਾਨ ਨਾ ਹੁੰਦੇ

(ਇਹ ਨਜ਼ਮ ਕੁਝ ਉਹਨਾਂ ਸਭ ਇਸਲਾਮਿਕ ਪਿਛੋਕੜ ਨਾਲ ਸੰਬੰਧਿਤ ਅਦੀਬਾਂ ਕਲਾਕਾਰਾਂ ਨੂੰ ਸਮਰਪਿਤ ਹੈ ਜਿਹਨਾਂ ਨੇ ਭਾਰਤ ਦੀ ਤਵਾਰੀਖ਼ ਅਤੇ ਤਹਿਜ਼ੀਬ ਦੇ ਨਕਸ਼ਾਂ ਨੂੰ ਸੁਆਰਨ ਅਤੇ ਨਿਖਾਰਨ ਵਿੱਚ ਵੱਡਾ ਯੋਗਦਾਨ ਪਾਇਆ । ) ਜੇ ਖ਼ਾਨ* ਨਾ ਹੁੰਦੇ ਖ਼ਾਨਗਾਹਾਂ ਨਾ ਹੁੰਦੀਆਂ ਤਕੀਏ ਮਸੀਤਾਂ ਦਰਗਾਹਾਂ ਨਾ ਹੁੰਦੀਆਂ ਸੂਫ਼ੀ ਨਾ ਹੁੰਦੇ ਫ਼ਕੀਰ ਨਾ ਹੁੰਦੇ ਸਾਂਝਾਂ ਦੇ ਸਾਂਝੇ ਸਫ਼ੀਰ ਨਾ ਹੁੰਦੇ ਫਰੀਦ ਨਾ ਹੁੰਦਾ ਕਬੀਰ ਨਾ ਹੁੰਦਾ ਖੁਸਰੋ ਨਾ ਹੁੰਦਾ ਬੁੱਲ੍ਹਾ ਨਾ ਹੁੰਦਾ ਗ਼ਾਲਿਬ ਨਾ ਹੁੰਦਾ ਵਾਰਸ ਨਾ ਹੁੰਦਾ ਰਹਿਤਲ ਨੂੰ ਏਨਾ ਢਾਰਸ ਨਾ ਹੁੰਦਾ ... ਜੇ ਖ਼ਾਨ ਨਾ ਹੁੰਦੇ ਤਾਜ ਨਾ ਹੁੰਦਾ ਗੁੰਬਦ ਨਾ ਹੁੰਦੇ ਮਹਿਰਾਬ ਨਾ ਹੁੰਦਾ ਇਮਾਰਤੀ ਕੁਤਬ ਮੀਨਾਰ ਨਾ ਹੁੰਦਾ ਬੁਲੰਦ ਦਰਵਜ਼ਾ ਸ਼ਾਹਕਾਰ ਨਾ ਹੁੰਦਾ ਲਾਲ ਕਿਲ੍ਹਾ ਨਾ ਹੁੰਦਾ ਸੁਨਿਹਿਰੀ ਮਸਜਿਦ ਨਾ ਹੁੰਦੀ ਗੁਲੂਕਾਰੀ ਇਹ ਮੀਨਾਕਾਰੀ ਨਾ ਹੁੰਦੀ ਇਹ ਭਾਰਤ ਮਾਂ ਏਨੀ ਪਿਆਰੀ ਨਾ ਹੁੰਦੀ ਇਹ ਦਿੱਲੀ ਹੈ ਜੋ ਦਿੱਲੀ ਨਾ ਹੁੰਦੀ ਲਖਨਵੀ ਤਹਿਜ਼ੀਬ ਪਿਆਰੀ ਨਾ ਹੁੰਦੀ ਇਹ ਆਗਰਾ ਫ਼ਤਿਹਪੁਰ ਵੀ ਐਸਾ ਨਾ ਹੁੰਦਾ ਜੇ ਖ਼ਾਨ ਨਾ ਹੁੰਦੇ ਮੰਟੋ ਨਾ ਹੁੰਦਾ ਇਕਬਾਲ ਨਾ ਹੁੰਦਾ ਸਾਹਿਰ ਨਾ ਹੁੰਦਾ ਰਫ਼ੀ ਨਾ ਹੁੰਦਾ ਕੈਫ਼ੀ ਨਾ ਹੁੰਦਾ ਜਾਵੇਦ ਨਾ ਹੁੰਦਾ ਸ਼ਬਾਨਾ ਨਾ ਹੁੰਦੀ ਤਹਿਜ਼ੀਬ ਏਨੀ ਸ਼ਹਾਨਾ ਨਾ ਹੁੰਦੀ ਇਹ ਤਾਰੀਖ਼-ਏ -ਹਿੰਦ ਜੋ ਅੱਜ ਹੈ ਉਹ ਏਨੀ ਦਿਲਕਸ਼ ਹੁਸੀਨ ਅਫ਼ਸਾਨਾ ਨਾ ਹੁੰਦੀ ਇਰਫ਼ਾਨ ਇਮਰਾਨ ਆਮਿਰ ਸਲਮਾਨ ਨਾ ਹੁੰਦਾ ਨਸਰੂ ਤੇ ਅਬਦੁਲ ਕਲਾਮ ਨਾ ਹੁੰਦਾ ਜੇ ਖ਼ਾਨ ਨਾ ਹੁੰਦੇ ਜੇ ਇਸਲਾਮ ਨਾ ਹੁੰਦਾ ਹਿੰਦ ਦਾ ਇਹ ਮੁਕਾਮ ਨਾ ਹੁੰਦਾ ਹਿੰਦ ਤੇ ਏਨਾ ਮਾਣ ਨਾ ਹੁੰਦਾ। -- *ਇਸਲਾਮੀ ਭਾਈਚਾਰੇ ਲਈ ਬਿੰਬ ਵਜੋਂ ਵਰਤਿਆ ਗਿਆ ਸ਼ਬਦ

ਰੱਬ ਦੀ ਗ਼ਲਤੀ

ਕਦੇ ਕਦੇ ਰੱਬ ਵੀ ਗਲਤੀ ਕਰਦਾ ਹੈ ਜਦੋਂ ਉਹ ਅੱਧ ਅਧੂਰੇ ਨਰ ਨਾਰੀ ਖ਼ੁਸਰੇ ਪੈਦਾ ਕਰਦਾ ਹੈ ਕਦੇ ਕਦੇ ਨਰ ਦੇ ਜਿਸਮ ਵਿੱਚ ਨਾਰੀ ਤੇ ਨਾਰੀ ਦੇ ਕਲਬੂਤ ਵਿੱਚ ਨਰ ਪੈਦਾ ਕਰਦਾ ਹੈ ਸਮਲਿੰਗੀ ਖਿੱਚ ਪੈਦਾ ਕਰਦਾ ਹੈ ਧਰਮ ਵੀ ਇਹਨਾਂ ਬਾਰੇ ਮੂਕ ਹੈ ਤੇ ਜ਼ਮਾਨੇ ਦਾ ਮਤਰੇਏ ਮਾਪਿਆਂ ਵਾਲਾ ਸਲੂਕ ਹੈ ਤਾਂਹੀਓਂ ਜਦ ਬਨਵਾਸ ਜਾਂਦੇ ਰਾਮ ਨੇ ਆਪਣੇ ਨਾਲ ਵਿਦਾ ਕਰਨ ਆਏ ਸ਼ਰਧਾਲੂਆਂ ਨੂੰ ਅਧਵਾਟ ਪਹੁੰਚ ਕਿਹਾ ਸੀ : ਸਭ ਨਰ ਨਾਰੀ ਹੁਣ ਵਾਪਸ ਪਰਤ ਜਾਓ ਤਾਂ ਕਿੰਨਰਾਂ ਲਈ ਕੋਈ ਆਦੇਸ਼ ਨਹੀਂ ਸੀ ਸਭ ਨਰ ਨਾਰੀ ਪਰਤ ਆਏ ਸੀ ਕਿੰਨਰ ਉੱਥੇ ਹੀ ਬੈਠੇ ਰਹੇ ਬਿਨਾ ਕਾਰਨ ਬਨਵਾਸ ਕੱਟਦੇ ਰਹੇ ਉਹ ਅਜੇ ਵੀ ਉੱਥੇ ਹੀ ਬੈਠੇ ਹਨ ਬਨਵਾਸ ਭੋਗ ਰਹੇ ਹਨ ਸਦੀਆਂ ਤੋਂ …।

ਵਿਚਾਰ ਅਤੇ ਹਥਿਆਰ

(ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਉਹਨਾਂ ਦੀ ਵਿਚਾਰਧਾਰਾ ਨੂੰ ਸਮਰਪਿਤ ) ਊਧਮ ਸਿੰਘ ਨੇ ਲੰਡਨ ਵਿੱਚ ਹਥਿਆਰ ਨਹੀਂ ਵਿਚਾਰ ਚਲਾਇਆ ਸੀ : ਕਿ ਬੇਕਸੂਰ ਲੋਕਾਂ ਤੇ ਹਥਿਆਰ ਚਲਾਉਣ ਵਾਲ਼ੇ ਹਤਿਆਰੇ ਹੁੰਦੇ ਹਨ ਤੇ ਹਤਿਆਰਿਆਂ ਦੇ ਹਤਿਆਰੇ ਹੁੰਦੇ ਨੇ ਸੂਰਮੇ ਊਧਮ ਸਿੰਘ ਨੇ ਲੰਡਨ ਵਿੱਚ ਹਥਿਆਰ ਨਹੀਂ ਵਿਚਾਰ ਚਲਾਇਆ ਸੀ ਕਿ ਮਾਂਵਾਂ ਦੀਆਂ ਕੁੱਖਾਂ ਗ਼ੈਰਤਮੰਦ ਅਣਸ ਜੰਮਣਾ ਕਦੇ ਬੰਦ ਨਹੀਂ ਕਰਦੀਆਂ ਉਹ ਮੱਸੇ ਰੰਘੜ ਲਈ ਸੁੱਖਾ ਸਿੰਘ ਮਹਿਤਾਬ ਸਿੰਘ ਪੈਦਾ ਕਰਦੀਆਂ ਨੇ ਅਕਬਰ ਲਈ ਦੁੱਲਾ ਭੱਟੀ ਔਰੰਗ ਲਈ ਗੋਬਿੰਦ ਮਨੂੰ ਜਦੋਂ ਦਾਤਰੀ ਬਣਦਾ ਹੈ ਤਾਂ ਇਹ ਅਣਸਾਂ ਸੋਏ ਬਣ ਜਾਂਦੀਆਂ ਹਨ ਊਧਮ ਸਿੰਘ ਨੇ ਲੰਡਨ ਵਿੱਚ ਹਥਿਆਰ ਨਹੀਂ ਵਿਚਾਰ ਚਲਾਇਆ ਸੀ ਵਿਚਾਰ ਜਿਸਦਾ ਬੀਜ ਉਸਦੇ ਨਾਮ ‘ਮੁਹੰਮਦ ਸਿੰਘ ਅਜ਼ਾਦ ਦੀ ਸਾਂਝੀਵਾਲ਼ਤਾ ਵਾਲ਼ੀ ਵਿਚਾਰਧਾਰਾ ਵਿੱਚ ਪਿਆ ਸੀ ਵਿਚਾਰ ਜੋ ਲੋਕ ਵਿਰਸੇ ਦੀ ਨੁਮਾਇੰਦਗੀ ਕਰਦੀ ‘ਹੀਰ ਵਾਰਿਸ’ਨੂੰ ਧਰਮ ਗ੍ਰੰਥ ਦਾ ਦਰਜਾ ਦਿੰਦਾ ਸੀ ਵਿਚਾਰ ਜੋ ਇਹ ਤਸਦੀਕ ਕਰਦਾ ਸੀ ਕਿ ਜੇ ਪੰਜਾਬ ਗੁਰਾਂ ਦੇ ਨਾਮ ਤੇ ਜੀਂਦਾ ਹੈ ਤਾਂ ਇਹ ਵੱਸਦਾ ਸਾਂਝੇ ਲੋਕ ਵਿਰਸੇ ਦੇ ਨਾਮ 'ਤੇ ਹੈ ਊਧਮ ਸਿੰਘ ਨੇ ਲੰਡਨ ਵਿੱਚ ਜੋ ਹਥਿਆਰ ਚਲਾਇਆ ਸੀ ਉਸ ਦੀ ਬੈਰਲ ਵਿੱਚੋਂ ਗੋਲ਼ੀ ਨਹੀਂ ਸੋਚ ਨਿਕਲੀ ਸੀ ਸੋਚ ਜਿਸ ਵਿੱਚ ਭਗਤ ਸਿੰਘ ,ਰਾਜਗੁਰੂ ,ਸਰਾਭਾ ਤੇ ਗਦਰ ਦੀ ਗੂੰਜ ਸ਼ਾਮਲ ਸੀ ਊਧਮ ਸਿੰਘ ਨੇ ਲੰਡਨ ਵਿੱਚ ਹਥਿਆਰ ਨਹੀਂ ਵਿਚਾਰ ਚਲਾਇਆ ਸੀ ਹਥਿਆਰ ਤਾਂ ਕੋਈ ਦਸ ਨੰਬਰੀਆ ਗੁੰਡਾ ਗੈਂਗਸਟਰ ਵੀ ਕਦੇ ਵੀ ਕਿਤੇ ਵੀ ਚਲਾ ਸਕਦਾ ਹੈ।

ਮਰਦਾਵੀਂਆਂ ਔਰਤਾਂ

ਮਜ਼ਦੂਰ ਕਾਮੀਆਂ ਔਰਤਾਂ ਸੜਕਾਂ ,ਪਾਰਕਾਂ , ਪੁਲ਼ਾਂ ਇਮਾਰਤਾਂ ਦੀ ਤਾਮੀਰ ਕਰਦੀਆਂ ਕੋਹਾਂ ਮੀਲਾਂ ਲੰਮਾ ਪੰਧ ਤਹਿ ਕਰਕੇ ਮਿੱਲਾਂ 'ਚ ਕੰਮ ਕਰਦੀਆਂ ਖੇਤਾਂ ਖਲਿਆਨਾਂ 'ਚ ਅੰਨ ਉਪਜ ਰਿਜ਼ਕ ਪੈਦਾ ਕਰਦੀਆਂ ਸਿਰਾਂ ਤੇ ਇੱਟਾਂ , ਰੇਤਾ, ਬੱਜਰੀ ਦਾ ਭਾਰੀ ਭਾਰ ਉਠਾਉਂਦੀਆਂ ਕਾਰਖ਼ਾਨਿਆਂ 'ਚ ਓਵਰ ਟਾਈਮ ਸ਼ਿਫ਼ਟਾਂ ਲਾਉਂਦੀਆਂ ਖੇਤਾਂ ਵਿੱਚ ਵਾਢੀ ਗੋਡੀ ਕਰਦੀਆਂ ਕਰਾਉਂਦੀਆਂ ਮਰਦਾਂ ਦੇ ਬਰਾਬਰ ਗੇੰਤੀਆਂ ਬੇਲਚੇ ਕਹੀ ਕੁਹਾੜੀ ਚਲਾਉਂਦੀਆਂ ਮਰਦ ਹੀ ਲਗਦੀਆਂ ਮਜ਼ਦੂਰ ਕਾਮੀਆਂ ਔਰਤਾਂ ਮੂੰਹ-ਝਾਖਰੇ ਤੋਂ ਲੈ ਕੇ ਖੌਪੀਆ ਹੋਣ ਤੱਕ ਮਧੂ ਮੱਖੀਆਂ ਵਾਂਗ ਚਲੋ-ਚਾਲ ਕਰਮ ‘ਚ ਲੱਗੀਆਂ ਰਹਿੰਦੀਆਂ ਇਹ ਕਾਮੀਆਂ ਔਰਤਾਂ ਕਮਜ਼ੋਰ ਬਦਨ ,ਪਿਚਕੇ ਸਤਨ ਉਲਝੇ ਵਾਲ਼ , ਹਾਲੋਂ ਬੇਹਾਲ ਇਹ ਔਰਤਾਂ ਸਿਰਫ਼ ਸਿਰਾਂ ਦੀਆਂ ਚੁੰਨੀਆਂ ਜਾਂ ਜਨਾਨਾ ਕਪੜਿਆਂ ਤੋਂ ਹੀ ਔਰਤਾਂ ਭਾਸਦੀਆਂ ਉਂਜ ਇਹ ਔਰਤਾਂ , ਔਰਤਾਂ ਹੋ ਕੇ ਵੀ ਮਰਦ ਹੀ ਜਾਪਦੀਆਂ ਕਈ ਵਾਰ ਗ਼ੁਰਬਤ ਵੀ ਔਰਤ ਨੂੰ ਮਰਦ ਦੇ ਇੰਜ ਬਰਾਬਰ ਕਰ ਦਿੰਦੀ ਹੈ।

ਸੁੱਚਾ ਤੇ ਉੱਚਾ ਇਸ਼ਕ

ਜਦੋਂ ਸੁੱਚੇ ਇਸ਼ਕ ਦਾ ਕੌਤਕ ਹੁੰਦਾ ਹੈ ਤਾਂ ਰਾਂਝਾ ਰਾਂਝਾ ਕਰਦੀ ਹੀਰ ਆਪ ਰਾਂਝਾ ਹੀ ਹੋ ਜਾਂਦੀ ਹੈ ਆਪਣਾ ਆਪਾ, ਕਲਬੂਤ ਖੋ ਜਾਂਦੀ ਹੈ ਜਦੋਂ ਉੱਚੇ ਇਸ਼ਕ ਦੀ ਕਰਾਮਾਤ ਹੁੰਦੀ ਏ ਤਾਂ ਮੀਰਾ ਜੋਗਣ ਹੋ ਜਾਂਦੀ ਬੁੱਲਾ ਸੂਫ਼ ਦਾ ਚੋਲ਼ਾ ਪਾ ਥੱਈਆ ਥੱਈਆ ਕਰ ਵਜਦ ਵਿੱਚ ਆ ਨੱਚਣ ਲੱਗਦਾ ਹੈ ਸੁੱਚਾ ਇਸ਼ਕ ਪਹਾੜੋਂ ਫੁੱਟਦੇ ਝਰਨੇ ਦੇ ਨਿਰਮਲ ਨੀਰ ਵਰਗੀ ਹਯਾਤੀ ਬਣਾ ਦਿੰਦਾ ਹੈ ਉੱਚਾ ਇਸ਼ਕ ਬੰਦੇ ਨੂੰ ਨਿਰਵੈਰ ਦਰਵੇਸ਼ ਕਾਇਨਾਤੀ ਬਣਾ ਦਿੰਦਾ ਹੈ ਰੱਬ ਦੇ ਘਰ ਦਾ ਰਾਹ ਦਿਸਣ ਲਾ ਦਿੰਦਾ ਹੈ ਸੁੱਚਾ ਅਤੇ ਉੱਚਾ ਇਸ਼ਕ ।

ਵੇਸਵਾਵਾਂ ਔਰਤਾਂ

ਵੇਸਵਾਵਾਂ ਔਰਤਾਂ ਇਹ ਵੇਸਵਾਵਾਂ ਔਰਤਾਂ ਆਖਣ ਨਾਚੀਜ਼ ਔਰਤਾਂ ਸਮਝਣ ਗਲੀਜ਼ ਔਰਤਾਂ ਐਪਰ ਪਾਕੀਜ਼ ਔਰਤਾਂ ਇਹ ਵੇਸਵਾਵਾਂ ਔਰਤਾਂ .... ਪਿਓ ਦੀ ਡੰਗੋਰੀ ਬਣਦੀਆਂ ਮਾਂ ਦੀ ਦਵਾਈ ਬਣਦੀਆਂ ਵੀਰਾਂ ਤੇ ਭੈਣਾਂ ਵਾਸਤੇ ਵਿੱਦਿਆ ਪੜ੍ਹਾਈ ਬਣਦੀਆਂ ਸਭ ਵਾਸਤੇ ਕੁਝ ਬਣਦੀਆਂ ਖ਼ੁਦ ਵਾਰਕੇ ਇਹ ਔਰਤਾਂ ਇਹ ਵੇਸਵਾਵਾਂ ਔਰਤਾਂ .... ਮੋਬੱਤੀਆਂ ਅਗਰਬੱਤੀਆਂ ਇਹ ਸੁੱਚੀਆਂ ਤੇ ਸੱਚੀਆਂ ਨੇਰ੍ਹੇ ਘਰਾਂ ਵਿੱਚ ਜਗਦੀਆਂ ਬੋੜੇ ਦਰਾਂ ਤੇ ਰੱਖੀਆਂ ਮਹਿਕਾਂ ਤੇ ਚਾਨਣ ਵੰਡਦੀਆਂ ਤਿਲ ਤਿਲ ਇਹ ਬਲ਼ ਕੇ ਔਰਤਾਂ ਇਹ ਵੇਸਵਾਵਾਂ ਔਰਤਾਂ .... ਮਰਦਾਂ ਦਾ ਮੈਲ਼ਾ ਢੋਂਹਦੀਆਂ ਰੂਹਾਂ ਤੋਂ ਫਿਰ ਵੀ ਪਾਕ ਨੇ ਕੋਠੇ ਤੋਂ ਘਰ ਬਣ ਜਾਂਦੀਆਂ ਨੀਹਾਂ ‘ਚ ਪੈ ਕੇ ਆਪ ਨੇ ਕੁਝ ਵੀ ਨਾ ਪਰ ਜਤਾਉਂਦੀਆਂ ਹਾਇ ਤੱਤੜੀਆਂ ਔਰਤਾਂ ਇਹ ਵੇਸਵਾਵਾਂ ਔਰਤਾਂ .... ਬਦਨਾਮ ਹੋ ਕੇ ਰਹਿੰਦੀਆਂ ਗੁੰਮਨਾਮ ਹੀ ਤੁਰ ਜਾਂਦੀਆਂ ਸਹੁਰੇ ਕਦੇ ਨਾ ਜਾਂਦੀਆਂ ਪੇਕੇ ਕਦੇ ਨਾ ਆਉਂਦੀਆਂ ਕਾਹਤੋਂ ਪਤਾ ਨਈ ਆਉਂਦੀਆਂ ਇਹ ਜ਼ਿੰਦਗੀ ਵਿੱਚ ਔਰਤਾਂ ਇਹ ਵੇਸਵਾਵਾਂ ਔਰਤਾਂ .... ਇੱਕ ਪਾਸੇ ਗੋਸ਼ਤ ਵਿਕ ਰਿਹਾ ਦੂਜੀ ਤਰਫ਼ ਇਹ ਔਰਤਾਂ ਕੰਜਕਾਂ ਵੀ ਪੂਜੀ ਜਾ ਰਹੇ ਕੋਹ ਵੀ ਰਹੇ ਨੇ ਔਰਤਾਂ ਕਿੱਥੇ ਭਲਾ ਮਹਿਫੂਜ਼ ਨੇ ਕਿੱਥੇ ਇਹ ਜਾਵਣ ਔਰਤਾਂ ਇਹ ਵੇਸਵਾਵਾਂ ਔਰਤਾਂ .... ਹਵਸਾਂ ਦੀ ਭੱਠੀ ਪੈ ਕੇ ਵੀ ਇਹ ਤਾਂ ਨੇ ਮਰੀਅਮ ਵਰਗੀਆਂ ਮਜ਼ਬੂਰਨਾ ਮਜ਼ਬੂਰ ਹੋ ਬਦਨਾਂ ਦੀ ਸੂਲ਼ੀ ਚੜ੍ਹਦੀਆਂ ਇਸੇ ਧਰਤ ਦੇ ਨਰਕ ਵਿੱਚ ਉਹ ਜੰਮਦੀਆਂ ਤੇ ਮਰਦੀਆਂ ਰੱਬ ਵੀ ਮਰਦ ਹੀ ਜਾਪਦੈ ਜਿਸ ਇਉਂ ਬਣਾਈਆਂ ਔਰਤਾਂ ਇਹ ਵੇਸਵਾਵਾਂ ਔਰਤਾਂ .... ਵੇਸਵਾ ਨਾ ਔਰਤਾਂ ਇਹ ਵੇਸਵਾ ਸਮਾਜ ਹੈ ਵੇਸਵਾ ਰਾਜੇ ਮੁਕੱਦਮ ਵੇਸਵਾ ਇਹ ਰਾਜ ਹੈ ਜਿਸ ਵਿੱਚ ਬਦਨ ਨੂੰ ਵੇਚਕੇ ਰੋਜ਼ੀ ਕਮਾਵਣ ਔਰਤਾਂ ਇਹ ਵੇਸਵਾਵਾਂ ਔਰਤਾਂ ।

ਜੌਹਰ-ਮੁਸ਼ਤਰਕਾ ਸਤੀ

ਧਾੜਵੀਆਂ ਦੀਆਂ ਧਾੜਾਂ ਆਈਆਂ ਕਟਕ ਵਾਂਗਰਾਂ ਚੜ੍ਹਕੇ ਰਾਜਪੁਤਾਨੇ ਦੇ ਮਹਿਲਾਂ ਵਿੱਚ ਇੱਟ, ਇੱਟ ਨਾਲ਼ ਖੜਕੇ ਇੱਟ ਇੱਟ ਨਾਲ਼ ਖੜਕ ਗਈ ਜਦ ਮੱਚ ਗਈ ਸਾਰੇ ਹਾਹਾਕਾਰ ਰਾਜ-ਪੁੱਤਰਾਂ ਨੇ ਜਦ ਵੇਖੀ ਪੱਕੀ ਹੁੰਦੀ ਆਪਣੀ ਹਾਰ ਮਹਿਲਾਂ ਦੀਆਂ ਮਹਿਲਾਵਾਂ ਰਲ਼ ਫਿਰ ਅਜਬ ਹੀ ਕੀਤਾ ਚਮਤਕਾਰ ਕੂੰਜਾਂ ਵਾਂਗੂ 'ਕੱਠੀਆਂ ਹੋ ਕੇ ਆਈਆਂ ਲੰਮੀ ਬੰਨ੍ਹ ਕਤਾਰ ਅਗਨ ਕੁੰਡ ਵਿੱਚ ਪਾ ਸਮੱਗਰੀ ਕੀਤੀ ਸਾਂਝੀ ਚਿਤਾ ਤਿਆਰ ਦੁਸ਼ਮਣ ਸੰਗ , ਅੰਗ ਛੋਹਣ ਦੇ ਨਾਲ਼ੋਂ ਚਿਖਾ ‘ਚ ਦਿੱਤੀਆਂ ਛਾਲ਼ਾਂ ਮਾਰ ਇਸ ਕੌਤਕੀ ਮੌਤ ਦੇ ਮੂੰਹ ਵਿੱਚ ਪਈਆਂ ਸੈਆਂ ਨਾਰਾਂ ਡਾਚੀਆਂ ਵਾਲੇ ਮਾਰੂ ਦੇਸ਼ ‘ ਚ ਗਾਉਂਦੇ ਲੋਕੀਂ ਵਾਰਾਂ ਸੂਰ-ਬੀਰ ਤੇ ਮਰਦ ਬਹਾਦਰ ਸਜ-ਧਜ ਕੇ ਤੇ ਫੜ੍ਹ ਹਥਿਆਰ ਵੀਰ ਗਤੀ ਸਭ ਪਾਉਣ ਨੂੰ ਤੁਰ ਗਏ 'ਕੱਠੇ ਹੋ ਮਹਿਲਾਂ ਤੋਂ ਬਾਹਰ — ਝੋਟਿਆਂ ਦੀਆਂ ਲੜਾਈਆਂ ਦੇ ਵਿੱਚ ਝੂੰਡਾਂ ਦਾ ਹੁੰਦਾ ਨੁਕਸਾਨ ਜੰਗਾਂ ਵਿੱਚ ਔਰਤ ਵੀ ਹੁੰਦੀ ਲੁੱਟਣ- ਪੁੱਟਣ ਯੋਗ ਸਮਾਨ ਰਾਮ ਤੇ ਰਾਵਣ ਜਦ ਵੀ ਲੜਦੇ ਔਰਤ ਦੇ ਭਾਅ ਦੀ ਬਣ ਆਵੇ ਸਰੂਪਨਖਾ ਜਾਂ ਸੀਤਾ ਬਣਕੇ ਆਦਿ ਕਾਲ ਤੋਂ ਮੁੱਲ ਚੁਕਾਵੇ ਕਦੇ ਪੰਚਾਲੀ ਵਾਂਗ ਨਾਰ ਹੀ ਦਾਅ ਤੇ ਲਾਈ ਜਾਵੇ ।

ਮਿੱਟੀ ਦੀ ਬਾਵੀ

ਕਲ੍ਹ ਮੈਂ ਬਾਵੀ ਇੱਕ ਬਣਾਈ ਲੈ ਕੇ ਮਿੱਟੀ ਗਿੱਲੀ ਮੂੰਹ-ਮੱਥਾ ਤੇ ਨਕਸ਼ ਬਣਾਏ ਰੰਗ ਤੇ ਰੂਪ ਮਟੀਲੀ . ਕੰਨ ਬਣਾ ਕੇ ਕਾਂਟੇ ਪਾਏ ਨੱਕ ਬਣਾ ਕੇ ਤੀਲ੍ਹੀ ਪੱਤੀਆਂ ਵਰਗੇ ਬੁੱਲ੍ਹ ਬਣਾਏ ਹਿਰਨੀ ਵਰਗੀਆਂ ਅੱਖਾਂ ਬਾਵੀ ਮੈਨੂੰ ਬਿਟ-ਬਿਟ ਤੱਕੇ ਮੈਂ ਬਾਵੀ ਨੂੰ ਤੱਕਾਂ ਧੌਣ-ਸੁਰਾਹੀ ਵਾਂਗ ਬਣਾ ਕੇ ਗਲ਼ ਵਿੱਚ ਪਾਈ ਗਾਨੀ ਭਰ ਮੁਟਿਆਰ ਉਭਾਰ ਬਣਾਏ ਲੋਹੜੇ ਵਾਲ਼ੀ ਜਵਾਨੀ ਨਾਜ਼ਕ ਹੱਥ ਤੇ ਪੈਰ ਬਣਾਏ ਬੀਰ-ਵਹੁਟੀਆਂ ਵਰਗੇ ਏਨਾ ਹੁਸਨ ਵੇਖ ਬਾਵੀ ਦਾ ਰਾਹਗੀਰ ਕਈ ਮਰ ਗਏ ਜਦੋਂ ਮੁਕੰਮਲ ਬਣ ਗੀ ਲੱਗਾ ਮੈਨੂੰ ਜਿਵੇਂ ਉਹ ਬੋਲ ਪਈ ਹੂਰ ਪਰੀ ਕੋਈ ਅਰਸ਼ੋਂ ਆਈ ਆ ਕੇ ਮੇਰੇ ਕੋਲ਼ ਖੜ੍ਹੀ ਬਾਵੀ ਮਿੱਟੀ ਦੀ ਵੀ ਬੋਲੇ ? ਕੌਣ ਕ੍ਰਿਸ਼ਮਾ ਕਰ ਗਿਆ ? ਬਾਵੀ ਜ਼ਿੰਦਾ ਹੋ ਗੀ ਪਰ ਮੈ ਉਹਨੂੰ ਤੱਕ ਕੇ ਮਰ ਗਿਆ ਹੱਥੀਂ ਆਪ ਬਣਾਈ ਬਾਵੀ ਉੱਤੇ ਆਪ ਹੀ ਮਰ ਗਿਆ

ਜਦ ਮੈਂ ਕਵਿਤਾ ਲਿਖਦਾ ਹਾਂ

ਜਦ ਮੈਂ ਮਾਂ ਬਾਰੇ ਕਵਿਤਾ ਲਿਖਦਾ ਹਾਂ ਤਾਂ ਮੈਨੂੰ ਮਾਂ ਨਾਲ ਹੋਰ ਪਿਆਰ ਆਉਣ ਲਗਦਾ ਹੈ ਜਦ ਮੈਂ ਬੁਢਾਪੇ 'ਤੇ ਕਵਿਤਾ ਲਿਖਦਾ ਹਾਂ ਤਾਂ ਮੇਰਾ ਬਜ਼ੁਰਗਾਂ ਬਾਰੇ ਸਤਿਕਾਰ ਹੋਰ ਵਧ ਜਾਂਦਾ ਹੈ ਜਦ ਮੈਂ ਔਰਤ ,ਕਾਮੇ, ਮਜ਼ਦੂਰ ਜਾਂ ਦਲਿਤ ਬਾਰੇ ਕਵਿਤਾ ਲਿਖਦਾਂ ਤਾਂ ਮੇਰੀ ਇਹਨਾਂ ਬਾਰੇ ਨਜ਼ਰ ਹੋਰ ਵੀ ਸਵੱਲੀ ਹੋ ਜਾਂਦੀ ਹੈ ਇਹਨਾ ਦੇ ਹੁੰਦੇ ਸ਼ੋਸ਼ਣ ਬਾਰੇ ਰੋਹ ਹੋਰ ਪ੍ਰਚੰਡ ਹੋ ਜਾਂਦਾ ਹੈ ਜਦ ਮੈਂ ਬਦਨ ਵੇਚ ਕੇ ਪਰਿਵਾਰ ਪਾਲਣ ਵਾਲ਼ੀਂਆਂ ਵੇਸਵਾਵਾਂ ਬਾਰੇ ਕਵਿਤਾ ਲਿਖਦਾਂ ਤਾਂ ਮੈਨੂੰ ਉਹ ਪੂਜਣਯੋਗ ਲੱਗਣ ਲਗਦੀਆਂ ਨੇ ਜਦ ਮੈਂ ਕਵਿਤਾ ਲਿਖਦਾਂ ਉਦੋਂ ਮੈਂ ਸਿਰਫ਼ ਕਵਿਤਾ ਹੀ ਨਹੀਂ ਲਿਖਦਾ ਉਦੋਂ ਮੈਂ ਆਪਣੇ ਆਪ ਨੂੰ ਵੀ ਲਿਖ ਰਿਹਾ ਹੁੰਦਾ ਹਾਂ ਕਿੰਨਾ ਲਾਜ਼ਮੀ ਹੈ ਕਵਿਤਾ ਲਿਖਣਾ ਤੇ ਕਵਿਤਾ ਲਿਖਕੇ ਆਪਣੇ ਆਪ ਨੂੰ ਲਿਖਦੇ ਰਹਿਣਾ ਆਪਣੇ ਅੰਦਰਲੇ ਸੁੱਕਦੇ ਜਾ ਰਹੇ ਇਨਸਾਨੀ ਵੱਤਰ ਨੂੰ ਸਾਂਭੀ ਰੱਖਣ ਲਈ |

ਵਿਸ਼ਕੰਨਿਆ ਬਨਾਮ ਹਿਊਮਨ ਬੰਬ

ਰਾਜਿਆ ਰਾਜ ਕਰੇਂਦਿਆ ਤੂੰ ਕੀ ਕੀ ਚੱਲਦੈਂ ਚਾਲ ਕਦੇ ਵਰਤੇਂ ਬੰਦੇ ,ਬੰਬ ਜਿਉਂ ਤੇ ਕਦੇ ਬਣਾ ਲਏਂ ਢਾਲ਼ ਤੇਰੇ ਕਿਲ੍ਹੇ ਤੇ ਮਹਿਲਾਂ ਮਾੜੀਆਂ ਦੀਆਂ ਇੱਟਾਂ ਲਹੂ ਜਿਉਂ ਲਾਲ ਨੀਹਾਂ ਵਿੱਚ ਕਈ ਲਸ਼ਕਰਾਂ ਤੇ ਦਾਸੀਆਂ ਦੇ ਕੰਕਾਲ ਸਿਆਸਤ ਵਾਲ਼ੀ ਖੇਡ ਵਿੱਚ ਔਰਤ ਵੀ ਇੱਕ ਚਾਲ ਦਾਅ ਤੇ ਲਾਈ ਦਰੋਪਦੀ ਕਰ ਹਾਲੋਂ ਬੇਹਾਲ ਨਾਰੀ ਨੂੰ ਨਾਗਣ ਬਣਾ ਆਏ ਵਰਤਦੇ ਰਾਜੇ ਰਾਣੇ ਵਿਸ਼ਕੰਨਿਆ - ਤਾਰੀਖ਼ ਦੇ ਪੰਨੇ ਬੜੇ ਪੁਰਾਣੇ ਦੋਧੇ-ਦੰਦ ਤੋ ਕੰਜਕਾਂ ਸੀ ਦਿੱਤੀ ਜਾਂਦੀ ਜ਼ਹਿਰ ਭਰ ਮੁਟਿਆਰਾਂ ਹੋਣ ਤੱਕ ਚੱਲਦਾ ਸੀ ਇਹ ਕਹਿਰ ਇਸ ਜ਼ਹਿਰ ਦੇ ਕਹਿਰ ਨਾਲ਼ ਕਈ ਜਾਂਦੀਆਂ ਛੱਡ ਜਹਾਨ ਸੱਪਣੀਆਂ ਬਣ ਜਾਂਦੀਆਂ ਬਚਦੀ ਜਿਹਨਾਂ ਦੀ ਜਾਨ ਨਾਗਾਂ ਦਾ ਇਹ ਜ਼ਹਿਰ ਸੀ ਫਿਰ ਵਿਖਾਉਂਦਾ ਰੰਗ ਨਾਗਣ ਵਾਂਗੂੰ ਮਾਰਦੀ ਸੀ ਵਿਸ਼ਕੰਨਿਆ ਡੰਗ ਵੈਰੀਆਂ ਅਤੇ ਵਿਰੋਧੀਆਂ ਲਈ ਤਨ ਦਾ ਹਥਿਆਰ ਕਾਮੁਕ ਅਦਾ ਸ਼ਰਾਬ ਸੰਗ ਜੋ ਸੀ ਕਰਦਾ ਵਾਰ ਕਿੰਨੀਆਂ ਧੀਆਂ ਤੱਤੜੀਆਂ ਨਾਗ ਜੂਨ ਵਿੱਚ ਪਈਆਂ ਔਰਤ ਬਣ ਕੇ ਆਈਆਂ ਐਪਰ ਨਾਗਣ ਬਣ ਕੇ ਗਈਆਂ ਰਾਜਿਆ ਰਾਜ ਕਰੇਂਦਿਆ ਤੂੰ ਕੀ ਕੀ ਚੱਲਦੈਂ ਚਾਲ ਕਦੇ ਵਰਤੇਂ ਬੰਦੇ ,ਬੰਬ ਜਿਉਂ ਤੇ ਕਦੇ ਬਣਾ ਲਏਂ ਢਾਲ਼

ਈਦ ਦਿਹਾੜੇ ਅੱਲਾਹ ਨੂੰ ਉਲਾਂਭਾ

ਕਈ ਤਾਂ ਈਦਾਂ ਰੋਜ਼ ਮਨਾਵਣ ਕਈਆਂ ਰੋਜ਼ ਹੀ ਰੋਜ਼ੇ ਅੱਲਾਹ ਤੇਰੇ ਕਰਮ ਫ਼ਜ਼ਲ ਵਿੱਚ ਦੱਸ ਕਿਓਂ ਏਦਾਂ ਹੋ ਜੇ ਤੂੰ ਤੇ ਆਂਹਦੇ ਇੱਕ ਹੈਂ ਤੇਰੀ ਖ਼ਲਕਤ ਸਾਰੀ ਸਾਂਝੀ ਫਿਰ ਕਿਓਂ ਕਿਸੇ ਨੂੰ ਸ਼ੀਰਾਂ-ਖ਼ੁਰਮੇ* ਕੋਈ ਰੋਟੀਓਂ ਵਾਂਝੀ ਕਾਹਦੀ ਈਦ ਦਿਵਾਲ਼ੀ ਸਾਡੀ ਬਾਲ ਵਿਲਕਦੇ ਭੁੱਖੇ ਫੁੱਟਪਾਥਾਂ ਦੇ ਪਲੰਘ ਬਣਾ ਕੇ ਭੁੱਖਣ ਭਾਣੇ ਸੁੱਤੇ ਕਿਓਂ ਜ਼ਕਾਤ** ਖ਼ੈਰਾਤ ਬਣਾਈ ਕਿਉਂ ਉੱਚੇ ਕਿਉਂ ਨੀਵੇਂ ਜਾਂ ਤੂੰ ਆਪ ਹੀ ਚਾਹੁੰਨੈ ਦੁਨੀਆ ਦੋ ਧੜਿਆਂ ਵਿੱਚ ਜੀਵੇਂ ਜਦ ਖ਼ੈਰਾਤ ਜ਼ਕਾਤ ਵੰਡ ਕੇ ਮੁੜਦੇ ਸਰਦੇ ਪੁੱਜਦੇ ਕਿਉਂ ਲਗਦਾ ਔਕਾਤ ਅਸਾਡੀ ਸਾਨੂੰ ਦੱਸ ਕੇ ਤੁਰਗੇ ਗ਼ੁਰਬਤ ਨਾਲੋਂ ਦੋਜ਼ਖ਼ ਵੱਡਾ ਹੋਰ ਭਲਾ ਕੀ ਹੋਣਾ ਜੂਠਾਂ ਖਾ ਖਾ ਜੀਣਾ ਤੇ ਅਕਾਸ਼ ਤਾਣ ਕੇ ਸੌਣਾ ਜਾਂ ਬੇਦਾਵਾ ਦੇ ਦੇ ਸਾਨੂੰ ਅਸੀਂ ਨਾ ਤੇਰੇ ਬਾਲ ਜਾਂ ਫਿਰ ਇੱਕ ਬਰਾਬਰ ਕਰਕੇ ਇੱਕੋ ਵਾਂਗੂੰ ਪਾਲ਼ ------------------------------- *ਈਦ ਤੇ ਬਣਾਇਆ ਜਾਣ ਵਾਲ਼ਾ ਸੇਵੀਆਂ ਦਾ ਵਿਸ਼ੇਸ਼ ਪਕਵਾਨ । **(ਧਾਰਮਿਕ ਅਕੀਦੇ ਅਨੁਸਾਰ ਈਦ ਵਾਲ਼ੇ ਦਿਨ ਅਮੀਰਾਂ ਵੱਲੋਂ ਗਰੀਬਾਂ ਨੂੰ ਦਾਨ ਦੇ ਰੂਪ ਵਿੱਚ ਦਿੱਤਾ ਜਾਣ ਵਾਲ਼ਾ ਦਾਨ)

ਧੀਆਂ-ਮਾਂਵਾਂ

ਅੱਜ ਵਿਦੇਸ਼ੋਂ ਧੀ ਦਾ ਫ਼ੋਨ ਆਇਆ ਪਾਪਾ ਮੈਂ ਆ ਰਹੀ ਹਾਂ ਤੁਹਾਨੂੰ ਮਿਲ਼ਨ ਫ਼ਿਰ ਉਦਾਸ ਹੋ ਕੇ ਕਹਿੰਦੀ ਹੈ ਪਰ ਕੁਝ ਹੀ ਦਿਨਾਂ ਲਈ ਆ ਸਕਾਂਗੀ ਜੌਬ ਕਰਕੇ ਛੁੱਟੀ ਦੀ ਮਜ਼ਬੂਰੀ ਹੈ ਮੇਰਾ ਦਿਲ ਤਾਂ ਬਹੁਤ ਸਮਾਂ ਰਹਿਣ ਨੂੰ ਕਰਦਾ ਹੈ ਤੁਹਾਡੇ ਨਾਲ਼ ਉਮਰ ਬੀਤਦੀ ਜਾ ਰਹੀ ਹੈ ….. ਉਸਦਾ ਇੰਜ ਕੀਤਾ ਫ਼ਿਕਰ ਮੇਰੇ ਦਿਲ ਨੂੰ ਛੂਹ ਜਾਂਦਾ ਹੈ ਫ਼ਿਰ ਅਸੀਂ ਦੋਵੇਂ ਚੁੱਪ ਹੋ ਜਾਂਦੇ ਹਾਂ ਤੇ ਅੱਖਾਂ ਬੋਲ਼ਣ ਲੱਗ ਪੈਂਦੀਆਂ ਹਨ ਅੱਥਰੂਆਂ ਦੇ ਅੱਖਰਾਂ ਦੀ ਭਾਸ਼ਾ … ਧੀਆਂ ਮਾਪਿਆਂ ਵੱਲੋਂ ਪੈਦਾ ਕੀਤੀਆਂ ਮਾਂਵਾਂ ਹੁੰਦੀਆਂ ਹਨ ਦੂਰੀਆਂ ਮਜਬੂਰੀਆਂ ਵਿੱਚ ਵੀ ਪਲ ਪਲ ਨਾਲ ਰਹਿਣ ਵਾਲੀਆਂ ਫ਼ਿਕਰ ਕਰਨ ਵਾਲੀਆਂ ਧੀਆਂ–ਮਾਂਵਾਂ ਮੋਹ ਦਾ ਸਦਾਬਹਾਰ ਬੂਟਾ ਘਣਛਾਂਵਾਂ..

ਕਰਮਕਾਂਡੀ ਬੇਅਦਬੀ ਕਾਂਡ -1

ਉਹ ਪਾਵਨ ਪਵਿੱਤਰ ਗ੍ਰੰਥ ਜੋ ਮਹਿਜ਼ ਗ੍ਰੰਥ ਨਹੀਂ ਸਮੁੱਚੇ ਜੀਵਨ ਜਾਚ ਦੀ ਕੁੰਜੀ ਆਤਮਾ ਦਾ ਵਿਧਾਨ ਮੰਨਿਆਂ ਜਾਂਦਾ ਹੈ ਉਸਦੀ ਉਦੋਂ ਕੋਈ ‘ਬੇਅਦਬੀ’ ਨਹੀਂ ਹੋਈ ਜਦੋਂ ਉਸਦੇ ਪੈਰੋਕਾਰਾਂ ਵੱਲੋਂ ਉਸਨੂੰ ਕਦੇ ਵੀ ਅਸਲ ਵਿੱਚ ਅਮਲ ਵਿੱਚ ਨਹੀਂ ਅਪਣਾਇਆ ਗਿਆ ਜਦੋਂ ਉਨ੍ਹਾਂ ਨੇ ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ ਤੋਂ ਮੁਨਕਰ ਹੋ ਕੇ ਕਿਸੇ ਨੂੰ ਕਮੀਣ ਕਿਸੇ ਨੂੰ ਢੇਡ ਕਿਸੇ ਨੂੰ ਗੁੱਲੀ-ਘੜ ਕਹਿ ਕੇ ਪਲ ਪਲ ਪੈਰ ਪੈਰ 'ਤੇ ਬੇਅਦਬ ਕੀਤਾ ਊਣਾ ਹੀਣਾ ਹੋਣ ਦਾ ਅਹਿਸਾਸ ਕਰਾਇਆ ਉਦੋਂ ਉਸਦੀ ਕੋਈ ਬੇਅਦਬੀ ਨਹੀਂ ਹੋਈ ਜਦੋਂ ਇਸ ਵਿੱਚ ਅੰਕਿਤ ਮਹਾਨ ਵਿਚਾਰ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ‘ ਨੂੰ ਨਕਾਰ ਕੁੜੀ ਮਾਰ ਕੌਮ ਹੋਣ ਦਾ ਕਲੰਕ ਮੱਥੇ ਲਵਾਇਆ ਗਰਭ ਵਿੱਚ ਹੀ ਮਾਰ ਮੁਕਾਇਆ ਜਾਂ ਜਿਊਂਦੇ ਜੀ ਔਰਤ ਲਈ ਹਰ ਗਲ਼ੀ ਮੁਹੱਲਾ ਘਰ ਚੌਕ ਬਲਾਤਕਾਰੀ - ਖ਼ੌਫ਼ ਬਣਾਇਆ ਉਦੋਂ ਉਸਦੀ ਕੋਈ ਬੇਅਦਬੀ ਨਹੀਂ ਹੋਈ ਜਦੋਂ ਪਵਨ ਗੁਰੂ ਪਾਣੀ ਪਿਤਾ ਧਰਤ ਮਾਤਾ ਸਭ ਨੂੰ ਪਲੀਤ ਕੀਤਾ ਕਰਾਇਆ ਉਦੋਂ ਵੀ ਉਸਦੀ ਕੋਈ ਬੇਅਦਬੀ ਨਹੀਂ ਹੋਈ ਇਸਦੀ ਬੇਅਦਬੀ ਇਸਦੇ ਅਮਲੀ ਰੂਪ ਨੂੰ ਨਕਾਰਨ ਵੇਲ਼ੇ ਕਦੇ ਨਹੀ ਹੋਈ ਇਸਦੀ ਬੇਅਦਬੀ ਸਿਰਫ਼ ਇਸਦੇ ਇਬਾਰਤੀ ਸਰੂਪ ਨਾਲ਼ ਜੁੜੇ ਕਾਂਡ ਜਾਂ ਕਰਮਕਾਂਡ ਕਰਕੇ ਹੀ ਹੋਈ ਹੈ ।

ਗੁਰੂ ਦੀ ਬੇਅਦਬੀ ਕੋਈ ਨਹੀਂ ਕਰ ਸਕਦਾ-2

ਅਸੀਂ ਕਿੰਨਾ ਵਿਚਾਰਾ ਅਤੇ ਲਾਚਾਰਾ ਬਣਾ ਦਿੱਤਾ ਹੈ ਗੁਰੂ ਕੋਈ ਵੀ ਜਿਸਦੀ ਬੇਅਦਬੀ ਕਰ ਸਕਦਾ ਹੈ ਉਹ ਗੂਰੁ ਜਿਸਨੇ ਸਾਡੀ ਰਾਖੀ ਕਰਨੀ ਸੀ ਉਸਦੀ ਰਾਖੀ ਸਾਨੂੰ ਕਰਨੀ ਪੈ ਰਹੀ ਹੈ ਅਸੀਂ ਅਦਨਿਆਂ ਗੁਰੂ ਨੂੰ ਵੀ ਆਪਣੀ ਸੋਚ ਦੇ ਮੇਚ ਦਾ ਅਦਨਾ ਬਣਾ ਘੱਤਿਆ ਹੈ। ਉਸ ਗੁਰੂ ਦੀ ਬੇਅਦਬੀ ਕੋਈ ਕਿਵੇਂ ਕਰ ਸਕਦਾ ਹੈ ਜਿਸਦੀ ਮਹਿਮਾ ਦਾ ਪਸਾਰਾ ‘ਲਖ ਅਗਾਸਾ ਆਗਾਸ ' ‘ਲੱਖ ਪਾਤਾਲਾ ਪਾਤਾਲ’ ਤੱਕ ਹੈ ਗਗਨ ਦੇ ਥਾਲ ਵਿੱਚ ਚੰਦ ਸੂਰਜ ਤਾਰਿਆਂ ਨੂੰ ਦੀਵਿਆਂ ਵਾਂਗ ਸਜਾ ਸਗਲ ਕਾਇਨਾਤ ਜਿਸਦੀ ਸਦੀਵੀ ਆਰਤੀ ਉਤਾਰਦੀ ਹੈ ਅਨੰਤ ਬੇਅੰਤ ਫੁੱਲਾਂ ਦੀ ਮਹਿਕ ਜਿਸ ਲਈ ਧੂਫ਼ ਧੁਖਾਉਂਦੀ ਹੈ ਉਸ ਅਪਰਮਪਾਰ ਗੁਰੂ ਦੀ ਬੇਅਦਬੀ ਕੋਈ ਆਮ ਇਨਸਾਨ ਕਿਵੇਂ ਕਰ ਸਕਦਾ ਹੈ ? ਗੁਰੂ ਦਾ ਅਸਲ ਪ੍ਰਕਾਸ਼ ਤੇ ਸੁਖਾਸਣ ਤਾਂ ਸਾਡੇ ਮੱਥਿਆਂ ਵਿੱਚ ਹੁੰਦਾ ਹੈ ਐਸੇ ਗੁਰੂ ਦੀ ਬੇਅਦਬੀ ਕੋਈ ਕਿਵੇਂ ਕਰ ਸਕਦਾ ? ਬੇਅਦਬੀਆਂ ਦਾ ਇਹ ਸਿਲਸਿਲਾ ਮੰਦਰਾਂ ਵਿੱਚ ਗਾਂ ਦੀ ਪੂਛ ਮਸਜਿਦਾਂ ਵਿੱਚ ਸੂਰ ਦਾ ਮਾਸ ਸੁੱਟਣ ਵਾਲ਼ੇ ਲੜੀਵਾਰ ਸੀਰੀਅਲ ਦੀ ਅਗਲੀ ਕੜੀ ਤਾਂ ਹੋ ਸਕਦਾ ਹੈ ਪਰ ਇਸਦਾ ਗੁਰੂ ਦੀ ਬੇਅਦਬੀ ਨਾਲ ਕੋਈ ਵਸਤਾਂ ਨਹੀਂ ਗੁਰੂ ਦੀ ਬੇਅਦਬੀ ਕੋਈ ਵੀ ਕਦੇ ਵੀ ਕਰ ਹੀ ਨਹੀਂ ਕਰ ਸਕਦਾ।

ਕਾਲ਼ੀ-ਵੇਈਂ

ਕਾਲ਼ੀ-ਵੇਈਂ ਵਿੱਚ ਬਾਬੇ ਨਾਨਕ ਨੇ ਚੁਭੀ ਮਾਰੀ ਸੀ ਵੇਈਂ ਪਵਿੱਤਰ ਹੋ ਗਈ ਸੀ ਵੇਈਂ ਬਾਬੇ ਨਾਲ਼ ਜੁੜ ਗਈ ਵੇਈਂ ਸੁਭਾਗੀ ਹੋ ਗਈ ਯੁੱਗ ਬਦਲਿਆ ਬਦਲੇ ਯੁੱਗ ਵਿੱਚ ਕਈ ਕੁਝ ਬਦਲ ਗਿਆ ਬਦਲੇ ਯੁੱਗ ਵਿੱਚ ਵੇਈਂ ਵੀ ਬਦਲ ਗਈ ਕਾਲ਼ੀ-ਵੇਈਂ ਦਾ ਪਾਣੀ ਵੀ ਕਾਲ਼ਾ ਹੋ ਗਿਆ ਕਾਲ਼ੀ-ਵੇਈਂ ਦੇ ਭਾਗ ਵੀ ਕਾਲ਼ੇ ਹੋ ਗਏ ਕਾਲ਼ੀ-ਵੇਈਂ ਪਵਿੱਤਰ ਤੋਂ ਪਲੀਤ ਹੋ ਗਈ ਕਾਲ਼ੀ-ਵੇਈਂ ਬਾਬੇ ਨਾਨਕ ਨਾਲ਼ ਜੁੜੀ ਸੀ ਬਾਬੇ ਦੀਆਂ ਸੰਗਤਾਂ ਨੇ ਪਲੀਤ ਵੇਈਂ ਨੂੰ ਕਾਰ ਸੇਵਾ ਨਾਲ ਮੁੜ ਪਵਿੱਤਰ ਕਰ ਦਿੱਤਾ ਵੇਈਂ ਸੁਭਾਗੀ ਸੀ ਜੋ ਬਾਬੇ ਨਾਲ ਜੁੜੀ ਸੀ ਬਾਬੇ ਰਾਹੀਂ ਸੰਗਤਾਂ ਨਾਲ਼ ਜੁੜੀ ਸੀ ਤੇ ਪਲੀਤ ਹੋਣ ਤੋਂ ਬਾਅਦ ਵੀ ਸੰਗਤਾਂ ਦੀ ਕਾਰ ਸੇਵਾ ਨਾਲ਼ ਮੁੜ ਪਵਿੱਤਰ ਹੋ ਗਈ ਕਾਸ਼ ! ਬਾਬਾ ਸਗਲ ਧਰਤ ਮਹੱਤ ਦੀਆਂ ਪਲੀਤ ਹੋ ਚੁੱਕੀਆਂ ਸਾਰੀਆਂ ਜਲ-ਵੇਈਆਂ ਵਿੱਚ ਵੀ ਚੁੱਭੀ ਲਾ ਜਾਂਦਾ ਤਾਂ ਕਿ ਸੰਗਤਾਂ ਸਿਰਫ਼ ਕਾਲੀ ਵੇਂਈ ਦੀ ਹੀ ਨਹੀਂ ਪਲੀਤ ਹੋ ਚੁੱਕੀਆਂ ਸਗਲ ਜਲ-ਵੇਈਆਂ ਦੇ ਪਲੀਤ ਹੋ ਰਹੇ ਪਾਣੀ ਪਿਤਾ ਦੀ ਕਾਰ ਸੇਵਾ ਕਰ ਪਾਵਨ ਕਰੀ ਰੱਖਦੀਆਂ ।

ਕੈਂਸਰ ਦਾ ਰਾਜਨੀਤੀ ਸ਼ਾਸ਼ਤਰ

ਕੈਂਸਰ ਮਹਿਜ ਬਿਮਾਰੀ ਨਹੀਂ ਇੱਕ ਸਾਜਸ਼ੀ ਤੇ ਮਾਤਮੀ ਵਿਚਾਰਧਾਰਕ ਵੇਲ ਹੈ ਜਿਸਦੀਆਂ ਜੜ੍ਹਾਂ ਵਾਈਟਹਾਊਸ ਵਿੱਚ ਹਨ ਤੇ ਪਸਾਰਾ ਬਠਿੰਡੇ ਦੇ ਟਿੱਬਿਆਂ ਤੱਕ ਜਿੱਥੋਂ ਹੁਣ ‘ਕੈਂਸਰ ਰੇਲ ਚਲਦੀ ਹੈ ਕੈਂਸਰ ਮਹਿਜ ਬਿਮਾਰੀ ਨਹੀਂ ਇੱਕ ਸੋਚੀ ਸਮਝੀ ‘ ਫੋਰਡ -ਰਾਕਫੈਲਰੀ ’* ਆੜ੍ਹਤੀਆ ਸੋਚ ਹੈ ਜੋ ਪਹਿਲਾਂ ਧਰਤੀ ਵਿੱਚ ਕੈਂਸਰ ਦੇ ਬੀਜ ਪਾਉਂਦੀ ਹੈ ਫਿਰ ਕੈਂਸਰੀ ਫ਼ਸਲਾਂ ਨੂੰ ਉੱਗਣ ਬਾਅਦ ਜ਼ਹਰੀਲੀ ਸੇਂਜੀ ਕਰਾਉਂਦੀ ਹੈ ਰਸਾਇਣੀ ਮੀਂਹ ਵਰ੍ਹਾਉਂਦੀ ਹੈ ਸਾਰੇ ਦੇ ਸਾਰੇ ਰਿਜ਼ਕ ਪਾਣੀ ਨੂੰ ਪਲੀਤ ਪਲੀਤਾ ਲਾਉਂਦੀ ਹੈ ਤੇ ਰਿਜ਼ਕ ਖਾਣ ਵਾਲ਼ੇ ਜੀਵਾਂ ਵਿੱਚ ਕੈਂਸਰ ਫ਼ੈਲਾਉਂਦੀ ਹੈ ਪਹਿਲਾਂ ਕੈਂਸਰ ਦੇ ਬੀਜਾਂ ਵਿੱਚੋਂ ਫਿਰ ਇਸਦੇ ਇਲਾਜ ਵਿੱਚੋਂ ਨਫ਼ਾ ਕਮਾਉਂਦੀ ਹੈ ਕੈਂਸਰ ਮਹਿਜ ਬਿਮਾਰੀ ਨਹੀਂ ਇੱਕ ਸਾਜਸ਼ੀ ਤੇ ਮਾਤਮੀ ਵਿਚਾਰਧਾਰਕ ਵੇਲ ਵੀ ਹੈ ਇੱਕ ਸੋਚੀ ਸਮਝੀ ਆੜ੍ਹਤੀਆ ਸੋਚ ਹੈ ਇੱਕ ਅਜਿਹੀ ਕਲ਼ਜੋਗਣ ਜੋ ਲਾਸ਼ਾਂ ਦੀ ਗਿਣਤੀ ਵਧਾਉਂਦੀ ਹੈ ਤੇ ਕਫ਼ਨ ਵੇਚ ਕੇ ਵੀ ਨਫ਼ਾ ਕਮਾਉਂਦੀ ਹੈ ... ਹੁਣ ਕੋਈ ਵੀ ਬਿਮਾਰੀ ਮਹਿਜ ਬਿਮਾਰੀ ਨਹੀਂ ਰਹੀ ...

ਚਿੱਟਾ ਚੱਟ ਗਿਆ ਪੰਜਾਬ ਦੀ ਜਵਾਨੀ

ਚਿੱਟਾ ਚੱਟ ਗਿਆ ਪੰਜਾਬ ਦੀ ਜਵਾਨੀ ਤੇ ਧਰਤੀ ਨੂੰ ਖਾਦਾਂ ਖਾ ਲਿਆ ਸਭ ਨਸਲਾਂ ਤੇ ਫ਼ਸਲਾਂ ਨੂੰ ਆਪ ਹੀ ਹਾਏ !ਅਸਾਂ ਅਮਲੀ ਬਣਾ ਲਿਆ। ਬਾਂਕੇ ਗੱਭਰੂ ਤੇ ਛੈਲ ਛਬੀਲੇ ਸੀ ਪੁੱਤ ਦਰਿਆਵਾਂ ਦੇ ਰੁਖ ਮੋੜ ਕੇ ਕਦੇ ਸੀ ਰੱਖ ਦਿੰਦੇ ਜੋ ਉਲਟ ਹਵਾਵਾਂ ਦੇ ਉਹਨਾਂ ਅਮਲਾਂ ਦੇ ਚਿੱਕੜਾਂ 'ਚ ਡਿੱਗ ਕੇ ਤੇ ਪੂਰਾ ਪੂਰ ਹੀ ਗਵਾ ਲਿਆ ਚਿੱਟਾ ਚੱਟ ਗਿਆ ਪੰਜਾਬ ਦੀ ਜਵਾਨੀ ਤੇ ਧਰਤੀ ਨੂੰ ਖਾਦਾਂ ਖਾ ਲਿਆ ... ਚੁੱਲ੍ਹੇ ਬੁਝਗੇ ਸਿਵੇ ਹੀ ਬਸ ਬਲ਼ਦੇ ਤੇ ਪਿੰਡ ਬੇਚਿਰਾਗ਼ ਹੋ ਗਏ ਭੈਣਾਂ ਰੱਖੜੀ ਬੰਨ੍ਹਣ ਨੂੰ ਤਰਸਣ ਨਾਰਾਂ ਦੇ ਸੁਹਾਗ ਖੋ ਗਏ ਬੇਖ਼ਬਰ ਤੱਤੜੀਆਂ ਮਾਵਾਂ ਸ਼ਿੰਦੇ ਪੁੱਤਾਂ ਨੂੰ ਗਵਾ ਲਿਆ ਚਿੱਟਾ ਚੱਟ ਗਿਆ ਪੰਜਾਬ ਦੀ ਜਵਾਨੀ ਤੇ ਧਰਤੀ ਨੂੰ ਖਾਦਾਂ ਖਾ ਲਿਆ ... ਮੌਤ ਵੇਚ ਕੇ ਖੱਟੀ ਨੇ ਜੋ ਖੱਟਦੇ ਉਹਨਾਂ ਨੂੰ ਕਿਤੇ ਢੋਅ ਨਾ ਮਿਲੇ ਕਾਲ਼ੇ ਪਾਣੀਆਂ 'ਚ ਰੁੜ੍ਹ ਜਾਣ ਸਾਰੇ ਕਿਸੇ ਨੂੰ ਕਨਸੋਅ ਨਾ ਮਿਲ਼ੇ ਚੰਦ ਸਿੱਕਿਆਂ ਦੇ ਬਦਲੇ ਇਹ ਸਾਰਾ ਜਿਹਨਾਂ ਨੇ ਪੰਜਾਬ ਖਾ ਲਿਆ ਚਿੱਟਾ ਚੱਟ ਗਿਆ ਪੰਜਾਬ ਦੀ ਜਵਾਨੀ ਤੇ ਧਰਤੀ ਨੂੰ ਖਾਦਾਂ ਖਾ ਲਿਆ ... ਅਸਾਂ ਧਰਤ ਸੁਹਾਵੀ ਸਾਰੀ ਹੀ ਨਸ਼ਿਆਂ ਦੀ ਭੇਟ ਚਾੜ੍ਹਤੀ ਕੁਝ ਖਾਦ ਦਵਾਈਆਂ ਪਾ ਕੇ ਤੇ ਕੁਝ ਨਾੜ ਵਿੱਚ ਸਾੜਤੀ ਪੰਜਾਂ ਪਾਣੀਆਂ ਦੇ ਦਰਿਆ ਸੁਕਾ ਕੇ ਤੇ ਛੇਵਾਂ ਨਸ਼ੇ ਦਾ ਵਗਾ ਲਿਆ ... ਚਿੱਟਾ ਚੱਟ ਗਿਆ ਪੰਜਾਬ ਦੀ ਜਵਾਨੀ ਤੇ ਧਰਤੀ ਨੂੰ ਖਾਦਾਂ ਖਾ ਲਿਆ .

ਨਾਰੀ ਪਰਵਾਜ਼-ਘਰ ਤੋਂ ਆਗਾਜ਼

ਔਰਤਾਂ ਦੀ ਬਰਾਬਰੀ ਦੀ ਜੱਦੋਜਹਿਦ ਸਿਰਫ਼ ਔਰਤਾਂ ਦੀ ਹੀ ਨਹੀਂ ਹੈ ਔਰਤਾਂ ਦੀ ਇਹ ਲੜਾਈ ਮਰਦਾਂ ਦੀ ਵੀ ਹੈ ਬਲਕਿ ਮਰਦਾਂ ਦੀ ਜ਼ਿਆਦਾ ਹੈ - ਆਪਣੇ ਆਪ ਨਾਲ਼ ਆਪਣੇ ਵੱਲੋਂ ਬਣਾਈਆਂ ਗ਼ਲਤ ਧਾਰਨਾਵਾਂ ਰੀਤਾਂ ਰਵਾਇਤਾਂ ਨਾਲ਼ ਆਪਣੇ ਜ਼ਿਹਨ ਵਿੱਚ ਫਿੱਟ ਹੋਏ ਨਾਰੀ ਵਿਰੋਧੀ ਗ਼ਲਤ ਸਾਫ਼ਟਵੇਅਰਾਂ ਨਾਲ਼ ਔਰਤਾਂ ਦੀ ਲੜਾਈ ਮਰਦਾਂ ਦੇ ਖ਼ਿਲਾਫ਼ ਨਹੀਂ ਸਗੋਂ ਉਹਨਾਂ ਦੇ ਹੱਕ ਵਿੱਚ ਹੈ ਉਹਨਾਂ ਨੂੰ ਬਰਾਬਰ ਦੇ ਵਰ ਮੇਚ ਦੇਣ ਦੇ ਮੌਕੇ ਦੇਣ ਲਈ ਰੌਸ਼ਨ ਖਿਆਲ ਮਾਂਵਾਂ ,ਭੈਣਾਂ , ਧੀਆਂ ਵਾਲ਼ਾ ਸਜੱਗ ਮ੍ਹੈਣ ਪਰਿਵਾਰ ਦੇਣ ਲਈ ਔਰਤਾਂ ਦੀ ਲੜਾਈ ਐਸੀ ਅਲੋਕਾਰ ਲੜਾਈ ਹੈ ਜਿਸ ਵਿੱਚ ਕੋਈ ਵੀ ਨਹੀਂ ਹਾਰੇਗਾ ਸਭ ਧਿਰਾਂ ਜੇਤੂ ਹੋਣਗੀਆਂ... ਔਰਤਾਂ ਦੀ ਲੜਾਈ ਸਿਰਫ਼ ਔਰਤਾਂ ਦੀ ਹੀ ਨਹੀਂ ਸਭ ਇਨਸਾਨਾਂ ਦੀ ਹੈ ਇਨਸਾਨੀ ਹੱਕਾਂ ਦੀ ਲੜਾਈ ਹੈ ਨਾਰੀ ਦੀ ਅਜ਼ਾਦ ਪਰਵਾਜ਼ ਦਾ ਅਗਾਜ਼ ਸੈਮੀਨਾਰਾਂ ,ਸੜਕਾਂ , ਚੌਕਾਂ ਤੋਂ ਪਹਿਲਾਂ ਘਰ ਤੋਂ ਕਰਨਾ ਬਣਦਾ ਹੈ।

ਫੁੱਲਾਂ ਦਾ ਨਿਜ਼ਾਮ

ਫੁੱਲ ਖਿੜਦੇ ਨੇ ਫੁੱਲ ਵੀ ਨਰ ਤੇ ਮਾਦਾ ਹੁੰਦੇ ਨੇ ਫੁੱਲਾਂ ਦੇ ਪੈਦਾ ਹੋਣ ਲਈ ਫੁੱਲਾਂ ਦਾ ਨਰ ਤੇ ਮਾਦਾ ਹੋਣਾ ਜ਼ਰੂਰੀ ਹੈ ਮਹਿਕਣ ਲਈ ਨਹੀਂ ਮਹਿਕ ਨਰ ਤੇ ਮਾਦਾ ਨਹੀਂ ਹੁੰਦੀ

ਜਿਹੜੀ ਦਿੰਦੀ ਸੀ ਅਸੀਸ

ਜਿਹੜੀ ਦਿੰਦੀ ਸੀ ਅਸੀਸ ਸੁੱਚੇ ਸ਼ਬਦਾਂ ਦੇ ਨਾਲ਼ ਮੇਰੇ ਸਾਹਮਣੇ ਉਹ ਮਾਂ-ਬੋਲੀ ਮਰੀ ਜਾਂਦੀ ਆ ਕੰਡ ਕਰਕੇ ਔਲਾਦ ਹੈ ਪੁਆਂਦੀ ਵੱਲ ਖੜ੍ਹੀ ਭਰੇ ਮਨ ਨਾਲ਼ ਵੇਖ ਕੇ ਮਾਂ ਜਰੀ ਜਾਂਦੀ ਆ ਜਿਹੜੀ ਆਖਦੀ ਸੀ ਜੀਂਦਾ ਰ੍ਹਵੇਂ ਜੀਣ ਜੋਗਿਆ ਮੇਰੇ ਸਾਹਮਣੇ ਉਹ ਮਾਂ ਮੇਰੀ ਮਰੀ ਜਾਂਦੀ ਆ ਜਿਹੜੀ ਦਿੰਦੀ ਸੀ ਅਸੀਸ ... ਇਹਦੇ ਕਰਮਾਂ ਤੇ ਧਰਮਾਂ ਨੇ ਡਾਕਾ ਮਾਰਿਆ ਭਾਈ ਮੁੱਲਿਆਂ ਮੌਲਾਣਿਆਂ ਨੇ ਵੰਡ ਮਾਰਿਆ ਇਹਨੂੰ ਆਪਣੀ ਔਲਾਦ ਨੇ ਹੀ ਦੁਰਕਾਰਿਆ ਇਹਨੂੰ ਪੋਟਾ ਪੋਟਾ ਟੋਟਾ ਟੋਟਾ ਕਰ ਮਾਰਿਆ ਇਹਦੀ ਏਨੀ ਹੋਈ ਵੰਡ ਜਿਹਨੇ ਤੋੜ ਸੁੱਟੀ ਕੰਡ ਬੇਗ਼ੈਰਤੀ ਅਣਸ ਸਭ ਜਰੀ ਜਾਂਦੀ ਆ ਜਿਹੜੀ ਦਿੰਦੀ ਸੀ ਅਸੀਸ ... ਪੰਜ ਆਬਾਂ ਦੀ ਇਹ ਜਾਈ, ਸੁਰਖ਼ਾਬ ਮੁਰਗਾਈ ਜਦ ਪੱਤਣਾਂ ਤੇ ਆਈ ਸਾਰੇ ਮੱਚਗੀ ਦੁਹਾਈ ਪੰਛੀ ਕਿੰਨੇ ਪ੍ਰਵਾਸ ਦੇ ਵੀ ਨਾਲ਼ ਇਹ ਲਿਆਈ ਅੱਜ ਪਾਣੀ ਪਾਣੀ ਪਾਣੀਆਂ ‘ਚ ਆਪਣੇ ਪਰਾਈ ਸਭ ਸੁੱਕ ਚੱਲੇ ਆਬ ,ਮੁੱਕ ਚੱਲੇ ਸਾਰੇ ਖ਼ਾਬ ਸੁੱਕ ਚੱਲੇ ਇਹਦੇ ਮਾਪਿਆਂ ਜਏ ਰਾਵੀ ਤੇ ਚਨਾਬ ਪਾਣੀ ਆਬਾਂ ਵਾਲ਼ਾ ਅੱਖੀਆਂ ‘ਚ ਭਰੀ ਜਾਂਦੀ ਆ ਜਿਹੜੀ ਦਿੰਦੀ ਸੀ ਅਸੀਸ... ਨਾਥ ਜੋਗੀਆਂ ਦੇ ਵਿਹੜੇ ਖੇਡ ਹੋਈ ਮੁਟਿਆਰ ਗੁਰੂ ਸੂਫ਼ੀਆਂ ਫ਼ਕੀਰਾਂ ਕੀਤਾ ਲਾਡ ਤੇ ਪਿਆਰ ਪੰਜ ਆਬਾਂ ਦੇ ਦੁਆਬਾਂ ਵਿੱਚ ਗੱਲਾਂ ਚੱਲੀਆਂ ਜਦ ਅਰਬੀ ਤੇ ਫ਼ਾਰਸੀ ਨੇ ਕੀਤਾ ਆ ਸ਼ਿੰਗਾਰ ਕਿਤੇ ਬੁੱਲ੍ਹਾ ਨਾਲ਼ ਨੱਚੇ ਕਿਤੇ ਰਾਂਝਾ ਨਾਲ਼ ਗਾਵੇ ਸਾਰੇ ਨਾਲ਼ ਨੱਚ ਉਠੇ ਟਿੱਲੇ ਤਕੀਏ ਮਜ਼ਾਰ ਤੁਰੀ ਜਾਂਦੀ ਦੀ ਮੜਕ ਲੋਕ ਤੱਕ ਤੱਕ ਕੇ ਸਾਰੇ ਆਖਦੇ ਸੀ ਵੇਖੋ ਵੇਖੋ ਪਰੀ ਜਾਂਦੀ ਆ ਜਿਹੜੀ ਦਿੰਦੀ ਸੀ ਅਸੀਸ ... ਕਿੰਨੇ ਇਤਰਾਂ ਦੇ ਅਰਕ ਨੇ ਇਹਦੇ ‘ਚ ਸਮਾਏ ਸੱਚੇ ਪਾਤਸ਼ਾਹ ਦੇ ਬੋਲ ,ਵਾਕ ਸ਼ਬਦ ਇਹ ਗਾਏ ਇਹ ਮੱਕਿਆਂ ਦਾ ਹੱਜ ਤੇ ਕੁਰਾਨ ਦੀ ਅਜਾਨ ਜੋਗੀ ਅਲਖ ਜਗਾਏ ਗੁਰੂ ਖ਼ਲਕ ਜਗਾਏ ਇਹਦੀ ਆਤਮਾ ‘ਚ ਪ੍ਰੀਤਾਂ ਦੀਆਂ ਰੀਤਾਂ ਭਰੀਆਂ ਇਹਦੇ ਗੀਤਾਂ ਵਿੱਚੋਂ ਭਿੰਨੀ ਭਿੰਨੀ ਖੁਸ਼ਬੋਈ ਆਏ ਜੋ ਸੀ ਕਦੇ ਪਟਰਾਣੀ ਗੋਲੀ ਬਣਗੀ ਨਿਤਾਣੀ ਨਿੰਮੋਝੂਣੀ ਹੋ ਨਿਮਾਣੀ ਮਨ ਭਰੀ ਜਾਂਦੀ ਆ ਜਿਹੜੀ ਦਿੰਦੀ ਸੀ ਅਸੀਸ.... ਇਸ ਦੇਸ ਦੀਆਂ ਮਾਂਵਾਂ ਇਹਤੋਂ ਮੁੱਖ ਮੋੜਿਆ ਉਹਨਾਂ ਬਾਲਾਂ ਨੂੰ ਵੀ ਇਹਦੇ ਬੋਲਾਂ ਤੋਂ ਵਿਛੋੜਿਆ ਮਾਂ ਨੂੰ ਛੱਡ ਕੇ ਬੇਗਾਨਿਆਂ ਵੀਰਾਨਿਆਂ ਦੇ ਵਿੱਚ ਧੀਆਂ ਪੁੱਤਰਾਂ ਨੇ ਵੱਡੇ ਘਰੀਂ ਸਾਕ ਜੋੜਿਆ ਇਹਨੂੰ ਮੂਲੋਂ ਹੀ ਵਿਸਾਰ ਇਹਦਾ ਕਰ ਤ੍ਰਿਸਕਾਰ ਇਹਦੇ ਦੁੱਧ ਦਾ ਕਰਜ਼ ਉਹਨਾਂ ਇੰਜ ਮੋੜਿਆ ਕੱਲੀ ਕੂੰਜ ਕੁਰਲਾਵੇ ਟੁੱਟਾ ਮਾਣ ਸਾਰੇ ਦਾਅਵੇ ਜੱਗੋਂ ਮੁੱਕ ਚੱਲਾ ਸੀਰ ਮਨੋਂ ਡਰੀ ਜਾਂਦੀ ਆ ਜਿਹੜੀ ਦਿੰਦੀ ਸੀ ਅਸੀਸ .... ਉੱਠੋ ਸ਼ੇਰ-ਦੁੱਲਿਓ ਤੇ ਉੱਠੋ ਧੀਓ ਰਾਣੀਓਂ ਦਰਦ ਵੰਡਾਓ ਮਾਂ ਦਾ ਮਰਜ਼ ਵੀ ਜਾਣਿਓਂ ਮਾਲਵੇ ਦੇ ਪੁੱਤਰੋ ਮਝੈਲ ਤੇ ਦੁਆਬੀਓ ਸਾਗਰਾਂ ਤੋਂ ਪਾਰ ਤੇ ਲਾਹੌਰ ਦੇ ਪੰਜਾਬੀਓ ਕੌਣ ਆਖੂ ਸਾਰਿਆਂ ਨੂੰ ‘ ਓਏ ! ਜੀਣ ਜੋਗਿਓ ‘ ਕਹਿਣ ਵਾਲ਼ੀ ਤੇ ਮਾਂ ਜਦੋਂ ਮਰੀ ਜਾਂਦੀ ਆ ਜਿਹੜੀ ਦਿੰਦੀ ਸੀ ਅਸੀਸ ....

ਰਿਸ਼ਤਿਆਂ ਦੀਆਂ ਇਮਾਰਤਾਂ

ਤੂੰ ਏਨਾ ਲੰਮਾ ਸਮਾਂ ਨਰਾਜ਼ ਨਾ ਰਿਹਾ ਕਰ ਰਿਸ਼ਤੇ ਵੀ ਘਰਾਂ ਵਰਗੇ ਹੁੰਦੇ ਨੇ ਜੋ ਬੇਆਬਾਦ ਹੋ ਜਾਂਦੇ ਨੇ ਜ਼ਿਆਦਾ ਸਮਾਂ ਖਾਲੀ ਰੱਖਣ ਨਾਲ਼ ਉਹਨਾਂ ਅੰਦਰ ਘਾਹ-ਫੂਸ ਉੱਗ ਆਉਂਦਾ ਹੈ ਜਾਲ਼ੇ ਲੱਗ ਜਾਂਦੇ ਨੇ ਬੇਚਿਰਾਗ਼ ਪਿੰਡਾਂ ਵਾਂਗ ਉਹ ਥੇਹ ਬਣਕੇ ਰਹਿ ਜਾਂਦੇ ਨੇ ਤੂੰ ਏਨਾ ਲੰਮਾ ਸਮਾਂ ਨਰਾਜ਼ ਨਾ ਰਿਹਾ ਕਰ ਦੋ ਲਫ਼ਜਾਂ ਦੀ ਮਾਫ਼ੀ ਹੀ ਕਾਫ਼ੀ ਹੁੰਦੀ ਹੈ ਰਿਸ਼ਤਿਆਂ ਦੀਆਂ ਇਮਾਰਤਾਂ ਨੂੰ ਅਬਾਦ ਰੱਖਣ ਲਈ ।

ਰੱਬ ਦੀ ਕਵਿਤਾ

ਕੁਝ ਲੋਕ ਸਿਰਫ਼ ਆਪਣੀ ਹੀ ਮੌਤ ਨਹੀਂ ਦੂਜੇ ਦੀ ਮੌਤ ਵੇਲੇ ਵੀ ਮਰਦੇ ਨੇ ਅਜਿਹੇ ਲੋਕ ਇੱਕ ਨਹੀਂ ਕਈ ਮੌਤਾਂ ਮਰਦੇ ਨੇ ਕੁਝ ਲੋਕ ਸਿਰਫ਼ ਆਪਣੇ ਹੀ ਨਹੀਂ ਹੋਰਾਂ ਦਾ ਦੁੱਖ ਵੀ ਅਪਣੇ ਤਨ ਮਨ ਤੇ ਜਰਦੇ ਨੇ ਕੁਝ ਲੋਕ ਸਿਰਫ਼ ਆਪਣੀਆਂ ਜਾਂ ਲੋਕਾਂ ਦੀਆਂ ਹੀ ਨਹੀਂ ਬੇਜ਼ੁਬਾਨਾਂ ਦੀਆਂ ਪੀੜਾਂ ਵਿੱਚ ਵੀ ਪਸੀਜ ਅੱਖਾਂ ਨਮ ਕਰਦੇ ਨੇ ਅਜਿਹੇ ਲੋਕ ਰੱਬ ਦੀ ਕਵਿਤਾ ਹੁੰਦੇ ਨੇ ।

ਮਾਂ ਤੇ ਰੱਬ

ਮਾਂ ਜਿਸਨੂੰ ਸ਼ੈਤਾਨ ਕਹਿੰਦੀ ਹੈ ਬੱਚੇ ਨੂੰ ਵੀ ਉਹ ਸ਼ੈਤਾਨ ਲੱਗਣ ਲੱਗ ਜਾਂਦਾ ਹੈ ਮਾਂ ਜਿਸਨੂੰ ਫਰਿਸ਼ਤਾ ਕਹਿੰਦੀ ਹੈ ਬੱਚੇ ਨੂੰ ਵੀ ਉਹ ਫਰਿਸ਼ਤਾ ਲੱਗਣ ਲੱਗ ਜਾਂਦਾ ਹੈ ਰੱਬ ਬੰਦੇ ਬਣਾਉਂਦਾ ਹੈ ਮਾਂ ਉਹਨਾਂ ਨੂੰ ਬੁਰੇ , ਭਲੇ ਨਾਇਕ , ਖ਼ਲਨਾਇਕ ਬਣਾਉਂਦੀ ਹੈ ਰੱਬ ਬੰਦਿਆਂ ਨੂੰ ਵੇਖਣ ਲਈ ਨਜ਼ਰ ਦਿੰਦਾ ਹੈ ਮਾਂ ਵੇਖਣ ਵਾਲ਼ਾ ਨਜ਼ਰੀਆ ਦਿੰਦੀ ਹੈ ਕਈ ਵਾਰੀ ਤਾਂ ਇੰਜ ਲਗਦਾ ਹੈ ਕਿ ਮਾਂ ਤੇ ਰੱਬ ਰਲ਼ਮਿਲ਼ ਕੇ ਇੱਕੋ ਖੇਡ ਖੇਡ ਰਹੇ ਨੇ ਰੱਬ ਭਾਂਡੇ ਘੜਨ ਵਾਲ਼ਾ ਘੁਮਿਆਰ ਹੈ ਮਾਂ ਉਹਨਾਂ ਤੇ ਮੀਨਾਕਾਰੀ ਕਰਨ ਵਾਲ਼ੀ ਮੀਨਾਕਾਰ

ਮੇਰਾ ਇਸ਼ਟ

ਮੈਂ ਮਥਰਾ ਜਾਂਦਾ ਹਾਂ ਕਾਸ਼ੀ ਵੀ ਜਾਂਦਾ ਹਾਂ ਸੋਮਨਾਥ ਖੁਜਰਾਹੋ , ਕੋਣਾਰਕ ਅਤੇ ਕਮਾਖਿਆ ਸਭ ਧਾਮਾਂ ਗੁਰਧਾਮਾਂ 'ਤੇ ਜਾਂਦਾ ਹਾਂ ਹਰ ਹਰੀ ਦੁਆਰ ਹਰ ਮੰਦਰ ਜਾਂਦਾ ਹਾਂ ਤਾਜ ਸਿਰਤਾਜ ਇਮਾਰਤਾਂ ਦੇ ਦਰਸ਼ਨ ਕਰਨ ਜਾਂਦਾ ਹਾਂ ਹਰ ਵਾਰੀ ਇਹਨਾ ਦੇ ਨਿਰਮਾਤਾ ਸ਼ਿਲਪਕਾਰਾਂ ,ਕਲਾਕਾਰਾਂ ,ਬੁੱਤ ਤਰਾਸ਼ਾਂ ਦੀ ਅਧਭੁਤ ਅਲੌਕਿਕ ਕਲਾਕਾਰੀ ਤੇ ਮਹੀਨ ਮੀਨਾਕਾਰੀ ਨੂੰ ਨਤਮਸਤਕ ਹੋ ਕੇ ਪਰਤ ਆਉਂਦਾ ਹਾਂ ਇਹਨਾਂ ਵਿੱਚ ਮੈਨੂੰ ਇਸ਼ਟ ਨਹੀਂ ਆਪਣੇ ਕਾਮੇ ਪਿਤਰਾਂ ਦੀ ਕਿਰਤ ਦਿਸਦੀ ਹੈ ਜਿਸਨੂੰ ਮੈਂ ਸਿਰ ਝੁਕਾ ਕੇ ਪਰਤ ਆਉਂਦਾ ਹਾਂ ਮੈਨੂੰ ਇੱਥੇ ਆ ਕੇ ਸ਼ਲੋਕਾਂ ਜਾਂ ਟੱਲ ਟੱਲੀਆਂ ਦਾ ਸ਼ੋਰ ਨਹੀਂ ਕਿਰਤੀਆਂ ਦੀਆਂ ਹਥੌੜੀਆਂ ਛੈਣੀਆਂ ਦਾ ਸੰਗੀਤ ਸੁਣਾਈ ਦੇਣ ਲਗਦਾ ਹੈ ਮੈਂ ਉਸ ਇਸ਼ਟ ਦੇ ਕਦੇ ਵੀ ਦਰਸ਼ਨ ਨਹੀਂ ਕਰ ਪਾਉਂਦਾ ਜਿਸਦੀ ਯਾਦ ਵਿੱਚ ਇਹ ਤੀਰਥ ਸਥਲ 'ਰਾਜਿਆਂ ਮੁਕੱਦਮਾਂ ' ਨੇ ਬਣਵਾਏ ਹੁੰਦੇ ਹਨ ਮੈਨੂੰ ਇਹਨਾਂ ਸ਼ਾਹਕਾਰ ਧਾਮਾਂ ਦੀਆਂ ਇਮਾਰਤਾਂ ਦੀਆਂ ਨੀਹਾਂ ਵਿੱਚੋਂ ਗ਼ੁਲਾਮਾਂ ਦਾਸਾਂ ਦੀਆਂ ਉਦਾਸ ਅਵਾਜ਼ਾਂ ਆਉਣ ਲਗਦੀਆਂ ਹਨ ਸ਼ਿਲਪੀਆਂ ਦੇ ਵੱਢੇ ਹੱਥ ਵਿਖਾਈ ਦੇਣ ਲਗਦੇ ਹਨ ਧੀਆਂ,ਭੈਣਾਂ,ਪਤਨੀਆਂ ਤੇ ਮਾਪਿਆਂ ਨੂੰ ਮਿਲ਼ਣ ਲਈ ਤਰਸਦੇ ਬੰਧੂਆ ਮਜ਼ਬੂਰ ਮਜ਼ਦੂਰਾਂ ਦੇ ਵੈਰਾਗਮਈ ਹਾੜ੍ਹੇ (ਪੈਰ ਵਿੱਚ ਹਾਹਾ ) ,ਹੌਕੇ ,ਹਾਵੇ ਸੁਣਾਈ ਦੇਣ ਲਗਦੇ ਹਨ ਤੇ ਕਦੇ ਕਦੇ ਦੇਵਦਾਸੀਆਂ ਦੇ ਕਵਾਰ ਭੰਗ ਹੋਣ ਸਮੇਂ ਮਾਰੀਆਂ ਦਿਲ ਦਹਿਲਾਉਂਦੀਆਂ ਚੀਕਾਂ ਸੁਣਾਈ ਦੇਣ ਲਗਦੀਆਂ ਹਨ ਤੇ ਮੈਂ ਹਰ ਵਾਰੀ ਐਸੇ ਸ਼ੋਸ਼ਕ ਭ੍ਰਿਸ਼ਟ ਇਸ਼ਟ ਵੱਲ ਪਿੱਠ ਕਰ ਉਹਨਾਂ ਮਹਾਨ ਸ਼ਿਪਲਕਾਰਾਂ ,ਕਲਾਕਾਰਾਂ ਤੇ ਉਹਨਾ ਦੇ ਪਰਿਵਾਰਾਂ ਨੂੰ ਸਿਜਦਾ ਕਰਕੇ ਪਰਤ ਆਉਂਦਾ ਹਾਂ ਤੇ ਕਾਫ਼ਰ ,ਅਧਰਮੀ ਅਤੇ ਨਾਸਤਿਕ ਕਹਾਉਂਦਾ ਹਾਂ ..।

ਲਦਾਖ਼ ਮੂਰਤੀ ਪੱਥਰ ਦੀ

ਲਦਾਖ਼ ਮੂਰਤੀ ਪੱਥਰ ਦੀ ਕਿਸ ਬੁੱਤ ਤਰਾਸ਼ ਬਣਾਈ ਹੈ? ਅੰਗ ਸਭ ,ਸੰਗ- ਤਰਾਸ਼ੀ ਕਰਕੇ ਮੂੰਹੋਂ ਬੋਲਣ ਲਾਈ ਹੈ ਲਦਾਖ਼ ਮੂਰਤੀ ਪੱਥਰ ਦੀ ...... । ਕਦੇ ਜਾਪੇ ਧੀ ਇਹ ਕੁਦਰਤ ਦੀ ਗਲ਼ ਮਾਲ਼ਾ ਪੱਥਰ-ਪਹਾੜਾਂ ਦੀ ਨਦੀਆਂ ਦੇ ਵਿੱਚ ਗੀਟੇ ਖੇਡੇ ਨਟ-ਖਟ ਕੁੜੀ ਪਹਾੜਾਂ ਦੀ ਝਰਨਿਆਂ ਝੀਲਾਂ ਵਾਦੀਆਂ ਸੰਗ ਇਸ ਮਿਲ਼ਕੇ ਕਿੱਕਲੀ ਪਾਈ ਹੈ ਲਦਾਖ਼ ਮੂਰਤੀ ਪੱਥਰ ਦੀ ... । ਇਹਨੂੰ ਵਰ ਹੈ ਬੋਧੀ ਲਾਮਿਆਂ ਦਾ ਤੇ ਅੱਲਾ ਦੇ ਇਸਲਾਮਿਆਂ ਦਾ ਇਹਦੇ ਮੱਠ ਸਤੂਪ ਨੇ ਦੂਤ ਸੰਦੇਸ਼ਾ ਸ਼ਾਂਤੀ ਦੇ ਪ੍ਰਵਾਨਿਆਂ ਦਾ ਕੁਲ ਆਲਮ ਤੋਂ ਖ਼ਲਕਤ ਵੇਖਣ ਬਣਕੇ ਪ੍ਰਾਹੁਣੀ ਆਈ ਹੈ ਲਦਾਖ਼ ਮੂਰਤੀ ਪੱਥਰ ਦੀ ...। ਜਿਉਂ ਖੁਜਰਾਹੋ ਦੇ ਮੰਦਰਾਂ ਦੀ ਅਣਕੱਜ ਸੁੰਦਰਤਾ ਮੋਂਹਦੀ ਹੈ ਬੇਸਬਜ਼ ਪਹਾੜਾਂ ਦੀ ਵੀ ਉਵੇਂ ਕਾਇਨਾਤੀ ਲੀਲ੍ਹਾ ਸੋਹੰਦੀ ਹੈ ਨਦੀਆਂ ਦੀਆਂ ਵਾਦੀਆਂ ਅੰਦਰ ਕਿਤੇ ਕਿਤੇ ਹਰਿਅਈ ਹੈ ਲਦਾਖ਼ ਮੂਰਤੀ ਪੱਥਰ ਦੀ ...।

ਵਫ਼ਾਦਾਰੀ ਤੇ ਗ਼ਦਾਰੀ

ਵਫ਼ਾਦਾਰੀ ਕੁਝ ਨਹੀਂ ਹੁੰਦੀ ਇਹ ਸਿਰਫ਼ ਉਹਨਾਂ ਦੇ ਹੱਕ ਵਿੱਚ ਵਰਤੇ ਜਾਣ ਵਾਲ਼ਾ ਹਥਿਆਰ ਹੁੰਦਾ ਹੈ ਜਿਹਨਾਂ ਦਾ ਸੱਤੀਂ-ਵੀਹੀਂ ਸੌ ਹੁੰਦਾ ਹੈ ਲੋਕਾਂ ਨਾਲ਼ ਹਮੇਸ਼ਾ ਗੱਦਾਰੀ ਕਰਨ ਵਾਲੇ ਲੋਕ ਲੋਕਾਂ ਤੋਂ ਹਮੇਸ਼ਾ ਵਫ਼ਾਦਾਰੀ ਭਾਲ਼ਦੇ ਹਨ ਜ਼ਿਮੀਂਦਾਰ ਸੀਰੀ ਤੋਂ ਵਫ਼ਾ ਭਾਲ਼ਦਾ ਹੈ ਉਸਨੂੰ ਵਫ਼ਾ ਦੇਣ ਦੀ ਗੱਲ ਨਹੀਂ ਕਰਦਾ ਕਾਰਖ਼ਾਨੇਦਾਰ ਮਜ਼ਦੂਰ ਤੋਂ ਹੀ ਵਫ਼ਾਦਾਰੀ ਦੀ ਤਵੱਕੋ ਕਰਦਾ ਹੈ ਉਸ ਲਈ ਵਫ਼ਾਦਾਰ ਹੋਣ ਦੀ ਕਦੇ ਵੀ ਨਹੀਂ ਅਹਿਲਕਾਰ ਮਤਾਹਤ ਤੋਂ ਹੀ ਵਫ਼ਾਦਾਰੀ ਦੀ ਆਸ ਕਰਦਾ ਹੈ ਪਰ ਆਪ ਉਹ ਉਹਨਾਂ ਦੇ ਹਿੱਤਾਂ ਪ੍ਰਤੀ ਗ਼ੈਰ ਵਫ਼ਾਦਾਰ ਹੁੰਦਾ ਹੈ ਖ਼ਾਵੰਦ ਪਤਨੀ ਤੋਂ ਤਾਂ ਵਫ਼ਾ ਚਾਹੁੰਦਾ ਹੈ ਖ਼ੁਦ ਭਾਵੇਂ ਰੋਜ਼ ਬੇਵਫ਼ਾਈ ਦੀਆਂ ਕੰਧਾਂ ਟੱਪਦਾ ਰਹੇ ਵਫ਼ਾਦਾਰੀ ਵਨ ਵੇ ਟ੍ਰੈਫਿਕ ਵਾਂਗ ਸਿਰਫ਼ ਇੱਕ ਪਾਸੇ ਨੂੰ ਹੀ ਚਲਦੀ ਹੈ ਜਾਂ ਇਹ ਉਸ ਦਰਿਆ ਦੇ ਪਾਣੀ ਵਾਂਗ ਹੈ ਜੋ ਸਿਰਫ਼ ਨੀਵੇਂ ਰਕਬਿਆਂ 'ਤੇ ਮਾਰ ਕਰਦਾ ਹੈ ਵਫਾਦਾਰੀ ਅਧੀਨਗੀ ਨੂੰ ਪੱਕੇ-ਪੈਰੀਂ ਕਰੀ ਰੱਖਣ ਵਾਲ਼ਾ ਸਥਾਪਤੀ ਦੀ ਡਿਕਸ਼ਨਰੀ ਵਿੱਚ ਦਰਜ਼ ਕੀਤਾ ਸ਼ਬਦ ਹੈ ਸ਼ਬਦ ਹੀ ਨਹੀਂ ਬਲਕਿ ਗੁਲਾਮਾਂ ਲਈ ਬਣਾਇਆ ਸੰਕਲਪ ਹੈ ਜਿਸ ਵਿੱਚ ਸੱਤਾ ਦੀ ਇੱਕ ਪੂਰੀ ਦੀ ਪੂਰੀ ਵਿਚਾਰਧਾਰਾ ਛੁਪੀ ਹੋਈ ਹੈ

ਕਾਇਨਾਤੀ ਲੀਲ੍ਹਾ

ਮੈਂ ਖਿੜੇ ਫੁੱਲਾਂ ਨੰ ਤੱਕਦਾ ਹਾਂ ਸਬਜ਼ ਵਾਦੀਆਂ ਨੂੰ ਨਿਹਾਰਦਾ ਹਾਂ ਪਹਾੜਾਂ ਸਾਗਰਾਂ ਅਕਾਸ਼ਾਂ ਪਤਾਲਾਂ 'ਤੇ ਵਿਗਸਦੀ ਬਿਨਸਦੀ ਕਾਇਨਾਤੀ ਲੀਲਾ ਤੇ ਝਾਤੀ ਮਾਰਦਾ ਹਾਂ ਇਸ ਵਿੱਚ ਲੀਨ ਹੀ ਹੋ ਜਾਂਦਾ ਹਾਂ ਸੋਚਦਾ ਹਾਂ ਇੱਕ ਦਿਨ ਪੂਰਨ ਵਿਲੀਨ ਹੀ ਹੋ ਜਾਵਾਂਗਾ ਇਸ ਕਾਇਨਾਤੀ ਲੀਲ੍ਹਾ ਅੰਦਰ ਸਦਾ ਸਦਾ ਲਈ ।

ਪਿੰਡੋਂ ਮਾਂ ਆਈ ਹੈ

ਪਿੰਡੋਂ ਮਾਂ ਆਈ ਹੈ ਮੇਰੇ ਸ਼ਹਿਰੀ ਬੱਚੇ ਸੋਚਦੇ ਨੇ ਕੀ ਸੁਗਾਤ ਲਿਆਈ ਹੈ ਬੱਚੇ ਮਾਂ ਦੇ ਆਪਣੇ ਹੱਥ ਨਾਲ਼ ਕੱਢੇ ਮੋਰਨੀਆਂ ਦੀ ਕਢਾਈ ਵਾਲੇ ਝੋਲ਼ੇ ਵਿੱਚੋਂ ਚਾਕਲੇਟ , ਬਿਸ੍ਕੁਟ , ਟਾਫੀਆਂ ਭਾਲ਼ਦੇ ਨੇ ਪਰ ਮੈਨੂੰ ਤਾਂ ਮਾਂ ਦਾ ਹੱਥ ਨਾਲ ਕੱਢਿਆ ਮੋਰਨੀਆਂ ਦੀ ਕਢਾਈ ਵਾਲ਼ਾ ਝੋਲ਼ਾ ਹੀ ਇੱਕ ਅਧਭੁਤ , ਦੁਰਲੱਭ ਸੁਗਾਤ ਲਗਦਾ ਹੈ . ਪਿੰਡੋਂ ਮਾਂ ਆਈ ਹੈ ਬੱਚੇ ਸੋਚਦੇ ਨੇ ਕੀ ਸੁਗਾਤ ਲਿਆਈ ਹੈ ਕੋਈ ਫੋਨ , ਆਈ ਪੋਡ , ਕੰਪੀਊਟਰੀ ਪੇਡ ਮੇਰੀ ਮਾਂ ਨੂੰ ਤਾਂ ਇਹਨਾ ਦਾ ਕੁਝ ਵੀ ਪਤਾ ਨਹੀ ਪਰ ਮੈਂ ਸੋਚਦਾਂ ਮਾਂ ਵੱਲੋਂ ਸ਼ਾਮ ਨੂੰ ਬੱਚਿਆਂ ਨੂੰ ਸੁਣਾਈ 'ਚਿੜੀ ਅਤੇ ਕਾਂ' ਦੀ ਬਾਤ ਅਦੁੱਤੀ ਸੁਗਾਤ ਹੈ । ਅੱਜ ਮਾਂ ਪਿੰਡ ਚੱਲੀ ਹੈ ਮੈਂ ਉਸਨੂੰ ਤੋਰਨ ਗਿਆ ਉਸਦੇ ਪੇਰੀਂ ਹੱਥ ਲਾਉਂਦਾ ਹਾਂ ਉਹ ਮੈਨੂੰ ਅਤੇ ਬੱਚਿਆਂ ਨੂੰ ਅਸੀਸ ਦਿੰਦੀ ਹੈ ਮੇਰੀ ਬੇਟੀ ਮੈਨੂੰ ਪੁੱਛਦੀ ਹੈ ਪਾਪਾ ਤੁਸੀਂ ਬਲਵਾਨ ਹੋ ਜਵਾਨ ਹੋ ਫਿਰ ਵੀ ਬੁੱਢੀ ਦਾਦੀ ਅੱਗੇ ਝੁਕ ਕੇ ਪੈਰੀਂ ਹੱਥ ਕਿਉਂ ਲਾਉਂਦੇ ਹੋ ? ਮੈਂ ਕਹਿਨਾਂ ਅਸੀਸ ਲੈਣ ਲਈ ਉਹ ਮੈਨੂੰ ਅਸੀਸ ਦੇ ਅਰਥ ਪੁੱਛਦੀ ਹੈ ਮੈਂ ਉਸਨੂੰ ਅਸੀਸ ਦੇ ਅਰਥ ਦੱਸਦਾ ਹਾਂ ਉਹ ਜ਼ਿੱਦ ਕਰਦੀ ਹੈ ਪਾਪਾ ਤੁਸੀਂ ਮੈਨੂੰ ਵੀ ਅਸੀਸ ਦੇਵੋ ਮੈਂ ਉਸਨੂੰ ਆਪਣੇ ਧੁਰ ਅੰਦਰੋਂ ਅਸੀਸ ਦਿੰਦਾ ਹਾਂ "ਤੂੰ ਵੀ ਮਾਂ ਬੋਲੀ ਪੱਖੋਂ ਮੇਰੀ ਮਾਂ ਜਿਨੀ ਅਮੀਰ ਬਣੇ ਤੇ ਅੱਜ ਜਦੋਂ ਸਾਰਾ ਵਿਸ਼ਵ ਹੀ ਇਕ ਪਿੰਡ ਬਣ ਚੁੱਕਾ ਹੈ ਉਸ ਵਿੱਚ ਆਪਣੇ ਵਿਰਸੇ ਤੇ ਮਾਤ ਭਾਸ਼ਾ ਨੂੰ ਮਹਿਫੂਜ਼ ਰੱਖੇਂ ਤੇ ਇਹੀ ਅਸੀਸ ਤੂੰ ਆਪਣੇ ਬੱਚਿਆਂ ਨੂੰ ਦੇਣ ਜੋਗੀ ਹੋਵੇਂ "....

ਮੈਂ ਭਾਰਤ ਪਾਕਿਸਤਾਨ ਮੈਚ ਨਹੀਂ ਵੇਖਦਾ

ਮੈਂ ਭਾਰਤ ਪਾਕਿਸਤਾਨ ਮੈਚ ਨਹੀਂ ਵੇਖਦਾ ਕਿਉਂਕਿ ਇਹ ਮੈਚ ਖੇਡ ਨਹੀਂ ਜੰਗ ਹੁੰਦਾ ਹੈ ਤੇ ਮੈਂ ਜੰਗ ਨੂੰ ਨਫ਼ਰਤ ਕਰਦਾ ਹਾਂ ਇਹ ਮੈਚ ਖੇਡ ਦੇ ਮੈਦਾਨ 'ਚ ਨਹੀ ਜੰਗ ਦੇ ਮੈਦਾਨ 'ਚ ਖੇਡਿਆ ਜਾਂਦਾ ਹੈ ਖੇਡਿਆ ਵੀ ਕੀ ਬਕਾਇਦਾ ਲੜਿਆ ਜਾਂਦਾ ਹੈ ਇਹ ਮੈਚ ਭਾਰਤ ਪਾਕਿਸਤਾਨ ਟੀਮਾਂ ਨਹੀਂ ਫੌਜਾਂ ਖੇਡਦੀਆਂ ਨੇ ਖੇਡ ਵਿੱਚ ਗੇਂਦ ਨਹੀਂ ਸੁੱਟੀ ਜਾਂਦੀ ਤੋਪ ਦੇ ਗੋਲੇ ਦਾਗੇ ਜਾਂਦੇ ਨੇ ਕਦੇ ਲਾਹੌਰ‘ਤੇ ਕਦੇ ਕਰਾਚੀ ਕਦੇ ਪਿਸ਼ੌਰ 'ਤੇ ਕਦੇ ਅੰਬਰਸਰ ਕਦੇ ਅੰਬਾਲੇ ਕਦੇ ਫ਼ਿਲੌਰ 'ਤੇ ਇਹ ਮੈਚ ਖੇਡ ਦੀਆਂ ਟੀਮਾਂ ਨਹੀਂ ਫ਼ੌਜਾਂ ਖੇਡਦੀਆਂ ਨੇ ਤੇ ਖੇਡ ਦਾ ਟਾਸ ਸੁੱਟਣ ਤੋਂ ਪਹਿਲਾਂ ਸਮੇਂ ਦੀਆਂ ਸੂਈਆਂ ਨੂੰ ਪੁੱਠਾ ਗੇੜਾ ਦੇ ਕੇ ਕਦੇ ਸੰਤਾਲੀ ਕਦੇ ਪੈਂਹਠ ਤੇ ਕਦੇ ਕਹੱਤਰ ਦੇ ਹੱਲਿਆਂ ਹਮਲਿਆਂ ਕਾਲੈ ਘੱਲੂਘਾਰਿਆਂ ਦੇ ਸਮੇਂ ਤੇ ਲਿਜਾਇਆ ਜਾਂਦਾ ਹੈ ਮੈਂ ਤਾਂ ਇਹਨਾ ਹੱਲਿਆਂ ਹਮਲਿਆਂ ਦੇ ਕਾਲੈ ਕਾਰਨਾਮੇ ਸੁਪਨੇ 'ਚ ਵੀ ਵੇਖ ਤ੍ਰਭਕ ਕੇ ਉੱਠ ਬਹਿੰਦਾ ਹਾਂ ਫਿਰ ਇਹ ਮੈਚ ਮੈਂ ਕਿਵੇਂ ਵੇਖ ਸਕਦਾ ਹਾਂ ਇਹ ਮੈਚ ਖੇਡ ਦੀਆਂ ਟੀਮਾਂ ਨਹੀਂ ਫ਼ੌਜਾਂ ਖੇਡਦੀਆਂ ਨੇ ਦੋਹਾਂ ਦੇਸਾਂ ਦੇ ਲੋਕਾਂ ਨੂੰ ਇਸ ਜੰਗੀ-ਖੇਡ ਲਈ ਅੰਧਰਾਸ਼ਟਰਵਾਦੀ ਨਿੱਕਰਾਂ ,ਬੋਦੀਆਂ ,ਧੋਤੀਆਂ, ਟੋਪੀਆਂ ਤੇ ਮੀਡੀਏ ਦੇ ਹਵਾਂਕਦੇ ਗਿੱਦੜਾਂ ਵੱਲੋਂ ਉਕਸਾਇਆ ਜਾਂਦਾ ਹੈ ਬੜਾ ਅਲੋਕਾਰਾ ਮੈਚ ਹੁੰਦਾ ਹੈ ਇਹ ਜਿੱਥੇ ਸਹਿਣਸ਼ੀਲਤਾ ਸਾਂਝ ਸ਼ਾਤੀ ਦੀ ਬਜਾਏ ਵੈਰ ਵਿਰੋਧ ਦੀ ਧਾਕ ਹੁੰਦੀ ਹੈ ਜਿੱਥੇ ਅਮਨ ਦਾ ਪਰਚਮ ਬੁਲੰਦ ਹੋਣ ਦੀ ਥਾਂ ਨਫ਼ਰਤ ਦੀਆਂ ਤਾੜੀਆਂ ਵੱਜਦੀਆਂ ਹਨ ਇਹ ਮੈਚ ਸਰਹੱਦਾਂ ਵਿਚਲੀ ਨੋ ਮੈਨ ਲੈਂਡ ਤੇ ਖੇਡਿਆ ਜਾਂਦਾ ਹੈ ਤੇ ਇਹ ਮੈਚ ਹਰ ਵਾਰ ਲੋਕਾਂ ਦੇ ਮਨਾਂ ਵਿੱਚ ਇੱਕ ਹੋਰ ਵਾਹਗਾ ਬਣਾ ਧਰਦਾ ਹੈ ਇਸ ਲਈ ਮੈਂ ਇਹ ਮੈਚ ਨਹੀਂ ਵੇਖਦਾ ਇਹ ਮੈਚ ਖੇਡ ਨਹੀਂ ਜੰਗ ਹੁੰਦੀ ਹੈ ਮੈਂ ਜੰਗ ਨੂੰ ਨਫ਼ਰਤ ਕਰਦਾ ਹਾਂ

ਡਰਨੇ

ਪੰਛੀ ਹੈਰਾਨ ਨੇ ਡਰਨੇ ਹੁਣ ਤੁਰਨ ਫਿਰਨ ਲੱਗ ਪਏ ਨੇ ਖੇਤਾਂ ਤੋਂ ਗਰਾਂ ਨਗਰਾਂ ਮਹਾਂਨਗਰਾਂ ਦੀਆਂ ਬਸਤੀਆਂ ਤੱਕ ਆ ਪਹੁੰਚੇ ਨੇ ਪੰਛੀਆਂ ਨੂੰ ਡਰਾਉਣ ਵਾਲੇ ਡਰਨੇ ਉਨ੍ਹਾਂ ਨੂੰ ਮਾਰਨ ਮਰਾਉਣ ਮੁਕਾਉਣ ਲੱਗ ਪਏ ਨੇ ਖੇਤਾਂ ਖਲਿਆਨਾ ਘਰਾਂ ਜੰਗਲਾਂ ਪਹਾੜਾਂ ਸਾਗਰਾਂ ਤੱਕ ਪੰਛੀ ਪ੍ਰਜਾਤੀਆਂ ਦਾ ਖ਼ਾਤਮਾ ਕਰਦੇ ਜਾ ਰਹੇ ਨੇ ਦੋਪਾਏ ਡਾਇਨਾਸੌਰਾਂ ਵਰਗੇ ਵਿਕਾਸ ਦੇ ਨਾਂ ਤੇ ਵਿਨਾਸ਼ ਕਰਨ ਵਾਲੇ ਇਹ ਤੁਰਦੇ ਫਿਰਦੇ ਆਦਮ-ਡਰਨੇ।

ਵਸੀਅਤ

ਮੈਂ ਚਾਹੁੰਦਾ ਹਾਂ ਬੇਟੀ ਮੇਰੀ ਚਿਖਾ ਨੂੰ ਮੇਰੀ ਅਗਨ ਦਿਖਾਵੇ ਇੰਜ ਕਰਕੇ ਇੰਜ ਮਰਕੇ ਵੀ ਮੈਂ ਐਸੀ ਰਸਮ ਨੂੰ ਤੋੜ ਦਿਆਂਗਾ ਜੋ ਧੀਆਂ ਨੂੰ ਮਾਤਮ ਵਿੱਚ ਵੀ ਕਦੇ ਬਰਾਬਰ ਹੋਣ ਨਾ ਦੇਵੇ ਨਾ ਬਰਾਬਰ ਹੱਸਣ ਦੇਵੇ ਤੇ ਨਾ ਪੂਰਾ ਰੋਣ ਹੀ ਦੇਵੇ ਮੈਂ ਇਸਤੋਂ ਵੀ ਵੱਧ ਚਾਹੁੰਦਾ ਹਾਂ ਤੋੜਨੀ ਹਰ ਉਹ ਜੱਦ ਚਾਹੁੰਦਾ ਹਾਂ ਅਣਸਾਵੀਂ ਤੇ ਕਾਣੀ ਜੋ ਵੀ ਸਾੜਨੀ ਹਰ ਉਹ ਰਸਮ ਚਾਹੁੰਦਾ ਹਾਂ ਚਿਤਾ ਮੇਰੀ ਵਿੱਚ ਲੱਕੜਾਂ ਦੀ ਥਾਂ ਬਾਲਣ ਪਵਾਉਣਾ ਇਹ ਚਾਹੁੰਦਾ ਹਾਂ ਇੰਜ ਕਰਕੇ ਇੰਜ ਮਰਕੇ ਵੀ ਮੈਂ ਇੱਕ ਰਚਨਾ ਕਰਨਾ ਚਾਹੁੰਦਾ ਹਾਂ

ਮੈਂ ਘਾਹ ਹਾਂ

ਮੈਂ ਘਾਹ ਹਾਂ ਧਰਤੀ ਦੇ ਆਸ ਪਾਸ ਮਿੱਟੀ ਦੇ ਕੋਲ਼ ਕੋਲ਼ ਰਹਿੰਦਾ ਮੈਂ ਘਾਹ ਹਾਂ ਨਾ ਸਰੂ ਸਫ਼ੈਦਿਆਂ ਵਾਂਗ ਉੱਚੇ ਆਕਾਸ਼ ਛੂਹਣ ਦੀ ਖ਼ਾਹਸ਼ ਨਾ ਪਿੱਪਲ ਬਰੋਟਿਆਂ ਦੀਆਂ ਜੜ੍ਹਾਂ ਵਾਂਗ ਬਹੁਤਾ ਡੂੰਘਾ ਪਤਾਲ ਵਿੱਚ ਉਤਰਨ ਦੀ ਤਾਂਘ ਮੇਰੀ ਹੋਂਦ ਦਾ ਮਕਸਦ ਵਧਣਾ ਨਹੀ ਸਿਰਫ਼ ਹੋਣਾ ਹੈ ਧਰਤੀ ਦੇ ਆਸ ਪਾਸ ਮਿੱਟੀ ਦੇ ਕੋਲ਼ ਕੋਲ਼ ਮੈਂ ਨਾ ਜ਼ਿਆਦਾ ਗਗਨਚੁੰਬੀ ਬਣਕੇ ਦਰਸ਼ਨੀ ਬਣਕੇ ਪ੍ਰਦਰਸ਼ਨੀ ਕਰਦਾ ਹਾਂ ਨਾ ਨਿਵਾਣਾ 'ਚ ਗ਼ਰਕਦਾ ਹਾਂ ਮੈਂ ਖੇਤਾਂ ਖਲਿਆਨਾ 'ਚ ਜੰਗਲਾਂ ਬੀਆਬਾਨਾ 'ਚ ਬੇਅਬਾਦ ਰਾਹਵਾਂ ਬੇਚਿਰਾਗ਼ ਪਿੰਡਾਂ ਥਾਂਵਾਂ ਦੂਰ ਦੁਮੇਲਾਂ ਤੀਕ ਸਭ ਪਾਸੇ ਉੱਗਦਾ ਵਧਦਾ ਰਹਿੰਦਾ ਹਾਂ ਧਰਤੀ ਦੇ ਉੱਤੇ ਉੱਤੇ ਮਿੱਟੀ ਦੇ ਨਾਲ਼ ਨਾਲ਼ ਤੇ ਸਾਰੇ ਦੇ ਸਾਰੇ ਨੀਲੇ ਅੰਬਰ ਦਾ ਚੰਦੋਆ ਆਪਣੇ ਉੱਤੇ ਤਾਣ ਲੈਂਦਾ ਹਾਂ ਮੈਂ ਇੰਜ ਹੀ ਜ਼ਿੰਦਗੀ ਮਾਣ ਲੈਂਦਾ ਹਾਂ ਮੈਂ ਘਾਹ ਹਾਂ |

ਆਓ!ਜੰਗਲ਼ੀ ਹੋਣਾ ਸਿੱਖੀਏ

ਆ ਆਪਾਂ ਇੱਕ ਵਾਰੀ ਫਿਰ ਤੋਂ ਜੰਗਲ਼ੀ ਹੀ ਬਣ ਜਾਈਏ ਜੰਗਲ਼ੀ ਹੀ ਬਣ ਜਾਈਏ ਆਪਾਂ ਜੰਗਲ਼ੀ ਜੀਅ ਬਣ ਜਾਈਏ ਜੰਗਲ਼ੀ ਬਣ ਵਣ ਸੰਗਲੀ ਬਣ ਕੁਦਰਤ ਵਿੱਚ ਸਮਾਈਏ ਤਕਨੀਕਾਂ ਦੀਆਂ ਤਕਲੀਫ਼ਾਂ ਤੋਂ ਰਾਹਤ ਨਿਜਾਤ ਵੀ ਪਾਈਏ ਸਬਜ਼ ਸਾਵੀਆਂ ਵਾਦੀਆਂ ਦੇ ਵਿੱਚ ਕੋਈ ਘਰੌਂਦਾ ਪਾਈਏ ਪੰਖੀਆਂ ਵਾਂਗ ਕਲੋਲਾਂ ਕਰੀਏ ਕਾਇਨਾਤੀ ਹੋ ਜਾਈਏ . ਬੰਦੇ ਵਾਂਗੂ ਜੀਣਾ ਛੱਡਕੇ ਜੀਵਾਂ ਵਾਂਗਰ ਰਹੀਏ ਖ਼ਾਹਸ਼ਾਂ , ਹਵਸਾਂ , ਤਮ੍ਹਾ ਨੂੰ ਛੱਡਕੇ ਲੋੜਾਂ ਦਾ ਲੜ ਫੜੀਏ ਇਕਸੁਰ ਇਕਮਿਕ ਹੋਣਾ ਸਿੱਖੀਏ ਨਾ ਲੜੀਏ ਨਾ ਮਰੀਏ ਕੁਦਰਤ ਮਾਰੂ ਬੰਦਾ ਹੋਣੋ ਜੰਗਲ਼ੀ ਹੋਣਾ ਚੰਗਾ ਹੈ ਜੰਗਲ਼ ਦਾ ਹਰ ਪਸ਼ੂ ਪਰਿੰਦਾ ਇਸ ਬੰਦੇ ਤੋਂ ਚੰਗਾ ਹੈ ਅਜ਼ਲਾਂ ਤੋਂ ਸੁਹਬਤ ਵਿਚ ਜਿਨ ਦੀ ਜੰਗਲ਼ ਰਿਹਾ ਬਹੁਰੰਗਾ ਹੈ . ਕੱਚਾ ਮਾਲ ਸਮਝ ਇਹ ਬੰਦਾ ਸਭ ਜੰਗਲ਼ ਪੁੱਟ ਦਿੰਦਾ ਹੈ ਇਸਦੇ ਸਿਤਮ ਜ਼ੁਲਮ ਤੋਂ ਕੰਬਿਆ ਹਰ ਇੱਕ ਪਸ਼ੂ ਪਰਿੰਦਾ ਹੈ ਕੰਕਰੀਟ ਜੰਗਲ ਦਾ ਹਵਸੀ ਜਾਨਵਰ ਅਸਲ 'ਚ ਬੰਦਾ ਹੈ ਜੰਗਲ਼ੀ ਹੋਣ ਨੂੰ ਨਾਂਹਵਾਚੀ ਵੀ ਕਹਿੰਦਾ ਏਹੋ ਬੰਦਾ ਹੈ ਜੰਗਲ਼ੀ ਜੰਗਲ਼ੀ ਕਹਿ ਕੇ ਭੰਡਦਾ ਖ਼ੁਦ ਜੰਗਲ਼ੀ ਤੋਂ ਮੰਦਾ ਹੈ ਸਗਲ ਸ੍ਰਿਸ਼ਟੀ ਦੇ ਗਲ਼ ਇਸਨੇ ਪਾਇਆ ਹੋਇਆ ਫੰਧਾ ਹੈ ਬੰਦੇ ਤੋਂ ਮੁੜ ਜੰਗਲੀ ਹੋਣ ਦੀ ਜਾਚ ਆ ! ਫਿਰ ਤੋਂ ਸਿਖੀਏ ਆ ਏਸ ਧਰਤ ਸੁਹਾਵੀ ਉੱਤੇ ਹਰੀ ਇਬਾਰਤ ਲਿਖੀਏ

ਘੁੰਮਦੀ ਧਰਤੀ ਗਾਉਂਦੀ ਧਰਤੀ

ਘੁੰਮਦੀ ਧਰਤੀ ਗਾਉਂਦੀ ਧਰਤੀ ਘੁੰਮ ਘੁੰਮ ਕਰਮ ਕਮਾਉਂਦੀ ਧਰਤੀ ਖ਼ੁਸ਼ੀਆਂ ਵੰਡਦੀ ਹਾਸੇ ਵੰਡਦੀ ਸਭ ਦੀ ਖ਼ੈਰ ਮਨਾਉਂਦੀ ਧਰਤੀ ਧੁੱਪਾਂ ਔੜਾਂ ਪੀੜਾਂ ਜਰਕੇ ਵਿਹੜੇ ਖੇੜੇ ਲਿਆਉਂਦੀ ਧਰਤੀ ਲੋਕੀਂ ਉਸਨੂੰ ਔਰਤ ਕਹਿੰਦੇ ਪਰ ਉਹ ਮੈਨੂੰ ਲਗਦੀ ਧਰਤੀ ਦਿਨੇ ਤੇ ਰਾਤੀਂ ਹਰ ਪਲ ਹਰ ਛਿਣ ਕਰਮ 'ਚ ਰਹਿੰਦੀ ਕਦੇ ਨਾ ਬਹਿੰਦੀ ਸੁਬ੍ਹਾ ਸਵੇਰੇ ਸਰਘੀ ਵੇਲ਼ੇ ਲੋਏ ਲੋਏ ਚੱਕੀ ਝੋਏ ਆਟਾ ਪੀਹ ਕੇ ਰਿੜਕਣ ਬਹਿ ਜੇ ਕਦੇ ਲਵੇਰੀ ਬਾਖੜ ਚੋਏ ਸੂਰਜ ਚੜ੍ਹੇ ਤੋਂ ਚਰਖਾ ਡਾਹ ਲਏ ਕੱਤ ਕੱਤ ਢੇਰ ਗਲੋਟੇ ਲਾ ਦਏ ਅੱਲੜ ਬੱਲੜ ਕਹਿ ਕੇ ਵਿੱਚ ਦੀ ਨੰਨ੍ਹੇ-ਮੁਨ੍ਹੇ ਬਾਲ ਜਗਾ ਲਏ ਚਿੜੀਆਂ ਵਾਂਗੂੰ ਚੋਗ ਚੁਗਾ ਕੇ ਫਿਰ ਤੋਂ ਆਪਣਾ ਆਸਣ ਲਾ ਲਏ ਨਸਲਾਂ ਜਣਦੀ ਨਸਲਾਂ ਪਾਲ਼ੇ ਧਰਤੀ ਘੁੰਮ ਘੁੰਮ ਫ਼ਸਲਾਂ ਪਾਲ਼ੇ ਰਾਤੀਂ ਵੇਖੋ ਤਾਂ ਵੀ ਜਾਗੇ ਤੜਕੇ ਦਿਨੇ ਦੁਪਹਿਰੇ ਜਾਗੇ ਪਤਾ ਨਹੀਂ ਕਦ ਸੌਂਦੀ ਧਰਤੀ ਸਦਾ ਹੀ ਘੁੰਮਦੀ ਰਹਿੰਦੀ ਧਰਤੀ ਲੋਕੀਂ ਉਸਨੂੰ ਤ੍ਰੀਮਤ ਕਹਿੰਦੇ ਪਰ ਉਹ ਮੈਨੂੰ ਜਾਪੇ ਧਰਤੀ ਘੁੰਮਦੀ ਧਰਤੀ ਗਾਉਂਦੀ ਧਰਤੀ ਘੁੰਮ ਘੁੰਮ ਕਰਮ ਕਮਾਉਂਦੀ ਧਰਤੀ ਖ਼ੁਸ਼ੀਆਂ ਵੰਡਦੀ ਖੇੜੇ ਵੰਡਦੀ ਸਭ ਦੀ ਖ਼ੈਰ ਮਨਾਉਂਦੀ ਧਰਤੀ ਧੁੱਪਾਂ ਔੜਾਂ ਪੀੜਾਂ ਜਰਕੇ ਖੇੜੇ ਵਿਹੜੇ ਲਿਆਉਂਦੀ ਧਰਤੀ ਲੋਕੀਂ ਉਸਨੂੰ ਔਰਤ ਕਹਿੰਦੇ ਪਰ ਮੈਨੂੰ ਉਹ ਲਗਦੀ ਧਰਤੀ

ਆਨਲਾਈਂਨ ਆਫ਼ਲਾਈਂਨ ਜ਼ਿੰਦਗੀ

ਕਿੰਨਾ ਕੁਝ ਆਨਲਾਈਨ ਹੋਈ ਜਾ ਰਿਹਾ ਹੈ ਕਿੰਨਾ ਕੁਝ ਆਨਲਾਈਂਨ ਹੋਣ ਨਾਲ਼ ਕਿੰਨਾ ਕੁਝ ਲਾਈਨ ਤੋਂ ਲਹੀ ਜਾ ਰਿਹਾ ਹੈ ਕਿੰਨਾ ਕੁਝ ਅਪਲੋਡ ਹੋਈ ਜਾ ਰਿਹਾ ਹੈ ਕੁਝ ‘ਡਾਊਨ’ਲੋਡ ਵੀ ਹੋਈ ਜਾ ਰਿਹਾ ਹੈ ਇੱਕ ਵਾਵਰੋਲ਼ਾ ਧਰਤੀ ਦੇ ਸਮਾਜ ਨੂੰ ਉਡਾ ਕੇ ਆਕਾਸ਼ ਵਿੱਚ ਲਿਜਾ ਰਿਹਾ ਹੈ ਗਗਨ ਵਿੱਚ ਮੋਹੜੀਆਂ ਗੱਡ ਪਿੰਡ ਬੱਝ ਰਹੇ ਨੇ ਪਰਿਵਾਰ ਬਣ ਰਹੇ ਨੇ ਰਿਸ਼ਤੇ ਜੁੜ ਰਹੇ ਨੇ ਪਰਿਵਾਰ ਟੁੱਟ ਰਹੇ ਨੇ ਕਿੰਨਾ ਕੁਝ ਆਨਲਾਈਨ ਹੋਈ ਜਾ ਰਿਹਾ ਹੈ ਕਿੰਨਾ ਕੁਝ ਆਨਲਾਈੰਨ ਹੋਣ ਨਾਲ ਕਿੰਨਾ ਕੁਝ‘ਆਫ਼’ਲਾਈਨ ਹੋਈ ਜਾ ਰਿਹਾ ਹੈ ਹਵਾ ਵਿੱਚ ਇਬਾਰਤਾਂ ਲਿਖੀਆਂ ਜਾ ਰਹੀਆਂ ਹਨ ਹਵਾ ਵਿੱਚ ਇਮਾਰਤਾਂ ਉਸਰ ਰਹੀਆਂ ਹਨ ਟਾਈਮਲਾਈਨਜ਼ –ਕੰਧਾਂ ਇਨਬੌਕਸ-ਕਮਰੇ ਕੰਧਾਂ ਤੇ,ਕਮਰਿਆਂ ਵਿੱਚ ਕਈ ਕੁਝ ਹੋ ਰਿਹਾ ਹੈ ਕੰਧਾਂ ਟੱਪਕੇ ਕਮਰਿਆਂ ਵਿੱਚ ਦਾਖ਼ਲ ਹੋਇਆ ਜਾ ਰਿਹਾ ਹੈ ਲੋਕ ਆਪਣੇ ਘਰਾਂ 'ਚ ਵੀ ਬੈਠੇ ਨੇ ਹੋਰਾਂ ਦੇ ਦਰਾਂ 'ਚ ਵੀ ਬੈਠੇ ਨੇ ਕੋਲ਼ ਕੋਲ਼ ਬੈਠੇ ਵੀ ਦੂਰ ਦੂਰ ਬੈਠੇ ਨੇ ਕਈ ਕੁਝ ਹਾਸਲ ਹੋ ਰਿਹਾ ਹੈ ਕਈ ਕੁਝ ਖੋ ਰਿਹਾ ਹੈ ਘੁੰਡਾਂ ਕੱਢ ਕੇ ਬੁਰਕੇ ਪਾ ਕੇ ਚੈਟਿੰਗ ਹੋ ਰਹੀ ਹੈ ਪਰ ਵਸਤਰ ਪਾਰਦਰਸ਼ੀ ਕੱਚ ਵਰਗੇ ਹੋ ਰਹੇ ਹਨ ... ਕੰਪਿਊਟਰ ਦੇ ਕਰਸਰ ਦਾ ਚਾਬਕ ਜ਼ਿੰਦਗੀ ਦੇ ਘੋੜੇ ਨੂੰ ਚਲਾਉਂਦਾ ਹੈ ਕਦੇ ਬੰਦੇ ਨੂੰ ਹਸਾਉਂਦਾ ਹੈ ਕਦੇ ਰਵਾਉਂਦਾ ਹੈ ਜਿੰਦਗੀ ਦੇ ਹਾਸੇ ,ਰੋਣੇ ,ਰੋਸੇ ,ਗਿਲੇ ਵੀ ਮਸ਼ੀਨੀ ਹੋ ਗਏ ਹਨ ਹੁਣ ਚਿਹਰੇ ਨਹੀਂ ਸ਼ਬਦ ਹੱਸਦੇ ਹਨ ਹਾ ਹਾ .. ਹੁਣ ਅੱਥਰੂ ਅੱਖਾਂ ਦੇ ਝਿੰਮਣਾ ਚੋਂ ਨਹੀਂ ਇਮੋਜੀਸ ਦੀਆਂ ਅੱਖਾਂ ਚੋਂ ਡਿੱਗਦੇ ਹਨ ਇਮੋਜੀਸ ਹੀ ਬਗ਼ਲਗੀਰ ਹੁੰਦੇ ਹਨ ਤੇ ਚੁੰਮਣ ਲੈਂਦੇ ਹਨ ਜ਼ਿੰਦਗੀ ਨੂੰ ਕਿੰਨਾ ਸੌਖਾ ਕਰ ਲਿਆ ਹੈ ਇਨਸਾਨ ਨੇ ਇਹ ਸਭ ਕੁਝ ਰਚ ਕੇ , ਬਣਾ ਕੇ ਜ਼ਿੰਦਗੀ ਹਾਸਲ ਵੀ ਹੋ ਰਹੀ ਹੈ ਜ਼ਿੰਦਗੀ ਖ਼ਾਰਜ ਵੀ ਹੋ ਰਹੀ ਹੈ

ਰਿਸ਼ਤਿਆਂ ਦੀ ਧਰਤੀ ਦਾ ਧੌਲ

(ਸਾਰੇ ਜਹਾਨ ਦੀਆਂ ਧੀਆਂ ਦੇ ਨਾਂ) ਮੈਂ ਜਦ ਰਿਸ਼ਤਿਆਂ ਦੇ ਖੁਸ਼ਕ ਮਾਰੂਥਲ ਵਿੱਚ ਭਟਕਦਾ ਭਟਕਦਾ ਥੱਕ ਜਾਂਦਾ ਹਾਂ ਹਰ ਰਿਸ਼ਤੇ ਦੇ ਸਵਾਰਥੀ ,ਬਨਾਵਟੀ ਨਿਰਮੋਹੇ ਵਤੀਰੇ ਤੋਂ ਅੱਕ ਜਾਂਦਾ ਹਾਂ ਸਭ ਸਾਕਾਂ ‘ਤੋਂ ਵਿਸ਼ਵਾਸ ਉੱਠਣ ਲੱਗਦਾ ਹੈ ਮਨ ਡੋਲਣ ਲੱਗਦਾ ਹੈ ਇਕਲਾਪੇ ਦੇ ਚੱਕਰਵਿਊ ਵਿੱਚ ਫਸ ਉਦਾਸ ਹੋ ਜਾਂਦਾ ਹਾਂ ਤਾਂ ਵਿਦੇਸ਼ਾਂ ਵਿੱਚ ਬੈਠੀ ਧੀ ਦਾ ਫ਼ੋਨ ਆ ਜਾਂਦਾ ਹੈ ਪਤਾ ਨਹੀਂ ਉਸਨੂੰ ਮਾਂ ਵਾਂਗ ਬਿਨਾ ਦੱਸੇ ਦੁੱਖ ਦਾ ਕਿਵੇਂ ਪਤਾ ਲੱਗ ਜਾਂਦਾ ਹੈ ਲਗਦਾ ਰੱਬ ਨੇ ਧੀ ਨੂੰ ਮਾਂ ਤੋਂ ਬਚੀ ਮਿੱਟੀ ਨਾਲ਼ ਬਣਾਇਆ ਹੈ ਉਹ ਜਦ ਫ਼ੋਨ ਕਰਦੀ ਹੈ ਬਚਪਨ ਦੀਆਂ ਮਾਸੂਮ ਯਾਦਾਂ ਚੇਤੇ ਕਰਦੀ ਹੈ ਸਿਹਤ ਦਾ ਖ਼ਿਆਲ ਰੱਖਣ ਦੀ ਤਾਕੀਦ ਕਰਦੀ ਹੈ ਨਿੱਕੀ ਨਿੱਕੀ ਗੱਲ ਦਾ ਫ਼ਿਕਰ ਕਰਦੀ ਹੈ ਗੱਲ ਗੱਲ ਤੇ ਵਿਯੋਗ ਵਿੱਚ ਬੀਤਦੀ ਜਾ ਰਹੀ ਹਯਾਤੀ ਤੇ ਹਉਕਾ ਭਰਦੀ ਹੈ ਹਿਜ਼ਰ ਵਿੱਚ ਅੱਖਾਂ ਨਮ ਕਰਦੀ ਹੈ ਮੈਨੂੰ ਜਾਪਦਾ ਹੈ ਉਹ ਆਪਣੀਆਂ ਛਲਕਦੀਆਂ ਅੱਖਾਂ ਦੇ ਪਾਕਿ ਸ਼ਫਾਫ ਪਾਣੀ ਨਾਲ ਉਹ ਰਿਸ਼ਤਿਆਂ ਦੇ ਸੁੱਕਦੇ ਜਾ ਰਹੇ ਰੁੱਖਾਂ ਦੀ ਸੇਂਜੀ ਕਰਦੀ ਹੈ ਮੋਹਵੰਤੀ ਕਿਣਮਿਣ ਬਣ ਵਰ੍ਹਦੀ ਹੈ ਰਿਸ਼ਤਿਆਂ ਤੋਂ ਮੇਰੇ ਡੋਲ ਰਹੇ ਮਨ ਲਈ ਢਾਰਸ ਬਣ ਖੜ੍ਹਦੀ ਹੈ ਜਦੋਂ ਉਹ ਇੰਜ ਕਰਦੀ ਹੈ ਮੇਰੀ ਆਤਮਾ ਸ਼ਾਹਦੀ ਭਰਦੀ ਹੈ ਕਿ ਸਾਰੇ ਰਿਸ਼ਤਿਆਂ ਦੇ ਸਬਜੇ ਤੇ ਅਜੇ ਸੋਕਾ ਨਹੀਂ ਪਿਆ ਰਿਸ਼ਤਿਆਂ ਦੇ ਮਾਰੂ ਰੇਗਿਸਤਾਨ ਵਿੱਚ ਵੀ ਕੋਈ ਕੋਈ ਬੂਟਾ ਹਰਾ ਹੈ ਅਜੇ ਵੀ ਧੀਆਂ ਵਰਗਾ ਨਿਰੋਲ ਨਿਰਛਲ ਪਿਆਰ ਨੂੰ ਨਾਂ ਦੇਣ ਜੋਗਾ ਰਿਸ਼ਤਿਆਂ ਦੇ ਨਿੱਤ ਦਿਨ ਫੈਲਦੇ ਜਾ ਰਹੇ ਰੇਤੀਲੇ ਪਥਰੀਲੇ ਪਠਾਰਾਂ ਵਿੱਚ ਤਪਦੀਆਂ ਤਿੱਖੜ ਦੁਪਹਿਰਾਂ ਵਿੱਚ ਸਿਰ ਜੋਗੀ ਛਾਂ ਦੇਣ ਜੋਗਾ ਪਤਾ ਨਹੀਂ ਧਰਤੀ ਕਿਸੇ ਧੌਲ਼ ਦੇ ਸਿੰਗਾਂ ਤੇ ਟਿਕੀ ਹੋਈ ਹੈ ਕਿ ਨਹੀਂ ਪਰ ਬੇਗ਼ਰਜ਼ ਨਿਰਛਲ ਪਾਕਿ ਪਿਆਰ ਦੇ ਰਿਸ਼ਤਿਆਂ ਦੀ ਧਰਤੀ ਜ਼ਰੂਰ ਧੀਆਂ ਨੇ ਥੰਮ੍ਹੀ ਹੋਈ ਹੈ ।

ਹਰੀ ਰਾਮਕਾਰ

ਤਾਤੀ ਵਾਓ ਤੋਂ ਬਚਣ ਲਈ ਮਨੁੱਖਾਂ ਨੂੰ ਖ਼ੁਸ਼ਕ ਦੁੱਖਾਂ ਤੋਂ ਬਚਣ ਲਈ ਸਾਵੇ ਰੁੱਖਾਂ ਦੀ ਹਰੀ-ਰਾਮਕਾਰ ਬਣਾਉਣੀ ਪੈਣੀ ਹੈ ਪਿੰਡ ਪਿੰਡ ਹਰੀ-ਦੀਪਮਾਲਾ ਕਰਨੀ ਕਰਾਉਣੀ ਪੈਣੀ ਹੈ। ਸਿਰਫ਼ ਦੁੱਖ ਭੰਜਨੀ ਬੇਰੀ ਹੀ ਨਹੀ ਹਰ ਰੁੱਖ ਹੀ ਦੁੱਖ ਭੰਜਨ ਹੁੰਦਾ ਹੈ ਧਰਤ ਤੇ ਖ਼ੁਸ਼ਕ ਦੁੱਖਾਂ ਦਾ ਭਾਰ ਘਟਾਉਣ ਲਈ ਪਵਨ ਗੁਰੂ ਪਾਣੀ ਪਿਤਾ ਨੂੰ ਬਚਾਉਣ ਤੇ ਪਾਵਨ ਬਣਾਉਣ ਲਈ ਹੁਣ ਨੌਂ ਖੰਡ ਪ੍ਰਿਥਵੀ ਮਾਤਾ ਧਰਤ ਮਹੱਤ 'ਤੇ ਦੁੱਖ ਭੰਜਨੀਆਂ ਬੇਰੀਆਂ ਦੁੱਖ ਭੰਜਨ ਰੁੱਖ ਲਾਓਣ ਦੀ ਲੋੜ ਹੈ ਧਰਤ ਦੀ ਪਰਤ ਤੇ ਹਰੀ ਰਾਮਕਾਰ ਬਣਾਉਣ ਦੀ ਲੋੜ ਹੈ ਜੋ ਅਰਸ਼ ਦੀ ਓਜੋਨ-ਰਾਮਕਾਰ ਵੀ ਬਚਾਵੇਗੀ ਤੇ ਸਗਲ ਜੀਆ ਜੰਤ ਨੂੰ ਤਾਤੀ ਵਾਓ ਤੋਂ ਬਚਾਉਣ ਵਾਲੀ ਰਾਮਕਾਰ ਵੀ ਬਣ ਜਾਵੇਗੀ ਇਹ ਹਰੀ ਰਾਮਕਰ …।

ਮਾਂ ਨਾਲ਼ ਲੜਾਈ

ਜਦ ਮੈਂ ਬੇਹੱਦ ਤਣਾਓ 'ਚ ਹੋਵਾਂ ਮੈ ਮਾਂ ਨਾਲ਼ ਲੜ ਪੈਨਾ ਵਾਂ ਕਿਉਂਕਿ ਉਦੋਂ ਮੇਰਾ ਜ਼ੋਰ ਸਿਰਫ਼ ਮਾਂ 'ਤੇ ਹੀ ਚਲਦਾ ਹੈ ਮਾਂ ਨੂੰ ਕਈ ਗੱਲਾਂ ਗੁੱਸੇ ਵਿੱਚ ਬੋਲ ਜਾਨਾ ਕੌੜੀਆਂ ਕੁਸੈਲੀਆਂ ਖਰ੍ਹਵੀਆਂ ਬੋਲ ਕਬੋਲ ਵੀ ਬੋਲ ਜਾਨਾ ਪਰ ਮਾਂ ਸ਼ਾਂਤ ਰਹਿੰਦੀ ਹੈ ਕਿਉਂਕਿ ਮਾਂ ਜਾਣਦੀ ਹੈ ਇਹ ਗੱਲਾਂ ਬੋਲ ਕਬੋਲ ਸ਼ਬਦ ,ਵਾਕ ਖ਼ੁਦ ਉਸਦੇ ਹੀ ਮਾਂ-ਬੋਲੀ ਰਾਹੀਂ ਸਿਖਾਏ ਹੋਏ ਨੇ ਉਹ ਬਸ ਏਨਾ ਕਹਿੰਦੀ ਹੈ : ‘ਪਿਓ 'ਤੇ ਗਿਆ ਬਿਲਕੁਲ ਉਹ ਵੀ ਇੰਜ ਹੀ ਕਰਦਾ ਸੀ’ ਮਾਂ ਨੂੰ ਕੋਈ ਗੁੱਸਾ ਨਹੀਂ ਆਉਂਦਾ ਮੇਰਾ ਗੁੱਸਾ ਹੋਰ ਵਧ ਜਾਂਦਾ ਹੈ ਮੈਂ ਹੋਰ ਲੜਦਾ ਹਾਂ ਪਰ ਮਾਂ ਤਾਂ ਵੀ ਸ਼ਾਂਤ ਰਹਿੰਦੀ ਹੈ ਮੈ ਮਾਂ ਨਾਲ਼ ਲੜਨ ਦਾ ਕੋਈ ਹੋਰ ਹਥਿਆਰ ਲੱਭਣ ਲੱਗ ਪੈਂਦਾ ਹਾਂ ਤੇ ਕਾਮਯਾਬ ਹੋ ਜਾਂਦਾ ਹਾਂ ਮੈਂ ਅਗਲੇ ਡੰਗ ਰੋਟੀ ਛੱਡ ਦਿੰਦਾ ਹਾਂ।

ਤੂੰ ਮੈਨੂੰ ਕਦੇ ਨਾ ਮਿਲ਼ੀਂ

ਤੂੰ ਮੈਨੂੰ ਕਦੇ ਨਾ ਮਿਲ਼ੀਂ ਮਿੱਟੀ ਦਾ ਮਿੱਟੀ ਨੂੰ ਕੀ ਮਿਲ਼ਣਾ ਮਿੱਟੀ ਨੇ ਮਿੱਟੀ ਨੂੰ ਮਿਲ਼ਕੇ ਮਿੱਟੀ ਹੀ ਬਣਨਾ ਹੁੰਦੈ ਮੈਂ ਨਹੀਂ ਚਾਹੁੰਦਾ ਮੇਰਾ ਤੇਰੇ ਨਾਲ਼ ਰਿਸ਼ਤਾ ਮਿੱਟੀ ਬਣਕੇ ਮਿੱਟੀ ਵਿੱਚ ਮਿਲ਼ ਜਾਵੇ ਤੂੰ ਮੈਨੂੰ ਕਦੇ ਨਾ ਮਿਲ਼ੀਂ ਤੂੰ ਮੈਥੋਂ ਦੂਰ ਹੀ ਰਹੀਂ ਸਾਰੇ ਚੰਨ ਸਿਤਾਰੇ ,ਕਹਿਕਸ਼ਾਂ ਦੂਰੋਂ ਹੀ ਰੰਗੀਨ ਹੁਸੀਨ ਲਗਦੇ ਨੇ ਚੰਦ ਤੋਂ ਪਰਤੇ ਗਗਨ ਯਾਤਰੀਆਂ ਨੇ ਦੱਸਿਆ ਏ ਕਿ ਕਵੀਆਂ ਤੇ ਆਸ਼ਕਾਂ ਦਾ ਕਿਆਸਿਆ ਚੰਨ ਧਰਤੀ ਤੋਂ ਹੀ ਸੋਹਣਾ ਲਗਦਾ ਏ ਨੇੜਿਓਂ ਉਹ ਵੀ ਨਿਰੀ ਮਿੱਟੀ ਹੀ ਹੁੰਦਾ ਹੈ ਅਕਾਸ਼ ਗੰਗਾ ਵੀ ਧਰਤ ਤੋਂ ਹੀ ਝਿਲਮਿਲਾਉਂਦੀ ਦਿਸਦੀ ਹੈ ਮੈਂ ਦੂਰੀ ਤੋਂ ਤੇਰੇ ਸਭ ਰੰਗਾਂ ਨੂੰ ਵੇਖਣਾ ਮਾਣਨਾ ਚਾਹੁੰਦਾ ਵਾਂ ਜਿਵੇਂ ਬਾਰਿਸ਼ ਤੋਂ ਬਾਅਦ ਅਕਾਸ਼ ‘ਚ ਪਈ ਸਤਰੰਗੀ ਪੀਂਘ ਵੇਖਕੇ ਬੱਚਿਆਂ ਦੀ ਰੂਹ ਹੁਲਾਰੇ ਲੈਣ ਲੱਗਦੀ ਹੈ ਜਿਵੇਂ ਧਰਤੀ ਤੇ ਗਗਨ ਮਗਨ ਨੇ ਇੱਕ ਦੂਜੇ ਨੂੰ ਵੇਖਣ ਵਿੱਚ ਅਜ਼ਲਾਂ ਤੋਂ ਜਿਵੇਂ ਚਕੋਰ ਟਿਕਟਿਕੀ ਲਾਈ ਵੇਖਦਾ ਹੈ ਚੰਨ ਨੂੰ ਜਿਵੇਂ ਚੰਨ - ਪੁੰਨਿਆ ਚੁੰਮਿਆ ਹੈ ਸਦਾ ਸਮੁੰਦਰਾਂ ਨੂੰ ਪਰ ਇਹ ਸਭ ਕਿਹੜਾ ਮਿਲ਼ਦੇ ਨੇ ਕਦੇ ਮੈਂ ਵੀ ਤੇਰਾ ਸਾਥ ਚਾਹੂੰਨਾ ਦੂਰ ਤੋਂ ਹੀ ਜਿਵੇਂ ਸੂਰਜ ਧਰਤੀ ਚੰਨ ਤੇ ਤਾਰੇ ਗਰੂਤਾ ਦੇ ਬੰਧਨ ਵਿੱਚ ਬੇਸ਼ੱਕ ਘੁੰਮਦੇ ਇਸੇ ਖਿੱਚ ਸਹਾਰੇ ਐਪਰ ਕਦੇ ਵੀ ਨਾ ਇਹ ਮਿਲ਼ਦੇ ਸਾਰੇ ਇੰਜ ਹੀ ਮੈਂ ਵੀ ਦੂਰ ਤੋਂ ਹੀ ਤੇਰੇ ਵਿੱਚੋਂ ਝਿਲਮਿਲ ਝਿਲਮਿਲ ਕਰਦੇ ਚੰਨ ਸਿਤਾਰੇ ਅਸੰਖ ਕਹਿਕਸ਼ਾਂ ,ਖਿੱਤੀਆਂ,ਗ੍ਰਹਿ ਨਕਸ਼ਤਰ ਸਾਰੇ ਵੇਖਣਾ ਨਿਹਾਰਨਾ ਮਾਣਨਾ ਚਾਹੁੰਦਾ ਹਾਂ ਮੈਂ ਤੇਰੇ ਵਿੱਚੋਂ ਕੁੱਲ ਕਾਇਨਾਤ ਅਖੰਡ ਬ੍ਰਹਿਮੰਡ ਦੇ ਦੀਦਾਰ ਕਰਨੇ ਚਾਹੁੰਨਾ ਕਿਸੇ ਗਿਆਨੀ ਜਾਂ ਵਿਗਿਆਨੀ ਵਾਂਗ ਤੇਰੀ ਪੈਮਾਇਸ਼ ਪਰਖਣਾਂ ਨਹੀ ਕਰਨੀ ਚਾਹੁੰਦਾ ਮਿਲ਼ਣਾ ਅਸਲ ‘ਚ ਮਿਲ਼ਣਾ ਨਹੀਂ ਵਿਛੜਨਾ ਹੁੰਦਾ ਹੈ ਮਿਲ਼ਣਾ ਇੱਕ ਭਰਮ ਹੀ ਹੁੰਦਾ ਹੈ ਦੂਰ ਦੇਮੇਲਾਂ ਤੇ ਮਿਲ਼ਦੇ ਧਰਤੀ ਤੇ ਅਕਾਸ਼ ਮਿਲ਼ਨ ਦਾ ਭਰਮ ਸਿਰਜਦੇ ਨੇ ਅਸਲ ਵਿੱਚ ਕਦੇ ਨਹੀਂ ਮਿਲ਼ਦੇ ਤੂੰ ਵੀ ਮੈਨੂੰ ਕਦੇ ਨਾ ਮਿਲ਼ੀਂ ਤੂੰ ਮੈਨੂੰ ਕਦੇ ਵੀ ਨਾ ਮਿਲ਼ੀਂ ਕਿਉਂਕੀ ਕਲਬੂਤਾਂ ਦਾ ਵਸਲ ਅਸਲ ਨਹੀਂ ਹੁੰਦਾ ਇਸ ਲਈ ਤੂੰ ਮੈਨੂੰ ਕਦੇ ਨਾ ਮਿਲ਼ੀਂ

ਸਾਂਝਾਂ ਦੇ ਸਾਂਝੇ ਤਰਾਨੇ ਹੀ ਗਾਈਏ

ਇਹ ਵਾਹਗਾ ਜੇ ਆਪਾਂ ਬਣਾ ਹੀ ਲਿਆ ਹੈ ਤੇ ਵੰਡਾਂ ਦਾ ਨਾਟਕ ਰਚਾ ਹੀ ਲਿਆ ਹੈ ਤੇ ਜੰਗਾਂ ਦਾ ਤਾਂਡਵ ਵੀ ਕਰਵਾ ਲਿਆ ਹੈ ਇਹ ਹੁਣ ਤੇ ਨਾ ਨਾਟਕ ਰੋਜ਼ ਰਚਾਈਏ ਇਹ ਜੰਗਾਂ ਦਾ ਤਾਂਡਵ ਨਾ ਰੋਜ਼ ਨਚਾਈਏ ਨਾ ਵਾਹਗੇ ਤੇ ਰੋਜ਼ ਹੀ ਨਫ਼ਰਤ ਵਿਖਾਈਏ ਦਿੱਲੀ ਲਾਹੌਰ ਫ਼ਿਲੌਰ ਪਿਸ਼ੌਰ ਨੂੰ ਰੋਜ਼ ਨਾ ਸ਼ਾਮੀਂ ਸੰਤਾਲ਼ੀ ਪੁਚਾਈਏ ਵੱਡਿਆਂ ਕਦੇ ਛੋਟੀ ਗੱਲ ਜੋ ਕੀਤੀ ਬੱਚਿਆਂ ਨੂੰ ਰੋਜ਼ ਨਾ ਯਾਦ ਕਰਾਈਏ ਆਪਣੇ ਹੀ ਉਜੜੇ ਹੋਏ ਘਰ ਦੇ ਥੇਹ ਦੀ ਨਾ ਆਪਣੇ ਹੀ ਸਿਰ ਕੁੱਕੜ-ਖੇਹ ਪਾਈਏ ਇਹ ਕਰਤੂਤ ਕਾਲ਼ੀ ਤਵਾਰੀਖ਼ ਵਾਲ਼ੀਂ ਛੁਪਾਈਏ ਤੇ ਨਾ ਕਿ ਵਿਖਾਲ਼ੇ ਇਹ ਪਾਈਏ ਤੂੰ ਆ ਖਾਂ ਤੇ ਆਪਾਂ ਫਿਰ ਇੱਕ ਹੋ ਜਾਈਏ ਵਾਹਗੇ ਮੁਹੱਬਤ ਦੇ ਬੂਟੇ ਉਗਾਈਏ ਇਹ ਆਤਿਸ਼ ਦੀ ਬਾਜ਼ੀ ਨੂੰ ਤਜ ਕੇ ਤੇ ਮਿਲ਼ ਕੇ ਬੱਚਿਆਂ ਦੇ ਨਾਲ਼ ਪਤੰਗਾਂ ਉਡਾਈਏ ਉਡਦੇ ਕਬੂਤਰ ਜੋ ਹੱਦਾਂ ਨੂੰ ਟੱਪ ਕੇ ਉਹ ਬਾਲਾਂ ਨੂੰ ਆਪਣੇ ਲਿਜਾ ਕੇ ਵਿਖਾਈਏ ਲੜਦੇ ਜੋ ਕੁੱਕੜ ਨੇ ਕਲਗ਼ੀਆਂ ਵਾਲੇ ਉੱਥੇ ਜੋ ਰੋਜ਼ ਹੀ ਬੰਦ ਕਰਾਈਏ ਵਤਨ ਪਿਆਰੇ ਹੁੰਦੇ ਨੇ ਸਭ ਨੂੰ ਹੀ ਕੌਮੀ ਤਰਾਨੇ ਵੀ ਹੁੱਬ ਹੁੱਬ ਗਾਈਏ ਚੰਦਾ ਤੇ ਤਾਰਾ ਤਿਰੰਗਾ ਪਿਆਰਾ ਇਹ ਦੋਵੇਂ ਹੀ ਪਿਆਰਾਂ ਦੇ ਨਾਲ਼ ਚੜ੍ਹਾਈਏ ਬਾਰੂਦਾਂ ਖਰੂਦਾਂ ਦੀ ਥਾਂ ਪਰ ਇਸ ਥਾਂ ਬੁੱਲ੍ਹੇ ਤੇ ਦੁੱਲੇ ਦੇ ਮੇਲੇ ਲਗਾਈਏ ਇਹ ਗੁਰੂਆਂ ਪੀਰਾਂ ਫ਼ਕੀਰਾਂ ਦੀ ਧਰਤੀ ਇਹ ਵੀਰਾਂ ਦੀ ਧਰਤੀ ਨਾ ਮੈਲ਼ੀ ਕਰਾਈਏ ਲਿਆਓ ਚਮੇਲੀ ਤੇ ਮਰੂਆ ਮੋਤੀਆ ਕੰਡਿਆਂ ਨੂੰ ਵੱਢ ਇਹ ਫੁੱਲ ਉਗਾਈਏ ਨਵੀਂ ਨਸਲ ਨੂੰ ਨਵੀਂ ਫ਼ਸਲ ਇਹ ਖ਼ੁਸ਼ਬੋਈਆਂ ਵਾਲ਼ੀਂ ਭੇਟਾ ਕਰਾਈਏ ਵੰਡਾਂ ਦੀ ਥਾਂ ਹੁਣ ਵਾਹਗੇ ਦੇ ਉੱਤੇ ਸਾਂਝਾਂ ਦੇ ਸਾਂਝੇ ਤਰਾਨੇ ਹੀ ਗਾਈਏ

ਕੁਝ ਰਿਸ਼ਤੇ

ਕੁਝ ਰਿਸ਼ਤੇ ਬੈਅ ਲਈਆਂ ਜਿਵੇਂ ਜ਼ਮੀਨਾਂ ਹੁੰਦੇ ਨੇ ਜੱਦੀ ਪੁਸ਼ਤੀ ਇੰਤਕਾਲ਼ ਤਕਸੀਮਾਂ ਹੁੰਦੇ ਨੇ ਕੁਝ ਰਿਸ਼ਤੇ ਜਿਉਂ ਉੱਗਦੇ ਫੁੱਲ ਨੇ ਵਿੱਚ ਪਹਾੜਾਂ ਦੇ ਜੰਗਲ ਬੂਟੀ ਵਰਗੇ ਜਾਂ ਫੁੱਲ ਵਾੜਾਂ ਅਤੇ ਉਜਾੜਾਂ ਦੇ ਕੁਝ ਰਿਸ਼ਤੇ ਜਿਉਂ ਪੱਥਰਾਂ ਉੱਤੇ ਲਿਖੀ ਇਬਾਰਤ ਹੁੰਦੀ ਹੈ ਕੁਝ ਰਿਸ਼ਤੇ ਜਿਉਂ ਵਣਜ ਤੇ ਜਾਂ ਫਿਰ ਨਿਰੀ ਤਜ਼ਾਰਤ ਹੁੰਦੀ ਹੈ ਖ਼ੂਨ ਦੇ ਨੇ ਕੁਝ ਰਿਸ਼ਤੇ ਖ਼ੂਨ ਜੋ ਪਾਣੀ ਬਣ ਜਾਂਦੇ ਖ਼ੂਨ ਕਰਨ ਤੱਕ ਆਉਂਦੇ ਉਲਝੀ ਤਾਣੀ ਬਣ ਜਾਂਦੇ ਕੁਝ ਰਿਸ਼ਤੇ ਜਿਉਂ ਬੱਝਾ-ਰੁੱਝਾ ਪਾਣੀ ਗਾਗਰ ਦਾ ਕੋਈ ਰਿਸ਼ਤਾ ਸਭ ਦਾ ਸੰਗਮ ਜੀਕਣ ਪਾਣੀ ਸਾਗਰ ਦਾ ਕੁਝ ਰਿਸ਼ਤੇ ਜੋ ਹਰ ਇੱਕ ਰਿਸ਼ਤੇ ਦਾ ਸਿਰਨਾਂਵਾਂ ਹੁੰਦੇ ਨੇ ਤਪਦੀ ਤਿੱਖੜ ਸਿਖਰ ਦੁਪਹਿਰੇ ਉਹੀ ਛਾਂਵਾਂ ਦਿੰਦੇ ਨੇ ਕੁਝ ਰਿਸ਼ਤੇ ਅਣਦਿਸਦੇ ਜੀਕਣ ਹਵਾ ਖ਼ਲਾਅ ਵਿੱਚ ਰਹਿੰਦੀ ਹੈ ਪਰ ਸਾਹਾਂ ਵਿੱਚ ਹਰ ਪਲ ਹਰ ਛਿਣ ਖ਼ੂਨ ‘ਚ ਹਰਦਮ ਵਹਿੰਦੀ ਹੈ ਕੁਝ ਰਿਸ਼ਤੇ ਨੇ ਵਾਂਗ ਫ਼ਰਿਸ਼ਤੇ ਬਣ ਕੇ ਕਿਧਰੋਂ ਆ ਜਾਂਦੇ ਸਦਾ ਸਦਾ ਲਈ ਸਾਥ ਨਿਭਾਵਣ ਬਣ ਜਾਣ ਬੇਸ਼ੱਕ ਰਾਹ ਜਾਂਦੇ।

ਜਦੋਂ ਖ਼ੁਦ ਖ਼ੁਦਾ ਹੈ ਇਸ਼ਕ ਕਰਦਾ

ਜਦੋਂ ਖ਼ੁਦ ਖ਼ੁਦਾ ਹੈ ਇਸ਼ਕ ਕਰਦਾ ਉਦੋਂ ਕਰਦਾ ਹੈ ਰਾਂਝੇ ਤੇ ਹੀਰ ਪੈਦਾ ਆਪਣੇ ਪਾਕ ਆਪੇ ਦੇ ਨਾਲ਼ ਆਪ ਮੇਲੇ ਪਾ ਕੇ ਰੂਹਾਂ ਤੇ ਕਰਕੇ ਸਰੀਰ ਪੈਦਾ ਕਰਨਾ ਹੋਵੇ ਅਸਲ ਜੇ ਵਸਲ ਪੱਕਾ ਕਰਦਾ ਔਲ਼ੀਏ ਵਲੀ ਫ਼ਕੀਰ ਪੈਦਾ ਇਸ਼ਕ ਬਾਝ ਹਯਾਤ ਇਹ ਬਾਂਝ ਬਣਜੇ ਇਸ਼ਕ ਨਾਲ਼ ਹੀ ਬੀਜ ਜਗ-ਸੀਰ ਪੈਦਾ ਕਰਦਾ ਆਪ ਹੀ ਇਸ਼ਕ ਪੰਖੇਰੂਆਂ ਥੀਂ ਕੋਇਲਾਂ , ਘੁੱਗੀਆਂ ,ਮੋਰ ,ਚਕੋਰ ਬਣਕੇ ਨਵੇਂ-ਦੁੱਧ ਜਦ ਕੁੱਲ ਕਾਇਨਾਤ ਹੁੰਦੀ ਫੁੱਲ ਖਿੜਦੇ ਨੇ ਨਵੇਂ ਨਕੋਰ ਬਣਕੇ ਝੜੀ ਚੁੰਮਣਾ ਦੀ ਲਾਵੇ ਚੌਮਾਸਿਆਂ ਵਿੱਚ ਕਰਨਾ ਧਰਤ ਨੂੰ ਜਦੋਂ ਪਿਆਰ ਹੋਵੇ ਸੇਜ ਵਸਲ ਦੀ ਚੇਤ ਵਿਛਾ ਦੇਵੇ ਪੱਤੇ ਪੱਤੇ ‘ਚ ਇਸ਼ਕ ਖ਼ੁਮਾਰ ਹੋਵੇ ਚੰਨ ਚੁੰਮਦਾ ਆਣ ਸਮੁੰਦਰਾਂ ਨੂੰ ਗੋਰੀ ਪੁੰਨਿਆਂ ਵਾਲ਼ੀ ਜਦੋਂ ਰਾਤ ਹੋਵੇ ਆਣ ਸੂਰਜਾ ਧਰਤ ਦਾ ਘੁੰਡ ਚੁੱਕੇ ਪਹੁ ਫੁੱਟ ਕੇ ਜਦੋਂ ਪ੍ਰਭਾਤ ਹੋਵੇ ਕਹਿਕਸ਼ਾਂ ,ਸੂਰਜ ਤੇ ਚੰਨ ਤਾਰੇ ਘੁੰਮਦੇ ਇੱਕ ਦੂਏ ਦੇ ਮਗਰ ਸਾਰੇ ਖਿੱਚ ਇਸ਼ਕ਼ ਦੀ ਦੇ ਸਿਰ ਟਿਕੇ ਹੋਏ ਸਗਲ ਖੰਡ ਤੇ ਬ੍ਰਹਿਮੰਡ ਦੇ ਪਸਾਰੇ ਇਸ਼ਕ ਰੂਪ ਹੈ ਰੱਬ ਦਾ ਨਾਂ ਦੂਜਾ ਕਾਇਨਾਤ ਹੈ ਚੱਲਦੀ ਜਿਸ ਸਹਾਰੇ

ਸੰਵੇਦਨਾ

ਮੈਂ ਔਰਤਾਂ ਬਾਰੇ ਨਜ਼ਮ ਲਿਖਦਾ ਹਾਂ ਤਾਂ ਪੜ੍ਹਨ ਵਾਲ਼ੇ ਸੋਚਦੇ ਨੇ ਕਿ ਮੈਂ ਔਰਤ ਹਾਂ ਮੈਂ ਨਸਲ ਜਾਤ ਰੰਗ-ਭੇਦ ਬਾਰੇ ਕਵਿਤਾ ਲਿਖਦਾ ਹਾਂ ਤਾਂ ਉਹ ਸੋਚਦੇ ਨੇ ਮੈਂ ਸਿਆਹ ਰੰਗਾ ,ਦ੍ਰਾਵਿੜ ਦਲਿਤ ਹਾਂ ਮੈਂ ਧਰਮ ਦੇ ਬੁਰਕੇ ਹੇਠ ਛੁਪੇ ਅਧਰਮ ਕੁਕਰਮ ਬਾਰੇ ਲਿਖਦਾ ਹਾਂ ਤਾਂ ਮੈਨੂੰ ਨਾਸਤਿਕ ਸਮਝਿਆ ਜਾਂਦਾ ਹੈ ਜੇ ਮੈਂ ਗ਼ੁਰਬਤ ਮਾਰੇ ਲੋਕਾਂ ਦੀ ਪੀੜਾ ਬਿਆਨਦਾ ਹਾਂ ਤਾਂ ਮੈਨੂ ਨੰਗ-ਮਲੰਗ ਮੰਨਿਆ ਜਾਂਦਾ ਹੈ. ਤੇ ਜੇ ਮੈਂ ਰਾਜਿਆਂ ਰਜਵਾੜਿਆਂ ਮੁਕੱਦਮਾਂ ਦੀ ਧੱਕੇਸ਼ਾਹੀ ਵਿਰੁੱਧ ਲਿਖਦਾ ਹਾਂ ਤਾਂ ਉਹ ਮੈਨੂ ਬਾਗੀ ਸਮਝਦੇ ਨੇ ਸ਼ਾਇਦ ਉਹ ਠੀਕ ਹੀ ਸਮਝਦੇ ਨੇ ਸੰਵੇਦਨਾ ਦਾ ਕੋਈ ਲਿੰਗ ਰੰਗ ਨਸਲ ਜਾਤ ਜ਼ਮਾਤ ਮਜ਼੍ਹਬ ਨਹੀ ਹੁੰਦਾ।

ਅਮੁੱਕ ਸਿਲਸਿਲਾ

ਟੱਬਰ ਵਿੱਚ ਪਹਿਲ ਪਲੇਠੀ ਕੁੜੀ ਜੰਮੀ ਨਾਂ ਰੱਖਿਆ ਵੀਰੋ ਆਪਣੇ ਮਗਰੋਂ ਵੀਰ ਨੂੰ ਲਿਆਉਣ ਵਾਲ਼ੀ ਦੂਜੀ ਕੁੜੀ ਜੰਮੀ ਨਾਂ ਰੱਖਿਆ ਰੱਜੀ ਕੁੜੀਆਂ ਤੋਂ ਰੱਜ ਚੁੱਕੇ ਟੱਬਰ ਦੀ ਪੁੱਤਰ - ਭੁੱਖ ਦਰਸਾਓਣ ਵਾਲ਼ੀ. ਕੁੜੀਆਂ ਤੋਂ ਅੱਕ ਚੁੱਕੇ ਟੱਬਰ ਵਿੱਚ ਜਦ ਫਿਰ ਤੀਜੀ ਵੀ ਕੁੜੀ ਹੀ ਜੰਮੀ ਨਾਂ ਰੱਖਿਆ ਅੱਕੀ ਚੌਥੀ ਫਿਰ ਕੁੜੀ ਜੰਮੀ ਤਾਂ ਨਾਂ ਰੱਖਿਆ ਕੌੜੀ ਜਿਸਤੋਂ ਬਾਅਦ ਪੁੱਤ ਮਿੱਠੜੇ ਮੇਵੇ ਦੀ ਦਾਤ ਸੁਗਾਤ ਦੀ ਰੱਖੀ ਆਸ ਤੇ ਪੰਜਵੀਂ ਕੁੜੀ ਵੇਰ ਨਾਂ ਰੱਖਿਆ ਬਖ਼ਸ਼ੋ ਇਹ ਸਿਲਸਿਲਾ ਇੰਜ ਹੀ ਅੱਗੇ ਵੀ ਚਲਦਾ ਰਿਹਾ ਅਣਚਾਹੀਆਂ ਕੁੜੀਆਂ ਦੇ ਨਾਲ਼ ਨਾਲ਼ ਵਿਤਕਰੇ ਵਾਲ਼ੀ ਤਾਰੀਖ਼ ,ਤਵਾਰੀਖ਼,ਵਿਚਾਰਧਾਰਾ,ਲੋਕਧਾਰਾ ਵੀ ਪੈਦਾ ਹੁੰਦੀ ਗਈ

ਸੀਸਗੰਜ-ਮਨੁੱਖੀ ਹੱਕਾਂ ਦਾ ਆਲਮੀ ਐਲਾਨਨਾਮਾ

ਗ਼ੁਰੂ ਤੇਗ਼ ਬਹਾਦਰ ਸਿਰਫ ਹਿੰਦ ਦੀ ਹੀ ਨਹੀਂ ਕੁੱਲ ਆਲਮ ਦੀ ਚਾਦਰ ਸੀ ਲਿਬਰਟੀ ਦੇ ਬੁੱਤ ਤੋਂ ਕਦੀਮੀਂ ਤੇ ਕਿਤੇ ਬੁਲੰਦ ਮਾਨਵੀ ਹੱਕਾਂ ਦੀ ਮਾਨਵੀ-ਮਸ਼ਾਲ ਦੀ ਮਿਸਾਲ ਜੋ ਲਟ ਲਟ ਜਗ ਰਹੀ ਹੈ ਚਾਂਦਨੀ ਚੌਕ ਵਿੱਚ ਰੁਸ਼ਨਾਉਂਦੀ ਰਹੇਗੀ ਵਿਖਾਉਂਦੀ ਰਹੇਗੀ ਰਾਹ ਰਹਿੰਦੀ ਦੁਨੀਆ ਤੱਕ ਮਹਿਫ਼ੂਜ਼ ਰੱਖਣ ਲਈ ਮਜ਼ਲੂਮ ਲੋਕਾਈ ਦੇ ਮਾਨਵੀ ਹੱਕ। ਸੀਸਗੰਜ ਦਾ ਝੂਲਦਾ ਨਿਸ਼ਾਨ ਸਾਹਿਬ ਮਨੁੱਖੀ ਹੱਕਾਂ ਦੀ ਰਾਖੀ ਦਾ ਅਹਿਦ ਤਸਦੀਕ ਕਰਨ ਵਾਲਾ ਪਹਿਲਾ ਆਲਮੀ ਐਲਾਨਨਾਮਾ ਹੈ ਅਲੋਕਾਰੀ ਐਲਾਨਨਾਮਾ ਜੋ ਲਿਖਿਆ ਗਿਆ ਕਲਮ ਹੋਏ ਸਿਰ ਦੀ ਕਲਮ ਨਾਲ਼ । ਗ਼ੁਰੂ ਤੇਗ਼ ਬਹਾਦਰ ਸਿਰਫ਼ ਤਿਲਕ ਜੰਜੂ ਦਾ ਹੀ ਰਾਖਾ ਤੇ ਹਿੰਦ ਦੀ ਹੀ ਨਹੀਂ ਕੁੱਲ ਆਲਮ ਦੀ ਮਾਨਵਤਾ ਚਾਦਰ ਸੀ ।

ਮੈ ਆਸਿਫ਼ਾ ਲਈ ਕਾਗਜ਼ੀ ਕਵਿਤਾ ਨਹੀਂ ਲਿਖਾਂਗਾ

ਮੈਂ ਬਥੇਰੇ ਕਾਗਜ਼ ਜ਼ਾਇਆ ਕਰ ਲਏ ਨੇ ਗੀਤਾ ਚੋਪੜਾ ,ਗਿਰਿਜਾ ਟਿੱਕੂ ,ਨਿਰਭੈਆ,ਜ਼ੈਨਬ ਅਤੇ ਉਸ ਵਰਗੀਆਂ ਕਈ ਹੋਰਾਂ ਦੀ ਪੱਤ ਲੁੱਟਣ ਵਾਲ਼ਿਆਂ ਖਿਲਾਫ਼ ਨਜਮਾਂ ਲਿਖਣ ਲਈ ਕੁਝ ਕਾਗਜ਼ ਅਜੇ ਬਚੇ ਪਏ ਨੇ ਜਿਹਨਾਂ ਤੇ ਆਉਣ ਵਾਲ਼ੇ ਸਮੇ ਵਿੱਚ ਰੇਪ ਹੋਣ ਵਾਲ਼ੀਆਂ ਔਰਤਾਂ 'ਤੇ ਨਜਮਾ ਲਿਖੀਆਂ ਜਾ ਸਕਦੀਆਂ ਨੇ ਇਹਨਾਂ 'ਚੋਂ ਕੁਝ ਵਰਤੇ ਜਾ ਸਕਦੇ ਹਨ ਦਲਿਤਾਂ ਦੇ ਖਿਲਾਫ਼ ਹੋ ਰਹੇ ਅਤਿਆਚਾਰਾਂ ਬਾਰੇ ਅਤੇ ਜਨੂੰਨੀਆਂ ਜਹਾਦੀਆਂ ਵੱਲੋਂ ਮਾਰੇ ਜਾਂਦੇ ਮਜ਼ਲੂਮਾਂ ਬਾਰੇ ਨਜ਼ਮਾਂ ਲਿਖਣ ਲਈ ਵੀ ਉਹ ਲਿਖਾਰੀ ਵਾਕਿਆ ਹੀ ਧੰਨ ਸਨ ਜਿਨ੍ਹਾਂ ਨੂੰ ਸਿਰਫ਼ ਕਲਮ ਨਾਲ ਹੀ ਨਹੀਂ ਤੀਰ , ਸ਼ਮਸ਼ੀਰ ਨਾਲ਼ ਵੀ ਕਵਿਤਾ ਲਿਖਣੀ ਆਉਂਦੀ ਸੀ ਜੋ ਸਿਆਹੀ ਦੀ ਥਾਂ ਜ਼ਾਲਮ ਦੀ ਰੱਤ ਨਾਲ਼ ਵੀ ਕਵਿਤਾ ਲਿਖਣਾ ਜਾਣਦੇ ਸਨ ਕਦੇ ਕਦੇ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਕਵਿਤਾ ਕਾਗਜ਼ 'ਤੇ ਨਹੀਂ ਪਾਪ ਦੀ ਜੰਝ ਦੀ ਹਿੱਕ 'ਤੇ ਵੀ ਲਿਖਣੀ ਪੈਂਦੀ ਹੈ ਮੈ ਅੱਜ ਆਸਿਫ਼ਾ ਲਈ ਕਾਗਜ਼ 'ਤੇ ਕਵਿਤਾ ਨਹੀ ਲਿਖਾਂਗਾ ਆਸਿਫ਼ਾ ਲਈ ਸਿਰਫ ਕਵਿਤਾ ਲਿਖਣਾ ਆਸਿਫ਼ਾ ਲਈ ਸਿਰਫ ਕਾਗਜ਼ 'ਤੇ ਕਵਿਤਾ ਲਿਖਣਾ ਆਸਿਫ਼ਾ ਦੀ ਰੂਹ ਦੀ ਤੌਹੀਨ ਹੈ ਲਫਜ਼ਾ ਦੀ ਬੇਅਦਬੀ ਹੈ ਅੱਜ ਮੈਂ ਕਵਿਤਾ ਲਿਖਾਂਗਾ ਨਹੀਂ ਬਲਕਿ ਉਸ ਸ਼ਾਇਰ ਦੀ ਕਵਿਤਾ ਪੜ੍ਹਾਂਗਾ ਜਿਸਨੇ ਫਰਮਾਇਆ ਸੀ ਜ਼ਬਰ ਦੀ ਇੰਤਹਾ ਤੋਂ ਬਾਅਦ ਕਵਿਤਾ ਸ਼ਮਸ਼ੀਰ ਨਾਲ਼ ਲਿਖਣੀ ਚਾਹੀਦੀ ਹੈ ਅੱਜ ਮੈਂ ਕਵਿਤਾ ਲਿਖਾਂਗਾ ਨਹੀਂ ਬਲਕਿ ਧੀਆਂ ਦੇ ਰਾਖੇ ਪੰਜ ਦਰਿਆਵਾਂ ਦੇ ਅਣਖੀ ਪੁੱਤਰ ਦੁੱਲੇ ਭੱਟੀ ਦੀ ਦੁਨਾਲ਼ੀਂ ਨਾਲ਼ ਲਿਖੀ ਕਵਿਤਾ ਗਹੁ ਨਾਲ਼ ਪੜ੍ਹਾਂਗਾ ਤੇ ਜੇ ਅਜਿਹੀ ਕਵਿਤਾ ਲਿਖਣ ਜੋਗਾ ਹੋਇਆ ਤਾਂ ਹੀ ਲਿਖਾਂਗਾ ਵਰਨਾ ਕਾਗਜ਼ੀ ਕਵਿਤਾ ਨਹੀਂ ਲਿਖਾਂਗਾ ਹੁਣ ਜਦ ਵੀ ਮੈਂ ਕਵਿਤਾ ਲਿਖੀ ਭਗਤ ਸਿੰਘ ਦੀ ਬੋਲ਼ਿਆਂ ਦੀ ਅਸੈਂਬਲੀ ਵਿੱਚ ਬੰਬ ਤੇ ਊਧਮ ਸਿੰਘ ਵੱਲੋਂ ਕੈਕਟਸਨ ਹਾਲ ਵਿੱਚ ਪਸਤੌਲ ਨਾਲ਼ ਲਿਖੀ ਕਵਿਤਾ ਵਰਗੀ ਕਵਿਤਾ ਹੀ ਲਿਖਾਂਗਾ ਜੋ ਆਸਿਫ਼ਾ ਨਾਲ ਹੋਇਆ ਉਸ ਬਾਰੇ ਸਿਰਫ਼ ਕਾਗਜ਼ ਤੇ ਕਵਿਤਾ ਲਿਖਣਾ ਆਸਿਫ਼ਾ ਦੀ ਰੂਹ ਦੀ ਤੌਹੀਨ ਹੈ ਮੈ ਅੱਜ ਆਸਿਫ਼ਾ ਲਈ ਕਾਗਜ਼‘ਤੇ ਕਵਿਤਾ ਨਹੀ ਲਿਖਾਂਗਾ

ਪਿਆਰ ਦੀ ਜਿੱਤ ਹਥਿਆਰ ਦੀ ਹਾਰ

ਸਰਹੱਦ ਤੇ ਤਾਇਨਾਤ ਇੱਕ ਫ਼ੌਜੀ ਦੀ ਦੁਸ਼ਮਣ ਮੁਲਕਾਂ ਦੇ ਲੋਕਾਂ ਦਰਮਿਆਨ ਟੈਲੀਫੋਨ ਤੇ ਹੁੰਦੀ ਵਾਰਤਾਲਾਪ ਖੁਫ਼ੀਆ ਤੌਰ ਤੇ ਸੁਣਨ ਦੀ ਡਿਊਟੀ ਲੱਗੀ ਸੀ ਤਾਂ ਜੇ ਕੋਈ ਦੇਸ਼ ਵਿਰੋਧੀ ਸਾਜ਼ਿਸ਼ ਹੋਵੇ ਤਾਂ ਉਸਦਾ ਸਮੇਂ ਸਿਰ ਪਰਦਾਫਾਸ਼ ਕੀਤਾ ਜਾ ਸਕੇ ਇੱਕ ਦਿਨ ਉਹ ਦੋ ਸ਼ਾਇਰਾਂ ਦੀ ਗ਼ੁਫਤਗੂ ਉਹਨਾਂ ਦੀਆਂ ਨਜ਼ਮਾਂ ਸੁਣਦਾ ਹੈ ਜਿਸ ਵਿੱਚ ਦੋਵੇਂ ਮੁਲਕਾਂ ਦੇ ਅਵਾਮ ਲਈ ਇੰਤਹਾ ਮੁਹੱਬਤ ਤੇ ਆਲਮੀ ਅਮਨ ਦਾ ਪੈਗ਼ਾਮ ਹੁੰਦਾ ਹੈ ਇਨਸਾਨੀਅਤ ਦੇ ਮਜ਼੍ਹਬ ਦੀ ਗੀਤ ਹੁੰਦੇ ਨੇ ਸਾਂਝੀਵਾਲਤਾ ਦੇ ਫ਼ਲਸਫ਼ੇ ਦਾ ਸੰਦੇਸ਼ਾ ਹੁੰਦਾ ਹੈ ਸਰਬੱਤ ਦੇ ਭਲੇ ਲਈ ਅਰਦਾਸਾਂ ਹੁੰਦੀਆਂ ਹਨ ਤੇ ਉਨ੍ਹਾ ਦੇ ਸ਼ਬਦਾਂ ਦੀਆਂ ਠਾਠਾਂ ਮਾਰਦੀਆਂ ਪ੍ਰੀਤ-ਗਾਥਾਵਾਂ ਦੀਆਂ ਨਦੀਆਂ ਵਿੱਚ ਕਈ ਸੋਹਣੀਆਂ ਤੈਰਦੀਆਂ ਹਨ ਇਹ ਸਭ ਕੁਝ ਸੁਣ ਫ਼ੌਜੀ,ਦੁਸ਼ਮਣੀ ਨਫ਼ਰਤ ‘ਚੋਂ ਨਿਕਲ਼ ਮੁਹੱਬਤ ਦੇ ਆਲਮ ਵਿੱਚ ਗੜੁੱਚ ਹੋ ਜਾਂਦਾ ਹੈ ਉਸ ਦੇ ਹੱਥ ਵਿੱਚ ਫੜ੍ਹਿਆ ਫ਼ੌਲਾਦੀ ਹਥਿਆਰ ਪਿਘਲ ਕੇ ਉਸ ਦੀਆਂ ਅੱਖਾਂ ਥਾਣੀਂ ਵਹਿ ਜਾਂਦਾ ਹੈ ਤੇ ਉਸਦੇ ਦਿਲ ਦੀ ਨੋ ਮੈਨ ਲੈਂਡ ਤੇ ਬੇਸ਼ੁਮਾਰ ਰੰਗ ਬਿਰੰਗੇ ਫ਼ੁੱਲ ਖਿੜ ਪੈਂਦੇ ਨੇ।

ਅਜਬ ਛਲੇਡਾ

ਕਹਿੰਦੇ ਨੇ ਜੇ ਸੱਪ ਸੌ ਸਾਲ ਦੀ ਉਮਰ ਟੱਪ ਜਾਵੇ ਉਹ ਛਲੇਡਾ ਬਣ ਜਾਂਦਾ ਹੈ ਭੂਤ ਪ੍ਰੇਤ ਬਣ ਕਿਸੇ ਵੀ ਜਾਨਵਰ ਜਾਂ ਬੰਦੇ ਦਾ ਕੋਈ ਵੀ ਰੂਪ ਧਾਰ ਕੇ ਛਲ਼ ਸਕਦਾ ਹੈ। ਐਪਰ ਇਹ ਇੱਕ ਅਲੋਕਾਰੀ ਛਲੇਡਾ ਹੈ ਜੋ ਸਿਰਫ ਨਰ ਦੇ ਸਰੀਰ ਵਿੱਚ ਦਾਖ਼ਲ ਹੋ ਕਦੇ ਬਿੱਛੂ ਕਦੇ ਸੱਪ ਬਣ ਸਿਰਫ਼ ਮਾਦਾ ਨੂੰ ਡੰਗਦਾ ਹੈ ,ਡਰਾਉਂਦਾ ਹੈ ਕਦੇ ਕੁੱਤਾ ,ਭੇੜੀਆ ਚੀਤਾ ਬਣ ਔਰਤਾਨਾ ਬਦਨ ਨੋਚਦਾ ,ਖਾਂਦਾ ਹੈ ਘਰਾਂ ਦੇ ਅੰਦਰ ਚੂਹਾ ਬਣ ਔਰਤਾਂ ਦੇ ਕੱਪੜੇ ਕੁਤਰ ਜਾਂਦਾ ਹੈ ਤੇ ਘਰਾਂ ਦੇ ਬਾਹਰ ਕਾਂ ਬਣਕੇ ਠੂੰਗਾਂ ਝਪਟਾਂ ਮਾਰ ਜਾਂਦਾ ਹੈ ਕਦੇ ਕਦੇ ਖੂੰਖਾਰ ਗਿਰਝ ਬਣ ਬਾਲੜੀ,ਮੁਟਿਆਰ , ਬਿਰਧ ਕਿਸੇ ਵੀ ਉਮਰ ਦੀ ਮਾਦਾ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ -- ਸਾਰੀ ਬਸਤੀ ਦੀਆਂ ਮਾਦਾਵਾਂ ਇਸਤੋਂ ਭੈ-ਭੀਤ ਨੇ ਕਦਮ ਕਦਮ ਤੇ ਇਹ ਹਵਸੀ ਛਲੇਡਾ ਉਹਨਾਂ ਦਾ ਪਿੱਛਾ ਕਰਦਾ ਹੈ ਹਰ ਨਾਰੀ ਦਾ ਦਿਲ ਇਸਤੋਂ ਹਰ ਪਲ ਡਰਦਾ ਹੈ । ਕੁਝ ਨਾਰੀਵਾਦੀ ਹੌਸਲਾ ਕਰਕੇ ਇਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਪਰ ਉਹ ਮਰਦ ਦੇ ਅੰਦਰਲੇ ਛਲੇਡੇ ਦੀ ਬਜਾਏ ਮਰਦ ਨੂੰ ਹੀ ਨਿਸ਼ਾਨਾ ਬਣਾ ਧਰਦੀਆਂ ਨੇ ਇੰਜ ਮਰਦ ਦੇਹ ਅੰਦਰ ਛੁਪਿਆ ਛਲੇਡਾ ਹੋਰ ਵੀ ਮਹਿਫ਼ੂਜ ਹੋ ਜਾਂਦਾ ਹੈ ਉਹ ਹੋਰ ਊਧਮ ਮਚਾਉਂਦਾ ਹੈ ਹਰ ਘਰ ,ਗਲ਼ੀ-ਮੁਹੱਲੇ, ਚੌਕ ਤੇ ਦਨਦਨਾਉਂਦਾ ਹੈ । ਸੱਪ ਤਾਂ ਸੌ ਸਾਲ ਬਾਅਦ ਪਤਾ ਨਹੀਂ ਛਲੇਡਾ ਬਣਦਾ ਹੋਵੇਗਾ ਕਿ ਨਹੀਂ ਮਰਦ ਦੇ ਅੰਦਰਲੇ ਛਲੇਡੇ ਦੀ ਉਮਰ ਤਾਂ ਹਜ਼ਾਰਾਂ ਸਾਲ ਹੈ ਇਹ ਛਲੇਡਾ ਮਹਾਂ- ਛਲੇਡਾ ਬਣਦਾ ਜਾ ਰਿਹਾ ਹੈ ... ਮਾਂ ਪੁੱਤਰ ਪੈਦਾ ਕਰਦੀ ਹੈ ਅਸੀਂ ਤੁਸੀਂ ਸਾਰੇ ਮਿਲ਼ਕੇ ਉਸਦੇ ਅੰਦਰ ਛਲੇਡਾ ਪੈਦਾ ਕਰਦੇ ਹਾਂ।

ਮਾਰ ਉਡਾਰੀ ਜਾਣਾ

ਕੁਝ ਘੜੀਆਂ ਤੇ ਕੁਝ ਪਲ ਜੀ ਕੇ ਪੰਛੀ ਵਾਂਗੂੰ ਰਹਿ ਤੇ ਥੀ ਕੇ ਮਾਰ ਉਡਾਰੀ ਜਾਣਾ ਫ਼ਾਨੀ ਦੁਨੀਆ ਤੋਂ ਕੁਝ ਨਾ ਨਾਲ਼ ਲਿਜਾਣਾ ਫ਼ਾਨੀ ਦੁਨੀਆ ਤੋਂ ਜੇ ਨਾ ਨਾਲ਼ ਲਿਜਾਣਾ ਫਿਰ ਕਿਓਂ ਬੋਝੇ ਭਰਦੇ ਜਾਣਾ ਜੀਂਦੇ ਮਰ ਮਰ ਲੁੱਟਾਂ ਕਰ ਕਰ ਕਿਓਂ ਅੰਬਾਰ ਲਗਾਣਾ ‘ਸਭਨਾ ਜੀਆਂ ਦਾ ਜੋ ਦਾਤਾ’ ਉਸਦਾ ਸ਼ੁਕਰ ਮਨਾਉਣਾ ਫ਼ਾਨੀ ਦੁਨੀਆ ਤੋਂ ਮਾਰ ਉਡਾਰੀ ਜਾਣਾ । ਜਾਤ ਧਰਮ ਦੇ ਤੋੜ ਕੇ ਸੰਗਲ਼ ਮੈਂ ਰਹਿਣਾ ਵਣ ਬੇਲੇ ਜੰਗਲ਼ ਜੰਗਲ਼ ਜੰਗਲ਼ ਘੁੰਮ ਘਮਾ ਕੇ ਜੋਗੀ ਵਾਲ਼ਾ ਫੇਰਾ ਪਾ ਕੇ ਅਲਖ ਜਗਾ ਕੇ ਗਜਾ ਕਮਾਕੇ ਜੰਗਲ਼ ਵਿੱਚ ਖ਼ਪ ਜਾਣਾ ਫ਼ਾਨੀ ਦੁਨੀਆ ਤੋਂ ਮਾਰ ਉਡਾਰੀ ਜਾਣਾ । ਨਾ ਖਿੱਤਾ ਨਾ ਸੂਬਾ ਮੇਰਾ ਨਾ ਕੋਈ ਮੇਰਾ ਦੇਸ ਨਾ ਪਹਿਰਾਵਾ ਕੋਈ ਉਚੇਚਾ ਕੁਦਰਤ ਵਾਲਾ ਵੇਸ ਜਿੰਨਾ ਲਿਖਿਆ ਜਿੰਨਾ ਮਿਥਿਆ ਪੂਰਾ ਕਰ ਤੁਰ ਜਾਣਾ ਫ਼ਾਨੀ ਦੁਨੀਆ ਤੋਂ ਮਾਰ ਉਡਾਰੀ ਜਾਣਾ ..... ਨਾ ਗੋਰਾ ਤੇ ਨਾ ਮੈ ਕਾਲ਼ਾ ਰੰਗ ਹੈ ਮੇਰਾ ਕਾਦਰ ਵਾਲ਼ਾ ਕੁੱਲ ਕਾਇਨਾਤ ਹੈ ਕਾਦਰ ਚਾਦਰ ਰੰਗ ਬਰੰਗ ਦੁਸ਼ਾਲਾ ਕਾਦਰ ਚਾਦਰ ਇੱਕ ਬਰਾਬਰ ਨਾ ਕੋਈ ਦੋਇਮ ਨਾ ਕੋਈ ਆਹਲਾ ਖੇਡ ਇਹ ਕਾਦਰ ਜਿਚਰ ਬਖ਼ਸ਼ੀ ਖੇਡ ਕੇ ਮੈਂ ਤੁਰ ਜਾਣਾ ਫ਼ਾਨੀ ਦੁਨੀਆ ਤੋਂ । ਜਿੱਥੇ ਨਰ ਤੇ ਨਾਰੀ ਦੋਵੇਂ ਬਰਾ ਬਰਾਬਰ ਬਹਿੰਦੇ ਨੇ ਐਸਾ ਥਾਨ ਸੁਹਾਵਾ ਜਿੱਥੇ ਜੰਨਤ ਵਾਸੀ ਰਹਿੰਦੇ ਨੇ ਐਸੇ ਵਾਸੇ ਦਾ ਭਰਵਾਸਾ ਮਨ ਵਿੱਚ ਹੈ ਰਹਿ ਜਾਣਾ ਫ਼ਾਨੀ ਦੁਨੀਆ ਤੋਂ

ਜ਼ਿੰਦਾ ਮੁਮਤਾਜਾਂ ਦੇ ਮਕਬਰੇ

ਉਹ ਹਰ ਰੋਜ਼ ਰਾਤ ਨੂੰ ਆਪ ਹੀ ਆਪਣੀ ਕਬਰ ਬਣਾਉਂਦੀ ਹੈ ਤੇ ਉਸ ਵਿੱਚ ਚੁੱਪ-ਚਾਪ ਸੌਂ ਜਾਂਦੀ ਹੈ। ਸਵੇਰੇ ਆਪ ਹੀ ਉਸ 'ਤੇ ਕੁਝ ਫ਼ੁੱਲ ਚੜ੍ਹਾਉਂਦੀ ਹੈ ਤੇ ਉਦਾਸ ਹੋ ਜਾਂਦੀ ਹੈ। ਹਰ ਮੁਮਤਾਜ਼ ਦਾ ਮਰਨ ਬਾਦ ਹੀ ਮਕਬਰਾ ਨਹੀਂ ਬਣਦਾ ਕੁਝ ਜ਼ਿੰਦਾ ਬੇਗ਼ਮਾਂ ਦੇ ਵੀ ਤਾਜ ਮਹਿਲ ਉਸਰਦੇ ਨੇ।

ਸਦੀਵੀ ਬਨਵਾਸ ਭੋਗਦਾ ਬੰਦਾ

ਬੰਦਾ ਚੰਨ ਤੋਂ ਵੀ ਹੋ ਕੇ ਵਾਪਸ ਆ ਜਾਂਦਾ ਹੈ ਜੰਗਲਾਂ ਪਰਬਤਾਂ ਸਮੁੰਦਰਾਂ ਨੂੰ ਵੀ ਗਾਹ ਕੇ ਪਰਤ ਆਉਂਦਾ ਹੈ ਇੱਕ ਨਾ ਇੱਕ ਦਿਨ ਆਪਣੇ ਘਰ ਪਰਿਵਾਰ ਵਿੱਚ ਆਪਣਿਆਂ ਕੋਲ਼ ਪਰ ਇਹ ਸਭ ਕੁਝ ਬੰਦਾ ਤਾਂ ਹੀ ਕਰ ਸਕਦਾ ਹੈ ਜੇ ਉਹ ਆਪਣੇ ਆਪ ਨਾਲ਼ ਆਪਣੇ ਆਪ ਕੋਲ਼ ਹੋਵੇ ਆਪਣੇ ਆਪ ਤੋਂ ਦੂਰ ਹੋਇਆ ਬੰਦਾ ਆਪਣੇ ਆਪ ਤੋਂ ਗਵਾਚਿਆ ਵਿਛੁੰਨਿਆ ਬੰਦਾ ਤਾਂ ਆਪਣੇ ਘਰ ਪਰਿਵਾਰ ਵਿੱਚ ਹੁੰਦਾ ਹੋਇਆ ਵੀ ਘਰ ਪਰਿਵਾਰ ਵਿੱਚ ਨਹੀਂ ਹੁੰਦਾ ਆਪਣੇ ਆਪ ਕੋਲ਼ ਵੀ ਨਹੀਂ ਹੁੰਦਾ .. ਉਹ ਆਪਣੇ ਅੰਦਰਲੇ ਵਿਚਾਰ - ਚੱਕਰ ਦੇ ਚੱਕਰਵਿਊ ਵਿੱਚ ਉਲ਼ਝਿਆ ਫਸਿਆ ਕਿਸੇ ਹੋਰ ਹੀ ਓਪਰੀ ਦੁਨੀਆ ਦਾ ਵਾਸੀ ਬਣਿਆ ਰਹਿੰਦਾ ਹੈ ਲਾਚਾਰੀ ਨਾਲ ਖ਼ਿਝਦਾ ਖੌਝਲ਼ਦਾ ਇਸ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹੋਇਆ ਵੀ ਨਹੀਂ ਨਿੱਕਲ਼ ਸਕਦਾ ਜਿਵੇਂ ਖੂਹ ਵਿੱਚ ਡਿੱਗਿਆ ਬੰਦਾ ਨਹੀਂ ਨਿੱਕਲ਼ ਸਕਦਾ ਆਪਣੇ ਆਪ ਬਾਹਰ ਖੂਹ ਵਿੱਚੋਂ । ਅਜਿਹਾ ਬੰਦਾ ਆਪਣੇ ਅੰਦਰ ਆਪ ਮੁਹਾਰੇ ਉੱਗਦੇ ਬੀਆਬਾਨ ਸੁੰਨਸਾਨ ਜੰਗਲਾਂ ਵਿੱਚ ਭਟਕਦਾ ਹੋਇਆ ਅਣਜਾਣ ਰਾਹਾਂ 'ਤੇ ਤੁਰਦਾ ਤੁਰਦਾ ਕਿਸੇ ਸਦੀਵੀ ਬਨਵਾਸ 'ਤੇ ਤੁਰ ਜਾਂਦਾ ਹੈ ਕਦੇ ਵੀ ਨਾ ਪਰਤਣ ਲਈ

ਰਿਸ਼ਤੇ

ਰਿਸ਼ਤੇ ਸੰਗਮਰਮਰੀ ਦੀਵਾਰਾਂ ਵਰਗੇ ਨਹੀਂ ਬਲਕਿ ਕੱਚੇ ਕੋਠਿਆਂ ਦੀਆਂ ਕੰਧਾਂ ਵਰਗੇ ਹੁੰਦੇ ਨੇ ਜਿਨ੍ਹਾਂ ਨੂੰ ਵਾਰ ਵਾਰ ਲਿੰਬਣਾ ਪੋਚਣਾ ਪੈਂਦਾ ਏ ਧੁੱਪ ਨਾਲ਼ ਆਈਆਂ ਤ੍ਰੇੜਾਂ ਨੂੰ ਭਰਨਾ ਪੈਂਦਾ ਏ ਸੱਚਮੁਚ ਕੱਚੀਆਂ ਕੰਧਾਂ ਵਰਗੇ ਹੁੰਦੇ ਨੇ ਰਿਸ਼ਤੇ ਜ਼ਿਨ੍ਹਾ ਨੂੰ ਜੇ ਹਾਲਾਤਾਂ ਦੀਆਂ ਬਰਸਾਤਾਂ ਤੋਂ ਪਹਿਲਾਂ ਪੱਕਾ ਨਾ ਕੀਤਾ ਜਾਵੇ ਤਾਂ ਉਹ ਚੁਮਾਸੇ ਵਿੱਚ ਪਤਾਸੇ ਵਾਂਗ ਭੁਰ ਖ਼ੁਰ ਜਾਂਦੇ ਨੇ ਖਲੇਪੜ ਪਲੇਪੜ ਹੋ ਡਿੱਗ ਜਾਂਦੇ ਨੇ …। ਰਿਸ਼ਤੇ ਕੱਚੇ ਘਰਾਂ ਦੀਆਂ ਕੰਧਾਂ ਵਰਗੇ ਹੁੰਦੇ ਨੇ।

ਮੰਡੀ ਦੀ ਵਿਕਰਾਲ ਸਰਾਲ਼

ਜੋ ਦਿਸਦਾ ਸਿਰਫ਼ ਉਹੀ ਸੱਚ ਨਹੀਂ ਹੁੰਦਾ ਕਈ ਵਾਰੀਂ ਅਣਦਿਸਦਾ ਵੀ ਸੱਚ ਹੁੰਦੈ ਸੱਚ ਸਿੱਧਾ ਅਤੇ ਸਪਾਟ ਵੀ ਨਹੀਂ ਹੁੰਦਾ ਇਹ ਬਹੁ-ਧਰਾਵੀ ਬਹੁ-ਅਕਾਰੀ ਵੀ ਹੋ ਸਕਦਾ ਹੈ ਸਰਮਾਇਆ ਬਹੁਤ ਗੁੰਝਲ਼ਦਾਰ ਮਾਇਆ ਹੈ ਇਸ ਦੀ ਹਰ ਚਾਲ ਛਲਾਵਾ ਤੇ ਛਲੇਡੀ ਕਾਇਆ ਹੈ ਤੇ ਇਸਦੀ ਪਾਲਤੂ ਮੰਡੀ ਇੱਕ ਐਸੀ ਵਿਕਰਾਲ ਸਰਾਲ਼ ਹੈ ਜਿਸਨੇ ਸਿਰਫ਼ ਸਾਡੀਆਂ ਦੇਹਾਂ ਨੂੰ ਹੀ ਨਹੀਂ ਸਾਡੀ ਸੋਚ ਨੂੰ ਵੀ ਨਾਗਵਲ਼ ਪਾਇਆ ਹੋਇਆ ਹੈ ਜੋ ਦਿਸਦਾ ਸਿਰਫ਼ ਉਹੀ ਸੱਚ ਨਹੀਂ ਹੁੰਦਾ। ਇਹ ਵੀ ਭਲਾ ਕਿੱਥੇ ਦਿਸਦਾ ਕਿ ਕੁਰੂਖੇਤਰ ਦਾ ਖੇਤਰ ਆਲਮੀ ਪੱਧਰ ਤੱਕ ਫੈਲ ਚੁੱਕਾ ਹੈ ? ਕੌਰਵ ਸਭਾ ਹੁਣ ਵਿਸ਼ਵ ਪੱਧਰੀ ਹੋ ਚੁੱਕੀ ਹੈ ਤੇ ਹੁਣ ਦਰੋਪਦੀ ਗਲੈਮਰ ਦੀ ਚਕਾਚੌਂਧ ਵਿੱਚ ਖ਼ੁਦ ਹੀ ਦਾਅ 'ਤੇ ਲੱਗਣ ਤੇ ਆਪ ਹੀ ਆਪਣਾ ਚੀਰ ਹਰਨ ਕਰਾਉਣ ਨੂੰ ਤਿਆਰ ਹੈ ਇਹੀ ਵਿਸ਼ਵੀ ਕੌਰਵਾਂ ਦੀ ਗੁੱਝੀ ਚਾਲ ਹੈ ਮੁਨਾਫ਼ੇ ਮੁਫ਼ਾਦਾਂ ਦਾ ਅਣਦਿਸਦਾ ਮਾਇਆਜਾਲ਼ ਹੈ ਬਿਲਕੁਲ ਉਸੇ ਤਰ੍ਹਾਂ ਦਾ ਮਾਇਆਜਾਲ ਜਿਸਦੇ ਸੋਨ-ਮ੍ਰਿਗੀ ਛਲਾਵੇ ਵਿੱਚ ਕਦੇ ਸੀਤਾ ਵੀ ਫਸ ਗਈ ਸੀ ਜੋ ਦਿਸਦਾ ਸਿਰਫ ਉਹੀ ਸੱਚ ਨਹੀਂ ਹੁੰਦਾ ਉਸ ਮਹਾਂ ਦਾਰਸ਼ਨਿਕ ਦਾ ਲਿਖਿਆ ਹਰ ਸ਼ਬਦ ਹਰ ਵਾਕ ਸੱਚੋ ਸੱਚ ਸਾਬਤ ਹੋ ਰਿਹਾ ਜਿਸਨੇ ਕਿਹਾ ਸੀ ਕਿ ਸਰਮਾਇਆ ਅਤੇ ਇਸਦੀ ਲੋਭੀ ਮਾਇਆ ਇਨਸਾਨ ਨੂੰ ਵੀ ਵਿਕਾਊ ਮਾਲ ਬਣਾ ਦੇਵੇਗੀ ਮੁਨਾਫ਼ੇ ਦੀ ਲਾਲਸਾ ਵਿੱਚ ਜੀਂਦਿਆਂ ਅਤੇ ਮੁਰਦਿਆਂ ਦੇ ਮਨੁੱਖੀ ਅੰਗ ਵੀ ਵਿਕਣ ਲੱਗਣਗੇ ਔਰਤਾਂ ਦੇ ਬਦਨ ਅਤੇ ਹਾਸੇ ਵੀ ਦਾਅ 'ਤੇ ਲੱਗਣਗੇ ਹੂ-ਬ -ਹੂ ਇਹੋ ਕੁਝ ਹੋ ਰਿਹਾ ਹੈ ਸ਼ਹਿਰ ਦੇ ਇਕ ਚੌਂਕ 'ਤੇ ਪਸ਼ੂ-ਮੰਡੀ ਲੱਗਦੀ ਹੈ ਦੂਜੇ ਪਾਸੇ ਲੇਬਰ ਚੌਕ 'ਤੇ ਬੰਦਿਆਂ ਦੀ ਰਾਤ ਨੂੰ ਚਕਲਿਆਂ ਦੇ ਲੇਬਰ ਚੌਕ 'ਤੇ ਮਜ਼ਬੂਰ ਕਾਮ-ਕਾਮੀਆਂ ਔਰਤਾਂ ਦੀ ਕਾਇਆ ਵੀ ਮਾਇਆ ਬਣ ਚੁੱਕੀ ਹੈ ਹੁਣ ਨਵਾਬਸ਼ਾਹੀ ਵੀ ਵਿਸ਼ਵੀ ਰੂਪ ਧਾਰ ਚੁੱਕੀ ਹੈ ਔਰਤਾਂ ਦੇ ਨਿੱਤ ਨਵੇਂ ਨ੍ਰਿਤ ਰਚਾਉਂਦੀ ਹੈ ਆਲਮੀ ਮਿਆਰ ਦੇ ਮੁਜਰੇ ਕਰਾਉਂਦੀ ਹੈ ਜ਼ਨਾਨੀਬਾਜ ਮਹਾਰਾਜੇ ਭੂਪੇ ਵਾਂਗ ਔਰਤਾਂ ਦੀਆਂ ਦੇਹਾਂ ਅਤੇ ਅੰਗਾਂ ਨੂੰ ਮਨ ਚਾਹੇ ਆਕਾਰਾਂ ਵਿੱਚ ਢਾਲ਼ਣ ਲਈ ਉਕਸਾਉਂਦੀ ਹੈ ਅੱਯਾਸ਼ੀ ਕਰਨ ਦੇ ਨਾਲ਼ ਨਾਲ਼ ਉਹਨਾਂ ਤੋਂ ਧੜਾਧੜ ਕਮਾਉਂਦੀ ਵੀ ਹੈ ਵਿਕਾਊ ਹੋ ਰਹੇ ਨੇ ਹਾਸੇ ਅਤੇ ਹਾਸਿਆਂ ਰਾਹੀਂ ਵਿਕਣ ਲੱਗੇ ਨੇ ਧੜਾਧੜ ਦਸੌਰੀ ਕਰੀਮਾਂ ਪਾਊਡਰ ਦੰਦਾਸੇ ਔਰਤ ਨੂੰ ਖ਼ਾਸ ਕਿਸਮ ਦੇ ਸਾਂਚਿਆਂ ਵਿੱਚ ਢਾਲ਼ ਕੇ ਬਾਰਬੀ ਦਿੱਖ ਦਿੱਤੀ ਜਾਂਦੀ ਹੈ ਗੁੱਡੀਆਂ ਪਟੋਲ੍ਹਿਆਂ ਦੀ ਸਾਦਗੀ ਖੋਹ ਬਾਲੜੀਆਂ ਹੱਥ ਬਾਰਬੀ ਫੜਾ ਉਸ ਵਰਗਾ ਬਣਨ ਦੇ ਸੁਪਨਿਆਂ ਦੀ ਜਾਗ ਲਾ ਦਿੱਤੀ ਜਾਂਦੀ ਹੈ ਵਿਸ਼ਵ ਸੁੰਦਰੀ ਦੀ ਇੰਜ ਪੇਸ਼ਕਾਰੀ ਕੀਤੀ ਜਾਂਦੀ ਹੈ ਕਿ ਸਾਡੀ ਮਾਂ ਧੀ ਭੈਣ ਖ਼ੁਦ ਨੂੰ ਕਰੂਪ ਕੋਝੀ ਹੀਣ ਸਮਝਣ ਲੱਗ ਜਾਂਦੀ ਹੈ ਜੋ ਦਿਸਦਾ ਹੈ ਸਿਰਫ਼ ਉਹੀ ਸੱਚ ਨਹੀਂ ਹੁੰਦਾ ਇੰਨਾਂ ਸੁੰਦਰਤਾ ਮੁਕਾਬਲਿਆਂ ਨੇ ਪਤਾ ਨਹੀ ਕਿੰਨੇ ਨਵਜਾਤ ਸ਼ਿਸ਼ੂਆਂ ਨੂੰ ਉਹਨਾਂ ਲਈ ਮਾਂਵਾਂ ਦੀਆਂ ਛਾਤੀਆਂ ਵਿੱਚ ਰਾਖਵੀਂ ਕੁਦਰਤ ਦੀ ਬਖ਼ਸ਼ੀ ਦਾਤ ਖ਼ੁਰਾਕ ਤੋਂ ਵਾਂਝਿਆਂ ਕੀਤਾ ਹੈ ਤੇ ਇੰਜ ਮਾਂ ਦੁੱਧ ਹੀਣ ਨਸਲਾਂ ਨੂੰ ਕਮ-ਬੁੱਧ ਕੀਤਾ ਹੈ ਜਿਵੇਂ ਉਹ ਵਪਾਰ ਲਈ ਆਪਣੇ ਬੀਜ ਸਾਡੇ ਖੇਤਾਂ ਵਿੱਚ ਬੀਜ ਸਾਡੀਆਂ ਪੁਸਸ਼ਤੈਨੀ ਫ਼ਸਲਾਂ ਦਾ ਬੀ-ਨਾਸ ਕਰ ਜਾਂਦੇ ਹਨ ਉਵੇਂ ਹੀ ਸਾਡੀਆਂ ਨਸਲਾਂ ਦੇ ਮੱਥਿਆਂ ਵਿੱਚ ਵੀ ਉਹ ਆਪਣੀ ਸੋਚ ਬੀਜ ਨਸਲਾਂ ਦਾ ਵੀ ਮਲੀਆਮੇਟ ਕਰ ਜਾਂਦੇ ਨੇ ਜੋ ਦਿਸਦਾ ਸਿਰਫ਼ ਉਹੀ ਸੱਚ ਨਹੀਂ ਹੁੰਦਾ ਸੁੰਦਰਤਾ ਮੁਕਾਬਲਿਆਂ ਦੀ ਮੁਹਤਾਜ ਨਹੀਂ ਹੁੰਦੀ ਫੁੱਲ ਸਾਰੇ ਹੀ ਸੁੰਦਰ ਹੁੰਦੇ ਹਨ ਇਹ ਕਿਸੇ ਨੂੰ ਕੁਲੀਨ ਤੇ ਕਿਸੇ ਨੂੰ ਹੀਣ ਮਹਿਸੂਸ ਕਰਾਉਣ ਵਾਲਾ ਵਰਤਾਰਾ ਹੈ ਵਰਤਾਰਾ ਹੀ ਨਹੀ ਜੀਂਦੇ ਇਨਸਾਨਾ ਦੇ ਅੰਗ ਵੇਚਣ ਵਾਲ਼ੀ ਕਾਲ਼ੀ ਕਾਰੋਬਾਰੀ ਕਰੂਰ ਵਿਚਾਰਧਾਰਾ ਹੈ ਔਰਤ ਨੂੰ ਮਹਿਜ ਦੇਹਧਾਰੀ ਇਸ਼ਤਿਹਾਰ ਬਣਾ ਗੋਰੀਆਂ ਤੋਂ ਬਾਅਦ ਕਾਲ਼ੀਆਂ ਤੇ ਭੂਰੀਆਂ ਧਰਤੀਆਂ ਉੱਤੇ ਮੰਡੀਆਂ ਲੱਭਣ ਵਾਲ਼ੇ ਰੁਝਾਨ ਦਾ ਪਸਾਰਾ ਹੈ

ਉਹ ਫ਼ੁੱਲ ਸੀ

ਉਹ ਫ਼ੁੱਲ ਸੀ ਉਸਦੇ ਜਾਣ ਬਾਅਦ ਆਪਣੇ ਹੱਥਾਂ 'ਚੋਂ ਆਉਂਦੀ ਖੁਸ਼ਬੋਈ ਤੋਂ ਮਹਿਸੂਸ ਹੋਇਆ।

ਧਰਤੀ ਦੇ ਸ਼ਾਇਰ

ਫ਼ੁੱਲ ਕਿਤੇ ਵੀ ਉੱਗ ਆਉਂਦੇ ਨੇ ਗੌਲ਼ੀਆਂ ਅਣਗੌਲ਼ੀਆਂ ਥਾਂਵਾਂ ਉੱਤੇ ਬੀਆਬਾਨ ਸੁੰਨਸਾਨ ਰਾਹਵਾਂ ਵਿੱਚ ਖੇਤਾਂ ਖਲਿਆਣਾਂ ਖੰਡਰਾਂ ਖ਼ਦਾਨਾਂ ਵਿੱਚ ਪਹਿਆਂ ਪਗਡੰਡੀਆਂ ਵਾੜਾਂ ਵੱਟਾਂ ਬੰਨੇ ਰੋਹੀਆਂ,ਰੱਕੜਾਂ,ਮਾਰੂ ਰਕਬਿਆਂ ਮੈਦਾਨਾਂ ‘ਚ ਪਹਾੜਾਂ ਦੀਆਂ ਚੋਟੀਆਂ ਉੱਤੇ ਸਾਗਰਾਂ ਦੇ ਕੰਢਿਆਂ ‘ਤੇ ਫੁੱਲ ਧਰਤੀ ਦੇ ਸ਼ਾਇਰ ਹੁੰਦੇ ਨੇ… ਕੁੱਲ ਆਲਮ ਦੀਆਂ ਬੇਸ਼ੁਮਾਰ ਮਾਤ-ਭਾਸ਼ਾਵਾਂ ਦੇ ਸ਼ਾਇਰਾਂ ਵਾਂਗ ਫ਼ੁੱਲ ਧਰਤੀ ਦੇ ਸ਼ਾਇਰ ਹੁੰਦੇ ਨੇ ਸਭ ਗੌਲ਼ੀਆਂ ਅਣਗੌਲ਼ੀਆਂ ਥਾਂਵਾਂ ਦੀ ਜ਼ਬਾਨ ਵੰਨ ਸਵੰਨੀ ਮਿੱਟੀ ਦੀ ਰੰਗ ਬਰੰਗੀ ਤਾਸੀਰ ਦੀ ਪਹਿਚਾਣ।

ਅਸੀਂ ਇੱਕ ਹੋਰ ਪਾਕਿਸਤਾਨ ਨਹੀਂ ਬਣਾਵਾਂਗੇ

ਕਨਸੋਅ ਮਿਲ਼ ਰਹੀ ਹੈ ਪਾਕਿਸਤਾਨ ਵਰਗਾ ਇੱਕ ਹੋਰ ‘ਸਤਾਨ ‘ ਬਣਾਉਣ ਦੀ ਇੱਕ ਹੋਰ ਕਿਲ੍ਹਾ ਬਣਾ ਇੱਕ ਵੱਖਰਾ ਝੰਡਾ ਲਹਿਰਾਉਣ ਦੀ ਦੇਸ਼-ਵਿਦੇਸ਼ ਵਿੱਚ ਹੋ ਰਹੀ ਤਿਆਰੀ ਹੈ ਇਸ ਲਈ ਜਲਦੀ ਹੀ ਹੋਣੀ ਵਿਸ਼ੇਸ਼ ਰਾਏਸ਼ੁਮਾਰੀ ਹੈ ਪਰ ਕੀ ਮਿਲ਼ੇਗਾ ਇਕ ਹੋਰ ‘ਸਤਾਨ’ ਬਣਾਉਣ ਨਾਲ਼? ਕੀ ਮਿਲ਼ਿਆ ਹੈ ਪਾਕਿਸਤਾਨ ਬਣਾਉਣ ਨਾਲ਼ ? ਲੱਖਾਂ ਕਤਲ,ਬਲਾਤਕਾਰ ,ਤਬਾਹ ਹੋਏ ਕਾਰੋਬਾਰ ਏਹੋ ਕੁਝ ਫਿਰ ਹੋ ਸਕਦਾ ਹੈ ਇੱਕ ਹੋਰ ਵਾਰ ਤਰਾਈ , ਦਿੱਲੀ ਦੱਖਣ ਦੀਆਂ ਦਸਤਾਰਾਂ ਨਾਲ਼ ਉਹਨਾਂ ਦੇ ਭੁਜੰਗੀਆਂ, ਬਿਰਧਾਂ , ਉਹਨਾ ਦੀਆਂ ਨਾਰਾਂ ਨਾਲ ਹੋ ਸਕਦਾ ਹੈ ਵੰਡਾਂ , ਨਫ਼ਰਤਾਂ , ਜੰਗਾਂ ਦਾ ਕੁਝ ਹੋਰ ਪਸਾਰ ਬਣ ਸਕਦਾ ਹੈ ਸ਼ੰਭੂ ਇੱਕ ਹੋਰ ਵਾਹਗਾ ਇੱਕ ਹੋਰ ਕੰਡਿਆਲੀ ਤਾਰ ਪਾਕਿਸਤਾਨ ਵਰਗਾ ਇੱਕ ਹੋਰ ‘ਸਤਾਨ’ ਬਣਾਉਣ ਨਾਲ ਕੀ ਪਾਕਿਸਤਾਨ ਬਣਾਉਣ ਨਾਲ ਮੁੱਕ ਗਈ ਹੈ ਗ਼ੁਰਬਤ ਭੁੱਖਮਰੀ ਅਨਪੜ੍ਹਤਾ ਬੇਰੁਜ਼ਗਾਰੀ ਦੀ ਮਾਰ ? ਕੀ ਖੱਟਿਆ ਕਰਵਾਕੇ ਲੱਖਾਂ ਦਾ ਨਰਸੰਹਾਰ ? ਵੈਸੇ ਵੀ ਅਸੀਂ ਉਸ ਦੇਸ਼ ਤੋਂ ਕਿਉਂ ਭਗੌੜੇ ਹੋਈਏ ਜਿਸਦੀ ਇਮਾਰਤ ਸਾਡੇ ਪਰਖ਼ਿਆਂ ਦੀਆਂ ਕੁਰਬਾਨੀਆਂ ਦੀ ਨੀਂਹ 'ਤੇ ਉਸਰੀ ਹੈ ਅਸੀਂ ਇਸੇ ਨੂੰ ਆਪਣੇ ਸੁਪਨਿਆਂ ਦੇ ਹਾਣ ਦਾ ‘ਸਤਾਨ’ ਬਣਾਵਾਂਗੇ ਅਸੀਂ ਇਸਦੀ ਹਰ ਕਾਣੋਂ ਕੱਢ ਗੁਣੀਏ ਵਿੱਚ ਕਰਨ ਲਈ ਪੂਰਾ ਤਾਣ ਲਾਵਾਂਗੇ ਪਰ ਅਸੀਂ ਹੋਰ ਪਾਕਿਸਤਾਨ ਹਰਗਿਜ਼ ਨਹੀਂ ਬਣਾਵਾਂਗੇ ਹਿੰਦ ਕਿਸੇ ਦੇ ਪਿਓ ਦੀ ਜਗੀਰ ਨਹੀਂ ਸਾਡਾ ਸਭ ਦਾ ਸਾਂਝਾ ਹੈ ਕਿਉਂ ਛੱਡੀਏ ਆਪਣਾ ਹੱਕ ਇਸ ਤੋਂ ਜਿਸ ਲਈ ਸਾਡੇ ਰਹਿਬਰਾਂ ਸਰਬੰਸ ਵਾਰਿਆ ਸੀ ਤੱਤੀਆਂ ਤਵੀਆਂ 'ਤੇ ਤਸੀਹੇ ਝੱਲੇ ਬੰਦ ਬੰਦ ਕਟਵਾਇਆ , ਖੋਪੜੀਆਂ ਲੁਹਾਈਆਂ ਦੇਗਾਂ ਵਿੱਚ ਉਬਾਲ਼ੇ ਗਏ ,ਸਿਰਾਂ 'ਤੇ ਆਰੇ ਚਲਵਾਏ ਜਰਵਾਣਿਆਂ ਫ਼ਰੰਗੀਆਂ ਨਾਲ਼ ਮੱਥਾ ਲਾਇਆ ਅੱਜ ਜਦੋਂ ਕਸ਼ਮੀਰ ਨੂੰ ਹੀ ਨਹੀਂ ਕੰਨਿਆਂਕੁਮਾਰੀ ਤੱਕ ਹਿੰਦ ਦੀ ਚਾਦਰ ਨੂੰ ਤੇਗ਼ ਬਹਾਦਰ ਦੀ ਅਣਸ ਦੀ ਲੋੜ ਹੈ ਤਾਂ ਹਲਾਤ ਨੂੰ ਪਿੱਠ ਵਿਖਾ ਆਪਣੀ ਸੁਨਹਿਰੀ ਤਵਾਰੀਖ਼ ਕਲੰਕਤ ਕਿਉਂ ਕਰੀਏ ਅਸੀਂ ਇੱਥੋਂ ਦੇ ਮਸਜਦੀਆਂ ,ਕਸ਼ਮੀਰੀਆਂ ,ਗੁੱਜਰਾਂ , ਬੱਕਰਵਾਲ਼ਾਂ ਅਸੁਰਾਂ ,ਗੌਂਡ ਭੀਲਿਆਂ ਖਾਸੀ , ਗਾਰੋ ਤੇ ਹੋਰ ਅਣਗਿਣਤ ਕਬੀਲਿਆਂ ਕਾਮਿਆਂ , ਕਿਸਾਨਾਂ ਨੂੰ ਜਾਬਰਾਂ ਦੇ ਰਹਿਮੋ-ਕਰਮ 'ਤੇ ਛੱਡ ਕਿਤੇ ਨਹੀ ਜਾਵਾਂਗੇ ਅਸੀਂ ਇੱਕ ਹੋਰ ਪਾਕਿਸਤਾਨ ਬਣਾਉਣ ਦੀ ਬਜਾਏ ਹਿੰਦ ਨੂੰ ਹੀ ਖ਼ਾਲਸ ਬਣਾਵਾਂਗੇ ਅਸੀਂ ਸਵਾਰਥੀ ‘ਸਤਾਨੀਏ ਨਹੀਂ ਗੁਰੂ ਦੇ ਅਸਲੀ ਪੈਰੋਕਾਰ ਹਾਂ ਦੀਨ ਦੁਖੀ ਦੀ ਢਾਲ਼ ਨਿਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਹਿੰਦੂਆਂ ਦੇ ਗੁਰੂ ਮੁਸਲਮ ਦੇ ਪੀਰ ਦੀ ਸੋਚ ਤੇ ਸਰਬੱਤ ਦੇ ਭਲੇ ਵਾਲ਼ਾ ਕਾਇਨਾਤੀ ‘ ਨਾਨਕਸਤਾਨ’ ਬਣਾਵਾਂਗੇ ਅਸੀਂ ਇੱਕ ਹੋਰ ਪਾਕਿਸਤਾਨ ਨਹੀਂ ਬਣਾਵਾਂਗੇ।

ਸ਼ਬਦ-ਰੱਬ

ਮੈਂ ਕਿਹਾ ਚਿੜੀਓ ਮਰ ਜਾਓ ਤੇ ਚਿੜੀਆਂ ਮਰ ਗਈਆਂ ਮੈਂ ਕਿਹਾ ਚਿੜੀਓ ਜੀ ਜਾਓ ਚਿੜੀਆਂ ਜੀ ਪਈਆਂ ਸ਼ਬਦ ਸਿਰਫ ਸ਼ਬਦ ਨਹੀਂ ਜ਼ਿੰਦਗੀ ਵੀ ਹੁੰਦੇ ਨੇ ਮੌਤ ਵੀ। ਸ਼ਬਦ ਜ਼ਿੰਦਗੀ ਦੇਣ ਤੇ ਲੈਣ ਵਾਲ਼ੇ ਰੱਬ ਹੁੰਦੇ ਨੇ।

ਸ਼ਸਤਰਧਾਰੀ ਤੇ ਹਥਿਆਰੀ

ਸ਼ਸਤਰਧਾਰੀ ਹੋਣਾ ਹਥਿਆਰੀ ਹੋਣਾ ਨਹੀਂ ਹੁੰਦਾ ਹਤਿਆਰੀ ਹੋਣਾ ਨਹੀਂ ਹੁੰਦਾ ਹਥਿਆਰੀ ਤਾਂ ਡਾਨ ,ਡਾਕੂ ,ਗੁੰਡੇ ,ਜਗੀਰਦਾਰ ,ਬਾਦਸ਼ਾਹ ਵੀ ਹੁੰਦੇ ਨੇ ਸ਼ਸਤਰਧਾਰੀ ਹੋਣਾ ਸੱਚੇ ਪਾਤਸ਼ਾਹ ਦੇ ਦੀਨ ਦੇ ਹੇਤ ਲੜਨ ਵਾਲ਼ੇ ਸੂਰੇ ਮਰਜੀਵੜੇ ਕਕਾਰੀ ਹੋਣਾ ਹੈ ਲੋਕਾਈ ਦੀ ਭਲਾਈ ਦੀ ਰਾਹ 'ਤੇ ਚੱਲਣ ਵਾਲੇ ਚੀ ਗਵੇਰਾ ਭਗਤ ਸਿੰਘ ਊਧਮ ਸਿੰਘ ਵਰਗੇ ਸਿਰਲੱਥ ਇਨਕਲਾਬੀ ਯੋਧੇ ਬਲਕਾਰੀ ਹੋਣਾ ਹੁੰਦਾ ਹੈ ਸ਼ਸਤਰਧਾਰੀ ਹੋਣਾ ਘੁੱਗ ਵੱਸਦੀਆਂ ਬਸਤੀਆਂ ਨੂੰ ਮਕਤਲਾਂ ਵਿੱਚ ਤਬਦੀਲ ਕਰਨ ਵਾਲ਼ੇ ਹੁੱਲੜਬਾਜ਼ ਸਿਰਫਿਰੇ ਕਾਤਲ ਹੋਣਾ ਨਹੀਂ ਬਲਕਿ ਸੱਚ ਦੇ ਮਾਰਗ 'ਤੇ ਨਿਰਭਉ ਨਿਰਵੈਰ ਚੱਲਣ ਵਾਲ਼ੇ ਪਾਂਧੀ ਸੋਚ-ਵਿਚਾਰੀ ਹੋਣਾ ਹੁੰਦਾ ਹੈ…।

ਜਦੋਂ ਤੂੰ ਮੈਨੂੰ ਫ਼ੁੱਲ ਕਿਹਾ

ਜਦੋਂ ਤੂੰ ਮੈਨੂੰ ਫ਼ੁੱਲ ਕਿਹਾ ਉਦੋਂ ਤੋਂ ਮੈਂ ਸੱਚਮੁਚ ਹੀ ਫ਼ੁੱਲ ਬਣ ਗਿਆ ਪਰ ਹੁਣ ਤੂੰ ਮੈਨੂੰ ਖ਼ੱਗ ਕੇ ਆਪਣੇ ਘਰ ਦੇ ਗ਼ਮਲੇ ਜਾਂ ਕਿਆਰੀ ਵਿੱਚ ਲਾਉਣ ਦੀ ਜ਼ਿੱਦ ਨਾ ਕਰੀਂ ਜਿੱਥੇ ਹਾਂ ਉੱਥੇ ਹੀ ਖੁਸ਼ਬੋ ਮਾਣੀਂ ਫ਼ੁੱਲ ਦਾ ਅਸਲ ਵਜੂਦ ਉਸਦਾ ਦਿਸਦਾ ਕਲਬੂਤ ਨਹੀਂ ਬਲਕਿ ਅਣਦਿਸਦੀ ਮਹਿਸੂਸ ਹੁੰਦੀ ਖੁਸ਼ਬੋ ਹੁੰਦਾ ਹੈ ਜਿੱਥੇ ਹਾਂ ਉੱਥੇ ਹੀ ਮਾਨਣ ਦੀ ਕੋਸ਼ਿਸ਼ ਕਰੀਂ ।

ਹੱਡ ਮਾਸ ਵਾਲੇ ਰੋਬਟ

ਬੰਦੇ ਨੇ ‘ਮਸਨੂਈ ਕੰਪਿਊਟਰੀ ਗਿਆਨ * ਨਾਲ਼ ਮਸਨੂਈ ਬੰਦਾ ਬਣਾਇਆ ਰੋਬਟ ਮਸਨੂਈ ਕੰਪਿਊਟਰੀ ਗਿਆਨ ਨੇ ਅਸਲੀ ਬੰਦੇ ਨੂੰ ਰੋਬਟ ਬਣਾ ਦਿੱਤਾ ਹੱਡ-ਮਾਸ ਵਾਲ਼ਾ ਚਿੱਟੇ ਖੂਨ ਵਾਲ਼ਾ ਪੱਥਰ-ਚਿੱਤ ਰੋਬਟ ਜੋ ਸੱਥਰ ਤੇ ਬੈਠਾ ਵੀ ਮਸ਼ੀਨ ਵਾਂਗ ਮਾਤਮ-ਰਹਿਤ ਅਡੋਲ ਰਹਿ ਲੋਥ ਦੀਆਂ ਵੀ ਤਸਵੀਰਾਂ ਲੈ ਸਕਦਾ ਹੈ ਮੌਤ ਦੇ ਮੂੰਹ ਵਿੱਚ ਪਏ ਸਹਿਕਦੇ ਬੰਦੇ ਨੂੰ ਬਚਾਉਣ ਦੀ ਥਾਂ ਉਸ ਦੀਆਂ ਵੱਖੋ ਵੱਖ ਤੜਫਣ ਕਿਰਿਆਵਾਂ ਨੂੰ ਕੈਮਰਾਬੰਦ ਕਰਨ ਨੂੰ ਤਰਜੀਹ ਦੇ ਉਸਦੀਆਂ ਵੀਡੀਓਜ਼ ਬਣਾ ਸਕਦਾ ਹੈ ਮੋਏ ਪੁੱਤ ਦੀ ਲਾਸ਼ ਤੇ ਵੈਣ ਪਾਉਂਦੀ ਮਾਂ ਦਾ ਲਾਈਵ ਸ਼ੋਅ ਵਿਖਾ ਸਕਦਾ ਹੈ ਸੋਗ ਵਿੱਚ ਡੁੱਬੇ ਬੇਸੁੱਧ ਪਿਓ ਦੇ ਗਲ ਵਿੱਚ ਪਈ ਪੱਗ ਨੂੰ ਛੁਪਾਉਣ ਦੀ ਬਜਾਏ ਹੁੱਬ ਹੁੱਬ ਵਿਖਾ ਸਕਦੈ ਇਹ ਇਨਸਾਨੀ ਬਸਤੀਆਂ ਨੇ ਕਿ ਮਸਾਣਾਂ ? ਇਹ ਬੰਦੇ ਨੇ ਕਿ ਸੰਵੇਦਨਾਹੀਣ ਕੰਪਿਊਟਰੀ-ਪ੍ਰੇਤ ? ਬਣਾਉਟੀ ਕੰਪਿਊਟਰੀ ਗਿਆਨ ਨਾਲ਼ ਬਣਾਉਟੀ ਬੰਦਾ ਬਣਾਉਣ ਵਾਲ਼ਾ ਬੰਦਾ ਖ਼ੁਦ ਬਣਾਉਟੀ ਬੰਦਾ ਬਣ ਚੁੱਕਾ ਹੈ ਮਹਿਜ ਇੱਕ ਹੱਡ-ਮਾਸ ਵਾਲ਼ਾ ਰੋਬਟ * ਕੰਪਿਊਟਰ ਖੇਤਰ ਨਾਲ ਸੰਕਲਪ - ਮਸਨੂਈ ਗਿਆਨ (Artificial Intelligence)

ਮਾਂ ਤੇ ਪਿਤਾ-ਮਾਂ

ਮਾਂ ਹੁੰਦੀ ਹੈ ਮਾਂ ਸਿਰਫ਼ ਆਪਣੇ ਬੱਚਿਆਂ ਦੀ ਪਿਤਾ ਪੂਰੇ ਪਰਿਵਾਰ ਦੀ ਮਾਂ ਹੁੰਦਾ ਹੈ ਸਾਂਝੇ ਪਰਿਵਾਰ ਦੀ ਸਾਂਝੀ ਪਿਤਾ-ਮਾਂ ਮਾਂ ਜੇ ਧਰਤੀ ਹੁੰਦੀ ਹੈ ਤਾਂ ਪਿਤਾ ਅਸਮਾਨ ਹੁੰਦਾ ਹੈ।

ਵਿਚਾਰ ਵੀ ਹਥਿਆਰ ਵੀ

ਅਸੀਂ ਵਿਚਾਰ ਤੇ ਹਥਿਆਰ ਦੇ ਸੁਮੇਲ 'ਚੋਂ ਪੈਦਾ ਹੋਈ ਅਣਖੀ ਅਣਸ ਹਾਂ ਵਿਚਾਰ ਤੇ ਹਥਿਆਰ ਦੋਵੇਂ ਸਾਡੀ ਹੋਂਦ ਨੇ ਸਾਡੇ ਲਈ ਵਿਚਾਰ ਤੇ ਹਥਿਆਰ ਇੱਕ ਦੂਜੇ ਦਾ ਬਦਲ ਨਹੀਂ ਸਗੋਂ ਪੂਰਕ ਹੁੰਦੇ ਨੇ। ਬਾਬਾ ਨਾਨਕ ਸੂਫ਼ੀ ਭਗਤ ਪੀਰ ਫ਼ਕੀਰ ਸਾਡਾ ‘ਵਿਚਾਰ’ ਨੇ ਗੋਬਿੰਦ ਹਥਿਆਰ ਹਰਿਗੋਬਿੰਦ ਦੀ ਮੀਰੀ ਪੀਰੀ ਦੇ ਵਿਚਾਰ ਅਤੇ ਹਥਿਆਰ 'ਚੋਂ ਪੈਦਾ ਹੋਇਆ ਸੁਚੱਜਾ ਸੁਮੇਲ ਜਦੋਂ ਜ਼ੁਲਮ ਹੱਦਾਂ ਟੱਪ ਜਾਵੇ ਤਾਂ ਸ਼ਮਸ਼ੀਰ ਦੀ ਕਲਮ ਤੇ ਜ਼ਾਲਮ ਦੇ ਖੂਨ ਦੀ ਸਿਆਹੀ ਨਾਲ਼ ਵੀ ਵਿਚਾਰ ਲਿਖਣਾ ਪੈਂਦਾ ਹੈ ਸਿਰਫ਼ ਵਿਚਾਰਾਂ ਦੀ ਹਮਾਇਤ ਤੇ ਹਥਿਆਰਾਂ ਦਾ ਵਿਰੋਧ ਕਰਨ ਵਾਲ਼ਿਓ ਵੇਖਿਓ ਕਿਤੇ ਹਥਿਆਰਾਂ ਨੂੰ ਵਿਚਾਰਹੀਣ ਦਸ ਨੰਬਰੀਏ ਗੁੰਡੇ,ਗੈਂਗਸਟਰ ਹੀ ਹਾਈਜੈੱਕ ਨਾ ਕਰ ਜਾਣ ਤੇ ਮੁਰਦਾ ਸ਼ਾਂਤੀ ਬੇਬਸੀ ਅਤੇ ਲਾਚਾਰੀ ਨਾਲ਼ ਜੀਣਾ ਮਜਬੂਰੀ ਨਾ ਬਣ ਜਾਵੇ। ਹਰ ਯੁੱਗ ਵਿੱਚ ਔਰੰਗ,ਅਬਦਾਲੀ,ਮੱਸੇ ਰੰਘੜ ਸੂਬਾ ਸਰਹੰਦ ਹੁੰਦੇ ਨੇ ਹਰ ਯੁੱਗ ਵਿੱਚ ਹਥਿਆਰ ਦੀ ਲੋੜ ਹੁੰਦੀ ਹੈ ਵਿਚਾਰ ਦੇ ਨਾਲ਼ ਨਾਲ਼ । ਵਿਚਾਰ ਹਥਿਆਰ ਦਾ ਬਦਲ ਨਹੀਂ ਪੂਰਕ ਹੈ ਵਿਚਾਰ ਤੇ ਹਥਿਆਰ ਦੋਵੇਂ ਸਾਡੀ ਹੋਂਦ ਨੇ ਦੋਵਾਂ ਦੀ ਲੋੜ ਹੈ ।

ਸ਼ਕੁਨੀ-ਸਿਆਸਤ ਦੀ ਖੇਡ

ਰਿਆਸਤ ਦੇ ਹਸਤਨਾਪੁਰ ‘ਤੇ ਕਾਬਜ਼ ਰਹਿਣ ਲਈ ਹਰ ਯੁੱਗ ਵਿੱਚ ਸ਼ਕੁਨੀ- ਸਿਆਸਤ ਦੀ ਚੌਪਟ ਖੇਡੀ ਜਾਂਦੀ ਹੈ ਨਿੱਤ ਨਵੇਂ ਕਲਸ਼ੇਤਰ* ਬਣਦੇ ਨੇ ਮਹਾਭਾਰਤ ਰਚੇ ਜਾਂਦੇ ਨੇ ਕੌਰਵਾਂ ਪਾਂਡਵਾਂ ਦੇ ਸਿਰਫ਼ ਸਰੂਪ ਹੀ ਬਦਲਦੇ ਨੇ ਜਨਤਾ ਦਰੋਪਦੀ ਵਾਂਗ ਬਿਨ ਕੀਤੇ ਗੁਨਾਹ ਦੀ ਸਜ਼ਾ ਪਾਉਂਦੀ ਹੈ ਰਿਆਸਤ ਤੇ ਕਾਬਜ਼ ਰਹਿਣ ਲਈ ਇਹ ਸ਼ਕੁਨੀ-ਸਿਆਸਤ ਦੀ ਖੇਡ ਅੱਜ ਵੀ ਖੇਡੀ ਜਾ ਰਹੀ ਹੈ ਇਸ ਖੇਡ ਵਿੱਚ ਗੀਟੀਆਂ ਕਦੇ ਹਿੰਦੂਆਂ , ਕਦੇ ਮੁਸਲਿਮਾਂ ਕਦੇ ਦਲਿਤਾਂ ਤੇ ਸਿੱਖਾਂ ਦੇ ਸਿਰ ਹੁੰਦੇ ਨੇ ਗਾਂ ਦੀ ਪੂਛ ਸੂਰ ਦਾ ਮਾਸ ਮੰਦਰ ਮਸਜਦ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਅਸਲੇ ਬਰੂਦ ਨਾਲ਼ ਪਵਾਇਆ ਜਾਂਦਾ ਖੌਰੂ ਖ਼ਰੂਦ ਸਭ ਸ਼ਕੁਨੀ-ਸਿਆਸਤ ਦੀਆਂ ਹੀ ਚਾਲਾਂ ਨੇ ਰਿਆਸਤ ਦੇ ਹਸਤਨਾਪੁਰ ਤੇ ਕਾਬਜ਼ ਰਹਿਣ ਲਈ। * (ਲੋਕ ਬੋਲੀ ਵਿੱਚ ਕੁਰੂਕਸ਼ੇਤਰ ਨੂੰ ਆਮ ਕਰਕੇ ਕਲਸ਼ੇਤਰ ਬੋਲਿਆ ਜਾਂਦਾ ਹੈ ।)

ਅਲੌਕਿਕ ਕਰਾਮਾਤ

ਸਾਉਣ ਵਿੱਚ ਖੁੰਢ ਖੜਸੁੱਕ ਰੁੱਖ਼ ਵੀ ਹਰੇ ਹੋ ਜਾਂਦੇ ਨੇ ਪਿਆਰ ਵਿੱਚ ਪੱਥਰ-ਚਿੱਤ ਮਨੁੱਖ ਵੀ ਕੋਮਲ ਤੇ ਖ਼ਰੇ ਹੋ ਜਾਂਦੇ ਨੇ। ਮੁਹੱਬਤ ਵੀ ਬਰਸਾਤ ਕਰਦੀ ਹੈ ਬਰਸਾਤ ਜੋ ਬੰਦੇ ਦੇ ਅੰਦਰਵਾਰ ਵਰ੍ਹਦੀ ਹੈ ਉਸ ਅੰਦਰ ਲੂਸਦੀਆਂ ਖੁਸ਼ਕ ਹੁੰਦੀਆਂ ਜਾ ਰਹੀਆਂ ਵਾਦੀਆਂ ਨੂੰ ਸਰ ਸਬਜ਼ ਕਰਦੀ ਹੈ ਮਨ ਦੇ ਸੁੱਕਦੇ ਜਾ ਰਹੇ ਮਾਨ ਸਰੋਵਰਾਂ ਨੂੰ ਭਰਦੀ ਹੈ ਕਰੁਣਾ ਮੋਹ ਮਮਤਾ ਦੇ ਸਰਵਰ ਜਲ-ਥਲ ਕਰਦੀ ਹੈ ਦੇਹ ਨੂੰ ਕਿਸੇ ਨਿਰਮਲ ਨਿਰਛਲ ਦਰਵੇਸ਼ ਸੂਫ਼ੀ ਦੀ ਪਾਕਿ ਦਰਗ਼ਾਹ ਬਣਾ ਧਰਦੀ ਹੈ ਮੁਹੱਬਤ । ਕਾਇਆ ਕਲਪ ਕਰਦੀ ਹੈ ਮੁਹੱਬਤ । ਦਿਲ ਵਿੱਚ ਰੱਬਤਾ ਭਰਦੀ ਹੈ ਮੁਹੱਬਤ । ਅਲੌਕਿਕ ਕਰਾਮਾਤ ਕਰਦੀ ਹੈ ਮੁਹੱਬਤ ।

ਤੇਰੀ ਦੀਦ ਹੀ ਈਦ ਹੈ ਸਾਡੀ

ਤੇਰੀ ਦੀਦ ਹੀ ਈਦ ਹੈ ਸਾਡੀ ਨੀ ਤੂੰਹੀਓਂ ਸਾਡਾ ਰੱਬ ਚੰਨੀਏਂ ਤੈਨੂੰ ਵੇਖਿਆਂ ਹੀ ਹੱਜ ਹੋ ਜਾਵੇ ਨੀ ਤੈਨੂੰ ਅਸੀਂ ਮੱਕਾ ਮੰਨੀਏਂ। ਨਾ ਮੈਂ ਹਾਜੀ ਤੇ ਨਾ ਮੈਂ ਨਮਾਜ਼ੀ ਤੇ ਨਾ ਹੀ ਮੈਂ ਹਾਂ ਰੋਜ਼ੇ ਰੱਖਦਾ ਮੈਂ ਤਾਂ ਅੱਲ੍ਹਾ ਦੇ ਬਣਾਏ ਹੋਏ ਬੰਦਿਆਂ ‘ਚੋਂ ਅੱਲ੍ਹਾ ਪਾਕਿ ਨੂੰ ਹਾਂ ਤੱਕਦਾ ਅਸੀਂ ਝੰਗ ਅਤੇ ਤਖ਼ਤ ਹਜ਼ਾਰੇ ਨੂੰ ਮੱਕਾ ਤੇ ਮਦੀਨਾ ਮੰਨੀਏਂ ਤੇਰੀ ਦੀਦ ਹੀ ਈਦ ਹੈ ਸਾਡੀ ਨੀ ਤੂੰਹੀਓਂ ਸਾਡਾ ਰੱਬ ਚੰਨੀਏਂ ....। ਸਾਰੀ ਉਮਰਾ ਬੀਤ ਜਾਏ ਸਾਡੀ ਤੇ ‘ਉਮਰਾ’ ਨਾ ਕਰ ਸਕੀਏ ਅਸੀਂ ਸਿਆਲ਼ ਤੇ ਹੁਨਾਲ਼ ਹਾਂ ਜੋ ਜੀਂਦੇ ਨੀ ਜੀਂਦੇ ਮਰ ਮਰ ਸਖੀਏ ਸਾਡੀ ਰੱਖਦਾ ਜ਼ਕਾਤ ਹੀ ਔਕਾਤ ਜੋ, ਨੀ ਕਿੰਜ ਸਾਡਾ ਰੱਬ ਮੰਨੀਏਂ ਤੇਰੀ ਦੀਦ ਹੀ ਈਦ ਹੈ ਸਾਡੀ ਨੀ ਤੂੰਹੀਓਂ ਸਾਡਾ ਰੱਬ ਚੰਨੀਏਂ ...। ਮੇਰੇ ਲਈ ਤਾਂ ਇਹ ਧੀਆਂ ਤੇ ਧਿਆਣੀਆਂ ਕੁਰਾਨ ਦੀਆਂ ਆਇਤਾਂ ਨੇ ਪਰ ‘ਆਦਮ’ ਨੂੰ ‘ਹੱਵਾ’ ਦੀ ਹੀ ਜਾਤ ਨਾਲ਼ ਸ਼ਿਕਵੇ ਸ਼ਿਕਾਇਤਾਂ ਨੇ ਹੱਥਕੜੀਆਂ ਇਹਨਾਂ ਲਈ ਸਭ ਬੇੜੀਆਂ ਜੋ ਮਜ਼੍ਹਬੀ ਰਵਾਇਤਾਂ ਨੇ ਇਸ ਈਦ ਤੇ ਇਹਨਾਂ ਦਾ ਛੱਜ ਭੰਨ ਕੇ ਆ ਨਵਾਂ ਕੋਈ ਮੁੱਢ ਬੰਨ੍ਹੀਏ ਤੇਰੀ ਦੀਦ ਹੀ ਈਦ ਹੈ ਸਾਡੀ ਨੀ ਤੂੰਹੀਓਂ ਸਾਡਾ ਰੱਬ ਚੰਨੀਏਂ ...।

ਅਜ਼ਲਾਂ ਦੀ ਅਜਲ

(ਫਲਾਇਡ ਕਿਆਂ ਦੇ ਨਾਮ - ਅਮਰੀਕਾ ਵਿੱਚ ਗੋਰੇ ਪੁਲਿਸ ਕਰਮੀ ਹੱਥੋਂ ਨਸਲੀ ਹਿੰਸਾ ਦੇ ਕਾਰਣ ਮਾਰੇ ਗਏ ਜੋਰਜ ਫਲਾਇਡ ਸਮੇਤ ਉਹਨਾਂ ਸਾਰੇ ਲੋਕਾਂ ਨੂੰ ਸਮਰਪਿਤ ਜੋ ਸਦੀਆਂ ਤੋਂ ਨਸਲੀ ਹਿੰਸਾ ਦਾ ਸ਼ਿਕਾਰ ਹੁੰਦੇ ਆ ਰਹੇ ਹਨ ) ਜੌਰਜ ਫਲਾਇਡ ਦਾ ਮਰਨਾ ਮਹਿਜ਼ ਕੱਲਾ-ਕਾਰਾ ਕਾਲ਼ਾ ਕਾਰਾ ਨਹੀਂ ਜੌਰਜ ਫਲਾਇਡ ਨੂੰ ਮਾਰਨ ਵਾਲਾ ਗੋਰਾ , ਮਹਿਜ਼ ਇੱਕ ਹਤਿਆਰਾ ਨਹੀਂ ਇਹ ਅਜ਼ਲਾਂ ਤੋਂ ਫਲਾਇਡ ਕਿਆਂ ਨੂੰ ਅਜਲ ਵੰਡਣ ਦਾ ਪੂਰੇ ਦਾ ਪੂਰਾ ਵਰਤਾਰਾ ਹੈ। ਜਦੋਂ ਕੋਈ ਫਲਾਇਡ ਮਾਰਿਆ ਜਾਂਦਾ ਹੈ ਤਾਂ ਉਸ ਨਾਲ਼ ਥੋੜਾ ਜਿਹਾ ਮਾਰਟਿਨ ਲੂਥਰ ਕਿੰਗ ਵੀ ਮਰਦਾ ਹੈ ਨੈਲਸਨ ਮੰਡੇਲਾ ਵੀ ਮਰਦਾ ਹੈ ਤੇ ਅੰਬੇਦਕਰ ਵੀ ਪਰ ਹਾਂ ਇਹ ਸਭ ਜਿੰਦਾ ਵੀ ਹੋ ਜਾਂਦੇ ਨੇ ਜਦੋਂ ਕੋਈ ਜੌਰਜ ਫਲਾਇਡ ਮਾਰਿਆ ਜਾਂਦਾ ਹੈ ਜਦੋਂ ਲੋਕਾਂ ਦਾ ਖੂਨ ਉਬਾਲ਼ਾ ਖਾਂਦਾ ਹੈ ਅਜ਼ਲਾਂ ਤੋਂ ਫਲਾਇਡ ਕਿਆਂ ਮਗਰ ਲੱਗੀ ਅਜਲ ਨੂੰ ਮਾਰਨ ਲਈ ਜੋ ਸਦੀਆਂ ਤੋਂ ਜ਼ਹਰੀਲੇ ਸੱਪ ਵਾਂਗ ਡੱਸਦੀ ਆ ਰਹੀ ਹੈ ਜੋ ਹਾਲੇ ਵੀ ਵਿਸ ਘੋਲ਼ੀ ਜਾ ਰਹੀ ਹੈ।

ਮਿੱਸੇ ਦਾਣੇ

ਪੰਜ ਆਬਾਂ ਦੇ ਜਾਏ ਪੰਜਾਬੀ ਬੀਬੇ ਰਾਣੇ ਹਾਂ ਵੱਖ-ਵੱਖ ਨਸਲਾਂ ਫ਼ਸਲਾਂ ਦੇ ਅਸੀਂ ਮਿੱਸੇ ਦਾਣੇ ਹਾਂ। ਕਣਕਾਂ ਦੇ ਰੰਗ ਵਰਗੇ ਹਾਂ ਕੁਝ ਕੱਕੇ ਭੂਰੇ ਹਾਂ ‘ਰਾਮ ਮੁਹੰਮਦ ਸਿੰਘ’ ਹੀ ਰਲ਼ਕੇ ਬਣਦੇ ਪੂਰੇ ਹਾਂ ਦੀਨ ਦੁਖੀ ਦੀ ਓਟ ਅਤੇ ਅਡਵਾਇਰਾਂ ਲਈ ਜਰਵਾਣੇ ਹਾਂ ਵੱਖ ਵੱਖ ਨਸਲਾਂ ਫਸਲਾਂ ਦੇ ਅਸੀਂ ਮਿੱਸੇ ਦਾਣੇ ਹਾਂ ..... । ਨਾਨਕ ,ਸ਼ੇਖ ਤਾਮੀਰ ਅਸਾਡੀ ਮੀਆਂਮੀਰ ਬੁਨਿਆਦ ਮੁੱਢ-ਕਦੀਮੀ ਤਵਾਰੀਖ਼ ਜੋ 'ਸਪਤ ਸਿੰਧ' ਵਿੱਚ ਹੋਈ ਅਬਾਦ ਅਸੀਂ ਹੜੱਪਾ ਦੇ ਖੰਡਰਾਂ ਤੋਂ ਵੱਧ ਪੁਰਾਣੇ ਹਾਂ ਵੱਖ਼ ਵੱਖ਼ ਨਸਲਾਂ ਫਸਲਾਂ ਦੇ ਅਸੀਂ ਮਿੱਸੇ ਦਾਣੇ ਹਾਂ ...। ਕੋਈ ਨਾ ਦੁਪਰਿਆਰਾ ਬਾਹਰਾ ਸਭ ਹਮਸਾਏ ਹਾਂ ਹਿੰਦੂ ਮੁਸਲਿਮ ਸਿੱਖ ‘ਪੰਜਾਬੀ’ ਮਾਂ ਦੇ ਜਾਏ ਹਾਂ ਦੁੱਲ੍ਹੇ ਤੇ ਬੁੱਲ੍ਹੇ ਦੇ ਵਾਰਸ ਜਾਂਦੇ ਜਾਣੇ ਹਾਂ ਵੱਖ ਵੱਖ ਨਸਲਾਂ ਫ਼ਸਲਾਂ ਦੇ ਅਸੀਂ ਮਿੱਸੇ ਦਾਣੇ ਹਾਂ ...। ਸਤਨਾਜੇ ਦੇ ਵਾਂਗੂੰ ਜਾਤਾਂ ਗੋਤ ਕਬੀਲੇ ਨੇ ਜਾਂ ਜਿਓਂ ਫੁੱਲ ਗੁਲਾਬੀ ਤੇ ਕੁਝ ਕਾਲ਼ੇ ਪੀਲ਼ੇ ਨੇ ਇੱਕੋ ਨੂਰ ਤੋਂ ਉਪਜੇ ਭਾਵੇਂ ਭਿੰਨ ਭਿੰਨ ਬਾਣੇ ਹਾਂ ਵੱਖ ਵੱਖ ਨਸਲਾਂ ਫ਼ਸਲਾਂ ਦੇ ਅਸੀਂ ਮਿੱਸੇ ਦਾਣੇ ਹਾਂ ...। ਦਰਿਆਵਾਂ ਜਿਹੀ ਤੋਰ ਅਸਾਡੀ ਤੇ ਅਲਬੇਲੇ ਹਾਂ ਅਸੀਂ ਤਾਂ ਰੱਬ ਦੇ ਨਾਲ਼ ਵੀ ਲੁਕਣਮੀਚੀ ਖੇਲੇ ਹਾਂ ਹਰ ਜਾਬਰ ਤੋਂ ਨਾਬਰ ਹੋਣ ਲਈ ਗਏ ਪਛਾਣੇ ਹਾਂ ਵੱਖ ਵੱਖ ਨਸਲਾਂ ਫਸਲਾਂ ਦੇ ਅਸੀਂ ਮਿੱਸੇ ਦਾਣੇ ਹਾਂ ...।

ਧੀਆਂ ਕਾਹਨੂੰ ਜਾਂਦੀਆਂ ਹਨ ਕਿਤੇ

ਧੀ ਨੂੰ ਅਜੇ ਹੁਣੇ ਤੋਰ ਕੇ ਆਏ ਹਾਂ ਪਰ ਉਹ ਮੁੜ ਪਰਤ ਆਈ ਹੈ ਸਾਡੇ ਨਾਲ਼ ਹੀ ਜਿਵੇਂ ਫੁੱਲ ਭੇਟ ਕਰਨ ਬਾਅਦ ਮਹਿਕ ਪਰਤ ਆਉਂਦੀ ਹੈ ਹੱਥਾਂ ਨਾਲ਼ ਐਂਵੇਂ ਭਰਮ ਹੁੰਦਾ ਸਾਨੂੰ ਕਿ ਧੀਆਂ ਤੋਰ ਦਿੱਤੀਆਂ ਨੇ ਧੀਆਂ ਕਾਹਨੂੰ ਜਾਂਦੀਆਂ ਹਨ ਕਿਤੇ ਉਹ ਨਾਲ਼ ਨਾਲ਼ ਹੀ ਰਹਿੰਦੀਆਂ ਹਨ ਜਿਵੇਂ ਫੁੱਲਾਂ ਨਾਲ਼ ਖੁਸ਼ਬੋਈ।

ਮਾਂ ਬੋਲੀਆਂ , ਅਮਰ ਮਾਂਵਾਂ

ਮਾਂਵਾਂ ਬੱਚਿਆਂ ਦੇ ਸਿਰਾਂ ਦੀਆਂ ਛਾਂਵਾਂ ਹੁੰਦੀਆਂ ਨੇ ਪਰ ਇੱਕ ਨਾ ਇੱਕ ਦਿਨ ਉੱਠ ਜਾਂਦੀਆਂ ਨੇ ਉਹਨਾ ਦੇ ਸਿਰਾਂ ਤੋਂ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਤੁਰ ਜਾਂਦੀਆਂ ਨੇ ਉਹਨਾਂ ਨੂੰ ਤਿੱਖੜ ਦੁਪਹਿਰਾਂ ਦੀਆਂ ਤਪਦੀਆਂ ਧੁੱਪਾਂ ਵਿੱਚ ਛੱਡਕੇ ਮਾਂ-ਮਹਿੱਟਰ ਕਰਕੇ। ਪਰ ਉਹਨਾਂ ਅਣਸਾਂ ਦੀਆਂ ਮਾਵਾਂ ਹਮੇਸ਼ਾ ਜ਼ਿੰਦਾ ਰਹਿੰਦੀਆਂ ਨੇ ਜੋ ਆਪਣੀਆਂ ਮਾਂ-ਬੋਲੀਆਂ ਜ਼ਿੰਦਾ ਰੱਖਦੀਆਂ ਨੇ ਮਾਂ-ਬੋਲੀਆਂ ਵੀ ਮਾਂਵਾਂ ਹੁੰਦੀਆਂ ਨੇ ਮਾਂ-ਬੋਲੀ ਬੋਲਣ ਵਾਲਿਆਂ ਦੀਆਂ ਅਮਰ ਮਾਂਵਾਂ। ਮਾਂਵਾਂ ਬੱਚਿਆਂ ਦੀਆਂ ਮਾਂਵਾਂ ਹੁੰਦੀਆਂ ਨੇ ਮਾਂ ਬੋਲੀਆਂ ਕੌਮਾਂ ਕਬੀਲਿਆਂ ਦੀਆਂ ਵੀ ਮਾਂਵਾਂ ਹੁੰਦੀਆਂ ਨੇ। ਸ਼ਾਲ਼ਾ ! ਮਾਂ ਬੋਲੀ-ਮਾਂਵਾਂ ਸਦਾ ਸਲਾਮਤ ਰਹਿਣ ਸਗਲ ਧਰਤ ਤੇ ਰੰਗ ਬਰੰਗੇ ਫੁੱਲਾਂ ਦੀ ਫ਼ੁੱਲਵਾੜੀ ਵਾਂਗ ਖਿੜੀਆਂ ਕੌਮਾਂ ਦੇ ਸਿਰ ਦੀਆਂ ਬਹੁਰੰਗੀ-ਬੋਲੀਆਂ ਦੀਆਂ ਛਾਂਵਾਂ ਸਦਾ ਕਾਇਮ ਰਹਿਣ ਕੁੱਲ ਆਲਮ ਦੀਆਂ ਮਾਂ - ਬੋਲੀ ਮਾਂਵਾਂ ਆਓ ! ਮਾਂ ਬੋਲੀਆਂ ਬਚਾਈਏ ਤੇ ਮਾਂਵਾਂ ਨੂੰ ਅਮਰ ਬਣਾਈਏ ।

ਕਿਤਾਬਾਂ ਫੁੱਲ ਤੇ ਮੁਹੱਬਤ

ਕਿਤਾਬਾਂ ਪੜ੍ਹਨਾ ਨਾ ਛੱਡਣਾ ਕਿਤਾਬਾਂ ਰਾਹੀਂ ਮਹਿਬੂਬ ਨੂੰ ਭੇਟ ਹੋਣ ਲਈ ਵੀ ਕੁਝ ਫੁੱਲ ਖਿੜਦੇ ਨੇ ਉਹ ਫੁੱਲ ਖਿੜਦੇ ਰਹਿਣ ਕਿਤਾਬਾਂ ਪੜ੍ਹਦੇ ਰਹਿਣਾ ਮੁਹੱਬਤ ਕਰਦੇ ਰਹਿਣਾ …।

ਮਰਨਾ ਸੱਚ ਜੀਣਾ ਵੀ ਸੱਚ

ਮੌਤ ਆਉਂਦੀ ਹੈ ਦਨਦਨਾਉਂਦੀ ਹੈ ਅਚਿੰਤੇ ਬਾਜ਼ ਵਾਂਗ ਕਿਸੇ ਜਿੰਦ ਨੂੰ ਖੂੰਖਾਰੀ ਪੰਜਿਆਂ ਵਿੱਚ ਲੈ ਉੱਡ ਜਾਂਦੀ ਹੈ … ਮੌਤ ਬਹੁਤ ਕਰੂਰ ਹੈ ਜ਼ਿੰਦਗੀ ਨੂੰ ਤਹਿਸ ਨਹਿਸ ਕਰ ਸਭ ਰੰਗ ਫਿੱਕੇ ਪਾ ਤੁਰ ਜਾਂਦੀ ਹੈ ਮਰਨਾ ਸੱਚ ਜੀਣਾ ਝੂਠ ਸਚਮੁੱਚ ਸੱਚ ਲੱਗਣ ਲੱਗਦਾ .. ਪਰ ਜ਼ਿੰਦਗੀ ਮੌਤ ਤੋਂ ਵੀ ਪ੍ਰਬਲ ਹੈ ਜੋ ਮੌਤ ਤੋਂ ਬਾਦ ਮੁੜ ਤੁਰਦੀ ਹੈ ਸਹਿਜੇ ਸਹਿਜੇ ਸਹਿਜ ਹੋਣ ਲੱਗਦੀ ਹੈ ਸਮੇਂ ਦੀ ਧੁੱਪ ਦੁੱਖ ਦੇ ਰੰਗ ਫਿੱਕੇ ਪਾ ਦਿੰਦੀ ਹੈ ਮੌਤ ਮਾਤਮ ਵੈਣ ਤੇ ਤੁਰ ਗਿਆ ਜੀਅ ਸੁਪਨਾ ਸੁਪਨਾ ਲੱਗਣ ਲੱਗਦੇ ਨੇ ਜਿਵੇਂ ਝੱਖੜ ਝਾਂਜੇ ਦੀ ਝੰਬੀ ਪ੍ਰਕ੍ਰਿਤੀ ਮੁੜ ਸਾਬਤ ਹੋ ਜਾਂਦੀ ਹੈ ਮੌਤ ਬਾਦ ਜ਼ਿੰਦਗੀ ਵੀ ਮੁੜ ਸਾਬਤ ਕਦਮੀਂ ਤੁਰ ਪੈਂਦੀ ਹੈ ਤੁਰ ਗਏ ਜੀਅ ਦੀਆਂ ਯਾਦਾਂ ਦੀ ਪਟਾਰੀ ਨਾਲ ਨਾਲ ਲੈ ਕੇ … ਮਰਨਾ ਸੱਚ ਜੀਣਾ ਹੋਰ ਵੀ ਵੱਡਾ ਸੱਚ ….।

ਗ਼ਜ਼ਲ

ਇੱਕ ਲੜੀ ਚਿਰਾਗ਼ਾਂ ਦੀ ਮੈਂ ਜਦੋਂ ਜਗਾ ਦਿੱਤੀ ਮੇਰੀ ਜੋਤ ਬੁਝਾ ਕੇ ਤੇ ਮੈਨੂੰ ਹੈ ਸਜ਼ਾ ਦਿੱਤੀ ਜੋਗੀ ਤੇ ਗੁਰੂ ਰਾਂਝਾ ਹੈ ਕਿੰਨਾ ਕੁਝ ਸਾਂਝਾ ਕਿਸੇ ਅਲਖ਼ ਜਗਾ ਦਿੱਤੀ ਕਿਸੇ ਖਲਕ ਜਗਾ ਦਿੱਤੀ ਥੱਲੇ ਹੈ ਸਰ੍ਹੋਂ ਖਿੜਦੀ ਸਿਰ ਥਾਲ਼ ਸਿਤਾਰਿਆਂ ਦਾ ਕਾਦਰ ਨੇ ਕੁਦਰਤ ਵੀ ਕੈਸੀ ਹੈ ਸਜਾਅ ਦਿੱਤੀ ਅੱਕ ਕਾਹੀਆਂ ਥੋਹਰਾਂ ਤੇ ਪਿੰਡਾਂ ਦੀਆਂ ਗੋਹਰਾਂ ਤੇ ਸ਼ਹਿਰਾਂ ਦੀਆਂ ਮੋਹਰਾਂ ਨੇ ਹੈ ਮੋਹਰ ਲਗਾ ਦਿੱਤੀ ਬੋਹਲ਼ਾਂ ਤੇ ਜਿਣਸ ਪਈ ਮੰਡੀ ਵਿੱਚ ਮਾਲ ਬਣੇ ਮੰਡੀ ਨੇ ਸ਼ਬਦਾਂ ਦੀ ਬੇਅਦਬੀ ਕਰਾ ਦਿੱਤੀ

ਗ਼ਜ਼ਲ

ਉਸਨੂੰ ਤੂੰ ਤੀਰ ਦੇ ਦੇ ਭਾਵੇਂ ਕਮਾਨ ਦੇ ਦੇ ਮੇਰੇ ਪਰਾਂ ਨੂੰ ਵੀ ਪਰ ਉੱਚੀ ਉਡਾਨ ਦੇ ਦੇ ਹੱਥ ਵਿੱਚ ਹੈ ਤੇਗ਼ ਜੇਕਰ ਮੱਥੇ ਦੇ ਤੇਜ ਬਾਝੋਂ ਉਹ ਤੇਗ਼ ਫਿਰ ਨਾ ਲਿਸ਼ਕੇ ਉਸਨੂੰ ਮਿਆਨ ਦੇ ਦੇ ਸਭ ਕੂੜ ਦਾ ਇਹ ਕੂੜਾ ਧਰਤੀ ਤੋਂ ਸਾਫ਼ ਹੋਵੇ ਭੋਂਇੰ ਨੂੰ ਸਾਫ਼-ਸੁਥਰਾ ਕੋਈ ਤੁਫ਼ਾਨ ਦੇ ਦੇ ਵਿਹੜਾ ਨਸੀਬ ਜਿਸਨੂੰ ਹੋਇਆ ਨਾ ਸਾਂਝਾ ਉਸਨੂੰ ਤੂੰ ਕਬਰ ਤੇ ਸਿਵੇ ਦਾ ਸਾਂਝਾ ਮਕਾਨ ਦੇ ਦੇ ਇਹ ਸ਼ਖ਼ਸ ਨਕਸ਼ ਆਪਣੇ ਮੰਡੀ ‘ਚ ਭੁੱਲ ਆਇਆ ਪਿਤਰਾਂ ਦੀ ਦਿੱਖ ਮੰਗਦੈ ਇਸਨੂੰ ਇਹ ਦਾਨ ਦੇ ਦੇ ਭਾਗ 2 -ਵਿਸ਼ਾਗਤ ਨਜ਼ਮਾਂ ਕਿਸਾਨੀ ਸੰਘਰਸ਼ ਕਾਵਿ

ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ਼ ਨਾ

ਅਜੇ ਤੀਕ ਤੈਥੋਂ ਹੋਈ ਪਗੜੀ ਸੰਭਾਲ਼ ਨਾ ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ਼ ਨਾ। ਕਰਜ਼ੇ 'ਚ ਜੰਮਦੇ ਨੇ ਕਰਜ਼ੇ 'ਚ ਮਰਦੇ ਖੇਤਾਂ ਦੇ ਇਹ ਪੁੱਤ ਸਦਾ ਆਏ ਬਾਜ਼ੀ ਹਰਦੇ ਸੋਕਾ ਡੋਬਾ ਗੜੇਮਾਰੀ ਕੀ ਕੀ ਨੇ ਜਰਦੇ ਮਰ ਕੇ ਵੀ ਮੁੱਕਦਾ ਇਹ ਜੀਅ ਦਾ ਜੰਜਾਲ਼ ਨਾ ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ਼ ਨਾ ...। ਤੇਰਾ ਪੈਦਾ ਕੀਤਾ ਹੀ ਰਿਜ਼ਕ ਸਾਰੇ ਖਾਂਦੇ ਨੇ ਫਿਰ ਵੀ ਪਤਾ ਨੀ ਸਾਰੇ ਕਾਹਤੋਂ ਭੁੱਲ ਜਾਂਦੇ ਨੇ ਤੇਰੇ ਖਾਣ ਲਈ ਸਲਫ਼ਾਸਾਂ ਛੱਡ ਜਾਂਦੇ ਨੇ ਤੇਰਿਆਂ ਦੁੱਖਾਂ ਦਾ ਜਾਪੇ ਰੱਬ ਵੀ ਭਿਆਲ਼ ਨਾ ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ਼ ਨਾ ...। ਧੀਆਂ ਪੁੱਤਾਂ ਵਾਂਗ ਜੱਟ ਫ਼ਸਲਾਂ ਹੈ ਪਾਲ਼ਦਾ ਕੋਈ ਵੀ ਤਪੱਸਵੀ ਨਾ ਹੋਰ ਇਹਦੇ ਨਾਲ਼ ਦਾ ਢੱਗਿਆਂ ਦੇ ਵਾਂਗ ਹੀ ਹੈ ਸਾਰੀ ਜੂਨ ਗ਼ਾਲ਼ਦਾ ਇਹਦਾ ਦਿਨ ਰਾਤ,ਕੋਈ ਸਿਆਲ਼ ਤੇ ਹੁਨਾਲ਼ ਨਾ ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ਼ ਨਾ ...। ਤੇਰਿਆਂ ਖੇਤਾਂ ਨੂੰ ਹੁਣ ਵਾੜ ਖਾਣ ਆ ਗਈ ਸ਼ਾਹੂਕਾਰਾਂ ਡਾਕੂਆਂ ਦੀ ਧਾੜ ਖਾਣ ਆ ਗਈ ਤੈਨੂੰ ਗਹਿਣੇ ਪਾਉਣ ਤੇ ਸਿਆੜ ਖਾਣ ਆ ਗਈ ਨਵਿਆਂ ਫ਼ਰੰਗੀਆਂ ਦੀ ਸਮਝੇਂ ਤੂੰ ਚਾਲ ਨਾ ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ਼ ਨਾ ...। ਕਰ ਲਾ ਕਮਰਕੱਸਾ ਮਾਰ ਲੈ ਮੰਡਾਸਾ ਤੂੰ ਝੂਠ ਤੇ ਸੁਹਾਗਾ ਫੇਰ ਕਰ ਇੱਕ ਪਾਸਾ ਤੂੰ ਚੁੱਕ ਲੈ ਕੁਹਾੜੀ ਕਹੀ ਚੁੱਕ ਲੈ ਗੰਡਾਸਾ ਤੂੰ ਆਪਣੇ ਤੋਂ ਬਿਨਾ ਤੇਰੀ ਕੋਈ ਹੋਰ ਢਾਲ਼ ਨਾ ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ਼ ਨਾ

ਜਿੱਤ ਤੋਂ ਪਹਿਲਾਂ ਜਿੱਤ

ਇਹ ਵੀ ਕਿਆ ਅਜਬ ਲੜਾਈ ਹੈ ਇਹ ਵੀ ਕਿਆ ਗ਼ਜ਼ਬ ਲੜਾਈ ਹੈ ਜਿਸ ਵਿੱਚ ਜਿੱਤ ਤੋਂ ਪਹਿਲਾਂ ਹੀ ਜਿੱਤ ਹੋ ਗਈ ਹੈ ਦੇਸ ਧ੍ਰੋਹੀਆਂ ਖ਼ਿਲਾਫ਼ ਸਾਰੇ ਵਤਨ ਪ੍ਰਸਤਾਂ ਦੇ ਇੱਕ ਹੋਣ ਦੀ ਜਿੱਤ ਵੱਖ ਵੱਖ ਜਾਤਾਂ ਕਬੀਲਿਆਂ ਭਾਈਚਾਰਿਆਂ ਦੇ ਲੋਕਾਂ ਵਿੱਚ ਸਾਂਝਾ ਭਾਈਚਾਰਾ ਬਣਨ ਦੀ ਜਿੱਤ ਕਾਮਿਆਂ ਕਿਸਾਨਾਂ ਦੇ ਇੱਕਮਿੱਕ ਹੋਣ ਦੀ ਜਿੱਤ ਭਗਵੇਂ ਅੱਤਵਾਦੀਆਂ ਦੀਆਂ ਭੀਲਾਂ ਮਸਜਦੀਆਂ ਨੂੰ ਜ਼ਲੀਲ ਕਰਨ ਦੀਆਂ ਚਾਲਾਂ ਤੇ ਹਿੰਦੁਸਤਾਨ ਨੂੰ ਹਿੰਦੂਸਤਾਨ ਬਣਾਉਣ ਦੇ ਗੁੱਝੇ ਏਜੰਡੇ ਨੂੰ ਠੱਲ੍ਹ ਪਾਉਣ ਦੀ ਜਿੱਤ ਜਨ ਜਨ ਗਣ ਗਣ ਦੇ ਮਨ ਵਿੱਚ ਰਾਸ਼ਟਰ ਬਚਾਉਣ ਰਾਸ਼ਟਰੀ ਗੌਣ ਦੀ ਧੁਨ ਗੁਣਗੁਣਾਉਣ ਦੀ ਜਿੱਤ ਜਯ ਹੇ ਜਯ ਹੇ ਜਯ ਹੇ ।

ਸੁਣ ਵੇ ਦੇਸ ਦਿਆ ਹਾਕਮਾਂ

ਸੁਣ ਵੇ ਦੇਸ ਦਿਆ ਹਾਕਮਾਂ ਤੇ ਕਰੀਂ ਤੂੰ ਸੋਚ ਵੀਚਾਰ ਅਸੀਂ ਵਤਨ ਪਿਆਰੇ ਹਿੰਦ ਲਈ ਹੈ ਸਭ ਕੁਝ ਦਿੱਤਾ ਵਾਰ। ਪਰ ਸਾਰਾ ਕੁਝ ਵੀ ਵਾਰ ਕੇ ਅਸੀਂ ਕਿਉਂ ਹਾਂ ਖੱਜਲ-ਖ਼ੁਆਰ ? ਤੂੰ ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ-ਵਿਚਾਰ। ਜਦੋਂ ਕਾਲ਼ੀ ਬੋਲ਼ੀ ਰਾਤ ਸੀ ਤੇ ਡਰਿਆ ਹਿੰਦੁਸਤਾਨ ਜਦੋਂ ਜ਼ੁਲਮ ਸਿਤਮ ਦਾ ਰਾਜ ਸੀ ਤੇ ਔਰੰਗਜ਼ੇਬ ਸੁਲਤਾਨ ਸਾਡੇ ਪਿਤਾ ,ਪਿਤਾ ਤਦ ਵਾਰਕੇ ਸੀ ਪੁੱਤਰ ਵਾਰੇ ਚਾਰ ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ-ਵਿਚਾਰ ...। ਜਦ ਪੈਰ ਸੀ ਪਈਆਂ ਬੇੜੀਆਂ ਮਾਂ ਭਾਰਤ ਹੋਈ ਗ਼ੁਲਾਮ ਉਦੋਂ ਕੂਕਿਆਂ ਮਗਰੋਂ ਗਦਰੀਆਂ ਹੀ ਵਿੱਢਿਆ ਸੀ ਸੰਗਰਾਮ ਉਸ ਵਿੱਚ ਵੀ ਦੇਸ ਪੰਜਾਬ ਦਾ ਸੀ ਆਹਲਾ ਉੱਚ ਮੁਕਾਮ ਦਸਾਂ 'ਚੋਂ ਨੌਂ ਸਿਰ ਇਹਨਾਂ ਨੇ ਸੀ ਦੇਸ ਤੋਂ ਦਿੱਤੇ ਵਾਰ ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ-ਵਿਚਾਰ....। ਜਦੋਂ ਥੁੜਿਆ ਰਿਜ਼ਕ ਤੇ ਅੰਨ ਸੀ ਉਦੋਂ ਭਰੇ ਸੀ ਅਸਾਂ ਭੰਡਾਰ ਅਸੀਂ ਮਿੱਟੀ ਪਾਣੀ ਪੌਣ ਤੱਕ ਹੈ ਸਭ ਕੁਝ ਦਿੱਤਾ ਵਾਰ ਪਰ ਸਾਰਾ ਕੁਝ ਵੀ ਵਾਰ ਕੇ ਸਾਡਾ ਦਾਅਵਾ ਨਾ ਅਧਿਕਾਰ ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ-ਵਿਚਾਰ।

ਪੰਜਾਬ ਜੁਗਰਾਫ਼ੀਏ ਦੀ ਲਕੀਰ ਨਹੀਂ

ਪੰਜਾਬ ਜੁਗਰਾਫ਼ੀਏ ਦੀ ਕੋਈ ਲਕੀਰ ਨਹੀਂ ਪੰਜਾਬ ਤਾਂ ਮਿੱਟੀ ਦੇ ਖ਼ਮੀਰ ਵਿੱਚੋਂ ਮੌਲ਼ਦੀ ਖ਼ੂਨ ਦੀ ਤਾਸੀਰ ਹੈ ਮਿੱਟੀ ਜਿਸ ਵਿੱਚੋਂ ਅੰਨ ਉੱਗਦਾ ਹੈ ਅੰਨ ਜੋ ਖ਼ੂਨ ‘ਚ ਰਚਦਾ ਹੈ .... ਖ਼ੂਨ ਜਿਸ ਵਿੱਚ ਸਿਦਕ ਵੀ ਹੀ ਹੈ ਸਿਰੜ ਵੀ ਸੋਚ ਵੀ ਹੋਸ਼ ਵੀ ਜੋਸ਼ ਵੀ ... ਇਹ ਖ਼ੂਨ ਜਦੋਂ ਉਬਾਲ਼ਾ ਮਾਰਦਾ ਹੈ ਤਾਂ ਸਮੇਂ ਦੇ ਸਿਕੰਦਰਾਂ ਬਾਬਰਾਂ ਅਕਬਰਾਂ ਨੂੰ ਵੰਗਾਰਦਾ ਹੈ ਅਬਦਾਲੀਆਂ ਨੂੰ ਲਲਕਾਰਦਾ ਹੈ ਪੰਜਾਬ ਮਿੱਟੀ ਦੇ ਖ਼ਮੀਰ ਵਿੱਚੋਂ ਮੌਲ਼ਦੀ ਖ਼ੂਨ ਦੀ ਤਾਸੀਰ ਹੈ ਮਿੱਟੀ ਜਿਸ ਵਿੱਚੋਂ ਅੰਨ ਉੱਗਦਾ ਹੈ ਅੰਨ ਜੋ ਖ਼ੂਨ 'ਚ ਰਚਦਾ ਹੈ....।

ਅਸਲ ਮਸਲਾ

ਉਹਨਾਂ ਲਈ ਅਸਲ ਮਸਲਾ ਕਿਸੇ ਕਨੂੰਨ ਨੂੰ ਵਾਪਸ ਲੈਣ ਜਾਂ ਨਾ ਲੈਣ ਦਾ ਨਹੀਂ ਬਲਕਿ ਉਹਨਾਂ ਲਈ ਮਸਲਾ ਇਹ ਹੈ ਕਿ ਹਰ ਜਨ ਹਰ ਗਣ ਇੱਕ-ਜਾਨ ਕਿਉਂ ਹੋ ਰਿਹਾ ਹੈ ? ਪੰਜਾਬ ਸਿੰਧ ਗੁਜਰਾਤ ਮਰਾਠਾ ਤੇ ਦ੍ਰਾਵਿੜ ਇੱਕਸੁਰ ਕਿਉਂ ਹੋ ਰਿਹਾ ਹੈ? ਉਹਨਾਂ ਦੀ ਹਿੰਦੁਸਤਾਨ ਨੂੰ ‘ਹਿੰਦੂਸਤਾਨ ‘ ਬਣਾਉਣ ਦੀ ਭਗਵੀਂ ਮਨਸ਼ਾ ਦੇ ਖ਼ਿਲਾਫ਼.... ਹਲਵਾਹਕ ਕਿਰਤੀ ਸ਼ਿਲਪੀ ਚਾਕ ਚਰਵਾਹੇ ਭੀਲ ਸੁਘੜ ਸਿਆਣੀਆਂ ਸੁਆਣੀਆਂ ਸਭ ਜਾਤਾਂ ਜਮਾਤਾਂ ਜੋ ਸੀ ਆਪੋ ਵਿੱਚ ਲੜਾਉਣੀਆਂ ਉਹ ਇਕਮੁੱਠ ਇੱਕਜੁਟ ਕਿਉਂ ਹੋ ਗਈਆਂ ,ਹੋ ਰਹੀਆਂ ਨੇ ਤੇ ਇਹ ਸਭ ਅੱਤਵਾਦੀ ਵੱਖਵਾਦੀ ਤਾਕਤਾਂ ਬਣ ‘ਹਿੰਦੂਸਤਾਨ ‘ ਦੇ ਏਜੰਡੇ ਲਈ ਖ਼ਤਰਾ ਬਣ ਰਹੀਆਂ ਨੇ ਉਹਨਾਂ ਲਈ ਅਸਲ ਮਸਲਾ ਇਹ ਹੈ।

ਕਬਹੂ ਨ ਛਾਡੈ ਖੇਤੁ

ਖੇਤਾਂ ਵਿੱਚ ਸਿਰਫ਼ ਫ਼ਸਲਾਂ ਹੀ ਨਹੀਂ ਹਾਲ਼ੀਆਂ ਪਾਲ਼ੀਆਂ ਤੇ ਉਹਨਾਂ ਦੀਆਂ ਨਸਲਾਂ ਦੇ ਸੁਪਨੇ ਵੀ ਉੱਗਦੇ ਨੇ ਸੁਪਨੇ - ਜੋ ਲੋਰੀਆਂ ਲੋਕ ਗੀਤਾਂ ਅਲਾਹੁਣੀਆਂ ਵਿੱਚ ਹੱਸਦੇ ਨੇ ਰੋਂਦੇ ਨੇ ਨੱਚਦੇ ਨੇ ਗਾਉਂਦੇ ਨੇ ਖੇਤ ਸਿਰਫ਼ ਫ਼ਰਦ ਵਿੱਚ ਦਰਜ਼ ਇੰਦਰਾਜ਼ ਵੀ ਨਹੀਂ ਹੁੰਦੇ ਤੇ ਨਾ ਹੀ ਪਟਵਾਰੀ ਦੇ ਜ਼ਰੀਬੀ ਪੈਮਾਨੇ ਨਾਲ਼ ਮਿਣੇ ਜਾਣ ਵਾਲ਼ਾ ਰਕਬਾ ਕਿਸਾਨ ਵੀ ਸਿਰਫ਼ ਅੰਨਦਾਤਾ ਹੀ ਨਹੀਂ ਹੁੰਦਾ ਬਲਕਿ ਜ਼ਿੰਦਗੀ ਦੇ ਸੌਰ ਮੰਡਲ ਦਾ ਅਜਿਹਾ ਧੁਰਾ ਹੁੰਦਾ ਹੈ ਜਿਸ ਦੁਆਲ਼ੇ ਪੂਰੀ ਹਯਾਤੀ ਘੁੰਮਦੀ ਹੈ ਜੀਣ ਤੋਂ ਮਰਨ ਤੱਕ ... ਖੇਤ ਸਿਰਫ਼ ਜ਼ਮੀਨ ਜਾਇਦਾਦ ਜਗੀਰ ਨਹੀਂ ਹੁੰਦੇ ... ਸਮੇਂ ਦੇ ਸ਼ਾਹੂਕਾਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਖੇਤ ਹਾਲ਼ੀਆਂ ਪਾਲ਼ੀਆਂ ਦੀ ਜ਼ਿੰਦਗੀ ਦੀ ਹੋਂਦ ਹੁੰਦੇ ਹਨ ਦੀਨ ਈਮਾਨ ਪਹਿਚਾਣ ਹੁੰਦੇ ਹਨ ਇਸੇ ਲਈ ਖੇਤਾਂ ਦੇ ਸੂਰੇ ਪੁੱਤਰ ਪੁਰਜਾ ਪੁਰਜਾ ਕਟ ਮਰ ਕੇ ਵੀ ਕਦੇ ਵੀ ਖੇਤ ਨਹੀਂ ਛੱਡਦੇ

ਹਾਰੇ ਅਸੀਂ ਕਦੀ ਵੀ ਨਹੀਂ

ਅਸੀਂ ਤਾਂ ਉਦੋਂ ਨਹੀਂ ਹਾਰੇ ਜਦੋਂ ਸਾਡੇ ਸਿਰਾਂ ਦੇ ਪਏ ਸੀ ਮੁੱਲ ਤੇ ਇਹਨਾਂ 'ਤੇ ਚੱਲੇ ਸੀ ਆਰੇ ਦੇਗਾਂ ਵਿੱਚ ਗਏ ਸੀ ਉਬਾਲ਼ੇ ਤੱਤੀਆਂ ਤਵੀਆਂ 'ਤੇ ਸੀ ਬਹਾਲ਼ੇ ਚਰਖੜੀਆਂ 'ਤੇ ਚੜ੍ਹਾਏ ਗਏ ਬੰਦ ਬੰਦ ਕਟਵਾਏ ਗਏ ਬੱਚਿਆਂ ਦੇ ਟੁਕੜਿਆਂ ਦੇ ਹਾਰ ਮਾਂਵਾਂ ਦੇ ਗਲ਼ਾ ਵਿੱਚ ਪਾਏ ਗਏ ਹਾਰੇ ਤਾਂ ਅਸੀਂ ਉਦੋਂ ਵੀ ਨਹੀਂ ... ਹਾਰੇ ਅਸੀਂ ਤਾਂ ਉਦੋਂ ਵੀ ਨਹੀਂ ... ਜਦੋਂ ਮਨੂੰ ਸਾਡੇ ਲਈ ਦਾਤਰੀ ਹੋਇਆ ਸੀ ਸਾਕਿਆਂ ਘੱਲੂਘਾਰਿਆਂ ਵਿੱਚ ਸਾਡਾ ਡਾਹਢਾ ਘਾਣ ਹੋਇਆ ਸੀ ਅਸੀਂ ਤਦ ਵੀ ਨਹੀਂ ਸੀ ਹਾਰੇ ਸਿਤਮ ਦੀ ਇੰਤਹਾ ਤੱਕ ਬੇਸ਼ੱਕ ਅਸਮਾਨ ਰੋਇਆ ਸੀ ਜੰਗਲ਼ ਸਾਡੀ ਬਸਤੀ ਤੇ ਘੋੜਾ-ਕਾਠੀ ਸਾਡਾ ਪਲ਼ੰਗ ਹੋਇਆ ਸੀ ਹੁਣ ਤਾਂ ਫਿਰ ਵੀ ਟਰਾਲੀਆਂ ਦੀ ਛੱਤ ਹੈ ਸਾਡੇ ਕੋਲ਼ ਲਾਲ ਬਾਲ ਪਾਲ ਭਗਤ ਸਿੰਘ ਸਰਾਭਾ ਤੇ ਮੁਹੰਮਦ ਸਿੰਘ ਅਜ਼ਾਦ ਦੇ ਇਤਿਹਾਸ ਵਾਲ਼ੇ ਵਰਕੇ ਫੋਲ਼ ਕੇ ਵੇਖ ਲਵੋ ਕਿ ਹਾਰੇ ਅਸੀਂ ਕਦੀ ਵੀ ਨਹੀਂ ਤੁਸੀਂ ਬਾਰ ਵਿੱਚ ਵੀ ਸਾਡੀਆਂ ਪੈਲ਼ੀਆਂ ਨੂੰ ਹੱਥ ਪਾਇਆ ਸੀ ਅਸੀਂ ਉਦੋਂ ਵੀ ਪਗੜੀ ਸੰਭਾਲ਼ ਜੱਟਾ ਦਾ ਨਾਹਰਾ ਲਾਇਆ ਸੀ ਆਪਣੀਆਂ ਪੈਲ਼ੀਆਂ-ਧੀਆਂ ਨੂੰ ਬਚਾਇਆ ਸੀ ਹਾਰੇ ਤਾਂ ਅਸੀਂ ਉਦੋਂ ਵੀ ਨਹੀਂ ਜਦੋਂ ਤੋਪਾਂ ਅੱਗੇ ਤੂੰਬਾ ਤੂੰਬਾ ਕਰਕੇ ਉਡਾਏ ਗਏ ਜਲ੍ਹਿਆਂ ਵਾਲ਼ੇ ਬਾਗ਼ ਵਿੱਚ ਲਾਣ ਵਾਂਗ ਵਿਛਾਏ ਗਏ ਮਹੰਤਾਂ ਖ਼ਿਲਾਫ਼ ਮੋਰਚਿਆਂ ਵਿੱਚ ਕਦੇ ਨਨਕਾਣੇ ਗੋਲ਼ੀਆਂ ਨਾਲ਼ ਮਰਵਾਏ ਗਏ ਕਦੇ ਪੰਜਾ ਸਾਹਿਬ ਰੇਲਾਂ ਹੇਠ ਕਟਵਾਏ ਗਏ ... ਸਾਨੂੰ ਸਾਡੇ ਬਿਰਖਾਂ ਵਰਗੇ ਬਾਬਿਆਂ ਦਾਦਿਆਂ ਦਾ ਪਿੰਡਿਆਂ 'ਤੇ ਹੰਡਾਇਆ ਇਤਿਹਾਸ ਦੱਸਦਾ ਹੈ ਹਮੇਸ਼ਾ ਸੱਚ ਸਿਦਕ ਦੀ ਜਿੱਤ ਹੁੰਦੀ ਹੈ ਸਿਤਮ ਦੀ ਕਦੇ ਵੀ ਨਹੀਂ ।

ਇਹ ਏਕੇ ਦੀਆਂ ਸਾਰੀਆਂ ਬਰਕਤਾਂ ਨੇ

ਇਹ ਏਕੇ ਦੀਆਂ ਸਾਰੀਆਂ ਬਰਕਤਾਂ ਨੇ ਫ਼ੌਜਾਂ ਜਿੱਤਕੇ ਦਿੱਲੀਓਂ ਪਰਤੀਆਂ ਨੇ ਇਹਨਾਂ ਵਿੱਚ ਹੈ ਸੂਰਜਾ, ਚੰਨ ,ਤਾਰੇ ਇਹਨਾਂ ਵਿੱਚ ਹੀ ਮਾਂਵਾਂ ਧਰਤੀਆਂ ਨੇ । ਜਦੋਂ ਕੂਚ ਕੀਤਾ ਸੀ ਇਸ ਕਾਫ਼ਲੇ ਨੇ ਰਾਹ ਦੇ ਰੁੱਖਾਂ ਵੀ ਇਹਨੂੰ ਸਲਾਮ ਕੀਤੀ ਤੱਤੀ ਤਵੀ ਤੇ ਠੰਡੇ ਬੁਰਜ ਵਾਲ਼ੀ ਤਵਾਰੀਖ਼ ਹੈ ਇਹਨਾਂ ਸੁਰਜੀਤ ਕੀਤੀ ਸਿਦਕਦਿਲੀ ਦੇ ਸਾਹਵੇਂ ਦਿੱਲੀ ਸਦਾ ਹਾਰੀ ਚਾਲਾਂ ਕੋਝੀਆਂ ਏਸ ਭਾਂਵੇ ਵਰਤੀਆਂ ਨੇ । ਵਾਹੀਕਾਰ ਤੇ ਕਾਮੇ ਬਗ਼ਲਗੀਰ ਹੋ ਗਏ ਵਹੀਕਾਰਾਂ ਨੂੰ ਭੈਜਲਾਂ ਪੈ ਗਈਆਂ ਵਾੜਾਂ ਬਣਕੇ ਜੋ ਖੇਤਾਂ ਨੂੰ ਖਾਣ ਆਈਆਂ ਉਹ ਧਰੀਆਂ ਧਰਾਈਆਂ ਰਹਿ ਗਈਆਂ ਸਤਲੁਜ ਗੰਗਾ ਤੇ ਜਮਨਾ ਸੰਗਮਾਂ ਨੇ ਅਜਬ ਗ਼ਜ਼ਬ ਕਮਾਲਾਂ ਕਰਤੀਆਂ ਨੇ। ਲਾਲ ਬਾਲ ਤੇ ਪਾਲ ਨੇ ਫਿਰ ਰਲ਼ਕੇ ਇੱਕ ਹੋਰ ਅਜ਼ਾਦੀ ਦੀ ਜੰਗ ਜਿੱਤ ਲਈ ਵਰਖਾ ਫੁੱਲਾਂ ਦੀ ਹੋਈ ਸ਼ੇਰਾਂ ਦੂਲਿਆਂ ਤੇ ਵਾਰਾਂ ਗਾਉਣਗੇ ਰਾਗੀ ਢਾਡੀ ਸਦਾ ਇਸ ਲਈ ਸੱਚ ਜਿੱਤਦਾ ਕੂੜ ਤੇ ਕੁਫ਼ਰ ਹਰਦਾ ਗੱਲਾਂ ਸੱਚੀਆਂ ਫਿਰ ਸਿੱਧ ਕਰਤੀਆਂ ਨੇ...। ਇਹ ਏਕੇ ਦੀਆਂ ਸਾਰੀਆਂ ਬਰਕਤਾਂ ਨੇ ਫ਼ੌਜਾਂ ਜਿੱਤਕੇ ਦਿੱਲੀਓਂ ਪਰਤੀਆਂ ਨੇ ਇਹਨਾਂ ਵਿੱਚ ਹੈ ਸੂਰਜਾ , ਚੰਨ ,ਤਾਰੇ ਇਹਨਾਂ ਵਿੱਚ ਹੀ ਮਾਂਵਾਂ ਧਰਤੀਆਂ ਨੇ। ਕਰੋਨਾ ਕਾਵਿ

ਖ਼ੈਰ ਖ਼ਬਰ

ਅਸੀਂ ਚਿੜੀਆਂ ਮੋਰ ਚਕੋਰ ਖ਼ਬਰ ਨੂੰ ਆਏ ਹਾਂ ਅਸੀਂ ਖ਼ੈਰ ਮੰਗਣ ਨੂੰ ਤੇਰੀ ਬੰਦਿਆ ਆਏ ਹਾਂ ਤੂੰ ਜਦ ਤੋਂ ਜੰਗਲ਼ ਛੱਡ ਕੇ ਸ਼ਹਿਰ 'ਚ ਆ ਗਿਆ ਏਂ ਸਭ ਕਾਇਦੇ ਕੁਦਰਤ ਵਾਲ਼ੇ ਭੁੱਲ ਭੁਲਾ ਗਿਆ ਏਂ ਤੂੰ ਸਾਡੇ ਰੈਣ ਬਸੇਰੇ ਚੋਗਾ ਖਾ ਗਿਆ ਏਂ ਹੁਣ ਬਸ ਕਰ ਨਾ ਕਰ ਹੋਰ ਇਹ ਅਰਜ਼ ਗੁਜਾਰਨ ਆਏ ਹਾਂ ਅਸੀਂ ਚਿੜੀਆਂ ਮੋਰ ਚਕੋਰ ਖ਼ਬਰ ਨੂੰ ਆਏ ਹਾਂ ...। ਤੇਰੀ ਸੋਚ ਦਾ ਗੁਣੀਆ ਟੇਢਾ-ਮੇਢਾ ਹੋ ਗਿਆ ਏ ਤੇਰੇ ਵਾਧੇ ਨਾਲੋਂ ਘਾਟਾ ਜ਼ਿਆਦਾ ਹੋ ਗਿਆ ਏ ਤੂੰ ਜਿੰਨਾ ਪਾਇਆ ਉਸਤੋਂ ਵੀ ਵੱਧ ਖੋ ਗਿਆ ਏ ਨਾ ਸਮਝ ਤੂੰ ਧਰਤ ਜਗੀਰ,ਅਸੀਂ ਸਭ ਇਸਦੇ ਜਾਏ ਹਾਂ ਅਸੀਂ ਚਿੜੀਆਂ ਮੋਰ ਚਕੋਰ ਖ਼ਬਰ ਨੂੰ ਆਏ ਹਾਂ ...। ਤੂੰ ਕੁੱਲ ਸਮੁੰਦਰ ਪੀ ਲਏ ਜੰਗਲ਼ ਖਾ ਲਏ ਨੇ ਤੂੰ ਸੰਗਮਰਮਰੀ ਪਿੰਜਰੇ ਕਈ ਬਣਾ ਲਏ ਨੇ ਸੁਖ ਚੈਨ ਸਹਿਜ ਪਰ ਸੁਹਜ ਤੂੰ ਕੁੱਲ ਗਵਾ ਲਏ ਨੇ ਅਸੀਂ ਵਾਂਗ ਫਕੀਰਾਂ ਦੱਸਣ ਤੇਰੇ ਦਰ ਤੇ ਆਏ ਹਾਂ ਅਸੀਂ ਚਿੜੀਆਂ ਮੋਰ ਚਕੋਰ ਖ਼ਬਰ ਨੂੰ ਆਏ ਹਾਂ ...। ਅੱਜ ਸਾਫ਼ ਵੇਖ ਅਕਾਸ਼ ਅਸੀਂ ਤਾਂ ਡਰ ਗਏ ਸਾਂ ਅੱਜ ਕਿਉਂ ਨਈਂ ਕਿਤੇ ਵਾਜ਼ ਅਸੀਂ ਚੁੱਪ ਕਰ ਗਏ ਸਾਂ ਕਿਉਂ ਚੁੱਪ ਜਿਓਂ ਕਬਰਸਤਾਨ ਅਸੀਂ ਇਹ ਵੇਖਣ ਆਏ ਹਾਂ ਕੀ ਠੀਕ ਠਾਕ ਇਨਸਾਨ ਅਸੀਂ ਇਹ ਵੇਖਣ ਆਏ ਹਾਂ ਅਸੀਂ ਚਿੜੀਆਂ ਮੋਰ ਚਕੋਰ ਖ਼ਬਰ ਨੂੰ ਆਏ ਹਾਂ ...

ਕੋਰੋਨਾ:ਤਵਾਰੀਖੀ ਸਫ਼ਾ

ਇੱਕ ਖ਼ਬਰ : ਕਿਊਬਾ ਅਤੇ ਰੂਸ ਦੇ ਡਾਕਟਰ ਵਿਚਾਰ ਭੇਦ ਭੁਲਾ ਇਨਸਾਨੀਅਤ ਦੀ ਜੰਗ ਲੜਨ ਲਈ ਇਟਲੀ ਪੁੱਜ ਗਏ ਹਨ ਦੂਜੀ ਖ਼ਬਰ : ਅਮਰੀਕਾ ਕਬਰਾਂ ਵਿੱਚ ਖਲੋ ਕੇ ਵੀ ਚੀਨ 'ਤੇ ਕਰੋਨਾ ਮਹਾਂਮਾਰੀ ਫ਼ੈਲਾਉਣ ਦਾ ਦੋਸ਼ ਲਾ ਰਿਹਾ ਹੈ ਈਰਾਨ 'ਤੇ ਆਇਦ ਪਾਬੰਦੀਆਂ ਨਹੀਂ ਹਟਾ ਰਿਹਾ ਹੈ ਜਰਮਨ ਦੀ ਖੋਜ ਖਰੀਦ ਕੇ ਮਹਾਂਮਾਰੀ ਦੀ ਦਵਾਈ ‘ਚੋਂ ਵੀ ਮਨਾਫ਼ਾ ਕਮਾਉਣ ਦੇ ਮਨਸੂਬੇ ਬਣਾ ਰਿਹਾ ਹੈ ਇਹ ਖ਼ਬਰਾਂ ਮਹਿਜ਼ ਖ਼ਬਰਾਂ ਨਹੀਂ ਵਰਤਮਾਨ ਕਾਲ ਵਿੱਚ ਰਚਿਆ ਜਾ ਰਿਹਾ ਇਤਿਹਾਸ ਹੈ ਕੋਰੋਨਾ ਮਹਿਜ਼ ਬਿਮਾਰੀ ਨਹੀਂ ਤਵਾਰੀਖ਼ ਦਾ ਸਫ਼ਾ ਵੀ ਬਣ ਰਹੀ ਹੈ ਜਿਸਦੇ ਇੱਕ ਪਾਸੇ ਇਨਸਾਨੀਅਤ ਜ਼ਿੰਦਾਬਾਦ ਦੂਜੇ ਪਾਸੇ ਮੁਰਦਾਬਾਦ ਲਿਖਿਆ ਜਾ ਰਿਹਾ ਹੈ

ਸੋਸ਼ਲ ਡਿਸਟੈਂਸਿੰਗ ਬਨਾਮ ਸਮਾਜਿਕ ਕਰੋਨਾ

ਇਹ ਸੋਸ਼ਲ ਡਿਸਟੈਂਸਿੰਗ ਜਿਸਦੀ ਤੁਸੀਂ ਅੱਜਕਲ੍ਹ ਰਿਹਰਸਲ ਕਰ ਰਹੇ ਹੋ ਕਰੋਨਾ ਤੋਂ ਡਰ ਕੇ ਇਹ ਕੀ ਬਲਾ ਹੈ ? ਇਹ ਸਾਡੇ ਤੋਂ ਵੱਧ ਹੋਰ ਕੌਣ ਜਾਣ ਸਕਦਾ ਹੈ ਜਿਹਨਾਂ ਨੇ ਸਦੀਆਂ ਤੋਂ ਇਸਦਾ ਕਰੂਪ ਤੇ ਕਰੂਰ ਸੱਚ ਪੀੜ੍ਹੀ ਦਰ ਪੀੜ੍ਹੀ ਅਮਲ ਵਿੱਚ ਹੰਡਾਇਆ ਹੋਵੇ ਇਹ ਸੋਸ਼ਲ ਡਿਸਟੈਂਸਿੰਗ ਜਿਸਦੀ ਤੁਸੀਂ ਅੱਜਕਲ੍ਹ ਰਿਹਰਸਲ ਕਰ ਰਹੇ ਹੋ ਅਸੀਂ ਹਰ ਰੋਜ਼ ਅਸਲ ਜ਼ਿੰਦਗੀ ਵਿੱਚ ਜੀਂਦੇ ਹਾਂ ਅੰਦਰੋਂ ਮਰ ਮਰ ਕੇ ਪਿੰਡਾਂ ਦੇ ਵਿਹੜਿਆਂ ਵਿੱਚ,ਠੱਠੀਆਂ ਵਿੱਚ ਸ਼ਹਿਰਾਂ ਦੀਆਂ ਝੁੱਗੀਆਂ ਵਿੱਚ ,ਝੌਂਪੜੀਆਂ ਵਿੱਚ ਗ਼ੁਰਬਤ ਦੀਆਂ ਬਸਤੀਆਂ ਵਿੱਚ ਤੁਹਾਡੇ ਤੋਂ ਵਿੱਥ ਤੇ ਸੋਸ਼ਲ ਡਿਸਟੈਂਸਿੰਗ ਵਾਲ਼ੀ ਜ਼ਿੰਦਗੀ ਬਸਰ ਕਰਕੇ। ਛੂਤ ਦੀ ਬਿਮਾਰੀ ਕੀ ਹੁੰਦੀ ਹੈ ਸਾਡੇ ਤੋਂ ਵੱਧ ਕੌਣ ਜਾਣ ਸਕਦਾ ਹੈ ਜਿਹਨਾਂ ਦੇ ਅੰਗ ਛੂਹਣ ਨਾਲ਼ ਹੀ ਤੁਹਾਨੂੰ ਭਿੱਟ ਦੀ ਇਨਫੈਕਸ਼ਨ ਹੋ ਜਾਂਦੀ ਹੈ ‘ਸਮਾਜਿਕ ਕਰੋਨਾ’ ਦੀ ਇਨਫ਼ੈਕਸ਼ਨ ਇਹ ਸੋਸ਼ਲ ਡਿਸਟੈਂਸਿੰਗ ਜਿਸਦੀ ਤੁਸੀਂ ਅੱਜਕਲ ਰਿਹਰਸਲ ਕਰ ਕਰ ਸਿੱਖ ਰਹੇ ਹੋ ਮੌਤ ਤੋਂ ਡਰ ਕੇ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਸਦੀਆਂ ਤੋਂ ....।

ਧਰਤੀ ਮੁੜ ਪਰਤੀ ਹੈ

ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ ਕੁਝ ਵੀ ਨਾ ਕਰਕੇ ਅੰਦਰ ਵੜਕੇ ਹਵਾ ਨੂੰ ਸਾਹ ਆਉਣ ਲੱਗਾ ਹੈ ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ ਚੁਫ਼ੇਰੇ ਚੁੱਪ ਦੀ ਅਵਾਜ਼ ਦਾ ਸਾਜ਼ ਸੁਣਾਈ ਦੇਣ ਲੱਗਾ ਹੈ ਗਗਨ ਦਾ ਨੀਲਾ ਚੰਦੋਆ ਧੋਤਾ ਗਿਆ ਹੈ ਚੰਨ ਨੇ ਚਿਰਾਂ ਬਾਅਦ ਐਸੀ ਸਮੁੰਦਰਤਾ ਨੂੰ ਤੱਕਿਆ ਹੈ ਅਕਾਸ਼ ਗੰਗਾ , ਕਹਿਕਸ਼ਾਂ , ਸਿਤਾਰੇ ਝਿਲਮਿਲ ਝਿਲਮਿਲ ਕਰਨ ਲੱਗੇ ਹਨ ਮੈਦਾਨਾਂ ਦੇ ਪਿੱਪਲ ਬਰੋਟੇ ਪਹਾੜਾਂ ਦੀਆਂ ਚੋਟੀਆਂ 'ਤੇ ਬਿਖਰੀ ਨਿੱਖਰੀ ਬਰਫ਼ੀਲੀ ਚਾਂਦੀ ਵੇਖ ਖੀਵੇ ਹੋਏ ਹਨ ਲੋਕ ਅੰਦਰ ਵੜੇ ਹਨ ਤਾਂ ਕਿਤੇ ਚਰਿੰਦੇ ਪਰਿੰਦੇ ਬਾਹਰ ਆਏ ਹਨ ਮੋਰ ਵਿਹੜਿਆਂ ਬਨੇਰਿਆਂ 'ਤੇ ਆ ਰੁਣਝੁਣ ਲਾਉਣ ਪੈਲਾਂ ਪਾਉਣ ਲੱਗੇ ਹਨ ਹਿਰਨਾਂ ਦੇ ਝੁੰਡ ਬਸਤੀਆਂ ਵਿੱਚ ਟਪੂਸੀਆਂ ਮਾਰਨ ਲੱਗੇ ਹਨ ਗੁਰਧਾਮਾਂ ਦੇ ਗ਼ੁੰਬਦਾਂ ‘ਤੇ ਬੈਠੀਆਂ ਚਿੜੀਆਂ ਅਰਦਾਸ ਕਰ ਰਹੀਆਂ ਹਨ ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ ਕੁਝ ਵੀ ਨਾ ਕਰਕੇ ਅੰਦਰ ਵੜਕੇ ਕ੍ਰਿਸ਼ਮਾ ਹੀ ਕਰ ਰਹੇ ਨੇ ਲੋਕ ਕਿ ਸੁਹਾਵੀ ਧਰਤੀ ਆਪਣੇ ਜੀਆ ਜੰਤ ਸੰਗ ਮੁੜ ਪਰਤੀ ਹੈ ਆਪਣੇ ਆਪ ਕੋਲ਼।

ਸੱਚੀ ਸਾਇੰਸ ਫਿਕਸ਼ਨ

ਬੰਦਾ ਚਿਹਰੇ 'ਤੇ ਲਾਏ ਮਾਸਕ ਨਾਲ਼ ਪੁਣ ਪੁਣ ਸਾਹ ਲੈ ਰਿਹਾ ਹੈ ਦੁੱਧ,ਜੋ ਪੁੱਤ ਵੇਚਣ ਬਰਾਬਰ ਸਮਝਿਆ ਜਾਂਦਾ ਸੀ ਸਿਰਫ਼ ਉਹ ਹੀ ਨਹੀਂ ਪੀਣ ਵਾਲ਼ਾ ਪਾਣੀ ਵੀ ਵਿਕਣ ਲੱਗ ਪਿਆ ਹੈ। ਸਾਹ ਆਕਸੀਜਨ ਸਿਲੰਡਰਾਂ ਸਹਾਰੇ ਚੱਲ ਰਹੇ ਨੇ ਕਬਰਸਤਾਨਾਂ ਵਿੱਚ ਬਸਤੀਆਂ ਵਰਗੀ ਭੀੜ ਹੈ ਅਤੇ ਬਸਤੀਆਂ ਵਿੱਚ ਕਬਰਸਤਾਨਾਂ ਵਰਗੀ ਮਾਤਮੀ ਚੁੱਪ ਹੈ ਮਾਤਮ ਮਨਾਉਣ ਤੇ ਦਫ਼ਾ ਚੁਤਾਲ਼ੀ ਤੇ ਮਿਲ਼ਨ ਤੇ ਕਰਫਿਊ ਲੱਗ ਚੁੱਕਾ ਹੈ ਸੋਸ਼ਲ ਡਿਸਟੈਂਸਿਗ ਹੁਣ ਸਿਰਫ ਅਛੂਤਾਂ ਤੇ ਹੀ ਨਹੀਂ ਸਵਰਨਾਂ 'ਤੇ ਵੀ ਆਇਦ ਹੋ ਗਈ ਹੈ ਬਾਂਦਰ ਆਪਣੇ ਆਪ ਨੂੰ ਬੰਦੇ ਦਾ ਪੂਰਵਜ ਮੰਨਣੋ ਇਨਕਾਰੀ ਹੋ ਗਏ ਹਨ ਜਿਹੜੇ ਗਵਾਰ ਚਿੜੀਆਂ ਨੂੰ ਮਾਰ ਕੇ ਹੱਸੇ ਸੀ ਉਹਨਾਂ ਦੀ ਮੌਤ ਤੇ ਚਿੜੀਆਂ ਉਦਾਸ ਨੇ ਇਹ ਜੋ ਅਜੇ ਕੱਲ੍ਹ ਹੀ ਲਿਖੀ ਸਾਇੰਸ ਫ਼ਿਕਸ਼ਨ ਸੀ ਅੱਜ ਸੱਚ ਸਾਬਤ ਹੋ ਗਈ ਹੈ ਮੇਰੇ ਸਾਹਵੇਂ ।

ਚਕਲਿਆਂ ਦੇ ਲੇਬਰ ਚੌਕਾਂ ਦਾ ਲੌਕਡਾਊਨ

ਸੋਸ਼ਲ ਡਿਸਟੈਂਸਿੰਗ ! ਫਿਜੀਕਲ ਡਿਸਟੈਂਸਿੰਗ !! ਲੌਕਡਾਊਨ !!! ਤੁਹਾਡੇ ਲਈ ਇਹਨਾਂ ਦੇ ਸਿਰਫ ਸ਼ਬਦਕੋਸ਼ੀ ਅਰਥ ਨੇ ਮਹਿਜ਼ ਕਰੋਨਾ ਮਹਾਂਮਾਰੀ ਤੋਂ ਬਚਣ ਦਾ ਤਰੀਕਾ ਸਲੀਕਾ ਦੱਸਣ ਵਾਲ਼ੇ ਪਰ ਸਾਡੇ ਲਈ ਇਹਨਾਂ ਦੇ ਅਰਥ ਜ਼ਿੰਦਗੀ ਦਾ ਅਨਰਥ ਕਰਨ ਵਾਲ਼ੇ ਨੇ ਸੌਖਾ ਨਹੀਂ ਹੁੰਦਾ ਸਾਡੇ ਲਈ ਇਹਨਾਂ ਦਾ ਪਾਲਣ ਜੀ ਹਾਂ ! ਸਾਡੇ ਲਈ ਜਿਹਨਾਂ ਨੇ ਖ਼ਰੀਦਣਾ ਹੁੰਦਾ ਹੈ ਰਾਸ਼ਨ ਵੇਚ ਕੇ ਹਰ ਰੋਜ਼ ਆਪਣੇ ਹੀ ਜਿਸਮ ਦੇ ਕੱਚੇ ਗੋਸ਼ਤ ਨੂੰ... ਉਹਨਾਂ ਲਈ ਸੋਸ਼ਲ ਹੋਣਾ ਜ਼ਰੂਰੀ ਹੈ ਮਜਬੂਰੀ ਹੈ ਸੌਖਾ ਨਹੀਂ ਹੁੰਦਾ ਉਹਨਾਂ ਲਈ ਪਾਲਣ ਕਰਨਾ ਸੋਸ਼ਲ ਡਿਸਟੈਂਸਿੰਗ ਦਾ ... ਅਤੇ ਫ਼ਿਜੀਕਲ ਡਿਸਟੈਂਸਿੰਗ ਦਾ ਵੀ ਜਿਹਨਾਂ ਦੇ ਚੁੱਲ੍ਹੇ ਦੀ ਅੱਗ ਦੇਹਾਂ ਦੀ ਮਾਚਸ ਨਾਲ਼ ਬਲ਼ਨੀ ਹੁੰਦੀ ਹੈ ਲੌਕਡਾਊਨ ਹੋਣ ਨਾਲ਼ ਤਾਲਾਬੰਦ ਹੋ ਜਾਂਦੇ ਨੇ ਜਿਹਨਾਂ ਦੇ ਚੰਮ ਦੇ ਕੰਮ ਦੇ ਸਭ ਗਾਹਕ ਸ਼ਰਾਫ਼ਤੀ ਦਹਿਲੀਜਾਂ ਦੀ ਲਛਮਣ ਰੇਖਾ ਅੰਦਰ ਇਹ ਜੋ ਤੁਹਾਡੇ ਸ਼ਬਦ ਕੋਸ਼ਾਂ ਵਿੱਚ ਦਰਜ ਵੇਸਵਾਵਾਂ ਜਿਸਮ ਫ਼ਰੋਸ਼ ਤਵਾਇਫ਼ਾਂ ਨੇ ਉਹ ਆਪਣੇ ਪਰਿਵਾਰਾਂ ਲਈ ਕਮਾਊ ਕਾਮੇ ਹਨ ਬੰਬਈ ਦੇ ਕਮਾਥੀਪੁਰਾ ਕਲਕੱਤਾ ਦੇ ਸੋਨਾਗਾਚੀ ਦਿੱਲੀ ਦੇ ਜੀ ਬੀ ਰੋਡ ਲਾਹੌਰ ਦੇ ਹੀਰਾ ਮੰਡੀ ਦੇ ਲੇਬਰ ਚੌਕਾਂ ਦੇ ਕਾਮੇ ਜਿਨ੍ਹਾਂ ਲਈ ਸੋਸ਼ਲ ਡਿਸਟੈਂਸਿੰਗ ! ਫ਼ਿਜ਼ੀਕਲ ਡਿਸਟੈਂਸਿੰਗ !! ਲੌਕਡਾਊਨ !!! ਸਿਰਫ਼ ਸ਼ਬਦਕੋਸ਼ੀ ਸ਼ਬਦ ਨਹੀਂ ਬਲਕਿ ਇਹਨਾਂ ਦੇ ਅਰਥ ਜ਼ਿੰਦਗੀ ਦਾ ਅਨਰਥ ਕਰਨ ਵਾਲ਼ੇ ਨੇ ਸੌਖਾ ਨਹੀਂ ਹੁੰਦਾ ਇਹਨਾਂ ਦਾ ਪਾਲਣ ਹੰਡਾ ਰਹੇ ਨੇ ਇਹ ਜ਼ਿੰਦਗੀ ਦੇ ਅਨਰਥ ਕਰਨ ਵਾਲ਼ੇ ਅਰਥ ਆਪੋ ਆਪਣੇ ਚਕਲਿਆਂ ਦੇ ਲੇਬਰ ਚੌਕਾਂ ‘ਤੇ ...।

  • ਮੁੱਖ ਪੰਨਾ : ਹਰਵਿੰਦਰ ਸਿੰਘ ਚੰਡੀਗੜ੍ਹ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ