Panchhi Ho Javan : Shiv Kumar Batalvi
ਪੰਛੀ ਹੋ ਜਾਵਾਂ : ਸ਼ਿਵ ਕੁਮਾਰ ਬਟਾਲਵੀ
ਜੀ ਚਾਹੇ ਪੰਛੀ ਹੋ ਜਾਵਾਂ
ਉੱਡਦਾ ਜਾਵਾਂ, ਗਾਉਂਦਾ ਜਾਵਾਂ
ਅਣ-ਛੁਹ ਸਿਖਰਾਂ ਨੂੰ ਛੁਹ ਪਾਵਾਂ
ਇਸ ਦੁਨੀਆਂ ਦੀਆਂ ਰਾਹਵਾਂ ਭੁੱਲ ਕੇ
ਫੇਰ ਕਦੀ ਵਾਪਸ ਨਾ ਆਵਾਂ
ਜੀ ਚਾਹੇ ਪੰਛੀ ਹੋ ਜਾਵਾਂ ।
ਜਾ ਇਸ਼ਨਾਨ ਕਰਾਂ ਵਿਚ ਜ਼ਮ ਜ਼ਮ
ਲਾ ਡੀਕਾਂ ਪੀਆਂ ਡਾਨ ਦਾ ਪਾਣੀ
ਮਾਨ-ਸਰੋਵਰ ਦੇ ਬਹਿ ਕੰਢੇ
ਟੁੱਟਾ ਜਿਹਾ ਇਕ ਗੀਤ ਮੈਂ ਗਾਵਾਂ ।
ਜੀ ਚਾਹੇ ਪੰਛੀ ਹੋ ਜਾਵਾਂ ।
ਜਾ ਬੈਠਾਂ ਵਿਚ ਖਿੜੀਆਂ ਰੋਹੀਆਂ
ਫੱਕਾਂ ਪੌਣਾਂ ਇਤਰ ਸੰਜੋਈਆਂ
ਹਿੱਮ ਟੀਸੀਆਂ ਮੋਈਆਂ ਮੋਈਆਂ
ਯੁਗਾਂ ਯੁਗਾਂ ਤੋਂ ਕੱਕਰ ਹੋਈਆਂ
ਘੁੱਟ ਕਲੇਜੇ ਮੈਂ ਗਰਮਾਵਾਂ
ਜੀ ਚਾਹੇ ਪੰਛੀ ਹੋ ਜਾਵਾਂ ।
ਹੋਏ ਆਲ੍ਹਣਾ ਵਿਚ ਸ਼ਤੂਤਾਂ
ਜਾਂ ਵਿਚ ਜੰਡ ਕਰੀਰ ਸਰੂਟਾਂ
ਆਉਣ ਪੁਰੇ ਦੇ ਸੀਤ ਫਰਾਟੇ
ਲਚਕਾਰੇ ਇਉਂ ਲੈਣ ਡਾਲੀਆਂ
ਜਿਉਂ ਕੋਈ ਡੋਲੀ ਖੇਡੇ ਜੁੜੀਆਂ
ਵਾਲ ਖਿਲਾਰੀ ਲੈ ਲੈ ਝੂਟਾਂ ।
ਇਕ ਦਿਨ ਐਸਾ ਝੱਖੜ ਝੁੱਲੇ
ਉੱਡ ਪੁੱਡ ਜਾਵਣ ਸੱਭੇ ਤੀਲੇ,
ਬੇ-ਘਰ ਬੇ-ਦਰ ਹੋ ਜਾਵਾਂ ।
ਸਾਰੀ ਉਮਰ ਪੀਆਂ ਰਸ ਗ਼ਮ ਦਾ
ਏਸ ਨਸ਼ੇ ਵਿਚ ਜਿੰਦ ਹੰਢਾਵਾਂ
ਜੀ ਚਾਹੇ ਪੰਛੀ ਹੋ ਜਾਵਾਂ ।