Palestinian Poetry in Punjabi : Mahmoud Darwish
ਫ਼ਲਸਤੀਨੀ ਕਵਿਤਾਵਾਂ ਪੰਜਾਬੀ ਵਿਚ : ਮਹਿਮੂਦ ਦਰਵੇਸ਼
ਮੈਂ ਕਤਲੇ-ਆਮ ਵੇਖਿਆ ਹੈ
ਮੈਂ ਕਤਲੇ-ਆਮ ਵੇਖਿਆ ਹੈ ਮੈਂ ਇਕ ਨਕਸ਼ੇ ਦਾ ਸ਼ਿਕਾਰ ਹੋਇਆ ਹਾਂ ਮੈਂ ਸਪੱਸ਼ਟ ਸ਼ਬਦਾਂ ਦੀ ਇਬਾਰਤ ਹਾਂ ਮੈਂ ਉੱਡਦੇ ਹੋਏ ਕੰਕਰ ਵੇਖੇ ਹਨ ਤਰੇਲ ਦੀਆਂ ਬੂੰਦਾਂ ਨੂੰ ਬੰਬਾਂ ਵਾਂਗ ਡਿੱਗਦੇ ਵੇਖਿਆ ਹੈ ਉਹਨਾਂ ਨੇ ਜਦੋਂ ਮੇਰੇ ਲਈ ਦਿਲ ਦੇ ਦਰਵਾਜ਼ੇ ਬੰਦ ਕਰ ਦਿੱਤੇ ਰੁਕਾਵਟਾਂ ਪੈਦਾ ਕਰ ਦਿੱਤੀਆਂ ਤੇ ਕਰਫੀਓ ਲਾ ਦਿੱਤਾ ਮੇਰੇ ਦਿਲ ਨੇ ਇਕ ਬੰਦ ਗਲੀ ਦਾ ਰੂਪ ਧਾਰਨ ਕਰ ਲਿਆ ਮੇਰੇ ਅੰਗ ਪੱਥਰ ਹੋ ਗਏ ਤੇ ਗੁਲਾਬੀ ਫੁੱਲ ਉੱਗ ਪਏ ਕੀ ਇੰਝ ਵੀ ਉੱਗਦੇ ਨੇ ਗੁਲਾਬੀ ਫੁੱਲ? (ਅਨੁਵਾਦ : ਹਰਭਜਨ ਸਿੰਘ ਹੁੰਦਲ)
ਪੁੱਛ- ਪੜਤਾਲ
ਲਿਖੋ, ਕਿ ਮੈਂ ਇਕ ਅਰਬ ਹਾਂ ਮੇਰਾ ਕਾਰਡ ਨੰਬਰ 50,000 ਹੈ ਮੇਰੇ ਅੱਠ ਬੱਚੇ ਹੈਂ ਨੌਵਾਂ ਅਗਲੀ ਗਰਮੀ ਦੀ ਰੁੱਤੇ ਜੰਮਣ ਵਾਲਾ ਹੈ ਨਾਰਾਜ਼ ਤਾਂ ਨਹੀਂ ਹੋ? ਲਿਖੋ ਕਿ ਮੈਂ ਅਰਬ ਹਾਂ ਆਪਣੇ ਸਾਥੀਆਂ ਨਾਲ ਪੱਥਰ ਤੋੜਦਾ ਹਾਂ ਪੱਥਰ ਨੂੰ ਨਿਚੋੜ ਦਿੰਦਾ ਹਾਂ ਰੋਟੀ ਦੇ ਇਕ ਟੁਕੜੇ ਵਾਸਤੇ ਆਪਣੇ, ਅੱਠ ਬੱਚਿਆਂ ਵਾਸਤੇ ਪਰ ਮੈਂ ਭੀਖ ਨਹੀਂ ਮੰਗਦਾ ਨੱਕ ਨਹੀਂ ਰਗੜਦਾ ਨਾਰਾਜ਼ ਤਾਂ ਨਹੀਂ ਹੋ? ਲਿਖੋ ਕਿ ਮੈਂ ਇਕ ਅਰਬ ਹਾਂ ਸਿਰਫ਼ ਇਕ ਨਾਮ ਬਗੈਰ ਕਿਸੇ ਅਧਿਕਾਰ ਦੇ ਇਸ ਨਸ਼ੱਈ ਧਰਤੀ ਉੱਤੇ ਅਟੱਲ ਮੇਰੀਆਂ ਜੜ੍ਹਾਂ ਡੂੰਘੀਆਂ ਹਨ ਯੁਗਾਂ ਤੀਕ ਮੈਂ ਹਲ ਚਲਾਉਣ ਵਾਲੇ ਕਿਸਾਨ ਦਾ ਪੁੱਤਰ ਹਾਂ ਘਾਹ-ਫੂਸ ਦੀ ਝੁੱਗੀ ਵਿਚ ਰਹਿੰਦਾ ਹਾਂ ਮੇਰੇ ਵਾਲ ਗੂੜ੍ਹੇ ਕਾਲੇ ਹਨ ਅੱਖਾਂ ਭੂਰੀਆਂ ਮੱਥੇ ਉੱਤੇ ਅਰਬੀ ਪਗੜੀ ਬੰਨ੍ਹਦਾ ਹਾਂ। ਹਥੇਲੀਆਂ ਪਾਟੀਆਂ ਹੋਈਆਂ ਹਨ ਤੇਲ ਤੇ ਜਵਾਇਣ ਨਾਲ ਨਹਾਉਣਾ ਪਸੰਦ ਕਰਦਾ ਹਾਂ ਸਭ ਤੋਂ ਊੱਤੇ ਲਿਖੇ ਮੈਨੂੰ ਕਿਸੇ ਨਾਲ ਨਫ਼ਰਤ ਨਹੀਂ ਹੈ ਮੈਂ ਕਿਸੇ ਨੂੰ ਲੁੱਟਦਾ ਨਹੀਂ ਹਾਂ ਪਰ ਜਦ ਭੁੱਖਾ ਹੁੰਦਾ ਹਾਂ ਤਾਂ ਆਪਣੇ ਲੁੱਟਣ ਵਾਲਿਆਂ ਨੂੰ ਨੋਚ ਕੇ ਖਾ ਜਾਂਦਾ ਹਾਂ। ਖ਼ਬਰਦਾਰ! ਮੇਰੀ ਭੁੱਖ ਤੋਂ ਖ਼ਬਰਦਾਰ! ਮੇਰੇ ਕਰੋਧ ਤੋਂ ਖ਼ਬਰਦਾਰ। (ਅਨੁਵਾਦ : ਹਰਭਜਨ ਸਿੰਘ ਹੁੰਦਲ)
ਬਾਬਾ! ਮੈਂ ਯੂਸਫ਼ ਹਾਂ
ਬਾਬਾ ਮੈਂ ਯੂਸਫ ਹਾਂ ਮੇਰੇ ਭਰਾ ਮੈਨੂੰ ਪਿਆਰ ਨਹੀਂ ਕਰਦੇ ਬਾਬਾ ਤੇ ਮੈਨੂੰ ਆਪਣੇ ਨਾਲ ਨਹੀਂ ਰੱਖਦੇ। ਉਹ ਮੇਰਾ ਅਪਮਾਨ ਕਰਦੇ ਨੇ ਮੈਨੂੰ ਪੱਥਰ ਮਾਰਦੇ ਹਨ ਤੇ ਗਾਲ੍ਹਾਂ ਕੱਢਦੇ ਹਨ। ਉਹ ਮੇਰੀ ਮੌਤ ਮੰਗਦੇ ਨੇ ਤਾਂ ਕਿ ਮੇਰਾ ਬਖਾਨ ਕਰ ਸਕੇ ਉਹ ਘਰ ਦਾ ਬੂਹਾ ਬੰਦ ਕਰ ਦਿੰਦੇ ਹਨ ਤੇ ਮੈਨੂੰ ਬਾਹਰ ਕੱਢ ਦਿੰਦੇ ਹਨ ਉਹ ਮੈਨੂੰ ਖੇਤਾਂ ਵੱਲ ਭਜਾਉਂਦੇ ਹਨ। ਬਾਬਾ! ਉਹਨਾਂ ਨੇ ਮੇਰੇ ਅੰਗੂਰਾਂ ਵਿਚ ਜ਼ਹਿਰ ਮਿਲਾ ਦਿੱਤਾ ਹੈ ਉਹਨਾਂ ਨੇ ਮੇਰੇ ਖਿਡੌਣੇ ਤੋੜ ਦਿੱਤੇ ਹੁਣ ਨਿੰਮ੍ਹੀ ਨਿੰਮ੍ਹੀ ਵਗਦੀ ਹਵਾ ਹੈ ਮੇਰੇ ਵਾਲਾਂ ਨਾਲ ਖੇਡਦੀ ਹੈ ਤਾਂ ਉਹ ਸੜ-ਬਲ ਜਾਂਦੇ ਹਨ। ਬਾਬਾ! ਮੈਂ ਉਹਨਾਂ ਦਾ ਕੀ ਵਿਗਾੜਿਆ ਹੈ? ਤਿਤਲੀਆਂ ਮੇਰੇ ਮੋਢਿਆਂ ’ਤੇ ਬੈਠਦੀਆਂ ਹਨ ਚਿੜੀਆਂ ਮੇਰੇ ਹੱਥਾਂ ਉੱਤੇ ਖੇਡਦੀਆਂ ਹਨ ਬਾਬਾ! ਮੈਂ ਅਜਿਹਾ ਕਿਹੜਾ ਕੰਮ ਕੀਤਾ ਹੈ? ਕਿ ਉਹ ਮੇਰੇ ਪਿੱਛੇ ਪੈ ਗਏ ਹਨ ਤੁਸਾਂ ਮੇਰਾ ਨਾਂ ਯੂਸਫ਼ ਰੱਖਿਆ ਸੀ ਤੇ ਉਹਨਾਂ ਮੈਨੂੰ ਖੂਹ ਵਿਚ ਧੱਕਾ ਦੇ ਦਿੱਤਾ ਤੇ ਆਖਿਆ : ਕਿ ‘ਬਘਿਆੜਾਂ ਨੇ ਡੇਘਿਆ ਹੈ’’ ਭਰਾਵਾਂ ਨਾਲੋਂ ਤਾਂ ਬਘਿਆੜ ਹੀ ਜ਼ਿਆਦਾ ਦਿਆਲੂ ਹੁੰਦੇ ਨੇ ਬਾਬਾ! ਕੀ ਮੈਂ ਕਿਸੇ ਨਾਲ ਗਲਤ ਕੀਤਾ ਕਦੋਂ ਮੈਂ ਕਿਹਾ ਕਿ ਮੈਂ ਗਿਆਰਾਂ ਸਿਤਾਰੇ ਵੇਖੇ ਨੇ ਤੇ ਸੂਰਜ ਅਤੇ ਚੰਦ ਵੀ ਸਭ ਮੇਰੇ ਸਾਹਮਣੇ ਗੋਡੇ ਟੇਕੇ ਹੋਏ ਬੈਠੇ ਸੀ। (ਅਨੁਵਾਦ : ਹਰਭਜਨ ਸਿੰਘ ਹੁੰਦਲ)
ਗੂੰਜ
ਜੈਤੂਨ ਦੀ ਛਾਂ ਹੇਠ ਗੂੰਜ ਰਿਹਾ ਏ ਜੀਵਨ ਤੇ ਮੈਂ ਲਟਕਿਆਂ ਹਾਂ ਸੂਲੀ ’ਤੇ ਜ਼ੰਜੀਰਾਂ ਨਾਲ਼ ਜਕੜਿਆ ਹੋਇਆ ਜੱਲਾਦ ਖਿੜ-ਖਿੜਾ ਰਹੇ ਨੇ ਹੱਸ ਰਹੇ ਨੇ ਵਹਿਸ਼ੀ ਹਾਸਾ ਆਪਣੇ ਲੰਮੇ-ਟੇਢੇ ਨਹੁੰਆਂ ਨਾਲ਼ ਛਿੱਲ ਰਹੇ ਨੇ ਮੇਰਾ ਬਦਨ ਤੇ ਮੈਂ ਬੇਤਹਾਸ਼ਾ ਚੀਕ ਰਿਹਾਂ ਹਾਂ ਐਲਾਨ ਕਰ ਰਿਹਾਂ ਹਾਂ ਜੀਵਨ ਦਾ ਕਿ ਮੈਂ ਹਾਲੀ ਵੀ ਜੀਵੰਤ ਹਾਂ। ਐ ਅਸਮਾਨ! ਇਹਨਾਂ ਹਿੰਸਕ ਤਖ਼ਤਿਆਂ ’ਤੇ ਹਮਲਾ ਕਰ ਤੂੰ ਬੁਝਾ ਦੇ ਇਹ ਜ਼ਾਲਮ ਅੱਗ ਆਪਣੀ ਪਵਿੱਤਰ ਬੁਛਾੜ ਨਾਲ਼ ਬਦਲ ਦੇ ਇਸ ਧੂੰਏਂ ਵਿੱਚ ਇਸ ਨੂੰ ਨਾ-ਦਿਸਣ ਵਾਲ਼ਾ ਕਰ ਦੇ। ਤੇ ਫਿਰ ਮੈਂ ਇਸ ਧਰਤੀ ਦਾ ਪੁੱਤਰ ਉਤਰਾਂਗਾ ਇਸ ਸੂਲੀ ਤੋਂ ਤੇ ਵਾਪਸ ਪਰਤਾਂਗਾ ਆਪਣੀ ਮਾਂ ਧਰਤੀ ’ਤੇ ਚੱਲਦਾ ਹੋਇਆ ਨੰਗੇ ਪੈਰੀਂ। (ਅਨੁਵਾਦ : ਹਰਭਜਨ ਸਿੰਘ ਹੁੰਦਲ)
ਪ੍ਰਤੀਕਰਮ
ਪਿਆਰੀ ਮਾਤ ਭੂਮੀ ਉਹਨਾਂ ਮੈਨੂੰ ਹਨੇਰ-ਕੋਠੜੀ ਵਿੱਚ ਡੱਕ ਦਿੱਤਾ ਮੇਰਾ ਦਿਲ ਸੂਰਜੀ ਮਸ਼ਾਲਾਂ ਵਾਂਗ ਜਗਮਗਾਉਂਦਾ ਸੀ ਉਹਨਾਂ ਮੇਰਾ ਨੰਬਰ ਕੰਧਾਂ ’ਤੇ ਲਿਖ ਦਿੱਤਾ ਕੰਧਾਂ ਹਰੀਆਂ ਚਰਾਂਦਾ ਜਾਪਣ ਲੱਗੀਆਂ ਉਹਨਾਂ ਕਾਤਲ ਦਾ ਚਿਹਰਾ ਉੱਕਰਿਆ ਚਿਹਰਾ ਤੁਰੰਤ ਚਮਕਦੀਆਂ ਮੀਢੀਆਂ ਵਿੱਚ ਵਟ ਗਿਆ ਮੈਂ ਦੰਦਾਂ ਨਾਲ਼ ਤੇਰਾ ਨਕਸ਼ਾ ਕੰਧਾਂ ’ਤੇ ਵਾਹਿਆ ਤੇ ਉੱਡਦੀ ਜਾਂਦੀ ਰਾਤ ਦਾ ਗੀਤ ਲਿਖਿਆ ਮੈਂ ਹਾਰ ਨੂੰ ਗੁੰਮਨਾਮੀ ਵਿੱਚ ਸੁੱਟ ਦਿੱਤਾ ਤੇ ਆਪਣੇ ਹੱਥਾਂ ਨੂੰ ਚਾਨਣ ਦੀਆਂ ਕਿਰਨਾਂ ਨਾਲ਼ ਭਰ ਲਿਆ ਉਹਨਾਂ ਕੁੱਝ ਵੀ ਨਹੀਂ ਜਿੱਤਿਆ ਕੱਖ ਵੀ ਨਹੀਂ, ਉਨਾਂ ਸਿਰਫ਼ ਭੂਚਾਲਾਂ ਨੂੰ ਰੋਹ ਚਾੜਿਆ ਹੈ। (ਅਨੁਵਾਦ : ਹਰਭਜਨ ਸਿੰਘ ਹੁੰਦਲ)
ਨੌਜੁਆਨ ਕਵੀ ਲਈ
ਸਾਡੀਆਂ ਬਣਾਈਆਂ ਧਾਰਨਾਵਾਂ ’ਤੇ ਯਕੀਨ ਨਾ ਕਰੋ ਉਹਨਾਂ ਨੂੰ ਭੁੱਲ ਜਾਓ ਤੇ ਸ਼ੁਰੂਆਤ ਕਰੋ ਆਪਣੇ ਸ਼ਬਦਾਂ ਤੋਂ ਇਸ ਤਰਾਂ ਜਿਵੇਂ ਕਿ ਤੁਸੀ ਕਵਿਤਾ ਲਿਖਣ ਵਾਲੇ ਪਹਿਲੇ ਹੋ ਜਾਂ ਫਿਰ ਆਖ਼ਰੀ ਕਵੀ ਅਗਰ ਤੁਸੀਂ ਪੜੋ, ਤਾਂ ਸਾਨੂੰ ਵਿਸਥਾਰ ਦੇਣ ਦੀ ਬਜਾਏ ਆਪਣੀ ਵੇਦਨਾ ਦੀ ਕਿਤਾਬ ਵਿਚ ਸਾਡੀਆਂ ਗਲਤੀਆਂ ਨੂੰ ਠੀਕ ਕਰਨਾ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿ, “ਮੈਂ ਕੌਣ ਹਾਂ” ਤੁਸੀਂ ਆਪਣੀ ਮਾਂ ਨੂੰ ਜਾਣਦੇ ਹੋ ਤੇ ਆਪਣੇ ਸਿਰਜਕ ਆਪ ਬਣੋ ਸੱਚ ਚਿੱਟਾ ਹੁੰਦਾ ਹੈ ਉਸ ਉਪਰ ਲਿਖੋ, ਕਾਂ ਵਰਗੀ ਕਾਲੀ ਸਿਆਹੀ ਨਾਲ ਸੱਚ ਕਾਲਾ ਹੁੰਦਾ ਹੈ ਉਸ ਉਪਰ ਲਿਖੋ, ਤ੍ਰਿਸ਼ਨਾ ਦੇ ਚਮਕਦੇ ਪ੍ਰਕਾਸ਼ ਨਾਲ ਅਗਰ ਤੁਸੀਂ ਬਾਜ਼ ਨਾਲ ਮੁਕਾਬਲਾ ਕਰਨਾ ਹੈ ਤਾਂ ਬਾਜ਼ ਨਾਲ ਉੱਚਾ ਉੜੋ ਵੀ ਤੁਸੀਂ ਕਿਸੇ ਔਰਤ ਦੇ ਪਿਆਰ ਵਿਚ ਪੈਂਦੇ ਹੋ ਤਾਂ ਆਪਣਾ ਆਪ ਬਣਾਈ ਰੱਖਣਾ ਉਹ ਨਾ ਬਣ ਜਾਓ, ਜੋ ਤੁਹਾਡਾ ਅੰਤ ਚਹੁੰਦਾ ਹੈ ਅਸੀਂ ਜਿੰਨ੍ਹਾ ਸੋਚਦੇ ਹਾਂ ਜ਼ਿੰਦਗੀ ਉਸ ਤੋਂ ਘੱਟ ਜੀਵੰਤ ਹੈ ਪਰ ਇਸ ਬਾਰੇ ਅਸੀਂ ਜਿਆਦਾ ਨਹੀਂ ਸੋਚਦੇ, ਕਿਤੇ ਅਜਿਹਾ ਨਾ ਹੋਵੇ, ਕਿ ਅਸੀਂ ਆਪਣੀਆਂ ਭਾਵਨਾਵਾਂ ਨੂੰ ਆਪ ਠੇਸ ਪਹੁੰਚਾ ਲਈਏ ਅਗਰ ਤੁਸੀ ਸਿਰਫ਼ ਗੁਲਾਬ ਬਾਰੇ ਸੋਚੋਗੇ ਤਾਂ ਤੂਫ਼ਾਨ ਵਿਚ ਹਰਕਤ ਨਹੀਂ ਲੈ ਸਕੋਗੇ ਤੁਸੀਂ ਬਿਲਕੁਲ ਮੇਰੇ ਵਰਗੇ ਹੋ, ਪਰ ਮੇਰੇ ਰਸਤੇ ਸਾਫ਼ ਹਨ ਤੁਹਾਡੇ ਕੋਲ ਸੜਕਾਂ ਹਨ ਜਿਨ੍ਹਾਂ ਦੇ ਰਹੱਸ, ਉਤਾਰ-ਚੜਾਅ ਕਦੇ ਵੀ ਖ਼ਤਮ ਨਹੀਂ ਹੁੰਦੇ ਇਹ ਹੋ ਸਕਦਾ ਹੈ ਕਿ ਜਵਾਨੀ ਦੇ ਅੰਤ ’ਚ ਤੁਸੀਂ ਇਸਨੂੰ ਪ੍ਰਤਿਭਾ ਦੀ ਪ੍ਰਪੱਕਤਾ ਜਾਂ ਗਿਆਨ ਕਹੋ ਬਿਨਾਂ ਸ਼ੱਕ, ਇਹ ਗਿਆਨ ਤਾਂ ਹੈ, ਪਰ ਆਪਣੀ ਧੁੰਨ ਦਾ ਗਿਆਨ ਹੱਥ ਵਿਚ ਫੜ੍ਹੇ ਹਜ਼ਾਰ ਪੰਛੀ ਉਸ ਇਕ ਪੰਛੀ ਦੀ ਬਰਾਬਰਤਾ ਨਹੀਂ ਕਰ ਪਾਉਂਦੇ ਜਿਸਨੇਂ ਰੁੱਖ ਨੂੰ ਪਹਿਨ ਲਿਆ ਹੈ ਬੁਰੇ ਵਕਤ ਵਿਚ ਕਵਿਤਾ ਕਬਰਸਤਾਨ ਵਿਚ ਖਿੜਿਆ ਫੁੱਲ ਵੀ ਹੁੰਦੀ ਹੈ ਮਿਸਾਲਾਂ ਪ੍ਰਾਪਤ ਕਰਨਾ ਸੌਖਾ ਨਹੀਂ ਕਿਸੇ ਗੂੰਜ਼ ਪਿਛਲਾ ਦਾਇਰਾ ਹੋਣ ਦੀ ਬਜਾਏ ਉਹ ਬਣੋ ਜੋ ਤੁਸੀਂ ਅਸਲ ’ਚ ਹੋ, ਜਨੂੰਨ ਦੀ ਮਿਆਦ ਹੁੰਦੀ ਹੈ ਸੋ ਆਪਣੇ ਆਪ ਲਈ, ਆਪਣੇ ਰਸਤੇ ਉਪਰ ਪਹੁੰਚਣ ਤੋਂ ਪਹਿਲਾਂ ਖ਼ੁਦ ਨੂੰ ਗੂੜੇ ਅਹਿਸਾਸ ਨਾਲ ਭਰ ਲਓ ਆਪਣੇ ਪ੍ਰੇਮੀ/ਪ੍ਰੇਮਿਕਾ ਨੂੰ ਇਹ ਨਾ ਕਹੋ ਕਿ, ‘ਤੂੰ ਮੈਂ ਹਾਂ’ , ‘ਮੈਂ ਤੂੰ ਹਾਂ’ ਬਲਕਿ ਇਸਦੇ ਬਿਲਕੁਲ ਉਲਟ ਕਹੋ ਕਿ ਅਸੀਂ ਇਸ ਭਾਰੇ, ਭਗੌੜੇ ਬੱਦਲ ਉੱਪਰ ਦੋ ਮਹਿਮਾਨ ਹਾਂ. ਆਪਣੀ ਤਾਕਤ ਨਾਲ ਵਿਛੜ ਜਾਓ ਆਪਣੇ ਤਖ਼ਤ ਤੋਂ ਭਟਕ ਜਾਓ ਆਪਣੇ ਬੋਲੇ ਜਾ ਰਹੇ ਇਕ ਸ਼ਬਦ ਵਿਚ ਦੋ ਸਿਤਾਰੇ ਨਾ ਰੱਖੋ ਸਗੋਂ ‘ਅਤਿ ਜਰੂਰੀ’ ਦੇ ਅੱਗੇ ਖ਼ਾਲੀ ਥਾਂ ਛੱਡਦੇ ਰਹੋ ਤਾਂ ਜੋ ਇਸਦੇ ਮਹਾਂ-ਆਨੰਦ ਤੱਕ ਪਹੁੰਚਿਆ ਜਾ ਸਕੇ ਸਾਡੀਆਂ ਹਦਾਇਤਾਂ ਆਖ਼ਰੀ ਨਹੀਂ ਹਨ ਕਾਫ਼ਿਲੇ ਦੀਆਂ ਪੈੜਾਂ ਦੀ ਨਿਸ਼ਾਨਦੇਹੀ ਕਰੋ ਨੈਤਿਕਤਾ, ਕਵੀ ਦੇ ਦਿੱਲ ’ਚ ਖੁੱਭੀ ਮਾਰੂ ਸਿਆਣਪ ਹੈ. ਬਿਲਕੁਲ ਇਕ ਗੋਲੀ ਵਾਂਗ ਤਾਕਤਵਰ ਬਣੋ, ਬਲਦ ਵਾਂਗ ਗੁੱਸੇ ਹੋਵੋ ਕਮਜ਼ੋਰ, ਬਦਾਮ ਦੇ ਫੁੱਲ ਦੀ ਤਰਾਂ ਜਦੋਂ ਤੁਸੀਂ ਪਿਆਰ ਕਰਦੇ ਹੋ, ਹੋਰ ਕੁੱਝ ਨਹੀਂ ਕਰਦੇ ਕੁੱਝ ਨਾ ਕਰੋ, ਜਦੋਂ ਤੁਸੀਂ ਆਪਣੇ ਆਪ ਨਾਲ ਬੰਦ ਕਮਰੇ ਵਿਚ ਸਮਾਂ ਬਿਤਾਉਂਦੇ ਹੋ ਸੜਕ: ਇਕ ਪੁਰਾਣੇ ਕਵੀ ਦੀ ਰਾਤ ਜਿੰਨੀ ਲੰਮੀ ਹੈ ਮੈਦਾਨ ਅਤੇ ਪਹਾੜੀਆਂ, ਨਦੀਆਂ ਅਤੇ ਵਾਦੀਆਂ ਹਨ ਮਗਰ ਚਾਹੇ ਫੁੱਲ ਆਉਣ ਜਾਂ ਫੰਦੇ ਤੁਸੀਂ ਆਪਣੇ ਸੁਫ਼ਨਿਆਂ ਦੇ ਅਨੁਸਾਰ ਚੱਲਣਾ ਮੈਂ ਤੁਹਾਡੇ ਇਰਾਦਿਆਂ ਲਈ ਨਹੀਂ ਤੁਹਾਡੇ ਲਈ ਚਿੰਤਤ ਹਾਂ, ਉਹਨਾਂ ਲੋਕਾਂ ਤੋਂ ਜੋ ਆਪਣੇ ਬੱਚਿਆਂ ਦੀਆਂ ਕਬਰਾਂ ਉਪਰ ਨੱਚਦੇ ਹਨ ਚਿੰਤਤ ਹਾਂ, ਗਾਇਕ ਦੀ ਧੁੰਨੀ ਵਿਚ ਲੱਗੇ ਲੁਕਵੇਂ ਕੈਮਰੇ ਤੋਂ ਜਿਸ ਵਿਚ ਮੇਰਾ ਪ੍ਰਤੀਬਿੰਬ ਦਿਖਾਈ ਨਹੀਂ ਦਿੰਦਾ ਉਹ ਜਿਆਦਾ ਸੋਹਣਾ ਹੈ ਮੈਂ ਨਿਰਾਸ਼ ਨਹੀਂ ਹੋਵਾਂਗਾ ਅਗਰ ਤੁਸੀਂ ਮੇਰੇ ਤੋਂ ਜਾਂ ਹੋਰਨਾਂ ਤੋਂ ਵੀ ਦੂਰੀ ਬਣਾ ਕੇ ਰੱਖੋਗੇ. ਹੁਣ ਤੋਂ, ਅਣਗੌਲਿਆ ਭਵਿੱਖ ਹੀ ਤੁਹਾਡਾ ਰਾਹਦਸੇਰਾ ਹੈ ਇਹ ਬਿਲਕੁਲ ਨਾ ਸੋਚੋ, ਜਦੋਂ ਤੁਸੀ ਦੁੱਖ ਵਿਚ ਮੋਮਬੱਤੀ ਦੇ ਹੰਝੂ ਦੀ ਤਰਾਂ ਪਿਘਲੋਗੇ ਤਾਂ ਤੁਹਾਨੂੰ ਕੌਣ ਦੇਖੇਗਾ ਜਾਂ ਕੌਣ ਤੁਹਾਡੇ ਅਹਿਸਾਸ ਨੂੰ ਸਮਝੇਗਾ ਸਗੋਂ ਆਪਣੇ ਬਾਰੇ ਸੋਚੋ: ਕੀ ਮੈਂ ਇੰਨਾ ਕੁ ਹੀ ਹਾਂ? ਕਵਿਤਾ ਹਮੇਸ਼ਾ ਅਧੂਰੀ ਹੁੰਦੀ ਹੈ, ਤਿਤਲੀਆਂ ਇਸਨੂੰ ਪੂਰਾ ਕਰਦੀਆਂ ਹਨ. ਪਿਆਰ ਵਿਚ ਕੋਈ ਸਲਾਹ ਨਹੀਂ. ਇਹ ਤਜ਼ੁਰਬਾ ਹੈ ਕਵਿਤਾ ਵਿਚ ਕੋਈ ਸਲਾਹ ਨਹੀਂ. ਇਹ ਪ੍ਰਤਿਭਾ ਹੈ. ਫਿਰ ਮਿਲਾਂਗੇ, ਸਲਾਮ. (ਅਨੁਵਾਦ : ਸ਼ਿਵਦੀਪ)
ਇਕ ਦਿਨ
ਇਕ ਦਿਨ ਜੰਗ ਖਤਮ ਹੋ ਜਾਵੇਗਾ ਹੱਥ ਮਿਲਾਉਣਗੇ ਨੇਤਾ ਤੇ ਇਕ ਬੁੱਢੀ ਮਾਂ ਨੂੰ ਸ਼ਹੀਦ ਹੋ ਗਈ ਔਲਾਦ ਦੀ ਉਡੀਕ ਰਹੇਗੀ ਇਕ ਔਰਤ ਕਰੇਗੀ ਉਡੀਕ ਆਪਣੇ ਪਤੀ ਦੇ ਮੁੜ ਆਉਣ ਦੀ ਤੇ ਉਹ ਬੱਚੇ ਉਡੀਕਣਗੇ ਆਪਣੇ ਬਹਾਦਰ ਪਿਓ ਨੂੰ ਮੈਨੂੰ ਨਹੀਂ ਪਤਾ ਮੇਰੇ ਮੁਲਕ ਨੂੰ ਕਿਸ ਨੇ ਵੇਚਿਆ ਪਰ ਮੈਂ ਵੇਖਿਆ ਹੈ ਇਹਦੀ ਕੀਮਤ ਕਿਸ ਨੇ ਚੁਕਾਈ ਹੈ। (ਅਨੁਵਾਦ : ਪ੍ਰਦੀਪ ਸਿੰਘ -ਹਿਸਾਰ)
ਸੋਗ ਗੀਤ
ਸਾਡੇ ਦੇਸ਼ ਵਿਚ ਲੋਕ ਦੁੱਖਾਂ ਦੀ ਕਹਾਣੀ ਸੁਣਾਉਂਦੇ ਨੇ ਮੇਰੇ ਮਿੱਤਰ ਦੀ ਜੋ ਚਲਾ ਗਿਆ ਤੇ ਫਿਰ ਨਹੀਂ ਪਰਤਿਆ । ਉਸ ਦਾ ਨਾਂ ....... ਨਹੀਂ, ਉਸਦਾ ਨਾਮ ਮੱਤ ਲਵੋ ਉਸ ਨੂੰ ਸਾਡੇ ਦਿਲਾਂ ਵਿਚ ਹੀ ਰਹਿਣ ਦਿਓ ਰਾਖ਼ ਦੀ ਤਰ੍ਹਾਂ, ਹਵਾ ਉਸਨੂੰ ਖਿੰਡਾ ਨਾ ਦੇਵੇ ਉਸਨੂੰ ਸਾਡੇ ਦਿਲਾਂ ਵਿਚ ਹੀ ਰਹਿਣ ਦਿਓ ਇਹ ਇੱਕ ਐਸਾ ਜ਼ਖ਼ਮ ਹੈ ਜੋ ਕਦੇ ਭਰ ਨਹੀਂ ਸਕਦਾ । ਮੇਰੇ ਪਿਆਰੇ! ਮੇਰੇ ਪਿਆਰੇ ਯਤੀਮੋ ਮੈਨੂੰ ਚਿੰਤਾ ਹੈ ਕਿ ਕਿਤੇ ਉਸਦਾ ਨਾਮ ਅਸੀਂ ਭੁੱਲ ਨਾ ਜਾਈਏ ਨਾਵਾਂ ਦੀ ਇਸ ਭੀੜ ਵਿਚ ਮੈਨੂੰ ਭੈਅ ਹੈ ਕਿ ਕਿਤੇ ਅਸੀਂ ਭੁੱਲ ਨਾ ਜਾਈਏ ਸਿਆਲ ਦੀ ਇਸ ਬਰਸਾਤ ਤੇ ਹਨ੍ਹੇਰੀ ਵਿਚ ਸਾਡੇ ਦਿਲ ਦੇ ਜ਼ਖ਼ਮ ਕਿਤੇ ਸੌਂ ਨਾ ਜਾਣ ਮੈਨੂੰ ਭੈਅ ਹੈ ਕਿ ਉਸਦੀ ਉਮਰ ....... ਇੱਕ ਕਲੀ ਜਿਸਨੂੰ ਬਰਸਾਤ ਦੀ ਯਾਦ ਤੱਕ ਨਹੀਂ ਚਾਂਦਨੀ ਰਾਤ ਵਿਚ ਕਿਸੇ ਪ੍ਰੇਰਕਾ ਨੂੰ ਪ੍ਰੇਮ ਦਾ ਗੀਤ ਵੀ ਨਹੀਂ ਸੁਣਾਇਆ ਉਸਦੀ ਪ੍ਰੇਮਿਕਾ ਦੀ ਉਡੀਕ ਵਿਚ ਘੜੀ ਦੀਆਂ ਸੂਈਆਂ ਤੀਕ ਵੀ ਨਹੀਂ ਰੁਕੀਆਂ ਅਸਫਲ ਰਹੇ ਉਸਦੇ ਹੱਥ, ਦੀਵਾਰਾਂ ਦੇ ਕੋਲ ਉਹਨਾਂ ਲਈ ਉਸ ਦੀਆਂ ਅੱਖਾਂ ਉਦਾਸ ਇੱਛਾਵਾਂ ਵਿਚ ਕਦੇ ਨਹੀਂ ਡੁੱਬੀਆਂ ਉਸਨੇ ਕਦੇ ਕਿਸੇ ਲੜਕੀ ਨੂੰ ਨਹੀਂ ਚੁੰਮਿਆ ਉਹ ਕਿਸੇ ਲੜਕੀ ਨਾਲ ਨਹੀਂ ਕਰ ਸਕਿਆ ਇਸ਼ਕਬਾਜ਼ੀ । ਆਪਣੀ ਜ਼ਿੰਦਗੀ ਵਿਚ ਸਿਰਫ਼ ਦੋ ਵਾਰ ਹਉਂਕੇ ਭਰੇ ਇੱਕ ਲੜਕੀ ਲਈ ਪਰ ਉਸਨੇ ਕਦੇ ਕੋਈ ਖ਼ਾਸ ਧਿਆਨ ਹੀ ਨਹੀਂ ਦਿੱਤਾ ਉਸ ਉੱਤੇ ਉਹ ਬਹੁਤ ਛੋਟਾ ਸੀ ਉਸਨੇ ਉਸਦਾ ਰਾਹ ਛੱਡ ਦਿੱਤਾ ਜਿਵੇਂ ਆਸ ਦਾ । ਸਾਡੇ ਦੇਸ਼ ਵਿਚ ਲੋਕ ਉਸਦੀ ਕਹਾਣੀ ਸੁਣਾਉਂਦੇ ਨੇ ਜਦੋਂ ਉਹ ਦੂਰ ਚਲਾ ਗਿਆ ਉਸਨੇ ਮਾਂ ਤੋਂ ਵਿਦਾਇਗੀ ਨਹੀਂ ਲਈ ਆਪਣੇ ਦੋਸਤਾਂ ਨੂੰ ਵੀ ਨਹੀਂ ਮਿਲਿਆ ਕਿਸੇ ਨੂੰ ਕੁਝ ਕਹਿ ਕੇ ਨਹੀਂ ਗਿਆ ਇੱਕ ਸ਼ਬਦ ਤੱਕ ਨਹੀਂ ਬੋਲਿਆ ਤਾਂਕਿ ਕੋਈ ਭੈਅ ਭੀਤ ਨਾ ਹੋਵੇ ਤਾਂਕਿ ਉਸਦੀ ਉਡੀਕਵਾਨ ਮਾਂ ਦੀਆਂ ਲੰਮੀਆਂ ਰਾਤਾਂ ਕੁਝ ਸੌਖੀਆਂ ਲੰਘਣ ਜੋ ਅੱਜ ਕੱਲ ਅਸਮਾਨ ਨਾਲ ਗੱਲਾਂ ਕਰਦੀ ਰਹਿੰਦੀ ਹੈ ਅਤੇ ਉਸ ਦੀਆਂ ਚੀਜ਼ਾਂ ਨਾਲ ਉਸਦੇ ਤਕੀਏ ਉਸਦੇ ਸੂਟਕੇਸ ਨਾਲ ਬੇਚੈਨ ਹੋ ਕੇ ਉਹ ਆਖਦੀ ਕਹਿੰਦੀ ਹੈ, ਐ ਰਾਤ! ਐ ਸਿਤਾਰਿਓ! ਐ ਖ਼ੁਦਾ! ਐ ਬੱਦਲ! ਕੀ ਤੂੰ ਮੇਰੀ ਉੱਡਦੀ ਚਿੜੀ ਨੂੰ ਵੇਖਿਆ ਹੈ ਉਸ ਦੀਆਂ ਅੱਖਾਂ ਚਮਕਦੇ ਸਿਤਾਰਿਆਂ ਵਰਗੀਆਂ ਨੇ ਉਸਦੇ ਹੱਥ, ਫੁੱਲਾਂ ਦੀਆਂ ਟਹਿਣੀਆਂ ਵਰਗੇ ਹਨ ਉਸਦੇ ਦਿਲ ਵਿਚ ਚੰਦ ਤੇ ਸਿਤਾਰੇ ਭਰੇ ਹੋਏ ਨੇ ਉਸਦੇ ਵਾਲ ਹਵਾਵਾਂ ਤੇ ਫੁੱਲਾਂ ਦੇ ਝੂਲਣੇ ਹਨ ਕੀ ਤੂੰ ਉਸ ਮੁਸਾਫ਼ਰ ਨੂੰ ਵੇਖਿਆ ਹੈ ਜੋ ਅਜੇ ਸਫ਼ਰ ਲਈ ਤਿਆਰ ਹੀ ਨਹੀਂ ਸੀ ਉਹ ਆਪਣਾ ਖਾਣਾ ਲੈਣ ਤੋਂ ਬਿਨਾਂ ਚਲੇ ਗਿਆ ਕੌਣ ਖਵਾਵੇਗਾ ਉਸਨੂੰ ਜਦੋਂ ਉਸਨੂੰ ਭੁੱਖ ਲੱਗੇਗੀ? ਕੌਣ ਉਸਦਾ ਸਾਥ ਦੇਵੇਗਾ ਰਸਤੇ ਵਿਚ ਬੇਗਾਨਿਆਂ ਤੇ ਖ਼ਤਰਿਆਂ ਵਿਚਕਾਰ ਮੇਰੇ ਲਾਲ! ਮੇਰੇ ਲਾਲ! ਐ ਰਾਤ! ਐ ਸਿਤਾਰਿਓ! ਐ ਹਾਲੀਓ! ਐ ਬੱਦਲੋ! ਕੋਈ ਤਾਂ ਉਸਨੂੰ ਆਖੋ ਸਾਡੇ ਕੋਲ ਕੋਈ ਜਵਾਬ ਨਹੀਂ ਹੈ ਬੜਾ ਵੱਡਾ ਹੈ ਇਹ ਜਖ਼ਮ ਅੱਥਰੂਆਂ ਨਾਲ ਦੁੱਖਾਂ ਨਾਲ ਤਸੀਹਿਆਂ ਨਾਲ ਨਹੀਂ ਬਰਦਾਸ਼ਤ ਕਰ ਸਕੇਂਗੀ ਤੂੰ ਉਹ ਸੱਚਾਈ ਕਿਉਂਕਿ ਤੇਰਾ ਬੱਚਾ ਮਰ ਚੁੱਕਾ ਹੈ ਮਾਂ! ਅਜਿਹੇ ਅੱਥਰੂ ਮੱਤ ਵਗਾ ਕਿਉਂਕਿ ਅੱਥਰੂਆਂ ਦਾ ਇੱਕ ਸੋਮਾ ਹੁੰਦਾ ਹੈ ਉਹਨਾਂ ਨੂੰ ਬਚਾ ਕੇ ਰੱਖ ਸ਼ਾਮ ਲਈ ਜਦ ਸੜਕਾਂ ਉੱਤੇ ਮੌਤ ਹੀ ਮੌਤ ਹੋਵੇਗੀ ਜਦੋਂ ਇਹ ਭਰ ਜਾਣਗੀਆਂ ਤੇਰੇ ਪੁੱਤਰ ਵਰਗੇ ਮੁਸਾਫਰਾਂ ਨਾਲ । ਤੂੰ ਆਪਣੇ ਅੱਥਰੂ ਪੂੰਝ ਲੈ ਤੇ ਨਿਸ਼ਾਨੀ ਵਜੋਂ ਸੰਭਾਲ ਕੇ ਰੱਖ ਕੁਝ ਅੱਥਰੂਆਂ ਨੂੰ ਆਪਣੇ ਪਿਆਰਿਆਂ ਦੇ ਸਿਮ੍ਰਿਤੀ-ਚਿੰਨ ਵਾਂਗੂੰ ਉਹਨਾਂ ਸ਼ਰਨਾਰਥੀਆਂ ਦੇ ਸਿਮ੍ਰਿਤੀ-ਚਿੰਨ ਦੀ ਤਰ੍ਹਾਂ ਜੋ ਪਹਿਲਾਂ ਹੀ ਮਰ ਚੁੱਕੇ ਹਨ ਮਾਂ ਆਪਣੇ ਅੱਥਰੂ ਮਤ ਵਹਾ ਕੁਝ ਅੱਥਰੂ ਬਚਾ ਕੇ ਰੱਖ ਕੱਲ੍ਹ ਲਈ ਸ਼ਾਇਦ ਉਸਦੇ ਪਿਤਾ ਦੇ ਲਈ ਸ਼ਾਇਦ ਉਸਦੇ ਭਾਈ ਲਈ ਸ਼ਾਇਦ ਮੇਰੇ ਲਈ, ਜੋ ਉਸਦਾ ਦੋਸਤ ਹੈ ਅੱਥਰੂਆਂ ਦੀਆਂ ਦੋ ਬੂੰਦਾਂ ਬਚਾ ਕੇ ਰੱਖ ਕੱਲ ਵਾਸਤੇ, ਸਾਡੇ ਵਾਸਤੇ ਸਾਡੇ ਦੇਸ਼ ਵਿਚ ਲੋਕੀਂ ਮੇਰੇ ਦੋਸਤ ਬਾਰੇ ਬਹੁਤ ਗੱਲਾਂ ਕਰਦੇ ਨੇ ਉਂਝ ਉਹ ਗਿਆ ਸੀ ਤੇ ਫਿਰ ਨਹੀਂ ਪਰਤਿਆ ਵੈਸੇ ਉਸ ਨੇ ਆਪਣੀ ਜਵਾਨੀ ਲਾ ਦਿੱਤੀ । ਗੋਲੀਆਂ ਦੀਆਂ ਬੁਛਾੜਾਂ ਨੇ ਉਸਦੇ ਚਿਹਰੇ ਤੇ ਛਾਤੀ ਨੂੰ ਵਿੰਨ ਸੁੱਟਿਆ ਸੀ ਬੱਸ ਹੋਰ ਮੱਤ ਆਖਣਾ ਮੈਂ ਉਸ ਘਾਓ ਨੂੰ ਵੇਖਿਆ ਹੈ ਮੈਂ ਉਸਦਾ ਅਸਰ ਵੇਖਿਆ ਹੈ ਕਿੰਨਾ ਵੱਡਾ ਸੀ ਉਹ ਘਾਓ ਮੈਂ ਆਪਣੇ ਦੂਸਰੇ ਬੱਚਿਆਂ ਬਾਰੇ ਸੋਚ ਰਿਹਾ ਹਾਂ ਤੇ ਹਰ ਉਸ ਔਰਤ ਬਾਰੇ ਜੋ ਬੱਚਾ-ਗੱਡੀ ਲਈ ਚੱਲ ਰਹੀ ਹੈ । ਦੋਸਤੋ ਇਹ ਮੱਤ ਪੁੱਛੋ ਉਹ ਕਦੋਂ ਆਵੇਗਾ ਬਸ ਇਹੋ ਪੁੱਛੋ ਕਿ ਲੋਕ ਕਦੋਂ ਉੱਠਣਗੇ ।