Nooran : Shiv Kumar Batalvi
ਨੂਰਾਂ : ਸ਼ਿਵ ਕੁਮਾਰ ਬਟਾਲਵੀ
ਰੋਜ਼ ਉਹ ਉਸ ਕਬਰ 'ਤੇ ਆਇਆ ਕਰੇ ।
ਬਾਲ ਕੇ ਦੀਵਾ ਮੁੜ ਜਾਇਆ ਕਰੇ ।
ਨੂਰਾਂ ਉਸ ਦਾ ਨਾਂ ਪਰ ਦਿਲ ਦੀ ਸਿਆਹ,
ਸਿਆਹ ਹੀ ਬੁਰਕਾ ਰੇਸ਼ਮੀ ਪਾਇਆ ਕਰੇ ।
ਆਖਦੇ ਨੇ ਵਿਚ ਜਵਾਨੀ ਗਿਰਝ ਉਹ,
ਨਿੱਤ ਨਵਾਂ ਦਿਲ ਮਾਰ ਕੇ ਖਾਇਆ ਕਰੇ ।
ਕੱਟਦੀ ਇਕ ਰਾਤ ਉਹ ਜਿਸ ਆਲ੍ਹਣੇ,
ਉਮਰ ਭਰ ਪੰਛੀ ਉਹ ਕੁਰਲਾਇਆ ਕਰੇ ।
ਭੂਰੇ ਭੂਰੇ ਕੇਸ ਤੇ ਮੁਖੜੇ ਦਾ ਤਿਲ,
ਸਾਰੀ ਬਸਤੀ ਵੇਖ ਲਲਚਾਇਆ ਕਰੇ ।
ਬਦਲ ਜਾਂਦਾ ਰੁਖ ਹਵਾਵਾਂ ਦਾ ਤਦੋਂ,
ਹੇਕ ਲੰਮੀ ਲਾ ਕੇ ਜਦ ਗਾਇਆ ਕਰੇ ।
ਸੜ ਕੇ ਰਹਿ ਜਾਇਆ ਕਰੇ ਦੰਦਾਸੜਾ,
ਨਾਲ ਹੋਠਾਂ ਦੇ ਜਦੋਂ ਲਾਇਆ ਕਰੇ ।
ਧੁਖਣ ਲੱਗ ਜਾਇਆ ਕਰਨ ਕਲੀਆਂ ਦੇ ਦਿਲ,
ਸ਼ਰਬਤੀ ਜਦ ਨੈਣ ਮਟਕਾਇਆ ਕਰੇ ।
ਆਖਦੇ ਨੇ ਨੌਜਵਾਂ ਇਕ ਮਨਚਲਾ,
ਪਿਆਰ ਪਾ ਕੇ ਦੇ ਗਿਆ ਉਸ ਨੂੰ ਦਗ਼ਾ ।
ਜੋਕ ਬਣ ਕੇ ਪੀ ਗਿਆ ਉਸ ਦਾ ਲਹੂ,
ਚੂਪ ਲੀਤਾ ਮਰਮਰੀ ਅੰਗਾਂ 'ਚੋਂ ਤਾ ।
ਜ਼ਖ਼ਮੀ ਕਰਕੇ ਸੁੱਟ ਗਿਆ ਨੈਣਾਂ ਦੀ ਨੀਂਦ,
ਡੋਲ੍ਹ ਕੇ ਕਿਤੇ ਟੁਰ ਗਿਆ ਘੋਲੀ ਹਿਨਾ ।
ਚਾਰਦੀ ਸੀ ਰੋਜ਼ ਜਿਸ ਨੂੰ ਦਿਲ ਦਾ ਮਾਸ,
ਸ਼ਿਕਰਾ ਬਣ ਕੇ ਉੱਡ ਗਿਆ ਸੀ ਉਹ ਹੁਮਾ ।
ਯਾਦ ਆ ਜਾਂਦੀ ਜਦੋਂ ਉਸ ਦੀ ਨੁਹਾਰ,
ਆਦਰਾਂ ਵਿਚ ਰੜਕਦਾ ਉਹਦੇ ਸਰਕੜਾ ।
ਸੋਚਦੀ ਕਿ ਬੇ-ਵਫ਼ਾ ਹੈ ਆਦਮੀ,
ਬੇ-ਵਫ਼ਾਈ ਹੀ ਤਾਂ ਹੈ ਉਸ ਦਾ ਸ਼ਿਵਾ ।
ਬਣ ਕੇ ਰਹਿਣਾ ਸੀ ਜੇ ਆਦਮ ਦਾ ਗ਼ੁਲਾਮ,
ਜਨਮ ਕਿਉਂ ਲੀਤਾ ਸੀ ਤਾਂ ਮਾਈ ਹੱਵਾ ।
ਠੀਕ ਹੈ ਹਰ ਚੀਜ਼ ਜਦ ਹੈ ਬੇ-ਵਫ਼ਾ,
ਉਸ ਦਾ ਹੱਕ ਸੀ ਉਹ ਵੀ ਹੋ ਜਾਏ ਬੇ-ਵਫ਼ਾ ।
ਦੇ ਕੇ ਹੋਕਾ ਵੇਚਦੀ ਸਸਤੇ ਉਹ ਸਾਹ,
ਫਜ਼ਰ ਦਾ ਤਾਰਾ ਹੈ ਅੱਜ ਤੀਕਣ ਗਵਾਹ ।
ਜਿਸਮ ਉਹਦਾ ਬਰਫ਼ ਨਾਲੋਂ ਵੀ ਸਫ਼ੈਦ,
ਲੇਖ ਉਹਦੇ ਰਾਤ ਨਾਲੋਂ ਵੀ ਸਿਆਹ ।
ਨਿੱਤ ਨਵਾਂ ਪੱਤਣ ਤੇ ਨਵੀਆਂ ਬੇੜੀਆਂ,
ਨਿੱਤ ਨਵੇਂ ਉਹਦੇ ਬਾਦਬਾਂ ਉਹਦੇ ਮਲਾਹ ।
ਰਾਤ ਹਰ ਲੱਭਦੀ ਨਵਾਂ ਤਾਰਾ ਕੋਈ,
ਹਰ ਸੁਬ੍ਹਾ ਲੱਭਦੀ ਨਵੀਂ ਮੰਜ਼ਿਲ ਦੀ ਰਾਹ ।
ਪੀਂਦੀ ਮੋਮੀ ਸੀਨਿਆਂ ਦੀ ਨਿੱਤ ਤ੍ਰੇਲ,
ਚੱਟਦੀ ਹੋਠਾਂ ਤੋਂ ਉਹ ਹਵਸਾਂ ਦੀ ਸਵਾਹ ।
ਬਣ ਨਾ ਸਕੀ ਕੁਰਬਲਾ ਸੀਨੇ ਦੀ ਪੀੜ,
ਹੋ ਨਾ ਸਕੀ ਫੇਰ ਵੀ ਬੰਜਰ ਨਿਗਾਹ ।
ਹੌਕਿਆਂ ਦੀ ਉਹਦੇ ਘਰ ਆਈ ਬਰਾਤ,
ਹੰਝੂਆਂ ਸੰਗ ਹੋ ਗਿਆ ਉਸ ਦਾ ਨਿਕਾਹ ।
ਬਹਿ ਇਕੱਲੀ ਕੱਤਦੀ ਹਿਜਰਾਂ ਦੇ ਸੂਤ,
ਗਾਂਹਦੀ ਰਹਿੰਦੀ ਰਾਤ ਦਿਨ ਯਾਦਾਂ ਦੇ ਗਾਹ ।
ਸੱਦਿਆ ਉਸ ਨਾਮਵਰ ਇਕ ਚਿਤ੍ਰਕਾਰ,
ਯਾਰੜੇ ਦੀ ਓਸ ਨੂੰ ਦੱਸੀ ਨੁਹਾਰ ।
ਚਿਤ੍ਰ ਦੋ ਇਕ ਆਪਣਾ ਇਕ ਯਾਰ ਦਾ,
ਖ਼ੂਨ ਆਪਣੇ ਨਾਲ ਕਰਵਾਏ ਤਿਆਰ ।
ਕਬਰ ਪੁੱਟ ਕੇ ਚਿਤ੍ਰ ਦਫ਼ਨਾਏ ਗਏ,
ਨਾਲ ਦਫ਼ਨਾਏ ਗਏ ਹੰਝੂਆਂ ਦੇ ਹਾਰ ।
ਕਬਰ ਨੇੜੇ ਖੂਹ ਵੀ ਖੁਦਵਾਇਆ ਗਿਆ,
ਚਾਂਦੀ ਦੀ ਅੱਜ ਤੀਕ ਹੈ ਉਸ ਦੀ ਨਿਸਾਰ ।
ਆਖਦੇ ਨੇ ਅੱਜ ਵੀ ਕੋਹ-ਕਾਫ਼ ਤੋਂ,
ਨ੍ਹਾਉਣ ਆਵੇ ਰੋਜ਼ ਇਕ ਪਰੀਆਂ ਦੀ ਡਾਰ ।
ਬਾਲਦੀ ਉਸ ਕਬਰ ਤੇ ਉਹ ਨਿੱਤ ਦੀਆ,
ਰੋਂਦੀ ਰਹਿੰਦੀ ਰਾਤ ਦਿਨ ਜ਼ੁਲਫ਼ਾਂ ਖਿਲਾਰ ।
ਓਸੇ ਰਾਹ ਜੋ ਵੀ ਰਾਹੀ ਲੰਘਦਾ,
ਝੱਲੀਆਂ ਵੱਤ ਪੁੱਛਦੀ ਉਸ ਨੂੰ ਖਲ੍ਹਾਰ ।
ਡਿੱਠਾ ਜੇ ਕਿਤੇ ਮੇਰਾ ਬੋਦਿਆਂ ਵਾਲੜਾ,
ਨੀਲੇ ਨੈਣਾਂ ਵਾਲੜਾ ਕਿਤੇ ਉਹਦਾ ਯਾਰ ?
ਆਖਦੇ ਨੇ ਸਾਲ ਕਈ ਹੁੰਦੇ ਚਲੇ ।
ਓਦਾਂ ਹੀ ਅੱਜ ਤੀਕ ਉਹ ਦੀਵਾ ਬਲੇ ।
ਜਦ ਕਦੇ ਵੀ ਤੇਜ਼ ਵਗਦੀ ਹੈ ਹਵਾ,
ਵਿਚ ਹਵਾਵਾਂ ਮਹਿਕ ਜਿਹੀ ਇਕ ਆ ਰਲੇ ।
ਹਿਚਕੀਆਂ ਦੀ ਅੱਜ ਵੀ ਆਵੇ ਆਵਾਜ਼,
ਕਬਰ ਨੇੜੇ ਜੋ ਕੋਈ ਆਸ਼ਕ ਖਲੇ ।
ਹਰ ਅਮਾਵਸ ਦੀ ਹਨੇਰੀ ਰਾਤ ਨੂੰ,
ਆ ਕੇ ਓਥੇ ਬੈਠਦੇ ਨੇ ਦਿਲ-ਜਲੇ ।
ਲੈ ਕੇ ਉਸ ਦੀਵੇ 'ਚੋਂ ਬੂੰਦ ਇਕ ਤੇਲ ਦੀ,
ਯਾਰ ਦੇ ਹੋਠਾਂ 'ਤੇ ਹਰ ਕੋਈ ਮਲੇ ।
ਰੋਂਦੇ ਲਾ ਕੇ ਢਾਸਣਾ ਉਸ ਕਬਰ ਨਾਲ,
ਹਿਜਰ ਦੀ ਲੂਣੀਂ ਜਿਨ੍ਹਾਂ ਦੇ ਹੱਡ ਗਲੇ ।
ਦੂਰ ਉਸ ਵਾਦੀ 'ਚ ਔਹ ਟਿੱਬਿਆਂ ਤੋਂ ਪਾਰ,
ਨਾਲ ਮੇਰੇ ਜੇ ਕੋਈ ਅੱਜ ਵੀ ਚਲੇ ।
ਲੁੜਛੇ ਪਈ ਅੱਜ ਤੀਕ ਵੀ ਨੂਰਾਂ ਦੀ ਰੂਹ,
ਓਦਾਂ ਹੀ ਅੱਜ ਤੀਕ ਉਹ ਦੀਵਾ ਬਲੇ ।