Nivekali : Sarabjit Kaur P C
ਨਿਵੇਕਲੀ (ਕਾਵਿ ਸੰਗ੍ਰਹਿ) : ਸਰਬਜੀਤ ਕੌਰ ਪੀ ਸੀ
ਸਮਰਪਿਤ
'ਨਿਵੇਕਲੀ' ਮੇਰੀ ਪਹਿਲੀ ਕਿਤਾਬ ਹੈ । ਆਪਣੀ ਇਹ ਕਿਤਾਬ ਨੂੰ ਮੈਂ ਆਪਣੀ
ਮਾਂ ਦਲਬੀਰ ਕੌਰ ਨੂੰ ਸਮਰਪਿਤ ਕਰਦੀ ਹਾਂ । ਕਿਉਕਿ ਮੈਂ ਜਦ ਵੀ ਲਿਖਣ ਬੈਠਦੀ
ਹਾਂ, ਮੈਨੂੰ ਲੱਗਦਾ ਹੈ ਕਿ ਜੇਕਰ ਇਹ ਕਵਿਤਾ ਮੇਰੀ ਮਾਂ ਲਿਖਦੀ ਤਾਂ ਇੰਝ ਹੀ
ਲਿਖਦੀ । ਮੈਂ ਆਪਣੀ ਮਾਂ ਦੀ ਸਖਸ਼ੀਅਤ ਤੋਂ ਬਹੁਤ ਪ੍ਰਭਾਵਿਤ ਹਾਂ, ਸੀ ਅਤੇ
ਰਹਾਂਗੀ । ਮਾਂ ਦੀ ਹਰੇਕ ਗੱਲ ਵਿੱਚ ਨਿਮਰਤਾ ਝਲਕਦੀ ਸੀ । ਮਾਂ ਨਾਨਕ ਸਾਹਿਬ
ਨੂੰ ਹਮੇਸ਼ਾ ਧਿਆਉਂਦੀ ਅਤੇ ਰੱਬ ਦੇ ਭਾਣੇ ਵਿੱਚ ਰਹਿੰਦੀ । ਉਹ ਹਮੇਸ਼ਾ ਕਿਸੇ
ਕੰਮ ਵਿੱਚ ਨੁਕਸਾਨ ਹੋਣ 'ਤੇ ਆਖਿਆ ਕਰਦੀ, 'ਉਹ' ਜਾਣੇ । ਮੈਂ ਸਮਝਦੀ ਸੀ
ਕਿ ਮਾਂ ਲੋਕਾਂ ਤੋਂ ਨਿਵੇਕਲੀ ਹੈ । ਮਾਂ ਦੇ ਪਿਤਾ ਜੀ ਪ੍ਰਫੈਸਰ ਸਨ । ਜਿੰਨ੍ਹਾਂ ਦੀ ਮੌਤ
ਹੋ ਜਾਣ ਕਾਰਨ ਮੇਰੀ ਮਾਂ ਪੜ੍ਹ ਨਹੀ ਸਕੀ । ਜਿਸ ਦਾ ਮਾਂ ਨੂੰ ਬੜਾ ਅਫਸੋਸ ਸੀ ।
ਪਰ ਮੇਰੀ ਮਾਂ ਮੇਰੇ ਵੀਰਾਂ ਤੋਂ ਪੜ੍ਹਨਾ ਸਿੱਖ ਗਈ ਸੀ । ਜੋ ਅੱਖਰ ਜੋੜ ਕੇ ਅਖ਼ਬਾਰ
ਪੜ੍ਹ ਲੈਂਦੀ ਸੀ । ਮਾਂ ਨੇ ਸਾਨੂੰ ਸਿਖਾਇਆ ਕਿ ਕਦੇ ਵੀ ਜ਼ਿੰਦਗੀ ਵਿੱਚ ਹਾਰ ਨਹੀਂ
ਮੰਨਣੀ । ਮੁਸੀਬਤ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ । ਉਹ ਬੁਜ਼ਦਿਲ
ਹੁੰਦੇ ਨੇ, ਜੋ ਹਾਰ ਮੰਨ ਕੇ ਬੈਠ ਜਾਂਦੇ ਹਨ । ਇਸ ਲਈ ਮੈਂ ਇਸ ਕਿਤਾਬ ਦਾ ਨਾਮ
ਨਿਵੇਕਲੀ ਰੱਖਿਆ ਹੈ । ਉਮੀਦ ਕਰਦੀ ਹਾਂ ਕਿ ਮੇਰੀ ਇਸ ਕਿਤਾਬ ਨੂੰ ਆਪ ਜੀ
ਦੇ ਸੁਨੇਹ ਭਰੇ ਹੱਥਾਂ ਦੀ ਛੂਹ ਲੱਗਦਿਆਂ ਹੀ ਚਾਰ ਚੰਨ ਲੱਗ ਜਾਣਗੇ ।
'ਨਿਵੇਕਲੀ ਮਾਂ ਦੀ ਨਿਵੇਕਲੀ ਧੀ',
- ਸਰਬਜੀਤ ਕੌਰ ਪੀ ਸੀ
ਪਿਆਰ ਸਹਿਤ
ਧੀਆਂ ਰਾਣੀਆਂ, ਸੁੱਭਨੀਤ ਕੌਰ, ਨਵਨੀਤ ਕੌਰ, ਪਰਨੀਤ ਕੌਰ ਅਤੇ
ਪੁੱਤਰ ਅਰਸ਼ਦੀਪ ਸਿੰਘ ਸੰਧੂ, ਸੰਧੂ ਅਤੇ ਕੰਗ ਪਰਿਵਾਰ ਦੇ ਨਾਂ ।
"ਮੇਰੀ ਕਮਲੀ''
ਨਿਰਮਲ ਸਿੰਘ ਸੰਧੂ
ਮੁਬਾਰਕਬਾਦ
'ਪੰਜਾਬੀ ਅਦਬ ਕਲਾ ਕੇਂਦਰ' ਮਾਲੇਰਕੋਟਲਾ ਦਾ ਉਪਰਾਲਾ ਰਿਹਾ ਹੈ ਕਿ ਨਵੀਆਂ ਕਲਮਾਂ ਨੂੰ ਸਹਿਯੋਗ ਦੇ ਕੇ ਮੰਜ਼ਿਰੇ-ਆਮ 'ਤੇ ਲੈ ਕੇ ਆਈਏ । ਉਸ ਨਵੀਂ ਕਲਮ ਦਾ ਲੋਕਾਂ ਨਾਲ ਤਾਅਰੁਫ਼ ਕਰਵਾਈਏ ।
ਇਸੇ ਕੜੀ ਵਿੱਚ ਅਸਲੋਂ ਨਵੀਂ ਕਵਿੱਤਰੀ ਸਰਬਜੀਤ ਕੌਰ ਪੀਸੀ ਦੀਆਂ ਰਚਨਾਵਾਂ ਦਾ ਮਜਮੂਆ "ਨਿਵੇਕਲੀ'' ਲੈ ਕੇ ਤੁਹਾਡੇ ਸਨਮੁੱਖ ਹੋਏ ਹਾਂ । ਉਮੀਦ ਹੈ ਪਿਆਰ ਸਤਿਕਾਰ ਦਿਓਗੇ । ਸਰਬਜੀਤ ਪੀਸੀ ਪੰਜਾਬ ਪੁਲਿਸ 'ਚ ਬਤੌਰ ਏ.ਐਸ.ਆਈ. ਸੇਵਾ ਨਿਭਾਅ ਰਹੋ ਹਨ । ਇਸ ਲਈ ਉਹ ਦੂਹਰੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਨ ਹੀ, ਇਹਨਾਂ ਦਾ ਪੁਲਿਸ ਵਿਭਾਗ ਵੀ ਮੁਬਾਰਕਬਾਦ ਦਾ ਹੱਕਦਾਰ ਹੈ ।
ਸਰਬਜੀਤ ਪੀਸੀ ਅਜ਼ਾਦ ਨਜ਼ਮ ਲਿਖਦੀ ਐ । ਇਸ ਦੀ ਸ਼ਾਇਰੀ ਦਾ ਰੰਗ ਨਿਰਾ-ਪੁਰਾ ਆਸ਼ਕੀ-ਮਾਸ਼ੁਕੀ ਦੀ ਸ਼ਾਇਰੀ ਦਾ ਹੀ ਰੰਗ ਨਹੀਂ ਸਗੋਂ ਬਦਲਦੇ ਜ਼ਮਾਨੇ ਦੇ ਬਦਲਦੇ ਤੌਰ ਤਰੀਕੇ, ਬਿਖਰਦੀ ਭਰੋਸੇ-ਯੋਗਤਾ, ਵਫ਼ਾਈਆਂ, ਬੇ- ਵਫ਼ਾਈਆਂ, ਰਿਸ਼ਤਿਆਂ ਦੀ ਟੁੱਟ-ਭੱਜ, ਆਤਮ-ਚਿੰਤਨ, ਸਮਾਜਿਕ ਅਤੇ ਅਧਿਆਤਮਵਾਦ ਦਾ ਰੰਗ ਹੈ । ਆਓ ਅਸੀਂ ਅਪਣੀ ਇਸ ਕਵਿੱਤਰੀ ਦੇ ਐਜਾਜ਼ ਲਈ ਇਸ ਦੀ ਪਜ਼ੀਰਾਈ ਕਰੀਏ ਅਤੇ ਕਲਾਮ ਤੋਂ ਸਰਸ਼ਾਰ ਹੋਈਏ ਤਾਂ ਕਿ ਅੱਗੋਂ ਵੀ ਇਸ ਦੇ ਤਜ਼ਰਬਿਆਂ ਦਾ ਅਰਕ ਜ਼ਮਾਨੇ ਨੂੰ ਦੇ ਸਕੀਏ ।
ਨਵਾਜ਼ਿਸ਼ ਓ ਸ਼ੁਕਰੀਆ ।
ਅਦਬ ਅਹਿਤਰਾਮ ।
- ਜਮੀਲ 'ਅਬਦਾਲੀ'
ਪ੍ਰਬੰਧਕ
'ਪੰਜਾਬੀ ਅਦਬ ਕਲਾ ਕੇਂਦਰ'
ਮਾਲੇਰਕੋਟਲਾ ।
ਸੁਆਗਤ
ਸਰਬਜੀਤ ਕੌਰ ਪੀਸੀ ਮੇਰੇ ਪਸੰਦੀਦਾ ਇਨਸਾਨਾਂ ਵਿੱਚੋਂ ਇੱਕ ਹਨ । ਇਸ ਦਾ ਕਾਰਨ ਹੈ ਸਰਬਜੀਤ ਕੌਰ ਜੀ ਦੀ ਕਵਿਤਾ ਲਿਖਣ ਦਾ ਨਵੇਕਲਾ ਢੰਗ- ਤਰੀਕਾ, ਸਲੀਕਾ ਅਤੇ ਹਾਜ਼ਰ ਜੁਆਬੀ ਸੁਭਾਅ । ਉਹ ਖੁੱਲੀ ਕਵਿਤਾ ਲੇਖਨ ਵਿੱਚ ਆਪਣੇ ਵਿਚਾਰਾਂ ਨੂੰ ਬਾਖੂਬੀ ਬੰਨ੍ਹਣਾ ਜਾਣਦੀ ਹੈ ਅਤੇ ਪਾਠਕਾਂ ਨੂੰ ਵੀ । ਉਸਦੀ ਕਵਿਤਾ ਕੁਦਰਤ ਦੇ ਪ੍ਰੇਮ ਵਿੱਚ ਰੰਗੀ ਹੋਈ ਹੁੰਦੀ ਹੈ । ਉਸ ਦੀ ਕਵਿਤਾ ਦੀਆਂ ਇਹ ਲਾਈਨਾਂ ਕੁਦਰਤ ਪ੍ਰਤੀ ਉਸਦੇ ਪਿਆਰ ਸਤਿਕਾਰ ਨੂੰ ਬਿਆਨ ਕਰਦੀਆਂ ਹਨ - ਜਨਮ ਦੇਣ ਵਾਲੀ ਮਾਂ ਅਤੇ ਪੰਜਾਬੀ ਮਾਂ ਬੋਲੀ ਪ੍ਰਤੀ ਉਸਦਾ ਸੁਨੇਹਾ ਵੀ ਕਵਿਤਾਵਾਂ ਵਿੱਚ ਝਲਕ ਝਲਕ ਪੈਂਦਾ ਨਜ਼ਰ ਆਉਂਦਾ ਹੈ ।
"ਮੇਰੀ ਮਾਂ ਘਰ ਵੱਸਦਾ ਰੱਬ, ਕਿਤੇ ਆ ਕੇ ਵੇਖ ਲਈਂ
ਫਿਰ ਦੱਸੀਂ ਨਜ਼ਾਰੇ ਹੱਜ ਦੇ, ਲੈ ਸ਼ਰਮ ਹਯਾ ਦੀ ਲੱਜ ਓਏ
ਪੈਰੀਂ ਮੱਥਾ ਟੇਕ ਲਈਂ, ਮੇਰੀ ਮਾਂ ਘਰ ਵੱਸਦਾ ਰੱਬ ਓਏ
ਕਿਤੇ ਆ ਕੇ ਵੇਖ ਲਈਂ......''
ਉਹ ਆਪਣੀ ਕਵਿਤਾ ਵਿੱਚ ਜਿੱਥੇ ਫੁੱਲਾਂ ਤੇ ਤਾਰਿਆਂ ਨੂੰ ਪਰੋਂਦੀ ਹੈ:-
"ਮੈਂ ਵਰਜਿਤ ਤੇਰੇ ਬਾਗਾਂ ਵਿੱਚ, ਸੰਗ ਹਵਾ ਨੂੰ ਲੈ ਕੇ ਤੇ
ਸੁੱਕੇ ਪੱਤੇ ਚੁਗਣ ਬਹਾਨੇ, ਫੁੱਲ ਲਗਾਵਣ ਆਈ ਹਾਂ'' ।
ਉਹ ਸੂਰਜ ਤੇ ਚੰਦ ਨੂੰ ਵੀ ਕਦੇ ਮਿੱਠੇ ਮਿੱਠੇ ਉਲਾਮੇ ਦਿੰਦੀ ਅਤੇ ਕਦੇ ਸਲਾਹਾਂ ਕਰਦੀ ਨਜ਼ਰ ਆਉਂਦੀ ਹੈ । ਜਿਸਨੂੰ ਉਸਦੀ ਕਵਿਤਾ ਦੀਆਂ ਇਹ ਲਾਈਨਾਂ ਬਾਖੂਬੀ ਬਿਆਨ ਕਰਦੀਆਂ ਹਨ:-
"ਧੰਨ ਹੈਂ ਤੂੰ, ਧੰਨ ਹੈਂ ਤੂੰ, ਧੰਨ ਸੂਰਜਾ ਵੇ
ਕਿੰਨੀ ਅੱਗ ਤੇਰੇ ਵਿੱਚ ਤੇ ਤੂੰ ਸੜਦਾ ਨਹੀਂ''
ਕਦੇ ਸਮੁੰਦਰ ਨੂੰ ਵੇਖ ਗੱਲਾਂ ਕਰਦੀ ਆਖਦੀ ਹੈ:-
"ਤੈਨੂੰ ਤੱਕ ਮੈਨੂੰ ਇੰਝ ਲੱਗਦਾ
ਜਿੱਦਾਂ ਤੈਨੂੰ ਧਰਤੀ ਤੇ ਔਰਤ ਨੇ ਜਇਆ
ਗੁੱਸਾ ਨਾ ਕਰੀਂ ਤੂੰ ਸਮੁੰਦਰਾ ਪਿਆਰਿਆ
ਮੈਨੂੰ ਲੱਗਦਾ ਤੂੰ, ਉਹਦੇ ਅੱਥਰੂਆਂ ਤੋਂ ਬਣਿਆ''
ਲਾਂਵਾਂ ਦੀਆਂ ਸਿਫਤਾਂ ਕਰਦੀ ਪਤੀ-ਪਤਨੀ ਦੇ ਰਿਸ਼ਤੇ ਦੀ ਕਦਰ ਕਰਨ ਦਾ ਸੁਨੇਹਾ ਦਿੰਦੀ ਲਿਖਦੀ ਹੈ ।
"ਘਰ ਨਹੀਂ ਟੁੱਟਦੇ ਉਹਨਾਂ ਦੇ, ਜਿੰਨਾਂ ਦੀਆਂ ਜੜ੍ਹਾਂ ਪੱਕੀਆਂ ਨੇ
ਲਾਂਵਾਂ 'ਚ ਤਾਕਤ ਬੜੀ ਹੁੰਦੀ ਮੈਂ ਲਾਂਵਾਂ ਲੈ ਰੱਖੀਆਂ ਨੇ''
ਕਵਿਤਾ 'ਤੇ ਗੱਲ ਚੱਲ ਰਹੀ ਹੋਵੇ ਤਾਂ ਉਹ ਮੰਨਦੀ ਹੈ ਕਿ ਕਵਿਤਾ ਧੁਰ ਤੋਂ ਆਉਂਦੀ ਏ,
"ਇੱਕ ਦਿਨ ਦਾ ਦੱਸਾਂ ਵਾਕਿਆ, ਮੇਰੇ ਮਨ ਨੂੰ ਆਈ ਭਾਖਿਆ,
ਕਵਿਤਾ ਲਿਖਤੀ ਤੇ ਜਾਪਿਆ ਕਿ ਕਵਿਤਾ ਧੁਰ ਤੋਂ ਆਉਂਦੀ ਏ.....''
ਕੁਦਰਤ ਪ੍ਰਤੀ ਪ੍ਰੇਮ ਨਾਲ ਨਾਲ ਉਹ ਰਿਸ਼ਤਿਆਂ ਦੀ ਅਪਣੱਤ ਤੇ ਸਾਂਝ ਨੂੰ ਵੀ ਆਪਣੇ ਸ਼ਬਦਾਂ ਰਾਹੀਂ ਕਵਿਤਾ ਵਿੱਚ ਸਜੋਂਦੀ ਹੈ, ਉਹ ਰਿਸ਼ਤਾ ਭਾਵੇਂ ਮਾਂ- ਬਾਬੁਲ, ਭੈਣਾਂ-ਵੀਰਾਂ, ਨਣਦਾਂ- ਭਰਜਾਈਆਂ, ਪੁੱਤਾਂ ਤੇ ਧੀਆਂ ਰਾਣੀਆਂ, ਪਤੀਪਤਨੀ ਜਾਂ ਆਸ਼ਿਕ-ਮਾਸ਼ੂਕ ਦਾ ਕਿਉਂ ਨਾ ਹੋਵੇ । ਹਰ ਰਿਸ਼ਤਾ ਸਰਬਜੀਤ ਦੀ ਕਵਿਤਾ ਦੀ ਬੁੱਕਲ ਵਿੱਚ ਨਿੱਘ ਮਾਣਦਾ ਮਹਿਸੂਸ ਹੁੰਦਾ ਹੈ ।
ਉਸਦੇ ਗੀਤ ਤੇ ਮਿੱਠੀ ਆਵਾਜ਼ ਦਾ ਸੁਮੇਲ ਲਾ-ਜਵਾਬ ਹੈ, ਜਿਵੇਂ ਆਪਣਾ ਲਿਖਿਆ ਜਦੋਂ ਸੁਰ ਨਾਲ ਗਾਉਂਦੀ ਹੈ ਤਾਂ ਸੁਣਨ ਵਾਲੇ ਮੰਤਰ ਮੁਗਧ ਹੋ ਕੇ ਗੀਤ ਦਾ ਅਨੰਦ ਮਾਣਦੇ ਹਨ ।
"ਭੱਠੀ ਨੂੰ ਤਾਉਣ ਵਾਲੀਏ, ਆਖਾਂ ਤੈਨੂੰ ਤਾਈ ਨੀ''
ਡਾਕੀਏ ਨੂੰ ਆਵਾਜ਼ਾਂ ਮਾਰਦੀ ਲਿਖਦੀ ਹੈ:-
"ਖ਼ਤ ਲੈ ਜਾ ਡਾਕੀਆ ਵੇ, ਸੱਜਣਾ ਨੂੰ ਫੜਾ ਦੇਣਾ
ਉਹਨਾਂ ਆਪੇ ਸਮਝ ਲੈਣਾ, ਚੁੱਕ ਹਿਕੜੀ ਲਾ ਲੈਣਾ''
ਜ਼ਖ਼ਮਾਂ ਦੀ ਗੱਲ ਕਰਦੀ ਹੈ:-
"ਮੈਂ ਜ਼ਖ਼ਮਾਂ ਦੀ ਗੱਲ ਕਰਨ ਲੱਗੀ, ਤੁਸੀਂ ਭਰਨੇ ਹੂੰਅ, ਹੁੰਘਾਰੇ ਜੀ''
ਗੁਰਬਾਣੀ ਪ੍ਰਤੀ ਉਸਦਾ ਸਤਿਕਾਰ ਅੰਮਿ੍ਤ ਵੇਲੇ ਦੀ ਸੰਭਾਲ ਉਸਦੇ ਅਧਿਆਤਮਿਕ ਹੋਣ ਦਾ ਪ੍ਰਮਾਣ ਦਿੰਦੀ ਹੈ ।
"ਅੱਜ ਦਾ ਦਿਨ ਸੁਹਣਿਆਂ ਦੇ ਨਾਮ, ਅੱਜ ਮੇਰਾ ਸਿਜਦੇ ਦਾ ਮਨ ਹੈ ।
ਜਿਹੜੇ ਕੁਦਰਤ ਦੇ ਪ੍ਰੇਮੀ ਤੜਕੇ ਵੇਲੇ ਨਿਤਨੇਮ ਕਰਦਾ
ਨਮਸਕਾਰ ਤਨ ਮਨ ਹੈ
ਅੱਜ ਮੇਰਾ ਸਿਜਦੇ ਦਾ ਮਨ ਹੈ''
ਨਾਨਕ ਸਾਹਿਬ ਨੂੰ ਸਮਰਪਿਤ ਉਸਦੀਆਂ ਇਹ ਕਾਵਿ ਸਤਰਾਂ ਵਿੱਚ ਅਨੂਠਾ ਰਸ ਹੈ:-
"ਮੇਰੇ ਬਾਬੇ ਨਾਨਕ ਨੇ, ਸਭ ਕਰਨੇ ਮਾਣਕ ਨੇਂ
ਉਹਦੀ ਰਜ਼ਾ ਨੂੰ ਅਸੀਂ ਮਾਣਦੇ, ਸੀ ਕੀਤੇ ਨਹੀਂ ਅਸੀ
ਹਿਜਰਾਂ ਦੇ ਜ਼ਖ਼ਮੀ ਹਾਂ, ਫੱਟ ਸੀਤੇ ਨਹੀ ਅਸੀਂ
ਤੇਰੇ ਦਿੱਤੇ ਸਭ ਸਾਂਭੇ ਘੱਟ ਕੀਤੇ ਨਹੀਂ ਅਸੀਂ''
ਉਹ ਆਪਣੀ ਪਲੇਠੀ ਪੁਸਤਕ 'ਨਿਵੇਕਲੀ' ਪਾਠਕਾਂ ਦੀ ਕਚਿਹਰੀ ਵਿੱਚ ਲੈ ਕੇ ਹਾਜ਼ਿਰ ਹੋਈ ਹੈ । ਮੈਨੂੰ ਪੂਰੀ ਉਮੀਦ ਹੈ ਕਿ ਪਾਠਕ ਇਸ ਪੁਸਤਕ ਨੂੰ ਪਸੰਦ ਕਰਨਗੇ । ਮੈਂ ਸਰਬਜੀਤ ਕੌਰ ਪੀਸੀ ਜੀ ਦੇ ਸ਼ਬਦਾਂ ਤੇ ਕਵਿਤਾਵਾਂ ਦੀ ਲੰਮੀ ਉਮਰ ਦੀ ਦੁਆ ਕਰਦੀ ਹਾਂ ।
- ਪਰਮ ਪ੍ਰੀਤ ਕੌਰ
ਬਠਿੰਡਾ ।
ਕੁਝ ਸ਼ਬਦ ਲੇਖਿਕਾ ਵੱਲੋਂ
ਸਤਿ ਕਰਤਾਰ,
ਆਪ ਜੀ ਦੇ ਹੱਥਾਂ ਦੀ ਛੋਹ ਪ੍ਰਾਪਤ ਮੇਰੀ ਪਹਿਲੀ ਕਿਤਾਬ 'ਨਿਵੇਕਲੀ' ਜੋ ਮੈਂ ਆਪਣੀ ਮਾਂ ਨੂੰ ਸਮਰਪਿਤ ਕੀਤੀ ਹੈ । ਲਿਖਣ ਦਾ ਸ਼ੌਕ ਤਾਂ ਬਚਪਨ ਤੋਂ ਹੀ ਸੀ । ਪਰ ਲਿਖ ਕੇ ਫਾੜ ਦੇਂਦੀ ਸੀ । ਸਕੂਲ ਦੀ ਬਾਲ ਸਭਾ ਵਿੱਚ ਆਪਣੇ ਲਿਖੇ ਬੋਲੀਆਂ, ਟੱਪੇ ਅਤੇ ਮਿੰਨੀ ਕਹਾਣੀ ਬੜੇ ਚਾਅ ਨਾਲ ਬੋਲਦੀ ਸੀ । ਬਚਪਨ ਵਿੱਚ ਲਿਖਣ ਵਾਲੀ ਗੱਲ ਮੈਂ ਅਕਸਰ ਆਪਣੇ ਬੱਚਿਆਂ ਨੂੰ ਦੱਸਦੀ ਸੀ । ਇੱਕ ਦਿਨ ਜਦ ਮੈਂ ਵਿਹੜੇ ਵਿੱਚ ਬੈਠੀ ਸੀ ਤਾਂ ਮੇਰੀ ਧੀ ਰਾਣੀ ਨੇ ਮੈਨੂੰ ਕਿਹਾ ਕਿ ਤੁਹਾਨੂੰ ਲਿਖਣਾ ਚਾਹੀਦਾ ਹੈ । ਤੁਸੀਂ ਆਪਣੀਆਂ ਗੱਲਾਂ ਨੂੰ ਟਿਕਟਾਕ ਰਾਹੀਂ ਦੂਜਿਆਂ ਤੱਕ ਪਹੁੰਚਾ ਸਕਦੇ ਹੋ । ਜਿਸ ਤੇ ਮੈਂ ਸੰਗਦੀ ਨੇ ਕਰੋਨਾ ਦੇ ਸਮੇਂ ਵੀਡੀਓ ਬਣਾ ਟਿਕਟਾਕ 'ਤੇ ਪਾ ਦਿੱਤੀ, ਜੋ ਲੋਕਾਂ ਨੇ ਪਸੰਦ ਕੀਤੀ । ਜਿਸ ਨਾਲ ਮੇਰਾ ਹੌਸਲਾ ਵੱਧਦਾ ਗਿਆ । ਇੱਕ ਦਿਨ ਟਿਕਟਾਕ ਬੰਦ ਹੋ ਗਿਆ ।
ਇੱਕ ਦਿਨ ਮੇਰੀ ਫੇਸਬੁੱਕ ਆਈ ਡੀ ਤੇ ਮੇਰੇ ਇੱਕ ਦੋਸਤ ਨੇ ਮੈਨੂੰ ਮੈਸੇਜ਼ ਕੀਤਾ ਕਿ ਤੁਸੀਂ ਕਵਿਤਾ ਲਿਖਣੀ ਸ਼ੁਰੂ ਕਰੋ । ਜਿਸ ਤੋਂ ਬਾਅਦ ਮੈਂ ਹਰ ਰੋਜ਼ ਨਿਤਨੇਮ ਕਰ ਲਿਖਣ ਬੈਠ ਜਾਂਦੀ ਤੇ ਲਿਖ ਕੇ ਫੇਸਬੁੱਕ ਤੇ ਪਾ ਦੇਂਦੀ ਜੋ ਲੋਕ ਪੜ੍ਹ ਕੇ ਪਸੰਦ ਕਰਨ ਲੱਗੇ । ਮੈਂ ਲਿਖਦੀ ਤੇ ਆਪਣੇ ਪਤੀ ਤੇ ਬੇਟੀਆਂ ਨੂੰ ਸੁਣਾਉਂਦੀ । ਜਿੰਨਾਂ ਦੇ ਹੌਸਲੇ ਨਾਲ ਕਵਿਤਾ ਦਾ ਸ਼ੌਕ ਵੱਧਦਾ ਗਿਆ । ਇੱਕ ਦਿਨ ਮੇਰੀ ਫੇਸਬੁੱਕ ਆਈ ਡੀ ਤੋਂ ਮੇਰੇ ਬੜੇ ਸਤਿਕਾਰਯੋਗ ਦੋਸਤ ਦਾ ਫੋਨ ਆਇਆ । ਜਿੰਨਾਂ ਮੈਨੂੰ ਸ਼ੁੱਧ ਪੰਜਾਬੀ ਲਿਖਣ ਲਈ ਸਮਝਾਇਆ ਅਤੇ ਭਾਸ਼ਾ ਵਿਚਾਰ ਮੰਚ ਨਾਲ ਜੋੜ ਦਿੱਤਾ । ਇਸ ਮੰਚ 'ਤੇ ਮੈਂ ਬਹੁਤ ਕੁਝ ਸਿੱਖਿਆ । ਉਸ ਤੋਂ ਬਾਅਦ ਮੈਂ ਮਹਾਨਕੋਸ਼ ਲੈ ਆਂਦਾ । ਜਿਸ ਨੂੰ ਪੜ੍ਹ ਕੇ ਅੱਖਰਾਂ ਦੇ ਮਤਲਬ ਪਤਾ ਲੱਗੇ । ਕਵਿਤਾ ਲਿਖਣ ਵਿੱਚ ਆਨੰਦ ਆਉਣ ਲੱਗਾ । ਮੈਨੂੰ ਲੱਗਾ ਕਿ ਕਵਿਤਾ ਧੁਰ ਤੋਂ ਆ ਰਹੀ ਹੈ । ਜਿਸ ਦਾ ਨਤੀਜਾ ਨਵੇਕਲੀ ਮੇਰੀ ਪਹਿਲੀ ਕਿਤਾਬ ਆਪ ਜੀ ਦੇ ਹੱਥਾਂ ਵਿੱਚ ਸ਼ਸ਼ੋਬਿਤ ਹੈ । ਮੈਂ ਪੰਜਾਬੀ ਸਾਹਿਤਕ ਸਭਾ ਤਰਨ ਤਾਰਨ ਨਾਲ ਜੁੜੀ ਹਾਂ ਅਤੇ ਫੇਸਬੁੱਕ ਰਾਹੀਂ ਕਵੀ ਸਭਾਵਾਂ ਵਿੱਚ ਹਿੱਸਾ ਲੈਂਦੀ ਰਹਿੰਦੀ ਹਾਂ । ਨਾਨਕ ਸਾਹਿਬ ਦੀ ਧੰਨਵਾਦੀ ਹਾਂ ਕਿ ਉਹਨਾਂ ਮੈਨੂੰ ਕਲਮ ਦੀ ਤਾਕਤ ਬਖ਼ਸ਼ੀ । ਪੰਜਾਬੀ ਮਾਂ ਬੋਲੀ ਦੇ ਅੱਖਰਾਂ ਦੀ ਅਪਾਰ ਕ੍ਰਿਪਾ ਸਦਕਾ ਅੱਜ ਆਪਣੀ ਗੱਲ ਕਵਿਤਾ ਦੇ ਰੂਪ ਵਿੱਚ ਕਹਿ ਦੇਂਦੀ ਹਾਂ । ਮੈਂ ਪੰਜਾਬੀ ਮਾਂ ਬੋਲੀ ਦੇ ਪਸਾਰ ਕਰਨ ਵਾਲਿਆਂ, ਸ਼ੁੱਧ ਭਾਸ਼ਾ ਬੋਲਣ ਵਾਲਿਆਂ ਨੂੰ ਦਿਲੋਂ ਨਮਨ ਕਰਦੀ ਹਾਂ । ਮੇਰੀ ਸੋਚ ਹੈ ਕਿ ਜਿੰਨਾ ਚਿਰ ਤੱਕ ਸਾਡੇ ਘਰਾਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਪੰਜਾਬੀ ਮਾਂ ਬੋਲੀ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ । ਮੇਰਾ ਸੁਫਨਾ ਹੈ ਕਿ ਮੇਰੀ ਮਾਂ ਬੋਲੀ ਪੰਜਾਬੀ ਦਾ ਏਨਾ ਵਿਕਾਸ ਹੋ ਜਾਵੇ, ਕਿ ਵਿਦੇਸ ਤੋਂ ਆਉਣ ਵਾਲਿਆਂ ਲਈ ਪੰਜਾਬੀ ਦਾ ਪੇਪਰ ਪਾਸ ਹੋਣਾ ਲਾਜ਼ਮੀ ਹੋ ਜਾਵੇ । ਅਖੀਰ ਵਿਚ ਤੇ ਆਪਣੀ ਮਾਤਾ ਜੀ ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਣਾਮ ਕਰਦੀ ਹੋਈ ਆਪਣੀ ਪਹਿਲੀ ਕਿਤਾਬ ਆਪ ਜੀ ਦੇ ਸਾਹਵੇਂ ਪੇਸ਼ ਕਰਦੀ ਹਾਂ ਜੀ । ਅਰਦਾਸ ਕਰਦੀ ਹਾਂ ਵਾਹਿਗੁਰੂ ਜੀ, ਆਪ ਜੀ ਦੀ ਧੀ ਰਾਣੀ ਦੀ ਇਹ ਪਹਿਲੀ ਕਿਤਾਬ 'ਨਿਵੇਕਲੀ' 'ਤੇ ਪਾਠਕਾਂ ਦੀ ਸਵੱਲੀ ਨਜ਼ਰੇ ਚੜ੍ਹ ਜਾਵੇ ।
ਧੰਨਵਾਦ ਸਹਿਤ,
- ਸਰਬਜੀਤ ਕੌਰ ਪੀ ਸੀ
ਸਿਜਦੇ ਦਾ ਮਨ
ਅੱਜ ਦਾ ਦਿਨ ਸੁਹਣਿਆਂ ਦੇ ਨਾਮ । ਅੱਜ ਮੇਰਾ ਸਿਜਦੇ ਦਾ ਮਨ ਹੈ । ਜਿਹੜੇ ਕੁਦਰਤ ਦੇ ਪ੍ਰੇਮੀ । ਤੜਕੇ ਵੇਲੇ ਦੇ ਨਿਤਨੇਮੀ । ਕਰਦਾ ਨਮਸਕਾਰ ਤਨ ਮਨ ਹੈ । ਅੱਜ ਮੇਰਾ ਸਿਜਦੇ ਦਾ ਮਨ ਹੈ । ਜਿਸ ਨੇ ਅੱਜ ਕਿਤਾਬ ਫੜੀ । ਖੋਹਲ ਕੇ ਲੇਖਕ ਲਿਖਤ ਪੜ੍ਹੀ । ਮੱਥਾ ਉਹਦਾ ਚੁੰਮਣ ਦਾ ਮਨ ਹੈ, ਅੱਜ ਮੇਰਾ ਸਿਜਦੇ ਦਾ ਮਨ ਹੈ । ਜਿਸ ਨੇ ਹੱਥ ਵਿੱਚ ਕਲਮ ਫੜੀ । ਲਿਖੇ ਜੋ ਕੁਦਰਤ ਦੇ ਲਈ । ਹੱਥ ਉਹਦੇ ਚੁੰਮਣ ਦਾ ਮਨ ਹੈ, ਅੱਜ ਮੇਰਾ ਸਿਜਦੇ ਦਾ ਮਨ ਹੈ । ਜੋ ਮਾਂ ਪੰਜਾਬੀ ਬੋਲਦੇ । ਅੱਖਰਾਂ ਦਾ ਰੁਤਬਾ ਤੋਲਦੇ । ਦੋਵੇਂ ਹੱਥ ਉਨ੍ਹਾਂ ਗਲਵੱਕੜੀ, ਪਾਵਣ ਦਾ ਮੇਰਾ ਮਨ ਹੈ । ਅੱਜ ਮੇਰਾ ਸਿਜਦੇ ਦਾ ਮਨ ਹੈ । ਸਾਰੇ ਜੋ 'ਸਰਬ' ਪਿਆਰੇ ਨੇ, ਜਾਵਾਂ ਉਹਨਾ ਬਲਿਹਾਰੇ ਮੈਂ । ਸਿਰ ਮੇਰੇ ਹੱਥ ਰੱਖਣ ਜੋ, ਉਹਨਾਂ ਨੂੰ ਤੱਕਣੇ ਦਾ ਮਨ ਹੈ । ਅੱਜ ਮੇਰਾ ਸਿਜਦੇ ਦਾ ਮਨ ਹੈ ।
ਮੇਰੀ ਮਾਂ ਘਰ ਵੱਸਦਾ ਰੱਬ ਓਏ
ਮੇਰੀ ਮਾਂ ਘਰ ਵੱਸਦਾ ਰੱਬ ਓਏ, ਕਿਤੇ ਆ ਕੇ ਵੇਖ ਲਈਂ । ਫਿਰ ਦੱਸੀਂ ਨਜ਼ਾਰੇ ਹੱਜ ਦੇ, ਲੈ ਸ਼ਰਮ ਹਯਾ ਦੀ ਲੱਜ ਓਏ । ਪੈਰੀਂ ਮੱਥਾ ਟੇਕ ਲਈਂ । ਮੇਰੀ... ਸੁੱਟ ਦੇਣੇ ਆਪਣੇ ਤੂੰ ਛੱਜ ਓਏ । ਸਤਿਕਾਰ ਦੇ ਵੇਖੇ ਜਦ ਚੱਜ ਓਏ । ਓਥੇ ਧੀਰਜਾਂ ਨਾਲ ਤੂੰ ਬੋਲਣਾ । ਤੇਰਾ ਕੋਈ ਨਹੀ ਚੱਲਣਾ ਪੱਜ ਓਏ । ਤੜਕੇ ਨਾਨਕ ਨਾਮ ਨੂੰ ਜੱਪਦਾ । ਮੇਰਾ ਗੁਰੂਦੁਆਰਾ ਵੇਖ ਲਈਂ । ਮੇਰੀ...... ਮੇਰੇ ਬਾਪ ਹੱਥ ਤੂਤ ਦੀ ਟਾਹਣੀ ਵੇ । ਜਿਹਦੀ ਛਮਕ ਛਾਵੇਂ ਜ਼ਿੰਦਗੀ ਮਾਣੀ ਓਏ । ਉਹਨਾਂ ਦੀ 'ਸਰਬ' ਹੈ ਧੀ ਧਿਆਣੀ ਓਏ । ਕਿਤੇ ਨਜ਼ਰ ਨਾ ਉਸ ਵੱਲ ਪਾਵੀਂ ਵੇ । ਤੇਰੇ ਕੱਢ ਦੇਣਗੇ ਚਿੱਬ ਓਏ । ਬਣ ਬੰਦਾ ਨੇਕ ਜਾਈਂ । ਮੇਰੀ.......... ਸਾਹਵੇਂ ਖੜਾ ਹੋਊ ਮੇਰਾ ਵੀਰ ਵੇ । ਤਿੱਖੇ ਨਜ਼ਰ ਦੇ ਮਾਰਦਾ ਤੀਰ ਓਏ । ਰਾਖੀ ਕਰਦਾ ਮਾਵਾਂ ਧੀਆਂ ਦੀ । ਪਤਾ ਅੰਦਰ-ਬਾਹਰ ਓਹਦੇ ਪੀਰ ਓਏ । ਓਥੇ ਨੰਗੇ ਪੈਰੀਂ ਜਾਵਣਾ । ਸਮਝਾਂ ਨਾਲ ਰੱਖਣਾ ਪੱਬ ਓਏ । ਬਣਾ ਸਾਦਾ ਭੇਖ ਜਾਈਂ । ਮੇਰੀ ਮਾਂ.......
ਮਤਰੇਈ ਮਾਂ
ਹਾਂ ਹਾਂ ਮੈਂ ਉਸ ਤੋਂ ਡਰਦੀ ਹਾਂ, ਹਾਂ ਹੈ ਉਹ ਮੇਰੀ ਮਤਰੇਈ ਮਾਂ । ਮੇਰੀ ਮਾਂ ਦੀ ਥਾਂ ਜਿਸ ਲਈ, ਮੈਂ ਜਿਸ ਦੀ ਇੱਜ਼ਤ ਕਰਦੀ ਹਾਂ । ਗੱਲ ਜਿਸ ਦੀ ਕਰਨ ਲੱਗੀ ਮਾਂ ਮਗਰੋਂ ਮਾਣਿਆ ਸੋਹਣਾ ਰਿਸ਼ਤਾ । ਮੈਂ ਸਿਜਦਾ ਜਿਸਨੂੰ ਕਰਦੀ ਹਾਂ । ਹਾਂ ਉਹ ਮੇਰੀ ਦੂਜੀ ਮਾਂ ਹੈ । ਮਤਰੇਈ ਜਿਸ ਦਿੱਤਾ ਜੱਗ ਨਾ ਹੈ । ਮੇਰੇ ਮਨ ਵਿੱਚ ਉਸ ਦੀ ਥਾਂ ਹੈ । ਓਸ ਲਈ ਹਰੇਕ ਨਾਲ ਲੜਦੀ ਹਾਂ ਮਤਰੇਈ ਮਾਂ ਕਿੱਡਾ ਸੋਹਣਾ ਰਿਸ਼ਤਾ । ਮੈਂ ਸਿਜਦਾ ਜਿਸਨੂੰ ਕਰਦੀ ਹਾਂ । ਉਸ ਦਾ ਦਿਲ ਦੁੱਖਾਂ ਦਾ ਭਰਿਆ । ਵਿਆਹ ਪਿਉ ਮੇਰੇ ਨਾਲ ਕਰਿਆ । ਪਤਾ ਸੀ ਬੱਚੇ ਪਹਿਲੇ ਨੇ । ਲੋਕ ਕਹਿਣਗੇ ਮਤਰੇਈ । ਫਿਰ ਵੀ ਕਿੱਡਾ ਜੇਰਾ ਕਰਿਆ । ਮੇਰੀ ਮਾਂ ਦੇ ਅਧੂਰੇ ਸੁਫਨੇ । ਪੂਰੇ ਕਰਨ ਵਾਲੀ, ਦੀ ਗੱਲ ਕਰਦੀ ਹਾਂ । ਮਤਰੇਈ ਮਾਂ ਕਿੱਡਾ ਸੋਹਣਾ ਰਿਸ਼ਤਾ । ਮੈਂ ਸਿਜਦਾ ਜਿਸਨੂੰ ਕਰਦੀ ਹਾਂ । ਮੇਰੇ ਪਿਉ ਦੀ ਬਣ ਅਰਧਾਂਗਣੀ । ਉਸਨੇ ਕਿੰਨੇ ਗ਼ਮ ਸਹਾਰੇ । ਮਾਂ ਬਣ ਸਾਨੂੰ ਝਿੜਕ ਜਦ ਮਾਰੇ । ਸਾਰਾ ਜੱਗ ਉਹਨੂੰ ਮਿਹਣੇ ਮਾਰੇ । ਪਿੱਛੇ ਪੈ ਜਾਂਦੇ ਨੇ ਸਾਰੇ । ਜਿਸ ਨੂੰ ਕੋਈ ਦੁੱਖ ਨਾ ਹੋਵੇ । ਰੱਬ ਅੱਗੇ ਅਰਦਾਸਾਂ ਕਰਦੀ ਹਾਂ । ਮਤਰੇਈ ਮਾਂ ਕਿੱਡਾ ਸੋਹਣਾ ਰਿਸ਼ਤਾ । ਮੈਂ ਸਿਜਦਾ ਜਿਸਨੂੰ ਕਰਦੀ ਹਾਂ । ਮੇਰੀ ਮਾਂ ਮਰ ਗਈ ਸੀ ਜਦ । ਸਾਨੂੰ ਜ਼ਿੰਦਗੀ ਦਾ ਵੱਲ ਨਹੀਂ ਸੀ । ਦੂਜੀ ਮਾਂ ਲਿਆਉਣ ਸਿਵਾਏ । ਸਾਡੇ ਕੋਲ ਕੋਈ ਹੱਲ ਨਹੀਂ ਸੀ । ਦੂਜੀ ਮਾਂ ਨੇ ਸਭ ਤਿਆਗ ਕੇ । ਸਾਨੂੰ ਜਦ ਅਪਣਾਇਆ ਸੀ । ਅਸੀਂ ਵੀ ਆਪਣੀ ਮਾਂ ਦੇ ਵਾਂਗਰ । ਰੱਜ ਰੱਜ ਉਸ ਨੂੰ ਚਾਹਿਆ ਸੀ । ਮੇਰੀ ਤੇ ਮੇਰੇ ਪਿਉ ਦੀ ਲਾਡਲੀ । ਸੋਹਣੀ ਜਿਹੀ ਮਤਰੇਈ ਮਾਂ । ਤੈਥੋਂ ਮੈਂ ਬਲਿਹਾਰੀ ਜਾਂ ਮੈਂ ਸਿਜਦਾ ਤੈਨੂੰ ਕਰਦੀ ਹਾਂ ।
ਸਤੀ
ਤੀਂਵੀਂਆਂ ਅੱਜ ਵੀ ਸਤੀ ਹੁੰਦੀਆਂ । ਨਾਨਕ ਪਾਤਸ਼ਾਹ ਜੀਓ । ਜ਼ਮਾਨੇ ਅੰਦਾਜ਼ ਬਦਲ ਲਏ ਨੇ । ਚੂੜੀਆਂ ਭੰਨ ਦੇਣ ਸਾਡੀਆਂ । ਕਲਾਈਆਂ ਸੁੰਨੀਆਂ ਕਰ ਦੇਂਦੇ । ਚਿੱਟੇ ਲੀੜੇ ਪੈਂਦੇ ਪਾਉਣੇ । ਅੰਦਰ ਗੁਲਾਬ ਵਾਂਗ ਖਿੜਦੇ ਕੀ ਇਹ ਮੇਰਾ ਕੱਫਣ ਨਹੀਂ? ਕੁਝ ਪਲ ਵਿੱਚ ਸੜ੍ਹ ਜਾਣਾ । ਮੈਨੂੰ ਸਹਿਜ ਜਿਹਾ ਜਾਪੇ । ਜਿਉਂਦੇ ਜੀਅ ਜਿਉਣ ਨਾ ਦੇਣਾ । ਆਪਣੀ ਜ਼ਿੰਦਗੀ ਮਰਜ਼ੀ ਨਾਲ । ਆਪਣੇ ਨਵੇਂ ਹਾਣੀ ਦੇ ਸੰਗ । ਕੀ ਮੈਂ ਸਤੀ ਨਹੀਂ ? ਨਸ਼ਾ ਖਾ ਉਹ ਮਰ ਜਾਂਦੇ ਵਿੱਚ ਜਵਾਨੀ ਗਲਤੀ ਕਰ । ਚਹਿਕਣਾ ਚਿੜੀ ਕਿਉਂ ਖੋਂਹਦੇ ? ਬੰਦ ਕਰਨੇ ਪੈਂਦੇ ਹਾਸੇ ? ਲਾਹੁਣੇ ਪੈਂਦੇ ਦੰਦਾਂ ਤੋਂ ਦੰਦਾਸੇ ? ਜੋ ਅੰਦਰ ਹੱਸੀ ਜਾਂਦੇ ਨੇ । ਕੀ ਮੈਂ ਜਿਉਂਦੀ ਸੜੀ ਨਹੀਂ ? ਕੀ ਮੈਂ ਸਤੀ ਨਹੀਂ ? ਤੂੰ ਤੇ ਕੰਮ ਸੀ ਪੂਰਾ ਕੀਤਾ । ਰੱਬੀ ਰੂਹ 'ਚ ਧਰਤ ਆ ਕੇ । ਜ਼ਮਾਨੇ ਬਦਲ ਅਧੂਰਾ ਕੀਤਾ । ਕਿਉਂ ਆਖਾਂ ਤੂੰ ਵਾਪਿਸ ਆ । ਮੈਨੂੰ ਸਤੀ ਹੋਣੋਂ ਬਚਾ । ਮੈਂ ਆਪਣੀ ਜ਼ਿੰਦਗੀ ਖ਼ੁਦ ਜਿਉਣਾ ਤੇ ਜ਼ਮਾਨੇ ਦੇ, ਅੰਦਾਜ਼ ਬਦਲਣੇ ਨੇ । ਜਦ ਔਰਤ ਆਈ ਤੇ ਆ ਜਾਵੇ । ਇਤਹਾਸ ਬਦਲਦੇ ਰਹੇ । 'ਸਰਬ' ਕਲਮ ਨੂੰ ਚੁੱਕ ਲਿਆ । ਇਤਿਹਾਸ ਬਦਲਣੇ ਮੈਂ । ਕਿਉਂਕਿ, ਤੀਂਵੀਂਆਂ ਅੱਜ ਵੀ ਸਤੀ ਹੁੰਦੀਆਂ । ਨਾਨਕ ਪਾਤਸ਼ਾਹ ਜੀਓ ਜ਼ਮਾਨੇ ਅੰਦਾਜ਼ ਬਦਲ ਲਏ ਨੇ ।
ਹਿਜਰਾਂ ਦੇ ਜ਼ਖ਼ਮੀ ਹਾਂ
ਹਿਜਰਾਂ ਦੇ ਜ਼ਖ਼ਮੀ ਹਾਂ, ਫੱਟ ਸੀਤੇ ਨਹੀ ਅਸੀਂ ਤੇਰੇ ਦਿੱਤੇ ਸਭ ਸਾਂਭੇ, ਘੱਟ ਕੀਤੇ ਨਹੀ ਅਸੀਂ ਹਿਜਰਾਂ ਦੇ ਜ਼ਖ਼ਮੀ ਹਾਂ, ਫੱਟ ਸੀਤੇ ਨਹੀ ਅਸੀਂ ਤੂੰ ਪਾਟੇ ਦੇ ਦਿੱਤੇ, ਕਿ ਨੰਗੇ ਹੋਜਾਂਗੇ ਅਸੀਂ ਟਾਕੀ ਲਾ ਦਿੱਤੀ, ਨਵੇਂ ਸੀਤੇ ਨਹੀਂ ਅਸੀਂ ਹਿਜਰਾਂ ਦੇ ਜ਼ਖ਼ਮੀ ਹਾਂ, ਫੱਟ ਸੀਤੇ ਨਹੀਂ ਅਸੀਂ ਤੇਰੇ ਦਿੱਤੇ ਸਭ ਸਾਂਭੇ, ਘੱਟ ਕੀਤੇ ਨਹੀਂ ਅਸੀਂ ਤੇਰੀ ਹਰ ਕੀਤੀ ਨੂੰ , ਅਪਣੇ 'ਤੇ ਬੀਤੀ ਨੂੰ ਰੱਖਣਾ ਦਿਲ ਅੰਦਰ ਹੈ, ਯਾਰਾ ਨਾ ਬਦਨੀਤੇ ਅਸੀਂ ਹਿਜਰਾਂ ਦੇ ਜ਼ਖ਼ਮੀ ਹਾਂ, ਫੱਟ ਸੀਤੇ ਨਹੀਂ ਅਸੀਂ ਤੇਰੇ ਦਿੱਤੇ ਸਭ ਸਾਂਭੇ, ਘੱਟ ਕੀਤੇ ਨਹੀਂ ਅਸੀਂ ਹੁਣ ਮੇਰੀ ਇੱਕ ਮੰਨ, ਦਿਲ ਵਿੱਚ ਲਾ ਕੇ ਸੰਨ੍ਹ ਸੁੱਖ ਕੱਢ ਸਾਰੇ ਲੈ ਜਾ, ਗ਼ਮ ਰੱਖਣੇ ਪੀਤੇ ਅਸੀਂ ਹਿਜਰਾਂ ਦੇ ਜ਼ਖ਼ਮੀ ਹਾਂ, ਫੱਟ ਸੀਤੇ ਨਹੀਂ ਅਸੀਂ ਤੇਰੇ ਦਿੱਤੇ ਸਭ ਸਾਂਭੇ, ਘੱਟ ਕੀਤੇ ਨਹੀਂ ਅਸੀਂ ਮੇਰੇ ਬਾਬੇ ਨਾਨਕ ਨੇ, ਸਭ ਕਰਨੇ ਮਾਣਕ ਨੇ ਉਹਦੀ ਰਜ਼ਾ ਨੂੰ ਅਸੀਂ ਮਾਣਦੇ, ਤਾਹੀਉਂ ਸੀ ਕੀਤੇ ਨਹੀ ਅਸੀਂ ਹਿਜਰਾਂ ਦੇ ਜ਼ਖ਼ਮੀ ਹਾਂ, ਫੱਟ ਸੀਤੇ ਨਹੀ ਅਸੀਂ ਤੇਰੇ ਦਿੱਤੇ ਸਭ ਸਾਂਭੇ, ਘੱਟ ਕੀਤੇ ਨਹੀ ਅਸੀਂ ।
ਖ਼ਤ ਲੈ ਜਾ ਡਾਕੀਆ ਵੇ
ਖ਼ਤ ਲੈ ਜਾ ਡਾਕੀਆ ਵੇ, ਸੱਜਣਾ ਨੂੰ ਫੜਾ ਦੇਣਾ । ਉਹਨਾਂ ਆਪੇ ਸਮਝ ਲੈਣਾ, ਚੁੱਕ ਹਿੱਕੜੀ ਲਾ ਲੈਣਾ । ਇਹ ਕੋਰਾ ਕਾਗਜ਼ ਹੈ, ਤੂੰ ਖੋਹਲਣ ਨਾ ਲੱਗ ਜੀਂ । ਕਿਤੇ ਦਾਗ਼ ਨਾ ਲਾ ਦੇਵੀਂ, ਕਿਤੇ ਮੈਨੂੰ ਨਾ ਠੱਗ ਜੀਂ । ਮੇਰੀ ਚਿੱਟੀ ਸਿਆਹੀ ਨੇ, ਉਹਨੂੰ ਸਭ ਸਮਝਾ ਦੇਣਾ । ਖ਼ਤ ਲੈ ਜਾ ਡਾਕੀਆ ਵੇ, ਸੱਜਣਾ ਨੂੰ ਫੜਾ ਦੇਣਾ । ਸਾਡੀ ਰੂਹ ਪਿਆਸੀ ਹੈ, ਤੇ ਜੂਹ ਵੀ ਖਾਲੀ ਹੈ । ਕਿ ਮੇਰੇ ਸੁੰਨੇ ਬਾਗਾਂ ਦਾ, ਬੱਸ ਉਹ ਹੀ ਮਾਲੀ ਹੈ । ਅਸੀਂ ਫੁੱਲਾਂ ਵਰਗੇ ਹਾਂ, ਨਾਲ ਤਰੇਲਾਂ ਨਹਾਉਂਦੇ ਹਾਂ । ਉਸਦਾ ਨਾਂ ਜਪਦੇ ਹਾਂ, ਤੇ ਉਸ ਨੂੰ ਚਾਹੁੰਦੇ ਹਾਂ । ਉਹਦੀ ਥਾਂ ਨਹੀ ਕਿਸੇ ਲਈ, ਉਸ ਲੇਖਾ ਲਾ ਲੈਣਾ । ਖ਼ਤ ਲੈ ਜਾ ਡਾਕੀਆ ਵੇ, ਸੱਜਣਾ ਨੂੰ ਫੜਾ ਦੇਣਾ । ਟੁੱਟ ਡਿੱਗੇ ਖ਼ਾਬ ਮੇਰੇ, ਡਾਕੂਆਂ ਦੀ ਨਜ਼ਰ ਚੜ੍ਹੇ । ਅਸੀਂ ਬੋਚ ਬੋਚ ਰੱਖਦੇ, ਤੇਰੇ ਨਾਮ ਦੋ ਨੈਣ ਕਰੇ । ਗਿਰਝਾਂ ਦੀਆਂ ਡਾਰਾਂ ਨੇ, ਮਾਸ ਨੋਚਣ ਨੂੰ ਆਈਆਂ । ਤੇਰੀ ਸਰਬ ਪਿਆਰੀ ਵੱਲ, ਵੇਖਣ ਉਹ ਤਰਹਾਈਆਂ । ਮੰਝਧਾਰ 'ਚ ਡੁੱਬਦਿਆਂ ਦੀ, ਉਸ ਬੇੜੀ ਬੰਨੇ ਲਾ ਦੇਣਾ । ਖ਼ਤ ਲੈ ਜਾ ਡਾਕੀਆ ਵੇ, ਸੱਜਣਾ ਨੂੰ ਫੜ੍ਹਾ ਦੇਣਾ ।
ਇਸ਼ਕੇ ਦੀ ਲੋਹੜੀ
ਮੈਂ ਇਸ਼ਕੇ ਦੀ ਲੋਹੜੀ ਬਾਲਣੀ । ਮੇਰੇ ਮਨ ਵਿੱਚ ਉੱਠਿਆ ਖ਼ਿਆਲ । ਮੈਂ ਇਸ਼ਕੇ ਦੀ ਲੋਹੜੀ ਬਾਲਣੀ । ਲੋਹੜੀ ਬਾਲਣੀ ਮੈਂ ਚਾਵਾਂ ਨਾਲ । ਮੈਂ ਇਸ਼ਕੇ. ਹਿਜਰ ਦੇ ਜ਼ਖ਼ਮਾਂ ਨਾ' ਅੱਗ ਸੁਲਗਾਊਂਗੀ । ਪੰਡ ਬਾਲਣ ਸੁੱਚੇ ਮਾਸ ਦੀ ਪਾਊਂਗੀ । ਵੇਖਿਓ ਮੱਚਦਾ ਗਮਾਂ ਦਾ ਜਵਾਲ ਮੈਂ ਇਸ਼ਕੇ ਦੀ ਲੋਹੜੀ ਬਾਲਣੀ । ਲੋਹੜੀ ਬਾਲਣੀ ਮੈਂ ਚਾਵਾਂ ਨਾਲ । ਹੱਡੀਆਂ ਨੇ ਛੱਡਣਾ ਸੇਕ ਪੀੜ ਦਾ । ਪਿਘਲ ਪਿਘਲ ਟੁੱਟੂ ਮਣਕਾ ਰੀੜ੍ਹ ਦਾ । ਕਰ ਸੱਜਣਾ ਦਾ ਦਿਲ 'ਚ ਖ਼ਿਆਲ । ਮੈਂ ਇਸ਼ਕੇ ਦੀ ਲੋਹੜੀ ਬਾਲਣੀ । ਲੋਹੜੀ ਬਾਲਣੀ ਮੈਂ ਚਾਵਾਂ ਨਾਲ । ਬਾਲਣੇ ਲਈ ਅੱਗ ਉੱਤੇ ਲਹੂ ਦੇ ਪਾਊਂ ਛਿੱਟੜੇ ਵਾਅਦੇ ਸਾਰੇ ਸਾੜਨੇ ਮੈਂ ਸਾਂਭ ਰੱਖੇ ਚਿੱਟੜੇ 'ਸਰਬ' ਸਾੜ ਦੇਣੇ ਸਾਰੇ ਮਲਾਲ । ਮੈਂ ਇਸ਼ਕੇ ਦੀ ਲੋਹੜੀ ਬਾਲਣੀ । ਲੋਹੜੀ ਬਾਲਣੀ ਮੈਂ ਚਾਵਾਂ ਨਾਲ । ਬਿਨ ਸੱਜਣਾ ਇਸ ਦੇਹ ਦਾ ਕੀ ਕਰਨਾ । ਯਾਦ ਉਸੇ ਦੀ 'ਚ ਹੱਸ ਹੱਸ ਬਲਣਾ । ਲਾਂਬੂ ਲਾ ਦਿਓ ਨਾ ਕਰਿਓ ਸਵਾਲ । ਮੈਂ ਇਸ਼ਕੇ ਦੀ ਲੋਹੜੀ ਬਾਲਣੀ । ਲੋਹੜੀ ਬਾਲਣੀ ਮੈਂ ਚਾਵਾਂ ਨਾਲ। ਅਸਾਂ ਕੁੱਝ ਵੀ ਬਚਾਅ ਕੇ ਨਹੀਂਓਂ ਰੱਖਣਾ । ਰੋਮ ਰੋਮ ਅੱਗ ਵਿੱਚ ਜਦ ਮੱਚਣਾ । ਪੁੱਛਿਓ ਨ ਮੈਨੂੰ ਕੋਈ ਹਾਲ । ਮੈਂ ਇਸ਼ਕੇ ਦੀ ਲੋਹੜੀ ਬਾਲਣੀ । ਲੋਹੜੀ ਬਾਲਣੀ ਮੈਂ ਚਾਵਾਂ ਨਾਲ । ਮੈਂ ਇਸ਼ਕੇ...
ਸਮੁੰਦਰਾ ਪਿਆਰਿਆ
ਤੈਨੂੰ ਤੱਕ ਮੈਨੂੰ ਇੰਝ ਲੱਗਦਾ । ਜਿੱਦਾਂ ਤੈਨੂੰ ਧਰਤੀ 'ਤੇ, ਔਰਤ ਨੇ ਜਣਿਆ । ਗੁੱਸਾ ਨਾ ਕਰੀਂ ਤੂੰ, ਸਮੁੰਦਰਾ ਪਿਆਰਿਆ । ਮੈਨੂੰ ਲੱਗਦਾ ਤੂੰ, ਉਹਦੇ ਅੱਥਰੂਆਂ ਤੋਂ ਬਣਿਆ । ਜਦੋਂ ਔਰਤ ਦੇ ਜਾਏ, ਕੁੱਖ ਵਿੱਚ ਧੀ ਨੂੰ ਵੱਢਦੇ ਹੋਣੇ । ਕੂਲ਼ੇ ਅੰਗ, ਚਤੁਰਾਈ ਸਮਝ ਕੁਤਰ, ਮਾਂ ਢਿੱਡੋਂ ਕੱਢਦੇ ਹੋਣੇ । ਜਦੋਂ ਦੁੱਖਾਂ ਨਾਲ ਭਰਿਆ, ਗ਼ੁਬਾਰ ਵਗਿਆ ਹੋਣਾ । ਮੈਨੂੰ ਲੱਗਦਾ ਸਮੁੰਦਰਾ, ਜਾਂ ਤੂੰ ਉਦੋਂ ਬਣਿਆ ਹੋਣਾ । ਜਦੋਂ ਪੜ੍ਹਨ ਜਾਂਦੀ ਧੀ ਨੂੰ , ਦਰਿੰਦਿਆਂ ਨੇ ਖੋਹਿਆ ਹੋਣਾ । ਜਿਸ ਮੋਈ ਵੇਖ, ਮਾਂ ਪਿਉ ਤੇ ਭਰਾ ਰੋਇਆ ਹੋਣਾ । ਤੇਰਾ ਸੀਨਾ ਦੁਸ਼ਮਨ ਦਾ ਪਾਣੀ ਨਸ਼ਟ ਕਰਨ ਲਈ, ਜਦੋਂ ਉਹਨਾਂ ਲੂਣੇ ਅੱਥਰੂਆਂ ਨਾਲ ਮਿਲਿਆ ਹੋਣਾ । ਮੈਨੂੰ ਲੱਗਦਾ ਸਮੁੰਦਰਾ, ਜਾਂ ਤੂੰ ਉਦੋਂ ਬਣਿਆ ਹੋਣਾ । ਜਦੋਂ ਕਿੱਕਰਾਂ, ਟਾਹਲੀਆਂ ਵੱਢ, ਸੇਜਾਂ ਬਣੀਆਂ ਹੋਣੀਆਂ । ਜਦੋਂ ਆਰੀਆਂ ਚੱਲਣ ਵੇਲੇ, ਪੱਤਿਆਂ 'ਤੇ ਟਾਹਣਿਆਂ 'ਤੇ, ਮੁਸੀਬਤਾਂ ਬਣੀਆਂ ਹੋਣੀਆਂ । ਜਦੋਂ ਰੁੱਖਾਂ ਦੇ ਪੱਤਿਆਂ 'ਚੋਂ, ਦੁੱਧ ਬਣ ਨੀਰ ਰੁੜਿ੍ਹਆ ਹੋਣਾ । ਮੈਨੂੰ ਲੱਗਦਾ ਸਮੁੰਦਰਾ, ਜਾਂ ਤੂੰ ਉਦੋਂ ਬਣਿਆ ਹੋਣਾ । ਜਦੋਂ ਕਾਰਖਾਨਿਆਂ, ਭੱਠਿਆਂ ਨੇ ਧੂੰਆਂ ਕੱਢਿਆ ਹੋਣਾ । ਜਦੋਂ ਫੈਕਟਰੀਆਂ ਨੇ ਗੰਦਾ ਮੰਦਾ ਪਾਣੀ, ਨਦੀਆਂ ਤੇ ਨਹਿਰਾਂ ਵੱਲ ਛੱਡਿਆ ਹੋਣਾ । ਧਰਤੀ ਦੇ ਪਿਆਰ ਵਿੱਚ, ਜਦੋਂ ਤੂੰ ਅੱਗੇ, ਆਪਣਾ ਸੀਨਾ ਕਰਿਆ ਹੋਣਾ । ਮੈਨੂੰ ਲੱਗਦਾ ਸਮੁੰਦਰਾ, ਜਾਂ ਤੂੰ ਉਦੋਂ ਬਣਿਆ ਹੋਣਾ ।
ਭੱਠੀ ਵਾਲੀ ਤਾਈ
ਰੰਬੇ ਨਾਲ ਮਿੱਟੀ ਪੁੱਟ ਕੇ, ਤੂੜੀ ਮਿਲਾਈ ਨੀ । ਪਾਣੀ ਦੇ ਛਿੱਟੇ ਮਾਰੇਂ, ਰੀਝਾਂ ਜਾਵੇਂ ਲਾਈ ਨੀ । ਪੋਚਾ ਪਰੋਲ਼ਾ ਫੇਰੇਂ, ਜਾਵੇਂ ਸਜਾਈ ਨੀ । ਭੱਠੀ ਬਣਾ ਸੁਕਾ ਤੂੰ, ਰੱਖ 'ਤੀ ਕੜਾਹੀ ਨੀ । ਭੱਠੀ ਨੂੰ ਤਾਉਣ ਵਾਲੀਏ, ਆਖਾਂ ਤੈਨੂੰ ਤਾਈ ਨੀ, ਭੱਠੀ ਨੂੰ ਤਾਉਣ ਵਾਲੀਏ । ਛਿਟੀਆਂ ਦਾ ਬਾਲਣ ਡਾਹ ਲੈ, ਕੜਾਹੀ ਨੂੰ ਹੋਰ ਤਪਾ ਲੈ । ਰੋੜ ਨਾ ਵਿੱਚ ਆ ਜਾਵਣ, ਛਾਨਣੀ ਰੇਤ ਛਾਣ ਲੈ । ਕੜਾਹੀ ਸਾਡੇ ਦੁੱਖ ੜਾੜ ਦੇ, ਦਾਣਿਆਂ ਦਾ ਭਾੜਾ ਲੈ ਕੇ ੜਾੜੀਂ ਵਾਂਗ ਮਾਈ ਨੀ, ਭੱਠੀ ਨੂੰ ਤਾਉਣ ਵਾਲੀਏ । ਆਖਾਂ ਤੈਨੂੰ ਤਾਈ ਨੀ, ਭੱਠੀ ਨੂੰ ਤਾਉਣ ਵਾਲੀਏ । ਫੁੱਲ ਨਾ ਇਹ ਜਾਣ ਕਿਤੇ, ਆਬੂ ਨਾ ਕੱਢੀਂ ਨੀ । ਰੀਝਾਂ ਨਾਲ ਭੁੰਨਦੇ ਸਾਰੇ, ਕਸਰਾਂ ਨਾ ਛੱਡੀ ਨੀ । ਦਾੜਾਂ ਨਾਲ ਚੱਬ ਕੇ ਖਾਣੇ, ਸੱਜਣਾ ਦੁੱਖ ਸਮਝ ਕੇ ਦਾਣੇ ਹੱਸ ਹੱਸ ਚੱਬਣੇ ਨੀ ਮੈਂ, ਨਾਨਕ ਦੇ ਮੰਨਕੇ ਭਾਣੇ । ਚੱਬਣੇ, ਤਾਣ ਕੇ ਰਜਾਈ ਨੀ, ਭੱਠੀ ਨੂੰ ਤਾਉਣ ਵਾਲੀਏ । ਆਖੂੰ ਤੈਨੂੰ ਤਾਈ ਨੀ, ਭੱਠੀ ਨੂੰ ਤਾਉਣ ਵਾਲੀਏ । ਧੀ ਧਿਆਣੀ ਤੇਰੀ, ਦੁੱਖਾਂ ਨੂੰ ਮਾਨਣਾ ਨੀ । ੜਾੜੇ ਜਿਹੇ ਭੁੰਨ ਕੇ ਮਾਈ, ਲਾ ਦੇ ਫੇਰ ਛਾਨਣਾ ਨੀ । ਹੱਥੀਂ ਤੂੰ ਝੋਲੀ ਪਾ ਦੇ, ਸੱਜਣਾ ਦੇ ਭੁੰਨ ਕੇ ਵਾਅਦੇ । ਭੇਦ ਕਿਸੇ, ਦੱਸੀਂ ਨਾ ਮਾਈ ਨੀ, ਭੱਠੀ ਨੂੰ ਤਾਉਣ ਵਾਲ਼ੀਏ । 'ਸਰਬ' ਆਖੂ ਤੈਨੂੰ ਤਾਈ ਨੀ, ਭੱਠੀ ਨੂੰ ਤਾਉਣ ਵਾਲੀਏ ।
ਜ਼ਖ਼ਮਾਂ ਦੀ ਗੱਲ
ਮੈਂ ਜ਼ਖ਼ਮਾਂ ਦੀ ਗੱਲ ਕਹਿਣ ਲੱਗੀ, ਤੁਸੀਂ ਭਰਨੇ 'ਹੂੰਅ' ਹੁੰਘਾਰੇ ਜੀ । ਜੋ ਵਿੱਚ ਗ਼ਰੀਬੀ ਅਪਣੇ, ਅੱਲੇ ਛਿੱਲ ਜਾਂਦੇ ਸਾਰੇ ਜੀ । ਅੱਲੇ ਉਹਨਾ ਨੂੰ ਕਹੀਏ, ਜ਼ਖ਼ਮ ਜੋ ਰਹਿੰਦੇ ਕੱਚੇ ਜੀ । ਅੰਦਰੋਂ ਜਿਹੜੇ ਟਸ ਟਸ ਕਰਦੇ, ਬਾਹਰੋਂ ਛਿਛੜੇ ਦਿਖਦੇ ਪੱਕੇ ਜੀ । ਉਹ ਫਿਰ ਪੁੰਗਰ ਆਉਂਦੇ ਨੇ, ਜਦ ਆਪਣੇ ਛਿੱਕੜਾ ਲਾਹੁੰਦੇ ਨੇ । ਉਹ ਪੀੜਾ ਬੜੀ ਨਿਆਰੀ ਜੀ, ਸਾਡੀ ਜ਼ਖ਼ਮਾਂ ਭਰੀ ਕਿਆਰੀ ਦੀ । ਜਦੋਂ ਕਦੇ ਰੱਬ ਮਿਹਰ ਕਰੇ, ਅੰਗੂਰ ਉਹਨਾਂ 'ਤੇ ਆਉਂਦਾ ਸੀ । ਮੈਂ ਖੁਰਕ ਖੁਰਕ ਕੇ ਉਹਨਾਂ ਨੂੰ , ਜ਼ਿੰਦਗੀ ਦਾ ਲੁਤਫ਼ ਉਠਾਉਂਦਾ ਸੀ । ਅਸੀਂ ਲਾਈ ਨਹੀ ਦਵਾਈ ਕਿ, ਰੂਹ ਜ਼ਖ਼ਮੀ ਸਾਡੀ ਤਣੀ ਰਹੇ । ਵਿੱਚ ਗ਼ਰੀਬੀ ਜਿੰਨ੍ਹਾਂ ਛਿੱਲ ਤਰਾਸ਼ਿਆ, ਯਾਦ ਉਹਨਾਂ ਦੀ ਬਣੀ ਰਹੇ । ਅੱਜ ਵੀ ਉਹ ਮੇਰੇ ਆਪਣੇ, ਜਦ ਮੈਨੂੰ ਮਿਲ ਜਾਂਦੇ ਨੇ । ਸਮਾਂ ਵੇਖ ਉਹ ਪਿਆਰ ਜਤਾਉਂਦੇ, ਕੀ ਦੱਸੇ ਸਰਬ ਤੁਹਾਨੂੰ ਜੀ । ਮੇਰੇ ਅੱਲੇ ਜ਼ਖ਼ਮ ਛਿੱਲ ਜਾਂਦੇ ਨੇ, ਮੈਂ ਜ਼ੋਰ ਜ਼ੋਰ ਦੀ ਹੱਸਦੀ ਹਾਂ । ਤੁਸੀਂ ਹੂੰਅ ਹੁੰਘਾਰਾ ਭਰੀ ਜਾਓ, ਮੈਂ ਜ਼ਖ਼ਮਾਂ ਦੀ ਗੱਲ ਦੱਸਦੀ ਹਾਂ ।
ਧੰਨ ਹੈ ਤੂੰ ਸੂਰਜਾ
ਧੰਨ ਹੈ ਤੂੰ, ਧੰਨ ਹੈ ਤੂੰ, ਧੰਨ ਸੂਰਜਾ ਵੇ । ਕਿੰਨੀ ਅੱਗ ਤੇਰੇ ਵਿੱਚ ਤੇ ਤੂੰ ਸੜ੍ਹਦਾ ਨਹੀਂ । ਤੈਨੂੰ ਪਤਾ, ਤੇਰੀ ਲੋਅ ਦੀ, ਰੁੱਖਾਂ ਪਹਾੜਾਂ, ਕੀੜਿਆਂ ਪਤੰਗਿਆਂ ਨੂੰ ਲੋੜ । ਏਸੇ ਲਈ ਤੂੰ ਦੁੱਖ ਸਹੀ ਜਾਨੈਂ । ਪਰ ਠਰਦਾ ਨਹੀਂ । ਧੰਨ ਹੈ ਕਿੰਨੀ ਅੱਗ.. !! ਜੇ ਤੂੰ ਬੰਦਾ ਹੁੰਦਾ, ਸੂਰਜਾ ਪਿਆਰਿਆ । ਸਭ ਨੂੰ ਤੂੰ ਦੁੱਖ ਦੇਂਦਾ, ਰੁੱਖ ਸਾੜਦਾ । ਤੇ ਕਰਦਾ ਮਨ ਆਈਆਂ ਨੂੰ । ਰੱਬ ਦਾ ਠੇਕੇਦਾਰ ਹੁੰਦਾ, ਪਹਿਰੇਦਾਰ ਖਰਾ ਬਣਦਾ । ਇੱਕ ਵਾਰੀ ਵੀ ਨਾ ਤੱਕਦਾ, ਆਪਣੀ ਬੁਰਾਈਆਂ ਨੂੰ । ਜਿਹੜੇ ਤੂੰ ਦੁੱਖ ਦੇਂਦਾ, ਸੂਰਜਾ ਪਿਆਰਿਆ । ਬੰਦੇ ਦੀ ਕੀ ਹਿੰਮਤ, ਕਿ ਉਹ ਜਰਦਾ ਨਹੀਂ । ਧੰਨ ਹੈ. ਕਿੰਨੀ ਅੱਗ..!! ਵੇਖੀਂ ਕਦੇ ਗੁੱਸਾ ਕਰ ਨਾ ਜਾਵੀਂ । ਛੇਤੀ ਕਰ ਕੇ ਠਰ ਨਾ ਜਾਵੀਂ । ਬੰਦਾ ਆਪੇ ਰੁੱਖ ਲਗਾਊ, ਕੁਦਰਤ ਬਚਾਊ । ਹੁਣ 'ਸਰਬ' ਮਜਬੂਰੀ ਬਣ ਗਈ ਕਿ ਰੁੱਖਾਂ ਬਿਨਾਂ ਹੁਣ ਇਹਦਾ ਸਰਦਾ ਨਹੀਂ । ਧੰਨ ਹੈ ਤੂੰ, ਧੰਨ ਹੈ ਤੂੰ, ਧੰਨ ਸੂਰਜਾ ਵੇ । ਕਿੰਨੀ ਅੱਗ ਤੇਰੇ ਵਿੱਚ ਤੇ ਤੂੰ ਸੜ੍ਹਦਾ ਨਹੀਂ
ਮੁਹੱਬਤਾਂ
ਓਏ ਪਿਆਰਿਆ... ਸ਼ਿੰਗਾਰਿਆ । ਨਿਆਰਿਆ... ਸੰਵਾਰਿਆ । ਵੇ ਸਾਨੂੰ, ਤੇਰੀਆਂ ਮੁਹੱਬਤਾਂ ਨੇ ਮਾਰਿਆ । ਓਏ ਪਿਆਰਿਆ, ਵੇ ਸਾਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆ । ਤੈਨੂੰ ਤੱਕਿਆ, ਰੂਹ ਜੱਪਿਆ, ਨਾ ਥੱਕਿਆ । ਦਿਲ ਹਾਰਿਆ, ਮੈਂ ਤੈਨੂੰ ਦੋਵੇਂ ਨੈਣੀ ਨਿਹਾਰਿਆ । ਓਏ ਪਿਆਰਿਆ... ਵੇ ਸਾਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆ । ਹਾਲ ਬੇਹਾਲ, ਰਹਿਣਾ ਤੇਰੇ ਨਾਲ, ਚੜ੍ਹੇ ਸਿਆਲ, ਬਾਹਾਂ ਦਾ ਜਾਲ । ਤੇਰੇ ਗਲ ਪਾਉਣ ਨੂੰ , ਰੂਪ ਸ਼ਿੰਗਾਰਿਆ । ਓਏ ਪਿਆਰਿਆ... ਸਾਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆ । 'ਸਰਬ' ਮਲੰਗ, ਰੰਗੀ ਤੇਰੇ ਰੰਗ । ਮੋਹ ਵਿੱਚ ਸੰਗ, ਬਿਨਾ ਕੋਈ ਮੰਗ । ਜਿੰਦ ਤੇਰੇ ਨਾਂਵੇਂ ਕਰਨ ਨੂੰ , ਹੋਈ ਤਿਆਰ ਆ । ਓਏ ਪਿਆਰਿਆ, ਉਹਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆ ।
ਜ਼ਖ਼ਮਾਂ ਨੂੰ ਨਾ ਛੇੜੋ
ਮੇਰੇ ਜ਼ਖ਼ਮਾਂ ਨੂੰ ਨਾ ਛੇੜੋ, ਰੱਖੇ ਮੈਂ ਆਪ ਅੱਲੇ ਨੇ । ਸੂਰਜ ਨੂੰ ਮਘਣ ਤੋਂ ਰੋਕ ਲਓ, ਸੇਕ ਨਾਲ ਸੁੱਕ ਜਾਣੇ ਨੇ । ਹਵਾ ਨੂੰ ਵਗਣ ਤੋਂ ਰੋਕ ਦਿਓ, ਅੰਗੂਰ ਨਾ ਜਾਣੇ ਮਾਣੇ ਨੇ । ਨਜ਼ਰ ਨਾ ਮੈਲ਼ੀ ਪੈਣ ਦਿਆਂ, ਮੇਰੇ ਸੱਜਣਾ ਨੇ ਘੱਲੇ ਨੇ । ਮੇਰੇ ਜ਼ਖ਼ਮਾਂ ਨੂੰ ਨਾ ਛੇੜੋ, ਰੱਖੇ ਮੈਂ ਆਪ ਅੱਲੇ ਨੇ । ਓਸ ਦੀ ਯਾਦ 'ਚ ਪਾਲੇ ਨੇ, ਕਰਾਂ ਨਾ ਕਿਸੇ ਹਵਾਲੇ ਮੈਂ । ਜੂਠਾ ਹੱਥ ਨਾ ਲੱਗ ਜਾਵੇ, ਕੋਈ ਇਹਨਾਂ ਨਾ ਕੱਜ ਜਾਵੇ । ਸੱਜਣਾ ਦਾ ਗਹਿਣਾ ਇਹ, ਸਿਰਫ 'ਸਰਬ' ਦੇ ਗਲ ਭਾਵੇ । ਮੱਲ੍ਹਮ ਨਾ ਨੇੜੇ ਆਉਣ ਦਿਆਂ, ਮਿਲੇ ਨਾ ਇਹ ਸਵੱਲੇ ਨੇ । ਮੇਰੇ ਜ਼ਖ਼ਮਾਂ ਨੂੰ ਨਾ ਛੇੜੋ, ਰੱਖੇ ਮੈਂ ਆਪ ਅੱਲੇ ਨੇ । ਜਿਉਣ ਦੇ ਏਹ ਸਹਾਰੇ ਨੇ, ਖੁਰਕ ਕੇ ਆਪ ਖਿਲਾਰੇ ਨੇ । ਪਾਣੀ ਲਾ ਵਧਾਏ ਆਪ, ਸੱਜਣ ਦੇ ਵਾਂਗ ਪਿਆਰੇ ਨੇ । ਵਾਧਾ ਹੋਣ ਤੇ ਛਾਂਗਣੇ ਨਾਹੀਂ, ਸਜਾਏ ਤਾਂ ਕੱਲੇ ਕੱਲੇ ਨੇ । ਪਿਆਰੇ ਦੀ ਨਿਸ਼ਾਨੀ ਨੇ, ਇਹ ਦੁਨੀਆਂ ਤੋਂ ਅਵੱਲੇ ਨੇ । ਮੇਰੇ ਜ਼ਖ਼ਮਾਂ ਨੂੰ ਨਾ ਛੇੜੋ, ਰੱਖੇ ਮੈਂ ਆਪ ਅੱਲੇ ਨੇ । ਰੱਖੇ ਮੈਂ ਆਪ ਅੱਲੇ ਨੇ, ਮੇਰੇ ਸੱਜਣਾ ਜੋ ਘੱਲੇ ਨੇ ।
ਸੁੱਚਾ ਦੁੱਧ
ਦੁਨੀਆਂ 'ਤੇ ਸੁੱਚਾ ਦੁੱਧ ਹੈ ਮਿਲਦਾ ਮਾਂ ਕੋਲੋਂ । ਸੁੱਚੀ ਜਾਗ ਜੋ ਲਾਉਂਦੀ, ਲੈ ਸਾਡੇ ਪਿਓ ਕੋਲੋਂ । ਦੁਨੀਆਂ 'ਤੇ ਨਹੀਂ ਤੱਕਿਆ, ਮਾਂ ਜਿਹਾ ਮੈਂ ਮੰਦਿਰ । ਤੱਕੀਆਂ ਮਜ਼ਬੂਤ ਮੈਂ ਕੰਧਾਂ, ਮਾਂ ਦੇ ਢਿੱਡ ਅੰਦਰ । ਛੱਤ ਮਾਂ ਦੀ, ਮਿੱਟੀ ਦੀ, ਕਦੇ ਨਾ ਚੋਂਦੀ ਸੀ । ਦੁਨੀਆਂ ਤੋਂ ਮੈਨੂੰ ਮਾਂ, ਫਿਰਦੀ ਲੁਕਾਉਂਦੀ ਸੀ । ਧੁੰਨੀਂ ਸੁਹਣੀ ਮਾਂ ਦੀ, ਰੱਜ ਰੱਜ ਮਾਣ ਲਈ । ਰਿੱਝੀ-ਰਝਾਈ ਮਿਲਦੀ, ਜਿੱਥੇ ਖਾਣ ਲਈ । ਰੁੱਖੀ-ਮਿੱਸੀ ਖਾ, ਢਿੱਡ ਚਾਹੇ ਭਰਦੀ ਸੀ । ਮੇਰੇ ਅੱਗੇ ਨਿੱਤ, ਮਾਂ ਮੇਵੇ ਧਰਦੀ ਸੀ । ਮਾਂ ਨੇ ਮੈਨੂੰ ਜਦ, ਦੁਨੀਆਂ ਤੇ ਘੱਲਿਆ ਸੀ । ਮੌਤ ਜਿਹੀ ਪੀੜਾ ਨੂੰ , ਉਸਨੇ ਝੱਲਿਆ ਸੀ । ਖੂਨ ਨਾਲ ਜਿਸ ਮੇਰੀ, ਕੀਤੀ ਘੜ੍ਹਾਈ ਸੀ । ਖੂਨੋ ਖੂਨ ਜਨਮ ਵੇਲੇ, ਤੱਕੀ ਮੈਂ ਮਾਈ ਸੀ । ਏਸੇ ਲਈ ਤੇ ਮਾਂ ਜਿਹਾ, ਕੋਈ ਨਾ ਹੋਰ ਵਿਖੇ । ਮਾਂ ਨੇ ਜੰਮੀ 'ਸਰਬ', ਤੇ ਕਲਮ ਕਲਾਮ ਲਿਖੇ । ਪਹਿਲਾ ਰੁਤਬਾ ਮਾਂ ਦਾ, ਦੂਜਾ ਰੱਬ ਦਾ ਏ । ਮਾਂ ਦੇ ਨਾਲ ਦਾ ਹਾਣੀ, ਕਦੇ ਨਾ ਲੱਭਦਾ ਏ ।
ਗਹਿਣੇ, ਵੇਖ ਸੋਚਦੀ
ਲੋਕਾਂ ਦੇ ਗਲ ਗਹਿਣੇ, ਵੇਖ ਸਾਂ ਸੋਚਦੀ, ਕਿੰਨੇ ਲੋਕੀਂ ਵੇਂਹਦੇ ਹੋਣੇ, ਫੱਬੀਆਂ ਨੂੰ । ਸਾਡੇ ਤਨ 'ਤੇ ਚਿੱਟੇ ਰੰਗਾ ਸੂਟ ਸੀ, ਵੇਖਾਂ ਸੂਟ 'ਤੇ ਪਾਈਆਂ ਜਿ੍ਹੰਨਾਂ, ਡੱਬੀਆਂ ਨੂੰ । ਭਲੇ ਮਾਣਸ ਸਾਂ, ਚੁੱਪ ਬੈਠ ਕੇ ਤੱਕੀ ਗਏ, ਲੋਕੀਂ ਚੰਗਾ ਕਹਿੰਦੇ ਵੇਖੇ ਕੱਬੀਆਂ ਨੂੰ । ਤੈਨੂੰ ਡਿੱਠਾ, ਤੇਰੇ ਹੋ ਕੇ ਬੈਠ ਗਏ, ਲੋਕੀਂ ਲੱਭਣ ਤੁਰੇ ਪਏ ਪੀਰਾਂ, ਨਬੀਆਂ ਨੂੰ । ਨਾ ਸੀ ਕੰਨੀਂ ਵਾਲ਼ੇ, ਨਾ ਹੱਥੀਂ ਚੂੜੀਆਂ, ਨਾ ਗਲੇ ਵਿੱਚ ਗਾਨੀ, ਨਾ ਹੀ ਤੱਕੀਆਂ ਤੂੰ । ਅੱਖਾਂ ਵਿੱਚ ਨਾ ਕੱਜਲਾ, ਨਾ ਬੁੱਲੀਂ ਦੰਦਾਸਾ ਸੀ, ਕਲਮ 'ਤੇ ਕਾਪੀ ਵੇਖ, ਸੱਜਣ ਨੂੰ ਤੱਕਿਆ ਤੂੰ । ਚਿੱਟੇ ਦੰਦ ਹੱਸੇ ਤੇ ਲੰਮੀ ਗੁੱਤ ਕਾਲੀ, ਪਟਿਆਲਾ-ਸ਼ਾਹੀ ਸੂਟ, ਵੇਖ ਕੇ ਹੱਸਿਆ ਤੂੰ । ਤੂੰ ਹੈਂ ਸਭ ਤੋਂ ਸੋਹਣਾ, ਸੱਜਣਾ ਦਿਲ ਦੇ ਆਖਿਆਂ । ਬਿਨ ਗਹਿਣਿਆਂ ਕਾਹਤੋਂ, ਏਨਾਂ ਫੱਬਿਆ ਤੂੰ । ਗਹਿਣਿਆਂ ਵਾਲੀਆਂ ਤੈਥੋਂ ਨਹੀਓਂ ਸੋਹਣੀਆਂ, ਸੂਰਜ ਵਰਗਾ ਦੀਪ ਲੱਗੇ ਮੈਨੂੰ ਜਗਿਆ ਤੂੰ । ਗਹਿਣੇ ਜਾਪਣ ਸੱਜਣ, ਜਿੰਨ੍ਹਾਂ ਗਲ ਲਾਇਆ, ਛੱਡ ਸਰਬ ਸਭ ਗੱਲਾਂ, ਤੂੰ ਬੇ-ਢਬੀਆਂ ਨੂੰ । ਚਿੱਟੀ ਚੁੰਨੀ ਫੱਬਣ ਲੱਗੀ, ਗਲ ਲਾ ਲਈ, ਦਾਗ਼ ਲੱਗਣ ਨਾ ਦੇਣਾ, ਸੱਜਣ ਲੱਭਿਆਂ ਨੂੰ । ਨੈਣ ਝੁਕਾ ਕੇ ਹਯਾ ਦਾ ਸੁਰਮਾਂ, ਲੋੜਾਂ ਹੁਣ, ਸੱਜਣਾ ਮੱਥਾ ਚੁੰਮ ਲਿਆ, ਨਹੀਂ ਕੋਈ ਥੋੜਾਂ ਹੁਣ ।
ਇਸ ਨੂੰ ਕੀ ਕਹੋਗੇ?
ਪਹਿਲਾਂ ਜੋੜ ਜੋੜ ਕੇ ਜੋੜਦੇ । ਫਿਰ ਮੋੜ ਮੋੜ ਕੇ ਮੋੜਦੇ । ਫਿਰ ਮਰੋੜ ਮਰੋੜ ਮਰੋੜਦੇ । ਫਿਰ ਤੋੜ ਤੋੜ ਕੇ ਤੋੜਦੇ । ਇਸ ਨੂੰ ਕੀ ਕਹੋਗੇ? ਦੱਸਣਾ ! ਮੈਂ ਸਮਝੀ ਨਹੀਂ !! ਪਹਿਲਾਂ ਕੋਰਟ ਕਚਿਹਰੀ ਭੰਡਦੇ, ਫੇਰ ਥੱਕ ਹਾਰ ਕੇ ਗੰਢਦੇ । ਫਿਰ ਕੰਮ ਕਰਾਉਂਦੇ ਰੱਜ ਕੇ, ਫੇਰ ਦਾਸ ਸਮਝ ਕੇ ਵੰਡਦੇ । ਇਸ ਨੂੰ ਕੀ ਕਹੋਗੇ? ਦੱਸਣਾ ! ਮੈਂ ਸਮਝੀ ਨਹੀਂ !! ਕੀ ਲਿਖਾਂ ਕਿਸ 'ਤੇ ਲਿਖਾਂ, ਕੀ ਕਹਾਂ ਕਿਸ ਨੂੰ ਕਹਾਂ ? ਲਿਖਾਂ ਤੇ ਲਿਖ ਮਿਟਾ ਦਿਆਂ, ਪੜ੍ਹਾਂ ਤੇ ਪੜ੍ਹ ਕੇ ਰੋ ਪਵਾਂ । ਇਸ ਨੂੰ ਕੀ ਕਹੋਗੇ? ਦੱਸਣਾ ! ਮੈਂ ਸਮਝੀ ਨਹੀਂ !! ਬੇਕਸੂਰ ਨੂੰ ਦੇਣ ਸਜ਼ਾ, ਪਾਪੀ ਕਰਦੇ ਫਿਰਨ ਮਜ਼ਾ । ਗੱਲ ਕਰਨ ਸਭ ਬੇ ਵਜ੍ਹਾ, ਕਰਦੇ ਫਿਰਨ ਜੋ ਖੁਦ ਗ਼ਜ਼ਾ । ਇਸ ਨੂੰ ਕੀ ਕਹੋਗੇ? ਦੱਸਣਾ ! ਸਰਬ ਬੇਸਮਝੀ ਨਹੀਂ ?
ਪਾਣੀ ਭਰਿਆ ਗਲਾਸ
ਪੀਣ ਲਈ ਪਾਣੀ ਬੁੱਲ੍ਹਾਂ ਨੂੰ , ਲਾਇਆ ਜਦ ਗਲਾਸ । ਪਾਣੀ ਪੀ ਜਦ ਵੇਖਿਆ, ਭਰਿਆ ਪਿਆ ਗਲਾਸ । ਬੁੱਲ੍ਹ ਪਿਆਸੇ ਲੱਗ ਕੇ ਚੰਦਰਾ, ਉਹਨਾਂ ਜੋਗਾ ਹੋਇਆ । ਚੁਸਕੀ ਭਰਾਂ, ਭਰਨ ਤੋਂ ਰੋਕਾਂ, ਡੁੱਲ੍ਹ-ਡੁੱਲ੍ਹ ਪਵੇ ਗਲਾਸ । ਵਹਿਆ ਨੀਰ ਰਾਹੀਂ ਉੱਠ ਛੱਲਾਂ, ਆਇਆ ਹੜ੍ਹ ਜਦ ਮੁੜਿਆ । ਲੱਗੀ ਜਦ 'ਸਰਬ' ਪਿਆਸ, ਗਲਾਸਾਂ ਚਿੱਕੜ ਭਰੂ ਗਲਾਸ । ਗਲਾਸ ਗੁੱਸੇ ਨਾਲ ਛੁੱਟਣ ਲੱਗਾ, ਡਿੱਗ ਪਿਆ, ਤ੍ਰੇੜ ਪੈ ਗਈ । ਔਰਤ ਦਾ ਕਿਸੇ ਭੇਤ ਨਾ ਪਾਇਆ, ਕਹਿ ਟੁੱਟ ਗਿਆ ਗਲਾਸ ।
ਨਾਗਾਂ ਦੀ ਗੱਲ
ਸੱਪਾਂ ਤੋਂ ਡਰਨਾ ਛੱਡ ਦਿੱਤਾ ਏ । ਅੰਦਰੋਂ ਡਰ ਇਹ ਕੱਢ ਦਿੱਤਾ ਏ । ਅੰਬਰ ਕਾਲੇ ਕਰਨ ਵਾਲਿਆਂ, 'ਤੇ ਨਜ਼ਰਾਂ ਨੂੰ ਗੱਡ ਦਿੱਤਾ ਏ । ਬੰਦੇ ਰੂਪੀ ਸੱਪ ਜੋ ਆ ਗਏ, ਉਹਨਾਂ ਦੀ ਗੱਲ ਕਰਦੀ ਹਾਂ । ਅੱਜ ਕੱਲ੍ਹ ਲੋਕੋ ਮੈਂ ਤਾਂ ਇਹਨਾਂ, ਨਾਗਾਂ ਕੋਲੋਂ ਡਰਦੀ ਹਾਂ । ਜੀਅ ਕਰਦਾ ਜੋਗਨ ਬਣ ਜਾਵਾਂ, ਬੀਨ ਵਜਾ ਸੱਪ ਨੱਚਣ ਲਾਵਾਂ । ਐਸੇ ਬੀਨ ਨਾਲ ਸੁਰ ਵਜਾਵਾਂ, ਕੀਲ ਕੀਲ ਸੱਪ ਝੋਲੀ ਪਾਵਾਂ । ਧੂੰਏ ਡਿੱਠਾਂ ਜਦ ਅਸਮਾਨੀਂ, ਵੇਖ ਮੈਂ ਹਉਕੇ ਭਰਦੀ ਹਾਂ । ਅੰਬਰ ਜਿੰਨ੍ਹਾਂ ਕਾਲੇ ਕਰ 'ਤੇ, ਨਾਗਾਂ ਦੀ ਗੱਲ ਕਰਦੀ ਹਾਂ । ਡੰਗ ਮਾਰਨ ਦੀ ਹਨ ਤਿਆਰੀ । ਫਨ ਬੈਠੇ ਅਪਣੇ ਖਿਲਾਰੀ । ਪਿਆਰ ਦੇ ਸੁਰ ਨਹੀਂ ਸਮਝਦੇ । ਤਕੜੇ ਪਾਪੀ ਬਣੇ ਖਿਡਾਰੀ । ਜੀਭਾਂ ਕੱਢ ਡਰਾਉਂਦੇ ਜੋ, ਖੱਟੇ ਦੰਦ ਇਹਨਾਂ ਦੇ ਕਰਦੀ ਹਾਂ । ਅੰਬਰ ਜਿੰਨ੍ਹਾਂ ਕਾਲੇ ਕਰ 'ਤੇ, ਨਾਗਾਂ ਦੀ ਗੱਲ ਕਰਦੀ ਹਾਂ । ਸੁਧਰ ਜਾਣ ਤਾਂ ਚੰਗਾ ਏ । ਦਾਰੂ ਬੰਦੇ ਦਾ ਬੰਦਾ ਏ । ਜ਼ਹਿਰ, ਜਿਸਨੂੰ ਆਖਣ ਧੰਦਾ ਏ, ਪੁੱਤ ਆਪਣਾ ਮਰੇ ਦੁੱਖ ਹੁੰਦਾ ਏ । 'ਸਰਬ' ਨਹੀਂ ਚਾਹੁੰਦੀ ਦੋਸਤੋ, ਕੋਈ ਸ਼ਬਦ ਬੋਲਣਾ ਮੰਦਾ ਏ । ਹੱਥ ਜੋੜ ਬੇਨਤੀ ਕਰਦੀ ਹਾਂ । ਅੰਬਰ ਜਿੰਨ੍ਹਾਂ ਕਾਲੇ ਕਰ 'ਤੇ, ਉਹਨਾਂ ਨਾਲ ਗੱਲ ਕਰਦੀ ਹਾਂ ।
ਖ਼ੁਦ ਮਹਿਬੂਬ ਬਣਾ ਲੈਣਾ
ਮੈਂ ਖ਼ੁਦ ਅਪਣਾ ਮਹਿਬੂਬ ਬਣਾ । ਖ਼ੁਦ ਅਪਣੇ ਚੰਨ ਨੂੰ ਘੜ੍ਹ ਲੈਣਾ । ਮੈਂ ਖ਼ੁਦ ਜੋਗਾ ਖ਼ੁਦ ਦੇ ਅੰਦਰੋਂ, ਖ਼ੁਦ ਪਿਆਰਾ ਪੈਦਾ ਕਰ ਲੈਣਾ । ਮੈਂ ਖ਼ੁਦ ਦਾ ਖ਼ੁਦ ਤਾਵੀਤ ਬਣਾ, ਖ਼ੁਦ ਉਹਦੇ ਅੰਦਰ ਮੜ੍ਹ ਦੇਣਾ । ਖ਼ੁਦ ਪਿਆਰ ਦਾ ਕਲਮਾ ਓਸ ਪੜ੍ਹਾ, ਫਿਰ ਖ਼ੁਦ ਵੀ ਉਸ ਤੋਂ ਪੜ੍ਹ ਲੈਣਾ । ਜਦ ਖ਼ੁਦ 'ਚੋਂ ਖ਼ੁਦਾ ਦੇ ਮੇਲ ਹੋਣੇ, ਪੈਰੀਂ ਖ਼ੁਦ ਖ਼ੁਦਾ ਦੇ ਡਿੱਗ ਪੈਣਾ । ਖ਼ੁਦ ਪਿਆਰ 'ਚ ਭਿੱਜ ਕੇ ਆਪ ਖ਼ੁਦਾ, ਖ਼ੁਦ ਸੀਨੇ ਸਰਬ ਨੂੰ ਲਾ ਲੈਣਾ । ਖ਼ੁਦ ਅੰਦਰੋਂ ਖ਼ੁਦਾ ਦੀ ਕਰ ਬੰਦਗੀ, ਤੇ ਖ਼ੁਦਾ ਦਾ ਬੰਦਾ ਬਣ ਜਾਣਾ । ਖ਼ੁਦ ਖ਼ੁਦਾ ਨੇ ਰੂਹ ਮੇਰੀ 'ਚੋਂ ਫਿਰ, ਖ਼ੁਦ ਪਿਆਰਾ ਪੈਦਾ ਕਰ ਦੇਣਾ ।
ਪਿਆਰੇ ਇੱਕੋ ਜਿਹੇ
ਤੂੰ ਮੇਰਾ, ਮੈਂ ਤੇਰੀ, ਪਿਆਰੇ ਇੱਕੋ ਜਿਹੇ । ਤੂੰ ਪਾਏ, ਮੈਂ ਸਹੇ, ਪੁਆੜੇ ਇੱਕੋ ਜਿਹੇ । ਮੇਰੀ ਚਰਚਾ ਗਲੀ-ਮੁਹੱਲੇ ਕੀਤੀ ਕਿਉਂ? ਪਹਿਲਾਂ ਤਾਂ ਸੀ ਦਿਲੋਂ ਸਹਾਰੇ ਇੱਕੋ ਜਿਹੇ । ਮੇਰੀ ਨਗਰੀ ਵੱਸੀ ਨਹੀਂ ਤੇ ਉੱਜੜ ਗਈ, ਪੈਲ਼ੀ ਕਰ ਨਾ ਸਕੀ ਕਿਆਰੇ ਇੱਕੋ ਜਿਹੇ । ਆਪਣੇ ਆਪ ਨੂੰ ਠੱਗਿਆ ਕਿਉੰ ਮਹਿਸੂਸ ਕਰਾਂ, ਦੋਹਾਂ ਕਰੇ ਕਿਨਾਰੇ ਆਪਾਂ ਇੱਕੋ ਜਿਹੇ । ਵੱਸਦੀ ਤੇਰੀ ਨਗਰੀ ਵੇਖ ਕੇ ਸੋਚਨਾ ਵਾਂ, ਤੇਰੇ ਕਿਉਂ ਸੀ ਲੱਗੇ ਲਾਰੇ ਇੱਕੋ ਜਿਹੇ । ਲੋਕਾਂ ਕਹੇਂ 'ਸਰਬ' ਵੱਲ ਹੁਣ ਮੈਂ ਤੱਕਦਾ ਨਹੀਂ, ਯਾਰਾ ਅੰਦਰ ਵੱਜਣ ਹੁਲਾਰੇ ਇੱਕੋ ਜਿਹੇ । ਰੱਬ ਕਚਹਿਰੀ ਖੜ੍ਹੇ ਲੈਣ ਇਨਸਾਫ਼ ਲਈ, ਦੋਵਾਂ ਵੱਲ ਕੀਤੇ ਓਸ ਇਸ਼ਾਰੇ ਇੱਕੋ ਜਿਹੇ ।
ਲਾਂਵਾਂ 'ਚ ਤਾਕਤ ਬੜੀ ਹੁੰਦੀ
ਘਰ ਨਹੀਂ ਟੁੱਟਦੇ ਉਹਨਾਂ ਦੇ, ਜਿੰਨਾਂ ਦੀਆਂ ਜੜ੍ਹਾਂ ਪੱਕੀਆਂ ਨੇ । 'ਲਾਂਵਾਂ' 'ਚ ਤਾਕਤ ਬੜੀ ਹੁੰਦੀ, ਮੈਂ 'ਲਾਂਵਾਂ' ਲੈ ਰੱਖੀਆਂ ਨੇ । ਗੁਰੂ ਦਾ ਆਸਰਾ ਲੈ ਕੇ, ਜੋ ਰਿਸ਼ਤੇ ਜੋੜੇ ਜਾਂਦੇ ਨੇ । ਬੁਰੀ ਤਾਕਤ ਵੀ ਆ ਜਾਵੇ, ਇਹ ਕਿੱਥੇ ਤੋੜੇ ਜਾਂਦੇ ਨੇ । ਮਾਂ ਦਾ ਡਰ ਜਿਸ ਧੀ ਨੂੰ , ਘਰ ਉਹ ਵੱਸ ਜਾਂਦੇ ਨੇ । ਅੱਖ ਨਾਲ ਘੂਰੀ ਵੱਟ ਦੇਵੇ, ਨਿੱਕ੍ਹਲ ਸਭ ਵੱਟ ਜਾਂਦੇ ਨੇ । ਸਵੇਰੇ ਮਸਲੇ ਜੋ ਆਉਂਦੇ, ਰਾਤ ਤੱਕ ਭੱਜ ਜਾਂਦੇ ਨੇ । ਕਾਹਲੀ ਕਰ ਨਾ ਜੋ ਭੰਡੇ, ਸਮੇਂ ਸਭ ਕੱਜ ਜਾਂਦੇ ਨੇ । ਛੋਟੀ ਛੋਟੀ ਗੱਲ ਨਹੀਂ, ਮਾਂ ਪਿਓ ਨੂੰ ਦੱਸੀ ਦੀ । ਕੁਝ ਆਪ ਸੁਲਝਾਈਦੀ, ਕੁਝ ਸਮੇਂ ਤੇ ਛੱਡੀ ਦੀ । ਮਾਂ ਦਾ ਬਹੁਤਾ ਹੱਥ ਹੁੰਦਾ, ਧੀ ਦਾ ਘਰ ਵਸਾਉਣੇ ਨੂੰ । ਮਾਂਵਾਂ ਜਿੰਨ੍ਹਾਂ ਦੀਆਂ ਬੈਠੀਆਂ, ਮਸਲੇ ਸੁਲਝਾਉਣੇ ਨੂੰ । ਘਰ ਦੀ ਨਿੱਕੀ ਗੱਲ ਜਦ, ਥਾਣੇ ਤੱਕ ਚਲੀ ਜਾਵੇ । ਉਹ ਕਦੇ ਵੀ ਘਰ ਨਹੀਂ ਵੱਸਦੇ, ਫਿਰ ਬੰਦਾ ਪਛਤਾਵੇ । ਜੱਜ ਕਚਹਿਰੀ ਕਦੇ ਨ ਲੋਕੋ, ਘਰ ਵਸਾ ਸਕਦੇ । ਮਾਂ ਬਾਪ ਹੀ ਧੀ ਪੁੱਤ ਦੇ, ਮਸਲੇ ਸੁਲਝਾ ਸਕਦੇ । ਇਹ ਰੁੱਖ ਜੜਾਂ ਵਾਲੇ, ਜਿੰਨ੍ਹਾਂ ਜਿੰਨ੍ਹਾ ਘਰ ਲੱਗੇ ਨੇ । ਉਹੀ ਘਰ ਵੱਸਦੇ ਵੇਖੇ ਨੇ, ਤੇ ਓਹੀ ਘਰ ਫੱਬੇ ਨੇ । ਕਿਉਂਕਿ ਘਰ ਨਹੀਂ ਉਹਨਾਂ ਦੇ ਟੁੱਟਦੇ, ਜਿੰਨ੍ਹਾਂ ਦੀਆਂ ਜੜ੍ਹਾਂ ਪੱਕੀਆਂ ਨੇ । 'ਲਾਂਵਾਂ' 'ਚ ਬੜੀ ਤਾਕਤ ਲੋਕੋ, 'ਸਰਬ' ਨੇ ਲੈ ਰੱਖੀਆਂ ਨੇ ।
ਜੇ ਮੈਂ ਤੈਨੂੰ ਦਿਲ ਦੇ 'ਤਾ
ਜੇ ਮੈਂ ਤੈਨੂੰ ਦਿਲ ਦੇ 'ਤਾ, ਤੂੰ ਵਗ੍ਹਾ ਕੇ ਮਾਰਿਆ, ਤੇ ਫਿਰ? ਜੇ ਦਿਲ ਮੇਰਾ ਟੁੱਟ ਗਿਆ, ਗਿਆ ਨਾ ਮੈਥੋਂ ਜੋੜਿਆ, ਤੇ ਫਿਰ? ਜੇ ਦਿਲ ਮੇਰਾ ਰੁੱਸ ਗਿਆ, ਮੰਨਿਆਂ ਨਾ ਤੇਰੇ ਬਿਨ, ਤੇ ਫਿਰ? ਜੇ ਦਿਲ ਹੋਗੀ ਮੁਹੱਬਤ ਪਾਕਿ, ਅੱਗੋਂ ਕਰ ਦਿੱਤੀ ਤੂੰ ਖ਼ਾਕ, ਤੇ ਫਿਰ? ਜੇ ਦਿਲ ਕਰ ਬੈਠਾ ਪਿਆਰ, ਅੱਗੋਂ ਕਰਤਾ ਤੂੰ ਇਨਕਾਰ, ਤੇ ਫਿਰ? ਜੇ ਮੇਰੇ ਦਿਲ ਕਬੂਲੀ ਹਾਰ, ਤੇ ਤੈਨੂੰ ਹੋ ਗਿਆ ਪਿਆਰ, ਤੇ ਫਿਰ? ਜੇ ਦਿਲ 'ਸਰਬ' ਤੋਂ ਦਿੱਤਾ ਵਾਰ, ਢੂੰਡ ਲੱਭਿਆ ਨਾ ਐਸਾ ਪਿਆਰ, ਤੇ ਫਿਰ?
ਮੈਂ ਤਾਂ ਲੋਕੋ ਕੱਲੀ ਚੰਗੀ
ਚਾਹੇ ਚੰਗੀ ਚਾਹੇ ਮੰਦੀ । ਮੈਂ ਤਾਂ ਲੋਕੋ ਕੱਲੀ ਚੰਗੀ । ਆਪੇ ਚੁੱਪ ਤੇ ਆਪੇ ਬੋਲਾਂ । ਆਪਣੇ ਨਾਲੇ ਕਰਾਂ ਕਲੋਲਾਂ । ਕੌਣ ਕਿਸੇ ਦੀ ਉਮਰ ਦਾ ਹਾਣੀ, ਜਿਸ ਨਾਲ ਬਹਿ ਕੇ ਦੁੱਖੜੇ ਫੋਲਾਂ । ਪਹਿਲੀ ਵਾਰ ਕੱਲੀ ਤਦ ਹੋਈ, ਧੀਰੀ ਮਾਂ ਮੇਰੀ ਜਦ ਮੋਈ । ਦੂਜੀ ਵਾਰੀ ਕੱਲੀ ਹੋਈ, ਜਦੋਂ ਤੁਰ ਗਿਆ ਮਾਂ ਦਾ ਲੱਭਿਆ । ਨਸ਼ਿਆਂ ਦੀ ਸਿਰ ਲੈ ਕੇ ਲੋਈ । ਸੁਣਦੈ ਕਿੱਥੇ ਧੀ ਦੀ ਕੋਈ । ਸਿਰ ਦਾ ਭਾਰ ਲਾਹ ਸਿਰ ਦੇ ਉੱਤੋਂ, ਦੁਨੀਆਂ ਪਾਸੇ ਹੋ ਖਲੋਈ । ਫੇਰ ਅੱਧਵਾਟੇ ਮੁੱਕ ਜੇ ਜਾਵਣ, ਦੁਨੀਆਂ ਲੈਂਦੀ ਸਾਰ ਨਾ ਕੋਈ । ਚਿੱਟੀ ਚਾਦਰ ਹਰ ਕੋਈ ਚਾਹਵੇ । ਬੇਕਸੂਰੀ ਜਿਉਂਦੀ ਮੋਈ । ਤੀਜੀ ਵਾਰੀ ਚੁੱਪ ਤਾਂ ਹੋਈ, ਮਾਂ ਬਣੀ, ਧੀਆਂ ਦੀ ਵਾਰੀ । ਆਪਣੀ ਸੱਧਰ ਢੱਕ ਲਕੋਈ, ਧੀਆਂ ਨਾਲ ਨਹੀਂ ਹੋਵਣ ਦੇਣਾ । ਜਿਸਦੀ ਸਜ਼ਾ ਉਸਨੂੰ ਹੋਈ, ਤੇ ਫਿਰ ਮੈਂ ਚੁੱਪ ਵੱਟ ਲਈ । ਪੂਰੀ ਕੀਤੀ ਧੀਆਂ ਪੁੱਤਾਂ ਚੋਂ, ਅਪਣੀ ਹਰ ਇੱਕ ਸੱਧਰ ਮੋਈ । ਕੌਣ ਕਿਸੇ ਨਾਲ ਖੜ੍ਹਦਾ ਕੋਈ, ਅਪਣੀ ਮੌਤੇ ਆਪ ਜਦ ਮਰਨਾ । ਨਾਲੇ ਜੰਗ ਜ਼ਿੰਦਗੀ ਦੀ ਲੋਕੋ, ਕੱਲੇ ਪੈਂਦਾ ਸਭ ਨੂੰ ਲੜਨਾ । ਫਿਰ ਮੇਰੀ ਚੁੱਪ ਕਾਹਨੂੰ ਦੁਖਦੀ, ਜਿਹੜੀ ਫਿਰੇ ਮੇਰੇ ਦਰਦ ਲਕੋਈ । ਹੱਕ ਆਜ਼ਾਦੀ ਦਿੱਤੇ ਜੋ, ਚੁੱਪ ਰਹੇ ਜਾਂ ਬੋਲੇ ਕੋਈ । ਮੰਦੀ ਬੋਲੋ ਜਾਂ ਫਿਰ ਚੰਗੀ, 'ਸਰਬ' ਤਾਂ ਲੋਕੋ ਕੱਲੀ ਚੰਗੀ ।
ਐਵੇਂ ਥੋੜ੍ਹਾ ਏਨੀਂ ਸੋਹਣੀ...
ਹੌਲੀ ਹੌਲੀ, ਸਬਰ ਕਰਨਾ, ਸਿੱਖ ਰਹੀ ਹਾਂ ਮੈਂ । ਸਬਰ ਨਾਲ, ਲੋਟੇ ਨੂੰ ਭਰ ਕੇ, ਢਾਕੇ ਲਾ ਰੱਖਿਆ । ਸਦਾ-ਬਹਾਰੀ, ਰੋਜ਼ ਨਜ਼ਮ, ਇੱਕ ਲਿਖ ਰਹੀ ਹਾਂ ਮੈਂ । ਐਵੇਂ ਥੋੜ੍ਹਾ, ਏਨੀਂ ਸੋਹਣੀ, ਦਿਖ ਰਹੀ ਹਾਂ ਮੈਂ । ਛਲਕ ਨਾ, ਵੱਜਣ ਦੇਵਣੀ, ਜਿੰਨ੍ਹੇਂ ਫਾਕੇ ਕੱਢੇ ਸੀ । ਨਾਮ ਨਹੀਂ ਦੱਸਣਾ, ਓਨਾਂ ਦਾ, ਜਿੰਨ੍ਹਾਂ ਅੱਧ 'ਚੋਂ ਛੱਡੇ ਸੀ । ਤਾਂ ਚੁੱਕ, ਕਲਮ ਦਵਾਤ, ਕਾਗਜ਼ ਤੇ, ਲਿਖ ਰਹੀ ਹਾਂ ਮੈਂ । ਐਂਵੇਂ ਥੋੜ੍ਹਾ, ਏਡੀ ਸੋਹਣੀ, ਦਿਖ ਰਹੀ ਹਾਂ ਮੈਂ । ਹੌਕਾ ਨਿੱਕ੍ਹਲ ਗਿਆ ਤਾਂ, ਲੋਕੀਂ ਵੇਖ ਕੇ ਹੱਸਣਗੇ । ਸੱਜਣਾ ਨੂੰ , ਲਾਜ ਆਊ, ਜਦ ਤਾਹਨੇ ਕੱਸਣਗੇ । ਝੀਕ ਲਗਾ, ਸਬਰ ਨੂੰ ਪੀ ਨੱਚਣਾ, ਸਿੱਖ ਰਹੀ ਹਾਂ ਮੈਂ । ਐਂਵੇਂ ਥੋੜ੍ਹਾ, ਏਨੀ ਸੋਹਣੀ, ਦਿਖ ਰਹੀ ਹਾਂ ਮੈਂ । ਚੂੜੀਆਂ ਤੇ ਗਾਨੀਆਂ, ਬਥੇਰੀਆਂ ਨੇ ਪਹਿਨੀਆਂ । ਪੈਰੀਂ ਪਾ ਪਾ ਝਾਂਜਰਾਂ, ਨੱਚਦੀਆਂ ਕਈ ਰਹਿੰਦੀਆਂ । ਸਰਬ ਚੱਜ ਹੈ, ਵੱਖਰਾ ਜਚਣ ਦਾ, ਦੱਸ ਹੱਸ ਰਹੀ ਹਾਂ ਮੈਂ । ਐਵੇਂ ਥੋੜਾ, ਏਨੀ ਸੋਹਣੀ, ਜਚ ਰਹੀ ਹਾਂ ਮੈਂ ।
ਵਾਰਿਸ ਲੱਭ ਰਹੀ ਹਾਂ
ਮੈਂ ਹਾਸੇ ਵੰਡ ਸਕਦੀ, ਦਿਲਾਸੇ ਵੰਡ ਸਕਦੀ । ਵੰਡਦੀ ਨਾ ਆਪਣੇ ਗ਼ਮ, ਇਤਬਾਰ ਨਹੀਂ ਕਰਦੀ । ਜਾਇਦਾਦ ਨੇ ਮੇਰੀ, ਕਿਸੇ ਨਜ਼ਰੀਂ ਨਾ ਚੜ੍ਹ ਜਾਣ । ਉੱਚੀ ਖੋਜ 'ਚ ਹਾਂ, ਮੈਂ ਵਾਰਿਸ ਲੱਭ ਰਹੀ ਹਾਂ । ਬੜੀ ਮੁਸ਼ਕਿਲ ਸਾਂਭੇ ਨੇ, ਸੱਜਣਾ ਤੋਂ ਵਾਂਝੇ ਨੇ । ਇਹ ਮੇਰਾ ਖ਼ਜ਼ਾਨਾ ਨੇ, ਕਿਸੇ ਹੋਰ ਨਾ ਸਾਂਝੇ ਨੇ । ਭਾਂਵੇਂ ਬਹੁਤੇ ਜ਼ਖ਼ਮੀ ਨੇ, ਪਰ ਮੇਰਾ ਗਹਿਣਾ ਨੇ । ਇਹ ਸੁੱਚੇ ਮੋਤੀ ਮੈਂ, ਬੱਸ ਵਾਰਿਸ ਨੂੰ ਦੇਣੇ । ਏਹ ਕੋਮਲ ਫ਼ੁੱਲਾ ਜਿਹੇ, ਮੇਰੇ ਅੰਦਰ ਸੱਜਦੇ ਨੇ । ਕੰਡੇ ਇਹਨਾਂ ਵਿੱਚ ਜੜੇ, ਜਦ ਸੀਨੇ ਵੱਜਦੇ ਨੇ । ਇਹ ਹੀਰੇ ਮਸਤਿਕ ਦੇ, ਸੱਜਣਾ ਦੀ ਨਿਸ਼ਾਨੀ ਨੇ । ਜੇ ਵਾਰਿਸ ਨਾ ਮਿਲਿਆ, ਮਿੱਟੀ ਨਾਲ ਸੜ ਜਾਣੇ । ਮਹਿੰਗੇ ਮਾਮਲਿਆਂ ਕਰਕੇ, ਵਿਸ਼ਵਾਸ਼ ਨਾ ਕਰਦੀ ਹਾਂ । ਕੌਣ ਸਾਂਭੂ ਮੇਰੇ ਵਾਂਗ, ਏਸ ਗੱਲ ਤੋਂ ਡਰਦੀ ਹਾਂ । ਕੋਈ ਰੋੜ੍ਹ ਕੇ ਨਾ ਰੱਖਦੇ, ਕਿਸੇ ਨਾਮ ਨਾ ਕਰ ਸਕਦੀ । ਇਹ ਸੁੱਚੇ ਹੀਰੇ ਮੈਂ, ਨਾਮ 'ਸਰਬ' ਦੇ ਕਰਦੀ ਹਾਂ । ਬੱਸ ਉਸ ਦਾ ਸੀਨਾ ਹੈ, ਜਿਸ ਫੜ ਕੇ ਦੱਬਣੇ ਨੇ । ਇਹ ਉਸ ਕੋਲ ਜਚਣੇ ਨੇ ਤੇ ਉਸੇ ਕੋਲ ਫੱਬਣੇ ਨੇ । ਖ਼ਾਲਿਕ ਵੀ ਚਾਹੁੰਦਾ ਸੀ, ਕਿ ਵਾਰਿਸ 'ਸਰਬ' ਰਹੇ । ਜਿੰਨੇ ਸਤਿ ਕਰਤਾਰ ਕਹਿ, ਝੋਲੀ ਪਾ ਢਕਣੇ ਨੇ । ਜਾਨੀ ਹੁਕਮ ਹੋਇਆ, ਕਿ ਕਿਸੇ ਨਹੀ ਦੇਣੇ । ਆਪਣੇ ਕੋਲ ਰੱਖਣੇ ਨੇ ।
ਸੋਚ ਬਦਲਣੀ ਚਾਹਵਾਂ ਮੈਂ
ਸੋਚ ਬਦਲਣੀ ਚਾਹਵਾਂ ਮੈਂ, ਦਿਲ ਨਾ ਮੰਨਦਾ, ਰੂਹ ਨਾ ਮੰਨਦੀ । ਕਹਿੰਦੇ ਲਾਈ ਤੋੜ ਨਿਭਾਉਣੀ, ਕਿੰਝ ਇਹਨਾਂ ਸਮਝਾਵਾਂ ਮੈਂ । ਸਹੁੰ ਖਾ ਕੇ ਜੋ ਮੁੱਕਰ ਜਾਂਦੇ, ਉਹਨਾਂ ਵਰਗੀ ਬਣ ਜਾਵਾਂ ਮੈਂ । ਦਿਲ ਕਿਸੇ ਨਾਲ ਨਾ ਲਾਵਾਂ, ਆਪਣੇ ਤੋਂ ਇਹ ਚਾਹਵਾਂ ਮੈਂ । ਵੱਡੇ ਵੱਡੇ ਵਾਅਦੇ ਕਰਕੇ, ਜਿਹੜੇ ਰਸਤੇ ਬਦਲ ਗਏ । ਮਿੱਟੀ ਨਾਲ ਮਿੱਟੀ ਬਣ ਚੰਬੜੇ, ਕਿੱਦਾਂ ਤਨ ਤੋਂ ਲਾਹਵਾਂ ਮੈਂ । ਸੱਧਰਾਂ ਸਾਡੇ ਨਾਲ ਨੇ ਰੁੱਸੀਆਂ, ਸੱਜਣ ਕੋਲੋਂ ਭਾਲਣ ਖ਼ੁਸ਼ੀਆਂ । ਡਰਦੀ ਪੈੜ ਦੱਬ ਕੇ ਤੁਰਦੀ, ਲਵਾਂ ਨਾ ਉੱਚੀ ਸਾਹਵਾਂ ਮੈਂ । ਜਿਹਨੂੰ ਹਰ ਗਿਲਾ ਦੱਸੀਏ, ਰੂਹ ਨਾਲ ਪਿਆਰ ਬੁਲਾ ਹੱਸੀਏ । 'ਸਰਬ' ਜਿਹੇ ਦਿਲਦਾਰ ਦਿਲਾ, ਕਿੱਥੇ ਜਾ ਕੇ ਗਾਹਵਾਂ ਮੈਂ । ਸੋਚ ਬਦਲਣੀ ਚਾਹਵਾਂ ਮੈਂ ।
ਬੁਲਾਵਾ ਮੰਜ਼ਿਲੇ ਮਕਸੂਦ ਤੋਂ
ਓਹ ਬੁਲਾਵਾ ਆ ਗਿਆ, ਮੰਜ਼ਿਲੇ ਮਕਸੂਦ ਤੋਂ । ਸ਼ਰਤ ਇੱਕੋ ਪਿਆਰ ਦੀ, ਹਰ ਯਾਦ ਲੈ ਕੇ ਜਾਵਣਾ । ਖ਼ੁਦ ਨੂੰ ਭੁਲਾ ਓਸ ਨੂੰ , ਪਲ ਪਲ ਪਿਆਰ ਕੀਤਾ, ਬੇਰੁਖ਼ੀ ਸਹੀ ਜੋ ਸੱਜਣਾ, ਜਵਾਬ ਲੈ ਕੇ ਜਾਵਣਾ । ਕਬਰਾਂ ਤਿਆਰ ਨੇ, ਨੀਂਦਰੀਂ ਸਵਾਉਣ ਲਈ ਵਹੀ ਖਾਤੇ ਕੱਢ ਰੱਖ, ਹਿਸਾਬ ਲੈ ਕੇ ਜਾਵਣਾ । ਬੇਸ਼ੱਕ ਤੈਨੂੰ ਪਾਉਣ ਲਈ, ਚੈਨ ਮੇਰਾ ਖੋ ਗਿਆ, ਮਾਰੀਆਂ ਖ਼ਾਹਿਸ਼ਾਂ ਲਿਖੀ, ਕਿਤਾਬ ਲੈ ਕੇ ਜਾਵਣਾ । ਖ਼ਬਰ ਖਾਤਰ ਇੰਤਿਹਾ, ਕਰਵਾਈ ਇੰਤਜ਼ਾਰ ਦੀ, ਦਰਸ ਲਈ ਦੀਦੇ ਪੱਕਣ ਦਾ, ਖ਼ਿਤਾਬ ਲੈ ਕੇ ਜਾਵਣਾ । ਵਾਰੀ ਤੇਰੀ ਆ ਜਾਣੀ, ਤੱਕੜੀ ਜਦ ਤੁਲਨੇ ਰੱਖਿਆ, ਪੱਲੜਾ ਨਾ ਤੇਰਾ ਡੋਲ ਜੇ, ਤਾਂ ਜਨਾਬ ਲੈ ਕੇ ਜਾਵਣਾ । ਸੱਚੀਆਂ ਮੁਹੱਬਤਾਂ, ਵੈਰ ਨਹੀਂ ਸੀਨੇ ਰੱਖਦੀਆਂ, ਪਰਖ਼ ਹੁੰਦੀ ਸੱਜਣਾ, ਤਾਂ ਨਹੀਂ ਸੀ ਅਜ਼ਮਾਵਣਾ । ਲਓ ਬੁਲਾਵਾ ਆ ਗਿਆ, ਮੰਜ਼ਿਲੇ ਮਕਸੂਦ ਤੋਂ, ਸ਼ਰਤ ਇੱਕੋ 'ਸਰਬ' ਦੀ, ਹਰ ਯਾਦ ਲੈ ਕੇ ਜਾਵਣਾ ।
ਤੇਰੇ ਬਾਝੋਂ ਝੱਲੀ ਹੋਈ
ਤੇਰੇ ਬਾਝੋਂ ਝੱਲੀ ਹੋਈ । ਸਭ ਦੀ ਹੋ ਕੇ ਕੱਲੀ ਹੋਈ । ਜਿਉਂਦੀ ਹਾਂ ਪਰ ਲੱਗਦੀ ਮੋਈ । ਤੇਰੇ ਜਿਹਾ ਦਿਖੇ ਹੋਰ ਨਾ ਕੋਈ । ਪੀੜਾਂ ਪੀੜ੍ਹੀ ਪੈ ਚੱਲੀ ਹਾਂ, ਤੇਰੀ ਮਿੱਟੀ ਨਾਲ ਸ਼ਿਕਵੇ ਕਰਨੇ । ਮੜ੍ਹੀਆਂ ਹੂੰਝਣ ਚੱਲੀ ਹਾਂ । ਚੱਕੀ ਆਟਾ ਲੱਗ ਪਈ ਪੀਹਣ । ਦਿਲ 'ਚ ਰੀਝਾਂ ਮੋਈਆਂ ਜੀਣ । ਤ੍ਰੇਹ ਲੱਗੀ, ਹੰਝੂ ਲੈਣ ਹਲੂਣੇ । ਪੀਤੇ ਪਾਪੀ, ਨਿੱਕ੍ਹਲੇ ਲੂਣੇ । ਤੇਰੀ ਯਾਦ ਚ ਹੋਈ ਝੱਲੀ ਹਾਂ । ਤੇਰੀ ਮਿੱਟੀ ਨਾਲ ਸ਼ਿਕਵੇ ਕਰਨੇ । ਮੜ੍ਹੀਆਂ ਹੂੰਝਣ ਚੱਲੀ ਹਾਂ । ਦਿਲ ਦੀ ਗੱਲ ਨਾ ਸਮਝੇ ਕੋਈ । ਕਿਸੇ ਕੋਲ ਕਦੇ ਬਹਿ ਨਾ ਰੋਈ । ਦਿਲ ਤੋਂ ਛਿਛੜੇ ਲਹਿ ਲਹਿ ਡਿੱਗੇ । ਅੱਲੇ ਜ਼ਖ਼ਮ ਨਾ ਖੁਰਕੇ ਕੋਈ । ਵਿਹਾਰੀ ਕਰਦੀ ਗੱਲੀਂ ਆਂ । ਤੇਰੀ ਮਿੱਟੀ ਨਾਲ ਸ਼ਿਕਵੇ ਕਰਨੇ । ਮੜ੍ਹੀਆਂ ਹੂੰਝਣ ਚੱਲੀ ਹਾਂ । ਜੱਗ ਨੇ ਦੇ 'ਤੀ ਚਿੱਟੀ ਲੋਈ । ਸੱਧਰ ਅੰਦਰੋਂ ਇੱਕ ਨਾ ਮੋਈ । ਹੱਟੀ ਵਿਕਦੇ ਸੂਹੇ ਲੀੜੇ । ਚੂੜੀਆਂ ਦੇ ਨਾਲ ਟੰਗੇ ਕਲੀਰੇ । ਮੇਰਾ ਵੱਸ ਚੱਲੇ ਝੱਟ ਪਾ ਲਾਂ' । ਲੋਕੀਂ ਕਹਿਣਗੇ, ਤੂੰ ਅਵੱਲੀ ਆਂ? ਤੇਰੀ ਮਿੱਟੀ ਨਾਲ ਸ਼ਿਕਵੇ ਕਰਨੇ । ਮੜ੍ਹੀਆਂ ਹੂੰਝਣ ਚੱਲੀ ਹਾਂ ।
ਮੁਹੱਬਤ ਹੋ ਗਈ
ਸੋਚ ਕਿ ਤੈਨੂੰ ਮੁਹੱਬਤ ਹੋ ਗਈ । ਕੱਲਾ ਸੋਚ ਸੋਚ ਮੁਸਕਰਾ ਕੇ ਤੇ ਵੇਖ । ਸੋਚ ਸੱਜਣ ਹੱਥ ਤੇਰੇ ਵੱਲ ਕਰਤਾ । ਅਪਣਾ ਹੱਥ ਸੱਜਣ ਫੜਾ ਕੇ ਤੇ ਵੇਖ । ਸੋਚ ਕਿ ਮਖ਼ਮਲੀ ਮੁਲਾਇਮ ਜਿਹਾ ਹੱਥ ਉਹਦਾ । ਆਪਣਾ ਹੱਥ ਸੀਨੇ ਨਾਲ ਲਾ ਕੇ ਤੇ ਵੇਖ । ਸੋਚ ਤੇਰੇ ਕੋਲ ਬੈਠਾ ਤੈਨੂੰ ਕਿੰਨੀ ਸੰਗ ਲੱਗੀ, ਚੁੰਨੀ ਪੱਲਾ ਦੰਦਾਂ 'ਚ ਦਬਾ ਕੇ ਤੇ ਵੇਖ । ਸੋਚ ਬੈਠ ਸਾਹਵੇਂ ਪਿਆਰ ਗੀਤ ਗਾਉਣਾ ਪਿਆ, ਨੀਵੀਂ ਧੌਣ ਕਰ ਗੁਣ ਗੁਣਾ ਕੇ ਤੇ ਵੇਖ । ਨੈਣੀਂ ਉਹਦੇ ਸੁਰਮਾ ਤੂੰ ਕੱਜਲੇ ਦੀ ਧਾਰੀ ਬਣ, ਨੈਣੀ ਨੈਣ ਪਾ ਸ਼ਰਮਾ ਕੇ ਤੇ ਵੇਖ । ਸੋਚ ਤੂੰ ਰੂਹਾਨੀ ਰੱਖ, ਮੰਨ ਲੈ ਕਿ ਮਿਲ ਪਿਆ, ਨੈਣੀਂ ਹੰਝੂ ਕੇਰ ਗਲ ਲੱਗ ਕੇ ਤੇ ਵੇਖ । ਸੱਚੀਆਂ ਮੁਹੱਬਤਾਂ ਦੇ ਅਹਿਸਾਸ ਹੀ ਬਥ੍ਹੇਰੇ ਹੁੰਦੇ, 'ਸਰਬ' ਵਾਲੇ ਭੇਖ ਆਸ ਰੱਖ ਕੇ ਤੇ ਵੇਖ ।
ਚੁੱਪ ਚਾਪ ਲਾਈ
ਚੁੱਪ ਚਾਪ ਲਾਈ, ਚੁੱਪ ਚਾਪ ਛੱਡਣੀ । ਇਹ ਗੱਲ ਜ਼ਮਾਨੇ, ਕਦੇ ਨਹੀਂ ਮੰਨਣੀ । ਭੰਡੀ ਕਰਵਾ ਛੱਡੇ, ਜ਼ਮਾਨਾ ਵੇਖ ਵੇਖ ਹੱਸੇ, ਇਹੋ ਜਿਹੀ ਰੀਤ, ਸੱਚੇ ਆਸ਼ਕਾਂ ਨਾ ਜੱਚਣੀ । ਰੀਤਾਂ ਤੇ ਰਿਵਾਜਾਂ, ਚੁੱਪ ਨੂੰ ਸੀ ਵਰਜਿਆ । ਸਾਡੇ ਬਿਨਾਂ ਲਾਈ, ਤੇਰੀ ਕਦੇ ਨਹੀ ਨਿਭਣੀ । ਚੁੱਪ ਵੇਖ ਚੁੱਪ ਨੂੰ , ਤਜ਼ਰਬੇ ਦੀ ਗੱਲ ਦੱਸੀ । ਤੀਰ ਵਾਂਗ ਚੁੱਪ ਤੇਰੀ, ਸਦਾ ਉਹਨਾਂ ਚੁਭਣੀ । ਜੰਗ ਮਾਰ ਛੱਡਿਆ, ਫੇਰ ਕਿਹੜੇ ਮੇਲ ਹੋਣੇ । ਕਬਰ ਖ਼ਿਆਲਾਂ ਪੈਣੀ, ਅੰਦਰ ਹੀ ਪੁੱਟਣੀ । ਭੁੱਬਾਂ ਨੂੰ ਸਮੇਟ 'ਸਰਬ', ਹਾਸਿਆਂ ਦੀ ਚਾਦਰ 'ਚ, ਇੱਕ ਇੱਕ ਸੱਧਰ, ਕਬਰੀਂ ਰੀਝਾਂ ਨਾਲ ਦੱਬਣੀ । ਸੋਹਣੇ ਸੋਹਣੇ ਸੁਫ਼ਨੇ, ਸਜਾਏ ਜੋ ਜਿਉਣ ਲਈ । ਆਵਣਗੇ ਕਿੰਞ, ਸਾਡੀ ਅੱਖ ਹੀ ਨਹੀਂ ਲੱਗਣੀ । ਲਾਉਣ ਵੇਲੇ ਭਾਈ ਸੀ, ਸੱਜਣਾ ਨੂੰ ਚੁੱਪ ਮੇਰੀ । ਚੁੱਪ ਵੱਟ ਨਿਭਾ ਦੇਣੀ, ਖ਼ਬਰ ਵੀ ਨਾ ਛੱਡਣੀ ।
ਦਰਦਾਂ ਭਰਿਆ ਟੋਕਰਾ
ਮੇਰੇ ਦਰਦਾਂ ਭਰਿਆ ਟੋਕਰਾ, ਭਾਰਾ ਹੋਇਆ ਪੈਣਾ ਖੋਲ੍ਹਣਾ । ਇੱਕ ਇੱਕ ਕਰਕੇ ਸੁੱਟੀਦਾ ਜਾਂ ਪਲਟ ਕੇ ਸਾਰਾ ਡੋਲ੍ਹਣਾ । ਢਕੀਆਂ ਹੱਡ ਬੀਤੀਆਂ, ਖੁੱਲ੍ਹੀਆਂ ਜੱਗ ਬੀਤੀਆਂ, ਸੱਧਰਾਂ ਮਾਰ ਸਜਾਈਆਂ, ਸੁੱਚੀਆਂ, ਪੈਰੀਂ ਨਾ ਰੋਲਣਾ । ਕੁਝ ਬਾਬਲ ਦੇ ਨਾਵੇਂ, ਕੁਝ ਸੋਹਣਿਆਂ ਦੀ ਛਾਵੇਂ, ਸੁਕਾ ਕੇ ਸਾਂਭੀਆਂ, ਨਾ ਦਾਗ਼ੀ, ਨਾ ਰੰਗ ਘੋਲਣਾ । ਦਰਿਆ ਵਾਗੂੰ ਸੁੱਚੀਆਂ, ਵਾਂਗ ਸਮੁੰਦਰਾਂ ਖਾਰੀਆਂ । ਮਰਜ਼ੀ ਖਿਲਾਫ਼ ਸਾੜੀਆਂ, ਸੰਸਕਾਰੀਆਂ ਕਿਹੜਾ ਬੋਲਣਾ । ਕੁਝ ਪਏ ਨੇ ਸਾਹਾਂ ਕੋਲ, ਜ਼ਮਾਨੇ ਦੇ ਮੰਦੜੇ ਬੋਲ । ਰੋਜ਼ ਵਜਾਈਏ ਢੋਲ, ਫੜ ਤੱਕੜੀ ਸੱਚ ਤੋਲਣਾ । ਨਾ ਰੱਖੀ ਕੋਈ ਆਸ, ਨਾ ਰੱਖਣ ਦੀ ਪਿਆਸ । ਨਾ 'ਸਰਬ' ਕਰੇ ਵਿਸ਼ਵਾਸ਼, ਰੱਬ ਵਰਗਾ ਵੀ ਨਹੀ ਢੋਲਣਾ । ਨਾ ਦਰਦਾਂ ਭਰਨਾ ਹੁਣ ਟੋਕਰਾ, ਨਾ ਪਊ ਕਦੇ ਵੀ ਡੋਲਣਾ ।
ਮੈਨੂੰ ਛੂਹਿਓ ਨਾ
ਮੈਨੂੰ ਛੂਹਿਓ ਨਾ, ਤੁਸੀਂ ਬੇਗਾਨੇ ਹੋ । ਇਹ ਬੋਲ ਉਸ, ਉਹਨਾਂ ਵੱਲ ਵੇਖਿਆ । ਉਹ ਉਸਨੂੰ ਵੇਖ ਰਹੇ ਸੀ । ਦੋਵਾਂ ਲੰਮਾ ਹੌਕਾ ਲਿਆ । ਧੌਣਾਂ ਆਪ ਮੁਹਾਰੇ ਨਿਵ ਗਈਆਂ । ਫਿਰ ਉਤਾਂਹ ਸਿਰ ਚੁੱਕ ਦੋਵੇਂ, ਆਸਮਾਨ ਨੂੰ ਨਿਹਾਰਨ ਲੱਗੇ । ਉਹ ਹੌਲੀ ਦੇਣੀ ਬੋਲੇ, ਮੇਰੀ ਚਾਹਤ ਨਹੀਂ, ਤੁਹਾਨੂੰ ਛੂਹਣ ਦੀ ।
ਮੇਰਾ ਜੀਅ ਕਰਦਾ
ਕਦੇ ਕਦੇ ਮੇਰਾ ਜੀਅ ਕਰਦਾ, ਕਰਾਂ ਕਸੂਰ ਤੇ ਰੁੱਸ ਜਾਵਾਂ । ਉਹ ਹਰ ਗੱਲ ਦਾ ਰੱਖੇ ਪਰਦਾ, ਉਹਦੀ ਹਰ ਇੱਕ ਗੱਲ 'ਚ ਦਮ ਹੋਵੇ । ਮੇਰੀ ਗੱਲ ਨਾ ਹੋਵੇ ਕੰਮ ਦੀ, ਕਮਲ ਘੋਟਿਆ ਮੈਂ ਹਰ ਗੱਲ ਹੋਵੇ । ਉਹ ਜਾਣਦਾ ਇਹ ਗੱਲ ਹੋਵੇ । ਫਿਰ ਵੀ ਮੇਰੀ, ਗੱਲ ਮੰਨ ਲਵੇ, ਮੈਂ ਆਪਣੀ ਗੱਲ ਮਨਾਉਣ ਲਈ, ਝੂਠੀ ਮੂਠੀ ਰੋਵਾਂ ਜਦ, ਖਿੱਚ ਆਪਣੀਆਂ ਬਾਂਹਾਂ ਵਿੱਚ ਲਵੇ । ਮੇਰੇ ਮੱਥੇ ਨੂੰ ਚੁੰਮ ਕੇ ਤੇ, ਸਿਰ ਸੀਨੇ ਦੇ ਨਾਲ ਲਾ ਲਵੇ । ਮੈਂ ਬਾਂਹ ਛੁਡਾ ਕੇ ਭੱਜਾਂ ਜਦ, ਝੱਟ ਪੱਟ ਗੱਲਵੱਕੜੀ ਪਾ ਲਵੇ । ਗੱਲ ਮੇਰੀ ਹੀ ਮੰਨੀ ਜਾਵੇ । ਪਰ ਦਿਲੋਂ, ਮੈਂ ਉਸਦੀ ਗੱਲ ਮੰਨਾਂ । ਉਹੀ ਕਰਾਂ, ਜੋ ਉਹਦੇ ਮਨ ਭਾਵੇ । ਜਿਵੇਂ 'ਸਰਬ' ਰੁੱਸ ਕੇ, ਹੱਕ ਨਾਲ । ਸੋਹਣੀ ਗਲਵੱਕੜੀ ਪਾ ਲਵੇ ।
ਛੱਪੜੀਆਂ ਦਾ ਚਿੱਕੜ
ਛੱਪੜੀਆਂ ਦਾ ਚਿੱਕੜ ਸਿਰ ਧਰ ਲੈਂਦੇ ਨੇ । ਅਪਣੇ ਘਰ ਦੀ ਛੱਤ ਨੂੰ ਲਿੱਪਣ ਵੇਲੇ ਲੋਕ । ਲੋਕਾਂ ਦੀਆਂ ਇੱਜ਼ਤਾਂ ਨੂੰ ਘਰ ਘਰ ਭੰਡਦੇ ਨੇ, ਵਲਗਣ ਵਲ ਨਾ ਸਕਦੇ ਜਿਹੜੇ ਘਰ ਦੇ ਲੋਕ । ਵਿਹੜੇ ਉੱਗੇ ਬੋਹੜ ਨੂੰ ਕਹਿਣ ਬਲੱਸ਼ਣਾ, ਬੇਰੀ ਜਿਹੜੇ ਘਰ ਵਿੱਚ ਲਾਈ ਬੈਠੇ ਲੋਕ । ਰੱਬੀ ਮੰਗਤੇ ਬਣ ਸ਼ਾਹੀ ਜ਼ਿੰਦਗੀ ਜਿਉਂਦੇ ਤੇ ।, ਮਿਹਨਤ ਕਰਕੇ ਭੁੱਖੇ ਮਰਦੇ ਵੇਖੇ ਲੋਕ । ਏਕੋ ਨਾਮ ਨਿਰੰਜਨ ਤੇ ਨਿਰਭਉ ਜਿਹੜਾ ।, ਉਹਦੇ ਨਾਮ ਤੇ ਮੰਗਣੋਂ ਵੀ ਨਹੀਂ ਡਰਦੇ ਲੋਕ । ਨਿੱਤ ਦਹਿਲੀਜ਼ਾਂ ਟੱਪਦੇ ਜੋ ਬੇਗਾਨੀਆਂ, ਅਪਣੇ ਸੋਹਣੇ ਸਜਦੇ ਕਿਹੜਾ ਜਰਦੇ ਲੋਕ । ਖ਼ੁਦ ਚਰਿੱਤਰ ਹੀਣ ਚਰਿੱਤਰ ਮੋਹਰਾਂ ਲਾਉਣ, ਕਲਮ 'ਸਰਬ' ਸੱਚ ਲਿਖਣਾ, ਤਿੱਖੀ ਕਰ ਲਈ ਨੋਕ ।
ਮੈਂ ਕਿਓਂ ਪੁੱਛਾਂ ਹਾਲ
ਮੈਂ ਕਿਓਂ ਪੁੱਛਾਂ ਹਾਲ ਤੇਰਾ, ਮੈਨੂੰ ਤੇਰੀ ਚੁੱਪ ਸੁਣਦੀ ਏ । ਦਿਲ ਮਿਲਣੇ ਨੂੰ ਕਰੇ ਤੇਰਾ, ਆਕੜ ਤੇਰੀ ਤਾਣੇ ਉਣਦੀ ਏ । ਤੇਰੀ ਚੁੱਪ ਨਾਲ ਮੇਰੀ, ਤੇਰੇ ਨਾਲੋਂ ਵੱਧ ਬਣਦੀ ਏ । ਮੈਂ ਰੌਲਾ ਪਾਵਾਂ ਜਦ, ਇਹ ਸੁਪਨੇ ਨਵੇਂ ਹੀ ਜਣਦੀ ਏ ਮੇਰੇ ਬੋਲਾਂ ਨੂੰ ਸੁਣ ਲੈਂਦੀ, ਤੇ ਅੰਦਰੋਂ ਹੱਸੀ ਜਾਂਦੀ ਏ । ਤੇਰਾ ਦਿਲ ਕੀ ਬੋਲੇ, ਨਾਲੋ ਨਾਲ ਮੈਨੂੰ ਦੱਸੀ ਜਾਂਦੀ ਏ । ਚੁੱਪ ਜ਼ਿਆਦਾ ਬੋਲਦੀ, ਹੈ ਬੋਲਣ ਵਾਲੇ ਤੋਂ ਬੋਲਣ ਵਾਲੇ ਥੱਕ ਜਾਂਦੇ, ਇਹ ਨੱਸੀ ਜਾਂਦੀ ਏ ਸਰਬ ਪਈ ਕੁਰਲਾਵੇ, ਹਾਕਾਂ ਮਾਰੇ ਯਾਦ ਕਰੇ ਇਹ ਮਰ ਜਾਣੀ ਸਭ ਕੁਝ, ਤੈਨੂੰ ਦੱਸੀ ਜਾਂਦੀ ਏ ਉਹ ਵੀ ਤੈਨੂੰ ਯਾਦ ਕਰੇ, ਦਿਲ ਨੂੰ ਧਰਵਾਸੇ ਦੇ ਪਰਦੇ ਤੇਰੇ ਸਾਰੇ ਚੰਦਰਿਆ, ਢਕੀ ਜਾਂਦੀ ਏ ਮੈਂ ਕਿਓਂ ਪੁੱਛਾਂ ਹਾਲ ਤੇਰਾ, ਜਦ ਚੁੱਪ ਤੇਰੀ ਦਿਲ ਤੇਰੇ ਦਾ ਹਾਲ, ਅਸਾਂ ਨੂੰ ਦੱਸੀ ਜਾਂਦੀ ਏ
ਜਿਉਂਦੇ ਜੀਅ ਨਾ ਸੁਣਦਾ ਕੋਈ
ਜਿਉਂਦੇ ਜੀਅ ਨਾ ਸੁਣਦਾ ਕੋਈ, ਮੋਇਆਂ ਕਿਉਂ ਮਿਲ ਬਹਿੰਦੇ ਨੇ । ਦੁਨੀਆਂ ਦੇ ਮੁਰਝਾਏ ਰਿਸ਼ਤੇ, ਮਰਿਆਂ ਕਿਉਂ ਖਿੜ ਪੈਂਦੇ ਨੇ । ਜਿਹਨਾਂ ਸੌਂਹਾਂ ਖਾਧੀਆਂ ਸੀ, ਨਾਲ ਕਦੇ ਨਾ ਖੜ੍ਹਨ ਦੀਆਂ । ਮੋਇਆਂ ਤੇ ਉਹ ਲੋਕੀਂ ਝੱਟ 'ਚ, ਮੰਜੇ ਕਿਉਂ ਆ ਬਹਿੰਦੇ ਨੇ । ਜਿਹੜੇ ਪਾਪੀ ਕਹਿ ਕੇ ਕੋਸਣ, 'ਸਰਬ' ਨੂੰ ਕਹਿ ਗੱਦਾਰ ਜਿਹਾ । ਮੋਇਆਂ ਲਾਸ਼ ਗਲੇ ਨਾਲ ਲਾ ਕੇ, ਰੋਵਣ ਕਿਉਂ ਲੱਗ ਪੈਂਦੇ ਨੇ । ਜਾਨ ਨਾਲ ਦੀਪ ਜਗਾ ਗਿਆ, ਨਿਸ਼ਾਨ ਸਾਹਿਬ ਝੜ੍ਹਾ ਗਿਆ । ਮੋਇਆਂ ਗੇਟ ਬਣਵਾਉਣਗੇ, ਅਰਦਾਸਾਂ ਵੀ ਕਰਵਾਉਣਗੇ । ਰੂਹ ਨੇ ਜਦ ਮਕਾਨ ਬਦਲਤਾ, ਚੰਗਾ ਬੰਦਾ ਸੀ, ਕਹਿੰਦੇ ਨੇ । ਅੰਤਮ ਸਸਕਾਰ ਤੱਕ ਖੇਡ ਜਿੰਨ੍ਹਾਂ । ਆਖਰ ਵੇਲ਼ੇ ਵੇਖੇ ਉਹਨਾਂ ਦੇ, ਝੂਠੇ ਅੱਥਰੂ ਵਹਿੰਦੇ ਮੈਂ । ਰੱਬਾ ਤੇਰੀ ਇਹ ਰਜ਼ਾ, ਮੈਨੂੰ ਸਮਝ ਨਾ ਆਈ ਕਿ, ਦੁਨੀਆਂ ਦੇ ਮੁਰਝਾਏ ਰਿਸ਼ਤੇ, ਮੋਇਆਂ ਕਿੰਝ ਖਿੜ ਪੈਂਦੇ ਨੇ ।
ਕੇਸ ਕਿੱਥੇ ਲਾਵਾਂ?
ਕੇਸ ਕਿੱਥੇ ਲਾਵਾਂ? ਜੋ ਤੂੰ ਕੀਤੀ ਬੇਵਫ਼ਾਈ ਆ । ਕਚਹਿਰੀ ਲਿਖਤਾਂ ਮੰਗਦੀ ਏ, ਥਾਣੇ ਸਬੂਤ ਮੰਗਦੇ ਨੇ । ਕਰਦੇ ਸੀ ਜੋ ਸਜਦੇ, ਤੈਨੂੰ ਤੇ ਮੈਨੂੰ ਵੇਖ ਕੇ । ਵਿਗੜੇ ਹਾਲਾਤ ਵੇਖ ਕੇ, ਕਰ ਮਜ਼ਾਕ ਲੰਘਦੇ ਨੇ । ਚੁੱਪ ਵੱਟਣਾ ਚਾਹੇ, ਮੇਰੀ ਮਜ਼ਬੂਰੀ ਏ ਸੱਜਣਾ । ਤਰਸ ਖਾਵਣ ਲੱਗੇ ਮੈਥੋਂ, ਮੇਰੇ ਹਾਲਾਤ ਸੰਗਦੇ ਨੇ । ਕਰ ਉਸ ਰਜ਼ਾ ਨੂੰ ਸਜਦਾ, ਕੀਤਾ ਹੈ ਤਾਂ ਪਰਦਾ । ਹਾਲਾਤ ਦਿੱਤੇ ਤੇਰੇ ਸੱਜਣਾ, ਅਸਾਂ ਨੂੰ ਛਿੱਕੇ ਟੰਗਦੇ ਨੇ । ਤੇ, ਬੇਜ਼ਮੀਰੇ ਥੋੜੀ ਹਾਂ, ਜੋ ਤੇਰੇ ਮਰਨੇ ਦੀ ਸੁੱਖ ਮੰਗੀਏ । ਸਰਬ ਮਰਜੀਵੜੀ ਸੱਜਣਾ, ਰਹੇ ਆਪਣੇ ਹੀ ਡੰਗਦੇ ਨੇ ।
ਨਫ਼ਰਤ ਸੌਣ ਵੇਲੇ ਨੂੰ
ਮੈਂ ਨਫ਼ਰਤ ਕਰਦੀ ਹਾਂ, ਤੁਹਾਡੇ ਸੌਣ ਵੇਲੇ ਨੂੰ । ਕਿਉਂਕਿ ਤੁਸੀਂ ਆਪਣੀਆਂ, ਜੋ ਮੈਂ ਸਮਝਦੀ ਮੇਰੀਆਂ । ਅੱਖਾਂ ਬੰਦ ਕਰ ਲੈਣੀਆਂ, ਨੀਂਦਰ ਦੇ ਆ ਜਾਣ 'ਤੇ । ਲੰਮੀਆਂ, ਸੋਹਣੀਆਂ ਬਾਹਾਂ, ਕੂਲ਼ੇ ਮਖਮਲੀ ਹੱਥ, ਚਾਂਦੀ ਰੰਗੇ ਵਾਲ, ਜੋ ਕਦੇ ਕਾਲੇ ਸਿਆਹ ਸੀ । ਢੱਕ ਲੈਣੇ ਤੁਸੀਂ, ਸੌਣ ਵੇਲੇ, ਖੱਦਰ ਦੀ ਚਾਦਰ ਹੇਠ । ਡੀਲ ਡੌਲ ਵਾਲਾ ਬਦਨ, ਜੋ ਕਦੇ ਮਾਰਕੇ ਮਾਰਦਾ ਰਿਹਾ, ਜਵਾਨੀ ਦੇ ਪਲਾਂ ਵਿੱਚ, ਜਿਸ ਨੇ ਬੜੀਆਂ ਧੁੱਪਾਂ, ਛਾਵਾਂ, ਤੇ ਸਾਉਣ ਦੀ ਝੜੀਆਂ, ਵਾਚੀਆਂ ਤੇ ਮਾਣੀਆਂ ਹੋਣੀਆਂ । ਸਿਆਲ ਦੇ ਠਰਕੇ, ਹਾੜ੍ਹ ਦੀਆਂ ਧੁੱਪਾਂ, ਭਾਦੋਂ ਦੇ ਚਮਾਸੇ, ਪਤਝੜ ਤੇ ਪੁੰਗਾਰੇ, ਵੇਖ, ਜਿਉਣ ਦੇ ਸਿੱਖੇ ਹੋਣੇ ਢੰਗ । ਤੇ ਹਾਰਾਂ ਨੂੰ ਜਿੱਤ 'ਚ, ਤਬਦੀਲ ਕਰਨ ਦੇ ਵੱਲ, ਸਿੱਖੇ ਹੋਣੇ ਤੁਸੀਂ ਇਹਨਾਂ ਤੋਂ । ਕਿੰਨੇ ਹੀ ਜਵਾਨੀ ਦੇ ਖ਼ੂਬਸੂਰਤ ਲਮਹੇਂ, ਕਿਸੇ ਅਪਣੇ ਲਈ, ਨਿਸ਼ਾਵਰ ਕੀਤੇ ਹੋਣੇ । ਕਿੰਨੀ ਵਾਰ ਵਿਰੋਧ ਦਾ, ਸਾਹਮਣਾ ਕੀਤਾ ਹੋਣਾ, ਸੱਚ ਨੂੰ ਕਹਿ ਦੇਣ ਤੇ । ਤੇ ਹੁਣ ਵੀ ਦਿਹਾੜੀ ਲਾ, ਮਿਹਨਤ ਕਰ ਥੱਕ ਕੇ, ਸੱਜਰੀ ਮਿਹਨਤ ਕਰਨੇ ਖਾਤਰ, ਸੌਣ ਦੀ ਸੋਚੀ ਹੋਣੀ । ਹੁਣ ਮੇਰੀ ਵਾਰੀ ਆਈ ਜਦ, ਤੁਹਾਨੂੰ ਨਿਹਾਰਨ ਦੀ, ਤੇ ਤੁਸੀਂ ਸੌਣ ਲੱਗੇ ਹੋ । ਮੈਨੂੰ ਪਤਾ ਤੇਰਾ ਸੌਣਾ, ਬਹੁਤ ਜ਼ਰੂਰੀ ਹੈ । ਪਰ ਸੱਚ ਦੱਸਾਂ 'ਸਰਬ' ਨੂੰ ਸੋਹਣਿਆ, ਤੁਹਾਡਾ ਸੌਣਾ ਪਸੰਦ ਨਹੀਂ ।
ਮੰਨੇ ਹੋਣੇ ਦਸਤੂਰ ਤੇਰੇ
ਮੰਨੇ ਹੋਣੇ ਦਸਤੂਰ ਤੇਰੇ, ਪਿਆਰ ਵਿੱਚ ਭਿੱਜ ਕੇ ਸੱਜਣਾ । ਵਰਨਾ ਕੌਣ ਜਾਣੀ ਜਾਣ, ਜ਼ਿੰਦਗੀ ਨੂੰ ਮੌਤ ਬਣਾ ਸਕਦਾ । ਸਭ ਕੁਝ ਮਾਣ ਕੇ ਮੁੱਕਰੇਂ, ਆਦਤ ਬਣ ਗਈ ਤੇਰੀ । ਛੱਡ ਕੇ ਦੂਰ ਜਾ ਵੱਸਿਆਂ, ਕੀ ਪਾਪਾਂ ਢਾਹ ਲਈ ਢੇਰੀ? ਚੰਨ ਪਾਉਂਦਾ ਗਵਾਹੀ, ਜੇ ਹਨ੍ਹੇਰੀਆਂ ਰਾਤਾਂ ਨਾ ਹੁੰਦੀਆਂ । ਮਾਰੂਥਲਾਂ ਨਿਸ਼ਾਨ ਤੇਰੇ ਪੈਰਾਂ, ਰੇਤ ਕਿੱਦਾਂ ਉਡਾ ਜਾਂਦੀ । ਅੰਦਰ ਝਾਤ ਮਾਰੀ ਜਦ, ਰੂਹ ਮੇਰੀ ਲੇਖ ਕਿੰਝ ਪਏ । ਕੱਚੇ ਕੰਢੇ ਜ਼ਖ਼ਮਾਂ ਦੇ, ਮੈਂ ਪੰਡਾਂ ਬੰਨ੍ਹਦੇ ਵੇਖ ਲਏ । ਲੇਖਾਂ ਹਿਸਾਬ ਹੋਣ ਲੱਗੇ, ਜੇ ਪੱਲੜਾ ਤੇਰਾ ਡੋਲ ਜੇ । ਵੱਟੇ 'ਸਰਬ' ਨੂੰ ਪਾ ਲਵੀਂ, ਨਜ਼ਾਰੇ ਮਾਣੀ ਜਿੱਤਣ ਦੇ । ਤੱਕੜੀ ਓਸ ਨਾ ਬੈਠੀਂ, 'ਤੇਰਾ-ਤੇਰਾ' ਤੋਲਦੀ । ਮੰਨੀ ਤੂੰ ਰਜ਼ਾ ਨਹੀਂ, ਤੇ ਜਿੱਤਣਾ ਮੈਂ ਨਹੀਂ ਚਾਹੁੰਦੀ । ਮਰਨ ਤੇ ਖੁਸ਼ ਹੋਈਂ ਮੇਰੇ, ਕਿ ਰਾਜ਼ ਦਫ਼ਨ ਹੋ ਗਏ । ਛੇੜਨੀ ਝੁਰਨਾਟ ਲਾਹਨਤਾਂ, ਕੱਲਾ ਨਾ ਬਹੀਂ ਕਦੇ । ਇਹ ਲੇਖੇ ਲੇਖਾਂ ਦੇ, ਅਸਾਂ ਨਹੀ ਲੈਣੇ ਸੱਜਣਾ । ਭਾਣਾ ਪੈ ਗਿਆ ਮੰਨਣਾ, ਤਾਂ ਤੈਨੂੰ ਦੇਣੇ ਪੈਣੇ ਨੇ । 'ਸਰਬ ਦਾ ਵੱਸ ਚੱਲਿਆ ਜੇ, ਗੁਨਾਹ ਤੇਰੇ ਸੀਨੇ ਲਾ ਲੈਣੇ । ਮੱਥਾ ਅੱਗੇ ਕਰ ਕੇ ਤੇ, ਪਵਿੱਤਰ ਪਾਪੀ ਬਣ ਜਾਣਾ ।
ਮੂੰਹ ਨੂੰ ਡੱਕਾ ਲਾ ਬੈਠਾ
ਮੂੰਹ ਨੂੰ ਡੱਕਾ ਲਾ ਬੈਠਾ ਹਾਂ । ਆਪਣਾ ਆਪ ਭੁਲਾ ਬੈਠਾ ਹਾਂ । ਤੂੰ ਸੀ ਕਿਹਾ ਮੂੰਹੋਂ ਨਾ ਬੋਲੀਂ, ਕਲਮ ਦਵਾਤੇ ਪਾ ਬੈਠਾ ਹਾਂ । ਅੰਦਰੋਂ ਅੱਖਰਾਂ ਰੌਲਾ ਪਾਇਆ, ਉਹਨਾਂ ਨੂੰ ਸਮਝਾ ਬੈਠਾ ਹਾਂ । ਕਾਗਜ਼ ਯਾਰ ਬਣਾ ਉਹਨਾਂ ਦਾ, ਉਸ ਨਾਲ ਮੱਥਾ ਲਾ ਬੈਠਾ ਹਾਂ । ਨੈਣੋਂ ਨੀਰ ਲੁਕਾਉਣ ਲੱਗੇ ਨੂੰ , ਰੱਬ ਦੀ ਨਜ਼ਰ ਚੜ੍ਹਾ ਬੈਠਾ ਹਾਂ । ਦਰਦਾਂ ਭਰੇ ਦੁਆੜ ਦੇ ਵਿੱਚੋਂ, ਉਸਨੂੰ ਨੂੰ ਘੁੱਟ ਲੁਆ ਬੈਠਾ ਹਾਂ । ਉਸ ਵੱਲ ਵੇਖ ਤ੍ਰਾਹ ਜਦ ਨਿੱਕਲੀ, ਸੋਹਣਾ ਯਾਰ ਰੁਆ ਬੈਠਾ ਹਾਂ । ਬੇਕਦਰਾ ਤੇਰੇ ਲੜ ਲੱਗ ਕੇ, 'ਸਰਬ' ਜਿਹਾ ਯਾਰ ਗੁਆ ਬੈਠਾ ਹਾਂ ।
ਵਾਅਦਾ ਕਰਕੇ
ਯੋਗੀ ਮਿਲਣ ਦਾ ਵਾਅਦਾ ਕਰਕੇ । ਫੇਰ ਨਾ ਫੇਰੀ ਪਾਉਂਦੇ ਨੇ । ਪਾ ਨੈਣੀਂ ਕੱਜਲਾ, ਕੰਨੀ ਮੁੰਦਰਾਂ । ਪਿਆਰੇ ਖੋਜਣ ਆਉਂਦੇ ਨੇ । ਪਤਾ ਹੁੰਦਾ ਯਾਰ ਅੰਦਰ ਬੈਠਾ । ਤਾਂ ਵੀ ਵੰਝਲੀ ਵਜਾਉਂਦੇ ਨੇ । ਜਿਹੜੇ ਰਾਹੀਂ ਲੰਘ ਜਾਂਦੇ । ਨਜ਼ਰ ਸਵੱਲੀ ਪਾਉਂਦੇ ਨੇ । ਜਿਹੜੇ ਨੈਣਾਂ ਨੈਣ ਮਿਲਾਉਂਦੇ । ਰੋਗ ਹਿਜਰ ਦੇ ਲਾਉਂਦੇ ਨੇ । ਕੰਬਲੀ ਵਾਲੇ ਸੋਹਣੇ ਸੱਜਣ । ਕਦੇ ਨਜ਼ਰ ਨਾ ਆਉਂਦੇ ਨੇ । ਘੰਟਿਆਂ ਬੱਧੀ ਕਰਵਾ ਉਡੀਕਾਂ । ਯਾਰ ਮਸੀਤ ਬਣਾਉਂਦੇ ਨੇ । ਈਦ ਤੇ ਦੀਦ ਨਾ ਯੋਗੀ ਕਰਦੇ । ਧੂਣੀ ਤਪਣਾ ਚਾਹੁੰਦੇ ਨੇ । ਰੁੱਤਾਂ, ਥਿੱਤਾਂ, ਘੜੀਆਂ, ਵਾਰਾਂ । ਉਂਗਲੀ ਯਾਰ ਨਚਾਂਉਂਦੇ ਨੇ । ਮਾਹ, ਸਾਲ ਤੇ ਲੱਖਾਂ ਸਦੀਆਂ । ਯੋਗੀ ਨਾਚ ਨਚਾਉਂਦੇ ਨੇ । ਕਿਹਾ ਜ਼ਮਾਨੇ ਅੰਦਰ ਵੜ ਜਾ । ਤੇਰੇ ਵੱਲ ਨੂੰ ਆਉਂਦੇ ਨੇ । ਯੋਗੀ ਲਾ ਕੇ ਰੋਗ ਅਵੱਲੇ । ਕਦੇ ਨਾ ਗੇੜਾ ਲਾਉਂਦੇ ਨੇ । ਮੈਂ ਨਾ ਮੰਨੀ ਗੱਲ ਕਿਸੇ ਦੀ । ਕਿ ਐਵੇਂ ਲੋਕ ਭਰਮਾਉਂਦੇ ਨੇ ਰੋਗ ਹਿਜਰ ਦਾ ਲੱਗ ਗਿਆ । ਬੋਲ ਯਾਦ ਤਦ ਆਉਂਦੇ ਨੇ । ਰੂਹ 'ਸਰਬ' ਦੀ ਯੋਗੀ ਜੋਗੀ । ਸੜ ਕੇ ਵੀ ਯੋਗੀ ਦੀ ਹੋਗੀ । ਭਸਮ ਨਾ ਉਸਦੀ ਰੋੜਿ੍ਹਓ । ਯੋਗੀ ਤਨ ਹੰਡਾਉਂਦੇ ਨੇ । ਉਸਦੇ ਯੋਗੀ ਫੇਰੀ ਪਾਉਣੀ । ਐਵੇਂ ਲੋਕ ਡਰਾਂਉਂਦੇ ਨੇ ।
ਸੋਹਣੀ ਸੂਰਤ ਸੋਹਣੀ ਸੀਰਤ
ਸੋਹਣੀ ਸੂਰਤ ਸੋਹਣੀ ਸੀਰਤ । ਦਿਖ ਸੋਹਣੀ ਵਿਖੇ ਹਜ਼ਾਰਾਂ ਚੋਂ । ਸੋਹਣੀ ਮਾਂ ਦੀਏ ਸੋਹਣੀ ਜਾਈਏ । ਦੱਸ ਕੀ ਖੱਟਿਆ ਪਿਆਰਾਂ ਚੋਂ । ਚੁੱਪ ਕਰਕੇ ਨਹੀਂ ਰਹਿ ਸਕਦੀ ਸੀ । ਲੱਭਿਆ ਕੀ ਇਜ਼ਹਾਰਾਂ ਚੋਂ । ਹੋਲੀ ਖੇਡ ਕੇ ਵੇਖ ਲਈ ਊ । ਪਿਆਰਾਂ ਦੀਆਂ ਕਟਾਰਾਂ ਚੋਂ । ਵਾਂਗ ਇਬਾਦਤ ਚਾਹ ਕੇ ਤੱਕ ਲੈ । ਕੁਝ ਨਹੀਂ ਮਿਲਣਾ ਪਿਆਰਾਂ ਚੋਂ । ਸੋਹਣੀ ਘੜੇ ਨਾਲ ਰੁੜ ਗਈ ਦਰਿਆ । ਜਿੱਤੀ ਮੌਤ ਸੀ ਕੌਲ ਕਰਾਰਾਂ ਚੋਂ । ਲਾਲ ਦੁਸ਼ਾਲਾ ਲੈਂਦੀਏ ਕੁੜੀਏ । ਪਿਆਰ ਨਾ ਲੱਭਦੇ ਯਾਰਾਂ ਚੋਂ । ਰਾਂਝੇ ਹੀਰ ਲਈ ਮੱਝੀਆਂ ਚਾਰ ਕੇ । ਬਾਜ਼ੀ ਜਿੱਤੀ ਹਾਰਾਂ ਚੋਂ । ਪੁਨੂੰ ਲੱਭਦੀ ਸੱਸੀ ਸੜ ਗਈ । ਤੂੰ ਕਿਹੜੀਆਂ ਨਾਰਾਂ ਚੋਂ । 'ਸਰਬ' ਤੋਂ ਸਿੱਖ ਕਵਿੱਤਰੀ ਜੋ ਬਣਗੀ । ਕਹਿੰਦੀ ਲੱਭਣਾ ਸਭ ਸਤਿਕਾਰਾਂ ਚੋਂ ।
ਤਸਵੀਰ ਬਣਾ ਤਸੱਵੁਰ ਨੇ
ਤਸਵੀਰ ਬਣਾ ਤਸੱਵੁਰ ਨੇ । ਸ਼ੇਰ ਦੀ ਜੰਗਲਾਂ ਚੋਂ । ਲੱਕੜ 'ਤੇ ਲਾ ਦਿੱਤੀ । ਨਮਾਇਸ਼ ਲਾ ਵੇਚ ਦਿੱਤੀ । ਲੋਕਾਂ ਨੇ ਖ੍ਰੀਦ ਲਈ । ਸ਼ੀਸ਼ੇ 'ਚ ਮੜ੍ਹਾ ਕੇ ਤੇ । ਕੰਧਾਂ 'ਤੇ ਲਗਾ ਦਿੱਤੀ । ਅਸੀਂ ਵੀ ਤਸਵੀਰ ਬਣਾਈ । ਖਾਬਾਂ 'ਚ ਤੇ ਜਾਗਦਿਆਂ । ਮਹਿਬੂਬ ਪਿਆਰੇ ਦੀ । ਬਣਾਈ ਵੀ ਸੀਨੇ ਵਿੱਚ । ਖੂਨ ਦੇ ਰੰਗ ਰੰਗੀ । ਵੇਖ ਵੇਖ 'ਸਰਬ' ਸੰਗੀ । ਦੁਨੀਆਂ ਤੋਂ ਲੁਕਾ ਦਿੱਤੀ । ਸਾਹਾਂ ਦੇ ਨਾਲ ਜਾਊ । ਤਾਂ ਦਿਲ ਤੇ ਸਜਾ ਦਿੱਤੀ ।
ਸੁਫ਼ਨੇ ਏਦਾਂ ਖ਼ਾਕ
ਨਾ ਦਿਨੇ ਅੱਖ ਲੱਗੇ, ਨਾ ਰਾਤੀਂ ਆਵੇ ਨੀਂਦਰ । ਸੁਫ਼ਨੇ ਅਸਾਂ ਨੇ ਏਦਾਂ ਖ਼ਾਕ ਕੀਤੇ ਨੇ । ਸੁਫ਼ਨੇ ਨੂੰ ਅਸਾਂ ਕੁਝ । ਜਾਣ ਕੇ ਨਹੀਂ ਅੱਖੀਂ ਲਾਇਆ । ਮਾਂ ਨੇ ਹੀ ਸਾਡੇ ਲਈ, ਏਨੇ ਖ਼ਾਬ ਲੀਕੇ ਨੇ । ਸੁਫ਼ਨਿਆਂ ਦੀ ਸ਼ਰਤ ਹੁੰਦੀ, ਕਿ ਓਹਨਾਂ ਵਾਂਗੂੰ ਵੇਖੀਏ । ਮਨ ਨੂੰ ਨਾ ਭਾਈ ਸਾਡੇ, ਲੀਕ ਮਾਰ ਦਿੱਤੇ ਨੇ । ਚਾਦਰਾਂ ਸੀ ਚਿੱਟੀਆਂ, ਪਲੰਘਾਂ ਉੱਤੇ ਵਿਛੀਆਂ । ਸੌਂ ਨਾ ਦਾਗ਼ ਲਾਏ ਅਸਾਂ, ਜਦੋਂ ਅਸਾਂ ਡਿੱਠੀਆਂ । ਜਾਗ ਜਾਗ ਅਸਾਂ ਮਾਂ ਦੇ, ਖ਼ਾਬ ਪੂਰੇ ਕੀਤੇ ਨੇ । ਬੜੀ ਖੁਸ਼ੀ ਹੁੰਦੀ ਜਦੋਂ ਮਾਂ, ਮੁਸਕਰਾ ਕੇ ਆਖੇ । ਸਾਡੇ ਧੀਆਂ ਪੁੱਤਾਂ ਸਾਡੇ, ਖ਼ਾਬ ਪੂਰੇ ਕੀਤੇ ਨੇ । ਹੁਣ ਜਦ ਮੇਰੇ ਧੀਆਂ ਪੁੱਤਾਂ, ਦੀ ਹੈ ਵਾਰੀ ਆਈ । ਉਹਨਾਂ ਖਾਤਰ ਸੁਫ਼ਨਿਆਂ, ਹਾਰ ਮੰਨ ਲਈ 'ਸਰਬ' । ਆ ਜਾ ਤੈਨੂੰ ਵੇਖਣਾ, ਕਹਿ ਦੀਦੇ ਮੀਟ ਦਿੱਤੇ ਨੇ ।
ਨਾ ਮੁਮਕਿਨ ਹੈ
ਅਸਮਾਨਾਂ 'ਚ ਚਿੱਟਾ ਧੂੰਆਂ ਹੈ । ਉਹ ਰਸਤਾ ਭੁੱਲ ਗਿਆ ਹੋਣਾ । ਲੱਭਦਾ ਫਿਰਦਾ ਉਹ ਮੈਨੂੰ । ਸੜਕ ਤੇ ਰੁਲ ਰਿਹਾ ਹੋਣਾ । ਵਰਨਾ ਉਹ ਮੈਨੂੰ ਭੁੱਲ ਜਾਸੀ । ਨਾ ਮੁਮਕਿਨ ਹੈ ਦੋਸਤੋ । ਕੋਈ ਕਹਿੰਦਾ ਏ ਧੁੰਦ ਹੈ । ਜਿਸ ਨੇ ਕੀਤੀ ਹੈ ਤਿਲ੍ਹਕਣ । ਪੈਰ ਤਿਲ੍ਹਕ ਗਿਆ ਹੋਣਾ । ਕਿਤੇ ਹੋਰ ਪਹੁੰਚ ਗਿਆ ਜਾਪੇ । ਵਰਨਾ ਉਹ ਮਿਲਣ ਨਾ ਆਵੇ । ਨਾ ਮੁਮਕਿਨ ਹੈ ਦੋਸਤੋ । ਪਹਿਲਾਂ ਮੀਂਹ ਪੈ ਗਿਆ ਹੈ । ਕੁਦਰਤ ਦੇ ਰੰਗ ਨੇ ਸੋਹਣੇ । ਧੁੰਦ ਬਾਅਦ ਕੋਹਰੇ ਵਾਰੀ ਹੈ । ਮੁਹੱਬਤ ਫੁੱਲਾਂ ਦੀ ਕਿਆਰੀ ਹੈ । ਉਹ ਮਹਿਕਾਂ ਵੰਡਣ ਨਾ ਆਵੇ । ਨਾ ਮੁਮਕਿਨ ਹੈ ਦੋਸਤੋ । ਸੂਰਜ ਵੜਿਆ ਜਾ ਬੱਦਲੀਂ । ਪਿਆ 'ਸਰਬ' ਤੋਂ ਸ਼ਰਮਾਵੇ । ਚਾਂਦਨੀ ਚੰਦ ਵੜੀ ਬੁੱਕਲੀਂ । 'ਸਰਬ' ਨੂੰ ਕਿੱਦਾਂ ਭਰਮਾਵੇ । ਕੋਈ ਪਈ ਮੁਸੀਬਤ ਭਾਰੀ । ਵਰਨਾ ਓਹ ਮੁੱਖ ਮੋੜ ਜਾਵੇ । ਨਾ ਮੁਮਕਿਨ ਹੈ ਦੋਸਤੋ ।
ਮੁਹੱਬਤ ਦਾ ਫ਼ਕੀਰ
ਸਲਾਮ ਦੁਆ ਤਾਂ, ਲੋਕੋ ਹੁੰਦੀ ਆਈ ਹੈ । ਹੁੰਦੀ ਰਹੇਗੀ, ਦਸਤੂਰ-ਏ-ਜ਼ਮਾਨਾ । ਮੈਂ ਮੁਹੱਬਤ ਦਾ ਫ਼ਕੀਰ ਹਾਂ । ਲੋਟੇ 'ਚ ਮੁਹੱਬਤ ਪਾ ਦਿਓ । ਆਟੇ ਦੀ ਕੌਲੀ, ਲੋਕੀਂ ਯੋਗੀ ਪਾਂਵਦੇ ਝੋਲੀ । ਪਾਉਂਦੇ ਰਹਿਣਗੇ, ਮਿਥਿਆ ਪੈਮਾਨਾ । ਨੈਣਾਂ ਕਰਨਾ ਦਰਸ਼ ਹੈ ਯਾਰ ਦਾ । ਪਿਆਰ ਦਾ ਕੱਜਲਾ ਪਾ ਦਿਓ । ਤਪ ਕਰਦੇ ਆਏ ਹਾਂ, ਧੂਣੀਆਂ ਲਾ ਕੇ । ਕਰਦੇ ਰਹਾਂਗੇ, ਫ਼ੱਕਰਾਂ ਦਾ ਖ਼ਜ਼ਾਨਾ । ਜ਼ੁਲਫ਼ਾਂ ਵਿਯੋਗ 'ਚ ਜੁੜੀਆਂ ਧੋਣੀਆਂ । ਕੌਲਾ ਦਹੀਂ ਦਾ ਪਾ ਦਿਓ । ਸੱਥਰੀਂ ਬਹਿ ਗਾਉਂਦੇ ਨੇ ਯੋਗੀ । ਗਾਉਂਦੇ ਰਹਿਣਗੇ, ਯਾਰ ਵਿਯੋਗ 'ਚ ਗਾਣਾ । ਮਿਲਣ ਦੀ ਤੋੜ ਲੱਗੀ 'ਸਰਬ' । ਮਹਿਰਮ ਯਾਰ ਮਿਲਾ ਦਿਓ । ਯਾਰਾਂ ਦੀ ਬਸਤੀ 'ਚ, ਖੋ ਗਈ ਹਸਤੀ । ਖੋਂਦੀ ਰਹੇਗੀ, ਇਹ ਰੀਤ ਪੁਰਾਣੀ । ਜੇ ਯਾਰ ਦੀਦਾਰ ਨਾ ਹੋਸੀ । ਇਹ ਹਸਤੀ ਰਾਖ਼ ਮਿਲਾ ਦਿਓ ।
ਮੇਲ ਕਿਵੇਂ ਬਵ੍ਹੇ
ਤੇਰੇ ਵਿੱਚ ਤੂੰ ਨਾ ਸੀ, ਮੇਰੇ ਵਿੱਚ ਮੈਂ ਨਾ ਸੀ । ਮੇਲ ਕਿਵੇਂ ਬਵ੍ਹੇ ਦੱਸ, ਅਮੀਰ ਤੇ ਫ਼ਕੀਰ ਦਾ । ਪਿਆਰ ਪਾ ਖ੍ਰੀਦ ਲੈਂਦਾ, ਕੌਡੀਆਂ ਦੇ ਭਾਅ ਸਾਨੂੰ, ਮੋਹ ਨਾ ਫ਼ਕੀਰਾਂ ਸੀਗਾ, ਪਾਟੀ ਇੱਕ ਲੀਰ ਦਾ । ਅਸੀਂ ਤੈਨੂੰ ਰੱਬ ਦੀ ਸੀ, ਰੂਹ ਕਰ ਮੰਨਿਆ, ਮਾਇਆ ਪਿੱਛੇ ਯਾਰਾ, ਪੱਲਾ ਛੱਡ 'ਤਾ ਜ਼ਮੀਰ ਦਾ । ਸਮਾਂ ਨਹੀਂ ਤੇਰੇ ਕੋਲ, ਸੁਣਦਾ ਸੱਜਣਾ ਮਿੱਠੇ ਬੋਲ, ਮਿੱਟੀ ਨੋਟਾਂ ਸੰਗ ਤੋਲ, ਤੈਂ ਮੰਨਿਆ ਤਕਦੀਰ ਆ । 'ਮੈਂ' ਮਾਰ 'ਸਰਬ' ਮਸਾਂ, 'ਤੂੰ' ਨਾਲ ਯਾਰੀ ਲਾਈ, ਛੱਡ ਕੇ ਸਰੀਰ ਚੱਲੇ, ਕੀਤੀ ਤਹਿਰੀਰ ਆ ।
ਸਾਡਾ ਦਿਲ ਨਹੀਂ ਵਿਕਾਊ
ਪੈਸੇ ਨਾ ਖੜਕਾਇਆ ਕਰ, ਜ਼ੇਬ 'ਚ ਹੱਥ ਪਾ ਕੇ ਸੱਜਣਾ, ਮੰਡੀਆਂ ਦੇ ਆੜ੍ਹਤੀਆ, ਸਾਡਾ ਦਿਲ ਨਹੀਂ ਵਿਕਾਊ ਸੋਹਣਿਆਂ । ਰੁਪਈਆ ਵੀ ਆਇਆ ਸੀ, ਪੈਸਿਆਂ, ਜੰਝ ਮੀਂਹ ਵਰਾਇਆ ਸੀ । ਸਾਡਾ ਪਿਆਰ ਨਹੀਂ ਖ੍ਰੀਦ ਸਕੇ, ਰਾਜੇ ਰਾਣੇ ਮਨ ਮੋਹਣਿਆਂ । ਰੁਪਈਏ ਨਾਲ ਨ ਗੱਲ ਬਣੀ, ਡਾਲਰ ਵਿਖਾਉਂਦੇ ਨਿੱਤ ਨੇ । ਅਸੀਂ ਜਪੁ ਜੀ ਸਾਹਿਬ ਜਪੀ ਗਏ, ਸਮੇਂ ਬਲਵਾਨ, ਸਾਰੇ ਕੀਤੇ ਚਿੱਤ ਨੇ । ਉਹ ਨਿੰਮ ਲਗਾ ਕੇ ਆਇਆ, ਪਾਣੀ ਸਾਥੋਂ ਉਹਨੂੰ ਪਵਾਇਆ । ਦੀਪ ਜਗਾ 'ਤਾ ਧਰਤੀ 'ਤੇ, ਪਾਣੀ ਉਸ ਦਾ ਭਰਨਾ ਮੈਂ । ਉਹ ਸਾਡੇ ਵਾਂਗ ਨਿਤਨੇਮੀ ਹੈ, ਸਰਬ ਦੇ ਦਿਲ ਦਾ ਪ੍ਰੇਮੀ ਹੈ । ਕੁਦਰਤ ਦੇ ਰੰਗ ਵਿਖਾ, ਦਾਹੜੇ ਵਾਲਾ ਦਿਲ ਲੈ ਗਿਆ । ਦਿਲ ਕਰਤਾ ਉਸ ਦੇ ਨਾਮ, ਜਿੱਥੇ ਮਰਜ਼ੀ ਰੱਖ ਲਵੇ । ਧਰਤੀ ਤੇ ਨਿੰਮ ਬਣਾ ਲਾਵੇ, ਪਰ ਦਾਤਣ ਮੇਰੀ ਚੱਖ ਲਵੇ । 'ਸਰਬ' ਨੱਚਿਆ, ਕਿਸੇ ਨਾ ਜੱਚਿਆ । ਲੋਕਾਂ ਆਖਣਾ ਬੇ-ਸੁਰਾ, ਬੇ-ਤਾਲਾ । ਮੈਂ ਨਾਨਕ ਸਾਹਿਬ ਦਾ ਨਿਹਾਲਾ ।
ਕਵਿਤਾ ਧੁਰ ਤੋਂ ਆਉਂਦੀ ਏ
ਇੱਕ ਦਿਨ ਦਾ ਦੱਸਾਂ ਵਾਕਿਆ । ਮੇਰੇ ਮਨ ਨੂੰ ਆਈ ਭਾਖਿਆ । ਕਵਿਤਾ ਲਿਖਤੀ ਤੇ ਜਾਪਿਆ । ਕਿ ਕਵਿਤਾ ਧੁਰ ਤੋਂ ਆਉਂਦੀ ਏ । ਜਦੋਂ ਕੋਈ ਗੱਲ ਕਵੀ ਦੇ । ਮਨ ਨੂੰ ਭਾਉਂਦੀ ਏ । ਉਹਦੇ ਸੁਫ਼ਨੇ ਜਗਾਉਂਦੀ ਏ । ਜਾਂ ਪਿਆਰੇ ਦੀ ਯਾਦ । ਉਹਨੂੰ ਤੜਫਾਉਂਦੀ ਏ । ਕੋਈ ਅਣਹੋਣੀ ਉਹਦੇ ਦਿਲ । ਤਾਈਂ ਝੰਜੋੜ ਵਿਖਾਉਂਦੀ ਏ । ਉਹਦਾ ਫੁਰਨਾ ਜਗਾਉਂਦੀ ਏ । ਉਹਦਾ ਤਨ ਮਨ ਹਿਲਾਉਂਦੀ ਏ । ਗੱਲ ਉਹਦੇ ਮਨ ਨੂੰ ਭਾਉਂਦੀ ਏ । ਉਹ ਭੱਜ ਕੇ ਕਾਗਜ਼ ਲੱਭਦਾ ਏ । ਕਾਨੇ ਨਾਲ ਕਲਮ ਘੜਦਾ ਏ । ਸਿਆਹੀ ਬੋਤਲ ਭਰਦਾ ਏ । ਫਿਰ ਲਫਜ਼ਾਂ ਨੂੰ ਲੱਭਦਾ ਏ । ਲਫਜ਼ ਨਾਲ ਲਫਜ਼ ਜੜਦਾ ਏ । ਗੱਲ ਉਹਦੇ ਮਨ ਭਾਉਂਦੀ ਏ । ਕੌਣ ਲਿਖਾ ਗਿਆ ਉਸ ਤੋਂ । ਇਹ ਗੱਲ ਉਹਦੇ ਸਮਝ ਨਾ ਆਉਂਦੀ ਏ । ਕਿ ਉਹ ਕਿਹੜੀ ਸ਼ਕਤੀ ਹੈ । ਜੋ ਉਸ ਤੋਂ ਲਿਖਵਾਉਂਦੀ ਏ । ਸਰਬ ਨੂੰ ਲਿਖਦੇ ਜਾਪਦਾ । ਕਿ ਕਵਿਤਾ ਧੁਰ ਤੋਂ ਆਉਂਦੀ ਏ । ਕਵਿਤਾ ਨਾਨਕ ਸਾਹਿਬ ਦੇ । ਨਾਮ ਨਾਲ ਜਿਉਂਦੀ ਏ । ਤੇ ਜਪੁ ਜੀ ਸਾਹਿਬ ਦੀ ਬਾਣੀ ਰਚਾ । ਬ੍ਰਹਿਮੰਡ ਦੇ ਦਰਸ਼ਨ ਕਰਵਾਉਂਦੀ ਏ । ਜੋ ਕਵਿਤਾ ਧੁਰ ਤੋਂ ਆਉਂਦੀ ਏ । ਇਹ ਕਵਿਤਾ ਧੁਰ ਤੋਂ ਆਉਂਦੀ ਏ ।
ਸੱਚੀਆਂ ਪਵਿੱਤਰ ਰੂਹਾਂ
ਗੰਦੇ ਮੰਦੇ ਜੋ ਮਰਜ਼ੀ ਕਹਿ, ਅਸੀਂ ਨਾ ਮੰਨਦੇ ਤੇਰੀਆਂ । ਸੱਚੀਆਂ ਪਵਿੱਤਰ ਰੂਹਾਂ ਨੇ, ਕੀ ਤੇਰੀਆਂ ਕੀ ਮੇਰੀਆਂ । ਉਸ ਮਾਲਕ ਦੀ ਕਰਨੀ, ਲਾਵੇ ਸਿਓ ਜਾਂ ਲਾਵੇ ਬੇਰੀਆਂ । ਉਹ ਹੈ ਸਭ ਨੂੰ ਵੇਖਦਾ, ਤੂੰ ਢਾਈ ਬੈਠਾ ਢੇਰੀਆਂ । ਕੁਦਰਤ ਦੀਆਂ ਨਿਆਜ਼ਾਂ ਮਾਣ, ਕਿਉਂ ਕਰਦਾ ਹੇਰਾ ਫੇਰੀਆਂ । ਪਾਣੀ ਪਹਾੜ ਰੁੱਖ ਤੇ ਕੁੱਖ, ਕਬਜ਼ਾ ਕਰ ਆਖੇਂ ਮੇਰੀਆਂ । ਕਿਉਂ ਪਵੇ ਚੁਰਾਸੀ-ਲੱਖ ਜੂਨੇ, ਖਾਈ ਜਾਨੈ ਘੁੰਮਣ ਘੇਰੀਆਂ । ਆਇਆ ਹੀ ਏਥੇ ਜਾਣ ਲਈ, ਐਂਵੇਂ ਬੰਨ੍ਹੀ ਬੈਠਾ ਡੇਰੀਆਂ । ਕੁਦਰਤ ਨੂੰ ਪਿਆ ਭਰਮਾਵੇਂ, ਉਸ ਨਾ ਮੰਨਣੀਆਂ ਤੇਰੀਆਂ । ਗੰਦੇ ਮੰਦੇ ਜੋ ਮਰਜ਼ੀ ਕਹਿ, ਰੱਬ ਨੇ ਕੀ ਹੈ ਮੰਨਣਾ । 'ਸਰਬ' ਨਾ ਮੰਨਦੀ ਤੇਰੀਆਂ, ਸੱਚੀਆਂ ਪਵਿੱਤਰ ਰੂਹਾਂ ਨੇ, ਕੀ ਤੇਰੀਆਂ ਕੀ ਮੇਰੀਆਂ ।
ਸੂਟ ਨੂੰ ਟਾਕੀ
ਲੋਕੀਂ ਪਹਿਨਣ ਨਵੇਂ ਲਿਬਾਸਾਂ ਜਦ । ਅਸਾਂ ਟਾਕੀ ਸੂਟ ਨੂੰ ਲਾ ਦਿੱਤੀ । ਜੁੱਤੀਆਂ ਉਹਨਾਂ ਚੂੰ ਚੂੰ ਚੂਕਦੀਆਂ । ਅਸੀਂ ਰੱਸੀ ਸਟੈਪਲ ਪਾ ਦਿੱਤੀ । ਉਹਨਾਂ ਹਾਰ ਪਾਏ ਜਦ ਗਲ ਉੱਤੇ । ਅਸਾਂ ਮਲਮਲ ਚੁੰਨੀ ਢਕ ਲਿਆ । ਉਹਨਾਂ ਰੱਦੀ ਸਮਝ ਕੇ ਸੁੱਟਿਆ ਜੋ । ਅਸਾਂ ਝੱਟ 'ਚ ਕਾਇਦਾ ਢਕ ਲਿਆ । ਫਿਰ ਮੋਤੀਆਂ ਵਾਂਗਰ ਫੱਟੀ 'ਤੇ । ਝੱਟ ਅੱਖਰ ਸਾਰੇ ਲਿਖ ਲਏ । ਜਦ ਉਹਨਾਂ ਮਾਰੀ ਝਿੜਕ ਸਾਨੂੰ । ਅਸਾਂ ਕਾਇਦਾ ਵਾਪਿਸ ਕਰ ਦਿੱਤਾ । ਚੁੱਲ੍ਹੇ ਤੋਂ ਮੰਗ ਸੁਆਹ ਲਈ । ਤੇ ਏਕਾ, ਦੂਆ, ਤੀਆ ਸਿੱਖ ਲਿਆ । ਅਸੀਂ ਕਰ ਪੜਾਈ ਪਾਸ ਗਏ । ਬਣ ਅਫ਼ਸਰ ਕੁਰਸੀ ਬੈਠੇ ਜਦ । ਤੇ ਲੋਕਾਂ ਦੇ ਬਣ ਖਾਸ ਗਏ । ਪਰ ਇੱਕ ਗੱਲ ਤੁਹਾਨੂੰ ਦੱਸਾਂ ਮੈਂ । ਕੱਪੜਿਆਂ 'ਚ ਕਈ ਭੁਲੇਖੇ ਨੇ । ਮੈਂ ਮਹਿੰਗੇ ਲਿਬਾਸ 'ਚ । ਬੜੇ ਸਸਤੇ ਲੋਕ ਵੇਖੇ ਨੇ । ਤਾਂ ਸਸਤੇ ਲਿਬਾਸਾਂ ਵਿੱਚ । ਮੈਂ ਮਹਿੰਗੀਆਂ ਰੂਹਾਂ ਜੰਮੀਆਂ ਨੇ । ਜਦ ਲੋਕੀਂ ਧੀਆਂ ਮਾਰਦੇ ਸੀ । ਤਦ 'ਸਰਬ' ਸ਼ਾਨ ਨਾਲ ਜੰਮੀਆਂ ਨੇ । ਹੁਣ ਸੋਚ ਕੇ ਰਿਸ਼ਤੇ ਕਰਾਂਗੇ । ਮੁੰਡੇ ਜ਼ਿਆਦਾ, ਧੀਆਂ ਦੀਆਂ ਕਮੀਆਂ ਨੇ । ਕਰਨੇ ਹਨ, ਨਖ਼ਰੇ ਕਰਾਂਗੇ । ਪੱਬ ਬੋਚ ਬੋਚ ਕੇ ਰੱਖਾਂਗੇ । ਹੁਣ ਸੂਝਵਾਨ ਹਾਂ, ਦੁਨੀਆਂ ਤੋਂ । ਹੱਕ ਅਪਣਾ ਲੈ ਕੇ ਛੱਡਾਂਗੇ । ਨਾਲੇ ਕੁੱਖ ਤੇ ਨਾਲ ਕਿਤਾਬਾਂ 'ਤੇ । ਦੁਨੀਆਂ ਬਲਿਹਾਰੀ ਜਾਊਗੀ । ਧੀ ਜੰਮੇ ਜਾਂ ਪੁੱਤ ਜੰਮੇ । ਮਾਂ ਸਤਿਕਾਰੀ ਜਾਊਗੀ । ਕਿਉਂਕਿ ਜਦ ਲੋਕੀਂ ਪਾਉਣ ਲਿਬਾਸਾਂ ਨੂੰ । ਅਸੀਂ ਸੂਟ ਨੂੰ ਟਾਕੀ ਲਾਈ ਸੀ । ਜਦ ਉਹਨਾਂ ਮੌਜਾਂ ਕਰੀਆਂ ਸੀ । ਅਸਾਂ ਕੀਤੀ ਤਦ ਪੜ੍ਹਾਈ ਸੀ ।
ਤੈਨੂੰ ਮਿਲਣ ਦਾ ਜੀਅ
ਸੱਜਣਾ ਤੈਨੂੰ ਮਿਲਣ ਦਾ ਜੀਅ ਏ । ਲੱਭੇ ਸਾਨੂੰ ਕੋਈ ਨਾ ਪੱਜ । ਜ਼ਮਾਨੇ ਨਾਲ ਮੈਂ ਆਪੇ ਭਿੜ ਲਊਾਂ । ਯਾਰ ਮਿਲੇ ਮੈਨੂੰ ਗਲੇ ਜੇ ਲੱਗ । ਤੈਨੂੰ ਤੱਕਣਾ ਸੰਗ ਸੰਗ ਸੱਜਣਾ । ਸੂਰਜ ਬਣ ਤੇ ਜੱਗ ਤੇ ਜਗ । ਰਾਤ ਹਨ੍ਹੇਰੀ ਹਿੱਕ ਵੜ ਜਾਂਦੀ । ਜਿੰਨਾ ਮਰਜ਼ੀ ਸੱਜਣਾ ਕੱਜ । ਬਦਨਾਮੀ ਤੋਂ ਡਰਿਆ ਨਾ ਕਰ । ਚੁੱਕ ਲੈਣ ਦੇ ਲੋਕਾਂ ਛੱਜ । ਨਾਲ 'ਸਰਬ' ਦੇ ਕਿਸੇ ਨਾ ਮਰਨਾ । ਮਰਨ ਦਾ ਸਾਡਾ ਵੱਖਰਾ ਚੱਜ । ਦਰਿਆਵਾਂ ਦੇ ਵਹਿਣ ਨਾ ਰੋਕੀਂ । ਕਰ ਪਿਆਰ ਤੂੰ ਰੱਜ ਤੇ ਗੱਜ । ਰੱਬ ਜੇ ਮੈਨੂੰ ਮਿਲਣਾ ਚਾਹਵੇ । ਭੇਖ ਸੱਜਣ ਮੇਰੇ ਆਜੇ ਅੱਜ । ਅੰਬਰੀ ਪਿਆਰ ਦਾ ਮੇਲ ਹੋ ਜਾਣਾ । ਜਿੰਨੀ ਮਰਜ਼ੀ ਬੰਨ ਲਓ ਹੱਦ ।
ਹੱਸਦੇ ਵੱਲ ਚੱਲੀਏ
ਲੋਕ ਦੁਖੀ ਨਾਲ ਕਰਨ ਅਫ਼ਸੋਸ ਜਾਂਦੇ । ਹੱਸਦੇ ਵੱਲ ਵੀ ਚੱਲੀਏ ਤੇ ਪੁੱਛ ਲਈਏ । ਕਿਹੜੇ ਹਾਸੇ ਥੱਲੇ ਗ਼ਮ ਛਿਪਾਏ ਹੋਏ ਨੇ । ਖੁੱਲ੍ਹ ਹੱਸਣ ਵਾਲਿਆ ਵੇ ਜ਼ਖ਼ਮਾਂ । ਦਿਲ ਤੂੰ ਵੀ ਕਦੇ ਫ਼ਰੋਲ ਸੱਜਣਾ । ਕੱਢ ਕਿਹੜੇ ਗ਼ਮ, ਜਿਹੜੇ ਸਜਾਏ ਹੋਏ ਨੇ । ਗ਼ਮਾਂ ਵਾਲਿਆਂ ਕੋਲ ਬੈਠ ਚੁੱਪ ਵੱਟਦੈਂ । ਬਾਹਰ ਬੁੱਲੀਂ ਤੇਰੇ ਮੁਸਕਾਨ ਰਹਿੰਦੀ । ਕਿਹੜੇ ਸ਼ਰਮੀਂ ਗ਼ਮ ਦਬਾਏ ਹੋਏ ਨੇ । ਦਿਲ ਪਾੜ ਕੇ ਦੱਸ ਮੈਨੂੰ, ਸਮਝ ਅਪਣਾ । ਦੱਸ ਕਿੰਨੇ ਤੈਨੂੰ ਐਨੇ ਜ਼ਖ਼ਮ ਦਿੱਤੇ । ਕਾਹਤੋਂ ਗ਼ਮ ਬੁੱਲੀਂ ਸਜਾਏ ਹੋਏ ਨੇ । ਹਾਸੇ ਆਖਿਆ ਰਹਿਣ ਦੇ ਛੱਡ ਅੜਿਆ । ਸੱਜਣ ਬਣ ਨਾ ਬਹੀਂ ਕਦੇ ਕੋਲ ਜ਼ਰਾ । ਇਹ ਹਾਸੇ ਸੱਜਣਾਂ ਸਾਨੂੰ ਵਰਤਾਏ ਹੋਏ ਨੇ । ਅੱਧਵਾਟੇ ਟੁੱਟੇ ਤੇ ਮੁਹੱਬਤ ਨਾਮ ਰੱਖਿਆ । ਦਿਲ ਕੰਨੀ ਬੰਨ੍ਹ, ਕੱਲੇ ਵੇਖ ਹੱਸ ਪਈਦਾ । ਜਿਵੇਂ ਫੁੱਲਾਂ ਕੰਢੇ ਛਿਪਾਏ ਹੋਏ ਨੇ । ਰਾਜ਼ ਦਿਲਾਂ ਅੰਦਰ ਤਦ ਤੱਕ ਰਾਜ਼ ਹੁੰਦੇ । ਯਾਰ ਯਾਰਾਂ ਕੋਲ ਦੱਸਣ ਕਹਾਣੀਆਂ ਨੂੰ । ਏਸ ਲਈ, ਗ਼ਮ ਹਾਸਿਆਂ ਥੱਲੇ ਦਬਾਏ ਹੋਏ ਨੇ । ਸੱਚੇ ਸਜਦੇ ਜਿੰਨਾਂ ਨੂੰ ਅਸੀਂ ਕੀਤੇ । ਉਹੀ ਦੱਸ ਕੇ ਪਿਆਰ ਨੂੰ ਖ਼ਤਾ ਅਪਣੀ । ਤੇ ਸਾਥੋਂ ਪਾਸੇ ਉਨ੍ਹਾ ਵਟਾਏ ਹੋਏ ਨੇ । ਮੋਇਆਂ ਸਭ ਕੋਈ ਭੁੱਲਦਾ ਜਗਤ ਬਣੀ ਏ । ਅਸੀਂ ਨਹੀ ਭੁੱਲੇ ਇਹੋ ਸਜ਼ਾ ਸਾਡੀ । ਹੱਸਣ ਗਿੱਝ ਗਏ ਕਿ ਸੱਜਣ ਭੁਲਾਏ ਹੋਏ ਨੇ । ਅਸਲ ਵਿੱਚ 'ਸਰਬ' ਦੇ ਗ਼ਮਾਂ ਸੱਜਣਾ, ਸਿਰ ਸ਼ਰਮ ਦੇ ਨਾਲ ਝੁਕਾਏ ਹੋਏ ਨੇ । ਏਸੇ ਗੱਲ ਦਾ ਸਾਨੂੰ ਏ ਫਖ਼ਰ ਇੱਕੋ । ਕਿ ਸਾਡੇ ਗ਼ਮ ਸਾਥੋਂ ਸ਼ਰਮਾਏ ਹੋਏ ਨੇ । ਤੇ ਅਸਾਂ ਨਾਲ ਲਬਾਂ ਸਜਾਏ ਹੋਏ ਨੇ ।
ਇਬਾਦਤ ਨਹੀਂ ਕੀਤੀ
ਰੱਬਾ ਤੇਰੀ ਅੱਜ ਇਬਾਦਤ ਨਹੀਂ ਕੀਤੀ । ਕੱਲ ਮੈਂ ਜ਼ਿਆਦਾ ਪੀ ਲਈ ਸੀ । ਤੇ ਚੜ੍ਹ ਗਈ ਸੀ । ਸੱਜਣਾ ਨੈਣੋਂ ਜੋ ਗਲਾਸੀ ਭਰ ਪੀਤੀ । ਵੱਡੇ ਵੱਡੇ ਵਾਅਦੇ ਕਰਦੇ ਪੀਂਦੇ ਗਏ । ਘੁੱਟ ਦੇ ਜਾਮ ਨੇ ਕਰਤੀ । ਜਿੰਦ ਉਹਦੇ ਨਾਮ, ਜਿਹਦੇ ਮੈਂ ਨਾਂ ਪੀਤੀ । ਉਸ ਨੂੰ ਜਦ ਦਾ ਮੰਨਿਆ, ਉਹ ਹੀ ਰੱਬ ਦਿਖੇ । ਆਖੀਂ ਨਾ ਦੱਸਿਆ ਨੀ, ਕੀਤੀ ਬਦਨੀਤੀ । ਤੈਨੂੰ ਕਿਹੜਾ ਛੱਡਿਆ ਜਾਂ ਛੱਡਣਾ ਚਾਹਵਾਂ । ਉਸਦੇ ਰੂਪ 'ਚ ਆ ਜਾ, ਤੈਨੂੰ ਜੱਪ ਲਾਂਗੇ । ਨਹੀਂ ਤੇ ਦੇ ਦੇ ਮਾਫ਼ੀ । ਮੈਨੂੰ ਨਹੀਂਓਂ ਲੱਗਦਾ, ਗ਼ਲਤੀ ਮੈਂ ਕੀਤੀ, ਪਿਆਰ ਬਣ ਮਿਲ ਲੈ, ਰੂਹ ਵੀ ਨਾਲੇ, ਤੇਰੀ ਤੇਰੇ ਕੋਲ ਰਹੂ । ਲੋਕਾਂ ਵਿੱਚ ਨਾ ਐਂਵੇਂ ਕਰਦੀਂ, ਰੱਬਾ 'ਸਰਬ' ਦੀ ਬੇ-ਇੱਜ਼ਤੀ । ਸੱਚ ਨੂੰ ਅੱਗ ਦਾ ਭੈਅ ਨਹੀਂ, ਸੱਜਣਾ ਲੜ ਲੱਗ ਗਈ । ਕਰਾਂ ਨਾ ਠੱਗੀ, ਦਿਲ ਦੀ ਲੱਗੀ, ਤੈਨੂੰ ਦੱਸੀ, ਲੁਕਾ ਨਾ ਰੱਖੀ । ਕਿ ਰੱਬਾ ਤੇਰੀ ਅੱਜ ਇਬਾਦਤ ਨਹੀਂ ਕੀਤੀ । ਤੇਰਾ ਨਾਂ ਜੱਪਿਆ ਤੇ ਸੱਜਣ ਮੇਲ ਹੋਇਆ । 'ਸਰਬਜੀਤ' ਦਾ ਨਾਂ ਲੋਕਾਂ ਐਂਵੇਂ ਰੱਖਤਾ ''ਪੀਸੀ'' । ਜਦ ਕਿ ਅਸਾਂ ਸ਼ਕਿਾਇਤ ਕਦੇ, ਤੁਹਾਡੀ ਨਹੀਂ ਕੀਤੀ । ਪਰ ਇਹ ਸੱਚ ਹੈ ਰੱਬਾ, ਸੱਚ ਨੂੰ ਸਮਝ ਲਵੀਂ । ਕਿ ਰੱਬਾ ਤੇਰੀ ਅੱਜ ਇਬਾਦਤ ਨਹੀਂ ਕੀਤੀ ।
ਸੰਸਕਾਰੀ
ਸੱਧਰਾਂ ਮਾਰ ਕੇ ਜੀਵੀ ਹਾਂ । ਹੁਣ ਸੰਸਕਾਰੀ ਕਹਾਉਨੀ ਆਂ । ਬਾਹਰ ਤੇ ਘੱਟ ਈ ਕੇਰੇ ਨੇ । ਜ਼ਿਆਦਾ ਅੰਦਰ ਈ ਰੋਨੀ ਆਂ । ਬਾਹਰ ਵਾਲੇ ਤੇ ਤੁਬਕੇ ਨੇ । ਅੰਦਰ ਮੈਂ ਪੂਰਾ ਨਹਾਉਂਨੀ ਆਂ । ਕੁਝ ਹਾਦਸੇ ਚੰਦਰੇ ਚਿੰਬੜ ਗਏ । ਉਹਨਾਂ ਨਾਲ ਨਿੱਤ ਜਾਗਦੀ ਆਂ । ਤੇ ਉਹਨਾਂ ਨਾਲ ਹੀ ਸਾਉਂਨੀ ਆਂ । ਲੋਕੀਂ ਆਖਦੇ 'ਸਰਬ' , ਕਿੰਨਾ ਹੱਸਦੀ ਏਂ । ਮੈਂ ਕਿਹਾ, ਹਾ ਹਾ, ਮੋਤੀ ਪਰੋਨੀ ਆਂ । ਸੱਜਣਾ ਦੇ ਨਾਂ ਗੀਤ ਲਿਖੇ ਕੁਝ । ਮੈਂ ਰੀਝਾਂ ਨਾਲ ਸੁਣਾਉਨੀ ਆਂ । ਖਾਹਿਸ਼ਾਂ 'ਤੇ ਕਿਉਂ ਜਿੰਦਰੇ ਲਾਏ । ਆਥਣ ਬਹਿ ਪਛਤਾਉਨੀ ਆਂ । ਜਿੰਨਾ ਬਾਹਰੋਂ ਹੱਸਾਂ ਮੈਂ । ਅੰਦਰੋਂ ਓਨਾ ਰੋਨੀ ਆਂ । ਸੱਧਰਾਂ ਦੀਆਂ ਕਬਰਾਂ ਸਜੀਆਂ ਨੇ । ਮੈਂ ਜਿਹਨਾਂ ਉੱਤੇ ਸਾਉਨੀ ਆਂ । ਸਾਰੇ ਈ ਏਂਦਾਂ ਜਿਉਂਦੇ ਹੋਣੇ । ਦਿਲ ਨੂੰ ਇੰਝ ਸਮਝਾਉਨੀ ਆਂ । ਸੱਧਰਾਂ ਮਾਰ ਕੇ ਜੀਵੀ ਹਾਂ । ਹੁਣ ਸੰਸਕਾਰੀ ਕਹਾਉਨੀ ਆਂ ।
ਝੂਠੇ ਦਾਵੇ
ਲੋਕੀਂ ਪਤਾ ਨਹੀ ਕਿੰਝ ਦਾਅਵੇ ਕਰੀ ਜਾਂਦੇ । ਸਾਨੂੰ ਝੂਠੇ ਦਾਅਵੇ ਕਰਨੇ ਆਉਂਦੇ ਨਹੀ । ਅਸੀਂ ਸਿੱਧੇ ਗਏ ਤੇ ਦਿਲ ਦੀ ਦੱਸ ਦਿੱਤੀ । ਸ਼ਾਇਦ ਏਸੇ ਲਈ ਸੱਜਣ ਮਨ ਭਾਉਂਦੇ ਨਹੀ । ਚਿੱਟੇ ਵਰਕ ਜਿਹਾ ਦਿਲ ਨੂੰ ਕਹਿਣ ਅਪਣੇ । ਕਿਉਂ ਸਾਨੂੰ ਲੱਗੇ ਦਾਗ਼ ਦਿਖਾਉਂਦੇ ਨਹੀ । ਅਸੀਂ ਸਾਰੀਆਂ ਬੁਰਾਈਆਂ ਦੱਸ ਛੱਡੀਆਂ । ਕਿ ਲੱਗੀ ਵਾਲੇ ਤੋਂ ਕੁਝ ਛਿਪਾਉਂਦੇ ਨਹੀ ਉਹ ਡਰਦੇ ਨਹੀ, ਕਹਿੰਦੇ ਸਾਫ਼ ਪਵਿੱਤਰ ਹਾਂ । ਸਾਨੂੰ ਉਹਦੇ ਛਲ, ਸਮਝ ਕਿਤੇ ਆਉਂਦੇ ਨਹੀ । ਇੱਕ ਦਗਾ ਹੀ ਕਰਨਾ ਨਹੀ ਸਿੱਖਿਆ । ਨਹੀਂ ਤੇ ਗੀਤ ਗ਼ਮਾਂ ਦੇ ਗਾਉਂਦੇ ਨਹੀ । ਦੀਪ ਜਗਦਾ ਰਹੇ ਮੇਰੇ ਪਿਆਰ ਵਾਲਾ । 'ਸਰਬ' ਰੋਜ਼ ਨਵਾਂ ਦੀਪ ਜਗਾਉਂਦੇ ਨਹੀਂ । ਦਿਨ ਰਾਤ ਉਸੇ ਦੀਵੇ ਜਾ ਜਾ ਤੇਲ ਪਾਉਂਦੇ । ਦੀਵੇ ਲੋਕਾਂ ਦੇ ਜਗੇ ਬੁਝਾਉਂਦੇ ਨਹੀ । ਲੋਕੀਂ ਜਿਉਂਦਿਆਂ ਨੂੰ ਨਿੱਤ ਕਰਨ ਸਜਦੇ । 'ਸਰਬ' ਮੋਇਆ ਨੂੰ ਯਾਰ ਭੁਲਾਉਂਦੇ ਨਹੀ । ਏਸੇ ਲਈ ਪਾਕਿ ਪਵਿੱਤਰ ਰੂਹਾਂ ਨੂੰ । ਰਸਤੇ ਪਿਆਰ ਦੇ ਰਾਸ ਲੋਕੋ ਆਉਂਦੇ ਨਹੀ ।
ਸੋਹਣਿਆ ਲੱਭ ਲਿਆ ਤੈਨੂੰ
ਉੱਠ ਜਾ ਸੋਹਣਿਆ, ਲੱਭ ਲਿਆ ਤੈਨੂੰ । ਮੁਹੱਬਤਾਂ ਦਾ ਬੀੜਾ ਉਠਾ, ਨਹੀਂ ਲੋੜ, ਨਹਾਉਣ ਦੀ । ਸੋਹਣੇ ਲੀੜੇ, ਹੱਥੀਂ ਚੂੜੀਆਂ, ਨਾਲ ਕਲੀਰੇ ਪਾਉਣ ਦੀ । ਗੱਲ੍ਹੀਂ ਲਾਲੀ, ਅੱਖੀਂ ਸੁਰਮਾਂ, ਨਾ ਲੋੜ, ਨੈਣ ਮਟਕਾਉਣ ਦੀ । ਨਾ ਲਾਵੀਂ ਦੰਦੀਂ ਦੰਦਾਸਾ, ਫੱਬਦਾ ਤੇਰੇ ਅੱਲੜ ਹਾਸਾ । ਮੂੰਹੋਂ ਪਹਿਲੇ ਬੋਲ ਜੋ ਨਿਕਲੇ, ਸੱਜਣ ਲੱਗਣੇ ਵਾਂਗ ਪਤਾਸ਼ਾ । ਲੋੜ ਨਹੀਂ ਸ਼ਰਮਾਉਣ ਦੀ, ਸੋਹਣੇ ਯਾਰ, ਗਲੇ ਲੱਗ ਜਾ । ਸਦੀਆਂ ਪਾਏ ਵਿਛੋੜੇ ਜੋ, ਪਲ ਵਿੱਚ ਸਾਰੇ ਦੇ ਭੁਲਾ । ਕਲਮ ਫੜਾਈ ਬਿਰਹਾ ਤੇਰੇ, ਜਿੰਨੇ ਮਰਜ਼ੀ ਗੀਤ ਲਿਖਾ । ਚੱਲ ਜਵਾਨੀ ਮਾਣੀਏ, ਸੰਤਾਪ ਬਥੇਰੇ ਲਏ ਹੰਢਾ । ਦੁਆ-ਸਲਾਮ ਬਥੇਰੀ ਕੀਤੀ, ਤਾਂ ਹੀ ਡਾਹਢੇ ਦੀਆ ਮਿਲਾ । 'ਸਰਬ' ਨੇ ਪੈੜਾਂ, ਨਾਪ ਕੇ ਲੱਭਿਆ, ਯਾਰ ਮੇਰਾ, ਮੈਨੂੰ ਲੱਗੇ ਖ਼ੁਦਾ ।
ਐਸਾ ਯਾਰ ਬਣਾ ਲਿਆ
ਜਿਸ ਯਾਰ ਦੇ ਯਾਰ ਹਜ਼ਾਰ ਹੈਸੀ । ਐਸਾ ਯਾਰ ਬਣਾ ਲਿਆ ਅਸੀਂ । ਲੋਕੀਂ ਪੈਰਾਂ ਵਿੱਚ ਉਹਦੇ ਡਿੱਗਦੇ ਰਹੇ । ਤੇ ਦਿਲ ਦਾ ਤਾਰ ਖੜਕਾ'ਤਾ ਅਸੀਂ । 'ਸਰਬ' ਨੇ ਯਾਰ ਨੂੰ ਐਸਾ ਕਰਤਾ । ਨਾਲ ਸਾਹਾਂ ਦੇ ਧੜਕੇ । ਜੇਕਰ ਕਦੇ ਨਾ ਦਰਸ਼ਨ ਦੇਵਾਂ । ਮੇਰੇ ਦਿਲ ਦੇ ਵਾਂਗਰ ਫੜ੍ਹਕੇ । ਹਰ ਇੱਕ ਦਿਲ ਨੂੰ ਠੋਕ੍ਹਰ ਮਾਰੀ । ਹਿਲਾ ਹਿਲਾ ਕੇ ਵੇਖਣ । ਇਹ ਦਿਲ ਹਿੱਲ ਨਾ ਸਕਿਆ । ਹੁਣ ਲੱਗ ਗਿਆ ਯਾਰ ਨੂੰ ਵੇਖਣ । ਅਸੀ ਨਾ ਸੱਜਣਾ ਤੈਨੂੰ ਛੱਡਣਾ । ਆਹ ਬਹਿ ਗਏ ਤੇਰੇ ਸਿਰਹਾਣੇ । ਜਿੱਥੇ ਲਾਈਏ ਤੋੜ ਨਿਭਾਈਏ । ਕਹਿ ਗਏ ਲੋਕ ਸਿਆਣੇ । ਜਿਸ ਯਾਰ ਦੇ ਯਾਰ ਹਜ਼ਾਰ ਹੈਸੀ । ਐਸਾ ਯਾਰ ਬਣਾ ਲਿਆ ਅਸੀਂ । ਲੋਕੀਂ ਪੈਰਾਂ ਵਿੱਚ ਉਹਦੇ ਡਿੱਗਦੇ ਰਹੇ । ਤੇ ਦਿਲ ਦਾ ਤਾਰ ਖੜਕਾ 'ਤਾ ਅਸੀਂ ।
ਸੱਜਣਾ ਦਿੱਤੀ ਅਹੁਰ
ਸੱਜਣਾ ਸਾਨੂੰ ਦਿੱਤੀ ਅਹੁਰ । ਜਿਹਨੂੰ ਲੋਕ ਬਿਮਾਰੀ ਆਖਣ । ਮੈਂ ਚੁੱਪ ਚਾਪ ਸੀ ਦਰਦਾਂ ਮਾਰੀ । ਚੰਦਰੀ ਲੱਗ ਗਈ ਮੈਨੂੰ ਝਾਕਣ । ਕਦੇ ਮੇਰੇ ਸੀਨੇ ਅੱਗ ਲਾਵੇ । ਕਦੇ ਦਿਲ, ਫਟ ਫਟ ਫੜਕਾਵੇ । ਮੂੰਹ ਤੋਂ ਜਦ ਮੈਂ ਹਾਏ ਬੋਲਾਂ । ਫੇਰ ਮੇਰੇ 'ਤੇ ਤਰਸ ਨਾ ਖਾਵੇ । ਵੱਧਦੀ ਜਾਵੇ, ਵੱਧਦੀ ਜਾਵੇ । ਨਾਲੇ ਮੇਰੀ ਉਮਰ ਘਟਾਵੇ । ਮੂੰਹ ਨੂੰ ਰਾਸ ਨਾ ਜਿੰਦਰੇ ਇਸ ਨੂੰ । ਲੋਕਾਂ ਵਿੱਚ ਭੰਡਾਉਣਾ ਚਾਹਵੇ । ਹਰ ਕੋਈ ਏਸ ਰੋਗ ਦਾ ਰੋਗੀ । ਝੂਠਾ ਜਿਹੜਾ ਮੁੱਕਰ ਜਾਵੇ । ਵੈਦ ਨਾ ਮਿਲਦਾ ਏਸ ਮਰਜ਼ ਦਾ । ਦਿਨ ਦੁੱਗਣੀ, ਰਾਤ ਚੌਗਣੀ । ਹਰ ਪਹੁਰ ਏਹ ਵੱਧਦੀ ਭਾਵੇ । ਸਭ ਨੂੰ ਪਤਾ ਅੰਤਲੀ ਪੀੜਾ । ਫਿਰ ਵੀ ਹਰ ਕੋਈ ਲਾਈ ਜਾਵੇ । ਮਿੱਠਾ ਜ਼ਹਿਰ ਜੇ ਲੋਕੋ ਪਰ । ਜੋ ਖਾਵੇ, ਉਹੀ ਤਾਂ ਪੱਛਤਾਵੇ । ਜੋ ਨਾ ਖਾਵੇ, ਉਹ ਵੀ ਪਛਤਾਵੇ । ਫ਼ਲਗੀ ਫੁੱਲਗੀ ਮਾਰ ਕੇ ਸੁੱਟਗੀ । ਅਤਰ ਫ਼ਲੇਲਾਂ ਜੀਅ ਮਹਿਕਾਵੇ । ਸੁਣਿਆ ਹਰ ਬੰਦੇ ਨੂੰ ਲੱਗਦੀ । ਲੰਘੀ ਉਮਰੇ ਹਰ ਕੋਈ ਇਸ ਤੋਂ । ਆਪਣੇ ਆਪ ਨੂੰ ਬਚਿਆ ਦੱਸ ਕੇ । ਝੂਠ ਬੋਲ ਕੇ ਮੁੱਕਰ ਜਾਵੇ । ਨਾਲੇ ਆਖਣ ਚੰਦਰੀ ਮਾੜੀ । ਹਰ ਕੋਈ ਇਸ ਨੂੰ ਆਪ ਲਵਾਵੇ । ਐਸੀ ਲੋਕੋ ਇਸ਼ਕ ਬਿਮਾਰੀ । 'ਸਰਬ' ਨੂੰ ਸੱਜਣਾ ਪਿਆਰ ਨਾ ਲਾਈ । ਨਾ ਲਾਹਵੇ ਨਾ ਮੁੱਕਰ ਪਾਵੇ । ਨਾ ਇਸ ਦਾ ਇਲਾਜ ਜੇ ਕੋਈ । ਨਾ ਕੋਈ ਇਲਾਜ ਕਰਾਉਣਾ ਚਾਹੇ ।
ਘੁੰਢ 'ਚੋਂ ਹੀਰ ਕੁਆਰੀ
ਉਹਦੇ ਨੈਣ ਲੜ ਗਏ ਘੁੰਡ ਵਿੱਚੋਂ । ਨੰਗੇ ਮੂੰਹ ਵਾਲੀਆਂ, ਰਹਿ ਗਈਆਂ । ਤੂੰ ਪਿਆਰ ਪਿਆਲਾ ਪੀ ਵੀ ਲਿਆ । ਨੈਣੀਂ ਕੱਜਲੇ ਵਾਲੀਆਂ ਕਹਿ ਗਈਆਂ । ਪਿਆਰ ਦੀ ਮਾਰ ਕਟਾਰੀ । ਸੱਜਣਾ ਵੇਖ ਲਈ, ਘੁੰਢ 'ਚੋਂ ਹੀਰ ਕੁਆਰੀ । ਉਹਨੇ ਪਰਦਾ ਕਰਕੇ ਰੱਖਿਆ ਸੀ । ਸਾਰਾ ਨੱਕ ਮੂੰਹ ਆਪਣਾ ਢੱਕਿਆ ਸੀ । ਤੱਕਣ ਵਾਲੇ ਦੀ ਐਸੀ ਤੱਕਣੀ ਸੀ । ਪਰਦੇ ਵਿੱਚ ਗਿਆ ਨਾ ਡੱਕਿਆ ਸੀ । ਉਹਦੀ ਤੋਰ ਸੀ ਬੜੀ ਨਿਆਰੀ । ਸੱਜਣਾ ਵੇਖ ਲਈ, ਘੁੰਡ 'ਚੋਂ ਹੀਰ ਕੁਆਰੀ । ਉਹਦੀਆਂ ਚੂੜੀਆਂ ਛਣਕੀਆਂ, ਛਣ-ਛਣ । ਤੇ ਪਿਆਰ ਗਿਆ ਨਾ ਡੱਕਿਆ ਸੀ । ਪੈਰਾਂ ਦੀਆਂ ਝਾਂਜਰਾਂ ਭਰੀ ਗਵਾਹੀ । ਯਾਰ ਆਪ ਮੁਹਾਰਾ ਨੱਸਿ੍ਹਆ ਸੀ । ਸਿਰ ਤੋਂ ਨਾ ਲਾਹੀ ਫੁਲਕਾਰੀ । ਸੱਜਣਾ ਵੇਖ ਲਈ, ਘੁੰਢ 'ਚੋਂ ਹੀਰ ਕੁਆਰੀ । ਫਿਰ ਸਿਰ ਝੁਕਾ ਉਸ ਇਸ਼ਕੇ ਨੂੰ । ਦਿੱਤੀ ਇਜ਼ਹਾਰ ਨਿਸ਼ਾਨੀ ਸੀ । ਫਿਰ ਉਸਦੀ ਘੁੰਡ ਵਿੱਚੋਂ ਹੀ । ਝਲਕਾਂ ਮਾਰੀ ਜਵਾਨੀ ਸੀ । ਜਿਵੇਂ ਫੁੱਲਾਂ ਮਹਿਕ ਖਿਲਾਰੀ । ਸੱਜਣਾ ਵੇਖ ਲਈ ਘੁੰਢ 'ਚੋਂ ਹੀਰ ਕੁਆਰੀ । ਉਹਦੇ ਕੰਨ 'ਚ ਯਾਰ ਨੇ ਦੱਸਿਆ । ਤੂੰ ਘੁੰਡ 'ਚੋਂ ਗਿਆ ਹੈਂ ਤੱਕਿਆ । ਆ ਜਾ ਸੱਜਣਾ ਹੁਣ ਗਲ ਨਾਲ ਲੱਗ ਜਾ । ਵੇ ਹੁਣ ਪਰਦਾ ਕਾਹਤੋਂ ਰੱਖਿਆ । ਲਿਖਤੇ ਗੀਤ ਲਿਖਾਰੀ । ਸੱਜਣਾ ਵੇਖ ਲਈ, ਘੁੰਢ ਚੋਂ ਹੀਰ ਕੁਆਰੀ । ਇੱਕ ਘੁੰਡ ਮੈਂ ਐਸਾ ਕੱਢਣਾ । ਅੰਦਰੋਂ ਆਪਣੇ ਯਾਰ ਨੂੰ ਲੱਭਣਾ । ਤੜਕੇ ਉੱਠ ਕੇ ਰੱਬ ਰੱਬ ਕਰਨਾ, ਤੇ ਜਾਣਾ ਬਲਿਹਾਰੀ । ਤੇ ਨਜ਼ਰੀ ਪੈ ਜਾਣੀ, ਸਤਿਗੁਰਾਂ 'ਸਰਬ' ਪਿਆਰੀ । ਸੱਜਣਾ ਵੇਖ ਲਈ, ਘੁੰਢ ਚੋਂ ਹੀਰ ਕੁਆਰੀ ।
ਮੌਲਿਕ ਅਧਿਕਾਰ
ਤੂੰ ਕਿੰਝ ਬਣਾ 'ਤੇ ਮੇਰੇ ਜ਼ਿੰਦਗੀ ਨੂੰ ਜਿਉਣ ਦੇ ਮੌਲਿਕ ਅਧਿਕਾਰ । ਜਦੋਂ ਤੈਥੋਂ ਦਿੱਤੇ ਨਹੀ ਜਾਣੇ । ਆਪ ਬਣਾ ਕੇ ਫਿਰ ਆਪ ਹੀ ਸੋਧਾ ਲਾ ਦਿੰਨੈਂ । ਕਿਉਕਿ ਮੇਰੇ ਫ਼ਾਸਲੇ ਤੈਥੋਂ ਮਿਥੇ ਨਹੀ ਜਾਣੇ । ਤੂੰ ਕਿੰਝ ਬਣਾ 'ਤੇ ਮੇਰੇ ਜ਼ਿੰਦਗੀ ਨੂੰ ਜਿਉਣ ਦੇ ਮੌਲਿਕ ਅਧਿਕਾਰ । ਜਦੋਂ ਤੈਥੋਂ ਦਿੱਤੇ ਨਹੀਂ ਜਾਣੇ । ਜੇ ਮੈਂ ਮੰਗ ਲਵਾਂ ਅਜ਼ਾਦੀ ਨਾਲ ਜਿਉਣ ਦਾ ਅਧਿਕਾਰ । ਪੜ੍ਹਨ ਦਾ, ਲਿਖਣ ਦਾ, ਅਜ਼ਾਦੀ ਨਾਲ ਮਰਦ ਚੁਣਨ ਦਾ । ਤੇ ਹੋਰ ਕਈ ਅਧਿਕਾਰ ਜੋ ਅਜੇ ਮੈਥੋਂ ਲਿਖੇ ਨਹੀ ਜਾਣੇ । ਤੂੰ ਕਿੰਝ ਬਣਾ 'ਤੇ.... ਤੈਨੂੰ ਮੈਂ ਹੀ ਜੰਮਿਆਂ, ਨੜਿੰਨਵੇਂ ਪਰਸੈਂਟ ਤੂੰ ਮੇਰਾ ਹਿੱਸਾ । ਤੇਰੇ ਪਿਉ ਦੇ ਪਿਆਰ ਦੇ ਇੱਕ ਤਿਨਕੇ ਨੂੰ , ਰੱਬ ਨਾਲ ਮੇਲ ਕਰਕੇ । ਮੈਂ ਇਨਸਾਨ ਬਣਾ ਦਿੱਤਾ, ਤੇ ਤੂੰ ਮੈਨੂੰ ਦੇਨੇਂ ਤੇਤੀ ਪਰਸੈਂਟ । ਜਾ ਤੈਥੋਂ ਇਹ ਵੀ ਦੇ ਨਹੀ ਹੋਣੇ, ਤੂੰ ਕਿੰਝ ਬਣਾ 'ਤੇ..... ਤੂੰ ਮੈਨੂੰ ਪਤਨੀ, ਧੀ, ਭੈਣ, ਮਾਂ । ਸਹੇਲੀ, ਮਾਮੀ, ਚਾਚੀ, ਭੂਆ, ਮਾਸੀ ਤੇ ਹੋਰ ਰਿਸ਼ਤੇ । ਜਿੰਨ੍ਹਾਂ ਦੇ ਚਿੱਠੇ, ਤੇਥੋਂ ਡਿੱਠੇ ਨਹੀ ਜਾਣੇ । ਤੂੰ ਕਿੰਝ ਬਣਾ 'ਤੇ...... ਤੂੰ ਮੈਨੂੰ ਮੁਕਾਬਲੇ ਦਾ ਅਧਿਕਾਰ, ਪਤਾ ਕਿਉਂ ਨਹੀ ਦੇਂਦਾ । ਕਿਉਕਿ ਤੈਨੂੰ ਪਤਾ, ਮੈਂ ਤੈਥੋਂ ਅੱਗੇ ਲੰਘ ਜਾਣਾ । ਫਿਰ ਇਹ ਜਿੱਤ ਦੇ ਹਾਰ, ਤੈਥੋਂ ਮੇਰੇ ਗਲ ਪੈ ਨਹੀ ਹੋਣੇ । ਤੂੰ ਹੀ ਬਣਾਏ ਮੇਰੇ ਜ਼ਿੰਦਗੀ ਨੂੰ ਜਿਉਣ ਦੇ ਮੌਲਿਕ ਅਧਿਕਾਰ । ਜੋ ਤੈਥੋਂ 'ਸਰਬ' ਨੂੰ ਹੁਣ ਇਹ ਦੇ ਨਹੀ ਹੋਣੇ । ਉਹ ਤੇ ਸਤਿਗੁਰਾਂ ਸਤਿ ਹੋਣ 'ਤੇ ਰੋਕ ਲਾ 'ਤੀ । ਮੇਰੀ ਝੋਲੀ ਜਿੰਦ ਤੇ ਬੱਚਿਆਂ ਝੋਲੀ ਮਾਂ ਪਾ 'ਤੀ । ਨਹੀਂ ਤੇ ਕਸਰ ਕੋਈ ਨਹੀਂ ਬਾਕੀ ਸੀ । ਮੇਰੀ ਜਦ ਸੁਣ ਲਈ ਆਕੀ ਸੀ । ਇਹ ਪਾਪ ਹੈ, ਇਹ ਲਫ਼ਜ਼ ਤੈਥੋਂ ਕਦੇ ਕਹਿ ਨਹੀ ਸੀ ਹੋਣੇ । ਫਿਰ ਤੂੰ ਕਿੰਝ ਬਣਾ 'ਤੇ ਮੇਰੇ ਜ਼ਿੰਦਗੀ ਜਿਉਣ ਦੇ ਮੌਲਿਕ ਅਧਿਕਾਰ । ਜਦੋਂ ਤੇਥੋਂ ਦੇ ਨਹੀ ਹੋਣੇ ।
ਮੈਨੂੰ ਕੱਲੀ ਵੇਖ ਨਾ ਤੱਕੀਂ
ਮੈਨੂੰ ਕੱਲੀ ਵੇਖ ਨਾ ਤੱਕੀਂ । ਸਿਰ 'ਤੇ ਪੰਡ ਇੱਜ਼ਤਾਂ ਮਾਂ ਰੱਖੀ । ਠੁੱਡਾ ਵੱਜ ਨਾ ਡਿੱਗ ਜਾਵੇ । ਪਰ੍ਹਾਂ ਹਟ ਪਿੱਛੇ ਮੱਝਾਂ ਦੇ ਪਾਲੀ । ਵੇ ਵੱਟ ਤੋਂ ਪੈਰ ਨਾ ਤਿਲ੍ਹਕ ਜਾਵੇ । ਬੰਨ੍ਹੀ ਪੰਡ ਬਾਪ ਨੇ ਹੱਥੀਂ । ਮਾਂ ਹੱਥ ਪੁਆ ਸਿਰੇ ਮੇਰੇ ਰੱਖੀ । ਗੰਢ ਮੈਂ ਹੱਥੀਂ ਕੱਸ ਬੰਨ੍ਹੀ । ਜ਼ਮੀਂ ਪੱਬ ਬੋਚ ਬੋਚ ਧਰਾਂ । ਵੇ ਖੁੱਲ੍ਹ ਨਾ ਜਾਵੇ ਕੋਈ ਕੰਨੀ । ਪਿੰਡ ਵਿੱਚ ਵੀਰਾਂ ਦੀ ਸਰਦਾਰੀ । ਸਿਰ ਲੈ ਰੱਖੀ ਤਾਂ ਫੁਲਕਾਰੀ । ਮੇਰੀ ਜਿੰਦ ਉਹਨਾਂ ਤੋਂ ਵਾਰੀ । ਚਿੱਕੜ ਪੈਰ ਰੱਖਣ ਤੋਂ ਡਰਾਂ । ਵੇ ਇੱਜ਼ਤ ਗਈ ਨਾ ਮਿਲੇ ਉਧਾਰੀ । ਲੱਗੇਂ ਤੂੰ ਗੱਲਾਂ ਦਾ ਗਲਾੜੀ । 'ਸਰਬ' ਨਾ ਵਿਗੜੂ ਨਾ ਵਿਗਾੜੀ । ਤੇਰੀ ਗੱਲ ਸਮਝ ਕੇ ਸਾਰੀ । ਤੈਨੂੰ ਵੀ ਸਮਝਾਉਂਦੀ ਹਾਂ । ਵੇ ਮਾਪਿਆਂ ਕਰੀਂ ਨਾ ਕਦੇ ਗ਼ੱਦਾਰੀ ।
ਨਾ ਛੇੜ ਦਰਵੇਸਾਂ ਨੂੰ
ਨਾ ਛੇੜ ਦਰਵੇਸ਼ਾਂ ਨੂੰ , ਅਸੀਂ ਪਹਿਲਾਂ ਵਰਗੇ ਨਹੀ । ਤੇਰੇ ਪਾਏ ਕਲੇਸਾਂ ਨੂੰ , ਹੁਣ ਸਿਜਦੇ ਕਰਦੇ ਨਹੀ । ਅਸੀਂ ਬੇਸ਼ੱਕ ਫੁੱਲਾਂ ਜਿਹੇ, ਪਰ ਤੇਰੇ ਤੇ ਤਰਦੇ ਨਹੀ । ਨਾ ਛੇੜ...... ਤੂੰ ਸੋਚ ਕਿ ਨਾ ਹੱਸੀਂ, ਕਿ ਤੀਰ ਨੂੰ ਕੱਸਲੈਂਗਾ । ਨਿਮਾਣੇ ਜਿਗਰੇ ਛੇਕ ਕਰਕੇ, ਤੂੰ ਕਿਧਰੇ ਨੱਸਜੇਂਗਾ । ਅਸੀਂ ਕਲਮ ਨੂੰ ਤਿੱਖੀ ਕਰ ਲਿਆ, ਹੁਣ ਤੇਰੀ ਜਰਦੇ ਨਹੀ । ਨਾ ਛੇੜ........ ਅਣਭੋਲ ਨਿਤਾਣੇ ਸੀ, ਤੇਰੇ ਤੀਰ ਵੀ ਮਾਣੇ ਸੀ । ਅਸਾਂ ਲੂਣੇ ਜ਼ਖ਼ਮ ਸਹੇ, ਸੰਸਕਾਰਾਂ ਜੋ ਤਾਣੇ ਸੀ । ਬੇਕਦਰ ਜ਼ਾਲਮਾਂ ਵੇ, ਜਾ ਹੁਣ ਤੇਰੇ ਘਰਦੇ ਨਹੀ । ਨਾ ਛੇੜ.......... ਹਾਕਾਂ ਮਾਰ ਇਨਸਾਫ ਮੰਗਣਾ, ਨਾਨਕ ਦੇ ਦੁਆਰੇ ਤੋਂ । ਦੂਰ ਝੁੱਗੀ ਪਾ ਵੱਸਣਾ, ਤੇਰੇ ਮਹਿਲ ਮੁਨਾਰੇ ਤੋਂ । ਅਸੀਂ ਬੱਦਲ ਗੰਧਲੇ ਚੰਗੇ, ਪਰ ਜਾ ਤੇਰੇ ਤੇ ਵਰ੍ਹਦੇ ਨਹੀ । ਨਾ ਛੇੜ..... ਤੂੰ ਐਵੇਂ ਘੈਵੇਂ ਜਾਣ, ਨਾ ਧੱਕੇ ਮਾਰ ਘਰੋਂ ਕੱਢਦਾ । ਰੁੱਖੀ ਮਿੱਸੀ ਖਾ ਲੈਂਦਾ, ਤੇਰਾ ਕਦੇ ਨਾ ਦਰ ਛੱਡਦਾ । ਸਾਨੂੰ ਓਟਿਆਂ ਚੁੱਕ ਲਿਆ, ਨਿਓਟੇ ਸਰਬ ਹੁਣ ਮਰਦੇ ਨਹੀ । ਨਾ ਛੇੜ.........
ਮੁਹੱਬਤ ਗਵਾਚ ਗਈ ਦੋਸਤੋ
ਮੁਹੱਬਤ, ਮੁਹੱਬਤ, ਮੁਹੱਬਤ । ਮੁਹੱਬਤ, ਤੂੰ ਕਿੱਥੇ ਹੈਂ । ਮੁਹੱਬਤ ਗਵਾਚ ਗਈ ਦੋਸਤੋ, ਕਿਤੇ ਵੇਖੀ ਤਾਂ ਦੱਸਿਓ । ਉਹਨੂੰ ਪਿਆਰ ਨਾਲ ਲੈ ਆਇਓ, ਨਾ ਫੁਫੰਗ ਕੋਈ ਕੱਸਿਓ । ਉਹ, ਜਿਸਦਾ ਦਿਲਾਂ ਉੱਤੇ ਰਾਜ ਸੀ । ਨਿਆਣਿਆਂ ਦੇ ਵਾਂਗ, ਜਿਹਦਾ ਪੁੱਠਾ ਹਰ ਕਾਜ ਸੀ । ਮੁਰਦਿਆਂ ਚ ਜਾਨ ਪਾਉਣ ਵਾਲੀ, ਹੋ ਗਈ ਆਬਾਦ ਕਿੱਥੇ ਦੱਸਿਓ । ਉਹਨੂੰ ਪਿਆਰ ਨਾਲ ਲੈ ਆਇਓ । ਨਾ ਫੁਫੰਗ ਕੋਈ ਕੱਸਿਓ । ਮੁਹੱਬਤ ਗਵਾਚ ਗਈ ਦੋਸਤੋ, ਕਿਤੇ ਵਿਖ ਗਈ ਤੇ ਦੱਸਿਓ । ਉਹਨੂੰ ਮੇਹਣਿਆਂ ਨੇ ਖਾ ਲਿਆ, ਤੇ ਦੂਰ ਭਜਾ ਲਿਆ । ਕਿੰਨਾ ਚਿਰ ਅੱਧਵਾਟਿਓਂ ਟੁੱਟਦੀ, ਜਿਸਮਾਂ ਵਾਲਿਆਂ ਨੇ ਖਾ ਲਿਆ । ਕਿੰਨਾ ਸੋਹਣਾ ਲਗਦੀ ਸੀ, ਹਰ ਇੱਕ ਨਾਲ ਫੱਬਦੀ ਸੀ । ਪੂਰਨ, ਰਾਂਝਾ, ਪੁਨੂੰ, ਫਰਿਆਦ ਉਡੀਕਦਾ, ਉਹਨੂੰ ਦੱਸਿਓ । ਉਹਨੂੰ ਪਿਆਰ ਨਾਲ ਲੈ ਆਇਓ, ਨਾ ਫੁਫੰਗ ਕੋਈ ਕੱਸਿਓ । ਮੁਹੱਬਤ ਗਵਾਚ ਗਈ ਦੋਸਤੋ, ਕਿਤੇ ਮਿਲ ਪਈ ਤੇ ਦੱਸਿਓ । ਕਹਿਓ ਲੂਣਾ ਰੋਂਦੀ ਹੈ, ਨਿੱਤ ਚੁੰਨੀ ਭਿਓਂਦੀ ਹੈ । ਸੱਸੀ ਵਿੱਚ ਮਾਰੂਥਲਾਂ ਰੋਵੇ, ਸ਼ੀਰੀ ਨਾਲ ਹੀਰ ਕਰਲਾਉਂਦੀ ਹੈ । ਤੇਰਾ ਪਿਆ ਵਿਛੋੜਾ ਨੀ, ਸਰਬ ਦੇ ਵੱਜੇ ਤੀਰ ਤਿੱਖੇ ਦੱਸਿਓ । ਮੁਹੱਬਤ ਗਵਾਚ ਗਈ ਸੋਹਣਿਓਂ, ਕਿਤੇ ਮਿਲ ਗਈ ਤੇ ਦੱਸਿਓ । ਉਹਨੂੰ ਪਿਆਰ ਨਾਲ ਲੈ ਆਇਓ, ਨਾ ਫੁਫੰਗ ਕੋਈ ਕੱਸਿਓ ।
ਗੁਵਾਚਣ ਸੋਚ
ਦੁਨੀਆਂ 'ਚ ਕਈ ਗੁਵਾਚਦੇ ਤੇ ਲੱਭਦੇ ਰਹੇ । ਮੈਂ ਗੁਵਾਚਣ ਦਾ ਸੋਚ, ਕਿਹੜਾ ਨਵੇਂ ਕੰਮੀ ਪੈਣਾ ਏਂ । ਯਾਰ ਮੈਂ ਆਪ ਗੁਆਚਣਾ ਤੇ ਜਾਣ ਕੇ ਨਹੀ ਲੱਭਣਾ । ਤੁਸੀਂ ਲਾਹਨਤੀ ਮੈਨੂੰ ਏਵੇਂ ਨਾਮ ਦੇਣਾ ਏਂ । ਮੈਂ ਆਪਣੀ ਮਰਜ਼ੀ ਗੁਵਾਚਣਾ, ਤੁਸੀਂ ਵੀ ਗੁਆਚ ਜਾਇਓ । ਕਿਹੜਾ ਮੈਨੂੰ ਲੱਭਣ ਲਈ, ਤ੍ਹਾਨੂੰ ਢੋਲ ਵਜਾਉਣਾ ਪੈਣਾ ਏਂ ਯਾਰ, ਗੁਵਾਚਣ ਦਾ ਵੀ ਇੱਕ ਵੱਖਰਾ ਸੁਵਾਦ ਜੇ । ਫਿਕਰ ਚ ਹੋਣੇ ਜਿੰਨਾਂ, ਮੇਰੇ ਤੋਂ ਕੁਝ ਲੈਣਾ ਏਂ । ਗੁਆਚਣ ਤੋਂ ਵੀ ਚੰਗਾ ਨੀ, ਮੈਂ ਮਰ ਕੇ ਹੀ ਵੇਖ ਲਵਾਂ । ਉਹ ਕਿੰਨੀ ਜਲਦੀ ਭੁੱਲਦੇ, ਜਿੰਨਾਂ ਖਾਤਰ ਮਰਨਾ ਪੈਣਾ ਏਂ । ਮਰਨ ਤੋਂ ਵੀ ਚੰਗਾ ਨੀ ਮੈਂ, ਯਾਦਾਸ਼ਤ ਭੁੱਲ ਵੇਖਲਾਂ । ਕਿਹੜੀ ਗੱਲ ਯਾਦ ਕਰਾਉਂਦੇ, ਤੇ ਕਿ੍ਹੰਨਾਂ ਮਤਲਬ ਲੈਣਾ ਏਂ । ਫਿਰ ਮੈਂ ਮਰਨ ਦੀ ਸੋਚ ਮਰ ਗਈ, ਤੇ ਹੁਣ ਤੱਕ ਨਹੀ ਜੀਵੀ । ਕਿ ਮਰੀ ਨੂੰ ਤਾਂ ਲੋਕਾਂ ਸਲਾਹੁਣਾ, ਤੇ ਬੁਲਾਉਣਾ ਮੈਨੂੰ ਪੈਣਾ ਏਂ । ਲੱਗੇ ਆਪਣੇ ਕਰਨ ਅਰਦਾਸਾਂ ਤੇ ਰੂਹਾਂ ਦੇ ਮਕਾਨ ਬੋਲੇ । ਨਾਨਕ ਸਾਹਿਬ ਸਰਬ ਨੂੰ , ਹੁਣ ਤ੍ਹਾਨੂੰ ਚਰਨੀ ਲਾਉਣਾ ਪੈਣਾ ਏਂ । ਸੋਚ ਸੋਚ ਸੱਚੀਂ, ਮੈਂ ਤਾਂ ਸੋਚ ਨੂੰ ਬਦਲ ਲਿਆ ਕਿ । ਸਾਰੇ ਕੀਤੇ ਕਰਾਏ ਦਾ ਏਨਾਂ, ਏਵੇਂ ਭਾਂਡਾ ਭੰਨ ਦੇਣਾ ਏਂ । ਤਾਂ ਹੁਣ ਬੇਧੜਕ ਸੱਚ ਲਿਖਣ ਬਾਰੇ, ਕਲਮ ਚੁੱਕੀ ਦੋਸਤੋ । ਕਿਉਕਿ ਮੋਇਆਂ ਬਾਅਦ ਕਿਸੇ, ਕੋਈ ਫ਼ਰਕ ਨਾ ਪੈਣਾ ਏਂ ।
ਸਖ਼ਤੀ ਨਾਲ ਬੋਲਦੀ ਮੈਂ
ਸਖ਼ਤੀ ਨਾਲ ਬੋਲਦੀ ਮੈਂ । ਹਾਂ ਬੋਲਦੀ ਹਾਂ, ਸਖ਼ਤੀ ਨਾਲ । ਪੈਰੋਂ ਨਾ ਡੋਲਦੀ ਮੈਂ । ਜਿਸ ਰਸਤੇ ਖੇਡ ਮੰਨ ਕੇ । ਤੂੰ ਖੇਡਦਾ ਫਿਰਦੈਂ । ਕੋਠੇ ਤੇ ਚੜ੍ਹ ਚੜ੍ਹ ਕੇ । ਜਿਸ ਮਾਨਣਾ ਚਾਹੁੰਦੇਂ । ਮਿੱਟੀ ਦੇ ਬੁੱਤ ਵੇਖਦੈਂ । ਜਵਾਨੀ ਦੇ ਬਹੁਤੇ ਪਲ । ਇਸ ਰਸਤੇ ਹੀ ਮੂਰਖਾ । ਤੇਰਾ ਜਨਮ ਹੋਇਆ ਏ । ਤੇਰੀ ਮਾਂ ਪਿਓ, ਭੈਣ ਭਰਾ । ਧੀ ਤੇ ਪੁੱਤ ਦਾ ਵੀ । ਧਰਤੀ ਤੇ ਕਦਮ ਧਰਨ ਦਾ । ਇਹ ਮੁਢਲਾ ਰਸਤਾ ਸੀ । ਜਿੰਨਾਂ ਨੂੰ ਵੇਖ ਕੇ ਤੂੰ । ਨਿੱਤ ਸਿਸਕੀਆਂ ਭਰਦੈਂ । ਰੱਖਦਾ ਹੱਥ ਦਿਲ ਉੱਤੇ । ਉਹਨਾਂ ਨੂੰ ਚੁੰਘ ਚੁੰਘ ਕੇ । ਢਿੱਡ ਤੇਰਾ ਭਰਿਆ ਸੀ । ਇਸ਼ਕ ਦੀ ਗੱਲ ਤੂੰ ਕਰਦੈਂ । ਪਹਿਲਾਂ ਇਸ਼ਕ ਤੂੰ ਮਾਂ ਕੀਤਾ । ਉਸ ਦੇ ਗੁਪਤ ਅੰਗਾਂ ਚੋਂ । ਜਨਮ ਲੈਣ ਵੇਲ਼ੇ । ਮਾਂ ਦੀ ਛਾਤੀ ਨਾਲ ਖੇਡਿਆ । ਅੱਖਾਂ ਵਿੱਚ ਅੱਖਾਂ ਪਾ । ਤੇ ਸਰੀਰ ਦੇ ਅੰਗ ਅੰਗ ਤੇ । ਹੱਥਾਂ ਫੇਰਦਾ ਰਿਹਾ । ਰਹਿ ਵਿੱਚ ਰਜ਼ਾ ਬੰਦਿਆ । ਤੂੰ ਕੁਦਰਤ ਨੂੰ ਜਾਣਦਾ । ਤੇ ਉਸ ਦੀਆਂ ਚੋਜਾਂ 'ਤੇ । ਨਿਆਜ਼ਾਂ ਨੂੰ ਮਾਣਦਾ । ਸਰਬ ਨੂੰ ਲਿਖਣਾ ਨਾ ਪੈਂਦਾ । ਇਹ ਜਿਸਮ ਫਰੋਸ਼ੀ ਹੈ । ਬੰਦਿਆ ਤੂੰ ਹੈਂ ਜਾਣਦਾ । ਲਾ ਕੇ ਤੋੜ ਨਿਭਾਉਣੀ ਸਿੱਖ । ਤੇ ਉਸ ਤੇ ਸਭ ਛੱਡ ਦੇ । ਜੋ ਸਭ ਦੀਆਂ ਜਾਣਦਾ ਤੂੰ ਕਹੇਂਗਾ ਮੈਨੂੰ, ਸਖ਼ਤੀ ਨਾਲ ਬੋਲਦੀ ਮੈਂ । ਬੋਲਦੀ ਹਾਂ ਸਖ਼ਤੀ ਨਾਲ਼ । ਪੈਰੋਂ ਨਾ ਡੋਲਦੀ ਮੈਂ ।
ਦਿਲਦਾਰ ਸੁੱਚਾ ਜਾਚਿਓ
ਸੁਪਨੇ ਸੁੱਚੇ ਜੇ ਵੇਖਣੇ, ਦਿਲਦਾਰ ਸੁੱਚਾ ਜਾਚਿਓ । ਬਾਦਸ਼ਾਹ ਚੁਣਨਾ ਤੁਸਾਂ, ਕਿਰਦਾਰ ਉੱਚਾ ਵਾਚਿਓ । ਧਰਤੀ ਵਿੱਚੋਂ ਚੁਗੇ ਜੋ ਮੋਤੀ, ਬੋਰੇ ਭਰ ਨਾ ਡੋਹਲੇ ਓਹ । ਗੋਦੀਆਂ ਦੇ ਲਾਲ ਅਸੀਂ, ਸੜਕਾਂ ਤੇ ਨਾ ਰੋਲ਼ੇ ਓਹ । ਸੁਪਨੇ ਵਾਚਣ ਹਿੱਤ, ਉਹਦੇ ਸਾਰੇ ਪੱਲੜੇ ਫੋਲਣੇ । ਟੁੱਟੇ ਭੱਜੇ ਵਾਚਣਾ, ਕਿਉਂ, ਅਸਾਂ ਅਗਲੇ ਜੋ ਨੀ ਰੋਲਣੇ । ਸਿਜਦੇ ਮਰਿਯਾਦਾ ਨੂੰ ਕਰੇ, ਪਰਸ਼ੋਤਮ ਏਸਾ ਭਾਲ਼ਿਓ । ਸੁਪਨੇ ਪੂਰੇ ਵੀ ਕਰੇ, ਏਵੇਂ ਨਵੇਂ ਵਿਖਾ ਨਾ ਟਾਲ਼ੇ ਓਹ । ਸਰਬ ਦੇ ਸੁਪਨੇ ਅੱਧ ਚ ਟੁੱਟੇ, ਤਾਂ ਤ੍ਹੁਾਨੂੰ ਸਮਝਾਵੇ ਓਹ । ਸੋਚ ਸਮਝ ਕੇ ਸੁਪਨਿਆਂ ਡੋਰੀ, ਕਿਸੇ ਨਾ ਹੱਥ ਫੜਾਵੇ ਓਹ । ਐਤਕੀਂ ਸੁਪਨੇ ਪੂਰੇ ਕਰਨ ਲਈ, ਦਿਲਦਾਰ ਸੁੱਚਾ ਜਾਚ ਲਿਓ । ਸੁਪਨਿਆਂ ਦਾ ਬਾਦਸ਼ਾਹ ਚੁਣਨ ਸਮੇਂ, ਉਹਦਾ ਕਿਰਦਾਰ ਉੱਚਾ ਵਾਚ ਲਿਓ ।
ਦੁਨੀਆਂ ਨਾਲ ਨਜਿੱਠਣਾ
ਔਖਾ ਈ ਕੰਮ ਭਲਿਆ, ਦੁਨੀਆਂ ਨਾਲ ਨਜਿੱਠਣਾ । ਮਰਜ਼ੀ ਨਾਲ ਛੱਡਣ ਜਿਸ, ਫਿਰ ਉਸਨੂੰ ਚਾਹੁੰਦੇ ਡਿੱਠਣਾ । ਕਮਾਲ ਹੈ, ਕਮਾਲ ਹੈ, ਮੇਰੇ ਦਿਲ ਵਿੱਚ ਇੱਕ ਸਵਾਲ ਹੈ । ਜੇ ਫੇਰ ਉਹੀ ਕਰਨਾ, ਕਿਸ ਗੱਲ ਦਾ ਫਿਰ ਬਵਾਲ ਹੈ । ਜਾ ਤੇਰੀ ਸ਼ਕਲ ਨਹੀ ਵੇਖਣੀ, ਜਿਹੜੇ ਸਹੁੰਆਂ ਪਾ ਕਹਿੰਦੇ । ਨਦੀ ਨਾਮ ਸੰਯੋਗੀ ਮੇਲੇ ਕਹਿ, ਮੋਇਆਂ ਵੇਖਣ ਆ ਬਹਿੰਦੇ । ਕਮਾਲ ਹੈ, ਕਮਾਲ ਹੈ, ਮੇਰੇ ਦਿਲ ਵਿੱਚ ਇੱਕ ਸਵਾਲ ਹੈ । ਜੇ ਫੇਰ ਉਹੀ ਕਰਨਾ, ਕਿਸ ਗੱਲ ਦਾ ਫਿਰ ਬਵਾਲ ਹੈ । ਧਰਤੀ ਤੇ ਰੁੱਖ ਵੱਢਕੇ, ਲਾਉਣੇ ਚੰਦ ਤੇ ਲੋਚਦੇ । ਦਰਿਆ ਰੋੜ੍ਹੀ ਜਾਂਦੇ ਨੇ, ਗ੍ਰਹਿਆਂ ਤੇ ਪਾਣੀ ਖੋਜਦੇ । ਕਮਾਲ ਹੈ, ਕਮਾਲ ਹੈ, ਮੇਰੇ ਦਿਲ ਵਿੱਚ ਇੱਕ ਸਵਾਲ ਹੈ । ਜੇ ਫੇਰ ਉਹੀ ਕਰਨਾ, ਕਿਸ ਗੱਲ ਦਾ ਫਿਰ ਬਵਾਲ ਹੈ । ਸਰਬ ਜਿਹੇ ਆਸ਼ਿਕ ਕੁਦਰਤ ਦੇ, ਅਦਬ ਨਾਲ ਜ਼ਿੰਦਗੀ ਜਿਉਣਗੇ । ਦੁਨੀਆਂ ਪੜ੍ਹ ਪਾਗਲ ਦੱਸੂਗੀ, ਗੱਲ ਕਰ ਕਦੇ ਨਾ ਨਿਉਣਗੇ । ਕਮਾਲ ਹੈ, ਕਮਾਲ ਹੈ, ਇੱਕ ਪਾਗਲ ਦਾ ਸਵਾਲ ਹੈ । ਕਿ ਜੇ ਤੁਸੀਂ ਫੇਰ ਉਹੀ ਕਰਨਾ, ਕਿਸ ਗੱਲ ਦਾ ਫਿਰ ਬਵਾਲ ਹੈ । ਆਰ ਦੇ ਨਾ ਰਹਿਣਾ, ਉਹਨਾਂ ਪਾਰ ਦੇ ਨਾ ਰਹਿਣਾ । ਪੇਕਿਆਂ ਤੋਂ ਤੁਰਨਾ ਕਿ, ਸੌਹਰਿਆਂ ਦੇ ਹੋਜਾਂਗੇ । ਤੇ ਸੁਹਰੇ ਜਾ ਕੇ, ਅੱਧ ਵਿਚਕਾਰ ਦੇ ਨਾ ਰਹਿਣਾ । ਕਮਾਲ ਹੈ, ਮੇਰੇ ਦਿਲ ਵਿੱਚ ਇੱਕ ਸਵਾਲ ਹੈ ।
ਪਹਿਲੀ ਵਾਰੀ ਪੀਤੀ
ਅੱਜ ਪਹਿਲੀ ਵਾਰੀ ਪੀਤੀ, ਚੜ੍ਹ ਗਈ । ਪੈਰ ਤਾਂ ਜਾਣ ਦਿਉ ਖੜ੍ਹ ਦੋਸਤੋ । ਪਹਿਲੇ ਤੋੜ ਦੀ ਦਾਰੂ ਹੈ । ਪਾਣੀ ਡੂੰਘੇ ਇਸ਼ਕੇ ਦੇ । ਗਲਾਸੀ ਜਾਣ ਦਿਉ ਭਰ ਦੋਸਤੋ । ਅੱਜ ਪਹਿਲੀ ਵਾਰੀ ਪੀਤੀ, ਚੜ੍ਹ ਗਈ । ਪੈਰ ਤਾਂ ਜਾਣ ਦਿਉ ਖੜ੍ਹ ਦੋਸਤੋ । ਯਾਰ ਮੈਂ ਤਰਨਾ ਥੋੜ੍ਹੀ, ਮਰਨਾ ਹੈ । ਕੱਚਾ ਘੜਾ ਤਰਨ ਲਈ ਦੇ ਦਿਉ । ਦੁਖੜੇ ਮਿਲਣ ਲਈ ਆ ਰਹੇ । ਸੀਨਾ ਅੱਗੇ ਲੈਣ ਦਿਉ ਕਰ ਦੋਸਤੋ । ਅੱਜ ਪਹਿਲੀ ਵਾਰੀ ਪੀਤੀ, ਚੜ੍ਹ ਗਈ । ਪੈਰ ਤਾਂ ਜਾਣ ਦਿਉ ਖੜ੍ਹ ਦੋਸਤੋ । ਪਿਆਰਾ ਨਦੀਉਂ ਪਾਰ ਹੈ । ਉਹ ਪਿਆਰਾਂ ਦਾ ਬੀਮਾਰ ਹੈ । ਉਹਦਾ ਕਰਨਾ ਅੱਜ ਦੀਦਾਰ ਹੈ । ਮੈਂ ਲੈ ਕੇ ਜਾਣਾ ਮੁਹੱਬਤ ਦੀ ਦਵਾ । ਘੋਟੀ ਹੈ ਬੂਟੀ ਮੈਂ, ਸਮੇਤ ਜੜ ਦੋਸਤੋ । ਅੱਜ ਪਹਿਲੀ ਵਾਰੀ ਪੀਤੀ, ਚੜ੍ਹ ਗਈ । ਪੈਰ ਤਾਂ ਜਾਣ ਦਿਉ ਖੜ੍ਹ ਦੋਸਤੋ । ਉਹਦਾ ਤਪਦਾ ਸੀਨਾ ਠਾਰਨਾ । ਪਿਆਰਾਂ ਨਾਲ ਬਿਮਾਰੀ ਮਾਰਨਾ । ਮੈਂ ਜਿੱਤੀ ਬਾਜ਼ੀ ਹਾਰਨਾ । ਫਿਰ ਤੁਸੀਂ ਅਸਾਂ ਨੂੰ ਯਾਦ ਕਰ । ਦੇਣਾ ਵਿੱਚ ਫੋਟੋਆਂ ਮੜ੍ਹ ਦੋਸਤੋ । ਅੱਜ 'ਸਰਬ' ਨੇ ਪਹਿਲੀ ਵਾਰੀ ਪੀਤੀ, ਚੜ੍ਹ ਗਈ । ਪੈਰ ਤਾਂ ਜਾਣ ਦਿਉ ਖੜ੍ਹ ਦੋਸਤੋ ।
ਰੱਬ ਘੜ੍ਹਿਆ ਤੇਰੇ ਲਈ
ਹਾਂ ਹਾਂ, ਇਹ ਸੱਚ ਹੈ ਪਿਆਰਿਆ । ਮੈਂ ਤੈਨੂੰ ਦੁਨੀਆਂ ਤੋਂ ਜੁਦਾ ਵੇਖਦੀ ਹਾਂ । ਮੈਨੂੰ ਰੱਬ ਨੇ ਘੜ੍ਹਿਆ ਤੇਰੇ ਲਈ, ਸਿਰਫ ਤੇਰੇ ਮੇਚ ਦੀ ਹਾਂ । ਦੁਨੀਆਂ ਨੂੰ ਕੀ ਪਤਾ, ਤੂੰ ਤੇ ਮੈਂ ਅੰਦਰ । ਕੁਝ ਵੱਖਰੀ ਹਸਤੀ ਹੈ । ਸਾਰੀ ਦੁਨੀਆਂ ਤੋਂ ਉਹਲੇ, ਸਾਡੀ ਵੱਖਰੀ ਬਸਤੀ ਹੈ । ਜਿਹਦੀ ਭਿਣਕ ਤਾਰਿਆਂ ਨਾ, ਆਪਾਂ ਵੱਖਰੀ ਵਣਗੀ ਹਾਂ । ਇਸੇ ਲਈ ਤਾਂ ਮੈਂ ਸੋਹਣਿਆਂ, ਸਿਰਫ ਤੇਰੀ ਬਣਗੀ ਹਾਂ । ਮੇਰੇ ਕੋਲ ਪਿਆਰ ਦੀ ਮਲਕੀਅਤ ਹੈ, ਜੋ ਤੈਨੂੰ ਮੁਫ਼ਤ ਵੇਚਦੀ ਹਾਂ । 'ਸਰਬ' ਨੂੰ ਰੱਬ ਨੇ ਘੜ੍ਹਿਆ ਤੇਰੇ ਲਈ, ਸਿਰਫ ਤੇਰੇ ਮੇਚ ਦੀ ਹਾਂ । ਅਸੀਂ ਭੱਜੇ ਫਿਰਦੇ ਜਿੰਨਾ ਲਈ, ਸਾਨੂੰ ਕਿੱਥੇ ਨੇ ਜਾਣਦੇ । ਅਸੀਂ ਅੰਬਰੀ ਪੀਘਾਂ ਪਾ ਲਈਆਂ, ਹੂਟੇ ਪਏ ਮਾਣਦੇ । ਸਾਡਾ ਜ਼ਿਕਰ ਕਾਗਜ਼ਾਂ ਤੇ, ਕਿਸੇ ਕਾਦਰ ਦੀ ਰੂਹ ਪੜ੍ਹਨਾ । ਫਿਰ ਅੰਦਰੋਂ ਅੰਦਰੀ ਹੱਸ, ਆਪਾਂ ਦੇ ਨਾਲ ਖੜਨਾ । ਕਈ ਆਖਣਗੇ ਤੈਨੂੰ, ਕੱਢ ਸੁੱਟ, ਕਿ ਮੈਂ ਚੁੰਝ ਮੇਖ ਦੀ ਹਾਂ । ਪਰ ਮੈਨੂੰ ਰੱਬ ਨੇ ਘੜ੍ਹਿਆ ਤੇਰੇ ਲਈ, ਸਿਰਫ ਤੇਰੇ ਮੇਚ ਦੀ ਹਾਂ । ਤੂੰ ਭੱਜਿਆ ਫਿਰਦਾ ਕਿਓਂ, ਬੰਦ ਕਰ ਤਲਾਸਾਂ ਨੂੰ । ਰੱਬ ਦਾ ਨਾਂ ਜੱਪਦੇ ਹਾਂ, ਉੱਠ ਕੇ ਪ੍ਰਭਾਤਾਂ ਨੂੰ । ਆਪਾਂ ਮਿਲਕੇ ਕੁਦਰਤ ਸੰਗ, ਤੇ ਰੁੱਖ ਲਗਾਉਂਦੇ ਹਾਂ । ਜੇ ਆਗੇ ਧਰਤੀ ਤੇ, ਕੁਝ ਕਰ ਵਿਖਾਉਂਦੇ ਹਾਂ । ਮੈਂ ਤੈਨੂੰ ਯਾਰਾ ਕੁਦਰਤ ਦੇ, ਹਰ ਰੰਗ ਚ ਭੇਖਦੀ ਹਾਂ । ਹਾਂ ਹਾਂ ਇਹ ਸੱਚ ਹੈ ਪਿਆਰਿਆ । ਮੈਂ ਤੈਨੂੰ ਦੁਨੀਆਂ ਤੋਂ ਜੁਦਾ ਵੇਖਦੀ ਹਾਂ । ਮੈਨੂੰ ਰੱਬ ਨੇ ਘੜ੍ਹਿਆ ਤੇਰੇ ਲਈ, ਸਿਰਫ ਤੇਰੇ ਮੇਚ ਦੀ ਹਾਂ ।
ਸੱਜਣ ਝਨਾ ਦੇ ਪਾਰ
ਉਹ ਖ਼ਤ ਲਿਖੇ, ਤੇ ਤੂੰ ਅਹਿਸਾਸ ਪੜ੍ਹੇਂ । ਇਹ ਤਾਂ ਪੁਰਾਣੀਆਂ ਰੀਤਾਂ ਨੇ । ਉਹ ਚੁੱਪ ਰਹੇ, ਤੇਰੇ ਵੱਲ ਨੂੰ ਨਾ ਝਾਕੇ । ਤੂੰ ਉਸਨੂੰ ਸਮਝ ਪਰੋ ਦੇਵੇਂ, ਵਿੱਚ ਆਪਣੇ ਗੀਤਾਂ ਦੇ । ਨਵੀਂ ਰੀਤ ਚਲਾ ਸੱਜਣਾ, ਕਿ ਐਸਾ ਪਿਆਰ ਹੋਣਾ ਚਾਹੀਦਾ । ਸੱਜਣ ਝਨਾ ਦੇ ਪਾਰ ਹੋਵੇ, ਤੇ ਦੀਦਾਰ ਹੋਣਾ ਚਾਹੀਦਾ । ਤੂੰ ਸਮਝ ਪ੍ਰੀਤਮ ਨੂੰ , ਤੇ ਤਸਵੀਰ ਬਣਾ ਉਸਦੀ । ਜਿਹੜੀ ਬੋਲਣ ਲੱਗ ਜਾਵੇ । ਲੋਕੀਂ ਤੱਕਣ ਸਿਰਫ਼ ਉਸਨੂੰ । ਜਦ ਤੁਸੀਂ ਤੱਕੋਂ, ਦਿਲ ਦੀ ਗੱਲ ਕਰ ਜਾਵੇ । ਫਿਰ ਉਸ ਤਸਵੀਰ ਗਲ ਲੱਗਣ ਦਾ । ਵੱਖਰਾ ਅੰਦਾਜ਼ ਹੋਣਾ ਚਾਹੀਦਾ । ਸੱਜਣ ਝਨਾ ਦੇ ਪਾਰ ਹੋਵੇ, ਤੇ ਦੀਦਾਰ ਹੋਣਾ ਚਾਹੀਦਾ । ਉਹ ਮੰਗੇ ਪਾਣੀ ਜਦ, ਸਿਆਹੀ ਪੀ ਰੱਜ ਕਹੇ । ਲੱਜ ਰੱਖਣੀ ਕਲਮਾਂ ਦੀ, ਸਿਰ ਆਪਣਾ ਕੱਜ ਲਵੇ । ਘੁੰਡ ਕੱਢ ਲਏ, ਨੈਣ ਢੱਕ ਲਵੇ । ਪਾਣੀ ਛਮ ਛਮ ਉਹਦੇ ਨੇਤਰਾਂ ਚੋਂ ਵਗਣ 'ਤੇ । ਸਰਬ ਕੋਲ ਉਸ ਨੀਰ ਨੂੰ , ਭਰ ਗਲਾਸੀ ਪੀਣ ਦਾ, ਵੱਖਰਾ ਸੁਆਦ ਹੋਣਾ ਚਾਹੀਦਾ । ਸੱਜਣ ਝਨਾ ਦੇ ਪਾਰ ਹੋਵੇ, ਤੇ ਦੀਦਾਰ ਹੋਣਾ ਚਾਹੀਦਾ । ਉਹ ਇਸ਼ਕੇ ਨੂੰ ਕੀ ਜਾਨਣ, ਜਿੰਨਾਂ ਸੱਜਣ ਨੇੜਿਓਂ ਵੇਖੇ । ਅਧਵਾਟਿਉਂ ਟੁੱਟਿਆਂ ਨੂੰ ਪਿਆਰੇ ਦੇ, ਅੰਦਰੋਂ ਪੈਣ ਭੁਲੇਖੇ । ਉਸ ਅੱਖੀਆਂ ਬੰਦ ਕੀਤੀਆਂ ਹੋਵਣ, ਤੇ ਜੱਪੇ ਤੈਨੂੰ ਤੱਕਣ ਲਈ । ਉਹ ਹਰੇਕ ਮੰਦਿਰ, ਮਸਜਿਦ, ਗੁਰੂਦੁਆਰੇ ਦੇ, ਦੁਆਰ ਹੋਣਾ ਚਾਹੀਦਾ । ਦੋਨਾਂ ਦੇ ਸੱਚੇ ਪਿਆਰ ਵਿੱਚ, ਇਹ ਇਕਰਾਰ ਹੋਣਾ ਚਾਹੀਦਾ । ਸੱਜਣ ਝਨਾ ਦੇ ਪਾਰ ਹੋਵੇ, ਤੇ ਦੀਦਾਰ ਹੋਣਾ ਚਾਹੀਦਾ ।
ਇੱਕ ਵਾਰੀਂ ਤਾਂ ਮਿਲ ਬੈਠ
ਸੁਣ ਸੋਹਣਿਆ, ਸੁਣ ਹੀਰਿਆ, ਸੁਣ ਮੇਰੇ ਸੋਹਣੇ ਸੱਜਣਾ । ਇੱਕ ਵਾਰੀਂ ਤਾਂ ਮਿਲ ਬੈਠ ਵੇ । ਇੱਕ ਵਾਰੀਂ ਤਾਂ ਮਿਲ ਬੈਠ ਵੇ, ਦਿਲ ਭੇਦ ਨਾ ਕੋਈ ਕੱਜਣਾ । ਸਾਨੂੰ ਤੋੜ ਨਾ ਕੋਈ ਸਕਿਆ, ਹਰ ਦੁੱਖੜਾ ਸਾਂਭ ਕੇ ਰੱਖਿਆ । ਨੈਣਾਂ ਵਿੱਚ ਪਾਣੀ ਡੱਕਿਆ । ਨੈਣਾਂ ਵਿੱਚ ਪਾਣੀ ਡੱਕਿਆ, ਤੇਰੇ ਬਾਹਝੋਂ ਨਾ ਇਹ ਵਗਣਾ । ਸੁਣ ਇੱਕ.... ਇਹ ਰੂਹ ਦੇ ਰਿਸ਼ਤੇ ਖਾਸ ਨੇ, ਤੈਨੂੰ ਦੱਸਣੇ ਨੇ ਅਹਿਸਾਸ ਮੈਂ । ਸਾਡਾ ਪਿਆਰ ਕੁਆਰੇ ਸਾਕ ਜਿਹਾ । ਸਾਡਾ ਪਿਆਰ ਕੁਆਰੇ ਸਾਕ ਜਿਹਾ, ਤੈਨੂੰ ਨਹੀ ਮਿਲਣ ਤੋਂ ਡੱਕਣਾ । ਸੁਣ.... ਦਿਲ ਠੁੱਸ ਠੁੱਸ ਕੇ ਅਸਾਂ ਭਰ ਲਿਆ, ਹਰ ਤਰਾਂ ਵਿਛੋੜਾ ਜ਼ਰ ਲਿਆ । ਦਿਲ ਮੁੱਕਰੀ ਜਾਂਦਾ ਮਹਿਰਮਾ । ਦਿਲ ਮੁੱਕਰੀ ਜਾਂਦਾ ਮਹਿਰਮਾ, ਕਹਿੰਦਾ ਹੋਰ ਮੈਂ ਨਹੀਓਂ ਤਪਣਾ । ਸੁਣ.... ਤੇਰੀ 'ਸਰਬ' ਕਰੇ ਉਡੀਕ ਵੇ, ਹੋਰ ਸਭ ਲਈ ਮਾਰੀ ਲੀਕ ਵੇ । ਉਹਦੀ ਸੋਚ ਹੈ ਤੇਰੇ ਤੀਕ ਵੇ । ਉਹਦੀ ਸੋਚ ਹੈ ਤੇਰੇ ਤੀਕ ਵੇ, ਮੜੀ ਤੱਕ ਅਸਾਂ ਨੂੰ ਛੱਡਣਾ । ਸੁਣ..... ਸੁਣ ਸੋਹਣਿਆ, ਸੁਣ ਹੀਰਿਆ, ਸੁਣ ਮੇਰੇ ਸੋਹਣੇ ਸੱਜਣਾ । ਇੱਕ ਵਾਰੀਂ ਤਾਂ ਮਿਲ ਬੈਠ ਵੇ । ਇੱਕ ਵਾਰੀਂ ਤਾਂ ਮਿਲ ਬੈਠ ਵੇ, ਦਿਲ ਭੇਦ ਨਾ ਕੋਈ ਕੱਜਣਾ ।
ਇੰਤਿਜ਼ਾਰ ਹੀ ਕਰਦੀ ਰਹੀ
ਇੰਤਿਜ਼ਾਰ ਹੀ ਕਰਦੀ ਰਹੀ, ਤੇ ਵਾਲ ਚਾਂਦੀ ਹੋ ਗਏ । ਇੰਤਹਾ ਹੋ ਗਈ ਸੀ, ਹੁਣ ਮੇਰੇ ਸਬਰ ਦੀ । ਉਡੀਕ ਚੰਦਰੀ ਨੇ ਅੱਖੀਂ ਐਨਕ ਲਾ ਦਿੱਤੀ । ਆਸ ਵਿੱਚ ਪੜ੍ਹਦੀ ਜੋ ਰਹੀ, ਹਰ ਇੱਕ ਖ਼ਬਰ ਸੀ । ਜਿਉਂਦੇ ਜੀਅ ਤਾਂ ਪਿਆਰ ਨੂੰ , ਵਿੱਚ ਆਸ਼ਰਮ ਰੱਖਦੇ । ਸਿਜਦੇ ਕਰਦੇ ਦੇਖੇ, ਉਹ ਉਹਨਾਂ ਦੀ ਕਬਰ ਜੀ । ਕੀ ਹੋਊ ਜੇ 'ਸਰਬ' ਦੀ ਕਲਮ ਨੇ, ਸੱਚ ਨੂੰ ਲਿਖ ਦਿੱਤਾ । ਵੱਡੇ ਸੱਚ ਸਹਿਣੇ ਔਖੇ, ਪੈਂਦੇ ਨੇ ਗਦਰ ਜੀ । ਅੱਲ੍ਹਾ ਕਹਿ ਏਥੇ ਮੰਦਿਰ ਟੁੱਟਦੇ, ਰਾਮ ਨੂੰ ਕਹਿ ਮਸੀਤ । ਨਾਨਕ ਮੱਕੇ ਬੈਠ ਕੇ, ਕੀਤੀ ਸਭ ਦੀ ਕਦਰ ਜੀ । ਨਾ ਫ਼ਕੀਰਾਂ ਰੋਟੀ ਛਕਣੀ, ਨਾ ਛਕਣਾ ਤੇਰਾ ਪਾਣੀ । ਰੱਜੇ ਰਜਾਏ ਤੁਰ ਚੱਲੇ, ਖਾ ਕੇ ਜ਼ਾਲਿਮ ਦਾ ਜ਼ਬਰ ਜੀ । ਗੋਡੇ ਤੁਰਨੋ ਰੁਕ ਗਏ, ਕੰਬਣ ਲੱਗੀ ਦੇਹੀ । ਨਾਨਕ ਕੋਲ ਰਿੜ੍ਹਦੇ ਤੁਰ ਚੱਲੇ, ਇਸ ਗੱਲ ਦਾ ਫ਼ਖ਼ਰ ਜੀ ।
ਸੱਜਣ ਸਾਥੋਂ ਵਿੱਛੜੇ
ਸੱਜਣ ਸਾਥੋਂ ਵਿੱਛੜੇ, ਸੀ ਪਹਿਰ ਦੁਪਹਿਰ ਦੇ । ਕਦੇ ਨਾ ਸਾਨੂੰ ਦਰਸ਼ ਹੋਏ, ਸੱਜਣਾ ਦੇ ਫੇਰ ਓਏ । ਕਾਲੀਆਂ ਸੀ ਰਾਤਾਂ, ਡੁੱਬਾ ਮੱਸਿਆ ਤੇ ਚੰਨ ਸੀ । ਪੁੰਨਿਆਂ ਦੀ ਰਾਤ ਖੌਰੇ, ਮਾਰ ਲੈਣ ਗੇੜ ਓਏ । ਟਿੱਕਾ ਬਣਵਾ ਲਿਆ, ਤੇ ਡੱਬੇ ਵਿੱਚ ਪਾ ਲਿਆ । ਮੱਥੇ ਨਾ ਭਾਵੇ ਸਾਨੂੰ, ਸੱਜਣਾ ਬਗੈਰ ਓਏ । ਹੱਥਾਂ ਦੀਆਂ ਚੂੜੀਆਂ, ਲਈਆਂ ਰੀਝਾਂ ਨਾਲ ਗੂੜ੍ਹੀਆਂ । ਤੋੜ ਤੋੜ ਸੁੱਟੀਆਂ, ਜ਼ਮਾਨੇ ਕੀਤਾ ਕਹਿਰ ਓਏ । ਸੋਹਣੀਆਂ ਤਵੀਤੜੀਆਂ, ਤੇ ਕੰਨਾਂ ਵਾਲੇ ਝਾਲੇ । ਸੱਜਣਾ ਦੀ ਆਸ ਚ, ਰੱਖੇ ਮੈਂ ਸੰਭਾਲ ਓਏ । ਜਦੋਂ ਉਹਨਾਂ ਆਵਣਾ, ਮੈਂ ਸੱਜ ਕੇ ਵਿਖਾਵਣਾ । ਜ਼ਮਾਨੇ ਚੋਰੀ ਪਾਂਵਦੀ, ਕਿ ਪੈਜੇ ਨਾ ਭੜਾਸ ਓਏ । ਕਦੇ ਤਾਂ ਫੇਰਾ ਪਾਉਣਗੇ, ਤੇ ਗਲ਼ ਨਾਲ ਲਾਉਣਗੇ । ਆਸ ਨਾਲ ਜੀਂਵਦੀ, ਮੈਂ ਸੱਜਣਾ ਬਗੈਰ ਓਏ । ਸੱਜਣ ਜਿਹੜੇ ਵਿੱਛੜੇ, ਸੀ ਸਿਖ਼ਰ ਦੁਪਹਿਰ ਓਏ । ਦਰਸ਼ ਦੇਣੇ ਪੈਣੇ, 'ਸਰਬ' ਢਾਉਣੀ ਨਾ ਢੇਰ ਓਏ ।
ਕੀ ਮੈਂ ਆਜ਼ਾਦ ਹਾਂ
ਵਾਹ ਵਾਹ, ਕੀ ਮੈਂ ਆਜ਼ਾਦ ਹਾਂ । ਮੈਨੂੰ ਤੇ ਪਤਾ ਹੀ ਨਹੀ ਸੀ । ਮੈਨੂੰ ਕਿਸੇ ਦੱਸਿਆ ਈ ਨਹੀ । ਸ਼ਾਇਦ ਸੋਚਦੇ ਹੋਣੇ । ਕਿਤੇ ਹੱਕ ਨਾ ਮੰਗ ਲਵੇ । ਜਿਉਣ ਦਾ, ਪੜ੍ਹਨ ਦਾ, ਲਿਖਣ ਦਾ । ਆਪਣੀ ਮਰਜ਼ੀ ਨਾਲ ਮਰਦ ਚੁਣ ਕੇ । ਪਿਆਰ ਕਰਕੇ । ਉਸ ਨਾਲ ਜ਼ਿੰਦਗੀ ਜਿਉਣ ਦਾ । ਵਾਹ, ਹੁਣ ਮੈਨੂੰ ਸਤੀ ਨਹੀ ਹੋਣਾ ਪੈਣਾ । । ਹੁਣ ਮੈਨੂੰ ਨਹੀ ਲੇਟਣਾ ਹੋਵੇਗਾ ਦਾਈ ਅੱਗੇ । ਧੀ ਦਾ ਕਤਲ ਨਹੀਂ ਕਰਨ ਦੇਵਾਂਗੀ, ਹੁਣ ਕੁੱਖ ਚ । ਬੜੀ ਸ਼ਰਮ ਆਉਂਦੀ ਸੀ । ਧੀ ਕੋਲੋਂ, ਜਦ ਉਸਨੂੰ ਬੇਗਾਨਾ ਧੰਨ ਕਹਿੰਦੇ ਸੀ । ਮੈਂ ਸੁਲਗਦੀ ਰਹੀ ਅੱਜ ਤੱਕ । ਪਰ ਹੁਣ ਮੈਨੂੰ ਪਤਾ ਲੱਗਾ, ਕਿ ਮੈਂ ਆਜ਼ਾਦ ਹਾਂ । ਅਸਲ ਚ ਮੈਂ ਹੀ ਨਹੀ ਵਰਤੇ ਆਪਣੇ ਅਧਿਕਾਰ । ਮੈਂ ਕਿਉਂ ਆਜ਼ਾਦੀ ਦੀ ਮੁਹਤਾਜ ਰਹੀ । ਸ਼ਰਮਾਂ ਨੇ ਮੈਂ ਹੀ ਕਿਉਂ ਦੱਬ ਛੱਡੀ । ਕਦੇ ਮਾਂ ਦੀ ਚੁੰਨੀ । ਕਦੇ ਪਿਉ ਦੀ ਪੱਗ । ਕਦੇ ਲੱਜ ਜ਼ਮਾਨੇ ਦੀ, ਜੋ ਸੁੱਟ ਦਿੱਤੀ ਹੈ । ਹੁਣ ਮੈਂ ਲੱਜ ਦੀ ਰੱਸੀ ਆਪੇ ਵੱਟੂੰਗੀ । ਤੇ ਵੱਟ ਪਾਉਂਗੀ ਆਪਣੇ ਦਿਮਾਗਾਂ ਨਾਲ । ਬਹੁਰੰਗੀ ਸੂਤੜੀ ਕੱਤਣੀ । ਨਵੇਂ ਸੰਸਕਾਰਾਂ ਦੇ ਬੂਟੇ ਪਾ । ਸੋਹਣੀ ਸੇਜ ਬਣਾ ਬਹਿਣਾ, ਪਿਆਰਾਂ ਦੀ । ਮੇਰੀ ਕੁੱਖ ਜੋ ਮਰਜ਼ੀ ਜਨਮੂੰ । ਜਾਗ ਵੀ ਤੈਥੋਂ ਲਵਾਉਣੀ, ਕਦਰ ਵੀ ਕਰਨੀ ਤੇਰੀ । ਕਿਉਕਿ ਮੈਂ ਹੁਣ ਅਜ਼ਾਦ ਹਾਂ, ਬੇਸ਼ਰਮ ਨਹੀ । ਵਾਹ, ਹੁਣ ਮੇਰੇ ਲਾਏ ਨਿੰਮ ਤੇ ਬੋਹੜ । ਕੋਈ ਨਹੀ ਵੱਢ ਸਕੂਗਾ । ਮੈਂ ਛਾਂਵੇ ਬਹਿ ਕੇ ਉਹਨਾਂ ਦੀ । ਆਪਣੇ ਪਿਆਰੇ ਨਾਨਕ ਸਾਹਿਬ ਨੂੰ ਨਾਨਕ ਕਹਿ । ਉਸ ਦਾ ਨਾਮ ਜ਼ੋਰ ਜ਼ੋਰ ਦੀ ਬੋਲਾਂਗੀ । ਇੱਕ ਓਂਕਾਰ ਸਾਹਿਬ ਦਾ ਡਾਕੀਆ ਕਹਾਂਗੀ, ਉਹਨਾ ਨੂੰ । ਧੁਰ ਤੋਂ ਜੋ ਲੈ ਆਇਆ ਸੀ, ਜਪੁਜੀ ਸਾਹਿਬ ਦਾ ਰਚੱਈਆ । ਲੁਕਾਈ ਤੇ ਆਇਆ, ਫਿਰ ਤਰਨ ਤੇ ਤਾਰਨ । ਮੈਂ ਆਜ਼ਾਦ ਹਾਂ ।
ਆਸ਼ਿਕ ਉਹ ਨਹੀ ਹੁੰਦੇ
ਆਸ਼ਿਕ ਉਹ ਨਹੀ ਹੁੰਦੇ ਕੱਲੇ, ਜਿਹੜੇ ਮਰਦੇ ਹੀਰਾਂ ਤੇ । ਰੱਬ ਦੇ ਆਸ਼ਿਕ ਮਰ ਜਾਂਦੇ ਨੇ ਜੰਡ ਕਰੀਰਾਂ ਤੇ । ਇੱਕ ਟਾਹਣਾ ਟੁੱਟ ਜਾਣ ਤੇ, ਜਿਸ ਦੇ ਚੀਸ ਜਿਹੀ ਨਿਕਲੇ । ਵਿਰਲੇ ਹੀ ਘਰ ਹੁੰਦੇ, ਇਹੋ ਜਿਹੇ ਯਾਰ ਫ਼ਕੀਰਾਂ ਦੇ । ਸਾਲਾਂ ਤੱਕ ਰੰਗ ਮਾਨਣੇ, ਤੇ ਅੱਧ ਵਿੱਚ ਛੱਡ ਜਾਣਾ । ਚਿੱਟੇ ਵਸਤਰ ਭਾਉਂਦੇ, ਜੋ ਲੜ ਲੱਗੇ ਫ਼ਕੀਰਾਂ ਦੇ । ਜਿੱਥੇ ਕੈਂਚੀ, ਕਰਦ, ਹਥੌੜਾ ਅੰਨੇ ਵਾਹ ਵੱਢਦਾ । ਖ਼ਲਕਤ ਦੇ ਕੀ ਬਣਨੇ, ਪਾਪੀ ਇਹ ਤਕਦੀਰਾਂ ਦੇ । ਕੁਦਰਤ ਦੇ ਸੱਟ ਵੱਜਣ ਤੇ, ਜੋ ਖਿੜ ਖਿੜ ਹੱਸਦੇ ਸੀ । ਸਾਹ ਲੈਣ ਲਈ ਭੱਜਦੇ ਵੇਖੇ, ਲੋਕੋ ਘੱਤ ਵਹੀਰਾਂ ਨੇ । ਇੱਕ ਨੇ ਅਯਾਸ਼ੀ ਖਾਤਰ, ਤਿੰਨ ਸੌ ਪੈਂਹਟ ਬਦਨਾਮ ਕਰ ਦਿੱਤੇ । ਲੋਕੀਂ ਹੱਸ ਗੱਲ ਟਾਲਣ, ਕਿ ਰਾਜਿਆਂ ਦੇ ਵਰਤੀਰੇ ਨੇ । ਸਾਡੇ ਵਰਗਿਆਂ ਆਸ਼ਿਕਾਂ, ਨਾਨਕ ਸ਼ਾਹ ਨੂੰ ਯਾਰ ਬਣਾਇਆ । ਜਿਹਨੇ ਚਾਰੇ ਪਾਸੇ ਅੱਲਾ ਕਹਿ, ਖਿੱਚੀਆਂ ਮੱਕੇ ਵਿੱਚ ਲਕੀਰਾਂ ਨੇ । ਕੀ ਹੋਇਆ ਜੇ ਸਰਬ ਨੂੰ ਲੋਕੀਂ ਪਾਗਲ ਦੱਸਦੇ ਨੇ । ਯਾਰ ਹੋਰਾਂ ਦੇ ਅੰਦਾਜ ਨੇ ਵੱਖਰੇ, ਸ਼ਾਨ ਨਾਲ ਜਿਉਣ ਜ਼ਮੀਰਾਂ ਦੇ । ਲੋਕੋ ਆਸ਼ਿਕ ਉਹ ਨਹੀ ਹੁੰਦੇ ਕੱਲੇ, ਜਿਹੜੇ ਮਰਦੇ ਹੀਰਾਂ ਤੇ । ਰੱਬ ਦੇ ਆਸ਼ਿਕ ਮਰ ਜਾਂਦੇ ਨੇ ਜੰਡ ਕਰੀਰਾਂ 'ਤੇ ।
ਸੱਜਣਾ ਸਵਾਲ ਕਰਿਆ
ਕੀ ਹਾਲ ਨੇ ਸੱਜਣਾ ਤੇਰੇ । ਸੱਜਣਾ ਸਵਾਲ ਕਰਿਆ । ਹਾਲ ਸਾਡੇ ਤੇਰੇ ਸੱਜੇ ਖੱਬੇ ਸੱਜਣਾ । ਹਾਲ ਤੋਂ ਹੀ ਪੁੱਛ ਲੈਂਦੋਂ । ਉਹਨਾਂ ਤੇਰੇ ਕੋਲੋਂ ਕੀ ਸੀ ਕੱਜਣਾ । ਤੇਰੇ ਦਿਲ ਨੂੰ ਕੀ ਹੋਇਆ । ਸੱਜਣਾ ਸਵਾਲ ਕਰਿਆ । ਜੋ ਵੀ ਹੋਇਆ ਹੋਊ । ਤੈਨੂੰ ਹੀ ਪਤਾ ਹੋਣੇ ਇਹ ਤੇਰੇ 'ਤੇ ਸੀ ਜਾ ਡਿੱਗਿਆ ਮੈਨੂੰ ਮਿਲਿਆ ਪਿਆ ਮਰਿਆ । ਜਦੋਂ ਪਤਾ ਤੇਰੇ ਤੇ ਪਾਗ਼ਲ ਸੀ । ਕਿਉਂ ਪੁੱਛਦਾ ਸਵਾਲ ਅੜਿਆ । ਕੀਤੀਆਂ ਨੂੰ ਫਲ ਲੱਗ ਰਹੇ । ਤੈਨੂੰ ਪਤਾ ਹੋਣੇ ਕੀ ਕੀਤਾ । ਰੂਹ ਬਣ ਨਾਲ ਰਹਿੰਦਾ ਸੀ । ਕਾਹਦਾ ਰਹਿ ਗਿਆ ਮਲਾਲ ਅੜਿਆ । ਤੂੰ ਪੁੱਛਦਾ ਕਿ ਕੀ ਹੋਇਆ । ਦਿਲ ਮੇਰਾ ਕਿਉਂ ਮੋਇਆ । ਤੈਨੂੰ ਪਤਾ ਹੋਣਾ ਚਾਹੀਦਾ ਸੀ । ਸੱਜਣਾ ਦੇ ਸੱਟ ਵੱਜ ਗਈ । ਦਿਲ ਚੰਦਰੇ ਤੇ ਠਾਹ ਕਰਕੇ । ਦਿਲ ਹੁਭਕ ਕੇ ਕਿਵੇਂ ਮੋਇਆ । ਜੇ ਤੁਰਦਾ ਬਾਂਹ ਫੜੀ । ਬਣਦਾ ਸਵਾਲ ਕਿਉਂ । ਜੇ 'ਸਰਬ' ਨੂੰ ਜਾਣ ਲੈਂਦੋ । ਕੈਸੀ ਹਸਤੀ ਨਿਮਰ ਭਰੀ । ਜੋ ਲੱਭਿਆਂ ਨਹੀ ਲੱਭਣੀ ।
ਦੇਣਾ ਪੈਂਦਾ ਜਵਾਬ ਕਿਉਂ
ਉਹ ਰੁੱਸਦਾ ਰਿਹਾ ਉਹ ਰੁੱਸਦਾ ਰਿਹਾ, ਅਸੀਂ ਮਨਾਉਂਦੇ ਰਹੇ । ਓਹਦੇ ਹੁਸਨ ਦੇ ਸੋਹਲੇ ਗਾਉਂਦੇ ਰਹੇ । ਪਰ ਆਪ ਜ਼ਿੰਦਗੀ 'ਚ ਕਦੇ ਨਾ ਰੁੱਸੇ । ਕਦੇ ਕਿਸੇ ਨਾਲ ਹੋਏ ਨਾ ਗੁੱਸੇ । ਕਮਲ਼ੇ ਦਿਲ ਸਮਝਾ ਲਿਆ ਸੀ । ਸੱਚ ਨੂੰ ਦਿਲ ਨਾਲ ਲਾ ਲਿਆ ਸੀ । ਉਸਦਾ ਰੁੱਸਣਾ ਬਣਦਾ ਸੀ । ਤਾਹੀਓਂ ਨਿੱਤ ਉਹ ਤਣਦਾ ਸੀ । ਅਸੀਂ ਕਿਓਂ ਰੁੱਸਣਾ ਸੀ । ਕਿਸ ਨਾਲ ਰੁੱਸਣਾ ਸੀ । ਉਸ ਨੂੰ ਤਰਲੇ ਕੱਢ ਮਨਾਇਆ । ਗ਼ਲਤੀ ਸਾਰੀ ਉਸਦੀ ਸੀ । ਫਿਰ ਵੀ ਦਿਲ ਨਾਲ ਲਾਇਆ । ਉਹ ਹੁਭਕੀਂ ਲੈ ਲੈ ਰੋਏ । ਫੇਰ ਮੈਨੂੰ ਕੰਨ ਫੜਾਏ । ਮੈਂ ਅੰਦਰੋਂ ਅੰਦਰੀ ਹੱਸਿਆ, ਕਿ । ਸ਼ੁਕਰ ਏ ਰੱਬਾ, ਉਹ ਮੇਰੇ ਹੁੰਦਿਆਂ ਰੁੱਸਿਆ । ਤੇ ਮੈਂ ਝੱਟ ਉਸ ਮਨਾਇਆ । ਰੁੱਸਣ ਨੂੰ ਤੇ ਅਸੀਂ ਵੀ ਰੁੱਸ ਜਾਂਦੇ । ਜੀਅ ਵੀ ਕਰਦੈ ਰੁੱਸਣ ਨੂੰ । ਪਰ ਕਦੇ ਨਾ ਰੁੱਸੇ । ਰੁੱਸਦੇ ਪਤਾ ਕੌਣ ਨੇ ਹੁੰਦੇ । ਜਿਹੜੇ ਬੜੇ ਪਿਆਰੇ ਹੁੰਦੇ । ਪਿਆਰਾਂ ਨੇ ਸ਼ਿੰਗਾਰੇ ਹੁੰਦੇ । ਪਰ ਸਾਨੂੰ ਤਾਂ ਪਤਾ ਸੀ । ਉਸਦੀ ਸਭ ਖ਼ਤਾ ਸੀ । ਜੇ ਅਸੀਂ ਰੁੱਸ ਜਾਂਦੇ । ਸਾਨੂੰ ਕਿਸ ਮਨਾਉਣਾ ਸੀ । ਰੁੱਸਦੇ ਪਤਾ ਕੌਣ ਹੁੰਦੇ । ਜਿੰਨ੍ਹਾ ਨੂੰ ਮਨਾਉਣ ਵਾਲੇ ਹੁੰਦੇ । ਇਸ ਲਈ ਜਦ ਜਦ ਉਹ ਰੁੱਸਦਾ ਰਿਹਾ । 'ਸਰਬ' ਨਾਲ ਪਿਆਰ ਮਨਾਉਂਦਾ ਰਿਹਾ । ਉਹਦੇ ਹੁਸਨ ਦੇ ਸੋਹਲੇ ਗਾਉਂਦਾ ਰਿਹਾ ।
ਸੱਜਣ ਜੇ ਪਿਆਰੇ ਮਿਲ ਜਾਵਣ
ਸੱਜਣ ਜੇ ਪਿਆਰੇ ਮਿਲ ਜਾਵਣ । ਤਾਂ ਉਮਰਾਂ ਘੱਟ ਜਾਂਦੀਆਂ ਨੇ । ਕਈ ਬੁੱਢੇ ਹੋ ਕੇ ਵੀ, ਵੀਹ ਦੇ ਹੋ ਲੱਗੇ ਉੱਡਣ । ਵੀਹ ਲਿਖਾ ਕੇ ਲਿਆਏ ਹੋਵਣ ਤਾਂ ਸੌ ਤੱਕ ਵੱਧ ਜਾਂਦੀਆਂ ਨੇ । ਵਰਿ੍ਹਆਂ ਦੇ ਭਾਰ ਲੱਥ ਜਾਵਣ । ਝੁਰੜੀਆਂ ਮਿਟ ਜਾਂਦੀਆਂ ਨੇ । ਬੇਪਨਾਹ ਮੁਹੱਬਤ ਦੇ ਥੱਲੇ । ਲਿਫ ਲਿਫ ਵਿੱਛ ਜਾਂਦੀਆਂ ਨੇ । ਬਿਨ ਗ਼ਲਤੀ ਮਿਲੀਆਂ ਸਜ਼ਾਵਾਂ । ਬਰੀ ਯਕਦਮ ਕਰਦੀਆਂ ਨੇ । ਇਹ ਉਮਰਾਂ ਜਦ ਸੱਜਣਾਂ ਦੇ । ਗਲ਼ ਲੱਗ ਸਾਹ ਲੈਂਦੀਆਂ ਨੇ । ਐਵੇਂ ਤਾਂ ਨਾ ਕਹਿਣ ਸਿਆਣੇ । ਮੁਹੱਬਤ ਫੁਰਤੀਲੀ ਸ਼ਹਿਨਸ਼ਾਹ । ਇਸ ਦੀਆਂ ਟਾਹਣੀਆਂ ਫੈਲਦੀਆਂ । ਤੇ ਸਭ ਗਮ ਢੱਕ ਦੇਂਦੀਆਂ ਨੇ । ਜਜ਼ਬਿਆਂ 'ਚ ਜਦ ਕੋਈ ਮਹਿਕਜੇ ਮਹਿਕ ਪੈਂਦੇ ਨੇ ਗੁਲਸਿਤਾਂ । ਜ਼ਖ਼ਮਾਂ ਦੇ ਫੁੱਲ ਝੜ ਜਾਂਦੇ । ਕਰੂੰਬਲਾਂ ਫੁੱਟ ਪੈਂਦੀਆਂ ਨੇ । ਏਵੇਂ ਨਾ ਅਲਵਿਦਾ ਕਹਿ ਦਿਓ । ਬਹਾਰਾਂ ਨੇੜੇ ਆਈਆਂ ਨੂੰ । ਮੁਸਕਰਾ ਕੇ ਉਹਦੀ ਖਲਾਅ ਵਿੱਚ । ਉਦਾਸੀਆਂ ਸੁੱਟ ਖਲਾਰ ਕੇ ਤੇ, ਚਾਰ ਚੁਫੇਰੇ ਝਾਕਿਓ । 'ਸਰਬ' ਜਿਹੇ ਪਿਆਰੇ ਮਿਲ ਜਾਵਣ । ਜ਼ਰਾ ਵੜਾਛਾਂ ਨੂੰ ਖਿੱਚ ਪਾਇਓ । ਮੁਸਕਰਾਹਟਾਂ ਜਚ ਜਾਂਦੀਆਂ ਨੇ । ਸੱਜਣ ਪਿਆਰੇ ਮਿਲ ਜਾਵਣ ਤਾਂ ਉਮਰਾਂ ਘੱਟ ਜਾਂਦੀਆਂ ਨੇ । ਵਰਿ੍ਹਆਂ ਦੇ ਭਾਰ ਘੱਟ ਜਾਵਣ । ਝੁਰੜੀਆਂ ਮਿਟ ਜਾਂਦੀਆਂ ਨੇ ।
ਜ਼ਮਾਨਾ ਸਿਤਮ ਕਰ ਜਾਵੇ
ਜ਼ਮਾਨਾ ਸਿਤਮ ਕਰ ਜਾਵੇ । ਜਰ ਜਾਣ ਦਾ ਜਿਗਰਾ ਹੈ । ਕੋਈ ਆਪਣਾ ਕਹਿ ਦੇਵੇ । ਤਾਂ ਡਰ ਸਕਦੀ ਹਾਂ ਮੈਂ । ਮਾੜਾ ਸੁਫਨਾ ਸੱਚ ਹੋ ਜਾਵੇ ਤਾਂ ਮੈਂ ਹਾਰ ਨਹੀਂ ਮੰਨਦੀ । ਸੁਫ਼ਨੇ ਕੋਈ ਆਪਣਾ ਕਹਿ ਜਾਵੇ ਤ੍ਰਬਕ ਉੱਠ ਤੱਕਦੀ ਹਾਂ ਮੈਂ । ਪਿਆਰੇ ਤੋੜਕੇ ਤੁਰ ਗਏ । ਜਿੰਨਾਂ ਨੂੰ ਭਾਲ਼ਦੀ ਰਹਿੰਦੀ । ਦਿਲ ਦੇ ਟੁੱਟੇ ਲੋਥੜਿਆਂ । ਸੰਭਾਲ਼ ਕੇ ਰੱਖਦੀ ਹਾਂ ਮੈਂ । ਗਲ਼ ਲੱਗ ਕੇ ਮਿਲਦੇ ਸੀ । ਜ਼ਮਾਨਾ ਕਦੇ ਨਾ ਵਿਖਦਾ ਸੀ । ਸੱਜਣ ਬਣ ਛੂਹ ਨਾ ਕੋਈ ਜਾਵੇ । ਜੂਹਾਂ ਦੂਰ ਨੱਠਦੀ ਹਾਂ ਮੈਂ । ਓਹ ਪਾਕਿ ਪਵਿੱਤਰ ਹੋਵੇ । ਤੇ 'ਸਰਬ' ਸੱਚ ਜਾਣਦੀ ਹੋਵੇ ਤਾਂ ਵੀ ਟੁੱਟ ਜਾਣ ਦੇ ਡਰੋਂ । ਸ਼ੀਸ਼ੇ ਜਿਹਾ ਦਿਲ ਆਪਣਾ ਓਹਦੇ ਅੱਗੇ ਨਾ ਰੱਖਦੀ ਹਾਂ ਮੈਂ । ਪੈਰੀਂ ਡਿੱਗ ਕੇ ਪਾਤਸ਼ਾਹ ਦੇ । ਨਿੱਤ ਸਵਾਲ ਹੁੰਦਾ ਮੇਰਾ । ਕਿਹੜੀ ਅੱਖ ਇਤਬਾਰ ਕਰਾਂ? ਰਾਜਿਆ ਕਰ ਇਨਸਾਫ਼ ਮੇਰਾ । ਕਿ ਕਿੰਨੇ ਸਿਤਮ ਬਾਕੀ ਨੇ? 'ਸਰਬ' ਨੇ ਹੱਸ ਕੇ ਸਹਿਣੇ ਜੋ? ਕਿਹੜੇ ਕਿਹੜੇ ਆਪਣੇ ਨੇ? ਜਿੰਨਾਂ ਤੋਂ ਦੂਰ ਰਹਿਣਾ ਮੈਂ?
ਮੈਨੂੰ ਮਿਲਣ ਮਾਹੀ ਜਦ ਆਇਆ
ਮੈਨੂੰ ਮਿਲਣ ਮਾਹੀ ਜਦ ਆਇਆ । ਉਹ ਚੁੱਪ ਰਿਹਾ, ਮੁਸਕਰਾਈ ਗਿਆ । ਦੋਵੇਂ ਸੰਗੀ ਗਏ, ਨੈਣ ਝੁਕਾਈ ਰੱਖੇ । ਜਦ ਮੈਂ ਮੁਸਕਰਾਈ, ਉਹ ਸ਼ਰਮਾਈ ਗਿਆ । ਮੈਂ ਮਨ ਅੰਦਰ ਚੁੱਕ ਕਲਮ ਲਈ । ਮੈਥੋਂ ਗੀਤ ਸੱਜਣ ਲਿਖਾਈ ਗਿਆ । ਕਹਿੰਦਾ ਆਓਗੇ, ਮੇਰੇ ਨਾਲ ਘਰ ਵਸਾਉਂਗੇ । ਮਾਪੇ ਛੱਡਣੇ ਪੈਣੇ, ਕਹਿ ਡਰਾਈ ਗਿਆ । ਜਦ ਸਿਰ ਹਿਲਾ ਮੈਂ ਹਾਂ ਕਰਤੀ । ਉਹ ਸੋਹਲੇ ਪਿਆਰ ਦੇ ਗਾਈ ਗਿਆ । ਮੈਂ ਮਨ ਅੰਦਰ ਚੁੱਕ ਕਲਮ ਲਈ । ਮੈਥੋਂ ਗੀਤ ਸੱਜਣ ਲਿਖਾਈ ਗਿਆ । ਉਹਨਾਂ ਸਾਹਾ ਸਿਧਾ ਲਿਆ, ਸਿਹਰਾ ਬੰਨ ਆ ਗਿਆ । ਲਾਵਾਂ ਲੈ ਗੁਰਾਂ ਚਰਨੀ, ਅਸਾਂ ਮੱਥਾ ਟਿਕਾ ਲਿਆ । ਨੈਣਾਂ ਜਦ ਨੈਣ ਮਿਲੇ, ਚੜ੍ਹ ਗਈ ਖ਼ੁਮਾਰੀ ਸੀ । ਮੈਂ ਮਾਪਿਆਂ ਤੋਰੀ ਜਦ, ਅੱਥਰੂ ਉਹ ਵਹਾਈ ਗਿਆ । ਮੈਂ ਮਨ ਅੰਦਰ ਚੁੱਕ ਕਲਮ ਲਈ । ਮੈਥੋਂ ਗੀਤ ਸੱਜਣ ਲਿਖਾਈ ਗਿਆ । ਕੈਸੀ ਰੀਤ ਬਣਾਈ ਜੀ, ਮਾਪੇ ਖੁਦ ਤੋਰਦੇ ਚਾਵਾਂ ਨਾਲ । ਜੇ ਆਪੇ ਲੱਭ ਲੈਂਦੇ, ਲੋਕੀਂ ਕਰਨ ਬੁਰਾਈ ਜੀ । ਪਰ ਸੀਨੇ ਤਣੇ ਵੇਖ ਵੀਰਾਂ, 'ਸਰਬ' ਦੀ ਅੱਖ ਭਰ ਆਈ ਸੀ । ਧੀ ਨੂੰ ਤੋਰਨ ਵੇਲ਼ੇ ਬਾਬਲ, ਨੈਣੋਂ ਨੀਰ ਵਹਾਈ ਗਿਆ । ਮੈਨੂੰ ਵੇਲਾ ਯਾਦ ਉਹ ਆਈ ਗਿਆ । ਮੈਂ ਮਨ ਅੰਦਰ ਚੁੱਕ ਕਲਮ ਲਈ । ਤੇ ਮੈਥੋਂ ਗੀਤ ਸੱਜਣ ਲਿਖਾਈ ਗਿਆ ।
ਕਵਿਤਾ ਪੜ੍ਹੀ ਤੇ ਜਾਣੀ
ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ । ਕਵਿਤਾ ਪੜ੍ਹੀ ਤੇ ਸਰਬ ਜਾਣੀ । ਕਿ ਉਸਦੀ ਲੀਲਾ ਨਿਆਰੀ ਏ । ਕਵਿਤਾ ਤਾਂ ਬਹਾਨਾ ਏਂ ਨਾਨਕ ਸਾਹਿਬ । ਅਸਲ ਵਿੱਚ ਤੇਰੇ ਸੇਵਕਾਂ ਦੀ, ਤੈਨੂੰ ਮਿਲਣ ਦੀ ਤਿਆਰੀ ਏ । ਕਵਿਤਾ ਧੁਰ ਅੰਦਰ ਤੋਂ ਨਿਕਲ ਕੇ, ਧੁਰ ਅੰਦਰ ਜਾ ਵੜਦੀ ਏ । ਜਦੋਂ ਲਫਜ਼ ਰਵਾਨੀ ਫੜ੍ਹ ਲੈਂਦੇ, ਫਿਰ ਕਿੱਥੇ ਖੜ੍ਹਦੀ ਏ । ਇਹ ਨਿਤਨੇਮ ਦੇ ਵਰਗੀ ਏ । ਮਾਂ ਜਿਹੀ ਨਿਮਰਤਾ ਦੀ ਸੂਰਤ ਨੂੰ , ਤਾਂ ਲੁਕਾਈ ਪੜ੍ਹਦੀ ਏ । ਫਿਰ ਲੰਗਰ ਲੱਗਦੇ ਨੇ । ਸਫੇ ਤੋਂ ਵਰਕੇ ਤੱਕ, ਨਾਲ ਆ ਖੜ੍ਹਦੇ ਨੇ ਅਦਬ ਸਤਿਕਾਰ ਨਾਲ ਸਾਰੇ ਅੱਖਰਾਂ ਦੀ ਸੇਵਾ ਕਰਦੇ ਨੇ । ਹਰ ਪੰਗਤੀ ਵਿੱਚੋਂ ਇਹ ਕਵਿਤਾ, ਨਾਨਕ ਸਾਹਿਬ ਦੇ, ਦਰਸ਼ਨ ਕਰਵਾਉਂਦੀ ਏ । ਉਹਦੀ ਮੇਹਰ ਹੋ ਜਾਵੇ 'ਸਰਬ' 'ਤੇ ਜਦ ਹੱਸ ਸਟੇਜ ਤੇ ਖੜ੍ਹ ਜਾਂਦੀ, ਤੇ ਕਵਿਤਾ ਗਾਉਂਦੀ ਏ । ਜਦ ਕਵਿਤਾ ਧੁਰ ਤੋਂ ਆਉਂਦੀ ਏ । ਤਾਂ ਨਾਨਕ ਨਾਨਕ ਗਾਉਂਦੀ ਏ । ਤਾਂ ਸਭ ਦੇ ਮਨ ਨੂੰ ਭਾਉਂਦੀ ਏ । ਕਲੇਜਿਆਂ ਠੰਡ ਪਾਉਂਦੀ ਏ । ਬਣਕੇ ਬਾਣੀ ਮੇਰੇ ਨਾਨਕ ਸਾਹਿਬ ਦੀ ਜਪੁ ਜੀ ਸਾਹਿਬ ਕਹਾਉਂਦੀ ਏ । ਖੁੱਲ ਜਾਵੇ ਜੇ ਰੀਝ ਲੱਗੇ । ਦਰਸ਼ਨ ੴ ਸਾਹਿਬ ਕਰਾਉਂਦੀ ਏ । ਜੋ ਕਵਿਤਾ ਧੁਰ ਤੋਂ ਆਉਂਦੀ ਏ । ਜੋ ਕਵਿਤਾ ਧੁਰ ਤੋਂ ਆਉਂਦੀ ਏ ।
ਪੰਜੇਬਾਂ ਦੇ ਘੁੰਗਰੂਆਂ ਚੁੱਪ ਵੱਟੀ
ਮੇਰੀਆਂ ਪੰਜੇਬਾਂ ਦੇ ਘੁੰਗਰੂਆਂ ਨੇ ਐਸੀ ਚੁੱਪ ਵੱਟੀ । ਪੈਰਾਂ ਨਾਲ ਲੱਗੇ ਤੇ ਬਿਆਈਆਂ ਪਾੜ ਦਿੱਤੀਆਂ । ਨੱਚ ਕੇ ਧਮਾਲਾਂ ਕਦੇ ਪਾਉਂਦੇ ਸੀ ਤੀਆਂ ਦੇ ਮੇਲੇ । ਇਸ਼ਕ ਜਾਮ ਰੂਪ ਦੀਆਂ ਸੁਰਾਹੀਆਂ ਸਾੜ ਦਿੱਤੀਆਂ । ਸੱਜਣਾ ਨੂੰ ਤੱਕ ਕਦੇ ਛਣਕਦੇ ਸੀ ਛਣ ਛਣ । ਬੋਲ਼ੇ ਹੋਗੇ ਪਿਆਰ ਨੇ ਤਬਾਹੀਆਂ ਜਦੋਂ ਕੀਤੀਆਂ । ਤਹਿਜ਼ੀਬ ਨਾਲ ਸੁਰ ਛੇੜਦੇ, ਸੱਜਣਾ ਦੇ ਪੈਰ ਛੋਹ ਕੇ । ਜਿੰਨਾਂ ਲਈ ਪੈਰੀਂ ਪਏ, ਉਹਨਾਂ ਕਦਰਾਂ ਨਾ ਕੀਤੀਆਂ । ਲੋਕੀਂ ਪੁੱਛਣ ਸ਼ਕੁੰਤਲਾ ਦੇ ਬੋਰ ਕਿਉਂ ਗੂੰਗੇ ਹੋਗੇ । ਦੱਸੀਏ ਕੀ ਇਹਨਾਂ ਨਾਲ ਕੀ ਕੀ ਨੇ ਬੀਤੀਆਂ । ਖੌਰੇ ਕਦੇ ਪਿਆਰ ਦੀ ਸਵੱਲੀ ਪੈ ਜੇ ਨਜ਼ਰ ਇਹਨਾਂ । ਆਸ, ਘੁੰਗਰੂ ਪਵਾ ਦਿਓ 'ਸਰਬ' ਵੇਖ ਝਾਂਜਰਾਂ ਤ੍ਰਿਪਤੀਆਂ ।
ਯਾਦ ਸੱਜਣਾ ਦੀ ਆ ਗਈ
ਤੜਕੇ ਦਾ ਪਹਿਰ ਯਾਦ ਸੱਜਣਾ ਦੀ ਆ ਗਈ । ਯਾਦ ਕਾਹਦੀ ਆਈ ਸਾਡੀ, ਜਿੰਦ ਤੜਫਾ ਗਈ । ਚਾਰੇ ਪਾਸੇ ਬਿਖਰੇ, ਲਫ਼ਜ਼ ਕੱਠੇ ਹੋਣ ਲੱਗੇ । ਕਲਮ ਵੱਲ ਭੱਜੇ ਨਾਲੇ, ਹਾਸੇ ਠੱਠੇ ਹੋਣ ਲੱਗੇ । ਰੌਲ਼ਾ ਪੈਂਦਾ ਵੇਖ ਕਵਿਤਾ ਵੀ ਭੱਜੀ ਆ ਗਈ । ਤੜਕੇ ਦਾ ਪਹਿਰ ਯਾਦ ਸੱਜਣਾ ਦੀ ਆ ਗਈ । ਯਾਦ ਕਾਹਦੀ.. ਯਾਦ ਜਦੋਂ ਆਈ, ਸੋਹਣਿਆ ਵੱਲ ਕੀਤਾ ਗ਼ੌਰ ਜੀ । ਸੋਚਿਆ ਕਿ ਸੱਜਣਾ ਕੱਢ ਰੱਖਿਆ ਹੋਣਾ ਟੌਹਰ ਜੀ । ਵੇਖਕੇ ਦਵਾਤ ਭੱਜੀ, ਸਿਆਹੀ ਭਰ ਪਿਆਸੀ ਵੱਲੇ । ਸਾਹੋ ਸਾਹ ਵੇਖੀ ਸਰਬ, ਕਵਿਤਾ ਜਦ ਗਾ ਰਹੀ । ਤੜਕੇ ਦਾ ਪਹਿਰ, ਯਾਦ ਸੱਜਣਾ ਦੀ ਆ ਗਈ । ਯਾਦ ਕਾਹਦੀ.. ਸੌਂਣ ਲੱਗੀ ਸੋਹਣਿਆ ਲਈ, ਸੁਫ਼ਨੇ ਸਜਾਇਆ ਸੀ । ਸੁਫ਼ਨੇ 'ਚ ਵੇਖਿਆ, ਬਰੂਹੇ ਸੋਹਣਾ ਆਇਆ ਜੀ । ਕਲਮ ਲਿਖਦੀ ਵੇਖ, ਵਰਕੇ ਨੇ ਮਨ ਭਰ ਲਿਆ । ਸਤਰਾਂ ਦੇ ਨਾਲ ਕਹਿੰਦਾ, ਮੈਂ ਵੀ ਲੋਕੋ ਤਰ ਗਿਆ । ਦੇਣ ਸੋਹਣੇ ਨੂੰ ਸਿੱਠਣੀਆਂ, ਰੌਣਕ ਉਹਨਾਂ ਲਾ ਲਈ । ਤੜਕੇ ਦੇ ਪਹਿਰ ਯਾਦ ਸੱਜਣਾ ਦੀ ਆ ਗਈ ਯਾਦ ਕਾਹਦੀ.. ਯਾਦ ਉਹਦੀ ਤੜਫਾਇਆ, ਅੱਖਾਂ ਹੰਝੂ ਭਰ ਆਇਆ । ਕੋਈ ਵੇਖ ਕੇ ਨਾ ਹੱਸੇ, ਨੈਣਾਂ ਘੁੰਡ 'ਚ ਛੁਪਾਇਆ । ਸੰਗ ਸੰਗ 'ਸਰਬ', ਲਿਖੀ ਸਤਰਾਂ ਨੂੰ ਗਾਇਆ । ਕਦੇ ਮੇਲ ਵੀ ਕਰਾਊ, ਜਿਹਨੇ ਯਾਦਾਂ ਭਿਜਵਾਇਆ । ਕਰਦਾ ਉਹ ਵੀ ਹੋਣਾ ਯਾਦ, ਜਿਹੜੀ ਯਾਦ ਮੈਨੂੰ ਆ ਰਹੀ । ਤੜਕੇ ਦੇ ਪਹਿਰ ਯਾਦ ਸੱਜਣਾ ਦੀ ਆ ਗਈ । ਯਾਦ ਕਾਹਦੀ..
ਕਰ ਮੁਹੱਬਤ ਮੁੱਕਰ ਜਾ
ਕਰ ਮੁਹੱਬਤ ਮੁੱਕਰ ਜਾ । ਸੱਜਣ ਬਣਕੇ ਰੂਪ ਵਿਖਾ । ਕੌਲ ਕਰਾਰ ਤੂੰ ਆਪੇ ਕਰਕੇ । ਆਪੇਂ ਮਿੱਟੀ ਵਿੱਚ ਮਿਲਾ । ਲਾ ਨਿਭਾਉਣੀ ਆਈ ਨਾ ਜੇ । ਬਦਨਾਮੀ ਸਾਡੇ ਛਿੱਟੇ ਪਾ । ਨਿੰਦਿਆ ਸਾਡੀ ਕਰਕੇ ਤੂੰ । ਯਾਰਾ ਫ਼ਿਤਰਤ ਤਾਂ ਵਿਖਾ । ਕਤਲ ਮੁਹੱਬਤ ਦਾ ਕਰਕੇ । ਇਨਸਾਫ਼ ਲਈ ਸਰਪੰਚ ਕਹਾ । ਪੰਚਾਇਤੀਂ ਇੱਜ਼ਤਦਾਰ ਕਹਾਉਣੈਂ ਨਾਲ 'ਸਰਬ' ਜ਼ਰਾ ਅੱਖ ਮਿਲਾ । ਰੱਬ ਦੀ ਤੱਕੜੀ ਤੁਲਣ ਨਾ ਚੜ੍ਹਜੀਂ । ਓਥੇ ਇਸਨੂੰ ਕਹਿਣ ਦਗਾ । ਇਸ ਲਈ ਪਾਕਿ ਪਵਿੱਤਰ ਰੂਹਾਂ ਨੂੰ । ਸੱਜਣ ਬਣਕੇ ਨਾ ਭਰਮਾ ।
ਨਾ ਦੇ ਦੁਆਵਾਂ
ਨਾ ਦੇ ਦੁਆਵਾਂ ਸਾਹਾਂ ਨਾਲ । ਸਾਡੇ ਨਾ ਮਨ ਭਾਉਂਦੀਆਂ । ਸੁਣਿਆਂ ਦੁਆਵਾਂ ਬਦ-ਦੁਆਵਾਂ, ਆਦਤ ਹੁੰਦੀ ਲੱਗਣ ਦੀ । ਨਹੀਂ ਚਾਹੁੰਦੀ ਮੈਂ ਇਹਨਾਂ ਦੀ, ਆਦਤ ਪੂਰੀ ਹੋ ਜਾਵੇ । ਇਹ ਲੱਗਣ ਮੇਰੇ ਜ਼ਖ਼ਮਾਂ । ਤੇ ਰਾਜ਼ੀ ਹੋ ਸੁੱਕਣ ਉਹ । ਸੁੱਕੇ ਰੁੱਖਾਂ, ਬਿਨ ਮਾਲੀ, ਬਾਗ ਕਿੱਥੇ ਲੱਗਦੇ ਸੋਹਣੇ । ਤੂੰ ਕੀ ਜਾਣੇ ਹਵਾ ਲੱਗਣ 'ਤੇ । ਛਿਕੜੇ ਆ ਜਦ ਭਰਦੇ । ਖੁਰਕ ਛਿੱਲ ਲਹੂ ਕੱਢਿਆ, ਕਿੰਨਾਂ ਮਿੱਠਾ ਦਰਦ ਹੁੰਦਾ । ਬੜਾ ਪਿਆਰਾ ਲੱਗਦਾ ਉਹ । ਲੱਗਾ ਰੋਗ ਕੋਹੜ ਜਿਹਾ । ਵਾਪਸ ਲੈ ਆਪਣੀ ਦੁਆ । 'ਸਰਬ' ਮਨ ਜੋ ਭਾਈ ਨਾ । ਤੂੰ ਕੀ ਜਾਣੇ ਅੱਲ੍ਹੜਾ । ਅੱਲੇ ਰੱਖਣ ਵਾਸਤੇ ਤਾਂ ਅਸਾਂ, ਮੱਲ੍ਹਮ ਇਹਨਾਂ 'ਤੇ ਲਾਈ ਨਾ । ਖਾਧੀ ਕਦੇ ਦਵਾਈ ਨਾ ।
ਨਿੱਕੀ ਉਮਰੇ ਵਿਆਹ
ਨਿੱਕੀ ਉਮਰੇ ਹੁੰਦੇ ਵਿਆਹ । ਕਰ ਦੇਂਦੇ ਜ਼ਿੰਦਗੀ ਤਬਾਹ । ਗੀਟੀਆਂ ਖੇਡਦੀ ਨੂੰ ਹਟਾ । ਢਾਕ ਨਿਆਣੇ ਦੇਵੇਂ ਚੁਕਾ । ਪੰਜ ਸੱਤ ਵਰੀਆਂ ਪੇਟੀ ਦਰੀਆਂ ਚਾਰ ਕੁ ਲਾਵਾਂ ਦੇ ਕੇ ਤੇ । ਕਰਕੇ ਹੱਸਦੇ ਇਹ ਗੁਨਾਹ । ਸੌਦੇ ਬਾਜ਼ੀ ਹੁੰਦੀ ਏ । ਜਿਸਮ ਨੂੰ ਨੋਚਣ ਵਾਸਤੇ । ਧਰਮ ਦੇ ਨਾਂ ਤੇ ਠੱਗਦੇ । ਨੰਨ੍ਹੀ ਜ਼ਿੰਦਗੀ ਕਰ ਤਬਾਹ । ਜ਼ੁਲਮ ਹੁੰਦਾ ਹੈ ਸਾਹਮਣੇ । ਚੁੱਪ ਨੂੰ ਫਿਰ ਵੀ ਮਾਣਨੇਂ ਆਪਣੀ ਐਨਕ ਸ਼ੀਸ਼ੇ ਪਾ । ਧੁੰਦਲੀ ਹੋਗੀ ਤੇਰੀ ਨਿਗਾਹ । ਪੜ੍ਹ ਲਈ ਹੁਣ ਕਿਤਾਬ ਮੈਂ । ਦੇਣੇ ਪੈਣੇ ਹਿਸਾਬ ਤੈਂ ਜ਼ਿੰਦਗੀ ਮੇਰੀ ਦੇ ਆਪ ਮੈਂ । ਨਵੇਂ ਬਣਾਊਂ ਮੌਲਿਕ ਅਧਿਕਾਰ । 'ਸਰਬ' ਦੀ ਕੱਲੀ ਵੋਟ ਬਿਨ । ਬਦਲ ਜਾਣੀ ਤੇਰੀ ਸਰਕਾਰ । ਬਣ ਵਕਤ ਦੇ ਬਾਦਸ਼ਾਹ । ਖੋਹਣੇ ਤੇਰੇ ਤੋਂ ਅਧਿਕਾਰ ।
ਸੱਜਣ ਪਰਖ ਨਾ
ਉਹਨਾਂ ਮਾਰੇ ਧੱਕੇ, ਕਿ ਮਰ ਜਾਂਗੇ । ਡਾਹਢੇ ਸੱਜਣ ਪਰਖ ਨਾ, ਕਿ ਅਸੀਂ ਜਰ ਜਾਂਗੇ । ਉਹਨਾ ਛੱਡਿਆ ਮੰਝਧਾਰ, ਕਿ ਰੁੜ੍ਹ ਜਾਂਗੇ । ਸੱਜਣਾ ਨੂੰ ਕਿੱਥੇ ਪਤਾ ਸੀ, ਕਿ ਅਸੀਂ ਤਰ ਜਾਂਗੇ । ਉਹਦੇ ਧੱਕੇ ਕਰ ਗਏ ਪੱਕੇ, ਸਿਜਦੇ ਦੂਰੋਂ ਕਰਦੇ ਹਾਂ । ਮਿਲਣ ਲਈ ਉਹ ਤਰਸੇ, ਹੁਣ ਇਤਬਾਰ ਨਾ ਕਰਦੇ ਹਾਂ । ਉਹਨੇ ਕੱਲਾ ਵੇਖ ਕੇ ਛੱਡਿਆ, 'ਤੇ ਹੁਣ ਡਾਰਾਂ ਬਣਨਗੀਆਂ । ਸਰਬ ਨਾਲ ਕਦੇ ਦੇਸ਼ ਦੀਆਂ, ਸਰਕਾਰਾਂ ਖੜ੍ਹਣਗੀਆਂ । ਕਿਸੇ ਹੋਰ ਨੂੰ ਨਾ ਡੰਗ ਮਾਰਨਾ, ਅਸੀਂ ਕਰਦੇ ਹਾਂ ਅਰਜ਼ੋਈ । ਤੁਹਾਡੇ ਜ਼ਹਿਰ ਤੁਹਾਨੂੰ ਮਾਰ ਦੇਣਗੇ, ਸਾਡੇ ਵਰਗਾ ਨਾ ਹਰ ਕੋਈ । ਵੇਖ ਦੁਨੀਆਂ ਦੇ ਰੰਗ, ਰੰਗਾਰੀ ਬਣ ਬੈਠੇ । ਪਿਆਰਾਂ ਮਾਰੇ ਡੰਗ, ਲਿਖਾਰੀ ਬਣ ਬੈਠੇ ।
ਕਵਿੱਤਰੀ ਮਾਂ
ਮੈਨੂੰ ਕਦੇ ਕਦੇ ਇੰਝ ਲੱਗਦਾ ਕਿ ਮੇਰੀ ਮਾਂ ਇੱਕ ਕਵਿੱਤਰੀ ਸੀ । ਜੋ ਕਵਿਤਾ ਲਿਖਣਾ ਚਾਹੁੰਦੀ ਸੀ । ਉਹਨੂੰ ਲਿਖਣਾ ਨਹੀੱ ਆਉਂਦਾ ਸੀ । ਸੁਆਹ ਤੇ ਉਂਗਲਾਂ ਫੇਰਦੀ ਤੱਕੀ ਮੈਂ । ਮੂੰਹ ਚ ਊਂ ਊਂ ਗੁਣਗੁਣਾਉਂਦੀ ਸੀ । ਉਸ ਮੈਨੂੰ ਜੰਮਦਿਆਂ ਜ਼ਰੂਰ ਕੋਈ । ਕਵਿਤਾ ਮੂੰਹ ਚ ਗਾਈ ਹੋਣੀ । ਜਦ ਮੌਤ ਵਰਗੀ ਪੀੜ ਝੱਲ ਕੇ । ਮੇਰੀ ਵਰਗੀ ਧੀ ਜਾਈ ਹੋਣੀ । ਤਾਂ ਹੀ ਮੇਰੇ ਰੋਮ ਰੋਮ 'ਚ । ਕਵਿਤਾ ਗਈ ਸਮਾਈ ਜੀ । ਤੇ ਆਖਰ ਫੁੱਟ ਗੁਬਾਰ ਗਿਆ । ਜਦ 'ਸਰਬ' ਨੇ ਕਵਿਤਾ ਗਾਈ ਜੀ । ਮੈਨੂੰ ਲੱਗੇ ਮੇਰੀ ਮਾਂ ਦੀ ਕਵਿਤਾ । ਅੱਜ ਤੱਕ ਤਰਹਾਈ ਸੀ । ਤਾਂ ਜਾ ਕੇ ਮੇਰੇ ਹੱਥੋਂ ਮਾਂ । ਕਵਿਤਾ ਆ ਲਿਖਵਾਈ ਜੀ ਮੈਂ ਕਲਮ ਹੱਥ ਜਦ ਫੜ ਲੈਂਦੀ । ਕੌਣ ਲਿਖੀ ਜਾਂਦਾ ਸੀ ਲੇਖੇ । ਮੈਨੂੰ ਅੱਜ ਤੱਕ ਸਮਝ ਨਾ ਆਈ ਸੀ । ਅੱਜ ਅਚਾਨਕ ਸੋਝੀ ਆਈ ਤੇ ਜਾਪਿਆ । ਕਿ ਮੇਰੀ ਮਾਂ ਕਵਿੱਤਰੀ ਸੀ । ਜਿਸਦੀ ਕਲਮ ਮੋਈ ਤਰਹਾਈ ਸੀ । ਤਾਂ ਮੇਰੀ ਮਾਂ ਨੇ ਰੱਬ ਕੋਲ ਜਾ ਕੇ । ਕਲਮ ਮੈਨੂੰ ਭਿਜਵਾਈ ਜੀ । ਮਾਂ ਕਲਮ ਸਿਆਹੀ ਪਾ ਕੇ ਤੇ । ਕਵਿਤਾ ਮੈਥੋਂ ਲਿਖਵਾਉਂਦੀ ਹੈ । ਤਾਂ ਜਾ ਕੇ ਇਹ 'ਸਰਬ' ਨਿਮਾਣੀ । ਕੁਦਰਤ ਦੇ ਗੁਣ ਗਾਉਂਦੀ ਹੈ ।
ਹਾਂ ਮੈਂ ਰੀਝ ਹੈ ਪਾਲ਼ੀ
ਹਾਂ ਮੈਂ ਰੀਝ ਹੈ ਪਾਲ਼ੀ, ਸੱਜਣ ਨੂੰ ਨੇੜਿਓਂ ਤੱਕਣ ਦੀ । ਕੀਤੀ ਹੈ ਫੁੱਲ ਤਿਆਰੀ ਮੈਂ, ਓਸ ਲੁਕੇ ਨੂੰ ਲੱਭਣ ਦੀ । ਲੁਕੇ ਨੂੰ ਲੱਭਣ ਦੀ ਤੇ ਲੱਭ ਲੁਕਾ ਕੇ ਰੱਖਣ ਦੀ । ਲੁਕਾ ਕੇ ਰੱਖਣ ਦੀ ਤੇ ਕੱਲੀ ਬਹਿ ਕੇ ਤੱਕਣ ਦੀ । ਬਹਿ ਕੇ ਤੱਕਣ ਦੀ ਤੇ ਦਿਲ ਦੀ ਗੱਲ ਰੱਖਣ ਦੀ । ਦਿਲੇ ਦੀ ਗੱਲ ਰੱਖਣ ਦੀ, ਜ਼ਰਾ ਨਾ ਵਲ਼ ਰੱਖਣ ਦੀ । ਵਲ਼ ਰੱਖਣ ਦੀ, ਨਾ ਵਲ਼ ਵਿੱਚ ਛਲ ਰੱਖਣ ਦੀ । ਹਾਂ ਮੈਂ ਰੀਝ ਹੈ ਪਾਲ਼ੀ, ਸੱਜਣ ਨੂੰ ਨੇੜਿਓਂ ਤੱਕਣ ਦੀ । ਨੇੜਿਓਂ ਤੱਕਣ ਦੀ, ਤੇ ਤੱਕ ਤੱਕ ਨਾ ਥੱਕਣ ਦੀ । ਤੱਕ ਨਾ ਥੱਕਣ ਦੀ, ਵੇਖ ਨੈਣੀ ਹੰਝੂ ਡੱਕਣ ਦੀ । ਹੰਝੂ ਡੱਕਣ ਦੀ, ਪਿਆਰ ਨਾ ਉ੍ਹਦੇ ਗਲ਼ ਲੱਗਣ ਦੀ । ਗਲ਼ ਲੱਗ ਕੇ ਤੇ, ਦਿਲ ਦੀ ਧੜਕਣ ਰੋਕਣ ਦੀ । ਹੌਕਾ ਵੱਡਾ ਲੈ ਕੇ ਤੇ, ਰੱਜ ਰੱਜ ਰੋ ਕੇ ਹੱਸਣ ਦੀ । ਰੋ ਕੇ ਹੱਸਣ ਦੀ ਤੇ ਉਸਦੇ ਨਾਮ ਨਾਲ ਜਚਣ ਦੀ । ਗੱਲ ਕਰ ਲੱਗਗੀ ਫੱਬਣ ਜੀ, 'ਸਰਬ' ਕਮਲ਼ੀ ਹੋ ਸੱਜਣ ਦੀ ।
ਫੁੱਲਾਂ ਵਰਗੇ
ਜਿਹੜੇ ਫੁੱਲਾਂ ਵਰਗੇ ਨੇ, ਵੰਡਣ ਜਗਤ ਸੁਗੰਧੀਆਂ । ਉਹਨਾ ਦੀ ਬਣਦੀ ਨਹੀ ਫਿਰ, ਨਾਲ ਦੁਰਗੰਧੀਆਂ । ਭਗਤਾਂ ਨਾਲ ਨਾ ਕਰ ਸਕੇ, ਜਿਸਮ ਕਦੇ ਮਿਲਾਣ । ਰੂਹ ਵੀ ਛੱਡ ਕੇ ਤੁਰ ਪੈਂਦੀ ਫਿਰ, ਕੱਚੇ ਵੇਖ ਮਕਾਨ । ਪਾਣੀ ਦਾ ਸਾਂ ਬੁਲਬਲਾ, ਲੱਭਦਾ ਪਿਆਰ ਮੁਨਿਆਦੀ । ਤੱਕੀ ਯਾਰੀ ਇੱਕ ਫਿਰ, ਗੱਲ ਜੰਗਲ, ਬੇਲੇ, ਵਾਦੀ । ਵੇਖੀ ਤੜਫ਼ ਪਿਆਰ ਦੀ, ਸਮਝ ਆਈ ਗੱਲ ਬਾਤ । ਧਰਤੀ, ਧਵਲ, ਆਕਾਸ਼ ਫਿਰ, ਰੱਬ ਝਾਤ ਪੁਵਾਈ ਆਪ । ਦੁਨੀਆਂ ਦੇ ਪਹਿਰਿਆਂ, 'ਸਰਬ' ਤੋਂ ਲਾਹੀਆਂ ਪਾਬੰਦੀਆਂ । ਫੁੱਲਾਂ ਮੇਲ ਕਰਾਇਆ ਯਾਰ ਫਿਰ, ਤੇ ਵੰਡੀਆਂ ਸੁਗੰਧੀਆਂ ।
ਸਿਆਲਾਂ ਵਾਲੀ ਹੀਰ
ਮੈਨੂੰ ਆਖਦਾ ਸਿਆਲਾਂ ਵਾਲੀ ਹੀਰ ਨੀ । ਨੈਣੋਂ ਮਾਰਦਾ ਏ ਸੀਨੇ ਵੱਲ ਤੀਰ ਨੀ । ਮੈਨੂੰ ਮਿਲਣ ਉਹ ਆਵੇ, ਜਦੋਂ ਮੱਝੀਆਂ ਚਰਾਵੇ । ਤੀਰ ਸੀਨੇ ਵਿੱਚ ਜਾ ਵੱਜਦਾ । ਮੈਂ ਭੱਜ ਲੁਕ ਗਈ ਬੁਰਜ ਦੇ ਉਹਲੇ । ਗਵਾਚੀ ਹੀਰ ਫਿਰੇ ਲੱਭਦਾ । ਕਦੇ ਕਹੇ ਤੈਨੂੰ ਕਰਦਾ ਪਿਆਰ ਨੀ । ਆਜਾ ਸੋਹਣੀਏ ਝਨਾ ਤੋਂ ਪਾਰ ਨੀ । ਕੱਚੇ ਘੜੇ ਨੂੰ ਲਿਆਈ, ਕੱਚੇ ਯਾਰੀ ਨਾ ਨਿਭਾਈ । ਪਾਣੀ ਨੇ ਕੱਚਾ ਰੋੜ ਛੱਡਿਆ । ਜਦੋਂ ਡੁੱਬ ਗਈ ਮੈਂ ਅੱਧ ਵਿਚਕਾਰੇ । ਗਵਾਚੀ ਸੋਹਣੀ ਫਿਰੇ ਲੱਭਦਾ । ਕਦੇ ਲੂਣਾ ਕਹਿ ਕਰਦਾ ਪਿਆਰ ਨੀ । ਉਹਲੇ ਇੱਛਰਾਂ ਤੋਂ ਕਰੇ ਇਜ਼ਹਾਰ ਨੀ । ਸਾਡੇ ਵੱਸ ਨਾ ਸੀ ਕੋਈ, ਜੱਗੋਂ ਤੇਹਰਵੀਂ ਸੀ ਹੋਈ । ਹਾਣੀ ਨੂੰ ਹਾਣ ਹੁੰਦਾ ਤੱਕਦਾ । ਇਹਨੂੰ ਡਰ ਨਾ ਮੌਤ ਦਾ ਮਾਰੇ । ਤੇ ਲੂਣਾ ਲੂਣਾ ਫਿਰੇ ਜੱਪਦਾ । ਕਦੇ ਮਾਰਦਾ ਇਹ ਪੁਨੂੰ ਬਣ ਅਵਾਜ਼ ਨੀ । ਤੱਤੀ ਰੇਤ ਕੋਲ ਵੇਖ ਲਏ ਸੀ ਖ਼ਾਬ ਨੀ । ਪੈਰੀਂ ਹੋ ਗਏ ਮੇਰੇ ਛਾਲੇ, ਕੋਈ ਯਾਰ ਨੂੰ ਬਚਾਲੇ । ਬਲੋਚ ਲੈ ਗਏ ਯਾਰ ਰੱਬ ਜਿਹਾ । ਜੇ ਮੈਂ ਸੜ ਗਈ ਰੇਤ ਦੇ ਨਾਲੇ । ਗਵਾਚੀ ਸੱਸੀ ਫਿਰੂ ਲੱਭਦਾ । ਇੱਕ 'ਸਰਬ' ਜੰਮੀ ਕੁਦਰਤ ਦੀ ਯਾਰ ਨੀ ਨਾਲ ਰੁੱਖਾਂ ਉਹਨੂੰ ਹੋ ਗਿਆ ਪਿਆਰ ਨੀ ਕੋਈ ਆਰੀ ਜੋ ਚਲਾਵੇ, ਉਹਦੀ ਜਿੰਦ ਟੁੰਬੀ ਜਾਵੇ ਕਹੇ ਆਰੀ ਨੂੰ ਬੰਦਿਆ ਚਲਾਉਣੋ ਹਟਜਾ ਜੇ ਉਹ ਤੁਰ ਗਈ ਨਾਨਕ ਦੇ ਦੁਆਰੇ । ਤੇ ਬੋਹੜ ਫਿਰ ਨਹੀਂ ਬਚਦਾ ।
ਮੈਂ ਲੀਕਾਂ ਨੂੰ ਨਹੀ ਮੰਨਦੀ । ਲਕੀਰਾਂ ਆਪੇ ਵਾਹੁੰਦੀ ਹਾਂ । ਮੈਂ ਗਾਥਾ ਦਰਦਾਂ ਦੀ । ਆਪਣੀ ਹੀ ਗਾਉਂਦੀ ਹਾਂ । ਤਾਂ ਕਿ ਜੁੜੀ ਰਹਾਂ ਜ਼ਮੀਂ ਦੇ ਨਾਲ । ਥਾਂ ਥਾਂ ਦੁਹਰਾਉਂਦੀ ਹਾਂ । ਮੈਂ ਜਿਧਰ ਤੁਰ ਪੈਣਾ, ਰਸਤੇ ਬਣ ਜਾਣੇ ਨੇ । ਮਹਿੰਗੇ ਪੀਜੇ ਨਹੀ ਪਚਦੇ । ਭੱਠੀ ਦੇ ਭੁੰਨੇ ਦਾਣੇ ਮਿਲ ਜਾਸੀ । ਅਸਾਡੇ ਢਿੱਡ ਭਰ ਜਾਣੇ ਨੇ । ਅਸੀਂ ਸ਼ੋਹਰਤ ਕੀ ਕਰਨੀ । ਜੋ ਨਾਲ ਨਹੀ ਜਾਣੀ । ਗ਼ਰੀਬੀ ਦੇ ਰਾਹ ਚ ਰੋੜੇ ਜੋ । ਬਸ ਉਹੀ ਹਟਾਉਣੇ ਨੇ । ਦਗੇਬਾਜ਼ਾਂ ਨੂੰ ਦੱਸਣਾ । ਖੂਨ ਸਾਡਾ ਖੌਲ ਸਕਦਾ ਹੈ । ਅਸੀਂ ਸਰਾਧਾਂ ਨੂੰ ਨਹੀ ਮੰਨਦੇ । ਜਿਉਂਦਿਆਂ ਨੂੰ ਇਨਸਾਫ਼ ਦਿਵਾਉਣੇ ਨੇ । ਮਿੱਟੀ ਵਿੱਚ ਜੰਮੀ ਪਲੀ ਹਾਂ । ਮਿੱਟੀ ਨਾਲ ਜੁੜੀ ਰਹਿਣਾ । ਕੀ ਕਰਨਾ ਦੌਲਤ, ਸ਼ੋਹਰਤ ਨੂੰ । ਆਪਣੀ ਧੁੰਨ ਦੀ ਮਾਲਕ ਹਾਂ । ਮਿੱਟੀ ਹੀ ਹੋ ਜਾਣਾ । ਇੱਕ ਦਿਨ 'ਸਰਬ' ਨਿਮਾਣੀ ਨੇ । ਅਸੀਂ ਫੱਕਰ ਤੇ ਫ਼ਕੀਰ ਜਿਹੇ । ਪਿਆਰਾਂ ਦੇ ਡੰਗੇ ਹਾਂ, ਨਾ ਛੇੜੀਂ, ਨਾ ਛੇੜੀਂ । ਤੈਨੂੰ ਕਹਿਣਾ ਚਾਹੁੰਦੀ ਹਾਂ । ਕਿ ਮੈਂ ਲੀਕਾਂ ਨੂੰ ਨਹੀ ਮੰਨਦੀ । ਲਕੀਰਾਂ ਆਪੇ ਵਾਹੁੰਦੀ ਹਾਂ । ਮੈਂ ਗਾਥਾ ਦਰਦਾਂ ਦੀ । ਆਪਣੀ ਹੀ ਗਾਉਂਦੀ ਹਾਂ ।
ਅਸੀਂ ਉਹ ਫ਼ੁੱਲ ਹਾਂ
ਅਸੀਂ ਉਹ ਫ਼ੁੱਲ ਹਾਂ, ਜੋ ਵਿੱਚ ਤੁਫ਼ਾਨਾਂ ਖਿੜਦੇ ਰਹਿੰਦੇ ਨੇ । ਅਸੀਂ ਉਹਨਾਂ ਚੋਂ ਨਹੀ, ਮਗਰ ਮਗਰ ਜਿਹੜੇ ਫਿਰਦੇ ਰਹਿੰਦੇ ਨੇ । ਅਸੀਂ ਮਿੱਟੀ ਤੋਂ ਪੈਦਾ ਹੋਏ । ਮਿੱਟੀ ਨਾਲ ਜੁੜ ਕੇ ਰਹਿੰਦੇ ਹਾਂ । ਮਿੱਟੀ ਵਿੱਚ ਮਿਲ ਜਾਣਾ । ਇਸ ਸੱਚ ਤੋਂ ਜਾਣੂ ਰਹਿੰਦੇ ਹਾਂ । ਪਰ ਅਸੀਂ ਉਹ ਫ਼ੁੱਲ ਹਾਂ । ਜੋ ਵਿੱਚ ਤੂਫ਼ਾਨਾਂ ਖਿੜਦੇ ਰਹਿੰਦੇ ਹਾਂ । ਕੰਢਿਆਂ ਦੇ ਨਾਲ ਯਾਰੀ ਲਾਈ । ਜਿੰਨ੍ਹਾਂ ਸਾਡੇ ਨਾਲ ਨਿਭਾਈ । ਮਿੱਠਾ ਲੂਣਾ ਖਾਣਾ ਸਿੱਖੇ । ਪਰ ਕਦੇ ਮੱਥੇ ਵਟ ਨਹੀ ਪਾਈ । ਕੰਡੇ ਚਾਹੇ ਨਿੱਤ ਸਾਡੇ ਨਾਲ, ਭਿੜਦੇ ਰਹਿੰਦੇ ਨੇ । ਪਰ ਅਸੀਂ ਉਹ ਫ਼ੁੱਲ ਹਾਂ । ਜੋ ਵਿੱਚ ਤੂਫਾਨਾਂ ਖਿੜਦੇ ਰਹਿੰਦੇ ਨੇ । ਅਸੀਂ ਗਿੱਠ ਦੇ ਮਾਲਕ ਨਹੀ । ਸੁਗੰਧੀਆਂ ਵੰਡਣ ਆਏ ਹਾਂ । ਬਹੁਤੀ ਚਾਦਰ ਨਹੀ ਪਸਾਰੀ । ਧਰਤੀ ਨਾਲ ਜੁੜਕੇ ਰਹਿੰਦੇ ਹਾਂ । ਚਿੱਕੜ ਦੇ ਵਿੱਚ ਉੱਗ ਜਾਂਦੇ । ਜਿੰਨ੍ਹਾਂ ਚਿਰ ਮਾਲੀ ਨਾ ਤੋੜੇ । ਚਿੱਕੜ ਦੇ ਗੇੜੇ ਗਿੜਦੇ ਰਹਿੰਦੇ ਹਾਂ । ਪਰ ਅਸੀਂ ਉਹ ਫ਼ੁੱਲ ਹਾਂ । ਜੋ ਵਿੱਚ ਤੂਫ਼ਾਨਾਂ ਖਿੜਦੇ ਰਹਿੰਦੇ ਹਾਂ ।
ਇਸ਼ਕ ਹਕੀਕੀ ਹਾਂ
ਇਸ਼ਕ ਹਕੀਕੀ ਹਾਂ । ਲਕੀਰਾਂ ਦਾ ਮੁਹਤਾਜ ਨਹੀ । ਕਿ ਪੰਡਤ ਵੇਖ ਕੇ ਦੱਸੂਗਾ । ਸਾਡਾ ਹੱਥ ਫੜ੍ਹ ਹੱਸੂਗਾ । ਮੈਂ ਕੋਈ ਸ਼ਾਜ ਬਾਜ਼ ਨਹੀ । ਯਾਰ ਆਪੇ ਭੱਜਾ ਆਵੇਗਾ । ਆ ਕੇ ਮੇਰੇ ਗਲ਼ ਲੱਗ ਜਾਵੇਗਾ । ਪਿਆਰ ਦੇ ਗੀਤ ਗਾਵਾਂਗੇ । ਅੱਖੀਆਂ ਵਿੱਚ ਮੁਸਕਰਾਵਾਂਗੇ । ਅਸੀਂ ਮਿਲ ਲੈਣਾ ਜੰਗਲ ਬੇਲੇ । ਸਾਡਾ ਕੋਈ ਤਖਤੋ ਤਾਜ਼ ਨਹੀ । ਇਸ਼ਕ ਹਕੀਕੀ ਹਾਂ । ਲਕੀਰਾਂ ਦਾ ਮੁਹਤਾਜ ਨਹੀ । ਪਿਆਰਾਂ 'ਤੇ ਮਲਾਲ ਏ । ਸੱਜਣ ਦਾ ਹੀ ਖ਼ਿਆਲ ਏ । ਉਹ ਮੇਰੇ ਸਾਹਾਂ ਵਿੱਚ ਵੱਸਦਾ । ਰਹਿੰਦਾ ਮੇਰੇ ਨਾਲ ਨਾਲ਼ ਹੈ । ਉਹ ਮੇਰਾ ਤੇ ਮੈਂ ਉਸਦਾ । ਕੋਈ ਵੀ ਧੋਖੇਬਾਜ਼ ਨਹੀ । ਇਸ਼ਕ ਹਕੀਕੀ ਹਾਂ । ਲਕੀਰਾਂ ਦਾ ਮੁਹਤਾਜ ਨਹੀ । ਅਸੀਂ ਜ਼ਾਤਾਂ ਨੂੰ ਨਹੀ ਮੰਨਦੇ । ਪਿਆਰ ਲਈ ਖ਼ੈਰ ਨਹੀ ਮੰਗਦੇ । ਗੁਵਾਹ ਤਾਂ ਰੁੱਖ ਸੀ ਸਾਡੇ । ਜਿੱਥੇ ਰਹੇ ਹੰਝੂ ਅਸੀਂ ਟੰਗਦੇ । ਮੰਨਦੇ ਰੀਤੀ ਰਿਵਾਜ਼ ਨਹੀ । ਇਸ਼ਕ ਹਕੀਕੀ ਹਾਂ । ਲਕੀਰਾਂ ਦਾ ਮੁਹਤਾਜ ਨਹੀ ।
ਤੂੰ ਕੀ ਜਾਣੇ
ਤੁਸੀਂ ਜਿੱਤ ਗਏ, ਅਸੀਂ ਹਾਰ ਗਏ । ਸਾਡੇ ਹਾਰ ਕੇ ਬਾਜ਼ੀ ਜਿੱਤਣ ਦੇ । ਅੰਦਾਜ਼ ਵੱਖਰੇ ਨੇ, ਤੂੰ ਕੀ ਜਾਣੇ । ਅਸੀਂ ਮੰਨ ਲਿਆ, ਤੇਰਾ ਭਾਣਾ ਸੀ ਤੂੰ ਨਹੀ ਮੰਨਿਆ, ਛੱਡ ਕੇ ਜੋ ਜਾਣਾ ਸੀ । ਤੁਸੀਂ ਭੁੱਲ ਗਏ, ਅਸੀਂ ਨਹੀ ਸਿੱਖਣੀ । ਜਾਚ ਤੁਹਾਨੂੰ ਭੁੱਲਣ ਦੀ, ਤੂੰ ਕੀ ਜਾਣੇ । ਤੂੰ ਦਿਲਾਂ ਦਾ ਵਪਾਰੀ ਸੀ । ਸੌਦਾ ਸੋਚ ਕੇ ਕਰਦਾ ਸੀ । ਅਸੀਂ ਜਾਣ ਕੇ ਦਿਲ ਹਾਰੇ । ਜਾਣ ਗਏ ਸੀ ਤੇਰੇ ਕਾਰੇ । ਕਾਰੇ ਵੇਚਦਾ ਵੇਖਣਾ ਚਾਹੁੰਦੇ ਸੀ । ਤੂੰ ਕੀ ਜਾਣੇ । ਤੈਨੂੰ ਚੰਦ ਕਿਹਾ, ਤੇ ਬਣੇ ਤਾਰੇ । ਤੇਰੀ ਹਰ ਖਾਹਿਸ਼ ਤੋਂ ਜਿੰਦ ਹਾਰੇ । ਤੂੰ ਟੁੱਟਦੇ ਵੇਖਣਾ ਚਾਹੰਦਾ ਸੀ । ਅਸੀਂ ਟੁੱਟਦੇ ਰਹੇ, ਤੇਰੀ ਖੁਸ਼ੀ ਲਈ । ਤੂੰ ਕੀ ਜਾਣੇ । ਤੂੰ ਜਾਣਦਾ ਸੀ, ਮੈਂ ਟੁੱਟ ਗਿਆ । ਤੁਸਾਂ ਨਾਲ ਸਮਝ ਦੇ ਲੁੱਟ ਲਿਆ । ਸਾਨੂੰ ਲਾਣੇ ਜੋਗਾ ਛੱਡਿਆ ਨਾ । ਭੁੰਜੇ ਝੱਟ ਗੁਜ਼ਾਰਨ ਦੇ । 'ਸਰਬ' ਦੇ ਅੰਦਾਜ਼ ਵੱਖਰੇ ਨੇ । ਤੂੰ ਕੀ ਜਾਣੇ, ਤੂੰ ਕੀ ਜਾਣੇ ।
ਅੱਧੀ ਰਾਤੀਂ ਉੱਠ ਪਈ ਨੀ ਮੈਂ
ਅੱਧੀ ਰਾਤੀਂ ਉੱਠ ਪਈ ਨੀ ਮੈਂ, ਲੱਗੀ ਸੀਤਲ ਨੀਰ ਨਹਾਵਣ ਹੋਅ । ਸੂਹੇ ਰੰਗ ਦਾ ਸੂਟ ਪਾ ਲਿਆ, ਲੱਗੀ ਕੰਨੀ ਝੁਮਕੇ ਪਾਵਣ ਹੋਅ । ਕੰਘੀ ਅੜਕਾਂ ਕੱਢ ਕੇ ਨੀ ਮੈਂ, ਲੱਗੀ ਲਾਲ ਪਰਾਂਦਾ ਪਾਵਣ ਹੋਅ । ਅੱਖੀਂ ਪਾ ਲਿਆ ਕੱਜਲਾ ਨੀ ਮੈਂ, ਰੰਗ ਲਬਾਂ ਨੂੰ ਲਾਵਣ ਹੋਅ । ਹੱਥੀਂ ਲਾ ਸ਼ਗਨਾਂ ਦੀ ਮਹਿੰਦੀ ਨੀ ਮੈਂ, ਲੱਗੀ ਝਾਂਜਰ ਨੂੰ ਛਣਕਾਵਣ ਹੋਅ । ਬੱਤੀਆਂ ਨੂੰ ਬੰਦ ਕਰਤਾ ਨੀ ਮੈਂ, ਅੱਖੀਂ ਆਖਿਆ ਬੰਦ ਹੋ ਜਾਣ ਹੋਅ । ਹੱਥ ਵਿੱਚ ਫੜ੍ਹ ਲਈ ਤਸਬੀ ਨੀ ਮੈਂ, ਲੱਗੀ ਯਾਰ ਧਿਆਵਣ ਹੋਅ । ਜੱਪਣ ਦਾ ਢੰਗ ਨਾ ਔੜੇ ਨੀ ਮੈਂ, ਲੱਗੀ ਗੀਤ ਪਿਆਰ ਦਾ ਗਾਵਣ ਹੋਅ । ਘੋੜੀਆਂ, ਸੁਹਾਗ ਵੀ ਗਾਏ ਨੀ ਮੈਂ, ਦੇ ਸਿਠਣੀਆਂ, ਲੱਗੀ ਯਾਰ ਮਨਾਵਣ ਹੋਅ । ਅੰਦਰ ਝਾਤੀ ਮਾਰ ਕੇ ਨੀ ਮੈਂ, ਲੱਗੀ ਯਾਰ ਨੂੰ ਖੋਜਣ ਹੋਅ । ਸੋਹਣਿਆਂ ਸੱਜਣਾ ਦਰਸ਼ ਲਈ ਨੀ ਮੈਂ, ਬਣ ਗਈ ਯਾਰ ਵਿਯੋਗਣ ਹੋਅ । ਬਿਰਹੋਂ ਪੀੜ ਹੰਢਾ ਲਈ ਨੀ ਮੈਂ, ਯਾਰ ਦੀ ਬਣ ਗਈ ਜੋਗਣ ਹੋਅ । ਯਾਰ ਨਾ ਮਿਲਦੇ ਵੇਖੇ ਨੀ ਮੈਂ, ਖੱਫਣ ਪਾ ਜੋ ਫੱਬਣ ਹੋਅ । ਭੰਨ ਦਿੱਤੀਆਂ ਫਿਰ ਚੂੜੀਆਂ ਨੀ ਮੈਂ, ਹੋਈ ਨਾ ਕਦੇ ਤਿਆਰ ਨੀ ਹੋਅ । ਕਜ਼ਲਾ ਲਾਹਤਾ, ਰੰਗ ਦੰਦਾਸਾ, ਕੋਈ ਨਾ ਲੈਂਦਾ ਸਾਰ ਨੀ ਹੋਅ । ਵਿਛੜੇ ਜਿਹੜੇ ਮੜੀਆਂ ਅੰਦਰ, ਕਦੇ ਨਾ ਮਿਲਦੇ ਯਾਰ ਨੀ ਹੋਅ । ਝੂਠੀਆਂ ਤਸਬੀਆਂ, ਝੂਠੇ ਸੋਹਲੇ, ਕੋਈ ਨੀ ਮਿਲਾਉਂਦਾ ਯਾਰ ਨੀ ਹੋਅ । ਤਾਂ ਹੀ ਦਿੱਤੇ 'ਸਰਬ' ਵਿਸਾਰ ਨੀ ਹੋਅ ।
ਬਾਬਾ ਚਿੱਟੇ ਵਾਲਾਂ 'ਚ ਜਵਾਨ ਹੋ ਗਿਆ
ਲੱਗਦਾ ਏ ਰੂਪ ਦਾ ਗੁਮਾਨ ਹੋ ਗਿਆ । ਬਾਬਾ ਚਿੱਟੇ ਵਾਲਾਂ 'ਚ ਜਵਾਨ ਹੋ ਗਿਆ । ਨੀਲੇ ਕੋਟ ਨਾਲ ਬੰਨ੍ਹੇਂ ਪੱਗ ਤੂੰ ਨਰੰਗੀ । ਦਾੜੀ ਪਾ ਲੈ ਛੱਲੇ, ਜਚਦੇ ਜੋ ਕੱਲੇ ਕੱਲੇ । ਸੱਠਵੇਂ ਚ ਲਗਦਾ ਨਦਾਨ ਹੋ ਗਿਆ । ਬਾਬਾ ਚਿੱਟੇ ਵਾਲਾਂ 'ਚ ਜਵਾਨ ਹੋ ਗਿਆ । ਬਣਿਆ ਤੂੰ ਫਿਰਦਾ ਏਂ ਲਾਹੜੇਦਾਰ ਵੇ । ਕਿਸ ਚੰਦਰੀ ਨੇ ਦਿਲ ਕੀਤਾ ਵਾਰ ਵੇ । ਫੁੱਲਾਂ ਵਾਗੂੰ ਮੁਸਕਾਵੇ, ਤੇਲ ਗੱਲ੍ਹਾਂ ਨੂੰ ਤੂੰ ਲਾਵੇਂ । ਹੱਸੀਂ ਜਾਵੇਂ ਵੱਟ ਤੂੰ ਮੁੱਛਾਂ ਨੂੰ ਚਾੜ ਵੇ । ਦੱਸ ਕਿਹੜੀ ਗੱਲ ਦਾ ਗੁਮਾਨ ਹੋ ਗਿਆ । ਬਾਬਾ ਚਿੱਟੇ ਵਾਲਾਂ 'ਚ ਜਵਾਨ ਹੋ ਗਿਆ । ਕੋਈ ਰਾਜ਼ ਤੇਰੇ ਦਿਲ ਅੰਦਰ । ਲੱਗਦਾ ਯਾਰ ਬਣਾ ਲਿਆ ਮੰਦਿਰ । ਦੱਗੜ ਬੱਗੜੇ ਫੱਬਣ ਲੱਗੇ, ਤੈਨੂੰ ਵੇਖ ਕੇ ਸਰਬ ਨੂੰ ਲੱਗੇ । ਤੇਰਾ ਬੁਢਾਪੇ ਚ ਬਚਪਨ ਪਰਵਾਨ ਹੋ ਗਿਆ । ਬਾਬਾ ਚਿੱਟੇ ਵਾਲਾਂ 'ਚ ਜਵਾਨ ਹੋ ਗਿਆ । ਸੱਚੀਂ ਦੱਸਾਂ ਬਾਬੇ, ਗੱਲ ਤੇਰੀ ਲੱਗੀ ਚੰਗੀ । ਸਾਰਿਆਂ ਲਈ ਜਿਉਂਦਾ ਰਿਹਾ, ਕੱਟੀ ਬਹੁਤ ਤੈਂ ਤੰਗੀ । ਜਿੰਮੇਵਾਰੀਆਂ ਨਿਭਾਈਆਂ, ਧੀਆਂ ਭੈਣਾਂ ਵੀ ਵਿਆਹੀਆਂ । ਜਵਾਨੀ ਦਾ ਰਾਜ਼ ਦੱਸਦੇ ਹਾਂ, ਫਿਰ ਦੋਨੋ ਹੱਸਦੇ ਹਾਂ । ਬਾਜ਼ੀ ਜਿੱਤ ਲਈ, ਤੂੰ ਜ਼ਿੰਦਗੀ ਦਾ ਵਿਦਵਾਨ ਹੋ ਗਿਆ । ਬਾਬਾ ਤੂੰ ਜਿਹੜਾ ਚਿੱਟੇ ਵਾਲਾਂ 'ਚ ਜਵਾਨ ਹੋ ਗਿਆ ।
ਮੁਹੱਬਤਾਂ ਦਾ ਬਾਦਸ਼ਾਹ
ਉਹ ਮੁਹੱਬਤਾਂ ਦਾ ਬਾਦਸ਼ਾਹ ਕਹਾਉਂਦਾ ਹੈ । ਜੋ ਮੈਥੋਂ ਦਰਦਾਂ ਦੇ ਟੋਕਰੇ ਢਵਾਂਉਂਦਾ ਰਿਹਾ । ਦਿਲ ਦਾ ਚੋਰ ਫਰੇਬੀ, ਮੈਨੂੰ ਨਾਮ ਦੇਤਾ । ਝੂਠੇ ਦਾਅਵੇ ਜੋ ਕਰ ਭਰਮਾਉਂਦਾ ਰਿਹਾ । ਉਹ ਛਿੱਲਦਾ ਰਿਹਾ ਮੇਰੇ ਜ਼ਖ਼ਮਾਂ ਨੂੰ । ਤੇ ਮੈਂ ਮੱਲ੍ਹਮ ਪਿਆਰ ਦੀ ਲਾਉਂਦਾ ਰਿਹਾ । ਨਿੱਤ ਦੱਸ ਕੇ ਆਪਣੀਆਂ ਮਜ਼ਬੂਰੀਆਂ ਨੂੰ । ਸਾਨੂੰ ਮਿਲਣ ਸਮੇਂ ਤਰਸਾਉਂਦਾ ਰਿਹਾ । ਅਸਾਂ ਮੰਗੀਆਂ ਖ਼ੈਰਾਂ ਉਹਦੀ ਜ਼ਿੰਦਗੀ ਲਈ । ਜੋ ਸਾਡੇ ਦਰਦ ਝੋਲ਼ੀ ਵਿੱਚ ਪਾਉਂਦਾ ਰਿਹਾ । ਕਿਤੇ ਘਟ ਨਾ ਜਾਵੇ ਤੁਬਕਾ ਲੂਣ ਬਣਨਾ । ਤੇ ਮੈਂ ਛਾਂਵੇਂ ਅੱਥਰੂ ਰੱਖ ਸੁਕਾਉਂਦਾ ਰਿਹਾ ਮੈਂ ਕਾਦਰ ਕਹਿ ਉਸ ਨੂੰ ਪੂਜਣ ਲੱਗ ਪਿਆ । ਉਹ ਬਦਨਾਮੀ ਦੇ ਟਿੱਕੇ ਮੱਥੇ ਲਾਉਂਦਾ ਰਿਹਾ ਮੈਂ ਯਾਰ ਯਾਰ ਪੁਕਾਰ ਕੇ ਮੀਰਾ ਬਣ ਗਈ । ਤੇ ਉਹ ਜੱਗ ਤੋਂ ਸਾਨੂੰ ਛੁਪਾਉਂਦਾ ਰਿਹਾ । ਜਿਉਂਦੇ ਜੀਅ ਨਾ ਸਰਬ ਦੀ ਕਦਰ ਕੀਤੀ । ਮੋਇਆਂ ਗੀਤ ਪਿਆਰ ਦੇ ਗਾਉਂਦਾ ਰਿਹਾ । ਹੁਣ ਬਿਰਹੇ ਨੂੰ ਉਹ ਸੁਲਤਾਨ ਕਹਿੰਦਾ । ਜੋ ਪਲ਼ੋਸ ਕੇ ਛਿੱਛੜੇ, ਜ਼ਖ਼ਮਾਂ ਦੇ ਲਾਉੰਾਦਾ ਰਿਹਾ । ਸਰਬ ਜਿਹੇ ਨਹੀ ਨਿੱਤ ਪਿਆਰ ਮਿਲਦੇ । ਯੋਗੀ ਬਣ ਵੰਝਲੀ ਹੁਣ ਵਜਾਉਂਦਾ ਰਿਹਾ ।
ਲੋਕ ਕਹਿੰਦੇ ਕਿ ਮੈਂ ਅਵੱਲੀ ਹਾਂ
ਲੋਕ ਕਹਿੰਦੇ ਕਿ ਮੈਂ ਅਵੱਲੀ ਹਾਂ । ਮੌਤ ਆਈ ਹੈ ਗਲੇ ਲਾਵਣ ਨੂੰ । ਜ਼ਿੰਦਗੀ ਨਾਮ ਸੱਜਣ ਕਰ ਚੱਲੀ ਹਾਂ । ਜ਼ਿੰਦਗੀ ਰਾਸ ਨਾ ਆਈ ਮੈਨੂੰ । ਸੱਚੇ ਪਿਆਰ ਦੀ ਨਹੀਂ ਸੀ ਲੋੜ ਤੈਨੂੰ । ਮੌਤ ਦੀ ਰਾਹ ਵੱਲ ਮੁੜ ਚੱਲੀ ਹਾਂ । ਜ਼ਿੰਦਗੀ ਰਾਹ ਤੇਰੇ ਕਾਫ਼ਲੇ ਵੀ ਮਿਲੇ । ਛੱਡ ਗਏ ਅੱਧ ਕਰਨੇ ਨਾ ਗਿਲੇ । ਮੌਤ ਦੇ ਰਸਤੇ ਤੇ ਮੈਂ ਇਕੱਲੀ ਹਾਂ । ਜੰਗ ਰੱਜ ਕੇ ਲੜੀ ਮੁਕੱਦਰਾਂ ਦੀ । ਤੋੜ ਸੁਟਿੱਆ ਦਿਲ ਅਣਭੋਲ ਮੇਰਾ । ਮੌਤ ਵੇਲੇ ਮੈਂ ਬਣੀ ਝੱਲੀ ਹਾਂ । ਕੌਣ ਕਹਿੰਦਾ ਕਿ ਕਾਤਲ ਮਾਰਦੇ ਨੇ । ਸੀ ਸੁਆਦ ਬੜਾ ਇਸ਼ਕ ਦਾ ਹਰ ਮੰਜ਼ਿਰ । ਮਿੱਠਾ ਜ਼ਹਿਰ ਮੈਂ ਪੀ ਮਰ ਚੱਲੀ ਹਾਂ । ਹੱਸਦੇ ਰਹੇ ਤੇ ਸੀਨੇ ਸ਼ੇਕ ਕਰ ਗਏ । ਸ਼ੇਕ ਕੀਤੇ ਵੀ ਉਹਨਾਂ ਸੱਜਣਾ ਨੇ । ਜਿੰਨ੍ਹਾਂ ਖ਼ਾਤਰ ਮੈਂ ਦੁਨੀਆਂ ਤੋਂ ਚੱਲੀ ਹਾਂ । ਲੋਕ ਕਹਿੰਦੇ ਸਰਬ ਤੂੰ ਅਵੱਲੀ ਏਂ । ਜਿਹੜੇ ਮਾਰਦੇ ਰਹੇ ਨਿੱਤ ਠੋਕ੍ਹਰਾਂ ਤੈਨੂੰ । ਜ਼ਿੰਦਗੀ ਨਾਮ ਉਨਾਂ ਕਰ ਚੱਲੀ ਏਂ ।
ਕਿੱਥੇ ਤੁਰ ਗਿਆ ਬੇਦਰਦੀ
ਕਿੱਥੇ ਤੁਰ ਗਿਆ ਬੇਦਰਦੀ ਉਹ । ਮੇਰੇ ਦਿਲ ਦਾ ਚੈਨ ਗਵਾਕੇ । ਮੈਨੂੰ ਹੰਝੂਆਂ ਨਾਲ ਨਵਾਹ ਕੇ । ਤੇ ਠੰਡ ਇਸ਼ਕੇ ਦੀ ਲਾ ਕੇ । ਕਿੱਥੇ ਤੁਰ ਗਿਆ ਬੇਦਰਦੀ ਉਹ । ਮੇਰੇ ਦਿਲ ਦਾ ਚੈਨ ਗਵਾਕੇ । ਵੇ ਮੈਂ ਅੰਦਰੋ ਅੰਦਰ ਕੁਰਲਾਵਾਂ । ਕਿਸ ਦਿਲ ਦਾ ਹਾਲ ਸੁਣਾਵਾਂ । ਮੇਰੇ ਕੋਲ ਬਵ੍ਹੇ ਸਮਝਾਵਾਂ । ਸਭ ਸ਼ਿਕਵੇ ਭੁੱਲ ਭੁਲਾ ਕੇ । ਕਿੱਥੇ ਤੁਰ ਗਿਆ ਬੇਦਰਦੀ ਉਹ । ਮੇਰੇ ਦਿਲ ਦਾ ਚੈਨ ਗਵਾਕੇ । ਕਾਹਨੂੰ ਯਾਰ ਵਿਛੋੜਾ ਪਾਇਆ । ਸਾਨੂੰ ਚਿੱਟੜਾ ਸੂਟ ਪਵਾਇਆ । ਤਨ ਅੰਦਰੋਂ ਰੰਗ ਬਿਰੰਗਾ । ਬੈਠਾ ਬਿਰਹੋਂ ਦਾ ਚੂੜਾ ਪਾ ਕੇ । ਕਿੱਥੇ ਤੁਰ ਗਿਆ ਬੇਦਰਦੀ ਉਹ । ਮੇਰੇ ਦਿਲ ਦਾ ਚੈਨ ਗਵਾਕੇ । ਕੋਈ ਜਾਓ ਲੱਭ ਲਿਆਉ । ਸਰਬ ਦੇ ਦਿਲ ਦਾ ਹਾਲ ਸੁਣਾਉ । ਇੱਕ ਵਾਰੀ ਮੋੜ ਲਿਆਉ । ਡਾਹਢਾ ਵਿੱਚ ਵਿਚੋਲਾ ਪਾ ਕੇ । ਕਿੱਥੇ ਤੁਰ ਗਿਆ ਬੇਦਰਦੀ ਉਹ । ਮੇਰੇ ਦਿਲ ਦਾ ਚੈਨ ਗਵਾਕੇ ।
ਸੱਜਣ ਸਾਥੋਂ ਵਿੱਛੜੇ
ਸੱਜਣ ਸਾਥੋਂ ਵਿੱਛੜੇ, ਸੀ ਪਹਿਰ ਦੁਪਹਿਰ ਦੇ । ਕਦੇ ਨਾ ਸਾਨੂੰ ਦਰਸ਼ ਹੋਏ, ਸੱਜਣਾ ਦੇ ਫੇਰ ਓਏ । ਕਾਲੀਆਂ ਸੀ ਰਾਤਾਂ, ਡੁੱਬਾ ਮੱਸਿਆ ਤੇ ਚੰਨ ਸੀ । ਪੁੰਨਿਆਂ ਦੀ ਰਾਤ ਖੌਰੇ, ਮਾਰ ਲੈਣ ਗੇੜ ਓਏ । ਟਿੱਕਾ ਬਣਵਾ ਲਿਆ, ਤੇ ਡੱਬੇ ਵਿੱਚ ਪਾ ਲਿਆ । ਮੱਥੇ ਨਾ ਭਾਵੇ ਸਾਨੂੰ, ਸੱਜਣਾ ਬਗੈਰ ਓਏ । ਹੱਥਾਂ ਦੀਆਂ ਚੂੜੀਆਂ, ਲਈਆਂ ਰੀਝਾਂ ਨਾਲ ਗੂੜ੍ਹੀਆਂ । ਤੋੜ ਤੋੜ ਸੁੱਟੀਆਂ, ਜ਼ਮਾਨੇ ਕੀਤਾ ਕਹਿਰ ਓਏ । ਸੋਹਣੀਆਂ ਤਵੀਤੜੀਆਂ, ਤੇ ਕੰਨਾਂ ਵਾਲੇ ਝਾਲੇ । ਸੱਜਣਾ ਦੀ ਆਸ ਚ, ਰੱਖੇ ਮੈਂ ਸੰਭਾਲ ਓਏ । ਜਦੋਂ ਉਹਨਾ ਆਵਣਾ, ਮੈਂ ਸੱਜ ਕੇ ਵਿਖਾਵਣਾ । ਜ਼ਮਾਨੇ ਚੋਰੀ ਪਾਂਵਦੀ, ਕਿ ਪੈਜੇ ਨਾ ਭੜਾਸ ਓਏ । ਕਦੇ ਤਾਂ ਫੇਰਾ ਪਾਉਣਗੇ, ਤੇ ਗਲ਼ ਨਾਲ ਲਾਉਣਗੇ । ਆਸ ਨਾਲ ਜੀਂਵਦੀ, ਮੈਂ ਸੱਜਣਾ ਬਗੈਰ ਓਏ । ਸੱਜਣ ਜਿਹੜੇ ਵਿੱਛੜੇ, ਸੀ ਸਿਖ਼ਰ ਦੁਪਹਿਰ ਓਏ । ਦਰਸ਼ ਦੇਣੇ ਪੈਣੇ, 'ਸਰਬ' ਢਾਉਣੀ ਨਾ ਢੇਰ ਓਏ ।
ਤੜਕੇ ਸੈਰ ਜਦ ਮੈਂ ਤੁਰੀ
ਤੜਕੇ ਸੈਰ ਜਦ ਮੈਂ ਤੁਰੀ । ਚੰਨ ਨਾਲ ਤੋਰ ਤਾ ਪਰਛਾਂਵਾ । ਮੜ੍ਹੀਆਂ ਨੇ ਵਾਜਾਂ ਮਾਰੀਆਂ । ਜਿਉਂ ਮਾਰਨ ਧੀਆਂ ਨੂੰ ਮਾਵਾਂ । ਮੈਂ ਹੱਥ ਹਿਲਾ ਮਨ੍ਹਾ ਕਰਤਾ । ਕਿ ਮੈਂ ਮਿਲਣ ਸੱਜਣ ਨੂੰ ਜਾਣਾ । ਤਾਰਿਆਂ ਨੇ ਪੈੜ ਦੱਬ ਲਈ । ਮੈਨੂੰ ਕਰਨ ਲੱਗੇ ਉਹ ਤਾੜਨਾ । ਕਿ ਟੁੱਟ ਤੇਰੇ ਪੈਰੀਂ ਡਿੱਗਦੇ । ਕਿ ਸਾਨੂੰ ਹੁਕਮ, ਤੁਸਾਂ ਨੂੰ ਮਾਰਨਾ । ਮਰੀ ਵੇਖ ਪਿੱਛੇ ਮੁੜ ਗਏ । ਕਹਿੰਦੇ ਮਰਿਆਂ ਨੂੰ ਕੀ ਮਾਰਨਾ । ਅੱਗੇ ਗਈ ਤੇ ਸੁੱਕਾ ਰੁੱਖ ਮਿਲ ਪਿਆ । ਮੈਨੂੰ ਵੇਖ ਕੇ ਰੋਈ ਜਾਵੇ । ਕਿ ਸਕੇ ਸਾਡੇ ਮੁੱਕ ਨੀ ਗਏ । ਅਸੀਂ ਤੇਰੇ ਲੇਖੇ, ਕਿ ਤੈਨੂੰ ਸਾੜਨਾ । ਮੜ੍ਹੀ ਵੱਲ ਵੇਖ ਹੱਸ ਪਿਆ । ਕਹਿੰਦਾ ਸੜਿਆਂ ਦਾ ਕੀ ਸਾੜਨਾ । ਦਰਿਆ ਦੇ ਕੰਢੇ ਤੁਰ ਪਈ । ਚੰਦਰਾ ਵੇਖ ਮੈਨੂੰ ਮੁਸਕਾਵੇ । ਕਿ ਫੁੱਲ ਬਣ ਤੂੰ ਰੁੜਨਾ । ਤੈਨੂੰ ਜ਼ਿੰਦਗੀ ਭੁਲੇਖੇ ਪਾਏ । ਮੈਂ ਹਵਾ ਵਾਂਗ, ਮੋੜ ਕੱਟ ਲਿਆ । ਕਿ ਸਾਨੂੰ ਤਰਿਆਂ ਨੂੰ ਦੱਸ ਕੀ ਤੂੰ ਤਾਰਨਾ । ਜਿੰਨ੍ਹਾਂ ਨੂੰ ਸੱਚੀ ਲਗਨ ਲੱਗੀ । ਪਹਿਲਾਂ ਨਾਮ ਹੀ ਹੁੰਦਾ ਮਰਜਾਣਾ । ਸੱਪਾਂ ਦੀਆਂ ਸਿਰੀਆਂ 'ਤੇ । 'ਸਰਬ' ਸੌਂਵਣਾ ਬਣਾ ਸਿਰਹਾਣਾ । ਸੈਰ ਤਾਂ ਬਹਾਨਾ ਸੋਹਣਿਓਂ । ਪਿਆਰ ਸੱਜਣਾ ਸਮਾ ਅਸਾਂ ਜਾਣਾ ।
ਭੰਨ ਦਿੱਤੀਆਂ ਮਾਏ ਨੀ, ਜ਼ਮਾਨੇ ਚੂੜੀਆਂ
ਭੰਨ ਦਿੱਤੀਆਂ ਮਾਏ ਨੀ, ਜ਼ਮਾਨੇ ਚੂੜੀਆਂ । ਰਹਿ ਗਈਆਂ ਸੀ ਮਾਏ ਨੀ, ਕਿ ਰੀਝਾਂ ਅਧੂਰੀਆਂ । ਭੰਨ ਦਿੱਤੀਆਂ ਮਾਏ ਨੀ ਜ਼ਮਾਨੇ ਚੂੜੀਆਂ । ਲੁੱਟ ਲਿਆ ਸੀ ਮਾਏ ਨੀ, ਜ਼ਮਾਨੇ ਲਾਲ ਜੋੜਾ ਮੇਰਾ । ਜਦੋਂ ਪਿਆ ਸੀ ਮਾਏ ਨੀ, ਕਿ ਸੱਜਣਾ ਵਿਛੋੜਾ ਮੇਰਾ । ਮੇਰਾ ਵੱਸ ਕੋਈ ਨਾ ਗਿਆ, ਕਿ ਮੈਂ ਬੇਕਸੂਰ ਆਂ । ਭੰਨ ਦਿੱਤੀਆਂ ਮਾਏ ਨੀ, ਜ਼ਮਾਨੇ ਚੂੜੀਆਂ । ਰਹਿ ਗਈਆਂ ਨੇ ਮਾਏ ਨੀ, ਕਿ ਰੀਝਾਂ ਅਧੂਰੀਆਂ । ਭੰਨ.... ਮੇਰੇ ਹਾਸੇ ਮੁੱਕੇ ਨਾ, ਤੇ ਪਏ ਲਕੋਣੇ ਨੀ । ਜਦੋਂ ਰੱਬ ਕੋਲ ਤੁਰ ਗਏ ਸੀ, ਸੱਜਣ ਮੇਰੇ ਸੋਹਣੇ ਨੀ । ਮੇਰੇ ਹੱਥੀ ਪੈ ਗਈਆ, ਮਾਏ ਮਜਬੂਰੀਆਂ । ਭੰਨ ਦਿੱਤੀਆਂ ਮਾਏ ਨੀ, ਜ਼ਮਾਨੇ ਚੂੜੀਆਂ । ਰਹਿ ਗਈਆਂ ਸੀ ਮਾਏ ਨੀ, ਕਿ ਰੀਝਾਂ ਅਧੂਰੀਆਂ । ਭੰਨ.... ਉਹ ਹਰੀਆਂ ਪੀਲੀਆਂ ਨੀ, ਤੇ ਵਿੱਚ ਵਿੱਚ ਨੀਲੀਆਂ । ਸੱਜਣਾ ਦਾ ਨਾਮ ਲੈ ਕੇ, ਸੀ ਬਾਹਾਂ ਕੀਲੀਆਂ । ਤੇਰੇ ਹੁੰਦਿਆਂ ਮਾਏ ਨੀ, ਗਈਆਂ ਰੀਝਾਂ ਤੋੜੀਆਂ । ਭੰਨ ਦਿੱਤੀਆਂ ਮਾਏ ਨੀ, ਜ਼ਮਾਨੇ ਚੂੜੀਆਂ । ਰਹਿ ਗਈਆਂ ਸੀ ਮਾਏ ਨੀ, ਕਿ ਰੀਝਾਂ ਅਧੂਰੀਆਂ । ਭੰਨ.... ਉਹ ਖਾ ਕੇ ਨਸ਼ਾ ਮਰਿਆ, ਤੇ ਮੈਨੂੰ ਚਾਹ ਦਾ ਵੈਲ ਨਾ । ਤੂੰ ਦਿੱਤੀਆਂ ਲਾਵਾਂ ਨੀ, ਸਕੀ ਨਾ ਖੇਡ ਮਾਂ । ਮੈਨੂੰ ਰੰਡੀ ਕਹਿ ਬੁਲਾਉਣ, ਤੇ ਬਿਨਾ ਕਸੂਰ,ਚਿੱਟੇ ਸੂਟ ਨੂੜੀਆਂ । ਕਾਹਤੋਂ ਭੰਨੀਆਂ ਜ਼ਮਾਨੇ ਨੇ, ਮਾਏ ਨੀ ਮੇਰੀ ਚੂੜੀਆਂ । ਰਹਿ ਗਈਆਂ ਸੀ ਮਾਏ ਨੀ, ਕਿ ਰੀਝਾਂ ਅਧੂਰੀਆਂ । ਭੰਨ...
ਸਦੀਆਂ ਤੋਂ ਵਿੱਛੜੇ
ਸਦੀਆਂ ਤੋਂ ਵਿੱਛੜੇ ਸੀ, ਅਸੀਂ । ਸਾਵਣ ਚ ਮਿਲ ਪਏ । ਪੱਤਿਆਂ ਵਾਂਗੂੰ ਪੁੰਗਰ ਗਏ । ਫੁੱਲਾਂ ਵਾਗੂੰ ਖਿੜ ਪਏ । ਪਿਆਰਾਂ ਦੀ ਪੀਂਘ ਰੁੱਸ ਗਈ ਸੀ । ਰੱਸੀ ਅੱਧ ਚ ਟੁੱਟ ਗਈ ਸੀ । ਅਸੀਂ ਡਿੱਗ ਪਏ ਪੱਥਰਾਂ 'ਤੇ । ਸ਼ਾਹ ਸਾਡੇ ਨਿਕਲ ਗਏ । ਸਦੀਆਂ..... ਪੱਤਿਆਂ.... ਸੋਚੀ ਲੰਮੀ ਉਡਾਰੀ ਸੀ । ਉੱਡਣ ਦੀ ਤਿਆਰੀ ਸੀ । ਸਪਨੇ ਜੋ ਊਣੇ ਸਰਬ । ਟੁੱਟਦੇ ਤਿਲ਼-ਤਿਲ਼ ਗਏ । ਸਦੀਆਂ.. ਪੱਤਿਆਂ... ਸਾਨੂੰ ਚੈਨ ਨਾ ਆਇਆ ਜੀ । ਬਿਰਹਾ ਤਰਹਾਇਆ ਸੀ । ਅਸੀਂ ਰੱਬ ਨਾਲ ਰੁੱਸੇ ਰਹੇ । ਬੈਠੇ ਬਣ ਸਿਲ ਰਹੇ । ਸਦੀਆਂ ਤੋਂ ਵਿੱਛੜੇ ਸੀ, ਅਸੀਂ । ਸਾਵਣ ਚ ਮਿਲ ਪਏ । ਪੱਤਿਆਂ ਵਾਂਗੂੰ ਪੁੰਗਰ ਗਏ । ਫੁੱਲਾਂ ਵਾਗੂੰ ਖਿੜ ਪਏ ।
ਕਿੱਦਾਂ ਕਰ ਦਿਆਂ ਸੁਪਨਿਆਂ ਤੈਨੂੰ ਪੂਰਾ ਮੈਂ
ਕਿੱਦਾਂ ਕਰ ਦਿਆਂ ਸੁਪਨਿਆਂ ਤੈਨੂੰ ਪੂਰਾ ਮੈਂ । ਜਦ ਪਤਾ ਹੋਵੇ ਕਿ ਮਾਂ ਦੇ ਸੁਪਨੇ ਟੁੱਟ ਜਾਣੇ । ਮੈਂ ਦੋ ਦਿਨ ਦੇ ਪਿਆਰ ਨੂੰ ਕਿੰਝ ਪਿਆਰ ਕਹਾਂ । ਮੇਰੀ ਮਾਂ ਦੇ ਪਿਆਰ ਦੇ ਵੀਹ ਸਾਲ, ਮਿੱਟੀ ਵਿੱਚ ਰੁਲ ਜਾਣੇ । ਮੇਰੇ ਪਿਉ ਦੀ ਪੱਗ ਸੁਪਨਿਆਂ ਚਿੱਟੀ ਹੈ । ਮੈਂ ਕਿੰਝ ਭੁੱਲ ਜਾਵਾਂ, ਗੋਦੀ ਦੇ ਜੋ ਨਿੱਘ ਮਾਣੇ । ਕਰ ਕਰ ਦਿਹਾੜੀਆਂ ਜਿਸਨੇ, ਖੂਨ ਸੁਕਾ ਛੱਡਿਆ । ਜੋ ਗਾਉਂਦਾ ਮੈਨੂੰ ਇੱਜ਼ਤ ਕਹਿ, ਹਰ ਦਿਨ ਗਾਣੇ । ਕਿੱਦਾਂ ਕਰ ਦਿਆਂ ਸੁਪਨਿਆਂ ਤੈਨੂੰ ਪੂਰਾ ਮੈਂ । ਜਦ ਪਤਾ ਹੋਵੇ ਕਿ ਪਿਉ ਦੇ ਸੁਪਨੇ ਟੁੱਟ ਜਾਣੇ । ਵੀਰਾ ਮੇਰਾ ਵਿੱਚ ਪੰਚਾਇਤਾਂ ਜਦੋ ਬਹੇ ਗੱਲ ਉਹਦੀ ਤੇ ਫੁੱਲ ਚੜਾਉਂਦੇ ਸਭ ਜਾਣੇ ਰਾਖੀ ਕਰਦਾ ਫਿਰਦਾ, ਕਿ ਅਣਮੁੱਲੇ ਹਾਂ । ਮਾਪੇ ਨਾ ਬਣਨ ਕਮਾਪੇ, ਤੂੰ ਇਹ ਕੀ ਜਾਣੇ । ਕਿੱਦਾਂ ਕਰ ਦਿਆਂ ਸੁਪਨਿਆਂ ਤੈਨੂੰ ਪੂਰਾ ਮੈਂ । ਜਦ ਪਤਾ ਹੋਵੇ ਕਿ ਵੀਰ ਦੇ ਸੁਪਨੇ ਟੁੱਟ ਜਾਣੇ । ਜਦ ਪਤਾ ਕਿ ਮਾਮੇ ਚੂੜਾ ਪਾ ਦੇਣਾ । ਫਿਰ ਕੌਣ ਚੂੜੀਆਂ ਪਾਵੇ, ਸੁਣ ਉਏ ਅਣਜਾਣੇ । ਪਲੰਘ ਤੇ ਪੀੜਾ, ਮਾਮੇ ਮੇਰੇ ਲਈ ਲੈ ਰੱਖਿਆ । ਮੈਂ ਕਾਹਤੋਂ ਮੰਜੀਆਂ ਦੇ ਤਣਦੀ ਰਹਾਂ ਤਾਣੇ । ਕਿੱਦਾਂ ਕਰ ਦਿਆਂ ਸੁਪਨਿਆਂ ਤੈਨੂੰ ਪੂਰਾ ਮੈਂ । ਜਦ ਪਤਾ ਹੋਵੇ ਮਾਮੇ, ਨਾਨੀ ਦੇ ਸੁਪਨੇ ਟੁੱਟ ਜਾਣੇ । ਨਾਲੇ ਤੂੰ ਤੇ ਜਾਣਦਾ, ਸੁਪਨਿਆਂ ਮੇਰੇ ਨਾਨਕ ਨੂੰ । ਸਰਬ ਤਾਂ ਜਿਉਂਦੀ, ਉਸ ਦੇ ਯਾਰਾਂ ਵਿੱਚ ਭਾਣੇ । ਜੱਪਣੋਂ ਉਸਨੇ ਸਤਿਕਰਤਾਰ ਤੇ ਨਹੀਂ ਹਟਣਾ । ਲੋਕੀਂ ਚਾਹੇ ਮਾਰਨ ਉਹਨੂੰ ਨਿੱਤ ਤਾਹਨੇ । ਕਿੱਦਾਂ ਕਰ ਦਿਆਂ ਸੁਪਨਿਆਂ ਤੈਨੂੰ ਪੂਰਾ ਮੈਂ । ਜਦ ਪਤਾ ਹੋਵੇ ਕਿ ਰਬ ਨੂੰ ਮਿਲਣ ਦੇ ਸੁਪਨੇ ਟੁੱਟ ਜਾਣੇ ।
ਲੰਮੇ ਵਾਲ ਮੇਰੇ ਸੋਹਣਿਆ
ਲੰਮੇ ਵਾਲ ਮੇਰੇ ਸੋਹਣਿਆ । ਨਾਲੇ ਦੱਸਾਂ ਤੇ ਨਾਲੇ ਸ਼ਰਮਾਵਾਂ । ਵੇ ਲੈ ਦੇ ਪਰਾਂਦਾ ਹਾਣੀਆਂ । ਤੈਨੂੰ ਤੁਰ ਕੇ ਮੈਂ ਤੋਰ ਦਿਖਾਵਾਂ । ਲੰਮੇ ਵਾਲ ਮੇਰੇ ਸੋਹਣਿਆ । ਰੀਝਾਂ ਨਾਲ ਮਾਂ ਪਾਲੇ ਸੋਹਣਿਆ । ਨਾਲ ਲੱਸੀ ਇਸ਼ਨਾਨ ਕਰਾਵਾਂ । ਦੱਸਦੀ ਨੂੰ ਸੰਗ ਲੱਗਦੀ । ਕਿ ਮੈਂ ਇਹਨਾਂ ਤੋਂ ਬਲਿਹਾਰੀ ਜਾਵਾਂ । ਲੰਮੇ ਵਾਲ ਮੇਰੇ ਸੋਹਣਿਆ । ਲੱਕੜ ਦੀ ਕੰਘੀ ਨਾਲ ਵੇ । ਨਾਲੇ ਵਾਹਵਾਂ ਤੇ ਨਾਲੇ ਸ਼ਰਮਾਵਾਂ । ਵਲ ਕੱਢਾਂ ਡਰ ਡਰ ਕੇ । ਕਿਤੇ ਉਲਝ ਨਾ ਬਣਨ ਜੜਾਵਾਂ ਲੰਮੇ ਵਾਲ ਮੇਰੇ ਸੋਹਣਿਆ । ਕੈਂਚੀ ਕੋਲੋਂ ਦੂਰ ਰੱਖ ਕੇ । ਨਾਲ ਉਂਗਲਾਂ ਚਿੜਾਂ ਸੁਲਝਾਵਾਂ । ਕੁਝ ਚਿੱਟੇ, ਕੁਝ ਕਾਲੇ ਸੋਹਣਿਆ । ਜਿਵੇ ਬੱਦਲਾਂ ਦੇ ਵਿੱਚ ਘਟਾਵਾਂ । ਲੰਮੇ ਵਾਲ ਮੇਰੇ ਸੋਹਣਿਆ । ਗੁੱਤ ਮੇਰੀ ਲੱਗੇ ਨਾਗਣੀ । ਨਾਲੇ ਤੁਰਾਂ ਤੇ ਨਾਲੇ ਸ਼ਰਮਾਵਾਂ । ਕਿ ਸੋਹਣਿਆ ਦੀ ਨਜ਼ਰ ਚੜ੍ਹੇ । ਉਹਨਾਂ ਲੈ ਲਈਆਂ ਮੇਰੇ ਨਾਲ ਲਾਵਾਂ । ਲੰਮੇ ਵਾਲ ਮੇਰੇ ਸੋਹਣਿਆ । ਦੱਸ ਮੈਨੂੰ ਤੂੰ ਸੋਹਣਿਆ । ਕਿਉਂ ਇਹਨਾਂ ਦੇ ਮੈਂ ਸਦਕੇ ਨਾ ਜਾਵਾਂ । ਜਿੰਨ੍ਹਾਂ ਨੂੰ ਤੂੰ ਤੱਕ ਰਿਹਾ ਏਂ । ਪਾਲੇ ਮਾਵਾਂ ਠੰਡੜੀਆਂ ਛਾਵਾਂ ਲੰਮੇ ਵਾਲ ਮੇਰੇ ਸੋਹਣਿਆ ।
ਦਿਲ 'ਚ ਹੋਵੇ ਦੱਸ ਦਿਆ ਕਰੋ
ਜੋ ਦਿਲ 'ਚ ਹੋਵੇ ਦੱਸ ਦਿਆ ਕਰੋ । ਹਾਸਾ ਆਵੇ ਤੇ ਹੱਸ ਲਿਆ ਕਰੋ । ਕੋਈ ਨਹੀਂ ਵੇਂਹਦਾ ਕਿਸੇ ਵੱਲ । ਰੋਣਾ ਆਵੇ ਤੇ ਰੋ ਲਿਆ ਕਰੋ । ਕੌਣ ਕਿਸੇ ਨਾਲ ਜਨਮਿਆਂ । ਕੌਣ ਕਿਸੇ ਲਈ ਮਰਦਾ ਏ । ਵਿੱਚ ਗ਼ਰੀਬੀ ਸਿਵਾਏ ਮਾਂ ਦੇ । ਕੌਣ ਕਿਸੇ ਨਾਲ ਖੜ੍ਹਦਾ ਏ । ਨਿੱਕੀ ਜਿਹੀ ਜ਼ਿੰਦਗੀ ਹੈ । ਜੀਓ ਵਾਂਗ ਮੁਸਾਫਿਰ ਦੇ । ਨਾਨਕ ਨੂੰ ਵੀ ਲੋਕਾਂ ਆਖਿਆ । ਭੂਤਨਾ ਬੇਤਾਲਾ ਹੈ ਓਹ । ਸਰਬ ਵੱਲ ਵੇਖੋ, ਕਿੰਨੀ ਬੇਬਾਕ ਹੈ । ਝੱਟ ਦਿਲ ਦੀ ਕਹਿ ਜਾਂਦੀ । ਅੱਖਰਾਂ ਨੂੰ ਲਿਖਦੀ ਸੋਚ ਕੇ । ਕਿ ਦੁਨੀਆਂ ਡਰਦਿਆਂ ਨੂੰ ਡਰਾਉਂਦੀ । ਜਦ ਕਲਮ ਨੂੰ ਹੱਥ 'ਚ ਫੜ੍ਹ ਲਿਆ । ਫਿਰ ਸੰਗਣਾ ਕੀ ਸੰਗਾਉਣਾ ਕੀ । ਜਦ ਮੰਨਣੀ ਰਜ਼ਾ ਹੀ ਨਾਨਕ ਦੀ । ਸੱਚ ਲਿਖਣ ਲੱਗੇ ਸ਼ਰਮਾਉਣਾ ਕੀ । ਸਾਡੇ ਵੀਰਾਂ ਵਿੱਚ ਅੱਜ ਖੜਕ ਪਈ । ਮਰਨ ਮਰਾਉਣ ਤੇ ਆ ਗਏ ਨੇ । ਦਬਕਾ ਛੱਡੀਏ ਜ਼ੋਰ ਦੀ, ਬਣ ਵੱਡੇ । 'ਸਰਬ' ਕੋਈ ਤਾਂ ਫ਼ਰਜ਼ ਨਿਭਾ ਦਿਆ ਕਰੋ । ਜੋ ਦਿਲ 'ਚ ਹੋਵੇ ਕਹਿ ਦਿਆ ਕਰੋ । ਹਾਸਾ ਆਵੇ ਤੇ ਹੱਸ ਲਿਆ । ਕੋਈ ਨਹੀਂ ਵੇਂਹਦਾ ਕਿਸੇ ਵੱਲ । ਰੋਣਾ ਆਵੇ ਤੇ ਰੋ ਲਿਆ ਕਰੋ ।