Nath Bani : Tara Singh

ਨਾਥ ਬਾਣੀ : ਤਾਰਾ ਸਿੰਘ

ਨਾਥ ਬਾਣੀ

‘ਨਾਥ’

ਦੋ ਸ਼ਬਦ

ਵਿਅੰਗ ਬਾਰੇ ਪੰਜਾਬੀ ਵਿਚ ਬਹੁਤ ਢੁਕਵਾਂ ਅਖਾਣ ਹੈ – "ਜੇ ਲਗ ਗਿਆ, ਤਾਂ ਤੀਰ, ਨਹੀਂ ਤਾਂ ਤੁੱਕਾ" --।

ਵਿਅੰਗ ਕਰਨ ਵਾਲਾ, ਤੇ ਜਿਸ ਉਪਰ ਵਿਅੰਗ ਕੀਤਾ ਜਾਏ, ਦੋਵੇਂ ਇਕੋ ਪੱਧਰ ਤੇ ਖਲੋਤੇ ਹੁੰਦੇ ਹਨ। ਜੇ ਵਿਅੰਗ ਪਾਠਕ ਨੂੰ, ਜਾਂ ਸਰੋਤੇ ਨੂੰ ਸਮਝ ਨਾ ਆਵੇ, ਤਾਂ ਵਿਅੰਗ ਕਰਨ ਵਾਲਾ ਹੀ ਠਿੱਠ ਹੋ ਜਾਂਦਾ ਹੈ।

ਵਿਅੰਗ ਤੇ ਹਾਸਰਸ ਵਿਚ ਕਾਫ਼ੀ ਅੰਤਰ ਹੈ। ਹਾਸਰਸ ਵਿਚ ਸੁਧਾਰ ਦਾ ਪਹਿਲੂ ਨਹੀਂ ਹੁੰਦਾ, ਜੇ ਹੋਵੇ ਵੀ, ਤਦ ਉਹ ਹਾਸਰਸ ਦਾ ਮੁਖ ਮੰਤਵ ਨਹੀਂ ਹੁੰਦਾ।

ਪਰ ਵਿਅੰਗ ਦਾ ਮੁਖ ਮੰਤਵ ਹੀ ਸੁਧਾਰ ਜਾਂ ਪ੍ਰੀਵਰਤਨ ਲਿਆਣਾ ਹੈ। ਇਸ ਵਿਚ ਵਿਅੰਗਕਾਰ ਦੀ ਇਹ ਇੱਛਾ ਜ਼ਰੂਰ ਹੁੰਦੀ ਹੈ, ਕਿ ਉਹ ਆਪਣੀ ਗੱਲ ਨੂੰ ਅਜਿਹੇ ਢੰਗ ਨਾਲ ਅਦਾ ਕਰੇ, ਕਿ ਉਸ ਦਾ ਨਸ਼ਾਨਾ ਠੀਕ ਹੋਵੇ, ਤੇ ਜਿਸ ਉਪਰ ਵਿਅੰਗ ਕੀਤਾ ਗਿਆ ਹੈ, ਉਹ ਆਪਣਾ ਪਹਿਲੂ ਨਾ ਬਚਾ ਸਕੇ। ਇਸ ਵਿਚ ਖਿਲਖਿਲਾ ਕੇ ਹੱਸਣ ਦੀ ਥਾਂ ਪੜ੍ਹਨ ਤੇ ਸੁਣਨ ਵਾਲਾ ਕੇਵਲ ਮੁਸਕਰਾ ਪੈਂਦਾ ਹੈ। ਸਫ਼ਲ ਵਿਅੰਗ ਉਹ ਹੈ, ਜਿਸ ਵਿਚ ਉਹ ਵੀ ਮੁਸਕਾਏ, ਜਿਸ ਉਪਰ ਵਿਅੰਗ ਕੀਤਾ ਗਿਆ ਹੈ।

ਵਿਅੰਗ ਸਦਾ ਸਭਿਅਕ ਸਮਾਜ ਵਿਚ ਪਨਪਦਾ ਹੈ, ਉਜੱਡ ਸਮਾਜ ਇਸ ਦੀ ਖ਼ੁਸ਼ਬੂ ਦਾ ਲੁਤਫ਼ ਨਹੀਂ ਉਠਾ ਸਕਦਾ। ਮੇਰਾ ਇਕ ਕਵੀ ਦੋਸਤ ਕਟਾਖਸ਼ ਦਾ ਮਾਹਰ, ਤੇ ਲਤੀਫ਼ਿਆਂ ਦਾ ‘ਬਾਦਸ਼ਾਹ' ਹੈ, ਉਸ ਦਸਿਆ ਕਿ ਜਦੋਂ ਵੀ ਉਹ ਕੋਈ ਲਤੀਫ਼ਾ ਆਪਣੀ ਪਤਨੀ ਨੂੰ ਸੁਣਾਉਂਦਾ ਹੈ, ਤਾਂ ਉਹ ਝੱਟ ਅਗੋਂ ਆਖਦੀ ਹੈ — "ਲਓ ! ਏਦਾਂ ਤਾਂ ਕਦੇ ਹੋ ਈ ਨਹੀਂ ਸਕਦਾ !'' ਮੇਰਾ ਲਤੀਫ਼ਿਆਂ ਦਾ ਬਾਦਸ਼ਾਹ ਦੋਸਤ ਮੱਥਾ ਪਿੱਟ ਕੇ ਰਹਿ ਜਾਂਦਾ ਹੈ।

ਕਈ ਵਾਰ ਲੋਕ ਵਿਅੰਗ ਸੁਣ ਕੇ ਆਪਣਾ ਸਿਰ ਧੁਣਨਾ ਸ਼ੁਰੂ ਕਰ ਦਿੰਦੇ ਹਨ, ਪਰ ਜੇ ਵਿਅੰਗ ਕਮਜ਼ੋਰ ਹੋਵੇ, ਤਾਂ ਲੋਕ ਵਿਅੰਗ ਸੁਣਾਉਣ ਵਾਲੇ ਦਾ ਸਿਰ ਧੁਣਨ ਲਗ ਪੈਂਦੇ ਹਨ।

ਇਸ ਪੁਸਤਕ ਵਿਚ ਪਾਠਕ ਕਈ ਥਾਵਾਂ ਤੇ ਭੁਲੇਖੇ ਵਿਚ ਪੈ ਜਾਵੇਗਾ, ਤੇ ਵਿਅੰਗ ਦੀ ਅਸਲੀ ਚੋਟ ਸਮਝਣ ਤੋਂ ਅਸਮਰਥ ਰਹੇਗਾ। ਇਹ ਉਦੋਂ ਹੋਵੇਗਾ, ਜਦੋਂ ਪਾਠਕ ਇਕ ਪੜ੍ਹੇ ਲਿਖੇ ਵਿਅਕਤੀ ਦਾ ਰੋਲ ਛਡ ਕੇ ਸਿਆਸੀ, ਸਮਾਜੀ, ਤੇ ਦੂਜੀਆਂ ਘਟਨਾਵਾਂ ਤੋਂ ਅਣਜਾਣ ਹੋਵੇਗਾ। ਤਦ ਹੀ ਆਖਿਆ ਗਿਆ ਹੈ, ਕਿ ਵਿਅੰਗ ਸਭਿਅਕ ਸਮਾਜ ਦੀ ਚੀਜ਼ ਹੈ।

ਮਿਸਾਲ ਵਜੋਂ “ਕੋਟ ਜਨਮ ਕਾ ਭੁਲਾ" - ਬਾਰੇ ਇਸ ਦੀ ਪ੍ਰਿਸ਼ਟਭੂਮੀ ਜਾਨਣ ਦੀ ਲੋੜ ਹੈ। "ਮੰਦਾ ਹੈ ਹਰ ਦਲ ਕਾ" ਵਿਚ ਅਕਾਲੀ ਵਜ਼ਾਰਤ ਦੇ ਟੁੱਟਣ ਤੇ ਉਸ ਦੀ ਅਧੋਗਤੀ ਦਾ ਜ਼ਿਕਰ ਹੈ। ਕਿਤੇ ਦਿੱਲੀ ਦੇ ਗੁਰਦਵਾਰਾ ਐਕਟ ਵਿਚ ਉਸ ਧਾਰਾ ਬਾਰੇ ਗਲ ਕੀਤੀ ਗਈ ਹੈ, ਜਿਸ ਵਿਚ ਦਸਵੀਂ ਪਾਸ ਜਾਂ ਗਿਆਨੀ ਪਾਸ ਹੀ ਅਹੁਦੇਦਾਰੀ ਦੇ ਯੋਗ ਹੋਣ ਦਾ ਫ਼ਤਵਾ ਹੈ, ਕਿਤੇ ਕਾਮਰਾਜ ਦੀ ਚੜ੍ਹਦੀ ਕਲਾ ਦਾ ਸਮਾਂ ਹੈ, ਤੇ ਕਿਤੇ ਮੁਰਾਰ ਜੀ ਦੀ ਢਹਿੰਦੀ ਕਲਾ ਦੇ ਸਮੇਂ ਦਾ ਜ਼ਿਕਰ ਹੈ। ਕਿਤੇ ਪੰਜਾਬ ਵਿਚ ਗਵਰਨਰੀ ਰਾਜ ਸਮੇਂ ਫੜੇ ਵਪਾਰੀਆਂ ਨੂੰ ਹੱਥਕੜੀਆਂ ਲਗਾ ਕੇ ਲੈ ਜਾਣ ਸਮੇਂ, ਉਨ੍ਹਾਂ ਦੇ ਰੁਮਾਲਾਂ ਨਾਲ ਢੱਕੇ ਹੋਏ ਚਿਹਰਿਆਂ ਨੂੰ ਨੰਗਾ ਕੀਤਾ ਗਿਆ ਹੈ, ਤੇ ਕਿਤੇ ਅਕਾਲੀ ਦਲ ਵਿਚ ਸੂਦ ਖ਼ੋਰਾਂ ਤੇ ਸਮਗਲਰਾਂ ਦੀ ਭਰਮਾਰ ਨੂੰ, ਕਿਤੇ ਸੰਤ ਸਦਾਉਣ ਵਾਲੇ ਭੇਖੀ ਸਾਧਾਂ ਦੀ ਚਰਚਾ ਹੈ, ਤੇ ਕਿਤੇ ਸਿੱਖ ਕੌਮ ਦੀ ਨਿਰਬਲਤਾ ਦੀ।

ਇਸ ਤਰ੍ਹਾਂ ਇਸ ਪੁਸਤਕ ਵਿਚ ਸਮੁੱਚੇ ਸਮਾਜਕ ਢਾਂਚੇ ਦੀਆਂ ਊਣਤਾਈਆਂ, ਵਿਖਾਵੇ, ਭ੍ਰਿਸ਼ਟਾਚਾਰ, ਮਾਨਸਿਕ ਮੰਦਹਾਲੀ, ਖ਼ੁਦਗਰਜ਼ੀ, ਧੋਖੇ, ਫਰੇਬ, ਦਲਿੱਦਰ, ਰਾਜਨੀਤਕ ਤੇ ਸਮਾਜਕ ਮਜਬੂਰੀਆਂ ਆਦਿ ਦੀ ਚਰਚਾ ਹੈ ਹੈ। ਸਰਮਾਏਦਾਰੀ ਦੀ ਪੀਡੀ ਪਕੜ ਤੋਂ ਪੈਦਾ ਹੋਏ ਧਾਰਮਿਕ, ਰਾਜਨੀਤਕ, ਭਾਈਚਾਰਕ, ਤੇ ਕਿਸੇ ਹੱਦ ਤਕ ਸਾਹਿਤਕ ਤੇ ਸਭਿਆਚਾਰਕ ਸੰਕਟ ਦਾ ਜ਼ਿਕਰ ਹੈ।

ਵਿਅੰਗ ਦੀ ਕੋਈ ਟੂਕ ਕਿਸੇ ਭਾਸ਼ਣ, ਕਿਸੇ ਗੱਲ ਬਾਤ, ਕਿਸੇ ਮੌਕੇ ਲਈ ਸਹਾਰਾ ਬਣ ਜਾਏ, ਤਾਂ ਉਸ ਨੂੰ ਸਫਲ ਵਿਅੰਗ ਸਮਝਿਆ ਜਾਵੇਗਾ। ਇਕ ਮਿੱਤਰ ਨੇ ਦਸਿਆ, ਕਿ ਉਸ ਨੇ ਆਪਣੀ ਭਰਜਾਈ ਨੂੰ ਕਿਹਾ ਕਿ "ਭਾਬੀ, ਅੱਜ ਤਾਂ ਦੁੱਧ ਦੀ ਖੀਰ ਖੁਆ ਦੇ।" ਭਰਜਾਈ ਨੇ ਚੋਟ ਕੀਤੀ, “ਤੇਰੀ ਜ਼ਾਤ ਦਿਆਂ ਨੂੰ ਪਚਦੀ ਨਹੀਂ !" ਇਸ ਵਿਚ ਦਿਉਰ ਤੇ ਭਰਜਾਈ ਦੋਵੇਂ ਖੀਰ ਤੇ ਕੁੱਤੇ ਵਾਲੇ ਅਖਾਣ ਤੋਂ ਜਾਣੂੰ ਸਨ। ਪਰ ਇਹ ਹਾਸ ਰਸ ਹੈ। ਵਿਅੰਗ ਦਾ ਨਸ਼ਤਰ ਇਸ ਤੋਂ ਤੇਜ਼ ਹੁੰਦਾ ਹੈ :

ਗਲੀ ਦੇ ਕੁੱਤੇ ਦੀ ਅੱਖ ਸ਼ਰਮਾ ਗਈ।
ਦਲ ਬਦਲੂਆਂ ਦੀ ਜਾਂ ਟੋਲੀ ਆ ਗਈ।

'ਨਾਥ'


ਕੌਣ ਕਰੇ ਦਿਲਜੋਈ, ਵੇ ਰਾਮਾ

ਕੌਣ ਕਰੇ ਦਿਲਜੋਈ, ਵੇ ਰਾਮਾ, ਕੌਣ ਕਰੇ ਦਿਲਜੋਈ ? ਔਹ ਜਿਹੜਾ ਆਟੇ 'ਚ ਕੰਕਰ ਪੀਸੇ, ਉਸਦਾ ਨਾ ਮਹਿਰਮ ਕੋਈ, ਵੇ ਰਾਮਾ, ਕੌਣ ਕਰੇ ਦਿਲਜੋਈ ? ਔਹ ਜਿਹੜਾ ਦੁੱਧ ਵਿਚ ਪਾਣੀ ਪਾਉਂਦਾ, ਉਸ ਦੀਆਂ ਜਾਣੇ ਸੋਈ, ਵੇ ਰਾਮਾ, ਕੌਣ ਕਰੇ ਦਿਲਜੋਈ ? ਔਹ ਜਿਹੜਾ ਕਣਕ ਬਲੈਕਾਂ 'ਚ ਵੇਚੇ, ਸਾਂਮੀ ਉਹ ਖਰੀ ਨਰੋਈ, ਵੇ ਰਾਮਾ, ਕੌਣ ਕਰੇ ਦਿਲਜੋਈ ? ਘਟੀਆ ਕਵੀ ਸਰਕਾਰੀ ਬਣ ਗਏ, ਵਧੀਆ ਨੂੰ ਕਿਧਰੇ ਨਾ ਢੋਈ, ਵੇ ਰਾਮਾ, ਕੌਣ ਕਰੇ ਦਿਲਜੋਈ ? ਦੇਖ ਕੇ ਕੁਰਪਸ਼ਨ ਕਾਂਗਰਸੀਆਂ ਦੀ, ਜਿੰਦ ਵੈਰਾਗਣ ਹੋਈ, ਵੇ ਰਾਮਾ, ਕੌਣ ਕਰੇ ਦਿਲਜੋਈ ? ਸੋਹਣੀ ਜ਼ਨਾਨੀ, ਤੇ ਕੁਰਸੀ ਨੂੰ ਤੱਕ ਕੇ, ਕਿਸ ਦੀ ਰਾਲ੍ਹ ਨਾ ਚੋਈ, ਵੇ ਰਾਮਾ, ਕੌਣ ਕਰੇ ਦਿਲਜੋਈ ? ਡੀ. ਆਈ. ਆਰ, ਲੁਆ ਕੇ “ਨਾਥਾ" ਮੈਨੂੰ ਯੋਗ ਕੀਤੋਈ, ਵੇ ਰਾਮਾ, ਕੌਣ ਕਰੇ ਦਿਲਜੋਈ ?

ਕੋਟ ਜਨਮ ਕਾ ਭੂਲਾ

ਕੋਟ ਜਨਮ ਕਾ ਭੂਲਾ ਮਾਧੋ ਆਇਆ ਸ਼ਰਨ ਤਿਹਾਰੀ। ਤੁਮ ਭੀ ਦਰਜੀ, ਹਮ ਭੀ ਦਰਜੀ, ਦੂਖ ਹਰੋ ਗਿਰਧਾਰੀ। ਕੋਟ ਜਨਮ ਕਾ ਅਪਰਾਧੀ ਹੂੰ, ਦੁਖਿਆਰਾ, ਹਤਿਆਰਾ। ਘੋਰ ਤਪੱਸਿਆ ਕੀਨੀ ਠਾਕਰ, ਪਾਇਆ ਤੋਰਿ ਦੁਆਰਾ। ਮੋਹਿ ਬਤਾ ਦੋ ਗੋਲਕ ਕੋ ਤੁਮ ਕੈਸੇ ਕੈਂਚੀ ਮਾਰੀ ? ਤੁਮ ਭੀ ਦਰਜੀ, ਹਮ ਭੀ ਦਰਜੀ, ਦੂਖ ਹਰੋ ਗਿਰਧਾਰੀ। ਪੰਥ ਰਤਨ ਭੀ ਛਾਡਾ ਠਾਕਰ, ਫ਼ਤਹਿ ਸਿੰਘ ਭੀ ਛਾਡਾ, ਸੀਸ ਗੰਜ ਨਾ ਛਾਡਾ ਜਾਏ, ਗੁਰ ਗੋਲਕ ਚਿਤ ਲਾਗਾ। ਹਮਰੀ ਭੀ ਪੱਤੀ ਰਾਖ ਦਿਆਲਾ, ਚਿੰਤਾ ਲਾਹੁ ਹਮਾਰੀ। ਕੋਟ ਜਨਮ ਕਾ ਭੂਲਾ ਮਾਧੋ, ਆਇਆ ਸ਼ਰਨ ਤਿਹਾਰੀ। ਤੁਮ ਭੀ ਮੂਰਖ, ਮੈਂ ਭੀ ਮੂਰਖ, ਦੋ ਮੂਰਖ ਮਿਲ ਜਾਏਂ। ਮੂਰਖ ਕੌਮ ਹਮਾਰੀ, ਇਸ ਕੋ ਮੂਰਖ ਅਉਰ ਬਨਾਏਂ। ਤੁਮ ਨੇ ਕਾਰ ਬਨਾ ਲੀ, ਮੇਰੀ ਖ਼ਤਮ ਕਰੋ ਬੇ-ਕਾਰੀ। ਤੁਮ ਭੀ ਦਰਜੀ, ਹਮ ਭੀ ਦਰਜੀ, ਦੂਖ ਹਰੋ ਗਿਰਧਾਰੀ। ਸੱਚ ਕਹੂੰ, ਸੁਨ ਮੀਤ ਹਮਾਰੇ, ਬਾਤ ਸੁਨਾਊਂ ਸਾਰੀ। ਮੁਝ ਪਾਪੀ ਪਰ ਦੁਨੀਆਂ ਸਾਰੀ ਕੋ ਹੈ ਬੇਇਤਬਾਰੀ। ਬਾਂਹਿ ਪਕੜ ਕਰ ਟੂਟੀ ਗਾਂਢੋ, ਸਦ ਬਲ ਹਉਂ ਬਲਿਹਾਰੀ। ਕੋਟ ਜਨਮ ਕਾ ਭੂਲਾ ਮਾਧੋ, ਆਇਆ ਸ਼ਰਨ ਤਿਹਾਰੀ ॥ ਤੁਮ ਭੀ ਦਰਜੀ, ਹਮ ਭੀ ਦਰਜੀ, ਦੂਖ ਹਰੋ ਗਿਰਧਾਰੀ

ਬਿਨੰਤੀ

ਏਕ ਅਕਾਲੀ ਕਰੇ ਬਿਨੰਤੀ, "ਹੇ ਗੁਰਦੇਵ ਹਮਾਰੋ ਹਮ ਕੋ ਦਸਵੀਂ ਪਾਸ ਬਨਾ ਦੋ, ਮੈਂ ਹੂੰ ਦਾਸ ਤੁਮਾਰੋ। ਬਨਾ ਥਾ ਹਮ ਪਰ ਕੇਸ ਗ਼ਬਨ ਕਾ, ਅਰੁ ਗੋਲਕ ਖਾਨੇ ਕਾ, ਤੁਮ ਨੇ ਬਾਹੁੜੀ ਕੀ ਥੀ ਹਮਰੀ, ਅਬ ਤੁਮ ਫੇਰ ਉਬਾਰੋ। ਤੀਨ ਸਾਲ ਪਹਿਲੀ ਮੇਂ ਪੜ੍ਹ ਕਰ ਛੋੜ ਦੀਆ ਮਦਰੱਸਾ, ਫਿਰ ਹਮ ਗੋਲਕ-ਸੇਵ ਕਮਾਈ, ਬੈਂਕ ਭਰਾ, ਬਲਿਹਾਰੋ। ਨਾ ਅੰਗਰੇਜ਼ੀ, ਨਾ ਇਕਨਾਮਿਕ, ਨਾ ਹਿਸਾਬ ਹਉਂ ਪੜ੍ਹਿਆ ਬਾਂਹਿ ਪਕੜ ਕਰ ਤਾਰੋ ਪ੍ਰਭ ਜੀ, ਅਵਗੁਣ ਨਾਂਹਿ ਵਿਚਾਰੋ ! ਸਰਟੀਫਿਟਕ ਬਖ਼ਸ਼ ਪ੍ਰਭ ਮੇਰੇ ਕਿ ਮੈਟ੍ਰਿਕ, ਕਿ ਗਿਆਨੀ, ਚੋਣ ਜੀਤ ਕਰ ਬਨੂੰ ਸਕੱਤਰ, ਸ਼ੱਤਰੂ ਪਕੜ ਸਿੰਘਾਰੋ।"

ਧਰ ਰਗੜਾ

ਜੇ ਗੋਲਕ ਖਾਂਦੇ ਪ੍ਰਾਣੀ ਨੂੰ ਕੋਈ ਊਜਾਂ ਲਾਏ — ਧਰ ਰਗੜਾ। ਜੇ ਊਜਾਂ ਲਾਉਂਦੇ ਪ੍ਰਾਣੀ ਦਾ ਕੋਈ ਸਾਥ ਨਿਭਾਏ — ਧਰ ਰਗੜਾ। ਜੇ ਸੰਤ ਕਹਾਏ, ਹੈਂਕੜ ਦੱਸੇ, ਚੜ੍ਹੇ ਕਾਰ ਦੋ-ਲੱਖੀ 'ਤੇ, ਲੱਖਾਂ ਜੋੜੇ, ਮਾਇਆਧਾਰੀ ਸੱਪ ਬਣ ਜਾਏ — ਧਰ ਰਗੜਾ। ਜੇ ਚੰਗਾ ਖਾਵੇ, ਮੰਦਾ ਬੋਲੇ, ਕਰੇ ਕੁਸੰਗਤ ਚੋਰਾਂ ਦੀ, ਦਾਅ ਲਗੇ ਤਾਂ ਚੌਰ ਫੜੇ, ਤਾਬਿ ਬਹਿ ਜਾਏ — ਧਰ ਰਗੜਾ। ਜੋ ਟੈਰ ਬਲੈਕ ਕਰੇ, ਕੋਈ ਦਮੜੇ ਚਾਰ ਕਮਾ ਲਏ, ਉਹ ਜਾਣੇ, ਜੇ ਓਸੇ ਪੈਸੇ ਨਾਲ ਗੁਰੂ ਦਾ ਭਗਤ ਸਦਾਏ — ਧਰ ਰਗੜਾ। ਪਾ ਚਿੱਟੇ ਵਸਤਰ, ਜੀ ਜੀ ਆਖੋ, ਵਿਚੋਂ ਘਾਊਂ-ਘੱਪ ਬਣੋ, ਜਦੋਂ 'ਨਾਥ' ਜੀ ਮੱਛੀ ਅਪਣੇ ਪੰਜੇ ਆਏ — ਧਰ ਰਗੜਾ।

ਸੰਤ ਪੰਥ ਕੋ ਠਗਤਿ ਹੈਂ

ਸੰਤ ਪੰਥ ਕੋ ਠਗਤਿ ਹੈਂ, ਕਾਢਤ ਫਿਰੇਂ ਜਲੂਸ। ਚੂਤੜ ਰਾਖ ਜਮਾਇ ਕੇ ਛਿਪ ਛਿਪ ਪੀਵੇਂ ਜੂਸ। ਛਿਪ ਛਿਪ ਪੀਵੇਂ ਜੂਸ, ਖਾਤ ਮੁਰਗ਼ਨ ਪਰਸਾਦਾ। ਚੜ੍ਹੇਂ ਲਾਖ ਕੀ ਕਾਰ, ਮਗਰ ਜੀਵਨ ਹੈ ਸਾਦਾ। ਕਹੇ "ਨਾਥ" ਦੋ ਹਾਥ, ਤੁਮ੍ਹੇਂ ਇਕ ਭੇਦ ਬਤਾਏਂ ? ਗੁਰੂ ਗੋਲਕ ਕੇ ਸੰਗ ਪ੍ਰੀਤ ਨਿੱਤ ਨਿੱਤ ਬੜ੍ਹਾਏਂ। ******** ਸੰਤ ਪੰਥ ਕੋ ਠਗਤਿ ਹੈਂ, ਸੰਤਨ ਠਗੇ ਨਾ ਕੋਇ। ਜੋ ਸੰਤਨ ਕੋ ਠਗਤਿ ਹੈਂ, ਲੋਕ ਸੁਹੇਲਾ ਹੋਇ। ਲੋਕ ਸੁਹੇਲਾ ਹੋਇ, ਪਾਰਲੀਮੈਂਟ ਮੇਂ ਜਾਵੇ। ਇਹਾਂ ਉਹਾਂ ਸੇ ਲਾਖ ਅਲਾਟੇਂ ਰੋਜ਼ ਕਰਾਵੇ। ਕਹੇ "ਨਾਥ" ਹਰ ਥਾਨ ਤਿਸੇ ਮੈਂਬਰ ਵੀ ਲੇਵੇਂ। ਫ਼ਤਹਿ ਬੁਲਾਵੇਂ ਜੋੜ ਹਾਥ, ਆਸਣ ਵੀ ਦੇਵੇਂ।

ਕੁਝ ਨਾ ਕਹੋ ਵਜ਼ੀਰਾਂ ਨੂੰ

ਖਾਂਦੇ ਨੇ, ਤਾਂ ਮਿੱਟੀ ਪਾਓ, ਕੁਝ ਨਾ ਕਹੋ ਵਜ਼ੀਰਾਂ ਨੂੰ। ਦਾਅ ਲਗੇ ਤਾਂ ਆਪੂੰ ਖਾਓ, ਕੁਝ ਨਾ ਕਹੋ ਵਜ਼ੀਰਾਂ ਨੂੰ। ਮੰਦਾ ਚੰਗਾ ਜੋ ਕੁਝ ਕਹਿਣਾ, ਜਾ ਕੇ ਆਖੋ ਸੰਤਾਂ ਨੂੰ, ਉਹਨਾਂ ਦੇ ਸਿਰ ਕੁਝ ਵੀ ਪਾਓ, ਕੁਝ ਨਾ ਕਹੋ ਵਜ਼ੀਰਾਂ ਨੂੰ। ਕੀ ਹੋਇਆ ਜੇ ਪੈਸੇ ਲੈ ਲਏ, ਕੰਮ ਤੁਹਾਡਾ ਕੀਤਾ ਏ, ਇਕ ਅਧ ਚਾਨਸ ਹੋਰ ਦਿਵਾਓ, ਕੁਝ ਨਾ ਕਹੋ ਵਜ਼ੀਰਾਂ ਨੂੰ। ਕੱਲ੍ਹ ਤੁਸਾਂ ਵੀ "ਸੇਵਾ ਕਰਨੀ" ਬਹਿ ਕੇ ਏਸੇ ਕੁਰਸੀ 'ਤੇ, ਕੁਰਸੀ ਹੇਠਾਂ ਧੂਫ ਧੁਖਾਓ, ਕੁਝ ਨਾ ਕਹੋ ਵਜ਼ੀਰਾਂ ਨੂੰ। ਥਾਣੇ ਵਿਚ ਵੀ ਰਖੋ ਯਾਰੀ, ਹੱਥ ਵਿਚ ਰਖੋ ਗੁੰਡਿਆਂ ਨੂੰ, ਭਲਿਆਂ ਨੂੰ ਛਿੱਤਰ ਖੜਕਾਓ, ਕੁਝ ਨਾ ਕਹੋ ਵਜ਼ੀਰਾਂ ਨੂੰ। ਲੁੱਟ ਦੀ ਗੰਗਾ ਵਹੇ "ਨਾਥ ਜੀ" ਹਮ ਵੀ ਟੁੱਭੀ ਲਾ ਲਈਏ, ਤੁਮ ਵੀ ਅਪਣਾ “ਮਾਲ” ਬਣਾਓ, ਕੁਝ ਨਾ ਕਹੋ ਵਜ਼ੀਰਾਂ ਨੂੰ। ਮੋਟਾ ਮੋਟਾ ਖੱਦਰ ਪਾਓ, ਦੁੰਬੇ ਵਾਂਗ ਸਰੀਰ ਰਹੇ, ਕੁੱਤੇ ਵਾਂਗੂ ਪੂਛ ਹਿਲਾਓ, ਕੁਝ ਨਾ ਕਹੋ ਵਜ਼ੀਰਾਂ ਨੂੰ। ਜ਼ਿੰਦਗੀ ਦਾ ਹੈ ਕੀ ਭਰਵਾਸਾ, ਖਾਓ, ਪੀਓ, ਮੌਜ ਕਰੋ, ਮੰਡਲ ਦੇ ਆਗੂ ਅਖਵਾਓ, ਕੁਝ ਨਾ ਕਹੋ ਵਜ਼ੀਰਾਂ ਨੂੰ। “ਨਾਥਾ” ਚੋਣਾਂ ਆ ਰਹੀਆਂ ਨੇ, ਥੋੜਾ ਥੋੜਾ ਲਿਫ ਕੇ ਰਹੁ, ਸਾਰੇ ਬੱਚੇ ਤਾਲੀ ਲਾਓ, ਕੁਝ ਨਾ ਕਹੋ ਵਜ਼ੀਰਾਂ ਨੂੰ।

ਹਮਾਰੀ ਭੀ ਜੈ ਜੈ !

ਤੁਮ ਨੇ ਕਹਾ ਲੁਧਿਹਾਨੇ ਮੇਂ ਜਾ ਕਰ ਕਿ ਸਿਖ ਬੇਵਫ਼ਾ ਹੈਂ – ਤੁਮਾਰੀ ਭੀ ਜੈ ਜੈ। ਹਮ ਨੇ ਸੁਨਾ ਬੇਸ਼ਰਮ ਹੋ ਕੇ ਸਭ ਕੁਛ ਕਿ ਹਮ ਬੇਹਿਯਾ ਹੈਂ – ਹਮਾਰੀ ਭੀ ਜੈ ਜੈ। ਤੁਮ ਨੇ ਹਮਾਰੇ ਅਕਾਲੀ ਖ਼ਰੀਦੇ ਵਜ਼ਾਰਤ ਕੋ ਤੋੜਾ - ਤੁਮਾਰੀ ਭੀ ਜੈ ਜੈ। ਹਮਨੇ ਭੀ ਇਕ ਮੋਰਚਾ ਛੇੜ ਕਰ — ਤੇਰਾ ਪੀਛਾ ਨਾ ਛੋੜਾ — ਹਮਾਰੀ ਭੀ ਜੈ ਜੈ। ਤੁਮ ਨੇ ਭੀ ਦਿੱਲੀ ਕੇ ਗੁਰਧਾਮ ਪਰ ਕੁਛ ਮਛੰਦਰ ਬਿਠਾਏ— ਤੁਮਾਰੀ ਭੀ ਜੈ ਜੈ। ਹਮਾਰੇ ਭੀ ਜਗਜੀਤ ਸਿੰਘ ਨੇ ਤੁਮਾਰੇ – ਹੈਂ ਛੱਕੇ ਛੁੜਾਏ — ਹਮਾਰੀ ਭੀ ਜੈ ਜੈ। ਤੁਮ ਨੇ ਹਮਾਰੇ ਵਜ਼ੀਰੋਂ ਪਹਿ 'ਦਵੇ' ਕਮਿਸ਼ਨ ਬਿਠਾਇਆ – ਤੁਮਾਰੀ ਭੀ ਜੈ ਜੈ। ਹਮ ਨੇ ਬਾਈਕਾਟ ਕਾ ਏਕ ਤਕੜਾ ਅੜੰਗਾ ਲਗਾਇਆ - ਹਮਾਰੀ ਭੀ ਜੈ ਜੈ। ਹੈਂ ਜਬ ਤਕ ਤੇਰੇ ਸਾਥ ‘ਜੱਗੂ’ ਹਰੀਜਨ ਹਰੇ ਰਾਮ ਕੋਈ — ਤੁਮਾਰੀ ਭੀ ਜੈ ਜੈ। ਬਨੇ 'ਨਾਥ' ਹੈਂ ਗੁਰਦਵਾਰੋਂ ਕੇ ਜਬ ਤਕ ਹੈ ਕੌਮ ਅਪਨੀ ਸੋਈ — ਹਮਾਰੀ ਭੀ ਜੈ ਜੈ।

ਪੋਲੀਟੀਕਲ ਜਿੰਦੂਆ

ਜਿੰਦ ਮਾਹੀ ਬਾਜਰੇ ਦਾ ਸਿੱਟਾ ਫੜ ਲੈ ਕਾਮਰਾਜ ਦਾ ਗਿੱਟਾ ਪਾ ਲੈ ਖੱਦਰ ਚਿੱਟਾ ਚਿੱਟਾ ਲੈ ਲਾ ਕਾਰ, ਤੇ ਛਡ ਲੰਮਬਰੇਟਾ ਬਣ ਜਾ ਇੰਦਰਾ ਜੀ ਦਾ ਬੇਟਾ ਕਿ ਇਕ ਪਲ ਬਹੀ ਜਾਣਾ ਮੇਰੇ ਚੰਦਾ। ਕਿ ਤੇਰਾ ਚਮਕ ਪਵੇਗਾ ਧੰਦਾ। ਕਿ ਇਕ ਪਲ ਬਹੀ ਜਾਣਾ ਮੇਰੇ ਕੋਲ। ਨਾ ਜਿੰਦੜੀ ਨੌਕਰੀਆਂ ਵਿਚ ਰੋਲ ! ਜਿੰਦੂਆ ਨਾ ਜਾਵੀਂ ਪੰਜਾਬ ਉਥੇ ਲੀਡਰ ਬੜੇ ਖ਼ਰਾਬ ਹਰ ਕੋਈ ਚੀਫ਼ ਮਨਿਸਟਰ ਸ੍ਹਾਬ ਤੂੰ ਨਹੀਂ ਝੱਲਣੀ ਉਨ੍ਹਾਂ ਦੀ ਦਾਬ ਕਿ ਇਕ ਪਲ ਬਹੀ ਜਾਣਾ ਮੇਰੇ ਮੱਖਣਾ। ਉਨ੍ਹਾਂ ਨੇ ਜੁੱਤੀ ਥੱਲੇ ਰੱਖਣਾ। ਕਿ ਇਕ ਪਲ ਬਹੀ ਜਾਣਾ ਮੇਰੇ ਕੋਲ। ਨਾ ਜਿੰਦੜੀ ਸੇਵਾ ਦੇ ਵਿਚ ਰੋਲ। ਜਿੰਦੂਆ ਮਿੱਲ ਅਲਾਟ ਕਰਾ ਲੈ ਨਹੀਂ ਤਾਂ ਪਰਮਿਟ ਕੋਈ ਬਣਵਾ ਲੈ ਕੋਈ ਮਨਿਸਟਰ ਨਾਲ ਰਲਾ ਲੈ ਬਣ ਪ੍ਰਧਾਨ, ਤੇ ਸਭਾ ਸਜਾ ਲੈ ਕਿ ਇਕ ਪਲ ਬਹੀ ਜਾਣਾ ਮੇਰੇ ਵੱਸਣਾ। ਕਿ ਤੈਨੂੰ ਭੇਤ ਦਿਲੇ ਦਾ ਦੱਸਣਾ। ਕਿ ਇਕ ਪਲ ਬਹੀ ਜਾਣਾ ਮੇਰੇ ਕੋਲ। ਕਿ ਛਡ ਦਲੀਲਾਂ, ਬਟੂਆ ਖੋਲ੍ਹ। ਜਿੰਦੂ ਮਾਹੀ ਕਿਧਰੇ ਨਾ ਜਾਵੀਂ ਹਾਲੀ ਸੁੰਘਦੇ ਫਿਰਦੇ ਨੇ ਬਾਹਰ ਅਕਾਲੀ ਮਾਰਨ ਸੋਟਾ, ਕੱਢਣ ਗਾਲੀ ਚਾਹੁੰਦੇ ਗੋਲਕ ਵਿਚ ਭਿਆਲੀ ਇਕ ਪਲ ਬਹੀ ਜਾਣਾ ਸੇਵਾਦਾਰਾ। ਕਿ ਘਰ ਨੂੰ ਸਮਝੀਂ ਗੁਰੂਦਵਾਰਾ। ਕਿ ਇਕ ਪਲ ਬਹੀ ਜਾਣਾ ਮੇਰੇ ਕੋਲ। ਨਾ ਮਿੰਬਰੀ ਗੱਲੀਂ ਬਾਤੀਂ ਟੋਲ। ਜਿੰਦੂਆ ਤੂੰ ਮੈਂ ਮਾਲ ਬਣਾਈਏ ਕਿ ਪਹਿਲਾਂ ਅਕਾਲੀ ਦੱਲ ਸਜਾਈਏ ਕਿ ਵਿਚ ਅਖ਼ਬਾਰ ਬਿਆਨ ਛਪਾਈਏ ਕਿ ਲਾਗੇ ਗੋਲਕ ਦੇ ਬਹਿ ਜਾਈਏ ਕਿ ਇਕ ਪਲ ਬਹਿ ਜਾਈਏ ਮੇਰੇ ਚੰਦਾ ਕਿ ਸਾਡਾ ਚਮਕ ਪਵੇਗਾ ਧੰਦਾ।

ਟਿਕਟਾਂ ਦੀ ਵੰਡ ਕਾਣੀ ਵੇ ਰਾਮਾ !

ਟਿਕਟਾਂ ਦੀ ਵੰਡ ਕਾਣੀ ਵੇ ਰਾਮਾ, ਟਿਕਟਾਂ ਦੀ ਵੰਡ ਕਾਣੀ। ਇਕਨਾਂ ਨੂੰ ਮਿਲਦੇ ਖੜੇ ਖੜੋਤੇ, ਇਕਨਾਂ ਦੀ ਔਧ ਵਿਹਾਣੀ, ਵੇ ਰਾਮਾ, ਟਿਕਟਾਂ ਦੀ ਵੰਡ ਕਾਣੀ। ਇਕਨਾਂ ਨੂੰ ਮਿਲਦੇ ਦੱਮਾਂ ਦੇ ਬਦਲੇ ਇਕਨਾਂ ਨੂੰ ਜ਼ੋਰ ਧਿਗਾਣੀਂ, ਵੇ ਰਾਮਾ, ਟਿਕਟਾਂ ਦੀ ਵੰਡ ਕਾਣੀ। ਇਕਨਾਂ ਨੂੰ ਮਿਲਦੇ ਪਿਛਲੇ ਬੂਹਿਓਂ, ਇਕਨਾਂ ਨੂੰ ਖਿੜਕੀ ਥਾਣੀਂ, ਵੇ ਰਾਮਾ, ਟਿਕਟਾਂ ਦੀ ਵੰਡ ਕਾਣੀ। ਸਿਨਮੇ 'ਚ ਪਹਿਲਾਂ ਗੁੰਡਿਆਂ ਨੂੰ ਮਿਲਦੇ, ਫੇਰ ਸ਼ਰੀਫ਼ਾਂ ਤਾਣੀਂ। ਵੇ ਰਾਮਾ, ਟਿਕਟਾਂ ਦੀ ਵੰਡ ਕਾਣੀ। ਕਾਂਗਰਸ ਵਿਚ ਪੈਸੇ ਵਾਲਿਆਂ ਨੂੰ ਮਿਲਦੇ ਗਾਂਧੀ ਦੇ ਭਗਤਾਂ ਨੂੰ ਜਾਣੀ, ਵੇ ਰਾਮਾ, ਟਿਕਟਾਂ ਦੀ ਵੰਡ ਕਾਣੀ ! ਸੁਰਗਾਂ ਦੇ ਟਿਕਟ ਸ਼ਰੀਫ਼ਾਂ ਨੂੰ ਪਹਿਲਾਂ ਲੁੱਚਿਆਂ ਦੀ ਉਮਰ ਵਡਾਣੀ, ਵੇ ਰਾਮਾ, ਟਿਕਟਾਂ ਦੀ ਵੰਡ ਕਾਣੀ। ਢੋ ਢੋ ਬੰਦੇ ਕਰਨ ਸਿਫਾਰਸ਼ ਹਾਈ ਕਮਾਂਡ ਨੂੰ ਸਾਰੇ, ਇਕਨਾਂ ਦਾ ਪਾਸਾ ਸਿੱਧਾ ਪੈਂਦਾ, ਇਕਨਾਂ ਦੀ ਉਲਟ ਕਹਾਣੀ। ਵੇ ਰਾਮਾ, ਟਿਕਟਾਂ ਦੀ ਵੰਡ ਕਾਣੀ। ਜ਼ਿੰਦਗੀ ਭਰ ਕਈ ਖੱਦਰ ਪਾਉਂਦੇ, ਕਈ ਦਿਨ ਦੇ ਦਿਨ ਪਾਉਂਦੇ, ਪਰ ਜਿਸ ਦਿਨ ਉਹ ਖੱਦਰ ਪਾਉਂਦੇ ਸ਼ਕਲ ਨਾ ਜਾਏ ਪਛਾਣੀ। ਵੇ ਰਾਮਾ, ਟਿਕਟਾਂ ਦੀ ਵੰਡ ਕਾਣੀ। 'ਨਾਥ' ਅਨਾਥ ਰਹੇ ਵੇਚਾਰਾ ਬਾਂਹ ਨਾ ਪਕੜੇ ਕੋਈ, ਮਾਇਆਧਾਰੀ ਦੇ ਸਭ ਬਰਦੇ ਕੀ ਚੂਹੜਾ, ਪੰਡਤਾਣੀ। ਵੇ ਰਾਮਾ, ਟਿਕਟਾਂ ਦੀ ਵੰਡ ਕਾਣੀ।

ਮੌਜ-ਮੇਲਾ

ਦਲ ਤੇਰਾ ਸਭ ਲੇਟ ਗਿਆ, ਰਛਪਾਲ ਸਿਆਂ ਸਰਦਾਰਾਂ। ਪਰ ਤੇਰਾ ਭਰ ਪੇਟ ਗਿਆ, ਰਛਪਾਲ ਸਿਆਂ ਸਰਦਾਰਾਂ। ਅੱਠ ਵਰਕਰ ਤੂੰ ਵੇਚ ਲਏ, ਪਰ ਇਹ ਤਾਂ ਦਸ ਛਡ ਸਾਨੂੰ, ਫ਼ੀ ਬੰਦਾ ਕਿਸ ਰੇਟ ਗਿਆ, ਰਛਪਾਲ ਸਿਆਂ ਸਰਦਾਰਾ ? ਸ਼ਾਬਾਸ਼ੇ ਭਈ, ਕਾਂਗਰਸ ਤੋਂ ਲੈ ਕੇ ਚੋਖਾ ਨਾਵਾਂ, ਅਪਣਾ ਨਾਵਾਂ ਮੇਟ ਲਿਆ, ਰਛਪਾਲ ਸਿਆਂ ਸਰਦਾਰਾ। ਸਾਧ ਸੰਗਤ ਨੇ ਢਾਹ ਕੇ ਤੇਰਾ ਖ਼ੂਬ ਸਵਾਗਤ ਕਰਨਾ, ਜੇ ਤੂੰ ਇੰਡੀਆ ਗੇਟ ਗਿਆ, ਰਛਪਾਲ ਸਿਆਂ ਸਰਦਾਰਾ। ਧਰਮ ਰਾਜ ਨੇ ਕੁਰਸੀ ਤੇਰੀ ਨਾਰਦ ਨੂੰ ਦੇ ਦੇਣੀ, ਜੇ ਤੂੰ ਓਥੇ ਲੇਟ ਗਿਆ, ਰਛਪਾਲ ਸਿਆਂ ਸਰਦਾਰਾ। ********* ਲੋਕ-ਰਾਜ ਨੂੰ ਆਖਦੇ ਲੋਕ ਅਲੌਕਿਕ ਰਾਜ। ਚਲੇ ਸਿਫ਼ਾਰਸ਼ ਘੂਸ ਜਬ, ਤਬ ਬਨਤੇ ਹੈਂ ਕਾਜ। ਤਬ ਬਨਤੇ ਹੈਂ ਕਾਜ, ਰਾਜ ਮਹਾਰਾਜ ਚਲਾਏਂ। ਲੋਕ-ਭਲਾਈ ਹੇਤ ਲੋਕ ਪਰ ਲੱਠ ਬਰਸਾਏਂ। ਕਹੇ "ਨਾਥ" ਜਨ ਊਪਰ ਰਾਜ ਕਰਤ ਡੰਡਾ। ਲੋਕ-ਰਾਜ ਕੇ ਨਾਮ ਚਲੇ ਹੈ ਹਲਵਾ ਮੰਡਾ।

ਮਾੜਾ ਕਰ ਛਡਿਆ

ਬੁਰਾ ਕਰ ਛੱਡਿਆ, ਭਈ ਮਾੜਾ ਕਰ ਛੱਡਿਆ । ਇੰਦਰਾ ਨੇ ਸਭ ਦਾ ਕਵਾੜਾ ਕਰ ਛਡਿਆ । ਗ਼ਰੀਬੀ ਨੂੰ ਹਟਾਉਣ ਦੀ ਹੈ ਪਹਿਲੀ ਖੇਪ ਆ ਗਈ, ਖਾਣ, ਪੀਣ, ਰਹਿਣ, ਮਹਿੰਗਾ ਭਾੜਾ ਕਰ ਛੱਡਿਆ । ਉਹੀ ਫ਼ੈਜ਼ ਪਾਉਣਗੇ, ਭਈ ਯਾਦ ਜਿਨ੍ਹਾਂ ਜਿਨ੍ਹਾਂ ਨੇ - ਇੰਦਰਾ ਦੇ ਨਾਮ ਦਾ ਪਹਾੜਾ ਕਰ ਛਡਿਆ । ਸਾਂਭਣੇ ਨੇ ਗੁਰੂ ਦੇ ਦੁਆਰੇ, ਏਸੇ ਵਾਸਤੇ- ਕਈਆਂ ਨੇ ਤਾਂ ਫੁੱਟ ਫੁੱਟ ਦਾੜ੍ਹਾ ਕਰ ਛੱਡਿਆ । ਰਾਜ ਕਵੀ ਫ਼ੌਜੀਆਂ ਦੇ ਹੌਸਲੇ ਵਧਾਉਂਦਾ ਸੀ, ਚੱਲੀ ਜਦੋਂ ਤੋਪ, ਉਹਨੇ ਝਾੜਾ ਕਰ ਛਡਿਆ ।

ਹਮ ਨੇ ਕੀਆ ਮੁਜ਼ਾਹਰਾ

ਬਹੁਤ ਕਰੀ ਚਤੁਰਾਈ ਹਮ ਨੇ, ਜ਼ੋਰ ਬਥੇਰਾ ਮਾਰਾ । ਓਵਰਟੈਮ ਪਰ ਸੇਵਾਦਾਰ ਲਗਾ ਕਰ ਕੀਆ ਮੁਜ਼ਾਹਰਾ । ਲੇਬਰ ਭਈ ਹਰਾਮੀ, ਮਾਟੋ ਚੂਕੇ ਨਹੀਂ ਹਮਾਰਾ । ‘ਪੰਥਕ ਵਰਕਰ ਵੇਤਨ ਮਾਂਗੇਂ', ਅਉਰ ਕਿਰਾਇਆ ਭਾਰਾ । ਪਾਂਚ ਰੁਪਏ ਕਾ ਨਾਹਰਾ ਲਾਵੇਂ, ਦਸ ਦਸ ਕਾ ਜੈਕਾਰਾ । ਨਾਕ ਚੜਾ ਕਰ, ਸੌ ਪਰ ਕਹਿਤੇ ਜ਼ਿੰਦਾਬਾਦ ਹਮਾਰਾ । ਪੈਸੇ ਪਾਛੇ ਨਾਚ ਜਮੂਰਾ, ਪਾ ਨੀਲਾ ਦਸਤਾਰਾ । ਨਾਂਹ ਦੇਵੇਂ ਤੋਂ ਸੀਸ ਫੁਟਾਏਂ, ਫ਼ੇਲ੍ਹ ਡਰਾਮਾ ਸਾਰਾ । ਹਮ ਨੇ ਗੁਰ-ਗੋਲਕ ਸੇ ਕਾਢਾ, ਚੁਪਕੇ ਚੁਪਕੇ ਪਾਰਾ । ਇਸ ਕੋ ਦੀਨਾ, ਉਸ ਕੋ ਦੀਨਾ, ਅਉਰ ਲੁਟਾਇਆ ਸਾਰਾ । ਜਿਸ ਕੋ ਦੀਨਾ ਵਹੀ ਕਮੀਨਾ, ਛਾਡਾ ਸਾਥ ਹਮਾਰਾ । ਮਹਿੰਗੇ ਭਾਓ ਟੱਟੂ ਕੀਨੇ, ਦੀਆ ਕਿਰਾਇਆ ਭਾੜਾ । ਲੋੜ ਪੜੀ ਤੋ ਦੁਮ ਦਬਾ ਕਰ ਭਾਗ ਗਿਆ ਵੱਗ ਸਾਰਾ । ਜਾਤੇ ਜਾਤੇ, ਹੱਟਾ ਕੱਟਾ ਇਕ ਟੱਟੂ ਦੁਖਿਆਰਾ - ਕਾਂਪ ਰਹੀ ਥੀਂ ਟਾਂਗੇਂ ਜਿਸ ਕੀ, ਮੁਝ ਸੇ ਬੋਲਾ - ‘ਯਾਰਾ- ਯਿਹ ਤੋ ਸੱਚ ਹੈ, ਹਮ ਨੇ ਅਬ ਤਕ, ਖਾਇਆ ਮਾਲ ਤੁਮ੍ਹਾਰਾ - (ਪਰ) ਚੂਤੜ ਕੌਣ ਕੁਟਾਏ, ਆਗੇ ਹੋ ਕਰ ਜੱਥੇਦਾਰਾ ?

ਹਮ ਨੈਂ ਕੇਹ ਦੇਗੀ ?

(ਜਾਟ-ਭਾਸ਼ਾ ਦੀ ਗ਼ਜ਼ਲ) ਤਨੈਂ ਵੋਟ ਦੇਣ ਨੈਂ ਆਏ ਹੈਂ, ਤੂ ਮਾਈ ਹਮ ਨੈਂ ਕੇਹ ਦੇਗੀ ? ਤਨੈਂ ਵੱਛਾ ਸਾਰੀ ਨੈਂ ਚੂੰਘੇਗਾ, ਤੂ ਗਾਈ ਹਮ ਨੈਂ ਕੇਹ ਦੇਗੀ ? ਜਿਸ ਕਾਂਗਰਸ ਨੇ ਬੀਸ ਸਾਲ ਮੈਂ ਬਾਤੋਂ ਪਹਿ ਹਮ ਨੈਂ ਟਾਲ ਦੀਆ, ਵੋਹ ਆਵਣ ਵਾਲੇ ਬੀਸ ਸਾਲ ਮੈਂ, ਭਾਈ ਹਮ ਨੈਂ ਕੇਹ ਦੇਗੀ ? ਹਮ ਪੂਛੇ ਹੈਂ ਜਗਜੀਵਨ ਸੇ, ਹਮ ਪੂਛੇਂ ਇੰਦਰਾ ਗਾਂਧੀ ਸੇ, ਤੂ ਤਾਊਂ ਹਮਨੈਂ ਕੇਹ ਦੇਗਾ ? ਤੂ ਤਾਈ ਹਮ ਨੈਂ ਕੇਹ ਦੇਗੀ ? ਹਮ ਹਿੰਦੂ ਹੈਂ, ਹਮ ਖੱਤਰੀ ਹੈਂ, ਹਮ ਊਚ ਜਾਤ ਕੇ ਬ੍ਰਾਹਮਣ ਹੈਂ, ਅਰੇ ਯਾਰ ਬਾਜਪਈ ਯਿਹ ਤੋ ਬਤਾ, ਪੰਡਤਾਈ ਹਮ ਨੈਂ ਕੇਹ ਦੇਗੀ ? ਤੁਮ ਕੌਮਨਿਸ਼ਟ, ਵੋਹ ਕਾਂਗਰਸੀ, ਨਾ ਬਾਤ ਮਿਲੇ, ਨਾ ਆਦਰਸ਼ ਮਿਲੇ, ਗਠਜੋੜ ‘ਨਾਥ' ਸੇ ਕਰਤੇ ਹੋ, ਯਿਹ 'ਟਾਈ' ਹਮ ਨੈਂ ਕੇਹ ਦੇਗੀ ?

ਆਜ਼ਾਦ ਉਮੀਦਵਾਰ ਦਾ ਪਰੋਗਰਾਮ

ਕਾਮਯਾਬ ਜੇ ਹੋ ਗਿਆ ਮੈਂ । ਭੰਨ ਲਵਾਂਗਾ ਅਪਣੀ ਟੈਂ । ਸਾਦੇ ਸਾਦੇ ਕਪੜੇ ਪਾਊਂ । ਪੈਦਲ ਆਊਂ, ਪੈਦਲ ਜਾਊਂ । ਮਿੱਠਾ ਬੋਲੂੰ, ਸੀਸ ਨਿਵਾਊਂ । ਭ੍ਰਿਸ਼ਟਾਚਾਰ ਦਾ ਪਤਾ ਲਗਾਊਂ । ਕਿਸ ਕਰਕੇ ਕੋਈ ਰਿਸ਼ਵਤ ਦਿੰਦਾ । ਰੁੱਖਾ ਕਿੱਦਾ ਹੁੰਦਾ ਥਿੰਦਾ । ਥਾਣੇਦਾਰ ਦਾ ਹਿੱਸਾ ਕਿੰਨਾ । ਹਿੱਸੇਦਾਰ ਦਾ ਹਿੱਸਾ ਕਿੰਨਾ । ਕਿੰਨਾ ਮਿਲੇ ਵਜ਼ੀਰਾਂ ਤਾਈਂ । ਕਿੰਨਾ ਮਿਲੇ ਮਸ਼ੀਰਾਂ ਤਾਈਂ । ਇਹ ਸਾਰਾ ਕੁਝ ਕਰਕੇ ਯਾਦ । ਫੇਰ ਕਰਾਂਗਾ ਇੱਕ ਜਹਾਦ । ਥਾਣੇਦਾਰ ਨੂੰ ਆਖ ਦਿਆਂਗਾ । ਭ੍ਰਿਸ਼ਟਾਚਾਰ ਨੂੰ ਆਖ ਦਿਆਂਗਾ । ਮੰਤ੍ਰੀ ਨੂੰ ਵੀ ਆਖ ਦਿਆਂਗਾ । ਸੰਤ੍ਰੀ ਨੂੰ ਵੀ ਆਖ ਦਿਆਂਗਾ । ਮੈਂ ਲੱਗਾ ਜੇ ਰੌਲਾ ਪਾਵਣ । ਮੈਂ ਲੱਗਾ ਜੇ ਸ਼ੋਰ ਮਚਾਵਣ । ਨਹੀਂ ਤੋਂ ਕੱਢ ਦਿਉ ਦਸਵੰਧ । ਨਹੀਂ ਤਾਂ ਕਰ ਦਊਂ ਚੌੜ ਚੁਬੰਧ । ਜਨਤਾ ਲੁੱਟ ਲੁਟ ਖਾਂਦੇ ਪਏ ਓ ? 'ਸੇਵਕ' ਨੂੰ ਤਰਸਾਂਦੇ ਪਏ ਓ ? ਜਨਤਕ ਸੇਵਕ ਜਾਗ ਪਏ ਨੇ । ਹਿੱਸਾ ਲੇਵਕ ਜਾਗ ਪਏ ਨੇ । ਕੱਲੇ ਲੁੱਟ ਮਚਾ ਨਹੀਂ ਸਕਦੇ । ਧਨ ਪਬਲਿਕ ਦਾ ਖਾ ਨਹੀਂ ਸਕਦੇ । ਪਬਲਿਕ ਦਾ ਮੈਂ ਪਬਲਿਕ ਮੈਨ । ਬਾਕੀ ਸਾਰੇ ਐਨ ਤੇ ਗ਼ੈਨ । ਮੈਂ ਪਾ ਦੇਵਾਂਗਾ ਤਰਥੱਲੀ । ਜਨਤਾ ਨੂੰ ਨਾ ਸਮਝਿਓ ਕੱਲੀ । 'ਸੇਵਕ' ਨਾ ਉੱਠੇ, ਨਾ ਉੱਠੇ । ਜੇ ਉੱਠੇ, ਤਾਂ ਕਰ ਦਏ ਪੁੱਠੇ ।

ਉਮੀਦਵਾਰ ਦਾ ਸਵਾਗਤ

ਆਇਆ ਚਿਰਾਂ ਤੋਂ ਬਾਦ ਹੈ ਉਮੀਦਵਾਰ ਹੱਥ । ਓ ਵੋਟ...ਦਾਤਿਆ ਦਈਂ ਇਹਨੂੰ ਦੋ ਚਾਰ ਹੱਥ । ਵੋਟਾਂ ਦਾ ਲਾਹ ਤਾਂ ਖੱਟ ਲਿਆ ਕੈਂਡੀਡੇਟ ਨੇ, ਓ ਪੇਡ ਵਰਕਰਾ ਰਤਾ ਝੱਬੇ ਤੂੰ ਮਾਰ ਹੱਥ । ਖ਼ਰਚਣ ਨੂੰ ਇਕ ਹੱਥ, ਪਰ ਉਹ ਵੀ ਹੈ ਸੂਮ ਸੂਮ, ਲੁੱਟਣ ਨੂੰ ਸਖੀ ਸਖੀ, ਤੇਜ਼ ਤੇਜ਼, ਚਾਰ ਹੱਥ । ਹਾਰੇ ਹੋਏ ਨੇ ਸਾਂਭਦੇ ਕਪੜੇ ਦੇ ਬੋਰਡ ਵੀ, ਜਿੱਤੇ ਹੋਏ ਨਾ ਮੋੜਦੇ ਦਿੱਤਾ ਉਧਾਰ ਹੱਥ । ਕਈਆਂ ਨੇ ਲੈਣੀ ਜਿੱਤ ਕੇ ਵੀ ਮੈਂਬਰੀ ਨਿਰੀ, ਕਈਆਂ ਦੇ ਆਵਣੀ ਏਂ ਝੰਡੀ ਵਾਲੀ ਕਾਰ ਹੱਥ । 'ਨਾਥਾ' ਇਲੈਕਸ਼ਨਾਂ 'ਚ ਕਾਮਯਾਬ ਹੋਏਂਗਾ, ਰਖ ਗਾਉਣ ਵਾਲੀਆਂ, ਤੇ ਕੋਈ ਸ਼ੈਰ ਸ਼ਾਰ ਹੱਥ ।

ਭੂਲ ਸੁਫਨੇ ਭੀ ਨ ਜੱਈਓ

ਭਰੀ ਗੋਲਕੇਂ ਛੋੜ ਕਰ ਸੰਤ ਚਲੇ ਪਰਦੇਸ । ਦੇਖ ਨਿਕਦਰੀ ਆਪਣੀ ਲੱਗੀ ਰਿਦੇ ਮੇਂ ਠੇਸ । ਲਗੀ ਰਿਦੇ ਮੇਂ ਠੇਸ ਡਾਲ ਮੋਢੇ ਪਰ ਭੂਰਾ - ਸਵਾ ਲਾਖ ਕੀ ਕਾਰ ਚੜ੍ਹਾ ਵਚਨੋਂ ਕਾ ਪੂਰਾ । ਕਹੇ 'ਨਾਥ' ਬਲਿਹਾਰ, ਸੋਈ ਜਨ ਸੰਤ ਕਹਾਏ - ਜੋ ਜਨ ਮਾਲ ਬਨਾਏ, ਔਰ ਚੁਪਕੇ ਤੁਰ ਜਾਏ । ***** ਕਹਾ ਕਿਸੀ ਨੇ ਠੀਕ, ਕਾਮ ਕੋ ਹਾਥ ਨਾ ਲੱਈਓ । ਗੁਰ ਗੋਲਕ ਸੰਗ ਮੀਤ, ਪ੍ਰੀਤ ਤੁਮ ਨਿੱਤ ਬੱੜ੍ਹਈਓ । ਨਿੱਤ ਬੜ੍ਹਾਈਓ ਪ੍ਰੀਤ, ਰਾਤ ਦਿਨ ਤਾਕ ਮੇਂ ਰਹੀਓ । ਦੋ ਸ਼ਿਫ਼ਟੋਂ ਮੇਂ ਜੋੜੇ ਝਾੜੀਓ, ਸੀ ਨਾ ਕਹੀਓ । ਕਹੇ ‘ਨਾਥ' ਇਕ ਰੋਜ਼ ਸੰਭਲ ਕਰ ‘ਸੇਫ' ਕੱਮੀਓ । ਫਿਰ ਤੁਮ ਗੁਰੂਦੁਆਰਿ ਭੂਲ ਸੁਫ਼ਨੇ ਭੀ ਨਾ ਜੱਈਓ ।

ਵਜ਼ੀਰਾਂ ਦਾ ਗੀਤ

ਨਵੇਂ ਆ ਗਏ ਪਤੰਦਰ । ਪੁਰਾਣੇ ਗੁੰਡੇ ਅੰਦਰ । ਖੱਦਰ ਪਾਉਣ ਮਛੰਦਰ । ਦਮਾ ਦਮ ਮਸਤ ਕਲੰਦਰ । ਚਲੇ ਵੱਢੀ ਦਾ ਲਹਿੰਗਾ । ਟਰੈਕਟਰ ਕਰ ਦਿਓ ਮਹਿੰਗਾ । ਕਿ ਅੰਨ ਦਾ ਸੰਕਟ ਹੈਂਗਾ । ਦਮਾ ਦਮ ਮਸਤ ਕਲੰਦਰ । ਜਪੋ ਜਨਤਾ ਦੀ ਮਾਲਾ । ਕਰੋ ਸਭ ਘਾਲਾ ਮਾਲਾ । ਵਗੇ ਓਥੇ ਪਰਨਾਲਾ । ਦਮਾ ਦਮ ਮਸਤ ਕਲੰਦਰ । ਚਲੋ ਕਰੀਏ ਤਕਰੀਰਾਂ । ਨਗਨ ਕਰੀਏ ਤਸਵੀਰਾਂ । ਕਿਹਾ ਖਦਰੀਲੇ ਪੀਰਾਂ । ਦਮਾ ਦਮ ਮਸਤ ਕਲੰਦਰ । ਹਰਿਕ ਥਾਂ ਹਿੱਸੇਦਾਰੀ । ਚਲੇ ਸਰਮਾਇਆਦਾਰੀ । ਵਧੇ ਜੀ ਚੋਰ ਬਜ਼ਾਰੀ । ਦਮਾ ਦਮ ਮਸਤ ਕਲੰਦਰ । ਉਠੇ ਪਿੰਡੇ ਤੇ ਦੱਦਰ । ਨਾ ਲਾਹੋ ਤਾਂ ਵੀ ਖੱਦਰ । ਕਰੋ ਦਿਨ ਰਾਤ ਉਪੱਦਰ । ਦਮਾ ਦਮ ਮਸਤ ਕਲੰਦਰ ।

ਪੂਜੋ ਪੇਟੀਕੋਟ

ਛਡੋ ਧੋਤੀ, ਟੋਪੀਆਂ, ਤਜੋ ਤਜੋ ਲੰਗੋਟ । ਘਰ ਕੀ ਜੋਰੂ ਸੇ ਡਰੋ, ਪੂਜੋ ਪੇਟੀਕੋਟ । ਪੂਜੋ ਪੇਟੀਕੋਟ ਸੁਵੱਖਤੇ ਘਰ ਕੋ ਜਾਓ । ਸਬਜ਼ੀ ਛੀਲੋ, ਦੂਧ ਦੁਹੋ, ਅਉਰ ਮੱਨ ਪਕਾਉ । ਘਰ ਕਾ ਕਾਮ ਸੰਭਾਲੋ, ਹੈਂ ਜੋਰੂ ਕੇ ਠਾਟਨ । ਉਪਲੇ ਥਾਪੇਂ 'ਨਾਥ', ਕਰੇਂ ਜੋਰੂ ਉਦਘਾਟਨ । ****** ਕੀਨੇ ਯਤਨ ਮੁਰਾਰ ਜੀ, ਛੀਨ ਨਾ ਸਕਿਓ ਰਾਜ । ਕਾਮਰਾਜ, ਬਨ ਟਕਰਿਓ, ਜਗ ਜੀਵਨ ਯਮਰਾਜ । ਜੀਵਨ ਸੰਗ ਯਮਰਾਜ ਭਏ ਹੈਂ, ਪ੍ਰਾਂਤ ਮਨਿਸਟਰ । ਰਹੇ ਡੋਲਤੇ ਗੁਜਰਾਤੀ, ਭਰ ਨੋਟ ਕਨਸਤਰ । ਕਹੇ 'ਨਾਥ' ਗੁਜਰਾਤ ਅਤੇ ਮੈਸੂਰ ਨਿਰਾਸਾ । ਚਿੜੀਆਂ ਦੀ ਹੋ ਗਈ ਮੌਤ, ਗੁਆਰਾ ਪਾਇਐ ਹਾਸਾ ।

ਪੋਲੀਟੀਕਲ ਕੁੰਡਲੀਆ

ਕਹੋ ‘ਨਾਥ' ਜੀ ਜੈਪੁਰ ਭੀਤਰ ਜਾ ਕਰ ਤੁਮ ਕਿਆ ਲਾਏ ? ਕਾਲੇ ਦੇਵ ਕਾ ਭਾਸ਼ਨ ਸੁਨ ਕਰ ਕਿਸ ਨੇ ਹਾਥ ਉਠਾਏ ? ਕਿਸ ਨੇ ਹਾਥ ਉਠਾਏ, ਕਿਸ ਨੇ ਸਿਰ ਨੀਚਾ ਕਰ ਡਾਲਾ ? ਕਿਸ ਨੇ ਕਹਾ, ਕਿ ਡੂਬ ਮਰੇਂ ਹੰਮ, ਭੂਕਾ ਹੈ ਕੇਰਾਲਾ ! ਕਹੇ ‘ਨਾਥ' ਭੂਕੇ ਹੈਂ ਭੂਕੇ, ਅਉਰ ਨੰਗੇ ਹੈਂ ਨੰਗੇ । ਕਾਮਰਾਜ ਨੇ ਕਰੀ ਘੋਸ਼ਨਾ, "ਹੰਮ ਹੈਂ ਸਭ ਸ਼ੇ ਚੰਗੇ।" ਸੋਸ਼ਲਿਜ਼ਮ ਹੈ ਹਮ ਕੋ ਲਿਆਨਾ, ਬਾਤ ਕਰੇਂਗੇ ਨਿਆਰੀ । ਸੋਸ਼ਲਿਜ਼ਮ ਪਕੜੇਗਾ ਉਂਗਲੀ, ਸਿਰ ਸਰਮਾਏਦਾਰੀ । ਸਿਰ ਸਰਮਾਏਦਾਰੀ ਹੰਮ ਚੂਕੇਂ ਛਿੱਤਰ । ਸਾਥ ਸੋਏਂਗੇ ਅਉਰ ਬਚਾ ਰਖੇਂਗੇ ਚਿੱਤਰ । ਕਹੇ 'ਨਾਥ' ਜਬ ਹਾਥ ਲਗੇਂਗੇ ਹਮਰੇ ਭਾਰੀ । ਘੱਗੀ ਮਾਫਕ ਤੜਫੇਗੀ ਤਬ ਜਨਤਾ ਸਾਰੀ।

ਪੋਲੀਟੀਕਲ ਗ਼ਜ਼ਲ

ਤੇਰੀ ਮਹਿਫ਼ਲ ਵਿਚ ਅਪੋਜ਼ੀਸ਼ਨ ਦੇ ਬੰਚ - ਵੱਜਦੇ ਨੇ, ਤੂੰ ਜਦੋਂ ਚੜ੍ਹਦਾ ਏਂ ਮੰਚ । ਖੁਲ੍ਹੇ ਖੁਲ੍ਹੇ ਕੱਪੜੇ ਖੱਦਰ ਦੇ ਪਾ, ਤੂੰ ਅਸਾਡਾ ਦਿਲ ਲੁਭਾਉਣਾ ਕੀ ਮਾਂਅੰਚੁ । ਅੰਨ੍ਹੀ ਬਹੁਗਿਣਤੀ, ਸਪੀਕਰ ਆਪਣਾ, ਤੂੰ ਕਿਉਂ ਸਾਡੀ ਫ਼ਿਕਰ ਕਰਨੀ ਏਂ ਰੰਚ । ਡੰਨ ਭਰਨਾ ਹੈ ਅਸਾਂ ਪਿੰਡ ਰਹਿਣ ਦਾ, ਪੰਚ ਤੇਰੇ ਆਪਣੇ, ਤੂੰ ਆਪ ਪੰਚ । ਵਿਜ਼ਿਟਰਾਂ ਦੀ ਗੈਲਰੀ ਵਿਚ ਬਾਤ ਸੁਣ, ਮੰਤ੍ਰੀ-ਪਦ ਤੋਂ ਰਤਾ ਹੋ ਕੇ ਅਟੰਚ । ਦੂਤੀਆਂ ਦੇ ਡਿਨਰ ਖਾਵਣ ਵਾਲਿਆ, ਨਾਲ ਆਪਾਂ ਦੇ ਵੀ ਅਜ ਹੋ ਜਾਏ ਲੰਚ । ਟਿਕਟ ਦੇਹ ਮੈਨੂੰ ਵੀ ਆਪਣਾ ਐਤਕਾਂ, ਨਿਕਲ ਜਾਏ ਦਿਲ ਦਾ ਇਹ ਅਰਮਾਂ ਬਹਿੰਚੁ ।

ਕੁੰਡਲੀਆ

ਬੱਦਲੀ ਕੁੱਲ ਕਟੇਟਜੀ, ਬਦਲੇ ਸਿਪਾਹ ਸਲਾਰ ! ਬਦਮਾਸ਼ ਬਣੇ ਪ੍ਰਧਾਨ ਪੰਥ ਦੇ, ਸੰਤ ਬਣੇ "ਗ਼ੱਦਾਰ" ! ਸੰਤ ਬਣੇ ਗ਼ੱਦਾਰ, ਜਾ ਲੁਕੇ ਉਤਲੀ ਛੱਤੇ । ਸੇਵਾਦਾਰ ਬਚਾਇਓਨ ਸੰਤਨ ਕੇ ਛੱਤੇ ! ਕਹੇ 'ਨਾਥ' ਇਹ ਵੇਚ ਵੇਚ ਨਿੱਤ ਖਾਵਣ ਪੰਥ ! ਗੁਰ ਕੀ ਦੇਹ ਨਾ ਮੰਨਦੇ, ਇਹ ਗੁਰੂ ਗਰੰਥ ! ਗੁੰਡੇ ਆਖਣ ਸੰਤ ਜੀ, ਤੁਸਾਂ ਉਡਾਈ ਖੇਹ ! ਸੌਦਾ ਨਕਦੋ ਨਕਦ ਹੈ, ਇਸ ਹੱਥ ਲੈ, ਇਸ ਦੇਹ ! ਇਸ ਹੱਥ ਦੇਹ ਤੂੰ ਸੰਤ ਜੀ, ਪੰਥੀ ਪ੍ਰਧਾਨੀ ! ਕੁੰਜੀਆਂ ਗੋਲਕ ਸੰਦੀਆਂ ਤੇ ਹੁਕਮਰਾਨੀ ! ਕਹੇ 'ਨਾਥ' ਹਾਂ, ਦੇਖ ਦਲਾਂ ਦੀ ਦਲਦਲ ਹੋਈ ! ਪੰਥਕ ਲਲ ਨਾ ਲੱਭਿਆਂ ਅਜ ਲੱਭਦਾ ਕੋਈ !

ਪੋਲੀਟੀਕਲ ਦੋਹੇ

ਪਾੜ ਪਟੋਲਾ ਧਜ ਕਰੀ, ਲੀਨਾ ਖੱਦਰ ਧਾਰ । ਕੈਸ਼, ਬਣਾਇਆ ਬੰਗਲਾ, ਔਰ ਬਨਾਈ ਕਾਰ । ਲੜੇ ਇਲੈਕਸ਼ਨ ਸੂਰਮਾ, ਜਾਂ ਕੋਈ ਠੇਕੇਦਾਰ । ਕਵਰਿੰਗ ਕੈਂਡੀਡੇਟ ਹੈ, ਬਾਕੀ ਕੁਲ ਸੰਸਾਰ । ਛਾਡਾ ਨਕਦ ਨਰੈਣ ਕੋ, ਕੀਨਾ ਬਹੁਤ ਤਿਆਗ । ਅਜੇ ਮਨਿਸਟਰੀ ਨਾ ਮਿਲੀ, ਦੇਖ ਵਰਕਰ ਕੇ ਭਾਗ । ਕਰੇਂ ਬਲੈਕ ਬੇਓੜਕੀ, ਖਾਵੇਂ ਮਾਲ ਹਰਾਮ । ਜੋ ਪੁਰਾਣੀ ਇਸ ਵਿਧ ਚਲੇਂ, ਤਿਨ ਕੇ ਸੰਵਰੇਂ ਕਾਮ । ਕਹੋ ਬੁਰਾ ਸਰਕਾਰ ਕੋ, ਜਨਤਾ ਰਾਖੋ ਸਾਥ । ਬਨੋ ਵਜ਼ੀਰ, ਤੋ ਚੁੱਪ ਰਹੋ, ਰਖ ਕਾਨੋਂ ਪਰ ਹਾਥ । ਮਾਲਵੀਆ, ਕੈਰੋਂ ਗਏ, ਔਰ ਬਖ਼ਸ਼ੀ, ਪਟਨੈਕ । ਤੇਲੂ ਅਗੇ ਔਕੜਾਂ, ਭਲੀ ਮਾਰਿਓ ਬੈਕ ।

ਕਾਂਗਰਸ ਦਾ ਮੈਨੀਫ਼ੈਸਟੋ

ਸੁਣ ਲਓ ਜੀ ਕੰਨ ਖੋਹਲ ਕੇ, ਭੁੱਖੇ ਮਰਦੇ ਅੱਜ । ਪੰਜ ਵਰ੍ਹਿਆਂ ਤੋਂ ਬਾਦ ਇਹ, ਲਗ ਭਗ ਜਾਣੇ ਰੱਜ । ਸੋਸ਼ਲਿਜ਼ਮ ਹੈ ਘੁੰਮ ਰਿਹਾ, ਬੂਹੇ ਰਖੋ ਭੇੜ । ਛਿੱਕ ਕੇ ਨਾ ਇਹ ਲੈ ਜਾਏ, ਰਹੀ ਲੰਗੋਟੀ ਤੇੜ । ਫ਼ਰਕ ਅਮੀਰ ਗ਼ਰੀਬ, ਦਾ ਮੇਟਾਂਗੇ ਸਮਰੱਥ । ਬਾਂਦਰ ਵੰਡ ਹੈ ਪਾਵਣੀ, ਤੱਕੜੀ ਸਾਡੇ ਹੱਥ । ਕਰਜ਼ਾ ਮੰਗਣਾ ਸਭ ਤੋਂ, ਟੋਪੀ ਫੜ ਕੇ ਵੱਤ । ਦੇ ਕੇ, ਮੁੜ ਕੇ ਨਾ ਲਵੀਂ, ਹੈਈ ਤਾਂ ਸਾਹਿਬਾ ਘੱਤ । ਵੋਟ ਕੀਮਤੀ ਭੁੱਖਿਓ, ਕਿਸੇ ਨਾ ਦੇਣਾ ਹੋਰ । ਆਣ ਮੁਲਕ ਵਿਚ ਭਾਅ ਵਧੇ, ਵਧੇ ਵੋਟ ਦੇ ਚੋਰ । ਹਮ ਗਾਂਧੀ ਕੇ ਭਗਤ ਹੈਂ, ਹਮ ਹੈਂ ਲੋਟਨ ਪੀਰ । ਭਗਤ ਜਗਤ ਕੋ ਠਗਤ ਹੈਂ, ਕਹਿ ਗਏ ਦਾਸ ਕਬੀਰ । ਦੇਨਾ ਹੈ ਤੇ 'ਨਾਥ' ਜੀ, ਵੋਟ ਦੀਜੀਓ ਡਾਰ । ਨਹੀਂ ਤੋਂ ਅਪਨੇ ਹਾਥ ਮੇਂ, ਹੈ ਜੁ ਡੀ. ਆਈ. ਆਰ ।

ਨਾਥ ਦੀਆਂ ਸਿੱਠਣੀਆਂ

ਸਾਡੇ ਤਾਂ ਵਿਹੜੇ, ਮੁੱਢ ਮਕੱਈ ਦਾ ਲੀਡਰ ਤਾਂ ਸਾਡਾ, ਖ਼ਾਸ ਬੰਬਈ ਦਾ ਕਹਿਣ ਸੁਨਿਆਰੇ, ਪੁੱਤ ਝਟਕਈ ਦਾ ਦਾਰੂ ਤੋਂ ਹੋੜਦਾ ਏ, ਧੋਤੀ ਬਨ੍ਹਈ ਦਾ ਸੇਠਾਂ ਦਾ ਲਾਡਲਾ ਏ, ਨਾਮ ਨਾ ਲਈ ਦਾ । ਗੱਦੀ ਨੂੰ ਝਾਕਦਾ ਏ ਨਿਤ ਮਤ੍ਰਈ ਦਾ ਇਹ ਗੱਲ ਬਣਨੀ ਨਾ ! ਨਾ ਵੇ ਆਗੂਆ, ਸਾਨੂੰ ਭਰੋਸਾ ਨਾ ! ਲੀਡਰ ਤਾਂ ਸਾਡਾ ਖ਼ਾਸ ਮਦਰਾਸ ਦਾ ਮੋਟਾ ਤੇ ਪਿਲਪਿਲਾ, ਭੈਂਸਾ ਈ ਭਾਸਦਾ ਪਤਾ ਨਹੀਂ ਆਟਾ ਖਾਂਦਾ, ਕਿਹੜੇ ਖ਼ਰਾਸ ਦਾ ਜਾਣੇ ਨਾ ਹਿੰਦੀ, ਐਪਰ ਸਾਦਾ ਲਿਬਾਸ ਦਾ ਜਿਹੜਾ ਨਾ ਜਾਣੇ ਇੰਗਲਿਸ਼, ਲੀਡਰ ਉਹ ਕਾਸ ਦਾ ਇਹ ਗੱਲ ਬਣਦੀ ਨਾ ਨਾ ਵੇ ਲੀਡਰਾ, ਸਾਡੀ ਤਸੱਲੀ ਨਾ ! ਲੀਡਰ ਤਾਂ ਸਾਡਾ ਕੋਈ, ਸਾਡੇ 'ਚੋਂ ਹੋਏਗਾ ਉਹਦੀ ਤਾਂ ਕੋਠੀ ਪਹਿਰਾ ਨਹੀਂ ਖਲੋਏਗਾ ਝੁੱਗੀਆਂ 'ਚ ਲੈਟ ਪਾਉ, ਕਾਲਖਾਂ ਧੋਏਗਾ ਲੋਕਾਂ ਪਿਆਰਿਆਂ ਦੇ ਦੁਖਾਂ 'ਤੇ ਰੋਏਗਾ ਦੱਸੂਗਾ ਚੰਗ ਸਾਡਾ, ਮਾੜ ਲੁਕੋਏਗਾ ਇਹ ਗਲ ਬਣਨੀ ਤਾਂ । ਤਾਂ ਦੇ ਲੀਡਰੋ ਤੁਸੀਂ ਉਡਾਇਓ ਕਾਂ ।

ਕਲਰਕਾ ਖਾ, ਕਲਰਕਾ ਖਾ !

(ਕਲਰਕ ਦਾ ਰੋਜ਼ਨਾਮਚਾ) ਕਲਰਕਾ ਖਾ, ਕਲਰਕਾ ਖਾ ! ਪਹਿਲੀ ਤਰੀਕੇ ਬੱਚਿਆਂ ਨੂੰ ਲੈ ਕੇ ਹੋਟਲ ਦੇ ਵਿਚ ਜਾ । ਕਲਰਕਾ ਖਾ, ਕਲਰਕਾ ਖਾ । ਦੂਜੀ, ਤੀਜੀ, ਚੌਥੀ ਤਰੀਕੇ, ਗੋਭੀ ਦੇ ਪਰਾਉਂਠੇ ਉੜਾ । ਕਲਰਕਾ ਖਾ, ਕਲਰਕਾ ਖਾ ! ਪੰਜਵੀਂ, ਛੇਵੀਂ ਨੂੰ ਬੂਹੇ ਆਏ ਕਰਜ਼ਦਾਰ ਭੁਗਤਾ ! ਕਲਰਕਾ ਖਾ, ਕਲਰਕਾ ਖਾ । ਸਤਵੀਂ ਤਰੀਕੇ ਸੁਪਰ ਬਜ਼ਾਰੋਂ ਡਾਲਡੇ ਦਾ ਡੱਬਾ ਲਿਆ। ਕਲਰਕਾ ਖਾ, ਕਲਰਕਾ ਖਾ । ਅਠਵੀਂ ਤਰੀਕੇ ਪਾਰਕ ਦੇ ਵਿਚ ਬੱਚਿਆਂ ਨੂੰ ਸੈਰ ਕਰਾ । ਕਲਰਕਾ ਖਾ, ਕਲਰਕਾ ਖਾ। ਨੌਵੀਂ, ਤੇ ਦਸਵੀਂ ਸ਼ਾਪਿੰਗ ਦੇ ਲਈ, ਥੈਲਾ ਫੜ ਕੇ ਜਾ । ਕਲਰਕਾ ਖਾ, ਕਲਰਕਾ ਖਾ । ਖ਼ਰਚਾ ਘਟਾਉਣ ਲਈ, ਗਿਆਰ੍ਹਵੀਂ ਤਰੀਕੇ ਵਹੁਟੀ ਨੂੰ ਸਮਝਾ । ਕਲਰਕਾ ਖਾ, ਕਲਰਕਾ ਖਾ । ਬਾਰ੍ਹਵੀਂ ਨੂੰ ਅੰਤਮ ਨੋਟ ਦਸਾਂ ਦਾ ਤੜਕੇ ਉੱਠ, ਤੁੜਾ । ਕਲਰਕਾ ਖਾ, ਕਲਰਕਾਂ ਖਾ ! ਤੇਰ੍ਹਵੀਂ ਤੇ ਚੌਧਵੀਂ ਭਨਘੜ ਲੈ ਕੇ ਦਫ਼ਤਰ ਦੇ ਵਲ ਜਾ । ਕਲਰਕਾ ਖਾ, ਕਲਰਕਾ ਖਾ । ਪੰਦਰਾਂ ਦਿਨ ਤੈਂ ਲੰਘਾ ਲਏ ਸੌਖੇ, ਪੰਦਰਾਂ ਨੂੰ ਖ਼ੁਸ਼ੀ ਮਨਾ । ਕਲਰਕਾ ਖਾ, ਕਲਰਕਾ ਖਾ। ਸੋਲਾਂ, ਸਤਾਰਾਂ ਨੂੰ ਰੁੱਖੀ ਮਿੱਸੀ ਖਾ ਕੇ ਆਪਣਾ ਝੱਟ ਲੰਘਾ । ਕਲਰਕਾ ਖਾ, ਕਲਰਕਾ ਖਾ । ਉਠ ਕੇ ਅਠਾਰਾਂ ਨੂੰ ਅੰਮ੍ਰਿਤ ਵੇਲੇ ਸੌਦਾ ਉਧਾਰ ਲਿਆ । ਕਲਰਕਾ ਖਾ, ਕਲਰਕਾ ਖਾ । ਉਨੀਂ, ਵੀਹ ਨੂੰ ਰੱਦੀ ਵੇਚ ਕੇ ਪੰਕਚਰ ਚਾਰ ਲੁਆ। ਕਲਰਕਾ ਖਾ, ਕਲਰਕਾ ਖਾ ਙ ਇੱਕੀ, ਬਾਈ ਨੂੰ ਮੰਦਰ ਜਾ ਕੇ ਭਜਨ ਗੋਬਿੰਦ ਦੇ ਗਾ । ਕਲਰਕਾ ਖਾ, ਕਲਰਕਾ ਖਾ। ਤੇਈ ਨੂੰ ਰਾਤੀਂ, 'ਪਹਿਲੀ ਕਦ ਆਉਣੈਂ' ਬਹਿ ਕੇ ਹਿਸਾਬ ਲਗਾ । ਕਲਰਕਾ ਖਾ, ਕਲਰਕਾ ਖਾ ! ਪ੍ਰੈੱਸ ਦੀ ਬਜਾਏ, ਸਰ੍ਹਾਣੇ ਹੇਠ ਦੱਬ ਕੇ ਪੈਂਟ ਦੀ ਕਰੀਜ਼ ਬਣਾਂ। ਕਲਰਕਾ ਖਾ, ਕਲਰਕਾ ਖਾ। ਚੌਵ੍ਹੀ ਤਰੀਕੇ ਤੁਰ ਜਾ ਤੜਕੇ ਵਹੁਟੀ ਨਾਲ ਅੱਖ ਨਾ ਮਿਲਾ । ਕਲਰਕਾ ਖਾ, ਕਲਰਕਾ ਖਾ ! ਲੱਖਾਂ ਸਸਤ ਬਜ਼ਾਰ ਵਿਕੈਂਦੇ ਜਾਣੇ ਤੇਰੀ ਬਲਾ । ਕਲਰਕਾ ਖਾ, ਕਲਰਕਾ ਖਾ । ਪੰਝੀ ਵੀ ਲੰਘਾ ਦੇ, ਛੱਬੀ ਵੀ ਲੰਘਾ ਦੇ, ਸਤ੍ਹਾਈਵੀਂ ਵੀ ਭੁੱਖਾ ਲੰਘਾ । ਕਲਰਕਾ ਖਾ, ਕਲਰਕਾ ਖਾ । ਅਠਾਈ, ਉਨੱਤੀ, ਤੀਹ ਦਾ ਵੀ ਨਾਗਾ, ਦੇਸ਼ ਦਾ ਅੰਨ ਬਚਾ । ਕਲਰਕਾ ਖਾ, ਕਲਰਕਾ ਖਾ । ਤੀਹ ਦੀ ਰਾਤ 'ਨਾਥ' ਦੇ ਵਾਂਗੂ ਪਹਿਲੀ ਦਾ ਪਾਲੀਂ ਚਾ ਕਲਰਕਾ ਖਾ, ਕਲਰਕਾ ਖਾ ।

ਨਾਥ ਦੀ ਜੁਗਨੀ

ਜੁਗਨੀ ਚਲੀ ਗਈ ਚੰਡੀਗੜ੍ਹ ਭਾਈ । ਉਹਨੇ ਲਏ ਬਲੈਕੀ ਫੜ ਭਾਈ । ਜਿਹੜੇ ਕਰਦੇ ਸੀ ਗੜ ਬੜ ਭਾਈ । ਉਹਨੇ ਕੜੀਆਂ ਦਿਤੀਆਂ ਜੜ ਭਾਈ । ਉਹਨੂੰ ਸੀ ਕੇਂਦਰ ਦੀ ਤੜ ਭਾਈ - ਓ ਵੀਰ ਮੇਰਿਆ ਉਏ ਸਿਖਰ ਦੁਪਹਿਰਾਂ ਨੂੰ ! ਚੱਲੀ ਜੁਗਨੀ ਦੂਜੇ ਸ਼ਹਿਰਾਂ ਨੂੰ ! ਜੁਗਨੀ ਪਹਿਲਾਂ ਗਈ ਲੁਧਿਹਾਣੇ । ਉਹਨੇ 'ਕੱਠੇ ਕਰਕੇ ਥਾਣੇ — ਆਖਿਆ, ਫੜ ਲਓ ਖੱਦਰ ਪਾਣੇ । ਲੱਭੋ ਇਨ੍ਹਾਂ ਦੇ ਗੁਪਤ ਟਿਕਾਣੇ । ਲਾਵੋ ਕੁੜੀਆਂ, ਮਗਰ ਨਿਆਣੇ — ਓ ਵੀਰ ਮੇਰਿਆ, ਉਹ ਤੁਰੀ, ਜਲੰਧਰ ਨੂੰ ਫਗਵਾੜੇ ਵਿਚੀਂ ਅੰਦਰ ਨੂੰ । ਜੁਗਨੀ ਆਣ ਵੜੀ ਜਾਲੰਧਰ । ਉਹਨੇ ਲਭ ਲਏ ਮਾਇਆ ਮਛੰਦਰ । ਜਿਹੜਾ ਕੁਸਕਿਆ, ਕੀਤਾ ਅੰਦਰ । ਦਿਤਾ 'ਲਾਨ' 'ਖਬਾਰਾਂ' ਅੰਦਰ । ਉਪਰੋਂ ਆਏ ਹੁਕਮ ਪਤੰਦਰ - ਓ ਵੀਰ ਮੇਰਿਆ ਉਏ ਰੋਅਬ ਕਮਾਲਾਂ ਦੇ ! ਘੁੰਡ ਕਢਣ ਵਪਾਰੀ ਰੁਮਾਲਾਂ ਦੇ। ਜੁਗਨੀ ਤੁਰ ਗਈ ਅੰਬਰਸਰ ਨੂੰ । ਸਤਿਗੁਰ ਰਾਮਦਾਸ ਦੇ ਘਰ ਨੂੰ । ਸੱਦ ਬਹਾਇਆ ਡਿਪਟੀ ਨਰ ਨੂੰ । ਰੇਡ ਕਰੋ ਗੰਦੇ ਅਨਸਰ ਨੂੰ । ਪਾ ਲਉ ਲੰਮਿਆਂ ਸਮਗਲਰ ਹਰ ਨੂੰ - ਓ ਵੀਰ ਮੇਰਿਆ ਓ ਜੁਗਨੀ ਦੇ ਚਰਚੇ ਨੇ । ਜੱਸ ਗਾਉਂਦੇ ਸਾਰੇ ਪਰਚੇ ਨੇ । ਬਹਿ ਕੇ ਲੀਡਰ ਕਹਿਣ ਅਪੀਲ ਕਰੋ। ਝਟ ਜੁਗਨੀ ਤਾਈਂ ਤਬਦੀਲ ਕਰੋ । ਚੋਰਾਂ ਦੀਆਂ ਕੜੀਆਂ ਢੀਲ ਕਰੋ । ਨਾ ਲੋਕਾਂ ਦਾ ਰਾਜ ਜ਼ਲੀਲ ਕਰੋ । ਕੋਈ ਸਮਝੌਤੇ ਦੀ ਸਬੀਲ ਕਰੋ — ਓ ਵੀਰ ਮੇਰਿਆ ਉਏ ਜੁਗਨੀ ਡੋਲੇ ਨਾ । ਜੇ 'ਨਾਥ' ਬੁਲਾਏ, ਬੋਲੇ ਨਾ !

ਆਓ ਟੈਕਸ ਚੋਰੋ, ਮਿਲ ਬੈਠੋ !

ਛੋਹ ਲੈਣ ਦੇ ਨਾਜ਼ਕ ਨੋਟਾਂ ਨੂੰ, ਮੰਨਿਆ ਕਿ ਬਲੈਕੀ ਮਾਲ ਹੈ ਇਹ ! ਹਥ ਬੰਨ੍ਹ ਕੇ ਗੁਜ਼ਾਰਿਸ਼ ਕਰਦਾ ਹਾਂ, ਚੁੰਮ ਲੈਣ ਦਿਉ, ਟਕਸਾਲ ਹੈ ਇਹ ! ਜਦ ਭੀੜ ਪਵੇ, ਤਾਂ ਮਿਲ ਬਹਿਣਾ, ਚੋਰਾਂ ਦੀ ਪੁਰਾਣੀ ਆਦਤ ਹੈ, ਆਓ ਟੈਕਸ ਚੋਰੋ ਮਿਲ ਬੈਠੋ, ਸੰਭਲੋ, ਕਿ ਇਲੈਕਸ਼ਨ ਸਾਲ ਹੈ ਇਹ । ਛੋਹ ਲੈਣ ਦੇ ਨਾਜ਼ਕ ਨੋਟਾਂ ਨੂੰ....... ਕੋਈ ਆਪਣਾ ਬੰਦਾ ਕੋਟੇ ਦੀ, ਜੇ ਬਲੈਕ ਕਰੇ, ਤਾਂ ਕਰਨ ਦਿਓ, ਬੁੱਕ ਭਰ ਕੇ ਇਲੈਕਸ਼ਨ ਫ਼ੰਡ ਦੇਊ, ਕਰਦਾ ਜੋ ਇਕੱਤਰ ਮਾਲ ਹੈ ਇਹ । ਹੱਥ ਬੰਨ੍ਹ ਕੇ ਗੁਜ਼ਾਰਿਸ਼ ਕਰਦਾ ਹਾਂ............. ਦੇ ਰਿਸ਼ਵਤ, ਠੇਕੇਦਾਰੀ ਦੇ ਬਿਲ ਪਾਸ ਕਰਾਉਣੇ ਆਉਂਦੇ ਨੇ, ਜੋ ਬੈਠਾ ਹੈ ਬਾਬੂ ਕੁਰਸੀ 'ਤੇ ਡਾਢਾ ਹੀ ਗੁਰੂ ਘੰਟਾਲ ਹੈ ਇਹ। ਹੱਥ ਬੰਨ੍ਹ ਕੇ ਗੁਜ਼ਾਰਿਸ਼ ਕਰਦਾ ਹਾਂ............. ਤੱਕ ਰਿਸ਼ਵਤਖ਼ੋਰੀ ਚਿੱਤ ਕਹਿੰਦੈ, ਛਡ ਜਾਈਏ ਦੁਨੀਆਦਾਰੀ ਨੂੰ, ਆ “ਨਾਥਾ" ਗਾਂਧੀ ਹੋ ਚਲੀਏ, ਪਾ ਅਲਫ਼ੀ, ਲੈ ਖੜਤਾਲ ਹੈ ਇਹ। ਛੋਹ ਲੈਣ ਦੇ ਨਾਜ਼ਕ ਨੋਟਾਂ ਨੂੰ.............

ਤੇਰੇ ਕੀ ਲਗਦੇ ?

ਇਹ ਜੋ ਗੁਪਤ ਗੁਦਾਮਾਂ ਵਾਲੇ, ਤੇਰੇ ਕੀ ਲਗਦੇ ? ਇਹ ਜੋ ਕਰਦੇ ਘਾਲੇ ਮਾਲੇ, ਤੇਰੇ ਕੀ ਲਗਦੇ ? ਹਥੀਂ ਕੜੀਆਂ, ਤੇ ਚਿਹਰੇ ਦੇ ਮਲੂਕ ਲਗਦੇ । ਘੁੰਡ ਕਢ ਕੇ ਰੁਮਾਲਾਂ ਦੇ, ਮਸ਼ੂਕ ਲਗਦੇ । ਦੋ ਸਿਪਾਹੀਆਂ ਦੇ ਵਿਚਾਲੇ, ਤੇਰੇ ਕੀ ਲਗਦੇ ? ਇਹ ਜੋ ਗੁਪਤ ਗੁਦਾਮਾਂ ਵਾਲੇ ਤੇਰੇ ਕੀ ਲਗਦੇ ? ਜਿਹੜੇ ਕਾਰਾਂ ਦੇ ਸਵਾਰ ਸੀ, ਸਵਾਰ ਨਾ ਰਹੇ ! ਪੁਲਸ ਨਾਲ ਜੋ ਪਿਆਰ ਸੀ, ਪਿਆਰ ਨਾ ਰਹੇ ! ਬੰਨ੍ਹ ਬੰਨ੍ਹ ਕੇ, ਬਿਠਾਲੇ ਤੇਰੇ ਕੀ ਲਗਦੇ ? ਇਹ ਜੋ ਕਰਦੇ ਘਾਲੇ ਮਾਲੇ, ਤੇਰੇ ਕੀ ਲਗਦੇ ? ਵੋਟਾਂ ਪਾਉਣ, ਰੁੱਖੀ ਖਾਣ ਵਾਲੇ ਤੈਨੂੰ ਨਾ ਜਚੇ। ਤੇਰੇ ਲਈ ਜੇਲ੍ਹਾਂ ਜਾਣ ਵਾਲੇ ਤੈਨੂੰ ਨਾ ਜਚੇ ! ਕੋਟੇ ਪਰਮਿਟਾਂ ਦੇ ਪਾਲੇ ਤੇਰੇ ਕੀ ਲਗਦੇ ? ਇਹ ਜੋ ਕਰਦੇ ਘਾਲੇ ਮਾਲੇ ਤੇਰੇ ਕੀ ਲਗਦੇ ? ਚੋਣਾਂ ਆਉਣਗੀਆਂ, ਤੇਰਾ ਵੀ ਦੀਦਾਰ ਹੋਵੇਗਾ। ਤੇਰਾ ਚਿੱਟਾ ਚਿੱਟਾ ਖੱਦਰ ਸ਼ਰਮਸਾਰ ਹੋਵੇਗਾ । ਲੋਕਾਂ ਪੁਛਣੈਂ, "ਇਹ ਸਾਲੇ ਤੇਰੇ ਕੀ ਲਗਦੇ ?'' ਇਹ ਜੋ ਗੁਪਤ ਗੁਦਾਮਾਂ ਵਾਲੇ ਤੇਰੇ ਕੀ ਲਗਦੇ ? ਧੰਨਵਾਨਾਂ ਨਾਲ ਹੋ ਕੇ ਮਾਲ ਛਕ ਕਾਂਗਰਸੇ । ਜ਼ਰਾ ਘੁੰਡ 'ਨਾਥ' ਵਲੋਂ ਵੀ ਤੂੰ ਚਕ ਕਾਂਗਰਸੇ । ਜਿਹੜੇ ਹੋਏ ਨੇ ਦੁਆਲੇ ਤੇਰੇ, ਕੀ ਲਗਦੇ ? ਇਹ ਜੋ ਕਰਦੇ ਘਾਲੇ ਮਾਲੇ, ਤੇਰੇ ਕੀ ਲਗਦੇ ?

ਬਲੈਕ ਮਾਰਕੀਟਰਾਂ ਦੀ ਕੱਵਾਲੀ

ਤੇਰੇ ਰਾਜ ਵਿਚ ਸੈਂਕੜੇ ਪੁਆੜੇ, ਕਿ ਦੋ ਦੋ ਖਾਤੇ ਪੈਣ ਰਖਣੇ। ਤੈਨੂੰ ਕਾਮਰਾਜਾ, ਚੁਕਿਆ ਕੰਧਾੜੇ, ਕਿ ਤਾਂ ਵੀ ਸਾਡੀ ਗੱਲ ਨਾ ਬਣੇ। ਘਿਉ ਵਿਚ ਮਸਾਂ ਗਰੀਸ ਰਲਾਈਏ ! ਗਰਮ ਮਸਾਲੇ ਵਿਚ ਲਿੱਦ ਪਾਈਏ ! ਲਖ ਸਰਕਾਰੀ ਭਾੜੇ, ਕਿ ਵਿਚੋਂ ਤੈਨੂੰ ਦੇਈਏ ਥੈਲੀਆਂ ! ਤੇਰੇ ਰਾਜ ਵਿਚ ਸੈਂਕੜੇ ਪੁਆੜੇ, ਕਿ ਦੋ ਦੋ ਖਾਤੇ ਪੈਣ ਰਖਣੇ ! ਘਾਊਂ-ਘੱਪ ਵੀ ਫੜ ਲਏ ਸਾਰੇ । ਫਨੀਅਰ ਸੱਪ ਵੀ ਫੜ ਲਏ ਸਾਰੇ । ਤੂੰ ਫੜ ਫੜ ਜੇਲ੍ਹੀਂ ਤਾੜੇ, ਜਿਨ੍ਹਾਂ ਨੇ ਤੇਰਾ ਨਾਮ ਜਪਿਆ । ਤੇਰੇ ਰਾਜ ਵਿਚ ਸੈਂਕੜੇ ਪੁਆੜੇ, ਕਿ ਭੀੜ ਬਣੀ ਭਗਤਾਂ 'ਤੇ । ਦੇਹ ਜਮਹੂਰੀ ਰਾਜ ਦੁਬਾਰਾ । ਸਾਡਾ ਹੋ ਗਿਆ ਚੌੜ ਚੁਬਾਰਾ । ਅਸੀਂ ਕੱਢਦੇ ਹਾਂ ਰੋ ਰੋ ਹਾੜੇ, ਕਿ ਚੋਣਾਂ ਵਿਚ ਵੋਟ ਲੈ ਲਈਂ ! ਤੇਰੇ ਰਾਜ ਵਿਚ ਸੈਂਕੜੇ ਪੁਆੜੇ, ਕਿ ਗਾਂਧੀ ਦਿਆਂ, ਭਗਤਾਂ ਨੂੰ ! ਫ਼ਰੀਦਕੋਟ ਤੇ ਮੰਡੀ, ਸਮਾਣੇ ! ਬਟਾਲੇ, ਪਟਿਆਲੇ, ਫਲੌਰ, ਲੁਧਿਹਾਣੇ ! ਅੰਮ੍ਰਿਤਸਰ, ਫਗਵਾੜੇ, ਕਿ ਛਾਪੇ ਸਾਰੇ ਬੰਦ ਕਰਦੇ ! ਸਾਡੇ ਦਿਨ ਨਾ ਲਿਆਵੀਂ ਮਾੜੇ, ਕਿ ਅਸੀਂ ਤੇਰੇ ਨੌਕਰ ਹਾਂ !

ਦੰਮ ਮਸਤ ਕਲੰਦਰ, ਧਰ ਰਗੜਾ !

ਤੂੰ ਬੋਗਸ ਹੈਂ, 'ਰਛਪਾਲ' ਕਿਹਾ । ਸੀ ਇਹੋ ਜੁਆਬ 'ਸੰਤੋਖੇ' ਦਾ ! ਖਾਹ ਪੈਸਾ ਹੇਰਾ ਫੇਰੀ ਦਾ, ਦੰਮ ਮਸਤ ਕਲੰਦਰ, ਧਰ ਰਗੜਾ ! ਭਾਅ ਵਧਿਆ ਲੰਮੀ ਦਾਹੜੀ ਦਾ ! ਭਾਅ ਘਟਿਆ ਮੁਸ਼ਕਾਂ ਚਾਹੜੀ ਦਾ ! ਡਰ ਲੱਥਾ ਨੀਲੀ ਗਾਹੜੀ ਦਾ ! ਦੰਮ ਮਸਤ ਕਲੰਦਰ, ਧਰ ਰਗੜਾ ! ਕੋਈ ਗੱਲ ਨਾ ਕਰ ਮਹਿੰਗਾਈ ਦੀ ! ਵੰਡ ਪੈਸਾ, ਵੋਟ ਜੇ ਚਾਹੀ ਦੀ ! ਥਾਣੇ ਨੂੰ ਖੁਆ, ਗੁੰਡਿਆਂ ਨੂੰ ਪਿਲਾ ! ਦੰਮ ਮਸਤ ਕਲੰਦਰ, ਧਰ ਰਗੜਾ ! ਆਲ ਇੰਡੀਆ ਸਭਾ ਸਜਾ ਕੋਈ ! ਧੀ ਪੁੱਤਰ ਸਕੱਤਰ ਬਣਾ ਕੋਈ ! ਖ਼ੁਦ ਉਸ ਦਾ ਦਾ ਪ੍ਰੈਜ਼ੀਡੈਂਟ ਕਹਾ ! ਦੰਮ ਮਸਤ ਕਲੰਦਰ, ਧਰ ਰਗੜਾ ! ਭਲਿਆਂ ਤੋਂ ਨਹੀਂ, ਗੁੰਡੇ ਤੋਂ ਡਰੀਂ ! ਜੇ ਲੋੜ ਪਏ, ਤਾਂ ਸਲਾਮ ਕਰੀਂ ! ਜੇ ਜ਼ੁਲਮ ਦਿਸੇ, ਹਾਉਕਾ ਨਾ ਭਰੀਂ ! ਦੰਮ ਮਸਤ ਕਲੰਦਰ, ਧਰ ਰਗੜਾ ! ਜੇ ਅਨਪੜ੍ਹ ਹੈਂ, ਤਾਂ ਸਕੂਲ ਚਲਾ ! ਬੇਅਸੂਲਾ ਏਂ, ਤਾਂ ਅਸੂਲ ਚਲਾ ! ਜੇ ਤਕੜਾ ਏਂ, ਤਾਂ ਸਟੂਲ ਚਲਾ ! ਦੰਮ ਮਸਤ ਕਲੰਦਰ, ਧਰ ਰਗੜਾ ।

ਰਾਖੋ ਪੈਜ ਹਮਾਰੀ

ਪ੍ਰਭ ਜੀ ਆਏ ਸ਼ਰਨ ਤਿਹਾਰੀ । ਸੰਤੋ, ਰਾਖੋ ਪੰਜ ਹਮਾਰੀ । ਸੰਤੋ, ਕਿਆ 'ਕਾਪੂਰਾ', ਕਿਆ ‘ਪ੍ਰਤਾਪਾ’ ਕਿਆ ਗਿਆਨੀ ਕਰਤਾਰਾ । ਪ੍ਰਭੂ ਜੀ, ਜਿਸ ਕੇ ਹਾਥ ਮੇਂ ਛਿੱਤਰ ਹੋਵੇ, ਸੋਈ ਬਾਪ ਹਮਾਰਾ । ਮਾਧੋ, ਤੁਮਰੇ ਚਰਨੋਂ ਪਰ ਰਖ ਦੇਂਗੇ, ਗਜ਼ ਭਰ ਲੰਮੀ ਦਾੜ੍ਹੀ । ਸੰਤੋ, ਆਏ ਸ਼ਰਨ ਤਿਹਾਰੀ । ਪ੍ਰਭੂ ਜੀ, ਰਾਖੋ ਪੈਜ ਹਮਾਰੀ । ਮਾਧੋ, ਏਕ ਟੈਮ ਹਮ ਤੁਮ ਕੋ ਕਹਿਤੇ 'ਫੱਤੂ' ਔਰ ਹਤਿਆਰਾ । ਪ੍ਰਭ ਜੀ, ਸੀਸ ਗੰਜ ਪਰ ਸਾਇਆ ਭੀ ਨਾ ਫਟਕਨ ਦੀਆ ਤੁਮਾਰਾ । ਸੰਤੋ, ਅਬ ਹਮ ਤੁਮਰੇ ਜੂਤੇ ਚਾਟੇਂ, ਬਨ ਕਰ ਆਗਿਆਕਾਰੀ । ਪ੍ਰਭ ਜੀ ਆਏ ਸ਼ਰਨ ਤਿਹਾਰੀ । ਸੰਤੋ, ਰਾਖੋ ਪੈਜ ਹਮਾਰੀ । ਏਕ ਟੈਮ ਹਮ ਸੀਸ ਗੰਜ ਪਰ, ਖ਼ੁਦ ਪਸਤੌਲ ਚਲਾਏ । ਬਾਰਾਂ ਜੂਨ ਕੋ ਸਿਖੋਂ ਕੇ ਹਮ ਜੂੜੇ ਭੀ ਪੁਟਵਾਏ । ਭਾਪੇ ਆਪਸ ਬੀਚ ਲੜਾਏ, ਤਬ ਚਮਕੀ ਸਰਦਾਰੀ । ਪ੍ਰਭ ਜੀ, ਆਏ ਸ਼ਰਨ ਤਿਹਾਰੀ । ਮਾਧੋ, ਰਾਖੋ ਪੈਜ ਹਮਾਰੀ । ਸੰਤੋ, ਜਬ ਹਮ ਤਾਰਾ ਸਿੰਘ ਮਸ਼ਟਰ ਕੋ, ਮਾਂ ਕੀ ਗਾਲ ਸੁਨਾਈ । ਮਾਧੋ, ਤਬ ਹਮਰੀ ਬਨ ਆਈ, ਹਮ ਨੇ ਪਰਮ ਗਤੀ ਤਬ ਪਾਈ । ਪ੍ਰਭ ਜੀ, ਜਬ ਤੇ ਗੋਲਕ-ਥਾਨ ਥਿਆਇਆ, ਤਬ ਤੇ ਕੈਂਚੀ ਡਾਰੀ । ਸੰਤੋ ਆਏ ਸ਼ਰਨ ਤਿਹਾਰੀ । ਪ੍ਰਭ ਜੀ, ਰਾਖੋ ਪੈਜ ਹਮਾਰੀ ।

ਪੋਲੀਟੀਕਲ ਦੋਹੇ

ਟੋਪੀਆਂ ਵਾਲੇ ਟਪਟਪੇ, ਸੰਗੀ ਬੜੇ ਉਪਾਧ ! ਜੇ ਸੁਖ ਲੋੜੇਂ "ਨਾਥ'' ਜੀ, ਪੂਜ ਡਾਲਰੀ ਸਾਧ ! ਟੋਪੀ ਤੋਂ ਧੋਤੀ ਚਲੀ, ਧੋਤੀਓਂ ਪੇਟੀ ਕੋਟ ! ਰਾਜ ਕਰੇ ਹੈ "ਨਾਥ" ਜੀ ਹਰ ਥਾਂ ਕੰਠ ਲੰਗੋਟ ! ਤੁਰ ਗਏ ਸੱਚਰ ਭਾਰਗੋ, ਕੈਰੋਂ ਤੁਰ ਗਿਆ ਘਾਗ ! ਅਜੇ ਮਨਿਸਟਰ ਨਾ ਬਣੇ, ਦੇਖ 'ਨਾਥ' ਦੇ ਭਾਗ ! ਗੁਰੂ-ਗੋਲਕ ਕੋ ਛਕਤ ਹੈਂ, ਪੇਟੂ ਜੱਥੇਦਾਰ ! ਚੋਰ ਕਰੇਂ ਪ੍ਰਬੰਧਕੀ, ਬੋਲੇਨ ਸਤਿ ਕਰਤਾਰ ! ਨਾਮ ਜਪਣ ਨਾਮਧਾਰੀਏ, ਸਮਝਣ ਛੂਤ ਮਨੁੱਖ ! ਦਰਸ਼ਣ ਕਰ ਲਓ “ਨਾਥ” ਜੀ, ਆਏ ਸਿੰਬਲ ਰੁੱਖ ! ਸਭਾ ਬਣਾਓ, ਖ਼ੁਦ ਬਣੋ, ਸੈਕਟਰੀ, ਜਾਂ ਪਰਧਾਨ ! ਕਬਹੂੰ ਇਲੈਕਸ਼ਨ ਨਾ ਕਰੋ, ਐਸਾ ਹੋ ਸੰਵਿਧਾਨ !

ਘੜਿੱਚ ਹੋ ਜਾਏ

ਉਹ ਲੀਡਰ ਕੀ ? ਜੋ ਜਨਤਾ ਦੀ ਸੁਣੇ, ਸੁਣ ਸੁਣ ਕੇ ਜਿੱਚ ਹੋ ਜਾਏ। ਉਹ ਜਨਤਾ ਕੀ ? ਜੋ ਲੀਡਰ ਦਾ ਸੁਣੇ ਭਾਸ਼ਣ - ਘੜਿੱਚ ਹੋ ਜਾਏ। ਉਹ ਸਿੱਕੇਬੰਦ ਲੀਡਰ ਹੈ, ਜੋ ਭਰ ਦੇਏ ਜੋਸ਼ ਜਨਤਾ ਵਿਚ, ਤੇ ਗੋਲੀ ਚਲਣ ਤੋਂ ਪਹਿਲਾਂ ਹੀ ਹਵਾਲਾਤ ਵਿੱਚ ਹੋ ਜਾਏ। ਇਹ ਲੱਛੇਦਾਰ ਲੈਕਚਰ ਦਾ ਅਸਾਂ ਵੀ ਭੇਤ ਪਾਇਆ ਏ, ਬੜੀ ਤਕਰੀਰ ਫੁਰਦੀ ਏ, ਜੇ ਪਊਆ ਕੰਮ ਖਿੱਚ ਹੋ ਜਾਏ । ਉਹੀ ਮਹਿਫ਼ਲ, ਉਹੀ ਦੁਨੀਆਂ, ਉਹੀ ਮੈਂਬਰ, ਉਹੀ ਲੋਕੀਂ, ਤੇ ਹਾਏ ! ਜੇ ਕੋਈ ਮੋਰਾਰ ਜੀ ਦੇ ਵਾਂਗ ਟਿੱਚ ਹੋ ਜਾਏ ? ਬਣਾ ਲਏ 'ਨਾਥ' ਵੀ ਜੇ ਯੂਨੀਅਨ, ਤੇ ਬਣ ਜਾਏ ਲੀਡਰ, ਤਾਂ, “ਸਤੀ” ਆਖਦਾ ਕੀ, ਸਾਲ ਅੰਦਰ ਇਹ ਵੀ ਰਿੱਚ ਹੋ ਜਾਏ ।

ਪਟਿਆਲੇ ਮਾਂ

[ਰੋਹਤਕੀ ਗਜ਼ਲ] ਹਮ ਭੀ ਚਲੇ ਪਟਿਆਲੇ ਮਾਂ, ਤੁਮ ਭੀ ਚਲੋ ਪਟਿਆਲੇ ਮਾਂ । ਫ਼ੋਟੋ ਭੀ ਖਿਚਵਾਵੈਂਗੇ, ਖੜ ਕੇ ਚੌਕ ਵਿਚਾਲੇ ਮਾਂ । ਕਾਤਕ ਮਾਂ ਹਮ ਲੇ ਦੇਂਗੈ ਝੋਟੀ ਪੰਜ ਕਲਿਆਣੀ ਤਨੈਂ, ਸਾਵਣ ਮਾਂ ਲਗਵਾ ਦੇਂਗੇ ਫੁੰਦਣੇ ਤੇਰੇ ਨਾਲੇ ਮਾਂ। ਤਨੈਂ ਤੋ ਫੇਰ ਵਿਆਹ ਲੇਂਗੇ, ਪਹਿਲੇ ਭੁੱਟੋ ਸੇ ਨਿਬਟੇਂ, ਹਾਥ ਡਾਲ ਕੇ ਕਾਢੇਂਗੇ, ਭੂਤ ਵੜਾ ਹੈ ਸਾਲੇ ਮਾਂ। ਨਿਕਸਨ ਨੈਂ ਫਿਟਕਾਰ ਦੀਆ, ਚੀਨੇ ਨੈਂ ਧਤਕਾਰ ਦੀਆ, ਪਾਕਿਸਤਾਨੀ ਮਾਰ ਲੀਆ, ਖੈਂਚ ਕੇ ਅਪਣੇ ਪਾਲੇ ਮਾਂ। ਕਹਾ ਅਰੋੜਾ ਜਨਰਲ ਨੇ, ਜਨਰਲ ਖ਼ਾਨ ਨਿਆਜ਼ੀ ਨੈਂ, ਸ਼ਸਤਰ ਧਰਤੀ ਪਰ ਧਰ ਦੋ, ਨਿਕਲੇ ਵਾਂਗ ਵਿਚਾਲੇ ਮਾਂ । ਮਾਈ ਇੰਦਰਾ ਜੀਤੈਂਗੀ, ਭਾਰਤ ਨੈਂ ਚਮਕਾਵੈਂਗੀ, "ਨਾਥ" ਨਿਰਾਸਾ ਫੈਲੇਗੀ, ਜਨਸੰਘੀ ਮਾਂ, ਲਾਲੇ ਮਾਂ ।

ਬਾਕੀ ਸਭ ਖਰੀਅਤ ਹੈ

[ਪਾਕਿਸਤਾਨੀ ਖ਼ਤ] ਬੱਚੇ ਪੜ੍ਹਨੇ ਪਾ ਦਿਤੇ ਨੇ, ਬਾਕੀ ਸਭ ਖ਼ਰੀਅਤ ਹੈ। ਮਦਰੱਸੇ ਖੁਲ੍ਹਵਾ ਦਿਤੇ ਨੇ, ਬਾਕੀ ਸਭ ਖ਼ਰੀਅਤ ਹੈ। ਜਿੰਨੇ ਟੈਂਕ, ਬੰਬ, ਤੇ ਸੈਬਰ, ਅਮਰੀਕਾ ਤੋਂ ਲੀਤੇ ਸੀ, ਭਾਰਤ ਨੂੰ ਪਕੜਾ ਦਿਤੇ ਨੇ, ਬਾਕੀ ਸਭ ਖ਼ਰੀਅਤ ਹੈ । ਯੜੇ ਯੱਹੀਆ, ਟਿੱਕੇ ਸ਼ਿੱਕੇ, ਸਭ ਜਰਨੈਲ ਭਰੂ ਦਿਤੇ, ਅਪਣੇ ਬੰਦੇ ਲਾ ਦਿਤੇ ਨੇ, ਬਾਕੀ ਸਭ ਖ਼ਰੀਅਤ ਹੈ । ਪਾਕਿਸਤਾਨੀ ਕੁਰਸੀ ਉਤੇ, ਮਾਓ ਨੇ, ਜਾਂ ਨਿਕਸਨ ਨੇ, ਭੁੱਟੋ ਜੀ ਬਿਠਲਾ ਦਿਤੇ ਨੇ, ਬਾਕੀ ਸਭ ਖ਼ਰੀਅਤ ਹੈ। ਦਾਅ ਲੱਗਾ ਤਾਂ ਪੁੱਟਾਂਗੇ ਵੀ, ਲੰਮੇ ਪਟੇ ਪਰ ਭੁੱਟੋ ਦੇ, ਹਾਲੇ ਤਾਂ ਲਿਸ਼ਕਾ ਦਿਤੇ ਨੇ, ਬਾਕੀ ਸਭ ਖ਼ਰੀਅਤ ਹੈ ।

ਡਾਂ ਡਡਾਂ

[ਰਾਜ ਕਵੀ ਦੀ ਕਵਿਤਾ] ਪਾਕੀਆਂ ਤੇ ਅਸਾਂ ਚਲਾਈਆਂ ਏਦਾਂ ਗੋਲੀਆਂ, ਤੜੂੰ ਤੜੂੰ ਤੜੂੰ ਤੜੂੰ, ਤੜਾਂ ਤੜਾਂ ਤੜਾਂ ਤੜਾਂ । ਛੰਭ ਅਤੇ ਜੌੜੀਆਂ 'ਚ ਸਾਡੇ ਵੀਰ ਗਾਉਂਦੇ ਸੀ, ਡਾਂ ਡਡਾਂ ਡ ਡਾਂ ਡਡਾਂ ਡਾਂ ਡਡਾਂ ਡ ਡਾਂ ਡਡਾਂ । ਇੰਦਰਾ ਦੀ ਜੈ ਹੈ ਜੀ, ਇੰਦਰਾ ਦੀ ਜੈ ਹੈ, ਪਾਂ, ਪਪਾਂ ਪਾਂ ਪਪਾਂ ਪਾਂ ਪਪਾਂ ਪਾਂ ਪਪਾਂ । ਝੋਲੀਚੁਕ ਵੀਰਨਾਂ ਦੇ ਜੀਉਂਦੇ ਰਹਿਣ ਬੱਚੜੇ, ਹਾਂ ਹਹਾਂ ਹਾਂ ਹਹਾਂ ਹਾਂ ਹਹਾਂ, ਜੀ ਹਾਂ ਹਹਾਂ । ਕਾਫ਼ੀਏ, ਤੁਕਾਂਤ, ਹੱਥ ਬੰਨ੍ਹ ਕੇ ਕੀ ਮੁਰੀਦ ਮੇਰੇ, ਕੀ ਕਹਾਂ ? ਕੀ ਕਰਾਂ ? ਕੀ ਕਹਾਂ ? ਕੀ ਕਰਾਂ ?

ਆਪੇ ਲੰਮਾ ਪਾ ਲਿਆ

ਸੀ. ਪੀ. ਐਮ. ਮਾਰ ਲਈ, ਤੇ ਜਨਸੰਘ ਢਾ ਲਿਆ । ਇੰਦਰਾ ਨੇ ਹਰ ਪਾਸੇ ਰਾਜ ਹੀ ਬਣਾ ਲਿਆ । ਥੋੜ੍ਹੀ ਬਹੁਤੀ ਸੀ, ਪੀ, ਆਈ., ਆਜ਼ਾਦ, ਕੁਝ ਬਚ ਗਏ, ਬਾਜਪਈ ਹੋਰਾਂ ਨੇ ਤਾਂ ਭੱਠਾ ਈ ਬਿਠਾ ਲਿਆ ! ਪਹਿਲਾਂ ਤਾਂ ਸੀ ਲਾਲਾ ਜੀ ਦੇ ਪੀਲਾ ਝੰਡਾ ਝੁੱਲਦਾ, ਚੋਣਾਂ ਪਿਛੋਂ ਉਹਨਾਂ ਨੇ ਤਿਰੰਗਾ ਝੰਡਾ ਲਾ ਲਿਆ । ਵਿਜੇ ਜੀ ਦੇ 'ਚਮਚਿਆਂ' ਨੇ ਅੱਜ ਤੋਂ ਹੀ ਆਖਣੈਂ, “ਯੁੱਗ ਯੁੱਗ ਜੀਉਂਦਾ ਰਹੇਂ ਰਾਧਾ ਰਮਨ ਲਾਲਿਆ।” ਨਵਾਂ ਰਾਜ ਸਦਾ ਹੀ ਪੁਰਾਣੇ ਤਾਈਂ ਆਖਦੈ, “ਨਿਕ ਸੁਕ, ਟਿੰਡ ਫਹੜੀ, ਚੁੱਕ ਇਥੋਂ ਸਾਲਿਆ ।" ਬੱਲੇ ਬੱਲੇ 'ਨਾਥ' ਤੇਰੀ ਰਾਜਨੀਤੀ, ਬੱਲੇ ਬੱਲੇ, ਆਪਣਾ ਹੀ ਦਲ ਯਾਰਾ, ਆਪੇ ਲੰਮਾ ਪਾ ਲਿਆ ।

ਕੈਂਡੀਡੇਟ ਖੜੇ ਹੈਂ

ਭਾਂਤ ਭਾਂਤ ਕੇ, ਰੰਗ ਰੰਗ ਕੇ ਕੈਂਡੀਡੇਟ ਖੜੇ ਹੈਂ । ਧੋਤੀ ਵਾਲੇ, ਅਚਕਨ ਵਾਲੇ, ਅਪਟੂਡੇਟ ਖੜੇ ਹੈਂ । ਕੁਛ ਤੋ ਖੜੇ ਹੈਂ, ਜੋ ਜੀਤੇਂਗੇ, ਔਰ ਵਜ਼ੀਰ ਬਨੇਂਗੇ, ਕੁਛ ਪੈਸੇ ਕੀ ਖ਼ਾਤਰ ਪਕੜੇ ਪੇਟ ਖੜੇ ਹੈਂ । ਕੁਛ ਤੋਂ ਟਿਕਟ ਮਿਲਾ ਆਫੀਸ਼ਲ, ਵੁਹ ਮੈਦਾਨ ਮੇਂ ਉਤਰੇ, ਕੁਛ ਕੀ ਆਪਸ ਮੇਂ ਕੁਛ ਪੜ ਗਈ ਹੈ ਅਲਸੇਟ, ਖੜੇ ਹੈਂ। ਕੁਛ ਨੇ ਦਾਮ ਵਸੂਲੇ ਪੂਰੇ, ਔਰ ਬੈਠ ਗਏ ਹੱਕ ਮੇਂ, ਕੁਛ ਕਾ ਸੌਦਾ ਬਨਾ ਨਹੀਂ ਹੈ, ਅਬ ਤਕ ਲੇਟ ਖੜੇ ਹੈਂ । ਕੁਛ ਐਡਵਾਂਸ ਖੜੇ ਹੈਂ, ਉਨ ਕੇ ਝੰਡੇ, ਬਾਂਸ, ਖੜੇ ਹੈਂ, ਕੁਛ ਯੂੰਹੀ ਬੇਕਾਰ 'ਨਾਥ ਜੀ' ਆਊਟ ਆਫ਼ ਡੇਟ ਖੜੇ ਹੈਂ ।

ਟਿਕਟਾਂ ਦੀ ਵੰਡ

ਦੇਵੋ ਅੱਧੀਆਂ ਜੀ ਹਜ਼ੂਰੀਆਂ ਨੂੰ, ਪੈਸੇ ਵਾਲਿਆਂ, ਰਾਜਿਆਂ ਰਾਣਿਆਂ ਨੂੰ । ਕੁਝ ਦੇ ਦਿਓ ਡਾਕੂਆਂ ਗੁੰਡਿਆਂ ਨੂੰ, ਕੁਝ ਦਿਓ ਇਖਲਾਕ ਦੇ ਕਾਣਿਆਂ ਨੂੰ । ਕੁਝ, ਜਿਨ੍ਹਾਂ ਨੇ ਹੱਥਾਂ 'ਚ ਫੜੇ ਛਿੱਤਰ, ਕੁਝ ਫ਼ਿਰਕਾ-ਪ੍ਰਸਤੀ ਦੇ ਬਾਣਿਆਂ ਨੂੰ । ਬਾਕੀ ਰਹਿੰਦੀਆਂ ਉਹਨਾਂ ਦੀ ਪਾਓ ਝੋਲੀ, ਜਿਹੜੇ ਰੋਜ਼ ਮੱਥੇ ਟੇਕਣ ਥਾਣਿਆਂ ਨੂੰ । ਭਲਾ ਮਾਣਸ ਨਾ ਟਿਕਟ ਕੋਈ ਲੈ ਜਾਵੇ, ਚੰਗੀ ਤਰ੍ਹਾਂ ਖਿਆਲ ਇਹ ਰੱਖਣਾ ਜੀ । "ਸ਼ਾਹ ਮੁਹੰਮਦਾ" ਜਿਨ੍ਹਾਂ ਨੇ ਪਾਏ ਖੱਦਰ, ਮਜ਼ਾ ਉਹਨਾਂ ਆਜ਼ਾਦੀ ਦਾ ਚੱਖਣਾ ਜੀ ।

ਰਤਾ ਪੇਚੀਦਗੀ ਨਾਲ

ਕਿਹਾ ਟੀਟਣਾ ਮਾਰ ਕੇ ਸੰਗੀਆਂ ਨੇ, "ਊਂ ਊਂ, ਮਾਂ ਨੀ, ਚੰਡੀਗੜ੍ਹ ਲੈਣੈਂ ! ਲੈਣੈਂ ਤਲੀ 'ਤੇ ਰਖ ਕੇ ਬੋਦੀਆਂ ਨੂੰ, ਢਿੱਲੀਆਂ ਧੋਤੀਆਂ ਵਾਰ ਕੇ ਫੜ ਲੈਣੈਂ। ਇਹਦੇ ਵਾਸਤੇ ਸ਼ਰਮ ਨੂੰ ਛਕ ਲੈਣੈਂ, ਵਖਤ ਪਿਆ ਤਾਂ ਕਲਮਾਂ ਵੀ ਪੜ੍ਹ ਲੈਣੈਂ ! ਢੁੱਚਰ ਡਾਹੁਣੀ ਹੈ ਮਰਦਮ ਸ਼ੁਮਾਰੀਆਂ ਦੀ, ਕੋਈ ਹੋਰ ਬਹਾਨਾ ਵੀ ਘੜ ਲੈਣੈਂ। ਅਸੀਂ ਹਿੰਦੂ ਪੰਜਾਬੀ, ਸਮਾਜੀ ਜਿਹੇ ਹਾਂ, ਸਾਨੂੰ ਲਵੇ ਨਾ ਕੋਈ ਸੰਜੀਦਗੀ ਨਾਲ । ਹਥ ਕੰਨਾਂ ਨੂੰ 'ਨਾਥ' ਜੀ ਲਾ ਲਵਾਂਗੇ, ਐਪਰ ਲਾਵਾਂਗੇ ਰਤਾ ਪੇਚੀਦਗੀ ਨਾਲ।

ਨਾਥ ਦੇ ਦੋਹੇ

ਸਾਧ ਦਾ ਸੰਗ ਨਾ ਕੀਜੀਏ, ਸੁਣੋ ਅਕਾਲੀ ਸਿੰਘ । ਭਸਮ ਕਰੇ ਉਸ ਦੇਹਿ ਨੂੰ, ਜੋ ਤੂੰ ਪਾਲੀ ਸਿੰਘ । ਸਾਧ ਦਾ ਸੰਗ ਨਾ ਕੀਜੀਏ, ਸੜੇ, ਸ਼ਹੀਦ ਕਹਾਏ । ਆਟੇ ਸੰਗ ਘੁਣ ਪੀਸਿਆ, ਆਟਾ ਹੀ ਬਣ ਜਾਏ । ਸਾਧ ਦਾ ਸੰਗ ਨਾ ਕੀਜੀਏ, ਸੁਣੋ ਜੀ ਜੱਥੇਦਾਰ । ਸਾਧ ਮਰੇ ਤਾਂ ਪਾਈਏ, ਗੋਲਕ, ਐਸ਼, ਬਹਾਰ । ***** ਸਾਧ ਦਾ ਸੰਗ ਤਾਂ ਕੀਜੀਏ, ਜਾਂ ਨਾ ਦਿਸੇ ਉਪਾਧ । ਜਾਂ ਦੀਸੇ ਪ੍ਰਧਾਨਗੀ, ਜਾਂ ਦੀਸੇ ਪਰਸ਼ਾਦ । ਸਾਧ ਦਾ ਸੰਗ ਤਾਂ ਕੀਜੀਏ, ਜਾਂ ਹੋਈਏ ਦੂਰ-ਚਿੱਤ । ਸਾਧ ਮਰੇ, ਖ਼ੁਦ ਬਚ ਰਹੋ, ਗੋਲਕ ਆਵੈ ਚਿਤ । ਸਾਧ ਦਾ ਸੰਗ ਤਾਂ ਕੀਜੀਏ, ਜਾਂ ਕੋਈ ਮਤਲਬ ਹੋਇ । ਬਿਨ ਮਤਲਬ ਸੰਗ ਸਾਧ ਕੇ, 'ਨਾਥ' ਰਹੇ ਨਾ ਕੋਇ ।

ਨੰਦੇ ਦਾ ਅਸਤੀਫ਼ਾ

ਲਾਲਾ ਜੀ ਤੁਸੀਂ ਜੰਮਦੇ ਕਿਉਂ ਨਾ ਮਰ ਗਏ ? ਪਹਿਲਾਂ ਤਾਂ ਲਗਣਾ ਸੀ ਇਕ ਗਜ਼ ਕਪੜਾ ਹੁਣ ਥਾਨ ਪਾੜਨੇ ਪਏ, ਲਾਲਾ ਜੀ ਤੁਸੀਂ ਜੰਮਦੇ... ਉਤੋਂ ਉਤੋਂ ਗਾਂਧੀਏ, ਤੇ ਵਿਚੋਂ ਵਿਚੋਂ ਸੰਗੀਏ ਬਾਰਾਂ ਸਾਲ ਨਲਕੀ 'ਚ ਰਹੇ, ਲਾਲਾ ਜੀ ਤੁਸੀਂ ਜੰਮਦੇ... *ਸਿੰਘ ਦੀ ਵੀ ਹੱਤਿਆ । +ਗਊ ਦੀ ਵੀ ਹੱਤਿਆ ਤੁਸੀਂ ਹੋਮ ਮਨਿਸਟਰ ਭਏ, ਲਾਲਾ ਜੀ ਤੁਸੀਂ ਜੰਮਦੇ... ਯੱਸ਼ ਨਾਲ ਦੋਸਤੀ, ਪ੍ਰਬੋਧ ਨਾਲ ਦੋਸਤੀ ਅਕਾਲੀਆਂ ਦੇ ਚੜ੍ਹ ਗਏ ਢੲ੍ਹੇ, ਲਾਲਾ ਜੀ ਤੁਸੀਂ ਜੰਮਦੇ .... ਤੁਹਾਥੋਂ ਵੱਡਾ ਜੰਮਿਆ ਪੰਜਾਬ ਨੇ ਕਪੁੱਤ ਨਾ ਉਂਝ ਜੰਮੇ ਨੇ ਧਿਆਨ ਸਿੰਘ ਜਿਹੇ, ਲਾਲਾ ਜੀ ਤੁਸੀਂ ਜੰਮਦੇ ... 'ਨਾਥ' ਕੋਲੋਂ ਪੁੱਛ ਲਉ, ਅਨਾਥ ਕੋਲੋਂ ਪੁੱਛ ਲਉ ਹਰ ਕੋਈ ਤੁਹਾਨੂੰ ਕਹੇ, ਲਾਲਾ ਜੀ ਤੁਸੀਂ ਜੰਮਦੇ .... *ਪ੍ਰਤਾਪ ਸਿੰਘ ਕੈਰੋਂ, +ਕਾਮਰੇਡ ਰਾਮ ਕਿਸ਼ਨ ।

ਸੂਈ ਵੇ

ਸੂਈ ਵੇ, ਸੂਈ, ਜ਼ਾਲਮਾਂ ਸੂਈ ਵੇ ! ਸੂਈ ਲੈ ਗਈ ਕਰਾਂਟੀ । ਉਪਰੋਂ ਆ ਗਏ ਹੁਕਮ ਉਥਾਂਟੀ । ਹੋਈ ਦਰਬਾਰਾ ਸਿੰਘ ਦੀ ਛਾਂਟੀ । ਖੁਸਿਆ ਹੋਮ, ਨਾ ਮਿਲੇ ਗਰੰਟੀ । ਢਿੱਲੀ ਹੋ ਗਈ ਫੋਰ ਟਵਾਂਟੀ । ਹਾਮੀ ਭਰੇ ਨਾ ਇੰਦਰਾ ਆਂਟੀ । ਜ਼ਾਲਮਾ ਸੂਈ ਵੇ, ਸੂਈ ਵੇ, ਸੂਈ ਜ਼ਾਲਮਾ ਸੂਈ ਵੇ । ਸੂਈ ਪਈ ਸਰਹਾਣੇ । ਕਹੇ ਹਕੂਮਤ, ਬੀਜੋ ਦਾਣੇ । ਪਏ ਉਗਾਵਣ ਲੋਕ ਨਿਆਣੇ । ਭੁੱਖੇ ਬਹੁਤੇ ਚੜ੍ਹਦੇ ਸਾਣੇ । ਫਿਰਿਆ ਹੋਕਾ, ਸੁਣੋ ਸਿਆਣੇ । ਵਰਤੋ ਲੂਪ, ਬਚਾਓ ਦਾਣੇ । ਜ਼ਾਲਮਾ ਸੂਈ ਵੇ । ਸੂਈ ਵੇ, ਸੂਈ, ਜ਼ਾਲਮਾ ਸੂਈ ਵੇ । ਸੂਈ ਲੈ ਗਈ ਚੁਕ ਭਰਜਾਈ । ਉਤੋਂ ਵਧਦੀ, ਪਈ ਮਹਿੰਗਾਈ । ਛੋਲੇ ਵਿਕਣ ਅੰਗੂਰਾਂ ਭਾਅ ਈ । ਰੋੜੀ ਦਾਲ ਬੜੀ ਦੁਖਦਾਈ । ਤਨਖ਼ਾਹ ਆਈ, ਕਿ ਨਾ ਆਈ । ਪਤਾ ਨਾ ਲਗਦਾ ਮੇਰੀ ਮਾਈ । ਜ਼ਾਲਮਾਂ ਸੂਈ ਵੇ । ਸੂਈ ਵੇ, ਸੂਈ, ਜ਼ਾਲਮਾਂ ਸੂਈ ਵੇ । ਸੂਈ ਛੱਡ ਗਈ ਪਰਛਾਵਾਂ ! ਹਰ ਕੋਈ ਪੁੱਛੇ, ਕਿਧਰ ਜਾਵਾਂ ? ਚੁੱਲ੍ਹਾ ਸਭ ਦਾ ਹੋਇਆ ਉਚਾਵਾਂ । ਵੋਟਾਂ ਪਾਵਾਂ, ਕਿ ਨਾ ਪਾਵਾਂ । ਕਿਸ ਨੂੰ ਸਿਰ 'ਤੇ ਚੁਕ ਬਿਠਾਵਾਂ । ਪੂਰੇ ਪੰਜ ਸਾਲ ਪਛਤਾਵਾਂ । ਜ਼ਾਲਮਾਂ ਸੂਈ ਵੇ । ਸੂਈ ਵੇ, ਸੂਈ, ਜ਼ਾਲਮਾਂ ਸੂਈ ਵੇ ।

ਅੱਖ ਸ਼ਰਮਾ ਗਈ

ਗਲੀ ਦੇ ਕੁੱਤੇ ਦੀ ਦੀ ਅੱਖ ਸ਼ਰਮਾ ਗਈ । ਦਲ ਬਦਲੂਆਂ ਦੀ ਜਾਂ ਟੋਲੀ ਆ ਗਈ । ਅੱਜ ਕਲੈਬੋਰੇਸ਼ਨਾਂ ਦਾ ਯੁੱਗ ਹੈ, ਇਕ ਵਿਦੇਸ਼ੀ ਮੁਹਰ ਹਰ ਥਾਂ ਛਾ ਗਈ । ਜੱਥੇਦਾਰੋ ! ਗੋਲਕਾਂ ਵਿਚ ਰੱਬ ਹੈ, ਜਿੰਦ ਉਹਦੀ ਸਿੱਕ ਵਿਚ ਮੁਰਝਾ ਗਈ । "ਬਾਦਸ਼ਾਹ ਵਾਰਾਂ ਦਾ" ਸੀ ਕਲ ਕਹਿ ਰਿਹਾ, "ਚੰਦਾ ਮੰਗਣ ਦੀ ਮੁਹਾਰਤ ਆ ਗਈ" । ਫ਼ੈਸ਼ਨਾਂ ਦੇ ਦੇਵਤੇ ਨੂੰ ਸੌ ਸਲਾਮ, ਓਸ ਦੀ, ਸਾਡੀ, ਪਸੰਦ ਟਕਰਾ ਗਈ । ਸੰਤ ਜੀ ਸੋਚੋ ਨਵਾਂ ਕੋਈ ਸਟੰਟ, ਧਰਮ ਖਾਤੇ ਦੀ ਰਕਮ ਉਲਿਆ ਗਈ । ਆਧੁਨਕ ਸ਼ਾਇਰ ਨਹੀਂ ਹੋ 'ਨਾਥ ਜੀ' ਆਪ ਦੀ ਕਵਿਤਾ ਸਮਝ ਵਿਚ ਆ ਗਈ ।

ਮੈਂ ਹਰੀ ਦੇ ਦੁਆਰਿ ਮਰਨਾ ਹੈ

ਜੇ ਹਰਿਮੰਦਰ 'ਚ ਲੁਕ ਬਹੀਏ, ਤਾਂ ਜੱਸ ਬੇਅੰਤ ਹੁੰਦਾ ਏ । ਜੇ ਪਾਈਏ ਪੈਰ ਬਾਹਰ, ਚੌਧਰਾਂ ਦਾ ਅੰਤ ਹੁੰਦਾ ਏ । ਤੁਸੀਂ ਸਮਝੋ ਨਾ ਸਮਝੋ, ਮੈਂ ਹਰੀ ਦੇ ਦੁਆਰਿ ਮਰਨਾ ਹੈ, ਹਰੀ ਦੇ ਦੁਆਰਿ ਜੋ ਮਰਦਾ, ਉਹ ਸੋਭਾਵੰਤ ਹੁੰਦਾ ਏ । ਫੜੇ ਜਾਈਏ ਜੇ ਥਾਣੇ, ਏਸ ਦੇ ਹੁੰਦੇ ਨੇ ਦੋ ਫ਼ਾਇਦੇ, ਇਹ ਕਾਇਆਂ ਪੱਕ ਜਾਂਦੀ ਏ, ਤੇ ਪਾਲਾ ’ੜੰਤ ਹੁੰਦਾ ਏ । ਅਸੀਂ ਪ੍ਰਧਾਨ ਹਾਂ ਪੱਕੇ, ਤੇ ਬਾਕੀ ਕੁਲ ਮੈਂਬਰ ਨੇ, ਪਤੀ ਹੁੰਦਾ ਏ ਇਕ, ਬਾਕੀ ਦਾ ਜੀਆ-ਜੰਤ ਹੁੰਦਾ ਏ । ਫਿਰੇ ਗੱਦੀ ਲਈ ਲੁਕਦਾ, ਤਾਂ ਉਸ ਨੂੰ 'ਸੰਤ' ਕਹਿੰਦੇ ਨੇ, ਤੇ, ਮਰ ਕੇ ਵੀ ਨਾ ਛਡੇ, ਉਹ 'ਪੰਡਤ ਪੰਤ' ਹੁੰਦਾ ਏ । ਬਿਪੇਂਦੇ, ਢੱਕਣਾਂ ਨੂੰ ਲੋੜੀਏ, ਉਹ ਪੜ੍ਹਨ ਇਹ ਬਾਣੀ, ਕਿ ਵਿਗੜੇ ਭੂਤਨੇ 'ਨਾਥਾਂ' ਲਈ ਖੜਯੰਤ ਹੁੰਦਾ ਏ ।

ਸਰਕਾਰ ਬਦਲਦੇ ਰਹਿੰਦੇ ਨੇ

ਹੁਸ਼ਿਆਰ ਜਹੇ ਧਨਵਾਨ ਸਦਾ ਇਕਸਾਰ ਬਦਲਦੇ ਰਹਿੰਦੇ ਨੇ । ਲੋਕਾਂ ਦਾ ਖ਼ੂਨ ਨਿਚੋੜਨ ਲਈ ਹਥਿਆਰ ਬਦਲਦੇ ਰਹਿੰਦੇ ਨੇ । ਐਧਰ ਵੀ ਸਾਂਝਾਂ ਰਖਦੇ ਨੇ, ਓਧਰ ਵੀ ਸਾਂਝਾਂ ਰਖਦੇ ਨੇ, ਜਨਤਾ ਦੇ ਲੀਡਰ ਦਲ ਬਦਲੂ, ਦਸਤਾਰ ਬਦਲਦੇ ਰਹਿੰਦੇ ਨੇ । ਕੋਟੇ ਵੀ ਲਏ, ਪਰਮਿੱਟ ਵੀ ਲਏ, ਚੰਦੇ ਵੀ 'ਗਰਾਹੇ ਲੋਕਾਂ ਤੋਂ, ਲੋਕਾਂ ਦੇ ਹਿਤਾਂ ਲਈ ਨੇਤਾ ਜੀ ਕੰਮ ਕਾਰ ਬਦਲਦੇ ਰਹਿੰਦੇ ਨੇ । ਕੁਰਸੀ ਦੇ ਦੀਵਾਨੇ ਆਸ਼ਕ ਨੂੰ ਮਿਲਦੇ ਨੇ ਛਤਰ ਵੀ, ਛਿੱਤਰ ਵੀ, ਸਨਮਾਨ ਬਦਲਦੇ ਰਹਿੰਦੇ ਨੇ, ਸਤਿਕਾਰ ਬਦਲਦੇ ਰਹਿੰਦੇ ਨੇ । ਸਰਕਾਰ ਸਦਾ ਲੋਕਾਂ ਦੇ ਲਈ, ਲੋਕਾਂ 'ਤੇ ਟੈਕਸ ਲਾਉਂਦੀ ਏ, ਪਰ ਲੋਕੀਂ ਟੈਕਸ ਖ਼ੋਰਾਂ ਦੀ ਸਰਕਾਰ ਬਦਲਦੇ ਰਹਿੰਦੇ ਨੇ ।

ਨਾ ਦਬਾਓ ਬਟਨ ਘੰਟੀ ਦਾ

ਨਾ ਪੁੱਛੀਂ, ਹਾਲ ਕੀ ਹੋਇਆ ਤੇਰੇ ਆਸ਼ਕ ਫ਼ਰੰਟੀ ਦਾ । ਨਾ ਏਧਰ ਦਾ, ਨਾ ਓਧਰ ਦਾ, ਜਿਵੇਂ ਪੁੱਤਰ ਕਰੰਟੀ ਦਾ । ਅਸੀਂ ਦਿੱਲੀ ਦੇ ਟੀਚਰ ਹਾਂ, ਅਸੀਂ ਹਾਂ ਗਊ ਜਨਸੰਗ ਦੀ, ਚਲੇ ਜਾਂਦੇ ਹਾਂ ਆਪੇ, ਨਾ ਦਬਾਓ ਬਟਨ ਘੰਟੀ ਦਾ । ਤੁਹਾਨੂੰ ਡਿਨਰ ਦੇ ਦੇ ਕੇ, ਪਿਆ ਹੱਥਾਂ 'ਤੇ ਪਾਉਂਦਾ ਏ, ਉਹਦੀ ਔਕਾਤ ਕੀ ਏ ? ਉਹ ਹੈ ਨੌਕਰ ਟੂ ਟਵੰਟੀ ਦਾ । ਤੁਹਾਡਾ ਆਪਣਾ ਦੋ-ਸਾਂਝ, ਅਜ ਏਧਰ ਹੈ, ਕਲ੍ਹ ਓਧਰ, ਨਹੀਂ ਜਿਸ ਦੀ ਗਰੰਟੀ, ਉਹ ਅਕਾਲੀ ਹੈ ਗਰੰਟੀ ਦਾ । ਤੁਸਾਂ ਹਰਿਆਣਵੀ ਲੋਕਾਂ ਨੂੰ ਬਹੁੰ ਬੁੱਧੂ ਬਣਾ ਲੀਤਾ, ਬਣਾਓ ਵੋਟ ਲੋਕਾਂ ਦੇ, ਗਿਆ ਵੇਲਾ ਸਟੰਟੀ ਦਾ ।

ਕਰ ਸੰਤਨ ਕੀ ਸੇਵ

ਸੰਤ ਕਾ ਸੰਗ ਦੁਰਲੱਭ ਹੈ, ਸੰਤ ਕਾ ਸੰਗ ਅਕਸੀਰ । ਸੰਗ ਰਹੋ, ਭਵਜਲ ਤਰੋ, ਛਾਡੋ, ਬਣੋ ਵਜ਼ੀਰ । ਸੰਤ ਕਾ ਸੰਗ ਨਾ ਛੋੜੀਏ, ਸੁਣੋ ਡਾਂਗ, ਬਲਦੇਵ। ਲੈਨਿਨ ਸ਼ੰਕਰ, ਉਨ੍ਹਾਂ ਮਹਿ, ਕਰ ਸੰਤਨ ਕੀ ਸੇਵ । ਸੰਤ ਕਾ ਸੰਗ ਨਾ ਛੋੜੀਏ, ਸੁਣੋ ਵੀਰ ਗੁਰਨਾਮ । ਚਿਮਟਾ ਪਕੜੋ ਹਾਥ ਮੇਂ, ਸਿਆਸਤ ਕਓਨੇ ਕਾਮ । ਸੰਤ ਕਾ ਸੰਗ ਨਾ ਛੋੜੀਏ, ਸੁਣੋ ਸਮਗਲਰ ਰਾਏ । ਗੱਫਾ ਮਿਲਤ ਮਚਾਕਵਾਂ, ਬੰਧਨ ਦੇਤ ਛੁਡਾਏ । ਸੰਤ ਕਾ ਸੰਗ ਨਾ ਛੋੜੀਏ, ਸੁਣੋ ਵੀਰ ਬਲਵੰਤ। ਕੱਛਾ ਧੋਵੋ, ਜੱਸ ਕਰੋ, ਤਾਂ ਵੱਸ ਆਵੀ ਸੰਤ ।

ਅਸੀਂ ਐਡੀਟਰ, ਇਕ ਪੰਥਕ ਅਖ਼ਬਾਰ ਦੇ

ਲੰਮੀ ਦਾੜ੍ਹੀ, ਦਿਲ, ਤੇ ਪਗੜੀ ਨੀਲੜੀ । ਧੰਦਾ, ਝੂਠ, ਫਰੇਬ, ਤੇ ਨਿੰਦਾ ਬਖੀਲੜੀ। ਲੰਮੀ ਤੇ ਬੰਦ ਬਟਣੀ ਅਚਕਨ ਢੀਲੜੀ । ਕਾਲਾ ਅੱਖਰ ਭੈਂਸ ਹਾਂ ਅਸੀਂ ਚਿਤਾਰਦੇ । ਅਸੀਂ ਐਡੀਟਰ ਇਕ ਪੰਥਕ ਅਖ਼ਬਾਰ ਦੇ । ਮੈਂ ਹਾਂ ਨਿਰਾ ਐਡੀਟਰ ਖੜਾ ਖਲੋਤੜਾ । ਪੜ੍ਹ ਨਾ ਸਕਾਂ ਇੱਲ ਨੂੰ ਕੋਕੋ, ਤੋਤੜਾ । ਚੀਫ਼ ਐਡੀਟਰ ਮੈਥੋਂ ਵੀ ਹੈ ਖੋਤੜਾ । ਪਤਾ ਨਹੀਂ ਕਿਉਂ ਲੋਕ ਕਹਿਕਹੇ ਮਾਣਦੇ । ਅਸੀਂ ਐਡੀਟਰ ਇਕ ਪੰਥਕ ਅਖ਼ਬਾਰ ਦੇ। ਅਸੀਂ ਹਾਂ, ਇਕ ਹਲਵਾਈ, ਇਕ ਕਿਵਾੜੀਆ । ਰਖ ਲਿਆ ਹੈ ਮੁੰਡਾ ਇਕ ਅਨਦਾਹੜੀਆ। ਲਿਖੀ ਓਸ ਨੇ, ਨਾਮ ਅਸਾਡੇ ਚਾਹੜੀ ਆ । 'ਨਾਥਾ' ਦਰਸ਼ਨ ਕਰ ਲੇ ਪੱਤਰਕਾਰ ਦੇ । ਇਹ ਨਾਵਾਂ ਵੀ ਚਾੜ੍ਹ ਰਜਿੱਸਟਰਾਰ ਦੇ ।

ਬੈਲ ਬਾਣੀ

ਹੜਾ ਹਲ ਨਹੀਂ ਚਲਾਵਾਂਗੇ, ਅਸੀਂ ਬੈਲਾਂ ਦੀ ਜੋੜੀ ਹਾਂ ! ਖੜੋ ਖੁਰਲੀ 'ਤੇ ਖਾਵਾਂਗੇ, ਅਸੀਂ ਬੈਲਾਂ ਦੀ ਜੋੜੀ ਹਾਂ ! ਵਤਨ ਦੁਸ਼ਮਣ, ਅਸਾਡੀ ਥਾਂ 'ਤੇ ਗਊ ਨੂੰ ਥਾਪਣਾ ਚਾਹੁੰਦੇ, ਤੇ ਕਰਨਾ ਇਸ ਤਰ੍ਹਾਂ ਉੱਲੂ ਉਹ ਸਿੱਧਾ ਆਪਣਾ ਚਾਹੁੰਦੇ, ਅਸੀਂ ਲੱਤਾਂ ਚਲਾਵਾਂਗੇ, ਅਸੀਂ ਬੈਲਾਂ ਦੀ ਜੋੜੀ ਹਾਂ ! ਖੜੇ ਖੁਰਲੀ 'ਤੇ ਖਾਵਾਂਗੇ, ਅਸੀਂ ਬੈਲਾਂ ਦੀ ਜੋੜੀ ਹਾਂ ! ਅਸੀਂ ਹਾਂ ਦਰਸ਼ਨੀ ਭਲਵਾਨ, ਦੁਨੀਆਂ ਸਿਰ ਝੁਕਾਉਂਦੀ ਏ, ਅਸੀਂ ਖਾਂਦੇ ਹਾਂ ਜਿਹੜੀ ਕਣਕ, ਅਮਰੀਕਾ ਤੋਂ ਆਉਂਦੀ ਏ, ਅਸੀਂ ਬੜ੍ਹਕਾਂ ਗਜਾਵਾਂਗੇ, ਅਸੀਂ ਬੈਲਾਂ ਦੀ ਜੋੜੀ ਹਾਂ ! ਹੜਾ ਹਲ ਨਹੀਂ ਚਲਾਵਾਂਗੇ, ਅਸੀਂ ਬੈਲਾਂ ਦੀ ਜੋੜੀ ਹਾਂ ! ਕੋਈ ਢੱਟੇ ਕਹੇ ਸਾਨੂੰ, ਤੇ ਕੋਈ ਸਾਨ੍ਹ ਕਹਿੰਦਾ ਏ, ਕਹੇ ਵਿਹਲੜ ਕੋਈ ਸਾਨੂੰ, ਤੇ ਕੋਈ ਕਾਨ੍ਹ ਕਹਿੰਦਾ ਏ, ਅਸੀਂ ਢੱਗੇ ਸਦਾਵਾਂਗੇ, ਅਸੀਂ ਬੈਲਾਂ ਦੀ ਜੋੜੀ ਹਾਂ ! ਖੜੇ ਖੁਰਲੀ 'ਤੇ ਖਾਵਾਂਗੇ, ਅਸੀਂ ਬੈਲਾਂ ਦੀ ਜੋੜੀ ਹਾਂ !

ਸ਼ਾਬਾ, ਤਮਾਸ਼ਾ ਚੋਣਾਂ ਦਾ

ਸ਼ਾਬਾ, ਤਮਾਸ਼ਾ ਚੋਣਾਂ ਦਾ । ਸ਼ਾਬਾ, ਤਮਾਸ਼ਾ ਚੋਣਾਂ ਦਾ । ਓਪਰੇ ਵੀ ਆਖਦੇ, ਆਪਣੇ ਵੀ ਆਖਦੇ, ਜ਼ਮਾਨਤ ਜਮ੍ਹਾ ਕਰਾ। ਤਮਾਸ਼ਾ ਚੋਣਾਂ ਦਾ ..... ਮਿਤਰ੍ਹਾਂ ਨੇ ਪੈਸਾ, ਆਖਰੀ ਤਰੀਕ ਨੂੰ ਵੀ, ਹੋਣ ਨਾ ਦਿਤਾ ਵਿਡਰਾ । ਤਮਾਸ਼ਾਂ ਚੋਣਾਂ ਦਾ,..... ਪੰਜ ਸੱਤ ਐਰੇ ਗ਼ੈਰੇ ਹੋਰ ਵੀ ਖਲੋ ਗਏ ਦਿਲ ਨੂੰ ਪਿਆ ਘਬਰਾ । ਤਮਾਸ਼ਾ ਚੋਣਾਂ ਦਾ...... ਪਹਿਲੇ ਈ ਜਲਸੇ 'ਚ ਜਮ੍ਹਾ ਪੂੰਜੀ ਮੁੱਕ ਗਈ ਗਹਿਣਾ ਗੱਟਾ ਵਹੁਟੀ ਦਾ । ਤਮਾਸ਼ਾ ਚੋਣਾਂ ਦਾ... ਉਠ ਕੇ ਸਵੇਰੇ ਜਿਹੜੇ ਮੂੰਹ ਸਾਡਾ ਦੇਖਦੇ ਸੀ, ਅੱਖੀਆਂ ਗਏ ਚੁਰਾ । ਤਮਾਸ਼ਾ ਚੋਣਾਂ ਦਾ...... ਹਥ ਜੋੜ ਜੋੜ ਕੇ ਤੇ ਦਿਨੇ ਰਾਤ ਜਾਗ ਜਾਗ ਦੇਹੀ ਵੀ ਲਈ ਸੁਕਾ । ਤਮਾਸ਼ਾ ਚੋਣਾਂ ਦਾ... ਜਿਹਨਾਂ ਨੇ ਅਸਾਡੇ ਕੋਲੋਂ ਲਈਆਂ ਸੀ ਪਰਚੀਆਂ, ਦੂਜਿਆਂ ਨੂੰ ਆਏ ਪਾ । ਤਮਾਸ਼ਾ ਚੋਣਾਂ ਦਾ... ਜੀਤੇ ਦੀ ਵੀ ਬਚ ਗਈ, ਮੀਤੇ ਦੀ ਵੀ ਬਚ ਗਈ ਅਸੀਂ ਆਏ ਜ਼ਬਤ ਕਰਾ । ਤਮਾਸ਼ਾ ਚੋਣਾਂ ਦਾ.... “ਨਾਥ ਜੀ” ਦੇ ਵਾਂਗ ਹੀ ਹੋ ਗਏ ਮਲੰਗ ਹਾਂ ਫਕਦੇ ਹਾਂ ਗਰਮ ਹਵਾ । ਤਮਾਸ਼ਾ ਚੋਣਾਂ ਦਾ... ਸ਼ਾਬਾ, ਤਮਾਸ਼ਾ ਚੋਣਾਂ ਦਾ । ਸ਼ਾਬਾ ਤਮਾਸ਼ਾ ਚੋਣਾਂ ਦਾ।

ਇਹ ਜੀਵਨ ਹੈ ਸੱਟਾ ਰੇ

ਜੋ ਜਨ ਹਲਵਾ ਮਾਂਡਾ ਖਾਵੇ ਸੋ ਜਨ ਹੱਟਾ ਕੱਟਾ ਰੇ । ਜੋ ਜਨ ਗਾਲ੍ਹ ਗਲੋਚ ਸੁਣਾਵੇ ਸੋ ਜਨ ਲੀਡਰ ਪੱਕਾ ਰੇ । ਜੋ ਜਨ ਥਾਣੇ ਯਾਰੀ ਗਾਂਠੇ, ਕਰੇ ਸਾਧ ਕੋ ਠੱਠਾ ਰੇ । ਨਮਸਕਾਰ ਤਿਸੁ ਜਨ ਕੋ ਕੀਜੋ, ਮਤ ਮਾਰੋ ਸਿਲ ਵੱਟਾ ਰੇ । ਜੋ ਜਨ ਝਗੜੇ ਆਪ ਸਹੇੜੇ, ਔਰ ਨਬੇੜੇ ਟੁੱਟਾ ਰੇ । ਸੋ ਜਨ ਇਕ ਦਿਨ ਲੀਡਰ ਥੀਸੀ, ਵਿਹਲਾ ਢਾਉਂ ਢੱਟਾ ਰੇ । ਦੇਖ ਕਿਸੀ ਕੋ ਰਿਸ਼ਵਤ ਖਾਤੇ, ਮਤ ਮਨ ਕਰੀਏ ਖੱਟਾ ਰੇ । ਜੋ ਜਨ ਮਨ ਕੋ ਖੱਟਾ ਕਰਤਾ, ਸੋ ਜਨ ਚੱਟੂ ਵੱਟਾ ਰੇ । ਰੰਗ ਲੋ ਹਾਥ 'ਨਾਥ' ਜੀ ਤੁਮ ਭੀ, ਇਹ ਜੀਵਨ ਹੈ ਸੱਟਾ ਰੇ । ਈਹਾਂ ਖਾਟ ਚਲੋ ਕੁਛ ਨਾਮਾ, ਆਗੇ ਸਿਰ ਵਿਚ ਘੱਟਾ ਰੇ ।

ਘੜਮੱਚੂ ਵਜਦਾ ਰਹਿੰਦਾ ਏ

ਪੰਥ ਦੇ ਠੇਕੇਦਾਰਾਂ ਦਾ ਘੜਮੱਚੂ ਵਜਦਾ ਰਹਿੰਦਾ ਏ । ਪੰਥ ਦਾ, ਤੇ ਗੱਦਾਰਾਂ ਦਾ, ਘੜਮੱਚੂ ਵਜਦਾ ਰਹਿੰਦਾ ਏ । ਰਹੇ ਗੋਲਕ ਤਾਈਂ ਸੰਗਤ ਬਚਾਉਂਦੀ, ਕਦੇ ਕਦੇ ਤਾਂ ਵੀ - ਪੰਥ ਦੇ ਜੱਥੇਦਾਰਾਂ ਦਾ ਘੜਮੱਚੂ ਵਜਦਾ ਰਹਿੰਦਾ ਏ । ਪੰਥ ਨੂੰ ਸੰਤਾਂ ਨੇ ਲੁੱਟਿਆ, ਸਮਗਲਰ ਬਣ ਗਏ ਲੀਡਰ, ਤੇ ਓਧਰ ਸੂਦ ਖ਼੍ਵਾਰਾਂ ਦਾ ਘੜਮੱਚੂ ਵਜਦਾ ਰਹਿੰਦਾ ਏ । ਕਿਸੇ ਲੇਖਕ ਨੂੰ ਸਰਕਾਰ ਦਾ ਅਨਿਯਾਮ ਮਿਲ ਜਾਏ, ਬੜਾ ਚਿਰ ਸਾਹਿਤਕਾਰਾਂ ਦਾ ਘੜਮੱਚੂ ਵਜਦਾ ਰਹਿੰਦਾ ਏ । ਜਦੋਂ ਦਾ 'ਨਾਥ' ਵਰਤਾਵਾ ਨੀਯਤ ਹੋਇਆ ਹੈ ਲੰਗਰ ਦਾ, ਉਦੋਂ ਦਾ ਅਪਣੇ ਯਾਰਾਂ ਦਾ ਘੜਮੱਚੂ ਵਜਦਾ ਰਹਿੰਦਾ ਏ ।

ਰਿੱਚ ਕਰਾਂਗੇ

ਪਾਕਿਸਤਾਨ ਘੜਿੱਚ ਕਰਾਂਗੇ । ਫ਼ੌਜ ਓਸ ਦੇ ਵਿੱਚ ਕਰਾਂਗੇ । ਅੰਗਰੇਜ਼ਾਂ ਨੂੰ ਸਬਕ ਦਿਆਂਗੇ, ਅਮਰੀਕਾ ਨੂੰ ਜ਼ਿੱਚ ਕਰਾਂਗੇ । ਜੇ ਇਮਦਾਦ ਨੂੰ ਚੀਨਾ ਆਇਆ, ਤਾਂ ਉਸ ਨੂੰ ਵੀ ਟਿੱਚ ਕਰਾਂਗੇ । ਪੈਦਾਵਾਰ ਵਧਾ ਕੇ ਸਾਰੇ ਭਾਰਤ ਅਪਣਾ ਰਿੱਚ ਕਰਾਂਗੇ। ਪਹਿਲਾਂ ਵੈਰੀ ਨੂੰ ਮਾਰਾਂਗੇ, ਫੇਰ ਦੇਖ ਕੇ 'ਚਿ ਚ' ਕਰਾਂਗੇ ।

ਪ੍ਰਭੁ ਜੀ ਢਾਕੋ ਅਵਗੁਣ ਹਮਰੇ

ਪ੍ਰਭੁ ਜੀ ਢਾਕੋ ਅਵਗੁਣ ਹਮਰੇ । ਹਮ ਹੈਂ ਤੋਇ ਜੂਤਨ ਕੇ ਚਮਰੇ । ਪ੍ਰਭੁ ਜੀ ਚਾਰ ਦੁਕਾਨੇਂ, ਕੋਠੀ, ਇਨਕਾ ਕੈਸੇ ਬੜ੍ਹੇ ਕਿਰਾਇਆ ? ਪ੍ਰਭ ਜੀ ਸਾਹਸ ਬਖ਼ਸ਼ੋ, ਕਰ ਦੂੰ, ਮੈਂ ਸਭ ਟੇਨੈਂਟੋਂ ਕਾ ਸਫ਼ਾਇਆ । ਲੇ ਲੂੰ ਹਾਥ ਲਗੇ ਜੋ ਪਗੜੀ, ਖ਼ਾਲੀ ਤੁਰਤ ਕਰਾਉ ਕਮਰੇ । ਹਮ ਹੈਂ ਤੋਇ ਜੂਤਨ ਕੇ ਚਮਰੇ । ਪ੍ਰਭ ਜੀ ਢਾਕੋ ਅਵਗੁਣ ਹਮਰੇ । ਪ੍ਰਭ ਜੀ ਹਾਰਟ ਅਟੈਕ ਹੂਆ ਥਾ, ਲਾਗਾ ਰੋਗ ਬੁਰਾ ਸ਼ੂਗਰ ਕਾ । ਦੋ ਪੈੱਗ ਵਿਸਕੀ ਕਾ ਨਿੱਤਨੇਮੀ, ਸਾਰਾ ਬੋਝ ਉਠਾਊਂ ਘਰ ਕਾ । ਕਰੂੰ ਬਲੈਕ, ਚੁਰਾਊਂ ਟੈਕਸ, ਜੋੜੂੰ ਸੌ ਬਿਧਿ ਕਾਲੇ ਦਮੜੇ । ਪ੍ਰਭ ਜੀ ਢਾਕੋ ਅਵਗੁਣ ਹਮਰੇ ......... । ਪ੍ਰਭ ਜੀ ਗੌਰਮਿੰਟ ਤੰਗ ਕਰਤੀ, ਪ੍ਰਭ ਜੀ ਗੌਰਮਿੰਟ ਸਮਝਾਓ । ਪ੍ਰਭ ਜੀ ਇਨਕਮ ਟੈਕਸ ਬਚਾਓ, ਪ੍ਰਭ ਜੀ ਐਸੀ ਬਣਤ ਬਣਾਓ । ਹੇ ਪ੍ਰਭੂ 'ਨਾਥ' ਸੁਆਮੀ, ਮੇਰੇ, ਹਮ ਹੈਂ ਤੋਇ ਚਰਨਨ ਕੇ ਭੰਮਰੇ । ਪ੍ਰਭ ਜੀ ਢਾਕੋ ਅਵਗੁਣ ਹਮਰੇ.........।

ਸੰਤ ਜੀ, ਮਾਫ਼ ਕਰੋ

ਹੁਣ ਮਿੱਟੀ ਨਾ ਪੁਟਵਾਉ, ਸੰਤ ਜੀ ਮਾਫ਼ ਕਰੋ । ਜੀ ਹੁਣ ਬੁੱਢਾ ਜੋਹੜ ਤੁਰ ਜਾਓ, ਸੰਤ ਜੀ ਮਾਫ਼ ਕਰੋ । ਤੁਸੀਂ ਹਾਰਟ ਅਟੈਕ ਰਿਕਾਰਡ ਸਥਾਪਤ ਕਰ ਲੀਤਾ, ਹੁਣ ਅਪਣਾ ਪੇਟ ਲੁਕਾਓ, ਸੰਤ ਜੀ ? ਮਾਫ਼ ਕਰੋ । ਜੇ ਲੇਟ ਗਏ, ਤਾਂ ਸੰਤ ਚੰਨਣ ਸਿੰਘ ਆਖਣਗੇ - “ਹੁਣ ਹਵਾ ਦਿੱਲੀ ਦੀ ਖਾਓ ! ਸੰਤ ਜੀ, ਮਾਫ ਕਰੋ !" ਹੁਣ ਆ ਰਹੀਆਂ ਨੇ ਚੋਣਾਂ, ਇੰਦਰਾ ਆਖੇਗੀ - “ਗੁਰਨਾਮ ਸਿੰਘ ਜੀ ਆਉ, ਸੰਤ ਜੀ, ਮਾਫ਼ ਕਰੋ।” ਇਹ ਸੀਸ ਗੰਜ ਦੀ ਗੋਲਕ ਪੰਥ ਸੰਭਾਲੇਗਾ, ਤੁਸੀਂ ਅੰਮ੍ਰਿਤਸਰ ਦੀ ਖਾਉ, ਸੰਤ ਜੀ, ਮਾਫ਼ ਕਰੋ ।

ਸੰਤ ਜੀ !

ਸੰਤ ਜੀ ! ‘ਫ਼ਤਿਹ ਸਿੰਘ' ਹੈ ਕੌਨ ਤੁਮਾਰੇ ਕਾਮ ? ਸੰਤ ਜੀ ! ‘ਰਾਮ ਰਤਨ' ਤੁੰਮ ਅਪਨਾ ਰਾਖੋ ਨਾਮ ! ਤੁੰਮ ਨੇ ਹਵਨਕੁੰਡ ਬਨਵਾਏ ਥੇ ? ਪੈਟਰੋਲ ਭਰਾ ਥਾ ? - ਥਾ ਨਾ ? ਤੁੰਮ ਨੇ ਚੰਡੀਗੜ੍ਹ ਪਰ ਮਰ ਜਾਨੇ ਕਾ ਪਣ ਕੀਆ ਥਾ ? - ਥਾ ਨਾ ? ਤੁੰਮ ਨੇ ਘੁਟਨੇ ਟੇਕ ਦੀਏ ਥੇ ? ਖਾਈ ਹਾਰ ? ਬਚਾਇਆ ਚਾਮ ? ਸੰਤ ਜੀ ! ਰਾਮ ਰਤਨ ਤੁਮ ਅਪਨਾ ਰਾਖੋ ਨਾਮ ! ਸੰਤ ਜੀ ! ਤੁੰਮ ਕੋ ਦਿੱਲੀ ਪੈਰ ਨਹੀਂ ਧਰਨੇ ਦੇਤੇ ਥੇ ਲੋਗ -- ਹੈ ਨਾ ? ਸੰਤ ਜੀ ! ਤੁੰਮ ਕੋ ਦਿੱਲੀ ਜਲਸਾ ਨਹੀਂ ਕਰਨੇ ਦੇਤੇ ਥੇ ਲੋਗ -- ਹੈ ਨਾ ? ਤਬ ਤੁੰਮ ਤਪਤੀ ਧੂਪ ਮੇਂ ਮਾਰੇ ਮਾਰੇ ਫਿਰਤੇ ਮਾਂਗ ਰਹੇ ਥੇ ਛਾਮ ? ਸੰਤ ਜੀ ! ਕੋਈ ਤੁਮਾਰਾ ਜਾਨਤ ਨਾ ਥਾ ਨਾਮ ? ਸੰਤ ਜੀ ! ਛੋੜ ਕੇ ਅਪਨੇ, ਗ਼ੈਰੋਂ ਸੇ ਤੁਮ ਗਾਂਠ ਲੀਆ ਯਾਰਾਨਾ ? ਸੰਤ ਜੀ ! ਜਿਸ ਕੇ ਕੰਧੇ ਪਰ ਚੜ੍ਹਤੇ ਥੇ, ਉਸ ਨੇ ਠੋਕਾ ਫਾਨਾ ? ਸੰਤ ਜੀ ! ਕਹਾਂ ਸੋਏ ਥੇ ! ਮਚਾ ਥਾ ਜਬ ਇਸ ਦਿੱਲੀ ਮੇਂ ਕੁਹਰਾਮ ? ਸੰਤ ਜੀ ! ਰਾਮ ਰਤਨ ਤੁੰਮ ਅਪਨਾ ਰਾਖੋ ਨਾਮ।

ਹਥਿਆਰ ਡਾਲਤੇ ਫਿਰਤੇ ਹੈਂ

ਪਾਕਿਸਤਾਨ ਪਿਟਾ ਹਮ ਸੇ ਔਰ ਉਤਰਾ ਰੋਗਨ ਪੈਟਿਨ ਕਾ । ਸੈਬਰ ਔਰ ਮੈਰਾਜ ਗਿਰੇ, ਹੈ ਬਿਖਰਾ ਪੜਾ ਮਲਬਾ ਜਿਨ ਕਾ । ਇੰਡੀਆ ਨੇ ਮਿਲਾਇਆ ਮਿੱਟੀ ਮੇਂ ਜੋ ਰੋਅਬ ਦਾਬ ਥਾ ਚੂ ਇਨ ਕਾ । ਇੱਜ਼ਤ ਔਰ ਆਦਰ ਕਾ ਬੇੜਾ ਹਮ ਨੇ ਹੈ ਡਬੋਇਆ ਨਿਕਸਨ ਕਾ । ਯੂ. ਐਨ. ਓ. ਮੇਂ ਪਰਗਟ ਹੈ ਕੀਆ ਭੁੱਟੋ ਥਾ ਪਾਗਲ ਕੈ ਦਿਨ ਕਾ । ਅਰਬੋਂ ਕੀ ਅਰਬੀ ਨੰਗੀ ਹੂਈ, ਔਰ ਰੂਪ ਦਿਖਾਇਆ ਟੀਟਿਨ ਕਾ । ਜੋ ਲੜਨੇ ਚਲੇ ਥੇ ਭਾਰਤ ਸੇ, ਹਥਿਆਰ ਡਾਲਤੇ ਫਿਰਤੇ ਹੈਂ । ਵਰਦੀ ਕੋ ਛੁਪਾਤੇ ਫਿਰਤੇ ਹੈਂ, ਸਲਵਾਰ ਡਾਲਤੇ ਫਿਰਤੇ ਹੈਂ। ਇਨ ਗ਼ਾਜ਼ੀਉਂ ਪਾਜੀਉਂ ਕੋ ਘੇਰਾ ਸਰਦਾਰ ਡਾਲਤੇ ਫਿਰਤੇ ਹੈਂ । ਇਨ ਸਾਰੇ ਬਦਕਿਰਦਾਰੋਂ ਕੋ ਫਿਟਕਾਰ ਡਾਲਤੇ ਫਿਰਤੇ ਹੈਂ। ਨੰਦਾ ਕੋ, ਅਰੋੜਾ, ਮਾਣਕ ਕੋ ਸਭ ਹਾਰ ਡਾਲਤੇ ਫਿਰਤੇ ਹੈਂ । ਟਿੱਕਾ ਕੋ, ਔਰ ਯਹੱਈਆ ਕੋ ਫਿਟਕਾਰ ਡਾਲਤੇ ਫਿਰਤੇ ਹੈਂ।

ਤੇਹਿਰਾ

ਜਿਸ ਨੂੰ ਲੀਡਰ ਲੁੱਟੇ, ਉਸ ਨੂੰ ਪਬਲਿਕ ਕਹਿੰਦੇ ਹਨ। ਜੋ ਪਬਲਿਕ ਦਾ ਪੈਸਾ ਖਾਵੇ, ਸੋ ਜਨ ਪਬਲਿਕਮੈਨ।

ਕਹੇ ਨਾਥ

ਤਜੀ ਹਿਯਾ, ਔਰ ਸ਼ਰਮ ਭੀ, ਤਜਾ ਤਿਆਗ, ਈਮਾਨ । ਕਹੇ "ਨਾਥ" ਸੁਨ ਬਾਵਰੇ, ਸੋ ਜਨ ਲੀਡਰ ਜਾਨ । ਮਾਲਾ ਫੇਰੇ ਦਿਨੇ ਨੂੰ, ਰੱਖੇ ਹੱਥ ਕਿਰਪਾਨ । ਕਹੇ "ਨਾਥ" ਸੁਨ ਬਾਂਵਰੇ, ਸੋ ਜਨ ਗੋਲਕਵਾਨ । ਲੰਮਦਾੜ੍ਹਾ, ਲੰਮਗਾਤ੍ਰਾ, ਸੁੱਥਣ ਚੂੜੀਦਾਰ । ਤਿਸ ਕੋ "ਨਾਥ" ਪਛਾਣ ਲੇਹੁ, ਸੋ ਜਨ ਜੱਥੇਦਾਰ । ਦੇਏ ਜਵਾਬ ਨਾ ਫਤਹਿ ਕਾ, ਬੋਲੇ ਮੂੜ੍ਹ ਸਮਾਨ । ਕਹੇ "ਨਾਥ" ਇਹ ਜਾਣੀਏ, ਸੋ ਜਨ ਹੈ ਪ੍ਰਧਾਨ।

ਕਹੌ ਨਾਥ ਜੀ

"ਸੰਤਾਂ" ਸੰਗ "ਮਹੰਤ" ਬਣਾਈ ਏਕਤਾ । ਨਾ ਕੋਈ ਦੇ ਪ੍ਰਸ਼ਾਦ, ਨਾ ਮਾਥਾ ਟੇਕਤਾ । ਬੜੇ ਬੜੇ ਵਿਦਵਾਨ ਸੰਤ ਕੀ ਟੇਕ ਪਰ । ਕਹੋ "ਨਾਥ" ਜੀ ਬਾਤ ਚਾਰ ਓਰ ਦੇਖ ਕਰ ।

ਪੱਕੇ ਅਕਾਲੀ ਰਹੇ ਹਾਂ

ਰਕੀਬਾਂ ਦੇ ਸੰਗ ਵਿਸਕੀਆਂ ਪੀਣ ਵਾਲੇ, ਤੇਰੀ ਯਾਦ ਅੰਦਰ ਥਿਨਰ ਪੀ ਰਹੇ ਆਂ। ਅਜੇ ਕਾਰ ਸਾਡੀ ਨੂੰ ਝੰਡੀ ਨਾ ਲੱਗੀ, ਉਮਰ ਭਰ ਤੁਹਾਡੇ ਮਰਾਸੀ ਰਹੇ ਆਂ। ਉਡੀਕਾਂ 'ਚ ਦੰਦ ਝੜ ਗਏ, ਵਾਲ ਪੱਕੇ, ਕਿ ਚਾਨਸ ਦੇ ਫਿਰ ਵੀ ਸਵਾਲੀ ਰਹੇ ਆਂ । ਇਹ ਦਲ ਬਦਲੀਆਂ ਬਾਦ ਵਿਚ ਕੀਤੀਆਂ ਨੇ, ਵਜ਼ਾਰਤ 'ਚ ਪੱਕੇ ਅਕਾਲੀ ਰਹੇ ਆਂ। ਅਸਾਂ ਨੂੰ ਵੀ ਤੂੰ ਸੋਸ਼ਲਿਸਟਾਂ 'ਚ ਜਾਣੀਂ, ਅਸੀਂ ਵੀ ਤਾਂ ਮੁਢੋਂ ਫ਼ਰਾਡੀ ਰਹੇ ਆਂ।

ਸੁਣ ਲਿਆ

ਹੋਮ ਲੈ ਕੇ ਇੰਦਰਾ ਸਟਰੌਂਗ ਹੋ ਗਈ, ਸੁਣ ਲਿਆ ! ਕਾਂਗਰਸ ਦੀ ਪਾਲਿਸੀ ਹੁਣ ਢੌਂਗ ਹੋ ਗਈ, ਸੁਣ ਲਿਆ ? ਛਡ ਗਏ ਸੰਗੀ ਵਜ਼ਾਰਤ, ਬੱਸ ਏਨਾ ਆਖ ਕੇ, "ਪਾਲਿਸੀ ਤੇਰੀ ਫ਼ਤਹਿ ਸਿੰਘ, ਰੌਂਗ ਹੋ ਗਈ," ਸੁਣ ਲਿਆ ? ਢਾਹ ਕੇ ਸਾਰੀ ਕੈਬਨਿਟ ਇੰਦਰਾ ਰੁਮਾਲੀ ਲੈ ਗਈ, ਇਸਤ੍ਰੀ ਵੀ ਅਜ ਦੀ ਕਿੰਗ ਕੌਂਗ ਹੋ ਗਈ, ਸੁਣ ਲਿਆ ? ਜਲਗਉਂ ਵਿਚ, ਤੇ ਭਵਿੰਡੀ ਵਿਚ ਪੁਲਿਸ ਸੀ ਬੇਸ਼ੁਮਾਰ, ਪਤਾ ਨਹੀਂ ਕਿਉਂ ਫੇਰ ਵੀ ਹੜਬੌਂਗ ਹੋ ਗਈ ? ਸੁਣ ਲਿਆ ?

ਸਭ ਚਲਤਾ ਹੈ

ਦੇਸੀ ਮਾਲ ਬਨਾਓ, ਔਰ ਵਲਾਇਤੀ ਮੋਹਰ ਲਗਾਓ ਜੀ, ਸਭ ਚਲਤਾ ਹੈ । ਪੈਕ ਕਰੋ ਡੱਬੀ ਮੈਂ, ਉਸ ਕੋ ਬੇਚੋ ਮਹਿੰਗੇ ਭਾਓ ਜੀ, ਸਭ ਚਲਤਾ ਹੈ । ਸੁਬਾਹ ਪਜਾਮਾ ਕੁਰਤਾ ਪਹਿਨੋ, ਗਾਂਧੀ ਜੀ ਕੀ ਬਾਤ ਕਰੋ, ਜੀਤ ਜਾਓ, ਤੋ ਗਾਂਧੀ ਜੀ ਕੋ ਖੁੱਡੇ ਲੈਨ ਲਗਾਓ ਜੀ, ਸਭ ਚਲਤਾ ਹੈ। ਲੜੋ ਚੁਨਾਵ ਤੇ ਖੱਦਰ ਪਹਿਨੋ, ਗਾਂਧੀ ਜੀ ਕੀ ਬਾਤ ਕਰੋਮ, ਜੀਤ ਜਾਓ, ਤੋ ਗਾਂਧੀ ਜੀ ਕੋ ਖੁੱਡੇ ਲੈਨ ਲਗਾਓ ਜੀ, ਸਭ ਚਲਤਾ ਹੈ। ਬਨੋ ਅਕਾਲੀ ਦਲ ਕੇ ਮੁਖੀਆ, ਪੰਥ ਕੇ ਗ਼ਮ ਮੇਂ ਤੜਫੋ ਜੀ, ਕਾਂਗਰਸੀ ਨੇਤਾਉਂ ਕੇ ਚਰਨੋਂ ਪਹਿ ਸੀਸ ਝੁਕਾਓ ਜੀ, ਸਭ ਚਲਤਾ ਹੈ । ਗੁਰੂਦੁਆਰੇ ਜਾ ਕਰ ਮੁੱਠੀਆਂ ਖ਼ੂਬ ਭਰੋ ਸਿਲ ਪੱਥਰ ਕੀ, ਕੋਈ ਅਪਾਹਜ ਦੁਆਰ ਤੁਮਾਰੇ ਆਏ, ਓਸੇ ਭਗਾਓ ਜੀ, ਸਭ ਚਲਤਾ ਹੈ।

ਹੇ ਭਗਵਾਨ ਤੇਰੀ ਧਰਤੀ ਪਰ

ਮੌਸਮ ਤਪਾ ਹੂਆ ਹੈ, ਮਤ ਤੁਮ ਬਾਹਰ ਪੈਰ ਨਿਕਾਲੋ । ਔਰ ਅਗਰ ਜਾਨਾ ਹੈ ਬਾਹਰ, ਪਿਆਜ਼ ਜੇਬ ਮੇਂ ਡਾਲੋ । ਅਤੇ ਫ਼ਰੂਟ ਬੜਾ ਮਹਿੰਗਾ ਹੈ, ਨਿੰਬੂ ਕੱਕੜੀ ਖਾ ਲੋ, ਨਿੰਬੂ ਕੱਕੜੀ ਖਾ ਕਰ ਖ਼ਰਬੂਜ਼ੇ ਕਾ ਨਾਮ ਧਿਆ ਲੋ । ਲੂ ਚਲਤੀ ਹੈ, ਧੂਪ ਕੜਕਤੀ, ਕੋਠੇ ਤਪੇ ਹੂਏ ਹੈਂ, ਇਨ ਤੰਦੂਰੋਂ ਕੀ ਦੀਵਾਰੋਂ ਪਰ ਤੁਮ ਨਾਨ ਪਕਾ ਲੋ । ਹੇ ਭਗਵਾਨ ਤੇਰੀ ਧਰਤੀ ਪਰ ਲੂ ਸੇ ਸੜੇ ਪੜੇ ਹੈਂ, ਜੋ ਛੀਂਟੇ ਤੁੰਮ ਡਾਲ ਰਹੇ ਹੋ ਸੋਚ ਸਮਝ ਕਰ ਡਾਲੋ। ਲੋਗੋਂ ਕੇ ਕੁੱਤੇ ਹੈਂ ਜੋ ਗ਼ੈਰੋਂ ਕੋ ਭੌਂਕ ਰਹੇ ਹੈਂ, ਤੁਮ ਭੀ ਦਾਨਾ ਬਨੋ "ਨਾਥ" ਜੀ, ਤੁਮ ਭੀ ਕੁੱਤਾ ਪਾਲੋ।

ਜਲਵਾ ਜੇਠ ਮਹੀਨੇ ਕਾ

ਲੂ ਚਲਤ ਹੈ, ਚਾਮ ਤਪਤ ਹੈ, ਦਰੀਆ ਰਵਾਂ ਪਸੀਨੇ ਕਾ । ਸਾਹ ਸੂਖਤ ਹੈ, ਜਾਨ ਘਟਤ ਹੈ, ਜਲਵਾ ਜੇਠ ਮਹੀਨੇ ਕਾ । ਦਿੱਲੀ ਕੇ ਪ੍ਰਬੰਧਕ ਯਾਰੋ ਕਿਸ ਪਾਨੀ ਮੇਂ ਡੂਬ ਮਰੇਂ, ਉਨ ਕੋ ਨਹੀਂ ਪ੍ਰਾਪਤ ਹੋਤਾ ਲੋਗੋ ਪਾਨੀ ਪੀਨੇ ਕਾ । ਨੀਕਰ ਵਾਲੇ, ਸ਼ਾਖ਼ਾ ਵਾਲੇ ਗਊ ਰਖ਼ਸ਼ਾ ਕੀ ਬਾਤ ਕਰੇਂ, ਸਾਂਢ ਕੇ ਬਾਰੇ ਵੁਹ ਕਹਿਤੇ ਹੈਂ “ਮਤ ਲੋ ਨਾਮ ਕਮੀਨੇ ਕਾ।" ਅਚਕਨ ਪਹਿਨੋਂ, ਚੜ੍ਹੋ ਮੰਚ ਪਰ, ਜੋਸ਼ੀਲੀ ਤਕਰੀਰ ਕਰੋ, ਜਬ ਗਰਮੀ ਸੇ ਦਮ ਘੁਟ ਜਾਏ, ਬਟਨ ਖੋਲ੍ਹ ਦੋ ਸੀਨੇ ਕਾ । “ਹਿੰਦੀ ਚੀਨੀ ਭਾਈ" ਕਹਿ ਕਰ ਹਮ ਨੇ ਫ਼ੈਜ਼ ਬਹੁਤ ਪਾਇਆ, ਨਿਕਸਨ ਦੇਖੋ ਕਿਆ ਪਾਤਾ ਹੈ, ਯਾਰ ਬਨਾ ਹੈ ਚੀਨੇ ਕਾ ।

  • ਮੁੱਖ ਪੰਨਾ : ਪੰਜਾਬੀ ਕਵਿਤਾ : ਤਾਰਾ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ