ਗੁਰਭਜਨ ਗਿੱਲ ਦੀ ਕਵਿਤਾ ‘ਨੰਦੋ ਬਾਜ਼ੀਗਰਨੀ’ ਦਾ ਸੰਗਠਨ ਤੇ ਸੰਵੇਦਨਾ : ਪਵਨ ਕੁਮਾਰ
ਗੁਰਭਜਨ ਗਿੱਲ ਪੰਜਾਬੀ ਕਾਵਿ ਸਿਰਜਣਾ ਦੇ ਖੇਤਰ ਵਿਚ ਮਕਬੂਲ ਕਵੀ/ਸ਼ਾਇਰ ਹਨ। ਉਹ ਕਰੀਬ ਅੱਧੀ ਸਦੀ ਤਕ ਦਾ ਸਿਰਜਣਾਤਮਕ ਸਫ਼ਰ ਤੈਅ ਕਰ ਚੁੱਕੇ ਹਨ। ਉਹਨਾਂ ਦੇ ਮੁਸਲਸਲ ਕਿਰਿਆਸ਼ੀਲ ਸਿਰਜਣਾਤਮਕ ਸਫ਼ਰ ਦੇ ਤਾਰੀਖ਼ੀ ਗੌਰਵ ਦਾ ਅਹਿਸਾਸ ਇਸ ਵਿਚਾਰ ਤੋਂ ਵੀ ਹੋ ਜਾਂਦਾ ਹੈ ਕਿ ਉਹਨਾਂ ਦੀ ਕਾਵਿ ਸਿਰਜਣਾ ਪ੍ਰਤਿ ਹੁੰਗਾਰਾ ਉਹਨਾਂ ਦੇ ਪ੍ਰਥਮ ਕਾਵਿ ਸੰਗ੍ਰਹਿ ਸ਼ੀਸ਼ਾ ਝੂਠ ਬੋਲਦਾ ਹੈ (1978) ਤੋਂ ਹੀ ਮਿਲਣਾ ਸ਼ੁਰੂ ਹੋ ਗਿਆ ਸੀ। ਪ੍ਰਥਮ ਕਾਵਿ ਸੰਗ੍ਰਹਿ ਤੋਂ ਲੈ ਕੇ ਵਰਤਮਾਨ ਸਮੇਂ ਪ੍ਰਕਾਸ਼ਿਤ ਹੋਏ ਸੰਪੂਰਨ ਗ਼ਜ਼ਲ ਸੰਗ੍ਰਹਿ ਅੱਖਰ ਅੱਖਰ (2023) ਤੀਕਣ ਪੰਜਾਬੀ ਦੇ ਪ੍ਰਮਾਣਿਕ ਕਾਵਿ-ਚਿੰਤਕਾਂ, ਜਿਵੇਂ ਪ੍ਰਿੰ. ਸੰਤ ਸਿੰਘ ਸੇਖੋਂ, ਡਾ. ਸੁਤਿੰਦਰ ਸਿੰਘ ਨੂਰ, ਡਾ. ਜਸਵਿੰਦਰ ਸਿੰਘ, ਡਾ. ਦੇਵਿੰਦਰ ਕੌਰ, ਡਾ. ਸੁਖਦੇਵ ਸਿੰਘ (ਸਿਰਸਾ), ਡਾ. ਸਰਬਜੀਤ ਸਿੰਘ, ਡਾ. ਗੁਰਇਕਬਾਲ ਸਿੰਘ, ਡਾ. ਰਵਿੰਦਰ ਭੱਠਲ ਅਤੇ ਡਾ. ਯੋਗਰਾਜ ਆਦਿ, ਨੇ ਸਮੇਂ ਸਮੇਂ ਗੁਰਭਜਨ ਗਿੱਲ ਦੇ ਕਾਵਿ ਸਿਰਜਣਾ ਸਫ਼ਰ ਬਾਰੇ ਗੰਭੀਰ ਮੁਤਾਲਿਆ ਕੀਤਾ। ਅੱਧੀ ਸਦੀ ਦੌਰਾਨ ਉਹਨਾਂ ਦੀ ਸਿਰਜਣਾ ਦੀ ਕੁੱਲ ਗਿਣਤੀ ਦੋ ਦਰਜਨ ਦੇ ਆਸ-ਪਾਸ ਬਣਦੀ ਹੈ। ਪ੍ਰਥਮ ਕਾਵਿ ਸੰਗ੍ਰਹਿ ਤੋਂ ਇਲਾਵਾ ਹਰ ਧੁਖਦਾ ਪਿੰਡ ਮੇਰਾ ਹੈ (1996), ਬੋਲ ਮਿੱਟੀ ਦਿਆ ਬਾਵਿਆ (1992), ਅਗਨ ਕਥਾ (2002), ਖ਼ੈਰ ਪੰਜਾਂ ਪਾਣੀਆਂ ਦੀ (2005), ਧਰਤੀ ਨਾਦ (2006), ਫੁੱਲਾਂ ਦੀ ਝਾਂਜਰ (2006), ਪਾਰਦਰਸ਼ੀ (2008), ਮੋਰ ਪੰਖ (2010), ਮਨ ਤੰਦੂਰ (2014), ਗੁਲਨਾਰ (2015), ਮਿਰਗਾਵਲੀ (2016), ਰਾਵੀ (2018), ਸੰਧੂਰਦਾਨੀ (2019), ਮਨ ਪਰਦੇਸੀ (2019), ਸੁਰਤਾਲ (2021), ਚਰਖ਼ੜੀ (2021), ਪਿੱਪਲ ਪੱਤੀਆਂ (2022), ਜਲ ਕਣ (2022) ਅਤੇ ਜ਼ੇਵਰ (2024) ਆਦਿ ਉਸਦੇ ਮੌਲਿਕ ਸੰਗ੍ਰਹਿ ਹਨ। ਇਸ ਅਰਸੇ ਦੌਰਾਨ ਪ੍ਰਕਾਸ਼ਿਤ ਹੋਏ ਸੰਗ੍ਰਹਿਆਂ ਵਿਚ ਉਹਨਾਂ ਨੇ ਆਪਣੇ ਵਿਚਾਰਾਂ ਦੀ ਸਿਰਜਣਾ ਲਈ ਆਧੁਨਿਕ ਪੰਜਾਬੀ ਕਵਿਤਾ ਦੇ ਵੰਨਸੁਵੰਨੇ ਕਾਵਿ ਰੂਪਾਂ (ਕਵਿਤਾ, ਗ਼ਜ਼ਲ, ਰੁਬਾਈ, ਗੀਤ, ਵਿਅਕਤੀ/ਕਾਵਿ ਚਿੱਤਰ ਆਦਿ) ਨੂੰ ਮਾਧਿਅਮ ਬਣਾਇਆ।
ਸਾਡੇ ਅਧਿਐਨ ਦਾ ਮਕਸਦ ਗੁਰਭਜਨ ਗਿੱਲ ਦੇ ਕਾਵਿ-ਸੰਗ੍ਰਹਿ ਚਰਖ਼ੜੀ ਵਿਚਲੀ ਅਹਿਮ ਕਵਿਤਾ ‘ਨੰਦੋ ਬਾਜ਼ੀਗਰਨੀ’ ਦੇ ਸੰਗਠਨ ਨੂੰ ਜਾਣਨਾ-ਸਮਝਣਾ ਅਤੇ ਇਸ ਦੀਆਂ ਪਰਤਾਂ ਅੰਦਰ ਸਾਹ ਲੈ ਰਹੀ ਸੰਵੇਦਨਾ ਤਕ ਪਹੁੰਚਣਾ ਹੈ। ਇਸ ਸੰਗ੍ਰਹਿ ਵਿਚਲੀ ਸਮਗ੍ਰ ਕਵਿਤਾ ਬਹੁ-ਰੰਗੀ ਹੋਣ ਕਰਕੇ ਬਹੁ-ਸਭਿਆਚਾਰਕ ਸੁਭਾਅ ਵਾਲੀ ਹੈ। ਇਸ ਸੰਗ੍ਰਹਿ ਵਿਚ ਵੰਨਸੁਵੰਨੀਆਂ ਸ਼ਖ਼ਸੀਅਤਾਂ ਜਿਵੇਂ ਨੰਦੋ ਬਾਜ਼ੀਗਰਨੀ, ਆਸਿਫ਼ਾ, ਪਰਜਾਪੱਤ, ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਜੀ, ਜਗਦੇਵ ਸਿੰਘ ਜੱਸੋਵਾਲ, ਸੇਵਾ ਸਿੰਘ ਭਾਸ਼ੋ, ਸੰਗੀਤਕਾਰ ਖੱਯਾਮ, ਭੂਸ਼ਨ ਧਿਆਨਪੁਰੀ, ਜਰਨੈਲ ਸਿੰਘ ਸੇਖਾ, ਰਾਜਪਾਲ ਸਿੰਘ, ਪਰਵੇਜ਼ ਸੰਧੂ ਆਦਿ ਦੇ ਵਿਅਕਤੀ/ਕਾਵਿ ਚਿੱਤਰ ਹਨ, ਜਿਹੜੇ ਇਸ ਸੰਗ੍ਰਹਿ ਨੂੰ ਬਹੁਰੰਗਾ ਬਣਾਉਂਦੇ ਹਨ। ਕਵੀ ਨੇ ਉਪਰੋਕਤ ਰੰਗਾਂ ਵਿੱਚੋਂ ਇਕ ਬੇਸ਼ਕੀਮਤੀ ਰੰਗ ਨੂੰ ‘ਨੰਦੋ ਬਾਜ਼ੀਗਰਨੀ’ ਦੇ ਵਿਅਕਤੀ/ਕਾਵਿ ਚਿੱਤਰ ਰਾਹੀਂ ਸਿਰਜਿਆ ਹੈ। ਗ਼ੌਰਤਲਬ ਹੈ ਕਿ ਇਹ ਰੰਗ ਅੱਖੋਂ ਪਰੋਖੇ ਵੀ ਰਿਹਾ ਹੈ ਅਤੇ ਹਾਸ਼ੀਏ ਉੱਤੇ ਵੀ ਧਕੇਲ ਦਿੱਤਾ ਗਿਆ ਹੈ। ਕਵੀ ਨੇ ਇਸ ਕਵਿਤਾ ਰਾਹੀਂ ਇਸਨੂੰ ਮੁੜ ਕੇਂਦਰ ਵਿਚ ਲਿਆ ਕੇ, ਇਸ ਕਬੀਲੇ ਦੀ ਪਛਾਣ ਮਹਿਫੂਜ਼ ਰੱਖਣ ਦਾ ਯਤਨ ਕੀਤਾ ਹੈ।
ਸਾਡੇ ਸਾਹਮਣੇ ਸਵਾਲ ਇਹ ਹੈ ਕਿ ਅਧਿਐਨ ਅਧੀਨ ਕਵਿਤਾ ਦੇ ਸੰਗਠਨ ਅਤੇ ਪਰਤਾਂ ਅੰਦਰਲੀ ਸੰਵੇਦਨਾ ਨੂੰ ਕਿਵੇਂ ਜਾਣਿਆ-ਸਮਝਿਆ ਅਤੇ ਖੋਲ੍ਹਿਆ-ਫਰੋਲਿਆ ਜਾਵੇ? ਦਰਅਸਲ ਕਿਸੇ ਵੀ ਰਚਨਾ ਦੇ ਸੰਗਠਨ ਨੂੰ ਖੋਲ੍ਹਣ-ਫਰੋਲਣ ਦੇ ਬੁਨਿਆਦੀ ਤੌਰ ਉੱਪਰ ਦੋ ਤਰੀਕਾ ਏ ਕਾਰ ਹਨ : ਪਹਿਲਾ ਕਿਸੇ ਰਚਨਾਵੀ ਸੰਗਠਨ ਨੂੰ ਬਾਹਰੋਂ ਉਧਾਰੇ ਲਏ ਬਣੇ ਬਣਾਏ ਵਿਧਾਨ/ਮਾਡਲ ਰਾਹੀਂ ਵਿਸ਼ਲੇਸ਼ਿਤ ਕਰਨਾ ਅਤੇ ਦੂਜਾ ਕਿਸੇ ਰਚਨਾਵੀਂ ਸੰਗਠਨ ਦੇ ਅੰਦਰ ਕਿਰਿਆਸ਼ੀਲ ਵਿਧਾਨ/ਮਾਡਲ ਨੂੰ ਤਲਾਸ਼ ਕੇ ਇਸਦੀ ਮਦਦ ਨਾਲ ਉਸਦੀਆਂ ਪਰਤਾਂ ਨੂੰ ਜਾਣਨਾ-ਸਮਝਣਾ ਤੇ ਖੋਲ੍ਹਣਾ-ਫਰੋਲਣਾ। ਦਰਅਸਲ ਹਰ ਕਵੀ ਦਾ ਆਪਣਾ ਇਕ ਮੌਲਿਕ ਨਿਯਮ-ਵਿਧਾਨ ਹੁੰਦਾ ਹੈ ਅਤੇ ਇਹ ਨਿਯਮ-ਵਿਧਾਨ ਸਿਰਜਣਾਤਮਕ ਜੁਗਤਾਂ ਦੇ ਮਤੀਹ ਵਿਚਰਦਾ ਹੈ। ਗ਼ੌਰਤਲਬ ਹੈ ਕਿ ਹਰ ਕਵੀ ਦੀ ਹਰੇਕ ਰਚਨਾ ਪਹਿਲਾਂ ਸਿਰਜੀਆਂ ਰਚਨਾਵਾਂ ਨਾਲ ਸਾਂਝ ਰੱਖਣ ਦੇ ਬਾਵਜੂਦ ਵਿਲੱਖਣ ਵੀ ਹੁੰਦੀ ਹੈ। ਭਾਵ ਕਿ ਹਰ ਰਚਨਾ ਦਾ ਆਪਣਾ ਵਿਲੱਖਣ ਨਿਯਮ ਵਿਧਾਨ ਹੁੰਦਾ ਹੈ ਅਤੇ ਇਸੇ ਸਕਦਾ ਹੀ ਕਿਸੇ ਕਵੀ ਦੀ ਸਿਰਜਣਾ ਵਿਚ ਮੌਲਿਕਤਾ ਪ੍ਰਵੇਸ਼ ਕਰਦੀ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਕਿਸੇ ਕਵੀ ਦੀ ਰਚਨਾ ਸੁਚੇਤ ਜਾਂ ਅਚੇਤ ਦੀ ਕਿੰਨੀ ਕੋਸ਼ਿਸ਼ ਵਿੱਚੋਂ ਸਿਰਜੀ ਗਈ ਹੈ? ਇਸ ਬਾਰੇ ਭਾਵੇਂ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਪਰੰਤੂ ਕੋਈ ਕਵੀ ਕਾਵਿ-ਸ਼ਾਸਤਰ/ਨਿਯਮ-ਵਿਧਾਨ ਬਾਰੇ ਕਿੰਨਾ ਕੁ ਸੁਚੇਤ ਹੁੰਦਾ ਹੈ? ਇਸਦਾ ਅਨੁਮਾਨ ਉਸਦੀ ਸਿਰਜਣਾ ਤੋਂ ਲਗਾਇਆ ਜਾ ਸਕਦਾ ਹੈ।1 ਨਿਰਸੰਦੇਹ ਕਿਸੇ ਅਧਿਐਨ ਦੀ ਪ੍ਰਮਾਣਿਕਤਾ ਰਚਨਾ ਪਾਠ ਦੇ ਅੰਦਰੂਨ ਸੰਸਾਰ ਵਿਚ ਕਿਰਿਆਸ਼ੀਲ ਨਿਯਮ-ਵਿਧਾਨ ਲੱਭਣ, ਖੋਲ੍ਹਣ ਤੇ ਫਰੋਲਣ ਅਤੇ ਪਾਠ ਬਾਹਰੇ ਜਗਤ ਨਾਲ ਬਰ ਮੇਚਣ ਵਿਚ ਨਿਹਿਤ ਹੈ।
‘ਨੰਦੋ ਬਾਜ਼ੀਗਰਨੀ’ ਕਵਿਤਾ ਦੇ ਸੰਗਠਨ ਨੂੰ ਗੰਭੀਰਤਾ ਨਾਲ ਵੇਖਿਆਂ ਇਸਦੀ ਤਹਿ ਹੇਠ ਕਿਰਿਆਸ਼ੀਲ ਪੰਦਰ੍ਹਾਂ ਸੰਭਾਵਿਤ ਇਕਾਈਆਂ ਨੂੰ ਪਛਾਣਿਆ ਜਾ ਸਕਦਾ ਹੈ। ਸੰਗਠਨ ਵਿਚਲੀਆਂ ਇਹਨਾਂ ਮੁਖ਼ਤਲਿਫ਼ ਇਕਾਈਆਂ ਵਿਚ ਕੇਂਦਰੀ ਪਾਤਰ ‘ਨੰਦੋ’ ਦੇ ਕਈ ਰੰਗਾਂ ਨੂੰ ਸਿਰਜਿਆ ਗਿਆ। ਇਥੇ ਸਪੱਸ਼ਟ ਹੁੰਦਾ ਹੈ ਕਿ ਇਹ ਵਿਅਕਤੀ/ਕਾਵਿ-ਚਿਤਰ ਸ਼ੈਲੀ ਵਿਚ ਸਿਰਜੀ ਗਈ ਕਵਿਤਾ ਹੈ ਅਤੇ ਇਸ ਵਿਚਲਾ ਅੰਦਾਜ਼ ਏ ਬਿਆਨ ਕਿਧਰੇ ਕਿਧਰੇ ਬਿਰਤਾਂਤਕ ਕਾਵਿ ਦਾ ਰੂਪ ਵੀ ਧਾਰਨ ਕਰ ਜਾਂਦਾ ਹੈ। ਕਵੀ ਦੁਆਰਾ ਨੰਦੋ ਬਾਜ਼ੀਗਰਨੀ ਦੀ ਸੰਪੂਰਨ ਸ਼ਖ਼ਸੀਅਤ (ਸੂਰਤ ਅਤੇ ਸੀਰਤ) ਨੂੰ ਸਿਰਜਣਾ ਕਾਵਿ-ਰੂਪ ਪੱਖੋਂ ਇਸਦੇ ਵਿਅਕਤੀ/ਕਾਵਿ-ਚਿੱਤਰ ਹੋਣ ਦੇ ਵਿਚਾਰ ਨੂੰ ਹੀ ਦਰੁੱਸਤ ਕਰਦਾ ਹੈ। ਇਸੇ ਕਰਕੇ ਇਹ ਪਾਤਰ ਮੁਖੀ ਕਵਿਤਾ ਹੈ ਜਿਸ ਵਿਚ ਕਵੀ ਨੇ ਨੰਦੋ ਦੇ ਸ਼ਖ਼ਸੀਅਤ ਰਾਹੀਂ ਸਭਿਆਚਾਰਕ ਔਰਤ ਦਾ ਬਿੰਬ ਸਿਰਜਿਆ ਹੈ। ਪਰੰਤੂ ਇਸਦੀ ਬੁਨਿਆਦੀ ਖ਼ੂਬੀ ਇਹ ਕਿ ਇਸ ਵਿਚਲਾ ਪਾਤਰ ‘ਨੰਦੋ’ ਬੇਸ਼ੱਕ ਵਿਅਕਤੀਗਤ ਪਾਤਰ ਵਜੋਂ ਪ੍ਰਸਤੁਤ ਹੋਇਆ ਹੈ। ਤਾਂ ਵੀ ਇਹ ਵਿਅਕਤੀ ਵਿਸ਼ੇਸ਼ ਤਕ ਮਹਿਦੂਦ ਨਹੀਂ ਰਹਿੰਦਾ। ਬਲਕਿ ਜਿਸ ਕਬੀਲੇ ਵਿਚ ਨੰਦੋ (ਬਾਜ਼ੀਗਰ ਕਬੀਲਾ/ਸਮੂਹ) ਰਹਿੰਦੀ ਹੈ, ਉਸ ਕਬੀਲੇ/ਸਮੂਹ ਦੀ ਪ੍ਰਤਿਨਿਧਤਾ ਕਰਦੀ ਹੋਈ ਸਮੂਹ ਤਕ ਫੈਲਦੀ ਹੈ। ਇਸ ਤੋਂ ਅੱਗੇ ਇਹ ਪਾਤਰ ਆਪਣੇ ਵਿਸ਼ੇਸ਼ ਕਬੀਲੇ ਕਬੀਲੇ/ਸਮੂਹ ਤਕ ਵੀ ਮਹਿਦੂਦ ਨਾ ਰਹਿ ਕੇ ਹਰ ਤਰ੍ਹਾਂ ਦੇ ਲਿੰਗ ਭੇਦ ਦੀਆਂ ਸੀਮਾਵਾਂ ਨੂੰ ਉਲੰਘਦਾ ਹੋਇਆ, ਕਿਰਤ ਦੀ ਪ੍ਰਤਿਨਿਧਤਾ ਕਰਨ ਵਾਲਾ ਮੂਲ ਮਾਨਵੀ ਪਾਤਰ ਬਣ ਕੇ, ਕੁੱਲ ਆਲਮ ਤਕ ਫੈਲ ਜਾਂਦਾ ਹੈ। ਕਿਹਾ ਜਾ ਸਕਦਾ ਹੈ ਕਿ ਗੁਰਭਜਨ ਗਿੱਲ ਨੇ ਇਸ ਪਾਤਰ ਨੂੰ ਸਿਰਜਦੇ ਸਮੇਂ ਵਿਅਕਤੀਕਰਨ ਤੋਂ ਸਮੂਹੀਕਰਨ ਦੀ ਜੁਗਤ ਨੂੰ ਬੜੀ ਪ੍ਰਬੀਨਤਾ ਸਹਿਤ ਵਰਤਿਆ ਹੈ। ਦਰਅਸਲ ਇਸ ਕਵਿਤਾ ਵਿਚ ਕਵੀ ਇਕ ਵਿਅਕਤੀ ਚਿੱਤਰ ਰਾਹੀਂ ਲੋਕ ਸਮੂਹ ਦਾ ਚਿੱਤਰ ਸਿਰਜਣ ਵਿਚ ਸਫ਼ਲ ਹੋਇਆ ਹੈ। ਇਸ ਤਰ੍ਹਾਂ ਇਹ ਹਰ ਕਿਸਮ ਦੀ ਵੰਡ, ਵਿਤਕਰੇ ਤੇ ਔਰਤ-ਮਰਦ ਦੇ ਭੇਦਭਾਵ ਤੋਂ ਮੁਕਤ ਮਨੁੱਖਤਾ ਦੀ ਕਵਿਤਾ ਦਾ ਦਰਜਾ ਰੱਖਦੀ ਹੈ।
ਕਿਸੇ ਵੀ ਰਚਨਾ ਅੰਦਰ ਪ੍ਰਵੇਸ਼ ਕਰਨ ਦਾ ਰਸਤਾ ਉਸਦਾ ਸਿਰਲੇਖ ਹੀ ਹੁੰਦਾ ਹੈ। ਸਿਰਲੇਖ ਦੇ ਮਹੱਤਵ ਬਾਰੇ ਰਸੂਲ ਹਮਜ਼ਾਤੋਵ ਨੇ ਲਿਖਿਆ ਹੈ ਕਿ “ਓ ਪੁਸਤਕੇ ਮੇਰੀਏ, ਤੈਨੂੰ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਤੂੰ ਮੇਰੇ ਅੰਦਰ ਕਿਵੇਂ ਕਰੂੰਬਲ ਵਾਂਗ ਫੁੱਟੀ, ਕਿਵੇਂ ਮੈਨੂੰ ਤੇਰਾ ਨਾਂ ਮਿਲਿਆ, ਤੇ ਕਿਉਂ ਮੈਂ ਤੈਨੂੰ ਲਿਖ ਰਿਹਾ ਹਾਂ, ਤੇ ਜ਼ਿੰਦਗੀ ਵਿਚ ਮੇਰੇ ਕੀ ਨਿਸ਼ਾਨੇ ਨੇ।”2 ਇਸੇ ਤਰ੍ਹਾਂ ਗੁਰਭਜਨ ਗਿੱਲ ਦੀ ਵਿਚਾਰਾਧੀਨ ਕਵਿਤਾ ਦਾ ਪ੍ਰਵੇਸ਼ ਦੁਆਰ ਇਸ ਦਾ ਸਿਰਲੇਖ ‘ਨੰਦੋ ਬਾਜ਼ੀਗਰਨੀ’ ਹੈ। ਕਵੀ ਨੇ ਇਹ ਕਵਿਤਾ ਕਿਵੇਂ ਸਿਰਜੀ?, ਉਸਨੇ ਇਸ ਕਵਿਤਾ ਦੇ ਸਿਰਲੇਖ ਦੀ ਵਿਉਂਤਬੰਦੀ ਕਿਵੇਂ ਕੀਤੀ? ਅਤੇ ਸਿਰਲੇਖ ਨਾਲ ਕਿਵੇਂ ਵਫ਼ਾ ਨਿਭਾਈ? ਇਹਨਾਂ ਸਵਾਲਾਂ ਦੇ ਜਵਾਬ ਹਥਲੇ ਕਾਵਿ ਪਾਠ ਵਿੱਚੋਂ ਗੁਜ਼ਰਿਆਂ ਵੀ ਪ੍ਰਾਪਤ ਹੋ ਜਾਂਦੇ ਹਨ। ਸਾਧਾਰਨ ਤੌਰ ’ਤੇ ਨਾਂਵ ਤੇ ਵਿਸ਼ੇਸ਼ਣ ਦੀ ਸੰਯੁਕਤੀ ਤੋਂ ਬਣਿਆ ਕਵਿਤਾ ਦਾ ਸਿਰਲੇਖ ਮੈਟਾਫੋਰੀਕਲ ਹੈ। ਅਰਥਾਤ ਸਿਰਲੇਖ ਰਾਹੀਂ ਪ੍ਰਵੇਸ਼ ਕਰਕੇ, ਕਵਿਤਾ ਦੇ ਮੂਲ ਪਾਠ ਅੰਦਰਲੀਆਂ ਮੁਖ਼ਤਲਿਫ਼ ਇਕਾਈਆਂ ਵਿਚੋਂ ਗੁਜਰਨ ਉਪਰੰਤ ਇਹ ਸਿੱਟਾ ਨਿਕਲਦਾ ਹੈ ਕਿ ਨੰਦੋ ਆਪਣੇ ਆਪ ਵਿਚ ਇਕ ਮੈਟਾਫਰ ਹੈ। ਕਵਿਤਾ ਦੇ ਸੰਗਠਨ ਦੀ ਕਿਸੇ ਇਕਾਈ ਵਿਚ ਉਹ ਸੁਨਿਆਰੇ ਵਰਗੀ ਜਾਪਦੀ, ਕਿਸੇ ਇਕਾਈ ਵਿਚ ਵੈਦ/ਡਾਕਟਰ ਵਰਗੀ ਲਗਦੀ, ਕਿਸੇ ਵਿਚ ਪੱਤਰਕਾਰ ਜਾਂ ਡਾਕੀਏ ਵਰਗੀ, ਸਿਆਣੇ, ਸਾਧਾਰਨ ਤੇ ਤਾਕਤਵਰ ਮਨੁੱਖ ਵਰਗੀ, ਚਲਦੀ ਫਿਰਦੀ ਦੁਕਾਨ ਵਰਗੀ, ਕੋਮਲ ਤੇ ਉਪਯੋਗੀ (ਸ਼ਿਲਪਕਾਰੀ) ਕਲਾਵਾਂ ਦੀ ਮੁਹਾਰਤ ਰੱਖਣ ਵਾਲੇ ਕਲਾਕਾਰ ਵਰਗੀ ਮਹਿਸੂਸ ਹੁੰਦੀ ਹੈ। ਮਿਸਾਲ ਦੇ ਤੌਰ ਉੱਪਰ ਕਵਿਤਾ ਵਿੱਚੋਂ ਹਵਾਲਾ ਵੇਖੋ :
ਸੂਈਆਂ, ਕੰਧੂਈਆਂ,
ਚਰਮਖ਼ਾਂ ਦਾ ਹੋਕਾ ਦਿੰਦੀ
ਬਾਜ਼ੀਗਰਨੀ ਨੰਦੋ
ਹੁਣ ਸਾਡੇ ਪਿੰਡ ਦੀਆਂ ਗਲੀਆਂ ’ਚ
ਕਦੇ ਨਹੀਂ ਆਉਂਦੀ।
ਸ਼ਾਇਦ ਮਰ ਖਪ ਗਈ ਹੈ।
ਨਿੱਕੀਆਂ ਕੁੜੀਆਂ ਦੇ ਕੰਨ ਵਿੰਨ੍ਹਦੀ
ਵਿੱਚ ਬਹੁਕਰ ਦੀ ਸੁੱਚੀ ਤੀਲ੍ਹ ਪਰੋ ਦਿੰਦੀ।
ਆਖਦੀ, ਸਰ੍ਹੋਂ ਦੇ ਤੇਲ ਵਿੱਚ ਹਲਦੀ ਮਿਲਾ ਕੇ
ਲਾਈ ਜਾਇਉ।
ਅਗਲੀ ਵਾਰ ਆਉਂਦੀ ਤਾਂ
ਪਿੱਤਲ ਦੇ ਕੋਕੇ, ਮੁਰਕੀਆਂ ਕੰਨੀਂ ਪਾ ਆਖਦੀ
ਚਲੋ ਬਈ, ਧੀ ਮੁਟਿਆਰ ਹੋ ਗਈ।3
ਸੋ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਕਵਿਤਾ ਦੇ ਸਿਰਲੇਖ ਮੁਤਾਬਕ ਨੰਦੋ ਬਾਜ਼ੀਗਰਨੀ ਵਾਹਿਦ ਹੈ ਪਰੰਤੂ ਕਾਵਿ ਪਾਠ ਦੇ ਸੰਗਠਨ ਅੰਦਰਲੀਆਂ ਮੁਖ਼ਤਲਿਫ਼ ਇਕਾਈਆਂ ਦਾ ਵਿਸ਼ਲੇਸ਼ਣ-ਵਿਵੇਚਨ ਕਰਨ ਉਪਰੰਤ ਉਸਦੇ ਅਨੇਕ ਰੰਗਾਂ-ਰੂਪਾਂ ਨੂੰ ਵੇਖਿਆ-ਪਛਾਣਿਆ ਜਾ ਸਕਦਾ ਹੈ। ਦਰਅਸਲ ਨੰਦੋ ਦੇ ਇਕ ਤੋਂ ਅਨੇਕ ਰੂਪ ਵਿਚ ਰੂਪਾਂਤਰਿਤ ਹੋ ਜਾਣ ਤੋਂ ਵੀ ਕਵਿਤਾ ਦੇ ਸਿਰਲੇਖ ਦੀ ਸੰਜੀਦਾ ਵਿਉਂਤਕਾਰੀ ਦਾ ਇਲਮ ਹੋ ਜਾਂਦਾ ਹੈ। ਇਕ ਗੱਲ ਜ਼ਰੂਰ ਧਿਆਨ ਗੋਚਰੀ ਹੈ ਕਿ ਇਸ ਕਵਿਤਾ ਦਾ ਸਿਰਲੇਖ ਮਹਿਜ਼ ‘ਨੰਦੋ’ ਰੱਖ ਕੇ ਇਸ ਵਿਚਲੀ ਉਤਸੁਕਤਾ ਵਿਚ ਹੋਰ ਇਜ਼ਾਫ਼ਾ ਕੀਤਾ ਜਾ ਸਕਦਾ ਸੀ। ਅਜਿਹਾ ਕਰਨ ਨਾਲ ਪਾਠਕ ਦੀ ਜਿਗਿਆਸਾ ਨੂੰ ਵਧਾਇਆ ਜਾ ਸਕਦਾ ਸੀ ਅਤੇ ਉਸਨੂੰ ਲੱਭਣ/ਖੋਜਣ ਦੀ ਪ੍ਰਕਿਰਿਆ ਵੱਲ ਤੋਰਿਆ ਜਾ ਸਕਦਾ ਸੀ। ਜਿਸ ਸਦਕਾ ਪਾਠਕ ਅੰਦਰ ਬੌਧਿਕ ਬਣਨ ਦੀ ਸੰਭਾਵਨਾ ਹੋਰ ਵੱਧ ਸਕਦੀ ਸੀ।
ਕਿਸੇ ਕਵਿਤਾ ਦੀਆਂ ਪਰਤਾਂ ਫਰੋਲਣ ਸਮੇਂ ਉਸ ਵਿਚਲੇ ਕਾਲ ਅਤੇ ਸਥਾਨ ਖ਼ਾਸ ਮਹੱਤਵ ਰੱਖਦੇ ਹਨ। ਗ਼ੌਰਤਲਬ ਹੈ ਕਿ ਕਿਸੇ ਰਚਨਾ ਦੀ “ਵਿਲੱਖਣਤਾ ਦੀ ਇਕ ਨਿਸ਼ਾਨੀ ਕਾਵਿ-ਕਿਰਤ ਦਾ ਸਮਾਂ ਹੈ। ਕਵਿਤਾ ਇਕ ਸਮੇਂ-ਬਿੰਦੂ ਤੋਂ ਸ਼ੁਰੂ ਹੋ ਕੇ ਦੂਜੇ ਸਮੇਂ-ਬਿੰਦੂ ਤਕ ਫੈਲਦੀ ਹੈ। ਦੋ ਸਮੇਂ-ਬਿੰਦੂਆਂ ਵਿਚਕਾਰਲਾ ਫਾਸਲਾ ਹੀ ਕਵਿਤਾ ਦੀ ਉਮਰ ਹੈ।”4 ਕੋਈ ਵੀ ਕਵਿਤਾ ਸਮੇਂ-ਸਥਾਨ ਦੀਆਂ ਵਲਗਣਾਂ ਨੂੰ ਉਲੰਘ ਕੇ ਹੀ ਸਜੀਵ ਕਾਇਆ ਦੀ ਧਾਰਨੀ ਬਣਦੀ ਹੈ। ਕਾਲ ਪੱਖੋਂ ਗੁਰਭਜਨ ਗਿੱਲ ਦੀ ਹਥਲੀ ਕਵਿਤਾ ਦੋ ਕਾਲਾਂ ਨਾਲ ਵਾਬਸਤਾ ਹੈ। ਇਹ ਕਵਿਤਾ ਵਰਤਮਾਨ ਸਮੇਂ ਬਿੰਦੂ ਤੋਂ ਆਰੰਭ ਹੋ ਕੇ ਮਾਜ਼ੀ ਵੱਲ ਤੁਰਦੀ ਪੁੱਠੀ ਯਾਤਰਾ ਕਰਦੀ ਹੈ। ਪਰੰਤੂ ਅਖ਼ੀਰ ਵਿਚ ਇਹ ਕਵਿਤਾ ਵਰਤਮਾਨ ਸਮੇਂ ਬਿੰਦੂ ਉੱਪਰ ਆ ਟਿਕਦੀ ਘਟਨਾਵਾਂ ਨੂੰ ਤਿਕੋਣੇ ਰੂਪ ਵਿਚ ਬੁਣਦੀ ਹੈ। ਨਿਰਸੰਦੇਹ ਕਵਿਤਾ ਦੀ ਤੋਰ ਵਰਤਮਾਨ ਤੋਂ ਭੂਤਕਾਲ ਅਤੇ ਭੂਤਕਾਲ ਤੋਂ ਵਰਤਮਾਨ ਤਕ ਕਿਰਿਆਸ਼ੀਲ ਰਹਿੰਦੀ ਹੈ। ਬੇਸ਼ੱਕ ਇਹ ਕਵਿਤਾ ਤੀਜੇ ਕਾਲ ਵੱਲ ਨਹੀਂ ਤੁਰਦੀ ਪਰੰਤੂ ਕਵਿਤਾ ਦੀ ਆਖ਼ਰੀ ਤੁਕ ਵਿਚ ਮੁਸਤਕਬਿਲ ਵੱਲ ਤੁਰਨ ਦੇ ਸੰਕੇਤ ਜ਼ਰੂਰ ਮਿਲਦੇ ਹਨ। ਕਵਿਤਾ ਦੀ ਅਜਿਹੀ ਤੋਰ ਨੂੰ ਗੰਭੀਰਤਾ ਨਾਲ ਵੇਖਿਆਂ ਸਵਾਲ ਪੈਂਦਾ ਹੁੰਦਾ ਹੈ ਕਿ ਕੋਈ ਅਦੀਬ ਵਿਰਸੇ, ਵਿਰਾਸਤ, ਪਰੰਪਰਾ ਅਤੇ ਬੀਤੇ ਨੂੰ ਬਾਰੰਬਾਰ ਕਦੋਂ ਅਤੇ ਕਿਉਂ ਸਿਮਰਦਾ ਹੈ? ਦਅਸਲ ਜਦੋਂ ਜਦੋਂ ਵੀ ਮਨੁੱਖ ਦਾ ਵਰਤਮਾਨ/ਸਮਕਾਲ ਸੰਕਟਗ੍ਰਸਤ ਜਾਂ ਤਨਾਉਸ਼ੀਲ ਪਰਿਸਥਿਤੀਆਂ ਵਿਚ ਘਿਰਦਾ ਜਾਂਦਾ ਹੈ, ਉਦੋਂ ਉਦੋਂ ਹੀ ਉਹ ਵਿਰਸੇ, ਵਿਰਾਸਤ, ਪਰੰਪਰਾ ਜਾਂ ਬੀਤੇ ਨੂੰ ਬਾਰੰਬਾਰ ਯਾਦ ਕਰਦਾ ਹੈ। ਨਿਰਸੰਦੇਹ ਇਸ ਕਵਿਤਾ ਦੇ ਅੱਧੇ ਤੋਂ ਵੀ ਵਧੇਰੇ ਕਾਵਿ ਪਾਠ ਵਿਚ ਕਵੀ ਨੇ ਨੰਦੋ ਬਾਜ਼ੀਗਰਨੀ ਨਾਲ ਬਿਤਾਏ ਸਮੇਂ ਨੂੰ ਹੀ ਸਿਮਰਿਆ ਹੈ। ਨੰਦੋ ਅੰਦਰਲੀਆਂ ਖ਼ੂਬੀਆਂ ਉਸਨੂੰ ਵਸਤਪਾਲ ਰਹਿਤਲ ਵਾਲੇ ਵਰਤਮਾਨ ਮਨੁੱਖ ਅੰਦਰੋਂ ਨਹੀਂ ਲੱਭਦੀਆਂ। ਸਪੱਸ਼ਟ ਹੈ ਕਿ ਨੰਦੋ ਇਸ ਕਵਿਤਾ ਦਾ ਅਜਿਹਾ ਹੁਨਰਮੰਦ ਕਿਰਦਾਰ ਹੈ ਜਿਸਦਾ ਬਦਲ ਲੇਖਕ ਨੂੰ ਵਰਤਮਾਨ ਸਮੇਂ ਵਿਚ ਨਹੀਂ ਲੱਭਦਾ :
ਨੰਦੋ ਚਲੰਤ ਰੇਡੀਓ ਸੀ ਬਿਨ ਬੈਟਰੀ,
ਤੁਰਦੀ ਫਿਰਦੀ ਅਖ਼ਬਾਰ ਸੀ,
ਬਿਨ ਅੱਖਰੋਂ ਸਥਾਨਕ ਖ਼ਬਰਾਂ ਵਾਲੀ।
ਵੀਹ ਤੀਹ ਪਿੰਡਾਂ ਦੀ ਸਾਂਝੀ ਬੁੱਕਲ ਸੀ ਨੰਦੋ।
ਦੁਖ ਸੁਖ ਪੁੱਛਦੀ, ਕਦੇ ਆਪਣਾ ਨਾਂ ਦੱਸਦੀ।
ਦੀਵੇ ਵਾਂਗ ਬਲ਼ਦੀ ਅੱਖ ਵਾਲੀ ਨੰਦੋ
ਬੁਰੇ ਭਲੇ ਦਾ ਨਿਖੇੜ ਕਰਦੀ
ਪੂਰੇ ਪਿੰਡ ਨੂੰ ਦੱਸਦੀ
ਨੀਤੋਂ ਬਦਨੀਤਾਂ ਤੇ ਸ਼ੁਭਨੀਤਾਂ ਬਾਰੇ।5
ਕਾਵਿ ਪਾਠ ਦੀ ਉਪਰੋਕਤ ਇਕਾਈ ਵਿਚ ਸਾਨੂੰ ਵਿਸ਼ਵੀਕਰਨ ਦੇ ਦੌਰ ਵਿਚ ਪੈਦਾ ਹੋਈ ਸੂਚਨਾ ਕ੍ਰਾਂਤੀ, ਜਿਸ ਉੱਤੇ ਕੁਝ ਪੂੰਜੀਪਤੀਆਂ ਦਾ ਕਬਜ਼ਾ ਹੈ ਅਤੇ ਜਿਹੜੇ ਆਪਣੀ ਤਾਕਤ ਦੀ ਦੁਰਵਰਤੋਂ ਰਾਹੀਂ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਵਿਚ ਬਦਲਣ ਦੇ ਬਿਰਤਾਂਤ ਸਿਰਜਦੇ ਹਨ, ਦੇ ਪ੍ਰਤੀਰੋਧ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਹਨ। ਦਰਅਸਲ “ਦਿਲ ਫ਼ਰੇਬ ਇਸ਼ਤਿਹਾਰਬਾਜ਼ੀ ਨੇ ਸੂਚਨਾ ਤੇ ਪ੍ਰਮਾਣਕ ਗਿਆਨ ਵਿਚਾਲੇ, ਅਸਲ ਅਤੇ ਨਕਲ ਵਿਚਾਲੇ, ਸੱਚ ਅਤੇ ਝੂਠ ਵਿਚਾਲੇ, ਯਥਾਰਥ ਅਤੇ ਪ੍ਰਤੀਕ ਵਿਚਾਲੇ, ਬਿੰਬ ਅਤੇ ਅਸਲੀਅਤ ਵਿਚਾਲੇ ਅਤੇ ਦਿਸਦੇ ਸਰੂਪ ਤੇ ਅਣਦਿਸਦੇ ਸੱਚ ਵਿਚਕਾਰ ਖ਼ੂਬ ਰੋਲ ਘਚੋਲ ਮਚਾਇਆ ਹੈ। ਉਪਭੋਗਤਾਵਾਦ ਨੇ ਸੰਚਾਰ ਮਾਧਿਅਮਾਂ ਦੇ ਜ਼ਰੀਏ ਇਕ ਅਜਿਹੀ ਨਵੀਂ ਭਾਸ਼ਾ ਨੂੰ ਸਿਰਜਿਆ ਹੈ, ਜਿਸ ਨੇ ਸੱਚ ਜਾਂ ਯਥਾਰਥ ਨੂੰ ਧੁੰਦ, ਰਹੱਸ ਜਾਂ ਰੁਮਾਂਸ ਵਿਚ ਗਲੇਫ਼ ਕੇ ਰੱਖ ਦਿੱਤਾ ਹੈ।”6 ਜਿਥੇ ਧਨਾਢਾ ਦੇ ਹੱਥਾਂ ਵਿਚ ਖੇਡਦਾ ਮੀਡੀਆ ਝੂਠੀਆਂ ਖ਼ਬਰਾਂ ਦਾ ਜਾਲ ਵਿਛਾਉਂਦਾ ਹੋਇਆ ਮਾਨਵੀ ਲੁੱਟ ਦਾ ਕੋਈ ਮੌਕਾ ਨਹੀਂ ਛੱਡਦਾ, ਉਥੇ ਕਵੀ ਮੁਤਾਬਕ ਨੰਦੋ ਸੱਚ ਕਹਿਣ ਵਾਲੀ ਅਤੇ ਸੱਚ ਉੱਤੇ ਪਹਿਰਾ ਦੇਣ ਵਾਲੀ ਅਤੇ ਸੱਚ ਦੀ ਤਜਾਰਤ ਕਰਨ ਵਾਲੇ ਮਾਨਵ ਹਿੱਤਕਾਰੀ ਨਜ਼ਰੀਏ ਦੀ ਧਾਰਨੀ ਹੈ। ਕਵੀ ਮੁਤਾਬਕ ਨੰਦੋ ਗੁਣਕਾਰੀ ਵੀ ਹੈ, ਸੰਪੂਰਨ ਮਨੁੱਖ ਅਤੇ ਮਾਨਵੀ ਸਾਂਝ ਦੀ ਪ੍ਰਤੀਕ ਵੀ ਹੈ। ਅਜਿਹਾ ਮਨੁੱਖ ਵਰਤਮਾਨ ਸਮੇਂ ਵਿਚ ਅਲੱਭ ਹੋਣ ਕਰਕੇ ਕਵੀ ਬਾਰੰਬਾਰ ਪਰੰਪਰਾ ਨੂੰ ਯਾਦ ਕਰਦਾ ਹੈ। ਸੋ ਨੰਦੋ ਜਿਹਾ ਮਹਾਂਮਾਨਵ ਕਵੀ ਨੂੰ ਵਰਤਮਾਨ ਸਮੇਂ ਦੇ ਟੁੱਟੇ-ਤਿੜਕੇ, ਗ਼ਰਜ਼ਾਂ ਮਾਰੇ, ਮਤਲਬ ਪ੍ਰਸਤ ਤੇ ਨਿਜ ਤਕ ਮਹਿਦੂਦ ਲਘੂ ਮਾਨਵ ਵਿੱਚੋਂ ਕਿਧਰੇ ਨਹੀਂ ਦਿਸਦਾ। ਇਸੇ ਕਰਕੇ ਇਹ ਕਵਿਤਾ ਵਧੇਰੇ ਕਰਕੇ ਵਰਤਮਾਨ ਦੇ ਤਨਾਉ ਉੱਪਰ ਆ ਕੇ ਠਹਿਰ ਜਾਂਦੀ ਹੈ। ਸਪੱਸ਼ਟ ਹੈ ਕਿ ਇਹ ਕਵਿਤਾ ਵਸਤਪਾਲ ਰਹਿਤਲ ਵਾਲੇ ਲਘੂ ਮਾਨਵ ਦੇ ਪ੍ਰਤਿਕੂਲ ਭਾਈਚਾਰਕ ਸਾਂਝ ਤੇ ਸਰਬੱਤ ਦਾ ਭਲਾ ਲੋਚਣ ਵਾਲੇ ਮਹਾਂਮਾਨਵ ਦੀ ਕਵਿਤਾ ਹੈ।
ਕਾਵਿ ਪਾਠ ਦੀ ਇਕ ਇਕਾਈ ਦੀ ਪੜ੍ਹਤ ਕਰਦਿਆਂ ਸਾਨੂੰ ਇਹ ਵੀ ਇਲਮ ਹੁੰਦਾ ਹੈ ਕਿ ਕਵੀ ਨੇ ਨੰਦੋ ਅੰਦਰਲੇ ਬਹੁਰੰਗੇ ਕਸਬਾਂ ਨੂੰ ਵੇਖ ਵੇਖ ਕੇ ਹੀ ਕਵਿਤਾ ਸਿਰਜਣੀ ਸਿੱਖੀ ਹੈ। ਇਥੇ ਕਵੀ ਕਿਤਾਬੀ ਗਿਆਨ ਨਾਲੋਂ ਵਿਹਾਰਕ ਗਿਆਨ (ਜ਼ਿੰਦਗੀ ਵਿਚਲਾ ਗਿਆਨ) ਨੂੰ ਵਧੇਰੇ ਤਰਜੀਹ ਦਿੰਦਾ ਹੈ। ਦਰਅਸਲ ਮਨੁੱਖ ਨੂੰ ਮਨੁੱਖ ਨਾਲ ਜੋੜਨ ਵਾਲੀ ਤੌਫ਼ੀਕ ਕਿਤਾਬੀ ਗਿਆਨ ਨਾਲੋਂ ਵਿਹਾਰਕ ਜ਼ਿੰਦਗੀ ਦੇ ਗਿਆਨ ਵਿਚ ਕਿਤੇ ਜ਼ਿਆਦਾ ਹੁੰਦੀ ਹੈ। ਸਗੋਂ ਵਰਤਮਾਨ ਸਮੇਂ ਕਿਤਾਬੀ ਗਿਆਨ ਦੀ ਦੁਰਵਰਤੋਂ ਕਰਕੇ ਅਸੀਂ ਮਨੁੱਖ ਨੂੰ ਮਨੁੱਖ ਨਾਲੋਂ ਤੋੜ ਰਹੇ ਹਾਂ। ਇਥੋਂ ਤਕ ਕਿ ਗਿਆਨ ਦੀ ਦੁਰਵਰਤੋਂ ਕਾਰਨ ਮਨੁੱਖ ਆਪਣੀ ਭਾਸ਼ਾ, ਆਪਣੇ ਵਿਰਸੇ, ਵਿਰਾਸਤ ਅਤੇ ਕਸਬ ਨਾਲੋਂ ਵੀ ਟੁੱਟ ਜਾਂਦਾ ਹੈ। ਨੰਦੋ ਦੀ ਜੀਵਨ ਦਾਸਤਾਨ ਰਾਹੀਂ ਕਵੀ ਨੇ ਇਹ ਚੇਤਨਾ ਵੀ ਪੈਦਾ ਕੀਤੀ ਹੈ ਕਿ ਆਪਣੇ ਵਿਰਸੇ ਨਾਲੋਂ ਟੁੱਟਕੇ ਬੰਦਾ ਗ਼ੁਲਾਮ ਬਣ ਕੇ ਰਹਿ ਜਾਂਦਾ ਹੈ :
ਸਾਡੀ ਆਪਣੀ ਜ਼ਬਾਨ ਵੇ ਲੋਕਾ।
ਇਹ ਸਕੂਲ ਸਾਡੀ ਬੋਲੀ ਵਿਗਾੜ ਦੇਵੇ।
ਨਿਆਣਿਆਂ ਨੂੰ ਬਾਜ਼ੀ ਪਾਉਣੀ ਭੁਲਾਵੇਗਾ।
ਕੋਹੜੀ ਕਰੇਗਾ ਸੁਡੌਲ ਜਿਸਮ ਤੇ ਸੁਪਨੇ।
ਟਾਂਗੇ ਵਾਲਾ ਘੋੜਾ ਬਣਾਵੇਗਾ।
ਚੁਫ਼ੇਰੇ ਵੇਖਣ ਤੋਂ ਵਰਜੇਗਾ।7
ਨਿਰਸੰਦੇਹ ਅਜੋਕਾ ਗਿਆਨ ਸਾਨੂੰ ਹੁਨਰਮੰਦ ਅਤੇ ਸਵੈ ਨਿਰਭਰ ਬਣਾਉਣ ਦੀ ਥਾਵੇਂ ਟਾਂਗੇ ਵਾਲੇ ਘੋੜੇ ਵਾਂਗ ਗ਼ੁਲਾਮ ਹੀ ਬਣਾ ਰਿਹਾ ਹੈ।
ਗ਼ੌਰਤਲਬ ਹੈ ਕਿ ਜਿਸ ਦੌਰ ਵਿਚ ਨੰਦੋ ਅਤੇ ਕਵੀ ਵਿਚਰਦੇ ਨਜ਼ਰੀਂ ਪੈਂਦੇ ਹਨ ਉਹ ਦੌਰ, ਘੱਟੋ ਘੱਟ ਪੰਜਾਬ ਦੇ ਪਿੰਡਾਂ ਦੇ ਸੰਦਰਭ ਵਿਚ, ਮਸ਼ੀਨੀਕਰਨ ਤੋਂ ਲਗਭਗ ਰਹਿਤ ਸੀ। ਉਸ ਵੇਲੇ ਚੀਜ਼ਾਂ-ਵਸਤਾਂ ਦੀ ਬਣਤਰ ਮਨੁੱਖ ਆਪ ਸੋਚਦਾ-ਤਿਆਰ ਕਰਦਾ ਸੀ। ਇਸੇ ਕਰਕੇ ਆਪ ਬਣਾਈ ਚੀਜ਼-ਵਸਤ ਨਾਲ ਭਾਵਨਾ ਜੁੜੀ ਰਹਿੰਦੀ ਸੀ। ਪਰੰਤੂ ਜਿਉਂ ਜਿਉਂ ਮਸ਼ੀਨੀਕਰਨ ਹੁੰਦਾ ਜਾਂਦਾ ਹੈ, ਤਿਉਂ ਤਿਉਂ ਵਸਤਾਂ ਦੀ ਭਰਮਾਰ ਹੁੰਦੀ ਜਾਂਦੀ ਹੈ ਅਤੇ ਵਧੇਰੇ ਕਰਕੇ ਮਨੁੱਖ ਚੀਜ਼ਾਂ-ਵਸਤਾਂ ਦਾ ਗ਼ੁਲਾਮ ਬਣ ਕੇ ਰਹਿ ਜਾਂਦਾ ਹੈ। ਇਸੇ ਤਰ੍ਹਾਂ ਮਸ਼ੀਨ ਦੁਆਰਾ ਬਣਾਈ ਗਈ ਵਸਤੂ ਵਿੱਚੋਂ ਭਾਵਨਾ ਹੌਲੀ ਹੌਲੀ ਖ਼ਾਰਜ ਹੋ ਜਾਂਦੀ ਹੈ :
ਘਾਹ ਦੀਆਂ ਤਿੜਾਂ ਤੋਂ ਅੰਗੂਠੀ ਬੁਨਣੀ
ਉਸ ਨੇ ਹੀ ਮੈਨੂੰ ਸਿਖਾਈ ਸੀ।
ਕਿਤਾਬਾਂ ਨੇ ਉਹ ਜਾਚਾਂ ਤਾਂ ਭੁਲਾ ਦਿੱਤੀਆਂ
ਪਰ ਹੁਣ ਮੈਂ ਸ਼ਬਦ ਬੁਣਦਾ ਹਾਂ।
ਅੱਖਰ ਅੱਖਰ ਘਾਹ ਦੀਆਂ ਤਿੜਾਂ ਜਿਹੇ।8
ਹਥਲੀ ਕਵਿਤਾ ਅਨੁਭਵ ਵਿਚੋਂ ਆਪਣਾ ਵਜੂਦ ਗ੍ਰਹਿਣ ਕਰਦੀ ਹੈ। ਇਸੇ ਕਰਕੇ ਇਹ ਮਹਿਜ਼ ਕੋਰੀ ਕਲਪਨਾ ਜਾਂ ਖ਼ਿਆਲੀ ਉਡਾਰੀਆਂ ਦੀ ਕਵਿਤਾ ਨਹੀਂ ਹੈ। ਬਲਕਿ ਇਹ ਜੀਵਨ ਵਿਚਲੇ ਯਥਾਰਥ ਨੂੰ ਕਸ਼ੀਦ ਕੇ ਸਿਰਜੀ ਗਈ ਰਚਨਾ ਹੈ। ਇਹ ਕਵੀ ਦੀ ਕੱਚੀ ਉਮਰ ਦੇ ਅਜਿਹੇ ਅਨੁਭਵ ਹਨ ਜਿਹੜੇ ਤਾਉਮਰ ਉਸਦੇ ਮਨ ਅੰਦਰ ਸਾਹ ਲੈ ਰਹੇ ਹਨ ਅਤੇ ਕੱਚੀ ਉਮਰ ਦੇ ਇਹਨਾਂ ਅਨੁਭਵਾਂ ਨੂੰ ਉਹ ਪੱਕੀ ਉਮਰ ਵਿਚ ਪੁਨਰ-ਸਿਰਜਿਤ ਕਰਨ ਰਿਹਾ ਹੈ। ਕਿਹਾ ਜਾ ਸਕਦਾ ਹੈ ਕਿ ਅਨੁਭਵ ਪੱਖੋਂ ਭਾਵੇਂ ਇਹ ਕਵੀ ਦੇ ਸਵੈ ਅਨੁਭਵ ਦੀ ਕਵਿਤਾ ਹੈ, ਤਾਂ ਵੀ ਇਸ ਵਿਚਲਾ ਸਵੈ ਅਨੁਭਵ ਨਿੱਜ ਤਕ ਹੀ ਮਹਿਦੂਦ ਨਹੀਂ ਰਹਿੰਦਾ ਬਲਕਿ ਇਸ ਤੋਂ ਪਾਰ ਫ਼ੈਲਣ ਦੀ ਸਮਰਥਾ ਰੱਖਦਾ ਹੈ। ਉਪਰੋਕਤ ਕਾਵਿ ਇਕਾਈ ਨੂੰ ਗੰਭੀਰਤਾ ਨਾਲ ਵੇਖੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਇਥੇ ਨੰਦੋ ਅਤੇ ਕਵੀ ਦੋਵੇਂ ਕਲਾਕਾਰ ਹੋਣ ਕਰਕੇ ਇਕ ਦੂਜੇ ਦੇ ਪੂਰਕ ਹਨ। ਇਸੇ ਕਰਕੇ ਦੋਵੇਂ ਹਰ ਤਰ੍ਹਾਂ ਦੀਆਂ ਸਮਾਜਿਕ ਵੰਡਾਂ ਵਿਤਕਰਿਆਂ ਤੋਂ ਮੁਕਤ ਹਨ ਅਤੇ ਮਨੁੱਖਤਾ ਦੇ ਪੱਧਰ ਤਕ ਅੱਪੜੇ ਹੋਏ ਹਨ।
ਗੁਰਭਜਨ ਗਿੱਲ ਨੇ ਇਸ ਕਵਿਤਾ ਵਿਚ ਬਾਜ਼ੀਗਰ ਕਬੀਲੇ ਦੇ ਸਭਿਆਚਾਰ ਨੂੰ ਬੜੀ ਸੰਜੀਦਗੀ ਨਾਲ ਸਿਰਜਿਆ ਹੈ। ਕਵਿਤਾ ਵਿਚਲੀ ਹਰੇਕ ਇਕਾਈ ਦਾ ਮਰਕਜ਼ ‘ਨੰਦੋ’ ਬਾਜ਼ੀਗਰਨੀ ਹੋਣ ਕਰਕੇ ਸਗਲੀਆਂ ਇਕਾਈਆਂ ਵਿਚ ਬਾਜ਼ੀਗਰ ਕਬੀਲੇ ਦੇ ਸਭਿਆਚਾਰ ਨੂੰ ਸੰਵੇਦਨਸ਼ੀਲ ਤਰੀਕੇ ਨਾਲਅਭਿਵਿਅੰਜਿਤ ਕੀਤਾ ਗਿਆ ਹੈ। ਇਥੇ ਸਮਝਣ ਵਾਲਾ ਨੁਕਤਾ ਇਹ ਹੈ ਕਿ ਸਭਿਆਚਾਰ ਮਹਿਜ਼ ਪਦਾਰਥਕ/ਦਿਸਦਾ ਜਗਤ/ਵਰਤਾਰਾ ਹੀ ਨਹੀਂ ਹੁੰਦਾ ਬਲਕਿ ਇਹ ਮਾਨਸਿਕ/ਅਣਦਿਸਦੇ ਜਗਤ/ਵਰਤਾਰੇ ਨੂੰ ਜੋੜ ਕੇ ਹੀ ਸਾਕਾਰ ਹੁੰਦਾ ਹੈ। ਦਰਅਸਲ ਸਭਿਆਚਾਰ ਭਾਵਨਾਵਾਂ ਦਾ ਜਗਤ ਹੁੰਦਾ ਹੈ। ਕਵੀ ਦੀ ਖ਼ੂਬੀ ਇਹ ਹੈ ਕਿ ਉਸਨੇ ਬਾਜ਼ੀਗਰ ਕਬੀਲੇ ਦੇ ਪਦਾਰਥਕ ਤੇ ਮਾਨਸਿਕ ਦੋਵਾਂ ਜਗਤਾਂ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਸਿਰਜਣ ਦਾ ਯਤਨ ਕੀਤਾ ਹੈ। ਬਾਜ਼ੀਗਰ ਕਬੀਲੇ ਦੇ ਲੋਕਾਂ ਦਾ ਪਦਾਰਥਕ/ਕੰਮ ਸਭਿਆਚਾਰ ਕਿਸ ਭਾਂਤ ਹੈ? ਅਤੇ ਉਹਨਾਂ ਦਾ ਮਾਨਸਿਕ/ਸੋਚਾਂ/ਭਾਵਨਾਵਾਂ ਦਾ ਜਗਤ ਕਿਹੋ ਜਿਹਾ ਹੈ? ਆਦਿ ਇਸ ਸਭ ਕਾਸੇ ਨੂੰ ਕਵੀ ਨੇ ਸੰਖਿਪਤ ਰੂਪ ਵਿਚ ਪ੍ਰਸਤੁਤ ਕੀਤਾ ਹੈ। ਗ਼ੌਰਤਲਬ ਹੈ ਕਿ ਸਭਿਆਚਾਰ ਦੀ ਪ੍ਰਸਤੁਤੀ ਵੇਲੇ ਕਵਿਤਾ ਦਾ ਅੰਦਾਜ਼ ਵਧੇਰੇ ਕਰਕੇ ਤਨਜ਼ੀਆ ਹੋ ਜਾਂਦਾ ਹੈ। ਇਸ ਕਬੀਲੇ ਵਿਚ ਔਰਤਾਂ ਤੇ ਮਰਦਾਂ ਦੇ ਕੰਮ ਵੰਡੇ ਹੋਏ ਹਨ। ਸਮਾਜ ਵਿਚਲੀਆਂ ਬਾਕੀ ਔਰਤਾਂ ਦੇ ਮੁਕਾਬਲਤਨ ਬਾਜ਼ੀਗਰ ਕਬੀਲੇ ਦੀ ਔਰਤ ਘਰ ਦੀ ਫ਼ਸੀਲ ਵਿਚ ਕੈਦ ਰਹਿ ਕੇ ਕੰਮ ਨਹੀਂ ਕਰਦੀ ਬਲਕਿ ਘਰ ਤੋਂ ਬਾਹਰ ਕੰਮ ਲਈ ਨਿਕਲਦੀ ਹੈ। ਕਬੀਲੇ ਦੇ ਨਿਯਮ ਅਨੁਸਾਰ ਧੀਆਂ ਦੇ ਕੰਮ ਕਰਨ ਦੀ ਮਨਾਹੀ ਹੈ। ਨਿਰਸੰਦੇਹ ਕਾਵਿ ਪਾਠ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਮਾਜ ਵਿਚਲੀਆਂ ਬਾਕੀ ਔਰਤਾਂ ਦੇ ਮੁਕਾਬਲਤਨ ਬਾਜ਼ੀਗਰ ਕਬੀਲੇ ਦੀ ਔਰਤ ਸਵੈ ਨਿਰਭਰ, ਸਵੈ ਵਿਸ਼ਵਾਸੀ ਅਤੇ ਸਵੈ ਰੱਖਿਅਕ ਹੈ ਜਿਸ ਕਰਕੇ ਉਹ ਘਰ ਦੀ ਚਾਰਦੀਵਾਰੀ ਤੋਂ ਬਾਹਰ ਵੀ ਸੁਰੱਖਿਅਤ ਹੈ। ਉਪਰੋਕਤ ਵਿਚਾਰ ਨੂੰ ਕਵੀ ਨੇ ਇਕ ਕਾਵਿ ਇਕਾਈ ਵਿਚ ਤਨਜ਼ੀਆ ਅੰਦਾਜ਼ ਰਾਹੀਂ ਸਿਰਜਿਆ ਹੈ :
ਨੰਦੋ ਕੋਲ ਵੱਡੀ ਸਾਰੀ ਡਾਂਗ ਹੁੰਦੀ
ਕਿਸੇ ਪੁੱਛਣਾ ਨੰਦੋ ! ਡਾਂਗ ਚੁੱਕੀ ਫਿਰਦੀ ਹੈਂ,
ਸਾਡੇ ਪਿੰਡ ਦੇ ਤਾਂ ਕੁੱਤੇ ਵੀ ਤੈਨੂੰ ਪਛਾਣਦੇ ਨੇ।
ਤੇਰੇ ਪਿੱਛੇ ਭੌਂਕਦੇ ਤਾਂ ਕਦੇ ਨਹੀਂ ਵੇਖੇ?
ਆਖਦੀ! ਵੇ ਸਰਦਾਰੋ!
ਸਾਰੇ ਕੁੱਤੇ ਹੀ ਚਹੁੰ ਲੱਤਾਂ ਵਾਲੇ ਨਹੀਂ ਹੁੰਦੇ।
ਇਹ ਸੋਟਾ ਦੋ ਲੱਤਾਂ ਵਾਲਿਆਂ ਵਾਸਤੇ।9
‘ਚਾਰ ਲੱਤਾਂ ਵਾਲੇ ਕੁੱਤੇ’ ਦੀ ਥਾਵੇਂ ‘ਦੋ ਲੱਤਾਂ ਵਾਲੇ ਕੁੱਤੇ’ ਸਮਾਜ ਵਿਚਲੇ ਮੈਲ਼ੀ ਨਜ਼ਰ ਵਾਲੇ ਮਰਦਾਂ ਉੱਪਰ ਕੀਤਾ ਗਿਆ ਤਨਜ਼ ਹੈ। ਇਥੇ ਕਵਿਤਾ ਦੀ ਭਾਸ਼ਾ ਵੀ ਅਭਿਧਾਮੂਲਕ ਅਰਥਾਂ ਤੋਂ ਪਾਰ ਵਿਅੰਜਣਾਤਮਕ ਹੋ ਜਾਂਦੀ ਹੈ। ਇਸੇ ਕਰਕੇ ਉਪਰੋਕਤ ਕਾਵਿ ਇਕਾਈ ਵਿਚ ‘ਨੰਦੋ ਕੋਲ ਵੱਡੀ ਸਾਰੀ ਡਾਂਗ ਹੁੰਦੀ’ ਵਿਚਲੀ ਡਾਂਗ ਮਹਿਜ਼ ਸਾਧਾਰਨ ਕਿਸਮ ਦਾ ਪਦਾਰਥ ਹੀ ਨਹੀਂ ਹੈ ਬਲਕਿ ਇਹ ਮਾਨਸਿਕ ਤੌਰ ਉੱਪਰ ਮਜ਼ਬੂਤ ਹੋਣ ਦਾ ਪ੍ਰਤੀਕ ਵੀ ਹੈ। ਅਰਥਾਤ ਡਾਂਗ ਭਾਵੇਂ ਨੰਦੋ ਦੇ ਹੱਥ ਵਿਚ ਨਾ ਵੀ ਹੋਵੇ ਤਾਂ ਵੀ ਉਹ ਮਾਨਸਿਕ ਤੌਰ ਉੱਪਰ ਮਜ਼ਬੂਤ ਹੈ। ਕਵੀ ਨੇ ਔਰਤਾਂ ਦੇ ਮੁਕਾਬਲੇ ਉਸਨੇ ਇਸ ਕਬੀਲੇ ਦੇ ਮਰਦਾਂ ਦਾ ਕੰਮ ਬਾਜ਼ੀ ਪਾਉਣਾ ਦੱਸਿਆ ਹੈ।
ਇਸ ਤੋਂ ਇਲਾਵਾ ਕਵੀ ਨੇ ਕੁਝ ਕਾਵਿ ਇਕਾਈਆਂ ਵਿਚ ਸਭਿਆਚਾਰ ਦੇ ਅਹਿਮ ਅੰਗ ਇਸ ਕਬੀਲੇ ਦੀਆਂ ਔਰਤਾਂ ਦੇ ਹਾਰ ਸ਼ਿੰਗਾਰ ਨੂੰ ਨੰਦੋ ਬਾਜ਼ੀਗਰਨੀ ਦੀ ਬਾਹਰੀ ਦਿੱਖ ਰਾਹੀਂ ਸਿਰਜਣ ਦਾ ਯਤਨ ਕੀਤਾ ਹੈ। ਨੰਦੋ ਦੇ ਮੱਥੇ ਉੱਤੇ ਚੰਦ, ਠੋਡੀ ਉੱਤੇ ਪੰਜ ਦਾਣਾ ਬਣਾਉਣਾ, ਹੱਥਾਂ ਵਿਚ ਚਾਂਦੀ ਦੇ ਗੋਖੜੂ ਅਤੇ ਕੰਨਾਂ ਵਿਚ ਚਾਂਦਨੀ ਰੰਗੇ ਕੋਕਲੇ ਆਦਿ ਤੋਂ ਬਾਜ਼ੀਗਰ ਕਬੀਲੇ ਵਿਚਲੀਆਂ ਔਰਤਾਂ ਦੀਆਂ ਸ਼ਿੰਗਾਰ ਰੁਚੀਆਂ ਦਾ ਇਲਮ ਹੁੰਦਾ ਹੈ।
ਉਪਰੋਕਤ ਦੇ ਸੰਦਰਭ ਵਿਚ ਹੀ ਕਵੀ ਨੇ ਇਕ ਕਾਵਿ ਇਕਾਈ ਵਿਚ ਬਾਜ਼ੀਗਰ ਕਬੀਲੇ ਦੇ ਸਭਿਆਚਾਰ ਦੇ ਮਾਨਸਿਕ ਜਗਤ ਅਧੀਨ ਆਉਂਦੇ ਨਿਆਂ ਪ੍ਰਬੰਧ/ਕਾਨੂੰਨ ਪ੍ਰਬੰਧ ਨੂੰ ਤਸ਼ਰੀਹ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਸਾਨੂੰ ਸਾਡੇ ਅਜੋਕੇ ਨਿਆਂ ਪ੍ਰਬੰਧ (ਪੰਚਾਇਤੀ ਅਤੇ ਅਦਾਲਤੀ ਪ੍ਰਣਾਲੀ) ਅਤੇ ਬਾਜ਼ੀਗਰ ਕਬੀਲੇ ਦੇ ਨਿਆਂ ਪ੍ਰਬੰਧ ਵਿਚਲੇ ਫ਼ਰਕ ਦਾ ਇਲਮ ਪ੍ਰਾਪਤ ਹੁੰਦਾ ਹੈ। ਇਸ ਕਬੀਲੇ ਦੇ ਨਿਆਂ ਪ੍ਰਬੰਧ ਦੀਆਂ ਖ਼ੂਬੀਆਂ ਨੂੰ ਬਿਆਨ ਕਰਦੇ ਸਮੇਂ ਕਵੀ ਦਾ ਅੰਦਾਜ਼ ਏ ਬਿਆਨ ਤਨਜ਼ੀਆ, ਵਿਰੋਧੀ ਜੁੱਟ ਸਿਰਜਣਾ ਅਤੇ ਤੁਲਨਾਤਮਕ ਪਰਿਪੇਖ ਉਸਾਰਨ ਵਾਲਾ ਬਣ ਜਾਂਦਾ ਹੈ :
ਨੰਦੋ ਦੱਸਦੀ ਬਈ ਸਾਡੀ ਬਾਜ਼ੀਗਰਾਂ ਦੀ,
ਆਪਣੀ ਪੰਚਾਇਤ ਹੈ ਸਰਦਾਰੋ।
ਅਸੀਂ ਤੁਹਾਡੀਆਂ ਕਚਹਿਰੀਆਂ ’ਚ,
ਨਹੀਂ ਵੜਦੇ, ਚੜ੍ਹਦੇ।
ਸਾਡੇ ਵਡੇਰੇ ਇਨਸਾਫ਼ ਕਰਦੇ ਨੇ, ਫ਼ੈਸਲੇ ਨਹੀਂ।
ਤੁਹਾਡੀਆਂ ਅਦਾਲਤਾਂ ’ਚ,
ਇਨਸਾਫ਼ ਨਹੀਂ ਫ਼ੈਸਲੇ ਹੁੰਦੇ ਨੇ।10
ਉਪਰੋਕਤ ਇਕਾਈ ਵਿਚ ਵਿਅੰਗ ਦੀ ਚੋਭ ਅਤਿ ਸੰਵੇਦਨਸ਼ੀਲ ਅਤੇ ਸੰਜੀਦਗੀ ਸੰਗ ਲਬਰੇਜ਼ ਹੈ। ਸਾਡੇ ਨਿਆਂ ਪ੍ਰਬੰਧ ਵਿਚ ਅਵਾਮ ਨਾਲ ਨਿਆਂ ਦੇ ਨਾਮ ’ਤੇ ਹੁੰਦੇ ਅਨਿਆਂ ਉੱਤੇ ਕਵੀ ਨੇ ਡੂੰਘੀ ਚੋਟ ਕੀਤੀ ਹੈ। ਇਥੇ ਕਵੀ ਨੇ ਬਾਜ਼ੀਗਰ ਕਬੀਲੇ ਦਾ ਕਾਨੂੰਨ ਤੇ ਅਜੋਕਾ ਕਾਨੂੰਨ ਪ੍ਰਬੰਧ, ਕਬੀਲੇ ਦੀ ਪੰਚਾਇਤ ਅਤੇ ਅਜੋਕੀਆਂ ਕਚਹਿਰੀਆਂ/ਅਦਾਲਤਾਂ, ਇਨਸਾਫ਼ ਅਤੇ ਫ਼ੈਸਲੇ, ਸਾਡੇ ਅਤੇ ਤੁਹਾਡੇ ਆਦਿ ਵਿਰੋਧੀ ਜੁੱਟਾਂ ਨੂੰ ਸਿਰਜਦੇ ਹੋਏ ਤੁਲਨਾਤਮਕ ਵਿਧੀ ਦੀ ਵਰਤੋਂ ਰਾਹੀਂ ਪਹਿਲੇ ਜੁੱਟ ਨੂੰ ਬਾਰੰਬਾਰ ਸਵੀਕਾਰਿਆ ਹੈ ਅਤੇ ਦੂਜੇ ਜੁੱਟ ਉੱਪਰ ਵਿਅੰਗ ਕਰਦੇ ਹੋਏ ਉਸਨੂੰ ਨਕਾਰਿਆ ਹੈ। ਪਹਿਲਾਂ ਜੁੱਟ ਮਾਨਵੀ ਸੰਵੇਦਨਾ ਸੰਗ ਲਬਰੇਜ਼ ਹੈ ਅਤੇ ਦੂਜਾ ਜੁੱਟ ਮਾਨਵੀ ਸੰਵੇਦਨਾ ਤੋਂ ਰਹਿਤ ਹੈ। ਇਥੇ ਵੀ ਕਵੀ ਦਾ ਪਰੰਪਰਾ ਜਾਂ ਵਿਰਸੇ ਪ੍ਰਤਿ ਮੋਹ ਅਤੇ ਵਰਤਮਾਨ ਪ੍ਰਬੰਧ ਤੋਂ ਅਸੰਤੁਸ਼ਟੀ ਉਜਾਗਰ ਹੁੰਦੇ ਹਨ। ਅਰਥਾਤ ਨਵਾਂ ਨਿਆਂ ਪ੍ਰਬੰਧ ਉਸਨੂੰ ਅਮਾਨਵੀ ਜਾਪਦਾ ਹੈ ਅਤੇ ਪੁਰਾਣਾ ਨਿਆਂ ਪ੍ਰਬੰਧ ਉਸਨੂੰ ਮਨੁੱਖਤਾ ਦੇ ਭਲੇ ਵਾਲਾ ਮਹਿਸੂਸ ਹੁੰਦਾ ਹੈ। ਇਥੇ ਇਹ ਨੁਕਤਾ ਵੀ ਨਿੱਤਰ ਕੇ ਸਾਹਮਣੇ ਆਉਂਦਾ ਹੈ ਕਿ ਕਵੀ ਕਿਹੜੀ ਧਿਰ ਵੱਲ ਖਲੋਂਦਾ ਹੈ। ਗ਼ੌਰਤਲਬ ਹੈ ਕਿ ਅਦੀਬ ਦਾ ਉਦੇਸ਼ ਹਾਸ਼ੀਏ ਉੱਤੇ ਪਹੁੰਚ ਚੁੱਕੀਆਂ ਹੋਂਦਾਂ ਨੂੰ ਕੇਂਦਰ ਵਿਚ ਲਿਆਉਣਾ ਹੁੰਦਾ ਹੈ। ਉਹ ਹਰ ਤਰ੍ਹਾਂ ਦੀ ਵੰਡ-ਵਿਤਕਰੇ ਤੋਂ ਬੇਲਾਗ ਸਰਬੱਤ ਹੋਂਦਾਂ ਦੇ ਅਦਬ ਵਾਲਾ ਨਜ਼ਰੀਆ ਸਿਰਜਦਾ ਹੈ। ਉਹ ‘ਨੀਚ’ ਆਖ ਕੇ ਨਕਾਰੀਆਂ ਜਾ ਰਹੀਆਂ ਹੋਂਦਾਂ ਨੂੰ ਮਹਿਫੂਜ਼ ਰੱਖਣਾ ਵਿਚ ਯਤਨਸ਼ੀਲ ਹੁੰਦਾ ਹੈ। ਦਰਅਸਲ ਅਜਿਹਾ ਕਰਦਿਆਂ ਉਸਨੇ ਹਰ ਕਿਸਮ ਦੇ ਵਿਭਾਜਨ ਕਰਨ, ਤੰਗ ਕਰਨ ਅਤੇ ਦਬਾਉਣ ਵਾਲੇ ਲੋਕ ਮਾਰੂ ਨਜ਼ਰੀਏ ਦੇ ਬਦਲ ਵਿਚ ਮਨੁੱਖਤਾ, ਮਾਨਵ ਹਿੱਤ ਅਤੇ ਸਰਬੱਤ ਦੇ ਭਲੇ ਵਾਲੇ ਤੰਦਰੁਸਤ ਨਜ਼ਰੀਏ ਨੂੰ ਸਿਰਜਣਾ ਹੁੰਦਾ ਹੈ। ਸਪੱਸ਼ਟ ਹੈ ਕਿ ਕਵੀ ਲੁੱਟ ਕਰਨ ਵਾਲੀ ਧਿਰ ਦੇ ਵਿਰੋਧ ਵਿਚ ਪੈਂਤੜਾ ਬਣਾਉਂਦਾ ਹੋਇਆ ਲਗਾਤਾਰ ਲੁੱਟੀ, ਕੁੱਟੀ ਤੇ ਦਬਾਈ ਜਾਂਦੀ ਦਲਿਤ/ਸ਼ੋਸ਼ਿਤ ਧਿਰ ਦੇ ਪੱਖ ਵਿਚ ਖਲੋਂਦਾ ਹੋਇਆ, ਮਾਨਵ ਹਿਤੈਸ਼ੀ ਨਜ਼ਰੀਏ ਦਾ ਧਾਰਨੀ ਬਣਦਾ ਹੈ। ਨਿਰਸੰਦੇਹ ਕਵੀ ਨੇ ਇਨਸਾਫ਼ ਅਤੇ ਫ਼ੈਸਲੇ ਦੇ ਵਿਰੋਧੀ ਜੁੱਟ ਰਾਹੀਂ ਫ਼ੈਸਲਿਆਂ ਦੇ ਫ਼ਰੇਬ ਵਿਚ ਵੱਖ ਵੱਖ ਸਮੇਂ ਦੀ ਹਕੂਮਤ ਵੱਲੋਂ ਆਮ ਅਵਾਮ ਦੀ ਕੀਤੀ ਜਾਂਦੀ ਹਰ ਕਿਸਮ ਦੀ ਲੁੱਟ/ਸੋਸ਼ਣ ਅਤੇ ਘੱਟ ਗਿਣਤੀਆਂ ਜਾਂ ਹਾਸ਼ੀਏ ਉੱਪਰ ਧਕੇਲ ਦਿੱਤੀਆਂ ਪਛਾਣਾਂ ਨੂੰ ਸਿਰੇ ਤੋਂ ਖ਼ਤਮ ਕਰਨ ਵਾਲੀਆਂ ਲੋਕ ਮਾਰੂ ਨੀਤੀਆਂ ਨੂੰ ਬੇਪਰਦ ਕਰਨ ਦਾ ਯਤਨ ਕੀਤਾ ਹੈ। ਇਸ ਰਾਹੀਂ ਉਸ ਨੇ ਆਮ ਅਵਾਮ ਅੰਦਰ ਆਪਣੇ ਵਿਰਸੇ, ਵਿਰਾਸਤ, ਸਭਿਆਚਾਰ ਅਤੇ ਆਪਣੀ ਹੋਂਦ ਜਾਂ ਪਛਾਣ ਦੇ ਸੰਕਟ (Crisis Of Identity) ਪ੍ਰਤਿ ਜਾਗਰੂਕਤਾ ਪੈਦਾ ਕੀਤੀ ਹੈ। ਮਿਸਾਲ ਦੇ ਤੌਰ ਉੱਪਰ ਹਥਲੀ ਕਵਿਤਾ ਦੀ ਅੰਤਿਮ ਇਕਾਈ ਵਿਚ ਹਕੂਮਤ ਵੱਲੋਂ ਬਾਜ਼ੀਗਰ ਕਬੀਲੇ ਦੀ ‘ਬਾਜ਼ੀਗਰ ਬਸਤੀ’ ਦਾ ਨਵਾਂ ਨਾਮ ‘ਲਾਲ ਪੁਰ’ ਰੱਖਣਾ, ਕਵੀ ਨੂੰ ਇਸ ਕਬੀਲੇ ਦੀ ਹੋਂਦ ਜਾਂ ਪਛਾਣ ਖ਼ਤਮ ਕਰਨ ਦੇ ਤੁਲ ਜਾਪਦਾ ਹੈ। ਵਰਤਮਾਨ ਸਮੇਂ ਪੂਰੇ ਵਿਸ਼ਵ ਵਿਚ ਵੱਖ ਵੱਖ ਰਾਜਾਂ, ਵੱਖ ਵੱਖ ਸ਼ਹਿਰਾਂ ਦੇ ਪੁਰਾਣੇ ਨਾਵਾਂ ਨੂੰ ਖ਼ਤਮ ਕਰਕੇ ਉਹਨਾਂ ਦੇ ਨਵੇਂ ਨਾਮ ਰੱਖਣ ਦਾ ਰੁਝਾਨ ਉਪਰੋਕਤ ਕਿਸਮ ਦੇ ਹੋਂਦ ਜਾਂ ਪਛਾਣ ਖ਼ਤਮ ਕਰਨ ਦੇ ਖ਼ਤਰਨਾਕ ਵਰਤਾਰੇ ਅਧੀਨ ਆਉਂਦਾ ਹੈ। ਨਿਰਸੰਦੇਹ ਅਜਿਹੀ ਹੋਂਦ ਜਾਂ ਪਛਾਣ ਦਾ ਸੰਕਟ ਹਰੇਕ ਘੱਟ ਗਿਣਤੀਆਂ ਜਾਂ ਹਾਸ਼ੀਆਗ੍ਰਸਤ ਵਰਗਾਂ ਲਈ ਜਟਿਲ ਸਮੱਸਿਆ ਬਣਦਾ ਜਾ ਰਿਹਾ ਹੈ। ਅਜਿਹੇ ਖ਼ਤਰਨਾਕ ਵਰਤਾਰੇ ਅਧੀਨ ਪੱਤੀ, ਪਿੰਡ, ਸ਼ਹਿਰ, ਰਾਜ, ਦੇਸ਼, ਵਿਦੇਸ਼ ਭਾਵ ਪੂਰੇ ਵਿਸ਼ਵ ਵਿਚ ਹੀ ਬਹੁ-ਗਿਣਤੀ ਘੱਟ-ਗਿਣਤੀ ਉੱਤੇ ਜ਼ਬਰ-ਜ਼ੁਲਮ ਕਰਕੇ, ਉਸਦੀ ਪਛਾਣ ਨੂੰ ਦਰੜ ਦੇਣਾ ਚਾਹੁੰਦੀ ਹੈ। ਦਰਅਸਲ ਇਥੇ ਕਵੀ ਨੇ ਸਥਾਨਕ ਸੰਕਟ ਰਾਹੀਂ ਗਲੋਬਲ ਪੱਧਰ ਉੱਤੇ ਦਿਨ ਪ੍ਰਤਿ ਦਿਨ ਵਿਕਰਾਲ ਰੂਪ ਧਾਰਨ ਕਰ ਰਹੇ ਪਛਾਣ ਦੇ ਸੰਕਟ ਪ੍ਰਤਿ ਚੇਤਨਾ ਪੈਦਾ ਕਰਨ ਦਾ ਗੌਰਵਸ਼ਾਲੀ ਕਾਰਜ ਕੀਤਾ ਹੈ। ਇਸ ਕੋਣ ਤੋਂ ਵੇਖਿਆਂ ਇਹ ਕਵਿਤਾ ਧਿਆਨਪੁਰ, ਬਸੰਤਕੋਟ, ਖ਼ਾਨਗਾਹ (ਸ਼ਾਹ ਸ਼ਮਸ), ਬਸਤੀ ਬਾਜ਼ੀਗਰ (ਲਾਲਪੁਰ) ਆਦਿ ਪਿੰਡਾਂ ਜਿਹੇ ਸਥਾਨਕ ਪੱਧਰ (Local Level) ਦੀਆਂ ਸਮੱਸਿਆਵਾਂ ਰਾਹੀਂ ਪੂਰੇ ਵਿਸ਼ਵ ਪੱਧਰ (Global Level) ਉੱਪਰ ਵਿਆਪੇ ਪਛਾਣ ਦੇ ਸੰਕਟ ਤਕ ਫੈਲਣ ਦੀ ਸਮਰੱਥਾ ਰੱਖਦੀ ਹੈ। ਕਿਹਾ ਜਾ ਸਕਦਾ ਹੈ ਕਿ ਇਸ ਕਵਿਤਾ ਵਿਚ ਘੱਟ ਗਿਣਤੀਆਂ ਨੂੰ ਜ਼ਬਰਨ ਖ਼ਤਮ ਕੀਤੇ ਜਾਣ ਪ੍ਰਤਿ ਫ਼ਿਕਰ ਨਜ਼ਰੀ ਪੈਂਦਾ ਹੈ।
ਗ਼ੌਰਤਲਬ ਹੈ ਕਿ ਬਾਜ਼ੀਗਰ ਕਬੀਲੇ ਦੇ ਜੀਵਨ ਨੂੰ ਕਵੀ ਨੇ ਜਿੱਥੇ ਜੁੱਟ, ਵਿਰੋਧੀ ਜੁੱਟ ਵਿਧੀ ਰਾਹੀਂ ਸਿਰਜਿਆ ਹੈ ਉਥੇ ਉਸਨੇ ਇਸ ਕਬੀਲੇ ਦੇ ਥੁੜ੍ਹਾਂ ਮਾਰੇ ਜੀਵਨ ਦੇ ਹਾਲਾਤ ਨੂੰ ਵਿਰੋਧਾਭਾਸ (Paradox) ਵਿਧੀ ਰਾਹੀਂ ਵੀ ਸਿਰਜਿਆ ਹੈ। ਮਿਸਾਲ ਦੇ ਤੌਰ ਉੱਪਰ ਕਵਿਤਾ ਦੀ ਇਕ ਇਕਾਈ ਵਿਚ ਉਸਨੇ ਨੰਦੋ ਦੇ ਹਾਰ-ਸ਼ਿੰਗਾਰ (ਬਾਹਰੀ ਸ਼ਖ਼ਸੀਅਤ) ਨੂੰ ਵਿਰੋਧਾਭਾਸ ਵਿਧੀ ਰਾਹੀਂ ਸਿਰਜਿਆ ਹੈ। ਅਰਥਾਤ ‘ਨੰਦੋ ਦੇ ਮੱਥੇ ਉੱਤੇ ਚੰਦ ਸੀ’ ਅਤੇ ਚੰਦ ਰੌਸ਼ਨੀ, ਚਮਕ ਅਤੇ ਖ਼ੂਬਸੂਰਤੀ ਦਾ ਪ੍ਰਤੀਕ ਹੈ। ਪਰੰਤੂ ਵਿਰੋਧਾਭਾਸ ਇਹ ਹੈ ਕਿ ਨੰਦੋ ਦੀ ਜ਼ਿੰਦਗੀ ਵਿਚ ਹਨ੍ਹੇਰ ਹੀ ਹਨ੍ਹੇਰ ਸਨ। ਮੱਥੇ ਉੱਪਰਲੇ ਚੰਦ ਨੇ ਜ਼ਿੰਦਗੀ ਨੂੰ ਕੋਈ ਵੀ ਰੌਸ਼ਨੀ, ਚਮਕ ਜਾਂ ਖ਼ੂਬਸੂਰਤੀ ਨਹੀਂ ਬਖ਼ਸ਼ੀ।
ਇਸ ਕਵਿਤਾ ਦੀਆਂ ਕੁਝ ਇਕਾਈਆਂ ਵਿਚਲੇ ਮਸਲਿਆਂ ਨੂੰ ਕਵੀ ਨੇ ਆਦਿਮ ਸੰਵੇਦਨਾ ਦੀ ਸੰਸਲੇਸ਼ਣ ਜੁਗਤ ਰਾਹੀਂ ਵੀ ਸਿਰਜਿਆ ਹੈ। ਦਰਅਸਲ ਇਹ ਜੁਗਤ ਮਾਨਵੀਕਰਨ ਦੇ ਮਤੀਹ ਨਿਰਜੀਵ ਨੂੰ ਸਜੀਵ ਵਿਚ ਰੂਪਾਂਤਰਿਤ ਕਰਦੀ ਹੈ ਅਤੇ ਅਜਿਹੀ ਪ੍ਰਕਿਰਿਆ ਦੌਰਾਨ ਅਮੂਰਤ ਵਿਚਾਰ ਸਮੂਰਤਨ ਬਿੰਬ ਜਾਂ ਸੁਹਜ ਚਿੱਤਰਾਂ ਵਿਚ ਰੂਪਾਂਤਰਿਤ ਹੋ ਜਾਂਦਾ ਹੈ। ਮਸਲਨ ਕਵੀ ਉਪਰੋਕਤ ਜੁਗਤ ਰਾਹੀਂ ਨੰਦੋ ਨੂੰ ਇਕ ਕਲਾਕਾਰ/ਲੋਕ ਗਾਇਕ ਵਰਗੀ ਦਿਖਾਉਣ ਦਾ ਯਤਨ ਕਰਦਾ ਹੈ :
ਨੰਦੋ ਕੰਨ ਤੇ ਹੱਥ ਧਰ ਲੰਮੀ ਹੇਕ ਲਾ
ਪੁੱਤਾਂ ਦੀਆਂ ਘੋੜੀਆਂ ਗਾਉਂਦੀ
ਤਾਂ ਲੱਗਦਾ ਪੌਣਾਂ ਸਾਹ ਰੋਕ ਸੁਣਦੀਆਂ।
ਸੁਹਾਗ ਗਾਉਂਦੀ ਤਾਂ
ਮਾਂਵਾਂ ਦੇ ਹੰਝੂਆਂ ਨਾਲ ਕੰਧਾਂ ਸਿੱਲ੍ਹੀਆਂ ਹੁੰਦੀਆਂ।
ਧਰੇਕਾਂ ਡੋਲਦੀਆਂ ਪੱਤਿਆਂ ਸਣੇ।
ਘਰ ਦੀਆਂ ਚਾਰੇ ਕੰਧਾਂ ਹਿੱਲਦੀਆਂ।
ਲੱਗਦਾ ਜੀਕੂੰ ਡੋਲੀ ਤੁਰ ਰਹੀ ਹੈ।
ਸਿਰ ਤੋ ਪੈਰਾਂ ਤੀਕ
ਵਿਯੋਗ ‘ਚ ਮਨ ਝੁਣਝੁਣੀ ‘ਚ ਕੰਬਦਾ।
ਕੰਧਾਂ ਦੇ ਪਰਛਾਵੇਂ ਲਮਕਦੇ ਤਾਂ
ਬਗਲੀ ਸਿਰ ਧਰ
ਆਪਣੇ ਡੇਰੇ ਨੂੰ ਵਾਹੋਦਾਹੀ ਦੌੜ ਜਾਂਦੀ।11
ਉਪਰੋਕਤ ਹਵਾਲੇ ਵਿਚ ‘ਪੌਣਾਂ ਦਾ ਸਾਹ ਰੋਕ ਸੁਣਨਾ’, ‘ਮਾਵਾਂ ਦੇ ਹੰਝੂਆਂ ਨਾਲ ਕੰਧਾਂ ਸਿੱਲ੍ਹੀਆਂ ਹੋਣਾ’, ‘ਧਰੇਕਾਂ ਦਾ ਪੱਤਿਆਂ ਸਣੇ ਡੋਲਣਾ’, ਕੰਧਾਂ ਦੇ ਪ੍ਰਛਾਵਿਆਂ ਦਾ ਲਮਕਣਾ’ ਆਦਿ ਥਾਣੀਂ ਗੁਜ਼ਰਿਆ ਸਾਨੂੰ ਇਲਮ ਹੁੰਦਾ ਹੈ ਕਿ ਕਵੀ ਨੇ ਆਦਿਮ ਸੰਵੇਦਨਾ ਦੀ ਸੰਸਲੇਸ਼ਣ ਜੁਗਤ ਰਾਹੀਂ ਨਿਰਜੀਵ ਨੂੰ ਸਜੀਵ ਵਿਚ ਰੂਪਾਂਤਰਿਤ ਕੀਤਾ ਹੈ। ਕਵੀ ਨੇ ਪੌਣਾਂ, ਕੰਧਾਂ, ਧਰੇਕਾਂ ਆਦਿ ਅੰਦਰ ਮਨੁੱਖ ਵਰਗੀ ਹੋਂਦ ਨੂੰ ਮਹਿਸੂਸ ਕਰਦਿਆਂ, ਇਹਨਾਂ ਦਾ ਮਾਨਵੀਕਰਨ ਕਰਕੇ, ਨਿਰਜੀਵ ਨੂੰ ਸਜੀਵ ਵਿੱਚ ਅਤੇ ਅਮੂਰਤ ਵਿਚਾਰ ਨੂੰ ਸਮੂਰਤ ਬਿੰਬ ਵਿਚ ਰੂਪਾਂਤਰਿਤ ਕੀਤਾ ਹੈ। ਇਹਨਾਂ ਜੁਗਤਾਂ ਨਾਲ ਕਵਿਤਾ ਦੇ ਵਥ, ਕਥ, ਰਿਦਮ, ਸੁਹਜ ਅਤੇ ਸੰਵੇਦਨਾ ਵਿਚਲੀ ਸੰਜੀਦਗੀ ਵਿੱਚ ਇਜ਼ਾਫ਼ਾ ਹੁੰਦਾ ਹੈ।
ਵਰਤਮਾਨ ਤੋਂ ਅਸੰਤੁਸ਼ਟੀ ਅਤੇ ਬੀਤੇ ਨਾਲ ਮੋਹ ਹੋਣ ਕਰਕੇ ਵਿਚਾਰਾਧੀਨ ਕਵਿਤਾ ਵਿਚ ਤਨਾਉ ਦੀ ਸਿਰਜਣਾ ਹੁੰਦੀ ਹੈ। ਗ਼ੌਰਤਲਬ ਹੈ ਕਿ ਹਰੇਕ ਸਿਰਜਣਾ ਨੇ ਆਪਣੇ ਵਜੂਦ ਅੰਦਰ ਕਿਸੇ ਨਾ ਕਿਸੇ ਤਨਾਉ ਨੂੰ ਜਜ਼ਬ ਕੀਤਾ ਹੁੰਦਾ ਹੈ। ਦਰਅਸਲ “ਕਵਿਤਾ ਦਾ ਮੂਲ ਤੱਤ ਮਾਨਵੀ ਤਣਾਉ ਹੈ : ਕਵਿਤਾ ਜਾਂ ਤਾਂ ਕਿਸੇ ਤਣਾਉ ਤੋਂ ਮੁਕਤ ਹੋਣ ਦੇ ਯਤਨ ਕਾਰਨ ਹੋਂਦ ਵਿਚ ਆਉਂਦੀ ਹੈ ਜਾਂ ਕਿਸੇ ਤਣਾਉ ਨੂੰ ਸਿਰਜਣ ਦੇ ਯਤਨ ਕਾਰਨ। ਇਹ ਮੂਲ ਤਣਾਉ ਹੀ ਕਾਵਿ-ਕਿਰਤਾਂ ਦੇ ਵਿਚਾਰ-ਪ੍ਰਬੰਧ, ਭਾਵ-ਪ੍ਰਬੰਧ, ਕਾਰਜ-ਪ੍ਰਬੰਧ ਅਤੇ ਭਾਸ਼ਾ-ਪ੍ਰਬੰਧ ਵਿਚ ਫੈਲ ਜਾਂਦਾ ਹੈ।”12 ਸਪੱਸ਼ਟ ਹੈ ਕਿ ਤਨਾਉ ਕਾਵਿ ਸਿਰਜਣਾ ਦੀ ਅਜਿਹੀ ਜੁਗਤ ਹੈ ਜਿਹੜੀ ਕਿਸੇ ਰਚਨਾ ਦੇ ਵਥ ਅਤੇ ਕਥ ਵਿਚ ਤਵਾਜ਼ਨ ਬਣਾਉਂਦੀ ਹੈ। ਹਥਲੀ ਕਵਿਤਾ ਦਾ ਵਿਦਾ-ਬਿੰਦੂ ਹੀ ਤਨਾਉ ਹੈ, ਜਿਸਦਾ ਇਲਮ ਇਬਤਦਾਈ ਕਾਵਿ ਇਕਾਈ ਵਿਚਲੀ ਤੁਕ, ‘ਬਾਜ਼ੀਗਰਨੀ ਨੰਦੋ ਹੁਣ ਸਾਡੇ ਪਿੰਡ ਦੀਆਂ ਗਲੀਆਂ ’ਚ ਕਦੇ ਨਹੀਂ ਆਉਂਦੀ’, ਦੀ ਪੜ੍ਹਤ ਕੀਤਿਆਂ ਹੋ ਜਾਂਦਾ ਹੈ। ਡਾ. ਸਰਬਜੀਤ ਸਿੰਘ ਨੇ ਇਸ ਕਵਿਤਾ ਵਿਚਲੀ ਤਨਾਉ ਜੁਗਤ ਨੂੰ ਬੀਤੇ ਦੇ ਸ਼ਿਲਪ ਅਤੇ ਵਰਤਮਾਨ ਦੇ ਸਨਅਤੀਕਰਨ ਵਿਚਾਲੇ ਫ਼ੈਲੇ ਤਨਾਉ ਵਿੱਚੋਂ ਤਲਾਸ਼ਦਿਆਂ ਕਿਹਾ ਹੈ ਕਿ :
ਔਰਤ ਨਾਲ ਸੰਬੰਧਿਤ ਨਜ਼ਮਾਂ ’ਚੋਂ ਉਹ ਅਤੀਤ ਜਾਗ ਉੱਠਦਾ ਹੈ ਜੋ ਪੰਜਾਬੀ ਸਭਿਆਚਾਰ ਦੇ ਸ਼ਿਲਪਕਾਰੀ ਪੜਾਅ ਨਾਲ ਸੰਬੰਧਿਤ ਹੈ। ਸ਼ਿਲਪਕਾਰੀ ਦਾ ਮੂੰਹ ਪੇਂਡੂ ਜਨ ਜੀਵਨ ਵੱਲ ਹੁੰਦਾ ਹੈ, ਸੰਨਤ ਦਾ ਮੂੰਹ ਸ਼ਹਿਰੀ ਜੀਵਨ ਵੱਲ। ਇਨ੍ਹਾਂ ਨਜ਼ਮਾਂ ਵਿੱਚ ਅਤੀਤ ਪ੍ਰਤੀ ਹੇਰਵਾ ਹੈ ਕਿਉਂਕਿ ਅਤੀਤ ’ਚ ਮਨੁੱਖ ਕੇਂਦਰਿਤ ਕਦਰਾਂ-ਕੀਮਤਾਂ ਅਰਥ ਰੱਖਦੀਆਂ ਹਨ। ਵਰਤਮਾਨ ਪ੍ਰਤੀ ਸ਼ਿਕਵਾ ਹੈ ਕਿਉਂਕਿ ਇਹ ਮੰਡੀ ਤੇ ਮੁਨਾਫ਼ੇ ਦੀਆਂ ਕਦਰਾਂ ਕੀਮਤਾਂ ਨੂੰ ਵਰੋਸਾਏ ਧੰਦਾਕਾਰੀ ਬੰਦੇ ਨੂੰ ਸਭਿਅਕ ਮਨੁੱਖ ਵਜੋਂ ਸਥਾਪਿਤ ਕਰਦਾ ਹੈ। ਇਹਨਾਂ ਨਜ਼ਮਾਂ ਚ ਅਤੀਤ ਅਤੇ ਵਰਤਮਾਨ ਦਾ ਤਣਾਓ ਹੈ।13
ਇਹ ਤਨਾਉ ਇਕਾਈ ਦਰ ਇਕਾਈ ਕਵਿਤਾ ਦੇ ਸਮੁੱਚੇ ਵਿਚਾਰ-ਪ੍ਰਬੰਧ ਅੰਦਰ ਫੈਲਦਾ ਜਾਂਦਾ ਹੈ। ਆਪਣੇ ਵਿਰਸੇ-ਵਿਰਾਸਤ ਤੋਂ ਵਿਤਰੇਕ ਹੋਣਾ, ਸਮੂਹ ਤੋਂ ਨਿਜ ਤਕ ਸਿਮਟ ਜਾਣਾ, ਮਤਲਬਪ੍ਰਸਤ ਵਿਹਾਰ, ਭਾਈਚਾਰਕ ਸਾਂਝ ਦਾ ਟੁੱਟਣਾ, ਕਿਸੇ ਆਪਣੇ ਦਾ ਫ਼ੌਤ ਹੋਣਾ, ਸਭਿਆਚਾਰ ਵਿਚ ਵਿਕਾਰ ਪੈਣਾ, ਹਾਸ਼ੀਆਗਤ ਪਛਾਣਾਂ ਨੂੰ ਜ਼ਬਰਦਸਤੀ ਦਬਾਉਣਾ/ਖ਼ਤਮ ਕਰਨਾ, ਲੋਕ ਮਾਰੂ ਨੀਤੀਆਂ ਆਦਿ ਇਸ ਤਨਾਉ ਦੇ ਵਿਗਸਣ ਦੇ ਕਾਰਨ ਬਣਦੇ ਹਨ। ਕੇਂਦਰੀ ਪਾਤਰ ਨੰਦੋ ਦੇ ਜੀਵਨ ਨਾਲ ਜੁੜਿਆ ਇਹ ਤਨਾਉ ਉਦੋਂ ਹੋਰ ਵਿਕਰਾਲ ਰੂਪ ਧਾਰਨ ਕਰ ਜਾਂਦਾ ਹੈ ਜਦੋਂ ਉਸਦਾ ਪੁੱਤ ਬਾਜ਼ੀ ਪਾਉਂਦਿਆਂ ਵਾਪਰੀ ਤ੍ਰਾਸਦਿਕ ਘਟਨਾ ਕਾਰਨ ਆਪਣੀ ਉਮਰ ਦੀ ਜੋਬਨ ਰੁੱਤੇ ਹੀ ਫ਼ੌਤ ਹੋ ਜਾਂਦਾ ਹੈ। ਅਜਿਹੀ ਦਾਸਤਾਨ ਬਿਆਨ ਕਰਦਿਆਂ ਕਵਿਤਾ ਦੀ ਭਾਸ਼ਾ ਵੀ ਕਰੁਣਾ ਰਸੀ ਹੋ ਜਾਂਦੀ ਹੈ। ਨਿਰਸੰਦੇਹ ਇਹ ਕਵਿਤਾ ਹੌਲ਼ੀ ਹੌਲ਼ੀ ਮਰ ਰਹੇ ਕਬੀਲੇ/ਸਭਿਆਚਾਰ ਦਾ ਤਨਾਉ ਸਿਰਜਣ ਵਿਚ ਸਫ਼ਲ ਹੋਈ ਹੈ। ਕਵਿਤਾ ਵਿਚਲੇ ਤਨਾਉ ਦੀ ਤੋਰ ਵਧੇਰੇ ਕਰਕੇ ਤਨਾਉ ਤੋਂ ਤਨਾਉ ਤਕ ਰਹਿੰਦੀ ਹੈ। ਪਰੰਤੂ ਕਵਿਤਾ ਦੇ ਅਖ਼ੀਰ ਵਿਚ ਕਵੀ ਦਾ ਇਹ ਕਹਿਣਾ ਕਿ ਹਕੂਮਤ ਭਾਵੇਂ ਇਸ ਬਸਤੀ ਦੀ ਪਛਾਣ ਮਿਟਾਉਣਾ ਚਾਹੁੰਦੀ ਹੈ, ਨੰਦੋ ਵੀ ਚਿਰੋਕਣੀ ਗੁਜ਼ਰ ਗਈ ਹੈ, ਪਰ ਆਪਣੀ ਪਛਾਣ ਬਚਾਈ ਰੱਖਣ ਲਈ ਨੰਦੋ ਦੇ ਬਾਕੀ ਧੀਆਂ ਪੁੱਤ ਤਾਂ ਅਜੇ ਜਿਊਂਦੇ ਹਨ। ਇਥੇ ਇਹ ਕਵਿਤਾ ਖੁੱਲ੍ਹੇ ਅੰਤ ਵਾਲੀ ਵੀ ਬਣ ਜਾਂਦੀ ਹੈ ਅਤੇ ਸੰਕਟਗ੍ਰਸਤ ਪਰਿਸਥਿਤੀਆਂ ਤੋਂ ਬਾਹਰ ਨਿਕਲਣ ਦੀ ਸੰਭਾਵਨਾ ਵੀ ਪੈਦਾ ਕਰਦੀ ਹੈ। ਅਜਿਹੇ ਸਮੇਂ ਇਸ ਕਵਿਤਾ ਦੀ ਯਾਤਰਾ ਤਨਾਉ ਤੋਂ ਤਨਾਉ ਸਿਰਜਣ ਤਕ ਮਹਿਦੂਦ ਨਾ ਰਹਿ ਕੇ ਤਨਾਉ ਤੋਂ ਮੁਕਤੀ ਲਈ ਆਸਵੰਦ ਵੀ ਰਹਿੰਦੀ ਹੈ।
ਹਵਾਲੇ
1. ਕੁਲਦੀਪ ਕਲਪਨਾ, ਕਵੀ ਤੇ ਕਾਵਿ-ਸਿੱਧਾਂਤ, ਪੰਨਾ 10
2. ਰਸੂਲ ਹਮਜ਼ਾਤੋਵ, ਮੇਰਾ ਦਾਗ਼ਿਸਤਾਨ, ਪੰਨਾ 15
3. ਗੁਰਭਜਨ ਗਿੱਲ, ਚਰਖ਼ੜੀ, ਪੰਨਾ 19
4. ਹਰਿਭਜਨ ਸਿੰਘ, ਰੂਪਕੀ, ਪੰਨਾ 4
5. ਚਰਖ਼ੜੀ, ਪੰਨਾ 20
6. ਹਰਿਭਜਨ ਸਿੰਘ ਭਾਟੀਆ, ਸੰਵਾਦ : ਪੁਨਰ-ਸੰਵਾਦ, ਪੰਨਾ 23
7. ਚਰਖ਼ੜੀ, ਪੰਨਾ 23
8. ਉਹੀ, ਪੰਨਾ 22
9. ਉਹੀ ਪੰਨੇ 23-24
10. ਉਹੀ, ਪੰਨਾ 24
11. ਉਹੀ, ਪੰਨਾ 21
12. ਰੂਪਕੀ, ਪੰਨਾ 1
13. ਡਾ. ਸਰਬਜੀਤ ਸਿੰਘ, “ਸਭਿਆਚਾਰਕ ਸੰਵੇਦਨਾ ਦੀ ਕਵਿਤਾ” (ਭੂਮਿਕਾ), ਚਰਖ਼ੜੀ, ਪੰਨਾ 15
ਪਵਨ ਕੁਮਾਰ,
ਸਹਾਇਕ ਪ੍ਰੋਫ਼ੈਸਰ,
ਪੰਜਾਬੀ ਅਧਿਐਨ ਸਕੂਲ,
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ।