Nadian Vahu Vichhunian : Shiv Kumar Batalvi
ਨਦੀਆਂ ਵਾਹੁ ਵਿਛੁੰਨੀਆਂ : ਸ਼ਿਵ ਕੁਮਾਰ ਬਟਾਲਵੀ
ਨਦੀਆਂ ਵਾਹੁ ਵਿਛੁੰਨੀਆਂ
ਸੰਜੋਗੀ ਮੇਲਾ ਰਾਮ ।
ਅਸੀਂ ਕੋਟ ਜਨਮ ਦੇ ਵਿਛੁੜੇ
ਹੁਣ ਮਿਲਣ ਦੁਹੇਲਾ ਰਾਮ ।
ਯਾਦ ਹੈ ਪ੍ਰਭ ਜੀ,
ਹੁਣ ਤਕ ਸਾਨੂੰ
ਉਸ ਹੰਝ ਦੀ ਖ਼ੁਸ਼ਬੋਈ
ਜੋ ਸਾਡੇ ਹੋਠਾਂ ਦੇ ਦਰ ਲੰਘੀ
ਉਮਰ ਸੁਹਾਗਣ ਹੋਈ ।
ਯਾਦ ਹੈ ਹਿਜਰ ਅਸਾਡੇ ਦਾ
ਸਾਨੂੰ ਅੰਮ੍ਰਿਤ ਵੇਲਾ ਰਾਮ
ਨਦੀਆਂ ਵਾਹੁ ਵਿਛੁੰਨੀਆਂ
ਸੰਜੋਗੀ ਮੇਲਾ ਰਾਮ ।
ਯਾਦ ਹੈ ਪ੍ਰਭ ਜੀ,
ਕੀਕਣ ਸਾਡੇ
ਰੂਪ ਦੀ ਔਧ ਵਿਹਾਈ
ਸਰਵਰ ਨ੍ਹਾਤੀ ਕਿਰਨ ਕੁਆਰੀ
ਬਾਬਲ ਘਰ ਕੁਮਲਾਈ
ਯਾਦ ਹੈ ਕੀਕਣ ਬਿਨਸ ਗਿਆ
ਰੰਗ ਨਵਾਂ-ਨਵੇਲਾ ਰਾਮ ।
ਨਦੀਆਂ ਵਾਹੁ ਵਿਛੁੰਨੀਆਂ
ਸੰਜੋਗੀ ਮੇਲਾ ਰਾਮ ।
ਹੁਣ ਤਾਂ ਪ੍ਰਭ ਜੀ
ਪ੍ਰਭ ਹੀ ਜਾਣੇ
ਕਿੱਤ ਬਿੱਧ ਮੇਲ ਮਿਲਾਵੇ
ਹੁਣ ਤਾਂ ਸਾਡੇ ਸਾਹ ਨੂੰ ਸਾਡੀ
ਦੇਹ ਤੋਂ ਲੱਜਿਆ ਆਵੇ
ਹੁਣ ਤਾਂ ਸੂਰਜ ਅਸਤਿਆ
ਹੋ ਗਿਆ ਕੁਵੇਲਾ ਰਾਮ ।
ਨਦੀਆਂ ਵਾਹੁ ਵਿਛੁੰਨੀਆਂ
ਸੰਜੋਗੀ ਮੇਲਾ ਰਾਮ ।
ਅਸੀਂ ਕੋਟ ਜਨਮ ਦੇ ਵਿਛੁੜੇ
ਹੁਣ ਮਿਲਣ ਦੁਹੇਲਾ ਰਾਮ ।