Na Dhuppe Na Chhavein : Dr Harbhajan Singh
ਨਾ ਧੁੱਪੇ ਨਾ ਛਾਵੇਂ : ਡਾ. ਹਰਿਭਜਨ ਸਿੰਘ
ਕਾਇਆ ਮੇਰੀ ਇਕ ਮਿੱਟੀ ਦੀ ਢੇਰੀ
ਮਿੱਤਰ ਬੇਲੀ ਪੌਣਾਂ ਵਾਂਗੂੰ ਆਏ ਸਭ ਰਾਹਾਂ ਦੀ ਮਿੱਟੀ ਹੂੰਝ ਲਿਆਏ ਕੁਝ ਪਲ ਬੈਠੇ ਪੈ ਗਏ ਅਪਣੀ ਰਾਹੇ ਇਸ ਢੇਰੀ ਦੀ ਮਿੱਟੀ ਹੁਣ ਵਧ ਜਾਏ ਇਸ ਢੇਰੀ ਦੀ ਮਿੱਟੀ ਹੁਣ ਘਟ ਜਾਏ ਮੇਰੇ ਰੋਮ ਰੋਮ ਵਿਚ ਮੇਰੇ ਹਾਣੀ ਮੈਥੋਂ ਮੇਰੀ ਕੀਮ ਨ ਜਾਏ ਪਛਾਣੀ ਕੁਝ ਧੁੱਪਾਂ ਕੁਝ ਛਾਵਾਂ ਮੈਨੂੰ ਜੁੜੀਆਂ ਕੁਝ ਧੁੱਪਾਂ ਕੁਝ ਛਾਵਾਂ ਮੈਨੂੰ ਥੁੜੀਆਂ ਮੈਂ ਧੁੱਪਾਂ ਛਾਵਾਂ ਦਾ ਕੀਚ-ਘਚੋਲਾ ਜਾਪੇ ਮੈਨੂੰ ਅਪਣੇ ਆਪ ਤੋਂ ਉਹਲਾ
ਮੇਰੀ ਤਸਵੀਰ
ਮੇਰੀ ਤਸਵੀਰ ਜੋ ਮੇਰੀ ਸਮਝ ਤੂੰ ਮੋੜ ਦਿੱਤੀ ਏ ਬਹੁਤ ਵਾਰੀਂ ਉਲਟ ਪੁਲਟੀ ਇਹਦੇ ਵਿਚ ਕੁਝ ਵੀ ਮੈਨੂੰ ਆਪਣਾ ਨਜ਼ਰੀਂ ਨਹੀਂ ਆਇਆ ਤੇਰੀ ਮੋੜੀ ਹੋਈ ਤਸਵੀਰ ਦੇ ਸਾਹਵੇਂ ਮੈਂ ਅਪਣੇ ਆਪ ਤੋਂ ਮੁੜਿਆ ਹੋਇਆ ਮਹਿਸੂਸ ਕਰਦਾ ਹਾਂ ਮੈਂ ਪਿੰਜਰੇ ਬੰਦ ਇਕ ਸਿਫ਼ਰਾ ਖ਼ਲਾਅ ਅੰਦਰ ਭਟਕਦਾ ਹਾਂ ਮੇਰੀ ਅਪਣੀ ਖ਼ਮੋਸ਼ੀ ਬਿਨ ਕੋਈ ਸਾਥੀ ਨਹੀਂ ਮੇਰਾ ਕੋਈ ਰਸਤਾ ਨਹੀਂ ਕਿ ਤੁਰ ਕੇ ਆਪਣੇ ਕੋਲ ਹੀ ਜਾਵਾਂ ਕੋਈ ਰਸਤਾ ਨਹੀਂ ਕਿ ਤੁਰ ਕੇ ਆਪਣੇ ਕੋਲ ਹੀ ਆਵਾਂ ਮੇਰੀ ਆਵਾਜ਼ ਦੀ ਵੀ ਲੀਕ ਨਹੀਂ ਜਿਸ ਤੇ ਲਟਕ ਜਾਵਾਂ ਦਿਸ਼ਾ ਨਿਰਵਾਣ ਵਾਂਗੂੰ ਬੇਅਰਥ ਮਾਲੂਮ ਹੁੰਦੀ ਏ ਕੋਈ ਪੂਰਬ ਨਹੀਂ, ਪੱਛਮ ਨਹੀਂ ਕਿ ਅਸਤ ਉਗ ਜਾਵਾਂ ਸਮੇਂ ਦੀ ਲੀਕ ਲਚਕੀਲੀ ਕਿਸੇ ਨੇ ਤੋੜ ਦਿੱਤੀ ਏ ਮੇਰੀ ਤਸਵੀਰ ਤੂੰ ਮੇਰੀ ਸਮਝ ਕੇ ਮੋੜ ਦਿੱਤੀ ਏ ਤੇਰੀ ਮੋੜੀ ਹੋਈ ਤਸਵੀਰ ਦੇ ਸਾਹਵੇਂ ਜੇ ਪਲ ਛਿਣ ਹੋਂਦ ਵਿਚ ਆਵਾਂ ਮੈਂ ਇਕ ਸਜਰੇ ਗਰਭ ਦੀ ਪੀੜ ਤੋਂ ਵਧ ਕੁਝ ਨਹੀਂ ਹੁੰਦਾ ਮੈਂ ਆਪਣੀ ਹੋਂਦ ਦਾ ਵਾਅਦਾ ਤੇ ਉਹਦਾ ਵਾਅਦਾ ਵੀ ਮੇਰੇ ਕੋਲ ਨਹੀਂ ਹੁੰਦਾ ਮੇਰਾ ਵਾਅਦਾ ਵੀ ਇਕ ਲੋਚਾ, ਭਰਮ ਹੈ ਯਾ ਕਿ ਭੈ ਹੈ ਓਸ ਮਾਂ ਦਾ ਨ ਜਿਸ ਦੀ ਚੋਣ ਮੈਂ ਹਾਂ ਨ ਮੇਰੀ ਚੋਣ ਜੋ ਹੈ ਮੈਂ ਅੱਜ ਜਿਊਂਦਾ ਨਹੀਂ ਜੀਵਾਂਗਾ ਕੱਲ੍ਹ ਜਦੋਂ ਮੇਰੀ ਜਨਣਹਾਰੀ ਮੈਨੂੰ ਜਾਣੇ-ਪਛਾਣੇ ਵਾਸ਼ਨਾ ਦੇ ਰਾਹ ਤੇ ਤੋਰੇਗੀ ਮੈਂ ਫਿਰ ਇਕ ਜਨਮ ਨੂੰ ਤਸਵੀਰ ਵਾਂਗੂੰ ਭੇਟ ਕਰਦਾਂਗਾ ਕੋਈ ਇਕ ਜਨਮ ਨੂੰ ਬਿਰਥਾ ਸਮਝ ਕੇ ਫੇਰ ਮੋੜੇਗੀ ਕਿਸੇ ਨੇ ਜਿਊਣ ਤੋਂ ਪਹਿਲਾਂ ਕੁਰਾਹੇ ਮਰਨ ਦੀ ਮਜਬੂਰ ਆਦਤ ਜੋੜ ਦਿੱਤੀ ਏ ਮੇਰੀ ਤਸਵੀਰ ਤੂੰ ਮੇਰੀ ਸਮਝ ਕੇ ਮੋੜ ਦਿੱਤੀ ਏ
ਅਪ੍ਰਮਾਣਿਕ
ਹਰ ਰਾਤ ਗਲੀ ਵਿਚ ਮੈਂ ਤੇ ਤਾਰੇ ਕੱਠੇ ਸੌਂਦੇ ਹਾਂ ਇਕ ਦੂਜੇ ਦੇ ਨਿਸਤੇਜ ਸੁਲਗਦੇ ਅੰਗਾਂ ਦੇ ਸਾਖੀ ਇਕ ਦੂਜੇ ਦੀ ਨੀਂਦਰ ਵਿਚ ਵੀ ਆਵਣ ਤੋਂ ਸੰਗਦੇ ਹਾਂ, ਹਰ ਸਵੇਰ ਜਦੋਂ ਮੈਨੂੰ ਅਖ਼ਬਾਰੀ ਆਣ ਜਗਾਉਂਦਾ ਹੈ ਮੈਂ ਖ਼ੂਬ ਸਮਝਦਾ ਹਾਂ ਮੇਰੇ ਘਰ ਸੂਰਜ ਆਇਆ ਹੈ ਸਭ ਤਾਰੇ ਗਏ ਬੁਹਾਰੇ ਹੁਣ ਮੇਰੀ ਹੀ ਵਾਰੀ ਹੈ ਤੇ, ਜਦੋਂ ਬੁਹਾਰੀ ਆਣ ਖਰਖਰਾ ਏਸ ਗਲੀ ਦੀ ਪਿੱਠ ਤੇ ਕਰਦੀ ਹੈ ਮੈਂ ਖ਼ੂਬ ਸਮਝਦਾ ਹਾਂ ਗਲੀ ਹੁਣ ਸਰਪਟ ਦੌੜੇਗੀ ਮੈਂ ਉਠ ਬੈਠਾਂ ਨਹੀਂ ਤਾਂ ਮੈਂ ਚੀਣਾ ਚੀਣਾ ਹੋ ਕੇ ਡਿਗ-ਡੁਲ੍ਹ ਜਾਵਾਂਗਾ ਯਾ ਕਿਸੇ ਨਜ਼ਰ ਦੇ- ਤੇਜ਼ ਤਿਮੂੰਹੇ ਕਾਂਟੇ ਵਿਚ ਵਿਝ ਜਾਵਾਂਗਾ ਬੋਟੀ ਮਾਸ ਜਿਹਾ, ਨੰਗਾ, ਅਧ-ਕੱਚਾ ਜਿਸ ਨੂੰ ਨਾ ਕੋਈ ਖਾਵੇਗਾ ਨਾ ਤੇਜ਼ ਤਿਮੂੰਹ ਕਾਂਟੇ ਦੀ ਸੂਲੀ ਤੋਂ ਹੇਠਾਂ ਲਾਹੇਗਾ । ਮੇਰਾ ਦਰਵਾਜ਼ਾ ਇਕ ਉਬਾਸੀ ਵਾਂਗੂੰ ਖੁਲ੍ਹਦਾ ਹੈ ਮੈਂ ਆਪਣਾ ਆਪਾ ਹੂੰਝ ਗਲੀ 'ਚੋਂ ਅੰਦਰ ਸੁਟਦਾ ਹਾਂ ਮੈਨੂੰ ਹੁੰਮਸ ਦਾ ਪਰਦਾ ਹੈ ਮੈਂ ਸਦਾ ਪੁਰੇ ਵਿਚ ਨੰਗਾ ਹਾਂ ਮੇਰੀ ਘਰ ਵਾਲੀ ਘਰ ਦਾ ਕੂੜਾ ਹੂੰਝ - ਗਲੀ ਵਿਚ ਬਾਹਰ ਸੁਟਦੀ ਹੈ ਮੈਂ ਡਰਦਾ ਹਾਂ ਮੇਰੀ ਘਰ ਵਾਲੀ ਮੈਨੂੰ ਕਿਤੇ ਨ ਵੇਖ ਲਏ !
ਲਘੂ ਮਾਨਵ
ਮੈਂ ਉਸ ਦਾ ਹਾਸਾ ਤਕਿਆ ਸੀ ਉਸ ਦਾ ਹਾਸਾ ਸੁਣ ਨਾ ਸਕਿਆ ਕੀਕਣ ਸੁਣਦਾ ਸਭ ਹਸਦੇ, ਵਿਚ ਉਹ ਹਸਦਾ ਸੀ ਮੇਰਾ ਕਾਹਵਾ-ਘਰ ਦਾ ਮੇਲੀ ਹਰ ਮਹਿਫ਼ਲ ਵਿਚ ਹਾਜ਼ਰ ਹੁੰਦਾ, ਪ੍ਰਗਟ ਨਾ ਹੁੰਦਾ ਹਰ ਹਾਸੇ ਦੀ ਧੁੱਪ ਸੇਕਦਾ ਹਰ ਨਿੰਦਿਆ ਦੀ ਛਾਵੇਂ ਬਹਿੰਦਾ ਹਰ ਮੌਸਮ ਦੀ ਉਂਗਲੀ ਫੜ ਕੇ ਤੁਰਿਆ ਜਾਂਦਾ ਬਹੁਤ ਸਿਆਣਾ, ਸਦਾ ਅਞਾਣੇ ਬਾਲ ਵਰਾਂਦਾ ਸ਼ਾਮਿਲ-ਸ਼ਾਮਿਲ ਸਿਰਜਨ ਦੀ ਮਨ ਰੀਝ ਨ ਕੋਈ ਕੁਝ ਨਿੰਮ੍ਹਾ ਨਿੰਮ੍ਹਾ ਜਿਉਂਦਾ ਸੀ ਰਤਾ ਚਾਨਣਾ, ਰਤਾ ਹਨੇਰਾ ਅਣਸੁਣ ਕੇ ਵੀ ਚੁਪ-ਚੁਪ ਕਹਿੰਦਾ ਜੋ ਜੋ ਸਭ ਦਾ, ਸੋ ਸੋ ਮੇਰਾ ਪਤਾ ਨਹੀਂ ਉਹ ਕਿਵੇਂ ਮਰ ਗਿਆ ਅਸੀਂ ਅਜੇ ਜਿਉਂਦੇ-ਜਿਉਂਦੇ ਹਾਂ ਧੜਕਣ ਦੇ ਮਜਮੇ ਵਿਚ ਅਪਣੀ ਧੜਕਣ ਦਾ ਰਖਵਾਲਾ ਪਤਾ ਨਹੀਂ ਕਿਉਂ ਖ਼ਾਮੋਸ਼ੀ ਦੇ ਸ਼ਹਿਰ ਸਿਧਾਇਆ ਸਚਮੁਚ ਮਰਿਆ ? ਕਹਿਣ ਨਾ ਹੋਵੇ ਮੈਂ ਉਸ ਦਾ ਮਰਨਾ ਸੁਣਿਆ ਸੀ ਉਸ ਦਾ ਮਰਨਾ ਵੇਖ ਨ ਸਕਿਆ ਮੈਂ ਉਸ ਦਾ ਹਾਸਾ ਤਕਿਆ ਸੀ ਉਸ ਦਾ ਹਾਸਾ ਸੁਣ ਨਾ ਸਕਿਆ ।
ਅੱਜ ਦਾ ਬੰਦਾ, ਕਲ੍ਹ ਦੇ ਮਸਾਣ
ਮੇਰਾ ਗੁਰੂ ਤਾਂ ਸੀ ਜੋਤੀ ਜੋਤ ਸਮਾਇਆ ਮੈਂ ਉਸ ਦੀ ਉੱਜਲ ਕੁਆਰ ਜਿਹੀ ਮੁਕਤੀ ਨੂੰ ਇਕ ਕੁਆਰਾ ਮਿਰਤਕ ਸਮਝ ਮਸਾਣ ਜਗਾਇਆ ਆਪਣੀ ਦੁਨੀਆਂ ਵਿਚ ਜੋ ਕੁਝ ਕੁਆਰਾ ਹੈ ਮਿਰਤਕ ਹੈ ਮੇਰੀ ਮੁੱਠੀ ਵਿਚ ਬੰਦ ਬਿਭੂਤ ਮਸਾਣੀ ਮੈਂ ਬਿਨਾ ਮੁਹਰ ਅਣਘੜ ਤਾਂਬੇ ਦਾ ਹਾਣੀ ਮੈਥੋਂ ਹੀ ਮੇਰੀ ਕੀਮ ਨ ਜਾਏ ਪਛਾਣੀ ਗਲੀਆਂ ਬਾਜ਼ਾਰਾਂ ਵਿਚ ਮੈਂ ਤੁਰਦਾ ਹਾਂ ਪਰ ਚਲਦਾ ਕਦੇ ਨਹੀਂ ਹਾਂ ਮੇਰੇ ਪ੍ਰਾਣ ਬਿਨਾ ਪਰਮਾਣ ਮੈਂ ਏਸ ਮਸਾਣੀ ਮਿੱਟੀ ਦਾ ਅਰਦਾਸੀ ਮੈਂ ਮੋਹਰਬੰਦ ਹੋ ਜਾਵਣ ਦਾ ਅਭਿਲਾਖੀ ਮੇਰੇ ਅੰਗਾਂ ਤੇ ਅੰਕਿਤ ਕਰੋ ਨਿਸ਼ਾਨੀ ਪ੍ਰਭੁ ਜੀ, ਬੇਕੀਮਤ, ਨਿਹਫਲ ਅਉਧ ਵਿਹਾਣੀ ਹੇ ਮਿਹਰਵੰਤ ਮੇਰੇ ਮਸਤਕ ਮਿਹਰਾਂ ਦਾ ਹਸਤ ਧਰੋ ਮੈਂ ਮਹਾ ਨਿਗੂਣਾ ‘ਬੰਦਾ’ ਮੈਨੂੰ ਆਪਣੀ ‘ਵਸਤ’ ਕਰੋ
ਨਿਪੱਤ੍ਰਾ
ਮੇਰੇ ਘਰ ਦੀ ਸੜਕ ਤੋਂ ਪਾਰ ਨਿਪੱਤ੍ਰਾ ਬਿਰਛ ਬੇਮੌਸਮ ਖੜਾ ਹੈ ਉਹਦੇ ਟਾਹਣਾਂ ਨੇ ਫੁੱਲ-ਪੱਤਰ ਸਦਾ ਲਈ ਝਾੜ ਦਿਤੇ ਨੇ ਉਹਦੇ ਚਿਹਰੇ ਤੇ ਹੁਣ ਮੌਸਮ ਮੁਤਾਬਕ ਮੁਸਕਣੀ ਬਿਲਕੁਲ ਨਹੀਂ ਉਗਦੀ ਮਹਾਂ ਮੁਕਤੀ ਦਾ ਵਰ ਜਾਂ ਸਰਾਪ ਲੈ ਕੇ ਜੀ ਰਿਹਾ ਹੈ ਉਹਦੇ ਟਾਹਣਾਂ ਦੇ ਨਿਤ-ਨੰਗੇਜ ਤੇ ਪੰਛੀ ਕੋਈ ਜੇ ਆ ਕੇ ਬਹਿ ਜਾਵੇ ਉਹਦੀ ਕਿਸਮਤ ਨਹੀਂ ਪਲ ਛਿਨ ਸ਼ਰਮ ਕੇ ਝੂਲ ਹੀ ਜਾਵੇ ਬਿਰਛ ਕੀ ਹੈ – ਜਿਵੇਂ ਮੂਰਤ ਕੋਈ ਪੂਰਨ ਕਲਾਧਰਮੀ ਚਿਤੇਰੇ ਦੀ ਚਿਤੇਰੇ ਦਾ ਹੁਕਮ : ਹੈ ਜਿਵੇਂ ਜਨਮੋ, ਉਵੇਂ ਜੀਵੋ ਮਰਨ ਤੀਕਰ ਸਦਾ ਇਕਰਸ ਰਹੋ, ਇਕ ਭਾਵ ਥੀਵੋ ਇਹਨੂੰ ਤੱਕ ਕੇ ਮੇਰੇ ਤਨ ਮਨ 'ਚ ਥਰਹਰ ਜਾਗ ਉਠਦੀ ਹੈ ਮੇਰੇ ਵਰਗੇ ਨਿਪੱਤੇ ਵੇਖ ਕੇ ਇਸ ਦਾ ਕੋਈ ਪੱਤਾ ਕਦੇ ਚੰਚਲ ਨਹੀਂ ਹੁੰਦਾ ਇਹਦੇ ਤਨ ਚੋਂ ਮੈਂ ਇਸ ਦੇ ਮਨ 'ਚ ਬਿਲਕੁਲ ਝਾਕ ਨਹੀਂ ਸਕਦਾ ਨਿਪੱਤੇ ਨੰਗ ਦਾ ਉਹਲਾ ਬੜਾ ਹੈ ਮੇਰੇ ਘਰ ਦੀ ਸੜਕ ਤੋਂ ਪਾਰ ਨਿਪੱਤ੍ਰਾ ਬਿਰਛ ਬੇਮੌਸਮ ਖੜਾ ਹੈ
ਪਰਛਾਵਿਆਂ ਦਾ ਜੰਗਲ
ਇਸ ਜੰਗਲ ਵਿਚ ਪਰਛਾਵੇਂ ਹੀ ਪਰਛਾਵੇਂ ਨੇ ਬਿਰਛ ਕਿਤੇ ਨਜ਼ਰੀਂ ਨਾ ਆਵੇ ਪਰਛਾਵੇਂ ਦੀ ਛਾਵੇਂ ਬਹਿ ਕੇ ਹਰ ਕੋਈ ਅਪਣੀ ਜੂਨ ਹੰਢਾਵੇ ਸਿਰ-ਨੰਗੀ ਮਮਤਾ ਦੀ ਗੋਦੀ ਕੀਕਣ ਬੈਠਾਂ ਮੇਰਾ ਕੱਦ ਛਾਂਗਿਆ ਜਾਵੇ ਇਸ ਜੰਗਲ ਵਿਚ ਪਰਛਾਵੇਂ ਹੀ ਪਰਛਾਵੇਂ ਨੇ ਸਫ਼ਰ ਲਈ ਤਨ ਮਨ ਵਿਚ ਕਾਹਲੀ ਜਾਗ ਰਹੀ ਹੈ ਪੈਰਾਂ ਵਿਚ ਰਾਹਾਂ ਦੇ ਗੁੰਝਲ ਬਹੁਤ ਵਿਛੇ ਨੇ ਜਿਵੇਂ ਕਿਸੇ ਮਾਨਸ ਰੋਗੀ ਦੀ ਨੀਂਦ-ਡਾਲ ਤੇ ਬੇਮੂੰਹੇ ਸੁਪਨੇ ਦੇ ਬਾਲਕ ਵਿਲਕ ਰਹੇ ਨੇ : ਸਾਡਾ ਕੌਣ ਪਿਤਾ-ਮਹਿਤਾਰੀ ਹਰ ਇਕ ਰਸਤਾ ਦੇਸ਼-ਦਿਸੌਰਾਂ ਵਲ ਜਾਂਦਾ ਹੈ ਦਿਸ਼ਾ ਕੋਈ ਨਜ਼ਰੀਂ ਨਾ ਆਵੇ ਦਿਸ਼ਾ-ਭਰਮ ਦੇ ਗੂੜ੍ਹੇ ਪਰਛਾਵੇਂ ਦੀ ਛਾਵੇਂ ਉਮਰਾਂ ਤੁਰੀਆਂ ਜਾਣ ਕੀੜੀਆਂ ਦੀਆਂ ਕਤਾਰਾਂ ਇਸ ਰਾਹਾਂ ਦੇ ਲੀਕ ਜਾਲ ਤੇ ਪੈਰ ਅਨੈਣ ਸਹਿਜ ਤੁਰਦਾ ਹੈ ਪੈਰ ਸਨੈਣ ਉਲਝਦਾ ਜਾਵੇ ਇਸ ਜੰਗਲ ਵਿਚ ਪਰਛਾਵੇਂ ਹੀ ਪਰਛਾਵੇਂ ਨੇ ਬਿਰਛ ਕਿਤੇ ਨਜ਼ਰੀਂ ਨਾ ਆਵੇ ।
ਪਿੱਠ
ਸਵੇਰ ਵੇਲੇ ਇਕ ਥਕਾਵਟ ਅਧਬੁਝੀ ਅੰਗਾਂ 'ਚ ਮੇਰੇ ਬਹਿ ਗਈ ਮੇਰੀ ਘਰ ਵਾਲੀ ਦੇ ਹੱਥ ਵਿਚ ਇਕ ਪਿਆਲੀ ਧੁਖਧੁਖੀ ਇਹ ਮੇਰਾ ਸੂਰਜ ਹੈ- ਜਿਸ ਦੇ ਚਾਨਣੇ ਵਿਚ ਜਾਗਦਾ ਹਾਂ ਰੋਜ਼ ਉਸ ਦੀ ਅਣਵਾਹੀ ਲਟੂਰੀ ਵਿਚ ਅੜੀ ਚਮੇਲੀ ਅਧਮਰੀ ਦੀ ਬਾਸ ਉਸ ਦੇ ਅਧਮਾਣੇ ਜਿਸਮ ਵਿਚ ਇਕ ਅਧੋਤੇ ਕਰੋਧ ਦਾ ਵਿਸ਼ਵਾਸ ਉਸ ਦਾ ਮੁਖ ਅਸ਼ਨਾਨਿਆ ਸ਼ਾਇਦ ਮੇਰੀ ਪਿੱਠ ਵਾਸਤੇ ਹੈ ਸਵੇਰ ਵੇਲੇ ਇਕ ਮਹਿੱਟਰ ਚੁਪ ਮੇਰੇ ਚਿਹਰੇ ਤੇ ਪਰਛਾਵੇਂ ਖੜੀ ਹੈ ਇਸ ਬਿਨਾਂ ਚਿਹਰਾ ਮੇਰਾ ਡੁਲ੍ਹ ਜਾਏਗਾ ਮੇਰਾ ਉਜਲਾ ਰੂਪ ਵੀ ਸ਼ਾਇਦ ਮੇਰੀ ਪਿੱਠ ਵਾਸਤੇ ਹੈ ਮੈਂ, ਮੇਰੀ ਪਤਨੀ, ਦੋਵੇਂ ਅਧਅਜਨਬੀ, ਅਧਮੀਤ ਆਪਣੇ, ਇਕ ਦੂਸਰੇ ਦੇ ਅਪਣੇ ਅਪਣੇ ਮੂੰਹ ਦੀ ਮਜਬੂਰੀ ਹੀ ਮੇਰੇ ਘਰ ਦੀ ਦੌਲਤ ਰਹਿ ਗਈ ਇਕ ਥਕਾਵਟ ਅਧਬੁਝੀ ਅੰਗਾਂ 'ਚ ਮੇਰੇ ਬਹਿ ਗਈ ਅਧਬੁਝੇ ਅੰਗਾਂ 'ਚ ਮੇਰਾ ਦਿਨ ਨਿਕਲਦਾ ਹੈ ਘਰੋਂ ਬੇਬਿਰਛ ਰਸਤੇ ਜਿਹਾ ਹਰ ਮੀਤ ਜਿਸ ਤੇ ਮੈਂ ਤੁਰਦਾ ਹਾਂ ਬਹਿ ਸਕਦਾ ਨਹੀਂ ਹਰ ਕਿਸੇ ਵਾਕਫ਼ ਦੇ ਮੁਖ ਗੰਜਾ, ਸੁਲਗਦਾ ਹਾਸ ਜਿਸ ਦੇ ਚਾਨਣ ਤੋਂ ਸਿਮਟ ਕੇ ਆਪਣੇ ਅੰਗਾਂ ਦੀ ਛਾਵੇਂ ਬੈਠਦਾ ਹਾਂ ਏਸ ਗੰਜੇ ਹਾਸ ਦੇ ਟੋਟਣ ਤੇ ਇਕ ਡੂੰਗੇ ਦੀ ਲੋਚਾ ਅਧਬੁਝੀ ਮੇਰੇ ਜਿਸਮ ਵਿਚ ਸਰਕਦੀ ਹੈ, ਸਿਸਕਦੀ ਹੈ ਕੋਈ ਨਾ ਕੋਈ ਨਜ਼ਰ ਛਿਲਤਰ ਜਹੀ ਨੰਗੀ ਮੇਰੇ ਮਨ ਵਿਚ ਚੁਭਕਦੀ ਹੈ ਰੋਜ਼ ਮੇਰੇ ਮਨ ਅਣਜਾਣਿਆ ਪਾਪੀ ਪਰਾਏ ਡੰਗ ਸਹਿੰਦਾ ਹੈ ਸਦਾ ਖ਼ਾਮੋਸ਼ ਕਿਉਂਕਿ ਪਰਾਏ ਡੰਗ ਨੰਗੇ ਨੇ ਹਰ ਦਿਵਸ ਨਵ ਜੂਨ ਹੈ ਕੋਈ ਕਲ੍ਹ ਸੰਥਾ ਨਹੀਂ ਅਜ ਵਾਸਤੇ ਅਜਨਬੀ ਹੈ ਹਰ ਪਰਾਈ ਜਾਚ ਜਦ ਕਦੀ ਚਾਨਣ ਨੂੰ ਹੱਥ ਪਾਇਆ ਅਗਨ ਮੈਨੂੰ ਮਿਲੀ ਹੈ ਹਰ ਨਵੀਂ ਛੋਹ ਵਿਚ ਪੁਰਾਣੇ ਮਿਲਣ ਵਾਂਗੂੰ ਹੋਂਦ ਮੇਰੀ ਅਧਜਲੀ ਹੈ ਸਾਰੀ ਦੁਨੀਆਂ ਅਜਨਬੀ ਹੈ- ਆਪਣੀ ਵੀ, ਪਰਾਈ ਵੀ ਅਜਨਬੀ ਦੇ ਕੋਲ ਜੋ ਕੁਝ ਵੀ ਮੇਰਾ ਵਾਕਿਫ਼ ਹੈ ਉਹ ਸ਼ਾਇਦ ਮੇਰੀ ਪਿੱਠ ਵਾਸਤੇ ਹੈ ਹਰ ਕਿਸੇ ਹਾਸੇ ਦੀ ਬੰਜਰ ਲਿਸ਼ਕ ਹੇਠਾਂ ਜੋ ਬਨਸਪਤ ਦਫ਼ਨ ਹੈ ਜੇ ਕਿਸੇ ਏਕਾਂਤ ਵਿਚ ਜਨਮੇਗੀ ਉਹ ਉਸ ਸਮੇਂ ਹਾਜ਼ਰ ਰਹੇਗੀ ਪਿੱਠ ਮੇਰੀ ਹਰ ਕਿਸੇ ਪਿੱਠ ਤੇ ਕਿਸੇ ਅਧਅਜਨਬੀ ਅਧਮੀਤ ਨੇ ਜੋ ਲਿਖੇ ਨੇ ਬੋਲ, ਉਹ ਮੇਰੇ ਨੇ ਮੇਰੇ ਸਾਹਵੇਂ ਜੋ ਵੀ ਹੈ ਬਸ ਅਰਧ ਹੈ ਮੇਰੀ ਪਿੱਠ ਤੇ ਹੋਂਦ ਜਾਂ ਅਣਹੋਂਦ, ਪੁੰਨ ਜਾਂ ਪਾਪ ਜੋ ਵੀ ਹੈ ਸਾਲਮ, ਸਬੂਤਾ, ਅਣ-ਅਧੂਰਾ ਹੈ ਜੇ ਕਦੀ ਮੈਨੂੰ ਮੇਰੀ ਪਿੱਠ ਦਾ ਰਤਾ ਦੀਦਾਰ ਹੋਵੇ ਤਾਂ ਕਹਾਂ ਮੈਂ ਤੇਰੇ ਬਿਨ ਸ਼ਬਦਾਂ ਦੇ ਪੱਲੇ ਅਧਅਰਥ ਹੀ ਕਿਉਂ ? ਹੋਂਦ ਅਧਮੂੰਹੀ, ਮਹਿੱਟਰ ਚੁਪ, ਲਿਸ਼ਕਦੇ ਬੋਲ ਗੰਜੇ ਅਧਜਲਨ ਹੀ ਕਿਉਂ ਮੇਰੇ ਅੰਗਾਂ ਦੀ ਕਿਸਮਤ ਰਹਿ ਗਈ ? ਸਵੇਰ ਵੇਲੇ ਇਕ ਥਕਾਵਟ ਅਧਬੁਝੀ ਅੰਗਾਂ 'ਚ ਮੇਰੇ ਬਹਿ ਗਈ ।
ਜਿਸ ਨੇ ਕੋਈ ਬਾਤ ਨਾ ਪਾਈ
“ਜਾਗਦਿਆਂ ਬਿਸਤਰ ਵਿਚ ਸ਼ੇਵਿੰਗ ਚਾਹ ਤੇ ਅੰਡਾ ਦਿਨ ਭਰ ਧੰਦਾ, ਰਾਤ ਪਿਆਂ ਸੌਂ ਜਾਵਾਂ । ਡਨਲੋਪਿੱਲੇ, ਥੋੜਾ ਖਾਣਾ, ਬਹੁਤਾ ਪੀਣਾ, ਗੋਦੀ ਵਿਚ ਅਲਸੇਸ਼ਨ ਲੈ ਕੇ ਐਸੀ ਨੀਂਦਰ ਪਾਵਾਂ ਨਾ ਕੋਈ ਸੁਪਨਾ ਦਰ ਖੜਕਾਵੇ ਨ੍ਹੇਰੇ ਨੂੰ ਵੀ ਸਾਹ ਨਾ ਆਵੇ... ਮੇਰੀਏ ਲਾਲੜੀਏ, ਕੀ ਕੀਤਾ ਏ ਤੂੰ ਮੇਰੇ ਨਾਲ ? ਨਿਹੁੰ ਦੀਏ ਬਾਲੜੀਏ, ਮੈਨੂੰ ਇਕ ਘੁਟ ਸੁਪਨ ਪਿਆਲ ।” ।ਰੇਡੀਉ ਬੰਦ ਕਰ ਦੇਂਦਾ ਹੈ॥ “ਪ੍ਰੀਤਮ, ਇਹ ਕੀ ਹੋਇਆ ਹਾਸਾ ? ਅੱਜ ਦਾ ਅੰਤਿਮ ਗੀਤ-ਸਿਲੌਨੀ ਸੁਣਨ ਦਿਉ ਕਾਹਲੀ ਨਾ ਪਾਵੋ ।ਸਿਸਕ ਪੈਂਦਾ ਹੈ॥ ਕਿਸ ਲਾਹਿਆ, ਬਿਸਕਿਟ ਤੋਂ ਰੈਪਰ ਨੌਕਰ ਹੈ...ਕੋਈ ਚੋਰੀ, ਚੋਰੀ ! ।ਪ੍ਰੀਤਮ ਨੂੰ ਸਿਸਕਦਾ ਵੇਖਦੀ ਹੈ॥ ਅੱਛਾ ! ਇਹ ਸਿਸਕੀ ਪ੍ਰੀਤਮ ਦੀ ! ਮੈਂ ਡਰ ਗਈ, ਬਿਸਕਿਟ ਤੋਂ ਰੈਪਰ ਨੌਕਰ ਹੈ...ਕੋਈ...ਚੋਰੀ, ਚੋਰੀ ! ਪ੍ਰੀਤਮ, ਤੂੰ ਵੀ ਰੋ ਸਕਦਾ ਏਂ ? ਨੈਣ ਤੇਰੇ ਵਿਚ ਹੰਝੂ ਜੀਕਣ ਮਾਲ ਰੋਡ ਤੇ ਇਕ ਦੇਹਾਤੀ ! ਏਨੇ ਵੀ ਕੀ ਖ਼ਿਆਲ ਪੁਰਾਣੇ ।” ਕੱਲ੍ਹ ਦੀ ਗੱਲ ਏ ਕਲੱਬ ਦੀ ਗੱਲ ਏ ਰੰਮੀ ਤੋਂ ਉਕਤਾ ਕੇ ਸਾਰੇ ਪੀਣ-ਪਾਣ ਦੇ ਆਹਰ ਵਿਚ ਸਾਂ ਪਹਿਲਾ ਝੂਮਾ ਹੀ ਆਇਆ ਸੀ।” "ਕੀ ਵੇਲਾ ਸੀ ?" "ਪਹਿਲਾ ਝੂਮਾ, ਤੂੰ ਜਾਣੇ, ਦਸ-ਦਸ ਤੇ ਆਉਂਦੈ । ਇਕ ਲਟ-ਬਉਰਾ, ਨਵਾਂ ਪ੍ਰਾਹੁਣਾ ਮੁਖ ਪਰ ਤੇਜ, ਸੀਸ ਪਰ ਅਟਕਾਂ ਕਹਿਣ ਲੱਗਾ ਗਟ ਗਟ ਗਟ ਪੀ ਕੇ ..." "ਪ੍ਰੀਤਮ ਕਿੰਜ ਪੀਂਦੇ ਨੇ ਲੋਕੀ ! ਸਾਡਾ ਸੀਵਰ-ਲਿੰਕ ਵੀ ਅਜ ਕਲ੍ਹ ਗਟ, ਗਟ, ਗਟ, ਕਰਦਾ ਰਹਿੰਦਾ ਹੈ !'' “ਕਹਿਣ ਲਗਾ ਲਟ-ਬਉਰਾ ਪ੍ਰਾਹੁਣਾ ਹਰ ਕੋਈ ਆਪਣੀ ਬਾਤ ਸੁਣਾਏ ਸੁਪਨਾ, ਸਾਹਸ, ਰੂਪ, ਜਵਾਨੀ ਯਾ ਕੋਈ ਅਪਣੀ ਇਸ਼ਕ ਕਹਾਣੀ ।" “ਹਾਇ ਮੈਂ ਮਰ ਜਾਂ ! ਇਸ਼ਕ ਵੀ ਕਦੇ ਕਹਾਣੀ ਬਣਦੈ !! ਤੇਰੀ-ਮੇਰੀ ਨੈਣ-ਮੁਸਕਣੀ- ਬਣ ਜਾਵੇ ਤਾਂ ਬੜੀ ਬਾਤ ਹੈ !!! ਕੇਹੋ ਜਹੇ ਲੋਕ ਨੇ ਜਿਹੜੇ - ਪੀ ਕੇ ਵੀ ਬਾਤਾਂ ਪਾਉਂਦੇ ਨੇ ? ਪੀ ਕੇ ਬਾਤ, ਜਿਵੇਂ..." “...ਚਾਨਣ ਵਿਚ - ਚੀਰ-ਹਰਨ ਅਪਣੇ ਹੀ ਹੱਥੀਂ ?'' ਠੀਕ, ਠੀਕ ਹੈ । ਅਸੀਂ ਤਾਂ ਪੀ ਕੇ ਸੁਪਨ ਵਰਾਉਂਦੇ ਸਾਹਸ ਨੂੰ ਕਹਿੰਦੇ ਹਾਂ ਸੌਂ ਜਾ (ਵਕਫ਼ਾ) "ਉਸ ਦੀ ਸੁਣ ਕੇ ਮੈਂ ਤਾਂ ਚੁਪ ਸਾਂ, ਮਾਨੋ ਇਸ ਗੁਸਤਾਖ਼ੀ ਉੱਤੇ ਮੇਰੀ ਧੜਕਣ ਸਹਿਮ ਗਈ ਸੀ । ਪਰ ਗਟ ਗਟ ਪੀ ਕੇ ਭਾਈ ਨੇ ਪਹਿਲੋਂ ਆਪਣੀ ਬਾਤ ਸੁਣਾਈ।" "ਕਿਹੋ ਜਹੀ ਉਹ ਬਾਤ ਸੀ ਪ੍ਰੀਤਮ ?'' "ਜਿਉਂ ਨ੍ਹੇਰੇ ਵਿਚ ਪਹਿਲੀ ਛੋਹੇ ਮਹਿਕ-ਜਹੀ ਇਕ ਕੰਬਣੀ ਆਏ ਜਿਉਂ ਨ੍ਹੇਰੇ ਵਿਚ ਹੌਲੀ ਹੌਲੀ ਤੇਰਾ ਪਿੰਡਾ ਮਘਦਾ ਜਾਏ । "ਬੜੀ ਮਨੋਹਰ ਬਾਤ ਸੀ ਪ੍ਰੀਤਮ ?'' “ਜਿਉਂ ਪਾਣੀ ਤੇ ਅਲਫ਼ ਚਾਨਣੀ । ਬਾਤ ਮੇਰੇ ਪਿੰਡੇ ਤੇ ਪਿਆਰੀ ਅਪਣੇ ਪੋਟੇ ਫੇਰ ਰਹੀ ਸੀ । ਮੈਨੂੰ ਇਉਂ ਲਗਦਾ ਸੀ ਜੀਕਣ - ਮੇਰੇ ਬਸਤਰ ਢਿਲਕ ਰਹੇ ਨੇ । ਸਾਡਾ ਨੰਗ ਲੁਕਾਵਣ ਖ਼ਾਤਰ ਪਤਾ ਨਹੀਂ ਕਦ ਬਲਬ ਬੁਝ ਗਿਆ । ਗਟ-ਗਟ ਕਹਿਣ ਲੱਗਾ ਉਹ ਭਾਈ : 'ਬਾਤ ਮੇਰੀ ਹੈ ਅਗਨ-ਸਰਪਣੀ ਅਪਣਾ ਰਸਤਾ ਭਾਲ ਲਵੇਗੀ।' ਬਾਤ ਓਸਦੀ ਅਗਨ-ਸਰਪਣੀ ਸਭ ਦਾ ਤਨ-ਮਨ ਡੰਗਦੀ ਡੰਗਦੀ ਪਤਾ ਨਹੀਂ ਕਿਸ ਦੇਸ ਗੁਆਚੀ । ਮੈਨੂੰ ਜਾਪੇ ਮੇਰੇ ਅੰਦਰ । ਮੈਨੂੰ ਤਾਂ ਕੁਝ ਪਤਾ ਨਹੀਂ ਹੈ ਪਰ ਮੈਂ ਸੁਣਿਐ ਬਾਤ ਨੂੰ ਸੁਣ ਕੇ- ‘ਈੜਾ' ਬਰਫ਼ੋਂ ਪਾਣੀ ਹੋ ਗਈ, ਇਕ ਅਧ-ਚੁਲੀ ਕਿਸੇ ਪੀਤੀ ਵੀ ।” "ਮੈਂ ਕਹਿੰਦੀ ਹਾਂ, ਪਾਗਲ ਹੋ ਗਏ ? ਮੈਨੂੰ ਕੀਕਣ ਘੂਰ ਰਹੇ ਹੋ ? ਜਾਵੋ ਹੁਣ ਜਾ ਕੇ ਸੌਂ ਜਾਵੋ ਅਲਸੇਸ਼ਨ, ਡਨਲੋਪਿੱਲੇ ਤੇ ਬਿਨਾਂ ਤੁਹਾਡੇ ਸੌਂ ਨਹੀਂ ਸਕਣਾ ।" "ਹੋਰ ਕਹਾਣੀ ਵੀ ਇਕ ਹੋਈ ਨ੍ਹੇਰੇ ਨ੍ਹੇਰੇ- ਜਿਉਂ ਚੋਰੀ ਦਾ ਚੁੰਮਣ ਚਮਕੇ ਹੋਰ ਕਹਾਣੀ ਵੀ ਇਕ ਹੋਈ ਜਿਉਂ ਅਸਮਾਨੀਂ, ਸੁੰਨ ਸੜਕ ਤੇ ਜਿਉਰ ਸਣੇ ਇਕ ਬਾਲਕ ਵਿਲਕੇ ।" "ਕੀ ਕਹਿੰਦੇ ਹੋ ? ਬੋਲ ਰਹੇ ਕੀ ? ਮਿਅਦੇ ਵਿਚ ਕੁਝ ਨੁਕਸ ਹੈ ਪ੍ਰੀਤਮ ? ਫੋਨ ਕਰਾਂ ਡਾ'ਕਰ ਬੰਸਲ ਨੂੰ ? ਅੱਜ ਧੰਦਾ ਮੰਦਾ ਮੰਦਾ ਸੀ ?'' "ਜਾਣਦੀ ਏਂ ਆਖ਼ਰ ਕੀ ਹੋਇਆ ਸਭ ਨੇ ਅਪਣੀ ਬਾਤ ਸੁਣਾਈ ਓੜਕ ਵਾਰੀ ਮੇਰੀ ਆਈ ।” "ਹਾਇ ਮੈਂ ਮਰ ਜਾਂ ਤੁਸਾਂ ਵੀ ਕੋਈ ਬਾਤ ਸੁਣਾਈ ? ਕੌਣ ਕੌਣ ਸੀ ਓਸ ਜਗ੍ਹਾ ਤੇ ? ਮੈਂ ਸਭਨਾਂ ਨੂੰ ਫ਼ੋਨ ਕਰਾਂਗੀ, ਬਾਤ ਤੁਹਾਡੀ ਮੋੜ ਲਵਾਂਗੀ, ਆਖ ਦਿਆਂਗੀ : ਕੂੜ ਕਲਪਨਾ ।" “ਕੀ ਮੋੜੇਂਗੀ ? ਮੈਂ ਕੀ ਦਿੱਤਾ ? ਨ੍ਹੇਰੇ ਵਿਚ ਮੇਰੀ ਖ਼ਾਮੋਸ਼ੀ ਪ੍ਰੇਤ-ਜੂਨ ਛਾਇਆ ਵਿਚ ਬੈਠੀ । ਪਾਸ ਮੇਰੇ ਕੋਈ ਬਾਤ ਨਹੀਂ ਸੀ ਨਾ ਨ੍ਹੇਰੇ ਮੇਰਾ ਪਿੰਡਾ ਮਘਿਆ । ਨਾ ਮੇਰੇ ਪਾਣੀ ਅਲਫ਼ ਚਾਨਣੀ ਹੰਝੂ, ਹੰਝੂ॥ ਨਾ ਕੋਈ ਸੁਪਨਾ ਪੰਖ ਪਸਾਰੇ ਨਾ ਮੈਂ ਪਾਣੀ ਵਾਂਗੂ ਵਗਿਆ ਨਾ ਤੂੰ ਚੁਲੀ ਮਿਹਰ ਕਰ ਪੀਤੀ (ਹੰਝੂ, ਹਉਕੇ, ਸਿਸਕੀਆਂ) ਉਮਰਾ ਭਰ ਜੋ ਰਿਹਾ ਲੁਕਾਉਂਦਾ ਉਹ ਬਦਬੋ ਸੀ, ਬਾਤ ਨਹੀਂ ਸੀ ... ... ਮੈਨੂੰ ਮੇਰੀ ਬਾਤ ਰਚਣ ਦੇ ਮੈਨੂੰ ਅਪਣਾ ਸੁਪਨ ਵਰਨ ਦੇ (ਹੰਝੂ, ਹੰਝੂ) ਜੇ ਆਖੇਂ ਜਾਪਾਨ ਚਲਾ ਜਾਂ ਬਰਮਾ ਵਿਚ ਰੋਮਾਂਸ ਬਹੁਤ ਹੈ ਯਾ ਅਮਰੀਕਾ ਯਾ ਅਫ਼ਰੀਕਾ ਯਾ...ਯਾ...ਯਾ...ਯਾ... (ਲੰਮੀ ਚੁਪ) ਨਵੀਂ ਬਵਰਚਨ ਨੂੰ ਸਮਝਾ ਦੇ ਸੌਣ-ਸਮੇਂ ਸੁਪਨਾ ਜੀਵਾਂਗਾ ਨਾ...ਨਾ...ਨਾਨਾ... ਸੌਣ-ਸਮੇਂ ਮੈਂ ਦੁਧ ਪੀਵਾਂਗਾ ਟਾ...ਟਾ...ਟਾ...ਟਾ..."
ਤਾਰੇ ਸੁੰਦਰ ਨੇ
ਸੁਣਿਆ ਏਂ ਤਾਰੇ ਸੁੰਦਰ ਨੇ ਹੋਵਣਗੇ ਅਪਣੀ ਦੁਨੀਆਂ ਵਿਚ ਜੋ ਕੁਛ ਸੁੰਦਰ ਹੈ, ਸੁਪਨਾ ਹੈ ਜਿਸ ਦੀ ਜੋ ਬਾਤ ਕਰਾਂ ਅੰਗਾਂ ਦੇ ਵਿਚ ਲਾਜ ਸੁਲਗਦੀ ਹੈ ਅਪਣੇ ਹੀ ਮਨ ਤੋਂ ਅਪਣੇ ਤਨ ਦਾ ਪਰਦਾ ਲਹਿ ਜਾਂਦਾ ਹੈ ਅਪਣੀ ਦੁਨੀਆਂ ਵਿਚ ਜੋ ਕੁਛ ਸੁੰਦਰ ਹੈ ਚੋਰੀ ਹੈ ਜੋ ਉਘੜ ਜਾਏ ਤਾਂ ਉਮਰਾਂ ਦਾ ਹਰ ਸ੍ਵਾਸ ਕਲੰਕੀ ਜੇ ਕਰ ਤਾਰੇ ਵੀ ਏਦਾਂ ਸੁੰਦਰ ਨੇ ਤਾਂ ਆਪਣੀ ਦੁਨੀਆਂ ਮਹਾਂ ਅਭਾਗੀ ਹੈ ਸੁਣਿਆ ਏਂ ਤਾਰੇ ਸੁੰਦਰ ਨੇ ਹੋਵਣਗੇ
ਦਸਤਕ ਨਾ ਦੇਵੋ
ਮੇਰੇ ਦਰਵਾਜ਼ੇ ਤੇ ਦਸਤਕ ਨਾ ਦੇਵੋ ਮੈਂ ਦਸਤਕ ਸੁਣ ਕੇ ਬਾਹਰ ਚਲਾ ਜਾਵਾਂਗਾ ਦਸਤਕ ਕੀ ਆਉਂਦੀ ਹੈ ਸੰਵਰੇ ਮੁਖ-ਮੰਡਲ ਤੋਂ ਹਾਸੇ ਦੀ ਆਬਸ਼ਾਰ ਡੁਲ੍ਹਦੀ ਹੈ ਉੱਜਲ, ਨਿਰਮੈਲ, ਸ਼ੁੱਧ ਇਸ ਵਿਚ ਮਾਨਵਤਾ ਦਾ ਕੋਈ ਵੀ ਦਾਗ਼ ਨਹੀਂ ਇਸ ਨੂੰ ਸੁਣ ਕੇ ਮਨ ਸਾਵਧਾਨ ਹੋ ਜਾਂਦੈ ਮੈਨੂੰ ਸਾਵਧਾਨ ਕਿਉਂ ਕਰਦੇ ਹੋ ਫਿਰ ਸੱਚ ਨਹੀਂ ਮੈਂ ਸਭਿਅ ਬਾਤ ਪਾਵਾਂਗਾ ਆਉ ਜੇ ਆਏ ਹੋ ਜੀ ਆਇਆਂ ਕਹਿਣ ਲਈ ਮੈਂ ਨੈਣ ਬੁਝਾਏ ਨੇ ਚਾਨਣ ਗੁਲ ਕੀਤਾ ਹੈ ਚਾਨਣ ਕਿਉਂ ਮੰਗਦੇ ਹੋ ਚਾਨਣ ਵਿਚ ਨੀਤ ਫੜੀ ਜਾਂਦੀ ਹੈ ਨ੍ਹੇਰੇ ਵਿਚ ਨਿੱਘ ਬੜਾ ਹੈ ਨ੍ਹੇਰੇ ਵਿਚ ਹਰ ਉਮਰਾ ਹੈ ਜੋਬਨਵੰਤੀ ਚਾਨਣ ਕਿਉਂ ਮੰਗਦੇ ਹੋ ਮਿਠਬੋਲ ਤੁਹਾਡੇ ਦੀ ਉਂਗਲੀ ਨੂੰ ਫੜ ਕੇ ਮੈਂ ਜਿਸ ਰਾਹੇ ਚਾਹੋਗੇ ਤੁਰਿਆ ਹੀ ਜਾਵਾਂਗਾ ਕੁਝ ਉਮਰ ਵਡੇਰੀ ਹੈ ਪਰ ਬੀਬਾ ਰਾਣਾ ਹਾਂ ਨ੍ਹੇਰੇ ਦੀ ਚਾਦਰ ਤੇ ਕਿਰਨੀਲੇ ਬੋਲਾਂ ਸੰਗ ਮੈਂ ਸੋਹਣਾ ਸੂਹਾ ਚਿਤ੍ਰ ਉਲੀਕਾਂਗਾ ਉਸ ਮੂਰਤ ਸਾਹਵੇਂ ਫਿਰ ਮੈਂ ਆਪਣਾ ਆਪ ਚੜ੍ਹਾਵਾਂਗਾ ਮੇਰੇ ਦਰਵਾਜ਼ੇ ਤੇ ਦਸਤਕ ਨਾ ਦੇਵੋ ਮੈਂ ਦਸਤਕ ਸੁਣ ਕੇ ਬਾਹਰ ਚਲਾ ਜਾਵਾਂਗਾ
ਇਕ ਮਿਨਟ ਖ਼ਾਮੋਸ਼ੀ
ਹਰ ਦਮ ਸਾਹ ਊਣੇ ਹੁੰਦੇ ਨੇ ਇਕ ਦਿਨ ਅੰਗ-ਵਿਹੂਣੇ ਹੋ ਕੇ ਤੁਰ ਜਾਂਦੇ ਨੇ ਕੱਚੀ ਮਿਟੀ-ਮੂਰਤ ਵਾਂਗੂੰ ਭੁਰ ਜਾਂਦੇ ਨੇ ਰਾਹੀ ਤੁਰ ਜਾਂਦੇ ਨੇ, ਸਾਹੀ ਫ਼ਰਜ਼ ਨਿਭਾ ਦੇਂਦੇ ਨੇ : ਪਤਨੀ ਹਾਹਾਕਾਰ, ਅਪਤਨੀ ਸਿਸਕੀ, ਯਾਰ ਸਿਰਫ਼ ਕੱਚ ਖਣਕਾਉਂਦੇ ਨੇ, ਅਪਣੇ ਸਾਹਵੇਂ ਖ਼ਾਲੀ ਜਾਮ ਟਿਕਾ ਕੇ, ਸ਼ਾਇਦ ਕੋਈ ਆਖੇ : “ਦੁਨੀਆਂ ਵਿਚ ਸਭ ਤੋਂ ਕੌੜਾ ਹੈ ਖ਼ਾਲੀ ਪਿਆਲਾ, ਆਪਣੀ ਮਰਜ਼ੀ ਕੋਈ ਨਾ ਪੀਵੇ" ਤੇ, ਦਫ਼ਤਰ ਦੇ ਹਮਜੋਲੀ- ਇਕ ਮਿਨਟ ਖ਼ਾਮੋਸ਼ੀ ਵਾਲਾ ਨੇਮ ਪਾਲਦੇ : ਸਾਡਾ ਸਾਥੀ ਚਲਾ ਗਿਆ ਛਾਂਟੀ ਤੋਂ ਪਹਿਲਾਂ ਮੌਤ ਕੁਵੇਲੇ- ਉਸ ਦੀ ਖ਼ਾਤਰ, ਸਾਡੀ ਖ਼ਾਤਰ ਆਓ ਇਕ ਮਿਨਟ ਲਈ ਸੁੰਞਾ ਸੋਗ ਮਨਾਈਏ ਚੁਪ ਕਰ ਜਾਈਏ ।”
ਨਿੰਦਿਆ ਨੀਂਦਰ ਵਰਗੀ ਸੋਹਣੀ
ਨਿੰਦਿਆ ਨੀਂਦਰ ਵਰਗੀ ਸੋਹਣੀ ਇਸ ਨੀਂਦਰ ਮੇਰਾ ਮਰ ਚੁੱਕਾ ਸੁਪਨਾ ਮੁੜ ਜੀ ਪੈਂਦਾ ਇਸ ਧੂਣੀ ਮੇਰੀ ਬੁਝ ਚੁੱਕੀ ਮੁੜ ਮਘ ਪੈਂਦੀ ਹੋਣੀ ਨਿੰਦਿਆ ਨੀਂਦਰ ਵਰਗੀ ਸੋਹਣੀ ਥਾਂ ਪਰਥਾਵੇਂ ਵੇਖ ਰਿਹਾ ਹਾਂ ਕਲਫ਼ ਸਵਾਰੇ ਚਿਹਰੇ ਹਰ ਕੋਈ ਜੀਕਣ ਫਿਰੇ ਉਧਾਲੀ ਅਸਲ ਨਸੀਬੇ ਮੇਰੇ ਬਾਰ-ਪਰਾਏ ਦੀ ਸੋਭਾ, ਜੋ ਮੇਰੇ ਮਨ ਦੀ ਮੋਹਣੀ ਨਿੰਦਿਆ ਨੀਂਦਰ ਵਰਗੀ ਸੋਹਣੀ ਉਧਲ ਗਈ ਪਿਆਰੀ ਦੀ ਸੋਭਾ ਕਿਤ ਮੁਖ ਆਖ ਸਲਾਹਵਾਂ ਜਾਗਦਿਆਂ ਜੋ ਵਸਤ ਗੁਆਚੀ ਨੀਂਦਰ ਵਿਚ ਹੰਢਾਵਾਂ ਕੌੜੇ ਬੋਲਾਂ ਦੀ ਝੋਲੀ ਵਿਚ ਬਾਤ ਮਾਖਿਓ ਚੋਣੀ ਨਿੰਦਿਆ ਨੀਂਦਰ ਵਰਗੀ ਸੋਹਣੀ ਤੇਰੇ ਬੁਲ੍ਹ ਤੋਂ ਮੇਰਾ ਹਾਸਾ ਜੇਕਰ ਮੁੜ ਘਰ ਆਵੇ ਤੇਰੀ ਉਮਰ ਨੂੰ ਇਸ ਨਿੰਦਿਆ ਦੀ ਸਾਰੀ ਉਮਰ ਲਗ ਜਾਵੇ ਅਉਂਤ ਗਈ ਕਾਇਆ ਦੀ ਮਿੱਟੀ ਨਿੰਦਿਆ ਮਲ ਮਲ ਧੋਣੀ ਨਿੰਦਿਆ ਨੀਂਦਰ ਵਰਗੀ ਸੋਹਣੀ
ਚਿੱਠੀ ਇਕ ਮਕਾਨ ਦੀ ਇਕ ਮਲਬੇ ਦੇ ਨਾਮ
ਤੇਰੇ ਵਰਗਾ ਤੇਰਾ ਖ਼ਤ ਕਲ੍ਹ ਵੀ ਆਇਆ ਅਜ ਵੀ ਆਇਆ ਹੈ ਇਹਦਾ ਆਉਣਾ ਹੀ ਇਸ ਦਾ ਅਰਥ ਹੈ ਇਹਦੀ ਪੈਂਤੀ ਪੜ੍ਹੇ ਬਿਨ ਏਸ ਨੂੰ ਪਹਿਚਾਣ ਲੈਂਦਾ ਹਾਂ ਇਹ ਸੌ-ਨੁਕਰਾ ਜਿਹਾ ਇਕ ਰੋਬੜਾ ਪੱਥਰ ਨਹੀਂ, ਸੱਚ ਹੈ ਇਹ ਤੇਰਾ-ਮੇਰਾ ਯੁਗ-ਅਵਤਾਰ ਮੈਂ ਇਸ ਬੇਰੂਪ, ਬੇਮੂੰਹੀ ਜਹੀ ਆਵਾਜ਼ ਨੂੰ ਅਜ ਦਾ ਸਾਲਗਰਾਮ ਮੰਨ ਕੇ ਘਰ ਤੋਂ ਬਾਹਰ, ਘਰ ਦੇ ਪਹਿਰੇਦਾਰ ਕੂੜੇ ਦੇ ਸਿਖ਼ਰ ਉਤੇ ਟਿਕਾਇਆ ਚੁਪ-ਤਿਲਕ ਕਰ ਕੇ ਤੂੰ ਸੱਚ ਕਹਿੰਦੈਂ : ਅਸਾਡੇ ਦੇਵਤੇ, ਮੰਦਰ ਦੁਹਾਂ ਦੇ ਰੂਪ ਤੇ ਅਸਥਾਨ ਕਿੰਨੇ ਬਦਲ ਚੁਕੇ ਨੇ ਨਵਾਂ ਦਿਉਤਾ ਬਣਾਇਆ ਤੂੰ ਨਵੀਂ ਥਾਂ ਮੈਂ ਟਿਕਾਇਆ ਹੈ ਤੇਰੇ ਵਰਗਾ ਤੇਰਾ ਖ਼ਤ ਅੱਜ ਵੀ ਆਇਆ ਹੈ ਜਦੋਂ ਤੇਰੀ ਦਿਸ਼ਾ ਵਲੋਂ ਕੋਈ ਪੱਥਰ ਮੇਰੇ ਦਾਲਾਨ ਜਾਂ ਬੈਠਕ ਦੇ ਵਿਚ ਪਰਵੇਸ਼ ਕਰਦਾ ਹੈ ਮੇਰੇ ਤਨ-ਮਨ 'ਚ ਇਕ ਸਜਰਾ ਜ਼ਖ਼ਮ ਆਵਾਜ਼ ਦੇਂਦਾ ਹੈ ਮੇਰੇ ਸੁੰਗੜੇ ਖ਼ਲਾਅ ਵਿਚ ਕੋਈ ਗ਼ੈਬੀ ਹੱਥ ਉਭਰਦਾ ਹੈ ਕਿਸੇ ਮਿਹਰਾਬ 'ਚੋਂ ਪੱਥਰ ਕੋਈ ਤੋੜਣ ਲਈ ਕੋਈ ਪੱਥਰ ਨਹੀਂ ਭੁਰਦਾ ਮੇਰੇ ਤਨ ਦਾ ਕੋਈ ਟੋਟਾ ਤੇਰੇ ਵੱਲੇ ਨਹੀਂ ਤੁਰਦਾ ਮੈਂ ਗ਼ੈਬੀ ਹੱਥ 'ਚ ਅਪਣੇ ਕ੍ਰੋਧ ਨੂੰ ਮੁੜ੍ਹਕੋ-ਮੁੜ੍ਹਕ ਬਹੁਵਾਰ ਤੱਕਿਆ ਹੈ ਮੈਂ ਗ਼ੈਬੀ ਹੱਥ 'ਚ ਅਪਣੀ ਸ਼ਰਮ ਨੂੰ ਬੇਬਸ-ਜਹੀ, ਲਾਚਾਰ ਤੱਕਿਆ ਹੈ ਮੇਰੀ ਖ਼ਾਤਰ ਬਣੇ ਪੱਥਰ ਕਿਸੇ ਮਿਹਰਾਬ ਦੇ ਵਿਚ ਸੋਭ ਚੁੱਕੇ ਨੇ ਅਜਨਮੇ ਸੈਲ-ਕੰਕਰ ਕਿਸੇ ਕਾਨਸ 'ਚ ਬੈਠਣ ਨੂੰ ਹੁਣੇ ਤੋਂ ਲੋਭ ਚੁਕੇ ਨੇ ਮੇਰੀ ਜਨਮੀ ਅਜਨਮੀ ਹੋਂਦ ਦਾ ਕਿਣਕਾ ਕੋਈ ਵਾਫ਼ਰ ਨਹੀਂ ਜੋ ਤੈਨੂੰ ਅਰਪ ਦੇਵਾਂ ਮੈਨੂੰ ਅਪਣਾ ਜਨ ਅਭਿਮਾਨ ਵਰਗਾ ਜਾਪਿਆ ਹੈ ਤੇਰੇ ਵਰਗਾ, ਤੇਰਾ ਪੱਥਰ ਮੇਰੇ ਸੋਫ਼ੇ ਤੇ ਮਧਰੀ ਈਰਖ਼ਾ ਜਿਉਂ ਆਣ ਬੈਠਾ ਹੈ ਮੇਰਾ ਸਗਲਾ ਸ੍ਰਿਜਨ ਸ਼ਰਮਾ ਗਿਆ ਹੈ ਕੋਈ ਦੁਖ ਨੀਂਦ ਵਿਚ ਬਰੜਾ ਪਿਆ ਹੈ ਮੈਂ ਉਚ-ਲੰਮ-ਸਲੰਮੇ ਸ਼ੌਕ ਖ਼ਾਤਰ ਸਿਰਜਿਆ ਸੀ ਪਿਆਰ-ਕੱਦ, ਬੁਲੰਦ ਦਰਵਾਜ਼ਾ ਮਹਾਂ ਮਧਰੀ ਜਹੀ ਸ਼ੈ ਕਿਸ ਤਰ੍ਹਾਂ ਇਸ ਘਰ 'ਚ ਆ ਬੈਠੀ ? ਕੀ ਛਿਣ ਅਧਛਿਣ ਲਈ ਮੇਰੀ ਬੁਲੰਦੀ ਝੂਮ ਕੇ ਮਧਰਾ ਗਈ ਸੀ ਮੇਰੀ ਅਪਣੀ ਨਿਮਨਤਾ ਨੇ ਹੀ ਕੀ ਤੈਨੂੰ ਬੁਲਾਇਆ ਹੈ ? ਤੇਰੇ ਵਰਗਾ, ਤੇਰਾ ਖ਼ਤ- ਕਲ੍ਹ ਵੀ ਆਇਆ, ਅੱਜ ਵੀ ਆਇਆ ਹੈ
ਹਰਨਾਖਸ਼ ਨਹੀਂ ਮਰੇ
ਪ੍ਰਭ ਜੀ ਬਾਰ ਬਾਰ ਅਵਤਰੇ ਹਰਨਾਖ਼ਸ਼ ਨਹੀਂ ਮਰੇ ਹਰ ਦਿਹੁੰ ਅਪਣਾ ਮੰਦਰ ਸਾਜੇ ਅਪਣਾ ਦਿਉਤਾ ਘੜੇ ਅਗਲੇ ਦਿਹੁੰ ਪ੍ਰਹਿਲਾਦ ਪਧਾਰੇ ਤੋੜ ਤਾੜ ਸਭ ਧਰੇ ਨਵੇਂ ਬ੍ਰਹਮ ਨੂੰ ਨਵੀਂ ਕਲਪਨਾ ਨਵੀਂ ਬੰਦਨਾ ਕਰੇ ਹਰਨਾਖ਼ਸ਼ ਨਹੀਂ ਮਰੇ ਸਰਘੀ ਦਾ ਪ੍ਰਹਿਲਾਦ ਸੰਝ ਨੂੰ ਹਰਨਾਖ਼ਸ਼ ਬਣ ਜਾਵੇ ਸੰਝ ਨਜ਼ਰ ਨੂੰ ਰੂਪ ਫ਼ਜਰ ਦਾ ਜੁਗ ਮੈਲਾ ਦਿਸ ਆਵੇ ਅਪਣਾ ਹੀ ਸਾਹ ਅਪਣੇ ਰਾਹ ਦੀ ਮੂਲ ਨਾ ਹਾਮੀ ਭਰੇ ਹਰਨਾਖ਼ਸ਼ ਨਹੀਂ ਮਰੇ ਅਜ ਤਾਂ ਪਿਤਾ ਸੰਘਾਰਣ ਪ੍ਰਭ ਜੀ ਪਾਸ ਮੇਰੇ ਤੁਰ ਆਏ ਕਲ੍ਹ ਓੜਕ ਨੂੰ ਪਿਤਾ ਬਣਨਗੇ ਮੇਰੇ ਅਪਣੇ ਜਾਏ ਇਕ ਹੰਝੂ ਇਕ ਮੁਸਕਣ ਕਲ੍ਹ ਨੂੰ ਇਹ ਜਨ ਅਰਪਣ ਕਰੇ ਹਰਨਾਖ਼ਸ਼ ਨਹੀਂ ਮਰੇ ਪ੍ਰਭ ਜੀ ਬਾਰ ਬਾਰ ਅਵਤਰੇ ਹਰਨਾਖ਼ਸ਼ ਨਹੀਂ ਮਰੇ
ਆਪਣੇ ਬੱਚੇ ਨੂੰ
ਹੇ ਮੇਰੇ ਪ੍ਰਿਯਦਰਸ਼ਨ ਬੱਚੇ ਮੇਰੇ ਮਦਨ ਮੁਰਾਰ ! ਮੇਰੇ ਘਰ-ਬੰਧਨ ਵਿਚ ਆਏ ਧਰ ਕੇ ਮੁੜ ਅਵਤਾਰ ਨਮਸਕਾਰ ਲੱਖ ਵਾਰ !! ਤੁਸਾਂ ਕੰਸ ਜਦ ਮਾਰ ਮੁਕਾਇਆ ਓਸੇ ਦਿਨ ਤੋਂ ਵਿਆਪਣ ਲੱਗੀ ਮੈਨੂੰ ਮੇਰੀ ਮਾਇਆ ਆਪਣੇ ਹੀ ਘਰ ਦਾ ਮੈਂ ਚੇਰਾ ਧਰਮ ਵੀ ਅਪਣਾ, ਕਰਮ ਵੀ ਅਪਣੇ ਨਿਜ ਘੇਰੇ ਵਿਚ ਸਦਾ-ਵਸੇਰਾ ਅਪਣਾ ਕੰਸ ਆਪ ਹੀ ਮੈਂ ਹਾਂ ਕਿਸ ਤੋਂ ਮੁਕਤ ਕਰੋਗੇ ਮੈਨੂੰ ਪ੍ਰਭ ਜੀ, ਕਰਨ ਲਈ ਆਏ ਹੋ ਅੱਜ ਕਿਸ ਦਾ ਸੰਘਾਰ ? ਮੇਰੇ ਮਦਨ ਮੁਰਾਰ ! ਉਸ ਦਿਨ ਮੋਹ-ਮਮਤਾ ਬਿਸਰਾ ਕੇ ਹਰ ਪਹਿਰੇ 'ਤੇ ਡੰਗ ਚਲਾ ਕੇ ਜਿਉਰ ਸਣੇ ਬਾਲਕ ਸੁਟ ਆਇਆ ਦੇਸ ਪਰਾਏ ਆਪੇ ਜਾ ਕੇ ਜਮਨਾ ਦਾ ਹੜ੍ਹ ਹਿੰਮਤ ਤੋੜੇ ਬਾਲ ਵਿਲਕਣੀ ਪਿੱਛੇ ਮੋੜੇ ਪਰ ਦਿਲ ਆਖੇ : ਪਿਤਾ-ਮੁਕਤ ਬਾਲਕ ਜੋ ਜੀਵੇ ਮਾਤ-ਮੁਕਤ ਜੀਵਣ-ਥਣ ਪੀਵੇ ਉਹ ਹੈ ਹਰ ਮੁਕਤੀ ਦੀ ਯੁਕਤੀ ਉਹ ਹੈ ਸਰਬ-ਉਧਾਰ ਮੇਰੇ ਮਦਨ ਮੁਰਾਰ ! ਪਰ, ਅਜ ਅਪਣੇ ਤੇ ਅਪਣਾ ਪਹਿਰਾ ਤੇ, ਤੇਰੀ ਮਾਤਾ ਦੀ ਮਮਤਾ ਇਸ ਦਾ ਜਲ ਜਮਨਾ ਤੋਂ ਗਹਿਰਾ ਹੇ ਮੇਰੇ ਬਾਲਕ ਅਵਤਾਰੀ ਤੇਰੀ ਹੋਣੀ ਮੇਟ ਦੇਣਗੇ ਤੇਰਾ ਪਿਤਾ, ਤੇਰੀ ਮਹਿਤਾਰੀ ਮੇਰੀ ਮੁਕਤੀ ਤੋਂ ਪਹਿਲਾਂ ਨਿਜ ਮੁਕਤੀ ਲਵੋ ਸਵਾਰ ਮੇਰੇ ਮਦਨ ਮੁਰਾਰ ! ਨਮਸਕਾਰ ਲੱਖ ਵਾਰ !
ਸ਼ੀਸ਼ੇ ਦੀ ਚੋਗ
ਕਿਸ ਨੇ ਮੇਰੇ ਘਰ ਸ਼ੀਸ਼ੇ ਦੀ ਚੋਗ ਖਿਲਾਰੀ ਅਜ ਘਰ ਮੁੜਿਆ ਤਲੀਆਂ ਦੇ ਵਿਚ ਹੰਝੂ ਵਿਲਕ ਪਏ ਇਸ ਸ਼ੀਸ਼ੇ ਵਿਚ ਮੇਰੇ ਬੱਚੇ ਦੀ ਮੂਰਤ ਸੀ ਇਕਸੁਰ, ਅਚਲ, ਅਸੀਲ, ਇਕਾਗਰ ਕੀ ਮੂਰਤ ਵਿਚ ਅੱਭੜਵਾਹੇ- ਜਾਗੀ ਇਕ ਚੰਗਿਆੜੀ ਸਾਰਾ ਸ਼ੀਸ਼ਾ ਤਿੜਕ ਗਿਆ ਚੀਣਾ-ਚੀਣਾ ਭੌਂ ਵਿਚ ਖਿਲਰ ਗਿਆ ਕਿਹੜੀ ਮੂਰਤ ਸ਼ੀਸ਼ੇ ਅੰਦਰ ਹਰ ਦਮ ਕੈਦ ਰਹੇਗੀ ? ਕੀ ਇਹ ਸ਼ੀਸ਼ਾ ਹੂੰਝ ਦਿਆਂ ? ਕੀ ਇਹ ਝਿੰਮਣਾਂ ਨਾਲ ਵੀ ਜੇ ਕਰ ਚੁਗਣਾ ਚਾਹਾਂ - ਚੁਗ ਸੱਕਾਂਗਾ ? ਏਥੇ ਸਨ ਦੋ ਬੂਟੇ ਮੇਰੇ ਇਕ ਬੇਲਾ, ਇਕ ਮਰੂਆ ਧੀ ਪੁੱਤਰ ਵਾਂਗੂ ਮੈਂ ਅਪਣੇ ਹੱਥੀਂ ਪਾਲੇ ਹਰਿਆਵਲ ਨੂੰ ਇਹ ਕੈਸੀ ਅੰਗੜਾਈ ਆਈ ਗਮਲੇ ਤਿੜਕ ਗਏ ਖੱਖੜੀ ਵਾਂਗੂ ਖੰਡ ਖੰਡ ਹੋ ਭੋਂ 'ਤੇ ਬਿਖਰ ਗਏ ਬੂਟੇ ਭੋਂ 'ਤੇ ਪਏ ਨਿਮਾਣੇ, ਮਿੱਟੀ ਭੁਰ ਭੁਰ ਜਾਏ ਹਰਿਆਵਲ ਨੂੰ ਅਗਲਾ ਸਾਹ ਕੀ ਜਾਣਾ, ਆਏ ਨ ਆਏ ? ਮਿੱਟੀ ਦੀ ਗਲਵਕੜੀ ਬਾਝੋਂ ਕਿੰਞ ਹਰਿਆਵਲ ਜੀਵੇ ਇਕ ਗਲਵਕੜੀ ਟੁਟ ਚੁੱਕੀ ਹੈ ਦੂਜੀ ਕਦੋਂ ਜੁੜੇਗੀ ?
ਬਲੂੰਗਾ
ਕਾਲੀ ਰਾਤ ਬਲੂੰਗਾ ਵਿਲਕੇ ਮੈਨੂੰ ਨੀਂਦ ਨ ਆਏ ਨੀ ਮਾਏ ਮੇਰੀਏ ਜਨਮ-ਦਿਹਾੜੇ ਥਣ ਦਾ ਬਿਰਹਾ ਕਿਹੜਾ ਬਾਲ ਹੰਢਾਏ ਨੀ ਮਾਏ ਮੇਰੀਏ ਨੀਂਦਲ ਰਾਤ ਪਸ਼ਮ ਦਾ ਪਿੰਡਾ ਕੌਣ ਝਰੀਟਾਂ ਪਾਏ ਨੀ ਮਾਏ ਮੇਰੀਏ ਇਸ ਦੁਨੀਆਂ ਵਿਚ ਜੋ ਕੋਈ ਆਏ ਬਿਰਹਾ ਭੋਗਣ ਆਏ ਨੀ ਮਾਏ ਮੇਰੀਏ ਤਾਹੀਉਂ ਬਾਂਝ ਪਈ ਮੇਰੀ ਕਾਇਆ ਤਿਲ ਤਿਲ ਸੁੰਞ ਹੰਢਾਏ ਨੀ ਮਾਏ ਮੇਰੀਏ ਸੌਂ ਜਾ ਵੇ ਮੇਰਾ ਗੁੱਦੜ ਸੁੱਚਾ ਆ ਇਹਦੇ ਨਿੱਘ ਸੁਆਵਾਂ ਨੀ ਜਿੰਦ ਨਵੇਰੀਏ ਵਿਲਕਣ ਤੇਰੀ ਛਿੱਟ ਅਗਨ ਦੀ ਜਿੰਦ ਪਰਾਲੀ ਪਾਵਾਂ ਨੀ ਜਿੰਦ ਨਵੇਰੀਏ ਔਂਤਰ ਗਈ ਚਿਰਾਂ ਤੋਂ ਲੋਰੀ ਤੇਰੀ ਖ਼ਾਤਰ ਗਾਵਾਂ ਨੀ ਜਿੰਦ ਨਵੇਰੀਏ ਕੋਰੇ ਦੁੱਧ ਕਟੋਰੇ ਮੇਰੇ ਆ ਤੇਰੇ ਬੁੱਲ੍ਹ ਛੁਹਾਵਾਂ ਨੀ ਜਿੰਦ ਨਵੇਰੀਏ ਏਸ ਬਹਾਨੇ ਕੁਝ ਮੈਂ ਵਰਚਾਂ ਕੁਝ ਤੈਨੂੰ ਵਰਚਾਵਾਂ ਨੀ ਜਿੰਦ ਨਵੇਰੀਏ
ਕਚ-ਸੂਤਕ
ਜਨਤਾ ਨੂੰ ਹਰ ਰੋਜ਼ ਸਫ਼ਰ ਤੇ ਸਾਨੂੰ ਕਦੇ ਕਦਾਈਂ ਜਨਤਾ ਗੱਡੀ ਨੇ ਤਾਂ ਜਾਣਾ 'ਟੇਸ਼ਣ ਤੋਂ ’ਟੇਸ਼ਣ ਤਕ ਨਿਊ ਦਿੱਲੀ ਤੋਂ ਅੰਮ੍ਰਿਤਸਰ ਤਕ ਅਸੀਂ ਤਾਂ ਜਾਣਾ ਨਰਸਿੰਗ ਘਰ ਤੋਂ ਹਰਿਮੰਦਰ ਤਕ ਕਚ-ਬੱਚੇ ਤੋਂ ਰਬ ਸੱਚੇ ਤਕ ਦੁਖ-ਸੁਖ ਵਰ੍ਹੇ ਛਿਮਾਹੀ ਜਨਤਾ ਨੂੰ ਹਰ ਰੋਜ਼ ਸਫ਼ਰ ਤੇ ਸਾਨੂੰ ਕਦੇ ਕਦਾਈਂ ਦੂਜੇ ਕਚ-ਸੂਤਕ ਦੀ ਰੁੱਤੇ ਹੁਣੇ ਹੁਣੇ ਮੇਰੀ ਸਿਹਕਰਮਣ ਨਰਸਿੰਗ-ਘਰ ਤੋਂ ਮੁੜ ਆਈ ਸੀ ਸਫ਼ਲ-ਕਰਮ, ਦੁੱਧ-ਪੱਖੋਂ ਊਣੀ ।ਹਰਿਆ ਨੀ ਮਾਲਣ, ਹਰਿਆ ਨੀ ਭੈਣੇ ਹਰਿਆ ਤਾਂ ਭਾਗੀਂ ਭਰਿਆ ਜਿਸ ਦਿਹਾੜਾ ਮੇਰਾ ਹਰਿਆ ਨਾ ਜੰਮਿਆ ਸੋਈ ਦਿਹਾੜਾ ਭਾਗੀਂ ਭਰਿਆ॥ ਮੈਂ ਮਨ-ਹੌਲਾ, ਚਿੱਤ-ਬਾਵਰਾ ਏਸ ਖ਼ੁਸ਼ੀ ਨੂੰ ਜਰ ਨਾ ਸਕਿਆ ਉੱਠ ਤੁਰਿਆ ਹਰਿਮੰਦਰ ਵੰਨੇ 'ਟੈਚੀ ਵਿਚ ਗੰਢੜੀ ਭਰ ਕਪੜੇ ਮਸਤਕ ਵਿਚ ਖ਼ਿਆਲਾਂ ਦੀਆਂ ਮੱਛੀਆਂ ਕੁਰਬਲ-ਕੁਰਬਲ, ਤੜਫੂੰ-ਤੜਫੂੰ, ਭੋਂ ਵਲ ਨਿਵੀਆਂ ਮੇਰੀਆਂ ਅੱਖੀਆਂ ਪਤਾ ਨਹੀਂ ਕੀ ਢੂੰਡ ਰਹੀਆਂ ਸਨ ਪੋਲੇ ਪੈਰ ਉੱਠੀ ਸਹਿਕਰਮਣ ਸਫਲ-ਕਰਮ ਦੀ ਪੀੜ ਦਬਾ ਕੇ ਇਕ ਬੁਰਦਾਰ ਤੌਲੀਆ ਉੱਜਲ ਤਹਿ ਕਰ ਕੇ 'ਟੈਚੀ ਵਿਚ ਪਾਇਆ ਕੱਜੀ ਗਈ 'ਟੈਚੀ ਵਿਚ ਗੰਢੜੀ ਸੌਂ ਗਈਆਂ ਖ਼ਿਆਲਾਂ ਦੀਆਂ ਮੱਛੀਆਂ ਬੇਗਮ ਬੋਲੀ : ਏਨਾ ਕੀ ਚਿਤ ਨੂੰ ਉਦਰੇਵਾਂ ! ਏਨੇ ਵੀ ਕੀ ਖ਼ਿਆਲ ਪੁਰਾਣੇ !! ਸੰਜਮ-ਕਲਾ ਭਲਾ ਹੈ ਕਿਸ ਲਈ !!! ਹਰਿਮੰਦਰ ਨੂੰ ਜਮ ਜਮ ਜਾਵੋ ਮਨ-ਚਿਤ ਮੈਲਾ ਧੋ-ਧਾ ਲਾਵੇ ਕਿਸੇ ਸਬਬ ਹੀ ਜਾਣਾ ਬਣਦੈ ਉਂਞ ਤਾਂ ਧੰਦਾ ਹੀਲ-ਹੀਲ ਕੇ ਲੰਘੇ ਉਮਰ ਅਞਾਈਂ ਜਨਤਾ ਨੂੰ ਹਰ ਰੋਜ਼ ਸਫ਼ਰ ਤੇ ਸਾਨੂੰ ਕਦੇ ਕਦਾਈਂ ।
ਨਿਰਬੰਸੀ
ਪ੍ਰਿਯਬੰਸੀ ਨਿਰਬੰਸੀ ਹੋਈ ਕੁਝ ਦਿਨ ਪਹਿਲਾਂ ਜੋ ਕਹਿੰਦੀ ਸੀ : ਨਿਪਟ ਮਸ਼ੀਨੀ ਕਰਤਬ ਉਤੇ ਮੈਂ ਲੱਜਿਤ ਹਾਂ ਮੈਨੂੰ ਅਪਣਾ ਪਿਆਰ ਵੀ ਲਗਦਾ ਇਕ ਵਿਹਾਰ ਹੈ ਪ੍ਰਿਯ-ਚੁੰਮਣ ਦੇ ਸੁਪਨ-ਲੋਕ ਵਿਚ ਵੀ ਸੁਣਦੀ ਹਾਂ - ਬਾਲ ਸੂਤਕੀ ਜਿਵੇਂ ਨੀਂਦ ਵਿਚ ਤ੍ਰਭਕ ਪਿਆ ਹੈ ਇਉਂ ਕਹਿ ਕੇ ਜੋ ਰੋਈ, ਪ੍ਰਿਬੰਸੀ ਨਿਰਬੰਸੀ ਹੋਈ ਮੈਨੂੰ ਨਿਰਬੰਸੀ ਵੀ ਲਗਦੀ ਬਹੁਤ ਪਿਆਰੀ ਪਤਾ ਨਹੀਂ ਪਰ ਨਜ਼ਰ ਮੇਰੀ ਨੂੰ ਕਿਹੜੀ ਹੋਣੀ ਵਿਆਪ ਗਈ ਹੈ ! ਨਿਰਬੰਸੀ ਮੇਰਾ ਦਰਸ਼ਨ ਪਾਵੇ ਉਸ ਦਾ ਕੋਸਾ ਰੰਗ ਵੀ ਠੰਡਾ ਹੁੰਦਾ ਜਾਵੇ ਧੁੱਪ-ਰੰਗੀ ਪਰਛਾਵੀਂ ਜਾਵੇ ਲਖ ਚੁੰਮਣ ਦੇ ਦੀਪ ਜਗਾਵਾਂ ਲੋਅ ਨਾ ਹੋਵੇ ਕੋਸੀ ਕਰਨ ਲਈ ਜੇ ਪਲ ਭਰ ਦੇਹ ਪਲੋਸਾਂ ਅੰਗ ਅੰਗ ਬਣ ਕੋਟ ਪੰਖਣੂ ਉਡਣਾ ਚਾਹਵੇ ਨਿਰਬੰਸੀ ਮੇਰੇ ਹਥ ਨਾ ਆਵੇ ਕਦੇ ਕਦੇ ਪਰ ਪੰਖ-ਮਰੁੰਡੇ ਪੰਛੀ ਵਰਗਾ ਬੋਲ ਤੜਪਦਾ, ਬੋਲ ਵਿਲਕਦਾ, ਇਹ ਕਹਿ ਜਾਵੇ : ਲੁੰਞੀ-ਸੁੰਞੀ ਦੇਹੀ ਉਤੇ ਮੈਂ ਲੱਜਿਤ ਹਾਂ ਮੈਨੂੰ ਆਪਣਾ ਪਿਆਰ ਵੀ ਲਗਦਾ ਬੇਇਤਬਾਰਾ ਐਨਾ ਸੌਖਾ, ਸੰਕਟ-ਹੀਣਾ- ਪਿਆਰ ਤਾਂ ਪ੍ਰੀਤਮ ਹੋ ਨਹੀਂ ਸਕਦਾ ਜਾਨ ਤਲੀ ਤੇ ਬਿਨਾਂ ਟਿਕਾਏ ਏਸ ਅੱਗ ਨੂੰ ਕੌਣ ਹੰਢਾਏ ! ਪਿਆਰ ਦੇ ਰਾਹ ਵਿਚ ਭੈ-ਸਾਗਰ ਵੀ ਊਣਾ ਹੋਇਆ ਰੰਗ ਕਲੀ ਦਾ ਕੀਕਣ ਜੀਵੇ ਮੋਈ ਜਦ ਖ਼ੁਸ਼ਬੋਈ ! ਪ੍ਰਿਯਬੰਸੀ ਨਿਰਬੰਸੀ ਹੋਈ !!
ਆਪਣੇ ਕੋਲ
ਮੈਨੂੰ ਮੇਰੇ ਅਪਣੇ ਕੋਲ ਬਿਠਾ ਦੇ ਮੈਨੂੰ ਮੇਰੀ ਨੰਗੀ ਜਿੰਦ ਵਿਖਾ ਦੇ ਇਸ ਜਿੰਦੜੀ 'ਤੇ ਤੇਰੀ ਨਜ਼ਰ ਦੇ ਮੇਰੀ ਨਜ਼ਰ ਦੇ ਗਰਦੇ ਇਸ ਜਿੰਦੜੀ ਤੇ ਤੇਰੀ ਉਮਰ ਦੇ ਮੇਰੀ ਉਮਰ ਦੇ ਪਰਦੇ ਮੈਨੂੰ ਮੇਰੇ ਪਰਦਿਉਂ ਪਾਰ ਪੁਚਾ ਦੇ ਯਾਰਾਂ ਦੇ ਪਰਦੇਸ 'ਚ ਸਭ ਨੇ ਅਪਣੀ ਵਸਤ ਲੁਕੋਈ ਮੇਰੇ ਕੋਲ ਖੜੀ ਖ਼ੁਸ਼ਬੋਈ ਮੇਰੇ ਸੰਗ ਨਾ ਹੋਈ ਮੈਨੂੰ ਮੇਰਾ ਆਪਣਾ ਯਾਰ ਬਣਾ ਦੇ ਅਪਣੀ ਧੁੱਪ ਵਿਹਾਝਣ ਨਿਕਲਾਂ ਹੱਥ ਆਵਣ ਪਰਛਾਈਆਂ ਇਹਨੀਂ ਰਾਹੀਂ ਮੇਰੀਆਂ ਖ਼ਬਰਾਂ ਮੇਰੇ ਤੀਕ ਨਾ ਆਈਆਂ ਮੈਨੂੰ ਮੇਰੀ ਅਪਣੀ ਖ਼ਬਰ ਮਿਲਾ ਦੇ ਸਾਰਾ ਦਿਨ ਮ੍ਰਿਗਜਲੀਆਂ ਅੰਦਰ ਮੀਤ ਚੁਗੰਦਿਆਂ ਬੀਤੇ ਰਾਤ ਪਿਆਂ ਨੀਂਦਰ ਵਿਚ ਭੋਗਾਂ ਮੀਤ ਸਜਣ ਅਣਕੀਤੇ ਮੈਨੂੰ ਮੇਰੀ ਆਪਣੀ ਨੀਂਦ ਸੁਆ ਦੇ ਪਤਾ ਨਹੀਂ ਕਿਸ ਡਰ ਦਾ ਮਾਰਾ ਭੀੜਾਂ ਵਿਚ ਖਲੋਵਾਂ ਆਪ-ਇਕੰਤੇ, ਅਪਣੇ ਸਾਹਵੇਂ ਮੈਂ ਨਾ ਹਾਜ਼ਰ ਹੋਵਾਂ ਮੈਨੂੰ ਮੇਰਾ ਅਪਣਾ ਤ੍ਰਾਸ ਮਿਟਾ ਦੇ
ਆਪਣੇ ਮੇਚ
ਮੇਰਾ ਕੱਜਣ ਮੈਨੂੰ ਦੇ ਦੇ ਅਪਣੀ ਪੋਸ਼ਾਕ ਲੈ ਜਾ ਬਹੁਤ ਚਿਰ ਤੋਂ ਤੇਰੀ ਪੋਸ਼ਾਕ ਨੇ ਮੈਨੂੰ ਹੰਢਾਇਆ ਏ ਮੇਰੀ ਕਾਇਆ ਦੀ ਮਿੱਟੀ ਮੁਸ਼ਕ ਚੱਲੀ ਏ ਪਰਾਏ ਪਰਦਿਆਂ ਅੰਦਰ ਮੈਨੂੰ ਸੁਹੰਢਣ ਆਪਣਾ ਦੇ ਦੇ ਪਹਿਲ ਵਾਰੀ ਪਹਿਣ ਕੇ ਜੋ ਤੇਰੀ ਦੁਨੀਆਂ 'ਚ ਆਇਆ ਸਾਂ ਤੂੰ ਮੇਰਾ ਮੋਹਨ ਨਹੀਂ, ਤਾਂ ਵੀ ਕਿਨਾਰੇ ਤੇ ਪਈ ਪੋਸ਼ਾਕ ਨੂੰ ਲੈ ਜਾ ਮੈਨੂੰ ਪਾਣੀ, ਪਵਣ, ਧੁੱਪ, ਛਾਂ ਦੇ ਬਸਤਰ ਬੜੇ ਨੇ ਹੁਨਾਲਾ ਪਹਿਨ ਕੇ ਪਾਣੀ ਚੋਂ ਲੰਘਾਂ ਸਿਆਲਾ ਪਹਿਨ ਕੇ ਧੁੱਪਾਂ 'ਚ ਵਿਚਰਾਂ ਦਿਗੰਬਰ ਹੋ ਦਿਸ਼ਾ ਦੇ ਹਾਣ ਹੋ ਜਾਵਾਂ ਕਿਨਾਰੇ ਤੇ ਪਈ ਪੋਸ਼ਾਕ ਜੇ ਪਹਿਨਾਂ ਕਿਨਾਰੇ ਤੋਂ ਪਰ੍ਹਾਂ ਮੈਂ ਜਾ ਨਹੀਂ ਸਕਦਾ ਕਿਨਾਰਾ ਹੀ ਜਿਵੇਂ ਮੈਨੂੰ ਪਹਿਨਦਾ ਹੈ ਤੇਰੀ ਪੋਸ਼ਾਕ ਵਿਚ ਇਕ ਅਜਨਬੀ ਦੇ ਵਾਂਗ ਅਪਣੇ ਪਾਸ ਰਹਿੰਦਾ ਹਾਂ ਕਦੀ ਦਰਪਣ 'ਚ ਅਪਣੇ ਆਪ ਨੂੰ ਮਿਲਦਾ ਹਾਂ, ਤਾਂ ਖੰਡਿਤ ਜਿਹਾ ਦੀਦਾਰ ਹੁੰਦਾ ਹੈ ਅਬਾਜੂ ਹੱਥ, ਅਧੜ ਗਰਦਨ, ਅਸਿਰ ਮੱਥਾ ਕਿਸੇ ਬੁਰਕੀ ਹੋਈ ਤਸਵੀਰ ਦੇ ਬਾਕੀ ਬਚੇ ਹਿੱਸੇ ਮੈਂ ਅਪਣੇ ਆਪ ਦੀ ਬਾਕੀ ਅਪਣਾ ਸਗਲ ਦੀਦਾਰ ਮੰਗਦਾ ਹਾਂ ਤੇਰੀ ਪੋਸ਼ਾਕ ਦੇ ਮੇਰੇ ਲਈ ਵਿਣਤੀ ਗਈ - ਕਾਇਆ ਦੀ ਹਰ ਵਾਫ਼ਰ ਕਤਰ ਦੇ ਦੇ ਮੈਂ ਅਪਣੇ ਆਪ ਦੇ ਕੁਝ ਮੇਚ ਹੋ ਜਾਵਾਂ ਮੇਰਾ ਕੱਜਣ ਮੈਨੂੰ ਦੇ ਦੇ ਅਪਣੀ ਪੋਸ਼ਾਕ ਲੈ ਜਾ
ਮੇਰੀ ਉਮਰ
ਕੀਕਣ ਗਿਣਾਂ ਅਪਣੀ ਉਮਰ ਦੇ ਸਾਲ ਧੜਕਦਾ ਦਿਲ, ਸੁਲਗਦਾ ਸੂਰਜ, ਜ਼ਿਮੀਂ ਦੀ ਚਾਲ ਅੰਬਰੀ ਵੀਰਾਨਿਆਂ ਵਿਚ ਹੁਣ ਬਣੀ, ਹੁਣ ਮਿਟ ਗਈ ਧਰਤੀ-ਪਵਨ ਦੀ ਲੀਕ ਕੀਕਣ ਮਿਣਾਂ ? ਇਹ ਮੇਰੀ ਉਮਰਾ ਨਹੀਂ ਦਿਨ-ਰਾਤ ਦੇ ਧੁਪ-ਛਾਵਿਆਂ ਦਾ ਡੱਬ-ਖੜੱਬਾ ਜਾਲ ! ਕੀਕਣ ਗਿਣਾਂ ਅਪਣੀ ਉਮਰ ਦੇ ਸਾਲ ‘ਮਾਤ, ਮੇਰੀ ਮਾਤ ਤੂੰ ਹੀ ਗਿਣਾ, ਮੇਰੀ ਉਮਰ ਦੇ ਸਾਲ' “ਪੁੱਤਰ ਮੈਂ ਮਹਾਂ ਅਣਜਾਣ ਮੈਂ ਤਾਂ, ਜੀਵੇਂ, ਭੁਲਦੀ ਜਾਂਦੀ ਹਾਂ ਤੇਰਾ ਨਾਮ, ਅਪਣਾ ਨਾਮ ਮੇਰੀ ਉਮਰ ਤੂੰ ਵੀ ਨਹੀਂ ਮੇਰੀ ਧੀ-ਮੋਈ ਨਹੀਂ ਮੇਰੀ ਉਮਰ ਕੋਈ ਨਹੀਂ ਤੇਰੀ ਉਮਰ ਤੂੰ ਜਾਣ ਹਰ ਸਮੇਂ, ਹਰ ਥਾਨ ਧਰਤੀ ਜਣ ਰਹੀ ਨਿਤ ਨਵੀਂ ਸੰਤਾਨ ਸਾਡੀ ਗਤਿ-ਮਿਤਿ ਵਿਚ ਉਨ੍ਹਾਂ ਦਾ ਨਾਂ ਨਹੀਂ ਉਮਰ ਕਿਸ ਬਿਧ ਜਾਣੀਏ ਕੌਣ ਜਾਣੇ ਹਰ ਬਿਰਛ ਦਾ ਨਾਮ ਕੌਣ ਜਾਣ ਗੇਣਵੇਂ ਕਿੰਨੇ ਮਹਿਕ ਦੇ ਸਾਹ ਉਮਰ ਬਸ ਗਿਣਤੀ ਨਹੀਂ ਹੈ ਕਿਤੇ ਇਕ ਰੁੱਖ ਜਿਸ ਦੀ ਹੈ ਉਮਰ ਇਕ ਬੁੱਧ ਇਕ ਪਰਬਤ ਜਿਸ ਦੀ ਉਮਰਾ ਇਕ ਸ਼ੰਕਰ ਸ਼ੁੱਧ ਇਕ ਰਬਾਬੀ ਜਿਸ ਦੀ ਉਮਰਾ ਇਕ ਨਾਨਕ ਮੀਤ ਸੋਚ ਤੇਰੀ ਵੀ ਉਮਰ ਹੋਵੇ ਕਿਤੇ ਪੂਰਾ ਅਧੂਰਾ ਗੀਤ ਜਾਂ ਅਜੰਮੇ ਗੀਤ ਦਾ ਪੂਰਾ ਅਧੂਰਾ ਖ਼ਿਆਲ ਕੀਕਣ ਗਿਣਾਂ ਅਪਣੀ ਉਮਰ ਦੇ ਸਾਲ ! ਕੀਕਣ ਲਿਖਾਂ ਅਪਣੀ ਉਮਰ ਦੇ ਸਾਲ !!
ਮੇਰਾ ਬਚਪਨ
ਮੇਰਾ ਬਚਪਨ ਅਜੇ ਨਾ ਆਇਆ ਮੇਰਾ ਬਚਪਨ ਕਦ ਆਵੇਗਾ ? ਜਦ ਉਮਰਾ ਦੀ ਝੋਲੀ ਦੇ ਵਿਚ ਦੋ ਤਿੰਨ ਚਾਰ ਜਾਂ ਪੰਜ ਵਰ੍ਹੇ ਸਨ ਮਾਂ ਦੇ ਬੁੱਲ੍ਹ ਬਰਾਨਾਂ ਉਤੇ ਕਦੀ ਨਾ ਉੱਗੀ ਹਰੀ ਕਰੂਮਲ ਨੈਣ ਓਸ ਦੇ ਭਰੇ ਭਰੇ ਸਨ ਦਿਨ ਜਿਉਂ ਬੁਝੇ ਬੁਝੇ ਪਰਛਾਵੇਂ, ਮਾਂ ਮੇਰੀ ਦੀ ਸਗਲ ਮੁਸ਼ੱਕਤ- ਨੀਵੀਂ ਨਜ਼ਰ, ਸਦਾ ਸ਼ਰਮਾਵੇ ਰਾਤ ਸੁਲਗਦਾ ਸੁੰਞਾ ਪਾਲਾ, ਮੈਂ, ਮੇਰੀ ਮਾਂ, ਦੀਪ-ਵਿਹੂਣੇ, ਜਿਉਂ ਨ੍ਹੇਰੇ ਦੀ ਝੁੰਬ ਮਾਰ ਕੇ ਦੋ ਬੂਟੇ ਕੁਮਲਾਏ ਸੁੱਤੇ ਸਾਡੇ ਵਿਹੜੇ ਮਰੀ ਕਹਾਣੀ ਇਕ ਸੀ ਰਾਜਾ, ਇਕ ਸੀ ਰਾਣੀ ਕਦੀ ਕਦੀ ਮੇਰੀ ਮਾਂ ਆਖੇ, ਵੇ ਮੇਰੇ ਦੁਖ-ਦਰਦ ਦੇ ਹਾਣੀ, ਮੇਰੀ ਹਿੱਕ ਨੂੰ ਲਗ ਕੇ ਸੌਂ ਜਾ ਜਿਸ ਥਾਉਂ ਤੇਰਾ ਬਾਪ ਸਿਧਾਇਆ- ਉਸ ਥਾਵੇਂ ਕੋਈ ਪਾਪ ਨਾ ਆਵੇ ਮੇਰੇ ਬੂਟੇ, ਗੱਭਰੂ ਹੋ ਜਾ, ਤੇਰੀ ਛਾਵੇਂ ਮੈਂ ਸੌਂ ਜਾਵਾਂ ਕਦੇ ਕਦੇ ਬਾਲਾਂ ਦੇ ਕੁੱਛੜ ਸੌਂਣ ਨਿਚਿੰਤ, ਨਿਕਰਮਣ ਮਾਵਾਂ, ਮੈਂ ਆਪਣੀ ਮਾਤਾ ਦਾ ਉਹਲਾ, ਉਸ ਦੀ ਛਾਂ, ਉਸ ਦਾ ਪਰਛਾਵਾਂ ਉਂਜ ਤਾਂ ਹਰ ਮਾਂ ਸੁਹਣੀ ਹੁੰਦੀ, ਪਰ ਮੇਰੀ ਮਾਂ ਵੇਖ ਵੇਖ ਕੇ- ਹਰ ਅੱਖ ਸੁਲਗੇ ਜਿਵੇਂ ਦੁਪਹਿਰੀ ਮੈਂ ਉਸ ਦੇ ਸੰਗ ਤੁਰਿਆ ਜਾਵਾਂ ਚੁੱਪ ਸੰਘਣੀ, ਛਾਉਂ ਇਕਹਿਰੀ ਨਜ਼ਰ ਨਜ਼ਰ ਮੇਰਾ ਮਕਤਬ ਸੀ, ਬੋਲ ਬੋਲ ਸੀ ਸੰਥਾ ਮੇਰੀ ਬਚਪਨ ਆਉਂਦਾ ਤਾਂ ਕਿਸ ਰਾਹੋਂ, ਹਰ ਰਾਹ ਸੂਝ ਸਮਝ ਨੇ ਘੇਰੀ ਇਕ ਦਿਨ ਮਾਂ ਨੇ ਬਾਤ ਸੁਣਾਈ ਕਿਵੇਂ ਓਸ ਨੇ ਅਪਣੇ ਹੱਥੀਂ- ਪਿਤਾ ਮੇਰੇ ਦੀ ਚਿਤਾ ਜਲਾਈ ਫਿਰ ਕੁਰਲਾਈ : ਨਹੀਂ ਨਹੀਂ ਮੈਂ ਅਪਣੇ ਹੱਥੀਂ ਤੇਰਾ ਬਚਪਨ ਆਪ ਜਲਾਇਆ ਮੇਰਾ ਬਚਪਨ ਉਦੋਂ ਨਾ ਆਇਆ, ਮੇਰਾ ਬਚਪਨ ਕਦ ਆਵੇਗਾ ?
15 ਅਗਸਤ
ਇਕ ਦਿਵਸ ਸੁਹਾਵਾ ਉੱਜਲਾ ਆ ਖੜਾ ਅਸਾਡੇ ਦੁਆਰ ਉਹਦੀ ਦੇਹੀ ਕਿਰਨ ਸੁਰਾਂਗਲੀ ਮੁਖ ਮਘਦਾ ਤੇਜ ਅਪਾਰ ਉਹਨੇ ਰਿਸ਼ਮਾਂ ਬੰਬਲ ਜੋੜ ਕੇ ਸਭ ਦਿੱਤੀ ਧੂੜ ਬੁਹਾਰ ਸਭ ਹੋਈ ਧਰਤ ਸੁਹਾਵੜੀ ਸਭ ਕੁੱਝ ਬਣੇ ਸ਼ਿੰਗਾਰ ਤਕਦੀਰਾਂ ਜੋਬਨ ਵੰਤੀਆਂ ਲੈ ਆਈਆਂ ਲੱਖ ਉਪਹਾਰ ਲਖ ਥਾਲੀਂ ਦੀਵੇ ਝਿਲਮਿਲੇ ਲਖ ਆਰਤੀ ਰਹੇ ਉਤਾਰ ਸਾਡੇ ਕੁਲ ਮੁਸਕਾਏ ਬਿਰਹੜੇ ਸਭ ਹੰਝੂ ਗਏ ਸਿਧਾਰ ਅਸਾਂ ਕਿਹਾ ਵੇ ਦਿਵਸ ਸੁਹਾਵਿਆ ਆ ਬਹੁ ਸਾਡੇ ਘਰ ਬਾਰ ਉਸ ਕਿਹਾ ਕਿ ਦਿਵਸ ਨ ਬੈਠਦੇ ਸਾਨੂੰ ਬਸ ਤੁਰਨਾ ਦਰਕਾਰ ਅਸਾਂ ਕਿਹਾ ਕਿ ਦੇ ਜਾ ਦੋਸਤਾ ਸਾਨੂੰ ਪਲ ਛਿਨ ਹੋਰ ਦੀਦਾਰ ਉਸ ਕਿਹਾ ਕਿ ਉਹੀਓ ਦੋਸਤੀ ਜਿਹੜੀ ਦਰਸ਼ਨ ਤੋਂ ਵੀ ਪਾਰ ਅਸੀਂ ਕਿਰਨਾਂ ਫੜਦੇ ਰਹਿ ਗਏ ਪਰ ਸਕੇ ਨ ਓਸ ਖਲ੍ਹਾਰ ਉਹ ਇਕ ਦੁਸ਼ਾਲਾ ਧੁੱਪ ਦਾ ਸਾਡੇ ਵਿਹੜੇ ਗਿਆ ਪਸਾਰ ਧੁੱਪ ਚੁੰਮੇਂ ਤਾਂ ਫੁੱਲ ਜਨਮਦੇ ਕੁਲ ਖਾਕ ਬਣੇ ਗੁਲਜ਼ਾਰ ਇਹ ਚਾਨਣ ਉਸ ਦੀ ਦੀਦ ਹੈ ਇਹ ਫੁੱਲ ਉਹਦੇ ਇਕਰਾਰ ਉਸ ਬਿਨ ਵੀ ਏਥੇ ਵੱਸਦਾ ਉਹਦਾ ਨਿੱਘਾ ਨਿੱਘਾ ਪਿਆਰ
27 ਮਈ
ਬਹੁਤ ਚਿਰ ਤੋਂ ਮੇਰੇ ਅਖਵਾਨਿਆਂ ਵਿਚ ਅੱਖ ਨਹੀਂ ਸੀ ਮੇਰੇ ਚਿਹਰੇ ਤੇ ਇਕ ਦਲਦਲ ਨਜ਼ਰ ਦੀ ਸੀ ਜਿਹੜਾ ਇਸ ਰਾਹ 'ਚੋਂ ਲੰਘੇ ਝੁਲਸ ਕੇ ਢੇਰ ਹੋ ਜਾਏ ਚਿਰਾਂ ਤੋਂ ਮੇਰਾ ਤਨ ਵੀ ਸਵਾਸ ਲੈਂਦਾ ਹੈ ਰਤਾ ਵਿਸ਼ਵਾਸ ਨਾ ਸੀ ਖ਼ਲਾ ਵਿਚ ਬੇਦਿਸ਼ਾਈਂ ਵਾਵਰੋਲੇ ਵਿਚਰਦੇ ਸਨ ਚਿਰਾਂ ਤੋਂ ਇਕ ਨਿਪਤ੍ਰੀ ਜੂਨ ਤੋਂ ਵਧ ਕੁਝ ਨਹੀਂ ਸੀ ਹੋਂਦ ਮੇਰੀ ਸਗਲ ਸੰਸਾਰ ਸੀ ਇਕ ਧੁੱਪ ਦਾ ਸਾਗਰ ਤੇ ਮੈਂ ਕੰਢੇ ਖਲੋਤੀ ਇਕ ਵਿਰਲ ਛਾਂ-ਰੇਖ ਬਹੁਤ ਬੇਫ਼ਿਕਰ ਸਾਂ ਮੈਥੋਂ ਮੇਰੀ ਛਾਂ ਮੰਗਦਾ ਕੋਈ ਨਹੀਂ ਅਜ ਖ਼ਬਰ ਆਈ ਕਿ ਤੂੰ ਮੈਨੂੰ ਮਿਲੇ ਬਿਨ ਤੁਰ ਗਿਆ ਮੇਰੇ ਚਿਹਰੇ ਤੇ ਜੌੜਾਂ ਅੱਖੀਆਂ ਕਿਧਰੋਂ ਜਨਮ ਆਈਆਂ ਪਹਿਲ ਵਾਰੀਂ ਮੈਨੂੰ ਲੱਗਾ : ਮੇਰੇ ਚਿਹਰੇ ਤੇ ਝਿੰਮਣਾਂ ਨੇ ਜਿਨ੍ਹਾਂ ਦੀ ਗੋਦ ਵਿਚ ਪਲ ਛਿਨ ਕੋਈ ਤਿਪ ਖੇਡ ਸਕਦਾ ਹੈ ਕਿਹੜਾ ਮੌਸਮ ਹੈ ਅਜ ਦੇਹੀ 'ਚ ਹਉਕਾ ਝੂਮ ਉਠਿਆ ਹੈ ਮੇਰੀ ਮਿੱਟੀ ਵੀ ਸਿਸਕੀ ਹੈ ਬਹੁਤ ਚਿਰ ਬਾਦ ਜਾਤਾ ਮੈਂ ਕਿ ਮੈਂ ਸਾਹਾਂ ਦਾ ਇਕ ਮਲਬਾ ਨਹੀਂ ਹਾਂ ਸ੍ਰਿਜਨ ਵੀ ਹਾਂ, ਸ੍ਰਿਜਕ ਵੀ ਹਾਂ ਨਿਪਤ੍ਰੇ ਰੁੰਡ ਦਾ ਕਰੜਾ ਜਿਸਮ ਲਹਿਰਾ ਗਿਆ ਮੇਰੀ ਕਾਇਆ 'ਚ ਹੁਣ ਸਾਵੀ ਬਨਸਪਤ ਦੀ ਲਹਕ ਹੈ ਸਗਲ ਸੰਸਾਰ ਧੁੱਪ ਦੀ ਰੇਖ ਹੈ ਜਿਹਦੇ ਕਦਮਾਂ 'ਚ ਮੈਂ ਇਕ ਲਹਿਰਦਾ ਛਾਇਆ ਦਾ ਸਾਗਰ ਹਾਂ ਮੇਰੇ ਝਿੰਮਣਾਂ 'ਚ ਤਿਪ, ਮਿੱਟੀ 'ਚ ਸਿਸਕੀ ਸਾਹ ਵਿਚ ਹਉਕਾ ਮੇਰੀ ਕਾਇਆ 'ਚ ਲਚਕੀਲੀ ਬਨਸਪਤ ਤੇਰੇ ਜਾਵਣ ਤੋਂ ਪਹਿਲਾਂ ਕਿਸ ਜਗ੍ਹਾ ਸਨ ? ਤੇਰੇ ਜਾਵਣ ਤੋਂ ਪਹਿਲਾਂ ਹੋਂਦ ਸ਼ੱਕੀ ਸੀ, ਜਿਵੇਂ ਨਵ-ਜਨਮਿਆ ਇਕ ਲੋਥੜਾ ਨਵ-ਮਾਸ ਦਾ ਜੋ ਧੜਕਦੈ, ਰੋਂਦਾ ਨਹੀਂ ਹੈ ਜਣਨਹਾਰੀ ਨੂੰ ਸੰਸਾ ਸੀ - ਕਿ ਉਸ ਨੇ ਇਕ ਮਰਗ ਨੂੰ ਜਨਮ ਦਿੱਤਾ ਹੈ ਤੇਰੇ ਜਾਵਣ ਦਾ ਦਿਨ ਮੇਰੀ ਪਹਿਲ ਵਿਲਕਣ ਦਾ ਦਿਨ ਹੈ ਭਰੋਸਾ ਹੈ ਕਿ ਹੁਣ ਜਿਉਂਦਾ ਵੀ ਹਾਂ ਪਹਿਲ ਵਿਲਕਣ ਦੇ ਸਿਰਜਨਹਾਰ ਤੇਰੇ ਤੁਰ ਜਾਣ ਦਾ ਦਿਨ ਸੋਗ ਦਾ ਦਿਨ ਹੈ ? ਖ਼ੁਸ਼ੀ ਦਾ ਹੈ ? ਤੁਰਨ ਤੇਰਾ ਗਵਾਹੀ ਮੇਰੇ ਜੀਵਨ ਦੀ
28 ਮਈ
ਕਲ੍ਹ ਖ਼ਬਰ ਆਈ ਕਿ ਮੇਰੇ ਸਵਾਸ ਪੂਰੇ ਹੋ ਗਏ ਮੈਂ ਮਰ ਗਿਆ ਉਮਰ ਭਰ ਜੋ ਚਿਤਵਿਆ, ਜੋ ਸਿਰਜਿਆ ਸਭ ਕੁਝ ਅਧੂਰਾ ਸੀ, ਅਪੂਰਾ ਸੀ ਰੂਪ ਹਰ ਇਕ ਰੂਪਰੇਖਾ ਸੀ ਮੇਰੇ ਦਰ ਤੇ ਦਸਤਕਾਂ ਦੀ ਭੀੜ ਮੇਰੇ ਘਰ ਵਿਰਲੇ ਜਹੇ ਦੀਦਾਰ ਦੀ ਵੀਰਾਨਗੀ ਭਰਪੂਰ ਪਿਆਰ ਸੱਦੇ ਵਾਅਦਿਆਂ ਦਾ ਦਾਨ ਕਲ੍ਹ ਖ਼ਬਰ ਆਈ ਤਾਂ ਮੇਰਾ ਸੱਚ ਅਗੋਚਰ ਸੀ ਮੇਰਾ ਵਾਅਦਾ ਮਸਾਂ ਅਧਪੂਰ ਸੀ ਹਜ਼ਾਰਾਂ ਦਸਤਕਾਂ ਲਈ ਦਰ ਅਜੇ ਅਧਬੰਦ ਸਨ ਜਾਂ ਬੰਦ ਸਨ ਚਿਰਾਂ ਦੇ ਪਿਆਰ ਵੀ ਊਣੇ-ਵਿਹੂਣੇ ਹੋ ਗਏ ਸਨ ਪੁਰਾਣੇ ਮੀਤ ਦੇ ਧੜ ਤੇ ਨਵਾਂ ਸਿਰ ਸੋਭਦਾ ਸੀ ਮੇਰੀ ਪਹਿਚਾਨ ਵੀ ਹੈਰਾਨ ਸੀ ਪਰ ਆਸਵੰਦ ਸੀ ਆਸਵੰਦੀ ਵਿਚ ਮੇਰੀ ਹਿੰਮਤ ਨੂੰ ਮੁਕ ਜਾਣਾ ਪਿਆ ਮੀਤ ਨੂੰ ਮੁੜ ਮੀਤ ਵੇਖੇ ਬਿਨ ਮੇਰੀ ਅੱਖ ਸੌਂ ਗਈ ਵਾਅਦਿਆਂ ਅਧਪੂਰਿਆਂ ਦੇ ਸਵਾਸ ਪੂਰੇ ਹੋ ਗਏ ਸੋਚਦਾ ਸਾਂ : ਕਲ ਮੇਰੇ ਰਾਹਾਂ ਤੇ ਬੇਛਾਵੀਂ, ਨਿਪਤ੍ਰੀ ਚੁਪ ਬਿਨਾਂ ਕਿਹੜਾ ਦਿਸੇਗਾ ? ਹੁਣ ਕਿਸੇ ਨੂੰ ਵਾਅਦਿਆਂ ਤੇ ਕਿਸ ਲਈ ਵਿਸ਼ਵਾਸ ਹੋਵੇਗਾ ? ਅਜ ਮੇਰੇ ਰਾਹਾਂ ਤੇ ਸੰਘਣੀ ਸਿਸਕੀਆਂ ਦੀ 'ਛਾਂ ਅਜ ਮੇਰੇ ਅਧ-ਸੁਪਨਿਆਂ ਨੂੰ ਕੋਟ ਅੱਖਾਂ ਝਿੰਮਣੀਆਂ ਸੰਗ ਚੁਕ ਲਿਆ ਹੈ ਮੇਰੇ ਬਿਨ ਵਾਅਦੇ ਅਧੂਰੇ ਪੂਰਤੀ ਵਲ ਸਰਕਦੇ ਮੈਨੂੰ ਦਿਸੇ ਹਨ ਆਸ ਪਾਸੇ ਭੀੜ ਇਕਮੁਖ ਹੈ ਕਰੋੜਾਂ ਧੜਕਣਾਂ ਵਿਚ ਬਸ ਮੇਰਾ ਪਹਿਚਾਨਿਆ ਦਿਲ ਹੈ ਆਸ ਪਾਸੇ ਇਕ ਮਹਾਂਸਾਗਰ ਹੈ ਮੇਰੀ ਹੋਂਦ ਦਾ ਹੁਣ ਮੈਨੂੰ ਅਧਵਾਟ ਵਿਚ ਮੁਕ ਜਾਣ ਦਾ ਕੋਈ ਗ਼ਮ ਨਹੀਂ ਜਿਸ ਜਗ੍ਹਾ ਮੈਂ ਡੁੱਲ੍ਹਿਆਂ ਉਸ ਜਗ੍ਹਾ ਕਣ ਕਣ ਚੋਂ ਨਵੀਆਂ ਬੇਗਿਣਤ 'ਮੈਂ' ਜਨਮੀਆਂ
26 ਜਨਵਰੀ
ਮੇਰੇ ਦਰਵਾਜ਼ੇ ਤੇ ਅਗਨੀ ਦੀ ਦਸਤਕ ਹੈ ਇਕ ਭੀੜ ਰੌਸ਼ਨੀ ਦੀ ਮੇਰੇ ਘਰ ਤੁਰ ਕੇ ਆਈ ਹੈ ਇਕ ਪੁੰਨ ਜਿਹਾ ਚਾਨਣ ਸਾਹਾਂ ਵਿਚ ਰਚਨਾ ਚਾਹੁੰਦਾ ਹੈ ਇਕ ਸੂਹਾ ਸੂਹਾ ਦਿਨ ਅੰਗਾਂ ਵਿਚ ਚੜ੍ਹਣਾ ਚਾਹੁੰਦਾ ਹੈ ਦਰਵਾਜ਼ਾ ਨਾ ਖੋਲ੍ਹਣ ਦੀ ਆਜ਼ਾਦੀ ਮੇਰੀ ਹੈ ਆਵਾਜ਼ ਆ ਰਹੀ ਦਰਵਾਜ਼ਾ ਖੋਲ੍ਹ ਦਿਉ ਇਕ ਚਾਨਣ ਦੀ ਕਲਗੀ ਤੇਰੇ ਮਸਤਕ ਤੇ ਬਹਿਣਾ ਚਾਹੁੰਦੀ ਹੈ ਇਕ ਪੁੰਨ-ਪਵਿਤ ਜੋਤੀ ਤੇਰੇ ਘਰ ਰਹਿਣਾ ਚਾਹੁੰਦੀ ਹੈ ਆਵਾਜ਼ ਆ ਰਹੀ ਹੈ : ਅਗਨੀ ਦੇ ਬੰਬਲ ਸੰਗ ਤੇਰੀ ਧਰਤ ਬਹਾਰ ਦਿਆਂ ਕੁਲ ਕਿਲਵਿਖ ਸਾੜ ਦਿਆਂ ਦਰਵਾਜ਼ਾ ਖੋਲ੍ਹ ਦਿਉ ਅਜ ਤੈਨੂੰ ਮਿਲਣ ਲਈ ਇਕ ਅਗਨ ਸਰੋਵਰ ਤੁਰ ਕੇ ਆਇਆ ਹੈ ਅਗਨੀ-ਅਸ਼ਨਾਨ ਬਿਨਾ ਕਿਹੜਾ ਕਦ ਸੁੰਦਰ ਹੋਇਆ ਹੈ ਦਰਵਾਜ਼ਾ ਨਹੀਂ ਖੁਲ੍ਹਦਾ ਅਜ ਹਰ ਦਰਵਾਜ਼ੇ ਤੇ ਭ੍ਰਿਸ਼ਟਾ ਦਾ ਪਹਿਰਾ ਹੈ ਸਾਡੀਆਂ ਦੁਨੀਆਂ ਵਿਚੋਂ- ਜੋ ਚਾਨਣ ਲੰਘਦਾ ਹੈ, ਬੁਝ ਕੇ ਹੀ ਲੰਘਦਾ ਹੈ ਹਰ ਇਕ ਦੇ ਸਾਹਾਂ ਵਿਚ ਚਾਨਣ ਦੀ ਜੋਤ ਨਹੀਂ, ਚਾਨਣ ਦਾ ਧੂੰਆਂ ਹੈ ਸਾਡੇ ਦਰਵਾਜ਼ੇ ਤੇ- ਸ਼ਾਹ ਕਾਲੇ ਪਾਣੀ ਦਾ ਵਡਸਾਗਰ ਗਹਿਰਾ ਹੈ ਜੋ ਦਿਨ ਵੀ ਚੜ੍ਹਦਾ ਹੈ ਕਾਲਖ਼ ਵਿਚ ਡੁਬਦਾ ਹੈ ਕਿਸਮਤ ਦਾ ਉਦੈ ਕਾਲ ਹੈ ਅਸਤਕਾਲ ਮਨ ਵਿਚ ਜਗਦੀ ਜੋਤੀ ਦਾ ਸਾਡੀ ਦੁਨੀਆਂ ਅੰਦਰ ਜੋ ਕਿਸਮਤ ਕਾਲੀ ਹੈ ਉਹ ਕਰਮਾਂ ਵਾਲੀ ਹੈ ਆਵਾਜ਼ ਆ ਰਹੀ ਹੈ ਤੂੰ ਰੌਸ਼ਨੀਆਂ ਨੂੰ ਮਿਲਨੋਂ ਅਜ ਸੰਕੋਚੀ ਪਰ ਮੈਂ ਅਸਲੋਂ ਮਾਯੂਸ ਨਹੀਂ ਹਾਂ ਤੈਥੋਂ ਪਵਿਤਾ ਸੌਂ ਜਾਂਦੀ ਹੈ ਪਰ ਮਰਦੀ ਕਦੀ ਨਹੀਂ ਮੈਂ ਫਿਰ ਵੀ ਆਵਾਂਗੀ ਇਹ ਦਰ ਦੀਵਾਰ ਨਹੀਂ ਇਹ ਓੜਕ ਖੁਲ੍ਹੇਗਾ ਅਜ ਦਸਤਕ ਚਲੀ ਗਈ ਮੇਰੇ ਅੰਤਰਮਨ ਧੜਕ ਰਹੀ ਉਸ ਦੀ ਪਦਚਾਪ ਅਜੇ ਹੁਣ ਉਹ ਕਦ ਆਵੇਗੀ ? ਕਦ ਆਵੇਗਾ ਭ੍ਰਿਸ਼ਟਾ ਦੇ ਵਿਦਾ ਹੋਣ ਦਾ ਵੇਲਾ ਮੇਰੇ ਖੁਲ੍ਹੇ ਦਰਵਾਜ਼ੇ ਕਦ ਸੋਹੇਗੀ ਪਵਿਤਾ ਅਗਨਮੁਖੀ ?
ਖੰਡਿਤ ਗੀਤ ਦੀ ਧਿੱਕਾਰ
ਤੁਹਾਡੇ ਸਾਮ੍ਹਣੇ ਮੁਲਜ਼ਮ ਜਿਹਾ ਮੁੜ ਪੇਸ਼ ਹੋਇਆ ਹਾਂ ਸਦਾ ਸੰਕਟ ਸਮੇਂ ਮਹਿਫ਼ਲ 'ਚ ਹਾਜ਼ਰ ਹੋਣ ਦਾ ਆਦੇਸ਼ ਹੋਇਆ ਹੈ ਮੈਨੂੰ ਗੀਤਾਂ ਸਣੇ ਜਿਵੇਂ ਸੰਕਟ 'ਚ ਮੇਰਾ ਫ਼ਰਜ਼ ਹੁਕਮਨ ਗੀਤ ਰਚਨਾ ਹੈ ਜਿਵੇਂ ਸੰਕਟ ਸਮੇਂ ਇਕੋ ਤੁਹਾਡਾ ਫ਼ਰਜ਼ ਮੇਰੇ ਗੀਤ ਸੁਣਨਾ ਹੈ ਜਿਨ੍ਹਾਂ ਗੀਤਾਂ ਨੂੰ ਆਪਣੇ ਜਨਮ ਦੀ ਖ਼ਾਤਰ ਮਨੁੱਖ ਦੇ ਸਿਰ ਕਿਸੇ ਬਿਪਤਾ ਦੀ ਲੋਚਾ ਹੈ ਉਨ੍ਹਾਂ ਗੀਤਾਂ ਦੀ ਮੁੜ ਰਚਨਾ ਦੀ ਮਜਬੂਰੀ ਤੇ ਮੈਂ ਸੌ ਵਾਰ ਰੋਇਆ ਹਾਂ ਤੁਹਾਡੇ ਸਾਮ੍ਹਣੇ ਮੁਲਜ਼ਮ ਜਿਹਾ ਮੁੜ ਪੇਸ਼ ਹੋਇਆ ਹਾਂ ਨਵੇਂ ਜੁਗ ਦੀ ਨਵੀਂ ਮਰਦਾਨਗੀ ਹੈ ਕਦੀ ਜੁਗ ਜੁਗ ਤੋਂ ਸੁੱਤੀ ਬਰਫ਼ ਉਪਰ ਡੰਗ ਚਲਦੇ ਨੇ ਕਦੀ ਜੁਗ ਜੁਗ ਤੋਂ ਅਣਵਾਹੇ ਥਲਾਂ ਦੀ ਹਿੱਕ ਤੇ ਨਵੇਂ ਸ਼ਸਤਰ ਸਿਆੜਾਂ ਪਾਉਂਦੇ ਨੇ ਸਿੱਕਾ ਬੀਜਦੇ ਨੇ ਕੋਈ ਜੇ ਬਰਫ਼ ਦਾ ਕੰਬਲ ਚੁਰਾ ਕੇ ਲੈ ਵੀ ਜਾਏ ਘਰ, ਤਾਂ ਕੀ ਹਾਸਲ ਕੋਈ ਜੇ ਤਪਦੀਆਂ ਲੋਆਂ ' ਚ ਉਡਦੀ ਰੇਤ ਦਾ ਇਕ ਅੱਧ ਕਿਆਰਾ ਵਢ ਲਏ- ਤਾਂ ਉਸ ਨੇ ਕੀ ਖਟਿਆ ਰੇਤ ਦੀ ਰੋਟੀ ਨਹੀਂ ਪਕਦੀ ਨਾ ਬਣਦੇ ਬਰਫ਼ ਦੇ ਬਸਤਰ ਨਵੀਂ ਮਰਦਾਨਗੀ ਆਵਾਜ਼ ਦੇਂਦੀ ਹੈ : ਅਸੀਂ ਕਬਜ਼ਾ ਨਹੀਂ ਚਾਹੁੰਦੇ ਸਿਰਫ਼ ਇਕ ਦਬਦਬੇ ਦੀ ਰੀਝ ਹੈ ਜਿਦ੍ਹੇ ਬਿਨ ਸਾਡੇ ਘਰ ਵਿਚ ਵੀ ਸਾਡਾ ਆਦਰ ਨਹੀਂ ਨਵੇਂ ਜੰਗਾਂ 'ਚ ਬੰਦਾ ਜਿੱਤ ਜਾਏ ਉਸ ਨੂੰ ਕੁਝ ਮਿਲਦਾ ਨਹੀਂ ਨਵੇਂ ਜੰਗਾਂ 'ਚ ਬੰਦਾ ਹਾਰ ਜਾਏ ਉਸ ਦਾ ਕੁਝ ਬਚਦਾ ਨਹੀਂ ਅਨੋਖੀ ਬੇਬਸੀ ਹੈ ਕਿ ਦੰਭੀ ਸੂਰਿਆਂ ਸੰਗ ਸੱਚ ਬਰ ਮੇਚਣ ਲਈ ਮਜਬੂਰ ਹੈ ਮੈਂ ਕਿਹੜੀ ਅਜਨਬੀ ਦੁਨੀਆਂ 'ਚ ਨਿਹਫਲ ਆ ਖਲੋਇਆ ਹਾਂ ਤੁਹਾਡੇ ਸਾਮ੍ਹਣੇ ਮੁਲਜ਼ਮ ਜਿਹਾ ਮੁੜ ਪੇਸ਼ ਹੋਇਆ ਹਾਂ ਉਹ ਕੋਈ ਹੋਰ ਸਨ ਜੋ ਠੰਡੀਆਂ ਬਰਫ਼ਾਂ 'ਚ ਕੋਸੀ ਰੱਤ ਦਾ ਮੰਗਲ ਤਿਲਕ ਕਰ ਤੁਰ ਗਏ ਉਹ ਕੋਈ ਹੋਰ ਨੇ ਜੋ ਤਪਦੀਆਂ ਰੇਤਾਂ 'ਚ ਠੰਡੇ-ਚਿਤ ਖਲੋਤੇ ਨੇ ਤੇ ਮੈਂ ? ਮੇਰੇ ਮਨ ਤੋਂ ਉਵੇਂ ਭ੍ਰਿਸ਼ਟਾ ਦਾ ਪਹਿਰਾ ਹੈ ਤੇ ਧਨ ? ਉਹ ਦੰਭੀ ਕੀਮਤਾਂ ਦੀ ਭੀੜ ਵਿਚ ਮਿਧਿਆ ਪਿਐ ਤੇ ਤਨ ਖ਼ੁਸ਼ ਹੈ ਕਿ ਮੈਂ ਆਜ਼ਾਦ ਹਾਂ ਮੈਨੂੰ ਖੁਲ੍ਹ ਹੈ ਕਿ ਕੁਝ ਵੀ ਨਾ ਕਰਾਂ ਪੁਰਾਣੇ ਫ਼ਰਜ਼ ਦੀ ਪਹਿਚਾਨ ਗੁੰਮ ਹੈ ਭਰੀ ਦੁਨੀਆਂ 'ਚ ਜਿਸ ਜਿਸ ਥਾਂ ਵੀ ਸੰਕਟ ਹੈ ਉਸੇ ਥਾਂ ਆਦਮੀ ਦੀ ਆਤਮਾ ਵਿਚ ਦਾਗ਼ ਹੈ ਸੱਚ ਸ਼ੱਕੀ, ਗੀਤ ਖੰਡਿਤ ਹੈ ਮੈਂ ਖੰਡਿਤ ਗੀਤ ਲੈ ਹਾਜ਼ਰ ਤੁਹਾਡੇ ਦੁਆਰ ਕਿ ਦੰਭੀ ਸੂਰਿਆਂ ਨੂੰ ਕਰੋ ਸੀਮਾਂ ਪਾਰ ਕਰੋ ਭ੍ਰਿਸ਼ਟਾ ਤੋਂ ਮੇਰੇ ਦੁਆਰ ਦਾ ਉਧਾਰ ਸੱਚ ਦੇ ਬੰਧਨ ਹਰੋ ਗੀਤ ਮੁੜ ਸਾਬਤ ਕਰੋ ਤੇ ਮੈਨੂੰ ਮੋੜ ਦੇਵੋ ਫਿਰ ਮੇਰੀ ਪਹਿਚਾਨ ਜਦੋਂ ਤਕ ਇਹ ਨਹੀਂ ਮੇਰੇ ਸਿਰ ਤੇ ਹੈ ਖੰਡਿਤ ਗੀਤ ਦੀ ਧਿੱਕਾਰ ਇਸੇ ਧਿੱਕਾਰ ਵਿਚ ਲੂੰ ਲੂੰ ਪਰੋਇਆ ਹਾਂ ਤੁਹਾਡੇ ਸਾਮ੍ਹਣੇ ਮੁਲਜ਼ਮ ਜਿਹਾ ਮੁੜ ਪੇਸ਼ ਹੋਇਆ ਹਾਂ
ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ
ਉਦੋਂ ਹਾਜ਼ਰ ਸਾਂ ਮੈਂ ਤੇਰੇ ਹੱਥ ਵਿਚ ਜਦੋਂ ਤਲਵਾਰ ਨੰਗੀ ਪਿਆਸ ਵਾਂਗੂੰ ਤੜਫੜਾਈ ਸੀ ਲਹਿਰਦਾ, ਸੁਲਗਦਾ ਮੇਲਾ ਜਦੋਂ ਸੁੱਕੇ ਸਰੋਵਰ ਵਾਂਗ ਗੁੰਮਸੁੰਮ ਬੁੱਝ ਗਿਆ ਸੀ ਦੂਰ ਤੀਕਰ ਚੁੱਪ ਦੇ ਬੰਜਰ ਵਿਛੇ ਸਨ ਜਿਨ੍ਹਾਂ ਦੇ ਵਿਚ ਸਵਾਸ ਵੀ ਉੱਗਦਾ ਨਹੀਂ ਪੂਰਾ ਉਦੋਂ ਹਾਜ਼ਰ ਸਾਂ ਮੈਂ ਤੇਰੇ ਮੂੰਹੋਂ ਜਦੋਂ ਇਕ ਬੋਲ ਦਾ ਟੁਕੜਾ ਸੁਲਗਦੀ ਲਾਟ ਵਾਂਗੂੰ ਨਿਕਲਿਆ ਸੀ ਸੀਸ ਜਿਸ ਦੇ ਪਾਸ ਹੈ ਹਾਜ਼ਰ ਕਰੋ ਉਦੋਂ ਬੇਸੀਸ ਬੰਦੇ ਵਾਂਗ ਮੇਰੀ ਹਾਜ਼ਰੀ ਸੀ ਮੇਰੇ ਸੀਨੇ 'ਚ ਮੇਰੀ ਜਾਨ ਅਚੇਤੀ ਲਹਿਰ ਵਾਂਗੂੰ ਤ੍ਰਭਕ ਕੇ ਉਠੀ ਤੇ ਫਿਰ ਡੀਕੀ ਨਦੀ ਦੀ ਲਹਿਰ ਵਾਂਗੂੰ ਸੌਂ ਗਈ ਮੈਂ ਆਪਣੇ ਆਪ ਦੀ ਇਕ ਲੀਕ ਆਪਣੀ ਹਾਜ਼ਰੀ ਤੋਂ ਬਿਨ ਉਦੋਂ ਕੁਝ ਵੀ ਨਹੀਂ ਸਾਂ ਮੈਂ ਅਪਣੀ ਥਾਂ ਤੇ ਬੈਠਾ ਸਾਂ ਬਿਰਛ ਵਾਂਗੂੰ ਜਿਨੂੰ ਮੁੱਢੋਂ ਕਿਸੇ ਦੋ ਚਾਰ ਹੱਥ ਛਡ ਕੇ ਸਬੂਤਾ ਵੱਢ ਦਿਤਾ ਸੀ ਨਿਰੀ ਨੰਗੀ ਨਿਕੱਦੀ ਹੀਣਤਾ ਮੇਰੇ ਉਪਰ ਮੇਰੀ ਅਪਣੀ ਵੀ ਛਾਂ ਕੋਈ ਨਹੀਂ ਸੀ ਉਦੋਂ ਹਾਜ਼ਰ ਸਾਂ ਮੈਂ ਤੇਰੀ ਤੱਕਣੀ ਜਦੋਂ ਛਿਲਤੀ ਕਿਰਨ ਵਾਂਗੂੰ ਮੇਰੇ ਵਿਰਲਾਂ 'ਚੋਂ ਅੰਦਰ ਝਾਕਦੀ ਸੀ ਮੇਰੇ ਅੰਦਰ ਜੋ ਇਕ ਸੂਰਜ ਜਿਹਾ ਤੂੰ ਬਾਲ ਧਰਿਆ ਸੀ ਉਹਦੇ ਚਾਨਣ 'ਚ ਮੇਰੀ ਹਉਂ ਵਿਆਕੁਲ ਸੀ ਮੈਂ ਆਪਣੇ ਆਪ ਨੂੰ ਪੁੱਛਦਾ ਪਿਆ ਸਾਂ ਮੇਰੇ ਧੜ ਤੇ ਮੇਰਾ ਸਿਰ ਹੈ ਜਾਂ ਸਿਰ ਦਾ ਦੰਭ ਹੈ ਜੋ ਵਿਖਾਇਆ ਜਾ ਤਾਂ ਸਕਦੈ ਵਰਤਿਆ ਬਿਲਕੁਲ ਨਹੀਂ ਜਾਂਦਾ ਮੈਂ ਅਪਣਾ ਆਪ ਹਾਂ ਜਾਂ ਅਜਨਬੀ ਹਾਂ ਮੈਂ ਗੁਰੂ-ਦਰਬਾਰ ਵਿਚ ਬੈਠਾ ਪੁਰਖ ਹਾਂ ਜਾਂ ਨਾਰ ਹਾਂ ਜੋ ਘਰੋਂ ਨਿਕਲੀ ਤਾਂ ਸੀ ਪਿੰਡੇ ਤੇ ਇਕ ਵਾਫਰ ਜਿਹਾ ਅੰਗ ਜੋੜ ਕੇ ਪਰ ਭਰੇ ਚਾਨਣ, ਭਰੇ ਬਾਜ਼ਾਰ ਸਭ ਦੇ ਸਾਮ੍ਹਣੇ ਅੰਗ ਭਰਿਆ ਨਾਰ ਦਾ ਬੱਚਾ ਅਸਲ ਸਭ ਤੇ ਉਜਾਗਰ ਹੋ ਗਿਆ ਮੈਨੂੰ ਹੁਣ ਆਪਣੀ ਹੀ ਹਾਜ਼ਰੀ ਇਕ ਭਾਰ ਲਗਦੀ ਸੀ ਤੇ ਭਰੇ ਮੇਲੇ ਦੀ ਚੁੱਪ ਬੋਝ ਸੀ ਉਪਹਾਸ ਦਾ ਤੇ ਚਮਤਕਾਰਾ ਜਦੋਂ ਹੋਇਆ ਉਦੋਂ ਹਾਜ਼ਰ ਸਾਂ ਮੈਂ ਮੇਰੇ ਲਾਗੇ ਹੀ ਬੈਠਾ ਸੀ ਚਮਤਕਾਰੀ ਜਿਨ੍ਹੇ ਅਪਣੇ ਹੀ ਹੱਥੀਂ ਸੀਸ ਲਾਹ ਕੇ ਆਪਣਾ ਸਹਿਜੇ ਟਿਕਾ ਦਿੱਤਾ ਤੇਰੇ ਚਰਨੀਂ ਤੇਰੇ ਹੱਥ ਵਿਚ ਅਚਲ ਤਲਵਾਰ ਵੀ ਛਿਣ ਭਰ ਲਈ ਥੱਰਰਾ ਗਈ ਸੀ ਮੁਅਜਜ਼ਾ ਤੱਕ ਕੇ ਸੀਸ ਵਾਲੇ ਸੀਸ ਅਰਪਨ ਵਾਸਤੇ ਤਲਵਾਰ ਦੇ ਮੁਹਤਾਜ ਨਹੀਂ ਹੁੰਦੇ ਚਮਤਕਾਰੀ ਨੇ ਅਪਣਾ ਸੀਸ ਇਉਂ ਸਹਿਜੇ ਟਿਕਾਇਆ ਸੀ ਤੇਰੇ ਚਰਨੀਂ ਜਿਵੇਂ ਅੰਬਰ ਦੇ ਪੈਰੀਂ ਨਿਤ ਸਵੇਰਾ ਅਪਣਾ ਸੂਰਜ ਬਾਲ ਧਰਦਾ ਹੈ ਤ੍ਰਭਕ ਕੇ ਉੱਠੀ ਸੀ ਮੇਰੀ ਜਾਨ ਮੁੜ ਕੇ ਵਿਰਲ 'ਚੋਂ ਡੁੱਲ੍ਹ ਜਾਣ ਲਈ ਕੀਲ ਵਿਚ ਬੱਝਾ ਹੋਇਆ ਮੇਲਾ ਰਤਾ ਕੁ ਹਿੱਲ ਕੇ ਥਿਰ ਹੋ ਗਿਆ ਚੁੱਪ ਬਰੜਾਈ ਰਤਾ ਤੇ ਫਿਰ ਬਰੇਤੇ ਸੌਂ ਗਈ ਤੇ ਚਮਤਕਾਰੀ ਪੁਰਖ ਇਕ ਹੋਰ ਹੋਰ ਤੇ ਇਕ ਹੋਰ ਤੇ ਇਕ ਹੋਰ ਇਕ ਗਗਨ ਇੱਕੋ ਸਮੇਂ ਕਈ ਸੂਰਜ ਉਦੈ ਹੋਏ ਤੇ ਮੈਂ ਬੇਸੀਸਾ ਧੀਰਿਆ ਸ਼ੁਕਰ ਹੈ, ਹੁਣ ਗੁਰੂ ਨੂੰ ਲੋੜ ਨਹੀਂ ਤੇ ਜਦੋਂ ਤੂੰ ਸੀਸ ਨੂੰ ਦਸਤਾਰ ਦਾ ਸਤਿਕਾਰ ਦੇ ਕੇ ਤਖ਼ਤ ਉੱਤੇ ਪਾਸ ਅਪਣੇ ਹੀ ਬਿਠਾਇਆ ਸੀ ਮੈਂ ਝੂਰਿਆ : ਹਾਇ ਜੇ ਪਹਿਲਾਂ ਪਤਾ ਹੁੰਦਾ ਕਿ ਏਨਾ ਪਿਆਰ ਦੇ ਕੇ ਸਤਿਗੁਰੂ ਨੇ ਸੀਸ ਵਾਪਸ ਮੋੜ ਦੇਣਾ ਹੈ ਤਾਂ ਮੈਂ..... ਤਾਂ ਮੈਂ ...... ਮੰਨਿਆਂ ਕਿ ਮੇਰੇ ਧੜ ਤੇ ਮੇਰਾ ਸੀਸ ਨਹੀਂ ਸੀਸ ਦਾ ਪਾਖੰਡ ਤਾਂ ਹੈ ਮੈਂ ਇਹ ਪਾਖੰਡ ਹੀ ਅਪਣੇ ਗੁਰੂ ਨੂੰ ਭੇਟ ਕਰਦਾ ਪਰ ਨਹੀਂ ਤੇਰੀ ਤਕਣੀ ਅਜੇ ਛਿਲਤੀ ਕਿਰਨ ਵਾਂਗੂੰ ਮੇਰੇ ਵਿਰਲਾਂ 'ਚੋਂ ਅੰਦਰ ਝਾਕਦੀ ਸੀ ਮੇਰੇ ਅੰਦਰ ਜੋ ਤੂੰ ਸੂਰਜ ਜਿਹਾ ਇਕ ਬਾਲ ਧਰਿਆ ਸੀ ਉਹ ਜਿਉਂਦਾ-ਜਾਗਦਾ ਸੀ ਤੇ ਕਹਿ ਰਿਹਾ ਸੀ : ਏਸ ਥਾਵੇਂ ਦੰਭ ਦਾ ਸਿੱਕਾ ਨਹੀਂ ਚਲਦਾ ਸੀਸ ਅਰਪਨ ਦਾ ਸਦਾ ਵੇਲਾ ਹੈ, ਪਰ ਅਪਣੇ ਧੜ 'ਤੇ ਸੀਸ ਪੈਦਾ ਕਰ ਮੈਂ ਤੇਰੇ ਦਰਬਾਰ ਵਿਚ ਹਾਲੇ ਵੀ ਹਾਜ਼ਰ ਹਾਂ ਮੈਂ ਅਪਣੀ ਥਾਂ ਤੇ ਬੈਠਾ ਹਾਂ ਬਿਰਛ ਵਾਂਗੂੰ ਜਿਨੂੰ ਮੁੱਢੋਂ ਕਿਸੇ ਦੋ ਚਾਰ ਹੱਥ ਛਡ ਕੇ ਸਬੂਤਾ ਵੱਢ ਦਿਤਾ ਹੈ ਮੇਰੇ ਧੜ ਤੇ ਅਜੇ ਤੀਕਰ ਵੀ ਮੇਰਾ ਸੀਸ ਨਹੀਂ ਪਰ ਸੀਸ ਦਾ ਪਾਖੰਡ ਵੀ ਨਹੀਂ ਸੋਚਦਾ ਹਾਂ : ਮੇਰੇ ਧੜ ਤੇ ਨਵੇਂ ਸੂਰਜ ਜਿਹਾ ਜਦ ਸੀਸ ਉੱਗੇਗਾ ਰੌਸ਼ਨੀ ਉਸ ਦੀ ਗੁਰੂ ਦਾ ਨਾਮ ਲੈ ਕੇ, ਅਰਪ ਦੇਵਾਂਗਾ ਨਿਰੀ ਨੰਗੀ ਨਿਕੱਦੀ ਹੀਣਤਾ ਮੈਥੋਂ ਹੁਣ ਜੀਵੀ ਨਹੀਂ ਜਾਂਦੀ
ਨਵੇਂ ਹੱਥ
ਨਵੇਂ ਹੱਥਾਂ ਪੁਰਾਣੇ ਬੋਲ ਮੁੜ ਕੇ ਚੁਕ ਲਏ ਨੇ ਪੁਰਾਣੇ ਬੋਲ ਜੋ ਵਾਫਰ ਸਮਝ ਕੇ ਤੂੰ ਬੁਹਾਰੇ ਸੀ ਬਹੁਤ ਵਿਲਕੇ ਵਿਚਾਰੇ ਸੀ ਜਿਵੇਂ ਨਵ-ਮਰਨ ਦੇ ਸਾਹਵੇਂ ਪੁਰਾਣਾ ਜਨਮ ਕੁਰਲਾਏ ਨਵੀਂ ਮਮਤਾ ਪੁਰਾਣੇ ਬਿਰਧ ਨੂੰ- ਬਾਲਕ ਸਮਝ ਗਲ ਲਾ ਲਿਆ ਹੈ ਨਵਾਂ ਕੁਝ ਕੁਝ ਪੁਰਾਣਾ ਹੋ ਗਿਆ ਹੈ ਅਸਾਡੇ ਇਸ਼ਕ ਦਾ ਸ਼ਾਇਦ ਜ਼ਮਾਨਾ ਆ ਗਿਆ ਹੈ ਨਵੇਂ ਬੁੱਲ੍ਹਾਂ ਦੇ ਬੰਜਰ ਗੋਰੀਏ ਨੰਗੇ ਮੁਨੰਗੇ ਸੀ ਬਹੁਤ ਵਾਰੀ ਪੁਰਾਣੀ ਲੋਚ ਮੇਰੇ ਮਨ 'ਚ ਲਹਿਰਾਈ ਤੇਰੇ ਨੰਗੇਜ ਤੇ ਚੁੰਮਣ ਦਾ ਇਕ ਕੱਜਣ ਵਿਛਾ ਦੇਵਾਂ ਤੇਰੇ ਬੰਜਰ ਤੇ ਹਰਿਆਵਲ ਜਿਹਾ ਬੇਅਰਥ ਉੱਗ ਜਾਵਾਂ ਪੁਰਾਣੀ ਸੋਚ ਸੀ ਸੁਲਗੀ, ਸ਼ਰਮ ਕੇ ਬੁਝ ਗਈ ਓੜਕ ਤੇਰੇ ਬੰਜਰ ਤੇ ਅਜ ਪਤਝੜ-ਬਨਸਪਤ ਕਿਸ ਵਿਛਾਈ ਏ ਤੇਰੇ ਬੁੱਲ੍ਹਾਂ ਨੇ ਇਕ ਬੁੱਝਿਆ ਹੋਇਆ ਚੁੰਮਣ ਕਿਤੋਂ ਅਪਨਾ ਲਿਆ ਹੈ ਨਵਾਂ ਕੁਝ ਕੁਝ ਪੁਰਾਣਾ ਹੋ ਗਿਆ ਹੈ ਅਸਾਡੇ ਇਸ਼ਕ ਦਾ ਸ਼ਾਇਦ ਜ਼ਮਾਨਾ ਆ ਗਿਆ ਹੈ ਸਦਾ ਹੀ ਇਸ਼ਕ ਦਾ ਮੌਸਮ ਨਵਾਂ ਵੀ ਏ ਪੁਰਾਣਾ ਵੀ ? ਮੇਰੇ ਘਰ ਗੀਤ ਜਦ ਆਇਆ ਮੈਨੂੰ ਲੱਗਾ ਭਵਿਖ ਤੋਂ ਪੈਰ ਉਲਟੇ ਰੂਪ ਮੇਰੇ ਕੋਲ ਆ ਕੇ ਬਹਿ ਗਿਆ ਹੈ ਸਮੇਂ ਬਾਹਰੋਂ ਕਿਸੇ ਮੈਨੂੰ ਜਿਵੇਂ ਆਵਾਜ਼ ਦਿਤੀ ਹੈ ਸਮੇਂ ਦੀ ਲੀਕ ਲਚਕੀਲੀ ਕਿਸੇ ਤੋੜੀ-ਮਰੋੜੀ ਹੈ ਉਮਰ ਹੀ ਥਾਂ ਮੇਰੀ ਮਿੱਟੀ 'ਚ ਜੀਕਣ ਜ਼ਿੰਦਗੀ ਤੜਪੀ ਨਵੇਂ ਅਸ਼ਨਾਨ ਵਿਚ ਕਲ੍ਹ ਦਾ ਪਸੀਨਾ ਅਜ ਸੁਲਗਦਾ ਹੈ ਕਿ ਅਜ ਅਭਿਮਾਨ ਨੇ ਕਲ੍ਹ ਦੇ ਸਿਰੋਂ ਅਪਮਾਨ ਆਪੇ ਲਾਹ ਲਿਆ ਹੈ ਨਵਾਂ ਕੁਝ ਕੁਝ ਪੁਰਾਣਾ ਹੋ ਗਿਆ ਹੈ ਅਸਾਡੇ ਇਸ਼ਕ ਦਾ ਸ਼ਾਇਦ ਜ਼ਮਾਨਾ ਆ ਗਿਆ ਹੈ
ਹਰ ਪੁਰਖੇ ਵਿਚ ਨਾਰ
ਜਿਸ ਦਮ ਤੂੰ ਆਉਂਦੀ ਹੈਂ ਪਿਆਰੀ ਮੇਰੀ ਦੁਨੀਆਂ ਲੁਕ ਜਾਂਦੀ ਹੈ ਤੇਰੇ ਸਾਹਵੇਂ ਕੱਜਣ ਹੀਣੀ ਮੇਰੀ ਦੁਨੀਆਂ ਸ਼ਰਮਾਂਦੀ ਹੈ ਤਾਸ਼ ਦੇ ਹਰ ਪੱਤੇ ਨੂੰ ਲਾਜ ਜੀਕਣ ਹਰ ਪੱਤਾ ਹੈ ਬੇਗਮ ਜਾਮ ਮਰ ਚੁੱਕੇ ਨੂੰ ਪਛਤਾਵਾਂ ਮੇਰੀ ਗੰਧ ਅਜੇ ਜਿਊਂਦੀ ਹੈ ! ਨੰਗ ਮੁਨੰਗੇ ਬੋਲ ਚੁੱਪ ਦੀ ਚਾਦਰ ਹੇਠਾਂ ਸੌਂ ਜਾਂਦੇ ਨੇ ਮੇਰਾ ਹਰ ਬੇਲੀ ਸ਼ਰਮਿੰਦਾ ਹਰ ਪੁਰਖੇ ਚੋਂ ਨਾਰ ਨਿਕਲ ਆਂਦੀ ਹੈ ਜਿਸ ਦਮ ਤੂੰ ਆਉਂਦੀ ਹੈਂ ਪਿਆਰੀ ਮੇਰੀ ਦੁਨੀਆਂ ਸ਼ਰਮਾਂਦੀ ਹੈ ਨੰਗ ਸਮਝਦੀ ਹੈ ਨਾਰੀ ਦਾ ਨਾਰੀ ਦੀਵੇ ਬੁਝ ਜਾਂਦੇ ਨੇ ਅੰਗ ਸਹੇਲੀ ਵਾਂਗੂ ਹੋ ਕੇ ਨੇੜੇ ਮੌਨ-ਕਥਾ ਵਿਚ ਰੁਝ ਜਾਂਦੇ ਨੇ ਪਰ ਮੇਰਾ ਮਨ ਬੇਧਰਵਾਸਾ, ਆਖਾਂ : ਪਿਆਰੀ, ਪਿਆਰੀ, ਪਿਆਰੀ ਭੀੜ ਭਰੀ ਦੁਨੀਆਂ ਵਿਚ ਤੇਰੇ ਬਾਝੋਂ ਮੈਂ ਤਾਂ ਮਹਾਂ ਅਸੰਗੀ ਆਖਾਂ, ਆਖਣ ਬਾਝੋਂ ਦਿਲ ਦੀ ਦੁਨੀਆਂ ਮਤ ਹੋ ਜਾਵੇ ਨੰਗੀ ਪਰ ਘਬਰਾਵਾਂ ਬੋਲ ਹਵਾ ਵਿਚ ਉਡਦੇ ਜੀਕਣ ਉਡਦੇ ਬਸਤਰ ਮੇਰੇ ਹਮਸਾਏ ਤਕ ਪਹੁੰਚ ਜਾਣਗੇ ਮੇਰੀ ਬੋਲਤ ਵੀ ਬੇਪਰਦਾ ਮੇਰੀ ਅਣਬੋਲਤ ਵੀ ਨੰਗੀ ਸੋਚ ਸੋਚ ਕੇ ਮੇਰੀ ਸ਼ੁਹਰਤ ਦਰਮਾਂਦੀ ਹੈ ਜਿਸ ਦਮ ਤੂੰ ਆਉਂਦੀ ਹੈਂ ਪਿਆਰੀ ਮੇਰੀ ਦੁਨੀਆਂ ਸ਼ਰਮਾਂਦੀ ਹੈ
ਮੇਰੇ ਨੰਗੇਜ ਵਿਚ ਦੀਵਾ
ਹਨੇਰੇ ' ਚੋਂ ਮੈਨੂੰ ਆਵਾਜ਼ ਆਈ ਹੈ ਹਨੇਰੇ ' ਚੋਂ ਹੁਣੇ ਧੜ ਖੜਗਧਾਰੀ ਨਿਕਲਿਆ ਹੈ ? ਆਪਣਾ ਸਿਰ ਆਪ ਕਟ ਕੇ ਆ ਰਿਹਾ ਹੈ ? ਜਾਂ ਨਵੀਂ ਕੋਈ ਜੂਨ ਬੇਸਿਰ ਹੈ ? ਇਸ ਦਾ ਤਨ : ਆਵਾਜ਼ ਬੇਮੂੰਹੀ ਜੋ ਮੇਰੀ ਅੱਖ ਦੇ ਵਿਚ ਝਾਕ ਨਹੀਂ ਸਕਦੀ ਜੋ ਮੇਰੀ ਆਤਮਾ ਵਿਚ ਬਿਨ ਇਜਾਜ਼ਤ ਬੈਠ ਚੱਲੀ ਹੈ ਆਤਮਾ ਦੇ ਦਰ ਨਹੀਂ ? ਦੀਵਾਰ ਨਹੀਂ ? ਏਸ ਥਾਂ ਮਹਿਮਾਨ ਬੇਦਸਤਕ, ਬਿਨਾ ਅਧਿਕਾਰ ਆ ਕੇ ਬੈਠ ਜਾਂਦੇ ਨੇ ? ਮੈਂ ਆਪਣੇ ਜਿਸਮ ਵਿਚ ਨੰਗਾ, ਨਿਰਾ ਆਨੰਦ ਬੈਠਾ ਸਾਂ ਇਸ ਨੇ ਮੈਨੂੰ ਤਨ ਵਲੇਟਣ ਦੇ ਲਈ ਵੀ ਵਿਹਲ ਨਹੀਂ ਦਿੱਤੀ ਮੇਰੇ ਨੰਗੇਜ ਵਿਚ ਦੀਵਾ ਜਿਹਾ ਇਕ ਬਾਲ ਧਰਿਆ ਹੈ ਮੈਂ ਅਪਣੀ ਰੌਸ਼ਨੀ ਵਿਚ ਸਹਿਮਿਆ ਨਿਰਵਾਕ ਬੈਠਾ ਹਾਂ ਕੋਈ ਕੰਜਕ ਜਿਵੇਂ ਸੁਪਨੇ ਪਰਾਇਆ ਬਾਲ ਜਣ ਕੇ ਤ੍ਰਭਕ ਉੱਠੀ ਹੈ ਹਨੇਰੇ ' ਚੋਂ ਮੈਨੂੰ ਆਵਾਜ਼ ਆਈ ਹੈ ਹਨੇਰੇ ' ਚੋਂ ਹੁਣੇ ਧੜ ਖੜਗਧਾਰੀ ਨਿਕਲਿਆ ਹੈ
ਸੁਲਗਦਾ ਹੱਥ
ਹਨੇਰੀ ਰਾਤ ਜਿਸ ਹੱਥ ਨੇ ਸੁਲਗਦਾ ਜਿਸਮ ਤੇਰਾ ਛੋਹ ਲਿਆ ਹੈ ਉਹੋ ਹੱਥ ਸੁਲਗਦਾ ਹੈ ਅਗਨ ਦੇ ਕੁੰਡ 'ਚੋਂ ਜਿਹੜੀ ਚੁਲੀ ਭਰੀ ਸੀ ਆਚਮਨ ਦੇ ਵਾਸਤੇ ਮੈਂ ਨ ਉਸ ਨੂੰ ਅਚਵ ਹੀ ਸਕਿਆ ਨ ਉਸ ਨੂੰ ਡੋਲ੍ਹ ਹੀ ਸਕਿਆ ਪਹਿਲ ਵਾਰੀ ਮੇਰੇ ਜੀਵਨ ਦੇ ਸਾਰੇ ਵਿਰਲ ਬੇਬਸ ਜਾਪਦੇ ਨੇ ਮੇਰੀ ਬਾਂਹ ਦੇ ਸਿਰੇ ਤੇ ਆਣ ਕਿਧਰੋਂ ਜੁੜ ਗਿਆ ਹੈ ਅਗਨ ਦਾ ਪੁਸ਼ਪ ਪੰਜ-ਪਤੀਆ ਮੈਂ ਜਿਸ ਨੂੰ ਤੋੜਣਾ ਚਾਹਾਂ ਵੀ ਤਾਂ ਇਹ ਟੁਟ ਨਹੀਂ ਸਕਦਾ ਮੈਂ ਦਿਨ ਦੀਵੀਂ ਭਰੇ ਬਾਜ਼ਾਰ 'ਚੋਂ ਲੰਘਾਂ ਮੇਰੇ ਸੰਗ ਝੂਲਦੀ ਹੈ ਬਾਂਹ ਵਿਚ ਉੱਗੀ ਹੋਈ ਇਹ ਜੋਤ ਪੰਜ-ਜੀਭੀ ਮੈਂ ਆਪਣੀ ਸ਼ਰਮ ਦੇ ਏਕਾਂਤ ਵਿਚ ਸੌਂ ਜਾਣ ਦਾ ਜੇ ਦੰਭ ਕਰਦਾ ਹਾਂ ਮੇਰੀ ਹਿਕ ਨਾਲ ਬਾਂਹ-ਮਸ਼ਾਲ ਜਗਦੀ ਜਾਗਦੀ ਹੈ ਮੇਰੀ ਸਗਲੀ ਗਵਾਚੀ ਹੋਂਦ 'ਚੋਂ, ਬਸ ਇਕ ਤਰੂਏ ਬਾਲ ਦੀ ਵਿਲਕਣ ਬਚੀ ਹੈ ਕਿਉਂ ਬਚੀ ਹੈ ਮੇਰੀ ਅਣਹੋਂਦ ਨੂੰ ਕੁਝ ਹੋ ਗਿਆ ਹੈ ਹਨੇਰੀ ਰਾਤ ਜਿਸ ਹੱਥ ਨੇ ਸੁਲਗਦਾ ਜਿਸਮ ਤੇਰਾ ਛੋਹ ਲਿਆ ਹੈ ਉਹੋ ਹੱਥ ਸੁਲਗਦਾ ਹੈ
ਅਚੇਤੀ
ਅਜ ਸੁਪਨ ਵਿਚ ਕੌਣ ਅਪਣਾ ਚੰਦ੍ਰਮਾ ਮੇਰੀ ਤਲੀ ਤੇ ਧਰ ਗਿਆ ? ਮੇਰੀ ਮਟਮੈਲੀ ਤਲੀ 'ਤੇ ਇਹ ਰਿਸ਼ਮ ਦਾ ਦਾਨ ਮੇਰੀ ਕਿਸਮਤ ਮੇਰੀਆਂ ਰੀਝਾਂ ਦਾ ਇਹ ਅਨਮੇਲ ਕੌਣ ਤਾਰਾ ਆਪਣਾ ਮੰਗਲ-ਤਿਲਕ ਮਸਤਕ ਮੇਰੇ 'ਤੇ ਕਰ ਗਿਆ ? ਮੈਨੂੰ ਸਦਾ ਮਿਲਿਆ ਉਹੀ ਮੈਂ ਜਿਦ੍ਹੇ ਅਨਜੋਗ ਸਾਂ ਕਲ੍ਹ ਵਿਦਾ ਵੇਲੇ ਭਰੇ ਮੇਲੇ 'ਚ ਸਭ ਦੇ ਸਾਮ੍ਹਣੇ ਤੂੰ ਅਪਣਿਆਂ ਹੱਥਾਂ 'ਚ ਮੇਰਾ ਹੱਥ ਦਬਾਇਆ ਸੀ ਤੂੰ ਤਲੀ ਮੇਰੀ 'ਚ ਸੂਹਾ ਫੁਲ ਉਗਾਇਆ ਸੀ ਅਜ ਸੁਪਨ ਦੇ ਦੇਸ ਤੇਰਾ ਤੋਰਿਆ ਮਜਮਾ ਉਹੋ ਫੁਲ ਤੋੜਦਾ ਹੈ ਤੋੜ ਕੇ ਜਾਂਦਾ ਹੈ ਅਧਰਾਹੋਂ ਹੀ ਮਜ਼ਮਾ ਪਰਤ ਆਉਂਦਾ ਹੈ ਤੇਰੀ ਖ਼ੁਸ਼ਬੋਈ ਬਰੂਹਿਓਂ ਪਾਰ ਨਹੀਂ ਜਾਂਦੀ ਮੀਤ ਤੇਰੇ ਬਹੁਕਰਾਂ-ਮੂੰਹੇਂ ਮੇਰਾ ਤਨ ਹੂੰਝਦੇ ਨੇ ਤੇਰੀ ਖ਼ੁਸ਼ਬੋਈ ਝਰੀਟਾਂ ਬਣ ਮੇਰੇ ਤਨ ਮਹਿਕਦੀ ਹੈ ਸਿਸਕਦੀ ਹੈ : ਮੈਂ ਸੁਪਾਤਰ ਨੂੰ ਸਦਾ ਮਿਲਦੀ ਕੁਥਾਵੇਂ ਹੀ ਰਹੀ ਅਜ ਸੁਪਨ ਵਿਚ ਸ਼ਹਿਰ ਲੰਮੀ ਸੜਕ ਹੈ ਸੜਕ 'ਤੇ ਬਾਰਾਤ ਹੈ ਇਕ ਬਸਤਰਾਂ ਦੀ ਤਨ-ਵਿਹੂਣੇ ਬਸਤਰਾਂ ਵਿਚ ਕਾਚ— ਮਹਿਕ-ਹੀਣੇ ਫੁਲ ਸਜਾ ਕੇ ਸੋਭਦੇ ਨੇ ਸੜਕ 'ਤੇ ਬਾਰਾਤ ਬਿਨ ਕੋਈ ਨਹੀਂ ਨਾ ਕੋਈ ਰਾਹਗੀਰ, ਨਾ ਦਰਸ਼ਕ ਬੈਂਡ ਦੀ ਦਲਦਲ ਚ ਸਭ ਕੁਝ ਗੁੰਮ ਗਿਆ ਹੈ ਸੜਕ ਦੇ ਕੰਢੇ, ਕਦੇ- ਦੋ ਚਾਰ ਸਿਗਰਟ ਲੰਘ ਜਾਂਦੇ ਨੇ ਇਕੱਲੇ ਸੁਲਗਦੇ, ਗੁਲ ਝਾੜਦੇ ਪੀਣ ਵਾਲੇ ਦੂਰ ਪਿਛਲੇ ਜਨਮ ਵਿਚ ਸੁਲਗ ਕੇ ਗੁਲ-ਝੜ ਜਿਹੇ ਹੀ ਡੁੱਲ੍ਹ ਚੁੱਕੇ ਨੇ ਸ਼ਹਿਰ ਦੇ ਸਿਰ ਤੇ ਨ ਕੋਈ ਚੰਨ ਨਾ ਤਾਰਾ ਇਸ਼ਤਿਹਾਰੀ ਬਿਜਲੀਆਂ ਦੀ ਵੇਸਵਾ ਜਗ-ਬੁਝ ਬਿਨਾਂ ਕੁਝ ਵੀ ਨਹੀਂ ਬਾਰਾਤ ਤੁਰਦੀ ਜਾ ਰਹੀ ਹੈ ਵਸਤ ਉਹ ਪਰਨਾਉਣ ਲਈ ਜੋ ਮੈਂ ਚੁਰਾਈ ਹੈ ਹਰ ਕਿਸੇ ਤਨ ਵਿਚ ਬਿਗਾਨੇ ਬਸਤਰਾਂ ਵਿਚ ਬਹਿਣ ਦੀ ਲੋਚਾ ਜਗੀ ਹੈ ਬਸਤਰਾਂ ਦੀ ਜੇਬ ਵਿਚ ਜੋ ਮਹਿਕ ਹੈ ਉਹ ਵੀ ਪਰਾਈ ਹੈ ਪਰਾਏ ਕਸ਼ ਲਈ ਹਰ ਮੂੰਹ ਕਿਸੇ ਨੂੰ ਸੁਲਗਦਾ, ਗੁਲ ਝਾੜਦਾ ਛੱਡ ਕੇ ਇਕੱਲਾ ਤੁਰ ਗਿਆ ਹੈ ਅਜ ਸੁਪਨ ਵਿਚ ਤੂੰ ਤਲੀ ਮੇਰੀ ਤੇ ਜੋ ਚੇਤਰ ਉਗਾਇਆ ਹੈ ਮੈਨੂੰ ਦਸ ਦੇ ਇਹ ਤੇਰਾ ਆਪਣਾ ਹੈ ਜਾਂ ਪਰਾਇਆ ਹੈ ? ਇਸ ਨੂੰ ਮੈਥੋਂ ਖੋਹਣ ਲਈ ਹਰ ਇਕੱਲਾ ਆਦਮੀ ਮਜਮੇ 'ਚ ਆਇਆ ਹੈ ਅਜ ਸੁਪਨ ਵਿਚ ਕੌਣ ਕਿਸ ਦਾ ਚੰਦ੍ਰਮਾ ਕਿਸ ਦੀ ਤਲੀ ਤੇ ਧਰ ਗਿਆ ?
ਅਪੈਰਾ ਆਦਮੀ
ਮੇਰੀ ਪਿੱਠ 'ਤੇ ਹੁਣੇ ਕੰਧਾਂ ਨੂੰ ਤੂੰ ਜੋ ਕੁਝ ਕਿਹਾ ਹੈ ਉਹ ਸੱਚ ਹੈ ਪਰ ਅਜੇ ਨਹੀਂ ਜਨਮਿਆ ਕਈ ਸਚ ਜਨਮਹੀਣੇ ਮਰ ਗਏ ਮੇਰੇ ਹੱਥ ਤੇ ਉਨ੍ਹਾਂ ਦੀ ਰੇਖ ਹੈ ਉਹਨਾਂ ਦੀ ਕਿਸਮਤ ਮੈਂ ਜੀਆਂਗਾ ਅਨੇਕਾਂ ਭਾਗ ਭੋਗਣਹਾਰ ਬਿਨ ਸਾਜੇ ਗਏ ਉਹਨਾਂ 'ਚ ਜੋ ਵੀ ਦਾਗ਼ ਹੈ ਮੇਰੇ ਮਸਤਕ ਦੀ ਸੋਭਾ ਉਹ ਬਣੇਗਾ ਭਰੀ ਦੁਨੀਆਂ ਤੋਂ ਪਹਿਲਾਂ ਜਿਸ ਜਗ੍ਹਾ ਵੀ ਕੋਈ ਸੋਹਣੀ ਜਾਨ ਹੈ ਉਮਰ ਦੇ ਪਹਿਲ ਛਿਣ ਜਿਸ ਨੇ ਚੁਰਾਹੇ ਵਿਲਕਣਾ ਹੈ ਓਸ ਨੂੰ ਕਹਿ ਦੇ ਉਹ ਬੇਸ਼ਕ ਜੂਨ ਨਾ ਭੋਗੇ ਅਕੀਤੇ ਕੰਮ ਦੀ ਸ਼ੁਹਰਤ ਮੈਂ ਝੋਲੀ ਪਾ ਲਈ ਹੈ ਮੇਰੀ ਪਿੱਠ 'ਤੇ ਹੁਣੇ ਜੋ ਦਾਗ ਵੀ ਮੇਰੇ ਲਈ ਤੂੰ ਚਿਤਵਿਆ ਹੈ ਉਹ ਤੇਰੀ ਮਿਹਰ ਹੈ ਇਸੇ ਹੀਲੇ ਕੋਈ ਦੁਸ਼ਕਰਮ ਹੋਣੋਂ ਰਹਿ ਗਿਆ ਹੈ ਤੇਰੀ ਦੀਵਾਰ 'ਤੇ ਪੁੰਨਿਆਂ ਜਾਂ ਪੋਲੇ ਪੈਰ ਚੜ੍ਹਦੀ ਹੈ ਓਦੋਂ ਤੂੰ ਜਿਸ ਅਪਰੇ ਆਦਮੀ ਦੀ ਬਿੜਕ ਸੁਣਦੀ ਹੈਂ ਉਹ ਅਪੈਰਾ ਆਦਮੀ ਮੈਂ ਹਾਂ ਤੇਰਾ ਬੂਹਾ ਤੇਰੇ ਦਿਲ ਵਾਂਗ ਹੀ ਜੋ ਧੜਕ ਉਠਦਾ ਹੈ ਉਹ ਮੇਰੀ ਦਸਤਕ ਹੈ ਜੋ ਮੇਰੇ ਬਿਨ ਇਕੱਲੀ ਆ ਗਈ ਏਥੇ ਤੇਰਾ ਹੁਕਮ ਮੰਨ ਕੇ ਤੇਰੀ ਨੀਂਦਰ 'ਚ ਤੇਰੇ ਨਾਲ ਜੋ ਵੀ ਜਾਗਦਾ ਹੈ ਤੂੰ ਜੋ ਵਰਜਿਤ ਸਮਝ ਕੇ ਡੀਕਿਆ ਹੈ ਉਹ ਮੈਂ ਹਾਂ ਮੈਂ ਤੇਰੀ ਰੀਝ ਦੇ ਹੱਥੀਂ ਹਜ਼ਾਰਾਂ ਵਾਰ ਬਣਿਆਂ ਬਿਣਸਿਆ ਹਾਂ ਅਜਬ ਨੰਗਾ, ਨਿਲੱਜਾ, ਵਾਸਨਾ ਦਾ ਇਕ ਸਰੋਵਰ ਹਾਂ ਜਿਦ੍ਹੇ ਵਿਚ ਜਿੰਦ ਅਪਣਾ ਨੰਗ ਸੁੱਚਾ ਪਹਿਨ ਕੇ ਪਰਵੇਸ਼ ਕਰਦੀ ਹੈ ਤੇ ਫਿਰ ਝਟਪਟ ਛਿਣਕ ਦੇਂਦੀ ਹੈ ਇਕ ਸ਼ਰਮਿੰਦਗੀ ਵਾਂਗੂੰ ਤੇਰੇ ਤਨ ਤੋਂ ਹੁਣੇ ਛਿਣਕੀ ਗਈ ਜੋ ਬੂੰਦ ਮੇਰੇ ਪਿੰਡੇ ਤੇ ਆ ਕੇ ਬਹਿ ਗਈ ਹੈ ਪੁਛ ਰਹੀ ਹੈ : ਤੇਰੀ ਦੀਵਾਰ ਤੇ ਪੰਨਿਆਂ ਜਾਂ ਪੋਲੇ ਪੈਰ ਸਰਕੇਗੀ ਤੇਰਾ ਬੂਹਾ ਤੇਰੇ ਦਿਲ ਵਾਂਗ ਹੀ ਜਦ ਧੜਕ ਉੱਠੇਗਾ ਉਦੋਂ ਤੂੰ ਕਿਸ ਅਪੈਰੇ ਆਦਮੀ ਦਾ ਰਾਹ ਉਡੀਕੇਂਗੀ ? ਉਦੋਂ ਨੀਂਦਰ 'ਚ ਆਪਣੇ ਨਾਲ ਤੂੰ ਕਿਸ ਨੂੰ ਜਗਾਵੇਂਗੀ? ਉਦੋਂ ਵਰਜਿਤ ਸਮਝ ਕੇ ਫੇਰ ਕਿਹੜਾ ਜਾਮ ਪੀਏਂਗੀ ? ਮੈਨੂੰ ਲੰਮੀ ਚੁਰਾਸੀ ਤੋਂ ਕਦੋਂ ਮੁਕਤੀ ਮਿਲੇਗੀ ? ਤੇਰੀ ਪਿੱਠ 'ਤੇ ਹੁਣੇ ਕੰਧਾਂ ਨੂੰ ਮੈਂ ਜੋ ਕੁਝ ਕਿਹਾ ਹੈ ਉਹ ਸੱਚ ਹੈ ਉਹ ਖ਼ਤ ਹੈ ਜੋ ਮੈਂ ਲਿਖਿਆ ਨਹੀਂ ਪਰ ਪਾੜ ਦਿੱਤਾ ਹੈ
ਵਰਜਿਤ ਭੋਗ
ਤੈਨੂੰ ਵੇਖਾਂ ਸੂਹਾ ਸੂਹਾ ਸੁਲਗ ਸੁਲਗ ਜਾਵਾਂ ਤੇਰੀ ਧੁੱਪੇ ਅੰਗ ਅੰਗ ਨੂੰ ਸੇਕਣ ਵੀ ਚਾਹਾਂ ਰੋਮ ਰੋਮ ਵਿਚ ਤਪਸ਼ ਤੇਰੀ ਦੀ ਧੂਣੀ ਬਾਲ ਲਵਾਂ ਤੂੰ ਬੋਲੇਂ ਮੈਂ ਧੂੰਆਂ ਬਣ ਕੇ ਖਿਲਰ ਜਿਹਾ ਜਾਵਾਂ ਤੇਰੀ ਛਾਂ ਵਿਚ ਛਾਓਂ ਪਤਲਾ ਹੋ ਕੇ ਲੁਕ ਜਾਵਾਂ ਚੁਲੀ ਵਾਂਗ ਬੁਲ੍ਹਾਂ ਤਕ ਪਹੁੰਚਾਂ ਡੁਲ੍ਹਾਂ ਅਣਪੀਤਾ ਤੂੰ ਕੁਛ ਵਾਅਦੇ ਮੰਗਦੀ ਏਂ, ਮੈਂ ਦੇ ਸਕਦਾ ਹਾਂ ਕਿਉਂਕਿ ਉਨ੍ਹਾਂ ਵਿਚ ਮੇਰਾ ਅਪਣਾ ਕੋਈ ਨਹੀਂ ਹੈ ਚਿਰ ਹੋਇਆ ਇਹ ਵਾਅਦੇ ਵਿਆਹ-ਅਗਨ ਦੇ ਸਾਹਵੇਂ ਪਿਤਾ ਮੇਰੇ ਨੇ ਮੇਰੀ ਮਾਤਾ ਨੂੰ ਦਿੱਤੇ ਸਨ ਤੇਰੇ ਬੁੱਲ੍ਹੀਂ ਮੇਰੀ ਮਾਤਾ ਦੀ ਬੇਨੰਤੀ ? ਇਹਨਾਂ ਬੁਲ੍ਹਾਂ ਤੇ ਮੇਰੇ ਚੁੰਮਣ ਦੀ ਅੱਖ ਹੈ ਨਾ ਤੂੰ ਮੇਰੀ ਮਾਂ ਨਾ ਆਪਣਾ ਪਿਤਾ ਆਪ ਮੈਂ ਉਹ ਵਾਅਦੇ ਕਾਹਨੂੰ ਮੰਗਦੀ ਏਂ ਉਮਰ ਸਰਾਪੇ ਬਿਨ ਜਿੰਨ੍ਹਾਂ ਨੂੰ ਪਾਲਣ ਔਖਾ ਨਿਰੀ ਰਸਮ ਹੈ ? ਤਾਂ ਵੀ ਜ਼ਿਦ ਕਾਹਨੂੰ ਕਰਦੀ ਏਂ ਵਰਜਿਤ ਭੋਗ ਜਿਹਾ ਕਿਉਂ ਸਾਥ ਅਸਾਡਾ ਹੋਵੇ ?
ਕੌੜਾ ਬੂਰ
ਮੈਂ ਕੁਝ ਘੜੀਆਂ ਪਲ ਬੀਜੇ ਸਨ ਅਜ ਉਹਨਾਂ ਨੂੰ ਬਹੁੰ ਦਿਨ ਪਿੱਛੋਂ ਕੌੜਾ ਬੂਰ ਪਿਆ ਹੈ ਮੈਂ ਸੁਣਿਐਂ ਤੇਰਾ ਮੂੰਹ ਕੌੜਾ ਹੈ ਤੂੰ ਮੇਰੇ ਮੁਖ 'ਚੋਂ ਸੋਭਾ ਵਾਂਗਣ ਦੂਰ ਸਫ਼ਰ ਤੇ ਤੁਰਿਆ ਪਹਿਲ ਪੜਾਂ ਤੇ ਮੈਂ ਤਲੀਆਂ ਨੂੰ ਚੁਭਕਦਿਆਂ ਸੁਣਿਆ ਹੈ ਮੈਂ ਮਿੱਟੀ 'ਚੋਂ ਮਹਿਕ ਉਗਾ ਕੇ ਹੱਥ ਪੌਣ ਦੇ ਸੌਂਪੀ ਪੌਣ ਫਸੀ ਕੰਡਿਆਰੀ ਮੈਂ ਮਹਿਕਾਂ ਨੂੰ ਅੰਗ-ਝਰੀਟੇ ਵਿਲਕਦਿਆਂ ਸੁਣਿਆ ਹੈ ਇਸ ਵਿਚ ਤੇਰਾ ਕੋਈ ਦੋਸ਼ ਨਹੀਂ ਤੂੰ ਕਦ ਸੋਭ-ਸਫ਼ਰ ਚਾਹਿਆ ਸੀ ਤੂੰ ਕਦ ਮਹਿਕ-ਜੂਨ ਮੰਗੀ ਸੀ ਮੈਂ ਹੀ ਕੁਝ ਘੜੀਆਂ ਪਲ ਬੀਜੇ ਅਜ ਉਹਨਾਂ ਨੂੰ ਬਹੁੰ ਦਿਨ ਪਿੱਛੋਂ ਕੌੜਾ ਬੂਰ ਪਿਆ ਹੈ
ਸਰਕੰਡੇ ਦੀ ਮੌਤ
ਤੇਰਾ ਮੇਰਾ ਬਚਪਨ ਸੀ ਅੰਧਿਆਰਾ ਪੋਹ-ਮਾਹੀ ਮਸਿਆ ਦਾ ਗੂੜ੍ਹ ਪਸਾਰਾ ਕਲ-ਮੁਕੱਲਾ ਕਾਲਾ ਪਾਲਾ ਏਸ ਹਨੇਰੇ ਵਿਚ ਬਲਦਾ ਸਰਕੰਡਾ ਯਾਰ ਮੇਰੇ ਦਾ ਸੂਹਾ ਮਘਦਾ ਚਿਹਰਾ ਚੁਰਰ ਚੁਰਰ ਚੁਰ ਅੱਗ ਪਈ ਬੋਲੇ ਕੋਸੇ ਕੋਸੇ ਬੋਲ ਮੇਰੇ ਮਿੱਤਰਾਂ ਦੇ ਨਿੱਘੇ ਚਾਨਣ ਦਾ ਸਾਨੂੰ ਸੀ ਬਹੁਤ ਸਹਾਰਾ ਬਚਪਨ ਸੀ ਅੰਧਿਆਰਾ, ਬੇਰੁਜ਼ਗਾਰਾ ਆਵਾਰਾ ਪਰ ਬਹੁਤ ਪਿਆਰਾ ਕੁਝ ਦਿਨ ਪਾ ਕੇ ਮੈਂ ਤੂੰ ਗਭਰੂ ਹੋਏ ਸਾਡੇ ਹੱਥੀਂ ਸਭ ਸਰਕੰਡੇ ਮੋਏ ਮਘਦੇ ਮੁਖੜੇ ਦਾ ਕੋਈ ਬੋਲ ਨਹੀਂ ਸੀ ਬਾਕੀ ਦਿਨ ਵੇਲੇ ਤਾਂ ਲੱਖ ਮੁੜ੍ਹਕੇ ਹਮਜੋਲੀ ਰਾਤੀਂ ਕਲ-ਮੁਕੱਲਾ ਕਾਲਾ ਪਾਲਾ ਬੁਲ੍ਹਾਂ ਤੀਕਰ ਕੋਟ ਵਿਲਕਣੀ ਆਵੇ ਠੰਡੀ-ਠਰਵੀਂ ਪੌਣ ਵਗੇ, ਜਮ ਜਾਵੇ ਕੁਝ ਦਿਨ ਪਾ ਕੇ ਮੈਂ ਤੂੰ ਸਭਨਾਂ ਪੱਕੀ ਸੜਕ ਬਣਾਈ ਕਿਸੇ ਕੁੜੀ ਦੀ ਜਿਉਂ ਬੱਜਰ ਅੰਗੜਾਈ ਥਾਂ ਪਰ ਥਾਂ ਬਿਜਲੀ ਦੇ ਕਈ ਹਿੰਡੋਲੇ ਠੰਡਾ ਠੰਡਾ ਚਾਨਣ ਹਰ ਕੋਈ ਡੋਲ੍ਹੇ ਜਿਉਂ ਕੋਈ ਚਿਟਕਪੜਾ ਭਾਈ ਧੋਤੇ ਧੋਤੇ ਬੋਲ ਜ਼ੁਬਾਨੋਂ ਬੋਲੇ ਹੁਣ ਤਾਂ ਮਸਿਆ ਆ ਕੇ ਵੀ ਸਾਨੂੰ ਨਹੀਂ ਮਿਲਦੀ ਹੁਣ ਸ਼ਾਮੀਂ ਘਰ ਤੀਕ ਪਹੁੰਚਣਾ ਇਸ਼ਕ ਨਹੀਂ ਹੈ ਮੇਰੇ ਪਿੰਡ ਦੇ ਪਿੰਡੇ ਤੇ ਹੁਣ ਪਹਿਲਾਂ ਵਰਗੀ ਬਾਸ ਨਹੀਂ ਹੈ ਇਸ ਰੁਜ਼ਗਾਰ ਭਰੀ ਦੁਨੀਆਂ ਵਿਚ ਮੈਂ ਤੂੰ ਨਹੀਂ ਆਵਾਰਾ ਹੁਣ ਅੰਧਿਆਰਾ ਨਹੀਂ ਪਿਆਰਾ ਪਿਆਰ, ਹਨੇਰਾ ਕੁਝ ਵੀ ਗੂੜ੍ਹ ਨਹੀਂ ਹੈ ਜੁਗ ਜੁਗ ਜੀਵੋ ਠੰਡੇ ਚਾਨਣ ਹੁਣ ਸਾਨੂੰ ਮਿੱਤਰਾਂ ਦੀ ਲੋੜ ਨਹੀਂ ਹੈ
ਨਮਿਤ੍ਰਾ ਸਫ਼ਰ
ਜਦੋਂ ਤੈਥੋਂ ਵਿਛੜ ਕੇ ਆਖ਼ਰੀ ਵਾਰੀਂ ਮੈਂ ਅਪਣੇ ਪਾਸ ਮੁੜ ਕੇ ਆ ਰਿਹਾ ਸਾਂ ਰਾਹ ਬਹੁਤ ਲੰਮਾ ਸੀ ਧੁੱਪ ਵੀ ਬਹੁਤ ਗਾੜ੍ਹੀ ਸੀ ਅੰਦਰ ਬਹੁਤ ਹੁੰਮ ਸੀ ਤੇਰੀ ਸੰਗਤ 'ਚ ਜਿਹੜਾ ਬਿਰਛ ਸਾਡੇ ਨਾਲ ਤੁਰਦਾ ਸੀ ਉਹ ਬਹੁਤ ਪਿੱਛੇ ਨਛਾਵਾਂ ਮਰ ਗਿਆ ਸੀ ਤੇਰੇ ਵੱਲੋਂ ਸਵੇਰੀ ਪੌਣ ਜੋ ਪਿੰਡੇ ਨੂੰ ਛੋਹ ਕੇ ਲੰਘਦੀ ਸੀ ਅਜ ਨਸ਼ਾਹੀ ਚੁਪ ਖੜੀ ਸੀ ਅਸਾਂ ਦੋਹਾਂ ਨੇ ਇਕ ਦੂਜੇ ਨੂੰ ਅਪਣੇ ਜਿਸਮ ਦਾ ਗੁਰਦਾ ਸਮਝ ਕੇ ਝਾੜ ਦਿਤਾ ਸੀ ਤਨ ਬਹੁਤ ਹੌਲਾ ਸੀ ਹੌਲਾ ਫੁਲ ਜਿਸ ਨੂੰ ਮਹਿਕ ਦਾ ਵੀ ਭਾਰ ਨਹੀਂ ਏਨਾ ਹੌਲਾ ਕਦੇ ਪਹਿਲਾਂ ਨਾ ਸਾਂ ਹੋਂਦ ਸ਼ੱਕੀ, ਆਪਣੇ ਤੇ ਬੇਵਸਾਹੀ ਸੀ ਡਰ ਰਿਹਾ ਸਾਂ : ਮੇਰੇ ਚਿਹਰੇ ਦਾ ਕੋਈ ਅੰਗ ਭੁਰ ਕੇ ਡਿਗ ਪਿਆ ਹੈ ਮੇਰਾ ਹਉਮੈਂ ਕਿਤੋਂ ਲੁੰਝਿਆ ਗਿਆ ਹੈ ਮੈਂ ਕਰੜੀ ਧੁਪ ਦੇ ਕਾਲੇ ਕੋਹ ਇਸੇ ਸ਼ਰਮਿੰਦਗੀ ਦੀ ਛਾਂ 'ਚ ਤੁਰਿਆ ਆ ਰਿਹਾ ਸਾਂ ਨਬਿਰਛੇ ਰਾਹ ਜਹੀ ਚੁਪਚਾਪ ਮੇਰੀ ਹੋਂਦ ਸੀ ਇਕ ਸਾਂ ਮੈਂ ਦੂਜੀ ਧੁਪ ਤੀਜੀ ਚੁਪ ਮੇਰੀ ਚੁਪ ਵਿਚ ਤੂੰ ਹੀ ਤੂੰ ਬਿਲਬਿਲਾਉਂਦੀ ਸੈਂ ਜਿਹੜੀ ਚੁਪ ਵਿਚ ਕਿਸੇ ਦੀ ਬਾਤ ਨਹੀਂ ਛਿੜਦੀ ਉਹ ਮੇਰੀ ਚੁਪ ਨਹੀਂ ਹੈ ਮੇਰੀ ਚੁਪ ਸੀ ਜਿਵੇਂ ਮੈਂ ਕੀੜੀਆਂ ਦੇ ਭੌਣ ਤੇ ਸੁੱਤਾ ਪਿਆ ਹਾਂ ਤੇਰੀ ਪਿੱਠ ਤੇ ਤੇਰੇ ਸਾਹਵਾਂ ਖਲੋਤਾ ਉਨ੍ਹਾਂ ਪ੍ਰਸ਼ਨਾਂ ਦੇ ਉੱਤਰ ਦੇ ਰਿਹਾ ਸਾਂ ਜੋ ਤੂੰ ਨਹੀਂ ਪੁੱਛੇ ਕਿਸੇ ਉਜੜੀ ਕਚਹਿਰੀ ਵਿਚ ਬਿਨਾਂ ਸੰਮਣ ਬਿਨਾਂ ਆਵਾਜ਼ ਹਾਜ਼ਰ ਮੈਂ ਆਪਣੇ ਆਪ ਦੀ ਆਪੇ ਗਵਾਹੀ ਦੇ ਰਿਹਾ ਸਾਂ ਕਦੇ ਹੁੰਮਸ ਨੂੰ ਕੋਈ ਸਾਹ ਆਉਂਦਾ ਸੀ ਤਾਂ ਮੈਂ ਝਟ ਤ੍ਰਭਕ ਉਠਦਾ ਸਾਂ ਜਾਪਦਾ ਸੀ ਮੇਰੀ ਗੱਲ ਤੇ ਹੁਣੇ ਉਜੜੀ ਕਚਹਿਰੀ ਹੱਸ ਪਈ ਸਾਰੀ ਰਤਾ ਕੁਝ ਹੋਰ ਗੂੜ੍ਹੀ ਹੋ ਗਈ ਸ਼ਰਮਿੰਦਗੀ ਦੀ ਛਾਂ ਚਿਹਰਾ ਰਤਾ ਕੁਝ ਹੋਰ ਭੁਰਿਆ ਮੈਂ ਅਪਣੇ ਵਿਚ ਗਰਕ ਕੇ ਫੇਰ ਜਦ ਕੁਝ ਸੰਭਲਿਆ ਤਾਂ ਤੇਰੀ ਯਾਦ ਤੇਰੇ ਵਾਂਗ ਅਪਣੇ ਜਿਸਮ ਦਾ ਗੁਰਦਾ ਸਮਝ ਕੇ ਝਾੜ ਦਿੱਤੀ ਮੈਂ ਅਪਣੇ ਆਪ ਤੋਂ ਕੁਝ ਹੋਰ ਹੌਲਾ ਹੋ ਗਿਆ ਹੁਣ ਮੇਰੀ ਹਉਂ ਤੇ ਕਿਸੇ ਜਿਉਂਦੇ ਜੁਰਮ ਦਾ ਬੋਝ ਨਹੀਂ ਸੀ ਜੀਣ ਦਾ ਸੁਰ ਬਹੁਤ ਮੱਧਮ ਸੀ ਮੈਂ ਅਪਣੇ ਆਪ ਦੀ ਇਕ ਲੀਕ ਤੁਰਿਆ ਜਾ ਰਿਹਾ ਸਾਂ ਅਜੇ ਤੀਕਰ ਮੈਂ ਅਪਣੇ ਕੋਲ ਨਹੀਂ ਪਹੁੰਚਾ ਰਾਹ ਬਹੁਤ ਲੰਮਾ ਹੈ ਇਕ ਹੈ ਧੁਪ ਦੂਜੀ ਚੁਪ ਮੇਰੀ ਚੁਪ ਵਿਚ ਤੂੰ ਹੀ ਤੂੰ ਬਿਲਬਿਲਾਉਂਦੀ ਹੈ
ਅਪਣੇ ਦਰਵਾਜ਼ੇ ਖੋਲ੍ਹ
ਅਪਣੇ ਦਰਵਾਜ਼ੇ ਖੋਲ੍ਹ ਤੇਰੇ ਘਰ ਮੈਂ ਆਇਆ ਹਾਂ ਮੈਂ ਸ਼ਾਇਰ ਮੇਰੇ ਹੱਥਾਂ ਵਿਚ ਤੇਰਾ ਉਹ ਸੁਪਨਾ ਹੈ ਜਿਸ ਨੂੰ ਤੂੰ ਨਿਤ ਮਿਲਦੀ ਹੈਂ ਨੀਂਦਰ ਦੇ ਨਿਰਜਨ ਵਿਚ ਤੇ ਜਾਗਣਸਾਰ ਪਰ੍ਹਾਂ ਸੁਟਦੀ ਹੈਂ ਤੇਰੇ ਅੰਗਾਂ ਵਿਚ ਜੋ ਕੁਝ ਵੀ ਰੌਣਕ ਹੈ ਤੇਰੇ ਸੁਪਨੇ ਦੀ ਹੈ ਨਿਰਜਨ ਵਿਚ ਬਾਲ ਗੁਆਚਾ ਤੇਰਾ ਤੇਰੇ ਘਰ ਲੈ ਕੇ ਆਇਆ ਹਾਂ ਸੁਪਨਾ ਨਾਜਾਇਜ਼ ਬੱਚਾ ਨਹੀਂ ਅਪਣੇ ਅੰਗਾਂ ਵਿਚ ਅਪਣੀ ਰੌਣਕ ਨੂੰ ਪਹਿਚਾਨ ਅਪਣੀ ਹਸਤੀ ਨੂੰ ਬੈਠਾ ਲੈ ਅਪਣੀ ਝੋਲ ਅਪਣੇ ਦਰਵਾਜ਼ੇ ਖੋਲ੍ਹ ਤੇਰੇ ਘਰ ਮੈਂ ਆਇਆ ਹਾਂ ਮੈਂ ਸ਼ਾਇਰ ਅਪਣੇ ਦਰਵਾਜ਼ੇ ਤੇ ਜਿਹੜੀ ਵੀ ਕਿਸਮਤ ਦੀ ਦਸਤਕ ਤੂੰ ਸੁਣਨੀ ਚਾਹੀ ਹੈ ਮੈਂ ਓਹੋ ਕਿਸਮਤ ਹਾਂ ਵਰਤਮਾਨ ਵਿਚ ਤੇਰਾ ਭਵਿੱਖ ਹੇ ਚਿਰਬਾਂਝ ਮੈਂ ਤੇਰੇ ਅੰਗਾਂ ਵਿਚ ਤੇਰਾ ਬਾਲਕ ਬਣ ਖੇਡਾਂਗਾ ਹੇ ਛਲੇ ਗਏ ਪ੍ਰਾਣੀ ਤੇਰੇ ਵਿਭਚਾਰੀ ਨੇ ਤੇਰੀ ਮਿੱਟੀ ਵਿਚ ਜੋ ਫ਼ਸਲ ਉਗਾਈ ਹੈ ਮੈਂ ਵਾਜ ਮਾਰ ਕੇ ਵਾਪਸ ਮੋੜ ਲਵਾਂਗਾ ਉਹ ਫ਼ਸਲ ਨਹੀਂ ਉੱਗੇਗੀ ਵਿਭਚਾਰੀ ਦੁਨੀਆਂ ਵਿਚ ਇਕ ਸੱਚ ਸਿਰਫ਼ ਮੈਂ ਜਾਣਾਂ ਹਰ ਭੋਗ ਹੰਢਾ ਕੇ ਵੀ ਮਿੱਟੀ ਹਰ ਵੇਲੇ ਕੁਆਰੀ ਹੈ ਇਹ ਸਚ ਤੇਰੇ ਪਾਣੀ ਵਿਚ ਘੋਲ ਦਿਆਂਗਾ ਹੇ ਚਿਰਵਿਯੋਗ ਜਿਸ ਸੋਹਣੇ ਸੂਰਜ ਨੂੰ ਤੂੰ ਅੰਗਾਂ ਵਿਚ ਸੁਲਗਾਣਾ ਚਾਹਿਆ ਹੈ ਉਹ ਸੂਰਜ ਨੰਗੀ ਅਗਨ ਸਹਿਤ ਤੇਰੇ ਘਰ ਆਇਆ ਹੈ ਮੈਂ ਤੈਨੂੰ ਸੁਲਗਾ ਕੇ ਤੁਰ ਜਾਵਾਂਗਾ ਤੇਰਾ ਚਾਨਣ, ਤੇਰਾ ਨਿੱਘ ਜਿਸ ਦੀ ਵੀ ਖ਼ਾਤਰ ਹੈ, ਉਸ ਨੂੰ ਹੀ ਦੇ ਦੇਵੀਂ ਜਿਸ ਦੇ ਅੰਗਾਂ ਵਿਚ ਸ਼ਾਇਰ ਦਾ ਉਦੈ ਨਹੀਂ ਹੋਇਆ ਉਸ ਦਾ ਬਾਲਕ ਮਾਤਾ ਦੀ ਗੋਦੀ ਵਿਚ ਯਤੀਮ ਉਸ ਦਾ ਪ੍ਰੇਮੀ ਉਸ ਦੇ ਅਪਣੇ ਹੀ ਅੰਗਾਂ ਵਿਚ ਅਧਰੰਗ ਜਿਹਾ ਪਲਦਾ ਹੈ ਤੇਰੀ ਦੇਹੀ ਨੂੰ ਹਰ ਫਲ ਲਗਦਾ ਹੈ ਪਰ ਬੂਰ ਕਦੇ ਨਹੀਂ ਪੈਂਦਾ ਲੈ ਆਪਣੇ ਦੁਧ 'ਚ ਖ਼ੁਸ਼ਬੋਈ ਦਾ ਬੂਰਾ ਘੋਲ ਤੇਰੇ ਘਰ ਮੈਂ ਆਇਆ ਹਾਂ ਮੈਂ ਸ਼ਾਇਰ ਦਰਵਾਜ਼ਾ ਸੰਕੋਚੀ ਹੈ, ਨਹੀਂ ਖੁਲ੍ਹਦਾ ਮੈਂ ਬਾਹਰ ਖੜਾ ਅੰਦਰ ਦੀ ਚੁਪ ਵਿਲਕਦੀ ਸੁਣਦਾ ਹਾਂ ਚੁਪ ਜਦੋਂ ਵੀ ਕਰਦੀ ਹੈ ਮੇਰੇ ਨਾਲ ਹੀ ਗੱਲ ਕਰਦੀ ਹੈ ਮੈਂ ਕੇਵਲ ਓਹੋ ਸੁਣਦਾ ਹਾਂ ਜੋ ਬੰਦਾ ਅਪਣੇ ਮਨ ਵਿਚ ਕਹਿੰਦਾ ਹੈ ਮਨ ਦੇ ਸੰਗੀਤ ਬਿਨਾਂ ਬਾਕੀ ਸਭ ਰੌਲਾ ਹੈ ਹੇ ਲਾਜਵੰਤ ਦਰਵਾਜ਼ਾ ਖੋਲ੍ਹ ਨਹੀਂ ਸਕਦੀ ਨਾ ਖੋਲ੍ਹ ਬਸ ਅਪਣੇ ਮਨ ਨੂੰ ਹਾਂ ਕਰ ਦੇ ਮੈਂ ਧੜਕਣ ਦੇ ਵਿਰਲਾਂ ਥਾਣੀਂ ਸਰਕ ਪਹੁੰਚ ਜਾਵਾਂਗਾ ਤੇਰੀ ਸੱਚੀ ਲੋਚਾ ਕੋਲ ਦਰਵਾਜ਼ੇ 'ਚੋਂ ਲੰਘਣਾ ਮੇਰੀ ਮਜਬੂਰੀ ਨਹੀਂ ਮੈਂ ਔਝੜ ਰਾਹਾਂ ਵਿਚ ਮਮਤਾ ਬਣ ਤੁਰਿਆ ਹਾਂ ਘਰ ਤੋਂ ਦੌੜੇ ਅਣਚਾਹੇ ਬਾਲਕ ਸੰਗ ਜਦ ਸੰਕੋਚੀ ਜੋਬਨ, ਚਾਦਰ ਤਾਣ ਬੁਝ ਰਹੀ ਬੱਤੀ ਵਾਂਗੂੰ ਅਪਣੇ ਧੂੰਏਂ ਵਿਚ ਧੁਖਦਾ ਹੈ ਮੈਂ ਚਾਦਰ ਚੁੱਕੇ ਬਿਨਾਂ ਸਹਿਜ ਧਰਵਾਸ ਵਾਂਗ ਉਸ ਦੇ ਅੰਗਾਂ ਨੂੰ ਲਿਪਟ ਗਿਆ ਹਾਂ ਮੇਰੇ ਹੀ ਕਾਰਣ ਬੰਦਾ ਕਦੇ ਨਹੀਂ 'ਕੱਲਾ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਅਪਣਾ ਘਰ ਸਾਫ਼ ਕਰਨ ਦੇ ਆਹਰ ਵਿਚ ਨਾ ਪਉ ਰੂਹਾਂ ਦਾ ਦੀਦਾਰ ਚਿਲਕਣੇ ਫ਼ਰਸ਼ਾਂ ਤੇ ਨਹੀਂ ਹੁੰਦਾ ਨਾ ਹੁੰਦਾ ਪਹਿਨੀ ਪਚਰੀ ਕਾਇਆ ਦੇ ਕੰਢੇ ਹੁਣ ਤਾਂ ਮੈਂ ਆ ਹੀ ਪਹੁੰਚਾ ਹਾਂ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਮੈਂ ਤੇਰੇ ਅਣਵਾਹੇ ਕੇਸਾਂ ਵਿਚ ਤੇਰੇ ਸੂਰਜ ਦੀ ਲਾਲ ਮਹਿਕ ਧਰ ਚਲਿਆਂ ਫੁਲ ਓਹੋ ਗੁੰਦੇਗਾ ਜਿਸ ਨੂੰ ਤੂੰ ਚਾਹੇਂਗੀ ਹੁਣ ਹੌਲੇ ਹੌਲੇ ਘਰ ਬੁਹਾਰ ਹੁਣ ਰੀਝ ਨਾਲ ਕਰ ਲੈ ਸ਼ਿੰਗਾਰ ਹੁਣ ਜੋ ਵੀ ਆਵੇਗਾ ਮਾਯੂਸ ਨਹੀਂ ਜਾਵੇਗਾ ਤੂੰ ਅਪਣੇ ਅੰਗਾਂ ਵਿਚ ਜਾਗ ਪਈ ਏਂ ਜਿਸ ਪਾਸੇ ਚਾਹੇ ਮਿਹਰ ਡੋਲ੍ਹ ਮੈਂ ਤੁਰ ਚਲਿਆ ਤੇਰਾ ਦੁਆਰ ਖੋਲ੍ਹ ਮੈਂ ਸ਼ਾਇਰ
ਕੁਆਰੀ ਕਪਕਪੀ
ਪਹਿਲ ਵਾਰੀਂ ਤੇਰੇ ਪਰਸਨ ਤੋਂ ਪਹਿਲਾਂ ਅਚੇਤੀ ਰੀਝ ਨੇ ਜਿਸ ਥਾਂ ਕੁਆਰੀ ਕਪਕਪੀ ਦੀ ਲੀਕ ਵਾਹੀ ਸੀ ਉਸੇ ਥਾਂ ਝੂਲਦੀ ਹੈ ਡਾਲ ਇਕ ਬਿਨ ਮੂਲ ਮੇਰੇ ਥਾਣੀ ਹਰੀ ਖ਼ੁਸ਼ਬੋ ਦੀ ਕੰਜਕ ਰੇਖ ਨਚਦੀ ਜਾ ਰਹੀ ਹੈ ਕੁਆਰੀ ਕਪਕਪੀ ਤੋਂ ਉਮਰ ਨੂੰ ਛਿਣ ਭਰ ਲਈ ਮੁਕਤੀ ਨਹੀਂ ਤੇਰੇ ਪਰਸਨ ਤੋਂ ਪਹਿਲਾਂ - ਮੈਂ ਉਡੀਕਾਂ ਵਿਚ ਖੜਾ ਹਾਂ ਫੇਰ ਆ ਪਹਿਲੇ ਪਰਸ ਨੂੰ ਨਾਲ ਲੈ ਕੇ ਡਾਲ ਤੇ ਨਿਤ-ਊਂਘਦੇ ਲੱਖ ਪੰਛੀਆਂ ਦੀ ਡਾਰ ਹੈ ਮੇਰੇ ਕੁਲ ਤਨ ਬਦਨ ਵਿਚ ਚੁਹਰ-ਚੁਹ-ਚੁਹ-ਚੁਹਰ ਦਾ ਬਾਗ਼ ਖਿੜਿਆ ਹੈ ਸਦਾ ਕੋਈ ਨਾ ਕੋਈ ਚੁੰਝ ਤਿੱਖੀ ਊਂਘਦੀ ਚੁਭਦੀ ਅਚੇਤਾ ਚੁਹਲ ਕਰਦੀ ਹੈ ਉਮਰ ਦਾ ਹਰ ਛਿਣ ਕੁਆਰੀ ਕਪਕਪੀ ਦਾ ਭੋਗ ਹੈ ਜਦੋਂ ਕੋਈ ਰੂਪ ਸੁੱਚਾ ਜਾਂ ਅਸੁੱਚਾ ਆਪਣੀ ਧੁੱਪ ਸੇਕਦਾ ਜਾਂ ਡੋਲ੍ਹਦਾ ਮੇਰੇ ਵਲੋਂ ਧਿਆਨਾ, ਬੇਧਿਆਨਾ ਲੰਘ ਜਾਂਦਾ ਹੈ ਤਾਂ ਮੇਰੀ ਊਂਘ ਦੇ ਪੈਰਾਂ ਦੇ ਹੇਠਾਂ ਚਿਣਗ ਮਘਦੀ ਹੈ ਮੇਰੇ ਅੰਦਰ ਕਰੋੜਾਂ ਪੰਛੀਆਂ ਦੀ ਫੜਫੜਾਹਟ ਤ੍ਰਭਕ ਉਠਦੀ ਹੈ ਜਿਦ੍ਹੇ ਵਿਚ ਦਿਲ ਦੀ ਧੜਕਨ ਡੋਲ੍ਹਦੀ ਡੁਲ੍ਹਦੀ ਹੋਈ ਮਹਿਸੂਸ ਹੁੰਦੀ ਹੈ ਉਦੋਂ ਮੈਂ ਅਪਣੇ ਸੈਲਾਬ ਦੇ ਵਿਚ ਗਰਕ ਜਾਂਦਾ ਹਾਂ ਮੈਂ ਅਪਣੇ ਸ਼ੋਰ ਤੋਂ ਪਲ ਭਰ ਉਭਰ ਕੇ ਰੂਪ ਨੂੰ ਆਵਾਜ਼ ਦੇਵਾਂ ਮੇਰੇ ਅੰਦਰ ਮੇਰਾ ਇਤਨਾ ਵੀ ਸਾਹ ਬਾਕੀ ਨਹੀਂ ਹੁੰਦਾ ਫਿਰ ਜਦੋਂ ਤੂਫ਼ਾਨ ਰੁਕਦਾ ਹੈ ਭਰ ਦੁਪਹਿਰਾਂ ਵਿਚ ਇਕੱਲੇ ਬਿਰਛ ਦੀ ਹਉਂ ਵਾਂਗ ਅਪਣੇ ਪਾਸ ਮੁੜਦਾ ਹਾਂ ਝੁਲਸਿਆ, ਛਾਂਦਾਰ ਭਰੇ ਰੌਲੇ 'ਚ ਸੰਝੀ ਚੁਪ ਦਾ ਟੋਟਾ ਨਾ ਜੋ ਆਵਾਜ਼ ਦੇ ਸਕਿਆ ਉਹੋ ਆਵਾਜ਼ ਮਰੀ ਸਪਣੀ ਜਹੀ ਗਲ ਵਿਚ ਲਟਕਦੀ ਹੈ ਮਰੀ ਸਪਣੀ ਦਾ ਜਿਊਂਦਾ ਡੰਗ ਅਜੇ ਤੀਕਰ ਕੁਆਰਾ ਹੈ ਮੇਰੇ ਸਾਹਾਂ ਨੂੰ ਖਹਿ ਕੇ ਜਦ ਵੀ ਸਪਣੀ ਝੂਲਦੀ ਹੈ ਮੇਰੇ ਤਨ ਵਿਚ ਕੁਆਰੀ ਕਪਕਪੀ ਫਿਰ ਤ੍ਰਭਕ ਉਠਦੀ ਹੈ ਇਕ ਚੁਹਰ-ਚੁਹ-ਚੁਹ-ਚੁਹਰ ਦਾ ਬਾਗ ਖਿੜਦਾ ਹੈ ਪਹਿਲ ਵਾਰੀਂ ਤੇਰੇ ਪਰਸਨ ਤੋਂ ਵੀ ਪਹਿਲਾਂ ਅਚੇਤੀ ਰੀਝ ਨੇ ਜਿਸ ਥਾਂ ਕੁਆਰੀ ਕਪਕਪੀ ਦੀ ਲੀਕ ਵਾਹੀ ਸੀ ਉਸੇ ਥਾਂ ਝੂਲਦੀ ਹੈ ਡਾਲ ਇਕ ਬਿਨ ਮੂਲ
ਕਵਿਤਾ
ਸਿਖ਼ਰ ਦੁਪਹਿਰਾਂ ਵਿਚ ਸੁਣਦਾ ਹਾਂ ਇਕ ਕੋਇਲ ਦਾ ਬੋਲ ਜਿਉਂ ਅਗਨੀ ਦੇ ਝੁਰਮਟ ਥਾਣੀ ਲੰਘੇ ਇਕ ਛਾਂ ਸੁਹਲ ਇਕ ਹਰਿਆ ਸੁਰ ਮਹਾਂ ਅਗਨ ਵਿਚ ਬੁਝ ਜਾਂਦਾ ਹੈ ਨਿਸਰੰਗੇ ਪਾਣੀ ਦੇ ਸੀਨੇ ਝਿਲਮਿਲ ਦੀਪ ਜਗੇ ਜਿਉਂ ਮਿਰਤਕ ਦੀ ਗੋਦੀ ਵਿਚ ਇਕ ਚਿਣਗੀ ਸਵਾਸ ਲਵੇ ਚਾਰ ਕਦਮ ਤੁਰ ਕੇ ਹੀ ਚਿਣਗੀ ਡੁਬ ਜਾਂਦੀ ਹੈ ਬਹੁਤ ਵਾਰ ਹਉਂ ਨੂੰ ਸਮਝਾਇਆ ਹਰਿਆ ਸੁਰ ਨਾ ਬੋਲ ਭਉ-ਸਾਗਰ ਵਿਚ ਮਹਾ ਨਿਗੂਣੀ ਅਗ ਦੀ ਡਲੀ ਨਾ ਘੋਲ ਪਰ ਹਉਂ ਮਰਨ ਲਈ ਜੀਂਦੀ ਹੈ ਇਕ ਛਾਂ ਅਗਨੀ ਵਿਚ ਸੜਦੀ ਹੈ ਚਿਣਗੀ ਜਲ-ਮਹੁਰਾ ਪੀਂਦੀ ਹੈ
ਨਦੀ ਕੰਢੇ
ਜਦੋਂ ਮੈਂ ਪਿਆਸ ਦੀ ਮਾਰੂ-ਥਲੀ ਅੰਗਾਂ 'ਚ ਲੈ ਕੇ ਆ ਹੀ ਪਹੁੰਚਾ, ਇਸ ਨਦੀ ਕੰਢੇ ਅਚਨਚੇਤੇ ਤਾਂ ਮੇਰੀ ਪਿਆਸ ਦਾ- ਛਿਣ ਛਿਣ ਬਦਨ ਥੱਰਰਾ ਗਿਆ ਕਿਸੇ ਬਾਲਕ ਨੇ ਜਿਉਂ - ਕੋਰੇ ਕੁਆਰੇ ਕਾਗ਼ਜ਼ਾਂ ਤੇ ਪਹਿਲ ਵਾਰੀ ਲੀਕ ਦਿਤੇ ਵਾਵਰੋਲੇ ਤੇ, ਮੈਨੂੰ ਜਾਪਿਆ ਸਗਲ ਸੰਸਾਰ ਮੇਰੀ ਪਿਆਸ ਤੇ ਕਿਰਪਾਲ ਹੋਇਆ ਹੈ ਤਰੰਗਿਤ ਅੰਗ ਲਚਕੀਲੇ ਜਿਹੇ ਸੰਕੇਤ ਨਛੋਹ ਆਵਾਜ਼ ਗੋਰੀ ਚੁਪ ਦੀ ਵੇ ਪਹਿਲੀ ਪਿਆਸ ਵਾਲੇ ਸੋਹਣਿਆਂ ਆ ਡੀਕ ਲੈ ਮੈਨੂੰ ਮੇਰਾ ਜਲ ਨਿਰਮਲਾ ਹੈ ਮੈਂ ਪਿਆਸੀ ਅੰਜੁਲੀ ਪਾਣੀ 'ਚ ਲਕ ਲਕ ਡੋਬ ਦਿਤੀ ਮੈਨੂੰ ਪਾਣੀ ਦੀ ਪਹਿਲੀ ਪਰਤ 'ਚੋਂ ਪੱਥਰ ਹੀ ਇਕ ਮਿਲਿਆ ਤਿਕੋਣਾ, ਬੇਵਜ਼ਨ, ਖ਼ਾਮੋਸ਼, ਨੰਗੇ ਅਰਥ ਵਰਗਾ ਮੇਰੇ ਕੁਝ ਕਹਿਣ ਤੋਂ ਪਹਿਲਾਂ ਨਦੀ ਵਿਚਕਾਰ ਲਹਿਰ-ਵਲ੍ਹੇਟਦੀ ਮਛਲੀ ਕੋਈ ਚਮਕੀ ਤੇ ਫਿਰ ਗੁੰਮ ਹੋ ਗਈ ਜਿਵੇਂ ਪਾਣੀ ਦੀ ਪਹਿਲੀ ਪਰਤ ਅਪਣੇ ਨੰਗ ਤੇ ਸ਼ਰਮਾ ਗਈ ਸੰਗਾਈ ਗੱਲ੍ਹ ਜਿਹਾ ਪਾਣੀ ਪਹਿਲ ਪੋਸ਼ੀ ਜਿਹਾ ਸੰਕੇਤ ਨਵੀਂ ਘਸਮਲ ਵਰਗੀ ਚੁਪ ਦੀ ਆਵਾਜ਼ : ਤੇਰੇ ਹੱਥ ਵਿਚ ਤਿਕੋਣਾ ਨੰਗ ਜੋ ਹੈ ਇਹ ਉਸ ਕਾਮੀ ਦਾ ਹੈ ਜਿਸ ਦੀ ਚੁਲੀ ਵਿਚ ਉਂਗਲਾਂ ਤੋਂ ਵਿਰਲ ਬਹੁਤੇ ਸਨ ਜਿਹਦੇ ਬੁਲ੍ਹਾਂ ਦੇ ਅਧਰਾਹੋਂ ਮੈਂ ਮੁੜ ਆਉਂਦੀ ਰਹੀ ਤਿਕੋਣਾ ਨੰਗ ਉਸ ਦਾ ਕਰੋਧ ਹੈ ਮੇਰਾ ਨਹੀਂ ਹੈ ਵੇ ਪਹਿਲੀ ਪਿਆਸ ਵਾਲੇ ਸੋਹਣਿਆਂ ਆ ਡੀਕ ਲੈ ਮੈਨੂੰ ਮੇਰਾ ਜਲ ਨਿਰਮਲਾ ਹੈ ਮੈਂ ਆਪਣੀ ਅੰਜੁਲੀ ਪਾਣੀ 'ਚ ਗਲ ਗਲ ਡੋਬ ਦਿਤੀ ਮੈਨੂੰ ਪਾਣੀ ਦੀ ਦੂਜੀ ਪਰਤ 'ਚੋਂ ਪਰਛਾਵਿਆਂ ਆਕਾਰ ਮਿਲਿਆ ਜਵਾਨੀ ਵਿਚ ਮਰੇ ਦੇ ਪ੍ਰੇਤ ਵਰਗਾ ਮੇਰੇ ਹੱਥ ਵਿਚ ਕਿਸੇ ਬਿਰਥਾ ਜਨਮ ਦੀ ਹੁਮਕ ਸੀ ਮੇਰੇ ਕੁਝ ਕਹਿਣ ਤੋਂ ਪਹਿਲਾਂ ਨਦੀ ਵਿਚਕਾਰ ਲਹਿਰ-ਹੰਗਾਲਦੀ ਤੜਪੀ ਮਗਰ-ਮੱਛੀ ਜਿਵੇਂ ਪਾਣੀ ਦੀ ਦੂਜੀ ਪਰਤ ਤਾਰੋ ਤਾਰ ਨੰਗੀ ਹੋ ਵਲਿਸਦੀ ਜਾ ਰਹੀ ਸੀ ਅਸੁਰ-ਮੱਥਿਆ ਜਿਹਾ ਪਾਣੀ ਕਿਸ ਰਾਹੂ ਜਿਹਾ ਸੰਕੇਤ ਬਿਨਾਂ ਅਧਿਕਾਰ ਅੰਮ੍ਰਿਤ ਪੀਣ ਦਾ ਸੰਘਰਸ਼ ਤੇ ਪਰਛਾਵੇਂ ਜਹੇ ਸੁਰ ਵਿਚ ਤਿੜਕਦੇ ਬੋਲ ਜੋ ਤੇਰੀ ਅੰਜੁਲੀ ਵਿਚ ਪ੍ਰੇਤ ਹੈ ਉਹ ਅਪਣੇ ਜਨਮ ਤੋਂ ਹੀ ਪ੍ਰੇਤ ਸੀ ਮੇਰੀ ਦੇਹੀ 'ਚ ਇਸ ਨੇ ਮੌਨ ਵਾਂਗੂੰ ਵਿਚਰਨਾ ਚਾਹਿਆ ਇਹਨੂੰ ਹਰ ਬੋਲ ਬਦਨਾਮੀ ਜਿਹਾ ਭੈ-ਭੀਤ ਕਰਦਾ ਸੀ ਮੈਨੂੰ ਇਸ ਦੇ ਜਿਸਮ 'ਚੋਂ ਇਕ ਮ੍ਰਿਤਕ ਦੀ ਬਾਸ ਆਉਂਦੀ ਸੀ ਇਹਦੀ ਖ਼ਾਤਰ ਚੁਲੀ ਨਾ ਬਣ ਸਕੀ ਇਹਨੂੰ ਤਨ ਅਰਪਣਾ- ਤਰਪਣ ਜਿਵੇਂ ਮਿਰਤਕ ਜਠੇਰੇ ਦਾ ਇਹ ਮੇਰੀ ਲਹਿਰ ਦੇ ਗਲ ਝੂਲ ਕੇ ਚੁਪ ਹੋ ਗਿਆ ਕਈ ਵਾਰੀ ਮ੍ਰਿਤਕ ਵੀ- ਖ਼ੁਦਕਸ਼ੀ ਦਾ ਦੰਭ ਕਰਦੇ ਨੇ ਮੇਰੀ ਦੂਜੀ ਪਰਤ ਵਿਚ ਜੋ ਹੁਮਕ ਹੈ ਮ੍ਰਿਤਕ ਦੀ ਬਾਸ ਹੈ ਮੇਰੀ ਨਹੀਂ ਹੈ ਮੇਰੇ ਜਲ ਵਿਚ ਇਹਦੀ ਛਾਂ ਘੁਲ ਗਈ ਹੈ ਅਕੀਤੇ ਕੰਮ ਦੇ ਪਸ਼ਚਾਤਾਪ ਵਰਗੀ ਵੇ ਪਹਿਲੀ ਪਿਆਸ ਵਾਲੇ ਸੋਹਣਿਆਂ ਆ ਡੀਕ ਲੈ ਮੈਨੂੰ ਮੇਰਾ ਜਲ ਨਿਰਮਲਾ ਹੈ ਮੈਂ ਆਪਣੀ ਅੰਜੁਲੀ ਪਾਣੀ 'ਚ ਨੱਕ ਨਕ ਡੋਬ ਦਿੱਤੀ ਮੈਨੂੰ ਪਾਣੀ ਦੀ ਤੀਜੀ ਪਰਤ 'ਚੋਂ— ਮਿੱਟੀ ਮਿਲੀ ਗੋਰੀ ਕਿਸੇ ਚੰਦਨ ਬਦਨ ਦੇ— ਪਹਿਲੜੇ ਸ਼ਿੰਗਾਰ ਦੇ ਵਟਣੇ ਜਹੀ ਮੈਨੂੰ ਲੱਗਾ : ਕਿਸੇ ਨੰਗੇ ਬਦਨ ਤੋਂ ਲਾਜ ਕੱਚੀ ਪੂੰਝ ਦਿੱਤੀ ਮੈਂ ਨਦੀ ਦਾ ਜਲ ਤੇ ਮੇਰੀ ਪਿਆਸ ਦੋਵੇਂ ਇਕ ਦੂਸਰੇ ਦੇ ਸਾਹਮਣੇ ਮੁਲਜ਼ਿਮ ਜਹੇ ਲੱਜਿਤ ਮੇਰਾ ਕੁਲ ਤਨ ਬਦਨ ਇਕ ਪ੍ਰਸ਼ਨ ਅਪਰਾਧੀ ਜੋ ਡਰਦਾ ਹੈ ਕਿਤੇ ਉੱਤਰ ਨ ਕੋਈ ਕੂਕ ਉੱਠੇ : ਮੈਂ ਇਸ ਸੁਨਸਾਨ ਪਾਣੀ ਦੇ ਕਿਨਾਰੇ ਆ ਗਿਆ ਸਾਂ ਇਕ ਭਰੋਸੇ ਕਿ ਨੰਗੇ ਜਲ ‘ਚ ਨੰਗੀ ਪਿਆਸ ਦਾ ਅਸ਼ਨਾਨ ਹੋਵੇਗਾ ਤਾਂ ਕੋਈ ਈਰਖਾ ਮਿਥਿਆਮੁਖੀ ਇਸ ਨੂੰ ਨ ਵੇਖੇਗੀ ਮੈਂ ਕਿਸ ਪਾਸੋਂ ਲਿਆ ਅਧਿਕਾਰ ਇਸ ਪਾਣੀ 'ਚ ਸੁੱਤੇ ਨੰਗ ਜਗਾਵਣ ਦਾ ? ਨਦੀ ਦੇ ਬੁਲ੍ਹ 'ਤੇ ਪਪੜੀ-ਜਹੀ ਇਕ ਚੁਰਮੁਰਾਈ ਉਹਦੀ ਆਵਾਜ਼ ਪੀਲੀ ਭੂਕ ਸੀ ਉਸ ਨੇ ਕਿਹਾ : ਤੇਰੇ ਹੱਥ ਵਿਚ ਜੋ ਗੋਰੀ ਵਿਲਕਣੀ ਛਿਛੜੇ-ਜਹੀ ਖੁਰਚਨ ਕਿਸੇ ਦਾ ਕੁਆਰ ਹੈ ਮੇਰਾ ਨਹੀਂ ਹੈ ਹਨੇਰੀ ਰਾਤ ਮੇਰੀ ਨੀਂਦ ਵਿਚ ਇਕ ਅਣਪਛਾਤੀ ਵਸਤ ਨੇ ਪਰਵੇਸ਼ ਕੀਤਾ ਸੀ ਜਿਹਦੇ ਵਿੱਚੋਂ ਮੈਨੂੰ ਕੋਰੇ ਜਿਸਮ ਦੀ ਬਾਸ ਆਈ ਸੀ ਪਹਿਲ ਵਾਰੀ ਕਿਸੇ ਦਾ ਜਿਸਮ ਮੇਰੀ ਨੀਂਦ ਵਿਚ ਗੰਧਲਾ ਗਿਆ ਪਹਿਲ ਵਾਰੀ ਕਿਸੇ ਦਾ ਕੁਆਰ ਕਿਸੇ ਦੀ ਦੇਹ ਦੁਆਲੇ ਲਕਸ਼ਮਣ ਰੇਖਾ ਮੈਂ ਅਣਚਾਹੀ ਲਹਿਰ ਸੰਗ ਪੂੰਝ ਦਿੱਤੀ ਹਨੇਰੀ ਰਾਤ ਦੀ ਉਹ ਅਣਪਛਾਤੀ ਵਸਤ ਕੰਡਿਆਰੀ ਜਹੀ ਪਾਣੀ 'ਚੋਂ ਅਧ-ਨਿਕਲੀ ਮੇਰੇ ਪਾਣੀ 'ਚ ਪਿਛੇ ਰਹਿ ਗਈ ਮਿੱਟੀ ਉਹਦੀ ਝਰੀਟੀ, ਨਹੁੰਦਰੀ, ਖੁਰਚੀ ਜਹੀ ਭਰੀ ਦੁਨੀਆਂ 'ਚ ਜਿਸ ਕਿਸ ਥਾਂ ਵੀ ਕੋਈ ਜਿਸਮ ਹੈ ਹਜ਼ਾਰਾਂ ਕੱਜਣਾਂ ਵਿਚ ਜੋ ਅਕੱਜਾ ਹੈ ਉਸ ਨੂੰ ਆਖੀਂ : ਤੇਰਾ ਕੱਜਣ, ਕੁਆਰੀ ਸੰਗ ਤੇਰੀ ਲਕਸ਼ਮਣ ਰੇਖਾ ਮੇਰੀ ਤੀਜੀ ਪਰਤ ਦਾ ਸ੍ਰਾਪ ਹੈ ਆ ਕੇ ਇਹਨੂੰ ਲੈ ਜਾ ਮੇਰੇ ਤਨ ਵਿਚ— ਪਰਾਏ ਸੁਟ ਗਏ ਇਤਿਹਾਸ ਅਪਣੇ ਮੇਰੀ ਹਰ ਇਕ ਪਰਤ ਵਿਚ ਕੁਝ ਨ ਕੁਝ ਐਸਾ ਮਿਲੇਗਾ ਜੋ ਮੇਰੀ ਰਚਨਾ ਨਹੀਂ ਹੈ ਜੋ ਮੇਰੇ ਵਿਚ ਬੰਦ ਹੈ ਜੋ ਮੇਰਾ ਅਪਣਾ ਨਹੀਂ ਹੈ ਵੇ ਪਹਿਲੀ ਪਿਆਸ ਵਾਲੇ ਸੋਹਣਿਆਂ ਆ ਡੀਕ ਲੈ ਜਿਸ ਕਿਸ ਜਗ੍ਹਾ ਮੇਰਾ ਜਲ ਨਿਰਮਲਾ ਹੈ ਮੈਂ ਆਪਣੀ ਪਿਆਸ ਦੀ ਮਾਰੂਥਲੀ ਅੰਗਾਂ 'ਚ ਲੈ ਕੇ ਚੁਰਾਸੀ ਤੋਂ ਖੜਾ ਹਾਂ ਇਸ ਨਦੀ ਕੰਢੇ ਸਦਾ ਚਾਹਿਆ— ਕਿ ਨਿਰਮਲ ਪਿਆਸ ਹੀ ਨਿਰਮਲ ਨਦੀ ਦਾ ਨੀਰ ਪੀਵੇ ਦਿਨੋਂ ਦਿਨ ਪਿਆਸ ਵਿਚ ਇਤਿਹਾਸ ਜੁੜਦੇ ਜਾ ਰਹੇ ਨੇ ਜੋ ਮੇਰੇ ਅਣਬੁਲਾਏ ਨੇ ਜੋ ਮੇਰੇ ਅਣਕਮਾਏ ਨੇ ਮੇਰੀ ਤੇਹ ਡਬਖੜੱਬੀ ਏ ਮੈਂ ਆਪਣੀ ਪਿਆਸ ਦੀ ਕਿਹੜੀ ਪਰਤ ਡੋਬਾਂ ਨਦੀ ਵਿਚ ਕਿਸ ਜਗ੍ਹਾ ?
ਜਲਾਵਤਨ ਧੁਪ
ਢੁੱਕੀ ਫੇਰ ਸਵੇਰ ਨਗਨ ਧੁੱਪ ਘਰ ਵਿਚ ਆਈ ਹੈ ਮੇਰੇ ਪਿੰਡੇ ਤੇ ਨਹੁੰਦਰ ਦੀ ਰੇਖ ਲਜਾਈ ਹੈ ਇਹ ਮੇਰੇ ਪਿੰਡੇ ਦੀ ਕੰਜਕ ਧੀ ਵਿਭਚਾਰਾਂ ਦੀ ਸੁਲਗ ਰਿਹਾ ਇਹ ਡੰਗ ਨੰਗ ਵਿਚ ਕਿਵੇਂ ਸਹਾਰਾਂਗੀ ਨੰਗੀ ਧੁੱਪੇ ਨੰਗ-ਮੁਨੰਗੇ ਬੋਲ ਜਨਮਦੇ ਨੇ ਏਸੇ ਖ਼ਾਤਰ ਬੂਹੇ ਰਹਿੰਦੇ ਬੰਦ ਹਰਮ ਦੇ ਨੇ ਬਾਂਦੀ ਕਹਿ ਦੇ ਏਸ ਧੁੱਪ ਨੂੰ ਬਾਹਰ ਚਲੀ ਜਾਵੇ ਰੰਗ ਮਹਲ ਵਿਚ ਧੁਪ ਜੇ ਆਵੇ ਸਤਰਬੰਦ ਆਵੇ ਨਹੀਂ ਤਾਂ ਕੁਲ ਜੰਗਲ ਨੰਗਾ ਹੈ ਉਸ ਨੂੰ ਇਸ ਦੀ ਬਹੁਤ ਲੋੜ ਹੈ
ਟੁੰਡੀ ਵਿਦਾ
ਚਲੋ ਬਿਨ ਦਸਤਪੰਜੇ ਹੀ ਵਿਦਾ ਹੋਈਏ ਮੇਰਾ ਹੱਥ ਖ਼ੁਦਕੁਸ਼ੀ ਸਦਕਾ ਰਸਮ ਤੋਂ ਮੁਕਤ ਹੈ ਖ਼ੁਦਕੁਸ਼ੀ ਕੰਢੇ ਮੈਂ ਹੱਥ ਨੂੰ ਪੁੱਛਿਆ ਸੀ ਮੇਰੀ ਖ਼ਾਤਰ ਤੂੰ ਮੇਰੇ ਦੋਸਤਾਂ ਵੱਲ ਦਸਤਪੰਜਾ ਬਣ ਕੇ ਵਧਦਾ ਸੈਂ ਤੇਰੇ ਬਿਨ ਦੋਸਤੀ ਦਾ ਕੀ ਬਣੇਗਾ ਤੇਰੀ 'ਥੇਲੀ ਤੇ ਹੁਣ ਤੀਕਰ ਲਿਖੀ ਕਿਸਮਤ ਦੀ ਰੇਖਾ ਮੇਰੇ ਬਿਨ ਏਸ ਨੂੰ ਕਿਹੜਾ ਜੀਏਗਾ ਖ਼ੁਦਕੁਸ਼ੀ ਦੇ ਅਜ਼ਮ ਵਿਚ ਪੱਕੇ ਮੇਰੇ ਹੱਥ ਨੇ ਕਿਹਾ ਮੈਂ ਤੈਨੂੰ ਦੋਸਤੀ ਦੇ ਦੰਭ ਤੋਂ ਮੁਕਤੀ ਦਿਆਂਗਾ ਖ਼ੁਦਕੁਸ਼ੀ ਬਿਨ ਕੋਈ ਵੀ ਮੁਕਤੀ ਨਹੀਂ ਮੁਮਕਿਨ ਅਪਣੇ ਤੋਂ ਪਹਿਲਾਂ ਅਪਣੀ ਕਿਸਮਤ ਮਰਨ ਦੇ ਕਿ ਤੈਨੂੰ ਜਾਚ ਆਵੇ ਬਿਕਿਸਮਤ ਜੀਣ ਦੀ ਤੈਥੋਂ ਪਹਿਲਾਂ ਜੋ ਵੀ ਸੀ ਤੇਰੇ ਲਈ ਮੈਂ ਆਪਣੇ ਨਾਲ ਉਸ ਨੂੰ ਦਫ਼ਨ ਕਰਦਾ ਹਾਂ ਅਜਨਬੀ ਧੁੱਪੇ ਬਿਕਿਸਮਤ ਗੀਤ ਆਪਣੀ ਛਾਂ ਆਪ ਸਿਰਜਣਗੇ ਚਲੋਂ ਬਿਨ ਦਸਤਪੰਜੇ ਹੀ ਵਿਦਾ ਹੋਈਏ ਮੇਰਾ ਹੱਥ ਖ਼ੁਦਕੁਸ਼ੀ ਸਦਕਾ ਰਸਮ ਤੋਂ ਮੁਕਤ ਹੈ