Dr. Harbhajan Singh ਡਾ. ਹਰਿਭਜਨ ਸਿੰਘ
ਡਾ. ਹਰਿਭਜਨ ਸਿੰਘ (੧੮ ਅਗਸਤ ੧੯੨੦ - ੨੧ ਅਕਤੂਬਰ ੨੦੦੨) ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਸਨ । ਉਨ੍ਹਾਂ ਦਾ ਜਨਮ ਲਮਡਿੰਗ,
ਅਸਾਮ ਵਿੱਚ ਮਾਤਾ ਗੰਗਾ ਦੇਈ ਅਤੇ ਪਿਤਾ ਗੰਡਾ ਸਿੰਘ ਦੇ ਘਰ ਹੋਇਆ । ਪਿਤਾ ਦੀ ਬੀਮਾਰੀ ਕਾਰਣ ਪਰਿਵਾਰ ਨੂੰ ਲਾਹੌਰ ਆਉਣਾ ਪਿਆ, ਜਿੱਥੇ ਉਨ੍ਹਾਂ ਨੇ ਗਵਾਲਮੰਡੀ ਵਿੱਚ ਦੋ ਮਕਾਨ ਖਰੀਦੇ ।
ਉਹ ਅਜੇ ਚਾਰ ਸਾਲਾਂ ਦਾ ਵੀ ਨਹੀਂ ਸੀ ਹੋਇਆ ਕਿ ਉਨ੍ਹਾਂ ਦੇ ਪਿਤਾ, ਮਾਂ ਅਤੇ ਦੋ ਭੈਣਾਂ ਦੀ ਮੌਤ ਹੋ ਗਈ। ਉਹਨਾਂ ਦੀ ਪਾਲਣਾ ਉਨ੍ਹਾਂ ਦੀ ਮਾਸੀ ਨੇ ਕੀਤੀ । ਉਹ ਇਛਰਾ, ਲਾਹੌਰ ਵਿੱਚ ਰਹਿੰਦੀ ਸੀ ।
ਹਰਭਜਨ ਸਿੰਘ ਨੇ ਉੱਚ ਸਿੱਖਿਆ ਕਾਲਜ ਜਾਣ ਬਿਨਾਂ ਹਾਸਲ ਕੀਤੀ। ਉਨ੍ਹਾਂ ਕੋਲ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਵਿੱਚ ਦੋ ਡਿਗਰੀਆਂ ਸਨ । ਉਨ੍ਹਾਂ ਦਾ ਪੀ ਐਚ ਡੀ ਥੀਸੀਸ ਗੁਰਮੁਖੀ ਲਿਪੀ ਵਿੱਚ
ਹਿੰਦੀ ਕਵਿਤਾ ਬਾਰੇ ਵਿਚਾਰ-ਵਿਮਰਸ਼ ਸੀ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ; ਕਾਵਿ ਸੰਗ੍ਰਹਿ : ਲਾਸਾਂ, ਤਾਰ ਤੁਪਕਾ, ਅਧਰੈਣੀ, ਨਾ ਧੁੱਪੇ ਨਾ ਛਾਵੇਂ, ਮੈਂ ਜੋ ਬੀਤ ਗਿਆ, ਸੜਕ ਦੇ ਸਫ਼ੇ ਉੱਤੇ, ਰਿਗਬਾਣੀ,
ਮੇਰੀ ਬੋਲੀ ਤੇਰੇ ਬੋਲ, ਟੁੱਕੀਆਂ ਜੀਭਾਂ ਵਾਲੇ, ਮੱਥਾ ਦੀਵੇ ਵਾਲਾ, ਰੁੱਖ ਤੇ ਰਿਸ਼ੀ, ਮੇਰੀ ਕਾਵਿ ਯਾਤਰਾ, ਚੌਥੇ ਦੀ ਉਡੀਕ, ਮਾਵਾਂ ਧੀਆਂ, ਨਿੱਕ ਸੁੱਕ, ਅਲਫ਼ ਦੁਪਹਿਰ, ਰੇਗਿਸਤਾਨ ਵਿੱਚ ਲੱਕੜਹਾਰਾ;
ਵਾਰਤਕ: ਨਿਰਭਉ ਨਿਰਵੈਰ (ਸਫ਼ਰਨਾਮਾ),ਪਿਆਰ ਤੇ ਪਰਿਵਾਰ, ਮੇਰੀ ਪਸੰਦ, ਧੁੱਪੇ ਬਲਦਾ ਦੀਵਾ, ਚੋਲਾ ਟਾਕੀਆਂ ਵਾਲਾ (ਸਵੈ-ਜੀਵਨੀ); ਆਲੋਚਨਾ: ਇੱਕ ਖ਼ਤ ਤੇਰੇ ਨਾਂ, ਸਾਹਿੱਤ ਸ਼ਾਸਤਰ, ਮੁੱਲ ਤੇ ਮੁਲਾਂਕਣ,
ਅਧਿਐਨ ਤੇ ਅਧਿਆਪਨ, ਰਚਨਾ-ਸੰਰਚਨਾ, ਰੂਪਕੀ, ਪਾਰਗਾਮੀ, ਪੂਰਨ ਸਿੰਘ (ਰਚਨਾ-ਵਿਰਚਨਾ) ।