ਮੁਕਬਲ ਪੰਜਾਬੀ ਕਿੱਸਾਕਾਰ ਸੀ। ਉਸ ਦਾ ਪੂਰਾ ਨਾਂ ਸ਼ਾਹ ਜਹਾਨ ਮੁਕਬਲ ਸੀ, ਪਰ ਪੰਜਾਬੀ ਸਾਹਿਤ ਵਿੱਚ ਉਹ ਮੁਕਬਲ ਨਾਂ ਨਾਲ
ਜ਼ਿਆਦਾ ਜਾਣਿਆ ਜਾਂਦਾ ਹੈ। ਮੱਧਕਾਲ ਦੇ ਬਹੁਤੇ ਕਿੱਸਾਕਾਰਾਂ ਦੀ ਤਰ੍ਹਾਂ ਮੁਕਬਲ ਦੇ ਜਨਮ ਅਤੇ ਮਰਨ ਬਾਰੇ ਵੀ ਬਹੁਤੀ ਜਾਣਕਾਰੀ ਪ੍ਰਾਪਤ
ਨਹੀਂ ਹੁੰਦੀ, ਪਰ ਉਸ ਦੇ ਆਪਣੀਆਂ ਰਚਨਾਵਾਂ ਵਿੱਚ ਦਿੱਤੇ ਕੁਝ ਸੰਕੇਤਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਜਿਵੇਂ ਕਿ ਉਸ ਦੇ ਜੰਗਨਾਮੇ
‘ਜੰਗਨਾਮਾ ਇਮਾਮ ਹਸਨ ਹੁਸੈਨ’ ਦੇ ਅੰਤਲੇ ਬੰਦ ਵਿੱਚ ਦਿੱਤਾ ਗਿਆ ਹੈ :-
ਸ਼ਹਿਰ ਜੀਕਾਦੋ ਸੱਤਵੀਂ, ਰੋਜ਼ ਦੋ ਸ਼ੰਬਾ ਪੀਰ।
ਯਾਰਾਂ ਸੈ ਲੈ ਆਠਵੀਂ, ਸੰਨ ਹਿਜਰੀ ਤਹਿਰੀਰ।
ਅਹਿਦ ਮੁਹੰਮਦ ਸ਼ਾਹ ਦਾ, ਸੰਨ ਉਨੱਤੀ ਜਾਣ।
ਇਹ ਰਿਸਾਲਾ ਜੋੜਿਆ, ਮੁਕਬਲ ਸ਼ਾਹ ਜਹਾਨ।
ਇਸ ਤੋਂ ਪਤਾ ਲਗਦਾ ਹੈ ਕਿ ਉਸਨੇ ਮੁਹੰਮਦ ਸ਼ਾਹ ਰੰਗੀਲਾ ਦੇ ਤਖਤ ਤੇ ਬੈਠਣ ਤੋਂ 29 ਸਾਲਾਂ ਬਾਅਦ ‘ਜੰਗਨਾਮਾ’ ਲਿਖਿਆ ਜੋ
ਕਿ 1717 ਈ: ਵਿੱਚ ਤਖਤ ਤੇ ਬੈਠਿਆ। ਪਰ ਪ੍ਰੋ. ਕਿਰਪਾਲ ਸਿੰਘ ਆਪਣੀ ਪੁਸਤਕ ‘ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ’ ਵਿੱਚ ਇਸ
ਦਾ ਰਚਨਾ ਕਾਲ 1747 ਈ: ਮੰਨਦਾ ਹੈ ਜਦੋਂਕਿ ਮੁਹੰਮਦ ਸ਼ਾਹ ਰੰਗੀਲਾ ਦੇ ਤਖਤ ਤੇ ਬੈਠਣ ਤੋਂ 29 ਸਾਲ ਬਾਅਦ ਸੰਨ 1746 ਈ: ਬਣਦਾ
ਹੈ।ਇਸ ਤੋਂ ਸਿੱਧ ਹੁੰਦਾ ਹੈ ਕਿ ‘ਜੰਗਨਾਮਾ’ 1746 ਈ: ਵਿੱਚ ਲਿਖਿਆ ਗਿਆ। ਇਸ ਲਈ ਮੁਕਬਲ ਦਾ ਜਨਮ 18ਵੀਂ ਸਦੀ ਦੇ ਸ਼ੁਰੂ ਵਿੱਚ
ਹੋਇਆ ਮੰਨਿਆ ਜਾ ਸਕਦਾ ਹੈ। ਮੁਕਬਲ ਦੇ ਪਿੰਡ ਜਾਂ ਸ਼ਹਿਰ ਅਤੇ ਮਾਤਾ-ਪਿਤਾ ਬਾਰੇ ਵੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ।ਉਸ
ਦੁਆਰਾ ਰਚਿਤ ਜੰਗਨਾਮੇ ਵਿੱਚੋਂ ਹੀ ਉਸ ਦੇ ਅੱਖਾਂ ਤੋਂ ਅੰਨ੍ਹਾ ਹੋਣ ਦਾ ਪਤਾ ਲਗਦਾ ਹੈ:-
ਤਖ਼ਲਸ ਏਸ ਦਾ, ਮੁਕਬਲ ਹੈ ਮਸ਼ਹੂਰ।
ਇਹ ਆਜਿਜ਼ ਹੈ ਭਾਈਓ, ਅੱਖੀਆਂ ਤੋਂ ਮਾਜੂਰ।
ਮੁਕਬਲ ਦੇ ਥਾਂ ਟਿਕਾਣੇ ਬਾਰੇ ਅਨੁਮਾਨ ਲਗਾਉਂਦੇ ਹੋਏ ਸ਼ਮਸ਼ੇਰ ਸਿੰਘ ਅਸ਼ੋਕ ਕਹਿੰਦੇ ਹਨ, “ਉਸ ਦੀ ਠੁੱਕਦਾਰ ਪੰਜਾਬੀ ਸ਼ਬਦ-ਚੋਣ
ਤੋਂ, ਜੋ ਉਸ ਨੇ ਇਨ੍ਹਾਂ ਕਿੱਸਿਆਂ ਵਿੱਚ ਵਰਤੀ ਹੈ, ਇਸ ਗੱਲ ਦਾ ਕੁਝ ਥਹੁ-ਪਤਾ ਲਗਦਾ ਹੈ ਕਿ ਉਹ ਲਾਹੌਰ, ਅੰਮ੍ਰਿਤਸਰ ਦੇ ਨੇੜੇ-ਤੇੜੇ ਹੀ ਕਿਸੇ ਥਾਂ
ਦਾ ਵਸਨੀਕ ਰਿਹਾ ਹੋਵੇਗਾ। ਮੁਮਕਿਨ ਹੈ, ਉਹ ਕਸੂਰ ਦੇ ਕਾਦਰੀ ਫਕੀਰਾਂ ਨਾਲ ਹੀ ਕੁਝ ਸੰਬੰਧ ਰੱਖਦਾ ਹੋਵੇ।”
ਮੁਕਬਲ ਦੀਆਂ ਮੁੱਖ ਰਚਨਾਵਾਂ ਹੇਠ ਅਨੁਸਾਰ ਹਨ:
1.ਕਿੱਸਾ ਹੀਰ-ਰਾਂਝਾ,
2.ਜੰਗਨਾਮਾ ਇਮਾਮ ਹਸਨ ਹੁਸੈਨ,
3.ਸੀਹਰਫ਼ੀ ਮਦਹ ਪੀਰਾਨ ਪੀਰ ਦਸਤਗੀਰ ਮਹਈਊਦੀਨ ਸਯਦ ਅਬਦੁਲ ਕਾਦਰ ਜੀਲਾਨੀ
ਇਨ੍ਹਾਂ ਵਿੱਚੋਂ ਕਿੱਸਾ ਹੀਰ-ਰਾਂਝਾ ਸਭ ਤੋਂ ਵੱਧ ਮਕਬੂਲ ਹੋਈ ਕਿਉਂਕਿ ਉਪਲੱਬਧ ਕਿੱਸਿਆਂ ਦੇ ਆਧਾਰ ਤੇ ਇਹ ਤੀਜਾ ਅਜਿਹਾ ਪੰਜਾਬੀ ਕਿੱਸਾ ਹੈ ਜਿਸ ਵਿੱਚ ਹੀਰ ਰਾਂਝੇ ਦੇ ਰੁਮਾਂਸ ਨੂੰ ਚਿਤਰਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦਮੋਦਰ ਅਤੇ ਅਹਿਮਦ ਗੁੱਜਰ ਦੁਆਰਾ ਕਿੱਸੇ ਲਿਖੇ ਜਾ ਚੁੱਕੇ ਸਨ।ਕਿੱਸਾ ਪਰੰਪਰਾ ਵਿੱਚ ਮੁਕਬਲ ਦਾ ਤੀਸਰਾ ਸਥਾਨ ਹੈ।ਇਸ ਕਿੱਸੇ ਦੁਆਰਾ ਹੀ ਵਾਰਿਸ ਦੀ ਹੀਰ ਦਾ ਆਧਾਰ ਤਿਆਰ ਹੋਇਆ। ਵਾਰਿਸ ਦੀ ਹੀਰ ਦੇ ਸੋਮਿਆਂ ਵਿੱਚ ਮੁਕਬਲ ਦੀ ਹੀਰ ਦਾ ਵਿਸ਼ੇਸ਼ ਮਹੱਤਵ ਹੈ।
ਮੁਕਬਲ ਨੇ ਆਪਣੇ ਕਿੱਸੇ ਨੂੰ ਸੰਜਮ ਵਿੱਚ ਅਤੇ ਲੋਕ-ਜੀਵਨ ਦੇ ਬੜਾ ਨੇੜੇ ਰੱਖਿਆ ਹੈ।ਇਸ ਦੀ ਭਾਸ਼ਾ ਕੇਂਦਰੀ ਪੰਜਾਬੀ ਹੈ ਅਤੇ ਇਹ ਬੈਂਤ ਛੰਦ ਵਿੱਚ ਲਿਖਿਆ ਗਿਆ ਹੈ ਜੋ ਉਸ ਤੋਂ ਬਾਅਦ ਵਾਰਿਸ ਨੇ ਵੀ ਜਾਰੀ ਰੱਖਿਆ। ਮੁਕਬਲ ਦੇ ਬੈਂਤ ਚਾਰ-ਚਾਰ ਤੁਕਾਂ ਦੇ ਜੁੱਟਾਂ ਵਿੱਚ ਹਨ, ਪਰ ਵਾਰਿਸ ਦੇ ਬੈਂਤ ਇਸ ਤੋਂ ਵੱਖਰੇ ਹਨ। ਪ੍ਰੋ. ਸੰਤ ਸਿੰਘ ਸੇਖੋਂ ਅਨੁਸਾਰ, “ਮੁਕਬਲ ਦਾ ਛੰਦ ਉੱਤੇ ਕਾਬੂ ਅਤੇ ਬੋਲੀ ਦੀ ਠੁੱਕ, ਵਾਰਿਸ ਨਾਲੋਂ ਜੇ ਕੁਝ ਵਧੇਰੇ ਨਹੀਂ, ਤਾਂ ਘੱਟ ਕਿਸੇ ਹਾਲਤ ਵਿੱਚ ਵੀ ਨਹੀਂ।” ।