Jangnama Imam Hussain : Muqbal

ਜੰਗਨਾਮਾ ਇਮਾਮ ਹੁਸੈਨ : ਮੁਕਬਲ


ਹੁਸੈਨ ਦੀ ਸ਼ਹਾਦਤ

ਚੂੜਾ ਪਹਿਨ ਰਸੂਲ ਦਾ ਬਾਪ ਦੇ ਪਹਿਨ ਹਥਿਆਰ । ਕਰ ਬਿਸਮਿੱਲਾ ਹੋਇਆ ਸ਼ਾਹ ਹੁਸੈਨ ਅਸਵਾਰ । ਧੂ ਮਿਆਨੋਂ ਮਿਸਰੀ ਬਿਜਲੀ ਦੀ ਚਮਕਾ । ਅਲੀ ਅਲੀ ਪੁਕਾਰਦਾ ਰਣ ਵਿਚ ਪਹੁਤਾ ਜਾ । ਓਥੇ ਸੈਫ਼ ਇਮਾਮ ਨੇ ਪਾਏ ਮੋੜ ਬਿਆਨ। ਲੱਗਾ ਕਰਨ ਨਸੀਹਤਾਂ ਖੋਲ੍ਹ ਫ਼ਸੀਹ ਜ਼ਬਾਨ । ਖ਼ਾਰਜੀਆਂ ਨੂੰ ਆਖਦਾ ਸੁਣੋਂ ਲਈਨੋਂ ਬਾਤ। ਚੁਣ ਚੁਣ ਮਾਰੇ ਤੁਸਾਂ ਨੇ ਜੋ ਸੱਯਦ ਦੀ ਜ਼ਾਤ । ਘੜੀ ਆਰਾਮ ਨਾ ਆਂਵਦਾ ਮੂੰਹੋਂ ਨਾ ਆਵੇ ਗੱਲ । ਸੀਨੇ ਅੰਦਰ ਰੜਕਦੀ ਲੱਗੀ ਸਾਰੀ ਸੱਲ। ਹੁਣ ਭੀ ਨਾਹੀਂ ਕੁਝ ਗਿਆ ਆਉ ਕਰੋ ਸੁਲਾਹ । ਨੀਯਤ ਨਾਮ ਖ਼ੁਦਾਇ ਦੀ ਮਨ ਲਯੋ ਇਲਹਾਹ । ਕੂਫ਼ੇ ਨਾਹੀਂ ਜਾਂਵਦਾ ਦੇਹੋ ਮਦੀਨੇ ਜਾਣ । ਜਾ ਕੇ ਬਖ਼ਸ਼ਾਂ ਜੱਦ ਨੂੰ ਪੜ੍ਹ ਪੜ੍ਹ ਪਾਕ ਕੁਰਾਨ । ਸ਼ਾਹ ਅਲੀ ਮੈਂ ਬਾਪ ਹੈ ਜੰਨਤ ਖ਼ਾਤੂੰ ਮਾ । ਨਾਨਾ ਮੇਰਾ ਮੁਸਤਫ਼ਾ ਨਾਨੀ ਹੈ ਕੁਬਰਾ। ਜੇ ਅੱਜ ਮੇਰੀ ਬੇਨਤੀ ਕਰੋ ਤੁਸੀਂ ਕਬੂਲ । ਹੋਗ ਦੀ ਦਾਰ ਖ਼ੁਦਾਇ ਦਾ ਭਰਗ ਸ਼ਫ਼ਾਤ ਰਸੂਲ। ਜਿਉਂ ਜਿਉਂ ਕਰਦਾ ਬੇਨਤੀ ਸ਼ਾਹ ਹੁਸੈਨ ਇਮਾਮ । ਤਿਉਂ ਤਿਉਂ ਚਾਮਲ ਆਂਵਦੇ ਮੂਜ਼ੀ ਅਸਲ ਹਰਾਮ । ਡਿੱਠਾ ਸ਼ਾਹ ਹੁਸੈਨ ਨੇ ਵੈਰੀ ਪਏ ਕੁਰਾਹ । ਕਰਨ ਨਸੀਹਤ ਉਨ੍ਹਾਂ ਨੂੰ ਨਾਹੀਂ ਕੁਝ ਭਲਾ । ਜ਼ਰਅਬ ਦਿਉ ਇਮਾਮ ਨੂੰ ਕਰਦਾ ਆ ਸਲਾਮ । ਹੁਕਮ ਕਰੇਂ ਤਾਂ ਖ਼ਾਰਜੀ ਚਾ ਕਰਾਂ ਕਤਲਾਮ । ਤਾਬਿਆ ਮੇਰੀ ਦਿਉ ਜਿੰਨ ਨਾਹੀਂ ਕੁਝ ਸ਼ੁਮਾਰ। ਪਲ ਵਿਚ ਮਾਰਾਂ ਘੇਰ ਕੇ ਲਸ਼ਕਰ ਸਭ ਮੁਰਦਾਰ । ਕੂਫ਼ਾ ਪੱਟ ਦਮਸ਼ਕ ਨੂੰ ਦੂਰ ਕਰਾਂ ਉਹ ਥਾਉਂ । ਕੋਈ ਨਾ ਲੈਗਾ ਸੱਯਦਾ ਖ਼ਾਰਜੀਆਂ ਦਾ ਨਾਉਂ । ਕਹਿਆ ਰੋ ਇਮਾਮ ਨੇ ਨਾਹੀਂ ਕੁਝ ਭਲਾ । ਨਜ਼ਰ ਨਾ ਆਵੇ ਉਨ੍ਹਾਂ ਨੂੰ ਹੋਵੇ ਗੱਲ ਦਗ਼ਾ । ਚਲਿਆ ਦਿਉ ਇਮਾਮ ਥੀਂ ਲੈ ਜਵਾਬ ਸ਼ਿਤਾਬ। ਰਾਜ਼ੀ ਰਹਿਣਾ ਸੱਯਦਾ ਤੇਰੀ ਬੜੀ ਜਨਾਬ । ਹਜ਼ਰਤ ਸ਼ਾਹ ਹੁਸੈਨ ਨੂੰ ਟੁਰਿਆ ਸੀਸ ਨਿਵਾ । ਰਾਜੀ ਰਹਿਣਾ ਸੱਯਦਾ ਮੈਂ ਵਿਚ ਦੋਸ ਨਾ ਕਾ । ਵੈਰੀ ਸ਼ਾਹ ਹੁਸੈਨ ਤੇ ਸਾਰੇ ਆਏ ਟੁੱਟ । ਤੀਰ ਚਲਾਵਣ ਮੀਂਹ ਜਿਉਂ ਤਰਗਸ਼ ਗਏ ਨਿਖੁੱਟ । ਸ਼ੇਰਾਂ ਵਾਂਗੂੰ ਗੱਜ ਕੇ ਰਣ ਵਿਚ ਵਿਚ ਪਿਆ ਹੁਸੈਨ । ਥਰ ਥਰ ਕੰਬੇ ਖ਼ਾਰਜੀ ਦਿਲ ਵਿਚ ਨਾਹੀਂ ਚੈਨ । ਅੱਗੇ ਮਾਰ ਇਮਾਮ ਨੇ ਦਿੱਤੀ ਫ਼ੌਜ ਹਟਾ । ਮਿਲ ਮਿਲ ਤੇਗ਼ਾਂ ਮਾਰਦਾ ਲਸ਼ਕਰ ਪਈ ਕਹਾ । ਸ਼ਾਹ ਅਲੀ ਦੇ ਲਾਡਲੇ ਜਿੱਤ ਲਿਆ ਮੈਦਾਨ। ਖ਼ਾਰਜੀਆਂ ਦੇ ਕਟਕ ਵਿਚ ਦਿੱਤਾ ਘਤ ਘਮਸਾਨ । ਪੜ੍ਹ ਬਿਸਮਿੱਲਾ ਜੁਲਫ਼ਕਾਰ ਕਰੇ ਮਿਆਨੋਂ ਵੱਖ। ਦੇਖ ਚਮਕਾਰ ਓਸਦਾ ਸੂਰਜ ਝਲਕੇ ਅੱਖ । ਕਰ ਕੇ ਨਾਰਾ ਹੈਦਰੀ ਜਾ ਖਲਾ ਮੈਦਾਨ। ਲਰਜ਼ਸ਼ ਖਾਵੇ ਪਿਰਥਮੀ ਕੰਬੇ ਧਰਤ ਤਮਾਮ । ਹੱਥ ਉਠਾਇਆ ਕਤਲ ਦਾ ਹਜ਼ਰਤ ਸ਼ਾਹ ਹੁਸੈਨ । ਨਾਲੇ ਚੱਲੇ ਰੱਤ ਦੇ ਇਕ ਹੋਇਆ ਦਿਨ ਰੈਨ। ਦਿੱਸ਼ੀ ਸੈਫ਼ ਇਮਾਮ ਦੀ ਅੰਬਰ ਗਰਦ ਗ਼ੁਬਾਰ । ਜਿਉਂ ਸਾਵਣ ਦੀ ਘਟ ਚੜ੍ਹੀ ਬਿਜਲੀ ਦੀ ਚਮਕਾਰ। ਇਤਨੇ ਮਾਰੇ ਖ਼ਾਰਜੀ ਸ਼ਾਹ ਹੁਸੈਨ ਅਸੀਲ । ਜਿੰਦਾਂ ਲੈਂਦਾ ਬਕ ਗਿਆ ਮਿਹਤਰ ਇਜ਼ਰਾਈਲ । ਜਿਉ ਬਹਾਨੇ ਖ਼ਾਰਜੀ ਛੱਡ ਚਲੇ ਮੈਦਾਨ। ਸ਼ੇਰਾਂ ਨਾਲ ਮੁਕਾਬਲਾ ਨਹੀਂ ਕਰਨ ਅਸਾਨ । ਇਤਨੇ ਕੁੱਠੇ ਖ਼ਾਰਜੀ ਕਤਲ ਇਮਾਮ ਹੁਸੈਨ । ਥਰ ਥਰ ਕੰਬਨ ਖ਼ਾਰਜੀ ਦਿਲ ਵਿਚ ਨਾਹੀਂ ਚੈਨ । ਜ਼ੋਰ ਪਿਆ ਇਮਾਮ ਦਾ ਵੈਰੀ ਹੋਏ ਬੇਚੈਨ। ਤ੍ਰੇਹ ਨੇ ਸੀਨਾ ਸਾੜਿਆ ਚਲਿਆ ਪਾਣੀ ਲੈਣ । ਪਹੁਤਾ ਲਬ ਦਰਿਆ ਤੇ ਹਜ਼ਰਤ ਸ਼ਾਹ ਹੁਸੈਨ। ਕੁਲ ਕਬੀਲਾ ਯਾਦ ਕਰ ਰੋਂਦਾ ਭਰ ਭਰ ਨੈਣ । ਸ਼ਾਹ ਅਲੀ ਦਾ ਲਾਡਲਾ ਲਗਾ ਕਰਨ ਤਜਵੀਜ਼ । ਲੱਜ਼ਤ ਏਸ ਜਹਾਨ ਦੀ ਕਿਆ ਨਕਾਰੀ ਚੀਜ਼ । ਪਾਣੀ ਪਾਣੀ ਕਰ ਮੁਏ ਭਾਈ ਬਹੁਤ ਜਵਾਨ। ਮੈਨੂੰ ਪਾਣੀ ਪੀਵਣਾ ਮੂਲੇ ਨਾਹੀਂ ਸ਼ਾਨ । ਸਾਇਤ ਲਬ ਦਰਿਆ ਤੇ ਰੋਂਦਾ ਜ਼ਾਰੋ ਜ਼ਾਰ । ਫੇਰ ਤਿਹਾਇਆ ਮਰ ਗਿਆ ਘੋੜੇ ਦਾ ਅਸਵਾਰ । ਇਕ ਰਵਾਇਤ ਹੋਰ ਭੀ ਕਰਦੇ ਮਹਿਰਮ ਰਾਜ਼ । ਦਿੱਤਾ ਪਾਕ ਇਮਾਮ ਨੂੰ ਹਾਤਫ਼ ਨੇ ਆਵਾਜ਼। ਰੋਜ਼ਾ ਰੱਖ ਇਮਾਮ ਨੂੰ ਪਾਣੀ ਚਿੱਤ ਵਿਸਾਰ । ਸ਼ਰਾਬਨ ਤਹੂਰਨ ਨਾਲ ਤੂੰ ਰੋਜ਼ਾ ਕਰ ਇਫ਼ਤਾਰ । ਹਜ਼ਰਤ ਦੀ ਅੰਗੁਸ਼ਤਰੀ ਤਦੋਂ ਇਮਾਮ ਹੁਸੈਨ। ਚੂਸੇ ਮੂੰਹ ਵਿਚ ਪਾਇ ਕੇ ਤ੍ਰੇਹ ਥੀਂ ਆਇਆ ਚੈਨ। ਪਾਣੀ ਪੀਂਦਾ ਜੇ ਕਦੀ ਹਜ਼ਰਤ ਸ਼ਾਹ ਹੁਸੈਨ । ਰੋ ਰੋ ਅਹਲਿ ਬੈਤ ਥੀਂ ਲੱਗਾ ਰੁਖ਼ਸਤ ਲੈਣ । ਸ਼ਹਿਰਬਾਨੋ ਨੂੰ ਆਖਦਾ ਆਹੀਂ ਮਾਰ ਇਮਾਮ । ਸਾਬਰ ਸ਼ਾਕਰ ਹੋਵਣਾ ਜਬਲਗ ਦਿਸੇ ਮੁਕਾਮ । ਕਰੀਂ ਨਾ ਪੁਰਜ਼ੇ ਕਪੜੇ ਕਾਲਾ ਭੇਸ ਨਾ ਮੂਲ। ਪਾ ਪਾ ਵੈਣ ਨਾ ਰੋਵਣਾ ਮੈਨੂੰ ਕਿਤੇ ਸੂਲ। ਬੀਬੀ ਕਹਿੰਦੀ ਰੋਇ ਕੇ ਸਾਡਾ ਕੀ ਅਹਿਵਾਲ । ਰੱਖਣ ਸਾਨੂੰ ਖ਼ਾਰਜੀ ਮੰਦੀ ਹਾਲਤ ਨਾਲ । ਬੀਬੀ ਨੂੰ ਫ਼ੁਰਮਾਇਆ ਹਜ਼ਰਤ ਸ਼ਾਹ ਹੁਸੈਨ । ਖ਼ਾਰਜੀਆਂ ਦੇ ਜ਼ੁਲਮ ਥੀਂ ਰੱਖੀ ਦਿਲ ਵਿਚ ਚੈਨ । ਦਿਲ ਬੇਮਿਹਰ ਯਜ਼ੀਦ ਦਾ ਕਰਸੀ ਮੋਮ ਖ਼ੁਦਾ । ਦੇਸੀ ਡੋਲੀ ਪਾਇ ਕੇ ਭੇਜ ਮਦੀਨੇ ਦਾ । ਭੀ ਫ਼ਰਜ਼ੰਦ ਅਜ਼ੀਜ਼ ਨੂੰ ਦੇਂਦਾ ਬਹੁਤ ਪਿਆਰ । ਬਖ਼ਸ਼ੇ ਉਸ ਨੂੰ ਜੱਦ ਦਾ ਖ਼ਿਰਕਾ ਤੇ ਦਸਤਾਰ । ਆਖ਼ਰ ਲੱਗਾ ਰੋਇ ਕੈ ਸੁਣ ਮੇਰੇ ਫ਼ਰਜ਼ੰਦ । ਰੱਖੀਂ ਦਿਲ ਦੇ ਕੰਨ ਕਰ ਯਾਦ ਨਸੀਹਤ ਪੰਦ । ਤੇਰੇ ਵਲ ਨਾ ਵੇਖਸੀ ਕੋਈ ਮੈਲੀ ਅੱਖ। ਖ਼ਾਤਰ ਅਪਣੀ ਜਮ੍ਹਾ ਕਰ ਯਾਦ ਨਸੀਹਤ ਰੱਖ । ਗ਼ਾਫ਼ਲ ਜ਼ਿਕਰ ਖ਼ੁਦਾਇ ਥੀਂ ਮਤ ਹੋਵੀਂ ਇਕ ਪਲ । ਕਦਮ ਰਖੀ ਵਿਚ ਮਨਜ਼ਲਾਂ ਦਿਲ ਰੱਖੀ ਹੱਕ ਵੱਲ । ਦੁੱਖ ਜ਼ਹਿਮਤ ਥੀਂ ਨਾ ਡਰਾਂ ਬਖਸ਼ੇ ਰੱਬ ਸ਼ਿਫ਼ਾ । ਮੇਰੇ ਪਿੱਛੇ ਪਾਵਸੈਂ ਚਾਲੀ ਬਰਸ ਬਕਾ। ਪਿੱਛੇ ਮੇਰੇ ਹੋਵਣਾ ਬੇਸ਼ਕ ਤੁੱਧ ਇਮਾਮ । ਲਿਖੀ ਖ਼ਿਲਾਫ਼ਤ ਲੌਹ ਪਰ ਖ਼ਾਲਕ ਤੇਰੇ ਨਾਮ । ਖ਼ਾਸ ਅਮਾਨਤ ਰੱਬ ਦੀ ਬੈਤ ਜਿਸ ਦਾ ਨਾਮ । ਮੈਂ ਸੌਂਪੀ ਜਾ ਤੁੱਧ ਨੂੰ ਰੱਖੀਂ ਹੋਸ਼ ਤਮਾਮ। ਇਹ ਸੁਖ਼ਨ ਫ਼ਰਮਾਇ ਕੇ ਪੜ੍ਹਦਾ ਫ਼ਾਤਿਹ ਖ਼ੈਰ । ਚਲਿਆ ਲੈ ਖ਼ੁਸ਼ਨੂਦੀਆਂ ਪਾ ਰਕਾਬੇ ਪੈਰ । ਫਿਰ ਦਿਲ ਅੰਦਰ ਜਾ ਪਿਆ ਡਾਢੇ ਰਖਦਾ ਮਾਰ । ਗਾਜਰ ਵਾਂਗੂ ਖ਼ਾਰਜੀ ਵੱਢੇ ਕਈ ਹਜ਼ਾਰ । ਸੱਤਰ ਜ਼ਖ਼ਮ ਇਮਾਮ ਨੂੰ ਲੱਗੇ ਆਹੇ ਕਾਰ । ਤਾੜ ਜ਼ਿਮੀਂ ਤੇ ਡਿਗ ਪਿਆ ਘੋੜੇ ਦਾ ਅਸਵਾਰ । ਡਰਦਾ ਪਾਸ ਇਮਾਮ ਦੇ ਕੋਈ ਨਾ ਸਕਦਾ ਢੁੱਕ । ਹੋ ਗਿਆ ਬੇਤਾਬ ਜਾਂ ਸਾਰੇ ਆਹੇ ਝੁੱਕ । ਸ਼ਿਮਰ ਲਈਨ ਸਿਆਹ-ਰੂ ਵੈਰੀ ਬੁਰੀ ਬਲਾ । ਬੈਠਾ ਸ਼ਾਹ ਹੁਸੈਨ ਦੇ ਸੀਨੇ ਉੱਪਰ ਆ। ਸਿਰ ਧੜ ਨਾਲੋਂ ਨਾ ਲਹੇ ਰਹਿਆ ਤੇਗ਼ਾਂ ਮਾਰ । ਡਿੱਠਾ ਸ਼ਾਹ ਹੁਸੈਨ ਨੇ ਅੱਖੀਂ ਖੋਲ੍ਹ ਪਸਾਰ । ਸੱਯਦ ਕਹਿਆ ਹੈਫ਼ ਕਰ ਕਰ ਕੁਝ ਸ਼ਰਮ ਹਯਾ । ਕਿਆ ਮੋਇਆਂ ਦਾ ਮਾਰਨਾ ਨੀਯਤ ਨਾਮ ਖ਼ੁਦਾ। ਮੈਂ ਫ਼ਰਜ਼ੰਦ ਰਸੂਲ ਦਾ ਜਿਸ ਦੀ ਉੱਮਤ ਤੂੰ । ਮੇਰਾ ਤੇਰਾ ਝਗੜਾ ਰੋਜ਼ ਕਿਆਮਤ ਨੂੰ । ਕਰ ਲੈ ਜ਼ੋਰਾ ਆਪਣਾ ਨਾਲ ਮੇਰੇ ਅੱਜ ਤੂੰ । ਮੇਰੇ ਉੱਪਰ ਵੱਗਦੀ ਤੇਗ਼ ਤੇਰੀ ਮਲਊਂ। ਜਿਸ ਦਿਨ ਕਾਜ਼ੀ ਹੋਇ ਕੇ ਮਸਨਦ ਬਹੇ ਖ਼ੁਦਾ। ਦਾਮਨ ਤੇਰਾ ਪਕੜ ਕੇ ਬਦਲਾ ਲੈਂਸਾ ਜਾ। ਗਰਦਨ ਮੇਰੀ ਮੁਸਤਫ਼ਾ ਚੁੰਮਦਾ ਸੀ ਹਰ ਰੋਜ਼ । ਤੈਂ ਤਲਵਾਰਾਂ ਮਾਰੀਆਂ ਜ਼ਰਾ ਨਾ ਕੀਤਾ ਸੋਜ਼ । ਜੇ ਤਲਵਾਰਾਂ ਮਾਰਸੈਂ ਰੋਜ਼ ਕਿਆਮਤ ਤੀਕ। ਮੇਰਾ ਵਾਲ ਨਾ ਕੱਟਸੀ ਮੁਕਬਲ ਕਹਿੰਦਾ ਠੀਕ । ਪਹਿਲੇ ਸੀਨਾ ਆਪਣਾ ਮੈਨੂੰ ਖੋਲ੍ਹ ਵਿਖਾਲ । ਪਿੱਛੋਂ ਮੇਰੀ ਕੱਟ ਕੇ ਗ਼ਰਦਨ ਹੋ ਖ਼ੁਸ਼ਹਾਲ । ਫ਼ੁਰਮਾਇਆ ਸੀ ਇਕ ਦਿਨ ਨਾਨੇ ਪਾਕ ਰਸੂਲ। ਜੋ ਸਿਰ ਤੇਰਾ ਕੱਟਸੀ ਮੂਜ਼ੀ ਨਾਮਾਕੂਲ । ਹੋਸੀ ਉਸ ਮਰਦੂਦ ਦੇ ਸੀਨੇ ਦਾਗ਼ ਸਫ਼ੈਦ । ਹੋਰ ਮਹਰੂਮ ਸਫ਼ਾਇਤੋਂ ਰਹਿਮਤ ਥੀਂ ਨਾਮੈਦ । ਸੀਨਾ ਸ਼ਿਮਰ ਪਸਾਰਿਆ ਡਿੱਠਾ ਸ਼ਾਹ ਹੁਸੈਨ । ਜਿਉਂ ਕਹਿਆ ਸੀ ਮੁਸਤਫ਼ਾ ਡਿੱਠਾ ਤਿਵੇਂ ਬਐਨ । ਸੀਨਾ ਵੇਖ ਲਈਨ ਦਾ ਲਿਆਇਆ ਸ਼ੁਕਰ ਬਜਾ । ਮੂੰਹ ਦੇ ਪਰਨੇ ਹੋ ਪਿਆ ਹੋ ਕੇ ਕਿਬਲੇ ਦਾ । ਸ਼ਿਮਰ ਇਮਾਮ ਹੁਸੈਨ ਦੀ ਮੁੰਡੀ ਕੱਟ ਲਈ । ਪਈ ਅਰਸ਼ ਨੂੰ ਥਰਥਰੀ ਕੁਰਸੀ ਕੰਬ ਗਈ । (ਇਹ ਰਚਨਾ ਅਧੂਰੀ ਹੈ)

ਜੰਗਨਾਮਾ ਇਮਾਮ ਹੁਸੈਨ : ਸ਼ਾਹ ਜਹਾਨ ਮੁਕ਼ਬਲ - ਗੁਰਦੇਵ ਸਿੰਘ

ਇਹ ਜੰਗਨਾਮਾ (ਮੁਕ਼ਬਲ) 1159-60 ਹਿਜਰੀ ਦੀ ਰਚਨਾ ਹੈ। ਮੌਲਾ ਬਖ਼ਸ਼ ਕੁਸ਼ਤਾ ਨੇ ਇਸ ਜੰਗਨਾਮੇ ਬਾਰੇ ਟਿੱਪਣੀ ਕਰਦਿਆਂ ਲਿਖਿਆ ਹੈ ਕਿ, 'ਜੰਗਨਾਮਾ ਕਰੁਣਾ ਰਸ ਦਾ ਸੋਹਣਾ ਨਮੂਨਾ ਏ, ਬਿਆਨ ਦੀ ਸਾਦਗੀ', ਸੋਜ਼ ਤੇ ਰਵਾਨੀ ਏ, ਤਸ਼ਬੀਹਾਂ ਤੇ ਇਸਤਿਆਰੇ ਢੁੱਕਵੇਂ ਤੇ ਰੱਜਵੇਂ, ਫ਼ਾਰਸੀ ਦੇ ਲਫ਼ਜ਼ ਥਾਂ ਸਿਰ ਚੰਗੇ ਵਰਤੇ ਹਨ - ਕਾਸਮ ਦੀ ਲੋਥ ਤੇ ਨਵੀਂ ਵਿਆਹੀ ਵਿਧਵਾ ਵੈਣ ਕਰਦੀ ਏ : 'ਸਾਈਆਂ ਤੇਰੀ ਸੇਜ 'ਤੇ, ਮੂਲ ਨ ਸੁੱਤੀ ਸੁਖ। ਕੇਹਾ ਲਾਇਆ ਰੱਬ ਨੇ, ਮੈਨੂੰ ਡਾਢਾ ਦੁਖ। ਲੋਹੜਾ ਕੇਹਾ ਵਰਤਿਆ, ਮੈਂ ਤੱਤੀ ਦੇ ਭਾਅ। ਇਕ ਇਕੱਲ ਮੈਂ ਰਹੀ, ਚਲਾ ਗਿਆ ਨੌਸ਼ਾਹ। ਇਹ ਦੁੱਖ ਸਾਰੀ ਉਮਰ ਦਾ, ਕੱਟਣ ਹੋਇਆ ਮੁਹਾਲ। ਬੀਬੀ ਆਹੀਂ ਮਾਰਦੀ, ਹਾਲੋਂ ਹੋ ਬੇਹਾਲ।' ਇਮਾਮ ਹੁਸੈਨ ਦੀ ਬੀਵੀ ਨੇ ਆਪ ਨੂੰ ਭੁਲੇਖੇ ਨਾਲ ਜ਼ਹਿਰ ਪਿਆਲਾ ਦੇ ਦਿੱਤਾ ਤੇ ਪਤੀ ਦਾ ਬੁਰਾ ਹਾਲ ਦੇਖ ਕੇ ਪਛਤਾਈ ਤੇ ਕੁਰਲਾਈ : 'ਲੱਕੜੀ ਹੋਵਾਂ ਜਲ ਬੁਝਾਂ, ਲੂਣ ਹੋਵਾਂ ਗਲ ਜਾਂ। ਤੇਰੀ ਜੰਮਣ-ਰਾਤ ਤੋਂ, ਸਾਈਆਂ ਬਲ ਬਲ ਜਾਂ। ਨ ਤੂੰ ਹੋਇਓਂ ਜ਼ਖ਼ਮੀ, ਨ ਤੁਧ ਕੁਝ ਹੋਇਆ। ਕੇਹਾ ਲੋਹੜਾ ਵਰਤਿਆ, ਮੈਂ ਤੱਤੀ ਦੇ ਭਾਅ। ਸਾਈਆਂ ਜੇ ਮੈਂ ਜਾਣਦੀ, ਕੌਲੀ ਦੇ ਵਿਚ ਜ਼ਹਿਰ। ਖਾ ਕੇ ਮਰਦੀ ਆਪ ਮੈਂ, ਇਉਂ ਹੁੰਦਾ ਇਹ ਕਹਿਰ। ਪੈਰ ਕੁਹਾੜਾ ਮਾਰਿਆਂ ਮੈਂ ਤੱਤੀ ਨੇ ਆਪ। ਸਾਰੀ ਉਮਰ ਨ ਵੰਜਸੀ; ਮੇਰੇ ਦਿਲੋਂ ਸੰਤਾਪ।' ਸੁਫ਼ਨੇ ਵਿਚ ਇਮਾਮ ਹੁਸੈਨ ਦੀ ਬੀਬੀ ਸ਼ਹਰ ਬਾਨੋ ਨੇ ਵੇਖਿਆ ਹਜ਼ਰਤ ਬੀਬੀ ਫ਼ਾਤਮਾ ਇਕ ਜੰਗਲ ਵਿਚ ਬੌਕ੍ਹਰ (ਝਾੜੂ) ਦੇ ਰਹੇ ਹਨ। ਇਨ੍ਹਾਂ ਪੁੱਛਿਆ ਤੇ ਬੀਬੀ ਫ਼ਾਤਮਾ ਨੇ ਫ਼ਰਮਾਇਆ : ਕਹਿਆ ਬੀਬੀ ਫ਼ਾਤਮਾ, 'ਸੁਣ ਤੂੰ ਮੇਰੀ ਧੀ। ਉਮਰ ਇਮਾਮ ਹੁਸੈਨ ਦੀ, ਸਾਰੀ ਪੁਜ ਰਹੀ। ਭਲਕੇ ਮੇਰਾ ਲਾਡਲਾ, ਸ਼ਾਹ ਹੁਸੈਨ ਇਮਾਮ। ਤਾਜ਼ੀ ਘੋੜੇ ਉਪਰੋਂ, ਡਿੱਗੇ ਇਤ ਮਕ਼ਾਮ। ਕਰਨੀ ਹਾਂ ਇਸ ਜਗ੍ਹਾ ਥੀਂ, ਰੋੜੇ ਕੰਕਰ ਦੂਰ। ਮਤ ਕੋਈ ਚੁਭੇ ਇਸ ਨੂੰ, ਤਨ ਹੋਵੇ ਰੰਜੂਰ।' ਜ਼ੈਨਬ ਦਾ ਵਿਰਲਾਪ ਚਿਤ੍ਰਦਿਆਂ ਕਿਹਾ ਹੈ : ਜ਼ੈਨਬ ਆਹੀਂ ਮਾਰੀਆਂ ਨਾਲੇ ਆਪ ਕਲਸੂਮ। ਵੀਰਾ ਸਾਨੂੰ ਕਰ ਗਇਓਂ ਨਿਮਾਣਿਆਂ ਤੇ ਮਜ਼ਲੂਮ। ਬੀਬੀ ਚੂੜਾ ਭੰਨਿਆ ਪੱਟ ਪੱਟ ਸੁੱਟੇ ਵਾਲ। ਸਈਆਂ ਕਰ ਕਰ ਪਲਟਦੀ ਚੀਕਾਂ ਮਾਰ ਬੇਹਾਲ। ਮਾਰ ਤਮਾਂਚੇ ਕਹਿਰ ਦੇ ਮੂੰਹ 'ਤੇ ਪਾਏ ਨੀਲ। ਬਾਲ ਰੰਡੇਪਾ ਆ ਗਇਆ, ਮੌਲਾ ਰੱਖੇ ਅਸੀਲ। ਨੱਕੋਂ ਨੱਥ ਉਤਾਰ ਕੇ ਕਹਿੰਦੀ ਕਰ ਕਰ ਵੈਣ। ਰੰਡਾ ਡੇਰਾ ਕਰ ਗਇਓਂ ਦੂਲ੍ਹੋ ਸ਼ਾਹ ਹੁਸੈਨ। ਜੰਗਨਾਮਾ ਫ਼ਾਰਸੀ ਮਸਨਵੀ ਬਹਿਰ ਵਿਚ ਹੈ। ਜੰਗਨਾਮੇ ਦੇ ਅਖ਼ੀਰ ਵਿਚ ਕਵੀ ਨੇ ਲਿਖਤ ਸਾਲ ਦਿੱਤਾ ਏ : ਸ਼ਹਿਰ ਜ਼ੀਕ਼ਾਅਦੂੰ ਰੋਜ਼ ਦੋ ਸ਼ੰਬਹ ਪੀਰ। ਯਾਰਾਂ ਸੈ ਤੇ ਅਠਵੀਂ ਹਿਜਰੀ ਕਰ ਤਹਿਰੀਰ। ਅਹਿਦ ਮੁਹੰਮਦ ਸ਼ਾਹ ਦਾ ਸੰਨ ਉਣੱਤੀ ਜਾਣ। ਇਸ ਰਸਾਲਾ ਜੋੜਿਆ ਮੁਕ਼ਬਲ ਸ਼ਾਹ ਜਹਾਨ। ਮੌਲਾਬਖ਼ਸ਼ ਕੁਸ਼ਤਾ ਅਨੁਸਾਰ, 'ਏਸ ਵਿਚ ਕਿਤਾਬਤ ਦੀ ਭੁੱਲ ਜਾਪਦੀ ਏ। 1108 ਹਿਜਰੀ ਵਿਚ ਔਰੰਗਜ਼ੇਬ ਰਾਜ ਕਰਦਾ ਸੀ। ਮੁਹੰਮਦ ਸ਼ਾਹ ਦਾ ਉਣੱਤੀਸਵਾਂ ਸੰਨ ਜਲੂਸ, ਜਿਸ ਦਾ ਕਵੀ ਨੇ ਜਿਕਰ ਕੀਤਾ ਏ 1159-60 ਹਿਜਰੀ ਵਿਚ ਹੋਇਆ ਤੇ ਉਹ ਆਪ (ਮੁਹੰਮਦ ਸ਼ਾਹ) 1161 ਹਿਜਰੀ ਵਿਚ ਫ਼ੌਤ ਹੋ ਗਿਆ। ਬਾਵਾ ਬੁਧ ਸਿੰਘ ਨੇ 1160 ਹਿ. ਤੇ ਪੰਡਤ ਬਨਾਰਸੀ ਦਾਸ ਐਮ. ਏ. 1159 ਹਿ. ਠੀਕ ਮੰਨਦੇ ਹਨ ਸੋ 'ਯਾਰ੍ਹਾਂ ਤੇ ਸੱਠਵੇਂ' ਹੋਣਾ ਚਾਹੀਦਾ ਏ।' ਜੰਗਨਾਮੇ ਦੇ ਆਰੰਭ ਵਿਚ ਮੁਕਬਲ ਨੇ ਖ਼ੁਦਾ ਤੋਂ ਤੌਫ਼ੀਕ਼ ਮੰਗੀ ਤਾਕਿ ਉਹ ਫ਼ਜ਼ਲ ਕਰੇ ਤੇ ਉਸ ਨੂੰ ਤਹਿਕ਼ੀਕ਼ ਕਰ ਸਕਣ ਦੀ ਸਮਰਥਾ ਦੇਵੇ : ਬਾਰ ਖ਼ੁਦਾਇਆ ਫ਼ਜ਼ਲ ਕਰ, ਦੇ ਮੈਨੂੰ ਤੋਫ਼ੀਕ਼। ਕਿੱਸਾ ਹਸਨ ਹੁਸੈਨ ਦਾ, ਜੋੜਾਂ ਮੈਂ ਤਹਿਕ਼ੀਕ਼। ਮੁਕ਼ਬਲ ਨੇ ਜੰਗਨਾਮੇ ਦੇ ਆਰੰਭ ਵਿਚ ਇਕ ਰੌਚਕ ਘਟਨਾ ਦਾ ਬਿਆਨ ਕੀਤਾ ਹੈ ਕਿ ਹਜ਼ਰਤ ਮੁਹੰਮਦ ਨੇ ਇਕ ਦਿਨ ਮਆਵੀਆ ਨੂੰ ਕਿਹਾ ਕਿ ਤੇਰੀ ਔਲਾਦ ਮੇਰੇ ਅਹਲ ਦੀ ਕ਼ਾਤਿਲ ਹੋਵੇਗੀ। ਮਆਵੀਆ ਹਜ਼ਰਤ ਨਾਲ ਬਹੁਤ ਮੁਹੱਬਤ ਕਰਦਾ ਸੀ। ਉਸ ਨੇ ਨਿਸਚਾ ਕਰ ਲਿਆ ਕਿ ਉਹ ਆਪਣੀ ਪਤਨੀ ਨਾਲ ਕਾਮ ਸੰਬੰਧ ਹੀ ਨਹੀਂ ਰੱਖੇਗਾ ਪਰ ਕੁਝ ਚਿਰ ਮਗਰੋਂ ਇਕ ਅਜਿਹੇ ਰੋਗ ਵਿਚ ਗ੍ਰਸਿਆ ਗਿਆ ਜੋ ਸੰਭੋਗ ਦੁਆਰਾ ਹੀ ਦੂਰ ਹੋ ਸਕਦਾ ਸੀ। ਉਸ ਨੇ ਆਪਣੀ ਨੌਕਰਾਣੀ ਨਾਲ ਕੀਤੇ ਸੰਭੋਗ ਦੇ ਫਲਸਰੂਪ ਯਜ਼ੀਦ ਦਾ ਜਨਮ ਹੋਇਆ ਸੀ ਜਿਸ ਨੇ ਹਸਨ ਦਾ ਕ਼ਤਲ ਕਰਵਾਇਆ। ਬਾਕੀ ਕਹਾਣੀ ਉਹ ਹੈ ਜੋ ਦੂਜਿਆਂ ਜੰਗਨਾਮਿਆਂ ਵਿਚ ਉਪਲਬਧ ਹੈ। ਹਜ਼ਰਤ ਹਸਨ ਦੀ ਜ਼ਹਿਰ ਖਾ ਲੈਣ ਮਗਰੋਂ ਦੀ ਤਰਸਯੋਗ ਦਸ਼ਾ : ਟੁਕੜੇ ਹੋਇਆ ਕਾਲਜਾ, ਮੂੰਹ ਥੀਂ ਚੱਲਿਆ ਖ਼ੂੰ। ਕਲਮਲ ਆਈ ਜਿੰਦੜੀ, ਚਿਣਗ ਪਈ ਵਿਚ ਰੂੰ। ਤਨ ਵਿਚ ਤਾਕਤ ਨਾ ਰਹੀ, ਟੰਗੀਂ ਰਿਹਾ ਨਾ ਜ਼ੋਰ। ਤਾੜ ਜ਼ਿਮੀਂ 'ਤੇ ਢਹਿ ਪਿਆ, ਹਰਮਾਂ ਕੀਤਾ ਸ਼ੌਰ। ਰੁੰਨੀ ਚੀਕਾਂ ਮਾਰ ਕੇ, ਬੀਬੀ ਬੇਦਿਲ ਹੋਇ। ਦੀਵਾ ਗੁਲ ਹੋ ਚਲਿਆ, ਮੱਧਮ ਹੋਈ ਲੋਇ। ਇਮਾਮ ਹੁਸੈਨ ਤੇ ਉਸ ਦੇ ਸਾਥੀ ਸ਼ਹੀਦ ਹੋ ਜਾਂਦੇ ਹਨ ਤਾਂ ਚੌਦਾਂ ਤਬਕ਼ ਵਿਰਲਾਪ ਕਰਦੇ ਜਾ ਰੌਂਦੇ ਹਨ : ਸੱਤ ਜ਼ਮੀਨਾਂ ਰੁੰਨੀਆਂ, ਰੁੰਨੇ ਨੌ ਅਸਮਾਨ, ਰੁੰਨੀ ਸਾਰੀ ਪ੍ਰਿਥਵੀ, ਹਿੰਦੂ ਮੁਸਲਮਾਨ। ਰੁੰਨੀ ਚਿੜੀ ਚਿੜੰਮਣੀ, ਰੁੰਨੇ ਸੂਰਜ ਚੰਦ। ਨਾਲੇ ਨਦੀਆਂ ਰੁੰਨੀਆਂ, ਵਗਣੋਂ ਹੋਈਆਂ ਬੰਦ। ਅਖ਼ੀਰ ਉੱਤੇ ਮੁਕਬਲ ਜੰਗ ਦੀ ਨਿਖੇਧੀ ਕਰਦਾ ਹੈ ਤੇ ਸਾਰੀ ਲੋਕਾਈ ਲਈ ਅਮਨ ਤੇ ਸ਼ਾਂਤੀ ਦੀ ਪਰਿਕਲਪਨਾ ਕਰਦਾ ਹੈ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਮੁਕਬਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ