Munajat : Hashim Shah
ਮੁਨਾਜਾਤ : ਹਾਸ਼ਿਮ ਸ਼ਾਹ
1
ਤੁਮ ਬਖਸ਼ੋ ਫ਼ਕਰ ਫ਼ਕੀਰਾਂ ਨੂੰ, ਤੁਮ ਦਿਓ ਕਰਾਮਤ ਪੀਰਾਂ ਨੂੰ ।
ਤੁਮ ਸ਼ਾਦ ਕਰੋ ਦਿਲਗ਼ੀਰਾਂ ਨੂੰ, ਤੁਮ ਦਿਓ ਖਲਾਸ ਅਸੀਰਾਂ ਨੂੰ ।
ਤੁਮ ਫ਼ਰਸ਼ ਜ਼ਿਮੀਂ ਪਰ ਆਏ ਹੋ, ਦੁਖ ਦੂਰ ਕਰਨ ਦੁਖਿਆਰਾਂ ਦੇ ।
ਤੁਮ ਬੰਦੀਵਾਨ ਛੁਡਾਵੋ ਜੀ, ਨਿਤ ਤੋੜ ਜੰਜ਼ੀਰ ਹਜ਼ਾਰਾਂ ਦੇ ।
ਤੁਮ ਤਾਰਨਹਾਰ ਪਲੀਦਾਂ ਨੂੰ, ਹੁਣ ਭਾਗ ਭਲੇ ਬਦਕਾਰਾਂ ਦੇ ।
ਫ਼ਰਯਾਦ ਸੁਣੋ ਇਸ ਹਾਸ਼ਮ ਦੀ, ਹਰ ਸਿਰ ਲਾਚਾਰ ਲਚਾਰਾਂ ਦੇ ।
ਯਾ ਹਜ਼ਰਤ ਗ਼ੌਸੁਲ ਆਜ਼ਮ ਜੀ ।
2
ਧਿਆਨ ਧਰੋਂ ਦੁਖ ਦੂਰ ਕਰੋ ਸਭ, ਤੋੜ ਉਤਾਰ ਜੰਜ਼ੀਰ ਅਸੀਰਾਂ ।
ਔਗੁਣਹਾਰ ਕੀ ਸਾਰ ਲਓ, ਹੋਰ ਜਾਨ ਕੀ ਮਾਫ਼ ਕਰੋ ਤਕਸੀਰਾਂ ।
ਤੇਰਾ ਵਲੀ ਫ਼ਰਜ਼ੰਦ ਅਲੀ ਸਰਦਾਰ, ਦੋ ਆਲਮ ਕੇ ਸਿਰ ਪੀਰਾਂ ।
ਦਾਤ ਦਿਓ ਫ਼ਰਿਆਦ ਕਰੇ, ਕਿ ਹਾਸ਼ਮ ਸ਼ਾਹ ਕਹੇ ਯਾ ਮੀਰਾਂ !
3
ਯਾ ਪੀਰ ! ਸੁਣੋ ਫ਼ਰਿਆਦ ਮੇਰੀ, ਮੈਂ ਅਰਜ਼ ਗੁਨਾਹੀ ਕਰਦਾ ਹਾਂ ।
ਦੁਖ ਲਾਖ ਲਖੀਂ ਸੁਖ ਏਕ ਰਤੀ, ਮੈਂ ਪੈਰ ਉਤੇ ਵਲਿ ਧਰਦਾ ਹਾਂ ।
ਵਿਚ ਲੋਕ ਹੋਇਆ ਬੁਰਿਆਰ ਬੁਰਾ, ਸਭ ਜਾਨ ਜਿਗਰ ਵਿਚ ਜਰਦਾ ਹਾਂ ।
ਹੁਣ ਡੁਬ ਰਿਹਾਂ ਵਿਚ ਫ਼ਰਕ ਨਹੀਂ, ਜੇ ਤਾਰੋ ਤਾਂ ਮੈਂ ਤਰਦਾ ਹਾਂ ।
ਕੀ ਹੋਗੁ ਅਹਿਵਾਲ ਗੁਨਾਹੀ ਦਾ, ਮੈਂ ਅਮਲ ਬੁਰੇ ਨਿਤ ਕਰਦਾ ਹਾਂ ।
ਫੜ ਬਾਂਹ ਬਚਾਓ ਹਾਸ਼ਮ ਨੂੰ, ਯਾ ਪੀਰ ! ਮੇਰੇ, ਮੈਂ ਡਰਦਾ ਹਾਂ ।
4
ਸਭ ਹਾਲ ਤੁਸਾਂ ਨੂੰ ਜ਼ਾਹਿਰ ਹੈ, ਜਿਸ ਤੌਰ ਮੇਰਾ ਨਿਤ ਜਾਲਣ ਹੈ ।
ਤਨ ਗ਼ਮ ਥੀਂ ਤਪ ਤਨੂਰ ਹੋਇਆ, ਵਿਚ ਖੁਸ਼ਕ ਹੱਡਾਂ ਦਾ ਬਾਲਣ ਹੈ ।
ਗ਼ਮ ਖਾਵੇ ਰੋਜ਼ ਕਲੇਜੇ ਨੂੰ, ਹੋਰ ਨਾਲ ਸਬਰ ਦਾ ਸਾਲਣ ਹੈ ।
ਕੁਛ ਹੋਸ਼ ਨ ਐਸ ਹਯਾਤੀ ਦਾ, ਹਰ ਹਾਲ ਘੜੀ ਪਲ ਟਾਲਣ ਹੈ ।
ਕੀ ਹੋਗੁ ਅਹਿਵਾਲ ਗੁਨਾਹੀਂ ਦਾ, ਮੈਂ ਅਮਲ ਬੁਰੇ ਨਿਤ ਕਰਦਾ ਹਾਂ ।
ਫੜ ਬਾਂਹ ਬਚਾਓ ਹਾਸ਼ਮ ਨੂੰ, ਯਾ ਪੀਰ ਮੇਰੇ ਮੈਂ ਡਰਦਾ ਹਾਂ ।