Mukhbandh -Haashie Ton Bina : Dr. Diwan Singh

ਮੁਖਬੰਧ-ਹਾਸ਼ੀਏ ਤੋਂ ਬਿਨਾਂ : ਡਾ: ਦੀਵਾਨ ਸਿੰਘ

-1-

ਸੰਗੀਤ ਤੇ ਗ਼ਜ਼ਲ ਲਗਾਤਾਰ ਰਿਆਜ਼ ਦੀ ਮੰਗ ਕਰਦੇ ਹਨ, ਉਹ ਰਿਆਜ਼ ਜੋ ਕਮਾਲ ਤੇ ਪੁੱਜ ਕੇ ਸਹਿਜ ਹੋ ਜਾਂਦਾ ਹੈ ।

ਗ਼ਾਲਿਬ ਨੇ ਕਿਹਾ ਹੈ ਕਿ ਕਵਿਤਾ ਦੀ ਸ਼ਮਾਂ ਦੀ ਚਮਕੀਲੀ ਸੁੰਦਰਤਾ (ਬਹੁਤ) ਦੂਰ ਦੀ ਗੱਲ ਹੈ, ਪਹਿਲਾਂ ਕੋਈ (ਮੋਮ ਵਾਂਗ) ਪਿਘਲਿਆ ਹੋਇਆ ਦਿਲ ਪੈਦਾ ਕਰੇ ।

ਮੈਂ ਪਰਤੀਤ ਕੀਤਾ ਹੈ ਕਿ ਦੇਵਿੰਦਰ ਜੋਸ਼ ਦੀ ਗ਼ਜ਼ਲ ਦਾ ਹੁਸਨ ਵੀ ਇਕ ਪਿਘਲੇ ਹੋਏ ਦਿਲ ਦੀ ਪੈਦਾਵਾਰ ਹੈ । ਤਾਂ ਹੀ ਸ਼ਾਇਦ ਉਸ ਨੇ ਆਪਣਾ ਤਖੱਲਸ 'ਜੋਸ਼' ਰਖਿਆ ਹੈ, ਕਿਉਂਕਿ ਉਸ ਦੇ ਦਿਲ ਵਿਚ ਭਾਵਾਂ ਦੀ ਹਲਚਲ ਹੈ, ਜਜ਼ਬੇ ਦਾ ਜੋਸ਼ ਹੈ, ਅਨੁਭਵ ਦੀ ਗਰਮੀ ਹੈ, ਸਿਰਜਣਾ ਦਾ ਉਤਸ਼ਾਹ ਤੇ ਉਮਾਹ ਹੈ ।

ਮਿਲਟਨ ਨੇ ਕਵਿਤਾ ਦੇ ਦੋ ਵੱਡੇ ਗੁਣ ਨਿਸ਼ਚਿਤ ਕੀਤੇ ਹਨ ਉਨ੍ਹਾਂ ਵਿਚ ਜੋਸ਼ ਦੀ ਪ੍ਰਬਲਤਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ । ਮੈਂ ਆਪਣੀ ਇਕ ਗ਼ਜ਼ਲ ਦਾ ਮਕਤਾ (ਆਖਰੀ ਸ਼ਿਅਰ) ਇਸੇ ਵਿਸ਼ੇ ਤੇ ਲਿਖਿਆ ਹੈ : ਕਵੀ ਦੇ ਦਿਲ ਵਿਚ ਭਾਵਾਂ ਦੀ ਹਲਚਲ ਮੱਚੀ ਰਹਿੰਦੀ ਹੈ, ਉਹ ਭਾਵ ਜਿਨ੍ਹਾਂ ਦੇ ਖ਼ਮੀਰ ਵਿਚੋਂ ‘ਉੱਚੀ ਮਨੁੱਖਤਾ’ ਦੀ ਸਿਰਜਣਾ ਦੇ ਸੋਮੇਂ ਫੁਟਦੇ ਹਨ । ਕਵੀ ਜਦ ਕਵਿਤਾ ਦੇ ਸੁੰਦਰ ਸੱਚੇ ਵਿਚ ਇਨ੍ਹਾਂ ਭਾਵਾਂ ਨੂੰ ਢਾਲ ਕੇ 'ਸੁਰਖਰੂ' ਹੋ ਜਾਂਦਾ ਹੈ ਤਾਂ ਉਸ ਦਾ ਦਿਲ ਸ਼ਾਂਤ ਤੇ ਸੰਤੁਸ਼ਟ ਹੋ ਜਾਂਦਾ ਹੈ । ਉਹ ਸ਼ਿਅਰ ਇਹ ਹੈ :

ਭਾਵਾਂ ਦਾ ਤੂਫਾਨ ਖੜਾ ਸੀ
ਕਹਿ ਕੇ ਸ਼ਿਅਰ ਖਲਾਸੀ ਹੋਈ ।

- 2 -

ਗ਼ਜ਼ਲਕਾਰ ਜਿਥੇ ਇਕ ਭਾਵ-ਜਗਤ ਦੀ ਅਦਭੁਤ ਸਿਰਜਣਾ ਕਰਨ ਦੇ ਸਮਰਥ ਹੁੰਦਾ ਹੈ, ਉਥੇ ਉਹ ਇਕ ਅਸੀਮ ਤੇ ਅਨੰਤ ਕਲਪਨਾ-ਸੰਸਾਰ ਰਚ ਕੇ ਆਪਣੀ ਕਾਵਿ-ਸ਼ਖਸੀਅਤ ਦੇ ਵਿਰਾਟ ਪਸਾਰੇ ਦਾ ਸਬੂਤ ਪੇਸ਼ ਕਰਦਾ ਹੈ । ਪਤਾ ਨਹੀਂ ਕਿਥੋਂ ਕਿਥੋਂ ਖਿਆਲ ਤੇ ਮਜ਼ਮੂਨ ਲੱਭ ਕੇ ਲਿਆਉਂਦਾ ਹੈ । ਉਸ ਦੇ ਅੰਦਰ ਕੋਈ ਅਗੰਮੀ ਤੇ ਅਮੁਕ ਸੋਮਾ ਹੈ ਜਿਸ ਦੀ ਗਹਿਰਾਈ ਦਾ ਖੁਦ ਉਸ ਨੂੰ ਪਤਾ ਨਹੀਂ ਲਗਦਾ। 'ਆਤੇ ਹੈਂ ਗੈਬ ਸੇ ਯਹ ਮਜ਼ਾਮੀਂ ਖਿਆਲ ਮੇਂ' ਵਾਲੀ ਚਮਤਕਾਰੀ ਅਵਸਥਾ ਵਾਪਰਦੀ ਹੈ ।

ਦੇਵਿੰਦਰ ਜੋਸ਼ ਦੇ ਭਾਵ-ਜਗਤ ਦਾ ਅਨੁਮਾਨ ਲਗਾਣ ਦੀ ਮੈਂ ਕਾਫ਼ੀ ਕੋਸ਼ਿਸ਼ ਕੀਤੀ ਹੈ, ਪਰ ਇਸ ਦਾ ਪਸਾਰਾ ਏਨਾ ਹੈ ਕਿ ਆਲੋਚਨਾ ਦੀ ਬੌਧਿਕ ਪਕੜ ਵਿਚ ਆਉਣ ਤੋਂ ਮੁਨਕਰ ਨਜ਼ਰ ਆਉਂਦਾ ਹੈ। ਫਿਰ ਵੀ ਮੈਂ ਪਾਠਕਾਂ ਦੀ ਸੁਵਿਧਾ ਲਈ ਕੁਝ ਮੌਲਿਕ ਨਮੂਨੇ ਪੇਸ਼ ਕਰਦਾ ਹਾਂ :

ਉਹ ਆਖਰ ਸੱਜ ਗਈ ਗੁਲਦਾਨ ਦੇ ਵਿਚ
ਜੋ ਕਲ ਤਕ ਸ਼ੋਖ ਤੇ ਨਟ-ਖਟ ਹਵਾ ਸੀ ।

ਹਵਾ ਦੀ ਸੂਖਮਤਾ ਦਾ ਫੁੱਲਾਂ ਦੇ ਸੁੰਦਰ ਰੂਪ ਵਿਚ ਸਾਕਾਰ ਹੋ ਜਾਣਾ ਤੇ ਫਿਰ ਗਮਲੇ ਦੀ ਜ਼ੀਨਤ ਬਣ ਜਾਣਾ-ਇਹ ਚਮਤਕਾਰ ਹਰ ਕੋਈ ਬਾਹਰੋਂ ਦੇਖ ਸਕਦਾ ਹੈ ਪਰ ਕਵੀ-ਮਨ ਇਹ ਚਮਤਕਾਰ ਅੰਦਰੋਂ ਦੇਖਦਾ ਹੈ, ਉਥੇ ਜਿਥੇ ਚੀਜ਼ਾਂ ਦੀ ਘਾੜਤ ਹੁੰਦੀ ਹੈ, ਜਿਥੇ ਚੀਜ਼ਾਂ ਜੰਮਣ ਤੋਂ ਪਹਿਲਾਂ ਨਿੰਮਦੀਆਂ ਹਨ ।

ਏਸੇ ਗ਼ਜ਼ਲ ਦਾ ਇਕ ਹੋਰ ਸ਼ਿਅਰ :

ਜਦੋਂ ਤੂਫ਼ਾਨ ਪੂਰਾ ਸ਼ੂਕਦਾ ਸੀ
ਉਦੋਂ ਮੈਂ ਜੀਣ ਦਾ ਸੁਪਨਾ ਲਿਆ ਸੀ ।

ਕਵੀ ਤੂਫਾਨ ਦੇ ਰੂਪਕ ਰਾਹੀਂ ਜੀਵਨ ਦੀ ਤੂਫ਼ਾਨੀ ਅਸਲੀਅਤ ਦਾ ਕਿੰਨੇ ਸਾਦਾਂ ਤੇ ਥੋੜੇ ਸ਼ਬਦਾਂ ਵਿਚ ਚਿੱਤਰ ਪੇਸ਼ ਕਰਦਾ ਹੈ ।

ਬਿੱਲੀ, ਇੱਲ, ਬਘਿਆੜਨੀ, ਉਸਦੇ ਕਿੰਨੇ ਰੂਪ
ਫਿਰ ਵੀ ਆਪਾਂ ਰਖਿਐ ਘੁੱਗੀ ਉਸ ਦਾ ਨਾਂ ।

ਇਸ ਸ਼ਿਅਰ ਦਾ ਆਪਣਾ ਅਜੀਬ ਬਿੰਬ-ਵਿਧਾਨ ਹੈ । ਕਵੀ ਨੇ ਕੁਝ ਸਜੀਵ ਚਿੱਤਰਾਂ ਰਾਹੀਂ ਇਕ ਡੂੰਘੀ ਸਚਾਈ ਮੂਰਤੀਮਾਨ ਕਰ ਦਿਤੀ ਹੈ । ਹਰ ਕੋਈ ਆਪਣੀ ਸੋਚ-ਸ਼ਕਤੀ ਦੇ ਆਧਾਰ ਤੇ ਇਸ ਦੇ ਅਰਥ ਕੱਢ ਸਕਦਾ ਹੈ ।

ਕਹਿੰਦੇ ਹਨ ਕਵੀ ਪਿਆਰ ਦਾ ਫਟਿਆ (ਤੇ ਸ਼ਾਇਦ ਪੱਟਿਆ) ਹੁੰਦਾ ਹੈ । ਇਸੇ ਲਈ ਉਹ ਦੁਖ ਸਹਿੰਦਾ ਹੈ :

ਉਸ ਨੂੰ ਭੈੜੀ ਪਿਆਰ ਕਰਨ ਦੀ ਵਾਦੀ ਹੈ,
ਏਸੇ ਕਰਕੇ 'ਜੋਸ਼' ਤਸੀਹੇ ਸਹਿੰਦਾ ਹੈ ।

ਇਕ ਹੋਰ ਸ਼ਿਅਰ ਵਿਚ ਕਵੀ ਰੱਬ ਤੋਂ ਮਨੁਕਰ ਤਾਂ ਨਹੀਂ ਪਰ ਬੰਦੇ ਨੂੰ ਰੱਬ ਦਾ ਦਰਜਾ ਦੇਣ ਦਾ ਜਤਨ ਕਰਦਾ ਜਾਪਦਾ ਹੈ । ਰੱਬ ਦਾ ਸਾਰਾ ਸੰਕਲਪ ਮਨੁੱਖ ਦੇ ਸੰਦਰਭ ਵਿਚ ਪੇਸ਼ ਕਰਨ ਦਾ ਇਸ ਤੋਂ ਹੋਰ ਕੀ ਸੁੰਦਰ ਢੰਗ ਹੋ ਸਕਦਾ ਹੈ ?

ਇਸ ਦੁਨੀਆਂ ਨੂੰ ਰੱਬ ਦੀ ਮਾਇਆ ਨਾ ਸਮਝੋ
ਇਹ ਦੁਨੀਆਂ ਤਾਂ ਬੰਦੇ ਦੀ ਹੀ ਮਾਇਆ ਹੈ।

ਹਰ ਕਵੀ ਦੇ ਦਿਲ ਵਿਚ ਜ਼ਮਾਨੇ ਦੇ ਹਾਲਾਤ ਦੀ ਤਲਖ਼ੀ ਵੀ ਬਹੁਤ ਹੁੰਦੀ ਹੈ । ‘ਜੋਸ਼’ ਦੀ ਤਲਖ਼ੀ ਦੇ ਕਈ ਸਤਰ ਹਨ : ਆਰਥਕ ਸੰਕਟ, ਪਿਆਰ ਦੇ ਰਾਹ ਵਿਚ ਰੁਕਾਵਟ, ਪ੍ਰੀਤਮ ਦੀ ਬੇਵਫਾਈ ਆਦਿ ।

ਇਹ ਤਲਖੀ ਜਦ ਵਿਅੰਗ ਦੇ ਤਿੱਖੇ ਹਥਿਆਰ ਰਾਹੀਂ ਪ੍ਰਗਟ ਹੁੰਦੀ ਹੈ ਤਾਂ ਨਿਸ਼ਤਰ ਹੋ ਨਿਬੜਦੀ ਹੈ :

ਜਦੋਂ ਮੈਂ ਗ਼ਮ ਦੀ ਅੱਗ ਵਿਚ ਸੜ ਰਿਹਾ ਸੀ
ਕੋਈ ਕਮਰੇ 'ਚ ਨਾਵਲ ਪੜ੍ਹ ਰਿਹਾ ਸੀ ।

ਸਮੁੰਦਰ ਜਾਪਦਾ ਸੀ ਉਸ ਨੂੰ ਦਿਲਕਸ਼
ਕਿਨਾਰੇ ਤੇ ਜੋ ਲਹਿਰਾਂ ਫੜ ਰਿਹਾ ਸੀ ।

ਆਰਥਕ ਸੰਕਟ ਤਾਂ ਹੁਣ ਦੇ ਜ਼ਮਾਨੇ ਦੀ ਸਭ ਤੋਂ ਪ੍ਰਬਲ ਸਚਾਈ ਹੈ :

ਅਪਣੀ ਖਾਲੀ ਜੇਬ ਤੇ ਰੋਣਾ ਆਇਆ ਸੀ ,
ਕਲ ਸ਼ਾਮੀਂ ਜਦ ਯਾਰਾਂ ਨਾਲ ਬਜ਼ਾਰ ਗਏ ।

ਕਿੰਨੀ ਸੁੰਦਰ 'ਜ਼ਮੀਨ' ਜੋਸ਼ ਜੀ ਨੇ ਘੜੀ ਹੈ ! ਹਾਰ ਗਏ, ਗੁਜ਼ਾਰ ਗਏ, ਬਜ਼ਾਰ ਗਏ ! ਇਕ ਸ਼ਿਅਰ ਏਸੇ ਵਿਸ਼ੇ ਦਾ ਹੋਰ :

ਨਾ ਪਹਿਨਣ ਨੂੰ ਕੋਟ ਹੈ ਨਾ ਹੀ ਗਰਮ ਕਮੀਜ਼
ਮਨ ਇਹ ਸੋਚਾਂ ਸੋਚਦੈ ਬੀਤੂ ਕਿੰਜ ਸਿਆਲ ।

'ਜੋਸ਼' ਦੀਆਂ ਗ਼ਜ਼ਲਾਂ ਵਿਚੋਂ ਨਵੇਂ ਤੇ ਅਛੂਤੇ ਮਜ਼ਮੂਨ ਭਾਰੀ ਗਿਣਤੀ ਵਿਚ ਲੱਭ ਸਕਦੇ ਹਨ ਮੈਂ ਕੇਵਲ ਨਮੂਨੇ ਵਜੋਂ ਕੁਝ ਹਵਾਲੇ ਦਿਤੇ ਹਨ ।

-3-

ਕਿਸੇ ਸਮਕਾਲੀ ਕਵੀ ਦਾ ਸਮੁੱਚਾ ਮੁਲੰਕਣ ਪੇਸ਼ ਕਰਨਾ ਠੀਕ ਨਹੀਂ ਹੁੰਦਾ ਕਿਉਂਕਿ ਉਹ ਅਜੇ ਉਨਤੀ ਤੇ ਵਿਕਾਸ ਦੇ ਪੜਾਵਾਂ ਵਿਚੋਂ ਲੰਘ ਰਿਹਾ ਹੁੰਦਾ ਹੈ, ਨਾਲੇ ਸਮੇਂ ਦੀ ਸਜਰੀ ਧੂੜ ਅਜੇ ਉਸ ਦੀ ਕਵਿਤਾ ਤੇ ਪੈ ਰਹੀ ਹੁੰਦੀ ਹੈ । ਇਸ ਲਈ ਕਵਿਤਾ ਦਾ ਮੁਹਾਂਦਰਾ ਅਜੇ ਸਾਫ ਤੇ ਸਵੱਛ ਰੂਪ ਵਿਚ ਨਹੀਂ ਦੱਸ ਸਕਦਾ । ਫਿਰ ਵੀ ਕੁਝ ਆਲੋਚਨਾ ਦਾ ਪ੍ਰਯੋਗ ਕਰਨਾ ਹੀ ਪੈਂਦਾ ਹੈ ।

ਜੋਸ਼’ ਦੀ ਗਜ਼ਲ ਦਾ ਰੰਗ ਨਵੀਨ ਤੇ ਸ਼ੋਖ ਹੈ । ਇਸ ਵਿਚ ਰਵਾਨੀ, ਸਰਲਤਾ, ਮੁਹਾਵਰੇ ਤੇ ਬੋਲੀ ਦੀ ਸਫਾਈ ਤੇ ਸਪਸ਼ਟਤਾ, ਗੱਲ ਕਹਿਣ ਜਾਂ ਪ੍ਰਗਟਾਵੇ ਦਾ ਅਨੂਠਾਪਨ, ਭਾਵਾਂ ਦੀ ਕੋਮਲਤਾ, ਵਿਅੰਗ ਦੀ ਸ਼ੋਖੀ ਤੇ ਚੋਭ, ਵਿਚਾਰਾਂ ਦਾ ਸਜਰਾਪਨ ਤੇ ਤਾਜ਼ਗੀ, ਛੰਦਾਬੰਦੀ ਦੀ ਨਿਪੁਣਤਾ, ਸਮਕਾਲੀ ਜੀਵਨ ਦੀ ਕਰੜੀ ਆਲੋਚਨਾ ਆਦਿ ਅਜਿਹੇ ਗੁਣ ਹਨ ਜੋ ਉਸ ਨੂੰ ਸਮਕਾਲੀ ਤੇ ਨਵੀਨ ਗਜ਼ਲਕਾਰਾਂ ਦੀ ਪਹਿਲੀ ਕਤਾਰ ਵਿਚ ਲਿਆ ਖਲ੍ਹਾਰਦੇ ਹਨ।

ਸਭ ਤੋਂ ਵੱਡੀ ਗੱਲ ਜੋਸ਼’ ਦੀ ਗ਼ਜ਼ਲ ਵਿਚ ਜੋ ਮੈਨੂੰ ਪ੍ਰਤੀਤ ਹੋਈ ਹੈ ਉਹ ਇਸ ਦਾ ਨਿਵੇਕਲਾ ਤੇ ਵੱਖਰਾ ਨਿੱਜੀ ਰੰਗ ਜਾਂ ਅੰਦਾਜ਼ ਹੈ । ਉਹ ਰਸਮੀਪਨ ਤੋਂ ਕਾਫੀ ਦੂਰ ਚਲਾ ਗਿਆ ਹੈ । ਉਸ ਨੇ ਆਪਣਾ ਇਕ ਉਸਤਾਦੀ ਰੰਗ ਢੰਗ ਦੂਜਿਆਂ ਤੋਂ ਅਲੱਗ ਕਿਸਮ ਦਾ, ਘੜ ਸੰਵਾਰ ਕੇ ਬਣਾ ਲਿਆ ਹੈ ਜੋ ਲਗ ਭਗ ਪ੍ਰਬਲ ਤੇ ਪ੍ਰੌੜ ਰੂਪ ਧਾਰਨ ਕਰ ਗਿਆ ਹੈ ਜਾਂ ਕਰ ਰਿਹਾ ਹੈ । ਇਹ ਉਸ ਦੀ ਇਕ ਬਹੁਤ ਵੱਡੀ ਪ੍ਰਾਪਤੀ ਹੈ । ਭਾਵੇਂ ਉਸ ਦੀ ਗ਼ਜ਼ਲ ਵਿਚੋਂ ਕਈ ਸ਼ਿਅਰ ਅਸਲੋਂ ਸਾਦਾ ਤੇ ਸਾਧਾਰਨ ਜਾਪਦੇ ਹਨ ਜਿਵੇਂ :

ਜਿਹੜੇ ਰੰਗ ਦਾ ਸੂਟ ਸੀ ਪਾਇਆ ਓਸ ਨੇ
ਆਪਾਂ ਕੋਟ ਸਿਲਾਇਆ ਓਸੇ ਰੰਗ ਦਾ ।

ਜਾਂ ਇਹ ਸ਼ਿਅਰ :

ਏਸ ਮਹੀਨੇ ਤੇਰੀ ਵਰਦੀ ਲੈਣੀ ਹੈ
ਗੱਲੀਂ ਬਾਤੀਂ ਬੱਚੇ ਨੂੰ ਪਰਚਾਂਦੇ ਹਾਂ ।

ਪਰ ਇਹ ਸਾਦਗੀ ਇਕ ਦੋਸ਼ ਨਹੀਂ ਸਗੋਂ ਬਹੁਤ ਵੱਡਾ ਗੁਣ ਹੈ, ਕਿਉਂਕਿ ਜੀਵਨ ਦਾ ਯਥਾਰਥ ਸਾਡਾ ਹਰ ਮਨੁੱਖ ਦਾ ਸਾਂਝਾ ਵਿਰਸਾ ਹੈ। ਸਾਡਾ ਜੀਵਨ ਛੋਟੀਆਂ ਛੋਟੀਆਂ ਗੱਲਾਂ ਨਾਲ ਭਰਿਆ ਹੁੰਦਾ ਹੈ । ਕਵੀ ਲੋਕਾਂ ਦਾ ਤੇ ਲੋਕਾਂ ਦੇ ਹਾਵਾਂ ਭਾਵਾਂ ਦਾ ਪ੍ਰਤੀਨਿਧ ਹੁੰਦਾ ਹੈ । ਇਸ ਲਈ ਉਹ ਸਾਧਾਰਨ ਵਿਚਾਰ ਵੀ ਸੁੰਦਰ ਸ਼ਬਦਾਂ ਵਿਚ ਬੰਨ੍ਹ ਕੇ ਪ੍ਰਗਟ ਕਰਦਾ ਰਹਿੰਦਾ ਹੈ ।

ਅੰਤ ਵਿਚ ਮੈਂ 'ਜੋਸ਼' ਜੀ ਨੂੰ ਆਪਣਾ ਨਵਾਂ ਗ਼ਜ਼ਲ ਸੰਗ੍ਰਹਿ ਛਾਪਣ ਦੀ ਵਧਾਈ ਦੇਂਦਾ ਹਾਂ ਤੇ ਪ੍ਰਾਰਥਕ ਹਾਂ : ਅੱਲਾਹ ਕਰੇ ਜ਼ੋਰਿ ਕਲਮ ਔਰ ਜ਼ਿਆਦਾ !

ਅੰਮ੍ਰਿਤਸਰ
5-5-80

ਦੀਵਾਨ ਸਿੰਘ (ਡਾ:)
ਗੁਰੂ ਨਾਨਕ ਦੇਵ ਯੂਨੀਵਰਸਿਟੀ

ਹੋਰ ਟਿੱਪਣੀਆਂ

1.

ਨਵੀਂ ਪੰਜਾਬੀ ਗ਼ਜ਼ਲ ਨੇ ਪਰੰਪਰਾਵਾਦੀ ਦੀ ਗ਼ਜ਼ਲ ਨੂੰ ਇਕ ਨਵਾਂ ਰੁਖ ਦਿਤਾ ਹੈ। ਇਹ ਪੰਜਾਬੀ ਸਾਹਿਤ ਅਤੇ ਖਾਸ ਕਰ ਕੇ ਕਵਿਤਾ ਦਾ ਵਿਸ਼ੇਸ਼ ਲੱਛਣ ਹੈ ਕਿ ਇਹ ਲੀਹਾਂ ਵਿਚ ਨਹੀਂ ਟੁਰਦੀ ਸਗੋਂ ਨਵੀਆਂ ਪੈੜਾਂ ਪਾਉਂਦੀ ਹੈ । ਦੇਵਿੰਦਰ ਜੋਸ਼ ਉਹਨਾਂ ਕੁਝ ਕੁ ਚੋਣਵੇਂ ਅਧੁਨਿਕ ਗ਼ਜ਼ਲਕਾਰਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਗ਼ਜ਼ਲ ਵਿਚ ਅਰਥ ਭਾਵਨਾ ਅਤੇ ਆਧੁਨਿਕ ਜ਼ਿੰਦਗੀ ਦੇ ਬਿੰਬ ਨੂੰ ਇਕਸੁਰ ਕੀਤਾ ਹੈ । ਜੋਸ਼ ਅਤੇ ਉਸ ਦੇ ਸਮਕਾਲੀਆਂ ਨੇ ਪੰਜਾਬੀ ਗ਼ਜ਼ਲ ਨੂੰ ਇਹ ਜੋ ਨਵਾਂ ਵਹਿਣ ਦਿੱਤਾ ਹੈ, ਉਸ ਨੂੰ ਮੈਂ ਜੀ ਆਇਆਂ ਆਖਦਾ ਹਾਂ ਅਤੇ ਮੇਰਾ ਵਿਸ਼ਵਾਸ਼ ਹੈ ਕਿ ਦੇਵਿੰਦਰ ਜੋਸ਼ ਨਵੀਂ ਗ਼ਜ਼ਲ ਦੀ ਪ੍ਰਤੀਨਿਧਤਾ ਵਿਚ ਵੱਡਾ ਹਿੱਸਾ ਪਾਵੇਗਾ ।

-ਡਾ: ਕੁਲਬੀਰ ਸਿੰਘ ਕਾਂਗ

2.

ਗ਼ਜ਼ਲ ਵੀ ਸਾਹਿਤ ਦਾ ਇਕ ਅੰਗ ਹੈ,-ਤੇ ਸਾਹਿਤ ਨੇ ਜ਼ਿੰਦਗੀ ਦੇ ਅਨੁਭਵ 'ਚੋਂ ਗੁਜ਼ਰਨਾ ਹੁੰਦਾ ਹੈ ਨਸ਼ਤਰ ਵਾਂਗ, ਮੱਛੀ ਵਾਂਗ ਨਹੀਂ। ਜੇ ਸੱਪ ਦੀ ਗੱਲ ਕਰੀਏ ਜਾਂ ਕਿਸੇ ਕਬੂਤਰ ਦੀ ਜਾਂ ਜੰਗਲ 'ਚੋਂ ਗੁਜ਼ਰਦੇ ਹੋਈਏ, ਤਾਂ ਜੰਗਲ 'ਚ ਰੋਂਦਿਆਂ ਰੁੱਖਾਂ ਦੀ ਆਵਾਜ਼ ਸੁਣਨੀ ਹੀ ਪਵੇਗੀ, ਕਬੂਤਰ ਦੇ ਨਾਲ ਗੱਲਾਂ ਕਰਨੀਆਂ ਹੀ ਪੈਣਗੀਆਂ, ਸੱਪ ਕੁੰਜ ਕਿਵੇਂ ਬਦਲਦੇ ਨੇ, ਜਾਣਨਾ ਹੀ ਪਵੇਗਾ -ਇਹ ਹੈ ਦੇਵਿੰਦਰ ਜੋਸ਼ ਦੀ ਗ਼ਜ਼ਲ ਦਾ ਚਿੰਤਨ ਬੋਧ । ਪਰੰਪਰਾ ਦੇ ਸ਼ੂਕਦੇ ਦਰਿਆਵਾਂ ’ਚ ਖੁਰਦੇ ਕੰਢਿਆਂ ਦੀ ਮਿੱਟੀ ਵਾਂਗ ਰੁੜ੍ਹਨਾ ਦੇਵਿੰਦਰ ਜੋਸ਼ ਨੂੰ ਸਵੀਕਾਰ ਨਹੀਂ ਕਿਉਂ ਜੁ ਉਸ ਕੋਲ ਸੁਜਾਖੀ ਚੇਤਨਾ, ਕੁਝ ਨਵਾਂ ਸਿਮਰਣ ਦੀ ਰੀਝ ਤੇ ਸ਼ਬਦਾਂ ਨੂੰ ਨਵਾਂ ਅਰਥ ਪ੍ਰਦਾਨ ਕਰਨ ਦੀ ਸਮਰੱਥਾ ਹੈ ।

-ਵਰਿਆਮ ਅਸਰ

  • ਮੁੱਖ ਪੰਨਾ : ਕਾਵਿ ਰਚਨਾਵਾਂ, ਦੇਵਿੰਦਰ ਜੋਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ