Devinder Josh ਦੇਵਿੰਦਰ ਜੋਸ਼
ਬਹੁਤ ਸਮਰੱਥ ਗ਼ਜ਼ਲਕਾਰ ਸੀ ਦੇਵਿੰਦਰ ਜੋਸ਼ । ਹੋਸ਼ਿਆਰਪੁਰ ਦੀ ਅਦਬੀ ਫ਼ਿਜ਼ਾ ਵਿੱਚ ਨਿਵੇਕਲਾ ਰੰਗ ਘੋਲਣ ਵਾਲਾ। ਦੇਵਿੰਦਰ ਜੋ਼ਸ਼ ਤੇ ਮਹਿੰਦਰ
ਦੀਵਾਨਾ ਨੇ ਲਗਪਗ ਇਕੱਠਿਆਂ ਲਿਖਣਾ ਸ਼ੁਰੂ ਕੀਤਾ। ਸਰਗੋਧਾ(ਪਾਕਿਸਤਾਨ ਚ 16 ਜਨਵਰੀ 1936 ਨੂੰ ਸ: ਨਿਰਮਲ ਸਿੰਘ ਬਾਂਗਾ ਦੇ ਘਰ ਪੈਦਾ ਹੋਇਆ
ਦੇਵਿੰਦਰ ਜੋਸ਼ ਦੇਸ਼ ਵੰਡ ਵੇਲੇ ਮਾਪਿਆਂ ਨਾਲ ਏਧਰ ਆ ਟਿਕਿਆ। ਉਸ ਦੀ ਪਹਿਲੀ ਗ਼ਜ਼ਲ ਪੁਸਤਕ ਚਾਂਦੀ ਰੰਗੇ ਫੁੱਲ ਸੀ ਜਿਸ ਦਾ ਮੁੱਖ ਬੰਦ ਸ ਸ ਮੀਸ਼ਾ ਜੀ
ਨੇ ਲਿਖਿਆ। ਮੈਨੂੰ ਮਾਣ ਹੈ ਕਿ ਉਨ੍ਹਾਂ ਦੀ ਇਹ ਕਿਤਾਬ ਮੈਨੂੰ ਮੀਸ਼ਾ ਜੀ ਨੇ ਹੀ 1978 ਚ ਪੜ੍ਹਨ ਨੂੰ ਦਿੱਤੀ ਸੀ। ਕਿਹਾ ਸੀ, ਇਹ ਹੈ ਅਸਲ ਪੰਜਾਬੀ ਗ਼ਜ਼ਲ ।
ਦੂਜੀ ਪੁਸਤਕ ਹਾਸ਼ੀਏ ਤੋਂ ਬਿਨਾ ਸੀ, ਜਿਸ ਦਾ ਮੁੱਖ ਬੰਦ ਗ਼ਜ਼ਲ ਦੇ ਪ੍ਰਕਾਂਡ ਵਿਦਵਾਨ ਡਾ:ਦੀਵਾਨ ਸਿੰਘ ਨੇ ਲਿਖਿਆ। ਤੀਸਰੀ ਕਿਤਾਬ ਸੀ ਰੁੱਤਾਂ
ਉਦਾਸੀਆਂ ਨੇ ਤੇ ਚੌਥੀ ਰੰਗ ਦਰਿਆਵਾਂ ਦੇ। ਰੇਲ ਹਾਦਸੇ ਵਿੱਚ ਉਹ ਸਾਨੂੰ 1991 ਚ ਸਦੀਵੀ ਅਲਵਿਦਾ ਕਹਿ ਗਿਆ। ਉਸ ਦੀ ਗ਼ਜ਼ਲ ਵਿੱਚ ਸੱਚਮੁੱਚ ਪੰਜਾਬ
ਧੜਕਦਾ ਹੈ। ਮੈਂ ਉਸ ਦੀਆਂ ਗ਼ਜ਼ਲਾਂ ਨੂੰ ਹੁਣ ਵੀ ਪੜ੍ਹਦਾ ਹਾਂ ਤਾਂ ਤਾਜ਼ਗੀ ਮਹਿਸੂਸ ਕਰਦਾ ਹਾਂ ਦੇਵਿੰਦਰ ਜੋਸ਼ ਨੇ ਆਜ਼ਾਦ ਨਜ਼ਮ ਤੇ ਵਾਰਤਕ ਵੀ ਲਿਖੀ ਜਿਸ
ਦੀ ਦੱਸ ਉਨ੍ਹਾਂ ਦੇ ਮਿੱਤਰ ਤੇ ਨਜ਼ਦੀਕੀ ਰਿਸ਼ਤੇਦਾਰ ਮਹਿੰਦਰ ਦੀਵਾਨਾ ਪਾਉਂਦੇ ਹਨ। ਪਰ ਪੁਸਤਕ ਰੂਪ ‘ਚ ਨਹੀਂ ਛਪ ਸਕੀ। ਦੇਵਿੰਦਰ ਜੋਸ਼ ਐੱਮ ਏ ਬੀ ਐੱਡ ਸਕੂਲ
ਅਧਿਆਪਕ ਸੀ। ਉਸ ਦੀਆਂ ਪਹਿਲੀਆਂ ਦੋ ਕਿਤਾਬਾਂ ਰਵੀ ਸਾਹਿੱਤ ਪ੍ਰਕਾਸ਼ਨ ਵੱਲੋਂ ਸ: ਮੋਹਨ ਸਿੰਘ ਰਾਹੀ ਜੀ ਨੇ ਛਾਪੀਆਂ। ਮਗਰਲੀਆਂ ਦੋ ਬਾਰੇ ਮੈਨੂੰ ਪੱਕਾ ਚੇਤਾ ਨਹੀਂ।
10 ਅਪਰੈਲ 1991 ਨੂੰ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ।
ਉਸ ਦੀਆਂ ਅਨੇਕ ਚੁਲਬੁਲੀਆਂ ਮਹਿਫ਼ਲੀ ਗ਼ਜ਼ਲਾਂ ਚੋਂ ਇਹ ਸ਼ਿਅਰ ਪੜੋ।
ਜਦੋਂ ਦੇਵਿੰਦਰ ਜੋਸ਼ ਨੇ ਕੋਈ ਗ਼ਜ਼ਲ ਕਹੀ।
ਓਸੇ ਪਲ ਦੀਵਾਨੇ ਦੀ ਰਗ ਫੜਕ ਪਈ।
ਇਹ ਪਰਮਿੰਦਰਜੀਤ ਜੋ ਆਪਣਾ ਮਿੱਤਰ ਹੈ,
ਗੱਲ ਕਰਦਾ ਏ ਮੋਹਨਜੀਤ ਦੇ ਮੂੰਹ ਵਿਚਲੀ।
ਇਹ ਉਹ ਸਮਾਂ ਸੀ ਜਦ ਸਾਹਿੱਤ ਚ ਦੋਸਤਾਂ ਦੇ ਜੁੱਟ ਜਾਣੇ ਜਾਂਦੇ ਸਨ ਜਿਵੇਂ ਮੋਹਨਜੀਤ-ਪਰਮਿੰਦਰਜੀਤ, ਪਾਸ਼ -ਸੰਤ ਸੰਧੂ, ਕੰਵਰ ਚੌਹਾਨ-ਗੁਰਦੇਵ ਨਿਰਧਨ,
ਡਾ: ਜਗਤਾਰ- ਰਣਧੀਰ ਸਿੰਘ ਚੰਦ, ਸੁਰਜੀਤ ਪਾਤਰ- ਅਮਿਤੋਜ, ਨਵਿਆਂ ਚੋਂ ਸ਼ਮਸ਼ੇਰ ਸਿੰਘ ਸੰਧੂ ਤੇ ਮੈਂ। ਸਹਿਣਸ਼ੀਲਤਾ ਵੀ ਬਹੁਤ ਸੀ। ਇੱਕ ਦੂਜੇ ਬਾਰੇ ਅਜਿਹੀਆਂ
ਲਿਖਤਾਂ ਮਿਲ ਜਾਂਦੀਆਂ ਸਨ। ਉਸ ਵੱਡੇ ਵੀਰ ਦੇਵਿੰਦਰ ਜੋਸ਼ ਨੂੰ ਅੱਜ ਵੀ ਪੜ੍ਹਦਾ ਹਾਂ ਤਾ ਲੱਗਦੈ ਕੋਈ ਮੇਰੇ ਨਾਲ ਦਿਲ ਦੀਆਂ ਗੱਲਾਂ ਕਰਦੈ। — ਗੁਰਭਜਨ ਗਿੱਲ