Mukh Band (Main Darpan : Harvinder Riar) : Gurbhajan Gill
ਮੁੱਖ ਬੰਦ (ਮੈਂ ਦਰਪਣ : ਹਰਵਿੰਦਰ ਰਿਆੜ) : ਗੁਰਭਜਨ ਗਿੱਲ
ਪੰਜਾਬ ਦੀ ਮਿੱਟੀ ਦਾ ਹੀ ਖ਼ਮੀਰ ਐਸਾ ਹੈ ਕਿ ਇਸ ਵਿੱਚ ਪੈਦਾ ਹੋਏ ਬਹੁਤੇ ਧੀਆਂ ਪੁੱਤਰ ਕਿਸੇ ਵੀ ਧਰਤੀ ਤੇ ਚਲੇ ਜਾਣ ਉਹ ਰੁਜ਼ਗਾਰ ਤੋਂ ਪਹਿਲਾਂ ਪਛਾਣ ਦੀ ਲੜਾਈ ਲੜਦੇ ਹਨ। ਇਹ ਲੜਾਈ ਲੜਨੀ ਏਨੀ ਆਸਾਨ ਨਹੀਂ। ਲਗਪਗ ਡੇਢ ਸਦੀ ਪਹਿਲਾਂ ਪੰਜਾਬੀਆਂ ਦਾ ਪਰਵਾਸ ਪ੍ਰਦੇਸ਼ ਵੱਲ ਨੂੰ ਆਰੰਭ ਹੋਇਆ। 100 ਸਾਲ ਤੋਂ ਵੱਧ ਸਾਲ ਹੋ ਗਏ ਨੇ ਅਮਰੀਕਾ ਵਿੱਚ ਪੰਜਾਬੀ ਵਸੇਬ ਨੂੰ । ਇਸ ਸ਼ਤਾਬਦੀ ਨੇ ਸਾਨੂੰ ਜਿੱਥੇ ਆਜ਼ਾਦੀ ਦਾ ਸੂਰਜ ਵੇਖਣ ਦਾ ਪਹਿਲਾਂ ਸੁਪਨਾ ਅਮਰੀਕਾ ਦੀ ਧਰਤੀ ਤੋਂ ਗਦਰ ਪਾਰਟੀ ਦੇ ਰੂਪ ਵਿੱਚ 1913 ਵਿੱਚ ਭੇਜਿਆ ਉਥੇ ਪੰਜਾਬ ਨੇ ਵੀ ਆਪਣੇ ਕੁਝ ਧੀਆਂ ਪੁੱਤਰ ਉਸ ਧਰਤੀ ਨੂੰ ਸੌਂਪੇ ਜਿਨ੍ਹਾਂ ਨੇ ਸਿਰਫ ਕੈਲੇਫੋਰਨੀਆ ਦੇ ਖੇਤੀਬਾੜੀ ਵਿਕਾਸ ਨੂੰ ਹੀ ਸਿਖ਼ਰਲੇ ਡੰਡੇ ਤੇ ਨਹੀਂ ਪਹੁੰਚਾਇਆ ਸਗੋਂ ਖੇਤੀਬਾੜੀ ਖੋਜ ਰਾਹੀਂ ਸਮੁੱਚੇ ਵਿਸ਼ਵ ਨੂੰ ਨਵੀਆਂ ਲੱਭਤਾਂ ਨਾਲ ਮਾਲਾਮਾਲ ਕੀਤਾ ਹੈ।
ਅਮਰੀਕਾ ਦੇ ਲੋਕਤੰਤਰੀ ਨਿਜ਼ਾਮ ਵਿੱਚ ਸਾਡੇ ਪੰਜਾਬੀ ਪੁੱਤਰਾਂ ਨੇ ਲਗਪਗ ਅੱਧੀ ਸਦੀ ਪਹਿਲਾਂ ਉਥੋਂ ਦੀ ਪਾਰਲੀਮੈਂਟ ਵਿੱਚ ਦਸਤਕ ਦੇ ਦਿੱਤੀ ਸੀ ਪਰ ਸਮਾਜਿਕ ਜ਼ਿੰਦਗੀ ਨੂੰ ਇੱਕ ਤੰਦ ਵਿੱਚ ਪਰੋਣ ਅਤੇ ਦੁੱਖ ਸੁੱਖ ਦੀ ਭਾਈਵਾਲੀ ਵਧਾਉਣ ਵਿੱਚ ਇਥੇ ਕੰਮ ਕਰਦੀਆਂ ਅਖ਼ਬਾਰਾਂ, ਰੇਡੀਓ ਅਤੇ ਟੀ ਵੀ ਨੇ ਇਸ ਸਦੀ ਦੇ ਆਰੰਭ ਵਿੱਚ ਵਧੇਰੇ ਗਤੀ ਫੜੀ ਹੈ।
ਹਰਵਿੰਦਰ ਰਿਆੜ ਉਹਨਾਂ ਸੰਚਾਰ ਮਾਹਿਰਾਂ ਵਿੱਚੋਂ ਸਿਰਕੱਢਵਾਂ ਨਾਮ ਹੈ ਜਿਸ ਨੇ ਪਹਿਲਾਂ ਮੰਚ ਸੰਚਾਲਨ ਮੁਹਾਰਤ ਅਤੇ ਬਾਅਦ ਵਿੱਚ ਜਲੰਧਰ ਦੂਰਦਰਸ਼ਨ ਦੇ ਪ੍ਰਮੁੱਖ ਪ੍ਰੋਗਰਾਮਾਂ ਦੀ ਸੰਚਾਲਨਾ ਕਰਕੇ ਭਾਰਤ ਵਿੱਚ ਨਾਮ ਕਮਾਇਆ। ਪੱਤਰਕਾਰੀ ਵਿੱਚ ਸਭ ਤੋਂ ਛੋਟੀ ਉਮਰ ਦੇ ਰਿਪੋਰਟਰ ਵਜੋਂ ਉਸ ਦੀਆਂ ਤਿੱਖੀਆਂ ਤੇਜ਼ ਤਰਾਰ ਖ਼ਬਰਾਂ ਨੇ ਵਕਤ ਦੀਆਂ ਹਕੂਮਤਾਂ ਨੂੰ ਵਖ਼ਤ ਪਾਇਆ। ਦੁਸ਼ਮਣੀਆਂ ਸਹੇੜ ਕੇ ਵੀ ਉਸ ਨੇ ਲੋਕ ਪੱਖੀ ਕਲਮਕਾਰੀ ਦਾ ਸਾਥ ਨਾ ਛੱਡਿਆ ਕਿਉਂਕਿ ਉਸਦੀ ਪਰਵਰਿਸ਼ ਦੋਆਬੇ ਦੇ ਪਿੰਡ ਜੰਡਿਆਲਾ (ਜਲੰਧਰ) ਵਿੱਚ ਹੋਈ ਸੀ ਜਿਥੋਂ ਬਾਰੇ ਆਮ ਮਸ਼ਹੂਰ ਹੈ ਕਿ ਬੱਚਾ ਜੰਮਣਸਾਰ ਹੀ ਜ਼ਿੰਦਾਬਾਦ ਦਾ ਨਾਅਰਾ ਬੁਲੰਦ ਕਰਦਾ ਹੈ।
ਹਰਵਿੰਦਰ ਰਿਆੜ ਨੇ ਜਲੰਧਰੋਂ ਛਪਦੇ ਅਖ਼ਬਾਰਾਂ ਵਿੱਚ ਰੈਗੂਲਰ ਕਾਲਮ ਤਾਂ ਉਦੋਂ ਹੀ ਲਿਖਣੇ ਸ਼ੁਰੂ ਕਰ ਦਿੱਤੇ ਸਨ ਜਦ ਉਹ ਅਜੇ ਸਪੋਰਟਸ ਕਾਲਜ ਜਲੰਧਰ ਦਾ ਵਿਦਿਆਰਥੀ ਸੀ। ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਐਮ ਏ ਕਰਨ ਵੇਲੇ ਉਸ ਨੂੰ ਪ੍ਰੋ: ਨਰਿੰਜਨ ਸਿੰਘ ਢੇਸੀ ਅਤੇ ਹੋਰ ਅਧਿਆਪਕਾਂ ਨੇ ਜਿਥੇ ਭਾਸ਼ਾ ਦੀ ਅਮੀਰੀ ਦਾ ਸਬਕ ਪੜ੍ਹਾਇਆ ਉਥੇ ਸਿਆਸੀ ਵਿਸ਼ਲੇਸ਼ਣਕਾਰੀ ਦਾ ਅੰਦਾਜ਼ ਵੀ ਸਿਖਾ ਦਿੱਤਾ। ਇਹ ਸਬਕ ਉਸ ਨੂੰ ਅਮਰੀਕਾ ਦੇ ਵਾਈਟ ਹਾਊਸ ਤੀਕ ਰਿਪੋਰਟਿੰਗ ਕਰਦਿਆਂ ਕੰਮ ਆ ਰਿਹਾ ਹੈ। ਰਿਆੜ ਕੋਲ ਅਥਾਹ ਸ਼ਬਦ ਭੰਡਾਰ ਹੈ। ਉਹ ਸ਼ਬਦਾਂ ਨਾਲ ਖੇਡਦਾ ਅਤੇ ਸ਼ਬਦ ਸਮੁੰਦਰ ਵਿੱਚ ਤਰਦਾ ਪ੍ਰਤੀਤ ਹੁੰਦਾ ਹੈ। ਉਸ ਦੀ ਲਿਆਕਤ ਉਸ ਦੇ ਸਹਿਜ ਸੁਭਾਅ ਅਤੇ ਧਰਤੀ ਦੀ ਜ਼ੁਬਾਨ ਵਿੱਚ ਗੱਲ ਕਰਨ ਅੰਦਰ ਛੁਪੀ ਹੋਈ ਹੈ। ਨਿਊਯਾਰਕ ਦੇ ਟੈਲੀਵੀਜ਼ਨ ਚੈਨਲ 'ਜਸ ਪੰਜਾਬੀ' ਦੇ ਮੁੱਦਾ ਪ੍ਰੋਗਰਾਮ ਦੀ ਗਿਣਤੀ ਸਮੁੱਚੇ ਵਿਸ਼ਵ ਵਿੱਚ ਸਾਰੇ ਪੰਜਾਬੀ ਚੈਨਲਜ ਦੇ ਲਾਈਵ ਟੈਲੀਕਾਸਟਿੰਗ ਪ੍ਰੋਗਰਾਮਾਂ ਵਿੱਚੋਂ ਪ੍ਰਮੁੱਖ ਰੂਪ ਵਿੱਚ ਗਿਣੀ ਜਾਂਦੀ ਹੈ। ਹਫ਼ਤੇ ਵਿੱਚ ਪੰਜ ਦਿਨ ਜੀਵੰਤ ਵਿਸ਼ਿਆਂ ਤੇ ਉਸਦੀ ਪਕੜ ਵੇਖਣਯੋਗ ਹੈ। ਮੈਂ ਪਿਛਲੇ 12 ਸਾਲਾਂ ਵਿੱਚ ਜਦ ਵੀ ਅਮਰੀਕਾ ਗਿਆ ਹਾਂ, ਵੱਖ-ਵੱਖ ਸ਼ਹਿਰਾਂ ਵਿੱਚ ਰਹਿੰਦਿਆਂ ਲਗਪਗ ਹਰ ਘਰ ਅੰਦਰ ਉਸਦੇ ਮੁੱਦਾ ਪ੍ਰੋਗਰਾਮ ਵੇਲੇ ਘਰ ਅੰਦਰ ਕੋਈ ਸਰਗਰਮੀ ਨਹੀਂ ਵੇਖੀ ਸਗੋਂ ਹਰ ਜੀਅ ਸਾਰ ਕੰਮ ਰੋਕ ਕੇ ਰਿਆੜ ਦੀਆਂ ਬੇਬਾਕ ਟਿੱਪਣੀਆਂ ਨੂੰ ਸੁਣਦਾ ਦੇਖਦਾ ਹੈ। ਦਸ ਸਾਲ ਲਗਾਤਾਰ ਜਸ ਬਰਾਡਕਾਸਟਿੰਗ ਦੇ ਇਸ ਚੈਨਲ ਵਿੱਚ ਡਾਇਰੈਕਟਰ ਪ੍ਰੋਗਰਾਮਿੰਗ ਵਜੋਂ ਉਸ ਦੀ ਹੈਸੀਅਤ ਉੱਸਰੀ ਹੈ। ਚੈਨਲ ਦੇ ਮਾਲਕ ਪੈਨੀ ਸੰਧੂ ਨੇ ਉਸ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਦਿੱਤੀ ਹੋਈ ਹੈ ਅਤੇ ਇਹੀ ਅਜ਼ਾਦੀ ਉਸ ਦੀ ਵਿਸ਼ਵ ਦ੍ਰਿਸ਼ਟੀ ਨੂੰ ਹੋਰ ਬੁਲੰਦ ਕਰਨ ਵਿੱਚ ਸਹਾਈ ਹੋ ਰਹੀ ਹੈ। ਆਜ਼ਾਦੀ ਦਾ ਅਰਥ ਉਸ ਲਈ ਵਧੇਰੇ ਜਿੰਮੇਂਵਾਰੀ ਹੈ। ਇਸੇ ਕਰਕੇ ਉਹ ਪੂਰੇ ਅਮਰੀਕਾ ਵਿੱਚ ਆਪਣੇ ਚੈਨਲ ਲਈ ਦਿਨ ਰਾਤ ਇੱਕ ਕਰਦਾ ਹੈ। ਉਸਦਾ ਆਪਣਾ ਹਫ਼ਤਾਵਾਰੀ ਅਖ਼ਬਾਰ 'ਪੰਜਾਬੀ ਰਾਈਟਰ ਵੀਕਲੀ' ਛਪਦਾ ਭਾਵੇਂ ਨਿਊਯਾਰਕ ਤੋਂ ਹੈ ਪਰ ਉਸ ਦੀ ਪਹੁੰਚ ਅਮਰੀਕਾ ਦੇ ਲਗਪਗ 40 ਸੂਬਿਆਂ ਤੀਕ ਪਹੁੰਚ ਚੁੱਕੀ ਹੈ। ਇੰਟਰਨੈਂਟ ਤੇ ਪੜ੍ਹਨ ਵਾਲਿਆਂ ਦੀ ਗਿਣਤੀ ਵੀ ਵਿਸ਼ਵ ਭਰ ਅੰਦਰ ਲੱਖਾਂ ਤੀਕ ਪਹੁੰਚ ਚੁੱਕੀ ਹੈ। ਅਮਰੀਕਾ ਵਿੱਚ ਲਗਾਤਾਰ ਪੰਜਾਬੀ ਅਖ਼ਬਾਰ ਚਲਾਉਣਾ ਏਨਾ ਸੌਖਾ ਨਹੀਂ ਕਿਉਂਕਿ ਪਾਠਕ ਖਿੱਲਰੇ ਹੋਏ ਹਨ ਅਤੇ ਸ਼ਹਿਰਾਂ ਦਾ ਫਾਸਲਾ ਵੀ ਵਧੇਰੇ ਹੈ। ਪੰਜਾਬੀ ਰਾਈਟਰ ਵੀਕਲੀ ਅਖ਼ਬਾਰ ਵਿੱਚ ਜਿਥੇ ਸਾਹਿਤਕ ਸਭਿਆਚਾਰਕ ਸਮਾਜਿਕ ਅਤੇ ਰਾਜਸੀ ਖ਼ਬਰਾਂ ਦਾ ਨਿਚੋੜ ਹੁੰਦਾ ਹੈ ਉਥੇ ਹਰ ਹਫ਼ਤੇ ਹਰਵਿੰਦਰ ਰਿਆੜ ਦੇ ਲਿਖੇ ਸੰਪਾਦਕੀ ਲੇਖ 'ਮੈਂ ਦਰਪਣ' ਦਾ ਵੀ ਉਚੇਚਾ ਜ਼ਿਕਰ ਛਿੜਦਾ ਹੈ।
ਮੈਂ ਦਰਪਣ ਸਿਰਫ ਸੰਪਾਦਕੀ ਨਹੀਂ ਸਗੋਂ 1980 ਤੋਂ ਅੱਜ ਤੀਕ ਦਾ ਅਹਿਮ ਤਰੀਨ ਸਭਿਆਚਾਰਕ ਦਸਤਾਵੇਜ ਹੈ ਜਿਸ ਵਿੱਚੋਂ ਸਾਨੂੰ ਅੱਤਵਾਦ ਦੇ ਆਰੰਭ ਤੋਂ ਲੈ ਕੇ ਖਤਮ ਹੋਣ ਤੀਕ ਅਤੇ ਬਾਅਦ ਵਿੱਚ ਦੇਸ਼ ਪ੍ਰਦੇਸ ਦੇ ਪੰਜਾਬੀਆਂ ਦੀ ਮਾਨਸਿਕਤਾ ਦੇ ਦਰਸ਼ਨ ਹੁੰਦੇ ਹਨ। ਗੱਲ ਗੋਡੇ ਲੱਗੇ ਜਾਂ ਗਿੱਟੇ ਇਸ ਗੱਲ ਦੀ ਰਿਆੜ ਪ੍ਰਵਾਹ ਨਹੀਂ ਕਰਦਾ ਸਗੋਂ ਸੱਚ ਸੁਣਾਇਸੀ ਸੱਚ ਕੀ ਵੇਲਾ ਦੇ ਸਿਧਾਂਤ ਅਨੁਸਾਰ ਵਕਤ ਨੂੰ ਜਵਾਬਦੇਹ ਬਣਦਾ ਹੈ। ਉਹ ਵਿਅਕਤੀ ਨੂੰ ਜੁਆਬਦੇਹ ਨਹੀਂ ਸਗੋਂ ਵਕਤ ਨੂੰ ਆਪਣਾ ਮਨ ਵਿਖਾਉਂਦਾ ਹੈ, ਲਿਖਤੀ ਸਰੂਪ ਵਿੱਚ। ਮੈਂ ਦਰਪਣ ਦੀ ਸ਼ੈਲੀ ਇੰਜ ਹੈ ਜਿਵੇਂ ਪਹਾੜੀ ਨਦੀ ਦਾ ਪਾਣੀ ਹੇਠਾਂ ਨੂੰ ਸ਼ੂਕਦਾ ਹੋਇਆ ਤੁਰਦਾ ਹੈ। ਵੇਗਮੱਤੀ ਵਾਰਤਕ ਦਾ ਨਮੂਨਾ ਹੈ ਉਸਦੀ ਲਿਖਤ।
ਹਰਵਿੰਦਰ ਰਿਆੜ ਨੂੰ ਇਸ ਗੱਲ ਦਾ ਸੁਭਾਗ ਮਿਲਿਆ ਹੈ ਕਿ ਉਹ ਹਮੇਸ਼ਾਂ ਹੀ ਆਪਣੀ ਉਮਰ ਤੋਂ ਵਡੇਰੇ ਲੋਕਾਂ ਨਾਲ ਦੋਸਤੀਆਂ ਪਾਉਂਦਾ ਅਤੇ ਪਾਲਦਾ ਰਿਹਾ ਹੈ। ਨਕੋਦਰ ਤੋਂ ਅੱਜ ਦੀ ਆਵਾਜ਼ ਦੇ ਰਿਪੋਰਟਰ ਵਜੋਂ 1991 ਵਿੱਚ ਕੰਮ ਸ਼ੁਰੂ ਕਰਨ ਕਾਰਨ ਭਾਵੇਂ ਉਹ ਅਜੇ ਕਾਲਜ ਦੇ ਪਹਿਲੇ ਸਾਲ ਦਾ ਹੀ ਵਿਦਿਆਰਥੀ ਸੀ ਪਰ ਉਸ ਨੂੰ ਇਲਾਕੇ ਦੇ ਸਿਰਕੱਢ ਸਿਆਸੀ ਕਾਰਕੁੰਨਾਂ ਦੇ ਅੰਗ ਸੰਗ ਰਹਿਣ ਅਤੇ ਵਿਸਲੇਸ਼ਣੀ ਅੱਖ ਨਾਲ ਸੱਚ ਵੇਖਣ ਦਾ ਮੌਕਾ ਮਿਲਿਆ। ਪੰਜਾਬੀ ਟ੍ਰਿਬਿਊਨ ਨੇ ਉਸ ਨੂੰ ਆਪ ਬੁਲਾ ਕੇ ਨਿਯੁਕਤੀ ਪੱਤਰ ਦਿੱਤਾ। ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਹਰਭਜਨ ਹਲਵਾਰਵੀ ਤਾਂ ਉਸ ਨੂੰ ਆਪਣਾ ਨਿੱਕਾ ਵੀਰ ਆਖਦਾ ਸੀ।
1995 ਵਿੱਚ ਉਹ ਰੋਜ਼ਾਨਾ ਅਜੀਤ ਜਲੰਧਰ ਲਈ ਕੰਮ ਕਰਨ ਲੱਗ ਪਿਆ ਅਤੇ ਨਾਲ ਹੀ ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਗਰਾਮ 'ਲਿਸ਼ਕਾਰਾ, ਕਾਵਿ ਸ਼ਾਰ ਅਤੇ ਲੋਕ ਰੰਗ' ਦਾ ਸਫਲ ਪੇਸ਼ਕਾਰ ਬਣਿਆ। ਉਸਦਾ ਰੋਲ ਮਾਡਲ ਡਾ: ਅਮਿਤੋਜ਼ ਸੀ ਪਰ ਉਸ ਕੋਲ ਕਾਵਿਕ ਭਾਸ਼ਾ ਦੇ ਨਾਲ ਨਾਲ ਬੁਲੰਦ ਤਰਕ ਵੀ ਸੀ ਜਿਸ ਦੇ ਸੁਮੇਲ ਨਾਲ ਉਹ ਕਲਾਕਾਰਾਂ ਨੂੰ ਪੇਸ਼ ਕਰਦਿਆਂ ਉਹਨਾਂ ਦੀ ਹਸਤੀ ਨੂੰ ਦਰਸ਼ਕਾਂ ਦੇ ਮਨਾਂ ਵਿੱਚ ਪੱਕਾ ਬਿਠਾ ਦਿੰਦਾ। ਹਰਭਜਨ ਮਾਨ ਹੋਵੇ ਜਾਂ ਮਨਮੋਹਨ ਵਾਰਿਸ ਸਭਨਾਂ ਦੀ ਮੁੱਢਲੀ ਪੇਸ਼ਕਾਰੀ ਉਸ ਦੇ ਰਾਹੀਂ ਹੀ ਹੋਈ। ਹਰਭਜਨ ਮਾਨ ਤਾਂ ਉਸ ਨੇ ਲੰਮਾ ਸਮਾਂ ਭਰਾਵਾਂ ਵਾਂਗ ਗੁਜ਼ਾਰਿਆ। ਇਸੇ ਕਰਕੇ ਜਦ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਵਿੱਚ ਲੋਕ ਭਲਾਈ ਪਾਰਟੀ ਦੀ ਸਥਾਪਨਾ ਕੀਤੀ ਤਾਂ ਉਹਨਾਂ ਨੇ ਰਿਆੜ ਨੂੰ ਯੂਥ ਵਿੰਗ ਦਾ ਕੌਮੀ ਪ੍ਰਧਾਨ ਥਾਪਿਆ । ਹਰਵਿੰਦਰ ਰਿਆੜ ਲਈ ਇਹ ਅੰਬਰ ਵੀ ਨਿੱਕਾ ਸੀ, ਉਹ ਸ: ਜਗਦੇਵ ਸਿੰਘ ਜੱਸੋਵਾਲ ਦੀ ਸੰਗਤ ਮਾਣਦਾ ਹੋਣ ਕਰਕੇ ਜਾਣਦਾ ਸੀ ਕਿ ਜ਼ਿੰਦਗੀ ਚਾਰ ਦੀਵਾਰੀ ਦੀ ਕੈਂਦਣ ਨਹੀਂ ਹੁੰਦੀ ਸਗੋਂ ਖੁੱਲੇ ਸਮੁੰਦਰਾਂ ਵਿੱਚ ਤਾਰੀਆਂ ਲਾਉਣ ਵਰਗੀ ਹੋਣੀ ਚਾਹੀਦੀ ਹੈ। ਸੱਤ ਸਮੁੰਦਰੋਂ ਪਾਰ ਜਾ ਕੇ ਵਸਣ ਦੀ ਤਾਂਘ ਵੀ ਸ਼ਾਇਦ ਉਸ ਦੇ ਮਨ ਚਿਤ ਵਿੱਚ ਇਸੇ ਵਿਚਾਰ ਨੇ ਪੈਦਾ ਕੀਤੀ ਹੋਵੇ।
ਉਸ ਦੀ ਕਰਮ ਭੂਮੀ ਨਕੋਦਰ ਦੀ ਮਿੱਟੀ ਬੜੀ ਇਨਕਲਾਬੀ ਹੈ । ਹਰ ਲਹਿਰ ਦਾ ਪ੍ਰਭਾਵ ਤੁਰੰਤ ਕਬੂਲਦੀ ਹੈ। ਵਿਦਿਆਰਥੀ ਲਹਿਰਾਂ ਨੇ ਨਕੋਦਰ ਨੂੰ ਹਮੇਸ਼ਾਂ ਹਿੰਮਤੀ, ਉਤਸ਼ਾਹੀ ਅਤੇ ਦਲੇਰ ਪੁੱਤਰ ਧੀਆਂ ਦਿੱਤੇ ਹਨ। ਰਿਆੜ ਕੋਲ ਵੀ ਇਹ ਸਾਰੇ ਗੁਣ ਵਿਰਾਸਤੀ ਅੰਸ਼ ਵਜੋਂ ਲੱਭਦੇ ਹਨ। ਮੈਂ ਦਰਪਣ ਵਿੱਚ ਇਹ ਗੁਣ ਖੁਰ ਖੁਰ ਕੇ ਇਸ ਤਰ੍ਹਾਂ ਸ਼ਾਮਿਲ ਹੋਏ ਹਨ ਕਿ ਅਮਰੀਕਾ ਦੇ ਪੰਜਾਬੀ ਭਾਈਚਾਰੇ ਦੀ ਗੱਲ ਕਰਦਿਆਂ ਵੀ ਉਹ ਪੰਜਾਬ ਦੇ ਸਭਿਆਚਾਰਕ ਹਵਾਲੇ ਦੇਣੇ ਨਹੀਂ ਵਿਸਾਰਦਾ। ਮੁਹਾਵਰੇ, ਕਹਾਵਤਾਂ, ਬੋਲੀਆਂ ਅਤੇ ਕਾਵਿ ਟਿੱਪਣੀਆਂ ਦੇ ਸਹਾਰੇ ਨਾਲ ਆਪਣੀ ਵਾਰਤਕ ਨੂੰ ਰਸਵੰਤੀ ਬਣਾ ਕੇ ਪਰੋਸਦਾ ਹੈ। ਰਿਆੜ ਸਿਰਫ ਖੁੱਲੀ ਕਿਤਾਬ ਹੀ ਨਹੀਂ ਸਗੋਂ ਪਾਰਦਰਸ਼ੀ ਸਫ਼ਾ ਵੀ ਹੈ। ਉਸ ਦੀ ਸੋਚ ਅਤੇ ਕਲਮ ਦਾ ਸੁਮੇਲ ਉਸ ਨੂੰ ਭਾਰੀ ਭਰਕਮ ਸ਼ਬਦਾਂ ਵਾਲੀ ਵਿਦਵਤਾ ਦਾ ਗੁਲਾਮ ਨਹੀਂ ਬਣਾਉਦਾ ਸਗੋਂ ਆਪਣੇ 1984 ਤੋਂ ਸਿਰਜਣ ਪ੍ਰਕਿਰਿਆ ਆਰੰਭਣ ਦੇ ਸਫ਼ਰ ਕਾਰਨ ਹੌਲੇ ਭਾਰ ਸਾਥ ਦੇ ਮੋਹਰੀ ਵਜੋਂ ਸਥਾਪਿਤ ਕਰਦਾ ਹੈ।
ਹਰਵਿੰਦਰ ਰਿਆੜ ਦੀ ਇਹ ਕਿਤਾਬ 'ਮੈਂ ਦਰਪਣ' ਉਸ ਦਾ ਜ਼ਿੰਦਗੀ ਨਾਮਾ ਹੈ। ਆਪਣੀਆਂ ਦੋ ਭੈਣਾਂ ਅਤੇ ਮਾਂ-ਬਾਪ ਨੂੰ ਨਿੱਕਾ ਹੋਣ ਦੇ ਬਾਵਜੂਦ ਵਿਚਾਰਧਾਰਕ ਪੱਖੋਂ ਅਗਵਾਈ ਦੇਣ ਵਾਲਾ ਹਰਵਿੰਦਰ ਰਿਆੜ ਜਿਥੇ ਚੰਗਾ ਸਿਰਜਕ ਹੈ ਉਥੇ ਖੇਤੀਬਾੜੀ ਦਾ ਵੀ ਸਤਿਕਾਰਤ ਕਾਮਾ ਹੈ। ਉਸ ਨੂੰ ਇਸ ਗੱਲ ਦਾ ਫਖ਼ਰ ਹੈ ਕਿ ਉਸ ਨੇ ਪੜ੍ਹਾਈ ਦੇ ਨਾਲ ਨਾਲ ਆਪਣੇ ਬਾਪ ਨਾਲ ਆਲੂਆਂ ਦੀ ਫ਼ਸਲ ਖੇਤੀ ਵੀ ਕੀਤੀ ਹੋਈ ਹੈ। ਆਪਣੇ ਪਰਿਵਾਰ ਨੂੰ ਤੀਲਾ ਤੀਲਾ ਜੋੜਿਆ ਅਤੇ ਤੱਤੀਆਂ ਹਵਾਵਾਂ ਤਂੋ ਬਚਾਇਆ ਹੈ। ਦੋਆਬੇ ਦਾ ਜੰਮਪਲ ਹੋਣ ਕਾਰਨ ਉਸ ਦੇ ਮਨ ਅੰਦਰ ਵਿਦੇਸ਼ ਜਾਣ ਦੀ ਤਾਂਘ ਉਛਾਲੇ ਖਾਂਦੀ ਸੀ ਅਤੇ ਜਲਦੀ ਤੋਂ ਜਲਦੀ ਕੈਨੇਡਾ ਜਾਂ ਕਿਸੇ ਹੋਰ ਦੇਸ਼ ਉੱਡ ਜਾਣਾ ਚਾਹੁੰਦਾ ਸੀ। ਇਸ ਕੰਮ ਲਈ ਉਸ ਨੇ ਕਿਸੇ ਰਿਸ਼ਤੇਦਾਰ ਦਾ ਪੱਲਾ ਫੜਨ ਦੀ ਥਾਂ ਆਪਣੀ ਕਲਮ ਨੂੰ ਹੀ ਹਥਿਆਰ ਬਣਾਇਆ ਹੈ। ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਜੰਡਿਆਲਾ ਵਿੱਚ ਦਾਖਲਾ ਲੈਣ ਸਮੇਂ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਵਿਸ਼ੇ ਕਿਹੋ ਜਿਹੇ ਚੁਣਨੇ ਹਨ। ਉਹ ਪੜ੍ਹਨ ਨੂੰ ਚੰਗਾ ਸੀ ਪਰ ਇਸ ਇਲਾਕੇ ਦੀ ਲੋੜੋਂ ਬਹੁਤੀ ਸਿਆਸੀ ਵਿਦਿਆਰਥੀ ਸਰਗਰਮੀ ਕਾਰਨ ਉਹ ਆਪਣੇ ਆਪ ਨੂੰ ਇਸ ਵਿੱਚ ਖਚਤ ਕਰਨ ਤੋਂ ਬਚ ਗਿਆ। ਉਸ ਦੇ ਨਜ਼ਦੀਕੀ ਰਿਸ਼ਤੇਦਾਰ ਕਰਨਲ ਮਨਮੋਹਨ ਸਿੰਘ ਨੇ ਉਸ ਨੂੰ ਆਪਣੀ ਦੇਖ ਰੇਖ ਜਲੰਧਰ ਬੁਲਾ ਲਿਆ ਅਤੇ ਪੂਰੀ ਜਿੰਮੇਂਵਾਰੀ ਨਾਲ ਐਨ ਸੀ ਸੀ ਅਤੇ ਹੋਰ ਸਹਿ ਵਿਦਿਅਕ ਸਰਗਰਮੀਆਂ ਦਾ ਮੋਢੀ ਬਣਾ ਦਿੱਤਾ। ਸਪੋਰਟਸ ਕਾਲਜ ਜਲੰਧਰ ਵਿੱਚ ਦਾਖਲੇ ਨੇ ਉਸ ਨੂੰ ਸਵੈ ਨਿਰਭਰ ਨੌਜਵਾਨ ਦੇ ਰੂਪ ਵਿੱਚ ਪਛਾਣ ਦਿੱਤੀ। ਚੁਣੌਤੀਆਂ ਅਤੇ ਵੰਨ ਸੁਵੰਨੀਆਂ ਰੁਕਾਵਟਾਂ ਨੇ ਉਸ ਨੂੰ ਇਹਨਾਂ ਤੋਂ ਪਾਰ ਜਾਣ ਦੀ ਲਿਆਕਤ ਅਤੇ ਹਿੰਮਤ ਦਿੱਤੀ।
ਕਾਲੇ ਦੌਰ ਦੀਆਂ ਕਾਲੀਆਂ ਘਟਨਾਵਾਂ ਵਿੱਚ ਪੀੜੇ ਜਾਣ ਵਾਲੇ ਜੁਆਨ ਮੁੰਡਿਆਂ ਵਿੱਚੋਂ ਉਹ ਵੀ ਇੱਕ ਸੀ। ਉਸ ਨੇ ਇਹਨਾਂ ਚੰਦਰੇ ਦਿਨਾਂ ਦਾ ਕਾਲਾ ਪ੍ਰਛਾਵਾਂ ਹੰਢਾਇਆ ਹੋਇਆ ਹੈ। ਲਾਇਕ ਵਿਦਿਆਰਥੀਆਂ ਨੂੰ ਕਲਮ ਦੀ ਥਾਂ ਹੱਥ ਵਿੱਚ ਬੰਦੂਕ ਫੜ ਕੇ ਤਬਾਹ ਹੁੰਦਿਆਂ ਵੇਖਿਆ ਹੈ। ਮਾਂ ਬਾਪ ਦੇ ਭੇਜੇ ਪੈਸਿਆਂ ਨੂੰ ਸ਼ੁਗਲ ਮੇਲਿਆਂ ਦੇ ਹਵਾਲੇ ਹੁੰਦਿਆਂ ਵੇਖਿਆ ਹੈ। ਦਿਸ਼ਾਹੀਨਤਾ ਕਾਰਨ ਜਦ ਅੱਜ ਵੀ ਪੰਜਾਬ ਦਾ ਗੱਭਰੂ ਕੰਧਾਂ 'ਚ ਟੱਕਰਾਂ ਮਾਰਦਾ ਹੈ ਤਾਂ ਉਸ ਨੂੰ ਨਿਊਯਾਰਕ ਬੈਠਿਆਂ ਇਸ ਗੱਲ ਦਾ ਇਲਮ ਹੋ ਜਾਂਦਾ ਹੈ ਕਿ ਪੰਜਾਬ ਵਿੱਚ ਹੁਣ ਵੀ ਸਭ ਅੱਛਾ ਨਹੀਂ ਹੈ। ਇਸ ਨੂੰ ਉਹ ਆਪਣੇ ਪ੍ਰੋਗਰਾਮ ਵਿੱਚ ਮੁੱਦਾ ਵੀ ਬਣਾਉਂਦਾ ਹੈ ਅਤੇ ਵਿਚਾਰ ਵਟਾਂਦਰੇ ਰਾਹੀਂ ਅਮਰੀਕਾ ਅਤੇ ਕਈ ਹੋਰ ਦੇਸ਼ਾਂ ਵਿੱਚ ਵਸਦੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਸੁਚੇਤ ਕਰਦਾ ਹੈ।
ਉਸ ਦੀ ਮੰਚ ਸੰਚਾਲਨਾ ਦਾ ਚਰਚਾ ਸੁਣ ਕੇ ਅਸੀਂ ਉਸ ਨੂੰ ਪ੍ਰੋ: ਮੋਹਨ ਸਿੰਘ ਮੇਲੇ ਵਿੱਚ ਮੰਚ ਸੌਂਪ ਦਿੱਤਾ ਅਤੇ 6 ਫੁੱਟ ਲੰਮੇ ਇਸ ਗੱਭਰੂ ਨੂੰ ਜਦ ਹਜ਼ਾਰਾਂ ਦੇ ਇਕੱਠ ਨੂੰ ਵੰਨ ਸੁਵੰਨੇ ਕਵੀਆਂ ਦੇ ਸ਼ੇਅਰਾਂ ਨਾਲ ਪਰੋ ਕੇ ਪੇਸ਼ ਕੀਤਾ ਤਾਂ ਸਰੋਤੇ ਅਸ਼ ਅਸ਼ ਕਰ ਉੱਠੇ । ਸਭਿਆਚਾਰ ਮੇਲਿਆਂ ਨੂੰ ਦੂਰਦਰਸ਼ਨ ਤੇ ਪਹੁੰਚਾਉਣ ਵਿੱਚ ਅਮਰਜੀਤ ਗਰੇਵਾਲ (ਦੂਰਦਰਸ਼ਨ) ਅਤੇ ਹਰਵਿੰਦਰ ਰਿਆੜ ਦਾ ਬਹੁਤ ਵੱਡਾ ਨਾਮ ਹੈ। ਸ: ਜਗਦੇਵ ਸਿੰਘ ਜੱਸੋਵਾਲ ਦੇ ਘਰ ਹੀ ਉਸ ਦੀ ਮੁਲਾਕਾਤ ਰਵਿੰਦਰ ਗਰੇਵਾਲ ਨਾਲ ਹੋਈ ਜੋ ਉਸ ਵੇਲੇ ਅਜੇ ਬਿਲਕੁਲ ਨਵਾਂ ਪਛਾਣ ਦੀ ਲੜਾਈ ਲੜ ਰਿਹਾ ਗਾਇਕ ਸੀ। ਦੋਹਾਂ ਨੇ ਸ: ਜੱਸੋਵਾਲ ਨਾਲ ਹਜ਼ਾਰਾਂ ਮੀਲਾਂ ਦਾ ਪੈਂਡਾ ਪੂਰੇ ਪੰਜਾਬ ਵਿੱਚ ਕੀਤਾ ਅਤੇ ਸਭਿਆਚਾਰ ਮੇਲਿਆਂ ਨੂੰ ਲਹਿਰ ਦਾ ਰੂਪ ਦਿੱਤਾ। ਪੰਜਾਬੀ ਲੇਖਕਾਂ ਦੀਆਂ ਸਭਾਵਾਂ ਵਿੱਚ ਉਸ ਨੂੰ ਇਸ ਲਈ ਸਤਿਕਾਰ ਮਿਲਦਾ ਕਿ ਉਸਦੀਆਂ ਕਵਿਤਾਵਾਂ ਉਸ ਵੇਲੇ ਦੇ ਪ੍ਰਮੁੱਖ ਮੈਗਜ਼ੀਨ 'ਨਾਗਮਣੀ' ਵਿੱਚ ਅਮ੍ਰਿੰਤਾ ਪ੍ਰੀਤਮ ਪ੍ਰਕਾਸ਼ਤ ਕਰਦੀ ਸੀ।
ਮੈਨੂੰ ਮਾਣ ਹੈ ਕਿ ਜੰਡਿਆਲਾ ਵਿੱਚ ਮੇਰੀ ਨਜ਼ਦੀਕੀ ਰਿਸ਼ਤੇਦਾਰੀ ਹੋਣ ਕਾਰਨ ਉਹ ਸਕੂਲ ਸਮਿਆਂ ਤੋਂ ਹੀ ਮੇਰਾ ਨਿੱਕਾ ਵੀਰ ਹੈ। ਮੁਹੱਬਤ ਦਾ ਭਰਿਆ ਕਟੋਰਾ। ਹੁਣ ਵੀ ਮੇਰੀਆਂ ਤੱਤੀਆਂ ਠੰਡੀਆਂ ਜਰ ਲੈਂਦਾ ਹੈ। ਮੇਰਾ ਸਾਰਥੀ ਹੁੰਦਾ ਹੈ ਨਿਊਯਾਰਕ ਫੇਰੀ ਦੌਰਾਨ।
ਪੰਜਾਬ ਦਾ ਇੱਕ ਵੀ ਅਜਿਹਾ ਮੇਲਾ ਨਹੀਂ ਹੋਣਾ ਜਿਥੇ ਰਿਆੜ ਨੇ ਮੋਰ ਵਾਂਗ ਪੈਲਾਂ ਨਾ ਪਾਈਆਂ ਹੋਣ। ਬਠਿੰਡਾ ਦਾ ਲੋਕ ਕਲਾਵਾਂ ਵਾਲਾ ਵਿਰਾਸਤੀ ਮੇਲਾ, ਜਗਦੇਵ ਕਲਾਂ ਦਾ ਹਾਸ਼ਮੀ ਯਾਦਗਾਰੀ ਮੇਲਾ, ਤਰਨਤਾਰਨ ਦਾ ਲੋਕ ਵਿਰਸਾ ਮੇਲਾ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸ਼ਾਮ ਚੌਰਾਸੀ ਮੇਲਾ, ਮਾਹਲਪੁਰ ਨੇੜੇ ਦਾਦੂਵਾਲ ਮੇਲਾ, ਟੈਗੋਰ ਥੀਏਟਰ, ਚੰਡੀਗੜ੍ਹ ਵਿੱਚ ਹੁੰਦੇ ਸਰਕਾਰੀ ਅਤੇ ਗੈਰ ਸਰਕਾਰੀ ਪ੍ਰੋਗਰਾਮਾਂ ਦੀ ਪੇਸ਼ਕਾਰੀ, ਕਿਲ੍ਹਾ ਰਾਏਪੁਰ ਦੀਆਂ ਖੇਡਾਂ, ਗੁਜਰਵਾਲ ਦੀਆਂ ਖੇਡਾਂ, ਧੂਰਕੋਟ ਦੀਆਂ ਖੇਡਾਂ ਦੌਰਾਨ ਉਹ ਹਰਭਜਨ ਮਾਨ ਦੇ ਅੰਗ ਸੰਗ ਰਹਿ ਕੇ ਖੇਡਾਂ ਅਤੇ ਸਭਿਆਚਾਰ ਦਾ ਸੁਮੇਲ ਜੋੜਦਾ । ਉਸ ਦੇ ਰਸੀਲੇ ਫਿਕਰੇ ਉਸ ਨੂੰ ਲੋਕ ਮਨਾਂ ਵਿੱਚ ਪੱਕੀ ਥਾਂ ਦੇ ਦਿੰਦੇ।
ਉਸ ਕੋਲ ਵੰਨ ਸੁਵੰਨੀਆਂ ਯਾਦਾਂ ਹਨ ਜਿਨ੍ਹਾਂ ਨੂੰ ਉਹ ਹੁਣ ਵੀ ਪੋਟਲੀ ਵਾਂਗ ਨਾਲ ਨਾਲ ਚੁੱਕੀ ਫਿਰਦਾ ਹੈ। ਉਸ ਦੇ ਅੰਗ ਸੰਗ ਹਰ ਪਲ ਕਿਤਾਬਾਂ ਰਹਿੰਦੀਆਂ ਹਨ। ਵਾਰਿਸ ਦੀ ਹੀਰ ਤੋਂ ਲੈ ਕੇ ਗਦਰ ਗੂੰਜਾਂ ਤੀਕ ਵਿਰਸਾ, ਪ੍ਰੋ: ਮੋਹਨ ਸਿੰਘ ਤੋਂ ਲੈ ਕੇ ਮੇਰੇ ਵਰਗਿਆਂ ਦੀਆਂ ਕਿਤਾਬਾਂ ਤੀਕ ਵਰਤਮਾਨ ਅਤੇ ਭਵਿੱਖਮੁਖੀ ਅੱਖ ਤੇਜ਼ ਕਰਨ ਲਈ ਵੰਨ ਸੁਵੰਨੀ ਵਾਰਤਕ ਅਤੇ ਇਤਿਹਾਸ ਉਸ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਹਨ। ਸਾਹਿਤ ਪੜ੍ਹਨ ਦੀ ਆਦਤ ਉਸ ਨੂੰ ਜਿਥੇ ਸਿਆਸੀ ਸੂਝ ਵਾਲੇ ਪਿੰਡ ਜੰਡਿਆਲਾ ਨੇ ਦਿੱਤੀ ਉਥੇ ਇਹ ਸੂਝ ਪਕੇਰੀ ਕਰਨ ਲਈ ਗੁਰੂ ਨਾਨਕ ਨੈਸ਼ਨਲ ਕਾਲਜ, ਨਕੋਦਰ ਨੇ ਅਗਵਾਈ ਕੀਤੀ। ਪ੍ਰੋਫੈਸਰ ਕਰਮਜੀਤ ਸਿੰਘ ਅਤੇ ਵੀਰ ਸਿੰਘ ਰੰਧਾਵਾ ਨੂੰ ਅੱਜ ਵੀ ਉਹ ਦਿਨ ਸਤਿਕਾਰਤ ਅੱਖ ਨਾਲ ਵੇਖਦਾ ਹੈ।
ਅਮਰੀਕਾ ਵਿੱਚ ਉਹ ਸਿਰਫ ਰੁਜ਼ਗਾਰ ਹੀ ਨਹੀਂ ਕਮਾਉਂਦਾ, ਅਖ਼ਬਾਰ ਹੀ ਨਹੀਂ ਕੱਢਦਾ, ਟੀ ਵੀ ਪੇਸ਼ਕਾਰੀਆਂ ਹੀ ਨਹੀਂ ਕਰਦਾ ਸਗੋਂ ਵਕਤ ਦੇ ਨਕਸ਼ ਉਲੀਕਣ, ਉਥੇ ਵਸਦੇ ਪੰਜਾਬੀ ਭਾਈਚਾਰੇ ਦੀਆਂ ਸਮਾਜਿਕ ਗੁੰਝਲਾਂ ਸੁਲਝਾਉਣ ਲਈ ਵੀ ਲਗਾਤਾਰ ਸਰਗਰਮ ਰਹਿੰਦਾ ਹੈ। ਉਸ ਦੀਆਂ ਲਿਖਤਾਂ ਖਿੱਲਰੀਆਂ ਪੁੱਲਰੀਆਂ ਸਨ, ਮੇਰੀ ਪ੍ਰੇਰਨਾ ਅਤੇ ਲਗਾਤਾਰ ਕਹਿਣ ਕਾਰਨ ਹੁਣ ਇਕ ਮਾਲਾ ਵਿੱਚ ਪਰੁੱਚ ਗਈਆਂ ਹਨ। ਮਹਿੰਗੇ ਮੋਤੀਆਂ ਵਰਗੀਆਂ ਕਈ ਕਾਵਿ ਉਕਤੀਆਂ ਉਸ ਦੀ ਵਾਰਤਕ ਨੂੰ ਸੰਖੇਪ ਰਹਿਣ ਦਾ ਢੰਗ ਸਿਖਾਉਂਦੀਆਂ ਹਨ। ਉਸ ਦੇ ਮਿੱਤਰਾਂ ਦਾ ਵਿਸ਼ਾਲ ਦਾਇਰਾ ਇਸ ਵਾਰਤਕ ਥਾਂ ਪੁਰ ਥਾਂ ਹਾਜ਼ਰ ਹੈ। ਕਿਤੇ ਉਲੰਪੀਅਨ ਹਾਕੀ ਖਿਡਾਰੀ ਸੁਰਿੰਦਰ ਸਿੰਘ ਸੋਢੀ ਨਾਲ ਨਾਲ ਤੁਰਦਾ ਦਿਸਦਾ ਹੈ ਅਤੇ ਕਿਤੇ ਸੀ ਬੀ ਆਈ ਦਾ ਸਾਬਕਾ ਡਾਇਰੈਕਟਰ ਸ: ਜੋਗਿੰਦਰ ਸਿੰਘ, ਕਿਤੇ ਬਿਰਗੇਡੀਆ ਕੁਲਦੀਪ ਸਿੰਘ ਚਾਂਦਪੁਰੀ ਨਾਲ ਤੁਰਦਾ ਹੈ ਅਤੇ ਕਿਤੇ ਕੁਲਦੀਪ ਸਿੰਘ ਧਾਲੀਵਾਲ ਜਗਦੇਵ ਕਲਾਂ ਵਾਲਾ।
ਮੈਂ ਦਰਪਣ ਪੁਸਤਕ ਪੜ੍ਹਦਿਆਂ ਉਸ ਦੀ ਅਮਰੀਕਾ ਵਿੱਚ ਸੰਘਰਸ਼ਸ਼ੀਲ ਯਾਤਰਾ ਦੇ ਕੁਝ ਪਲ ਬੜੇ ਹੀ ਰੰਗੀਨ ਜਾਪੇ, ਵਿਸ਼ੇਸ਼ ਕਰਕੇ ਸਮਸ਼ੇਰ ਸਿੰਘ ਸੰਧੂ ਨਾਲ ਟੀ ਵੀ ਚੈਨਲ ਜਸ ਪੰਜਾਬੀ ਲਈ ਪੰਜਾਬ ਦੇ ਲੋਕ ਸੰਗੀਤ ਬਾਰੇ ਲਗਪਗ 25 ਕਿਸ਼ਤਾਂ ਰਿਕਾਰਡ ਕਰਦਿਆਂ ਮਾਣੇ ਨਜ਼ਦੀਕੀ ਪਲ। ਉਹ ਇਹਨਾਂ ਪਲਾਂ ਨੂੰ ਹੁਣ ਵੀ ਬੜੇ ਸੁਆਦ ਨਾਲ ਦਸਦਾ ਹੈ। ਇਹ 25 ਮੁਲਾਕਾਤਾਂ ਜਿਥੇ ਸਮਸ਼ੇਰ ਸਿੰਘ ਸੰਧੂ ਦੀ ਜੀਵਨ ਯਾਤਰਾ ਦਾ ਅਹਿਮ ਤਰੀਨ ਹਿੱਸਾ ਹਨ ਉਥੇ ਸੰਚਾਰ ਮਾਧਿਅਮਾਂ ਦੇ ਇਤਿਹਾਸ ਵਿੱਚ ਵੀ ਮੀਲ ਪੱਥਰ ਸਾਬਤ ਹੋਵੇਗੀ । ਮੈਨੂੰ ਮਾਣ ਹੈ ਕਿ ਇਸ ਦਾ ਸੁਝਾਅ ਮੇਰੇ ਵੱਲੋਂ ਮੰਨ ਕੇ ਉਸ ਨੇ ਪੂਰੀ ਯੋਜਨਾਕਾਰੀ ਏਨੇ ਵਿਉਂਤਬੰਦ ਢੰਗ ਨਾਲ ਨਿਭਾਈ ਕਿ ਇਹਨਾਂ ਮੁਲਾਕਾਤਾਂ ਵਿੱਚੋਂ ਕਿਤੇ ਪਾਸ਼ ਬੋਲਦਾ ਹੈ, ਕਿਤੇ ਸੁਰਜੀਤ ਬਿੰਦਰੱਖੀਆ। ਉਹ ਅਮਰੀਕਾ ਦੇ ਪਹਿਲੇ ਮੌਲਿਕ ਪੰਜਾਬੀ 24 ਘੰਟੇ ਚੱਲਣ ਵਾਲੇ ਚੈਨਲ ਦਾ ਪਿਛਲੇ ਦਸ ਸਾਲ ਤੋਂ ਲਗਾਤਾਰ ਕਾਮਾ ਹੈ, ਆਗੂ ਹੈ, ਵਿਸਵਾਸ਼ਪਾਤਰ ਸਾਥੀ ਹੈ ਅਤੇ ਨਾਲ ਹੀ ਪੰਜਾਬੀ ਰਾਈਟਰ ਵੀਕਲੀ ਅਖ਼ਬਾਰ ਦਾ ਸਫ਼ਲ ਸੁਪਨਕਾਰ ਵੀ। ਇਸ ਸੁਪਨੇ ਨੂੰ ਹਕੀਕਤ ਵਿੱਚ ਉਸ ਨੇ ਕਿਹੜੀਆਂ ਔਕੜਾਂ ਦੇ ਬਾਵਜੂਦ ਤਬਦੀਲ ਕੀਤਾ ਇਹ ਪੁਸਤਕ ਪੜ੍ਹ ਕੇ ਤੁਸੀਂ ਜਾਣ ਸਕੋਗੇ।
ਹਰਵਿੰਦਰ ਰਿਆੜ ਦੀਆਂ ਇਸ ਸੰਗ੍ਰਹਿ ਵਿੱਚ ਲਿਖਤਾਂ ਸਾਨੂੰ ਨਿਰਛਲ, ਨਿਰਕਪਟ ਅਤੇ ਨਿਰਵਿਕਾਰ ਦੋਸਤੀਨਾਮੇ ਦਾ ਵੀ ਅਹਿਸਾਸ ਕਰਾਉਂਦੀਆਂ ਹਨ। ਇਕ ਵਿਅਕਤੀ ਏਨੀ ਨਿੱਕੀ ਉਮਰ ਵਿੱਚ ਏਨੇ ਰਿਸ਼ਤੇਨਾਤੇ, ਜਿੰਮੇਂਵਾਰੀਆਂ ਅਤੇ ਪ੍ਰਬੰਧ ਕਿਵੇਂ ਭੁਗਤਾਉਂਦਾ ਹੈ, ਇਹ ਅਲੌਕਿਕ ਪ੍ਰਤਿਭਾ ਬਿਨ ਸੰਭਵ ਨਹੀਂ। ਆਪਣੇ ਮਾਂ-ਬਾਪ ਅਤੇ ਦੋ ਭੈਣਾਂ ਤੋਂ ਇਲਾਵਾ ਆਪਣੀ ਜੀਵਨ ਸਾਥਣ ਅਮਰਜੀਤ ਕੌਰ, ਬੇਟੀ ਨਿਮਰਤ ਅਤੇ ਪੁੱਤਰ ਅਰਜਨ ਰਿਆੜ ਨਾਲ ਉਹ ਹੁਣ ਵੀ ਬੱਚਿਆਂ ਵਾਂਗ ਖੇਡ, ਲੜ, ਝਗੜ ਅਤੇ ਲਾਡ ਦੁਲਾਰ ਵੀ ਕਰਦਿਆਂ ਮੈਂ ਵੇਖਿਆ ਹੈ। ਇਸ ਪੁਸਤਕ ਦੇ ਪ੍ਰਕਾਸ਼ਨ ਨਾਲ ਮੇਰੀ ਚਿਰਾਂ ਪੁਰਾਣੀ ਰੀਝ ਪੂਰੀ ਹੋ ਰਹੀ ਹੈ। ਮੇਰੇ ਲਈ ਇਸ ਤੋਂ ਵੱਡਾ ਸੁਭਾਗ ਕੀ ਹੋ ਸਕਦਾ ਹੈ ਕਿ ਇਸ ਪੁਸਤਕ ਦਾ ਪਹਿਲੇ ਪੰਨਿਆਂ ਵਿੱਚ ਮੈਂ ਵੀ ਹਾਜ਼ਰ ਹਾਂ।
ਪ੍ਰੋ: ਗੁਰਭਜਨ ਸਿੰਘ ਗਿੱਲ
ਸਾਬਕਾ ਪ੍ਰਧਾਨ
ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ।