Muhabbat Ne Kiha : Dr. Devinder Saifee

ਮੁਹੱਬਤ ਨੇ ਕਿਹਾ : ਡਾ. ਦੇਵਿੰਦਰ ਸੈਫ਼ੀ


ਦੇਵਿੰਦਰ ਸੈਫ਼ੀ ਨੇ ਆਪਣੀ ਇਸ ਕਾਵਿ - ਪੁਸਤਕ " ਮੁਹੱਬਤ ਨੇ ਕਿਹਾ " ਰਾਹੀਂ ਮੁਹੱਬਤ ਦੇ ਕਾਵਿ - ਸ਼ਾਸਤਰ ਦੀ ਰਚਨਾ ਕੀਤੀ ਹੈ।
ਮੁਹੱਬਤ ਕਰਨਾ ਹਿੰਮਤ ਤੇ ਹੌਂਸਲੇ ਵਾਲ਼ਾ ਕੰਮ ਐ। ਦੂਸਰੇ ਦੇ ਦੂਸਰੇਪਣ ਦੀ ਪਛਾਣ ਲਈ ਆਪਣੇ ਆਪ ਵਿਰੁੱਧ ਯੁੱਧ ਛੇੜਨਾ ਪੈਂਦਾ ਹੈ। ਦੂਸਰੇਪਣ ਦੇ ਰਹੱਸ ਵਿੱਚ ਡੁੱਬਣ ਲਈ ਹਉਂ ਦੀ ਆਹੂਤੀ ਦੇਣੀ ਪੈਂਦੀ ਹੈ। ਦੂਸਰੇਪਣ ਵਿੱਚ ਸਮਾਨਤਾ ਨਹੀਂ ਭਿੰਨਤਾ ਛੁਪੀ ਹੁੰਦੀ ਹੈ। ਇਸ ਵਿੱਚੋਂ ਸੁੱਖ ਹੀ ਨਹੀਂ, ਦੁੱਖ ਵੀ ਸਿੰਮਦੈ। ਚੈਣ ਹੀ ਨਹੀਂ ਭਟਕਣਾ ਵੀ ਮਿਲਦੀ ਹੈ ਪਰ ਇਹ ਸਭ ਮਨੁੱਖ ਅੰਦਰ ਉਹਦਾ ਕ੍ਰਿਸ਼ਮਾ ਬਚਾਈ ਰੱਖਦੈ। ਇਹੀ ਇਸ ਕਾਵਿ ਦਾ ਕੇਂਦਰੀ ਨੁਕਤਾ ਹੈ।
ਸੈਫ਼ੀ ਜਿਸ ਮੁਹੱਬਤ ਦੀ ਗੱਲ ਕਰ ਰਿਹਾ ਹੈ, ਉਹ ਉਸ ਅਸ਼ਲੀਲਤਾ ਖ਼ਿਲਾਫ਼ ਵਿਦਰੋਹ ਹੈ ਜੋ ਸਭ ਕਾਸੇ ਨੂੰ ਖਪਤ ਦੀਆਂ ਵਸਤੂਆਂ ਵਿੱਚ ਤਬਦੀਲ ਕਰ ਕੇ ਉਨ੍ਹਾਂ ਦੀ ਬੋਲੀ ਲਗਾ ਦਿੰਦੀ ਹੈ। ਇਸੇ ਲਈ ਉਹ ਸਭ ਤੋਂ ਲੰਮੀ ਕਵਿਤਾ ਉਹਨਾਂ ਲਈ ਲਿਖਦਾ ਹੈ ਜੋ ਮੁਹੱਬਤ ਨਹੀਂ ਕਰਦੇ।
ਪੂੰਜੀਵਾਦ ਨੂੰ ਗੱਦੀਓਂ ਉਤਾਰਨ ਲਈ ਸ਼ਕਤੀ ਸਬੰਧਾਂ ਦਾ ਬਦਲ ਲੱਭਣਾ ਪਵੇਗਾ। ਇਹ ਬਦਲ ਕੋਈ ਹੋਰ ਨਹੀਂ ਕੇਵਲ ਮੁਹੱਬਤ ਹੀ ਹੋ ਸਕਦੀ ਹੈ। ਮੁਹੱਬਤ ਹੀ ਨਵੇਂ ਸਮਾਜ ਦੀ ਸਿਰਜਣਾ ਦਾ ਅਸਲ ਮਾਧਿਅਮ ਹੈ।
ਮੈਨੂੰ ਬੜੀ ਖ਼ੁਸ਼ੀ ਅਤੇ ਤਸੱਲੀ ਹੈ ਕਿ ਦੇਵਿੰਦਰ ਸੈਫ਼ੀ ਨੇ ਮੁਹੱਬਤ ਦੀ ਕ੍ਰਾਂਤੀਕਾਰੀ ਊਰਜਾ ਨੂੰ ਪਛਾਣਦੇ ਹੋਏ ਇਸਨੂੰ ਖਪਤਕਾਰੀ ਦੀ ਅਸ਼ਲੀਲਤਾ ਵਿੱਚੋਂ ਬਾਹਰ ਕੱਢ ਕੇ ਇਸਦੀ ਨਵ - ਪਹਿਚਾਣ ਸਥਾਪਤ ਕੀਤੀ ਹੈ। ਇਸਦੀ ਸ਼ਾਨ ਤੇ ਸ਼ਕਤੀ ਦਾ ਰਹੱਸ ਬੁੱਝਿਆ ਹੈ।
ਦੇਵਿੰਦਰ ਸੈਫ਼ੀ ਨੇ ਠੀਕ ਸਮਝਿਐ ;
ਮੁਹੱਬਤ ਸੱਚਮੁੱਚ ਹੀ ''ਰੱਬ ਦੇ ਦਿਲ ਦੀ ਧੜਕਣ ਹੁੰਦੀ ਹੈ।''

-- ਅਮਰਜੀਤ ਗਰੇਵਾਲ
*** *** *** ***

ਅੱਜ ਤੋਂ ਕੋਈ ਪੰਜਾਹ ਕੁ ਸਾਲ ਪਹਿਲਾਂ ਡਾ. ਦੀਵਾਨ ਸਿੰਘ ( ਉਸ ਵੇਲ਼ੇ ਦੇ ਮੁਖੀ, ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ) ਤੋਂ ਇੱਕ ਸ਼ਿਅਰ ਸੁਣਿਆ ਸੀ ;
ਸੂਰਜ ਦੇਵਤਾ ਬੂਹੇ ' ਤੇ ਆਣ ਢੁੱਕਾ
ਕਿਸੇ ਕਿਰਨ ਨਾ ਉੱਠ ਕੇ ਤੇਲ ਚੋਇਆ
ਸਾਡੇ ਇਸ਼ਕ ਨੇ ਇੱਕ ਸਵਾਲ ਕੀਤਾ
ਉੱਤਰ ਕਿਸੇ ਨਾ ਰੱਬ ਤੋਂ ਦੇਣ ਹੋਇਆ
ਪੰਜ ਦਹਾਕਿਆਂ ਤੋਂ ਇਹ ਸਵਾਲ ਮਨ ਮਸਤਕ ਉੱਤੇ ਖਰਮਸਤੀਆਂ ਕਰਦਾ ਆ ਰਿਹਾ ਸੀ ਪਰ ਹੁਣ ਇਸ ਇਸ਼ਕ ਦੇ ਸਵਾਲ ਦਾ ਉੱਤਰ ਕਿਸੇ ਰੱਬ ਨੇ ਤਾਂ ਨਹੀਂ ਬਲਕਿ ਇਸ ਪੁਸਤਕ ( ਮੁਹੱਬਤ ਨੇ ਕਿਹਾ)ਦੇ ਕਵੀ ਦੀ ਮਹਿਬੂਬਾ ਨੇ ਭਲੀਭਾਂਤ ਦੇ ਦਿੱਤਾ ਹੈ।
ਮੁਹੱਬਤ ਕੇਂਦਰਿਤ ਇਹ ਸਵਾਲ ਦਰ ਸਵਾਲ ਅਤੇ ਉਹਨਾਂ ਦੇ ਪ੍ਰਤਿ - ਉੱਤਰ ਇੱਕ ਨਵੀਨ ਕਾਵਿ - ਵਿਧਾ ਦੀ ਰੂਪ - ਰੇਖਾ ਉਲੀਕ ਰਹੇ ਹਨ। ਇਸ ਪਰਸਪਰ ਸੰਵਾਦ ਦੀ ਖ਼ੂਬਸੂਰਤੀ ਇਹ ਹੈ ਕਿ ਕਵੀ ਦੇ ਪ੍ਰਸ਼ਨ ਉਸ ਦੇ ਆਪਣੇ ਵਿਅਕਤੀਤਵ ਤੱਕ ਸੀਮਤ ਨਾ ਹੋ ਕੇ ਕਾਇਨਾਤੀ ਪਾਸਾਰ ਵਿੱਚੋਂ ਹੋ ਕੇ ਆਉਂਦੇ ਪ੍ਰਤੀਤ ਹੁੰਦੇ ਹਨ। ਕਵੀ ਦੀ ਮਹਿਬੂਬਾ ਵੱਲੋਂ ਦਿੱਤੇ ਗਏ ਉੱਤਰ ਵੀ ਸੱਤ ਜਨਮਾਂ ਵਿੱਚ ਗ੍ਰਹਿਣ ਕੀਤੇ ਮੁਹੱਬਤੀ ਬੋਧ ਅਤੇ ਸੂਖਮ ਅਹਿਸਾਸ ਵਿੱਚੋਂ ਪੁਣ ਕੇ ਨਿਕਲੇ ਹੋਏ ਜਾਪਦੇ ਹਨ। ਦੋਨਾਂ ਕਿਰਦਾਰਾਂ ਦੇ ਅਨੁਭਵ ਨੂੰ ਵਿਅਕਤ ਕਰਨ ਦੀ ਪ੍ਰਕਿਰਿਆ ਵਿੱਚੋਂ ਹੀ ਕਾਵਿਕ ਵਿਲੱਖਣਤਾ ਉਤਪੰਨ ਹੋ ਰਹੀ ਹੈ -----

ਡਾ. ਸ਼ਿੰਦਰਪਾਲ ਸਿੰਘ,
ਚੰਡੀਗੜ੍ਹ
*** *** *** ***

ਇਹ ਪ੍ਰਗੀਤ ਕਿਸੇ ਸੂਫ਼ੀ ਸੰਤ ਦੇ ਨਹੀਂ ਸ਼ਾਇਰ ਸੈਫ਼ੀ ਦੇ ਹਨ। ' ਸੈਫ਼ੀ ' ਦੇ ਅਰਥ ' ਮਾਲਾ ' ਵੀ ਹਨ , ' ਤਸਬੀ ' ਵੀ ਤੇ ' ਦੁਸ਼ਮਨ ਨੂੰ ਅਧੀਨ ਕਰਨ ਲਈ ਮੰਤਰ ਜਾਪ ' ਦੇ ਵੀ। ਸੂਫ਼ੀ ਅਤੇ ਸੈਫ਼ੀ ਦੋਵੇਂ ਸਾਧਕ ਹਨ । ਪਰ ਸੈਫ਼ੀ ਦਾ ਨਿਵਾਸ ਨਾ ਟਿੱਲੇ 'ਤੇ ਹੈ, ਨਾ ਭੋਰੇ 'ਚ। ਉਹ 'ਮਾਤਲੋਕ' ਦਾ ਵਾਸੀ ਹੈ।'ਮਾਤਲੋਕ' ਦੀਆਂ ਤੰਗੀਆਂ- ਤੁਰਸ਼ੀਆਂ, ਤਲਖ਼ੀਆਂ ਅਤੇ ਦੁਸ਼ਵਾਰੀਆਂ ਨਾਲ ਖਹਿ ਕੇ ਲੰਘਦਾ, ਡੁੱਬਦਾ -ਤਰਦਾ , ਡਿੱਗਦਾ - ਉੱਠਦਾ , ਆਢਾ ਲੈਂਦਾ ਸੈਫ਼ੀ।
ਸੈਫ਼ੀ ਗੁਰਾਂ ਦੀ ਗੁੜ੍ਹਤੀ ਤੋਂ ਬਾਅਦ ਦਾ ਸਾਧਕ ਹੈ। ਇਹ ਗੁੜ੍ਹਤੀ 'ਮਿੱਤਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ ' ਦੀ ਹੈ। ਸ਼ਾਇਦ ਏਸੇ ਲਈ ਉਸਦਾ ਮੰਤਰ ਜਾਪ ਦੂਜੇ ਨੂੰ ਵੱਸ ਕਰਨ ਲਈ ਨਹੀਂ , ਮਿੱਤਰ ਪਿਆਰੇ ਦੇ ਵੱਸ ਹੋਣ ਲਈ ਹੈ। ਉਸਦੀ ਸਮਸਤ ਪੂੰਜੀ ਇਸ਼ਕ, ਮੁਹੱਬਤ, ਪ੍ਰੇਮ, ਪਿਆਰ ਦੇ ਚਾਰ ਸ਼ਬਦਾਂ ਦੀ ਹੈ ਜਿਨ੍ਹਾਂ ਨੂੰ ਜੋੜ ਕੇ ਕੇਵਲ ਇੱਕ ਹੀ ਸ਼ਬਦ ਬਣਦਾ ਹੈ, ਉਹ ਹੈ ; ' ਮੈਂ ਨਹੀਂ ਬਸ ਤੂੰ '। ਏਥੇ 'ਮੈਂ ' ਦੀ ਸਾਰੀ ਅਭਿਲਾਸ਼ਾ ' ਤੂੰ ' ਹੋਣ ਦੀ ਹੈ,ਆਪਾ ਗਵਾਉਣ ਦੀ ਹੈ। ਰਾਬੀਆ, ਲੱਲਾ, ਫ਼ਰੀਦ, ਬੁੱਲ੍ਹਾ, ਸ਼ਾਹ ਹੁਸੈਨ, ਸਹਿਜੋ ਬਾਈ , ਪੀਰੋ ਪ੍ਰੇਮਣ ਸਭ 'ਤੂੰ ' ਦੇ ਹੀ ਤਲਬਗਾਰ ਸਨ। ਜਦੋਂ ਕੋਈ ਸੂਫ਼ੀ/ਸੈਫ਼ੀ, ਮੀਰਾ/ ਲੱਲਾ / ਰਾਬੀਆ ਵਾਂਗ ਗਾਉਂਦਾ ਹੈ ਤਾਂ ਨਾ ਉਹ ਨਰ ਹੁੰਦਾ ਹੈ, ਨਾ ਨਾਰੀ । ਉਹ ਸ਼ੁੱਧ ਸ਼ਾਇਰ ਹੁੰਦਾ ਹੈ ਜੋ ਅਰਧਨਾਰੀਸ਼ਵਰ ਦੀ ਅਵੱਸਥਾ ਵਿੱਚ ਹੁੰਦਾ ਹੈ। ਸਾਰੀ ਤਾਂਘ ਸੁਮੇਲ ਦੀ ਹੈ। ਦੂਜੇ ਦੇ ਰੰਗ ਵਿੱਚ ਰੰਗੇ ਜਾਣ ਦੀ ,ਜਿਸ ਨੂੰ ਚਾਹੁਣਾ ਉਸੇ ਵਰਗੇ ਹੋ ਜਾਣ ਦੀ। ਚਾਹੇ ਅਨੰਤਕਾਲ ਤੱਕ ਉਡੀਕ ਕਰਨੀ ਪਵੇ। ਜਿੰਦ ਰਹੇ ਨਾ ਰਹੇ ਰੂਹ ਮੁਜ਼ਰਾ ਕਰਨ ਦਾ ਅਹਿਦ ਕਰ ਲੈਂਦੀ ਹੈ। ਸ਼ਾਇਦ ਇਹੀ ਇਸ਼ਕ ਮਜਾਜ਼ੀ ਦੀ ਸਿਖ਼ਰ ਹੈ ਜੋ ਇਸ਼ਕ ਹਕੀਕੀ ਦੇ ਫ਼ੁੱਲ ਖਿੜਾ ਦਿੰਦੀ ਹੈ। ਸੈਫ਼ੀ ਦੇ ਪ੍ਰਗੀਤ ਗੁਣ ਗੁਣਾਉਂਦਿਆ ਇਹ ਅਹਿਸਾਸ ਹੁੰਦਾ ਹੈ ਕਿ ਸਾਡੀ ਸਮਕਾਲੀ ਸ਼ਾਇਰੀ ਨੂੰ ਜਿਸ ਦੁਆ ਦੀ ਲੋੜ ਹੈ ਉਹ ਹੈ ' ਆਪੇ ਦੀ ਪਛਾਣ ਦੀ '। ਇਹ ਦੁਆ ਸ਼ਾਇਰ ਨੂੰ ਮਹਿਜ਼ ਕਵੀ ਨਹੀਂ ਰਹਿਣ ਦਿੰਦੀ। ਕਦੇ ਫ਼ਰੀਦ, ਕਦੇ ਬੁੱਲ੍ਹਾ ਅਤੇ ਕਦੇ ਕਬੀਰ ਕਰ ਦਿੰਦੀ ਹੈ।

ਡਾ.ਰਵੀ ਰਵਿੰਦਰ
ਪ੍ਰੋਫੈਸਰ, ਪੰਜਾਬੀ ਵਿਭਾਗ ਅਤੇ
ਡੀਨ, ਸੱਭਿਅਚਾਰਕ ਮਾਮਲੇ
ਦਿੱਲੀ ਯੂਨੀਵਰਸਿਟੀ,ਦਿੱਲੀ
*** *** *** ***


ਜ਼ਿੰਦਗੀ ਮਹੁਗੁਣੀ ਦੀ ਲੱਕੜੀ ਜੇਹੀ ਹੁੰਦੀ ਏ ਮੁਹੱਬਤੀ ਹੱਥ ਮਿਲ ਜਾਵਣ ਤਾਂ ਸੁਰੀਲਾ ਸਾਜ਼ ਬਣ ਜਾਵੇ ਵਰਨਾ ਕਿਸੇ ਬੰਦੂਕ ਦਾ ਬੱਟ ਬਣਕੇ ਤਣ ਜਾਵੇ ਭਾਗ-ੳ

ਜਿੰਦੇ ਨੀਂ ਤੈਨੂੰ

ਜਿੰਦੇ ਨੀਂ ਤੈਨੂੰ ਇਸ਼ਕ ਸਬਕ ਦੀ ਲੋੜ ਹੋਰ ਸਬਕ ਸਭ ਪਾਸੇ ਰੱਖਦੇ ਏਧਰ ਨੂੰ ਮਨ ਮੋੜ ਜਿੰਦੇ ਨੀਂ ਤੈਨੂੰ... ਢੇਰ ਕਿਤਾਬਾਂ ਸਿਰ ' ਤੇ ਧਰੀਆਂ ਇਸ ਪੋਥੀ ਦੀ ਥੋੜ੍ਹ ਜਿੰਦੇ ਨੀਂ ਤੈਨੂੰ... ਕੁੱਲ ਆਲਮ ਦਾ ਅਦਬ ਫਰੋਲੀਂ ਇਹਦਾ ਨਾ ਕੋਈ ਤੋੜ ਜਿੰਦੇ ਨੀਂ ਤੈਨੂੰ... ਏਸ ਸਬਕ ਦੀ ਸੰਥਾ ਸਭ ਦਾ ਦੇਵੇ ਕੁਫ਼ਰ ਨਿਚੋੜ ਜਿੰਦੇ ਨੀਂ ਤੈਨੂੰ... ਕੱਚਾ ਘੜਾ ਪਕਾਉਣਾ ਲੋੜੇਂ ਏਸ ਝਨਾਂ ਵਿੱਚ ਰੋੜ੍ਹ ਜਿੰਦੇ ਨੀਂ ਤੈਨੂੰ... ਲੈ ਇਹ ਸਬਕ ਸੱਜਣ ਦੇ ਕੋਲੋਂ ਸਾਰੀ ਸੁਰਤੀ ਜੋੜ ਜਿੰਦੇ ਨੀਂ ਤੈਨੂੰ...

ਜਿੰਦੇ ਨੀਂ ਉਠ

ਜਿੰਦੇ ਨੀਂ ਉਠ ਮਾਰ ਸੱਜਣ ਨੂੰ ਹਾਕ ਛਿੱਜਣੋਂ ਪਹਿਲਾਂ ਉਮਰ ਦੀ ਚਾਦਰ ਨਾਲ ਮੁਹੱਬਤਾਂ ਠਾਕ ਜਿੰਦੇ ਨੀਂ ਉਠ... ਸਖੀ ਬਣਾ ਲੈ ਪ੍ਰੀਤ ਉਹਦੀ ਨੂੰ ਛੱਡਦੇ ਕੂੜੇ ਸਾਕ ਜਿੰਦੇ ਨੀਂ ਉਠ... ਇਸ ਮੰਡੀ ਵਿੱਚ ਮੈਲਾਂ ਈ ਮੈਲਾਂ ਨਿਕਲ ਕੇ ਹੋ ਜਾ ਪਾਕ ਜਿੰਦੇ ਨੀਂ ਉਠ... ਰਾਜੇ ਦਿਸਣ ਭਿਖਾਰੀ ਜਿੱਥੇ ਉੱਥੇ ਕਾਹਦੀ ਝਾਕ ਜਿੰਦੇ ਨੀਂ ਉਠ... ਦਰ ਓਹਦੇ ' ਤੇ ਮਹਿਕ ਉਠੇਂਗੀ ਜਦ ਹੋਵੇਂਗੀ ਖ਼ਾਕ ਜਿੰਦੇ ਨੀਂ ਉਠ... ਖੋਲ੍ਹ ਸੁਹੰਡੜੀ ਇਸ਼ਕ ਦੀ ਪੋਥੀ ਲੈ ਸੁਚਿਆਰਾ ਵਾਕ ਜਿੰਦੇ ਨੀਂ ਉਠ... ਖ਼ੁਦ ਆਵੇਗਾ ਰੱਬ ਡਾਕੀਆ ਲੈ ਕੇ ਰੰਗਲੀ ਡਾਕ ਜਿੰਦੇ ਨੀਂ ਉਠ...

ਸੱਜਣ ਤੁਸੀਂ ਮਿੱਠੜੇ ਮਿੱਠੜੇ

ਸੱਜਣ ਤੁਸੀਂ ਮਿੱਠੜੇ ਮਿੱਠੜੇ ਮਿੱਠੜੇ ਤੇ ਅਣਮੋਲ ਸੱਜਣ ਤੁਸੀਂ ਮਿੱਠੜੇ ਮਿੱਠੜੇ ਨਾਮ ਤੁਸਾਂ ਦਾ ਸਾਹਾਂ ਦੇ ਵਿੱਚ ਦਏ ਸੁਗੰਧੀਆਂ ਘੋਲ ਸੱਜਣ ਤੁਸੀਂ ਮਿੱਠੜੇ ਮਿੱਠੜੇ... ਰੂਹ ਵਿਸਮਾਏ , ਮਨ ਤ੍ਰਿਪਤਾਏ ਸੁਣ ਸ਼ਰਬਤ ਜਿਹੇ ਬੋਲ ਸੱਜਣ ਤੁਸੀਂ ਮਿੱਠੜੇ ਮਿੱਠੜੇ... ਨਦਰਿ ਤੁਹਾਡੀ ਰੂਹ ਸਾਡੀ ਵਿੱਚ ਦੇਵੇ ਅੰਮ੍ਰਿਤ ਘੋਲ ਸੱਜਣ ਤੁਸੀਂ ਮਿੱਠੜੇ ਮਿੱਠੜੇ... ਮੁਸਕਣੀਆਂ 'ਚੋਂ ਮਿਸ਼ਰੀ ਡੁੱਲ੍ਹ ਕੇ ਭਰੇ ਨੈਣਾਂ ਦੀ ਝੋਲ ਸੱਜਣ ਤੁਸੀਂ ਮਿੱਠੜੇ ਮਿੱਠੜੇ... ਛੋਹ ਤੁਸਾਂ ਦੀ ਧੁਰ ਤੱਕ ਸਾਨੂੰ ਕਰ ਦੇਵੇ ਸਮਤੋਲ ਸੱਜਣ ਤੁਸੀਂ ਮਿੱਠੜੇ ਮਿੱਠੜੇ... ਤੁਸਾਂ ਦੀ ਉਸਤਤ ਬਾਝੋਂ ਕੋਈ ਕਾਜ ਨਾ ਸਾਡੇ ਕੋਲ ਸੱਜਣ ਤੁਸੀਂ ਮਿੱਠੜੇ ਮਿੱਠੜੇ... ਸਾਰੇ ਸਫ਼ੇ ਤੁਸਾਂ ਦੇ ਨਾਵੇਂ ਜਿੰਦ-ਪੋਥੀ ਲਓ ਫੋਲ ਸੱਜਣ ਤੁਸੀਂ ਮਿੱਠੜੇ ਮਿੱਠੜੇ...

ਸੱਜਣ ਜੀ ਸਾਂਭ ਲਵੋ ਜੀ

ਸੱਜਣ ਜੀ ਸਾਂਭ ਲਵੋ ਜੀ ਸਾਂਭੋ ਮੇਰੇ ਪ੍ਰਾਣ ਸੱਜਣ ਜੀ ਸਾਂਭ ਲਵੋ ਜੀ ਸਾਂਭੋ ਸਾਰੀਆਂ ਲੱਜਾਂ ਸ਼ਰਮਾਂ ਸਾਂਭੋ ਮਾਣ ਤ੍ਰਾਣ ਸੱਜਣ ਜੀ ਸਾਂਭ ਲਵੋ ਜੀ ਸਾਂਭੋ ਦਿਲ ਦੀ ਹਾੜ੍ਹੀ ਸਾਉਣੀ ਸਾਂਭੋ ਵੱਟਿਆ ਵਾਣ ਸੱਜਣ ਜੀ ਸਾਂਭ ਲਵੋ ਜੀ ਸਾਂਭੋ ਸੁਰਤੀ ਬਿਰਤੀ ਸਾਰੀ ਸਾਂਭੋ ਸਾਰੀ ਕਾਣ ਸੱਜਣ ਜੀ ਸਾਂਭ ਲਵੋ ਜੀ ਸਾਂਭੋ ਰੂਹ ਦਾ ਨਿੱਕ ਸੁੱਕ ਸਾਰਾ ਸਾਂਭੋ ਸਭ ਪਹਿਚਾਣ ਸੱੱਜਣ ਜੀ ਸਾਂਭ ਲਵੋ ਜੀ ਸਾਂਭ ਲਵੋ ਜੀ ਹੋਂਦ ਸਾਰੀ ਨੂੰ ਸਾਂਭੋ ਮਨ ਦੀ ਖਾਣ ਸੱਜਣ ਜੀ ਸਾਂਭ ਲਵੋ ਜੀ ਸਾਂਭੋ ਸਾਰਾ ਸਿਦਕ ਅਸਾਂ ਦਾ ਸਾਂਭ ਚੜ੍ਹਾਉ ਸਾਣ ਸੱਜਣ ਜੀ ਸਾਂਭ ਲਵੋ ਜੀ

ਸੁਣ ਸੁਣ ਵੇ ਸੱਜਣ ਸੋਹਣਿਆ

ਸੁਣ ਸੁਣ ਵੇ ਸੱਜਣ ਸੋਹਣਿਆ ਸੁਣ ਇਹ ਰਮਜ਼ ਬਰੀਕ ਪੜ੍ਹ ਪੜ੍ਹ ਵੇ ਸਾਡਾ ਹਲਫ਼ੀਆ ਪੜ੍ਹ ਕੇ ਕਰ ਤਸਦੀਕ ਮੰਨ ਮੰਨ ਵੇ ਸਾਡੀ ਰੂਹ ਦੀ ਮੰਨ ਵੇ ਕਦੇ ਵਧੀਕ ਤਕ ਤਕ ਵੇ ਹੋ ਕੇ ਕੋਲ ਤੂੰ ਤੱਕ ਅੰਦਰਲੀ ਚੀਕ ਮਿਲ ਮਿਲ ਵੇ ਜਾਨੋਂ ਪਿਆਰਿਆ ਮਿਲ ਸਾਹੋਂ ਨਜ਼ਦੀਕ ਰੰਗ ਰੰਗ ਵੇ ਸਾਡੀ ਸੁਰਤ ਨੂੰ ਰੰਗ ਸਾਨੂੰ ਧੁਰ ਤੀਕ ਟਿਕ ਟਿਕ ਵੇ ਅੰਤਹਕਰਣ ਵਿੱਚ ਟਿਕ ਜਾ ਟੱਪ ਕੇ ਲੀਕ ਬਣ ਬਣ ਵੇ ਸਾਡੇ ਪਿਆਰ ਦੀ ਬਣ ਜਾ ਸੁਦੀ ਤਰੀਕ ਰਹੂ ਰਹੂਗੀ ਮੇਰੇ ਲਾਡ ਵੇ ਤੇਰੀ ਆਖਰ ਤੀਕ ਉਡੀਕ

ਆ ਬਣ ਵੇ ਮੇਰੇ ਪਿਆਰਿਆ

ਆ ਬਣ ਵੇ ਮੇਰੇ ਪਿਆਰਿਆ ਬਣ ਮੇਰੀ ਤਕਦੀਰ ਮੇਰੇ ਮੱਥੇ ਉੱਤੇ ਉਕਰਜਾ ਬਣਕੇ ਲੇਖ-ਲਕੀਰ ਮੇਰੇ ਧੁਰ ਅੰਦਰ ਤੱਕ ਖੁੱਭ ਜਾ ਤਾਂਘ ਦਾ ਬਣਕੇ ਤੀਰ ਮੇਰੇ ਨੈਣੀਂ ਟਿਕਜਾ ਆਣ ਕੇ ਨੇਹੁੰ ਦਾ ਬਣਕੇ ਨੀਰ ਮੇਰੇ ਸਾਹਾਂ ਦੇ ਸੰਗ ਰਹਿ ਸਦਾ ਬਣਕੇ ਇਸ਼ਕ ਸੁਮੀਰ ਬਣ ਅੱਥਰੂ ਮੇਰੀ ਸਿੱਕ ਦਾ ਦਿਲ ਮੇਰੇ ਵਿੱਚ ਜੀਰ ਮੇਰੀ ਰੂਹ ਦੇ ਤਕੀਏ ਬੈਠ ਜਾ ਪਿਆਰ ਦਾ ਬਣਕੇ ਪੀਰ ਰਮ ਰੋਮ ਰੋਮ ਵਿੱਚ ਸੋਹਣਿਆ ਬਦਲ ਮੇਰੀ ਤਾਸੀਰ ਮੈਨੂੰ ਮਨਫ਼ੀ ਕਰਦੇ ਮੈਂ 'ਚੋਂ ਐਸੀ ਕਰ ਤਦਬੀਰ ਜਦ ਖੜ੍ਹਾਂ ਮੈਂ ਦਰਪਣ ਸਾਹਮਣੇ ਦਿਸੇ ਤੇਰੀ ਤਸਵੀਰ

ਮੇਰੇ ਮਿੱਤਰ ਪਿਆਰੇ

ਮੇਰੇ ਮਿੱਤਰ ਪਿਆਰੇ ਪਿਆਰ ਦੇ ਕਰ ਉਜਿਆਰੇ ਬਿਨਾਂ ਪਿਆਰੋਂ ਰੂਹ ਦੇ ਅੰਬਰੀਂ ਨਹੀਂ ਚਮਕਣੇ ਤਾਰੇ ਮੇਰੇ ਮਿੱਤਰ ਪਿਆਰੇ..... ਜਿੰਨ੍ਹਾਂ ਪਾਈ ਬਾਤ ਪਿਆਰ ਦੀ ਹੋ ਗਏ ਜੱਗ ਤੋਂ ਨਿਆਰੇ ਮੇਰੇ ਮਿੱਤਰ ਪਿਆਰੇ..... 'ਕਿਵੇਂ' 'ਕਿਉਂ' 'ਕੀ' ਛੱਡ ਕੇ ਸਮਝੀਂ ਸਮਝੀਂ ਅਸਲ ਇਸ਼ਾਰੇ ਮੇਰੇ ਮਿੱਤਰ ਪਿਆਰੇ..... ਬੇੜੀ ਤਾਰੇ ਦਿਲ ਦੀ 'ਸੈਫੀ' ਅਕਲ ਤਾਂ ਲਾਵੇ ਲਾਰੇ ਮੇਰੇ ਮਿੱਤਰ ਪਿਆਰੇ..... ਦਿਲੋਂ ਮੁਹੱਬਤ ਦੇ ਵਿੱਚ ਡੁੱਬਜਾ ਦੁਬਿਧਾ ਦੇ ਦੁੱਖ ਭਾਰੇ ਮੇਰੇ ਮਿੱਤਰ ਪਿਆਰੇ.....

ਕਦੇ ਆ ਵੇਖੀਂ

ਕਦੇ ਆ ਵੇਖੀਂ ਨਜ਼ਦੀਕ ਵੇ ਕਿਵੇਂ ਪੈਣ ਕਾਲਜੇ ਹੌਲ ਕਦੇ ਧੜਕਣ ਸੁਣਜਾ ਦਿਲੇ ਦੀ ਕਿਵੇਂ ਰਿਹਾ ਏ ਸਾਗਰ ਖੌਲ ਇੱਕ ਬੂੰਦ ਪਿਲਾ ਜਾ ਨਦਰਿ ਦੀ ਰੂਹ - ਰੁੱਖੜਾ ਪੈਣਾ ਮੌਲ ਸੁਣ ਵਚਨਾਂ ਦਿਆ ਪੂਰਿਆ ਕਿਉਂ ਭੁੱਲਿਓਂ ਕਰਕੇ ਕੌਲ ਨਿੱਤ ਪੋਥੀ ਖੋਲ੍ਹ ਪ੍ਰੇਮ ਦੀ ਮੈਂ ਲਾਵਾਂ ਮੁੜ ਮੁੜ ਰੌਲ ਹੁਣ ਚੱਕ ਨਾ ਹੋਵਣ ਦੂਰੀਆਂ ਥੱਕਿਆ ਸਬਰ ਦਾ ਧੌਲ

ਦਿਵਸ ਸੁਹੰਡੜਾ

ਕਦ ਆਊ ਦਿਵਸ ਸੁਹੰਡੜਾ ਬਹਿ ਸਾਹਵੇਂ ਸੁਣਸਾਂ ਬੋਲ ਕਦ ਫ਼ਲ ਬੰਦਗੀ ਨੂੰ ਲੱਗਸੀ ਕਦ ਮਿਲਸੀ ਦਾਤ ਅਮੋਲ ਕਦ ਆਵਸ ਹੋਲੀ ਪਿਆਰ ਦੀ ਕਦ ਰੰਗਸਾਂ ਰੂਹ ਦੀ ਝੋਲ ਜਦ ਮਿਲਸੀ ਕੇਸਰ ਛੋਹ ਦਾ ਮੈਂ ਪੀਸਾਂ ਸਾਹੀਂ ਘੋਲ ਫਿਰ ਸਾਰਾ ਸਰਵਰ ਪਿਆਰ ਦਾ ਤੇਰੇ ਉੱਤੇ ਦੇਸਾਂ ਡੋਲ੍ਹ ਜੋ ਸਾਂਭੀ ਦੌਲਤ ਜਿੰਦ ਦੀ ਤੈਂ ਸੰਗ ਦੇਣੀ ਤੋਲ ਉਹ ਪਲ ਛਿਣ ਦਿਵਸ ਤੇ ਰਾਤਰੀ ਸਭ ਹੋ ਜਾਸਣ ਅਣਮੋਲ

ਸੱਜਣ ਜੀ ਅੱਜ ਹੀ

ਸੱਜਣ ਜੀ ਅੱਜ ਹੀ ਮਿਲੀਏ ਕੱਲ੍ਹ ਦਾ ਕੀ ਵਿਸਾਹ ਪੈਣ ਰੋਜ਼ ਹੋਣੀ ਦੀਆਂ ਮਾਰਾਂ ਨਿੱਤ ਵਿਛੜਦੀਆਂ ਪੰਛੀ ਡਾਰਾਂ ਕੇਲ ਕਰੇਂਦੇ ਸੁਪਨਿਆਂ ਨੂੰ ਕੋਈ ਵਿੱਚੋਂ ਹੀ ਲੈਂਦਾ ਫਾਹ ਸੱਜਣ ਜੀ ਅੱਜ ਹੀ ਮਿਲੀਏ ... ਸਾਹਾਂ ਦੀ ਖੰਡ ਖਿਲਰੀ ਜਾਵੇ ਰਲੇ ਰੇਤ ਵਿੱਚ ਹੱਥ ਨਾ ਆਵੇ ਦੌੜੇ ਸਰਪਟ ਸਮੇਂ ਦਾ ਘੋੜਾ ਲਵੇ ਨਾ ਰਾਹ ਵਿੱਚ ਸਾਹ ਸੱਜਣ ਜੀ ਅੱਜ ਹੀ ਮਿਲੀਏ... ਦੂਰ ਕਰੋ ਦੁਬਿਧਾ ਦੀ ਅਟਕਣ ਅਟਕਣ ਦੇ ਘਰ ਜਨਮੇ ਭਟਕਣ ਏਸ ਮੋੜ ' ਤੇ ਖੜ੍ਹਿਆਂ ਕੀਹਨੂੰ ਮਿਲਿਆ ਕਿਤੇ ਟਿਕਾ ਸੱਜਣ ਜੀ ਅੱਜ ਹੀ ਮਿਲੀਏ... ਵਸਲਾਂ ਦੇ ਜੇ ਪਲ਼ ਨਾ ਆਵਣ ਰੂਹਾਂ ਭਟਕਦੀਆਂ ਤੁਰ ਜਾਵਣ 'ਸੈਫ਼ੀ' ਪਲਾਂ ਦੀ ਮਿਲੀ ਪਨੀਰੀ ਲਈਏ ਨਾ ਕਿਤੇ ਸੁਕਾ ਸੱਜਣ ਜੀ ਅੱਜ ਹੀ ਮਿਲੀਏ...

ਜੀਅ ਕਰਦਾ ਏ

ਜੀਅ ਕਰਦਾ ਏ ਪਿਆਰੇ ਤੈਨੂੰ ਰੋਜ਼ ਹੀ ਕੋਲ ਬੁਲਾਵਾਂ ਛੋਹ ਤੇਰੀ ਦਾ ਸਾਂਭ ਕੇ ਸੋਨਾ ਮੈਂ ਮੁੰਦਰਾਂ ਘੜਵਾਵਾਂ ਉਹ ਮੁੰਦਰਾਂ ਪਾ ਰੂਹ ਦੇ ਕੰਨੀਂ ਮੈਂ ਜੋਗਣ ਬਣ ਜਾਵਾਂ ਉੱਚੇ ਟਿੱਲੇ ਬੈਠ ਇਸ਼ਕ ਦੇ ਧੂਣੀ ਰੋਜ਼ ਧੁਖਾਵਾਂ ਭਾਰੀ ਕਰਾਂ ਤਪੱਸਿਆ ਉੱਥੇ ਜਿੰਦ ਨੂੰ ਹੋਰ ਪਕਾਵਾਂ ਕਰਾਂ ਮਜਾਜ਼ੀ ਬੰਦਗੀ ਆਖ਼ਰ ਰਮਜ਼ ਹਕੀਕੀ ਪਾਵਾਂ ਤੇਰੇ ਤੋਂ ਕੁਲ ਆਲਮ ਤੀਕਰ ਫਿਰ ਮਹਿਕਾਂ ਬਰਸਾਵਾਂ ਭਾਗ-ਅ

ਮੁਹੱਬਤੀ ਭੇਂਟ

ਮੁਹੱਬਤੀ ਤੋਰ ਦੇ ਪਹਿਲੇ ਕਦਮ ’ਤੇ ਮੈਂ ਚੁਣੌਤੀ ਭਰੇ ਲਹਿਜ਼ੇ 'ਚ ਉਹਨੂੰ ਆਖਿਆ, “ਪਤੈ! ਮੁਹੱਬਤ ਤਲਵਾਰ ਵਰਗੀ ਹੁੰਦੀ ਏ!” ਉਹਨੇ ਤੁਰਤ ਕਿਹਾ, “ਬੜੇ ਵਡਭਾਗੇ ਹੁੰਦੇ ਜਿਹੜੇ ਇਹਦੀ ਭੇਂਟ ਚੜ੍ਹ ਜਾਂਦੇ।”

ਮੁਹੱਬਤੀ ਰਮਜ਼

ਮੁਹੱਬਤ ਦੀ ਸਰਦਲ ’ਤੇ ਖਲੋ ਉਹ ਆਖਣ ਲੱਗੀ, “ਮੈਨੂੰ ਪਤੈ, ਮੁਹੱਬਤ ਰਿਸ਼ਤਿਆਂ ਦੀਆਂ ਪਿਆਲੀਆਂ ’ਚ ਹੜ੍ਹ ਲਿਆ ਦਿੰਦੀ ਹੈ ਜ਼ਿੰਦਗੀ ਦੇ ਕਈ ਕੋਨੇ ਧੁਖਣ ਲਾ ਦਿੰਦੀ ਹੈ ਕਈ ਸਿਰਨਾਵਿਆਂ ਅੰਦਰ ਤਰਥੱਲੀ ਮਚਾ ਦਿੰਦੀ ਹੈ ਤੂੰ ਸਾਰਾ ਕੁਝ ਜਿਉਂ ਦੀ ਤਿਉਂ ਟਿਕਿਆ ਰਹਿਣ ਦੇਵੀਂ ਮੈਨੂੰ ਕਿਸੇ ਹਾਸ਼ੀਏ ’ਤੇ ਰੱਖ ਲਵੀਂ” ਇਹ ਲਫ਼ਜ਼ ਕਹਿੰਦਿਆਂ ਹੀ ਉਹ ਜੀਵਨ ਦੇ ਸਾਰੇ ਸਫ਼ਿਆਂ ’ਤੇ ਵਿਛ ਗਈ। ਤਾਓ ਦਰਸ਼ਨ ਦੀ ਅਸਲ ਰਮਜ਼ ਓਦਣ ਮੇਰੇ ਪੱਲੇ ਪਈ।

ਮੁਹੱਬਤੀ ਦਹਿਲੀਜ਼

ਪਹਿਲੀ ਮਿਲਣੀ ਵੇਲ਼ੇ ਮੈਂ ਬੀਤੇ ਸਮੇਂ ਦੇ ਕੁਝ ਤਲਖ਼ ਟੋਟੇ ਉਹਦੇ ਸਾਹਵੇਂ ਧਰਨ ਲੱਗ ਪਿਆ ਸੁਣਦਿਆਂ ਸੁਣਦਿਆਂ ਜਦੋਂ ਉਹਦਾ ਹੰਝ ਹੁੰਗਾਰਾ ਭਰਨ ਲੱਗ ਪਿਆ ਤਾਂ ਮੈਂ ਕਿਹਾ, “ਮਾਫ਼ ਕਰਨਾ, ਵੇਗ ਵਿੱਚ ਏਨੇ ਅੰਗਾਰ ਇਕੇਰਾਂ ਹੀ ਤੇਰੀ ਨਾਜ਼ੁਕ ਤਲੀ ’ਤੇ ਧਰ ਦਿੱਤੇ ਤੇਰੀ ਸੁਹਲ ਸੰਵੇਦਨਾ ਦਾ ਖਿ਼ਆਲ ਨਾ ਰੱਖ ਹੋਇਆ।” ਉਹਨੇ ਕਿਹਾ, “ਮੁਹੱਬਤ ਨੇ ਆਵਦੀ ਦਹਿਲੀਜ਼ ’ਤੇ ਖੜ੍ਹਿਆਂ ਦੀ ਅਗਨ ਪ੍ਰੀਖਿਆ ਵੀ ਤਾਂ ਲੈਣੀ ਹੁੰਦੀ ਏ।”

ਰੱਬੀ ਧੜਕਣ

ਮੈਂ ਪੁੱਛਿਆ, “ਇਸ ਬੇਯਕੀਨੀ ਦੇ ਦੌਰ ਵਿੱਚ ਤੂੰ ਮੇਰੇ ' ਤੇ ਏਨਾ ਯਕੀਨ ਕਿਵੇ ਕਰ ਲਿਆ?” ਉਹਨੇ ਕਿਹਾ, “ਮੁਹੱਬਤ ਰੱਬ ਦੇ ਦਿਲ ਦੀ ਧੜਕਣ ਹੁੰਦੀ ਐ ਇਹਦੇ ਉੱਤੇ ਬੇੇਯਕੀਨੀ ਨਾਲ਼ ਉਹਦਾ ਜੀਣਾ ਮੁਹਾਲ ਹੋ ਜਾਣੈ ਜਿਹੜਾ ਕੁੱਲ ਕਾਇਨਾਤ ਦਾ ਆਸਰਾ ਮੰਨਿਆ ਜਾਂਦੈ।”

ਮੁਹੱਬਤੀ ਤਲਵਾਰ

ਮੈਂ ਕਿਹਾ, “ਡਰ ਲੱਗਦਾ ਤੈਥੋਂ ਤਿੱਖੀ ਤੇਜ਼ਧਾਰ ਚਮਕਦਾਰ ਤਲਵਾਰ ਵਰਗੀ ਤੋਂ।” ਉਹਨੇ ਮੇਰੇ ਵਾਲਾਂ ਵਿੱਚ ਹੱਥ ਫੇਰਦਿਆਂ ਕਿਹਾ, “ਮੇਰੇ ਲਾਡ! ਤਲਵਾਰ ਕੋਲੋਂ ਮਿਆਨ ਕਿਉਂ ਡਰੇ!”

ਮੁਹੱਬਤੀ ਪੰਖ

ਪਹਿਲੀ ਮੁਹੱਬਤੀ ਯਾਤਰਾ ਕਰਦਿਆਂ ਅਣਜਾਣੇ ਰਾਹਾਂ ਵੱਲ ਜਾਂਦਿਆਂ ਮੈਂ ਉਹਨੂੰ ਪੁੱਛਿਆ, “ਤੂੰ ਇੱਕ ਵਾਰ ਵੀ ਕਿੱਥੇ ,ਕਿੱਧਰ,ਕਿਉਂ ਨਹੀਂ ਪੁੱਛਿਆ”? ਉਹਨੇ ਕਿਹਾ, “ਜੇ ਵਿਸਾਹ ਦੇ ਪੰਖ ਮਿਲੇ ਹੋਣ ਫੇਰ ਸ਼ੰਕਿਆਂ ਦੀਆਂ ਫੌੜੀਆਂ ਨਹੀਂ ਚੁੱਕੀਦੀਆਂ।”

ਮੁਹੱਬਤੀ ਸ਼ਰਾਰਤ

ਮੇਰੇ ਅੱਗੇ ਬੈਠ ਉੁਹਨੇ ਕੰਘੀ ਫੜਾਉਂਦਿਆਂ ਕਿਹਾ, “ਅੱਜ ਆਵਦੇ ਹੱਥੀਂ ਮੇਰੇ ਵਾਲ ਵਾਹ।” ਪੂਰੀ ਪ੍ਰੀਤ ਲਾ ਕੇ ਉਹਦੇ ਵਾਲ ਵਾਹ ਕੇ ਜਦੋਂ ਮੈ ਉੱਠਣ ਲੱਗਿਆ ਉਹਨੇ ਸ਼ਰਾਰਤੀ ਅੰਦਾਜ਼ ਨਾਲ਼ ਸਿਰ ਹਿਲਾਇਆ ਮੁੜ ਸਾਰੇ ਵਾਲ ਖਿਲਾਰ ਲਏ ਮੈਂ ਮੁਸਕਰਾਉਂਦਿਆਂ ਕਿਹਾ, “ਤੈਨੂੰ ਜ਼ਿੰਦਗ਼ੀ ਨਾ ਆਖਾਂ ਤਾਂ ਹੋਰ ਕੀ ਆਖਾਂ!”

ਮੁਹੱਬਤੀ ਤਰਕ

ਮੈਂ ਤਰਕਸ਼ਾਸਤਰ ਦੇ ਨੇਮ ਪੜ੍ਹ ਰਿਹਾ ਸੀ ਉਹਨੇ ਹਲੂਣਦਿਆਂ ਕਿਹਾ, “ਚੱਲ ਕੋਠੇ ‘ਤੇ ਚੱਲੀਏ ਪੁੰਨਿਆ ਦਾ ਚੰਨ ਨਿਚੋੜੀਏ ਤੇ ਸ਼ਿਕੰਜਵੀ ਪੀਵੀਏ।” ਤਰਕਸ਼ਾਸਤਰ ਦੀ ਅੱਧਖੁਲ੍ਹੀ ਕਿਤਾਬ ਦਾ ਅਗਲਾ ਸਫ਼ਾ ਮੈਥੋਂ ਫੇਰ ਕਦੇ ਵੀ ਪਲਟ ਨਾ ਹੋਇਆ।

ਮੁਹੱਬਤੀ ਨਦਰਿ

ਟਾਈਮਪੀਸ ਵੱਲ ਇਸ਼ਾਰਾ ਕਰ ਉਹਦੇ ਕੋਲੋਂ ਉੱਠਣ ਲੱਗਾ ਉਹਨੇ ਹੱਥ ਫੜ ਖਿੱਚਦਿਆਂ ਕਿਹਾ, “ਜ਼ਰਾ ਇਹਦੀਆਂ ਘੁੰਮਦੀਆਂ ਸੂਈਆਂ ਵੱਲ ਤਾਂ ਵੇਖ ਕਿਵੇਂ ਦੌੜਦੀਆਂ ਇੱਕ ਛਿਣ ਸੰਯੋਗ ਖ਼ਾਤਰ ।” ਇੱਕੋ ਟਾਈਮਪੀਸ ਮੇਰੇ ਲਈ ਵਿਯੋਗ ਉਹਦੇ ਲਈ ਸੰਯੋਗ।

ਮੁਹੱਬਤੀ ਪ੍ਰਿਜ਼ਮ

ਹੋਲੀ ਵਾਲੇ ਦਿਨ ਮੇਰੇ ਚਿਹਰੇ ਨੂੰ ਰੰਗੀਲੀਆਂ ਹਥੇਲੀਆਂ ਵਿੱਚ ਲੈਂਦਿਆਂ ਉਹਨੇ ਸ਼ੋਖਰੰਗੇ ਸੰਬੋਧਨਾਂ ਦੀ ਝੜੀ ਲਾ ਦਿੱਤੀ ਮੈਂ ਅਚੰਭਿਤ ਹੋ ਪੁੱਛਣ ਲੱਗਾ, “ਅੱਜ ਏਨੇ ਰੰਗ ਕਿੱਥੋਂ ਲੈ ਕੇ ਆਈ”? ਉਹਨੇ ਕਿਹਾ, “ਸੂਰਜ ਦੀ ਕਿਰਨ ਜਦ ਪ੍ਰਿਜ਼ਮ ’ਚੋਂ ਗ਼ੁਜ਼ਰ ਜਾਵੇ ਫਿਰ ਬਹੁਰੰਗੀ ਨਜ਼ਰ ਆਵੇ।”

ਮੁਹੱਬਤੀ ਉਥਾਪਣ

ਉਹਦੇ ਮੂੰਹਜ਼ੋਰ ਪਿਆਰ-ਵੇਗ ਤੋਂ ਘਬਰਾ ਮੈਂ ਉਹਨੂੰ ਮਰਿਆਦਾਵਾਂ ਦੇ ਨਕਸ਼ੇ ਵਿਖਾਉਣ ਲੱਗਾ ਇੱਜ਼ਤਾਂ ਸਲਾਮਾਂ ਦੀ ਸਲਾਮਤੀ ਲਈ ਨੀਤੀ-ਨੇਮ ਸਮਝਾਉਣ ਲੱਗਾ ਉਹਨੇ ਮੇਰੇ ਚਿਹਰੇ ’ਤੇ ਸੁਆਲੀਆ ਨਜ਼ਰਾਂ ਗੱਡਦਿਆਂ ਕਿਹਾ, “ ਕੀ ਅਸੀਂ ਆਵਦੇ ਹਿੱਸੇ ਦਾ ਨਾਰੀਅਲ ਵੀ ਖ਼ੁਦ ਨਾ ਛਿੱਲੀਏ ? ਖ਼ੁਦ ਨਾ ਭੰਨੀਏ ? ਉਹਦਾ ਨੀਰ ਨਾ ਪੀਏ ? ਉਹਦੀ ਗਿਰੀ ਨਾ ਖਾਈਏ ? ਬਸ ਹੱਥ ਜੋੜ ਕਿਸੇ ਮੂਰਤੀ ਅੱਗੇ ਧਰ ਆਈਏ?”

ਮੁਹੱਬਤੀ ਰਸਾਇਣ

ਮੈਂ ਪੁੱਛਿਆ, “ਮਿਲਣੀ ਵੇਲੇ ਤੇਰੇ ਨੈਣਾਂ ’ਚ ਏਨਾ ਸਰੂਰ ਚਿਹਰੇ ਉੱਤੇ ਅਦਭੁਤ ਨੂਰ ਕਿੱਥੋਂ ਆ ਜਾਂਦੈ?” ਉਹਨੇ ਕਿਹਾ, ਓਸ ਵੇਲੇ ਮਨ ਦੀਆਂ ਘਾਟੀਆ ’ਚ ਯੁੱਧ-ਵਿਰਾਮ ਹੋਇਆ ਹੁੰਦੈ ਅਨਾਹਤ ਚੱਕਰ 'ਚੋਂ ਅੰਮ੍ਰਿਤੀ ਚਸ਼ਮ ਫੁੱਟਿਆ ਹੁੰਦੈ ਮਸਤਕ-ਕੰਵਲ ਖਿਲਿਆ ਹੁੰਦੈ ਮੈਂ ਜੋਤ ਬਣੀ ਹੁੰਦੀ।”

ਮੁਹੱਬਤੀ ਕ੍ਰਿਸ਼ਮਾ

ਮੈਂ ਪੁੱਛਿਆ, “ਤੇਰੇ ਆਉਂਦਿਆਂ ਹੀ ਸਮਾਂ ਸ਼ਰਬਤ ਜੇਹਾ ਕਿਵੇਂ ਬਣ ਜਾਂਦੈ?” ਉਹਨੇ ਬੋਲਾਂ 'ਚ ਖ਼ੁਮਾਰੀ ਲਪੇਟਦਿਆਂ ਕਿਹਾ, “ਮੁਹੱਬਤ ਦਿਲਾਂ ਦੀਆਂ ਧਰਤੀਆਂ ’ਤੇ ਗੰਨੇ ਉਗਾ ਦਿੰਦੀ ਏ ਧੜਕਣ ਦੀ ਹਰ ਟਹਿਣੀ ’ਤੇ ਦਾਖਾਂ ਲਵਾ ਦਿੰਦੀ ਏ ਜਿਸਮਾਂ ਨੂੰ ਚੈਰੀ-ਬਾਗ਼ ਬਣਾ ਦਿੰਦੀ ਏ ਹੋਂਠਾਂ ਦੇ ਮਰਤਬਾਨਾਂ ’ਚ ਗੁਲਕੰਦ ਪਾ ਦਿੰਦੀ ਏ ਮਨਾਂ ਵਿੱਚ ਅਗਰਬੱਤੀਆਂ ਧੁਖਾ ਦਿੰਦੀ ਏ ਸਾਹਾਂ ਤਾਂਈਂ ਸਰਦਾਈ ਬਣਾਉਣੀ ਸਿਖਾ ਦਿੰਦੀ ਏ ਖਿ਼ਆਲਾਂ ਦੇ ਤੰਬੂਆਂ 'ਚ ਮਿਸ਼ਰੀ ਵਿਛਾ ਦਿੰਦੀ ਏ ਸੋਚਾਂ ਦੇ ਸਰੋਵਰਾਂ ’ਚ ਸ਼ਹਿਦ ਭਰਵਾ ਦਿੰਦੀ ਏ ਰੂਹਾਂ ਨੂੰ ਕੌਸਰ ਵਿੱਚ ਨੁਹਾ ਦਿੰਦੀ ਏ ਸਮਾਂ ਤਾਂ ਉਹੀਓ ਹੁੰਦੈ ਮੁਹੱਬਤ ਦੀ ਦਸਤਕ ਈ ਇਹਦੇ ਉੱਤੇ ਚਾਸ਼ਣੀ ਚੜ੍ਹਾ ਦਿੰਦੀ ਏ

ਮੁਹੱਬਤੀ ਉਪਮਾ

ਮੈਂ ਪੁੱਛਿਆ, “ਤੇਰੀ ਹਰ ਮਿਲਣੀ ਮੇਰੇ ਅਕਾਸ਼ ’ਤੇ ਨਵਾਂ ਸੂਰਜ,ਨਵਾਂ ਚੰਨ ਨਵੇਂ ਹੀ ਸਿਤਾਰੇ ਲੈ ਕੇ ਆਉਂਦੀ ਚਾਅਵਾਂ ਦੀਆਂ ਨਵੀਆਂ ਸੁਰਾਂ ਅਲਾਪਦੀ ਉਮੰਗਾਂ ਦੇ ਨਵੇਂ ਨਕਸ਼ ਸਥਾਪਦੀ।” ਉਹਨੇ ਮੁਸਕਾਣ ਸੰਗ ਹੁੰਗਾਰਾ ਭਰਦਿਆਂ ਕਿਹਾ, ਮੁਹੱਬਤ ਵੀ ਰੱਬ ਜੇਹੀ ਹੁੰਦੀ ਏ ਜੀਹਨੂੰ ਬਾਬਿਆਂ ਨੇ ਬਾਣੀ ਵਿੱਚ ‘ਨੀਤ ਨਵਾਂ’ ਆਖਿਐ।”

ਮੁਹੱਬਤੀ ਰੀਝ

ਉਹਦੇ ਜਨਮ ਦਿਵਸ ’ਤੇ ਉਹਦੇ ਹਰ ਸੁਪਨ ਨੂੰ ਸਾਕਾਰ ਕਰਨ ਦਾ ਅਹਿਦ ਕਰਦਿਆਂ ਮੈਂ ਉਹਦੀ ਸੁਪਨਈ ਰੀਝ ਪੁੱਛੀ ਉਹਨੇ ਕਿਹਾ, “ਤੂੰ ਮੇਰੇ ਲਈ ਸੁਦੀ ਪੱਖ ਦਾ ਚੰਦਰਮਾ ਬਣੇਂ ਮੇਰੇ ਪਿਆਰ ਅੰਬਰ ’ਤੇ ਰੋਜ਼ ਵਧਕੇ ਚੜ੍ਹੇ ਬਸ ਏਨੀ ਕੁ ਮੇਰੀ ਰੀਝ ਏਡਾ ਕੁ ਮੇਰਾ ਸੁਪਨ।”

ਮੁਹੱਬਤੀ ਅੰਮ੍ਰਿਤ

ਮੈਂ ਪੁੱਛਿਆ “ਜਦ ਮਿਲਦੀ ਏਂ ਤਾਂ ਏਨੇ ਹੰਝੂ ਕਿਉਂ ਵਹਾਉਨੀਂ ਏਂ?” ਉਹਨੇ ਕਿਹਾ, “ਦੁਨੀਆਂਦਾਰੀ ਪੂਰਦਿਆਂ ਬੜੀਆਂ ਜ਼ਹਿਰਾਂ ਚੜ੍ਹ ਜਾਂਦੀਆਂ ਅੱਖਾਂ ਮੁਰਦਿਆਂ ਵਾਂਗ ਖੜ੍ਹ ਜਾਂਦੀਆਂ ਇਹਨਾਂ ਪਾਣੀਆਂ ਸੰਗ ਜ਼ਹਿਰਾਂ ਧੋ ਮੁੜ ਜਿੰਦਾ ਹੋ ਜਾਂਦੀ ਆਂ ਤੇਰੇ ਸਾਹਵੇਂ ਮਰਨ ਲਈ।”

ਮਹਾਂ ਕਵਿਤਾ

ਮੈਂ ਕਿਹਾ, “ਦਿਲ ਕਰਦੈ ਮੁਹੱਬਤੀ ਲੋਰ ਵਿੱਚ ਕੀਤੀਆਂ ਤੇਰੀਆਂ ਸਾਰੀਆਂ ਗੱਲਾਂ ਨੂੰ ਕਵਿਤਾਵਾਂ ਵਿੱਚ ਸਾਂਭ ਲਵਾਂ।” ਉਹਨੇ ਮੇਰੇ ਹੱਥ ਨੂੰ ਮੁਹੱਬਤੀ ਘੁੱਟਨ ਦਿੰਦਿਆਂ ਕਿਹਾ, ਕੁਦਰਤ ਖਿ਼ਲਾਫ਼ ਨਹੀਂ ਜਾਈਦਾ ਸਾਗਰਾਂ ਦੀਆਂ ਮਛਲੀਆਂ ਨੂੰ ਘੜਿਆਂ ਵਿੱਚ ਨਹੀਂ ਪਾਈਦਾ।”

ਮੁਹੱਬਤੀ ਖ਼ਤ

ਉਹਦੇ ਖ਼ਤ ਵਾਲਾ ਲਿਫ਼ਾਫ਼ਾ ਖੋਲ੍ਹਿਆ ਇੱਕੋ ਸਤਰ ਲਿਖੀ ਸੀ; ਕਾਸ਼! ਇਸ ਲਿਫ਼ਾਫ਼ੇ ਵਿੱਚ ਮੈਂ ਆਪ ਆ ਸਕਦੀ।

ਮੁਹੱਬਤੀ ਲੋਚਾ

ਮੈਂ ਪੁੱਛਿਆ, “ਤੂੰ ਮੈਨੂੰ ਕਿਹੋ ਜਿਹਾ ਬਣਿਆ ਵੇਖਣਾ ਲੋਚਦੀ ਹੈਂ?” ਉਹਨੇ ਕਿਹਾ, “ਇੱਕ ਵੱਡੇ ਛਾਂਦਾਰ ਫ਼ਲਦਾਰ ਬਿਰਖ਼ ਜੇਹਾ ਜੀਹਦੇ ਸੰਗ ਮੈਂ ਸਾਵੀ ਮਹਿਕਦੀ ਵੇਲ ਬਣ ਲਿਪਟੀ ਰਹਾਂ।”

ਮੁਹੱਬਤੀ ਦਰਸ਼ਨ

ਮੁਹੱਬਤੀ ਪਲਾਂ ਦਾ ਸੇਵਨ ਕਰਦਿਆਂ ਮੈਂ ਊਹਨੂੰ ਆਖਣ ਲੱਗਾ, “ਮੁਹੱਬਤ ਦੇ ਬਿਰਖ ਤੋਂ ਇਹ ਰਸ ਸਦਾ ਹੀ ਟਪਕਦਾ ਰਹੇ ਅਰਦਾਸ ਕਰੀਂ ਇਹਨਾਂ ਮਹਿਕਾਂ ਦਾ ਤੰਬੂ ਸਦਾ ਹੀ ਤਣਿਆ ਰਹੇ ਅਰਦਾਸ ਕਰੀਂ।” ਉਹ ਆਖਣ ਲੱਗੀ, “ਜਦੋਂ ਕੋਈ ਬਿਰਖ ਆਵਦੇ ਫ਼ਲਾਂ ਵਿੱਚ ਪੂਰਾ ਰਸ ਭਰ ਲੈਂਦੈ ਓਦੋਂ ਆਵਦੀ ਸਾਰੀ ਜਾਨ ਲੈ ਕੇ ਵਾਪਸ ਜੜਾਂ ਵੱਲ ਮੁੜ ਪੈਂਦੈ ਫਿਰ ਪੀਲੇ ਹੋਣ ਵਾਲੇ ਡਿਗਦੇ ਪੱਤਿਆਂ, ਝੜਦੇ ਫ਼ਲਾਂ ਉੱਤੇ ਕਬਜਿਆਂ ਦੇ ਜਾਲ ਨਹੀਂ ਤਣਦਾ ਨਵੇਂ ਪੱਤਾਂ, ਤਾਜ਼ੇ ਫਲਾਂ ਦਾ ਹੱਕਦਾਰ ਤਾਂ ਈ ਬਣਦਾ।”

ਮੁਹੱਬਤੀ ਸੂਖਮਤਾ

ਵਾਲ ਵਾਹੁੰਦਿਆਂ ਮੇਰੇ ਹੱਥੋਂ ਕੰਘੀ ਤਿਲਕੀ ਉਹਦੀ ਬੁੱਕਲ ਵਿੱਚ ਜਾ ਪਈ ਉਹਨੇ ਮੱਥੇ ਨੂੰ ਲਾ ਕੇ ਤੁਰਤ ਆਪਣੇ ਪਰਸ ਵਿੱਚ ਪਾ ਲਈ ਮੈਂ ਹੈਰਾਨ ਹੋ ਉਹਤੋਂ ਇਸ ਕਿਰਿਆ ਦੀ ਰਮਜ਼ ਬਾਰੇ ਪੁੱਛਿਆ ਉਹਨੇ ਬੋਲਾਂ ਵਿੱਚ ਚਾਅ ਭਰ ਕੇ ਕਿਹਾ, “ਅੱਜ ਹਰਿਆਵਲ ਤੀਜ 'ਤੇ ਐਸਾ ਕੋਈ ਉਪਹਾਰ ਮਿਲੇ ਜੋ ਹਰ ਵੇਲੇ ਕੋਲ ਰੱਖਿਆ ਜਾ ਸਕੇ ਜਦ ਮਨ ਕਰੇ ਵਰਤਿਆ ਜਾ ਸਕੇ ਸਾਝਰੇ ਇਹ ਰੀਝ ਮੇਰੇ ਮਨ ਵਿੱਚ ਆਈ ਦਾਤੇ ਨੇ ਰਹਿਮਤ ਵਰਸਾਈ ਆਪੇ ਹੀ ਇਹ ਦਾਤ ਮੇਰੀ ਝੋਲੀ ਪੁਆਈ।” ਫਿਰ ਉਹ ਕੰਘੀ ਨੂੰ ਘੁਮਾਉਂਦੀ ਆਖਣ ਲੱਗੀ, ਇਹ ਜਦੋਂ ਵਾਲਾਂ ' ਚ ਫਿਰਿਆ ਕਰੇਗੀ ਸਿਰ ਨੂੰ ਰੱਬ ਜਿੰਨ੍ਹਾ ਉੱਚਾ ਕਰ ਦਿਆ ਕਰੇਗੀ।”

ਮੁਹੱਬਤੀ ਪ੍ਰਮਾਣਿਕਤਾ

ਮੈਂ ਪੁੱਛਿਆ, “ਤੂੰ ਏਨੀ ਉੱਚਪਾਇ ਦੀ ਕਵਿਤਾ ਲਿਖ ਲੈਂਦੀ ਸੀ ਲਿਖਣੀ ਛੱਡ ਕਿਉਂ ਦਿੱਤੀ?” ਉਹਨੇ ਕਿਹਾ, “ਖ਼ੁਦ ਨੂੰ ਕਵਿਤਾ ਬਣਾਉਣ ਦੀ ਸਾਧਨਾ ਵਿੱਚ ਲਗਾ ਲਿਆ।”

ਅਕੱਥ ਮੁਹੱਬਤ

ਮੈਂ ਕਿਹਾ, “ਤੂੰ ਮੁਹੱਬਤ ਦੀਆਂ ਏਨੀਆਂ ਰਮਜ਼ਾਂ ਤੋਂ ਵਾਕਫ਼ ਹੈਂ ਮੁਹੱਬਤ ਨੂੰ ਪਰਿਭਾਸ਼ਤ ਕਰਦਾ ਕੋਈ ਲੇਖ ਲਿਖ।” ਉਹਨੇ ਬੱਚਿਆਂ ਵਾਲੇ ਲਹਿਜ਼ੇ ਵਿੱਚ ਕਿਹਾ, “ਅੰਬਰਾਂ ਦੇ ਪੰਛੀਆਂ ਨੂੰ ਪਿੰਜਰਿਆਂ ਵਿੱਚ ਪਾ ਦਈਏ ਤਾਂ ਪਾਪ ਚੜ੍ਹ ਜਾਂਦੈ ਸਿਰ ’ਤੇ।”

ਮੁਹੱਬਤੀ ਕਾਵਿ-ਸ਼ਾਸ਼ਤਰ

ਮੈਂ ਉਹਨੂੰ ਅੰਤਰਮਨੀ ਰੀਝ ਦੱਸਦਿਆਂ ਕਿਹਾ, “ਜੀਅ ਕਰਦੈ ਤੇਰੀ ਹਰ ਮਿਲਣੀ ਦੇ ਆਲਮ ਦੀ ਸੁਹਾਣੇ ਸ਼ਬਦਾਂ ਸੰਗ ਤਸਵੀਰ ਬਣਾ ਲਿਆ ਕਰਾਂ ਤੇ ਆਪਣੇ ਕਾਵਿ-ਮੰਦਰ ਵਿੱਚ ਸਜ਼ਾ ਲਿਆ ਕਰਾਂ।” ਉਹਨੇ ਚਮਕਦੀ ਮੁਸਕਾਣ ਸੰਗ ਕਿਹਾ, “ਤੇਰੀ ਇਸ ਰੀਝ ਤੋਂ ਸਦਕੇ! ਪਰ ਓਸ ਵੇਲੇ ਬਣੀ ਸਵਾਸਾਂ ਦੀ ਸਿ਼ੰਗਾਰਰਸੀ ਚਾਲ ਧੜਕਣ ਦੀ ਅਨੁਪ੍ਰਾਸਮਈ ਤਾਲ ਮਨ ਦੀ ਲਖਸ਼ਣੀ ਸ਼ਾਨ ਅੰਤਹਕਰਨ ਦੀ ਵਿਅੰਜਨੀ ਉਡਾਨ ਰੂਹ ਦੀ ਰੀਤੀ ਕਾਇਆ ਦੀ ਵਕ੍ਰੋਕਤੀ ਚਿੱਤ ਦੀ ਵਿਰਚਨਾ ਉਹ ਅਦਭੁਤ ਸੰਰਚਨਾ ਓਹ ਦਿਲ ਦਾ ਉਦਾਤ ਔਚਿਤਯ ਦੀ ਕਰਾਮਾਤ ਨੂੰ ਸ਼ਬਦਾਂ ਵਿੱਚ ਕਹਿ ਪਾਉਣਾ ਸੰਭਵ ਨਹੀਂ ਜਿਉਂ ਦੀ ਤਿਉਂ ਅਭਿਵਿਅਕਤੀ-ਗੇੜ ਵਿੱਚ ਲਿਆਉਣਾ।”

ਮੁਹੱਬਤੀ ਈਸ਼ਵਰ

ਉਹਦੇ ਲਈ ਧੁਰ ਅੰਦਰੋਂ ਉੱਠੇ ਨਮਸਕਾਰੀ ਭਾਵ ਜ਼ਾਹਰ ਕਰਦਿਆਂ ਮੈਂ ਪੁੱਛਿਆ, “ਮੁਹੱਬਤ ਦਾ ਇਹ ਸਫ਼ਰ ਮੈਂ ਤੇਰਾ ਮਸਤਕ ਚੁੰਮ ਕੇ ਸ਼ੁਰੂ ਕੀਤਾ ਸੀ ਅੱਜ ਤੇਰੇ ਕਦਮ ਚੁੰਮਣ ਨੂੰ ਦਿਲ ਕਰ ਆਇਆ ਇਹ ਕਿਹੜਾ ਆਲਮ ਹੋਇਆ?” ਉਹਨੇ ਕਿਹਾ, “ਪਹਿਲੀ ਨਜ਼ਰ-ਛੋਹ ਵੇਲੇ ਤੋਂ ਹੀ ਮੁਹੱਬਤ ਦੇ ਗਰਭ ਵਿੱਚ ਈਸ਼ਵਰ ਨਿੰਮਣਾ ਸ਼ੁਰੂ ਹੋ ਜਾਂਦੈ ਜਿਉਂ ਹੀ ਉਹ ਜਨਮਦੈ ਕਦਮਾਂ ’ਤੇ ਝੁਕਾ ਹੀ ਲੈਂਦਾ।”

ਮੁਹੱਬਤੀ ਮੁਕਾਮ

ਉਹਨੇ ਅਚਨਚੇਤ ਪੁੱਛਿਆ, “ ਤੇਰੀ ਜ਼ਿੰਦਗ਼ੀ ਵਿੱਚ ਮੇਰਾ ਮੁਕਾਮ ਕੀ ਐ?” ਮੈਂ ਕਿਹਾ, “ਜਦੋਂ ਧੁਰ ਅੰਦਰੋਂ ਝੁਕਦਿਆਂ ਤੂੰ ‘ਸਭ ਤੇਰਾ’ ਕਿਹਾ ਸੀ ਓਸੇ ਵੇਲੇ ਜ਼ਿੰਦਗ਼ੀ ਦਾ ਤਾਜ ਬਣ ਗਈ ਸੈਂ ਜਦ ਮੈਨੂੰ ਆਵਦੀ ਧੜਕਣ ਸੰਗ ਲਗਾਇਆ ਸੀ ਅੰਤਹਕਰਣ ਦਾਂ ਰਾਜ਼ ਬਣ ਗਈ ਸੈਂ ਤੇ ਜਦ ਮਸਤਕ ਚੁੰਮ ਕੇ ਮੇਰਾ ਸਿਰ ਆਵਦੀ ਗੋਦ ਵਿੱਚ ਟਿਕਾਇਆ ਸੀ ਮਮਤਾ ਦਾ ਸਾਜ਼ ਬਣ ਗਈ ਸੈਂ।”

ਮੁਹੱਬਤੀ ਸ਼ਾਹਦੀ

ਉਹਨੂੰ ਸੁੱਤੀ ਪਈ ਨੂੰ ਨਿਹਾਰ ਰਿਹਾ ਸਾਂ ਉਹਨੇ ਅਚਨਚੇਤ ਜਾਗਦਿਆਂ ਮੇਰੇ ਹੱਥਾਂ ਨੂੰ ਚੁੰਮਦਿਆਂ ਏਨੀ ਦੇਰ ਤਕ ਜਾਗਣ ਦੀ ਵਜ੍ਹਾ ਪੁੱਛੀ ਮੈਂ ਕਿਹਾ, “ਤੇਰੇ ਚਿਹਰੇ ਦੀ ਆਭਾ ’ਚੋਂ ਅਲੋਕਾਰੀ ਧੁਨ ਸੁਣ ਰਿਹਾ ਸਾਂ।” ਉਹਨੇ ਪਲਕਾਂ ਸੰਗ ਹੁੰਗਾਰਾ ਭਰਦਿਆਂ ਕਿਹਾ, “ਸੁਪਨਾ ਬੜਾ ਸੁਹਾਣਾ ਵੇਖ ਰਹੀ ਸਾਂ ਤੂੰ ਮੇਰੀ ਰੂਹ ਨੂੰ ਸਾਰੰਗੀ ਵਾਂਗ ਵਜਾ ਰਿਹਾ ਸੀ।”

ਮੁਹੱਬਤੀ ਨਿਰਭਉਤਾ

ਮੈਂ ਪੁੱਛਿਆ, “ਤੂੰ ਏਨੀ ਬੇਖ਼ੌਫ਼ ਕਿਵੇਂ ਹੋ ਗਈ?” ਉਹਨੇ ਕਿਹਾ, “ਜਦੋਂ ਤੋਂ ਮੁਹੱਬਤ ਦੀ ਸੂਲੀ ਮੋਢੇ ’ਤੇ ਧਰ ਲਈ ਬਾਕੀ ਸਾਰੇ ਡਰ ਡਰ ਕੇ ਈ ਭੱਜ ਗਏ।”

ਮੁਹੱਬਤੀ ਸੁਰਤ

ਮੈਂ ਕਿਹਾ, “ਤੈਨੂੰ ਪਤੈ! ਹੱਦੋਂ ਵੱਧ ਕੇ ਕੁੱਝ ਵੀ ਝੱਲਣਾ ਮੁਸ਼ਕਲ ਹੋ ਜਾਂਦੈ! ਕਿਉਂ ਰੱਖਦੀ ਏਂ ਏਨਾ ਧਿਆਨ ਮੇਰੇ ਉੱਤੇ?” ਉਹਨੇ ਕਿਹਾ, “ਕਿਸੇ ਮਾਂ ਨੂੰ ਪੁੱਛੀਂ ਉਹ ਆਵਦਾ ਧਿਆਨ ਹਰ ਵੇਲੇ ਬੱਚੇ ਵੱਲ ਈ ਕਿਉਂ ਰੱਖਦੀ ਐ!”

ਮੁਹੱਬਤੀ ਵਡੱਪਣ

ਮੈਂ ਉਹਨੂੰ ਰੰਗਲੇ ਪੰਛੀਆਂ,ਰਸੀਲੇ ਫ਼ਲਾਂ ਸੁਹਾਣੇ ਫ਼ੁੱਲਾਂ, ਸ਼ਾਨਾਮੱਤੀਆਂ ਵੇਲਾਂ ਮਿੱਠੀਆਂ ਰੁੱਤਾਂ,ਮਹਿਕਦੀਆਂ ਕਲੀਆਂ ਦੇ ਰੂਪਕ ਵਰਤ ਪਿਆਰਨ ਲੱਗਾ ਉਹਨੇ ਦੋਵੇਂ ਬਾਹਾਂ ਅਕਾਸ਼ ਵੱਲ ਫ਼ੈਲਾਉਂਦਿਆਂ ਕਿਹਾ, “ਮੁਹੱਬਤ ਵੀ ਕਮਾਲ ਕਰਦੀ ਐ ! ਬੰਦੇ ਨੂੰ ਕਾਇਨਾਤ ਜਿੱਡਾ ਬਣਾ ਦਿੰਦੀ ਐ!”

ਮੁਹੱਬਤੀ ਸ਼ੰਕਾਬੰਦੀ

ਉਹਦੇ ਕੋਲ਼ ਬੈਠਿਆਂ ਮੈਂ ਸ਼ਰਾਰਤ ਵਜੋਂ ਪੁੱਛਿਆ, “ਤੂੰ ਮੈਨੂੰ ਮੁਹੱਬਤ ਕਰਦੀ ਏਂ ਇਹਦਾ ਕੋਈ ਸਬੂਤ ਤਾਂ ਦੇਅ” ਉਹਨੇ ਕਿਹਾ, “ਮੈਂ ਨਹੀਂ ਕਰਦੀ ਤੈਨੂੰ ਮੁਹੱਬਤ ਇਹ ਸਾਬਤ ਕਰ ਪਹਿਲਾਂ। ”

ਮੁਹੱਬਤੀ ਹੋਂਦ

ਮੈਂ ਕਿਹਾ, “ਮੁਹੱਬਤ ਬਾਰੇ ਤੇਰੇ ਵਿਚਾਰ ਬੜੇ ਕੀਮਤੀ ਹੁੰਦੇ ਨੇ ਡਾਇਰੀ ਲਿਖਣੀ ਸ਼ੁਰੂ ਕਰ ਕੀਮਤੀ ਪੋਥੀ ਬਣੇਗੀ।” ਉਹਨੇ ਕਿਹਾ, “ਜੇ ਕੋਈ ਵੇਲ ਆਪਣੀਆਂ ਰੋਜ਼ ਫੁੱਟਦੀਆਂ ਪੱਤੀਆਂ ਬਣਦੀਆਂ ਕਲੀਆਂ ਖਿੜਦੇ ਫੁੱਲਾਂ, ਨੱਚਦੀਆਂ ਮਹਿਕਾਂ ਦਾ ਲੇਖਾ ਜੋਖਾ ਕਾਗਜ਼ਾਂ ਨੂੰ ਦੱਸਣ ਲੱਗ ਜਾਵੇ ਤਾਂ ਕੁਦਰਤ ਸੰਗ ਤਾਲਮੇਲ ਰੱਖਣੋਂ ਉੱਕ ਜਾਵੇਗੀ।”

ਮੁਹੱਬਤ ਦੀ ਸਾਲਗਿਰਾਹ

ਮੁਹੱਬਤ ਦੀ ਪਹਿਲੀ ਸਾਲਗਿਰਾਹ ’ਤੇ ਮੈਂ ਉਹਨੂੰ ਆਖਣ ਲੱਗਾ, “ਅਣਜਾਣੇ ਵਿੱਚ ਮੇਰੇ ਤੋਂ ਕੋਈ ਚੁਭਨ ਚੀਸ ਦਿੱਤੀ ਗਈ ਹੋਵੇ ਜਾਂ ਫਿਰ ਜ਼ਿੰਦਗ਼ੀ ਤੋਂ ਮਿਲੀ ਕੋਈ ਹੋਰ ਟੀਸ ਅੰਦਰ ਪਈ ਹੋਵੇ ਅੱਜ ਸਾਫ਼ ਸਾਫ਼ ਦੱਸਣਾ ਸ਼ਿਕਵੇ ਦੀ ਹਰ ਖਾਈ ਭਰ ਦਿਆਂਗਾ ਹਰ ਖੱਪਾ ਪੂਰ ਸਭ ਸੁਹਾਣਾ ਕਰ ਦਿਆਂਗਾ।” “ਉਹ ਗਹਿਰੀ ਖ਼ਾਮੋਸ਼ੀ ਵਿੱਚੋਂ ਬੋਲੀ, “ਅਤੀਤ ਦਾ ਉਹ ਵੇਲਾ ਜੀਹਦੇ ਵਿੱਚ ਤੂੰ ਮੈਨੂੰ ਮਿਲਣ ਤੋਂ ਪਹਿਲਾਂ ਵਿਚਰਦਾ ਰਿਹੈਂ ਓਹਦੇ ਵੱਲ ਜਿੰਦ ਮੁੜ ਮੁੜ ਆਹੁਲਦੀ ਦਿਲ ਵਿੱਚ ਟੀਸ ਓਸ ਵੇਲੇ ਤੀਕ ਨਾ ਅੱਪੜ ਸਕਣ ਦੀ ਸਾਰੀ ਚੁਭਨ ਚੀਸ ਉਹਨਾਂ ਪੈੜਾਂ ਨੂੰ ਨਾ ਫੜ ਸਕਣ ਦੀ ਇਹ ਮਸਲਾ ਤੇਰੇ ਵੀ ਵੱਸ ਦਾ ਨਹੀਂ।”

ਮੁਹੱਬਤੀ ਵਿਸਾਹ

ਉਹਦੇ ਤੋਂ ਦੁਨੀਆਂ ਦੇ ਸਭ ਰਿਸ਼ਤਿਆਂ ਉੱਤੇ ਬੇਇਤਬਾਰੀ ਬੇੇਯਕੀਨੀ ਬਾਰੇ ਸੁਣਦਿਆਂ ਮੈਂ ਪੁੱਛਿਆ, “ਫਿਰ ਆਪਣੇ ਰਿਸ਼ਤੇ ਵਿੱਚ ਏਨਾ ਯਕੀਨ ਕੀਕਣ ਹੋ ਗਿਆ ?” ਉਹਨੇ ਕਿਹਾ, “ਹੋਰ ਸਭ ਰਿਸ਼ਤੇ ਆਵਦੇ ਮੇਚ ਦੀ ਬਣਾਉਣ ਲਈ ਛਾਂਗਦੇ ਈ ਰਹੇ ਵਾਰੋ-ਵਾਰੀ ਮੁਹੱਬਤ ਨੇ ਹੀ ਸਵੀਕਾਰੀ ਮੇਰੀ ਹੋਂਦ ਸਾਰੀ ਦੀ ਸਾਰੀ।”

ਮੁਹੱਬਤ ਅਨਕਰੰਗੀ

ਮੈਂ ਪੁੱਛਿਆ, “ਕਦੇ ਤਾਂ ਤੇਰੀ ਹਰ ਗੱਲ ਬੜੀ ਸਿੱਧੀ ਤੇ ਸਰਲ ਜਾਪਦੀ ਤੇ ਕਦੇ ਨਿਰੀਆਂ ਹੀ ਗੁੰਝਲਾਂ ਭਰੀ, ਇਉਂ ਕਿਉਂ ਹੁੰਦੈ?” ਉਹਨੇ ਕਿਹਾ, “ਮੁਹੱਬਤ ਬੋਲੀਆਂ ਵੀ ਪਾਉਂਦੀ ਹੁੰਦੀ ਏ ਤੇ ਬੁਝਾਰਤਾਂ ਵੀ ਗੀਟੇ ਵੀ ਖੇਡਦੀ ਹੁੰਦੀ ਏ ਤੇ ਬਾਰਾਂਟਹਿਣੀ ਵੀ।”

ਮੁਹੱਬਤੀ ਚੱਕਰਵਿਊ

ਕੁਦਰਤ ਦੀ ਗੋਦ ਵਿੱਚ ਬੈਠਿਆਂ ਉਹਦਾ ਡੁੱਲ੍ਹਦਾ ਖ਼ੁਮਾਰ ਵੇਖ ਮੈਂ ਪੁੱਛਿਆ, “ਏਨੀ ਮੁਹੱਬਤੀ ਮਸਤੀ ਕਿੱਥੋਂ ਸਿੱਖੀ ਤੂੰ?” ਉਹ ਨੱਚਦੇ ਇਸ਼ਾਰਿਆਂ ਸੰਗ ਆਸ ਪਾਸ ਨਜ਼ਰ ਘੁੰਮਾਉਂਦੀ ਆਖਣ ਲੱਗੀ, “ਸੁਣ ਆਹ ਜੋ ਕੋਇਲ ਬੋਲ ਰਹੀ ਇਹਨੇ ਏਨਾ ਮਿੱਠਾ ਬੋਲਣਾ ਕਿੱਥੋਂ ਸਿੱਖਿਆ ਹੋਵੇਗਾ! ਇਸ ਚਮੇਲੀ ਨੇੱ ਮਹਿਕਣਾ ਕਿੱਥੋਂ ਸਿੱਖਿਆ ਹੋਵੇਗਾ! ਵਗ ਰਹੀ ਇਸ ਹਵਾ ਨੇ ਰੁਮਕਣਾ ਕਿੱਥੋਂ ਸਿੱਖਿਆ ਹੋਵੇਗਾ! ਹੁਣੇ ਬਰਸ ਕੇ ਗਈ ਬੱਦਲੀ ਨੇ ਬਰਸਣਾ ਕਿੱਥੋਂ ਸਿੱਖਿਆ ਹੋਵੇਗਾ! ਔਹ ਲਾਗਲੀ ਨਦੀ ਨੇ ਵਗਣਾ ਕਿੱਥੋਂ ਸਿੱਖਿਆ ਹੋਵੇਗਾ!” ਉਹਦੇ ਜਵਾਬੀ ਚੱਕਰਵਿਊ ਵਿੱਚ ਮੇਰਾ ਪ੍ਰਸ਼ਨ ਅਭਿਮੰਨਿਊ ਬਣਿਆ ਖੜ੍ਹਾ ਸੀ।”

ਮੁਹੱਬਤੀ ਮੱਤ

ਤੁਰੇ ਜਾਂਦਿਆਂ ਉਹਨੇ ਮੈਨੂੰ ਖੰਡ ਕਹਿ ਸੰਬੋਧਨ ਕੀਤਾ ਮੈਂ ਗੁਲਕੰਦ ਆਖ ਹੁੰਗਾਰਾ ਭਰਿਆ ਫਿਰ ਉਹਨੇ ਸ਼ਹਿਦ ਕਿਹਾ ਮੈਂ ਮਿਸ਼ਰੀ ਆਖ ਹੁੰਗਾਰਾ ਭਰਿਆ ਮਿੱਠੇ ਫ਼ਲਾਂ,ਮੇਵਿਆਂ, ਮਠਿਆਈਆਂ ਦੇ ਨਾਵਾਂ ਰਾਹੀਂ ਸੰਬੋਧਨਾਂ ਤੇ ਹੁੰਗਾਰਿਆਂ ਦੀ ਲੜੀ ਲੰਮੇਰੀ ਹੋਣ ਲੱਗੀ ਤਾਂ ਉਹਨੇ ਇੱਕਦਮ ਰੁਕਦਿਆਂ ਸਾਹਮਣੇ ਖਲੋ ਮੇਰੀਆਂ ਦੋਵੇਂ ਬਾਹਾਂ ਖਿੱਚਦਿਆਂ ਅੱਖਾਂ ’ਚ ਅੱਖਾਂ ਪਾਉਂਦਿਆਂ ਕਿਹਾ, “ਜ਼ਿੰਦਗ਼ੀ ਦੀਆਂ ਕੁੜੱਤਣਾਂ ’ਚ ਏਨੇ ਮਿੱਠੇ ਬਣਕੇ ਗ਼ੁਜ਼ਾਰਾ ਨਹੀਓਂ ਹੋਣਾ।”

ਮੁਹੱਬਤੀ ਹਿਜ਼ਰਤ

ਸੁੰਨਸਾਨ ਪਹਾੜੀ ਰਾਹਾਂ ’ਤੇ ਤੁਰਦਿਆਂ ਦਾਨਿਸ਼ਵਰਾਂ ਦੀਆਂ ਮੁਹੱਬਤੀ ਪੈੜਾਂ ਬਾਰੇ ਗੱਲਾਂ ਕਰਦਿਆਂ ਮੈਂ ਪੁੱਛਿਆ, “ਤੂੰ ਸੂਫ਼ੀਆਂ ਦੇ ਇਸ਼ਕ ਬਾਰੇ ਕੁਝ ਜਾਣਿਆ ਕਦੇ ?” ਉਹਦੇ ਪੈਰ ਥਿਰਕੇ ਤੇ ਗਾਉਣ ਲੱਗ ਪਈ, “ਮੈਂ ਮਿੱਟੀ ਤੇਰੇ ਸਾਹਮਣੇ ਤੂੰ ਬਣ ਮੇਰਾ ਘੁਮਿਆਰ ਮੈਨੂੰ ਆਵੇ ਪਾ ਲੈ ਇਸ਼ਕ ਦੇ ਦੇਅ ਅਗਨੀ ਭਰਿਆ ਪਿਆਰ ਮੈਂ ਬਣਜਾਂ ਝੱਜਰ ਸਿਦਕ ਦੀ ਮੈਨੂੰ ਹੱਥੀਂ ਕਰੀਂ ਤਿਆਰ ਮੇਰੀ ਦੁਬਿਧਾ ਮੁੱਕਜੇ ਮਹਿਰਮਾ ਮੈਨੂੰ ਇੱਕ ਥਾਂਵੇਂ ਖਲਿਆਰ ਤੇਰੀ ਪ੍ਰੀਤ ਮੁਸਾਮੀ ਫੁੱਟ ਪਏ ਮੈਂ ਹੋ ਜਾਵਾਂ ਉਜਿਆਰ ਬਸ ਤੂੰ ਤੂੰ ਤੂੰ ਪੁਕਾਰਸਾਂ ਤੇ ਹੋਜਾਂ ਮੈਂ ਤੋਂ ਪਾਰ।” ਇਹ ਦੇਖ ਰਾਬੀਆ, ਜ਼ੂਲਨੂਨ, ਜੁਨੈਦ, ਸ਼ਿਬਲੀ, ਰੂਮੀ ਹੋਰਾਂ ਤੋਂ ਲੈ ਕੇ ਬਾਹੂ, ਬੁੱਲ੍ਹੇ, ਹਾਸ਼ਮ ਤੱਕ ਦੀਆਂ ਕਥਨੀਆਂ ਜੋ ਬੜੇ ਚਿਰ ਤੋਂ ਮੇਰੇ ਦਿਮਾਗ ਵਿਚ ਹੀ ਘੁੰਮ ਰਹੀਆਂ ਸਨ ਹਿਰਦੈ ਵੱਲ ਹਿਜ਼ਰਤ ਕਰਨ ਲੱਗੀਆਂ।

ਮੁਹੱਬਤੀ ਨੀਝ

ਮੈਂ ਕਿਹਾ, “ਅਫ਼ਸੋਸ ਤੂੰ ਮੈਨੂੰ ਓਦੋਂ ਮਿਲੀ ਜਦੋਂ ਖ਼ੁਦ ਨੂੰ ਦੁਨੀਆਂ ਦੀਆਂ ਅੱਗਾਂ ਵਿੱਚ ਬਹੁਤਾ ਈ ਤਪਾ ਚੁੱਕਾ ਸੀ ਆਪਣੇ ਦਿਲੋ-ਦਿਮਾਗ਼ ਨੂੰ ਬੇਹਿਸਾਬਾ ਖਪਾ ਚੁੱਕਾ ਸੀ।” ਉਹਨੇ ਮੇਰੇ ਵਾਲਾਂ'ਚ ਹੱਥ ਫੇਰਦਿਆਂ ਕਿਹਾ, “ਮਾਂ ਹਾਰੇ ਵਿੱਚ ਦੁੱਧ ਵਾਲੀ ਤੌੜੀ ਰੱਖ ਦਿੰਦੀ ਸੀ ਉਹ ਸਾਰਾ ਦਿਨ ਤਪਦੀ ਰਹਿੰਦੀ ਸੀ ਆਥਣ ਵੇਲੇ ਉਹਦੇ ਵਿੱਚੋਂ ਛੰਨਾ ਭਰ ਲਿਆਉਂਦੀ ਉਹੀ ਦੁੱਧ ਗ਼ੁਲਾਬੀ ਭਾ' ਮਾਰਦਾ ਨਾਲ਼ੇ ਮਹਿਕਦਾ ਬਾਹਲਾ ਈ ਸੁਆਦ ਬਣਿਆ ਹੁੰਦਾ ਸੀ ਕੜ੍ਹ ਕੜ੍ਹ ਕੇ।”

ਮੁਹੱਬਤੀ ਵਰਤ

ਕਰਵਾ ਚੌਥ ਵਾਲੇ ਦਿਨ ਉਹਦਾ ਆਮ ਆਹਾਰ ਦੇਖ ਮੈਂ ਪੁੱਛਿਆ, “ਤੂੰ ਕਦੇ ਵਰਤ ਨਹੀਂ ਰੱਖਿਆ?” ਉਹਨੇ ਕਿਹਾ, “ਕੇਰਾਂ ਜਿੱਦਣ ਤੂੰ ਸਾਝਰੇ ਈ ਆਇਆ ਸੀ ਹੱਥਾਂ ਤੇ ਹੋਂਠਾਂ ਨੂੰ ਮਹਿਕ ਦੇ ਕੇ ਗਿਆ ਸੀ ਓਦਣ ਸਾਰਾ ਦਿਨ ਕੋਈ ਚੀਜ਼ ਇਹਨਾਂ ਸੰਗ ਛੋਹਣ ਨਹੀਂਓਂ ਦਿੱਤੀ ਸੀ ਓਹ ਵਰਤ ਬੜਾ ਸੋਹਣਾ ਸੀ।”

ਮੁਹੱਬਤੀ ਕਿਨਾਰੇ

ਨਦੀ ਕਿਨਾਰੇ ਘੁੰਮਦਿਆਂ ਮੈਂ ਉਹਨੂੰ ਕਿਹਾ, “ਆਪਣੀ ਜ਼ਿੰਦਗੀ ਵੀ ਤਾਂ ਨਦੀ ਦੇ ਕਿਨਾਰਿਆਂ ਵਰਗੀ ਏ ਮੇਲ ਕਿਤੇ ਜਾਪਦਾ ਈ ਨਹੀਂ।” ਉਹਨੇ ਕਿਹਾ, “ਇਹ ਕਿਨਾਰੇ ਹੀ ਤਾਂ ਪਾਣੀ ਨੂੰ ਸਾਂਭ ਸਾਂਭ ਸਾਗਰ ਤੀਕ ਲੈ ਕੇ ਜਾਂਦੇ ਨੇ ਆਪਾਂ ਵੀ ਮੁਹੱਬਤਾਂ ਦਾ ਪਾਣੀ ਸਾਂਭੀਏ ਮਹਾਂਸਾਗਰ ਵਿੱਚ ਸਮਾਉਣ ਤੀਕ।”

ਮੁਹੱਬਤੀ ਪੂਰਨਤਾ

ਮੈਂ ਉਹਨੂੰ ਪੁੱਛਿਆ, “ਤੇਰੀ ਨਜ਼ਰ ਵਿੱਚ ਮੁਹੱਬਤ ਪੂਰਨ ਕਦੋਂ ਹੁੰਦੀ ਐ ?” ਉਹਨੇ ਕਿਹਾ, “ਜਦੋਂ ਦਿਲ ਦੇ ਅਰਸ਼ੀਂ ਚੜ੍ਹਿਆ ਚੰਨ ਮਸਤਕ ਨੂੰ ਪੁੰਨਿਆ ਪਿਆਉਣ ਜੋਗਾ ਹੋ ਜਾਵੇ ਤੇ ਮਸਤਕ 'ਚੋਂ ਉੱਗਿਆ ਸੂਰਜ ਦਿਲ ਵਿੱਚ ਦੁਪਹਿਰ ਖਿੜਾਉਣ ਜੋਗਾ ਹੋ ਜਾਵੇ।”

ਮੁਹੱਬਤੀ ਕਵਿਤਾ

ਮੈਂ ਆਲੋਚਕ ਬਣ ਉਹਦੇ ਵਿੱਚ ਨੁਕਸ ਛਾਂਟਣ ਲੱਗਾ ਉਹਨੇ ਕਿਹਾ, “ਸਾਗਰ ਤੀਕ ਜਾਣ ਲਈ ਨਦੀ ਨੂੰ ਕਿੰਨੇ ਈ ਰਾਹਾਂ ਕੁਰਾਹਾਂ ’ਚੋਂ ਗੁਜ਼ਰਨਾ ਪੈਂਦਾ ਕਿੰਨਾ ਕੁਝ ਚਾਹਿਆ ਅਣਚਾਹਿਆ ਸੀਨੇ ਵਿੱਚ ਸਮਾਉਣਾ ਪੈਂਦਾ, ਮੇਰੀ ਅਟਕਣਾ ਭਟਕਣਾ ਤੋਰ ਕੁਤੋਰ ਨਾ ਦੇਖ ਸਮੁੰਦਰ ਬਣ ! ਮੈਨੂੰ ਸਮਾਉਣ ਜੋਗਾ।” ਉਹਦੀ ਕਵਿਤਾ ਨੇ ਮੇਰੀ ਸਾਰੀ ਆਲੋਚਨਾ ਭੱਖ ਲਈ।

ਮੁਹੱਬਤੀ ਅਤਿਕ੍ਰਮਣ

ਪੜ੍ਹੀਆਂ ਸੁਣੀਆਂ ਪ੍ਰੀਤ ਗਾਥਾਵਾਂ,ਰਾਸ ਲੀਲਾਵਾਂ ਬਾਰੇ ਗੱਲਾਂ ਕਰਦਿਆਂ ਮੈਂ ਸ਼ੰਕਾਮਈ ਸੁਰ ਵਿੱਚ ਆਖਣ ਲੱਗਾ, “ਜਿਹੜੇ ਯੁਗ ਵਿੱਚ ਤਿੜਕੀ ਹੋਂਦ , ਬਿਖ਼ਰੀ ਤੋਰ ਤਿਲਕਵੀਂ ਜ਼ੁਬਾਨ ਹੀ ਨਜ਼ਰ ਆ ਰਹੀ ਹੋਵੇ।” “ਉਥੋਂ ਉਹਨਾਂ ਯੁਗਾਂ ਵਾਲੇ ਪ੍ਰੀਤ-ਪਾਤਰਾਂ ਜਿਹੇ ਮਹਾਂਸਮਰਪਣ ਦੀ ਆਸ ਰੱਖਣੀ ਕੋਰੀ ਕਲਪਣਾ ਨਹੀਂ ਜਾਪਦੀ?” ਉਹਨੇ ਗ਼ਰਜ਼ਵੀਂ ਸੁਰ ਵਿੱਚ ਨੈਣਾਂ ਦੀ ਚਮਕ ਰਲਾਉਂਦਿਆਂ ਕਿਹਾ, “ਰੂਹ ਤੋਂ ਰਾਧਾ,ਮਨ ਤੋਂ ਮੀਰਾ ਤਨ ਤੋਂ ਰੁਕਮਣੀ ਬਣੀ ਮੇਰੀ ਮੁਹੱਬਤ ਅਹਿਸਾਸਣ ਜੋਗਾ ਹੋ ਜਾਹ ਇਸ ਯੁਗ ਨੂੰ ਸੁਣੇ ਸੁਣਾਏ ਉਲਾਹਮੇ ਦੇਣੇ ਭੁੱਲ ਜਾਵੇਂਗਾ।”

ਮੁਹੱਬਤੀ ਸਿਖ਼ਰ

ਉਹਦੇ ਨਾਲ਼ ਭਾਰਤੀ ਮਹਾਂਰਿਸ਼ੀਆਂ ਤੇ ਅਵਤਾਰਾਂ ਬਾਰੇ ਗੱਲਾਂ ਕਰਦਿਆਂ ਮੈਂ ਕ੍ਰਿਸ਼ਨ ਨੂੰ ਸਰਵ ਕਲਾ ਸੰਪੂਰਨ ਆਖ ਵਡਿਆਉਣ ਲੱਗਾ ਲੰਮਾ ਸਮਾਂ ਸੁਣਨ ਬਾਅਦ ਉਹਨੇ ਚੁੱਪੀ ਦੀ ਗਹਿਰਾਈ ਵਿੱਚੋਂ ਕਿਹਾ, “ਪਰ ਮੁਹੱਬਤ ਪੱਖੋਂ ਤਾਂ ਮੀਰਾ ਈ ਸਿਖ਼ਰ ’ਤੇ ਹੈ।”

ਮੁਹੱਬਤੀ ਨੈਤਿਕਤਾ

ਮੈਂ ਪੁੱਛਿਆ, “ਜਾਇਜ਼ ਤੇ ਨਜਾਇਜ਼ ਰਿਸ਼ਤਿਆਂ ਬਾਰੇ ਤੂੰ ਕਿਵੇਂ ਸੋਚਦੀ ਹੈਂ?” ਉਹਨੇ ਕਿਹਾ, “ਜਿਵੇਂ ਹੀਰ ਰਾਂਝੇ ਤੇ ਸੈਦੇ ਬਾਰੇ ਸੋਚਦੀ ਸੀ।”

ਮੁਹੱਬਤੀ ਮੰਥਨ

ਮੈਂ ਪੁੱਛਿਆ, “ਫ਼ੋਨ ’ਤੇ ਗੱਲ ਕਰਦਿਆਂ ਤੇਰਾ ਗੱਚ ਕਿਉਂ ਭਰ ਆਉਂਦੈ?” ਉਹਨੇ ਗਹਿਰਾ ਸਾਹ ਲੈਂਦਿਆਂ ਪਲਕਾਂ ਤੀਕਰ ਨਮੀ ਲਿਆਉਂਦਿਆ ਕਿਹਾ , “ਦਿਲ ਦੀ ਚਾਟੀ ਵਿੱਚ ਯਾਦਾਂ ਦਾ ਦੁੱਧ ਹੀ ਰਿੜਕਦੀ ਰਹਿੰਦੀ ਹਾਂ ਸਦਾ ਤੇਰੇ ਨਾਲ਼ ਗੱਲ ਕਰਦਿਆਂ ਸਾਹਾਂ ਦੀ ਮਧਾਣੀ ਤੇਜ਼ ਘੁੰਮਣ ਲੱਗਦੀ ਰਿੜਕਾ ਉੱਛਲ ਉੱਛਲ ਗਲੇ ਤੀਕ ਆਉਣ ਲੱਗਦੈ।”

ਮੁਹੱਬਤੀ ਬੋਧਪਾਠ

ਜ਼ਿੰਦਗ਼ੀ ’ਚ ਟੱਕਰੀਆਂ ਤਲਖੀਆਂ ਕੀਤੀਆਂ ਮੁਸ਼ੱਕਤਾਂ ਆਫ਼ਤਾਂ ਵਾਂਗ ਝੱਲੇ ਵਕਤਾਂ ਦੀ ਵਿੱਥਿਆ ਸੁਣਾਉਂਦਾ ਮੈਂ ਜਦ ਜਿ਼ਆਦਾ ਹੀ ਭਾਵੁਕ ਹੋ ਗਿਆ ਤਾਂ ਉਹ ਮੇਰੀਆਂ ਭਿੱਜੀਆਂ ਪਲਕਾਂ ਉੱਤੇ ਆਪਣੇ ਪੋਟੇ ਛੁਹਾਉਂਦੀ ਬੋਲੀ, “ਸ਼ੁਕਰਾਨਾ ਕਰਨਾ ਚਾਹੀਦੈ ਓਹਨਾਂ ਸਾਰੇ ਵਕਤਾਂ ਦਾ ਜਿਹੜੇ ਸਾਨੂੰ ਕਿਸੇ ਗਮਲੇ ਦੀ ਗੋਦ ਟੂਟੀ ਦੀ ਫੁਹਾਰ ਛੱਤ ਦੇ ਸਾਏ ਤੋਂ ਵਿਰਵਾ ਰੱਖਦੇ ਨੇ ਧਰਤੀ,ਧੁੱਪਾਂ,ਬਾਰਿਸ਼ਾਂ, ਝੱਖੜਾਂ ਦੀ ਸੰਗਤ ਮਾਨਣ ਜੋਗੇ ਤਾਂ ਈ ਹੋਈਦੈ।”

ਮੁਹੱਬਤੀ ਧਿਆਨਯੋਗ

ਇੱਕ ਦਿਨ ਉਹਨੂੰ ਪੁੱਛਣ ਲੱਗਾ, “ਇਸ ਮੁਹੱਬਤ ਨੇ ਤੇਰੀਆਂ ਤਰੱਕੀਆਂ ’ਚ ਏਨੇ ਵਿਘਨ ਪਾਏ ਉੱਤੋਂ ਦੁਨੀਆਂ ਨੇ ਕੰਡਿਆਲੇ ਜਾਲ ਵਿਛਾਏ ਕਦੇ ਮਨ ਵਿੱਚ ਇਸ ਚੱਕਰ ’ਚੋਂ ਨਿਕਲ ਜਾਣ ਦੇ ਵਿਚਾਰ ਨਹੀਂ ਆਏ?” ਉਹਨੇ ਕਿਹਾ, “ਤਰੱਕੀਆਂ ਦੇ ਭਰਮ ਪਾਲਦਿਆਂ ਦਿਨ-ਰਾਤ ਦੌੜਦਿਆਂ ਅਜੇ ਤਕ ਹਫ਼ਣ ਤੋਂ ਸਿਵਾ ਕਿਸੇ ਨੂੰ ਕੀ ਮਿਲਿਆ? ਦੁਨੀਆਂ ਦੀਆਂ ਅੱਗਾਂ ਆਖੇ ਲੱਗਦਿਆਂ ਤਪਣ ਤੇ ਖਪਣ ਤੋਂ ਸਿਵਾ ਹੁਣ ਤਕ ਕਿਸੇ ਨੂੰ ਕੀ ਮਿਲਿਆ? ਮੁਹੱਬਤ ਨੇ ਠਹਿਰਨ ਦੀ ਜਾਚ ਸਿਖਾਈ ਅਸਲ ਖ਼ਜ਼ਾਨੇ ਦੀ ਦੱਸ ਪਾਈ ਮਨ ਦੀਆਂ ਪਰਤਾਂ ਵਿੱਚ ਸ਼ਾਂਤੀ ਵਰਸਾਈ ਦਿਲ ਦੇ ਸਰੋਵਰ ’ਚੋਂ ਤਾਰਿਆਂ ਦੀ ਡਲ੍ਹਕ ਦਿਖਾਈ ਸਾਰੀ ਹਕੀਕੀ ਰਮਜ਼ ਏਸੇ ਨੇ ਹੀ ਸਮਝਾਈ।”

ਮੁਹੱਬਤੀ ਯਥਾਰਥ

ਮੈਂ ਗੰਭੀਰ ਸਿਆਣਪੀ ਲਹਿਜ਼ੇ ਵਿੱਚ ਉਹਨੂੰ ਆਖਣ ਲੱਗਾ, “ਇਸ ਮੁਹੱਬਤੀ ਨਦੀ ਵਿੱਚ ਵਹਿੰਦਿਆਂ ਸਾਡੀ ਅਸਲੀ ਲੋਚਾ ਵਹਦਤ ਦੇ ਸਾਗਰ ਵਿੱਚ ਸਮਾਉਣ ਦੀ ਹੋਣੀ ਚਾਹੀਦੀ ਐ ਇਹਨਾਂ ਮਜਾਜ਼ੀ ਮਿਲਣੀਆਂ ਨੂੰ ਜ਼ਰੀਆ ਮੰਨਦਿਆਂ ਸਾਡੀ ਅਸਲ ਤੜਪ ਤਾਂ ਹਕੀਕੀ ਅੰਬਰ ਨੂੰ ਪਾਉਣ ਦੀ ਹੋਣੀ ਚਾਹੀਦੀ ਐ ” ਉਹਨੇ ਤਨਜ਼ ਭਰੀ ਮੁਸਕਾਣ ਸੰਗ ਕਿਹਾ, “ਤੇਰੇ ਆਦਰਸ਼ਾਂ ਤੋਂ ਸਦਕੇ! ਪਰ ਯਾਦ ਕਰ ਓਹ ਵੇਲਾ ! ਜਦੋਂ ਤੇਰੀ ਗੋਦ ਵਿੱਚ ਬੈਠ ਤੇਰੀ ਪਹਿਲੀ ਘੁੱਟ ਭਰਨ ਲੱਗੀ ਸਾਂ ਤੂੰ ਤ੍ਰਬਕ ਉੱਠਿਆ ਸੀ ਮਹਾਂਸਾਗਰਾਂ ਦੇ ਯਾਤਰੀ ਖ਼ੁਦ ਨੂੰ ਨਦੀ ਦੇ ਵੇਗ ਤੋਂ ਨਹੀਂ ਲੁਕਾਉਂਦੇ ਹੁੰਦੇ ਅੰਬਰੀ ਉਡਾਰੀਆਂ ਦੇ ਸੁਪਨਿਆਂ ਵਾਲੇ ਛੋਟੇ ਜਿਹੇ ਵਾਵਰੋਲੇ ਤੋਂ ਇਉਂ ਨਹੀਂ ਘਬਰਾਉਂਦੇ ਹੁੰਦੇ।”

ਮੁਹੱਬਤੀ ਤਿਆਗ

ਨਵੇਂ ਸਾਲ ’ਤੇ ਉਹਨੂੰ ਮਿਲਦਿਆਂ ਹਰ ਖ਼ੁਸ਼ੀ ਦੇਣ ਦਾ ਦਾਅਵਾ ਪੇਸ਼ ਕਰਦਿਆਂ ਮੈਂ ਕਿਹਾ, “ਮੁਹੱਬਤ-ਮਾਮਲੇ ਵਿੱਚ ਮੈਂ ਸਭ ਨਾਲ਼ ਟਕਰਾ ਸਕਦਾਂ ਕਿਸੇ ਵਿਘਨਪਾਊ ਰਿਸ਼ਤੇ ਦੀ ਤਖਤੀ ਆਪਣੇ ਜੀਵਨ ’ਚੋਂ ਸਦਾ ਲਈ ਹਟਾ ਸਕਦਾਂ।” ਉਹਨੇ ਕਿਹਾ, “ਇਸ ਮਾਮਲੇ ਵਿੱਚ ਮੈਂ ਤਾਂ ਆਵਦੇ ਆਪ ਨਾਲ਼ ਵੀ ਟਕਰਾ ਸਕਦੀ ਹਾਂ ਰੱਬ ਸੋਹਣਾ ਉਹ ਵਕਤ ਕਦੇ ਨਾ ਲਿਆਵੇ ਪਰ ਜੇ ਕਿਧਰੇ ਆ ਹੀ ਜਾਵੇ ਤਾਂ ਤੇਰੀ ਖ਼ਾਤਰ ਖ਼ੁਦ ਨੂੰ ਵੀ ਤੇਰੇ ਤੋਂ ਦੂਰ ਹਟਾ ਸਕਦੀ ਹਾਂ।”

ਮੁਹੱਬਤ ਦੀਆਂ ਜੜ੍ਹਾਂ

ਉਹ ਬਹੁਤੀ ਦੇਰ ਬਾਅਦ ਮਿਲੀ ਤਾਂ ਮੈਂ ਆਖਿਆ, “ਮੁਹੱਬਤ ਦੇ ਰੁੱਖ ਤਾਈਂ ਮਿਲਣੀਆਂ ਦਾ ਪਾਣੀ ਨਾ ਮਿਲੇ ਤਾਂ ਸੁੱਕ ਜਾਣ ਦਾ ਖ਼ਤਰਾ ਪੈਦਾ ਹੋ ਜਾਂਦੈ।” ਉਹਨੇ ਕਿਹਾ, “ਜੇ ਪਾਣੀ ਇਉਂ ਈ ਮਿਲਦਾ ਰਹੇ ਤਾਂ ਰੁੱਖ ਬੌਣਾ ਵੀ ਰਹਿ ਜਾਂਦੈ ਜੜ੍ਹਾਂ ਡੂੰਘੀਆਂ ਨਹੀਂਓ ਜਾਂਦੀਆਂ।”

ਮੁਹੱਬਤੀ ਮਨੋਵਿਗਿਆਨ

ਰੋਸੇ ਦੀਆਂ ਹੱਦਾਂ ਉਲੰਘਦਿਆਂ ਸ਼ਬਦਾਂ ਦੇ ਅੰਗਾਰ ਉਹਦੇ ਵੱਲ ਸੁੱਟਦਿਆਂ ਜ਼ਰਾ ਕੁ ਚੁੱਪ ਹੋਇਆ ਤਾਂ ਉਹਨੇ ਮੁਸਕਰਾਉਂਦੀਆਂ ਨਜ਼ਰਾਂ ਸੰਗ ਕਿਹਾ, “ਅੱਜ ਪਿਆਰ ਦੀ ਕੁਝ ਜਿ਼ਆਦਾ ਈ ਲੋੜ ਲੱਗਦੀ ਐ!!!”

ਮੁਹੱਬਤੀ ਚਸ਼ਮ

ਉਹਨੇ ਫ਼ੋਨ ਕਰ ਕਿਹਾ, “ਦਿਲ ਡਾਹਢਾ ਈ ਮੁਰਝਾਇਆ ਪਿਆ ਮਨ ਖ਼ੁਸ਼ਕ ਜਿਹਾ ਹੋਇਆ ਪਿਆ ਇਹ ਸਭ ਤੇਰੀ ਬੇਧਿਆਨੀ ਤੇ ਬੇਪਰਵਾਹੀ ਸਦਕਾ ਈ ਵਾਪਰਿਆ।” ਇਹ ਸੁਣ ਮੁਹੱਬਤ ਵਿੱਚ ਧਰੇ ਉਹਦੇ ਸਾਰੇ ਨਾਂ ਮੈਂ ਇੱਕੋ ਸਾਹੇ ਬੋਲ ਦਿੱਤੇ ਓਸੇ ਪਲ ਉਹ ਮਹਿਕਦੇ ਬੋਲਾਂ ਦੀ ਵਰਖਾ ਕਰਦਿਆਂ ਆਖਣ ਲੱਗੀ, “ਕਿਸੇ ਨਲਕੇ ਦਾ ਪਾਣੀ ਉਤਰਿਆ ਹੋਵੇ ਤਾਂ ਗੜਵੀ ਕੁ ਪਾਣੀ ਪਾਉਣ ਦੀ ਲੋੜ ਹੁੰਦੀ ਏ ਫਿਰ ਭਾਵੇਂ ਜਿੰਨੀਆਂ ਮਰਜੀ ਬਾਲਟੀਆਂ ਭਰ ਲਈਏ।”

ਮੁਹੱਬਤੀ ਨਿਆਮਤ

ਉਹਦੇ ਤੋਂ ਮੁਹੱਬਤ ਬਾਰੇ ਕੁਝ ਸੁਣਨ ਖ਼ਾਤਰ ਮੈਂ ਰਮਜ਼ਮਈ ਲਹਿਜ਼ੇ ਵਿੱਚ ਗੱਲ ਛੇੜੀ, “ਐਵੇਂ ਖੱਜਲ ਖੁਆਰ ਹੋਈ ਜਾਣਾ ਨਿੱਤ ਨਵੇਂ ਦੁੱਖਾਂ ਦਾ ਬੋਝ ਢੋਈ ਜਾਣਾ ਹਰ ਵੇਲੇ ਆਵਦਾ ਚੈਣ ਗਵਾਉਂਦੇ ਰਹਿਣਾ ਮਿਲਦਿਆਂ ਵਿੱਛੜਦਿਆਂ ਰੋਂਦੇ ਰਹਿਣਾ ਬਸ ਇਹੀ ਕੁੱਝ ਪੱਲੇ ਪਾਉਂਦੀ ਐ ਮੁਹੱਬਤ!!!” ਉਹ ਗਹਿਰੀ ਗੰਭੀਰਤਾ ਵਿੱਚੋਂ ਬੋਲੀ, “ਮੁਹੱਬਤ ਈ ਤਾਂ ਹੈ ਜਿਹੜੀ ਸਾਡੀ ਜ਼ਮੀਨ ਮੰਡੀ ਵਾਲਿਆਂ ਦੇ ਹੱਥ ਨਹੀਂਓਂ ਆਉਣ ਦਿੰਦੀ ਆਵਦੀ ਜ਼ਮੀਨ ਆਵਦੇ ਕੋਲ਼ ਰਹੇ ਤਾਂ ਈ ਬੰਦਾ ਜਿਉਂਦਾ ਰਹਿੰਦੈ ਜਿਉਂਦੇ ਰਹੀਏ ਤਾਂ ਸਭ ਕਾਸੇ ਨਾਲ ਨਿਪਟਿਆ ਜਾਂਦੈ ।”

ਮੁਹੱਬਤੀ ਗਣਿਤ

ਉਹਦੇ ਤੀਰੋਂ ਤਿੱਖੇ ਤਾਹਨਿਆਂ ਨਿੱਤ ਨਵੇਂ ਨਿਹੋਰਿਆਂ ਗੱਡਿਓਂ ਭਾਰੇ ਉਲਾਹਮਿਆਂ ਵੱਡੇ ਵੱਡੇ ਸ਼ਿਕਵਿਆਂ ਤੋਂ ਖਿਝ ਖਾ ਕੇ ਲੰਮੀ ਦੂਰੀ ਤਹਿ ਕਰ ਉਹਦੇ ਕੋਲ਼ ਜਾ ਕੇ ਏਨੇ ਬੇਬੁਨਿਆਦ ਬੋਲਾਂ ਦੀ ਵਜ੍ਹਾ ਪੁੱਛਣ ਲੱਗਾ।” ਉਹਨੇ ਹੱਸਦੀਆਂ ਮੁਦਰਾਵਾਂ ਸੰਗ ਕਿਹਾ, “ਕਿਹੜੇ ਬੋਲ ਸਨ ਤੇ ਕੀ ਵਜ੍ਹਾ ਸੀ! ਹੁਣ ਮੈਨੂੰ ਕੀ ਲੋੜ ਇਹਨਾਂ ਹਿਸਾਬਾਂ 'ਚ ਪੈਣ ਦੀ! ਜੀਹਦੀ ਤੋੜ ਲੱਗੀ ਸੀ ਉਹ ਆ ਗਿਐ।”

ਜੀਵਨ-ਤੱਤ

ਮੁਹੱਬਤ ਦੇ ਮਾਰਗ ਵਿੱਚ ਨਿਰੰਤਰ ਆ ਰਹੇ ਸੰਕਟਾਂ ਬਾਰੇ ਚਿੰਤਨ ਕਰਦਿਆਂ ਮੈਂ ਉਹਨੂੰ ਨਿਹੋਰਦਿਆਂ ਕਿਹਾ, “ਤੇਰੇ ਨਾਲ਼ ਮੁਹੱਬਤ ਕਰ ਮੁਸੀਬਤ ਈ ਗਲ ਪਾ ਲਈ।” ਉਹਨੇ ਕਿਹਾ, “ਜ਼ਿੰਦਗ਼ੀ ਦਾ ਅਸਲੀ ਤੱਤ ਮੁਸੀਬਤ ਬਿਨਾਂ ਹੱਥ ਨਹੀਂਓ ਲੱਗਦਾ ਪਿਆਰੇ ਜੀਓ।”

ਮੁਹੱਬਤੀ ਵਿਹਾਰਕੀ

ਨਜ਼ਰਦੋਸ਼ ਦੇ ਵਹਿਮਾਂ ਟੋਟਕਿਆਂ ਦੇ ਭਰਮਾਂ ਖ਼ਿਲਾਫ਼ ਤਰਕ-ਸੁਨੇਹੇ ਦੇਣ ਵਾਲਾ ਓਹਦਾ ਲੇਖ ਪੜ੍ਹਦਿਆਂ ਮੈਂ ਓਹਦੀ ਵਿਗਿਆਨਕ ਪਹੁੰਚ ਨੂੰ ਸਲਾਮਾਂ ਕਰਨ ਲੱਗਾ ਮਹਿਮਾਂ ਭਰੇ ਹੋਂਠ ਉਹਦੇ ਮਸਤਕ ਉੱਤੇ ਧਰਨ ਲੱਗਾ ਉਹਨੇ ਆਪਣੀ ਕੱਜਲ ਭਰੀ ਅੱਖ ਦੇ ਕੋਨੇ ਸੰਗ ਅਨਾਮਿਕਾ ਛੁਹਾਈ ਮੇਰੇ ਮੱਥੇ ਦੇ ਕੋਨੇ ’ਤੇ ਲਗਾਈ ਤੇ ਅੱਖਾਂ ਬੰਦ ਕਰ,ਹੱਥ ਜੋੜ ਆਖਣ ਲੱਗੀ, “ਹੇ ਰੱਬ ਜੀ! ਡੁੱਲ੍ਹ ਡੁੱਲ੍ਹ ਪੈਂਦੀ ਇਸ ਖ਼ੁਸ਼ੀ ਨੂੰ ਚਿਹਰੇ ’ਤੇ ਚਮਕਦੀ ਪ੍ਰੀਤੀ ਨੂੰ ਮੇਰੀ ਨਜ਼ਰ ਨਾ ਲੱਗ ਜਾਵੇ ਕਿਤੇ!”

ਮੁਹੱਬਤੀ ਗਵਾਹੀ

ਕੁਝ ਵਧੀਕ ਮੁਹੱਬਤ ਜਿਹਾ ਸੁਣਨ ਖ਼ਾਤਰ ਮੈਂ ਉਹਨੂੰ ਆਖਣ ਲੱਗਾ, “ਕਦੇ ਮੇਰੇ ਜਿੰਨੀ ਸਿ਼ੱਦਤ ਨਾਲ਼ ਵੀ ਯਾਦ ਕਰ ਲਿਆ ਕਰ ਕਦੇ ਤੂੰ ਵੀ ਹੇਰਵੇ ਦੇ ਹੰਝੂ ਨੈਣੀਂ ਭਰ ਲਿਆ ਕਰ।” ਉਹਨੇ ਸਹਿਜ ਸੁਰ ਵਿੱਚ ਕਿਹਾ, “ਦਾਅਵਿਆਂ ਦੇ ਗੁਬਾਰਿਆਂ 'ਚ ਬਹੁਤੀ ਹਵਾ ਉਹੀਓ ਭਰਦੇ ਜੋ ਅਸਲ ਵਿੱਚ ਕੁਝ ਵੀ ਨਹੀਂਓ ਕਰਦੇ ਮੇਰੇ ਅੰਦਰ ਦੀ ਗਵਾਹੀ ਕਾਤਿਬੀਨ ਕਿਰਾਮਨ ਜਾਂ ਫਿਰ ਚਿਤ੍ਰਗੁਪਤ ਹੋਰਾਂ ਤੋਂ ਲੈ ਲਵੀਂ।”

ਮੁਹੱਬਤੀ ਇਸਲਾਹ

ਬਜ਼ਾਰ ਦੀ ਸੈਰ ਕਰਦਿਆਂ ਸੁਨਿਆਰ ਮੁਨਿਆਰ ਦੀਆਂ ਦੁਕਾਨਾਂ ਤੋਂ ਗਹਿਣੇ ਖ਼ਰੀਦ ਰਹੀਆਂ ਲੜਕੀਆਂ ਵੱਲ ਇਸ਼ਾਰਾ ਕਰ ਉਹ ਆਖਣ ਲੱਗੀ, “ਅਜੇ ਤਕ ਇਹ ਵਿਚਾਰੀਆਂ ਚੂੜੀਆਂ ’ਚੋਂ ਹੱਥਕੜੀਆਂ ਝਾਂਜਰਾਂ ’ਚੋਂ ਬੇੜੀਆਂ ਗਾਨੀਆਂ ’ਚੋਂ ਜੰਜ਼ੀਰਾਂ ਨੱਥਾਂ ਕੋਕਿਆਂ 'ਚੋਂ ਪਸ਼ੂਆਂ ਜੇਹੀ ਗ਼ੁਲਾਮੀ ਦੇ ਜ਼ਾਹਰਾ ਨਜ਼ਰ ਆਉਂਦੇ ਜਗੀਰੂ ਅਰਥ ਵੀ ਨਹੀਂ ਸਮਝ ਸਕੀਆਂ ਬਜ਼ਾਰ ਦੀਆਂ ਨਵੀਂਆਂ ਚਾਲਾਂ ਕਦੋਂ ਸਮਝਣਗੀਆਂ!” ਉਹਦੇ ਇਸ ਪ੍ਰਵਚਨ ਸੰਗ ਤੁਰਦਿਆਂ ਉਹਦੇ ਲਈ ਖ਼ਰੀਦ ਰੱਖੀਆਂ ਝਾਂਜਰਾਂ ਨੂੰ ਕੰਬਦੇ ਹੱਥਾਂ ਨਾਲ਼ ਖੀਸੇ ਵਿੱਚੋਂ ਕੱਢ ਕੇ ਉਹਤੋਂ ਮਾਫ਼ੀ ਮੰਗਦਿਆਂ ਵਗਾਹ ਕੇ ਮਾਰਨ ਲੱਗਾ ਉਹਨੇ ਝਪੁੱਟ ਮਾਰ ਖੋਹ ਲਈਆਂ ਚੁੰਮ ਕੇ ਮੱਥੇ ਸੰਗ ਛੁਹਾਈਆਂ ਮੁੜ ਮੈਨੂੰ ਫੜਾ ਆਖਣ ਲੱਗੀ, “ਆਵਦੇ ਹੱਥੀਂ ਪਾਈਂ ਇਹ ਮੁਹੱਬਤਾਂ ਦੇ ਝੂਮਰ ਸੰਗ ਤਾਲ ਦਿਆ ਕਰਨਗੀਆਂ।”

ਮੁਹੱਬਤੀ ਹੋਣੀ

ਸਮਾਜ ਵਿੱਚ ਮੁਹੱਬਤਾਂ ਦੇ ਵਰਤਾਰੇ ਬਾਰੇ ਉਹਦੇ ਸੰਗ ਚਿੰਤਨ ਕਰਦਿਆਂ ਮੈਂ ਕਿਹਾ, “ਏਥੇ ਸਾਰੀਆਂ ਹੀ ਰੂਹਾਂ ਕਿਸੇ ਨਾ ਕਿਸੇ ਪੜਾਅ ’ਤੇ ਮੁਹੱਬਤਾਂ ਦੇ ਬੂਟੇ ਲਾਉਂਦੀਆਂ ਪਰ ਛਾਂਵਾਂ ਬਹੁਤ ਘੱਟ ਨਜ਼ਰ ਆਉਂਦੀਆਂ।” ਉਹਨੇ ਹਾਮੀ ਭਰਦਿਆਂ ਕਿਹਾ, “ਕਮਜ਼ੋਰ ਬੂਟੇ ਤਾਂ ਪਹਿਲਾਂ ਈ ਪੱਥਰਾਂ ਹੱਥੋਂ ਮਸਲੇ ਜਾਂਦੇ ਨੇ ਬਾਕੀਆਂ 'ਚੋਂ ਬਹੁਤਿਆਂ ਉੱਤੇ ਲੋਕੀਂ ਖ਼ੁਦ ਈ ਜਾਣੇ ਅਣਜਾਣੇ ਗ਼ਰਜ਼ ਦੀ ਅਮਰਵੇਲ ਸੁੱਟ ਬਹਿੰਦੇ ਨੇ।”

ਮੁਹੱਬਤੀ ਸ਼ਿਫ਼ਾ

ਉਹਨੂੰ ਬੋਲੇ ਕੁਝ ਸਖ਼ਤ ਸ਼ਬਦਾਂ ਦਾ ਪਛਤਾਵਾ ਕਰਦਿਆਂ ਮੈਂ ਉਤਸੁਕਤਾ ਵੱਸ ਪੁੱਛਿਆ, “ ਤੈਨੂੰ ਬੇਵਜ੍ਹਾ ਹੀ ਏਨਾ ਕੁਝ ਕਹਿ ਲਿਆ , ਤੂੰ ਸਾਰਾ ਕੁਝ ਹੀ ਬਿਨ੍ਹਾ ਸ਼ਿਕਨ ਕਿਵੇਂ ਸਹਿ ਲਿਆ ?“ ਉਹਨੇ ਕਿਹਾ, “ ਮੈਂ ਜਦੋਂ ਗੁਲਕੰਦ ਬਣਾਉਣੀ ਹੁੰਦੀ ਸੀ ਗੁਲਾਬ ਤੋੜਨ ਜਾਂਦੀ ਸਾਂ ਅਕਸਰ ਕੰਢੇ ਵੱਜ ਜਾਂਦੇ ਪੀੜ ਵੀ ਡਾਹਢੀ ਹੁੰਦੀ ਪਰ ਗੁਲਾਬ ਦੇ ਬੂਟੇ ਨਾਲ ਕਦੇ ਕੋਈ ਗਿਲਾ ਨਹੀਂ ਕੀਤਾ।” ਉਹਦੀ ਗੱਲ ਸੁਣ ਮੇਰੇ ਅੰਦਰ ਪਏ ਚਿਰਾਂ ਦੇ ਸ਼ਿਕਵੇ ਅਲੋਪ ਹੋਣ ਲੱਗੇ।

ਮੁਹੱਬਤੀ ਸੋਝੀ

ਉਹਦੇ ਸੰਗ ਬੇਤਹਾਸ਼ਾ ਲੜਾਈ ਹੋ ਕੇ ਹਟੀ ਤਾਂ ਉਹਨੇ ਅਛੋਪਲੇ ਜਿਹੇ ਕਿਹਾ, “ਲੜਾਈ ਦੀ ਮਿਕਦਾਰ ਨੇ ਦੱਸ ਦਿੱਤੈ ਆਪਾਂ ਕਿੰਨ੍ਹਾ ਗਹਿਰਾ ਜੁੜ ਚੁੱਕੇ ਹਾਂ!”

ਮੁਹੱਬਤੀ ਪੌੜੀ

ਗੱਲ ਗੱਲ ਤੇ ਉਹਦੀਆਂ ਬਹਿਸਬਾਜ਼ੀਆਂ ਟੀਕਾ ਟਿੱਪਣੀਆਂ ਨੁਕਤਾਚੀਨੀਆਂ ਤੋਂ ਤੰਗ ਆ ਕੇ ਮੈਂ ਪੁੱਛਿਆ, “ ਤੂੰ ਤਾਂ ਸਮਰਪਣ ਦੀ ਮੂਰਤ ਹੁੰਦੀ ਸੈਂ ਮੇਰੀ ਹਰ ਗੱਲ ਵਿੱਚ ਹਾਮੀ ਭਰਨ ਵਾਲੀ।” ਉਹਨੇ ਕਿਹਾ, “ ਅਸਲੀ ਰੰਗ ਵਿਖਾਉਣ ਲਈ ਮਨ ਦੀਆਂ ਸ਼ੈਤਾਨੀਆਂ ਸਮਝਾਉਣ ਲਈ ਮੁਹੱਬਤ ਦਰਪਣ ਤੀਕਰ ਜ਼ਰੂਰ ਲੈ ਕੇ ਆਉਂਦੀ ਏ ਜੇ ਸਾਬਤ ਕਦਮ ਤੁਰਦੇ ਰਹੀਏ ਤਾਂ ਈ ਮਹਾਂਸਮਰਪਣ ਤੀਕ ਪਹੁੰਚਾਉਂਦੀ ਏ।”

ਮੁਹੱਬਤੀ ਦਰਪਨ

ਮੈਂ ਪੁੱਛਿਆ, “ਮੁਹੱਬਤ ਵਿੱਚ ਲੜਾਈ ਕਿੰਨ੍ਹੀ ਕੁ ਜਾਇਜ਼ ਲੱਗਦੀ ਤੈਨੂੰ?” ਉਹਨੇ ਕਿਹਾ, “ਮਨ ਦੇ ਜ਼ਹਿਰੀਲੇ ਕੋਨੇ ਵੇਖਣ ਲਈ ਕੋਈ ਦਰਪਨ ਵੀ ਤਾਂ ਚਾਹੀਦਾ ਹੁੰਦੈ।”

ਮੁਹੱਬਤੀ ਸ਼ਰਤ

ਉਹਦੇ ਸੰਗ ਹੋ ਰਹੇ ਸੰਵਾਦ ਨੂੰ ਵਿਵਾਦ ਵੱਲ ਮੋੜ ਮੈਂ ਇਕੇਰਾਂ ਹੀ ਵਜ਼ਨਦਾਰ ਦਲੀਲਾਂ ਦੀ ਝੜੀ ਲਾ ਦਿੱਤੀ ਉਹਦਾ ਜਵਾਬ ਸੁਣਨ ਲਈ ਚੁੱਪ ਹੋਇਆ ਤਾਂ ਉਹਨੇ ਕਿਹਾ, “ਜਾਂ ਤਾਂ ਮੇਰੇ ਦਿਲ ਜੇਹਾ ਪਾਗਲ ਬਣ ਜਾਹ ਤੇ ਜਾਂ ਫਿਰ ਮੈਨੂੰ ਆਵਦੇ ਦਿਮਾਗ਼ ਵਰਗੀ ਹਿਸਾਬੀ ਜਿਹੀ ਬਣਾ ਲੈ ਨਹੀਂ ਤਾਂ ਨਿਭਾ ਨਹੀਂਓਂ ਹੋਣਾ।”

ਮੁਹੱਬਤੀ ਬਦਲਾ

ਜ਼ਬਰਦਸਤ ਲੜਾਈ ਬਾਅਦ ਮੈਂ ਸਦਾ ਲਈ ਤੋੜ ਵਿਛੋੜੇ ਦੀ ਗੱਲ ਆਖ ਦਿੱਤੀ ਉਹਨੇ ਮਘਦੀਆਂ ਅੱਖਾਂ ਨਾਲ਼ ਮੇਰੇ ਉੱਪਰ ਗਰਜਦਿਆਂ ਕਿਹਾ, “ਆਪਣੀ ਮੁਹੱਬਤ ਨੂੰ ਨਜ਼ਰਾਂ ਤੋਂ ਬਚਾ ਕੇ ਰੱਖਣ ਖ਼ਾਤਰ ਤੈਨੂੰ ਜੱਗ ਤੋਂ ਲੁਕਾ ਕੇ ਰੱਖਣ ਖ਼ਾਤਰ ਹੁਣ ਤਕ ਤਾਂ ਡਰਦੀ ਰਹੀ ਬੜੇ ਬੋਚ ਬੋਚ ਪੱਬ ਧਰਦੀ ਰਹੀ ਹੁਣ ਜਦ ਤੂੰ ਨਾ ਕੁਝ ਲੁਕਾਉਣ ਜੋਗਾ ਤੇ ਨਾ ਕੁਝ ਬਚਾਉਣ ਜੋਗਾ ਛੱਡ ਰਿਹੈਂ ਤਾਂ ਸੁਣ ! ਅੱਜ ਤੋਂ ਸ਼ਰੇਆਮ ਤੇਰੇ ਨਾਂ ਦਾ ਸੰਧੂਰ ਭਰ ਕੇ ਸੂਹਾ ਵੇਸ ਪਾ ਸਾਰਾ ਸਿ਼ੰਗਾਰ ਕਰ ਕੇ ਤੇਰੇ ਵਾਲੀਆਂ ਝਾਂਜਰਾਂ ਛਣਕਾਉਂਦੀ ਇਉਂ ਤੁਰਿਆ ਕਰਾਂਗੀ ਜਿਵੇਂ ਤੈਨੂੰ ਕੜਿੰਗੜੀ ਪਾਈ ਹੋਵੇ।”

ਮੁਹੱਬਤੀ ਹੰਸਨੀ

ਪ੍ਰੇਮੀ ਜੋੜਿਆਂ ਦੀਆਂ ਆਪਸੀ ਤਕਰਾਰਾਂ ਤਕਰਾਰਾਂ ਤੋਂ ਉਪਜੀਆਂ ਹਿੰਸਾਵਾਂ ਬਾਰੇ ਖ਼ਬਰਾਂ ਪੜ੍ਹਦਿਆਂ ਮੈਂ ਉਹਦੇ ਸੰਗ ਚਿੰਤਾ ਭਰੀ ਸ਼ੰਕਾਮਈ ਵਾਰਤਾ ਛੇੜੀ, “ਮੁਹੱਬਤੀ ਪੈਂਡਿਆਂ ’ਤੇ ਤੁਰੇ ਦਿਲ ਆਪਣੇ ਅੰਦਰ ਜ਼ਹਿਰਾਂ ਕਿਵੇਂ ਭਰ ਲੈਂਦੇ ਨੇ! ਮਹਿਕਾਂ ਵੰਡਣ ਤੁਰੇ ਬਹਾਰਾਂ ਜਿਹੇ ਕਦਮ ਖ਼ੁਦ ਨੂੰ ਇਉਂ ਮਲੀਨ ਕਿਵੇਂ ਕਰ ਲੈਂਦੇ ਨੇ!” ਉਹਨੇ ਗਹਿਰਾ ਸਾਹ ਲੈਂਦਿਆਂ ਕਿਹਾ, ਜਦੋਂ ਸਮਰਪਣੀ ਸਰੋਵਰਾਂ ਵਿੱਚ ਹੰਕਾਰਾਂ ਦੇ ਸੀਵਰੇਜ ਪੈਣ ਲੱਗ ਜਾਣ ਓਦੋਂ ਮੁਹੱਬਤ ਦੀ ਹੰਸਨੀ ਓਥੋਂ ਉੱਡ ਕੇ ਹੋਰ ਕਿਤੇ ਚੋਗ ਲੱਭਣ ਚਲੀ ਜਾਂਦੀ ਐ।”

ਮੁਹੱਬਤੀ ਮੁਕਟ

ਮੁਹੱਬਤੀ ਮਾਰਗ ਦੇ ਮਹਾਂਪਾਂਧੀਆਂ ਦੁਆਰਾ ਝੱਲੀਆਂ ਮੁਸੀਬਤਾਂ ਤਾਰੀਆਂ ਕੀਮਤਾਂ ਬਾਰੇ ਮੈਂ ਉਹਦੇ ਸੰਗ ਸੁਆਲੀਆ ਲਹਿਜ਼ੇ ਵਿੱਚ ਚਰਚਾ ਛੇੜੀ; ਮੁਹੱਬਤਾਂ ਵਾਲੇ ਪੂਰੀ ਕਾਇਨਾਤ ਦੀਆਂ ਖ਼ੈਰਾਂ ਮੰਗਦੇ ਜ਼ਿੰਦਗ਼ੀ ਦੇ ਰਾਹਾਂ ਨੂੰ ਸੁਹਾਵਣੇ ਰੰਗਾਂ ’ਚ ਰੰਗਦੇ ਖ਼ਲਕਤ ਇਹਨਾਂ ਸੰਗ ਵੈਰ ਕਿਉਂ ਕਮਾਉਂਦੀ! ਕਿਸੇ ਵੀ ਜ਼ਮਾਨੇ ਤਾਈਂ ਮੁਹੱਬਤ ਰਾਸ ਕਿਉਂ ਨਹੀਂ ਆਉਂਦੀ!” ਉਹਨੇ ਗਹਿਰਾ ਸਾਹ ਲੈਂਦਿਆਂ ਬੜੀ ਗੰਭੀਰ ਸੁਰ ਵਿੱਚ ਕਿਹਾ, “ਕਿਸੇ ਵਿਰਲੀ ਗਰਦਨ ਨੂੰ ਸੀਸ ਨਸੀਬ ਹੁੰਦੈ ਵਿਰਲੇ ਸੀਸ ਉੱਤੇ ਮੁਹੱਬਤੀ ਮੁਕਟ ਚਮਕਦੈ ਸਿਉਂਕ ਖਾਧੇ ਦਿਲ ਧੁਆਂਖੇ ਮੱਥੇ ਦੋਜ਼ਖੀ ਦਿਲ ਜ਼ਹਿਰੀਲੀਆਂ ਨੀਅਤਾਂ ਗੰਧਲੀਆਂ ਸੋਚਾਂ ਲੁਟੇਰੀਆਂ ਨਜ਼ਰਾਂ ਕਰੂਪ ਮਨ ਭਿਅੰਕਰ ਤਨ ਉਹ ਜੰਨਤੀ ਕ੍ਰਿਸ਼ਮਾ ਵੇਖ ਵੈਰ ਨਾ ਕਮਾਉਣ ਤਾਂ ਹੋਰ ਕੀ ਕਰਨ! ਉੱਚਿਆਂ ਨੂੰ ਜਰਨਾ ਬੜਾ ਔਖਾ ਹੁੰਦੈ।”

ਮੁਹੱਬਤੀ ਆਭਾ

ਬਜ਼ਾਰ ’ਚੋਂ ਗ਼ੁਜ਼ਰਦਿਆਂ ਨਵੇਂ ਬਣੇ ਬਿਊਟੀ ਪਾਰਲਰ ਤੇ ਸੈਲੂਨ ਵੇਖਦਿਆਂ ਮੈਂ ਇਸ਼ਾਰਾ ਕਰ ਆਖਣ ਲੱਗਾ, “ਸਾਡਾ ਯੁਗ ਬਹੁਤਾ ਈ ਸੁਚੇਤ ਹੋ ਰਿਹੈ! ਸੁਹੱਪਣ ਬਾਰੇ।” ਉਹਨੇ ਕਿਹਾ, “ਜੇ ਦਿਲ ਵਿੱਚ ਮੁਹੱਬਤ ਦੀ ਜੋਤ ਨਾ ਜਗੇ ਤਾਂ ਕਾਇਆ ਚਾਨਣਵੰਨੀ ਨਹੀਂ ਬਣਦੀ ਓਦੋਂ ਫਿਰ ਇਉਂ ਈ ਓਹੜ ਪੋਹੜ ਕਰਨੇ ਪੈਂਦੇ ਆਵਦੇ ’ਤੇ ਬਹੁਤੇ ਈ ਬਜ਼ਾਰ ਉਲੱਦਣੇ ਪੈਂਦੇ।”

ਮੁਹੱਬਤੀ ਪ੍ਰਗਤੀ

ਸਫ਼ਰ ਦੌਰਾਨ ਵੱਡੇ ਪੁਲ਼ਾਂ, ਚੌੜੀਆਂ ਸੜਕਾਂ ਬਹੁਮੰਜ਼ਲੀਆਂ ਇਮਾਰਤਾਂ ਵੱਲ ਇਸ਼ਾਰੇ ਕਰ ਮੈਂ ਉਹਨੂੰ ਆਖਣ ਲੱਗਾ, “ਵਿੰਹਦਿਆਂ ਵਿੰਹਦਿਆਂ ਈ ਏਨਾ ਵਿਕਾਸ ਹੋ ਗਿਆ।” ਉਹਨੇ ਟੋਕਦਿਆਂ ਕਿਹਾ, “ਇਹ ਤਾਂ ਪੱਥਰਾਂ ਦੀ ਜਗ੍ਹਾ ਈ ਬਦਲੀ ਐ ਵਿਕਾਸ ਓਦੋਂ ਹੋਇਆ ਸਮਝਾਂਗੀ ਜਦੋਂ ਪ੍ਰੇਮੀਆਂ ਦੇ ਪ੍ਰੇਮ ਵਿੱਚ ਵਿਘਨ ਪਾਉਣ ਵਾਲਿਆਂ ਨਾਲ਼ੋਂ ਦੁਸ਼ਮਨਾਂ ਦੀ ਦੁਸ਼ਮਨੀ ਵਿੱਚ ਵਿਘਨ ਪਾਉਣ ਵਾਲੇ ਵਧ ਜਾਣਗੇ।”

ਮੁਹੱਬਤੀ ਸਿਧਾਂਤਕਾਰੀ

ਮੈਂ ਉਹਨੂੰ ਪੁੱਛਿਆ, “ਤੂੰ ਕੋਈ ਕਾਵਿ-ਸਿਧਾਂਤ ਪੜ੍ਹਦੀ ਨਹੀਂ ਆਲੋਚਨਾ ਦੀ ਕਿਸੇ ਕਿਤਾਬ ਕੋਲ਼ ਤੇਰੀ ਬਿਰਤੀ ਕਦੇ ਖੜ੍ਹਦੀ ਨਹੀਂ ਫਿਰ ਹੌਲ਼ੀ-ਭਾਰੀ,ਉੱਚੀ-ਨੀਂਵੀਂ ਕਵਿਤਾ ਦਾ ਤੁਰਤ ਨਿਤਾਰਾ ਕਿਵੇਂ ਕਰ ਦਿੰਨੀਂ ਏਂ?” ਉਹਨੇ ਕਿਹਾ, “ਮੁਹੱਬਤ ਚੇਤਨਾ ਨੂੰ ਤਿਤਲੀ ਬਣਾ ਦਿੰਦੀ ਏ ਫਿਰ ਉਹ ਮਕਰੰਦਮਈ ਫ਼ੁੱਲਾਂ ਦੀ ਪਲ਼ੋਪਲ਼ੀ ਪਛਾਣ ਕਰ ਲੈਂਦੀ ਏ।”

ਮੁਹੱਬਤੀ ਸਮਾਲੋਚਨਾ

ਵੱਡੇ ਕਵੀ ਦਰਬਾਰ ਤੋਂ ਵਾਪਿਸ ਪਰਤਦਿਆਂ ਮੈਂ ਪੁੱਛਿਆ , “ਕਿਵੇਂ ਲੱਗਿਆ ਕਵੀਆਂ ਦਾ ਆਲਮ?“ ਉਹ ਸ਼ਰਾਰਤੀ ਇਸ਼ਾਰੇ ਕਰਦੀ ਆਖਣ ਲੱਗ ਪਈ, “ਕੁਝ ਦੀ ਹੀ ਕਵਿਤਾ ਜਚੀ ਬਹੁਤੇ ਤਾਂ ਆਵਦੇ ਡੱਬਿਆਂ 'ਚ ਬਰਫ਼ ਜਮਾਈ ਫਿਰਦੇ ਸੀ। ਕਈਆਂ ਕੋਲ ਅੱਗ ਤਾਂ ਸੀ ਪਰ ਜੋਤ ਜਗਾਉਣ ਦੀ ਬਜਾਇ ਅੰਗਾਰੇ ਖਿੰਡਾਈ ਫਿਰਦੇ ਸੀ ਕਈ ਵਿਚਾਰੇ ਨਗੰਦਿਆਂ ਦੀ ਜਾਚ ਬਿਨਾਂ ਲੋਗੜ ਲਮਕਾਈ ਫਿਰਦੇ ਸੀ ਤੇ ਕਈ ਮੱਲੋ ਮੱਲੀ ਕਵੀ ਬਣਦੇ ਖ਼ਬਰਾਂ ਦੀ ਹੀ ਕਵਿਤਾ ਬਣਾਈ ਫਿਰਦੇ ਸੀ।”

ਮੁਹੱਬਤੀ ਮੈਟਾਬੋਧ

ਕਾਨਫ਼ਰੰਸ ਹਾਲ ਵਿੱਚੋਂ ਬਾਹਰ ਆਉਂਦਿਆਂ ਓਥੇ ਚੱਲੀਆਂ ਬਹਿਸਾਂ ਬਾਰੇ ਮੈਂ ਉਹਦੀ ਰਾਇ ਪੁੱਛੀ ਉਹਨੇ ਸਹਿਜਭਾਵੀ ਕਿਹਾ, “ਆਪੋ-ਆਪਣੇ ਟੋਕੇ ਚਲਾਈ ਜਾਂਦੇ ਸੀ ਬਸ ਆਵਦੀ ਹਊਮੈ ਲਈ ਚਾਰਾ ਬਣਾਈ ਜਾਂਦੇ ਸੀ।”

ਮੁਹੱਬਤੀ ਵੋਟਨੀਤੀ

ਭਖੇ ਚੋਣ ਪ੍ਰਚਾਰ ਦੇ ਦਿਨਾਂ 'ਚ ਮੈਂ ਓਹਦੇ ਤੋਂ ਪਸੰਦੀਦਾ ਉਮੀਦਵਾਰ ਪਾਰਟੀ-ਝੁਕਾਅ ਤੇ ਵੋਟ-ਇਰਾਦੇ ਬਾਰੇ ਪੁੱਛਿਆ ਉਹਨੇ ਕਿਹਾ, “ਮੈਂ ਤਾਂ ਜਿੰਨੇ ਵੇਖੇ ਹੁਣ ਤਕ ਭਸਮਾਸੁਰੀ ਹੀ ਵੇਖੇ ਚਿਕਨੀਆਂ ਗੱਲਾਂ ਕਰਦੇ ਸ਼ਿਵਾ ਜਿਹੇ ਭੋਲ਼ੇ ਲੋਕਾਂ ਨੂੰ ਭਰਮਾਉਂਦੇ ਜਿੱਤਾਂ ਦੇ ਵਰ ਪਾਉਂਦੇ ਫਿਰ ਵਰਦਾਤਿਆਂ ਨੂੰ ਹੀ ਭਸਮ ਕਰਨ ਤੁਰ ਪੈਂਦੇ ਅੰਨ੍ਹੇ ਵੇਗ ਵਿੱਚ ਦੌੜਦੇ ਖ਼ੁਦ ਭਸਮ ਹੋਣ ਤੱਕ ਟਿਕ ਕੇ ਨਾ ਬੈਠਦੇ ਇਹ ਵਰਤਾਰਾ ਵੇਖ ਮੈਂ ਤਾਂ ਵੋਟ ਪਾਉਣੀ ਹੀ ਛੱਡ ਤੀ।”

ਮੁਹੱਬਤੀ ਨਾਰੀਵਾਦ

ਮੈਂ ਪੁੱਛਿਆ, “ਹਰ ਬੰਦੇ ਦੀ ਸਫ਼ਲਤਾ ਪਿੱਛੇ ਔਰਤ ਦਾ ਹੱਥ ਹੋਣ ਵਾਲੀ ਗੱਲ ਤੈਨੂੰ ਕਿੰਨ੍ਹੀ ਕੁ ਵਜ਼ਨਦਾਰ ਲੱਗਦੀ ਹੈ?” ਉਹਨੇ ਕਿਹਾ, “ਜ਼ਮੀਨ ਢਾਲ ਨਾ ਦੇਵੇ ਕਲਾਵੇ 'ਚ ਨਾ ਸਾਂਭੇ ਤਾਂ ਪਾਣੀ ਅੱਗੇ ਵੱਲ ਨਹੀਂ ਵਹਿ ਸਕਦਾ ਤੇ ਨਾ ਹੀ ਸਫ਼ਾਫ਼ ਰਹਿ ਸਕਦੈ।”

ਮੁਹੱਬਤੀ ਇਤਿਹਾਸਕਾਰੀ

ਇਤਿਹਾਸਕ ਥਾਂਵਾਂ ਦੀ ਯਾਤਰਾ ਕਰਦਿਆਂ ਕੁੱਝ ਵੱਡੇ ਕਿਲੇ ਵਿੰਹਦਿਆਂ ਮੈਂ ਜੇਤੂ ਰਾਜਿਆਂ ਦੀ ਕਥਾ ਛੇੜ ਲਈ ਉਹਨੇ ਵਿੱਚੋਂ ਈ ਟੋਕਦਿਆਂ ਮੇਰਾ ਹੱਥ ਖਿੱਚ ਕੇ ਰੋਕਦਿਆਂ ਸੁਆਲ ਕਰਨੇ ਸ਼ੁਰੂ ਕਰ ਦਿੱਤੇ , “ਜਿੱਤਾਂ ਹਾਰਾਂ ਨੂੰ ਕਿਹੜਿਆਂ ਪੈਮਾਨਿਆਂ ਨਾਲ਼ ਮਿਣਿਆ ਜਾਂਦੈ? ਵੱਡੇ ਜ਼ੁਲਮਾਂ ਵਾਲਿਆਂ ਨੂੰ ਜੇਤੂਆਂ ਵਿੱਚ ਕਿਉਂ ਗਿਣਿਆ ਜਾਂਦੈ? ਮੁਹੱਬਤ ਵਿੱਚ ਹਾਰੇ ਬਿਨਾਂ ਮਨ ਨੂੰ ਮਾਰੇ ਬਿਨਾਂ ਕੋਈ ਜੇਤੂ ਕਿਵੇਂ ਹੋ ਸਕਦੈ?”

ਮੁਹੱਬਤੀ ਸਟੀਕ

ਹਰਿਮੰਦਰ ਸਾਹਿਬ ਤੋਂ ਬਾਹਰ ਵੱਲ ਆਉਂਦਿਆਂ ਬਾਣੀ ਵਿਚਲੇ ਕਾਵਿ-ਕ੍ਰਿਸ਼ਮੇ,ਮਹਾਂਵਿਸਮੈ ਰਹੱਸਬੋਧ,ਚੇਤਨਾ ਪ੍ਰਬੋਧ ਰੂਹਾਨੀ ਰੰਗ ,ਆਤਮਿਕ ਆਨੰਦ ਸੂਖਮ ਸੰਵਾਦ,ਅਲੋਕਾਰੀ ਨਾਦ ਸੰਗ ਆਪਣੀ ਗਹਿਰੀ ਪ੍ਰੀਤੀ ਬਾਰੇ ਗੱਲਾਂ ਕਰਦਿਆਂ ਉਹਦੇ ਤੋਂ ਬਾਣੀ ਵਿਆਖਿਆ ਵਾਲੇ ਪ੍ਰਮਾਣਿਕ ਟੀਕੇ ਖਰੀਦਣ ਬਾਰੇ ਸਲਾਹ ਲੈਣ ਲੱਗਾ ਉਹਨੇ ਕਿਹਾ, “ਜੀਹਦੇ ਸੰਗ ਗਹਿਰੀ ਪ੍ਰੀਤੀ ਪਾਈਦੀ ਉਹਦੀ ਵਿਆਖਿਆ ਹੋਰਾਂ ਤੋਂ ਨਹੀਂ ਕਰਵਾਈਦੀ।”

ਮੁਹੱਬਤੀ ਤਾਕੀਦ

ਫ਼ੋਨ ਕਰਦਿਆਂ ਹੀ ਉਸਨੇ ਵਾਰਤਾ-ਵਿਘਨ ਦਾ ਕਾਰਨ ਪੁੱਛਿਆ ਤਾਂ ਮੈਂ ਉਸ ਦਿਨ ਹੋ ਰਹੀ ਲਿਖਾਰੀਆਂ ਦੀ ਅਹੁਦਿਆਂ ਬਾਰੇ ਚੋਣ ਤੇ ਚੋਣ ਸਦਕਾ ਪੈ ਰਹੇ ਸ਼ੋਰ ਬਾਰੇ ਦੱਸਣ ਲੱਗਾ ਮੇਰੀ ਗੱਲ ਵਿਚਾਲਿਓਂ ਈ ਕੱਟ ਕੇ ਉਹ ਇੱਕੋ ਸਾਹੇ ਬੋਲਣ ਲੱਗੀ, “ਜਦੋਂ ਲੇਖਕ ਵਸਲ ਦੇ ਪਲੰਘ ਤੋਂ ਡਿੱਗ ਪੈਂਦਾ ਉਦੋਂ ਈ ਅਹੁਦਿਆਂ ਦੇ ਊਠਾਂ ‘ਤੇ ਲਟਕਦਾ ਸਾਰੀ ਉਮਰ ਮਾਰੂਥਲਾਂ ਵਿੱਚ ਭਟਕਦਾ ਤੈਨੂੰ ਇਸ ਭਟਕਣਾ ਦਾ ਹਿਮਾਇਤੀ ਨਹੀਂ ਬਣਨਾ ਚਾਹੀਦਾ।

ਮੁਹੱਬਤੀ ਪ੍ਰਯੋਗਸ਼ਾਲਾ

ਇੱਕ ਦੋਖੀ ਨੇ ਸਾਡੇ ਦੋਹਾਂ ਵੱਲੇ ਭਰਮਾਂ ਦੇ ਤੀਰ ਚਲਾਏ ਕਲ੍ਹ ਤੇ ਨਾਰਦ ਸਾਡੇ ਦਿਮਾਗਾਂ ਵਿੱਚ ਆਏ ਸ਼ਬਦੀ ਜੰਗ ਸ਼ੁਰੂ ਹੋਈ ਵਧਦੀ ਹੀ ਗਈ ਮੇਲਜੋਲ ਬੰਦ ਹੋਇਆ ਡਾਹਢੀ ਦੂਰੀ ਪਈ ਅਰਸੇ ਬਾਅਦ ਉਹਦਾ ਖ਼ਤ ਆਇਆ; “ਹਾਈਡ੍ਰੋਜਨ ਤਾਈਂ ਕੋਈ ਤੀਲੀ ਲਾਵੇ ਉੱਤੋਂ ਆਕਸੀਜਨ ਵੀ ਸਹਿਯੋਗੀ ਬਣ ਜਾਵੇ ਫਿਰ ਲਪਟਾਂ ਤੋਂ ਕੌਣ ਬਚਾਵੇ! ਜੇ ਕੁਦਰਤ ਰਹਿਮਤ ਬਰਸਾਵੇ ਕੱਠਿਆਂ ਕਰ ਬਿਜਲਈ ਲੰਘਾਵੇ ਉਹੀ ਸੀਤਲ ਜਲ ਬਣ ਜਾਵੇ ਆ ਜਾ ਕੱਠੇ ਹੋਈਏ ਯਾਰਾ ਸੱਦੀਏ ਫੇਰ ਮੁਹੱਬਤੀ ਧਾਰਾ।”

ਮੁਹੱਬਤੀ ਅਲਵਿਦਾ

ਉਹ ਹਾਲੋਂ ਬੇਹਾਲ ਹੁੰਦੀ ਆਈ ਅਚਨਚੇਤ ਪੈਦਾ ਹੋਈਆਂ ਰੋਕਾਂ ਟੋਕਾਂ ਜਕੜਾਂ ਜੰਜ਼ੀਰਾਂ ਦੀ ਵਿੱਥਿਆ ਸੁਣਾਈ ਮੇਰੇ ਮੋਢੇ ’ਤੇ ਸਿਰ ਰੱਖ ਆਖਣ ਲੱਗੀ, “ਆਵਦੀ ਗੁਨਾਹਗ਼ਾਰ ਸਮਝ ਕੇ ਜੋ ਮਰਜ਼ੀ ਕਹਿ ਲੈ ਹੁਣ ਹੋਰ ਨਿਭ ਨਹੀਂਓਂ ਹੋਣਾ।” ਉਹਦੇ ਕੰਬਦੇ ਹੱਥ ਮੇਰੇ ਮੋਢਿਆਂ ਤੋਂ ਤਿਲਕਦੇ ਹੋਏ ਉਂਗਲੀਆਂ ਦੇ ਮੂਹਰਲੇ ਪੋਟਿਆਂ ਤੀਕ ਅੱਪੜ ਕੇ ਆਖ਼ਰੀ ਅਲਵਿਦਾ ਆਖਣ ਲੱਗੇ ਤਾਂ ਉਹ ਬਿਜਲੀ ਵਾਂਗ ਲਿਪਟ ਕੇ ਬੋਲੀ, “ਵਾਅਦਾ ਕਰ! ਤੂੰ ਮੇਰੇ ਵਾਂਗ ਨਹੀਂ ਕਰੇਂਗਾ ਤੂੰ ਮੈਨੂੰ ਕਦੇ ਨਹੀਂ ਛੱਡੇਂਗਾ!”

ਮੁਹੱਬਤੀ ਦੁਆ

ਉਹਦੇ ਸਿਰ ’ਤੇ ਦੋਵੇਂ ਹੱਥ ਰੱਖ ਮੈਂ ਦੁਆਵਾਂ ਦੇਣ ਲੱਗਾ, “ਤੇਰੇ ਮਸਤਕ ਵਿੱਚ ਸਦਾ ਨੂਰਾਨੀ ਜੋਤ ਜਗੇ ਤੇਰੀ ਸ਼ਾਹਰਗ ਵਿੱਚ ਸਦਾ ਮੁਹੱਬਤੀ ਨਦੀ ਵਗੇ ਚੇਤਨਾ ਤੇਰੀ ਨਿੱਤ ਅਕਾਸ਼ੀ ਪੌੜੀਆਂ ਚੜ੍ਹੇ ਦਿਲ ਤੇਰਾ ਰੋਜ਼ ਧਰਤ ਮਾਂ ਦੀ ਇਬਾਰਤ ਪੜ੍ਹੇ ਰੂਹ ਤੇਰੀ ਦੇ ਵਿਹੜੇ ਸਦਾ ਵਿਸਮਾਦੀ ਚੰਬਾ ਖਿੜੇ ਸਾਹਾਂ ਦੇ ਸਾਜ਼ ਉੱਤੇ ਹਰਦਮ ਸੁਹਾਣਾ ਗੀਤ ਛਿੜੇ ਸੁਪਨ ਤੇਰੇ ਸੁਦੀ ਪੱਖ ਦੇ ਚੰਨ ਵਾਂਗ ਚਮਕਣ ਖਿ਼ਆਲ ਤੇਰੇ ਸਦਾ ਸੂਰਜ ਦੇ ਵਾਂਗ ਦਮਕਣ ਮੁਸਕਾਣ ਤੇਰੀ ਹਰ ਕਸ਼ਟ ਉੱਤੇ ਕਨਾਤ ਬਣ ਤਣੇ ਹਰ ਝੱਖੜ ਵਿੱਚ ਉਡਾਨ ਤੇਰੀ ਬਾਜ ਵਰਗੀ ਬਣੇ ਜ਼ਿੰਦਗ਼ੀ ਦੇ ਹੋਂਠਾਂ ਉੱਤੇ ਨਿੱਤ ਦੰਦਾਸੇ ਵਾਂਗ ਚੜ੍ਹੇਂ ਆਪਣੇ ਇਰਾਦਿਆਂ 'ਤੇ ਸਦਾ ਚੱਟਾਨ ਵਾਂਗ ਖੜ੍ਹੇਂ ਸੋਚਾਂ ਤੇਰੀਆਂ ਵਿੱਚ ਸਤਰੰਗੀ ਪੀਂਘ ਨਜ਼ਰ ਆਵੇ ਚਾਅਵਾਂ ਤੇਰਿਆਂ ਦੀ ਵੇਲ ਮਧੂਮਾਲਤੀ ਬਣ ਜਾਵੇ ਸੰਕਲਪ ਤੇਰਾ ਤੈਨੂੰ ਦੁਨੀ ਦੇ ਕੂੜ ਤੋਂ ਦੂਰ ਰੱਖੇ ਅਸਤਿੱਤਵ ਤੇਰਾ ਨਦੀਓਂ ਪਾਰ ਦਾ ਸਵਾਦ ਚੱਖੇ ਰਹੇਂ ਸਦਾ ਬੇਖ਼ੌਫ਼ ਤੇ ਬੇਬਾਕ ਬੋਲ ਬੋਲੇਂ ਕਿਸੇ ਤੂਫ਼ਾਨ ਵਿੱਚ ਵੀ ਸਿਦਕੋਂ ਜ਼ਰਾ ਨਾ ਡੋਲੇਂ।” ਉਹਨੇ ਗਲ਼ੇ ਲਿਪਟ ਕੇ ਕਿਹਾ, “ ਏਨੀਆਂ ਖੈਰਾਂ ਨਾਲੋਂ ਮੇਰੇ ਲਈ ਤਾਂ ਇੱਕੋ ਦੁਆ ਕਾਫੀ ਸੀ ; “ਸਾਡੀ ਮੁਹੱਬਤ ਸਦਾ ਵਿਗਸਦੀ ਰਹੇ।” ਭਾਗ-ੲ

ਮਾਹੀਆ-1

ਮਿੱਤ ਦਿਲ ਵਾਲੀ ਪੁੱਗ ਚੰਨ ਵੇ ਮਨ ਦੀ ਚਟਾਨ ਤੋੜ ਕੇ ਸਾਡੀ ਰੂਹ ਵਿੱਚੋਂ ਉੱਗ ਚੰਨ ਵੇ ਕੀਤੇ ਕੌਲ ਨਿਭਾ ਜਾਵਾਂ ਸਾਗਰ ਬਣ ਸੋਹਣਿਆ ਬਣ ਨਦੀ ਮੈਂ ਸਮਾ ਜਾਵਾਂ ਦੁੱਖ ਦਿਲ ਦਾ ਮਿਟਾ ਜਾਵੀਂ ਮੁਹੱਬਤਾਂ ਦਾ ਲਾ ਕੇ ਮਣਕਾ ਜ਼ਹਿਰ ਜੱਗ ਦੀ ਹਟਾ ਜਾਵੀਂ ਤੇਰੀ ਮਹਿਕ ਸੁਹਾਣੀ ਸੱਜਣਾ ਕਿਸੇ ਦੇ ਨਾ ਮੇਚ ਆਵਣੀ ਰੂਹ ਤੇਰੀ ਹੀ ਹਾਣੀ ਸੱਜਣਾ ਵੇ ਤੂੰ ਜੱਗ ਤੋਂ ਅਨੋਖਾ ਏਂ ਜੀਹਦੇ ਵਿੱਚੋਂ ਰੱਬ ਦਿਸਦਾ ਤੂੰ ਓਹੀਓ ਝਰੋਖਾ ਏਂ ਇਹ ਜੋ ਰਮਜ਼ ਪਿਆਰਾਂ ਦੀ 'ਸੈਫ਼ੀ' ਕਿੱਥੋਂ ਸਮਝਣਗੇ ਬੋਲੀ ਸਿੱਖੇ ਜੋ ਵਪਾਰਾਂ ਦੀ

ਮਾਹੀਆ-2

ਚੁਣਿਆ ਵੇ ਤੈਨੂੰ ਰੂਹ ਸਾਡੀ ਨੇ ਚੁਣਿਆ ਵੇਖ ਨਜ਼ਦੀਕ ਆਣ ਕੇ ਕਿਵੇਂ ਜ਼ਿੰਦਗੀ 'ਚ ਨਾਂ ਤੇਰਾ ਖੁਣਿਆ। ਬੁਣਿਆ ਵੇ ਤੇਰੇ ਨਾਮ ਦਾ ਕੱਜਣ ਬੁਣਿਆ ਸਿੱਜ਼ਦੇ 'ਚ ਜਿੰਦ ਝੁਕ ਗਈ ਤੇਰੇ ਨਾਂ ਦਾ ਉਚਾਰਣ ਸੁਣਿਆ ਸੀਤਾ ਵੇ ਅਸਾਂ ਰੂਹ ਨੂੰ ਤੈਂ ਸੰਗ ਸੀਤਾ ਰਾਤ ਨੂਰੋ ਨੂਰ ਹੋ ਗਈ ਜਦੋਂ ਨੀਂਦ ਨੇ ਸੁਪਨ ਤੇਰਾ ਪੀਤਾ ਜੋੜਾਂ ਵੇ ਤੈਨੂੰ ਸਾਹਾਂ ਦੇ ਸੰਗ ਜੋੜਾਂ ਮੇਰੇ ਜਿੰਨਾ ਤੂੰ ਵੀ ਕਰੇਂ ਤਾਂ ਕੋਈ ਰਹਿਣੀਆਂ ਨਾ ਜੱਗ ਉੱਤੇ ਥੋੜਾਂ ਪਾਵਾਂ ਵੇ ਜੀਅ ਕਰਦਾ ਏ ਰੌਲਾ ਪਾਵਾਂ ਤੇਰੇ ਆਖੇ ਡਰਾਂ ਜੱਗ ਤੋਂ ਤੇਰਾ ਨਾਂ ਸਾਹਾਂ ਕੋਲੋਂ ਵੀ ਛੁਪਾਵਾਂ ਹੋਈ ਵੇ ਸਾਡੀ ਉਮਰ ਸੁਹੰਡਣੀ ਹੋਈ, ਦੁਨੀਆਂ ਤੋਂ ਮੁੱਖ ਮੋੜ ਕੇ ਜਦੋਂ ਇਸ਼ਕੇ ਦੇ ਦਰ 'ਤੇ ਖਲੋਈ। ਪਾਣੀ ਵੇ ਸਾਡੇ ਨੈਣੀਂ ਹਰਦਮ ਪਾਣੀ ਹੰਝੂਆਂ 'ਚ ਸੁਪਨ ਤੇਰੇ ਤੂੰ ਜਾਣੀਂ ਤੇ ਭਾਵੇਂ ਨਾ ਜਾਣੀਂ ਹਾਅਵਾਂ ਵੇ ਦਿਲੋਂ ਬਲ ਬਲ ਉੱਠਦੀਆਂ ਹਾਅਵਾਂ ਅੰਬਰਾਂ ਦੀ ਚਾਦਰ 'ਤੇ ਤੇਰੇ ਨਾਂ ਦੀਆਂ ਬੂਟੀਆਂ ਮੈਂ ਪਾਵਾਂ ਤਣਿਆ ਵੇ ਤੇਰੀ ਯਾਦ ਦਾ ਤਾਣਾ ਤਣਿਆ ਦਿਲ 'ਤੇ ਯਕੀਨ ਬੜਾ ਸੀ ਹੁਣ ਇਹ ਵੀ ਵਕੀਲ ਤੇਰਾ ਬਣਿਆ ਕੀਤਾ ਵੇ ਅਸਾਂ ਸਬਰ ਬੜਾ ਹੀ ਕੀਤਾ ਪਿਆਰ ਦੀ ਡੂੰਘਾਈ ਨਾਪਦੀ ਲੈ ਕੇ ਤੇਰੇ ਵੇ ਵਿਛੋੜਿਆਂ ਦਾ ਫੀਤਾ ਰੋਵੇ ਵੇ ਦਿਲ ਰੋਜ਼ ਰਿਹਾੜੇ ਰੋਵੇ ਇੱਕੋ ਵਾਰੀਂ ਜਾਨ ਕੱਢ ਲੈ ਸਾਥੋਂ ਨਿੱਤ-ਨਿੱਤ ਮਰਨ ਨਾ ਹੋਵੇ ਪੀਤਾ ਵੇ ਅਸਾਂ ਦਰਦ - ਪਿਆਲਾ ਪੀਤਾ ਚੁੱਲ੍ਹੇ ਵਿੱਚ ਅੱਗ ਬਲ ਪਈ ਜਦੋਂ ਹਉਕਿਆਂ ਨੇ ਯਾਦ ਤੈਨੂੰ ਕੀਤਾ ਹੋਇਆ ਵੇ ਬੜਾ ਅਜਬ ਕ੍ਰਿਸ਼ਮਾ ਹੋਇਆ ਹਕੀਕੀ ਵਾਲੇ ਫੁੱਲ ਖਿੜ ਗਏ ਮੈਂ ਤਾਂ ਬੀਅ ਸੀ ਮਜਾਜ਼ੀ ਵਾਲਾ ਬੋਇਆ ਫੇਰਾ ਵੇ ਜਦ ਮਰਜ਼ੀ ਪਾਵੀਂ ਫੇਰਾ ਜਿੰਦ ਚਾਹੇ ਖ਼ਾਕ ਬਣ ਜੇ ਰੂਹ ਮੁਜ਼ਰਾ ਕਰੂਗੀ ਤੇਰਾ

ਬੋਲੀਆਂ ਬਹਾਨਾ ਬਣੀਆਂ

ਤੂੰ ਮਿਲਿਆ ਮੁਹੱਬਤਾਂ ਹੋਈਆਂ ਰੱਬ 'ਤੇ ਭਰੋਸਾ ਆ ਗਿਆ । * ਤੇਰੇ ਨਾਂ ਵਾਲਾ ਸਿਮਰਨ ਕੀਤਾ ਸੁਰਤੀ ਅਕਾਸ਼ੀਂ ਚੜ੍ਹ ਗਈ । * ਤੇਰੇ ਪਿਆਰ ਦਾ ਗੁਲਾਲ ਮੱਥੇ ਲਾਇਆ ਸੁਪਨੇ ਲਲਾਰੀ ਬਣ ਗਏ। * ਤੂੰ ਮਿਲਿਆ ਚਟਾਨਾਂ ਖੁਰੀਆਂ ਨੈਣਾਂ 'ਚੋਂ ਚਸ਼ਮ ਫੁੱਟ ਪਏ । * ਵੇ ਤੂੰ ਬਣ ਕੇ ਮੁਹੱਬਤਾਂ ਦਾ ਸੂਰਜ ਜ਼ਿੰਦਗੀ ਦੀ ਧੁੰਦ ਮੇਟਤੀ। * ਤੈਨੂੰ ਸਾਹਾਂ ਵਾਲੀ ਪੋਟਲੀ ਫੜਾਤੀ ਲੱਜ ਤੇਰੇ ਹੱਥ ਸੋਹਣਿਆ। * ਮੈਨੂੰ ਜੋਤ ਆਖ ਹਾਕ ਜਦੋਂ ਮਾਰੀ ਸੀਨੇ ਵਿੱਚ ਸ਼ਮ੍ਹਾ ਜਗ ਪਈ। * ਮੇਰਾ ਨਾਂ ਲੈ ਕੇ ਜਦੋਂ ਤੂੰ ਬੁਲਾਵੇਂ ਧੁਰ ਤੱਕ ਛਿੜੇ ਕੰਬਣੀ * ਤੇਰੇ ਪਿਆਰ ਨੇ ਫ਼ਕੀਰੀ ਬਖ਼ਸ਼ੀ ਰਹਿਮਤੇ ਨੀਂ ਰੱਬ ਰੰਗੀਏ * ਤੇਰੀ ਚੂਰੀ ਦੇ ਸਵਾਦ ਸਾਹਵੇਂ ਹੀਰੀਏ ਦੁਨੀ ਸਾਰੀ ਫਿੱਕੀ ਪੈ ਗਈ * ਤੇਰੇ ਵਰਗੀ ਜੇ ਲਿਖੀ ਜਾਏ ਕਵਿਤਾ ਬੰਦਗ਼ੀ ਨੂੰ ਫ਼ਲ ਲੱਗ ਜੇ * ਤੈਨੂੰ ਸਾਹਾਂ ਵਾਲੀ ਪੋਟਲੀ ਫੜਾਤੀ ਲੱਜ ਤੇਰੇ ਹੱਥ ਸੋਹਣਿਆ। * ਤੇਰੀ ਛੋਹ ਨੇ ਚੜ੍ਹਾਈ ਲਾਲੀ ਸੱਜਣਾ ਪ੍ਰੀਤ ਰੰਗਿਆ * ਤੈਨੂੰ ਹੰਝੂਆਂ ਦੇ ਵਿੱਚ ਮੈਂ ਲੁਕਾਵਾਂ ਲੋਕਾਂ ਤੋਂ ਲੁਕਾਉਣ ਵਾਸਤੇ * ਵੇ ਮੈਂ ਯਾਦਾਂ ਵਾਲੀ ਲੈ ਕੇ ਮਧਾਣੀ ਮੁਹੱਬਤਾਂ ਦਾ ਦੁੱਧ ਰਿੜਕਾਂ। * ਵੇ ਮੈਂ ਹਉਕਿਆਂ ਦੇ ਫੁੱਲ ਵਿਹੜੇ ਲਾਏ ਲੈ ਜਾਵੀਂ ਮਹਿਕ ਆਣ ਕੇ। * ਵੇ ਮੈਂ ਕਰ ਲਈ ਤਪੱਸਿਆ ਭਾਰੀ ਉਡੀਕਾਂ ਵਾਲੇ ਟਿੱਲੇ ਬੈਠ ਕੇ * ਪੀੜ੍ਹਾ ਜਦੋਂ ਵੀ ਵਿਛੋੜੇ ਵਾਲਾ ਡਾਹਵਾਂ ਦਿਲ ਵਿੱਚ ਅੱਗ ਰਿੜਕਾਂ। * ਉਹਨੇ ਸੁਪਨੇ 'ਚ ਪਲਕਾਂ ਨੂੰ ਚੁੰਮਿਆ ਨੀਂਦ ਨੂਰੋ ਨੂਰ ਹੋ ਗਈ * ਓਹਨੇ ਮੱਥੇ ਨੂੰ ਕੀ ਹੋਂਠ ਛੁਹਾਏ ਮੈਂ ਸੱਤਰੰਗੀ ਪੀਂਘ ਬਣ ਗਈ * ਓਹਨੇ ਪਿਆਰ ਦਾ ਯਕੀਨ ਕਰਵਾਇਆ ਮੈਂ ਫੁੱਲਾਂ ਲੱਦੀ ਵੇਲ ਬਣ ਗਈ * ਕੇਹੀ ਇਸ਼ਕੇ ਦੀ ਅਗਨ ਛੁਹਾਈ ਨੈਣਾਂ ਵਿੱਚ ਜੋਤਾਂ ਜਗੀਆਂ * ਇਹੇ ਚਰਖਾ ਪੁਰਾਣਾ ਹੋ ਕੇ ਟੁੱਟ ਜੂ ਮੁਹੱਬਤਾਂ ਦੀ ਰੂੰ ਕੱਤ ਲੈ * ਵੇਖੋ ਪਿਆਰ ਕੀ ਕ੍ਰਿਸ਼ਮੇ ਕਰਦਾ ਚਿਹਰਿਆਂ ਦੇ ਚੰਨ ਘੜਦਾ * ਗੱਲ ਕਰ ਵੇ ਪਿਆਰ ਵਾਲੀ ਕੋਈ ਹਉਕਿਆਂ ਨੂੰ ਚਿੱਤ ਕਰਦਾ * ਅਸਾਂ ਕੱਤ ਕੇ ਸਵਾਸਾਂ ਦੀਆਂ ਪੂਣੀਆਂ ਪਿਆਰ ਦਾ ਗਲੋਟਾ ਲਾਹ ਲਿਆ * ਪਿਆਰ ਕਰਲੈ ਤੇ ਸਿੱਖ ਲੈ ਚੁਗਣੀ ਦਿਲਾਂ 'ਚ ਕਪਾਹ ਖਿੜਦੀ * 'ਸੈਫ਼ੀ' ਗੱਲ ਸੀ ਮੁਹੱਬਤਾਂ ਦੀ ਕਰਨੀ ਬੋਲੀਆਂ ਬਹਾਨਾ ਬਣੀਆਂ

ਜਦ ਪਾਈਆਂ ਕੁੱਝ ਬੁਝਾਰਤਾਂ

ਕੂੜ ਕੁਫ਼ਰ ਦੇ ਵਰਕੇ ਪਾੜੇ, ਚੜ੍ਹੇ ਮੁਖੌਟੇ ਸਾਰੇ ਸਾੜੇ ਰੰਗ ਸੁਹਾਣੇ ਕਰ ਦਏ ਗਾੜ੍ਹੇ ਬੁੱਝ ਓਹ ਕਿਹੜੀ ਸ਼ੈਅ ਪਿਆਰੇ ਰੂਹ 'ਤੇ ਗਿੱਠ ਗਿੱਠ ਰੰਗਤ ਚਾੜ੍ਹੇ ** ਸਾਹਾਂ ਦੇ ਵਿਚ ਸ਼ਰਬਤ ਘੋਲੇ ਰਹਿਣਾ ਚਾਹੇ ਓਹਲੇ ਓਹਲੇ, ਸੂਲੀ ਚੜ੍ਹਕੇ ਜ਼ਰਾ ਨਾ ਡੋਲੇ ਬੁੱਝ ਓਹ ਕਿਹੜੀ ਸ਼ੈਅ ਪਿਆਰੇ ਜਿਹੜੀ ਚਸ਼ਮ ਦਿਲੇ ਦਾ ਖੋਲ੍ਹੇ ** ਬੰਦੇ ਨੂੰ ਅਸਮਾਨ ਬਣਾਵੇ ਨੈਣਾਂ ਵਿੱਚੋਂ ਮੀਂਹ ਵਰਸਾਵੇ ਸਤਰੰਗੀ ਫਿਰ ਪੀਂਘ ਚੜ੍ਹਾਵੇ ਬੁੱਝ ਓਹ ਕਿਹੜੀ ਖੇਡ ਪਿਆਰੇ ਜਿਹੜਾ ਹਾਰੇ ਓਹ ਜਿੱਤ ਜਾਵੇ ** ਬਿਨ ਖੰਭਾਂ ਤੋਂ ਉੱਡਣ ਲਾਵੇ, ਰੂਹ ਨੂੰ ਅਨਹਦ ਨਾਦ ਸੁਣਾਵੇ ਰੋਜ਼ ਅਗੰਮੀ ਬਾਤਾਂ ਪਾਵੇ, ਬੁੱਝ ਓਹ ਕਿਹੜੀ ਬੋਲੀ ਸੱਜਣਾ ਬਿਨਾਂ ਜ਼ੁਬਾਨੋਂ ਸਭ ਕਹਿ ਜਾਵੇ ** ਅਕਲਾਂ ਦੇ ਸੰਗ ਟੱਕਰ ਲੈਂਦੀ ਦਿਲਾਂ ਦੇ ਵਿਹੜੇ ਨੱਚਦੀ ਰਹਿੰਦੀ ਸਾਰੇ ਜੱਗ ਦੀਆਂ ਚੋਭਾਂ ਸਹਿੰਦੀ ਬੁੱਝੋ ਕਿਹੜੀ ਸ਼ੈਅ ਸੱਜਣ ਜੀ ਕੌਸਰ ਬਣ ਜੰਨਤ ਵਿਚ ਵਹਿੰਦੀ ** ਜੀਹਦੇ ਬਿਨ ਸਭ ਸੁੰਨ ਮਸਾਨ, ਮਹਿਲ ਮੁਨਾਰੇ ਸਭ ਸਮਸ਼ਾਨ ਟੁੱਟੀ ਜਾਪੇ ਜਿੰਦ ਕਮਾਨ, ਬੁੱਝ ਓਹ ਕਿਹੜਾ ਰੰਗ ਪਿਆਰੇ ਹੋਂਦ - ਹੱਕਾਨੀ ਦਾ ਈਮਾਨ ** ਜਿਸ ਬਿਨ ਰਹੀਏ ਖ਼ੁਦ ਤੋਂ ਦੂਰ, ਪੱਥਰ ਦਿਲ ਤੇ ਨਜ਼ਰ ਕਰੂਰ ਹੁੱਝਾਂ ਮਾਰੇ ਨਿੱਤ ਗਰੂਰ, ਕੀ ਹੈ ਪਿਆਰੇ ਜੀਹਦੇ ਬਾਝੋਂ ਬੰਦਾ ਹਉਮੈ ਦਾ ਮਜ਼ਦੂਰ ** ਰੂਪ ਰੰਗ ਰੌਣਕ ਝੜ ਜਾਵੇ ਜਿੰਦ ਘੜੀ ਨਿੱਤ ਖੜ੍ਹ ਖੜ੍ਹ ਜਾਵੇ ਸਮੇਂ ਦਾ ਬਿੱਛੂਆ ਲੜ ਲੜ ਜਾਵੇ ਬੁੱਝੋ ਕਿਹੜੀ ਨਦਰਿ ਸੱਜਣ ਜੀ ਜੀਹਦੇ ਬਿਨ ਸਭ ਸੁੱਕ ਸੜ ਜਾਏ ** ਛੁਰੀ ਹੈ ਜੀਹਦੀ ਡਾਹਢੀ ਤਿੱਖੀ, ਪਰ ਖੁੱਭੇ ਤੋਂ ਲੱਗਦੀ ਮਿੱਠੀ ਭਾਗਾਂ ਵਾਲੀ ਅੱਖ ਨੇ ਡਿੱਠੀ ਬੁੱਝੋ ਕਿਹੜੀ ਡਾਕ ਸੱਜਣ ਜੀ ਜਿਸ ਵਿੱਚ ਰੱਬ ਦੀ ਰੰਗਲੀ ਚਿੱਠੀ ** ਵਿਚ ਤੂਫ਼ਾਨਾਂ ਦੇਵੇ ਠੇਲ੍ਹ ਕੋਹਲੂ ਪਾ ਕੇ ਕੱਢੇ ਤੇਲ, ਵੇਲਣਿਆਂ ਵਿੱਚ ਦੇਵੇ ਵੇਲ ਬੁੱਝੋ ਪਿਆਰੇ ਏਨਾ ਡਾਹਢਾ ਖ਼ਤਰਿਆਂ ਭਰਿਆ ਕਿਹੜਾ ਖੇਲ ** ਸੁੱਚੀ ਸੂਖਮ ਤੇ ਉਜਿਆਰੀ ਜੰਨਤ ਦੇ ਫ਼ੁੱਲਾਂ ਦੀ ਕਿਆਰੀ ਮਹਿਕ ਅਨੋਖੀ ਲੱਜ਼ਤ ਨਿਆਰੀ ਬੁੱਝ ਖਾਂ ਪਿਆਰੇ ਸ਼ੈਅ ਓਹ ਕਿਹੜੀ ਅਕਲ ਡਰੇ ਪਰ ਦਿਲ ਨੂੰ ਪਿਆਰੀ ** ਨੈਣੋਂ ਅੰਮ੍ਰਿਤ ਚਸ਼ਮੇ ਵਹਿੰਦੇ ਮਹਿਲ ਸੁਪਨਮਈ ਬਣਦੇ ਢਹਿੰਦੇ ਕੰਨ ਹਜ਼ਾਰਾਂ ਤਾਹਨੇ ਸਹਿੰਦੇ ਦੱਸ ਖਾਂ ਕਿਹੜੀ ਥਾਂ 'ਤੇ ਪਿਆਰੇ ਅੱਗ ਤੇ ਪਾਣੀ ਕੱਠੇ ਰਹਿੰਦੇ ** ਰਸਤੇ ਜੀਹਦੇ ਬੜੇ ਹੀ ਟੇਢੇ ਪੈਰ ਪੈਰ ' ਤੇ ਪੱਥਰ ਠੇਡੇ ਤੁਰੇ ਜੋ ਬਣਗੇ ਰੱਬ ਦੇ ਜੇਡੇ ਦੱਸ ਓਹ ਕਿਹੜੀ ਮਹਿਕ ਪਿਆਰੇ ਹਰ ਪਲ ਕੰਡਿਆਂ ਦੇ ਸੰਗ ਖੇਡੇ ** ਪਾ ਕੇ ਉਕਤ ਬੁਝਾਰਤਾਂ ਮੈਂ ਕਿਹਾ,“ ਸੁਣ ਸਰਕਾਰ ! ਬੁਝ ਕੇ ਰਮਜ਼ਾਂ ਸਾਰੀਆਂ ਬਣ ਜਾ ਲਹਿਣੇਦਾਰ ਅਸਲੀ ਕੁੰਜੀ ਲੱਭ ਲਈ ਤਾਂ ਛੋਹਾਂ ਦਿਆਂ ਹਜ਼ਾਰ ਨਿਰਣਾ ਓਸੇ ਵਕਤ ਹੀ ਭੋਰਾ ਨਹੀਂ ਉਧਾਰ ।“ ਉਸ ਕਿਹਾ, “ਮੇਰੇ ਕੋਲ ਤਾਂ ਸ਼ਬਦ ਨੇ ਕੇਵਲ ਚਾਰ ਇਸ਼ਕ ਮੁਹੱਬਤ ਆਖ ਲੈ ਜਾਂ ਕਹਿਲੈ ਪ੍ਰੇਮ ਪਿਆਰ ਇਹਨਾਂ 'ਚੋਂ ਕੋਈ ਰੱਖ ਲੈ ਜੋ ਤੈਨੂੰ ਦਰਕਾਰ ਅੱਖਰਾਂ ਦਾ ਹੀ ਫ਼ਰਕ ਹੈ, ਹੈ ਇੱਕੋ ਹੀ ਰਸਧਾਰ ਇਹ ਇੱਕੋ ਕੁੰਜੀ ਖੋਲ੍ਹ ਦਏ ਤਾਲੇ ਕਈ ਹਜ਼ਾਰ ਪਿਆਰ ਮਾਮਲੇ ਵਿਚ ਪਰ ਬਣਾਂ ਨਾ ਲਹਿਣੇਦਾਰ ।“ ਭਾਗ-ਸ

ਉਹਦੀਆਂ ਉਲਝਾਉਣੀਆਂ

ਮੈਂ ਤੇਰੀ ਫ਼ੁੱਲਾਂ ਜੇਹੀ ਛੋਹ ਦੀ ਕਾਇਲ ਹਾਂ ਪਰ ਕਦੇ ਇਉਂ ਵੀ ਮਿਲ਼ਿਆ ਕਰ ਜਿਉਂ ਕਿਸੇ ਯੋਧੇ ਦੀ ਤਲਵਾਰ ਵੈਰੀ ਯੋਧੇ ਦੇ ਆਰ ਪਾਰ ਹੋ ਜਾਂਦੀ ਐ ਤੂੰ ਮੈਨੂੰ ਛੰਦਮੁਕਤ ਕਵਿਤਾ ਸਮਝਦਾ ਰਹੀਂ ਸਦਾ ਈ ਛੰਦਬੱਧ ਬਣੀਂ ਰਹਾਂਗੀ। ਤੂੰ ਮੈਨੂੰ ਤਲਵਾਰ ਮੰਨਦਾ ਰਹੀਂ ਤੇਰੇ ਹਰ ਜ਼ਖ਼ਮ ਲਈ ਮੱਲ੍ਹਮ ਬਣਦੀ ਰਹਾਂਗੀ। ਤੇਰੀ ਮਿਲਣੀ ਜਵਾਂ ਖਾਲੀ ਕਰ ਦਿੰਦੀ ਐ ਨਾਲ਼ੇ ਨੱਕੋ ਨੱਕ ਭਰ ਦਿੰਦੀ ਐ ਤੈਨੂੰ ਮਿਲ ਕੇ ਬੜਾ ਰੱਜ ਆ ਜਾਂਦੈ ਪਰ ਭੁੱਖ ਵੀ ਬਹੁਤ ਵਧ ਜਾਂਦੀ ਐ ਜਦੋਂ ਰੁੱਸ ਕੇ ਤੈਥੋਂ ਦੂਰ ਹੋਈ ਹੁੰਦੀ ਹਾਂ ਓਦੋਂ ਤੇਰੀ ਛੋਹ ਜ਼ਿਆਦਾ ਹੀ ਮਹਿਸੂਸ ਹੁੰਦੀ ਰਹਿੰਦੀ ਐ ਜਿੱਦਣ ਤੇਰੇ ਨਾਲ ਲੜ ਕੇ ਮੈਂ ਚੁੱਪ ਧਾਰ ਲੈਂਦੀ ਹਾਂ ਓਦਣ ਤੇਰੇ ਨਾਲ ਬਾਹਲੀਆਂ ਗੱਲਾਂ ਕਰਦੀ ਹਾਂ ਤੇਰੇ ਵਿੱਚੋਂ ਮੈਂ ਆਵਦੇ ਲਈ ਮੌਤ ਵੀ ਲੱਭ ਲੈਂਦੀ ਹਾਂ ਤੇ ਸੰਜੀਵਨੀ ਵੀ ਤੇਰੇ ਕੋਲ ਆਉਣ ਵੇਲ਼ੇ ਮੈਂ ਤਿਤਲੀ ਬਣੀ ਹੁੰਦੀ ਹਾਂ ਜਾਣ ਵੇਲੇ ਬਾਜ ਬਣ ਜਾਂਦੀ ਹਾਂ ਮੇਰੀ ਆਦਰਸ਼ ਤਾਂ ਰਾਧਾ ਈ ਐ ਰੁਕਮਣੀ ਨਾਲ ਐਵੇਂ ਰਸ਼ਕ ਜਿਹਾ ਹੁੰਦਾ ਰਹਿੰਦੈ ਕਦੇ ਕਦੇ ਤੇਰੇ ਨਾਲ ਲੜਨ ਨੂੰ ਬੜਾ ਈ ਦਿਲ ਕਰਦਾ ਹੁੰਦੈ ਤੇਰੇ ਗਲੇ ਸੰਗ ਲਿਪਟ ਕੇ ਮੁਹੱਬਤ ਦੇ ਪਰਬਤ ਨੂੰ ਰਸਮਾਂ ਦੇ ਕਮਰੇ ਵਿੱਚ ਲਿਆਉਣ ਵਾਲ਼ਿਆਂ ਨੂੰ ਮੈਂ ਮੂਰਖ ਮੰਨਦੀ ਪਰ ਸੁਪਨੇ ਵਿੱਚ ਮੇਰਾ ਮਨ ਵੀ ਇਉਂ ਈ ਕਰਦਾ ਰਹਿੰਦੈ ਸਭ ਗਹਿਣੇ ਮੇਰੇ ਲਈ ਗ਼ੁਲਾਮੀ ਦੇ ਚਿੰਨ੍ਹ ਪਰ ਤੇਰੇ ਹੱਥੋਂ ਸਾਰੇ ਪਵਾਉਣੇ ਲੋਚਦੀ ਭਾਗ-ਹ

ਮੁਹੱਬਤੀ ਪੰਧ

ਮੁਹੱਬਤ ਕਰਨਾ ਅੰਮ੍ਰਿਤ ਭਰੇ ਘੜੇ ਨੂੰ ਸਿਰ 'ਤੇ ਟਿਕਾ ਕੇ ਦੁਨੀਆਂ ਦੇ ਬਨੇਰੇ 'ਤੇ ਤੁਰਨਾ ਹੁੰਦੈ ਜ਼ਰਾ ਕੁ ਬੇਧਿਆਨੀ ਹੀ ਥੱਲੇ ਡੇਗ ਦਿੰਦੀ ਏ ਘੜਾ ਟੁੱਟ ਜਾਂਦੈ ਅੰਮ੍ਰਿਤ ਡੁਲ੍ਹ ਜਾਂਦੈ ਫਿਰ ਪੱਲੇ ਠੀਕਰੇ ਈ ਬਚਦੇ। ਮੁਹੱਬਤ ਕਰਨੀ ਰੋੜਾਂ ਵਾਲੀ ਜ਼ਮੀਨ ਵਿੱਚ ਖੂਹ ਪੁੱਟਣ ਜਿਹੀ ਘਾਲਣਾ ਹੁੰਦੀ ਏ ਜਦੋਂ ਪਾਣੀ ਤੀਕਰ ਪਹੁੰਚ ਬਣਦੀ ਓਦੋਂ ਖ਼ਵਾਜਾ ਖ਼ਿਜ਼ਰ ਪਾਣੀ ਨੂੰ ਹੱਥ ਲਾਉਣ ਲਈ ਸੀਸ ਭੇਂਟ ਦੀ ਸ਼ਰਤ ਰੱਖ ਦਿੰਦੈ । ਮੁਹੱਬਤ ਕਰਨਾ ਇੱਕ ਡੂੰਘੀ ਖੱਡ ਦੇ ਆਰ ਪਾਰ ਤਣੇ ਰੱਸੇ ਉੱਤੇ ਤੁਰਨਾ ਹੁੰਦਾ ਹੈ। ਮੁਹੱਬਤ ਕਰਨਾ ਅੱਥਰੇ ਘੋੜੇ 'ਤੇ ਬੈਠ ਗੌਰੀ ਸ਼ੰਕਰ ਦੀ ਚੜ੍ਹਾਈ ਚੜ੍ਹਨਾ ਹੁੰਦੈ। ਮੁਹੱਬਤ ਕਰਨਾ ਚੱਟਾਨਾਂ ਵਿੱਚ ਹਲ਼ ਚਲਾਉਣ ਵਾਕੁਣ ਹੁੰਦੈ। ਮੁਹੱਬਤ ਕਰਨਾ ਰੇਲ ਦੀ ਪਟੜੀ ਉੱਤੇ ਰੁੱਖ ਬਣ ਉਗਣਾ ਹੁੰਦੈ। ਮੁਹੱਬਤ ਦੇ ਮਾਰਗ ਵਿੱਚ ਸੁਰਸਾ ਜ਼ਰੂਰ ਟੱਕਰਦੀ ਐ। ਨਫ਼ੀ ਹੋਣ ਦੀ ਵਿੱਦਿਆ ਜਾਨਣ ਵਾਲੇ ਉਹਦੇ ਵਿੱਚੋਂ ਦੀ ਲੰਘ ਜਾਂਦੇ ਨੇ । ਮੁਹੱਬਤੀ ਸਫ਼ਰ ਵਿੱਚ ਸੜਕ ਨਹੀਂ ਟੱਕਰਦੀ ਕੇਵਲ ਕਦਮ ਹੁੰਦੇ ਹਨ ਸਿਦਕ ਸੰਗ ਤੁਰਦੇ ਰਹਿਣ ਤਾਂ ਓਹੀਓ ਪੰਖ ਬਣ ਜਾਂਦੇ ਨੇ। ਮੁਹੱਬਤ ਦਾ ਧਨੁੱਖ ਅਰਜਨ ਜੇਹੀ ਸੁਰਤੀ ਭਾਲਦਾ ਹੁੰਦੈ । ਭਾਗ-ਕ

ਮੁਹੱਬਤ ਦੀ ਨੁਹਾਰ

ਮੁਹੱਬਤ ਮਹਾਤਮਾ ਬੁੱਧ ਦੇ ਮੌਨ 'ਚੋਂ ਉੱਠੀ ਮਹਿਕ ਜਿਹੀ ਹੁੰਦੀ ਹੈ। ਮੁਹੱਬਤ ਵਰਧਮਾਨ ਮਹਾਂਵੀਰ ਦੀ ਸੰਕਲਪੀ ਧਾਰਨਾ ਜਿਹੀ ਹੁੰਦੀ ਹੈ। ਮੁਹੱਬਤ ਵੇਦਾਂਤ ਦੀ ਅਦਵੈਤਮਈ ਸੁਰ ਹੁੰਦੀ ਹੈ। ਮੁਹੱਬਤ ਗੋਰਖਨਾਥ ਦੀ 'ਮਰੌ ਵੇ ਜੋਗੀ ਮਰੌ' ਆਖਣ ਵਾਲੀ ਆਦੇਸ਼ਨਾ ਹੁੰਦੀ ਹੈ। ਮੁਹੱਬਤ ਮੌਲਾਨਾ ਰੂਮ ਤੇ ਸ਼ਮਸ ਤਬਰੇਜ਼ ਦੇ ਸੰਵਾਦ ਵਿਚਲੀ ਰਮਜ਼ ਹੁੰਦੀ ਹੈ। ਮੁਹੱਬਤ ਮਨਸੂਰ ਦੀ ਅਨਲਹੱਕੀ ਗੂੰਜ ਹੁੰਦੀ ਹੈ। ਮੁਹੱਬਤ ਸਰਮੱਦ ਦੀ ਨਗਨ ਪਵਿੱਤਰਤਾ ਜਿਹੀ ਹੁੰਦੀ ਹੈ। ਮੁਹੱਬਤ ਦੁਸ਼ਯੰਤ ਦੁਆਰਾ ਸ਼ਕੁੰਤਲਾ ਨੂੰ ਦਿੱਤੀ ਮੁੰਦਰੀ ਜਿਹੀ ਹੁੰਦੀ ਹੈ, ਜੋ ਗੁੰਮ ਹੋ ਕੇ ਵੀ ਨਹੀਂ ਗੁੰਮਦੀ। ਭਾਗ-ਖ

ਮੁਹੱਬਤ ਦਾ ਮਹਾਤਮ

ਮੁਹੱਬਤ ਸਿਰ ਮੰਗਦੀ ਅਗੰਮੀ ਦਹਾੜ ਜਿਹੀ ਹੁੰਦੀ ਹੈ ਲਘੂ ਸਿਰ ਲੈ ਕੇ ਗਰਦਨਾਂ ਉੱਤੇ ਮਹਾਂਸੀਸ ਧਰ ਦਿੰਦੀ ਐ। ਮੁਹੱਬਤ ਗੋਵਰਧਨ ਪਰਬਤ ਉਠਾਉਣ ਵਾਲੀ ਕ੍ਰਿਸ਼ਨ ਦੀ ਉਂਗਲੀ ਜਿਹੀ ਹੁੰਦੀ ਹੈ ਸਮਰਪਣੀ ਰੂਹਾਂ ਦੀ ਲਾਜ ਰੱਖ ਲੈਂਦੀ ਐ ਮੁਹੱਬਤ ਭਗੀਰਥ ਦੀ ਤਪੱਸਿਆ ਜਿਹੀ ਹੁੰਦੀ ਹੈ ਜੀਹਦੇ ਬਿਨ ਗੰਗਾ ਨਹੀਂ ਉਤਰਦੀ ਮੁਹੱਬਤ ਸੁੱਤਾ ਹੋਇਆ ਸਾਹਸ ਜਗਾਉਂਦੀ ਓਹ ਸਾਹਸ ਉੱਠ ਕੇ ਚੇਤਨਾ ਦੀ ਟੱਲੀ ਖੜਕਾਉਂਦਾ ਓਸ ਟੱਲੀ ਦੀ ਆਵਾਜ਼ ਸੁਣ ਕੇ ਸੁੱਤਾ ਰੱਬ ਜਾਗਦਾ । ਮੁਹੱਬਤੀ ਨਜ਼ਰ ਪਰਾ ਨੂੰ ਹਰਕਤ ਬਖ਼ਸ਼ਦੀ ਪਸ਼ਯੰਤੀ ਬਣਾਉਂਦੀ ਮੁਹੱਬਤੀ ਛੋਹ ਪਸ਼ਯੰਤੀ ਨੂੰ ਮਧਯਮਾ ਤੀਕਰ ਲੈ ਜਾਂਦੀ ਮੁਹੱਬਤੀ ਸਮਰਪਣਾ ਮਧਯਮਾ ਉੱਪਰ ਬੈਖਰੀ- ਰੰਗ ਚੜ੍ਹਾ ਦਿੰਦੀ । ਮੁਹੱਬਤ ਦੇ ਵਿਹੜੇ ਵੱਲ ਜਾਂਦਿਆ ਬੰਦੇ ਦੀ ਹੋਂਦ ਕਾਇਨਾਤ ਜਿੱਡੀ ਬਣ ਜਾਂਦੀ ਐ। ਮੁਹੱਬਤ ਮਨ ਨੂੰ ਆਕਾਸ਼ ਵੱਲ ਉਡਾਉਂਦੀ ਵਕਤੋਂ ਪਾਰ ਲੈ ਜਾਂਦੀ । ਮੁਹੱਬਤ ਦਿਲ ਨੂੰ ਤੀਰ ਬਣਾ ਦਿੰਦੀ ਫਿਰ ਖ਼ੁਦ ਕਮਾਨ ਬਣ ਵਹਦਤ ਵੱਲ ਭੇਜ ਦਿੰਦੀ। ਮੁਹੱਬਤ ਹਿਰਦਿਆਂ ਨੂੰ ਅਨਲਪਕਸ਼ ਬਣਾ ਦਿੰਦੀ । ਮੁਹੱਬਤ ਰੂਹ ਨੂੰ ਬਿਹੰਗਮ ਬਣਾ ਦਿੰਦੀ । ਮੁਹੱਬਤ ਦੋ ਨਦੀਆਂ ਦੇ ਸੰਗਮ ਨੂੰ ਹੀ ਮਹਾਂਸਾਗਰ ਬਣਾ ਦਿੰਦੀ । ਮੁਹੱਬਤ ਦੀ ਹਰ ਚੁਭਨ ਚੇਤਨਾ ਨੂੰ ਜ਼ਰਖ਼ੇਜ਼ ਕਰ ਜਾਂਦੀ । ਮੁਹੱਬਤ ਹਲ਼ ਚਲਾਉਂਦੀ ਕੱਲਰੀ ਭੋਇੰ ਸਰਜ਼ਮੀਂ ਹੋ ਜਾਂਦੀ । ਮੁਹੱਬਤ ਹਰ ਜ਼ੁਲੈਖ਼ਾ ਨੂੰ ਨਵਿਆ ਦਿੰਦੀ ਹਰ ਯੂਸਫ਼ ਨੂੰ ਮੁੜ ਚਮਕਾ ਦਿੰਦੀ। ਮੁਹੱਬਤ ਵਫ਼ਾਦਾਰੀ ਸਿਖਾਉਂਦੀ ਦਿਲਾਂ ਨੂੰ ਇਖ਼ਲਾਸ ਬਣਾਉਂਦੀ। ਮੁਹੱਬਤ ਬੰਦੇ ਅੰਦਰ ਚਿੰਤਾਮਣੀ ਟਿਕਾਉਂਦੀ ਭਿਖਾਰੀ ਬਣਨ ਤੋਂ ਬਚਾਉਂਦੀ। ਮੁਹੱਬਤ ਦਾ ਮੋਤੀ ਵਿਗਸਣ ਵੇਲ਼ੇ ਬੰਦੇ ਦੀ ਹੋਂਦ ਨੂੰ ਸਿੱਪੀ ਬਣਾ ਦਿੰਦੈ। ਮੁਹੱਬਤ ਇਡੀਪਸ ਤੋਂ ਐਂਟੀਇਡੀਪਸ ਵੱਲ ਯਾਤਰਾ ਕਰਵਾ ਦਿੰਦੀ ਐ। ਮੁਹੱਬਤ ਸਮੇਂ ਨੂੰ ਛਲਾਵਾ ਨਹੀਂ ਬਣਨ ਦਿੰਦੀ। ਮੁਹੱਬਤ ਮਨ ਨੂੰ ਹਾਊਮੈ ਦੇ ਗਟਰ ਵਿੱਚ ਡਿੱਗਣ ਤੋਂ ਬਚਾ ਲੈਂਦੀ । ਮੁਹੱਬਤ ਦਿਲ ਨੂੰ ਬਾਜ਼ਾਰ ਬਣਨ ਤੋਂ ਬਚਾ ਲੈਂਦੀ । ਮੁਹੱਬਤ ਵੱਸੋਂ ਬਾਹਰੀਆਂ ਚੀਜ਼ਾਂ ਵੰਡਣ ਲਈ ਵੀ ਦਿਲ ਨੂੰ ਉਤਾਵਲਾ ਕਰੀ ਰੱਖਦੀ । ਮੁਹੱਬਤ ਰੂਹ ਦੀ ਵੇਲ਼ ਨੂੰ ਗ਼ਰਜ਼ ਦੀ ਅਮਰਵੇਲ ਤੋਂ ਬਚਾ ਲੈਂਦੀ। ਮੁਹੱਬਤ ਬੰਦੇ ਦੀਆਂ ਖੁੰਘੀਆਂ ਤਰਾਸ਼ ਕੇ ਮਖ਼ਮਲੀ ਮਹਿਲ ਵਿੱਚ ਪ੍ਰਵੇਸ਼ ਕਰਵਾਉਂਦੀ । ਮੁਹੱਬਤ ਦੀ ਲਾਲ ਕਿਤਾਬ ਸਾਰੇ ਗ੍ਰਹਿਆਂ ਸੰਗ ਦੋਸਤੀ ਕਰਨੀ ਸਿਖਾ ਦਿੰਦੀ । ਮੁਹੱਬਤ ਕੇਸਰ ਜੇਹੀ ਹੁੰਦੀ ਐ ਜਿਹੜੇ ਵੀ ਦੁੱਧ ਵਿੱਚ ਘੁਲਦੀ ਓਸੇ ਵਿੱਚੋਂ ਰੱਤੀ ਭਾ ਮਾਰਦੀ । ਮੁਹੱਬਤ ਦੇ ਵਿਹੜੇ ਵੱਲ ਜਾਂਦਿਆਂ ਬੰਦਾ ਕਾਇਨਾਤ ਜਿੱਡਾ ਬਣ ਜਾਂਦੈ। ਮੁਹੱਬਤ ਬੰਦੇ ਗਲੋਂ ਹੰਕਾਰ ਦਾ ਰੱਸਾ ਲਾਹ ਦਿੰਦੀ । ਮੁਹੱਬਤ ਬੰਦੇ ਨੂੰ ਸ਼ੁਹਰਤੀ ਸੂਲੀ ਤੋਂ ਉਤਾਰ ਲੈਂਦੀ । ਮੁਹੱਬਤ ਆਸਾਧ ਰੋਗਾਂ ਲਈ ਵੀ ਔਸ਼ਧੀ ਬਣ ਜਾਂਦੀ । ਮੁਹੱਬਤ ਸਭ ਜ਼ਹਿਰਾਂ ਚੂਸ ਲੈਣ ਵਾਲੇ ਗਾਰੜੂ ਜਿਹੀ ਹੁੰਦੀ । ਮੁਹੱਬਤ ਚੁੱਪ ਦੀ ਭਾਸ਼ਾ ਸਿਖਾਉਣ ਵਾਲੀ ਮਹਾਂਅਧਿਆਪਕਾ ਬਣਦੀ । ਮੁਹੱਬਤ ਮਨ ਤਾਈਂ ਨਿਰਭਉ ਨਿਰਵੈਰ ਬਣਾ ਦਿੰਦੀ । ਮੁਹੱਬਤ ਜਦ ਰੂਹਾਂ ਨੂੰ ਮਿਲਾਉਂਦੀ ਜਿਸਮਾਂ ਨੂੰ ਮਨਫ਼ੀ ਹੋਣਾ ਸਿਖਾ ਦਿੰਦੀ। ਜਦੋਂ ਮੁਹੱਬਤ ਦਾ ਬੀਜ ਪੁੰਗਰਨਾ ਲੋਚਦੈ ਰੱਬ ਨੂੰ ਮਿੱਟੀ ਬਣ ਹਾਜ਼ਰ ਹੋਣਾ ਪੈਂਦੈ। ਜਦੋਂ ਰੱਬ ਦਾ ਮੁਹੱਬਤ ਕਰਨ ਨੂੰ ਦਿਲ ਕਰਦੈ ਪ੍ਰੇਮੀਆਂ ਨੂੰ ਇੱਕ ਦੂਜੇ ਦਾ ਮਸਤਕ ਚੁੰਮਣ ਭੇਜ ਦਿੰਦੈ। ਭਾਗ-ਗ ਅੰਤਿਕਾ

ਜੋ ਮੁਹੱਬਤ ਨਹੀਂ ਕਰਦੇ

ਜੋ ਮੁਹੱਬਤ ਨਹੀਂ ਕਰਦੇ ਉਹ ਆਪਣੀ ਜਾਨ ਕਿਸੇ ਪੱਥਰ ਦੇ ਤੋਤੇ 'ਚ ਪਾ ਰੱਖਦੇ ਉਹ ਆਪਣੀ ਸ਼ਾਹਰਗ ਵਿਚ ਕੋਈ ਸੰਖੀਆ ਟਿਕਾ ਰੱਖਦੇ ਉਹ ਆਪਣੀ ਸੁਰਤ ਨੂੰ ਕਿਸੇ ਟੋਭੇ 'ਚ ਬਿਠਾ ਰੱਖਦੇ ਉਹ ਆਪਣੀ ਆਤਮਾ ਨੂੰ ਆਵਦੇ ਬੋਝ ਹੇਠ ਦਬਾ ਰੱਖਦੇ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਲਈ 'ਆਸਥਾ' ਢੋਅ ਲਾ ਕੇ ਬਹਿਣ ਲਈ ਲੱਭੀ ਕੋਈ ਕੰਧ ਹੁੰਦੀ ਉਹਨਾਂ ਲਈ 'ਨੈਤਿਕਤਾ' ਮੌਕਾ ਵੇਖ ਕੇ ਧੁਖਾਈ ਧੂਫ਼ ਦੀ ਗੰਧ ਹੁੰਦੀ ਉਹਨਾਂ ਲਈ 'ਸਿੱਖਿਆ' ਆਪਣੇ ਪਿੰਜਰੇ ਦੀਆਂ ਸੀਖਾਂ ਸਲਾਮਤ ਰੱਖਣ ਲਈ ਹਾਸਲ ਕੀਤੀ ਮੁਹਾਰਤ ਹੁੰਦੀ ਉਹਨਾਂ ਲਈ 'ਸੰਵੇਦਨਾ' ਕੋਈ ਵਿਗੜੀ ਹੋਈ ਆਦਤ ਹੁੰਦੀ ਜੋ ਮੁਹੱਬਤ ਨਹੀਂ ਕਰਦੇ ਉਹ ਹਰ ਅਗਨ ਦੀ ਸਤਰ ਵਿਚ ਆਪਣੀ ਰਾਖ਼ ਦੇ ਅਰਥ ਭਰ ਲੈਂਦੇ ਪੁਰਖ਼ਿਆਂ ਤੋਂ ਸੁਣੀ ਹਰ ਗੌਰਵ-ਗਾਥਾ ਨੂੰ ਉਹ ਆਪਣੀ 'ਹਉਮੈ' ਦੀ ਕੰਧ 'ਤੇ ਇੱਟ ਬਣਾ ਕੇ ਧਰ ਲੈਂਦੇ ਉਹ ਦੁਰਗਾ ਤੇ ਮਹਿਖਾਸੁਰ ਦੀ ਯੁੱਧ-ਭਾਵਨਾ ਵਿਚਲਾ ਫ਼ਰਕ ਨਹੀਂ ਵੇਖ ਸਕਦੇ ਉਹ ਕਿਸੇ ਤਲਵਾਰ ਦੀ ਤਲਖ਼ੀ 'ਚ ਲਿਪਟੀ ਤਾਰਕਾ ਸੰਗ ਸਿੱਝਣ ਲਈ ਤਣੇ ਤੀਰ ਦੀ ਸ਼ਾਂਤੀ 'ਚੋਂ ਸਿੰਮਦਾ ਸੰਧਾਨੀ-ਅਰਕ ਨਹੀਂ ਵੇਖ ਸਕਦੇ ਉਹਨਾਂ ਦਾ 'ਇਸ਼ਟ' ਵਲੀ ਕੰਧਾਰੀ ਦੁਆਰਾ ਗੁਰੂ ਬਾਬੇ ਵੱਲ ਰੋੜ੍ਹੇ ਪੱਥਰ ਜਿਹੇ ਰੋਸੇ ਵਰਗਾ ਹੁੰਦੈ ਉਹਨਾਂ ਦਾ ' ਵਿਸ਼ਵਾਸ ' ਬਿਰਧ ਹੋਏ ਸੁਲੇਮਾਨ ਦੁਆਰਾ ਆਪਣੇ ਘੁਣ ਖਾਧੇ ਸੋਟੇ ' ਤੇ ਰੱਖੇ ' ਭਰੋਸੇ 'ਵਰਗਾ ਹੁੰਦੈ ਉਹਨਾਂ ਦਾ 'ਇਨਸਾਫ਼' ਗੌਤਮ ਦੁਆਰਾ ਅਹਿੱਲਿਆ ਨੂੰ ਦਿੱਤੇ ਸਰਾਪ ਜੇਹਾ ਹੁੰਦੈ ਉਹਨਾਂ ਦਾ ਰਾਜ - ਧਰਮ ਧ੍ਰਿਤਰਾਸ਼ਟਰ ਤੋਂ ਦੁਰਯੋਧਨ ਤੀਕ ਪਸਰੇ ਅੰਨ੍ਹੇ ਅਲਾਪ ਜੇਹਾ ਹੁੰਦੈ ਉਹਨਾਂ ਦੀ 'ਸੱਚਾਈ' ਜੁਦਾਸ ਦੁਆਰਾ ਜੀਸਸ ਦੀ ਸਹੀ ਸਹੀ ਪਹਿਚਾਣ ਕਰਵਾਉਣ ਜੇਹੀ ਹੁੰਦੀ ਉਹਨਾਂ ਦੀ ' ਸੂਰਮਤਾਈ ' ਮਾਸੂਮ ਸਾਹਿਬਜ਼ਾਦਿਆਂ ਦੁਆਲੇ ਇੱਟਾਂ ਚਿਣਵਾਉਣ ਜੇਹੀ ਹੁੰਦੀ ਉਹਨਾਂ ਦੀ ' ਜਿੱਤ ' ਯਜੀਦ ਦੁਆਰਾ ਹੁਸੈਨ ਦੇ ਕਾਫ਼ਲੇ 'ਤੇ ਥੋਪੀ ਕਪਟੀ ਲੜਾਈ ਜੇਹੀ ਹੁੰਦੀ ਉਹਨਾਂ ਦੀ 'ਭਾਵਨਾ' ਯੂਸਫ਼ ਦੇ ਭਰਾਵਾਂ ਦੀ ਚਤੁਰਾਈ ਜੇਹੀ ਹੁੰਦੀ ਉਹਨਾਂ ਲਈ 'ਸਾਂਝੀਵਾਲਤਾ' ਹਰਨਾਖ਼ਸ਼ ਦੁਆਰਾ ਪ੍ਰਹਿਲਾਦ ਤੋਂ ਆਪਣਾ ਨਾਂ ਜਪਾਉਣ ਲਈ ਕੀਤੀ ਜ਼ਿੱਦ ਜੇਹੀ ਹੁੰਦੀ ਉਹਨਾਂ ਲਈ 'ਅਣਖ' ਹੀਰ ਨੂੰ ਜ਼ਹਿਰ ਦੇਣ ਵਾਸਤੇ ਘੜੀ ਸਾਜ਼ਿਸ਼ ਜੇਹੀ ਹੁੰਦੀ ਉਹਨਾਂ ਲਈ 'ਦੋਸਤੀ' ਕਿਸੇ ਕੂਟਨੀਤਕ ਵੱਲੋਂ ਆਪਣੇ ਲਾਹੇ ਲਈ ਕੀਤੀ ਸੰਧੀ ਜੇਹੀ ਹੁੰਦੀ ਉਹਨਾਂ ਦੀ 'ਸੋਚਣੀ' ਦਸ਼ਰਥ ਦੇ ਪਿਆਰ-ਵਚਨਾਂ ਨੂੰ ਕਲਪਾਉਣ ਵਾਲੀ ਕੈਕਈ ਦੀ ਵਿਉਂਤਬੰਦੀ ਜੇਹੀ ਹੁੰਦੀ ਜੋ ਮੁਹੱਬਤ ਨਹੀਂ ਕਰਦੇ ਉਹ ਸਿਰਜਕ ਹੋਣ ਦਾ ਦਾਅਵਾ ਪੇਸ਼ ਕਰਦੇ ਕਾਫ਼ੀਆ ਰਦੀਫ਼ੀ ਚੌਖਟਾ ਬਣਾ ਕੇ ਖਾਲੀ ਥਾਂਵਾਂ ਭਰਨ ਦੀ ਕਾਰੀਗਰੀ ਦਿਖਾਉਂਦੇ ਉਹ ਆਪਣੇ ਸਲਵਾਨ ਦੀ ਜੀ ਹਜ਼ੂਰੀ ਲਈ ਆਪਣੇ ਪੂਰਨ ਨੂੰ ਅੰਨ੍ਹੇ ਖੂਹ ਵਿੱਚ ਸੁਟਵਾਉਂਦੇ ਜੋ ਮੁਹੱਬਤ ਨਹੀਂ ਕਰਦੇ ਉਹ ਕਿਰਤ ਤੇ ਧੰਦੇ ਵਿਚਲਾ ਅੰਤਰ ਨਹੀਂ ਜਾਣ ਸਕਦੇ ਉਹ ਸੁੱਚੇ ਕਰਮ ਦੀ ਸਰਵੌਸ਼ਧੀ 'ਤੇ ਉੱਗੀ ਸੰਜੀਵਨੀ ਦਾ ਕਦੇ ਮੰਤਰ ਨਹੀਂ ਜਾਣ ਸਕਦੇ ਜੋ ਮੁਹੱਬਤ ਨਹੀਂ ਕਰਦੇ ਉਹ ਸਿਕੰਦਰਾਂ ਨੂੰ ਹੀ ਵੱਡੇ ਜੇਤੂ ਆਖਦੇ ਉਹ ਆਪਣੇ ਮਾਰਗ-ਦਰਸ਼ਨ ਲਈ ਸਦਾ ਸ਼ਕੁਨੀਆਂ ਵੱਲ ਝਾਕਦੇ ਉਹ ਦਲਾਲੀ ਦੇ ਧੰਦੇ ਨੂੰ ਹੀ ਆਪਣਾ ਅਸਲ ਕਿੱਤਾ ਮੰਨ ਬਹਿੰਦੇ ਉਹ ਸ਼ੇਅਰ ਬਜ਼ਾਰ ਦੇ ਉਛਾਲ਼ ਨੂੰ ਹੀ ਪਰਮ ਆਨੰਦ ਸਮਝ ਲੈਂਦੇ ਉਹ ਆਪਣੇ ਕਪਾਲ ਵਿਚ ਤੇਜ਼ਾਬ ਭਰੀ ਰੱਖਦੇ ਉਹ ਆਪਣੀ ਧੜਕਣ ਉੱਤੇ ਬਰਫ਼ ਧਰੀ ਰੱਖਦੇ ਉਹ ਆਵਦੇ ਤਰਕ ਰਾਹੀਂ ਆਵਦੇ ਹੀ ਟੁਕੜੇ ਕਰੀ ਰੱਖਦੇ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਨੂੰ ਸਭ ਝੂਲਦੇ ਬਿਰਖ ਵਪਾਰ ਦੀ ਵਸਤ ਹੀ ਜਾਪਦੇ ਉਹ ਮਾਂ ਧਰਤੀ ਦੇ ਪਿਆਰ ਨੂੰ ਪਲਾਟਾਂ ਵਿਚ ਹੀ ਮਾਪਦੇ ਉਹਨਾਂ ਲਈ ਹਰ ਦਰਿਆ ਬਜ਼ਾਰਾਂ ਦਾ ਸੀਵਰੇਜ਼ ਸੰਭਾਲਣ ਵਾਸਤੇ ਹੀ ਵਗਦਾ ਉਹਨਾਂ ਨੂੰ ਆਸਮਾਨ ਝੂਠੀ ਕਸਮ ਕੱਜਣ ਵਾਲਾ ਰੱਬ ਜੇਹਾ ਸਹਾਰਾ ਲੱਗਦਾ ਉਹ ਆਪਣੀ ਬੁੱਧੀ ਨੂੰ ਡੁਗਡੁਗੀ ਬਣਾ ਕਿਸੇ ਮਦਾਰੀ ਹੱਥ ਫੜਾ ਦਿੰਦੇ ਉਹ ਆਪਣੇ ਇਲਮ ਨੂੰ ਸੱਤਾ ਦਾ ਸਾਰਥੀ ਬਣਾ ਦਿੰਦੇ ਉਹ ਆਪਣੇ 'ਧਰਮ' ਨੂੰ ਫਾਹੀਆਂ ਬਣਾਉਣ ਵਾਸਤੇ ਰੱਸੀਆਂ ਵੱਟਣ ਲਾ ਦਿੰਦੇ ਉਹ ਆਪਣੇ ਰੱਬ ਨੂੰ ਆਪਣੇ ਹੱਥੀਂ ਸੂਲੀ 'ਤੇ ਲਟਕਾ ਦਿੰਦੇ ਉਹ ਹਰ ਪੈਗੰਬਰ ਨੂੰ ਕਿਸੇ ਤੱਕੜੀ ਦੇ ਛਾਬੇ 'ਚ ਬਿਠਾ ਦਿੰਦੇ ਉਹ ਦਾਨ ਕੀਤੀ ਪੱਥਰ ਦੀ ਟੁਕੜੀ ਉੱਤੇ ਪੂਰਾ ਪਤਾ ਉਕਰਾ ਕੇ ਸੇਵਾ ਦੇ ਅਰਥ ਸਮਝਾ ਦਿੰਦੇ ਇਲਾਹੀ ਬਾਣੀ ਦਾ ਪਾਠ ਵੀ ਉਹ ਕਿਸੇ ਬੀਮਾ ਪਾਲਿਸੀ ਵਾਂਗ ਕਰਵਾ ਦਿੰਦੇ ਜੋ ਮੁਹੱਬਤ ਨਹੀਂ ਕਰਦੇ ਉਹ ਆਪਣੀ ਨਜ਼ਰ ਵਿਚ ਕੋਈ ਛਿਲਤਰ ਚੁਭੋ ਲੈਂਦੇ ਉਹ ਆਪਣੇ ਸੁਪਨੇ ਕਿਸੇ ਗਰਾਰੀ ਦੇ ਦੰਦਿਆਂ 'ਚ ਪਰੋ ਲੈਂਦੇ ਉਹ ਆਪਣਾ ਅੰਬਰ ਕਿਸੇ ਚਿਮਨੀ ਦੇ ਕਾਲੇ ਧੂੰਏਂ ਓਹਲੇ ਲੁਕੋ ਲੈਂਦੇ ਉਹ ਜ਼ਿੰਦਗੀ ਸਾਰੀ ਕਿਸੇ ਪਹਾੜੀ ਕਿੱਕਰ 'ਤੇ ਚੜ੍ਹੇ ਹੀ ਗੁਜ਼ਾਰ ਦਿੰਦੇ ਉਹ ਆਪਣੀ ਪਾਂਚਾਲੀ ਨੂੰ ਸਦਾ ਲਈ ਜੂਏ 'ਚ ਹਾਰ ਦਿੰਦੇ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਦਾ ਮਨ ਵਿਕਾਊ ਵਕੀਲ ਵਾਂਗ ਵਿਰੋਧੀ ਹੱਥਾਂ 'ਚ ਖੇਡਣ ਲੱਗਦਾ ਉਹਨਾਂ ਦੇ ਜਿਸਮ ਦੇ ਰਣਖੇਤਰ 'ਚੋਂ ਹਮੇਸ਼ਾ ਹਾੜ ਬੋਲਣ ਲੱਗਦਾ ਉਹਨਾਂ ਦੀ ਜ਼ੁਬਾਨ ਲੱਕੜ ਦੀ ਫੱਟੀ ਬਣ ਸ਼ੈਤਾਨ ਦੀ ਪੀਂਘ ਵਿਚ ਟਿਕ ਜਾਂਦੀ ਉਹਨਾਂ ਦੀ 'ਜ਼ਮੀਰ' ਝੂਠੀ ਗਵਾਹੀ ਬਣ ਕਿਸੇ ਬੇਕਿਰਕ ਕੁਰਸੀ ਹੱਥ ਵਿਕ ਜਾਂਦੀ ਉਹਨਾਂ ਦੀ ਨਜ਼ਰ ਤਿੱਖੀ ਦਾਤਰੀ ਬਣ ਲਹਿਰਾਉਂਦੀਆਂ ਫ਼ਸਲਾਂ 'ਚ ਦੌੜਨ ਲੱਗਦੀ ਉਹਨਾਂ ਦੀ ਤੋਰ ਹੈਂਕੜ ਬਣ ਕਾਇਨਾਤ ਨੂੰ ਕੌੜਨ ਲੱਗਦੀ ਉਹ ਕਦੇ ਸਮਝ ਨਾ ਸਕਦੇ ਸਵਰਗ ਤੇ ਨਰਕ ਜ਼ਿੰਦਗੀ ਦੀਆਂ ਕਿਹੜੀਆਂ ਪੈੜਾਂ ਦੇ ਨਿਸ਼ਾਨ ਹੁੰਦੇ ਹਨ ਉਹ ਕਦੇ ਜਾਣ ਨਹੀਂ ਸਕਦੇ ਰਾਖ਼ਸ਼ ਤੇ ਦੇਵਤੇ ਕਿਹੜੀਆਂ ਸੋਚਾਂ ਦੇ ਕੋਚਵਾਨ ਹੁੰਦੇ ਹਨ ਉਹ ਕਦੇ ਵੇਖ ਨਹੀਂ ਸਕਦੇ ਗਾਰਗੀ ਤੇ ਯਾਗਅਵਲਕਯ ਕਿਹੜੇ ਅੰਤਹਕਰਨ ਸ਼ਾਨ ਹੁੰਦੇ ਹਨ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਨੂੰ ਕਦੇ ਪਤਾ ਨਾ ਲੱਗਦਾ ਇਹ ਸਾਰੇ ਗ੍ਰਹਿ ਗੋਚਰ ਕਿਹੜਿਆਂ ਖ਼ਿਆਲਾਂ ਦੇ ਪਰਿਣਾਮ ਹਨ ਉਹ ਕਦੇ ਬੁੱਝ ਨਾ ਸਕਦੇ ਇਹ ਜਿੰਨ ਤੇ ਫ਼ਰਿਸ਼ਤੇ ਕਿਹੜੀ ਪੌਣ ਦੇ ਗ਼ੁਲਾਮ ਹਨ ਉਹ ਕਦੇ ਸਮਝ ਨਾ ਸਕਦੇ ਸਤਿਯੁਗ ਤੇ ਕਲਿਯੁਗ ਕਿਹੜੇ ਛਿਣਾਂ ਦੇ ਨਾਮ ਹਨ ਭਾਗ-ਘ

ਜੀਵਤ ਮਰੀਐ

ਜਦੋਂ ਮੁਹੱਬਤ ਕੀਤੀ ਤਾਂ ਬੇਪਨਾਹ ਕੀਤੀ ਜਦ ਜ਼ਹਿਰ ਮਿਲੀ ਤਾਂ ਬੇਇੰਤਹਾ ਪੀਤੀ ਮੁਹੱਬਤ ਨੇ ਮਰਨਾ ਜ਼ਹਿਰ ਨੇ ਜਿਉਣਾ ਸਿਖਾ ਦਿੱਤਾ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਡਾ. ਦੇਵਿੰਦਰ ਸੈਫ਼ੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ