Muafinama : Kavinder Chaand

ਮੁਆਫ਼ੀਨਾਮਾ : ਕਵਿੰਦਰ ਚਾਂਦ


ਜ਼ਖ਼ੀਰਾ ਨਿਕਲਿਆ ਹੈ

ਮੇਰੇ ਖ਼ੁਦ ਨਾਲ ਮੇਰੀ ਗੁਫਤਗੂ ‘ਚੋਂ ਖ਼ਿਆਲਾਂ ਦਾ ਜ਼ਖ਼ੀਰਾ ਨਿਕਲਿਆ ਹੈ ਜਿਵੇਂ ਕੁਕਨੂਸ ਮੁੜ ਸੁਰਜੀਤ ਹੋਇਆ ਜਿਵੇਂ ਮਿੱਟੀ ‘ਚੋਂ ਹੀਰਾ ਨਿਕਲਿਆ ਹੈ ਜਦੋਂ ਸ਼ਬਦਾਂ ਚ ਡੂੰਘਾ ਉਤਰਿਆ ਤਾਂ ਮੇਰੇ ਮੱਥੇ 'ਚ ਸਨ ਰਵੀਦਾਸ, ਨਾਨਕ ਉਦੋਂ ਫਿਰ ਨੈਣ ਤੀਜਾ ਖੁੱਲਦੇ ਹੀ ਮੇਰੇ ਮੂੰਹੋਂ ਕਬੀਰਾ ਨਿਕਲਿਆ ਹੈ ਕਵਿੰਦਰ ਆਪ ਖ਼ੁਦ ਖ਼ਾਰਾ ਜਿਹਾ ਸੀ ਬੜਾ ਮਗ਼ਰੂਰ, ਅਵਾਰਾ ਜਿਹਾ ਸੀ ਜਦੋਂ ਮਨ ਦਾ ਸਮੁੰਦਰ ਟਿਕ ਗਿਆ ਤਾਂ ਮਹੁੱਬਤ ਦਾ ਜਜ਼ੀਰਾ ਨਿਕਲਿਆ ਹੈ ਤੁਸੀਂ ਕਹਿੰਦੇ ਹੋ, ਪੁਰਖ਼ੇ ਤੁਰ ਗਏ ਨੇ ਨਹੀਂ, ਮੈਂ ਮੁੱਢ ਤੋਂ ਇਨਕਾਰ ਕਰਦਾਂ ਮੇਰੇ ਹਰ ਅਮਲ ਹਰ ਕਿਰਦਾਰ ਵਿੱਚੋਂ ਪਿਤਾ ਪੁਰਖੀ ਖ਼ਮੀਰਾ ਨਿਕਲਿਆ ਹੈ ਮੇਰੇ ਅੰਦਰੋਂ ਲਹੂ ਮੇਰੇ ’ਚ ਰਲ਼ ਕੇ ਕਦੇ ਗੀਤਾਂ ਕਦੇ ਗ਼ਜ਼ਲਾਂ ‘ਚ ਢਲ਼ਕੇ ਨਿਕਲਿਆ ਹੈ ਕਦੇ ਮਗ਼ਰੂਰ ਸ਼ਾਇਰ ਕਦੇ ਫ਼ੱਕਰ ਫ਼ਕੀਰਾ ਨਿਕਲਿਆ ਹੈ ਮੇਰੇ ਅੰਦਰ ਸੀ ਉੱਠਦੇ ਵਾ ਵਰੋਲੇ ਮੈਂ ਖ਼ੁਦ ਫਿਰ ਆਪਣੇਂ ਪੰਨੇ ਫਰੋਲੇ ਬੜਾ ਕੁਝ ਨਿਕਲਿਆ ਹੈ ਮਾਣ ਮੱਤਾ ਬੜਾ ਕੁਝ ਬੇਜ਼ਮੀਰਾ ਨਿਕਲਿਆ ਹੈ

ਪੂਰੀ ਉਮਰ ਦੇ ਰਿਸ਼ਤੇ

ਪੂਰੀ ਉਮਰ ਦੇ ਰਿਸ਼ਤੇ ਵਿੱਚਕਾਰ ਟੁੱਟ ਰਹੇ ਨੇ ਸਾਰੰਗੀਆਂ ਸਲਾਮਤ ਪਰ ਤਾਰ ਟੁੱਟ ਰਹੇ ਨੇ ਬਹੁ ਮੰਜ਼ਲੀ ਇਮਾਰਤ ਜਾਦੂਗਰੀ ਹੈ ਕਰਦੀ ਵਿਉਪਾਰ ਚਮਕਦਾ ਹੈ ਘਰ ਬਾਰ ਟੁੱਟ ਰਹੇ ਨੇ ਢਾਹ ਢਾਹ ਕੇ ਯਾਦਗਾਰਾਂ ਗੁੰਬਦ ਬਣਾ ਰਹੇ ਹੋ ਸੰਗਮਰਮਰਾਂ ਦੇ ਓਹਲੇ ਸ਼ਾਹਕਾਰ ਟੁੱਟ ਰਹੇ ਨੇ ਸ਼ਹਿਨਾਈਆਂ ਵੀ ਚੁੱਪ ਨੇ ਗ਼ਮਗੀਨ ਨੇ ਰਬਾਬਾਂ ਵੰਝਲੀ ਉਦਾਸ ਤੱਕ ਕੇ ਫ਼ਨਕਾਰ ਟੁੱਟ ਰਹੇ ਨੇ ਇਸ ਰੋਸ਼ਨੀ ਦੇ ਉਹਲੇ ਕਿੰਨਾ ਹਨ੍ਹੇਰ ਹੋਇਆ ਬਾਜ਼ਾਰ ਪਨਪਿਆ ਹੈ ਇਤਬਾਰ ਟੁੱਟ ਰਹੇ ਨੇ ਅੰਨ੍ਹੀ ਹੈ ਦੌੜ ਫਿਰ ਵੀ ਸਾਰੇ ਨੇ ਇਸ ’ਚ ਸ਼ਾਮਿਲ ਇੱਕ ਭੀੜ ਜੁੜ ਰਹੀ ਹੈ ਪਰਿਵਾਰ ਟੁੱਟ ਰਹੇ ਨੇ ਏਕੇ ਦੇ ਨਾਲ ਜੁੜ ਕੇ ਓਂਕਾਰ ਇੱਕ ਰਹੇਗਾ ਇੱਕ ਤੋਂ ਅਨੇਕ ਹੁੰਦੇ ਓਂਕਾਰ ਟੁੱਟ ਰਹੇ ਨੇ

ਨਾਨਕ-ਨਾਨਕ

(੫੫੦ ਵੇਂ ਜਨਮ ਵਰ੍ਹੇ ਨੂੰ ਸਮਰਪਿਤ) ਸਭ ਕੁਝ ਨੂਰੋ ਨੂਰ ਹੋਇਆ ਰਿਸ਼ਮਾਂ ਵਿੱਚ ਪਰੋਇਆ ਹੋਇਆ ਕੁਲ ਧਰਤੀ ਦਾ ਜ਼ੱਰਾ-ਜ਼ੱਰਾ ਨਾਨਕ ਨਾਨਕ ਹੋਇਆ ਹੋਇਆ ਨਾਨਕ ਕੋਈ ਨਾਮ ਨਹੀਂ ਹੈ ਨਾਨਕ ਕੋਈ ਧਾਮ ਨਹੀਂ ਹੈ ਨਾਨਕ ਹੈ ਇੱਕ ਗੀਤ ਇਲਾਹੀ ਕਣਕਣ ਵਿੱਚ ਪਰੋਇਆ ਹੋਇਆ ਨਾਨਕ ਹਰ ਇੱਕ ਖੰਡ ਹੈ ਆਪੇ ਨਾਨਕ ਹੀ ਬ੍ਰਹਿਮੰਡ ਹੈ ਆਪੇ ਹਰ ਇੱਕ ਯੁਗ ਦੇ ਅੰਦਰ ਬਾਹਰ ਨਾਨਕ ਆਪ ਖਲੋਇਆ ਹੋਇਆ ਹਰ ਮਨ ਦਾ ਬੂਹਾ ਖੜਕਾਵੇ ਨਾਨਕ ਚੁੱਪ ਚੁੱਪੀਤੇ ਆਵੇ ਖੋਲ੍ਹ ਨਾ ਹੋਇਆ ਮੈਂ ਗਾਫ਼ਿਲ ਤੋਂ ਮਨ ਦਾ ਬੂਹਾ ਢੋਇਆ ਹੋਇਆ ਅੰਜਨ ਮਾਹਿ ਨਿਰੰਜਨ ਰਹੀਏ ਨਾਨਕ ਸੁਣੀਏ ਨਾਨਕ ਕਹੀਏ ਨਾਨਕ ਉਸ ਵਿੱਚ ਰਮਿਆ ਤੇ ਉਹ ਨਾਨਕ ਵਿੱਚ ਸਮੋਇਆ ਹੋਇਆ

ਮਰਦਾਨਾ

ਨਾਨਕ ਸੰਗ ਪਰੋਇਆ ਸਾਹੀਂ ਸਮੋਇਆ ਬਾਬੇ ਦੇ ਨਾਲ ਨਾਲ ਅੱਧੀ ਸਦੀ ਤੁਰਿਆ ਮਰਦਾਨਾ ਨਾਨਕ ਜੇਹਾ ਹੋਇਆ ਮਰਦਾਨੇ ਧੁਨ ਦਿੱਤੀ ਧੁਨ ਰਾਗ ਹੋਈ ਨਾਨਕ ਸ਼ਬਦ ਦਿੱਤੇ ਸ਼ਬਦ ਬਾਣੀ ਹੋਈ ਗੁਰਬਾਣੀ ਹੋਈ ਮਰਦਾਨਾ ਕਦੇ ਨਾਨਕ ਜੇਹਾ ਲੱਗਦਾ ਨਾਨਕ ਮਰਦਾਨੇ ਜੇਹਾ ਦਿਸਦਾ ਨਾਨਕ ਸੰਗ ਤੁਰਿਆ ਮਰਦਾਨਾ ਮੁੜ ਨਾ ਵਿੱਛੜਿਆ ਦੂਰ ਮੁਲਕ ਰਬਾਬ ਚੁੱਪ ਹੋਈ, ਨਾਨਕ ਫਰਮਾਇਆ ‘ਸੱਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣੁ’ ਨਾਨਕ ਦੀ ਗੋਦ ਵਿੱਚ ਮਰਦਾਨਾ ਭਾਈ ਮਰਦਾਨਾ ਹੋ ਗਿਆ ਜਾਤ ਉਮਰ ਦੇ ਬੰਧਨ ਟੁੱਟੇ ਮਰਦਾਨਾ ਬਾਬੇ ਦਾ ਭਾਈ ਹੋ ਗਿਆ ਨਾਨਕ ਮਰਦਾਨਾ ਅਮਰ ਪਿਆਰ ਦੇ ਸਦੀਵੀਂ ਨਕਸ਼ ਹੋ ਗਏ।

ਕਿੱਥੇ ਜਾਵਾਂ?

ਮੈਨੂੰ ਪਤਾ ਹੈ ਮੇਰੇ ਦਾਦੇ ਦੀ ਸ਼ਾਦੀ ਏਧਰ ਹੀ ਹੋਈ ਸੀ। ਪਿਤਾ ਦੀ ਵੀ, ਮੇਰੀ ਤੇ ਮੇਰੇ ਬੱਚਿਆਂ ਦੀ ਵੀ, ਦਾਦਾ-ਦਾਦੀ, ਮਾਤਾ-ਪਿਤਾ, ਫੌਤ ਹੋਏ, ਏਧਰ ਹੀ ਓਪਰੇਪਨ ਦੀ ਫਿਜ਼ਾ ਵਿੱਚੋਂ ਦਹਿਸ਼ਤੀ ਫ਼ਰਮਾਨ, ਡਰਾਂਉਦੇ ਨੇ ਹੁਣ ਸੁਣਦੇ ਹਾਂ ਕਿ ਏਧਰ ਮੁਰਦੇ ਸਿਰਫ ਸਾੜੇ ਜਾਇਆ ਕਰਨਗੇ ਮੈਂ, ਆਪਣੇਂ ਵੱਡਿਆਂ ਦੀ ਮਿੱਟੀ ਚੱਕ ਆਪਣੀਂ ਕਬਰ ਲਈ ਹੋਰ ਧਰਤੀ ਲੱਭਣ ਕਿੱਥੇ ਜਾਵਾਂ? ਕਿਉਂ ਜਾਵਾਂ?

ਰਬਾਬ ਦੇ ਕੇ

ਮੈਨੂੰ ਖਰੀਦ ਸਕਦੈਂ ਬੱਸ ਇੱਕ ਰਬਾਬ ਦੇ ਕੇ ‘ਨਾਨਕ ਦੇ ਪੁੱਤ’ ਜੇਹਾ ਨੂਰੀ ਖ਼ਿਤਾਬ ਦੇ ਕੇ ਇਸ ਗੁਰਮੁਖ਼ੀ ਨੇ ਸਾਨੂੰ ਦਿੱਤਾ ਜਹਾਨ ਸਾਰਾ ਸੱਤਾਂ ਸਮੁੰਦਰਾਂ ਵਿੱਚ ਵੱਸਿਆ ਪੰਜਾਬ ਦੇ ਕੇ ਉਮਰਾਂ ਦੀ ਇਹ ਖ਼ੁਮਾਰੀ ਕੀਤੀ ਹੈ ਨਾਮ ਸਾਡੇ ਪੰਜ-ਆਬ ’ਚੋਂ ਕਸ਼ੀਦੀ ਮਿੱਠੀ ਸ਼ਰਾਬ ਦੇ ਕੇ ਅੱਜ ਤੋਂ ਦਿਆਂਗੇ ਤੋਹਫ਼ੇ ਨਵਜਾਤ ਬਾਲਕਾਂ ਨੂੰ ਊੜੇ ਤੋਂ ੜਾੜੇ ਤੀਕਰ ਪੈਂਤੀ ਗੁਲਾਬ ਦੇ ਕੇ ਆਪਣੇ ਹੀ ਲੇਖ ਆਪਣੇਂ ਹੱਥਾਂ ਦੇ ਨਾਲ ਲਿਖਣੇ ਖ਼ੁਦ ਸੁਰਖ਼ਰੂ ਹੈ ਹੋਣਾਂ ਖ਼ੁਦ ਨੂੰ ਹਿਸਾਬ ਦੇ ਕੇ ਕੁਝ ਹੋਰ ਨਾ ਜੇ ਸਰਿਆ ਆਪਣੀ ਔਲਾਦ ਖ਼ਾਤਰ ਜਾਵਾਂਗਾ ਬੱਚਿਆਂ ਦੇ ਹੱਥੀਂ ਕਿਤਾਬ ਦੇ ਕੇ ਦੇ ਕੇ ਗਏ ਸੀ ਪੁਰਖੇ ਸ਼ਬਦਾਂ ਦੀ ਦਾਤ ਮੈਨੂੰ ਜਾਵਾਂਗਾ ਵਾਰਸਾਂ ਦੇ ਹੱਥੀਂ ਕਿਤਾਬ ਦੇ ਕੇ

ਮੇਰੇ ਖ਼ਿਲਾਫ਼

ਮੇਰੇ ਖ਼ਿਲਾਫ਼ ਸ਼ਰੇਆਮ ਭੁਗਤਦਾ ਹੋਇਆ ਇਹ ਕੌਣ ਹੈ ਮੇਰੇ ਸੀਨੇ ’ਚ ਧੜਕਦਾ ਹੋਇਆ ਜੇ ਵਾਰ ਕਰਨ ਹੀ ਲੱਗਾ ਹੈਂ ਸਾਹਮਣੇ ਤੋਂ ਕਰੀਂ ਮੈਂ ਵੇਖਣਾਂ ਹੈ ਤੇਰਾ ਹੱਥ ਕੰਬਦਾ ਹੋਇਆ ਸਥਾਈ ਕੌਣ ਹੈ ਏਥੇ? ਉਹ ਬੰਦਿਆ ਦੱਸੀਂ ਇਹ ਧਰਤ ਆਪ ਹੀ ਗੋਲਾ ਹੈ ਘੁੰਮਦਾ ਹੋਇਆ ਇਹ ਕਿਸ ਤਰ੍ਹਾਂ ਦਾ ਹੈ ਤਗ਼ਮਾ ਸਜਾਇਆ ਸੀਨੇ ’ਤੇ ਮੇਰੀ ਜ਼ਮੀਰ ਦੇ ਨੈਣਾਂ ’ਚ ਰੜਕਦਾ ਹੋਇਆ ਕਿਸੇ ਵੀ ਜਿਸਮ ਦੀ ਮੰਡੀ ’ਚ ਦੇਖ ਸਕਦੇ ਹੋ ਜੇ ਦੇਖਣੈਂ ਕਿਸੇ ਮੁਰਦੇ ਨੂੰ ਥਿਰਕਦਾ ਹੋਇਆ

ਮੁਆਫ਼ੀਨਾਮਾ

ਜਦੋਂ ਕੁਝ ਉਲਝਦਾ ਹੋਵੇ ਨਾ ਮਸਲਾ ਸੁਲਝਦਾ ਹੋਵੇ ਜਦੋਂ ਸਭ ਦੇਖਦੇ ਹੁੰਦੇ ਕਿ ਪਹਿਲੋਂ ਕੌਣ ਝੁੱਕਦਾ ਹੈ ਝਿਜਕ ਜਦ ਰੋਕਦੀ ਹੁੰਦੀ ਹੈ ਸਭ ਨੂੰ ਪਹਿਲ ਕਦਮੀਂ ਤੋਂ ਮੇਰਾ ਕੁਝ ਵੀ ਨਹੀਂ ਘਟਦਾ ਮੈ, ਮੁਆਫ਼ੀ ਮੰਗ ਲੈਂਦਾ .. ਮੁਆਫ਼ੀ ਟੁੱਟਿਆਂ ਫੁੱਟਿਆਂ ਨੂੰ ਮੁੜ ਕੇ ਜੋੜ ਦਿੰਦੀ ਹੈ ਦਿਲਾਂ ਵਿੱਚ ਜ਼ਹਿਰ ਜੋ ਹੁੰਦਾ ਹੈ ਸਾਰਾ ਨਿਚੋੜ ਦਿੰਦੀ ਹੈ ਮੁਆਫੀ ਦੂਜਿਆਂ ਕੰਨਾਂ ਚ ਅੰਮ੍ਰਿਤ ਘੋਲ਼ ਦਿੰਦੀ ਹੈ ਮੁਆਫੀ ਮੰਗ ਕੇ ਇੱਕ ਆਦਮੀਂ ਇਨਸਾਨ ਹੋ ਜਾਦੈ ਤੇ ਮੈਨੂੰ ਲੱਗਦੈ ਅੱਧਾ ਕੁ ਉਹ ਭਗਵਾਨ ਹੋ ਜਾਂਦੈ ਬੜੇ ਹੀ ਕੀਮਤੀ ਰਿਸ਼ਤੇ ਅਚਾਨਕ ਟੁੱਟ ਜਾਂਦੇ ਨੇ ਮਨਾਂ ਦੇ ਸਾਫ਼ ਸ਼ੀਸ਼ੇ ਬਿਨ ਵਜਾਹ ਹੀ ਤਿੜਕ ਜਾਂਦੇ ਨੇ ਸਿਰਫ ਦੋ ਬੋਲ ਬੋਲਣ ਨਾਲ ਜੇ ਸ਼ੀਸ਼ਾ ਤਿੜਕਣੋਂ ਬਚਦੈ ਮੇਰਾ ਕੁਝ ਵੀ ਨਹੀਂ ਘਟਦਾ ਮੈਂ, ਮੁਆਫ਼ੀ ਮੰਗ ਲੈਂਦਾ ਹਾਂ ਅਸੀਂ ਕੁੜੀਆਂ ਨੂੰ ਚਿੜੀਆਂ ਤਾਂ ਹਮੇਸ਼ਾ ਆਖਦੇ ਆਏ ਇਹਨਾਂ ਨੂੰ ਪਰ ਕਦੇ ਖੁੱਲ੍ਹਾ ਅਸਾਂ ਆਕਾਸ਼ ਨਾ ਦਿੱਤਾ ਕੁਤਰ ਕੇ ਖੰਭ ਇਹਨਾਂ ਦੇ ਕਤਲ ਕਰ ਉੱਡਣ ਦੀ ਇੱਛਾ ਬੜੇ ਹੀ ਫ਼ਖ਼ਰ ਸੰਗ ਕਹਿੰਦੇ ਹਾਂ ਲਉ ਆਜ਼ਾਦ ਕਰ ਦਿੱਤਾ ਮਰੇ ਚਾਵਾਂ ਉਮੰਗਾਂ ਤੋਂ ਇਨ੍ਹਾਂ ਕੱਟੀਆਂ ਪਤੰਗਾਂ ਤੋਂ ਇਨ੍ਹਾਂ ਕੁੜੀਆਂ ਦੇ ਚਿੜੀਆਂ ਦੇ ਬਿਨਾਂ ਖੰਭਾਂ ਦੇ ਹੀ ਨਿੱਤ ਉੱਡਣ ਦੀ ਅਰਦਾਸ ਕਰਦਾ ਹਾਂ ਤੇ ਆਦਮ ਜ਼ਾਤ ਦੇ ਵੱਲੋਂ ਸਮੁੱਚੀ ਜ਼ਾਤ ਨਾਰੀ ਤੋਂ ਮੁਆਫ਼ੀ ਮੰਗ ਲੈਂਦਾ ਹਾਂ ਮੁਆਫ਼ੀ ਮੰਗ ਕੇ ਇੱਕ ਆਮ ਬੰਦਾ ਖ਼ਾਸ ਹੋ ਜਾਦੈ ਮਆਫ਼ੀ ਮੰਗਿਆਂ ਧਰਤੀ ਜਿਹਾ ਧਰਵਾਸ ਹੋ ਜਾਦੈ ਮੁਆਫ਼ੀ ਨਫ਼ਰਤਾਂ ਦੇ ਬੀਜ ਸਾਰੇ ਸਾੜ ਸਕਦੀ ਹੈ ਇਹ ਚਾਲੀ ਮੁਕਤਿਆਂ ਵਾਲਾ ਬੇਦਾਵਾ ਪਾੜ ਸਕਦੀ ਹੈ ਮੁਆਫ਼ੀ ਮਹਾਂ ਭਾਰਤ ਨੂੰ ਵੀ ਹੋਣੋਂ ਰੋਕ ਸਕਦੀ ਸੀ ਮੁਆਫ਼ੀ ਆਲਮੀ ਜੰਗਾਂ ਸਦਾ ਲਈ ਰੋਕ ਸਕਦੀ ਸੀ ਮੁਆਫੀ ਮਰਤ ਔਰਤ ਨੂੰ ਸਦਾ ਹੀ ਜੋੜ ਸਕਦੀ ਹੈ ਮੁਆਫ਼ੀ ਧਰਤ ਤੇ ਬੱਦਲ਼ ਦਾ ਰਿਸ਼ਤਾ ਜੋੜ ਸਕਦੀ ਹੈ ਮੁਆਫ਼ੀ ਜ਼ਿੰਦਗੀਆਂ ਨੂੰ ਇੱਕ ਨਵੀਂ ਪ੍ਰਭਾਤ ਦਿੰਦੀ ਹੈ ਇਹ ਭਾਈਚਾਰਿਆਂ ਨੂੰ ਪਿਆਰ ਦੀ ਸੌਗ਼ਾਤ ਦਿੰਦੀ ਹੈ ਮੇਰੀ ਕਵਿਤਾ ਨੇ ਭੁੱਖੇ ਬੱਚਿਆਂ ਦੀ ਬਾਤ ਨਾ ਪਾਈ ਮੇਰੀ ਕਵਿਤਾ ਨੇ ਸੁੱਤੇ ਜਜ਼ਬਿਆਂ ਵਿੱਚ ਚਿਣਗ ਨਾ ਲਾਈ ਕਦੇ ਧਰਤੀ ਦੇ ਦੁੱਖਾਂ ਦੀ ਕੋਈ ਵੀ ਬਾਤ ਨਾ ਛੋਹੀ ਕਦੇ ਇੱਕ ਵਾਰ ਵੀ ਮੇਰੀ ਕਲਮ ਦੀ ਅੱਖ ਨਾ ਰੋਈ ਮੈਂ ਆਪਣੀ ਕਲਮ ਛੂਹ ਕੇ ਸਾਰੇ ਧੀਆਂ ਪੁੱਤਰਾਂ ਕੋਲੋਂ ਮੁਆਫ਼ੀ ਮੰਗ ਲੈਂਦਾ ਹਾਂ ਮੇਰੇ ਜੀਵਨ ‘ਚ ਮੈਥੋਂ ਵੀ ਅਨੇਕਾਂ ਗਲਤੀਆਂ ਹੋਈਆਂ ਮੈਂ ਜ਼ਾਹਰਾ ਤੌਰ ਤੇ ਹਰ ਭੁੱਲ ਨੂੰ ਸਵੀਕਾਰ ਕਰਦਾ ਹਾਂ ਜੋ ਹੋਰਾਂ ਨੇ ਵੀ ਭੁੱਲਾਂ ਕੀਤੀਆਂ ਸੀ, ਆਪਣੇ ਵੱਲੋਂ ਦੁਪਾਸੀ ਗਲਤੀਆਂ ਨੂੰ ਮੇਰੀਆਂ ਐਲਾਨ ਕਰਦਾ ਹਾਂ ਮੈਂ ਟੁੱਟੇ ਹਿਰਦਿਆਂ ਨੂੰ ਮੁੜ ਯਕੀਨਨ ਜੋੜ ਸਕਦਾ ਹਾਂ ਜੋ ਲੋਕੀਂ ਆਖਦੇ ਨੇ ਮੁੜ ਕੇ ਜੁੜਿਆਂ ਲੀਕ ਨਹੀਂ ਮਿਟਦੀ ਮੈਂ ਸਾਰੇ ਭਰਮ ਉਨ੍ਹਾਂ ਦੇ ਸਿਰੇ ਤੋਂ ਤੋੜ ਸਕਦਾ ਹਾਂ ਜੋ ਅੱਜ ਤੱਕ ਹੋ ਨਹੀਂ ਸਕਿਆ ਜੋ ਅੱਜ ਤੱਕ ਕਰ ਨਹੀਂ ਸਕਿਆ ਉਨ੍ਹਾਂ ਸਾਰੇ ਹੀ ਕਰਮਾਂ ਦੀ ਮੈਂ ਆਪਣੇ ਪੁਰਖਿਆਂ ਕੋਲੋਂ ਮੁਆਫੀ ਮੰਗ ਲੈਂਦਾ ਹਾਂ ਹਰਿੱਕ ਆਪਣੇ ਬੇਗਾਨੇ ’ਤੋਂ ਹਰਿੱਕ ਖੁੰਝੇ ਨਿਸ਼ਾਨੇ ਤੋਂ ਅਸਾਂ ਜੋ ਕਰ ਲਏ ਗੰਧਲੇ ਉਹ ਨਿਰਮਲ ਪਾਣੀਆਂ ਕੋਲੋਂ ਕਤਲ ਕੀਤੇ ਗਏ ਰੁੱਖਾਂ ਤੋਂ ਪੌਣਾਂ ਤੋਂ,ਪਹਾੜਾਂ ਤੋਂ ਬਨਸਪਤ ਤੋਂ, ਕੁੜੀ ਕੁਦਰਤ ਤੋਂ ਭੋਲੇ ਪੰਛੀਆਂ ਕੋਲੋਂ ਮੁਆਫ਼ੀ ਮੰਗ ਲੈਂਦਾ ਹਾਂ ਸੰਤਾਲੀ ਤੋਂ, ਚੁਰਾਸੀ ਤੋਂ ਇਹ ਆਦਮ ਜ਼ਾਤ ਦੇ ਰਿਸਦੇ ਹੋਏ ਨਾਸੂਰ ਨੇ ਜਿਹੜੇ ਮੈਂ ਆਪਣੀ ਆਤਮਾਂ ਦਾ ਬੋਝ ਕੁਝ ਹੌਲਾ ਕਰਨ ਖ਼ਾਤਰ ਸੁਰਖ਼ਰੂ ਹੋਣ ਦੀ ਖ਼ਾਤਰ ਮੁਆਫੀ ਮੰਗ ਲੈਂਦਾ ਹਾਂ ਤੁਸੀਂ ਮੰਗੋਂ ਜਾਂ ਨਾ ਮੰਗੋਂ ਮੈਂ ਮੁਆਫ਼ੀ ਮੰਗ ਲੈਂਦਾ ਹਾਂ

ਤ੍ਰਾਸਦੀ

ਅਸੀਂ ਆਪਣਾ ਮੱਥਾ ਹੀ ਨਹੀਂ ਆਪਣੀਂ ਸੋਚ ਵੀ ਤੇਰੇ ਚਰਨੀ ਧਰ ਦਿੱਤੀ ਪਿਤਾ, ਪਰਮੇਸ਼ਵਰ ਮੰਨਿਆ ਸੋਚਾਂ ਵਿੱਚੋਂ ਉਪਜਦੇ ਸਭ ਸਵਾਲ, ਠੋਸ ਦਲੀਲਾਂ, ਸ਼ਰਧਾ ਹੇਠ ਦਬਾ ਦਿੱਤੇ ਅਸਾਂ ਤੇ ਸਵੀਕਾਰ ਕਰ ਲਿਆ ਕਿ ਪੱਤਾ ਵੀ ਨਹੀਂ ਹਿੱਲਦਾ ਤੇਰੇ ਹੁਕਮ ਬਿਨ। ਅੱਜ ਮਨੁੱਖਤਾ ਕੁਰਲਾ ਰਹੀ.. ਕੀ ਵੱਡੇ ਕੀ ਛੋਟੇ ਤੁਰੇ ਜਾ ਰਹੇ ਨੇ, ਪੂਰਾਂ ਦੇ ਪੂਰ ਤੇਰੀ ਸਹਿਮਤੀ ਬਿਨ ਅੰਤਮ ਸੰਸਕਾਰਾਂ ਤੋਂ ਬਿਨਾਂ ਤੁਰੀਆਂ ਰੂਹਾਂ ਕਿੰਜ ਅੱਪੜਨਗੀਆਂ? ਤੇਰੇ ਕੋਲ। ਇਨਸਾਨਾਂ ਦੇ ਨਾਲ ਹੀ ਤੇਰੀ ਵੀ ਪ੍ਰੀਖਿਆ ਹੈ ਜਵਾਬ ਦੇਹੀ ਵੀ। ਹੇ ਸਰਬ ਸਹਾਈ ਦਾਤਾਰ ਜੀਉ ਤੂੰ ਕਿੱਥੇ ਹੈਂ? ਤੂੰ ਹੈਂ ਵੀ ਕਿਤੇ?

ਦਰਵਾਜੇ

ਦਰਵਾਜੇ ਘਰਾਂ ਦੇ ਹੀ ਨਹੀਂ ਸਰੀਰਾਂ ਦੇ ਵੀ ਹੁੰਦੇ ਮੁੱਖ ਦਰਵਾਜ਼ਾ ਖੁੱਲਦਾ ਸ਼ਬਦ ਡੁੱਲਦਾ ਰਮਜ਼ਾਂ ਖੁੱਲਦੀਆਂ ਭਰਮ ਟੁੱਟਦੇ ਰਿਸ਼ਤੇ ਬਣਦੇ, ਮੁੱਕਦੇ ਅੱਖਾਂ ਦਾ ਦਰਵਾਜ਼ਾ ਖੁੱਲਦਾ ਰੰਗ ਬਰੰਗੀ ਦੁਨੀਆਂ ਤੱਕਦਾ ਹੱਸਦੇ ਹੱਸਦੇ ਹੰਝੂ ਡੁੱਲਦਾ ਅੱਖ ਦਾ ਪਰਦਾ ਗਿਰਦਾ, ਉੱਠਦਾ ਕਦੇ ਕਦਾਈਂ ਮਸਤਕ ਦਾ ਦਰਵਾਜ਼ਾ ਖੁੱਲਦਾ ਬੰਦਾ ਖ਼ੁਦ ਨੂੰ ਮਿਲਦਾ ਨਾ ਕੋਈ ਭਰਮ ਭੁੱਲੇਖਾ ਰਹਿੰਦਾ ਚੁੱਪ ਚਪੀਤੇ ਬੰਦਾ ਖ਼ੁਦ ਨੂੰ ਮਿਲਦਾ

ਸਮਾਂ ਬੋਲਣ ਦਾ ਹੈ

ਸਮਾਂ ਬੋਲਣ ਦਾ ਹੈ, ਕਵੀਓ, ਕਲਮਕਾਰੋ, ਸੰਵੇਦਨਸ਼ੀਲ ਲੋਕੋ, ਫ਼ਿਲਮਸਾਜ਼ੋ, ਓ ਅਦਾਕਾਰੋ! ਸ਼ਬਦ ਖ਼ਾਮੋਸ਼ ਨੇ, ਪਹਿਰੇ ’ਚ ਨੇ, ਕਲਮਾਂ ਦੀ ਕਿਉਂਕਰ ਜੀਭ ਠਾਕੀ ਹੈ, ਐ ਫਨਕਾਰੋ, ਸਮਾਂ ਬੋਲਣ ਦਾ ਹੈ, ਬੋਲੋ! ਬੜੀ ਦੁਬਿਧਾ ‘ਚ ਨੇ ਲੋਕੀਂ ਤੁਹਾਡੇ ਵੱਲ ਤੱਕਦੇ ਨੇ ਨਹੀਂ ਤਾਂ ਜੋ ਦਿਖਾਇਆ ਜਾ ਰਿਹੈ, ਉਹ ਸੱਚ ਸਮਝਣਗੇ ਉਹਨਾਂ ਨੂੰ ਜੋ ਸੁਣਾਇਆ ਜਾ ਰਿਹੈ ਪਰਵਾਨ ਹੋਵੇਗਾ। ਸਮਾਂ ਬੋਲਣ ਦਾ ਹੈ ਬੋਲੋ! ਜੇ ਹੁਣ ਨਹੀਂ ਬੋਲੇ ਤਾਂ ਫਿਰ ਕਿਸੇ ਨੇ ਬੋਲਣ ਨਹੀਂ ਦੇਣਾ ਤੇ ਉਸ ਤੋਂ ਬਾਦ ਫਿਰ ਬੋਲ਼ਣ ਲਈ ਕੁਝ ਨਹੀਂ ਰਹਿਣਾ! ਜ਼ੁਬਾਨਾਂ ਵਾਲਿਉ ਗੁੰਗਿਉ, ਤੁਸਾਂ ਜੇ ਅੱਜ ਵੀ ਇਹ ਧੁੰਦਕਾਰਾ ਸਾਫ਼ ਨਹੀਂ ਕਰਨਾ, ਤਾਂ ਫਿਰ ਇਤਿਹਾਸ ਨੇ ਸਾਨੂੰ ਤੁਹਾਨੂੰ ਮਾਫ਼ ਨਹੀਂ ਕਰਨਾ, ਸਮਾਂ ਬੋਲਣ ਦਾ ਹੈ, ਬੋਲੋ!

ਮਹਾਂ-ਨਾਚ

ਦੂਰ ਕਿਤੇ ਖ਼ਾਮੋਸ਼ੀ ਨੱਚਦੀ ਹੈ ਖ਼ਾਮੋਸ਼ੀ ਵਿੱਚ ਆਵਾਜ਼ਾਂ ਨੱਚਦੀਆਂ ਨੇ ਨਦੀਆਂ ਵਿੱਚ ਜਲ ਨੱਚਦਾ ਹੈ ਜਲ ਵਿੱਚ ਤਰੰਗਾਂ ਨੱਚਦੀਆਂ ਨੇ ਪੌਣਾਂ ਵਿੱਚ ਸਰਗਮ ਨੱਚਦੀ ਹੈ ਫੁੱਲਾਂ ਵਿੱਚ ਖਸ਼ਬੂ ਨੱਚਦੀ ਹੈ ਸੂਰਜ ਦੀਆਂ ਕਿਰਨਾਂ ਨੱਚਦੀਆਂ ਨੇ ਚੰਦਰਮਾਂ ਦੀ ਚਾਨਣੀ ਨੱਚਦੀ ਹੈ ਸਰਵ ਆਨੰਦ ਹੈ ਆਨੰਦ ਹੀ ਆਨੰਦ ਹੈ ਚੱਲ, ਕੁਦਰਤ ਦੇ ਮਹਾਂ ਨਾਚ ਵਿੱਚ ਸ਼ਾਮਿਲ ਹੋਈਏ!

ਖ਼ੂਬਸੂਰਤ

ਮੇਰੇ ਪਹਿਲੂ ਵਿੱਚ ਬੈਠ, ਉਸ ਪੁੱਛਿਆ, ਕੀ ਮੈਂ ਖ਼ੂਬਸੂਰਤ ਹਾਂ? ਮੈਂ ਕਿਹਾ, ਹਾਂ ਹਾਂ ਉਸ ਨੇ ਫ਼ਿਰ ਪੁੱਛਿਆ ਏਨੀ ਖ਼ੂਬਸੂਰਤ ਕਿਉਂ ਹਾਂ? ਉਹਦੀ ਹੈਰਾਨੀ ਦੇਖ, ਮੈਂ ਕਿਹਾ, ਕਿਉਂਕਿ ਤੂੰ ਔਰਤ ਹੈਂ ਹਰ ਔਰਤ ਹੀ ਖ਼ੂਬਸੂਰਤ ਹੁੰਦੀ ਹੈ ਉਹ ਉਦਾਸ ਹੋਈ। ਫਿਰ ਕੁਝ ਸੋਚਿਆ ਖੁੱਲ ਕੇ ਮੁਸਕਰਾਈ, ਤੇ ਮੇਰੀ ਨਜ਼ਰ ਨੂੰ ਚੁੰਮ ਲਿਆ।

ਰੂਪਮਤੀ

ਘਟਾ ਅੰਬਰੀਂ ਚੜ੍ਹ ਚੜ੍ਹ ਆਵੇ ਰੂਪਮਤੀ ਜਿਉਂ ਸੁਰਮਾਂ ਪਾਵੇ, ਕੇਸ ਸੁਕਾਵੇ। ਨਿੱਤ ਸੂਰਜ ਦਾ ਦੀਵਾ ਬਾਲ਼ੇ ਨੂਰ ਪਸਾਰੇ ਸੁਪਨ ਸੁਨਹਿਰੀ ਕਿਰਨਾਂ ਤੋਰੇ ਧਰਤੀ ਵੱਲੇ, ਬੱਲੇ ਬੱਲੇ। ਕਲ- ਕਲ ਕਰਦਾ ਪਾਣੀ ਆਵੇ ਰੂਪਮਤੀ ਕੋਈ ਗੀਤ ਸੁਣਾਵੇ ਪਾਣੀ ਵਿੱਚ ਰਬਾਬ ਵਜਾਵੇ। ਪੱਤੀ ਪੱਤੀ ਤ੍ਰੇਲ ਦੇ ਤੁਪਕੇ ਰੂਪਮਤੀ ਆਪਾ ਪ੍ਰਰਗਟਾਵੇ ਕਿਰਨਾਂ ਕੋਰਾ ਪਿੰਡਾ ਚੁੰਮਣ ਰੂਪਮਤੀ ਪਹਿਲੋਂ ਸ਼ਰਮਾਵੇ, ਖਿੜ ਖਿੜ ਜਾਵੇ। ਹਰ ਇੱਕ ਵਸਤ ਦਾ ਮੱਥਾ ਚੁੰਮੇ ਅੰਗ ਛੁਹਾਵੇ ਰਾਸ ਰਚਾਵੇ ਪੌਣਾਂ ਦੀ ਝਾਂਜਰ ਛਣਕਾਵੇ ਕਦੇ ਪਹਾੜੀਂ ਜਾ ਬੈਠੇ ਤੇ ਕਦੇ ਪਹਾੜੋਂ ਉੱਤਰ ਆਵੇ ਹੇਠਾਂ ਥੱਲੇ, ਬੱਲੇ ਬੱਲੇ! ਕੁਦਰਤ ਕਿੰਨੀ ਰੂਪਮਤੀ ਹੈ ਨਿਸ ਦਿਨ ਮੈਨੂੰ ਨਜ਼ਰੀਂ ਆਵੇ ਨੈਣ ਮਿਲਾਵੇ। ਰੂਪਮਤੀ ਸੰਗ ਘੁਲ ਮਿਲ ਜਾਵਾਂ ਰੂਹਦਾਰੀ ਦੀਆਂ ਬਾਤਾਂ ਪਾਵਾਂ ਅੰਦਰੋਂ ਬਾਹਰੋਂ ਇੱਕ ਹੋ ਜਾਵਾਂ ਜੀਅ ਕਰਦੈ, ਪਰ ਇਸ ਦੁਨਿਆਵੀ ਮ੍ਰਿਗ ਤ੍ਰਿਸ਼ਨਾ ਦੀ ਚਕਾਂਚੌਧ ਦੀ, ਰੰਗ ਤਮਾਸ਼ੇ, ਰੌਸ਼ਨੀਆਂ ਦੀ ਮੇਰੇ ਨੈਣੀਂ ਧੂੜ ਭਰੀਚੀ ਅੱਖ ਚੁੰਧਿਆਵੇ ਰੂਪਮਤੀ ਦਾ ਰੂਪ ਨੂਰਾਨੀ ਨਜ਼ਰ ਨਾ ਆਵੇ।

ਮਾਂ ਬੋਲੀ

ਮਾਂ ਬੋਲੀਏ, ਕਿਉਂ ਰੋਨੀ ਏ? ਕੀ ਪੀੜਾ ਏ, ਕੀ ਦੁੱਖਦਾ ਏ? ਸੁੱਖੀਂ ਸਾਂਦੀ ਕਿਉਂ ਰੋਨੀ ਏ? ਏਡਾ ਵੱਡਾ ਤੇਰਾ ਲਾਣਾਂ ਧੀਆਂ ਪੁੱਤਰ, ਪੋਤੇ ਦੋਹਤੇ, ਦੇਸ਼ ਵਿਦੇਸ਼ੀਂ ਮੱਲਾਂ ਮਾਰਨ ਹਰ ਥਾਂ ਤੇਰਾ ਨਾ ਚੱਲਦਾ ਏ ਫਿਰ ਵੀ ਤੱਤੀਏ ਕਿਉਂ ਰੋਨੀ ਏਂ? ਵੇ ਲਾਲੋ, ਮੈਂ ਬੜੀ ਦੁਖੀ ਆਂ ਜੰਮ ਜੰਮ ਸਾਰੀ ਧਰਤੀ ਜਿੱਤੋ ਅੰਬਰ ਛਾਣੋਂ, ਮੌਜਾਂ ਮਾਣੋਂ ਪਰ ਨਾ ਮੇਰਾ ਰੂਪ ਵਿਗਾੜੋ ਹਾੜਾ ਮੇਰਾ ਦਿਲ ਨਾ ਸਾੜੋ ਪੈਂਤੀ ਵਿਚਲੇ ਸਾਰੇ ਅੱਖਰ ਅੱਖਰਾਂ ਉੱਤੇ ਟਿੱਪੀ, ਅੱਧਕ ਕਿਤੇ ਸਿਹਾਰੀ , ਕਿਤੇ ਬਿਹਾਰੀ ਲ਼ਾਂ, ਦਲਾਵਾਂ, ਕੰਨਾ, ਔਂਕੜ ਜਿਹੜੇ ਮੇਰਾ ਰੂਪ ਸ਼ਿੰਗਾਰਨ ਮੇਰੇ ਸਿਰ ਤੋ ਆਪਾ ਵਾਰਣ ਆਪਣੀ ਥਾਂ ਤੋ ਹਿੱਲ ਰਹੇ ਨੇ, ਆਪਣੀ ਕਰਨੀ ਭੁੱਲ ਰਹੇ ਨੇ ਮਾਂ ਦੀ ਬਿੰਦੀ ਥਾਂ ਤੋਂ ਲਾਹ ਕੇ ਥਾਂ ਕੁਥਾਵੇਂ ਕਿਉਂ ਕਰ ਲਾਵੋ? ਮੇਰੇ ਸੁਪਨੇ ਠਾਕ ਕੇ ਲਾਲੋ ਫਿਰ ਵੀ ਪੂਰਨ ਪੁੱਤ ਕਹਾਵੋ ਯਈਆ ਮੇਰਾ ਅੰਗ ਸੀ ਸੋਹਣਾ ਹੌਲੀ ਹੌਲੀ ਝੜ ਚੱਲਿਆ ਏ ‘ਣ’ ਵੀ ਹੁਣ ‘ਨ’ ਹੋ ਕੇ ਮਰਦਾ ਮਰਦਾ ਮਰ ਚੱਲਿਆ ਏ ਪੈਂਤੀ ਵਿਚਲੇ ਸਾਰੇ ਅੱਖਰ ਆਪੋ ਆਪਣੀਂ ਥਾਂਵੇ ਸੱਜਣ ਆਪਣੀ ਆਪਣੀ ਹਸਤੀ ਰੱਖਣ ਤਾਹੀਓਂ ਮੇਰੇ ਰੂਪ ਤੇ ਫੱਬਣ ਮੇਰੇ ਆਪਣੇਂ ਧੀਆਂ ਪੁੱਤਰ ਮੇਰਾ ਹੁਸਨ ਵਿਗਾੜ ਰਹੇ ਨੇ ਮੈਨੂੰ ਮੇਰੇ ਆਪਣੇਂ ਜਾਏ ਹੌਲ਼ੀ ਹੌਲ਼ੀ ਮਾਰ ਰਹੇ ਨੇ ਹਰ ਬੋਲੀ ਦੀ ਆਪਣੀਂ ਫੱਬਤ ਹਰ ਬੋਲੀ ਦਾ ਆਪਣਾ ਰੁਤਬਾ ਮੈਂ ਹਾਂ ਪਰ ਬੋਲੀ ਪੰਜਾਬੀ ਮੇਰੀ ਸਭ ਤੋਂ ਸ਼ਾਨ ਨਿਰਾਲੀ ਜੇ ਮੈਂ ਇੰਜ ਕਰੂਪ ਹੋ ਗਈ ਜ਼ਹਿਰ ਦਾ ਘੁੱਟ ਵੀ ਪੀ ਨਹੀਂ ਹੋਣਾ ਪਰ ਮੈਥੋਂ ਫਿਰ ਜੀ ਨਹੀਂ ਹੋਣਾ.. ਸੱਚੀ ਮੈਥੋਂ ਜੀ ਨਹੀਂ ਹੋਣਾਂ..

ਹਲਫ਼ੀ ਬਿਆਨ

ਹੋਇਆ ਜ਼ਮੀਰ ਸਾਹਵੇਂ, ਹਲਫ਼ੀ ਬਿਆਨ ਮੇਰਾ ਬਚਿਆ ਨਾ ਹੋਰ ਕੋਈ ਹੁਣ ਇਮਤਿਹਾਨ ਮੇਰਾ ਪੰਜਾਬ ਨੂੰ ਦਿਲੋਂ ਜੇ ਆਪਣਾਂ ਕਬੂਲਦੇ ਹੋ ਦਿਲ ਤੋਂ ਕਬੂਲਦਾ ਹਾਂ ਹਿੰਦੂਸਤਾਨ, ਮੇਰਾ ਜਾਹ ਸਾਂਭ ਲੈ ਤੂੰ ਆਪਣੇਂ ਵਣਜੋ ਵਪਾਰ ਵਾਲੇ ਹਰ ਇੱਕ ਮਜੂਰ ਮੇਰਾ ਹਰ ਇੱਕ ਕਿਸਾਨ ਮੇਰਾ ਜਦ ਵੀ ਤੁਸੀਂ ਹੋ ਕਹਿੰਦੇ ਹਰ ਮੁਸਲਮਾਨ ਮੁਜ਼ਰਮ ਬਾਕੀ ਦੇ ਸਾਰੇ ਆਖਣ, ਹਰ ਮੁਸਲਮਾਨ, ਮੇਰਾ ਓਦੋਂ ਦਾ ਭਾਰਤੀ ਹਾਂ, ਜਦ ਪਾਕਿ ਵੀ ਨਹੀਂ ਸੀ ਤੈਨੂੰ ਕੀ ਹੱਕ ਹੈ? ਤੂੰ ਪਰਖੇਂ ਈਮਾਨ ਮੇਰਾ ਇਹ ਅੱਗ ਦੰਗਿਆਂ ਦੀ ਪਹਿਚਾਨਦੀ ਹੈ ਅਕਸਰ ‘ਕੱਲੀ ਦੁਕਾਨ ਮੇਰੀ ‘ਕੱਲਾ ਮਕਾਨ ਮੇਰਾ ਓਦੋਂ ਤਾਂ ਆਖ਼ਦੇ ਸੀ, ਬਸ, ਸ਼ਾਤੀ – ਅਹਿੰਸਾ ਹੁਣ ਖ਼ੂਨ ਨਾਲ ਲੱਥਪੱਥ ਕਿਉਂ ਵਰਤਮਾਨ ਮੇਰਾ ਤੁਰੀਆਂ ਨੇ ਨਾਲ ਮੇਰੇ ਆਖਰ ਨੂੰ ਚਾਰ ਗ਼ਜ਼ਲਾਂ ਏਥੇ ਹੀ ਰਹਿ ਗਿਆ ਹੈ ਬਾਕੀ ਸਮਾਨ ਮੇਰਾ

ਅਸੀਂ ਕਵਿਤਾਵਾਂ ਕਿਉਂ ਲਿਖ਼ਦੇ ਹਾਂ?

ਨਾ ਹੁਣ ਕਵਿਤਾ ਯੁੱਗ ਪਲਟਾਵੇ ਨਾ ਜਾਬਰ ਸੰਗ ਆਹਢੇ ਲਾਵੇ ਨਾ ਕੁਦਰਤ ਦਾ ਗੀਤ ਹੈ ਬਣਦੀ ਨਾ ਰੂਹ ਦਾ ਸੰਗੀਤ ਹੈ ਬਣਦੀ ਨਾ ਤਾ ਸੁੱਤੇ ਲੋਕ ਜਗਾਵੇ ਨਾ ਸੋਚਾਂ ਵਿੱਚ ਭਾਂਬੜ ਲਾਵੇ ਫਿਰ ਕਵਿਤਾਵਾਂ ਕਿਉਂ ਲਿਖਦੇ ਹਾਂ? ਅਸੀਂ ਕਿਤਾਬਾਂ ਕਿਉਂ ਲਿਖਦੇ ਹਾਂ ? ਨਾ ਧਰਤੀ ਦੀ ਪੀੜ ਪਛਾਣੇ ਨਾ ਸ਼ਬਦਾਂ ਦੀ ਅਜ਼ਮਤ ਜਾਣੇ ਨਾ ਨਾਨਕ ਦੀ ਜ਼ਾਤ ਪਛਾਣੇ ਨਾ ਆਪਣੀ ਔਕਾਤ ਪਛਾਣੇ ਨਾ ਹੀ ਅੰਦਰ ਗੋਤਾ ਲਾਵੇ ਨਾ ਲੋਕਾਂ ਦੀ ਨਬਜ਼ ਪਛਾਣੇ ਫਿਰ ਕਵਿਤਾਵਾਂ ਕਿਉਂ ਲਿਖਦੇ ਹਾਂ? ਅਸੀਂ ਕਿਤਾਬਾਂ ਕਿਉਂ ਲਿਖਦੇ ਹਾਂ? ਢੇਰ ਕਿਤਾਬਾਂ ਫੋਲ੍ਹਣ ਪਿੱਛੋਂ ਕਿਧਰੇ ਇੱਕ ਕਵਿਤਾ ਮਿਲਦੀ ਹੈ ਸੁੱਤੀਆਂ ਕਬਰਾਂ ਕੋਲੋਂ ਜਿੱਦਾਂ ਜੀਵਨ ਦੀ ਖੁਸ਼ਬੂ ਮਿਲਦੀ ਹੈ ਨਿੱਤ ਹੀ ਕਵਿਤਾ ਮਜ਼ਮੇ ਲਾਵੇ ਨਿੱਤ ਮੰਡੀ ਦੇ ਸੋਹਲੇ ਗਾਵੇ ਮਦਹੋਸ਼ੀ ਵਿੱਚ ਡੁੱਬੀ ਕਵਿਤਾ ਬੋਲਣ ਵੇਲੇ ਚੁੱਪ ਹੋ ਜਾਵੇ ਕਵਿਤਾ ਤਾਂ ਪਾਣੀ ਦਾ ਝਰਨਾ ਤੁਪਕਾ ਤੁਪਕਾ ਰੂਹ ਦਾ ਭਰਨਾ ਕਵਿਤਾ ਤਾਂ ਸੰਗਰਾਮ ਹੈ ਕਵੀਆ ਕਵਿਤਾ ਨੂਰ ਦਾ ਜਾਮ ਹੈ ਕਵੀਆ ਕਵਿਤਾ ਦਾ ਵਿਉਪਾਰ ਕਰੇਂਦੇ ਐ ਮੰਡੀ ਦੇ ਠੇਕੇਦਾਰੋ ਵਸਤਾਂ ਵੇਚੋ ਰਸਦਾਂ ਵੇਚੋ ਭੋਲ਼ੀ ਕਵਿਤਾ ਨੂੰ ਨਾ ਮਾਰੋ ਰੰਗ ਵਿਹੂਣੀ ਮਹਿਕ ਵਿਹੂਣੀ ਆਤਮਘਾਤ ਕਰ ਸਕਦੀ ਹੈ ਨਾ ਲੁੱਟੋ ਕਵਿਤਾ ਦੇ ਗਹਿਣੇ ਏਦਾਂ ਕਵਿਤਾ ਮਰ ਸਕਦੀ ਹੈ

ਕਿੱਥੇ ਜਾਈਏ?

ਅੰਦਰ ਰਹੀਏ, ਦਮ ਘੁੱਟਦਾ ਹੈ ਬਾਹਰ ਜਾਈਏ ਤਾਂ ਖਤਰਾ ਹੈ ਸਾਨੂੰ ਨਜ਼ਰਾਂ ਘੂਰਦੀਆਂ ਨੇ ਸਾਨੂੰ ਸੜਕਾਂ ਘੂਰਦੀਆਂ ਨੇ ਹੋਰਾਂ ਉੱਪਰ ਗ਼ਿਲਾ ਹੈ ਕਾਹਦਾ ਘਰ ਦੀਆ ਕੰਧਾਂ ਘੂਰਦੀਆਂ ਨੇ ਕੀਹਤੋਂ ਕੀਹਤੋਂ ਮੁੱਖ ਛੁਪਾਈਏ ਕਿੱਦਾਂ ਆਪਣੇ ਅੰਗ ਲੁਕਾਈਏ ਕਿੱਥੇ ਜਾਈਏ? ਕੁੜੀਆਂ ਹੋਣਾਂ ਖ਼ਤਰੇ ਵਿੱਚ ਹੈ ਕੁੜੀਆਂ ਜੰਮਣਾ ਖ਼ਤਰੇ ਵਿੱਚ ਹੈ ਜੰਮਣ ਪੀੜਾਂ ਨੂੰ ਹੈ ਖ਼ਤਰਾ ਸਾਰਾ ਭਾਰਤ ਖ਼ਤਰੇ ਵਿੱਚ ਹੈ ਹਰ ਮਰਿਆਦਾ ਖ਼ਤਰੇ ਵਿੱਚ ਹੈ ਰਾਮ ਪ੍ਰਭੂ ਦਾ ਮੰਦਰ ਹੈ ਪਰ ਅੱਜ ਦੀ ਸੀਤਾ ਖ਼ਤਰੇ ਵਿੱਚ ਹੈ ਭਾਰਤ ਮਾਂ ਦੇ ਪੁੱਤਰਾਂ ਕੋਲੋਂ ਭਾਰਤ ਮਾਤਾ ਖ਼ਤਰੇ ਵਿੱਚ ਹੈ ਤੇਰੀ ਬੇਟੀ ਨੂੰ ਵੀ ਖਤਰੈ ਮੇਰੀ ਵੀ ਤਾਂ ਖ਼ਤਰੇ ਵਿੱਚ ਹੈ ਸਾਰੇ ਖ਼ਤਰੇ ਸਿਰ ’ਤੇ ਚਾਅ ਕੇ ਕਿੱਦਾਂ ਮੁੜਕੇ ਮਾਵਾਂ ਕੁੱਖੀਂ ਗਰਭ ਜੂਨ ਪੈ ਜਾਈਏ ਕਿੱਥੇ ਜਾਈਏ? ਜੀਅ ਕਰਦਾ ਏ ਸ਼ੀਸ਼ਾ ਤੱਕੀਏ ਮਹਿੰਦੀ ਲਾਈਏ, ਸੁਰਮਾਂ ਪਾਈਏ ਛੱਤ ਤੇ ਖੜ ਕੇ ਵਾਲ ਸੁਕਾਈਏ ਮਨ ਮਰਜੀ ਦੇ ਲੀੜੇ ਪਾਈਏ ਸਤਰੰਗੀ ਇੱਕ ਚੁੰਨੀ ਲੈ ਕੇ ਕਿਉਂ ਨਾ ਅੰਬਰਾਂ ਤੱਕ ਉੱਡ ਜਾਈਏ ਪਰ ਖ਼ਤਰੇ ਵਿੱਚ ਜੀਣਾ, ਥੀਣਾਂ ਹੱਸਣਾ, ਕੁੱਦਣਾ,ਨੱਚਣਾ, ਗਾਉਣਾ ਏਥੇ ਹਰ ਨਾਰੀ ਨੂੰ ਖ਼ਤਰੈ ਬਾਲੜੀਆਂ ਦੀ ਖ਼ੈਰ ਮਨਾਉ ਏਥੇ ਹਰ ਕੰਜਕ ਨੂੰ ਖਤਰੈ ਕਿਹੜੇ ਭੋਰੇ ਜਾ ਪਈਏ ਤੇ ਕਿਹੜੀ ਧਰਤ ਸਮਾਈਏ ਨਿੱਕੀਆਂ ਨਿੱਕੀਆ ਕੁੜੀਆਂ ਲੈ ਕੇ ਕਿਹੜੇ ਖੂਹ ਪੈ ਜਾਈਏ ਕਿੱਧਰ ਜਾਈਏ? ਕਿੱਥੇ ਜਾਈਏ?

ਚੱਲ ਪੰਜਾਬ ਨੂੰ ਚੱਲੀਏ

ਸੁਣਿਐ ਕਿ ਪੰਜਾਬ ਦੇ ਪਿੰਡੇ ਨਵੇਂ ਜਹੇ ਕੁਝ ਜ਼ਖ਼ਮ ਨੇ ਲੱਗੇ ਚੱਲ ਕਿ ਇਹਨਾਂ ਜ਼ਖ਼ਮਾਂ ਉੱਤੇ ਸ਼ਬਦਾਂ ਦੇ ਕੁਝ ਫੰਭੇ ਲੈ ਕੇ ਜਾ ਕੇ ਭੋਰਾ ਮਰਹਮ ਲਾਈਏ ਪਤਾ ਲੈਣ ਨੂੰ ਚੱਲੀਏ, ਝੱਲੀਏ ਚੱਲ ਪੰਜਾਬ ਨੂੰ ਚੱਲੀਏ ਹਵਾ ਗੁਰੂ ਹੈ ਧਰਤੀ ਮਾਂ ਹੈ ਤੇਰਾ ਰਿਸ਼ਤਾ ਆਪਣੀ ਥਾਂ ਹੈ ਮਾਂ ਤਾਂ ਅੜੀਏ ਫਿਰ ਵੀ ਮਾਂ ਹੈ ਹਵਾ ਗੁਰੂ ਨੂੰ ਮਿਲ ਕੇ ਆਈਏ ਗੁਰੂ ਦਖਸ਼ਣਾ ਦੇ ਵਿੱਚ ਆਪਣਾ ਆਪਾ ਲੈ ਕੇ ਚੱਲੀਏ , ਝੱਲੀਏ ਚੱਲ ਪੰਜਾਬ ਨੂੰ ਚੱਲੀਏ ਦਿਲ ਦਰਿਆਵਾਂ ਵਿੱਚੋਂ ਪਾਣੀਂ ਸੁੱਕਦੇ ਸੁੱਕਦੇ ਸੁੱਕ ਜਾਂਦੇ ਨੇ ਰਿਸ਼ਤੇ ਨਾਤੇ ਪਿਆਰ ਮਹੁੱਬਤ ਮੁੱਕਦੇ ਮੁੱਕਦੇ ਮੁੱਕ ਜਾਂਦੇ ਨੇ ਟੁੱਟੀਆਂ ਬਾਹਵਾਂ ਗਲ਼ ਨੂੰ ਆਈਆਂ ਮੁੜ ਕੇ ਜੋੜਨ ਚੱਲੀਏ, ਝੱਲੀਏ ਚੱਲ ਪੰਜਾਬ ਨੂੰ ਚੱਲੀਏ ਲੈ ਕੇ ਦੇਸਾਂ ਇੱਕ ਫੁਲਕਾਰੀ ਨਾਲੇ ਜੁੱਤੀ ਤਿੱਲੇ ਵਾਲੀ ਹੋਈ ਤੇਰੀ ਕੁੱਖ ਹਰੀ ਸੀ ਜਿੱਥੇ ਤੇਰੀ ਗੋਦ ਭਰੀ ਸੀ ਜਿੱਥੇ ਪਿਤਾ ਦੀ ਮੌਤ ਸੀ ਹੋਈ ਮੈਥੋਂ ਜਿ਼ਆਦਾ ਤੂੰ ਸੈਂ ਰੋਈ ਉਹ ਦਰ ਚੁੰਮਣ ਚੱਲੀਏ, ਝੱਲੀਏ ਚੱਲ ਪੰਜਾਬ ਨੂੰ ਚੱਲੀਏ ਨਦੀ ਕਿਨਾਰੇ ਰੁੱਖੜੇ ਜਿਹੜੇ ਉਹਨਾਂ ਛਾਵੀਂ ਬਹਿ ਆਵਾਂਗੇ ਅੰਮ੍ਰਿਤਸਰ ਵੀ ਹੋ ਆਵਾਂਗੇ ਮਨ ਦੀ ਮੈਲ਼ ਵੀ ਧੋ ਆਵਾਂਗੇ ਛੋਟੇ ਛੋਟੇ ਭਾਰ ਨੇ ਮਨ ਤੇ, ਹੋਣ ਸੁਰਖਰੂ ਚੱਲੀਏ, ਝੱਲੀਏ ਚੱਲ ਪੰਜਾਬ ਨੂੰ ਚੱਲੀਏ ਮੰਨਿਆ ਰਾਤ ਲੰਮੇਰੀ ਹੋਈ ਚਿਰ ਹੋਇਆ ਪ੍ਰਭਾਤ ਨਾ ਹੋਈ ਸੂਰਜ ਮੁੜ ਕੇ ਚੜ੍ਹ ਸਕਦੇ ਨੇ ਚਾਨਣ ਚਾਨਣ ਕਰ ਸਕਦੇ ਨੇ ਆਪੋ ਆਪਣੇਂ ਮੱਥੇ ਬਲਦੇ ਸੂਰਜ ਲੈ ਕੇ ਚੱਲੀਏ, ਝੱਲੀਏ ਚੱਲ ਪੰਜਾਬ ਨੂੰ ਚੱਲੀਏ ਏਧਰ ਹੈ ਕਰਮਾਂ ਦੀ ਭੂਮੀਂ ਓਧਰ ਹੈ ਧਰਮਾਂ ਦੀ ਭੂਮੀਂ ਉਹ ਸਾਝੇਂ ਧਰਮਾਂ ਦੀ ਭੂਮੀਂ ਚੱਲ ਧਰਮਾਂ ਵਿੱਚ ਕਰਮ ਮਿਲਾਈਏ ਜਨਮ ਭੋਂਇ ਦਾ ਕਰਜ਼ ਚੁਕਾਈਏ ਮੁੜ ਪਰਤਣ ਨੂੰ ਚੱਲੀਏ, ਝੱਲੀਏ ਚੱਲ ਪੰਜਾਬ ਨੂੰ ਚੱਲੀਏ

ਮੈਂ ਅਤੇ ਸ਼ਾਇਰ ਪਿਤਾ

ਮੈਂ ਉਦੋਂ ਕਵਿਤਾ ਨਹੀਂ ਸਾਂ ਲਿਖਦਾ ਜਦ ਸ਼ਾਇਰ ਪਿਤਾ ਜਲ ਕਾ ਜਲ ਹੂਏ ਜਦ ਸੂਰਜ ਕਿਰਨ ਮਿਲੀ ਮੈਂ ਕਵਿਤਾ ਲਿਖਣ ਲੱਗਾ ਹਰ ਕਵਿਤਾ ਹੋਰ ਉਪਰਾਮ ਕਰ ਜਾਂਦੀ ਕੱਲ੍ਹ ਰਾਤ ਮੈਂ ਖਾਮੋਸ਼ ਆਵਾਜ਼ ਮਾਰੀ ਪਿਤਾ ਅੰਗ ਸੰਗ ਮਹਿਸੂਸ ਹੋਏ ਆਪਣੀ ਨਵੀਂ ਕਵਿਤਾ ਸ਼ਾਇਰ ਪਿਤਾ ਨੂੰ ਸੁਣਾਈ ਸੁਣਾਉਂਦਿਆਂ ਮੇਰੀਆ ਅੱਖਾਂ ਭਰ ਆਈਆਂ ਤੇ ਪਿਤਾ ਦੀਆਂ ਸੁਣਦਿਆਂ ਕਵਿਤਾ ਖ਼ਤਮ ਹੋਈ ਮੇਰੀ ਉਪਰਮਤਾ ਵੀ ਮੈਂ ਕਵਿਤਾ ਰੂਪ ਹੋ ਬਿਸਤਰ ਵੱਲ ਅਹੁਲਿਆ ਤੇ ਚਾਨਣ ਰੂਪ ਪਿਤਾ ਆਸ਼ੀਰਵਾਦ ਦੀ ਮੁਦਰਾ ਵਿੱਚ ਆਪਣੇ ਸੂਰਜ ਸਮੋ ਗਏ ਮੈਨੂੰ ਲੱਗਾ ਅੱਜ ਪਹਿਲੀ ਕਵਿਤਾ ਲਿਖੀ ਹੈ।

ਆਪਣਾ ਆਪਾ

ਆਪਣਾ ਆਪਾ ਚੁੱਕ ਕੇ ਤੁਰਿਆ ਹੋਇਆ ਹਾਂ ਬਾਹਰੋਂ ਟੁੱਟਿਆ ਅੰਦਰੋਂ ਜੁੜਿਆ ਹੋਇਆ ਹਾਂ ਮਨ ਲੋਚੇ ਕਿ ਮੈਂ ਮਿਲ ਆਵਾਂ ਪਿਤਰਾਂ ਨੂੰ ਪਰ ਮੈ ਦੇਹੀ ਅੰਦਰ ਘਿਰਿਆ ਹੋਇਆ ਹਾਂ ਆਪਣੇਂ ਤੀਕਰ ਪਹੁੰਚਣ ਦਾ ਉਪਰਾਲਾ ਹੈ ਵੈਸੇ ਇੱਕ ਮੁੱਦਤ ਤੋਂ ਤੁਰਿਆ ਹੋਇਆ ਹਾਂ ਬੇਸ਼ਕ ਮੇਰੀ ਜਾਨ ਨੇ ਬੱਚਿਆਂ ਦੇ ਬੱਚੇ ਫਿਰ ਵੀ ਮੋਈ ਮਾਂ ਸੰਗ ਜੁੜਿਆ ਹੋਇਆ ਹਾਂ ਆਪਣੇ ਅੰਦਰ ਵਾਲਾ ਬੰਦਾ ਦੀਂਹਦਾ ਨਈਂ ਲਗਦਾ ਹੈ ਪਰ ਉਹਨੂੰ ਮਿਲਿਆ ਹੋਇਆ ਹਾਂ ਪੂਰਾ ਸਾਬਤ ਨਾ ਮਿਲਿਆ ਮੈਨੂੰ ਕੋਈ ਮੈਂ ਵੀ ਸ਼ਾਇਦ ਥੋੜ੍ਹਾ ਭੁਰਿਆ ਹੋਇਆਂ ਹਾਂ

ਡਰ ਲੱਗਦਾ ਏ

ਰੁੱਖ ਨੂੰ ਆਪਣੇਂ ਪੱਤਿਆਂ ਤੋਂ ਡਰ ਲੱਗਦਾ ਏ ਬਾਲਾਂ ਨਿੱਕਿਆਂ ਨਿੱਕਿਆਂ ਤੋਂ ਡਰ ਲੱਗਦਾ ਏ ਪੜ੍ਹਨ ਗਿਆ ਨੇ ਖ਼ਵਰੇ ਕੀ ਕੀ ਪੜ੍ਹ ਆਉਂਣੈਂ ਅੱਜ ਕੱਲ ਪਾਹੜੂ ਬੱਚਿਆਂ ਤੋਂ ਡਰ ਲੱਗਦਾ ਏ ਨੀ ਦਿੱਲੀਓ, ਕਸ਼ਮੀਰਾਂ ਦਾ ਕੋਈ ਹੱਲ ਕਰੋ ਏਹਨਾਂ ਲੀਹਾਂ ਲੱਥਿਆਂ ਤੋਂ ਤੋਂ ਡਰ ਲੱਗਦਾ ਏ ਹੋ ਸਕਦੀ ਹੈ ਰੱਤ ਕਿਸੇ ਦੀ ਏਹਨਾਂ ਵਿੱਚ ਦਾਨਵੀਰ ਦੇ ਸਿੱਕਿਆਂ ਤੋਂ ਤੋਂ ਡਰ ਲੱਗਦਾ ਏ ਬਿਨਾਂ ਵਸੀਹਤ ਬਾਪ ਮਰੇ ਦੇ ਪਿੱਛੋਂ ਕਿਉਂ ਆਪਣੇ ਵੀਰਾਂ ਸਕਿਆਂ ਤੋਂ ਤੋਂ ਡਰ ਲੱਗਦਾ ਏ “ਮੰਦਰ ਵਹੀਂ ਬਨਾਏਂਗੇ” ਕਹਿੰਦੇ ਨੇ ਜਦ ਰਾਮ ਨੂੰ ਆਪਣੇ ਬੱਚਿਆਂ ਤੋਂ ਡਰ ਲੱਗਦਾ ਹੈ

ਸਮਾਂ ਸੋਚਣ ਦਾ ਹੈ (ਕਰੋਨਾ ਕਾਲ਼)

ਦ੍ਰਿਸ਼ -1 ਅਸੀਂ ਇਸ ਧਰਤ ਦੇ ਵਾਸੀ, ਅਸੀਂ ਵਾਸੀ ਤੇ ਪਰਵਾਸੀ, ਅਸੀਂ ਕਿਰਸਾਨ, ਕਿਰਤੀ ਦੇ ਦਿਹਾੜੀਦਾਰ ਲੋਕੀਂ, ਅਸੀਂ ਭੋਲੇ ਜਹੇ ਸਾਰੇ, ਅਸੀਂ ਲਾਸ਼ਾਂ ਦੀ ਗਿਣਤੀ ਗਿਣਦਿਆਂ ਹੁਣ ਥੱਕ ਚੁੱਕੇ ਹਾਂ, ਚੌਤਰਫੇ ਮੌਤ ਦਾ ਆਲਮ ਹੈ, ਸੰਨਾਟਾ ਹੈ, ਮਸ਼ੀਨਾ, ਕਾਰਖਾਨੇ , ਰੱਬ ਦੇ ਦਫ਼ਤਰ, ਅੰਨ੍ਹੀ ਤੇਜ਼ ਰਫਤਾਰੀ, ਤਿਜਾਰਤ, ਨਾਚ-ਗਾਣੇ, ਹੁਸਨ ਦੀ ਮੰਡੀ, ਨੁਮਾਇਸ਼ ਬੰਦ ਹੈ ਸਭ ਕੁਝ। ਘਰਾਂ ਅੰਦਰ ਤੜੇ ਹੋਏ, ਜਿਉਂਦੇ ਜੀ ਮਰੇ ਹੋਏ ਅਸੀਂ ਹੁਣ ਬੇਬਸੀ ਦੀ ਹੱਦ ਤੀਕਰ ਪਹੁੰਚ ਚੁੱਕੇ ਹਾਂ, ਅਸੀਂ ਹੁਣ ਬਦਲ ਚੁੱਕੇ ਹਾਂ। ਅਸੀਂ ਸਾਰੀ ਮਨੁੱਖਾ ਜ਼ਾਤ ਨੂੰ ਹੁਣ ਇੱਕ ਕਹਿੰਦੇ ਹਾਂ, ਅਸੀਂ ਚੰਗੇ ਬਣਨ ਦਾ ਅਹਿਦ ਕੀਤਾ ਹੈ, ਖ਼ੁਦ ਆਪੇ ਨਾਲ, ਅਸਾਨੂੰ ਹੁਣ ਪਤਾ ਲੱਗਾ ਪਰਿੰਦੇ, ਜਾਨਵਰ, ਬੂਟੇ, ਇਹ ਸਾਰੇ ਬੋਲ ਸਕਦੇ ਹਨ, ਅਸੀਂ ਵੀ ਸੁਣਨ ਲੱਗੇ ਹਾਂ, ਮਹੁੱਬਤ, ਦੋਸਤੀ, ਰਿਸ਼ਤੇ ਸਬੂਤੇ ਹੋਣ ਲੱਗੇ ਨੇ ਤਰੇੜਾਂ ਭਰਨ ਲੱਗੇ ਨੇ। ਅਚਾਨਕ ਭੇਦ ਖ਼ੁੱਲਾ ਹੈ, ਅਸਾਂ ਮਹਿਸੂਸ ਕੀਤਾ ਹੈ, ਜਿਉਂਦੇ ਰਹਿਣ ਦੇ ਸਾਧਨ, ਬੜੇ ਸੌਖੇ ਮੁਹੱਈਆ ਨੇ। ਸਬਰ ਸੰਤੋਖ ਕੀ ਹੁੰਦਾ ਹੈ ਆਖ਼ਰ ਸਮਝ ਆਈ ਹੈ। ਅਸਾਂ ਹੁਣ ਸਿੱਖ ਲਿਆ ਹੈ। ਆਫਤਾਂ ਦੇ ਨਾਲ ਰਹਿਣਾ, ਜਿਉਂਦਿਆਂ ਰਹਿਣਾਂ। ਅਸੀਂ ਹੁਣ ਬਦਲ ਚੁੱਕੇ ਹਾਂ। ਦ੍ਰਿਸ਼ -2 ਸਮਾਂ ਫਿਰ ਬਦਲ ਜਾਵੇਗਾ, ਇਹ ਮੰਡੀ ਫੇਰ ਖੁੱਲੇਗੀ, ਉਹ ਜਿਹੜੇ ਆਖਦੇ ਸੀ , ਜਨਮ,ਮੌਤਾਂ,ਧੌਲ਼ ਧਰਤੀ ਹੇਠਲਾ, ਸਭ ਵੱਸ ਨੇ ਸਾਡੇ ਉਹ ਮੰਡੀ ਫੇਰ ਖੋਲ੍ਹਣਗੇ, ਮੁਨਾਫ਼ੇ ਵਾਸਤੇ ਤੇ ਘਾਟਿਆਂ ਦੀ ਪੂਰਤੀ ਖ਼ਾਤਰ, ਵਿਸ਼ਵ ਮੰਡੀ ਬੁਲਾਵੇਗੀ, ਵਿਖਾਵੇਗੀ ਚਮਕ ਮੁੜਕੇ, ਤੁਹਾਨੂੰ ਫੇਰ ਅੰਨ੍ਹੀ ਤੇਜ਼ ਰਫਤਾਰੀ ਸਿਖਾਵੇਗੀ, ਲੁਭਾਵੇਗੀ, ਡਰਾਵੇਗੀ । ਅਸੀਂ ਮੰਡੀ ਦੇ ਸਾਊ ਪੁੱਤ ਸਾਂ ਹੁਣ ਤੱਕ ਸਮਾਂ ਸੋਚਣ ਦਾ ਹੈ, ਧਰਤੀ ਦੇ ਧੀਉ ਪੁੱਤਰੋ ਅਨੇਕਾਂ ਮੌਤ ਮੂੰਹੀ ਤੁਰ ਗਿਆਂ ਦੇ ਦਰਦਮੰਦੋ, ਅਸਾਡੇ ਆਪਣੇਂ ਜੀਵਨ ਦਾ ਮਾਲਕ ਕੌਣ ਹੋਵੇਗਾ? ਅਸੀਂ ਕੁਕਨੂਸ ਵਾਂਗਰ ਆਪਣੀ ਹੀ ਰਾਖ ‘ਚੋਂ ਸੁਰਜੀਤ ਹੋਵਾਂਗੇ? ਅਸੀਂ ਕੀ ਆਪਣੇ ਵਿੱਚੋਂ ਨਵਾਂ ਇਨਸਾਨ ਸਿਰਜਾਗੇਂ? ਉਸੇ ਇਨਸਾਨ ਵਿੱਚੋਂ ਆਪਣਾਂ ਭਗਵਾਨ ਸਿਰਜਾਗੇਂ? ਸਮਾਂ ਸੋਚਣ ਦਾ ਹੈ।

ਹੋ ਰਿਹਾ ਹੈ

ਇਵੇਂ ਹੋ ਰਿਹਾ ਹੈ ਉਵੇਂ ਹੋ ਰਿਹਾ ਹੈ ਭਲਾ ਹੋ ਰਿਹਾ ਹੈ ਬੁਰਾ ਹੋ ਰਿਹਾ ਹੈ ਕੋਈ ਦੇ ਰਿਹਾ ਹੈ ਕੋਈ ਖੋਹ ਰਿਹਾ ਹੈ ਕੋਈ ਹੱਸਦਾ ਹੈ ਕੋਈ ਰੋ ਰਿਹਾ ਹੈ ਗ਼ਨੀਮਤ ਇਹੋ ਹੈ ਕਿ ਨਾ ਹੋਣ ਨਾਲੋਂ ਚਲੋ ਕੁਝ ਨਾ ਕੁਝ ਦੋਸਤੋ ਹੋ ਰਿਹਾ ਹੈ ਕਿਤੇ ਕੰਜਕਾਂ ਦੀ ਖ਼ੁਸ਼ੀ ਵਿਕ ਰਹੀ ਹੈ ਚੁਰਾਹੇ ਤੇ ਹਾਲੇ ਵੀ ਔਰਤ ਖੜੀ ਹੈ ਕਿਸੇ ਹੱਥ ਮਹਿੰਦੀ ’ਚੋਂ ਅੱਗ ਸਿੰਮਦੀ ਹੈ ਕਿਸੇ ਅੱਖ ਸੁਰਮੇ ਦੀ ਰੂਹ ਭਟਕਦੀ ਹੈ ਹਾਂ ਫਿਰ ਵੀ ਸ਼ੁਕਰ ਹੈ ਕਿ ਘੁੱਪ ਹਨੇਰ ਅੰਦਰ ਨਵੇਂ ਸੂਰਜਾਂ ਦੀ ਉਦੈ ਹੋ ਰਿਹਾ ਹੈ ਗ਼ਨੀਮਤ ਇਹੋ ਹੈ ਕਿ ਨਾ ਹੋਣ ਨਾਲੋਂ ਚਲੋ ਕੁਝ ਨਾ ਕੁਝ ਦੋਸਤੋ ਹੋ ਰਿਹਾ ਹੈ ਕਿਤੇ ਕਿਤੇ ਗ਼ਮ ਹਾਲੇ ਹਾਸੇ ਤੇ ਭਾਰੀ ਹੈ ਪੰਡ ਪੀੜ ਵਾਲੀ ਦਿਲਾਸੇ ਤੇ ਭਾਰੀ ਤ੍ਰੇਹ ਜ਼ਿੰਦਗੀ ਦੀ ਪਿਆਸੇ ਤੇ ਭਾਰੀ ਕਿਤੇ ਦਾਨ ਹੈ ਸਾਡੇ ਕਾਸੇ ਤੇ ਭਾਰੀ ਕਿਤੇ ਕਿਤੇ ਖੁਸ਼ੀਆਂ ਦੇ ਬੂਟੇ ਵੀ ਉਗਦੇ ਕਿਸੇ ਦੇ ਜ਼ਖ਼ਮ ਨੂੰ ਕੋਈ ਧੋ ਰਿਹਾ ਹੈ ਗ਼ਨੀਮਤ ਇਹੋ ਹੈ ਕਿ ਨਾ ਹੋਣ ਨਾਲੋਂ ਚਲੋ ਕੁਝ ਨਾ ਕੁਝ ਦੋਸਤੋ ਹੋ ਰਿਹਾ ਹੈ ਕਿਤੇ ਖੂਨ ਦਾ ਰੰਗ ਪਾਣੀ ਜਿਹਾ ਹੈ ਕਿਤੇ ਪਾਣੀਆਂ ਵਿੱਚ ਲਹੂ ਘੁਲ ਰਿਹਾ ਹੈ ਕੋਈ ਕਤਲਗਾਹ ਵਿੱਚ ਨੱਚਦਾ ਪਿਆ ਹੈ ਕੋਈ ਮੌਤ ਸਾਹਵੇਂ ਵੀ ਹੱਸਦਾ ਪਿਆ ਹੈ ਕੋਈ ਜਾਨ ਦੇ ਕੇ ਵੀ ਜਿਉਂਦਾ ਸਦੀਵੀ ਕੋਈ ਕਤਲ਼ ਕਰਕੇ ਕਤਲ਼ ਹੋ ਰਿਹਾ ਹੈ ਗ਼ਨੀਮਤ ਇਹੋ ਹੈ ਕਿ ਨਾ ਹੋਣ ਨਾਲੋਂ ਚਲੋ ਕੁਝ ਨਾ ਕੁਝ ਦੋਸਤੋ ਹੋ ਰਿਹਾ ਹੈ ਕੋਈ ਟੁੱਟ ਰਿਹਾ ਹੈ ਕੋਈ ਜੁੜ ਰਿਹਾ ਹੈ ਕੋਈ ਤਰ ਰਿਹਾ ਹੈ ਕੋਈ ਡੁੱਬ ਰਿਹਾ ਹੈ ਇਹ ਧਰਮਾਂ ਦਾ ਖੰਜ਼ਰ ਜ਼ਹਿਰ ਨਾਲ ਭਰਿਆ ਮਨੁੱਖਤਾ ਦੇ ਸੀਨੇ ’ਚ ਨਿੱਤ ਚੁੱਭ ਰਿਹਾ ਹੈ ਕਿਤੇ ਫਿਰ ਵੀ ਆਸ਼ਾ ਦੀ ਲੋਅ ਹੱਸਦੀ ਹੈ ਸ਼ੁਰੂ ਬਾਣੀਆਂ ਦਾ ਅਸਰ ਹੋ ਰਿਹਾ ਹੈ ਗ਼ਨੀਮਤ ਇਹੋ ਹੈ ਕਿ ਨਾ ਹੋਣ ਨਾਲੋਂ ਚਲੋ ਕੁਝ ਨਾ ਕੁਝ ਦੋਸਤੇ ਹੋ ਰਿਹਾ ਹੈ ਕਈ ਫੁੱਲ ਖੁਸ਼ਬੂ ਤੋਂ ਮੁਨਕਰ ਪਏ ਨੇ ਬਗ਼ੀਚੇ ਬਹਾਰਾਂ ਤੋਂ ਰੁੱਸੇ ਪਏ ਨੇ ਕਿਤੇ ਤਿਤਲੀਆਂ ਪੌਣ ਤੋਂ ਡਰਦੀਆਂ ਨੇ ਤੇ ਰੰਗਾਂ ਤੋਂ ਲੁਕ ਕੇ ਰੁਦਨ ਕਰਦੀਆਂ ਨੇ ਹਾਂ ਫਿਰ ਵੀ ਔਹ ਅੰਬਰ ਤੇ ਇੱਕ ਚਾਂਦ ਬੈਠਾ ਕਲੀਆਂ ਦੇ ਦਿਲ ਤੇ ਇਤਰ ਚੋ ਰਿਹਾ ਹੈ ਗ਼ਨੀਮਤ ਇਹੋ ਹੈ ਕਿ ਨਾ ਹੋਣ ਨਾਲੋਂ ਚਲੋ ਕੁਝ ਨਾ ਕੁਝ ਦੋਸਤੋ ਹੋ ਰਿਹਾ ਹੈ ।

ਦਿੱਲੀ

ਉਹੀਉ ਦਿੱਲੀ ਤੇ ਉਹੀਉ ਸੁਭਾ ਏਹਦਾ ਉਦਾਂ ਈ ਕਹਿਰ ਗੁਜ਼ਾਰਨ ਤੇ ਅੜੀ ਹੋਈ ਏ ਅਣਖ ਇੱਜ਼ਤ ਹਰ ਕੌਮ ਦੀ ਰੋਲ਼ ਕੇ ਤੇ ਸਭ ਨੂੰ ਜਿਉਂਦਿਆਂ ਮਾਰਨ ਤੇ ਅੜੀ ਹੋਈ ਏ ਜੰਝੂ, ਪੱਗਾਂ ਨੂੰ ਕਦੇ ਜ਼ਲੀਲ ਕਰਕੇ ਅੱਜ ਬੁਰਕੇ ਉਤਾਰਨ ਤੇ ਅੜੀ ਹੋਈ ਏ ਕੀਹਨੂੰ ਪਤਾ ਹੈ ਦੇਸ਼ ਚੋਂ ਕੀ ਘਟਿਆ ਕੀਹਨੂੰ ਪਤਾ ਹੈ ਕਿੰਨੇ ਨਿਰਾਸ਼ ਮਰ ਗਏ ਕੀਹਦੀ ਗੋਦੜੀ ‘ਚੋਂ ਮੁੱਕੇ ਲਾਲ ਕਿੰਨੇ ਕਿੰਨੇ ਰਿਸ਼ਤੇ ਤੇ ਕਿੰਨੇ ਵਿਸ਼ਵਾਸ਼ ਮਰ ਗਏ ਕਿੰਨਾ ਸਾਹਿਤ, ਸੰਗੀਤ ਤੇ ਅਦਬ ਮੋਇਆ ਕਈ ਗ਼ਾਲਿਬ ਤੇ ਕਈ ਇਕਬਾਲ ਮਰ ਗਏ ਝੱਖੜ ਵਿੱਚ ਕਿੰਨੇ ਦੀਵੇ ਗੁੱਲ ਹੋ ਗਏ ਸਾਡੀ ਪੀੜ ਦੇ ਕਿੰਨੇ ਭਿਆਲ ਮਰ ਗਏ ਦਿੱਲੀ ਵਾਲਿਉ ਕਾਗਜ਼ੀ ਦੇਸ਼ ਭਗਤੋ ਕੀ ਕਰ ਰਹੇ ਹੋ ਕੀ ਦਿਖਾ ਰਿਹੇ ਹੋ ਅੱਗ ਲਾ ਕੇ ਆਪੇ ਹੀ ਦੇਸ਼ ਅੰਦਰ ਪਾਣੀ ਦੱਸਦੇ ਹੋ, ਤੇਲ ਪਾ ਰਹੇ ਹੋ ਚੁਣਵੇਂ ਨਾਵਾਂ ਦੀ ਬਸਤੀ ਤਲਾਸ਼ ਕਰਕੇ ਚੁਣਵੀਂ ਨਸਲ ਕਾਹਤੋਂ ਖਾਈ ਜਾ ਰਹੇ ਹੋ ਬਚਿਆ ਬਸਤੀ ਚੋਂ ਇੱਕੋ ਗਭਰੇਟ ਜਿਉਂਦਾ ਉਹਨੂੰ ਮੋਇਆਂ ਦਾ ਕਾਤਿਲ ਠਹਿਰਾ ਰਹੇ ਹੋ ਰੁਲੀਆ ਥਾਂ ਥਾਂ ਨੰਗੀਆਂ ਬੇਕਫ਼ਨ ਲਾਸ਼ਾਂ ਹਰ ਇੱਕ ਗਲੀ ਬਾਜ਼ਾਰ ਦੇ ਬੰਨ੍ਹਿਆਂ ਤੇ ਮੇਰੇ ਆਪਣੇਂ ਹੀ ਦੇਸ਼ ਦੇ ਦੇਸ਼ ਭਗਤਾਂ ਕਾਲਖ਼ ਮਲ਼ੀ ਇਤਿਹਾਸ ਦੇ ਪੰਨਿਆਂ ਤੇ ਆਪਣੇਂ ਵਤਨ ਦੇ ਵਿੱਚ ਬੇਵਤਨ ਹੋ ਕੇ ਲੁੱਟੇ ਜਾ ਰਹੇ ਹਾਂ ਲੋਕ ਰਾਜ ਅੰਦਰ ਨਿੱਤ ਦੇਸ਼ ਧ੍ਰੋਹ ਦੇ ਲਾ ਤਮਗ਼ੇ ਭੰਡਿਆ ਜਾ ਰਿਹੈ ਪੂਰੇ ਸਮਾਜ ਅੰਦਰ

ਤੇਗ ਤੇ ਤਿਆਗ

(ਨੌਂਵੀ ਪਾਤਸ਼ਾਹੀ) ਇਹ ਤਿਆਗ ਦਾ ਕਰਿਸ਼ਮਾ ਇਹ ਤੇਗ ਦੀ ਕਹਾਣੀ ਹੋਈ ਨਹੀਂ ਹੋਣੀ ਹੋਈ ਨਹੀਂ ਪੁਰਾਣੀ ਇੱਕ ਅੱਗ ਦੀ ਨਦੀ ਨੂੰ ਡੁੱਬ ਡੁੱਬ ਕੇ ਪਾਰ ਕੀਤਾ ਧੌਣਾਂ ਨੇ ਆਪ ਚੜ੍ਹਕੇ ਤੇਗਾਂ ’ਤੇ ਵਾਰ ਕੀਤਾ ਕਿੰਨਾ ਤਿਆਗ ਸੀ ਉਸ ਯੋਧੇ ਮਹਾਨ ਅੰਦਰ ਉਸ ਮਿਹਰਬਾਨ ਅੰਦਰ ਕਰੁਣਾ ਨਿਧਾਨ ਅੰਦਰ ਇੱਕ ਸੀਸ ਮੰਗਿਆ ਸੀ ਸਹਿਮੀ ਜ਼ੁਬਾਨ ਅੰਦਰ ਦਾਨੀ ਨੇ ਹੱਦ ਕੀਤੀ ਸਰਬੰਸ ਦਾਨ ਅੰਦਰ ਇੱਕ ਚੌਂਕ ਚਾਂਨਣੀ ਹੈ ਪੁੱਤਰ ਹਨੇਰਿਆਂ ਦਾ ਬੈਠਾ ਅਡੋਲ ਆਸ਼ਕ ਬਾਪੂ ਸਵੇਰਿਆਂ ਦਾ ਗੱਜਦਾ ਜੱਲਾਦ ਆਇਆ ਭੜਥੂ ਜਿਹਾ ਮਚਾਇਆ ਚਾਨਣ ਦੇ ਚਸ਼ਮਿਆਂ ਨੂੰ ਨ੍ਹੇਰਾ ਡਰਾਉਣ ਆਇਆ ਤਲਵਾਰ ਜਦ ਉੱਠਾਈ ਹੈ ਨਜ਼ਰ ਜਦ ਮਿਲਾਈ ਉੱਚੀ ਆਵਾਜ਼ ਆਈ ਮੌਲ਼ਾ ਮੇਰੀ ਦੁਹਾਈ ਮੈਨੂੰ ਖੁਦਾ ਦਾ ਜਲਵਾ ਹਾਜ਼ਰ ਹਜ਼ੂਰ ਦਿਖਿਆ ਬੰਦੇ ਦੀ ਅੱਖ਼ ਵਿੱਚੋਂ ਅੱਲ੍ਹਾ ਦਾ ਨੂਰ ਦਿਸਿਆ ਹੈਰਾਨ ਹੋ ਰਿਹਾ ਹੈ ਹਟ ਕੇ ਖਲੋ ਰਿਹਾ ਹੈ ਗੁਰੂਦੇਵ ਹੱਸਦੇ ਨੇ ਜੱਲਾਦ ਰੋ ਰਿਹਾ ਹੈ ਸਿਰ ਕਿਤੇ ਪੁੱਜਿਆ ਹੈ ਧੜ ਕਿਤੇ ਪੁੱਜਿਆ ਹੈ ਕੋਈ ਕਤਲ਼ ਕਰ ਰਿਹਾ ਹੈ ਜਾਂ ਕਤਲ਼ ਹੋ ਰਿਹਾ ਹੈ

ਯੋਧਾ ਤੇ ਘੋੜਾ

ਘੋੜਾ, ਸਵਾਰ ਯੋਧੇ ਨਾਲ ਸਰਪਟ ਦੌੜਦਾ ਮੈਦਾਨੇ ਜੰਗ ਵੱਲ ਯੋਧਾ ਸ਼ਸਤਰ ਵਾਹੰਦਾ ਆਹੂ ਲਾਹੁੰਦਾ , ਘੋੜਾ ਯੋਧੇ ਵੱਲ ਆਉਂਦੇ ਵਾਰ ਆਪਣੇਂ ਉੱਤੇ ਲੈਂਦਾ ਦੋਨੋਂ ਜੰਗ ਲੜਦੇ ਆਪੋ ਆਪਣੀ ਦੋਵੇਂ ਜ਼ਖ਼ਮੀ ਹੁੰਦੇ ਜੰਗਬੰਦੀ ਹੁੰਦੀ ਯੋਧੇ ਦਾ ਉਪਚਾਰ ਹੁੰਦਾ ਨੌਂ ਬਰ ਨੌਂ ਹੁੰਦਾ ਜ਼ਖ਼ਮੀ ਘੋੜਾ ਮੈਦਾਨੇ ਜੰਗ ਵਿੱਚ ਅਣਗ਼ੋਲਿਆ ਮਰ ਜਾਂਦਾ ਯੋਧਾ ਜ਼ਿੰਦਾ ਸ਼ਹੀਦ ਅਖਵਾਉਂਦਾ ਇਤਿਹਾਸ ਵਿੱਚ ਸ਼ਹੀਦ ਘੋੜਾ, ਗਵਾਚ ਜਾਂਦਾ, ਇਤਿਹਾਸ ਵਿੱਚੋਂ

ਰੱਬ

ਰੱਬ ਇੱਕ ਨਹੀਂ ਹੁੰਦਾ ਦੋ ਹੁੰਦੇ ਹਨ ਵੱਡਾ, ਛੋਟਾ। ਵੱਡਾ ਰੱਬ, ਨੂਰੋ ਨੂਰ, ਅਕਾਲ ਮੂਰਤ, ਆਦਿ ਸੱਚ, ਇਲਾਹੀ ਜੋਤ। ਹਰ ਬੰਦਾ, ਹਰ ਜੀਅ ਇਲਾਹੀ ਜੋਤ ਵਿੱਚੋਂ ਉਪਜਦਾ ਜੋਤ ਸਰੂਪ ਹੁੰਦਾ। ਹਰ ਬੰਦਾ ਛੋਟਾ ਰੱਬ ਹੁੰਦਾ। ਅਸੀਂ ਸਭ, ਛੋਟੇ ਛੋਟੇ ਰੱਬ।

ਕਾਫ਼ਰ ਹੋਣ ਲੱਗਾਂ

ਸਦੀਵੀ ਆਫਤਾਂ ਦੇ ਦੌਰ ਅੰਦਰ ਤੇਰਾ ਬੰਦਾ ਮੈਂ ਕਾਫ਼ਰ ਹੋਣ ਲੱਗਾਂ ਕਿ ਜਿਹੜਾ ਧੌਲ਼ ਧਰਤੀ ਚੁੱਕਦਾ ਹੈ ਉਦ੍ਹੀ ਹਸਤੀ ਤੋਂ ਮੁਨਕਰ ਹੋਣ ਲੱਗਾਂ ਜੋ ਆਪਣੇ ਮੂਲ ਨੂੰ ਪਹਿਚਾਨਦਾ ਹੈ ਜੋ ਖ਼ੁਦ ਨੂੰ ਜੋਤ ਵਰਗਾ ਜਾਣਦਾ ਹੈ ਇੰਨਾ ਪੱਥਰ ਦਿਆਂ ਰੱਬਾਂ ਤੋਂ ਬਚਕੇ ਮੈ ਉਸ ਬੰਦੇ ਬਰਾਬਰ ਹੋਣ ਲੱਗਾਂ ਕੋਈ ਮਜ੍ਹਬ ਮੇਰੀ ਬੰਦਿਸ਼ ਨਹੀਂ ਹੈ ਕੋਈ ਭਾਸ਼ਾ ਮੇਰੀ ਸੀਮਾਂ ਨਹੀਂ ਹੈ ਲਿਖੀ ਹੋਈ ਹੈ ਜੋ ਪੌਣਾਂ ਦੇ ਉੱਤੇ ਮੈਂ ਉਸ ਭਾਸ਼ਾ ਦਾ ਅੱਖਰ ਹੋਣ ਲੱਗਾਂ ਤੇਰੇ ਕਾਰੇ ਤੇਰਾ ਕਿਰਦਾਰ ਤੱਕ ਨੇ ਛਲਾਵੇ ਦਾ ਇਹ ਸਭਿਆਚਾਰ ਤੱਕ ਕੇ ਤੇਰੀ ਮੰਡੀ ਦਾ ਸਾਊ ਗਾਹਕ ਸਾਂ ਮੈਂ ਲੈ ਹੁਣ ਧਰਤੀ ਦਾ ਪੁੱਤਰ ਹੋਣ ਲੱਗਾਂ ਅਧੂਰੀ ਆਸ ਉੱਤੇ ਜੀਅ ਰਹੇ ਸਾਂ ਕਿ ਅੰਧ ਵਿਸ਼ਵਾਸ ਉੱਤੇ ਜੀਅ ਰਹੇ ਸਾਂ ਤੁਸੀਂ ਅਸਮਾਨ ਤੋਂ ਰਹਿਮਤ ਉਡੀਕੋ ਮੈਂ ਹੁਣ ਆਪੇ ’ਤੇ ਨਿਰਭਰ ਹੋਣ ਲੱਗਾਂ ਤੇਰੀ ਕਰਨੀ ਤੇਰਾ ਕਿਰਦਾਰ ਝੂਠਾ ਡਰਾਵੇ ਦਾ ਇਹ ਸੱਭਿਆਚਾਰ ਝੂਠਾ ਮੇਰੇ ਖ਼ਾਤਰ ਤੁਸਾਂ ਜਾਰੀ ਜੋ ਕੀਤੈ ਹੁਕਮਨਾਮੇ ਤੋਂ ਨਾਬਰ ਹੋਣ ਲੱਗਾਂ ਕਦੇ ਸੀਮਾਂ ਤੋਂ ਬਾਹਰ ਪਸਰਦਾ ਸਾਂ ਕਦੇ ਬਿੰਦੂ ਦੇ ਅੰਦਰ ਸਿਮਟਦਾ ਸਾਂ ਸਮਾਂ ਰਹਿੰਦੇ ਹੀ ਵਾਪਸ ਪਰਤ ਆਇਆਂ ਮੈਂ ਹੁਣ ਮੁੜਕੇ ਕਵਿੰਦਰ ਹੋਣ ਲੱਗਾਂ

ਜੀਅ ਕਰਦੈ

ਉਦਾਸੇ ਮੌਸਮਾਂ ਅੰਦਰ ਮੇਰਾ ਹੱਸਣ ਨੂੰ ਜੀਅ ਕਰਦੈ ਗਮਾਂ ਦੀ ਪੰਡ ਤੇ ਖੜ੍ਹਕੇ ਮੇਰਾ ਨੱਚਣ ਨੂੰ ਜੀਅ ਕਰਦੈ ਮੈਂ ਕਿੱਦਾਂ ਪੱਤਿਆਂ ਦੀ ਤਾਲ ਉੱਤੇ ਨੱਚ ਲੈਂਦਾ ਹਾਂ ਜ਼ਰਾ ਹੌਲੀ ਜਹੇ ਪੁੱਛੋ ਮੇਰਾ ਦੱਸਣ ਨੂੰ ਜੀਅ ਕਰਦੈ ਕਦੇ ਵੀ ਮਰ ਗਿਆਂ ਦੇ ਨਾਲ ਮਰਿਆ ਤਾਂ ਨਹੀਂ ਜਾਂਦਾ ਸਿਵੇ ਦੇ ਕੋਲ ਥੋੜਾ ਵਕਤ ਤਾਂ ਕੱਟਣ ਨੂੰ ਜੀਅ ਕਰਦੈ ਮੇਰੇ ਬੱਚਿਆਂ ਦੇ ਬੱਚਿਆਂ ’ਚੋਂ ਮੈਂ ਆਪਾ ਤੱਕ ਲੈਂਦਾ ਹਾਂ ਪਿਤਾ, ਉਸਦੇ ਪਿਤਾ ਨੂੰ ਵੀ ਮੇਰਾ ਤੱਕਣ ਨੂੰ ਜੀਅ ਕਰਦੈ ਤੁਸੀਂ ਮਸ਼ਹੂਰੀਆਂ ਵਿੱਚ ਆਪਣਾ ਆਪਾ ਗਵਾ ਆਏ ਮੇਰਾ ਗੁੰਮਨਾਮੀਆਂ ’ਚੋਂ ਨਾਮਣਾ ਖੱਟਣ ਨੂੰ ਜੀਅ ਕਰਦੈ ਜ਼ਮਾਨੇ ਭਰ ਦਿਆਂ ਸਾਕਾਂ ਤੋਂ ਇੱਕਦਮ ਸੁਰਖ਼ਰੂ ਹੋ ਕੇ ਕਵਿੰਦਰ ਨਾਲ ਬਾਕੀ ਦੀ ਉਮਰ ਵੱਸਣ ਨੂੰ ਜੀਅ ਕਰਦੈ ਕਦੇ ਤਾਂ ਸੋਚਦਾਂ ਕਿ ਵੰਡ ਦੇਵਾਂ ਆਪਣਾ ਸਭ ਕੁਝ ਕਦੇ ਮੁੱਠੀ ’ਚ ਪੂਰਾ ਕਹਿਕਸ਼ਾਂ ਘੁੱਟਣ ਨੂੰ ਜੀਅ ਕਰਦੈ

ਭੀੜ

ਭੀੜ ਵਿੱਚ ਦੀ ਨਜ਼ਰ ਪਾਰ ਗੁਜ਼ਰ ਜਾਂਦੀ ਹੈ ਇੱਕ ਚਿਹਰੇ ਤੇ ਅਟਕਦੀ ਹੈ ਠਹਿਰ ਜਾਂਦੀ ਹੈ ਜੇ ਤਵਾਇਫ ਵੀ ਹੈ ਔਰਤ ਤਾਂ ਉਹ ਔਰਤ ਲੋਕੋ ਦਿਨ ’ਚ ਜਿਉਂਦੀ ਹੈ ਅਤੇ ਰਾਤ ਨੂੰ ਮਰ ਜਾਂਦੀ ਹੈ ਫੈਲ਼ ਸਕਦੀ ਹੈ ਇਹ ਦੁਨੀਆਂ ਦੇ ਹਰਿੱਕ ਕੋਨੇ ਤੱਕ ਇੱਕ ਪਗਡੰਡੀ ਜੋ ਪਿੰਡਾਂ ਤੋਂ ਸ਼ਹਿਰ ਜਾਂਦੀ ਹੈ ਜਿਉਂਦਿਆਂ ਜੀ ਜਿਹੜਾ ਤਰਦੈ ਉਹੀ ਤਾਰੂ ਹੁੰਦੈ ਮਰਨ ਪਿੱਛੋਂ ਤਾਂ ਹਰਿੱਕ ਲਾਸ਼ ਵੀ ਤਰ ਜਾਂਦੀ ਹੈ ਮੈਂ ਸਦਾ ਸੱਚ ਨੂੰ ਸੱਚ ਕਹਿਣ ਦੀ ਜ਼ੁਅਰਤ ਕੀਤੀ ਚਾਂਦ ਦੁਨੀਆਂ ਹੈ ਕਿ ਸੱਚ ਸੁਣਨੋਂ ਵੀ ਡਰ ਜਾਂਦੀਂ ਹੈ।

ਮੁੜ ਕੇ ਆਵੀਂ

ਮੁੜ ਕੇ ਆਵੀਂ ਤੂੰ ਸ਼ਹਿਰ ਮੇਰੇ ਵਿੱਚ ਏਦਾਂ ਅੜਿਆ ਖਫ਼ਾ ਨਹੀਂ ਹੁੰਦੇ ਲੋਕ ਹੁੰਦੇ ਨੇ ਬੇਵਫ਼ਾ ਮੰਨਿਆਂ ਸ਼ਹਿਰ ਤਾਂ ਬੇਵਫ਼ਾ ਨਹੀਂ ਹੁੰਦੇ ਰੱਬ ਕਹਿੰਦਾ ਸਾਂ ਮੈਂ ਸਦਾ ਤੈਨੂੰ ਮੇਰੀ ਸ਼ਰਧਾ ਮੇਰੀ ਅਕੀਦਤ ਸੀ ਉਂਝ ਤਾਂ ਤੂੰ ਵੀ ਜਾਣਦਾ ਹੋਣੈਂ ਬੰਦੇ ਹਰਗਿਜ਼ ਖ਼ੁਦਾ ਨਹੀਂ ਹੁੰਦੇ ਮੇਰਾ ਘਰ ਇੰਤਜ਼ਾਰ ਕਰਦਾ ਹੈ ਨਾਲੇ ਰੁਸਵਾਈਆਂ ਤੋਂ ਡਰਦਾ ਹੈ ਪਲਕਾਂ ਵਿੱਛੀਆਂ ਨੂੰ ਵੇਖਦਾ ਆਵੀਂ ਰੋਜ਼ ਦੀਵੇ ਜਗਾ ਨਹੀਂ ਹੁੰਦੇ ਦੇਖਦੀ ਹਾਂ ਜਦ ਕਦੇ ਸ਼ੀਸ਼ਾ ਮੈਨੂੰ ਦਿਖਦਾ ਹੈ ਬਸ ਤੂੰ ਹੀ ਤੂੰ ਨਕਸ਼ ਤੇਰੇ ਨੇ ਮੇਰੇ ਚਿਹਰੇ ’ਤੇ ਮੈਥੋਂ ਅੜਿਆ ਲੁਕਾ ਨਹੀਂ ਹੁੰਦੇ ਤੇਰੀ ਖੁਸ਼ਬੂ ਤੇਰੇ ਖਿਆਲ ਲਈ ਦਿਲ ਦੀ ਸਾਰੀ ਜ਼ਮੀਨ ਹਾਜ਼ਰ ਹੈ ਬਸ ਮੌਸਮ ਦਾ ਤੂੰ ਖਿਆਲ ਕਰੀਂ ਫੁੱਲ ਉੱਦਾਂ ਉਗਾ ਨਹੀਂ ਹੁੰਦੇ ਪਾਣੀ ਉੱਤੇ ਲਿਖੇ ਜੋ ਹੋਂਠਾ ਨਾਲ ਪੌਣ ਉੱਤੇ ਲਿਖੇ ਜੋ ਨਜ਼ਰਾਂ ਨਾਲ ਸਾਰੇ ਖ਼ਤ ਪੜ੍ਹ ਕੇ ਸੁਰਖ਼ਰੂ ਕਰਦੇ ਹੁਣ ਇਹ ਮੈਂਥੋਂ ਛੁਪਾ ਨਹੀਂ ਹੁੰਦੇ

ਊੜੇ ਦੇ ਜਾਏ

ਅਸੀਂ ਓਂਕਾਰ ਦੇ ਬੱਚੇ ਅਸੀਂ ਊੜੇ ਦੇ ਜਾਏ ਹਾਂ ਅਸੀਂ ਪੈਂਤੀ ਦਾ ਛੱਟਾ ਦੇਣ ਇਸ ਦੁਨੀਆਂ ਤੇ ਆਏ ਹਾਂ ਅਸੀਂ ਖਾਰੇ ਸਮੁੰਦਰਾਂ ਨੂੰ ਕਰਾਂਗੇ ਇੱਕ ਦਿਨ ਮਿੱਠਾ ਅਸੀਂ ਪੰਜ ਆਬ ਦੇ ਪਾਣੀ ਚੋਂ ਗਾਗਰ ਭਰ ਲਿਆਏ ਹਾਂ ਅਸੀਂ ਦੁਨੀਆਂ ਦੇ ਹਰ ਕੋਨੇ ’ਚ ਖਿਲਰੇ ਗੁਰਮੁਖੀ ਵਾਂਗੂੰ ਅਸੀਂ ਉੱਗੇ ਕਣਕ ਵਾਂਗੂੰ ਤੇ ਹੁਣ ਨਿਸਰਨ ’ਤੇ ਆਏ ਹਾਂ ਅਸੀ ਪੰਜਾਬ ਦੇ ਪੁੱਤਰ ਹਾਂ ਵਗਦੇ ਪਾਣੀਆਂ ਵਰਗੇ ਗੁਰੂ ਪੌਣਾਂ ਨੂੰ ਮੰਨਦੇ ਹਾਂ ਤੇ ਮਾਂ ਮਿੱਟੀ ਦੇ ਜਾਏ ਹਾਂ ਤੁਸੀਂ ਸਭ ਜਾਣਦੇ ਹੋ ਪਰ ਕਦੇ ਨਾਨਕ ਨੂੰ ਪੜ੍ਹਿਆ ਹੈ? ਕਵੀ ਕਿਰਸਾਨ ਕਿਰਤੀ ਦਾ ਸੁਨੇਹਾ ਲੈ ਕੇ ਆਏ ਹਾਂ ਅਸੀਂ ਹੱਥਾਂ ਦੇ ਅੱਟਣ ਪਰਖੀਏ ਨਾ ਕਿ ਲਕੀਰਾਂ ਨੂੰ ਅਸੀਂ ਕਿਸਮਤ ਦੇ ਘਾੜ੍ਹੇ ਹਾਂ ਤੇ ਕਿਰਤਾਂ ਦੇ ਬਣਾਏ ਹਾਂ

ਦੋਹੇ

ਬੀਜ ਜ਼ਹਿਰ ਦੇ ਬੀਜਦਾ ਮੰਡੀ ਸਭਿਆਚਾਰ ਆਪਾਂ ਕਰੀਏ ਫੇਰ ਵੀ ਮਹਿਕਾਂ ਦਾ ਵਿਸਥਾਰ ਪੌਣਾਂ ਲੈ ਕੇ ਪੁੱਜੀਆਂ ਭੁੱਲੀ ਵਿੱਸਰੀ ਯਾਦ ਚੁੱਪ ਚੁੱਪੀਤੇ ਹੋ ਗਏ ਰੂਹਾਂ ਦੇ ਸੰਵਾਦ ਵੇ ਪਰਦੇਸੀ ਪੁੱਤਰੋ ਸੁਣਦੇ ਜਾਇਓ ਆਪ ਉੱਤੋਂ ਉੱਤੋਂ ਹੱਸਦੀਆਂ ਮਾਵਾਂ ਦੇ ਵਿਰਲਾਪ ਹੁੰਦੀ ਹੁੰਦੀ ਰਹਿ ਗਈ ਇੱਜ਼ਤ ਤਾਰੋ ਤਾਰ ਅੱਖ ਦਾ ਪਰਦਾ ਅੜ੍ਹ ਗਿਆ ਸੀ ਦੋਹਾਂ ਵਿਚਕਾਰ ਰੱਬ ਦੀ ਮੂਰਤ ਘੜ੍ਹ ਰਹੇ ਅੱਡੋ ਅੱਡ ਇਨਸਾਨ ਆਪਣੀ ਸ਼ਕਲ ਸਿਆਣਦਾ ਫਿਰਦਾ ਹੈ ਭਗਵਾਨ ਰੰਗ ਵਿਹੂਣੀਂ ਜ਼ਿੰਦਗੀ ਭਰੀਏ ਰੰਗਾਂ ਨਾਲ ਆਉ ਫੜ੍ਹੀਏ ਤਿਤਲੀਆਂ ਰਲਕੇ ਬੱਚਿਆਂ ਨਾਲ ਧਰਤ ਰਹੂ ਹਰਿਆਵਲੀ ਵਗਦੇ ਰਹਿਣ ਨੀਰ ਜਦ ਤੱਕ ਆਉਂਦੇ ਰਹਿਣਗੇ ਸ਼ਾਇਰ ਅਤੇ ਫਕੀਰ ਪਾਣੀ ਨਾਲ ਨਾ ਬੁੱਝਣੀਂ ਨਾ ਬੁੱਝਣ ਦੀ ਆਸ ਸੋਚ ਰਿਹਾ ਹਾਂ ਪੀ ਲਵਾਂ ਆਪਣੇ ਮਨ ਦੀ ਪਿਆਸ ਯਾਰ ਡੋਬਕੇ ਤਰ ਗਿਆ ਜਿਸ ’ਤੇ ਸੀ ਵਿਸ਼ਵਾਸ਼ ਪਾਣੀ ਉੱਤੇ ਤਰ ਰਹੀ ਦੋਸਤੀਆਂ ਦੀ ਲਾਸ਼ ਇੱਕ ਘਰ ਰਹਿੰਦੇ ਦੋ ਜਣੇਂ ਵਿੱਚ ਹਊਮੈ ਦੀ ਪਾਲ ਮੇਰੀ ਮੈਂ ਨਾ ਮਿਲ ਸਕੀ ਕਦੇ ਕਵਿੰਦਰ ਨਾਲ ਪੜ੍ਹਨ ਬਾਦ ਜਦ ਪਾਠਕਾਂ ਚੁੰਮਿਆਂ ਫੁੱਲ ਸਮਾਨ ਪੁਸਤਕ ਮੇਰੀ ਲੈ ਗਈ ਸਾਰੇ ਹੀ ਸਨਮਾਨ ਨਾ ਹੀ ਗੀਤ ਲੁਭਾਉਦੇਂ ਨਾ ਕੋਈ ਹੀ ਕੋਈ ਸਾਜ਼ ਚੰਗੀ ਚੰਗ ਲੱਗਦੀ ਚੁੱਪ ਵਿਚਲੀ ਆਵਾਜ਼ ਅੰਦਰੋਂ ਬਾਹਰੋਂ ਇੱਕ ਹੀ ਹੋ ਚੱਲਿਆ ਹੈ ਹਾਲ ਆਖ਼ਰ ਮਿਲ਼ਣਾ ਆ ਗਿਆ ਮੈਨੂੰ ਮੇਰੇ ਨਾਲ ਦਾਨਵੀਰ ਇਸ ਸ਼ਹਿਰ ਦੇ ਦਿੰਦੇ ਰਿਜ਼ਕ ਦਵਾ ਨਿੱਕੇ ਨਿੱਕੇ ਬੱਚਿਆਂ ਹੱਥ ਠੂਠਾ ਦੇਣ ਫੜ੍ਹਾ ਰੱਬ ਚੜ੍ਹਾਵੇ ਵਿਹਦਿਆਂ ਕੀ ਕੀ ਰੱਖੇ ਯਾਦ ਬੁੱਲ੍ਹਾਂ ਉੱਤੇ ਠਰ ਗਈ ਮੰਗਤੀ ਦੀ ਫ਼ਰਿਆਦ

ਸ਼ਤਰੰਜ

ਦੁਨੀਆ ਇਹ ਸ਼ਤਰੰਜ ਦੀ ਬਿਸਾਤ ਅਸੀਂ ਸ਼ਾਤਰ ਖ਼ਿਡਾਰੀ ਅੱਡੋ ਅੱਡ ਦੇਸ਼ਾਂ ’ਚ ਰਾਜੇ ਤੇ ਵਜ਼ੀਰ ਆਪ ਸਜਾਉਦੇਂ ਹਾਂ ਅਸੀਂ ਤੁਸੀਂ ਤਾਂ ਬੱਸ ਪਿਆਦੇ ਹੋ ਸਾਊ ਪੁੱਤ ਸਾਡੇ ਅਸੀਂ ਹਾਂ ਦੇਖਦੇ ਦੁਨੀਆਂ ਦੀ ਖੇਡ ਕਿੰਝ ਚਲਾਉਣੀਂ ਅਸੀਂ ਇਹ ਵੀ ਦੇਖਦੇ ਕਿ ਤੁਸਾਂ ਕੀ ਦੇਖਣਾ ਖਾਣਾ ਜਾਂ ਸੋਚਣਾ ਤੁਹਾਨੂੰ ਕਾਮੁਕ ਫਿਲਮਾਂ ਦੇਖਣ ਵਿਲਾਸ ਭੋਗਣ ਤੇ ਨਸ਼ਿਆਂ ’ਚ ਗਲਤਾਨ ਰਹਿਣ ਦੀ ਇਜ਼ਾਜ਼ਤ ਹੈ ਸਭ ਮੁਹੱਈਆ ਕਰਾਂਗੇ ਅਸੀਂ ਸਾਡੇ ਵੱਲੋਂ ਤੈਅ ਕੀਤੇ ਮੈਚ ਦੇਖੋ ਸੱਟੇ ਲਾਓ ਜੂਏ ਖੇਡੋ ਵਾਅਦਾ ਕਰਦੇ ਹਾਂ ਅਸੀਂ ਸੋਚਣ ਦਾ ਸਮਾਂ, ਨਜ਼ਰੀਆ ਨਹੀਂ ਛੱਡਾਗੇ ਤੁਸਾਂ ਕੋਲ ਤੁਹਾਡੀ ਸਹੂਲਤ ਮੁਤਾਬਿਕ ਰੱਬ ਵੀ ਪੈਦਾ ਕਰਾਂਗੇ ਤੁਸੀ ਬੱਸ ਮੰਨਦੇ ਰਹੋ ਭਾਣਾ ਕਰਦੇ ਰਹੋ ਸ਼ੁਕਰਾਨਾ ਤੁਸੀਂ ਬੱਸ ਕਿਰਤ ਕਰੋ ਕਰਜ਼ੇ ਲਓ ਕਾਰਾਂ ਖਰੀਦੋ ਬੰਗਲੇ ਬਣਾਓ ਕਮਾਓ ਤੇ ਮੋੜਦੇ ਜਾਓ ਕਰਜ਼ਾ ਔਲਾਦ ਸਿਰ ਛੱਡ, ਕਮਾਉਂਦੇ ਕਮਾਉਂਦੇ ਮਰ ਜਾਓ ਇਹ ਵੀ ਅਸੀਂ ਹੀ ਦੇਖਾਂਗੇ ਕਿ ਤੁਸਾਂ ਕਿੰਝ ਤੇ ਕਦੋਂ ਮਰਨੈ? ਤੁਸੀਂ ਦਾ ਬੱਸ ਪਿਆਦੇ ਹੋ ਸਾਊ ਪੁੱਤ ਸਾਡੇ........

ਅੱਠ ਸਮੁੰਦਰ

ਸਾਇਰ ਲੋਕ ਫਰੇਜ਼ਰ ਵਰਗੇ ਲਗਦੇ ਨੇ ਡੂੰਘੇ ਪਾਣੀਂ ਉੱਤੇ ਦੀਵੇ ਜਗਦੇ ਨੇ ਲੇਖਕ ਵਗਦੇ ਰਹਿੰਦੇ ਨੇ ਦਰਿਆ ਵਾਂਗੂੰ ਪਰ ਖਤਰੇ ਦੇ ਚਿੰਨ੍ਹ ਤੋਂ ਉੱਪਰ ਵਗਦੇ ਨੇ ਆਪਣੀ ਅੱਖ ਦਾ ਤਾਰਾ ਟੁੱਟਾ ਹੋਇਆ ਹੈ ਸਬਦਾਂ ਅੰਦਰ ਲੱਖਾਂ ਸੂਰਜ ਦਗਦੇ ਨੇ ਹਰ ਇੱਕ ਬੰਦਾ ਲੇਖਕ ਨਹੀਂਉਂ ਹੋ ਸਕਦਾ ਇਹ ਦੀਵੇ ਤਾਂ ਬਾਰਾਂ ਕੋਹੀਂ ਜਗਦੇ ਨੇ ਇੱਕ ਕਵਿਤਾ ਨੂੰ ਸੁਣਦੇ ਨੇ ਬੱਸ ਲੇਖਕ ਹੀ ਇੱਕ ਕਵਿਤਾ ਬੋਲਣ ‘ਤੇ ਮੇਲੇ ਲਗਦੇ ਨੇ ਸੱਤ ਸਮੁੰਦਰ ਪਾਣੀ ਦੇ, ਇੱਕ ਸਬਦਾਂ ਦਾ ਦੁਨੀਆਂ ਅੰਦਰ ਅੱਠ ਸਮੁੰਦਰ ਵਗਦੇ ਨੇ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਕਵਿੰਦਰ ਚਾਂਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ