ਮੋਰ ਪੰਖ (ਗ਼ਜ਼ਲ-ਸੰਗ੍ਰਹਿ) - ਲੇਖ : ਡਾ. ਜਗਵਿੰਦਰ ਜੋਧਾ

ਗੁਰਭਜਨ ਗਿੱਲ ਨਵੀਂ ਪੰਜਾਬੀ ਕਵਿਤਾ ਦਾ ਬੜਾ ਸਮਰੱਥ ਨਾਂਅ ਹੈ। ਇਸ ਸਮਰੱਥਾ ਦਾ ਵਿਕਾਸ ਸਮਕਾਲੀ ਕਾਵਿ-ਸਿਰਜਣਾ ਦੀਆਂ ਰੀਤੀਆਂ ਦੀ ਡੂੰਘੀ ਵਾਕਫ਼ੀ ਵਿੱਚੋਂ ਹੋਇਆ ਹੈ। ਵਰਤਮਾਨ ਵਿਚ ਸਿਰਜਣਾ ਦਾ ਆਧਾਰ ਬਣੀਆਂ ਸਾਰੀਆਂ ਵਿਧਾਵਾਂ ਨੂੰ ਉਸ ਨੇ ਆਪਣੀ ਸਿਰਜਣਾ ਦਾ ਮਾਧਿਅਮ ਬਣਾਇਆ ਹੈ, ਪਰ ਪੰਜਾਬੀ ਕਵਿਤਾ ਦੀ ਇਤਿਹਾਸਕ ਪ੍ਰਗੀਤਕਤਾ ਗੁਰਭਜਨ ਗਿੱਲ ਦੀ ਕਵਿਤਾ ਦਾ ਕੇਂਦਰ ਬਿੰਦੂ ਰਹੀ ਹੈ। ਇਸੇ ਪ੍ਰਗੀਤਕਤਾ ਨੂੰ ਆਪਣੇ ਕਾਵਿ-ਵਸਤੂ ਨਾਲ ਸੰਜੋਗ ਕੇ ਉਹ ਆਪਣਾ ਪ੍ਰਵਚਨ ਉਸਾਰਦਾ ਹੈ। ਉਸ ਦੇ ਕਾਵਿ-ਪ੍ਰਵਚਨ ਵਿੱਚ ਇਸੇ ਪ੍ਰਗੀਤਕ ਉਚਾਰ ਨੂੰ ਅਗਰਭੂਮੀ ਵਿੱਚ ਲਿਆਉਣ ਕਾਰਨ ਹੀ ਵਿਧਾਗਤ ਨੇਮ-ਪ੍ਰਬੰਧ ਦੁਜੈਲੇ ਪੱਧਰ ਦਾ ਸਰੋਕਾਰ ਬਣ ਜਾਂਦਾ ਹੈ। ‘ਮੋਰ ਪੰਖ’ ਗੁਰਭਜਨ ਗਿੱਲ ਦੀ ਨਿਰੋਲ ਗ਼ਜ਼ਲਕਾਰੀ ਦਾ ਸੰਗ੍ਰਹਿ ਹੈ। ਇਸ ਵਿੱਚ ਸ਼ਾਇਰ ਨੇ ਇੱਕ ਸੈਂਕੜੇ ਤੋਂ ਵੀ ਵਧੇਰੇ ਗ਼ਜ਼ਲ ਰਚਨਾਵਾਂ ਨੂੰ ਸ਼ਾਮਲ ਕੀਤਾ ਹੈ। ਰਚਨਾਵਾਂ ਦੀ ਇਹ ਵਡੇਰੀ ਗਿਣਤੀ ਸ਼ਾਇਰ ਦੀ ਸਿਰਜਣਾਤਮਕ ਸਮਰੱਥਾ ਦੇ ਦੀਦਾਰ ਤਾਂ ਕਰਵਾਉਂਦੀ ਹੀ ਹੈ, ਨਾਲ ਹੀ ਪੰਜਾਬੀ ਗ਼ਜ਼ਲਕਾਰੀ ਦੇ ਸਮਕਾਲੀ ਦੌਰ ਦੇ ਕਈ ਅਹਿਮ ਮੁੱਦੇ ਵੀ ਇਸ ਸੰਗ੍ਰਹਿ ਦੇ ਬਹਾਨੇ ਵਿਚਾਰੇ ਜਾ ਸਕਦੇ ਹਨ।

ਗ਼ਜ਼ਲ ਫਾਰਸੀ ਰਹਿਤਲ ਤੋਂ ਉਰਦੂ ਦੇ ਜ਼ਰੀਏ ਪੰਜਾਬੀ ਤੱਕ ਪਹੁੰਚਿਆ ਕਾਵਿ-ਰੂਪ ਹੈ। ਇਸ ਕਾਵਿ-ਰੂਪ ਦੀ ਰਚਨਾ ਕੁਝ ਪੂਰਨ ਨਿਰਧਾਰਤ ਨੇਮਾਂ ਦੇ ਅਧੀਨ ਰਹਿ ਕੇ ਹੁੰਦੀ ਹੈ। ਸਿੱਧੇ ਰੂਪ ਵਿੱਚ ਆਉਣ ਦੀ ਥਾਂ ਗ਼ਜ਼ਲ ਵਿੱਚ ਖ਼ਿਆਲ ਬਹਿਰ ਦੇ ਪਹਿਰਾਵੇ ਵਿੱਚ ਲਿਪਟ ਕੇ ਆਉਂਦਾ ਹੈ। ਕਾਫ਼ੀਆ-ਰਦੀਫ਼ ਇਸ ਦੇ ਮੀਟਰੀ ਪ੍ਰਤੀਮਾਨਾਂ ਦੇ ਹੋਰ ਅਸੂਲ ਹਨ। ਫ਼ਾਰਸੀ ਦੇ ਇੱਕ ਵਿਦਵਾਨ ਅਹਿਮਦ-ਬਿਨ-ਖ਼ਲੀਲ ਨੇ ਮੁੱਢਲੇ ਦੌਰ ਦੀ ਫ਼ਾਰਸੀ ਗ਼ਜ਼ਲਕਾਰੀ ਨੂੰ ਆਧਾਰ ਬਣਾ ਕੇ ਕੁਝ ਬਹਿਰਾਂ ਈਜ਼ਾਦ ਕੀਤੀਆਂ। ਇਹ ਬਹਿਰਾਂ ਰੁਕਨਾਂ ਦੇ ਅਨੁਸਾਰ ਮਿਣੀਆਂ ਜਾਂਦੀਆਂ ਸਨ ਤੇ ਇਨ੍ਹਾਂ ਦੀ ਚਾਲ ਪਿੰਗਲ ਦੇ ਗਣਿਕ ਛੰਦਾਂ ਵਰਗੀ ਸੀ। ਉਰਦੂ ਰਾਹੀਂ ਇਨ੍ਹਾਂ ਬਹਿਰਾਂ ਨੂੰ ਸਿਰਜਣਾ ਦਾ ਮਾਧਿਅਮ ਬਣਾਉਣ ਦਾ ਰਿਵਾਜ ਪੰਜਾਬੀ ਵਿੱਚ ਪ੍ਰਵੇਸ਼ ਕੀਤਾ। ਪੰਜਾਬੀ ਦੀ ਅੱਖਰ-ਬਣਤਰ ਬਨਾਮ ਫ਼ਾਰਸੀ ਛੰਦ-ਪ੍ਰਬੰਧ ਵਿਚਕਾਰ ਸਮਤੋਲ ਬਿਠਾਉਣ ਲਈ ਕਈ ਦਹਾਕੇ ਪੰਜਾਬੀ ਗ਼ਜ਼ਲਕਾਰ ਮਸ਼ਕ ਕਰਦੇ ਰਹੇ ਤੇ ਅੰਤ ਇਹ ਸਾਬਤ ਹੋ ਗਿਆ ਕਿ ਜ਼ੁਬਾਨਦਾਨੀ ਅਨੁਸਾਰ ਖੁੱਲ੍ਹਾਂ ਲੈ ਕੇ ਇਨ੍ਹਾਂ ਬਹਿਰਾਂ ਨੂੰ ਵੀ ਪੰਜਾਬੀ ਗ਼ਜ਼ਲ ਸਿਰਜਣਾ ਲਈ ਪ੍ਰਯੋਗ ਵਿੱਚ ਲਿਆਂਦਾ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਵੀ ਹਜਜ਼ ਅਤੇ ਰਮਲ ਬਹਿਰਾਂ ਪੰਜਾਬੀ ਲਈ ਵਧੇਰੇ ਢੁੱਕਵੀਆਂ ਹਨ ਤੇ ਵਧੇਰੇ ਰਚਨਾ ਇਨ੍ਹਾਂ ਦੋਵਾਂ ਬਹਿਰਾਂ ਦੇ ਵਿਭਿੰਨ ਰੂਪਾਂ ਰਾਹੀਂ ਹੁੰਦੀ ਰਹੀ ਹੈ, ਕਿਉਂਕਿ ਗ਼ਜ਼ਲ ਦੀ ਹਰ ਬਹਿਰ ਲਈ ਕੁਝ ਰੁਕਨ ਤੇ ਹਰ ਰੁਕਨ ਲਈ ਕੁਝ ਮਾਤਰਾਵਾਂ ਨਿਰਧਾਰਤ ਹੁੰਦੀਆਂ ਹਨ, ਇਸ ਲਈ ਕੁਝ ਚੁਨਿੰਦਾ ਸ਼ਬਦ ਇਨ੍ਹਾਂ ਬਹਿਰਾਂ ਵਿੱਚ ਇਕਦਮ ਫਿੱਟ ਬੈਠਦੇ ਹਨ ਤੇ ਸੰਕਲਪ ਦੀ ਪੇਸ਼ਕਾਰੀ ਦਾ ਵਾਹਨ ਬਣਦੇ ਹਨ। ਪੰਜਾਬੀ ਵਿੱਚ ਕਈ ਦਹਾਕਿਆਂ ਦੀ ਗ਼ਜ਼ਲ ਰਚਨਾ ਨੇ ਕੁਝ ਸ਼ਬਦ ਸਮੂਹਾਂ ਤੇ ਵਾਕੰਸ਼ਾਂ ਨੂੰ ਏਨਾ ਪ੍ਰਯੋਗ ਕੀਤਾ ਹੈ ਕਿ ਦੁਹਰਾਉ ਦਾ ਅਹਿਸਾਸ ਸੱਤਾ ’ਤੇ ਹੀ ਹੋਣ ਲੱਗ ਜਾਂਦਾ ਹੈ। ਇਸ ਦੇ ਬਾਵਜੂਦ ਕੁਝ ਸ਼ਾਇਰਾਂ ਨੇ ਵਿਲੱਖਣ ਕਾਵਿ-ਯਤਨਾਂ ਰਾਹੀਂ ਆਪਣੀ ਰਚਨਾ ਦੀ ਰੜਕਵੀਂ ਹਾਜ਼ਰੀ ਦਰਜ ਕਰਵਾਈ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਗ਼ਜ਼ਲਕਾਰੀ ਵਿੱਚ ਨਵੇਂ ਪ੍ਰਯੋਗਾਂ ਦੀ ਰੁਚੀ ਵਧੀ ਹੈ। ਗੁਰਭਜਨ ਗਿੱਲ ਦਾ ਹੱਥਲਾ ਗ਼ਜ਼ਲ ਸੰਗ੍ਰਹਿ ਵੀ ਜਿੱਥੇ ਵਿਸ਼ਾ ਪੱਖ ਤੋਂ ਸਮਕਾਲੀ ਯੁੱਗ-ਚੇਤਨਾ ਨੂੰ ਸੰਵੇਦਨਸ਼ੀਲਤਾ ਨਾਲ ਗ੍ਰਹਿਣ ਕਰਦਾ ਹੈ, ਨਾਲ ਹੀ ਰੂਪਕ ਪੱਖ ਤੋਂ ਕਾਵਿ ਸੰਕਲਪਾਂ ਦੇ ਪ੍ਰਗਟਾਵੇ ਲਈ ਨਵੇਂ ਰੂਪਕ ਪ੍ਰਯੋਗ ਵੀ ਸਾਹਮਣੇ ਲਿਆਉਂਦਾ ਹੈ। ਇਸ ਸੰਗ੍ਰਹਿ ਦੀਆਂ ਦੋ ਤਿਹਾਈ ਗ਼ਜ਼ਲਾਂ ਮੁਤਦਾਰਿਕ ਬਹਿਰ ਦੇ ਵਿਭਿੰਨ ਰੂਪਾਂ ਨੂੰ ਆਧਾਰ ਬਣਾ ਕੇ ਰਚੀਆਂ ਗਈਆਂ ਹਨ। ਇਸ ਬਹਿਰ ਨੂੰ ਫੇਲ੍ਹਨ ਬਹਿਰ ਵੀ ਕਹਿੰਦੇ ਹਨ ਤੇ ਪੰਜਾਬੀ ਮਾਨਸਿਕਤਾ ਦੀ ਕਾਵਿਕ ਅਭਿਵਿਅਕਤੀ ਲਈ ਇਸ ਬਹਿਰ ਦਾ ਪ੍ਰਯੋਗ ਵੱਡੀ ਪੱਧਰ 'ਤੇ ਲੋਕ ਕਾਵਿ ਵਿੱਚ ਵੀ ਮਿਲਦਾ ਹੈ। ਗੁਰਭਜਨ ਗਿੱਲ ਇਸ ਬਹਿਰ ਦੀ ਰਵਾਨੀ ਨੂੰ ਆਪਣੇ ਖ਼ਿਆਲਾਂ ਦੀ ਪ੍ਰਸਤੁਤੀ ਦਾ ਵਾਹਣ ਬਣਾ ਕੇ ਪੇਸ਼ ਕਰਦਾ ਹੈ। ਇੰਞ ਸ਼ਾਇਰ ਦੀ ਕਾਵਿਕਾਰੀ ਤ੍ਰੈਪਾਸੜ ਕਾਵਿ ਸਰੋਕਾਰਾਂ ਦੀ ਧਾਰਨੀ ਬਣਦੀ ਹੈ। ਸਾਡੇ ਸਮਕਾਲ ਦੀਆਂ ਭਾਰੂ ਸਮੱਸਿਆਵਾਂ ਗਿੱਲ ਕਾਵਿ ਦੇ ਫ਼ਿਕਰ ਹਨ, ਉਸ ਦਾ ਅਵਚੇਤਨ ਪ੍ਰਗੀਤਕਤਾ ਦੇ ਗੁਣ ਵਿੱਚੋਂ ਇਨ੍ਹਾਂ ਫ਼ਿਕਰਾਂ ਨੂੰ ਕਾਵਿ ਸੰਕਲਪਾਂ ਵਿੱਚ ਵਟਾਉਂਦਾ ਹੈ ਤੇ ਇਸ ਦੀ ਪੇਸ਼ਕਾਰੀ ਲਈ ਗ਼ਜ਼ਲ ਦਾ ਵਿਸ਼ੇਸ਼ ਬਹਿਰ ਪ੍ਰਬੰਧ ਦੀ ਚੋਣ ਕਰਦਾ ਹੈ । ਗ਼ਜ਼ਲ ਵਿੱਚ ਅਜਿਹਾ ਸੁਮੇਲ ਕਾਫ਼ੀ ਦੁਰਲੱਭ ਹੈ ।

ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਏ,
ਆਪਣੀ ਚੀਚੀ ਝੁਲਸ ਜਾਣ `ਤੇ ਡਰ ਜਾਂਦਾ ਹੈ।

ਚਾਨਣ ਦੀ ਤਸਵੀਰ ਬਣੀ ਤੂੰ,
ਨ੍ਹੇਰੇ ਵਿੱਚ ਲਕੀਰ ਬਣੀ ਤੂੰ,
ਜੇ ਤੂੰ ਮੇਰੇ ਨਾਲ ਨਾ ਹੁੰਦੀ,
ਮੈਂ ਤਾਂ ਕੱਲਿਆਂ ਡਰ ਜਾਣਾ ਸੀ।
ਮਨ ਦੀ ਅੱਥਰੀ ਰੀਝ ਮਿਰਗਣੀ,
ਤੇਰੇ ਦਮ 'ਤੇ ਚੁੰਗੀਆਂ ਭਰਦੀ,
ਪੌਣਾਂ `ਤੇ ਅਸਵਾਰ,
ਸਮੁੰਦਰ ਤਰਦੀ ਇੱਕੋ ਤਾਰੀ ਅੰਦਰ।

ਵਰਣਿਤ ਸ਼ੇਅਰ ਗੁਰਭਜਨ ਗਿੱਲ ਦੀ ਗ਼ਜ਼ਲ ਸੰਵੇਦਨਾ ਵਿੱਚ ਇਸ ਤ੍ਰੈਪਾਸੜ ਸਿਰਜਣਾ ਸਰੋਕਾਰਾਂ ਦੀ ਵੰਨਗੀ ਮਾਤਰ ਹਨ। ਉਸ ਦੀ ਗ਼ਜ਼ਲ ਰਚਨਾ ਦਾ ਭਾਵ-ਬੋਧ ਹੇਰਵੇ ਦੀ ਭੂਮੀ 'ਤੇ ਉਸਰਿਆ ਹੋਇਆ ਹੈ। ਇਹ ਹੇਰਵਾ ਬੀਤੇ ਪ੍ਰਤੀ ਵੀ ਹੈ ਤੇ ਬੀਤ ਰਹੇ ਪ੍ਰਤੀ ਵੀ । ਸਮਕਾਲੀ ਪੰਜਾਬੀ ਕਾਵਿ ਵਿੱਚ ਮੱਧ ਵਰਗੀ ਚੇਤਨਾ ਦੇ ਸਰੋਕਾਰ ਭਾਰੂ ਹਨ। ਮੱਧ ਸ਼੍ਰੇਣਿਕਤਾ ਹਮੇਸ਼ਾ ਅਤ੍ਰਿਪਤ ਇੱਛਾਵਾਂ ਵਿੱਚੋਂ ਉਪਜੇ ਖਲਾਅ ਨੂੰ ਅਤੀਤ ਦੇ ਹੇਰਵੇ ਵਿੱਚੋਂ ਪੂਰਦੀ ਹੈ। ਇਸੇ ਲਈ ਬੀਤਿਆ/ਬੀਤ ਰਿਹਾ ਉਸ ਵਰਗ ਦਾ ਮਨਭਾਉਂਦਾ ਵਿਸ਼ਾ-ਖੇਤਰ ਰਹਿੰਦਾ ਹੈ। ਗੁਰਭਜਨ ਗਿੱਲ ਕਾਵਿ ਚੇਤਨਾ ਇਸ ਸਰੋਕਾਰ ਨਾਲ ਜੁੜੀ ਹੋਣ ਦੇ ਬਾਵਜੂਦ ਆਪਣੀ ਵਿਚਾਰਕ ਪਹੁੰਚ ਕਾਰਨ ਇਸ ਤੋਂ ਵੱਖਰੀ ਹੈ। ਉਸ ਦੀ ਗ਼ਜ਼ਲਕਾਰੀ ਬੀਤੇ/ਬੀਤ ਰਹੇ ਪ੍ਰਤੀ ਵੈਰਾਗ ਦੀ ਪੇਸ਼ਕਾਰੀ ਦੀ ਥਾਂ ਇਸ ਵਰਤਾਰੇ ਲਈ ਜ਼ਿੰਮੇਵਾਰ ਕਾਰਕਾਂ ਦੀ ਨਿਸ਼ਾਨਦੇਹੀ ਵੀ ਕਰਦੀ ਹੈ। ਇੰਞ ਇਸ ਗ਼ਜ਼ਲਕਾਰੀ ਦੇ ਪ੍ਰਵਚਨ ਦਾ ਖ਼ਾਸਾ ਮੱਧ ਸ਼੍ਰੇਣਿਕਤਾ ਤੋਂ ਟੁੱਟ ਕੇ ਦਮਿਤ ਵਰਗ ਨਾਲ ਜਾ ਜੁੜਦਾ ਹੈ। ਨਿਰੰਤਰ ਬਦਲਦੇ ਸਮਕਾਲੀ ਵਰਤਾਰਿਆਂ ਦੀ ਆਰੋਪਣਮੁਖਤਾ ਉਸ ਲਈ ਵੱਡਾ ਕਾਵਿ-ਫਿਕਰ ਹੈ ਤੇ ਇਸ ਦੀ ਪੂਰਕਤਾ ਉਹ ਮਨੁੱਖ ਅਤੇ ਪ੍ਰਕਿਰਤੀ ਦੇ ਸਾਵੇਂ ਸਮਤੋਲ ਵਿੱਚ ਦੇਖਦਾ ਹੈ। ਇੱਥੇ ਮਨੁੱਖ ਪ੍ਰਕਿਰਤੀ ਦਾ ਸ਼ੋਸ਼ਕ ਨਹੀਂ, ਸਗੋਂ ਪ੍ਰਕਿਰਤੀ ਉਸ ਦੀਆਂ ਲੋੜਾਂ (ਮਾਨਸਿਕ/ਪਦਾਰਥਕ ) ਦੀ ਪੂਰਤੀ ਦਾ ਸਰੋਤ ਹੈ-

ਕੋਠੇ ਉੱਪਰ ਮੰਜਾ ਡਾਹ ਕੇ
ਅਰਸ਼ `ਚ ਜਗਦੇ ਤਾਰੇ ਵੇਖ।
ਬਾਤ ਬਤੌਲੀ ਪਾਵੇਂਗਾ ਜਦ,
ਭਰਦੇ ਕਿਵੇਂ ਹੁੰਗਾਰੇ ਵੇਖ ।

ਬਿਰਖ਼ਾਂ ਕੋਲ ਖਲੋ ਕੇ ਗੱਲਾਂ
ਕਰਿਆ ਕਰ ਤੂੰ ਸ਼ਾਮ ਢਲੇ,
ਕੱਲ੍ਹ-ਮੁ-ਕੱਲ੍ਹੇ ਚੁੱਪ ਚੁਪੀਤੇ,
ਕਿਵੇਂ ਖਲੋਤੇ ਸਾਰੇ ਵੇਖ ।

ਗੁਰਭਜਨ ਗਿੱਲ ਦੀ ਗ਼ਜ਼ਲ-ਚੇਤਨਾ ਦਾ ਇੱਕ ਵਿਲੱਖਣ ਸਰੋਕਾਰ ਇਸ ਵਿਧਾ ਦੀ ਕਾਵਿ-ਭਾਸ਼ਾ ਦੀ ਸਿਰਜਣਾ ਨਾਲ ਸੰਬੰਧਤ ਹੈ। ਗ਼ਜ਼ਲ ਵਰਗੀ ਵਿਧਾ ਲਈ ਨਵੀਂ ਦਿੱਖ ਵਾਲੀ ਟੈਕਸਟ ਉਸਾਰੀ ਹਿੱਤ ਨਵੀਂ ਕਾਵਿ ਭਾਸ਼ਾ ਦਾ ਮਸਲਾ ਹੋਰ ਵੀ ਬਿਖਮ ਹੈ। ਪੰਜਾਬੀ ਦੀ ਠੇਠ/ਗੁੰਮ ਰਹੀ/ਕੋਸ਼ਾਂ ਵਿੱਚ ਸਿਮਟ ਰਹੀ ਸ਼ਬਦਾਵਲੀ ਨਵੇਂ ਸੰਦਰਭਾਂ ਸਮੇਤ ਉਸ ਦੀ ਗ਼ਜ਼ਲ ਵਿੱਚ ਪੇਸ਼ ਹੈ। ਅਜਿਹਾ ਪ੍ਰਯੋਗ ਕੁਝ ਪਾਕਿਸਤਾਨੀ ਗ਼ਜ਼ਲਕਾਰਾਂ ਨੇ ਵੀ ਕੀਤਾ ਕਿ ਉਨ੍ਹਾਂ ਕਵਿਤਾ ਨੂੰ ਨਿਰੋਲ ਉਚਾਰ ਪ੍ਰਬੰਧ ਦਾ ਹਿੱਸਾ ਬਣਾ ਕੇ ਭਾਸ਼ਾ ਦੀ ਮੌਖਿਕਤਾ ਨੂੰ ਗ਼ਜ਼ਲ ਸਿਰਜਣਾ ਦੀ ਆਧਾਰ ਸਮਗਰੀ ਬਣਾਇਆ। ਪਾਕਿਸਤਾਨੀ ਗ਼ਜ਼ਲ ਇਸ ਪ੍ਰਯੋਗ ਨਾਲ ਪੂਰਬਲੀਆਂ ਰਚਨਾ ਰੀਤੀਆਂ ਦੇ ਦੁਹਰਾਉ ਤੇ ਨਿਰੋਲ ਸਰੋਤਾਮੁਖੀ ਉਚਾਰ ਤੱਕ ਘਟ ਗਈ। ਸ਼ਾਇਰੀ ਨੇ ਭਾਸ਼ਾ ਨੂੰ ਉਸ ਦੇ ਸਮਕਾਲੀ ਸਰੋਕਾਰਾਂ ਦੀ ਚਿੰਤਨਸ਼ੀਲਤਾ ਨਾਲ ਵੀ ਜੋੜਨਾ ਹੁੰਦਾ ਹੈ।ਸੰਤੋਖ ਵਾਲੀ ਗੱਲ ਹੈ ਕਿ ਗੁਰਭਜਨ ਗਿੱਲ ਦੀ ਗ਼ਜ਼ਲ ਪਾਠਕਮੁਖਤਾ ਦੇ ਜੁਜ਼ ਨੂੰ ਨਜ਼ਰ-ਅੰਦਾਜ਼ ਨਹੀਂ ਕਰਦੀ। ਇਸ ਸੰਗ੍ਰਹਿ ਦੀਆਂ ਕੁਝ ਗ਼ਜ਼ਲਾਂ ਸ਼ਾਇਰ ਨੇ ਆਪਣੇ ਪਿਆਰਿਆਂ ਨੂੰ ਸਮਰਪਿਤ ਵੀ ਕੀਤੀਆਂ ਹਨ। ਅਜਿਹੀਆਂ ਰਚਨਾਵਾਂ ਵਿੱਚ ਭਾਵ ਦੀ ਬਹੁਲਤਾ ਹੈ, ਪਰ ਇਹ ਭਾਵ ਸਿਰਜਣਾ ਦੇ ਪ੍ਰਵਾਹ ਉੱਪਰ ਹਾਵੀ ਨਹੀਂ ਹੁੰਦਾ। ਇਸ ਗ਼ਜ਼ਲ ਸਿਰਜਣਾ ਦੀ ਵਿਸ਼ੇਸ਼ਤਾ ਸਮਕਾਲ ਪ੍ਰਤੀ ਇਸ ਦਾ ਸਹਿਜਭਾਵੀ ਹੋਣਾ ਹੈ। ਇਹ ਸਹਿਜਭਾਵ ਅਤੀਤ ਦੀ ਬਾਰੀ ਰਾਹੀਂ ਆਦਰਸ਼ੀਕ੍ਰਿਤ ਸਮਕਾਲ ਨਹੀਂ ਵੇਖਦਾ, ਸਗੋਂ ਅਤੀਤ ਦੇ ਸਮਾਨਅੰਤਰ ਸਮਕਾਲ ਨੂੰ ਤੁਲਨਾਤਮਿਕ ਪੈਂਤੜੇ ਵਿੱਚ ਲਿਆਉਂਦਾ ਹੈ। ਇਹ ਸੰਗ੍ਰਹਿ ਪੰਜਾਬੀ ਗ਼ਜ਼ਲ ਵਿੱਚ ਇੱਕ ਨਿੱਗਰ ਵਾਧਾ ਹੈ, ਇਸ ਵਾਧੇ ਦੇ ਪਰੰਪਰਾ ਵਾਂਗ ਵਿਗਸਣ ਦੀ ਆਸ ਨਾਲ ਹੀ ਇਸ ਸੰਗ੍ਰਹਿ ਦਾ ਸਵਾਗਤ ਕਰਨਾ ਬਣਦਾ ਹੈ।

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ