ਡੂੰਘੀ ਪੀੜ ਤੇ ਸੰਘਣੀ ਚੁੱਪ ਦਾ ਭਰ ਵਹਿੰਦਾ ਦਰਿਆ - ਗੁਰਭਜਨ ਗਿੱਲ
ਰਾਵੀ ਪਾਰ ਉਰਵਾਰ ਦੇ ਦਰਦਾਂ ਦਾ ਰਾਜ਼ਦਾਰ ਸੀ ਮੋਹਨ ਕਾਹਲੋਂ। ਰਾਵੀ ਦੇ ਪਾਰਲੇ ਬੰਨੇ ਬਿਲਕੁਲ ਕੰਢੇ ’ਤੇ ਸੀ ਉਸ ਦਾ ਪਿੰਡ ਛੰਨੀ ਟੇਕਾ। ਇਸ ਪਿੰਡ ਵਿੱਚ ਬੜੇ ਜਾਬਰ ਯੋਧੇ ਪੁੱਤਰ ਜੰਮਦੇ। ਧੀਆਂ ਵੀ ਜਰਵਾਣੀਆਂ। ਸਾਲ 1932 ’ਚ ਨਵੰਬਰ ਮਹੀਨੇ ਦੀ ਗਿਆਰਾਂ ਤਰੀਕ ਨੂੰ ਮੋਹਨ ਕਾਹਲੋਂ ਦਾ ਜਨਮ ਹੋਇਆ। ਉਹ ਵੱਡਾ ਹੋਇਆ ਤਾਂ 1947 ’ਚ ਦੇਸ਼ ਦੀ ਵੰਡ ਹੋ ਗਈ। ਛੰਨੀ ਟੇਕਾ ਪਿੰਡ ਗੁਰਦਾਸਪੁਰ ਜ਼ਿਲ੍ਹੇ ਦੀ ਰਾਵੀ ਪਾਰਲੀ ਤਹਿਸੀਲ ਸ਼ੱਕਰਗੜ੍ਹ ਵਿੱਚ ਸੀ। ਰਾਵੀ ਹੱਦ ਬਣੀ ਤਾਂ ਪਿੰਡ ਓਧਰ ਰਹਿ ਗਿਆ। ਚੌਦਾਂ-ਪੰਦਰਾਂ ਵਰ੍ਹਿਆਂ ਦਾ ਮੋਹਨ ਮਾਪਿਆਂ ਸਮੇਤ ਏਧਰ ਆ ਕੇ ਧਾਰੀਵਾਲ ਨੇੜੇ ਪਿੰਡ ਕੋਟ ਸੰਤੋਖ ਰਾਏ ਵਿੱਚ ਵਸ ਗਿਆ। ਦੇਸ਼ ਵੰਡ ਦੀ ਗੱਲ ਸੁਣਾਉਂਦਿਆਂ ਉਨ੍ਹਾਂ ਦੀ ਲੂੰਈਂ ਕੰਡਿਆਈ ਜਾਂਦੀ। ਬਹੁਤ ਖ਼ੌਫ਼ਜ਼ਦਾ ਦਿਨ ਸਨ। ਪਿੰਡ ਛੰਨੀ ਟੇਕਾ ਦੇ ਦੋ ਹਿੱਸੇ ਸਨ, ਵਿਚਕਾਰ ਕੱਚੀ ਉੱਚੀ ਦੀਵਾਰ। ਲਹਿੰਦੀ ਤੇ ਚੜ੍ਹਦੀ ਬਾਹੀ ਵਾਲਿਆਂ ਦੀ ਡਾਂਗ ਅਕਸਰ ਖੜਕਦੀ। ਦਰਿਆ ਕੰਢੇ ਦਾ ਵਸੇਬ ਆਸਾਨ ਨਹੀਂ ਸੀ। ਮੋਹਨ ਕਾਹਲੋਂ ਦੇ ਪਿਤਾ ਸ. ਧਰਮ ਸਿੰਘ ਦਰਿਆ ਵਿੱਚ ਪੈਂਦੀਆਂ ਬੇੜੀਆਂ ਦਾ ਠੇਕਾ ਲੈਂਦੇ, ਮੁਸਾਫ਼ਰਾਂ ਨੂੰ ਅਕਸਰ ਪਾਰ ਕਰਵਾਉਂਦੇ, ਪਰ ਆਪਣੀ ਵਾਰੀ ਆਈ ਤਾਂ ਪਿੰਡ ਦੇ ਮੁਸਲਮਾਨ ਵੀਰਾਂ ਨੇ ਆਪਣੀਆਂ ਕਿਸ਼ਤੀਆਂ ਨਾਲ ਦਰਿਆ ਟਪਾਇਆ। ਕਾਹਲੋਂ ਦੱਸਦੇ ਸਨ ਕਿ ਸਾਰੇ ਪੰਜਾਬ ਨੂੰ ਉਦੋਂ ਮਰਨ-ਮਿੱਟੀ ਚੜ੍ਹੀ ਹੋਈ ਸੀ। ਮੋਹਨ ਕਾਹਲੋਂ ਦੀ ਮਾਂ ਦਾਤੋ ਗਰਭਵਤੀ ਸੀ ਉਸ ਵੇਲੇ। ਗੋਲੀਆਂ ਦੀ ਵਾਛੜ ਵਿੱਚੋਂ ਲੰਘ ਇਹ ਪਰਿਵਾਰ ਇਧਰਲੇ ਗੁਰਦਾਸਪੁਰ ’ਚ ਆ ਗਿਆ। ਪਰਿਵਾਰ ਕੋਲ ਇੱਕੋ ਹਥਿਆਰ ਸੀ, ਬਰਛੀ।
ਇਸ ਪਰਿਵਾਰ ਕੋਲ ਰਮਦਾਸ ਤੇ ਮਜੀਠੇ ਵਿਚਕਾਰ ਇੱਕ ਪਿੰਡ ਫੱਤਿਆਂ ਵਾਲੀ ਕੁਝ ਗਹਿਣੇ ਦੀ ਜ਼ਮੀਨ ਸੀ। ਇਸ ਜ਼ਮੀਨ ਨੂੰ ਉਨ੍ਹਾਂ ਦੇ ਟੱਬਰ ਨੇ ਠੇਕੇ ’ਤੇ ਦਿੱਤਾ ਹੋਇਆ ਸੀ। ਇਸ ਜ਼ਮੀਨ ਨਾਲ ਗੁਜ਼ਾਰਾ ਮੁਸ਼ਕਿਲ ਸੀ। ਕੁਝ ਜ਼ਮੀਨ ਏਥੇ ਖਰੀਦ ਕੇ ਵਾਹੀ ਜੋਤੀ ਸ਼ੁਰੂ ਕੀਤੀ ਪਰ ਕਾਮਯਾਬੀ ਨਾ ਮਿਲੀ। ਮੋਹਨ ਕਾਹਲੋਂ ਨੂੰ ਨਾਨਕੇ ਪਿੰਡ ਕੋਟ ਕਰਮ ਚੰਦ ਭੇਜ ਦਿੱਤਾ ਗਿਆ ਜਿੱਥੇ ਰਹਿ ਕੇ ਸਕੂਲ ਵਿੱਚੋਂ ਅੱਠਵੀਂ ਪਾਸ ਕੀਤੀ ਉਸ। ਫਿਰ ਖ਼ਾਲਸਾ ਹਾਈ ਸਕੂਲ ਬਟਾਲਾ ਵਿੱਚ ਦਾਖ਼ਲਾ ਲੈ ਲਿਆ। ਦਸਵੀਂ ਪਾਸ ਕਰ ਕੇ ਸਿੱਖ ਨੈਸ਼ਨਲ ਕਾਲਜ ਕਾਦੀਆਂ (ਗੁਰਦਾਸਪੁਰ) ਵਿੱਚ ਦਾਖ਼ਲਾ ਲੈ ਲਿਆ। ਕਮਿਊਨਿਸਟ ਵਿਚਾਰਧਾਰਾ ਦੇ ਲੜ ਲੱਗਣ ਕਾਰਨ ਆਪ ਨੂੰ ਇੱਕ ਭਾਸ਼ਨ ਦੇਣ ਕਾਰਨ ਕਾਲਜ ’ਚੋਂ ਇਹ ਲਿਖ ਕੇ ਕੱਢ ਦਿੱਤਾ ਗਿਆ ਕਿ ਇਸ ਨੂੰ ਕਿਸੇ ਵੀ ਹੋਰ ਕਾਲਜ ’ਚ ਦਾਖ਼ਲ ਨਾ ਕੀਤਾ ਜਾਵੇ। ਇਨ੍ਹਾਂ ਦਿਨਾਂ ਵਿੱਚ ਮੋਹਨ ਕਾਹਲੋਂ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਕੁੱਲ ਵਕਤੀ ਵਰਕਰ ਬਣ ਗਏ। ਬੱਸ ਅੱਡਾ ਬਟਾਲਾ ’ਤੇ ਨਵਾਂ ਜ਼ਮਾਨਾ ਅਖ਼ਬਾਰ ਵੇਚਣਾ ਮੁੱਖ ਜ਼ਿੰਮੇਵਾਰੀ ਸੀ। ਉਨ੍ਹਾਂ ਦੀ ਮੁਲਾਕਾਤ ਡਾ. ਹਰਸ਼ਰਨ ਸਿੰਘ ਢਿੱਲੋਂ ਏਕਲਗੱਡੇ ਵਾਲਿਆਂ ਨਾਲ ਹੋ ਗਈ। ਉਨ੍ਹਾਂ ਦੇ ਮਮੇਰੇ ਭਰਾ ਪਿਆਰਾ ਸਿੰਘ ਰੰਧਾਵਾ ਵੀ ਅਗਾਂਹਵਧੂ ਖ਼ਿਆਲਾਂ ਦੇ ਸਨ। ਪ੍ਰੀਤਨਗਰ ਐਕਟੀਵਿਟੀ ਸਕੂਲ ’ਚ ਪੜ੍ਹਦੀ ਉਨ੍ਹਾਂ ਦੀ ਧੀ ਦੀਪ ਮੋਹਿਨੀ ਨਾਲ ਮੁਲਾਕਾਤ ਡਾ. ਹਰਸ਼ਰਨ ਨੇ ਕਰਵਾਈ ਜੋ ਮਗਰੋਂ ਵਿਆਹ ਵਿੱਚ ਤਬਦੀਲ ਹੋ ਗਈ। ਪਿਆਰਾ ਸਿੰਘ ਰੰਧਾਵਾ ਖ਼ੁਦ ਲੇਖਕ ਸਨ ਅਤੇ ਜਲੰਧਰ ਦੇ ਰਫਿਊਜੀ ਕੈਂਪ ਵਿੱਚ ਨੌਕਰੀ ਕਰਨ ਕਰਕੇ ਦੇਸ਼ ਵੰਡ ਨਾਲ ਸਬੰਧਿਤ ਕਹਾਣੀਆਂ ਘਰ ਵਿੱਚ ਅਕਸਰ ਵਾਰ-ਵਾਰ ਸੁਣਦੀਆਂ। ਦੀਪ ਮੋਹਿਨੀ ਦੇ ਵੰਡ ਸਬੰਧੀ ਨਾਵਲ ‘ਧੁੰਦ ਵਿੱਚ ਇੱਕ ਸਵੇਰ’ ਵਿਚਲੀਆਂ ਬਹੁਤ ਘਟਨਾਵਾਂ ਦੀਪ ਨੇ ਆਪਣੇ ਬਾਬਲ ਮੂੰਹੋਂ ਹੀ ਸੁਣੀਆਂ ਸਨ।
ਮੋਹਨ ਕਾਹਲੋਂ ਦੇ ਇਸ ਪਿਛੋਕੜ ਬਾਰੇ ਦੱਸਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਿਰਜਕ ਦੀ ਸਿਰਜਣਾ ਨਾਲੋਂ ਵੱਧ ਜ਼ਰੂਰੀ ਹੁੰਦਾ ਹੈ ਉਸ ਦਾ ਪਿਛੋਕੜ ਜਾਨਣਾ। ਕਾਹਲੋਂ ਪਰਿਵਾਰ ਨੂੰ ਛੰਟੀ ਟੇਕਾ ਵਾਲੀ ਜ਼ਮੀਨ ਬਦਲੇ ਏਧਰ ਤਿੰਨ ਪਿੰਡਾਂ ’ਚ ਜ਼ਮੀਨ ਮਿਲੀ। ਬਖ਼ਤਪੁਰ, ਛੋਟਾ ਚੌੜਾ ਤੇ ਫੱਤਿਆਂ ਵਾਲੀ, ਪਰ ਮਗਰੋਂ ਇਹ ਪਰਿਵਾਰ ਧਾਰੀਵਾਲ ਨੇੜੇ ਪਿੰਡ ਕੋਟ ਸੰਤੋਖ ਰਾਏ ਵਸ ਗਿਆ। ਇੱਥੇ ਹੀ ਉਨ੍ਹਾਂ ਦੇ ਨਿੱਕੇ ਭਰਾ ਸੋਹਨ ਸਿੰਘ ਕਾਹਲੋਂ ਰਹਿੰਦੇ ਸਨ। ਤੀਜਾ ਵੀਰ ਗੁਰਨਾਮ ਸਿੰਘ ਜਲੰਧਰ ਵਸਦਾ ਹੈ।
ਮੋਹਨ ਕਾਹਲੋਂ ਨੇ ਕਮਿਊਨਿਸਟ ਪਾਰਟੀ ’ਚ ਅੰਡਰਗਰਾਊਂਡ ਵੀ ਕੰਮ ਕੀਤਾ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਨਕੋਦਰ ਹਲਕੇ ਤੋਂ ਅਸੈਂਬਲੀ ਚੋਣ ਵੇਲੇ ਮੋਹਨ ਕਾਹਲੋਂ ਨੇ ਆਪਣੇ ਵਾਲ ਕਟਵਾ ਦਿੱਤੇ ਕਿਉਂਕਿ ਪੁਲੀਸ ਪਿੱਛੇ ਚੜ੍ਹੀ ਹੋਈ ਸੀ। ਪਛਾਣ ਲੁਕਾਉਣ ਲਈ ਇਹ ਜ਼ਰੂਰੀ ਸੀ। ਇਸੇ ਸਮੇਂ ਦੌਰਾਨ ਉਨ੍ਹਾਂ ਬੀ.ਏ. ਪ੍ਰਾਈਵੇਟ ਤੌਰ ’ਤੇ ਪਾਸ ਕਰ ਲਈ। ਖਾਲਸਾ ਕਾਲਜ ਆਫ ਐਜੂਕੇਸ਼ਨ, ਅੰਮ੍ਰਿਤਸਰ ਵਿੱਚੋਂ ਬੀ.ਟੀ. ਕਰਕੇ ਮਜੀਠਾ ਵਿੱਚ ਸਕੂਲ ਅਧਿਆਪਕ ਲੱਗ ਗਏ। ਪੂਰੀ ਪੜ੍ਹਾਈ ਸਕੂਲੀ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਹੀ ਮੁਕੰਮਲ ਕੀਤੀ। ਹਾਲ ਬਾਜ਼ਾਰ, ਅੰਮ੍ਰਿਤਸਰ ਦੇ ਗੇਟ ਪਿਛਵਾੜੇ ਇੱਕ ਪੁਸਤਕ ਵਿਕਰੇਤਾ ਤੋਂ ਲੈ ਕੇ ਉਨ੍ਹਾਂ ਵਿਸ਼ਵ ਸਾਹਿਤ ਦਾ ਗੂੜ੍ਹਾ ਅਧਿਐਨ ਕੀਤਾ। ਇਸੇ ਸਮੇਂ ਦੌਰਾਨ ਉਨ੍ਹਾਂ ਬੇਰਿੰਗ ਯੂਨੀਅਨ ਕ੍ਰਿਸਚਨ ਕਾਲਜ ’ਚ ਪੜ੍ਹਾਉਂਦੇ ਪ੍ਰੋਫੈਸਰਾਂ ਡਾ. ਗੁਰਨਾਮ ਸਿੰਘ ਰਾਹੀ, ਡਾ. ਗੁਰਕ੍ਰਿਪਾਲ ਸਿੰਘ ਸੇਖੋਂ ਅਤੇ ਡਾ. ਹਰੀਸ਼ ਪੁਰੀ ਨਾਲ ਦੋਸਤੀ ਪਾ ਲਈ ਜੋ ਵਿਚਾਰਧਾਰਕ ਪ੍ਰਪੱਕਤਾ ਦੇ ਬੜਾ ਕੰਮ ਆਈ। ਪ੍ਰਾਈਵੇਟ ਤੌਰ ’ਤੇ ਐਮ.ਏ. ਪੰਜਾਬੀ ਵੀ ਕਰ ਲਈ। ਉਦੋਂ ਤੱਕ ਉਨ੍ਹਾਂ ਦੀਆਂ ਕਵਿਤਾਵਾਂ ਮਾਸਿਕ ਰਸਾਲਿਆਂ ਵਿੱਚ ਛਪਣ ਲੱਗੀਆਂ ਸਨ। ਸ਼ਿਵ ਕੁਮਾਰ ਨਾਲ ਦੋਸਤੀ ਤੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਕਵਿਤਾ ਦਾ ਘਰ ਬਹੁਤ ਦੂਰ ਹੈ। ਉਨ੍ਹਾਂ ਕਹਾਣੀਆਂ ਲਿਖਣੀਆਂ ਆਰੰਭੀਆਂ ਅਤੇ ਪਹਿਲਾ ਕਹਾਣੀ ਸੰਗ੍ਰਹਿ ‘ਰਾਵੀ ਦੇ ਪੱਤਣ’ ਛਪਵਾਇਆ। ਫਿਰ ਨਾਵਲ ਦੇ ਰਾਹ ਤੁਰ ਪਏ। ਪਹਿਲਾ ਨਾਵਲ ‘ਮਛਲੀ ਇੱਕ ਦਰਿਆ ਦੀ’ 1967 ਵਿੱਚ ਲਿਖਿਆ। ਇਸ ਦਾ ਮੁੱਖ ਬੰਦ ਸ਼ਿਵ ਨੇ ‘ਗਵਾਹੀ’ ਨਾਮ ਹੇਠ ਕਵਿਤਾ ’ਚ ਲਿਖਿਆ:
ਕੱਲ੍ਹ ਤੱਕ ਮੈਂ ਉਹਦਾ ਆਪ ਗਵਾਹ ਸਾਂ
ਅੱਜ ਤੋਂ ਇਹ ਮੇਰਾ ਗੀਤ ਗਵਾਹ ਹੈ।
ਡੂੰਘੀ ਪੀੜ ਤੇ ਸੰਘਣੀ ਚੁੱਪ ਦਾ,
ਉਹ ਇੱਕ ਭਰ ਵਹਿੰਦਾ ਦਰਿਆ ਹੈ।
ਸ਼ਿਵ ਕੁਮਾਰ ਦੀ ਅਮਰ ਰਚਨਾ ਲੂਣਾ ਦੀ ਸਿਰਜਣਾ ਵੇਲੇ ਵੀ ਉਹ ਦੋਵੇਂ ਬੇਲੀ ਇੱਕਠੇ ਵਿਚਰਦੇ ਸਨ। ਕਦੇ ਬਟਾਲੇ, ਕਦੇ ਅਮਰਨਾਥ, ਕਦੇ ਬੈਜਨਾਥ। ਕੁਝ ਲੋਕ ਤਾਂ ਇਹ ਵੀ ਆਖਦੇ ਸੁਣੇ ਨੇ ਕਿ ਲੂਣਾ ਦੀ ਸੰਘਣੀ ਭੂਮਿਕਾ ਮੋਹਨ ਕਾਹਲੋਂ ਨੇ ਹੀ ਲਿਖੀ ਸੀ। ਮੈਂ ਦੋ ਕੁ ਵਾਰ ਦਰਿਆਫ਼ਤ ਕਰਨੀ ਚਾਹੀ ਤਾਂ ਉਹ ਸਿਰਫ਼ ਮੁਸਕਰਾਏ। ਮੂੰਹੋਂ ਕੱਖ ਨਹੀਂ ਬੋਲੇ।
ਦੂਜਾ ਨਾਵਲ ‘ਬੇੜੀ ਤੇ ਬਰੇਤਾ’ 1970 ’ਚ ਛਪਿਆ ਤਾਂ ਪੂਰੇ ਪੰਜਾਬੀ ਜਗਤ ਵਿੱਚ ਤਹਿਲਕਾ ਮੱਚ ਗਿਆ। ‘ਪਰਦੇਸੀ ਰੁੱਖ’ 1972 ਵਿੱਚ, ‘ਗੋਰੀ ਨਦੀ ਦਾ ਗੀਤ’ 1975 ਵਿੱਚ, ‘ਬਾਰਾਂਦਰੀ ਦੀ ਰਾਣੀ’ 1976 ਵਿੱਚ। ‘ਕਾਲੀ ਮਿੱਟੀ’ 1986 ਵਿੱਚ ਤੇ ‘ਵਹਿ ਗਏ ਪਾਣੀ’ 2003 ਵਿੱਚ ਛਪਿਆ।
1975 ਵਿੱਚ ਜਦ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਦੀਆਂ ਘਟਨਾਵਾਂ ਨਾਲ ਸਬੰਧਿਤ ਨਾਵਲ ‘ਗੋਰੀ ਨਦੀ ਦਾ ਗੀਤ’ ਛਪਿਆ ਤਾਂ ਇਸ ਨੂੰ ਪਾਠਕਾਂ ਵੱਲੋਂ ਤਾਂ ਭਰਪੂਰ ਹੁੰਗਾਰਾ ਮਿਲਿਆ ਪਰ ਪਰਿਵਾਰ ਅਤੇ ਆਲੋਚਕ ਜਗਤ ਨੇ ਇਸ ਨੂੰ ‘ਚਿੱਕੜ-ਉਛਾਲੀ’ ਦਾ ਨਾਂ ਦਿੱਤਾ। ਨਾਵਲ ਅਤੇ ਲੇਖਕ ਦੀ ਕਿਰਦਾਰਕੁਸ਼ੀ ਕਰਨ ਵਿੱਚ ਕਿਸੇ ਨੇ ਕੋਈ ਕਸਰ ਬਾਕੀ ਨਾ ਛੱਡੀ। ਜ਼ਹਿਰੀ ਮਾਹੌਲ ਨੇ ਉਸ ਨੂੰ ਅੰਦਰੋਂ ਤੋੜ ਦਿੱਤਾ। ਉਹ ਲੇਖਕਾਂ ਦੇ ਕੋਲੋਂ ਦੀ ਬਿਨ ਬੁਲਾਏ ਲੰਘ ਜਾਂਦਾ। ਕਿਸੇ ਸਭਾ ਵਿੱਚ ਨਾ ਜਾਂਦਾ। ਬਿਲਕੁਲ ਬੇਗਾਨਗੀ। ਅਫ਼ਵਾਹਾਂ ਉੱਡੀਆਂ, ਕਾਹਲੋਂ ਮਰ ਖਪ ਗਿਐ ਕਿਤੇ, ਜੇ ਜਿਉਂਦਾ ਹੋਵੇ ਤਾਂ ਕਿਸੇ ਨੂੰ ਮਿਲੇ ਨਾ! ਲਗਪਗ ਸਤਾਈ ਅਠਾਈ ਸਾਲ ਲੰਮਾ ਬਨਵਾਸ ਸੀ ਉਸਦਾ। ਉਹ ਘਰੋਂ ਸਕੂਲ ਤੇ ਸਕੂਲੋਂ ਘਰ ਪਹੁੰਚਦਾ। 1967-68 ’ਚ ਉਸ ਨੇ ਵੇਰਕਾ ’ਚ ਰੇਲਵੇ ਸਟੇਸ਼ਨ ਦੇ ਸਾਹਮਣੇ ਸ਼ਾਇਦ ਗੁਰੂ ਨਾਨਕ ਕਾਲੋਨੀ ’ਚ ਘਰ ਬਣਾ ਲਿਆ। ਪਹਿਲਾਂ ਚਵਿੰਡਾ ਦੇਵੀ (ਅੰਮ੍ਰਿਤਸਰ) ਤੇ ਮਗਰੋਂ ਵੇਰਕਾ ’ਚ ਪੜ੍ਹਾਇਆ। ਲੈਕਚਰਰ ਵਜੋਂ ਪਦਉੱਨਤੀ ਮਗਰੋਂ ਉਹ ਦੀਨਾਨਗਰ (ਗੁਰਦਾਸਪੁਰ) ਪੜ੍ਹਾਉਣ ਲੱਗ ਪਏ ਤੇ ਫੇਰ ਜਲੰਧਰ ਇਨ ਸਰਵਿਸ ਇੰਸਟੀਚਿਊਟ ਲਾਡੋਵਾਲੀ ਰੋਡ ਵਿਖੇ।
ਇਕਲੌਤਾ ਪੁੱਤਰ ਰਾਜਪਾਲ ਸਿੰਘ ਕਾਹਲੋਂ ਬਹੁਤ ਜ਼ਹੀਨ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੋਸਟ ਗਰੈਜੂਏਟ ਵਿਭਾਗ ਵਿੱਚ ਸਭ ਤੋਂ ਨਿੱਕੀ ਉਮਰ ਦਾ ਲੈਕਚਰਰ ਲੱਗ ਗਿਆ। ਢਾਈ ਸਾਲ ਪੜ੍ਹਾ ਕੇ ਪਹਿਲਾਂ 1981 ’ਚ ਆਈ.ਪੀ.ਐੱਸ ਤੇ ਮਗਰੋਂ 1984 ਵਿੱਚ ਆਈ.ਏ.ਐੱਸ. ਦੀ ਪ੍ਰੀਖਿਆ ਪਾਸ ਕੀਤੀ। ਪੱਛਮੀ ਬੰਗਾਲ ਕਾਡਰ ਮਿਲਣ ਕਾਰਨ ਰਾਜਪਾਲ ਸਿੰਘ ਕੋਲਕਾਤਾ ਦਾ ਹੀ ਹੋ ਗਿਆ। ਨੈਸ਼ਨਲ ਲਾਇਬ੍ਰੇਰੀ ਦੀਆਂ ਕਿਤਾਬਾਂ ਕਾਰਨ ਮੋਹਨ ਕਾਹਲੋਂ ਨੇ ਵੀ ਇੱਥੇ ਹੀ ਪੱਕਾ ਟਿਕਾਣਾ ਬਣਾ ਲਿਆ। ਇਸੇ ’ਚੋਂ ਨੌਂ ਸਾਲ ਬਾਅਦ ਨਾਵਲ ‘ਵਹਿ ਗਏ ਪਾਣੀ’ ਨਿਕਲਿਆ ਜੋ ਪਹਿਲੀ ਆਲਮੀ ਜੰਗ ਦੇ ਪੰਜਾਬੀ ਸੈਨਿਕਾਂ ਬਾਰੇ ਹੈ। ਕੋਲਕਾਤਾ ਦੀ ਪੰਜਾਬੀ ਸਾਹਿਤ ਸਭਾ ਅਤੇ ਇੱਥੇ ਵੱਸਦੇ ਲੇਖਕਾਂ ਕਾਰਨ ਉਹ ਕੋਲਕਾਤਾ ਦੀ ਅਦਬੀ ਫਿਜ਼ਾ ਵਿੱਚ ਵਿਚਰਨ ਲੱਗੇ। ਜਗਮੋਹਨ ਦੀ ਨਿੱਕੀ ਭੈਣ ਰਵਿੰਦਰ ਗੁੱਡੀ ਨਾਲ ਆਪਣੀ ਧੀ ਇਰਾ ਵਾਂਗ ਹੀ ਸਨੇਹ ਪਾਲਦੇ।
ਸਾਲ 2002 ਵਿੱਚ ਜਦ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਵਿੱਚ ਡਾ. ਸੁਰਜੀਤ ਪਾਤਰ ਪ੍ਰਧਾਨ ਬਣੇ ਤਾਂ ਮੈਂ ਉਨ੍ਹਾਂ ਨਾਲ ਸੀਨੀਅਰ ਮੀਤ ਪ੍ਰਧਾਨ ਸਾਂ। ਪ੍ਰੋ. ਰਵਿੰਦਰ ਭੱਠਲ ਜਨਰਲ ਸਕੱਤਰ ਸਨ। ਸਾਨੂੰ ਕਿਤੋਂ ਵੀ ਕਾਹਲੋਂ ਹੋਰਾਂ ਦੀ ਦੱਸ ਨਹੀਂ ਸੀ ਪੈ ਰਹੀ। ਅਚਨਚੇਤ ਵੇਰਕਾ ਵੱਸਦੇ ਸਾਡੇ ਨਜ਼ਦੀਕੀ ਰਿਸ਼ਤੇਦਾਰ ਤੇ ਮੋਹਨ ਕਾਹਲੋਂ ਦੇ ਦੋਸਤ ਤੇ ਸਹਿਕਰਮੀ ਰਹੇ ਅਮਰੀਕ ਸਿੰਘ ਹੁੰਦਲ ਮਿਲੇ ਤਾਂ ਮੈਂ ਕਾਹਲੋਂ ਬਾਰੇ ਪੁੱਛਿਆ। ਉਹ ਬੋਲੇ, ‘‘ਹੁਣ ਤਾਂ ਮਿਲਿਆਂ ਚਿਰ ਹੋਇਐ, ਪਰ ਸਾਡੀ ਪੈਨਸ਼ਨ ਇੱਕੋ ਬੈਂਕ ’ਚ ਆਉਂਦੀ ਹੈ। ਹੋ ਸਕਦੈ ਬੈਂਕ ਵਾਲਿਆਂ ਕੋਲ ਕਲਕੱਤੇ ਦਾ ਟੈਲੀਫੋਨ ਨੰਬਰ ਹੋਵੇ।’’ ਉਨ੍ਹਾਂ ਦੇ ਗੁਆਂਢੀ ਸ਼ਾਇਰ ਅਜਾਇਬ ਸਿੰਘ ਹੁੰਦਲ ਨੂੰ ਪੁੱਛਿਆ ਤਾਂ ਉਨ੍ਹਾਂ ਕੋਲੋਂ ਵੀ ਕੋਈ ਸੂਹ ਨਾ ਲੱਗੀ। ਮਹੀਨੇ ਕੁ ਬਾਅਦ ਭਾ’ਜੀ ਅਮਰੀਕ ਸਿੰਘ ਹੁੰਦਲ ਦਾ ਫੋਨ ਆਇਆ ਕਿ ਨੰਬਰ ਮਿਲ ਗਿਆ ਹੈ। ਸਾਡਾ ਚਾਅ ਨਾ ਥੰਮਿਆ ਜਾਵੇ। ਦਿਲ ਕਰਦਾ ਸੀ ਮੋਹਨ ਕਾਹਲੋਂ ਨੂੰ ਮੁੜ ਮੁੱਖ ਧਾਰਾ ਦੇ ਵੱਡੇ ਲਿਖਾਰੀ ਵਜੋਂ ਸਨਮਾਨਿਤ ਕਰੀਏ। ਜਿਸ ਬੇਰਹਿਮੀ ਨਾਲ ਹੋਰ ਕਈ ਸੰਸਥਾਵਾਂ ਨੇ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਸੀ, ਉਹ ਵੇਖ ਵੇਖ ਕੇ ਵੱਟ ਚੜ੍ਹਦਾ ਸੀ।
ਅਸਾਂ ਸ. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ 2003 ਦੇਣ ਦਾ ਫ਼ੈਸਲਾ ਕਰ ਲਿਆ। ਕਲਕੱਤੇ ਸੰਪਰਕ ਕੀਤਾ ਤਾਂ ਕਾਹਲੋਂ ਹੋਰੀਂ ਸਿਰ ਫੇਰ ਗਏ, ਅਖੇ ਮੈਂ ਨਹੀਂ ਆਉਣਾ, ਪੰਜਾਬ ਮੈਨੂੰ ਮਾਰੀ ਬੈਠਾ ਹੈ, ਪਰ ਮੈਂ ਮਰਨਾ ਨਹੀਂ ਅਜੇ। ਦੀਪ ਮੋਹਿਨੀ ਹੋਰਾਂ ਨੂੰ ਆਪਣੀ ਇੱਜ਼ਤ ਦਾ ਵਾਸਤਾ ਪਾ ਕੇ ਮੋਹਨ ਕਾਹਲੋਂ ਨੂੰ ਪੰਜਾਬ ਆਉਣ ਲਈ ਮਨਾਇਆ। ਉਹ ਆਏ, ਸਾਡਾ ਚਾਅ ਥੰਮਿਆ ਨਾ ਜਾਂਦਾ। ਸਾਡੇ ਬੱਚਿਆਂ ਨਾਲ ਬੱਚੇ ਬਣ ਜਾਂਦੇ, ਅੱਧੀ ਰਾਤ ਤੀਕ ਗੱਲਾਂ ਕਰਦੇ ਰਹਿੰਦੇ। ਗੱਲਾਂ ਸ਼ਿਵ ਕੁਮਾਰ ਦੀਆਂ, ਉਸ ਦੀ ਮੁਹੱਬਤ ਦੀਆਂ, ਵਿਯੋਗੇ ਮਨ ਦੀਆਂ, ਬਟਾਲੇ ਦੀਆਂ, ਗੁਰਚਰਨ ਬੋਪਾਰਾਏ, ਅਮਰਜੀਤ ਗੁਰਦਾਸਪੁਰੀ ਦੀਆਂ। ਮੋਹਨ ਕਾਹਲੋਂ ਨੂੰ ਗੱਲ ਸੁਣਾਉਣੀ ਵੀ ਆਉਂਦੀ ਸੀ।
ਇੱਕ ਦਿਨ ਬੋਲੇ ਮੈਂ ਨਵਾਂ ਨਾਵਲ ਅੰਮ੍ਰਿਤਸਰ ਵਿੱਚ ਦੋਸਤ ਪਬਲਿਸ਼ਰ ਨੂੰ ਦੇ ਬੈਠਾਂ, ਉਸ ਕੰਮ ਛੱਡ ਦਿੱਤੈ, ਨਾ ਨਾਵਲ ਛਪਦੈ, ਨਾ ਜਾਨ ਛੁੱਟਦੀ ਏ। ਪਹਿਲੀ ਵਿਸ਼ਵ ਜੰਗ ਬਾਰੇ ਹੈ ਇਹ ਨਾਵਲ। ਪੰਜਾਬਣਾਂ ਦੇ ਰੰਡੀਓਂ ਸੁਹਾਗਣ ਹੋਣ ਦੀ ਭਾਵਨਾ ਵਾਲਾ। ਨਾਵਲ ਸੀ ਵਹਿ ਗਏ ਪਾਣੀ। ਇਸ ਨਾਵਲ ਨੂੰ ਅਸਾਂ ਚੇਤਨਾ ਪ੍ਰਕਾਸ਼ਨ, ਲੁਧਿਆਣਾ ਲਈ ਮੰਗ ਲਿਆ। ਸਤੀਸ਼ ਗੁਲਾਟੀ ਨੇ ਬਹੁਤ ਖ਼ੂਬਸੂਰਤ ਛਾਪਿਆ।
ਚਾਰ ਕੁ ਸਾਲ ਪਹਿਲਾਂ ਉਨ੍ਹਾਂ ਦੇ ਪੁੱਤਰ ਰਾਜਪਾਲ ਸਿੰਘ ਕਾਹਲੋਂ ਨੇ ਮੋਹਨ ਕਾਹਲੋਂ ਨੂੰ ਪੰਜਾਬ ਦੌਰੇ ’ਤੇ ਲਿਆਂਦਾ। ਕਲਕੱਤਿਉਂ ਹਵਾਈ ਜਹਾਜ਼ ’ਤੇ ਚੰਡੀਗੜ੍ਹ ਤੇ ਉੱਥੋਂ ਲੁਧਿਆਣਾ ਸਾਡੇ ਘਰ ਉਤਾਰਾ। ਦੁਪਹਿਰਾ ਕੱਟਿਆ, ਰੱਜਵੀਆਂ ਗੱਲਾਂ। ਸ਼ਾਮ ਨੂੰ ਢੁੱਡੀਕੇ ਜਸਵੰਤ ਸਿੰਘ ਕੰਵਲ ਨੂੰ ਮਿਲਣ ਚਲੇ ਗਏ। ਰਾਤ ਜਲੰਧਰ ਨਿੱਕੇ ਵੀਰ ਗੁਰਨਾਮ ਸਿੰਘ ਕਾਹਲੋਂ ਕੋਲ ਜਾ ਸੁੱਤੇ। ਸਵੇਰੇ ਬਟਾਲਾ ਤੇ ਅੰਮ੍ਰਿਤਸਰ ਦੇ ਬੇਲੀਆਂ ਨੂੰ ਮਿਲੇ। ਪਿਛਲੇ ਸਾਲ ਜੀਵਨ ਸਾਥਣ ਦੀਪ ਮੋਹਿਨੀ ਸਦੀਵੀ ਅਲਵਿਦਾ ਕਹਿ ਗਏ। ਉਹ ਡੋਲੇ ਨਹੀਂ ਸੀ ਪਰ ਕਰੋਨਾ ਨੇ ਘੇਰ ਲਿਆ ਕੁਝ ਦਿਨ ਪਹਿਲਾਂ। ਠੀਕ ਹੋ ਕੇ ਆਈ.ਸੀ.ਯੂ. ’ਚੋਂ ਕਮਰੇ ’ਚ ਆ ਗਏ। ਰਿਪੋਰਟ ਸਹੀ ਨਿਕਲੀ ਪਰ ਦਿਲ ਦਾ ਦੌਰਾ ਲੈ ਬੈਠਾ। ਲੋਹੇ ਦਾ ਬਣਿਆ ਬੰਦਾ ਪਲਾਂ ’ਚ ਮਿੱਟੀ ਹੋ ਗਿਆ। ਉਨ੍ਹਾਂ ਦਾ ਪੁੱਤਰ ਰਾਜਪਾਲ ਦੱਸਦਾ ਹੈ, ‘‘ਉਨ੍ਹਾਂ ਦਾ ਜੀਣ ਨੂੰ ਬਹੁਤ ਦਿਲ ਕਰਦਾ ਸੀ, ਰੱਜ ਕੇ ਜੀਣਾ ਚਾਹੁੰਦੇ ਸਨ। ਪੰਜਾਬ ਦੀ ਪੂਰੀ ਖ਼ਬਰ ਰੱਖਦੇ। ਅਮਰਜੀਤ ਗੁਰਦਾਸਪੁਰੀ ਦੀ ਫਰਵਰੀ 2022 ’ਚ ਹੋਈ ਮੌਤ ਸੁਣ ਕੇ ਬੋਲੇ, ਸੁੱਚਾ ਨਗ ਸੀ ਪੰਜਾਬ ਦੀ ਸੁੰਦਰੀ ਦਾ, ਸਾਡਾ ਵੱਡਾ ਵੀਰ। ਉਹ ਅਕਸਰ ਕਹਿੰਦੇ ਹੁਣ ਹੀ ਕੰਮ ਕਰਨ ਦਾ ਸੁਆਦ ਆਉਣ ਲੱਗਾ ਸੀ ਤੇ ਹੁਣ ਹੀ ਦੌੜ ਮੁੱਕ ਚੱਲੀ ਹੈ। ਨਵੰਬਰ ’ਚ ਉਨ੍ਹਾਂ 90 ਸਾਲ ਦੇ ਹੋ ਜਾਣਾ ਸੀ।’’
ਮੋਹਨ ਕਾਹਲੋਂ ਦਾ ਚਲਾਣਾ ਪੰਜਾਬੀ ਨਾਵਲ ਦੇ ਵਿਲੱਖਣ ਅੰਦਾਜ਼ ਦਾ ਸੂਰਜ ਅਸਤਣ ਵਾਂਗ ਹੈ। ਉਨ੍ਹਾਂ ਦੇ ਜਾਣ ’ਤੇ ਪ੍ਰੋ. ਮੋਹਨ ਸਿੰਘ ਦੀ ਗ਼ਜ਼ਲ ਦਾ ਸ਼ਿਅਰ ਚੇਤੇ ਆ ਰਿਹਾ ਹੈ:
ਫੁੱਲ ਹਿੱਕ ਵਿੱਚ ਜੰਮੀ ਪਲ਼ੀ ਖ਼ੁਸ਼ਬੂ ਜਾਂ ਉੱਡ ਗਈ।
ਅਹਿਸਾਸ ਹੋਇਆ ਫੁੱਲ ਨੂੰ, ਰੰਗਾਂ ਦੇ ਭਾਰ ਦਾ।