Mohan Gill
ਮੋਹਨ ਗਿੱਲ

ਡੇਹਲੋਂ (ਲੁਧਿਆਣਾ) ਦੇ ਸ. ਜਾਗੀਰ ਸਿੰਘ ਦੇ ਘਰ ਮਾਤਾ ਦਲੀਪ ਕੌਰ ਦੀ ਕੁਖੋਂ 3ਮਈ 1953 ਨੂੰ ਜਨਮੇ ਅਤੇ ਕੈਨੇਡਾ ਦੇ ਸ਼ਹਿਰ ਸਰੀ ਵਿਚ ਜੀਵਨ ਸਾਥਣ ਮਨਜੀਤ ਕੌਰ ਨਾਲ ਵੱਸਦੇ ਪੰਜਾਬੀ ਲੇਖਕ ਮੋਹਨ ਗਿੱਲ ਨੇ ਕਵਿਤਾ, ਹਾਇਕੂ, ਕਹਾਣੀ ਤੇ ਵਾਰਤਕ ਰਚਨਾ ਵਿੱਚ ਆਪਣੀ ਸਿਰਜਣਾਤਮਕ ਪ੍ਰਤਿਭਾ ਨਾਲ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਚੈਨਲ ਪੰਜਾਬ ਟੀ ਵੀ ਕਲਾ ਦੇ ਅੰਗ ਸੰਗ ਪ੍ਰੋਗਰਾਮ ਦੇ ਹੋਸਟ ਵੀ ਹਨ। ਮੋਹਨ ਗਿੱਲ ਗੌਰਮਿੰਟ ਕਾਲਿਜ ਲੁਧਿਆਣਾ ਤੋਂ 1976 ਦੇ ਅੰਗਰੇਜ਼ੀ ਚ ਪੋਸਟ ਗਰੈਜੂਏਟ ਹਨ। ਨਾਗਪੁਰ ਯੂਨੀਵਰਸਿਟੀ ਤੋਂ ਡੀ ਪੀ ਐੱਡ ਦੀ ਪੜ੍ਹਾਈ ਕਰਕੇ 9 ਦਸੰਬਰ 1977 ਨੂੰ ਮਰਦ ਮੰਗੇਤਰ ਬਣ ਕੇ ਕੈਨੇਡਾ ਚਲੇ ਗਏ।

ਸਾਹਿੱਤਕ ਰਚਨਾਵਾਂ; ਪੰਜ ਕਾਵਿ ਸੰਗ੍ਰਹਿ : ਗਿਰਝਾਂ ਦੀ ਹੜਤਾਲ, ਬਨਵਾਸ ਤੋਂ ਬਾਅਦ, ਤ੍ਰੇਲ ਤੁਪਕੇ (ਹਾਇਕੂ), ਮੋਕਸ਼(ਪੰਜਾਬੀ ਤੇ ਹਿੰਦੀ), ਸੈਲਫ਼ੀ; ਵਾਰਤਕ ਰਚਨਾਵਾਂ : ਜੀਵਨ ਪੰਧ ਦਾ ਸੁਹਜ, ਆਤਮ ਮੰਥਨ: ਵਿਅੰਗ ਰਚਨਾਵਾਂ : ਨਮਕੀਨ ਰਸਗੁੱਲੇ, ਕੁੱਤੇ ਦੀ ਤੀਰਥ ਯਾਤਰਾ, ਰੱਬ ਦੌਰੇ ਤੇ ਗਿਆ । ਕੈਨੇਡਾ ਚ ਹੁਣ ਤੀਕ ਸਭ ਤੋਂ ਲੰਮੇ ਸਮੇਂ ਤੋਂ ਪ੍ਰਕਾਸ਼ਿਤ ਹੋ ਰਹੇ ਸਪਤਾਹਿਕ ਪੱਤਰ ਇੰਡੋ ਕੈਨੇਡੀਅਨ ਟਾਈਮਜ਼ ਦਾ ਸ: ਤਾਰਾ ਸਿੰਘ ਹੇਅਰ ਜੀ ਤੋਂ ਲੈ ਕੇ ਉਹ ਲੰਮਾ ਸਮਾਂ ਸਾਹਿੱਤ ਸੰਪਾਦਕ ਰਿਹਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਲਈ ਉਸ ਰਵਿੰਦਰ ਰਵੀ, ਗੁਰਦੇਵ ਸਿੰਘ ਮਾਨ ਤੇ ਬਾਕੀ ਲੇਖਕਾਂ ਨਾਲ ਮਿਲ ਕੇ ਅਹੁਦੇਦਾਰ ਤੇ ਕ੍ਰਿਆਸ਼ੀਲ ਰਿਹਾ ਹੈ। ਵੈਨਕੁਵਰ ਵਿਚਾਰ ਮੰਚ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਦਾ ਸਰਗਰਮ ਕਾਮਾ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਸਰਪ੍ਰਸਤ ਹੈ। ਪਰਵਾਸੀ ਸਾਹਿੱਤ ਅਧਿਐਨ ਕੇਂਦਰ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਤੇ ਖਾਲਸਾ ਕਾਲਿਜ ਪਟਿਆਲਾ ਵੱਲੋਂ ਦੂਸਰੀ ਗਲੋਬਲ ਕਾਨਫਰੰਸ ਚ ਸਨਮਾਨਤ ਹੋ ਚੁਕਿਆ ਹੈ। ਮੈਨੂੰ ਮਾਣ ਹੈ ਕਿ 1974 ਤੋਂ ਲਗਾਤਾਰ ਮੇਰਾ ਮਿੱਤਰ, ਸਹਿ ਪਾਠੀ ਤੇ ਇੱਕ ਦਿਨ ਨਿੱਕਾ ਪਿਆਰਾ ਸਿਰਜਕ ਵੀਰ ਹੈ । -ਗੁਰਭਜਨ ਗਿੱਲ