Punjabi Poetry : Mohan Gill

ਪੰਜਾਬੀ ਕਵਿਤਾਵਾਂ : ਮੋਹਨ ਗਿੱਲ



1. ਅਗਿਆਨੀ

ਅਪਣੇ ਨਵੇਂ ਮਕਾਨ ਵਿੱਚ ਉਸਨੇ ਇਕ ਕਮਰਾ ਆਲੀਸ਼ਾਨ ਅਲਮਾਰੀਆਂ ਦੇ ਨਾਲ ਸਜਾਇਆ ਹੈ। ਅਲਮਾਰੀਆਂ ਨੂੰ ਉਸਨੇ ਹਰ ਇਕ ਭਾਸ਼ਾ ਦੀਆਂ ਕਿਤਾਬਾਂ ਨਾਲ ਭਰਿਆ ਹੈ। ਹਰ ਰੋਜ਼ ਸਵੇਰੇ ਸ਼ਾਮ ਉਹ ਉਸ ਕਮਰੇ ਵਿੱਚ ਜਾਂਦਾ ਹੈ ਧੂਫ ਬੱਤੀ ਕਰਦਾ ਹੈ ਫਿਰ ਜਿੰਦਰਾ ਲਗਾ ਕੇ ਬਾਹਰ ਦਰਵਾਜ਼ੇ ਤੇ ਲੱਗੀ ਪਲੇਟ ‘ਲਾਇਬਰੇਰੀ’ ਸਾਫ਼ ਕਰਦਾ ਹੈ। ਘਰ ਆਏ ਮਹਿਮਾਨਾਂ ਨੂੰ ਬੜੇ ਮਾਣ ਨਾਲ ਕਮਰਾ ਦਿਖਾਉਂਦਾ ਹੈ। ਮਹਿਮਾਨਾਂ ਦੇ ਜਾਣ ਸਾਰ ਭੇੜ ਕੇ ਦਰਵਾਜ਼ਾ ਫਿਰ ਜਿੰਦਰਾ ਲਾਉਂਦਾ ਹੈ। ਇਸ ਕਮਰੇ ਦੀਆਂ ਅਲਮਾਰੀਆਂ ਵਿੱਚ ਕੁਝ ਕਿਤਾਬਾਂ ਊਂਘ ਰਹੀਆਂ ਨੇ ਕੁਝ ਕਿਤਾਬਾਂ ਸੌ ਰਹੀਆਂ ਨੇ ਜਿਵੇਂ ਸ਼ੀਸ਼ੀ ‘ਚ ਬੰਦ ਅਤਰ ਫੁਲੇਲ।

2. ਕਵਿਤਾ

ਅੱਖਰ ਤਾਂ ਸੀ ਕੱਲਮ ਕੱਲਾ, ਕੱਲਾ ਹੋਇਆ ਫਿਰਦਾ ਝੱਲਾ। ਅੱਖਰਾਂ ਵਿਚ ਜਦ ਏਕਾ ਹੋਇਆ, ਬੱਸ ਫਿਰ ਜਨਮ ਸ਼ਬ਼ਦ ਦਾ ਹੋਇਆ। ਸ਼ਬਦਾਂ ਨੇ ਜਦ ਜੁੱਟ ਬਣਾਇਆ, ਇੰਜ ਇਕ ਵਾਕ ਹੋਂਦ ਵਿੱਚ ਆਇਆ। ਖਿਆਲ ਵਾਕ ਸੰਗ ਜਦ ਪ੍ਰਣਾਇਆ, ਧਰਤ ਤੇ ਹੜ੍ਹ ਕਵਿਤਾ ਦਾ ਆਇਆ।

3. ਮੁਆਫੀਨਾਮਾ

ਮੁਆਫ ਕਰਨਾ ਦੋਸਤ ਤੇਰੇ ਪੰਜਵੇਂ ਮਕਾਨ ਦੀ ਚੱਠ 'ਤੇ ਨਹੀਂ ਆ ਸਕਾਂਗਾ। ਘਰ ਬਣਾਏਂਗਾ ਲਾਜ਼ਮੀ ਆਵਾਂਗਾ।

4. ਕੱਲਰ

ਬਾਪ ਨੇ ਖਰੀਦੀ ਹੈ ਦੂਰ ਤੱਕ ਫੈਲੀ ਲਹਿਲਹਾਉਂਦੀ ਪੈਲੀ। ਪੁੱਤਰ ਨੇ ਖ਼ਰੀਦਿਆ ਹੈ- ਚਿੱਟੇ ਦਾ ਪੈਕਟ। ਹੁਣ ਤਾਂ ਸਮਾਂ ਹੀ ਦੱਸੇਗਾ- ਕਦ ਬਦਲਦੀ ਹੈ- ਲਹਿਲਹਾਉਂਦੀ ਪੈਲੀ ਕੱਲਰ ਵਾਲੇ ਖੇਤ ਵਿੱਚ।

5. ਮਹਿੰਗੇ ਪਲ

ਕੁਝ ਰੁੱਖ ਮੇਰੇ ਬਾਬੇ ਵਰਗੇ। ਅਨੰਦਪੁਰ, ਕਾਂਸੀ, ਕਾਬ੍ਹੇ ਵਰਗੇ। ਪਲ ਦੋ ਪਲ ਜਿਸ ਦੀ ਛਾਂ ਬਹਿ ਕੇ ਦੁੱਖ ਦਰਦ ਸਭ ਭੁੱਲ ਜਾਂਦੇ ਨੇ। ਕੌਡੀਆਂ ਵਰਗੇ ਜੀਵਨ ਦੇ ਪਲ ਹੀਰਿਆਂ ਦੇ ਸੰਗ ਤੁਲ ਜਾਂਦੇ ਨੇ...

6. ਸ਼ਾਂਤੀ

ਮਹਿਲੀਂ ਬੈਠਾ ਰੋਵੇ ਕੁੱਲੀ ‘ਚ ਬੈਠਾ ਗਾਵੇ ਜੋ ਤੁਧ ਭਾਵੇ।

7. ਸੈਲਫੀ

ਹੁਣ ਤਾਂ ਅਪਣੀ ਫੋਟੋ ਵੀ ਆਪ ਖਿੱਚਦਾ ਹੈ ਕਿੰਨਾਂ ਇਕੱਲਾ ਹੋ ਗਿਆ ਹੈ ਆਦਮੀ।

8. ਜ਼ਮਾਨਾ

ਇਕ ਸਮਾਂ ਸੀ- ਸਿਆਣੇ ਕਹਿੰਦੇ ਸਨ “ਨੇਕੀ ਕਰ- ਖੂਹ ‘ਚ ਪਾ।” ਅੱਜ ਵੀ ਸਮਾਂ ਹੈ- ਲੋਕ ਕਹਿੰਦੇ ਹਨ “ਨੇਕੀ ਕਰ- ਫੋਟੋ ਖਿੱਚ- ਫੇਸਬੁੱਕ ਤੇ ਪਾ।”

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ