Mitrata : Prof. Puran Singh

ਮਿਤ੍ਰਤਾ : ਪ੍ਰੋਫੈਸਰ ਪੂਰਨ ਸਿੰਘ

ਜੀਵਨ ਮਿਤ੍ਰਤਾ ਹੈ। ਬਿਨਾ ਮਿਤ੍ਰਤਾ ਜੀਵਨ ਇਕ ਤਰਾਂ ਦੀ ਆਪ ਪਾਈ ਅਕੱਲ ਹੈ ਤੇ ਅਕਲ ਇਕ ਤਰਾਂ ਦੇ ਨਰਕ ਦਾ ਹਨੇਰਾ ਹੈ। ਫੁੱਲਾਂ ਦੇ ਬੂਟੇ ਜਿਹੜੇ ਆਪ ਬੀਜੀਏ ਤੇ ਆਪ ਸਿੰਚੀਏ, ਓਹ ਜਦ ਜੰਮਦੇ ਤੇ ਵੱਡੇ ਹੁੰਦੇ ਹਨ ਹਰ ਇਕ ਪੱਤੀ ਤੇ ਕੋਂਪਲ ਜਿਹੜੀ ਕੱਢਦੇ ਹਨ, ਇਕ ਤਰਾਂ ਦੀ ਸੁਭਾਵਕ ਖੁਸ਼ੀ ਸਾਡੇ ਦਿਲਾਂ ਵਿੱਚ ਭਰਦੇ ਹਨ ਤੇ ਸੱਚੇ ਮਨਾਂ ਵਾਲਿਆਂ ਨੂੰ ਇਨ੍ਹਾਂ ਫੁੱਲਾਂ ਦੀ ਸੰਗਤ ਇਕ ਅਜੀਬ ਨਿਰੋਲ ਤੇ ਸੂਖਮ ਤੇ ਤੀਖਣ ਮਿਤ੍ਰਤਾ ਦਾ ਭਾਵ ਉਪਜਾਂਦੀ ਹੈ। ਮਲੂਮ ਹੁੰਦਾ ਹੈ, ਕਿ ਨਿੱਕੇ ਨਿੱਕੇ ਫੁਲਾਂ ਦੇ ਬੂਟੇ ਲਾਜਵੰਤੀ ਦੀਆਂ ਪੱਤੀਆਂ ਦੀ ਛੂਹੀ ਮੂਹੀ--ਤਾ ਵਿੱਚ ਆਪਣੇ ਅੰਦਰ ਦੀ ਸ਼ੁਕਰਗੁਜਾਰੀ ਦੇ ਰੰਗ ਨਾਲ ਭਰੇ ਨੈਨਾਂ ਨਾਲ ਤੱਕਦੇ ਹਨ, ਕੁਮਲਾਏ ਹੁੰਦੇ ਹਨ ਜਦ ਜਲ ਲਿਆ ਕੇ ਉਨ੍ਹਾਂ ਉੱਪਰ ਛਿਣਕਿਆ ਜਾਂਦਾ ਹੈ ਤਦ ਕਿਸ ਮੰਦ ਮੰਦ ਹਸੀ ਨਾਲ ਸਾਡੇ ਰੂਹ ਨੂੰ ਤਰੋਤਾਜ਼ਾ ਕਰਦੇ ਹਨ । ਇਹ ਕੋਮਲ ਬੇਜਬਾਨ ਸ਼ੁਕਰ ਨਾਲ ਭਰੀ ਮਿਤ੍ਰਤਾ ਦਾ ਮੂਕ ਭਾਵ ਮੁੜ ਫਿਰ ਨਿੱਕੇ ਬੱਚਿਆਂ ਦੀ ਪ੍ਰਸੰਨਤਾ ਵਿੱਚ ਦਿੱਸ ਆਉਂਦਾ ਹੈ। ਕਹਿੰਦੇ ਹਨ, ਸਭ ਥੀਂ ਸੋਹਣੀ ਚੀਜ਼ ਮਨੁੱਖ ਦਾ ਫੁੱਲ ਵਰਗਾ ਬੱਚਾ ਹੈ, ਬੱਚਿਆਂ ਦੇ ਹਸੂੰ ਹਸੂੰ ਕਰਦੇ ਚਿਹਰੇ ਫੁੱਲਾਂ ਦੇ ਮੂੰਹਾਂ ਥੀਂ ਕਿਸੀ ਤਰਾਂ ਘਟ ਨਹੀਂ, ਇਉਂ ਪ੍ਰਤੀਤ ਹੁੰਦਾ ਹੈ ਕਿ ਫੁੱਲਾਂ ਨੂੰ ਨੈਨ ਤੇ ਜੁਬਾਨ ਪੂਰੇ ਪੂਰੇ ਇਥੇ ਆਣ ਲੱਗੇ ਹਨ । ਬਿਨਾ ਫੁੱਲਾਂ ਤੇ ਬੱਚਿਆਂ ਦੇ ਆਦਮੀ ਹੱਸ ਕੇ ਹੁਟ ਕੇ ਮਰ ਜਾਵੇ ।ਇਸ ਜੀਵਨ ਦੀ ਮਿਤ੍ਰਤਾ ਨੂੰ ਸ਼ੈਲੀ ਅੰਗ੍ਰੇਜ਼ ਰਸਿਕ ਕਵੀ ਅਨੁਭਵ ਕਰਦਾ ਹੈ ਅਤੇ ਮਿਤ੍ਰਤਾ ਦੀ ਫਿਲਾਸਫੀ ਦੀ ਸੁਰਖੀ ਹੇਠ ਇਉਂ ਲਿਖਯਾ ਹੈ :

(ਉਲਥਾ ਛੰਦ ਸੈਲਾਨੀ)
ਆ ਜਿੰਦੇ ਅਸੀ ਰਲ ਮਿਲ ਬਹੀਏ,
ਕੋਈ ਨਾ ਕੱਲਾ ਜੀਵੇ ।
ਚਸ਼ਮੇ ਤੇ ਦਰਿਯਾ ਮਿਲ ਬਹਿੰਦੇ,
ਨਦੀਆਂ ਨਾਲ ਸਮੁੰਦਰ ।
ਦੈਵੀ ਹਵਾਵਾਂ ਰਲ ਮਿਲ ਝੁੱਲਣ,
ਮਿੱਠੀ ਪ੍ਰੀਤ ਸਬ ਪਾਂਦੇ ।
ਆ ਜਿੰਦੇ ਅਸੀ ਰਲ ਮਿਲ ਬਹੀਏ,
ਕੋਈ ਨਾ ਕੱਲਾ ਜੀਵੇ ॥
ਨੇਮ ਰੱਬ ਦਾ ਸਭ ਇਕੱਠੇ,
ਰੂਹ ਰੂਹਾਂ ਵਿੱਚ ਖਹਿੰਦੇ ।
ਤੂੰ ਤੇ ਮੈਂ ਕਿਉਂ,
ਇੰਞ ਨ ਮਿਲੀਏ ।
ਜਦ ਹਰ ਚੀਜ਼ ਦੇ ਦੂਜੀ ਨਾਲ,
ਹਨ ਸਦਾ ਪ੍ਰੀਤ ਦੇ ਮੇਲੇ ॥
ਆ ਵੇਖ ਪਰਬਤ ਕਿੰਞ,
ਗਗਨਾਂ ਨੂੰ ਹਨ ਚੁੰਮਦੇ।
ਤੇ ਸਾਗਰ-ਲਹਿਰਾਂ ਇਕ ਦੂਜੇ
ਨੂੰ ਮਾਰਨ ਜੱਫੀਆਂ ।
ਇਕ ਭੈਣ ਫੁੱਲ ਦੂਜੇ ਭਰਾ,
ਸ਼ਗੂਫੇ ਨੂੰ ਜੇ ਨ ਚੁੰਮੇ ।
ਕੁਦਰਤ ਮਾਫੀ ਕਦੀ
ਨ ਦੇਵੇ ।
ਸੂਰਜ ਦੀਆਂ ਕਿਰਨਾਂ ਧਰਤ ਨੂੰ ਆਪਣੀ
ਬਾਹਾਂ ਪੰਗੂੜੇ ਵਿੱਚ ਉਲਾਰਣ ।
ਤੇ ਚੰਨ ਦੀਆਂ ਰਸ਼ਮੀਆਂ ਸਾਗਰ ਦਾ
ਮੂੰਹ ਪਿਆਰ ਦੇ ਦੇ ਚੁੰਮਣ ।
ਇਹ ਸਭ ਚੁੰਮਣ ਕਿਸ ਕਮ ਪਿਆਰੀ !
ਜੇ ਤੂੰ ਨਾ ਆ ਮੈਨੂੰ ਇਉਂ ਚੁੰਮੇ।
ਆ ਜਿੰਦੇ ਅਸੀ ਰਲ ਮਿਲ ਬਹੀਏ,
ਕੋਈ ਨਾ ਕੱਲਾ ਜੀਵੇ ।

ਕੌਲ ਫੁੱਲ ਤੇ ਸੂਰਜ ਦੀ ਪਤਲੀ ਕਿਰਣ ਦੀ ਮਿਤ੍ਰਤਾ ਦੀ ਕਹਾਣੀ ਕਵੀ ਜਨਾਂ ਦੇ ਦਿਲ ਵਿੱਚ ਫੁੱਟਦੀ ਹੈ, ਤੇ ਬਨਫਸ਼ਾਂ ਦੇ ਫੁੱਲ ਵਿੱਚ ਤ੍ਰੇਲ ਤੁਪਕਾ ਕਿਸੀ ਹੋਰ ਗੁਪਤ ਪਿਆਰ ਦੀ ਕਥਾ ਦਾ ਚੁੱਪ ਦਰਦ ਹੈ । ਧਰਤ ਦਰਹਕੀਕਤ ਮਾਤਾ ਹੈ। ਆਪਣੀ ਛਾਤੀ ਤੇ ਕਿੰਨੇ ਹੀ ਬੱਚੇ ਪਾਲਦੀ ਹੈ ਤੇ ਸਭ ਥੀਂ ਵੱਡਾ ਮਿਤ੍ਰ ਦੁਨੀਆਂ ਵਿੱਚ ਧਰਤੀ ਮਾਤਾ ਦਾ ਜੀਂਦਾ ਚਿੰਨ੍ਹ ਰੂਪ ਮਾਂ ਹੈ, ਤੇ ਕੁਦਰਤ ਦਾ ਰੂਹਾਨੀ, ਬੇਗਰਜ ਪਿਆਰ ਦਾ ਉਹਦੀ ਛਾਤੀ ਵਿੱਚ ਦੱਬਿਆ ਰਾਜ਼ ਮਾਂ-ਮੂਰਤ ਵਿੱਚ ਆਣ ਕੇ ਖੁਲਦਾ ਹੈ ॥
ਤੀਵੀਂ ਖਾਵੰਦ ਦੀ ਮਿਤ੍ਰਤਾ ਪਹਿਲਾਂ ਕੱਚੀ ਹੁੰਦੀ ਹੈ ਤੇ ਫਲ ਵਾਂਗੂ ਤਾਂ ਹੀ ਪੱਕਦੀ ਹੈ ਜਦ ਤੀਵੀਂ ਮਾਂ ਹੋ ਜਾਂਦੀ ਹੈ। ਜਦ ਤੀਵੀ ਮਾਂ ਹੋ ਜਾਂਦੀ ਹੈ ਤਦ ਹਰ ਤਰਾਂ ਦਿਵਯ ਮੂਰਤੀ ਹੋ ਜਾਂਦੀ ਹੈ, ਪੂਜਨੀਯ ਹੋ ਜਾਂਦੀ ਹੈ ॥

ਆਕਰਸ਼ਣ ਤੀਵੀਂ ਖਾਵੰਦ ਦਾ ਓਹੋ ਹੀ ਹੈ, ਜੋ ਚੰਨ ਦੀ ਰਸ਼ਮੀ ਤੇ ਕੁਮਦਨੀ ਦਾ ਹੈ । ਜੇ ਕੰਵਲ ਫੁੱਲ ਤੇ ਭੌਰੇ ਦਾ ਹੈ, ਪਰ ਆਤਮ ਰਾਮ ਅੰਦਰ ਬੈਠਾ ਕੁਛ ਬੇਖਬਰ ਜਿਹਾ ਰਹਿੰਦਾ ਹੈ, ਜਦ ਤਕ ਅਨੰਤ ਵਿੱਚ ਗੜੂੰਦ ਨਾ ਹੋ ਜਾਏ । ਸੋ ਤੀਵੀਂ ਖਾਵੰਦ ਦੀ ਮਿਤ੍ਰਤਾ ਆਮਤੌਰ ਤੇ ਇੰਨੀ ਅਨੰਤ ਵਲ ਮੂੰਹ ਕੀਤੀ ਨਹੀਂ ਹੁੰਦੀ, ਜਿੰਨੀ ਕਿ ਇਕ ਪੁਤ ਦੀ ਮਿਤ੍ਰਤਾ ਮਾਂ ਵਲ ਅਨੰਤ ਦਾ ਮੂੰਹ ਕੀਤੀ ਹੁੰਦੀ ਹੈ, ਤੇ ਜੇਹੜੀ ਜੋੜੀਆਂ ਦੇ ਪਿਆਰ (ਜਗ ਵਿੱਚ ਕਿਹਾ ਜਾਂਦਾ ਹੈ ਜੋੜੀਆਂ ਥੋੜੀਆਂ, ਜੁੱਟ ਬਹੁਤੇਰੇ) ਅਮਰ ਹੋ ਜਾਂਦੇ ਹਨ । ਉਸ ਮਿਤ੍ਰਤਾ ਦੀ ਜੜ੍ਹਾਂ ਗੁਣ ਔਗੁਣਾਂ ਦੇ ਉਪਰਲੀ ਧਰਤੀ ਵਿੱਚ ਤੇ ਰੂਪ ਸੁਹਣੱਪਾਂ ਤੇ ਕੋਹਝਾਂ ਆਦਿ ਦੇ ਗਮਲਿਆਂ ਦੀ ਮਿੱਟੀ ਵਿੱਚ ਨਹੀਂ ਰਹਿੰਦੀਆਂ, ਓਹ ਕਿਸੀ ਅਗੰਮ ਅਨੰਤ ਦੇ ਪਾਤਾਲ ਤੇ ਅਕਾਸ਼ ਅਰਸ਼ਾਂ ਵਿੱਚ ਜਾ ਆਪਣੀ ਖੁਰਾਕ ਟੋਲਦੀਆਂ ਹਨ ॥
ਸੋ ਕੋਈ ਮਿਤ੍ਰਤਾ ਚਿਰਸਥਾਈ ਨਹੀ ਹੋ ਸੱਕਦੀ, ਜਿਥੇ ਪਹਿਲਾਂ ਤਾਂ ਮੂੰਹ ਚਿੰਨ੍ਹ ਰੂਪ ਦੀਆਂ ਹੱਦਾਂ ਥੀਂ ਪਰੇ ਪਾਰ ਕਿਸੀ ਅਨੰਤ ਸੁਹਜ ਤੇ ਅਨੰਤ ਸੁਹਣੱਪ ਵਲ ਨਾ ਤੱਕਦਾ ਹੋਵੇ॥

ਸੂਰਜ ਵਿੱਚ ਖਲੋ ਕੇ ਸੁਹਣੇ ਤੇ ਕੋਝੇ ਮੁਖਾਂ ਨੂੰ ਚਿਤ੍ਰ ਰੂਪ ਵੇਖਣ ਵਾਲੇ ਲਈ ਸਭ ਨੂਰ ਦੇ ਬਣੇ ਬੰਦੇ ਸੋਹਣੇ ਹਨ । ਜਿਹੜੀ ਅੱਖ ਮਾਸ ਦੇ ਬੁੱਤਾਂ ਦੇ ਧੁੱਪ ਛਾਂ ਵਲ ਦੀ ਸੁਹਣੱਪ ਤੇ ਕੋਝ ਨੂੰ ਗਿਣ ਗਿਣ ਤੇ ਮਿਣ ਮਿਣ ਕਰ ਕੇ ਆਪਣੀ ਮਿਤ੍ਰਤਾ ਦਾ ਧਾਗਾ ਤੇ ਸਿੱਕੇ ਦਾ ਲਾਟੂ ਸੁਟ ਰਹੀ ਹੈ, ਉਹ ਕਦੀ ਮਿਤਤ੍ਰਾ ਦੇ ਭਾਵ ਨੂੰ ਅਨੁਭਵ ਨਹੀਂ ਕਰ ਸੱਕਦੀ ॥

ਮਿਤ੍ਰ ਦੀ ਅੱਖ ਜਾਹਰੀ ਅੱਖਾਂ ਨਾਲ ਦਿਸਦੀ ਯਾ ਮਨ ਉੱਪਰ ਪਏ ਧੁੱਪ ਛਾਂ ਦੀਆਂ ਪ੍ਰਤੀਤਾਂ ਤੇ ਯਕੀਨਾਂ ਦੀ ਬਣੀ ਇਉਂ ਆਖੀ "ਅਸਲੀਅਤ" ਨੂੰ ਨਹੀਂ ਦੇਖਦੀ । ਉਸ ਵਿੱਚ ਇਕ ਪਾਰਦਰਸ਼ੀ ਸ਼ਕਤੀ ਹੁੰਦੀ ਹੈ, ਜਿਹੜੀ ਇਨ੍ਹਾਂ ਪਰਦਿਆਂ ਤੇ ਕੱਪੜਿਆਂ ਥੀਂ ਪਾਰ ਪਰੇ ਕਿਸੀ ਆਦਰਸ਼ ਦਿਵਯਤਾ ਦੇ ਰੂਪ ਨੂੰ ਵੇਖਦੀ ਹੈ ਤੇ ਓਹਨੂੰ "ਉਸ ਜਿਹਾ ਹੋਰ ਨਾ ਕੋਈ ਮਿਤ੍ਰ" ਲਗਦਾ ਹੈ, ਤੇ ਉਥੇ ਕਰਮਾਂ ਦੀ ਕਾਲਖ ਉਹਨੂੰ ਉਸ ਰੂਪ ਵਿੱਚ ਨਹੀਂ ਦਿੱਸਦੀ, ਉਹਨੂੰ ਕਰੂਪਤਾ ਕੀ ਮਾਨਸਕ ਤੇ ਕੀ ਸ਼ਰੀਰਕ ਨਹੀਂ ਦਿੱਸਦੀ। ਰੱਬ ਰਚਿਤ ਰੂਹ ਸਦਾ ਸੋਹਣਾ ਹੈ ॥

ਲੈਲੀ ਨੂੰ ਕਿਹਾ ਜਾਂਦਾ ਹੈ, ਮਜਨੂੰ ਦੀ ਅੱਖ ਨਾਲ ਵੇਖੋ । ਜਿੱਥੇ ਨਜਰ ਅਨੰਤ ਥੀਂ ਵਿਛੋੜ ਕੇ ਚੀਜਾਂ ਯਾ ਬੰਦਿਆਂ ਦੇ ਹੱਦ ਬਝੀਆਂ ਸ਼ਕਲਾਂ ਯਾ ਮਨਾਂ ਨੂੰ ਵੇਖਦੀ ਹੈ, ਉਥੇ ਮਿਤ੍ਰਤਾ ਇਕ ਉਕਸਾਵਟ ਹੈ, ਜਿਹੜੀ ਉਕਸਾਕੇ ਫਿਰ ਚੁੱਪ ਹੋ ਜਾਂਦੀ ਹੈ, ਰੂਹ ਕਿਸੀ ਹੋਰ ਅਗਾਂਹ ਦੀ ਅਗਮਤਾ ਨੂੰ ਟੋਲਦਾ ਹੈ। ਉਥੇ ਨਹੀਂ ਤਾਂ ਹੋਰ ਅਗੇ, ਯਾ ਇਹਨੂੰ ਛੋੜ ਓਹਨੂੰ ਫੜ ਦੀ ਚੰਚਲਤਾ ਤੇ ਬਾਹਰ ਮੁਖੀ ਦ੍ਰਿ‌ਸ਼ਟੀ ਦੀ ਦੁੱਖ ਕਥਾ ਵਿੱਚ ਮਾਯੂਸ ਹੋ ਹੋ ਮਰ ਜਾਂਦਾ ਹੈ, ਯਾ ਓਹਨੂੰ ਕਦੀ ਅਨੰਤ ਕਿਸੀ ਝਾਕੇ ਦਾ ਲਿਸ਼ਕਾਰਾ ਵੱਜਦਾ ਹੈ ਤੇ ਉਹਦੀ ਸੁਰਤਿ ਜਾਗ ਪੈਂਦੀ ਹੈ, ਤੇ ਉਸ ਨੁਕਤੇ ਨੂੰ ਪਰਾਪਤ ਕਰਦਾ ਹੈ, ਜਿਥੇ ਕੋਈ ਰੂਪ ਵਾਨ ਤੇ ਕੋਝਾ ਨਹੀਂ ਰਹਿੰਦਾ, ਕਿਉਂਕਿ ਹਰ ਇਕ ਚੀਜ ਉੱਪਰ ਉਹਦੀ ਅੱਖ ਵਿੱਚ ਬੈਠਾ ਅਨੰਤ ਨੂਰ ਆਪਣੀ ਕਰਾਮਾਤੀ ਰੂਪ ਪਾ ਪਾ ਉਹਦੇ ਅਮਰ ਮਿਤ੍ਰ ਭਾਵ ਤੇ ਮਿਤ੍ਰਤਾ ਨੂੰ ਪਾਲਦਾ ਹੈ ॥

ਉਸ ਲਈ ਵੈਰੀ ਫਿਰ ਕੋਈ ਰਹਿੰਦਾ ਨਹੀ, ਸਰਬ ਵਸੂਦੇਵ ਕੁਟੰਬ ਹੋ ਜਾਂਦਾ ਹੈ, ਸਭੋ ਮਨੁੱਖ ਮਿਤ੍ਰ ਹੋ ਜਾਂਦੇ ਹਨ, ਹਵਾਵਾਂ ਆਣ ਕੇ ਹਮਦਰਦੀ ਕਰਦੀਆਂ ਹਨ, ਸੁੱਤੇ ਦਾ ਮੂੰਹ ਚੁੰਮਦੀਆਂ ਹਨ, ਦਰਿਯਾ ਨੁਹਲਾਂਦੇ ਹਨ। ਦਰਿਯਾਵਾਂ ਦੇ ਕੰਢੇ ਉੱਪਰ ਨਵੀਂ ਸੱਜਰੀ ਬਜਰੀ ਆਰਾਮ ਬਿਛੌਣੇ ਵਿਛੇ ਮਿਲਦੇ ਹਨ, ਸੁੱਕੇ ਪਰਬਤਾਂ ਵਿੱਚੋਂ ਮਾਂ ਦਾ ਦੁੱਧ ਅਨੇਕ ਧਾਤਾਂ ਵਿੱਚ ਫੁਟ ਕੇ 'ਬੱਚੇ' ਦੇ ਮੂੰਹ ਵਿੱਚ ਪੈਂਦਾ ਹੈ। "ਬੱਚਾ" ਸੀ ਤਾਂ ਕੁੱਲ ਜਹਾਨ ਮਿਤ੍ਰ ਸੀ, ਜਦ ਇਹ ਮਿਹਰ ਹੁੰਦੀ ਹੈ, ਨੈਣਾਂ ਵਿੱਚ ਕੋਈ ਸੱਚ ਆ ਸਮਾਂਦਾ ਹੈ । ਕੋਈ ਦਰਸ਼ਨ ਰੂਹ ਵਿੱਚ ਆਣ ਬਹਿੰਦਾ ਹੈ । ਤਦ ਮੁੜ ''ਬੱਚਾ" ਹੋ ਜਾਂਦਾ ਹੈ, ਇਸ ਬੱਚੇ ਲਈ ਵੀ ਸਭ ਕੁਦਰਤ ਮਿਤ੍ਰ ਹੋ ਜਾਂਦੀ ਹੈ । ਕੁਦਰਤ ਜਦ ਤਕ ਵੈਰੀ ਦਿੱਸਦੀ ਹੈ, ਤਦ ਤਕ ਮਨੁੱਖ ਦਾ ਬੱਚਾ ਹਾਲੇ ਪੂਰਣ ਨਹੀਂ ਹੋਇਆ, ਜਦ ਕੁਦਰਤ ਮਾਂ ਵਾਂਗ ਝੋਲੀ ਵਿੱਚ ਚੁੱਕ ਕੇ ਮੁੜ ਪਾਲਦੀ ਹੈ, ਤਦ ਪੂਰਣ ਮਿਤ੍ਰਤਾ ਰੂਹ ਵਿੱਚ ਫੁੱਲਦੀ ਤੇ ਫਲਦੀ ਹੈ॥

ਸੋ "ਮਿਤ੍ਰ ਅਸਾਡੜੇ ਸੇਈ" ਸੋ ਸੱਚੀ ਮਿਤ੍ਰਤਾ ਇਕ ਕਿਸੀ ਉੱਚੇ ਸਿਦਕ ਵਿੱਚ ਰਹਿਣ ਵਾਲੇ, ਡੂੰਘਿਆਈਆਂ ਵਿੱਚ ਗੜੂੰਦ ਲੋਕਾਂ ਦੇ ਦਿਲਾਂ ਵਿੱਚ ਵੱਸਦੀ ਹੈ ਅਰ ਓਹੋ ਹੀ ਸਾਡੇ ਮਿਤ੍ਰ ਸੱਚੇ ਹਨ :-
ਜਗਤ ਮੈ ਝੂਠੀ ਦੇਖੀ ਪ੍ਰੀਤਿ ॥
ਅਪਨੇ ਹੀ ਸੁਖ ਸਿਉ ਸਭ ਲਾਗੇ
ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥

ਇਹ ਸਭ ਜਗਤ ਦੀਆਂ ਦੋਸਤੀਆਂ ਦਾ ਗੁਣ ਹੈ, ਕਿਉਂਕਿ ਉਨਾਂ ਨੂੰ ਹਾਲੇ ਮਾਸ ਦੇ ਬੁੱਤਾਂ ਦੇ ਰੂਪ ਕਰੂਪ ਤੇ ਆਪਣੀਆਂ ਲੋੜਾਂ ਤੇ ਖੁਦਗਰਜ਼ੀ ਦੀਆਂ ਜਰੂਰਤਾਂ ਤੇ ਸੰਕਲਪਾਂ ਦੀਆਂ ਪੂਰਤੀਆਂ ਥੀਂ ਪਰੇ ਕੁਛ ਦਿੱਸ ਨਹੀਂ ਰਿਹਾ । ਗਉ ਦਾ ਵੱਛੇ ਨੂੰ ਚੱਟਣਾ ਇਕ ਅਪੂਰਣ ਮਿਤ੍ਰਤਾ ਦਾ ਅਮਲ ਹੈਵਾਨੀ ਦੁਨੀਆਂ ਵਿੱਚ ਹੈ ਤੇ ਚਿਰ ਸਥਾਈ ਨਹੀਂ । ਗਊ ਨੂੰ ਇਉਂ ਕਰਨ ਵਿੱਚ ਅਕਹਿ ਜਿਹਾ, ਪਰ ਖਿਣਕ ਸੁਖ ਪ੍ਰਤੀਤ ਹੁੰਦਾ ਹੈ। ਇਨ੍ਹਾਂ ਸੁਖਾਂ ਦਾ ਲਾਲਚ ਦੇ ਦੇ ਕੁਦਰਤ ਮਾਂ ਹੈਵਾਨਾਂ ੱਵਿੱਚ ਸ਼ੇਰਨੀ ਦੇ ਦਿਲ ਵਿੱਚ ਆਪਣੇ ਬੱਚਿਆਂ ਲਈ ਦਯਾ ਧਰਮ ਉਪਜਾਂਵਦੀ ਹੈ । ਇਉਂ ਹੀ ਜਰਵਾਣਿਆਂ ਜ਼ਾਲਮਾਂ ਜਿਹੜੇ ਬੇਗੁਨਾਹ ਲੋਕਾਂ ਨੂੰ ਦੁੱਖ ਦੇ ਦੇ ਮਾਰ ਦਿੰਦੇ ਹਨ, ਓਹ ਆਪਣੇ ਬੱਚਿਆਂ ਲਈ ਦਯਾ ਦਿਲ ਰੱਖਦੇ ਹਨ, ਪਰ ਓਸ ਇਹੇ ਜਿਹੇ ਪੁਰਸ਼ ਕੀ ਵੱਡੇ ਕੀ ਛੋਟੇ ਜਿਹੜੇ ਅਗਮ ਅਥਾਹ, ਅਕਹਿ, ਅਨੰਤ ਦੀ ਜਮੀਨ ਵਿੱਚ ਨਹੀਂ ਉੱਗ ਰਹੇ, ਸਿਰਫ ਆਪਣੀਆਂ ਪੰਜ ਇੰਦ੍ਰੀਆਂ ਦੇ ਗਮਲਿਆਂ ਵਿੱਚ ਖੁਦਗਰਜੀ ਦੇ ਫਲ ਫੁੱਲ ਨੂੰ ਉਗਾ ਰਹੇ ਹਨ, ਓਹ ਹੈਵਾਨ ਹਨ, ਅਰ ਉਨ੍ਹਾਂ ਦੀ ਮਿਤ੍ਰਤਾ ਦੀ ਨੀਂਹ ਸਦਾ ਖੁਦਗਰਜੀ ਦੇ ਸੁਖ ਉੱਪਰ ਹੈ । ਜਦ ਉਨ੍ਹਾਂ ਨੂੰ ਓਹ ਸੁਖ ਉਨ੍ਹਾਂ ਪਾਸੋਂ ਨਾ ਮਿਲਿਆ, ਓਹ ਮਿਤ੍ਰਤਾ ਵੈਰ ਵਿੱਚ ਬਦਲ ਜਾਂਦੀ ਹੈ। ਜਿੱਥੇ ਮਨ ਮਿਲੇ ਹੋਏ ਹਨ ਉੱਥੇ ਜਰਾ ਹੋਰ ਅਗਾਂਹ ਅੱਪੜ ਹੈਵਾਨਾਂ ਦੀ ਮਿਤ੍ਰਤਾ ਡੂੰਘੀ ਹੋਈ ਹੋਈ ਹੈ ਪਰ ਓਹ ਵੀ ਹੈਵਾਨ ਹਨ, ਕਿਉਕਿ ਇਥੇ ਮਨ ਦੇ ਖਿਆਲਾਤਾਂ ਵਿੱਚ ਓਸੇ ਖੁਦਗਰਜੀ ਦੇ ਇਕ ਸੂਖਮ ਪ੍ਰਕਾਰ ਦੇ ਸੁਖ ਉੱਪਰ ਹੈ, ਜਦ ਓਹ ਵਿਚਾਰਾਂ ਦੀ ਗੰਢ ਟੁੱਟੀ ਉਨ੍ਹਾਂ ਦੀ ਮਿਤ੍ਰਤਾ ਖੇਰੂ ਖੇਰੂ ਹੋ ਜਾਂਦੀ ਹੈ । ਸੋ ਸਰੀਰਕ ਹੱਦਾਂ ਤੇ ਮਨ ਦੀਆਂ ਹੱਦਾਂ ਵਿੱਚਦੀ ਵਿਚਰਣ ਵਾਲੇ ਲੋਕਾਂ ਦੀ ਮਿਤ੍ਰਤਾ ਜਿਸ ਤਰਾਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਆਪਣੇ ਮੁਖਾਰਬਿੰਦ ਤੋਂ ਕਹਿ ਰਹੇ ਹਨ-ਸਭ ਝੂਠੀ ਹੁੰਦੀ ਹੈ ਕੇ ਝੂਠੀ ਹੋਣੀ ਅਵਸ਼ਯ ਤੇ ਜਰੂਰੀ ਹੈ, ਕਿਉਂਕਿ ਨੀਂਹ ਜੇ ਖੁਦਗਰਜੀ ਉੱਪਰ ਹੈ, ਮਨ ਦੇ ਇਤਫਾਕਾਂ ਵਿੱਚ ਹੀ ਇਖਲਾਕੀ ਸ਼ਰੀਰਕ ਮਾਨਸਿਕ ਧਰਮਾਂ ਦੀ ਏਕਤਾ ਤੇ ਮਿਤ੍ਰਤਾ ਹੈ ਬੰਦੇ ਦੇ ਰੂਹ ਦਾ ਝਾਕਾ ਇਨ੍ਹਾਂ ਰਿਸ਼ਤਿਆਂ ਵਿੱਚ ਮੱਧਮ ਜਿਹਾ ਹੁੰਦਾ ਹੈ, ਤੇ ਵਿਸ਼ੇ ਵਿਕਾਰ ਦੇ ਖਿਣਕ ਮਿਤ੍ਰਤਾ ਵਾਂਗ ਇਨ੍ਹਾਂ ਇਖਲਾਕ, ਪਾਪ ਪੁਨਯ, ਨੇਕੀ ਬਦੀ ਉੱਪਰ ਜੋਰ ਦੇਣ ਵਾਲੇ ਤੇ ਜੋਸ਼ੀਲੇ ਲੋਕਾਂ ਦੀ ਮਿਤ੍ਰਤਾ ਵੀ ਓਨੀ ਹੀ ਖਿਣਕ ਤੇ ਨਾਸ਼ਵੰਤ ਹੁੰਦੀ ਹੈ। ਕੁੱਲ ਰਾਵਾਂ ਦੇ ਇਖਤਲਾਫ ਕਰਕੇ ਜਿਹੜੀ ਨਫਰਤ ਹੁੰਦੀ ਹੈ, ਓਹ ਵੀ ਉਸੇ ਸ਼੍ਰੇਣੀ ਦੀ ਹੈ, ਜਿਹੜੀ ਕਿ ਇਕ ਕਾਮੀ ਨੂੰ ਆਪਣੇ ਕਾਮਨੀ ਦੇ ਚਾਹੇ ਰੂਪ ਦੇ ਵਿਗੜਨ ਪਰ ਉਪ੍ਰਾਮਤਾ ਯਾ ਨਫਰਤ ਵਿੱਚ ਬਦਲ ਜਾਂਦੀ ਹੈ। ਜਿਹੜੇ ਆਪਣੇ ਆਪ ਨੂੰ ਨਿਸ਼ਪਾਪ ਕਹਿੰਦੇ ਹਨ, ਉਨ੍ਹਾਂ ਵਿੱਚ ਸੱਚੀ ਹਮਦਰਦੀ ਦਾ ਉਸੀ ਤਰਾਂ ਦਾ ਅਭਾਵ ਹੁੰਦਾ ਹੈ, ਜਿਸ ਤਰਾਂ ਕਿ ਇਕ ਕਾਮੀ ਦੋਖੀ ਲੋਭੀ, ਮੋਹੀ, ਅਹੰਕਾਰੀ ਆਦਮੀ ਵਿੱਚ ਅਭਾਵ ਹੁੰਦਾ ਹੈ। ਕੀ ਗੁਨਾਹਗਾਰਾਂ ਦੀ ਖੁਦਗਰਜੀ ਵਾਲੀ ਮਿਤ੍ਰਤਾ ਤੇ ਕੀ ਇਨ੍ਹਾਂ ਲੋਕਾਂ ਦੇ ਪਿਆਰ ਅਰ ਮਿਤ੍ਰਤਾ ਜਿਹੜੇ ਮਨ ਤੇ ਸਰੀਰ ਦੀਆਂ ਹੱਦਾਂ ਤੇ ਸਰੀਰ ਤੇ ਮਨ ਦੇ ਕਰਮਾਂ ਤੇ ਖਿਆਲਾਂ ਦੇ ਹੱਦਾਂ ਵਾਲੀ ਦ੍ਰਿਸ਼ਟੀ ਉੱਪਰ ਉੱਠੀ ਹੋਵੇ, ਇਕ ਕੂੜ ਹੈ, ਜਿਹਦੀ ਕੋਈ ਕਦਰ ਨਹੀਂ ਕਰਨੀ ਚਾਹੀਏ ॥

ਹਾਏ, ਮੇਰੇ ਔਗਣਾਂ ਨੂੰ ਕੌਣ ਪਿਆਰਦਾ ਹੈ ? ਇਹ ਚਾਹ ਕਿਸੀ ਅੰਦਰਲੀ, ਸਰੀਰ ਤੇ ਮਨ ਦੇ ਪਿਛੋਕੜੋਂ ਉੱਠਦੀ ਹੈ। ਕੁੱਤਾ ਹੱਥੀਂ ਪਾਲਿਆ ਹੋਯਾ, ਜੇ ਮੈਂ ਚੋਰੀ ਕਰਕੇ ਆਇਆ ਹੋਵਾਂ ਯਾ ਕੋਈ ਹੋਰ ਯਾਰੀ, ਹਰਾਮਖੋਰੀ ਦਾ ਪਾਪ ਕਰਕੇ ਆਇਆ ਹੋਵਾਂ, ਤਾਂ ਵੀ ਆਪਣੀ ਪਾਈ ਮਿਤ੍ਰਤਾ ਵਿੱਚ ਵੱਟ ਨਹੀ' ਪੈਣ ਦਿੰਦਾ। ਸੋ ਇਸ ਤਰਾਂ ਦਾ ਸੱਚਾ ਮਿਤ੍ਰ ਯਾ ਕਿਸੇ ਚੰਗੇ ਹੈਵਾਨ ਜੂਨੀ ਵਿੱਚੋਂ ਸਾਨੂੰ ਮਿਲੇ ਜਿਹਦੀ ਸੁਰਤਿ ਵਿੱਚ ਸਾਡੇ ਪੁੰਨਯ ਪਾਪ ਦਾ ਗਿਆਨ ਹੀ ਨਹੀਂ, ਯਾ ਸਾਡੇ ਥੀਂ ਉੱਚੀ ਦਿੱਬ ਲੋਕਾਂ ਦੀ ਦੁਨੀਆਂ ਵਿੱਚ ਕੋਈ ਮਿਹਰ ਵਾਲਾ, ਬਖਸ਼ਸ਼ਾਂ ਵਾਲਾ ਸਾਡਾ ਸਾਈਂ ਹੋਵੇ, ਜਿਹੜੇ ਸਾਡੇ ਪਾਪ ਪੁੰਨਾਂ ਥੀਂ ਉਸੀ ਤਰਾਂ ਉੱਚਾ ਹੋ ਗਿਆ ਹੈ, ਜਿਸ ਤਰਾਂ ਅਸੀ ਆਪਣੇ ਆਪ ਨੂੰ ਮਨੁੱਖ ਕਹਿਣ ਵਾਲੇ ਮੱਖੀਆਂ ਪਿੱਸੂਆਂ, ਕੁੱਤਿਆਂ, ਬਿੱਲਿਆਂ ਦੇ ਪਾਪ ਪੁੰਨਯ ਥੀਂ ਉੱਪਰ ਹੋ ਚੁਕੇ ਹਨ, ਜਿਸ ਤਰਾਂ ਸਾਡਾ ਜਵਾਬ ਕੁੱਤੇ ਨੂੰ ਸਿਰਫ ਉਹਦੇ ਵਾਲਾਂ ਤੇ ਹੱਥ ਫੇਰਨਾ ਹੈ ਤੇ ਜਦ ਅਸੀ ਕੁਤੇ ਨਾਲ ਪਿਆਰ ਕਰ ਰਹੇ ਹਾਂ, ਸਾਨੂੰ ਸਿਵਾਏ ਓਹਦੇ ਪਿਆਰ ਦੇ ਹੋਰ ਕੁਛ ਚੇਤੇ ਹੀ ਨਹੀਂ ਆਉਂਦਾ, ਇਉਂ ਹੀ ਉੱਚ ਜੀਵਨ ਦੇ ਲੋਕ ਜਦ ਸਾਡੀ ਗੁਨਾਹਗਾਰਾਂ ਦੀ, ਮੈਲਿਆਂ ਦੀ, ਗੰਦਿਆਂ ਮੰਦਿਆਂ ਦੀ, ਮਿਤ੍ਰਤਾ ਕਰਨ ਦੀ ਅਰਦਾਸ ਨੂੰ ਸੁਣਦੇ ਹਨ ਯਾ ਸਾਡੀ ਮਿਤ੍ਰਤਾ ਦੀ ਟੋਲ ਨੂੰ ਆਣ ਮਿਲਦੇ ਹਨ, ਓਹ ਸਿਵਾਏ ਪਿਆਰ ਤੇ ਬਖਸ਼ਸ਼ ਦੇ ਹੋਰ ਕੋਈ ਪ੍ਰਸ਼ਨ ਸਾਡੇ ਉੱਪਰ ਕਰ ਹੀ ਨਹੀਂ ਸੱਕਦੇ । "ਜਾਹ ਜਨਾਨੀਏ ! ਮੁੜ ਫਿਰ ਪਾਪ ਨਾ ਕਰੀਂ" ਉਨ੍ਹਾਂ ਦੀ ਅਮਰ ਮਿਤ੍ਰਤਾ ਤੇ ਬਖਸ਼ਸ਼ ਦੀ ਨਿਗਾਹ ਦੇ ਪੈਣ ਦੀ ਦੇਰ ਹੈ, ਕਿ ਅਸੀ ਆਲੀਸ਼ਾਨ ਕਿਸੀ ਰੂਹਾਨੀ ਮਿਤ੍ਰਤਾ ਜਿਹੜੀ ਸ਼ਰੀਰ, ਮਨ ਆਦਿ ਥੀਂ ਉੱਤੇ ਦੀ ਕੋਈ ਪੂਰਣਤਾ ਹੈ, ਅਨੁਭਵ ਕਰਦੇ ਹਾਂ, ਇਸ ਮਿਤ੍ਰਤਾ ਦਾ ਗੁਣ ਕਿਹਾ ਹੈ :-
ਇੱਥੇ ਘਾੜ ਘੜੀਂਦੇ ਹੋਰ ।
ਬੱਝਣ ਸਾਧ ਤੇ ਛੁੱਟਣ ਚੋਰ ।

ਪਰ ਮਿਤ੍ਰਤਾ ਦੇ ਸਾਧਨ ਕੋਈ ਨਹੀਂ, ਆਪੇ ਹੋਰ ਬ੍ਰਿੱਛਾਂ ਦੀ ਹਰਿਆਵਲ ਵਾਂਗ ਜਲ ਪਾਣੀ ਹਵਾ, ਰੋਸ਼ਨੀ ਖਾ ਫੁਟਦੀ ਹੈ, ਸੱਚੇ ਮਿਤ੍ਰ ਇਨਾਂ ਹੀ ਬੰਦਿਆਂ ਵਿੱਚੋਂ ਮਿਲਦੇ ਹਨ । ਇਨ੍ਹਾਂ ਦੀਆਂ ਹੀ ਸ਼ਕਲਾਂ ਵਾਲੇ ਹੁੰਦੇ ਹਨ, ਜਿੱਥੇ ਆਪ ਹੋਰ ਤੇ ਹੋਰ ਕੋਈ ਗਰਜੀ ਮਿਲਦਾ ਹੈ, ਚੰਮ ਤੇ ਦੰਮ ਦੀਆਂ ਯਾਰੀਆਂ ਪਾਉਂਦੇ ਹਨ, ਉੱਥੇ ਰੱਬ ਮਿਤ੍ਰ ਵੀ ਟੋਲ ਦਿੰਦਾ ਹੈ । ਜਦ ਕੋਈ ਕਹਿੰਦਾ ਹੈ, ਭਾਈ ਮਿਤ੍ਰਤਾ ਲਈ ਇਹ ਕਰੋ ਇਹ ਨਾ ਕਰੋ, ਓਹ ਸਭ ਕੂੜੇ ਸਾਧਨ ਹਨ । ਦੁਨੀਆਂ ਵਿੱਚ ਲੋਕੀ ਉਲਟੀ ਗੰਗਾ ਵਗਾਂਦੇ ਹਨ ਤੇ ਟਮਟਮ ਨੂੰ ਘੋੜੇ ਦੇ ਅੱਗੇ ਲਿਆ ਖੜਾ ਕਰਦੇ ਹਨ । ਸੱਚੇ ਮਿਤ੍ਰਾਂ ਤੇ ਮਿਤ੍ਰਤਾ ਵਿੱਚ ਰਹਿਣ-ਬਹਿਣ ਜੀਣ ਥੀਣ ਵਾਲੇ ਲੋਕਾਂ ਦੇ ਸੁਭਾਵਾਂ ਦੀ ਇਕ ਫਰਿਸਤ ਬਣਾਂਦੇ ਹਨ, ਤੇ ਫਿਰ ਸਕੂਲਾਂ ਮਦਰੱਸਿਆਂ, ਗਿਰਜਿਆਂ, ਮਸਜਦਾਂ, ਮੰਦਰਾਂ ਵਿੱਚ ਉਪਦੇਸ਼ ਆਰੰਭ ਹੁੰਦੇ ਹਨ । ਭਾਈ ! ਮਿਤ੍ਰਾਂ ਦੇ ਇਹ ਲੱਛਣ ਹਨ, ਜੇ ਤੁਸੀ ਇਹ ਲੱਛਣ ਆਪੇ ਵਿੱਚ ਪੈਦਾ ਕਰੋ, ਤਦ ਤੁਸੀ ਮਿਤ੍ਰ‌ ਹੋ ਜਾਓਗੇ । ਇਹ ਗੱਲ ਸਦਾ ਗਲਤ ਹੈ, ਓਹ ਸਾਰੀ ਫਰਿਸਤ ਦੇ ਗੁਣ ਵੀ ਤੁਸੀ ਧਾਰਣ ਕਰ ਲਓ, ਅਮਲ ਕਰ ਲਓ, ਤਦ ਭੀ ਤੁਸੀ ਮਿਤ੍ਰਤਾ ਦੀ ਉਸ ਮਹਾਨਤਾ, ਸਹਿਜ ਸੁਭਾਵਤਾ, ਕੁਦਰਤਪੁਣੇ ਨੂੰ ਨਹੀਂ ਪਾ ਸੱਕ
ਗੇ । ਸਭ ਸਾਧਨ ਵਿਅਰਥ ਹਨ । ਮਿਤ੍ਰਾਂ ਦੇ ਦਿਲ ਸਾਫ ਹੁੰਦੇ ਹਨ ਆਪਸ ਵਿੱਚ ਕੋਈ ਵਿੱਥ, ਭੇਤ, ਛੁਪਾ, ਲੁਕਾ ਨਹੀਂ ਹੁੰਦਾ । ਇਹੋ ਇਕ ਗੁਣ ਲੈ ਲਵੋ, ਕਿੰਨਾ ਹੀ ਤੁਸੀ ਇਸ ਤੇ ਪਹਿਰਾ ਦੇਵੋ, ਜੇ ਤੁਸੀ ਮਿਤ੍ਰਤਾ ਦੀ ਸਹਿਜ ਨੂੰ ਨਹੀਂ ਪਹੁੰਚੇ, ਤੁਸੀ ਜਰੂਰ ਆਪਣੀ ਮਿਤ੍ਰ ਧ੍ਰੋਹੀ ਕੀਤੇ ਹੋਏ ਕਰਮ ਯਾ ਖਿਆਲ ਨੂੰ ਆਪ ਮੁਹਾਰਾ ਹੀ ਛੁਪਾ ਲਵੋਗੇ।ਇਹ ਆਖਕੇ, ਕਿ ਜੇ ਮਿਤ੍ਰ ਨੂੰ ਦੱਸ ਦਿੱਤਾ ਤਦ ਸ਼ਾਇਦ ਮਿਤ੍ਰਤਾ ਟੁੱਟ ਜਾਏ। ਸੋ ਜੇ ਤੁਸਾਂ ਕਦੀ ਇਹ ਕਿਸੀ ਮਿਤ੍ਰ ਨਾਲ ਕੀਤਾ ਹੈ ਤਦ ਤੁਸੀ ਆਪਣੇ ਆਪ ਦੀ ਖੁਦਗਰਜੀ ਦੇ ਸੁਖ ਵਿੱਚ ਜੀ ਰਹੇ ਸੀ, ਮਿਤ੍ਰ ਦੀ ਮਿਤ੍ਰਤਾ ਵਿੱਚ ਨਿਰੋਲ ਮਾਨਸਿਕ ਤੌਰ ਤੇ ਤੁਸੀ ਸਮਝ ਰਹੇ ਸੀ ਕਿ ਤੁਸੀ ਜੀ ਰਹੇ ਹੋ, ਪਰ ਦਰਅਸਲ ਸੁਰਤਿ ਹਾਲੇ ਉਸੀ ਪਸ਼ੂਪਣੇ ਵਿੱਚ ਸੀ । ਸੋ ਮਿਤ੍ਰਤਾ ਦਾ ਸੁਭਾ ਹੋਣਾ ਇਕ ਸਦੀਆਂ ਦੀ ਕੁਦਰਤੀ ਖੇਲ ਹੈ । ਕੋਈ ਇਕ ਕਿਤਾਬ ਪੜ੍ਹ ਕੇ ਤੇ ਆਪਣੀ ਅਕਲ ਨੂੰ ਉਹਦਾ ਸਿੱਖ ਬਣਾ ਕੇ ਮਾਮਲੇ ਜੀਵਨ ਦੇ ਤਾਂ ਹੱਲ ਨਹੀਂ ਹੋ ਜਾਂਦੇ । ਅਕਲ ਨੇ ਇਹ ਜਾਣ ਲੀਤਾ ਕਿ ਸਭ ਬੰਦੇ ਨੂਰ ਦੇ ਹਨ, ਕੌਣ ਭਲੇ ਕੌਣ ਮੰਦੇ । ਪ੍ਰਤੀਤ ਕਰ ਲੀਤਾ, ਪਰ ਜਦ ਤਕ ਸੁਰਤਿ ਸਹਿਜ ਸੁਭਾ ਉਸ ਮਾਨ ਵਿੱਚ ਨਹੀਂ ਜੀਂਦੀ ਰਹਿੰਦੀ, ਥੀਂਦੀ, ਦਮ ਲੈਂਦੀ, ਜਦ ਤਕ ਅੱਖ ਵਿੱਚ ਓਹ ਕੋਈ ਜਲ ਥਲ ਵਿੱਚ ਵੱਸਦਾ ਸੋਹਣਾ ਨਹੀਂ ਬੈਠਾ, ਇਹ ਹਾਲਤ ਸਹਿਜ ਨਹੀਂ ਹੋਈ, ਤਦ ਤਕ ਭਾਵੇਂ ਦਰਖਤਾਂ ਨਾਲ ਉਲਟੇ ਲਟਕੀਏ ਤੇ ਅੱਗਾਂ ਤਪੀਏ ਇਉਂ ਦਿੱਸਣ ਤਾਂ ਨਹੀਂ ਲੱਗਾ। ਕੋਝੇ ਸੋਹਣੇ, ਗੁਣ, ਔਗੁਣ ਦੇ ਭੇਤ ਜਨਮ ਜਨਮਾਂਤ੍ਰਾਂ ਥੀਂ ਪਸ਼ੂ ਮਨਾਂ ਵਿਚ ਪਾਏ ਜਾਣ ਤਾਂ ਨਹੀਂ ਲੱਗੇ। ਸੋ ਮਿਤ੍ਰਤਾ ਉੱਪਰ ਖਿਆਲ ਲਿਖ ਛੱਡਣੇ ਯਾ ਪੜ੍ਹਣੇ ਕਿਸ ਕੰਮ, ਸਾਧਨ ਕਿਸ ਕੰਮ ਜੇ ਇਕ ਮਿਤ੍ਰ ਦੇ ਦੁੱਖ ਨੂੰ ਦੇਖ ਅਸੀ ਦੁਖੀ ਨਹੀਂ ਹੁੰਦੇ ਤੇ ਉਹਦੇ ਗੁਣ ਪਰਬਤ ਸਾਮਾਨ ਸਾਡੀ ਸੁਰਤਿ ਵਿੱਚ ਨਹੀਂ ਚਮਕਦੇ, ਜਿੱਥੇ ਅਕਲੀ ਨੁਕਤਾਚੀਨੀ ਦੀਆਂ ਹੱਦਾਂ ਤੇ ਲਕੀਰਾਂ ਦੀ ਖਿੱਚੋਤਾਣੀ ਹੈ, ਉਥੇ ਮਿਤ੍ਰਤਾ ਦੀ ਸਹਿਜ ਸਾਦਗੀ ਕਦੀ ਨਹੀਂ ਨਿਵਾਸ ਕਰ ਸੱਕਦੀ॥

ਮਿਤ੍ਰਤਾ ਵੀ ਇਕ ਕੁਦਰਤ-ਮਾਂ ਦੇ ਦਿਲ ਵਿੱਚ ਛੁਪੀ ਸ਼ਾਨ ਦਾ ਅਮਲ ਹੈ, ਜਦ ਤਕ ਅਸੀ ਪਸ਼ੂ ਪੁਣੇ ਥੀਂ ਉੱਪਰ ਹੋ, ਵੱਡੇ ਜਵਾਨ ਨਾ ਹੋ ਜਾਵਾਂਗੇ, ਅਸੀ ਮਿਤ੍ਰ ਕਿਸੀ ਦੇ ਨਹੀਂ ਹੋ ਸੱਕਦੇ ਤੇ ਨਾ ਸਾਡਾ ਹੀ ਕੋਈ ਮਿਤ੍ਰ ਹੋ ਸੱਕਦਾ ਹੈ। ਇਹ ਚੋਰੀਆਂ, ਯਾਰੀਆਂ, ਠੱਗੀਆਂ, ਜ਼ੁਲਮ, ਭੋਗ ਬਿਲਾਸ ਦੀਆਂ ਖੁਦਗਰਜੀਆਂ, ਇਧਰ ਕੋਈ ਭੁੱਖੇ ਨੰਗੇ ਫਿਰ ਰਹੇ ਹਨ, ਮਰ ਰਹੇ ਹਨ ਤੇ ਉੱਪਰ ਮਹਿਲਾਂ ਵਿੱਚ ਰੰਗ ਰਸ ਹੋ ਰਹੇ ਹਨ, ਇਹ ਸਭ ਮਿਤ੍ਰਤਾ ਦਾ ਅਭਾਵ ਤੇ ਪਸ਼ੂਪੁਣੇ ਦੀ ਅਗਿਆਨਤਾ ਦਾ ਅੰਧੇਰਾ ਛਾਯਾ ਹੋਇਆ ਹੈ, ਸੋ ਇਸ ਘੁੱਪ ਹਨੇਰੇ ਵਿੱਚ ਜੇ ਕੋਈ ਕਿਸੇ ਲਈ ਸਹਿਜ ਵਿੱਚ ਦਿਲੀ ਮਿਤ੍ਰਤਾ ਦੀ ਕੋਈ ਵੀ ਸੇਵਾ ਕਰਦਾ ਹੈ, ਭਾਵੇਂ ਇਕ ਖਿਣ ਲਈ ਹੀ ਮਿਤ੍ਰ ਹੁੰਦਾ ਹੈ, ਓਹ ਧੰਨਯ ਹੈ। ਸ਼ੇਰਨੀ ਦੀ ਆਪਣੇ ਬੱਚਿਆਂ ਨਾਲ ਮਿਤ੍ਰਤਾ ਹੀ ਸੁਭਾਗਯ ਹੈ ਸਾਡੇ ਦ੍ਰਿਸ਼ਟੀਗੋਚਰ ਕੁਦਰਤ ਮਾਂ ਦੇ ਦਿਲ ਤੇ ਦਯਾ ਦੀ ਕੋਈ ਰਸ਼ਮੀ ਤਾਂ ਦਿੱਸਦੀ ਹੈ।"ਮਾਂ" "ਮਾਂ" ਚਿੰਨ੍ਹ ਹੈ, ਅੱਗੇ ਮੈਂ ਕਹਿੰਦਾ ਹੁੰਦਾ ਸਾਂ ਕਿ "ਮਾਂ" ਥੀਂ ਭਾਰੀਯਾ ਜਿਆਦਾ ਤੀਬ੍ਰ ਪਿਆਰ ਵਿੱਚ ਹੁੰਦੀ ਹੈ, ਪਰ ਹੁਣ ਮੈਂ ਵੇਖਦਾ ਹਾਂ ਕਿ ਮਾਂ ਦੇ ਦਿਲ ਦਾ ਪਿਆਰ ਕੁਦਰਤ ਦੀ ਦਯਾ ਵਿੱਚ ਰੰਗਿਆ ਹੈ, ਤੇ ਭਾਰੀਯਾ ਕਿਸੀ ਕਿਸੀ ਵੇਲੇ ਤੀਬ੍ਰ ਮਿਤ੍ਰਤਾ ਵਿੱਚ ਜਰੂਰ ਹੁੰਦੀ ਹੈ, ਪਰ ਬਹੁਤ ਕਰਕੇ ਉਹਦਾ ਪਿਆਰ (ਟਾਂਵੀ ਟਾਂਵੀ ਮਨੁੱਖ ਇਤਹਾਸ ਵਿੱਚ ਲੈਲੀ ਮਜਨੂੰ ਹੀਰ ਰਾਂਝਾ ਤੇ ਸੋਹਣੀ ਮਹੀਵਾਲ ਆਦਿ ਦੀ ਮਿਤ੍ਰਤਾ ਨੂੰ ਛੱਡਕੇ, ਕਿਉਂਕਿ ਮੈਂ ਆਪਣੇ ਅਨੁਭਵ ਦ੍ਵਾਰਾ, ਭਾਵੇਂ ਸਿਆਣੇ ਕੁਛ ਹੀ ਕਹਿਣ ਇਨ੍ਹਾਂ ਜੋੜੀਆਂ ਦੇ ਪਿਆਰਾਂ ਵਿੱਚ ਮਾਂ-ਪੁੱਤ ਵਾਲਾ ਪਿਆਰ ਦੇਖਦਾ ਹਾਂ), ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਆਸਰੇ ਆਮ ਪਿਆਰ ਹੈ ਸੱਚੀ ਮਿਤ੍ਰਤਾ ਦਾ ਜਿਸ ਮਿਸਾਲ ਵਿੱਚ ਭਾਨ ਆਣ ਹੋਵੇ ਉਹ ਇਕ ਅਣਹੋਈ ਤੇ ਕਦੀ ਕਦੀ ਚਮਕਣ ਵਾਲੀ ਮਿਸਾਲ ਹੋਣ ਕਰਕੇ ਮਾਂ-ਪੁੱਤ ਦੇ ਸ੍ਰੇਣੀ ਦੇ ਪਿਆਰ ਵਿੱਚ ਹੀ ਗਿਣਨੀ ਚਾਹੀਏ । ਸ਼ਰੀਰਕ ਤੇ ਇੰਦ੍ਰੀਆਂ ਦੇ ਸੁਖ ਤੇ ਮਾਨਸਿਕ ਇਤਫਾਕਾਂ ਤੇ ਮੇਲਾਂ ਦੇ ਸਮੂਹਾਂ ਦਾ ਨਤੀਜਾ ਹੁੰਦਾ ਹੈ ਤੇ ਓਹ ਮਿਲ ਬੈਠਣ ਦੇ ਇਤਫਾਕਾਂ ਦੇ ਸਮੂਹਾਂ ਦੇ ਫੇਰ ਕਦੀ ਇਥੇ ਤੇ ਕਦੀ ਓਥੇ ਅਦਲੇ ਬਦਲੇ ਹੁੰਦੇ ਰਹਿੰਦੇ ਹਨ ਤੇ ਕਦੀ ਕਦੀ ਅਦਲੇ ਬਦਲੇ ਹੋ ਹੋ ਕਿਸੀ ਥਾਂ ਮਾਂ ਪੁੱਤ ਵਾਲੀ ਦਯਾ ਭਰਿਆ ਬੇ-ਗਰਜ ਪਿਆਰ ਤੀਵੀਂ ਖਾਵੰਦ ਵਿੱਚ ਵੀ ਵਟਾਂਦਰੇ ਕਰ ਕਰ ਕੇ ਆ ਜਾਣਾ ਸੰਭਵ ਹੋ ਜਾਂਦਾ ਹੈ। ਪਰ ਆਮ ਕਰਕੇ ਇਹ ਪਿਆਰ ਮਾਲਕ ਨੌਕਰ ਵਾਲਾ ਹੁੰਦਾ ਹੈ, ਓਹ ਓਹਨੂੰ ਪਾਲਦਾ ਹੈ, ਓਹ ਉਹਦੀ ਸੇਵਾ ਕਰਦਾ ਹੈ॥

ਸੋ ਮਿਤ੍ਰਤਾ ਇਕ ਸੱਚਾ ਮਜ਼੍ਹਬ ਹੈ, ਇਹ ਸਰੀਰ ਤੇ ਮਨ ਥੀਂ ਉੱਤੇ ਦਾ ਕੋਈ ਰੂਹਾਨੀ ਅਨੁਭਵ ਹੈ। ਇਹ ਕੁਦਰਤ ਦਾ ਆਪਣਾ ਕ੍ਰਿਸ਼ਮਾ ਹੈ। ਇਹ ਕਾਦਰ ਦਾ ਦੱਸਿਆ ਕੋਈ ਆਪਣੇ ਦਿਲ ਦਾ ਸਹਿਜ ਸੁਭਾ ਹੈ, ਇਸੇ ਅਨੁਭਵ ਲਈ ਹੀ ਤਾਂ ਸਭ ਪਾਪ ਪੁੰਨ, ਵੈਰ, ਤੇ ਦੋਸਤੀਆਂ ਹਨ। ਜਦ ਮਿਤ੍ਰਤਾ ਰੂਹ ਵਿੱਚ ਛਾਈ, ਜੀਣ ਸੁਫਲ ਹੋ ਗਿਆ। ਇਖਲਾਕ ਬੇਅਰਥ ਹੈ, ਜੇ ਮਿਤ੍ਰਤਾ ਦੀ ਮਿਠਾਸ ਬ੍ਰਿਛ ਦੀ ਛਾਇਆ ਵਾਂਗ, ਫੁੱਲ ਦੇ ਖੇੜੇ ਵਾਂਗ, ਅਸਾਂ ਥੀਂ ਰੂਪ ਵਾਂਗ, ਖਸ਼ਬੂ ਵਾਂਗ ਆਪਾ ਵਾਰਕੇ ਹਭ ਕਿਸੇ ਦਾ ਮਿਤ੍ਰ ਨਾ ਹੋਕੇ ਸਾਹ ਲਵੇ॥

(ਮਿਤ੍ਰਤਾ ਦੀ ਫਿਲਾਸਫੀ=
Love’s Philosophy
BY PERCY BYSSHE SHELLEY

The fountains mingle with the river
And the rivers with the ocean,
The winds of heaven mix for ever
With a sweet emotion;
Nothing in the world is single;
All things by a law divine
In one spirit meet and mingle.
Why not I with thine?—

See the mountains kiss high heaven
And the waves clasp one another;
No sister-flower would be forgiven
If it disdained its brother;
And the sunlight clasps the earth
And the moonbeams kiss the sea:
What is all this sweet work worth
If thou kiss not me? )

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਪ੍ਰੋਫੈਸਰ ਪੂਰਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ