ਸ ਸ ਮੀਸ਼ਾ ਵੱਡਾ ਸ਼ਾਇਰ ਸੀ ਦੋਸਤੋ : ਗੁਰਭਜਨ ਗਿੱਲ

ਸ ਸ ਮੀਸ਼ਾ ਵੱਡਾ ਸ਼ਾਇਹ ਸੀ। ਬਹੁਤ ਬਾਰੀਕ ਬੁੱਧ। ਉਸ ਦੀਆਂ ਤਿੰਨ ਮੌਲਿਕ ਕਿਤਾਬਾਂ ਚੁਰਸਤਾ, ਦਸਤਕ ਤੇ ਕੱਚ ਦੇ ਵਸਤਰ ਜਿਉਂਦੇ ਜੀਅ ਛਪੀਆਂ। ਇੱਕ ਕਿਤਾਬ ਧੀਮੇ ਬੋਲ ਸੰਪਾਦਿਤ ਹੋਈ। ਇਸ ਦਾ ਮੁੱਖ ਬੰਦ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਲਿਖਿਆ ਸੀ। ਸ ਸ ਮੀਸ਼ਾ ਜੀ ਦਾ ਜਨਮ 30 ਅਗਸਤ 1934 ਨੂੰ ਪਿੰਡ ਭੇਟ ਪੱਤਣ(ਕਪੂਰਥਲਾ) ਵਿਖੇ ਹੋਇਆ ਤੇ 22 ਸਤੰਬਰ 1986 ਨੂੰ ਕਾਂਜਲੀ(ਕਪੂਰਥਲਾ) ਵਿਖੇ ਕਿਸ਼ਤੀ ਹਾਦਸੇ ਵਿੱਚ ਸਾਨੂੰ ਸਦੀਵੀ ਅਲਵਿਦਾ ਕਹਿ ਗਏ। ਮੈਨੂੰ ਯਾਦ ਹੈ ਕਿ ਮੀਸ਼ਾ ਜੀ ਦੀ ਮੌਤ ਵਾਲੇ ਦਿਨ ਫ਼ਰੀਦਕੋਟ ਵਿੱਚ ਬਾਬਾ ਫ਼ਰੀਦ ਮੇਲਾ ਸੀ ਜਿਸ ਨੂੰ ਪਹਿਲੀ ਵਾਰ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਨੇ ਵਿਉਂਤਿਆ ਸੀ। ਮੈਂ ਵੀ ਕਵੀ ਦਰਬਾਰ ਵਿੱਚ ਸ਼ਾਮਿਲ ਹੋਣ ਲਈ ਫ਼ਰੀਦਕੋਟ ਵਿੱਚ ਹੀ ਸਾਂ। ਸ ਸ ਮੀਸ਼ਾ ਜੀ ਦੀ ਉਡੀਕ ਹੋ ਰਹੀ ਸੀ ਕਿ ਉਹ ਆਉਣ ਤੇ ਕਵੀ ਦਰਬਾਰ ਦਾ ਸੰਚਾਲਨ ਕਰਨ। ਗਵਰਨਰ ਪੰਜਾਬ ਸ਼੍ਰੀ ਸਿਧਾਰਥ ਸ਼ੰਕਰ ਰੇਅ ਨੇ ਪ੍ਰਧਾਨਗੀ ਕਰਨੀ ਸੀ। ਗਵਰਨਰ ਸਾਹਿਬ ਇਸ ਮੌਕੇ ਲਾਈ ਲੋਕ ਕਲਾ ਪ੍ਰਦਰਸ਼ਨੀ ਵਿੱਚ ਬਹੁਤ ਦਿਲਚਸਪੀ ਲੈ ਰਹੇ ਸਨ ਕਿਉਂਕਿ ਉਨ੍ਹਾਂ ਨਾਲ ਉਨ੍ਹਾਂ ਦੀ ਸ਼੍ਰੀਮਤੀ ਮਾਯਾ ਰੇਅ ਵੀ ਸਨ। ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਸਿੱਧੂ ਤੇ ਏ ਡੀ ਸੀ ਫ਼ਰੀਦਕੋਟ ਸ. ਸਰਵਣ ਸਿੰਘ ਚੰਨੀ ਗਵਰਨਰ ਸਾਹਿਬ ਦੇ ਨਾਲ ਸਰੋਤਿਆਂ ਵਿੱਚ ਪੁੱਜੇ। ਪਰ ਮੀਸ਼ਾ ਜੀ ਅਜੇ ਨਹੀਂ ਸਨ ਪੁੱਜੇ। ਪ੍ਰਬੰਧਕਾਂ ਨੇ ਖੜ੍ਹੇ ਪੈਰ ਡਾ. ਰਣਧੀਰ ਸਿੰਘ ਚੰਦ ਨੂੰ ਮੰਚ ਸੰਚਾਲਨ ਦੀ ਜ਼ੁੰਮੇਵਾਰੀ ਸੌਂਪ ਦਿੱਤੀ ਕਿਉਂਕਿ ਗਵਰਨਰ ਸਾਹਿਬ ਪੰਜਾਬੀ ਨਹੀਂ ਸਨ ਜਾਣਦੇ। ਚੰਦ ਜੀ ਨਾਲੋ ਨਾਲ ਕਵਿਤਾਵਾਂ ਦਾ ਨਿਚੋੜ ਵੀ ਅੰਗਰੇਜ਼ੀ ਵਿੱਚ ਗਵਰਨਰ ਨੂੰ ਸਮਝਾ ਰਹੇ ਸਨ। ਰਾਤ ਫ਼ਰੀਦ ਕੋਟ ਵਿੱਚ ਰਹਿ ਕੇ ਪਹਿਲੀ ਬੱਸ ਤਲਵੰਡੀ ਭਾਈ ਪੁੱਜੇ ਤਾਂ ਅਖ਼ਬਾਰ ਖ਼ਰੀਦੀ।

ਰੋਜ਼ਾਨਾ ਅਜੀਤ ਦੇ ਮੁੱਖ ਪੰਨੇ ਤੇ ਖ਼ਬਰ ਸੀ ਕਿ ਮੀਸ਼ਾ ਜੀ ਨਹੀਂ ਰਹੇ। ਘੁਮੇਰ ਜਹੀ ਆਈ ਇਹ ਖ਼ਬਰ ਪੜ੍ਹ ਕੇ। ਅਸੀਂ ਤਾਂ ਕੱਲ੍ਹ ਰਾਤੀਂ ਫ਼ਰੀਦਕੋਟ ਉਡੀਕ ਰਹੇ ਸਾਂ। ਆਹ ਕੀ ਹੋਇਆ?

ਯਾਦਾਂ ਦੀ ਰੀਲ੍ਹ ਪਿੱਛੇ ਨੂੰ ਪਰਤ ਗਈ। ਆਕਾਸ਼ਵਾਣੀ ਜਲੰਧਰ ਵਿੱਚ ਜਦ ਕਦੇ ਜਾਣਾ ਤਾਂ ਮੀਸ਼ਾ ਜੀ ਦੇ ਸਹਾਇਕ ਚੈਨ ਸਿੰਘ ਜਾਂ ਅਮਰ ਸਿੰਘ ਨੇ ਰੀਕਾਰਡਿੰਗ ਕਰਨੀ। ਉਹ ਆਕਾਸ਼ਵਾਣੀ ਦੇ ਸ਼ਹਿਨਸ਼ਾਹ ਸਨ। ਆਪਣੇ ਕਮਰੇ ਚ ਆਪਣੀ ਸਹਿਕਰਮਣ ਸੁਖਜਿੰਦਰ ਚੂੜਾਮਣੀ ਨਾਲ ਅਕਸਰ ਅਦਬ ਬਾਰੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹਿੰਦੇ, ਵੱਡੇ ਅਰਥਾਂ ਵਾਲੀਆਂ। ਅੰਮ੍ਰਿਤਾ ਪ੍ਰੀਤਮ ਦੀ ਜਵਾਨੀ ਵਾਰੇ ਪਹਿਰੇ ਦੀ ਤਸਵੀਰ ਦੋਹਾਂ ਨੂੰ ਦੀਵਾਰ ਤੇ ਟੰਗੀ ਝਾਕਦੀ। ਮੀਸ਼ਾ ਜੀ ਦੀ ਮੁਸਕਾਨ ਅਸਲੋਂ ਨਿਵੇਕਲੀ ਸੀ। ਸ਼ਿਵ ਕੁਮਾਰ ਭਾਵੇਂ ਇਸ ਮੁਸਕਾਨ ਨੂੰ ਮੀਸਣੀ ਲਿਖ ਗਿਆ ਪਰ ਸਾਨੂੰ ਹਮੇਸ਼ਾਂ ਮਹਿਕਦੀ ਜਾਪੀ। ਸ਼ਾਇਦ ਇਸ ਵਿੱਚ ਸਾਡਾ ਮੀਸ਼ਾ ਜੀ ਲਈ ਸਤਿਕਾਰ ਵੀ ਬੋਲਦਾ ਹੋਵੇ। ਰੇਡੀਉ ਵਿੱਚ ਸੇਵਾ ਤੋਂ ਪਹਿਲਾਂ ਉਹ ਗੁਰੂ ਤੇਗ ਬਹਾਦਰ ਕਾਲਿਜ ਸਠਿਆਲਾ(ਅੰਮ੍ਰਿਤਸਰ ) ਵਿੱਚ ਅੰਗਰੇਜ਼ੀ ਦੇ ਪ੍ਰੋਫ਼ੈਸਰ ਸਨ। ਸੁਰਜੀਤ ਹਾਂਸ ਵੀ ਉਥੇ ਹੀ ਸੀ ਇਨ੍ਹਾਂ ਨਾਲ। ਦੋਵੇਂ ਬੇਲੀ ਕਾਲਿਜ ਵੇਲੇ ਦੇ। ਸਾਰੀ ਉਮਰ ਨਿਭੇ। ਮੀਸ਼ਾ ਜੀ ਦੀ ਪਹਿਲੀ ਕਾਵਿ ਕਿਤਾਬ ਚੁਰਸਤਾ ਵੀ ਸੁਰਜੀਤ ਹਾਂਸ ਨੂੰ ਸਮਰਪਿਤ ਸੀ। ਫਿਰ ਯਾਦ ਆਇਆ ਕਿ ਮੀਸ਼ਾ ਜੀ ਕਿਵੇਂ ਸ਼ਬਦ ਦੀ ਬਾਰੀਕ ਤਹਿ ਤੀਕ ਜਾਂਦੇ ਸਨ। ਨਿੱਕਿਆਂ ਨੂੰ ਸਮਝਾਉਂਦੇ ਕਿ ਮਾਈਕਰੋਫੋਨ ਤੇ ਬੋਲਣ ਲੱਗਿਆਂ ਮੂੰਹ ਤੋਂ ਕਿੰਨਾ ਫ਼ਾਸਲਾ ਰੱਖਣਾ ਹੈ। ਮੁੱਠੀ ਘੁੱਟ ਕੇ ਅੰਗੂਠਾ ਸਿੱਧਾ ਕਰਕੇ ਕਹਿੰਦੇ, ਬੱਸ ਏਨਾ ਫ਼ਾਸਲਾ। ਇਕ ਵਾਰ ਉਹ ਆਪ ਮੇਰੀ ਰੀਕਾਰਡਿੰਗ ਕਰ ਰਹੇ ਸੀ। ਮੇਰੀ ਗ਼ਜ਼ਲ ਦਾ ਸ਼ਿਅਰ ਸੀ ਕਿ

ਨਾ ਖ਼ਤ ਆਵੇ ਨਾ ਖ਼ਤ ਜਾਵੇ,ਫਿਰ ਵੀ ਸਾਂਝ ਰਹੀ ਬਾਕੀ,
ਕੇਹੇ ਧਾਗੇ ਨਾਲ ਜਕੜਿਆ, ਸੱਜਣਾਂ ਵਾਘਿਉਂ ਪਾਰ ਦਿਆਂ।

ਮੀਸ਼ਾ ਜੀ ਰੀਕਾਰਡਿੰਗ ਰੋਕ ਕੇ ਮੇਰੇ ਵਾਲੇ ਕਮਰੇ ਚ ਆਏ ਤੇ ਕਹਿਣ ਲੱਗੇ ਕਿ ਪਾਕਿਸਤਾਨ ਨਾਲ ਰਿਸ਼ਤੇ ਸਹੀ ਨਾ ਹੋਣ ਕਾਰਨ “ਵਾਘਿਉਂ ਪਾਰ “ਕੱਟ ਕੇ “ਹੱਦੋਂ ਪਾਰ ਦਿਆਂ” ਕਰ ਲਉ।
ਏਨੇ ਨਾਲ ਮੇਰਾ ਸ਼ਿਅਰ ਸਦੀਵੀ ਅਰਥਾਂ ਵਾਲਾ ਹੋ ਗਿਆ।

ਇੱਕ ਵਾਰ ਇੰਗਲੈਂਡ ਤੋਂ ਉਨ੍ਹਾਂ ਦਾ ਮਿੱਤਰ ਕੁਲਦੀਪ ਤੱਖਰ ਆਇਆ ਹੋਇਆ ਸੀ। ਉਹ ਸੂਫ਼ੀ ਗਾਇਕਾ ਬੀਬੀ ਨੂਰਾਂ ਨੂੰ ਮਿਲਣਾ ਚਾਹੁੰਦਾ ਸੀ। ਮੀਸ਼ਾ ਜੀ ਸਾਨੂੰ ਦੋਹਾਂ ਨੂੰ ਆਪਣੇ ਸਕੂਟਰ ਤੇ ਲੈ ਕੇ ਮਾਡਲ ਹਾਊਸ ਨੇੜੇ ਆਬਾਦਪੁਰੇ ਲੈ ਕੇ ਗਏ। ਬੀਬੀ ਨੂਰਾਂ ਨੂੰ ਨ ਮ ਭਾਟੀਆ ਤੇ ਮੀਸ਼ਾ ਜੀ ਨੇ ਹੀ ਜਗਤ ਸਿੰਘ ਜੱਗਾ ਦੇ ਕਹਿਣ ਤੇ ਪਹਿਲੀ ਵਾਰ ਰੇਡੀਉ ਤੇ ਰੀਕਾਰਡ ਕੀਤਾ ਸੀ। ਮੈਂ ਉਸ ਮਿਲਣੀ ਬਾਰੇ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਵਿੱਚ ਫੀਚਰ ਲੇਖ ਲਿਖਿਆ। ਨਾਲ ਹਰਭਜਨ ਸਿੰਘ ਬਾਜਵਾ ਬਟਾਲੇ ਵਾਲੇ ਦੀ ਖਿੱਚੀ ਬੀਬੀ ਨੂਰਾਂ ਦੀ ਫੋਟੋ ਸਮੇਤ। ਮੀਸ਼ਾ ਜੀ ਦੀਆਂ ਹੋਰ ਯਾਦਾ ਕਦੇ ਫੇਰ ਸਹੀ ਵਿਸਥਾਰ ਨਾਲ। ਮੀਸ਼ਾ ਜੀ ਦੇ ਮਾਤਾ ਜੀ ਦਾ ਹੱਥੀਂ ਬਣਾਇਆ ਸਾਗ ਤੇ ਮੱਕੀ ਦੀ ਰੋਟੀ ਵੀ ਮੇਰੇ ਦੋ ਤਿੰਨ ਵਾਰ ਨਸੀਬ ਹੋਈ। ਇੱਕ ਵਾਰ ਘਰ ਵਿਚ ਕੋਲ ਬਹਿ ਕੇ ਗਰਮ ਗਰਮ ਤੇ ਸ਼ਾਇਦ ਦੋ ਵਾਰ ਕੂਲ ਰੋਡ ਚੁਰਸਤੇ ਵਾਲੇ ਢਾਬੇ ਤੇ ਗਰਮ ਕਰਵਾ ਕੇ। ਮੀਸ਼ਾ ਜੀ ਵੰਡ ਕੇ ਰੋਟੀ ਖਾਣ ਵਿੱਚ ਬਹੁਤ ਲੁਤਫ਼ ਲੈਂਦੇ ਸਨ। ਭਾ ਜੀ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਮੀਸ਼ਾ ਜੀ ਦੀ ਦਿਲੀ ਮੁਹੱਬਤ ਸੀ। ਇੱਕ ਜਿੰਦ ਇੱਕ ਜਾਨ। ਬੱਚਿਆਂ ਵਿੱਚ ਵੀ ਸਾਂਝੀਆਂ ਪੀਡੀਆਂ ਮੁਹੱਬਤੀ ਤੰਦਾਂ। ਮੀਸ਼ਾ ਜੀ ਦੇ ਜਾਣ ਮਗਰੋਂ ਪਿੱਛੇ ਰਹਿ ਗਈਆਂ ਕਵਿਤਾਵਾਂ ਦਾ ਸੰਗ੍ਰਹਿ ਚਪਲ ਚੇਤਨਾ ਨਾਮ ਹੇਠ ਚੇਤਨਾ ਪ੍ਰਕਾਸ਼ਨ ਤੋਂ ਮੀਸ਼ਾ ਜੀ ਦੀ ਜੀਵਨ ਸਾਥਣ ਪ੍ਰਿੰਸੀਪਲ ਸੁਰਿੰਦਰ ਕੌਰ ਮੀਸ਼ਾ ਤੋਂ ਸੰਪਾਦਿਤ ਕਰਕੇ ਛਪਵਾਇਆ। ਜਲੰਧਰ ਵਿੱਚ ਬਹੁਤ ਪ੍ਰਭਾਵਸ਼ਾਲੀ ਸਮਾਗਮ ਕਰਕੇ ਇਸ ਕਿਤਾਬ ਨੂੰ ਲੋਕ ਅਰਪਣ ਕੀਤਾ। ਮੈਂ ਵੀ ਹਾਜ਼ਰ ਸਾਂ ਇਥੇ। ਮੈ ਵੀ ਮੀਸ਼ਾ ਜੀ ਦਾ ਪਿਆਰ ਪਾਤਰ ਰਿਹਾ ਹੋਣ ਕਰਕੇ ਕੁਝ ਸ਼ਬਦ ਕਹੇ। ਗੁਲਜ਼ਾਰ ਸਿੰਘ ਸੰਧੂ ਜੀ ਨੇ ਦੋਸਤੀ ਨਿਭਾਉਂਦਿਆਂ ਸ ਸ ਮੀਸ਼ਾ ਦਾ ਸੰਪੂਰਨ ਕਾਵਿ ਪ੍ਰਿੰਸੀਪਲ ਸੁਰਿੰਦਰ ਕੌਰ ਮੀਸ਼ਾ ਜੀ ਦੀ ਸਹਾਇਤਾ ਨਾਲ ਸੰਪਾਦਿਤ ਕਰਕੇ ਸੱਤ ਕੁ ਸਾਲ ਪਹਿਲਾਂ 2017 ਵਿੱਚ ਲੋਕ ਗੀਤ ਪ੍ਰਕਾਸ਼ਨ ਤੋਂ ਪ੍ਰਕਾਸ਼ਿਤ ਕਰਵਾਇਆ ਸੀ। ਮੀਸ਼ਾ ਜੀ ਨੇ ਬੰਗਲਾ ਦੇਸ਼ ਬਣਨ ਵੇਲੇ ਹਿੰਦ ਪਾਕਿ ਕੁੜੱਤਣ ਨੂੰ ਕੇਂਦਰ ਚ ਰੱਖ ਕੇ ਮੁਹੱਬਤ ਦੀ ਬਾਤ ਛੋਹੀ ਸੀ। ਉਹ ਵੱਡੀ ਕਵਿਤਾ ਅੱਜ ਅਚਾਨਕ ਯਾਦ ਆਈ ਤਾਂ ਦਿਲ ਕੀਤਾ ਕਿ ਤੁਸੀਂ ਵੀ ਪੜ੍ਹੋ ਜਨਾਬ।

ਹਾਜ਼ਰ ਹੈ ਉਹ ਕਵਿਤਾ।


ਦੁਸ਼ਮਣੀ ਦੀ ਦਾਸਤਾਨ - ਸ ਸ ਮੀਸ਼ਾ

ਗੱਲ ਤਾਂ ਨਿੱਕੀ ਜਿਹੀ ਹੈ
ਮੈਂ ਹੀ ਭਾਵੁਕ ਹੋ ਗਿਆ ਹਾਂ
ਕਾਬਲੀ ਅੰਗੂਰ
ਲੰਘ ਕੇ ਆ ਗਿਆ ਹੈ ਵਾਹਘੱਉਂ
ਤੂੰ ਸੀ ਜਿਹੜੇ ਰਾਹ ਗਿਉਂ 

ਬਹੁਤ ਖ਼ੁਸ਼ ਹੋਇਆ ਹਾਂ ਮੈਂ
ਅੱਖੀਆਂ ਵਿੱਚ ਆ ਗਏ ਨੇ ਅੱਥਰੂ
ਭਰ ਗਿਆ ਹੈ ਮੇਰੇ ਮੂੰਹ ਵਿੱਚ ਮਾਖਿਓਂ
ਗੱਲ ਤਾਂ ਨਿੱਕੀ ਜਿਹੀ ਹੈ
ਮੈਂ ਹੀ ਭਾਵੁਕ ਹੋ ਗਿਆ ਹਾਂ।

ਗੱਲ ਤਾਂ ਨਿੱਕੀ ਜਿਹੀ ਹੈ
ਮੇਰੇ ਬੱਚੇ ਨੂੰ ਸਮਝ ਆਉਂਦੀ ਨਹੀਂ
ਕਿਸ ਤਰ੍ਹਾਂ 
ਇੱਕੋ ਵੇਲੇ
ਕੋਈ ਹੋ ਸਕਦਾ ਬਿਗਾਨਾ ਆਪਣਾ
ਲੰਘ ਕੇ ਸਰਹੱਦ ਨੂੰ

ਭਟਕਦੀ ਰਹਿੰਦੀ ਹੈ ਅਕਸਰ ਕਲਪਣਾ
ਕਿਸ ਤਰ੍ਹਾਂ ਦਾ ਯਾਰ 
ਵੱਸਦਾ ਹੈ ਪਰਾਏ ਮੁਲਕ ਵਿੱਚ
ਜਿਸ ਲਈ ਇੰਝ ਲੁੱਛਦਾ ਰਹਿੰਦਾ ਹਾਂ ਮੈਂ
ਪੁਰੇ ਲੜ ਬੰਨ੍ਹਦਾ ਸਲਾਮਾਂ
ਪੱਛੋਂ ਤੋਂ ਵੀ ਹਾਲ ਪੁੱਛਦਾ ਰਹਿੰਦਾ ਹਾਂ ਮੈਂ
ਨਾ ਕਦੀ ਆਉਂਦਾ ਨਾ ਮਿਲਦਾ
ਨਾ ਕੋਈ ਚਿੱਠੀ ਕਦੀ ਨਾ ਸੁਖ ਸੁਨੇਹਾ
ਦੱਸਦਾ ਨਾ ਹਾਲ ਦਿਲ ਦਾ
ਗੱਲ ਤਾਂ ਨਿੱਕੀ ਜਿਹੀ ਹੈ
ਮੇਰੇ ਬੱਚੇ ਨੂੰ ਸਮਝ ਆਉਂਦੀ ਨਹੀਂ।

ਗੱਲ ਤਾਂ ਨਿੱਕੀ ਜਿਹੀ ਹੈ
ਸਮਝ ਨਹੀਂ ਆਉਂਦੀ 
ਸਿਆਸਤਦਾਨ ਨੂੰ
ਦੇਸ਼-ਭਗਤੀ ਵਿੱਚ 
ਵਿਘਨ ਪੈਂਦਾ ਕਿਵੇਂ?
ਆਪ ਆਪਣੇ ਜਜ਼ਬਿਆਂ ਤੋਂ 
ਝਿਜਕਦਾ ਸੰਗਦਾ ਸਾਂ ਮੈਂ। 

ਯਾਦ ਹੈ 
ਚਾਨਣ-ਵਿਗੁੱਚੀ 
ਘੁੱਪ ਹਨ੍ਹੇਰੀ ਰਾਤ ਵਿੱਚ
ਦੇਸ਼ ਮੇਰੇ ਦੇ ਲੜਾਕੂ ਸੂਰਮੇ
ਸੀਰਮੇ ਪੀਂਦੇ ਸੀ ਅੱਗੇ ਵਧ ਰਹੇ
ਛਿੜਕਦੇ ਸੀ ਅੱਗ ਤੇਰੇ ਸ਼ਹਿਰ 'ਤੇ
ਉਹਨਾਂ ਦੀ ਸੂਰਮਗਤੀ ਨੂੰ 
ਸਿਰ ਝੁਕਾਂਦਾ ਚੁੱਪ-ਚੁਪੀਤਾ
ਤੇਰੀ,ਤੇਰੇ ਮਾਪਿਆਂ ਤੇ ਬੱਚਿਆਂ ਦੀ 
ਖ਼ੈਰ ਕਿਉਂ ਮੰਗਦਾ ਸਾਂ ਮੈਂ?
ਯਾਦ ਕਰ ਕੇ ਅੱਲਾ ਨੂੰ 
ਭਗਵਾਨ ਨੂੰ
ਗੱਲ ਤਾਂ ਨਿੱਕੀ ਜਿਹੀ ਹੈ 
ਸਮਝ ਨਹੀਂ ਆਉਂਦੀ 
ਸਿਆਸਤਦਾਨ ਨੂੰ।

ਅਜਬ ਹੈ ਇਹ ਦੁਸ਼ਮਣੀ ਦੀ ਦਾਸਤਾਨ
ਗ਼ੈਰ ਨੂੰ ਦੱਸੀਏ ਤਾਂ ਹੋ ਜਾਏ ਹੈਰਾਨ
ਮੇਰੀਆਂ ਫੌਜਾਂ ਦੇ ਅੱਗੇ
ਤੇਰੀਆਂ ਫੌਜਾਂ ਨੇ ਜਦ ਹਥਿਆਰ ਸੁੱਟੇ
ਗਿਲੇ ਵਰਗੀ ਗੱਲ ਸੀ
ਕੁਝ ਰੋਸ ਵੀ ਸੀ
ਤੂੰ ਤਾਂ ਰੋਇਆ ਹੋਏਂਗਾ
ਰੋਣਾ ਹੀ ਸੀ। 

ਮੇਰੇ ਕਿਉਂ ਅੱਥਰੂ ਸੀ ਵਗੇ
ਮੈਨੂੰ ਆਪਣੀ ਜਿੱਤ ਦਾ 
ਚਾਅ ਤਾਂ ਭਲਾ ਹੋਣਾ ਹੀ ਸੀ
ਨਾਲ ਹੀ ਕਿਉਂ
ਕੁਝ ਤੇਰੀ ਹਾਰ ਦਾ ਅਫਸੋਸ ਵੀ ਸੀ
ਆਪ ਹੁੰਦਾ ਹਾਂ ਹੈਰਾਨ
ਕਿਹੋ ਜਿਹੀ ਹੈ ਦੁਸ਼ਮਣੀ ਦੀ ਦਾਸਤਾਨ।

ਗੱਲ ਤਾਂ ਨਿੱਕੀ ਜਿਹੀ ਹੈ
ਕੌਣ ਸਮਝਾਏ ਸਿਆਸਤਦਾਨ ਨੂੰ
ਕਿੰਜ ਸਮਝੇਗਾ ਮੇਰਾ ਬੱਚਾ ਨਾਦਾਨ
ਕਦ ਖ਼ਤਮ ਹੋਏਗੀ ਆਖ਼ਰ 
ਅਜਬ ਹੈ ਇਹ 
ਦੁਸ਼ਮਣੀ ਦੀ ਦਾਸਤਾਨ। 

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ