Misc. Poetry : Shiv Kumar Batalvi

ਮਿਲੀ-ਜੁਲੀ ਕਵਿਤਾ : ਸ਼ਿਵ ਕੁਮਾਰ ਬਟਾਲਵੀ

1. ਬਾਬਾ ਤੇ ਮਰਦਾਨਾ

ਬਾਬਾ ਤੇ ਮਰਦਾਨਾ
ਨਿੱਤ ਫਿਰਦੇ ਦੇਸ ਬਦੇਸ
ਕਦੇ ਤਾਂ ਵਿਚ ਬਨਾਰਸ ਕਾਸ਼ੀ
ਕਰਨ ਗੁਣੀ ਸੰਗ ਭੇਟ
ਕੱਛ ਮੁਸੱਲਾ ਹੱਥ ਵਿਚ ਗੀਤਾ
ਅਜਬ ਫ਼ਕੀਰੀ ਵੇਸ
ਆ ਆ ਬੈਠਣ ਗੋਸ਼ਟ ਕਰਦੇ
ਪੀਰ, ਬ੍ਰਾਹਮਣ, ਸ਼ੇਖ
ਨਾ ਕੋਈ ਹਿੰਦੂ ਨਾ ਕੋਈ ਮੁਸਲਿਮ
ਕਰਦਾ ਅਜਬ ਆਦੇਸ਼
ਗੰਗਾ ਉਲਟਾ ਅਰਘ ਚੜ੍ਹਾਵੇ
ਸਿੰਜੇ ਆਪਣੇ ਖੇਤ
ਹਉਂ ਵਿਚ ਆਏ ਹਉਂ ਵਿਚ ਮੋਏ
ਡਰਦੇ ਉਸ ਨੂੰ ਵੇਖ
ਰੱਬ ਨੂੰ ਨਾ ਉਹ ਅਲਾਹ ਆਖੇ
ਤੇ ਨਾ ਰਾਮ ਮਹੇਸ਼
ਕਹਵੇ ਅਜੂਨੀ ਕਹਵੇ ਅਮੂਰਤ
ਨਿਰਭਾਉ, ਆਭੇਖ
ਜੰਗਲ ਨਦੀਆਂ ਚੀਰ ਕੇ ਬੇਲੇ
ਗਾਂਹਦੇ ਥਲ ਦੀ ਰੇਤ
ਇਕ ਦਿਨ ਪਹੁੰਚੇ ਤੁਰਦੇ ਤੁਰਦੇ
ਕਾਮ-ਰੂਪ ਦੇ ਦੇਸ਼
ਬਾਗ਼ੀਂ ਬੈਠਾ ਚੇਤ
ਵਣ-ਤ੍ਰਿਣ ਸਾਰਾ ਮਹਿਕੀਂ ਭਰਿਆ
ਲੈਹ ਲੈਹ ਕਰਦੇ ਖੇਤ
ਰਾਜ ਤ੍ਰੀਆ ਇਸ ਨਗਰੀ ਵਿਚ
ਅਰਧ ਨਗਨ ਜਿਹੇ ਵੇਸ
ਨੂਰ ਸ਼ਾਹ ਰਾਣੀ ਦਾ ਨਾਉਂ
ਗਜ਼ ਗਜ਼ ਲੰਮੇ ਕੇਸ
ਮਰਦਾਨੇ ਨੂੰ ਭੁੱਖ ਆ ਲੱਗੀ
ਵਲ ਮਹਲਾ ਵੇਖ
ਝੱਟ ਬਾਬੇ ਨੇ ਮਰਦਾਨੇ ਨੂੰ
ਕੀਤਾ ਇਹ ਆਦੇਸ਼
ਜਾ ਮਰਦਾਨਿਆ ਭਿਖਿਆ ਲੈ ਆ
ਭੁੱਖ ਜੇ ਤੇਰੇ ਪੇਟ

2. ਭਾਰਤ ਮਾਤਾ

ਜੈ ਭਾਰਤ ਜੈ ਭਾਰਤ ਮਾਤਾ
ਲਹੂਆਂ ਦੇ ਸੰਗ ਲਿਖੀ ਗਈ ਹੈ
ਅਣਖ ਤੇਰੀ ਦੀ ਲੰਮੀ ਗਾਥਾ
ਜੈ ਭਾਰਤ ਜੈ ਭਾਰਤ ਮਾਤਾ ।

ਹਲਦੀ ਘਾਟੀ ਤੇਰੀ
ਤੇਰੇ ਸੋਮ-ਨਾਥ ਦੇ ਮੰਦਰ
ਤੇਰੇ ਦੁੱਖ ਦੀ ਬਾਤ ਸੁਣਾਂਦੇ
ਰਾਜਪੁਤਾਨੀ ਖੰਡਰ
ਸਤਲੁਜ ਦੇ ਕੰਢੇ ਤੋਂ ਮੁੜਿਆ
ਖਾ ਕੇ ਮਾਰ ਸਿਕੰਦਰ
ਜੈ ਭਾਰਤ…।

ਜਲ੍ਹਿਆਂ ਵਾਲੇ ਬਾਗ ਤੇਰੇ ਦੀ
ਅੱਜ ਵੀ ਅਮਰ ਕਹਾਣੀ
ਕਾਮਾਗਾਟਾ ਮਾਰੂ ਤੇਰੇ
ਅੱਗ ਲਾਈ ਵਿਚ ਪਾਣੀ
ਚੰਡੀ ਬਣ ਕੇ ਰਣ ਵਿਚ ਜੂਝੀ
ਤੇਰੀ ਝਾਂਸੀ ਰਾਣੀ ।
ਜੈ ਭਾਰਤ…।

ਭਗਤ ਸਿੰਘ ਜਿਹੇ ਪੁੱਤਰ ਤੇਰੇ
ਊਧਮ ਸਿੰਘ, ਸਰਾਭੇ
ਡੁੱਲ੍ਹੇ ਖ਼ੂਨ ਦਾ ਬਦਲਾ ਉਸ ਨੇ
ਤੋਲ ਲਿਆ ਵਿਚ ਛਾਬੇ
ਗੋਰੀ ਅਣਖ ਨੂੰ ਰੰਡੀ ਕਰ ਗਏ
ਤੇਰੇ ਗ਼ਦਰੀ ਬਾਬੇ ।
ਜੈ ਭਾਰਤ…।

ਲਾਜਪਤ ਜਿਹੇ ਬਣ ਗਏ ਤੇਰੀ
ਲਾਜ ਪੱਤ ਦੇ ਰਾਖੇ
ਸ਼ਿਵਾ ਅਤੇ ਪਰਤਾਪ ਤੇਰੇ ਨੇ
ਲਿਖੇ ਸ਼ਹੀਦੀ ਸਾਕੇ
ਫਾਂਸੀ ਦੇ ਫੱਟਿਆਂ 'ਤੇ ਬੈਠੀ
ਤਵਾਰੀਖ ਪਈ ਆਖੇ ।
ਜੈ ਭਾਰਤ…।

3. ਅੱਖ ਕਾਸ਼ਨੀ

ਨੀ ਇਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਂਦਏ ਨੇ ਮਾਰਿਆ
ਨੀ ਸ਼ੀਸ਼ੇ 'ਚ ਤਰੇੜ ਪੈ ਗਈ
ਵਾਲ ਵਾਹੁੰਦੀ ਨੇ ਧਿਆਨ ਜਦ ਮਾਰਿਆ

ਇਕ ਮੇਰਾ ਦਿਉਰ ਨਿੱਕੜਾ
ਭੈੜਾ ਘੜੀ ਮੁੜੀ ਜਾਣ ਕੇ ਬੁਲਾਵੇ
ਖੇਤਾਂ 'ਚੋਂ ਝਕਾਣੀ ਮਾਰ ਕੇ
ਲੱਸੀ ਪੀਣ ਦੇ ਬਹਾਨੇ ਆਵੇ
ਨੀ ਉਹਦੇ ਕੋਲੋਂ ਸੰਗਦੀ ਨੇ
ਅਜੇ ਤੀਕ ਵੀ ਨਾ ਘੁੰਡ ਨੂੰ ਉਤਾਰਿਆ
ਨੀ ਇਕ ਮੇਰੀ ਅੱਖ ਕਾਸ਼ਨੀ…।

ਦੂਜੀ ਮੇਰੀ ਸੱਸ ਚੰਦਰੀ
ਭੈੜੀ ਰੋਹੀ ਦੀ ਕਿੱਕਰ ਤੋਂ ਕਾਲੀ
ਗੱਲੇ ਕੱਥੇ ਵੀਰ ਪੁਣਦੀ
ਨਿੱਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ
ਨੀ ਰੱਬ ਜਾਣੇ ਤੱਤੜੀ ਦਾ
ਕਿਹੜਾ ਲਾਚੀਆਂ ਦਾ ਬਾਗ ਮੈਂ ਉਜਾੜਿਆ
ਨੀ ਇਕ ਮੇਰੀ ਅੱਖ ਕਾਸ਼ਨੀ…।

ਤੀਜਾ ਮੇਰਾ ਕੰਤ ਜਿਵੇਂ
ਰਾਤ ਚਾਨਣੀ 'ਚ ਦੁੱਧ ਦਾ ਕਟੋਰਾ
ਨੀ ਫਿੱਕੜੇ ਸੰਧੂਰੀ ਰੰਗ ਦਾ
ਉਹਦੇ ਨੈਣਾਂ ਦਾ ਸ਼ਰਾਬੀ ਡੋਰਾ
ਨੀ ਲਾਮਾਂ ਉੱਤੋਂ ਪਰਤੇ ਲਈ
ਨੀ ਮੈਂ ਬੂਰੀਆਂ ਮੱਝਾਂ ਦਾ ਦੁੱਧ ਕਾੜ੍ਹਿਆ
ਨੀ ਇਕ ਮੇਰੀ ਅੱਖ ਕਾਸ਼ਨੀ…।

4. ਬੁੱਢੀ ਕਿਤਾਬ

ਮੈਂ ਮੇਰੇ ਦੋਸਤ
ਤੇਰੀ ਕਿਤਾਬ ਨੂੰ ਪੜ੍ਹ ਕੇ
ਕਈ ਦਿਨ ਹੋ ਗਏ ਨੇ
ਸੌਂ ਨਹੀਂ ਸਕਿਆ ।

ਇਹ ਮੇਰੇ ਵਾਸਤੇ ਤੇਰੀ ਕਿਤਾਬ ਬੁੱਢੀ ਹੈ
ਇਹਦੇ ਹਰਫ਼ਾਂ ਦੇ ਹੱਥ ਕੰਬਦੇ ਹਨ
ਇਹਦੀ ਹਰ ਸਤਰ ਸਠਿਆਈ ਹੋਈ ਹੈ
ਇਹ ਬਲ ਕੇ ਬੁਝ ਗਏ
ਅਰਥਾਂ ਦੀ ਅੱਗ ਹੈ
ਇਹ ਮੇਰੇ ਵਾਸਤੇ ਸ਼ਮਸ਼ਾਨੀ ਸੁਆਹ ਹੈ ।

ਮੈਂ ਬੁੱਢੇ ਹੌਂਕਦੇ
ਇਹਦੇ ਹਰਫ਼ ਜਦ ਵੀ ਪੜ੍ਹਦਾ ਹਾਂ
ਤੇ ਝੁਰੜਾਏ ਹੋਏ
ਵਾਕਾਂ 'ਤੇ ਨਜ਼ਰ ਧਰਦਾ ਹਾਂ
ਤਾਂ ਘਰ ਵਿਚ ਵੇਖ ਕੇ
ਸ਼ਮਸ਼ਾਨੀ ਸੁਆਹ ਤੋਂ ਡਰਦਾ ਹਾਂ
ਤੇ ਇਹਦੇ ਬੁਝ ਗਏ
ਅਰਥਾਂ ਦੀ ਅੱਗ 'ਚ ਜਲਦਾ ਹਾਂ
ਜਦੋਂ ਮੇਰੇ ਘਰ 'ਚ ਇਹ
ਬੁੱਢੀ ਕਿਤਾਬ ਖੰਘਦੀ ਹੈ
ਹਫ਼ੀ ਤੇ ਹੂੰਗਦੀ
ਅਰਥਾਂ ਦਾ ਘੁੱਟ ਮੰਗਦੀ ਹੈ
ਤਾਂ ਮੇਰੀ ਨੀਂਦ ਦੇ
ਮੱਥੇ 'ਚ ਰਾਤ ਕੰਬਦੀ ਹੈ ।
ਮੈਨੂੰ ਡਰ ਹੈ
ਕਿਤੇ ਇਹ ਬੁੱਢੀ ਕਿਤਾਬ
ਮੇਰੇ ਹੀ ਘਰ ਵਿਚ
ਕਿਤੇ ਮਰ ਨਾ ਜਾਵੇ
ਤੇ ਮੇਰੀ ਦੋਸਤੀ 'ਤੇ ਹਰਫ਼ ਆਵੇ

ਸੋ ਮੇਰੇ ਦੋਸਤ
ਮੈਂ ਬੁੱਢੀ ਕਿਤਾਬ ਮੋੜ ਰਿਹਾ ਹਾਂ
ਜੇ ਜਿਉਂਦੀ ਮਿਲ ਗਈ
ਤਾਂ ਖ਼ਤ ਲਿਖ ਦਈਂ
ਜੇ ਰਾਹ ਵਿਚ ਮਰ ਗਈ
ਤਾਂ ਖ਼ਤ ਦੀ ਕੋਈ ਲੋੜ ਨਹੀਂ
ਤੇ ਤੇਰੇ ਸ਼ਹਿਰ ਵਿਚ
ਕਬਰਾਂ ਦੀ ਕੋਈ ਥੋੜ ਨਹੀਂ ।

ਮੈਂ ਮੇਰੇ ਦੋਸਤ
ਤੇਰੀ ਕਿਤਾਬ ਨੂੰ ਪੜ੍ਹ ਕੇ
ਕਈ ਦਿਨ ਹੋ ਗਏ ਨੇ
ਸੌਂ ਨਹੀਂ ਸਕਿਆ ।

5. ਛੱਤਾਂ

ਛੱਤਾਂ ਯਾਰੋ ਛੱਤਾਂ
ਮੈਂ ਕੀਕਣ ਸਿਰ 'ਤੇ ਚੱਕਾਂ
ਛੱਤਾਂ ਉਪਰ ਜਾਲੇ ਲਟਕਣ
ਕਿੰਜ ਅੱਖਾਂ 'ਤੇ ਰੱਖਾਂ
ਛੱਤਾਂ ਮੇਰਾ ਰਸਤਾ ਰੋਕਣ
ਕਿੰਜ ਅੰਬਰ ਨੂੰ ਤੱਕਾਂ
ਛੱਤਾਂ ਘਰ ਵਿਚ 'ਨ੍ਹੇਰਾ ਕੀਤਾ
ਕਿੰਜ ਲੋਕਾਂ ਨੂੰ ਦੱਸਾਂ
ਛੱਤਾਂ ਜੇ ਮੇਰੇ ਸਿਰ 'ਤੇ ਡਿੱਗਣ
ਤਾਂ ਮੈਂ ਰੱਜ ਕੇ ਹੱਸਾਂ
ਛੱਤਾਂ ਜੇ ਨਾ ਸਿਰ 'ਤੇ ਹੋਵਣ
ਮੈਂ ਅੰਬਰ ਵਿਚ ਨੱਚਾਂ
ਦਿਲ ਕਰਦਾ ਏ ਛੱਤਾਂ ਪੀਹਵਾਂ
ਦਿਲ ਕਰਦਾ ਏ ਕੱਤਾਂ
ਦਿਲ ਕਰਦਾ ਏ ਛੱਤਾਂ ਛਾਣਾਂ
ਦਿਲ ਕਰਦਾ ਏ ਛੱਟਾਂ
ਛੱਤਾਂ, ਛੱਤਾਂ, ਛੱਤਾਂ
ਮੈਂ ਜਾਲੇ ਕੀਕਣ ਚੱਟਾਂ ।

6. ਚੀਰੇ ਵਾਲਿਆ

ਅਸੀਂ ਕੱਚਿਆਂ ਅਨਾਰਾਂ ਦੀਆਂ ਟਾਹਣੀਆਂ
ਪਈਆਂ ਪਈਆਂ ਝੂਮ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਝੂਮ ਵੇ ਰਹੀਆਂ ਚੀਰੇ ਵਾਲਿਆ

ਅਸੀਂ ਜੰਗਲੀ ਹਿਰਨ ਦੀਆਂ ਅੱਖੀਆਂ
ਬੇਲਿਆਂ 'ਚ ਬਲ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਬੇਲਿਆਂ 'ਚ ਬਲ ਵੇ ਰਹੀਆਂ ਚੀਰੇ ਵਾਲਿਆ

ਅਸੀਂ ਪੱਤਣਾਂ 'ਤੇ ਪਈਆਂ ਬੇੜੀਆਂ
ਪਈਆਂ ਪਈਆਂ ਡੁੱਬ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਡੁੱਬ ਵੇ ਰਹੀਆਂ ਚੀਰੇ ਵਾਲਿਆ

ਅਸੀਂ ਖੰਡ ਮਿਸ਼ਰੀ ਦੀਆਂ ਡਲੀਆਂ
ਪਈਆਂ ਪਈਆਂ ਖੁਰ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਖੁਰ ਵੇ ਰਹੀਆਂ ਚੀਰੇ ਵਾਲਿਆ

ਅਸੀਂ ਕਾਲੇ ਚੰਦਨ ਦੀਆਂ ਗੇਲੀਆਂ
ਪਈਆਂ ਪਈਆਂ ਧੁਖ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਧੁਖ ਵੇ ਰਹੀਆਂ ਚੀਰੇ ਵਾਲਿਆ

ਅਸੀਂ ਕੱਚਿਆਂ ਘਰਾਂ ਦੀਆਂ ਕੰਧੀਆਂ
ਪਈਆਂ ਪਈਆਂ ਭੁਰ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਭੁਰ ਵੇ ਰਹੀਆਂ ਚੀਰੇ ਵਾਲਿਆ

7. ਦੇਸ਼ ਦਾ ਸਿਪਾਹੀ

ਜੰਗ ਵਿਚ ਲੜਦਾ ਸਿਪਾਹੀ ਮੇਰੇ ਦੇਸ਼ ਦਾ
ਹਿੱਕ ਤਾਨ ਖੜਦਾ ਸਿਪਾਹੀ ਮੇਰੇ ਦੇਸ਼ ਦਾ

ਇਹ ਤਾਂ ਹੈ ਅਮਰ ਹੁੰਦਾ
ਇਹ ਤਾਂ ਹੈ ਸ਼ਹੀਦ ਹੁੰਦਾ
ਮਰ ਕੇ ਨਾ ਮਰਦਾ ਸਿਪਾਹੀ ਮੇਰੇ ਦੇਸ਼ ਦਾ
ਤਾਰਾ ਬਣ ਚੜ੍ਹਦਾ ਸਿਪਾਹੀ ਮੇਰੇ ਦੇਸ਼ ਦਾ
ਜੰਗ ਵਿਚ ਲੜਦਾ…

ਵੈਰੀ ਜੇ ਕੋਈ ਵੈਰ ਰੱਖੇ
ਧਰਤੀ ਤੇ ਪੈਰ ਰੱਖੇ
ਐਸੀ ਚੰਡੀ ਚੰਡਦਾ ਸਿਪਾਹੀ ਮੇਰੇ ਦੇਸ਼ ਦਾ
ਟੋਟੇ ਲੱਖ ਕਰਦਾ ਸਿਪਾਹੀ ਮੇਰੇ ਦੇਸ਼ ਦਾ
ਜੰਗ ਵਿਚ ਲੜਦਾ…

ਸੂਰਮਾ ਹੈ ਰਣ ਦਾ
ਤੇ ਰਾਖਾ ਵੀ ਹੈ ਅਮਨ ਦਾ
ਵੈਰੀਆਂ ਨੂੰ ਦਲਦਾ ਸਿਪਾਹੀ ਮੇਰੇ ਦੇਸ਼ ਦਾ
ਜੰਗ ਵਿਚ ਲੜਦਾ…।

8. ਦੋ ਬੱਚੇ

ਬੱਚੇ ਰੱਬ ਤੋਂ ਦੋ ਹੀ ਮੰਗੇ
ਕਸਮ ਖੁਦਾ ਦੀ ਰਹਿ ਗਏ ਚੰਗੇ ।

ਵੱਡਾ ਜਦ ਸਾਡੇ ਘਰ ਆਇਆ
ਪਲਣੇ ਪਾਇਆ, ਪੱਟ ਹੰਢਾਇਆ
ਰੱਜ ਰੱਜ ਉਹਨੂੰ ਲਾਡ ਲਡਾਇਆ
ਰੱਜ ਕੇ ਪੜ੍ਹਿਆ ਜਿੰਨਾ ਚਾਹਿਆ
ਬਹੁਤੇ ਨਾ ਅਸਾਂ ਲੀਤੇ ਪੰਗੇ
ਕਸਮ ਖੁਦਾ ਦੀ…।

ਜਦੋਂ ਅਸਾਡੀ ਨਿੱਕੀ ਜਾਈ
ਦਸ ਰੁਪਈਏ ਲੈ ਗਈ ਦਾਈ
ਪੜ੍ਹੀ-ਪੜ੍ਹਾਈ ਫੇਰ ਵਿਅ੍ਹਾਈ
ਹੱਸ ਹੱਸ ਕੇ ਅਸਾਂ ਡੋਲੇ ਪਾਈ
ਨਾ ਅਸਾਂ ਕਿਧਰੇ ਕਰਜ਼ੇ ਮੰਗੇ
ਕਸਮ ਖੁਦਾ ਦੀ…।

ਦੇਵੇ ਰੱਬ ਹਰ ਘਰ ਨੂੰ ਜੋੜੀ
ਕੀ ਕਰਨੀ ਬੱਚਿਆਂ ਦੀ ਬੋਰੀ
ਸੋਹਣੀ ਹੋਏ ਤੇ ਹੋਏ ਥੋਹੜੀ
ਰੇਸ਼ਮ ਵਿਚ ਵਲ੍ਹੇਟੀ ਲੋਰੀ
ਬਹੁਤੇ ਹੋਣ ਤਾਂ ਫਿਰਦੇ ਨੰਗੇ
ਕਸਮ ਖੁਦਾ ਦੀ ਰਹਿ ਗਏ ਚੰਗੇ ।

9. ਢੋਲ ਵਜਾਓ

ਢੋਲ ਵਜਾਓ ਕਰੋ ਮੁਨਾਦੀ
ਬਰਬਾਦੀ ਪਈ ਕਰੇ ਆਬਾਦੀ ।

ਰੱਕੜ ਬੀਜੇ ਬੰਜਰ ਵਾਹਿਆ
ਮੋੜ ਮੋੜ ਤੇ ਡੈਮ ਬਣਾਇਆ
ਦੂਣਾ ਚੌਣਾ ਅੰਨ ਉਗਾਇਆ
ਫਿਰ ਵੀ ਉਹ ਪੂਰਾ ਨਾ ਆਇਆ
ਢੋਲ ਵਜਾਓ, ਕਰੋ ਮੁਨਾਦੀ
ਬਰਬਾਦੀ ਪਈ ਕਰੇ ਆਬਾਦੀ ।

ਪਰਬਤ ਚੀਰ ਬਣਾਈਆਂ ਨਹਿਰਾਂ
ਬਿਜਲੀ ਕੱਢੀ ਰਿੜਕੀਆਂ ਲਹਿਰਾਂ
ਫ਼ਰਕ ਮਿਟਾਇਆ ਪਿੰਡਾਂ ਸ਼ਹਿਰਾਂ
ਪਰ ਨਾ ਹੋਈਆਂ ਲਹਿਰਾਂ ਬਹਿਰਾਂ
ਢੋਲ ਵਜਾਓ, ਕਰੋ ਮੁਨਾਦੀ
ਬਰਬਾਦੀ ਪਈ ਕਰੇ ਆਬਾਦੀ ।

ਸੁਣਿਉਂ ਸੁਣਿਉਂ ਲੋਕੋ ਲੋਕੋ
ਕੁਝ ਤਾਂ ਸਮਝੋ ਕੁਝ ਤਾਂ ਸੋਚੋ
ਮੱਥਿਆਂ ਦੇ ਵਿਚ ਕਿੱਲ ਨਾ ਠੋਕੋ
ਵਧਦੀ ਆਬਾਦੀ ਨੂੰ ਰੋਕੋ
ਢੋਲ ਵਜਾਓ, ਕਰੋ ਮੁਨਾਦੀ
ਬਰਬਾਦੀ ਪਈ ਕਰੇ ਆਬਾਦੀ ।

10. ਧਰਤੀ ਦੇ ਜਾਏ

ਜਾਗ ਪਏ ਧਰਤੀ ਦੇ ਜਾਏ
ਜਾਗ ਪਏ
ਖੇਤਾਂ ਦੇ ਵਿਚ ਸੁੱਤੇ ਸਾਏ
ਜਾਗ ਪਏ ।

ਵਿਚ ਸਿਆੜਾਂ ਡੁਲ੍ਹਿਆ ਮੁੜ੍ਹਕਾ ਜਾਗ ਪਿਆ ।
ਪੈਰਾਂ ਦੇ ਵਿਚ ਰੁਲਿਆ ਮੁੜ੍ਹਕਾ ਜਾਗ ਪਿਆ ।
ਜਾਗ ਪਏ ਲੋਹੇ ਜੰਗਲਾਏ
ਜਾਗ ਪਏ ।
ਜਾਗ ਪਏ ਧਰਤੀ ਦੇ ਜਾਏ
ਜਾਗ ਪਏ ।

ਜਾਗ ਪਈਆਂ ਸੁੱਤੀਆਂ ਪ੍ਰਭਾਤਾਂ ਜਾਗ ਪਈਆਂ ।
ਜਾਗ ਪਈਆਂ ਮਿਹਨਤ ਦੀਆਂ ਬਾਤਾਂ ਜਾਗ ਪਈਆਂ ।
ਜਾਗ ਪਏ ਚਿਹਰੇ ਮੁਰਝਾਏ
ਜਾਗ ਪਏ ।
ਜਾਗ ਪਏ ਧਰਤੀ ਦੇ ਜਾਏ
ਜਾਗ ਪਏ ।

ਜਾਗ ਪਏ ਜੇਰੇ ਤੇ ਅਣਖਾਂ ਜਾਗ ਪਈਆਂ
ਜਾਗੀ ਹੱਲ ਪੰਜਾਲੀ ਕਣਕਾਂ ਜਾਗ ਪਈਆਂ
ਜਾਗ ਪਏ ਨਵ-ਰੰਗ ਖਿੰਡਾਏ
ਜਾਗ ਪਏ ।
ਜਾਗ ਪਏ ਧਰਤੀ ਦੇ ਜਾਏ
ਜਾਗ ਪਏ ।
ਖੇਤਾਂ ਦੇ ਵਿਚ ਸੁੱਤੇ ਸਾਏ
ਜਾਗ ਪਏ ।

11. ਦੇਸ਼ ਮਹਾਨ

ਸਾਡਾ ਭਾਰਤ ਦੇਸ਼ ਮਹਾਨ
ਨਾ ਕੋਈ ਹਿੰਦੂ ਸਿੱਖ ਈਸਾਈ
ਨਾ ਕੋਈ ਮੁਸਲਮਾਨ
ਸਾਡਾ ਭਾਰਤ ਦੇਸ਼ ਮਹਾਨ

ਰੰਗ ਨਸਲ ਤੇ ਜ਼ਾਤ ਧਰਮ ਵਿਚ ਕੋਈ ਨਾ ਵੱਖ ਵਖਰੇਵਾਂ
ਸਭ ਦੇ ਤਨ ਨੂੰ ਕੱਪੜਾ ਲੱਭੇ ਪੇਟ ਨੂੰ ਅੰਨ ਰਜੇਵਾਂ
ਇਕ ਨੂਰ ਤੇ ਸਭ ਜੱਗ ਉਪਜਿਆ
ਇਕੋ ਜਿਹੇ ਇਨਸਾਨ
ਸਾਡਾ ਭਾਰਤ ਦੇਸ਼ ਮਹਾਨ ।

ਗੁਜਰਾਤੀ, ਮਦਰਾਸੀ, ਉੜੀਆ, ਪੰਜਾਬੀ, ਬੰਗਾਲੀ
ਹਰ ਸ਼ਹਿਰੀ ਦੇ ਮੂੰਹ ਤੋਂ ਟਪਕੇ ਦੇਸ਼-ਪ੍ਰੇਮ ਦੀ ਲਾਲੀ
ਕੋਈ ਡੋਗਰਾ ਕੋਈ ਮਰਹੱਟਾ
ਭਾਵੇਂ ਕਈ ਚੌਹਾਨ
ਸਾਡਾ ਭਾਰਤ ਦੇਸ਼ ਮਹਾਨ ।

ਭਾਵੇਂ ਵੱਖਰੇ ਵੱਖਰੇ ਸੂਬੇ, ਵੱਖੋ ਵੱਖਰੀ ਬੋਲੀ
ਭਾਰਤ ਮਾਂ ਦੇ ਪੁੱਤਰ ਸਾਰੇ ਹਮਸਾਏ ਹਮਜੋਲੀ
ਹਰ ਕੋਈ ਇਕ ਦੂਜੇ ਉੱਤੋਂ
ਘੋਲ ਘੁਮਾਵੇ ਜਾਨ
ਸਾਡਾ ਭਾਰਤ ਦੇਸ਼ ਮਹਾਨ
ਨਾ ਕੋਈ ਹਿੰਦੂ ਸਿੱਖ ਈਸਾਈ
ਨਾ ਕੋਈ ਮੁਸਲਮਾਨ
ਸਾਡਾ ਭਾਰਤ ਦੇਸ਼ ਮਹਾਨ

12. ਦੁੱਧ ਦਾ ਕਤਲ

ਮੈਨੂੰ ਤੇ ਯਾਦ ਹੈ ਅੱਜ ਵੀ, ਤੇ ਤੈਨੂੰ ਯਾਦ ਹੋਵੇਗਾ
ਜਦੋਂ ਦੋਹਾਂ ਨੇ ਰਲ ਕੇ ਆਪਣੀ ਮਾਂ ਦਾ ਕਤਲ ਕੀਤਾ ਸੀ
ਓਸ ਦਾ ਲਹੂ ਜਿੱਦਾਂ ਕਾਵਾਂ ਕੁੱਤਿਆਂ ਨੇ ਪੀਤਾ ਸੀ
ਆਪਣਾ ਨਾਂ ਅਸੀਂ ਸਾਰੇ ਹੀ ਪਿੰਡ ਵਿਚ ਭੰਡ ਲੀਤਾ ਸੀ

ਮੈਨੂੰ ਤੇ ਯਾਦ ਹੈ ਅੱਜ ਵੀ ਕਿਵੇਂ ਘਰ ਨੂੰ ਹੈ ਅੱਗ ਲੱਗਦੀ
ਤੇ ਤੈਨੂੰ ਯਾਦ ਹੋਵੇਗਾ…

ਜਦੋਂ ਅਸੀਂ ਰੱਤ ਵਿਹੂਣੇ ਅਰਧ-ਧੜ ਘਰ ਘਰ ਲਿਆਏ ਸਾਂ
ਅਸੀਂ ਮਾਂ ਦੇ ਕਤਲ ਉਪਰ ਬੜਾ ਹੀ ਮੁਸਕਰਾਏ ਸਾਂ

ਅਸੀਂ ਇਸ ਕਤਲ ਲਈ ਦੋਹਾਂ ਹੀ ਮਜ਼ਹਬਾਂ ਦੇ ਪੜ੍ਹਾਏ ਸਾਂ
ਤੇ ਦੋਵੇਂ ਹੀ ਕਪੁੱਤਰ ਸਾਂ ਤੇ ਮਜ਼ਹਬੀ ਜੂਨ ਆਏ ਸਾਂ ।

ਮੇਰੀ ਦੁੱਧ ਦੀ ਉਮਰ ਮਾਂ ਦੇ ਕਤਲ ਸੰਗ ਕਤਲ ਹੋ ਗਈ ਸੀ
ਤੇ ਠੰਡੇ ਦੁੱਧ ਦੀ ਉਹ ਲਾਸ਼ ਤੇਰੇ ਘਰ ਹੀ ਸੌਂ ਗਈ ਸੀ

ਤੇ ਜਿਸ ਨੂੰ ਯਾਦ ਕਰਕੇ ਅੱਜ ਵੀ ਮੈਂ ਚੁੱਪ ਹੋ ਜਾਂਦਾਂ
ਤੇਰੇ ਹਿੱਸੇ ਵਿਚ ਆਏ ਅਰਧ ਧੜ ਵਿਚ ਰੋਜ਼ ਖੋ ਜਾਂਦਾਂ

ਮੇਰੇ ਹਿੱਸੇ ਵਿਚ ਆਇਆ ਅਰਧ-ਧੜ ਮੈਨੂੰ ਮਾਂ ਦਾ ਨਹੀਂ ਲਗਦਾ
ਤੇ ਉਸ ਹਿੱਸੇ ਵਿਚ ਮੇਰੀ ਅਰਧ-ਲੋਰੀ ਨਜ਼ਰ ਨਹੀਂ ਆਉਂਦੀ
ਮੇਰੇ ਹਿੱਸੇ ਦੀ ਮੇਰੀ ਮਾਂ ਅਧੂਰਾ ਗੀਤ ਹੈ ਗਾਉਂਦੀ
ਤੇ ਤੇਰੇ ਅਰਧ-ਧੜ ਦੇ ਬਾਝ ਮੇਰਾ ਜੀਅ ਨਹੀਂ ਲਗਦਾ
ਮੇਰਾ ਤਾਂ ਜਨਮ ਤੇਰੇ ਅਰਧ-ਧੜ ਦੀ ਕੁੱਖ 'ਚੋਂ ਹੋਇਆ ਸੀ
ਮੇਰੇ ਹਿੱਸੇ 'ਚ ਆਇਆ ਅਰਧ-ਧੜ ਮੇਰੇ 'ਤੇ ਰੋਇਆ ਸੀ
ਤੇ ਮੈਥੋਂ ਰੋਜ਼ ਪੁੱਛਦਾ ਸੀ ਉਹਦਾ ਕਿਉਂ ਕਤਲ ਹੋਇਆ ਸੀ ?
ਤੇ ਤੈਨੂੰ ਯਾਦ ਕਰਕੇ ਕਈ ਦਫ਼ਾ ਤੇਰੇ 'ਤੇ ਰੋਇਆ ਸੀ
ਤੇ ਤੈਥੋਂ ਵੀ ਉਹ ਪੁੱਛਦਾ ਸੀ ਉਹਦਾ ਕਿਉਂ ਕਤਲ ਹੋਇਆ ਸੀ ?
ਮਾਂ ਦਾ ਕਤਲ ਤਾਂ ਹੋਇਆ ਸੀ, ਮਾਂ ਦਾ ਦਿਲ ਤਾਂ ਮੋਇਆ ਸੀ ।

ਮਾਵਾਂ ਦੇ ਕਦੇ ਵੀ ਦਿਲ ਕਿਸੇ ਤੋਂ ਕਤਲ ਨਹੀਂ ਹੁੰਦੇ
ਪਰ ਤੂੰ ਅੱਜ ਫੇਰ ਮਾਂ ਦੇ ਦਿਲ ਉੱਪਰ ਵਾਰ ਕੀਤਾ ਹੈ
ਤੇ ਸੁੱਕੀਆਂ ਛਾਤੀਆਂ ਦਾ ਦੁੱਧ ਤਕ ਵੀ ਵੰਡ ਲੀਤਾ ਹੈ ।

ਪਰ ਇਹ ਯਾਦ ਰੱਖ ਮਾਵਾਂ ਦਾ ਦੁੱਧ ਵੰਡਿਆ ਨਹੀਂ ਜਾਂਦਾ
ਤੇ ਨਾ ਮਾਵਾਂ ਦੇ ਦੁੱਧ ਦਾ ਦੋਸਤਾ ਕਦੇ ਕਤਲ ਹੁੰਦਾ ਹੈ
ਇਹ ਐਸਾ ਦੁੱਧ ਹੈ ਜਿਸ ਨੂੰ ਕਦੇ ਵੀ ਮੌਤ ਨਹੀੰ ਆਉਂਦੀ
ਭਾਵੇਂ ਤਵਾਰੀਖ ਕਈ ਵਾਰ ਹੈ ਦੁੱਧ ਦਾ ਕਤਲ ਵੀ ਚਾਹੁੰਦੀ…

13. ਜੈ ਜਵਾਨ ਜੈ ਕਿਸਾਨ

ਜੈ ਜਵਾਨ ! ਜੈ ਕਿਸਾਨ !!
ਦੋਹਾਂ ਦੇ ਸਿਰ ਸਦਕਾ ਉੱਚੀ ਭਾਰਤ ਮਾਂ ਦੀ ਸ਼ਾਨ
ਜੈ ਜਵਾਨ ! ਜੈ ਕਿਸਾਨ !!

ਜੱਟਾ ਸੁੱਤੀ ਧਰਤ ਜਗਾਵੇ ਹੱਲ ਤੇਰੀ ਦਾ ਫਾਲਾ
ਹਾੜ੍ਹ ਦੀ ਗਰਮੀ ਸਿਰ 'ਤੇ ਝੱਲੇ ਸਿਰ ਤੇ ਪੋਹ ਦਾ ਪਾਲਾ
ਮੁੜ੍ਹਕਾ ਡੋਲ੍ਹ ਕੇ ਹਰੇ ਤੂੰ ਕਰਦਾ
ਬੰਜਰ ਤੇ ਵੀਰਾਨ ।
ਜੈ ਜਵਾਨ ! ਜੈ ਕਿਸਾਨ !!

ਤੂੰ ਰਖਵਾਲੀ ਕਰੇਂ ਦੇਸ਼ ਦੀ, ਬਣ ਕੇ ਪਹਿਰੇਦਾਰ
ਤੂੰ ਲਹੂਆਂ ਦੀ ਹੋਲੀ ਖੇਡੇਂ, ਬਰਫ਼ਾਂ ਦੇ ਵਿਚਕਾਰ
ਸੰਗੀਨਾਂ ਦੀ ਛਾਂ ਦੇ ਹੇਠਾਂ
ਖੜਾ ਤੂੰ ਸੀਨਾ ਤਾਨ ।
ਜੈ ਜਵਾਨ ! ਜੈ ਕਿਸਾਨ !!

ਇਕ ਤਾਂ ਆਪੇ ਭੁੱਖਾ ਰਹਿ ਕੇ ਘਰ ਘਰ ਅੰਨ ਪੁਚਾਵੇ
ਦੂਜਾ ਆਪਣੀ ਜਾਨ ਗਵਾ ਕੇ ਦੇਸ਼ ਦੀ ਆਨ ਬਚਾਵੇ
ਇਨ੍ਹਾਂ ਦੋਹਾਂ ਦੀ ਮਿਹਨਤ ਦਾ
ਸਾਡੇ ਸਿਰ ਅਹਿਸਾਨ ।
ਜੈ ਜਵਾਨ ! ਜੈ ਕਿਸਾਨ !!

14. ਹਾਏ ਨੀ

ਮੈਨੂੰ ਹੀਰੇ ਹੀਰੇ ਆਖੇ
ਹਾਏ ਨੀ ਮੁੰਡਾ ਲੰਬੜਾਂ ਦਾ
ਨੀ ਮੁੰਡਾ ਲੰਬੜਾਂ ਦਾ
ਮੈਨੂੰ ਵਾਂਗ ਸ਼ੁਦਾਈਆਂ ਝਾਕੇ
ਹਾਏ ਨੀ ਮੁੰਡਾ ਲੰਬੜਾਂ ਦਾ
ਨੀ ਮੁੰਡਾ ਲੰਬੜਾਂ ਦਾ ।

ਸੁਬਹ ਸਵੇਰੇ ਉਠ ਨਦੀਏ ਜਾਂ ਜਾਨੀ ਆਂ
ਮਲ ਮਲ ਦਹੀਂ ਦੀਆਂ ਫੁੱਟੀਆਂ ਨਹਾਨੀ ਆਂ
ਨੀ ਉਹਦੇ ਪਾਣੀ 'ਚ ਸੁਣੀਵਣ ਹਾਸੇ
ਹਾਏ ਨੀ ਮੁੰਡਾ ਲੰਬੜਾਂ ਦਾ
ਨੀ ਮੁੰਡਾ ਲੰਬੜਾਂ ਦਾ
ਮੈਨੂੰ ਹੀਰੇ ਹੀਰੇ ਆਖੇ
ਹਾਏ ਨੀ ਮੁੰਡਾ ਲੰਬੜਾਂ ਦਾ
ਨੀ ਮੁੰਡਾ ਲੰਬੜਾਂ ਦਾ ।

ਸੁਬਹ ਸਵੇਰੇ ਉੱਠ ਖੂਹ ਤੇ ਜਾਨੀ ਆਂ
ਸੂਹਾ ਸੂਹਾ ਘੜਾ ਜਦ ਢਾਕੇ ਮੈਂ ਲਾਨੀ ਆਂ
ਨੀ ਉਹ ਲੱਗਾ ਮੇਰੀ ਵੱਖੀ ਸੰਗ ਜਾਪੇ
ਹਾਏ ਨੀ ਮੁੰਡਾ ਲੰਬੜਾਂ ਦਾ
ਨੀ ਮੁੰਡਾ ਲੰਬੜਾਂ ਦਾ
ਮੈਨੂੰ ਹੀਰੇ ਹੀਰੇ ਆਖੇ
ਹਾਏ ਨੀ ਮੁੰਡਾ ਲੰਬੜਾਂ ਦਾ
ਨੀ ਮੁੰਡਾ ਲੰਬੜਾਂ ਦਾ ।

ਸੁਬਹ ਸਵੇਰੇ ਜਦ ਬਾਗ਼ੀਂ ਮੈਂ ਜਾਨੀ ਆਂ
ਚੁਣ ਚੁਣ ਮਰੂਆ ਚੰਬੇਲੇ ਮੈਂ ਲਿਆਨੀ ਆਂ
ਨੀ ਉਹਦੇ ਸਾਹਾਂ ਦੀ ਸੁਗੰਧ ਆਉਂਦੀ ਜਾਪੇ
ਹਾਏ ਨੀ ਮੁੰਡਾ ਲੰਬੜਾਂ ਦਾ
ਨੀ ਮੁੰਡਾ ਲੰਬੜਾਂ ਦਾ
ਮੈਨੂੰ ਹੀਰੇ ਹੀਰੇ ਆਖੇ
ਹਾਏ ਨੀ ਮੁੰਡਾ ਲੰਬੜਾਂ ਦਾ
ਨੀ ਮੁੰਡਾ ਲੰਬੜਾਂ ਦਾ ।

15. ਗੁਮਨਾਮ ਦਿਨ

ਫਿਰ ਮੇਰੇ ਗੁਮਨਾਮ ਦਿਨ ਆਏ
ਬਹੁਤ ਹੀ ਬਦਨਾਮ ਦਿਨ ਆਏ
ਸਾਥ ਦੇਣਾ ਸੀ ਕੀ ਭਲਾ ਲੋਕਾਂ
ਕੰਡ ਅਪਣੇ ਹੀ ਦੇ ਗਏ ਸਾਏ ।

ਹਾਂ ਮੇਰਾ ਹੁਣ ਖ਼ੂਨ ਤਕ ਉਦਾਸਾ ਸੀ
ਹਾਂ ਮੇਰਾ ਹੁਣ ਮਾਸ ਤਕ ਉਦਾਸਾ ਸੀ
ਚੁਤਰਫ਼ੀ ਸੋਗਵਾਰ ਸੋਚਾਂ ਸਨ
ਜਾਂ ਯਾਰਾਂ ਦਾ ਜਲੀਲ ਹਾਸਾ ਸੀ ।

ਸਫ਼ਰ ਸੀ, ਰੇਤ ਸੀ, ਖ਼ਾਮੋਸ਼ੀ ਸੀ
ਜ਼ਲਾਲਤ, ਸਹਿਮ ਸੀ, ਨਮੋਸ਼ੀ ਸੀ
ਖ਼ਲਾਅ ਸੀ, ਉਫ਼ਕ ਸੀ ਤੇ ਸੂਰਜ ਸੀ
ਜਾਂ ਆਪਣੀ ਪੈੜ ਦੀ
ਜ਼ੰਜੀਰ ਦੇ ਬਿਨ ਕੁਝ ਵੀ ਨਾ ਸੀ
ਕਿ ਜਿਸ ਨੂੰ ਵੇਖਿਆਂ
ਮੱਥੇ 'ਚ ਪਾਲਾ ਉੱਗਦਾ ਸੀ ।

ਜ਼ਿੰਦਗੀ ਸੀ
ਕਿ ਗ਼ਮ ਦਾ ਬੋਝ ਲਈ
ਤਪੇ ਹੋਏ ਉਮਰ ਦੇ
ਮਾਰੂਥਲਾਂ 'ਚੋਂ ਲੰਘਦੀ ਸੀ
ਤੇ ਮੈਥੋਂ ਘੁੱਟ ਛਾਂ ਦਾ ਮੰਗਦੀ ਸੀ
ਪਰ ਮੇਰੀ ਨਜ਼ਰ ਵਿਚ
ਇਕ ਬੋਲ ਦਾ ਵੀ ਬਿਰਛ ਨਾ ਸੀ ।

ਮੈਂ ਆਪਣੇ ਕਤਲ 'ਤੇ
ਹੁਣ ਬਹੁਤ ਰੋਂਦਾ ਸਾਂ
ਸਰਾਪੀ ਚੁੱਪ ਦੇ
ਹੁਣ ਨਾਲ ਭੌਂਦਾ ਸਾਂ
ਤੇ ਮੂੰਹ ਢੱਕ ਕੇ
ਗ਼ਮਗੀਨ ਚਾਨਣੀਆਂ
ਵਿਛਾ ਕੇ ਰੇਤ ਖ਼ਿਆਲਾਂ 'ਚ
ਘੂਕ ਸੌਂਦਾ ਸਾਂ ।

ਮੈਂ ਚੁੱਪ ਦੇ ਸਫ਼ਰ ਵਿਚ ਇਹ ਵੇਖਿਆ
ਕਿ ਚੁੱਪ ਗਾਉਂਦੀ ਹੈ
ਚੁੱਪ ਰੋਂਦੀ ਹੈ, ਚੁੱਪ ਕਰਾਉਂਦੀ ਹੈ
ਤੇ ਚੁੱਪ ਨੂੰ ਬਹੁਤ ਸੋਹਣੀ
ਜ਼ਬਾਨ ਆਉਂਦੀ ਹੈ ।

ਮੈਂ ਥਲ ਦੇ ਰੇਤ ਤੋਂ
ਚੁੱਪ ਦੀ ਸਾਂ ਹੁਣ ਜ਼ਬਾਂ ਸਿਖਦਾ
ਗਵਾਚੀ ਚਾਨਣੀ ਨੂੰ
ਰੇਤ ਦੇ ਮੈਂ ਖ਼ੱਤ ਲਿਖਦਾਂ ।

16. ਗ਼ੱਦਾਰ

ਉਹ ਸ਼ਹਿਰ ਸੀ ਜਾਂ ਪਿੰਡ ਸੀ
ਇਹਦਾ ਤੇ ਮੈਨੂੰ ਪਤਾ ਨਹੀਂ
ਪਰ ਇਹ ਕਹਾਣੀ ਇਕ ਕਿਸੇ
ਮੱਧ-ਵਰਗ ਜਿਹੇ ਘਰ ਦੀ ਹੈ
ਜਿਸ ਦੀਆਂ ਇੱਟਾਂ ਦੇ ਵਿਚ
ਸਦੀਆਂ ਪੁਰਾਣੀ ਘੁਟਣ ਸੀ
ਤੇ ਜਿਸਦੀ ਥਿੰਦੀ ਚੁੱਲ੍ਹ 'ਤੇ
ਮਾਵਾਂ ਦਾ ਦੁੱਧ ਸੀ ਰਿਝਦਾ
ਨੂੰਹਾਂ ਧੀਆਂ ਦੇ ਲਾਲ ਚੂੜੇ
ਦੋ ਕੁ ਦਿਨ ਲਈ ਛਣਕਦੇ
ਤੇ ਦੋ ਕੁ ਦਿਨ ਲਈ ਚਮਕਦੇ
ਤੇ ਫੇਰ ਮੈਲੇ ਜਾਪਦੇ

ਤੇ ਉਸ ਘਰ ਦੇ ਕੁਝ ਕੁ ਜੀਅ
ਹੁੱਕਿਆਂ 'ਚ ਫ਼ਿਕਰ ਫੂਕਦੇ
ਜਾਂ ਨਿੱਤ ਨੇਮੀ ਵਾਚਦੇ
ਪੱਗਾਂ ਦੀ ਇੱਜਤ ਵਾਸਤੇ
ਉਹ ਰਾਤ ਸਾਰੀ ਜਾਗਦੇ ।

ਏਸੇ ਹੀ ਘਰ ਉਹਦੇ ਜਿਹਨ ਵਿਚ
ਇਕ ਫੁੱਲ ਸੂਹਾ ਉੱਗਿਆ
ਤੇ ਉਦੋਂ ਉਸ ਦੀ ਉਮਰ ਵੀ
ਸੂਹੇ ਫੁੱਲਾਂ ਦੀ ਹਾਣ ਸੀ
ਤੇ ਤਿਤਲੀਆਂ ਦੇ ਪਰਾਂ ਦੀ
ਉਸਨੂੰ ਬੜੀ ਪਹਿਚਾਣ ਸੀ
ਉਦੋਂ ਉਸਦੀ ਬਸ ਸੋਚ ਵਿਚ
ਫੁੱਲਾਂ ਦੇ ਰੁੱਖ ਸੀ ਉੱਗਦੇ
ਜਾਂ ਖੰਭਾਂ ਵਾਲੇ ਨੀਲੇ ਘੋੜੇ
ਅੰਬਰਾਂ ਵਿਚ ਉੱਡਦੇ
ਤੇ ਫਿਰ ਉਹਦੇ ਨੈਣਾਂ ਦੇ ਵਿਚ
ਇਕ ਦਿਨ ਕੁੜੀ ਇਕ ਉੱਗ ਪਈ
ਜੋ ਉਹਦੇ ਨੈਣਾਂ 'ਚੋਂ
ਇਕ ਸੂਰਜ ਦੇ ਵਾਕਣ ਚੜ੍ਹੀ ਸੀ
ਤੇ ਕਿਸੇ ਹੀ ਹੋਰ ਦੇ
ਨੈਣਾਂ 'ਚ ਜਾ ਕੇ ਡੁੱਬ ਗਈ ।

ਹੁਣ ਸਦਾ ਉਹਦੀ ਸੋਚ ਵਿਚ
ਦਰਦਾਂ ਦਾ ਬੂਟਾ ਉੱਗਦਾ
ਤੇ ਪੱਤਾ ਪੱਤਾ ਓਸਦਾ
ਕਾਲੀ ਹਵਾ ਵਿਚ ਉੱਡਦਾ
ਹੁਣ ਉਹ ਆਪਣੇ ਦੁੱਖਾਂ ਨੂੰ
ਦੇਵਤੇ ਕਹਿੰਦਾ ਸਦਾ
ਤੇ ਲੋਕਾਂ ਨੂੰ ਆਖਦਾ
ਦੁੱਖਾਂ ਦੀ ਪੂਜਾ ਕਰੋ ।

ਤੇ ਫੇਰ ਉਹਦੀ ਕਲਮ ਵਿਚ
ਗੀਤਾਂ ਦੇ ਬੂਟੇ ਉੱਗ ਪਏ
ਜੋ ਸ਼ੁਹਰਤਾਂ ਦੇ ਮੋਢਿਆਂ 'ਤੇ
ਬੈਠ ਘਰ ਘਰ ਪੁੱਜ ਗਏ
ਇਕ ਦਿਨ ਉਹਦਾ ਕੋਈ ਗੀਤ ਇਕ
ਰਾਜ-ਦਰਬਾਰੇ ਗਿਆ
ਓਸ ਮੁਲਕ ਦੇ ਬਾਦਸ਼ਾਹ ਨੇ
ਓਸ ਨੂੰ ਵਾਹ-ਵਾਹ ਕਿਹਾ
ਤੇ ਸਾਰਿਆਂ ਗੀਤਾਂ ਦਾ ਮਿਲ ਕੇ
ਪੰਜ ਮੁਹਰਾਂ ਮੁੱਲ ਪਿਆ ।

ਹੁਣ ਬਾਦਸ਼ਾਹ ਇਹ ਸਮਝਦਾ
ਇਹ ਗੀਤ ਸ਼ਾਹੀ ਗੀਤ ਹੈ
ਤੇ ਰਾਜ-ਘਰ ਦਾ ਮੀਤ ਹੈ
ਤੇ ਪੰਜ ਮੁਹਰਾਂ ਲੈਣ ਪਿੱਛੋਂ
ਲਹੂ ਇਸਦਾ ਸੀਤ ਹੈ ।

ਪਰ ਇਕ ਦਿਨ ਉਸ ਰਾਜ-ਪੱਥ 'ਤੇ
ਇਕ ਨਾਅਰਾ ਵੇਖਿਆ
ਤੇ ਸੱਚ ਉਸਦਾ ਸੇਕਿਆ
ਉਸ ਮਾਂ ਨੂੰ ਰੋਂਦਾ ਵੇਖਿਆ
ਤੇ ਬਾਪ ਰੋਂਦਾ ਵੇਖਿਆ
ਤੇ ਬਾਦਸ਼ਾਹ ਨੂੰ ਓਸ ਪਿੱਛੋਂ
ਗੀਤ ਨਾ ਕੋਈ ਵੇਚਿਆ
ਤੇ ਪਿੰਡ ਦੀਆਂ ਸਭ ਮੈਲੀਆਂ
ਝੁੱਗੀਆਂ ਨੂੰ ਮੱਥਾ ਟੇਕਿਆ

ਹੁਣ ਉਹਦੇ ਮੱਥੇ 'ਚ
ਤਲਵਾਰਾਂ ਦਾ ਜੰਗਲ ਉੱਗ ਪਿਆ
ਉਹ ਸੀਸ ਤਲੀ 'ਤੇ ਰੱਖ ਕੇ
ਤੇ ਰਾਜ-ਘਰ ਵੱਲ ਤੁਰ ਪਿਆ
ਹੁਣ ਬਾਦਸ਼ਾਹ ਨੇ ਆਖਿਆ
ਇਹ ਗੀਤ ਨਹੀਂ ਗ਼ੱਦਾਰ ਹੈ
ਤੇ ਬਾਦਸ਼ਾਹ ਦੇ ਪਿੱਠੂਆਂ ਨੇ
ਆਖਿਆ ਬਦਕਾਰ ਹੈ
ਤੇ ਓਸਦੇ ਪਿੱਛੋਂ ਮੈਂ ਸੁਣਿਆ
ਬਾਦਸ਼ਾਹ ਬਿਮਾਰ ਹੈ
ਪਰ ਬਾਦਸ਼ਾਹ ਦਾ ਯਾਰ ਹੁਣ
ਲੋਕਾਂ ਦਾ ਕਹਿੰਦੇ ਯਾਰ ਹੈ
ਇਹ ਮੈਨੂੰ ਪਤਾ ਨਹੀਂ
ਇਹ ਕਹਾਣੀ ਕਿਸ ਦੀ ਹੈ
ਪਰ ਖ਼ੂਬਸੂਰਤ ਬੜੀ ਹੈ
ਚਾਹੇ ਕਹਾਣੀ ਜਿਸ ਦੀ ਹੈ ।

17. ਫ਼ਰਕ

ਜਦੋਂ ਮੇਰੇ ਗੀਤ ਕੱਲ੍ਹ ਤੈਥੋਂ
ਵਿਦਾਇਗੀ ਮੰਗ ਰਹੇ ਸੀ
ਤਦੋਂ ਯਾਰ
ਹੱਥਕੜੀਆਂ ਦਾ ਜੰਗਲ ਲੰਘ ਰਹੇ ਸੀ
ਤੇ ਮੇਰੇ ਜ਼ਿਹਨ ਦੀ ਤਿੜਕੀ ਹੋਈ ਦੀਵਾਰ ਉੱਤੇ
ਅਜਬ ਕੁਝ ਡੱਬ-ਖੜੱਬੇ ਨਗਨ ਸਾਏ
ਕੰਬ ਰਹੇ ਸੀ
ਦੀਵਾਰੀ ਸੱਪ ਤ੍ਰੇੜਾਂ ਦੇ
ਚੁਫੇਰਾ ਡੰਗ ਰਹੇ ਸੀ
ਇਹ ਪਲ ਮੇਰੇ ਲਈ ਦੋਫਾੜ ਪਲ ਸੀ
ਦੋ-ਚਿਤੀਆਂ ਨਾਲ ਭਰਿਆ
ਦੋ-ਨਦੀਆਂ ਸੀਤ ਜਲ ਸੀ
ਮੈਂ ਤੇਰੇ ਨਾਲ ਵੀ ਨਹੀਂ ਸਾਂ
ਤੇ ਤੇਰੇ ਨਾਲ ਵੀ ਮੈਂ ਸਾਂ
ਮੈਨੂੰ ਏਸੇ ਹੀ ਪਲ
ਪਰ ਕੁਝ ਨਾ ਕੁਝ ਸੀ ਫ਼ੈਸਲਾ ਕਰਨਾ
ਕੀ ਤੇਰੇ ਨਾਲ ਹੈ ਚਲਣਾ ?
ਕੀ ਤੇਰੇ ਨਾਲ ਹੈ ਮਰਨਾ ?
ਜਾਂ ਉਹਨਾਂ ਨਾਲ ਹੈ ਮਰਨਾ ?
ਕਿ ਜਾਂ ਤਲਵਾਰ ਹੈ ਬਣਨਾ ?
ਕਿ ਮੈਨੂੰ ਗੀਤ ਹੈ ਬਣਨਾ
ਸੀ ਉੱਗੇ ਰੁੱਖ ਸਲਾਖਾਂ ਦੇ
ਮੇਰੀ ਇਕ ਸੋਚ ਦੇ ਪਾਸੇ
ਤੇ ਦੂਜੀ ਤਰਫ਼ ਸਨ
ਤੇਰੇ ਉਦਾਸੇ ਮੋਹ ਭਰੇ ਹਾਸੇ
ਤੇ ਇਕ ਪਾਸੇ ਖੜੇ ਸਾਏ ਸੀ
ਜੇਲ੍ਹ ਬੂਹਿਆਂ ਦੇ
ਜਿਨ੍ਹਾਂ ਪਿੱਛੇ ਮੇਰੇ ਯਾਰਾਂ ਦੀਆਂ
ਨਿਰਦੋਸ਼ ਚੀਕਾਂ ਸਨ
ਜਿਨ੍ਹਾਂ ਦਾ ਦੋਸ਼ ਏਨਾ ਸੀ
ਕਿ ਸੂਰਜ ਭਾਲਦੇ ਕਿਉਂ ਨੇ
ਉਹ ਆਪਣੇ ਗੀਤ ਦੀ ਅੱਗ ਨੂੰ
ਚੌਰਾਹੀਂ ਬਾਲਦੇ ਕਿਉਂ ਨੇ
ਉਹ ਆਪਣੇ ਦਰਦ ਦਾ ਲੋਹਾ
ਕੁਠਾਲੀ ਢਾਲਦੇ ਕਿਉਂ ਨੇ
ਤੇ ਹੱਥਕੜੀਆਂ ਦੇ ਜੰਗਲ ਵਿਚ ਵੀ ਆ
ਲਲਕਾਰਦੇ ਕਿਉਂ ਨੇ ?
ਤੇ ਫਿਰ ਮੈਂ ਕੁਝ ਸਮੇਂ ਲਈ
ਇਸ ਤਰ੍ਹਾਂ ਖ਼ਾਮੋਸ਼ ਸਾਂ ਬੈਠਾ
ਕਿ ਨਾ ਹੁਣ ਗੀਤ ਹੀ ਮੈਂ ਸਾਂ
ਸਗੋਂ ਦੋਹਾਂ ਪੜਾਵਾਂ ਤੇ ਖੜਾ
ਇਕ ਭਾਰ ਹੀ ਮੈਂ ਸਾਂ
ਇਵੇਂ ਖ਼ਾਮੋਸ਼ ਬੈਠੇ ਨੂੰ
ਮੈਨੂੰ ਯਾਰਾਂ ਤੋਂ ਸੰਗ ਆਉਂਦੀ
ਕਦੀ ਮੇਰਾ ਗੀਤ ਗੁੰਮ ਜਾਂਦਾ
ਕਦੇ ਤਲਵਾਰ ਗੁੰਮ ਜਾਂਦੀ
ਤੂੰ ਆ ਕੇ ਪੁੱਛਦੀ ਮੈਨੂੰ
ਕਿ ਤੇਰਾ ਗੀਤ ਕਿੱਥੇ ਹੈ ?
ਤੇ ਮੇਰੇ ਯਾਰ ਆ ਕੇ ਪੁੱਛਦੇ
ਤਲਵਾਰ ਕਿੱਥੇ ਹੈ ?
ਤੇ ਮੈਂ ਦੋਹਾਂ ਨੂੰ ਇਹ ਕਹਿੰਦਾ
ਮੇਰੀ ਦੀਵਾਰ ਪਿੱਛੇ ਹੈ

ਮੈਨੂੰ ਦੀਵਾਰ ਵਾਲੀ ਗੱਲ ਕਹਿੰਦੇ
ਸ਼ਰਮ ਜਿਹੀ ਆਉਂਦੀ
ਕਿ ਉਸ ਦੀਵਾਰ ਪਿੱਛੇ ਤਾਂ
ਸਿਰਫ਼ ਦੀਵਾਰ ਸੀ ਰਹਿੰਦੀ
ਤੇ ਮੇਰੀ ਰੂਹ ਜੁਲਾਹੇ ਦੀ
ਨਲੀ ਵੱਤ ਭਟਕਦੀ ਰਹਿੰਦੀ
ਕਦੇ ਉਹ ਗੀਤ ਵੱਲ ਜਾਂਦੀ
ਕਦੇ ਤਲਵਾਰ ਵੱਲ ਜਾਂਦੀ

ਨਾ ਹੁਣ ਯਾਰਾਂ ਦਾ
ਹੱਥਕੜੀਆਂ ਦੇ ਜੰਗਲ 'ਚੋਂ ਵੀ ਖ਼ਤ ਆਉਂਦਾ
ਨਾ ਤੇਰਾ ਹੀ ਪਹਾੜੀ ਨਦੀ ਵਰਗਾ
ਬੋਲ ਸੁਣ ਪਾਂਦਾ
ਤੇ ਮੈਂ ਦੀਵਾਰ ਦੇ ਪਿੱਛੇ ਸਾਂ ਹੁਣ
ਦੀਵਾਰ ਵਿਚ ਰਹਿੰਦਾ ।

ਮੈਂ ਹੁਣ ਯਾਰਾਂ ਦੀਆਂ ਨਜ਼ਰਾਂ 'ਚ ਸ਼ਾਇਦ
ਮਰ ਗਿਆ ਸਾਂ
ਤੇ ਤੇਰੀ ਨਜ਼ਰ ਵਿਚ
ਮੈਂ ਬੇਵਫ਼ਾਈ ਕਰ ਗਿਆ ਸਾਂ

ਪਰ ਅੱਜ ਇਕ ਦੇਰ ਪਿੱਛੋਂ
ਸੂਰਜੀ ਮੈਨੂੰ ਰਾਹ ਕੋਈ ਮਿਲਿਐ
ਤੇ ਏਸੇ ਰਾਹ 'ਤੇ ਮੈਨੂੰ ਤੁਰਦਿਆਂ
ਇਹ ਸਮਝ ਆਈ ਹੈ
ਕਦੇ ਵੀ ਗੀਤ ਤੇ ਤਲਵਾਰ ਵਿਚ
ਕੋਈ ਫ਼ਰਕ ਨਹੀਂ ਹੁੰਦਾ
ਜੇ ਕੋਈ ਫ਼ਰਕ ਹੁੰਦਾ ਹੈ
ਤਾਂ ਬਸ ਹੁੰਦਾ ਸਮਿਆਂ ਦਾ
ਕਦੇ ਤਾਂ ਗੀਤ ਸੱਚ ਕਹਿੰਦੈ
ਕਦੇ ਤਲਵਾਰ ਸੱਚ ਕਹਿੰਦੀ
ਹੈ ਗੀਤਾਂ 'ਚੋਂ ਹੀ
ਹੱਥਕੜੀਆਂ ਦੇ ਜੰਗਲ ਨੂੰ ਸੜਕ ਜਾਂਦੀ
ਤੇ ਹੁਣ ਇਹ ਵਕਤ ਹੈ
ਤਲਵਾਰ ਲੈ ਕੇ ਮੈਂ ਚਲਾ ਜਾਵਾਂ
ਤੇ ਹੱਥਕੜੀਆਂ ਦੇ ਜੰਗਲ ਵਾਲਿਆਂ ਦੀ
ਬਾਤ ਸੁਣ ਆਵਾਂ ।

18. ਜਾਗ ਸ਼ੇਰਾ !

ਤੇਰਾ ਵੱਸਦਾ ਰਹੇ ਪੰਜਾਬ
ਓ ਸ਼ੇਰਾ ਜਾਗ
ਓ ਜੱਟਾ ਜਾਗ ।

ਅੱਗ ਲਾਉਣ ਕੋਈ ਤੇਰੇ ਗਿਧਿਆਂ ਨੂੰ ਆ ਗਿਆ
ਸੱਪਾਂ ਦੀਆਂ ਪੀਂਘਾਂ ਤੇਰੇ ਪਿੱਪਲਾਂ 'ਤੇ ਪਾ ਗਿਆ
ਤ੍ਰਿੰਞਣਾਂ 'ਚ ਕੱਤਦੀ ਦਾ ਰੂਪ ਕੋਈ ਖਾ ਗਿਆ
ਤੇਰੇ ਵਿਹੜੇ ਵਿਚ ਫਿਰਦੇ ਨੇ ਨਾਗ
ਓ ਸ਼ੇਰਾ ਜਾਗ
ਓ ਜੱਟਾ ਜਾਗ ।

ਖੋਹ ਕੇ ਨਾ ਲੈ ਜਾਣ ਫੇਰ ਕਿਤੇ ਹੋਣੀਆਂ
ਮਾਵਾਂ ਦੀਆਂ ਲੋਰੀਆਂ ਤੇ ਨੂੰਹਾਂ ਦੀਆਂ ਦੌਣੀਆਂ
ਭੈਣਾਂ ਦੀਆਂ ਚੁੰਨੀਆਂ ਤੇ ਵੀਰਾਂ ਦੀਆਂ ਘੋੜੀਆਂ
ਕਿਤੇ ਲੁੱਟ ਨਾ ਉਹ ਜਾਣ ਸੁਹਾਗ
ਓ ਸ਼ੇਰਾ ਜਾਗ
ਓ ਜੱਟਾ ਜਾਗ ।

ਸੌਂਹ ਤੈਨੂੰ ਲੱਗੇ ਤੇਰੇ ਜਲ੍ਹਿਆਂ ਦੇ ਬਾਗ਼ ਦੀ
ਸੌਂਹ ਤੈਨੂੰ ਊਧਮਾਂ ਸਰਾਭਿਆਂ ਦੇ ਖ਼ਾਬ ਦੀ
ਰਖਣੀ ਏ ਸ਼ਾਨ ਬੀਬਾ ਤੂੰਹੀਓਂ ਹੀ ਪੰਜਾਬ ਦੀ
ਤੇਰੇ ਖਿੜਦੇ ਰਹਿਣ ਗੁਲਾਬ
ਓ ਸ਼ੇਰਾ ਜਾਗ
ਓ ਜੱਟਾ ਜਾਗ ।

19. ਕਰਤਾਰਪੁਰ ਵਿਚ

ਘੁੰਮ ਚਾਰੇ ਚੱਕ ਜਹਾਨ ਦੇ
ਜਦ ਘਰ ਆਇਆ ਕਰਤਾਰ
ਕਰਤਾਰਪੁਰੇ ਦੀ ਨਗਰੀ
ਜਿਦ੍ਹੇ ਗਲ ਰਾਵੀ ਦਾ ਹਾਰ
ਜਿਦ੍ਹੇ ਝਮ ਝਮ ਪਾਣੀ ਲਿਸ਼ਕਦੇ
ਜਿਦ੍ਹੀ ਚਾਂਦੀ-ਵੰਨੀ ਧਾਰ
ਲਾਹ ਬਾਣਾ ਜੋਗ ਫ਼ਕੀਰ ਦਾ
ਮੁੜ ਮੱਲਿਆ ਆ ਸੰਸਾਰ
ਕਦੇ ਮੰਜੀ ਬਹਿ ਅਵਤਾਰੀਆ
ਕਰੇ ਦਸ ਨਹੁੰਆਂ ਦੀ ਕਾਰ
ਉਹਦੀ ਜੀਭ ਜਪੁਜੀ ਬੈਠਿਆ
ਤੇ ਅੱਖੀਂ ਨਾਮ-ਖ਼ੁਮਾਰ
ਸੁਣ ਸੋਹਬਾ ਰੱਬ ਦੇ ਜੀਵ ਦੀ
ਆ ਜੁੜਿਆ ਕੁੱਲ ਸੰਸਾਰ
ਤਦ ਕੁੱਲ ਜੱਗ ਚਾਨਣ ਹੋ ਗਿਆ
ਤੇ ਮਿਟੇ ਕੂੜ ਅੰਧਿਆਰ
ਚੌਂਹ ਕੂਟੀ ਸ਼ਬਦ ਇਹ ਗੂੰਜਿਆ
ਉਹ ਰੱਬ ਹੈ ਇਕ ਓਂਕਾਰ ।

20. ਕਣਕਾਂ ਦੀ ਖ਼ੁਸ਼ਬੋ

ਕਣਕਾਂ ਦੀ ਖ਼ੁਸ਼ਬੋ
ਵੇ ਮਾਹੀਆ ਕਣਕਾਂ ਦੀ ਖ਼ੁਸ਼ਬੋ
ਧਰਤੀ ਨੇ ਲੀਤੀ ਅੰਗੜਾਈ
ਅੰਬਰ ਪਹੁੰਚੀ ਸੋਅ
ਵੇ ਮਾਹੀਆ…।

ਝੂਮਣ ਮੇਰੀ ਗੁੱਤ ਤੋਂ ਲੰਮੇ ਅੱਜ ਖੇਤਾਂ ਵਿਚ ਸਿੱਟੇ
ਦਾਣੇ ਸੁੱਚੇ ਮੋਤੀ, ਮੇਰੇ ਦੰਦਾਂ ਨਾਲੋਂ ਚਿੱਟੇ
ਬੋਹਲਾਂ ਵਿਚੋਂ ਭਾਅ ਪਈ ਮਾਰੇ
ਮੇਰੇ ਮੁੱਖ ਦੀ ਲੋਅ
ਵੇ ਮਾਹੀਆ…।

ਅੱਜ ਧਰਤੀ ਦੇ ਬਾਹੀਂ ਲਟਕਣ ਸੂਰਜ ਚੰਦ ਕਲੀਰੇ
ਵਿਚ ਸੁਗਾਤਾਂ ਤਾਰੇ ਭੇਜੇ ਇਹਦੇ ਅੰਬਰ ਵੀਰੇ
ਇਹ ਧਰਤੀ ਅੱਜ ਨ੍ਹਾਤੀ ਧੋਤੀ
ਵਾਲ ਵਧਾਏ ਹੋ
ਵੇ ਮਾਹੀਆ…।

ਇਹ ਖੇਤੀ ਅਸਾਂ ਮਰ ਮਰ ਪਾਲੀ ਸਹਿ ਕੇ ਹਾੜ ਸਿਆਲਾ
ਇਸ ਖੱਟੀ 'ਚੋਂ ਲੈ ਦਈਂ ਮੈਨੂੰ ਲੌਂਗ ਬੁਰਜੀਆਂ ਵਾਲਾ
ਮਿਹਨਤ ਸਾਡੀ ਫੇਰ ਪਰਾਏ
ਲੈ ਨਾ ਜਾਵਣ ਖੋਹ
ਵੇ ਮਾਹੀਆ ਕਣਕਾਂ ਦੀ ਖ਼ੁਸ਼ਬੋ
ਧਰਤੀ ਨੇ ਲੀਤੀ ਅੰਗੜਾਈ
ਅੰਬਰ ਪਹੁੰਚੀ ਸੋਅ
ਵੇ ਮਾਹੀਆ…।

21. ਕੋਹ ਕੋਹ ਲੰਮੇ ਵਾਲ

ਮੇਰੇ ਕੋਹ ਕੋਹ ਲੰਮੇ ਵਾਲ
ਵੇ ਮੇਰੇ ਹਾਣੀਆਂ
ਜਿਵੇਂ ਮੱਸਿਆ ਵਿਚ ਸਿਆਲ
ਵੇ ਮੇਰੇ ਹਾਣੀਆਂ

ਸਾਹ ਲਵਾਂ ਸੁੱਜ ਜਾਏ ਕਲੇਜਾ ਠੰਡੀ ਪੌਣ ਦਾ
ਜਾਂਗਲੀ ਕਬੂਤਰਾਂ ਨੂੰ ਸਾੜਾ ਮੇਰੀ ਧੌਣ ਦਾ
ਵੇ ਮੈਂ ਮਾਰਾਂ ਵੀਹ ਹੱਥ ਛਾਲ
ਟੱਪ ਜਾਂ ਪਿੰਡ ਤੇਰੇ ਦਾ ਖਾਲ
ਵੇ ਮੇਰੇ ਹਾਣੀਆਂ
ਮੇਰੇ ਕੋਹ ਕੋਹ ਲੰਮੇ ਵਾਲ…।

ਨਰਮੇ ਦੇ ਫੁੱਲ ਜਿਹਾ ਲੌਂਗ ਮੇਰੇ ਨੱਕ ਦਾ
ਇਕ ਗਿੱਠ ਮਰ ਕੇ ਵੇ ਮੇਚਾ ਮੇਰੇ ਲੱਕ ਦਾ
ਮੇਰੀ ਵੇਖ ਸ਼ਰਾਬੀ ਚਾਲ
ਇਹ ਕਣਕਾਂ ਝੂਮਣ ਮੇਰੇ ਨਾਲ
ਵੇ ਮੇਰੇ ਹਾਣੀਆਂ
ਮੇਰੇ ਕੋਹ ਕੋਹ ਲੰਮੇ ਵਾਲ…।

ਰੰਗ ਮੇਰਾ ਫੁੱਲ ਜਿਵੇਂ ਰੱਤੀਆਂ ਦੀ ਵੱਲ 'ਤੇ
ਫੁੱਲ ਨਾ ਵੇ ਮਾਰੀਂ ਕਿਤੇ ਨੀਲ ਪੈ ਜਾਊ ਗੱਲ੍ਹ 'ਤੇ
ਮੇਰਾ ਉੱਡਦਾ ਵੇਖ ਗੁਲਾਲ
ਬਾਗ਼ੀਂ ਭੌਰੇ ਪਾਣ ਧੁਮਾਲ
ਵੇ ਮੇਰੇ ਹਾਣੀਆਂ
ਮੇਰੇ ਕੋਹ ਕੋਹ ਲੰਮੇ ਵਾਲ…।

22. ਕੁੱਤੇ

ਕੁੱਤਿਓ ਰਲ ਕੇ ਭੌਂਕੋ
ਤਾਂ ਕਿ ਮੈਨੂੰ ਨੀਂਦ ਨਾ ਆਵੇ
ਰਾਤ ਹੈ ਕਾਲੀ ਚੋਰ ਨੇ ਫਿਰਦੇ
ਕੋਈ ਘਰ ਨੂੰ ਸੰਨ੍ਹ ਨਾ ਲਾਵੇ ।

ਉਂਜ ਤਾਂ ਮੇਰੇ ਘਰ ਵਿਚ ਕੁਝ ਨਹੀਂ
ਕੁਝ ਹਉਕੇ ਕੁਝ ਹਾਵੇ
ਕੁੱਤਿਆਂ ਦਾ ਮਸ਼ਕੂਰ ਬੜਾ ਹਾਂ
ਰਾਤੋਂ ਡਰ ਨਾ ਆਵੇ ।

ਕੋਈ ਕੋਈ ਪਰ ਸੰਗਲੀ ਸੰਗ ਬੱਝਾ
ਐਵੇਂ ਭੌਂਕੀ ਜਾਵੇ
ਚੋਰਾਂ ਨੂੰ ਉਹ ਮੋੜੇ ਕਾਹਦਾ
ਸਗੋਂ ਉਲਟੇ ਚੋਰ ਬੁਲਾਵੇ ।

ਕੁੱਤਿਓ ਪਰ ਇਹ ਯਾਦ ਜੇ ਰੱਖਣਾ
ਕੋਈ ਨਾ ਸੱਪ ਨੂੰ ਖਾਵੇ
ਜਿਹੜਾ ਕੁੱਤਾ ਸੱਪ ਨੂੰ ਖਾਵੇ
ਸੋਈਓ ਹੀ ਹਲਕਾਵੇ ।

ਤੇ ਹਰ ਇਕ ਹਲਕਿਆ ਕੁੱਤਾ
ਪਿੰਡ ਵਿਚ ਹੀ ਮਰ ਜਾਵੇ
ਜੇਕਰ ਪਿੰਡੋਂ ਬਾਹਰ ਜਾਵੇ
ਸਿਰ 'ਤੇ ਡਾਂਗਾਂ ਖਾਵੇ ।

ਉਂਜ ਜਦ ਵੀ ਕੋਈ ਕੁੱਤਾ ਰੋਵੇ
ਮੈਂ ਸਮਝਾਂ ਰੱਬ ਗਾਵੇ
ਉਂਜ ਜਦ ਵੀ ਕੋਈ ਕੁੱਤਾ ਰੋਵੇ
ਮੈਂ ਸਮਝਾਂ ਰੱਬ ਗਾਵੇ ।

23. ਖੋਟਾ ਰੁਪਈਆ

ਕੱਲ੍ਹ ਜਦੋਂ ਉਹਨੂੰ ਮਿਲ ਕੇ ਮੈਂ
ਘਰ ਆ ਰਿਹਾ ਸੀ
ਤਾਂ ਮੇਰੀ ਜੇਬ ਵਿਚ ਚੰਨ ਦਾ ਹੀ
ਇਹ ਖੋਟਾ ਰੁਪਈਆ ਰਹਿ ਗਿਆ ਸੀ
ਤੇ ਮੈਂ ਉਹਦੇ ਸ਼ਹਿਰ ਵਿਚ
ਸੜਕਾਂ 'ਤੇ ਥੱਕ ਕੇ
ਬਹਿ ਗਿਆ ਸੀ
ਨਾਲੇ ਜ਼ੋਰ ਦੀ ਮੈਨੂੰ ਭੁੱਖ ਸੀ ਲੱਗੀ
ਤੇ ਮੈਂ ਡਰਿਆ ਹੋਇਆ
ਪਿਆ ਸੋਚਦਾ ਸਾਂ
ਕਿ ਮੈਂ ਹੁਣ ਕੀ ਕਰਾਂਗਾ ?
ਤੇ ਕਿਹੜੀ ਰੇਲ ਜਾਂ ਬੱਸ
ਕਿੰਜ ਤੇ ਕੀਕਣ ਫੜਾਂਗਾ ?
ਤੇ ਆਪਣੇ ਸ਼ਹਿਰ ਦੇ ਲੋਕਾਂ ਨੂੰ ਜਾ ਕੇ
ਕੀ ਕਹਾਂਗਾ ?
ਉਹ ਸੋਚਣਗੇ ਅਜਬ ਮੂਰਖ ਸੀ
ਕੀ ਦਾਨਿਸ਼ਵਰਾਂ 'ਚੋਂ ਸੀ ?
ਕਿ ਜਿਸ ਨੂੰ ਏਸ ਗੱਲ ਦਾ ਵੀ
ਜ਼ਰਾ ਅਹਿਸਾਸ ਨਹੀਂ ਹੋਇਆ
ਕਿ ਜਦ ਵੀ ਇਸ ਮੁਲਕ ਵਿਚ
ਯਾਰ ਦਾ ਮੂੰਹ ਵੇਖਣ ਜਾਈਦੈ
ਤਾਂ ਪੈਸੇ ਲੈ ਕੇ ਜਾਈਦੈ ।
ਪਰ ਉਹਨਾਂ ਨੂੰ ਪਤਾ ਕੀ ਸੀ
ਕਿ ਪੈਸੇ ਲੈ ਕੇ ਤੁਰਿਆ ਸਾਂ
ਪਰ ਆਪਣੇ ਯਾਰ ਦੇ ਬੂਹੇ ਤੋਂ
ਮੈਂ ਸੱਖਣਾ ਕਿਉਂ ਮੁੜਿਆ ਸਾਂ ?

ਮੈਂ ਸਤ ਕੇ ਉਹ ਰੁਪਈਆ
ਓਸ ਦਿਨ ਦਰਿਆ 'ਚ ਜਦ ਸੁੱਟਿਆ
ਤੇ ਆਪਣਾ ਸੀਸ ਆਪਣੇ ਗੋਡਿਆਂ 'ਤੇ
ਰੱਖ ਕੇ ਥੱਕਿਆ
ਕਈ ਚਿਰ ਚੰਨ ਦਾ
ਖੋਟਾ ਰੁਪਈਆ ਤੈਰਦਾ ਤੱਕਿਆ ।

24. ਕੰਧਾਂ

ਕੰਧਾਂ ਕੰਧਾਂ ਕੰਧਾਂ
ਏਧਰ ਕੰਧਾਂ ਓਧਰ ਕੰਧਾਂ
ਕਿੰਜ ਕੰਧਾਂ 'ਚੋਂ ਲੰਘਾਂ
ਮੇਰੇ ਮੱਥੇ ਦੇ ਵਿਚ ਵੱਜਣ
ਮੇਰੇ ਘਰ ਦੀਆਂ ਕੰਧਾਂ
ਮੇਰੇ ਘਰ ਨੂੰ ਪਈਆਂ ਖਾਵਣ
ਮੇਰੇ ਘਰ ਦੀਆਂ ਕੰਧਾਂ
ਮੈਨੂੰ 'ਮੂਰਖ' ਜੱਗ ਇਹ ਆਖੂ
ਜੇ ਕੰਧਾਂ ਨੂੰ ਭੰਡਾਂ
ਮੈਨੂੰ ਸੱਭੇ ਕੰਧਾਂ ਲੱਗਣ
ਮੈਂ ਕੀ ਕੰਧਾਂ ਤੋਂ ਮੰਗਾਂ
ਮੇਰੇ ਮੱਥੇ ਦੇ ਵਿਚ ਕੰਧਾਂ
ਕੰਧਾਂ ਦੇ ਵਿਚ ਕੰਧਾਂ
ਦਿਲ ਕਰਦਾ ਏ ਸੂਲੀ ਚਾੜ੍ਹਾਂ
ਇਹ ਸੱਭੇ ਹੀ ਕੰਧਾਂ
ਮੇਰੇ ਢਿੱਡ ਵਿਚ ਕੰਧਾਂ ਕੰਧਾਂ
ਕਿਹਨੂੰ ਕਿਹਨੂੰ ਵੰਡਾਂ
ਮੈਨੂੰ ਜਗ ਨੇ ਕੰਧਾਂ ਦਿਤੀਆਂ
ਮੈਂ ਕੀ ਜਗ ਨੂੰ ਵੰਡਾਂ ?

25. ਪੁਰਾਣੀ ਅੱਖ

ਪੁਰਾਣੀ ਅੱਖ ਮੇਰੇ ਮੱਥੇ 'ਚੋਂ ਕੱਢ ਕੇ
ਸੁੱਟ ਦਿਉ ਕਿਧਰੇ
ਇਹ ਅੰਨ੍ਹੀ ਹੋ ਚੁੱਕੀ ਹੈ
ਮੈਨੂੰ ਇਸ ਅੱਖ ਸੰਗ
ਹੁਣ ਆਪਣਾ ਆਪਾ ਵੀ ਨਹੀਂ ਦਿਸਦਾ
ਤੁਹਾਨੂੰ ਕਿੰਝ ਵੇਖਾਂਗਾ
ਬਦਲਦੇ ਮੌਸਮਾਂ ਦੀ ਅੱਗ ਸਾਵੀ
ਕਿੰਝ ਸੇਕਾਂਗਾ ?

ਇਹ ਅੱਖ ਕੈਸੀ ਹੈ ਜਿਸ ਵਿਚ
ਪੁੱਠੇ ਚਮਗਿੱਦੜਾਂ ਦਾ ਵਾਸਾ ਹੈ
ਤੇ ਪੁਸ਼ਤੋ-ਪੁਸ਼ਤ ਤੋਂ ਜੰਮੀ ਹੋਈ
ਬੁੱਢੀ ਨਿਰਾਸ਼ਾ ਹੈ
ਨਾ ਇਸ ਵਿਚ ਦਰਦ ਹੈ ਰਾਈ
ਤੇ ਨਾ ਚਾਨਣ ਹੀ ਮਾਸਾ ਹੈ

ਇਹ ਅੱਖ ਮੇਰੇ ਆਦਿ ਪਿੱਤਰਾਂ ਨੂੰ
ਸਮੁੰਦਰ 'ਚੋਂ ਜਦੋ ਲੱਭੀ
ਉਹਨਾਂ ਸੂਰਾਂ ਦੇ ਵਾੜੇ ਵਿਚ
ਤ੍ਰੱਕੀ ਬੋਅ 'ਚ ਆ ਦੱਬੀ
ਤੇ ਮੇਰੇ ਜਨਮ ਛਿਣ ਵੇਲੇ
ਮੇਰੇ ਮੱਥੇ 'ਚ ਆ ਗੱਡੀ
ਤੇ ਫਿਰ ਸੂਰਾਂ ਦੇ ਵਾੜੇ ਵਿਚ
ਕਈ ਦਿਨ ਢੋਲਕੀ ਵੱਜੀ ।

ਤੇ ਫਿਰ ਸੂਰਾਂ ਦੇ ਵਾੜੇ ਵਿਚ
ਮੈਂ ਇਕ ਦਿਨ ਕਹਿੰਦਿਆਂ ਸੁਣਿਆ-
"ਇਹ ਅੱਖ ਲੈ ਕੇ ਕਦੇ ਵੀ ਇਸ ਘਰ ਚੋਂ
ਬਾਹਰ ਜਾਈਂ ਨਾ
ਜੇ ਬਾਹਰ ਜਾਏਂ ਤਾਂ ਪੁੱਤਰਾ
ਕਦੇ ਇਹਨੂੰ ਗਵਾਈਂ ਨਾ
ਇਹ ਅੱਖ ਜੱਦੀ ਅਮਾਨਤ
ਇਹ ਗੱਲ ਬਿਲਕੁਲ ਭੁਲਾਈਂ ਨਾ
ਤੇ ਕੁਲ ਨੂੰ ਦਾਗ਼ ਲਾਈਂ ਨਾ ।"

"ਇਸ ਅੱਖ ਸੰਗ ਖੂਹ 'ਚ ਤਾਰੇ ਵੇਖ ਲਈਂ
ਸੂਰਜ ਪਰ ਨਾ ਵੇਖੀਂ
ਇਸ ਅੱਖ ਦੇ ਗਾਹਕ ਲੱਖਾਂ ਮਿਲਣਗੇ
ਪਰ ਅੱਖ ਨਾ ਵੇਚੀਂ
ਬਦਲਦੇ ਮੌਸਮਾਂ ਦੀ ਅੱਗ ਸਾਵੀ
ਕਦੇ ਨਾ ਸੇਕੀਂ ।"

ਇਹ ਅੱਖ ਲੈ ਕੇ ਜਦੋਂ ਵੀ ਮੈ ਕਿਤੇ
ਪਰਦੇਸ ਨੂੰ ਜਾਂਦਾ
ਮੇਰੇ ਕੰਨਾਂ 'ਚੋਂ ਪਿੱਤਰਾਂ ਦਾ
ਕਿਹਾ ਹਰ ਬੋਲ ਕੁਰਲਾਂਦਾ
'ਤੇ ਮੈਂ ਮੱਥੇ 'ਚੋਂ ਅੱਖ ਕੱਢ ਕੇ
ਸਦਾ ਬੋਝੇ 'ਚ ਪਾ ਲੈਂਦਾ ।
ਮੈ ਕੋਈ ਸੂਰਜ ਤਾਂ ਕੀ
ਸੂਰਜ ਦੀਆ ਕਿਰਨਾਂ ਵੀ ਨਾ ਤੱਕਦਾ
ਹਮੇਸ਼ਾ ਖੂਹ 'ਚ ਰਹਿੰਦੇ ਤਾਰਿਆਂ ਦੇ
ਨਾਲ ਹੀ ਹੱਸਦਾ
ਤੇ ਬਲ ਕੇ ਬੁਝ ਗਈ ਅੱਖ ਸੰਗ
ਕਈ ਰਾਹੀਆਂ ਨੂੰ ਰਾਹ ਦੱਸਦਾ ।

ਪਰ ਅੱਜ ਇਸ ਅੱਖ ਨੂੰ
ਮੱਥੇ 'ਚ ਲਾ ਜਦ ਆਪ ਨੂੰ ਲੱਭਿਆ
ਮੈਨੂੰ ਮੇਰਾ ਆਪ ਨਾ ਲੱਭਿਆ
ਮੈਨੂੰ ਮੇਰੀ ਅੱਖ ਪੁਰਾਣੀ ਹੋਣ ਦਾ
ਧੱਕਾ ਜਿਹਾ ਲੱਗਿਆ
ਤੇ ਹਰ ਇੱਕ ਮੋੜ 'ਤੇ ਮੇਰੇ ਪੈਰ ਨੂੰ
ਠੇਡਾ ਜਿਹਾ ਵੱਜਿਆ ।

ਮੇਰੇ ਮਿੱਤਰੋ ! ਇਸ ਦੋਸ਼ ਨੂੰ
ਮੇਰੇ 'ਤੇ ਹੀ ਛੱਡੋ
ਤੁਸੀਂ ਹੋਛੇ ਬਣੋਗੇ
ਜੇ ਮੇਰੇ ਪਿੱਤਰਾਂ ਦੇ ਮੂੰਹ ਲੱਗੇ
ਤੁਸੀਂ ਕੁੱਤਿਆਂ ਦੀ ਪਿੱਠ 'ਤੇ ਬੈਠ ਕੇ
ਜਲੂਸ ਨਾ ਕੱਢੋ
ਤੇ ਲੋਕਾਂ ਸਾਹਮਣੇ ਮੈਨੂੰ
ਤੁਸੀਂ ਅੰਨ੍ਹਾ ਤਾਂ ਨਾ ਸੱਦੋ
ਸਗੋਂ ਮੈਨੂੰ ਤੁਸੀਂ ਸੂਰਾਂ ਦੇ ਵਾੜੇ
ਤੀਕ ਤਾਂ ਛੱਡੋ
ਮੈ ਸ਼ਾਇਦ ਗੁੰਮ ਗਿਆ ਹਾਂ ਦੋਸਤੋ
ਮੇਰਾ ਘਰ ਕਿਤੋਂ ਲੱਭੋ ।

ਮੈ ਇਹ ਅੱਖ ਅੱਜ ਹੀ
ਸੂਰਾਂ ਨੂੰ ਜਾ ਕੇ ਮੋੜ ਆਵਾਂਗਾ
ਤੇ ਆਪਣੇ ਸੀਸ ਵਿਚ
ਬਲਦੀ, ਸੁਲਗਦੀ ਅੱਖ ਉਗਾਵਾਂਗਾ
ਜੋ ਰਾਹ ਸੂਰਜ ਨੂੰ ਜਾਂਦਾ ਹੈ
ਤੁਹਾਡੇ ਨਾਲ ਜਾਵਾਂਗਾ
ਬਦਲਦੇ ਮੌਸਮਾਂ ਦੀ ਅੱਗ
ਤੁਹਾਡੇ ਨਾਲ ਸੇਕਾਂਗਾ
ਬਦਲਦੇ ਮੌਸਮਾਂ ਦੀ ਅੱਗ
ਤੁਹਾਡੇ ਨਾਲ ਖਾਵਾਂਗਾ ।

26. ਰੁੱਖ

ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ
ਕੁਝ ਰੁੱਖ ਲਗਦੇ ਮਾਵਾਂ
ਕੁਝ ਰੁੱਖ ਨੂੰਹਾਂ ਧੀਆਂ ਲੱਗਦੇ
ਕੁਝ ਰੁੱਖ ਵਾਂਗ ਭਰਾਵਾਂ
ਕੁਝ ਰੁੱਖ ਮੇਰੇ ਬਾਬੇ ਵਾਕਣ
ਪੱਤਰ ਟਾਵਾਂ ਟਾਵਾਂ
ਕੁਝ ਰੁੱਖ ਮੇਰੀ ਦਾਦੀ ਵਰਗੇ
ਚੂਰੀ ਪਾਵਣ ਕਾਵਾਂ
ਕੁਝ ਰੁੱਖ ਯਾਰਾਂ ਵਰਗੇ ਲਗਦੇ
ਚੁੰਮਾਂ ਤੇ ਗਲ ਲਾਵਾਂ
ਇਕ ਮੇਰੀ ਮਹਿਬੂਬਾ ਵਾਕਣ
ਮਿੱਠਾ ਅਤੇ ਦੁਖਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਮੋਢੇ ਚੁੱਕ ਖਿਡਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਚੁੰਮਾਂ ਤੇ ਮਰ ਜਾਵਾਂ
ਕੁਝ ਰੁੱਖ ਜਦ ਵੀ ਰਲ ਕੇ ਝੂਮਣ
ਤੇਜ਼ ਵਗਣ ਜਦ ਵਾਵਾਂ
ਸਾਵੀ ਬੋਲੀ ਸਭ ਰੁੱਖਾਂ ਦੀ
ਦਿਲ ਕਰਦਾ ਲਿਖ ਜਾਵਾਂ
ਮੇਰਾ ਵੀ ਇਹ ਦਿਲ ਕਰਦਾ ਏ
ਰੁੱਖ ਦੀ ਜੂਨੇ ਆਵਾਂ
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ
ਮੈਂ ਰੁੱਖਾਂ ਵਿਚ ਗਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜਿਉਂ ਰੁੱਖਾਂ ਦੀਆਂ ਛਾਵਾਂ ।

27. ਸ਼ਰਮਸ਼ਾਰ

ਇਕ ਉਦਾਸੀ ਸ਼ਾਮ ਵਰਗੀ
ਕੁੜੀ ਮੇਰੀ ਯਾਰ ਹੈ
ਖ਼ੂਬਸੂਰਤ ਬੜੀ ਹੈ
ਪਰ ਜ਼ਿਹਨ ਦੀ ਬਿਮਾਰ ਹੈ
ਰੋਜ਼ ਮੈਥੋਂ ਪੁੱਛਦੀ ਹੈ
ਸੂਰਜ ਦਿਆਂ ਬੀਜਾਂ ਦਾ ਭਾਅ
ਤੇ ਰੋਜ਼ ਮੈਥੋਂ ਪੁੱਛਦੀ ਹੈ
ਇਹ ਬੀਜ ਕਿਥੋਂ ਮਿਲਣਗੇ ?
ਮੈਂ ਵੀ ਇਕ ਸੂਰਜ ਉਗਾਉਣਾ
ਲੋਚਦੀ ਹਾਂ ਦੇਰ ਤੋਂ
ਕਿਉਂ ਜੋ ਮੇਰਾ ਕੁੱਖ ਸੰਗ
ਸਦੀਆਂ ਤੋਂ ਇਹ ਇਕਰਾਰ ਹੈ
ਸੂਰਜ ਨੂੰ ਨਾ ਜੰਮਣ ਲਈ
ਕੱਚੇ ਜਿਸਮ 'ਤੇ ਭਾਰ ਹੈ
ਤੇ ਉਸ ਦਿਨ ਪਿਛੋਂ ਮੇਰੀ ਹੁਣ
ਧੁੱਪ ਸ਼ਰਮਸ਼ਾਰ ਹੈ ।

28. ਸੱਪ

ਕੁੰਡਲੀ ਮਾਰ ਕੇ
ਬੈਠਾ ਹੋਇਆ ਸੱਪ ਯਾਦ ਕਰਦਾ ਹੈ
ਤੇ ਸੱਪ ਸਪਣੀ ਤੋਂ ਡਰਦਾ ਹੈ
ਉਹ ਅਕਸਰ ਸੋਚਦਾ ਹੈ,
ਜ਼ਹਿਰ ਫੁੱਲਾਂ ਨੂੰ ਚੜ੍ਹਦਾ ਹੈ ਕਿ
ਜਾਂ ਕੰਡਿਆਂ ਨੂੰ ਚੜ੍ਹਦਾ ਹੈ
ਸੱਪ ਵਿਚ ਜ਼ਹਿਰ ਹੁੰਦਾ ਹੈ
ਪਰ ਕੋਈ ਹੋਰ ਮਰਦਾ ਹੈ,
ਜੇ ਸੱਪ ਕੀਲਿਆ ਜਾਵੇ
ਤਾਂ ਉਹ ਦੁੱਧ ਤੋਂ ਵੀ ਡਰਦਾ ਹੈ
ਸੱਪ ਕਵਿਤਾ ਦਾ ਹਾਣੀ ਹੈ
ਪਰ ਉਹ ਲੋਕਾਂ ਨੂੰ ਲੜਦਾ ਹੈ
ਸੱਪ ਮੋਇਆ ਹੋਇਆ ਵੀ ਜੀ ਪੈਂਦਾ
ਜਦੋਂ ਉਹ ਅੱਗ 'ਚ ਸੜਦਾ ਹੈ
ਸੱਪ 'ਨ੍ਹੇਰੇ ਤੋਂ ਵੀ ਨਹੀਂ ਡਰਦਾ,
ਪਰ ਉਹ ਦੀਵੇ ਤੋਂ ਡਰਦਾ ਹੈ
ਸੱਪ ਵਾਹਣਾਂ 'ਚ ਨੱਸਦਾ ਹੈ
ਨਾ ਪਰ ਕੰਧਾਂ 'ਤੇ ਚੜ੍ਹਦਾ ਹੈ
ਪਰ ਕੁੰਡਲੀ ਮਾਰ ਕੇ ਬੈਠਾ ਹੋਇਆ ਸੱਪ
ਗੀਤ ਪੜ੍ਹਦਾ ਹੈ ।

29. ਲੱਛੀ ਕੁੜੀ

ਕਾਲੀ ਦਾਤਰੀ ਚੰਨਣ ਦਾ ਦਸਤਾ
ਤੇ ਲੱਛੀ ਕੁੜੀ ਵਾਢੀਆਂ ਕਰੇ
ਉਹਦੇ ਨੈਣਾਂ ਵਿਚ ਲੱਪ ਲੱਪ ਕੱਜਲਾ
ਤੇ ਕੰਨਾਂ ਵਿਚ ਕੋਕਲੇ ਹਰੇ ।

ਮੁੱਖ ਤੇ ਪਸੀਨਾ ਉਹਦੇ ਖਾਵੇ ਇੰਜ ਮੇਲ ਨੀ
ਜਿਵੇਂ ਹੁੰਦੀ ਕੰਮੀਆਂ 'ਤੇ ਕੱਤੇ ਦੀ ਤ੍ਰੇਲ ਨੀ
ਉਹਦੀ ਹੱਥ ਜੇਡੀ ਲੰਮੀ ਧੌਣ ਵੇਖ ਕੇ
ਪੈਲਾਂ ਪਾਉਣੋਂ ਮੋਰ ਵੀ ਡਰੇ
ਕਾਲੀ ਦਾਤਰੀ…।

ਰੰਗ ਦੀ ਪਿਆਰੀ ਤੇ ਸ਼ਰਾਬੀ ਉਹਦੀ ਟੋਰ ਨੀ
ਬਾਗ਼ਾਂ ਵਿਚੋਂ ਲੰਘਦੀ ਨੂੰ ਲੜ ਜਾਂਦੇ ਭੌਰ ਨੀ
ਉਹਦੇ ਵਾਲਾਂ ਵਿਚ ਮੱਸਿਆ ਨੂੰ ਵੇਖ ਕੇ
ਕਿੰਨੇ ਚੰਨ ਡੁੱਬ ਕੇ ਮਰੇ
ਕਾਲੀ ਦਾਤਰੀ…।

ਗੋਰੇ ਹੱਥੀਂ ਦਾਤਰੀ ਨੂੰ ਪਾਇਆ ਏ ਹਨੇਰ ਨੀ
ਵੱਢ ਵੱਢ ਲਾਈ ਜਾਵੇ ਕਣਕਾਂ ਦੇ ਢੇਰ ਨੀ
ਉਹਨੂੰ ਧੁੱਪ ਵਿਚ ਭਖਦੀ ਨੂੰ ਵੇਖ ਕੇ
ਬੱਦਲਾਂ ਦੇ ਨੈਣ ਨੇ ਭਰੇ
ਕਾਲੀ ਦਾਤਰੀ ਚੰਨਣ ਦਾ ਦਸਤਾ
ਤੇ ਲੱਛੀ ਕੁੜੀ ਵਾਢੀਆਂ ਕਰੇ…।

30. ਸੂਬੇਦਾਰਨੀ

ਲੜ ਲੱਗ ਕੇ ਨੀ ਫ਼ੌਜੀ ਦੇ ਸਹੇਲੀਉ
ਬਣ ਗਈ ਮੈਂ ਸੂਬੇਦਾਰਨੀ
ਸਲੂਟ ਰੰਗਰੂਟ ਮਾਰਦੇ
ਜਦੋਂ ਛੌਣੀਆਂ 'ਚੋਂ ਲੰਘਾਂ ਉਹਦੇ ਨਾਲ ਨੀ ।
ਬਣ ਗਈ ਮੈਂ ਸੂਬੇਦਾਰਨੀ ।

ਬੈਰਕਾਂ 'ਚ ਧੁੰਮ ਪੈ ਗਈ
ਸੂਬੇਦਾਰਨੀ ਨੇ ਜੱਟੀ ਕਿਤੋਂ ਆਂਦੀ
ਸੱਪਣੀ ਦੀ ਟੋਰ ਟੁਰਦੀ
ਪੈਰੀਂ ਕਾਲੇ ਸਲੀਪਰ ਪਾਂਦੀ
ਪਰੇਟ ਵਾਂਗ ਧਮਕ ਪਵੇ
ਜਦੋਂ ਪੁੱਟਦੀ ਪੰਜੇਬਾਂ ਵਾਲੇ ਪੈਰ ਨੀ !
ਬਣ ਗਈ ਮੈਂ ਸੂਬੇਦਾਰਨੀ ।

ਹਾਏ ਨੀ ਮੈਂ ਕਿੰਜ ਨੀ ਦੱਸਾਂ
ਉਹਦੀ ਦਿੱਖ ਨੀ ਸੂਰਜਾਂ ਵਾਲੀ
ਗਸ਼ ਪਵੇ ਮੋਰਾਕੀਨ ਨੂੰ
ਤੱਕ ਵਰਦੀ ਫੀਤੀਆਂ ਵਾਲੀ
ਹਿੱਕ ਉੱਤੇ ਵੇਖ ਤਮਗੇ
ਮੇਰਾ ਕੰਬ ਜਾਏ ਮੋਹਰਾਂ ਵਾਲਾ ਹਾਰ ਨੀ ।
ਬਣ ਗਈ ਮੈਂ ਸੂਬੇਦਾਰਨੀ ।

ਨੀ ਰੱਬ ਕੋਲੋਂ ਖ਼ੈਰ ਮੰਗਦੀ
ਨਿੱਤ ਉਹਦੀਆਂ ਮੈਂ ਸੁੱਖਾਂ ਨੀ ਮਨਾਵਾਂ
ਮੇਰੇ ਜਹੀਆਂ ਸੱਤ ਜਨੀਆਂ
ਉਹਦੇ ਰੂਪ ਤੋਂ ਮੈਂ ਘੋਲ ਘੁਮਾਵਾਂ
ਨੀ ਮੇਰੀ ਉਹਨੂੰ ਉਮਰ ਲੱਗੇ
ਰਾਖਾ ਦੇਸ਼ ਦਾ ਉਹ ਪਹਿਰੇਦਾਰ ਨੀ ।
ਬਣ ਗਈ ਮੈਂ ਸੂਬੇਦਾਰਨੀ ।

31. ਸ਼ਹੀਦਾਂ ਦੀ ਮੌਤ

ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ
ਉਹ ਅੰਬਰ ਤੇ ਤਾਰਾ ਬਣ ਕੇ ਚੜਦੇ ਨੇ
ਜਾਨ ਜਿਹੜੀ ਵੀ
ਦੇਸ਼ ਦੇ ਲੇਖੇ ਲੱਗਦੀ ਹੈ
ਉਹ ਗਗਨਾਂ ਵਿਚ
ਸੂਰਜ ਬਣ ਕੇ ਦਘਦੀ ਹੈ
ਉਹ ਅਸਮਾਨੀ ਬੱਦਲ ਬਣ ਕੇ ਸਰਦੇ ਨੇ ।
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ।

ਧਰਤੀ ਉੱਪਰ ਜਿੰਨੇ ਵੀ ਨੇ
ਫੁੱਲ ਖਿੜਦੇ
ਉਹ ਨੇ ਸਾਰੇ ਖ਼ਾਬ
ਸ਼ਹੀਦਾਂ ਦੇ ਦਿਲ ਦੇ
ਫੁੱਲ ਉਹਨਾਂ ਦੇ ਲਹੂਆਂ ਨੂੰ ਹੀ ਲੱਗਦੇ ਨੇ
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ।

ਕੋਈ ਵੀ ਵੱਡਾ ਸੂਰਾ ਨਹੀਂ
ਸ਼ਹੀਦਾਂ ਤੋਂ
ਕੋਈ ਵੀ ਵੱਡਾ ਵਲੀ ਨਹੀਂ
ਸ਼ਹੀਦਾਂ ਤੋਂ
ਸ਼ਾਹ, ਗੁਣੀ ਵਿਦਵਾਨ ਉਹਨਾਂ ਦੇ ਬਰਦੇ ਨੇ ।
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ।

32. ਟਰੈਕਟਰ 'ਤੇ

ਜੱਟ ਮੁੱਛ ਨੂੰ ਮਰੋੜੇ ਮਾਰੇ
ਚੜ੍ਹ ਕੇ ਟਰੈਕਟਰ ਤੇ
ਬੱਲੇ ਬੱਲੇ ਬਈ ਚੜ੍ਹ ਕੇ ਟਰੈਕਟਰ 'ਤੇ
ਸ਼ਾਵਾ ਸ਼ਾਵਾ ਬਈ ਚੜ੍ਹ ਕੇ ਟਰੈਕਟਰ 'ਤੇ ।

ਬੱਲੇ ਬੱਲੇ ਬਈ ਰੱਕੜੀਂ ਸਿਆੜ ਕੱਢਦਾ
ਗੋਰੀ ਵਾਲ ਜਿਵੇਂ ਕੋਈ ਵਾਹਵੇ
ਨਾਲ ਨਾਲ ਬੀਜ ਕੇਰਦਾ
ਜਿਵੇਂ ਵਿਧਵਾ ਕੋਈ ਮਾਂਗ ਸਜਾਵੇ
ਮੈਨੂੰ ਤਾਂ ਬਈ ਇੰਝ ਲੱਗਦਾ
ਜਿਵੇਂ ਮਿੱਟੀ ਵਿੱਚ ਬੀਜਦਾ ਏ ਤਾਰੇ
ਚੜ੍ਹ ਕੇ ਟਰੈਕਟਰ 'ਤੇ...।

ਬੱਲੇ ਬੱਲੇ ਬਈ ਆਡਾਂ ਵਿੱਚ ਪਾਣੀ ਵਗਦੇ
ਰਣ ਢੱਠੀਆਂ ਜਿਵੇਂ ਤਲਵਾਰਾਂ
ਝੂੰਮਣ ਇੰਝ ਫ਼ਸਲਾਂ
ਜਿਵੇਂ ਗਿੱਧੇ ਵਿੱਚ ਨੱਚਦੀਆਂ ਨਾਰਾਂ
ਨਾਲ ਬੈਠੀ ਜੱਟੀ ਹੱਸਦੀ
ਜਿਵੇਂ ਮਾਣਦੀ ਹੋਏ ਪੀਂਘ ਦੇ ਹੁਲਾਰੇ
ਚੜ੍ਹ ਕੇ ਟਰੈਕਟਰ ਤੇ...।

ਬੱਲੇ ਬੱਲੇ ਬਈ ਸਾਇੰਸ ਦਾ ਹੈ ਯੁੱਗ ਆ ਗਿਆ
ਹੁਣ ਰਹਿਣੀਆਂ ਕਿਤੇ ਵੀ ਨਾ ਥੋੜਾਂ
ਹਰੇ ਹੋ ਸ਼ਾਦਾਬ ਝੂੰਮਣਾ
ਰੜੇ, ਰੱਕੜਾਂ, ਬੇਲਿਆ ਰੋੜਾਂ
ਮਿੱਤ੍ਰਾਂ ਦੀ ਗੜਵੀ ਜਿਹੇ
ਮਿੱਠੇ ਹੋਣਗੇ ਸੰਮੁਦਰ ਖਾਰੇ
ਚੜ੍ਹ ਕੇ ਟਰੈਕਟਰ ਤੇ…।

33. ਥੋੜੇ ਬੱਚੇ

ਥੋੜੇ ਬੱਚੇ ਸੌਖੀ ਜਾਨ
ਆਪ ਸੁਖੀ ਸੌਖੀ ਸੰਤਾਨ ।

ਇੱਕ ਦੋ ਦਾ ਮੂੰਹ ਭਰ ਸਕਦਾ ਹੈ ਸ਼ੱਕਰ ਘੀ ਦੇ ਨਾਲ
ਬਹੁਤ ਹੋਣ ਤਾਂ ਭਾਂਡੇ ਖੜਕਣ ਨਾ ਆਟਾ ਨਾ ਦਾਲ
ਨਾ ਰੱਜ ਖਾਵਣ, ਨਾ ਰੱਜ ਪੀਵਣ, ਨਾ ਹੀ ਰੱਜ ਹੰਢਾਣ
ਥੋੜੇ ਬੱਚੇ ਸੌਖੀ ਜਾਨ
ਆਪ ਸੁਖੀ ਸੌਖੀ ਸੰਤਾਨ !

ਇੱਕ ਦੋ ਹੋਣ ਤਾਂ ਭਰਿਆ ਲਗਦਾ ਹੱਸਦਾ ਹੱਸਦਾ ਵਿਹੜਾ
ਬਹੁਤੇ ਹੋਣ ਤਾ ਚੀਕ-ਚਿਹਾੜਾ ਨਿੱਤ ਦਾ ਝਗੜਾ ਝੇੜਾ
ਭੱਠ ਪਵੇ ਉਹ ਸੋਨਾ ਜਿਹੜਾ ਪਵੇ ਕੰਨਾਂ ਨੂੰ ਖਾਣ
ਥੋੜੇ ਬੱਚੇ ਸੌਖੀ ਜਾਨ
ਆਪ ਸੁਖੀ ਸੌਖੀ ਸੰਤਾਨ ।

ਇੱਕ ਦੋ ਹੋਣ ਤਾਂ ਈਕਣ ਜੀਕਣ ਫੁੱਲਾਂ ਦੀ ਮੁਸਕਾਣ
ਬਹੁਤੇ ਹੋਣ ਤਾਂ ਈਕਣ ਜੀਕਣ ਕੰਡਿਆਂ ਲੱਦੀ ਟਾਹਣ
ਕਿਹੜਾ ਮਾਲੀ ਚਾਹੇ ਉਸ ਦੇ ਫੁੱਲ ਕੰਢੇ ਬਣ ਜਾਣ
ਥੋੜੇ ਬੱਚੇ ਸੌਖੀ ਜਾਨ
ਆਪ ਸੁਖੀ ਸੌਖੀ ਸੰਤਾਨ ।

34. ਸੱਦਾ

ਚੜ੍ਹ ਆ, ਚੜ੍ਹ ਆ, ਚੜ੍ਹ ਆ
ਧਰਤੀ 'ਤੇ ਧਰਤੀ ਧਰ ਆ
ਅੱਜ ਸਾਰਾ ਅੰਬਰ ਤੇਰਾ
ਤੈਨੂੰ ਰੋਕਣ ਵਾਲਾ ਕਿਹੜਾ

ਛੱਡ ਦਹਿਲੀਜਾਂ
ਛੱਡ ਪੌੜੀਆਂ
ਛੱਡ ਪਰ੍ਹਾਂ ਇਹ ਵਿਹੜਾ
ਤੇਰੇ ਦਿਲ ਵਿੱਚ ਚਿਰ ਤੋਂ 'ਨ੍ਹੇਰਾ
ਇਹ ਚੰਨ ਸ਼ੁਦਾਈਆ ਤੇਰਾ
ਇਹ ਸੂਰਜ ਵੀ ਹੈ ਤੇਰਾ
ਚੜ੍ਹ ਆ, ਚੜ੍ਹ ਆ, ਚੜ੍ਹ ਆ
ਤੈਨੂੰ ਪੁੱਛਣ ਵਾਲਾ ਕਿਹੜਾ ?

ਸੂਰਜ ਦਾ ਨਾਂ ਤੇਰਾ ਨਾਂ ਹੈ
ਚੰਨ ਦਾ ਨਾਂ ਵੀ ਤੇਰਾ
ਦਸੇ ਦਿਸ਼ਾਵਾਂ ਤੇਰਾ ਨਾਂ ਹੈ
ਅੰਬਰ ਦਾ ਨਾਂ ਤੇਰਾ
ਤੂੰ ਧੁੱਪਾਂ ਨੂੰ ਧੁੱਪਾਂ ਕਹਿ ਦੇ
ਤੇਰੇ ਨਾਲ ਸਵੇਰਾ
ਫ਼ਿਕਰ ਰਤਾ ਨਾ ਕਰ ਤੂੰ ਇਹਦਾ
ਗਾਹਲਾਂ ਕੱਢਦੈ ਨ੍ਹੇਰਾ
ਚੜ੍ਹ ਆ, ਚੜ੍ਹ ਆ, ਚੜ੍ਹ ਆ
ਤੇ ਪਾ ਅੰਬਰ ਵਿੱਚ ਫੇਰਾ

ਧਰਤੀ ਛੱਡਣੀ ਮੁਸ਼ਕਿਲ ਨਾਹੀਂ
ਰੱਖ ਥੋਹੜਾ ਕੁ ਜੇਰਾ।
ਅੰਬਰ ਮੱਲਣਾ ਮੁਸ਼ਕਿਲ ਨਾਹੀਂ
ਜੇ ਨਾਂ ਲੈ ਦਏਂ ਮੇਰਾ
ਚੜ੍ਹ ਆ, ਚੜ੍ਹ ਆ, ਚੜ੍ਹ ਆ।
ਤੂੰ ਲੈ ਕੇ ਨਾਂ ਅੱਜ ਮੇਰਾ

ਇਹ ਚੰਨ ਸ਼ੁਦਾਈਆ ਤੇਰਾ।
ਇਹ ਸੂਰਜ ਵੀ ਹੈ ਤੇਰਾ।
ਚੜ੍ਹ ਆ, ਚੜ੍ਹ ਆ, ਚੜ੍ਹ ਆ।
ਧਰਤੀ ਤੇ ਧਰਤੀ 'ਧਰ ਆ।

35. ਲੁੱਚੀ ਧਰਤੀ

ਅੰਬਰ ਦਾ ਜਦ ਕੰਬਲ ਲੈ ਕੇ
ਧਰਤੀ ਕੱਲ੍ਹ ਦੀ ਸੁੱਤੀ
ਮੈਨੂੰ ਧਰਤੀ ਲੁੱਚੀ ਜਾਪੀ
ਮੈਨੂੰ ਜਾਪੀ ਕੁੱਤੀ ।

ਸਦਾ ਹੀ ਰਾਜ-ਘਰਾਂ ਸੰਗ ਸੁੱਤੀ
ਰਾਜ-ਘਰਾਂ ਸੰਗ ਉੱਠੀ
ਝੁੱਗੀਆਂ ਦੇ ਸੰਗ ਜਦ ਵੀ ਬੋਲੀ
ਬੋਲੀ ਸਦਾ ਹੀ ਰੁੱਖੀ।

ਇਹ ਗੱਲ ਵੱਖਰੀ ਹੈ ਕਿ ਉਨ੍ਹਾਂ
ਅੱਖੀਆਂ ਉਪਰ ਚੁੱਕੀ
ਉਹ ਇਹਨੂੰ 'ਮਾਂ' ਕਹਿੰਦੇ ਹਨ
ਭਾਵੇਂ ਇਹ ਕਪੁੱਤੀ ।

ਉਨ੍ਹਾਂ ਇਹਨੂੰ ਲਾਡ ਲਡਾਇਆ
ਪਰ ਇਹ ਰੁੱਸੀ-ਰੁੱਸੀ
ਕਈ ਵਾਰੀ ਇਹਦੀ ਇੱਜ਼ਤ ਰਲ ਕੇ
ਸੌ ਸਿਕੰਦਰਾਂ ਲੁਟੀ ।

ਇਹਨੇ ਰਾਜ-ਘਰਾਂ 'ਚੋਂ ਆ ਕੇ
ਫਿਰ ਵੀ ਬਾਤ ਨਾ ਪੁੱਛੀ ।

ਅੱਜ ਤੋਂ ਮੈਂ ਇਹਨੂੰ ਲੁੱਚੀ ਕਹਿੰਦਾ
ਅੱਜ ਤੋਂ ਮੈਂ ਇਹਨੂੰ ਕੁੱਤੀ
ਕੱਲ ਤਕ ਜਿਹੜੀ ਮਾਂ ਵਾਕਣ ਮੈਂ
ਅੱਖੀਆਂ 'ਤੇ ਸੀ ਚੁੱਕੀ ।

36. ਮੇਰੀ ਝਾਂਜਰ ਤੇਰਾ ਨਾਂ ਲੈਂਦੀ

ਮੇਰੀ ਝਾਂਜਰ ਤੇਰਾ ਨਾਂ ਲੈਂਦੀ
ਕਰੇ ਛੰਮ,ਛੰਮ,ਛੰਮ
ਤੇ ਮੈਂ ਸਮਝਾਂ ਇਹ ਚੰਨ ਕਹਿੰਦੀ
ਮੇਰੀ ਝਾਂਜਰ ਤੇਰਾ ਨਾਂ ਲੈਂਦੀ ।

ਗਿੱਧਿਆ 'ਚ ਹੋਵਾਂ ਜਾਂ ਮੈ ਝੂਮ ਝੂਮ ਨੱਚਦੀ
ਨਾਂ ਤੇਰਾ ਮੇਰੀਆ ਸਹੇਲੀਆਂ ਨੂੰ ਦੱਸਦੀ
ਨਿੱਕਾ ਨਿੱਕਾ ਰੋਵੇ ਨਾਲੇ ਮਿੱਠਾ ਮਿੱਠਾ ਹੱਸਦੀ
ਜੇ ਮੈਂ ਝਿੜਕਾਂ ਚੰਦਰੀ ਰੁੱਸ ਬਹਿੰਦੀ
ਮੇਰੀ ਝਾਂਜਰ ਤੇਰਾ ਨਾਂ ਲੈਂਦੀ ।

ਮਾਹੀ ਕੋਲੋਂ ਸੰਗਦੀ ਸੰਗਾਂਦੀ ਜਾਂ ਮੈ ਲੰਘਦੀ
ਟੁੱਟ ਪੈਣੀ ਸੂਲੀ ਉੱਤੇ ਜਾਨ ਮੇਰੀ ਟੰਗਦੀ
ਭਿੱਜ ਜਾਂ ਪਸੀਨੇ ਨਾਲ ਤੇ ਮੈਂ ਜਾਵਾਂ ਕੰਬਦੀ
ਜਿਵੇ ਅੰਗ ਉੱਤੇ ਮਾੜੀ ਮਾੜੀ ਭੂਰ ਪੈਂਦੀ
ਮੇਰੀ ਝਾਂਜਰ ਤੇਰਾ ਨਾਂ ਲੈਂਦੀ ।

ਜਦੋਂ ਕਦੇ ਜੰਗ ਤੋਂ ਹੈ ਚਿੱਠੀ ਤੇਰੀ ਆਂਵਦੀ
ਰਾਤਾਂ ਨੂੰ ਇਹ ਲੁਕ ਲੁਕ ਰੋਂਵਦੀ ਤੇ ਗਾਂਵਦੀ
ਪੜ ਪੜ ਖ਼ਤ ਤੇਰਾ ਸੀਨੇ ਨਾਲ ਲਾਂਵਦੀ
ਨਿੱਤ ਸੁਪਨੇ 'ਚ ਮਾਹੀ ਦੇ ਇਹ ਕੋਲ ਰਹਿੰਦੀ
ਮੇਰੀ ਝਾਂਜਰ ਤੇਰਾ ਨਾਂ ਲੈਂਦੀ ।

37. ਸੱਚਾ ਵਣਜਾਰਾ

ਜਦੋਂ ਸੱਚ ਵਿਹਾਜ ਵਣਜਾਰਾ
ਖ਼ਾਲੀ ਹੱਥ ਘਰੇ ਨੂੰ ਆਇਆ
ਉਹਨੂੰ ਬਾਬਲ ਤਾਂ ਦੇਂਦਾ ਈ ਝਿੜਕਾਂ
ਕਿੱਥੇ ਪੈਸਾ ਤਾਂ ਰੋਹੜ ਗਵਾਇਆ
ਕੀ ਉਹਨੂੰ ਲੁੱਟਿਆ ਕਾਲੇ ਚੋਰਾਂ
ਜਾਂ ਕੋਈ ਠੱਗ ਬਨਾਰਸੀ ਧਾਇਆ
ਹੱਸਣ ਬੈਠ ਤ੍ਰਿੰਜਣੀ ਤੰਦਾਂ
ਗੱਲਾਂ ਕਰੇ ਬੋਹੜਾਂ ਦਾ ਸਾਇਆ
ਮੰਦਾ ਬੋਲੇ ਕਰਾੜ ਬੈਠਾ ਹੱਟੀ
ਹੱਸੇ ਖੂਆਂ 'ਤੇ ਡੋਲ ਜ਼ੰਗਿਆਇਆ
ਉਹਨੂੰ ਅੰਬੜੀ ਤਾਂ ਦੇਂਦੀ ਆ ਮੱਤਾਂ
ਨਾਲੇ ਘੁੱਟ ਕਲੇਜੜੇ ਲਾਇਆ
ਕਹਿੰਦੀ ਪੁੱਤ ਨਾ ਆਂਵਦੇ ਈ ਹੱਥੀਂ
ਪੈਸਾ ਪੁੱਤਾਂ ਤੋਂ ਘੋਲ ਘੁਮਾਇਆ
ਕੱਲੀ ਹੋਏ ਨਾ ਵਣਾਂ ਵਿਚ ਟਾਹਲੀ
ਕੱਲਾ ਹੋਏ ਨਾ ਕਿਸੇ ਦਾ ਜਾਇਆ
ਪੁਤੀਂ ਗੰਢ ਪਵੇ ਸੰਸਾਰੀਂ
ਪੁੱਤਾਂ ਬਾਝੋਂ ਤਾਂ ਦੇਸ਼ ਪਰਾਇਆ,
ਖੂੰਜੀਂ ਬੈਠ ਸੁਲੱਖਣੀ ਰੋਂਦੀ
ਝੋਲੀ ਬਾਬਲ ਨੇ ਵਰ ਕਿਹਾ ਪਾਇਆ
ਜਿਦ੍ਹੀ ਰੱਬ ਸੱਚੇ ਸੰਗ ਯਾਰੀ
ਉਹਨੂੰ ਪੋਹੇ ਕੀ ਰੂਪ ਸਵਾਇਆ
ਤਦ ਬੇਬੇ ਨਾਨਕੀ ਬੋਲੀ
ਕਾਹਨੂੰ ਫਿਰੇ ਜੀ ਬਾਬਲ ਘਬਰਾਇਆ
ਕਦੇ ਰੱਬ ਵੀ ਬੈਠਦਾ ਏ ਹੱਟੀ
ਕਦੋਂ ਰੱਬ ਨੇ ਵਣਜ ਕਮਾਇਆ
ਹੱਟੀ ਬਹਿਣ ਕਰਾੜੀਆਂ ਦੇ ਜਾਏ
ਮੇਰਾ ਵੀਰ ਤਾਂ ਰੱਬ ਦਾ ਜਾਇਆ
ਮੇਰੇ ਨਾਲ ਟੋਰੋ ਮੇਰਾ ਵੀਰਾ
ਇੰਜ ਨਾਲ ਰਹਵਾਂ ਜਿਵੇਂ ਸਾਇਆ
ਚੱਲੇ ਨਾਲ ਸੁਲਤਾਨਪੁਰ ਲੋਧੀ
ਜਿੱਥੇ ਮੁਲਖ ਵਣਜ ਨੂੰ ਧਾਇਆ ।
ਉਥੇ ਲੋਧੀ ਦੇ ਦਰਬਾਰੇ
ਸੌ ਕੰਮ ਜੇ ਰੱਬ ਨੇ ਚਾਹਿਆ ।

38. ਸੱਚਾ ਸਾਧ

ਤਦ ਭਾਗੋ ਦੇ ਘਰ ਬਾਹਮਣਾਂ ਦੀ
ਆ ਲੱਥੀ ਇਕ ਜੰਞ
ਕਈ ਸਾਧੂ, ਗੁਣੀ ਮਹਾਤਮਾ
ਕੰਨ ਪਾਟੇ ਨਾਂਗੇ ਨੰਗ
ਕਈ ਜਟਾ ਜਟੂਰੀ ਧਾਰੀਏ
ਇਕਨਾਂ ਦੀ ਹੋਈ ਝੰਡ
ਇਕਨਾਂ ਸਿਰ ਜੁੜੀਆਂ ਲਿੰਭੀਆਂ
ਇਕਨਾਂ ਦੇ ਸਿਰ ਵਿਚ ਗੰਜ
ਇਕਨਾਂ ਦੀਆਂ ਗਜ਼ ਗਜ਼ ਬੋਦੀਆਂ
ਤੇ ਗਲ ਸੂਤਰ ਦੀ ਤੰਦ
ਇਕ ਮਲ ਕੇ ਆਏ ਭਬੂਤੀਆਂ
ਜਿਉਂ ਨੀਲ ਕੰਠ ਦਾ ਰੰਗ
ਹੋਏ ਖ਼ਾਲੀ ਮੱਠ ਜਹਾਨ ਦੇ
ਆਏ ਡੇਰੇ ਛੱਡ ਮਲੰਗ
ਇਕ ਆਏ ਅੱਕ ਧਤੂਰਾ ਪੀਂਵਦੇ
ਇਕਨਾਂ ਨੇ ਪੀਤੀ ਭੰਗ
ਖਾ ਖੀਰਾਂ ਇੰਜ ਡਕਾਰਦੇ
ਜਿਉਂ ਘੋਗੜ ਕਾਂ ਦਾ ਸੰਘ
ਪਰ ਸੱਚਾ ਸਾਧ ਨਾ ਪਰਤਿਆ
ਉਸ ਕੋਧਰਾ ਖਾਧਾ ਮੰਗ ।

39. ਸਾਗਰ ਤੇ ਕਣੀਆਂ

ਜਾ ਕੇ ਤੇ ਇਹ ਜੁਆਨੀ
ਮੁੜ ਕੇ ਕਦੀ ਨਾ ਆਉਂਦੀ ।
ਸਾਗਰ 'ਚ ਬੂੰਦ ਰਲ ਕੇ
ਮੁੜ ਸ਼ਕਲ ਨਾ ਵਖਾਉਂਦੀ ।

ਇਕ ਦੋ ਘੜੀ ਦੀ ਮਿਲਣੀ
ਕਿਸੇ ਅਜ਼ਲ ਤੋਂ ਲੰਮੇਂ,
ਹਰ ਆਹ ਫ਼ਲਸਫ਼ੇ ਦਾ
ਕੋਈ ਗੀਤ ਗੁਣਗੁਣਾਉਂਦੀ ।

ਜ਼ਿੰਦਗੀ ਦੇ ਮੇਲ ਹਰਦਮ
ਆਸਾਂ ਤੇ ਰਹਿਣ ਨੱਚਦੇ,
ਆਵੇ ਨਿਗਾਹ ਤੋਂ ਛੋਹਲੀ
ਪਈ ਮੌਤ ਮੁਸਕਰਾਉਂਦੀ ।

ਸਾਹਾਂ ਦੀ ਰਾਸ ਲੁੱਟ ਲਈ
ਮਹਿਰਮ ਦੇ ਲਾਰਿਆਂ ਨੇ,
ਗੰਗਾ ਵੀ ਚਾਤ੍ਰਿਕ ਦੀ
ਨਹੀਂ ਪਿਆਸ ਹੈ ਬੁਝਾਉਂਦੀ ।

ਰੱਬ ਨਾਂ ਇਸ਼ਕ ਦਾ ਸੁਣਿਐਂ
ਕਹਿੰਦੇ ਨੇ ਇਸ਼ਕ ਰੱਬ ਹੈ,
ਕਿਉਂ ਜੱਗ ਇਸ਼ਕ ਦਾ ਵੈਰੀ
ਹੈ ਸੋਚ ਵੈਣ ਪਾਉਂਦੀ ।

40. ਲਾ ਦੇ ਜ਼ੋਰ

ਲਾ ਦੇ ਜ਼ੋਰ ਹੱਈਆ ।
ਥੋੜਾ ਹੋਰ ਹੱਈਆ ।
ਮੰਜ਼ਿਲ ਤੈਨੂੰ ਵਾਜਾਂ ਮਾਰੇ
ਕਰ ਲੈ ਤਿੱਖੀ ਤੋਰ ।
ਲਾ ਦੇ ਜ਼ੋਰ, ਹੱਈਆ ।

ਲਾ ਮਹਿੰਦੀ ਪੈਰਾਂ ਨੂੰ ਤੇਰੇ
ਘਰ ਪ੍ਰਭਾਤਾਂ ਆਈਆਂ
ਮੱਥੇ ਉੱਤੋਂ ਪੂੰਝ ਪਸੀਨਾ
ਵੇ ਮਿਹਨਤ ਦਿਆ ਸਾਈਆਂ
ਇਕ ਦਿਨ ਮੋਤੀ ਬਣ ਜਾਵਣਗੇ
ਪੈਰਾਂ ਵਿਚਲੇ ਰੋੜ ।
ਲਾ ਦੇ ਜ਼ੋਰ, ਹੱਈਆ ।

ਵੇਖ ਚੁਤਰਫ਼ੀ ਤੇਰੇ ਨੇ ਅੱਜ
ਮੁੜ੍ਹਕੇ ਨੂੰ ਫੁੱਲ ਲੱਗੇ
ਸਾਗਰ,ਪਰਬਤ ਸਿਜਦੇ ਕਰਦੇ
ਤੇਰਿਆਂ ਕਦਮਾਂ ਅੱਗੇ
ਤੇਰੇ ਪੈਰ ਬਿਆਈਆਂ ਪਾਟੇ
ਦੇਣ ਕਿਸਮਤਾਂ ਮੋੜ ।
ਲਾ ਦੇ ਜ਼ੋਰ, ਹੱਈਆ ।

ਤੂੰ ਕੱਲ੍ਹ ਦੀ ਧਰਤੀ ਦਾ ਵਾਰਿਸ
ਤੂੰ ਕੱਲ੍ਹ ਦਾ ਸ਼ਹਿਜ਼ਾਦਾ
ਪਰਬਤ ਨੂੰ ਪਾਣੀ ਕਰ ਦੇਵੇ
ਤੇਰਾ ਠੋਸ ਇਰਾਦਾ
ਤੇਰੇ ਲਈ ਲੈ ਤਾਜ ਸੂਰਜੀ
ਆ ਰਹੀ ਕੱਲ੍ਹ ਦੀ ਭੋਰ ।
ਲਾ ਦੇ ਜ਼ੋਰ, ਹੱਈਆ ।
ਥੋੜਾ ਹੋਰ, ਹੱਈਆ ।

41. ਲਾਲ ਤਿਕੋਨ

ਦਏ ਸੁਨੇਹਾ ਲਾਲ ਤਿਕੋਨ ।
ਬੱਚੇ ਤਿੰਨ ਤੋਂ ਵੱਧ ਨਾ ਹੋਣ ।

ਅੱਵਲ ਹੋਵਣ ਤਾਂ ਇਕ ਜਾਂ ਦੋ
ਜੀਕਣ ਦੋ ਅੱਖਾਂ ਦੀ ਲੋਅ
ਖਾਵਣ ਖੰਡ, ਖੀਰ ਤੇ ਘਿਉ
ਬਹੁਤੇ ਹੋਣ ਤਾਂ ਭੁੱਖੇ ਰੋਣ ।
ਦਏ ਸੁਨੇਹਾ…।

ਸੀਮਤ ਰਹਿ ਸਕਦੀ ਸੰਤਾਨ
ਹੁਣ ਤਾਂ ਸਾਥੀ ਹੈ ਵਿਗਿਆਨ
ਹੁਣ ਨਹੀਂ ਹੁਕਮਰਾਨ ਭਗਵਾਨ
ਹੁਣ ਤਾਂ ਹੋ ਸਕਦੀ ਹੈ ਚੋਣ ।
ਦਏ ਸੁਨੇਹਾ…।

ਹੰਸ ਉਡੀਂਦੇ ਕੱਲੇ ਕਾਰੇ
ਸ਼ੇਰਾਂ ਦੇ ਨਾ ਹੁੰਦੇ ਵਾੜੇ
ਲਾਲਾਂ ਨਾਲੋਂ ਪੱਥਰ ਭਾਰੇ
ਫਿਰ ਕਿਉਂ ਮਾਪੇ ਪੱਥਰ ਢੋਣ ।
ਦਏ ਸੁਨੇਹਾ ਲਾਲ ਤਿਕੋਨ ।
ਬੱਚੇ ਤਿੰਨ ਤੋਂ ਵੱਧ ਨਾ ਹੋਣ ।

42. ਲਫ਼ਜ਼

ਮੈਂ ਕੱਲ੍ਹ ਲਫ਼ਜ਼ ਚੁਣਦਾ ਸੀ
ਇਕ ਲਫ਼ਜ਼ ਬੋਹੜ 'ਤੇ ਬੈਠਾ ਸੀ
ਤੇ ਇਕ ਪਿੱਪਲ 'ਤੇ
ਇਕ ਮੇਰੀ ਗਲੀ ਵਿਚ
ਤੇ ਇਕ ਘੜੇ ਵਿਚ ਪਿਆ ਸੀ
ਇਕ ਹਰੇ ਰੰਗ ਦਾ ਲਫ਼ਜ਼ ਖੇਤਾਂ ਵਿਚ ਪਿਆ ਸੀ
ਇਕ ਕਾਲੇ ਰੰਗ ਦਾ ਲਫ਼ਜ਼ ਮਾਸ ਖਾ ਰਿਹਾ ਸੀ
ਇਕ ਨੀਲੇ ਰੰਗ ਦਾ ਲਫ਼ਜ਼
ਸੂਰਜ ਦਾ ਦਾਣਾ ਮੂੰਹ ਵਿਚ ਲਈ ਉੱਡ ਰਿਹਾ ਸੀ
ਮੈਨੂੰ ਦੁਨੀਆਂ ਦੀ ਹਰ ਇਕ ਚੀਜ਼ ਲਫ਼ਜ਼ ਲਗਦੀ ਹੈ
ਅੱਖਾਂ ਦੇ ਲਫ਼ਜ਼
ਹੱਥਾਂ ਦੇ ਲਫ਼ਜ਼
ਪਰ ਬੁੱਲ੍ਹਾਂ ਦੇ ਲਫ਼ਜ਼ ਸਮਝ ਨਹੀਂ ਆਉਂਦੇ
ਮੈਨੂੰ ਸਿਰਫ਼ ਲਫ਼ਜ਼ ਪੜ੍ਹਨੇ ਆਉਂਦੇ ਨੇ
ਮੈਨੂੰ ਸਿਰਫ਼ ਲਫ਼ਜ਼ ਪੜ੍ਹਨੇ ਆਉਂਦੇ ਨੇ ।

43. ਮੌਤ ਦੇ ਰਾਹ

ਇਹ ਨਫ਼ਰਤ ਦੇ ਪੈਂਡੇ, ਇਹ ਰੋਸੇ, ਉਲਾਂਭੇ
ਇਹ ਮਗ਼ਰੂਰ ਯਾਰੀ, ਇਹ ਜ਼ਿੱਲਤ ਦੇ ਕਾਂਬੇ
ਇਹ ਬੇ-ਪਾਕ ਰਾਹਵਾਂ, ਇਹ ਅਸਮਤ ਦੇ ਝਾਂਭੇ
ਮੈਂ ਵਰ੍ਹਿਆਂ ਤੋਂ ਸੂਲੀ ਦੇ ਦੁਖ ਮਰ ਰਿਹਾ ਹਾਂ ।

ਉਹ ਕਿਥੇ ਨੇ ਕਿਥੇ ਓ ਬੰਦੇ ਖ਼ੁਦਾ ਦੇ ?
ਉਹ ਕਿਥੇ ਨੇ ਹੁਸਨਾਂ ਦੇ ਪਰਦੇ ਹਯਾ ਦੇ ?
ਉਹ ਕਿਥੇ ਨੇ ਨਗ਼ਮੇ ਵਤਨ ਦੀ ਫ਼ਿਜ਼ਾ ਦੇ ?
ਮੈਂ ਵਰ੍ਹਿਆਂ ਤੋਂ ਰੋਂਦੇ ਹੁਸਨ ਵਰ ਰਿਹਾ ਹਾਂ ।

ਉਹ ਕਿਥੇ ਹੈ 'ਹਾਸ਼ਮ' ਤੇ ਕਿਥੇ ਹੈ 'ਵਾਰਿਸ' ?
ਉਹ ਕਿਥੇ ਹੈ ਮੁਹੱਬਤਾਂ ਦਾ ਨਿੱਘਾ ਜਿਹਾ ਰਸ ?
ਉਹ ਕਿਥੇ ਹੈ ਹਿਜਰਾਂ ਦੀ ਸੁੱਤੀ ਹੋਈ ਢਾਰਸ ?
ਮੈਂ ਰਾਤਾਂ ਵਿਚ ਸੂਰਜ ਦੀ ਲੋ ਕਰ ਰਿਹਾ ਹਾਂ ।

ਪੰਜੇਬਾਂ ਦੀ ਛਣ ਛਣ ਨਾ ਚਰਖੀ ਦੀ ਘੂਕਰ
ਨਾ ਮਹਿੰਦੀ ਦੀ ਲਾਲੀ, ਝਨਾਵਾਂ ਦੀ ਸ਼ੂਕਰ
ਨਾ ਸਿੱਕਾਂ, ਨਾ ਚਾਵਾਂ, ਨਾ ਤਾਂਘਾਂ ਦੀ ਹੂਕਰ
ਮੈਂ ਵਰ੍ਹਿਆਂ ਤੋਂ ਮੌਤਾਂ ਦੇ ਸਾਹ ਭਰ ਰਿਹਾ ਹਾਂ ।

ਨਾ ਵੰਝਲੀ, ਨਾ ਬੇਲੇ, ਨਾ ਪਾਲੀ, ਅੱਯਾਲੀ
ਨਾ ਅੰਬਾਂ ਦੇ ਬੂਟੇ, ਨਾ ਕੋਇਲ, ਨਾ ਮਾਲੀ
ਨਾ ਸੋਇਆਂ ਦੇ ਫੁੱਲਾਂ ਤੇ ਟਹਿਕੇ ਹਿਰਾਲੀ
ਮੈਂ ਵਰ੍ਹਿਆਂ ਤੋਂ ਵੀਰਾਨੀਆਂ ਹਰ ਰਿਹਾ ਹਾਂ ।

ਨਾ ਵਾਰੀ ਸਦਕੜੇ, ਨਾ ਲੋਰੀ ਨਾ ਭੈਣਾਂ
ਨਾ ਮਾਵਾਂ ਦੇ ਦੁੱਧਾਂ 'ਚ ਸ਼ੇਰਾਂ ਦਾ ਰਹਿਣਾ
ਨਾ ਵੀਰਾਂ ਦੇ ਜਜ਼ਬੇ, ਨਾ ਪ੍ਰੀਤਾਂ ਦੀ ਮੈਣਾਂ
ਮੈਂ ਵਰ੍ਹਿਆਂ ਤੋਂ ਕਹਿਰਾਂ ਦੇ ਵਿਚ ਮਰ ਰਿਹਾ ਹਾਂ ।

ਓ ਯਾਰੋ, ਓ ਯਾਰੋ ! ਉਹ ਵਾਰਸ ਨੂੰ ਲੱਭੋ
ਓ ਕਬਰਾਂ ਵਿਚ ਸੁੱਤੇ ਹੋਏ ਬੇ-ਖ਼ੌਫ਼ ਰੱਬੋ
ਓ ਗਲੀਆਂ 'ਚ ਭੌਂਦਾ ਉਹ ਦੀਵਾਨਾ ਲੱਭੋ
ਮੈਂ ਵਰ੍ਹਿਆਂ ਤੋਂ ਸੁੱਕੀ ਝਨਾਂ ਤਰ ਰਿਹਾ ਹਾਂ ।

ਓ ਆਓ, ਓ ਆਓ, ਵਤਨ ਨੂੰ ਸੰਭਾਲੋ,
ਉਹ ਕੁਰਲਾਟ ਸਹਿਕੀ ਪ੍ਰੀਤਾਂ ਨੂੰ ਪਾਲੋ,
ਉਹ ਦਰਦਾਂ ਨੂੰ ਛੰਨਾਂ ਜ਼ਹਿਰ ਦਾ ਪਿਆਲੋ,
ਮੈਂ ਹੁਸਨਾਂ ਦੇ ਹੁਸਨਾਂ 'ਚ ਰਸ ਝਰ ਰਿਹਾ ਹਾਂ ।

44. ਨਵੀਂ ਸਵੇਰ

ਜਾਗੀ ਨਵੀਂ ਸਵੇਰ, ਬੇਲੀਓ !
ਜਾਗੀ ਨਵੀਂ ਸਵੇਰ
ਕਿਰਨਾਂ ਉੱਗੀਆਂ ਨੂਰ ਪਸਰਿਆ, ਹੋਇਆ ਦੂਰ ਹਨੇਰ
ਜਾਗੀ ਨਵੀਂ ਸਵੇਰ ।

ਸਾਡੇ ਘਰ ਦੀਵਾਲੀ ਆਈ, ਬੀਤ ਗਿਆ ਬਨਵਾਸ
ਸਾਡਾ ਖ਼ੂਨ ਤੇ ਸਾਡੀ ਮਿਹਨਤ ਆ ਗਏ ਸਾਨੂੰ ਰਾਸ
ਕਾਮੇ ਦੇ ਸਿਰ ਸਿਹਰਾ ਬੱਝਾ
ਸੋਚੀਂ ਪਿਆ ਕੁਬੇਰ, ਬੇਲੀਓ
ਜਾਗੀ ਨਵੀਂ ਸਵੇਰ ।

ਨਵੀਂ ਵੰਝਲੀ ਨਵੇਂ ਤਰਾਨੇ, ਛਿੜ ਗਏ ਨੇ ਨਵ-ਰਾਗ
ਸਦੀਆਂ ਝੱਲੀ ਅਸਾਂ ਗੁਲਾਮੀ, ਹੁਣ ਮਿਲਿਆ ਸਵਰਾਜ ।
ਅੱਜ ਸਾਡੀ ਇਸ ਸੋਨ-ਚਿੜੀ ਦੇ
ਫੁੱਟ ਪਏ ਨੇ ਪਰ ਫੇਰ, ਬੇਲੀਓ
ਜਾਗੀ ਨਵੀਂ ਸਵੇਰ ।

ਨ੍ਹੇਰੇ ਦੇ ਸੰਗ ਘੁਲਦੇ ਹੋ ਗਏ ਲੱਖਾਂ ਚੰਨ ਸ਼ਹੀਦ
ਲਹੂਆਂ ਦੇ ਸੰਗ ਨ੍ਹਾ ਕੇ ਆਈ, ਚੰਨਾਂ ਵਾਲੀ ਈਦ
ਜੁਗਾਂ ਜੁਗਾਂ ਤਕ ਅਮਰ ਰਹਿਣਗੇ
ਉਹ ਭਾਰਤ ਦੇ ਸ਼ੇਰ, ਬੇਲੀਓ
ਜਾਗੀ ਨਵੀਂ ਸਵੇਰ ।

ਕਿਰਨਾਂ ਉੱਗੀਆਂ ਨੂਰ ਪਸਰਿਆ, ਹੋਇਆ ਦੂਰ ਹਨੇਰ ।
ਬੇਲੀਓ, ਜਾਗੀ ਨਵੀਂ ਸਵੇਰ ।

45. ਫਾਂਸੀ

ਮੇਰੇ ਪਿੰਡ ਦੇ ਕਿਸੇ ਰੁੱਖ ਨੂੰ
ਮੈਂ ਸੁਣਿਐ ਜੇਲ੍ਹ ਹੋ ਗਈ ਹੈ
ਉਹਦੇ ਕਈ ਦੋਸ਼ ਹਨ :
ਉਹਦੇ ਪੱਤ ਸਾਵਿਆਂ ਦੀ ਥਾਂ
ਹਮੇਸ਼ਾ ਲਾਲ ਉਗਦੇ ਸਨ
ਬਿਨਾਂ 'ਵਾ ਦੇ ਵੀ ਉੱਡਦੇ ਸਨ

ਉਹ ਪਿੰਡ ਤੋਂ ਬਾਹਰ ਨਹੀਂ
ਪਿੰਡ ਦੇ ਸਗੋਂ ਉਹ ਖੂਹ 'ਚ ਉੱਗਿਆ ਸੀ
ਤੇ ਜਦ ਵੀ ਝੂਮਦਾ ਤਾਂ ਉਹ ਸਦਾ ਛਾਵਾਂ ਹਿਲਾਂਦਾ ਸੀ
ਤੇ ਧੁੱਪਾਂ ਨੂੰ ਡਰਾਂਦਾ ਸੀ
ਤੇ ਰਾਹੀਆਂ ਨੂੰ ਤੁਰੇ ਜਾਂਦੇ ਉਹ
ਧੁੱਪਾਂ ਤੋਂ ਬਚਾਂਦਾ ਸੀ
ਤੇ ਪਾਣੀ ਭਰਦੀਆਂ ਕੁੜੀਆਂ ਨੂੰ
ਧੀ ਕਹਿ ਕੇ ਬੁਲਾਂਦਾ ਸੀ

ਤੇ ਇਹ ਵੀ ਸੁਣਨ ਵਿਚ ਆਇਐ
ਕਿ ਉਸਦੇ ਪੈਰ ਵੀ ਕਈ ਸਨ
ਤੇ ਉਹ ਰਾਤਾਂ ਨੂੰ ਤੁਰਦਾ ਸੀ
ਤੇ ਪਿੰਡ ਦੇ ਸਾਰਿਆਂ ਰੁੱਖਾਂ ਨੂੰ ਮਿਲ ਕੇ
ਰੋਜ਼ ਮੁੜਦਾ ਸੀ
ਤੇ ਅੱਧ-ਰੈਣੀ ਹਵਾ ਦੀ ਗੱਲ ਕਰਕੇ
ਰੋਜ਼ ਝੁਰਦਾ ਸੀ
ਭਲਾ ਯਾਰੋ ਅਜਬ ਗੱਲ ਹੈ
ਮੈਂ ਸਾਰੀ ਉਮਰ ਸਭ ਰੁੱਖਾਂ ਦੀਆਂ
ਸ਼ਾਖਾਂ ਤਾਂ ਤੱਕੀਆਂ ਸਨ
ਕੀ ਰੁੱਖਾਂ ਦੇ ਵੀ ਮੇਰੇ ਦੋਸਤੋ
ਕਿਤੇ ਪੈਰ ਹੁੰਦੇ ਨੇ ?

ਤੇ ਅੱਜ ਅਖ਼ਬਾਰ ਵਿਚ ਪੜ੍ਹਿਐ
ਕਿ ਉਹ ਹਥਿਆਰ-ਬੰਦ ਰੁੱਖ ਸੀ
ਉਹਦੇ ਪੱਲੇ ਬੰਦੂਕਾਂ, ਬੰਬ ਤੇ ਲੱਖਾਂ ਸੰਗੀਨਾਂ ਸੀ

ਮੈਂ ਰੁੱਖਾਂ ਕੋਲ ਸਦਾ ਰਹਿੰਦੀਆਂ
ਛਾਵਾਂ ਤਾਂ ਸੁਣੀਆਂ ਸਨ
ਪਰ ਬੰਬਾਂ ਦੀ ਅਜਬ ਗੱਲ ਹੈ ?

ਤੇ ਇਹ ਝੂਠੀ ਖ਼ਬਰ ਪੜ੍ਹ ਕੇ
ਮੈਨੂੰ ਇਤਬਾਰ ਨਹੀਂ ਆਉਂਦਾ
ਕਿ ਉਸਨੇ ਪਿੰਡ ਦੇ
ਇਕ ਹੋਰ ਰੁੱਖ ਨੂੰ ਮਾਰ ਦਿੱਤਾ ਹੈ
ਜਿਹੜਾ ਪਿੰਡ ਦੇ ਸ਼ਾਹਵਾਂ ਦੇ ਘਰ
ਵਿਹੜੇ 'ਚ ਉੱਗਿਆ ਸੀ
ਜਿਸ ਤੋਂ ਰੋਜ਼ ਕੋਈ ਕਾਗ
ਚੁਗਲੀ ਕਰਨ ਉੱਡਿਆ ਸੀ

ਤੇ ਅੱਜ ਕਿਸੇ ਯਾਰ ਨੇ ਦੱਸਿਐ
ਜੋ ਮੇਰੇ ਪਿੰਡ ਤੋਂ ਆਇਐ
ਕਿ ਮੇਰੇ ਉਸ ਪਿੰਡ ਦੇ ਰੁੱਖ ਨੂੰ
ਫਾਂਸੀ ਵੀ ਹੋ ਰਹੀ ਹੈ
ਤੇ ਉਹਦਾ ਪਿਉ ਕਿੱਕਰਾਂ ਵਰਗਾ
ਤੇ ਮਾਂ ਬੇਰੀ ਜਿਹੀ ਹੋ ਰਹੀ ਹੈ ।

46. ਰਾਸ਼ਨ ਕਰ ਦੇ

ਰੱਬਾ ਜੱਗ 'ਤੇ ਰਾਸ਼ਨ ਕਰ ਦੇ
ਇਕ ਪੁੱਤਰ ਇਕ ਧੀ
ਬਚ ਜਾਊ ਸਾਡਾ ਜਗਤ ਜਲੰਦਾ
ਤੇਰਾ ਜਾਂਦਾ ਕੀ ।

ਜੇ ਤੂੰ ਜੱਗ ਤੇ ਭੇਜੀ ਤੁਰਿਆ
ਇੰਜ ਹੇੜਾਂ ਦੀਆਂ ਹੇੜਾਂ
ਇਕ ਇਕ ਘਰ ਵਿਚ ਹੋ ਜਾਵਣਗੇ
ਬੱਚੇ ਤੇਰਾਂ ਤੇਰਾਂ
ਚੱਬ ਜਾਣਗੇ ਧਰਤੀ ਤੇਰੀ
ਜਾਸਣ ਸਾਗਰ ਪੀ ।
ਰੱਬਾ ਜੱਗ 'ਤੇ…।

ਅੱਗੇ ਹੀ ਤੇਰੀ ਮਿਹਰ ਬੜੀ ਹੈ
ਥਾਂ ਥਾਂ ਜੁੜੀਆਂ ਭੀੜਾਂ
ਪੰਚਵਟੀ ਦੇ ਬਾਹਰ ਮਾਰ ਦੇ
ਲਛਮਣ ਵਾਂਗ ਲਕੀਰਾਂ
ਭਾਵੇਂ ਤੇਰੀ ਜੋਤ ਕੋਈ ਬਾਲੇ
ਪਾ ਕੇ ਦੇਸੀ ਘੀ ।
ਰੱਬਾ ਜੱਗ 'ਤੇ…।

ਰੱਬਾ ਜੇ ਤੂੰ ਰਾਸ਼ਨ ਕਰ ਦਏਂ
ਹੋ ਜਾਏ ਮੌਜ ਬਹਾਰ
ਆਏ ਸਾਲ ਨਾ ਹਰ ਘਰ ਹੋਏ
ਮਾਡਲ ਨਵਾਂ ਤਿਆਰ
ਰੋਜ਼ ਰੋਜ਼ ਨਾ ਹੋਏ ਕਿਸੇ ਦਾ
ਕੱਚਾ ਕੱਚਾ ਜੀ ।
ਰੱਬਾ ਜੱਗ 'ਤੇ ਰਾਸ਼ਨ ਕਰ ਦੇ
ਇਕ ਪੁੱਤਰ ਇਕ ਧੀ ।

47. ਰਾਤਾਂ ਕਾਲੀਆਂ

ਝੁਰਮਟ ਬੋਲੇ, ਝੁਰਮਟ ਬੋਲੇ
ਸ਼ਾਰਾ…ਰਾਰਾ…ਰਾ
ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ
ਹਾਏ ਓਏ ਰਾਤਾਂ ਕਾਲੀਆਂ
ਚੁੰਨੀ ਲੈਣੀ, ਚੁੰਨੀ ਲੈਣੀ ਚੀਨ-ਮੀਨ ਦੀ
ਜਿਹੜੀ ਸੌ ਦੀ ਸਵਾ ਗਜ਼ ਆਵੇ
ਹਾਏ ਓਏ ਰਾਤਾਂ ਕਾਲੀਆਂ ।

ਝੁਰਮਟ ਬੋਲੇ, ਝੁਰਮਟ ਬੋਲੇ
ਬੋਲੇ ਕਾਲੇ ਬਾਗ਼ੀਂ
ਜੀਕਣ ਡਾਰ ਕੂੰਜਾਂ ਦੀ ਬੈਠੀ
ਰੁਦਨ ਕਰੇਂਦੀ ਢਾਬੀਂ
ਵੀਰ ਤੇਰੇ ਬਿਨ ਨੀਂਦ ਨਾ ਆਵੇ
ਜਾਗੀਂ ਨਣਦੇ ਜਾਗੀਂ
ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ
ਹਾਏ ਓਏ ਰਾਤਾਂ ਕਾਲੀਆਂ ।

ਝੁਰਮਟ ਬੋਲੇ, ਝੁਰਮਟ ਬੋਲੇ
ਬੋਲੇ ਨੀ ਵਿਚ ਰਾਹਵਾਂ
ਸੋਨੇ ਚੁੰਝ ਮੜ੍ਹਾਵਾਂ ਤੇਰੀ
ਉੱਡੀਂ ਵੇ ਕਾਲਿਆ ਕਾਵਾਂ
ਮਾਹੀ ਮੇਰਾ ਜੇ ਮੁੜੇ ਲਾਮ ਤੋਂ
ਕੁੱਟ ਕੁੱਟ ਚੂਰੀਆਂ ਪਾਵਾਂ
ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ
ਹਾਏ ਓਏ ਰਾਤਾਂ ਕਾਲੀਆਂ ।

ਝੁਰਮਟ ਬੋਲੇ, ਝੁਰਮਟ ਬੋਲੇ
ਬੋਲੇ ਨੀ ਵਿਚ ਰੋਹੀਆਂ
ਕੰਤ ਜਿਨ੍ਹਾਂ ਦੇ ਲਾਮੀਂ ਟੁਰ ਗਏ
ਉਹ ਜਿਊਂਦੇ ਜੀ ਮੋਈਆਂ
ਮੇਰੇ ਵਾਕਣ ਵਿਚ ਜ਼ਮਾਨੇ
ਉਹ ਹੋਈਆਂ ਨਾ ਹੋਈਆਂ
ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ
ਹਾਏ ਓਏ ਰਾਤਾਂ ਕਾਲੀਆਂ ।

48. ਸੱਤ ਬੱਚੇ

ਸਾਡੇ ਵਿਹੜੇ ਹੋ ਗਏ ਭੀੜੇ
ਨੀਵੇਂ ਛੱਤ ਹੋ ਗਏ
ਪੰਜ ਪੁੱਤ ਤੇ ਦੋ ਧੀਆਂ
ਬੱਚੇ ਸੱਤ ਹੋ ਗਏ ।

ਹੁਣ ਖਾਣ ਦਾ ਤੇ ਪਾਉਣ ਦਾ ਵੀ ਹੱਜ ਕੋਈ ਨਾ
ਸੁੱਕੇ ਟੁੱਕਰਾਂ ਦੇ ਨਾਲ ਹੁੰਦਾ ਰੱਜ ਕੋਈ ਨਾ
ਮੂੰਹ ਬੱਚਿਆਂ ਦੇ ਧੋਂਦੇ
ਅਸੀਂ ਬੱਸ ਹੋ ਗਏ
ਪੰਜ ਪੁੱਤ…।

ਨਾ ਕੋਈ ਪੜ੍ਹਿਆ ਪੜ੍ਹਾਇਆ, ਇਕ ਹੱਟੀ ਤੇ ਬਹਾਇਆ
ਇਕ ਦਰਜ਼ੀ ਦੇ ਪਾਇਆ, ਇਕ ਭੂਆ ਦੇ ਪੁਚਾਇਆ
ਅਸੀਂ ਜੀਂਦੇ ਜੀ ਹੀ
ਗਲੀਆਂ ਦੇ ਕੱਖ ਹੋ ਗਏ
ਪੰਜ ਪੁੱਤ…।

ਹੋਈਆਂ ਕੁੜੀਆਂ ਜਵਾਨ, ਹੱਥ ਕੋਠਿਆਂ ਨੂੰ ਪਾਣ
ਇਕੋ ਕੱਲੀ-ਕਾਰੀ ਜਾਨ, ਨਿੱਤ ਜਾਂਦੀ ਏ ਕਮਾਣ
ਉਹੋ ਵੇਲਾ ਜਦੋਂ ਕਿਤੇ
ਪੀਲੇ ਹੱਥ ਹੋ ਗਏ
ਪੰਜ ਪੁੱਤ…।

ਗੱਲ ਬੁੱਢਿਆਂ ਦੀ ਮੰਨੀ, ਰੋੜੀ ਬੁੱਕਲਾਂ 'ਚ ਭੰਨੀ
ਧਾੜ ਬੱਚਿਆਂ ਦੀ ਜੰਮੀ, ਗੱਲ ਅੱਠਵੀਂ ਨਾ ਮੰਨੀ
ਮੇਰੇ ਉਦੋਂ ਤੋਂ ਨਰਾਜ਼
ਸਹੁਰਾ ਸੱਸ ਹੋ ਗਏ
ਪੰਜ ਪੁੱਤ…।

49. ਤਿਰੰਗਾ

ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏਂ
ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਨ ਏਂ

ਇਕ ਇਕ ਤਾਰ ਤੇਰੀ
ਜਾਪੇ ਮੂੰਹੋਂ ਬੋਲਦੀ
ਮੁੱਲ ਹੈ ਆਜ਼ਾਦੀ ਸਦਾ
ਲਹੂਆਂ ਨਾਲ ਤੋਲਦੀ
ਉੱਚਾ ਸਾਡਾ ਅੰਬਰਾਂ 'ਤੇ ਝੂਲਦਾ ਨਿਸ਼ਾਨ ਏਂ
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏਂ

ਸਾਵਾ ਰੰਗ ਤੇਰਾ ਦੱਸੇ
ਖੇਤੀਆਂ ਦੇ ਰੰਗ ਨੂੰ
ਪਹਿਨ ਬਾਣਾ ਕੇਸਰੀ
ਸ਼ਹੀਦ ਜਾਣ ਜੰਗ ਨੂੰ
ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਦਾ ਵਿਧਾਨ ਏਂ
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏਂ

ਤਿੰਨੇ ਰੰਗ 'ਕੱਠੇ ਹੋ ਕੇ
ਏਕਤਾ ਨੂੰ ਦੱਸਦੇ
ਤੇਰੀ ਛਾਇਆ ਹੇਠ
ਸਾਰੇ ਭਾਈ ਭਾਈ ਵੱਸਦੇ
ਚੱਕਰ ਅਸ਼ੋਕ ਦਾ ਵਿਕਾਸ ਦਾ ਨਿਸ਼ਾਨ ਏਂ
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏਂ
ਸਾਰੇ ਦੇਸ਼ ਵਾਸੀਆਂ ਨੂੰ
ਤੇਰੇ ਉੱਤੇ ਮਾਨ ਏਂ ।

50. ਸਾਂਝੀ ਖੇਤੀ

ਆ ਵੀਰਾ ਵੰਡ ਲਈਏ ਭਾਰ
ਸਾਂਝੀ ਖੇਤੀ ਸਾਂਝੀ ਕਾਰ
ਸਾਂਝੀ ਜਿੱਤ ਤੇ ਸਾਂਝੀ ਹਾਰ ।

ਸਾਂਝੇ ਹੋਵਣ ਸੁਪਨੇ ਸਾਡੇ, ਸਾਂਝੇ ਹੋਵਣ ਖੇਤ
ਸਾਂਝੇ ਜੰਮਣ ਮਰਨ ਅਸਾਡੇ, ਸਾਂਝੇ ਹੋਵਣ ਭੇਤ
ਚਾਂਦੀ-ਵੰਨਾ ਪਾਣੀ ਪੀ ਕੇ ਸੋਨਾ ਉਗਲੇ ਖੇਤ
ਤੇਰੀ ਹੱਲ ਪੰਜਾਲੀ ਨੂੰ ਰਹੀ
ਬੰਜਰ ਧਰਤ ਪੁਕਾਰ ।
ਆ ਵੀਰਾ ਵੰਡ ਲਈਏ ਭਾਰ ।

ਸਾਂਝਾਂ ਦੇ ਵਿਚ ਬਰਕਤ ਵੱਸੇ, ਸਾਂਝਾਂ ਦੇ ਵਿਚ ਖੇੜਾ
ਸਾਂਝਾਂ ਵਿਚ ਪ੍ਰਮੇਸ਼ਰ ਵੱਸਦਾ ਸਾਂਝਾ ਸਭ ਦਾ ਵਿਹੜਾ
ਬੂੰਦ ਬੂੰਦ ਬਣ ਸਾਗਰ ਬਣਦਾ ਲਕੜੀ ਲਕੜੀ ਬੇੜਾ
ਗੋਤੇ ਖਾਵੇ ਜਿੰਦ ਇਕੱਲੀ
ਸਾਂਝ ਉਤਾਰੇ ਪਾਰ ।
ਆ ਵੀਰਾ ਵੰਡ ਲਈਏ ਭਾਰ ।

ਸਭੇ ਸਾਂਝੀਵਾਲ ਸਦਾਇਣ, ਹੋਵੇ ਸਾਡਾ ਨਾਅਰਾ
ਮੇਰ ਤੇਰ ਦੇ ਫ਼ਰਕਾਂ ਵਾਲਾ, ਮਿਟ ਜਾਏ ਪਾੜਾ ਸਾਰਾ
ਨਾ ਕੋਈ ਦੂਈ ਤਕੱਬਰ ਰਹਿ ਜਾਏ, ਨਾ ਨਫ਼ਰਤ ਨਾ ਸਾੜਾ
ਸੱਚੀ ਸਿਆਣੇ ਮੱਤ ਦੇਂਦੇ
ਸਾਂਝਾਂ ਨਾਲ ਬਹਾਰ ।
ਆ ਵੀਰਾ ਵੰਡ ਲਈਏ ਭਾਰ ।

51. ਸਵੇਰ ਆਈ

ਨਵੀਂ ਨੀ ਸਵੇਰ ਆਈ ਹਾ ਹਾ ਹਾ
ਨਵੀਂ ਨੀ ਸਵੇਰ ਆਈ ਹੋ ਹੋ ਹੋ

ਕੋਈ ਵੀ ਨਾ ਰਹਿਣਾ ਹੁਣ ਬੇਰੁਜ਼ਗਾਰ
ਅਨਪੜ੍ਹਤਾ ਨੂੰ ਕੋਈ ਮਿਲਣੀ ਨਾ ਠਾਰ੍ਹ
ਰੱਤ ਸਾਡੇ ਸੂਰਮਿਆਂ ਦਾ
ਚੜ੍ਹਦੇ ਦੇ ਪੱਤਣਾਂ ਤੇ
ਲਾਲੀ ਨੀ ਖਲੇਰ ਆਈ ਹਾ ਹਾ ਹਾ
ਨਵੀਂ ਨੀ ਸਵੇਰ ਆਈ ਹੋ ਹੋ ਹੋ ।

ਜਾਮ ਤੋਂ ਵੀ ਵੱਧ ਇਹ ਸੰਭਾਲਣਾ ਹੈ ਨੂਰ
ਡੰਡੀਆਂ ਨੇ ਲੱਭ ਪਈਆਂ ਮੰਜ਼ਲਾਂ ਨੇ ਦੂਰ
ਯਾਦ ਨੀ ਪਿਆਰੀ ਉਨ੍ਹਾਂ
ਡੁੱਬੇ ਹੋਏ ਸੂਰਜਾਂ ਦੀ
ਬਣ ਕੇ ਉਸ਼ੇਰ ਆਈ ਹਾ ਹਾ ਹਾ
ਨਵੀਂ ਨੀ ਸਵੇਰ ਆਈ ਹੋ ਹੋ ਹੋ

ਲੋਟੂਆਂ ਤੇ ਜ਼ਾਲਮਾਂ ਦਾ ਜੁੱਗ ਰਿਹਾ ਬੀਤ
ਮਹਿਲਾਂ ਵਿਚ ਜਾਗਦੇ ਨੇ ਪੈਲੀਆਂ ਦੇ ਗੀਤ
ਹੱਥਾਂ ਦੀ ਹੈ ਏਕਤਾ ਇਹ
ਧਾੜਵੀ ਤੇ ਡਾਕੂਆਂ ਲਈ
ਬਣ ਕੇ ਹਨੇਰ ਆਈ ਹਾ ਹਾ ਹਾ
ਨਵੀਂ ਨੀ ਸਵੇਰ ਆਈ ਹੋ ਹੋ ਹੋ

52. ਵੱਜੇ ਢੋਲ

ਢੋਲ ਵੱਜੇ ਢੋਲ
ਦੂਰ ਪੱਤਣਾਂ ਦੇ ਕੋਲ
ਆਈਆਂ ਨੇ ਬਹਾਰਾਂ ਅੱਜ ਸਾਡੀ ਗੁਲਜ਼ਾਰ ਵਿਚ
ਪੱਤਾ ਪੱਤਾ ਬੋਲ ਰਿਹਾ
ਅਮਨਾਂ ਦੇ ਬੋਲ
ਢੋਲ ਵੱਜੇ ਢੋਲ
ਦੂਰ ਪੱਤਣਾਂ ਦੇ ਕੋਲ ।

ਜਾਗਿਆ ਜਵਾਨ ਜਾਗਿਆ ਕਿਸਾਨ
ਉੱਚੇ ਅੰਬਰਾਂ ਤੋਂ ਉੱਚਾ ਆਪਣਾ ਨਿਸ਼ਾਨ ।
ਇਕ ਰਣ ਵਿਚ ਵਾਢੀ ਵੈਰੀਆਂ ਦੀ ਕਰਦਾ ਏ
ਇਕ ਪੈਲੀਆਂ 'ਚ ਲਾਵੇ
ਦਾਣਿਆਂ ਦੇ ਬੋਲ੍ਹ ।
ਢੋਲ ਵੱਜੇ ਢੋਲ
ਦੂਰ ਪੱਤਣਾਂ ਦੇ ਕੋਲ ।

ਝੂਮ ਰਹੇ ਖੇਤ ਜਾਗ ਪਿਆ ਦੇਸ਼
ਸੋਨਾ ਚਾਂਦੀ ਬਣ ਜਾਊ ਹੁਣ ਸਾਡੀ ਰੇਤ ।
ਬੂੰਦ ਬੂੰਦ ਬਣ ਜਿਹੜਾ ਡੁਲ੍ਹੇਗਾ ਪਸੀਨਾ ਅੱਜ
ਕੱਲ੍ਹ ਇਹੋ ਤੁਲਣਾ ਏਂ
ਮੋਤੀਆਂ ਦੇ ਤੋਲ ।
ਢੋਲ ਵੱਜੇ ਢੋਲ
ਦੂਰ ਪੱਤਣਾਂ ਦੇ ਕੋਲ ।

53. ਸ਼ੇਰ ਮਾਹੀ

ਮਾਹੀ ਮੇਰਾ ਸ਼ੇਰ ਜਾਪਦਾ
ਜਦ ਕਰ ਕੇ ਪਰੇਟ ਘਰ ਆਵੇ
ਕਦੇ ਨੀ ਗਰੇਜੀ ਬੋਲਦਾ
ਕਦੇ ਜੰਗ ਦੀਆਂ ਕ੍ਹਾਣੀਆਂ ਸੁਣਾਵੇ ।

ਰਾਤੀਂ ਮੇਰੇ ਕੋਲ ਬਹਿ ਗਿਆ
ਗੱਲ ਕਰਦੀ ਨੂੰ ਆਵੇ ਡਾਢੀ ਸੰਗ ਨੀ
ਉੱਠਦੀ ਬਾਂਹ ਫੜ ਕੇ
ਮਾਰ ਖਿੱਚਾ ਮੇਰੀ ਤੋੜ ਦਿੱਤੀ ਵੰਗ ਨੀ
ਮੈਨੂੰ ਕਹਿੰਦਾ ਗਾ ਨੀ ਬੱਲੀਏ
ਆਪ ਬੁੱਲ੍ਹਾਂ ਨਾਲ ਢੋਲਕੀ ਵਜਾਵੇ
ਮਾਹੀ ਮੇਰਾ ਸ਼ੇਰ ਜਾਪਦਾ…।

ਵੇਖ ਵੇਖ ਉਹਨੂੰ ਹੱਸਦਾ
ਗੱਲ੍ਹਾਂ ਸੂਹੀਆਂ ਹੋਣ ਮੇਰੀਆਂ ਸੰਧੂਰੀਆਂ
ਕਦੇ ਨਹੀਉਂ ਮੰਦਾ ਬੋਲਦਾ
ਕਦੇ ਮੱਥੇ ਉੱਤੇ ਪਾਉਂਦਾ ਨਹੀਉਂ ਘੂਰੀਆਂ
ਅੱਜ ਕਹਿੰਦਾ ਮੇਲੇ ਚੱਲੀਏ
ਹਾਲੇ ਕੱਲ੍ਹ ਤਾਂ ਆਈ ਆਂ ਮੁਕਲਾਵੇ ।
ਮਾਹੀ ਮੇਰਾ ਸ਼ੇਰ ਜਾਪਦਾ…।

ਜਦੋਂ ਕਿਤੇ ਕਦੇ ਵੀ
ਮੈਂ ਉਹਦੇ ਨਾਲ ਰੁੱਸੀਆਂ
ਦਵੇ ਨੀ ਡਰਾਵਾ
ਆਖੇ ਮੁੱਕ ਗਈਆਂ ਛੁੱਟੀਆਂ
ਫੜ ਕੇ ਟਰੰਕੀ ਨੂੰ
ਪਾ ਕੇ ਵਰਦੀ ਤਿਆਰ ਹੋ ਜਾਵੇ
ਮਾਹੀ ਮੇਰਾ ਸ਼ੇਰ ਜਾਪਦਾ
ਜਦ ਕਰ ਕੇ ਪਰੇਟ ਘਰ ਆਵੇ ।

54. ਵੇ ਮਾਹੀਆ

ਲੰਘ ਗਿਆ ਵੇ ਮਾਹੀਆ
ਸਾਵਣ ਲੰਘ ਗਿਆ
ਸਾਰੀ ਧਰਤ ਲਲਾਰੀ
ਸਾਵੀ ਰੰਗ ਗਿਆ ।

ਹਾਣ ਮੇਰੇ ਦੀਆਂ ਕੁੜੀਆਂ ਚਿੜੀਆਂ,
ਬਾਗ਼ੀਂ ਪੀਂਘਾਂ ਪਾਈਆਂ
ਮੈਂ ਤੱਤੜੀ ਪਈ ਯਾਦ ਤੇਰੀ ਸੰਗ
ਖੇਡਾਂ ਪੂਣ ਸਲਾਈਆਂ
ਆਉਣ ਤੇਰੇ ਦਾ ਲਾਰਾ
ਸੂਲੀ ਟੰਗ ਗਿਆ
ਲੰਘ ਗਿਆ ਵੇ ਮਾਹੀਆ…।

ਵੇਖ ਘਟਾਂ ਵਿਚ ਉਡਦੇ ਬਗਲੇ
ਨੈਣਾਂ ਛਹਿਬਰ ਲਾਈ
ਆਪ ਤਾਂ ਤੁਰ ਗਿਉਂ ਲਾਮਾਂ ਉੱਤੇ
ਜਿੰਦ ਮੇਰੀ ਕੁਮਲਾਈ
ਕਾਲਾ ਬਿਸ਼ੀਅਰ ਨਾਗ
ਹਿਜਰ ਦਾ ਡੰਗ ਗਿਆ
ਲੰਘ ਗਿਆ ਵੇ ਮਾਹੀਆ…।

ਕੰਤ ਹੋਰਾਂ ਦੇ ਪਰਤੇ ਘਰ ਨੂੰ
ਤੂੰ ਕਿਓਂ ਦੇਰਾਂ ਲਾਈਆਂ
ਤੇਰੇ ਬਾਝੋਂ ਪਿੱਪਲ ਸੁੱਕ ਗਏ
ਤ੍ਰਿੰਞਣੀ ਗ਼ਮੀਆਂ ਛਾਈਆਂ
ਵਰ੍ਹਦਾ ਬੱਦਲ ਸਾਥੋਂ
ਅੱਥਰੂ ਮੰਗ ਗਿਆ
ਲੰਘ ਗਿਆ ਵੇ ਮਾਹੀਆ…।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ