Misc. Poetry : Baba Sheikh Farid Ji

ਫੁਟਕਲ ਰਚਨਾ : ਬਾਬਾ ਸ਼ੇਖ ਫ਼ਰੀਦ ਜੀ

ਕਾਫ਼ੀ

ਵਾਹ ਫ਼ਰੀਦਾ ਵਾਹੁ ਜਿਨ ਲਾਏ ਪ੍ਰੇਮ ਕਲੀ
ਸੁਨਤ ਫਰਜ਼ ਤਬਾਬੀਆ ਰੋਜੇ ਰਖਨ ਤੀਹ
ਜੂਸਫ ਖੂਹ ਵਗਾਇਆ, ਖੂਬੀ ਜਿਸ ਇਕੀਹ
ਢੂੰਢੇ ਵਿਚ ਬਾਜਾਰ ਦੇ ਨਾ ਦਸ ਲਏ ਨ ਵੀਹ
ਇਬਰਾਹੀਮ ਖਲੀਲ ਨੂੰ ਆਤਸ਼ ਭੱਠ ਮਲੀਹ
ਇਸਮਾਈਲ ਕੁਹਾਇਆ ਦੇ ਕੇ ਸਾਰ ਦਪੀਹ
ਸਾਬਰ ਕੀੜੇ ਘਡਿਆ, ਹੈ ਸੀ ਵਡਾ ਵਲੀਹ
ਜ਼ਕਰੀਆ ਚੀਰਿਆ ਦਰਖਤ ਵਿਚ ਕੀਤਾ ਡਲੀ ਡਲੀ
ਤਖਤਹੁ ਸੁਟਿਆ ਸੁਲੇਮਾਨ ਢੋਵੇ ਪਇਆ ਮਲੀਹ ॥
ਸਿਰ ਪਰ ਚਾਦੇ ਕਾਬੀਆਂ ਨ ਤਿਸ ਲਜ ਨ ਲੀਹ
ਹਜਰਤ ਦਾ ਦਾਮਾਦ ਸੀ ਚੜ੍ਹਿਆ ਉਠ ਮਲੀ
ਉਟਹੁ ਸੁਟੀ ਬਾਰੇ ਵਿਚ ਕਰਦੇ ਜ਼ਿਕਰ ਜਲੀ
ਲੇਖਾ ਤਿਨਾਂ ਭੀ ਦੇਵਣਾ, ਸਿਕਾ ਜਾਣ ਕਲੀ
ਬੇੜਾ ਡੁੱਬਾ ਨੁਹ ਦਾ, ਨਉ ਨੇਜੇ ਨੀਰ ਚੜ੍ਹੀ
ਮੂਸਾ ਨਠਾ ਮੌਤ ਤੇ, ਢੂੰਡੇ ਕਾਇ ਗਲੀ
ਚਾਰੇ ਕੂੰੰਡਾਂ ਢੂੰਢੀਆਂ ਅਗੇ ਮਉਤ ਖਲੀ
ਰੋਵੇ ਬੀਬੀ ਫਾਤਮਾ ਬੇਟੇ ਦੋਏ ਨਹੀ
ਮੈਂ ਕੀ ਫੇੜਿਆ ਰੱਬ ਦਾ ਮੇਰੀ ਜੋੜੀ ਖ਼ਾਕ ਰਲੀ
ਮਹਜਾਭਿ ਮਾਨੀ ਕੁਹਾਇਆ ਹੋਸੀ ਵਡਾ ਵਲੀ
ਪੀਰ ਪੈਕੰਬਰ ਅਉਲੀਏ, ਮਰਨਾ ਤਿੰਨਾਂ ਭਲੀ
ਬਿਨੇ ਚੇਤੇ ਕਿਛ ਨ ਮਿਲੈ ਪਹਿਰਾ ਕਰਨ ਕਲੀ
ਊਠ ਕਤਾਰਾਂ ਵੇਦੀਆਂ ਹਜ਼ਰਤ ਪਕੜ ਖਲੀ
ਕੁਦਰਤ ਕੇ ਕੁਰਬਾਨ ਹਉ ਆਗੇ ਹੋਰਿ ਚਲੀ
ਫ਼ਰੀਦਾ ਇਹ ਵਿਹਾਣੀ ਤਿਨਾ ਸਿਰ, ਸਾਡੀ ਕਿਆ ਚਲੀ ॥

……

ਆਵੋ ਸਖੀ ਸਹੇਲੀਓ ਮਿਲ ਮਸਲਤ ਗੋਈਏ
ਆਪੋ ਆਪਣੀ ਗਲ ਨੂੰ ਭਰ ਹੰਝੂ ਰੋਈਏ
ਖੇਡੇ ਲਾਲਚ ਲਗਿਆਂ ਮੈਂ ਉਮਰ ਗਵਾਈ
ਕਦੇ ਨ ਪੂਣੀ ਹੱਥ ਲੈ ਇਕ ਤੰਦੜੀ ਪਾਈ
ਚਰਖਾ ਮੇਰਾ ਰੰਗਲਾ ਬਹਿ ਘਾੜੁ ਘੜਾਇਆ
ਇਵੇਂ ਪੁਰਾਣਾ ਹੋ ਗਇਆ ਵਿਚ ਕੁਛੇ ਧਰਿਆ
ਕਤਣ ਵਲ ਨ ਆਇਓ ਨ ਚਘਨ(ਕਢਣ) ਕਸੀਦਾ
ਕਦੇ ਨ ਬੈਠੀ ਨਿਠ ਕੇ ਕਰਿ ਨੀਵਾ ਦੀਦਾ
ਨਾਲ ਕੁਚੱਜੀਆ ਬੈਠ ਕੇ ਕੋਈ ਚਜ ਨ ਲੀਤਾ
ਉਮਰ ਗਵਾਈ ਖੇਡ ਵਿਚ ਕੋਈ ਕੰਮ ਨ ਕੀਤਾ
ਕਰਾਂ ਕਪਾਹੋਂ ਵਟੀਆਂ ਤੇ ਕਣਕੋਂ ਬੂਰਾ
ਲਾਡਾਂ ਵਿਚ ਨ ਹੋਇਆ ਕੋਈ ਕੰਮੜਾ ਪੂਰਾ
ਕਤਣ ਵੇਲ ਨ ਆਇਆ ਨ ਚਕੀ ਚੁਲਾ
ਵਿਚ ਗਰੂਰੀ ਡੁਬ ਕੇ ਮੈਂ ਸਭ ਕਿਛ ਭੁਲਾ
ਕੋਈ ਕੰਮ ਨ ਸਿਖਿਆ ਜੇ ਸਹ ਨੂੰ ਭਾਵਾਂ
ਵੇਲਾ ਹਥ ਨ ਆਂਵਦਾ, ਹੁਣ ਪਛੋਤਾਵਾਂ
ਹੈ ਨੀ ਅੰਬੜੀ ਮੇਰੀਏ ਮੈਂ ਰੋਈ ਹਾਵੇ
ਉਹ ਸਹੁ ਮੇਰਾ ਸੋਹਣਾ, ਮੈਨੂੰ ਨਜ਼ਰ ਨ ਆਵੇ
ਮੈਂ ਭਰਵਾਸਾ ਆਦ ਦਾ ਨਿਤ ਡਰਦੀ ਆਹੀ
ਝਾਤੀ ਇਕ ਨ ਪਾਈਆ ਮੈਂ ਭਠ ਵਿਆਹੀ
ਆਪਣੇ ਮੰਦੇ ਹਾਲ ਨੂੰ ਨ ਮਿਲੇ, ਸਹੁ ਦੇਇ ਨ ਢੋਈ
ਜਾਂਞੀ ਮਾਞੀ ਬੈਠ ਕੇ ਰਲ ਮਸਲਤ ਚਾਈ
ਝਬਦੇ ਕਢੋ ਡੋਲੜੀ, ਹੁਣ ਢਿਲ ਨਾ ਕਾਈ
ਪਲ ਦੀ ਢਿਲ ਨ ਲਾਂਵਦੇ ਉਹ ਖਰੇ ਸਿਆਣੇ
ਹੁਣ ਕੀ ਹੋਂਦਾ ਆਖਿਆ, ਰੋ ਪਛੋਤਾਣੇ ॥
ਇਕ ਵਲ ਰੋਵੇ ਅੰਬੜੀ ਤੇ ਬਾਬਲ ਮੇਰਾ
ਅਚਣਚੇਤੇ ਆਇਆ ਸਾਨੂੰ ਜੰਗਲ ਡੇਰਾ
ਚੀਕ ਚਿਹਾੜਾ ਪੈ ਗਿਆ ਵਿਚ ਰੰਗ ਮਹਲੀ
ਰੋਵਣ ਜਾਰੀ ਹੋ ਰਿਹਾ ਹੁਣ ਸਭਨੀ ਵਲੀ
ਰਲ ਮਿਲ ਆਪ ਸਹੇਲੀਆਂ ਮੈਨੂੰ ਪਕੜ ਚਲਾਇਆ
ਜੋੜਾ ਪਕੜ ਸਹਾਨੜਾ ਮੇਰੇ ਗਲ ਪਾਇਆ
ਡੋਲੀ ਮੇਰੀ ਰੰਗਲੀ ਲੈ ਆਗੇ ਆਏ
ਬਾਹੋਂ ਪਕੜ ਚਲਾਇਆ ਲੈ ਬਾਹਰ ਧਾਏ
ਕਢ ਲੈ ਚਲੇ ਡੋਲੜੀ, ਕਿਸ ਕਰੇ ਪੁਕਾਰਾ
ਹੋਇ ਨਿਮਾਣੀ ਮੈਂ ਚਲੀ ਕੋਈ ਵਸ ਨ ਚਾਰਾ
ਅੰਬੜ ਬਾਬਲ ਤ੍ਰੈ ਭੈਣੇ ਤੇ ਸਭੇ ਸਹੀਆਂ
ਇਕ ਇਕਲੀ ਛਡ ਕੇ ਮੁੜ ਘਰ ਨੂੰ ਗਈਆਂ
ਹੁਣ ਕਿਉਂ ਕੇ ਬੈਠਿਓ ਗਲ ਪੀ ਪਿਆਰੇ
ਉਹ ਗੁਣਵੰਤਾ ਬਹੁਤ ਹੈ ਅਸੀਂ ਔਗੁਣਹਾਰੇ
ਨਾ ਕੁਛ ਦਾਜ ਨਾ ਰੂਪ ਹੈ ਨਾ ਗੁਣ ਹੈ ਪਲੇ
ਆਪਣੇ ਸਿਰ ਪਰ ਆ ਬਣੀ, ਅਸੀਂ ਇਕ ਇਕੱਲੇ
ਜਿਨੀ ਗੁਣੀ ਸਹੁ ਰਾਵੀਏ, ਮੈਨੂੰ ਸੋ ਗੁਣ ਨਾਹੀਂ
ਰੋ ਵੇ ਜੀਆ ਮੇਰਿਆ ਕਰ ਖਲੀਆਂ ਬਾਹੀਂ
ਨਾ ਹਥ ਬਧਾ ਗਾਨਣਾ ਨਾ ਵਟਣਾ ਲਾਇਆ
ਜੇਵਰ ਪੈਰੀਂ ਪਾਇ ਕੇ ਮੈਂ ਠਮਕ ਨ ਚਲੀ
ਕੂੜੀ ਗਲੀਂ ਲਗ ਕੇ ਮੈਂ, ਸਾਹ ਥੋ ਭੁਲੀ
ਨਾ ਨਕ ਬੇਸਰ ਪਾਈਆ ਨਾ ਕੰਨੀ ਝਮਕੇ
ਨਾ ਸਿਰ ਮਾਂਗ ਭਰਾਈਆ ਨਾ ਮਥੇ ਦਮਕੇ
ਨਾ ਗਲ ਹਾਰ ਹਮੇਲ ਹੇਠ ਨਾ ਮੁੰਦਰੀ ਛੱਲਾ
ਆਹਰ ਤਤੀ ਦਾ ਹੋ ਰਿਹਾ ਕੋਈ ਢੰਗ ਅਵੱਲਾ
ਬਾਜੂਬੰਦ ਨਾ ਬੰਧਿਆ ਨਹੀਂ ਕੰਗਣ ਪਾਏ
ਵਖਤ ਵਿਹਾਣਾ ਕੀ ਕਰਾਂ ਨੀ ਮੇਰੀਏ ਮਾਏ

ਆਸਾ ਫ਼ਰੀਦ
1

ਸਾਹਿਬ ਸਿਉਂ ਮਾਣ ਕਿਵੇਹਾਂ ਮਾਏ ਕੀਜੈ ਨੀ
ਕਿਆ ਕੁਝ ਭੇਟ ਸਾਹਿਬ ਕਉ ਮਾਏ ਦੀਜੈ ਨੀ
ਕਿਆ ਕੁਝ ਭੇਟ ਸਾਹਿਬ ਕਉ ਦੀਜੈ, ਪਲੈ ਮੇਰੇ ਨਾਹੀਂ
ਜੇ ਸ਼ਹੁ ਹੇਰੇ ਨਦਰ ਨਾ ਫੇਰੇ ਤਾ ਧਨ ਰਾਵੇ ਤਾਹੀਂ
ਸੋ ਵਖਰੁ ਮੇਰੇ ਪਲੂ ਨਾਹੀਂ ਜਿਤ ਸਾਹਿਬ ਕਾ ਮਨ ਰੀਝੈ
ਸਾਹਿਬ ਸਿਉਂ ਮਾਣ ਕਿਵੇਹਾਂ ਮਾਏ ਕੀਜੈ ॥੧॥

2

ਬਿਨ ਅਮਲਾਂ ਦੋਹਾਗਣਿ ਮਾਏ ਹੋਵਾਂ ਨੀ
ਕੈ ਪਹਿ ਦੁਖ ਇਕੇਲੀ, ਮਾਏ ਰੋਵਾਂ ਨੀ
ਕੈ ਪਹਿ ਦੁਖ ਇਕੇਲੀ ਰੋਵਾਂ, ਆਇ ਬਣੀ ਸਿਰ ਮੇਰੇ
ਜਾ ਕਾ ਕਾਣ ਤਾਣ ਸਭ ਰਸੀਆ, ਅਵਗਣ ਕਈ ਘਨੇਰੇ
ਸਹੁ ਪੜਨੇ ਸੀ ਪਕੜ ਚਲੇਸੀ, ਹਥ ਬੰਦ ਅਗੈ ਖਲੋਵਾਂ
ਬਿਨ ਅਮਲਾਂ ਦੋਹਾਗਣਿ ਮਾਏ ਹੋਵਾਂ ॥੨॥

3

ਨਾ ਰਸ ਜੀਭ ਨਾ ਰੂਪ ਨਾ, ਕਰੀ ਕਿਵੈਹਾ ਮਾਣਾ ਨੀ
ਨਾ ਗੁਣ ਮੰਤ ਨਾ ਕਾਮਣ ਮਾਏ ਜਾਣਾ ਨੀ
ਨਾ ਗੁਣ ਮੰਤ ਨਾ ਕਾਮਣ ਜਾਣਾ, ਕਿਉਂ ਕਰ ਸਹੁ ਨੂੰ ਭਾਵਾਂ
ਸਹੁ ਬਹੁਤੀਆਂ ਨਾਰੀ ਬਹੁ ਗੁਣਿਆਰੀ, ਕਿਤ ਬਿਧ ਦਰਸ਼ਨ ਪਾਵਾਂ
ਨਾ ਜਾਣਾ ਸਹੁ ਕਿਸੇ ਰਾਵੇਸੀ, ਮੇਰਾ ਜੀਉ ਨਿਮਾਣਾ
ਨਾ ਰਸ ਜੀਭ ਨਾ ਰੂਪ ਨਾ, ਕਰੀ ਕਿਵੈਹਾ ਮਾਣਾ ॥੩॥

4

ਬਿਨ ਗੁਰ ਨਿਸ ਦਿਨ ਫਿਰਾਂ ਨੀ ਮਾਏ, ਪਿਰ ਕੇ ਹਾਵੈ
ਅਉਗਣਿਆਰੀ ਨੂੰ ਕਿਉਂ ਕਰ ਕੰਤ ਵਸਾਵੈ
ਅਉਗਣਿਆਰੀ ਨੂੰ ਕਿਉਂ ਕੰਤ ਵਸਾਵੈ ਮੈਂ ਗੁਣ ਕੋਈ ਨਾਹੀ
ਸਹੁਰੇ ਜਾਸਾਂ ਤਾਂ ਪਛੁਤਾਸਾਂ, ਜਾਣਸਾਂ ਮਾਏ ਤਾਂਹੀ
ਮੇਰਾ ਸਾਹਿਬ ਚੰਗਾ ਗੁਣੀ ਦਿਹੰਦਾ, ਕਹੇ ਫ਼ਰੀਦੇ ਸੁਨਾਵੇ
ਬਿਨ ਗੁਰ ਨਿਸ ਦਿਨ ਫਿਰਾਂ ਨੀ ਮਾਏ, ਪਿਰ ਕੇ ਹਾਵੇ ॥੪॥

ਨਸੀਹਤ ਨਾਮਾ
5

ਸੁੰਨਤਿ ਫਰਜ਼ ਭਰੇਦਿਆਂ, ਰੋਜ਼ੇ ਰਖੇ ਤ੍ਰੀਹ
ਯੂਸਫ ਖੂਹ ਵਹਾਇਆ, ਖੂਬੀਆਂ ਜਿਸ ਇਕੀਹ
ਢੂੰਡੇ ਵਿਚ ਬਾਜ਼ਾਰ ਦੇ, ਨ ਦਹਿ ਲਹੈ ਨ ਵੀਹ
ਇਬ੍ਰਾਹੀਮ ਖਲੀਲ ਨੋ, ਆਤਸ਼ ਭਛਿ ਮਿਲੀਹ
ਬੇੜਾ ਡੁੱਬਾ ਨੁਹ ਦਾ, ਨਉ ਨੇਜੇ ਨੀਰ ਚੜ੍ਹੀ
ਜ਼ਕਰੀਆ ਚੀਰਿਓ ਦਰਖਤ ਵਿਚ, ਕੀਤੋ ਡਲੀ ਡਲੀ
ਸਾਬਰ ਕੀੜਸ ਭਛਿਆ, ਹੈਸੀ ਵੱਡਾ ਵਲੀ
ਮੂਸਾ ਨੱਠਾ ਮਉਤ ਤੇ, ਢੂੰਡਹਿ ਕਾਇ ਗਲੀ
ਚਾਰੇ ਕੁੰਡਾਂ ਢੂੰਡੀਆਂ, ਆਗੇ ਮਉਤ ਖਲੀ
ਰੋਵਹਿ ਬੀਬੀ ਫਾਤਮਾ, ਮੇਰੇ ਬੇਟੇ ਦੋਵੇਂ ਨਹੀ
ਮੈਂ ਕੀ ਫੇੜਿਆ ਰੱਬ ਦਾ, ਮੇਰੀ ਜੋੜੀ ਖ਼ਾਕ ਰਲੀ
ਪੀਰ ਪੈਗੰਬਰ ਅਉਲੀਏ, ਮਰਨਾ ਤਿਨ੍ਹਾਂ ਭਲੀ
ਬਿਨੇ ਚੇਤੇ ਕਿਛ ਨ ਮਿਲਹਿ ਪਹਿਰਾ ਕਰਨ ਕਲੀ
ਊਠ ਕਤਾਰਾਂ ਵੇਦੀਆਂ ਹਜ਼ਰਤਿ ਪਕੜ ਖਲੀ
ਉਪਰਿ ਊਠ ਚੜ੍ਹਾਇਆ,ਅੰਡੇ ਦੇਖਿ ਹਲੀ
ਫੋੜਿਆ ਅੰਡਾ ਇਕ ਡਿਨ ਰੋਸ਼ਨ ਜਗ ਚਲੀ
ਅਗੇ ਦੇਖੇ ਕੁਦਰਤੀ, ਸ਼ਹਿਰ ਬਾਜ਼ਾਰ ਗਲੀ
ਬਾਗ ਸ਼ਹਿਰ ਸਭ ਦੇਸ਼ ਡਹਿੰ, ਰਾਹੁ ਮੁਕਾਮੁ ਭਲੀ
ਤਯਬ ਕਹਰ ਖੇਡਦੇ, ਦੇਖਿ ਰਸੂਲ ਚਲੀ
ਆਪੇ ਬੋਲਹਿ ਦੇਖਹਿ ਆਉ
ਏਕ ਰਾਤਿ ਤਿਸਕੇ ਰਹੇ, ਕਿਆ ਪ੍ਰਤੀ ਤਤ ਭਲੀ
ਹਜ਼ਰਤ ਭਰਮ ਚੁਕਾਯਾ, ਖੋਇ ਈਮਾਨ ਚਲੀ
ਫਿਰਕੇ ਆਯਾ ਤਿਤ ਰਾਹੁ, ਜਿਥੇ ਗਇਆ ਜੁਲੀ
ਪੂਛਹਿ ਊਠ ਕਤਾਰ ਨੇ ਕਦਿਕੇ ਰਾਹਿ ਚਲੀ ?
ਸੱਭ ਜੁਗ ਚਲਤੇ ਵਾਪਰੇ, ਓੜਕ ਨਾਹਿ ਅਲੀ
ਸੌ ਸੌ ਊਠ ਕਤਾਰ ਹੈ ਆਗਾ ਪਾਛਾ ਨਹੀਂ
ਕੁਦਰਤ ਕੇ ਕੁਰਬਾਨ ਹਉਂ ਆਗੇ ਹੋਰ ਚਲੀ
ਫ਼ਰੀਦਾ ਇਹ ਵਿਹਾਣੀ ਤਿਨ੍ਹਾ ਸਿਰਿ, ਆਸਾਡੀ ਕਿਆ ਚਲੀ ॥

  • ਮੁੱਖ ਪੰਨਾ : ਬਾਣੀ/ਕਲਾਮ, ਬਾਬਾ ਸ਼ੇਖ ਫ਼ਰੀਦ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ