Mirza-Sahiban Lok Kaav
ਮਿਰਜ਼ਾ-ਸਾਹਿਬਾਂ ਲੋਕ ਕਾਵਿ ਵਿੱਚ
1
ਹੁਜ਼ਰੇ ਸ਼ਾਹ ਹਕੀਮ ਦੇ
ਇੱਕ ਜੱਟੀ ਅਰਜ਼ ਕਰੇ
ਮੈਂ ਬੱਕਰਾ ਦੇਨੀ ਆਂ ਪੀਰ ਦਾ
ਮੇਰਾ ਸਿਰ ਦਾ ਕੰਤ ਮਰੇ
ਪੰਜ ਸੱਤ ਮਰਨ ਗਵਾਂਢਣਾਂ
ਰਹਿੰਦੀਆਂ ਨੂੰ ਤਾਪ ਚੜ੍ਹੇ
ਹੱਟੀ ਢਹੇ ਕਰਾੜ ਦੀ
ਜਿੱਥੇ ਦੀਵਾ ਨਿਤ ਬਲ਼ੇ
ਕੁੱਤੀ ਮਰੇ ਫ਼ਕੀਰ ਦੀ
ਜਿਹੜੀ ਚਊਂ-ਚਊਂ ਨਿੱਤ ਕਰੇ
ਗਲ਼ੀਆਂ ਹੋਵਣ ਸੁੰਨੀਆਂ
ਵਿੱਚ ਮਿਰਜ਼ਾ ਯਾਰ ਫਿਰੇ
2
ਦੱਖਣ ਦੇ ਵੱਲੋਂ ਚੜ੍ਹੀਆਂ ਨੇ ਨ੍ਹੇਰੀਆਂ
ਉਡਦੇ ਨੇ ਗ਼ਰਦ ਗਵਾਰ
ਬੁਲਬੁਲਾਂ ਵਰਗੀਆਂ ਘੋੜੀਆਂ
ਉੱਤੇ ਵੀਰਾਂ ਜਿਹੇ ਅਸਵਾਰ
ਹੱਥੀਂ ਤੇਗਾਂ ਨੰਗੀਆਂ
ਕਰਦੇ ਮਾਰੋ ਮਾਰ
ਵੇ ਤੂੰ ਹੇਠਾਂ ਜੰਡ ਦੇ ਸੌਂ ਗਿਐਂ
ਜੱਟਾ ਕਰਕੇ ਆ ਗਿਆ ਵਾਰ
ਤੈਨੂੰ ਭੱਜੇ ਨੂੰ ਜਾਣ ਨਾ ਦੇਣਗੇ
ਜੱਟਾ ਜਾਨੋਂ ਦੇਣਗੇ ਮਾਰ
3
ਭੱਤੇ 'ਚੋਂ ਕੱਢ ਲਿਆ ਜੱਟ ਨੇ ਟੋਲ਼ ਕੇ
ਰੰਗ ਦਾ ਸੁਨਿਹਰੀ ਤੀਰ
ਮਾਰਿਆਂ ਜੱਟ ਨੇ ਮੁੱਛਾਂ ਕੋਲ਼ੋਂ ਵੱਟ ਕੇ
ਉੱਡ ਗਿਆ ਵਾਂਗ ਭੰਬੀਰ
ਪੰਜ ਸੱਤ ਲਾਹ ਲਏ ਘੋੜਿਓਂ
ਨੌਵਾਂ ਲਾਹਿਆ ਸਾਹਿਬਾਂ ਦਾ ਵੀਰ
ਸਾਹਿਬਾਂ ਡਿੱਗਦੇ ਭਰਾਵਾਂ ਨੂੰ ਦੇਖ ਕੇ
ਅੱਖੀਓਂ ਸੁੱਟਦੀ ਨੀਰ
ਆਹ ਕੀ ਕੀਤਾ ਮਿਰਜ਼ਿਆ ਖ਼ੂਨੀਆ
ਹੋਰ ਨਾ ਚਲਾਈਂ ਐਸਾ ਤੀਰ
ਅਸੀਂ ਇੱਕ ਢਿੱਡ ਲੱਤਾਂ ਦੇ ਲਈਆਂ
ਇੱਕੋ ਮਾਂ ਦਾ ਚੁੰਘਿਆ ਸੀਰ
4
ਵਿੰਗ ਤੜਿੰਗੀਏ ਟਾਹਲੀਏ
ਤੇਰੇ ਹੇਠ ਮਿਰਜ਼ੇ ਦੀ ਡੋਰ
ਜਿੱਥੇ ਮਿਰਜ਼ਾ ਵੱਢਿਆ
ਓਥੇ ਰੋਣ ਤਿੱਤਰ ਤੇ ਮੋਰ
ਮਹਿਲਾਂ 'ਚ ਰੋਂਦੀਆਂ ਰਾਣੀਆਂ
ਕਬਰਾਂ 'ਚ ਰੋਂਦੇ ਚੋਰ
5
ਦਾਨਾਬਾਦ ਸੀ ਪਿੰਡ ਦੋਸਤੋ
ਵਿੱਚ ਬਾਰ ਦੇ ਭਾਰਾ
ਮੁਸਲਮਾਨ ਸੀ ਕੌਮ ਓਸਦੀ
ਚੰਗਾ ਕਰੇ ਗੁਜ਼ਾਰਾ
ਪੰਜ ਪੁੱਤਰ ਸੋਹੇ ਬਿੰਝਲ ਦੇ
ਓਹਦਾ ਭਾਗ ਨਿਆਰਾ
ਮਾਂ ਮਿਰਜ਼ੇ ਦੀ ਨਾਮ ਨਸੀਬੋ
ਦੁੱਧ ਪੁੱਤ ਪ੍ਰਵਾਰਾ
ਮਿਰਜ਼ਾ ਮਾਪਿਆਂ ਨੂੰ
ਸੌ ਪੁੱਤਰਾਂ ਤੋਂ ਪਿਆਰਾ
6
ਤੇਰੀ ਮੇਰੀ ਲੱਗੀ ਦੋਸਤੀ
ਪੜ੍ਹਦਾ ਨਾਲ ਪਿਆਰਾਂ
ਸਾਹਿਬਾਂ ਨਾਲ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ
ਮਿਰਜ਼ੇ ਯਾਰ ਦੀਆਂ
ਘਰ ਘਰ ਛਿੜੀਆਂ ਵਾਰਾਂ
7
ਸੌ ਸੌ ਕੋਹ ਤੋਂ ਚੜ੍ਹੀ ਲੁਕਾਈ
ਮਿਰਜ਼ਾ ਵੇਖਣ ਆਵੇ
ਬਈ ਮਿਰਜ਼ਾ ਖ਼ਰਲਾਂ ਦਾ
ਅੱਜ ਵੱਧ ਕੇ ਬੋਲੀ ਪਾਵੇ
8
ਹੀਰਿਆਂ ਹਰਨਾਂ ਬਾਗ਼ੀਂ ਚਰਨਾ
ਬਾਗੀਂ ਤਾਂ ਹੋ ਗਈ ਚੋਰੀ
ਪਹਿਲੋਂ ਲੰਘ ਗਿਆ ਕੈਂਠੇ ਵਾਲ਼ਾ
ਮਗਰੋਂ ਲੰਘ ਗਈ ਗੋਰੀ
ਬੁੱਕ ਬੁੱਕ ਰੋਂਦੀ ਸਾਹਿਬਾਂ ਬਹਿ ਕੇ
ਜਿੰਦ ਗ਼ਮਾਂ ਨੇ ਖੋਰੀ
ਕੂਕਾਂ ਪੈਣਗੀਆਂ
ਨਿਹੁੰ ਨਾ ਲੱਗਦੇ ਜ਼ੋਰੀ
(ਪੰਜਾਬ ਦੇ ਲੋਕ ਨਾਇਕ: ਸੁਖਦੇਵ ਮਾਦਪੁਰੀ ਵਿੱਚੋਂ)