“ਮਿਰਗਾਵਲੀ” ਵਿੱਚ ਆਧੁਨਿਕ ਗ਼ਜ਼ਲ ਦਾ ਰੂਪ-ਵਿਕਾਸ ਅਤੇ ਕਲਾਤਮਿਕ ਸੰਰਚਨਾ - ਹਰਪ੍ਰੀਤ ਕੁਮਾਰ

ਭੂਮਿਕਾ (Introduction)

ਗ਼ਜ਼ਲ ਵਿਸ਼ਵ ਕਾਵਿ-ਪਰੰਪਰਾ ਦੀ ਇੱਕ ਸੁਪ੍ਰਸਿੱਧ ਅਤੇ ਸੰਰਚਿਤ ਵਿਧਾ ਹੈ, ਜਿਸਦੀ ਉਤਪੱਤੀ ਅਰਬੀ ਸਾਹਿਤਕ ਧਾਰਾ ਵਿੱਚੋਂ ਹੋਈ ਮੰਨੀ ਜਾਂਦੀ ਹੈ। ਅਰਬੀ ਤੋਂ ਇਹ ਫ਼ਾਰਸੀ ਵਿੱਚ ਆਈ ਅਤੇ ਉਥੋਂ ਉਰਦੂ ਰਾਹੀਂ ਭਾਰਤੀ ਉਪ ਮਹਾਂਦੀਪ ਦੀਆਂ ਹੋਰ ਭਾਸ਼ਾਵਾਂ ਵਿੱਚ ਪ੍ਰਵੇਸ਼ ਕਰ ਗਈ। ਸਮੇਂ ਦੇ ਨਾਲ ਗ਼ਜ਼ਲ ਨੇ ਆਪਣੀ ਰੂਪ-ਰਚਨਾ ਅਤੇ ਭਾਵ-ਵਿਸ਼ਾਲਤਾ ਵਿੱਚ ਲਚਕੀਲਾਪਨ ਦਿਖਾਇਆ, ਜਿਸ ਕਾਰਨ ਇਹ ਵਿਧਾ ਪ੍ਰੇਮ-ਰਸ ਤੱਕ ਸੀਮਿਤ ਨਾ ਰਹਿ ਕੇ ਅਸਤਿਤਵੀ ਪੀੜ, ਸਮਾਜਿਕ ਵਿਸੰਗਤੀਆਂ ਅਤੇ ਆਧੁਨਿਕ ਮਨੁੱਖ ਦੀ ਸੰਕਟ-ਚੇਤਨਾ ਦੀ ਅਭਿਵਿਅਕਤੀ ਦਾ ਮਜ਼ਬੂਤ ਮਾਧਿਅਮ ਬਣੀ ਗਈ ਹੈ। ਗ਼ਜ਼ਲ ਦੀ ਮੁੱਖ ਵਿਸ਼ੇਸ਼ਤਾ ਇਸਦੀ ਲੈਅ , ਸੰਕੇਤ ਅਭਿਵਿਅਕਤੀ ਅਤੇ ਸ਼ੇਅਰ-ਕੇਂਦ੍ਰਿਤ ਸੰਰਚਨਾ ਹੈ, ਜੋ ਇਸਨੂੰ ਹੋਰ ਕਾਵਿ-ਰੂਪਾਂ ਤੋਂ ਵਿਲੱਖਣ ਬਣਾਉਂਦੀ ਹੈ।

ਪੰਜਾਬੀ ਸਾਹਿਤ ਵਿੱਚ ਗ਼ਜ਼ਲ ਦਾ ਪ੍ਰਵੇਸ਼ ਉਰਦੂ-ਫ਼ਾਰਸੀ ਪ੍ਰਭਾਵਾਂ ਦੇ ਮਾਧਿਅਮ ਨਾਲ ਹੋਇਆ, ਪਰ ਪੰਜਾਬੀ ਕਵੀਆਂ ਨੇ ਇਸਨੂੰ ਸਿਰਫ਼ ਅਨੁਕਰਣ ਤੱਕ ਸੀਮਿਤ ਨਹੀਂ ਰੱਖਿਆ, ਉਨ੍ਹਾਂ ਨੇ ਆਪਣੇ ਸਮਾਜਿਕ-ਸੰਸਕ੍ਰਿਤਿਕ ਅਨੁਭਵਾਂ ਨੂੰ ਗ਼ਜ਼ਲ ਦੇ ਅੰਦਰ ਸਮਾਵੇਸ਼ ਕਰਾਰੇ ਇਸਨੂੰ ਮੂਲ ਅਤੇ ਜੀਵੰਤ ਰੂਪ ਦਿੱਤਾ ਹੈ। ਮੋਹਨ ਸਿੰਘ ਤੋਂ ਲੈ ਕੇ ਸਮਕਾਲੀ ਕਵੀਆਂ ਤੱਕ ਪੰਜਾਬੀ ਗ਼ਜ਼ਲ ਨੇ ਕਈ ਪੜਾਵਾਂ ਤੈਅ ਕੀਤੇ ਹਨ। ਆਧੁਨਿਕ ਦੌਰ ਵਿੱਚ ਪੰਜਾਬੀ ਗ਼ਜ਼ਲ ਰੂਮਾਨੀ ਅਹਿਸਾਸ ਦੇ ਨਾਲ-ਨਾਲ ਸਮਾਜਿਕ ਸਚਾਈ, ਰਾਜਨੀਤਿਕ ਵਿਸੰਗਤੀ ਅਤੇ ਮਨੁੱਖੀ ਅਸਥਿਰਤਾ ਦਾ ਪ੍ਰਗਟਾ ਰੂਪ ਬਣ ਕੇ ਉਭਰੀ ਹੈ। ਇਸ ਪ੍ਰਸੰਗ ਵਿੱਚ ਪੰਜਾਬੀ ਗ਼ਜ਼ਲ ਨੇ ਆਪਣੀ ਖ਼ਾਸ ਪਛਾਣ ਕਾਇਮ ਕੀਤੀ ਹੈ।

ਇਸ ਕਾਵਿ-ਧਾਰਾ ਵਿੱਚ ਗੁਰਭਜਨ ਗਿੱਲ ਦਾ ਨਾਮ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਹ ਸਮਕਾਲੀ ਪੰਜਾਬੀ ਕਵਿਤਾ ਅਤੇ ਗ਼ਜ਼ਲ ਦੇ ਅਹਿਮ ਸੁਰਾਂ ਵਿੱਚ ਸ਼ੁਮਾਰ ਹੁੰਦੇ ਹਨ। ਇਸ ਗ਼ਜ਼ਲ ਸੰਗ੍ਰਹਿ ਵਿੱਚ ਰੂਹਾਨੀ ਮਧੁਰਤਾ ਦੇ ਨਾਲ-ਨਾਲ ਸਮਾਜਿਕ ਸੰਵੇਦਨਾਂ, ਸੱਭਿਆਚਾਰਕ ਚੇਤਨਾ ਅਤੇ ਮਨੁੱਖੀ ਅੰਦਰੂਨੀ ਸੰਘਰਸ਼ ਦੀ ਗਹਿਰਾਈ ਵੀ ਮਿਲਦੀ ਹੈ। ਉਨ੍ਹਾਂ ਦੀ ਕਾਵਿ-ਭਾਸ਼ਾ ਸੰਵੇਦਨਸ਼ੀਲ ਅਤੇ ਸੰਜਮਈ ਹੈ। ਕਾਵਿ ਬਿੰਬ-ਰਚਨਾ ਪ੍ਰਭਾਵਸ਼ਾਲੀ ਹੈ। “ਮਿਰਗਾਵਲੀ” ਉਨ੍ਹਾਂ ਦਾ ਇੱਕ ਮਹੱਤਵਪੂਰਨ ਗ਼ਜ਼ਲ-ਸੰਗ੍ਰਹਿ ਹੈ, ਜਿਸ ਵਿੱਚ ਉਨ੍ਹਾਂ ਦੀ ਰਚਨਾਤਮਕ ਦ੍ਰਿਸ਼ਟੀ ਅਤੇ ਕਲਾਤਮਕ ਪੱਕੜ ਸਪਸ਼ਟ ਤੌਰ ’ਤੇ ਪ੍ਰਗਟ ਹੁੰਦੀ ਹੈ।

ਇਸ ਸੰਗ੍ਰਹਿ ਵਿੱਚ ਆਧੁਨਿਕ ਪੰਜਾਬੀ ਗ਼ਜ਼ਲ ਦੇ ਕਈ ਕੇਂਦਰੀ ਪ੍ਰਵਾਹ ਇਕੱਠੇ ਹੋ ਕੇ ਸਾਹਮਣੇ ਆਉਂਦੇ ਹਨ—ਜਿਵੇਂ ਰੂਹਾਨੀ ਅਹਿਸਾਸ, ਅਸਤਿਤਵੀ ਵੇਦਨਾ, ਸਮਾਜਿਕ ਚਿੰਤਾ ਅਤੇ ਪ੍ਰਤੀਕਾਤਮਕ ਅਭਿਵਿਅਕਤੀ ਆਦਿ। ਇਸ ਰਚਨਾ-ਸੰਸਾਰ ਦਾ ਵਿਧੀਵੱਤ ਅਧਿਐਨ ਨਾ ਸਿਰਫ਼ ਗੁਰਭਜਨ ਗਿੱਲ ਦੀ ਕਾਵਿ-ਦ੍ਰਿਸ਼ਟੀ ਨੂੰ ਸਮਝਣ ਵਿੱਚ ਸਹਾਇਕ ਹੈ, ਸਗੋਂ ਸਮਕਾਲੀ ਪੰਜਾਬੀ ਗ਼ਜ਼ਲ ਦੇ ਰੁਝਾਨਾਂ ਦੀ ਪਛਾਣ ਲਈ ਵੀ ਮਹੱਤਵਪੂਰਨ ਹੈ। ਇਸ ਖੋਜ ਪੱਤਰ ਦਾ ਮੁੱਖ ਉਦੇਸ਼ “ਮਿਰਗਾਵਲੀ” ਵਿੱਚ ਨਿਹਿਤ ਭਾਵ-ਧਾਰਾਵਾਂ, ਗਜ਼ਲ ਦੇ ਸਿਧਾਂਤਕ ਸੰਕਲਪਾਂ, ਸ਼ਿਲਪਕਾਰੀ ਵਿਸ਼ੇਸ਼ਤਾਵਾਂ ਅਤੇ ਭਾਸ਼ਾਈ ਸੁੰਦਰਤਾ ਦਾ ਵਿਸ਼ਲੇਸ਼ਣ ਕਰਨਾ ਹੈ।

ਗ਼ਜ਼ਲ ਦਾ ਸਿਧਾਂਤਿਕ ਪਿਛੋਕੜ

ਗ਼ਜ਼ਲ ਕਾਵਿ ਦੀ ਉਹ ਸੰਰਚਿਤ ਵਿਧਾ ਹੈ ਜੋ ਸੰਕੇਤਮਈ ਅਭਿਵਿਅਕਤੀ, ਲੈਆਤਮਕ ਸੰਰਚਨਾ ਅਤੇ ਸ਼ੇਅਰ-ਕੇਂਦ੍ਰਿਤ ਬਣਤਰ ਦੇ ਕਾਰਨ ਵਿਸ਼ੇਸ਼ ਮਹੱਤਵ ਰੱਖਦੀ ਹੈ। ਪਰਿਭਾਸ਼ਾਤਮਕ ਤੌਰ ’ਤੇ ਗ਼ਜ਼ਲ ਉਹ ਕਾਵਿ-ਰੂਪ ਹੈ ਜੋ ਮੁਕੰਮਲ ਤੌਰ ’ਤੇ ਸਮਾਨ ਬਹਿਰ ਵਿੱਚ ਕਹੇ ਗਏ ਖੁਦਮੁਖਤਿਆਰ ਸ਼ੇਅਰਾਂ ਦੀ ਲੜੀ ਤੋਂ ਬਣਦੀ ਹੈ, ਜਿੱਥੇ ਹਰ ਸ਼ੇਅਰ ਅਲੱਗ ਅਰਥਕ ਇਕਾਈ ਹੋਣ ਦੇ ਬਾਵਜੂਦ ਇੱਕ ਸਾਂਝੇ ਕਾਫੀਆ-ਰਦੀਫ਼ ਅਤੇ ਲੈਅ ਬੰਧਨ ਨਾਲ ਜੁੜਿਆ ਹੁੰਦਾ ਹੈ। ਇਸਦੀ ਜੜ ਅਰਬੀ-ਫ਼ਾਰਸੀ ਪਰੰਪਰਾ ਵਿੱਚ ਹੈ, ਪਰ ਉਰਦੂ ਰਾਹੀਂ ਇਸਨੇ ਭਾਰਤੀ ਭਾਸ਼ਾਵਾਂ, ਖ਼ਾਸ ਕਰਕੇ ਪੰਜਾਬੀ ਵਿੱਚ, ਆਪਣਾ ਵਿਲੱਖਣ ਰੂਪ ਅਖਤਿਆਰ ਕੀਤਾ ਹੈ। ਗ਼ਜ਼ਲ ਦੀ ਰੂਹ ਸੰਕੇਤ, ਸੰਕੋਚ ਅਤੇ ਸੰਗੀਤਮਈ ਸੰਰਚਨਾ ਵਿੱਚ ਵੱਸਦੀ ਹੈ, ਜਿਸ ਕਰਕੇ ਇਹ ਸਿਰਫ਼ ਕਥਨ ਨਹੀਂ, ਸਗੋਂ ਅਨੁਭੂਤੀ ਦੀ ਅਭੀਵਿਅਕਤੀ ਬਣ ਜਾਂਦੀ ਹੈ।

ਗ਼ਜ਼ਲ ਦੀ ਸਭ ਤੋਂ ਮੂਲ ਇਕਾਈ ਸ਼ੇਅਰ ਹੈ, ਜਿਸਦੀ ਖੁਦਮੁਖਤਿਆਰੀ ਇਸ ਵਿਧਾ ਦੀ ਕੇਂਦਰੀ ਵਿਸ਼ੇਸ਼ਤਾ ਮੰਨੀ ਜਾਂਦੀ ਹੈ। ਹਰ ਸ਼ੇਅਰ ਦੋ ਮਿਸਰਿਆਂ ਤੋਂ ਬਣਦਾ ਹੈ ਅਤੇ ਅਰਥਕ ਤੌਰ ’ਤੇ ਪੂਰਨ ਹੁੰਦਾ ਹੈ। ਗ਼ਜ਼ਲ ਦੀ ਸੰਰਚਨਾ ਵਿੱਚ ਇਹ ਲਾਜ਼ਮੀ ਨਹੀਂ ਕਿ ਸਾਰੇ ਸ਼ੇਅਰ ਇਕੋ ਕਥਾ-ਧਾਰਾ ਨਾਲ ਜੁੜੇ ਹੋਣ; ਬਲਕਿ ਹਰ ਸ਼ੇਅਰ ਆਪਣਾ ਵੱਖਰਾ ਮਜ਼ਮੂਨ ਪੇਸ਼ ਕਰ ਸਕਦਾ ਹੈ। ਇਹ ਖੁਦਮੁਖਤਿਆਰੀ ਗ਼ਜ਼ਲ ਨੂੰ ਹੋਰ ਕਾਵਿ-ਰੂਪਾਂ ਜਿਵੇਂ ਕਥਾ ਕਾਵਿ ਜਾਂ ਨਜ਼ਮ ਤੋਂ ਵੱਖਰਾ ਕਰਦੀ ਹੈ। ਹਾਲਾਂਕਿ ਉੱਤਮ ਗ਼ਜ਼ਲ ਵਿੱਚ ਅਕਸਰ ਇੱਕ ਅੰਦਰੂਨੀ ਭਾਵੁਕ ਏਕਤਾ ਜਾਂ ਮਾਹੌਲ ਦੀ ਲਗਾਤਾਰਤਾ ਵੀ ਮਹਿਸੂਸ ਹੁੰਦੀ ਹੈ, ਜੋ ਕਵੀ ਦੀ ਕਲਾਤਮਕ ਪੱਕੜ ਦਾ ਪ੍ਰਮਾਣ ਹੁੰਦੀ ਹੈ।

ਗ਼ਜ਼ਲ ਦੀ ਰਚਨਾਤਮਕ ਬਣਤਰ ਵਿੱਚ ਮਤਲਾ ਅਤੇ ਮਕਤਾ ਵਿਸ਼ੇਸ਼ ਅਹਿਮੀਅਤ ਰੱਖਦੇ ਹਨ। ਮਤਲਾ ਗ਼ਜ਼ਲ ਦਾ ਪਹਿਲਾ ਸ਼ੇਅਰ ਹੁੰਦਾ ਹੈ ਜਿਸਦੇ ਦੋਵੇਂ ਮਿਸਰਿਆਂ ਵਿੱਚ ਕਾਫੀਆ ਅਤੇ ਰਦੀਫ਼ ਦੀ ਪਾਬੰਦੀ ਹੁੰਦੀ ਹੈ। ਇਹ ਗ਼ਜ਼ਲ ਦੀ ਸੰਗੀਤਮਈ ਯੋਜਨਾ ਨੂੰ ਸਥਾਪਿਤ ਕਰਦਾ ਹੈ ਅਤੇ ਅਗਲੇ ਸ਼ੇਅਰਾਂ ਲਈ ਛੰਦਾਤਮਕ ਮਾਪਦੰਡ ਨਿਰਧਾਰਤ ਕਰਦਾ ਹੈ। ਮਕਤਾ ਗ਼ਜ਼ਲ ਦਾ ਆਖ਼ਰੀ ਸ਼ੇਅਰ ਹੁੰਦਾ ਹੈ, ਜਿਸ ਵਿੱਚ ਆਮ ਤੌਰ ’ਤੇ ਸ਼ਾਇਰ ਆਪਣਾ ਤਖ਼ੱਲੁਸ ਵਰਤਦਾ ਹੈ। ਮਕਤਾ ਕੇਵਲ ਰਵਾਇਤੀ ਰਸਮ ਨਹੀਂ, ਸਗੋਂ ਕਵੀ ਦੀ ਸਵੈ-ਉਪਸਥਿਤੀ ਦਾ ਕਲਾਤਮਕ ਪ੍ਰਗਟਾਵਾ ਵੀ ਹੈ। ਕਈ ਵਾਰ ਮਕਤਾ ਵਿੱਚ ਆਤਮ-ਚਿੰਤਨ, ਵਿਅੰਗ ਜਾਂ ਸੰਕੇਤਮਈ ਨਿਸ਼ਕਰਸ਼ ਦੀ ਰੂਪ-ਰੇਖਾ ਮਿਲਦੀ ਹੈ।

ਗ਼ਜ਼ਲ ਦੀ ਸੰਗੀਤਮਈ ਸੁੰਦਰਤਾ ਦਾ ਕੇਂਦਰ ਕਾਫੀਆ ਅਤੇ ਰਦੀਫ਼ ਹਨ। ਕਾਫੀਆ ਉਹ ਤਕਰਾਰਯੋਗ ਧੁਨੀ-ਸਮਾਨਤਾ ਹੈ ਜੋ ਰਦੀਫ਼ ਤੋਂ ਠੀਕ ਪਹਿਲਾਂ ਆਉਂਦੀ ਹੈ, ਜਦਕਿ ਰਦੀਫ਼ ਉਹ ਸ਼ਬਦ ਜਾਂ ਸ਼ਬਦ-ਸਮੂਹ ਹੈ ਜੋ ਹਰ ਸੰਬੰਧਿਤ ਮਿਸਰੇ ਦੇ ਅੰਤ ਵਿੱਚ ਜਿਉਂ ਦਾ ਤਿਉਂ ਦੁਹਰਾਇਆ ਜਾਂਦਾ ਹੈ। ਮਤਲੇ ਦੇ ਦੋਵੇਂ ਮਿਸਰਿਆਂ ਵਿੱਚ ਕਾਫੀਆ-ਰਦੀਫ਼ ਆਉਂਦੇ ਹਨ, ਜਦਕਿ ਬਾਕੀ ਸ਼ੇਅਰਾਂ ਦੇ ਸਿਰਫ਼ ਦੂਜੇ ਮਿਸਰੇ ਵਿੱਚ ਇਹ ਬੰਧਨ ਨਿਭਾਇਆ ਜਾਂਦਾ ਹੈ। ਰਦੀਫ਼ ਗ਼ਜ਼ਲ ਨੂੰ ਗਾਉਣ ਲਈ ਲੈਅ ਦਿੰਦਾ ਹੈ, ਜਦਕਿ ਕਾਫੀਆ ਧੁਨੀ ਦੀ ਸੁੰਦਰਤਾ ਅਤੇ ਸੰਰਚਨਾਤਮਕ ਇਕਰੂਪਤਾ ਨੂੰ ਮਜ਼ਬੂਤ ਕਰਦੀ ਹੈ। ਇਨ੍ਹਾਂ ਦੋਹਾਂ ਦੀ ਸੁਚਾਰੂ ਵਰਤੋਂ ਗ਼ਜ਼ਲਕਾਰ ਦੀ ਤਕਨੀਕੀ ਗਿਆਨ ਦਾ ਪ੍ਰਮਾਣ ਹੁੰਦੀ ਹੈ।

ਗ਼ਜ਼ਲ ਦੀ ਛੰਦਾਤਮਕ ਮਜ਼ਬੂਤੀ ਬਹਿਰ ’ਤੇ ਨਿਰਭਰ ਕਰਦੀ ਹੈ। ਬਹਿਰ ਅਸਲ ਵਿੱਚ ਛੰਦ ਦਾ ਉਹ ਨਿਰਧਾਰਿਤ ਮਾਪ ਹੈ ਜਿਸ ਅਨੁਸਾਰ ਗ਼ਜ਼ਲ ਦੇ ਸਾਰੇ ਸ਼ੇਅਰ ਕਹੇ ਜਾਂਦੇ ਹਨ। ਫ਼ਾਰਸੀ-ਉਰਦੂ ਪਰੰਪਰਾ ਵਿੱਚ ਬਹਿਰ ਦੀਆਂ ਕਈ ਕਿਸਮਾਂ ਮੰਨੀਆਂ ਗਈਆਂ ਹਨ। ਹਰ ਬਹਿਰ ਦੀ ਆਪਣੀ ਲੈਅ ਬਣਤਰ ਹੁੰਦੀ ਹੈ, ਜਿਸਦੀ ਪਾਬੰਦੀ ਗ਼ਜ਼ਲ ਦੀ ਸੰਗੀਤਮਈ ਅਨੁਸ਼ਾਸਨਤਾ ਨੂੰ ਬਣਾਈ ਰੱਖਦੀ ਹੈ। ਪੰਜਾਬੀ ਗ਼ਜ਼ਲਕਾਰਾਂ ਨੇ ਵੀ ਬਹਿਰ ਦੀ ਇਸ ਪਰੰਪਰਾ ਨੂੰ ਅਪਣਾਇਆ ਹੈ, ਪਰ ਕਈ ਵਾਰ ਉਨ੍ਹਾਂ ਨੇ ਭਾਸ਼ਾਈ ਸੁਭਾਅ ਅਨੁਸਾਰ ਲਚਕ ਵੀ ਦਿਖਾਈ ਹੈ। ਬਹਿਰ ਦੀ ਸਹੀ ਪਾਬੰਦੀ ਗ਼ਜ਼ਲ ਦੀ ਕਲਾਤਮਕ ਪੱਕੜ ਦਾ ਮਹੱਤਵਪੂਰਨ ਮਾਪਦੰਡ ਮੰਨੀ ਜਾਂਦੀ ਹੈ।

ਗ਼ਜ਼ਲ ਦੀ ਰੂਹ ਨੂੰ ਨਵੀਂ ਚਮਕ ਦੇਣ ਵਾਲਾ ਤੱਤ ਮਜ਼ਮੂਨ ਆਫ਼ਰੀਨੀ ਹੈ, ਜਿਸਦਾ ਅਰਥ ਹੈ ਨਵੇਂ ਵਿਸ਼ੇ ਜਾਂ ਪੁਰਾਣੇ ਵਿਸ਼ਿਆਂ ਦੀ ਨਵੀਂ ਅਭਿਵਿਅਕਤੀ ਦੀ ਰਚਨਾ ਤੋਂ ਹੈ। ਰਵਾਇਤੀ ਗ਼ਜ਼ਲ ਵਿੱਚ ਇਸ਼ਕ, ਵਿਛੋੜਾ ਅਤੇ ਸੂਫ਼ੀਆਨਾ ਸੰਕੇਤ ਪ੍ਰਮੁੱਖ ਰਹੇ ਹਨ, ਪਰ ਆਧੁਨਿਕ ਗ਼ਜ਼ਲ ਨੇ ਸਮਾਜਿਕ ਵਿਸੰਗਤੀਆਂ, ਰਾਜਨੀਤਿਕ ਚੇਤਨਾ ਅਤੇ ਅਸਤਿਤਵਿਕ ਬੇਚੈਨੀ ਨੂੰ ਵੀ ਆਪਣਾ ਵਿਸ਼ਾ ਬਣਾਇਆ ਹੈ। ਮਜ਼ਮੂਨ ਆਫ਼ਰੀਨੀ ਸਿਰਫ਼ ਨਵੇਂ ਵਿਸ਼ੇ ਲਿਆਉਣ ਦਾ ਨਾਮ ਨਹੀਂ, ਸਗੋਂ ਪ੍ਰਤੀਕ, ਬਿੰਬ ਅਤੇ ਭਾਸ਼ਾਈ ਤਾਜਗੀ ਰਾਹੀਂ ਅਨੁਭੂਤੀ ਨੂੰ ਨਵਾਂ ਰੂਪ ਦੇਣ ਦੀ ਕਲਾ ਹੈ। ਉੱਤਮ ਗ਼ਜ਼ਲਕਾਰ ਉਹ ਹੈ ਜੋ ਰਵਾਇਤ ਦੀ ਪਾਬੰਦੀ ਨਿਭਾਉਂਦੇ ਹੋਏ ਵੀ ਅਭਿਵਿਅਕਤੀ ਵਿੱਚ ਨਵੀਂ ਤਾਜਗੀ ਪੈਦਾ ਕਰ ਸਕੇ।

ਪੰਜਾਬੀ ਗ਼ਜ਼ਲ ਦੀ ਵਿਲੱਖਣਤਾ ਇਸ ਗੱਲ ਵਿੱਚ ਨਿਹਿਤ ਹੈ ਕਿ ਇਸਨੇ ਉਰਦੂ-ਫ਼ਾਰਸੀ ਢਾਂਚੇ ਨੂੰ ਅਪਣਾਉਂਦੇ ਹੋਏ ਵੀ ਆਪਣੇ ਭਾਸ਼ਾਈ ਅਤੇ ਸੱਭਿਆਚਾਰਕ ਸੰਵੇਦਨ ਨੂੰ ਕਾਇਮ ਰੱਖਿਆ ਹੈ। ਪੰਜਾਬੀ ਗ਼ਜ਼ਲ ਵਿੱਚ ਲੋਕ-ਚੇਤਨਾ, ਮਿੱਟੀ ਨਾਲ ਜੁੜਾਅ, ਪ੍ਰਵਾਸੀ ਅਨੁਭਵ, ਸਮਾਜਿਕ ਸੰਘਰਸ਼ ਅਤੇ ਖੇਤਰੀ ਸੰਵੇਦਨਾ ਖ਼ਾਸ ਤੌਰ ’ਤੇ ਉਭਰ ਕੇ ਸਾਹਮਣੇ ਆਉਂਦੇ ਹਨ। ਇਸ ਦੀ ਭਾਸ਼ਾ ਵਿੱਚ ਇੱਕ ਪਾਸੇ ਨਰਮੀ ਅਤੇ ਲਯਾਤਮਕਤਾ ਹੈ, ਦੂਜੇ ਪਾਸੇ ਮਿੱਟੀ ਦੀ ਸੁਗੰਧ ਅਤੇ ਬੋਲਚਾਲ ਦੀ ਜੀਵੰਤਤਾ ਵੀ ਮੌਜੂਦ ਹੈ। ਆਧੁਨਿਕ ਪੰਜਾਬੀ ਗ਼ਜ਼ਲਕਾਰਾਂ ਨੇ ਰਵਾਇਤੀ ਰੂਹਾਨੀ ਅਤੇ ਰੂਮਾਨੀ ਅਹਿਸਾਸ ਨੂੰ ਸਮਕਾਲੀ ਜੀਵਨ-ਬੋਧ ਨਾਲ ਜੋੜ ਕੇ ਇਸ ਵਿਧਾ ਨੂੰ ਨਵੀਂ ਦਿਸ਼ਾ ਦਿੱਤੀ ਹੈ

ਗ਼ਜ਼ਲ ਅਰਬੀ-ਫ਼ਾਰਸੀ ਕਾਵਿ-ਪਰੰਪਰਾ ਤੋਂ ਜਨਮੀ ਉਹ ਲਿਰਿਕ ਵਿਧਾ ਹੈ ਜਿਸਦਾ ਕੇਂਦਰ ਸੰਵੇਦਨਾਂ ਦੀ ਸੰਕੇਤਮਈ ਅਭਿਵਿਅਕਤੀ ਹੈ। ਪਰੰਪਰਾਗਤ ਰੂਪ ਵਿੱਚ ਗ਼ਜ਼ਲ ਪ੍ਰੇਮ-ਵਿਯੋਗ ਦੀ ਕਾਵਿ-ਧਾਰਾ ਮੰਨੀ ਜਾਂਦੀ ਰਹੀ ਹੈ, ਪਰ ਆਧੁਨਿਕ ਸਮੇਂ ਵਿੱਚ ਇਸ ਦੇ ਵਿਸ਼ਾ-ਖੇਤਰ ਦਾ ਕਾਫ਼ੀ ਵਿਸਥਾਰ ਹੋ ਚੁੱਕਾ ਹੈ। ਪੰਜਾਬੀ ਵਿੱਚ ਗ਼ਜ਼ਲ ਨੇ ਉਰਦੂ ਦੀ ਰਵਾਇਤ ਤੋਂ ਪ੍ਰੇਰਣਾ ਲੈਂਦੇ ਹੋਏ ਆਪਣੀ ਮਿੱਟੀ ਨਾਲ ਜੁੜੀ ਹੋਈ ਵਿਲੱਖਣ ਪਹਿਚਾਣ ਵਿਕਸਿਤ ਕੀਤੀ ਹੈ। “ਮਿਰਗਾਵਲੀ” ਦੀਆਂ ਗ਼ਜ਼ਲਾਂ ਇਸ ਵਿਕਾਸ ਯਾਤਰਾ ਦੀ ਪ੍ਰਤੀਨਿਧਤਾ ਕਰਦੀਆਂ ਹਨ।

“ਸ਼ੀਸ਼ੇ ਅੰਦਰ ਕਿਸ ਦਾ ਚਿਹਰਾ, ਮੇਰੇ ਤੇ ਕਿਉਂ ਹੱਸ ਰਿਹਾ ਹੈ?
ਜੋ ਕੁਝ ਮੈਂ ਅੱਜ ਤੀਕ ਲੁਕਾਇਆ, ਬੋਲ ਬੋਲ ਕੇ ਦੱਸ ਰਿਹਾ ਹੈ।”1

ਗ਼ਜ਼ਲ ਉਸ ਮੂਲ ਸੰਵੇਦਨਾਤਮਕ ਪ੍ਰਕਿਰਤੀ ਨੂੰ ਦਰਸਾਉਂਦੀ ਹੈ ਜਿੱਥੇ ਅੰਦਰੂਨੀ ਟਕਰਾਅ ਸੰਕੇਤਮਈ ਢੰਗ ਨਾਲ ਪ੍ਰਗਟ ਹੁੰਦਾ ਹੈ। ਇੱਥੇ ਗ਼ਜ਼ਲ ਦੀ ਪਰਿਭਾਸ਼ਿਕ ਵਿਸ਼ੇਸ਼ਤਾ ਸੰਕੁਚਿਤ ਪਰ ਗਹਿਰੀ ਅਭਿਵਿਅਕਤੀ, ਸਪਸ਼ਟ ਰੂਪ ਵਿੱਚ ਮੌਜੂਦ ਹੈ। ਗ਼ਜ਼ਲ ਦਾ ਸਭ ਤੋਂ ਮੂਲ ਤੱਤ ਸ਼ੇਅਰ ਦੀ ਖੁਦਮੁਖਤਿਆਰ ਹੈ। ਹਰ ਸ਼ੇਅਰ ਆਪਣੇ ਅਰਥ ਵਿੱਚ ਸੁਤੰਤਰ ਹੁੰਦਾ ਹੈ, ਭਾਵੇਂ ਉਹ ਪੂਰੀ ਗ਼ਜ਼ਲ ਦੇ ਮਾਹੌਲ ਨਾਲ ਜੁੜਿਆ ਰਹੇ।

“ਮਾਰੂਥਲ ਵਿਚ ਕਾਲ਼ੇ ਬੱਦਲ, ਅਜਬ ਕ੍ਰਿਸ਼ਮਾ, ਇਹ ਕੀ ਵਰ੍ਹਦਾ,
ਅਣਵਿੱਧ ਮੋਤੀ ਗਿਣਨੋਂ ਬਾਹਰੇ, ਨੈਣੋਂ ਸਾਵਣ ਵੱਸ ਰਿਹਾ ਹੈ।”2

ਇਹ ਸ਼ੇਅਰ ਗ਼ਜ਼ਲ ਦੇ ਹੋਰ ਸ਼ੇਅਰਾਂ ਤੋਂ ਅਲੱਗ ਹੋ ਕੇ ਵੀ ਅਰਥਪੂਰਨ ਹੈ। ਆਪਣੇ ਆਪ ਵਿੱਚ ਪੂਰਾ ਕਾਵਿ-ਅਨੁਭਵ ਪੈਦਾ ਕਰਦਾ ਹੈ। ਕਵੀ ਇੱਥੇ ਅੰਦਰੂਨੀ ਵੇਦਨਾ ਨੂੰ ਮਾਰੂਥਲ ਅਤੇ ਸਾਵਣ ਦੇ ਵਿਰੋਧੀ ਪ੍ਰਤੀਕਾਂ ਰਾਹੀਂ ਪ੍ਰਗਟ ਕਰਦਾ ਹੈ, ਜੋ ਗ਼ਜ਼ਲ ਦਸਤਕਾਰੀ ਦੀ ਪੱਕੀ ਸਮਝ ਦਾ ਪ੍ਰਮਾਣ ਹੈ।

ਮਤਲਾ ਅਤੇ ਮਕਤਾ ਗ਼ਜ਼ਲ ਦੀ ਸੰਰਚਨਾ ਦੇ ਕੇਂਦਰੀ ਅੰਗ ਹਨ। ਮਤਲੇ ਵਿੱਚ ਦੋਵੇਂ ਮਿਸਰਿਆਂ ਵਿੱਚ ਕਾਫ਼ੀਆ- ਰਦੀਫ਼ ਦੀ ਹਾਜ਼ਰੀ ਹੁੰਦੀ ਹੈ ਅਤੇ ਇਹ ਗ਼ਜ਼ਲ ਦਾ ਸੁਰ ਤੈਅ ਕਰਦਾ ਹੈ। “ਜ਼ਿੰਦਗੀ ਦੇ ਸਾਜ਼ ਨੂੰ” ਗ਼ਜ਼ਲ ਦਾ ਮਤਲਾ

“ਜ਼ਿੰਦਗੀ ਦੇ ਸਾਜ਼ ਨੂੰ ਸੁਰ ਕਰਦਿਆਂ ਗੁਜ਼ਰੀ ਏ ਰਾਤ,
ਅੱਖ ਉਲਝੀ ਜ਼ੁਲਫ਼ ਉੱਤੇ ਧਰਦਿਆਂ ਗੁਜ਼ਰੀ ਏ ਰਾਤ।”3

ਗ਼ਜ਼ਲ ਇੱਥੇ “ਗੁਜ਼ਰੀ ਏ ਰਾਤ” ਰਦੀਫ਼ ਹੈ ਅਤੇ ਇਸ ਤੋਂ ਪਹਿਲਾਂ ਆਉਂਦੇ ਕਾਫੀਆ ਸ਼ਬਦ ਲੈਆਤਮਕ ਇਕਰੂਪਤਾ ਪੈਦਾ ਕਰਦੇ ਹਨ। ਮਕਤੇ ਦੀ ਰਵਾਇਤ ਪੰਜਾਬੀ ਗ਼ਜ਼ਲ ਵਿੱਚ ਕਈ ਵਾਰ ਢਿੱਲੀ ਹੋ ਜਾਂਦੀ ਹੈ, ਪਰ “ਮਿਰਗਾਵਲੀ” ਵਿੱਚ ਕਵੀ ਕਈ ਥਾਵਾਂ ਆਪਣੀ ਸ਼ਾਇਰਾਨਾ ਹਾਜ਼ਰੀ ਦਾ ਸੰਕੇਤ ਦਿੰਦਾ ਹੈ, ਜਿਸ ਨਾਲ ਰਵਾਇਤ ਅਤੇ ਆਧੁਨਿਕਤਾ ਦਾ ਸੰਤੁਲਨ ਬਣਿਆ ਰਹਿੰਦਾ ਹੈ।

ਕਾਫ਼ੀਆ ਅਤੇ ਰਦੀਫ਼ ਗ਼ਜ਼ਲ ਦੀ ਸੰਗੀਤਮਈਤਾ ਦੇ ਮੁੱਖ ਸਾਧਨ ਹਨ। “ਮਿਰਗਾਵਲੀ” ਵਿੱਚ ਇਹ ਤੱਤ ਸੁਚਾਰੂ ਢੰਗ ਨਾਲ ਨਿਭਾਏ ਗਏ ਹਨ। “ਵੇਖ ਲਉ ਤਾਰੀਖ਼ ਕੀਹ ਕੀਹ” ਗ਼ਜ਼ਲ ਵਿੱਚ ਕਾਫੀਆ ਅਤੇ ਰਦੀਫ਼ ਦੀ ਲਗਾਤਾਰ ਦੁਹਰਾ ਗ਼ਜ਼ਲ ਨੂੰ ਤਿੱਖੀ ਲੈਅ ਦਿੰਦੀ ਹੈ।

“ਹੋਰ ਕਿੰਨੀ ਦੇਰ ਹਾਲੇ ਜ਼ੁਲਮ ਕਰਨਾ ਹੈ ਜਨਾਬ,
ਪਾਪ ਦੀ ਗਾਗਰ ਤੁਹਾਡੀ ਹੁਣ ਤਾਂ ਪੂਰੀ ਭਰ ਗਈ।”4

ਵਿੱਚ ਧੁਨਾਤਮਕ ਇਕਸਾਰਤਾ ਅਤੇ ਅਰਥਾਤਮਕ ਤੀਖ਼ਾਪਣ ਇਕੱਠੇ ਚਲਦੇ ਹਨ। ਕਵੀ ਨੇ ਕਾਫ਼ੀਆ ਰਦੀਫ਼ ਨੂੰ ਕੇਵਲ ਤਕਨੀਕੀ ਲੋੜ ਨਹੀਂ ਬਣਾਇਆ, ਸਗੋਂ ਵਿਚਾਰਕ ਜ਼ੋਰ ਨੂੰ ਵਧਾਉਣ ਦਾ ਸਾਧਨ ਬਣਾਇਆ ਹੈ।

ਬਹਿਰ ਗ਼ਜ਼ਲ ਦੀ ਛੰਦਾਤਮਕ ਰੀੜ੍ਹ ਦੀ ਹੱਡੀ ਹੈ। “ਮਿਰਗਾਵਲੀ” ਦੀਆਂ ਗ਼ਜ਼ਲਾਂ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਕਵੀ ਬਹਿਰ ਦੀ ਪਾਬੰਦੀ ਨਾਲ ਜਾਣੂ ਹੈ ਅਤੇ ਉਹ ਲੈਆਤਮਕ ਸੰਤੁਲਨ ਨੂੰ ਸੰਭਾਲਦਾ ਹੈ। ਉਪਰੋਕਤ ਮਤਲੇ ਦੀ ਧੁਨੀ-ਰਚਨਾ ਇੱਕ ਮਿਥਾਸ ਭਰੀ ਲੈਅ ਪੈਦਾ ਕਰਦੀ ਹੈ, ਜੋ ਗ਼ਜ਼ਲ ਦੀ ਗਾਇਕੀ ਨੂੰ ਮਜ਼ਬੂਤ ਕਰਦੀ ਹੈ। ਇਸੇ ਤਰ੍ਹਾਂ “ਦੀਨਾ-ਕਾਂਗੜ ਵਿਚ ਬਹਿ ਲਿਖਿਆ” ਗ਼ਜ਼ਲ ਦਾ ਇਹ ਸ਼ੇਅਰ “ਔਰੰਗਜ਼ੇਬ ਤੜਪਿਆ ਪੜ੍ਹ ਕੇ, ਲੱਗਿਆ ਤੀਰ ਨਿਸ਼ਾਨੇ ਤੇ ”5 ਛੰਦ ਸੰਤੁਲਨ ਨਾਲ ਭਰਪੂਰ ਹੈ ਅਤੇ ਗ਼ਜ਼ਲ ਦੇ ਬਹਿਰ ਅਨੁਸ਼ਾਸਨ ਦੀ ਪਾਲਣਾ ਕਰਦਾ ਹੈ। ਇਹ ਸਾਬਤ ਕਰਦਾ ਹੈ ਕਿ ਕਵੀ ਤਕਨੀਕੀ ਪੱਖੋਂ ਵੀ ਸਚੇਤ ਹੈ। ਮਜ਼ਮੂਨ ਆਫ਼ਰੀਨੀ, ਅਰਥਾਤ ਨਵੇਂ ਵਿਸ਼ਿਆਂ ਅਤੇ ਤਾਜ਼ਾ ਅੰਦਾਜ਼ ਦੀ ਪੈਦਾਵਾਰ, ਗ਼ਜ਼ਲ ਦੀ ਜਾਨ ਮੰਨੀ ਜਾਂਦੀ ਹੈ। “ਮਿਰਗਾਵਲੀ” ਵਿੱਚ ਇਹ ਤੱਤ ਖਾਸ ਤੌਰ ’ਤੇ ਪ੍ਰਮੁੱਖ ਹੈ।

“ਧਰਮ ਤੇ ਇਖ਼ਲਾਕ ਦੇ ਸ਼ੀਸ਼ੇ 'ਚ ਕੋਈ ਹੋਰ ਕਿਉਂ,
ਆਪਣੇ ਹੱਥੋਂ ਹੀ ਚਾਬਕ ਜਰਦਿਆਂ ਗੁਜ਼ਰੀ ਏ ਰਾਤ।”6

ਵਿੱਚ ਕਵੀ ਨੇ ਰਵਾਇਤੀ ਰੂਮਾਨੀ ਗ਼ਜ਼ਲ ਤੋਂ ਹਟ ਕੇ ਨੈਤਿਕ ਅਤੇ ਸਮਾਜਕ ਆਤਮ-ਆਲੋਚਨਾ ਦਾ ਵਿਸ਼ਾ ਉਠਾਇਆ ਹੈ। ਇਸ ਤਰ੍ਹਾਂ ਦੇ ਸ਼ੇਅਰ ਗ਼ਜ਼ਲ ਨੂੰ ਕੇਵਲ ਇਸ਼ਕ ਵਿਧਾ ਹੀ ਨਹੀਂ ਬਣਾਉਂਦੇ ਸਗੋਂ ਉਸ ਨੂੰ ਸਮਕਾਲੀ ਅਰਥ ਵੀ ਦਿੰਦੇ ਹਨ।

ਪੰਜਾਬੀ ਗ਼ਜ਼ਲ ਦੀ ਵਿਲੱਖਣਤਾ ਉਸਦੀ ਭਾਸ਼ਾਈ ਮਿੱਟੀ ਅਤੇ ਲੋਕ-ਸੰਵੇਦਨਾਂ ਨਾਲ ਜੁੜਾਅ ਵਿੱਚ ਨਿਹਿਤ ਹੈ। “ਮਿਰਗਾਵਲੀ” ਵਿੱਚ ਕਵੀ ਨੇ ਉਰਦੂ-ਫ਼ਾਰਸੀ ਅਸਰ ਦੇ ਨਾਲ ਪੰਜਾਬੀ ਦੇ ਦੇਸੀ ਰੰਗ ਨੂੰ ਖੂਬਸੂਰਤੀ ਨਾਲ ਜੋੜਿਆ ਹੈ। “ਵੇਖਿਉ ਪੰਜਾਬ ਨਾ ਮੁੜ ਅਗਨ-ਭੇਟਾ ਕਰ ਦਿਉ” ਵਰਗੇ ਪ੍ਰਗਟਾਵੇ ਗ਼ਜ਼ਲ ਨੂੰ ਸਿੱਧਾ ਪੰਜਾਬ ਦੀ ਇਤਿਹਾਸਕ ਅਤੇ ਸਾਂਸਕ੍ਰਿਤਿਕ ਪਿਠਭੂਮੀ ਨਾਲ ਜੋੜਦੇ ਹਨ। ਇਸੇ ਤਰ੍ਹਾਂ “ਮੈਂ ਤੇਰੇ ਵਾਲਾਂ 'ਚ ਗੁੰਦਾਂ ਤਾਰਿਆਂ ਦੀ ਕਹਿਕਸ਼ਾਂ”7 ਵਿੱਚ ਰੂਮਾਨੀ ਕਲਪਨਾ ਅਤੇ ਪੰਜਾਬੀ ਬੋਲਚਾਲ ਦੀ ਸਹਿਜਤਾ ਇਕੱਠੇ ਨਜ਼ਰ ਆਉਂਦੇ ਹਨ। ਇਹ ਮਿਲਾਪ ਹੀ ਪੰਜਾਬੀ ਗ਼ਜ਼ਲ ਨੂੰ ਉਸਦੀ ਵੱਖਰੀ ਪਹਿਚਾਣ ਦਿੰਦਾ ਹੈ।

“ਮਿਰਗਾਵਲੀ” ਗ਼ਜ਼ਲ- ਸੰਗ੍ਰਹਿ ਸ਼ਿਲਪਕਾਰੀ ਅਤੇ ਕਾਵਿ-ਕਲਾ ਦਾ ਅਧਿਐਨ

“ਮਿਰਗਾਵਲੀ” ਗੁਰਭਜਨ ਗਿੱਲ ਦੀ ਗ਼ਜ਼ਲ ਕਲਾ ਦਾ ਉਹ ਪ੍ਰਮੁੱਖ ਸੰਗ੍ਰਹਿ ਹੈ ਜਿਸ ਵਿੱਚ ਕਵੀ ਦੀ ਰਚਨਾਤਮਕ ਪੱਕੜ, ਸਮਕਾਲੀ ਸੰਵੇਦਨਾਂ ਅਤੇ ਰਵਾਇਤੀ ਗ਼ਜ਼ਲ-ਸੁੰਦਰਤਾ ਦਾ ਸੁਮੇਲ ਦ੍ਰਿਸ਼ਟਿਗੋਚਰ ਹੁੰਦਾ ਹੈ। ਇਹ ਸੰਗ੍ਰਹਿ ਕੇਵਲ ਗ਼ਜ਼ਲਾਂ ਦਾ ਇਕੱਠ ਨਹੀਂ, ਸਗੋਂ ਇੱਕ ਸੰਰਚਿਤ ਕਾਵਿ-ਯੋਜਨਾ ਹੈ ਜਿਸ ਵਿੱਚ ਵਿਅਕਤੀਗਤ ਅਨੁਭਵ, ਸਮਾਜਿਕ ਚੇਤਨਾ ਅਤੇ ਦਰਸ਼ਨਿਕ ਮਨਨ ਇੱਕ-ਦੂਜੇ ਨਾਲ ਸੰਵਾਦ ਕਰਦੇ ਨਜ਼ਰ ਆਉਂਦੇ ਹਨ। ਗ਼ਜ਼ਲ ਦੇ ਮਿਆਰੀ ਢਾਂਚੇ ਦੀ ਪਾਬੰਦੀ ਨਿਭਾਉਂਦੇ ਹੋਏ ਕਵੀ ਨੇ ਇਸ ਰਚਨਾ ਵਿੱਚ ਆਪਣੇ ਯੁੱਗ ਦੀ ਚਿੰਤਾ, ਮਨੁੱਖੀ ਮੁੱਲਾਂ ਦੀ ਘਾਟ ਅਤੇ ਅੰਦਰੂਨੀ ਸੰਵੇਦਨਸ਼ੀਲਤਾ ਨੂੰ ਕਲਾਤਮਕ ਰੂਪ ਦਿੱਤਾ ਹੈ।

ਸੰਗ੍ਰਹਿ ਦੀ ਬਣਤਰ ਨੂੰ ਵੇਖਣ ਨਾਲ ਸਪਸ਼ਟ ਹੁੰਦਾ ਹੈ ਕਿ ਇਹ ਬੇਤਰਤੀਬ ਇਕੱਠ ਨਹੀਂ, ਬਲਕਿ ਸੁਵਿਧਾ ਅਨੁਸਾਰ ਗੁੱਥੀ ਹੋਈ ਰਚਨਾਤਮਕ ਯੋਜਨਾ ਹੈ। ਤਤਕਰੇ ਵਿੱਚ ਗ਼ਜ਼ਲਾਂ ਨੂੰ ਇਕ ਲਗਾਤਾਰ ਧਾਰਾ ਵਜੋਂ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਪਾਠਕ ਨੂੰ ਇੱਕ ਕਾਵਿ-ਯਾਤਰਾ ਦਾ ਅਨੁਭਵ ਹੁੰਦਾ ਹੈ। ਸ਼ੁਰੂਆਤੀ ਗ਼ਜ਼ਲਾਂ ਵਿੱਚ ਜੀਵਨ-ਦਰਸ਼ਨ ਅਤੇ ਅਸਤਿਤਵੀ ਪ੍ਰਸ਼ਨਾਂ ਦੀ ਛਾਇਆ ਮਿਲਦੀ ਹੈ ਜਿਵੇਂ “ਉਹ ਤਾਂ ਕੇਵਲ ਚੋਲ਼ਾ ਬਦਲੇ” ਜਾਂ “ਇਹ ਸਾਰੀ ਸ਼ਾਨ ਤਾਂ” ਜੋ ਮਨੁੱਖੀ ਅਸਥਿਰਤਾ ਅਤੇ ਸਮੇਂ ਦੀ ਨਿਰੰਤਰਤਾ ਵੱਲ ਸੰਕੇਤ ਕਰਦੀਆਂ ਹਨ। ਮੱਧ ਭਾਗ ਵਿੱਚ ਸਮਾਜਿਕ ਵਿਸੰਗਤੀਆਂ, ਰਾਜਨੀਤਿਕ ਵਿਅੰਗ ਅਤੇ ਸਮਕਾਲੀ ਬੇਚੈਨੀ ਦਾ ਰੂਪ ਹੋਰ ਤਿੱਖ਼ਾ ਹੋ ਜਾਂਦਾ ਹੈ, ਜਦੋਂ ਕਿ ਆਖ਼ਰੀ ਹਿੱਸਿਆਂ ਵਿੱਚ ਅੰਦਰੂਨੀ ਮਨਨ, ਪ੍ਰੇਮਾਤਮਕ ਸੰਵੇਦਨਾ ਅਤੇ ਆਤਮ-ਸੰਵਾਦ ਦੀ ਧੁਨੀ ਪ੍ਰਮੁੱਖ ਹੋ ਜਾਂਦੀ ਹੈ। ਇਸ ਤਰ੍ਹਾਂ ਸੰਗ੍ਰਹਿ ਦੀ ਬਣਤਰ ਇੱਕ ਅੰਦਰੂਨੀ ਗਤੀਸ਼ੀਲਤਾ ਨੂੰ ਦਰਸਾਉਂਦੀ ਹੈ।

ਗ਼ਜ਼ਲਾਂ ਦੀ ਸੰਖਿਆ ਅਤੇ ਉਨ੍ਹਾਂ ਦਾ ਵਿਤਰਣ ਵੀ ਕਵੀ ਦੀ ਯੋਜਨਾਬੱਧ ਸੋਚ ਦਾ ਪ੍ਰਮਾਣ ਦਿੰਦਾ ਹੈ। ਸੰਗ੍ਰਹਿ ਵਿੱਚ ਲਗਭਗ ਇੱਕ ਸੌ ਤੋਂ ਵੱਧ ਗ਼ਜ਼ਲਾਂ ਸ਼ਾਮਲ ਹਨ, ਜੋ ਵਿਸ਼ਿਆਂ ਦੀ ਵਿਭਿੰਨਤਾ ਅਤੇ ਅਭਿਵਿਅਕਤੀ ਦੀ ਵਿਸ਼ਾਲਤਾ ਨੂੰ ਦਰਸਾਉਂਦੀਆਂ ਹਨ। ਗ਼ਜ਼ਲਾਂ ਦੀ ਇਹ ਵੱਧ ਸੰਖਿਆ ਕਵੀ ਨੂੰ ਵੱਖ-ਵੱਖ ਮਜ਼ਮੂਨ ਅਜ਼ਮਾਉਣ ਦਾ ਮੌਕਾ ਦਿੰਦੀ ਹੈ‌ ਕਿਤੇ ਰੂਮਾਨੀ ਅਹਿਸਾਸ ਹੈ, ਕਿਤੇ ਸਮਾਜਕ ਵਿਦਰੋਹ, ਕਿਤੇ ਅਧਿਆਤਮਿਕ ਲਹਿਰ ਅਤੇ ਕਿਤੇ ਅਸਤਿਤਵੀ ਸੰਦੇਹ ਆਦਿ। ਇਹ ਵੰਡ ਇਸ ਗੱਲ ਨੂੰ ਵੀ ਉਜਾਗਰ ਕਰਦੀ ਹੈ ਕਿ ਕਵੀ ਇੱਕ ਹੀ ਭਾਵ-ਧਾਰਾ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਗ਼ਜ਼ਲ ਨੂੰ ਬਹੁ-ਆਯਾਮੀ ਅਭਿਵਿਅਕਤੀ ਦੇ ਮਾਧਿਅਮ ਵਜੋਂ ਵਰਤਦਾ ਹੈ।

ਸੰਗ੍ਰਹਿ ਦੇ ਮੁੱਖ ਰੁਝਾਨਾਂ ਸਭ ਤੋਂ ਪਹਿਲਾਂ, ਸਮਕਾਲੀ ਸਮਾਜਿਕ ਚੇਤਨਾ ਇੱਕ ਮਜ਼ਬੂਤ ਧਾਰਾ ਵਜੋਂ ਸਾਹਮਣੇ ਆਉਂਦੀ ਹੈ। “ਦਹਿਸ਼ਤ ਦਾ ਕੋਈ ਧਰਮ ਨਾ ਹੁੰਦਾ” ਜਾਂ “ਲੋਕਤੰਤਰ ਬਣ ਗਿਆ” ਵਰਗੇ ਸਿਰਲੇਖ ਸਾਫ਼ ਦਰਸਾਉਂਦੇ ਹਨ ਕਿ ਕਵੀ ਆਪਣੇ ਯੁੱਗ ਦੀ ਰਾਜਨੀਤਿਕ ਅਤੇ ਸਮਾਜਿਕ ਵਿਸੰਗਤੀਆਂ ਨਾਲ ਸਿੱਧਾ ਸੰਵਾਦ ਕਰਦਾ ਹੈ। ਦੂਜਾ ਮਹੱਤਵਪੂਰਨ ਰੁਝਾਨ ਅੰਦਰੂਨੀ ਆਤਮ-ਸੰਵਾਦ ਅਤੇ ਅਸਤਿਤਵ ਮਨਨ ਦਾ ਹੈ ਜਿਵੇਂ “ਮੈਂ ਆਪਣੇ ਆਪ ਨੂੰ” ਜਾਂ “ਮਨ ਦਾ ਵਿਹੜਾ” ਜਿੱਥੇ ਕਵੀ ਮਨੁੱਖ ਦੇ ਅੰਦਰਲੇ ਖਾਲੀਪਣ ਅਤੇ ਖੋਜ ਨੂੰ ਆਵਾਜ਼ ਦਿੰਦਾ ਹੈ। ਤੀਜਾ ਰੁਝਾਨ ਰੂਮਾਨੀ ਅਤੇ ਸੰਵੇਦਨਾਤਮਕ ਅਨੁਭੂਤੀ ਦਾ ਹੈ, ਜੋ “ਤੇਰੇ ਨੀਮ ਨਸ਼ੀਲੇ ਨੈਣਾਂ ਵਿਚ” ਜਾਂ “ਤੂੰ ਮੈਨੂੰ ਜੀਣ ਜੋਗਾ ਛੱਡ” ਵਰਗੀਆਂ ਗ਼ਜ਼ਲਾਂ ਵਿੱਚ ਪ੍ਰਗਟ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰਕ੍ਰਿਤੀ-ਚੇਤਨਾ, ਲੋਕ-ਸੰਵੇਦਨਾਂ ਅਤੇ ਵਿਅੰਗਾਤਮਕ ਤਿੱਖਾਪਨ ਵੀ ਕਈ ਗ਼ਜ਼ਲਾਂ ਵਿੱਚ ਪ੍ਰਗਟ ਹੁੰਦੇ ਹੈ।

ਕਵੀ ਦੀ ਰਚਨਾਤਮਕ ਦ੍ਰਿਸ਼ਟੀ ਨੂੰ ਸਮੂਹਿਕ ਤੌਰ ’ਤੇ ਵੇਖਿਆਂ ਇਹ ਸਪਸ਼ਟ ਹੁੰਦਾ ਹੈ ਕਿ ਗੁਰਭਜਨ ਗਿੱਲ ਰਵਾਇਤੀ ਗ਼ਜ਼ਲ ਦੀ ਸੁੰਦਰਤਾ ਨੂੰ ਬਰਕਰਾਰ ਰੱਖਦੇ ਹੋਏ ਉਸ ਵਿੱਚ ਆਧੁਨਿਕ ਮਨੁੱਖ ਦੀ ਚਿੰਤਾ ਨੂੰ ਸਮੇਟਣਾ ਚਾਹੁੰਦੇ ਹਨ। ਉਹ ਕੇਵਲ ਰੂਮਾਨੀ ਕਵੀ ਨਹੀਂ, ਸਗੋਂ ਸਮਾਜਕ ਸੂਝ-ਬੂਝ ਵਾਲੇ ਚਿੰਤਕ ਵੀ ਹਨ। ਉਨ੍ਹਾਂ ਦੀ ਗ਼ਜ਼ਲ ਵਿੱਚ ਇੱਕ ਪਾਸੇ ਪ੍ਰੇਮ ਅਤੇ ਸੰਵੇਦਨਾਂ ਦੀ ਨਰਮੀ ਹੈ, ਦੂਜੇ ਪਾਸੇ ਵਿਵਸਥਾ ਪ੍ਰਤੀ ਅਸੰਤੋਸ਼ ਅਤੇ ਮਨੁੱਖੀ ਮੁੱਲਾਂ ਦੀ ਹਿਮਾਇਤ ਵੀ ਹੈ। ਕਈ ਥਾਵਾਂ ਉਨ੍ਹਾਂ ਦੀ ਆਵਾਜ਼ ਸੂਫ਼ੀਆਨਾ ਅੰਦਰੂਨੀ ਖੋਜ ਵੱਲ ਮੁੜਦੀ ਹੈ, ਜਦੋਂ ਕਿ ਹੋਰ ਥਾਵਾਂ ਉਹ ਸਮਕਾਲੀ ਹਕੀਕਤ ਨਾਲ ਸਿੱਧਾ ਟਕਰਾਉਂਦੇ ਦਿਸਦੇ ਹਨ। ਇਹ ਦੋਹਰਾ ਪੱਖ ਉਨ੍ਹਾਂ ਦੀ ਕਵਿਤਾ ਨੂੰ ਵਿਸ਼ਾਲ ਆਕਾਰ ਦਿੰਦਾ ਹੈ।

ਭਾਸ਼ਾਈ ਪੱਧਰ ’ਤੇ ਵੀ “ਮਿਰਗਾਵਲੀ” ਇੱਕ ਮਹੱਤਵਪੂਰਨ ਕ੍ਰਿਤ ਵਜੋਂ ਉਭਰਦੀ ਹੈ। ਕਵੀ ਨੇ ਸਧਾਰਣ ਪਰ ਸੰਕੇਤਮਈ ਪੰਜਾਬੀ ਦਾ ਪ੍ਰਯੋਗ ਕਰਕੇ ਗ਼ਜ਼ਲ ਨੂੰ ਲੋਕਧਾਰਾ ਨਾਲ ਜੋੜਿਆ ਹੈ। ਉਨ੍ਹਾਂ ਦੀ ਭਾਸ਼ਾ ਵਿੱਚ ਇੱਕ ਪਾਸੇ ਉਰਦੂ-ਫ਼ਾਰਸੀ ਗ਼ਜ਼ਲ ਦੀ ਨਫ਼ਾਸਤ ਹੈ, ਦੂਜੇ ਪਾਸੇ ਪੰਜਾਬੀ ਮਿੱਟੀ ਦੀ ਗਰਮੀ ਅਤੇ ਬੋਲਚਾਲ ਦੀ ਸਹਿਜਤਾ ਹੈ। ਇਹ ਭਾਸ਼ਾਈ ਸੰਤੁਲਨ ਗ਼ਜ਼ਲ ਨੂੰ ਵਿਦਵਾਨ ਪਾਠਕ ਦੇ ਨਾਲ-ਨਾਲ ਆਮ ਪਾਠਕ ਲਈ ਵੀ ਸੰਵੇਦਨਸ਼ੀਲ ਬਣਾਉਂਦਾ ਹੈ।

ਸਮੂਹਿਕ ਤੌਰ ’ਤੇ “ਮਿਰਗਾਵਲੀ” ਨੂੰ ਆਧੁਨਿਕ ਪੰਜਾਬੀ ਗ਼ਜ਼ਲ ਦੇ ਇੱਕ ਮਹੱਤਵਪੂਰਨ ਮੀਲ-ਪੱਥਰ ਵਜੋਂ ਵੇਖਿਆ ਜਾ ਸਕਦਾ ਹੈ। ਇਸ ਦੀ ਬਣਤਰ, ਵਿਸ਼ਿਆਂ ਦੀ ਵਿਭਿੰਨਤਾ ਅਤੇ ਕਵੀ ਦੀ ਵਿਸ਼ਾਲ ਰਚਨਾਤਮਕ ਦ੍ਰਿਸ਼ਟੀ ਸਾਰੇ ਮਿਲ ਕੇ ਇਸ ਸੰਗ੍ਰਹਿ ਨੂੰ ਗੰਭੀਰ ਅਲੋਚਨਾਤਮਕ ਅਧਿਐਨ ਦੇ ਯੋਗ ਬਣਾਉਂਦੇ ਹਨ। ਇਹ ਸੰਗ੍ਰਹਿ ਸਾਬਿਤ ਕਰਦਾ ਹੈ ਕਿ ਗ਼ਜ਼ਲ ਅਜੇ ਵੀ ਆਧੁਨਿਕ ਪੰਜਾਬੀ ਕਾਵਿ ਵਿੱਚ ਜੀਵੰਤ ਅਤੇ ਪ੍ਰਸੰਗਿਕ ਵਿਧਾ ਹੈ, ਜਿਸ ਰਾਹੀਂ ਕਵੀ ਆਪਣੇ ਯੁੱਗ ਨਾਲ ਅਰਥਪੂਰਨ ਸੰਵਾਦ ਸਥਾਪਿਤ ਕਰ ਸਕਦਾ ਹੈ।

“ਮਿਰਗਾਵਲੀ” ਦੀਆਂ ਗ਼ਜ਼ਲਾਂ ਦਾ ਵਿਸੇਆਤਮਕ ਪੜਚੋਲ ਕਰਨ ’ਤੇ ਸਭ ਤੋਂ ਪਹਿਲਾਂ ਰੂਮਾਨੀ ਅਤੇ ਪ੍ਰੇਮ ਧਾਰਾ ਆਪਣੀ ਪੂਰੀ ਸੰਵੇਦਨਾਤਮਕ ਗਹਿਰਾਈ ਨਾਲ ਸਾਹਮਣੇ ਆਉਂਦੀ ਹੈ। ਗੁਰਭਜਨ ਗਿੱਲ ਦੀ ਪ੍ਰੇਮ-ਚੇਤਨਾ ਕੇਵਲ ਰਵਾਇਤੀ ਇਸ਼ਕੀਆ ਲਹਿਜ਼ੇ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਇਹ ਰੂਹਾਨੀ ਲਗਾਵ ਅਤੇ ਅੰਦਰੂਨੀ ਮਾਨਵੀ ਨਰਮੀ ਨਾਲ ਗੁੱਥੀ ਹੋਈ ਹੈ। “ਤੇਰੇ ਨੀਮ ਨਸ਼ੀਲੇ ਨੈਣਾਂ ਵਿਚ” ਵਾਲੀ ਗ਼ਜ਼ਲ ਦਾ ਸ਼ੇਅਰ “ਮੈਂ ਤੇਰੇ ਵਾਲਾਂ 'ਚ ਗੁੰਦਾਂ ਤਾਰਿਆਂ ਦੀ ਕਹਿਕਸ਼ਾਂ”8 ਕਵੀ ਦੀ ਰੂਮਾਨੀ ਕਲਪਨਾ ਦੀ ਵਿਸਥਾਰ ਨੂੰ ਦਰਸਾਉਂਦਾ ਹੈ। ਇੱਥੇ ਪ੍ਰੇਮਿਕਾ ਦੇ ਵਾਲਾਂ ਵਿੱਚ ਤਾਰਿਆਂ ਦੀ ਗੂੰਥਣ ਅਤੀਸ਼ਯੋਕਤੀ ਨਹੀਂ, ਸਗੋਂ ਪ੍ਰੇਮ ਦੀ ਅਕਾਸ਼ੀ ਉਡਾਨ ਦਾ ਬਿੰਬ ਹੈ। ਇਸੇ ਤਰ੍ਹਾਂ “ਪਿਆਰ ਮੁਹੱਬਤ ਖ਼ੁਸ਼ਬੂ” ਧਾਰਾ ਵਿੱਚ ਆਉਂਦਾ ਭਾਵ “ਖ਼ੁਸ਼ਬੋਈ ਵਰਗੀ ਹਸਤੀ ਹਾਂ, ਨੈਣਾਂ ਦੇ ਵਿਚਲੀ ਮਸਤੀ ਹਾਂ”9 ਪ੍ਰੇਮ ਨੂੰ ਭੌਤਿਕਤਾ ਤੋਂ ਉੱਪਰ ਉਠਾ ਕੇ ਸੁਗੰਧੀਲੇ ਅਹਿਸਾਸ ਵਜੋਂ ਪੇਸ਼ ਕਰਦਾ ਹੈ। “ਇਕ ਦੂਜੇ ਦੀ ਛਾਵੇਂ ਰਹੀਏ” ਵਾਲੀ ਸੰਵੇਦਨਾਂ ਵਿੱਚ ਸਾਥ ਦੀ ਲੋੜ ਮਨੁੱਖੀ ਅਸੁਰੱਖਿਆ ਨਾਲ ਜੁੜਦੀ ਹੈ, ਜੋ ਪ੍ਰੇਮ ਨੂੰ ਅਸਤਿਤਵੀ ਆਸਰੇ ਵਿੱਚ ਬਦਲ ਦਿੰਦੀ ਹੈ। ਇਸ ਤਰ੍ਹਾਂ ਕਵੀ ਦੀ ਰੂਮਾਨੀ ਗ਼ਜ਼ਲ ਕੇਵਲ ਰਵਾਇਤੀ ਪ੍ਰੇਮ-ਵਰਨਣ ਨਹੀਂ, ਸਗੋਂ ਸੰਵੇਦਨਾਂ ਦੀ ਆਧੁਨਿਕ ਵਿਆਖਿਆ ਹੈ।

ਸਮਾਜਿਕ-ਰਾਜਨੀਤਿਕ ਚੇਤਨਾ “ਮਿਰਗਾਵਲੀ” ਦੀ ਗ਼ਜ਼ਲ-ਧਾਰਾ ਦਾ ਦੂਜਾ ਮਜ਼ਬੂਤ ਪੱਖ ਹੈ। ਕਵੀ ਆਪਣੇ ਸਮੇਂ ਦੀਆਂ ਵਿਡੰਬਨਾਵਾਂ ਨੂੰ ਤਿੱਖੇ ਪਰ ਸੰਕੇਤਮਈ ਅੰਦਾਜ਼ ਵਿੱਚ ਪੇਸ਼ ਕਰਦਾ ਹੈ। “ਜ਼ੁਲਮ ਜਬਰ ਦਾ ਕਹਿਰੀ” ਗ਼ਜ਼ਲ ਦਾ ਇਹ ਸ਼ੇਅਰ

“ਜ਼ੁਲਮ, ਜਬਰ ਦਾ ਕਹਿਰੀ ਚਿਹਰਾ ਜਰਿਆ ਜਾਂਦਾ ਨਹੀਂ,
ਰੋਜ਼ ਦਿਹਾੜੀ ਹੁਣ ਤਾਂ ਏਦਾਂ ਮਰਿਆ ਜਾਂਦਾ ਨਹੀਂ।”10

ਸਮਕਾਲੀ ਹਾਲਾਤਾਂ ਪ੍ਰਤੀ ਗਹਿਰੀ ਬੇਚੈਨੀ ਨੂੰ ਪ੍ਰਗਟ ਕਰਦਾ ਹੈ। ਇੱਥੇ ਗ਼ਜ਼ਲ ਸਿਰਫ਼ ਵਿਅਕਤੀਗਤ ਦੁੱਖ ਦੀ ਅਭਿਵਿਅਕਤੀ ਨਹੀਂ ਰਹਿੰਦੀ, ਸਗੋਂ ਜਨ-ਚੇਤਨਾ ਦੀ ਆਵਾਜ਼ ਬਣ ਜਾਂਦੀ ਹੈ। ਇਸੇ ਲੜੀ ਵਿੱਚ “ਵੇਖ ਲਉ ਤਾਰੀਖ਼ ਕੀਹ ਕੀਹ” ਦਾ ਤਿੱਖਾ ਲਹਿਜਾ “ਹੋਰ ਕਿੰਨੀ ਦੇਰ ਹਾਲੇ ਜ਼ੁਲਮ ਕਰਨਾ ਹੈ ਜਨਾਬ”11 ਸੱਤਾ ਸੰਰਚਨਾਵਾਂ ’ਤੇ ਸਿੱਧਾ ਪ੍ਰਹਾਰ ਕਰਦਾ ਹੈ। “ਦਹਿਸ਼ਤ ਦਾ ਕੋਈ ਧਰਮ ਨਾ ਹੁੰਦਾ” ਵਾਲੀ ਧਾਰਾ ਵਿੱਚ ਕਵੀ ਮਨੁੱਖਤਾ ਦੇ ਹੱਕ ਵਿੱਚ ਖੜ੍ਹਾ ਦਿਸਦਾ ਹੈ, ਜਿੱਥੇ ਧਾਰਮਿਕ ਵੰਡਾਂ ਤੋਂ ਉੱਪਰ ਮਨੁੱਖੀ ਮੁੱਲਾਂ ਦੀ ਵਕਾਲਤ ਕੀਤੀ ਗਈ ਹੈ। ਇਹ ਸਾਰਾ ਵਿਸ਼ਾ-ਖੇਤਰ ਦੱਸਦਾ ਹੈ ਕਿ ਗਿੱਲ ਦੀ ਗ਼ਜ਼ਲ ਸਮਕਾਲੀ ਸੰਵੇਦਨਾਂ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ ਅਤੇ ਰਵਾਇਤੀ ਰੂਮਾਨੀ ਘੇਰੇ ਨੂੰ ਤੋੜਦੀ ਹੈ।

ਅਸਤਿਤਵ ਬੋਧ ਅਤੇ ਅੰਦਰੂਨੀ ਪੀੜਾ ਦਾ ਤੱਤ “ਮਿਰਗਾਵਲੀ” ਨੂੰ ਆਧੁਨਿਕ ਗ਼ਜ਼ਲ-ਧਾਰਾ ਨਾਲ ਜੋੜਦਾ ਹੈ। ਕਵੀ ਮਨੁੱਖ ਦੀ ਅੰਦਰੂਨੀ ਟੂਟਣ, ਇਕਾਂਤ ਅਤੇ ਆਤਮ-ਸੰਘਰਸ਼ ਨੂੰ ਬਹੁਤ ਸੁਖਣੇ ਢੰਗ ਨਾਲ ਪ੍ਰਗਟ ਕਰਦਾ ਹੈ। “ਮੈਂ ਬਦਕਿਸਮਤ” ਗ਼ਜ਼ਲ ਦਾ ਸ਼ੇਅਰ “ਮੈਂ ਬਦਕਿਸਮਤ ਉਹ ਪੁਸਤਕ ਹਾਂ ਜਿਸ ਨੂੰ ਤੂੰ ਵੀ ਪੜ੍ਹਿਆ ਨਹੀਂ”12 ਆਧੁਨਿਕ ਮਨੁੱਖ ਦੀ ਅਣਪਛਾਤੀ ਹਸਤੀ ਦਾ ਮਰਮ ਸਪਰਸ਼ੀ ਬਿੰਬ ਹੈ। ਇੱਥੇ ‘ਪੁਸਤਕ’ ਦਾ ਪ੍ਰਤੀਕ ਮਨੁੱਖੀ ਅਸਤਿਤਵ ਦੀ ਅਣਸੁਣੀ ਕਹਾਣੀ ਨੂੰ ਦਰਸਾਉਂਦਾ ਹੈ। “ਟੁਕੜੇ ਟੁਕੜੇ ਦਿਲ ਦੇ ਵਰਕੇ” ਧਾਰਾ ਵਿੱਚ ਦਿਲ ਦੀ ਵਿਖੰਡਿਤ ਅਵਸਥਾ ਆਧੁਨਿਕ ਮਨੋਵਿਗਿਆਨਿਕ ਦਬਾਅ ਵੱਲ ਇਸ਼ਾਰਾ ਕਰਦੀ ਹੈ। ਇਸੇ ਸੰਦਰਭ ਵਿੱਚ “ਧਰਤੀ ਉੱਤੇ ਸਦਾ ਹਨ੍ਹੇਰਾ” ਵਰਗੀ ਸੰਵੇਦਨਾ ਮਨੁੱਖੀ ਨਿਰਾਸ਼ਾ ਨੂੰ ਵਿਸ਼ਵ ਪੱਧਰੀ ਅਨੁਭਵ ਬਣਾਉਂਦੀ ਹੈ। “ਸ਼ੀਸ਼ੇ ਅੰਦਰ ਕਿਸ ਦਾ ਚਿਹਰਾ” ਗ਼ਜ਼ਲ ਦਾ ਇਹ ਸ਼ੇਅਰ “ਜੋ ਕੁਝ ਮੈਂ ਅੱਜ ਤੀਕ ਲੁਕਾਇਆ, ਬੋਲ ਬੋਲ ਕੇ ਦੱਸ ਰਿਹਾ ਹੈ।”13 ਅੰਦਰਲੇ ਮਨ ਦੀ ਬੇਚੈਨੀ ਨੂੰ ਬੜੀ ਮਨੋਵਿਗਿਆਨਿਕ ਤੀਬਰਤਾ ਨਾਲ ਉਘਾੜਦਾ ਹੈ। ਇਹ ਸਾਰੇ ਹਵਾਲੇ ਦਰਸਾਉਂਦੇ ਹਨ ਕਿ ਕਵੀ ਦੀ ਗ਼ਜ਼ਲ ਅਸਤਿਤਵੀ ਚਿੰਤਾ ਨਾਲ ਡੂੰਘੀ ਤਰ੍ਹਾਂ ਸੰਬੰਧਿਤ ਹੈ।

ਆਤਮਿਕਤਾ ਅਤੇ ਪ੍ਰਤੀਕਾਤਮਕ ਸੰਵੇਦਨਾਂ “ਮਿਰਗਾਵਲੀ” ਦੀ ਸਭ ਤੋਂ ਮੁਕੰਮਲ ਅਤੇ ਕਲਾਤਮਕ ਵਿਸ਼ੇਸ਼ਤਾ ਹੈ। ਕਵੀ ਬਹੁਤੀ ਵਾਰ ਸਿੱਧੀ ਗੱਲ ਨਾ ਕਰਕੇ ਪ੍ਰਤੀਕਾਂ ਅਤੇ ਬਿੰਬਾਂ ਰਾਹੀਂ ਆਪਣੀ ਗੱਲ ਕਹਿੰਦਾ ਹੈ। “ਰੂਹ ਦੀ ਤੂੰਬੀ ਖ਼ੁਦ ਟੁਣਕਾਉਣੀ” ਵਾਲੀ ਧਾਰਾ ਵਿੱਚ ਰੂਹ ਨੂੰ ਸੰਗੀਤਕ ਸਾਜ਼ ਵਜੋਂ ਦੇਖਣਾ ਬਹੁਤ ਅਰਥਗਰਭਿਤ ਪ੍ਰਤੀਕ ਹੈ। ਇਸੇ ਲੜੀ ਵਿੱਚ “ਮਨ ਦਾ ਵਿਹੜਾ” ਗ਼ਜ਼ਲ ਦੀ ਭਾਵਨਾ “ਮਨ ਦਾ ਵਿਹੜਾ ਸੁੰਨਾ ਸੁੰਨਾ, ਕੌਣ ਇੱਥੇ ਆ ਵੱਸਦਾ ਹੈ”14 ਅੰਦਰਲੇ ਖਾਲੀਪਨ ਨੂੰ ਆਤਮਿਕ ਤਲਾਸ਼ ਨਾਲ ਜੋੜਦੀ ਹੈ। “ਇੱਕ ਚਸ਼ਮਾ ਫੁੱਟਿਆ” ਧਾਰਾ ਵਿੱਚ ਚਸ਼ਮੇ ਦਾ ਪ੍ਰਤੀਕ ਅੰਦਰੂਨੀ ਜਾਗਰੂਕਤਾ ਅਤੇ ਰੂਹਾਨੀ ਉਜਾਲੇ ਦਾ ਸੰਕੇਤ ਬਣਦਾ ਹੈ। “ਕਰਦਾ ਜਰਦਾ ਮਰ ਨਾ ਜਾਵਾਂ” ਗ਼ਜ਼ਲ ਦਾ ਇਹ ਸ਼ੇਅਰ “ਦਰਦਾਂ ਦੇ ਦਰਿਆ ਵਿਚ ਡੁੱਬੀ, ਅੰਤਰ-ਮਨ ਦੀ ਪੀੜ ਗ਼ਜ਼ਲ ਨੂੰ”15 ਸਪਸ਼ਟ ਕਰਦਾ ਹੈ ਕਿ ਕਵੀ ਲਈ ਗ਼ਜ਼ਲ ਆਤਮਿਕ ਉਧਾਰ ਦਾ ਸਾਧਨ ਹੈ। ਇੱਥੇ ਦਰਿਆ, ਤੂੰਬੀ, ਚਸ਼ਮਾ, ਜੋਤ ਵਰਗੇ ਬਿੰਬ ਕਵੀ ਦੀ ਪ੍ਰਤੀਕ-ਚੇਤਨਾ ਨੂੰ ਮਜ਼ਬੂਤ ਬਣਾਉਂਦੇ ਹਨ।

“ਮਿਰਗਾਵਲੀ” ਦੀਆਂ ਗ਼ਜ਼ਲਾਂ ਦਾ ਸ਼ਿਲਪਕਾਰੀ ਅਧਿਐਨ ਕਰਨ ’ਤੇ ਸਪਸ਼ਟ ਹੁੰਦਾ ਹੈ ਕਿ ਗੁਰਭਜਨ ਗਿੱਲ ਗ਼ਜ਼ਲ ਦੀ ਰਵਾਇਤੀ ਦਸਤਕਾਰੀ ਨਾਲ ਡੂੰਘੀ ਜਾਣ-ਪਛਾਣ ਰੱਖਦੇ ਹਨ ਅਤੇ ਉਸ ਨੂੰ ਪੰਜਾਬੀ ਸੰਵੇਦਨਾਂ ਅਨੁਸਾਰ ਨਵੀਂ ਤਾਜ਼ਗੀ ਦੇਣ ਵਿੱਚ ਸਫ਼ਲ ਰਹੇ ਹਨ। ਸਭ ਤੋਂ ਪਹਿਲਾਂ ਕਾਫ਼ੀਆ ਰਦੀਫ਼ ਦੀ ਯੋਜਨਾ ਉਨ੍ਹਾਂ ਦੀ ਗ਼ਜ਼ਲ-ਕਲਾ ਦਾ ਮਜ਼ਬੂਤ ਪੱਖ ਹੈ। ਉਦਾਹਰਨ ਵਜੋਂ “ਖ਼ੁਸ਼ਬੂ” ਗ਼ਜ਼ਲ ਵਿੱਚ ਲਗਾਤਾਰ ਰਦੀਫ਼ “ਖ਼ੁਸ਼ਬੂ” ਦੀ ਦੁਹਰਾ “ਜਾਗਦਿਆਂ ਤੇ ਸੁੱਤਿਆਂ ਖ਼ੁਸ਼ਬੂ, ਮਹਿਕੇ ਸ਼ਾਮ ਸਵੇਰੇ ਖ਼ੁਸ਼ਬੂ”16 ਗ਼ਜ਼ਲ ਨੂੰ ਸੰਗੀਤਮਈ ਰਸ ਦਿੰਦੀ ਹੈ। ਇੱਥੇ ਕਾਫ਼ੀਆਂ (ਚੁਫੇਰੇ/ਬਨੇਰੇ/ਹਨੇਰੇ) ਅਤੇ ਰਦੀਫ਼ (ਖੁਸ਼ਬੂ) ਦਾ ਸੁਮੇਲ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਉਰਦੂ ਗ਼ਜ਼ਲ ਦੀ ਮਿਆਰੀ ਪਰੰਪਰਾ ਵਿੱਚ ਲੋੜੀਂਦਾ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ “ਸ਼ੀਸ਼ੇ ਅੰਦਰ ਕਿਸ ਦਾ ਚਿਹਰਾ” ਵਿੱਚ “ਹੱਸ ਰਿਹਾ ਹੈ / ਦੱਸ ਰਿਹਾ ਹੈ / ਵੱਸ ਰਿਹਾ ਹੈ” ਵਰਗੇ ਕਾਫੀਆ ਅਤੇ ਰਦੀਫ਼ ਦੀ ਲੜੀ ਕਵੀ ਦੀ ਤਕਨੀਕੀ ਸੂਝ ਨੂੰ ਦਰਸਾਉਂਦੀ ਹੈ। ਇਹ ਯੋਜਨਾ ਕਿਤੇ ਵੀ ਜ਼ਬਰਦਸਤੀ ਨਹੀਂ ਲੱਗਦੀ, ਸਗੋਂ ਭਾਵ ਦੇ ਨਾਲ ਸੁਭਾਵਿਕ ਤੌਰ ’ਤੇ ਗੁੱਥੀ ਹੋਈ ਹੈ।

ਬਹਿਰ ਦੀ ਪਾਬੰਦੀ ਦੇ ਪੱਖ ਤੋਂ ਵੀ “ਮਿਰਗਾਵਲੀ” ਦੀਆਂ ਗ਼ਜ਼ਲਾਂ ਕਾਫ਼ੀ ਹੱਦ ਤੱਕ ਅਨੁਸ਼ਾਸਿਤ ਦਿਸਦੀਆਂ ਹਨ। ਗਿੱਲ ਪਰੰਪਰਾਗਤ ਅਰੂਜ਼ੀ ਵਜ਼ਨ ਦੀ ਰੂਹ ਨੂੰ ਕਾਇਮ ਰੱਖਦੇ ਹੋਏ ਪੰਜਾਬੀ ਧੁਨੀ-ਸਰਚਨਾ ਅਨੁਸਾਰ ਲਚਕੀਲਾਪਣ ਵੀ ਵਰਤਦੇ ਹਨ। “ਜ਼ਿੰਦਗੀ ਦੇ ਸਾਜ਼ ਨੂੰ” ਗ਼ਜ਼ਲ ਦਾ ਸ਼ੇਅਰ—

“ਮਨ ਦੇ ਅੰਦਰ ਖ਼ਲਬਲੀ ਹੈ, ਕਦਮ ਪਿੱਛੇ ਖਿਸਕਦੇ ,
ਤੁਰ ਰਿਹਾ ਪਰ ਦੂਰ ਮੈਥੋਂ, ਕਿਉਂ ਤੇਰੇ ਦਰ ਹੋ ਗਏ। ”17

ਵਜ਼ਨ ਦੀ ਸੰਤੁਲਿਤ ਬਣਤਰ ਅਤੇ ਲੈਆਤਮਕ ਪ੍ਰਵਾਹ ਦੀ ਸੁੰਦਰ ਉਦਾਹਰਣ ਹੈ। ਹਰ ਮਿਸ਼ਰੇ ਵਿੱਚ ਮਾਤਰਾ-ਸੰਤੁਲਨ ਲਗਭਗ ਇੱਕ ਸਾਰ ਹੈ, ਜੋ ਗ਼ਜ਼ਲ ਦੀ ਗਾਇਕੀ ਨੂੰ ਮਜ਼ਬੂਤ ਕਰਦੀ ਹੈ। ਇਸੇ ਤਰ੍ਹਾਂ “ਵਕਤ ਦੇ ਇਸ ਕਾਫ਼ਲੇ ਨੂੰ” ਵਿੱਚ ਛੰਦਾਤਮਕ ਅਨੁਸ਼ਾਸਨ ਕਵੀ ਦੀ ਮੁਹਾਰਤਾ ਨੂੰ ਦਰਸਾਉਂਦੀ ਹੈ। ਹਾਲਾਂਕਿ ਕਿਤੇ ਕਿਤੇ ਪੰਜਾਬੀ ਮੁਹਾਵਰੇ ਦੀ ਸੁਭਾਵਿਕਤਾ ਕਾਰਨ ਬਹਿਰ ਵਿੱਚ ਹਲਕੀ ਲਚਕ ਵੀ ਮਿਲਦੀ ਹੈ, ਪਰ ਇਹ ਖਾਮੀ ਨਹੀਂ, ਸਗੋਂ ਭਾਸ਼ਾਈ ਸੁਭਾਵਿਕਤਾ ਦਾ ਹਿੱਸਾ ਹੈ।

ਭਾਸ਼ਾਈ ਲਹਿਜ਼ੇ ਦੇ ਪੱਖ ਤੋਂ ਗੁਰਭਜਨ ਗਿੱਲ ਦੀ ਗ਼ਜ਼ਲ ਵਿਲੱਖਣ ਸੰਤੁਲਨ ਰੱਖਦੀ ਹੈ। ਉਹ ਨਾ ਤਾਂ ਅਤਿ-ਫ਼ਾਰਸੀਅਤ ਵਾਲੀ ਗੁੰਝਲਦਾਰ ਉਰਦੂ ਵਰਤਦੇ ਹਨ ਅਤੇ ਨਾ ਹੀ ਸਿਰਫ਼ ਲੋਕ-ਭਾਸ਼ਾ ਤੱਕ ਸੀਮਿਤ ਰਹਿੰਦੇ ਹਨ। ਉਨ੍ਹਾਂ ਦੀ ਭਾਸ਼ਾ ਵਿੱਚ ਸਾਹਿਤਕ ਪੰਜਾਬੀ, ਲੋਕ-ਰਸ ਅਤੇ ਉਰਦੂ ਗ਼ਜ਼ਲੀਆ ਲਹਿਜ਼ਾ ਇਕੱਠੇ ਮਿਲਦੇ ਹਨ।

“ਹੋਠਾਂ ਉੱਤੋਂ ਚੁੱਪ ਦੇ ਜੰਦਰੇ ਖੋਲ੍ਹ ਦਿਆ ਕਰ”
ਮਨ ਮਸਤਕ ਵਿੱਚ ਜੋ ਵੀ ਆਵੇ ਬੋਲ ਦਿਆ ਕਰ।18

ਵਿੱਚ ‘ਜੰਦਰੇ’ ਵਰਗਾ ਲੋਕ-ਸ਼ਬਦ ਗ਼ਜ਼ਲ ਨੂੰ ਪੰਜਾਬੀ ਮਿੱਟੀ ਨਾਲ ਜੋੜਦਾ ਹੈ, ਜਦਕਿ ਬਣਤਰ ਪੂਰੀ ਤਰ੍ਹਾਂ ਗ਼ਜ਼ਲੀਆ ਹੈ। ਇਸੇ ਤਰ੍ਹਾਂ:

“ਤੂੰ ਕਸਤੂਰੀ ਮਿਰਗਣੀਆਂ ਦੀ ਨਾਭੀ ਦੀ”
ਗਲਵੱਕੜੀ ਵਿੱਚ ਘੁੱਟ ਕੇ ਕਸਣਾ ਚਾਹੁੰਦਾ ਹਾਂ। 19

ਵਰਗਾ ਪ੍ਰਯੋਗ ਭਾਸ਼ਾ ਦੀ ਕਾਵਿ-ਗੰਭੀਰਤਾ ਨੂੰ ਵਧਾਉਂਦਾ ਹੈ। ਕਵੀ ਦਾ ਲਹਿਜ਼ਾ ਸੰਵੇਦਨਸ਼ੀਲ ਅਤੇ ਸੰਕੇਤਮਈ ਹੈ, ਜੋ ਗ਼ਜ਼ਲ ਦੀ ਰੂਹ ਨਾਲ ਮੇਲ ਖਾਂਦਾ ਹੈ।

ਬਿੰਬ ਅਤੇ ਪ੍ਰਤੀਕ-ਵਿਧਾਨ “ਮਿਰਗਾਵਲੀ” ਦੀ ਕਾਵਿ-ਕਲਾ ਦਾ ਸਭ ਤੋਂ ਪ੍ਰਭਾਵਸ਼ਾਲੀ ਤੱਤ ਹੈ। ਗਿੱਲ ਸਿੱਧੀ ਗੱਲ ਕਰਨ ਦੀ ਬਜਾਏ ਚਿੱਤਰਾਤਮਕ ਸੰਕੇਤਾਂ ਰਾਹੀਂ ਅਰਥ ਰਚਦੇ ਹਨ। “ਸ਼ੀਸ਼ੇ ਅੰਦਰ ਕਿਸ ਦਾ ਚਿਹਰਾ” ਵਿੱਚ ਸ਼ੀਸ਼ਾ ਅੰਦਰੂਨੀ ਆਤਮ-ਮੁਖਾਤਬ ਦਾ ਪ੍ਰਤੀਕ ਬਣਦਾ ਹੈ “ਜੋ ਕੁਝ ਮੈਂ ਅੱਜ ਤੀਕ ਲੁਕਾਇਆ, ਬੋਲ ਬੋਲ ਕੇ ਦੱਸ ਰਿਹਾ ਹੈ”20 ਇੱਥੇ ਸ਼ੀਸ਼ਾ ਸਿਰਫ਼ ਵਸਤੂ ਨਹੀਂ, ਸਗੋਂ ਜ਼ਮੀਰ ਦੀ ਆਵਾਜ਼ ਹੈ। ਇਸੇ ਤਰ੍ਹਾਂ “ਰੂਹ ਦੀ ਤੂੰਬੀ” ਦਾ ਪ੍ਰਤੀਕ ਮਨੁੱਖੀ ਅੰਦਰੂਨੀ ਸੰਗੀਤ ਨੂੰ ਦਰਸਾਉਂਦਾ ਹੈ। “ਨੈਣ ਜਦੋਂ ਬਰਸਣ ਲਈ ਤਰਸਣ” ਵਿੱਚ ਅੱਖਾਂ ਦਾ ਬਰਸਣਾ ਸੰਵੇਦਨਾਂ ਦੇ ਤੁਫਾਨ ਦਾ ਬਿੰਬ ਹੈ। ਕਵੀ ਅਕਸਰ ਕੁਦਰਤੀ ਤੱਤ ਚਾਨਣ, ਦਰਿਆ, ਖੁਸ਼ਬੂ, ਚਸ਼ਮਾ, ਤੂੰਬੀ ਆਦਿ ਨੂੰ ਮਨੋਵਿਗਿਆਨਿਕ ਅਰਥ ਦੇ ਦਿੰਦਾ ਹੈ, ਜੋ ਉਸ ਦੀ ਪ੍ਰਤੀਕ-ਸਮਰੱਥਾ ਨੂੰ ਦਰਸਾਉਂਦਾ ਹੈ।

ਉਰਦੂ ਗ਼ਜ਼ਲ ਪਰੰਪਰਾ ਨਾਲ ਸੰਬੰਧ ਦੇ ਪ੍ਰਸੰਗ ਵਿੱਚ ਗੁਰਭਜਨ ਗਿੱਲ ਦੀ ਸਥਿਤੀ ਸੰਵਾਦਿਕ ਹੈ, ਅਨੁਕਰਨਕ ਨਹੀਂ। ਉਹ ਮਤਲਾ-ਮਕਤਾ, ਕਾਫ਼ੀਆ ਰਦੀਫ਼ ਅਤੇ ਬਹਿਰ ਵਰਗੇ ਮੂਲ ਗ਼ਜ਼ਲ ਨਿਯਮਾਂ ਨੂੰ ਨਿਭਾਉਂਦੇ ਹਨ, ਪਰ ਵਿਸ਼ਾ, ਭਾਸ਼ਾ ਅਤੇ ਬਿੰਬਾਂ ਵਿੱਚ ਪੰਜਾਬੀਅਤ ਦੀ ਮਜ਼ਬੂਤ ਛਾਪ ਰੱਖਦੇ ਹਨ। “ਜ਼ਿੰਦਗੀ ਦੇ ਸਾਜ਼ ਨੂੰ ਸੁਰ ਕਰਦਿਆਂ ਗੁਜ਼ਰੀ ਏ ਰਾਤ” ਵਰਗਾ ਮਿਸਰਾ ਰਵਾਇਤੀ ਉਰਦੂ ਰੂਹਾਨੀਅਤ ਦੀ ਯਾਦ ਦਿਵਾਉਂਦਾ ਹੈ, ਪਰ ਇਸ ਦੀ ਭਾਸ਼ਾ ਅਤੇ ਸੰਵੇਦਨਾਂ ਪੰਜਾਬੀ ਜੀਵਨ-ਅਨੁਭਵ ਨਾਲ ਜੁੜੀ ਹੈ। ਇਸੇ ਤਰ੍ਹਾਂ ਸਮਾਜਕ ਚੇਤਨਾ ਵਾਲੇ ਸ਼ੇਅਰ ਉਰਦੂ ਦੀ ਰਵਾਇਤੀ ਇਸ਼ਕੀਆ ਗ਼ਜ਼ਲ ਤੋਂ ਅੱਗੇ ਵਧ ਕੇ ਪ੍ਰਗਤੀਸ਼ੀਲ ਰੁਝਾਨ ਵੱਲ ਇਸ਼ਾਰਾ ਕਰਦੇ ਹਨ।

ਰੂਮਾਨੀ ਧਾਰਾ ਵਾਲੀਆਂ ਗ਼ਜ਼ਲਾਂ ਵਿੱਚ ਕਵੀ ਦੀ ਸੰਵੇਦਨਾਂ ਬਹੁਤ ਨਰਮ ਅਤੇ ਆਤਮਿਕ ਰੰਗ ਵਿੱਚ ਪ੍ਰਗਟ ਹੁੰਦੀ ਹੈ। “ਤੇਰੇ ਨੀਮ ਨਸ਼ੀਲੇ ਨੈਣਾਂ ਵਿਚ” ਗ਼ਜ਼ਲ ਦਾ ਮਿਸਰਾ “ਤੇਰੇ ਨੀਮ ਨਸ਼ੀਲੇ ਨੈਣਾਂ ਵਿਚ ਮੈਂ ਡੁੱਬਿਆਂ ਹੋ ਮਖ਼ਸੂਰ ਜਿਹਾ”21 ਪ੍ਰੇਮ ਨੂੰ ਸਿਰਫ਼ ਬਾਹਰੀ ਆਕਰਸ਼ਣ ਨਹੀਂ, ਸਗੋਂ ਰੂਹਾਨੀ ਸਮਰਪਣ ਵਜੋਂ ਪੇਸ਼ ਕਰਦਾ ਹੈ। ਇੱਥੇ ‘ਡੁੱਬਿਆਂ’ ਦਾ ਬਿੰਬ ਪ੍ਰੇਮ ਦੀ ਪੂਰਨ ਲੀਨਤਾ ਦਾ ਸੰਕੇਤ ਹੈ। ਇਸੇ ਗ਼ਜ਼ਲ ਵਿੱਚ “ਬੇਨਾਮ-ਮੁਹੱਬਤ ਹੋ ਸਕਦੀ ਇਹ ਨਾਵਾਂ ਦੀ ਮੁਹਤਾਜ ਨਹੀਂ”22 ਕਹਿ ਕੇ ਕਵੀ ਇਸ਼ਕ ਨੂੰ ਪਰੰਪਰਾਗਤ ਲੇਬਲਾਂ ਤੋਂ ਆਜ਼ਾਦ ਕਰਦਾ ਹੈ। ਇਹ ਅਰਥ-ਪੱਧਰ ਗ਼ਜ਼ਲ ਨੂੰ ਸਿਰਫ਼ ਰੂਮਾਨੀ ਨਹੀਂ ਰਹਿਣ ਦਿੰਦਾ, ਸਗੋਂ ਅਸਤਿਤਵਿਕ ਅਨੁਭਵ ਵਿੱਚ ਬਦਲ ਦਿੰਦਾ ਹੈ।ਇਸੇ ਤਰ੍ਹਾਂ “ਤੇਰੇ ਨੈਣੀਂ ਸੁਪਨਾ ਬਣ ਜਾਂ” ਗ਼ਜ਼ਲ ਵਿੱਚ ਪ੍ਰੇਮ ਦੀ ਲੀਨਤਾ ਅਤੇ ਬੇਚੈਨੀ ਇਕੱਠੇ ਉਭਰਦੇ ਹਨ। ਸ਼ੇਅਰ “ਮਿਸ਼ਰੀ ਵਾਂਗੂੰ ਘੁਲ਼ ਗਈ ਹੈਂ ਤੂੰ ਸਾਹਾਂ ਅੰਦਰ”23 ਪ੍ਰੇਮ ਦੇ ਅਦ੍ਰਿਸ਼ਟ ਪਰ ਗਹਿਰੇ ਅਸਰ ਨੂੰ ਬਹੁਤ ਸੁੰਦਰ ਬਿੰਬ ਰਾਹੀਂ ਪ੍ਰਗਟ ਕਰਦਾ ਹੈ। ਇੱਥੇ ਮਿਸ਼ਰੀ ਦਾ ਪ੍ਰਤੀਕ ਮਿੱਠਾਸ ਦੇ ਨਾਲ-ਨਾਲ ਅਦ੍ਰਿਸ਼ਟ ਘੁਲਣ ਦੀ ਪ੍ਰਕਿਰਿਆ ਨੂੰ ਵੀ ਦਰਸਾਉਂਦਾ ਹੈ। ਇਹ ਕਵੀ ਦੀ ਬਿੰਬ-ਸਮਰੱਥਾ ਦਾ ਪ੍ਰਮਾਣ ਹੈ।

ਅੰਦਰੂਨੀ ਸੰਘਰਸ਼ ਅਤੇ ਆਤਮ-ਮੁਖਾਬਤ ਵਾਲੀਆਂ ਗ਼ਜ਼ਲਾਂ ਵਿੱਚ ਕਵੀ ਹੋਰ ਵੀ ਗਹਿਰਾ ਹੋ ਜਾਂਦਾ ਹੈ। “ਸ਼ੀਸ਼ੇ ਅੰਦਰ ਕਿਸ ਦਾ ਚਿਹਰਾ” ਦਾ ਸ਼ੇਅਰ “ਜੋ ਕੁਝ ਮੈਂ ਅੱਜ ਤੀਕ ਲੁਕਾਇਆ, ਬੋਲ ਬੋਲ ਕੇ ਦੱਸ ਰਿਹਾ ਹੈ”24 ਅੰਦਰਲੇ ਜ਼ਮੀਰ ਦੀ ਬੇਚੈਨੀ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਉਘਾੜਦਾ ਹੈ। ਇੱਥੇ ਸ਼ੀਸ਼ਾ ਸਿਰਫ਼ ਦਰਪਣ ਨਹੀਂ, ਸਗੋਂ ਆਤਮ-ਚੇਤਨਾ ਦਾ ਪ੍ਰਤੀਕ ਬਣ ਜਾਂਦਾ ਹੈ। ਅੱਗੇ “ਅੱਗ ਦੀ ਉਮਰੇ ਸੱਪ ਲੜਿਆ ਸੀ, ਓਹੀ ਮੁੜ ਕੇ ਡੱਸ ਰਿਹਾ ਹੈ”25 ਵਿੱਚ ਅਤੀਤ ਦੇ ਪਾਪ ਜਾਂ ਦੁੱਖ ਦੇ ਵਾਪਸੀ ਦਾ ਮਨੋਵਿਗਿਆਨਿਕ ਪੱਖ ਸਾਹਮਣੇ ਆਉਂਦਾ ਹੈ। ਇਹ ਸ਼ੇਅਰ ਆਧੁਨਿਕ ਮਨੁੱਖ ਦੀ ਅੰਦਰੂਨੀ ਨਫ਼ਰਤ ਅਤੇ ਤੜਪ ਨੂੰ ਰੂਪਾਤਮਕ ਢੰਗ ਨਾਲ ਪੇਸ਼ ਕਰਦਾ ਹੈ।

ਅਸਤਿਤਵਿਕ ਪੀੜਾ ਵਾਲੀਆਂ ਗ਼ਜ਼ਲਾਂ ਵਿੱਚ “ਰਹਿਣ ਦਿਆ ਕਰ” ਵਿਸ਼ੇਸ਼ ਧਿਆਨਯੋਗ ਹੈ। “ਰੋਜ਼ ਦਿਹਾੜੀ ਲੰਘਣਾ ਪੈਂਦਾ ਮੈਨੂੰ ਸੜਦੇ ਜੰਗਲ ਥਾਣੀਂ”26 ਮਨੁੱਖੀ ਜੀਵਨ ਨੂੰ ਸੜਦੇ ਜੰਗਲ ਨਾਲ ਤੁਲਨਾ ਕਰਦਾ ਹੈ, ਜੋ ਆਧੁਨਿਕ ਜੀਵਨ ਦੀ ਕਠਿਨਾਈ ਅਤੇ ਅਸਥਿਰਤਾ ਦਾ ਪ੍ਰਤੀਕ ਹੈ। ਇਸੇ ਗ਼ਜ਼ਲ ਦਾ ਬਿੰਬ “ਨਾਭੀ ਵਿਚ ਕਸਤਰੀ ਦੀ ਵੀ ਸਦੀਆਂ ਲੰਮੀ ਪੀੜ ਪਰਾਣੀ”27 ਮਨੁੱਖ ਦੀ ਅੰਦਰੂਨੀ ਖੋਜ ਅਤੇ ਅਧੂਰੇਪਣ ਨੂੰ ਦਰਸਾਉਂਦਾ ਹੈ। ਇੱਥੇ ਕਸਤੂਰੀ-ਮਿਰਗ ਦਾ ਪ੍ਰਤੀਕ ਉਰਦੂ-ਫ਼ਾਰਸੀ ਰਿਵਾਇਤ ਨਾਲ ਜੁੜਿਆ ਹੋਇਆ ਹੋਣ ਦੇ ਬਾਵਜੂਦ ਪੰਜਾਬੀ ਅਨੁਭਵ ਨਾਲ ਗੁੱਥਿਆ ਹੋਇਆ ਹੈ।

ਸਮਾਜਕ ਚੇਤਨਾ ਵਾਲੀਆਂ ਗ਼ਜ਼ਲਾਂ ਵਿੱਚ ਕਵੀ ਦਾ ਲਹਿਜਾ ਨਰਮ ਰੂਹਾਨੀਅਤ ਤੋਂ ਨਿਕਲ ਕੇ ਤਿੱਖੀ ਟਿੱਪਣੀ ਵਿੱਚ ਬਦਲ ਜਾਂਦਾ ਹੈ। “ਨੈਣ ਜਦੋਂ ਬਰਸਣ ਲਈ ਤਰਸਣ” ਵਿੱਚ ਸ਼ੇਅਰ “ਦਾਨਿਸ਼ ਨੂੰ ਬੇਅਦਬ ਕਰਨ ਦੀ, ਰੀਤ ਪੁਰਾਣੀ ਮਰ ਮੁੱਕ ਜਾਵੇ”28 ਸਮਾਜ ਵਿੱਚ ਗਿਆਨ ਦੀ ਅਣਦੇਖੀ ’ਤੇ ਸਪਸ਼ਟ ਪ੍ਰਹਾਰ ਕਰਦਾ ਹੈ। ਅੱਗੇ “ਪੌਣਾਂ ਵਿਚ ਜ਼ਹਿਰੀਲਾ ਧੂੰਆਂ, ਧਰਮ-ਕਰਮ ਦੇ ਨਾਂ ਦੇ ਥੱਲੇ”29 ਸਮਕਾਲੀ ਧਾਰਮਿਕ ਪਖੰਡ ’ਤੇ ਤਿੱਖੀਇ ਆਲੋਚਨਾ ਹੈ। ਇਹ ਸ਼ੇਅਰ ਦਰਸਾਉਂਦੇ ਹਨ ਕਿ ਗਿੱਲ ਦੀ ਗ਼ਜ਼ਲ ਸਿਰਫ਼ ਨਿੱਜੀ ਭਾਵਨਾ ਤੱਕ ਸੀਮਿਤ ਨਹੀਂ ਰਹਿੰਦੀ।

ਇਤਿਹਾਸਕ-ਸਮਾਜਕ ਸੰਵੇਦਨਾ “ਵੇਖ ਲਉ ਤਾਰੀਖ਼ ਕੀਹ” ਵਿੱਚ ਹੋਰ ਤੀਬਰ ਹੋ ਜਾਂਦੀ ਹੈ। “ਮਾਣ-ਮੱਤੀ ਧਰਤ 'ਚੋਂ ਗੈਰਤ ਜਿਉਂਦੀ ਮਰ ਗਈ30 ਕਹਿ ਕੇ ਕਵੀ ਸਮਾਜਕ ਪਤਨ ’ਤੇ ਗਹਿਰਾ ਦੁੱਖ ਪ੍ਰਗਟ ਕਰਦਾ ਹੈ। ਇਸੇ ਗ਼ਜ਼ਲ ਦਾ ਸ਼ੇਅਰ “ਕੌਮ ਨੂੰ ਇਤਿਹਾਸ ਤੋਂ ਵਾਕਿਫ਼ ਕਰਾਉਣਾ ਧਰਮ ਹੈ”31 ਕਵੀ ਦੀ ਬੌਧਿਕ ਜ਼ਿੰਮੇਵਾਰੀ-ਚੇਤਨਾ ਨੂੰ ਦਰਸਾਉਂਦਾ ਹੈ। ਇੱਥੇ ਗ਼ਜ਼ਲ ਵਿਚਾਰਿਕ ਉਚਾਈ ਹਾਸਲ ਕਰਦੀ ਹੈ।

ਰੂਹਾਨੀ ਅਤੇ ਪ੍ਰਤੀਕਾਤਮਕ ਪੱਧਰ “ਜ਼ਿੰਦਗੀ ਦੇ ਸਾਜ਼ ਨੂੰ” ਵਿੱਚ ਬਹੁਤ ਸੁੰਦਰ ਢੰਗ ਨਾਲ ਉਭਾਰਦਾ ਹੈ। “ਜ਼ਿੰਦਗੀ ਦੇ ਸਾਜ਼ ਨੂੰ ਸੁਰ ਕਰਦਿਆਂ ਗੁਜ਼ਰੀ ਏ ਰਾਤ”32 ਵਿੱਚ ਜੀਵਨ ਨੂੰ ਸਾਜ਼ ਮੰਨਣਾ ਸੂਫ਼ੀਆਨਾ ਪ੍ਰਤੀਕ ਹੈ। ਇਸੇ ਤਰ੍ਹਾਂ“ਮੈਂ ਤੇਰੇ ਵਾਲਾਂ 'ਚ ਗੁੰਦਾਂ ਤਾਰਿਆਂ ਦੀ ਕਹਿਕਸ਼ਾਂ”33 ਕਲਪਨਾ ਅਤੇ ਰੂਮਾਨੀਅਤ ਦਾ ਸੁਮੇਲ ਪੇਸ਼ ਕਰਦਾ ਹੈ। ਇਹ ਸ਼ੇਅਰ ਕਵੀ ਦੀ ਰਚਨਾਤਮਕ ਉਡਾਣ ਦਾ ਪ੍ਰਮਾਣ ਹਨ। “ਕਿੱਥੇ ਵੱਸਦੇ ਭੇਤ ਨਾ ਦੱਸਦੇ” ਗ਼ਜ਼ਲ ਵਿੱਚ ਸੰਵਾਦੀ ਲਹਿਜ਼ਾ ਗ਼ਜ਼ਲ ਨੂੰ ਜੀਵੰਤ ਬਣਾਉਂਦਾ ਹੈ। “ਦਸਤਕ ਦੇ ਜੇ ਮੁੜੇ ਮੁਸਾਫ਼ਿਰ, ਦੀਦ-ਪਿਆਸੇ ਨੈਣ ਲਈ”34 ਮਨੁੱਖੀ ਉਡੀਕ ਅਤੇ ਆਸ ਦਾ ਸੁੰਦਰ ਪ੍ਰਤੀਕ ਹੈ। ਇੱਥੇ ਕਵੀ ਨੇ ਪਰੰਪਰਾਗਤ ‘ਮੁਸਾਫ਼ਿਰ’ ਬਿੰਬ ਨੂੰ ਨਵੀਂ ਭਾਵਨਾਤਮਕ ਗਹਿਰਾਈ ਦਿੰਦਾ ਹੈ।

ਕੁਦਰਤੀ ਬਿੰਬਾਂ ਦੀ ਕਲਾਤਮਕ ਵਰਤੋਂ “ਜਦ ਵੀ ਤੱਕਿਆ ਤੇ ਇੰਜ ਲੱਗਿਆ” ਵਿੱਚ ਵੇਖਣਯੋਗ ਹੈ। “ਜਾਗਦਿਆਂ ਤੇ ਸੁੱਤਿਆਂ ਖ਼ੁਸ਼ਬੂ, ਮਹਿਕੇ ਸ਼ਾਮ ਸਵੇਰੇ ਖ਼ੁਸ਼ਬੂ”35ਵਿੱਚ ਖ਼ੁਸ਼ਬੂ ਸਰਬਵਿਆਪੀ ਪ੍ਰੇਮ ਜਾਂ ਆਤਮਿਕ ਹਾਜ਼ਰੀ ਦਾ ਪ੍ਰਤੀਕ ਬਣ ਜਾਂਦੀ ਹੈ। ਇਹ ਬਿੰਬ ਗ਼ਜ਼ਲ ਨੂੰ ਧੁਨੀ, ਸੁਗੰਧ ਅਤੇ ਦ੍ਰਿਸ਼ ਤਿੰਨਾਂ ਪੱਧਰਾਂ ’ਤੇ ਪ੍ਰਭਾਵਸ਼ਾਲੀ ਬਣਾਉਂਦਾ ਹੈ। ਇੱਕ ਹੋਰ ਗ਼ਜ਼ਲ ਵਿੱਚ ਕਵੀ ਲਿਖਦਾ ਹੈ: “ਇਕ ਦੂਜੇ ਦੀ ਛਾਵੇਂ ਰਹੀਏ / ਧੁੱਪ ਵਕਤ ਦੀ ਸਹੀ ਨਾ ਜਾਵੇ”36 ਇਸ ਹਵਾਲੇ ਵਿੱਚ ਪ੍ਰੇਮ ਸਿਰਫ਼ ਰੂਮਾਨੀ ਅਨੁਭਵ ਨਹੀਂ ਰਹਿੰਦਾ, ਸਗੋਂ ਜੀਵਨਕਾਲੀ ਸਹਾਰਾ ਬਣ ਜਾਂਦਾ ਹੈ। “ਧੁੱਪ ਵਕਤ ਦੀ” ਸਮੇਂ ਦੀ ਕਠੋਰਤਾ ਦਾ ਪ੍ਰਤੀਕ ਹੈ, ਜਦਕਿ “ਛਾਵੇਂ ਰਹੀਏ” ਮਨੁੱਖੀ ਨੇੜਤਾ ਦੀ ਲੋੜ ਨੂੰ ਦਰਸਾਉਂਦਾ ਹੈ। ਕਵੀ ਪ੍ਰੇਮ ਨੂੰ ਮਨੋਵਿਗਿਆਨਿਕ ਸੁਰੱਖਿਆ ਦੇ ਰੂਪ ਵਿੱਚ ਵੇਖਦਾ ਹੈ, ਜੋ ਪੰਜਾਬੀ ਗ਼ਜ਼ਲ ਵਿੱਚ ਇੱਕ ਮਹੱਤਵਪੂਰਨ ਰੁਝਾਨ ਹੈ।

ਸਮਾਜਿਕ-ਰਾਜਨੀਤਿਕ ਪੱਧਰ ’ਤੇ ਵੀ ਇਹ ਗ਼ਜ਼ਲਾਂ ਪ੍ਰਭਾਵਸ਼ਾਲੀ ਹਨ। ਸ਼ੇਅਰ “ਲੋਕਤੰਤਰ ਬਣ ਗਿਆ ਨਾਟਕ / ਮੰਚ ਤੇ ਖੜ੍ਹੇ ਮੁਖੌਟੇ ਨੇ”37 ਵਿੱਚ ਕਵੀ ਲੋਕਤੰਤਰ ਦੀ ਵਿਡੰਬਣਾ ਨੂੰ ਤਿੱਖੇ ਵਿਅੰਗ ਨਾਲ ਪੇਸ਼ ਕਰਦਾ ਹੈ। ਇੱਥੇ “ਮੁਖੌਟੇ” ਸ਼ਬਦ ਪ੍ਰਤੀਕਾਤਮਕ ਤੌਰ ’ਤੇ ਰਾਜਨੀਤਿਕ ਪਖੰਡ ਨੂੰ ਬੇਨਕਾਬ ਕਰਦਾ ਹੈ। ਨਜ਼ਦੀਕੀ ਪੜ੍ਹਤ ਦਿਖਾਉਂਦੀ ਹੈ ਕਿ ਕਵੀ ਸਿੱਧੀ ਨਾਰਾਬਾਜ਼ੀ ਨਹੀਂ ਕਰਦਾ, ਸਗੋਂ ਗ਼ਜ਼ਲ ਦੀ ਸੰਕੇਤਾਤਮਕ ਰਵਾਇਤ ਅੰਦਰ ਰਹਿੰਦੇ ਹੋਏ ਸਮਕਾਲੀ ਚੇਤਨਾ ਨੂੰ ਉਭਾਰਦਾ ਹੈ। ਇਸੇ ਤਰ੍ਹਾਂ ਸ਼ੇਅਰ “ਦਹਿਸ਼ਤ ਦਾ ਕੋਈ ਧਰਮ ਨਾ ਹੁੰਦਾ / ਖ਼ੂਨ ਸਦਾ ਇਨਸਾਨ ਦਾ ਵਗਦਾ”38 ਮਨੁੱਖਤਾ-ਕੇਂਦਰਿਤ ਦ੍ਰਿਸ਼ਟੀ ਨੂੰ ਦਰਸਾਉਂਦਾ ਹੈ। ਇੱਥੇ ਕਵੀ ਧਾਰਮਿਕ ਵੰਡਾਂ ਤੋਂ ਉਪਰ ਉੱਠ ਕੇ ਮੁੱਲਾਂ ਦੀ ਵਕਾਲਤ ਕਰਦਾ ਹੈ। ਅਰਥ-ਪੱਧਰਾਂ ਦੀ ਖੋਲ੍ਹ ਕਰਨ ’ਤੇ ਇਹ ਸਪਸ਼ਟ ਹੁੰਦਾ ਹੈ ਕਿ ਇਹ ਗ਼ਜ਼ਲ ਸਿਰਫ਼ ਇੱਕ ਸਮਾਜਿਕ ਟਿੱਪਣੀ ਨਹੀਂ, ਸਗੋਂ ਨੈਤਿਕ ਘੋਸ਼ਣਾ ਵੀ ਹੈ। ਇਸ ਤਰ੍ਹਾਂ ਕਲਾ ਅਤੇ ਵਿਚਾਰ ਦਾ ਮਿਲਾਪ ਬਹੁਤ ਸੁਚਾਰੂ ਢੰਗ ਨਾਲ ਹੋਇਆ ਹੈ।ਅਸਤਿਤਵਕ ਪੀੜਾ ਦੇ ਸੰਦਰਭ ਵਿੱਚ ਕਵੀ ਦੀ ਆਵਾਜ਼ ਹੋਰ ਵੀ ਅੰਦਰੂਨੀ ਹੋ ਜਾਂਦੀ ਹੈ। ਸ਼ੇਅਰ

“ਮੈਂ ਬਦਕਿਸਮਤ ਉਹ ਪੁਸਤਕ ਹਾਂ ਜਿਸ ਨੂੰ ਤੂੰ ਵੀ ਪੜ੍ਹਿਆ ਨਹੀਂ।
ਸ਼ਬਦ ਨਗੀਨੇ ਅਣਵਰਤੇ ਨੂੰ ਦਿਲ ਮੁੰਦਰੀ ਵਿਚ ਮੁੜਿਆ ਨਹੀਂ ।”39

ਆਧੁਨਿਕ ਮਨੁੱਖ ਦੀ ਮਨੋਵਿਗਿਆਨਿਕ ਟੁੱਟ ਨੂੰ ਉਜਾਗਰ ਕਰਦਾ ਹੈ। “ਪਰਛਾਂਵੇ ਤੋਂ ਡਰਨਾ” ਆਤਮ-ਅਸੁਰੱਖਿਆ ਦਾ ਗਹਿਰਾ ਪ੍ਰਤੀਕ ਹੈ। ਨਜ਼ਦੀਕੀ ਪਾਠ ਦੱਸਦਾ ਹੈ ਕਿ ਕਵੀ ਨੇ ਇਕੱਲੇਪਨ ਦੀ ਅਵਸਥਾ ਨੂੰ ਬਹੁਤ ਹੀ ਸੰਕੇਤਮਈ ਭਾਸ਼ਾ ਵਿੱਚ ਪ੍ਰਗਟ ਕੀਤਾ ਹੈ, ਜੋ ਮਿਰਗਾਵਲੀ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ। ਇਸੇ ਧਾਰਾ ਨੂੰ ਅੱਗੇ ਵਧਾਉਂਦਾ ਸ਼ੇਅਰ

“ਟੁਕੜੇ-ਟੁਕੜੇ ਦਿਲ ਦੇ ਵਰਕੇ ਜੋੜੋਗੇ ਤਾਂ ਜਾਣ ਲਵੋਗੇ।
ਅਸਲ ਇਬਾਰਤ ਕੀ ਕਹਿੰਦੀ ਹੈ, ਖ਼ੁਦ ਆਪੇ ਪਹਿਚਾਣ ਲਵੋਗੇ।”40

ਮਨ ਭਟਕਣ ਅਵਸਥਾ ਦਾ ਬਹੁਤ ਪ੍ਰਭਾਵਸ਼ਾਲੀ ਬਿੰਬ ਪੇਸ਼ ਕਰਦਾ ਹੈ। “ਦਿਲ ਦੇ ਵਰਕੇ” ਯਾਦਾਂ ਅਤੇ ਅਨੁਭਵਾਂ ਦੇ ਪ੍ਰਤੀਕ ਹਨ, ਜਿਨ੍ਹਾਂ ਨੂੰ “ਹਵਾ” ਸਮੇਂ ਦੀ ਬੇਰਹਿਮੀ ਵਾਂਗ ਉਡਾ ਰਹੀ ਹੈ। ਇੱਥੇ ਅਰਥ ਦੀ ਬਹੁ-ਪਰਤਦਾਰਤਾ ਗ਼ਜ਼ਲ ਨੂੰ ਉੱਚ ਕਲਾ-ਪੱਧਰ ’ਤੇ ਲੈ ਜਾਂਦੀ ਹੈ। ਆਤਮਿਕਤਾ ਅਤੇ ਪ੍ਰਤੀਕਾਤਮਕ ਸੰਵੇਦਨਾਂ ਵਾਲੀਆਂ ਗ਼ਜ਼ਲਾਂ ਵਿੱਚ ਕਵੀ ਦੀ ਭਾਸ਼ਾ ਹੋਰ ਵੀ ਸੰਗੀਤਮਈ ਹੋ ਜਾਂਦੀ ਹੈ। ਉਦਾਹਰਨ ਵਜੋਂ ਸ਼ੇਅਰ

“ਰੂਹ ਦੀ ਤੂੰਬੀ ਖ਼ੁਦ ਟੁਣਕਾਉਣੀ ਪੈਂਦੀ ਹੈ।
ਆਪਣੇ ਮਨ ਦੀ ਤਾਰ ਹਿਲਾਉਣੀ ਪੈਂਦੀ ਹੈ।”41

ਅੰਦਰੂਨੀ ਜਾਗਰੂਕਤਾ ਦਾ ਪ੍ਰਤੀਕ ਹੈ। “ਤੂੰਬੀ” ਇੱਥੇ ਸਿਰਫ਼ ਸਾਜ਼ ਨਹੀਂ, ਸਗੋਂ ਮਨੁੱਖੀ ਰੂਹ ਦਾ ਰੂਪਕ ਬਣ ਜਾਂਦੀ ਹੈ। ਨਜ਼ਦੀਕੀ ਪੜ੍ਹਤ ਦੱਸਦੀ ਹੈ ਕਿ ਕਵੀ ਲੋਕ-ਸੰਸਕਾਰ ਨੂੰ ਰੂਹਾਨੀ ਅਨੁਭਵ ਨਾਲ ਜੋੜਦਾ ਹੈ।

“ਮਨ ਦਾ ਵਿਹੜਾ ਮਹਿਕ ਗਿਆ ਹੈ।
ਹੁਣ ਹੀ ਤੇਰਾ ਖ਼ਤ ਮਿਲਿਆ ਹੈ।
ਵਗਦੀ ਪੌਣ ਮਗਰ ਨਹੀਂ ਜਾਣਾ,
ਮੈਂ ਸੱਧਰਾਂ ਨੂੰ ਵਰਜ ਲਿਆ ਹੈ।”42

ਅੰਦਰੂਨੀ ਉਜਾਲੇ ਦੀ ਕਾਵਿ-ਅਭਿਵਿਅਕਤੀ ਹੈ। “ਚਸ਼ਮਾ ਫੁੱਟਣਾ” ਆਤਮਿਕ ਪ੍ਰਕਾਸ਼ ਦਾ ਬਹੁਤ ਸੁੰਦਰ ਪ੍ਰਤੀਕ ਹੈ। ਇੱਥੇ ਕਵੀ ਦੀ ਪ੍ਰਤੀਕ-ਰਚਨਾ ਉਰਦੂ ਗ਼ਜ਼ਲ ਦੀ ਰਵਾਇਤ ਨਾਲ ਜੁੜੀ ਹੋਣ ਦੇ ਬਾਵਜੂਦ ਪੰਜਾਬੀ ਸੰਵੇਦਨਾਂ ਨਾਲ ਭਰੀ ਹੋਈ ਹੈ। ਚੁਣੀਂਦੀਆਂ ਗ਼ਜ਼ਲਾਂ ਦੀ ਗਹਿਰੀ ਪੜ੍ਹਤ ਤੋਂ ਇਹ ਵੀ ਸਾਹਮਣੇ ਆਉਂਦਾ ਹੈ ਕਿ ਕਵੀ ਸ਼ਿਲਪਕ ਅਨੁਸ਼ਾਸਨ ਨੂੰ ਕਾਫ਼ੀ ਗੰਭੀਰਤਾ ਨਾਲ ਨਿਭਾਉਂਦਾ ਹੈ। ਕਈ ਗ਼ਜ਼ਲਾਂ ਵਿੱਚ ਰਦੀਫ਼ ਦੀ ਸੁਚਾਰੂ ਦੁਹਰਾ ਅਤੇ ਕਾਫ਼ੀਆਂ ਦੀ ਸੰਗਤੀ ਸਪਸ਼ਟ ਹੈ,

ਇਸ ਅਧਿਐਨ ਦੇ ਸਮੂਹਿਕ ਨਿਸ਼ਕਰਸ਼ ਤੌਰ ’ਤੇ ਇਹ ਪ੍ਰਗਟ ਹੁੰਦਾ ਹੈ ਕਿ ਗੁਰਭਜਨ ਗਿੱਲ ਦਾ ਗ਼ਜ਼ਲ-ਸੰਗ੍ਰਹਿ “ਮਿਰਗਾਵਲੀ” ਪੰਜਾਬੀ ਗ਼ਜ਼ਲ ਦੀ ਆਧੁਨਿਕ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੰਜ਼ਿਲ ਵਜੋਂ ਸਾਹਮਣੇ ਆਉਂਦਾ ਹੈ। ਸਿਧਾਂਤਿਕ ਪਿਛੋਕੜ, ਵਿਸੇਆਤਮਕ ਵਿਸ਼ਲੇਸ਼ਣ, ਸ਼ਿਲਪ ਪੜਚੋਲ ਅਤੇ ਚੁਣੀਂਦੀਆਂ ਗ਼ਜ਼ਲਾਂ ਦੇ ਪਾਠ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਕਵੀ ਨੇ ਗ਼ਜ਼ਲ ਦੀ ਰਵਾਇਤੀ ਸੰਰਚਨਾ ਨੂੰ ਸਵੀਕਾਰ ਕਰਦਿਆਂ ਉਸ ਵਿੱਚ ਸਮਕਾਲੀ ਸੰਵੇਦਨਾਂ ਦਾ ਸਸ਼ਕਤ ਸੰਚਾਰ ਕੀਤਾ ਹੈ। “ਮਿਰਗਾਵਲੀ” ਵਿੱਚ ਪ੍ਰੇਮ ਦੀ ਨਰਮੀ, ਅਸਤਿਤਵ ਦੀ ਬੇਚੈਨੀ, ਸਮਾਜਿਕ ਚੇਤਨਾ ਅਤੇ ਆਤਮਿਕ ਖੋਜ ਇੱਕ ਦੂਜੇ ਨਾਲ ਗੂੰਥੇ ਹੋਏ ਦਿਸਦੇ ਹਨ, ਜਿਸ ਨਾਲ ਇਹ ਸੰਗ੍ਰਹਿ ਇਕ-ਪੱਖੀ ਨਹੀਂ ਰਹਿੰਦਾ, ਸਗੋਂ ਬਹੁ-ਪੱਖੀ ਅਨੁਭਵਾਂ ਦਾ ਸੰਵੇਦਨਸ਼ੀਲ ਦਸਤਾਵੇਜ਼ ਬਣ ਜਾਂਦਾ ਹੈ।

ਅਧਿਐਨ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਵੀ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਭਾਸ਼ਾਈ ਸਾਦਗੀ ਅਤੇ ਸੰਕੇਤਮਈ ਅਭਿਵਿਅਕਤੀ ਹੈ। ਉਹ ਗਹਿਰੀ ਭਾਵਨਾ ਨੂੰ ਛੋਟੇ ਅਤੇ ਪ੍ਰਭਾਵਸ਼ਾਲੀ ਸ਼ੇਅਰਾਂ ਵਿੱਚ ਸੰਕੁਚਿਤ ਕਰਨ ਦੀ ਸਮਰੱਥਾ ਰੱਖਦਾ ਹੈ। ਕਾਫ਼ੀਆ ਰਦੀਫ਼ ਦੀ ਸੁਚਾਰੂ ਯੋਜਨਾ, ਬਹਿਰ ਦੀ ਪਾਬੰਦੀ ਅਤੇ ਬਿੰਬਾਂ ਦੀ ਸੰਵੇਦਨਾਤਮਕ ਤਾਜਗੀ “ਮਿਰਗਾਵਲੀ” ਨੂੰ ਤਕਨੀਕੀ ਤੌਰ ’ਤੇ ਵੀ ਮਜ਼ਬੂਤ ਬਣਾਉਂਦੇ ਹਨ। ਇਸ ਦੇ ਨਾਲ ਹੀ ਕਵੀ ਸਮਕਾਲੀ ਹਕੀਕਤਾਂ ਜਿਵੇਂ ਮਨੁੱਖੀ ਅਸੁਰੱਖਿਆ, ਸਮਾਜਿਕ ਵਿਡੰਬਣਾ ਅਤੇ ਅੰਦਰੂਨੀ ਟੁੱਟ ਨੂੰ ਗ਼ਜ਼ਲ ਦੇ ਨਰਮ ਲਹਿਜ਼ੇ ਵਿੱਚ ਪੇਸ਼ ਕਰਦਾ ਹੈ, ਜੋ ਇਸ ਦੀ ਕਲਾਤਮਕ ਉਪਲਬਧੀ ਨੂੰ ਹੋਰ ਵਧਾਉਂਦਾ ਹੈ।

ਭਵਿੱਖੀ ਸੰਭਾਵਨਾਵਾਂ ਦੇ ਪੱਖੋਂ ਇਹ ਸੰਗ੍ਰਹਿ ਅਗਲੇ ਖੋਜਕਾਰਾਂ ਲਈ ਕਈ ਨਵੇਂ ਦਰਵਾਜ਼ੇ ਖੋਲ੍ਹਦਾ ਹੈ। ਖਾਸ ਕਰਕੇ ਪੰਜਾਬੀ ਅਤੇ ਉਰਦੂ ਗ਼ਜ਼ਲ ਦੀ ਤੁਲਨਾਤਮਕ ਪੜਚੋਲ, ਗੁਰਭਜਨ ਗਿੱਲ ਦੀ ਭਾਸ਼ਾਈ ਸ਼ੈਲੀ ਦਾ ਵਿਸ਼ਲੇਸ਼ਣ ਅਤੇ ਆਧੁਨਿਕ ਪੰਜਾਬੀ ਗ਼ਜ਼ਲ ਵਿੱਚ ਸਮਾਜਿਕ ਚੇਤਨਾ ਦੇ ਰੂਪਾਂ ਦੀ ਅਗਲੀ ਖੋਜ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ “ਮਿਰਗਾਵਲੀ” ਦੀਆਂ ਗ਼ਜ਼ਲਾਂ ਦਾ ਅਨੁਵਾਦੀ ਅਧਿਐਨ ਵੀ ਇਸ ਦੀ ਪਹੁੰਚ ਨੂੰ ਵਿਸ਼ਵ ਪੱਧਰ ਤੱਕ ਲਿਜਾ ਸਕਦਾ ਹੈ।

ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ “ਮਿਰਗਾਵਲੀ” ਪੰਜਾਬੀ ਗ਼ਜ਼ਲ ਨੂੰ ਨਵੀਂ ਸੰਵੇਦਨਾਂ, ਨਵਾਂ ਵਿਸ਼ਾਲ ਪਰਿਪੇਖ ਅਤੇ ਸ਼ਿਲਪਕ ਮਜ਼ਬੂਤੀ ਪ੍ਰਦਾਨ ਕਰਨ ਵਾਲਾ ਮਹੱਤਵਪੂਰਨ ਸੰਗ੍ਰਹਿ ਹੈ। ਇਹ ਰਚਨਾ ਨਾ ਸਿਰਫ਼ ਆਪਣੇ ਸਮੇਂ ਦੀ ਆਵਾਜ਼ ਹੈ, ਸਗੋਂ ਭਵਿੱਖੀ ਪੰਜਾਬੀ ਗ਼ਜ਼ਲ ਲਈ ਇੱਕ ਪ੍ਰੇਰਕ ਮਿਸਾਲ ਵੀ ਸਾਬਤ ਹੁੰਦੀ ਹੈ।

ਹਵਾਲੇ ਅਤੇ ਟਿੱਪਣੀਆਂ

1. ਗੁਰਭਜਨ ਗਿੱਲ,‘ਮਿਰਗਾਵਲੀ ’ਗ਼ਜ਼ਲ ਸੰਗ੍ਰਹਿ,ਸਿੰਘ ਬ੍ਰਦਰਜ਼ ,ਅੰਮ੍ਰਿਤਸਰ, 2026, ਪੰਨਾ 27
2. ਉਹੀ, ਪੰਨਾ 27
3. ਉਹੀ, ਪੰਨਾ 100
4. ਉਹੀ, ਪੰਨਾ 105
5. ਉਹੀ, ਪੰਨਾ 110
6. ਉਹੀ, ਪੰਨਾ 100
7. ਉਹੀ, ਪੰਨਾ 101
8. ਉਹੀ, ਪੰਨਾ 101
9. ਉਹੀ, ਪੰਨਾ 56
10. ਉਹੀ, ਪੰਨਾ 53
11. ਉਹੀ, ਪੰਨਾ 103
12. ਉਹੀ, ਪੰਨਾ 50
13. ਉਹੀ, ਪੰਨਾ 27
14. ਉਹੀ, ਪੰਨਾ 48
15. ਉਹੀ, ਪੰਨਾ 59
16. ਉਹੀ, ਪੰਨਾ 85
17. ਉਹੀ, ਪੰਨਾ 84
18. ਉਹੀ, ਪੰਨਾ 64
19. ਉਹੀ, ਪੰਨਾ 69
20. ਉਹੀ, ਪੰਨਾ 27
21. ਉਹੀ, ਪੰਨਾ 63
22. ਉਹੀ, ਪੰਨਾ 63
23. ਉਹੀ, ਪੰਨਾ 95
24. ਉਹੀ, ਪੰਨਾ 27
25. ਉਹੀ, ਪੰਨਾ 27
26. ਉਹੀ, ਪੰਨਾ 27
27. ਉਹੀ, ਪੰਨਾ 71
28. ਉਹੀ, ਪੰਨਾ 75
29. ਉਹੀ, ਪੰਨਾ 75
30. ਉਹੀ, ਪੰਨਾ 105
31. ਉਹੀ, ਪੰਨਾ 105
32. ਉਹੀ, ਪੰਨਾ 100
33. ਉਹੀ, ਪੰਨਾ 100
34. ਉਹੀ, ਪੰਨਾ 90
35. ਉਹੀ, ਪੰਨਾ 85
36. ਉਹੀ, ਪੰਨਾ 30
37. ਉਹੀ, ਪੰਨਾ 51
38. ਉਹੀ, ਪੰਨਾ 38
39. ਉਹੀ, ਪੰਨਾ 50
40. ਉਹੀ, ਪੰਨਾ 92
41. ਉਹੀ, ਪੰਨਾ 39
42. ਉਹੀ, ਪੰਨਾ 48

ਹਰਪ੍ਰੀਤ ਕੁਮਾਰ
ਅਸਿਸਟੈਂਟ ਪ੍ਰੋਫ਼ੈਸਰ (ਪੰਜਾਬੀ ਵਿਭਾਗ)
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ,
ਦਮਦਮਾ ਸਾਹਿਬ, ਤਲਵੰਡੀ ਸਾਬੋਂ।
harpreetkumarbti@gmail.com
91159-12555

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ