Mirchan De Pattar : Shiv Kumar Batalvi
ਮਿਰਚਾਂ ਦੇ ਪੱਤਰ : ਸ਼ਿਵ ਕੁਮਾਰ ਬਟਾਲਵੀ
ਪੁੰਨਿਆਂ ਦੇ ਚੰਨ ਨੂੰ ਕੋਈ ਮੱਸਿਆ
ਕੀਕਣ ਅਰਘ ਚੜ੍ਹਾਏ ਵੇ
ਕਿਉਂ ਕੋਈ ਡਾਚੀ ਸਾਗਰ ਖ਼ਾਤਰ
ਮਾਰੂਥਲ ਛੱਡ ਜਾਏ ਵੇ ।
ਕਰਮਾਂ ਦੀ ਮਹਿੰਦੀ ਦਾ ਸੱਜਣਾ
ਰੰਗ ਕਿਵੇਂ ਦੱਸ ਚੜ੍ਹਦਾ ਵੇ
ਜੇ ਕਿਸਮਤ ਮਿਰਚਾਂ ਦੇ ਪੱਤਰ
ਪੀਠ ਤਲੀ 'ਤੇ ਲਾਏ ਵੇ ।
ਗ਼ਮ ਦਾ ਮੋਤੀਆ ਉਤਰ ਆਇਆ
ਸਿਦਕ ਮੇਰੇ ਦੇ ਨੈਣੀਂ ਵੇ
ਪ੍ਰੀਤ ਨਗਰ ਦਾ ਔਖਾ ਪੈਂਡਾ
ਜਿੰਦੜੀ ਕਿੰਜ ਮੁਕਾਏ ਵੇ ।
ਕਿੱਕਰਾਂ ਦੇ ਫੁੱਲਾਂ ਦੀ ਅੜਿਆ
ਕੌਣ ਕਰੇਂਦਾ ਰਾਖੀ ਵੇ
ਕਦ ਕੋਈ ਮਾਲੀ ਮਲ੍ਹਿਆਂ ਉੱਤੋਂ
ਹਰੀਅਲ ਆਣ ਉਡਾਏ ਵੇ ।
ਪੀੜਾਂ ਦੇ ਧਰਕੋਨੇ ਖਾ ਖਾ
ਹੋ ਗਏ ਗੀਤ ਕਸੈਲੇ ਵੇ
ਵਿਚ ਨੜੋਏ ਬੈਠੀ ਜਿੰਦੂ
ਕੀਕਣ ਸੋਹਲੇ ਗਾਏ ਵੇ ।
ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ
ਵੇਖ ਕੇ ਕਿੰਜ ਕੁਰਲਾਵਾਂ ਵੇ
ਲੈ ਚਾਂਦੀ ਦੇ ਬਿੰਗ ਕਸਾਈਆਂ
ਮੇਰੇ ਗਲੇ ਫਸਾਏ ਵੇ ।
ਤੜਪ ਤੜਪ ਕੇ ਮਰ ਗਈ ਅੜਿਆ
ਮੇਲ ਤੇਰੇ ਦੀ ਹਸਰਤ ਵੇ
ਐਸੇ ਇਸ਼ਕ ਦੇ ਜ਼ੁਲਮੀ ਰਾਜੇ
ਬਿਰਹੋਂ ਬਾਣ ਚਲਾਏ ਵੇ ।
ਚੁਗ ਚੁਗ ਰੋੜ ਗਲੀ ਤੇਰੀ ਦੇ
ਘੁੰਗਣੀਆਂ ਵੱਤ ਚੱਬ ਲਏ ਵੇ
'ਕੱਠੇ ਕਰ ਕਰ ਕੇ ਮੈਂ ਤੀਲ੍ਹੇ
ਬੁੱਕਲ ਵਿਚ ਧੁਖਾਏ ਵੇ ।
ਇਕ ਚੂਲੀ ਵੀ ਪੀ ਨਾ ਸਕੀ
ਪਿਆਰ ਦੇ ਨਿੱਤਰੇ ਪਾਣੀ ਵੇ
ਵਿੰਹਦਿਆਂ ਸਾਰ ਪਏ ਵਿਚ ਪੂਰੇ
ਜਾਂ ਮੈਂ ਹੋਂਠ ਛੁਹਾਏ ਵੇ ।