Mir Mannu De Zulm Di Jhaki: Barkat Singh Anand

ਮੀਰ ਮੰਨੂੰ ਦੇ ਜ਼ੁਲਮ ਦੀ ਝਾਕੀ : ਬਰਕਤ ਸਿੰਘ 'ਅਨੰਦ'



ਬੈਂਤ-

ਬਹਿਕੇ ਤਖਤ ਲਾਹੌਰ ਤੇ ਮੀਰ ਮੰਨੂੰ, ⁠ਜ਼ੁਲਮ ਮੰਨ ਮੰਨੇ ਸੀ ਕਮਾਣ ਲੱਗਾ। ਬਿਜੈ ਖਾਨ ਤੇ ਖਾਨ ਬਹਾਦਰ ਕੋਲੋਂ, ⁠ਜੋ ਨਾਂ ਕੰਮ ਹੋਏ ਕਰ ਵਖਾਣ ਲੱਗ। ਪਿੰਡਾਂ ਵਿੱਚ ਜੋ ਸੀ ਕਿਰਤੀ ਸਿੰਘ ਰੈਂਹਦੇ, ⁠ਫੜ ਮੌਤ ਦੇ ਘਾਟ ਲੰਘਾਣ ਲੱਗਾ। ਬਚੇ, ਔਰਤਾਂ, ਬੁਢੇ ਬੀਮਾਰ ਫੜ ਫੜ, ⁠ਖੁਰਾ ਖੋਜ ਸਿੰਘਾਂ ਦਾ ਮਿਟਾਣ ਲੱਗਾ। ਪਿੰਡ ਸਿੰਘਾਂ ਦੇ ਲੁਟ ਕੇ ਸਾੜ ਸੁਟੇ, ⁠ਪਕੜੀ ਜ਼ੁਲਮ ਦੀ ਤੇਜ਼ ਤਲਵਾਰ ਚੰਦਰੇ। ਮਾਛੀ, ਝੀਰ, ਜੀਕੁਨ ਪਕੜਨ ਮਛੀਆਂ ਨੂੰ, ⁠ਖੇਡੇ ਸਿੰਘਾਂ ਦੇ ਏਦਾਂ ਸ਼ਕਾਰ ਚੰਦਰੇ।

ਦੁਵੱਯਾ-

ਇਕ ਦਿਹਾੜੇ ਮੰਨੂੰ ਕਹਿੰਦਾ, ਸਦ ਸਪਾਹੀਆਂ ਤਾਂਈ। ਚਾਲੀ ਸਿੰਘ ਕਤਲ ਕਰ ਹਥੀਂ, ਹੁਕਮ ਦਿਤਾ ਰੱਬ ਸਾਂਈ। ਅਜ ਨਮਾਜ਼ ਜੁਮੇ ਦੀ ਪੜਨੀ, ਸਿੰਘ ਕਤਲ ਕਰ ਚਾਲੀ। ਇਕ ਸਿਖ ਪਕੜ ਲਿਆਵੋ ਕਿਧਰੋਂ, ਭੋਰੇ ਵਿੱਚ ਉਨਤਾਲੀ। ਉਸੇ ਵੇਲੇ ਹੁਕਮੀ ਬੰਦੇ, ਪਹਿਨ ਵਰਦੀਆਂ ਜਾਂਦੇ। ਸ਼ਹਿਰ ਲਾਹੌਰ ਚਿ ਕੂਚੇ ਕੂਚੇ, ਸਾਰੇ ਚੱਕਰ ਲਾਂਦੇ। ਵਿਚ ਦਲੀਜਾਂ ਖੇਡ ਰਿਹਾ ਸੀ, ਇਕ ਸਿੰਘਾਂ ਦਾ ਜਾਇਆ। ਲੀਤਾ ਪਕੜ ਸਿਪਾਹੀਆਂ ਉਸਨੂੰ, ਰੌਲਾ ਬਾਲਾਂ ਪਾਇਆ। ਸੁਣ ਕੇ ਰੌਲਾ ਮਾਤਾ ਉਸਦੀ, ਅੰਦਰੋਂ ਦੌੜੀ ਆਈ। ਕੀਹ ਸੂਬੇ ਦਾ ਚੁਕਿਆ ਇਸਨੇ, ਦਸੋ ਮੈਨੂੰ ਭਾਈ। ਪੁਤ ਮੇਰੇ ਨੂੰ ਬੰਨ ਲੈ ਚਲੇ, ਕਾਹਨੂੰ ਕੜੀਆਂ ਲਾਕੇ। ਹਾਲੇ ਮੇਰਾ ਚੰਦ ਨਿਕਲਿਆ, ਅੰਦਰੋਂ ਮਖਨੀ ਖਾ ਕੇ। ਹਾਲੇ ਏਹ ਅਧਖਿੜੀਆਂ ਕਲੀਆਂ, ਅਜੇ ਮਾਸੂਮ ਗੁਟਾਰਾਂ। ਕੀਹ ਕਹਿਣਾਂ ਸੂਬੇ ਦੇ ਸਾਹਵੇਂ, ਜਾ ਕੇ ਭਲਾ ਗੁਵਾਰਾਂ। ਕਹਿਣ ਸਪਾਹੀ ਪੁਤ ਤੇਰੇ ਨੂੰ, ਸੂਬੇ ਅਜ ਮੰਗਵਾਇਆ। ਸ਼ਹਿਰ ਮੇਰੇ ਦੇ ਅੰਦਰ ਰਹਿੰਦਾ, ਕਾਹਨੂੰ ਸਿੰਘ ਦਾ ਜਾਇਆ। ਖਾਲਸਿਆਂ ਦਾ ਖਤਰਾ ਉਸਨੂੰ, ਦਿਨ ਰਾਤੀਂ ਹੈ ਰਹਿੰਦਾ। ਔਹ ਸਿੰਘ ਆ ਗਏ ਆ ਗਏ, ਉਭੜਵਾਹੇ ਉਠ ਕਹਿੰਦਾ। ਕਲਮਾਂ ਪੜ੍ਹ ਕੇ ਮੋਮਨ ਹੋਵੇ, ਦੀਨ ਨਬੀ ਦਾ ਮੰਨੇ। ਨਹੀਂ ਤਾਂ ਤੇਗ਼ ਚਲੂਗੀ ਉਸਦੀ, ਪੁਤ ਤੇਰੇ ਦੇ ਕੰਨੇ। ਜੇ ਤੂੰ ਮਾਤਾ ਇਸ ਦੀ ਖਾਤਰ, ਪੌਣੀ ਹਾਲ ਦੁਹਾਈ। ਚਲ ਕੇ ਪਿੱਟ ਸੂਬੇ ਦੇ ਸਾਂਹਵੇ, ਓਥੋਂ ਹੋਊ ਰਿਹਾਈ। ਮਾਤਾ ਵਸ ਨਹੀਂ ਕੁਝ ਸਾਡੇ, ਅਸੀਂ ਹੁਕਮ ਦੇ ਬਧੇ। ਏਸਦੀਆਂ ਹਡੀਆਂ ਤੇ ਲਗਣੇ, ਅਜ ਇਟਾਂ ਦੇ ਰਦੇ।

ਮਾਤਾ ਨੇ ਪੁਤਰ ਨੂੰ ਸਿਖਿਆ ਦੇਣੀ

ਸੇਹਰੇ ਸਿਦਕ ਵਾਲੇ ਲਾਕੇ ਕਹੇ ਮਾਤਾ; ⁠ਤੇਰੀ ਖਾਤਰ ਨਾ ਬਚਾ ਤੁਫਾਨ ਉਠੇ। ਰੇਤਾਂ ਤਤੀਆਂ ਸੀਸ ਪੁਵਾਣ ਵਾਲੇ, ⁠ਪੰਚਮ ਪਿਤਾ ਸ਼ਹੀਦਾਂ ਦੀ ਸ਼ਾਨ ਉਠੇ। ਮਤੀਦਾਸ, ਦਿਆਲਾ ਤੇ ਗੁਰੂ ਨਾਂਵੇਂ, ⁠ਬਲਦੇ ਜ਼ੁਲਮਾਂ ਦੇ ਭਾਂਬੜ ਬੁਝਾਨ ਉਠੇ। ਜ਼ੋਰਾਵਰ ਸਿੰਘ ਫ਼ਤਹਿ ਸਿੰਘ ਵਿਚ ਨੀਹਾਂ, ⁠ਆ ਕੇ ਧਰਮ ਦਾ ਮਹਿਲ ਬਨਾਣ ਉਠੇ। ਬੰਦ ਬੰਦ ਕਟਾਇਆ ਈ ਮਨੀ ਸਿੰਘ ਜੀ ਨੇ, ⁠ਚੜਿਆ ਚਰਖਟੀ ਵੀਰ 'ਸ਼ਾਹ ਬਾਜ' ਤੇਰਾ। ਸਾਗਰ ਵੱਗਦਾ ਈ ਮਾਰੂ ਖਤਰਿਆਂ ਦਾ, ⁠ਲਾਵੂ ਪਾਰ ਤੈਨੂੰ ਮਹਾਰਾਜ ਤੇਰਾ। ਰਚਿਆ ਅਜ 'ਸਵੰਬਰ' ਚੁਗੱਤਿਆਂ ਨੇ, ⁠ਉਥੇ ਹੋਵਣਾ ਏਂ ਇਮਤਿਹਾਨ ਤੇਰਾ। ਲਾੜੀ ਮੌਤ ਤੂੰ ਅਜ ਪਰਨਾਵਣੀ ਏਂ, ⁠'ਚੜੀ ਜੰਜ' ਨਹੀਂ ਚਲਿਆ ਚਲਾਨ ਤੇਰਾ। ਸ਼ੇਰਾ ਅਜ ਤੂੰ ਵੀ ਉਧਰ ਚਲਿਆਂ ਏਂ, ⁠ਜਿਧਰ ਗਿਆ ਅਗੇ ਖਾਨਦਾਨ ਤੇਰਾ। ਪੀ ਪੀ ਲਹੂ ਨਹੀਂ ਰਜਿਆ ਲਾਹੌਰ ਖੂਨੀ, ⁠ਮੰਨੂੰ ਲਗਾ ਅਜ ਧਰਮ ਵਟਾਣ ਤੇਰਾ। ਚਾਹੜਾਂ ਦੇਗ ਕੜਾਹ ਪਰਸ਼ਾਦ ਦੀ ਮੈਂ, ⁠ਪਾਸ ਹੋ ਗਿਉਂ ਤਾਂ ਡੂਬੀ ਤਰਾਂਗੀ ਮੈਂ। ਹਾਰ ਗਿਉਂ 'ਅਨੰਦ' ਕਿਰਪਾਨ ਆਪਣੀ, ⁠ਖੋਭ ਆਪਣੇ ਕਲੇਜੇ ਵਿਚ ਮਰਾਂਗੀ ਮੈਂ। ਲਾਲ ਵੇਖ ਕੇ ਤੇਰੇ ਵਡਿਆਂ ਨੇ, ⁠ਲਾਜ ਕੌਮ ਨੂੰ ਲਾਈ ਨਹੀਂ ਅਜ ਤੀਕਰ। ਕੰਬ ਜ਼ਾਲਮਾਂ ਦੇ ਕਿਸੇ ਜ਼ੁਲਮ ਅਗੇ, ⁠ਆਪਣੀ ਧੌਣ ਝੁਕਾਈ ਨਹੀਂ ਅਜ ਤੀਕਰ। ਹੋ ਗਏ ਪੋਰੀਆਂ ਪੋਰੀਆਂ ਵੀਰ ਤੇਰੇ, ⁠ਕਿਸੇ ਮੰਗੀ ਰਿਹਾਈ ਨਹੀਂ ਅਜ ਤੀਕਰ। 'ਡੋਲੇ' ਵੇਖ 'ਡੋਲੇ' ਸਿੰਘ ਬੇਗਮਾਂ ਦੇ, ⁠ਮਿਲਦੀ ਕਿਤੋਂ ਗੁਵਾਹੀ ਨਹੀਂ ਅਜ ਤੀਕਰ। ਤੂੰ ਹੈਂ ਸਿੰਘ ਪੀਤਾ ਦੁਧ ਸਿੰਘਣੀ ਦਾ, ⁠ਪੁਤਰ ਸ਼ੇਰਾਂ ਦੇ ਜੰਮਦੇ ਹੀ ਸ਼ੇਰ ਹੁੰਦੇ। ਲਾਂਵੀ ਦਾਗ਼ ਨਾ ਸਿੰਘਾਂ ਦੀ ਪਗ ਤਾਂਈ, ⁠ਸਿੰਘ ਕਦੇ 'ਅਨੰਦ' ਨਹੀਂ ਜ਼ੇਰ ਹੁੰਦੇ। ਮੈਨੂੰ ਫਿਕਰ ਏਹ ਅਜੇ ਅੰਜਾਨ ਹੈਂ ਤੂੰ, ⁠ਸਧਰਾਂ ਤੇਰੀਆਂ ਅਜੇ ਕੁਵਾਰੀਆਂ ਨੇ। ਪਉੜੀ ਬੰਨ ਗਿਆ ਫਤੇ ਸਿੰਘ ਵੀਰ ਤੇਰਾ, ⁠ਤੇਰੇ ਵਾਸਤੇ ਨਾ ਅਲੋਕਾਰੀਆਂ ਨੇ। ਤੇਰੇ ਚੁੰਮਣੇ ਚਰਨ ਨਵਾਬੀਆਂ ਨੇ, ⁠ਤੇਰੇ ਸਾਹਮਣੇ ਔਣੀਆਂ ਨਾਰੀਆਂ ਨੇ। ਤੇਰੇ ਤੂੰਬੂ ਜ਼ੰਬੂਰਾਂ ਨੇ ਤੋੜਨੇ ਨੇ, ਤੇਰੇ ਸੀਸ ਤੇ ਫਿਰਨੀਆਂ ਆਰੀਆਂ ਨੇ। ਪੁਤਰ ਡੋਲੀ ਨਾਂ ਬੋਲੀਂ ਨਾਂ ਹਾਏ ਮੂੰਹ ਤੋਂ, ⁠ਨਿਭੇ ਸਿਦਕ ਸਿਖੀ ਨਾਲ ਸ਼ਾਨ ਤੇਰਾ। ਚੜੀ ਖੰਡੇ ਦੀ ਪਾਣ 'ਅਨੰਦ' ਤੈਨੂੰ, ⁠ਰਾਖਾ ਸ੍ਰੀ ਦਸਮੇਸ਼ ਭਗਵਾਨ ਤੇਰਾ।

ਜੁਆਬ ਪੁਤਰ

ਹੋਇਆ ਕੀਹ ਜੇ ਅਜੇ ਨਾਦਾਨ ਉਮਰੋਂ, ⁠ਹਾਂ ਤੇ ਗੁਰੂ ਦੇ ਸਿੰਘ ਦਾ ਲਾਲ ਅੰਮੀ। ਸਾਂਹਵੇ ਆਵੇ ਚਟਾਣ ਨਵਾਬੀਆਂ ਦੀ, ⁠ਤੋੜ ਦਿਆਂ ਪਹਿਲੀ ਠੋਕਰ ਨਾਲ ਅੰਮੀ। ਜੇ ਨਹੀਂ ਲੜਨ ਜੋਗਾ ਫ਼ਤਹਿ ਕਰਨ ਜੋਗਾ, ⁠ਹੋਣਾ ਜਾਣਦਾ ਖੂਬ ਹਲਾਲ ਅੰਮੀ। ਮੇਰਾ ਧਰਮ ਤੇ ਉਹ ਵੀ ਨਹੀਂ ਖੋਹ ਸਕਦਾ, ⁠ਦੇਵੇ ਧੰਮਕੀਆਂ ਆ ਮਹਾਂਕਾਲ ਅੰਮੀ। ਨਾਲ ਅਖੀਆਂ, ਕੰਨਾਂ ਦੇ ਚਿਰਾਂ ਉਤੋਂ, ⁠ਸੁਣਦਾ ਵੇਖਦਾ ਖੇਡ ਪਰਵਾਨਿਆਂ ਦੀ। ਸਿਖੀ ਧਰਮ ਤੋਂ ਟੋਟੇ 'ਅਨੰਦ' ਹੋ ਕੇ, ⁠ਪੂੰਜੀ ਬਣਾਂ 'ਸ਼ਹੀਦੀ ਖਜ਼ਾਨਿਆਂ' ਦੀ।

ਮੰਨੂੰ ਦੀ ਕਚਹਿਰੀ

ਪਕੜ ਸਪਾਹੀ ਉਸਨੂੰ ਆਖਰ, ਵਿਚ ਕਚਹਿਰੀ ਆਏ। ਲੌ ਹੁਣ ਚਾਲੀ ਹੋ ਗਏ ਸ਼ਾਹ ਜੀ, ਕਰ ਲੌ ਜੋ ਦਿਲ ਭਾਏ। ਇਕ ਕਤਾਰ ਅੰਦਰ ਖਲਿਆਰੇ, ਭੋਰਿਉਂ ਕਢ ਉਨਤਾਲੀ। ਧੂਹ ਕਢੀ ਤਲਵਾਰ ਮਿਆਨੋ, ਗਿਣਕੇ ਪੂਰੇ ਚਾਲੀ। ਉਸ ਲੜਕੇ ਨੂੰ ਸਭ ਤੋਂ ਪਿਛੇ, ਫੜ ਜ਼ਾਲਮ ਖਲਿਆਰਨ। ਪਹਿਲੇ ਨੰਬਰ ਤਾਂਈ ਲਗਾ, ਤੇਗ਼ ਕਸਾਈ ਮਾਰਨ। ਨੰਬਰ ਆਪਣਾ ਛਡ ਭੁਜੰਗੀ, ਵਾਰ ਤਲੇ ਭਚ ਆਇਆ। ਸੀਸ ਉਡਾਵੋ ਪਹਿਲਾਂ ਮੇਰਾ, ਰੋ ਰੋ ਆਖ ਸੁਣਾਇਆ। ਕਹਿੰਦਾ ਜ਼ਾਲਮ ਸਭ ਦੇ ਮਗਰੋਂ, ਵਾਰੀ ਤੇਰੀ ਆਵੇ। ਕਰਕੇ ਸਿੰਘ ਕਤਲ ਉਨਤਾਲੀ, ਮਾਰਿਆ ਤੈਨੂੰ ਜਾਵੇ। ਮੈਂ ਹਾਂ ਸਭ ਤੋਂ ਛੋਟਾ ਸ਼ਾਹਾ, ਫੇਰ ਕਰੇ ਅਰਜੋਈ। ਸਚਖੰਡ ਦਾ ਰਾਹ ਸਾਰੇ ਜਾਨਣ, ਮੈਨੂੰ ਖਬਰ ਨਾਂ ਕੋਈ। ਏਹ ਸਭ ਵਡੇ ਭਜਣਾ ਜਾਣਨ, ਜੇਹੜੇ ਪਿਛੇ ਰਹਿਸਨ। ਮੈਂ ਤੁਰਦਾ ਹਾਂ ਹੌਲੀ ਹੌਲੀ, ਏਹ ਭਜਕੇ ਮਿਲ ਪੈਸਨ। ਜੇ ਮੈਂ ਰਿਹਾ ਸਭਸ ਤੋਂ ਪਿਛੇ, ਮਤ ਰਾਹੋਂ ਖੁੰਜ ਜਾਵਾਂ। ਕੋਈ ਨਹੀਂ ਹੋਣਾ ਸੰਗੀ ਸਾਥੀ, ਰੋ ਰੋ ਠੇਡੇ ਖਾਵਾਂ। ਏਹ ਲੜਕੇ ਦੀ ਵੇਖ ਦਲੇਰੀ, ਸਦਕੇ ਸਾਰੇ ਜਾਵਣ। ਵੇਖ ਮਾਸੂਸ ਮੌਤ ਦੇ ਮੂੰਹ ਵਿਚ, ਨੈਨੋਂ ਨੀਰ ਵਹਾਵਨ। ਸਭ ਦੇ ਦਿਲ 'ਹਿਮਾਲਾ ਹੋ ਗਏ, ਮੌਤ ਗਈ ਬਣ ਹਾਸਾ। ਲੋਕੋ ਏਹਨਾਂ ਸਿੰਘਾਂ ਤਾਈਂ, ਡਰ ਖਤਰਾ ਨਹੀਂ ਮਾਸਾ। ਓੜਕ ਕਤਲ ਬਚੇ ਨੂੰ ਕੀਤਾ, ਜ਼ਾਲਮ ਤੇਗ ਚਲਾ ਕੇ। ਪਿਛੋਂ ਸੁਟੇ ਧਰਤੀ ਉਤੇ, ਬਾਕੀ ਦੇ ਝਟਕਾ ਕੇ। ਤੋਬਾ ਤੋਬਾ ਲੋਕੀ ਕਰਦੇ, ਤਕ ਤਕ ਖਲਕਤ ਰੋਈ। ਹਿਲੀ ਧਰਤੀ ਅੰਬਰ ਪਟਿਆ, ਹਦ ਜ਼ੁਲਮ ਦੀ ਹੋਈ। ਟੰਗੇ ਸੀਸ ਮੁਨਾਰਿਆਂ ਉਤੇ, ਲੋਥਾਂ ਖੂਹ ਵਿਚ ਪਾਈਆਂ। ਕਈਆਂ ਨੂੰ ਕਾਂ ਕੁਤੇ ਖਾਵਣ, ਕਈ ਰੁਲਦੇ ਵਿਚ ਖਾਈਆਂ।

ਵਾਕ ਕਵੀ

ਕਥਨੀ ਬਾਹਰ ਹੈ ਕਲਮ ਦੇ ਕਥਨ ਕੋਲੋਂ, ⁠ਮੀਰ ਮੰਨੂੰ ਦੀਆਂ ਖੂਨੀ ਕਹਾਣੀਆਂ ਦੀ। ਭਾੜੇ ਭੰਗ ਦੇ ਜ਼ਾਲਮ ਨੇ ਪਤ ਰੋਲੀ, ⁠ਲਖਾਂ ਵਿਧਵਾਂ, ਮਾਸੂਮਾਂ ਸਵਾਣੀਆਂ ਦੀ। ਪੀਸਣ ਪੀਸਣੇ ਉਹਨਾਂ ਦੇ ਕੋਲੋਂ ਪਿਸ਼ਵਾਏਚੰਦਰੇ, ⁠ਮੌਜ ਮਾਣੀ ਸੀ ਜਿਨ੍ਹਾਂ ਨੇ ਰਾਣੀਆਂ ਦੀ। ਪਕੇ ਫਰਸ਼ਾਂ ਤੇ ਨੰਗੀਆਂ ਤੜਪਦੀਆਂ, ⁠ਦਿਤੀ ਬੂੰਦ ਨਾ ਪੀਣ ਲਈ ਪਾਣੀਆਂ ਦੀ। ਹਾਰ ਗੁੰਦ ਮਾਸੂਮਾਂ ਦੀਆਂ ਬੋਟੀਆਂ ਦੇ, ⁠ਹੈਸਨ ਮਾਂਵਾਂ ਦੇ ਗਲੇ ਪਹਿਨਾਏ ਇਸਨੇ। ਸਵਾ ਮਣ ਦੇ ਹਿਕਾਂ ਤੇ ਰਖ ਪੱਥਰ, ⁠ਸ਼ੀਰ ਖੋਰ 'ਅਨੰਦ' ਤੜਫਾਏ ਇਸਨੇ। ਆਫਰੀਨ ਪਰ ਉਹਨਾਂ ਸਵਾਣੀਆਂ ਦੇ, ⁠ਜਿਨਾਂ ਪਤਾਂ ਪੰਜਾਬ ਦੀਆਂ ਢੱਕੀਆਂ ਨੇ। ਤੇ ਸੁਰਮਚੂ ਹਸ ਫਰਵਾਏ ਅਖੀਂ, ਰਹਿਕੇ ਭੁਖਿਆਂ ਪੀਠੀਆਂ ਚਕੀਆਂ ਨੇ। ਕੇਰੀ ਹੰਝ ਨਾਂ ਪੁਤਾਂ ਦਾ ਵੇਖ ਕੀਮਾਂ, ⁠ਗਲੀਆਂ ਭੌਰਿਆਂ ਵਿੱਚ ਨਾ ਆਕੀਆਂ ਨੇ। ਮੰਨੂੰ ਕਿਹਾ ਜੇ ਕਰੋ ਕਬੂਲ ਕਲਮਾ, ⁠ਉਹਦੇ ਮੂੰਹ ਤੇ ਨਾ ਥੁਕਣੋਂ ਝਕੀਆਂ ਨੇ। ਮੋਢਾ ਜੋੜ ਕੇ ਮਰਦਾਂ ਦੇ ਨਾਲ ਮੋਢੇ, ⁠ਤੇਗ਼ਾਂ ਵਾਹੁੰਦੀਆਂ ਰਹੀਆਂ ਮੈਦਾਨ ਅੰਦਰ। ਕਿਸ਼ਤੀ ਗ਼ੈਰਤ ਦੀ ਉਹਨਾਂ ਨੇ ਬਰਕਤ ਸਿੰਘਾ, ⁠ਦਿਤੀ ਰੁੜਨ ਨਾ ਜ਼ੁਲਮ ਤੂਫਾਨ ਅੰਦਰ।

ਮੰਨੂੰ ਦੀ ਮੌਤ

ਖੇਡਨ ਲਈ ਸ਼ਿਕਾਰ ਸ਼ਿਕਾਰੀ, ਚੜਿਆ ਇਕ ਦਿਹਾੜੇ। ਲਭਦਾ ਲਭਦਾ ਮਿਰਗਾਂ ਨੂੰ ਜਾ, ਵੜਿਆ ਘੋਰ ਉਜਾੜੇ। ਪੀ ਕੇ ਮਦ ਘੋੜੇ ਤੇ ਜ਼ਾਲਮ, ਹੈਂਕੜ ਵਿੱਚ ਸੀ ਵੜਿਆ। ਵਾਗਾਂ ਉਤੋਂ ਘੋੜਾ ਆ ਕੇ, ਸੀ ਹੋਣੀ ਨੇ ਫੜਿਆ। ਸੀ ਮੰਨੂੰ ਨੂੰ ਬੜਾ ਭੁਲੇਖਾ, ਸਿਖੜੇ ਡਰਦੇ ਮਾਰੇ। ਜੋ ਜੀਂਦੇ ਪੰਜਾਬ ਨੂੰ ਛਡ ਕੇ, ਵੜੇ ਪਹਾੜੀਂ ਸਾਰੇ। ਪਰ ਜਦ ਤੋਂ ਸਿੰਘਾਂ ਸਿੰਘਣੀਆਂ ਤੇ, ਸੁਣਿਆ ਹਥਉਠਾਇਆ। ਏਹ ਵੀ ਭਾਲ ਅੰਦਰ ਸੀ ਫਿਰਦੇ, ਜਾਵੇ ਦੁਸ਼ਟ ਮੁਕਾਇਆ। ਲਾਗੇ ਚਾਗੇ ਜੰਗਲ ਅੰਦਰ, ਰਹਿੰਦੇ ਅਖ ਬਚਾ ਕੇ। ਰਖਣ ਸੂੰਹ ਹਮੇਸ਼ਾਂ ਅਣਖੀ, ਉਸਦੀ ਭੇਸ ਵਟਾ ਕੇ। ਇਸ ਜੰਗਲ ਦੇ ਅੰਦਰ ਹੈਸਨ, ਬੀਰ ਬਹਾਦਰ ਰਹਿੰਦੇ। ਖਾ ਕੇ ਪੇਂਜੂ ਕਰਨ ਗੁਜ਼ਾਰਾ, ਭਾਣਾ ਰਬ ਦਾ ਸਹਿੰਦੇ। ਵੈਰੀ ਇਸ ਜੰਗਲ ਵਿੱਚ ਆਇਆ, ਦਿਤੀ ਖਬਰ ਜਵਾਨਾਂ। ਬਿਜਾਲੀ ਵਾਂਗ ਕੜਕ ਕੇ ਇਕ ਦਮ, ਪੈ ਗਏ ਧੂਹ ਕਿਰਪਾਨਾਂ। ਹਠ ਰਿਹਾ ਨਾ ਦਿਲ ਜ਼ਾਲਮ ਦਾ, ਸੁਣ ਕੰਨੀ ਜੈਕਾਰੇ। ਮੋੜ ਕੇ ਵਾਗਾਂ ਇਕ ਦੰਮ ਅਡੀ, ਘੋੜੇ ਤਾਈਂ ਮਾਰੇ। ਜੰਗਲ ਵਿੱਚ ਇਕ ਮੁਢ ਸੀ ਰੁਖ ਦਾ, ਸੜਿਆ ਰੰਗ ਦਾ ਕਾਲਾ। ਡਰ ਘੋੜੇ ਤੇ ਉਸਦੇ ਕੋਲੋਂ, ਖਾਧਾ ਇਕ ਉਛਾਲਾ।

ਘੋੜੇ ਤੋਂ ਡਿਗਣਾ

ਉਖੜ ਆਸਣੋਂ ਡਿਗਾ ਥਲੇ, ਫਸ ਗਏ ਪੈਰ ਰਕਾਬਾਂ। ਬੇਰੀ ਵਾਂਗੂੰ ਪਲਮਣ ਲੱਗਾ, ਫੜਿਆ ਆਨ ਅਜ਼ਾਬਾਂ। ਮਾਰ ਮਾਰ ਕੇ ਛਾਲਾਂ ਉਡੇ, ਘੋੜਾ ਵਾਂਗ ਹਵਾ ਦੇ। ਲੱਥਾ ਚੰਮ ਟੁਟੇ ਹਡ ਸਾਰੇ, ਵੇਖੋ ਫੇਰ ਕਜ਼ਾ ਦੇ। ਰੁਖਾਂ, ਵਟੇ, ਬੰਨੇ ਵਜ ਵਜ, ਭਜ ਗਏ ਅੰਗ ਸਾਰੇ। ਛੱਲੀ ਵਾਂਗਰ ਘੂਰ ਨਿਕਲਿਆ, ਰੋ ਰੋ ਕੂਕਾਂ ਮਾਰੇ। ਸਿੰਘਾਂ ਉਤੇ ਫੇਰ ਕਦੇ ਨਾ, ਏਦਾਂ ਜ਼ੁਲਮ ਗੁਜ਼ਾਰਾਂ। ਜੇਕਰ ਅਜ ਖੁਦਾਵੰਦ ਮੈਨੂੰ, ਬਖਸ਼ ਦਏਂ ਇਕ ਵਾਰਾਂ। ਜੋ ਪੈਦਲ ਮੰਨੂੰ ਦੇ ਸਾਥੀ, ਚੜੇ ਸਿੰਘਾਂ ਦੇ ਟੇਟੇ। ਨਾਲ ਤੇਗ਼ ਦੇ ਮਿੰਟਾਂ ਅੰਦਰ, ਸਿੰਘ ਕੁਲ ਸਮੇਟੇ। ਘੋੜਾ ਜਦੋਂ ਕਿਲੇ ਵਿੱਚ ਪੁਜਾ, ਪੈ ਗਈ ਹਾਲ ਦੁਹਾਈ। ਬੰਨ ਸੰਦਲਾ ਪਿਟਦੀ ਪਿਟਦੀ, ਨਾਰ ਮੰਨੂੰ ਦੀ ਆਈ। ਨਕ, ਦੰਦ, ਮੂੰਹ ਮੱਥਾ, ਸਾਬਤ, ਅੰਗ ਰਿਹਾ ਨਾ ਕੋਈ। ਆਖਣ ਲੋਕੀ ਹਤਿਆਰੇ ਨੇ, ਜਿਉਂ ਕੀਤੀ ਤਿਉਂ ਹੋਈ। ਮਾਸੂਮਾਂ, ਵਿਧਵਾਂ ਦੀ ਆਹਾਂ, ਅੰਤ ਜ਼ੁਲਮ ਦਾ ਕੀਤਾ। ਘਿਉ ਦੇ ਦੀਵੇ ਬਾਲੇ ਹਿੰਦੁਆਂ, ਰਬ ਲਿਆ ਬਦਨੀਤਾ। ਮਾਰ ਟਕਰਾਂ ਮੂੰਹ ਸਿਰ ਬੇਗਮ, ਕੀਤਾ ਅਪਣਾ ਨੀਲਾ। ਵਰਜ ਰਹੀ ਨਾ ਰਿਹੋਂ ਵਰਜਿਆ, ਵੇ ਜ਼ਾਲਮ ਬਦਖੀਲਾ। ਤਾਜ ਤਖਤ ਨੂੰ ਛੱਡ ਕੇ ਚਲਿਓਂ, ਅਜ ਤੂੰ ਕਿਦੇ ਹਵਾਲੇ। ਛਾਤੀ ਉਤੇ ਕਾਰੂੰ ਵਾਂਗਰ, ਧਰ ਲੈ ਜਾਂਦਾ ਨਾਲੇ। ਅਜ ਤੇਰੇ ਲਾਹੌਰ ਦੇ ਜ਼ਾਲਮ, ਨੀਵੇ ਹੋ ਗਏ ਝੰਡੇ। ਬਾਲ ਬੱਚਾ ਝਟਕਾਣਾ ਤੇਰਾ, ਵਾਹ ਸਿੰਘਾਂ ਨੇ ਖੰਡੇ। ਨਾ ਅਨਿਆਈ ਮੌਤੇ ਮਰਦੋਂ, ਜੋ ਅਨਿਆ ਨਾ ਕਰਦੋਂ। ਦਿਤੀ ਰਬ ਹਕੂਮਤ ਜੇ ਸੀ, ਨਾ ਫ਼ੁਟ ਮਰਦੋਂ ਜਰਦੋਂ। ਬਰਕਤ ਸਿੰਘ ਵਸ ਕਿਸੇ ਦੇ, ਰਹੇ ਨਾ ਜੋਸ਼ ਜਵਾਨੀ। ਕਹਿੰਦੇ ਜੋ ਜਰਿਆ ਸੋ ਤਰਿਆ, ਇਹ ਹੈ ਦਾਤ ਲਾਸਾਨੀ।

ਫ਼ੌਜ ਨੇ ਮਰਦਾ ਕਬਜ਼ੇ ਕਰ ਲੈਣਾ

ਕਫਨ ਸੀਪ ਗਏ ਤੇ ਗਈ ਕਬਰ ਪੁਟੀ, ⁠ਜਾਂ ਜਨਾਜ਼ੇ ਦੀ ਆਣ ਤਿਆਰੀ ਹੋਈ। ਤਲਬਾਂ ਤਾਰੋ ਤੇ ਦਿਆਂਗੇ ਫੇਰ ਮੁਰਦਾ, ⁠ਫੌਜ ਆਣ ਗਿਰਦੇ ਏਦਾਂ ਸਾਰੀ ਹੋਈ। ਕਰਦੇ ਨੌਕਰੀ ਮੁਫਤ ਛੀ ਮਾਹ ਗੁਜ਼ਰੇ, ⁠ਤਲਬ ਕਿਸੇ ਦੀ ਸੂਬੇ ਨਹੀਂ ਤਾਰੀ ਹੋਈ। ਗ਼ਦਰ ਮਚਿਆਂ ਨੂੰ ਕੇਈ ਸਾਲ ਗੁਜ਼ਰੇ, ⁠ਹੈਸੀ ਭੂਖ ਖਜ਼ਾਨੇ ਨੇ ਧਾਰੀ ਹੋਈ। ਕਿਰਮ ਚਲ ਗਏ ਪਾਪੀ ਦੀ ਲਾਸ਼ ਅੰਦਰ, ⁠ਕਈਆਂ ਦਿਨਾਂ ਤਕ ਰਹੀਆਂ ਖੁਵਾਰੀਆ ਜੀ। ਜ਼ੇਵਰ ਵੇਚਕੇ ਬੇਗਮ ਨੇ ਬਰਕਤ ਸਿੰਘਾ; ⁠ਤਲਬਾਂ ਫੌਜ ਦੀਆਂ ਅੰਤ ਤਾਰੀਆਂ ਜੀ।

ਅੰਤਮ ਬੇਨਤੀ

ਲਿਖੀਆਂ ਦੁਸਰੀ ਵਾਰ 'ਸ਼ਹੀਦੀ ਜੋਤਾਂ', ⁠ਬੜੀ ਮੇਹਨਤ ਦੇ ਨਾਲ ਵਿਚਾਰ ਵੀਰੋ। ਰੁੜ ਗਈ ਸੰਤਾਲੀ ਦੇ ਗ਼ਦਰ ਅੰਦਰ, ⁠ਜੇਹੜੀ ਲਿਖੀ ਕਾਪੀ ਪਹਿਲੀ ਵਾਰ ਵੀਰੋ। ਬੜੇ ਚਿਰਾਂ ਤੋਂ ਏਸ ਕਿਤਾਬ ਸੰਦੇ ⁠ਛਪ ਰਹੇ ਹੈਸਨ ਇਸ਼ਤਿਹਾਰ ਵੀਰੋ। ਹੋਸਨ ਏਸ ਅੰਦਰ ਭੁਲਾਂ ਸੈਂਕੜੇ ਜੀ, ⁠ਲਿਖਣਾ ਵੇਖ ਕੇ ਤੁਸਾਂ ਸੁਧਾਰ ਵੀਰੋ। ਨਾ ਮੈਂ ਸ਼ਾਇਰ, ਨਾ ਸਾਰ ਹੈ ਸ਼ਾਇਰੀ ਦੀ, ⁠ਤੁਕ ਬੰਦੀ ਦਾ ਜਾਣਦਾ ਜ਼ਾਰ ਵੀਰੋ। ਜਿਵੇਂ ਮੇਰੇ ਗਰੰਥਾਂ ਦਾ ਤੁਸਾਂ ਅਗੇ, ⁠ਕੀਤਾ ਵਧ ਹਦੋਂ ਸਤਿਕਾਰ ਵੀਰੋ। ਮੈਨੂੰ ਆਸ ਹੈ ਉਹਨਾਂ ਤੋਂ ਵਧ ਏਦਾਂ, ⁠ਤੁਸੀਂ ਕਰੋਗੇ ਹੁਣ ਪਰਚਾਰ ਵੀਰੋ। ਮੇਹਰ ਸਿੰਘ ਰਾਗੀ ਤਾਈਂ ਛਾਪਣੇ ਦੇ, ⁠ਕੁਲ ਦੇ ਦਿਤੇ ਅਖਤਿਆਰ ਵੀਰੋ। ਬਰਕਤ ਸਿੰਘ ਦੀ ਗਲ ਇਹ ਯਾਦ ਰਖੋ, ⁠ਕਰਨੀ ਨਕਲ ਹੈ ਖਾਣਾ ਮੁਰਦ ਰ ਵੀਰੋ। ।।ਸਮਾਪਤ।। ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ