Milena : Harpal Singh Pannu

ਮਿਲੇਨਾ : ਹਰਪਾਲ ਸਿੰਘ ਪੰਨੂ


(ਕਿੰਨਾ ਸਮਰੱਥ, ਕਿੰਨਾ ਵਜ਼ਨਦਾਰ ਨਾਮ ਹੈ ਮਿਲੇਨਾ, ਇੰਨਾ ਭਾਰੀ ਕਿ ਚੁਕ ਨਾ ਸਕੋ। ਪਹਿਲਾਂ ਇਹ ਨਾਮ ਮੈਨੂੰ ਖ਼ਾਸ ਚੰਗਾ ਨਾ ਲੱਗਾ, ਜਿਵੇਂ ਯੂਨਾਨੀ ਜਾਂ ਕੋਈ ਰੋਮਨ ਨਾਮ ਭਟਕਦਾ ਭਟਕਦਾ ਬੋਹਿਮੀਆਂ ਚਲਾ ਗਿਆ ਹੋਵੇ ਜਿਥੇ ਚੈਕਾਂ ਨੇ ਦਰਿੰਦਗੀ ਨਾਲ ਇਸ ਨੂੰ ਕੁਚਲਿਆ ਹੋਵੇ ਤੇ ਧੱਕੇ ਨਾਲ ਕਿਸੇ ਕੁੜੀ ਦੇ ਸੰਘ ਵਿਚੋਂ ਬਾਹਰ ਖਿੱਚਿਆ ਹੋਵੇ। ਜੋ ਵੀ ਹੈ, ਰੰਗ ਤੇ ਨੈਣ ਨਕਸ਼ ਅਜਿਹੇ ਕਿ ਇਸ ਸ਼ਾਨਾਮੱਤੀ ਔਰਤ ਨੂੰ ਬਾਹਾਂ ਵਿਚ ਲਿਆ ਜਾ ਸਕੇ। ਦੁਨੀਆਂ ਤੋਂ ਦੂਰ, ਅੱਗ ਤੋਂ ਦੂਰ, ਮੈਂ ਨਹੀਂ ਜਾਣਦਾ ਉਹ ਕੌਣ ਸੀ, ਮਨਮਰਜੀ ਨਾਲ ਆਤਮ ਵਿਸ਼ਵਾਸ ਨਾਲ ਉਹ ਬਾਹਾਂ ਵਿਚ ਸਮਾ ਜਾਂਦੀ। ਉਸ ਅੰਦਰ ਪਿਆਰ ਬਹਾਦਰੀ ਅਤੇ ਬਰੀਕ ਦ੍ਰਿਸ਼ਟੀ ਦੇ ਗੁਣ ਹਨ।ਇਹ ਸਾਰੇ ਗੁਣ ਉਹ ਆਪਣੇ ਤਿਆਗ ਵਿਚ ਸੁੱਟ ਦਿੰਦੀ ਹੈ ਜਾਂ ਫਿਰ ਇਹ ਕਹੋ ਕਿ ਉਹ ਤਿਆਗਣ ਹੈ ਜਿਸ ਕਰਕੇ ਇਹ ਗੁਣ ਉਸਦੇ ਇਰਦ ਗਿਰਦ ਇਕੱਠੇ ਹੋ ਗਏ ਹਨ -ਕਾਫਕਾ)

ਕਾਫਕਾ ਨਾਲ ਜਿਸ ਜਿਸ ਦਾ ਨੇੜੇ ਦਾ ਸੰਪਰਕ ਰਿਹਾ, ਉਸ ਉਪਰ ਕੁੱਝ ਨਾ ਕੁਝ ਲਿਖਿਆ ਅਤੇ ਪੜ੍ਹਿਆ ਜਾ ਸਕਦਾ ਹੈ ਕਿਉਂਕਿ ਬੌਧਿਕ ਰੋਸ਼ਨੀ ਤੋਂ ਸੱਖਣਾ ਉਸਦੇ ਸੰਪਰਕ ਵਿਚ ਰਹਿ ਨਹੀਂ ਸੀ ਸਕਦਾ। ਵਧੀਕ ਮਰਦ ਅਤੇ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਕਾਫਕਾ ਦਾ ਪ੍ਰਭਾਵ ਕਬੂਲਿਆ ਤੇ ਅਜਿਹਾ ਕਰਨ ਵਿਚ ਮਾਣ ਹੋਇਆ। ਲੇਖਕਾਂ ਵਿਚੋਂ ਸ਼੍ਰੋਮਣੀ ਮੈਕਸ ਬਰੋਦ ਹੈ ਤੇ ਦੂਜੀ ਆਮ ਜਿਹੀ ਦਸਵੀਂ ਪਾਸ ਕੁੜੀ ਦੋਰਾ ਜੋ ਧੱਕੇ ਨਾਲ ਉਸਦੀ ਪਤਨੀ ਬਣੀ । ਗਿਆਹਰਵੀਂ ਕਲਾਸ ਵਿਚ ਫਿਜ਼ਿਕਸ ਦੇ ਪ੍ਰੋਫੈਸਰ ਨੇ ਮੈਗਨੇਟਿਜ਼ਮ ਦਾ ਅਧਿਆਇ ਸ਼ੁਰੂ ਕਰਨ ਵਕਤ ਮੇਰੀ ਕਲਾਸ ਨੂੰ ਪੁੱਛਿਆ- ਵਿਦਿਆਰਥੀਓ, ਮੈਗਨਟ ਕਿਸ ਵਸਤੂ ਨੂੰ ਆਪਣੇ ਵੱਲ ਖਿਚਦਾ ਹੈ? ਸਾਰੀ ਕਲਾਸ ਦੇ ਹੱਥ ਖੜ੍ਹੇ, ਇਕ ਜ਼ਬਾਨ ਵਿਚ ਬੋਲੇ- ਲੋਹੇ ਨੂੰ। ਪ੍ਰੋਫੈਸਰ ਨੇ ਕਿਹਾ- ਇਹੀ ਗਲਤ ਗੱਲ ਤੁਹਾਡੇ ਚੇਤੇ ਵਿਚੋਂ ਬਾਹਰ ਕੱਢਣੀ ਹੈ। ਸਕੂਲ ਵਿਚ ਤੁਹਾਨੂੰ ਇਹੋ ਦੱਸਿਆ ਗਿਆ ਸੀ। ਸੁਣੋ। ਚੁੰਬਕ ਹੋਰ ਕਿਸੇ ਵਸਤੂ ਨੂੰ ਨਹੀਂ ਖਿਚਦਾ, ਸਿਵਾਇ ਚੁੰਬਕ ਦੇ। ਲੋਹਾ ਜਦੋਂ ਚੁੰਬਕੀ ਖੇਤਰ ਵਿਚ ਆਉਂਦਾ ਹੈ ਤਾਂ ਚੁੰਬਕੀ ਲਹਿਰਾਂ ਦੇ ਪ੍ਰਭਾਵ ਸਦਕਾ ਚੁੰਬਕ ਬਣ ਜਾਂਦਾ ਹੈ ਤਦ ਆਪਣੇ ਵਿਰੋਧੀ ਧਰੁਵ ਨੂੰ ਚੁੰਬਕ ਆਪਣੇ ਵੱਲ ਖਿੱਚ ਲੈਂਦਾ ਹੈ। ਧਾਤਾਂ ਵਿਚੋਂ ਕੇਵਲ ਲੋਹਾ, ਚੁੰਬਕ ਬਣਨ ਲਈ ਤਿਆਰ ਹੋ ਜਾਂਦਾ ਹੈ ਇਸ ਕਰਕੇ ਚੁੰਬਕ ਵੱਲ ਖਿਚਿਆ ਜਾਂਦਾ ਹੈ। ਜੋ ਧਾਤਾਂ ਚੁੰਬਕੀ ਖੇਤਰ ਵਿਚ ਆ ਕੇ ਵੀ ਨਿਊਟਰਲ ਰਹਿੰਦੀਆਂ ਹਨ, ਚੁੰਬਕ ਦਾ ਉਨ੍ਹਾਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ।

ਬਾਕੀ ਸਾਰਿਆਂ ਨਾਲੋਂ ਮਿਲੇਨਾ ਇਸ ਕਰਕੇ ਵਿਸ਼ੇਸ਼ ਹੈ ਕਿ ਉਹ ਕਾਫਕਾ ਤੋਂ ਪ੍ਰਭਾਵਿਤ ਨਹੀਂ ਹੋਈ, ਨਾ ਕਾਫਕਾ ਉਸ ਤੋਂ, ਤਦ ਵੀ ਦੋਵਾਂ ਦਾ ਸੰਪਰਕ ਲੰਮਾ ਸਮਾਂ ਰਿਹਾ। ਦੋਵੇਂ ਆਪਣੇ ਆਪ ਵਿਚ ਸੰਪੂਰਨ ਸੰਤੁਸ਼ਟ ਟਾਪੂ ਸਨ ਜਿਨ੍ਹਾਂ ਨੇ ਇਕ ਦੂਜੇ ਦੀ ਹੋਂਦ ਨੂੰ ਸਵੀਕਾਰਿਆ ਵੀ ਸਤਿਕਾਰਿਆ ਵੀ ਪਰ ਨਿਰਲੇਪ ਅਤੇ ਸੁਤੰਤਰ ਰਹੇ। ਕਾਫਕਾ ਦਾ ਜੀਵਨ, ਸ਼ੁੱਧ ਸਿਧਾਂਤ, ਨਿਰਮਲ ਅਨੁਭਵ ਹੈ ਜਿਹੜਾ ਅਮਲ ਵਿਚ ਨਹੀਂ ਆਇਆ। ਮਿਲੇਨਾ ਨੇ ਕੋਈ ਦਾਰਸ਼ਨਿਕ ਸਿਧਾਂਤ ਨਹੀਂ ਸਿਰਜਿਆ। ਉਸਦਾ ਜੀਵਨ ਉਹ ਕਰਮ ਖੇਤਰ ਸੀ ਜਿਸਨੂੰ ਫਲ ਦੀ ਪ੍ਰਵਾਹ ਨਹੀਂ। ਵਿਸ਼ਵ ਸਭਿਆਤਾ ਦੀਆਂ ਥੋੜ੍ਹੀਆਂ ਜਿਹੀਆਂ ਉਨ੍ਹਾਂ ਔਰਤਾਂ ਵਿਚੋਂ ਹੈ ਮਿਲੇਨਾ, ਜਿਨ੍ਹਾਂ ਤੋਂ ਪ੍ਰੇਰਨਾ ਲਈ ਜਾ ਸਕੇ। ਮਿਲੇਨਾ ਦੀ ਪ੍ਰਮਾਣਿਕ ਜੀਵਨੀ ਉਸਦੀ ਸਹੇਲੀ ਮਾਰਗ੍ਰੇਟ ਬੂਬਰ ਨਿਊਮਨ ਨੇ ਲਿਖੀ ਹੈ। ਕਦੀ ਦੋਵੇਂ ਕਮਿਊਨਿਸਟ ਸਨ, ਇਕ ਦੂਜੀ ਨੂੰ ਰਵੇਂਸ ਬਰੁੱਕ ਤਸੀਹਾ ਕੇਂਦਰ ਵਿਚ ਮਿਲੀਆਂ। ਮਿਲੇਨਾ ਨੇ ਕਿਹਾ, ਆਪਾਂ ਦੋਵੇਂ ਮਿਲ ਕੇ ਇਥੋਂ ਦੇ ਜੀਵਨ ਬਾਰੇ ਲਿਖਾਂਗੀਆਂ। ਜਦੋਂ ਮਿਲੇਨਾ ਨੂੰ ਪੱਕਾ ਯਕੀਨ ਹੋ ਗਿਆ ਕਿ ਮੈਂ ਹੁਣ ਬਚਾਂਗੀ ਨਹੀਂ ਤਾਂ ਮਾਰਗ੍ਰੇਟ ਨੂੰ ਕਿਹਾ- ਤੈਨੂੰ ਇਕੱਲੀ ਨੂੰ ਲਿਖਣੀ ਪਵੇਗੀ ਕਿਤਾਬ। ਮਾਰਗ੍ਰੇਟ ਨੇ ਕਿਹਾ- ਪਰ ਮੈਨੂੰ ਲਿਖਣਾ ਨੀ ਆਉਂਦਾ। ਮਿਲੇਨਾ ਹੱਸ ਪਈ- ਤੈਨੂੰ ਪਤਾ ਨੀ, ਮਿਲੇਨਾ ਨਾਲ ਦੋਸਤੀ ਕਰਨ ਵਾਲਾ ਬੰਦਾ ਜੀਨੀਅਸ ਹੋ ਜਾਂਦੈ। ਤੂੰ ਕਿਤਾਬ ਲਿਖੇਂਗੀ ਤੇ ਸੰਸਾਰ ਤੇਰੀ ਕਿਤਾਬ ਪੜ੍ਹੇਗਾ। ਮਾਰਗ੍ਰੇਟ ਬਚ ਗਈ। ਰਿਹਾ ਹੋ ਕੇ ਉਸਨੇ ਮਿਲੇਨਾ ਦੀਆਂ ਯਾਦਾਂ ਦੇ ਕਦਮਾਂ ਵਿਚ ਬੈਠ ਕੇ ਕਿਤਾਬ ਲਿਖੀ।

ਕਿਤਾਬ ਦੇ ਪਹਿਲੇ ਅਧਿਆਇ ਦਾ ਸਿਰਲੇਖ ਹੈ- 'ਲਿਖਾਂਗੇ ਦੁੱਖਾਂ ਦੀ ਕਿਤਾਬ’। ਮੁਢਲੇ ਸ਼ਬਦ ਹਨ- ਇਕ ਦੂਜੀ ਨੂੰ ਅਜੇ ਥੋੜੇ ਕੁ ਦਿਨਾਂ ਤੋਂ ਜਾਣਨ ਲੱਗੀਆਂ ਸਾਂ। ਪਰ ਉਦੋਂ ਦਿਨਾਂ ਦੇ ਕੀ ਮਾਇਨੇ ਜਦੋਂ ਸਮਾਂ ਘੰਟਿਆਂ ਅਤੇ ਮਿੰਟਾਂ ਦੀ ਥਾਂ ਦਿਲ ਦੀਆਂ ਧੜਕਣਾਂ ਨਾਲ ਮਿਣਿਆ ਜਾਂਦੈ।

ਮਿਲੇਨਾ, ਚੈਕੋਸਲਵਾਕੀਆ ਦੀ ਸੀ ਤੇ ਮਾਰਗ੍ਰੇਟ ਜਰਮਨ। ਪੂਰਾ ਨਾਮ ਮਿਲੇਨਾ ਜੇਸੈਂਸਕੀ। ਪਤਾ ਲੱਗਾ ਕਿ ਮਿਲੇਨਾ ਪੱਤਰਕਾਰ ਸੀ। ਇਕ ਜਰਮਨ ਔਰਤ ਰਾਹੀਂ ਮਿਲੇਨਾ ਨੇ ਮਾਰਗ੍ਰੇਟ ਤੱਕ ਸੁਨੇਹਾ ਭੇਜਿਆ, ਮਿਲਣਾ ਹੈ। ਉਹ ਜਾਣਨਾ ਚਾਹੁੰਦੀ ਸੀ ਕਿ ਕੀ ਇਹ ਸੱਚ ਹੈ ਕਿ ਸੋਵੀਅਤ ਦੇਸ ਵਿੱਚ ਜਰਮਨੀ ਦੇ ਫਾਸ਼ਿਜ਼ਮ ਵਿਰੋਧੀ ਸ਼ਰਨਾਰਥੀ ਕਾਮਰੇਡ, ਸਟਾਲਿਨ ਨੇ ਹਿਟਲਰ ਦੇ ਹਵਾਲੇ ਕਰ ਦਿੱਤੇ ਹਨ?

ਤਸੀਹਾ ਕੇਂਦਰ ਦੀਆਂ ਉੱਚੀਆਂ ਕੰਧਾਂ ਉਪਰ ਲੋਹੇ ਦੀਆਂ ਕੰਡੇਦਾਰ ਵਾੜਾਂ ਸਨ ਜਿਨ੍ਹਾਂ ਵਿਚ ਬਿਜਲੀ ਛੱਡੀ ਹੁੰਦੀ। ਪਹਿਲੀ ਮੁਲਾਕਾਤ ਦਾ ਪਹਿਲਾ ਵਾਕ- ਮੈਂ ਹਾਂ ਪਰਾਗ ਦੀ ਮਿਲੇਨਾ। ਹੱਥ ਮਿਲਾਇਆ ਤਾਂ ਮਿਲੇਨਾ ਨੇ ਕਿਹਾ- ਸਹਿਜੇ ਮਾਰਗ੍ਰੇਟ, ਜਰਮਨ ਤਰੀਕੇ ਨਾਲ ਹੱਥ ਨਾ ਮਿਲਾ, ਮੇਰੀਆਂ ਉਂਗਲੀਆਂ ਸੁੱਜੀਆਂ ਹੋਈਆਂ ਨੇ। ਉਸਦਾ ਬਦਰੰਗ ਚਿਹਰਾ ਤਕਲੀਫਾਂ ਨਾਲ ਭਰਿਆ ਹੋਇਆ ਸੀ ਪਰ ਅੱਖਾਂ ਵਿਚ ਚਮਕ ਅਤੇ ਬੋਲਾਂ ਵਿਚ ਉਹ ਤਾਕਤ ਕਿ ਮਾਰਗ੍ਰੇਟ ਭੁੱਲ ਗਈ ਇਹ ਔਰਤ ਕਮਜ਼ੋਰ ਹੈ। ਲੰਮਾ ਕੱਦ, ਤਰਾਸ਼ੇ ਹੋਂਠ, ਤਿੱਖਾ ਨੱਕ, ਚੌੜਾ ਮੱਥਾ ਤੇ ਘੁੰਗਰਾਲੇ ਵਾਲ ਦਸਦੇ ਕਿ ਦਿਲ ਦਿਮਾਗ ਦੀ ਅਮੀਰੀ ਸਾਹਮਣੇ ਖਲੋਤੀ ਹੈ।

ਇਕ ਦੂਜੀ ਨਾਲ ਗੱਲ ਕਰਨ ਦੀ ਮਨਾਹੀ ਸੀ। ਪਹਿਰੇਦਾਰ ਲਗਾਤਾਰ ਚੌਕਸੀ ਰਖਦੇ, ਮਾਰਗ੍ਰੇਟ ਡਰਦੀ ਰਹੀ, ਕੋਈ ਦੇਖ ਨਾ ਲਵੇ, ਪਰ ਮਿਲੇਨਾ ਇਸ ਤਰ੍ਹਾਂ ਸ਼ਾਂਤ ਜਿਵੇਂ ਕਿਸੇ ਸ਼ਹਿਰ ਦੇ ਵੱਡੇ ਪਾਰਕ ਵਿਚ ਅਰਾਮ ਨਾਲ ਖਲੋਤੀ ਗੱਲਾਂ ਕਰੀ ਜਾਏ, ਆਲੇ ਦੁਆਲੇ ਤੋਂ ਅਨਜਾਣ। ਇਸ ਪਲ ਬਾਰੇ ਮਾਰਗ੍ਰੇਟ ਲਿਖਦੀ ਹੈ- ਮੇਰੇ ਸਾਹਮਣੇ ਅਖੰਡ ਆਤਮਾ ਸੀ, ਅਪਮਾਨਿਤ ਅਤੇ ਕੁਚਲੀਆਂ ਹੋਈਆਂ ਔਰਤਾਂ ਵਿਚ ਕੇਵਲ ਇਕ ਅਜ਼ਾਦ ਔਰਤ।

ਮਿਲੇਨਾ ਨੂੰ ਕੰਮ ਚਲਾਊ ਜਰਮਨ ਆਉਂਦੀ ਸੀ ਪਰ ਮਾਰਗ੍ਰੇਟ ਨਾਲ ਗੱਲਾਂ ਕਰਦਿਆਂ ਥੋੜ੍ਹੇ ਸਮੇਂ ਵਿਚ ਉਸਦੀ ਸ਼ਬਦਾਵਲੀ ਅਤੇ ਉਚਾਰਣ ਅਸਾਧਾਰਣ ਹੱਦ ਤੱਕ ਸ਼ੁੱਧ ਹੋ ਗਏ। ਪਹਿਲੀ ਮੁਲਾਕਾਤ ਤੋਂ ਬਾਦ ਮਾਰਗ੍ਰੇਟ ਜਦੋਂ ਆਪਣੀ ਬੈਰਕ ਵਿਚ ਵਾਪਸ ਆਈ ਤਾਂ ਲਿਖਦੀ ਹੈ, ‘ਮੈਂ ਬਾਕੀ ਸਭ ਵਾਸਤੇ ਅੰਨ੍ਹੀ ਤੇ ਬੋਲੀ ਹੋ ਗਈ ਸਾਂ। ਮੇਰੇ ਵਜੂਦ ਵਿਚ ਇਕ ਵਾਕ ਦਾ ਬਾਰ ਬਾਰ ਸੰਚਾਰ ਹੋ ਰਿਹਾ ਸੀ- ਆਈ ਐਮ ਮਿਲੇਨਾ ਆਫ ਪਰਾਗ । ਬਾਰ ਬਾਰ ਇਹ ਲਫਜ਼ ਦੁਹਰਾਉਂਦੀ, ਮੇਰਾ ਨਸ਼ਾ ਵਧੀ ਜਾਂਦਾ।

ਪਹਿਲੀ ਸੰਸਾਰ ਜੰਗ ਵਿਚ ਯਹੂਦੀਆਂ ਦਾ ਕਤਲਿਆਮ ਸ਼ੁਰੂ ਹੋਇਆ ਤਾਂ ਮਾਰਗ੍ਰੇਟ ਆਪਣੇ ਬਚਾ ਵਾਸਤੇ ਸੋਵੀਅਤ ਦੇਸ ਚਲੀ ਗਈ ਸੀ। ਹਜ਼ਾਰਾਂ ਕਮਿਊਨਿਸਟਾਂ ਨੇ ਇਸ ਆਸ ਨਾਲ ਸ਼ਰਣ ਲਈ ਸੀ ਕਿ ਸੋਵੀਅਤ ਦੇਸ਼ ਉਨ੍ਹਾਂ ਨੂੰ ਬਚਾ ਲਵੇਗਾ ਪਰ ਉਥੇ ਇਨ੍ਹਾਂ ਨੂੰ ਤਸੀਹਾ ਕੇਂਦਰਾਂ ਵਿਚ ਰੱਖਿਆ ਗਿਆ ਤੇ ਆਖਰ 1940 ਵਿਚ ਸਟਾਲਿਨ ਨੇ ਜਰਮਨ ਗੇਸਟਾਪੋ (ਪੁਲਸ) ਦੇ ਹਵਾਲੇ ਕਰ ਦਿੱਤੇ। ਮਾਰਗ੍ਰੇਟ ਨੇ ਸਟਾਲਿਨ ਦੀਆਂ ਕਰਤੂਤਾਂ ਦਾ ਪ੍ਰੈੱਸ ਵਿਚ ਪਰਦਾਫਾਸ਼ ਕਰ ਦਿੱਤਾ। ਜਰਮਨਾ ਨੇ ਤਾਂ ਉਸ ਉਪਰ ਕਹਿਰ ਢਾਹੁਣਾ ਹੀ ਸੀ, ਕਮਿਊਨਿਸਟ ਕੈਦੀ ਔਰਤਾਂ ਨੇ ਉਸਨੂੰ ਇਸ ਕਰਕੇ ਤਸੀਹੇ ਦਿੱਤੇ ਕਿ ਉਹ ਸਟਾਲਿਨ ਵਿਰੁੱਧ ਝੂਠਾ ਪਰਚਾਰ ਕਰ ਰਹੀ ਸੀ। ਕਜ਼ਾਕਸਤਾਨ ਦੇ ਕਾਰਾਗੰਡਾ ਤਸੀਹਾ ਕੇਂਦਰ ਤੋਂ ਬਾਦ ਉਹ ਇਸ ਜਰਮਨ ਤਸੀਹਾ ਕੇਂਦਰ ਵਿਚ ਆਈ। ਜਰਮਨ ਕੈਦਣਾਂ ਨੇ ਉਸ ਨੂੰ ਗੱਦਾਰ, ਦੇਸ਼-ਧ੍ਰੋਹਣ ਦਾ ਖਿਤਾਬ ਦਿੱਤਾ। ਇਸ ਦੂਹਰੀ ਹੱਤਕ ਤੋਂ ਬੇਪ੍ਰਵਾਹ ਮਾਰਗ੍ਰੇਟ ਨੇ ਲਿਖਿਆ- ਜੇ ਮੈਂ ਇਸ ਜੇਲ੍ਹ ਦੀ ਥਾਂ ਕਿਸੇ ਹੋਰ ਜੇਲ੍ਹ ਵਿਚ ਬੰਦੀ ਕੀਤੀ ਜਾਂਦੀ ਤਦ ਮੈਂ ਮਿਲੇਨਾ ਨੂੰ ਕਿਵੇਂ ਮਿਲਦੀ?

ਬਰਲਿਨ ਤੋਂ 50 ਮੀਲ ਦੂਰ ਇਸ ਕੇਂਦਰ ਵਿਚ ਪੰਜ ਹਜ਼ਾਰ ਔਰਤਾਂ ਬੰਦੀ ਸਨ। ਯੁੱਧ ਖਤਮ ਹੋਣ ਤਕ ਇਨ੍ਹਾਂ ਦੀ ਗਿਣਤੀ ਪੰਜਾਹ ਹਜ਼ਾਰ ਹੋ ਗਈ ਸੀ। ਵਧੀਕ ਔਰਤਾਂ ਉਹ ਸਨ ਜਿਨ੍ਹਾਂ ਨੂੰ ਪਤਾ ਨਹੀਂ ਸੀ ਉਨ੍ਹਾਂ ਨੂੰ ਇਥੇ ਕਿਉਂ ਲਿਆਂਦਾ ਗਿਆ। ਬੰਦੀਆਂ ਨੂੰ ਠੰਢ ਵਿਚ ਰੱਖਿਆ ਜਾਂਦਾ, ਭੁੱਖੇ ਮਾਰਿਆ ਜਾਂਦਾ ਤੇ ਕੁੱਤਿਆਂ ਵਰਗਾ ਵਿਹਾਰ ਹੁੰਦਾ। ਗਾਲਾਂ, ਕੁੱਟਮਾਰ ਆਮ ਗੱਲ ਸੀ। ਜਿਉਂਦੇ ਰਹਿਣ ਵਾਸਤੇ ਆਮ ਕੈਦੀ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ, ਮੁਖਬਰੀ ਤਾਂ ਕੀ, ਹਾਕਮਾਂ ਦੇ ਕਹਿਣ ਤੇ ਸਾਥੀਆਂ ਦੀ ਕੁੱਟਮਾਰ ਕਰ ਦਿੰਦੇ। ਕੇਵਲ ਮਿਲੇਨਾ ਬਚੀ, ਜੋ ਟੁੱਟੀ ਨਹੀਂ। ਉਹ ਸਾਰਿਆਂ ਨੂੰ ਧਰਵਾਸ ਦਿੰਦੀ। ਆਪਣੇ ਬਾਬਤ ਦੱਸਣ ਵਿਚ ਉਹ ਇਕ ਮਿੰਟ ਵੀ ਬਰਬਾਦ ਨਾਂ ਕਰਦੀ। ਉਹ ਜਾਣਨਾ ਚਾਹੁੰਦੀ ਹੁੰਦੀ। ਕਾਮਲ ਪੱਤਰਕਾਰ ਵਾਂਗ ਉਹ ਇਸ ਤਰ੍ਹਾਂ ਸਵਾਲ ਕਰਦੀ ਕਿ ਸਾਹਮਣੇ ਵਾਲੀ ਔਰਤ ਉਸਨੂੰ ਆਪਣੀ ਸਹੇਲੀ ਸਮਝਣ ਲੱਗੇ। ਉਸਨੇ ਮਾਰਗ੍ਰੇਟ ਨੂੰ ਜੋ ਸਵਾਲ ਪੁਛੇ, ਅਜਿਹੇ ਸਨ ਕਿ ਉੱਤਰ ਦਿੰਦਿਆਂ ਉਸਨੂੰ ਉਹ ਕੁਝ ਯਾਦ ਆ ਗਿਆ ਜੋ ਕਦੇ ਦਾ ਭੁੱਲ ਵਿਸਰ ਗਿਆ ਹੋਇਆ ਸੀ।ਇਸ ਆਸ ਨਾਲ ਉਸਨੇ ਸਾਥੀ ਕੈਦੀਆਂ ਦੇ ਨਾਮ ਲਿਖੇ ਜੋ ਰੂਸ ਦੇ ਮੁਸ਼ੱਕਤ ਕੈਂਪਾਂ ਵਿਚ ਬੰਦ ਸਨ, ਕਿ ਕਦੀ ਉਨ੍ਹਾਂ ਨੂੰ ਮਿਲੇਗੀ। ਉਹ ਤਾਂ ਉਹ ਗੀਤ ਵੀ ਲਿਖ ਲੈਂਦੀ ਜਿਹੜੇ ਕੈਦੀ ਗਾਇਆ ਕਰਦੇ ਸਨ। ਮਾਰਗ੍ਰੇਟ ਤੋਂ ਉਸਨੇ ਪੁੱਛਿਆ, ਕਿੰਨੀ ਦੇਰ ਤੱਕ ਕਮਿਊਨਿਜ਼ਮ ਵਿਚ ਤੇਰਾ ਵਿਸ਼ਵਾਸ ਥਿਰ ਰਿਹਾ? ਕੀ ਤੈਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਕਮਿਊਨਿਸਟ ਹਰੇਕ ਨੂੰ ਕੰਮ, ਰੋਟੀ ਅਤੇ ਅਜ਼ਾਦੀ ਦੇਣਗੇ? ਦੋਵੇਂ ਹੈਰਾਨ ਹੁੰਦੀਆਂ ਕਿ ਪਾਰਟੀ ਦੀ ਭਟਕਣ ਅਤੇ ਅਸਫਲਤਾਵਾਂ ਵਾਸਤੇ ਕਮਿਊਨਿਸਟ ਨੇਤਾ ਕਿਸ ਹੱਦ ਤਕ ਬਹਾਨੇ ਘੜਨ ਵਿਚ ਮਾਹਰ ਹਨ। ਦੋਵਾਂ ਨੇ ਕਮਿਊਨਿਸਟ ਚਰਿਤਰਹੀਣਤਾ ਦੀਆਂ ਜੜ੍ਹਾਂ ਖੋਜੀਆਂ।

ਮਿਲੇਨਾ ਕਾਰਡ ਹੋਲਡਰ ਪਾਰਟੀ ਮੈਂਬਰ ਸੀ। ਉਸ ਵਕਤ ਰੂਸੀ ਕਮਿਊਨਿਸਟ ਇਨਕਲਾਬ ਦੁਨੀਆਂ ਭਰ ਲਈ ਪ੍ਰੇਰਨਾ ਸਰੋਤ ਬਣ ਗਿਆ। ਮਿਲੇਨਾ ਪਾਰਟੀ ਵਲੋਂ ਦਿੱਤਾ ਹਰ ਫਰਜ਼ ਅਦਾ ਕਰਦੀ। ਉਸਨੇ ਕਦੀ ਕਮਿਊਨਿਸਟ ਰੂਸ ਦਾ ਦੌਰਾ ਨਹੀਂ ਕੀਤਾ ਪਰ ਪੱਤਰਕਾਰੀ ਦੌਰਾਨ ਜੋ ਤੱਥ ਉਸਦੇ ਸਾਹਮਣੇ ਆਏ, ਉਸਨੇ ਆਪਣਾ ਕਾਰਡ ਟੁਕੜੇ ਕਰਕੇ ਪਾਰਟੀ ਦੇ ਦਫਤਰ ਵਿਚ ਵਗਾਹ ਦਿੱਤਾ। ਪਾਰਟੀ ਨੇ ਐਲਾਨ ਕੀਤਾ ਕਿ ਉਸਨੂੰ ਕੱਢ ਦਿੱਤਾ ਗਿਆ ਹੈ। ਸਟਾਲਿਨ ਦੀ ਸ਼ੁੱਧੀਕਰਨ ਲਹਿਰ ਦੇ ਉਸਨੇ ਬਖੀਏ ਉਧੇੜਨੇ ਸ਼ੁਰੂ ਕਰ ਦਿੱਤੇ। ਰੇਡੀਓ ਮਾਸਕੋ ਦੇ ਪ੍ਰਚਾਰ ਵਿੰਗ ਅਗੇ ਉਸਨੇ ਪ੍ਰਸ਼ਨ ਰੱਖੇ- ਚੈੱਕ ਕਮਿਊਨਿਸਟ ਅਤੇ ਸਾਧਾਰਨ ਕਾਮੇ ਜਿਹੜੇ ਸੋਵੀਅਤ ਰੂਸ ਗਏ ਸਨ ਉਨ੍ਹਾਂ ਦਾ ਕੀ ਹੋਇਆ? ਕੀ ਇਹ ਸੱਚ ਨਹੀਂ ਕਿ ਉਨ੍ਹਾਂ ਵਿਚੋਂ ਵਧੀਕਤਰ ਜੇਲ੍ਹਾਂ ਵਿਚ ਹਨ? ਲੋਕਾਂ ਨਾਲ ਨਿਪਟਣ ਦਾ ਰੂਸੀ ਤਰੀਕਾ ਇਹੋ ਹੈ। ਲੋਕ ਇੰਨੇ ਮਾਸੂਮ ਹੁੰਦੇ ਨੇ, ਭਰੋਸਾ ਕਰ ਬੈਠਦੇ ਨੇ ਕਿ ਰੂਸ ਵਿਚ ਸੁਰੱਖਿਆ ਮਿਲੇਗੀ। ਕਮਿਊਨਿਸਟ ਸ਼ਰਨਾਰਥੀਆਂ ਵਿਚ ਬਹੁਤ ਸਾਰੇ ਅਜਿਹੇ ਲੋਕ ਰੂਸ ਵਿਚ ਹਨ ਜਿਨ੍ਹਾਂ ਦੀ ਮੈਂ ਬੜੀ ਇਜ਼ਤ ਕਰਦੀ ਹਾਂ। ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਮੈਂ ਬਿਲਕੁਲ ਪਸੰਦ ਨਹੀਂ ਕਰਦੀ। ਮੇਰੀ ਪਸੰਦ ਜਾਂ ਨਾ ਪਸੰਦ ਦਾ ਕੀ ਹੈ? ਮੈਂ ਸਾਰਿਆਂ ਦੀ ਸਲਾਮਤੀ ਲਈ ਦੁਆ ਕਰਦੀ ਹਾਂ।’ ਉਸਦੇ ਇਹ ਕਥਨ 8 ਮਾਰਚ 1939 ਨੂੰ ਛਪੇ।

ਦਿਨ ਰਾਤ ਉਹ ਠੰਢ ਅਤੇ ਭੁੱਖ ਕਾਰਨ ਕੰਬਦੀ ਰਹਿੰਦੀ। ਪੀਲਾ ਚਿਹਰਾ ਤੇ ਸੁੱਜੇ ਹੱਥ ਦੇਖ ਕੇ ਮਾਰਗ੍ਰੇਟ ਇਕ ਦਿਨ ਆਪਣੇ ਹਿੱਸੇ ਦੀ ਬਰੈਡ ਰਾਸ਼ਣ ਮਿਲੇਨਾ ਕੋਲ ਲੈ ਗਈ। ਮਿਲੇਨਾ ਨੇ ਨਾਰਾਜ਼ ਹੋਕੇ ਇਹ ਸਮਾਨ ਹੱਥ ਨਾਲ ਪਰੇ ਸਰਕਾ ਦਿੱਤਾ। ਉਸਨੂੰ ਕੋਈ ਕੁੱਛ ਦੇ ਸਕਦਾ ਹੈ, ਇਹ ਮੰਨਣ ਲਈ ਉਹ ਤਿਆਰ ਨਹੀਂ ਸੀ। ਉਸਦਾ ਕੋਈ ਨਹੀਂ ਸੀ, ਇਕਦਮ ਇਕੱਲੀ ਸੀ ਪਰ ਮਾਰਗ੍ਰੇਟ ਦਾ ਭਰਿਆ ਭਕੁੰਨਾ ਪਰਿਵਾਰ ਸੀ ਜਿਸ ਨੂੰ ਮਿਲਣ ਵਾਸਤੇ ਉਹ ਆਸਵੰਦ ਸੀ, ਫਿਰ ਵੀ, ਮਿਲੇਨਾ ਉਪਰ ਕੋਈ ਤਰਸ ਕਰੇ ਉਸਨੂੰ ਮਨਜ਼ੂਰ ਨਹੀਂ ਸੀ।

ਉਹ ਸਮੇਂ ਦੀ ਪਾਬੰਦ ਨਾ ਰਹਿੰਦੀ, ਪਰੇਡ ਵਿਚ ਅੱਗੇ ਪਿਛੇ ਆਪਣੀ ਮਸਤੀ ਵਿਚ ਆਲੇ ਦੁਆਲੇ ਤੋਂ ਬੇਖਬਰ ਹੁੰਦੀ। ਜੇਲ੍ਹ ਅਫਸਰਾਂ ਦਾ ਹੁਕਮ ਮੰਨਣਾ ਤਾਂ ਦਰਕਿਨਾਰ ਉਨ੍ਹਾਂ ਦੀ ਡਾਂਟ ਡਪਟ ਕਰ ਦਿੰਦੀ। ਇਕ ਦਿਨ ਸਭ ਕੈਦਣਾਂ ਪ੍ਰੇਡ ਕਰਨ ਜਾ ਰਹੀਆਂ ਸਨ ਤਾਂ ਮਿਲੇਨਾ ਦੀ ਨਜ਼ਰ ਬਸੰਤ ਦੀਆਂ ਕੁੰਬਲਾਂ ਅਤੇ ਫੁੱਲਾਂ ਉਪਰ ਪਈ। ਉਹ ਖਲੋ ਕੇ ਗੌਣ ਲੱਗ ਪਈ। ਸਾਥੀ ਕੈਦਣਾਂ ਗੁੱਸੇ ਵਿਚ ਝਪਟ ਕੇ ਪਈਆਂ ਤਾਂ ਬੋਲੀ- ਤੁਸੀਂ ਜੰਮੀਆਂ ਹੀ ਕੈਦ ਕੱਟਣ ਵਸਤੇ ਹੋ। ਗੁਲਾਮੀ ਤੁਹਾਡੀਆਂ ਹੱਡੀਆਂ ਵਿਚ ਵੜ ਚੁੱਕੀ ਹੈ।

ਕੈਦੀਆਂ ਉਪਰ ਕੈਦੀ ਨਿਗਰਾਨ, ਕੈਦੀ ਨਰਸਾਂ, ਕੈਦੀ ਡਾਕਟਰ ਤੇ ਕੈਦੀ ਮੁਖਬਰ ਰੱਖੇ ਜਾਂਦੇ। ਮਿਲੇਨਾ ਕਿਹਾ ਕਰਦੀ- ਕਿੰਨੀ ਅਸਾਨੀ ਨਾਲ ਕੈਦੀ ਆਪਣੇ ਸਾਥੀਆਂ ਦੇ ਖਿਲਾਫ ਆਪਣੇ ਦੁਸ਼ਮਣ ਦੀ ਮਦਦ ਕਰਨ ਲੱਗ ਜਾਂਦੇ ਹਨ। ਦੋ ਕਮਿਊਨਿਸਟ ਔਰਤਾਂ ਮਿਲੇਨਾਂ ਨੂੰ ਬਾਹਰੋਂ ਮਿਲਣ ਆਈਆਂ ਇਹ ਕਹਿ ਕੇ ਗਈਆਂ- ਸਾਨੂੰ ਪਤਾ ਲੱਗ ਗਿਆ ਹੈ ਤੂੰ ਤਾਸਕੀ ਦੀ ਚੇਲੀ ਹੈਂ ਇਸ ਕਰਕੇ ਸੋਵੀਅਤ ਦੇਸ ਦੀ ਬਦਨਾਮੀ ਕਰਦੀ ਹੈਂ। ਮਿਲੇਨਾ ਨੂੰ ਧਮਕੀ ਦੇਂਦਿਆਂ ਇਨ੍ਹਾਂ ਔਰਤਾਂ ਵਿਚੋਂ ਇਕ ਬੋਲੀ, ਚੈਕ ਸਮਾਜ ਦੀ ਇੱਜ਼ਤਦਾਰ ਮੈਂਬਰ ਰਹੇਂਗੀ ਕਿ ਬਦਨਾਮ ਮਾਰਗ੍ਰੇਟ ਦੀ ਸਹੇਲੀ? ਦੋਹਾਂ ਵਿਚੋਂ ਇਕ ਚੁਣ ਲੈ। -ਸੋਚਣ ਦੀ ਲੋੜ ਨਹੀਂ, ਮਿਲੇਨਾ ਨੇ ਕਿਹਾ- ਮਾਰਗ੍ਰੇਟ ਨਾਲ ਦੋਸਤੀ। ਦਫਾ ਹੋ ਜਾਉ ਹੁਣ।

ਜਨਮ 1896 ਈ. ਨੂੰ ਪਰਾਗ ਵਿਚ ਹੋਇਆ। ਮਾਂ ਬੜੀ ਸੁਹਣੀ ਸੀ, ਕਾਲੇ ਘੁੰਗਰਾਲੇ ਵਾਲ, ਮਿਲੇਨਾ ਨੂੰ ਯਾਦ ਹੈ ਜਦੋਂ ਤਿੰਨ ਕੁ ਸਾਲ ਦੀ ਨੂੰ ਉਹ ਗੋਦ ਵਿਚ ਬਿਠਾ ਕੇ ਦੇਰ ਤੱਕ ਉਸਦੇ ਕੇਸ ਵਾਹੁੰਦੀ ਰਹਿੰਦੀ। ਮਿਲੇਨਾ ਮਾਰਗ੍ਰੇਟ ਨੂੰ ਦਸਿਆ ਕਰਦੀ- ਕੇਸ ਵਾਹੁਣ ਬਾਦ ਇਸ ਥਾਂ ਤੋਂ ਮਾਂ ਮੇਰਾ ਵਾਲਾਂ ਦਾ ਛੱਲਾ ਚੁੰਮਦੀ। ਇਹ ਛੱਲਾ ਮੈਨੂੰ ਕਦੀ ਨਹੀਂ ਭੁੱਲਦਾ... ਕਰਮਾਂ ਵਾਲਾ ਛੱਲਾ। ਇਕੱਲੀ ਸੰਤਾਨ, ਅਕਸਰ ਇਕੱਲੀ ਖੇਡਦੀ। ਭਰ ਜਵਾਨੀ ਵਿਚ ਮਾਂ ਚਲ ਵਸੀ। ਮਿਲੇਨਾ ਦੇ ਪੇਕੇ ਵਿਗਿਆਨ, ਕਲਾ ਥਿਏਟਰ, ਸੰਗੀਤ ਦੇ ਸ਼ੈਦਾਈ ਪਰ ਸਹੁਰੇ ਘਰ ਇਸ ਸਭ ਕੁਝ ਦੇ ਉਲਟ। ਮਿਲੇਨਾ ਦੱਸਿਆ ਕਰਦੀ- ਚਪੇੜ ਮਾਰਨ ਦੀ ਗੱਲ ਛੱਡੋ, ਮਾਂ ਕਦੇ ਝਿੜਕਦੀ ਵੀ ਨਹੀਂ ਸੀ। ਮਾਰਕੁੱਟ ਦੀ ਡਿਉਟੀ ਪਾਪਾ ਨਿਭਾਇਆ ਕਰਦੇ। ਸਿਲਾਈ ਕਢਾਈ, ਲੱਕੜ ਉਪਰ ਨੱਕਾਸ਼ੀ ਦਾ ਕੰਮ ਮਾਂ ਬਹੁਤ ਸੁਹਣਾ ਕਰਦੀ।

ਪਿਤਾ ਦੰਦਾਂ ਦਾ ਡਾਕਟਰ ਸੀ। ਮੂੰਹ ਦੇ ਹਰੇਕ ਆਪ੍ਰੇਸ਼ਨ ਦਾ ਮਾਹਿਰ ਸਰਜਨ। ਉਸ ਦਾ ਕਲਿਨਿਕ ਵਧੀਆ ਚੱਲਿਆ। ਉਸਨੇ ਡੈਂਟਲ ਕਾਲਜ ਵੀ ਖੋਲ੍ਹਿਆ ਜੋ ਅਜ ਤਕ ਡਾਕਟਰ ਜਾੱਨ ਜੇਸਿੰਸਕੀ ਦੇ ਨਾ ਨਾਲ ਚੱਲ ਰਿਹਾ ਹੈ। ਮਿਲੇਨਾ ਪਿਤਾ ਉਪਰ ਗਈ, ਅਕਲ ਸ਼ਕਲ ਦੋਹਾਂ ਵਿਚ। ਪਿਤਾ ਵਾਂਗ ਹਸਦਿਆਂ ਗੱਲ੍ਹਾਂ ਵਿਚ ਟੋਏ ਪੈਂਦੇ, ਗੱਲ ਕਰਨ ਅਤੇ ਫੈਸਲੇ ਲੈਣ ਵਿਚ ਦ੍ਰਿੜ੍ਹ।

ਮਿਲੇਨਾ ਨੂੰ ਯਾਦ ਹੈ ਕਿ ਜਦੋਂ ਉਸਦੇ ਭਰਾ ਨੇ ਜਨਮ ਲਿਆ ਤਾਂ ਸਾਰੇ ਪਰਿਵਾਰ ਦਾ ਧਿਆਨ ਮਰੀਅਲ ਜਿਹੇ ਮੁੰਡੇ ਵੱਲ ਹੋ ਗਿਆ, ਮਿਲੇਨਾ ਜਿਵੇਂ ਘਰ ਵਿਚ ਰਹੀ ਹੀ ਨਾਂ। ਭਰਾ ਦੀ ਮੌਤ ਹੋ ਗਈ। ਮਿਲੇਨਾ ਜ਼ਿੱਦੀ ਹੋ ਗਈ। ਪਿਤਾ ਅਕਸਰ ਕੁੱਟ ਮਾਰ ਕਰਦਾ। ਪਿਤਾ ਪਰੰਪਰਾ ਦਾ ਪੁਜਾਰੀ, ਪੁਰਾਣੇ ਢੰਗ ਦਾ ਹੈਟ ਅਤੇ ਸੂਟ ਪਹਿਨਦਾ, ਮਿਲੇਨਾ ਉਪਰ ਹਰ ਪਾਬੰਦੀ।

ਤੇਰ੍ਹਾਂ ਸਾਲ ਦੀ ਸੀ ਜਦੋਂ ਮਾਂ ਨੂੰ ਖਤਰਨਾਕ ਨਮੂਨੀਆਂ ਹੋਇਆ, ਫਿਰ ਅਧਰੰਗ ਦਾ ਹੱਲਾ। ਸਾਰਾ ਸਾਰਾ ਦਿਨ ਮਿਲੇਨਾ ਮਾਂ ਨੂੰ ਸੰਭਾਲਦੀ ਥੱਕ ਜਾਂਦੀ। ਆਖਰ ਮਾਂ ਦਾ ਵਿਛੋੜਾ ਸਾਹਮਣੇ ਆਇਆ। ਮਿਲੇਨਾ ਨੂੰ ਸਾਰੀ ਉਮਰ ਕਬਰਸਤਾਨ ਚੰਗਾ ਲਗਦਾ ਰਿਹਾ। ਸਾਰਾ ਸਾਰਾ ਦਿਨ ਉਹ ਕਬਰਸਤਾਨ ਵਿਚ ਬੈਠੀ ਬਿਤਾ ਦਿੰਦੀ। ਜਿੱਧਰ ਮੂੰਹ ਹੁੰਦਾ, ਫਿਰ ਉਧਰ ਤੁਰ ਪੈਂਦੀ। ਪਿਤਾ ਨੂੰ ਇਹ ਹਰਕਤਾਂ ਪਸੰਦ ਨਹੀਂ ਸਨ। ਘਰ ਵਿਚ ਅਕਸਰ ਤਕੜੇ ਹੰਗਾਮੇ ਹੁੰਦੇ। ਮਿਲੇਨਾ ਕਈ ਕਈ ਦਿਨ ਘਰ ਨਾ ਪਰਤਦੀ। ਕਦੀ ਸਟੇਜ ਦਾ ਸ਼ੌਕ ਕਦੀ ਚਿਤਰਕਾਰਾਂ ਲਈ ਮਾਡਲੰਗਿ ਕਰਨ ਦਾ ਕੰਮ। ਉਹ ਸਾਹਿਤ ਦੀ ਗੰਭੀਰ ਪਾਠਕ ਸੀ। ਪੰਦਰਾਂ ਤੋਂ ਵੀਹ ਸਾਲ ਦੀ ਉਮਰ ਤੱਕ ਜੋ ਮਿਲਿਆ, ਪੜ੍ਹਿਆ। ਹਾਮਸਨ, ਦੋਸਤੋਵਸਕੀ, ਮੇਰੇਡਿਥ, ਤਾਲਸਤਾਇ, ਜੈਕਬਸਨ, ਟਾਮਸ ਮਾਨ, ਉਸਦੇ ਪਸੰਦੀਦਾ ਸਾਹਿਤਕਾਰ ਸਨ।

ਆਸਟਰੀਆ ਪ੍ਰਸ਼ਾਸਨ ਦੇ ਮਿਨਰਵਾ ਸਕੂਲ ਵਿਚ ਮਿਲੇਨਾ ਨੂੰ ਦਾਖਲ ਕਰਵਾਇਆ ਗਿਆ ਜੋ ਕੁੜੀਆਂ ਦਾ ਉਚਕੋਟੀ ਸਟੈਂਡਰਡ ਹਾਈ ਸਕੂਲ ਸੀ। ਲੈਟਿਨ ਅਤੇ ਗਰੀਕ ਭਾਸ਼ਾਵਾਂ ਪੜ੍ਹਨੀਆਂ ਲਾਜ਼ਮੀ ਸਨ। ਇਸ ਸਕੂਲ ਦੀ ਸਥਾਪਨਾ ਚੈੱਕ ਬੁੱਧੀਜੀਵੀਆਂ ਨੇ ਕੀਤੀ ਸੀ। ਇਸ ਸਕੂਲ ਵਿਚ ਪੜ੍ਹੀਆਂ ਕੁੜੀਆਂ ਵਿਚੋਂ ਪ੍ਰਸਿੱਧ ਅਧਿਆਪਕਾਵਾਂ, ਸਮਾਜ ਸੇਵਕਾਵਾਂ ਅਤੇ ਡਾਕਟਰ ਬਣੀਆਂ।

ਮਿਲੇਨਾ ਇਸ ਸਕੂਲ ਦੀ ਯੋਗ ਵਿਦਿਆਰਥਣ ਨਹੀਂ ਮੰਨੀ ਗਈ। ਇਹ ਨਹੀਂ ਕਿ ਦਿਮਾਗੀ ਤੌਰ ਤੇ ਕੋਈ ਕਮੀ ਹੋਵੇ, ਉਸਨੂੰ ਪਰੰਪਰਾਗਤ ਨਿਯਮਾਂ ਤੋਂ ਚਿੜ੍ਹ ਸੀ, ਸੁਭਾਵਿਕ ਤੌਰ ਤੇ ਬਾਗੀਆਨਾ ਸੁਰ ਦੀ ਮਾਲਕ। ਦੋ ਹੋਰ ਕੁੜੀਆਂ ਸਤਾਸਾ ਤੇ ਜਰਮਿਲਾ ਉਸਦੀਆਂ ਸਹੇਲੀਆਂ ਬਣ ਗਈਆਂ। ਇਹ ਤਿੱਕੜੀ ਪ੍ਰਬੰਧਕਾਂ ਲਈ ਵੱਡੀ ਸਿਰਦਰਦੀ ਬਣੀ। ਤਿੰਨੇ ਹਰ ਵਕਤ ਇਕੱਠੀਆਂ ਰਹਿੰਦੀਆਂ ਹੋਣ ਕਰਕੇ ਸ਼ੱਕ ਕੀਤਾ ਗਿਆ ਕਿ ਹਮਜਿਣਸੀ ਹਨ। ਉਨ੍ਹਾਂ ਦੀਆਂ ਹਰਕਤਾਂ ਤੋਂ ਅਜਿਹਾ ਪ੍ਰਤੀਤ ਕੀਤਾ ਜਾਂਦਾ ਜਿਵੇਂ ਉਹ ਨਲਾਇਕੀ ਵਲ ਵਧ ਰਹੀਆਂ ਹਨ। ਬਾਕੀ ਤਾਂ ਠੀਕ, ਮਿਲੇਨਾ ਆਪਣੇ ਕਲਿਨਿਕ ਵਿਚੋਂ ਨਸ਼ੇ ਦੀਆਂ ਗੋਲੀਆਂ ਚੁਰਾਂ ਕੇ ਲਿਆਉਂਦੀ ਅਤੇ ਤਿੰਨੇ ਰਲਕੇ ਖਾਂਦੀਆਂ ਤੇ ਉਡੀਕਦੀਆਂ ਕਿ ਕੀ ਹੋਵੇਗਾ। ਕੋਕੀਨ ਤੱਕ ਦੀ ਵਰਤੋਂ ਕੀਤੀ। ਮਾਪਿਆਂ ਨੇ ਇਸ ਤਿਕੱੜੀ ਨੂੰ ਤੋੜਨ ਦਾ ਯਤਨ ਕੀਤਾ ਪਰ ਵਿਅਰਥ।

ਪਿਤਾ ਦੀ ਇਛਾ ਸੀ ਕਿ ਮਿਲੇਨਾ ਡਾਕਟਰ ਬਣੇ ਜਿਸ ਕਰਕੇ ਸਕੂਲ ਪਿਛੋਂ ਮੈਡੀਕਲ ਕਾਲਜ ਵਿਚ ਦਾਖਲ ਕਰਵਾ ਦਿੱਤਾ। ਪਿਤਾ, ਪਹਿਲੀ ਸੰਸਾਰ ਜੰਗ ਦੇ ਜ਼ਖਮੀ ਸਿਪਾਹੀਆਂ ਦੇ ਚਿਹਰਿਆਂ ਦਾ ਆਪ੍ਰੇਸ਼ਨ ਕਰਦਾ ਤਾਂ ਮਿਲੇਨਾ ਨੂੰ ਸਹਾਇਕ ਰਖਦਾ। ਪਰ ਮਿਲੇਨਾ ਨੂੰ ਜ਼ਖਮਾਂ ਤੋਂ ਘਿਰਣਾ ਹੁੰਦੀ। ਸਾਲ ਕੁ ਬਾਦ ਉਸਨੇ ਮੈਡੀਕਲ ਕਾਲਜ ਛੱਡ ਦਿੱਤਾ।

ਲੰਮਾ ਕੱਦ, ਸੁਹਣੇ ਨੈਣ ਨਕਸ਼ ਅਤੇ ਆਤਮਵਿਸ਼ਵਾਸ ਨਾਲ ਭਰੀ ਉਸਦੀ ਤੋਰ ਸੀ। ਉਹ ਅਤੇ ਉਸਦੀਆਂ ਸਹੇਲੀਆਂ ਦੇ ਵਰਤਾਰੇ ਸਦਕਾ ਇਹੋ ਜਿਹੀਆਂ ਟਿੱਪਣੀਆਂ ਅਕਸਰ ਸੁਣਨ ਨੂੰ ਮਿਲਦੀਆਂ- ਇਹ ਛੋਕਰੀਆਂ ਪਰਾਗ ਦੇ ਖਾਨਦਾਨਾਂ ਦੀ ਇਜ਼ਤ ਨੂੰ ਲਾਜ਼ਮੀ ਦਾਗੀ ਕਰਨਗੀਆਂ। ਇਨ੍ਹਾਂ ਦਿਨਾਂ ਵਿਚ ਸਾਰਾ ਯੂਰਪ ਪਰੰਪਰਾ ਦੀ ਪਖੰਡੀ ਕੈਦ ਵਿਚੋਂ ਮੁਕਤ ਹੋਣ ਦਾ ਯਤਨ ਕਰ ਰਿਹਾ ਸੀ ਤੇ ਇਸ ਮਨੋਰਥ ਵਾਸਤੇ ਲੀਡਰਸ਼ਿਪ ਪਰਾਗ ਕੋਲ ਸੀ। ਦੁਨੀਆਂ ਪਰਾਗ ਵਲ ਦੇਖ ਰਹੀ ਸੀ। ਉਨ੍ਹਾਂ ਦਿਨਾਂ ਦਾ ਜ਼ਿਕਰ ਜੋਸਫ ਕੋਡਿਸਿਕ ਨੇ ਕੀਤਾ ਹੈ- ਬਿਖਰੀ ਧੁੱਪ ਵਾਲਾ ਦਿਨ। ਮੈਨੂੰ ਇਉਂ ਯਾਦ ਹੈ ਜਿਵੇਂ ਅੱਜ ਦੀ ਘਟਨਾ ਹੋਵੇ। ਰੰਗ ਬਿਰੰਗੇ ਲਿਬਾਸ ਪਹਿਨੀ ਅਨੇਕ ਕੌਮਾਂ ਦੇ ਲੋਕ, ਫੌਜੀ, ਸਿਵਲੀਅਨ ਅਤੇ ਵਿਦਿਆਰਥੀ। ਚੌਕ ਵਿਚ ਗਵਰਨਰ ਦਾ ਉੱਚਾ ਬੁੱਤ ਵੀ ਇਸ ਰੌਣਕ ਨੂੰ ਦੇਖਣ ਵਿਚ ਮਗਨ। ਇਸੇ ਸਮੇਂ ਬਾਹਾਂ ਵਿਚ ਬਾਹਾਂ ਪਾਈ ਦੋ ਕੁੜੀਆਂ ਟਹਿਲਦੀਆਂ ਹੋਈਆਂ ਅਜੀਬ ਲੱਗ ਰਹੀਆਂ ਹਨ ਕਿਉਂਕਿ ਦੋਵਾਂ ਨੇ ਮੁੰਡਿਆਂ ਵਾਲਾ ਲਿਬਾਸ ਪਹਿਨਿਆਂ ਹੋਇਆ ਹੈ, ਵਾਲ ਅੰਗਰੇਜੀ ਢੰਗ ਦੇ, ਨਾਜ਼ਕ ਤੂਤ ਦੀਆਂ ਛਟੀਆਂ ਵਾਂਗ ਅਮੀਰੀ, ਠਾਠ ਬਾਠ, ਦਿਖਾਵਾ ਬਿਲਕੁਲ ਨਹੀਂ, ਮਿਲਾਨਾ ਅਤੇ ਸਤਾਸਾ, ਦੋਵਾਂ ਵਿਚੋਂ ਮਿਲੇਨਾ ਗਜ਼ਬ।

ਪਿਤਾ ਦਾ ਪੈਸਾ ਪਾਣੀ ਵਾਂਗ ਵਹਾਉਂਦੀ ਮਿਲੇਨਾ। ਮਿਲਣ ਦਾ ਵਕਤ ਤੈਅ, ਦੇਖਿਆ ਕਿ ਦੇਰ ਹੋ ਰਹੀ ਹੈ, ਸਣੇ ਕੱਪੜਿਆਂ ਦੇ ਵਲਵਾ ਦਰਿਆ ਵਿਚ ਛਾਲ ਮਾਰੀ ਤੇ ਦੂਜੇ ਕਿਨਾਰੇ ਜਾ ਨਿਕਲੀ। ਅਜਿਹਾ ਕਰਨਾ ਕਿਉਂਕਿ ਜੁਰਮ ਸੀ, ਸੋ ਅਗਲੇ ਸਵੇਰੇ ਪੰਜ ਵਜੇ ਗ੍ਰਿਫਤਾਰ ਕਰ ਲਈ।

ਮਿਨਰਵਾ ਸਕੂਲ ਦੀਆਂ ਬਥੇਰੀਆਂ ਕੁੜੀਆਂ ਨੇ ਨਾਮ ਖੱਟਿਆ ਪਰ ਮਿਲੇਨਾ ਮਿਲੇਨਾ ਸੀ। ਉਸ ਅੰਦਰ ਕੋਈ ਅਜਿਹੀ ਤਾਕਤ ਸੀ ਜਿਸ ਸਦਕਾ ਉਹ ਪਛਾਣ ਲੈਂਦੀ ਕਿਸ ਕਿਸ ਨੇ ਕਿਹੜਾ ਕਿਹੜਾ ਮੁਖੌਟਾ ਪਹਿਨਿਆ ਹੋਇਆ ਹੈ। ਪਿਤਾ ਪੁਰਖੀ ਪਰੰਪਰਾਵਾਂ ਦੇ ਬਖੀਏ ਉਧੇੜ ਕੇ ਉਹ ਕੋਈ ਨਵਾਂ ਰਸਤਾ ਬਣਾ ਰਹੀ ਸੀ। ਉਸ ਵਾਸਤੇ ਦੇਸ਼ਾਂ, ਧਰਮਾਂ ਅਤੇ ਜ਼ਬਾਨ ਦੀ ਕੋਈ ਕੰਧ ਨਹੀਂ ਸੀ। ਇਹੀ ਕਾਰਨ ਹੈ ਕਿ ਈਮਾਨਦਾਰ ਲੋਕਾਂ ਵਾਸਤੇ ਉਹ ਕੀਮਤੀ ਸੀ ਤੇ ਮੱਕਾਰਾਂ ਲਈ ਕੰਚਨੀ। ਪਰਾਗ ਵਿਚ ਬੁੱਧੀਜੀਵੀਆਂ ਦੇ ਅਨੇਕ ਸੰਗਠਨ ਸਨ, ਚੈੱਕ ਅਤੇ ਜਰਮਨ ਦੋਵੇਂ ਪਰ ਮਿਲੇਨਾ ਹਰ ਗੁੱਟ ਵਿਚ ਜਾਂਦੀ, ਸੁਣਦੀ, ਸੁਣਾਉਂਦੀ। ਇੰਨੀ ਤਾਕਤਵਰ ਕਿ ਕਿਸੇ ਗੁੱਟਬੰਦੀ ਦੀ ਮਦਦ ਦੀ ਲੋੜ ਨਹੀਂ ਸਮਝੀ। ਫੈਸਲੇ ਲੈਣ ਵਿਚ ਕਾਫਕਾ, ਜਿੰਨਾ ਕਮਜੋਰ ਸੀ, ਮਿਲੇਨਾ ਉਨੀ ਹੀ ਮੂੰਹਜ਼ੋਰ। ਇਹੀ ਕਾਰਨ ਹੈ ਕਿ ਮਿਲੇਨਾ ਨੇ ਕਾਫਕਾ ਨੂੰ ਰੱਦ ਕੀਤਾ। ਮਿਲੇਨਾ ਦੇ ਇਕ ਵਾਕਫ ਨੇ ਤਾਂ ਇਹ ਟਿੱਪਣੀ ਵੀ ਦਿੱਤੀ, ਮੈਨੂੰ ਲਗਦਾ ਹੁੰਦਾ ਜਿਵੇਂ ਉਹ ਘੋੜੇ ਤੇ ਸਵਾਰ ਹੈ ਤੇ ਲੱਕ ਨਾਲ ਰਿਵਾਲਵਰ ਲਟਕ ਰਿਹੈ। ਉਨ੍ਹਾਂ ਦਿਨਾਂ ਵਿਚ ਇਕ ਪੁਰਾਣੀ ਘਟਨਾ ਦਾ ਅਕਸਰ ਜ਼ਿਕਰ ਆਉਂਦਾ। ਪੁਰਾਤਨ ਬੋਹੀਮਿਆਂ ਉਪਰ ਰਾਜਕੁਮਾਰੀ ਲਿਬਿਊਸ ਦਾ ਰਾਜ ਸੀ। ਉਸ ਦੇ ਸ਼ਾਸਨ ਵਿਚ ਔਰਤਾਂ ਦਾ ਸਤਿਕਾਰ ਸੀ। ਰਾਜਕੁਮਾਰੀ ਨੇ ਪਰੰਪਰਾ ਦੇ ਉਲਟ ਮਨਮਰਜ਼ੀ ਦੇ ਵਿਆਹ ਲਈ ਸਵੰਬਰ ਰਚ ਕੇ ਪ੍ਰੇਮਿਸਲ ਨਾਮ ਦੇ ਇਕ ਸਿੱਧੇ ਸਾਦੇ ਕਿਸਾਨ ਦੀ ਚੋਣ ਕੀਤੀ। ਰਾਜਕੁਮਾਰੀ ਦੀ ਮੌਤ ਤੋਂ ਬਾਦ ਪ੍ਰੇਮਿਸਲ ਨੇ ਰਾਜਗੱਦੀ ਸੰਭਾਲੀ। ਉਸ ਦੇ ਰਾਜਕਾਲ ਵਿਚ ਔਰਤਾਂ ਨੂੰ ਲੱਗਿਆ ਜਿਵੇਂ ਉਨ੍ਹਾਂ ਦੇ ਸਨਮਾਨ ਨੂੰ ਠੇਸ ਵੱਜੀ ਹੋਵੇ। ਉਨ੍ਹਾਂ ਨੇ ਮਰਦਾਂ ਖਿਲਾਫ ਯੁੱਧ ਲੜਿਆ ਤੇ ਸੈਂਕੜੇ ਕੁੜੀਆਂ ਸੈਨਾਵਾਂ ਹੱਥੋਂ ਮਾਰੀਆਂ ਗਈਆਂ। ਮਿਲੇਨਾ ਨੂੰ ਦੇਖ ਕੇ ਲੋਕ ਇਹ ਕਹਾਣੀ ਯਾਦ ਕਰਦੇ।

ਮਿਲੇਨਾ ਦੀ ਭੂਆ ਰਜ਼ੇਨਾ ਜੇਸਿੰਸਕੀ ਆਪਣੇ ਸਮੇਂ ਦੀ ਪ੍ਰਸਿੱਧ ਕਵੀ ਅਤੇ ਨਾਵਲਕਾਰ ਸੀ ਜਿਸ ਬਾਰੇ ਲੇਖਕ ਆਰਨੇ ਨੋਵਾਕ ਨੇ ਲਿਖਿਆ- ਉਸਦੇ ਨਾਵਲਾਂ ਦੇ ਪਾਤਰ ਏਨੇ ਜਾਂਬਾਜ ਹਨ ਕਿ ਚਾਹੇ ਖੁਸ਼ੀਆਂ ਦਾ ਮੌਕਾ ਹੋਵੇ ਚਾਹੇ ਉਸ ਜਹਾਜ਼ ਉਪਰ ਸਵਾਰ ਹੋਣ ਜੋ ਡੁੱਬ ਰਿਹਾ ਹੋਵੇ, ਉਹ ਆਪਣੇ ਦਿਲ ਦੀ ਗੱਲ ਮੰਨਦੇ ਨੇ ਕੇਵਲ। ਮਿਲੇਨਾ ਆਪਣੀ ਭੂਆ ਨਾਲ ਕਦੀ ਸਹਿਮਤ ਨਾ ਹੋਈ। ਮਿਲੇਨਾ ਕਿਹਾ ਕਰਦੀ, ਤੇਰੇ ਹੰਝੂ-ਮਾਰਕਾ ਨਾਵਲ ਬੇਕਾਰ ਨੇ ਭੂਆ। ਪਰ ਭੂਆ ਉਸਨੂੰ ਲਗਾਤਾਰ ਪਿਆਰ ਕਰਦੀ ਰਹੀ, ਕਿਹਾ ਕਰਦੀ ਮੈਂ ਉਸਨੂੰ ਉਸਦੀਆਂ ਨਲਾਇਕੀਆਂ ਦੇ ਬਾਵਜੂਦ ਪਿਆਰ ਕਰਦੀ ਹਾਂ ਕਿ ਉਸ ਦੀਆਂ ਨਾਲਾਇਕੀਆਂ ਕਰਕੇ ਹੀ? ਪਤਾ ਨਹੀਂ, ਪਰ ਚੰਗੀ ਲਗਦੀ ਹੈ। ਹੁਣ ਮੈਂ ਤਿਹੱਤਰ ਸਾਲ ਦੀ ਹਾਂ, ਤੀਹ ਸਾਲ ਹੋ ਗਏ ਨੇ ਮਿਲੇਨਾ ਨੂੰ ਪਿਆਰ ਕਰਦਿਆਂ। ਕਾਫੀ ਹੈ ਇੰਨਾ।

ਇਸ ਖਾਨਦਾਨ ਦਾ ਵਡੇਰਾ, ਜਾਨ ਜੈਸੇਨਿਅਸ (ਜਨਮ 1566) ਪਰਾਗ ਦਾ ਮੰਨਿਆ ਹੋਇਆ ਸਰਜਨ ਸੀ ਜੋ ਪਰਾਗ ਵਿਚ ਰਹਿੰਦਿਆਂ ਵੀ ਕੇਵਲ ਜਰਮਨ ਅਤੇ ਲਾਤੀਨੀ ਬੋਲੀਆਂ ਬੋਲਦਾ। ਇਹ ਆਪਣੀ ਕਿਸਮ ਦੀ ਬੌਧਿਕ ਸ਼ੇਖੀ ਸੀ। ਉਹ ਸਮਰਾਟ ਰੁੱਡੋਲਫ ਦੂਜੇ ਦਾ ਸ਼ਾਹੀ ਸਰਜਨ ਰਿਹਾ। ਬਾਦਸ਼ਾਹ ਦੇ ਆਪਹੁਦਰੇਪਣ ਦੇ ਖਿਲਾਫ ਅੰਦੋਲਨ ਛਿੜਿਆ ਤਾਂ ਸਰਜਨ, ਵਿਰੋਧੀਆਂ ਵਿਚ ਸੀ। ਆਖਰ ਬਾਗੀਆਂ ਨੂੰ ਫੜਿਆ ਗਿਆ। ਜਦੋਂ ਮੌਤ ਦੀ ਸਜ਼ਾ ਦਾ ਐਲਾਨ ਹੋਇਆ ਤਾਂ ਡਾਕਟਰ ਨੇ ਉਚੀ ਆਵਾਜ਼ ਵਿਚ ਕਿਹਾ- ਜਿਵੇਂ ਤੁਸੀਂ ਅਪਮਾਨਜਕ ਤਰੀਕੇ ਨਾਲ ਸਾਡੇ ਸਿਰਾਂ ਦੀ ਨੁਮਾਇਸ਼ ਦਿਖਾ ਰਹੇ ਹੋ, ਉਹ ਲੋਕ ਆਉਣ ਵਾਲੇ ਨੇ ਜਿਹੜੇ ਸਤਿਕਾਰ ਨਾਲ ਸਾਡੇ ਸਿਰਾਂ ਨੂੰ ਦਫਨ ਕਰਨਗੇ।’ ਇਸ ਕਥਨ ਦੀ ਸਜ਼ਾ, ਪਹਿਲੋਂ ਜਾਨ ਦੀ ਜੀਭ ਕੱਟੀ ਗਈ ਫਿਰ ਸਿਰ। ਜਦੋਂ ਕਾਫਕਾ ਨੇ ਲਿਖਿਆ- ਮਿਲੇਨਾ ਸ਼ਬਦ ਮੈਨੂੰ ਇਉਂ ਲੱਗਾ ਜਿਵੇਂ ਪਰਾਗ ਦਾ ਨਹੀਂ ਗਰੀਕ ਜਾਂ ਰੋਮਨ ਭਾਸ਼ਾ ਦਾ ਹੋਵੇ, ਜੋ ਭਟਕਦਾ ਭਟਕਦਾ ਬੋਹਿਮੀਆਂ ਵਿਚ ਆ ਗਿਆ ਹੋਏ, ਜਿਸਨੂੰ ਚੈੱਕਾਂ ਨੇ ਦਰਿੰਦਗੀ ਨਾਲ ਕੁਚਲ ਕੇ ਜਬਰਦਸਤੀ ਗਲੋਂ ਬਾਹਰ ਕੱਢਿਆ ਹੋਵੇ, ਉਦੋਂ ਉਸਦਾ ਇਸ਼ਾਰਾ ਮਿਲੇਨਾ ਦੇ ਇਸ ਸ਼ਹੀਦ ਬਾਬੇ ਵੱਲ ਸੇਧਿਤ ਲਗਦਾ ਹੈ।

ਐਤਵਾਰ ਨੂੰ ਮਾਰਗ੍ਰੇਟ ਅਤੇ ਮਿਲੇਨਾ, ਕੈਦੀਆਂ ਦੀਆਂ ਧਾਰੀਦਾਰ ਵਰਦੀਆਂ ਪਹਿਨੀ ਇਕ ਦੂਜੀ ਨਾਲ ਗੱਲਾਂ ਕਰਦੀਆਂ ਜਾਂਦੀਆਂ ਸਨ- ਕੀ ਆਪਾਂ ਕਦੀ ਕਿਸੇ ਕਾਫੀ ਹਾਊਸ ਵਿਚ ਫੇਰ ਬੈਠ ਕੇ ਵੀ ਗੱਲਾਂ ਕਰ ਸਕਾਂਗੀਆਂ? ਕਿਸੇ ਸੰਗੀਤ ਮਹਿਫਲ ਦਾ ਅਨੰਦ ਮਿਲੇਗਾ? ਆਲੇ-ਦੁਆਲੇ ਵਰਦੀਆਂ ਪਾਈ ਕੈਦਣਾ ਸੈਂਕੜਿਆਂ ਦੀ ਗਿਣਤੀ ਵਿਚ ਭੂਤਾਂ ਵਾਂਗ ਫਿਰ ਤੁਰ ਰਹੀਆਂ ਸਨ। ਅਚਾਨਕ ਤੇਜ਼ੀ ਨਾਲ ਜਰਮਨ ਸੁਪਰਵਾਈਜ਼ਰ ਆਈ ਤੇ ਦੋਹਾਂ ਨੂੰ ਬੇਦਰਦੀ ਨਾਲ ਕੁੱਟਣ ਲੱਗੀ। ਜੇਲ੍ਹ ਵਿਚ ਬਾਂਹ ਵਿਚ ਬਾਂਹ ਪਾਕੇ ਮਟਰਗਸ਼ਤੀ ਦਾ ਕੀ ਮਤਲਬ? ਕੁੱਟ ਖਾ ਕੇ ਦੋਵੇਂ ਸਹੇਲੀਆਂ ਭੀੜ ਤੋਂ ਪਰੇ ਕੰਧ ਉਹਲੇ ਬੈਠ ਗਈਆਂ। ਭੀੜ ਦੇ ਦੋਜਖ ਵਿਚੋਂ ਨਿਕਲ ਕੇ ਮਾਰਗ੍ਰੇਟ ਗੀਤ ਗਾਉਣ ਲੱਗੀ, ਮਿਲੇਨਾ ਕੇ ਕਿਹਾ- ਕਲੋਵਕ ਬੋਜ਼ੀ, ਇਨ੍ਹਾਂ ਰੂਸੀ ਲਫ਼ਾਂ ਦੇ ਅਰਥ ਹਨ- ਦੈਵੀ ਔਰਤ। ਮਾਰਗ੍ਰੇਟ ਨੇ ਪੁਛਿਆ- ਮੇਰੇ ਵਿਚ ਤੈਨੂੰ ਕੀ ਸਿਫਤ ਦਿਸੀ ਮਿਲੇਨਾ? ਉਸਨੇ ਕਿਹਾ- ਪਿਆਰ ਕਰਨ ਦੀ ਦਾਤ। ਹਰੇਕ ਨੂੰ। ਧਰਤੀ ਵਾਂਗ ਮਜ਼ਬੂਤ ਅਤੇ ਚੰਗੀ। ਫਲ ਹੀ ਫਲ। ਪੇਂਡੂ ਮੈਡੋਨਾ। ਸਾਰੇ ਬੰਧਨਾਂ ਤੋਂ ਪਾਰ। ਕੁਮਾਰੀ ਮਰੀਅਮ।

ਮਾਰਗ੍ਰੇਟ ਲਿਖਦੀ ਹੈ- ਮੈਂ ਸੋਚਿਆ ਕਰਦੀ, ਉਸਦੀ ਬੌਧਿਕਤਾ ਕਰਕੇ ਮੈਨੂੰ ਚੰਗੀ ਲਗਦੀ ਹੈ ਮਿਲੇਨਾ ਸ਼ਾਇਦ। ਪਰ ਛੇਤੀ ਮੈਨੂੰ ਪਤਾ ਲੱਗ ਗਿਆ ਉਸਦੇ ਆਲੇ ਦੁਆਲੇ ਰੂਹਾਨੀ ਆਭਾ ਮੰਡਲ ਸੀ ਕੋਈ, ਉਹ ਨਿਸ਼ਚਿਤ ਕਦਮਾਂ ਨਾਲ ਉਲਟੇ ਰੁਖ ਵਗਦੀ ਤੇਜ਼ ਹਵਾ ਨੂੰ ਚੀਰਦੀ ਜਾਂਦੀ। ਕਦੀ ਅਚਾਨਕ ਸਾਹਮਣੇ ਦਿਸ ਜਾਂਦੀ, ਜਿਵੇਂ ਸੁੰਨ ਪੁਲਾੜ ਵਿਚੋਂ ਪ੍ਰਗਟ ਹੋਈ ਹੋਏ। ਖੁਸ਼ ਵੀ ਹੁੰਦੀ ਤਾਂ ਅੱਖਾਂ ਵਿਚਲੀ ਉਦਾਸੀ ਥਿਰ ਰਹਿੰਦੀ। ਬੰਦੀ ਹੋਣ ਦਾ ਜਾਂ ਤਸੀਹੇ ਝੱਲਣ ਦਾ ਦੁਖ ਨਹੀਂ, ਇਹ ਹੋਰ ਕਿਸਮ ਦਾ ਦੁਖ ਸੀ- ਉਸ ਬੰਦੇ ਦਾ ਦੁਖ ਜੋ ਸਾਰੇ ਸੰਸਾਰ ਵਿਚ ਇਕੱਲਾ ਹੋਵੇ ਤੇ ਜੋ ਜਾਣਦਾ ਹੋਵੇ- ਮੁਕਤੀ ਕਿਤੇ ਨਹੀਂ। ਮੈਂ ਜਾਣਦੀ ਹੁੰਦੀ, ਜਲਪਰੀ ਵਰਗੀ ਉਸਦੀ ਗ੍ਰਿਫਤ ਵਿਚੋਂ ਮੈਂ ਕਦੀ ਬਾਹਰ ਨਹੀਂ ਨਿਕਲ ਸਕਾਂਗੀ। ਕਦੀ ਨਹੀਂ।

ਕਾਫਕਾ ਨੇ ਲਿਖਿਆ- ਡੂੰਘੇ ਸਮੁੰਦਰ ਹੇਠ ਨਿੱਕੇ ਤੋਂ ਨਿੱਕਾ ਕਣ ਬਹੁਤ ਵਧੀਕ ਦਬਾਉ ਬਰਦਾਸ਼ਤ ਕਰਦਾ ਹੈ ਮਿਲੇਨਾ। ਇਹੋ ਤੇਰੇ ਨਾਲ ਹੋਇਆ। ਪਰ ਇਸ ਤੋਂ ਵੱਖਰੀ ਹੋਰ ਕੋਈ ਜ਼ਿੰਦਗੀ ਸ਼ਰਮਨਾਕ ਹੋਣੀ ਸੀ।

ਪਿਤਾ ਦੀ ਇੱਛਾ ਦੇ ਖਿਲਾਫ ਉਸਨੇ ਅਰਨੈੱਸਟ ਪੋਲਕ ਨਾਲ ਪਿਆਰ ਵਿਆਹ ਕੀਤਾ। ਪੋਲਕ ਯਹੂਦੀ ਸੀ, ਪਿਤਾ ਨੇ ਧੀ ਨਾਲੋਂ ਸਭ ਨਾਤੇ ਤੋੜ ਲਏ ਤੇ ਲੋਕਾਂ ਨੂੰ ਕਿਹਾ, ਕੁੜੀ ਮਨੋਰੋਗ ਦਾ ਸ਼ਿਕਾਰ ਹੋ ਗਈ ਹੈ। ਖਰਚਾ ਬੰਦ। ਪੋਲਕ ਵੀ ਅਮੀਰ ਆਦਮੀ ਨਹੀਂ ਸੀ, ਪਿਛੋਂ ਪਤਾ ਲੱਗਾ ਕਿ ਗੈਰ ਜ਼ਿੰਮੇਵਾਰ ਵੀ ਹੈ। ਉਹ ਸ਼ਿਕਾਰੀ ਕਿਸਮ ਦਾ ਬੰਦਾ ਸੀ। ਮਿਲੇਨਾ ਦੁਰਵਿਹਾਰ ਤੇ ਗਰੀਬੀ ਦੇ ਮਾਹੌਲ ਵਿਚ ਘਿਰ ਗਈ। ਫੇਰ ਵੀ ਉਹ ਲੋੜਵੰਦ ਦੋਸਤਾਂ ਦੀ ਮਦਦ ਕਰਦੀ ਰਹਿੰਦੀ ਬੇਸ਼ੱਕ ਉਧਾਰ ਪੈਸੇ ਲੈਣੇ ਪੈਣ। ਉਸਦੀ ਮਦਦ ਕਿਸੇ ਨੇ ਨਾ ਕੀਤੀ।

ਵਿੱਲੀ ਹਾੱਸ ਨੂੰ ਪੈਸਿਆਂ ਦੀ ਲੋੜ ਸੀ। ਮਿਲੇਨਾ ਤੋਂ ਇਲਾਵਾ ਕਿਸੇ ਨੇ ਮਦਦ ਨਾ ਕੀਤੀ। ਫੌਜ ਵਿਚ ਭਰਤੀ ਹੋ ਗਿਆ। ਛੁਟੀ ਆਇਆ ਮਿਲੇਨਾ ਨੂੰ ਮਿਲਣ ਗਿਆ। ਖੁਸ਼ੀ ਖੁਸ਼ੀ ਦੱਸਿਆ- ਮੇਰੇ ਕੋਲ ਅੱਠ ਸੌ ਰੁਪਏ ਹਨ। ਕਰਜ਼ੇ ਵਿਚ ਗ੍ਰਸਤ ਮਿਲੇਨਾ ਤੇ ਕਿਹਾ- ਅੱਧੇ ਪੈਸੇ ਮੈਨੂੰ ਦੇਹ। ਉਹ ਹਿਚਕਚਾਇਆ ਤਾਂ ਕਰੋਧਵਾਨ ਹੋ ਕੇ ਮਿਲੇਨਾ ਨੇ ਉਸ ਤੋਂ ਜ਼ਬਰਦਸਤੀ ਸਾਰੀ ਰਕਮ ਖੋਹ ਲਈ। ਪਹਿਲਾਂ ਤਾਂ ਉਹ ਅੱਗ-ਬਗੋਲਾ ਹੋ ਗਿਆ ਫਿਰ ਸ਼ਰਮਸਾਰ ਹੋ ਕੇ ਕਹਿਣ ਲੱਗਾ- ਮੈਂ ਸ਼ਰਮਿੰਦਾ ਹਾਂ ਮਿਲੇਨਾ। ਮੈਨੂੰ ਚਾਹੀਦਾ ਸੀ ਬਿਨਾਂ ਮੰਗੇ ਮੈਂ ਤੈਨੂੰ ਸਾਰੇ ਪੈਸੇ ਦੇ ਦਿੰਦਾ। ਤੂੰ ਤਾਂ ਅੱਧ ਮੰਗਿਆ ਸੀ। ਮੈਂ ਅਪਮਾਨਿਤ ਹਾਂ ਮਿਲੇਨਾ। ਤੂੰ ਮੈਨੂੰ ਸਬਕ ਸਿਖਾ ਦਿੱਤਾ ਹੈ।

ਪਿਤਾ ਤੋਂ ਬਾਦ ਪਤੀ ਪੋਲਕ ਨੇ ਪੈਸੇ ਦੇਣੇ ਬੰਦ ਕਰ ਦਿਤੇ। ਉਸਨੇ ਚੈੱਕ ਭਾਸ਼ਾ ਪੜ੍ਹਾਉਣੀ ਸ਼ੁਰੂ ਕੀਤੀ ਪਰ ਇਸ ਨਾਲ ਗੁਜ਼ਾਰਾ ਨਾ ਚਲਦਾ। ਜਿਸਮ ਅਜੇ ਤਕੜਾ ਸੀ। ਰੇਲਵੇ ਸਟੇਸ਼ਨ ਚਲੀ ਜਾਂਦੀ ਤੇ ਕੁਲੀ ਦਾ ਕੰਮ ਕਰਦੀ। ਘਟੀਆ ਕੰਮ ਕਰਦਿਆਂ ਕੋਕੀਨ ਖਾਣ ਦੀ ਆਦਤ ਪੈ ਗਈ।

ਪਹਿਲੀ ਵਾਰ 1920 ਵਿਚ ਮਿਲੇਨਾ ਨੇ ਕਾਫਕਾ ਦੀਆਂ ਕਹਾਣੀਆਂ ਪੜ੍ਹੀਆਂ। ਇਨ੍ਹਾਂ ਕਹਾਣੀਆਂ ਨੇ ਉਸਨੂੰ ਕੀਲ ਲਿਆ। ਉਹ ਕਿਹਾ ਕਰਦੀ- ਕਾਫਕਾ ਸੰਪੂਰਣ ਲੇਖਕ ਹੈ। ਉਸਨੇ, ਦ ਸਟੋਕਰ, ਦ ਜੱਜਮੈਂਟ, ਮੈਟਾਮਾਰਫਾਸਿਸ ਅਤੇ ਕੰਟੈਂਪਲੇਸ਼ਨ ਦਾ ਪਹਿਲੀ ਵਾਰ ਚੈੱਕ ਭਾਸ਼ਾ ਵਿਚ ਅਨੁਵਾਦ ਕੀਤਾ। ਕਾਫਕਾ ਨੂੰ ਅਨੁਵਾਦ ਪਸੰਦ ਨਹੀਂ ਆਇਆ।

ਮਿਲੇਨਾ ਨੇ ਲੇਖ ਲਿਖਿਆ, ਕਰਸ ਆਫ ਦ ਸਟਰਲਿੰਗ ਕੁਆਲਿਟੀ। ਲਿਖਦੀ ਹੈ- ਸਦਾਚਾਰੀ ਲੋਕ ਦਿਆਲੂ ਨਹੀਂ ਹੁੰਦੇ ਸਗੋਂ ਉਲਟ, ਅਜਿਹੇ ਲੋਕ ਖਤਰਨਾਕ ਅਤੇ ਦੁਸ਼ਟ ਹੁੰਦੇ ਹਨ, ਅਖੌਤੀ ਖਾਮੀਆਂ ਵਾਲੇ ਲੋਕ ਵਧੀਕ ਦਿਆਲੂ ਅਤੇ ਵਧੀਕ ਸਹਿਣਸ਼ੀਲ ਹੁੰਦੇ ਹਨ।’ ਇਨ੍ਹਾਂ ਲੋਕਾਂ ਵਿਚ ਉਹ ਆਪਣੇ ਪਿਤਾ ਨੂੰ ਵੀ ਸ਼ਾਮਲ ਕਰਦੀ ਹੈ ਜਿਨ੍ਹਾਂ ਨੇ ਸਦਾਚਾਰੀ, ਖਾਨਦਾਨੀ ਹੋਣ ਦਾ ਲਿਬਾਸ ਪਹਿਨਿਆਂ ਹੋਇਆ ਹੈ- ਮੇਰੇ ਪਿਤਾ ਨੇ ਜਿੰਦਗੀ ਭਰ ਇਕ ਵਾਰੀ ਵੀ ਝੂਠ ਨਹੀਂ ਬੋਲਿਆ। ਇਹ ਵੱਡੀ ਗੱਲ ਹੈ। ਮੈਂ ਝੂਠ ਬੋਲ ਦਿੰਦੀ। ਤਾਂ ਵੀ ਮੈਨੂੰ ਲੋਕਾਂ ਨੇ ਪਸੰਦ ਕੀਤਾ। ਮੇਰਾ ਸੱਚਾ ਪਿਤਾ ਏਨਾ ਬੇਰਹਿਮ, ਮੈਂ ਸੋਚਦੀ, ਕਿੰਨਾ ਚੰਗਾ ਹੁੰਦਾ ਜੇ ਇਹ ਇਕ ਅੱਧ ਵਾਰ ਝੂਠ ਬੋਲਣ ਦਾ ਕਸ਼ਟ ਕਰ ਲਿਆ ਕਰਦਾ। ਫਿਰ ਉਹ ਕੁਝ ਪਿਆਰਾ ਲਗ ਸਕਦਾ। ਇਸ ਦੇ ਉਲਟ ਕਾਫਕਾ ਸਰਬੋਤਮ ਸੀ ਪਰ ਆਪਣੇ ਗੁਣਾ ਨੂੰ ਛੁਪਾ ਲੈਂਦਾ ਤੇ ਆਪਣੇ ਅਜਿਹੇ ਔਗੁਣਾ ਦਾ ਜ਼ਿਕਰ ਕਰਦਾ ਜੋ ਉਸ ਵਿਚ ਸਨ ਹੀ ਨਹੀਂ। ਉਸਨੂੰ ਆਪਣੀ ਨੇਕੀ ਉਪਰ ਸ਼ਰਮਿੰਦਗੀ ਹੁੰਦੀ ਸੀ। ਉਹ ਲੁਕ ਛੁਪ ਕੇ ਹੋਰਾਂ ਦੀ ਸਹਾਇਤਾ ਕਰਦਾ। ਸਹੁੰ ਖਾ ਜਾਂਦਾ ਕਿ ਉਸਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ। ਜਦੋਂ ਮੈਂ ਉਸਦੀ ਮੌਤ ਦੀ ਖਬਰ ਸੁਣੀ, ਮੈਨੂੰ ਲੱਗਾ, ਚੰਗਾ ਹੋਇਆ। ਇਹ ਦੁਨੀਆਂ ਉਸਦੇ ਰਹਿਣ ਲਾਇਕ ਨਹੀਂ ਸੀ।

ਮਿਲੇਨਾ ਨੇ ਮਾਰਗ੍ਰੇਟ ਨੂੰ ਕਾਫਕਾ ਦੇ ਬਚਪਨ ਦੀ ਘਟਨਾ ਸੁਣਾਈ। ਗਰੀਬ ਮਾਂ ਨੇ ਮਜਦੂਰੀ ਕਰਕੇ ਇਕ ਸ਼ਲਿੰਗ ਕਮਾਇਆ। ਉਨ੍ਹਾਂ ਦਿਨਾਂ ਵਿਚ ਇਹ ਤਕੜੀ ਰਕਮ ਸੀ। ਕੁਝ ਖਰੀਦਣ ਵਾਸਤੇ ਮਾਂ ਪੁੱਤ ਬਜ਼ਾਰ ਵੱਲ ਤੁਰੇ, ਰਸਤੇ ਵਿਚ ਮੰਗਤੀ ਬੈਠੀ ਸੀ। ਏਨੀ ਗਰੀਬ, ਮਾਂ ਪੁੱਤ ਨੂੰ ਲੱਗਾ ਜਿਵੇਂ ਦੁਨੀਆਂ ਵਿਚ ਸਭ ਤੋਂ ਉਤਮ ਕਰਨ ਯੋਗ ਕੰਮ ਇਹ ਸੀ ਕਿ ਬੁੱਢੀ ਨੂੰ ਸ਼ਲਿੰਗ ਦੇ ਦੇਈਏ। ਪਰ ਏਨੀ ਵੱਡੀ ਰਕਮ ਲੈ ਕੇ ਬੁੱਢੀ ਜਿੰਨੀ ਖੁਸ਼ ਹੋਵੇਗੀ ਤੇ ਅਸੀਸਾਂ ਦੇ ਢੇਰ ਲਾ ਦੇਵੇਗੀ, ਇਹ ਵੀ ਚੰਗੀ ਗੱਲ ਨਹੀਂ ਹੋਣੀ ਸੀ। ਉਨ੍ਹਾਂ ਨੇ ਸ਼ਲਿੰਗ ਤੁੜਾ ਕੇ ਬਾਰਾਂ ਪੈਨੀਆਂ ਲੈ ਲਈਆਂ। ਮੰਗਤੀ ਲਾਗਿਓਂ ਤੇਜੀ ਨਾਲ ਅੱਗੇ ਲੰਘਦੇ, ਪਿਛੇ ਮੁੜਦੇ, ਪੈਨੀ ਸੁੱਟਦੇ, ਫੇਰ ਵਾਪਸ ਮੁੜ ਆਉਂਦੇ, ਇਉਂ ਕੁਝ ਚੱਕਰ ਲਾ ਕੇ ਸਭ ਪੈਨੀਆਂ ਦੇ ਆਏ। ਆਪਣੇ ਕੋਲ ਕੁਝ ਨਹੀਂ ਰੱਖਿਆ। ਘਰ ਆ ਕੇ ਦੋਵੇਂ ਜਣੇ ਖ਼ੂਬ ਰੋਏ।

ਕਾਫਕਾ ਨੇ ਖਤ ਵਿਚ ਲਿਖਿਆ- ਤੇਰੇ ਖਤ ਚੰਗੇ ਲਗਦੇ ਹਨ ਮਿਲੇਨਾ। ਤੇਰਾ ਖ਼ਤ ਪੜ੍ਹਦਿਆਂ ਥੋੜ੍ਹੀ ਦੇਰ ਲਈ ਮੈਂ ਡਰਨੋਂ ਹਟ ਜਾਨਾ। ਡਰ ਨਾਲ ਮੈਂ ਐਨਾ ਸਹਿਮਤ ਹੋ ਜਾਇਆ ਕਰਦਾਂ ਕਿ ਉਸਦੇ ਹੱਕ ਵਿਚ ਦਲੀਲਾਂ ਦੇਣ ਲੱਗ ਜਾਨਾ। ਤੇਰੇ ਖ਼ਤ ਮੈਨੂੰ ਤਕੜਾ ਕਰ ਦਿੰਦੇ ਨੇ ਤਾਂ ਮੈਂ ਡਰਨ ਦੇ ਵਿਰੁੱਧ ਹੋ ਜਾਨਾ। ਤੈਨੂੰ ਮਿਲਕੇ ਮੈਂ ਬੇਹੱਦ ਸ਼ਾਂਤ ਹੋ ਜਾਨਾ। ਮੇਰੀ ਬੇਚੈਨੀ ਦੀ ਵੀ ਇਹੀ ਵਜਾ ਹੈ। ਤੇਰੇ ਬੰਧਨ ਵਿਚ ਫਸ ਕੇ ਮੈਂ ਸੁਤੰਤਰ ਮਹਿਸੂਸ ਕਰਦਾਂ। ਇਹ ਗੱਲ ਸਮਝਣ ਤੋਂ ਬਾਦ ਜੀਵਨ ਤਿਆਗ ਦੇਣਾ ਚੰਗਾ ਲਗਦਾ ਹੈ।ਲਿਖਿਆ- ਮਿਲੇਨਾ ਸਮੁੰਦਰ ਵਾਂਗ ਹੈ ਸ਼ਕਤੀਸ਼ਾਲੀ, ਤਹਿ ਵਿਚ ਜਹਾਨ ਦੇ ਖਜ਼ਾਨੇ ਛੁਪੇ ਹੋਏ, ਪਰ ਸਮੁੰਦਰ ਨੂੰ ਨਾ ਆਪਣੀ ਤਾਕਤ ਦਾ ਪਤਾ, ਨਾ ਖਜ਼ਾਨਿਆਂ ਦਾ ਮਾਣ। ਬੇਵਕੂਫ ਏਨਾ ਕਿ ਚੰਦ ਦੀ ਕਮਜ਼ੋਰ ਜਿਹੀ ਸ਼ਕਲ ਦੇਖ ਕੇ ਨੱਚਣ ਲੱਗ ਪੈਂਦੈ।

ਮਿਲੇਨਾ ਨੇ ਦੱਸਿਆ- ਕਾਫਕਾ ਨੂੰ ਪਤਾ ਨਹੀਂ ਲਗਦਾ। ਜਿਸ ਕਾਸੇ ਨੂੰ ਅਸੀਂ ਮਮੂਲੀ ਸਮਝਦੇ ਹਾਂ ਉਸ ਲਈ ਉਹ ਗੁੰਝਲਦਾਰ ਹੈ। ਅਸੀਂ ਦੋਵੇਂ ਜਾ ਰਹੇ ਸਾਂ। ਰਾਹ ਵਿਚ ਬੁੱਢੀ ਮੰਗਤੀ ਦੇਖੀ। ਉਸਨੂੰ ਦੋ ਕ੍ਰਾਊਨ ਦਾ ਸਿੱਕਾ ਦੇ ਕੇ ਕਹਿਣ ਲੱਗਾ- ਇਕ ਕ੍ਰਾਊਨ ਵਾਪਸ ਕਰ। ਬੁੱਢੀ ਕੋਲ ਵਾਪਸ ਕਰਨ ਲਈ ਇਕ ਕ੍ਰਾਊਨ ਹੈ ਨਹੀਂ ਸੀ। ਦੇਰ ਤੱਕ ਉਥੇ ਖਲੋਤਾ ਰਿਹਾ। ਮੈਂ ਕਹਿੰਦੀ ਰਹੀ ਚਲ ਛੱਡ। ਇਕ ਨਹੀਂ ਤਾਂ ਦੋ ਦੇ ਦਿੱਤੇ ਸਮਝ। ਉਹ ਤੁਰ ਪਿਆ। ਬੁੜ ਬੁੜਾਉਂਦਾ ਰਿਹਾ- ਮੰਗਤੀ ਹੀ ਨਿਕਲੀ ਆਖਰ। ਇਕ ਕ੍ਰਾਊਨ ਮਾਰ ਗਈ ਕੰਬਖਤ। ਦੋ ਦੀ ਛਡੋ ਇਕ ਕ੍ਰਾਊਨ ਦੀ ਵੀ ਹੱਕਦਾਰ ਨੀ ਇਹ।

ਮਿਲੇਨਾ ਨੇ ਕਿਹਾ- ਸਾਡੇ ਸਾਰਿਆਂ ਵਿਚ ਜੀ ਸਕਣ ਦੀ ਤਾਕਤ ਹੈ ਮਾਰਗੇਟ, ਕਿਉਂਕਿ ਅਸੀਂ ਸਹਾਰੇ ਲਭਦੇ ਰਹਿੰਦੇ ਹਾਂ, ਕਦੇ ਚੋਰੀ ਦਾ, ਕਦੇ ਝੂਠ ਦਾ, ਕਦੇ ਸੱਚ ਦਾ, ਕਦੀ ਨਿਰਾਸਤਾ ਦਾ....। ਕਾਫਕਾ ਨੇ ਕਦੇ ਕੋਈ ਆਸਰਾ ਨਹੀਂ ਤੱਕਿਆ। ਉਹ ਕਦੇ ਝੂਠ ਨਹੀਂ ਬੋਲਿਆ, ਕਦੇ ਨਸ਼ੇ ਵਿਚ ਬੇਹੋਸ਼ ਨਹੀਂ ਹੋਇਆ, ਕਦੇ ਕਿਸੇ ਦੀ ਸ਼ਰਣ ਵਿਚ ਨਹੀਂ ਗਿਆ, ਇਉਂ ਸਮਝੋ ਜਿਵੇਂ ਆਪਾਂ ਸਾਰਿਆਂ ਨੇ ਕੱਪੜੇ ਪਹਿਨ ਰੱਖੇ ਹੋਣ ਤੇ ਉਹ ਨੰਗਾ ਹੋਣ ਕਰਕੇ ਲੁਕਦਾ ਫਿਰਦਾ ਹੋਵੇ। ਛਲ ਕਪਟ ਤੋਂ ਪਰੇ...ਪੂਰਨ ਸਨਿਆਸੀ। ਸਨਿਆਸ ਉਸਦੀ ਮੰਜ਼ਲ ਨਹੀਂ। ਉਸਦੀ ਡਰੀ ਹੋਈ ਪਵਿਤਰ ਨਜਰ, ਸਮਝੌਤੇ ਕਰਨ ਦੀ ਅਯੋਗਤਾ ਕਰਕੇ ਸਨਿਆਸ ਆਪੇ ਉਸਦੀ ਝੋਲੀ ਵਿਚ ਆ ਡਿਗਿਆ। ਕਾਫਕਾ ਤਾਂ ਜਾਣਦਾ ਵੀ ਨਹੀਂ ਸਨਿਆਸ ਹੁੰਦਾ ਕੀ ਹੈ। ਔਰਤ ਨੂੰ ਦੇਖਕੇ ਉਹ ਜਿੰਨਾ ਹੈਰਾਨ ਹੁੰਦਾ ਹੈ ਉਨਾਂ ਹੀ ਟਾਈਪ ਰਾਈਟਰ ਨੂੰ ਦੇਖਕੇ ਅਚੰਭਿਤ ਹੋ ਜਾਂਦਾ ਹੈ। ਜਾਨਦਾਰ ਜਾਂ ਬੇਜਾਨ, ਉਸ ਵਾਸਤੇ ਕੋਈ ਫਰਕ ਨਹੀਂ।

ਕਾਫਕਾ ਨੇ ਉਸਦੇ ਖਤਾਂ ਦਾ ਜਵਾਬ ਦੇਣਾ ਬੰਦ ਕਰ ਦਿਤਾ, ਕਿਤੇ ਉਸਦਾ ਪਤੀ ਪੋਲਕ ਇਤਰਾਜ ਨਾ ਕਰੇ। ਦੋ ਸਾਲ ਨਿਰੰਤਰ ਉਸ ਗਲੀ ਅੱਗੇ ਜਾ ਕੇ ਖਲੋ ਜਾਂਦੀ ਜਿਥੋਂ ਡਾਕ ਮਿਲੇਨਾ ਦੇ ਮੁਹੱਲੇ ਵਲ ਜਾਂਦੀ। ਉਸਦੀ ਸਹੇਲੀ ਵਲਿਮਾ ਨੇ ਦੱਸਿਆ ਕਿ 1922 ਵਿਚ ਮੈਂ ਕਾਰ ਵਿਚ ਜਾ ਰਹੀ ਸਾਂ, ਮਿਲੇਨਾ ਤੇਜ਼ੀ ਨਾਲ ਡਾਕਘਰ ਵਲ ਤੁਰੀ ਜਾਂਦੀ ਦੇਖੀ। ਮੈਂ ਆਵਾਜ਼ ਮਾਰੀ, ਮਿਲੇਨਾ ਨੇ ਸੁੰਨ ਅੱਖਾਂ ਨਾਲ ਮੇਰੇ ਵੱਲ ਦੇਖਿਆ। ਮੈਨੂੰ ਪਛਾਣਿਆਂ ਨਹੀਂ। ਚਿਹਰਾ ਪੀਲਾ, ਨੁੱਚੜਿਆ ਹੋਇਆ, ਆਸਪਾਸ ਤੋਂ ਪੂਰਨ ਬੇਖ਼ਬਰ।

ਉਹ ਜਨਵਰੀ ਤੋਂ ਲੈ ਕੇ ਮਈ 1922 ਤੱਕ ਕਾਫਕਾ ਦੇ ਘਰ ਅਤੇ ਹਸਪਤਾਲ ਵਿਚ ਖਬਰਸਾਰ ਲੈਣ ਜਾਂਦੀ ਰਹੀ। ਮੌਤ ਦੀ ਖਬਰ ਸੁਣਕੇ ਲਿਖਿਆ- ਪਰਾਗ ਵਿਚ ਥੋੜ੍ਹੇ ਲੋਕ ਉਸਨੂੰ ਜਾਣਦੇ ਹਨ। ਉਸਨੇ ਇਕ ਵਾਰ ਕਿਹਾ ਸੀ ਜਦੋਂ ਦਿਲ ਆਤਮਾ ਦਾ ਬੋਝ ਚੁਕਣ ਦੇ ਸਮਰੱਥ ਨਾ ਰਹੇ ਤਾਂ ਫੇਫੜੇ ਭਾਰ ਵੰਡਾਉਣ ਲਗਦੇ ਹਨ ਪਰ ਉਨ੍ਹਾਂ ਦੇ ਵਸ ਦੀ ਗੱਲ ਨਹੀਂ ਨਾ ਹੁੰਦੀ, ਛੇਤੀ ਹਾਰ ਜਾਂਦੇ ਹਨ।

ਕਾਫਕਾ ਇੰਨਾ ਚੰਗਾ ਸੀ ਕਿ ਜਿਉ ਨਾ ਸਕਿਆ, ਕਮਜ਼ੋਰ ਇੰਨਾ ਕਿ ਲੜ ਨਾ ਸਕਿਆ। ਉਹ ਏਨਾ ਈਮਾਨਦਾਰ, ਏਨਾ ਨਿਰਮਲ ਕਿ ਆਪਣੀਆਂ ਕਮਜ਼ੋਰੀਆਂ ਉਪਰ ਪਰਦਾ ਪਾਣਾ ਤਾਂ ਦਰ ਕਿਨਾਰ ਉਹ ਆਪੇ ਉਨ੍ਹਾਂ ਬਾਰੇ ਦੱਸਣ ਲੱਗ ਜਾਦਾ। ਉਸਨੇ ਮੌਤ ਅੱਗੇ ਖੁਸ਼ੀ ਨਾਲ ਹਥਿਆਰ ਸੁੱਟੇ, ਮੌਤ ਨੂੰ ਸ਼ਰਮਿੰਦਾ ਕਰਨ ਲਈ। 1924 ਵਿਚ ਮਿਲੇਨਾ ਨੇ ਆਪਣੇ ਘਰ ਨੂੰ ਪੇਇੰਗ ਗੈੱਸਟ ਵਿਚ ਬਦਲ ਲਿਆ। ਇਕ ਨੌਕਰਾਣੀ ਰੱਖ ਲਈ। ਖੁਦ ਖਾਣਾ ਪਕਾਉਂਦੀ। ਉਸਨੇ ਪੋਲਕ ਨੂੰ ਤਲਾਕ ਦੇ ਦਿੱਤਾ। ਪਿਤਾ ਨੇ ਉਸਦੀ ਲਿਖਤ ਵਿਚਲੀ ਤਾਕਤ ਨੂੰ ਪਛਾਣ ਲਿਆ। ਮਿਲੇਨਾ ਵੀ ਚਾਹੁੰਦੀ ਸੀ ਪਿਤਾ ਤੋਂ ਦੂਰ ਨਾ ਹਟਿਆ ਜਾਵੇ। ਸਾਲ 1926 ਵਿਚ ਉਸਨੇ ਦ ਵੇ ਟੂ ਸਿੰਪਲੀਸਿਟੀ ਨਾਮ ਦੀ ਕਿਤਾਬ ਛਪਵਾਈ। ਜਿਵੇਂ ਕਾਫਕਾ ਨੇ ਪਿਤਾ ਦੇ ਨਾਮ ਪੱਤਰ ਲਿਖਿਆ ਸੀ, ਇਹ ਕਿਤਾਬ ਉਸੇ ਤਰ੍ਹਾਂ ਦਾ ਪੱਤਰ ਹੈ। ਕਾਫਕਾ ਦੇ ਪਿਤਾ ਨੇ ਪੁੱਤਰ ਦਾ ਪੱਤਰ ਪੜ੍ਹਿਆ ਨਹੀਂ, ਮਿਲੇਨਾ ਦੇ ਪਿਤਾ ਨੇ ਪੜ੍ਹਿਆ ਅਤੇ ਧੀ ਨੂੰ ਗਲ ਲਾਇਆ। ਗਰੀਬ ਵਿਆਨਾ ਸ਼ਹਿਰ ਛੱਡ ਕੇ ਉਹ ਆਪਣੇ ਪਿਆਰੇ ਪਰਾਗ ਵਿੱਚ ਪਰਤ ਆਈ ਜਿਥੇ ਸਾਰਾ ਸ਼ਹਿਰ ਉਸਨੂੰ ਜਾਣਦਾ ਸੀ। ਉਸਦੇ ਦੋਸਤਾਂ ਅਤੇ ਦੁਸ਼ਮਣਾ ਦੀ ਗਿਣਤੀ ਆਮ ਨਾਲੋਂ ਬਹੁਤ ਵਧੀਕ ਸੀ। ਉਹ ਚਾਹੁੰਦੀ ਸੀ ਕਿ ਜਾਂ ਕੋਈ ਉਸਨੂੰ ਪਿਆਰ ਕਰੇ ਜਾਂ ਨਫਰਤ। ਵਿਚ ਵਿਚਾਲਾ ਪਸੰਦ ਨਹੀਂ। ਚੈੱਕ ਕਮਿਊਨਿਸਟ ਕਵੀ ਨੇਜਲ, ਮਿਲੇਨਾ ਨੂੰ ਤੇ ਮਿਲੇਨਾ ਨੇਜਲ ਨੂੰ ਨਾਪਸੰਦ ਕਰਦੇ ਸਨ। ਇਕ ਪਾਰਟੀ ਵਿਚ ਵਧੀਕ ਸ਼ਰਾਬ ਪੀ ਕੇ ਉਹ ਖਰੂਦ ਕਰਨ ਲੱਗਾ ਤਾਂ ਚੁਕ ਕੇ ਹਾਲ ਦੇ ਬਾਹਰ ਸੁੱਟ ਦਿੱਤਾ। ਮਿਲੇਨਾ ਨੇ ਐਂਬੂਲੈਂਸ ਮੰਗਵਾਈ, ਸਹਾਰਾ ਦੇਕੇ ਉਸਨੂੰ ਵਿਦਾ ਕੀਤਾ। ਕੀ ਪਸੰਦ ਹੈ ਕੀ ਨਾ ਨਾਪਸੰਦ, ਇਸਦਾ ਖਿਆਲ ਨਹੀਂ, ਜੋ ਸਹੀ ਹੈ ਉਹੀ ਕਰੇਗੀ।

1927 ਵਿਚ ਉਸਨੇ ਤੀਖਣਬੁੱਧ ਇਮਾਰਤਸਾਜ ਜੇਰੋਮਰ ਨਾਲ ਸ਼ਾਦੀ ਕੀਤੀ। ਇਹ ਸਾਦਾ ਬੰਦਾ ਸੀ ਜਿਸਨੇ ਬਿਲਕੁਲ ਹੇਠੋਂ ਰਾਜ ਮਿਸਤਰੀ ਵਜੋਂ ਕੰਮ ਸ਼ੁਰੂ ਕੀਤਾ ਤੇ ਮੁਢਲਾ ਕੰਮ ਸਿੱਖ ਕੇ ਸੈਕੰਡਰੀ ਸਕੂਲ ਪਾਸ ਕੀਤਾ, ਉਪਰੰਤ ਪਰਾਗ ਅਕੈਡਮੀ ਆਫ ਫਾਈਨ ਆਰਟਸ ਦੇ ਡਿਗਰੀ ਕੋਰਸ ਵਿਚ ਦਾਖਲ ਹੋਇਆ। ਇਥੇ ਸੰਸਾਰ ਦੇ ਪ੍ਰਸਿੱਧ ਇਮਾਰਤਸਾਜ਼ ਲੇ ਕਾਰਬੂਜ਼ੀਏ ਨਾਲ ਮੁਲਾਕਾਤ ਹੋਈ। ਕਾਰਬੂਜੀਏ ਦੇ ਹੁਨਰ ਦੀ ਸਿਫਤ ਸਭ ਤੋਂ ਪਹਿਲਾਂ ਜੇਰੋਮਰ ਨੇ ਕੀਤੀ ਸੀ। ਜੇਰੋਮਰ ਇਸ ਤੋਂ ਵੱਡਾ ਕਲਾਕਾਰ ਸੀ। ਇਹ ਦੋ ਸਾਲ ਮਿਲੇਨਾ ਦੀ ਜ਼ਿੰਦਗੀ ਦੇ ਉਤਮ ਦਿਨ ਸਨ। ਉਸਨੇ ਤਿੰਨ ਕਿਤਾਬਾਂ ਛਪਵਾਈਆਂ ਤੇ ਸਚਿਤਰ ਮੈਗਜ਼ੀਨ ਚਲਾਇਆ ਪੇਸਟ੍ਰੀ ਟਾਈਡਨ।ਇਸ ਵਿਆਹ ਤੋਂ ਮਿਲੇਨਾ ਨੂੰ ਮਾਨਸਿਕ ਸੰਤੋਖ ਮਿਲਿਆ ਪਰ ਗਰਭਵਤੀ ਹੋਣ ਦੇ ਸ਼ੁਰੂਆਤੀ ਮਹੀਨਿਆਂ ਵਿਚ ਦਰਦ ਸ਼ੁਰੂ ਹੋ ਗਿਆ। ਉਸਨੇ ਪਿਤਾ ਅਤੇ ਪਿਤਾ ਦੇ ਸਹਿਯੋਗੀ ਮਾਹਿਰ ਡਾਕਟਰਾਂ ਦੀ ਰਾਇ ਲਈ। ਪਿਤਾ ਨੇ ਕਿਹਾ- ਜਾਂਚ ਨੇ ਦੱਸ ਦਿੱਤਾ ਹੈ ਕਿ ਸਭ ਠੀਕ ਹੈ। ਤੂੰ ਜੁਆਕੜੀ ਵਾਂਗ ਵਰਤਾਉ ਨਾ ਕਰ, ਸਭ ਠੀਕ ਹੈ। ਪਰ ਸੁਧਾਰ ਨਹੀਂ ਹੋਇਆ। ਹਾਲਤ ਬਦਤਰ ਹੁੰਦੀ ਗਈ। ਅੱਠਵੇਂ ਮਹੀਨੇ ਜੇਰੋਮਰ ਉਸਨੂੰ ਪਹਾੜੀ ਵਾਦੀਆਂ ਵਿਚ ਲੈ ਗਿਆ ਕਿ ਸ਼ਾਇਦ ਹਵਾ ਬਦਲੀ ਨਾਲ ਠੀਕ ਹੋ ਜਾਏ। ਇਹ ਦੱਸਣ ਲਈ ਕਿ ਉਹ ਜੁਆਕੜੀ ਨਹੀਂ, ਝੀਲ ਦੇ ਠੰਢੇ ਪਾਣੀ ਵਿਚ ਇਸ਼ਨਾਨ ਕਰ ਲਿਆ। ਸਾਰੇ ਜਿਸਮ ਉਪਰ ਛਾਲੇ ਨਿਕਲ ਆਏ, ਬੁਖਾਰ ਹੋਇਆ ਤੇ ਇਕ ਪਾਸਾ ਖੜ੍ਹ ਗਿਆ। ਡਾਕਟਰਾਂ ਨੇ ਦੱਸਿਆ- ਸੇਫਟੀਮੋਨੀਆਂ ਹੈ। ਦਰਦ ਬੇਅੰਤ ਸੀ। ਪਤਾ ਲੱਗਣ ਤੇ ਪਿਤਾ ਭੱਜਾ ਆਇਆ। ਸਾਲਾਂ ਦਾ ਰੁਕਿਆ ਪਿਤਾ- ਪਿਆਰ ਫਿਰ ਪ੍ਰਗਟਿਆ। ਦਿਨ ਰਾਤ ਸਿਰ੍ਹਾਣੇ ਬੈਠਾ ਰਹਿੰਦਾ। ਦਰਦ ਘਟਾਣ ਲਈ ਮਾਰਫੀਨ ਦਿੱਤੀ ਜਾਂਦੀ। ਸੁਹਣੀ ਨਾਜ਼ਕ ਧੀ ਦਾ ਜਨਮ ਹੋਇਆ ਪਰ ਡਾਕਟਰਾਂ ਨੇ ਦੱਸਿਆ ਕਿ ਮਿਲੇਨਾ ਦੇ ਬਚਣ ਦੀ ਉਮੀਦ ਘੱਟ ਹੈ।

ਪਿਤਾ ਨੇ ਦੇਖਿਆ ਕਿ ਵੱਡੇ ਕਲਾਕਾਰਾਂ ਵਾਂਗ ਉਸਦਾ ਜਵਾਈ ਬੇਪ੍ਰਵਾਹ ਹੈ ਤੇ ਮਿਲੇਨਾ ਦੀ ਮੌਤ ਤੋਂ ਬਾਦ ਬੱਚੀ ਦੀ ਦੇਖਭਾਲ ਨਹੀਂ ਕਰੇਗਾ। ਉਸਨੇ ਕਿਹਾ- ਮਿਲੇਨਾ, ਇਸ ਗੱਲ ਦਾ ਫਿਕਰ ਨਾ ਕਰੀਂ ਬੱਚੀ ਨੂੰ ਕੌਣ ਪਾਲੇਗਾ। ਮੈਂ, ਇਸਦਾ ਨਾਨਾ ਇਸ ਨੂੰ ਗੋਦ ਲਵਾਂਗਾ। ਠੀਕ ਹੈ ਜੇਰੋਮਰ? ਜਵਾਈ ਚੁੱਪ ਰਿਹਾ ਪਰ ਮਿਲੇਨਾ ਬੋਲੀ- ਤੁਹਾਨੂੰ ਸੌਂਪਣ ਦੀ ਥਾਂ ਪਿਆਰੇ ਪਾਪਾ ਇਹਨੂੰ ਵਲਵਾ ਦਰਿਆ ਵਿਚ ਸੁੱਟਣਾ ਬਿਹਤਰ। ਮੈਨੂੰ ਦੁਖ ਦੇਣ ਵਿਚ ਜਿਵੇਂ ਤੁਸੀਂ ਕਾਮਯਾਬ ਹੋ ਗਏ ਸੀ, ਹੁਣ ਮੈਂ ਉਹ ਦੁਖ ਆਪਣੀ ਧੀ ਉਪਰ ਹਰਗਿਜ਼ ਦੁਹਰਾਉਣ ਨਹੀਂ ਦਿਆਂਗੀ।

ਉਹ ਬਚ ਗਈ ਪਰ ਖੱਬੇ ਗੋਡੇ ਦੀਆਂ ਹੱਡੀਆਂ ਤੇ ਪੱਠੇ ਸਖਤ ਹੋ ਗਏ। ਲੱਤ ਕੱਟਣ ਬਾਬਤ ਸੋਚਿਆ ਗਿਆ, ਪਿਤਾ ਨਹੀਂ ਮੰਨਿਆ। ਮਾਹਿਰਾਂ ਨੂੰ ਬੁਲਾ ਕੇ, ਫੈਸਲਾ ਕੀਤਾ ਗਿਆ ਕਿ ਸੁੰਨ ਕਰਨ ਪਿਛੋਂ ਪੈਰ ਅਤੇ ਗੋਡੇ ਨੂੰ ਜ਼ਬਰਦਸਤੀ ਅੱਗੇ ਪਿੱਛੇ ਮੋੜਿਆ ਜਾਵੇ। ਕੜਾਕੇ ਨਿਕਲ ਗਏ ਪਰ ਤਜਰਬਾ ਸਫਲ ਰਿਹਾ। ਪਿਤਾ ਦੀਆਂ ਅੱਖਾਂ ਵਿਚ ਹੰਝੂ ਆ ਗਏ, ਉਸਨੇ ਸਰਜਨ ਨੂੰ ਜੱਫੀ ਵਿਚ ਲੈ ਲਿਆ। ਮਿਲੇਨਾ ਬੇਹੋਸ਼ੀ ਵਿਚੋਂ ਜਾਗੀ ਤਾਂ ਯਕੀਨ ਨਾ ਆਇਆ ਕਿ ਠੀਕ ਹੋ ਗਈ ਹਾਂ। ਇਕ ਸਾਲ ਫਹੁੜੀਆਂ ਦੇ ਸਹਾਰੇ ਹਸਪਤਾਲ ਵਿਚ ਤੁਰਨ ਦਾ ਅਭਿਆਸ ਕਰਨ ਪਿਛੋਂ ਧੀ ਸਮੇਤ ਘਰ ਆਈ ਤਾਂ ਉਸ ਨੂੰ ਇਕ ਹੋਰ ਸਦਮਾ ਲੱਗਾ। ਇਲਾਜ ਦੌਰਾਨ ਉਸਨੂੰ ਕੋਕੀਨ ਦਿੱਤੀ ਜਾਂਦੀ ਰਹੀ, ਹੁਣ ਉਸਨੂੰ ਇਸ ਦੀ ਆਦਤ ਪੈ ਗਈ ਹੋਈ ਸੀ। ਜਿਸ ਤੋਰ ਦੀ ਸ਼ਾਨ ਤੋਂ ਕੁੜੀਆਂ ਈਰਖਾ ਕਰਦੀਆਂ ਸਨ, ਉਹ ਖਤਮ। ਚਾਲ ਬੇਢੰਗੀ, ਚਿਹਰਾ ਇਕ ਪਾਸਿਓਂ ਸੁੱਜਿਆ ਹੋਇਆ। ਕਿਹਾ ਕਰਦੀ, ਜੇਰੋਮਰ ਨਾਲ ਕੁਝ ਸਮਾਂ ਖੁਸ਼ੀ ਦਾ ਬਿਤਾਇਆ ਸੀ ਨਾ, ਉਸ ਦੀ ਸਜ਼ਾ ਮਿਲੀ। ਕੁਦਰਤ ਪਲ ਪਲ ਦੀ ਕੀਮਤ ਵਸੂਲੇਗੀ। ਉਸਨੇ ਫੈਸਲਾ ਕੀਤਾ ਕਿ ਹਮੇਸ਼ ਲਈ ਮਾਰਫੀਨ ਬੰਦ ਕਰਾਂਗੀ। ਪਤੀ ਨੂੰ ਮਦਦ ਵਾਸਤੇ ਕਿਹਾ।

ਨਸ਼ੇੜੀ ਜਦੋਂ ਅਚਾਨਕ ਨਸ਼ਾ ਬੰਦ ਕਰ ਦਏ ਤਾਂ ਉਸ ਨਾਲ ਬੁਰੀ ਵਾਪਰਦੀ ਹੈ, ਲੱਤਾਂ ਤੋਂ ਲੈ ਕੇ ਸਿਰ ਤੱਕ ਤਿਖੇ ਦਰਦ ਦੀਆਂ ਲਹਿਰਾਂ ਚੀਕਾਂ ਕਢਾ ਦਿੰਦੀਆਂ। ਦਿਨ ਰਾਤ ਰੋਣ ਧੋਣ ਵਿਚ ਲੰਘਦੇ। ਜੇਰੋਮਰ ਤੋਂ ਬਰਦਾਸ਼ਤ ਨਾਂ ਹੁੰਦਾ। ਇਕ ਦਿਨ ਮਿਲੇਨਾ ਨੇ ਦੇਖਿਆ, ਦਵਾਈਆਂ ਵਾਲੇ ਮੇਜ਼ ਉਪਰ ਪਲੰਘ ਦੇ ਨੇੜੇ ਭਰਿਆ ਹੋਇਆ ਰਿਵਾਲਵਰ ਪਿਆ ਸੀ। ਜੇਰੋਮਰ ਦਾ ਸੰਕੇਤ, ਜੇ ਜੀਵਨ ਕਠਿਨ ਲਗਦਾ ਹੈ ਤਾਂ ਖਤਮ ਕਰੇ। ਮਿਲੇਨਾ ਨੇ ਆਤਮਘਾਤ ਨਹੀਂ ਕੀਤਾ, ਜੇਰੋਮਰ ਚਲਾ ਗਿਆ। ਉਸਨੂੰ ਛੱਡ ਕੇ ਉਹ ਰੂਸ ਰਲਾ ਗਿਆ ਜਿਥੇ ਉਸਨੂੰ ਲਗਦਾ ਸੀ ਬਸਤੀਆਂ ਆਬਾਦ ਹੋ ਰਹੀਆਂ ਹਨ, ਚੰਗਾ ਕੰਮ ਮਿਲਦਾ ਰਹੇਗਾ। ਲੇ ਕਾਰਬੂਜ਼ੀਆ, ਗਰੁਪਿਓੂ, ਹਾਨਿਸ ਮੇਅਰ ਅਤੇ ਮੇਅ ਪਹਿਲਾਂ ਉਥੇ ਜਾ ਚੁੱਕੇ ਸਨ।

ਜੇਰੋਮਰ ਛੇਤੀ ਰੂਸ ਦੀ ਅਫਸਰਸ਼ਾਹੀ ਤੋਂ ਤੰਗ ਆ ਗਿਆ। ਉਸ ਦੇ ਨਕਸ਼ਿਆਂ ਦੀ ਨਿਗਰਾਨੀ ਉਹ ਲੋਕ ਕਰਦੇ ਜਿਨ੍ਹਾਂ ਨੂੰ ਇਸ ਕੰਮ ਦਾ ਊੜਾ ਆੜਾ ਨਹੀਂ ਆਉਂਦਾ ਸੀ। ਦੋ ਸਾਲ ਤੱਕ ਉਸ ਦਾ ਇਕ ਵੀ ਨਕਸ਼ਾ ਪਾਸ ਨਾਂ ਹੋਇਆ। ਉਹ ਰੂਸ ਦੀ ਅੰਦਰੂਨੀ ਹਿੰਸਕ, ਉਦਾਸ ਸੰਗੀਨ ਹਾਲਤ ਬਾਬਤ ਦੋਸਤਾਂ ਨੂੰ ਖ਼ਤ ਲਿਖਦਾ ਰਹਿੰਦਾ ਪਰ ਯੋਰਪ ਦੇ ਕਿਸੇ ਕਮਿਊਨਿਸਟ ਦੋਸਤ ਨੇ ਜਵਾਬ ਦੇਣਾ ਵਾਜਬ ਨਹੀਂ ਸਮਝਿਆ ਕਿਉਂਕਿ ਸਭ ਦਾ ਇਹ ਖਿਆਲ ਸੀ ਕਿ ਉਹ ਸਫੈਦ ਝੂਠ ਬੋਲ ਰਿਹਾ ਸੀ, ਕਿ ਉਹ ਕਮਿਊਨਿਜ਼ਮ ਦਾ ਵਿਰੋਧੀ ਨਿੰਦਕ ਹੋ ਗਿਆ ਸੀ। ਸਾਲ 1936 ਵਿਚ ਭੱਜ ਕੇ ਵਾਪਸ ਆ ਗਿਆ ਜੋ ਇਕ ਚਮਤਕਾਰ ਸੀ ਕਿਉਂਕਿ ਇਸ ਵੇਲੇ ਸਟਾਲਿਨ ਦੀ ਸ਼ੁੱਧੀਕਰਨ ਲਹਿਰ ਸਿਖਰ ਤੇ ਸੀ, ਯਾਨਿ ਕਿ ਥੋਕ ਵਿਚ ਕਤਲਿਆਮ।

ਮਿਲੇਨਾ ਕਮਿਉਨਿਸਟ ਪਾਰਟੀ ਮੈਂਬਰ ਜ਼ਰੂਰ ਬਣੀ, ਅੰਨ੍ਹੀ ਭਗਤਣੀ ਨਹੀਂ। ਹਰ ਗਤੀਵਿਧੀ ਪਾਰਖੂ ਨਜਰ ਨਾਲ ਦੇਖਦੀ। ਉਸਨੂੰ ਸਟਾਲਿਨ ਦੇ ਕੰਮਕਾਜ ਉਪਰ ਸ਼ੱਕ ਸੀ ਤੇ ਜਦੋਂ ਸਟਾਲਿਨ ਨੇ ਸਰਵਜਨਕ ਮੁਕੱਦਮੇ ਵਿਚ ਜੀਨੋਵੀਵ ਅਤੇ ਕਾਮੇਨੀਵ ਨੂੰ ਗੋਲੀ ਮਰਵਾਈ ਤਾਂ ਉਸਦਾ ਸ਼ੱਕ ਸੱਚ ਵਿਚ ਬਦਲ ਗਿਆ। ਬਾਕੀ ਕਾਮਰੇਡਾਂ ਵਾਂਗ ਨਾਂ ਉਹ ਦੁਚਿੱਤੀ ਵਿਚ ਪਈ ਨਾ ਹੰਝੂ ਵਹਾਏ। ਕਾਰਡ ਪਾਰਟੀ ਦਫਤਰ ਵਿਚ ਸੁੱਟ ਆਈ।

ਇਕ ਦਿਨ ਉਸਨੇ ਆਪਣੇ ਦੋਸਤ ਫਰੇਡੀ ਮਾਇਰ ਨੂੰ ਕਿਹਾ- ਜਿਸ ਦੀ ਮੈਨੂੰ ਤਲਾਸ਼ ਸੀ, ਸੋ ਮਰਦ ਨਹੀਂ ਮਿਲਿਆ। ਗਾਹਲੜੀ ਮਿਲੇ, ਮਨੋਰੋਗੀ ਮਿਲੇ, ਬੁਜ਼ਦਿਲ ਮਿਲੇ। ਇਹ ਸਾਰੇ ਮੇਰੇ ਉਪਰ ਨਿਰਭਰ ਹੋ ਜਾਂਦੇ ਜਦੋਂ ਕਿ ਮੈਂ ਚਾਹੁੰਦੀ ਸਾਂ ਮੈਨੂੰ ਕੋਈ ਸਹਾਰਾ ਮਿਲਦਾ। ਮੈਂ ਸੁਫਨੇ ਲੈਂਦੀ, ਮੇਰੇ ਕਾਫੀ ਬੱਚੇ ਹੋਣ, ਮੈਂ ਧਾਰਾਂ ਚੋ ਰਹੀ ਹਾਂ, ਪਸ਼ੂ ਚਾਰ ਰਹੀ ਹਾਂ, ਮੇਰਾ ਪਤੀ ਆਉਂਦੇ ਜਾਂਦੇ ਮੈਨੂੰ ਛੇੜ ਛਾੜ ਜਾਵੇ, ਦਿਲੋਂ ਮੈਂ ਚੈੱਕ ਕਿਸਾਨ ਔਰਤ ਹਾਂ। ਮੇਰੇ ਅੰਦਰ ਜਿਹੜਾ ਅਖੌਤੀ ਬੌਧਿਕ ਕੀੜਾ ਵੜ ਗਿਆ ਉਹ ਬਦਕਿਸਮਤ ਦੁਰਘਟਨਾ ਸੀ।

ਜਦੋਂ ਉਸਦੇ ਬਾਕੀ ਕਾਮਰੇਡ ਸਾਥੀ ਸਮਾਜਵਾਦ ਦੇ ਸੁਫਨੇ ਦੇਖ ਰਹੇ ਸਨ, ਸਾਲ 1937 ਵਿਚ ਉਸਨੇ ਕਿਹਾ- ਮੈਨੂੰ ਪਤੈ ਜਰਮਨ ਫਾਸਿਸਟ ਸਾਨੂੰ ਗ੍ਰਿਫਤਾਰ ਕਰਨਗੇ, ਪਰ ਜੇ ਲਾਲ ਫੌਜ ਸਾਨੂੰ ਆਜ਼ਾਦ ਕਰਾਉਣ ਆਈ ਤਾਂ ਮੈਂ ਆਤਮ-ਹੱਤਿਆ ਕਰਾਂਗੀ।

ਮਈ 1936 ਨੂੰ ਜਰਮਨ ਨੇ ਚੈਕੋਸਲਵਾਕੀਆ ਉਪਰ ਹਮਲਾ ਕਰ ਦਿੱਤਾ। ਇਸ ਯੁੱਧ ਦੀ ਸ਼ਾਨਦਾਰ ਰਿਪੋਰਟਿੰਗ ਮਿਲੇਨਾ ਖਤਰੇ ਉਠਾ ਕੇ ਕਰਦੀ ਰਹੀ। ਜਰਮਨਾ ਨੇ ਬਹਾਨਾ ਇਹ ਲਾਇਆ ਕਿ ਚੈੱਕ ਲੋਕ ਉਥੇ ਵਸਦੇ ਜਰਮਨਾ ਉਪਰ ਜੁਲਮ ਢਾ ਰਹੇ ਹਨ। ਬਹੁਤ ਥਾਈਂ ਚੈਕੋਸਲਵਾਕੀਆ ਵਿਚ ਜੇ ਪਤੀ ਚੈੱਕ ਸੀ ਤਾਂ ਪਤਨੀ ਜਰਮਨ ਤੇ ਜੇ ਪਤੀ ਜਰਮਨ ਸੀ ਤਾਂ ਪਤਨੀ ਚੈਕ। ਬੱਚੇ ਆਪਸ ਵਿਚ ਇਸ ਮੁੱਦੇ ਤੇ ਲੜ ਪੈਂਦੇ।

ਮਾਰਚ 1939 ਵਿਚ ਜਦੋਂ ਜਰਮਨਾ ਨੇ ਚੈਕੋਸਲਵਾਕੀਆ ਉਪਰ ਕਬਜ਼ਾ ਕਰ ਲਿਆ ਤਾਂ ਬੇਅੰਤ ਫੁਰਤੀ ਨਾਲ ਮਿਲੇਨਾ ਨੇ ਉਨ੍ਹਾਂ ਫੌਜੀਆਂ ਨਾਲ ਸੰਪਰਕ ਕੀਤਾ ਜਿਨ੍ਹਾਂ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੂੰ ਕਿਹਾ ਕਿ ਇੰਗਲੈਂਡ ਦੀਆਂ ਫੌਜਾਂ ਦੀ ਮਦਦ ਕਰੋ। ਇਥੇ ਉਸਨੇ ਪੈਗੰਬਰੀ ਰੋਲ ਅਦਾ ਕੀਤਾ। ਉਹ ਜਬਰਦਸਤ ਦਲੀਲਾਂ ਨਾਲ ਲੈਸ ਲੇਖ ਅਖਬਾਰਾਂ ਨੂੰ ਭੇਜਦੀ ਪਰ ਜਰਮਨ ਸੈਂਸਰ ਅਧਿਓਂ ਵੱਧ ਕੱਟ ਦਿੰਦਾ।

ਸਹੇਲੀ ਵਲਿਮਾ ਉਸ ਤੋਂ ਪਰੇ ਹਟ ਗਈ ਸੀ ਕਿਉਂਕਿ ਵਲਿਮਾ ਨੂੰ ਮਾਰਕਸੀ ਸਿਧਾਂਤ ਜਚਿਆ ਨਹੀਂ ਸੀ। ਜਦੋਂ ਪਤਾ ਲੱਗਾ ਕਿ ਮਿਲੇਨਾ ਨੇ ਪਾਰਟੀ ਛੱਡ ਦਿੱਤੀ ਹੈ ਤੇ ਕਾਮਰੇਡ ਉਸਨੂੰ ਤਾਸਕੀ ਦੀ ਚੇਲੀ ਹੋਣ ਦਾ ਫਤਵਾ ਦੇ ਚੁਕੇ ਹਨ ਉਹ ਮਿਲਣ ਆਈ। ਦੋਵੇਂ ਸਹੇਲੀਆਂ ਮੁੱਦਤ ਬਾਦ ਮਿਲੀਆਂ ਤਾਂ ਇਸ ਤਰ੍ਹਾਂ ਜਿਵੇਂ ਕਦੀ ਵਿਛੜੀਆਂ ਹੀ ਨਹੀਂ ਸਨ। ਵਲਿਮਾ ਬੋਲੀ- ਮੋਰਾਵੀਆ ਦੀ ਨਦੀ ਪੁੰਕਵਾ ਨੂੰ ਅਚਾਨਕ ਜ਼ਮੀਨ ਨਿਗਲ ਜਾਂਦੀ ਹੈ, ਪਤਾ ਨਹੀਂ ਲਗਦਾ ਕਿਧਰ ਗਾਇਬ ਹੋ ਗਈ। ਘਾਟੀਆਂ ਅਤੇ ਦੱਰਿਆਂ ਵਿਚ ਉਹ ਅੰਡਰਗਰਾਊਂਡ ਵਗਦੀ ਜਾਂਦੀ ਫਿਰ ਜ਼ਮੀਨ ਵਿਚੋਂ ਬਾਹਰ ਨਿਕਲ ਕੇ ਵਗਣ ਲੱਗਦੀ ਹੈ। ਆਪਣੀ ਦੋਸਤੀ ਇਸੇ ਤਰ੍ਹਾਂ ਦੀ ਹੈ। ਜਦੋਂ ਵਖ ਹੋਈਆਂ ਤਾਂ ਪਤਾ ਨੀ ਕਿਧਰ ਗਈਆਂ, ਜਦੋਂ ਮਿਲੀਆਂ, ਤਾਂ ਇਉਂ ਜਿਵੇਂ ਇਥੇ ਹੀ ਸਾਂ, ਇਕੱਠੀਆਂ। ਮਿਲੇਨਾ ਨੇ ਲਿਖਿਆ- ਚੈੱਕ ਹੋਣ ਕਰਕੇ ਮੈਨੂੰ ਆਪਣਾ ਦੇਸੀ ਸੰਗੀਤ ਚੰਗਾ ਲਗਦਾ ਹੈ। ਸ਼ਬਦ ਦੀ ਥਾਂ ਸ਼ਬਦ ਦੀ ਧੁਨ ਸੁਣ ਕੇ ਮੈਂ ਪੂਰੇ ਅਰਥਾਂ ਤਕ ਪੁੱਜ ਜਾਂਦੀ ਹਾਂ। ਇਕ ਸ਼ਬਦ ਮੈਨੂੰ ਪੂਰੀ ਸਪੇਸ ਤੱਕ ਫੈਲਾ ਦਿੰਦਾ ਹੈ। ਲੋਕਾਂ ਵਾਸਤੇ ਸਪੇਸ ਦਾ ਅਰਥ ਹਵਾ ਜਾਂ ਆਕਾਸ਼ ਹੋਵੇਗਾ, ਸਾਡੇ ਵਾਸਤੇ ਸਾਡੀ ਮਿੱਟੀ ਸਪੇਸ ਹੈ। ਅਸੀਂ ਚੈੱਕ ਇਹ ਸ਼ੇਖੀ ਨੀਂ ਮਾਰਦੇ ਕਿ ਅਸੀਂ ਜਰਮਨਾਂ ਅਤੇ ਸਲਾਵਕਾਂ ਵਿਚਕਾਰ ਪੁਲ ਬਣਾਂਗੇ। ਅਸੀਂ ਪੁਸ਼ਤਾਂ ਤੋਂ ਖੇਤੀ ਕਰਦੇ ਕਿਸਾਨ ਹਾਂ, ਬਾਬੇ ਨੇ ਹਲ ਦਾ ਮੁੱਨਾ ਸਾਡੇ ਪਿਤਾ ਨੂੰ ਤੇ ਪਿਤਾ ਨੇ ਆਪਣੇ ਪੁੱਤਰ ਨੂੰ ਫੜਾਇਆ, ਉਹ ਅਗੋਂ ਆਪਣੀ ਸੰਤਾਨ ਨੂੰ ਫੜਾਏਗਾ। ਅੱਜ ਦਾ ਚੈੱਕ ਬੀਤੇ ਚੈਕ ਅਤੇ ਭਵਿੱਖ ਦੇ ਚੈੱਕ ਵਿਚਕਾਰ ਪੁਲ ਬਣ ਸਕਦਾ ਹੈ ਕੇਵਲ। ਵਧੀਕ ਸ਼ੇਖੀਆਂ ਮਾਰਨ ਦੀ ਕੋਈ ਤੁਕ ਨਹੀਂ। ਆਪਣੇ ਬੱਚਿਆਂ ਨੂੰ ਅਸੀਂ ਸੁਣਾਵਾਂਗੇ ਚੈੱਕ ਲੋਕ-ਗੀਤ ਜਾਂ ਫਿਰ ਸੰਤ ਵੇਂਚੇਸਲਾਸ ਦੀ ਬਾਣੀ। ਸਾਨੂੰ ਹੋਰ ਕਾਸੇ ਦੀ ਲੋੜ ਨੀਂ।

ਮਿਲੇਨਾ ਜਰਮਨ ਫੌਜਾਂ ਤਾਂ ਪਰਾਗ ਵਿਚੋਂ ਕੱਢ ਨਹੀਂ ਸਕਦੀ ਸੀ ਉਸਨੇ ਆਪਣੇ ਚੈੱਕ ਬੁੱਧੀਜੀਵੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਵਿਉਂਤ ਬਣਾਈ ਜਿਨ੍ਹਾਂ ਦੇ ਸਿਰਾਂ ਉਪਰ ਜਰਮਨਾਂ ਨੇ ਇਨਾਮ ਰੱਖੇ ਹੋਏ ਸਨ। ਮਿਲੇਨਾ ਨੇ 22 ਮਾਰਚ 1939 ਦੇ ਕਾਲਮ ਵਿਚ ਲਿਖਿਆ- ਜਰਮਨਾ ਦੇ ਕਬਜ਼ੇ ਦਾ ਦੂਜਾ ਦਿਨ ਸੀ। ਸਭ ਬੇਚੈਨ ਸਨ। ਸਿਪਾਹੀ ਗਲੀਆਂ ਵਿਚ ਘੁੰਮ ਰਹੇ ਸਨ। ਇਕ ਚੈੱਕ ਕੁੜੀ ਘਰੋਂ ਬਾਹਰ ਕੋਈ ਚੀਜ਼ ਖਰੀਦਣ ਲਈ ਨਿਕਲੀ ਤਾਂ ਫੌਜ ਦੇਖਕੇ ਘਬਰਾ ਗਈ ਤੇ ਰੋਣ ਲੱਗੀ। ਇਕ ਫੌਜੀ ਉਸ ਕੋਲ ਆਇਆ ਤੇ ਪਿਆਰ ਨਾਲ ਬੋਲਿਆ- ਰੋ ਨਾ ਕੁੜੀਏ। ਜੋ ਹੋਇਆ, ਉਸ ਵਾਸਤੇ ਅਸੀਂ ਦੋਸ਼ੀ ਨਹੀਂ। ਉਸਨੇ ਕੁੜੀ ਨੂੰ ਉਵੇਂ ਦਿਲਾਸਾ ਦਿੱਤਾ ਜਿਵੇਂ ਕੋਈ ਆਪਣੀ ਧੀ ਨੂੰ ਹੌਂਸਲਾ ਰੱਖਣ ਲਈ ਕਹੇ। ਇਹੋ ਜਿਹੇ ਬੰਦਿਆਂ ਨੂੰ ਮੈਂ ਕਿਵੇਂ ਦੋਸ਼ੀ ਠਹਿਰਾ ਸਕਦੀ ਹਾਂ? ਹਜ਼ਾਰਾਂ ਦੀ ਗਿਣਤੀ ਵਿਚ ਚੈੱਕ ਨਾਗਰਿਕ ਅਗਿਆਤ ਸੈਨਿਕ ਦੇ ਬੁੱਤ ਵਲ ਤੁਰ ਪਏ, ਹੱਥਾਂ ਵਿਚ ਗੁਲਦਸਤੇ, ਸਾਰਿਆਂ ਦੀਆਂ ਅੱਖਾਂ ਵਿਚ ਹੰਝੂ, ਨਾ ਉਚੀ ਉਚੀ ਰੋਣ ਧੋਣ, ਨਾ ਉਚੀ ਆਵਾਜ਼ ਵਿਚ ਸਿਸਕੀਆਂ, ਨਾ ਡਰ ਦਾ ਕੋਈ ਨਿਸ਼ਾਨ, ਸਿਰਫ ਦੁਖ, ਮੂਕ ਵੇਦਨਾ। ਜਦੋਂ ਸਾਡਾ ਇਹ ਕਾਫਲਾ ਤੁਰਿਆ ਜਾ ਰਿਹਾ ਸੀ, ਪਹਿਰੇ ਉਪਰ ਤੈਨਾਤ ਇਕ ਜਰਮਨ ਸਿਪਾਹੀ ਦਾ ਹੱਥ ਖੁਦ ਬਖੁਦ ਆਪਣੀ ਟੋਪੀ ਵਲ ਵਧਿਆ, ਸਤਿਕਾਰ ਨਾਲ ਸਿਰ ਨੀਵਾਂ ਕੀਤਾ, ਉਸਨੂੰ ਅਹਿਸਾਸ ਸੀ ਕਿ ਉਸਦੀ ਮੌਜੂਦਗੀ ਕਾਰਨ ਚੈੱਕਾਂ ਦੀਆਂ ਅੱਖਾਂ ਡੁਬਡੁਬਾਈਆਂ ਹੋਈਆਂ ਹਨ।

ਜ਼ੈਡਵਿਚ ਨੇ ਉਨ੍ਹੀ ਦਿਨੀਂ ਲਿਖਿਆ- ਚੈਕੋਸਲਾਵਾਕੀਆ ਨੂੰ ਬਚਾਉਂਦੀ ਮਿਲੇਨਾ ਬਿਲਕੁਲ ਚਰਚਲ ਵਾਂਗ ਲਗਦੀ, ਰੌਸ਼ਨ ਮੱਥਾ, ਮਿਹਰਬਾਨ ਅੱਖਾਂ, ਬੇਡੌਲ ਜਿਹਾ ਮੂੰਹ, ਪੂਰਨ ਆਤਮ ਵਿਸ਼ਵਾਸ, ਸਹੀ ਰਾਜਨੀਤਕ ਸੂਝ ਬੂਝ ਉਸਨੂੰ ਚਰਚਿਲ ਵਰਗੀ ਬਣਾਉਂਦੀ। ਉਸਦੀ ਹੱਥ ਲਿਖਤ ਦੇਖਕੇ ਮੈਕਸ ਬਰੋਦ ਨੇ ਲਿਖਿਆ- ਪੂਰੀ ਟਾਮਸ ਮਾਨ ਵਰਗੀ ਲਿਖਤ। ਟਾੱਮਸ ਮਾਨ ਦੀ ਹੱਥ ਲਿਖਤ ਅਦੁੱਤੀ ਮੰਨੀ ਜਾਂਦੀ ਸੀ।

ਉਸਨੇ ਬਹੁਤ ਚਿੰਤਕਾਂ ਨੂੰ ਸੁਰੱਖਿਅਤ ਸੀਮਾ ਪਾਰ ਕਰਵਾਇਆ, ਖੁਦ ਨਹੀਂ ਗਈ। ਉਸਦਾ ਫੈਸਲਾ ਪਰਾਗ ਵਿੱਚ ਮਰਨ ਦਾ ਸੀ। ਉਸਨੂੰ ਪਤਾ ਸੀ ਗੋਲੀ ਖਾ ਕੇ ਮਰਨਾ ਬੜਾ ਸੌਖਾ ਹੈ, ਵਾਲਾਂ ਤੋਂ ਫੜਕੇ ਘਸੀਟਣਾ, ਗਾਲਾਂ, ਲੱਤਾਂ ਘਸੁੰਨ, ਵਧੀਕ ਜ਼ਲਾਲਤ ਭਰਿਆ ਹੈ, ਪਰ ਕਿਸੇ ਨੂੰ ਤਾਂ ਕੁਰਬਾਨੀ ਦੇਣੀ ਪਵੇਗੀ ਹੀ। ਮਿਲੇਨਾ ਤਿਆਰ ਸੀ। ਇਕ ਦਿਨ ਪਿਤਾ ਦਾ ਫੋਨ ਆਇਆ, ਕਿਹਾ- ਕਿਉਂ ਕੀ, ਹੋਇਐ ਕੁੜੀਏ? ਤੈਨੂੰ ਹੁਣ ਤੱਕ ਗ੍ਰਿਫਤਾਰ ਕਿਉਂ ਨੀਂ ਕੀਤਾ ਜਰਮਨਾ ਨੇ? ਤੇਰੇ ਵਰਗੀ ਸਵੈਮਾਣ ਵਾਲੀ ਕੁੜੀ ਏਨੀ ਦੇਰ ਜੇਲ੍ਹ ਤੋਂ ਬਾਹਰ ਰਹਿਣੀ ਤਾਂ ਨੀ ਸੀ ਚਾਹੀਦੀ।’ ਮਿਲੇਨਾ ਨੇ ਕੀ ਕਿਹਾ, ਪਤਾ ਨਹੀਂ। ਪਰ ਕੁਝ ਦਿਨ ਬਾਅਦ ਗੈਸਟਾਪੋ ਨੇ ਇੰਟੈਰੋਗੇਸ਼ਨ ਵਾਸਤੇ ਬੁਲਾ ਲਿਆ। ਇਹ ਸਵਾਲ ਜਵਾਬ ਹੋਏ।

? : ਤੇਰਾ ਯਹੂਦੀਆਂ ਨਾਲ ਕੋਈ ਸੰਪਰਕ ਹੈ?
ਮਿਲੇਨਾ : ਹਾਂ ਹੈ। ਕੋਈ ਇਤਰਾਜ?

? : ਤੇਰਾ ਪ੍ਰੇਮੀ ਕਿੱਥੇ ਹੈ?
ਮਿਲੇਨਾ : ਦੇਰ ਪਹਿਲਾਂ ਦੇਸ ਛੱਡ ਗਿਐ।

? : ਤੇਰੀ ਧੀ ਦਾ ਪਿਤਾ ਯਹੂਦੀ ਹੈ?
ਮਿਲੇਨਾ : ਅਫਸੋਸ, ਯਹੂਦੀ ਨਹੀਂ ਹੈ।

? : ਬਕਵਾਸ ਬੰਦ ਕਰ। ਅਸੀਂ ਇਹੋ ਜਿਹੇ ਜਵਾਬ ਸੁਣਨ ਦੇ ਆਦੀ ਨਹੀਂ।
ਮਿਲੇਨਾ : ਮੈਨੂੰ ਵੀ ਇਹੋ ਜਿਹੇ ਸਵਾਲ ਚੰਗੇ ਨਹੀਂ ਲੱਗਦੇ।

ਮਿਲੇਨਾ ਨੂੰ ਨਾ ਗ੍ਰਿਫਤਾਰੀ ਖ਼ੌਫਜ਼ਦਾ ਲੱਗਦੀ ਸੀ ਨਾ ਤਸੀਹਿਆਂ ਦਾ ਸਾਹਮਣਾ ਕੋਈ ਆਫਤ। ਫਿਕਰ ਸੀ ਤਾਂ ਕੇਵਲ ਆਪਣੀ ਧੀ ਹੌਂਜ਼ਾ ਦਾ। ਇਸ ਦਾ ਕੀ ਬਣੇਗਾ? ਆਖਰ ਜਦੋਂ ਮਿਲੇਨਾ ਨੂੰ ਗੈਸਟਾਪੋ ਗ੍ਰਿਫਤਾਰ ਕਰਕੇ ਤਸੀਹਾ ਕੇਂਦਰ ਵਿਚ ਲੈ ਗਈ ਤਾਂ ਨਾਨਾ ਦੋਹਤੀ ਨੂੰ ਲੈ ਗਿਆ। ਪਰਾਗ ਦੀ ਯੂਨੀਵਰਸਿਟੀ ਅਤੇ ਸਾਰੇ ਕਾਲਜ ਹਮੇਸ਼ਾ ਵਾਸਤੇ ਬੰਦ ਕਰ ਦਿੱਤੇ ਗਏ। ਵਿਰੋਧ ਵਿਚ ਵਿਦਿਆਰਥੀਆਂ ਨੇ ਰੈਲੀ ਕੀਤੀ ਤਾਂ ਇਕ ਸੌ ਵੀਹ ਵਿਦਿਆਰਥੀ, ਜਰਮਨਾ ਦੀਆਂ ਗੋਲੀਆਂ ਨਾਲ ਮਰੇ ਤੇ ਹਜ਼ਾਰਾਂ ਨੂੰ ਤਸੀਹਾ ਕੇਂਦਰਾਂ ਵਿਚ ਭੇਜ ਦਿੱਤਾ ਗਿਆ।

ਜਰਮਨਾਂ ਹੱਥੋਂ ਜੋ ਜ਼ਲਾਲਤ ਸਹਿਣੀ ਪੈਂਦੀ ਉਸ ਦਾ ਅਸਰ ਨਹੀਂ, ਮਿਲੇਨਾ ਨੂੰ ਉਦੋਂ ਦੁਖ ਹੁੰਦਾ ਜਦੋਂ ਚੈੱਕ ਕਮਿਊਨਿਸਟ ਕੈਦਣਾਂ ਉਸਦੀ ਬੇਇੱਜ਼ਤੀ ਕਰਦੀਆਂ, ਘਸੁੰਨ ਮੁੱਕੇ ਆਮ ਗੱਲ ਹੁੰਦੀ। ਕਸੂਰ ਮਿਲੇਨਾ ਦਾ ਸੀ। ਉਹ ਏਨੀ ਖੁੱਦਾਰ ਸੀ ਕਿ ਅੱਖਾਂ ਅਤੇ ਸਿਰ ਨਹੀਂ ਝੁਕਾਉਂਦੀ ਸੀ। ਕੁਝ ਕੈਦਣਾ ਉਸਦੀ ਇੱਜ਼ਤ ਵੀ ਕਰਦੀਆਂ, ਚੋਰੀ ਚੋਰੀ, ਡਰਦੀਆਂ ਡਰਦੀਆਂ। ਸ਼ਾਮ ਵਕਤ ਬੰਦੀ ਕੈਦਣਾਂ ਦੀ ਗਿਣਤੀ ਹੋ ਰਹੀ ਸੀ। ਮਿਲੇਨਾ ਲੇਟ ਹੋ ਗਈ। ਚਲੋ ਲੇਟ ਹੋ ਗਈ ਤਾਂ ਹੋ ਗਈ ਘੱਟੋ ਘੱਟ ਤੇਜ਼ੀ ਨਾਲ ਪੁੱਜ ਜਾਂਦੀ ਤਾਂ ਇੰਨਾ ਤਾਂ ਹੁੰਦਾ ਕਿ ਨਿਗਰਾਨ ਸਮਝ ਜਾਂਦੀ, ਇਸ ਨੂੰ ਲੇਟ ਆਉਣ ਦਾ ਪਛਤਾਵਾ ਹੈ। ਆਰਾਮ ਨਾਲ ਆਈ ਤੇ ਚੁਪਚਾਪ ਖਲੋ ਗਈ ਸ਼ਾਂਤ। ਨਿਗਰਾਨ ਨੂੰ ਏਨਾ ਗੁੱਸਾ ਆਇਆ ਕਿ ਮੁੱਕਾ ਤਾਣ ਕੇ ਉਸ ਸਾਹਮਣੇ ਆ ਖਲੋਤੀ। ਮਿਲੇਨਾ ਨੇ ਉਸਦੀਆਂ ਅੱਖਾਂ ਵੱਲ ਦੇਖਿਆ ਤਾਂ ਸੁਪਰਵਾਈਜ਼ਰ ਦਾ ਹੱਥ ਹੇਠਾਂ ਆ ਗਿਆ ਤੇ ਖੁੱਲ੍ਹੇ ਮੂੰਹ ਨੀਵੀਂ ਪਾ ਕੇ ਵਾਪਸ ਪਰਤ ਗਈ।

ਮਿਲੇਨਾ ਨੇ ਮਾਗ੍ਰੇਟ ਨੂੰ ਕਿਹਾ- ਡਰ ਅਜਿਹਾ ਅਨੁਭਵ ਹੈ ਜੋ ਤੁਹਾਨੂੰ ਸਿੱਧਾ ਖੜ੍ਹਾ ਨਹੀਂ ਹੋਣ ਦਿੰਦਾ। ਸ਼ਾਂਤ ਚਿੱਤ ਜਦੋਂ ਮੈਂ ਜਲਾਦ ਵੱਲ ਦੇਖਦੀ ਹਾਂ, ਉਹ ਸਮਝ ਜਾਂਦਾ ਹੈ ਮਿਲੇਨਾ ਜੁਲਮ ਸਹਿਣ ਲਈ ਤਿਆਰ ਹੈ।

ਸੋਨਟਾਗ ਪੱਥਰ-ਦਿਲ ਅਫਸਰ ਸੀ। ਹੱਥ ਵਿਚਲੀ ਛਟੀ ਕੈਦੀਆਂ ਉਪਰ ਬਰਸਦੀ ਰਹਿੰਦੀ। ਮਿਲੇਨਾ ਦੇ ਲਾਗਿਓ ਲੰਘਣ ਲੱਗਾ ਤਾਂ ਰੋਮਾਂਚਿਤ ਮੁਦਰਾ ਵਿਚ ਛਟੀ ਮਿਲੇਨਾ ਦੀ ਠੋਡੀ ਹੇਠ ਛੁਹਾ ਦਿੱਤੀ। ਮਿਲੇਨਾ ਨੇ ਛਟੀ ਫੜੀ, ਬਾਂਹ ਫੜੀ ਤੇ ਪਰੇ ਧੱਕਾ ਦੇ ਦਿੱਤਾ। ਇਸ ਬਦਤਮੀਜ਼ੀ ਦੀ ਸਜ਼ਾ ਕਾਲਕੋਠੜੀ ਸੀ, ਪਰ ਚੁਪ ਚਾਪ ਚਲਾ ਗਿਆ।

ਅਕਤੂਬਰ 1941 ਵਿਚ ਚੈੱਕ ਸੰਗੀਤਕਾਰ ਬੀਬੀ ਅੰਨਕਾ ਕੁਆਪਲੋਵਾ ਗ੍ਰਿਫਤਾਰ ਹੋ ਕੇ ਇਸ ਜੇਲ੍ਹ ਵਿਚ ਆਈ, ਲਿਖਦੀ ਹੈ- ਅਸੀਂ ਡਰੀਆਂ ਹੋਈਆਂ ਆਪਣੀ ਹੋਣੀ ਦੀ ਉਡੀਕ ਕਰ ਰਹੀਆਂ ਸਾਂ, ਪਤਾ ਨਹੀਂ ਕੀ ਕਰਨਗੇ ਸਾਡੇ ਨਾਲ। ਮਿਲੇਨਾ ਸਾਡੇ ਨੇੜੇ ਆਈ ਤੇ ਬੋਲੀ, ‘ਸੁਆਗਤ ਹੈ ਕੁੜੀਓ ਤੁਹਾਡਾ ਮੇਰੇ ਘਰ ਵਿਚ।’ ਇਸ ਦਹਿਸ਼ਤਜ਼ਦਾ ਕੋਠੜੀ ਵਿਚ ਕੋਈ ਇਹੋ ਜਿਹਾ ਵੀ ਸੀ ਜਿਸਨੇ ਇਸਨੂੰ ਆਪਣਾ ਘਰ ਕਹਿ ਕੇ ਸਾਡਾ ਸੁਆਗਤ ਕੀਤਾ। ਕੈਦਣਾਂ ਦੇ ਪੇਟ ਸੁੱਕੇ ਹੋਏ ਸਨ ਤੇ ਲੱਤਾਂ ਸੁੱਜੀਆਂ ਹੋਈਆਂ।

ਮਿਲੇਨਾ ਮਾਰਗ੍ਰੇਟ ਨੂੰ ਅਕਸਰ ਆਖਦੀ- ਹੁਣ ਤਕ ਤਾਂ ਮੈਂ ਚਲੰਤ ਮਸਲਿਆਂ ਤੇ ਕਲਮ ਧਰੂਈ ਹੈ। ਰਿਹਾਈ ਤੋਂ ਬਾਦ ਚੰਗਾ ਲਿਖਾਂਗੀ। ਕਵਿਤਾ ਲਿਖਣ ਦੀ ਉਮਰ ਤਾਂ ਬੀਤ ਗਈ ਪਰ ਤਾਂ ਕੀ, ਵਾਰਤਕ ਕਿਹੜਾ ਮਾੜੀ ਹੈ। ਕਾਫਕਾ ਵਰਗੀ ਨਾ ਸਹੀ, ਤਾਂ ਵੀ ਚੰਗਾ ਹੋਏਗਾ ਜੋ ਲਿਖਾਂਗੀ। ਹੁਣ ਮੇਰੇ ਕੋਲ ਵਧੀਕ ਸੂਚਨਾ ਵਧੀਕ ਤਜਰਬਾ ਹੈ। ਜਿਸ ਗੱਲ ਦਾ ਮੈਨੂੰ ਤਸੀਹਾ ਕੇਂਦਰ ਵਿੱਚ ਪਤਾ ਲੱਗਾ ਉਹ ਇਹ ਕਿ ਇਹ ਗੱਲ ਗਲਤ ਹੈ ਕਿ ਤਕਲੀਫਾਂ ਵਿਚ ਆਦਮੀ ਸੰਵਰ ਜਾਂਦਾ ਹੈ, ਇਹ ਬਕਵਾਸ ਹੈ। ਅੱਗ 'ਚੋਂ ਦੀ ਨਿਕਲਕੇ ਕੁੰਦਨ ਤਾਂ ਕੀ ਬਣਨਾ, ਆਦਮੀ ਜਾਨਵਰ ਬਣ ਜਾਂਦੈ।

ਜਿਹੜੀਆਂ ਕੈਦਣਾ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਯਾਨੀ ਕਿ ਮਾਨਸਿਕ ਤਵਾਜ਼ਨ ਗੁਆ ਬਹਿੰਦੀਆਂ ਜਾਂ ਫਿਰ ਲਾਇਲਾਜ ਬਿਮਾਰੀ ਵਿੱਚ ਗ੍ਰਸਤ ਹੋ ਜਾਂਦੀਆਂ ਉਨ੍ਹਾਂ ਨੂੰ ਜੇਲ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੰਦੇ ਜਿਥੇ ਇਲਾਜ ਇਕੋ ਸੀ। ਜ਼ਹਿਰ ਦਾ ਟੀਕਾ। ਇਲਾਜ ਲਈ ਗਈ ਕੈਦਣ ਵਾਪਸ ਨਹੀਂ ਆਉਂਦੀ ਸੀ। ਇੱਕ ਡਾਕਟਰਾਂ ਦੀ ਵਿਸ਼ੇਸ਼ ਟੀਮ ਜੇਲ੍ਹ ਵਿੱਚ ਆਈ ਤੇ ਕਿਹਾ ਕਿ ਵਧੀਕ ਗੰਭੀਰ ਕੈਦੀਆਂ ਨੂੰ ਵਡੇ ਹਸਪਤਾਲ ਵਿੱਚ ਲਿਜਾ ਕੇ ਇਲਾਜ ਕਰਨਾ ਹੈ। ਇਨ੍ਹਾਂ ਵਿੱਚ ਅਪਾਹਜ, ਟੀਬੀ, ਸਿਫਲਿਸ ਦੀਆਂ ਮਰੀਜ਼, ਮਾਨਸਿਕ ਰੋਗਣਾ, ਦਮੇ ਦੀਆਂ ਮੀਰਜ਼ ਔਰਤਾਂ ਸਨ। ਦੋ ਟਰੱਕ ਆਏ, ਲੱਦ ਕੇ ਲੈ ਗਏ। ਅਗਲੇ ਦਿਨ ਉਨ੍ਹਾਂ ਦੀਆਂ ਵਰਦੀਆਂ ਵਾਪਸ ਜੇਲ੍ਹ ਪੁੱਜੀਆਂ ਤਾਂ ਪਤਾ ਲੱਗਾ ਕਿ ਟਰੱਕਾਂ ਵਿੱਚ ਲੱਦ ਕੇ ਉਨ੍ਹਾਂ ਨੂੰ ਕਬਰਸਤਾਨ ਵਿੱਚ ਦਫਨਾ ਦਿੱਤਾ ਗਿਆ। ਇਸ ਪਿਛੋਂ ਯਹੂਦੀ ਜ਼ਨਾਨੀਆਂ ਦੀਆਂ ਸੂਚੀਆਂ ਬਣੀਆਂ। ਸਭ ਦਫਨ ਕੀਤੀਆਂ ਗਈਆਂ। ਗਰਭਵਤੀ ਔਰਤਾਂ ਗ੍ਰਿਫਤਾਰ ਹੋ ਕੇ ਅੰਦਰ ਆਉਂਦੀਆਂ। ਕੰਮ ਅਤੇ ਭੁਖਮਰੀ ਕਾਰਨ ਜੇ ਗਰਭਪਾਤ ਨਾ ਹੁੰਦਾ ਤੇ ਬੱਚਾ ਜੰਮ ਪੈਂਦਾ, ਹਸਪਤਾਲ ਦਾ ਡਾਕਟਰ ਦਸਦਾ- ਮਰਿਆ ਹੋਇਆ ਬੱਚਾ ਪੈਦਾ ਹੋਇਆ। ਵਾਸਤਵ ਵਿੱਚ ਨਵਜਾਤ ਹਰੇਕ ਬੱਚਾ ਇਸ਼ਨਾਨ ਕਰਵਾਉਣ ਵਾਲੇ ਟੱਬ ਵਿੱਚ ਡਬੋ ਕੇ ਮਾਰਿਆ ਜਾਂਦਾ।

ਪੱਤਰਕਾਰ ਹੋਣ ਕਾਰਨ ਉਹ ਕੁਝ ਨਾ ਭੁੱਲਦੀ, ਅਣਗਿਣਤ ਸਨਸਨੀਖੇਜ਼ ਘਟਨਾਵਾਂ ਸੁਣ ਕੇ ਦੁਖੀ ਹੁੰਦੀ, ਦੁਖੀ ਇਸ ਲਈ ਨਹੀਂ ਕਿ ਹੈਵਾਨੀਅਤ ਪਸਰ ਗਈ ਹੈ, ਦੁਖੀ ਇਸ ਕਰਕੇ ਹੁੰਦੀ ਕਿ ਉਹ ਇਸ ਵਿਰੁੱਧ ਕੁਝ ਕਰ ਨਹੀਂ ਸਕਦੀ। ਫਿਰ ਕਹਿ ਦਿੰਦੀ, ਹੋਰ ਕੁਝ ਨੀ ਕਰ ਸਕਦੀ, ਕਿਤਾਬ ਤਾਂ ਲਿਖਾਂਗੀ ਹੀ ਲਿਖਾਂਗੀ।

ਜਰਮਨਾ ਨੇ ਰੂਸ ਤੇ ਹੱਲਾ ਬੋਲ ਦਿੱਤਾ। ਬਹੁਤ ਸਾਰੀਆਂ ਰੂਸੀ ਔਰਤਾਂ ਇਸੇ ਤਸੀਹਾ ਕੇਂਦਰ ਵਿੱਚ ਲਿਆਂਦੀਆਂ ਗਈਆਂ। ਚੈੱਕ ਤੇ ਜਰਮਨ ਕਮਿਊਨਿਸਟ ਔਰਤਾਂ ਨੇ ਇਨ੍ਹਾਂ ਦਾ ਸਵਾਗਤ ਕੀਤਾ। ਖੁਸ਼ ਹੋਈਆਂ ਕਿ ਅਸਲੀ ਦੇਸ ਦੀਆਂ ਅਸਲੀ ਕਮਿਊਨਿਸਟ ਇਨਕਲਾਬਣਾ ਆਈਆਂ ਹਨ। ਇਨ੍ਹਾਂ ਤੋਂ ਬਾਕੀ ਕੈਦਣਾ ਬੜਾ ਕੁਝ ਸਿੱਖਣਗੀਆਂ। ਉਨ੍ਹਾਂ ਦੇ ਬਦਬੂ ਮਾਰਦੇ ਕੱਪੜੇ ਧੋਏ ਤੇ ਜੂਆਂ ਕੱਢੀਆਂ। ਇਨ੍ਹਾਂ ਔਰਤਾਂ ਦੀ ਜ਼ਬਾਨ ਏਨੀ ਗੰਦੀ ਕਿ ਮਰਦਾਂ ਨੂੰ ਸ਼ਰਮਾ ਜਾਏ। ਨਾ ਇਨ੍ਹਾਂ ਨੂੰ ਇਨਕਲਾਬ ਦਾ ਕੋਈ ਪਤਾ ਸੀ ਨਾ ਸਮਾਜਵਾਦ ਦਾ। ਇਹ ਸਿਆਸਤ ਤੋਂ ਕੋਰੀਆਂ ਅਨਪੜ੍ਹ ਔਰਤਾਂ ਸਨ। ਕੁਝ ਕੁ ਨੇ ਸਟਾਲਿਨ ਅਤੇ ਉਸਦੀ ਸਰਕਾਰ ਨੂੰ ਉਹ ਗਾਲਾਂ ਵਾਹੀਆਂ ਕਿ ਮਲਾਹਾਂ ਦੀ ਬਦਜ਼ਬਾਨ ਮਾਤ ਖਾ ਜਾਏ। ਚੈੱਕ ਕਮਿਊਨਿਸਟ ਨੇਤਾ ਬੀਬੀ ਪਲੈਕੋਵਾ ਪਹਿਲਾਂ ਤਾਂ ਕੁੱਝ ਦਿਨ ਕਹਿੰਦੀ ਰਹੀ ਕਿ ਸਾਰੀਆਂ ਰੂਸਣਾ ਏਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ ਪਰ ਹਫਤੇ ਕੁ ਬਾਅਦ ਉਸਦਾ ਵੀ ਮਾਨਸਿਕ ਤਵਾਜਨ ਵਿਗੜ ਗਿਆ। ਮਿਲੇਨਾ ਨੇ ਉਸਨੂੰ ਹਸਪਤਾਲ ਵਿੱਚ ਨਹੀਂ ਜਾਣ ਦਿੱਤਾ ਕਿਉਂਕਿ ਉਥੇ ਉਸਨੂੰ ਟੀਕਾ ਲਾ ਕੇ ਮਾਰ ਦੇਣਾ ਸੀ। ਜਦੋਂ ਹਾਲਤ ਬਦਤਰ ਹੋ ਗਈ, ਉਸਨੂੰ ਨਸ਼ੇ ਦਾ ਟੀਕਾ ਲਾਇਆ ਗਿਆ, ਉਹ ਚੀਕਦੀ ਰਹੀ- ਮੈਂ ਠੀਕ ਹਾਂ... ਮੈਂ ਠੀਕ ਹਾਂ, ਕਿਉਂਕਿ ਉਸਨੂੰ ਲੱਗਿਆ ਇਹ ਜ਼ਹਿਰ ਦਾ ਟੀਕਾ ਹੈ। ਫਿਰ ਉਸਨੂੰ ਹਸਪਤਾਲ ਲੈ ਗਏ। ਇੱਕ ਔਰਤ ਨੇ ਦੱਸਿਆ- ਉਸਦੀ ਹਾਲਤ ਬਦਤਰ ਹੁੰਦੀ ਗਈ। ਉਸਨੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਘੰਟਿਆਂ ਬੱਧੀ ਕੰਧ ਨਾਲ ਢੋਅ ਲਾਕੇ ਖਲੋਤੀ ਰਹਿੰਦੀ, ਫਿਰ ਚੀਕਣ ਲਗਦੀ- ਸਟਾਲਿਨ ਆਈ ਲਵ ਯੂ। ਦੋ ਹਫਤਿਆਂ ਬਾਦ ਜਦੋਂ ਉਸਦੀ ਲਾਸ਼ ਹਸਪਤਾਲੋਂ ਬਾਹਰ ਆਈ ਉਹ ਹੱਡੀਆਂ ਦੀ ਮੁੱਠੀ ਸੀ। ਆਪੇ ਮਰੀ ਕਿ ਟੀਕਾ ਲਾਕੇ ਮਾਰੀ ਗਈ ਕਿਸੇ ਨੂੰ ਪਤਾ ਨਹੀਂ।

ਕਮਿਊਨਿਸਟ ਕੈਦਣਾ ਦਾ ਵਰਤਾਰਾ ਅਜੀਬ ਸੀ। ਉਹ ਕੈਦਣਾ ਨੂੰ ਇਹ ਨਹੀਂ ਸਨ ਪੁਛਦੀਆਂ ਕਿ ਭੁਖੀਆਂ ਹੋ, ਜਾਂ ਦਰਦ ਕੁਝ ਘਟਿਆ ਕਿ ਨਹੀਂ, ਉਹ ਪੁਛਿਆ ਕਰਦੀਆਂ- ਤੂੰ ਕਾਮਰੇਡ ਹੈਂ ਕਿ ਨਹੀਂ। ਉਨ੍ਹਾਂ ਦੇ ਖਿਆਲ ਵਿੱਚ ਬਾਕੀ ਲੋਕ, ਕੁਲੀ, ਮਜ਼ਦੂਰ, ਬਿਮਾਰ, ਮਰਦੇ ਨੇ ਤਾਂ ਮਰਨ, ਕਮਿਊਨਿਸਟ ਬਚਣੇ ਚਾਹੀਦੇ ਨੇ, ਇਹ ਵਰਤਾਰਾ ਮਿਲੇਨਾ ਨੂੰ ਦੁਖੀ ਕਰਦਾ, ਉਹ ਹੋਰ ਸਖਤ ਹੋ ਜਾਂਦੀ। ਮਿਲੇਨਾ ਅੰਦਰਲਾ ਜੱਜ ਉਨ੍ਹਾਂ ਨੂੰ ਲਾਹਨਤਾਂ ਪਾਉਂਦਾ। ਕਮਿਊਨਿਸਟ ਕੈਦਣਾ ਉਸ ਨੂੰ 'ਬੁਰਜੁਆ ਜ਼ਨਾਨੀ’ ਸ਼ਬਦਾਂ ਦੀ ਅਕਸਰ ਗਾਲ ਦਿੰਦੀਆਂ।

ਜਰਮਨੀ ਨੇ ਰੂਸ ਤੇ ਹੱਲਾ ਬੋਲਿਆ ਤਾਂ ਮਿਲੇਨਾ ਤੋਂ ਇਲਾਵਾ ਸਾਰੀਆਂ ਕੈਦਣਾ ਖੁਸ਼ ਹੋਈਆਂ ਕਿ ਜਿੱਤ ਯਕੀਨਨ ਰੂਸ ਦੀ ਹੋਵੇਗੀ ਤੇ ਫਿਰ ਉਨ੍ਹਾ ਦੀ ਰਿਹਾਈ ਹੋਏਗੀ। ਮਿਲੇਨਾ ਦੀ ਰਾਜਨੀਤਕ ਸਮਝ ਅਥਾਹ ਸੀ। ਉਸਨੇ ਕਿਹਾ- ਜੇ ਸਟਾਲਿਨ ਜਿੱਤ ਗਿਆ ਤਾ ਯੋਰਪ ਉਸਦੇ ਸਾਰੇ ਪੁਰਾਣੇ ਗੁਨਾਹ ਮਾਫ ਕਰ ਦਏਗਾ ਤੇ ਨਵੇਂ ਗੁਨਾਹ ਕਰਨ ਦੀ ਇਜਾਜ਼ਤ ਦਏਗਾ, ਰਾਸ਼ਟਰੀ ਸਮਾਜਵਾਦ ਤੇ ਕਮਿਊਨਿਜ਼ਮ ਵਖ ਵਖ ਨਹੀਂ ਹਨ। ਕਾਮਰੇਡ ਔਰਤਾਂ ਇਹ ਗੱਲਾਂ ਸੁਣ ਕੇ ਬਾਕੀਆਂ ਨੂੰ ਆਖਦੀਆਂ- ਜਦੋਂ ਆਪਾਂ ਸਭ ਰਿਹਾਅ ਹੋਵਾਂਗੀਆਂ ਤਾਂ ਮਿਲੇਨਾ ਅਤੇ ਮਾਰਗ੍ਰੇਟ ਨੂੰ ਕੰਧ ਵਲ ਮੂੰਹ ਕਰਵਾਕੇ ਗੋਲੀਆਂ ਨਾਲ ਭੁੰਨ ਦਿਤਾ ਜਾਏਗਾ।

ਆਖਰ ਮਿਲੇਨਾ ਇਸ ਨਰਕ ਵਿੱਚ ਹਾਰ ਗਈ। ਉਸਨੂੰ ਅਧਰੰਗ ਦਾ ਦੌਰਾ ਪਿਆ। ਉਸਦਾ ਚਿਹਰਾ ਨੁੱਚੜ ਗਿਆ, ਉਸਨੂੰ ਬਿਮਾਰੀ ਦਾ ਦੁਖ ਨਹੀਂ ਸੀ, ਸੋਚਦੀ ਸੀ ਜ਼ਹਿਰ ਦਾ ਟੀਕਾ ਲਾਉਣਗੇ। ਸ਼ੀਸ਼ਾ ਦੇਖਕੇ ਕਹਿਣ ਲੱਗੀ- ਮੈਂ ਬਿਲਕੁਲ ਉਸ ਬਾਂਦਰ ਵਰਗੀ ਹੋ ਗਈ ਹਾਂ ਜਿਹੜਾ ਸਾਡੀ ਗਲੀ ਵਿੱਚ ਮੰਗਤੇ ਸਾਹਮਣੇ ਨੱਚਿਆ ਕਰਦਾ ਸੀ ਤੇ ਅਸੀਂ ਹੱਸ ਹੱਸ ਕੇ ਲੋਟ ਪੋਟ ਹੋ ਹੋ ਕੇ ਭੀਖ ਦਿੰਦੇ। ਜੀਵਨ ਛੋਟਾ ਮਾਰਗ੍ਰੇਟ, ਮੌਤ ਵੱਡੀ।

ਇਸੇ ਹਸਪਤਾਲ ਵਿੱਚ ਇੱਕ ਦਿਨ ਮਰਦ ਕੈਦੀਆਂ ਨੂੰ ਇਲਾਜ ਵਾਸਤੇ ਲਿਆਂਦਾ ਗਿਆ। ਇੱਕ ਮਰੀਜ਼ ਨੂੰ ਮਿਲੇਨਾ ਨੇ ਪਛਾਣ ਲਿਆ, ਇਹ ਤਾਂ ਪ੍ਰਸਿੱਧ ਚੈੱਕ ਇਤਿਹਾਸਕਾਰ ਜ਼ੇਵਿਸ ਕਲੰਦਰਾ ਸੀ। ਨਰਸ ਦੀ ਮਿੰਨਤ ਕਰਕੇ ਮਿਲੇਨਾ ਨੇ ਉਸ ਕੋਲ ਪਰਚੀ ਭੇਜੀ, ਲਿਖਿਆ ਸੀ-ਖਾਣ ਲਈ ਕੁੱਝ ਭੇਜਾਂ? ਜ਼ੇਵਿਸ ਨੇ ਜਵਾਬ ਦਿਤਾ, ਦੁਬਾਰਾ ਪਰਚੀ ਨਾ ਭੇਜੀਂ ਮਿਲੇਨਾ। ਤੂੰ ਤੇ ਮੈਂ ਵਡੀ ਮੁਸੀਬਤ ਵਿੱਚ ਫਸ ਜਾਵਾਂਗੇ। ਚੰਗੀ ਕਿਸਮਤ ਨੂੰ 1945 ਵਿੱਚ ਜ਼ੇਵਿਸ ਰਿਹਾ ਹੋਕੇ ਪਰਾਗ ਪੁੱਜ ਗਿਆ ਜਿਥੇ 1949 ਵਿੱਚ ਕਮਿਊਨਿਸਟਾਂ ਨੇ ਗ੍ਰਿਫਤਾਰ ਕਰਕੇ ਉਸਨੂੰ ਗੱਦਾਰ ਐਲਾਨ ਕੇ ਮੌਤ ਦੀ ਸਜ਼ਾ ਦਿੱਤੀ।

ਜੇਲ੍ਹ ਕਮਾਂਡੈਂਟ ਨੇ ਮਿਲੇਨਾ ਅਤੇ ਮਾਰਗ੍ਰੇਟ ਗੱਲਾਂ ਕਰਦੀਆਂ ਦੇਖ ਲਈਆਂ। ਉਸਨੇ ਗਰਜਦਿਆਂ ਮਾਰਗ੍ਰੇਟ ਨੂੰ ਕਿਹਾ- ਮੇਰੇ ਪਿਛੇ ਆ। ਉਹ ਤੁਰ ਪਈ। ਉਸਦੇ ਗਰਮ ਕੱਪੜੇ ਉਤਰਵਾ ਕੇ ਠੰਢੇ ਸੂਤੀ ਕੱਪੜੇ ਪੁਆਏ ਗਏ ਤੇ ਤਹਿਖਾਨੇ ਵਿੱਚ ਬੰਦ ਕਰ ਦਿਤੀ। ਇਹ ਇਮਾਰਤ ਪਹਿਲੋਂ ਬੈਂਕ ਹੁੰਦੀ ਸੀ ਤੇ ਇਹ ਜ਼ਮੀਨਦੋਜ਼ ਲੋਹੇ ਦਾ ਬਕਸਾ ਸਟਰਾਂਗ ਰੂਮ ਸੀ। ਉਹ ਨਾ ਰੋਈ ਕੁਰਲਾਈ, ਨਾ ਤਰਸ ਕਰਨ ਲਈ ਮਿੰਨਤਾਂ ਕੀਤੀਆਂ, ਕਿਹਾ ਕਰਦੀ- ਸਾਇਬੇਰੀਆ ਦਾ ਪੰਜ ਸਾਲਾ ਨਰਕ ਭੁਗਤ ਚੁਕੀ, ਫਿਰ ਇਸ ਸਭ ਕੁਝ ਦਾ ਕੀ ਮਾਇਨਾ? ਭੁਖੀ ਰੱਖਿਆ ਗਿਆ ਕਈ ਦਿਨਾਂ ਤੱਕ, ਤਾਂ ਸੁਫਨੇ ਆਉਂਦੇ ਜਿਵੇਂ ਆਲੇ ਦੁਆਲੇ ਡਬਲ ਰੋਟੀਆਂ ਦੇ ਪਹਾੜ ਹੋਣ। ਠੰਢ ਹੋਣ ਕਰਕੇ ਸੁਫਨਿਆਂ ਵਿੱਚ ਰੇਸ਼ਮੀ ਰਜਾਈਆਂ ਦਿਸਦੀਆਂ। ਕੁਝ ਦਿਨਾਂ ਬਾਦ ਇਹ ਸਭ ਬੰਦ। ਨਾ ਭੁਖ ਰਹੀ ਨਾਂ ਠੰਢ ਲੱਗੀ, ਆਲਾ ਦੁਆਲਾ ਸ਼ਾਂਤ ਹੋ ਗਿਆ, ਇਸ ਨੂੰ ਮੌਤ ਦੀ ਸ਼ਾਂਤੀ ਕਹੋਗੇ ਕਿ ਜੀਵਨ ਦੀ ਆਸ, ਪਤਾ ਨਹੀਂ, ਪਰ ਅਜੇ ਮਿਲੇਨਾ ਵਾਸਤੇ ਜਿਉਣਾ ਚਾਹੁੰਦੀ ਸੀ। ਉਸਨੂੰ ਮਾਰਗ੍ਰੇਟ ਦੀ ਲੋੜ ਸੀ। ਇੱਕ ਦਿਨ ਬੰਕਰ ਦਾ ਦਰਵਾਜਾ ਖੁੱਲ੍ਹਿਆ, ਇੱਕ ਕੈਦੀ ਔਰਤ ਨੇ ਨਿਕਾ ਜਿਹਾ ਪੈਕਟ ਦਿਤਾ। ਕਿਹਾ- ਮਿਲੇਨਾ ਨੇ ਭੇਜਿਆ ਹੈ, ਲੁਕਾ ਲੈ। ਮੈਂ ਚੱਲੀ। ਇੱਕ ਮੁੱਠੀ ਚੀਨੀ, ਥੋੜੀ ਕੁ ਬਰੈੱਡ ਤੇ ਦੋ ਬੰਦ। ਮਿਲੇਨਾ ਦੇ ਪਾਪਾ ਨੇ ਜੋ ਭੇਜਿਆ, ਉਸ ਵਿੱਚੋਂ ਹਿੱਸਾ। ਇੱਕ ਦਿਨ ਇਹੀ ਕੈਦਣ ਫੇਰ ਕੁਝ ਦੇਣ ਆਈ, ਮਾਰਗ੍ਰੇਟ ਨੇ ਪੋਟਲੀ ਹੱਥ ਵਿੱਚ ਫੜ ਲਈ, ਉਹ ਔਰਤ ਗਿੜਗਿੜਾਈ, ਕਹਿਣ ਲੱਗੀ - ਗ੍ਰੇਟ, ਮੈਂ ਮਿਲੇਨਾ ਨੂੰ ਤੇਰੇ ਵਲੋਂ ਕਹਿ ਦਿਆਂ ਕਿ ਤੈਨੂੰ ਕਿਸੇ ਚੀਜ਼ ਦੀ ਲੋੜ ਨੀ? ਇਹ ਖਤਰਨਾਕ ਕੰਮ ਹੈ ਗ੍ਰੇਟ, ਕਹਿਦਾਂ? ਉਸਨੇ ਹਾਂ ਵਿੱਚ ਸਿਰ ਹਿਲਾਇਆ। ਇਸ ਨੇਰ੍ਹੇ ਨਰਕ ਵਿੱਚ ਉਹ ਚਾਰ ਮਹੀਨੇ ਬੰਦ ਰਹੀ।

ਮਿਲੇਨਾ ਨੂੰ ਪਤਾ ਨਹੀਂ ਸੀ ਕਿ ਮਾਰਗ੍ਰੇਟ ਜਿਉਂਦੀ ਹੈ ਕਿ ਨਹੀਂ। ਉਹ ਕਮਾਂਡਰ ਰੈਮਡੋਰ ਕੋਲ ਗਈ। ਕਮਾਂਡਰ ਪੂਰਾ ਜਲਾਦ ਸੀ। ਮਿਲੇਨਾ ਨੇ ਕਿਹਾ- ਜੇ ਤੂੰ ਮੈਨੂੰ ਗ੍ਰੇਟ ਨੂੰ ਮਿਲਵਾ ਦਏਂ ਤਾਂ ਤੈਨੂੰ ਅਜਿਹਾ ਭੇਦ ਦੱਸਾਂਗੀ ਕਿ ਤੇਰੀ ਨੌਕਰੀ ਬਚ ਸਕੇ। ਰੈਮ ਉਛਲਿਆ, ਇਕ ਬਿਮਾਰ ਕੈਦਣ ਦੀ ਇਹ ਹਿੰਮਤ? ਜਦੋਂ ਉਲਟਾ ਸਿੱਧਾ ਬਕਵਾਸ ਕਰਨ ਲੱਗਾ ਤਾਂ ਮਿਲੇਨਾ ਨੇ ਕਿਹਾ- ਠੀਕ ਹੈ, ਤੇਰੀ ਮਰਜ਼ੀ। ਵਾਪਸ ਤੁਰਨ ਲੱਗੀ ਤਾਂ ਰੈਮ ਨੇ ਕਿਹਾ- ਅੱਛਾ, ਤਾਂ ਦੱਸ। ਮਿਲੇਨਾ ਨੇ ਕਿਹਾ- ਪਹਿਲਾਂ ਗ੍ਰੇਟ ਨੂੰ ਮਿਲਾ। ਰੈਮ ਨੇ ਕਿਹਾ- ਬਾਦ ਵਿਚ ਮਿਲਾਵਾਂਗਾ। ਮਿਲੇਨਾ ਨੇ ਕਿਹਾ- ਮੰਨ ਲਵਾਂ ਕਿ ਇਹ ਜਰਮਨ ਨਾਗਰਿਕ ਦਾ ਵਾਅਦਾ ਹੈ? ਰੈਮ ਨੇ ਹਾਂ ਵਿਚ ਸਿਰ ਹਿਲਾਇਆ। ਇਹੋ ਜਿਹੀ ਗੱਲ ਤੇ ਜਰਮਨ ਜਲਦੀ ਫੂਕ ਛਕ ਜਾਂਦੇ ਹਨ- ਪ੍ਰਾਮਿਸ ਆਫ ਏ ਜਰਮਨ। ਮਿਲੇਨਾ ਨੇ ਦੱਸਿਆ ਕਿ ਬਿਮਾਰ ਕੈਦਣਾਂ ਨੂੰ ਜ਼ਹਿਰ ਦੇ ਟੀਕੇ ਨਾਲ ਮਾਰਿਆ ਜਾ ਰਿਹਾ ਹੈ। ਜੋ ਕੈਦੀ ਕੈਦਣਾਂ ਬਿਮਾਰ ਨਹੀਂ ਪਰ ਸੋਨੇ ਦਾ ਕੋਈ ਦੰਦ ਹੈ, ਡਾ. ਰੇਜ਼ਨਥਾਲ ਤੇ ਨਰਸ ਗੇਰਡਾ ਜੋ ਡਾਕਟਰ ਦੀ ਰਖੇਲ ਹੈ ਮਾਰ ਦਿੰਦੇ ਹਨ। ਨਵਜਾਤ ਬੱਚੇ ਪਾਣੀ ਵਿਚ ਡੋਬ ਕੇ ਮਾਰੇ ਜਾਂਦੇ ਹਨ। ਇਕ ਕੈਦਣ ਨੇ ਖੁਦ ਬੱਚਾ ਜੰਮ ਦਿੱਤਾ, ਬੱਚੇ ਦੀਆਂ ਚੀਕਾਂ ਸਭ ਨੇ ਸੁਣੀਆਂ ਪਰ ਨਰਸ ਨੇ ਐਲਾਨ ਕੀਤਾ ਕਿ ਮਰਿਆ ਹੋਇਆ ਬੱਚਾ ਪੈਦਾ ਹੋਇਐ।

ਰੈਮ ਨੂੰ ਕਿਹੜਾ ਇਨ੍ਹਾਂ ਗੱਲਾਂ ਦਾ ਪਤਾ ਨਹੀਂ ਸੀ। ਪਰ ਉਹ ਡਰ ਗਿਆ ਕਿ ਗੱਲ ਹੁਣ ਨਸ਼ਰ ਹੋ ਗਈ ਹੈ, ਮੈਂ ਆਪਣੇ ਸਿਰ ਖਤਰਾ ਕਿਉਂ ਲਵਾਂ? ਖ਼ੈਰ ਉਸਨੇ ਮਿਲੇਨਾ ਅਤੇ ਗ੍ਰੇਟ ਦੀ ਮੁਲਾਕਾਤ ਕਰਵਾ ਦਿੱਤੀ ਤੇ ਡਾਕਟਰ ਅਤੇ ਨਰਸ ਨੂੰ ਗ੍ਰਿਫਤਾਰ ਕਰ ਲਿਆ। ਜੇ ਕਿਤੇ ਰੈਮ ਡਾਕਟਰ ਦੀ ਤਰਫਦਾਰੀ ਕਰਨ ਦਾ ਫੈਸਲਾ ਕਰ ਲੈਂਦਾ ਤਾਂ ਮਿਲੇਨਾ ਦੇ ਸਿਰ ਵਿਚ ਗੋਲੀ ਵੱਜਣੀ ਸੀ, ਇਸ ਗੱਲ ਦਾ ਮਿਲੇਨਾ ਨੂੰ ਪਤਾ ਸੀ, ਪਰ ਫਿਰ ਕੀ? ਇਸ ਨਾਲ ਵੀ ਕੀ ਫਰਕ ਪੈਂਦਾ? ਮਿਲੇਨਾ ਸਭ ਕਾਸੇ ਲਈ ਤਿਆਸ ਸੀ। ਪਰ ਗ੍ਰੇਟ ਨੂੰ ਮਿਲਣਾ ਜ਼ਰੂਰੀ ਸੀ। ਉਸਦੀ ਜ਼ਿੰਦਗੀ ਕੀਮਤੀ ਸੀ ਕਿਉਂਕਿ ਮਿਲੇਨਾ ਨੇ ਉਸ ਤੋਂ ਕਿਤਾਬ ਲਿਖਵਾਣੀ ਸੀ। ਮਿਲੇਨਾ ਖੁਦ ਲਿਖਣ ਤੋਂ ਅਪਾਹਜ ਹੋ ਗਈ ਸੀ।

ਇੱਕ ਦਿਨ ਰੈਮਡੋਰ ਮਿਲੇਨਾ ਕੋਲ ਆ ਕੇ ਬੋਲਿਆ- ਜੇ ਤੂੰ ਕੈਦਣਾਂ ਦੀ ਜਸੂਸੀ ਕਰਨ ਲਗ ਜਾਵੇਂ, ਤੈਨੂੰ ਰਿਆਇਤਾਂ ਦਿਆਂ। ਮਿਲੇਨਾ ਹੱਸ ਪਈ- ਗਲਤ ਸਿਰਨਾਵੇਂ ਤੇ ਪੁੱਜ ਗਿਐ ਰੈਮ। ਮੈਂ ਦੁਖ ਵਿਚ ਤਾਂ ਹਾਂ, ਨਾ ਬੁਜ਼ਦਿਲ ਹਾਂ, ਨਾਂ ਮੂਰਖ। ਰੈਮ ਗੁੱਸਾ ਤਾਂ ਪੀ ਗਿਆ ਪਰ ਆਖਰ ਹੋਰ ਕੀ ਕਹਿੰਦਾ, ਬੋਲਿਆ- ਕੋਈ ਇਸ ਗੱਲ ਤੋਂ ਮੁਨਕਿਰ ਨਹੀਂ ਹੋ ਸਕਦਾ ਮਿਲੇਨਾ ਕਿ ਤੂੰ ਸ਼ਾਨਦਾਰ ਇਨਸਾਨ ਹੈਂ। ਮਿਲੇਨਾ ਨੇ ਕਿਹਾ- ਜੇ ਤੂੰ ਮੁਨਕਿਰ ਹੋ ਜਾਵੇਂ ਤਾਂ ਵੀ ਕੀ ਫਰਕ? ਮੈਂ ਹਾਂ ਈ ਜਦੋਂ ਸ਼ਾਨਦਾਰ।

ਕਾਫਕਾ ਨੇ ਮਿਲੇਨਾ ਨੂੰ ਖ਼ਤ ਵਿਚ ਦੇਰ ਪਹਿਲਾਂ ਲਿਖਿਆ ਸੀ- ਮੌਤ ਤਾਂ ਹੋਵੇ ਪਰ ਮੌਤ ਦੀ ਤਕਲੀਫ ਨਾ ਹੋਵੇ, ਇਹ ਇੱਛਾ ਗਲਤ ਹੈ। ਇਸ ਇੱਛਾ ਨੂੰ ਨਜ਼ਰਅੰਦਾਜ਼ ਕਰਕੇ ਵੀ ਮੌਤ ਦਾ ਜ਼ਿਕਰ ਹੋ ਸਕਦੈ।

ਇਕ ਦਿਨ ਮਿਲੇਨਾ ਨੇ ਮਾਰਗ੍ਰੇਟ ਨੂੰ ਕਿਹਾ- ਮੈਨੂੰ ਆਪਣੀ ਧੀ ਹੌਂਜ਼ਾ ਦੀ ਕੋਈ ਖਬਰ ਨੀਂ ਮਿਲੀ। ਕਿਸ ਰੰਗ ਦੇ ਕੱਪੜੇ ਪਹਿਨਦੀ ਹੋਵੇਗੀ? ਕੀ ਲੰਮੀਆਂ ਜੁਰਾਬਾਂ ਪਾਉਂਦੀ ਹੈ ਉਹ? ਖਾਸ ਖਾਸ ਦਿਨੀਂ ਕੀ ਕਰਿਆ ਕਰਦੀ ਹੈ? ਕੀ ਪਤਾ ਸਕੂਲ ਜਾਣੋ ਹਟ ਕੇ ਪਿਆਨੋ ਵਜਾਉਂਦੀ ਰਹਿੰਦੀ ਹੋਏ ਸਾਰਾ ਦਿਨ ? ਨਾਨਾ ਆਪਣੀ ਦੋਹਤੀ ਉਪਰ ਉਵੇਂ ਸਖਤੀ ਕਰਦਾ ਹੋਇਗਾ ਜਿਵੇਂ ਮੇਰੇ ਉੱਪਰ?

ਇਕ ਦਿਨ ਮਿਲੇਨਾ ਨੇ ਪਿਤਾ ਦਾ ਖ਼ਤ ਗ੍ਰੇਟ ਨੂੰ ਪੜ੍ਹਨ ਲਈ ਦਿੱਤਾ। ਇਸ ਖਤ ਵਿਚ ਫਿਕਰ, ਧੀ ਪ੍ਰਤੀ ਪਿਆਰ ਅਤੇ ਸੱਚੇ ਦੁਖ ਤੋਂ ਇਲਾਵਾ ਕੁਝ ਨਹੀਂ ਸੀ। ਮਿਲੇਨਾ ਨੇ ਕਿਹਾ- ਖੂਨ ਦੇ ਰਿਸ਼ਤੇ ਬਾਬਤ ਪਿਆਰ ਪ੍ਰਗਟਾਉਣ ਦਾ ਮੇਰੇ ਪਾਪਾ ਦਾ ਆਪਣਾ ਹੀ ਅੰਦਾਜ਼ ਹੈ। ਇਸ ਨਾਲ ਕੀ ਫਰਕ ਪੈਂਦੈ? ਸਾਫ ਗੱਲ ਕੇਵਲ ਇਹ ਹੈ ਕਿ ਉਹ ਨਿਰਦਈ ਹੈ ਹੋਰ ਕੁਝ ਨਹੀਂ। ਮਿਲੇਨਾ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਗੈੱਸਟਾਪੋ ਨੇ ਉਸਦੀ ਮਾਸੂਮ ਧੀ ਉਪਰ ਜੁਲਮ ਢਾਏ ਪਰ ਉਹ ਟੁੱਟੀ ਨਹੀਂ, ਕੋਈ ਭੇਦ ਨਹੀਂ ਦਿੱਤਾ, ਗੁੰਗੀ ਅਤੇ ਬੋਲੀ ਹੋ ਗਈ ਸੀ ਸਿਪਾਹੀਆਂ ਸਾਹਮਣੇ। ਉਸ ਦਾ ਨਾਨਾ ਫਖ਼ਰ ਨਾਲ ਦੋਸਤਾਂ ਵਿਚ ਇਸ ਗੱਲ ਦਾ ਜ਼ਿਕਰ ਕਰਿਆ ਕਰਦਾ ਸੀ।

ਸਾਰੀਆਂ ਸਖੀਆਂ ਨੇ ਫੈਸਲਾ ਕੀਤਾ ਕਿ 10 ਅਗਸਤ 1943 ਨੂੰ ਮਿਲੇਨਾ ਦਾ ਜਨਮ ਦਿਨ ਮਨਾਇਆ ਜਾਵੇ। ਡਰਦਿਆਂ, ਕਿਤੇ ਮਿਲੇਨਾ ਦਾ ਆਖਰੀ ਜਨਮ ਦਿਨ ਹੋਵੇ, ਸਾਰੀਆਂ ਉਸ ਵਾਸਤੇ ਤੁਹਫੇ ਤਿਆਰ ਕਰਦੀਆਂ ਰਹੀਆਂ। ਇਕ ਨੇ ਕਢਾਈ ਮਸ਼ੀਨ ਉਪਰ ਨਿੱਕੇ ਰੁਮਾਲ ਤੇ ਮਿਲੇਨਾ ਦਾ ਕੈਦੀ ਨੰਬਰ ਉਕਰਿਆ, ਇਕ ਨੇ ਕੱਪੜੇ ਉਪਰ ਲਾਲ ਰੰਗ ਦੀ ਟਾਕੀ ਕੱਟ ਕੇ ਨਿਕਾ ਜਿਹਾ ਦਿਲ ਬਣਾਇਆ, ਉਪਰ ਲਿਖਿਆ- ਮਿਲੇਨਾ। ਗੱਲ ਕੀ ਮੇਜ਼ ਸੁਗਾਤਾਂ ਨਾਲ ਭਰ ਗਿਆ। ਇਸ ਪਾਰਟੀ ਵਿਚ ਨਰਤਕੀਆਂ, ਪੱਤਰਕਾਰ, ਚਿਤਰਕਾਰ, ਸਹਿਤਕਾਰ, ਸਿਆਸਤਦਾਨ ਹਰ ਕਿਸਮ ਦੀਆਂ ਕੈਦਣਾਂ ਸਨ। ਦੰਦਾਂ ਦੇ ਬੁਰਸ਼ ਨਾਲ ਹੀ ਅਨੇਕ ਚਿਤਰ ਤਿਆਰ ਕਰ ਲਏ ਗਏ। ਮਿਲੇਨਾ ਇਹ ਸਾਰਾ ਕੁਝ ਦੇਖ ਕੇ ਰੋ ਪਈ- ਏਨਾ ਵੱਡਾ ਸਰਪ੍ਰਾਈਜ਼? ਫਿਰ ਮਾਫੀ ਮੰਗੀ ਕਿ ਮੈਂ ਕਿੰਨੇ ਕਿੰਨੇ ਦਿਨ ਤੁਹਾਨੂੰ ਮਿਲ ਨੀਂ ਸਕਦੀ। ਪਰ ਹੁਣ ਮੈਂ ਠੀਕ ਹੋ ਜਾਵਾਂਗੀ।

ਉਹ ਕਿਹਾ ਕਰਦੀ- ਤੁਹਾਡੇ ਕੋਲ ਦੋ ਤਿੰਨ ਜਣੇ ਹੋਣ ਜੇ, ਮੇਰਾ ਮਤਲਬ ਹੈ, ਬਸ ਇਕ ਸਹੀ ਦੋਸਤ ਹੋਵੇ ਜਿਸ ਦੇ ਸਾਹਮਣੇ ਕਮਜ਼ੋਰ ਹੋਣ ਵਿਚ ਸ਼ਰਮ ਨਾ ਆਵੇ, ਜਿਹੜਾ ਦਿਆਲੂ ਹੋਵੇ ਕਿ ਉਸ ਅੱਗੇ ਪਸ਼ਚਾਤਾਪ ਕਰ ਸਕੋ, ਫਿਰ ਤੁਹਾਡੇ ਵਰਗਾ ਕੌਣ ਹੈ ਹੋਰ? ਤੁਸੀਂ ਉਸੇ ਤੋਂ ਕਿਸੇ ਰਿਆਇਤ ਦੀ ਉਮੀਦ ਕਰ ਸਕਦੇ ਹੋ ਜਿਹੜਾ ਤੁਹਾਨੂੰ ਪਿਆਰ ਕਰਦਾ ਹੋਵੇ। ਬਾਕੀਆਂ ਤੋਂ ਕੌਣ ਰਿਆਇਤ ਮੰਗਦਾ ਹੈ? ਆਪਣੇ ਆਪ ਨਾਲ ਤਾਂ ਕੋਈ ਰਿਆਇਤ ਕਰਦਾ ਵੀ ਨਹੀਂ।

ਸਾਲ 1944 ਦੀਆਂ ਸਰਦੀਆਂ ਕਹਿਰਵਾਨ ਸਨ। ਹਿਟਲਰ ਥਾਂ ਥਾਂ ਹਾਰ ਰਿਹਾ ਸੀ ਪਰ ਇਧਰ ਕੈਦੀ ਕਿਹੜਾ ਬਚਣ ਲਗੇ ਸਨ। ਇਕ ਇਕ ਦਿਨ ਵਿਚ ਪੰਜਾਹ ਪੰਜਾਹ ਮੌਤਾਂ ਹੁੰਦੀਆਂ। ਕੈਦੀ ਆਪਣੇ ਮੁਰਦੇ ਆਪ ਢੋਂਦੇ। ਬਹੁਤੇ ਤਾਬੂਤ ਕੀ ਕਰਨੇ? ਇਕ ਇਕ ਕੱਫਨ ਵਿਚ ਦੋ ਦੋ ਪਿੰਜਰ ਵੜ ਜਾਂਦੇ। ਕਈ ਵਾਰ ਇਨ੍ਹਾਂ ਦੀ ਵੀ ਲੋੜ ਨਾਂ ਪੈਂਦੀ। ਟੋਆ ਪੁਟਿਆ, ਮੁਰਦੇ ਸੁੱਟੇ ਤੇ ਮਾੜੀ ਮੋਟੀ ਮਿਟੀ ਪਾ ਦਿੱਤੀ। ਕਬਰਾਂ ਦੀ ਖੁਦਾਈ ਕੈਦੀ ਕਰਦੇ। ਠੇਕੇਦਾਰ ਵੇਡਲੈਂਡ ਆਪਣੀ ਘੋੜਾ ਗੱਡੀ ਉਪਰ ਲਾਸ਼ਾਂ ਢੋਇਆ ਕਰਦਾ ਸੀ ਪਰ ਕੰਮ ਵਧ ਜਾਣ ਕਰਕੇ ਉਸਨੇ ਟਰੱਕ ਲੈ ਲਿਆ।

ਮਿਲੇਨਾ ਇਸ ਕਰਕੇ ਘਸਰਦੀ ਘਸਰਦੀ ਕੰਮ ਤੇ ਜਾਂਦੀ ਕਿ ਕਿਤੇ ਉਸਨੂੰ ਪੂਰਨ ਅਪਾਹਜ ਸਮਝ ਕੇ ਟੀਕਾ ਨਾ ਲਾ ਦੇਣ। ਉਂਜ ਉਸ ਅੰਦਰਲੀ ਜੀਵਨ ਰੌ ਖਤਮ ਹੋ ਗਈ ਸੀ। ਕਦੀ ਹਉਕਾ ਲੈ ਕੇ ਕਹਿੰਦੀ- ਮੈਂ ਜਿਉਂਦੀ ਪਰਾਗ ਨਹੀਂ ਜਾ ਸਕਦੀ ਹੁਣ। ਜੇ ਕਿੱਤੇ ਵੇਡਲੈਂਡ ਆਖਾ ਮੰਨ ਲਵੇ, ਮੇਰੀ ਲਾਸ਼ ਪਰਾਗ ਪੁਚਾ ਦੇਵੇ? ਉਹਦੀ ਜਾਕਟ ਕਿੰਨੀ ਸੁਹਣੀ ਐ, ਕਿੰਨਾ ਭਲਾ ਮਨੁੱਖ ਹੈ ਉਹ।

ਪਹਿਲੇ ਡਾਕਟਰ ਦੀ ਬਦਲੀ ਪਿਛੋਂ ਅੰਗਰੇਜ਼ ਡਾਕਟਰ ਟ੍ਰਾਇਟ ਆਇਆ। ਉਹ ਭਲਾ ਜੁਆਨ ਸੀ। ਉਸਨੇ ਮਿਲੇਨਾ ਨੂੰ ਦੱਸਿਆ ਕਿ ਉਹ ਮਿਲੇਨਾ ਦੇ ਪਾਪਾ ਦਾ ਵਿਦਿਆਰਥੀ ਰਿਹਾ ਹੈ। ਮਿਲੇਨਾ ਨੂੰ ਇਤਬਾਰ ਆ ਗਿਆ। ਡਾਕਟਰ ਨੇ, ਉਸਦਾ ਮੁਕੰਮਲ ਮੁਆਇਨਾ ਕੀਤਾ। ਇਕ ਗੁਰਦਾ ਪੂਰੀ ਤਰ੍ਹਾਂ ਅਲਸਰ ਨੇ ਨਕਾਰਾ ਕਰ ਦਿੱਤਾ ਸੀ। ਇਹ ਕੱਢਣਾ ਜ਼ਰੂਰੀ ਸੀ। ਤਿਆਰੀਆਂ ਹੋ ਗਈਆਂ। ਖੂਨ ਕਿਥੇ ਸੀ? ਚੜ੍ਹਾਇਆ ਗਿਆ। ਇਹ ਜਨਵਰੀ 1944 ਦੀ ਗੱਲ ਹੈ। ਉਸਨੇ ਖੂਨ ਚੜ੍ਹਨ ਤੋਂ ਬਾਦ ਖੁਸ਼ੀ ਖੁਸ਼ੀ ਆਪਣੇ ਲਾਲ ਲਾਲ ਹੱਥ ਕੈਦਣਾਂ ਨੂੰ ਦਿਖਾਏ। ਆਪ੍ਰੇਸ਼ਨ ਸ਼ੁਰੂ ਹੋਇਆ ਤਾਂ ਬਦਕਿਸਮਤੀ ਨਾਲ ਬੇਹੋਸ਼ੀ ਦੌਰਾਨ ਵਿਚਕਾਰੋਂ ਜਾਗ ਪਈ ਤੇ ਡਾਕਟਰ ਨੂੰ ਕੱਟ ਕੇ ਕੱਢੀ ਕਿਡਨੀ ਦਿਖਾਉਣ ਲਈ ਕਿਹਾ। ਡਾਕਟਰ ਨੇ ਦਿਖਾ ਦਿੱਤੀ, ਫਿਰ ਬੇਹੋਸ਼ ਕਰ ਦਿੱਤੀ। ਚਿਹਰਾ ਪੀਲਾ ਸੀ। ਪੂਰੀ ਹੋਸ਼ ਵਿਚ ਆਉਣ ਤੋਂ ਪਹਿਲਾਂ ਉਸਦੇ ਬੁੱਲ੍ਹ ਫਰਕੇ, ਚੈੱਕ ਭਾਸ਼ਾ ਵਿਚ ਇਹ ਸ਼ਬਦ ਕਹੇ- ਸ਼ੁਕਰ ਹੈ ਤੇਰਾ ਪਰਮੇਸ਼ਰ ਪਿਤਾ, ਮਿਹਰਬਾਨ ਪਿਤਾ।

ਉਹ ਰਾਜੀ ਹੋਣ ਲੱਗੀ। ਉਸਦੇ ਵਾਰਡ ਵਿਚ ਛੇ ਔਰਤਾਂ ਮੌਤ ਅਤੇ ਜਿੰਦਗੀ ਵਿਚਕਾਰ ਘਿਰੀਆਂ ਘੁਲ ਰਹੀਆਂ ਸਨ। ਮਿਲੇਨਾ ਦੀ ਜਿੰਦਗੀ ਮੁੜੀ ਦੇਖਕੇ ਉਹਨਾਂ ਦੀਆਂ ਅੱਖਾਂ ਵਿਚ ਚਮਕ ਆ ਗਈ, ਜੀਵਨ ਫਿਰ ਧੜਕਣ ਲੱਗਾ। ਮਿਲੇਨਾ ਦੇ ਪਿਤਾ ਨੇ ਪਾਰਸਲ ਭੇਜਿਆ, ਸਭ ਕੁਝ ਮਰੀਜਾਂ ਵਿਚ ਵੰਡ ਦਿੱਤਾ ਗਿਆ। ਮਨਹੂਸ ਕਮਰਾ ਤਿਉਹਾਰ ਵਿਚ ਬਦਲ ਗਿਆ। ਇਕ ਮਾਸੂਮ ਕੁੜੀ ਨੂੰ ਜੇਲ੍ਹ ਦਾ ਖਾਣਾ ਕਦੀ ਨਹੀਂ ਪਚਿਆ, ਮਰਨ ਕਿਨਾਰੇ ਪੁੱਜੀ ਹੋਈ ਸੀ- ਮਿਲੇਨਾ ਦੇ ਪਿਤਾ ਵਲੋਂ ਆਈਆਂ ਖਾਣ ਚੀਜਾਂ ਵੱਲ ਉਹ ਦੇਖਣੋ ਹਟੀ ਹੀ ਨਾ। ਉਸਨੂੰ ਉਸਦਾ ਹਿੱਸਾ ਦਿੱਤਾ ਗਿਆ ਤਾਂ ਉਸਨੇ ਰੱਬ ਦੇ ਸ਼ੁਕਰਾਨੇ ਦਾ ਗੀਤ ਗਾਇਆ। ਸਾਰੀਆ ਕੈਦਣਾਂ ਉਸ ਨਾਲ ਮਿਲ ਕੇ ਗਾਉਣ ਲੱਗੀਆਂ।

ਮਿਲੇਨਾ ਮੰਜੀ ਤੋਂ ਉਠ ਕੇ ਦਰਵਾਜ਼ੇ ਸਾਹਮਣੇ ਬੈਠ ਕੇ ਸੀਖਾਂ ਵਿਚੋਂ ਦੀ ਬਾਹਰਲੀ ਆਜ਼ਾਦ ਦੁਨੀਆਂ ਦੇਖਣ ਲਈ ਉਠਣ ਵਾਸਤੇ ਤਾਣ ਲਾਉਣ ਲੱਗੀ, ਵਿਅਰਥ। ਫਿਰ ਉਹ ਰੋਸ਼ਨਦਾਨ ਵਿਚੋਂ ਦੀ ਆਕਾਸ਼ ਵਿਚ ਉਡਦੇ ਬੱਦਲ ਦੇਖਣ ਲੱਗੀ ਜੋ ਮਰਜੀ ਨਾਲ ਇੱਧਰ ਉਧਰ ਜਾ ਸਕਦੇ ਸਨ। ਇੰਨੇ ਨੂੰ ਭਾਰ ਢੋਂਦੀਆਂ ਕੈਦਣਾਂ ਨੇ ਇਕ ਗੀਤ ਛੇੜ ਲਿਆ:

ਖਿੜ ਗਏ ਨੇ ਦੇਸ ਦੇ ਗੁਲਾਬ।
ਜਾਣਾ ਹੈ ਜਨਾਬ, ਉਥੇ ਜਾਵਾਂਗੇ ਜਨਾਬ।
ਰੰਗ ਬਰੰਗੇ ਖੁਸ਼ਬੂ ਭਿੰਨੇ ਖਿੜ ਗਏ ਗੁਲਾਬ
ਜਾਨੂੰ ਖਿੜ ਗਏ ਗੁਲਾਬ।

ਇਹ ਬੋਲ ਸੁਣ ਕੇ ਮਿਲੇਨਾ ਨੇ ਦੋਵਾਂ ਹੱਥਾਂ ਨਾਲ ਮੂੰਹ ਢਕ ਲਿਆ ਤੇ ਖੂਬ ਰੋਈ।

ਅਪ੍ਰੈਲ ਦੇ ਮਹੀਨੇ ਦੂਜਾ ਗੁਰਦਾ ਖਰਾਬ ਹੋ ਗਿਆ। ਹੁਣ ਸਭ ਉਮੀਦਾਂ ਖਤਮ। ਕੈਦਣਾਂ ਨੇ ਰਲ ਕੇ ਦਿਨੇ ਸੂਰਜ ਅੱਗੇ ਅਰਦਾਸ ਕੀਤੀ, ਰਾਤ ਪਈ ਤਾਂ ਤਾਰਿਆਂ ਅੱਗੇ ਹੱਥ ਜੋੜੇ। ਜਿੰਨੀ ਵਧੀਕ ਹਾਲਤ ਵਿਗੜਦੀ, ਮਿਲੇਨਾ ਉਨੇ ਹੀ ਵਿਸ਼ਵਾਸ ਨਾਲ ਕਿਹਾ ਕਰਦੀ- ਮੈਂ ਠੀਕ ਹੋ ਰਹੀ ਆਂ। ਮੇਰੇ ਪੈਰਾਂ ਦਾ ਰੰਗ ਦੇਖੋ, ਇਹ ਕੋਈ ਮਰਦੀ ਹੋਈ ਔਰਤ ਦੇ ਪੈਰ ਨੇ? ਮੇਰੇ ਹੱਥ ਦੀਆਂ ਲਕੀਰਾਂ ਮਿਟ ਰਹੀਆਂ ਨੇ, ਮਿਟਿਆ ਈ ਕਰਦੀਆਂ ਨੇ।

ਪਿਤਾ ਨੇ ਕੁਝ ਕੁ ਦਿਨਾਂ ਦੇ ਵਕਫੇ ਬਾਦ ਖੂਬਸੂਰਤ ਦ੍ਰਿਸ਼ਾਂ ਵਾਲੇ ਤਿੰਨ ਪੋਸਟਕਾਰਡ ਭੇਜੇ, ਇਹ ਮੋਜ਼ਾਰਟ ਕਲਾਕ੍ਰਿਤਾਂ ਦੀਆਂ ਫੋਟੋਆਂ ਸਨ, ਮਿਲੇਨਾ ਕੈਦਣਾਂ ਨੂੰ ਦਸਦੀ ਰਹਿੰਦੀ- ਦੇਖੋ, ਇਹ ਪੁਲ। ਆਪਣੇ ਦੋਸਤ ਫਰੇਡੀ ਮੇਅਰ ਨਾਲ ਮੈਂ ਇਹ ਪੁਲ ਪਾਰ ਕਰਦੀ ਹੁੰਦੀ, ਅਹਿ ਸੰਤ ਜਾੱਨ ਦਾ ਬੁੱਤ ਹੈ ਜਿਸਦੇ ਪਿਛੇ ਤੰਗ ਗਲੀ ਪਰਾਗ ਦੇ ਬਜ਼ਾਰ ਵੱਲ ਜਾਂਦੀ ਹੈ। ਇਹ ਪੇਂਟਿੰਗ ਦੇਖੋ- ਚਾਰ ਦੇਵਤਿਆਂ ਦੇ ਹੱਥਾਂ ਵਿਚ ਤਲਵਾਰਾਂ ਹਨ, ਦਰਵਾਜ਼ਾ ਲੰਘ ਕੇ ਅਸੀਂ ਮਹੱਲ ਅੰਦਰ ਚਲੇ ਜਾਂਦੇ, ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ।

ਫਿਰ ਪਿਤਾ ਦਾ ਖ਼ਤ ਆਇਆ, ਖੂਬਸੂਰਤ ਬਸੰਤ ਦੀਆਂ ਗੱਲਾਂ ਲਿਖੀਆਂ ਹੋਈਆਂ, ਬਾਗ ਵਿਚ ਪਿਉ ਧੀ ਵਲੋਂ ਪੁਰਾਣੇ ਦਿਨਾਂ ਦੀ ਸਵੇਰ ਦੀ ਸੈਰ, ਜੰਗਲ ਦੀ ਸੈਰ, ਗੱਲਾਂ ਪੜ੍ਹਕੇ ਕਿਹਾ- ਮਾਰਗ੍ਰੇਟ, ਪਾਪਾ ਹੋਰ ਕਿਉਂ ਨਹੀਂ ਲਿਖਦੇ?

ਕੁਝ ਦਿਨਾਂ ਬਾਦ ਪਿਤਾ ਦਾ ਫਿਰ ਖਤ ਆਇਆ।ਲਿਖਿਆ ਸੀ- ਮੁਬਾਰਕ ਧੀਏ। ਮੇਰੀ ਦੋਹਤੀ ਨੇ ਬਾਹਰਵੀਂ ਪਾਸ ਕਰ ਲਈ ਹੈ। ਪੜ੍ਹਨ ਨੂੰ ਚੰਗੀ ਨਿਕਲੀ ਐ। ਪਿਤਾ ਨੇ ਝੂਠ ਲਿਖਿਆ, ਮਿਲੇਨਾ ਨੇ ਝੂਠ ਫੜ ਲਿਆ ਤੇ ਅਗੋਂ ਚਿੱਠੀ ਨਹੀਂ ਪੜ੍ਹੀ।

15 ਮਈ 1944 ਨੂੰ ਵਾਨ ਜ਼ੇਵਿਟ ਦਾ ਭੇਜਿਆ ਪਾਰਸਲ ਆਇਆ। ਮਿਲੇਨਾ ਨੂੰ ਸੁਣਨੋ ਤੇ ਦਿੱਸਣੋ ਘਟ ਗਿਆ ਸੀ। ਬਾਰ ਬਾਰ ਪੁੱਛਦੀ, ਕਿਸਦਾ ਪਾਰਸਲ? ਬਾਰ ਬਾਰ ਦੱਸਿਆ ਜਾਂਦਾ- ਜ਼ੇਵਿਟ ਦਾ। ਉਹ ਦਾ ਜੀ ਕਰਦਾ ਸੀ ਬਾਰ ਬਾਰ ਕੋਈ ਇਹੋ ਨਾਮ ਸੁਣਾਈ ਜਾਵੇ। ਫਿਰ ਸ਼ੁਕਰਾਨੇ ਵਿਚ ਠੰਢਾ ਸਾਹ ਲਿਆ, ਖੁਸ਼ ਹੋ ਕੇ ਕਿਹਾ- ਸ਼ੁਕਰ ਰੱਬ ਸੱਚੇ ਦਾ ਕਿ ਉਹ ਜਿਉਂਦਾ ਹੈ। ਮੈਂ ਸਮਝਦੀ ਰਹੀ ਉਸਨੂੰ ਗੋਲੀ ਮਾਰ ਦਿੱਤੀ ਗਈ।

ਮਿਲੇਨਾ ਦੇ ਪਿਤਾ ਨੂੰ ਜ਼ੇਵਿਟ ਨੇ ਹੀ ਦੱਸਿਆ ਸੀ ਕਿ ਮਿਲੇਨਾ ਕਿਸ ਤਸੀਹਾ ਕੇਂਦਰ ਵਿਚ ਹੈ। ਮਿਲੇਨਾ ਤੋਂ ਬਾਦ ਉਹ ਵੀ ਫੜਿਆ ਗਿਆ ਸੀ ਪਰ ਚੰਗੀ ਕਿਸਮਤ ਜ਼ਮਾਨਤ ਹੋ ਗਈ। ਮਿਲੇਨਾ ਦੀ ਜ਼ਮਾਨਤ ਵਾਸਤੇ ਉਸਨੇ ਇੰਤਜ਼ਾਮ ਕਰ ਲਏ, ਅਦਾਲਤ ਦੀ ਪ੍ਰਵਾਨਗੀ, ਜ਼ਮਾਨਤੀ ਬਾਂਡ। ਵਕੀਲ ਦੇ ਘਰ ਬੰਬ ਡਿਗਿਆ, ਸਭ ਖਤਮ। ਮਾਰਗ੍ਰੇਟ ਆਪਣੀ ਜੇਲ੍ਹ ਡਿਊਟੀ ਦੀ ਮਸ਼ੱਕਤ ਤੇ ਗਈ ਹੋਈ ਸੀ ਕਿ ਇਕ ਕੈਦਣ ਦੌੜੀ ਗਈ- ਮਿਲੇਨਾ ਮਰ ਰਹੀ ਹੈ ਗ੍ਰੇਟ, ਮਿਲੇਨਾ ਮਰ ਰਹੀ ਹੈ ਗ੍ਰੇਟ। ਮਿਲੇਨਾ ਦਾ ਚਿਹਰਾ ਸ਼ਾਂਤ, ਅਨੰਦਿਤ, ਚਮਕਦਾ, ਚਮਕਦੀਆਂ ਨੀਲੀਆਂ ਅੱਖਾਂ ਨਾਲ ਮਾਰਗ੍ਰੇਟ ਵੱਲ ਦੇਖਕੇ ਮਿਲਣ ਲਈ ਬਾਹਾਂ ਫੈਲਾਈਆਂ। ਆਲੇ ਦੁਆਲੇ ਚੈੱਕ ਕੈਦਣਾਂ ਘੇਰਾ ਪਾਈ ਖਲੋਤੀਆਂ ਸਨ। ਫਿਰ ਬੇਹੋਸ਼ ਹੋ ਗਈ। ਦੋ ਦਿਨ ਬਾਦ 17 ਮਈ ਨੂੰ ਹਮੇਸ਼ ਵਾਸਤੇ ਅੱਖਾਂ ਬੰਦ ਹੋ ਗਈਆਂ।ਡਾਕਟਰ ਨੇ ਪਿਤਾ ਜੇਸੈਂਸਕੀ ਨੂੰ ਟੈਲੀਗ੍ਰਾਮ ਦਿੱਤੀ- ਚਾਹੋ ਤਾਂ ਮਿਲੇਨਾ ਦਾ ਤਾਬੂਤ ਪਰਾਗ ਲਿਜਾ ਸਕਦੇ ਹੋ।

ਮਾਰਗ੍ਰੇਟ, ਵੱਡੇ ਜੇਲ੍ਹ ਦਰਵਾਜ਼ੇ ਤੱਕ ਲਾਸ਼ ਵਿਦਾ ਕਰਨ ਗਈ ਲਿਖਦੀ ਹੈ- ਹਲਕੀ ਬੂੰਦਾ ਬਾਂਦੀ ਹੋ ਰਹੀ ਸੀ। ਮੈਂ ਚਾਹੁੰਦੀ ਸਾਂ ਮੇਰੀਆਂ ਗੱਲ੍ਹਾਂ ਉਪਰਲੀਆਂ ਬੂੰਦਾਂ ਨੂੰ ਕਣੀਆਂ ਸਮਝਿਆ ਜਾਵੇ। ਮੌਤ ਤੋਂ ਕੁਝ ਦਿਨ ਪਹਿਲਾਂ ਮਿਲੇਨਾ ਨੇ ਮੈਨੂੰ ਕਿਹਾ- ਯਾਦ ਐ ਨਾ ਤੈਨੂੰ? ਕਿਤਾਬ ਲਿਖਣੀ ਯਾਦ ਹੈ ਨਾ? ਘੱਟੋ ਘੱਟ ਤੂੰ ਮੈਨੂੰ ਨਹੀਂ ਭੁੱਲੇਂਗੀ। ਤੇਰੇ ਰਾਹੀਂ ਮੈਂ ਜਿਉਂਦੀ ਰਹਾਂਗੀ। ਤੇਰੇ ਰਾਹੀਂ ਲੋਕਾਂ ਨੂੰ ਪਤਾ ਲੱਗੇਗਾ ਮਿਲੇਨਾ ਕੁੜੀ ਕੌਣ ਸੀ। ਤੂੰ ਮੇਰੀ ਹਮਦਰਦ ਹੈਂ, ਮੇਰੀ ਜੱਜ। ਉਸਦੇ ਇਹਨਾਂ ਬੋਲਾਂ ਨੇ ਮੈਨੂੰ ਉਸਦੀ ਕਥਾ ਲਿਖਣ ਦੀ ਹਿੰਮਤ ਦਿੱਤੀ। ਮਿਲੇਨਾ ਦੀ ਮੌਤ ਵੇਲੇ ਧੀ ਹੌਂਜ਼ਾ ਗਿਆਰਾਂ ਸਾਲ ਦੀ ਸੀ, ਸਤਾਰਾਂ ਸਾਲ ਦੀ ਉਮਰ ਵਕਤ ਡਾਕਟਰ ਨਾਨਾ ਵਿਦਾ ਹੋ ਗਿਆ। ਮਿਲੇਨਾ ਆਪਣੇ ਸਿਆਸੀ ਅਤੇ ਸਾਹਿਤਕ ਕੰਮਾਂ ਵਿਚ ਏਨੀ ਉਲਝੀ ਰਹਿੰਦੀ ਕਿ ਜਿਸ ਤਰ੍ਹਾਂ ਦੀ ਪਰਿਵਰਿਸ਼ ਪਿਆਰ ਭਰੇ ਮਾਹੋਲ ਵਿਚ ਹੋਣੀ ਚਾਹੀਦੀ ਹੈ, ਹੋਂਜ਼ਾ ਦੀ ਉਵੇਂ ਨਹੀਂ ਹੋਈ। ਮਾਂ ਧੀ ਸਹੇਲੀਆਂ ਵਾਂਗ ਰਹਿੰਦੀਆਂ ਸਨ। ਮਾਪਿਆਂ ਦਾ ਸਹੀ ਪਿਆਰ ਨਾ ਮਿਲਣ ਕਾਰਨ ਇਸ ਕੁੜੀ ਦੀ ਜ਼ਿੰਦਗੀ ਦੁਰਘਟਨਾਵਾਂ ਭਰਪੂਰ ਰਹੀ। ਹੋਂਜ਼ਾ ਦਾ ਬੇਟਾ ਜਾਨ ਸਰਨੀ ਦਸਦਾ ਹੈ ਕਿ ਮੰਮੀ ਕਦੇ ਮੇਰੀ ਨਾਨੀ ਦੀ ਗੱਲ ਨਹੀਂ ਕਰ ਸਕੀ। ਅਸੀਂ ਸਭ ਹੈਰਾਨ ਰਹਿ ਗਏ ਜਦੋਂ ਸਾਨੂੰ ਪਤਾ ਲੱਗਾ ਉਸਨੇ ਤਾਂ ਮਿਲੇਨਾ ਉਪਰ ਕਿਤਾਬ ਲਿਖ ਰੱਖੀ ਹੈ। ਇਸ ਕਿਤਾਬ ਦਾ ਨਾਮ ਹੈ ਕਾਫਕਾ ਦੀ ਮਿਲੇਨਾ (ਕਾਫਕਾ'ਜ਼ ਮਿਲੇਨਾ) ਏ.ਜੀ. ਬਰਨੇ ਨੇ ਚੈੱਕ ਵਿਚੋਂ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ।

ਹੋਂਜ਼ਾ ਲਿਖਦੀ ਹੈ - “ਮਾਂ ਦੀ ਮੌਤ ਤੋਂ ਇਕ ਸਾਲ ਬਾਦ ਯੁੱਧ ਖਤਮ ਹੋ ਗਿਆ। ਮੈਨੂੰ ਯਕੀਨ ਨਹੀਂ ਆਉਂਦਾ ਸੀ ਮਾਂ ਦੀ ਮੌਤ ਦਾ। ਇਕ ਔਰਤ ਨੇ ਮੈਨੂੰ ਲੰਮਾ ਖ਼ਤ ਲਿਖਿਆ। ਇਹ ਬੀਬੀ ਅਖੀਰਲੇ ਸਾਹ ਤੱਕ ਰੇਵੰਸਬਰੁਕ ਜੇਲ੍ਹ ਵਿਚ ਮੰਮੀ ਨਾਲ ਰਹੀ ਸੀ। ਇਸ ਖ਼ਤ ਵਿਚ ਜੇਲ੍ਹ ਅੰਦਰਲੇ ਹਾਲਾਤ ਦਾ ਵਿਸਥਾਰ ਸਹਿਤ ਵਰਣਨ ਸੀ, ਬਹੁਤ ਸਾਰੇ ਕੈਦੀਆਂ ਦੇ ਨਾਮ ਲਿਖੇ ਹੋਏ ਸਨ ਪਰ ਮੈਂ ਏਨੀ ਛੋਟੀ ਸਾਂ ਕਿ ਮੇਰੀ ਕੁਝ ਸਮਝ ਵਿਚ ਨਾ ਆਇਆ। ਮੈਨੂੰ ਕੁੱਝ ਹੋਰ ਚਾਹੀਦਾ ਸੀ, ਕੋਈ ਇਹੋ ਜਿਹਾ ਸਬੂਤ ਜਿਥੋਂ ਮੈਨੂੰ ਪਕਾ ਪੱਤਾ ਲੱਗ ਜਾਵੇ ਕਿ ਮਾਂ ਨਹੀਂ ਰਹੀ। ਪੱਤਰ ਲਿਖਣ ਵਾਲੀ ਆਂਟੀ ਮਾਰਗ੍ਰੇਟ ਇਕ ਦਿਨ ਘਰ ਆ ਗਈ। ਮੰਮੀ ਦਾ ਇਕ ਟੁੱਟਾ ਦੰਦ ਮਾਰਗ੍ਰੇਟ ਨੇ ਸੰਭਾਲ ਲਿਆ ਸੀ। ਉਸਨੇ ਮੈਨੂੰ ਇਹ ਨਿਸ਼ਾਨੀ ਸੌਂਪ ਦਿਤੀ।

ਮੇਜ਼ ਉਪਰ ਮੇਰੇ ਸਾਹਮਣੇ ਮਾਮਾ ਦਾ ਦੰਦ ਪਿਆ ਸੀ, ਉਹੀ ਦੰਦ ਜਿਹੜਾ ਉਸਦੇ ਹਾਸੇ ਵਿਚ ਸ਼ਾਮਲ ਹੋਇਆ ਕਰਦਾ ਸੀ, ਜਿਹੜਾ ਮੇਰੇ ਨਾਲ ਗੱਲਾਂ ਕਰਿਆ ਕਰਦਾ ਸੀ। ਆਂਟੀ ਨੇ ਮੈਨੂੰ ਕਿਹਾ- ਮੇਰੇ ਕੋਲ ਉਹਦਾ ਹੋਰ ਕੁਝ ਨਹੀਂ, ਸੋਚਿਆ ਇਹੀ ਤੈਨੂੰ ਦੇ ਆਵਾਂ, ਸ਼ਾਇਦ ਤੈਨੂੰ ਚੰਗਾ ਲੱਗੇ। ਇਹ ਔਰਤ ਚੰਗੀ ਸੀ, ਦਿਆਲੂ ਸੀ ਪਰ ਚੰਗੇ ਅਤੇ ਦਿਆਲੂ ਲੋਕਾਂ ਵਿਚ ਵੀ ਕਿਧਰੇ ਕੋਈ ਪੱਥਰ ਦਿਲ ਜਲਾੱਦ ਬੈਠਾ ਹੁੰਦਾ ਹੈ। ਦੰਦ ਦੇਖ ਕੇ ਮੈਂ ਕੰਬ ਗਈ। ਪਰ ਚਲੋ ਇਨੀ ਗੱਲ ਠੀਕ ਹੋਈ ਕਿ ਮਾਂ ਦੀ ਮੌਤ ਉਪਰ ਯਕੀਨ ਆ ਗਿਆ।

“ਇਸ ਨਿਸ਼ਾਨੀ ਨੇ ਮੇਰਾ ਵਜੂਦ ਦੁਫਾੜ ਕਰ ਦਿੱਤਾ। ਮੈਂ ਇਹਨੂੰ ਅਪਣੇ ਕੋਲ ਕਿਵੇਂ ਰੱਖਾਂ? ਮਰ ਚੁਕੇ ਬੰਦੇ ਦੇ ਫੁੱਲ ਫੁੱਲਦਾਨ ਵਿਚ ਪਾਕੇ ਕੋਈ ਅਪਣੇ ਨਜ਼ਦੀਕ ਰੱਖ ਸਕਦੈ? ਮੈਂ ਇਹਨੂੰ ਸੁਟ ਵੀ ਨਹੀਂ ਸਕਦੀ ਸਾਂ। ਕੁਦਰਤ ਨੇ ਮੇਰੀ ਮਦਦ ਕੀਤੀ। ਇਸ ਨੂੰ ਸੰਭਾਲ ਕੇ ਮੈਂ ਕਿਸੇ ਅਜਿਹੀ ਥਾਂ ਰੱਖ ਦਿਤਾ ਕਿ ਮੈਨੂੰ ਮੁੜ ਕੇ ਨਹੀਂ ਲੱਭਾ, ਨਾ ਮੈਂ ਲੱਭਣ ਦਾ ਯਤਨ ਕੀਤਾ। ਬੰਦੇ ਨੂੰ ਜੇ ਹਰ ਘਟਨਾ ਯਾਦ ਰਹੀ ਜਾਵੇ, ਉਹ ਤਾਂ ਪਾਗਲ ਹੋ ਕੇ ਖੁਦਕਸ਼ੀ ਕਰ ਲਵੇ। ਬੰਦੇ ਦਾ ਦਿਮਾਗ ਉੱਨੀਆਂ ਕੁ ਯਾਦਾਂ ਸੰਭਾਲਦਾ ਹੈ ਜਿਨੀਆਂ ਕੁ ਦਾ ਭਾਰ ਢੋ ਸਕੇ। ਵੱਡੀ ਸੱਟ ਖਾ ਕੇ ਬੇਹੋਸ਼ ਹੋ ਜਾਣਾ ਵੀ ਤਾਂ ਦਰਦ ਤੋਂ ਬਚਣ ਦਾ ਕੁਦਰਤ ਨੇ ਤਰੀਕਾ ਕੱਢਿਆ ਹੀ ਹੈ। ਮੈਨੂੰ ਲਗਦੈ ਕਿ ਮਾਂ ਨੂੰ ਕੋਈ ਗੱਲ ਨਹੀਂ ਭੁਲਦੀ ਸੀ, ਜਦੋਂ ਮਰਜ਼ੀ ਜੋ ਮਰਜ਼ੀ ਪੁੱਛ ਲਉ। ਜੇ ਉਸ ਵਿਚ ਭੁਲਾ ਦੇਣ ਦੀ ਸ਼ਕਤੀ ਹੁੰਦੀ ਹੋ ਸਕਦੈ ਉਹ ਜਿਉਂਦੀ ਰਹਿ ਸਕਦੀ। ਉਸਨੂੰ ਮਾਰਿਆ ਈ ਉਸ ਦੀ ਯਾਦਦਾਸ਼ਤ ਨੇ ਹੈ।

“ਮੈਂ ਉਸਦੇ ਦੋਸਤਾਂ ਅਤੇ ਦੁਸ਼ਮਣਾ ਨੂੰ ਮਿਲੀ। ਉਸਦੇ ਖ਼ਤ ਅਤੇ ਉਸਦੇ ਲੇਖ ਪੜ੍ਹੇ। ਕਾਫਕਾ ਨੇ ਮਾਮਾ ਨੂੰ ਜੋ ਖ਼ਤ ਲਿਖੇ ਉਹ ਤਾਂ ਕਿਤਾਬ ਰੂਪ ਵਿਚ ਛਪ ਚੁਕੇ ਹਨ। ਮਾਂ ਦੀ ਮੌਤ ਨੂੰ ਹੁਣ ਤੇਈ ਸਾਲ ਹੋ ਗਏ ਹਨ। ਮੈਂ ਸੋਚਿਆ ਹੁਣ ਮੇਰੇ ਕੋਲ ਉਸ ਵਾਸਤੇ ਦੱਸਣ ਲਈ ਕੁਝ ਕੁ ਗੱਲਾਂ ਹਨ। ਪੂਰੀ ਤਰਾਂ ਕਿਸੇ ਬੰਦੇ ਨੂੰ ਕੋਈ ਜਾਣ ਹੀ ਨਹੀਂ ਸਕਦਾ। ਦੂਜੇ ਨੂੰ ਤਾਂ ਕੀ ਜਾਣਨਾ ਅਸੀਂ ਅਪਣੇ ਆਪ ਨੂੰ ਨਹੀਂ ਜਾਣਦੇ। ਇਹ ਮੰਨ ਕੇ ਕਿ ਮਾਮਾ ਨੂੰ ਕੋਈ ਨਹੀਂ ਜਾਣ ਸਕਿਆ, ਨਾ ਜਾਣ ਸਕੇਗਾ, ਮੈ ਲਿਖਣ ਵਾਸਤੇ ਕਲਮ ਚੁੱਕੀ।

“ਇਕ ਦਿਨ ਗੱਲਾਂ ਕਰਦਿਆਂ ਮਾਂ ਨੇ ਅਚਾਨਕ ਕਿਹਾ - ਹੌਂਜ਼ਾ ਤੂੰ ਕਿਸੇ ਵਿਦੇਸੀ ਨੂੰ ਪਿਆਰ ਨਾ ਕਰੀਂ। ਜੇ ਕਰ ਬੈਠੇਂ, ਵਿਆਹ ਨਾ ਕਰੀਂ। ਜੇ ਫਰਜ਼ ਕਰ ਵਿਆਹ ਕਰਾ ਲਵੇਂ ਤਾਂ ਬੱਚੇ ਨਾ ਲਵੀਂ ਉਸ ਤੋਂ। ਮੈਂ ਕਿਹਾ- ਠੀਕ ਹੈ ਮਾਂ। ਮਾਮਾ ਨੇ ਕਿਹਾ - ਵਾਅਦਾ ? ਮੈਂ ਕਿਹਾ ਵਾਅਦਾ ਰਿਹਾ। ਮੈਂ ਉਸ ਗੱਲ ਦਾ ਵਾਅਦਾ ਕਰ ਦਿਤਾ ਜਿਸ ਬਾਰੇ ਉਦੋਂ ਮੈਨੂੰ ਕੋਈ ਪਤਾ ਨਹੀਂ ਸੀ ਕਿ ਇਸ ਸਭ ਦਾ ਮਤਲਬ ਕੀ ਹੈ। ਬਸ ਮਾਮਾ ਨੇ ਕਿਹਾ ਵਾਅਦਾ ਕਰ, ਮੈਂ ਵਾਅਦਾ ਕਰ ਦਿੱਤਾ। ਦਸ ਸਾਲ ਦੀ ਜੁਆਕੜੀ ਨੂੰ ਇਹਨਾ ਗੱਲਾਂ ਦਾ ਕੀ ਪਤਾ ?

“ਨਾਨਾ ਨੇ ਮੈਨੂੰ ਕਿਹਾ, ਤੇਰੇ ਮਾਮਾ ਨਾਲ ਜੇਲ੍ਹ ਵਿਚ ਮੁਲਾਕਾਤ ਕਰਕੇ ਆਉਨੇ ਆਂ। ਆਗਿਆ ਮਿਲ ਗਈ ਹੈ। ਅਸੀਂ ਦੋਵੇਂ ਇਕ ਦਰਵਾਜ਼ਾ ਲੰਘ ਕੇ ਉਸ ਪਾਸੇ ਦੇਖਣ ਲੱਗੇ ਜਿਧਰੋਂ ਮਾਮਾ ਨੇ ਆਉਣਾ ਸੀ। ਇਕ ਔਰਤ ਆਉਂਦੀ ਦਿੱਸੀ। ਨਾ ਮੈਂ ਪਛਾਣ ਸਕੀ, ਨਾ ਨਾਨਾ ਜੀ। ਲੰਗਾ ਕੇ ਤੁਰਦੀ ਦੇਖਕੇ ਅਸੀਂ ਸਮਝ ਗਏ ਕਿ ਮਾਮਾ ਹੈ। ਹੱਥ ਅਤੇ ਪੈਰ ਸੁੱਜੇ ਹੋਏ ਸਨ। ਚਿਹਰਾ ਤਸੀਹਿਆਂ ਕਰਕੇ ਬਦਲ ਗਿਆ ਹੋਇਆ ਸੀ। ਉਸਨੇ ਪੁਛਿਆ - ਪੜ੍ਹਾਈ ਕਿਵੇਂ ਚਲ ਰਹੀ ਐ? ਮੈਂ ਕਿਹਾ - ਸਾਨੂੰ ਜਬਰਨ ਜਰਮਨ ਬੋਲੀ ਸਿਖਾਉਣ ਲਗੇ ਹੋਏ ਹਨ। ਅਸੀਂ ਸਿਖਦੇ ਈ ਨੀ। ਸਾਨੂੰ ਚੰਗੀ ਭਲੀ ਸਮਝ ਆ ਜਾਂਦੀ ਐ ਪਰ ਅਸੀਂ ਟੀਚਰ ਨੂੰ ਕਹਿ ਦਿੰਨੇ ਆਂ ਸਾਨੂੰ ਤਾਂ ਪਤਾ ਨਹੀਂ ਲਗਦਾ ਇਹਦਾ। ਮਾਮਾ ਨੇ ਕਿਹਾ - ਤੂੰ ਮੂਰਖ ਰਹੇਂਗੀ ਸਾਰੀ ਉਮਰ। ਜਰਮਨ ਤੋਂ ਸੁਹਣੀ ਮੈਨੂੰ ਦੱਸ ਦੁਨੀਆਂ ਵਿਚ ਹੋਰ ਕਿਹੜੀ ਬੋਲੀ ਹੈ। ਜੇ ਜਰਮਨ ਲੋਕ ਜਲਾੱਦ ਹੋ ਗਏ ਹਨ ਤਾਂ ਇਸ ਦਾ ਕਸੂਰ ਜਰਮਨ ਬੋਲੀ ਦਾ ਥੋੜ੍ਹਾ ਹੈ।

“ਮਾਮਾ ਇਸ ਰਵਾਇਤ ਦੇ ਖਿਲਾਫ ਸੀ ਕਿ ਮਿਲਣ ਵਕਤ ਜਾਂ ਵਿਦਾਇਗੀ ਵਕਤ ਸਤਿਕਾਰ ਨਾਲ ਝੁਕ ਕੇ ਹੱਥ ਚੁੱਮੋ। ਕਿਹਾ ਕਰਦੀ - “ਹੈਲੋ ਕਹੋ। ਹੱਥ ਮਿਲਾਉ। ਇਹ ਗੁਲਾਮਾਂ ਵਾਲੀ ਆਦਤ ਮੈਨੂੰ ਚਿੜਾ ਦਿੰਦੀ ਹੈ।”

ਗੱਲਾਂ ਕਰਦਿਆਂ ਝੱਟ ਵਿਚ ਸਮਾਂ ਬੀਤ ਗਿਆ। ਮੈਨੂੰ ਯਾਦ ਨਹੀਂ ਕਿੰਨਾ ਕੁ ਚਿਰ ਮਿਲੇ। ਪਰ ਇਉਂ ਲੱਗਿਆ ਜਿਵੇਂ ਅੱਖ ਦੇ ਫੋਰ ਵਿਚ ਸਮਾਂ ਬੀਤ ਗਿਆ। ਜਦੋਂ ਵਿਛੜਨ ਲੱਗੇ, ਮੈਨੂੰ ਪਤਾ ਨੀ ਕੀ ਹੋ ਗਿਆ, ਮਾਂ ਦੀ ਹਦਾਇਤ ਦੇ ਉਲਟ ਮੈਂ ਗੋਡਿਆਂ ਭਾਰ ਬੈਠ ਕੇ ਉਸਦਾ ਸੁੱਜਿਆ ਹੋਇਆ ਹੱਥ ਪਿਛਲੇ ਪਾਸਿਉਂ ਚੁੰਮ ਲਿਆ। ਮੈਨੂੰ ਇਉਂ ਕਰਦਿਆਂ ਦੇਖਕੇ ਪਹਿਲਾਂ ਉਹ ਮੁਸਕਰਾਈ ਫਿਰ ਝਿੜਕਣ ਦੀ ਥਾਂ ਉਸਨੇ ਮੈਨੂੰ ਜੱਫੀ ਵਿਚ ਲੈ ਲਿਆ। ਮੈਂ ਅਪਣੇ ਸਿਰ ਉਪਰ ਹੰਝੂਆਂ ਦਾ ਝਰਨਾ ਵਗਦਾ ਪ੍ਰਤੀਤ ਕਰ ਲਿਆ। ਇਸ ਪਿਛੋਂ ਮੈਂ ਉਹ ਕਦੀ ਨਹੀਂ ਦੇਖੀ। ਮੈਨੂੰ ਮਾਰਗ੍ਰੇਟ ਆਂਟੀ ਨੇ ਦੱਸਿਆ ਸੀ ਕਿ ਇਹ ਗੱਲ ਮਿਲੇਨਾ ਨੇ ਕਈ ਵਾਰ ਉਸਨੂੰ ਸੁਣਾਈ ਸੀ।

“ਪੁਰਾਣੇ ਸਮੇਂ ਵਿਚ ਕਿਸੇ ਨੇ ਜੇਲ੍ਹ ਦੇ ਕਾਨੂੰਨ ਘੜੇ। ਉਹ ਕੌਣ ਸੀ ਤੇ ਕਿਸ ਦੇਸ ਦਾ ਸੀ, ਪਤਾ ਨਹੀਂ ਪਰ ਹਰ ਯੁਗ ਵਿਚ ਹਰੇਕ ਦੇਸ ਦੀਆਂ ਜੇਲ੍ਹਾਂ ਵਿਚ ਇਕੋ ਕਿਸਮ ਦੇ ਉਹੀ ਨਿਯਮ ਅੱਜ ਤੱਕ ਲਾਗੂ ਹਨ। ਕਿਸੇ ਨਾਲ ਦੁਸ਼ਮਣੀ ਹੋ ਗਈ ਲੜ ਪਏ, ਜੇਲ੍ਹ ਵਿਚ ਆ ਗਏ। ਜੇਲ੍ਹ ਅੰਦਰਲੇ ਬੰਦਿਆਂ ਨਾਲ ਵੀ ਦੁਸ਼ਮਣੀਆਂ ਪੈ ਜਾਇਆ ਕਰਦੀਆਂ ਹਨ। ਪਰ ਜਿਸ ਬੰਦੇ ਕਾਰਨ ਸਜ਼ਾ ਹੋਈ, ਜਾਂ ਜਿਸ ਨਾਲ ਜੇਲ੍ਹ ਅੰਦਰ ਲੜਾਈ ਹੋ ਗਈ, ਦੁਸ਼ਮਣ ਉਹ ਨਹੀਂ। ਦੁਸ਼ਮਣ ਉਹ ਹੈ ਜਿਸ ਨੇ ਪਹਿਲੀ ਵਾਰ ਜੇਲ੍ਹ ਦਾ ਕਾਨੂੰਨ ਘੜਿਆ।

“ਡਾਕਟਰ ਨੇ ਨਾਨਾ ਜੀ ਨੂੰ ਮੰਮੀ ਦੀ ਮੌਤ ਦੀ ਟੈਲੀਗ੍ਰਾਮ ਭੇਜੀ ਸੀ ਤੇ ਕਿਹਾ ਸੀ ਲਾਸ਼ ਲੈ ਜਾਉ। ਨਾਨਾ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। ਉਹ ਜਰਮਨੀ ਵਿਚ ਜਾਕੇ ਕਿਥੇ ਲਾਸ਼ ਲਿਆਣ ਜੋਗਾ ਸੀ। ਉਥੇ ਹੀ ਦਫਨ ਕਰਕੇ ਕੁਝ ਨਿਸ਼ਾਨੀਆਂ ਡਾਕਟਰ ਨੇ ਭੇਜ ਦਿਤੀਆਂ ਸਨ। ਅਸੀਂ ਦਿਨ ਰਾਤ ਖਿਆਲ ਰਖਦੇ ਕਿ ਨਾਨਾ ਖੁਦਕਸ਼ੀ ਨਾ ਕਰ ਲਵੇ। ਉਸ ਦੇ ਬੋਲਾਂ ਦੀ ਲੜੀ ਟੁੱਟ ਜਾਂਦੀ ਸੀ। ਗੱਲ ਸ਼ੁਰੂ ਕਿਤੋਂ ਕਰਦਾ, ਖਤਮ ਕਿਤੇ ਹੋਰ। ਇਸ ਖਬਰ ਤੋਂ ਬਾਦ ਉਸਨੇ ਮੈਨੂੰ ਮਿਲੇਨਾ ਆਖ ਕੇ ਬੁਲਾਉਣਾ ਸ਼ੁਰੂ ਕਰ ਦਿਤਾ।

“ਮੈਂ ਜੇਰੋਮਰ ਨੂੰ ਇਹ ਖ਼ਬਰ ਦੇਣ ਗਈ। ਰੋ ਰੋ ਕੇ ਸੁੱਜੀਆਂ ਉਸਦੀਆਂ ਅੱਖਾਂ ਤੋਂ ਮੈਂ ਸਮਝ ਗਈ ਉਸਨੂੰ ਪਹਿਲੋਂ ਹੀ ਪਤਾ ਹੈ। ਸਾਰਿਆਂ ਤੋਂ ਵਧੀਆ ਮੈਨੂੰ ਲੁਮੀਰ ਅੰਕਲ ਲੱਗਿਆ। ਮੈਂ ਉਸਨੂੰ ਖ਼ਬਰ ਦੇਣ ਵਾਸਤੇ ਘਰ ਗਈ ਤਾਂ ਮੇਰਾ ਕਾਲਾ ਗਾਉਨ ਦੇਖ ਕੇ ਬਿਨਾ ਦੱਸਿਆਂ ਉਹ ਸਮਝ ਗਿਆ। ਉਸਨੇ ਇਕ ਲਫਜ਼ ਵੀ ਹਮਦਰਦੀ ਜਾਂ ਉਦਾਸੀ ਦਾ ਨਹੀਂ ਕਿਹਾ। ਉਹਨੂੰ ਪਤਾ ਸੀ ਇਹੋ ਜਿਹੇ ਲਫਜ਼ਾਂ ਤੋਂ ਮੈਂ ਥੱਕੀ ਹੋਈ ਹਾਂ। ਮੈਨੂੰ ਕਹਿੰਦਾ - “ਹੋਂਜ਼ਾ ਚੱਲ ਬਾਜ਼ਾਰ ਚੱਲੀਏ। ਅਸੀਂ ਦੋ ਘੰਟੇ ਇਧਰ ਉਧਰ ਫਿਰਦੇ ਰਹੇ। ਉਸਨੇ ਮਾਮਾ ਦੀਆਂ ਗੱਲਾਂ ਤਾਂ ਮੇਰੇ ਨਾਲ ਕੀਤੀਆਂ ਪਰ ਇਸ ਤਰਾਂ ਜਿਵੇਂ ਉਹ ਜਿਉਂਦੀ ਹੋਵੇ। ਮੈਨੂੰ ਉਹਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ। ਮੇਰੀ ਥਕਾਣ ਅਤੇ ਉਦਾਸੀ ਲੱਥ ਗਈ।"

('ਆਰਟ ਤੋਂ ਬੰਦਗੀ ਤੱਕ' ਵਿੱਚੋਂ)

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਹਰਪਾਲ ਸਿੰਘ ਪੰਨੂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ