Qadiryaar ਕਾਦਰਯਾਰ

ਕਾਦਰਯਾਰ (੧੮੦੩ ?-੧੮੯੨) ਉਨੀਂਵੀਂ ਸਦੀ ਦੇ ਪੰਜਾਬੀ ਬੋਲੀ ਦੇ ਮਸ਼ਹੂਰ ਕਵੀ ਸਨ । ਉਨ੍ਹਾਂ ਦੀ ਰਚਨਾ ਕਿੱਸਾ ਪੂਰਨ ਭਗਤ ਬਹੁਤ ਹੀ ਹਰਮਨ ਪਿਆਰੀ ਰਹੀ ਹੈ । ਉਨ੍ਹਾਂ ਨੇ ਇਸ ਕਿੱਸੇ ਤੋਂ ਇਲਾਵਾ ਕਿੱਸਾ ਰਾਜਾ ਰਸਾਲੂ, ਕਿੱਸਾ ਸੋਹਣੀ-ਮਹੀਂਵਾਲ, ਸੀਹਰਫ਼ੀਆਂ ਹਰੀ ਸਿੰਘ ਨਲੂਆ, ਮਹਿਰਾਜਨਾਮਾ ਅਤੇ ਰਾਜਨਾਮਾ ਲਿਖੇ ਹਨ ।ਉਹ ਲਿਖਦਾ ਹੈ ਕਿ ਪੂਰਨ ਭਗਤ ਦਾ ਕਿੱਸਾ ਲਿਖਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਇਕ ਖੂਹ ਇਨਾਮ ਵਿਚ ਦਿੱਤਾ ਸੀ ।

Qissa Puran Bhagat Qadir Yaar

ਕਿੱਸਾ ਪੂਰਨ ਭਗਤ ਕਾਦਰਯਾਰ

ਪਹਿਲੀ ਸੀਹਰਫ਼ੀ
ਪੂਰਨ ਦਾ ਜਨਮ
1

ਅਲਫ਼ ਆਖ ਸਖੀ ਸਿਆਲਕੋਟ ਅੰਦਰ,
ਪੂਰਨ ਪੁੱਤ ਸਲਵਾਨ ਨੇ(ਦੇ) ਜਾਇਆ ਈ ।
ਜਦੋਂ ਜੰਮਿਆਂ ਰਾਜੇ ਨੂੰ ਖਬਰ ਹੋਈ,
ਸੱਦ ਪੰਡਤਾਂ ਵੇਦ ਪੜ੍ਹਾਇਆ ਈ ।
ਬਾਰਾਂ ਬਰਸ ਨਾ ਰਾਜਿਆ ਮੂੰਹ ਲੱਗੀਂ,
ਦੇਖ ਪੰਡਤਾਂ ਏਵ ਫ਼ਰਮਾਇਆ ਈ ।
ਕਾਦਰਯਾਰ ਮੀਆਂ ਪੂਰਨ ਭਗਤ ਤਾਈਂ,
ਬਾਪ ਜੰਮਦਿਆਂ ਹੀ ਭੋਰੇ ਪਾਇਆ ਈ ।

2

ਬੇ ਬੇਦ ਉੱਤੇ ਜਿਵੇਂ ਲਿਖਿਆ ਸੀ,
ਤਿਵੇਂ ਪੰਡਤਾਂ ਆਖ ਸੁਣਾਇ ਦਿਤਾ ।
ਪੂਰਨ ਇਕ ਹਨੇਰਿਓਂ ਨਿਕਲਿਆ ਸੀ,
ਦੂਜੀ ਕੋਠੜੀ ਦੇ ਵਿਚ ਪਾਇ ਦਿਤਾ ।
ਸਭੋ ਗੋਲੀਆਂ ਬਾਂਦੀਆਂ ਦਾਈਆਂ ਨੂੰ,
ਬਾਰ੍ਹਾਂ ਬਰਸ ਦਾ ਖਰਚ ਪਵਾਇ ਦਿਤਾ ।
ਕਾਦਰਯਾਰ ਮੀਆਂ ਪੂਰਨ ਭਗਤ ਤਾਈਂ,
ਬਾਪ ਜੰਮਦਿਆਂ ਕੈਦ ਕਰਵਾਇ ਦਿਤਾ ।

3

ਤੇ ਤਾਬਿਆ ਨਾਲ ਉਸਤਾਦ ਹੋਏ,
ਲਗੇ ਵਿਦਿਆ ਅਕਲ ਸਿਖਾਵਣੇ ਨੂੰ ।
ਛਿਆਂ ਬਰਸਾਂ ਦਾ ਪੂਰਨ ਭਗਤ ਹੋਇਆ,
ਪਾਂਧੇ ਪੋਥੀਆਂ ਦੇਣ ਪੜ੍ਹਾਵਣੇ ਨੂੰ ।
ਤੀਰ-ਅੰਦਾਜ਼ੀਆਂ ਹੱਥ ਕਮਾਨ ਦਿੰਦੇ,
ਦਸਨ ਤਰਕਸਾਂ ਤੀਰ ਚਲਾਵਣੇ ਨੂੰ ।
ਕਾਦਰਯਾਰ ਜੁਆਨ ਜਾਂ ਹੋਇਆ ਪੂਰਨ,
ਦੰਮ ਦੰਮ ਲੋਚੇ ਬਾਹਰ ਆਵਣੇ ਨੂੰ ।

ਪੂਰਨ ਦਾ ਪਿਓ ਦੇ ਦਰਬਾਰ ਆਉਣਾ
4

ਸੇ ਸਾਬਤੀ ਵਿਦਿਆ ਸਿੱਖ ਕੇ ਜੀ,
ਬਾਰਾਂ ਬਰਸ ਗੁਜ਼ਰੇ ਖ਼ਬਰਦਾਰ ਹੋਇਆ ।
ਪੂਰਨ ਪੁਤ੍ਰ ਰਾਜੇ ਸਲਵਾਹਨ ਤਾਈਂ,
ਪਾਨ ਲੈ ਕੇ ਮਿਲਣ ਤਿਯਾਰ ਹੋਇਆ ।
ਚੜ੍ਹੀ ਹਿਰਸ ਰਾਜੇ ਸਲਵਾਹਨ ਤਾਈਂ,
ਚੁਕ ਅੱਡੀਆਂ ਪੱਬਾਂ ਦੇ ਭਾਰ ਹੋਇਆ ।
ਕਾਦਰਯਾਰ ਸੂਰਤ ਰਾਜੇ ਜਦੋਂ ਡਿਠੀ,
ਚੜ੍ਹੀ ਹਿਰਸ ਤੇ ਮਸਤ ਸੰਸਾਰ ਹੋਇਆ ।

5

ਜੀਮ ਜਾਇ ਰਾਜੇ ਸਲਵਾਹਨ ਆਂਦੀ,
ਇਕ ਇਸਤ੍ਰੀ ਹੋਰ ਵਿਆਹਿ ਕੇ ਜੀ ।
ਉਸ ਦੀ ਜਾਤ ਚਮਿਆਰੀ ਤੇ ਨਾਮ ਲੂਣਾ,
ਘਰ ਆਂਦੀ ਸੀ ਈਨ ਮਨਾਇ ਕੇ ਜੀ ।
ਸੂਰਤ ਉਸਦੀ ਚੰਦ ਮਹਿਤਾਬ ਵਾਂਗੂੰ,
ਜਦੋਂ ਬੈਠੀ ਸੀ ਜੇਵਰ ਪਾਇ ਕੇ ਜੀ ।
ਕਾਦਰਯਾਰ ਕੀ ਆਖ ਸੁਣਾਵਸਾਂ ਮੈਂ,
ਪੰਛੀ ਡਿਗਦੇ ਦਰਸ਼ਨ ਪਾਇ ਕੇ ਜੀ ।

6

ਹੇ ਹਾਰ ਸ਼ਿੰਗਾਰ ਸਭ ਪਹਿਰ ਕੇ ਜੀ,
ਪੂਰਨ ਨਾਲ ਮਹੂਰਤਾਂ ਬਾਹਰ ਆਇਆ ।
ਕੱਢ ਭੋਰਿਓਂ ਬਾਪ ਦਾ ਭੌਰ ਤਾਜ਼ੀ,
ਨਿਗ੍ਹਾ ਰਖ ਕੇ ਵਿਚ ਬਾਜ਼ਾਰ ਆਇਆ ।
ਖ਼ੁਸ਼ੀ ਬਹੁਤ ਹੋਈ ਰਾਣੀ ਇਛਰਾਂ ਨੂੰ,
ਦਰਿ ਘਰ ਦੇਣ ਵਧਾਈਆਂ ਸੰਸਾਰ ਆਇਆ ।
ਕਾਦਰਯਾਰ ਮੀਆਂ ਬਾਰਾਂ ਬਰਸ ਪਿਛੋਂ,
ਪੂਰਨ ਰਾਜਿਆਂ ਦੇ ਦਰਬਾਰ ਆਇਆ ।

7

ਖ਼ੇ ਖ਼ੁਸ਼ੀ ਹੋਈ ਸਲਵਾਹਨ ਰਾਜੇ,
ਪੂਰਨ ਆਇ ਕੇ ਜਦੋਂ ਸਲਾਮ ਕੀਤਾ ।
ਖ਼ੁਸ਼ੀ ਨਾਲ ਨਾ ਮੇਉਂਦਾ ਵਿਚ ਜਾਮੇ,
ਗਊਆਂ ਮਣਸੀਆਂ ਤੇ ਪੁੰਨ ਦਾਨ ਕੀਤਾ ।
ਪੂਰਨ ਵਿਚ ਕਚਹਿਰੀ ਦੇ ਆਣ ਬੈਠਾ,
ਲੋਕਾਂ ਸਭਨਾਂ ਵਲ ਧਿਆਨ ਕੀਤਾ ।
ਕਾਦਰਯਾਰ ਮੀਆਂ ਸਲਵਾਹਨ ਰਾਜੇ,
ਹੱਥੋਂ ਸਾਈਂ ਦੇ ਨਾਮ ਕੁਝ ਦਾਨ ਕੀਤਾ ।

8

ਦਾਲ ਦਸਦਾ ਪੁਛਦਾ ਲਾਗੀਆਂ ਨੂੰ,
ਸਲਵਾਹਨ ਰਾਜਾ ਤਦੋਂ ਗਜ ਕੇ ਜੀ ।
ਪੂਰਨ ਭਗਤ ਦਾ ਢੂੰਡਸਾਂ ਸਾਕ ਯਾਰੋ,
ਜਿਥੇ ਚਲ ਢੁਕੀਏ ਦਿਨ ਅਜ ਕੇ ਜੀ ।
ਮੈਨੂੰ ਸਿਕਦਿਆਂ ਰਬ ਨੇ ਲਾਲ ਦਿੱਤਾ,
ਅੱਖੀਂ ਵੇਖ ਲੀਤਾ ਹੁਣ ਰੱਜ ਕੇ ਜੀ ।
ਕਾਦਰਯਾਰ ਮੀਆਂ ਪੂਰਨ ਭਗਤ ਅਗੋਂ,
ਕਹਿੰਦਾ ਸੁਖਨ ਸੱਚਾ ਇਕ ਵਜ ਕੇ ਜੀ ।

9

ਜ਼ਾਲ ਜ਼ਰਾ ਨਾ ਬਾਪ ਤੋਂ ਸੰਗ ਕਰਦਾ,
ਕਹਿੰਦਾ ਬਾਬਲਾ ਪੁੱਤ ਵਿਆਹੁ ਨਾਹੀ ।
ਜਿਸ ਵਾਸਤੇ ਲੋਕ ਵਿਆਹ ਕਰਦੇ,
ਮੇਰੇ ਮਨ ਅਜੇ ਕੋਈ ਚਾਹੁ ਨਾਹੀ ।
ਮੇਰਾ ਭੌਰ ਸਲਾਮਤੀ ਰਹੂ ਏਵੇਂ,
ਬੰਨ ਬੇੜੀਆਂ ਬਾਬਲਾ ਪਾਉ ਨਾਹੀ ।
ਕਾਦਰਯਾਰ ਨਾ ਸੰਗਦਾ ਕਹੇ ਪੂਰਨ,
ਮੈਥੋਂ ਰਬ ਦਾ ਨਾਉਂ ਭੁਲਾਉ ਨਾਹੀ ।

10

ਰੇ ਰੰਗ ਤਗੀਰ ਹੋ ਗਿਆ ਸੁਣ ਕੇ,
ਪੂਰਨ ਭਗਤ ਵਲੋਂ ਸਲਵਾਹਨ ਦਾ ਈ ।
ਕੋਲੋਂ ਉਠਿ ਵਜ਼ੀਰ ਨੇ ਮਤਿ ਦਿਤੀ,
ਅਜੇ ਇਹ ਕੀ ਰਾਜਿਆ ਜਾਣਦਾ ਈ ।
ਜਦੋਂ ਹੋਗੁ ਜੁਆਨ ਕਰ ਲੈਗੁ ਆਪੇ,
ਤੈਥੋਂ ਬਾਹਰਾ ਫ਼ਿਕਰ ਵਿਆਹਨ ਦਾ ਈ ।
ਕਾਦਰਯਾਰ ਵਜ਼ੀਰ ਦੇ ਲਗ ਆਖੇ,
ਰਾਜਾ ਫੇਰ ਖ਼ੁਸ਼ੀ ਅੰਦਰ ਆਂਵਦਾ ਈ ।

11

ਜ਼ੇ ਜ਼ੁਬਾਨ ਥੀਂ ਰਾਜੇ ਨੇ ਹੁਕਮ ਕੀਤਾ,
ਘਰ ਜਾਹੁ ਸਲਾਮ ਕਰ ਮਾਈਆਂ ਨੂੰ ।
ਜਿਸ ਵਾਸਤੇ ਭੋਰੇ ਦੇ ਵਿਚ ਪਾਇਆ,
ਹੁਣ ਮੋੜ ਨਾ ਖ਼ੁਸ਼ੀਆਂ ਆਈਆਂ ਨੂੰ ।
ਹੁਕਮ ਬਾਪ ਦਾ ਉਠ ਕੇ ਮੰਨ ਤੁਰਦਾ,
ਅਗੇ ਲਾਇ ਲੈਂਦਾ ਨਫ਼ਰਾਂ ਨਾਈਆਂ ਨੂੰ ।
ਕਾਦਰਯਾਰ ਮੈਂ ਸਿਫ਼ਤਿ ਕੀ ਕਰਾਂ ਉਸ ਦੀ,
ਰੰਨਾਂ ਦੇਖ ਭੁਲਾਇਆ ਸਾਈਆਂ ਨੂੰ ।

ਪੂਰਨ ਦਾ ਲੂਣਾ ਨੂੰ ਮਿਲਣ ਜਾਣਾ
12

ਸੀਨ ਸ਼ਹਿਰ ਆਇਆ ਘਰ ਮਾਈਆਂ ਦੇ,
ਪੂਰਨ ਪੁਛਦਾ ਨੌਕਰਾਂ ਚਾਕਰਾਂ ਨੂੰ ।
ਜਿਸ ਜਾਇਆ ਓਸ ਨੂੰ ਮਾਨ ਵੱਡਾ,
ਮਥਾ ਟੇਕਣਾ ਅਬਲਾ ਮਾਤਰਾਂ ਨੂੰ ।
ਰਾਣੀ ਲੂਣਾਂ ਦੇ ਮਹਿਲ ਨੂੰ ਰਵਾਂ ਹੋਇਆ,
ਅੰਦਰ ਜਾਇ ਵੜਿਆ ਪੁਤਰ ਖਾਤਰਾਂ ਨੂੰ ।
ਕਾਦਰਯਾਰ ਬਹਾਲ ਕੇ ਨਫ਼ਰ ਪਿਛੇ,
ਪੌੜੀ ਚੜ੍ਹਿਆ ਮੱਥਾ ਟੇਕਨ ਮਾਤਰਾਂ ਨੂੰ ।

13

ਸ਼ੀਨ ਸ਼ੌਕ ਦੇ ਨਾਲ ਜੋ ਭਗਤ ਪੂਰਨ,
ਮੱਥਾ ਟੇਕਣ ਮਤਰੇਈ ਨੂੰ ਜਾਉਂਦਾ ਜੀ ।
ਅਗੇ ਲੰਘ ਕੇ ਸਾਹਮਣੇ ਖੜਾ ਹੁੰਦਾ,
ਹੱਥ ਬੰਨ੍ਹ ਕੇ ਸੀਸ ਨਿਵਾਉਂਦਾ ਜੀ ।
ਸੂਰਤ ਵੇਖ ਕੇ ਹੋਇ ਬੇਤਾਬ ਗਈ,
ਹੋਰ ਕੁਝ ਨਾਹੀ ਨਜ਼ਰ ਆਉਂਦਾ ਜੀ ।
ਕਾਦਰਯਾਰ ਜੋ ਲੂਣਾ ਦੇ ਦਿਲ ਅੰਦਰ,
ਆਣ ਪਾਪ ਜੋ ਘੇਰੜਾ ਪਾਉਂਦਾ ਜੀ ।

14

ਸੁਵਾਦ ਸਿਫ਼ਤ ਨਾ ਹੁਸਨ ਦੀ ਜਾਇ ਝੱਲੀ,
ਰਾਣੀ ਦੇਖ ਕੇ ਪੂਰਨ ਨੂੰ ਤੁਰਤ ਮੁਠੀ ।
ਸੂਰਤ ਨਜ਼ਰ ਆਈ ਰਾਜਾ ਭੁਲ ਗਿਆ,
ਸਿਰ ਪੈਰ ਤਾਈਂ ਅੱਗ ਭੜਕ ਉਠੀ ।
ਦਿਲੋਂ ਪੁਤਰ ਨੂੰ ਯਾਰ ਬਣਾਇਆ ਸੂ,
ਉਸ ਦੀ ਸਾਬਤੀ ਦੀ ਵਿਚੋਂ ਲਜ ਟੁਟੀ ।
ਕਾਦਰਯਾਰ ਤਰੀਮਤ ਹੈਂਸਿਆਰੀ,
ਲਗੀ ਵੇਖ ਵਗਾਵਣੇ ਨਦੀ ਪੁਠੀ ।

15

ਜ਼ੁਆਦ ਜ਼ਰਬ ਤੇ ਜ਼ੋਰ ਦੇ ਨਾਲ ਰਾਜਾ,
ਅੰਦਰ ਲੰਘ ਕੇ ਰਾਜ ਮਹਲ ਜਾਇ ।
ਹੱਥ ਬੰਨ੍ਹ ਕੇ ਸਾਹਮਣੇ ਖੜਾ ਹੁੰਦਾ,
ਮੱਥਾ ਟੇਕਣਾ ਹਾਂ ਮੇਰੀ ਧਰਮ ਮਾਇ ।
ਅਗੋਂ ਦੇਵਣਾ ਉਸ ਪਿਆਰ ਸਾਈ,
ਸਗੋਂ ਦੇਖ ਰਾਣੀ ਮੱਥੇ ਵਟ ਪਾਇ ।
ਕਾਦਰਯਾਰ ਖਲੋਇ ਕੇ ਦੇਖ ਅਖੀਂ,
ਚੜ੍ਹਿਆ ਕਹਿਰ ਚਰਿਤ੍ਰ ਜੋ ਵਰਤ ਜਾਇ ।

16

ਤੋਇ ਤਾਲਿਆ ਮੇਰਿਆ ਘੇਰ ਆਂਦਾ,
ਲੂਣਾ ਆਪ ਦਲੀਲਾਂ ਦੇ ਫ਼ਿਕਰ ਬੰਨ੍ਹੇ ।
ਮੈਂ ਵੀ ਸੁਰਗ ਪਰਾਪਤੀ ਥੀਵਨੀ ਹਾਂ,
ਪੂਰਨ ਭਗਤ ਜੇ ਆਖਿਆ ਇਕ ਮੰਨੇ ।
ਲਗੀ ਦੇਣ ਲੰਗਾਰ ਅਸਮਾਨ ਤਾਈਂ,
ਉਹਦੀ ਸਾਬਤੀ ਦੇ ਵਿਚੋਂ ਥੰਮ੍ਹ ਭੰਨੇ ।
ਕਾਦਰਯਾਰ ਤਰੀਮਤ ਹੈਂਸਿਆਰੀ,
ਭੰਨਣ ਲੂਣ ਲਗੀ ਵਿਚ ਥਾਲ ਛੰਨੇ ।

ਪੂਰਨ ਤੇ ਲੂਣਾ ਦੀ ਗੱਲ ਬਾਤ
17

ਜ਼ੋਇ ਜ਼ਾਹਰਾ ਆਖਦੀ ਸ਼ਰਮ ਕੇਹੀ,
ਮਾਈ ਮਾਈ ਨਾ ਰਾਜਿਆ ਆਖ ਮੈਨੂੰ ।
ਕੁਖੇ ਰਖ ਨਾ ਜੰਮਿਓ ਜਾਇਓ ਵੇ,
ਮਾਤਾ ਆਖਨਾ ਹੈਂ ਕਿਹੜੇ ਸਾਕ ਮੈਨੂੰ ।
ਹੋਗੁ ਉਮਰ ਤੇਰੀ ਮੇਰੀ ਇਕ ਰਾਜਾ,
ਗੁਝਾ ਲਾਇਆ ਈ ਦਰਦ ਫ਼ਿਰਾਕ ਮੈਨੂੰ ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਕਰ ਚਲਿਓਂ ਮਾਰ ਹਲਾਕ ਮੈਨੂੰ ।

18

ਐਨ ਅਰਜ਼ ਕਰਦਾ ਸ਼ਰਮਾਇ ਰਾਜਾ,
ਮਾਇ ਸੁਖਨ ਅਵਲੜੇ ਬੋਲ ਨਾਹੀ ।
ਮਾਵਾਂ ਪੁਤਰਾਂ ਨੇਹੁੰ ਨਾ ਕਦੇ ਲਗਾ,
ਜਗ ਵਿਚ ਮੁਕਾਲਖਾ ਘੋਲ ਨਾਹੀ ।
ਸੀਨੇ ਨਾਲ ਲਗਾਇ ਕੇ ਰੱਖ ਮੈਨੂੰ,
ਪੁਤਰ ਜਾਣ ਮਾਏ ਦਿਲੋਂ ਡੋਲ ਨਾਹੀ ।
ਕਾਦਰਯਾਰ ਮੀਆਂ ਦੋਵੇਂ ਝਗੜਦੇ ਨੀ,
ਸਾਈਂ ਬਾਝ ਦੂਜਾ ਕੋਈ ਕੋਲ ਨਾਹੀ ।

19

ਗ਼ੈਨ ਗ਼ਮ ਨਾ ਜਾਣਦੀ ਖ਼ੌਫ਼ ਖ਼ਤਰਾ,
ਲੂਣਾ ਉਠ ਕੇ ਪਕੜਦੀ ਆਨ ਚੋਲਾ ।
ਇਕ ਵਾਰ ਤੂੰ ਬੈਠ ਪਲੰਘ ਉਤੇ,
ਕਰਾਂ ਮਿਨਤ ਤੇਰੀ ਸੁਣ ਅਰਜ਼ ਗੋਲਾ ।
ਪਰੀ ਜੇਹੀ ਮੈਂ ਇਸਤ੍ਰੀ ਅਰਜ਼ ਕਰਾਂ,
ਜਾ ਤੂੰ ਮਰਦ ਨਾਹੀ ਕੋਈ ਹੈ ਭੋਲਾ ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਸੇਜ ਮਾਨ ਮੇਰੀ ਜਿੰਦ ਜਾਨ ਢੋਲਾ ।

20

ਫੇ ਫੇਰ ਕਹਿਆ ਗੁਸੇ ਹੋਇ ਪੂਰਨ,
ਤੈਨੂੰ ਵਗ ਕੀ ਗਈ ਹੈ ਬਾਣ ਮਾਏ ।
ਜਿਹਦੀ ਇਸਤ੍ਰੀ ਓਹੀ ਹੈ ਬਾਪ ਮੇਰਾ,
ਤਿਸ ਦੀ ਤੁਖਮ ਥੀਂ ਜੰਮਿਆ ਜਾਨ ਮਾਏ ।
ਗਲਾਂ ਇਹੋ ਜਹੀਆਂ ਜਦੋਂ ਹੋਣ ਗੀਆਂ,
ਪੁਠੀ ਹੋਗੁ ਜ਼ਿਮੀਂ ਅਸਮਾਨ ਮਾਏ ।
ਕਾਦਰਯਾਰ ਮੀਆਂ ਪੂਰਨ ਦੇ ਮਤੀਂ,
ਕਿਧਰ ਗਿਆ ਈ ਅਜੁ ਧਿਆਨ ਮਾਏ ।

21

ਕਾਫ਼ ਕਹਿਰ ਕਰਾ ਨਾ ਪੂਰਨਾ ਵੇ,
ਆਖੇ ਲਗ ਜਾ ਜੇ ਭਲਾ ਚਾਹਨਾ ਏਂ ।
ਝੋਲੀ ਅਡ ਮੈਂ ਖਲੀ ਹਾਂ ਪਾਸ ਤੇਰੇ,
ਹੈਂਸਿਆਰਿਆ ਖ਼ੈਰ ਨਹੀਂ ਪਾਉਨਾ ਏਂ ।
ਕੁਛੜ ਬੈਠ ਮੰਮਾ ਕਦੋਂ ਚੁੰਘਿਆ ਏ,
ਐਵੇਂ ਕੂੜ ਦੀ ਮਾਉਂ ਬਣਾਵਣਾ ਏਂ ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਕਿਉਂ ਗਰਦਨੀ ਖੂਨ ਰਖਾਵਨਾ ਏਂ ।

22

ਕਾਫ਼ ਕਹੇ ਪੂਰਨ ਸੁਣੀ ਸਚੁ ਮਾਤਾ,
ਤੇਰੇ ਪਲੰਘ ਤੇ ਪੈਰ ਨਾ ਮੂਲ ਧਰਸਾਂ ।
ਅਖੀਂ ਫੇਰ ਕੇ ਮੂਲ ਨਾ ਨਜ਼ਰ ਕਰਾਂ,
ਮੈਂ ਤਾਂ ਸੂਲੀ ਤੇ ਚੜ੍ਹਨ ਕਬੂਲ ਕਰਸਾਂ ।
ਕੰਨੀ ਖਿਚ ਕੇ ਅੰਦਰੋਂ ਬਾਹਰ ਆਇਆ,
ਕਹਿੰਦਾ ਧਰਮ ਗਵਾਇ ਕੇ ਕੀ ਮਰਸਾਂ ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਤੇਰੇ ਲਹੂ ਦਾ ਪੂਰਨਾ ਘੁਟ ਭਰਸਾਂ ।

ਰਾਜੇ ਦਾ ਮਹਲੀਂ ਆਉਣਾ
23

ਲਾਮ ਲਾਹ ਕੇ ਹਾਰ ਸ਼ਿੰਗਾਰ ਰਾਣੀ,
ਰਾਜੇ ਆਂਵਦੇ ਨੂੰ ਬੁਰੇ ਹਾਲ ਹੋਈ ।
ਰਾਜਾ ਦੇਖ ਹੈਰਾਨ ਅਸਚਰਜ ਹੋਇਆ,
ਮਹਲੀਂ ਜਗਿਆ ਨਾ ਸ਼ਮਾਦਾਨ ਕੋਈ ।
ਬੈਠ ਪੁਛਦਾ ਰਾਣੀਏਂ ਦਸ ਮੈਨੂੰ,
ਵਕਤ ਸੰਧਿਆ ਦੇ ਚੜ੍ਹ ਪਲੰਘ ਸੋਈ ।
ਕਾਦਰਯਾਰ ਸਲਵਾਹਨ ਦੀ ਗਲ ਸੁਣ ਕੇ,
ਰਾਣੀ ਉਠ ਕੇ ਧ੍ਰੋਹ ਦੇ ਨਾਲ ਰੋਈ ।

24

ਮੀਮ ਮੈਨੂੰ ਕੀ ਪੁਛਨਾ ਏਂ ਰਾਜਿਆ ਵੇ,
ਮੇਰਾ ਦੁਖ ਕਲੇਜੜਾ ਜਾਲਿਓ ਈ ।
ਜਾਇ ਪੁਛ ਖਾਂ ਪੁਤਰ ਆਪਣੇ ਨੂੰ,
ਜਿਹੜਾ ਭੋਹਰੇ ਕੋਤਲ ਪਾਲਿਓ ਈ ।
ਉਹਨੂੰ ਰੱਖ ਤੇ ਦੇਹ ਜਵਾਬ ਸਾਨੂੰ,
ਸਾਡਾ ਸ਼ੌਕ ਜੇ ਤਾਂ ਦਿਲੋਂ ਟਾਲਿਓ ਈ ।
ਕਾਦਰਯਾਰ ਜਦ ਝੂਠ ਪਹਾੜ ਜੇਡਾ,
ਰਾਣੀ ਰਾਜੇ ਨੂੰ ਤੁਰਤ ਸਿਖਾਲਿਓ ਈ ।

25

ਨੂੰਨ ਨਾਉਂ ਲੈ ਖਾਂ ਓਸ ਗਲ ਦਾ ਤੂੰ,
ਜਿਹੜੀ ਗਲ ਪੂਰਨ ਤੈਨੂੰ ਆਖ ਗਿਆ ।
ਜੇਹੜਾ ਨਾਲ ਤੇਰੇ ਮੰਦਾ ਬੋਲਿਆ ਸੂ,
ਉਸ ਨੂੰ ਦੇਵਾਂ ਫਾਹੇ ਮੇਰਾ ਪੁਤ ਕੇਹਾ ।
ਅਜ ਨਾਲ ਮਾਵਾਂ ਕਰੇ ਸੁਖਨ ਐਸੇ,
ਭਲਕੇ ਦੇਗ ਖਟੀ ਮੈਨੂੰ ਖਟ ਏਹਾ ।
ਕਾਦਰਯਾਰ ਫਿਰ ਹੋਈ ਬੇਦਾਦ ਨਗਰੀ,
ਅੰਨ੍ਹੇ ਰਾਜੇ ਦੇ ਪੂਰਨ ਵਸ ਪਿਆ ।

26

ਵਾਉ ਵੇਖ ਰਾਜਾ ਮੰਦਾ ਹਾਲ ਮੇਰਾ,
ਰਾਣੀ ਆਪ ਦਿਲੋਂ ਦਰਦ ਦਸਿਆ ਈ ।
ਪੁੱਤਰ ਪੁੱਤਰ ਮੈਂ ਆਖਦੀ ਰਹੀ ਮੂੰਹੋਂ,
ਪੂਰਨ ਭਰਤਿਆਂ ਵਾਂਗਰਾਂ ਹਸਿਆ ਈ ।
ਵੀਣੀ ਕੱਢ ਕੇ ਦਸਦੀ ਵੇਖ ਚੂੜਾ,
ਭੰਨੀ ਵੰਗ ਤੇ ਹੱਥ ਵਲਸਿਆ ਈ ।
ਕਾਦਰਯਾਰ ਮੈਂ ਜ਼ੋਰ ਦਿਖਾਲਿਆ ਈ,
ਪੂਰਨ ਤਦੋਂ ਮਹਿਲਾਂ ਥੋਂ ਨਸਿਆ ਈ ।

27

ਹੇ ਹੋਇ ਖੜਾ ਦਲਗੀਰ ਰਾਜਾ,
ਰਤੋ ਰਤੇ ਅਖੀਂ ਮਥੇ ਵੱਟ ਪਾਏ ।
ਪਥਰ ਦਿਲ ਹੋਇਆ ਸਕੇ ਪੁਤਰ ਵਲੋਂ,
ਦਿਲੋਂ ਗ਼ਜ਼ਬ ਦਾ ਭਾਂਬੜ ਮਚ ਜਾਏ ।
ਮਛੀ ਵਾਂਗ ਤੜਫ਼ਦਾ ਰਾਤ ਰਿਹਾ,
ਕਦੀ ਪਏ ਲੰਬਾ ਕਦੀ ਉਠ ਬਹੇ ।
ਕਾਦਰਯਾਰ ਮੰਦਾ ਦੁੱਖ ਇਸਤ੍ਰੀ ਦਾ,
ਪੂਰਨ ਜੀਂਵਦਾ ਕਿਸੇ ਸਬਬ ਰਹੇ ।

28

ਲਾਮ ਲੂਤੀਆਂ ਰਹਿਣ ਨਾ ਦੇਂਦੀਆਂ ਨੇ,
ਨਾਲ ਨਾਲਸ਼ਾਂ ਸ਼ਹਿਰ ਵੈਰਾਨ ਕੀਤਾ ।
ਮੁੱਢੋਂ ਗੱਲਾਂ ਵੀ ਹੁੰਦੀਆਂ ਆਈਆਂ ਨੀ,
ਅਗੇ ਕਈਆਂ ਦਾ ਅਲਖ ਜਹਾਨ ਕੀਤਾ ।
ਪੂਰਨ ਨਾਲ ਅਵਲੀ ਵੀ ਹੋਣ ਲਗੀ,
ਜਿਸ ਦੀ ਮਾਉਂ ਐਸਾ ਫਰਮਾਨ ਕੀਤਾ ।
ਕਾਦਰਯਾਰ ਚੜ੍ਹਿਆ ਦਿਨ ਸੁਖ ਦਾ ਜੀ,
ਰਾਜੇ ਬੈਠ ਚੌਕੀ ਇਸ਼ਨਾਨ ਕੀਤਾ ।

ਰਾਜੇ ਦਾ ਪੂਰਨ ਨੂੰ ਬੁਲਾ ਭੇਜਣਾ
29

ਅਲਫ਼ ਆਖਦੀ ਸਦ ਕੇ ਚੋਬਦਾਰਾਂ,
ਜ਼ਰਾ ਸਦ ਕੇ ਪੂਰਨ ਲਿਆਵਨਾ ਜੇ ।
ਝਬ ਜਾਓ ਸ਼ਿਤਾਬ ਨਾ ਢਿਲ ਲਾਵੋ,
ਨਾਲ ਸਦ ਵਜ਼ੀਰ ਲਿਆਵਨਾ ਜੇ ।
ਕੱਢੇ ਗਾਲੀਆਂ ਦੁਹਾਂ ਨੂੰ ਕਰੋ ਹਾਜ਼ਰ,
ਝਬਦੇ ਜਾਓ ਨਾ ਛਡ ਕੇ ਆਵਨਾ ਜੇ ।
ਕਾਦਰਯਾਰ ਜੇ ਪੁਛਸੀ ਕੰਮ ਅਗੋਂ,
ਰਾਜੇ ਸਦਿਆ ਜਾਇ ਫੁਰਮਾਵਨਾ ਜੇ ।

30

ਯੇ ਯਾਦ ਕੀਤਾ ਰਾਜੇ ਬਾਪ ਤੈਨੂੰ,
ਹੱਥ ਬੰਨ੍ਹ ਕੇ ਆਖਿਆ ਚੋਬਦਾਰਾਂ ।
ਸੁਣੀ ਗਲ ਤੇ ਦਿਲ ਨੂੰ ਸੁਝ ਗਈ ਸੂ,
ਜਿਹੜੀ ਗਾਂਵਦੀ ਸੀ ਕਲ ਮਾਉਂ ਵਾਰਾਂ ।
ਜਿਸ ਕੰਮ ਨੂੰ ਰਾਜੇ ਯਾਦ ਕੀਤਾ,
ਰਾਗ ਵਜਿਆ ਤੇ ਬੁੱਝ ਗਈਆਂ ਤਾਰਾਂ ।
ਕਾਦਰਯਾਰ ਮੀਆਂ ਤੁਰ ਪਿਆ ਪੂਰਨ,
ਆਣ ਕਰਦਾ ਹੈ ਬਾਪ ਨੂੰ ਨਮਸ਼ਕਾਰਾਂ ।

ਦੂਜੀ ਸੀਹਰਫ਼ੀ
ਰਾਜੇ ਦੀ ਪੂਰਨ ਨਾਲ ਗੱਲ ਬਾਤ ਤੇ ਕਤਲ ਦਾ ਹੁਕਮ
1

ਅਲਫ਼ ਆਓ ਖਾਂ ਪੂਰਨਾ ਕਹੇ ਰਾਜਾ,
ਬੱਚਾ ਨਿਜ ਤੂੰ ਜਮਿਉਂ ਜਾਇਉਂ ਵੇ ।
ਜੇ ਮੈਂ ਜਾਣਦਾ ਮਾਰਦਾ ਤਦੋਂ ਤੈਨੂੰ,
ਜਦੋਂ ਭੋਹਰੇ ਪਾਲਣਾ ਪਾਇਉਂ ਵੇ ।
ਸੀਨੇ ਲਾਇਓ ਈ ਪੂਰਨਾ ਦਾਗ ਮੇਰੇ,
ਰਖੇ ਪੈਰ ਪੁਠੇ ਘਨੇ ਚਾਇਉਂ ਵੇ ।
ਕਾਦਰਯਾਰ ਕਹਿੰਦਾ ਸਲਵਾਹਨ ਰਾਜਾ,
ਘਰ ਕੀ ਕਰਤੂਤ ਕਰ ਆਇਉਂ ਵੇ ।

2

ਬੇ ਬਹੁਤ ਹੋਇਆ ਕਹਿਵਾਨ ਰਾਜਾ,
ਰਤੋ ਰਤ ਮਥਾ ਚਮਕੇ ਵਾਂਗ ਖੂਨੀ ।
ਕਹਿੰਦਾ ਦੂਰ ਹੋ ਪੂਰਨਾ ਅਖੀਆਂ ਥੀਂ,
ਟੰਗੂੰ ਲਿੰਗ ਚਿਰਾਇ ਕੇ ਚਵੀਂ ਕੰਨੀ ।
ਜਦੋਂ ਮੈਂ ਵਿਆਹ ਦੀ ਗਲ ਕੀਤੀ,
ਤਦੋਂ ਰੋਣ ਲਗੋਂ ਧਰ ਹਥ ਕੰਨੀ ।
ਕਾਦਰਯਾਰ ਕਹਿੰਦਾ ਸਲਵਾਹਨ ਰਾਜਾ,
ਹੁਣ ਕੀਤੀ ਆ ਮਾਓਂ ਪਸੰਦ ਵੰਨੀ ।

3

ਤੇ ਤੁਹਮਤ ਅਜ਼ਗੈਬ ਦੀ ਬੁਰੀ ਹੁੰਦੀ,
ਪੂਰਨ ਘਤ ਊਂਧੀ ਰੁੰਨਾ ਜ਼ਾਰ ਜ਼ਾਰੀ ।
ਕਹਿੰਦਾ ਵਸ ਨਾ ਬਾਬਲਾ ਕੁਝ ਮੇਰੇ,
ਤੁਹਾਡੀ ਮਾਪਿਆਂ ਦੀ ਗਈ ਮਤ ਮਾਰੀ ।
ਹੋਰ ਕਿਸੇ ਦਾ ਕੁਝ ਨਾ ਜਾਵਣਾ ਈ,
ਮੈਨੂੰ ਮਾਰ ਰਾਜਾ ਤੇਰੀ ਬੁੱਧ ਮਾਰੀ ।
ਕਾਦਰਯਾਰ ਜੇ ਕੋਲ ਉਗਾਹ ਹੁੰਦੇ,
ਕਹਿੰਦੇ ਖੋਲ੍ਹ ਹਕੀਕਤਾਂ ਤੁਰਤ ਸਾਰੀ ।

4

ਸੇ ਸਾਬਤੀ ਮੇਰੀ ਤੂੰ ਵੇਖ ਰਾਜਾ,
ਇਕ ਤੇਲ ਦਾ ਪੂਰਾ ਕੜਾਹ ਤਾਵੋ ।
ਤਪੇ ਤੇਲ ਜਾਂ ਅੱਗ ਦੇ ਵਾਂਗ ਹੋਵੇ,
ਇਕ ਦਸਤ ਮੇਰਾ ਪਕੜ ਵਿਚ ਪਾਵੋ ।
ਸਚ ਨਿਤਰੇ ਸਚਿਆਂ ਝੂਠਿਆਂ ਦਾ,
ਅਖੀਂ ਵੇਖ ਕੇ ਕੁਝ ਕਲੰਕ ਲਾਵੋ ।
ਕਾਦਰਯਾਰ ਜੇ ਉਂਗਲੀ ਦਾਗ਼ ਲਗੇ,
ਫੇਰ ਕਰੋ ਮੈਨੂੰ ਜਿਹੜੀ ਤਬਾਹ ਚਾਵੋ ।

5

ਜੀਮ ਜੋਸ਼ ਆਇਆ ਸਲਵਾਹਨ ਰਾਜੇ,
ਅਗੋਂ ਉਠ ਕੇ ਇਕ ਚਪੇੜ ਮਾਰੀ ।
ਕਹਿੰਦਾ ਫੇਰ ਬਰੋਬਰੀ ਬੋਲਣਾ ਹੈਂ,
ਕਰੇਂ ਗ਼ਜ਼ਬ ਹਰਾਮੀਆਂ ਐਡ ਕਾਰੀ ।
ਅਖੀਂ ਦੇਖ ਨਿਸ਼ਾਨੀਆਂ ਆਇਆ ਮੈਂ,
ਤੇਰੇ ਦਿਲ ਦੀ ਪੂਰਨਾ ਗੱਲ ਸਾਰੀ ।
ਕਾਦਰਯਾਰ ਗੁਨਾਹ ਨਾ ਦੋਸ਼ ਕੋਈ,
ਪੂਰਨ ਘਤ ਰੋਂਦਾ ਊਂਧੀ ਜ਼ਾਰ ਜ਼ਾਰੀ ।

6

ਹੇ ਹੁਕਮ ਨਾ ਫੇਰਦਾ ਕੋਈ ਅਗੋਂ,
ਪਰੇਸ਼ਾਨ ਸਾਰਾ ਪਰਵਾਰ ਹੋਇਆ ।
ਥਰ ਥਰ ਕੰਬਦੇ ਮਹਿਲ ਤੇ ਮਾੜੀਆਂ ਨੇ,
ਕਹਿਰਵਾਨ ਜਦੋਂ ਸਰਦਾਰ ਹੋਇਆ ।
ਕਰੇ ਸਦ ਕੇ ਹੁਕਮ ਜਲਾਦੀਆਂ ਨੂੰ,
ਧੁੰਮੀ ਖ਼ਬਰ ਨਗਰੀ ਹਾਹਾਕਾਰ ਹੋਇਆ ।
ਕਾਦਰਯਾਰ ਵਜ਼ੀਰ ਨੂੰ ਦੇਇ ਗਾਲੀਂ,
ਤੇਰੀ ਅਕਲ ਕਿਹੜੀ ਦਰਕਾਰ ਹੋਇਆ ।

ਇਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲਗਣਾ
7

ਖ਼ੇ ਖ਼ਬਰ ਹੋਈ ਰਾਣੀ ਇਛਰਾਂ ਨੂੰ,
ਜਿਸ ਜਾਇਆ ਪੂਰਨ ਪੁਤ ਸਾਈ ।
ਚੂੜਾ ਭੰਨ ਤੇ ਤੋੜ ਹਮੇਲ ਬੀੜੇ,
ਵਾਲ ਪੁਟ ਰਾਣੀ ਸਿਰ ਖ਼ਾਕ ਪਾਈ ।
ਮੰਦਾ ਘਾਓ ਪਿਆਰਿਆਂ ਪੁਤਰਾਂ ਦਾ,
ਰਾਣੀ ਭਜ ਕੇ ਰਾਜੇ ਦੇ ਪਾਸ ਆਈ ।
ਕਾਦਰਯਾਰ ਖੜੋਇ ਪੁਕਾਰ ਕਰਦੀ,
ਇਹਦੇ ਨਾਲ ਕੀ ਰਾਜਿਆ ਵੈਰ ਸਾਈ ।

8

ਦਾਲ ਦੇਖ ਰਾਣੀ ਕਹੇ ਆਪ ਰਾਜਾ,
ਇਹਦੇ ਨਾਲ ਗਵਾਊਂਗਾ ਮਾਰ ਤੈਨੂੰ,
ਕਹੇ ਵਾਰ ਬਦਕਾਰ ਨੇ ਜੰਮਿਆਂ ਸੀ,
ਜਿਸ ਜੰਮਦਿਆਂ ਲਾਇਆ ਈ ਦਾਗ਼ ਮੈਨੂੰ ।
ਜਿਨ੍ਹਾਂ ਵਿਚ ਹਿਆਉ ਨਾ ਸ਼ਰਮ ਹੋਵੇ,
ਐਸੇ ਪੁਤਰ ਨਾ ਜੰਮਦੇ ਨਿਜ ਕੈਨੂੰ ।
ਕਾਦਰਯਾਰ ਕਹਿੰਦਾ ਸਲਵਾਹਨ ਰਾਜਾ,
ਤਦ ਵਸਦਾ ਜੇ ਤੁਸੀਂ ਵਰੋ ਏਨੂੰ ।

9

ਜ਼ਾਲ ਜ਼ਰਾ ਨਾ ਰਾਜਿਆ ਗੱਲ ਸਚੀ,
ਜਿਸ ਗੱਲ ਦਾ ਭਰਮ ਵਿਚਾਰਿਆ ਈ ।
ਕਹਿੰਦੀ ਇਛਰਾਂ ਰਾਜਿਆ ਹੋਸ਼ ਕੀਚੇ,
ਕੂੜੀ ਤੁਹਮਤੋਂ ਪੁਤਰ ਨੂੰ ਮਾਰਿਆ ਈ ।
ਆਖੇ ਲੱਗ ਰੰਨਾਂ ਪੁਟਿਆਰੀਆਂ ਦੇ,
ਕਰਮ ਮਥਿਉਂ ਆਪਣਿਉਂ ਹਾਰਿਆ ਈ ।
ਕਾਦਰਯਾਰ ਰਾਜੇ ਸਲਵਾਹਨ ਅਗੇ,
ਰਾਣੀ ਇਛਰਾਂ ਜਾਇ ਪੁਕਾਰਿਆ ਈ ।

10

ਰੇ ਰਹੇ ਨਾ ਵਰਜਿਆ ਮੂਲ ਰਾਜਾ,
ਉਸੀ ਵਕਤ ਜਲਾਦ ਸਦਾਂਵਦਾ ਈ ।
ਲਗੇ ਰੋਣ ਦਿਵਾਨ ਵਜ਼ੀਰ ਖਲੇ,
ਦਿਲ ਰਾਜੇ ਦੇ ਤਰਸ ਨਾ ਆਂਵਦਾ ਈ ।
ਇਹਦੇ ਹੱਥ ਤੇ ਪੈਰ ਅਜ਼ਾਦ ਕਰੋ,
ਰਾਜਾ ਮੁਖ ਥੀਂ ਇਹ ਫੁਰਮਾਂਵਦਾ ਈ ।
ਕਾਦਰਯਾਰ ਖਲੋਇ ਕੇ ਮਾਉਂ ਤਾਈਂ,
ਪੂਰਨ ਭਗਤ ਸਲਾਮ ਬੁਲਾਂਵਦਾ ਈ ।

11

ਜ਼ੇ ਜ਼ੋਰ ਨਾ ਡਾਢੇ ਦੇ ਨਾਲ ਕੋਈ,
ਪਕੜ ਬੇਗੁਨਾਹ ਮੰਗਾਇਆ ਮੈਂ ।
ਕੈਹਨੂੰ ਖੋਲ੍ਹ ਕੇ ਦਿਲ ਦਾ ਹਾਲ ਦੱਸਾਂ,
ਜਿਹੜਾ ਘਾਤ ਗੁਨਾਹ ਕਰਾਇਆ ਮੈਂ ।
ਮੈਂ ਤਾਂ ਝੂਰਨਾ ਆਪਣੇ ਤਾਲਿਆ ਨੂੰ,
ਇਹੋ ਕਰਮ ਨਸੀਬ ਲਿਖਾਇਆ ਮੈਂ ।
ਕਾਦਰਯਾਰ ਕਹਿੰਦਾ ਪੂਰਨ ਭਗਤ ਓਥੇ,
ਹੁਣ ਰਾਜੇ ਨੇ ਚੋਰ ਬਣਾਇਆ ਮੈਂ ।

12

ਸੀਨ ਸਮਝਿ ਰਾਜਾ ਬੁਧ ਹਾਰ ਨਾਹੀਂ,
ਕਹਿੰਦੀ ਇਛਰਾਂ ਵਾਸਤਾ ਪਾਏ ਕੇ ਜੀ ।
ਅੰਬ ਵੱਢ ਕੇ ਅੱਕ ਨੂੰ ਵਾੜ ਦੇਵੇਂ,
ਪਛੋਤਾਵੇਂਗਾ ਵਕਤ ਵਿਹਾਏ ਕੇ ਜੀ ।
ਬੂਟਾ ਆਪਣਾ ਆਪ ਪੁਟਾਣ ਲਗੋਂ,
ਜੜ੍ਹਾਂ ਮੁੱਢ ਤਾਈਂ ਉਕਰਾਏ ਕੇ ਜੀ ।
ਕਾਦਰਯਾਰ ਜੇ ਪੂਰਨ ਨੂੰ ਮਾਰਿਓ ਈ,
ਬਾਪ ਕੌਣ ਬੁਲਾਊਗਾ ਆਏ ਕੇ ਜੀ ।

13

ਸ਼ੀਨ ਸ਼ਕਲ ਨਾ ਰਾਜੇ ਦੀ ਨਰਮ ਹੋਈ,
ਕਹਿਰਵਾਨ ਹੋ ਕੇ ਕਹਿੰਦਾ ਨਾਲ ਗੁੱਸੇ ।
ਬਾਹਰ ਜਾਇ ਕੇ ਚੀਰੋ ਹਲਾਲ ਖੋਰ,
ਛੰਨੇ ਰਤੁ ਪਾਵੋ ਜਿਹੜੀ ਵਿਚ ਜੁੱਸੇ ।
ਇਹਦੇ ਹੱਥ ਸਹਕਾਇ ਕੇ ਵਢਿਓ ਜੇ,
ਵਾਂਗ ਬੱਕਰੇ ਦੇ ਇਹਦੀ ਜਾਨ ਕੁੱਸੇ ।
ਕਾਦਰਯਾਰ ਜਾਂ ਰਾਜੇ ਦਾ ਹੁਕਮ ਹੋਇਆ,
ਪਕੜ ਲਿਆ ਜਲਾਦਾਂ ਨੇ ਵਕਤ ਉਸੇ ।

14

ਸਵਾਦ ਸਾਹਿਬ ਤੋਂ ਲਿਖਿਆ ਲੇਖ ਏਵੇਂ,
ਪੂਰਨ ਭਗਤ ਨੂੰ ਲੈ ਜਲਾਦ ਚਲੇ ।
ਗਲੀ ਕੂਚਿਆਂ ਸ਼ਹਿਰ ਹੜਤਾਲ ਹੋਈ,
ਪਾਸ ਰੋਣ ਵਜ਼ੀਰ ਦੀਵਾਨ ਖਲੇ ।
ਤਦੋਂ ਗਸ਼ਿ ਆਈ ਰਾਣੀ ਇਛਰਾਂ ਨੂੰ,
ਜਾਨ ਨਿਕਲ ਨਾ ਜਾਂਦੀ ਹੈ ਕਿਸੇ ਗਲੇ ।
ਕਾਦਰਯਾਰ ਮੀਆਂ ਮਾਵਾਂ ਪੁਤਰਾਂ ਨੂੰ,
ਲੂਣਾ ਮਾਰਿਆ ਕੁਫ਼ਰ ਦੇ ਝਾੜ ਪਲੇ ।

15

ਜ਼ੁਆਦ ਜ਼ਾਮਨੀ ਦੇ ਛੁਡਾਵਣੀ ਹਾਂ,
ਲੂਣਾ ਲਿਖ ਕੇ ਭੇਜਿਆ ਖ਼ਤ ਚੋਰੀ ।
ਪੁਤਰ ਬਣਨ ਲਗੋਂ ਮੇਰਾ ਪੂਰਨਾ ਵੇ,
ਦੇਖ ਕਹੀ ਮੈਂ ਦਿਤੀ ਆ ਮਾਉਂ ਲੋਰੀ ।
ਆਖੇ ਲਗ ਮੇਰੇ ਅਜੇ ਹਈ ਵੇਲਾ,
ਇਸੀ ਵਕਤ ਛੁਡਾਵਸਾਂ ਨਾਲ ਜੋਰੀ ।
ਕਾਦਰਯਾਰ ਕਿਉਂ ਜਾਨ ਗੁਆਵਨਾ ਹੈਂ,
ਲਾਇ ਦਿਨੀਆਂ ਤੁਹਮਤਾਂ ਵਲ ਹੋਰੀ ।

16

ਤੋਇ ਤਰਫ਼ ਖੁਦਾਇ ਦੇ ਜਿੰਦ ਦੇਣੀ,
ਪੂਰਨ ਆਖਦਾ ਵਤ ਨਾ ਆਵਣਾ ਈ ।
ਆਖ਼ਰ ਜੀਵਣਾ ਲਖ ਹਜ਼ਾਰ ਬਰਸਾਂ,
ਅੰਤ ਫੇਰ ਮਾਇ ਮਰ ਜਾਵਨਾ ਈ ।
ਖ਼ਤ ਵਾਚ ਕੇ ਪੂਰਨ ਨੇ ਲਬ ਸੁਟੀ,
ਕਿਹੜੀ ਗਲ ਤੋਂ ਧਰਮ ਗਵਾਵਨਾ ਈ ।
ਕਾਦਰਯਾਰ ਅਣਹੁੰਦੀਆਂ ਕਰਨ ਜਿਹੜੇ,
ਆਖ਼ਰ ਫੇਰ ਉਨ੍ਹਾਂ ਪਛੋਤਾਵਨਾ ਈ ।

17

ਜ਼ੁਇ ਜ਼ੁਲਮ ਕੀਤਾ ਮਾਇ ਮਾਤਰੇ ਨੀ,
ਪੂਰਨ ਆਖਦਾ ਪੂਰੀ ਨਾ ਪਵੇ ਤੇਰੀ ।
ਮੰਦਾ ਘਾਤ ਕਮਾਇਆ ਈ ਨਾਲ ਮੇਰੇ,
ਧਰਮ ਹਾਰ ਕੇ ਤੁਧ ਦਲੀਲ ਫੇਰੀ ।
ਜਿਹੜੀ ਬਣੀ ਮੈਨੂੰ ਹੁਣ ਝਲਸਾਂ ਮੈਂ,
ਮਰ ਜਾਇਗੀ ਰੋਂਦੜੀ ਮਾਇ ਮੇਰੀ ।
ਕਾਦਰਯਾਰ ਜਲਾਦਾਂ ਨੂੰ ਕਹੇ ਪੂਰਨ,
ਮਿਲ ਲੈਣ ਦੇਵੋ ਮੈਨੂੰ ਇਕ ਵੇਰੀ ।

18

ਐਨ ਅਰਜ਼ ਕੀਤੀ ਸਲਵਾਹਨ ਅਗੇ,
ਖ਼ਾਤਰ ਮਾਉਂ ਜਲਾਦ ਖਲੋਂਵਦੇ ਨੀ ।
ਰਾਣੀ ਇਛਰਾਂ ਤੇ ਪੂਰਨ ਭਗਤ ਉਥੇ,
ਜਾਂਦੀ ਵਾਰ ਦੋਵੇਂ ਮਿਲ ਰੋਂਵਦੇ ਨੀ ।
ਪਾਣੀ ਡੋਲ੍ਹ ਕੇ ਰਤ ਦਾ ਨੀਰ ਉਥੇ,
ਦਿਲੋਂ ਹਿਰਸ ਜਹਾਨ ਦੀ ਧੋਂਵਦੇ ਨੀ ।
ਕਾਦਰਯਾਰ ਜਲਾਦ ਫਿਰ ਪਏ ਕਾਹਲੇ,
ਪੁਤਰ ਮਾਇ ਥੋਂ ਵਿਦਿਆ ਹੋਂਵਦੇ ਨੀ ।

19

ਗ਼ੈਨ ਗ਼ਮ ਖਾਧਾ ਰਾਣੀ ਹੋਈ ਅੰਨ੍ਹੀਂ,
ਆਹੀਂ ਮਾਰਦੀ ਰਬ ਦੇ ਦੇਖ ਬੂਹੇ,
ਪੁਤਰ ਪਕੜ ਬਿਗਾਨਿਆਂ ਮਾਪਿਆਂ ਦੇ,
ਪੂਰਨ ਭਗਤ ਨੂੰ ਲੈ ਗਏ ਬਾਹਰ ਜੂਹੇ ।
ਉਹਦੇ ਦਸਤ ਸਹਕਾਇ ਕੇ ਵਢਿਓ ਨੇ,
ਉਹਦੀ ਲੋਥ ਵਹਾਂਵਦੇ ਵਿਚ ਖੁਹੇ ।
ਕਾਦਰਯਾਰ ਆ ਲੂਣਾ ਨੂੰ ਦੇਣ ਰਤੂ,
ਵੇਖ ਲਾਂਵਦੀ ਹਾਰ ਸ਼ਿੰਗਾਰ ਸੂਹੇ ।

ਕਵੀਓਵਾਚ
20

ਫ਼ੇ ਫੇਰ ਖਲੋਇ ਕੇ ਸਿਫ਼ਤ ਕੀਤੀ,
ਏਹਨਾ ਤ੍ਰੀਮਤਾਂ ਖ਼ਾਨ ਨਿਵਾਇ ਦਿਤੇ ।
ਰਾਜੇ ਭੋਜ ਉਤੇ ਅਸਵਾਰ ਹੋਈਆਂ,
ਮਾਰ ਅਡੀਆਂ ਅਕਲ ਭੁਲਾਇ ਦਿਤੇ ।
ਪੂਰਨ ਭਗਤ ਵਿਚਾਰਾ ਸੀ ਕੌਣ ਕੋਈ,
ਯੂਸਫ਼ ਜੇਹੇ ਤਾਂ ਖੂਹ ਪੁਵਾਇ ਦਿਤੇ ।
ਕਾਦਰਯਾਰ ਤ੍ਰੀਮਤਾਂ ਡਾਢੀਆਂ ਨੀ,
ਦਹਿਸਰ ਜੇਹੇ ਤਾਂ ਥਾਇ ਮਰਵਾਇ ਦਿਤੇ ।

21

ਕਾਫ਼ ਕਰਮ ਜਾਂ ਬੰਦੇ ਦੇ ਜਾਗਦੇ ਨੀ,
ਰਬ ਆਣ ਸਬਬ ਬਣਾਂਵਦਾ ਈ ।
ਸਿਰੇ ਪਾਉ ਬਨਾਉਂਦਾ ਕੈਦੀਆਂ ਨੂੰ,
ਦੁਖ ਦੇਇ ਕੇ ਸੁਖ ਦਿਖਾਉਂਦਾ ਈ ।
ਰਬ ਬੇ-ਪ੍ਰਵਾਹ ਬੇਅੰਤ ਹੈ ਜੀ,
ਉਹਦਾ ਅੰਤ ਹਿਸਾਬ ਨਾ ਆਉਂਦਾ ਈ ।
ਕਾਦਰਯਾਰ ਫਿਰ ਸਾਬਤੀ ਦੇਖ ਉਸ ਦੀ,
ਰਬ ਹੱਕ ਨੂੰ ਚਾਇ ਪੁਚਾਉਂਦਾ ਈ ।

ਗੋਰਖ ਨਾਥ ਦਾ ਬਹੁੜਨਾ
22

ਕਾਫ਼ ਕਈ ਜੋ ਮੁਦਤਾਂ ਗੁਜ਼ਰ ਗਈਆਂ,
ਬਾਰਾਂ ਬਰਸ ਗੁਜ਼ਰੇ ਪੂਰਨ ਖੂਹ ਪਾਇਆਂ ।
ਸਾਈਂ ਕਰਮ ਕੀਤਾ ਬਖਸ਼ਨਹਾਰ ਹੋਇਆ,
ਕੋਈ ਹੁਕਮ ਸਬਬ ਦਾ ਆਣ ਲਾਇਆ ।
ਗੁਰੂ ਗੋਰਖ ਨਾਥ ਨੂੰ ਖੁਸ਼ੀ ਹੋਈ,
ਸਿਆਲਕੋਟ ਦੀ ਤਰਫ਼ ਨੂੰ ਸੈਲ ਆਇਆ ।
ਕਾਦਰਯਾਰ ਜਾ ਖੂਹੇ ਤੇ ਕਰਨ ਡੇਰਾ,
ਇਕ ਸਾਧ ਜੋ ਪਾਣੀ ਨੂੰ ਲੈਣ ਧਾਇਆ ।

23

ਲਾਮ ਲਜ ਤਾਂ ਖੂਹੇ ਵਹਾਇ ਦਿਤੀ,
ਤਲੇ ਪਾਣੀ ਦੇ ਵਲ ਧਿਆਨ ਕਰਕੇ ।
ਵਿਚੋਂ ਆਦਮੀ ਦਾ ਬੁੱਤ ਨਜ਼ਰ ਆਇਆ,
ਸਾਧ ਵੇਖਦਾ ਬੁੱਤ ਨਜ਼ੀਰ ਧਰ ਕੇ ।
ਖਾਧਾ ਖ਼ੌਫ਼ ਤੇ ਹੋਸ਼ ਨਾ ਰਹੀ ਕਾਈ,
ਦੌੜ ਆਇਆ ਗੁਰੂ ਦੇ ਪਾਸ ਡਰ ਕੇ ।
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ,
ਆਇਆ ਜੀਂਵਦਾ ਮੈਂ ਕਿਵੇਂ ਮਰ ਮਰ ਕੇ ।

24

ਮੀਮ ਮੈਂ ਜਾ ਗੁਰੂ ਜੀ ਖੂਹੇ ਚੜ੍ਹਿਆ,
ਤਲੇ ਪਾਣੀ ਦੇ ਵਲ ਧਿਆਨ ਪਾਇਆ ।
ਖਾਧਾ ਖ਼ੌਫ਼ ਤੇ ਹੋਸ਼ ਨਾ ਰਹੀ ਕਾਈ,
ਵਿਚੋਂ ਆਦਮੀ ਦਾ ਬੁੱਤ ਨਜ਼ਰ ਆਇਆ ।
ਕਰਮ ਕਰੋ ਤੇ ਚਲ ਕੇ ਆਪ ਦੇਖੋ,
ਕੋਈ ਆਦਮੀ, ਜਿੰਨ ਕਿ ਭੂਤ ਸਾਇਆ ।
ਕਾਦਰਯਾਰ ਅਚਰਜ ਦੀ ਗਲ ਸੁਣ ਕੇ,
ਸਾਰਾ ਝੁੰਡ ਗੁਰੂ ਸੇਤੀ ਉਠਿ ਧਾਇਆ ।

ਗੁਰੂ ਗੋਰਖ ਦਾ ਪੂਰਨ ਨੂੰ ਖੂਹੋਂ ਕਢਾਣਾ
25

ਨੂਨ ਨਾਲ ਦੇ ਸਾਧ ਖਮੋਸ਼ ਹੋਇ,
ਗੁਰੂ ਪੁਛਦਾ ਆਪ ਖਲੋਇ ਕੇ ਜੀ ।
ਸਚ ਦਸੁ ਖਾਂ ਤੂੰ ਹੈਂ ਕੌਣ ਕੋਈ,
ਗੁਰੂ ਪੁਛਦਾ ਕਾਹਲਿਆਂ ਹੋਇ ਕੇ ਜੀ ।
ਬਾਰਾਂ ਬਰਸ ਨਾ ਆਦਮੀ ਮੂੰਹ ਲਗਾ,
ਪੂਰਨ ਬੋਲਿਆ ਸੀ ਵਿਚੋਂ ਰੋਇ ਕੇ ਜੀ ।
ਕਾਦਰਯਾਰ ਮੈਂ ਰੂਪ ਹਾਂ ਆਦਮੀ ਦਾ,
ਭਾਵੇਂ ਦੇਖ ਲਵੋ ਅਜ਼ਮਾਇ ਕੇ ਜੀ ।

26

ਵਾਉ ਵਾਸਤਾ ਪਾਇ ਕੇ ਕਹੇ ਪੂਰਨ,
ਮੰਨੋ ਰਬ ਦੇ ਨਾਉਂ ਸਵਾਲ ਮੇਰਾ ।
ਜਿਹੜੀ ਬਣੀ ਸੀ ਆਖਿ ਸੁਣਾਵਸਾਂ ਮੈਂ,
ਜਿਸ ਕਾਰਨ ਹੋਇਆ ਇਹ ਹਾਲ ਮੇਰਾ ।
ਅਹਿਲ ਤਰਸ ਹੋ ਸਾਈਂ ਦੇ ਰੂਪ ਤੁਸੀਂ,
ਬਾਹਰ ਕੱਢ ਕੇ ਪੁਛੋ ਹਵਾਲ ਮੇਰਾ ।
ਕਾਦਰਯਾਰ ਤੁਸੀਂ ਕੱਢੋ ਬਾਹਰ ਮੈਨੂੰ,
ਫੇਰ ਪੁਛਣਾ ਹਾਲ ਅਹਿਵਾਲ ਮੇਰਾ ।

27

ਹੇ ਹੁਕਮ ਜ਼ੁਬਾਨ ਥੀਂ ਨਾਥ ਕੀਤਾ,
ਲਜ ਤੁਰਤ ਵਹਾਂਵਦੇ ਵਿਚ ਚੇਲੇ ।
ਪੂਰਨ ਬਾਹਰ ਆਇਆ ਗੁਰੂ ਲੋਥ ਡਿਠੀ,
ਜਿਵੇਂ ਘਾਇਲ ਕੀਤਾ ਸ਼ੇਰ ਵਿਚ ਬੇਲੇ ।
ਸੋਹਣੀ ਸੂਰਤਿ ਵਿਚ ਨਾ ਫਰਕ ਕੋਈ,
ਹੱਥ ਪੈਰ ਮੇਲੇ ਗੁਰੂ ਓਸ ਵੇਲੇ ।
ਕਾਦਰਯਾਰ ਜਾ ਰਬ ਨੂੰ ਯਾਦ ਕੀਤਾ,
ਸਚਾ ਰਬ ਜੇ ਇਸ ਦੇ ਜ਼ਖ਼ਮ ਮੇਲੇ ।

28

ਲਾਮ ਲੋਥ ਚੁਕਾਇ ਕੇ ਗੁਰੂ ਹੋਰਾਂ,
ਪੂਰਨ ਭਗਤ ਨੂੰ ਆਂਦਾ ਹੈ ਚੁਕ ਡੇਰੇ ।
ਬੈਠ ਨਾਲ ਤਾਗੀਦ ਦੇ ਪੁਛਿਓ ਨੇ,
ਕਿਹੜੇ ਸ਼ਹਿਰ ਨੀ ਲੜਕਿਆ ਘਰ ਤੇਰੇ ।
ਕਿਸ ਦਾ ਪੁਤ ਤੇ ਕੀ ਹੈ ਨਾਉਂ ਤੇਰਾ,
ਕਿੰਨ ਖੁਹ ਪਾਇਆ ਵੱਢੇ ਹੱਥ ਤੇਰੇ ।
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ,
ਰਬ ਜਾਣਦਾ ਜੋ ਬਣੀ ਨਾਲ ਮੇਰੇ ।

29

ਅਲਫ਼ ਆਖਦਾ ਮੁਲਕ ਉਜੈਨ ਸਾਡਾ,
ਰਾਜਾ ਬਿਕ੍ਰਮਜੀਤ ਦੀ ਵਲ ਹੈ ਜੀ ।
ਉਸ ਮੁਲਕੋਂ ਆਇਆ ਸਾਡਾ ਬਾਪ ਦਾਦਾ,
ਸਿਆਲਕੋਟ ਬੈਠੇ ਹੁਣ ਮਲ ਹੈ ਜੀ ।
ਪੂਰਨ ਨਾਉਂ ਤੇ ਪੁਤਰ ਸਲਵਾਹਨ ਦਾ ਹਾਂ,
ਜਿਸ ਵੱਢ ਸੁਟਾਇਆ ਵਿਚ ਡਲ ਹੈ ਜੀ ।
ਕਾਦਰਯਾਰ ਹੁਣ ਆਪਣਾ ਆਪ ਦਸੋ,
ਤਦੇ ਖੋਲ੍ਹ ਦਸਾਂ ਅਗੋਂ ਗੱਲ ਹੈ ਜੀ ।

30

ਯੇ ਯਾਦ ਕਰ ਚੇਲਿਆਂ ਕਹਿਆ ਕੋਲੋਂ,
ਗੁਰੂ ਨਾਥ ਜਾਂ ਹੋਇਆ ਬਖਸ਼ਨ ਹਾਰਾ ।
ਕੁਝ ਮੰਗ ਲੈ ਬੇਪਰਵਾਹੀਆਂ ਥੋਂ,
ਟਿੱਲੇ ਬਾਲ ਗੁੰਦਾਈ ਦਾ ਸੰਤੁ ਭਾਰਾ ।
ਇਹਦਾ ਜੋਗ ਦਰਗਾਹ ਮੰਨਜ਼ੂਰ ਹੋਇਆ,
ਮਥਾ ਟੇਕਦਾ ਕੁਲ ਜਹਾਨ ਸਾਰਾ ।
ਕਾਦਰਯਾਰ ਫ਼ਕੀਰਾਂ ਦੀ ਗੱਲ ਸੁਣ ਕੇ,
ਪੂਰਨ ਪਿਆ ਪੈਰੀਂ ਹੋਇਆ ਮਿਨਤਦਾਰਾ ।

ਤੀਜੀ ਸੀਹਰਫ਼ੀ
ਪੂਰਨ ਦਾ ਗੁਰੂ ਗੋਰਖ ਨੂੰ ਆਪਣਾ ਹਾਲ ਦਸਣਾ
1

ਅਲਫ਼ ਆਖ ਸੁਣਾਂਵਦਾ ਗੁਰੂ ਤਾਈਂ,
ਕਿੱਸਾ ਹਾਲ ਹਕੀਕਤਾਂ ਖੋਲ੍ਹ ਕੇ ਜੀ ।
ਨੇਕੀ ਮਾਇ ਤੇ ਬਾਪ ਦੀ ਯਾਦ ਕਰ ਕੇ,
ਸਭੋ ਦਸਦਾ ਓਸ ਨੂੰ ਫੋਲ ਕੇ ਜੀ ।
ਗੁਰੂ ਨਾਥ ਜਾ ਓਸ ਦੇ ਦਰਦ ਰੁੰਨਾ,
ਹੰਝੂ ਰਤ ਦੀਆਂ ਅਖੀਂ ਡੋਲ੍ਹ ਕੇ ਜੀ ।
ਕਾਦਰਯਾਰ ਸੁਣਾਂਵਦਾ ਗੱਲ ਸਭੋ,
ਸੁਖਨ ਦਰਦ ਫ਼ਿਰਾਕ ਦੇ ਬੋਲ ਕੇ ਜੀ ।

2

ਬੇ ਬਹੁਤ ਸਾਂ ਲਾਡਲਾ ਜੰਮਿਆ ਮੈਂ,
ਘਤ ਧੌਲਰੀਂ ਪਾਲਿਆ ਬਾਪ ਮੈਨੂੰ ।
ਬਾਰ੍ਹੀਂ ਵਰ੍ਹੀਂ ਮੈਂ ਗੁਰੂ ਜੀ ਬਾਹਰ ਆਇਆ,
ਜਦੋਂ ਹੁਕਮ ਕੀਤਾ ਬਾਬਲ ਆਪ ਮੈਨੂੰ ।
ਲਾਗੀ ਸਦ ਕੇ ਕਰਨ ਵਿਆਹ ਲਗੇ,
ਚੜ੍ਹ ਗਿਆ ਸੀ ਗ਼ਮ ਦਾ ਤਾਪ ਮੈਨੂੰ ।
ਕਾਦਰਯਾਰ ਮੈਂ ਆਖਿਆ ਬਾਪ ਨੂੰ ਜੀ,
ਨਹੀਂ ਭਾਂਵਦੀ ਏ ਗਲ ਆਪ ਮੈਨੂੰ ।

3

ਤੇ ਤਕ ਡਿਠਾ ਬਾਬਲ ਵਲ ਮੇਰੇ,
ਦਿਲੋਂ ਸਮਝਿਆ ਮੈਂ ਹੋਈ ਕਹਿਰਵਾਨੀ ।
ਕਿਵੇਂ ਰਬ ਕਰਾਇਆ ਤੇ ਆਖਿਓ ਸੂ,
ਕਰ ਹੁਕਮ ਜ਼ੁਬਾਨ ਥੀਂ ਮਿਹਰਵਾਨੀ ।
ਜਾਇ ਪੂਰਨਾ ਮਾਇ ਨੂੰ ਟੇਕ ਮੱਥਾ,
ਗਲ ਸਮਝੀਏ ਗੁਰੂ ਜੀ ਹੋਇ ਦਾਨੀ ।
ਕਾਦਰਯਾਰ ਮੈਂ ਜਾਇ ਜਾਂ ਮਹਲ ਵੜਿਆ,
ਦੇਖ ਹੋਇਆ ਸੀ ਲੂਣਾ ਦਾ ਸਿਦਕ ਫ਼ਾਨੀ ।

4

ਸੇ ਸਾਬਤੀ ਰਹੀ ਨਾ ਵਿਚ ਉਸ ਦੇ,
ਮੈਨੂੰ ਪਕੜ ਕੇ ਪਾਸ ਬਹਾਨ ਲਗੀ ।
ਗੁਰੂ ਨਾਥ ਜੀ ਗਲ ਨੂੰ ਸਮਝਿਆ ਜੇ,
ਕੜਾ ਜ਼ਿਮੀਂ ਅਸਮਾਨ ਦਾ ਢਾਹਨ ਲਗੀ ।
ਕੰਨੀਂ ਖਿਚ ਮੈਂ ਅੰਦਰੋਂ ਬਾਹਰ ਆਇਆ,
ਜਦੋਂ ਧਰਮ ਡਿਠਾ ਜਿੰਦ ਜਾਨ ਲਗੀ ।
ਕਾਦਰਯਾਰ ਜਾਂ ਰਾਤ ਨੂੰ ਆਇਆ ਰਾਜਾ,
ਉਹਨੂੰ ਨਾਲਸ਼ਾਂ ਨਾਲ ਸਿਖਾਨ ਲਗੀ ।

5

ਜੀਮ ਜਦੋਂ ਸੁਣੀ ਰਾਜੇ ਗਲ ਉਹਦੀ,
ਉਸੇ ਵਕਤ ਮੈਨੂੰ ਸਦਵਾਇ ਕੇ ਜੀ ।
ਕਹਿਰਵਾਨ ਹੋਏ ਬਾਪ ਦੇ ਨੈਣ ਖ਼ੂਨੀ,
ਧਪਾ ਮਾਰਿਆ ਪਾਸ ਬਠਲਾਇ ਕੇ ਜੀ ।
ਉਸੇ ਵਕਤ ਜਲਾਦਾਂ ਨੂੰ ਆਖਿਆ ਸੂ,
ਖੂਹੇ ਵਿਚ ਪਾਓ ਇਹਨੂੰ ਜਾਇ ਕੇ ਜੀ ।
ਕਾਦਰਯਾਰ ਮੀਆਂ ਏਸ ਖੂਹੇ ਅੰਦਰ,
ਕਰ ਗਏ ਦਾਖ਼ਲ ਮੈਨੂੰ ਆਇ ਕੇ ਜੀ ।

6

ਹੇ ਹਾਲ ਸੁਣਾਂਵਦਾ ਗੁਰੂ ਤਾਈਂ,
ਕੇਹਾ ਵਰਤਿਆ ਇਹ ਨਜੂਲ ਮੈਨੂੰ ।
ਮੇਰੇ ਮਾਇ ਤੇ ਬਾਪ ਦੇ ਵਸ ਨਾਹੀਂ,
ਸਭੇ ਰਬ ਦਿਖਾਂਵਦਾ ਸੂਲ ਮੈਨੂੰ ।
ਕਰੋ ਕਰਮ ਜੀ ਰਬ ਦਾ ਵਾਸਤਾ ਜੇ,
ਹੋਵਨ ਨੈਨ ਪਰਾਨ ਵਸੂਲ ਮੈਨੂੰ ।
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ,
ਪਿਛਾ ਦੇਇ ਨਾ ਜਾਇਓ ਸੂ ਮੂਲ ਮੈਨੂੰ ।

7

ਖ਼ੇ ਖ਼ੁਸ਼ੀ ਹੋਈ ਗੁਰੂ ਨਾਥ ਤਾਈਂ,
ਜਲ ਪਾਇ ਕੇ ਪੂਰਿਆ ਤੁਰਤ ਮੀਤਾ ।
ਹਥੀਂ ਆਪਣੀ ਓਸ ਦੇ ਮੂੰਹ ਲਾਇਆ,
ਪੜਦੇ ਖੁਲ੍ਹ ਗਏ ਜਦੋਂ ਘੁਟ ਪੀਤਾ ।
ਫੇਰ ਬੇਪਰਵਾਹ ਗੁਰੂ ਨਾਥ ਹੋਰਾਂ,
ਪੂਰਨ ਭਗਤ ਤਾਈਂ ਸਾਵਧਾਨ ਕੀਤਾ ।
ਕਾਦਰਯਾਰ ਗੁਜ਼ਾਰ ਕੇ ਬਰਸ ਬਾਰਾਂ,
ਖ਼ਸਤਾਹਾਲ ਤਾਈਂ ਖ਼ੁਸ਼ਹਾਲ ਕੀਤਾ ।

8

ਪੂਰਨ ਦੀ ਯੋਗ ਦੀ ਮੰਗ ਤੇ ਗੋਰਖ ਦੀ ਪ੍ਰਵਾਨਗੀ
ਦਾਲ ਦੇਣ ਲਗਾ ਰੁਖ਼ਸਤ ਓਸ ਵੇਲੇ,
ਗੁਰੂ ਆਖਦਾ ਬਚਾ ਜੀ ਮੁਲਖ ਜਾਵੋ ।
ਦੇਖ ਬਾਪ ਤੇ ਮਾਇ ਨੂੰ ਠੰਢ ਪਾਵੋ,
ਦੁਖ ਕਟਿਆ ਜਾਇ ਤੇ ਸੁਖ ਪਾਵੋ ।
ਪੂਰਨ ਆਖਦਾ ਬੇਹਿਸਾਬ ਹੈ ਜੀ,
ਕੰਨ ਪਾੜ ਮੇਰੇ ਅੰਗ ਖ਼ਾਕ ਲਾਵੋ ।
ਕਾਦਰਯਾਰ ਕਹਿੰਦਾ ਪੂਰਨ ਭਗਤ ਓਥੇ,
ਮਿਹਰਬਾਨਗੀ ਦੇ ਘਰ ਵਿਚ ਆਵੋ ।

9

ਜ਼ਾਲ ਜ਼ਰਾ ਨਾ ਪਓ ਖ਼ਿਆਲ ਮੇਰੇ,
ਗੁਰੂ ਆਖਦਾ ਜੋਗ ਕਮਾਨ ਔਖਾ ।
ਫ਼ਾਕਾ ਫ਼ਿਕਰ ਤੇ ਸਫ਼ਰ ਕਬੂਲ ਕਰਨਾ,
ਦੁਨੀਆਂ ਛਡ ਦੇਣੀ ਮਰ ਜਾਣ ਔਖਾ ।
ਕਾਮ ਮਾਰ ਕੇ ਕ੍ਰੋਧ ਨੂੰ ਦੂਰ ਕਰਨਾ,
ਮੰਦੀ ਹਿਰਸ ਦਾ ਤੋੜਨਾ ਮਾਨ ਔਖਾ ।
ਕਾਦਰਯਾਰ ਕਹਿੰਦਾ ਗੁਰੂ ਪੂਰਨ ਤਾਈਂ,
ਏਸ ਰਾਹ ਦਾ ਮਸਲਾ ਪਾਨ ਔਖਾ ।

10

ਰੇ ਰੋਇ ਕੇ ਪੂਰਨ ਹੱਥ ਬੰਨ੍ਹੇ,
ਲੜ ਛਡ ਤੇਰਾ ਕਿਥੇ ਜਾਵਸਾਂ ਮੈਂ ।
ਫ਼ਾਕਾ ਫ਼ਿਕਰ ਤੇ ਸਫ਼ਰ ਕਬੂਲ ਸਿਰ ਤੇ,
ਤੇਰਾ ਹੁਕਮ ਬਜਾਇ ਲਿਆਵਸਾਂ ਮੈਂ ।
ਕਰੋ ਕਰਮ ਤੇ ਸੀਸ ਪਰ ਹੱਥ ਰਖੋ,
ਖਿਜ਼ਮਤਗਾਰ ਗ਼ੁਲਾਮ ਸਦਾਵਸਾਂ ਮੈਂ ।
ਕਾਦਰਯਾਰ ਤਵਾਜ਼ਿਆ ਹੋਗੁ ਜਿਹੜੀ,
ਟਹਿਲ ਸਾਬਤੀ ਨਾਲ ਕਰਾਵਸਾਂ ਮੈਂ ।

11

ਜ਼ੇ ਜ਼ੋਰ ਬੇਜ਼ੋਰ ਹੋ ਗੁਰੂ ਅਗੇ,
ਪੂਰਨ ਆਇ ਕੇ ਸੀਸ ਨਿਵਾਂਵਦਾ ਏ ।
ਗੁਰੂ ਪਕੜ ਕੇ ਸੀਸ ਤੋਂ ਲਿੱਟ ਕਤਰੀ,
ਕੰਨ ਪਾੜ ਕੇ ਮੁੰਦਰਾਂ ਪਾਂਵਦਾ ਏ ।
ਗੇਰੀ ਰੰਗ ਪੁਸ਼ਾਕੀਆਂ ਖੋਲ੍ਹ ਬੁਚਕੇ,
ਹਥੀਂ ਆਪਣੀ ਨਾਥ ਪਹਿਨਾਂਵਦਾ ਏ ।
ਕਾਦਰਯਾਰ ਗੁਰੂ ਸਵਾ ਲਖ ਵਿਚੋਂ,
ਪੂਰਨ ਭਗਤ ਮਹੰਤ ਬਣਾਂਵਦਾ ਏ ।

ਕਵੀਓਵਾਚ
12

ਸੀਨ ਸੁਣੋ ਲੋਕੋ ਕਿੱਸਾ ਆਸ਼ਕਾਂ ਦਾ,
ਜਿਨ੍ਹਾਂ ਰਬ ਦੇ ਨਾਮ ਤੋਂ ਜਾਨ ਵਾਰੀ ।
ਓਨ੍ਹਾਂ ਜਾਨ ਤੋਂ ਮੌਤ ਕਬੂਲ ਕੀਤੀ,
ਪਰ ਸਾਬਤੀ ਨਾ ਦਿਲੋਂ ਮੂਲ ਹਾਰੀ ।
ਰਬ ਜਦ ਕਦ ਓਨ੍ਹਾਂ ਨੂੰ ਬਖ਼ਸ਼ਦਾ ਹੈ,
ਦੁਖ ਦੇਇ ਕੇ ਸੁਖ ਦੀ ਕਰੇ ਕਾਰੀ ।
ਕਾਦਰਯਾਰ ਜੇ ਓਸ ਦੇ ਹੋਇ ਰਹੀਏ,
ਓਹਨੂੰ ਪਉਂਦੀ ਹੈ ਸ਼ਰਮ ਦੀ ਲਜ ਸਾਰੀ ।

ਪੂਰਨ ਦਾ ਸੁੰਦਰਾਂ ਤੋਂ ਖ਼ੈਰ ਲਿਆਉਣਾ
13

ਸ਼ੀਨ ਸ਼ਹਿਰ ਭਲਾ ਰਾਣੀ ਸੁੰਦਰਾਂ ਦਾ,
ਪੂਰਨ ਚਲਿਆ ਖ਼ਾਕ ਰਮਾਇ ਕੇ ਜੀ ।
ਜੋਗੀ ਆਖਦੇ ਪੂਰਨਾ ਅਜ ਜੇ ਤੂੰ,
ਆਵੇਂ ਸੁੰਦਰਾਂ ਤੋਂ ਫਤੇ ਪਾਏ ਕੇ ਜੀ ।
ਅਗੇ ਕਈ ਜੋਗੀ ਉਥੇ ਹੋਇ ਆਏ,
ਮਹਿਲੀਂ ਬੈਠ ਆਵਾਜ਼ ਬੁਲਾਇ ਕੇ ਜੀ ।
ਕਾਦਰਯਾਰ ਤੇਰੀ ਸਾਨੂੰ ਖ਼ਬਰ ਨਾਹੀਂ,
ਜ਼ੋਰ ਕਰੇ ਜੇ ਪੂਰਨਾ ਜਾਇ ਕੇ ਜੀ ।

14

ਸਵਾਦ ਸਾਹਿਬ ਦਾ ਨਾਮ ਧਿਆਏ ਕੇ ਜੀ,
ਪੂਰਨ ਆਖਦਾ ਹੁਕਮ ਦੀ ਟਹਿਲ ਕਾਈ ।
ਗੁਰੂ ਨਾਥ ਫੜਾਇ ਕੇ ਹੱਥ ਲੋਟਾ,
ਥਾਪੀ ਪੁਸ਼ਤ ਪਨਾਹ ਦੀ ਮਗਰ ਲਾਈ ।
ਗੁਰੂ ਆਖਦਾ ਬੱਚਾ ਜੀ ਮਤ ਸਾਡੀ,
ਹਰ ਕਿਸੇ ਨੂੰ ਸਮਝਨਾ ਭੈਣ ਮਾਈ ।
ਕਾਦਰਯਾਰ ਸੰਮਾਲ ਕੇ ਮੁਲਖ ਫਿਰਨਾ,
ਮਤਿ ਦਾਗ਼ ਨਾ ਸੂਰਤਿ ਨੂੰ ਲਗ ਜਾਈ ।

15

ਜ਼ੁਆਦ ਜ਼ਰੂਰਤ ਜੇ ਕਿਸੇ ਦੀ ਹੁੰਦੀ ਮੈਨੂੰ,
ਕਿਉਂ, ਆਪਣਾ ਆਪ ਗੁਵਾਉਂਦਾ ਮੈਂ ।
ਪਹਿਲਾ ਲੂਣਾ ਦਾ ਆਖਿਆ ਮੰਨ ਲੈਂਦਾ,
ਖੂਹੇ ਪੈਂਦਾ ਕਿਉਂ ਦਸਤ ਵਢਾਉਂਦਾ ਮੈਂ ।
ਹੁਣ ਫੇਰ ਰਹੇ ਤੁਸੀਂ ਆਖ ਮੈਨੂੰ,
ਹਿਰਸ ਹੁੰਦੀ ਜੇ ਮੁਲਖ ਨੂੰ ਜਾਉਂਦਾ ਮੈਂ ।
ਕਾਦਰਯਾਰ ਜੇ ਖ਼ੁਸ਼ੀ ਦੀ ਗਲ ਹੁੰਦੀ,
ਘਰ ਸੌ ਵਿਆਹ ਕਰਾਉਂਦਾ ਮੈਂ ।

16

ਤੋਇ ਤਾਲਿਆ ਵੰਦ ਫ਼ਕੀਰ ਪੂਰਨ,
ਪਹਿਲੇ ਰੋਜ਼ ਗਦਾਈ ਨੂੰ ਚਲਿਆ ਈ ।
ਰਾਣੀ ਸੁੰਦਰਾਂ ਦੇ ਮਹਲ ਜਾਇ ਵੜਿਆ,
ਬੂਹਾ ਰੰਗ ਮਹਿਲ ਦਾ ਮਲਿਆ ਈ ।
ਮਹਲਾਂ ਹੇਠ ਜਾਂ ਪੂਰਨ ਆਵਾਜ਼ ਕੀਤੀ,
ਰਾਣੀ ਖ਼ੈਰ ਗੋਲੀ ਹੱਥ ਘਲਿਆ ਈ ।
ਕਾਦਰਯਾਰ ਗ਼ੁਲਾਮ ਬਿਹੋਸ਼ ਹੋਈ,
ਸੂਰਤ ਵੇਖ ਸੀਨਾ ਥਰਥਲਿਆ ਈ ।

17

ਜ਼ੋਇ ਜ਼ਾਹਰਾ ਗੋਲੀ ਨੂੰ ਕਹੇ ਪੂਰਨ,
ਘਲ ਰਾਣੀ ਨੂੰ ਆਇ ਕੇ ਖ਼ੈਰ ਪਾਏ ।
ਅਸੀਂ ਖ਼ੈਰ ਲੈਣਾ ਰਾਣੀ ਸੁੰਦਰਾਂ ਤੋਂ,
ਤੁਸਾਂ ਗੋਲੀਆਂ ਥੋਂ ਨਹੀਂ ਲੈਣ ਆਏ ।
ਪੂਰਨ ਕਿਹਾ ਤਾਂ ਗੋਲੀ ਨਾ ਉਜ਼ਰ ਕੀਤਾ,
ਪਿਛਾਂ ਪਰਤ ਕੇ ਰਾਣੀ ਦੇ ਕੋਲ ਜਾਏ ।
ਕਾਦਰਯਾਰ ਮੀਆਂ ਰਾਣੀ ਸੁੰਦਰਾਂ ਨੂੰ,
ਗੋਲੀ ਜਾਇ ਤਾਹਨਾ ਤਨ ਬੀਚ ਲਾਏ ।

18

ਐਨ ਅਰਜ਼ ਮੰਨ ਰਾਣੀਏਂ ਕਹੇ ਗੋਲੀ,
ਤੈਨੂੰ ਸੂਰਤ ਦਾ ਵੱਡਾ ਮਾਨ ਮੋਈਏ ।
ਜਿਹੜਾ ਆਇਆ ਅਜ ਫ਼ਕੀਰ ਸਾਈਂ,
ਮੈਂ ਵੀ ਵੇਖ ਕੇ ਹੋਈ ਹੈਰਾਨ ਮੋਈਏ ।
ਤੇਰੇ ਕੋਲੋਂ ਹੈ ਸੋਹਣਾ ਦਸ ਹਿੱਸੇ,
ਭਾਵੇਂ ਗ਼ੈਰਤਾਂ ਦਿਲ ਵਿਚ ਜਾਨ ਮੋਈਏ ।
ਕਾਦਰਯਾਰ ਮੈਥੋਂ ਨਹੀਂ ਖ਼ੈਰ ਲੈਂਦਾ,
ਤੇਰੇ ਦੇਖਣੇ ਨੂੰ ਖੜਾ ਆਨ ਮੋਈਏ ।

ਪੂਰਨ ਨੂੰ ਵੇਖਦਿਆਂ ਹੀ ਸੁੰਦਰਾਂ ਦਾ ਵਿੱਕ ਜਾਣਾ
19

ਗੈਨ ਗੁੱਸਾ ਆਇਆ ਰਾਣੀ ਸੁੰਦਰਾਂ ਨੂੰ,
ਬਾਰੀ ਖੋਲ੍ਹ ਝਰੋਖੇ ਦੇ ਵਿਚ ਰਾਣੀ ।
ਕਰ ਨਜ਼ਰ ਫ਼ਕੀਰ ਦੀ ਤਰਫ਼ ਡਿੱਠਾ,
ਸੂਰਤ ਦੇਖ ਕੇ ਓਸ ਦੀ ਸਿੱਕ ਧਾਣੀ ।
ਆਖੇ ਗੋਲੀਏ ਨੀ ਇਹਨੂੰ ਸਦ ਅੰਦਰ,
ਇਹਦੀ ਸੂਰਤ ਹੀ ਮੇਰੇ ਮਨ ਭਾਣੀ ।
ਕਾਦਰਯਾਰ ਗੋਲੀ ਕਹਿੰਦੀ ਆਉ ਅੰਦਰ,
ਰਾਣੀ ਸੁੰਦਰਾਂ ਦੇ ਦਿਲ ਮਿਹਰਬਾਣੀ ।

20

ਫ਼ੇ ਫ਼ੇਰ ਕਿਹਾ ਪੂਰਨ ਭਗਤ ਅਗੋਂ,
ਅੰਦਰ ਜਾਣ ਫ਼ਕੀਰਾਂ ਦਾ ਕਰਮ ਨਾਹੀ ।
ਬਾਹਰ ਆਇ ਕੇ ਰਾਣੀ ਤੂੰ ਖ਼ੈਰ ਪਾਈਂ,
ਅਸੀਂ ਫ਼ਕਰ ਹਾਂ ਤੇ ਦਿਲੋਂ ਨਰਮੁ ਨਾਹੀ ।
ਅਸੀਂ ਆਏ ਹਾਂ ਤਲਬ ਦੀਦਾਰ ਦੀ ਨੂੰ,
ਕੋਈ ਹੋਰ ਸਾਡੇ ਦਿਲ ਭਰਮ ਨਾਹੀ ।
ਕਾਦਰਯਾਰ ਅਸੀਲਾਂ ਦੇ ਅਸੀਂ ਜਾਏ,
ਕੋਈ ਜਾਤਿ ਕੁਜਾਤਿ ਬੇਧਰਮੁ ਨਾਹੀ ।

21

ਕਾਫ਼ ਕੁਫ਼ਲ ਸੰਦੂਕ ਦਾ ਖੋਲ੍ਹ ਰਾਣੀ,
ਭਰੀ ਬੋਰੀ ਉਲੱਟ ਕੇ ਢੇਰ ਕਰਦੀ ।
ਹੀਰੇ ਲਾਲ ਜਵਾਹਰ ਹੋਰ ਪਾਏ,
ਭਰ ਥਾਲ ਲਿਆਂਵਦੀ ਪੂਰ ਜ਼ਰਦੀ ।
ਰਾਣੀ ਸੁੰਦਰਾਂ ਮੁਖ ਤੋਂ ਲਾਹਿ ਪੜਦਾ,
ਚਰਨ ਚੁੰਮ ਕੇ ਪੈਰ ਤੇ ਸੀਸ ਧਰਦੀ ।
ਕਾਦਰਯਾਰ ਕਹੇ ਖੜੇ ਹੋ ਰਹੋ ਇਥੇ,
ਰੋਜ਼ ਰਹਾਂਗੀ ਹੋਇ ਗ਼ੁਲਾਮ ਬਰਦੀ ।

22

ਕਾਫ਼ ਕਰਮ ਕਰੋ ਵਸੋ ਪਾਸ ਮੇਰੇ,
ਖਲੀ ਇਕ ਮੈਂ ਅਰਜ਼ ਗੁਜ਼ਾਰਨੀ ਹਾਂ ।
ਅੰਦਰ ਚਲੋ ਤਾਂ ਰੰਗ ਮਹਿਲ ਤਾਈਂ,
ਤੋਸਕ ਫ਼ਰਸ਼ ਵਿਛਾਇ ਬਹਾਵਨੀ ਹਾਂ ।
ਕਰਾਂ ਟਹਿਲ ਜੋ ਤੁਸਾਂ ਦੀ ਖ਼ੁਸ਼ੀ ਹੋਵੇ,
ਭੋਜਨ ਖਾਓ ਤਾਂ ਤੁਰਤ ਪਕਾਵਨੀ ਹਾਂ ।
ਕਾਦਰਯਾਰ ਖੜੀ ਰਾਣੀ ਅਰਜ਼ ਕਰਦੀ,
ਘੜੀ ਰਹੋ ਤਾਂ ਜੀਓਕਾ ਪਾਵਨੀ ਹਾਂ ।

23

ਲਾਮ ਲਿਆਈਏ ਭਿਛਿਆ ਕਹੇ ਪੂਰਨ,
ਅੰਦਰ ਵਾੜ ਬਣਾਓ ਨਾ ਚੋਰ ਸਾਨੂੰ ।
ਅਗੇ ਇਕ ਫਾਹੀ ਵਿਚੋਂ ਲੰਘ ਆਏ,
ਹੁਣ ਕਜੀਏ ਪਾਓ ਨਾ ਹੋਰ ਸਾਨੂੰ ।
ਮਹਲਾਂ ਵਿਚ ਸੁਹਾਂਵਦੇ ਤੁਸੀਂ ਰਾਜੇ,
ਅਸੀਂ ਜਾਂਦੜੇ ਭਲੇ ਹਾਂ ਟੋਰ ਸਾਨੂੰ ।
ਕਾਦਰਯਾਰ ਫਿਰ ਭੋਜਨ ਦੀ ਭੁਖ ਨਾਹੀ,
ਸਵਾ ਪਹਿਰ ਦੀ ਵਾਟ ਨਾ ਮੋੜ ਸਾਨੂੰ ।

24

ਮੀਮ ਮਿਨਤਾਂ ਕਰੇ ਨਾ ਰਹੇ ਪੂਰਨ,
ਲੈ ਕੇ ਭਿਛਿਆ ਗੁਰੂ ਦੇ ਕੋਲ ਆਇਆ ।
ਹੱਥ ਜੋੜ ਕਹਿੰਦਾ ਗੁਰੂ ਨਾਥ ਅਗੇ,
ਮੈਂ ਤਾਂ ਰੋਬਰੋ ਜਾਇ ਕੇ ਖ਼ੈਰ ਲਿਆਇਆ ।
ਗੁਰੂ ਨਾਥ ਤੇ ਦੇਖ ਹੈਰਾਨ ਹੋਇਆ,
ਹੀਰੇ ਲਾਲ ਜਵਾਹਰਾਂ ਕਿਸ ਪਾਇਆ ।
ਕਾਦਰਯਾਰ ਕਹਿੰਦਾ ਰਾਣੀ ਸੁੰਦਰਾਂ ਨੇ,
ਇਹ ਖ਼ੈਰ ਤੁਸਾਂ ਵਲ ਏ ਘਲਾਇਆ ।

ਪੂਰਨ ਦਾ ਹੀਰੇ ਜਵਾਹਰ ਮੋੜਨ ਆਉਣਾ
25

ਨੂਨ ਨਹੀਂ ਇਹ ਦੌਲਤਾਂ ਕੰਮ ਸਾਡੇ,
ਗੁਰੂ ਆਖਦਾ ਮੋੜ ਲੈ ਜਾਓ ਪੂਤਾ ।
ਮਾਇਆ ਲੋਭ ਫ਼ਕੀਰਾਂ ਦਾ ਕੰਮ ਨਾਹੀਂ,
ਭਿਖਿਆ ਭੋਜਨ ਮੰਗ ਲੈ ਆਓ ਪੂਤਾ ।
ਫ਼ਕਰ ਜਹੀ ਨਾ ਦੌਲਤ ਹੋਰ ਕੋਈ,
ਸਾਨੂੰ ਦਿਤੀ ਹੈ ਆਪ ਅਲਾਹੁ ਪੂਤਾ ।
ਕਾਦਰਯਾਰ ਜਵਾਹਰਾਂ ਨੂੰ ਰੋੜ ਜਾਣੋ,
ਇਹ ਦੌਲਤ ਦੁਨੀਆਂ ਹਵਾਓ ਪੂਤਾ ।

26

ਵਾਓ ਵੰਝਣ ਲਗਾ ਅਗਲੇ ਭਲਕ ਪੂਰਨ,
ਮੋਤੀ ਮੋੜਨੇ ਨੂੰ ਸ਼ਹਿਰ ਵਲ ਉਤੇ ।
ਰਾਣੀ ਸੁੰਦਰਾਂ ਓਸ ਦਾ ਰਾਹ ਤਕੇ,
ਖੜੀ ਦੇਖਦੀ ਰੰਗ ਮਹਲ ਉਤੇ ।
ਜਾਣੀ ਜਾਣ ਫ਼ਕੀਰਾਂ ਦਾ ਰਬ ਵਾਲੀ,
ਪੂਰਨ ਜਾਇ ਵੜਿਆ ਘੜੀ ਵਖਤ ਉਤੇ,
ਕਾਦਰਯਾਰ ਪੂਰਨ ਉਸ ਦਾ ਗਾਹਕ ਨਾਹੀਂ,
ਰਾਣੀ ਲੋੜਦੀ ਸੀ ਜਿਹੜੀ ਗਲ ਉਤੇ ।

27

ਹੇ ਹਸ ਕੇ ਆਇ ਸਲਾਮ ਕਰਦੀ,
ਰਾਣੀ ਸੁੰਦਰਾਂ ਪੂਰਨ ਭਗਤ ਤਾਈਂ ।
ਪੂਰਨ ਭਗਤ ਉਲਟ ਕੇ ਆਖਿਆ ਸੂ,
ਮੋਤੀ ਸਾਂਭ ਰਾਣੀ ਸਾਡੇ ਕੰਮ ਨਾਹੀਂ ।
ਪੱਕੇ ਭੋਜਨ ਦੀ ਦਿਲ ਨੂੰ ਚਾਹ ਹੈਗੀ,
ਇਛਿਆ ਹਈ ਤਾਂ ਤੁਰਤ ਪਕਾਇ ਲਿਆਈਂ ।
ਕਾਦਰਯਾਰ ਮੇਰਾ ਗੁਰੂ ਖਫ਼ੇ ਹੁੰਦਾ,
ਲਾਲ ਮੋਤੀਆਂ ਹੀਰੇ ਨਾ ਚਿੱਤ ਲਾਈਂ ।

28

ਲਾਮ ਲਿਆਇ ਕੇ ਹੀਰੇ ਜਵਾਹਰਾਂ ਨੂੰ,
ਪੂਰਨ ਸੁੰਦਰਾਂ ਦੇ ਪੱਲੇ ਪਾਂਵਦਾ ਈ ।
ਰਾਣੀ ਸੁੰਦਰਾਂ ਦੇਖ ਬੇਤਾਬ ਹੋਈ,
ਪੂਰਨ ਦੇ ਮੋਤੀ ਤੁਰਤ ਜਾਂਵਦਾ ਈ ।
ਰਾਣੀ ਸੁੰਦਰਾਂ ਭੋਜਨ ਪਕਾਨ ਲਗੀ,
ਪੂਰਨ ਗੁਰੂ ਜੀ ਦੇ ਪਾਸ ਆਂਵਦਾ ਈ ।
ਕਾਦਰਯਾਰ ਪੂਰਨ ਜਾਇ ਗੁਰੂ ਅਗੇ,
ਹੱਥ ਬੰਨ੍ਹ ਕੇ ਸੀਸ ਨਿਵਾਂਵਦਾ ਈ ।

ਕਵੀਓਵਾਚ
29

ਅਲਫ਼ ਆਖਦੇ ਸੂਰਤਿ ਹੈ ਰਿਜ਼ਕ ਅੱਧਾ,
ਜੇਕਰ ਆਪ ਕਿਸੇ ਨੂੰ ਰਬ ਦੇਵੇ ।
ਸੂਰਤਵੰਦ ਜੇ ਕਿਸੇ ਦੇ ਵਲ ਵੇਖੇ,
ਸਭ ਕੋਈ ਬੁਲਾਂਵਦਾ ਹੱਸ ਕੇ ਵੇ ।
ਮਾਰੇ ਸੂਰਤਾਂ ਦੇ ਮਰ ਗਏ ਆਸ਼ਕ,
ਨਹੀਂ ਹੁਸਨ ਦਾ ਦਰਦ ਫ਼ਿਰਾਕ ਏਵੇਂ ।
ਕਾਦਰਯਾਰ ਪ੍ਰਵਾਹ ਕੀ ਸੋਹਣਿਆਂ ਨੂੰ,
ਜਿਨ੍ਹਾਂ ਹੁਸਨ ਦੀ ਮੰਗੀ ਮੁਰਾਦ ਲੇਵੇ ।

ਰਾਣੀ ਸੁੰਦਰਾਂ ਦਾ ਗੁਰੂ ਗੋਰਖ ਕੋਲ ਜਾਣਾ
30

ਯੇ ਯਾਦ ਕੀਤੀ ਖੋਲ੍ਹ ਚੀਜ਼ ਸਾਰੀ,
ਪੂਰਨ ਆਖਦਾ ਗੁਰੂ ਜੀ ਆਂਵਦੀ ਏ ।
ਰਾਣੀ ਸੁੰਦਰਾਂ ਮੁਖ ਤੋਂ ਲਾਹ ਪੜਦਾ,
ਹੱਥ ਬੰਨ੍ਹ ਕੇ ਸੀਸ ਨਿਵਾਂਵਦੀ ਏ ।
ਛਤੀ ਭੋਜਨ ਗੁਰੂ ਦੇ ਰਖ ਅਗੇ,
ਆਜਿਜ਼ ਹੋਇ ਕੇ ਅਰਜ਼ ਫ਼ਰਮਾਂਵਦੀ ਏ ।
ਕਾਦਰਯਾਰ ਅਸੀਂ ਖੜੇ ਦੇਖਣੇ ਨੂੰ,
ਰਾਣੀ ਕੀ ਇਨਾਮ ਲੈ ਆਂਵਦੀ ਏ ।

ਚੌਥੀ ਸੀਹਰਫ਼ੀ
1

ਅਲਫ਼ ਆਦਿ ਜੋਗੀ ਸਭੇ ਦੇਖ ਉਹਨੂੰ,
ਚਾਰੋਂ ਤਰਫ ਚੁਫੇਰਿਓਂ ਘਤ ਘੇਰਾ ।
ਰਾਣੀ ਸੁੰਦਰਾਂ ਮੁਖ ਤੋਂ ਲਾਹ ਪੜਦਾ,
ਸਭਨਾਂ ਵਲ ਦਿਦਾਰ ਦੇ ਫੇਰਾ ।
ਗੁਰੂ ਨਾਥ ਤੇ ਪੂਰਨ ਰਹੇ ਸਾਬਤ,
ਹੋਰ ਡੋਲਿਆ ਸਿੱਧਾਂ ਦਾ ਸਭ ਡੇਰਾ ।
ਕਾਦਰਯਾਰ ਗੁਰੂ ਤਰਸਵਾਨ ਹੋਇਆ,
ਮੂੰਹੋਂ ਮੰਗ ਰਾਣੀ ਜੋ ਕੁਝ ਜੀਓ ਤੇਰਾ ।

2

ਬੇ ਬਹੁਤ ਹੈ ਗੁਰੂ ਜੀ ਦਇਆ ਤੇਰੀ,
ਰਾਣੀ ਆਖਦੀ ਕੁਝ ਅਟਕਾ ਨਾਹੀ ।
ਹੀਰੇ ਲਾਲ ਜਵਾਹਰ ਸਵਰਨ ਮੋਤੀ,
ਘਰ ਮੇਂਵਦੇ ਮਾਲ ਮਤਾਹ ਨਾਹੀ,
ਅਗੇ ਗੋਲੀਆਂ ਬਾਂਦੀਆਂ ਦਾਈਆਂ ਨੇ,
ਹੋਰ ਕਾਸੇ ਦੀ ਕੁਝ ਪਰਵਾਹ ਨਾਹੀ ।
ਕਾਦਰਯਾਰ ਦੀਦਾਰ ਨੂੰ ਅਸੀਂ ਆਏ,
ਹਰੋ ਮੰਗਣੇ ਦੀ ਦਿਲ ਚਾਹ ਨਾਹੀ ।

3

ਤੇ ਤੁਠਾ ਹਾਂ ਰਾਣੀਏ ਮੰਗ ਮੈਥੋਂ,
ਦੂਜੀ ਵਾਰ ਕਹਿੰਦਾ ਗੁਰੂ ਇਹੋ ਵੇਲਾ ।
ਰੰਗ ਰੰਗ ਦੇ ਬਾਗ਼ ਬਹਾਰ ਹੋਏ,
ਸਭ ਆਇਆ ਹੈ ਗੁਰੂ ਦੇ ਦੇਖ ਮੇਲਾ ।
ਰਾਣੀ ਸੁੰਦਰਾਂ ਫੇਰ ਕੇ ਨਜ਼ਰ ਕੀਤੀ,
ਪੂਰਨ ਭਗਤ ਹੈ ਅੰਮ੍ਰਿਤ ਫਲ ਕੇਲਾ ।
ਕਾਦਰਯਾਰ ਜੇ ਤੁਠਾ ਹੈਂ ਬਖ਼ਸ਼ ਮੈਨੂੰ,
ਰਾਣੀ ਆਖਦੀ ਪੂਰਨ ਭਗਤ ਚੇਲਾ ।

ਪੂਰਨ ਚਲਿਆ ਰਾਣੀ ਦੀ ਢੱਕ ਹੋ ਕੇ
4

ਸੇ ਸਾਬਤੀ ਨਾਲ ਕਰ ਬਚਨ ਬੈਠਾ,
ਦਿਲ ਖੁਸਦੇ ਗੁਰੂ ਨੇ ਟੋਰਿਆ ਈ ।
ਪੂਰਨ ਚਲਿਆ ਰਾਣੀ ਦੀ ਢੱਕ ਹੋ ਕੇ,
ਹੁਕਮ ਗੁਰੂ ਦਾ ਓਸ ਨਾ ਮੋੜਿਆ ਈ ।
ਰਾਣੀ ਸੁੰਦਰਾਂ ਕਰੇ ਦਲੀਲ ਦਿਲ ਦੀ,
ਸੋਈ ਕਰਮ ਪਾਇਆ ਜੋ ਮੈਂ ਲੋੜਿਆ ਈ ।
ਕਾਦਰਯਾਰ ਮੀਆਂ ਵਾਟੇ ਜਾਇ ਪੂਰਨ,
ਰਾਣੀ ਗੁਰੂ ਦਾ ਸੰਗ ਵਿਛੋੜਿਆ ਈ ।

5

ਜੀਮ ਜਦੋਂ ਲੈ ਸੁੰਦਰਾਂ ਤੁਰੀ ਪੂਰਨ,
ਕਹਿੰਦੀ ਅਜ ਚੜ੍ਹੀ ਚਿੱਲੇ ਰਾਜ ਦੇ ਜੀ ।
ਖ਼ੁਸ਼ੀ ਵਿਚ ਨਾ ਮੇਂਵਦੀ ਚੋਲੜੇ ਦੇ,
ਬੰਦ ਟੁਟ ਗਏ ਪਿਸ਼ਵਾਜ਼ ਦੇ ਜੀ ।
ਜੈਸਾ ਲਾਲ ਮੈਂ ਅਜ ਖਰੀਦ ਆਂਦਾ,
ਐਸਾ ਹੋਰ ਨਾ ਕੋਈ ਵਿਹਾਜਦੇ ਜੀ ।
ਕਾਦਰਯਾਰ ਜਾਂ ਆਪਣੇ ਸ਼ਹਿਰ ਵੜੀ,
ਕੰਮ ਵੇਖ ਗ਼ਰੀਬ ਨਿਵਾਜ ਦੇ ਜੀ ।

ਪੂਰਨ ਦਾ ਬਹਾਨੇ ਨਾਲ ਨੱਸ ਜਾਣਾ
6

ਹੇ ਹੋਸ਼ ਕੀਤੀ ਪੂਰਨ ਭਗਤ ਉਥੇ,
ਬੈਠ ਹਾਲ ਹਵਾਲ ਪੜ੍ਹਾਇਆ(ਪਛਾਣਿਆ) ਈ ।
ਜਿਨ੍ਹਾਂ ਗੱਲਾਂ ਥੋਂ ਰੱਬ ਜੀ ਸੰਗਦਾ ਸਾਂ,
ਕੇਹਾ ਰਾਣੀ ਨੇ ਮੈਨੂੰ ਰੰਜਾਣਿਆ ਈ ।
ਉਥੇ ਆਖਦਾ ਮੈਂ ਦਿਸ਼ਾ ਬੈਠ ਆਵਾਂ,
ਦਿਲੋਂ ਸਮਝ ਕੇ ਬੋਲ ਵਖਾਣਿਆ ਈ ।
ਕਾਦਰਯਾਰ ਖੜੋਇ ਕੇ ਸੁੰਦਰਾਂ ਨੂੰ,
ਪੂਰਨ ਆਖਦਾ ਵਾਂਗ ਅੰਞਾਣਿਆ ਈ ।

7

ਖ਼ੇ ਖ਼ਬਰ ਨਾ ਸੀ ਰਾਣੀ ਸੁੰਦਰਾਂ ਨੂੰ,
ਪੂਰਨ ਦੇਇ ਦਗ਼ਾ ਤੁਰ ਜਾਂਵਦਾ ਈ ।
ਮੈਂ ਤਾਂ ਜਾਣਦੀ ਸੀ ਮੇਰੇ ਹੁਸਨ ਮੱਤਾ,
ਜਿਹੜਾ ਇਹ ਅਰਜ਼ਾਂ ਫ਼ੁਰਮਾਂਵਦਾ ਈ ।
ਉਹਨੂੰ ਗੋਲੀਆਂ ਬਾਂਦੀਆਂ ਨਾਲ ਦਿਤੀਆਂ,
ਆਖੇ ਫਿਰ ਦਿਸ਼ਾ ਪਾਰ ਆਂਵਦਾ ਈ ।
ਕਾਦਰਯਾਰ ਮੀਆਂ ਵਾਟੇ ਜਾਇ ਪੂਰਨ,
ਟਿੱਲੇ ਬਾਲ ਦਾ ਰਾਹ ਪਛਾਣਦਾ ਈ ।

8

ਦਾਲ ਦਸਿਆ ਆਇ ਕੇ ਗੋਲੀਆਂ ਨੇ,
ਪੂਰਨ ਰਾਣੀਏ ਧ੍ਰੋਹ ਕਮਾਇ ਗਇਆ ।
ਅਸੀਂ ਗੁਰੂ ਦੇ ਵਾਸਤੇ ਪਾਇ ਰਹੀਆਂ,
ਹਥੀਂ ਪੈ ਕੰਨੀ ਛੁਡਵਾਇ ਗਇਆ ।
ਰਾਣੀ ਸੁੰਦਰਾਂ ਸੁਣ ਬਿਤਾਬ ਹੋਈ,
ਸੱਸੀ ਵਾਗ ਮੈਨੂੰ ਬਿਰਹੋਂ ਲਾਇ ਗਇਆ ।
ਕਾਦਰਯਾਰ ਖਲੋਇ ਕੇ ਪੁਛਿਆ ਸੂ,
ਦਸੋ ਗੋਲੀਓ ਨੀ ਕਿਹੜੇ ਰਾਹ ਗਇਆ ।

9

ਜ਼ਾਲ ਜ਼ਰਾ ਨਾ ਤਾਕਤ ਰਹੀ ਤਨ ਵਿਚ,
ਕੀਲੀ ਸੁੰਦਰਾਂ ਗ਼ਮਾਂ ਦੇ ਗੀਤ ਲੋਕੋ ।
ਮੈਂ ਤਾਂ ਭੁਲੀ ਤੁਸੀਂ ਨਾ ਭੁਲੋ ਕੋਈ,
ਲਾਵੋ ਜੋਗੀਆਂ ਨਾਲ ਨਾ ਪ੍ਰੀਤ ਲੋਕੋ ।
ਜੰਗਲ ਗਏ ਨਾ ਬਹੁੜੇ ਸੁੰਦਰਾਂ ਨੂੰ,
ਜੋਗੀ ਹੈਨ ਅਗੇ ਕੀਹਦੇ ਮੀਤ ਲੋਕੋ ।
ਕਾਦਰਯਾਰ ਪਿਛਾ ਖੜੀ ਦੇਖਦੀ ਸਾਂ,
ਖ਼ੁਸ਼ ਵਕਤ ਵੀ ਹੋਇਆ ਬਤੀਤ ਲੋਕੋ ।

10

ਰੇ ਰੰਗ ਮਹਲ ਤੇ ਚੜ੍ਹੀ ਰਾਣੀ,
ਰੋਇ ਆਖਦੀ ਪੂਰਨਾ ਲੁਟ ਗਇਉਂ ।
ਬਾਗ਼ ਹਿਰਸ ਦਾ ਪੱਕ ਤਿਆਰ ਹੋਇਆ,
ਹਥੀਂ ਲਾਇ ਕੇ ਬੁਟਿਆਂ ਪੁਟ ਗਇਉਂ ।
ਘੜੀ ਬੈਠ ਨਾ ਕੀਤੀਆਂ ਰਜ ਗੱਲਾਂ,
ਝੂਠੀ ਪ੍ਰੀਤ ਲਗਾਇ ਕੇ ਉਠ ਗਇਉਂ ।
ਕਾਦਰਯਾਰ ਮੀਆਂ ਸੱਸੀ ਵਾਂਗ ਮੈਨੂੰ,
ਥਲਾਂ ਵਿਚ ਕੂਕੇਂਦੀ ਨੂੰ ਸੁਟ ਗਇਉਂ ।

11

ਜ਼ੇ ਜ਼ੋਰ ਨਾ ਸੀ ਸੋਹਣੇ ਨਾਲ ਤੇਰੇ,
ਖੜੀ ਦਸਤ ਪੁਕਾਰਦੀ ਵਲ ਸੂਹੀ ।
ਪੂਰਨ ਨਜ਼ਰ ਨਾ ਆਂਵਦਾ ਸੁੰਦਰਾਂ ਨੂੰ,
ਰਾਣੀ ਰੰਗ ਮਹਲ ਤੋਂ ਟੁੱਟ ਮੂਈ ।
ਧਪੇ ਇਸ਼ਕ ਦੇ ਮਾਰ ਹੈਰਾਨ ਕੀਤੀ,
ਪਾਟੇ ਨੈਣ ਨਕੋਂ ਚਲੀ ਰਤ ਸੂਹੀ ।
ਕਾਦਰਯਾਰ ਜਾ ਲੋਕ ਹੈਰਾਨ ਹੋਏ,
ਅਜ ਬਾਜ਼ ਤੇ ਚਿੜੀ ਅਸਵਾਰ ਹੋਈ ।

12

ਸੀਨ ਸੁੰਦਰਾਂ ਦੇ ਸਵਾਸ ਮੁਕਤ ਹੋਏ,
ਪੂਰਨ ਨਸ ਕੇ ਗੁਰੂ ਦੇ ਪਾਸ ਪੁੰਨਾ ।
ਗੁਰੂ ਆਖਿਆ ਸੀ ਕਰ ਕਹਿਰ ਆਇਉਂ,
ਤੇਰੇ ਕਾਰਨ ਹੋਇਆ ਹੈ ਅਜ ਖੂੰਨਾ ।
ਪੂਰਨ ਪਰਤ ਡਿਠਾ ਗੁਰੂ ਖਫ਼ਾ ਦਿਸੇ,
ਭਰ ਨੈਨ ਗਿੜਾਵਨੇ ਤਦੇ ਰੁੰਨਾ ।
ਕਾਦਰਯਾਰ ਗੁਰੂ ਕਹਿਆ ਜਾਇ ਗੋਲਾ,
ਮਿਲ ਮਾਪਿਆਂ ਨੂੰ ਪਵੀ ਠੰਢ ਉਨ੍ਹਾਂ ।

ਪੂਰਨ ਦਾ ਮੁੜ ਸਿਆਲਕੋਟ ਜਾਣਾ
13

ਸ਼ੀਨ ਸ਼ਹਿਰ ਸਲਕੋਟ ਦੀ ਤਰਫ਼ ਬੰਨੇ,
ਗੁਰੂ ਵਿਦਾ ਕੀਤਾ ਮਿਹਰਬਾਨ ਹੋ ਕੇ ।
ਬਾਗ਼ ਆਪਣੇ ਆਸਣ ਆਨ ਲਾਇਆ,
ਬਾਰ੍ਹੀਂ ਵਰ੍ਹੀਂ ਰਾਜੇ ਨਿਗਾਹਵਾਨ ਹੋ ਕੇ ।
ਲੋਕ ਆਖਦੇ ਮੋਇਆ ਹੈ ਖਸਮ ਇਹਦਾ,
ਤਖਤ ਉਜੜੇ ਤਦੋਂ ਵੈਰਾਨ ਹੋ ਕੇ ।
ਕਾਦਰਯਾਰ ਤਰੌਂਕਿਆ ਜਾਇ ਪਾਣੀ,
ਦਾਖਾਂ ਪਕੀਆਂ ਨੀ ਸਾਵਧਾਨ ਹੋ ਕੇ ।

14

ਸਵਾਦ ਸਿਫ਼ਤਿ ਸੁਣ ਕੇ ਕਰਾਮਾਤ ਜ਼ਾਹਰਾ,
ਸਾਰਾ ਸ਼ਹਿਰ ਹੁਮਾਇ ਕੇ ਆਂਵਦਾ ਈ ।
ਬਾਰਾਂ ਬਰਸ ਗੁਜ਼ਰੇ ਲਖੇ ਕੌਣ ਕੋਈ,
ਪੜਦਾ ਪਾਇ ਕੇ ਮੁੱਖ ਛੁਪਾਂਵਦਾ ਈ ।
ਜੇ ਕੋਈ ਪਾਸ ਆਵੇ ਓਹ ਮੁਰਾਦ ਪਾਵੇ,
ਨਾਮ ਰੱਬ ਦੇ ਆਸ ਪੁਜਾਂਵਦਾ ਈ ।
ਕਾਦਰਯਾਰ ਜਾਂਦੇ ਦੁਖ ਦੁਖੀਆਂ ਦੇ,
ਪੂਰਨ ਅੰਨ੍ਹਿਆਂ ਨੈਨ ਦਿਵਾਂਵਦਾ ਈ ।

15

ਜ਼ੁਆਦ ਜ਼ਰਬ ਜਲਾਂਵਦਾ ਜੋਤਿ ਐਸੀ,
ਰਾਜਾ ਸਣੇ ਰਾਣੀ ਚਲ ਆਇਆ ਈ ।
ਅਗੇ ਅਗੇ ਸਲਵਾਹਨ ਤੇ ਪਿਛੇ ਲੂਣਾ,
ਰਬ ਦੁਹਾਂ ਨੂੰ ਬਾਗ਼ ਲਿਆਇਆ ਈ ।
ਪੂਰਨ ਜਾਣਿਆਂ ਮਾਤਾ ਤੇ ਪਿਤਾ ਆਏ,
ਜਿਨ੍ਹਾਂ ਮਾਰ ਖੂਹੇ ਘਤਵਾਇਆ ਈ ।
ਕਾਦਰਯਾਰ ਮੀਆਂ ਅਗੋਂ ਉਠ ਪੂਰਨ,
ਚੁੰਮ ਚਰਣ ਤੇ ਸੀਸ ਨਿਵਾਇਆ ਈ ।

16

ਤੋਇ ਤਰਫ਼ ਤੇਰੀ ਮਥਾ ਟੇਕਣੇ ਨੂੰ,
ਰਾਜਾ ਕਹੇ ਅਸੀਂ ਸੇਵਾਦਾਰ ਆਏ ।
ਅਗੋਂ ਉਠ ਕੇ ਤੁਧ ਫ਼ਕੀਰ ਸਾਈਂ,
ਵੱਡਾ ਭਾਰ ਸਾਡੇ ਸਿਰੇ ਚਾੜ੍ਹਿਆ ਏ ।
ਮੇਰੇ ਭਾਣੇ ਤੇ ਰਾਜਿਆ ਰਬ ਤੈਨੂੰ,
ਕਰ ਗੁਰਾਂ ਦੇ ਰੂਪ ਉਤਾਰਿਆ ਏ ।
ਕਾਦਰਯਾਰ ਤੂੰ ਦੇਸ਼ ਦਾ ਮਾਲ ਖਾਵੰਦ,
ਤਾਂ ਮੈਂ ਏਤਨਾ ਬਚਨ ਪੁਕਾਰਿਆ ਏ ।

17

ਜ਼ੋਇ ਜ਼ਾਹਰਾ ਦਸ ਤੂੰ ਮੂੰਹੋਂ ਰਾਜਾ,
ਕਿਉਂ ਕਰ ਚਲ ਕੇ ਆਇਉਂ ਅਸਥਾਨ ਮੇਰੇ ।
ਰਾਜਾ ਆਖਦਾ ਸਚ ਫ਼ਕੀਰ ਸਾਈਂ,
ਘਰ ਨਹੀਂ ਹੁੰਦੀ ਸੰਤਾਨ ਮੇਰੇ ।
ਆਂਙਣ ਦਿਸੇ ਨਾ ਖੇਡਦਾ ਬਾਲ ਮੈਨੂੰ,
ਸੁੰਞੇ ਪਏ ਨੀ ਮਹਿਲ ਵੈਰਾਨ ਮੇਰੇ ।
ਕਾਦਰਯਾਰ ਮੀਆਂ ਚਵੀ ਬਰਸ ਗੁਜ਼ਰੇ,
ਘਰ ਵਸਦੀ ਏ ਨਾ ਨਿਸ਼ਾਨ ਮੇਰੇ ।

18

ਐਨ ਅਕਲ ਸਾਡੀ ਅੰਦਰ ਆਂਵਦਾ ਏ,
ਇਕ ਪੁਤਰ ਤੇਰੇ ਘਰ ਹੋਇਆ ਹੈ ।
ਉਹਨੂਂ ਜਾਇ ਕੇ ਵਿਚ ਉਜਾੜ ਦੇ ਜੀ,
ਵਾਂਗ ਬਕਰੇ ਦੇ ਕਿਸੇ ਕੋਹਿਆ ਹੈ ।
ਉਹਦੀ ਵਾਰਤਾ ਰਾਜਿਆ ਦੱਸ ਮੈਨੂੰ,
ਕਿਸ ਦੁਖ ਅਜ਼ਾਬ ਨਾਲ ਮੋਇਆ ਹੈ ।
ਕਾਦਰਯਾਰ ਸਲਵਾਹਨ ਨੂੰ ਯਾਦ ਆਇਆ,
ਦੁਖ ਪੁਤ੍ਰ ਦੇ ਨੈਣ ਭਰ ਰੋਇਆ ਹੈ ।

19

ਗ਼ੈਨ ਗੁਜ਼ਰ ਗਏ ਜਦੋਂ ਬਰਸ ਚਵੀ,
ਰਾਜਾ ਆਖਦਾ ਸਚ ਫ਼ਕੀਰ ਸਾਈਂ ।
ਬੇਟਾ ਇਕ ਮੇਰੇ ਘਰ ਜੰਮਿਆਂ ਸੀ,
ਰਾਣੀ ਇਛਰਾਂ ਦੇ ਸੀ ਸ਼ਿਕਮ(ਜਿਸਮ) ਤਾਈਂ ।
ਮਾਤ੍ਰ ਮਾਇ ਨੂੰ ਦੇਖ ਕੁਧਰਮ ਹੋਇਆ,
ਸੁਣ ਮਾਰਿਆ ਉਸ ਦੀ ਦਾਦ ਖਾਹੀਂ ।
ਕਾਦਰਯਾਰ ਕਹਿੰਦਾ ਪੂਰਨ ਭਗਤ ਅਗੋਂ,
ਰਾਜਾ ਮਾਇ ਝੂਠੀ ਪੁਤਰ ਦੋਸ਼ ਨਾਹੀਂ ।

20

ਫੇ ਫੋਲ ਕੇ ਵਾਰਤਾ ਦਸ ਮੈਨੂੰ,
ਪੂਰਨ ਆਖਦਾ ਪੁਤ੍ਰ ਦੀ ਗਲ ਸਾਰੀ ।
ਘਰ ਹੋਗੁ ਅਉਲਾਦ ਜੁ ਤਦ ਤੇਰੇ,
ਜੋ ਕੁਝ ਵਰਤੀ ਜ਼ੁਬਾਨ ਥੀਂ ਦਸ ਸਾਰੀ ।
ਸਚੋ ਸਚ ਨਿਤਾਰ ਕੇ ਦਸ ਮੈਨੂੰ,
ਝੂਠੀ ਗਲ ਨਾ ਕਰੀਂ ਤੂੰ ਜ਼ਰਾ ਕਾਈ ।
ਕਾਦਰਯਾਰ ਔਲਾਦ ਦੀ ਸਿਕ ਮੰਦੀ,
ਲੂਣਾ ਖੋਲ੍ਹ ਕੇ ਦਰਦ ਸਭ ਦਸਿਆ ਈ ।

21

ਕਾਫ਼ ਕਹਿਰ ਹੋਈ ਤਕਸੀਰ ਮੈਥੋਂ,
ਰਾਣੀ ਖੋਲ੍ਹ ਕੇ ਸਚ ਸੁਣਾਇਆ ਈ ।
ਭੁਲਾ ਪੂਰਨ ਨਾਹੀਂ, ਭੁੱਲੀ ਮੈਂ ਭੈੜੀ,
ਜਦੋਂ ਮਿਲਣ ਮਹਿਲੀਂ ਮੈਨੂੰ ਆਇਆ ਈ ।
ਗਲਾਂ ਕੀਤੀਆਂ ਮੈਂ ਆਪ ਹੁਦਰੀਆਂ ਨੀ,
ਤੁਹਮਤਿ ਲਾਇ ਕੇ ਲਾਲ ਕੁਹਾਇਆ ਈ ।
ਕਾਦਰਯਾਰ ਸਲਵਾਹਨ ਜਾਂ ਗਲ ਸੁਣੀ,
ਲਹੂ ਫੁਟ ਨੈਨਾਂ ਵਿਚੋਂ ਆਇਆ ਈ ।

22

ਕਾਫ਼ ਕਰਮ ਕੀਤੇ ਤੁਧ ਹੀਨ ਮੇਰੇ,
ਰਾਜਾ ਕਹੇ ਲੂਣਾ ਹੈਂਸਿਆਰੀਏ ਨੀ ।
ਅਜੇਹਾ ਪੁਤ੍ਰ ਨਾ ਆਂਵਦਾ ਹੱਥ ਮੈਨੂੰ,
ਤੁਧ ਮਾਰ ਗੁਵਾਇਆ ਈ ਡਾਰੀਏ ਨੀ ।
ਸ਼ਕਲ ਵੇਖ ਕੇ ਸਿਦਕੋਂ ਬਿਸਿਦਕ ਹੋਈਏ,
ਤੁਹਮਤ ਦੇ ਕੇ ਪੁਤ੍ਰ ਕਿਉਂ ਮਾਰੀਏ ਨੀ ।
ਕਾਦਰਯਾਰ ਤੇਰੀ ਮੈਨੂੰ ਖ਼ਬਰ ਹੁੰਦੀ,
ਤੀਰੀ ਲੇਖ ਕਰਦਾ ਚੰਚਲ ਹਾਰੀਏ ਨੀ ।

23

ਲਾਮ ਲਿਖੀਆਂ ਵਰਤੀਆਂ ਨਾਲ ਉਹਦੇ,
ਪੂਰਨ ਆਖਦਾ ਜਾਣ ਕੇ ਭੋਗ ਰਾਜਾ ।
ਇਹਦੇ ਵਸ ਨਾਹੀ ਹੋਈ ਰੱਬ ਵਲੋਂ,
ਤੂੰ ਤਾਂ ਹੋਈ ਨੂੰ ਬਖ਼ਸ਼ਣ ਯੋਗ ਰਾਜਾ ।
ਦਿੱਤਾ ਇਕ ਚਾਵਲ ਇਹ ਚਖ ਮਾਤਾ,
ਜੋਧਾ ਪੁਤਰ ਤੁਸਾਂ ਘਰ ਹੋਗੁ ਰਾਜਾ ।
ਕਾਦਰਯਾਰ ਪਰ ਉਸ ਦੀ ਮਾਉਂ ਵਾਂਗੂੰ,
ਸਾਰੀ ਉਮਰ ਦਾ ਹੋਸੀ ਵਿਯੋਗ ਰਾਜਾ ।

ਮਾਂ ਪੁਤਰ ਦਾ ਮੇਲ
24

ਮੀਮ ਮਿਲਣ ਆਈ ਮਾਤਾ ਇਛਰਾਂ ਏ,
ਦੱਸੋ ਮੈਨੂੰ ਲੋਕੋ ਆਇਆ ਸਾਧ ਕੋਈ ।
ਮੇਰੇ ਪੁਤਰ ਦਾ ਬਾਗ਼ ਵੈਰਾਨ ਪਇਆ,
ਫੇਰ ਲਗਾ ਹੈ ਕਰਨ ਆਬਾਦ ਕੋਈ ।
ਮੈਂ ਭੀ ਲੈ ਆਵਾਂ ਦਾਰੂ ਅਖੀਆਂ ਦਾ,
ਪੂਰਨ ਛਡ ਨਾ ਗਿਆ ਸੁਆਦ ਕੋਈ ।
ਕਾਦਰਯਾਰ ਮੈਂ ਤਾਂ ਲਖ ਵਟਨੀ ਹਾਂ,
ਦਾਰੂ ਦੇਇ ਫ਼ਕੀਰ ਮੁਰਾਦ ਕੋਈ ।

25

ਨੂਨ ਨਜ਼ਰ ਕੀਤੀ ਪੂਰਨ ਪਰਤ ਡਿਠਾ,
ਮਾਤਾ ਆਂਵਦੀ ਏ ਕਿਸੇ ਹਾਲ ਮੰਦੇ ।
ਅਡੀ ਖੋੜਿਆਂ ਨਾਲ ਬਿਹੋਸ਼ ਹੋਈ,
ਉਹਨੂੰ ਨਜ਼ਰ ਨਾ ਆਂਵਦੇ ਖਾਰ ਕੰਡੇ ।
ਪੂਰਨ ਵੇਖ ਕੇ ਸਹਿ ਨਾ ਸਕਿਆ ਈ,
ਰੋਏ ਉਠਿਆ ਹੋਏ ਹੈਰਾਨ ਬੰਦੇ ।
ਕਾਦਰਯਾਰ ਮੀਆਂ ਅਗੋਂ ਉਠ ਪੂਰਨ,
ਦੇਖਾਂ ਕਿਸ ਤਰ੍ਹਾਂ ਮਾਉਂ ਦੇ ਦਰਦ ਵੰਡੇ ।

26

ਵਾਉ ਵਰਤਿਆ ਕੀ ਤੇਰੇ ਨਾਲ ਮਾਤਾ,
ਪੂਰਨ ਆਖਦਾ ਦਸ ਖਾਂ ਸਾਰ ਮੈਨੂੰ ।
ਤੇਰੇ ਰੋਂਦੀ ਦੇ ਨੈਨ ਬਿਸੀਰ ਹੋਏ,
ਨਜ਼ਰ ਆਂਵਦਾ ਏ ਅਜ਼ਾਰ ਮੈਨੂੰ ।
ਮਾਤਾ ਆਖਦੀ ਦੁਖ ਨਾ ਫੋਲ ਬੇਟਾ,
ਪਿਆ ਪੁਤਰ ਬੈਰਾਗ ਗੁਬਾਰ ਮੈਨੂੰ ।
ਕਾਦਰਯਾਰ ਬੁਰੇ ਦੁਖ ਪੁਤਰਾਂ ਦੇ,
ਗਿਆ ਦਰਦ ਵਿਛੋੜੇ ਦਾ ਮਾਰ ਮੈਨੂੰ ।

27

ਹੇ ਹਥ ਨਹੀਂ ਆਂਵਦੇ ਮੋਏ ਮਾਤਾ,
ਪੂਰਨ ਆਖਦਾ ਮਾਤਾ ਤੂੰ ਰੋਇ ਨਾਹੀ ।
ਅਰਜਨ ਦਾਸ ਜਹੇ ਢਾਹੀਂ ਮਾਰ ਗਏ,
ਬਣਿਆ ਇਕ ਅਭਿਮਨੋ ਕੋਇ ਨਾਹੀ ।
ਕੈਨੂੰ ਨਹੀਂ ਲਗੇ ਸਲ ਪੁਤਰਾਂ ਦੇ,
ਮਾਤਾ ਤੂੰ ਦਲਗੀਰ ਭੀ ਹੋਇ ਨਾਹੀ ।
ਕਾਦਰਯਾਰ ਦਿਲੇਰੀਆਂ ਦੇਇ ਪੂਰਨ,
ਗ਼ਮ ਖਾਹ ਮਾਏ ਖਫਤਨ ਹੋਇ ਨਾਹੀ ।

28

ਲਾਮ ਲਈ ਅਵਾਜ਼ ਪਛਾਣ ਮਾਤਾ,
ਸਚ ਆਖ ਬੇਟਾ ਕਿਥੋਂ ਆਇਆ ਹੈਂ ।
ਕਿਹੜਾ ਮੁਲਖ ਤੇਰਾ ਕੈਂਧਾ ਪੁਤਰ ਹੈਂ ਤੂੰ,
ਕਿਹੜੀ ਮਾਇ ਕਰਮਾਂ ਵਾਲੀ ਜਾਇਆ ਹੈਂ ।
ਅਖੀਂ ਦਿਸੇ ਤਾਂ ਸੂਰਤੋਂ ਲਭ ਲਵਾਂ,
ਬੋਲੀ ਵਲੋਂ ਤਾਂ ਪੁਤਰ ਪਰਤਾਇਆ ਹੈਂ ।
ਕਾਦਰਯਾਰ ਆਖੇ ਦਸ ਭੇਤ ਮੈਨੂੰ,
ਜਾਂ ਮੈਂ ਭੁਲੀ ਜਾਂ ਰੱਬ ਮਿਲਾਇਆ ਹੈਂ ।

29

ਅਲਫ਼ ਆਖਦਾ ਪੂਰਨ ਭੁਲ ਨਾਹੀਂ,
ਤੂੰ ਤਾਂ ਬੈਠ ਕੇ ਸਮਝ ਕਰ ਸਾਰ ਮੇਰੀ ।
ਟਿਲਾ ਮੁਲਖ ਤੇ ਪੁਤ੍ਰ ਨਾਥ ਦਾ ਹਾਂ,
ਏਹ ਯੋਗ ਕਮਾਵਨੀ ਕਾਰ ਮੇਰੀ ।
ਮੁੱਢੋਂ ਸ਼ਹਿਰ ਉਜੈਨ ਬਰਾਦਰੀ ਦੇ,
ਰਾਜਬੰਸੀਆਂ ਦੀ ਦੁਨੀਆਂਦਾਰ ਮੇਰੀ ।
ਕਾਦਰਯਾਰ ਸਲਵਾਹਨ ਦਾ ਪੁਤ੍ਰ ਹਾਂ ਮੈਂ,
ਪੂਰਨ ਨਾਮ ਤੇ ਜ਼ਾਤ ਪਰਿਆਰ ਮੇਰੀ ।

30

ਯੇ ਯਾਦ ਨਾ ਮਾਤਾ ਨੂੰ ਗ਼ਮ ਰਿਹਾ,
ਪੜਦੇ ਬੇ ਦੀਦੇ ਸੜ ਕੇ ਖੁਲ੍ਹ ਗਏ ।
ਪੂਰਨ ਵੇਖਦੀ ਨੂੰ ਥਣੀਂ ਦੁੱਧ ਪਿਆ,
ਧਾਰ ਮੁਖ ਪਰਨਾਲੜੇ ਚਲ ਗਏ ।
ਉਹਨੂੰ ਉਠ ਕੇ ਸੀਨੇ ਦੇ ਨਾਲ ਲਾਇਆ,
ਰਬ ਸੁਖ ਦਿਤੇ ਦੁਖ ਭੁਲ ਗਏ ।
ਕਾਦਰਯਾਰ ਮੀਆਂ ਮਾਈ ਇਛਰਾਂ ਦੇ,
ਸ਼ਾਨ ਸ਼ੌਕਤ ਸਭੇ ਹੋਰ ਭੁਲ ਗਏ ।

ਪੰਜਵੀਂ ਸੀਹਰਫ਼ੀ
1

ਅਲਫ਼ ਆਪ ਖੁਦਾਇ ਮਿਲਾਇਆ ਹੈ,
ਪੂਰਨ ਬਾਰ੍ਹੀਂ ਵਰ੍ਹੀਂ ਫੇਰ ਮਾਪਿਆਂ ਨੂੰ ।
ਨਾਲੇ ਮਾਤਾ ਨੂੰ ਅਖੀਆਂ ਦਿਤੀਆਂ ਸੂ,
ਨਾਲੇ ਲਾਲ ਦਿਤਾ ਇਕਲਾਪਿਆਂ ਨੂੰ ।
ਰਾਜਾ ਰੋਇ ਕੇ ਜੀ ਉਨ ਗਲ ਮਿਲਿਆ,
ਪਛੋਤਾਂਵਦਾ ਬਚਨ ਅਲਾਪਿਆਂ ਨੂੰ ।
ਕਾਦਰਯਾਰ ਕਹਿੰਦਾ ਪੂਰਨ ਭਗਤ ਉਹਨਾਂ,
ਪਛੋਤਾਵੋ ਨਾ ਵਕਤ ਵਿਹਾਪਿਆਂ ਨੂੰ ।

2

ਬੇ ਬਹੁਤ ਹੋਈ ਪਰੇਸ਼ਾਨ ਲੂਣਾ,
ਪੂਰਨ ਵੇਖਦੀ ਨੂੰ ਚੜ੍ਹ ਤਾਪ ਜਾਇ ।
ਰੂਹ ਸਿਆਹ ਹੋਈ ਪੜਦੇ ਜੋਤਿ ਚਲੀ,
ਜ਼ਿਮੀਂ ਵਿਹਲ ਨਾ ਦੇਇ ਸੂ ਛਪ ਜਾਇ ।
ਪੂਰਨ ਨਜ਼ਰ ਕੀਤੀ ਲੂਣਾ ਖਲੀ ਪਿਛੇ,
ਲੋਕ ਪਾਸ ਆਵਨ ਚੜ੍ਹ ਧੁਪ ਜਾਇ ।
ਕਾਦਰਯਾਰ ਜੋ ਜੋ ਮਥਾ ਟੇਕਦਾ ਹੈ,
ਲੂਣਾ ਨਾਲ ਹੈਰਾਨਗੀ ਖਪਿ ਜਾਇ ।

3

ਤੇ ਤੂੰ ਨਾ ਹੋ ਗ਼ਮਨਾਕ ਮਾਇ,
ਪੂਰਨ ਆਖਦਾ ਲੁਣਾ ਨੂੰ ਬਾਲ ਹੋਈ ।
ਤੇਰੇ ਵਸ ਨਹੀਂ ਸੁਣਦਾ ਕੋਲ ਰਾਜਾ,
ਪਿਛਲਾ ਰਖੀਂ ਨਾ ਖਾਬ ਖਿਆਲ ਕੋਈ ।
ਦਾਵਨਗੀਰ ਮੈਂ ਆਪਣੇ ਬਾਪ ਦਾ ਹਾਂ,
ਜਿਸ ਪੁਛਿਆ ਨਹੀਂ ਹਵਾਲ ਕੋਈ,
ਕਾਦਰਯਾਰ ਜੇਹੀ ਮੇਰੇ ਬਾਪ ਕੀਤੀ,
ਐਸੀ ਕੌਣ ਕਰਦਾ ਪੁਤਰ ਨਾਲ ਕੋਈ ।

4

ਸੇ ਸਾਬਤੀ ਇਕ ਨਾ ਗਲ ਚਲੇ,
ਰਾਜਾ ਘਟ ਲਥਾ ਸ਼ਰਮਿੰਦਗ਼ੀ ਥੋਂ ।
ਦਿਲੋਂ ਜਾਣਦਾ ਮੈਥੋਂ ਕੀ ਵਰਤਿਆ ਸੀ,
ਸਾਹਿਬ ਵਲ ਹੋਇਆ ਇਹਦੀ ਜ਼ਿੰਦਗੀ ਥੋਂ ।
ਦਰਗਾਹ ਵਿਚ ਜੁਆਬ ਕੀ ਕਰਾਂਗਾ ਮੈਂ,
ਕੰਮ ਮੂਲ ਨਾ ਹੋਇਆ ਪਸਿੰਦਗੀ ਥੋਂ ।
ਕਾਦਰਯਾਰ ਸਲਵਾਹਨ ਦਾ ਉਸ ਵੇਲੇ,
ਰੰਗ ਜ਼ਰਦ ਹੋਇਆ ਸ਼ਰਮਿੰਦਗ਼ੀ ਥੋਂ ।

ਸਲਵਾਹਨ ਦਾ ਪੂਰਨ ਨੂੰ ਰਾਜ ਭਾਗ ਸੰਭਾਲਣ ਲਈ ਕਹਿਣਾ
5

ਜੀਮ ਜਾਓ ਵਸੋ ਤੁਸੀਂ ਘਰ ਬਾਰੀਂ,
ਪੂਰਨ ਆਖਦਾ ਬਾਪ ਨੂੰ ਸੁਣੀ ਰਾਜਾ ।
ਕਰੇ ਮਾਂ ਦੀ ਸੌਂਪਣਾ ਉਸ ਵੇਲੇ,
ਬਾਹੋਂ ਪਕੜ ਲੈ ਜਾਇ ਤੂੰ ਹੁਣੀ ਰਾਜਾ ।
ਨਾਲੇ ਲੂਣਾ ਨੂੰ ਜਾਣਨਾ ਉਸੇ ਤਰ੍ਹਾਂ,
ਸਚੋ ਸਚ ਨਿਤਾਰ ਕੇ ਪੁਣੀ ਰਾਜਾ ।
ਕਾਦਰਯਾਰ ਉਸ ਰੋਜ ਦਾ ਫ਼ਿਕਰ ਕਰਕੇ,
ਕਿੱਸਾ ਜੋੜ ਬਣਾਇਆ ਸੀ ਗੁਣੀ ਰਾਜਾ ।

6

ਹੇ ਹੁਕਮ ਕੀਤਾ ਰਾਜੇ ਓਸ ਵੇਲੇ,
ਘਰ ਚਲ ਮੇਰੇ ਆਖੇ ਲਗ ਪੁਤਾ ।
ਕੁੰਜੀ ਫੜ ਤੂੰ ਦਸਤ ਖਜ਼ਾਨਿਆਂ ਦੀ,
ਪਹਿਨ ਬੈਠ ਤੂੰ ਹੁਕਮ ਦੀ ਪੱਗ ਪੂਤਾ ।
ਤੈਨੂੰ ਦੇਖ ਮੇਰਾ ਮਨ ਸਾਧ ਹੋਇਆ,
ਦਿਲੋਂ ਬੁਝੀ ਹੈ ਹਿਰਸ ਦੀ ਅਗ ਪੂਤਾ ।
ਕਾਦਰਯਾਰ ਕਰਦਾ ਸਲਵਾਹਨ ਤਰਲੇ,
ਮੈਂ ਤਾਂ ਸੌਂਤਰਾ ਸਦਿਆ ਜਗ ਪੂਤਾ ।

7

ਖ਼ੇ ਖ਼ਾਹਸ ਜੰਜਾਲ ਦੀ ਨਾਹੀਂ ਮੈਨੂੰ,
ਪੂਰਨ ਆਖਦਾ ਬੰਨ੍ਹ ਕੇ ਰਖਦੇ ਹੋ ।
ਮੇਰੇ ਵਲੋਂ ਤਾਂ ਰਾਜ ਲੁਟਾਇ ਦੇਵੋ,
ਜੇ ਕਰ ਆਪ ਕਮਾਇ ਨਾ ਸਕਦੇ ਹੋ ।
ਜੈਨੂੰ ਦਰਦ ਮੇਰਾ ਮੈਂ ਤਾਂ ਸਮਝ ਲਿਆ,
ਤੁਸੀਂ ਤਰਲੇ ਕਰਦੇ ਮਾਰੇ ਨਕ ਦੇ ਹੋ ।
ਕਾਦਰਯਾਰ ਮੈਂ ਸਰਪਰ ਜਾਵਨਾ ਜੇ,
ਨਹੀਂ ਪਾਸ ਰਹਿਣਾ ਜਿਹੜੀ ਤਕਦੇ ਹੋ ।

8

ਦਾਲ ਦੇ ਕੇ ਫੇਰ ਦੁਆ ਮੂੰਹੋਂ,
ਫੇਰ ਮਾਪਿਆਂ ਨੂੰ ਇਕ ਬਚਨ ਕਹਿਸੀ ।
ਤਖਤ ਬਹੇਗਾ ਹੋਰ ਭਿਰਾਉ ਮੇਰਾ,
ਜਿਹੜਾ ਹੋਗੁ ਤੁਸਾਂ ਘਰ ਰਾਜ ਬਹਿਸੀ ।
ਮਰਦ ਹੋਗੁ ਰਾਜਾ ਵਡੇ ਹੌਂਸਲੇ ਦਾ,
ਜਿਥੇ ਪਵੇ ਮੁਕਦਮਾ ਫਤਹਿ ਲੈਸੀ ।
ਕਾਦਰਯਾਰ ਰਸਾਲੂ ਨੂੰ ਬੇਟਾ ਆਖੀਂ,
ਫੇਰ ਰਾਜ ਰਾਜਾ ਤੇਰਾ ਸੁਖੀ ਰਹਿਸੀ ।

9

ਜ਼ਾਲ ਜ਼ਰਾ ਨਾ ਪਵੋ ਖ਼ਿਆਲ ਮੇਰੇ,
ਫੇਰ ਮਾਇ ਅਗੇ ਹੱਥ ਬੰਦਿਉ ਸੂ ।
ਆਖੇ ਮਾਉਂ ਨੂੰ ਨਗਰ ਨਾ ਥਾਵਿ ਮੇਰਾ,
ਕਹਿਆ ਬਾਪ ਦਾ ਸਭ ਚਾ ਰਦਿਓ ਸੂ ।
ਆਖੇ ਜੋਗੀਆਂ ਨੂੰ ਕਰੋ ਕੂਚ ਡੇਰਾ,
ਪਲਾ ਹਿਰਸ ਦਾ ਚਾਇ ਉਲਦਿਓ ਸੂ ।
ਕਾਦਰਯਾਰ ਲਗਾ ਉਥੋਂ ਤੁਰਨ ਪੂਰਨ,
ਮਾਈ ਇਛਰਾਂ ਨੂੰ ਫੇਰ ਸਦਿਓ ਸੂ ।

10

ਰੇ ਰੋਇ ਕੇ ਆਖਦਾ ਮਾਂ ਤਾਈਂ,
ਜਿਹੜਾ ਕਰਮ ਲਿਖਿਆ ਸੋਈ ਪਾ ਲਿਆ ਮੈਂ ।
ਇਸ ਸ਼ਹਰ ਥੀਂ ਬਾਪ ਤਗੀਰ ਕਰ ਕੇ,
ਕੇਹੜੀ ਪਤਿ ਦੇ ਨਾਲ ਨਿਕਾਲਿਆ ਮੈਂ ।
ਕਿਹਨੂੰ ਖੋਲ੍ਹ ਕੇ ਦਿਲੇ ਦਾ ਹਾਲ ਦਸਾਂ,
ਜਿਹੜਾ ਜਫਰ ਸਰੀਰ ਤੇ ਜਾਲਿਆ ਮੈਂ ।
ਕਾਦਰਯਾਰ ਮੀਆਂ ਪੂਰਨ ਭਗਤ ਆਖੇ,
ਵੰਡ ਲਏ ਨੇ ਆਪਣੇ ਤਾਲਿਆ ਮੈਂ ।

11

ਜ਼ੇ ਜ਼ਿੰਦਗਾਨੀ ਤਦ ਹੋਗ ਮੇਰੀ,
ਆਖੇ ਲਗ ਮੇਰੇ ਘਰ ਚਲ ਪੂਤਾ ।
ਚਵ੍ਹੀ ਬਰਸ ਗੁਜ਼ਰੇ ਆਹੀਂ ਮਾਰਦੀ ਨੂੰ,
ਤੇਰੇ ਨਾਲ ਨਾ ਕੀਤੀ ਹੈ ਗੱਲ ਪੂਤਾ ।
ਦੂਰ ਗਿਆਂ ਦੇ ਦਰਦ ਫ਼ਿਰਾਕ ਬੁਰੇ,
ਸੀਨੇ ਰਹਿੰਦੇ ਨੇ ਸਜਰੇ ਸਲ ਪੂਤਾ ।
ਕਾਦਰਯਾਰ ਕਰਕੇ ਹਥੀਂ ਕਾਲ ਮੇਰਾ,
ਏਥੋਂ ਫੇਰ ਜਾਈਂ ਕਿਤੇ ਵਲ ਪੂਤਾ ।

ਪੂਰਨ ਦਾ ਵਿਦਿਆ ਹੋਣਾ
12

ਸੀਨ ਸਮਝ ਮਾਤਾ ਤੂੰ ਤਾਂ ਭੋਲੀਏ ਨੀ,
ਪੂਰਨ ਭਗਤ ਖਲੋਇ ਕੇ ਦੇ ਮਤੀਂ ।
ਗੋਪੀ ਚੰਦ ਦੀ ਮਾਂ ਸਾਲਾਰੀਏ ਨੀ,
ਜਿਸ ਤੋਰਿਆ ਪੁਤਰ ਫ਼ਕੀਰ ਹਥੀਂ ।
ਤੂੰ ਭੀ ਟੋਰ ਮਾਤਾ ਰਾਜੀ ਹੋਏ ਕੇ ਨੀ,
ਮੈਨੂੰ ਜਾਣ ਦੇ ਫਾਹੀ ਨਾ ਮੂਲ ਘਤੀਂ ।
ਕਾਦਰਯਾਰ ਫ਼ਕੀਰ ਦਾ ਰਹਿਣ ਨਾਹੀਂ,
ਰੋਇ ਰੋਇ ਕੇ ਮੇਰੇ ਨਾ ਮਗਰ ਵਤੀਂ ।

13

ਸ਼ੀਨ ਸ਼ੀਰ ਖੋਰਾ ਮੈਥੋਂ ਜੁਦਾ ਹੋਇਉਂ,
ਮਸਾਂ ਮਸਾਂ ਮੈਂ ਡਿੱਠਾ ਹੈ ਮੁਖ ਤੇਰਾ ।
ਚਵੀ ਬਰਸ ਗੁਜ਼ਰੇ ਨਾਹਰੇ ਮਾਰਦੀ ਨੂੰ,
ਅਜੇ ਫੋਲ ਨਾ ਪੁਛਿਆ ਦੁਖ ਤੇਰਾ ।
ਦਸੀਂ ਪੂਰਨਾ ਵੇ ਹੋਈ ਫੇਰ ਕੀਕਰ,
ਲਗਿਓ ਮਰ ਹਯਾਤੀ ਦਾ ਰੁਖ ਤੇਰਾ ।
ਕਾਦਰਯਾਰ ਮੈਂ ਨਿਤ ਚਿਤਾਰਦੀ ਸਾਂ,
ਖਾਬ ਵਿਚ ਸੁਨੇਹੜਾ ਸੁਖ ਤੇਰਾ ।

14

ਸਵਾਦ ਸਾਹਿਬ ਦਿਤੀ ਜਿੰਦ ਜਾਨ ਮੇਰੀ,
ਕੀ ਤੂੰ ਲਗੀ ਹੈਂ ਸਚ ਪੁਛਾਣ ਮਾਏ ।
ਗੁਰੂ ਨਾਥ ਜੀ ਕਢਿਆ ਖੂਹ ਵਿਚੋਂ,
ਰਬ ਦਿੱਤੇ ਨੀ ਨੈਨ ਪਰਾਣ ਮਾਏ ।
ਮਤ ਖਫ਼ਾ ਹੋਵੇ ਕਰੇ ਕਾਲ ਮੇਰਾ,
ਉਹਦੇ ਕੋਲ ਦੇਵੋ ਮੈਨੂੰ ਜਾਣ ਮਾਏ ।
ਕਾਦਰਯਾਰ ਜ਼ਬਾਨ ਥੀਂ ਕੌਲ ਕੀਤਾ,
ਫੇਰ ਮਿਲਾਂਗਾ ਤੈਨੂੰ ਮੈਂ ਆਣ ਮਾਏ ।

15

ਜ਼ੁਆਦ ਜ਼ਾਮਨੀ ਗੁਰਾਂ ਦੀ ਵਿਚ ਲੈ ਕੇ,
ਮਾਤਾ ਟੋਰਿਆ ਏਤ ਕਰਾਰ ਲੋਕੋ ।
ਦਿਲੋਂ ਸਮਝਿਆ ਰਬ ਦਾ ਭਲਾ ਹੋਵੇ,
ਸਾਂਝ ਰਖੀ ਸੂ ਵਿਚ ਸੰਸਾਰ ਲੋਕੋ ।
ਡਿਗੇ ਲਾਲ ਹੱਥਾਂ ਵਿਚੋਂ ਲਭਦੇ ਨੇ,
ਕਰਮਾਂ ਵਾਲਿਆਂ ਨੂੰ ਦੂਜੀ ਵਾਰ ਲੋਕੋ ।
ਪੂਰਨ ਹੋ ਟੁਰਿਆ ਵਿਦਾ ਇਛਰਾਂ ਤੋਂ,
ਕਿੱਸਾ ਜੋੜਿਆ ਸੀ ਕਾਦਰਯਾਰ ਲੋਕੋ ।

16

ਤੁਇ ਤਰਫ ਤੁਰਿਆ ਗੁਰੂ ਆਪਣੇ ਦੀ,
ਜਾ ਕੇ ਚਰਨਾਂ ਤੇ ਸੀਸ ਨਿਵਾਂਵਦਾ ਈ ।
ਪਹਿਲਾਂ ਜਾਇ ਪਰਦਖਨਾ ਤਿੰਨ ਕਰਦਾ,
ਮੁਖੋਂ ਆਦਿ ਅਲੱਖ ਜਗਾਂਵਦਾ ਈ ।
ਸਾਰੇ ਸੰਤਾਂ ਨੂੰ ਫੇਰ ਡੰਡੌਤ ਕਰ ਕੇ,
ਆਸਣ ਲਾਇ ਧੂਆਂ ਫੇਰ ਪਾਂਵਦਾ ਈ ।
ਕਾਦਰਯਾਰ ਫਿਰ ਪੁਛਿਆ ਗੁਰੂ ਪੂਰੇ,
ਮਾਈ ਬਾਪ ਦਾ ਹਾਲ ਸੁਣਾਂਵਦਾ ਈ ।

ਗੋਰਖ ਨੂੰ ਸਿਆਲਕੋਟ ਦਾ ਹਾਲ ਦੱਸਣਾ
17

ਜ਼ੋਇ ਜਦੋਂ ਪਹਿਲੋਂ ਓਥੇ ਜਾਇ ਵੜਿਆ,
ਡਿੱਠਾ ਬਾਗ਼ ਵੈਰਾਨ ਉਜਾੜ ਹੋਇਆ ।
ਇਕ ਬ੍ਰਿਛ ਦੇ ਹੇਠ ਮੈਂ ਜਾਇ ਬੈਠਾ,
ਪਰ ਉਹ ਭੀ ਸੀ ਨਾਥ ਜੀ ਸੁਕਾ ਹੋਇਆ ।
ਨਾਮ ਸਿਮਰ ਕੇ ਆਪ ਦਾ ਛਿੱਟਾ ਦਿਤਾ,
ਜੜ੍ਹਾਂ ਸੇਤੀ ਉਹ ਗੁਰੂ ਜੀ ਹਰਾ ਹੋਇਆ ।
ਕਾਦਰਯਾਰ ਸਭ ਬਾਗ਼ ਗੁਲਜ਼ਾਰ ਹੋਇਆ,
ਧੁੰਮੀਂ ਖ਼ਲਕ ਤੇ ਸ਼ਹਰ ਵਹੀਰ ਹੋਇਆ ।

18

ਐਨ ਆਇ ਉਥੇ ਲੋਕ ਅਰਜ਼ ਕਰਦੇ,
ਲਗੇ ਆਪਣੇ ਅਰਥ ਸੁਣਾਵਣੇ ਨੂੰ ।
ਮਿਹਰਬਾਨਗੀ ਆਪ ਦੀ ਨਾਲ ਸਾਈਆਂ,
ਅਰਥੀ ਅਰਥ ਲਗੇ ਤਦੋਂ ਪਾਵਣੇ ਨੂੰ ।
ਸੁਣਿਆ ਰਾਜੇ ਤੇ ਰਾਣੀ ਦੇ ਸਹਿਤ ਆਇਆ,
ਦਿਲੋਂ ਲੋਚੇ ਮੁਰਾਦ ਦੇ ਪਾਵਣੇ ਨੂੰ ।
ਕਾਦਰਯਾਰ ਮੈਂ ਅਦਬ ਤਾਂ ਬਹੁਤ ਕੀਤਾ,
ਪਿਤਾ ਜਾਣ ਕੇ ਜੀਉ ਡਰਾਵਣੇ ਨੂੰ ।

19

ਗ਼ੈਨ ਗ਼ਮ ਦੇ ਨਾਲ ਮੂੰਹੋਂ ਬੋਲਿਆ ਈ,
ਸਲਵਾਹਨ ਰਾਜਾ ਸ਼ਰਮਾਇ ਕੇ ਜੀ ।
ਅਸੀਂ ਲੋਕ ਸੰਸਾਰੀ ਹਾਂ ਦੁਖਾਂ ਭਰੇ,
ਤੁਸੀਂ ਸਾਧ ਤਪੱਸੀ ਪ੍ਰੀਤ ਭਾਇ ਕੇ ਜੀ ।
ਅਸਾਂ ਆਖਿਆ ਅਰਥ ਕਹੁ ਆਪਣਾ ਤੂੰ,
ਰਾਜਾ ਰੋਇਆ ਦਰਦ ਸੁਣਾਇ ਕੇ ਜੀ ।
ਕਾਦਰਯਾਰ ਬੁਲਾਏ ਕੇ ਆਖਿਆ ਮੈਂ,
ਇਕ ਪੁਤਰ ਹੋਸੀ ਘਰ ਆਇਕੇ ਜੀ ।

20

ਫੇ ਫੇਰ ਰਾਣੀ ਮੂੰਹੋਂ ਸਚ ਕਹਿਆ,
ਪੂਰਨ ਪੁਤਰ ਇਹਦੇ ਘਰ ਜੰਮਿਆ ਸੀ ।
ਨਾਲ ਤੁਹਮਤਾਂ ਮੈਂ ਮਰਵਾਇ ਦਿਤਾ,
ਰਾਜਾ ਸੁਣ ਕੇ ਗਲ ਨੂੰ ਕੰਬਿਆ ਸੀ ।
ਫੇਰ ਕਿਹਾ ਮੈਂ ਰਾਜਿਆ ਬਖ਼ਸ਼ ਏਨੂੰ,
ਘਰ ਪੁਤਰ ਹੋਗੁ ਰਾਜਾ ਥੰਮਿਆ ਸੀ ।
ਕਾਦਰਯਾਰ ਤਦੋਂ ਰਾਣੀ ਇਛਰਾਂ ਦਾ,
ਦਰਸ ਕੀਤਾ ਜਿਹਦਾ ਜੀਓ ਗੰਮਿਆ ਸੀ ।

21

ਕਾਫ਼ ਕਰਮ ਹੋਏ ਤਦੋਂ ਇਛਰਾਂ ਦੇ,
ਰਬ ਓਸ ਨੂੰ ਨਾਥ ਜੀ ਨੈਨ ਦਿਤੇ ।
ਦੇਖ ਸੂਰਤ ਮੇਰੀ ਤਦੋਂ ਰੋਣ ਲਗੀ,
ਬਚਾ ਛਡ ਕੇ ਜਾਈਂ ਨਾ ਵਲ ਕਿਤੇ ।
ਮੈਨੂੰ ਤਰਸਦੀ ਨੂੰ ਰੱਬ ਮੇਲਿਆ ਹੈ,
ਰਬ ਲਿਖੇ ਸੇ ਪੂਰਨਾ ਭਾਗ ਮਥੇ ।
ਕਾਦਰਯਾਰ ਕਹਿਆ ਮੈਂ ਫੇਰ ਮਿਲਸਾਂ,
ਤਦੋਂ ਤੁਰ ਕੇ ਆਇਆ ਹਾਂ ਵਲ ਇਥੇ ।

22

ਕਾਫ਼ ਕੁਫ਼ਰ ਥੀਂ ਗੁਰੂ ਜੀ ਖ਼ੌਫ਼ ਆਵੇ,
ਜਿਹੜਾ ਹੁਕਮ ਕਰੋ ਸੋਈ ਕਰੇ ਚੇਲਾ ।
ਜੇ ਕਰ ਕਹੋ ਤਾਂ ਧੂਣੀਆਂ ਤਾਪਾਂ ਇਥੇ,
ਜੇ ਕਰ ਕਹੋ ਕਰਾਂ ਤਪ ਵਿਚ ਬੇਲਾ ।
ਮੇਰਾ ਬਚਨ ਹੈ ਨਾਥ ਜੀ ਨਾਲ ਮਾਤਾ,
ਤੇਰੀ ਕਿਰਪਾ ਜੋ ਹੋਇ ਤਾਂ ਹੋਇ ਮੇਲਾ ।
ਕਾਦਰਯਾਰ ਦਿਆਲ ਹੋ ਗੁਰੂ ਕਹਿੰਦਾ,
ਬਚਾ ਚਲਾਂਗੇ ਨਾਲ ਲੈ ਸਭ ਡੇਰਾ ।

23

ਲਾਮ ਲਦ ਅਸਬਾਬ ਸਭ ਸਾਧ ਚਲੇ,
ਚੜ੍ਹੇ ਪਰਬਤਾਂ ਦੇ ਉਪਰ ਜਾਇ ਭਾਈ ।
ਕੋਈ ਜੰਗਲਾਂ ਦੇ ਵਿਚ ਨਾਮ ਜਪਦਾ,
ਕੋਈ ਕਰੇ ਤਪੱਸਿਆ ਕਠਨ ਭਾਈ ।
ਨਾਮ ਸਾਈਂ ਦਾ ਜਾਪਦੇ ਦਿਨੇ ਰਾਤੀਂ,
ਇਕ ਸਾਸ ਨਾ ਦਣੇ ਭੁਲਾਇ ਭਾਈ ।
ਕਾਦਰਯਾਰ ਸਾਧ ਖੁਦਾਇ ਦੇ ਜੀ,
ਕਰ ਕੇ ਕਰਮ ਦਿੰਦੇ ਬੰਨੇ ਲਾਇ ਭਾਈ ।

24

ਮੀਮ ਮਲ ਬੈਠੇ ਨੀ ਸਾਧ ਡੇਰੇ,
ਚਰਚਾ ਕਰਨ ਜੋ ਜੋਗ ਧਿਆਨ ਦੀ ਜੀ ।
ਸੁੱਧ ਰੂਪ ਦਾ ਕਰਦੇ ਜਾਪ ਸਾਰੇ,
ਮਾਇਆ ਤਜੀ ਹੈ ਦੇਸ਼ ਜਹਾਨ ਦੀ ਜੀ,
ਪੂਰਨ ਦੇਖ ਕੇ ਗੁਰਾਂ ਦੀ ਚਾਲ ਸਾਰੀ,
ਰੁਚ ਰਹੀ ਹੈ ਵਿਚ ਜਹਾਨ ਦੀ ਜੀ ।
ਕਾਦਰਯਾਰ ਤਦੋਂ ਫੇਰ ਆਖਦਾ ਈ,
ਗੁਰੂ ਸੁਣੀਏ ਬਾਤ ਨਿਦਾਨ ਦੀ ਜੀ ।

ਪੂਰਨ ਦਾ ਮੁੜ ਮਾਂ ਨੂੰ ਮਿਲਣ ਆਉਣਾ
25

ਨੂਨ ਨਾਲ ਦੇ ਸਿੱਧਾਂ ਨੇ ਕਹਿਆ ਉਥੇ,
ਜੀ ਅਸੀਂ ਚਲੀਏ ਸੈਲ ਵਲਾਇਤਾਂ ਦੇ ।
ਦਖਨ ਪੂਰਬ ਤੇ ਪਸਚਮ ਦੇਖ ਸਾਰੇ,
ਲਥੇ ਆਇ ਕੇ ਵਿਚ ਗੁਜਰਾਇਤਾਂ ਦੇ ।
ਟਿੱਲੇ ਆਪਣੇ ਤੇ ਸਿੱਧ ਆਇ ਬੈਠੇ,
ਵਡੇ ਸੂਰਮੇ ਨੀ ਕਰਾਮਾਇਤਾਂ ਦੇ ।
ਕਾਦਰਯਾਰ ਕੀ ਸਿੱਧਾਂ ਦੀ ਸਿਫ਼ਤ ਕਰੀਏ,
ਬਨ ਬੈਠੇ ਨੀ ਕਈ ਜਮਾਇਤਾਂ ਦੇ ।

26

ਵਾਓ ਵਤਨ ਸਿਆਲਕੋਟ ਅੰਦਰ,
ਮੇਰੀ ਮਾਇ ਤੇ ਬਾਪ ਅਨਾਥ ਸਾਧੋ ।
ਮੈਂ ਤਾਂ ਮਾਇ ਦੇ ਨਾਲ ਕਰਾਰ ਕੀਤਾ,
ਫਿਰ ਆਵਾਂਗਾ ਦੂਜੜੀ ਵਾਰ ਸਾਧੋ ।
ਪੁਤਰ ਭਇਆ ਰਸਾਲੂ ਸਲਵਾਹਨ ਦੇ ਜੀ,
ਰਾਜ ਦਿਤਾ ਹੈ ਉਸ ਨੂੰ ਨਾਥ ਸਾਧੋ ।
ਕਾਦਰਯਾਰ ਪ੍ਰਤਿਗਿਆ ਪੂਰੀ ਕਰੀਏ,
ਨਾਲ ਧਰਮ ਦੇ ਕਰਨਾ ਹੈ ਸਾਥ ਸਾਧੋ ।

27

ਹੇ ਹੁਕਮ ਕੀਤਾ ਗੁਰੂ ਨਾਥ ਜੀ ਨੇ,
ਸਿੱਧ ਮੰਡਲੀ ਉਠ ਤਿਆਰ ਹੋਈ ।
ਧੂੜ ਅੰਗ ਬਿਭੂਤ ਤੇ ਪਹਿਨ ਖਿਲਤੇ,
ਨਾਦ ਸਿੰਗੀਆਂ ਧੁਨਕ ਅਧਾਰ ਹੋਈ ।
ਮੁਖੋਂ ਤੁਰਨ ਅਲਖ ਜਗਾਇ ਕਰ ਕੇ,
ਖ਼ਬਰ ਤੁਰਤ ਹੀ ਵਿਚ ਸੰਸਾਰ ਹੋਈ ।
ਕਾਦਰਯਾਰ ਮੀਆਂ ਰਾਣੀ ਇਛਰਾਂ ਦੇ,
ਭਾਗ ਜਾਗ ਆਏ ਖ਼ਬਰਦਾਰ ਹੋਈ ।

28

ਲਾਮ ਲਾਇ ਦਿੱਤਾ ਵਿਚ ਬਾਗ਼ ਡੇਰਾ ,
ਰਾਜਾ ਸਣੇ ਪਰਵਾਰ ਚਲ ਆਇਆ ਈ ।
ਰਾਣੀ ਇਛਰਾਂ ਤੇ ਸਲਵਾਹਨ ਰਾਜਾ,
ਲੂਣਾ ਪੁਤਰ ਰਸਾਲੂ ਜੋ ਜਾਇਆ ਈ ।
ਹੋਰ ਨੌਕਰਾਂ ਚਾਕਰਾਂ ਟਹਿਲਣਾਂ ਨੇ,
ਹੱਥ ਜੋੜ ਕੇ ਸੀਸ ਨਿਵਾਇਆ ਈ ।
ਕਾਦਰਯਾਰ ਜਾਂ ਗੁਰਾਂ ਦਾ ਦਰਸ ਕੀਤਾ,
ਰਾਜੇ ਰਾਣੀਆਂ ਨੇ ਸੁਖ ਪਾਇਆ ਈ ।

29

ਅਲਫ਼ ਅਲਖ ਜਗਾਇ ਕੇ ਆਖਿਆ ਸੂ,
ਰਾਜਾ ਮੰਗ ਲੈ ਜੋ ਕੁਝ ਮੰਗਨਾ ਈ ।
ਅਗੋਂ ਉਠ ਰਸਾਲੂ ਨੇ ਬਚਨ ਕੀਤਾ,
ਕਰਾਮਾਤ ਦਸੋ ਕਿਆ ਸੰਗਨਾ ਈ ।
ਪੂਰਨ ਆਪਣੇ ਗੁਰੂ ਨੂੰ ਯਾਦ ਕਰਕੇ,
ਝੋਲੀ ਵਿਚੋਂ ਦਿੱਤਾ ਕੱਢ ਕੰਗਨਾ ਈ ।
ਕਾਦਰਯਾਰ ਜਾਂ ਡਿੱਠੀ ਆ ਜੋਗ ਸਕਤਾ,
ਹੱਥ ਜੋੜ ਕੇ ਦਾਨ ਸੁਖ ਮੰਗਨਾ ਈ ।

30

ਯੇ ਯਾਦ ਕੀਤਾ ਪੂਰਨ ਮਾਉਂ ਤਾਈਂ,
ਬੱਚਾ ਕੀਤਾ ਈ ਕੌਲ ਕਰਾਰ ਪੂਰਾ ।
ਸਿਧ ਮੰਡਲੀ ਦੇ ਵਿਚ ਜੋਗੀ ਵਡਾ,
ਹੁਣ ਮਿਲਿਆ ਹੈ ਨਾਥ ਜੀ ਗੁਰੂ ਪੂਰਾ ।
ਭਰਮ ਭੇਦ ਜਾਗੇ ਮੇਰੇ ਜਨਮ ਦੇ ਜੀ,
ਮੁਕਤ ਹੋਇ ਬੈਕੁੰਠ ਜਾ ਪੈਨੁ ਚੂੜਾ ।
ਕਾਦਰਯਾਰ ਕਿੱਸਾ ਪੂਰਨ ਭਗਤ ਵਾਲਾ,
ਤੁਸੀਂ ਸੁਣੋ ਲੋਕੋ ਇਥੇ ਹੋਇਆ ਪੂਰਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਕਾਦਰਯਾਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ