Mere Ram Jeeo : Shiv Kumar Batalvi
ਮੇਰੇ ਰਾਮ ਜੀਓ : ਸ਼ਿਵ ਕੁਮਾਰ ਬਟਾਲਵੀ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ
ਜਦੋਂ ਬਾਗ਼ੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ ।
ਕਿਥੇ ਸਉ ਜਦ ਅੰਗ ਸੰਗ ਸਾਡੇ
ਰੁੱਤ ਜੋਬਨ ਦੀ ਮੌਲੀ
ਕਿਥੇ ਸਉ ਜਦ ਤਨ ਮਨ ਸਾਡੇ
ਗਈ ਕਥੂਰੀ ਘੋਲੀ
ਕਿਥੇ ਸਉ ਜਦ ਸਾਹ ਵਿਚ ਚੰਬਾ
ਚੇਤਰ ਬੀਜਣ ਆਏ
ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ
ਜਦੋਂ ਬਾਗ਼ੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ ।
ਕਿਥੇ ਸਉ ਮੇਰੇ ਪ੍ਰਭ ਜੀ
ਜਦ ਇਹ ਕੰਜਕ ਜਿੰਦ ਨਿਮਾਣੀ
ਨੀਮ-ਪਿਆਜ਼ੀ ਰੂਪ-ਸਰਾਂ ਦਾ
ਪੀ ਕੇ ਆਈ ਪਾਣੀ
ਕਿਥੇ ਸਉ ਜਦ ਧਰਮੀ ਬਾਬਲ
ਸਾਡੇ ਕਾਜ ਰਚਾਏ
ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ
ਜਦੋਂ ਬਾਗ਼ੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ ।
ਕਿਥੇ ਸਉ ਜਦ ਨਹੁੰ ਟੁੱਕਦੀ ਦੇ
ਸਉਣ ਮਹੀਨੇ ਬੀਤੇ
ਕਿਥੇ ਸਉ ਜਦ ਮਹਿਕਾਂ ਦੇ
ਅਸਾਂ ਦੀਪ ਚਮੁਖੀਏ ਸੀਖੇ
ਕਿਥੇ ਸਉ ਉਸ ਰੁੱਤੇ
ਤੇ ਤੁਸੀਂ ਉਦੋਂ ਕਿਉਂ ਨਾ ਆਏ
ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ
ਜਦੋਂ ਬਾਗ਼ੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ ।
ਕਿਥੇ ਸਉ ਜਦ ਜਿੰਦ ਮਜਾਜਣ
ਨਾਂ ਲੈ ਲੈ ਕੁਰਲਾਈ
ਉਮਰ-ਚੰਦੋਆ ਤਾਣ ਵਿਚਾਰੀ
ਗ਼ਮ ਦੀ ਬੀੜ ਰਖਾਈ
ਕਿਥੇ ਸਉ ਜਦ ਵਾਕ ਲੈਂਦਿਆਂ
ਹੋਂਠ ਨਾ ਅਸਾਂ ਹਿਲਾਏ
ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ
ਜਦੋਂ ਬਾਗ਼ੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ ।
ਹੁਣ ਤਾਂ ਪ੍ਰਭ ਜੀ ਨਾ ਤਨ ਆਪਣਾ
ਤੇ ਨਾ ਹੀ ਮਨ ਆਪਣਾ
ਬੇਹੇ ਫੁੱਲ ਦਾ ਪਾਪ ਵਡੇਰਾ
ਦਿਉਤੇ ਅੱਗੇ ਰੱਖਣਾ
ਹੁਣ ਤਾਂ ਪ੍ਰਭ ਜੀ ਬਹੁੰ ਪੁੰਨ ਹੋਵੇ
ਜੇ ਜਿਦ ਖਾਕ ਹੰਢਾਏ
ਮੇਰੇ ਰਾਮ ਜੀਉ ।
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ ।
ਜਦੋਂ ਬਾਗ਼ੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ ।