Mazhab : Prof. Puran Singh

ਮਜ਼੍ਹਬ : ਪ੍ਰੋਫੈਸਰ ਪੂਰਨ ਸਿੰਘ

ਮਜ਼੍ਹਬ ਸਭ ਥੀਂ ਉੱਚਾ, ਸੁੱਚਾ ਤੀਖਣ ਤੇ ਜੀਂਦਾ ਧਿਆਨੀ ਪਿਆਰ ਹੈ। ਇਸ ਅੰਦਰੂਨੀ ਉੱਚੀ ਸੁਰਤ ਦੇ ਖੇਤ ਨੂੰ ਰਸਮਾਂ, ਰਵਾਜਾਂ, ਕਾਨੂੰਨਾਂ, ਪਾਪ, ਪੁੰਨਯ ਦੀਆਂ ਬਹਿਸਾਂ, ਜਗਤ ਦੀ ਉਤਪੱਤੀ ਤੇ ਲੈ ਹੋਣ ਦੀ ਫਿਲਾਸਫੀ ਤੇ ਝਗੜਿਆਂ ਵਿੱਚ ਸੁੱਟ ਕੇ ਕਦੀ ਕੁਛ ਕਹਿਣਾ, ਕਦੀ ਕੁਛ ਕਹਿਣਾ ਤੇ ਮਨ ਘੜਤ ਗੱਲਾਂ ਦੀਆਂ ਕੂੜੀਆਂ ਉਲਝਣਾਂ ਵਿੱਚ ਇਹ ਭੁੱਲ ਜਾਣਾ ਕਿ ਮਜ਼੍ਹਬ ਇਕ ਧਿਆਨੀ ਪਿਆਰ ਹੈ, ਸਾਡੇ, ਆਪਣੇ ਨਵੇਂ ਵਲਵਲਿਆਂ ਤੇ ਜਜ਼ਬਿਆਂ ਦਾ ਨਤੀਜਾ ਹੈ- ਹਰ ਕੋਈ ਕਿਸੇ ਨਾ ਕਿਸੀ ਪਿਆਰ ਵਿੱਚ ਰਹਿੰਦਾ, ਜੀਂਦਾ ਤੇ ਸਵਾਸ ਲੈਂਦਾ ਹੈ-ਆਪੋ ਆਪਣੀ ਸਥਿਤੀ ਮੁਤਾਬਕ ਹਰ ਇਕ ਬੰਦੇ ਦਾ ਆਪਣਾ ਅੰਦਰ ਦਾ ਮਜ਼੍ਹਬ ਅਰਥਾਤ ਪਿਆਰ ਦੀ ਟੇਕ, ਬਣਦਾ ਹੈ। ਇਹ ਟੇਕ ਆਪ-ਮੁਹਾਰੀ ਬਣਦੀ ਹੈ । ਇਹ ਜੇਹੜੀ ਗੱਲ ਹੈ ਨਾਂ, ਕਿ ਫਲਾਣਾ ਹਿੰਦੂ, ਈਸਾਈ, ਮੁਸਲਮਾਨ ਯਾ ਸਿੱਖ ਯਾ ਬਊੁਧ ਯਾ ਜੈਨ ਹੈ, ਇਕ ਕਥਨੀ ਮਾਤ ਗੱਲ ਹੈ, ਹੋ ਸਕਦਾ ਹੈ ਕਿ ਇਨ੍ਹਾਂ ਵਿੱਚੋਂ ਬਹੁ ਸਾਰਿਆਂ ਨੂੰ ਮਜ਼੍ਹਬ ਦੀ ਕੈੜ ਹੀ ਨਾ ਹੋਵੇ । ਸਾਰੀ ਉਮਰ ਕਈ ਨਾਂ ਧਰ ਧਰ ਇਕ ਕਿਸਮ ਦੀ ਮਿੱਟੀ ਲਿਬੜੀ ਜਹਾਲਤ ਦੀ ਬੇਹੋਸ਼ੀ ਜਿਹੀ ਵਿੱਚ ਲੰਘ ਜਾਵੇ । ਮਜ਼੍ਹਬ ਤਾਂ ਅੰਦਰ ਗੂੰਜਦਾ ਕੋਈ ਪ੍ਰਕਾਸ਼ ਵਰਗਾ ਇਸ਼ਕ ਹੈ, ਉਹ ਛੁਪਿਆ ਨਹੀਂ ਰਹਿੰਦਾ, ਗੁਰੂ ਨਾਨਕ ਸਾਹਿਬ ਇਸ ਹਿੰਦੁਸਤਾਨ ਮੁਲਕ ਵਿੱਚ ਸਾਰੀ ਉਮਰ ਫਿਰਦੇ ਰਹੇ ਤੇ ਬੜੇ ਬੜੇ ਮੰਦਰਾਂ ਵਿੱਚ ਗਏ, ਬੜੀਆਂ ਬੜੀਆਂ ਮਸੀਤਾਂ ਵਿੱਚ ਫਿਰੇ, ਪਰ ਸਭ ਪਾਸੇ ਜਹਾਲਤ ਦੀ ਬੇਹੋਸ਼ੀ ਤੱਕੀ, ਮਜ਼੍ਹਬ ਇੰਨਾ ਉੱਚਾ ਤੇ ਦਿਲ ਵਿੱਚ ਲੁਕਿਆ ਕੋਈ ਬਹੁ-ਮੁੱਲਾ ਦਿਵਯ ਭਾਵ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਕਿਧਰੇ ਨਾ ਦਿੱਸਿਆ । ਕਾਂਸ਼ੀ ਵਿੱਚ ਬੜੇ ਬੜੇ ਪੜ੍ਹੇ ਲਿਖੇ ਪੰਡਿਤ ਥਾਲ ਵਿੱਚ ਦੀਵੇ ਬਾਲ ਇਕ ਪੱਥਰ ਦੇ ਕਰੂਪ ਬੁੱਤ ਅੱਗੇ ਆਰਤੀ ਕਰਦੇ ਆਪ ਨੇ ਦੇਖੇ, ਆਪ ਨੂੰ ਸਭ ਕੁਛ ਕੂੜ ਦਿੱਸਿਆ, ਆਪ ਨੇ "ਗਗਨ ਮੈ ਥਾਲ ਆਪਣੀ ਕਾਸਮਿਕ, ਅਨੇਕ ਅਕਾਸ਼ੀ, ਆਰਤੀ ਉੱਚਾਰਣ ਕੀਤੀ।ਆਪ ਨੇ ਮਸਜਿਦ ਵਿੱਚ ਕਾਜ਼ੀਆਂ ਨੂੰ ਈਮਾਨ ਦੇ ਕੇਂਦਰ ਥੀਂ ਪਰੇ ਗਏ ਹੋਏ ਦਿੱਸੇ ਤੇ ਉਨਾਂ ਦੀ ਨਿਸ਼ਾ ਕੀਤੀ, ਕਿ ਉਹ ਨਿਮਾਜ ਤੇ ਇਸਲਾਮ ਨਾਲ ਮਖੌਲ ਜਿਹਾ ਕਰ ਰਹੇ ਸਨ । ਆਪ ਨੇ ਮਾਸ ਨਾ ਖਾਣ ਵਾਲੇ ਸੁਚਮਣ ਕਰਨ ਵਾਲੇ ਵੈਸ਼ਨਵਾਂ ਨੂੰ ਉਨਾਂ ਦਾ ਵਹਿਮ ਦੱਸਿਆ, ਕਿ ਇਹ ਮਜ਼੍ਹਬ ਨਹੀਂ ਹੋ ਸੱਕਦਾ, ਮਾਸ ਥੀਂ ਜੰਮੇ, ਮਾਸ ਨਾਲ ਪਲੇ, ਮਾਸ ਦੇ ਬਣੇ, ਅਸੀਂ ਮਾਸ ਥੀਂ ਕਿਧਰ ਨੱਸ ਸੱਕਦੇ ਹਾਂ ? ਜਨਾਨੀ ਨੂੰ ਗੁਰੂ ਨਾਨਕ ਸਾਹਿਬ ਕਿਹਾ ਹੈ, ਕਿ ਕੱਚਾ ਮਾਸ ਘਰ ਲਿਆਏ, ਅਸੀਂ ਕਦ ਤਕ ਤੇ ਕਿਥੇ ਤਕ ਤੇ ਕਿੰਞ ਓਸ ਫਿਲਾਸਫੀ ਦੀ ਪਥਰੀਲੀ ਮਣੀ ਮਾਣਕ ਦੀ ਨਿਰਜਿੰਦ ਸੁਚਮਣ ਉੱਪਰ ਟਿਕ ਸੱਕਦੇ ਹਾਂ ? ਆਪ ਦੇ ਦਿਮਾਗ ਨੂੰ ਹਿੰਦੁਸਤਾਨ ਦੇ ਮਜ਼੍ਹਬਾਂ ਤੇ ਸਖਤ ਘਿਣਾ ਆਈ। ਮਜ਼੍ਹਬ ਓਹ ਨਹੀਂ ਜਿਸ ਨਾਲ ਅਸੀਂ ਧੋਖਾ ਕਮਾ ਸੱਕੀਏ ਯਾ ਆਪਣੇ ਆਪ ਨੂੰ ਧੋਖਾ ਦੇ ਸੱਕੀਏ, ਮਜ਼੍ਹਬ ਤਾਂ ਓਨਾ ਹੀ ਸਾਨੂੰ ਲਭਦਾ ਹੈ, ਜਿੰਨਾ ਸਾਡਾ ਆਪਣਾ ਵਿੱਤ ਹੋਵੇ। ਕਾਮੀ ਦਾ ਮਜ਼੍ਹਬ ਕਾਮਨੀ, ਨਾਮੇ ਦਾ ਮਜ਼੍ਹਬ ਪ੍ਰੀਤ ਮੁਰਾਰੀ। ਜੇ ਅਸੀਂ ਪਿੱਤਲ ਹਾਂ ਤਾਂ ਅਸੀ ਪਿੱਤਲ ਹੀ ਹੋਈਏ, ਮੁਲੱਮੇ ਦੇ ਸੋਨੇ ਦਾ ਗਿਲਟੀ ਕੰਮ ਆਪਣੇ ਉੱਪਰ ਕਰਕੇ ਕੂੜਾ ਪਾਜ ਕਰਕੇ ਆਪੇ ਨੂੰ ਧੋਖਾ ਨਾ ਦੇਈਏ। ਉਮਰ ਖਿਆਮ ਨੇ ਆਪਣੀ ਇਕ ਰੁਬਾਈ ਵਿੱਚ ਦੱਸਿਆ ਹੈ, ਕਿ ਇਕ ਲੰਮੀ ਦਾਹੜੀ ਵਾਲਾ, ਸਾਵੇ ਰੰਗ ਦਾ ਹਜ਼ਰਤੀ ਲੰਮਾ ਚੋਲਾ ਪਾਇਆ, ਤਸਬੀ ਹੱਥ ਵਿੱਚ ਮੌਲਵੀ, ਇਕ ਪਹਲਵੀ ਗਾਣ ਵਾਲੀ ਨੂੰ ਰਾਹ ਵਿੱਚ ਮਿਲਿਆ ॥

ਮੌਲਵੀ-ਤੂੰ ਕੌਣ ਹੈਂ ?
ਗਾਣ ਵਾਲੀ-ਮੈਂ ਤਾਂ ਜੋ ਹਾਂ, ਦੀਹਦੀ ਹਾਂ।
ਤੂੰ ਜੋ ਹੈਂ, ਓਹੋ ਹੀ ਹੈਂ?

ਅਕਪਟਤਾ, ਮਜ਼੍ਹਬ ਜਦ ਲੱਭ ਪਵੇ, ਤਦ ਸਹਿਜ ਸੁਭਾ ਪ੍ਰਾਪਤ ਹੁੰਦੀ ਹੈ, ਜਿਵੇਂ ਇਕ ਯਾਤਰੂ ਆਪਣੇ ਰਾਹ ਟੁਰੀ ਜਾਂਦਾ ਹੈ। ਤਿਵੇਂ ਹੀ ਮਜ਼੍ਹਬ ਜਦ ਮਿਲਦਾ ਹੈ ਸਾਨੂੰ ਰਾਹ ਪਾ ਟੋਰੀ ਜਾਂਦਾ ਹੈ, ਅਸੀਂ ਅੱਗੇ ਹੀ ਅੱਗੇ ਪੈਰ ਰੱਖਣ ਤੇ ਮਜਬੂਰ ਹੋ ਜਾਂਦੇ ਹਾਂ। ਇਕ ਵੇਰੀ ਇਕ ਨੀਲੀ ਘੰਟੀ ਵਾਲੇ ਫੁੱਲਾਂ ਦੀ ਬੇਲ ਉਗ ਪਈ ਤੇ ਲੱਗੀ ਅਰਦਾਸ ਕਰਨ "ਹਾਏ ਰੱਬਾ ! ਮੈਂ ਨਾ ਉੱਗਾਂ, ਮੈਂ ਨਾ ਉੱਗਾਂ" । ਓਹ ਭਾਵੇਂ ਆਖਦੀ ਰਹੀ, ਮੈਂ ਨਾ ਉੱਗਾਂ, ਪਰ ਦਿਨ ਬਦਿਨ ਉਹ ਵਧਦੀ ਰਹੀ । ਮਜ਼੍ਹਬ ਤਾਂ ਕੁਛ ਐਸੀ ਚਾਲ ਹੈ, ਜੇ ਅਸੀ ਚਾਹੀਏ ਵੀ ਕਿ ਨਾ ਚਲੀਏ ਉਹ ਚਾਲ ਰੁਕ ਨਹੀਂ ਸੱਕਦੀ, ਸਾਡੀ ਤਰੱਕੀ ਬੰਦ ਨਹੀਂ ਹੋ ਸੱਕਦੀ ॥

ਸਿਦਕ ਨਾਲ ਆਪ-ਮੁਹਾਰਾ ਆ ਜਾਂਦਾ ਹੈ, ਜਦ ਇਕ ਅਭੋਲ ਕੰਨਯਾ ਨੂੰ ਅਸੀ ਮਿਲਦੇ ਹਾਂ ਤੇ ਇਕ ਨੈਨ ਮਟਕੇ ਨਾਲ ਸਾਡੇ ਅਜ਼ਲ ਦੇ ਪਿਆਰ ਪੈ ਜਾਂਦੇ ਹਨ। ਇਕ ਨਿਗਾਹ ਵਿੱਚ ਸਾਨੂੰ ਓਸ ਪਿਆਰ ਵਿੱਚ , ਸਿਦਕ ਆਪ-ਮੁਹਾਰਾ ਆ ਜਾਂਦਾ ਹੈ। ਇਸੇ ਤਰਾਂ ਜਦ ਖੂਹ ਤੇ ਭਰਦੀਆਂ ਪੈਲਸਟੀਨ ਦੀਆਂ ਯੁਵਤੀਆਂ ਈਸਾ ਨੂੰ ਵੇਖਦੀਆਂ ਹਨ ਤੇ ਓਹਦੇ ਵਚਨ ਸੁਣਦੀਆਂ ਹਨ, ਉਨ੍ਹਾਂ ਨੂੰ ਆਪ-ਮੁਹਾਰਾ ਸਿਦਕ, ਯਕੀਨ, ਈਮਾਨ ਓਸ ਮਹਾਂਪੁਰਖ ਪਰ ਆ ਜਾਂਦਾ ਹੈ। ਕੋਈ ਅਕਲ ਦੇ ਸਮਝੌਤੇ ਨਾਲ ਨਹੀਂ, ਰੂਹ ਰੂਹ ਨੂੰ ਸਰੀਰਾਂ ਵਿੱਚੋਂ ਛਾਲਾਂ ਮਾਰ ਮਿਲਦੇ ਹਨ ।ਇਹੋ ਜਿਹੇ ਮੇਲੇ, ਸਿਦਕ ਹਨ। ਬਿਨਾ ਇਹੋ ਜਿਹੇ ਗੁਰਮੁਖਾਂ ਦੇ ਮੇਲਿਆਂ ਅਕਲ ਮਰਦੀ ਨਹੀਂ, ਫੁਰਨੇ ਮਿਟਦੇ ਨਹੀਂ, ਸ਼ੱਕ ਦੂਰ ਨਹੀਂ ਹੁੰਦੇ, ਭਰਮ ਨਹੀਂ ਜਾਂਦੇ। ਰਾਤ ਬਿਨਾ ਸੂਰਜ ਦੇ ਉਦਯ ਹੋਣ ਦੇ ਕਥਨੀਆਂ ਤੇ ਸੋਚਾਂ ਨਾਲ ਤਾਂ ਨਹੀਂ ਲੋਪ ਹੁੰਦੀ ਤੇ ਜਦ ਸੂਰਜ ਉਦਯ ਹੋ ਆਂਦਾ ਹੈ ਤਦ ਰਾਤ ਰਹਿੰਦੀ ਹੀ ਨਹੀਂ । ਮਹਾਂਪੁਰਖਾਂ ਦੇ ਦੀਦਾਰ ਦਰਸ਼ਨ ਵਿੱਚ ਇਕ ਜੀਵਨ ਰੌ ਹੈ, ਜਿਹੜੀ ਸਾਡੇ ਅੰਦਰ ਆਪ-ਮੁਹਾਰੀ ਵਗਣ ਲੱਗ ਜਾਂਦੀ ਹੈ। ਸਾਡੇ ਨੈਨਾਂ ਵਿੱਚ ਅਣਡਿੱਠੇ ਸੱਜਣਾਂ ਤੇ ਰੂਹਾਂ ਦੇ ਦੇਸ਼ਾਂ ਦੀਆਂ ਲਿਸ਼ਕਾਂ ਦੇ ਉਡਾਰੂ ਜਿਹੇ ਝਾਵਲੇ ਮਿਲਵੇਂ ਮਿਲਵੇਂ ਪੈਂਦੇ ਹਨ, ਪ੍ਰਤੀਤ ਆਪ-ਮੁਹਾਰੀ ਆਉਂਦੀ ਹੈ। ਜਿਹਨੂੰ ਅਕਲਾਂ ਵਾਲੇ ਮੌਤ ਸਮਝਦੇ ਹਨ, ਉਹ ਸਿਦਕ ਵਾਲੇ ਹੋਰ ਤਰਾਂ ਵੇਖਦੇ ਹਨ । ਸਾਹਮਣੇ ਜੂ ਉਨ੍ਹਾਂ ਨੂੰ ਲੈਣ ਲਈ ਪ੍ਰਲੋਕ ਦੇ ਦੇਵਤੇ ਆਉਂਦੇ ਹਨ, ਇਹ ਜੀਵਨ ਤਾਂ ਓਨ੍ਹਾਂ ਨੂੰ ਉਸ ਵੇਲੇ ਯਾਤ੍ਰਾ ਦਿੱਸਦੀ ਹੈ ॥

ਸਿਮਰਣ ਅਥਵਾ ਯਾਦ ਇਲਾਹੀ ਜੀਵਨ ਰੂਹਾਨੀ ਹੈ । ਜਦੋਂ ਪਿਆਰਾ ਸਾਹਮਣੇ, ਤਦ ਪਿਆਰ ਦੇ ਦਰਸ਼ਨ ਦਾ ਨਸ਼ਾ ਰੋਮ ਰੋਮ ਵਿੱਚ ਵੱਜਦਾ ਹੈ, ਹੱਡੀ ਹੱਡੀ ਵਿੱਚ ਕੂਕ ਹੁੰਦੀ ਹੈ । ਸ਼ਰੀਰਾਂ ਥੀਂ ਉੱਠ ਰੂਹਾਂ ਦੇ ਮੇਲੇ ਹਨ ਤੇ ਸ਼ਰੀਰਾਂ ਦੇ ਵੀ ਮੇਲੇ ਹਨ । ਰੂਹ ਮਿਲੇ ਪਾਛੇ ਸ਼ਰੀਰਾਂ ਦੀ ਛੋਹ ਵੀ ਗਾੜਾ ਏਕਤਾ ਦਾ ਮੇਲਾ ਹੈ ਤੇ ਜੇ ਰੂਹ ਨਾ ਹੀ ਮਿਲੇ ਤਦ ਸ਼ਰੀਰਾਂ ਦੇ ਮੇਲੇ ਕੋਈ ਮੇਲੇ ਨਹੀਂ, ਮਨ ਮਿਲੇ ਦੇ ਮੇਲੇ ਹੁੰਦੇ ਹਨ । ਤਨ ਮਿਲੇ ਦੀਆਂ ਸਦਾ ਬਿਰਹਾਂ ਦੇ ਦਰਦ ਤੇ ਮਾਯੂਸੀਆਂ ਹੀ ਹਨ, ਤੇ ਜਦ ਪਿਆਰਾ ਓਹਲੇ ਹੋਵੇ ਤਦ ਓਹਦੀ ਯਾਦ ਹੱਡੀਆਂ ਵਿੱਚ ਗੂੰਜੇ, ਇਹ ਯਾਦ ਸਿਮਰਣ ਪਿਆਰ ਦਾ ਦੂਜਾ ਰਸਰੂਪ ਰੂਪ ਹੈ॥

ਸੁਰਤਿ ਨੂੰ ਅੰਦਰੋਂ ਹੀ ਕੜਾਕਾ ਵੱਜਿਆ, ਕੁਛ ਹੋਯਾ । ਹਾਲਤ ਓਹੋ ਹੀ ਹੋ ਗਈ ਜਿਹੜੀ ਪਿਆਰੇ ਦੀ ਹਜ਼ੂਰੀ ਵਿੱਚ ਹੁੰਦੀ ਸੀ, ਜਿਹੜੇ ਪ੍ਰਤੱਖ ਮਿਲਿਆਂ ਦੇ ਰਸ ਸਨ । ਓਹੋ ਪ੍ਰਭਾਵ, ਓਹੋ ਦਿਵਯ ਠੰਢ, ਉਹ ਰੂਹਾਨੀ ਚਾਨਣ, ਸਰੀਰ ਤਾਂ ਕਦੀ ਨਹੀਂ ਅੱਗੇ ਵੀ ਮਿਲੇ ਸਨ, ਸੋ ਅਜ ਵੀ ਸ਼ਰੀਰ ਤਾਂ ਓਥੇ ਦਾ ਓਥੇ ਹੀ ਪਿਆ ਰਿਹਾ, ਇਹ ਕੌਣ ਆ ਗਿਆ ਕਿ ਸੁਰਤ ਨੇ ਕੜਾਕਾ ਖਾਧਾ। ਓਹੋ ਰਸ ਹੋ ਗਿਆ, ਬਸ ਯਾਦ ਵਿੱਚ ਕੁਛ ਗੁੰਮਿਆ ਨਹੀਂ, ਪਿਆਰਾ ਯਾਦ ਵਿੱਚ ਨਾਮ ਹੋ ਗਿਆ ਤੇ ਨਾਮ ਕਿਹੜਾ, ਉਹ ਜਿਹੜਾ ਰੱਬ ਰੂਪ ਆਦਮੀ ਬਣ ਆਇਆ, ਜਿਹੜਾ ਇਕ ਵੇਰੀ ਮਿਲਿਆ ਤੇ ਫਿਰ ਕਦੀ ਨਾ ਵਿਛੜਿਆ । ਜਿਸ ਕਦੀ ਨਾ ਛੱਡਿਆ ਮੇਰੇ ਰੂਹ ਦਾ ਰੂਹ, ਸਵਾਸ ਦਾ ਸਵਾਸ, ਮੇਰੀ ਜਿੰਦ ਦੀ ਜਿੰਦ, ਮੇਰੇ ਕੂੜ ਦਾ ਸੱਚ, ਮੇਰੇ ਸੱਚ ਦਾ ਸੱਚ, ਅਕਪਟਤਾ, ਸਿਦਕ, ਧਿਆਨ, ਸਿਮਰਣ ਤੇ ਨਾਮ ਇਹ ਹਨ ਸਭ ਥੀਂ ਉੱਚੇ ਤੇ ਤੀਬਰ ਪਿਆਰ ਦੇ ਵਿਕਾਸ਼ ਤੇ ਪ੍ਰਕਾਸ਼, ਜਿਹਨੂੰ ਮਜ਼੍ਹਬ ਕਹਿਣਾ ਲੋੜੀਏ ॥

ਮਜ਼੍ਹਬ ਪਿਆਰ ਵਾਂਗ, ਭਾਵ ਵਾਂਗ, ਸ਼ਰੀਰਕ ਦੁਖ, ਸੁਖ, ਸੁਭਾ ਵਾਂਗ, ਜੀਵਨ-ਹਿਲ ਵਾਂਗ, ਜੀਵਨ ਭੁੱਖ ਵਾਂਗ ਸਭ ਨਾਲ ਕਿਸੇ ਨਾ ਕਿਸੇ ਰੂਪ ਅੰਤਰ, ਅੰਸ਼ ਮਾਤ੍ਰ, ਇਕ ਕਸਰ ਇਸ਼ਾਰਿਆਂ ਵਾਂਗ ਸਭ ਪਾਸ ਹੁੰਦਾ ਹੈ ਤੇ ਓਸੇ ਦੇ ਆਸਰੇ ਜੀਵਨ ਲੰਘਦਾ ਹੈ, ਬਿਨਾ ਸਿਮਰਣ, ਨਾਮ, ਧਿਆਨ, ਦੇ ਕੋਈ ਪ੍ਰਾਣੀ ਜੀ ਹੀ ਨਹੀਂ ਸਕਦਾ, ਪਰ ਹਰ ਇਕ ਦੇ ਹਿੱਸੇ ਓਨਾ ਹੀ ਆਇਆ ਹੋਇਆ ਹੈ ਜਿੰਨੀ ਜੀਵਨ ਦੀ ਅੱਗ ਉਸ ਵਿੱਚ ਪ੍ਰਦੀਪਤ ਹੈ । ਇਕ ਸ਼ੇਰਨੀ ਜਿਹੜੀ ਇੰਨੀ ਭਿਆਨਕ ਹੈ, ਕਿ ਹਿਰਨਾਂ ਨੂੰ ਮਾਰ ਕੇ ਉਨਾਂ ਦੀ ਰੱਤ ਪੈਂਦੀ ਹੈ, ਮੁੜ ਮੁੜ ਪਿੱਛੇ ਮੁੜ ਆਪਣੇ ਬੱਚਿਆਂ ਵਲ ਵੇਖਦੀ ਹੈ, ਉਨਾਂ ਨੂੰ ਦੁੱਧ ਪਿਲਾਂਦੀ ਹੈ, ਉਨ੍ਹਾਂ ਨੂੰ ਕਿਉਂ ਨਹੀਂ ਮਾਰਦੀ? ਓਨੀ ਦਯਾ ਉਸ ਵਿੱਚ ਸਹਿਜ ਸੁਭਾ ਕਿਉਂ ਹੈ ? ਤੇ ਦੂਜੇ ਪਾਸੇ ਹੈਵਾਨਾਂ ਦੇ ਦੇਸ਼ ਵਿੱਚ ਇਕ ਦਯਾ ਦਾ ਇਤਬਾਰ ਆਉਂਦਾ ਹੈ, ਉਹ ਉਸ ਸ਼ਿਕਾਰੀ ਰਾਜਾ ਸ਼ਿਕਾਰੀ ਦੇ ਚਿੱਲੇ ਚਾੜ੍ਹੇ ਬਾਣ ਤੇ ਹਿਰਨ ਦੇ ਵਿੱਚ ਆਪਣਾ ਦਿਵਸ ਪ੍ਰਕਾਸ਼ਮਾਨ ਸਰੀਰ ਰੱਖਦਾ ਹੈ, "ਮੈਨੂੰ ਮਾਰ ਪਰ ਏਹਨੂੰ ! ਨਾ ਮਾਰ'', ਕਹਿੰਦਾ ਨਹੀਂ, ਪਰ ਰਾਜੇ ਦਾ ਬਾਣ ਡਿੱਗ ਪੈਂਦਾ ਹੈ, ਰਾਜੇ ਦਾ ਰੂਹ ਚਰਨ ਸ਼ਰਨ ਆਉਂਦਾ ਹੈ । ਸ਼ੇਰਨੀ ਦੀ ਦਯਾ ਆਪਣੇ ਬੱਚਿਆਂ ਲਈ ਤੇ ਬੁੱਧ ਦੇਵ ਦੀ ਦਯਾ ਹਿਰਨੀ ਦੇ ਬੱਚਿਆਂ ਲਈ, ਦੋਵੇਂ ਕਾਦਰ ਦੀ ਕੁਦਰਤ ਹਨ । ਸ਼ੇਰਨੀ ਦੀ ਜਿੰਦ ਹਿਰਨ ਨੂੰ ਮਾਰ ਕੇ ਖਾਣ ਦੀ ਮਜਬੂਰੀ ਵਿੱਚ ਕੈਦ ਹੈ ਪਰ ਉਸ ਜੇਹਲਖਾਨੇ ਦੀ ਇਕ ਖਿੜਕੀ ਹੈ ਆਪਣੇ ਬੱਚਿਆਂ ਦਾ ਪਿਆਰ, ਉਨ੍ਹਾਂ ਦਾ ਧਿਆਨ, ਸਿਮਰਨ, ਤੇ ਉਸ ਨੂੰ ਭਾਵੇਂ ਕਿੱਥੇ ਚਲੀ ਜਾਵੇ ਆਪਣੇ ਬੱਚੇ ਯਾਦ ਹਨ॥
"ਊਡੇ ਊਡਿ ਆਵੈ ਸੈ ਕੋਸਾ
ਤਿਸੁ ਪਾਛੈ ਬਚਰੇ ਛਰਿਆ।
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ
ਮਨ ਮਹਿ ਸਿਮਰਨੁ ਕਰਿਆ" ॥

ਇਹ ਕੁੰਜਾਂ ਜਿਹੜੀਆਂ ਰੂਸ ਦੇ ਠੰਢੇ ਸਾਈਬੇਰੀਆ ਥੀਂ ਉੱਡ ਕੇ ਪੰਜਾਬ ਵਿੱਚ ਆਉਂਦੀਆਂ ਹਨ, ਸ਼ਾਇਦ ਚੋਗਾ ਹੀ ਚੁੱਗਣ, ਇਨਾਂ ਸੋਹਣੇ ਉਡਾਰੂ ਮਹਿਮਾਨਾਂ ਲਈ ਉਪਰਲਾ ਵਚਨ ਹੋਇਆ। ਇਹ ਸਿਮਰਣ ਹੈਵਾਨਾਂ, ਪੰਛੀਆਂ, ਮਨੁੱਖਾਂ ਵਿੱਚ ਸਭ ਵਿੱਚ ਪਾਇਆ ਜਾਂਦਾ ਹੈ। ਇਹ ਮਜ਼੍ਹਬ ਦਾ ਕੰਮ ਹੈ, ਸੁਬਕਤਗੀਨ ਨੂੰ ਜਦ ਹਿਰਨੀ ਘੋੜੇ ਮਗਰ ਆਉਂਦੀ ਉੱਪਰ ਤਰਸ ਆਇਆ ਤੇ ਉਹਦਾ ਬੱਚਾ ਛੱਡ ਦਿੱਤਾ। ਹੋਰ ਉੱਚੇ ਕਿਸੀ ਪਿਆਰੇ ਦੇ ਸਿਮਰਣ ਦੀ ਘੜੀ ਉਸ ਉੱਪਰ ਆਈ, ਉਹਦੀ ਉਹੋ ਨਿਮਾਜ਼ ਦੀ ਘੜੀ ਸੀ । ਦਿਨ ਵਿੱਚ ਪੰਜ ਵੇਰੀ ! ਨਹੀਂ ਜੇ ਜੀਵਨ ਵਿੱਚ ਇਕ ਵੇਰ ਵੀ ਨਿਮਾਜ਼ ਇਹੋ ਜਿਹੀ ਪੜ੍ਹੀ ਜਾਵੇ ਤੇ ਮਾਸ ਦੀਆਂ ਕੈਦਾਂ ਵਿੱਚ ਪਏ ਬੰਦੇ ਸ਼ੇਰਨੀ ਦੀ ਪਿਆਰ ਦੀ ਘੜੀ ਵਾਂਗ ਕਿਸੀ ਖੁੱਲ੍ਹ ਜਾਣ ਵਾਲੀ ਖਿੜਕੀ ਥੀਂ ਅਜਲ ਦੇ ਪਿਆਰ ਦਾ ਝਾਕਾ ਜੇ ਕਦੀ ਆਵੇ ਤਦ ਸਿਮਰਨ ਦਾ ਸਵਾਦ ਬਝਦਾ ਹੈ। ਰਾਮਕ੍ਰਿਸ਼ਨ ਪਰਮਹੰਸ ਨੇ ਕਿਧਰੇ ਲਿਖਿਆ ਹੈ, ਜੋ ਹਰੀ ਦਾ ਨਾਮ ਲੈ ਇਕ ਵੇਰੀ ਵੀ ਜੀਵਨ ਵਿੱਚ ਰੂਹ ਦੇ ਰੋਮਾਂ ਦੇ ਦਰ ਖੁੱਲ੍ਹ ਜਾਣ ਤਾਂ ਅਹੋ ਭਾਗ! ਜਿਹੜਾ ਟੱਬਰ ਟੋਰ ਵਾਲਾ ਬੰਦਾ ਆਪਣੇ ਟੱਬਰ ਦੀ ਪਾਲਣਾ ਕਰ ਰਿਹਾ ਹੈ, ਆਪਾ ਸਹਿਜ ਸੁਭਾ ਇਕ ਨਿੱਕੀ ਜਿਹੀ ਖਿੱਚ ਵਿੱਚ ਵਾਰ ਰਿਹਾ ਹੈ, ਭਾਵੇਂ, ਸ਼ੇਰਨੀ ਦੇ ਸਹਿਜ ਸੁਭਾ ਮਾਰ ਕੇ ਅਹਾਰ ਕਰਨ ਵਾਂਗ ਉਹਦਾ ਜੀਵਨ ਕਿੰਨਾ ਹੀ ਕੈਦ ਹੈ, ਤਦ ਵੀ ਉਹਦਾ ਆਪਣੇ ਬਾਲ ਬੱਚੇ ਦਾ ਨਿੱਕਾ ਨਿੱਕਾ ਸਿਮਰਣ ਯਾਦ ਭੁੱਲ ਵਿੱਚ ਵੀ ਜਾਰੀ ਹੈ, ਲਗਾਤਾਰ ਹੈ, ਇਹੋ ਹੀ ਓਹਦਾ ਮਜ਼੍ਹਬ ਹੈ ਤੇ ਜਿਹੜਾ ਉਹ ਧੱਕੋ ਧੱਕੀ ਗਿਰਜੇ ਯਾ ਮਸਜਿਦ ਯਾ ਠਾਕਰਦਵਾਰੇ ਜਾਂਦਾ ਹੈ, ਓਹ ਇਕ ਆਪਣੇ ਆਪ ਨਾਲ ਧੋਖਾ ਹੈ ॥

ਅਸੀ ਹੈਰਾਨ ਹਾਂ ਕਿ ਅਲੀ ਜਿਸ ਹਜ਼ਰਤ ਸਾਹਿਬ ਦੇ ਦੀਦਾਰ ਪਹਿਲਾਂ ਕੀਤੇ, ਯਾ ਹੋਰ ਚਾਰ ਯਾਰ ਪਿਆਰੇ ਜਿਨ੍ਹਾਂ ਓਨ੍ਹਾਂ ਦੇ ਦਰਸ਼ਨ ਕੀਤੇ, ਓਨ੍ਹਾਂ ਲਈ ਇਸਲਾਮ ਕੀ ਅਦਭੁਤ ਪਿਆਰ ਹੋਣਾ ਹੈ? ਖਲੀਫਿਆਂ ਦੇ ਨਿਰਮਾਣ ਜੀਵਨ ਨੂੰ ਤੇ ਉਨ੍ਹਾਂ ਦੀਆਂ ਪਿਆਰ ਵਿੱਚ ਤੜਪਦੇ ਦਿਲਾਂ ਦੀ ਬੇਚੈਨ ਚੰਗਾਰੀਆਂ ਥੀਂ ਪਤਾ ਲੱਗਦਾ ਹੈ ਕਿ ਉਨਾਂ ਨੂੰ ਇਸਲਾਮ ਦਾ ਕਿੰਨਾ ਰਸ ਆਇਆ ਹੋਣਾ ਹੈ, ਉਸ ਰਸ ਵਿੱਚ ਉਨ੍ਹਾਂ ਆਪਣਾ ਸਭ ਕੁਛ ਵਾਰ ਦਿੱਤਾ । ਵਾਰ ਦੇਣਾ ਗਲਤ ਹੈ, ਉਨ੍ਹਾਂ ਪਾਸ ਉਸ ਰਸ ਵਿੱਚ ਹੋਰ ਸਭ ਕੁਛ ਛੁਟ ਗਿਆ ਜਿਸ ਤਰਾਂ ਗਾੜ੍ਹੀ ਨੀਂਦਰ ਆਵਣ ਪਰ ਸਾਡਾ ਸਰੀਰ ਤੇ ਸਾਡੇ ਪਿਆਰੇ ਸਾਰੇ ਅਸਾਂ ਥੀਂ ਛੁੱਟ ਜਾਂਦੇ ਹਨ, ਜਿਵੇਂ ਮੌਤ ਅਚਾਣਚੱਕ ਆਣ ਪਰ ਸਭ ਸਾਡੀਆਂ ਮਲਕੀਅਤਾਂ ਇਥੇ ਹੀ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ। ਇਸਲਾਮ ਦੀ ਪਹਿਲੀ ਖੁਸ਼ੀ ਓਹੋ ਹੀ ਮੌਤ ਵਰਗੀ ਖੁਸ਼ੀ ਹੋਈ ਹੋਣੀ ਹੈ ਨਾ ਜਿਹੜੀ ਈਸਾ ਨੂੰ ਵੇਖ ਕੇ ਮੈਰੀ ਮੈਰਾਡਾਲੀਨ ਨੂੰ ਹੋਈ ਸੀ, ਜਿਹੜੀ ਬੁੱਧ ਦੇ ਦਰਸ਼ਨ ਕਰਕੇ ਸਾਰੇ ਏਸ਼ੀਆ ਨੂੰ ਇਕ ਵੇਰੀ ਹੋਈ ਸੀ । ਬੱਸ ਘੜੀ ਦੀ ਘੜੀ ਨਵੇਂ ਦਰਸ਼ਨ ਕਿਸੀ ਮਜ਼੍ਹਬ ਦੇ ਕਿਸੀ ਕਿਸੀ ਨੂੰ ਮਨੁੱਖ ਦੇ ਜੀਵਨ ਇਤਿਹਾਸ ਵਿੱਚ ਹੁੰਦੇ ਹਨ, ਤੇ ਜਦ ਉਹ ਦਰਸ਼ਨ ਹੋ ਜਾਣ ਤਦ ਓਹ ਸਭ ਥਾਂ ਉੱਚੇ ਸੁੱਚੇ ਸੱਚੇ ਸੋਹਣੇ ਸੱਚ ਦੇ ਦੀਦਾਰ ਹੁੰਦੇ ਹਨ ਕਿ ਬੰਦਾ ਓਸ ਸ਼ਮਾ ਦਾ ਪਰਵਾਨਾ ਹੋ ਜਾਂਦਾ ਹੈ। ਮਜ਼੍ਹਬ ਇਕ ਬੜੀ ਕੀਮਤੀ ਅੰਦਰ ਆਏ ਰੱਬ ਦੀ ਹਜ਼ੂਰੀ ਤੇ ਦਰਸ਼ਨ ਦੀ ਸਿੱਕ, ਸਿਮਰਣ, ਧਿਆਨ, ਸਿਦਕ, ਨਾਮ ਹੈ, ਕਿ ਆਦਮੀ ਦਾ ਨਾ ਕੇਵਲ ਜੀਵਨ, ਬਲਕਿ ਕੁਲ ਦਿੱਸਦਾ ਪਿੱਸਦਾ ਜਗਤ ਇਕ ਪਿਆਰੇ ਦਾ ਪਿਆਰ ਮੰਦਰ ਹਰੀ ਮੰਦਰ ਹੋ ਜਾਂਦਾ ਹੈ ॥
"ਇਹ ਜਗਤ ਹਰਿ ਕਾ ਰੂਪ ਹੈ ।
ਹਰ ਰੂਪ ਨਦਰੀ ਆਇਆ ॥
ਨੈਣਾਂ ਵਿੱਚ ਵੱਸਦਾ ਹੈ, ਨੈਣ ਖੁੱਲ੍ਹਦੇ ਹਨ, ਤਦ ਓਹੋ, ਛਹਿਬਰ ਲਾਈ ਅਨੁਰਾਗ ਰੂਪ 'ਫੈਲਿਓ ਅਨੁਰਾਗ' ਦਿੱਸਦਾ ਹੈ । ਆਪਣਾ ਹੱਡੀ ਮਾਸ ਪਿਆਰਾ ਲੱਗਦਾ ਹੈ, ਸਭ ਜਗਤ ਪਿਆਰਾ ਲੱਗਦਾ ਹੈ, ਮਿੱਠਾ ਲੱਗਦਾ ਹੈ, ਕਦੀ ਯਾਸ, ਉਦਾਸੀ ਘ੍ਰਿਣਾ, ਨਫਰਤ, ਮਾਯੂਸੀ, ਬੇਉਮੈਦੀ ਪਾਸ ਨਹੀਂ ਫਟਕ ਸੱਕਦੀ ॥
ਸਬ ਥੀਂ ਪਿਆਰੀ ਵਸਤੂ ਇਉਂ ਇਹ ਮਜ਼੍ਹਬ ਦੀ ਵਸਤੂ ਹੈ ॥
"ਟੂਣੇ ਕਾਮਨ ਕਰਕੇ ਨੀ,
ਮੈਂ ਪਿਆਰਾ ਯਾਰ ਮਨਾਵਾਂਗੀ।
ਲਾ ਮਕਾਨ ਦੀ ਪੌੜੀ ਉੱਪਰ,
ਚੜ੍ਹ ਕੇ ਢੋਲਾ ਗਾਵਾਂਗੀ।
ਸੂਰਜ ਅਗਨ ਅਸਪੰਦ ਤਾਰੇ,
ਮੈਂ ਤਾਂ ਇਹੋ ਜੋਤ ਜਗਾਵਾਂ ਗੀ ॥

ਅਚਰਜਤਾ ਦਾ ਰੰਗ ਨਿੱਤ ਨਵਾਂ ਵਿਸਮਾਦ ਤੇ ਤੀਖਣ ਪਿਆਰ ਦੀ ਉਨਮਾਦ ਅਵਸਥਾ ਅੰਦਰ ਛਾਂਦੀ ਹੈ॥
ਮਜ਼੍ਹਬ ਮਹਾਂ ਪੁਰਖਾਂ ਦੀ ਦਾਤ ਹੈ-
"ਏਹੁ ਪਿਰਮ ਪਿਆਲਾ ਖਸਮ ਦਾ,
ਜੈ ਭਾਵੈ ਤਿਸੁ ਦੇਇ"॥

ਜਿਹੜੀ ਦਾਤ ਹੈ, ਜਿਹੜੀ ਕਿਸੇ ਦੀ ਮਿਹਰ ਨੇ ਸਾਡੀ ਝੋਲੀ ਪਾਈ ਹੈ । ਉਹ ਟੋਲ, ਸਾਧਨ, ਆਪਣੀਆਂ ਛਾਲਾਂ ਮਾਰਣ ਨਾਲ ਕਿਸ ਤਰਾਂ ਸਾਨੂੰ ਮਿਲ ਸਕਦੀ ਹੈ ? ਕਿਸੀ ਆਜੜੀ ਦੇ ਬਕਰੀ ਦੇ ਖੁਰ ਨੂੰ ਮੇਖ ਲੱਗੀ ਹੋਈ ਸੀ, ਬੀਆਬਾਨਾਂ ਵਿੱਚ ਫਿਰਦੀ ਦਾ ਖੁਰ ਪਾਰਸ ਨੂੰ ਲੱਗਾ, ਮੇਖ ਸੋਨੇ ਵਾਂਗ ਚਮਕਣ ਲੱਗ ਗਈ, ਲੱਗਾ ਆਜੜੀ ਅਨੇਕ ਪੱਬਰਾਂ ਵਿੱਚ ਪਾਰਸ ਨੂੰ, ਢੂੰਢਣ, ਸਵਾਏ ਸਾਰੀ ਉਮਰ ਢੂੰਡ ਕਰਦਾ ਪਾਗਲ ਹੋ ਗਿਆ। ਪਾਰਸ ਤਾਂ ਨਾ ਲੱਭਾ ਤੇ ਉਹ ਕਿਹੜਾ ਨੇਮ ਹੈ, ਜੋ ਉਹਦੀ ਭੇਡ ਦੇ ਮੇਖ ਦੀ ਰੇਖ ਜਾਗੀ। ਜੋ ਚੀਜ਼ ਭੇਡ ਨੂੰ ਛੋਹ ਗਈ, ਉਹ ਉਹਦੇ ਮਾਲਕ ਨੂੰ ਨਾ ਪ੍ਰਾਪਤ ਹੋਈ॥

ਇਉਂ ਮਜ਼੍ਹਬ ਦਾਤ ਹੈ। ਇਕ ਆਵੇਸ਼ ਹੈ, ਇਹ ਸਕੂਲਾਂ ਵਿੱਚ ਪੜ੍ਹਾਯਾ ਨਹੀਂ ਜਾ ਸੱਕਦਾ, ਇਹ ਉਪਦੇਸ਼ਕਾਂ ਦੇ ਵਖਿਆਨਾਂ ਨਾਲ ਸਿਖਾਯਾ ਨਹੀਂ ਜਾ ਸਕਦਾ, ਇਹ ਮੌਲਵੀਆਂ, ਮੌਲਾਣਿਆਂ, ਪਾਦਰੀਆਂ ਤੇ ਭਾਈਆਂ ਦੇ ਮਜ਼੍ਹਬੀ ਪੋਥੀਆਂ ਦੀਆਂ ਵਾਹਜ਼ਾਂ ਨਾਲ ਸਮਝ ਆ ਨਹੀਂ ਸਕਦੀ। ਹਾਰ ਕੇ ਜਦ ਮਨੁੱਖ ਨਹੀਂ ਬਣਾ ਸੱਕਦੇ, ਇਹ ਵਿਚਾਰੇ ਹਸਪਤਾਲ ਤੇ ਯਤੀਮਖਾਨੇ ਤੇ ਸਕੂਲ ਤੇ ਗਿਰਜੇ ਖੋਹਲਣ ਦੀ ਕਰਦੇ ਹਨ। ਈਸਾ ਨੇ ਤਾਂ ਆਪਣਾ ਸੁਨੇਹਾ ਅੱਖ ਦੀ ਮਟਕ ਵਿੱਚ ਬ੍ਰਿਛ ਹੇਠ ਬੈਠਿਆਂ ਦੇ ਦਿੱਤਾ ਤੇ ਇਥੋਂ ਰਾਈਮਜ਼ ਜਿਹੜੇ ਸੋਹਣੇ ਗਿਰਜੇ ਹੁੰਦਿਆਂ ਭਰਾਵਾਂ ਦੀਆਂ ਤੋਪਾਂ ਇਕ ਦੂਜੇ ਨੂੰ ਮਾਰਣ ਲਈ ਚੱਲੀਆਂ ਤੇ ਗਿਰਜੇ ਨੂੰ ਵੀ ਪਾਰ ਬੁਲਾਯਾ, ਮਜ਼੍ਹਬ ਕਿਥੇ ? ਜਦ ਭਰਾ ਭਰਾ ਨਾਲ ਲੜਦੇ ਹਨ ਤੇ ਲੋਕੀ ਆਪਣੇ ਨਵੇਂ ਤੇ ਕਮੀਨੇ ਜਜ਼ਬਿਆਂ ਨੂੰ ਉਲਾਂਭਾ ਨਹੀਂ ਦਿੰਦੇ, ਮਜ਼੍ਹਬਾਂ ਨੂੰ ਕੋਸਦੇ ਹਨ। ਮਜ਼੍ਹਬ ਤਾਂ ਕਦੀ ਬਹੁਵਚਨ ਹੋ ਹੀ ਨਹੀਂ ਸਕਦਾ, ਮਜ਼੍ਹਬ ਤਾਂ ਸਦਾ ਇਕ ਹੈ:-

ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸਾਫੀ,
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥
ਕਰਤਾ ਕਰਮ ਸੋਈ ਰਾਜਕ ਰਹੀਮ ਓਈ,
ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ॥
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕੋ,
ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥
ਦੇਹੁਰਾ ਮਸੀਤ ਸੋਈ ਪੂਜਾ ਔ ਨਿਮਾਜ ਓਈ,
ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥

ਮਜ਼੍ਹਬ ਜਿਹੜਾ ਇਨੇ ਪਿਆਰ ਦੇ ਸਮੁੰਦਰ ਸਾਡੇ ਅੰਦਰ ਸੁੱਟਦਾ ਹੈ, "ਮੈਂ ਉਹ ਹਾਂ ਕਿ ਪਿਆਰ ਦੇ ਸਮੁੰਦਰ ਰੋਹੜਾਂਗਾ ਤੇ ਆਪ ਪਿੱਛੇ ਰਹਾਂਗਾ ।ਉਹ ਮਜ਼੍ਹਬ ਜਿਹਦੀਆਂ ਨਿੱਕੀਆਂ ਰੇਸ਼ਮ ਡੋਰੀਆਂ ਵਾਂਗ ਨਿੱਕੀਆਂ ਨਿੱਕੀਆਂ ਸੁਨਹਿਰੀ ਚਮਕਦੀਆਂ ਲਕੀਰਾਂ ਸਾਡੇ ਸਾਧਾਰਣ ਜੀਵਨ ਵਿੱਚ ਵਗਦੀਆਂ ਹਨ ਤੇ ਅਸੀ ਉਨਾਂ ਦੇ ਮੱਧਮ ਜਿਹੇ ਪ੍ਰਕਾਸ਼ ਦੇ ਆਸਰੇ ਜੀਉਂਦੇ ਹਾਂ। ਜੇ ਓਹ ਕਦੀ ਸਾਡੇ ਅੰਦਰ ਵਾਸ ਕਰੇ ਤਦ ਅਸੀ ਤਾਂ ਮਰ ਜਾਂਦੇ ਹਾਂ, ਦੇਵਤੇ ਸਾਡੇ ਮਨ ਤੇ ਸਰੀਰ ਤੇ ਸੁਰਤਿ ਵਿੱਚ ਆਣ ਵੱਸਦੇ ਹਨ। ਧਰਤੀ ਹੋਰ ਹੋ ਜਾਂਦੀ ਹੈ ਉਸ ਮਜ਼੍ਹਬ ਦਾ ਨਾਮ ਲੈ ਕੇ ਲੋਕੀ ਲੜਦੇ ਹਨ-ਰੱਬ ਇਕ, ਬਾਣੀ ਇਕ, ਬੰਦਾ ਇਕ ਓਹੋ ਹੀ, ਤੇ ਫਿਰ ਜੰਗ, ਮਜ਼੍ਹਬ ਕਿੱਥੇ? ਇਹ ਦਾਤ ਇੰਨੀ ਅਮੋਲਕ ਹੈ ਕਿ ਇਹਦਾ ਵਿਅਰਥ ਨਾਮ ਲੈਣਾ ਸ਼ੀਲਤਾ ਤੇ ਸੁਹਿਰਦਤਾ ਦੇ ਵਿਰੁੱਧ ਹੈ॥

ਮਾਲ ਤੁੱਟੀ ਚਰਖਾ ਕਿੰਝ ਚਲੇ? ਮਜ਼੍ਹਬ ਬਿਨਾ ਪਿਆਰ ਸੰਸਾਰ ਵਿੱਚ ਕਦ ਆ ਸੱਕਦਾ ਹੈ, ਛੱਡ ਕੇ ਦੇਖੋ ਕੀ ਹਾਲ ਹੁੰਦਾ ਹੈ ਤੇ ਐਵੇਂ ਫਜ਼ੂਲ ਮਜ਼੍ਹਬ ਦਾ ਨਾਂ ਲੈ ਲੈ ਸ਼ੇਰਨੀ ਵਾਂਗ ਸ਼ਿਕਾਰ ਚੜ੍ਹ ਚੜ੍ਹ ਆਪਣੇ ਬੱਚੇ ਮੁੜ ਆਣ ਪਾਲਣੇ ਨੂੰ ਮਨੁੱਖ ਦਾ ਮਜ਼੍ਹਬ ਕਿਉਂ ਕਹਿਣਾ ? ਮਨੁੱਖ ਦਾ ਮਜ਼੍ਹਬ ਤਾਂ ਹੈਵਾਨ ਨੂੰ ਛੋਹ ਕੇ ਦੇਵਤਾ ਕਰਦਾ ਹੈ, ਹਾਲੇ ਅਸੀ ਮਨੁੱਖਾ ਜਨਮ ਤਕ ਹੀ ਨਹੀਂ ਅੱਪੜੇ, ਸਾਡਾ ਮਜ਼ਹਬ ਕੀ ਤੇ ਬਹਿਸ ਇੰਨੇ ਉੱਚੇ ਮਜ਼ਮੂਨ ਤੇ ਕੀ?

ਠੀਕ ਹੈ ਜਾਨਵਰਾਂ ਦੇ ਸਰੀਰ ਥੀਂ ਤਾਂ ਅਸੀਂ ਉੱਡ ਆਏ ਪਰ ਮਨੁੱਖ ਦੀ ਸ਼ਕਲ ਵਿੱਚ ਹਾਲੇ ਅਸੀ ਸ਼ੇਰ, ਕੁੱਤੇ, ਬਘਿਆੜ, ਲੂੰਬੜ ਆਦਿ ਹੀ ਹਾਂ। ਈਸਪ ਦੀਆਂ ਕਹਾਣੀਆਂ ਸਾਡੀ ਫਿਤਰਤ ਦੀਆਂ ਕਹਾਣੀਆਂ ਹਨ, ਹਾਲੇ ਮਜ਼੍ਹਬ ਕਿੱਥੇ ? ਪਰ ਇਹ ਜਰੂਰ ਹੈ ਕਿ ਕਦੀ ਕਦੀ ਸਾਡੇ ਵਿੱਚੋਂ ਕੋਈ ਕੋਈ ਮਜ਼੍ਹਬ ਅਥਵਾ ਨਾਮ ਦੇ ਦਰਸ਼ਨ ਕਰਦਾ ਹੈ ਤੇ ਉਹ ਫਿਰ ਕਦੀ ਨਹੀਂ ਭੁੱਲਦਾ। ਉਹ ਸਾਡੇ ਵਿੱਚੋਂ ਸਾਧ, ਬੰਦਾ, ਖੁਦਾ, ਪਰਉਪਕਾਰੀ ਹੋ ਜਾਂਦਾ ਹੈ, ਉਹਦੀ ਨਿਗਾਹ ਨਿਹਾਲ ਕਰਦੀ ਹੈ ॥

ਠੀਕ ਐਮਰਸਨ ਨੇ ਕਿਹਾ ਕਿ ਤੂੰ ਜਾਣੇਂਗਾ, ਕਿ ਤੂੰ ਬੜਾ ਚੱਲ ਆਯਾ ਹੈਂ, ਰੂਹਾਨੀ ਮੰਜ਼ਲਾਂ ਮਾਰ ਆਯਾ ਹੈਂ, ਸਦੀਆਂ ਤੂੰ ਚਲਦਾ ਰਿਹਾ ਹੈਂ ਪਰ ਸਦੀਆਂ ਮਗਰੋਂ ਇਕ ਦਿਨ ਅਚਾਣਚੱਕ ਤੈਨੂੰ ਪਤਾ ਲੱਗੇਗਾ, ਕਿ ਤੂੰ ਤਾਂ ਓਥੇ ਹੀ ਖੜਾ ਹੈਂ, ਜਿੱਥੋਂ ਚੱਲਿਆ ਸੈਂ। ਰੂਹਾਨੀ ਅਥਵਾ ਮਜ਼੍ਹਬੀ, ਤ੍ਰੱਕੀ ਤਾਂ ਕਿਸੀ ਦੀ ਨਦਰ ਨਾਲ ਹੋਵੇਗੀ, 'ਨਾਨਕ ਨਦਰੀ ਨਦਰਿ ਨਿਹਾਲ' । ਮਜ਼੍ਹਬ ਇਕ ਜੀਣ ਥੀਣ ਦੇ ਰਸਿਕ ਪ੍ਰਕਾਸ਼ ਦਾ ਸਦਾ ਚਲਦਾ ਚੱਕਰ ਹੈ। ਦੇਵੀ ਦੇਵਤਿਆਂ ਦੀ ਛਾਯਾ, ਮਨੁੱਖ ਦੀ ਛਾਯਾ, ਹਰ ਕਿਸੀ ਦੀ ਆਪਣੀ ਆਪਣੀ ਸ਼ਖਸੀਅਤ ਦੀ ਅੰਮ੍ਰਿਤ ਛਾਯਾ ਹੈ, ਇਸ ਬਿਨਾ ਕੋਈ ਰਹਿ ਨਹੀਂ ਸੱਕਦਾ, ਜੀ ਨਹੀਂ ਸਕਦਾ, ਮਜ਼੍ਹਬ ਨੂੰ ਤਦ ਤਕ ਹੀ ਭੁਲੇਖੇ ਨਾਲ ਇਕ ਸਾਧਨ ਦੱਸਿਆ ਜਾਂਦਾ ਹੈ, ਜਦ ਤਕ ਕੋਈ ਪੂਰਣਤਾ ਅਨੁਭਵ ਨਹੀਂ ਕਰ ਲੈਂਦਾ, ਪਰ ਜੋ ਪੂਰਣ ਪੁਰਖ ਹਨ, ਉਨ੍ਹਾਂ ਦਾ ਮਜ਼੍ਹਬ ਓਹ ਤਾਂ ਨਹੀਂ ਜੋ ਚੋਰ ਯਾਰ ਨੂੰ ਸੁਧਾਰਣ ਖਾਤਰ ਵਰਣਨ ਕੀਤਾ ਜਾਂਦਾ ਹੈ। ਨਿਰੋਲ ਐਬਸੋਲੂਟ ਮਜ਼੍ਹਬ ਤਾਂ ਕੋਈ ਅੰਦਰ ਦੀ ਸੂਰਜ ਦੇ ਆਪਣੇ ਪ੍ਰਕਾਸ਼ ਵਾਂਗ ਕੋਈ ਚੀਜ ਹੈ, ਜਿਸ ਥੀਂ ਸੂਰਜ ਵੱਖਰਾ ਕੀਤਾ ਜਾ ਹੀ ਨਹੀਂ ਸੱਕਦਾ। ਬੰਦੇ ਦਾ ਮਜ਼੍ਹਬ ਅਸਲ ਓਹ ਨਹੀਂ ਜੋ ਉਹ ਕਰਦਾ ਹੈ, ਜਾਂ ਜੋ ਉਸ ਥੀਂ ਕਰਾਇਆ ਜਾਂਦਾ ਹੈ। ਅਸਲ ਮਜ਼੍ਹਬ ਉਸਦਾ ਉਹ ਹੈ, ਜਿਸ ਬਿਨਾ ਉਹ ਜੀ ਹੀ ਨਹੀਂ ਸੱਕਦਾ, ਉਸਦੇ ਸਹਿਜ-ਸੁਭਾ ਆਪ ਹੋਏ ਬਿਨਾ ਉਹ ਰਹਿ ਹੀ ਨਹੀਂ ਸਕਦਾ । ਇਹ ਹਸਤੀ ਦਾ ਕੋਈ ਗੂਹੜਾ ਅੰਦਰਲਾ ਰਾਜ਼ ਹੈ, ਭੇਤ ਹੈ। ਇਹ ਕੋਈ ਅੰਦਰ ਦੀ ਮਰਮ ਹੈ, ਜਿਹਦੀ ਖੁਸ਼ਬੂ ਸਭ ਨੇਕੀਆਂ, ਅਸ਼ਰਾਫਤਾਂ ਤੇ ਪਿਆਰ ਹਨ ਤੇ ਕੁੱਲ ਮਿਤ੍ਰਤਾ ਤੇ ਹੋਰ ਸੋਹਣੇ ਭਾਵ ਹਨ, ਮਿੱਠਤ ਮਾਖਿਓਂ ਸਭ ਚੀਜ਼ਾਂ ਦਾ ਰੂਹ ਹੈ, ਬੜਾ ਔਖਾ ਤੇ ਬੜਾ ਹੀ ਸੁਖਾਲਾ ਹੈ। ਜਿਸ ਤਰਾਂ ਮੈਂ ਆਪ ਸਭ ਆਪਣੀਆਂ ਸਮਝਾਂ ਥੀਂ ਪਰੇ ਹਾਂ, ਪਰ ਦੋਹਾਂ ਬਾਹਾਂ ਆਪਣੀਆਂ ਨਾਲ ਇਹ ਕਹਿਕੇ ਕਿ ਇਹ ਮੈਂ ਤੇ ਘੁਟ ਆਪੇ ਨੂੰ ਜੱਫੀ ਪਾਂਦਾ ਹਾਂ, ਤਿਵੇਂ ਹੀ ਮਜ਼੍ਹਬ ਮੇਰੀ ਹਸਤੀ ਦਾ ਕੋਈ ਭਰਮੀ ਭੇਤ ਹੈ, ਜਿਹੜਾ ਸਮਝ ਨਹੀਂ ਆਉਂਦਾ ਪਰ ਜਿਸ ਨੂੰ ਮੈਂ ਆਪਣੇ ਹੋਠਾਂ ਦੇ ਦੱਬ ਹੇਠ ਮਹਿਸੂਸ ਕਰਕੇ ਆਪਣੇ ਬਚਨਾਂ ਨੂੰ ਸੁਰਤ ਨਾਲ ਜੋੜ ਸੱਕਦਾ ਹਾਂ, ਦੇਖ ਨਹੀਂ ਸੱਕਦਾ, ਪਰ ਆਪਣੇ ਨੈਣਾਂ ਦੇ ਛੱਪਰਾਂ ਹੇਠ ਓਸ ਉਰਧ ਕੰਵਲ ਨੂੰ ਛੋਹ ਸਕਦਾ ਹਾਂ ਤੇ ਕਪਾਟ ਖੁਲ ਜਾਂਦੇ ਹਨ, ਜੋਰ ਟੁੱਟ ਜਾਂਦੇ ਹਨ ਤੇ ਉਸ ਪਿਆਰੇ ਦੇ ਦੀਦਾਰ ਬਿਨ ਦੇਖੇ ਇਕ ਛੋਹ ਜਿਹੀ ਨਾਲ ਹੋ ਜਾਂਦੇ ਹਨ। ਸਪਰਸ਼ ਨਹੀਂ ਹੋ ਸਕਦਾ ਪਰ ਰੋਮ ਰੋਮ ਵਿੱਚ ਕਿਸੇ ਅਣਡਿੱਨੇ ਦੇ ਅਲਿੰਗਨ ਨਾਲ ਮੇਰਾ ਮਨ ਤੇ ਸਰੀਰ ਅੰਮ੍ਰਿਤ ਨਾਲ ਭਰ ਜਾਂਦੇ ਹਨ:-
ਗੁਰਮੁਖਿ ਰੰਗ ਚਲੂਲਿਆ ਮੇਰਾ ਮਨੁ ਤਨੁ ਭਿੰਨਾ ॥
ਜਨੁ ਨਾਨਕੁ ਮੁਸਕਿ ਝਕੋਲਿਆ ਸਭ ਜਨਮੁ ਧਨ ਧੰਨਾ॥

ਮਜ਼੍ਹਬ, ਕਾਇਦੇ, ਇਖਲਾਕ, ਇਹ ਕਰੋ ਇਹ ਨਾ ਕਰੋ ਦੀ ਦੁਨੀਆਂ ਦੀ ਦੁਕਾਨਦਾਰੀ ਦੀਆਂ ਮੁਰਤਬਸ਼ੁਦਾ ਫਹਰਿਸਤਾਂ ਥੀਂ ਪਰੇ ਇਕ ਕਿਸੀ ਅਦ੍ਰਿਸ਼ਟ ਦੀ ਟੇਕ ਵਿੱਚ ਜੁੜੀ ਸੁਰਤਿ ਦਾ ਪ੍ਰਕਾਸ਼ ਹੈ । ਇਕ ਕਿਸੀ ਪਿਆਰ ਕੇਂਦਰ ਵਿੱਚ ਜੀਣ ਥੀਣ, ਹੋਣ, ਰਹਿਣ, ਬਹਿਣ ਦੀ ਸਹਿਜ-ਸੁਭਾ ਕੀਰਤੀ ਹੈ। ਇਸ ਵਿੱਚ ਕੋਈ ਦਿਖਾਵਾ, ਬਨਾਵਟ ਕੋਈ ਯਤਨ, ਜਬਰ, ਤੇ ਕਸ਼ਟਾਂ, ਤਪਾਂ, ਦੀ ਸਿਖਾਵਟ ਦਾ ਕੋਈ ਅਸਰ ਨਹੀਂ। ਕੁਦਰਤ ਦੀਆਂ ਅਣਗਿਣਤ ਤਾਕਤਾਂ ਤੇ ਜ਼ਿੰਦਗੀ ਨੂੰ ਵਿਕਾਸ਼ ਦੇਣ ਦੀਆਂ ਤਾਕਤਾਂ ਦੇ ਸਮੂਹਾਂ ਦੇ ਸਮੂਹਾਂ ਦੇ 'ਜੋਰ' ਨਾਲ ਭਰੀ ਭਾਵੇਂ ਮੇਰੀ ਸਹਿਜ-ਸੁਭਾਵਤਾ ਹੋਵੇ, ਪਰ ਮੇਰਾ ਮਜ਼੍ਹਬ ਓਹੋ ਸਹਿਜ ਸੁਭਾ ਸੁਹਜ ਹੈ ਜਿਸ ਵਿਚ ਦਿਉਦਾਰ ਜਦ ਖੜਾ ਹਵਾ ਨਾਲ ਲਗ ਲਗ ਬਰਫਾਨੀ ਪਹਾੜਾਂ ਤੇ ਝੂਮ ਰਿਹਾ ਹੈ, ਅਸੀ ਤਾਂ ਉਸ ਸਹਿਜ-ਸੁਭਾ, ਸਾਦਾ, ਬਿਨਾ ਜੋਰ ਲਾਏ ਦੇ ਉਸ ਉੱਪਰ ਆਈ ਅਵਸਥਾ ਉਨਮਾਦ ਨੂੰ ਮਜ਼੍ਹਬ ਕਰਕੇ ਦੇਖ ਰਹੇ ਹਾਂ, ਹਾਏ ! ਮੈਂ ਉਸੀ ਖੁਸ਼ੀ ਵਿੱਚ ਕਿਸ ਤਰਾਂ ਝੂਮਾਂ, ਤੇ ਪਸਾਰੀ ਪਾਸੋਂ ਨੁਸਖੇ ਬਨਵਾਕੇ ਜੇ ਖਾਣੇ ਸ਼ੁਰੂ ਕਰਾਂ, ਕਿ ਇਉਂ ਉਹ ਦਿਉਦਾਰ ਵਾਲਾ ਉਨਮਾਦ ਆਵੇ, ਸੋ ਦੇਖ ਲਵੋ ਕੁਦਰਤ ਦੇ ਅਸਗਾਹ ਤੇ ਅਨੰਤ ਵਿੱਚ ਇਨ੍ਹਾਂ ਨੁਸਖਿਆਂ ਦਾ ਕੀ ਕੰਗਲਾ ਜਿਹਾ ਪਰੀਣਾਮ ਹੈ ?

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਪ੍ਰੋਫੈਸਰ ਪੂਰਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ