Maye Ni Maye : Shiv Kumar Batalvi

ਮਾਏ ਨੀ ਮਾਏ : ਸ਼ਿਵ ਕੁਮਾਰ ਬਟਾਲਵੀ

ਮਾਏ ਨੀ ਮਾਏ
ਮੇਰੇ ਗੀਤਾਂ ਦੇ ਨੈਣਾਂ ਵਿਚ
ਬਿਰਹੋਂ ਦੀ ਰੜਕ ਪਵੇ
ਅੱਧੀ ਅੱਧੀ ਰਾਤੀਂ
ਉੱਠ ਰੋਣ ਮੋਏ ਮਿੱਤਰਾਂ ਨੂੰ
ਮਾਏ ਸਾਨੂੰ ਨੀਂਦ ਨਾ ਪਵੇ ।

ਭੇਂ ਭੇਂ ਸੁਗੰਧੀਆਂ 'ਚ
ਬੰਨ੍ਹਾਂ ਫੇਹੇ ਚਾਨਣੀ ਦੇ
ਤਾਂ ਵੀ ਸਾਡੀ ਪੀੜ ਨਾ ਸਵੇ
ਕੋਸੇ ਕੋਸੇ ਸਾਹਾਂ ਦੀ
ਮੈਂ ਕਰਾਂ ਜੇ ਟਕੋਰ ਮਾਏ
ਸਗੋਂ ਸਾਨੂੰ ਖਾਣ ਨੂੰ ਪਵੇ ।

ਆਪੇ ਨੀ ਮੈਂ ਬਾਲੜੀ
ਮੈਂ ਹਾਲੇ ਆਪ ਮੱਤਾਂ ਜੋਗੀ
ਮੱਤ ਕਿਹੜਾ ਏਸ ਨੂੰ ਦਵੇ
ਆਖ ਸੂ ਨੀ ਮਾਏ ਇਹਨੂੰ
ਰੋਵੇ ਬੁੱਲ੍ਹ ਚਿੱਥ ਕੇ ਨੀ,
ਜੱਗ ਕਿਤੇ ਸੁਣ ਨਾ ਲਵੇ ।

ਆਖ ਸੂ ਨੀ ਖਾ ਲਏ ਟੁੱਕ
ਹਿਜਰਾਂ ਦਾ ਪੱਕਿਆ
ਲੇਖਾਂ ਦੇ ਨੀ ਪੁੱਠੜੇ ਤਵੇ
ਚੱਟ ਲਏ ਤ੍ਰੇਲ ਲੂਣੀ
ਗ਼ਮਾਂ ਦੇ ਗੁਲਾਬ ਤੋਂ ਨੀ
ਕਾਲਜੇ ਨੂੰ ਹੌਸਲਾ ਰਵ੍ਹੇ ।

ਕਿਹੜਿਆਂ ਸਪੇਰਿਆਂ ਤੋਂ
ਮੰਗਾਂ ਕੁੰਜ ਮੇਲ ਦੀ ਮੈਂ
ਮੇਲ ਦੀ ਕੋਈ ਕੁੰਜ ਦਵੇ
ਕਿਹੜਾ ਇਹਨਾਂ ਦੱਮਾਂ ਦਿਆਂ
ਲੋਭੀਆਂ ਦੇ ਦਰਾਂ ਉੱਤੇ
ਵਾਂਗ ਖੜ੍ਹਾ ਜੋਗੀਆਂ ਰਵ੍ਹੇ ।

ਪੀੜੇ ਨੀ ਪੀੜੇ
ਇਹ ਪਿਆਰ ਐਸੀ ਤਿਤਲੀ ਹੈ
ਜਿਹੜੀ ਸਦਾ ਸੂਲ ਤੇ ਬਵ੍ਹੇ
ਪਿਆਰ ਐਸਾ ਭੌਰਾ ਹੈ ਨੀ
ਜਿਦ੍ਹੇ ਕੋਲੋਂ ਵਾਸ਼ਨਾ ਵੀ
ਲੱਖ ਕੋਹਾਂ ਦੂਰ ਹੀ ਰਵ੍ਹੇ ।

ਪਿਆਰ ਉਹ ਮਹੱਲ ਹੈ ਨੀ
ਜਿਦ੍ਹੇ 'ਚ ਪੰਖੇਰੂਆਂ ਦੇ
ਬਾਝ ਕੋਈ ਹੋਰ ਨਾ ਰਵ੍ਹੇ
ਪਿਆਰ ਐਸਾ ਆਂਙਣਾ ਹੈ
ਜਿਦ੍ਹੇ 'ਚ ਨੀ ਵਸਲਾਂ ਦਾ
ਰੱਤੜਾ ਨਾ ਪਲੰਘ ਡਵ੍ਹੇ ।

ਆਖ ਮਾਏ ਅੱਧੀ ਅੱਧੀ ਰਾਤੀਂ
ਮੋਏ ਮਿੱਤਰਾਂ ਦੇ
ਉੱਚੀ-ਉੱਚੀ ਨਾਂ ਨਾ ਲਵੇ
ਮਤੇ ਸਾਡੇ ਮੋਇਆਂ ਪਿੱਛੋਂ
ਜੱਗ ਇਹ ਸ਼ਰੀਕੜਾ ਨੀ
ਗੀਤਾਂ ਨੂੰ ਵੀ ਚੰਦਰਾ ਕਵ੍ਹੇ ।

ਮਾਏ ਨੀ ਮਾਏ
ਮੇਰੇ ਗੀਤਾਂ ਦੇ ਨੈਣਾਂ ਵਿਚ
ਬਿਰਹੋਂ ਦੀ ਰੜਕ ਪਵੇ
ਅੱਧੀ ਅੱਧੀ ਰਾਤੀਂ
ਉੱਠ ਰੋਣ ਮੋਏ ਮਿੱਤਰਾਂ ਨੂੰ
ਮਾਏ ਸਾਨੂੰ ਨੀਂਦ ਨਾ ਪਵੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ