Maskeen Tarangaan : Maan Singh Lamba Maskeen
ਮਸਕੀਨ ਤਰੰਗਾਂ : ਮਾਨ ਸਿੰਘ ਲਾਂਬਾ ‘ਮਸਕੀਨ’
ਅੱਜ ਪਟਨੇ ਵੱਲ ਵੇ ਜਾਵੀਂ ਕਲਗੀ ਵਾਲੜਾ ਆਇਆ
ਅੱਜ ਪਟਨੇ ਵੱਲ ਵੇ ਜਾਵੀਂ ਕਲਗੀ ਵਾਲੜਾ ਆਇਆ ਤੇਗ ਬਹਾਦਰ ਪਿਤਾ ਪਿਆਰੇ, ਮਾਤਾ ਗੁਜਰੀ ਜੀ ਦੇ ਦੁਲਾਰੇ ਅੱਜ ਪਟਨੇ ਵਿੱਚ ਆਇਆ, ਜੀ ਆਇਆ ਕਲਗੀ............ ਅਮ੍ਰਿਤ ਖੰਡੇਧਾਰ ਪਿਲਾ ਕੇ, ਖ਼ਾਲਸਾ ਪੰਥ ਦੇ ਤਾਈਂ ਸਜਾ ਕੇ ਗਿਦੜੋਂ ਸ਼ੇਰ ਬਣਾਇਆ, ਬਣਾਇਆ ਕਲਗੀ...................... ਦੁਖੀਆਂ ਦੀਨਾਂ ਤਾਈਂ ਤਾਰਨ, ਪਾਪੀ ਦੁਸ਼ਟਾਂ ਤਾਈਂ ਮਾਰਨ ਖ਼ਾਲਸਾ ਬੀਰ ਸਜਾਇਆ, ਸਜਾਇਆ ਕਲਗੀ............. ਦੇਸ਼ ਦੀ ਖਾਤਿਰ ਪਿਤਾ ਪਿਆਰੇ, ਮਾਤਾ, ਪੁੱਤਰ ਚਾਰੇ ਵਾਰੇ, ਆਪਣਾ ਆਪ ਕੁਹਾਇਆ, ਕੁਹਾਇਆ ਕਲਗੀ................. ਖਾਲਸਾ ਪੰਥ ਦਾ ਮਾਲੀ ਪਿਆਰਾ, ਭਾਰਤ ਮਾਤਾ ਜੀ ਦਾ ਦੁਲਾਰਾ, ਕਲਗੀ ਵਾਲੜਾ ਆਇਆ ਜੀ, ਆਇਆ ਕਲਗੀ................. ਦੇਣ ਵਧਾਈ ''ਮਸਕੀਨ'' ਪਿਆਰੇ, ਵਾਜਾਂ ਵਾਲੇ ਦੇ ਪੰਜ ਪਿਆਰੇ। ਦਿਨ ਵਡਭਾਗੀ ਆਇਆ ਸੀ, ਆਇਆ ਕਲਗੀ ਵਾਲੜਾ ਆਇਆ।
ਹੋਲਾ ਮਹਲਾ
ਸੰਮਤ ਸਤਾਰਾਂ ਸੌ ਸਤਵੰਜਾ ਦੀ ਹੋਲੀ ਆਈ ਲਾਲ ਤੇ ਗੁਲਾਲ ਰੰਗ ਦੁਨੀਆ ਉਡਾਇਆ ਏ। ਪੀਆ ਦੇ ਪਿਆਰ ਸੰਗ, ਸਖੀਆਂ ਨੇ ਭਰ ਭਰ ਕੇਵੜਾ ਗੁਲਾਬ ਤੇ ਗੁਲਾਲ ਛਿੜਕਾਇਆ ਏ। ਥਾਈਂ ਥਾਈਂ ਢੋਲ ਵਜੇ, ਜਗ੍ਹਾ ਜਗ੍ਹਾ ਨਾਚ ਹੋਏ ਸਿਰ ਪੈਰਾਂ ਤਕ ਕਈ ਰੰਗਾਂ 'ਚ ਰੰਗਾਇਆ ਏ ਕਈਆਂ ਨੇ ਮਲ ਕੇ ਸਿਹਾਈ ਕਾਲੇ ਮੂੰਹ ਕੀਤੇ ਚੰਗੇ ਭਲੇ ਆਦਮੀ ਤੋਂ ਬਾਂਦਰ ਬਣਾਇਆ ਏ। ਦੁਨੀਆ ਇਹ ਹੋਲੀ ਖੇਡੀ, ਖਾਲਸੇ ਨੇ ਹੋਲਾ ਖੇਡ ਸਾਰੇ ਸੰਸਾਰ ਤਾਈਂ ਸਬਕ ਸਿਖਾਇਆ ਏ। ਗੋਲੀਆਂ ਦੀ ਮਾਰ ਵਿੱਚ, ਤੋਪਾਂ ਦੀ ਚਿੰਘਾੜ ਵਿੱਚ ਦੋ ਦੋ ਹਿੱਸੇ ਹੋ ਕੇ ਖ਼ੂਬ ਖੰਡਾ ਖੜਕਾਇਆ ਏ। ਕਾਇਰਤਾ ਨੂੰ ਛੱਡ ਕਰ, ਗੱਜਣਾ ਮੈਦਾਨ ਵਿੱਚ ਭੱਜਣਾ ਨਾ ਜੰਗ ਵਿੱਚੋਂ, ਕਰਕੇ ਵਿਖਾਇਆ ਏ। ਮਰ ਜਾਣਾ ਚੰਗਾ 'ਮਸਕੀਨ' ਦੇਸ਼-ਕੌਮ ਲਈ ਗੁਰੂ ਜੀ ਗੋਬਿੰਦ ਸਿੰਘ ਹੋਲਾ ਇਉਂ ਮਨਾਇਆ ਏ।
ਧਾਰ ਅਵਤਾਰ ਸਾਰੇ ਜਗ ਤਾਈਂ ਤਾਰਿਆ
ਜ਼ਾਲਮਾਂ ਦੇ ਹੱਥੋਂ ਜਦੋਂ ਭਾਰਤ ਸੀ ਦੁਖੀ ਹੋਇਆ, ਸਾਰੇ ਹਿੰਦ ਵਿੱਚ ਪਾਪ ਜਾਲ ਸੀ ਪਸਾਰਿਆ। ਦੁਖੀਆਂ ਅਨਾਥਾਂ ਤਾਈਂ ਤਾਰਨੇ ਨੂੰ ਜਗ ਵਿੱਚ, ਉਦੋਂ ਅਵਤਾਰ ਗੁਰੂ ਨਾਨਕ ਸੀ ਧਾਰਿਆ। ਤੋੜ ਦਿੱਤਾ ਮਾਣ ਆਣ ਵਲੀ ਤੇ ਕੰਧਾਰੀ ਸੰਦਾ, ਪਰਬਤ ਹੰਕਾਰ ਸੰਦਾ ਪੰਜਾ ਦੇ ਖਿਲਾਰਿਆ। ਸਜਨ ਜੇਹੇ ਠਗ ਜੇਹੜੇ ਲੁਟਦੇ ਸੀ ਜਗ ਤਾਈਂ , ਦੇ ਕੇ ਉਪਦੇਸ਼ ਛੱਟਾ ਨਾਮ ਦਾ ਸੀ ਮਾਰਿਆ। ਹਾਜ਼ੀਆਂ, ਨਮਾਜ਼ੀਆਂ ਦਾ ਤੋੜ ਕੇ ਘੁਮੰਢ ਸਾਰਾ, ਫੇਰ ਦਿੱਤਾ ਮੱਕਾ ਸਤਿਨਾਮ ਜਾ ਉਚਾਰਿਆ। ਪਾਪਾਂ ਦੇ ਤੂਫ਼ਾਨ ਵਿੱਚ ਰੁੜ੍ਹੀ ਜਾਂਦੀ ਹਿੰਦ ਤਾਈਂ , ਨਾਮ ਦਾ ਚਲਾ ਕੇ ਚੱਪੂ ਕੰਢੇ 'ਤੇ ਉਤਾਰਿਆ। ਧੰਨ ਗੁਰੂ ਨਾਨਕ ਪਿਆਰਿਆ ਕਮਾਈ ਤੇਰੀ, ਧੰਨ ਧੰਨ ਸਾਰੇ ਸੰਸਾਰ ਨੇ ਪੁਕਾਰਿਆ। ਅੱਜ ਦੇ ਦਿਹਾੜੇ 'ਮਸਕੀਨ' ਤਲਵੰਡੀ ਵਿੱਚ, ਧਾਰ ਅਵਤਾਰ ਸਾਰੇ ਜਗ ਤਾਈਂ ਤਾਰਿਆ।
ਮੁਸਲਮਾਨ ਹਿੰਦੂ ਸਿੱਖ ਸਾਰਿਆਂ ਦਾ ਗੁਰੂ ਬਣ ਆਇਆ ਬੇਨਜ਼ੀਰ ਨਾਨਕ
ਕੱਤਕ ਪੁੰਨਿਆ ਦੀ ਆਈ ਰਾਤ ਸੋਹਣੀ, ਚਾਨਣ ਸਾਰੇ ਹੀ ਧਰਤ ਅਸਮਾਨ ਹੋਇਆ, ਠੰਡੀ ਪੌਣ ਦੇ ਝੋਕਿਆਂ ਨਾਲ ਮੇਰੀ, ਖੁੱਲ੍ਹੀ ਅੱਖ ਮੈਂ ਦੇਖ ਹੈਰਾਨ ਹੋਇਆ, ਵਰਖਾ ਫੁੱਲਾਂ ਦੀ ਹੋ ਰਹੀ ਅਰਸ਼ ਵਿੱਚੋਂ, ਨਾਦ ਵੱਜਿਆ ਇਹ ਐਲਾਨ ਹੋਇਆ, ਭਾਰਤ ਵਰਸ਼ ਤੇ ਦੁਖੀਆਂ ਦੇ ਤਾਰਨੇ ਨੂੰ , ਰੱਬ ਆਪ ਅਵਤਾਰ ਹੈ ਆਣ ਹੋਇਆ। ਸੋਹਣਾ ਦਰਸ 'ਮਸਕੀਨ' ਦਾ ਚਲੋ ਕਰੀਏ, ਪਿਆਰਾ ਅੱਲ੍ਹਾ ਦਾ ਆਇਆ ਸਫ਼ੀਰ ਨਾਨਕ, ਮੁਸਲਮਾਨ ਹਿੰਦੂ ਸਿੱਖਾਂ ਸਾਰਿਆਂ ਦਾ, ਗੁਰੂ ਬਣ ਆਇਆ ਬੇਨਜ਼ੀਰ ਨਾਨਕ। ਪਕੜ ਦੁਖੀ ਮਜ਼ਲੂਮ ਬੇਦੋਸ਼ ਹਿੰਦੂ, ਬਾਬਰ ਜਬਰ ਦਾ ਆਣ ਐਲਾਨ ਕੀਤਾ ਬੁੱਢੇ ਤੀਵੀਆਂ ਮਰਦ ਸਬ ਜੇਲ੍ਹ ਪਾ ਕੇ, ਲੁੱਟ ਘਰਾਂ ਨੂੰ ਆਣ ਵੈਰਾਨ ਕੀਤਾ। ਹਾਹਾਕਾਰ ਸੁਣ ਦੁੱਖੀਆਂ ਦੀ ਗੁਰੂ ਨਾਨਕ, ਆਪ ਜੇਲ੍ਹ ਅੰਦਰ ਡੇਰਾ ਆਣ ਕੀਤਾ। ਕਿਹਾ ਸਤਿ ਕਰਤਾਰ ਤਾਂ ਚਲੀ ਚੱਕੀ, ਡਾਹਢਾ ਬਾਬਰ ਦੇ ਤਾਈਂ ਹੈਰਾਨ ਕੀਤਾ। ਢੱਠਾ ਪੈਰਾਂ ਤੇ ਆਖਿਆ ਪਤਾ ਨਹੀਂ ਸੀ, ਧੁਰੋਂ ਅੱਲ੍ਹਾ ਦਾ ਆਇਆ ਸਫ਼ੀਰ ਨਾਨਕ। ਮੁਸਲਮਾਨ ਹਿੰਦੂ ਸਿੱਖਾਂ ਸਾਰਿਆਂ ਦਾ, ਗੁਰੂ ਬਣ ਆਇਆ ਬੇਨਜ਼ੀਰ ਨਾਨਕ। ਮੱਕਾ, ਕਾਹਬਾ, ਬਗ਼ਦਾਦ ਨੂੰ ਤਾਰ ਬਾਬੇ, ਕੀਤਾ ਮਿਸਰ ਦਾ ਸ਼ਾਹ ਅਸੀਰ ਨਾਨਕ। ਗੰਡਢ ਖੋਲ੍ਹ ਗਰੀਬਾਂ ਨੂੰ ਵੰਡ ਦਿੱਤੇ, ਜਦੋਂ ਸੱਚ ਦੀ ਕੀਤੀ ਤਕਰੀਰ ਨਾਨਕ। ਵੱਲੀ ਰੋਹੜਿਆ ਗੁੱਸੇ ਵਿੱਚ ਜਦੋਂ ਪਰਬਤ, ਪੰਜਾ ਅੱਗੇ ਕਰ ਦਿੱਤਾ ਬਲਬੀਰ ਨਾਨਕ। ਪਰਬਤ ਮੋਮ ਹੋਇਆ ਪੰਜੇ ਨਾਲ ਲੱਗ ਕੇ, ਬਣੀ ਪੰਜੇ ਦੀ ਪਿਆਰੀ ਤਸਵੀਰ ਨਾਨਕ। ਢੱਠਾ ਪੈਰਾਂ ਤੇ ਆਖਿਆ ਪਤਾ ਨਹੀਂ ਸੀ, ਧੁਰੋਂ ਅੱਲ੍ਹਾ ਦਾ ਆਇਆ ਸਫੀਰ ਨਾਨਕ। ਮੁਸਲਮਾਨ, ਹਿੰਦੂ, ਸਿੱਖਾਂ ਸਾਰਿਆਂ ਦਾ, ਗੁਰੂ ਬਣ ਆਇਆ ਬੇਨਜ਼ੀਰ ਨਾਨਕ। ਕੱਤਕ ਪੁੰਨਿਆ ਦੀ ਆਈ ਰਾਤ ਸੋਹਣੀ, ਚਾਨਣ ਸਾਰੇ ਹੀ ਜ਼ਿਮੀਂ ਆਸਮਾਨ ਹੋਇਆ। ਠੰਡੀ ਪੌਣ ਦੇ ਝੋਕਿਆਂ ਨਾਲ ਮੇਰੀ, ਖੁੱਲ੍ਹੀ ਅੱਖ ਮੈਂ ਵੇਖ ਹੈਰਾਨ ਹੋਇਆ। ਵਰਖਾ ਫ਼ੁੱਲਾਂ ਦੀ ਹੋ ਰਹੀ ਅਰਸ਼ ਵਿੱਚੋਂ ਨਾਦ ਵਜਿਆ ਇਹ ਐਲਾਨ ਹੋਇਆ। ਭਾਰਤ ਵਰਸ਼ ਤੇ ਦੁਖੀਆਂ ਦੇ ਤਾਰਨੇ ਨੂੰ , ਰੱਬ ਆਪ ਅਵਤਾਰ ਹੈ ਆਨ ਹੋਇਆ। ਸੋਹਣਾ ਦਰਸ 'ਮਸਕੀਨ' ਦਾ ਚਲੋ ਕਰੀਏ, ਪਿਆਰਾ ਅੱਲ੍ਹਾ ਦਾ ਆਇਆ ਸਫੀਰ ਨਾਨਕ। ਮੁਸਲਮਾਨ ਹਿੰਦੂ ਸਿੱਖਾਂ ਸਾਰਿਆਂ ਦਾ ਗੁਰੂ ਬਣ ਆਇਆ ਬੇਨਜ਼ੀਰ ਨਾਨਕ।
ਜਿੰਦੜੀ ਨਾਨਕ ਹੀ ਨਾਨਕ ਪੁਕਾਰਦੀ ਪਈ
ਸੁਣਿਆ ਭੂਮੀਏ ਮੇਰੀ ਇਕ ਕਾਰ ਬਦਲੇ, ਖਲਕਤ ਹੋਰ ਹੈ ਦੁਖੜੇ ਸਹਾਰਦੀ ਪਈ। ਬੇਗੁਨਾਹ ਗਰੀਬ ਬੇਦੋਸ਼ਿਆਂ ਦੀ, ਜਿੰਦੜੀ ਜੇਲ੍ਹ ਅੰਦਰ ਹੈ ਦੁਖੜੇ ਜਾਰਦੀ ਪਈ। ਕਿਹਾ ਆਣ ਕੇ ਰਾਜਿਆ! ਚੋਰ ਤੇਰਾ, ਮੈਂ ਹਾਂ ਭੂਮੀਆ ਦੁਨੀਆ ਪੁਕਾਰਦੀ ਪਈ। ਗੁਰੂ ਨਾਨਕ ਦੀ ਸੱਚ ਦੀ ਪਟੀ ਨੂੰ ਭੁਲਾਂਗਾ ਨਹੀਂ, ਜਿਹੜੀ ਜਿਗਰ ਅੰਦਰ ਠਾਠਾਂ ਮਾਰਦੀ ਪਈ। ਸੁਣਕੇ ਰਾਜੇ ਨੂੰ ਪ੍ਰੇਮ ਦੀ ਚੜੀ ਰੰਗਣ, ਨਜ਼ਰ ਦੀਦ ਲਈ ਘੜੀਆਂ ਗੁਜ਼ਾਰਦੀ ਪਈ। ਕਹਿੰਦਾ ਭੂਮੀਏ ਦੇ ਆ ਜਾ ਗੁਰੂ ਨਾਨਕ, ਜਿੰਦੜੀ ਨਾਨਕ ਹੀ ਨਾਨਕ ਪੁਕਾਰਦੀ ਪਈ। ਪੰਡਿਤ, ਮੌਲਵੀ, ਮੁੱਲਾਂ ਹਕੀਮ ਕਹਿੰਦੇ, ਸਾਨੀ ਨਾਨਕ ਦਾ ਨਹੀਂ ਜਹਾਨ ਅੰਦਰ। ਰਾਜੇ ਖ਼ਾਨ ਸੁਲਤਾਨ ਅਮੀਰ ਹੋ ਗਏ, ਐਸੀ ਕਸ਼ਿਸ਼ ਹੈ ਪਿਆਰੀ ਜ਼ੁਬਾਨ ਅੰਦਰ। ਸੱਜਣ ਆਖਦਾ ਲੁਟਿਆ ਗਿਆ ਯਾਰੋ, ਜਿਹੜਾ ਫਿਰਦਾ ਸਾਂ ਠੱਗੀ ਦੇ ਮਾਣ ਅੰਦਰ। ਦਿਲ ਤੇ ਉਕਰਿਆ ਨਾਨਕ ਦਾ ਨਾਮ ਪਿਆਰਾ, ਐਸਾ ਪ੍ਰੇਮ ਦਾ ਵਜਿਆ ਬਾਣ ਅੰਦਰ। ਰਾਏ ਬੁਲਾਰ ਹੈ ਤੜਫਦਾ ਦੀਦ ਬਾਝੋਂ, ਤੇਰੀ ਯਾਦ ਡਾਹਢੀ ਚੀਸਾਂ ਮਾਰਦੀ ਪਈ। ਤੇਰੇ ਹਿਜਰ ਅੰਦਰ, ਤੇਰੇ ਪ੍ਰੇਮ ਅੰਦਰ, ਜਿੰਦੜੀ ਨਾਨਕ ਹੀ ਨਾਨਕ ਪੁਕਾਰਦੀ ਪਈ। ਵਲੀ ਆਖਦਾ ਸੋਹਣੇ ਮਹਿਬੂਬ ਮੇਰੇ, ਮੈਨੂੰ ਅੱਲ੍ਹਾ ਦਾ ਪੱਲਾ ਫੜਾਈਂ ਨਾਨਕ। ਡਾਹਢਾ ਤੜਫ ਉਠਿਆ ਹਾਂ ਤੇਰੇ ਪ੍ਰੇਮ ਅੰਦਰ, ਸੱਚੇ ਪ੍ਰੇਮ ਦਾ ਰਸਤਾ ਵਖਾਈਂ ਨਾਨਕ। ਲੋਧੀ ਖਾਨ ਕਹਿੰਦਾ ਮੇਰੇ ਪੀਰ ਰਹਿਬਰ, ਸਚੀ ਰੱਬੀ ਨਮਾਜ਼ ਪੜ੍ਹਾਈਂ ਨਾਨਕ। ਮੋਦੀ ਖਾਨੇ ਦੀ ਹੱਟ ਤੇ ਬੈਠ ਸੋਹਣੀ, ਧੁਨੀ ਤੇਰਾਂ ਹੀ ਤੇਰਾਂ ਅਲਾਈਂ ਨਾਨਕ। ਜਿਥੇ ਚਰਨ ਸੋਹਣੇ ਤੇਰੇ ਪਏ ਜਾ ਕੇ, ਖਲਕਤ ਨਾਮ ਹੈ ਤੇਰਾ ਉਚਾਰਦੀ ਪਈ। ਕਰਦੇ ਕਾਰ ਵਿਹਾਰ 'ਮਸਕੀਨ' ਐਪਰ, ਜਿੰਦੜੀ ਨਾਨਕ ਹੀ ਨਾਨਕ ਪੁਕਾਰਦੀ ਪਈ।
ਭਾਰਤ ਤੇ ਜਾਲਮਾ ਨੇ ਪਾਇਆ ਸੀ ਅੰਧੇਰ
ਭਾਰਤ ਤੇ ਜਾਲਮਾਂ ਨੇ ਪਾਇਆ ਸੀ ਅੰਧੇਰ ਜਦੋਂ ਹਿੰਦੂਆਂ ਦਾ ਟੋਟੇ ਟੋਟੇ ਹੋ ਕੇ ਮਰ ਜਾਵਨਾ ਬਨ ਬਨ ਮਾਰਦੇ ਸੀ ਸਾੜਦੇ ਬੇਦੋਸ਼ੀਆਂ ਨੂੰ , ਲੁੱਟ ਪੁੱਟ ਘਰੀਂ ਘਰੀਂ ਅੱਗਾਂ ਦਾ ਲਗਾਵਨਾ। ਮੰਦਰ ਗਿਰਾਏ ਸਾਰੇ ਬਨੀਆਂ ਮਸੀਤਾਂ ਸਬ, ਰਾਮ ਨਾਮ ਛੋਡ ਕਰ ਅੱਲ੍ਹਾ ਦਾ ਅਲਾਵਨਾ ਜੂਝੇ ਇਦਾਂ ਬੋਦੀ ਤੋੜ ਹੋਂਵਦੇ ਮੁਸਲਮਾਨ ਕਲਮਾ ਨਬੀ ਦਾ ਪੜ੍ਹ ਜਿੰਦ ਨੂੰ ਬਚਾਵਨਾ ਫਿਰਦੇ ਸੀ ਥਾਈਂ ਥਾਈਂ ਡਾਕੂਆਂ ਦੇ ਝੁੰਡ ਵਾਂਗ ਕੰਨਿਆਂ ਕੁਵਾਰੀਆਂ ਨੂੰ ਚੁਕ ਕੇ ਲੈ ਜਾਵਨਾ। ਚੀਖ ਤੇ ਪੁਕਾਰ ਸੁਨ ਦੁਖੀਆਂ ਦਾ ਦੁੱਖ ਹੁੰਦਾ ਮਾਪਿਆਂ ਦਾ ਜ਼ਾਰ ਜ਼ਾਰ ਰੋਕੇ ਵੈਣ ਪਾਵਨਾ। ਝਲ ਝਲ ਦੁੱਖ ਤੇ ਮੁਸੀਬਤਾਂ ਇਹ ਆਖਦੇ ਸੀ, ਜਾਲਮਾਂ ਦੇ ਹੱਥੋਂ ਕੋਈ ਆਣ ਕੇ ਬਚਾਵਨਾ। ਕਰਦੇ ਪੁਕਾਰ 'ਮਸਕੀਨ' ਸਾਰੇ ਰੱਬ ਅੱਗੇ ਰੁੜ੍ਹੀ ਜਾਂਦੀ ਜਿੰਦ ਤਾਈਂ ਆਣ ਕੇ ਬਚਾਵਨਾ।
ਭੁੱਲਿਆ ਨਾਨਕ ਦਾ ਮਿਸ਼ਨ ਫੈਲਾਓ ਮੁੜ ਕੇ
ਜੀਵਨ ਜੋਤ ਜਹਾਨ ਦੀ ਲੋਪ ਹੋ ਗਈ, ਵਧਿਆ ਵੈਰ ਦਾ ਡਾਹਡਾ ਖਿਚਾਓ ਮੁੜਕੇ ਕਈ ਦੇਸ਼ ਅਜ਼ਾਦ ਗੁਲਾਮ ਹੋ ਗਏ, ਡੁੱਬਣ ਲੱਗੀ ਹੈ ਕਈਆਂ ਦੀ ਨਾਓ ਮੁੜ ਕੇ, ਖੈਹ ਖੈਹ ਲੜਨ ਵਧੀਕੀਆਂ ਕਰਨ ਡਾਹਡੇ, ਮਾਰਨ ਮਰਨ ਦਾ ਕਰਦੇ ਉਪਾਓ ਮੁੜ ਕੇ, ਐਟਮ ਬੰਬਾਂ ਤੇ ਤੋਪਾਂ ਦੇ ਮਾਣ ਅੰਦਰ, ਦਿੰਦੇ ਤਾਕਤਾਂ ਦਾ ਕੋਝਾ ਤਾਓ ਮੁੜ ਕੇ, ਭੁਲਿਓ ਲੀਡਰੋ ਦੁਨੀਆ ਦੇ ਸਾਇੰਸਦਾਨੋ , ਇੱਕੋ ਹੱਲ ਲੈ ਦੁਨੀਆ ਬਚਾਓ ਮੁੜ ਕੇ, ਸ਼ਾਂਤੀ ਪਿਆਰ ਦਾ ਦਿੱਤਾ ਸੀ ਸਬਕ ਨਾਨਕ, ਭੁੱਲਿਆ ਨਾਨਕ ਦਾ ਮਿਸ਼ਨ ਫੈਲਾਓ ਮੁੜ ਕੇ, ਝਾਤੀ ਮਾਰ ਕੇ ਦੇਖੋ ਇਤਿਹਾਸ ਅੰਦਰ, ਕਿਵੇਂ ਦੁਨੀਆਂ ਤੇ ਠੰਡ ਵਰਤਾਈ ਨਾਨਕ, ਮਧੁਰ ਪ੍ਰੇਮ ਦੀ ਨਾਦ ਦੇ ਇਸ਼ਕ ਅੰਦਰ, ਆਸ਼ਕ ਰੱਬ ਦੀ ਦੁਨੀਆ ਬਣਾਈ ਨਾਨਕ, ਬਾਬਰ ਜਬਰ ਸਭ ਛੱਡ ਕੇ ਅਸੀਰ ਹੋਇਆ, ਐਸੀ ਨਾਦ ਸੀ ਰੱਬੀ ਵਜਾਈ ਨਾਨਕ। ਚਰਨੀਂ ਆਣ ਕੇ ਡਿੱਗਾ ਪਿਆਰ ਅੰਦਰ, ਐਸੀ ਨਾਮ ਦੀ ਪੱਟੀ ਪੜ੍ਹਾਈ ਨਾਨਕ। ਨਾਨਕ ਪਿਆਰ ਵਿੱਚ ਦੌਲਤ ਲੁਟਾਈ ਕੈਰੋ, ਰੱਬੀ ਪਿਆਰ ਦਾ ਚੜ ਗਿਆ ਚਾਉ ਮੁੜ ਕੇ, ਸੱਜਣ ਠੱਗ ਦੇ ਵਾਂਗੂੰ ਪੁਕਾਰ ਕੈਂਹਦਾ, ਭੁੱਲਿਆ ਨਾਨਕ ਦਾ ਮਿਸ਼ਨ ਫੈਲਾਓ ਮੁੜ ਕੇ, ਕਾਹਨੂੰ ਤਾਕਤ ਤਕੱਬਰ ਦੇ ਮਾਣ ਅੰਦਰ, ਅੱਗ ਦੁਨੀਆ ਦੇ ਪੱਲੂ ਨੂੰ ਲਾਈ ਐਸੀ, ਸ਼ਾਂਤੀ ਪ੍ਰੇਮ ਦੇ ਸੋਹਣੇ ਅਸੂਲ ਛੱਡ ਕੇ, ਕਬੁਧੀ ਹਿਰਸ ਦੇ ਫੇਰ ਵਿੱਚ ਲਾਈ ਐਸੀ। ਜੇ ਜੀਵਣਾ ਜੇ ਦੁਨੀਆਦਾਰ ਬਣ ਕੇ, ਉਠੋ ਦੁਨੀਆ ਦੀ ਕਰੋ ਭਲਾਈ ਐਸੀ, ਨਾਨਕ ਪ੍ਰੇਮ ਦਾ ਦੇਵੋ ਸੰਦੇਸ਼, ਜਿਸ ਨੇ ਪ੍ਰੇਮ ਦੀ ਬੀਨਾ ਵਜਾਈ ਐਸੀ। ਭੁੱਲ ਜਾਓ ਹੈਂਕੜ 'ਮਸਕੀਨ' ਦੇ ਪਿਆਰ ਅੰਦਰ, ਸ਼ਾਂਤੀ ਪ੍ਰੇਮ ਦਾ ਝੰਡਾ ਝੁਲਾਓ ਮੁੜ ਕੇ, ਜੇਕਰ ਅਮਨ ਜਹਾਨ ਦਾ ਦੇਖਣਾ ਜੇ, ਭੁੱਲਿਆ ਨਾਨਕ ਦਾ ਮਿਸ਼ਨ ਫੈਲਾਓ ਮੁੜ ਕੇ।
ਨਾਨਕ ਪਿਆਰੇ ਦੇ ਜਨਮ ਦੀ ਵਧਾਈ ਏ
ਪੂਰੀ ਗੋਲਿਆਈ ਵਿੱਚ ਕੱਤਕ ਦੀ ਪੁੰਨਿਆ ਨੂੰ , ਚੰਨ ਸੋਹਣੇ ਚਾਂਦਨੀ ਦੀ ਚਾਦਰ ਵਿਛਾਈਏ, ਠੰਡੀ ਠੰਡੀ ਪੌਣ ਦੇ ਹੁਲਾਰਿਆਂ ਦੇ ਵੈਹਣ ਵਿੱਚ, ਕਿਸੇ ਪਰਮਾਤਮਾ ਦੇ ਨਾਲ ਲਿਵ ਲਾਈਏ, ਕੋਈ ਜਪੀ ਤਪੀ ਜੋਗੀ ਬੈਠਾ ਹੈ ਸਮਾਧੀ ਮਾਰ, ਇੱਕ ਤੂੰ ਹੀ ਪ੍ਰੇਮ ਵਿੱਚ ਰੱਟ ਇਹ ਅਲਾਈ ਏ, ਇਸੇ ਹੀ ਸੁਹਾਣੇ ਸਮੇਂ ਪਿਤਾ ਕਲਿਆਨ ਘਰ, ਵਿੱਚ ਤਲਵੰਡੀ ਆਇਆ ਨੂਰ ਇਲਾਹੀ ਏ, ਭਿੰਨੀ ਭਿੰਨੀ ਬੀਨ ਦੀ ਅਵਾਜ਼ ਸੰਗ ਦੇਵਤਿਆਂ, ਸਾਰਿਆਂ ਨੇ ਮਿਲਕਰ ਆਰਤੀ ਅਲਾਈ ਏ, ਧੁੰਧ ੂਕਾਰ ਹੋਇਆ ਫਿਰ ਸਾਰੇ ਅਸਮਾਨ ਵਿੱਚ, ਫੁੱਲਾਂ ਦੀ ਅਕਾਸ਼ ਉੱਤੋਂ ਵਰਖਾ ਵਸਾਈ ਏ, ਦੀਨਾਂ ਦਾ ਸਹਾਰਾ ਬਾਬਾ ਵੱਲੀਆਂ ਦਾ ਵੱਲੀ ਪਿਆਰਾ, ਰੁੜ੍ਹੀ ਜਾਂਦੀ ਹਿੰਦ ਆਣ ਕੰਢੇ ਤੇ ਲਗਾਈ ਏ, ਆਇਆ 'ਮਸਕੀਨ' ਉਹ ਪਿਆਰਾ ਅੱਜ ਜੱਗ ਵਿੱਚ, ਨਾਨਕ ਪਿਆਰੇ ਦੇ ਜਨਮ ਦੀ ਵਧਾਈ ਏ।
ਭਾਰਤ ਮਾਤਾ ਦੀ ਪੁਕਾਰ
(ਮੇਰੇ ਮੌਲਾ ਬੁਲਾ ਲੌ ਮਦੀਨੇ ਮੁਝੇ) ''ਇਕ ਅਰਜ਼ ਕਰੇ ਦੁਖਿਆਰੀ ਗੁਰੂ'' ਪਾਇਆ ਹੈ ਜ਼ਾਲਮਾਂ ਨੇ ਜ਼ੁਲਮ ਡਾਹਡਾ ਜ਼ੋਰ ਦਾ, ਪਾਪ ਅੰਧੇਰੀ ਵਾਲੜਾ ਹੈ, ਮੀਂਹ ਵਸਾਇਆ ਜ਼ੋਰ ਦਾ। ਹੋਈ ਪਾਪਾਂ ਤੋਂ ਮੈਂ ਦੁਖਿਆਰੀ ਗੁਰੂ-ਇੱਕ ਅਰਜ਼..... ਜ਼ਬਰਦਸਤੀ ਪਕੜ ਪਾਪੀ ਕਰਨ ਹਿੰਦੂ, ਮੁਸਲਮਾਨ, ਬਹੁਤ ਹੀ ਮੰਦਰ ਗਿਰਾਏ ਮਸਜਦਾਂ ਪਏ ਬਨਾਣ, ਕਢੇ ਮੰਦਰਾਂ 'ਚੋਂ ਹਿੰਦੂ ਪੁਜਾਰੀ ਗੁਰੂ-ਇੱਕ... ਮੇਰੀ ਸੁਣ 'ਮਸਕੀਨ' ਦੀ ਇੱਕ ਬੇਨਤੀ ਪ੍ਰਮਾਤਮਾ, ਜ਼ਾਲਮਾਂ ਤੇ ਪਾਪੀਆਂ ਦਾ ਆ ਕੇ ਕਰਦੇ ਖ਼ਾਤਮਾ, ਕਰਦੀ ਅਰਜ਼ਾਂ ਦੁੱਖਾਂ ਦੀ ਮੈਂ ਮਾਰੀ ਗੁਰੂ-ਇੱਕ...
ਜੰਗਲ ਉਜਾੜ ਵਿੱਚ ਸੰਝ ਵੇਲੇ
ਜੰਗਲ ਉਜਾੜ ਵਿੱਚ ਸੰਞ ਵੇਲੇ ਵਾਲ ਖੁੱਲੇ, ਗਲ ਵਿੱਚ ਕਫ਼ਨੀ ਹੈ ਪਾਈ ਕੋਈ ਨਾਰ ਖੜ੍ਹੀ। ਰੁੱਖ ਨਾਲ ਢਾਸਣਾ ਆਕਾਸ ਵੱਲ ਨੈਣ ਕੀਤੇ, ਗੋਰੇ ਗੋਰੇ ਹੱਥਾਂ ਵਿੱਚ ਫ਼ੜੀ ਹੈ ਸਿਤਾਰ ਖੜ੍ਹੀ। ਬ੍ਰਿਹੋ ਭਰੇ ਸ਼ਬਦਾਂ ਵਿੱਚ ਛਿੜਿਆ ਹੈ ਰਾਗ ਐਸਾ, ਟੁੱਟੇ ਹੋਏ ਦਿਲ ਨਾਲ ਗਾਂਵਦੀ ਮੱਲ੍ਹਾਰ ਖੜ੍ਹੀ। ਤ੍ਰਿਪ ਤ੍ਰਿਪ ਨੈਣਾਂ ਵਿੱਚੋਂ ਹੰਝੂਆਂ ਦੀ ਝੜੀ ਲੱਗੀ। ਪ੍ਰੀਤਮ ਪਿਆਰੇ ਅੱਗੇ ਕਰਦੀ ਪੁਕਾਰ ਖੜ੍ਹੀ। ਛਾਇਆ ਹੈ ਅੰਧੇਰ, ਘੁਪ ਘੇਰ ਸਾਰੇ ਹਿੰਦ ਵਿੱਚ, ਪਾਪੀਆਂ ਦੇ ਹੱਥ ਵਿੱਚ ਪਾਪ ਦੀ ਕਟਾਰ ਫੜੀ। ਲੁੱਟਦੇ ਨੇ , ਪੁੱਟਦੇ ਨੇ , ਕੁੱਟਦੇ ਬੇਦੋਸ਼ਿਆਂ ਨੂੰ , ਥਾਈਂ ਥਾਈਂ ਜ਼ਾਲਮਾਂ ਦੀ ਫੌਜ ਹੈ ਅਪਾਰ ਖੜ੍ਹੀ। ਝਲਿਆ ਨਾ, ਠੱਲ੍ਹਿਆ ਇਹ ਜਾਏ ਦੁਖ ਦੇਖ ਕਰ ਚੀਖ ਤੇ ਪੁਕਾਰ ਹਾਏ ਸੀਨੇ ਤਾਈਂ ਸਾੜ ਖੜ੍ਹੀ। ਆਈ ਤੂੰ ਬਚਾਈਂ 'ਮਸਕੀਨ' ਸਾਈਂ ਮਾਲਕਾ ਵੇ, ਭਾਰਤ ਵਿੱਚਾਰੀ ਮਾਰੀ ਦੁੱਖਾਂ ਦੀ ਪੁਕਾਰ ਖੜ੍ਹੀ।
ਰੁੜ੍ਹ੍ਹੀ ਜਾਂਦੀ ਹਿੰਦ ਤਾਈਂ ਆਣਕੇ ਬਚਾਵਨਾ
ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲੇ ਭਾਰਤ ਦੀ ਪੁਕਾਰ ਭਾਰਤ ਤੇ ਜ਼ੁਲਮਾਂ ਨੇ ਪਾਇਆ ਸੀ ਅੰਧੇਰ ਜਦੋਂ, ਹਿੰਦੂਆਂ ਦਾ ਟੋਟੇ ਟੋਟੇ ਹੋ ਕੇ ਮਰ ਜਾਵਣਾ। ਬੰਨ੍ਹ ਬੰਨ੍ਹ ਮਾਰਦੇ ਸੀ, ਸਾੜਦੇ ਬੇਦੋਸ਼ੀਆਂ ਨੂੰ , ਲੁੱਟ-ਪੁੱਟ ਘਰੀਂ ਘਰੀਂ ਅੱਗ ਦਾ ਲਗਾਵਣਾ। ਮੰਦਰ ਗਿਰਾਏ ਸਾਰੇ ਬਣੀਆਂ ਮਸੀਤਾਂ ਸਬ, ਰਾਮ ਨਾਮ ਛੋੜ ਕਰ, ਅੱਲ੍ਹਾ ਦਾ ਅਲਾਵਣਾ। ਜੰਜੂ, ਬੋਦੀ ਤੋੜ ਕਰ, ਹੋਂਵਦੇ ਮੁਸਲਮਾਨ, ਕਲਮਾਂ, ਨਬੀ ਦਾ ਪੜ੍ਹ ਜਿੰਦ ਨੂੰ ਬਚਾਵਣਾ। ਫਿਰਦੇ ਸੀ ਥਾਈਂ ਥਾਈਂ ਡਾਕੂਆਂ ਦੇ ਝੁੰਡ ਵਾਂਗ, ਕਨਿਆ ਕਵਾਰੀਆਂ ਨੂੰ ਚੁੱਕ ਕੇ ਲੈ ਜਾਵਣਾ। ਚੀਖ਼ ਤੇ ਪੁਕਾਰ ਸੁਣ ਦੁਖੀਆਂ ਦੀ ਦੁੱਖ ਹੁੰਦਾ, ਮਾਪਿਆਂ ਦਾ ਜਾਰ-ਜਾਰ ਰੋ ਕੇ ਵੈਣ ਪਾਵਣਾ। ਝਲ, ਝਲ, ਦੁੱਖ ਤੇ ਮੁਸੀਬਤਾਂ ਇਹ ਆਖਦੇ ਸੀ, 'ਜ਼ਾਲਮਾਂ ਦੇ ਹੱਥੋਂ ਕੋਈ ਆਣ ਕੇ ਬਚਾਵਣਾ। ਕਰਦੇ ਪੁਕਾਰ 'ਮਸਕੀਨ' ਹਿੰਦੂ ਰੱਬ ਅੱਗੇ, ਰੁੜ੍ਹ੍ਹੀ ਜਾਂਦੀ ਹਿੰਦ ਤਾਈਂ ਆਣ ਕੇ ਬਚਾਵਣਾ।
ਜੱਟ ਦੀ ਖੇਤੀ
ਇੱਕ ਦਿਨ ਰਾਏ ਬੁਲਾਰ ਨੂੰ ਆ ਕੇ, ਜੱਟ ਨੇ ਦਿੱਤੀ ਦੁਹਾਈ, ਨਾਨਕ ਪੁੱਤਰ ਕਾਲੂ ਦੇ ਨੇ , ਮੇਰੀ ਕਰੀ ਤਬਾਹੀ ਕਰੀਂ ਨਿਆਂ ਸੁਣ ਮੇਰੀ ਰਾਏ, ਲੈ ਕੇ ਆਪ ਗਵਾਹੀ ਮਹੀਆਂ ਛੋੜ ਖੇਤ ਦੇ ਅੰਦਰ, ਖੇਤ ਦੀ ਕਰੀ ਸਫ਼ਾਈ। ਜੱਟ ਨੂੰ ਲੈਕਰ ਰਾਏ ਆਇਆ, ਖੇਤ ਨੂੰ ਦੇਖਣ ਤਾਈਂ ਹਰਾ ਭਰਾ ਤਕ ਖੇਤ ਨੂੰ ਸਾਰਾ, ਹੈਰਤ ਸਬ ਤੇ ਛਾਈ ਜੱਟ ਕੈਂਹਦਾ ਤੱਕ ਖੇਤ ਦੇ ਤਾਈਂ, ਅਚਰਜ ਹੋਈ ਖੁਦਾਈ। ਉਜੜ ਖੇਤ ਹਰਾ ਮੁੜ ਹੋਇਆ, ਮੇਰੀ ਸਮਝ ਨਾ ਆਈ। ਰਾਏ ਕੈਂਹਦਾ ਭੋਲੇ ਲੋਕਾਂ, ਹਾਲੇ ਸਮਝ ਨਾ ਆਈ, ਸਿੱਧੀ ਬਾਤ ਵੀ ਸਮਝ ਨਾ ਸਕੇ, ਐਵੇਂ ਦਏਂ ਦੁਹਾਈ। ਜਿਸ ਨੂੰ ਸਮਝੇਂ ਮੱਝੀਆਂ ਛੇੜੂ, ਹੈ ਦੁਨੀਆਂ ਦਾ ਸਾਂਈਂ, ਤੱਪਦੀ ਦੁਨੀਆਂ ਤਾਰਨ ਆਇਆ, ਨਾਨਕ ਮੇਰਾ ਮਾਹੀ।
ਸ੍ਰੀ ਨਨਕਾਣੇ ਸਾਹਿਬ ਦਾ ਸਾਕਾ
ਲਹੂ ਦੇ ਗੁਲਾਲ ਲਾਲ ਖੇਡੀ ਦੀਆਂ ਹੋਲੀਆਂ ਕੀਤੇ ਡਾਹਡੇ ਪਾਪ ਜਦੋਂ ਗੁਰੂ ਅਸਥਾਨ ਵਿੱਚ ਨਾਲੇ ਸੀ ਨ੍ਰੈਣੂ ਉੱਤੋਂ ਬੋਲੀਆਂ ਸੀ ਬੋਲੀਆਂ ਝੱਲੀਆਂ ਨਾ ਬੋਲੀਆਂ ਜੋ ਬੋਲੀਆਂ ਮਹੰਤ ਪਾਪੀ ਸਾਰੇ ਸਿੱਖ ਪੰਥ ਸੁਣ ਬੋਲੀਆਂ ਇਹ ਬੋਲੀਆਂ ਚੱਲੋ ਬੀਰ ਖ਼ਾਲਸਾ ਬਚਾਨ ਸ਼ਾਨ ਖ਼ਾਲਸੇ ਦੀ ਸ੍ਰੀ ਨਨਕਾਣੇ ਵੱਲ ਬਨ ਬਨ ਟੋਲੀਆਂ ਲਛਮਣ ਦਲੀਪ ਸਿੰਘ ਨਾਲ ਲੈ ਕੇ ਖ਼ਾਲਸੇ ਨੂੰ , ਵਿੱਚ ਨਨਕਾਣੇ ਜਾ ਕੇ ਖੇਡੀਆਂ ਸੀ ਹੋਲੀਆਂ, ਸ਼ਾਂਤ ਰਸੋਂ ਬੈਠਿਆਂ ਤੇ ਚੱਲੀਆਂ ਜਾਂ ਗੋਲੀਆਂ ਸੀ ਝਲਦੇ ਸੀ ਸੀਨਿਆਂ ਨੂੰ ਤਾਣ ਤਾਣ ਗੋਲੀਆਂ ਬੋਲਦੇ ਸ਼ਬਦ ਮਿੱਠੇ ਪ੍ਰੇਮ ਦੀ ਤ੍ਰੰਗ ਵਿੱਚ ਰੰਗ ਲਵੋ ਬੋਲਦੇ ਸ਼ਹੀਦੀ ਦੀਆਂ ਚੋਲੀਆਂ। ਪ੍ਰੀਤਮ ਦੀ ਗਲੀ ਵਿੱਚ ਸੀਸ ਧਰ ਤਲੀ ਉੱਤੇ ਲਹੂ ਦੀਆਂ ਭਰ ਭਰ ਡੋਲ੍ਹਦੇ ਸੀ ਡੋਲੀਆਂ। ਦੱਸਿਆ ਸੀ ਅੱਜ 'ਮਸਕੀਨ' ਸੰਸਾਰ ਤਾਈਂ। ਲਹੂ ਦੇ ਗੁਲਾਲ ਲਾਲ ਖੇਡੀਦੀਆਂ ਹੋਲੀਆਂ।
ਸ੍ਰੀ ਪੰਜਾ ਸਾਹਿਬ ਦੀ ਸ਼ਰਧਾ ਵਿੱਚ
ਖੁਦਾਇਆ ਫੂਲਤਾ ਫਲਤਾ, ਰਹੇ ਗੁਲਜ਼ਾਰ ਪੰਜੇ ਕਾ। ਉਠਾ ਪੱਥਰ ਉਹ ਮਰਦਾਨੇ ਨਹੀਂ ਮਿਲਦਾ ਅਗਰ ਪਾਣੀ, ਉਠਾਣੇ ਚਲੇ ਚਸ਼ਮਾ, ਬਨਾ ਗੁਲਜ਼ਾਰ ਪੰਜੇ ਕਾ ਖੁਦਾਇਆ ਫੂਲਤਾ ਫਲਤਾ... ਪੂਰੇ ਹੰਕਾਰ ਵਿੱਚ ਸੁੱਟਿਆ ਜਾ ਪੱਥਰ ਸੀ ਕੰਧਾਰੀ ਨੇ , ਉਹ ਐਸਾ ਮੋਮ ਹੋਇਆ ਜਬ ਕੀਆ ਦੀਦਾਰ ਪੰਜੇ ਕਾ, ਖੁਦਾਇਆ ਫੂਲਤਾ ਫਲਤਾ... ਗੁਰੂ ਨਾਨਕ ਤੇਰੇ ਦਸਤੇ ਮੁਬਾਰਕ ਦਾ ਨਿਸ਼ਾਨ ਇਹ ਹੈ, ਸਫ਼ਾ ਹੋਤੀ ਹੈ ਸਬਕੀ ਜੋ ਕਰੇ ਦੀਦਾਰ ਪੰਜੇ ਕਾ ਖੁਦਾਇਆ ਫੂਲਤਾ ਫਲਤਾ... ਦੁਖੀ 'ਮਸਕੀਨ' ਬੰਦੋ ਕੇ ਮਿਟਾਨੇ ਕੀ ਦਵਾ ਯੇਹ ਹੈ, ਖੁਦਾਇਆ ਫੂਲਤਾ ਫਲਤਾ ਰਹੇ ਗੁਲਜ਼ਾਰ ਪੰਜੇ ਕਾ।
ਬੀਬੀ ਨਾਨਕੀ ਦੀਆਂ ਰੀਝਾਂ
ਰੁਬਾਈ ਦਹੀ ਰਿੜਕ ਕੇ ਕੱਢਿਆ ਮੱਖਣ ਵਿੱਚੋਂ ਬੀਬੀ ਨਾਨਕੀ ਆਖਦੀ ਹੋਈ ਦਿਲਗੀਰ ਵੀਰ ਨਾਨਕ ਸੋਹਣਾ ਪ੍ਰੇਮ ਅੰਦਰ ਕਢਿਆ ਮੱਖਣ ਸੋਹਣਾ, ਸੋਹਣੇ ਪ੍ਰੇਮ ਅੰਦਰ ਆ ਕੇ ਚਾਈਂ ਚਾਈਂ ਖਾ ਅਕਸੀਰ ਨਾਨਕ ਮੱਖਣ ਹੱਥ ਵਿੱਚ ਸੀ ਬੈਠੇ ਆਖ ਰਹੇ ਸਨ, ਪਿਛੋਂ ਬੋਲਦੇ ਪੀਰਾਂ ਦੇ ਪੀਰ ਨਾਨਕ, ਤਾਜ਼ਾ ਮੱਖਣ ਹਾਂ ਖਾਣ ਦੇ ਲਈ ਆਇਆ, ਬੇਬੇ ਨਾਨਕੀ ਜੀ ਤੇਰਾ ਵੀਰ ਨਾਨਕ
ਭੈਣ ਬੇਬੇ ਨਾਨਕੀ ਦਾ ਪਿਆਰ (ਬ੍ਰਿਹੋ ਵਿੱਚ)
ਦੇਵਣਾ ਸੁਨੇਹਾ ਕੋਈ ਜਾ ਕੇ ਜੀ ਜਾ ਕੇ, ਮੇਰੇ ਵੀਰ ਦੇ ਤਾਈਂ..... ਮੁਦਤਾਂ ਹੋਈਆਂ ਮੁਖੜਾ ਦੇਖੇ ਦਰਦੀ ਕੋਈ ਮੇਰਾ ਦੁਖੜਾ ਪੇਖੇ ਦਰਦ ਵੰਡਾਵੇ ਕੋਈ ਆ ਕੇ ਜੀ ਆ ਕੇ ਮੇਰੇ... ਘਰ ਬਾਹਰ ਛੱਡ ਦਰਵੇਸਾਂ ਦੇ ਵੀਰ ਟੁਰ ਗਿਉਂ ਵਿੱਚ ਪਰਦੇਸਾਂ ਦੇ ਵੀਰ ਤੀਰ ਵਿੱਛੋੜੇ ਵਾਲਾ ਲਾ ਕੇ ਜੀ ਲਾ ਕੇ ਮੇਰੇ.... ਵੀਰ ਵਿੱਛੋੜੇ ਤੇਰੇ ਡਾਹਡਾ ਸਤਾਇਆ ਛੇਤੀ ਮਿਲ ਕੇ ਆ ਅਮੜੀ ਦੇ ਜਾਇਆ ਪਾਂਵੀ ਕਲੇਜੇ ਠੰਡ ਆ ਕੇ ਜੀ ਆ ਕੇ ਮੇਰੇ..... ਕਰਦੀ ਹਾਂ ਅਰਜ਼ਾਂ ਦੁਖਿਆਰੀ ਦਰਸ਼ਨ ਹੋਵੇ 'ਮਸਕੀਨ' ਇੱਕ ਵਾਰੀ ਦੇਵਣਾ ਸੁਨੇਹਾ ਕੋਈ ਜਾ ਕੇ ਜੀ ਜਾ ਕੇ ਮੇਰੇ ਵੀਰ ਦੇ ਤਾਈਂ ਜਾ ਕੇ।
ਗੁਰੂ ਅਰਜਨ ਵਾਰੀ ਜਾਨ ਰੇ, ਗੁਰੂ ਅਰਜਨ ਵਾਰੀ ਜਾਨ
ਦਿਨ ਕੀ ਚੜ੍ਹਿਆ ਐਸਾ ਚੜ੍ਹਿਆ, ਗਰਮੀ ਨਾਲ ਸੀਨਾ ਸੀ ਸੜਿਆ। ਸੂਰਜ ਤਿੱਖੇ ਕੱਸ ਕੱਸ ਮਾਰੇ, ਮਾਰੇ ਅਗਨ ਦੇ ਬਾਨ ਰੇ। ਗੁਰੂ ਅਰਜਨ ਵਾਰੀ ਜਾਨ..... ਐਸੀ ਧੁੱਪ ਵਿੱਚ ਪਿਆਰੇ ਮਾਹੀ, ਤੱਤੇ ਤਵੇ ਤੇ ਚੌਕੜੀ ਲਾਈ। ਭਰ ਭਰ ਕੜਛੇ ਰੇਤ ਪਵਾਵਨ। ਪਏ ਤੜਫਾਵਨ ਜਾਨ ਰੇ, ਗੁਰੂ ਅਰਜਨ ਵਾਰੀ ਜਾਨ...... ਉਬਲਦੀ ਦੇਗਾਂ ਅੰਦਰ ਬੈਹਕੇ, ਹੱਸ ਹੱਸ ਕੇ ਤਕਲੀਫ਼ਾਂ ਸੈਹਕੇ ਰੱਬ ਦਾ ਭਾਣਾ ਮੰਨ ਕੇ ਮਿੱਠਾ। ਰੱਖੀ ਧਰਮ ਦੀ ਆਨ ਰੇ, ਗੁਰੂ ਅਰਜਨ ਵਾਰੀ ਜਾਨ....... ਹੱਥ ਵਿੱਚ ਹੁਏ ਕੁਲ ਖੁਦਾਈ, ਸ਼ਾਂਤੀ ਦੀ ਬਸ ਹੱਦ ਮੁਕਾਈ, ਸਿੱਖੀ ਸੰਗਤ ਦੇ ਪ੍ਰੇਮ ਦੀ ਖ਼ਾਤਿਰ, ਅਰਜਨ ਵਾਰੀ ਜਾਨ ਰੇ, ਗੁਰੂ ਅਰਜਨ ਵਾਰੀ ਜਾਨ.......... ਸਿੱਖੀ ਸਿਦਕ ਦਾ ਦੱਸ ਕੇ ਨਮੂਨਾ ਤਿੱਖੀ ਧਾਰ ਤੇ ਕਿਵੇਂ ਖਲੋਨਾ, ਸਿੱਖ ਬਨੋ 'ਮਸਕੀਨ ਪਿਆਰੇ' ਰੱਖੋ ਪੰਥ ਦੀ ਸ਼ਾਨ ਰੇ, ਗੁਰੂ ਅਰਜਨ ਵਾਰੀ ਜਾਨ.......
ਬੈਠ ਉਬਲਦੀ ਦੇਗ਼ ਵਿੱਚ ਗੁਰੂ ਅਰਜਨ ਸਾਰੇ ਜਗਤ ਦੀ ਤਪਤ ਮਿਟਾਈ ਹੋਈ ਸੀ
ਧੁੱਪ ਕੜਕਦੀ ਗਰਮ ਸੀ ਲੂ ਚਲਦੀ ਡਿੱਠੀ ਝਲਦੀ ਦੁਖੜੇ ਆਤਮਾ ਇਕ ਤੱਤੀ ਰੇਤ ਸੀ ਪੈਂਦੀ ਜਿਸਮ ਉੱਤੇ, ਤਾੜੀ ਲਾਈ ਬੈਠੇ ਸੀ ਧਰਮਾਤਮਾ ਇਕ, ਮੁਖੋਂ ਵਾਹਿਗੁਰੂ-ਵਾਹਿਗੁਰੂ ਜਾਪ ਕਰਦੇ, ਸਿਮਰ ਰਹੇ ਸਨ ਸੱਚਾ ਪ੍ਰਮਾਤਮਾ ਇਕ, ਉੱਪਰ ਭੜਕਦੀ ਅੱਗ 'ਤੇ ਰੱਖੀ ਆ ਕੇ ਦੇਗ਼ ਪਾਣੀ ਦੀ ਜ਼ਾਲਮ ਹਾਕਮਾਂ ਇਕ, ਹੇਠੋਂ ਅੱਗ ਭੜਕੇ ਉਬਲੇ ਪਿਆ ਪਾਣੀ, ਉਤੋਂ ਸੂਰਜ ਨੇ ਤਪਤ ਮਚਾਈ ਹੋਈ ਸੀ। ਬੈਠ ਉਬਲਦੀ ਦੇਗ਼ ਵਿੱਚ ਗੁਰੂ ਅਰਜਨ, ਸਾਰੇ ਜਗਤ ਦੀ ਤਪਤ ਮਿਟਾਈ ਹੋਈ ਸੀ। ਚੰਦੂ ਬੋਲਿਆ ਵਾਂਗ ਅਭਿਮਾਨੀਆਂ ਦੇ ਜੇਕਰ ਕਰੋ ਮੰਨਜ਼ੂਰ ਸਗਾਈ ਸਤਿਗੁਰ, ਸੇਵਾ ਕਰਾਂਗਾ ਦੇਵਾਂਗਾ ਧਨ ਭਾਰਾ, ਕਾਹਨੂੰ ਜਾਨ ਹੈ ਤੁਸਾਂ ਤੜਫ਼ਾਈ ਸਤਿਗੁਰ, ਨਹੀਂ ਸਾਕ ਲੈਣਾ-ਦੁੱਖ ਸਹਿਨ ਕਰਸਾਂ, ਪਿਆਰੇ ਮੁਖ ਤੋਂ ਇਹ ਸੁਨਾਈ ਸਤਿਗੁਰ, ਸੁਣ ਕੇ ਸੰਗਤਾਂ ਤੇਰਾ ਹੰਕਾਰ ਲਿਖਿਆ, ਤੁਸਾਂ ਨਹੀਂ ਲੈਣੀ ਇਹ ਸਗਾਈ ਸਤਿਗੁਰ, ਤਪਤ ਤਵੇ ਦੀ ਭੱਪ ਨੇ ਮਾਂਦ ਪਾਈ, ਐਸੀ ਤਵੇ ਤੇ ਚੌਕੜੀ ਲਾਈ ਸਤਿਗੁਰ, ਤਪਤ ਖਿੱਚ ਕੇ ਅੰਦਰ ਲੁਕਾਈ ਸਤਿਗੁਰ, ਸਾਰੇ ਜਗਤ ਦੀ ਤਪਤ ਮਿਟਾਈ ਸਤਿਗੁਰ, ਨੈਨੋ ਨੀਰ ਭਰ ਕੇ ਮੀਆਂ ਮੀਰ ਕਹਿੰਦਾ, ਸੋਹਣੇ ਪ੍ਰੀਤਮਾ ਇਹ ਕੀ ਹੈ ਖੇਲ ਕਰਦਾ, ਜ਼ਰਿਆ ਜਾਂਵਦਾ, ਦੇਖ ਨਹੀਂ, ਕਸ਼ਟ ਐਡਾ, ਕਾਹਨੂੰ ਦੁੱਖ ਦੇਹ ਤਾਈ ਹੈਂ ਝੇਲ ਕਰਦਾ, ਦਿੱਲੀ ਅਤੇ ਲਾਹੌਰ ਨੂੰ ਉਲਟ ਦੇਵਾਂ, ਤੇਰੇ ਹੁਕਮ ਦਾ ਪਿਆ ਹਾਂ ਮੇਲ ਕਰਦਾ, ਕਹਿੰਦੇ ਸ਼ਾਂਤ ਹੋਵੋ, ਸ਼ਾਂਤ ਪੁੰਝ ਬੋਲੇ, ਭਾਣਾ ਰੱਬ ਦਾ ਪਿਆ ਹਾਂ ਝੇਲ ਕਰਦਾ, ਫੜ ਕੇ ਚਰਨ ਮੀਆਂ ਮੀਰ ਜੀ ਕਹਿਣ ਲੱਗਾ, ਧੰਨ ਸੋਹਣਿਆ ਸੋਹਣੀ ਕਮਾਈ ਤੇਰੀ, ਰੈਹਸੀ 'ਅਮਰ' 'ਮਸਕੀਨ' ਸੰਸਾਰ ਅੰਦਰ, ਪੜ੍ਹੀ ਸ਼ਾਂਤ ਦੀ ਜਿਹੜੀ ਪੜ੍ਹਾਈ ਤੇਰੀ।
ਕਲਗੀਧਰ ਦੇ ਜਨਮ ਦਿਨ ਦੀਆਂ ਹੋਣ ਵਧਾਈਆਂ
ਜਦੋਂ ਪਾਇਆ ਓਰੰਗੇ ਜ਼ੋਰ ਸੀ, ਘਟਾ ਭਾਰਤ ਤੇ ਛਾਈ ਘਨਘੋਰ ਸੀ। ਵੱਡਦੇ ਹਿੰਦੂ ਸੀ ਵਾਂਗ ਕਸਾਈਆਂ, ਜਨਮ ਦਿਨ.......... ਉੱਚੀ ਉੱਚੀ ਪੁਕਾਰ ਕੇ ਕਹਿੰਦੇ ਸੀ, ਜੰਝੂ ਸਵਾ ਮਣ ਰੋਜ਼ ਦੇ ਲੈਂਦੇ ਸੀ। ਛੇਤੀ ਬੋਹੜ ਹੁਣ ਸਚਿਆ ਸਾਈਆਂ, ਜਨਮ ਦਿਨ............. ਦੁਖੀ ਭਾਰਤ ਦੀ ਸੁਣਕੇ ਪੁਕਾਰ ਜੀ ਆਏ ਕਲਗੀਧਰ ਅਵਤਾਰ ਜੀ। ਸਾਰੇ ਦੇਸ਼ ਨੇ ਖੁਸ਼ੀਆਂ ਮਨਾਈਆਂ, ਜਨਮ ਦਿਨ................. ਡੁਬਦੀ ਹਿੰਦ ਨੂੰ ਆਣ ਬਚਾਇਆ, ਪਾਪ ਜ਼ੁਲਮ ਦਾ ਰਾਜ ਮੁਕਾਇਆ। ਦੁਖੀ ਖਲਕਤਾਂ ਆਣ ਬਚਾਈਆਂ, ਜਨਮ ਦਿਨ............. ਸਾਰੇ ਹਿੰਦ 'ਮਸਕੀਨ' ਪੁਕਾਰਿਆ ਕਰਨੀ ਯਾਦ ਰਹਿਸੀ ਤੇਰੀ ਪਿਆਰਿਆ। ਭਾਰਤ ਵਰਸ਼ ਦੇ ਸਚਿਆ ਸਾਈਆਂ, ਜਨਮ ਦਿਨ................. ਮਾਈ ਭਾਈ ਤੇ ਬੁੱਢਾ ਬਾਲਾ ਕੈਹ ਦਿਓ ਧਨ ਗੁਰੂ ਕਲਗੀਆਂ ਵਾਲਾ। ਜਨਮ ਦਿਨ ਦੀਆਂ ਹੋਣ ਵਧਾਈਆਂ, ਜਨਮ ਦਿਨ................
ਇਸ ਪ੍ਰੀਤ ਦੀ ਰੀਤ ਨਿਆਰੀ ਏ
ਕੋਈ ਅੰਤ ਨਹੀਂ ਹੈ ਦੁਨੀਆ ਦਾ ਬਹੁ ਰੰਗੀ ਦੁਨੀਆ ਸਾਰੀ ਏ, ਕੋਈ ਨਾਢੂ ਖਾਨ ਕੋਈ ਫੁਮਣ ਸ਼ਾਹਾ ਕੋਈ ਬਣਿਆ ਹੋਇਆ ਮਦਾਰੀ ਏ। ਜਾਂਦੇ ਇੱਕ ਸਾਈਂ ਰਿਸ਼ਟ ਪੁਸ਼ਟ ਦੇਖੇ ਮੈ ਕਮਲੀ ਮਾਰੀ ਏ, ਮੈਂ ਪੁਸਿਆ ਦੱਸੋ ਸਵਾਮੀ ਜੀ, ਕਿਆ ਹਾਲਤ ਬਣੀ ਤੁਮਾਰੀ ਏ। ਕੈਂਹਦਾ ਭਾਈ ਪ੍ਰੀਤ ਲਗਾ ਤੱਕ ਲੈ, ਜਿਸ ਠੋਕਰ ਲਾਈ ਭਾਰੀ ਏ, ਪਿਆ ਦਰ ਦਰ ਠੋਹਕਰ ਖਾਂਵਦਾ ਹਾਂ, ਇਸ ਪ੍ਰੀਤ ਦੀ ਰੀਤ ਨਿਆਰੀ ਏ। ਇੱਕ ਮੰਗਤਾ ਮੰਗਦਾ ਜਾਂਦਾ ਸੀ ਤੇ ਦਏ ਅਸੀਸਾਂ ਭਾਰੀ ਏ, ਰੱਬ ਲੇਖੇ ਦੇਣਾ ਬਾਬੂ ਜੀ ਹੋਏ ਲੰਬੀ ਉਮਰ ਤੁਮਾਰੀ ਏ। ਮੰਗ ਪੈਸੇ ਕਾਫ਼ੀ ਜੋੜ ਲਏ, ਜਦ ਗੁਥਲੀ ਹੋ ਗਈ ਭਾਰੀ ਏ, ਝਟ ਵੇਸ ਭਿਖਾਰੀ ਲਾਹ ਸੁਟਿਆ ਕੰਘੀ ਕਰ ਬੋਰ ਸਵਾਰੀ ਏ। ਮੈਂ ਪੁੱਛਿਆ ਮੰਗਤਾ ਬਣ ਕੇ ਤੂੰ ਕਿਉਂ ਕਰਦਾ ਠੱਗੀ ਮਾਰੀ ਏ, ਯੂਸਫ਼ ਦੇ ਪਿੱਛੇ ਜੁਲੇਖਾਂ ਸੀ ਰਹੀ ਸਾਰੀ ਉਮਰ ਕਵਾਰੀ ਏ। ਇਹ ਇਸ਼ਕ ਬਲਾ ਹੈ, ਉਹ ਯਾਰੋ ਕਰਦਾ ਇਹ ਬੜੀ ਖੁਆਰੀ ਏ, ਮੋਚੀ ਸੰਗ ਅੱਖੀਆਂ ਲੜ ਜਾਵਣ ਤਾਂ ਰਾਣੀ ਬਣੇ ਚਮਾਰੀ ਏ। ਬੁੱਢੜੇ ਵੀ ਲਾਲਾਂ ਸਿਟ ਦੇਂਦੇ ਜਦ ਦੇਖਣ ਸੁੰਦਰ ਨਾਰੀ ਏ, 'ਮਸਕੀਨ' ਇਹ ਬੁਰੀ ਬੀਮਾਰੀ ਏ, ਇਸ ਪ੍ਰੀਤ ਦੀ ਰੀਤ ਨਿਆਰੀ ਏ।
ਮਾਸਟਰ ਜੀ ਦੀ ਸ਼ਾਨ ਵਿੱਚ
ਲੱਖਾਂ ਚੜ੍ਹਨ ਆਕਾਸ ਤੇ ਰੋਜ਼ ਤਾਰੇ। ਦੇਸ਼ ਪੰਥ ਵਾਲਾ ਇਕੋ ਤਾਰਾ ਸੈਂ ਤੂੰ । ਦਸਾਂ ਜੋਤਾਂ ਦੇ ਨੂਰ ਨਾਲ ਚਮਕਿਆ ਜੋ ਗੁਰੂ ਪੰਥ ਵਾਲਾ ਇਕੋ ਤਾਰਾ ਸੈਂ ਤੂੰ ਤਾਰਾ ਨਹੀਂ ਮੈਂ ਆਖਾਂ ਅਟੱਲ ਤੇਰਾ, ਜਣੇ ਖਣੇ ਵਾਂਗ ਜਿਹੜਾ ਨਾ ਠੱਲਿਆ ਏ। ਤੇਰੇ ਸਾਰਿਆਂ ਸਾਥੀਆਂ ਚੰਦ, ਚਾੜ੍ਹੇ, ਤੂੰ ਧਰੂ ਦੇ ਵਾਂਗ ਨਾ ਹਲਿਆ ਏ। ਰੋਮ ਰੋਮ ਵਿੱਚ ਪੰਥ ਪਿਆਰ ਤੇਰੇ, ਪੱਲਾ ਪੰਥ ਦਾ ਕਿਸੇ ਹੁਣ ਥੰਮਣਾ ਨਹੀਂ। ਨਿੱਕੇ ਨਿੱਕੇ ਟਟੈਣੇ ਪਏ ਲੱਖ ਚਮਕਣ, ਮਾਸਟਰ ਤਾਰਾ ਸਿੰਘ ਪੰਥ ਵਿੱਚ ਜੰਮਣਾ ਨਹੀਂ। ਤੂੰ ਦੇਸ਼ ਅਜ਼ਾਦੀ ਦੀ ਤਕੜੀ ਤੇ, ਇਕ ਇਕ ਸਾਹ ਇਹ ਤੋਲਿਆ ਸੀ। ਲੀਗ ਤੇਰੇ ਜਦ ਪੰਜ ਦਰਿਆ ਪਾੜੇ, ਝੰਡਾ ਲੀਗ ਦਾ ਉਦੋਂ ਤੂੰ ਪਾੜਿਆ ਸੀ। ਫਿਰੰਗੀ ਗਿਆ ਤੇ ਕਾਂਗਰਸ ਦਾ ਰਾਜ ਆਇਆ, ਤੇਰੇ ਬਿਨਾਂ ਨਾ ਅੱਗੇ ਕੋਈ ਡਟ ਸਕਿਆ। ਦਸ਼ਮੇਸ਼ ਪਿਤਾ ਦਾ ਪੂਰਾ ਗੁਰਸਿੱਖ ਸੈਂ ਤੂੰ, ਪਿੱਠੂ ਤੂੰ ਨਾ ਹਕੂਮਤ ਦਾ ਬਣ ਸਕਿਆ। ਕਈਆਂ ਸ਼ਾਤਰਾਂ ਚਾਲਾਂ ਸ਼ਤਰੰਝੀਆਂ ਨਾਲ, ਸ਼ੇਹੇ ਲੈ ਕੇ ਪਰਖੀ ਸੀ ਜਾਤ ਤੇਰੀ। ਤੇਰੇ ਉੱਤੇ ਉਹ ਫਤੇਹ ਨਾ ਪਾ ਸਕੇ, ਸ਼ਹਿ ਕਰ ਨਾ ਸਕੇ ਉਹ ਮਾਤ ਤੇਰੀ। ਕਈਆਂ ਭੈੜਿਆਂ ਬੋਲੀ ਦੇ ਨਾ ਉੱਤੇ, ਪਿੜ ਬੰਨਿਆ ਚੰਗੇ ਖਰਾਬੀਆਂ ਦਾ। ਪੰਜਾਬੀ ਬੋਲੀ ਮੂੰਹੋਂ ਅੱਜ ਬੋਲਦੀ ਹੈ, ਸਦਾ ਰਹਿਬਰ ਸੈਂ ਤੂੰ ਹੀ ਪੰਜਾਬੀਆਂ ਦਾ। ਪੁੱਠੋਹਾਰ ਦੀ ਧਰਤੀ ਦਾ ਇਕ ਹੀਰਾ, ਸੱਚਮੁੱਚ ਇਨਸਾਨ ਅਜ਼ੀਮ ਧਰਮ ਸੈਂ ਤੂੰ ਸਵਰਗੀ ਰਹਿਬਰ ਪੰਜਾਬ ਪੰਜਾਬੀਆਂ ਦੇ, ਤੈਨੂੰ ਸ਼ਰਧਾ ਦੇ ਫੁੱਲ ਚੜਾਉਂਦਾ ਹਾਂ।
ਪ੍ਰੇਮ ਫਾਹੀ
ਪਿੰਡੋਂ ਨਿਕਲਿਆ ਚੱਲੋ ਪ੍ਰੇਦੇਸ ਅੰਦਰ ਕੋਈ ਕਰਾਂਗਾ ਵਣਜ ਵਿਹਾਰ ਸੋਹਣਾ, ਪਿੰਡੋਂ ਬਾਹਰ ਦੇ ਖੂਹ ਤੇ ਬਿਠਾ ਤੈਨੂੰ ਪਾਣੀ ਭਰਦਿਆਂ ਪਾਇਆ ਦੀਦਾਰ ਸੋਹਣਾ, ਸ਼ਾਲਾਂ ਜੀਵੇ ਉਏ ਘੜਾ ਚਵਾਈਂ ਮੈਨੂੰ ਐਸਾ ਬੋਲਿਆ ਮਿੱਠਾ ਦਿਲਦਾਰ ਸੋਹਣਾ। ਇੱਕੋ ਬੋਲ ਵਿੱਚ ਕੱਢ ਲਿਆ ਦਿਲ ਮੇਰਾ ਘੜੇ ਨਾਲ ਲੈ ਕੇ ਟੁਰ ਗਿਆ ਯਾਰ ਸੋਹਣਾ। ਜੇਕਰ ਪਤਾ ਹੁੰਦਾ ਇਹ ਹੈ ਹਾਲ ਹੋਣਾ, ਕਦੀ ਸੋਹਣੇ ਦੇ ਦੇਸ਼ ਨੂੰ ਜਾਂਵਦਾ ਨਾ। ਫਸਦਾ ਕਦੀ ਨਾ ਪ੍ਰੇਮ ਦੀ ਫਾਹੀ ਅੰਦਰ, ਬ੍ਰਿਹੋ ਪ੍ਰੇਮ ਵਿੱਚ ਜਿੰਦ ਤੜਫਾਂਵਦਾ ਨਾ, ਨਾ ਮੈਂ ਦੀਦ ਕਰਦਾ ਸੋਹਣੀ ਦਿਲਰੁਬਾ ਦਾ, ਪੀੜ ਪਿਆਰ ਦੀ ਵਿੱਚ ਕੁਰਲਾਂਵਦਾ ਨਾ, ਜੇਕਰ ਜਾਣਦਾ ਆਖ਼ਰ ਹੈ ਵਿਛੜ ਜਾਣਾ, ਨੈਨ ਸੋਹਣੇ ਦੇ ਨੈਨ ਸੰਗ ਲਾਂਵਦਾ ਨਾ। ਲਾਏ ਨੈਨ ਸੀ ਪਿਆਰ ਦੇ ਨਾਲ ਪ੍ਰੀਤਮ, ਸੋਹਣੇ ਨੈਨ ਉਹ ਅਣਕੇ ਫੇਰ ਦੱਸਜਾ, ਲੱਗ ਜਾ ਕਾਲਜੇ ਨਾਲ ਇੱਕ ਵਾਰ ਮੇਰੇ, ਮੇਰੇ ਦਿਲ ਅੰਦਰ ਆ ਕੇ ਫੇਰ ਵੱਸਜਾ, ਝਲਿਆ ਜਾਂਵਦਾ ਦਰਦ ਵਿਛੋੜੇ ਦਾ ਨਹੀਂ, ਸੋਹਣੇ ਪਿਆਰ ਦੀ ਕੇਰਾਂ ਜ਼ੰਜ਼ੀਰ ਕੱਸਜਾ, ਨਹੀਂ ਤਾਂ ਦੁਖੀ 'ਮਸਕੀਨ' ਦੇ ਤਾਈਂ ਆ ਕੇ ਪ੍ਰੀਤਮ ਪ੍ਰੇਮ ਦਾ ਝੱਲਣਾ ਵਾਰ ਦੱਸਜਾ।
ਵੇਲਾ ਸੱਤੀਆਂ ਦਾ
ਵੇਲਾ ਸੱਤੀਆਂ ਦਾ ਮੈਂ ਵੀ ਵਿਸਰ ਗਈ ਆਂ ਸਰਗੀ ਉਠਣਾ ਚਰਖਾ ਕੱਤਣਾ ਗੀਤ ਪ੍ਰੇਮ ਦੇ ਗਾਨਾਂ ਪੀਹਣਾ ਚੱਕੀਆਂ ਦਾ ਮੈਂ ਵੀ ਵਿਸਰ ਗਈ ਆਂ। ਮੱਕੀ ਦੀ ਰੋਟੀ ਲੱਸੀ ਦਾ ਛੰਨਾ ਸਾਜਨ ਪ੍ਰੀਤਮ ਲਈ ਲੈ ਜਾਨਾਂ ਇਹ ਕੰਮ ਜੱਟੀਆਂ ਦਾ, ਮੈਂ ਵੀ ਵਿਸਰ ਗਈ ਆਂ। ਪਤੀ ਪ੍ਰੇਮ ਦੀ ਸੇਵਾ ਅੰਦਰ ਤਨ-ਮਨ ਸਭ ਭੁੱਲ ਜਾਨਾਂ। ਇਹ ਕੰਮ ਸਤੀਆਂ ਦਾ ਮੈਂ ਵੀ ਵਿਸਰ ਗਈ ਆਂ।
ਗਲੀ ਗਲੀ ਅੰਦਰ ਮਾਹੀ ਟੋਲਦੀ ਹਾਂ
ਪ੍ਰੀਤਮ ਨਾਲ ਹੈ ਲਾਣੀ ਪ੍ਰੀਤ ਔਖੀ, ਗਲੀ ਗਲੀ ਅੰਦਰ ਮਾਹੀ ਟੋਲਦੀ ਹਾਂ। ਕੱਚੇ ਘੜੇ ਤੇ ਠਿਲੀ ਝਨਾਂ ਅੰਦਰ, ਸੋਹਣੇ ਯਾਰ ਦਾ ਪਾਵਣ ਦੀਦਾਰ ਸੋਹਣੀ, ਘੜਾ ਫੁੱਟ ਗਿਆ ਟੁੱਟ ਗਿਆ ਦਿਲ ਉਹਦਾ, ਟੁੱਟੇ ਦਿਲ ਵਿੱਚ ਕੈਂਹਦੀ ਪੁਕਾਰ ਸੋਹਣੀ। ਤੇਰੇ ਹਿਜ਼ਰ ਅੰਦਰ ਜਾਂਦੀ ਤੜਫ਼ਦੀ ਹਾਂ, ਰੁੜ੍ਹੀ ਜਾਂਵਦੀ ਤੇਰੀ ਮੰਝਦਾਰ ਸੋਹਣੀ। ਸੋਹਣੇ ਯਾਰ ਮਹੀਵਾਲ, ਹੁਣ ਆਈਂ ਛੇਤੀ, ਲੈ ਲਾ ਆਪਣੀ ਆਣ ਕੇ ਸਾਰ ਸੋਹਣੀ। ਹੀਰ ਯਾਰ ਦੇ ਪਿਆਰ ਵਿੱਚ ਹਾਰ ਕਹਿੰਦੀ ਸੱਚ ਸਾਰਿਆਂ ਤਾਈਂ ਮੈਂ ਬੋਲਦੀ ਹਾਂ। ਪ੍ਰੀਤਮ ਨਾਲ ਹੈ ਲਾਣੀ ਪ੍ਰੀਤ ਔਖੀ, ਗਲੀ ਗਲੀ ਅੰਦਰ ਮਾਹੀ ਟੋਲਦੀ ਹਾਂ। ਆਏ ਸੈਂਕੜੇ ਆਸ਼ਕ ਜਹਾਨ ਅੰਦਰ, ਡਿੱਠਾ ਕੋਈ ਨਾ ਜਾਂਵਦਾ ਸ਼ਾਦ ਤੱਕਿਆ । ਚੀਰ ਦਿੱਤੇ ਪਹਾੜ ਸੀ ਯਾਰ ਖਾਤਿਰ, ਐਪਰ ਤੜਫ਼ਦਾ ਗਿਆ ਫਰਹਾਦ ਤੱਕਿਆ, ਸਾਰੀ ਉਮਰ ਕਵਾਰੀ ਰਹੀ ਯਾਰ ਖਾਤਰ, ਹੁੰਦਾ ਜੁਲੇਖਾ ਤਾਈਂ ਬਰਬਾਦ ਤੱਕਿਆ । ਇਸ਼ਕ ਕਿਸੇ ਦਾ ਤੋੜ ਨਾ ਸਾਥ ਦਿੱਤਾ, ਜਾਂਦਾ ਸਾਰਿਆਂ ਨੂੰ ਨਾਮੁਰਾਦ ਤੱਕਿਆ। ਸੱਸੀ ਥਲਾਂ ਅੰਦਰ ਰੋਂਦੀ ਕਹੀ ਜਾਵੇ, ਯਾਰੋ ਸੱਚ 'ਮਸਕੀਨ' ਮੈਂ ਬੋਲਦੀ ਹਾਂ। ਪ੍ਰੀਤਮ ਨਾਲ ਹੈ ਲਾਣੀ ਪ੍ਰੀਤ ਔਖੀ, ਗਲੀ ਗਲੀ ਅੰਦਰ ਮਾਹੀ ਟੋਲਦੀ ਹਾਂ।
ਦਸਮ ਗੁਰੂ ਜੀ ਦੇ ਜਨਮ ਦੀ ਵਧਾਈ
ਪਾਇਆ ਸੀ ਉਰੰਗੇ ਜਦੋਂ ਭਾਰਤ ਤੇ ਜ਼ੋਰ ਭਾਰਾ, ਪਾਪਾ ਦੀ ਘੰਘੋਰ ਘਟਾ ਹਿੰਦੂ ਉਤੇ ਛਾਈ ਏ। ਮੰਦਰ ਗਿਰਾਏ ਸਾਰੇ ਬਣੀਆਂ ਮਸੀਤਾਂ ਸਬ, ਵੱਢਦੇ ਸੀ ਹਿੰਦੂਆਂ ਨੂੰ ਵਾਂਗਰਾਂ ਕਸਾਈ ਏ। ਸਵਾ ਮਣ ਜੰਜੂ ਰੋਜ ਹਿੰਦੂਆਂ ਦੇ ਲੈਹਣ ਲਗੇ, ਭਾਰਤ ਨੇ ਰੋਕੇ ਤਦੋਂ ਦਿਤੀ ਇਹ ਦੁਹਾਈ ਏ। ਜਾਲਮਾਂ ਦੇ ਹਥੋਂ ਸਾਨੂੰ ਆਣਕੇ ਬਚਾਈਂ ਰਬਾ, ਪਾਪੀਆਂ ਨੇ ਡਾਹਡੀ ਆਕੇ ਖਲਕ ਸਤਾਈ ਏ। ਸੁਣੀ ਜਾਂ ਪੁਕਾਰ ਅਵਤਾਰ ਧਾਰ ਜਗ ਉਤੇ, ਪਟਨੇ 'ਚ ਆਇਆ ਅਜ ਨੂਰ ਉਹ ਇਲਾਹੀ ਏ। ਦਸਮ ਅਵਤਾਰ ਨਾਮ ਰਖਕੇ ਗੋਬਿੰਦ ਸਿੰਘ, ਹੱਥ ਉਤੇ ਬਾਜ ਜਿਨਾ ਕਲਗੀ ਸਜਾਈ ਏ। ਅੰਮ੍ਰਿਤ ਪਲਾਇਆ, ਬੀਰ ਖਾਲਸਾ ਸਜਾਇਆ, ਫੇਰ ਹੱਥ ਫੜ ਖੰਡਾ ਜਿੰਦ ਤਲੀ ਤੇ ਟਿਕਾਈ ਏ। ਦੁਖੀਆਂ ਅਨਾਥਾਂ ਤਾਈਂ ਆਣਕੇ ਬਚਾਏ ਲੀਤਾ, ਪਾਪੀਆਂ ਤੇ ਜਾਲਮਾਂ ਦੀ ਅਲੱਖ ਮੁਕਾਈ ਏ। ਪਿਤਾ ਮਾਤਾ ਪੁਤ ਚਾਰੇ ਦੇਸ਼ ਉਤੋਂ ਵਾਰ ਦਿਤੇ, ਧੰਨ ਧੰਨ ਕੈਂਹਦੇ ਬੁੱਢਾ ਬਾਲਾ ਮਾਈ ਭਾਈ ਏ। ਅਜ ਦੇ ਦਿਹਾੜੇ ਮਸਕੀਨ ਉਹ ਪਿਆਰਾ ਆਇਆ, ਖਾਲਸੇ ਦੇ ਤਾਈਂ ਜਨਮ ਦਿਨ ਦੀ ਵਧਾਈ ਏ।
ਚਿੜੀ ਤੋਂ ਬਾਜ਼ ਤੁੜਵਾਵਨ ਗੁਰੂ ਗੋਬਿੰਦ ਸਿੰਘ ਆਜਾ
ਬਨਾਇਆ ਸ਼ੇਰ ਗਿਦੜਾਂ ਤੋਂ ਪਲਾ ਅੰਮ੍ਰਿਤ ਪਿਆਰ ਤੂੰ, ਸੋ ਅੰਮ੍ਰਿਤ ਫਿਰ ਪਲਾਉਨ ਨੂੰ ਗੁਰੂ ਗੋਬਿੰਦ ਸਿੰਘ ਆਜਾ। ਲਈ ਸੀ ਸੀਸ ਭੇਟਾ ਕੇਸਗੜ੍ਹ ਤੈਂ ਜਿਸ ਤਰ੍ਹਾਂ ਸਤਿਗੁਰੂ, ਨਜ਼ਾਰਾ ਬਨਾਇਆ ਸ਼ੇਰ ਗਿਦੜਾਂ ਤੋਂ ਪਲਾ ਅੰਮ੍ਰਿਤ ਪਿਆਰ ਤੂੰ, ਸੋ ਅੰਮ੍ਰਿਤ ਫਿਰ ਪਲਾਉਨ ਨੂੰ ਗੁਰੂ ਗੋਬਿੰਦ ਸਿੰਘ ਆਜਾ। ਲਈ ਸੀ ਸੀਸ ਭੇਟਾ ਕੇਸਗੜ੍ਹ ਤੈਂ ਜਿਸ ਤਰ੍ਹਾਂ ਸਤਿਗੁਰੂ, ਨਜ਼ਾਰਾ ਸਫਰ ਉਹ ਦਖਲਾਉਣ ਗੁਰੂ ਗੋਬਿੰਦ ਸਿੰਘ ਆਜਾ। ਨਠਾਏ ਮਸਤ ਹਾਥੀ ਪੀਕੇ ਅੰਮ੍ਰਿਤ ਸਤਿਗੁਰੂ, ਲਗਾਵਨ ਥਾਪੀਆਂ ਮੁੜਕੇ ਗੁਰੂ ਗੋਬਿੰਦ ਸਿੰਘ ਆਜਾ। ਭਰੇ ਨੈਨ ਦੇ ਨਾਲ ਫਿਰ ਫਾੜਨਾ ਬੇਦਾਵਾ, ਉਹ ਟੁਟੀ ਗੰਢਣੇ ਵਾਲੇ ਗੁਰੂ ਗੋਬਿੰਦ ਸਿੰਘ ਆਜਾ। ਉਠਾ ਕਰ ਗੋਦ ਵਿਚ ਕੈਹਨਾ ਇਹ ਮੇਰਾ ਦੱਸ ਹਜ਼ਾਰੀ ਮੇਰਾ ਪੰਜ ਹਜ਼ਾਰੀ, ਮੁਕਤਸਰ ਮੁਕਤ ਕਰਨੇ ਨੂੰ ਗੋਬਿੰਦ ਸਿੰਘ ਆਜਾ। ਨਜ਼ਰ ਇਕ ਮੇਹਰ ਦੀ ਮਸਕੀਨ ਨੂੰ ਦੇਹ ਤਾਰ ਸਤਿਗੁਰ ਜੀ, ਚਿੜੀ ਤੋਂ ਬਾਜ਼ ਤੜਵਾਵਨ ਗੁਰੂ ਗੋਬਿੰਦ ਸਿੰਘ ਆਜਾ।
ਕਲਗੀਧਰ ਦੀ ਸ਼ਾਨ ਵਿੱਚ
''ਸ਼ਾਨ ਤੇਰੀ'' ਭਾਰਤ ਵਰਸ਼ ਦੇ ਉਹ ਬੇਨਜ਼ੀਰ ਯੋਧੇ, ਮੰਨ ਲਈ ਬੀਰਤਾ ਸਾਰੇ ਜਹਾਨ ਤੇਰੀ। ਸਾਨੀ ਦਿਸੇ ਨਾ ਤੇਰਾ ਤ੍ਰੈਲੋਕ ਅੰਦਰ, ਸਿਫ਼ਤ ਕਰ ਨਾ ਸਕੇ ਜ਼ੁਬਾਨ ਤੇਰੀ। ਵੈਰੀ ਕੰਬ ਜਾਂਦੇ, ਜ਼ਾਲਮ ਦੈਹਲ ਜਾਂਦੇ, ਖਿਚੀ ਵੇਖ ਕੇ ਬਾਂਕੀ ਕਮਾਨ ਤੇਰੀ। ਸਾਈਆਂ ਮਾਰ ਕੇ ਫੇਰ ਜੀਵਾਲ ਦੇਵੇਂ, ਇਹ ਸਿਫ਼ਤ ਸੀ ਵਿੱਚ ਕਿਰਪਾਨ ਤੇਰੀ। ਸੋਹਣੇ ਦਾਤਿਆ ਮੌਤ ਵੀ ਦੇਣ ਲੱਗਿਆਂ, ਛੋੜੇ ਰਤਾ ਥਾਨ, ਸੁਨਹਿਰੀ ਜੀ ਥਾਨ ਕਮਾਨ ਤੇਰੀ। ਕਫ਼ਨ ਤੀਰਾਂ ਦੇ ਨਾਲ ਹੀ ਭੇਜ ਦੇਣੇ, ਵੱਖਰੀ ਸਾਰੇ ਜਹਾਨ ਤੋਂ ਸ਼ਾਨ ਤੇਰੀ। ਤੇਰੀ ਮੇਹਰ ਦੀ ਨਜ਼ਰ ਤੋਂ ਜਾਣ ਸਦਕੇ, ਕੁੱਠੇ ਪ੍ਰੇਮ ਅੰਦਰ ਸੌ ਸੌ ਵਾਰ ਪ੍ਰੀਤਮ। ਰਾਜ ਮਾਲ ਛੱਡ ਢੱਠੇ ਹਜ਼ੂਰ ਤੇਰੇ ਐਸਾ ਪਿਆਰ ਅੰਦਰ ਪਾਇਆ ਪਿਆਰ ਪ੍ਰੀਤਮ। ਚਾਰੇ ਜੰਗ ਵਿੱਚ ਪੁਤਰ ਸ਼ਹੀਦ ਹੋ ਗਏ, ਬੁੱਧੂ ਪੀਰ ਕੈਂਹਦਾ ਮੇਰੇ ਯਾਰ ਪ੍ਰੀਤਮ। ਸ਼ੁਕਰ ਭੇਂਟ ਤੂੰ ਮੇਰੀ ਕਬੂਲ ਕੀਤੀ, ਮੇਰੇ ਅਪਣੇ ਸੋਹਣੇ ਦਾਤਾਰ ਪ੍ਰੀਤਮ। ਤੇਰੇ ਦੁਸ਼ਮਨ ਕਿਹਾ 'ਮਸਕੀਨ' ਆਖਿਰ, ਜ਼ਖ਼ਮੀ ਕਰੇਂ ਆਪੇ ਆਪੇ ਮੱਲ੍ਹਮ ਲਾਵੇ, ਮਾਂ ਪੁੱਤ ਬਣਨਾ ਬਣਨਾ ਗੁਰੂ ਚੇਲਾ, ਸੋਹਣੇ ਦਾਤਿਆ ਸੋਹਣੀ ਹੈ ਸ਼ਾਨ ਤੇਰੀ।
ਪਿਆਰ ਤੇਰਾ
ਕਲਗੀਧਰ ਦੀ ਸ਼ਾਨ ਵਿਚ ਸਾਈਂ ਮੇਹਰਾਂ ਦੇ, ਚੋਜਾਂ ਦੇ ਮਾਲਕਾਂ ਵੇ ਹੋਇਆ ਪ੍ਰੇਮ ਦਾ ਜੀਹਦੇ ਤੇ ਵਾਰ ਤੇਰਾ। ਭੁੱਲਿਆ ਆਪਣਾ ਆਪ ਬਸ ਭੌਰ ਹੋ ਕੇ, ਮੰਗੀ ਜਾਵੇ ਇੱਕ ਸੋਹਣਾ ਦੀਦਾਰ ਤੇਰਾ। ਮੰਗ ਆਖ਼ਰੀ ਮਹਾਂ ਸਿੰਘ ਭਾਈ ਜੀ ਦੀ ਸੁਣ ਕੇ ਉਮੜ ਆਇਆ ਦਿਲ ਇੱਕ ਵਾਰ ਤੇਰਾ। ਟੁੱਟੀ ਗੰਢ ਦਿੱਤੀ ਘੁੱਟ ਕੇ ਗਲੇ ਲਾਇਆ, ਖੁੱਲਿਆ ਪ੍ਰੇਮ ਦਾ ਭਰਿਆ ਭੰਡਾਰ ਤੇਰਾ। ਰਾਜਾ ਆਇਆ ਅਸਾਮ ਦਾ ਦਰਸ ਖ਼ਾਤਿਰ ਐਸਾ ਪ੍ਰੇਮ ਦਾ ਪਿਆ ਝਲਕਾਰ ਤੇਰਾ। ਕੈਂਹਦਾ ਰਾਜ ਜਾਏ, ਤਖ਼ਤ ਤਾਜ ਜਾਵੇ, ਐਪਰ ਖੁਸੇ ਨਾ ਪ੍ਰੀਤਮ ਪਿਆਰ ਤੇਰਾ। ਬਾਲਾ ਪ੍ਰੀਤਮ ਦੇ ਸੁਣ ਸੁਣਕੇ ਚੋਜ ਪਿਆਰੇ, ਰਾਣੀ ਫਤੇਹ ਚੰਦ ਨੂੰ ਲੱਗੀ ਲਗਨ ਐਸੀ, ਹੱਟ ਗਈ ਪੁੱਤਰ ਦੀ ਲਾਲਸਾ ਨੈਨ ਮੁੰਦ ਗਏ ਹੋਈ 'ਪ੍ਰੀਤਮ' ਦੇ ਪ੍ਰੇਮ ਵਿੱਚ ਮਗਨ ਐਸੀ। ਸਾਈਂ ਮੇਹਰਾਂ ਦੇ ਸੋਮੇ ਪਿਆਰ ਦੇਕੇ, ਬਾਂਹਵਾਂ ਗਲੇ ਪਾਈਆਂ ਪਾਈ ਵਗਨ ਐਸੀ। ਮਾਂ, ਮਾਂ, ਪੁਕਾਰਦੇ ਪਏ ਚੋਜੀ, ਗੁੱਡੀ ਪ੍ਰੇਮ ਅੰਦਰ ਚੜੀ ਗਗਨ ਐਸੀ। ਅੱਖਾਂ ਖੁੱਲ੍ਹ ਗਈਆਂ ਵਾਰਨੇ ਪਈ ਜਾਵੇ, ਐਸਾ ਦੀਦ ਦਾ ਹੋਇਆ ਲਿਸ਼ਕਾਰ ਤੇਰਾ। ਚਰਨ ਪਕੜ ਲਏ ਪ੍ਰੇਮ ਵਿੱਚ ਕਹੀ ਜਾਵੇ, 'ਪ੍ਰੀਤਮ' ਕਦੇ ਨਾ ਹਟੇ ਇਹ ਪਿਆਰ ਤੇਰਾ। ਤੇਰੇ ਪਿਆਰ ਦੇ ਰੰਗ ਅਨੋਖੜੇ ਸਨ, ਤੇਰੇ ਪ੍ਰੇਮ ਵਿੱਚ ਪ੍ਰੇਮ ਖ਼ੁਦਾਈ ਹੈਸੀ। ਪੀਤਾ ਪ੍ਰੇਮ ਪਿਆਲਾ ਜਿਨੇ ਇਕ ਵਾਰੀ ਬਣਿਆ ਪ੍ਰੇਮ ਅੰਦਰ ਓਹ ਸ਼ੌਦਾਈ ਹੈਸੀ। ਪਾਣੀ ਭਾਈ ਘਨਈਏ ਜੀ ਜੰਗ ਅੰਦਰ ਦੇ ਕੇ ਦੁਸ਼ਮਣ ਦੀ ਜਾਨ ਬਚਾਈ ਹੈਸੀ। ਕਲਗੀ ਵਾਲੇ ਦੇ ਪੁੱਛਣ ਤੇ ਕਹਿਣ ਲੱਗਾ, ਸਾਈਆਂ ਤੇਰੀ ਪੜ੍ਹਾਈ ਹੈਸੀ। ਜਿਧਰ ਨਜ਼ਰ ਮਾਰਾਂ ਤੇਰਾ ਰੂਪ ਦਿਸੇ, ਹਰ ਤਰਫ਼ ਦਿਸੇ ਝਲਕਾਰ ਤੇਰਾ। ਸਾਈਆਂ ਨੀਝ ਲਾ ਡਿਠਾ 'ਮਸਕੀਨ' ਮੈ ਤਾਂ ਦੁਸ਼ਮਣ ਵਿੱਚ ਵੀ ਦਿਸੇ ਪਿਆਰ ਤੇਰਾ।
ਬਾਜਾਂ ਵਾਲੇ ਸਾਈਂ ਉੱਤੋਂ ਜਾਵਾਂ ਬਲਿਹਾਰ ਜੀ
ਘੋਰ ਯੁੱਧ ਵਿੱਚ ਪਿਆਰੇ ਬਚੜੇ ਕੁਹਾਕੇ ਹੱਥੀਂ ਤੋਰ ਚਮਕੌਰ ਆਏ ਦਸਮ ਅਵਤਾਰ ਜੀ ਰਾਤ ਦਾ ਸਮਾਂ ਠੰਡੀ ਰੁੱਤ ਸੀ ਸਿਆਲੇ ਵਾਲੀ ਥਾਈਂ-ਥਾਈਂ ਖੜੀ ਹੈਸੀ ਝਾੜੀਆਂ ਦੀ ਵਾੜ ਜੀ। ਜੰਗਲਾਂ ਉਜਾੜਾਂ ਦੀਆਂ ਜੂਹਾਂ ਵਿੱਚੋਂ ਹੁੰਦੇ ਹੋਏ ਪਹੁੰਚੇ ਮਾਛੀਵਾੜੇ ਦੀਆਂ ਜੂਹਾਂ ਵਿਚਕਾਰ ਜੀ ਕੋਮਲ ਸਰੀਰ ਸਾਰਾ ਥੱਕ ਕੇ ਸੀ ਚੂਰ ਹੋਇਆ, ਅੱਖਾਂ ਵਿੱਚ ਭਰ ਗਿਆ ਨੀਂਦ ਦਾ ਖੁਮਾਰ ਜੀ ਵੱਟ ਇੱਕ ਚੱਕ ਕੇ ਸਰਹਾਨੇ ਰੱਖੀ ਮਾਹੀ ਸੋਹਣੇ, ਲੇਟ ਗਏ ਜਿਮੀਂ ਉੱਤੇ ਲੱਤਾਂ ਨੂੰ ਪਸਾਰ ਜੀ ਅਰਸ਼ਾਂ ਦਾ ਸਾਈਂ ਸੋਹਣੀ ਸੇਜਾ ਉੱਤੇ ਸੌਣ ਵਾਲਾ, ਸੁੱਤਾ ਅੱਜ ਢੇਲਿਆਂ ਦੀ ਸੇਜਾ ਨੂੰ ਸਵਾਰ ਜੀ ਮਾਨ ਸਿੰਘ ਆਏ ਜਦੋਂ ਪਿਆਰੜੇ ਦੀ ਖੋਜ ਵਿੱਚ, ਡਿਠਾ ਜਦੋਂ ਏਸ ਹਾਲ ਮਾਹੀ ਦਾ ਦੀਦਾਰ ਜੀ ਤ੍ਰਿਪ-ਤ੍ਰਿਪ ਨੈਨਾਂ ਵਿੱਚੋਂ ਆਸੂਆਂ ਦੀ ਝੜੀ ਲੱਗੀ, ਚਰਨਾਂ ਤੇ ਢੱਠੇ ਅਤੇ ਕੈਂਹਦੇ ਇਹ ਪੁਕਾਰ ਜੀ ਵਾਰ ਸਰਬੰਸ ਸੁਤੋਂ ਕੇਹੜੇ ਹਾਲ ਪ੍ਰੀਤਮਾ ਵੇ, ਦੇਸ਼ ਅਤੇ ਕੌਮ ਲਈ ਆਪਾ ਦਿੱਤਾ ਵਾਰ ਜੀ ਭੁਲਸੀ ਨਾ ਕਦੀ 'ਮਸਕੀਨ' ਕੁਰਬਾਨੀ ਤੇਰੀ ਬਾਜਾਂ ਵਾਲੇ ਸਾਈਂ ਉੱਤੋਂ ਜਾਵਾਂ ਬਲਿਹਾਰ ਜੀ।
ਖਿਦਰਾਣੇ ਤੋਂ ਮੁਕਤਸਰ
ਬੈਠੇ ਟਿੱਬੀ ਤੇ ਵੇਖਿਆ ਸਤਿਗੁਰਾਂ ਨੇ ਮੁਗਲਾਂ ਨਾਲ ਕੋਈ ਜੰਗ ਮਚਾ ਰਿਹਾ ਸੀ। ਵਧਦਾ ਮੁਗਲ ਖਿਦਰਾਣੇ ਦੇ ਛੰਭ ਵੱਲ ਜੋ, ਉਸ ਨੂੰ ਮਾਰ ਕੇ ਪਿਛਾਂਹ ਹਟਾ ਰਿਹਾ ਸੀ। ਨੇੜੇ ਛੰਭ ਦੇ ਰਤਾ ਨਾ ਆਣ ਦੇਵੇ, ਅੱਗੋਂ ਤੀਰਾਂ ਦਾ ਮੀਂਹ ਵਰਾ ਰਿਹਾ ਸੀ। ਅੰਤਰਜਾਮੀ ਨੇ ਸਮਝ ਕੇ ਨੈਨ ਭਰ ਲਏ, ਨਕਸ਼ਾ ਵਿੱਛੀੜਆਂ ਦਾ ਅੱਗੇ ਆ ਰਿਹਾ ਸੀ। ਡਾਢਾ ਜੰਗ ਘਮਸਾਣ ਦਾ ਲੱਗਾ ਉੱਥੇ, ਬੀਰ ਖਾਲਸੇ ਨੇ ਮੱਥੇ ਡਾਹ ਦਿੱਤੇ। ਹੋਏ ਜੂਝ ਕੇ ਸਾਰੇ ਸ਼ਹੀਦ ਉੱਥੇ, ਸੀਸ ਕੌਮ ਦੇ ਉੱਤੋਂ ਘੁਮਾ ਦਿੱਤੇ। ਸੁੱਕੇ ਛੰਭ ਨੂੰ ਵੇਖਿਆ ਜਦੋਂ ਮੁਗਲਾਂ, ਦਿਲ ਸਾਰਿਆਂ ਦੇ ਹੀ ਰੁਆ ਦਿੱਤੇ। ਪਿਆਸ ਦੇ ਹੱਥੋਂ ਹੈਰਾਨ ਹੋ ਕੇ, ਮੂੰਹ ਫ਼ੌਜਾਂ ਦੇ ਪਿਛਾਂਹ ਘੁਮਾ ਦਿੱਤੇ। ਆਖਿਰ ਟਿੱਬੀ ਤੋਂ ਉਠਕੇ ਆਏ ਸਤਿਗੁਰ, ਨਜ਼ਰ ਪਿਆਰ ਦੀ ਸਿੰਘਾਂ ਤੇ ਪਾ ਰਹੇ ਨੇ । ਸੀਸ ਗੋਦੀ ਵਿਚ ਲੈ ਕੇ ਚੁੰਮਦੇ ਨੇ, ਨੀਰ ਨੈਣਾਂ ਦੇ ਵਿਚੋਂ ਵਹਾ ਰਹੇ ਨੇ । ਮੇਰਾ ਪੰਜ ਹਜ਼ਾਰੀ ਮੇਰਾ ਦੱਸ ਹਜ਼ਾਰੀ, ਆਖ ਆਖ ਕੇ ਗਲੇ ਲਗਾ ਰਹੇ ਨੇ । ਮੈਂ ਬਲਿਹਾਰ ਬਲਿਹਾਰ ਹਾਂ ਤੁਸਾਂ ਉੱਤੋਂ, ਇਕ ਇਕ ਦੇ ਤਾਈਂ ਫ਼ਰਮਾ ਰਹੇ ਨੇ । ਭਾਈ ਮਹਾਂ ਸਿੰਘ ਸਿਸਕਦੇ ਤਾਂਈ ਤੱਕ ਕੇ, ਲੈ ਕੇ ਗੋਦੀ ਦੇ ਵਿਚ ਫ਼ਰਮਾਉਂਦੇ ਨੇ । ਜੋ ਕੁੱਝ ਮੰਗਣਾ ਈ, ਲੈ ਹੁਣ ਮੰਗ ਸਿੱਖਾ, ਪਿਛਲੀਆਂ ਗੱਲਾਂ ਦੇ ਤਾਈਂ ਭੁਲਾ ਰਹੇ ਨੇ । ਟੁੱਟੀ ਗੰਢ ਦੇਵੋ, ਅੱਗੋਂ ਨੈਣ ਭਰ ਕੇ, ਭਾਈ ਮਹਾਂ ਸਿੰਘ ਪਿਆਰੇ ਅਲਾ ਰਹੇ ਨੇ । ਤੇਰੀ ਮਿਹਰ ਦੀ ਨਜ਼ਰ ਹੋ ਜਾਏ ਦਾਤਾ, ਬੇੜਾ ਪਾਰ ਹੋਸੀ ਇਹੋ ਸੁਣਾ ਰਹੇ ਨੇ । ਵਹਿੰਦੇ ਹੰਝੂਆਂ ਨਾਲ ਤਦ ਸਤਿਗੁਰਾਂ ਨੇ, ਕੱਢ ਬੇਦਾਵੇ ਦਾ ਕਾਗ਼ਜ਼ ਵਧਾ ਦਿੱਤਾ। ਧੰਨ ਸਿੱਖੀ ਕਹਿ ਕੇ ਫਿਰ ਫਾੜ ਦਿੱਤਾ, ਟੁੱਟੀ ਹੋਈ ਦੇ ਤਾਈਂ ਗੰਢਾ ਦਿੱਤਾ। ਪਿਆਰ ਨਾਲ ''ਮਸਕੀਨ' ਨੂੰ ਗਲੇ ਲਾਇਆ, ਆਪਣੀ ਗੋਦੀ ਦੇ ਵਿਚ ਸਮਾ ਦਿੱਤਾ। ਹੋਇਆ ਛੰਭ ਖਿਦਰਾਣੇ ਦਾ ਹੁਣ ਮੁਕਤਸਰ, ਮੀਂਹ ਮਿਹਰ ਦੀ ਨਜ਼ਰ ਦਾ ਪਾ ਦਿੱਤਾ।
ਮਾਛੀਵਾੜੇ ਦਾ ਦ੍ਰਿਸ਼
ਡਿਠਾ ਸੁਪਨੇ ਵਿੱਚ ਇੱਕ ਜੰਗਲ ਭਾਰਾ, ਫੈਲੀ ਕੰਢਿਆਂ ਦੀ ਦਿਸਦੀ ਵਾੜ ਕਿਧਰੇ ਵੇਲਾਂ ਜੰਗਲੀ ਦਿਸਦੀਆਂ ਸੱਪ ਵਾਂਗੂ, ਚੜ੍ਹੀਆਂ ਰੁੱਖਾਂ ਤੇ ਸੀ ਕੁੰਢਲ ਮਾਰ ਕਿਧਰੇ ਹਰੀਆਂ ਦੇਖ ਹਰਿਆਵਲਾਂ ਚੁਗਣੇ ਨੂੰ ਜਾਂਦੀ ਉਛਲਦੀ ਹਿਰਨਾ ਦੀ ਡਾਰ ਕਿਧਰੇ ਕਿਧਰੇ ਸ਼ੇਰ ਤੇ ਬਾਘ ਚੰਗਿਆੜਦੇ ਸੀ, ਫਿਰਦੀ ਲੂਮੜਾਂ ਦੀ ਸੀ ਕਤਾਰ ਕਿਧਰੇ ਸਾਰੇ ਜੰਗਲ ਨੂੰ ਵੇਖਦਾ ਇੱਕ ਥਾਂ ਤੇ, ਡਾਹਡਾ ਦਰਦਾ ਭਰਿਆ ਹੈ ਸਮਾਨ ਤੱਕਿਆ ਨੀਰ ਅੱਖੀਆਂ 'ਚੋਂ ਛਮ-ਛਮ ਵੈਹਣ ਲੱਗਾ, ਜਦੋਂ ਕੋਲ ਜਾ ਕੇ ਮੈਂ ਪਛਾਨ ਤੱਕਿਆ ਕਲਗੀ ਵਾਲੜਾ ਵਟਾ ਦੀ ਸੇਜ ਉੱਤੇ, ਪਿਆ ਨੀਂਦ ਦੇ ਵਿੱਚ ਗ਼ਲਤਾਨ ਤੱਕਿਆ ਨੰਗੇ ਪੈਰ ਸੀ ਜੁਤਿਓਂ ਬਿਨਾ ਦੋਵੇਂ, ਨਾਲ ਕੰਢਿਆਂ ਲਹੂ ਲੁਹਾਨ ਤੱਕਿਆ ਭਾਈ ਮਾਨ ਸਿੰਘ ਭਾਲਦੇ ਆਏ ਤੱਕਿਆ, ਕੈਂਹਦੇ ਭਾਰਤ ਦੇ ਚਾਨਣ ਮੁਨਾਰਿਆ ਵੇ ਛੱਡ ਮਖਮਲੀ, ਨਰਮ ਵਛੌਨਿਆਂ ਨੂੰ ਫਿਰੇ ਜੰਗਲਾਂ ਅੰਦਰ ਪਿਆਰਿਆ ਵੇ ਪਿਤਾ-ਪੁੱਤਰ, ਸਰਬੰਸ ਮਸਕੀਨ ਵਾਰੇ ਤਨ-ਮਨ ਸਭ ਦੇਸ਼ ਤੋਂ ਵਾਰਿਆ ਵੇ? ਕਦੀ ਭੁੱਲੇ ਨਾ, ਦੇਸ਼ ਪਿਆਰ ਤੇਰਾ ਸ਼ਾਨਦਾਰ ਭਾਰਤ ਦੇ ਮੁਨਾਰਿਆ ਵੇ
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ (ਸਾਕਾ ਸਰਹਿੰਦ)
ਪ੍ਰੀਤਮ ਦੀ ਗਲੀ ਉੱਤੋ ਜਿੰਦ ਨੂੰ ਘੁਮਾਵਨਾ ਘੋਰ ਯੁੱਧ ਮਚਿਆ ਸੀ ਜਦੋਂ ਚਮਕੌਰ ਵਿਚ, ਉਰੰਗੇਸ਼ਾਹ ਦਾ ਚੱਲ ਤੁਰਕਾਨ ਚੜ੍ਹ ਆਵਨਾ, ਉਦੋਂ ਮਾਤਾ ਗੁਜਰੀ ਜੀ ਨਾਲ ਲੈ ਦੁਲਾਰਿਆਂ ਨੂੰ, ਸਰਸਾ ਦੇ ਪਾਰ ਪਿੰਡ ਸੇਹੜੀ ਵਲ ਜਾਵਨਾ ਰੈਂਹਦਾ ਸੀ ਰਸੋਈਆਂ ਗੰਗੂ ਉਥੇ ਬਾਜਾਂ ਵਾਲੜੇ ਦਾ ਮਾਤਾ ਜੀ ਨੇ ਉਹਦੇ ਘਰ ਡੇਰਾ ਜਾ ਕੇ ਲਾਵਨਾ ਮੋਹਰਾਂ ਦੀ ਚੁਰਾਈ ਥੈਲੀ ਅਧੀ ਰਾਤ ਗੰਗੂ ਉਠ ਮਾਤਾ ਜੀ ਦੇ ਪੁਛਨੇ ਤੇ ਅਗੋਂ ਇਹ ਸੁਨਾਵਨਾ ਸ਼ਾਹੀ ਹੋ ਗ਼ਦਾਰ ਤੁਸੀਂ ਫਿਰ ਬੀ ਮੈ ਜਗ੍ਹਾ ਦਿਤੀ ਫੇਰ ਪਾਪੀ ਉਠ ਸਰਹੰਦ ਵਲ ਧਾਵਨਾ ਹਾਲ ਜਾ ਕੇ ਦਸਿਆ ਵਜੀਦ ਖਾਨ ਤਾਈਂ ਉਸ ਸੁਣਦੇ ਹੀ ਜ਼ਾਲਮਾਂ ਨੇ ਪਕੜ ਮੰਗਾਵਨਾ ਕਰਲੌ ਕਬੂਲ ਸਾਡਾ ਦੀਨ ਅਸਲਾਮ ਤੁਸੀਂ ਰਾਜਿਆਂ ਨਵਾਬਾਂ ਦਾ ਮੁਰਾਤਬਾ ਜੇ ਪਾਵਨਾ ਨਹੀਂ ਤਾਂ ਜੀਉਂਦੇ ਤੁਸਾਂ ਤਾਈਂ ਕੰਧਾਂ ਚਿ ਚੁਣਾਵਸਾਂ ਮੈਂ, ਨਿਕੇ ਜਹੇ ਮਸੂਮਾਂ ਨੂੰ ਵਜੀਦੇ ਨੇ ਅਲਾਵਨਾ ਕਰਨਾ ਕਬੂਲ ਨਹੀਂ, ਦੀਨ ਅਸਲਾਮ ਤੇਰਾ, ਫਤੇਹ, ਜੋਰਾਵਰ ਸਿੰਘ ਅਗੋਂ ਇਹ ਸੁਨਾਵਨਾ ਵਡਿਆਂ ਦੀ ਰੀਤ ਉਤੇ ਅਸੀਂ ਚਲੀ ਜਾਵਨਾ ਹੈ, ਪ੍ਰੀਤਮ ਦੀ ਗਲੀ ਉਤੋਂ ਜਿੰਦ ਨੂੰ ਘੁਮਾਵਨਾ ਜੀਉਂਦੇ ਸ਼ਹੀਦ ਹੋ ਕੇ ਦਸ ਦਿਤਾ ਦੁਨੀਆਂ ਨੂੰ ਸਿਖ ਹੋ ਕੇ ਸਿੱਖੀ ਤਾਈਂ ਕਿਵੇਂ ਹੈ ਨਿਭਾਵਨਾ ਕਰਕੇ ਦਖਾਇਆ ਮਸਕੀਨ ਸੰਸਾਰ ਤਾਈਂ ਦੇਸ਼ ਅਤੇ ਕੌਮ ਲਈ ਕਿਵੇਂ ਮਰ ਜਾਵਨਾ
ਪ੍ਰੀਤਮ ਦੀ ਗਲੀ ਉੱਤੋਂ ਕਿਵੇਂ ਸੀਸ ਵਾਰੀ ਦਾ
ਡੋਹਲਿਆ ਸੀ ਲਹੂ ਜਿਨੇ ਦੇਸ਼ ਦੀ ਅਜ਼ਾਦੀ ਲਈ ਪੁੱਟਿਆ ਸੀ ਬੂਟਾ ਜਿਹਨੇ ਜਾਬਰ ਕਿਆਰੀ ਦਾ ਤੋੜਿਆ ਘੁਮੰਢ ਦਾ ਸਮੇਰ ਫੇਰ ਅੱਖ ਦੇ 'ਚ' ਢਾਇਆ ਸੀ ਮਕਾਨ ਜਿਨੇ ਪਾਪ ਦੀ ਉਸਾਰੀ ਦਾ ਆਇਆ ਸੀ ਉਹ ਪਿਆਰਾ ਦਸਮੇਸ਼ ਅੱਜ ਜਗ ਉੱਤੇ ਦੱਸਿਆ ਸੀ ਜਿਨੇ ਕਿਵੇਂ ਜਿੰਦ ਤਾਈਂ ਵਾਰੀ ਦਾ ਸਾਰਾ ਸਰਬੰਸ ਕੁਰਬਾਨ ਕਰ ਦੇਸ਼ ਉੱਤੋਂ ਫੇਰ ਆਪ ਦਸਿਆ ਕਿ ਆਪਾ ਕਿਵੇਂ ਵਾਰੀ ਦਾ ਖ਼ਾਲਸਾ ਸਜਾਇਆ ਅਤੇ ਮਰਨਾ ਸਿਖਾਇਆ ਫੇਰ ਦੱਸਿਆ ਕਿ ਸੀਸ ਕਿਵੇਂ ਦੇਸ਼ ਤੋਂ ਨਸਾਰੀ ਦਾ ਰਾਜ ਦੇ ਨਸ਼ੇ 'ਚ' ਅੰਨੀ ਹੋਈ ਵੀ ਹਕੂਮਤ ਦਾ ਲ੍ਹਾਇਆ ਅੱਖਾਂ ਅੱਗੋਂ ਪਿਆ ਪਰਦਾ ਖੁਮਾਰੀ ਦਾ ਦੇਸ਼ ਕੌਮ ਨੂੰ ਬਚਾਇਆ ਪਾਪੀ ਰਾਜ ਨੂੰ ਮੁਕਾਇਆ ਵੱਡੇ-ਵੱਡੇ ਜਾਲਮਾਂ ਦੇ ਦਿਲਾਂ ਤਾਈ ਹਾਰ ਦੇ ਕੇ ਦਸਿਆ ਕਿ ਬਾਜ ਕਿਵੇਂ ਚਿੜੀਆਂ ਤੋਂ ਮਾਰੀ ਦਾ ਦੱਸ ਬੀਰ ਖ਼ਾਲਸਾ ਕੀ ਹੋਇਆ ਤੇਰੀ ਭਗਤੀ ਨੂੰ ਕਿੱਥੇ ਗਿਆ ਜੋਸ਼ ਤੇਰਾ ਦੇਸ਼ ਦੀ ਖੁਮਾਰੀ ਦਾ ਜਾਲਮਾਂ ਨੂੰ ਡੰਡ ਦੇਣਾ ਪਾਪੀਆਂ ਨੂੰ ਫੰਡ ਦੇਣਾ ਗਜ ਕੇ ਮੈਦਾਨ ਵਿੱਚ ਦੁਸ਼ਟਾਂ ਨੂੰ ਮਾਰੀ ਦਾ ਉਠ ਕੇ ਝੰਜੋੜ ਮੁੜ ਫੇਰ ਬੀਰ ਖਾਲਸੇ ਨੂੰ ਤੂੰ ਹੀ ਹੈ ਬਚਾਣਾ ਮਾਣ ਭਾਰਤ ਪਿਆਰੀ ਦਾ ਮਾਰ ਕੇ ਜੈਕਾਰੇ ਦੱਸ ਕੁੱਦ ਕੇ ਮੈਦਾਨ ਵਿੱਚ ਪ੍ਰੀਤਮ ਦੀ ਗਲੀ ਉੱਤੋਂ ਕਿਵੇਂ ਸੀਸ ਵਾਰੀ ਦਾ
ਦੇਸ਼ ਕੌਮ ਤੋਂ ਜਿੰਦੜੀ ਨਸਾਰ ਕਰਨੀ
ਕੈਰੋਂ ਪਾਂਡਵਾਂ ਦੇ ਘੋਰ ਯੁਧ ਅੰਦਰ ਸ੍ਰੀ ਕ੍ਰਿਸ਼ਨ ਨੇ ਕੀਤੀ ਸੀ ਬਹੁਤ ਕਰਨੀ, ਬਚਨ ਪਿਤਾ ਦਾ ਸੀਤਾ ਦੇ ਪ੍ਰੇਮ ਅੰਦਰ ਰਾਮ ਰਾਜ ਲਈ ਕੀਤੀ ਬਹੁਤ ਕਰਨੀ। ਪੱਟੀ ਅੱਖਾਂ ਤੇ ਬੰਨਕੇ ਪੁਤਰ ਭੇਟਾ, ਇਬਰਾਹੀਮ ਨੇ ਕੀਤੀ ਸੀ ਬਹੁਤ ਕਰਨੀ, ਕਿਸੇ ਮੁਕਤ ਲਈ ਕਿਸੇ ਨੇ ਪ੍ਰੇਮ ਖਾਤਿਰ ਕੀਤੀ ਰਾਜ ਦੇ ਲਈ ਸੀ ਬਹੁਤ ਕਰਨੀ। ਪਿਤਾ ਪੁਤਰ ਸਰਬੰਸ ਦੀ ਭੇਟ ਡਾਹਡੀ, ਹਥੀਂ ਆਪਣੇ ਆਪ ਸਰਸਾਰ ਕਰਨੀ, ਦਿਸੇ ਕੋਈ ਨਾ ਸ੍ਰੀ ਦਸ਼ਮੇਸ਼ ਬਾਝੋਂ ਦੇਸ਼ ਕੌਮ ਤੋਂ ਜਿੰਦੜੀ ਨਸਾਰ ਕਰਨੀ। ਨੰਗੀ ਤੇਜ਼ ਤਲਵਾਰ ਦੀ ਧਾਰ ਹੇਠੋਂ ਅੰਮ੍ਰਿਤ ਪਾਨ ਕਰ ਨਿਕਲੇ ਜਵਾਨ ਸੋਹਣੇ, ਰੰਗਣ ਦੇਸ਼ ਦੀ ਸੇਵਾ ਦੀ ਚੜੀ ਹੋਈ ਸੀ, ਸੀਸ ਤਲੀ ਧਰ ਫਿਰਨ ਬਲਵਾਨ ਸੋਹਣੇ। ਦੁਖੀ ਦੀਨਾ ਦਾ ਦਰਦ ਵੰਡਾਨ ਸਾਰੇ, ਹੇਠਾਂ ਡਿਗਿਆਂ ਤਾਈ ਉਠਾਨ ਸੋਹਣੇ, ਝਲਦੇ ਕਸ਼ਟ ਨੇ ਲਖਾਂ ਸਰੀਰ ਉਤੇ ਸਿਦਕਵਾਨ ਨਿਕਲੇ ਸਿਦਕਵਾਨ ਸੋਹਣੇ। ਪੈਦਾ ਕੀਤੇ ਇਨਸਾਨ ਕੁਰਬਾਨੀ ਖਾਤਿਰ ਇਹ ਹੈ ਤੇਰੀ ਹੀ ਮਾਹੀ ਸਰਸ਼ਾਰ ਕਰਨੀ, ਐਸਾ ਦਿਲਾਂ ਅੰਦਰ ਦੇਸ਼ ਪ੍ਰੇਮ ਭਰਿਆ ਦੇਸ਼ ਕੌਮ ਲਈ ਜਿੰਦੜੀ ਨਸਾਰ ਕਰਨੀ। ਲਿਖਕੇ ਦੇ ਆਏ, ਤੇਰੇ ਸਿਖ ਨਹੀਂ ਹਾਂ ਐਪਰ ਸੁਰਤ ਉਸ ਪ੍ਰੇਮ ਵਿਚ ਅੜੀ ਹੋਈ ਸੀ, ਆਏ ਘਰਾਂ ਨੂੰ ਫੇਰ ਵੀ ਸਿਰਾਂ ਉਤੇ ਰੰਗਣ ਦੇਸ਼ ਦੀ ਸੇਵਾ ਦੀ ਚੜੀ ਹੋਈ ਸੀ। ਮਾਈ ਭਾਗੋ ਦੀ ਚੋਭ, ਤੜਫਾ ਦਿਤਾ, ਪ੍ਰੇਮ ਲੈਹਰ ਜੇਹੜੀ ਖੜੀ ਹੋਈ ਸੀ, ਉਠ ਨਠੇ, ਸ਼ਹੀਦੀ ਦੀ ਚਾ ਅੰਦਰ ਸੁਰਤ ਸੋਹਣੇ ਦੀਦਾਰ ਵਿਚ ਗੜੀ ਹੋਈ ਸੀ। ਐਸੀ ਸਾਕੀ ਪਲਾਈ ਸ਼ਰਾਬ ਸੋਹਣੀ, ਪੀ ਕੇ ਮਰ ਗਏ ਮਾਰਕੇ ਮਾਰ ਮਰਨੀ, ਭੁਲਿਆ ਸਬਕ ਸ਼ਹੀਦੀ ਦਾ ਯਾਦ ਆਇਆ ਦੇਸ਼ ਕੌਮ ਲਈ ਜਿੰਦੜੀ ਨਸਾਰ ਕਰਨੀ। ਭਾਰਤ ਵਰਸ਼ ਦੇ ਚਾਨਣ ਮੁਨਾਰਿਆ ਵੇ ਤੇਰੇ ਤੀਰ ਜਦ ਚੜ੍ਹਦੇ ਕਮਾਨ ਅੰਦਰ, ਭਾਵੇ ਮੌਤ ਦੇ ਦਿਸਨ ਜਮਦੂਤ ਐਪਰ, ਲੈ ਕੇ ਜਾਨ ਪਾਂਦੇ ਸੋਹਣੀ ਜਾਨ ਅੰਦਰ ਮਰਨ ਫਿਰ ਵੀ ਮਰਨ ਲਈ ਆਵਣ ਹਸਰਤ ਦਿਲਾਂ ਵਿਚ ਇਹੋ ਲੈ ਜਾਨ ਅੰਦਰ, ਮੁਕਤ ਰਾਜ ਨਹੀਂ ਲੋੜ ਇਕ ਵਾਰ ਮੁੜਕੇ ਸੋਹਣੇ ਆਣ ਕੇ ਵਜਨ ਉਹ ਬਾਨ ਅੰਦਰ ਮਾਰਨ ਕਈ ਐਪਰ ਮਰਨ ਲਈ ਤਰਸਨ, ਤੇਰੀ ਸੋਹਣੀ ਦੋਨਾਲੀ ਦੀ ਮਾਰ ਮਰਨੀ, ਐਸੀ ਲਗਨ ਮਸਕੀਨ ਹੈਲਾਈ ਅੰਦਰ, ਦੇਸ਼ ਕੌਮ ਲਈ ਜਿੰਦੜੀ ਨਸਾਰ ਕਰਨੀ।
ਆਸ਼ਕ ਵਤਨ ਦੇ ਗੋਲੀਆਂ ਖਾਨ ਕਿਉਂ ਨਾ
ਨਾਮ ਸਦਾ ਰੈਂਹਦਾ ਜਗ ਦੇ ਵਿਚ ਉਸਦਾ ਜੇਹੜਾ ਦੇਸ ਤੇ ਉਤੋਂ ਕੁਰਬਾਨ ਹੋਵੇ, ਬੁਲਬੁਲ ਚੈਹਕਦੀ ਬਾਗ ਦੇ ਵਿਚ ਜਿਵੇਂ, ਭੌਰਾ ਫੁਲਾਂ ਦੇ ਉਤੋਂ ਕੁਰਬਾਨ ਹੋਵੇ। ਆਸ਼ਕ ਵਤਨ ਦੇ ਚੜ੍ਹਦੇ ਇਵੇਂ ਸੂਲੀ, ਜਿਵੇਂ ਸਿਆਣਿਆਂ ਦਾ ਫਰਮਾਨ ਹੋਵੇ, ਕਦੀ ਰੁਕਦੇ ਨਹੀਂ ਪਤੰਗ ਸੁਣਕੇ, ਜਲਦਾ ਪਿਆ ਜਦੋ ਸ਼ਮਾਦਾਨ ਹੋਵੇ। ਚੰਨ ਅਤੇ ਚਕੋਰ ਦੀ ਪ੍ਰੀਤ ਸੋਹਣੀ ਮੋਰ ਵੇਖ ਬਦਲ ਪੈਲਾਂ ਪਾਣ ਕਿਉਂ ਨਾ, ਹੁੰਦੀ ਵਤਨ ਦੀ ਡਾਹਢੀ ਤੋਹੀਨ ਤਕਦੇ, ਆਸ਼ਕ ਵਤਨ ਦੇ ਗੋਲੀਆਂ ਖਾਨ ਕਿਉਂ ਨਾ। ਬਾਗ ਮੈਹਕਦਾ ਤੇ ਖਿੜੇ ਫੁਲ ਹੋਵਣ, ਕਿਉਂ ਨਾ ਵੇਖ ਬੁਲਬੁਲ ਗਾਵੇ ਗੀਤ ਸੋਹਣੇ, ਭੌਰੇ ਵੇਖ ਖੁਸ਼ਬੂ ਗੁਲਾਬ ਸੰਦੀ ਕਿਉਂ ਨਾ ਮਸਤ ਹੋ ਕੇ ਲਾਵਨ ਪ੍ਰੀਤ ਸੋਹਣੇ। ਆਸ਼ਕ ਵਤਨ ਦੇ ਵਤਨ ਤੋਂ ਵਾਰ ਜਿੰਦੜੀ ਕਿਉਂ ਨਾ ਪ੍ਰੀਤ ਲਾਕੇ ਗਾਵਨ ਗੀਤ ਸੋਹਣੇ, ਦੇਸ਼ ਕੌਮ ਤੋਂ ਹਸ ਕੇ ਸ਼ਹੀਦ ਹੁੰਦੇ ਪਿਆਰੇ ਦੇਸ਼ ਦੇ ਬੀਰ ਜਗਜੀਤ ਸੋਹਣੇ। ਜਲਦਾ ਦੇਸ਼ ਗੁਲਾਮੀ ਦੀ ਜੇਹਲ ਅੰਦਰ ਪਿਆਰਾ ਦੇਸ਼ ਆਜ਼ਾਦ ਕਰਾਣ ਕਿਉਂ ਨਾ, ਹਿੰਦੀ ਹਿੰਦ ਦੀ ਲਾਜ ਬਚਾਵਣ ਕਿਉਂ ਨਾ ਆਸ਼ਕ ਵਤਨ ਦੇ ਗੋਲੀਆਂ ਖਾਨ ਕਿਉਂ ਨਾ। ਵਡੇ ਵਡੇ ਅਮੀਰ ਫ਼ਕੀਰ ਹੋ ਗਏ, ਕਈ ਸੁਤੇ ਜਾ ਅਜ ਸ਼ਮਸ਼ਾਨ ਅੰਦਰ, ਦੁਖੀ ਦੇਸ਼ ਦਾ ਦਰਦ ਵੰਡਾਣ ਵਾਲੇ, ਫੜਕੇ ਬੰਦ ਕਰ ਦਿਤੇ ਜਿੰਦਾਨ ਅੰਦਰ। ਜਿਸਨੇ ਕਿਹਾ ਆਜ਼ਾਦੀ ਦੇ ਨਾਉਂ ਉਤੋਂ, ਮੁਰਦਾ ਹਿੰਦ ਦੇ ਪਾ ਦਿਓ ਜਾਨ ਅੰਦਰ, ਉਹ ਅਜ ਦੇਸ਼ ਤੋਂ ਦਰ ਬਦਰ ਭਟਕਦੇ ਨੇ ਬਾਲ ਬਚੇ ਰੁਲਦੇ ਹਿੰਦੁਸਤਾਨ ਅੰਦਰ। ਭਾਰਤ ਵਰਸ਼ ਦੇ ਸਚੇ ਸਪੂਤੇ ਪਿਆਰੇ ਪਿਆਰੇ ਦੇਸ਼ ਦੀ ਆਨ ਬਚਾਨ ਕਿਉਂ ਨਾ, ਹੁੰਦੀ ਵੇਖ ਤੋਹੀਨ ਮਸਕੀਨ ਡਾਹਡੀ ਆਸ਼ਕ ਵਤਨ ਦੇ ਗੋਲੀਆਂ ਖਾਨ ਕਿਉਂ ਨਾ।
ਭਿੱਛਿਆ ਮੰਗੇ ਦਰ ਦਰ ਫਕੀਰ ਹੋ ਕੇ
ਪ੍ਰੇਮ ਵਤਨ ਸਦਾ ਜਿਨ੍ਹਾਂ ਵੀਰਨਾ ਦੇ, ਲੱਗਾ ਵਿੱਚ ਕਲੇਜੜੇ ਤੀਰ ਹੋ ਕੇ ਵਤਨ ਪਿਆਰਦੇ ਨੇ, ਹੱਥ ਪੈਰ ਜਕੜੇ ਜਿਨ੍ਹਾਂ ਸੂਰਿਆਂ ਸੱਦੇ ਜੰਜੀਰ ਹੋ ਕੇ ਬ੍ਰਿਹੋ ਵਤਨ ਦੀ ਨੇ ਜਿਨ੍ਹਾਂ ਯੋਧਿਆਂ ਦੇ ਲਾਹ ਧੜਾਂ ਤੋਂ ਸੀਸ ਸ਼ਮਸ਼ੀਰ ਹੋ ਕੇ ਛੱਡ ਮਖ਼ਮਲੀ ਨਰਮ ਵਿਛੌਨਿਆਂ ਨੂੰ ਭਿੱਛਿਆ ਮੰਗਦੇ ਦਰ ਦਰ ਫਕੀਰ ਹੋ ਕੇ ਪ੍ਰੇਮ ਵਤਨ ਨੂੰ ਵਤਨ ਵਿੱਚ ਵੇਖ ਬੱਧਾ, ਦੇਸ਼ ਯੁੱਧ ਵਿੱਚ ਗਜਨ ਰੰਧੀਰ ਹੋ ਕੇ ਖਾਣ ਗੋਲੀਆਂ ਨੂੰ ਚੜ੍ਹਨ ਫਾਸੀਆਂ ਤੇ ਕਟਦੇ ਦਿਨ ਹਨ ਬੇਕਸ ਅਸੀਰ ਹੋ ਕੇ ਝਲਦੇ ਕਸ਼ਟ ਨੇ ਲੱਖਾਂ ਸਰੀਰ ਉੱਤੇ, ਮਾਲਕ ਲੱਖਾਂ ਦੇ ਵੱਡੇ ਅਮੀਰ ਹੋ ਕੇ ਸੇਵਾ ਦੇਸ਼ ਦੀ ਕਰਨ 'ਮਸਕੀਨ' ਨਿਕਲੇ, ਭਿੱਛਿਆ ਮੰਗਦੇ ਦਰ ਦਰ ਫਕੀਰ ਹੋ ਕੇ।
ਭਾਰਤ ਨੂੰ ਕਲਗੀ ਵਾਲੇ, ਗੁਰੂ ਨੇ ਬਚਾਇਆ
ਭਾਰਤ ਨੂੰ ਕਲਗੀ ਵਾਲੇ, ਗੁਰੂ ਨੇ ਬਚਾਇਆ, ਡੁਬਦੀ ਸੀ ਬੇੜੀ ਹਿੰਦ ਦੀ ਨੂੰ ਪਾਰ ਲਾਇਆ ਚਾਰੇ ਤਰਫ਼ ਅੰਧੇਰਾ ਪਾਪਾਂ ਦਾ ਫੈਲਿਆ ਸੀ, ਔਰੰਗੇ ਸ਼ਾਹੀ ਕੈਹਰ ਸੀ ਭਾਰਤ ਤੇ ਢਾਇਆ। ਬੁੱਢੇ ਜਵਾਨ ਬਚੇ ਫੜ ਫੜ ਕੇ ਕੈਦ ਕੀਤੇ, ਜੰਝੂ ਉਤਾਰ ਹਿੰਦੂ ਤੋਂ ਮੁਸਲਿਮ ਬਨਾਇਆ। ਕਨਿਆ ਕਵਾਰੀਆਂ ਨੂੰ ਜ਼ਾਲਮ ਤੇ ਜਾਬਰਾਂ ਨੇ, ਮਾਂ-ਬਾਪ ਤੋਂ ਵਛੋੜਕੇ ਡਾਹਡਾ ਸਤਾਇਆ। ਹੋਈ ਪੁਕਾਰ ਸਾਰੇ, ਹਿੰਦੁਸਤਾਨ ਅੰਦਰ, ਘਰ ਘਰ ਚ ਈਸ਼ਵਰ ਨੂੰ ਰੋ ਰੋ ਅਲਾਇਆ। ਸੁਣਕੇ ਪੁਕਾਰ ਪਿਆਰੇ ਦਸਵੇਂ ਗੁਰੂ ਗੋਬਿੰਦ ਸਿੰਘ, ਅਵਤਾਰ ਧਾਰ ਪਟਨੇ ਵਿਚ ਅਜ ਦਿਨ ਸੀ ਆਇਆ। ਪਾਪੀ ਅਨਿਆਈ ਜ਼ਾਲਮ ਚੁਣ ਚੁਣ ਕੇ ਮਾਰੇ ਸਾਰੇ, ਮੁਗਲਾਨੀ ਰਾਜ ਮਿਟੀ ਅੰਦਰ ਮਿਲਾਇਆ। ਦਸ਼ਮੇਸ਼ ਜੀ ਪਿਆਰੇ ਭਾਰਤ ਦੇ ਐਹ ਦੁਲਾਰੇ, ਡੁਬਦੀ ਸੀ ਬੇੜੀ ਹਿੰਦ ਦੀ ਨੂੰ ਪਾਰ ਲਾਇਆ। ਸਾਰੇ ਭਾਰਤ ਵਰਸ਼ ਨੇ ਮਸਕੀਨ ਹੈ ਪੁਕਾਰੀ, ਭਾਰਤ ਨੂੰ ਕਲਗੀ ਵਾਲੇ ਗੁਰੂ ਨੇ ਬਚਾਇਆ।
ਬੰਦਾ ਬਹਾਦਰ ਸਿੰਘ
ਬੈਠੇ ਪਲੰਗ ਤੇ ਵੇਖਕੇ ਸਤਿਗੁਰਾਂ ਨੂੰ ਮਾਧੋ ਦਾਸ ਕਚੀਚੀਆਂ ਖਾਣ ਲਗਾ, ਲਗਾ ਤਾਕਤ ਦੇ ਜੌਹਰ ਅਜ਼ਮਾਨ ਆਪਣੇ ਚੋਜੀ ਪਿਤਾ ਨੂੰ ਰੋਹਬ ਦਖਲਾਨ ਲਗਾ। ਅਖਾਂ ਮਿਲੀਆਂ ਪੈ ਗਈ ਠੰਡ ਅੰਦਰ ਨੂਰੀ ਪ੍ਰੇਮ ਦਾ ਆਣ ਜਦ ਬਾਣ ਲਗਾ, ਰੋਮ ਰੋਮ ਅੰਦਰ ਧਸਿਆ ਪ੍ਰੇਮ ਆ ਕੇ ਛੋਹ ਚਰਨਾਂ ਦੀ ਨਾਲ ਜਦ ਆਣ ਲਗਾ। ਪਕੜ ਬਾਹਵਾਂ ਤੋਂ ਗੁਰਾਂ ਉਠਾ ਲੀਤਾ ਪੁਛਿਆ ਨਾਮ ਕੀ ਹੈ ਭਾਈ ਬੀਰ ਤੇਰਾ, ਚੇਹਰਾ ਦਿਸਦਾ ਬੀਰਾਂ ਦੇ ਵਾਂਗ ਤੇਰਾ ਐਪਰ ਬਾਣਾ ਹੈ ਵਾਂਗੂੰ ਫ਼ਕੀਰ ਤੇਰਾ। ਕੈਂਹਦਾ ਪ੍ਰੇਮ ਦੇ ਦਾਤਿਆ ਜਦੋਂ ਦਾ ਹੈ, ਨੂਰੀ ਦਰਸ਼ਨਾਂ ਦਾ ਵਜਾ ਤੀਰ ਤੇਰਾ, ਮਾਧੋ ਦਾਸ ਮਹੰਤ ਸਦਾਵੰਦਾ ਸਾਂ, ਐਪਰ ਬਣਿਆ ਹਾਂ ਬੰਦਾ ਹਕੀਰ ਤੇਰਾ। ਲਾਇਆ ਹਿੱਕ ਦੇ ਨਾਲ ਤਦ ਸਤਿਗੁਰਾਂ ਨੇ ਸਬਕ ਦੇਸ਼ ਦੀ ਸੇਵਾ ਦਾ ਆਨ ਦਿਤਾ, ਬੀਰ ਖਾਲਸਾ ਫੇਰ ਸਜਾ ਕੇ ਤੇ, ਜਥੇਦਾਰੀ ਦਾ ਸੋਹਣਾ ਸਨਮਾਨ ਦਿਤਾ। ਪੰਜ ਤੀਰ ਦੇ ਕੇ ਨਾਲ ਖਾਲਸੇ ਦੇ ਸੋਹਣਾ ਨਾਲ ਕਿਰਪਾਨ ਦਾ ਮਾਨ ਦਿਤਾ, ਫੇਰ ਭੇਜਿਆ, ਆਪ ਪੰਜਾਬ ਅੰਦਰ, ਕਰੋ ਜੁਲਮਾਂ ਦਾ ਨਾਸ਼ ਫਰਮਾਨ ਦਿਤਾ। ਆਇਆ ਬੰਦਾ ਜੀ ਸਿੰਘ ਪੰਜਾਬ ਅੰਦਰ, ਐਸਾ ਜਾਲਮਾਂ ਦਾ ਆ ਕੇ ਨਾਸ਼ ਕੀਤਾ, ਹੁੰਦਾ ਕੈਹਰ ਸੀ ਜੇਹੜਾ ਬੇਦੋਸਿਆਂ ਤੇ ਉਹ ਸੀ ਆਣ ਉਸਨੇ ਪਾਸ਼ ਪਾਸ਼ ਕੀਤਾ। ਮਾਰੀ ਇਟ ਸਰਹੰਦ ਦੀ ਇਟ ਕਰਕੇ ਸੁਚਾ ਨੰਦ, ਵਜੀਦੇ ਦਾ ਨਾਸ਼ ਕੀਤਾ, ਝੰਡਾ ਖਾਲਸਈ ਸ਼ਾਨ ਦਾ ਗੱਡ ਦਿਤਾ ਸੋਹਣਾ ਸਿਖੀ ਦਾ ਆਣ ਪ੍ਰਕਾਸ਼ ਕੀਤਾ। ਕਿਉਂ ਨਾ ਮਾਣ ਕਰੀਏ ਦੇਸ਼ ਪਿਆਰੜੇ ਤੇ ਜਿਨ੍ਹੇ ਕੌਮ ਦੀ ਆਣ ਬਚਾਈ ਹੈਸੀ, ਤਨ ਮਨ ਸਬ ਦੇਸ਼ ਦੀ ਭੇਟ ਕੀਤਾ ਜਿੰਦ ਦੇਸ਼ ਦੇ ਉਤੋਂ ਘੁਮਾਈ ਹੈਸੀ। ਕਢ ਕੇ ਹਿੰਦੂ ਕਸਾਈਆਂ ਦੇ ਪੰਜੇ ਵਿਚੋਂ ਮੁਰਦਾ ਦਿਲਾਂ ਅੰਦਰ ਜਾਨ ਪਾਈ ਹੈਸੀ, ਰੈਹਸੀ ਚਮਕਦਾ ਸਿੱਖੀ ਇਤਿਹਾਸ ਅੰਦਰ ਸੇਵਾ ਜੇਹੜੀ 'ਮਸਕੀਨ' ਕਮਾਈ ਹੈਸੀ।
ਚਿੜੀ ਸੇ ਬਾਜ਼ ਤੁੜਵਾਨੇ ਗੁਰੂ ਗੋਬਿੰਦ ਸਿੰਘ ਆਜਾ
ਬਨਾਇਆ ਸ਼ੇਰ ਗੀਦੜ ਸੇ ਪਿਲਾ ਅੰਮ੍ਰਿਤ ਪਿਆਰਾ ਤੂੰ, ਵੁਹੀ ਅੰਮ੍ਰਿਤ ਪਿਲਾਨੇ ਕੋ ਗੁਰੂ ਗੋਬਿੰਦ ਸਿੰਘ ਆਜਾ। ਲੀਏ ਥੇ ਸੀਸ ਭੇਟਾ, ਕੇਸਗੜ ਮੈ ਜਿਸ ਤਰ੍ਹਾਂ ਸਤਿਗੁਰ, ਨਜ਼ਾਰਾ ਫਿਰ ਵੋਹ ਦਖਲਾਨੇ, ਗੁਰੂ ਗੋਬਿੰਦ ਸਿੰਘ ਆਜਾ। ਭਗਾਏ ਮਸਤ ਹਾਥੀ, ਪੀ ਕੇ ਅੰਮ੍ਰਿਤ ਸਤਿਗੁਰ ਤੇਰਾ, ਲਗਾਨੇ ਥਾਪੀਆਂ ਫਿਰ ਸੇ ਗੁਰੂ ਗੋਬਿੰਦ ਸਿੰਘ ਆਜਾ। ਕੀਏ ਲਖ਼ਤੇ ਜਿਗਰ ਕੁਰਬਾਨ ਪਿਆਰੇ ਦੇਸ਼ ਕੀ ਖਾਤਿਰ, ਮੇਰੇ ਬਲਬੀਰ ਪਿਆਰੇ ਸਤਿਗੁਰੂ ਗੋਬਿੰਦ ਸਿੰਘ ਆਜਾ। ਵੋਹ ਆਂਸੂ ਡਬਡੱਬਾ ਕਰ ਫਿਰ ਸੇ ਦੇਨਾ ਫਾੜ ਬੇਦਾਵਾ, ਵੋਹ ਟੁਟੀ ਗੰਢਨੇ ਦੇਨੇ ਕੋ ਵਾਲੇ ਗੁਰੂ ਗੋਬਿੰਦ ਸਿੰਘ ਆਜਾ। ਉਠਾ ਕਰ ਗੋਦ ਮੈ ਕੈਹਨਾ ਯੇ ਮੇਰਾ ਪੰਜ ਹਜ਼ਾਰੀ ਹੈ, ਮੁਕਤਸਰ ਮੁਕਤ ਕਰਨੇ ਕੋ ਗੁਰੂ ਗੋਬਿੰਦ ਸਿੰਘ ਆਜਾ। ਜਿਧਰ ਉਠਤੀ ਨਿਗਾਹੇ ਮੇਹਰ ਉਸਕੋ ਤਾਰ ਦੇਤੇ ਥੇ, ਰੂਹਾਨੀ ਝਲਕ ਦਿਖਲਾਨੇ ਗੁਰੂ ਗੋਬਿੰਦ ਸਿੰਘ ਆਜਾ। ਨਿਗਾਹੇ ਮੇਹਰ ਸੇ ਮਸਕੀਨ ਕੋ ਦੇਹ ਤਾਰ ਸਤਿਗੁਰ ਜੀ, ਚਿੜੀ ਸੇ ਬਾਜ਼ ਤੁੜਵਾਨੇ ਗੁਰੂ ਗੋਬਿੰਦ ਸਿੰਘ ਆਜਾ।
ਖ਼ਾਲਸੇ ਦਾ ਜਨਮ ਵਿਸਾਖੀ
ਸਜਿਆ ਦੀਵਾਨ ਸ੍ਰੀ ਕੇਸਗੜ੍ਹ ਸੰਗਤਾਂ ਦਾ ਪਲੋ ਪਲੀ ਜਗ੍ਹਾ ਸਾਰੀ ਸੰਗਤਾਂ ਨੇ ਮੱਲੀ ਜੀ ਖਿੜਿਆ ਰਵੇਲ ਚੰਬਾ ਸੋਸਨ ਗੁਲਾਬ ਸੋਹਣਾ ਬੰਦ ਮੂੰਹਾਂ ਵਾਲਿਆਂ ਦੀ ਖਿੜੀ ਕਲੀ ਕਲੀ ਜੀ ਆਸਾ ਜੀ ਦੀ ਵਾਰ ਮਿੱਠੀ ਧੁਨ ਵਿੱਚ ਰਾਗੀਆਂ ਨੇ ਗਾਈ ਰਸਭਿੰਨੀ ਲੱਗੇ ਦਿਲ ਤਾਈਂ ਭਲੀ ਜੀ ਵਾਜਿਆਂ ਸਤਾਰਾਂ ਤੇ ਸੁਰਗੀ ਤਨਕ ਤਨਕ ਦੇਵੇ ਬੇਲੇ ਦੀ ਅਵਾਜ਼ ਸੋਹਣੀ ਜੋੜੀ ਨਾਲ ਰਲੀ ਜੀ ਭੋਗ ਪਿਆ, ਕੱਢੀ ਕਿਰਪਾਨ ਸੀ ਮਿਆਨ ਵਿੱਚੋਂ ਹਿਲ ਗਏ ਦਿਲ ਜਦੋਂ ਹਵਾ ਵਿੱਚ ਹਲੀ ਜੀ ਸ਼ੇਰ ਵਾਂਗੂ ਗਜ ਕੇ ਪੁਕਾਰਦੇ ਗੋਬਿੰਦ ਸਿੰਘ ਚਾਹੀਦੇ ਹੈਂ ਸਾਨੂੰ ਅਜੀ ਸੀਸ ਕੁਝ ਬਲੀ ਜੀ ਆਸ਼ਕਾਂ ਹਕਕਿੀਆਂ ਦੇ ਨਿਤਰੋ ਮੈਦਾਨ ਵਿੱਚ ਕਚੇ ਘੜੇ ਉੱਤੇ ਬੈਠ ਸੋਹਣੀ ਜਿਵੇਂ ਠਿੱਲੀ ਜੀ ਜੀਵਣਾ ਤਿਆਗ ਕੇ ਤੇ ਮਰਨਾ ਕਬੂਲ ਕਰ ਸੀਸ ਧਰ ਤਲੀ ਆਵੋ ਪ੍ਰੀਤਮ ਦੀ ਗਲੀ ਜੀ ਸੀਸ ਧਰ ਤਲੀ ਉੱਤੇ ਨਿੱਤਰੇ ਮੈਦਾਨ ਵਿੱਚ ਦੇਣ ਲੱਗੇ ਸੀਸ ਭੇਂਟ ਵਾਰੀ ਵਾਰੀ ਚਲੀ ਜੀ। ਲਹੂ ਦੇ ਗੁਲਾਲ ਨਾਲ ਹੋਲੀ ਅੱਜ ਹੋਣ ਲੱਗੀ ਲੈ ਕੇ ਕ੍ਰਿਪਾਨ ਖੜੇ ਬਾਜਾਂ ਵਾਲੇ ਬਲੀ ਜੀ ਪੰਜ ਲੈ ਕੇ ਆਇਆ ਪੁੰਜ ਆਪਣਾ ਸੀ ਅੱਜ ਤੋਂ ਸਰੂਪ ਮੇਰਾ ਹੋਏ ਪੰਜ ਵਲੀ ਜੀ ਪੰਜਾਂ ਨੂੰ ਪਿਲਾ ਕੇ, ਫਿਰ ਪਾਨ ਕੀਤਾ ਓਨ੍ਹਾਂ ਕੋਲੋਂ ਅਮ੍ਰਿਤ ਦੀ ਦਾਤ ਸੋਹਣੀ ਦੇ ਕੇ ਵੱਡਮੁੱਲੀ ਜੀ ਹੋਇਆ ਸੀ ਜਨਮ ਅੱਜ ਸੂਰਬੀਰ ਖਾਲਸੇ ਦਾ ਦੇਸ਼ ਲਈ ਸੀਸ ਦੇਣਾ ਰੀਤ ਅੱਜ ਚੱਲੀ ਜੀ ਦੱਸਿਆ ਸੀ ਅੱਜ 'ਮਸਕੀਨ' ਕਿਵੇਂ ਤਲੀ ਉੱਤੇ ਸੀਸ ਭੇਂਟ ਦੇਣਾ ਵਿੱਚ ਪ੍ਰੀਤਮ ਦੀ ਗਲੀ ਜੀ।
ਦੇਸ਼ ਉੱਤੋਂ ਵਾਰ ਦੇ
ਪਿਆਰ ਦੇਆਂ ਕੁੱਠਿਆਂ ਨੇ ਪਿਆਰ ਦੇ ਵਿਯੋਗ ਵਿੱਚ, ਕਿਹੜੇ ਕਿਹੜੇ ਦੁੱਖ ਨਹੀਂ ਝੱਲੇ ਪਿੱਛੇ ਪਿਆਰ ਦੇ। ਹੀਰ ਦੀਆਂ ਮੱਝੀਆਂ ਰਸੀਲੀਆਂ ਸੀ ਰਾਂਝੇ ਤਾਈਂ, ਪਿਆਰ ਦੀਆਂ ਲੋਰਾਂ ਵਿਚ, ਮੱਝੀਆਂ ਪਏ ਚਾਰਦੇ। ਠਿੱਲ ਪਈ ਸੁਹਣੀ ਕੱਚੇ ਘੜੇ ਤੇ ਝਨਾਂ ਵਿੱਚ, ਭੁੱਲ ਗਈ ਕੰਢੇ ਦੋਵੇਂ ਪਾਰ ਤੇ ਉਰਾਰ ਦੇ। ਸ਼ੀਰੀਂ ਦਿਆਂ ਨੈਣਾਂ ਤਾਈਂ ਅੱਖਾਂ ਅੱਗੇ ਰੱਖ ਵੇਖੋ, ਚੀਰ ਸੁੱਟੇ ਸੀ ਪਹਾੜ ਫਰਿਹਾਦ ਪਿੱਛੇ ਯਾਰ ਦੇ। ਸੁਣ ਹਿੰਦ ਵਾਸੀਆ ਜੇ ਇੰਨ੍ਹਾ ਪਿਆਰ ਕੁੱਠਿਆਂ ਨੇ, ਦੁੱਖ ਐਡੇ ਝੱਲੇ ਇੱਕ ਪਿੱਛੇ ਮੁਟਿਆਰ ਦੇ। ਭਾਰਤ ਨੂੰ ਦੁੱਖੀ ਦੇਖ ਜੀਵਨਾ ਹਰਾਮ ਤੇਰਾ, ਉੱਠ, ਤਨ ਮਨ ਧਨ ਦੇਸ਼ ਉੱਤੋਂ ਵਾਰ ਦੇ।
ਠੋਹਕਰ
ਵਗਦਾ ਵੈਂਹਦਾ ਪਾਣੀ ਤਕ ਕੇ, ਦਿਲ ਮੇਰਾ ਵਗ ਤੁਰਿਆ। ਨਿਰਮਲ ਤਕਿਆ ਸੋਹਣਾ ਲੱਗਿਆ, ਪਿਆਰੇ ਬੁਲਿਆਂ ਭਰਿਆ। ਐਪਰ ਡਾਹਡੀ ਚੀਸ ਉੱਠੀ, ਜਦ ਪਥਰਾਂ ਨਾਲ ਮੈਂ ਵੱਜਾ। ਭੁੱਲਿਆ ਸੋਹਣਾ ਤੇ ਮਨਮੋਹਣਾ, ਵਾਪਸ ਘਰ ਨੂੰ ਮੁੜਿਆ।
ਬੇਨਜ਼ੀਰ ਨਾਨਕ
ਲੰਮਾ ਪਿਆ ਤੱਕਿਆ ਪੁਰਸ਼ ਹਾਜੀਆਂ ਨੇ, ਜਦੋਂ ਆਏ ਨਮਾਜ਼ ਗੁਜ਼ਾਰ ਕੇ ਤੇ, ਪੈਰ ਕਰੀ ਦਰਗਾਹ ਵੱਲ ਪਿਆ ਕੇਹੜਾ, ਖੌਫ਼ ਅੱਲ੍ਹਾ ਦਾ ਦਿਲੋਂ ਵਿਸਾਰ ਕੇ ਤੇ, ਪਕੜ ਲੱਤਾਂ ਦੇ ਤਾਈਂ ਘੁਮਾਣ ਲੱਗੇ, ਮੱਕਾ ਨਾਲ ਫਿਰਦਾ ਚੱਕਰ ਮਾਰ ਕੇ ਤੇ। ਡਿੱਗੇ ਪੈਰਾਂ ਤੇ ਆਖਿਆ ਪਤਾ ਨਹੀਂ ਸੀ, ਧੁਰੋਂ ਅੱਲ੍ਹਾ ਦਾ ਆਇਆ ਸਫ਼ੀਰ ਨਾਨਕ, ਮੁਸਲਮਾਨ ਹਿੰਦੂ ਸਿੱਖ ਸਾਰਿਆਂ ਦਾ, ਗੁਰੂ ਬਣ ਆਇਆ ਬੇਨਜ਼ੀਰ ਨਾਨਕ। ਪਕੜ ਦੁਖੀ ਮਜ਼ਲੂਮ ਬੇਦੋਸ਼ ਹਿੰਦੂ, ਬਾਬਰ ਜ਼ਬਰ ਦਾ ਆਣ ਐਲਾਨ ਕੀਤਾ, ਬੁੱਢੇ ਤੀਵੀਆਂ ਮਰਦ ਸਭ ਜੇਲ੍ਹ ਪਾ ਕੇ, ਲੁੱਟ ਘਰਾਂ ਨੂੰ ਆਣ ਵੈਰਾਨ ਕੀਤਾ। ਹਾਹਾਕਾਰ ਸੁਣ ਦੁੱਖੀਆਂ ਦੀ ਗੁਰੂ ਨਾਨਕ, ਆਪ ਜੇਲ੍ਹ ਅੰਦਰ ਡੇਰਾ ਆਣ ਕੀਤਾ, ਕਿਹਾ ਸਤਿ ਕਰਤਾਰ ਤਾਂ ਚਲੀ ਚੱਕੀ, ਡਾਹਢਾ ਬਾਬਰ ਦੇ ਤਾਈਂ ਹੈਰਾਨ ਕੀਤਾ। ਢੱਠਾ ਪੈਰਾਂ ਤੇ ਆਖਿਆ ਪਤਾ ਨਹੀਂ ਸੀ, ਧੁਰੋਂ ਅੱਲ੍ਹਾ ਦਾ ਆਇਆ ਸਫ਼ੀਰ ਨਾਨਕ, ਮੁਸਲਮਾਨ ਹਿੰਦੂ ਸਿੱਖ ਸਾਰਿਆਂ ਦਾ, ਗੁਰੂ ਬਣ ਆਇਆ ਬੇਨਜ਼ੀਰ ਨਾਨਕ । ਮੱਕਾ ਕਾਹਬਾ ਬਗ਼ਦਾਦ ਨੂੰ ਤਾਰ ਬਾਬੇ, ਕੀਤਾ ਮਿਸਰ ਦਾ ਸ਼ਾਹ ਅਸੀਰ ਨਾਨਕ। ਗੰਜ ਖੋਲ੍ਹ ਗਰੀਬਾਂ ਨੂੰ ਵੰਡ ਦਿੱਤੇ, ਜਦੋਂ ਸੱਚ ਦੀ ਕੀਤੀ ਤਕਰੀਰ ਨਾਨਕ, ਵਲੀ ਰੋਹੜਿਆ ਗੁੱਸੇ ਵਿਚ ਜਦੋਂ ਪਰਬਤ, ਪੰਜਾ ਅੱਗੇ ਕਰ ਦਿੱਤਾ ਬਲਬੀਰ ਨਾਨਕ, ਪਰਬਤ ਮੋਮ ਹੋਇਆ ਪੰਜੇ ਨਾਲ ਲਗ ਕੇ, ਬਣੀ ਪੰਜੇ ਦੀ ਪਿਆਰੀ ਤਸਵੀਰ ਨਾਨਕ । ਸੋਹਣਾ ਦਰਸ ‘ਮਸਕੀਨ' ਦਾ ਚੱਲ ਕਰੀਏ, ਪਿਆਰਾ ਅੱਲ੍ਹਾ ਦਾ ਆਇਆ ਸਫ਼ੀਰ ਨਾਨਕ । ਮੁਸਲਮਾਨ ਹਿੰਦੂ ਸਿੱਖਾਂ ਸਾਰਿਆਂ ਦਾ, ਗੁਰੂ ਬਣ ਆਇਆ ਬੇਨਜ਼ੀਰ ਨਾਨਕ।