Marg : Harbhajan Singh Hundal

ਮਾਰਗ : ਹਰਭਜਨ ਸਿੰਘ ਹੁੰਦਲ

1. ਸਵੇਰ

ਕੁੱਕੜ ਦਿਤੀ ਬਾਂਗ ਗਵਾਂਢੋਂ
ਕਾਂਬਾ ਛਿੜਿਆ 'ਨ੍ਹੇਰੇ ਨੂੰ
ਮੰਦਰ ਦਾ ਘੜਿਆਲ ਖੜਕਿਆ
ਧਰਤੀ ਅੱਖਾਂ ਪੁੱਟੀਆਂ ।

ਬੋਹੜਾਂ ਉਤੇ ਮੋਰ ਕੂਕਦੇ
ਕੁਲ ਚੁਗਿਰਦਾ ਗੂੰਜ ਰਿਹਾ
ਖੂਹਾਂ ਉੱਤੇ ਡੋਲ ਖੜਕ ਪਏ
ਨੀਂਦਰ-ਪੀਂਘਾਂ ਟੁੱਟੀਆਂ ।

ਸੁੱਤ-ਉਨੀਂਦੇ ਨੈਣਾਂ ਅੰਦਰ
ਆਸ ਨਵੀਂ ਅੰਗੜਾਈ ਭਰਦੀ
ਅੰਮ੍ਰਿਤ-ਵੇਲੇ ਕਿਰਤੀ-ਬਾਹਾਂ
ਨਾਲ ਮਧਾਣੀ ਜੁਟੀਆਂ ।

ਸਰਘੀ ਦੀ ਮੁਟਿਆਰ ਕੁੜੀ ਨੇ
ਅੰਬਰ-ਚਿੱਟੀ-ਚਾਦਰ ਉਤੇ,
ਸੂਰਜ-ਮੁਖੀਆ ਫੁਲ ਚਿਤਰਿਆ
ਲੈ ਕੇ ਸੂਹੀਆਂ ਗੁੱਟੀਆਂ ।

ਕਿਹੜੇ ਜਾਦੂਗਰ ਦੇ ਹੱਥਾਂ
ਧੂੜੇ ਹਰ ਥਾਂ ਚਾਨਣ-ਚਿੱਟੇ
ਪੂਰਬ ਦੇ ਹੁਣ ਮੱਥੇ ਵਿੱਚੋਂ
ਨੂਰੀ-ਧਾਰਾਂ ਫੁੱਟੀਆਂ ।

ਅੰਗ ਧਰਤ ਦੇ ਨਿਖਰ ਆਏ
ਹੋਰ ਉਚੇਰਾ ਸੂਰਜ ਹੋਇਆ
ਧੂੜਾਂ-ਅੱਟੇ ਰਾਹਾਂ ਉੱਤੇ
ਕਿਰਨਾਂ ਉਸ ਨੇ ਸੁੱਟੀਆਂ ।
(੧੪-੨-੫੯)

2. ਇਕ ਕਵਿਤਾ

ਨਿੱਕੀ ਜਹੀ ਇਕ ਕਵਿਤਾ ਹੈ,
ਮੇਰੇ ਮਨ ਦੇ ਜੋ ਪਿਛਵਾੜੇ,
ਚੋਰਾਂ ਵਾਂਗੂੰ ਸੂਹਾਂ ਲੈਂਦੀ,
ਘੁੰਮਦੀ ਰਹਿੰਦੀ ।
ਇਸ ਨੂੰ ਲਿਖਣ ਸਮੇਂ ਹਰ ਵੇਲੇ,
ਮੇਰੀ ਕਾਨੀ ਕੰਬ ਜਾਂਦੀ ਹੈ ।
ਦੁਨੀਆਂਦਾਰ ਗ੍ਰਿਸਥੀ ਹਾਂ ਮੈਂ,
ਟੱਬਰ ਮੇਰਾ ਵੱਡਾ ਸਾਰਾ,
ਡਰਦਾ ਹੋਇਆ ਇਸ ਕੋਲੋਂ ਮੈਂ,
ਲੁਕਦਾ ਰਹਿੰਨਾ ।
ਸੌ ਵਲ ਪਾ ਕੇ,
ਚੁਪ-ਚੁਪੀਤਾ ਕੁੰਡੀ ਲਾ ਕੇ,
ਹੋ ਕੇ ਇਕਲਵਾਂਝੇ ਬਹਿਨਾ ।
ਪਰ ਇਹ ਲਹਿਣੇਦਾਰਾਂ ਵਾਂਗੂੰ,
ਮੇਰਾ ਜ਼ਰਾ ਵਸਾਹ ਨਹੀਂ ਖਾਂਦੀ ।
ਭਾਵੇਂ ਕਿੰਨੇ ਪਾਪੜ ਵੇਲਾਂ,
ਭਾਵੇਂ ਕਿੰਨਾ ਧੋਖਾ ਦੇਵਾਂ,
ਪਰ ਇਹ ਛੱਡ ਕੇ ਮੇਰਾ ਬੂਹਾ,
ਇਕ ਘੜੀ ਵੀ ਦੂਰ ਨਹੀਂ ਜਾਂਦੀ ।
ਮੈਨੂੰ ਡਰ ਹੈ ਇਸ ਕਵਿਤਾ ਨੇ,
ਮੇਰੀ ਰੋਟੀ ਖੋਹ ਲੈਣੀ ਹੈ ।
ਛਿਲੜ ਚਾਰ ਮਹੀਨੇ ਪਿਛੋਂ,
ਜਿਹੜੇ ਮਿਲਦੇ,
ਹਟ ਜਾਣੇ ਨੇ ।

ਮੈਨੂੰ ਇਸ ਲਈ ਖਰ੍ਹਵੇ ਖਰ੍ਹਵੇ
ਸੂਲਾਂ ਵਰਗੇ ਤਿੱਖੇ ਤਿੱਖੇ
ਅੰਗਿਆਰਾਂ ਜਹੇ ਮਘਦੇ ਹੋਏ,
ਬੋਲ ਨਹੀਂ ਮਿਲਦੇ ।
ਮੈਂ ਤੇ ਚਿਰ ਤੋਂ ਕੂਲੇ ਕੂਲੇ,
ਫੁਲਾਂ ਵਰਗੇ ਲੈਰੇ ਲੈਰੇ,
ਗੀਤ ਲਿਖਣ ਦਾ ਆਦੀ ਹੋਇਆਂ ।
ਕਦੇ ਕਦੇ ਪਰ ਦਿਲ ਕਹਿੰਦਾ ਹੈ,
"ਤਕੜਾ ਹੋ ਕੇ ਕੱਢ ਹੌਂਸਲਾ,
ਐਵੇਂ ਕਾਹਨੂੰ ਢੇਰੀ ਢਾਹੀ ।
ਕੋਲ ਬੁਲਾ ਕੇ ਇਸ ਕਵਿਤਾ ਨੂੰ,
ਜੋ ਕਹਿੰਦੀ ਹੈ ਭੇਟਾ ਕਰ ਦੇ ।
ਆਪਣੀ ਕਾਨੀ ਦੀ ਕੁਲ ਸ਼ਕਤੀ,
ਇਸ ਦੇ ਪੈਰਾਂ ਉਤੇ ਧਰ ਦੇ ।
ਕੋਈ ਪਰਬਤ ਢਹਿ ਨਹੀਂ ਪੈਣਾ ।
ਕਿਸੇ ਖ਼ਲੀਫੇ ਆ ਕੇ ਤੈਨੂੰ
ਖਾ ਨਹੀਂ ਲੈਣਾ ।"
(੪-੮-੬੩)

3. ਸੱਦਾ

ਆਈ ਰੁੱਤ ਰੰਗੀਲੀ ਰੰਗ ਖਿਲਾਰਦੀ,
ਚਾਰ-ਚੁਫੇਰੇ ਹਰਿਆਈਆਂ ਨੇ ਟਹਿਕੀਆਂ ।
ਹੱਸਣ ਮੁਢਾਂ ਵਿੱਚੋਂ ਕਿੰਜ ਕਰੂੰਬਲਾਂ,
ਬੰਜਰ ਬੀਆਬਾਨ ਬਹਾਰਾਂ ਮਹਿਕੀਆਂ ।
ਬੂਹੇ ਉਤੇ ਕਿਰਨਾਂ ਦੇ ਦਲ ਅੱਪੜੇ
ਪੈਰ ਪੈਰ ਤੋਂ ਨੂਰ ਫੁਹਾਰੇ ਫੁੱਟ ਪਏ ।
ਧਰਤੀ ਲੈ ਅੰਗੜਾਈ ਉਠੀ ਨੀਂਦਰੋਂ,
ਛੰਡ ਆਲਸਾਂ ਫੇਰ ਇਰਾਦੇ ਜੁੱਟ ਪਏ ।
ਦਿਲ ਦੇ ਪਾਣੀ ਨਿਰਮਲ ਸ਼ੀਸ਼ੇ ਵਾਂਗਰਾਂ,
ਤੁਰ ਗਈਆਂ ਨੇ ਦੂਰ ਵਿਚਾਰਾਂ ਮੰਦੀਆਂ ।
ਕੇਹੀ ਘੜੀ ਕਿ ਅੱਜ ਪਿਆਸਾਂ ਬੁਝੀਆਂ,
ਵਿਹੜੇ ਗਿੱਧਾ ਪਾਵਣ ਅੱਜ ਸੁਗੰਧੀਆਂ ।
ਬੈਠ ਜਾਣ ਜਿਉਂ ਵਿਹੜੇ ਜੁੜ ਕੇ ਕੰਜਕਾਂ,
ਅੱਜ ਸੱਧਰਾਂ ਬੈਠ ਘੋੜੀ ਗਾਉਂਦੀਆਂ ।
ਧਰਤੀ-ਮਾਤਾ ਸੌ ਸੌ ਸ਼ਗਨ ਮਨਾਂਵਦੀ,
ਅੱਜ ਦਿਲਾਂ ਨੂੰ ਜੂਹਾਂ ਨੇ ਨਸ਼ਿਆਉਂਦੀਆਂ ।
ਮਹਿਕ ਪਈਆਂ ਨੇ ਧੂੜਾਂ ਫੁਲਾਂ ਵਾਂਗਰਾਂ,
ਹੱਥ ਸਮੇਂ ਦੇ ਚਾਨਣ ਤੰਦਾਂ ਕੱਤੀਆਂ ।
ਖੇਤਾਂ ਵਿਚੋਂ ਹੋਈਆਂ ਹੇਕਾਂ ਉਚੀਆਂ,
ਆਸਾਂ ਪਾਈਆਂ ਕੰਨਾਂ ਦੇ ਵਿਚ ਨੱਤੀਆਂ ।
ਧਰਤੀ ਦਾ ਸ਼ਿੰਗਾਰ ਬਹਾਰਾਂ ਸਰਘੀਆਂ,
ਨਿਤ ਨਾ ਕੂੰਜਾਂ ਆਣ ਕਿਨਾਰੇ ਬਹਿੰਦੀਆਂ ।
ਆਉ ! ਬਹਿ ਕੇ ਗਾਈਏ ਗੀਤ ਬਹਾਰ ਦੇ,
ਨਿੱਤ ਨਾ ਰੁੱਤਾਂ ਇੰਜ ਮਹਿਕੀਆਂ ਰਹਿੰਦੀਆਂ ।
(੧੭-੪-੬੦)

4. ਨਾਦਾਨ

ਠੀਕ ਹੀ ਅਣਜਾਣ ਹਾਂ ਮੈਂ,
ਠੀਕ ਹੀ ਨਾਦਾਨ ਹਾਂ ਮੈਂ,
ਸਮੇਂ ਦੇ ਬੀਤਣ ਤੇ ਜਿਹੜਾ
ਹੋਇਆ ਨਹੀਂ ਭੋਰਾ ਸਿਆਣਾ ।
ਏਸ ਗੱਲ ਨੂੰ ਸੋਚਿਆ ਨਹੀਂ,
ਏਸ ਗੱਲ ਨੂੰ ਸਮਝਿਆ ਨਹੀਂ,
ਵਹਿਣ ਸਾਡੇ ਜਜ਼ਬਿਆਂ ਦੇ,
ਨਿਤ ਕੰਢੇ ਤੋੜਦੇ ਨਹੀਂ,
ਨਿਤ ਵਗਦੇ ਸ਼ੂਕਦੇ ਨਹੀਂ ।
ਹੜ੍ਹਾਂ ਦੇ ਲੱਥਣ ਤੋਂ ਪਿਛੋਂ,
ਕੰਢਿਆਂ ਦੇ ਵਿਚ ਵਗਣਾ ਸਿਖ ਜਾਂਦੇ ।
ਮੈਂ ਤੇ ਏਹੋ ਸੋਚਿਆ ਸੀ,
ਮੈਂ ਤੇ ਏਹੋ ਸਮਝਿਆ ਸੀ,
ਚਿਰਾਂ ਪਿਛੋਂ ਮਿਲੀ ਏਂ ਤੂੰ,
ਹੱਸ ਕੇ ਕੋਈ ਗੱਲ ਕਰਸੇਂ ।
ਨੈਣ ਦੋਵੇਂ ਮੁਸਕਰਾ ਕੇ,
ਜ਼ਿੰਦਗਾਨੀ ਦੇ ਖ਼ਲਾ ਨੂੰ ਫੇਰ ਭਰਸੇਂ ।
ਗ਼ਲਤ ਸੀ ਪਰ ਸੋਚ ਮੇਰੀ,
ਤੇ ਗ਼ਲਤ ਵਿਸ਼ਵਾਸ਼ ਸੀ ।
ਮੈਂ ਖਿਜ਼ਾਂ ਵਿਚ ਮਹਿਕ ਸੱਜਰੀ,
ਦੀ ਲਗਾਈ ਆਸ ਸੀ ।
ਠੀਕ ਹੀ ਅਣਜਾਣ ਹਾਂ ਮੈਂ ।
(੨੭.੧੦.੬੦?)

5. ਸਾਡੇ ਵੇਲੇ

ਦਿਨ ਢਲਿਆ, ਤਰਕਾਲਾਂ ਪਈਆਂ,
ਫੜ ਕੇ ਡਾਂਗ, ਡੰਗੋਰੀ, ਸੋਟਾ,
ਚੌਂਕ 'ਚ ਡੱਠੇ ਤਖਤ-ਪੋਸ਼ ਤੇ,
ਆ ਬੈਠੇ ਨੇ ਬਿਰਧ ਪੁਰਾਣੇ ।

ਗੱਲਾਂ ਵਿਚੋਂ ਗੱਲ ਤੁਰਦੀ ਹੈ,
ਹਰ ਗੱਲ ਪਿਛੇ ਨੂੰ ਮੁੜਦੀ ਹੈ ।

"ਕੱਤੇਂ ਸਾਰਾ ਲੰਘ ਗਿਆ ਹੈ
ਹਾਲੀ ਵੀ ਭੋਂ ਵੱਤ ਨਹੀਂ ਆਈ ।"
"ਪਹਿਲੋਂ ਔੜਾਂ ਮਾਰਦੀਆਂ ਨੇ
ਜੇ ਮੀਂਹ ਪੈਂਦਾ,
ਫਿਰ ਥੰਮਣ ਦਾ ਨਾਂ ਨਹੀਂ ਲੈਂਦਾ ।"

"ਲਾਭ ਸਿਆਂ, ਭਈ ਮੈਨੂੰ ਜਾਪੇ
ਸਾਡੇ ਨਾਲ ਵਾਹਿਗੁਰੂ ਜੀਕਣ
ਗੁੱਸੇ ਹੋਇਆ
ਸਾਡੇ ਵੇਲੇ ਇੰਜ ਕਦੇ ਨਾ ਮੀਂਹ ਪੈਂਦੇ ਸੀ ।"
ਮੈਂ ਤੇ ਕਹਿਨਾਂ,
"ਕਲਜੁਗ ਆਇਆ
ਹਰ ਗੱਲ ਪੁੱਠੀ ਹੀ ਸੁਣਦੇ ਹਾਂ ।
ਉਲਟੀ ਪੌਣ ਸਮੇਂ ਦੀ ਵਗਦੀ ।"

"ਹੋਰ ਸੁਣੀ ਊਂ ਗੱਲ ਅਨੋਖੀ ।
ਨੰਬਰਦਾਰਾਂ ਦੀ ਨੂੰਹ ਨਿੱਕੀ,
ਘਰ ਦਾ ਸੀਣਾਂ ਪੀਹਣਾਂ ਛੱਡ ਕੇ,
ਦਫਤਰ ਵਿਚ ਨੌਕਰੀ ਕਰਦੀ ।"

"ਸਾਡੇ ਵੇਲੇ ਕਦੇ ਭਰਾਵਾ
ਭਾਵੇਂ ਪਾਣੀ ਸਿਰ ਤੋਂ ਲੰਘੇ
ਭਾਵੇਂ ਕਿਵੇਂ ਗੁਜ਼ਾਰਾ ਕਰਦੀ ।
ਪਰ ਤ੍ਰੀਮਤ ਪੈਰ ਆਪਣੇ
ਘਰੋਂ ਬਾਹਰ ਨਹੀਂ ਸੀ ਧਰਦੀ ।"

"ਮੈਂ ਤੇ ਲੱਖਾਂ ਦੀ ਇੱਕ ਆਖਾਂ
ਬੰਦੇ ਦੇ ਹੀ ਕੰਮ ਕੀਤਿਆਂ
ਬਰਕਤ ਪੈਂਦੀ ।
ਤੀਵੀਂ ਤੇ ਘਰ ਦਾ ਗਹਿਣਾ ।
ਚਾਰਦੀਵਾਰੀ ਦੇ ਹੀ ਅੰਦਰ
ਸੁਹਣੀ ਲੱਗਦੀ ।"

"ਕੱਲ੍ਹ ਅਸਾਡਾ ਨਿੱਕਾ ਜੀਤਾ
ਆਖਣ ਲੱਗਾ,
'ਹੁਣ ਬੰਦੇ ਨੇ ਚਹੁੰ ਸਾਲਾਂ ਨੂੰ
ਚੰਨ ਦੇ ਉਤੇ ਚੜ੍ਹ ਕੇ ਬਾਬਾ,
ਆਪਣਾ ਝੰਡਾ ਗੱਡ ਦੇਣਾ ਹੈ'
"ਇੰਜ ਕਦੇ ਪਰ ਹੋ ਸਕਦਾ ਹੈ !
ਮੈਂ ਤੇ ਕਹਿਨਾ,
ਵਿਚ ਦਫਤਰਾਂ,
ਵਿਹਲੇ ਬਹਿ ਅਖਬਾਰਾਂ ਵਾਲੇ
ਰਹਿਣ ਛੱਡਦੇ ਨਿਤ ਹਵਾਈਆਂ ।"

"ਕੀ ਕੀ ਕਹੀਏ ਤੇ ਕੀ ਸੁਣੀਏ
ਕੱਲ੍ਹ ਦੇ ਜੰਮਿਆਂ ਨੂੰ ਹੁਣ ਭਾਈ,
ਜੇ ਕੁਝ ਕਹੀਏ,
ਗਿੱਠ ਗਿੱਠ ਲੰਮੀਆਂ ਜੀਭਾਂ ਕੱਢ ਕੇ,
ਅੱਗੋਂ ਵੱਢਣ ਨੂੰ ਨੇ ਪੈਂਦੇ,
ਗੱਲ ਅਸਾਡੀ ਨੂੰ ਨਹੀਂ ਸਹਿੰਦੇ ।"

"ਹੁਣ ਤੇ ਚੁਪ ਰਹਿਣਾ ਹੀ ਚੰਗਾ,
ਇਕ ਚੁਪ ਤੇ ਸੌ ਸੁੱਖਾਂ ਨੇ ।
ਸਭ ਲੁਟਾ ਕੇ ਛੱਡ ਛਡਾ ਕੇ,
ਇਕ ਪਾਸੇ ਹੋ ਬੈਠ ਗਏ ਹਾਂ ।
"ਸਾਡੇ ਵੱਲੋਂ ਛੋਕਰ ਵਾਧਾ
ਖੇਹ ਉਡਾਵੇ, ਸਿਰ ਵਿਚ ਪਾਵੇ,
ਢਠੇ ਖੂਹ ਵਿਚ ਛਾਲਾਂ ਮਾਰੇ ।"
(੩-੧੧-੬੨)

6. ਸਵਾਲ

ਅੱਜ ਨਾ ਚੱਲੇ ਪੌਣ ਸੁਗੰਧਾਂ ਵੰਡਦੀ,
ਫੁਲ ਖਿੜਨ ਤੋਂ ਪਹਿਲਾਂ ਹੀ ਮੁਰਝਾ ਗਏ ।
ਅੰਬਰ ਤੇ ਕੀ ਖਿੜਨ ਕਪਾਹ ਦੀਆਂ ਫੁੱਟੀਆਂ,
ਚਾਰ-ਚੁਫੇਰੇ ਬੱਦਲ ਗ਼ਮ ਦੇ ਛਾ ਗਏ ।

ਦਿਲ ਦੀ ਜੂਹ ਵਿਚ ਅੱਜ ਨਾ ਗੂੰਜਣ ਟੱਲੀਆਂ,
ਅੱਜ, ਹਸਰਤਾਂ ਗੀਤ ਹਿਜਰ ਦੇ ਗਾਉਂਦੀਆਂ ।
ਹਉਕੇ ਭਰਦੀ ਕੋਇਲ ਉਡਾਰੀ ਮਾਰ ਗਈ,
ਸੱਜ-ਬਹਾਰਾਂ ਤੁਰ ਗਈਆਂ ਕੁਰਲਾਉਂਦੀਆਂ ।

ਪਰਲੇ ਪਾਰ ਪਰਿੰਦੇ ਜਾਪਣ ਚਹਿਕਦੇ,
ਉਰਲੇ ਪਾਰ ਨੇ ਸੁੰਞ-ਮਸਾਣਾਂ ਵਰਤੀਆਂ ।
ਵਾਂਗ ਬਰੇਤੇ ਅੱਜ ਚੁਗਿਰਦਾ ਲੂਸਿਆ,
ਬਲ ਬਲ ਉੱਠਣ ਅੱਜ ਦਿਲਾਂ ਦੀਆਂ ਧਰਤੀਆਂ ।

ਬੰਨ੍ਹ ਸਬਰ ਦਾ ਜਾਪੇ ਯਾਰਾ ਟੁੱਟਿਆ,
ਹੋਰ ਨਾ ਜਾਵੇ ਕਹਿਰ ਅਸਾਥੋਂ ਝੱਲਿਆ ।
"ਕਿਹੜਾ ਵੈਰੀ ਹੱਥ ਬਹਾਰਾਂ ਸਾੜਦਾ ?"
ਪੱਤਣ ਦਿਲ ਦਾ ਆਣ ਸਵਾਲਾਂ ਮੱਲਿਆ ।
(੨੦-੬-੫੯)

7. ਪ੍ਰਸ਼ਨ ?

ਇਸ ਨਾਵਲ ਨੂੰ ਪੜ੍ਹਦਾ ਪੜ੍ਹਦਾ
ਕਈ ਵੇਰਾਂ ਮੈਂ ਰੋਇਆ ਹਾਂ ।
ਇਸ ਨਾਵਲ ਨੂੰ ਪੜ੍ਹਕੇ ਰਾਤੀਂ
ਸੁੱਤਾ ਸੁੱਤਾ ਕਈ ਵਾਰੀ ਮੈਂ
ਲਹੂ-ਲਿਬੜੀਆਂ ਲੋਥਾਂ ਨੂੰ ਤੱਕ ਕੇ
ਉਬੜ-ਵਾਹੇ ਉਠਿਆ ਹਾਂ ।
ਇਕ ਬੁੱਢੀ ਮਾਂ ਮੁਖ ਪਾਤਰ ਹੈ
ਇਸ ਨਾਵਲ ਦੀ
ਜਿਸ ਦਾ ਪਤੀ ਤੇ ਤਿੰਨੇ ਪੁਤਰ,
ਵਿਚ ਜੰਗ ਦੇ ਮਾਰੇ ਗਏ ਨੇ ।
ਤੇ ਉਹ ਮਾਤਾ ਉੱਚੀ ਉੱਚੀ ਰੋਵਣ ਦੀ ਥਾਂ,
ਆਪਣੇ ਵਿਹੜੇ ਵਿਚ ਖਲੋਤੀ,
ਕੱਠੇ ਹੋਏ ਕੁਲ ਲੋਕਾਂ ਨੂੰ ਪੁਛ ਰਹੀ ਹੈ,
"ਦੱਸੋ, ਦੱਸੋ,
ਮੇਰੇ ਪਿੰਡ ਦੇ ਬੀਬੇ ਲੋਕੋ,
ਮੈਨੂੰ ਦੱਸੋ,
ਜਿਸ ਬਰਫੀਲੀ ਤੇ ਪਥਰੀਲੀ
ਧਰਤੀ ਦੀ ਖਾਤਰ
ਮੇਰਾ ਪਤੀ ਤੇ ਤਿੰਨੇ ਪੁਤਰ
ਮਾਰੇ ਗਏ ਨੇ,
ਉਸ ਧਰਤੀ ਤੇ ਟੋਟੇ ਨਾਲੋਂ
ਮੇਰੇ ਦਿਲ ਦੇ ਟੋਟੇ
ਕੀ ਏਨੇ ਹੀ ਸਸਤੇ ਸੀ ?
ਕੀ ਮੈਂ ਆਪਣੇ ਤਿੰਨੇ ਪੁਤਰ,
ਇਸ ਮਿੱਟੀ ਦਾ ਮੁਲ ਤਾਰਨ ਲਈ ਹੀ ਪਾਲੇ ਸੀ ?
ਬੋਲੋ, ਬੋਲੋ, ਮਾਂ ਪੁਛਦੀ ਹੈ,
ਕਿਉਂ ਨਹੀਂ ਕੋਈ ਹੁੰਗਾਰਾ ਭਰਦਾ ?
ਕਿਹੜੇ ਦਾਨਵ ਦਾ ਸਿਰ ਫਿਰਿਆ,
ਜੋ ਧਰਤੀ ਦੇ ਸੁੰਦਰ ਵਿਹੜੇ
ਰਾਤ ਬਰਾਤੇ, ਜਾਣ ਬੁਝ ਕੇ,
ਮਾਰੂ ਬੰਬ ਨਿਤ ਹੀ ਧਰਦਾ ?"
ਪਰ ਉਹ ਕੋਲ ਖਲੋਤੇ ਲੋਕੀਂ
ਨੀਵੀਂ ਪਾਈ,
ਬੁਤਾਂ ਵਾਂਗ ਅਡੋਲ ਖੜ੍ਹੇ ਨੇ ।
ਬੁੱਢੀ ਮਾਂ ਦੇ ਏਸ ਪ੍ਰਸ਼ਨ ਦਾ,
ਕੋਈ ਵੀ ਉਤਰ ਨਹੀਂ ਦਿੰਦਾ !
(੧੮-੧੨-੬੩)

8. ਦੋਸਤਾ

ਆਸ ਮੱਥਾ ਅੱਜ ਕੀਕਰ ਚਮਕਿਆ,
ਕਿਸ ਤਰ੍ਹਾਂ ਦੀ ਖ਼ਬਰ ਆਈ ਦੋਸਤਾ ।
ਛਿੜ ਪਈ ਝਰਨਾਟ, ਧਰਤੀ ਹੱਸਦੀ,
ਸੱਧਰਾਂ ਨੇ ਪੈਲ ਪਾਈ ਦੋਸਤਾ ।
ਝੂੰਮਦੀ ਹੋਈ ਕਲਪਣਾ ਦੀ ਡਾਲ ਤੇ,
ਜਿੰਦ ਬਹਿ ਕੇ ਚਹਿਚਹਾਈ ਦੋਸਤਾ ।
ਬੰਜਰਾਂ ਦੀ ਹਿਕ ਧੜਕੀ ਕਿਸ ਤਰ੍ਹਾਂ,
ਰੁੱਤ ਮੁੜ ਕੇ ਮੁਸਕਰਾਈ ਦੋਸਤਾ ।
ਅੰਬਰਾਂ ਤੇ ਧੂੜੀਆਂ ਕਿਸ ਲਾਲੀਆਂ,
ਜ਼ੁਲਫ ਧਰਤੀ ਦੀ ਸਜਾਈ ਦੋਸਤਾ ।
"ਕੌਣ ਅਣਖਾਂ ਸਾਡੀਆਂ ਵੰਗਾਰਦਾ ?"
ਥਲਾਂ ਵਿਚੋਂ ਵਾਜ ਆਈ ਦੋਸਤਾ ।
ਪਰਬਤਾਂ ਦਾ ਅੱਜ ਸੀਨਾ ਕੰਬਿਆਂ,
ਸੱਟ ਹੈ ਫਰਿਆਦ ਲਾਈ ਦੋਸਤਾ ।
ਫਾਂਧਕਾਂ ਦੇ ਘਰੀਂ ਜਾ ਕੇ ਵੇਖਿਆ,
ਮੌਤ ਵਰਗੀ ਚੁਪ ਛਾਈ ਦੋਸਤਾ ।
ਮਹਿਕ ਭਰੀਆਂ ਜਿਨ ਬਹਾਰਾਂ ਫੂਕੀਆਂ
ਲਾਟ ਹੁਣ ਇਹ ਡਗਮਗਾਈ ਦੋਸਤਾ ।
ਜ਼ਿੰਦਗੀ ਨੇ ਅੱਜ ਅੱਖਾਂ ਪੁੱਟੀਆਂ,
ਨਿਸਚਿਆਂ ਨੂੰ ਜਾਗ ਆਈ ਦੋਸਤਾ ।
(੧੫-੨-੬੧)

9. ਰਾਤ

ਮੇਰੇ ਮਿਤਰ, ਤੇ ਹਮਦਰਦੀ,
ਚੰਗਾ ਹੋਇਆ, ਤੂੰ ਆਇਆ ਏਂ ।
ਛੁੱਟੀ ਵੇਲੇ ਦਾ ਹੀ ਬੈਠਾ ਸੋਚ ਰਿਹਾ ਸਾਂ,
ਕਾਲੀ ਰਾਤ ਕਿਵੇਂ ਲੰਘੇਗੀ ।
ਕਾਲੀ ਰਾਤ ਹਿਮਾਲਾ ਬਣ ਕੇ,
ਮੇਰੇ ਰਾਹ ਵਿਚ ਆਣ ਖਲੋਤੀ,
ਜਿਸ ਦੀਆਂ ਉਚ ਟੀਸੀਆਂ ਉਤੋਂ
ਜਿਸ ਦੀਆਂ ਡੂੰਘੀਆਂ ਖੱਡਾਂ ਵਿਚ ਦੀ,
ਮੇਰੇ ਵਰਗੇ ਕੱਲ-ਮੁਕੱਲੇ ਬੰਦੇ ਦੇ ਲਈ,
ਪਾਰ ਲੰਘਣਾ ਡਾਢਾ ਔਖਾ ।
ਦਿਨ ਦਾ ਕੀ ਹੈ,
ਦਿਨ ਤਾਂ ਸਹੁਰਾ,
ਇਕ ਦੂਜੇ ਨੂੰ ਟਿਚਰ ਕਰਦੇ,
ਆਪੋ ਵਿਚ ਹੁੰਗਾਰੇ ਭਰਦੇ,
ਔਖਾ ਸੌਖਾ ਲੰਘ ਜਾਂਦਾ ਹੈ ।
ਪਰ ਇਹ ਰਾਤ ਭਿਆਨਕ ਡਾਢੀ,
ਭੂਤਾਂ ਦੇ ਪ੍ਰਛਾਵੇਂ ਵਾਂਗੂੰ,
ਮੇਰੇ ਪਿਛੇ ਲੱਗੀ ਫਿਰਦੀ ।
ਮੇਰੇ ਵਾਂਗੂੰ ਇਹਨੂੰ ਵੀ ਕੋਈ,
ਸਾਥੀ ਹਮਦਰਦੀ ਨਹੀਂ ਮਿਲਦਾ ।
ਜਿਸ ਦੇ ਕੋਲ ਬੈਠ ਦੋ ਘੜੀਆਂ,
ਸਾਰਾ ਹਾਲ ਸੁਣਾਵੇ ਦਿਲ ਦਾ ।
ਏਸੇ ਲਈ ਇਹ ਦਿਨ ਢਲਦੇ ਹੀ,
ਸੌ ਵਲ ਪਾ ਕੇ,
ਮੇਰੇ ਬੂਹੇ ਆਣ ਖਲੋਂਦੀ ।
ਮੈਨੂੰ ਇਸ ਤੋਂ ਡਰ ਲਗਦਾ ਹੈ
ਮੈਨੂੰ ਇਸ ਤੋਂ ਭੈ ਆਉਂਦਾ ਹੈ ।
ਵੇਖ ਭਿਆਨਕ ਸ਼ਕਲ ਏਸ ਦੀ,
ਮੇਰੇ ਅੰਗ ਠੰਢੇ ਹੋ ਜਾਂਦੇ ।
ਤੂੰ ਆਇਆ ਏਂ ।
ਜੀ ਆਇਆਂ ਨੂੰ ।
ਗੱਲਾਂ ਕਹਿੰਦੇ, ਗੱਲਾਂ ਸੁਣਦੇ,
ਦੋ ਪਲ ਸੌਖੇ ਲੰਘ ਜਾਵਣਗੇ ।
ਰੱਤ-ਪੀਣੇ ਇਸ ਇਕਲਾਪੇ ਤੋਂ
ਅੱਖ ਬਚਾ ਕੇ, ਜਾਨ ਛੁਡਾ ਕੇ,
ਲੰਮੀ ਇਕ ਝਕਾਨੀ ਦੇ ਕੇ,
ਬਹਿ ਕੇ ਕੱਠੇ ਹੱਸ ਲਵਾਂਗੇ ।

ਦਰਦ ਪੁਰਾਣੇ, ਰੋਗ ਅਵੱਲੇ,
ਇਕ ਦੂਜੇ ਨੂੰ ਦੱਸ ਲਵਾਂਗੇ ।
ਤੇਰੇ ਆਇਆਂ ਏਸ ਰਾਤ ਦੀ,
ਹਾਲਤ ਡਾਢੀ ਮੰਦੀ ਦਿਸਦੀ ।
ਅੱਜ ਵਿਚਾਰੀ ਮੇਰੇ ਦਰ ਤੇ,
ਖੜੀ ਰਹੇਗੀ ਮੰਗਤੇ ਵਾਂਗੂੰ ।
ਅੱਜ ਏਸ ਨੂੰ ਮੇਰੇ ਵਰਗੇ ਹੋਰ ਕਿਸੇ ਦਾ,
ਹੈ ਬੂਹਾ ਖੜਕਾਉਣਾ ਪੈਣਾਂ ।
ਕੱਲ ਤੀਕ ਤਾਂ ਜਿਵੇਂ ਕਿਵੇਂ ਵੀ,
ਇਹਨੂੰ ਝੱਟ ਲੰਘਾਉਣਾ ਪੈਣਾਂ ।
(੨੨-੩-੬੩)

10. ਕੰਡਿਆਂ ਦੀ ਜਿਉਂ ਤਿੱਖੀ ਨੋਕੇ (ਗੀਤ)

ਕੰਡਿਆਂ ਦੀ ਜਿਉਂ ਤਿੱਖੀ ਨੋਕੇ,
ਤੜਫਨ ਤ੍ਰੇਲ ਦੀਆਂ ਦੋ ਬੂੰਦਾਂ,
ਇੰਜ ਉਡੀਕਾਂ ਦੀ ਮੈਂ ਸੂਲੀ,
ਜਿੰਦ ਪਿਆਰੀ ਤੋਲਾਂ ਹੋ ।

ਜਿੰਦ-ਵੰਝਲੀ ਦੇ ਸੇਕ ਤਰਸਦੇ
ਬੁਲ੍ਹਾਂ ਦੀ ਛੁਹ ਨਿਘੀ ਨੂੰ,
ਅੰਬਰ ਉਤੇ ਤਾਰੇ ਸਿਸਕਣ,
ਭੁੱਲੇ ਚਾਅ ਕਲੋਲਾਂ ਹੋ ।

ਸੀਨੇ ਸਾਂਭੇ ਫੱਟ ਡੂੰਘੇਰੇ,
ਬੁਲ੍ਹੀਂ ਕਥਾ ਪਿਆਰਾਂ ਦੀ,
ਝੜ ਝੜ ਪੈਂਦੇ ਹੰਝੂ ਮੇਰੇ
ਜਿਉਂ ਤੂਤਾਂ ਤੋਂ ਗੋਲ੍ਹਾਂ ਹੋ ।

ਪੀੜ ਮੇਰੀ ਵੀ ਵਾਂਗ ਮਹਿਕ ਦੇ
ਘੁਲਦੀ ਜਾਵੇ ਵਿਚ ਹਵਾ ਦੇ,
ਲੂੰ ਲੂੰ ਦੱਸੇ ਦਰਦ ਕਹਾਣੀ
ਫਿਰ ਵੀ ਭੇਤ ਨਾ ਖੋਲ੍ਹਾਂ ਹੋ ।

ਹਿਜਰ-ਥਲਾਂ ਦੇ ਰੇਤੇ ਫੱਕੇ,
ਬੇਲੇ ਚੀਰੇ ਰਾਤਾਂ ਨੂੰ,
ਅੰਬਰ ਦੀ ਹੁਣ ਮਹਿਫਲ ਵਿਚੋਂ
ਨੈਣ-ਸ਼ਰਬਤੀ ਟੋਲਾਂ ਹੋ ।

ਫੱਟ ਹਿਜਰ ਦੇ, ਦਰਦ ਜਿਗਰ ਦੇ
ਦੇਣ ਗਵਾਹੀ ਸਿਦਕਾਂ ਦੀ,
ਉੱਠੇ ਚੀਸ ਵਰੋਲੇ ਵਾਂਗੂੰ
ਦੋ ਅੱਖਰ ਨਾ ਬੋਲਾਂ ਹੋ ।

ਭਾਗਾਂ ਵਾਲਾ ਕਿਹੜਾ ਰਸਤਾ ?
ਜਿਧਰ ਦੀ ਤੂੰ ਤੁਰਕੇ ਆਉਣਾ
ਉਸ ਰਸਤੇ ਤੇ ਇਸ ਜਿੰਦੜੀ ਦਾ
ਕਿਣਕਾ ਕਿਣਕਾ ਡੋਲ੍ਹਾਂ ਹੋ ।
(੧੮-੧-੫੯)

11. ਨੀਲੇ ਸ਼ੀਸ਼ੇ

ਇਹਨਾਂ ਧੁੱਪ ਐਨਕਾਂ ਵਿਚ ਦੀ,
ਇਸ ਜੀਵਨ ਨੂੰ,
ਤੂੰ ਵੇਖਣ ਦੀ ਆਦੀ ਹੋਈ ।
ਠੀਕ ਹੈ ਇਹਨਾਂ ਸ਼ੀਸ਼ਿਆਂ ਵਿਚ ਦੀ,
ਇਸ ਜੀਵਨ ਦੇ ਕੋਝੇ ਕੋਝੇ,
ਕਾਲੇ ਕਾਲੇ ਦ੍ਰਿਸ਼ ਚੁਫੇਰੇ,
ਤੈਨੂੰ ਨੀਲੇ ਨੀਲੇ ਦਿਸਦੇ ।
ਪਰ ਤੈਨੂੰ ਮੈਂ ਇਕ ਗੱਲ ਦੱਸਾਂ,
ਇਹਨਾਂ ਨੀਲੇ ਰੰਗਾਂ ਤੋਂ ਵੱਖਰੇ ਵੀ,
ਇਸ ਜੀਵਨ ਵਿਚ ਰੰਗ ਅਨੇਕਾਂ ।
ਤੇਰੀਆਂ ਧੁੱਪ ਐਨਕਾਂ ਤੱਕ ਕੇ,
ਤੇਰੇ ਉਤੇ
ਮੈਨੂੰ ਬੜਾ ਤਰਸ ਹੈ ਆਉਂਦਾ ।
ਤੇਰੀ ਹਾਲਤ ਸਾਵਣ ਦੇ ਉਸ ਅੰਨ੍ਹੇ ਵਰਗੀ,
ਜਿਸ ਨੂੰ ਇਸ ਧਰਤੀ ਦੇ ਉਤੇ
ਹਰਿਆਵਲ ਹਰਿਆਵਲ ਦਿਸਦੀ ।
ਜੇ ਤੂੰ ਆਪਣੇ ਚਾਰ ਚੁਫੇਰੇ,
ਇਸ ਜੀਵਨ ਦਾ,
ਅਸਲੀ ਰੂਪ ਵੇਖਣਾ ਲੋਚੇਂ,
ਤਾਂ ਤੈਨੂੰ ਮੈਂ,
ਏਨਾ ਹੀ ਬਸ ਕਹਿ ਸਕਦਾ ਹਾਂ,
ਆਪਣੀਆਂ ਕਾਲੀਆਂ ਅੱਖਾਂ ਉਤੇ,
ਧੁੱਪ ਐਨਕਾਂ ਲਾਇਆ ਨਾ ਕਰ ।
ਵੰਨ-ਸਵੰਨੇ, ਇਸ ਜੀਵਨ ਦੇ,
ਰੰਗ ਵੇਖਣ ਤੋਂ
ਡਰਿਆ ਤੇ ਘਬਰਾਇਆ ਨਾ ਕਰ ।
(੨੨-੪-੬੪)

12. ਘੱਟਾ

"ਚਾਰੇ ਪਾਸੇ ਸੋਸ਼ਲਿਜ਼ਮ ਦਾ ਰੌਲਾ ਗੌਲਾ
ਜਣਾਂ ਖਣਾਂ ਹੀ, ਹੌਲੀ ਹੌਲੀ,
ਠੋਕਰ ਖਾ ਕੇ,
ਇਸ ਦੇ ਵਲ ਖਿਚੀਂਦਾ ਜਾਵੇ ।"

"ਇਹ ਹੁਣ ਸਾਡੇ ਸਿਰ ਦੇ ਉਤੇ,
ਇਕ ਨੰਗੀ ਤਲਵਾਰ ਵਾਂਗਰਾਂ,
ਦਿਨ ਤੇ ਰਾਤੀਂ ਰਹੇ ਲਟਕਦਾ ।"

"ਜਿਹਨੂੰ ਮੂੰਹ ਧੋਣਾ ਨਹੀਂ ਆਉਂਦਾ,
ਜਿਹੜਾ ਨਿਤ ਹੀ ਮੈਲ ਹੰਢਾਉਂਦਾ,
ਉਹ ਵੀ ਏਸ ਸ਼ਬਦ ਨੂੰ ਸੁਣ ਕੇ,
ਆਕੜ ਆਕੜ ਕੇ ਤੁਰਦਾ ਹੈ ।"

"ਠੀਕ ਹੈ ਕਿ ਇਹ ਚਾਨਣ-ਸੋਮਾਂ
ਰਾਹ ਸਾਡਾ ਰੁਸ਼ਨਾ ਸਕਦਾ ਹੈ ।
ਬੀਆਬਾਨਾਂ ਦੀ ਹਿੱਕ ਉਤੇ,
ਵੇਖਦਿਆਂ ਬਸ ਵੇਖਦਿਆਂ ਹੀ,
ਸੂਹੇ ਫੁਲ ਖਿੜਾ ਸਕਦਾ ਹੈ ।"

ਇਸ ਲਈ ਸੱਚ ਤਾਂ ਇਹ ਹੈ ਯਾਰੋ,
ਅੱਜ ਵੇਲਾ ਹੈ
ਬੰਦ ਕਮਰੇ ਵਿਚ ਕੱਠੇ ਹੋ ਕੇ,
ਸੋਸ਼ਲਿਜ਼ਮ ਤੇ ਲੋਕ ਰਾਜ ਦਾ ਮਤਾ ਪਕਾਈਏ ।"

"ਲੰਮੇ ਲੰਮੇ ਵਾਕ ਬਣਾ ਕੇ,
ਧੁੰਦਲੇ ਧੁੰਦਲੇ ਸ਼ਬਦ ਜੋੜ ਕੇ,
ਅਸਲੀ ਮੰਤਵ ਭੰਨ ਤੋੜ ਕੇ,
ਹਰ ਇਕ ਧਿਰ ਦੇ ਹੱਕ ਬਚਾਈਏ ।
ਤੇ ਇੰਜ ਮੂਰਖ ਲੋਕਾਂ ਦੀਆਂ
ਅੱਖਾਂ ਦੇ ਵਿਚ ਘੱਟਾ ਪਾਈਏ ।"
(੧੩-੨-੬੪)

13. ਦਿਲ ਦਰਿਆ ਨੇ ਬੁੱਕਲ ਪਾਇਆ (ਗੀਤ)

ਦਿਲ ਦਰਿਆ ਨੇ ਬੁੱਕਲ ਪਾਇਆ
ਤੇਰੇ ਤਾਜ-ਮਹੱਲਾਂ ਨੂੰ
ਰਾਹਾਂ ਤੇ ਮੁਸਕਾਨ ਧੂੜ ਗਈ
ਤੇਰੀ ਨਜ਼ਰ ਸਵੱਲੀ ਹੋ ।

ਬੋਲ ਤੇਰੇ ਦੋ ਮਹਿੰਗੇ ਮਹਿੰਗੇ,
ਜੀਕਣ ਸ਼ਹਿਦ ਛੱਤਿਉਂ ਚੋਵੇ
ਸੁੱਤੇ ਸੁੱਤੇ ਖੇਤਾਂ ਵਿੱਚੋਂ
ਗੂੰਜ ਪਵੇ ਜਿਉਂ ਟੱਲੀ ਹੋ ।

ਅੰਗਿਆਰਾਂ ਤੇ ਤੁਰਦੀ ਕੋਈ
ਲੰਘ ਆਈ ਮੈਂ ਵਾਟ ਹਿਜਰ ਦੀ,
ਨੈਣੀਂ ਖਿੜੀਆਂ ਸੱਜ-ਬਹਾਰਾਂ
ਛੱਬ ਨਾ ਜਾਵੇ ਝੱਲੀ ਹੋ ।

ਕੇਹਾ ਸੀ ਸੁੰਨਸਾਨ ਚੁਗਿਰਦਾ
ਕੇਹੀ ਰੁਤ ਵਿਛੋੜੇ ਦੀ
ਯਾਦਾਂ ਦੇ ਮੂੰਹ-ਜ਼ੋਰ ਵਰੋਲੇ
ਪਾਉਂਦੇ ਰਹੇ ਤਰਥੱਲੀ ਹੋ ।

ਦਿਨ ਚੜ੍ਹਦੇ ਦੀ ਲਾਲੀ ਵਾਂਗੂੰ
ਸੱਜਣਾਂ ਨੇ ਸੰਧੂਰ ਛਿੜਕਿਆ,
ਛੈਲ-ਜਵਾਨੀ ਮਹਿਕਾਂ ਵੰਡੇ,
ਜਿੰਦ-ਬਹਾਰਾਂ ਮੱਲੀ ਹੋ ।

ਹੁਣ ਨਾ ਪੱਬ ਧਰਤ ਤੇ ਲੱਗਣ
ਮਹਿਕ ਮਹਿਕ ਚੁਗਿਰਦਾ ਹੋਇਆ
ਪੌਣਾਂ ਆਈਆਂ ਦੇਣ ਵਧਾਈ
ਕਾਂਗ ਨਾ ਜਾਵੇ ਠੱਲੀ ਹੋ ।

ਚੰਨ-ਚਾਨਣੀ ਅੰਬਰ ਧੋਤਾ
ਤਾਰੇ, ਸੁਹਣੇ ਲੱਗਣ ਵੇ,
ਕਿਰਣਾਂ ਕੱਤਣ ਸੂਤ ਨੂਰਾਨੀ
ਜੀਕਣ ਦੋਧੀ-ਛੱਲੀ ਹੋ ।
(੯-੧੨-੫੮)

14. ਇਹ ਮਨ

ਇਹ ਮਨ ਡਾਢਾ ਹੀ ਮੂਰਖ ਤੇ ਚੰਚਲ ਹੈ ।
ਅੱਠੇ ਪਹਿਰ ਹੀ ਉਠਦਾ ਬਹਿੰਦਾ ।
ਚੰਗੀਆਂ ਗੱਲਾਂ ਸੋਚਣ ਦੀ ਥਾਂ,
ਆਪਣਿਆਂ ਬੇਗਾਨੜਿਆਂ ਦਾ,
ਬੁਰਾ ਭਲਾ ਚਿਤਵਦਾ ਰਹਿੰਦਾ ।
ਤੁਰਦੇ ਜਾਂਦੇ,
ਕਦੇ ਕਿਸੇ ਨੂੰ ਮੁੱਕੇ ਵਟਦਾ ।
ਬਿਨਾ ਬਹਾਨੇ, ਕਦੇ ਕਿਸੇ ਨੂੰ ਗਾਲ੍ਹਾਂ ਕੱਢਦਾ ।
ਸੌ ਵੇਰੀ ਮੈਂ,
ਇਕਲਵਾਂਝੇ ਬਹਿ ਕੇ ਇਸ ਨੂੰ ਸਮਝਾਇਆ ਹੈ ।
ਪਰ ਇਹ ਮੂਰਖ
ਬੱਚਿਆਂ ਵਾਂਗੂੰ,
ਉਸ ਵੇਲੇ ਤਾਂ ਸਮਝਾਇਆ, ਮੰਨ ਜਾਂਦਾ ਹੈ ।
ਪਰ ਦੂਜੇ ਪਲ,
ਇਕਰਾਰਾਂ ਨੂੰ ਵਿਸਰ ਬਹਿੰਦਾ ।
ਇਕ ਖੂਹੇ ਦੇ ਡੱਡੂ ਵਾਂਗੂੰ,
ਆਪਣੇ ਘਰ ਵਿੱਚ,
ਫੰਨੇ ਖਾਂ ਬਣ ਬਣ ਕੇ ਬਹਿੰਦਾ ।
ਏਸ ਮਸ਼ੀਨੀ ਯੁਗ ਦੇ ਅੰਦਰ,
ਵਿਹਲਾ ਕਿਹੜਾ ।
ਆਪਣੇ ਧੰਦੇ ਛੱਡ ਕੇ ਜਿਹੜਾ ।
ਆ ਕੇ ਇਸ ਨੂੰ ਮੱਤਾਂ ਦੇਵੇ ।
ਸਾਰੇ ਦਿਨ ਦੀਆਂ ਕੁਲ ਕਰਤੂਤਾਂ
ਗਿਣ ਗਿਣ ਦੱਸੇ ।
ਨਾ ਸਮਝੇ ਫਿਰ ।
ਆਪੇ ਕਿਧਰੇ ਹੱਡ ਗੋਡੇ ਤੁੜਵਾ ਬੈਠੇਗਾ ।
ਤੇ ਵਰ੍ਹਿਆਂ ਦੀ ਬਣੀ ਬਣਾਈ,
ਆਪਣੀ ਪੱਤ ਲੁਹਾ ਬੈਠੇਗਾ ।
(੧੮-੯-੬੪)

15. ਉਮਰਾਂ ਤੋਂ ਵੀ ਲੰਮੀ ਯਾਰਾ (ਗੀਤ)

ਉਮਰਾਂ ਤੋਂ ਵੀ ਲੰਮੀ ਯਾਰਾ
ਮੁੱਕੀ ਕਾਲੀ ਰਾਤ ਹਿਜਰ ਦੀ
ਦਿਨ-ਚੜ੍ਹਿਆ ਇਕਰਾਰ ਦਾ ।
ਪੂਰਬ-ਬੂਹੇ ਨੂੰ ਖੜਕਾ ਕੇ,
ਦਿਨ ਦਾ ਰਾਜਾ ਨਿਕਲ ਤੁਰਿਆ
'ਨ੍ਹੇਰੇ ਨੂੰ ਵੰਗਾਰਦਾ ।
ਔਹ ! ਇਕ ਪੰਛੀ ਟਾਹਣੀ ਉਤੇ
ਬੈਠਾ ਗਾਵੇ ਗੀਤ ਸੁਰੀਲਾ
ਦਏ ਸੰਦੇਸ਼ ਬਹਾਰ ਦਾ ।
ਦਿਲ ਦੇ ਹਰਿਮੰਦਰ ਵਿਚ ਗੂੰਜੇ
ਬਾਣੀ ਵਰਗਾ ਬੋਲ ਕਿਸੇ ਦਾ
ਤਪਸ਼ ਬ੍ਰਿਹੋਂ ਦੀ ਠਾਰਦਾ ।
ਪੌਣਾਂ ਵਿੱਚ ਤਰਨ ਖੁਸ਼ਬੋਆਂ
ਘੜੀ ਸੁਹਾਣੀ ਹੁੰਦਾ ਜਾਵੇ,
ਸੂਹਾ ਮੁੱਖ ਪਿਆਰ ਦਾ ।
ਅੱਖ ਅੰਬਰ ਦੀ ਸੂਹੇ ਡੋਰੇ
ਹੱਥ ਕਿਸੇ ਦਾ ਰਾਹਾਂ ਉਤੇ,
ਮਹਿਕਾਂ ਪਿਆ ਖਿਲਾਰਦਾ ।
ਆਖਰ ਪੁਗੇ ਕੌਲ ਇਸ਼ਕ ਦੇ
ਸੂਰਜ ਧਰਤੀ ਦੇ ਸਿਰ ਉਤੋਂ
ਕਿਰਨਾਂ-ਮੋਤੀ ਵਾਰਦਾ ।
(੯-੭-੫੯)

16. ਵਰ੍ਹਿਆਂ ਪਿਛੋਂ

ਵਰ੍ਹਿਆਂ ਪਿਛੋਂ ਅੱਜ ਅਚਾਨਕ ਫੇਰ ਮਿਲੇ ਹਾਂ ।
ਮੇਰੇ ਨਾਲ ਮੇਰੀ ਪਤਨੀ ਹੈ ।
ਤੇਰੇ ਨਾਲ ਤੇਰੇ ਬੱਚੇ ਨੇ ।
ਆਪਣੀ ਪਤਨੀ ਨਾਲ ਤੇਰੀ ਮੈਂ
ਕਿਹੜੀ ਜਾਣ ਪਛਾਣ ਕਰਾਵਾਂ ।
ਅਜੇ ਤੀਕ ਬੱਚਿਆਂ ਨੂੰ ਤੂੰ ਵੀ,
ਮੇਰੀ ਬਾਬਤ ਕੁਝ ਨਹੀਂ ਦਸਿਆ ।
ਕੁਝ ਕੁਝ ਦੋਵੇਂ ਸ਼ਰਮਿੰਦੇ ਹਾਂ
ਇਕ ਦੂਜੇ ਤੋਂ ।
ਇਕ ਦੂਜੇ ਦੀ ਮਜਬੂਰੀ ਦਾ
ਪਤਾ ਅਸਾਨੂੰ ।
ਏਸੇ ਖਾਤਰ ਅੱਖ ਬਚਾ ਕੇ,
ਨੀਵੀਂ ਪਾ ਕੇ, ਨਜ਼ਰ ਝੁਕਾ ਕੇ,
ਆਪਾਂ ਦੋਵੇਂ ਲੰਘ ਚੱਲੇ ਸਾਂ ।

ਉਹ ਵੀ ਦਿਨ ਸਨ,
ਕਿੰਨੀਆਂ ਘੜੀਆਂ
ਅਸੀਂ ਚੁਰਾ ਕੇ ਸਮਿਆਂ ਕੋਲੋਂ,
ਕੱਠੇ ਹੋ ਕੇ ਬਹਿ ਜਾਂਦੇ ਸਾਂ ।
ਜਿਹੜੀ ਗਲ ਨਹੀਂ ਆਖਣ ਵਾਲੀ
ਉਹ ਵੀ ਆਪਾਂ,
ਹੱਸਦੇ ਹੱਸਦੇ,
ਇਕ ਦੂਜੇ ਨੂੰ ਕਹਿ ਜਾਂਦੇ ਸਾਂ ।
ਇਹ ਵੀ ਦਿਨ ਹੈ
ਜਿਸ ਦੇ ਕੋਲੋਂ,
ਇਕ ਪਲ ਅਸੀਂ ਚੁਰਾ ਨਹੀਂ ਸਕਦੇ,
ਵਰ੍ਹਿਆਂ ਪਿਛੋਂ ਅੱਜ ਮਿਲਣ ਤੇ,
ਖੁਲ੍ਹ ਕੇ ਜ਼ਰਾ ਬੁਲਾ ਨਹੀਂ ਸਕਦੇ ।
(੫-੮-੬੩)

17. ਵੇਖ ਵੇ ਢੋਲਾ, ਸਾਡੇ ਵਿਹੜੇ (ਗੀਤ)

ਵੇਖ ਵੇ ਢੋਲਾ, ਸਾਡੇ ਵਿਹੜੇ
ਰੁਤ ਪ੍ਰਾਹੁਣੀ ਆਈ ਆ ।
ਖੋਲ੍ਹ ਕਿਸੇ ਸੁਗੰਧ ਪੋਟਲੀ
ਪੌਣਾਂ ਵਿਚ ਖਿੰਡਾਈ ਆ ।

ਰੰਗਾਂ ਦੀ ਗੰਢ ਸਿਰ ਤੇ ਚੁੱਕੀ
ਪੁਜੀ ਆਥਣ ਬੂਹੇ ਉਤੇ,
ਪੱਛਮ ਹੱਥ ਵਧਾ ਕੇ ਦੋਵੇਂ
ਸਿਰ ਤੋਂ ਗੰਢ ਲੁਹਾਈ ਆ ।

ਉਤਰ ਆਈ ਰਾਤ ਧਰਤ ਤੇ
ਵੇਖ ਕੇ ਢੋਲਾ, ਵਰ੍ਹਿਆ ਜਾਦੂ
ਦੂਰ ਕਿਸੇ ਨੇ ਬਾਂਸ ਦੀ ਪੋਰੀ
ਬੁਲ੍ਹਾਂ ਨਾਲ ਛੁਹਾਈ ਆ ।

ਯਾਦ ਤੇਰੀ ਦੀ ਗੁੱਟੀ ਲੈ ਕੇ,
ਦਿਲ ਦੀ ਕੋਰੀ ਚਾਦਰ ਉਤੇ
ਕੋਮਲ ਹੱਥਾਂ ਨਾਲ ਵੇ ਮਾਹੀਆ
ਵੇਲ ਸੰਧੂਰੀ ਪਾਈ ਆ ।

ਖੁਲ੍ਹ ਗਈ ਪੂਰਬ ਦੀ ਤਾਕੀ,
ਲਿਸ਼ਕ ਪਿਆ ਵੀਰਾਨ ਬਰੇਤਾ,
ਵੇਖ ਵੇ ਧੂੜਾਂ-ਕੱਜੇ ਰਾਹੀਂ
ਚਾਂਦੀ, ਚੰਦ ਵਿਛਾਈ ਆ ।

ਖੇਤਾਂ ਦੇ ਵਿਚ ਰਾਤ ਟਹਿਲਦੀ,
ਜੀਕਣ ਜਿੰਦ ਰੂਪ-ਨਸ਼ਿਆਈ,
ਕਿਸ ਨੇ ਆ ਕੇ ਰਾਤ ਪਰੀ ਨੂੰ
ਕਸਤੂਰੀ ਸੁੰਘਾਈ ਆ ।

ਵੇਖ ਕੇ ਢੋਲਾ ਅੰਬਰ ਟਿੱਬੇ
ਹੱਸਣ ਕਿੰਜ ਕਪਾਹ ਦੇ ਟੀਂਡੇ
ਸੁਣ ਕੇ ਢੋਲਾ ਹੇਕ ਸੁਰੀਲੀ
ਜਿਸ ਨੇ ਜੂਹ ਨਸ਼ਿਆਈ ਆ ।
(੫-੧-੬੦)

18. ਤਿੰਨ ਕਵਿਤਾਵਾਂ

ਤਿੰਨ ਕਵਿਤਾਵਾਂ ਲਿਖ ਕੇ ਗੋਰੀ
ਘਰ ਮੁੜਿਆ ਹਾਂ ।

ਇਕ ਕਵਿਤਾ ਹੈ ਮੇਰੇ ਪਿੰਡ ਦੇ ਸੋਹਣ ਸਿੰਘ ਦੀ,
ਜਿਸ ਨੂੰ ਵਿਰਸੇ ਵਿਚੋਂ ਗੋਰੀ
ਇਕ ਫਿਕਰਾਂ ਦੀ ਪੰਡ ਮਿਲੀ ਹੈ ।
ਏਸ ਪੰਡ ਵਿਚ ਬੱਝਾ ਹੋਇਆ
ਕੁਝ ਕਰਜ਼ਾ ਹੈ ।
ਇਹ ਕਰਜ਼ਾ ਜੋ ਹਾੜੀ ਸਾਉਣੀ
ਲੱਥਣ ਦੀ ਥਾਂ ਵੇਲ ਵਾਂਗਰਾਂ
ਹੁੰਦਾ ਜਾਵੇ ਦੂਣ ਸਵਾਇਆ ।
ਕੋਠੇ ਜਿੱਡੀਆਂ ਤਿੰਨ ਧੀਆਂ ਨੇ ਬੂਹੇ ਉੱਤੇ ।
ਉਹਨਾਂ ਨੂੰ ਵੀ ਕਰਜ਼ ਵਾਂਗੂੰ,
ਗਿੱਠ ਗਿੱਠ ਵਾਰ ਰੋਜ਼ ਦਾ ਆਵੇ ।
ਤੇ ਹੁਣ ਉਸ ਦੇ ਸਿਰ ਦੇ ਉੱਤੇ
ਦਿਨ ਤੇ ਰਾਤੀਂ ਬੇਦਖਲੀ ਦੀ
ਇਕ ਨੰਗੀ ਤਲਵਾਰ ਲਟਕਦੀ ।

ਦੂਜੀ ਕਵਿਤਾ ਦੇ ਵਿਚ ਗੋਰੀ,
ਇਕ ਮਾਈ ਦੀ ਇਕ ਕਹਾਣੀ ।
ਪਰਸੋਂ ਅੱਧੀ ਛੁੱਟੀ ਵੇਲੇ,
ਹੱਥ ਵਿਚ ਲੈ ਕੇ ਖਾਲੀ ਗੜਵੀ
ਆਪਣੀ ਨੂੰਹ ਦੀ ਖਾਤਰ ਆਈ
ਨੂੰਹ, ਜਿਸ ਨੂੰ ਕਿ ਬੱਚਾ ਜਨਮੇਂ
ਸਾਤਾ ਹੋਇਆ ।
ਪਰ ਨਹੀਂ ਘਰ ਵਿਚ ਕੋਈ ਲਵੇਰਾ
ਤੇ ਉਹ ਮਾਈ,
ਆਪਣੀ 'ਵਾਜ ਛੁਟੇਰੀ ਕਰ ਕੇ,
ਬੋਲਾਂ ਦੇ ਵਿਚ ਤਰਲਾ ਭਰ ਕੇ
ਦੁੱਧ ਮੰਗਣ ਲਈ ਤੁਰ ਕੇ ਆਈ ।
ਦੁੱਧ ਕਿ ਜੋ ਅਮਰੀਕਾ ਦਿਤਾ,
ਭਾਰਤ ਦੇ ਬੱਚਿਆਂ ਲਈ ਤੁਹਫਾ ।

ਤੀਜੀ ਕਵਿਤਾ ਬੜੀ ਨਿਰਾਲੀ ।
ਜਿਸ ਦੇ ਰੋਮ ਰੋਮ ਵਿਚ ਗੋਰੀ
ਭਰ ਦਿੱਤੀ ਹੈ ਮੈਂ ਖੁਸ਼ਹਾਲੀ ।
ਇਸ ਕਵਿਤਾ ਵਿਚ ਸੂਝ ਨਰੋਈ,
ਛਿੱਕੇ ਟੰਗ ਕੇ,
ਮੈਂ ਸਿਫਤਾਂ ਦੇ ਪੁਲ ਬੰਨ੍ਹੇ ਨੇ ।
ਇਸ ਵਿਚ ਪਹਿਲੇ ਚਿਤਰਾਂ ਵਰਗਾ,
ਰੰਗ ਨਹੀਂ ਹੈ ।
ਇਸ ਨੂੰ ਪੜ੍ਹ ਕੇ ਏਦਾਂ ਜਾਪੇ,
ਭਾਰਤ ਵਿਚ ਕੋਈ ਤੰਗ ਨਹੀਂ ਹੈ ।
ਇਸ ਵਿਚ ਹਰ ਇਕ ਗਲੀ ਮੋੜ ਤੇ,
ਪਿੰਡਾਂ ਅੰਦਰ,
ਮੈਂ ਬਿਜਲੀ ਦੇ ਲਾਟੂ ਲਾਏ ।
ਬੰਜਰ ਬੀਆਬਾਨਾਂ ਵਿਚ ਦੀ, ਝੰਮ ਝੰਮ ਕਰਦੇ,
ਕੱਚੇ ਦੁੱਧ ਦੇ ਵਹਿਣ ਵਗਾਏ ।
ਇਹ ਕਵਿਤਾ ਮੈਂ ਅਗਲੇ ਹਫਤੇ,
ਰੇਡੀਓ ਉਤੇ ਬੋਲਣ ਜਾਣਾਂ,
ਇਸ ਕਵਿਤਾ ਨੂੰ ਸੁਣ ਕੇ ਤੂੰ ਤਾਂ,
ਉੱਚੀ ਉੱਚੀ ਹੱਸ ਪਈ ਏਂ ।
ਮੈਂ ਤੇ ਗੱਲ ਭੇਤ ਦੀ ਦੱਸੀ,
ਪਰ ਤੂੰ ਹੱਸ ਕੇ ਉੱਚੀ ਉੱਚੀ,
ਕੰਧਾਂ ਨੂੰ ਵੀ ਦੱਸ ਰਹੀ ਏਂ ।
ਕੰਧਾਂ ਦੇ ਵੀ ਕੰਨ ਹੁੰਦੇ ਨੇ ।
ਪਰ ਮੈਂ ਜਿੱਥੇ ਬੋਲਣ ਜਾਣਾ,
ਉਥੇ ਝੂਠ ਦਾ ਮੁੱਲ ਪੈਂਦਾ ਹੈ ।
ਸੱਚ ਕਿਸੇ ਨੇ ਕੀ ਕਰਨਾ ਹੈ,
ਸੱਚ ਜਿਵੇਂ ਇਕ ਸਿੱਕਾ ਖੋਟਾ,
ਜਿਸ ਨੂੰ ਕੋਈ ਕਬੂਲ ਨਹੀਂ ਕਰਦਾ,
ਸੱਚ ਬੋਲਿਆਂ ਪੇਟ ਨਹੀਂ ਭਰਦਾ ।
(੫-੮-੬੨)

19. ਜੀ ਆਇਆਂ ਨੂੰ

ਮੇਰੇ ਬੱਚੇ,
ਤੂੰ ਆਇਆ ਏਂ,
ਜੀ ਆਇਆਂ ਨੂੰ ।
ਤੂੰ ਏਂ ਇਕ ਭਵਿਸ ਦੀ ਆਸ ।
ਤੇਰੇ ਬਿਨ ਸੀ ਮੇਰਾ ਜੀਵਨ,
ਹੋਵੇ ਜੀਕਣ ਵਿਚ ਉਜਾੜਾਂ ਬਿਰਛ ਇਕੱਲਾ ।
ਜਿਸ ਦੇ ਉੱਤੇ ਫੁੱਲ ਨਾ ਕੋਈ
ਫਲ ਨਾ ਕੋਈ ।
ਜਿਸ ਦੀ ਛਾਵੇਂ ਆਣ ਕਦੀ ਨਾ ਬੈਠੇ ਰਾਹੀ
ਜਿਸ ਦੇ ਉੱਤੇ ਬੈਠ ਕਦੇ ਨਾ ਗਾਉਣ ਪਰਿੰਦੇ ।
ਜਿਸ ਨੇ ਕਦੇ ਹਵਾ ਦੀ ਝੋਲੀ
ਇਕ ਮੁੱਠ ਵੀ ਮਹਿਕ ਨਾ ਪਾਈ ।
ਵਰ੍ਹਿਆਂ ਪਿਛੋਂ ਰੁਤ ਫਿਰੇ ਤੇ,
ਚਾਣਚੱਕ ਜਿਸ ਨੂੰ ਲੱਗ ਜਾਵਣ
ਫੁਲ ਗੁਲਾਬੀ, ਪਤਰ ਸਾਵੇ ।
ਈਕਣ ਮੇਰੀ ਆਸ ਦੇ ਸੋਮੇਂ
ਮੇਰੇ ਸੱਖਣੇ ਜੀਵਨ ਅੰਦਰ,
ਤੂੰ ਆਇਆ ਏਂ ਵਾਂਗ ਬਹਾਰਾਂ ।
ਸੁੱਤੇ ਹੋਏ ਅੰਗਾਂ ਅੰਦਰ,
ਅੱਜ ਲਹੂ ਦੀ ਤੇਜ਼ ਰਵਾਨੀ ।
ਬੁੱਝੀਆਂ ਹੋਈਆਂ ਆਸਾਂ ਵਿਚੋਂ
ਫੇਰ ਸੁਲਗ ਪਏ ਨੇ ਚੰਗਿਆੜੇ ।
ਵਰ੍ਹਿਆਂ ਪਿਛੋਂ ਰੁਤ ਫਿਰੀ ਹੈ,
ਵਰ੍ਹਿਆਂ ਪਿਛੋਂ ਆਸ ਹਰੀ ਹੈ ।
ਤੇਰੇ ਆਇਆਂ ਸੋਚਾਂ ਅੰਦਰ, ਘੁਲੀ ਰੰਗੀਨੀ ।
ਤੇਰੇ ਆਇਆਂ ਇਸ ਜੀਵਨ ਦਾ ਜ਼ਹਿਰ ਵੀ ਮਿੱਠਾ ।
ਤੇਰੀ ਖਾਤਰ, ਪੀ ਜਾਵਾਂਗਾ,
ਇਸ ਜੀਵਨ ਦੇ ਘੁੱਟ ਕਸੈਲੇ ।
ਚੁੰਮ ਚੁੰਮ ਕੇ ਬੁਲ੍ਹ ਪਿਆਰੇ,
ਤੇਰੇ ਦੋਵੇਂ ਨੈਣ ਕਵਾਰੇ ।
ਵੇਖ ਰਿਹਾ ਹਾਂ,
ਸੋਚ ਰਿਹਾ ਹਾਂ ।
ਤੈਨੂੰ ਭੈੜੀ ਨਜ਼ਰ ਨਾ ਲੱਗੇ
ਤੇਰੇ ਕੰਨਾਂ ਤੀਕ ਨਾ ਪੁਜਣ ਐਟਮ ਦੇ ਧਮਾਕੇ ।
ਗੰਦਲਾਂ ਵਰਗੇ ਕੂਲੇ ਕੂਲੇ, ਲੈਰੇ ਲੈਰੇ,
ਤੇਰੇ ਅੰਗਾਂ ਉੱਤੇ,
ਪੈ ਨਾ ਜਾਵਣ, ਅੰਬਰ ਉਤੋਂ
ਬੰਬਾਂ ਦੇ ਪਰਛਾਵੇਂ ।
ਮੇਰੇ ਬੱਚੇ
ਤੂੰ ਆਇਆ ਏਂ ।
ਜੀ ਆਇਆਂ ਨੂੰ,
ਤੂੰ ਏਂ ਇਕ ਭਵਿਸ ਦੀ ਆਸ ।
(੧੨-੧੨-੬੧)

20. ਰਾਤ ਆਈ ਏ

ਰਾਤ ਆਈ ਏ ਘੁਪ-ਹਨੇਰੀ ।
ਚਾਰੇ ਪਾਸੇ ਕਾਵਾਂ-ਰੌਲੀ ।
ਭੁੱਖ ਦੇ ਮਾਰੇ ਦੇਸੀ ਕੁੱਤੇ,
ਭੌਂਕਣ ਪਿੰਡ ਦੀ ਲਹਿੰਦੀ ਗੁੱਠੇ ।
ਸੁੰਨੇ ਅੰਬਰ ਉੱਤੇ ਬੱਦਲ
ਆਣ ਜੁੜੇ ਨੇ ਹੌਲੀ ਹੌਲੀ,
ਜੀਕਣ ਕਾਲਾ ਧੂੰਆਂ
ਇੰਞਣ ਵਿਚੋਂ ਗੇੜੇ ਖਾਂਦਾ
ਟਿਕ ਜਾਂਦਾ ਏ ਵਿਚ ਪੁਲਾੜੀਂ ।

ਕਾਲੀ ਬੋਲੀ ਰਾਤ ਹਨੇਰੀ,
ਹਰ ਬੂਹਾ ਹੈ ਮੱਲ ਖਲੋਤੀ,
ਹਰ ਵਿਹੜੇ ਵਿਚ ਪੈਰ ਪਸਾਰੇ ।
ਥੱਕੇ ਟੁੱਟੇ ਅੰਗ-ਕਿਰਸਾਨੀਂ
ਆ ਡਿੱਗੇ ਨੇ ਮੰਜੀਆਂ ਉੱਤੇ ।
ਦੋ ਘੜੀਆਂ ਲਈ ਧਰਤੀ ਉੱਤੇ
ਛਾ ਜਾਏਗੀ ਚੁਪ ਚੁਫੇਰੇ ।
ਦੋ ਘੜੀਆਂ ਲਈ ਰੁਕ ਜਾਵਣਗੇ,
ਇਸ ਜੀਵਨ ਦੇ ਤੁਰਦੇ ਪਹੀਏ
ਦਿਨ ਭਰ ਧਰਤੀ-ਅੰਬਰ ਕੱਛ ਕੇ
ਥੱਕ ਟੁੱਟ ਕੇ ਸੋਚ-ਪਰਿੰਦਾ,
ਆ ਬੈਠਾ ਏ ਮਨ ਦੇ ਢਾਰੇ ।
ਨਿੱਕੇ ਦੀਵੇ ਬੈਠ ਸਰ੍ਹਾਣੇ,
ਦਿਨ ਦਾ ਥੱਕਾ ਸੋਚ ਰਿਹਾ ਹਾਂ;
"ਕਿਸ ਕੀਮਤ ਤੇ ਵਿੱਕ ਰਹੀਆਂ ਨੇ ਅੱਜ ਜ਼ਮੀਰਾਂ ?
ਕਿੰਨਾ ਸਸਤਾ ਇਨਸਾਨਾਂ ਦਾ ਖੂੰਨ ਵਿਕੇਂਦਾ !
ਕੇਹੀ ਅਸਾਂ ਕੁਰੁੱਤੇ ਬੀਜੇ,
ਸੁਪਨੇ ਦਿਲ ਦੀ ਧਰਤੀ,
ਕੇਹੀ ਘੜੀ ਕਿ ਇਕ ਵੀ ਫੁਲ ਨਾ ਖਿੜਿਆ ਸੂਹਾ ।
ਰੁਤਾਂ ਆਈਆਂ ਤੇ ਤੁਰ ਗਈਆਂ
ਬੰਦ ਅਜੇ ਹੈ ਚਾਨਣ ਵਾਲਾ ਬੂਹਾ ।
ਸੋਚ ਰਿਹਾ ਹਾਂ ਕਿ ਰੁਜ਼ਗਾਰਾਂ ਦਾ ਕੇਹਾ ਕੋਹਲੂ,
ਅੱਠੇ ਪਹਿਰ ਹੀ ਤੁਰਦੇ ਜਾਣਾ
ਵੱਟ ਕਸੀਸਾਂ,
ਖੋਪੀਂ ਲੱਗੇ ਬਲਦ ਜਿਵੇਂ ਨੇ ਭਾਉਂਦੇ ਫਿਰਦੇ ।
ਗੱਲਾਂ ਕਰਦੇ, ਬਾਤਾਂ ਪਾਉਂਦੇ,
ਸੌਂ ਚੁੱਕੇ ਨੇ ਕੁੱਲ ਗਵਾਂਢੀ ।
ਕਿਉਂ ਨਹੀਂ ਸੌਂਦਾ ਝੁੰਬ ਮਾਰ ਕੇ, ਹੇ ਮਨ ਮੇਰੇ ?
ਦਿਨ ਚੜ੍ਹਦੇ ਨੂੰ ਕਰਨ ਲਈ ਨੇ ਕੰਮ ਬਥੇਰੇ ।"
(੧੩-੧੨-੬੧)

21. ਖ਼ਬਰ

ਅੱਜ ਜਦੋਂ ਕਿ ਤੇਰੀ ਬਾਬਤ
ਇਕ ਅਨੋਖੀ ਖ਼ਬਰ ਫੈਲੀ
ਮੈਂ ਬੜਾ ਹੈਰਾਨ ਹੋਇਆਂ
ਤੇ ਖਲੋਤਾ ਸੋਚਦਾ ਹੀ ਰਹਿ ਗਿਆ ਹਾਂ ।
ਮੈਂ ਤਾਂ ਏਹੋ ਸਮਝਦਾ ਸੀ
ਤੂੰ ਬੜੀ ਅਨਭੋਲ ਤੇ ਨਾਦਾਨ ਹੈਂ ।
ਤੇਰੇ ਦਿਲ ਦੇ ਸਾਗਰੀਂ ਨਹੀਂ,
ਸ਼ੂਕਦੇ ਤੂਫਾਨ ਉਠੇ ।
ਤੇ ਰੰਗੀਲੇ ਸੁਪਨਿਆਂ ਦਾ
ਕੋਈ ਕਾਸਦ ਬਹੁੜਿਆ ਨਹੀਂ ।
ਇਹ ਤਸੱਵਰ ਅੱਜ ਮੈਨੂੰ,
ਸ਼ੀਸ਼ੀਆਂ ਦਾ ਮਹਿਲ ਲੱਗਾ
ਇਕ ਠੋਕਰ ਨਾਲ ਜਿਹੜਾ,
ਬਸ ਢੇਰੀ ਹੋ ਗਿਆ ਹੈ ।
ਆਪ ਆਪਣੀ ਸੂਝ ਉੱਤੇ,
ਅੱਜ ਮੈਨੂੰ ਤਰਸ ਆਇਆ ।
ਅੱਜ ਆਖਰ ਜਾਣਿਆਂ ਹੈ,
ਮੈਂ ਬੜਾ ਅਨਭੋਲ ਤੇ ਨਾਦਾਨ ਹਾਂ ।
ਏਸ ਦਿਲ ਦੇ ਵਰਕਿਆਂ ਨੂੰ ਪੜ੍ਹਨ ਵੇਲੇ,
ਸਮੇਂ ਦੀ ਧਾਰਾ ਤੋਂ ਜਿਹੜਾ,
ਬਹੁਤ ਪਿਛੇ ਰਹਿ ਗਿਆ ਹਾਂ ।
(੧੫-੧੦-੬੪)

22. ਦੁਚਿਤੀ

ਇਸ ਪੜਾ ਤੇ ਆਣ ਕੇ ਚਿਰ ਦਾ ਖੜ੍ਹਾਂ
ਸੋਚਦਾਂ ਪਿਛੇ ਮੁੜਾਂ,
ਸੋਚਦਾਂ, ਅੱਗੇ ਵਧਾਂ ।
ਇਸ ਦੁਚਿਤੀ ਵਿਚ ਮੇਰੇ ਨਾਲ ਦੇ ਤਾਂ
ਬਹੁਤ ਅੱਗੇ ਨਿਕਲ ਗਏ ਨੇ ।
ਪਿਛੇ ਮੁੜਨਾ ਮੌਤ ਵਰਗਾ ਜਾਪਦਾ ਹੈ,
ਅੱਗੇ ਵਧਣਾ ਵੀ ਔਖੇਰਾ ਭਾਸਦਾ ਹੈ ।
ਸੋਚਦਾ ਹਾਂ ।
ਕਿਉਂ ਨਾ ਏਸੇ ਰੁਖ ਹੇਠਾਂ,
ਬੈਠ ਦੋ ਘੜੀਆਂ ਲੰਘਾਵਾਂ ।
ਅੱਗੇ ਪਿਛੇ ਦੇ ਝਮੇਲੇ ਛੱਡ ਸਾਰੇ,
ਅੱਜ ਦੀ ਇਸ ਘੜੀ ਦੀ ਹੀ ਕਦਰ ਪਾਵਾਂ ।
ਇਸ ਦੁਚਿਤੀ ਵਿਚ ਖਲੋਤਾ,
ਮੈਂ ਸਹਾਰੇ ਭਾਲਦਾ ਹਾਂ ।
ਕਈ ਢੁੱਚਰ ਢੂੰਡਦਾ ਹਾਂ ।
ਪਰ ਇਹ ਜ਼ਾਲਮ ਸੋਚ ਮੁੜ ਤੰਗ ਕਰਦੀ,
ਮੇਰੇ ਮਨ ਦੇ ਚੈਨ ਨੂੰ ਹੈ ਤੰਗ ਕਰਦੀ ।
"ਰੁੱਖ ਹੇਠਾਂ ਕਦ ਭਲਾ ਕੋਈ,
ਘਰ ਬਣਾ ਕੇ ਬੈਠਦਾ ਹੈ ।
ਮੂਰਖ ਮਨਾਂ,
ਰੁੱਖ ਹੇਠਾਂ ਹੀ ਭਲਾ ਜੇ ਬੈਠਣਾ ਹੈ,
ਏਸ ਲੰਮੀ ਸੜਕ ਉੱਤੇ,
ਰੁੱਖ ਬਥੇਰੇ ਹੋਰ ਵੀ ਨੇ ਨਜ਼ਰ ਆਉਂਦੇ,
ਛਾਂ ਜਿਨ੍ਹਾਂ ਦੀ ਏਸ ਨਾਲੋਂ,
ਸੰਘਣੀ ਕੁਝ ਜਾਪਦੀ ਹੈ ।
ਕਿਉਂ ਨਹੀਂ ਫਿਰ ਤੂੰ ਭਲਾ ਹੁਣ,
ਹੋਰ ਥੋੜ੍ਹੀ ਜੁਰਅਤ ਕਰਦਾ ।
ਖਿੱਚ ਧੂਹ ਕੇ ਹੀ ਸਹੀ ਪਰ,
ਕਿਉਂ ਨਹੀਂ ਤੂੰ ਪੈਰ ਆਪਣੇ,
ਹੋਰ ਅੱਗੇ ਵੱਲ ਧਰਦਾ ।
(੭-੮-੬੪)

23. ਇਕ ਵਾਰ

ਚੜ੍ਹਿਆ ਸਾਲ ਛਿਤਾਲੀਵਾਂ ਸੰਗਰਾਮਾਂ ਵਾਲਾ
ਜੀਕਣ ਝੱਖੜ ਰਾਤ ਨੂੰ ਬੂਹੇ ਖੜਕਾਵੇ ।
ਸੁਤੇ ਹੋਏ ਸਾਗਰਾਂ ਨੇ ਅੱਗ ਉਛਾਲੀ
ਕੰਬੀ ਧਰਤੀ, ਹਿੱਲ ਗਏ ਅੰਬਰ ਦੇ ਪਾਵੇ ।

ਰਾਜਾ ਟਰਾਵਨਕੋਰ ਦਾ ਵੱਡਾ ਹੰਕਾਰੀ,
ਜੋ ਜੀ ਆਵੇ ਨਿਤ ਹੀ ਫੁਰਮਾਨ ਚੜ੍ਹਾਵੇ ।
ਖੇਤਾਂ ਵਿਚੋਂ ਉਗਦੀ ਪਰ ਭੁੱਖ-ਬੀਮਾਰੀ,
ਬੇਰੁਜ਼ਗਾਰੀ ਜਿਊਂਦਿਆਂ ਦੀ ਰੱਤ ਸੁਕਾਵੇ ।

ਬੰਨ੍ਹ ਸਬਰ ਦਾ ਟੁੱਟਿਆ ਤੇ ਹੋਸ਼ਾਂ ਆਈਆਂ
ਘਰ ਘਰ ਕਾਮੇਂ ਬੈਠ ਕੇ ਪਏ ਕਰਨ ਵਿਚਾਰਾਂ ।
ਕਦ ਤੱਕ ਕਰਦੇ ਰਹਿਣਗੇ ਹਾਕਮ ਮਨ-ਆਈਆਂ,
ਕਦ ਤੱਕ ਹਉਕੇ ਭਰਦੀਆਂ ਰਹਿਸਣ ਮੁਟਿਆਰਾਂ ।

"ਰੁੱਖਾਂ ਛਾਵੇਂ ਬੈਠਿਆਂ ਨਾ ਮੰਜ਼ਲ ਮੁੱਕੇ
ਚੁਪ ਕੀਤਿਆਂ ਹਾਣੀਉਂ ਨਾ ਹੋਣ ਗੁਜ਼ਾਰੇ ।
ਆਉ ਮੁਕਾਈਏ ਚੰਦਰੀ ਰਜਵਾੜਾ-ਸ਼ਾਹੀ,
ਆਉ ਵਿਖਾਈਏ ਹਾਕਮਾਂ ਨੂੰ ਹੱਥ ਕਰਾਰੇ ।

ਛਣਦੇ ਜਿਚਰ ਜਬਰ ਦੇ ਨਹੀਂ ਬੱਦਲ ਕਾਲੇ,
ਰੌਸ਼ਨ ਹੋ ਨਹੀਂ ਸਕਦੇ ਆਸਾਂ ਦੇ ਤਾਰੇ ।
ਕਰ ਨਹੀਂ ਸਕਦੀ ਜ਼ਿੰਦਗੀ ਇਹ ਹੋਰ ਤਰੱਕੀ,
ਰਾਹ ਵਿਚੋਂ ਜੇ ਕੱਟਦੇ ਨਹੀਂ ਪੱਥਰ ਭਾਰੇ ।

ਹਾਰ ਗਏ ਹਾਂ ਚੁਕਦੇ ਸਰਕਾਰੀ ਛੱਟਾਂ,
ਬਹੁਤ ਕੀਤੀਆਂ ਹਾਕਮਾਂ ਦੀਆਂ ਨਿਤ ਵਗਾਰਾਂ ।
ਹਾਰੀਆਂ ਹੋਈਆਂ ਹਿੰਮਤਾਂ ਜਾਂ ਉਠ ਖਲੋਈਆਂ,
ਲਾਇਆ ਮੱਥਾ ਯੋਧਿਆਂ ਫਿਰ ਨਾਲ ਪਹਾੜਾਂ ।

ਵੇਖ ਵਾਪਰੀ ਰਾਜ ਵਿਚ ਇਹ ਗੱਲ ਨਿਆਰੀ,
ਰਾਮਾ ਸੁਆਮੀ ਮੰਤਰੀ ਗੁੱਸੇ ਵਿਚ ਆਇਆ ।
"ਕਿਹੜਾ ਜੋ ਸਰਕਾਰ ਨਾਲ ਆ ਮੱਥਾ ਲਾਵੇ,
ਕਿਹੜਾ, ਜਿਸ ਨੇ ਰਾਜ ਵਿਚ ਹੈ ਸ਼ੋਰ ਮਚਾਇਆ ।"

ਝਟ ਪਟ ਤਾਰਾਂ ਖੜਕੀਆਂ ਤੇ ਹੋਈ ਤਿਆਰੀ,
"ਬਾਗੀ ਮਾਰ ਮੁਕਾ ਦਿਉ," ਰਾਜੇ ਫੁਰਮਾਇਆ ।
ਚੜ੍ਹ ਪਏ ਬੜ੍ਹਕਾਂ ਮਾਰਦੇ ਅਫਸਰ ਸਰਕਾਰੀ,
ਸ਼ੇਰ ਜਿਵੇਂ ਝਿੰਗਾੜਦਾ ਭੁੱਖਾ ਤਿਰਹਾਇਆ ।

'ਵਿਆਲਰ-ਪੰਨੂਪੜਾ' ਸਾਗਰ ਦੇ ਕੰਢੇ
ਘੁੱਗ-ਵਸੰਦੇ ਚਿਰਾਂ ਤੋਂ ਦੋ ਨਗਰ ਭਾਰੇ ।
ਰਾਹੀਂ ਧੂੜਾਂ ਉਡਾਉਂਦੀਆਂ ਆ ਗਈਆਂ ਜੀਪਾਂ,
ਫਿਰਨੀ ਲਾਗੇ ਪਹੁੰਚ ਗਏ ਅਫਸਰ ਹੰਕਾਰੇ ।

ਝੁੱਗੀਆਂ ਲਾਗੇ ਖੜੇ ਸਨ ਕੁਝ ਨੱਢੇ ਨਾਰਾਂ,
ਵੇਖ ਉਨ੍ਹਾਂ ਨੂੰ ਅਫਸਰਾਂ ਹਥਿਆਰ ਸੰਭਾਲੇ ।
ਲੇਟ ਗਏ ਪਰ ਧਰਤ ਤੇ ਮਜ਼ਦੂਰ ਹਠੀਲੇ,
ਨਾ ਭੋਰਾ ਵੀ ਘਾਬਰੇ, ਉਹ ਅਣਖਾਂ ਵਾਲੇ ।

ਅੱਗੇ ਵਧਣ ਲਗ ਪਏ, ਉਹ ਵਾਰ ਬਚਾਉਂਦੇ,
ਪਹੁੰਚੇ ਆਖਰ ਸੂਰਬੀਰ ਵੈਰੀ ਦੇ ਨੇੜੇ ।
ਵੇਖ ਹੌਂਸਲੇ ਪੁਲਸੀਏ ਪੈਰਾਂ ਤੋਂ ਹਿੱਲੇ,
ਹੱਥੋ ਹੱਥੀ ਲੱਗ ਪਏ ਜਾਂ ਹੋਣ ਨਬੇੜੇ ।

ਇਕ ਦਰ ਅੱਗ ਵਰ੍ਹਾਉਂਦੀਆਂ ਪਈਆਂ ਬੰਦੂਕਾਂ,
ਇਕ ਦਰ ਟੱਕਰ ਲੈ ਰਹੇ ਪਰ ਬੇ-ਹਥਿਆਰੇ ।
ਧਾੜ ਪੁਲਸ ਦੀ ਵਿਚ ਸਨ ਪੂਰੇ ਪੰਤਾਲੀ
ਸਾਰੇ ਮੁੱਕੇ ਰਹਿ ਗਏ ਬਸ ਪੰਜ-ਪਿਆਰੇ ।

ਉਹਨਾਂ ਪੰਜਾਂ ਭੱਜ ਕੇ ਹੀ ਜਾਨ ਬਚਾਈ,
ਜਾ ਕੇ ਸ਼ਹਿਰ ਦੀਵਾਨ ਨੂੰ ਸਭ ਹਾਲ ਸੁਣਾਇਆ ।
ਖ਼ਤਰਾ ਹੋਇਆ ਰਾਜ ਨੂੰ, ਪੈ ਗਈ ਦੁਹਾਈ,
ਫੌਜ ਪੁਲਸ ਦਾ ਪਿੰਡ ਤੇ ਫਿਰ ਕਟਕ ਚੜ੍ਹਾਇਆ ।

ਪਹੁੰਚੇ ਹੱਥੀਂ ਨੰਗੀਆਂ ਫੜ ਕੇ ਸੰਗੀਨਾਂ,
ਜਿਹੜੇ ਆਏ ਸਾਹਮਣੇ ਸਭ ਮਾਰ ਮੁਕਾਏ ।
ਇਕ ਸੌ ਸੱਠ ਪਿਆਰੀਆਂ ਜਿੰਦਾਂ ਤੜਫਾਈਆਂ,
ਛੰਨਾਂ-ਢਾਰੇ ਇਕ ਵੱਢਿਉਂ ਸਾੜ ਗਵਾਏ ।

ਪਰਜਾ ਦੇ ਰਖਵਾਲਿਆਂ ਫੜ ਆਪ ਮੁਆਤੇ,
ਘੁੱਗ-ਵਸੇਂਦੇ ਪਿੰਡ ਨੂੰ ਕੀਤਾ ਢਹਿ ਢੇਰੀ ।
ਗਲੀਆਂ ਭਾਂ ਭਾਂ ਕਰਦੀਆਂ, ਸੁਨਸਾਨ ਚੁਫੇਰੇ,
ਝੁਲੀ ਅਤਿਆਚਾਰ ਦੀ ਇਕ ਲਾਲ ਹਨੇਰੀ ।

ਛੱਡ ਘਰਾਂ ਨੂੰ ਤੁਰ ਗਏ ਬੱਚੇ ਤੇ ਬੁੱਢੇ,
ਲੈ ਕੇ ਜਾਨਾਂ ਵਿਆਲਾਰ ਨੱਗਰ ਨੂੰ ਧਾਏ ।
ਤਿੰਨ ਪਾਸੇ ਉਸ ਪਿੰਡ ਦੇ ਪਾਣੀ ਹੀ ਪਾਣੀ,
ਚੌਥੀ ਗੁਠੋਂ ਰਾਹ ਇਕ ਅੰਦਰ ਨੂੰ ਆਏ ।

ਢਲਿਆ ਸੂਰਜ, ਚਮਕ ਪਏ ਅੰਬਰ ਦੇ ਤਾਰੇ,
ਫੌਜ ਪੁਲਸ ਨੇ ਪਿੰਡ ਨੂੰ ਆ ਪਾਇਆ ਘੇਰਾ ।
ਆਖਣ ਜੀਉਂਦਾ ਇਕ ਵੀ ਹੁਣ ਜਾਣ ਨਹੀਂ ਦੇਣਾ,
ਆਣ ਮੱਲਿਆ ਬੁੱਚੜਾਂ ਨੇ ਚਾਰ ਚੁਫੇਰਾ ।

ਚੱਲਣ ਲੱਗੀ ਰਾਤ ਨੂੰ ਅੰਨ੍ਹੇ-ਵਾਹ ਗੋਲੀ,
ਨਾਲ ਕੜਾਕੇ ਕੰਬਦੀ ਪਈ ਧਰਤੀ ਸਾਰੀ ।
ਹਾਕਮ ਪਏ ਸੀ ਖੇਡਦੇ ਲਹੂ-ਰੱਤੀ ਹੋਲੀ,
ਡਿੱਗਣ ਲੱਗੇ ਸੂਰਮੇਂ ਫਿਰ ਵਾਰੋ ਵਾਰੀ ।

ਅੰਤ ਪਿੰਡ ਦੇ ਵਾਸੀਆਂ ਇਹ ਮਤਾ ਪਕਾਇਆ,
ਰਾਤ ਅੱਜ ਦੀ ਜਾਪਦੀ ਸਾਡੇ ਤੇ ਭਾਰੀ ।
ਜਿਹੜੇ ਨਿਕਲ ਸਕਦੇ, ਉਹ ਨਿਕਲ ਜਾਉ,
ਬਾਕੀ ਕਰੀਏ ਟਾਕਰਾ, ਇਹ ਗੱਲ ਨਿਤਾਰੀ ।

ਦੋ ਸੌ ਪਿਛੇ ਰਹਿ ਗਏ, ਅਣਖੀਲੇ ਸੂਰੇ,
ਬਾਕੀ ਤਰ ਕੇ ਲੰਘ ਗਏ ਫਿਰ ਢਾਬ ਡੂੰਘੇਰੀ ।
ਕਰਦੇ ਰਹੇ ਉਹ ਟਾਕਰਾ, ਬਚਨਾਂ ਦੇ ਪੂਰੇ,
ਰੱਖੇ ਉੱਚੇ ਹੌਂਸਲੇ ਨਾ ਢਾਹੀ ਢੇਰੀ ।

ਦਿਨ ਚੜ੍ਹਿਆ ਤੇ ਫੌਜ ਨੇ ਫਿਰ ਕਰ ਕੇ ਹੱਲਾ,
ਮਾਰ ਮੁਕਾਏ ਸੂਰਮੇਂ ਯੋਧੇ ਅਣਖੀਲੇ ।
ਹੱਕਾਂ ਖਾਤਰ ਦੂਲਿਆਂ ਸੀ ਬਾਜ਼ੀ ਲਾਈ,
ਪਾ ਗਏ ਅੰਤ ਸ਼ਹੀਦੀਆਂ ਉਹ ਬੀਰ-ਹਠੀਲੇ ।

ਲਹਿੰਦੀ ਗੁਠੇ, ਪਿੰਡ ਦੀ ਬਿਰਛਾਂ ਦੀ ਛਾਵੇਂ,
ਅੱਜ ਤੱਕ ਵੀ ਪਈ ਏ ਹੱਡੀਆਂ ਦੀ ਢੇਰੀ ।
ਜਬਰ-ਸਿਦਕ ਦੀ ਜੰਗ ਸੀ ਇਸ ਥਾਂ ਤੇ ਹੋਈ,
ਇਸ ਥਾਂ ਧਰਤੀ ਬੇਟਿਆਂ ਸੂਹੀ ਰੱਤ ਕੇਰੀ ।

ਸੁੱਚਾ ਖੂੰਨ ਬਹਾਦਰਾਂ ਦਾ ਜਿਥੇ ਡੁੱਲ੍ਹੇ,
ਉਥੋਂ ਆਖਰ ਖਿੜਦੀਆਂ ਨੇ ਸੱਚ ਬਹਾਰਾਂ ।
ਇਕ ਚਿਣਗ 'ਚੋਂ ਉੱਚੀਆਂ ਹੁੰਦੀਆਂ ਨੇ ਲਾਟਾਂ,
ਇਕ ਟੇਪੇ 'ਚੋਂ ਮਹਿਕਦੇ ਨੇ ਫੁਲ ਹਜ਼ਾਰਾਂ ।

ਕਰ ਕਰ ਹੀਲੇ ਤੁਰ ਗਏ ਲੱਖਾਂ ਹਤਿਆਰੇ,
ਚਾਲ ਸਮੇਂ ਦੀ ਕਿਸਤਰਾਂ ਪਰ ਰੋਕੀ ਜਾਵੇ ।
ਸੰਗੀਨਾਂ ਦੀ ਨੋਕ ਤੇ ਪਲਦੀ ਸਚਿਆਈ,
ਰਾਤਾਂ ਚੀਰ ਹਨੇਰੀਆਂ, ਸਰਘੀ ਮੁਸਕਾਵੇ ।
(੩੦-੩-੬੦)

24. ਬੁੱਢਾ ਬੋੜ੍ਹ

ਸਦੀਆਂ ਦਾ ਇਹ ਬੁੱਢਾ ਬੋੜ੍ਹ,
ਇਸ ਦੇ ਅੰਗੀਂ ਰਚਿਆ ਕੋੜ੍ਹ ।

ਐਵੇਂ ਮੱਲੀ ਬੈਠਾ ਥਾਂ,
ਪਰ ਨਾ ਦੇਵੇ ਭੋਰਾ ਛਾਂ ।

ਪੱਤਾ ਵੇਖਣ ਨੂੰ ਨਾ ਲੱਭੇ,
ਚਿਰ ਦੇ ਝੜ ਚੁੱਕੇ ਨੇ ਸੱਭੇ ।

ਹੁਣ ਨਾ ਹੇਠ ਮੁਸਾਫਰ ਬਹਿਣ,
ਸੁੱਕੇ ਟਾਹਣ ਕਹਾਣੀ ਕਹਿਣ ।

ਹੁਣ ਨਾ ਇੱਥੇ ਕੋਇਲਾਂ ਗਾਉਣ,
ਉਪਰ ਇਸ ਦੇ ਗਿਰਝਾਂ ਭਾਉਣ ।

ਹੁਣ ਨਾ ਹੇਠਾਂ ਗਿੱਧੇ ਪੈਣ,
ਹੁਣ ਤਾਂ ਇਸ ਤੇ ਉੱਲੂ ਰਹਿਣ ।

ਕਦੇ ਸਮਾਂ ਸੀ ਇਸ ਦੇ ਥੱਲੇ,
ਨੱਚਦੇ ਗੱਭਰੂ ਹੋ ਕੇ ਝੱਲੇ ।

ਇਸ ਥਾਂ ਆ ਕੇ ਨਿੱਕੇ ਬਾਲ,
ਭੁਲ ਜਾਂਦੇ ਸੀ ਹੋਰ ਖ਼ਿਆਲ ।

ਗੁੱਲੀ ਡੰਡਾ ਅੱਠੇ ਪਹਿਰ,
ਨਾ ਜਾਨਣ ਕੀ ਹੁੰਦੇ ਵੈਰ ।

ਪਾ ਪੀਂਘਾਂ ਕੁੜੀਆਂ ਹਰ ਸਾਲ,
ਝੂਟਦੀਆਂ ਸਨ ਚਾਵਾਂ ਨਾਲ ।

ਪਰ ਹੁਣ ਹੋਇਆ ਬੁੱਢਾ ਬੋੜ੍ਹ,
ਹਿੱਲਣ ਇਸ ਦੇ ਸਾਰੇ ਜੋੜ ।

ਝੱਖੜ ਹੱਥੋਂ ਹੱਡ ਤੁੜਾਵੇ,
ਵਿਚ ਹਨੇਰੀ ਝੋਲੇ ਖਾਵੇ ।

ਡਰਦੇ ਮਾਰੇ ਨਿੱਕੇ ਬਾਲ,
ਭੁਲੇ ਇਸ ਦਾ ਅੱਜ ਖ਼ਿਆਲ ।

ਆਖਣ "ਇਸ ਤੇ ਡੈਣਾਂ ਰਹਿਣ,
ਬਾਲਾਂ ਨੂੰ ਜੋ ਚੁੱਕਣ ਪੈਣ ।

ਭੂਤ ਪਰੇਤਾਂ ਲਾਏ ਡੇਰੇ,
ਉਤਰ ਹੇਠਾਂ ਵਿਚ ਹਨੇਰੇ ।

ਰਾਤਾਂ ਨੂੰ ਜੋ ਲੁੱਡੀ ਪਾਉਣ,
ਦਿਨ ਚੜ੍ਹਿਆ ਨਾ ਨਜ਼ਰੀਂ ਆਉਣ ।"

ਆਖਣ "ਕੋਈ ਨਾ ਉਥੇ ਜਾਵੇ,
ਜਿਹੜਾ ਜਾਵੇ ਜਿੰਦ ਗਵਾਵੇ ।"

ਇਸ ਲਈ ਨਿਕ ਮੁਨਿੱਕੇ ਬਾਲ,
ਭੁੱਲੇ ਇਸ ਦਾ ਅੱਜ ਖ਼ਿਆਲ ।

ਹੋ ਚੁੱਕਾ ਏ ਬੁੱਢਾ ਬੋੜ੍ਹ,
ਟੁਟਦੇ ਜਾਂਦੇ ਇਸ ਦੇ ਜੋੜ ।

ਲੰਮੀ ਆਯੂ ਬੈਠਾ ਭੋਗ,
ਲੱਗੇ ਇਸ ਨੂੰ ਮਾਰੂ ਰੋਗ ।

ਇਸ ਨੂੰ ਮੁਢੋਂ ਹੀ ਉਲਟਾਈਏ,
ਰੁੱਖ ਨਵਾਂ ਹੁਣ ਇਸ ਥਾਂ ਲਾਈਏ ।

ਜੁਗਾਂ ਤੀਕਰ ਵੰਡੇ ਛਾਵਾਂ,
ਵੱਗਣ ਹੇਠਾਂ ਸ਼ਾਂਤ ਹਵਾਵਾਂ ।

ਫੁੱਟਣ ਉਸ ਦੇ ਪੱਤਰ ਸੂਹੇ,
ਮੁਸਕਾਣਾਂ ਦੇ ਖੁਲ੍ਹਣ ਬੂਹੇ ।

ਜਿਸ ਤੇ ਪੰਛੀ ਨੱਚਣ ਗਾਉਣ,
ਜਿਸ ਤੇ ਕੁੜੀਆਂ ਪੀਂਘਾਂ ਪਾਉਣ ।

ਜਿਸ ਦੇ ਹੇਠ ਮੁਸਾਫਰ ਬਹਿਣ,
ਜਿਥੇ ਭੰਗੜੇ ਗਿਧੇ ਪੈਣ ।

ਇਹ ਤੇ ਹੋਇਆ ਬੁੱਢਾ ਬੋੜ੍ਹ,
ਇਸ ਦੇ ਹੱਡੀਂ ਰਚਿਆ ਕੋੜ੍ਹ ।
(੨੩-੧੧-੬੦)

25. ਉਠ ਖਲੋਤੀ, ਸੁੱਤੀ ਸਰਘੀ (ਗੀਤ)

ਉਠ ਖਲੋਤੀ, ਸੁੱਤੀ ਸਰਘੀ,
ਥਾਲੀ ਘੋਲੇ ਰੰਗ ਵੇ ।

ਨੂਰ-ਪਰੀ ਤੋਂ ਬੱਦਲਾਂ ਮਹਿੰਦੀ,
ਲਈ ਉਧਾਰੀ ਮੰਗ ਵੇ ।

ਸੂਰਜ ਰਾਣੇ ਅੱਖ ਉਘਾੜੀ,
ਧਰਤੀ ਲਾਹੀ ਸੰਗ ਵੇ ।

ਕਿਰਨਾਂ ਆ ਬੂਹੇ ਖੜਕਾਏ,
ਹੌਲੀ ਜਹੀ ਫਿਰ ਖੰਘ ਵੇ ।

ਹੋਇਆ ਚਾਰ ਚੁਫੇਰੇ ਚਾਨਣ,
ਰਹਿ ਗਏ ਨ੍ਹੇਰੇ ਦੰਗ ਵੇ ।

ਚਿੜੀਆਂ ਰਹੀਆਂ ਚੂਕ ਹਾਣੀਆਂ,
ਪੰਛੀ ਖੋਲ੍ਹਣ ਖੰਭ ਵੇ ।

ਦਿਹੁੰ-ਨੱਢੇ ਨੇ ਫੜ ਕੇ ਸੋਟੀ,
ਨ੍ਹੇਰੇ ਦਿਤੇ ਝੰਬ ਵੇ ।

ਆਸ ਮੇਰੀ ਅੰਗੜਾਈ ਲੈਂਦੀ,
ਜਾਗੀ ਮੂਕ ਉਮੰਗ ਵੇ ।

ਗਹਿਰ-ਗੰਭੀਰ ਸਰੋਵਰ ਵਿਚੋਂ,
ਉਠੇ ਜਿਵੇਂ ਤਰੰਗ ਵੇ ।

ਆ ਮਿਲ ਸੱਜਣ ਚੀਰ ਵਲ੍ਹਿਖਾਂ,
ਪੂਰੀ ਹੋਈ ਉਮੰਗ ਵੇ ।
(੪-੨-੫੯)

26. ਉਡੀਕਾਂ ਦੇ ਰਾਹ ਤੁਰਦਿਆਂ

ਨੈਣ ਮੇਰੇ ਸੁੰਨੀਆਂ ਰਾਤਾਂ 'ਚ ਵੀ ਨੇ ਜਾਗਦੇ,
ਟੁਟਦੇ ਆਕਾਸ਼ ਉਤੋਂ ਮੈਂ ਸਿਤਾਰੇ ਵੇਖਦਾਂ ।
ਰਾਖ਼ ਦੀ ਢੇਰੀ ਕਹਾਣੀ ਸੁਪਨਿਆਂ ਦੀ ਦੱਸਦੀ,
ਸਿਸਕਦੇ ਹੋਏ ਨਿਤ ਹੀ ਮੈਂ ਚਾਅ ਕਵਾਰੇ ਵੇਖਦਾਂ ।

ਪੌਣ ਠੰਢੀ ਅੱਜ ਅੰਗਾਂ ਮੇਰਿਆਂ ਨੂੰ ਪੱਛਦੀ,
ਰੁੱਖ ਸੁੱਕੇ ਵਾਂਗ ਕੀਕਰ ਜ਼ਿੰਦਗੀ ਵੀਰਾਨ ਹੈ ।
ਨੂਰ ਦੀ ਕੋਈ ਕਿਰਨ ਨੇੜੇ ਨਾ ਮੇਰੇ ਢੁੱਕਦੀ,
ਚੰਨ ਬਾਝੋਂ ਕੀ ਭਲਾ ਇਹ ਸੱਖਣਾ ਅਸਮਾਨ ਹੈ ।

ਮੇਰੀਆਂ ਨਜ਼ਰਾਂ 'ਚ ਤਰਦੀ, ਅੱਜ ਤੀਕਰ ਉੇਹ ਘੜੀ,
ਬੁੱਤ ਤੇਰਾ ਨ੍ਹੇਰੀਆਂ ਵਾਟਾਂ 'ਚ ਕਿਧਰੇ ਖੋ ਗਿਆ ।
ਹਿੱਕ ਅੰਦਰ ਸ਼ੂਕਦੇ ਅਰਮਾਨ ਸੂਹੇ ਸੌਂ ਗਏ,
ਪੈਰ ਹਾਥੀ ਦਾ ਜਿਵੇਂ ਕਿ ਫੁੱਲ ਸੁੱਚੇ ਕੋਹ ਗਿਆ ।

ਕਦੇ ਇਹਨਾਂ ਅੱਖੀਆਂ 'ਚ ਲਿਸ਼ਕਦੀ ਸੀ ਸਤਰੰਗੀ,
ਅੱਜ ਇਹ ਬਰਸਾਤ ਵਾਂਗੂੰ ਕਿਸ ਤਰ੍ਹਾਂ ਨੇ ਵਹਿੰਦੀਆਂ ।
ਹੁਸਨ ਅਤੇ ਇਸ਼ਕ ਦੇ ਮੱਥੇ ਸਿਆਹੀਆਂ ਜੰਮੀਆਂ,
ਅੱਜ ਰਾਤਾਂ ਵੀ ਖਿਜ਼ਾਂ ਦੀ ਨੇ ਕਹਾਣੀ ਕਹਿੰਦੀਆਂ ।

ਛਣਕਦੇ ਹੋਏ ਹਾਸਿਆਂ ਦੀ ਮੌਤ ਵਰਗੀ ਚੁਪ ਹੈ,
ਚਹਿਕਦੇ ਹੋਏ ਪੰਛੀਆਂ ਦੇ ਖੰਭ ਖੋਹੇ ਗਏ ਨੇ ।
ਸਰਘੀਆਂ ਇਹ ਕਹਿਕਸ਼ਾਂ, ਇਹ ਪਹੁ-ਫੁਟਾਲੇ ਰੰਗਲੇ,
ਸੁਹਜ ਦੇ ਇਹ ਚਿੰਨ੍ਹ ਸਾਰੇ ਕਿੰਜ ਕੋਹੇ ਗਏ ਨੇ ।

ਕਲਪਣਾਂ ਦੇ ਖੰਭ ਟੁੱਟੇ, ਚੱਲੀਆਂ ਜਾਂ ਨ੍ਹੇਰੀਆਂ,
ਹੱਸਦੀ ਹੋਈ ਜ਼ਿੰਦਗੀ ਵੀ ਲਾਸ਼ ਬਣ ਕੇ ਰਹਿ ਗਈ ।
ਪੈਰ ਜਿਹੜੇ ਮੰਜ਼ਲਾਂ ਵਲ ਉਠਦੇ ਸਨ ਹਰ ਸਮੇਂ,
ਅੱਜ ਉਹਨਾਂ ਨੂੰ ਜਿਵੇਂ ਜ਼ੰਜੀਰ ਕੋਈ ਪੈ ਗਈ ।

ਹੁਸਨ ਭੁੱਖਾ, ਕਿਰਤ ਭੁੱਖੀ, ਵਿਲਕਦੀ ਹੈ ਜ਼ਿੰਦਗੀ,
ਸੱਧਰਾਂ ਦਰਵੇਸ਼ ਵਾਂਗੂੰ ਹੱਥ ਅੱਡੀ ਰੋਂਦੀਆਂ ।
ਧਰਤ ਸਾਡੀ ਦੇ ਚਿਰਾਂ ਤੋਂ ਬੁਲ੍ਹ ਸੁੱਕੇ ਹੋਏ ਨੇ,
ਅੰਬਰਾਂ ਤੋਂ ਖ਼ੂਨ ਦੀਆਂ ਨੇ ਘਰਾਲਾਂ ਚੋਂਦੀਆਂ ।

ਪੁਛਦਾ ਹਾਂ ਮੈਂ ਤੁਹਾਨੂੰ ਜ਼ਿੰਦਗੀ ਦੇ ਆਸ਼ਕੋ,
ਸੱਖਣੇ ਕੀ ਆਸ ਮੇਰੀ ਦੇ ਬਨੇਰੇ ਰਹਿਣਗੇ ?
ਇੰਜ ਹੀ ਕੀ ਪਿਆਰ ਦੀ ਕਤਲਾਮ ਹੁੰਦੀ ਰਹੇਗੀ ?
ਇੰਜ ਹੀ ਕੀ ਇਹ ਉਡੀਕਾਂ ਤੇ ਹਨੇਰੇ ਰਹਿਣਗੇ ?
(੨੪-੬-੫੯)

27. ਅਮਨ ਦੀ ਰਾਖੀ ਲਈ

ਪੈਰ ਅੱਜ ਇਨਸਾਨ ਦੇ ਮੰਜ਼ਲ ਵਲ ਉਠੇ,
ਘੁੱਟੇ ਅੰਬਰ-ਧਰਤੀਆਂ ਇਸ ਵਿਚ ਕਲਾਵੇ ।
ਜਿਤ ਰਹੀਆਂ ਬ੍ਰਹਿਮੰਡ ਨੂੰ ਸੋਚਾਂ ਇਨਸਾਨੀ,
ਨੀਝ ਮਨੁੱਖੀ ਦੂਰੀਆਂ ਨੂੰ ਚੀਰੀ ਜਾਵੇ ।

ਇਕ-ਦਰ ਸਾਗਰ ਲੋਕਤਾ ਦਾ ਠਾਠਾਂ ਮਾਰੇ,
ਇਕ-ਦਰ ਅੱਗ ਉਛਾਲਦੇ ਚੰਗੇਜ਼ ਹਲਾਕੂ ।
ਇਕ-ਦਰ ਹੋਈਆਂ ਉਚੀਆਂ ਅੰਬਰ ਵਲ ਬਾਹਾਂ,
ਇਕ-ਦਰ ਹੋਲੀ ਖੇਡਦੇ ਹਤਿਆਰੇ ਡਾਕੂ ।

ਅੰਬਰ ਉਤੇ ਸ਼ੂਕਦੇ ਨੇ ਰਾਕਟ, ਮਾਰੂ,
ਉਚੀ ਹੁੰਦੀ ਜਾ ਰਹੀ ਬੰਬਾਂ ਦੀ ਢੇਰੀ ।
ਦੈਂਤ ਜੰਗ ਦੇ ਪਾ ਰਹੇ ਨੇ ਕੀਕਰ ਖੌਰੂ,
ਕੀ ਪਤਾ ਕਦ ਝੁਲ ਪਏ ਇਕ ਮੌਤ-ਹਨੇਰੀ ।

ਜ਼ਹਿਰ ਧੂੜਦੇ ਪਏ ਨੇ ਫਸਲਾਂ ਦੇ ਉਤੇ,
ਜੰਗ-ਬਾਜ਼ ਅੱਜ ਜਾਪਦੇ ਹੋਏ ਹਲਕਾਏ ।
ਅੰਬਰ ਉਤੇ ਗੱਜਦੇ ਜਦ ਬੱਦਲ ਮਾਰੂ,
ਗੀਤ ਭਲਾ ਫਿਰ ਪਿਆਰ ਦੇ ਕੋਈ ਕੀਕਰ ਗਾਏ ।

ਵਿਚ ਗੁਦਾਮਾਂ ਸੜਦੀਆਂ ਨੇ ਇਕ-ਦਰ ਕਣਕਾਂ,
ਇਕ-ਦਰ ਬੱਚੇ ਵਿਲਕਦੇ ਫੜ ਹੱਥੀਂ ਠੂਠੇ ।
ਐਟਮ ਦੇ ਇਸ ਦੌਰ ਵਿਚ ਬੰਦਾ ਕੁਰਲਾਵੇ,
ਮਿਲਦੇ ਨਾ ਇਨਸਾਨ ਨੂੰ ਦੋ ਟੁਕਰ ਜੂਠੇ ।

ਖਾਵੇ ਸਹਿਮ ਭਵਿਸ਼ ਦਾ, ਚਿਹਰੇ ਮੁਰਝਾਏ,
ਕਦ ਤਕ ਛਾਈ ਰਹੇਗੀ ਇੰਜ ਮੁਰਦੇਹਾਣੀ ।
ਭੁਲ ਗਏ ਨੇ ਕੰਜਕਾਂ ਨੂੰ ਗੀਤ ਸੁਰੀਲੇ,
ਨਰਕ ਬਣਾ ਰਹੀ ਧਰਤ ਨੂੰ ਦੈਂਤਾਂ ਦੀ ਢਾਣੀ ।

ਹਾਲੀ ਸਾਨੂੰ ਭੁਲਿਆ ਨਹੀਂ ਹੀਰੋਸ਼ੀਮਾ,
ਫੇਰ ਤੀਸਰੀ ਜੰਗ ਦਾ ਕੋਈ ਬਿਗਲ ਵਜਾਵੇ ।
ਖੇਤ ਅਸਾਡੇ ਮੰਗਦੇ ਮੇਘਾਂ ਤੋਂ ਪਾਣੀ,
ਕੌਣ ਇਨ੍ਹਾਂ ਤੇ ਅੰਬਰੋਂ ਪਿਆ ਬੰਬ ਵਰ੍ਹਾਵੇ ।

ਹੋ ਨਹੀਂ ਸਕਦੀ ਹੋਰ ਹੁਣ ਕੋਈ ਅਣਹੋਣੀ,
ਕੱਠੇ ਹੋ ਗਏ ਜ਼ਿੰਦਗੀ ਦੇ ਕੁਲ ਪੁਜਾਰੀ ।
ਭੰਨ ਦਿਆਂਗੇ ਬੁਚੜਾਂ ਦੀਆਂ ਪਾਪੀ ਬਾਹਾਂ,
ਗੱਲ ਅਮਨ ਦੇ ਰਾਖਿਆਂ ਇਹ ਦਿਲ ਵਿਚ ਧਾਰੀ ।

ਬੋਲ ਕਿਸੇ ਗਭਰੂਟ ਦਾ ਪਿੜ ਵਿਚੋਂ ਗੂੰਜੇ,
ਸਾੜ ਨਾ ਕੋਈ ਸਕਦਾ ਸਾਡੇ ਖਲਵਾੜੇ ।
ਦਾਣਾ ਦਾਣਾ ਸਿਦਕ ਦੀ ਦੇ ਰਿਹਾ ਗਵਾਹੀ,
ਪੈ ਨਹੀਂ ਸਕਦੇ ਬੋਲ੍ਹ ਤੇ ਦਿਨ ਦੀਵੀਂ ਧਾੜੇ ।

ਕਸਮਾਂ ਖਾ ਕੇ ਗੱਭਰੂ ਪਿੰਡਾਂ ਦੇ ਉਠੇ,
ਇਕ ਅਸਾਂ ਮੁਟਿਆਰ ਵੀ ਰੋਣ ਨਹੀਂ ਦੇਣੀ ।
ਹੋ ਚੁੱਕੀ ਹੈ ਜ਼ਿੰਦਗੀ ਦੀ ਬਹੁਤ ਤਬਾਹੀ,
ਰੱਤ ਸੁੱਚੀ ਇਨਸਾਨ ਦੀ ਹੁਣ ਚੋਣ ਨਹੀਂ ਦੇਣੀ ।

ਕੌਣ ਲੈਰੀਆਂ ਗੰਦਲਾਂ ਚੁੰਬੇ ਵਿਚ ਸਾੜੇ,
ਕਿਹੜਾ ਪਾਪੀ ਜੰਗ ਦਾ ਪਿਆ ਰਾਗ ਅਲਾਪੇ ?
ਬੋਹੜਾਂ ਹੇਠਾਂ ਬੋਲੀਆਂ ਪਾਵੇਗੀ ਢਾਣੀ,
ਪਿੰਡਾਂ ਵਿਚੋਂ ਸੁਣਨਗੇ ਨਾ ਵੈਣ-ਸਿਆਪੇ ।
(੨੧-੯-੫੯)

28. ਚੰਨ ਚੜ੍ਹਨ ਤੇ

ਹੋਰ ਉਚਾ ਥਾਲ ਹੋਇਆ ਧਰਤ ਤੋਂ,
ਹੋਰ ਤਿੱਖੀ ਪੀੜ ਮੇਰੀ ਹੋ ਗਈ ।
ਸ਼ਾਂਤ-ਕਿਰਨਾਂ ਨੇ ਅਕਾਸ਼ੀਂ ਘੁੰਮੀਆਂ,
ਰੱਤ ਫੱਟਾਂ ਮੇਰਿਆਂ 'ਚੋਂ ਚੋਅ ਗਈ ।

ਹੋਰ ਚਾਨਣ ਥਾਲ ਵਿਚੋਂ ਡੁਲ੍ਹਿਆ,
ਹੋਰ ਗੋਰੀ ਅੰਬਰਾਂ ਦੀ ਹਿੱਕੜੀ ।
ਹੋਰ ਪੈਂਡੇ ਇਸ਼ਕ ਦੇ ਦੁਸ਼ਵਾਰ ਨੇ,
ਜੰਮ ਗਈ ਬੁਲ੍ਹਾਂ ਤੇ ਕੇਹੀ ਸਿੱਕੜੀ ।

ਹੋਰ ਹੁੰਦੀ ਰਾਤ ਜਾਵੇ ਚਾਨਣੀ,
ਹੋਰ 'ਨ੍ਹੇਰੇ ਨਕਸ਼ ਤੇਰੇ ਹੋ ਗਏ ।
ਸੁਪਨਿਆਂ ਦੇ ਰੰਗ ਸੂਹੇ ਖੁਰ ਗਏ,
ਪੈਰ ਕਿਹੜੇ ਫੁਲ ਸੂਹੇ ਕੋਹ ਗਏ ।

ਚਾਰ ਕੂੰਟਾਂ ਜ਼ਿੰਦਗੀ ਨੇ ਕੱਛੀਆਂ,
ਅੱਜ ਤੀਕਰ ਨਕਸ਼ ਤੇਰੇ ਟੋਲਦਾਂ ।
ਦੂਰ ਮੈਥੋਂ ਨੇ ਬਹਾਰਾਂ ਸਾਵੀਆਂ,
ਪੱਤ-ਝੜ ਰਾਖ ਨੂੰ ਹੀ ਫੋਲਦਾਂ ।

ਮੇਲ ਤੇਰਾ ਹੀ ਅਸਾਡੀ ਜ਼ਿੰਦਗੀ,
ਚੰਨ ਕੋਲੋਂ ਨੂਰ ਲੈ ਕੇ ਕੀ ਕਰਾਂ ।
ਆਸ ਦਾ ਕਚਾ ਪਿਆਲਾ ਟੁਟਿਆ,
ਰਹਿ ਗਈਆਂ ਨੇ ਬਸ ਹੱਥੀਂ ਠੀਕਰਾਂ ।

29. ਪਿਛਲਾ ਲਹਿਣਾਂ

ਗੋਡੇ ਗੋਡੇ ਘੱਟੇ ਵਿਚ ਦੀ,
ਪੋਲੇ ਪੋਲੇ ਪੈਰੀਂ ਤੁਰਦੀ,
ਮੇਰੇ ਪਿੰਡ ਦੇ ਚਾਰ-ਚੁਫੇਰੇ,
ਸੰਝ ਉਤਰੀ ਹੈ ।

ਦਿਨ ਦੇ ਥੱਕੇ ਟੁੱਟੇ ਵਾਗੀ,
(ਬੁੱਥਿਆਂ ਦੇ ਨਾਲ ਪੈਰ ਜਿਨ੍ਹਾਂ ਦੇ ਪਾਟੇ ਹੋਏ)
ਘਰ ਆਏ ਨੇ ।

ਆਪਣੇ ਵਿਹੜੇ ਵਿਚ ਖਲੋਤਾ,
ਇਸ ਜੀਵਨ ਦੀ ਲੀਲਾ ਨੂੰ ਮੈਂ ਵੇਖ ਰਿਹਾ ਸਾਂ ।
ਏਨੇ ਚਿਰ ਨੂੰ ਬੱਚੀ ਮੇਰੀ,
ਹੱਥ ਵਿਚ ਨਿੱਕਾ ਬਸਤਾ ਲੈ ਕੇ,
ਘਰ ਨੂੰ ਆਈ ।
ਪਰ ਅੱਜ ਗੱਲ ਅਜੀਬ ਜਹੀ ਸੀ ।
ਅੱਜ ਪਿੰਕੀ ਦਾ ਸੂਹਾ ਚਿਹਰਾ,
ਲੱਥਾ ਹੋਇਆ ।
ਕੋਲ ਬੁਲਾ ਕੇ ਪੁੱਛਣ ਉਤੇ,
ਨਿੱਕੇ ਨਿੱਕੇ ਹਉਕੇ ਭਰਦੀ,
ਮੇਰੇ ਕੋਲੋਂ ਡਰਦੀ ਡਰਦੀ,
ਦੱਸਣ ਲੱਗੀ,
ਅੱਜ ਪਿਤਾ ਜੀ ਵਰਦੀ ਖ਼ਾਤਰ
ਮੈਨੂੰ ਚਾਰ ਚੁਪੇੜਾਂ ਪਈਆਂ ।
ਵੱਡੇ ਭੈਣ ਜੀ ਆਖਣ ਲੱਗੇ,
"ਸੁਣਿਆਂ ਹੈ ਕਿ ਬਾਪੂ ਤੇਰਾ,
ਵਾਹਵਾ ਸੁਹਣੀ ਵਾਹੀ ਕਰਦਾ ।
ਹਾੜੀ ਸਾਉਣੀ,
ਨਾਲ ਰੁਪਈਆਂ ਜੇਬਾਂ ਭਰਦਾ ।
ਫੇਰ ਭਲਾ ਉਹ ਇਕ ਵਰਦੀ ਵੀ,
ਤੈਨੂੰ ਲੈ ਕੇ ਦੇ ਨਹੀਂ ਸਕਦਾ ।"

ਸੁਣ ਕੇ ਬੱਚੀ ਦੀ ਇਸ ਗੱਲ ਨੂੰ,
ਮੇਰੇ ਪਿੰਡੇ 'ਚੋਂ ਚੰਗਿਆੜੇ ਨਿਕਲਣ ਲੱਗੇ ।
ਪਰ ਫਿਰ ਡੂੰਘੀ ਸੋਚ ਦੁੜਾ ਕੇ,
ਬੱਚੀ ਨੂੰ ਗਲਵੱਕੜੀ ਪਾ ਕੇ,
ਉਸ ਦੇ ਕੋਸੇ ਹੰਝੂ ਪੂੰਝੇ,
ਮਿੱਠਾ ਜਿਹਾ ਦਿਲਾਸਾ ਦਿਤਾ :
ਪਰਸੋਂ ਵਾਲਾ ਲਾਰਾ ਲਾਇਆ ।

ਕੋਈ ਨਹੀਂ ਪੁੱਤਰ ਕੱਲ੍ਹ ਸਵੇਰੇ
ਗੋਪੀ ਸ਼ਾਹ ਤੋਂ ਝੋਨੇ ਦੇ ਮੈਂ ਪੈਸੇ ਲੈ ਕੇ,
ਤੇਰੀ ਵਰਦੀ ਲੈ ਆਵਾਂਗਾ ।"
ਪਰ ਅੰਦਰੋਂ ਮੇਰਾ ਦਿਲ ਕੰਬੇ,
ਸੋਚ ਰਿਹਾ ਸਾਂ ਝੂਠ ਬੋਲ ਕੇ,
ਇੰਜ ਕਿੰਨਾ ਚਿਰ ਬੱਚੀ ਨੂੰ,
ਮੈਂ ਟਾਲ ਸਕਾਂਗਾ ।
ਜਿਸ ਝੋਨੇ ਦੇ ਪਿੰਕੀ ਨੂੰ ਮੈਂ,
ਰੋਜ਼ ਦਿਹਾੜੀ ਲਾਰੇ ਲਾਉਨਾਂ,
ਉਸ ਝੋਨੇ ਦੀ ਵੱਟਤ ਸਾਰੀ,
ਗੋਪੀ ਸ਼ਾਹ ਨੇ, ਚੁਪ ਕੀਤਿਆਂ,
ਪਿਛਲੇ ਲਹਿਣੇ ਦੇਣੇ ਦੇ ਵਿਚ, ਕੱਟ ਹੈ ਲੈਣੀ ।

ਗੋਡੇ ਗੋਡੇ ਘੱਟੇ ਵਿਚ ਦੀ,
ਪੋਲੇ ਪੋਲੇ ਪੈਰੀਂ ਤੁਰਦੀ,
ਮੇਰੇ ਪਿੰਡ ਦੇ ਚਾਰ-ਚੁਫੇਰੇ,
ਸੰਝ ਉਤਰੀ ਹੈ ।
(੭-੧੧-੬੨)

30. ਗ਼ਦਰੀ ਬਾਬਿਆਂ ਦੀ ਵਾਰ

ਪਹਿਲੀ ਵੱਡੀ ਜੰਗ ਸੀ ਸਿਰ ਉੱਤੇ ਆਈ ।
ਅਮਰੀਕਾ ਦੇ ਹਿੰਦੀਆਂ ਬਹਿ ਸੋਚ ਦੁੜਾਈ ।
"ਗੋਰਿਆਂ ਸਾਡੇ ਦੇਸ਼ ਵਿੱਚ ਹੈ ਅੰਨ੍ਹੀ ਪਾਈ ।
ਕਹਿ ਕੁੱਤੇ, ਨੇ ਦੁਰਕਾਰਦੇ, ਨਿਤ ਸਾਨੂੰ ਭਾਈ ।
ਇਹਨਾਂ ਕਰਕੇ ਦੇਸ਼ ਵਿੱਚ ਕੰਗਾਲੀ ਛਾਈ ।
ਇਹ ਖੱਲ ਅਸਾਡੀ ਲਾਂਹਵਦੇ ਪਏ ਵਾਂਗ ਕਸਾਈ ।
ਅੱਜ ਅੰਬਰ ਹੰਝੂ ਕੇਰਦਾ, ਧਰਤੀ ਕੁਰਲਾਈ ।
ਲਾਹ ਦੇਈਏ ਆਪਣੀ ਕੰਡ ਤੋਂ, ਇਹ ਛੱਟ ਪਰਾਈ ।"

ਫਿਰ ਬਹਿ ਕੇ ਦੇਸ਼-ਪੁਜਾਰੀਆਂ, ਇਹ ਮਤਾ ਪਕਾਇਆ ।
ਉਹਨਾਂ ਹੋਕਾ ਦਿੱਤਾ ਥਾਂ ਥਾਂ, ਅੰਬਰ ਗੁੰਜਾਇਆ ।
ਉਹਨਾਂ ਗ਼ਦਰ-ਪਾਰਟੀ ਥਾਪ ਕੇ, ਇਹ ਨਾਹਰਾ ਲਾਇਆ ।
"ਜੇ ਚਾਹੋ ਸਾਨੂੰ ਲੁਟਦਾ, ਨਾ ਰਹੇ ਪਰਾਇਆ ।
ਤਾਂ ਵੇਲਾ ਹੱਥ ਵਿਖਾਉਣ ਦਾ, ਹੈ ਨੇੜੇ ਆਇਆ ।"

"ਹਰ ਥਾਂ ਵੇਖੋ ਭਾਰਤੀ ਜਾਂਦੇ ਦੁਰਕਾਰੇ ।
ਇਹ ਗੋਰੇ ਫਨੀਅਰ ਵਾਂਗਰਾਂ, ਮਾਰਨ ਫੂੰਕਾਰੇ ।
ਪੀ ਪੀ ਕੇ ਰੱਤ ਕਿਸਾਨ ਦੀ, ਫਿਰਦੇ ਹੰਕਾਰੇ ।
ਇਹ ਇਜ਼ਤ ਲੁਟਣ ਦੇਸ਼ ਦੀ, ਪਾਪੀ ਹਤਿਆਰੇ ।
ਸੁਣ ਲੂੰ ਕੰਡੇ ਹੋ ਜਾਂਵਦੇ, ਉਹ ਕਰਦੇ ਕਾਰੇ ।"
ਇਉਂ ਉਠੇ ਸੂਰੇ ਨੀਂਦਰੋਂ, ਮਾਰਨ ਲਲਕਾਰੇ ।
ਉਹਨਾਂ ਬੈਠ ਸਲਾਹਵਾਂ ਕੀਤੀਆਂ, ਦਾਅ ਸੋਚੇ ਸਾਰੇ ।
ਉਹ ਆਖਣ ਅਸੀਂ ਵਿਖਾਵਣੇ ਦੋ ਹੱਥ ਕਰਾਰੇ ।
ਉਹ ਤੁਰ ਪਏ ਆਪਣੇ ਦੇਸ਼ ਨੂੰ, ਕਰਨੇ ਲਈ ਚਾਰੇ ।

ਉਹ ਚੀਰ ਸਮੁੰਦਰ ਆ ਗਏ, ਲਾ ਲੰਮੀ ਤਾਰੀ ।
ਉਹ ਸੁੱਤਾ ਦੇਸ਼ ਜਗਾਉਣ ਦੀ, ਵਾਹ ਲਾਵਣ ਸਾਰੀ ।
ਉਹ ਵਿੱਚ ਛਾਉਣੀਆਂ ਪਹੁੰਚ ਕੇ, ਸੁੱਟਣ ਚੰਗਿਆੜੀ ।
ਉਹ ਚੀਰਨ ਰਾਤਾਂ 'ਨ੍ਹੇਰੀਆਂ ਤੇ ਕਰਨ ਤਿਆਰੀ ।
ਉਹ ਸੁੰਘ ਸੁੰਘ ਤੁਰਦੇ ਰਾਹ ਨੂੰ, ਕਰ ਕੇ ਹੁਸ਼ਿਆਰੀ ।

ਉਹ ਦੇਣ ਸੁਨੇਹੜੇ, ਪਿੰਡ ਪਿੰਡ, ਬਣ ਦੇਸ਼-ਦੀਵਾਨੇ ।
ਉਹ ਬੰਬ ਬਣਾਉਂਦੇ ਬੈਠ ਕੇ, ਵਿਚ ਅਸਲੇ-ਖਾਨੇ ।
ਉਹ ਘੁੰਮਣ ਜੰਗੀ-ਛਾਉਣੀਆਂ ਪਾ ਲੈਣ ਯਰਾਨੇ ।
ਉਹ ਆਖਣ ਉਠੋ ਹਿੰਦੀਓ, ਹੱਥ ਬੰਨ੍ਹੋ ਗਾਨੇ ।
ਉਹ ਝੁੱਲੇ ਵਾਂਗ ਹਨੇਰੀਆਂ, ਹੋ ਕੇ ਮਸਤਾਨੇ ।
ਉਹ ਆਖਣ ਵੈਰੀ ਮਾਰਨੇ, ਸਭ ਰੜੇ ਮੈਦਾਨੇ ।
ਇਉਂ ਗੂੰਜ ਗ਼ਦਰ ਦੀ ਉੱਠ ਕੇ, ਪਹੁੰਚੀ ਅਸਮਾਨੇ ।

ਫਿਰ ਬਹਿ ਕੇ ਇਕ ਦਿਨ ਸਾਰਿਆਂ, ਇਹ ਬਣਤ ਬਣਾਈ ।
ਹੁਣ ਵੇਲਾ ਨੇੜੇ ਪੁਜਿਆ, ਕਰ ਦੇਈਏ ਧਾਈ ।
ਤੇ ਕੱਠੇ ਹੱਲਾ ਬੋਲੀਏ, ਇਹ ਗੱਲ ਪਕਾਈ ।
ਪਰ ਚੁਗ਼ਲੀ ਮਾਰਨ ਵਾਲਿਆਂ, ਜਾ ਚੁਗਲੀ ਲਾਈ ।
ਝੱਟ ਛਾਪੇ ਮਾਰ ਫਰੰਗੀਆਂ, ਇਹ ਲਹਿਰ ਦਬਾਈ ।
ਇਉਂ ਰਹਿ ਗਈ ਸਾਰੀ ਯੋਜਨਾ, ਬਸ ਧਰੀ ਧਰਾਈ ।

ਫਿਰ ਅੱਗ-ਭਬੂਕਾ ਹੋ ਗਏ, ਗੋਰੇ ਜਰਵਾਣੇ ।
ਉਹ ਲੱਗੇ ਕਰਨ ਤਲਾਸ਼ੀਆਂ, ਸਭ ਲੱਭ ਟਿਕਾਣੇ ।
ਉਹ ਆਖਣ ਕਰ ਕੇ ਜਲਾਵਤਨ, ਪ੍ਰਦੇਸ ਪੁਚਾਣੇ ।
ਉਹ ਆਖਣ ਸਾਰੇ ਗ਼ਦਰੀਏ, ਫਾਂਸੀ ਲਟਕਾਣੇ ।

ਫਿਰ ਮਾਰ ਜ਼ੰਜੀਰਾਂ ਦੇਸ਼-ਭਗਤ ਜੇਲ੍ਹਾਂ ਵਿੱਚ ਪਾਏ,
ਕੁਝ ਡੱਕੇ ਕਾਲੀ ਕੋਠੜੀ, ਫਾਂਸੀ ਲਟਕਾਏ ।
ਪਰ ਨਾ ਸੂਰੇ ਮੌਤ ਤੋਂ, ਭੋਰਾ ਘਬਰਾਏ,
ਉਹਨਾਂ ਵਿਚ ਕਟਹਿਰੇ, ਬੋਲ ਕੇ, ਪਰਬਤ ਗੂੰਜਾਏ ।
ਜੋ ਲਾਈ ਚੁਵਾਤੀ ਦਿਲਾਂ ਨੂੰ, ਉਹ ਕੌਣ ਬੁਝਾਏ ।
ਉਹ ਕੌਣ ਜੋ ਫੜ ਕੇ ਬਿਜਲੀਆਂ, ਵਿੱਚ ਬੁਕਲ ਪਾਏ ।

ਉਹ ਖੜ ਕੇ ਜੱਜਾਂ ਸਾਹਮਣੇ, ਇਉਂ ਉੱਚੀ ਬੋਲੇ ।
ਉਹਨਾਂ ਗੋਰੇ-ਸ਼ਾਹੀ ਪਾਪ ਦੇ, ਸਭ ਪੜਦੇ ਫੋਲੇ ।
"ਇਹ ਤਖਤ ਤੁਹਾਡਾ ਹਾਕਮੋਂ, ਪਿਆ ਹੇਠੋਂ ਡੋਲੇ ।
ਇਹ ਨਦੀ ਕਿਨਾਰੇ ਰੁੱਖੜਾ, ਹੁਣ ਖਾਵੇ ਝੋਲੇ ।
ਅਸਾਂ ਹੱਕ-ਆਜ਼ਾਦੀ ਵਾਸਤੇ, ਲਹੂ-ਰੱਤੇ ਡੋਲ੍ਹੇ ।
ਤੁਸੀਂ ਕੀਕਰ ਫੜ ਕੇ ਰੱਖਸੋ, ਇਹ ਅੱਗ-ਵਰੋਲੇ ।"

ਉਹਨਾਂ ਹੱਸ ਹੱਸ ਡਾਂਗਾਂ ਖਾਧੀਆਂ ਤੇ ਹੱਡ ਤੁੜਾਏ ।
ਉਹਨਾਂ ਮੰਨੀ ਈਨ ਨਾ ਕਿਸੇ ਦੀ, ਨਾ ਤਰਲੇ ਪਾਏ ।
ਉਹਨਾਂ ਹੀਰ-ਆਜ਼ਾਦੀ ਵਾਸਤੇ, ਜੀਵਨ ਹੀ ਲਾਏ ।
ਇਉਂ ਸਰੂਆਂ ਵਰਗੇ ਗੱਭਰੂ, ਜ਼ੰਜੀਰਾਂ ਖਾਏ ।
ਉਮਰਾਂ ਜੇਲ੍ਹੀਂ ਲੰਘੀਆਂ, ਤੇ ਧੌਲੇ ਆਏ ।
ਉਹਨਾਂ ਪਾ ਕੇ ਖੂਨ ਸਰੀਰ ਦਾ, ਇਹ ਫੁੱਲ ਖਿੜਾਏ,
ਇਉਂ ਨੱਢੇ ਵਾਰ ਜਵਾਨੀਆਂ, ਬਾਬੇ ਅਖਵਾਏ ।
(੧੫-੩-੬੦)

31. ਮੌਕਾ

"ਮਸਾਂ ਮਸਾਂ ਹੈ ਮੌਕਾ ਆਇਆ,
ਹੁਣ ਵੇਲਾ ਹੈ ਰੌਲਾ ਪਾਈਏ ।
ਹਰ ਥਾਂ ਗੱਡ ਕੇ ਸੇਹ ਦੇ ਤੱਕਲੇ,
ਬੀਜ ਮਨਾਂ ਵਿਚ ਅੱਕ-ਧਤੂਰੇ,
ਆਓ ਸੋਹਣੀ ਫਸਲ ਉਗਾਈਏ ।"

ਭਾਸ਼ਾ ਦਾ ਉਸ਼ਟੰਡ ਰਚਾ ਕੇ,
ਜ਼ਾਤ ਧਰਮ ਦੇ ਝਗੜੇ ਪਾ ਕੇ,
ਨਾਲ ਖੁਸ਼ੀ ਦੇ ਵਸਦੇ ਹੋਏ,
ਭਾਰਤੀਆਂ ਨੂੰ
ਆਓ ਆਪੋ ਵਿਚ ਲੜਾਈਏ ।"

"ਕਿਸ ਨੇ ਸਾਡੇ ਪਿੰਡਿਆਂ ਉਤੋਂ,
ਲਾਹ ਕੇ ਝੂਠ ਫ਼ਰੇਬਾਂ ਵਾਲੇ,
ਚਿੱਟੇ ਕੁੜਤੇ,
ਸੰਤਾਲੀ ਤੋਂ ਪਹਿਲਾਂ ਦੀਆਂ,
ਡਾਂਗਾਂ ਅਤੇ ਗੋਲੀਆਂ ਵਾਲੇ,
ਫੱਟ ਗਿਣਨੇ ਨੇ ।
ਹੁਣ ਦੀ ਕੀਤੀ ਹੋਈ ਕਮਾਈ,
ਕੰਮ ਆਵੇਗੀ ।
ਬਿਨਾਂ ਖਰਚ ਤੋਂ,
ਨਾਸਤਕਾਂ ਨੂੰ ਕੱਢ ਕੇ ਗਾਲ੍ਹਾਂ,
ਆਓ ਦੇਸ਼ ਭਗਤ ਬਣ ਜਾਈਏ ।"

"ਚਿਰ ਤੋਂ ਸ਼ਹਿਰ ਦੀਆਂ ਗਲੀਆਂ,
ਸੁੰਨ-ਸਾਨ ਨੇ,
ਨਾਲ ਲਹੂ ਦੇ ਖੇਡ ਕੇ ਹੋਲੀ,
ਹਰ ਮੋੜ ਤੇ ਰੌਣਕ ਲਾਉ ।
ਇਸ ਮੌਕੇ ਨੇ ਨਿਤ ਨਹੀਂ ਆਉਣਾ,
ਵੇਲਾ ਸੰਭਲੋ, ਲਾਭ ਉਠਾਉ ।"
(੩੦-੭-੬੩)

32. ਚੁੱਪ ਕਾਲੀ

ਚੁੱਪ ਕਾਲੀ ਦਾ ਚੁਫੇਰੇ ਰਾਜ ਹੈ ।
ਭਰੇ ਕੋਠੇ ਵਿਚ ਵੀ,
ਕਿੰਨਾਂ ਇਕੱਲਾ ਭਾਸਦਾ ਹਾਂ ।
ਚਾਰੇ ਪਾਸੇ ਦਾ ਹਨੇਰਾ
ਕਿੰਜ ਮੈਨੂੰ ਘੂਰਦਾ ਹੈ ।
ਮੇਰੇ ਸਾਹਾਂ ਦੀ ਮੱਧਮ ਆਵਾਜ਼ ਬਿਨ,
ਹੋਰ ਕੋਈ ਆ ਰਹੀ ਨਾ 'ਵਾਜ ਹੈ ।

ਚਾਰ ਕਦਮਾਂ ਦੀ ਛੁਟੇਰੀ ਵਿੱਥ ਤੇ,
ਮੇਰੀ ਛੋਟੀ ਬੱਚੀ,
ਮੇਰੀ ਬੀਵੀ,
ਨੀਂਦ ਮਿੱਠੀ ਦੇ ਹੁਲਾਰੇ ਲੈਂਦੀਆਂ ।
ਵੇਖ ਦੋਹਾਂ ਨੂੰ ਇਸ ਤਰ੍ਹਾਂ ਸੁਤਿਆਂ,
ਮੈਨੂੰ ਆਪਣੀ ਹੋਂਦ ਉਤੇ
ਤਰਸ ਆਉਂਦਾ ਪਿਆ ਹੈ ।

ਮੇਰੀ ਬੱਚੀ ਤਾਂ ਭਲਾ ਇਕ ਬਾਲ ਹੈ ।
ਮੇਰੀ ਬੀਵੀ ਤਾਂ ਨਿਆਣੀ ਨਹੀਂ ਹੈ ।
(ਮੈਂ ਨਹੀਂ ਕਹਿੰਦਾ ਕਿ,
ਉਹ ਸਿਆਣੀ ਨਹੀਂ ਹੈ )
ਉਹ ਵੀ ਮੇਰੇ ਜਿਗਰ ਦੇ,
ਇਸ ਦਰਦ ਤੋਂ ਅਣਜਾਣ ਹੈ ।
ਸੋਚਦਾ ਹਾਂ !
ਬਾਲ ਕੇ ਬੱਤੀ ਜਗਾਵਾਂ ਓਸ ਨੂੰ
ਤੇ ਖੋਲ੍ਹ ਦੱਸਾਂ,
"ਵੇਖ ਮੇਰੀ ਰੂਹ ਕਿੰਜ ਵੀਰਾਨ ਹੈ ।"

ਕੀ ਕਰਾਂ ਪਰ !
ਨੀਂਦ ਆਖਰ ਨੀਂਦ ਹੈ ।
ਨੀਂਦ ਵਿਚੋਂ ਘੂਕ ਸੁੱਤੇ,
ਨੂੰ ਜਗਾਉਣਾ ਪਾਪ ਹੈ ।

ਲਾਗਲੀ ਕਿੱਕਰ ਤੋਂ ਉੱਲੂ ਬੋਲਿਆ ਹੈ ।
ਸ਼ਾਇਦ ਕੋਈ ਬੇ-ਆਰਾਮਾਂ ਚੋਰ ਹੈ ।
ਰੱਬ ਜਾਣੇ ਚੋਰ ਜਾਂ ਕੋਈ ਹੋਰ ਹੈ ।

ਅਜੇ ਤੀਕਰ ਭਾਈ ਨੇ ਵੀ
ਸੰਖ ਉੱਠ ਕੇ ਪੂਰਿਆ ਨਹੀਂ ।
ਨਾ ਕਿਸੇ ਕੁੱਕੜ ਗਵਾਂਢੋਂ ਬਾਂਗ ਦਿੱਤੀ ।
ਖ਼ਬਰ ਨਹੀਂ ਕਿੰਨੀ ਕੁ ਹਾਲੀ ਰਾਤ ਹੈ,
ਨੀਂਦ ਹੈ ਕਿ ਅੱਜ ਆਉਂਦੀ ਜਾਪਦੀ ਨਹੀਂ ।
ਘੂਕ ਜਦ ਸੁੱਤੀ ਕਿ ਆਦਮ ਜ਼ਾਤ ਹੈ ।
ਚੁੱਪ ਕਾਲੀ ਦਾ ਚੁਫੇਰੇ ਰਾਜ ਹੈ ।
(੮-੧੨-੬੪)

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਹਰਭਜਨ ਸਿੰਘ ਹੁੰਦਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ