Man Mandir : Shiv Kumar Batalvi
ਮਨ ਮੰਦਰ : ਸ਼ਿਵ ਕੁਮਾਰ ਬਟਾਲਵੀ
ਬਲ ਬਲ ਨੀ ਮੇਰੇ ਮਨ-ਮੰਦਰ ਦੀਏ ਜੋਤੇ ।
ਹੱਸ ਹੱਸ ਨੀ ਮੇਰੇ ਸੋਹਲ ਦਿਲੇ ਦੀਏ ਕਲੀਏ ।
ਤਕ ਤਕ ਨੀ ਔਹ ਨੀਮ ਉਨਾਬੀ ਧੂੜਾਂ,
ਆ ਉਨ੍ਹਾਂ ਵਿਚ ਨੂਰ ਨੂਰ ਹੋ ਰਲੀਏ ।
ਰੁਣਝੁਣ ਰੁਣਝੁਣ ਟੁਣਕਣ, ਸਾਜ਼ ਸਮੀਰੀ,
ਜਿਉਂ ਛਲਕਣ ਬੀਜ ਸ਼ਰੀਂਹ ਦੀ ਸੁੱਕੀ ਫਲੀਏ ।
ਫ਼ਰ ਫ਼ਰ ਵਗਣ ਹਵਾਵਾਂ ਮਲ ਖ਼ੁਸ਼ਬੋਈਆਂ,
ਆ ਇਨ੍ਹਾਂ ਸੰਗ ਦੂਰ ਕਿਤੇ ਟੁਰ ਚੱਲੀਏ ।
ਔਹ ਵੇਖ ਨੀ ! ਬਦਲੀ ਲਾਲ ਬਿੰਬ ਜਿਹੀ ਉਡਦੀ
ਜਿਉਂ ਦੂਹਰਾ ਘੁੰਡ ਕੋਈ ਕੱਢ ਪੰਜਾਬਣ ਆਈ ।
ਤਕ ਦੂਰ ਦੁਮੇਲੀਂ ਧਰਤ ਅਰਸ਼ ਨੂੰ ਮਿਲ ਗਈ,
ਜਿਉਂ ਘੁਟਣੀ ਰਾਧਾ ਸੰਗ ਸਾਂਵਲੇ ਪਾਈ ।
ਔਹ ਵੇਖ ਨੀ ਕਾਹੀਆਂ ਕੱਢ ਲਏ ਬੁੰਬਲ ਲੈਰੇ,
ਹਾਏ ਵੇਖ ਸਾਉਣ ਦੀਆਂ ਝੜੀਆਂ ਧਰਤ ਨੁਹਾਈ ।
ਹਰ ਧੜਕਣ ਬਣ ਮਰਦੰਗ ਹੈ ਡਗਡਗ ਵੱਜਦੀ,
ਹਰ ਸਾਹ ਵਿਚ ਵੱਜਦੀ ਜਾਪੇ ਨੀ ਸ਼ਹਿਨਾਈ ।
ਅੱਜ ਫੇਰੇ ਕੀ ਕੋਈ ਅੜੀਏ ਮਨ ਦੇ ਮਣਕੇ
ਅੱਜ ਪ੍ਰਭੱਤਾ ਦੇ ਮਨ ਦੀ ਹੈ ਟੇਕ ਗੁਆਚੀ ।
ਅੱਜ ਧਰਤੀ ਮੇਰੀ ਨੱਚ ਰਹੀ ਹੈ ਤਾਂਡਵ,
ਅੱਜ ਭਾਰ ਜਿਹਾ ਦਿਸਦੀ ਹੈ ਪਾਕ ਹਯਾਤੀ ।
ਅੱਜ ਹੁਸਨ ਦੀ ਅੜੀਏ ਕੱਚ-ਕਚੋਈ ਵੀਣੀ,
ਅੱਜ ਇਸ਼ਕ ਦੀ ਅੜੀਏ ਪੱਥਰ ਹੋ ਗਈ ਛਾਤੀ ।
ਅੱਜ ਰੋਟੀ ਹੈ ਬਸ ਜਗ ਦਾ ਇਸ਼ਟ-ਮੁਨਾਰਾ,
ਅੱਜ ਮਨੁੱਖਤਾ ਤੋਂ ਮਹਿੰਗੀ ਮਿਲੇ ਚਪਾਤੀ ।
ਮੈਂ ਆਪੇ ਆਪਣੀ ਡੋਬ ਲੈਣੀ ਹੈ ਬੇੜੀ,
ਮੈਨੂੰ ਜਚਦੇ ਨਹੀਂ ਨੀ ਅੜੀਏ ਹੁਸਨ ਕਿਨਾਰੇ ।
ਮੇਰੇ ਰੱਥ ਤਾਂ ਉੱਡ ਸਕਦੇ ਸਨ ਤਾਰਾ-ਗਣ ਵਿਚ,
ਪਰ ਕੀ ਕਰਨੇ ਸਨ ਅੜੀਏ ਮੈਂ ਇਹ ਤਾਰੇ ।
ਕਦੇ ਪੂਰਬ ਨਹੀਂ ਹੋ ਸਕਦੇ ਅੜੀਏ ਪੱਛਮ,
ਨਹੀਂ ਹੋ ਸਕਦੇ ਨੀ ਰੰਗ-ਪੁਰ ਕਦੇ ਹਜ਼ਾਰੇ ।
ਤੱਕ ਪ੍ਰੀਤ 'ਚ ਚਕਵੀ ਆਪੇ ਹੋ ਗਈ ਬੌਰੀ,
ਕਿਸੇ ਚੰਨ ਭੁਲੇਖੇ ਫੱਕਦੀ ਪਈ ਅੰਗਿਆਰੇ ।
ਜੀਣ ਜੀਣ ਕੋਈ ਆਖ਼ਰ ਕਦ ਤਕ ਲੋੜੇ,
ਮੌਤ ਮੌਤ ਵਿਚ ਵਟ ਜਾਵਣ ਜਦ ਸਾਹਾਂ ।
ਡੋਲ੍ਹ ਡੋਲ੍ਹ ਮੈਂ ਚੱਟਾਂ ਕਦ ਤਕ ਹੰਝੂ,
ਖੋਰ ਖੋਰ ਕੇ ਪੀਵਾਂ ਕਦ ਤਕ ਆਹਾਂ ।
ਸਾਥ ਵੀ ਦੇਂਦਾ ਕਦ ਤਕ ਮੇਰਾ ਸਾਥੀ,
ਅੱਤ ਲੰਮੀਆਂ ਹਨ ਇਸ ਜ਼ਿੰਦਗੀ ਦੀਆਂ ਰਾਹਾਂ ।
ਇਸ਼ਕ ਦੇ ਵਣਜੋਂ ਕੀਹ ਕੁਝ ਖੱਟਿਆ ਜਿੰਦੇ ?
ਦੋ ਤੱਤੀਆਂ ਦੋ ਠੰਢੀਆਂ ਠੰਢੀਆਂ ਸਾਹਾਂ ।